MediaPunjab
ਮੀਡੀਆ ਪੰਜਾਬ ਦੀਆਂ ਖ਼ਬਰਾਂ

ਦਿੱਲੀ ਚੋਣਾਂ 'ਤੇ ਬੋਲੇ ਅਮਿਤ ਸ਼ਾਹ, ਗੋਲ਼ੀ ਮਾਰੋ ਤੇ ਭਾਰਤ ਪਾਕਿ ਮੈਚ ਜਿਹੇ ਬਿਆਨਾਂ ਕਾਰਨ ਪਾਰਟੀ ਦਾ ਨੁਕਸਾਨ ਸੰਭਵ

ਨਵੀਂ ਦਿੱਲੀ, 13 ਫਰਵਰੀ 2020 (ਮਪ) ਦਿੱਲੀ ਚੋਣਾਂ 'ਚ ਭਾਜਪਾ ਨੂੰ ਮਿਲੀ ਹਾਰ ਤੋਂ ਬਾਅਦ ਅਮਿਤ ਸ਼ਾਹ ਨੇ ਕਿਹਾ ਕਿ ਮੇਰਾ ਮੁਲਾਂਕਣ ਗਲ਼ਤ ਹੋ ਗਿਆ। ਅਸੀਂ ਚੋਣਾਂ ਸਿਰਫ਼ ਜਿੱਤ ਜਾਂ ਹਾਰ ਲਈ ਨਹੀਂ ਲੜਦੇ ਹਨ। ਭਾਜਪਾ ਇਕ ਅਜਿਹੀ ਪਾਰਟੀ ਹੈ ਜੋ ਆਪਣੀ ਵਿਚਾਰਧਾਰਾ ਦਾ ਵਿਸਤਾਰ ਕਰਨ 'ਚ ਵਿਸ਼ਵਾਸ ਕਰਦੀ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਦਿੱਲੀ ਚੋਣਾਂ ਦੇ ਨਤੀਜੇ ਸੀਏਏ ਤੇ ਐੱਨਆਰਸੀ 'ਤੇ ਜਨਤਾ ਦਾ ਫ਼ੈਸਲਾ ਨਹੀਂ ਹੈ। ਦਿੱਲੀ ਚੋਣਾਂ ਦੌਰਾਨ ਪ੍ਰਚਾਰ-ਪ੍ਰਸਾਰ ਦੌਰਾਨ ਕੇਂਦਰੀ ਮੰਤਰੀ ਅਨੁਰਾਗ ਠਾਕੁਰ ਤੇ ਸੰਸਦ ਮੈਂਬਰ ਪ੍ਰਵੇਸ਼ ਵਰਮਾ ਵੱਲੋਂ ਦਿੱਤੇ ਗਏ ਵਿਵਾਦਿਤ ਬਿਆਨ 'ਤੇ ਅਮਿਤ ਸ਼ਾਹ ਨੇ ਕਿਹਾ ਕਿ ਚੋਣਾਂ 'ਚ 'ਗੋਲ਼ੀ ਮਾਰੋ' ਅਤੇ 'ਭਾਰਤ-ਪਾਕਿਸਤਾਨ ਮੈਚ' ਜਿਹੇ ਬਿਆਨ ਨਹੀਂ ਦਿੱਤੇ ਜਾਣੇ ਚਾਹੀਦੇ ਸਨ। ਪਾਰਟੀ ਨੇ ਇਸ ਤਰ੍ਹਾਂ ਦੀ ਬਿਆਨਬਾਜ਼ੀ ਕਾਰਨ ਖ਼ੁਦ ਦਾ ਨੁਕਸਾਨ ਕੀਤਾ ਹੈ।
ਹੋਰ ਸੂਬਿਆਂ ਦੇ ਚੋਣ ਨਤਿਜਿਆਂ 'ਤੇ ਸ਼ਾਹ ਨੇ ਕਿਹਾ ਕਿ ਮੋਦੀ ਜੀ ਅਜੇ ਕੁਝ ਹੀ ਸਮੇਂ ਪਹਿਲਾਂ ਸਭ ਤੋਂ ਵੱਡੇ ਬਹੁਮਤ ਨਾਲ ਜਿੱਤੇ। ਕੁਝ ਸੂਬਿਆਂ 'ਚ ਸਫ਼ਲਤਾ ਨਹੀਂ ਮਿਲੀ ਪਰ ਇਸ ਦਾ ਮਤਲਬ ਇਹ ਨਹੀਂ ਕਿ ਭਾਜਪਾ ਤੋਂ ਲੋਕਾਂ ਦਾ ਵਿਸ਼ਵਾਸ ਉਠਿਆ ਹੈ। ਮਹਾਰਾਸ਼ਟਰ 'ਚ ਅਸੀਂ ਚੋਣਾਂ ਜਿੱਤੇ ਹਾਂ। ਹਰਿਆਣਾ 'ਚ ਸਿਰਫ਼ 6 ਸੀਟਾਂ ਘੱਟ ਹੋਈਆਂ ਹਨ। ਝਾਰਖੰਡ 'ਚ ਅਸੀਂ ਚੋਣਾਂ ਹਾਰੇ ਤੇ ਦਿੱਲੀ 'ਚ ਪਹਿਲਾਂ ਤੋਂ ਹਾਰੇ ਹੋਏ ਸੀ, ਇਸ ਦੇ ਬਾਵਜੂਦ ਇਸ ਸੀਟ 'ਤੇ ਵੋਟ ਫ਼ੀਸਦੀ ਵਧੀ ਹੈ।
ਅਮਿਤ ਸ਼ਾਹ ਨੇ ਇਕ ਟੀਵੀ ਚੈਨਲ ਨੂੰ ਦਿੱਤੇ ਇੰਟਰਵਿਊ 'ਚ ਕਿਹਾ ਕਿ ਸਾਡਾ ਮੰਨ ਸਾਫ ਹੈ ਤੇ ਅਸੀਂ ਸਾਫ ਮੰਨ ਨਾਲ ਕੰਮ ਕਰਦੇ ਹਾਂ। ਅਸੀਂ ਕਦੇ ਵੀ ਧਰਮ ਦੇ ਆਧਾਰ 'ਤੇ ਭੇਦਭਾਵ ਨਹੀਂ ਕੀਤਾ ਹੈ। ਮੈਂ ਅੱਜ ਵੀ ਦੇਸ਼ ਨੂੰ ਦੱਸਣਾ ਚਾਹੁੰਦਾ ਹਾਂ ਕਿ ਨਾਗਰਕਿਤਾ ਸੋਧ ਕਾਨੂੰਨ (ਸੀਏਏ) 'ਚ ਅਜਿਹਾ ਕੋਈ ਵੀ ਪ੍ਰਬੰਧ ਨਹੀਂ, ਜਿਸ ਤੋਂ ਮੁਸਲਮਾਨਾਂ ਦੀ ਨਾਗਰਿਕਤਾ ਨੂੰ ਕੋਈ ਖਤਰਾ ਹੋਵੇ।
ਅਮਿਤ ਸ਼ਾਹ ਨੇ ਕਿਹਾ ਕਿ ਕਿਸੇ ਨੇ ਅੱਜ ਤਕ ਇਹ ਨਹੀਂ ਦੱਸਿਆ ਕਿ ਸੀਏਏ 'ਚ ਅਜਿਹਾ ਕਿਹੜਾ ਪ੍ਰਬੰਧ ਹੈ ਜੋ ਮੁਸਲਮਾਨਾਂ ਦਾ ਐਂਟੀ ਹੈ। ਜੇ ਭਾਜਪਾ ਦਾ ਵਿਰੋਧ ਹੀ ਕਰਨਾ ਹੈ ਤਾਂ ਫਿਰ ਕੁਝ ਵੀ ਹੋ ਸਕਦਾ ਹੈ।
ਆਪਣੇ ਸਿਆਸੀ ਕਰੀਅਰ ਸਬੰਧੀ ਅਮਿਤ ਸ਼ਾਹ ਨੇ ਕਿਹਾ ਕਿ ਮੈਂ 13 ਸਾਲ ਦੀ ਉਮਰ ਤੋਂ ਸਿਆਸਤ 'ਚ ਹਾਂ। ਮੇਰੀ ਨਿੱਜੀ ਕੁਝ ਨਹੀਂ ਹੈ, ਜੋ ਦੇਸ਼ ਲਈ ਵਧੀਆ ਹੈ, ਉਹੀ ਮੇਰਾ ਹੈ। 1980-81 'ਚ ਜਦੋਂ ਮੈਂ ਭਾਜਪਾ 'ਚ ਸ਼ਾਮਲ ਹੋਇਆ ਸੀ ਤਾਂ ਉਸ ਸਮੇਂ ਸਾਡੇ ਕੋਲ ਸਿਰਫ਼ ਦੋ ਸੀਟਾਂ ਸਨ। ਅੱਜ ਇਕ ਲੰਮਾ ਸਫਰ ਤੈਅ ਕਰ ਕੇ ਅਸੀਂ ਇੱਥੇ ਪਹੁੰਚੇ ਹਾਂ।