MediaPunjab
ਮੀਡੀਆ ਪੰਜਾਬ ਦੀਆਂ ਖ਼ਬਰਾਂ

ਰਜਨੀਕਾਂਤ ਦਾ ਵੱਡਾ ਬਿਆਨ : ਕਿਹਾ 'ਭਾਜਪਾ ਮੈਨੂੰ ਭਗਵੇ ਜਾਲ ਵਿਚ ਫਸਾਉਣ ਦੀ ਕਰ ਰਹੀ ਹੈ ਕੋਸ਼ਿਸ਼'

ਚੇਨੰਈ 8 ਨਵੰਬਰ (ਮਪ) ਕਮਲ ਹਸਨ ਅਤੇ ਰਜਨੀਕਾਂਤ ਨੇ ਸ਼ੁਕਰਵਾਰ ਨੂੰ ਚੇਨੰਈ ਵਿਚ ਰਾਜ ਕਮਲ ਫਿਲਮ ਇੰਟਰਨੈਸ਼ਨਲ ਦੇ ਨਵੇਂ ਦਫ਼ਤਰ ਵਿਚ ਮਹਰੂਮ ਫਿਲਮ ਨਿਰਦੇਸ਼ਕ  ਬਾਲਚੰਦਰ ਦੇ ਬੁੱਤ ਦਾ ਉਦਘਾਟਨ ਕੀਤਾ। ਇਸ ਮੌਕੇ ਰਜਨੀਕਾਂਤ ਨੇ ਕਮਲ ਹਸਨ ਦੇ ਰਾਜਨੀਤੀ ਵਿਚ ਆਉਣ ਨੂੰ ਲੈ ਕੇ ਕਿਹਾ ਕਿ ਉਹ ਸਿਨੇਮਾ ਨੂੰ ਕਦੇ ਨਹੀਂ ਭੁੱਲਣਗੇ। ਉਹ ਹਮੇਸ਼ਾ ਆਪਣੀ ਕਲਾ ਨੂੰ ਅੱਗੇ ਵਧਾਉਣਗੇ। ਰਜਨੀਕਾਂਤ ਨੇ ਕਿਹਾ ਕਿ ਕੁੱਝ ਲੋਕ ਅਤੇ ਮੀਡੀਆ ਇਹ ਦੱਸਣ ਦੀ ਕੋਸ਼ਿਸ਼ ਕਰ ਰਹੇ ਹਨ ਕਿ ਮੈਂ ਭਾਜਪਾ ਦਾ ਬੰਦਾ ਹਾਂ। ਇਹ ਸੱਚ ਨਹੀਂ ਹੈ। ਕੋਈ ਵੀ ਰਾਜਨੀਤਿਕ ਦਲ ਖੁਸ਼ ਹੋਵੇਗਾ ਜੇ ਕੋਈ ਉਸ ਦਾ ਸਾਥ ਦੇਵੇ ਪਰ ਇਸ ਦਾ ਫੈਸਲਾ ਲੈਣਾ ਮੇਰੇ ਉੱਤੇ ਨਿਰਭਰ ਹੈ।  ਉਨ੍ਹਾਂ ਕਿਹਾ ਕਿ ਭਾਜਪਾ ਮੈਨੂੰ ਭਗਵਾ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਉਨ੍ਹਾਂ ਨੇ ਤਿਰੂਵਲੁਵਰ  (ਤਾਮਿਲ ਕਵੀ) ਦੇ ਨਾਲ ਵੀ ਇਹ ਕਰਨ ਦੀ ਕੋਸ਼ਿਸ਼ ਕੀਤੀ। ਅਸਲੀਅਤ ਇਹ ਹੈ ਕਿ ਨਾ ਤਾਂ ਤਿਰੂਵਲੁਵਰ ਅਤੇ ਨਾ ਹੀ ਮੈਂ ਉਸ ਦੇ ਜਾਲ ਵਿਚ ਫਸਣਗੇ। ਤਿਰੂਵਲੁਵਰ ਨੂੰ ਭਗਵਾ ਚੋਲਾ ਪਹਿਨਾਉਣ 'ਤੇ ਰਜਨੀਕਾਂਤ ਨੇ ਕਿਹਾ ਕਿ ਇਹ ਭਾਜਪਾ ਦਾ ਏਜੰਡਾ ਹੈ। ਇਹੋ ਜਿਹੇ ਕਈ ਮੁੱਦੇ ਹਨ ਜੋ ਬਹੁਤ ਮਹੱਤਵਪੂਰਨ ਹਨ ਜਿਨ੍ਹਾਂ 'ਤੇ ਚਰਚਾ ਦੀ ਲੋੜ ਹੈ। ਮੈਨੂੰ ਲੱਗਦਾ ਹੈ ਕਿ ਇਕ ਬੇਕਾਰ ਮੁੱਦਾ ਹੈ। ਅਯੁਧਿਆ ਵਿਵਾਦ ਮਾਮਲੇ ਵਿਚ ਆਉਣ ਵਾਲੇ ਫੈਸਲੇ 'ਤੇ ਵੀ ਰਜਨੀਕਾਂਤ ਨੇ ਲੋਕਾਂ ਨੂੰ ਸ਼ਾਂਤ ਰਹਿਣ ਅਤੇ ਫੈਸਲੇ ਦਾ ਸਨਮਾਨ ਕਰਨ ਦੀ ਅਪੀਲ ਕੀਤੀ ਹੈ।