MediaPunjab
ਮੀਡੀਆ ਪੰਜਾਬ ਦੀਆਂ ਖ਼ਬਰਾਂ

ਨਾਗਰਿਕਤਾ ਕਾਨੂੰਨ ਕਾਰਨ ਦੁਨੀਆ ਸਾਹਮਣੇ ਆਇਆ ਪਾਕਿਸਤਾਨ ਵਿਚਲਾ ਧਾਰਮਕ ਅਤਿਆਚਾਰ - ਮੋਦੀ

ਕੋਲਕਾਤਾ  12 ਜਨਵਰੀ (ਮਪ) ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨਵੇਂ ਨਾਗਰਿਕਤਾ ਕਾਨੂੰਨ ਦਾ ਡਟ ਕੇ ਸਮਰਥਨ ਕਰਦਿਆਂ ਕਿਹਾ ਕਿ ਇਸ ਕਾਨੂੰਨ ਸਬੰਧੀ ਪੈਦਾ ਹੋਏ ਵਿਵਾਦ ਨੇ ਦੁਨੀਆਂ ਨੂੰ ਪਾਕਿਸਤਾਨ ਵਿਚ ਧਾਰਮਕ ਘੱਟਗਿਣਤੀਆਂ ਦੇ ਅਤਿਆਚਾਰ ਦੀ ਹਕੀਕਤ ਵਿਖਾ ਦਿਤੀ ਹੈ। ਉਨ੍ਹਾਂ ਇਸ ਗੱਲ 'ਤੇ ਨਿਰਾਸ਼ਾ ਵੀ ਪ੍ਰਗਟ ਕੀਤੀ ਕਿ ਇਸ ਕਾਨੂੰਨ ਬਾਬਤ ਨੌਜਵਾਨਾਂ ਦੇ ਇਕ ਵਰਗ ਨੂੰ ਗੁਮਰਾਹ ਕੀਤਾ ਜਾ ਰਿਹਾ ਹੈ ਜਿਸ ਦਾ ਮਕਸਦ ਨਾਗਰਿਕਤਾ ਖੋਹਣਾ ਨਹੀਂ ਸਗੋਂ ਨਾਗਰਿਕਤਾ ਦੇਣਾ ਹੈ। ਪ੍ਰਧਾਨ ਮੰਤਰੀ ਨੇ ਰਾਮਕ੍ਰਿਸ਼ਨ ਮਿਸ਼ਨ ਦੇ ਮੁੱਖ ਦਫ਼ਤਰ ਬੇਲੂਰ ਮੱਠ ਵਿਚ ਜਨ ਸਭਾ ਨੂੰ ਸੰਬੋਧਤ ਕਰਦਿਆਂ ਕਿਹਾ, 'ਸੀਏਏ ਕਿਸੇ ਦੀ ਨਾਗਰਿਕਤਾ ਖੋਹਣ ਲਈ ਨਹੀਂ ਸਗੋਂ ਨਾਗਰਿਕਤਾ ਦੇਣ ਲਈ ਹੈ। ਅੱਜ ਕੌਮੀ ਨੌਜਵਾਨ ਦਿਵਸ ਮੌਕੇ ਮੈਂ ਭਾਰਤ, ਪਛਮੀ ਬੰਗਾਲ, ਉੱਤਰ ਪੂਰਬ ਦੇ ਨੌਜਵਾਨਾਂ ਨੂੰ ਇਹ ਦਸਣਾ ਚਾਹੁੰਦਾ ਹਾਂ ਕਿ ਇਹ ਨਾਗਰਿਕਤਾ ਦੇਣ ਲਈ ਰਾਤੋ ਰਾਤ ਬਣਿਆ ਕਾਨੂੰਨ  ਨਹੀਂ।
ਉਨ੍ਹਾਂ ਕਿਹਾ, 'ਸਾਨੂੰ ਸਾਰਿਆਂ ਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਦੁਨੀਆਂ ਦੇ ਕਿਸੇ ਵੀ ਦੇਸ਼ ਦਾ, ਕਿਸੇ ਵੀ ਧਰਮ ਦਾ ਵਿਅਕਤੀ ਜਿਹੜਾ ਭਾਰਤ ਅਤੇ ਉਸ ਦੇ ਸੰਵਿਧਾਨ ਵਿਚ ਯਕੀਨ ਰਖਦਾ ਹੈ, ਉਹ ਯੋਗ ਕਵਾÎਇਦ ਰਾਹੀਂ ਭਾਰਤੀ ਨਾਗਰਿਕਤਾ ਲਈ ਅਰਜ਼ੀ ਦੇ ਸਕਦਾ ਹੈ। ਇਸ ਵਿਚ ਕੋਈ ਸਮੱਸਿਆ ਨਹੀਂ। ਮੋਦੀ ਨੇ ਅਪਣੇ ਭਾਸ਼ਨ ਵਿਚ ਮਹਾਤਮਾ ਗਾਂਧੀ ਦਾ ਵੀ ਜ਼ਿਕਰ ਕੀਤਾ ਅਤੇ ਕਿਹਾ ਕਿ ਇਥੋਂ ਤਕ ਕਿ ਰਾਸ਼ਟਰ ਪਿਤਾ ਨੇ ਵੀ ਧਾਰਮਕ ਅਤਿਆਚਾਰ ਕਾਰਨ ਇਥੇ ਆਉਣ ਵਾਲੇ ਲੋਕਾਂ ਨੂੰ ਭਾਰਤੀ ਨਾਗਰਿਕਤਾ ਦੇਣ ਦੀ ਵਕਾਲਤ ਕੀਤੀ ਸੀ ਅਤੇ ਇਸ ਸਰਕਾਰ ਨੇ ਆਜ਼ਾਦੀ ਘੁਲਾਟੀਆਂ ਦੀਆਂ ਇੱਛਾਵਾਂ ਦੀ ਪੂਰਤੀ ਕੀਤੀ ਹੈ। ਵਿਰੋਧ ਪ੍ਰਦਰਸ਼ਨ ਦਾ ਜ਼ਿਕਰ ਕਰਦਿਆਂ ਮੋਦੀ ਨੇ ਕਿਹਾ ਕਿ ਉੱਤਰ ਪੂਰਬ ਦੇ ਲੋਕਾਂ ਨੇ ਅਪਣੀ ਖ਼ਾਸ ਪਛਾਣ ਅਤੇ ਸਭਿਆਚਾਰ ਦੀ ਰਾਖੀ ਕਰਨ ਦੀ ਪ੍ਰਤੀਬੱਧਤਾ ਪ੍ਰਗਟ ਕੀਤੀ ਹੈ। ਉਨ੍ਹਾਂ ਕਿਹਾ ਕਿ ਨਵਾਂ ਕਾਨੂੰਨ ਉਨ੍ਹਾਂ ਦੇ ਹਿਤਾਂ ਦਾ ਨੁਕਸਾਨ ਨਹੀਂ ਕਰੇਗਾ। ਮੋਦੀ ਨੇ ਕਿਹਾ ਕਿ ਵੰਡ ਮਗਰੋਂ ਪਾਕਿਸਤਾਨ ਵਿਚ ਜਿਹੜੇ ਲੋਕਾਂ ਨਾਲ ਮਾੜਾ ਸਲੂਕ ਹੋਇਆ, ਉਨ੍ਹਾਂ ਲਈ ਨਾਗਰਿਕਤਾ ਕਾਨੂੰਨ ਵਿਚ ਥੋੜਾ ਜਿਹਾ ਬਦਲਾਅ ਕੀਤਾ ਗਿਆ ਹੈ। ਮੋਦੀ ਵਿਵੇਕਾਨੰਦ ਦੇ ਭਗਤ ਹਨ ਅਤੇ ਉਨ੍ਹਾਂ ਰਾਤ ਮੱਠ ਵਿਚ ਬਿਤਾਈ। ਉਹ ਰਾਮਕ੍ਰਿਸ਼ਨ ਮਿਸ਼ਨ ਜਿਸ ਦੀ ਸਥਾਪਨਾ 1897 ਵਿਚ ਵਿਵੇਕਾਨੰਦ ਨੇ ਕੀਤੀ ਸੀ, ਨਾਲ ਲੰਮੇ ਸਮੇਂ ਤੋਂ ਜੁੜੇ ਰਹੇ ਹਨ। ਵਿਵੇਕਾਨੰਦ ਦੀ ਜਯੰਤੀ ਨੂੰ ਕੌਮੀ ਯੁਵਾ ਦਿਵਸ ਵਜੋਂ ਮਨਾਇਆ ਜਾਂਦਾ ਹੈ।