MediaPunjab
ਮੀਡੀਆ ਪੰਜਾਬ ਦੀਆਂ ਖ਼ਬਰਾਂ

ਕਰਤਾਰਪੁਰ ਲਾਂਘੇ ਤੇ ਪਾਕਿਸਤਾਨ ਨੇ ਫਿਰ ਬਦਲਿਆ ਰੁਖ਼, ਪਹਿਲੇ ਦਿਨ ਵੀ ਸ਼ਰਧਾਲੂਆਂ ਤੋਂ ਲਵੇਗਾ 20 ਡਾਲਰ ਫੀਸ

ਨਵੀਂ ਦਿੱਲੀ 8 ਨਵੰਬਰ (ਮਪ)  ਕਰਤਾਰਪੁਰ ਲਾਂਘੇ ਨੂੰ ਲੈ ਕੇ ਲਗਾਤਾਰ ਸਸ਼ੋਪੰਜ ਦੀ ਸਥਿਤੀ ਪੈਦਾ ਕਰਨ ਵਾਲਾ ਪਾਕਿਸਤਾਨ ਇਕ ਵਾਰ ਫਿਰ ਆਪਣੇ ਵਾਅਦੇ ਤੋਂ ਮੁੱਕਰ ਗਿਆ ਹੈ। ਪਾਕਿਸਤਾਨ ਨੇ ਕਿਹਾ ਹੈ ਕਿ ਉਹ ਹੁਣ 9 ਨਵੰਬਰ ਨੂੰ ਕਰਤਾਰਪੁਰ ਲਾਂਘੇ ਰਾਹੀਂ ਆਉਣ ਵਾਲੇ ਸ਼ਰਧਾਲੂਆਂ ਤੋਂ 20 ਡਾਲਰ ਫੀਸ ਵਸੁਲ ਕਰੇਗਾ। ਪਿਛਲੇ ਹਫ਼ਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਐਲਾਨ ਕੀਤਾ ਸੀ ਕਿ ਕਰਤਾਰਪੁਰ ਲਾਂਘੇ ਦੇ ਉਦਘਾਟਨ ਵਾਲੇ ਦਿਨ ਅਤੇ ਗੁਰਪੁਰਬ ਵਾਲੇ ਦਿਨ ਸ਼ਰਧਾਲੂਆਂ ਤੋਂ ਕੋਈ ਫੀਸ ਨਹੀਂ ਲਈ ਜਾਵੇਗੀ।
ਕਰਤਾਰਪੁਰ ਲਾਂਘੇ ਨੂੰ ਲੈ ਕੇ ਪਾਕਿਸਤਾਨ ਲਗਾਤਾਰ ਪੁੱਠੀਆਂ ਸਿੱਧੀਆਂ ਹਰਕਤਾਂ ਕਰਦਾ ਆ ਰਿਹਾ ਹੈ। ਇਸ ਤੋਂ ਪਹਿਲਾਂ ਇਮਰਾਨ ਖਾਨ ਨੇ ਖੁਦ ਟਵੀਟ ਕਰ ਕੇ ਕਿਹਾ ਕਿ ਕਰਤਾਰਪੁਰ ਆਉਣ ਵਾਲੇ ਸ਼ਰਧਾਲੂਆਂ ਨੂੰ ਪਾਸਪੋਰਟ ਦੀ ਲੋੜ ਨਹੀਂ ਹੋਵੇਗੀ। ਬਾਅਦ ਵਿਚ ਪਾਕਿਸਤਾਨ ਸਰਕਾਰ ਆਪਣੀ ਗੱਲ ਤੋਂ ਮੁੱਕਰ ਗਈ। ਇਮਰਾਨ ਖਾਨ ਦੀ ਗੱਲ ਨੂੰ ਰੱਦ ਕਰਦੇ ਹੋਏ ਪਾਕਿ ਸੈਨਾ ਵੱਲੋਂ ਕਿਹਾ ਗਿਆ ਕਿ ਅਸੀਂ ਸੁਰੱਖਿਆ ਕਾਰਨਾਂ ਨੂੰ ਮੁੱਖ ਰੱਖਦੇ ਹੋਏ ਪਾਸਪੋਰਟ ਵਿਚ ਕੋਈ ਛੋਟ ਨਹੀਂ ਦੇ ਸਕਦੇ।