MediaPunjab
ਮੀਡੀਆ ਪੰਜਾਬ ਦੀਆਂ ਖ਼ਬਰਾਂ

ਬ੍ਰਹਿਮੋਸ ਕਰੂਜ਼ ਮਿਜ਼ਾਈਲ ਨਾਲ ਲੈਸ ਸੁਖੋਈ-30ਐੱਮਕੇਅਆਈ ਤੰਜਾਵੁਰ ਏਅਰਬੇਸ ਵਿੱਚ ਤਾਇਨਾਤ

ਤੰਜਾਵੁਰ  20 ਜਨਵਰੀ (ਮਪ) ਦੱਖਣ ਭਾਰਤ ਦੇ ਤੰਜਾਵੁਰ ਏਅਰਬੇਸ 'ਚ ਪਹਿਲੇ ਸੁਖੋਈ 30-ਐੱਮਕੇਆਈ ਜੰਗੀ ਜਹਾਜ਼ ਨੂੰ ਹਵਾਈ ਸੈਨਾ ਵਿਚ ਸ਼ਾਮਲ ਕੀਤਾ ਗਿਆ ਹੈ। ਇਹ ਜਹਾਜ਼ ਬ੍ਰਹਿਮੋਸ ਕਰੂਜ਼ ਮਿਜ਼ਾਈਲ ਨਾਲ ਲੈਸ ਹੈ। ਦੇਸ਼ ਦੇ ਪਹਿਲੇ ਚੀਫ ਆਫ ਡਿਫੈਂਸ ਸਟਾਫ (ਸੀਡੀਐੱਸ) ਜਨਰਲ ਬਿਪਿਨ ਰਾਵਤ ਤੇ ਹਵਾਈ ਫ਼ੌਜ ਮੁਖੀ ਆਰਕੇਐੱਸ ਭਦੌਰੀਆ ਨੇ ਤਾਮਿਲਨਾਡੂ ਦੇ ਤੰਜਾਵੁਰ ਏਅਰਬੇਸ 'ਤੇ ਜੰਗੀ ਜਹਾਜ਼ ਸੁਖੋਈ 30-ਐੱਮਕੇਆਈ ਨੂੰ ਸੁਕਆਰਡ੍ਨ ਵਿਚ ਸ਼ਾਮਲ ਕੀਤਾ। ਦੱਖਣ ਭਾਰਤ ਦੇ ਕਿਸੇ ਫ਼ੌਜੀ ਅੱਡੇ 'ਤੇ ਸੁਖੋਈ-30 ਦੀ ਇਹ ਪਹਿਲੀ ਤਾਇਨਾਤੀ ਹੈ। ਇੰਡਕਸ਼ਨ ਦੇ ਮੌਕੇ 'ਤੇ ਜਹਾਜ਼ ਨੂੰ 'ਵਾਟਰ ਸੈਲਿਊਟ' ਦਿੱਤਾ ਗਿਆ। ਸੁਖੋਈ ਜਹਾਜ਼ਾਂ ਦੇ ਇਸ ਸਕੁਆਰਡ੍ਨ ਨੂੰ 'ਟਾਈਗਰ ਸ਼ਾਕਰਸ' ਨਾਂ ਦਿੱਤਾ ਗਿਆ ਹੈ। ਇਹ ਸੁਖੋਈ ਦਾ 12ਵਾਂ ਸਕੁਆਰਡ੍ਨ ਹੈ। ਇਸ ਤੋਂ ਪਹਿਲਾਂ 11 ਹੋਰ ਸਕੁਆਰਡ੍ਨ ਨੂੰ ਚੀਨ ਤੇ ਪਾਕਿਸਤਾਨ ਨਾਲ ਲੱਗਦੀ ਸਰਹੱਦ 'ਤੇ ਨਜ਼ਰ ਬਣਾਈ ਰੱਖਣ ਲਈ ਪਹਿਲਾਂ ਹੀ ਤਾਇਨਾਤ ਕੀਤਾ ਜਾ ਚੁੱਕਾ ਹੈ।
ਇਸ ਮੌਕੇ ਏਅਰ ਚੀਫ ਮਾਰਸ਼ਲ ਭਦੌਰੀਆ ਨੇ ਕਿਹਾ ਕਿ ਅਜੇ ਇਹ ਤੈਅ ਨਹੀਂ ਹੈ ਕਿ ਜੰਗੀ ਜਹਾਜ਼ ਕਿੱਥੇ ਤਾਇਨਾਤ ਕੀਤਾ ਜਾਵੇਗਾ। ਲੰਬੀ ਦੂਰੀ ਦੇ ਖ਼ਤਰਿਆਂ ਦੇ ਮੱਦੇਨਜ਼ਰ ਹਵਾਈ ਫ਼ੌਜ ਇਸ ਨੂੰ ਉੱਤਰੀ ਖੇਤਰ ਵਿਚ ਕਿਤੇ ਤਾਇਨਾਤ ਕਰ ਸਕਦੀ ਹੈ। ਇਸ ਨੂੰ ਚੀਨ ਤੇ ਪਾਕਿਸਤਾਨ ਨਾਲ ਲੱਗਦੀ ਸਰਹੱਦ 'ਤੇ ਤਾਇਨਾਤ ਕੀਤਾ ਜਾ ਸਕਦਾ ਹੈ। ਪਰ ਇਸ ਗੱਲ 'ਤੇ ਫ਼ੈਸਲਾ ਖ਼ਤਰੇ ਦੇ ਵਿਸ਼ਲੇਸ਼ਣ ਤੇ ਯੋਜਨਾ ਦੀ ਲੋੜ ਦੇ ਹਿਸਾਬ ਨਾਲ ਹੋਵੇਗਾ। ਇਹ ਪੁੱਛੇ ਜਾਣ 'ਤੇ ਕਿ ਕੀ ਇਸ ਨੂੰ ਹਵਾਈ ਫ਼ੌਜ ਨੂੰ ਬਾਲਾਕੋਟ ਵਰਗੇ ਹਮਲੇ ਕਰਨ 'ਚ ਮਦਦ ਮਿਲੇਗੀ? ਉਨ੍ਹਾਂ ਜਵਾਬ ਦਿੱਤਾ ਕਿ ਇਨ੍ਹਾਂ ਦੀ ਵਰਤੋਂ ਹੋਵੇਗੀ। ਇਹ ਨਿਰਭਰ ਕਰਦਾ ਹੈ ਕਿ ਸਾਨੂੰ ਟੀਚਾ ਕੀ ਦਿੱਤਾ ਜਾਂਦਾ ਹੈ।
ਇਹ ਜੰਗੀ ਜਹਾਜ਼ ਬੰਬਾਰੀ ਦੇ ਨਾਲ-ਨਾਲ ਮਿਜ਼ਾਈਲ ਵੀ ਦਾਗ ਸਕਦਾ ਹੈ। ਇਸ ਵਿਚ ਬ੍ਹਮੋਸ ਮਿਜ਼ਾਈਲ ਲੋਡ ਕੀਤੀ ਜਾ ਸਕਦੀ ਹੈ। ਇਹ ਇਕ ਵਾਰ ਈਂਧਨ ਭਰਨ 'ਤੇ 8000 ਕਿਲੋ ਹਥਿਆਰਾਂ ਨਾਲ 5200 ਕਿਲੋਮੀਟਰ ਤਕ ਪੁੱਜ ਜਾਂਦਾ ਹੈ। ਇਸ ਤੋਂ ਦਾਗੀ ਮਿਜ਼ਾਈਲ 300 ਕਿਲੋਮੀਟਰ 'ਤੇ ਸਟੀਕ ਨਿਸ਼ਾਨਾ ਲਾ ਸਕਦੀ ਹੈ। ਦਰਅਸਲ ਦੱਖਣ ਭਾਰਤ ਦੇ ਜ਼ਿਆਦਾਤਰ ਸੂਬਿਆਂ ਦੇ ਵੱਡੇ ਭੂਖੰਡ ਸਮੁੰਦਰੀ ਤੱਟਵਰਤੀ ਇਲਾਕਿਆਂ ਨਾਲ ਲੱਗੇ ਹੋਏ ਹਨ। ਇਹ ਸੂਬੇ ਅਰਬ ਸਾਗਰ, ਹਿੰਦ ਮਹਾਸਾਗਰ ਤੇ ਬੰਗਾਲ ਦੀ ਖਾੜੀ ਨਾਲ ਲੱਗੇ ਹੋਏ ਹਨ। ਭਾਰਤੀ ਸਮੁੰਦਰੀ ਖੇਤਰ 'ਚ ਸਾਡੇ ਕਈ ਟਾਪੂ ਭੂਖੰਡ ਵੀ ਹਨ। ਇਨ੍ਹਾਂ ਦੀ ਸੁਰੱਖਿਆ ਦੀ ਵੱਡੀ ਜ਼ਿੰਮੇਵਾਰੀ ਵੀ ਜਲ ਸੈਨਾ ਦੇ ਨਾਲ-ਨਾਲ ਹਵਾਈ ਫ਼ੌਜ ਦੇ ਅਧੀਨ ਦੱਖਣੀ ਕਮਾਨ ਦੇ ਮੋਿਢਆਂ 'ਤੇ ਰਹਿੰਦੀ ਹੈ। ਤੰਜਾਵੁਰ ਏਅਰਫੋਰਸ ਸਟੇਸ਼ਨ 'ਤੇ ਸੁਖੋਈ ਦੀ ਸਕੁਆਰਡ੍ਨ ਤਾਇਨਾਤ ਹੋਣ ਪਿੱਛੋਂ ਬੰਗਾਲ ਦੀ ਖਾੜੀ ਨਾਲ ਲੱਗਦੇ ਦੱਖਣ-ਪੂਰਬੀ ਸਰਹੱਦੀ ਇਲਾਕਿਆਂ ਦੀ ਸੁਰੱਖਿਆ ਵਿਵਸਥਾ ਮਜ਼ਬੂਤ ਹੋਵੇਗੀ।