MediaPunjab
ਮੀਡੀਆ ਪੰਜਾਬ ਦੀਆਂ ਖ਼ਬਰਾਂ

ਡੀਐੱਸਪੀ ਦਵਿੰਦਰ ਸਿੰਘ ਤੋਂ ਵਾਪਸ ਲਿਆ ਜਾ ਸਕਦੈ ਬਹਾਦਰੀ ਪੁਰਸਕਾਰ, ਪ੍ਰਸ਼ਾਸਨ ਨੇ ਕਾਰਵਾਈ ਸ਼ੁਰੂ ਕੀਤੀ

ਸ੍ਰੀਨਗਰ 13 ਜਨਵਰੀ (ਮਪ) ਅੱਤਵਾਦੀਆਂ ਨਾਲ ਫੜੇ ਗਏ ਡੀਐੱਸਪੀ ਦਵਿੰਦਰ ਸਿੰਘ ਤੋਂ ਬਹਾਦਰੀ ਪੁਰਸਕਾਰ ਵਾਪਸ ਲਿਆ ਜਾ ਸਕਦਾ ਹੈ। ਇਸ ਸੰਦਰਭ 'ਚ ਪ੍ਰਸ਼ਾਸਨ ਨੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸ ਦਰਮਿਆਨ ਰਾਸ਼ਟਰੀ ਜਾਂਚ ਏਜੰਸੀ (ਐੱਨਆਈਏ) ਦੇ ਦੋ ਸੀਨੀਅਰ ਅਧਿਕਾਰੀ ਵੀ ਡੀਐੱਸਪੀ ਤੇ ਦੋ ਅੱਤਵਾਦੀਆਂ ਤੋਂ ਡੂੰਘੀ ਪੁੱਛਗਿੱਛ ਕਰਨ ਲਈ ਸ੍ਰੀਨਗਰ ਪੁੱਜ ਗਏ ਹਨ। ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਪ੍ਰਸ਼ਾਸਨ ਜਾਂਚ ਦਾ ਜ਼ਿੰਮਾ ਐੱਨਆਈਏ ਨੂੰ ਸੌਂਪ ਸਕਦਾ ਹੈ। ਸਬੰਧਿਤ ਅਧਿਕਾਰੀਆਂ ਨੇ ਦੱਸਿਆ ਕਿ ਦਵਿੰਦਰ ਸਿੰਘ ਤੇ ਅੱਤਵਾਦੀਆਂ ਦੇ ਰਿਸ਼ਤੇ ਬਾਰੇ ਪੁਲਿਸ ਨੇ ਕੇਂਦਰੀ ਗ੍ਰਹਿ ਮੰਤਰਾਲੇ ਤੇ ਗ੍ਰਹਿ ਸਕੱਤਰ ਨੂੰ ਵਿਸਥਾਰ ਵਿਚ ਰਿਪੋਰਟ ਸੌਂਪ ਦਿੱਤੀ ਹੈ। ਉਧਰ ਅੱਤਵਾਦ ਰੋਕੂ ਮੁਹਿੰਮਾਂ 'ਚ ਹਿੱਸਾ ਲੈਣ ਲਈ ਸਮੇਂ ਤੋਂ ਪਹਿਲਾਂ ਤਰੱਕੀ ਦੇ ਆਧਾਰ 'ਤੇ ਸਬ ਇੰਸਪੈਕਟਰ ਤੋਂ ਡੀਐੱਸਪੀ ਬਣੇ ਦਵਿੰਦਰ ਨੂੰ ਪ੍ਰਦਾਨ ਕੀਤੇ ਗਏ ਪੁਲਿਸ ਬਹਾਦਰੀ ਪੁਰਸਕਾਰ ਨੂੰ ਵੀ ਵਾਪਸ ਕੀਤੇ ਜਾਣ 'ਤੇ ਵਿਚਾਰ ਕੀਤਾ ਜਾ ਰਿਹਾ ਹੈ। ਇਹ ਪੁਰਸਕਾਰ ਸਾਲ 2017 ਵਿਚ ਮਿਲਿਆ ਸੀ।
ਅਧਿਕਾਰੀਆਂ ਅਨੁਸਾਰ ਦਵਿੰਦਰ ਲੰਬੇ ਸਮੇਂ ਤੋਂ ਅੱਤਵਾਦੀਆਂ ਨਾਲ ਜੁੜਿਆ ਸੀ। ਉਹ ਉਨ੍ਹਾਂ ਲਈ ਸੁਰੱਖਿਅਤ ਟਿਕਾਣਿਆਂ ਤੋਂ ਲੈ ਕੇ ਉਨ੍ਹਾਂ ਨੂੰ ਇਕ ਥਾਂ ਤੋਂ ਦੂਜੀ ਥਾਂ ਪਹੁੰਚਾਉਣ ਦਾ ਵੀ ਬੰਦੋਬਸਤ ਕਰਦਾ ਸੀ। ਕਈ ਵਾਰ ਪੁਲਵਾਮਾ ਦੇ ਤ੍ਰਾਲ 'ਚ ਜੱਦੀ ਘਰ 'ਚ ਤੇ ਕਈ ਵਾਰ ਸ੍ਰੀਨਗਰ 'ਚ ਆਪਣੇ ਮਕਾਨ 'ਚ ਅੱਤਵਾਦੀਆਂ ਨੂੰ ਪਨਾਹ ਵੀ ਦਿੱਤੀ ਸੀ। ਸ਼ਨਿਚਰਵਾਰ ਨੂੰ ਨਵੀਦ ਬਾਬੂ ਤੇ ਹੋਰਨਾਂ ਤਿੰਨ ਲੋਕਾਂ ਨੂੰ ਸੜਕ ਦੇ ਰਸਤੇ ਚੰਡੀਗੜ੍ਹ ਰਵਾਨਾ ਹੋਣ ਤੋਂ ਪਹਿਲਾਂ ਸ਼ੁੱਕਰਵਾਰ ਰਾਤ ਉਸ ਨੇ ਅੱਤਵਾਦੀਆਂ ਨੂੰ ਸ੍ਰੀਨਗਰ ਸਥਿਤ ਮਕਾਨ 'ਚ ਠਹਿਰਾਇਆ ਸੀ। ਪਹਿਲਾਂ ਉਸ ਨੇ ਸਾਰਿਆਂ ਨੂੰ ਹਵਾਈ ਜਹਾਜ਼ ਰਾਹੀਂ ਕਸ਼ਮੀਰ ਤੋਂ ਬਾਹਰ ਲਿਜਾਣ ਦੀ ਯੋਜਨਾ ਬਣਾਈ ਸੀ, ਪਰ ਹਵਾਈ ਅੱਡੇ 'ਤੇ ਫੜੇ ਜਾਣ ਦੇ ਡਰੋਂ ਉਸ ਨੇ ਇਰਾਦਾ ਬਦਲ ਲਿਆ ਸੀ। ਉਹ ਸ੍ਰੀਨਗਰ ਹਵਾਈ ਅੱਡੇ 'ਤੇ ਐਂਟੀ ਹਾਈਜੈਕ ਵਿੰਗ ਵਿਚ ਤਾਇਨਾਤ ਸੀ। ਉਸ ਨੇ ਅੱਤਵਾਦੀਆਂ ਨੂੰ ਕਸ਼ਮੀਰ ਤੋਂ ਬਾਹਰ ਲਿਜਾਣ ਲਈ ਚਾਰ ਦਿਨ ਦੀ ਛੁੱਟੀ ਵੀ ਲਈ ਹੋਈ ਸੀ।
ਸੂਤਰਾਂ ਦੀ ਮੰਨੀਏ ਤਾਂ ਪੁੱਛਗਿੱਛ ਦੌਰਾਨ ਦਵਿੰਦਰ ਸਿੰਘ ਤੋਂ ਪੁਲਿਸ ਨੇ ਪੁਲਵਾਮਾ ਪੁਲਿਸ ਲਾਈਨ 'ਤੇ ਦੋ ਸਾਲ ਪਹਿਲਾਂ ਹੋਏ ਅੱਤਵਾਦੀ ਹਮਲੇ ਬਾਰੇ ਕਥਿਤ ਤੌਰ 'ਤੇ ਕੁਝ ਅਹਿਮ ਜਾਣਕਾਰੀਆਂ ਮਿਲੀਆਂ ਹਨ। ਦਾਅਵਾ ਕੀਤਾ ਜਾਂਦਾ ਹੈ ਕਿ ਉਹ ਉਨ੍ਹੀਂ ਦਿਨੀਂ ਪੁਲਵਾਮਾ 'ਚ ਤਾਇਨਾਤ ਸੀ। ਐੱਨਆਈਏ ਦੇ ਦੋ ਸੀਨੀਅਰ ਅਧਿਕਾਰੀ ਦਵਿੰਦਰ ਸਿੰਘ ਤੇ ਉਸ ਨਾਲ ਫੜੇ ਗਏ ਅੱਤਵਾਦੀਆਂ ਤੋਂ ਪੁੱਛਗਿੱਛ ਲਈ ਸ੍ਰੀਨਗਰ ਪੁੱਜ ਚੁੱਕੇ ਹਨ। ਉਨ੍ਹਾਂ ਨੇ ਇਕ ਘੰਟੇ ਤਕ ਡੀਐੱਸਪੀ ਤੋਂ ਪੁੱਛਗਿੱਛ ਕੀਤੀ ਹੈ। ਉਨ੍ਹਾਂ ਨੇ ਪੁੱਛਗਿੱਛ ਨਾਲ ਜੁੜੇ ਦਸਤਾਵੇਜ਼ਾਂ ਦਾ ਸਬੰਧਿਤ ਅਧਿਕਾਰੀਆਂ ਨਾਲ ਨੋਟਿਸ ਲਿਆ ਹੈ। ਸੂਤਰਾਂ ਦੀ ਮੰਨੀਏ ਤਾਂ ਪ੍ਰਸ਼ਾਸਨ ਪੂਰੇ ਮਾਮਲੇ ਦੀ ਜਾਂਚ ਐੱਨਆਈਏ ਨੂੰ ਸੌਂਪ ਸਕਦਾ ਹੈ।