MediaPunjab
ਮੀਡੀਆ ਪੰਜਾਬ ਦੀਆਂ ਖ਼ਬਰਾਂ

ਭਾਜਪਾ ਆਗੂਆਂ ਨੇ ਰਾਜਪਾਲ ਨਾਲ ਕੀਤੀ ਮੁਲਾਕਾਤ, ਰਾਜਨੀਤਕ ਸਥਿਤੀ 'ਤੇ ਹੋਈ ਚਰਚਾ

ਮੁੰਬਈ, 7 ਨਵੰਬਰ (ਮਪ) ਮਹਾਰਾਸ਼ਟਰ 'ਚ ਮੁੱਖ ਮੰਤਰੀ ਅਹੁਦੇ ਨੂੰ ਲੈ ਕੇ ਸ਼ਿਵਸੈਨਾ ਤੇ ਭਾਜਪਾ 'ਚ ਖਿੱਚੋਤਾਨ ਜਾਰੀ ਹੈ। ਇਸ ਦਰਮਿਆਨ ਚੰਦਰਕਾਂਤ ਪਾਟਿਲ ਦੀ ਅਗਵਾਈ 'ਚ ਭਾਜਪਾ ਆਗੂਆਂ ਦੇ ਇਕ ਵਫ਼ਦ ਨੇ ਮਹਾਰਾਸ਼ਟਰ ਦੇ ਰਾਜਪਾਲ ਭਗਤ ਸਿੰਘ ਕੋਸ਼ਆਰੀ ਨਾਲ ਮੁਲਾਕਾਤ ਕੀਤੀ। ਇਸ ਵਫ਼ਦ 'ਚ ਪਾਟਿਲ ਤੋਂ ਇਲਾਵਾ ਹੋਰ ਆਗੂ ਗਿਰੀਸ਼ ਮਹਾਜਨ, ਸੁਧੀਰ ਮੁਨਗੰਟੀਵਾਰ ਤੇ ਆਸ਼ੀਸ਼ ਸ਼ੈਲਾਰ ਸਨ। ਚੰਦਰਕਾਂਤ ਪਾਟਿਲ ਨੇ ਬੈਠਕ ਤੋਂ ਬਾਅਦ ਕਿਹਾ, 'ਮਹਾਰਾਸ਼ਟਰ ਦੇ ਲੋਕਾਂ ਨੇ ਭਾਜਪਾ ਸ਼ਿਵਸੈਨਾ ਗਠਜੋੜ ਨੂੰ ਜਨਾਦੇਸ਼ ਦਿੱਤਾ ਹੈ। ਸਰਕਾਰ ਬਣਾਉਣ 'ਚ ਦੇਰੀ ਹੋ ਰਹੀ ਹੈ। ਅੱਜ, ਅਸੀਂ ਸੂਬੇ 'ਚ ਕਾਨੂੰਨੀ ਵਿਕਲੱਪਾਂ ਤੇ ਰਾਜਨੀਤਕ ਸਥਿਤੀ 'ਤੇ ਚਰਚਾ ਕਰਨ ਲਈ ਰਾਜਪਾਲ ਨਾਲ ਮਿਲੇ। ਅਸੀਂ ਆਪਣੇ ਆਗੂਆਂ ਨਾਲ ਗੱਲਬਾਤ ਕਰਾਂਗੇ ਤੇ ਇਸ ਤੋਂ ਬਾਅਦ ਅੱਗੇ ਕੀ ਕਰਨਾ ਹੈ ਉਸ ਦਾ ਫੈਸਲਾ ਹੋਵੇਗਾ।' ਜਾਣਕਾਰੀ ਮੁਤਾਬਿਕ ਸ਼ਿਵਸੈਨਾ ਵਿਧਾਇਕ ਹੋਟਲ 'ਚ ਸ਼ਿਫਟ ਹੋ ਗਏ ਹਨ।
ਸ਼ਿਵਸੈਨਾ ਵਿਧਾਇਕ ਗੁਲਾਬਰਾਵ ਪਾਟਿਲ ਨੇ ਇਸ ਦੀ ਜਾਣਕਾਰੀ ਦਿੰਦਿਆਂ ਕਿਹਾ, 'ਅਸੀਂ ਅਗਲੇ 2 ਦਿਨ ਹੋਟਲ ਰੰਗਸ਼ਾਰਦਾ 'ਚ ਰਹਾਂਗੇ। ਉੱਧਵ ਸਾਹਬ ਸਾਨੂੰ ਜੋ ਵੀ ਕਰਨ ਨੂੰ ਕਹਿਣਗੇ, ਅਸੀਂ ਕਰਾਂਗੇ।' ਇਸ ਤੋਂ ਪਹਿਲਾਂ ਪਾਰਟੀ ਆਗੂ ਸੰਜੈ ਰਾਊਤ ਨੇ ਕਿਹਾ ਸੀ ਕਿ ਵਿਧਾਇਕ ਕਦੇ ਸ਼ਿਫਟ ਨਹੀਂ ਹੋਣਗੇ। ਇਸ ਤੋਂ ਪਹਿਲਾਂ ਸ਼ਿਵਸੈਨਾ ਵਿਧਾਇਕਾਂ ਦੀ ਉੱਧਵ ਠਾਕਰੇ ਨਾਲ ਉਨ੍ਹਾਂ ਦੇ ਘਰ ਮੋਤੀਸ਼੍ਰੀ 'ਚ ਬੈਠਕ ਹੋਈ। ਸ਼ਿਵਸੈਨਾ ਫਿਲਹਾਲ 50-50 ਫਾਰਮੂਲੇ 'ਤੇ ਅੜੀ ਹੋਈ ਹੈ। ਇਸ ਬੈਠਕ 'ਚ ਫੈਸਲਾ ਲਿਆ ਗਿਆ ਕਿ ਸਰਕਾਰ ਬਣਾਉਣ ਨੂੰ ਲੈ ਕੇ ਅੰਤਿਮ ਫੈਸਲਾ ਉੱਧਵ ਠਾਕਰੇ ਹੀ ਲੈਣਗੇ।