MediaPunjab
ਮੀਡੀਆ ਪੰਜਾਬ ਦੀਆਂ ਖ਼ਬਰਾਂ

ਭਾਵੇਂ ਜਿੰਨਾ ਵਿਰੋਧ ਹੋਵੇ, ਵਾਪਸ ਨਹੀਂ ਹੋਵੇਗਾ ਨਾਗਰਿਕਤਾ ਸੋਧ ਕਾਨੂੰਨ,ਅਮਿਤ ਸ਼ਾਹ ਨੇ ਕੀਤਾ ਸਪੱਸ਼ਟ

ਲਖਨਊ 21 ਜਨਵਰੀ (ਮਪ) ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਇਕ ਵਾਰੀ ਮੁੜ ਸਾਫ਼ ਕਰ ਦਿੱਤਾ ਹੈ ਕਿ ਨਾਗਰਿਕਤਾ ਸੋਧ ਕਾਨੂੰਨ (ਸੀਏਏ) ਵਾਪਸ ਨਹੀਂ ਹੋਵੇਗਾ। ਲਖਨਊ ਵਿਚ ਸੀਏਏ ਦੇ ਹੱਕ ਵਿਚ ਕਰਵਾਈ ਗਈ ਭਾਜਪਾ ਦੀ ਰੈਲੀ 'ਚ ਮਾਈਕ ਸੰਭਾਲਦਿਆਂ ਹੀ ਸ਼ਾਹ ਨੇ ਆਪਣੇ ਇਰਾਦੇ ਜ਼ਾਹਰ ਕਰ ਦਿੱਤੇ। ਸੀਏਏ ਦਾ ਵਿਰੋਧ ਕਰ ਰਹੇ ਰਾਹੁਲ ਗਾਂਧੀ, ਮਮਤਾ ਬੈਨਰਜੀ, ਅਖਿਲੇਸ਼ ਯਾਦਵ ਤੇ ਮਾਇਵਤੀ ਨੂੰ ਵੋਟ ਬੈਂਕ ਦੇ ਲੋਭੀ, ਅੰਨ੍ਹੇ ਤੇ ਬੋਲ਼ੇ ਦੱਸਦਿਆਂ ਅਮਿਤ ਸ਼ਾਹ ਨੇ ਕਿਹਾ ਕਿ ਉਨ੍ਹਾਂ ਨੂੰ ਕਰੋੜਾਂ ਸ਼ਰਨਾਰਥੀਆਂ 'ਤੇ ਹੋਏ ਅੱਤਿਆਚਾਰ ਨਹੀਂ ਦਿਸਦੇ। ਉਨ੍ਹਾਂ ਕਿਹਾ ਕਿ ਸਿਰਫ਼ ਸੀਏਏ ਹੀ ਨਹੀਂ ਭਾਵੇਂ ਸਰਜੀਕਲ ਸਟ੍ਰਾਈਕ ਕੀਤੀ ਗਈ ਹੋਵੇ, ਧਾਰਾ-370, ਤਿੰਨ ਤਲਾਕ ਦਾ ਖ਼ਾਤਮਾ ਜਾਂ ਰਾਮ ਮੰਦਰ ਦਾ ਨਿਰਮਾਣ, ਦੇਸ਼ ਹਿੱਤ ਨਾਲ ਜੁੜੇ ਅਜਿਹੇ ਸਾਰੇ ਮੁੱਦਿਆਂ ਦਾ ਇਨ੍ਹਾਂ ਆਗੂਆਂ ਨੇ ਵਿਰੋਧ ਕੀਤਾ। ਇਨ੍ਹਾਂ ਮੁੱਦਿਆਂ 'ਤੇ ਉਹ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੀ ਭਾਸ਼ਾ ਬੋਲਦੇ ਰਹੇ ਹਨ। ਇਹ ਲੜਾਈ ਦੇਸ਼ ਦਾ ਭਲਾ ਤੇ ਦੇਸ਼ ਦੇ ਟੁਕੜੇ ਕਰਨ ਵਾਲਿਆਂ ਦਰਮਿਆਨ ਹੈ। ਸ਼ਾਹ ਨੇ ਡੰਕੇ ਦੀ ਚੋਟ 'ਤੇ ਕਿਹਾ ਕਿ ਕਿ ਭਾਵੇਂ ਜਿੰਨਾ ਵਿਰੋਧ ਹੋਵੇ, ਸੀਏਏ ਵਾਪਸ ਨਹੀਂ ਹੋਣ ਵਾਲਾ। ਮੰਚ 'ਤੇ ਚੜ੍ਹਨ ਤੋਂ ਪਹਿਲਾਂ ਅਮਿਤ ਸ਼ਾਹ ਨੇ ਰੈਲੀ ਵਾਲੀ ਥਾਂ 'ਤੇ ਆਏ ਸ਼ਰਨਾਰਥੀਆਂ ਨਾਲ ਵੀ ਮੁਲਾਕਾਤ ਕੀਤੀ ਤੇ ਉਨ੍ਹਾਂ ਦੀ ਹੱਡਬੀਤੀ ਸੁਣੀ।
ਅਮਿਤ ਸ਼ਾਹ ਨੇ ਕਿਹਾ, 'ਸੰਸਦ ਦੇ ਸਰਦ ਰੁੱਤ ਇਜਲਾਸ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਗਰਿਕਤਾ ਐਕਟ ਵਿਚ ਸੋਧ ਲਈ ਬਿੱਲ ਲੈ ਕੇ ਆਏ ਤਾਂ ਰਾਹੁਲ ਬਾਬਾ ਐਂਡ ਕੰਪਨੀ, ਮਮਤਾ ਦੀਦੀ, ਅਖਿਲੇਸ਼ ਯਾਦਵ ਤੇ ਮਾਇਆਵਤੀ ਇਸ ਵਿਰੁੱਧ ਰੌਲਾ ਪਾਉਣ ਲੱਗੇ। ਨਕਾਰੇ ਜਾ ਚੁੱਕੇ ਵਿਰੋਧੀ ਦਲ ਗ਼ਲਤ ਪ੍ਰਚਾਰ ਕਰ ਰਹੇ ਹਨ ਕਿ ਸੀਏਏ ਨਾਲ ਦੇਸ਼ ਦੇ ਮੁਸਲਮਾਨਾਂ ਦੀ ਨਾਗਰਿਕਤਾ ਚਲੇ ਜਾਵੇਗੀ। ਇਸ ਦੀ ਓਟ 'ਚ ਕਾਂਗਰਸ, ਤਿ੍ਣਮੂਲ ਕਾਂਗਰਸ, ਸਮਾਜਵਾਦੀ ਪਾਰਟੀ ਦੇਸ਼ ਵਿਚ ਅਗਜ਼ਨੀ, ਭੰਨਤੋੜ ਤੇ ਹਿੰਸਾ ਫੈਲਾਅ ਰਹੇ ਹਨ। ਸੀਏਏ ਦਾ ਵਿਰੋਧ ਕਰਨ ਵਾਲੇ ਇਨ੍ਹਾਂ ਸਾਰਿਆਂ ਆਗੂਆਂ ਨੂੰ ਉਨ੍ਹਾਂ ਨੇ ਲਲਕਾਰਿਆਂ ਕਿ ਜੇ ਇਸ ਕਾਨੂੰਨ ਦੀ ਕੋਈ ਵੀ ਧਾਰਾ ਕਿਸੇ ਦੀ ਨਾਗਰਿਕਤਾ ਲੈ ਸਕਦੀ ਹੈ ਤਾਂ ਉਹ ਮੈਨੂੰ ਦਿਖਾਓ। ਉਨ੍ਹਾਂ ਚੁਣੌਤੀ ਦਿੱਤੀ ਕਿ ਜੇ ਉਨ੍ਹਾਂ ਵਿਚ ਹਿੰਮਤ ਹੈ ਤਾਂ ਇਸ ਕਾਨੂੰਨ 'ਤੇ ਬਹਿਸ ਕਰਨ ਲਈ ਜਨਤਕ ਮੰਚ ਲੱਭਣ। ਭਾਜਪਾ ਦੇ ਸੂਬਾ ਪ੍ਰਧਾਨ ਸਵਤੰਤਰ ਦੇਵ ਸਿੰਘ ਉਨ੍ਹਾਂ ਨਾਲ ਮੁਕਾਬਲਾ ਕਰਨ ਲਈ ਤਿਆਰ ਹਨ।
ਸ਼ਾਹ ਨੇ ਸਮਾਜਵਾਦੀ ਪਾਰਟੀ ਦੇ ਪ੍ਰਧਾਨ ਅਖਿਲੇਸ਼ ਯਾਦਵ ਦੀ ਜ਼ਬਰਦਸਤ ਆਲੋਚਨਾ ਕੀਤੀ। ਰੈਲੀ ਦੇ ਮੰਚ ਤੋਂ ਸੀਏਏ ਨੂੰ ਲੈ ਕੇ ਉਨ੍ਹਾਂ ਦੇ ਗਿਆਨ 'ਤੇ ਚੁਟਕੀ ਲਈ। ਉਨ੍ਹਾਂ ਕਿਹਾ, 'ਅਖਿਲੇਸ਼ ਬਾਬੂ, ਤੁਸੀਂ ਜ਼ਿਆਦਾ ਨਾ ਬੋਲੋ ਤਾਂ ਚੰਗਾ ਹੈ। ਕਿਸੇ ਦੇ ਰਟੇ-ਰਟਾਏ ਦੋ ਵਾਕ ਬੋਲ ਦਿੰਦੇ ਹੋ। ਮੰਚ 'ਤੇ ਸੀਏਏ 'ਤੇ ਪੰਜ ਮਿੰਟ ਵੀ ਬੋਲ ਸਕੋ ਤਾਂ ਤੁਹਾਨੂੰ ਮੰਨ ਜਾਈਏ। ਥੋੜ੍ਹੀ ਪੜ੍ਹਾਈ ਲਿਖਾਈ ਵੀ ਕਰਿਆ ਕਰੋ। ਸਿਆਸਤ ਵਿਚ ਪੜ੍ਹਨਾ-ਲਿਖਣਾ ਚੰਗਾ ਹੁੰਦਾ ਹੈ।' ਤਲਖ਼ ਲਹਿਜ਼ੇ ਵਿਚ ਉਨ੍ਹਾਂ ਨੂੰ ਚਿਤਾਵਨੀ ਦਿੰਦਿਆਂ ਸ਼ਾਹ ਨੇ ਕਿਹਾ, ' ਅਖਿਲੇਸ਼ ਬਾਬੂ, ਸਾਨੂੰ ਜਿੰਨੀਆਂ ਮਰਜ਼ੀ ਗਾਲ੍ਹਾਂ ਕੱਢ ਲਓ, ਸਾਡੀ ਪਾਰਟੀ ਨੂੰ ਮੰਦਾ-ਚੰਗਾ ਬੋਲ ਲਓ ਪਰ ਭਾਰਤ ਮਾਂ ਵਿਰੁੱਧ ਜੇ ਨਾਅਰੇ ਲਾਓਗੇ ਤਾਂ ਜੇਲ੍ਹ ਦੀਆਂ ਸੀਖਾਂ ਪਿੱਛੇ ਸੁੱਟ ਦਿੱਤੇ ਜਾਓਗੇ।