MediaPunjab
ਮੀਡੀਆ ਪੰਜਾਬ ਦੀਆਂ ਖ਼ਬਰਾਂ

ਮੋਸ਼ੇ ਦੀ 13ਵੀਂ ਵਰ੍ਹੇਗੰਢ ਤੇ ਪੀਐੱਮ ਮੋਦੀ ਨੇ ਦਿੱਤੀਆਂ ਸ਼ੁੱਭਕਾਮਨਾਵਾਂ

ਯੇਰੂਸ਼ਲਮ  2 ਦਸੰਬਰ (ਮਪ) ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਜ਼ਰਾਈਲੀ ਬੱਚੇ ਮੋਸ਼ੇ ਜਵੀ ਹਾਟਜ਼ਬਰਗ ਨੂੰ ਇਕ ਵਾਰ ਫਿਰ ਰੁਮਾਂਚਿਤ ਕੀਤਾ ਹੈ। ਮੋਦੀ ਨੇ ਮੋਸ਼ੇ ਦੀ 13ਵੀਂ ਵਰ੍ਹੇਗੰਢ 'ਤੇ ਉਸ ਨੂੰ ਯਹੂਦੀ ਭਾਈਚਾਰੇ ਵਿਚ ਮਨਾਏ ਜਾਣ ਵਾਲੇ ਬਾਰ ਮਿਜਵਾਹ ਸੰਸਕਾਰ ਲਈ ਸ਼ੁੱਭਕਾਮਨਾਵਾਂ ਦਿੱਤੀਆਂ ਹਨ। ਮੋਸ਼ੇ 28 ਨਵੰਬਰ ਨੂੰ 13 ਸਾਲ ਦਾ ਹੋ ਗਿਆ। ਮੋਸ਼ੇ ਉਹ ਬੱਚਾ ਹੈ ਜਿਸ ਦੇ ਮਾਤਾ-ਪਿਤਾ ਨੂੰ 2008 ਦੇ ਮੁੰਬਈ ਅੱਤਵਾਦੀ ਹਮਲੇ ਵਿਚ ਅੱਤਵਾਦੀਆਂ ਨੇ ਮਾਰ ਦਿੱਤਾ ਸੀ। ਦੋ ਸਾਲ ਦੇ ਰੋਂਦੇ ਹੋਏ ਮੋਸ਼ੇ ਨੂੰ ਉਸ ਦੀ ਭਾਰਤੀ ਨੈਨੀ ਸੈਂਡ੍ਰਾ ਸੈਮੁਅਲਜ਼ ਨੇ ਬਚਾਇਆ ਸੀ। ਮੋਸ਼ੇ ਆਪਣੇ ਦਾਦਾ-ਦਾਦੀ ਨਾਲ ਇਸ ਸਮੇਂ ਇਜ਼ਰਾਈਲ ਵਿਚ ਰਹਿ ਰਿਹਾ ਹੈ। ਪ੍ਰਧਾਨ ਮੰਤਰੀ ਮੋਦੀ ਨੇ ਆਪਣੇ ਇਜ਼ਰਾਈਲ ਦੌਰੇ ਵਿਚ ਖ਼ਾਸ ਤੌਰ 'ਤੇ ਸੱਦ ਕੇ ਉਸ ਨਾਲ ਮੁਲਾਕਾਤ ਕੀਤੀ ਸੀ। ਪ੍ਰਧਾਨ ਮੰਤਰੀ ਮੋਦੀ ਨੇ ਆਪਣੇ ਸੰਦੇਸ਼ ਵਿਚ ਮੋਸ਼ੇ ਦੀ ਆਪਬੀਤੀ ਨੂੰ ਅਦਭੁਤ ਦੱਸਿਆ ਹੈ ਜਿਹੜੀ ਹਮੇਸ਼ਾ ਸਾਰਿਆਂ ਨੂੰ ਪ੍ਰਰੇਰਿਤ ਕਰੇਗੀ। 2008 ਦੇ ਅੱਤਵਾਦੀ ਹਮਲੇ ਵਿਚ ਮੁੰਬਈ ਵਿਚ ਯਹੂਦੀਆਂ ਦੀ ਰਿਹਾਇਸ਼ ਨਰੀਮਨ ਹਾਊਸ ਵੀ ਪਾਕਿਸਤਾਨੀ ਅੱਤਵਾਦੀਆਂ ਦਾ ਨਿਸ਼ਾਨਾ ਬਣਿਆ ਸੀ। ਇਸੇ ਵਿਚ ਰਹਿਣ ਵਾਲੇ ਮੋਸ਼ੇ ਦੇ ਮਾਤਾ-ਪਿਤਾ ਅੱਤਵਾਦੀਆਂ ਦੀਆਂ ਗੋਲ਼ੀਆਂ ਦੇ ਸ਼ਿਕਾਰ ਹੋਏ ਸਨ।
ਦੋ ਸਾਲ ਦਾ ਮੋਸ਼ੇ ਜਦੋਂ ਉਨ੍ਹਾਂ ਦੀ ਲਾਸ਼ ਕੋਲ ਖੜ੍ਹਾ ਹੋ ਰਿਹਾ ਸੀ, ਉਦੋਂ ਗੋਲ਼ੀਬਾਰੀ ਵਿਚਾਲੇ ਆਪਣੀ ਜਾਨ ਦੀ ਪਰਵਾਹ ਕੀਤੇ ਬਗੈਰ ਸੈਂਡ੍ਰਾ ਉਸ ਨੂੰ ਲੈ ਕੇ ਇਕ ਸਥਾਨ 'ਤੇ ਲੁਕ ਗਈ ਸੀ। ਕਈ ਘੰਟੇ ਬਾਅਦ ਜਦੋਂ ਸੁਰੱਖਿਆ ਬਲਾਂ ਦੀ ਕਾਰਵਾਈ ਵਿਚ ਅੱਤਵਾਦੀ ਮਾਰੇ ਗਏ, ਉਦੋਂ ਸੈਂਡ੍ਰਾ ਅਤੇ ਮੋਸ਼ੇ ਸੁਰੱਖਿਅਤ ਬਾਹਰ ਆ ਸਕੇ ਸਨ। ਖ਼ਾਸ ਸੰਸਕਾਰਾਂ ਦੇ ਮੌਕੇ 'ਤੇ ਪੀਐੱਮ ਮੋਦੀ ਨੇ ਮੋਸ਼ੇ ਨੂੰ ਕਰੋੜਾਂ ਭਾਰਤੀਆਂ ਵੱਲੋਂ ਸ਼ੁੱਭਕਾਮਨਾਵਾਂ ਦਿੱਤੀਆਂ। ਉਨ੍ਹਾਂ ਕਿਹਾ ਕਿ ਉਹ ਹਮੇਸ਼ਾ ਭਾਰਤੀਆਂ ਦੀਆਂ ਯਾਦਾਂ ਵਿਚ ਰਹੇਗਾ ਅਤੇ ਉਸ ਦੇ ਕਲਿਆਣ ਦੀ ਕਾਮਨਾ ਕੀਤੀ ਜਾਂਦੀ ਰਹੇਗੀ। ਮੋਦੀ ਦੀ 5 ਜੁਲਾਈ, 2017 ਨੂੰ ਯੇਰੂਸ਼ਲਮ ਦੀ ਯਾਤਰਾ ਦੌਰਾਨ ਮੋਸ਼ੇ ਉਨ੍ਹਾਂ ਨਾਲ ਮਿਲਿਆ ਸੀ।