MediaPunjab
ਮੀਡੀਆ ਪੰਜਾਬ ਦੀਆਂ ਖ਼ਬਰਾਂ

ਨਹਿਰੂ ਤੇ ਪਟੇਲ ਦੇ ਨਾਂ 'ਤੇ ਫਿਰ ਮਚਿਆ ਬਵਾਲ, ਟਵਿਟਰ 'ਤੇ ਭਿੜੇ ਵਿਦੇਸ਼ ਮੰਤਰੀ ਤੇ ਰਾਮਚੰਦਰ ਗੁਹਾ

ਨਵੀਂ ਦਿੱਲੀ 13 ਫਰਵਰੀ 2020 (ਮਪ) ਸਾਲ 1947 'ਚ ਆਜ਼ਾਦੀ ਮਿਲਣ ਤੋਂ ਬਾਅਦ ਪੰਡਿਤ ਜਵਾਹਰ ਲਾਲ ਨਹਿਰੂ ਆਪਣੀ ਪਹਿਲੀ ਕੈਬਨਿਟ 'ਚ ਸਰਦਾਰ ਪਟੇਲ ਨੂੰ ਰੱਖਣਾ ਚਾਹੁੰਦੇ ਸਨ ਜਾਂ ਨਹੀਂ? ਇਸ ਸਵਾਲ 'ਤੇ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਤੇ ਇਤਿਹਾਸਕਾਰ ਰਾਮਚੰਦਰ ਗੁਹਾ ਆਹਮਣੇ-ਸਾਹਮਣੇ ਆ ਗਏ ਤੇ ਉਨ੍ਹਾਂ ਵਿਚ ਜ਼ਬਰਦਸਤ ਟਵਿਟਰ ਵਾਰ ਸ਼ੁਰੂ ਹੋ ਗਈ। ਵਿਦੇਸ਼ ਮੰਤਰੀ ਨੇ ਇਕ ਦਿਨ ਪਹਿਲਾਂ ਹੀ ਇਕ ਕਿਤਾਬ ਰਿਲੀਜ਼ ਕੀਤੀ ਹੈ ਤੇ ਪਟੇਲ ਦੇ ਸਹਾਇਕ ਰਹੇ ਵੀਪੀ ਮੈਨਨ ਦੇ ਹਵਾਲੇ ਨਾਲ ਲਿਖੀ ਗਈ ਇਸ ਕਿਤਾਬ ਦੇ ਆਧਾਰ 'ਤੇ ਦਾਅਵਾ ਕੀਤਾ ਕਿ ਨਹਿਰੂ ਸਾਲ 1947 ਦੀ ਕੈਬਨਿਟ 'ਚ ਪਟੇਲ ਨੂੰ ਥਾਂ ਨਹੀਂ ਦੇਣਾ ਚਾਹੁੰਦੇ ਸਨ। ਗੁਹਾ ਨੇ ਇਸ ਨੂੰ ਗਲਤ ਕਰਾਰ ਦਿੰਦੇ ਹੋਏ ਨਹਿਰੂ ਤੇ ਪਟੇਲ ਵਿਚ ਹੋਏ ਪੱਤਰਾਚਾਰ ਦੀ ਉਦਾਹਰਨ ਨਾਲ ਇਹ ਕਿਹਾ ਕਿ ਪਹਿਲੇ ਪ੍ਰਧਾਨ ਮੰਤਰੀ ਪਟੇਲ ਨੂੰ ਆਪਣੀ ਕੈਬਨਿਟ ਦੇ ਇਕ ਮਜਬੂਤ ਸਤੰਭ ਵਜੋਂ ਵੇਖਦੇ ਸਨ। ਉਂਜ ਇਸ ਵਿਵਾਦ ਦੀ ਸ਼ੁਰੂਆਤ ਬੁੱਧਵਾਰ ਨੂੰ ਹੋਈ ਸੀ। ਨਾਰਾਇਣੀ ਬਸੂ ਦੀ ਪਹਿਲੇ ਗ੍ਰਹਿ ਮੰਤਰੀ ਪਟੇਲ ਦੇ ਸਹਿਯੋਗੀ ਤੇ ਆਈਏਐੱਸ ਅਧਿਕਾਰੀ ਵੀਪੀ ਮੈਨਨ ਦੀ ਜੀਵਨੀ 'ਤੇ ਆਧਾਰਿਤ ਕਿਤਾਬ ਵਿਦੇਸ਼ ਮੰਤਰੀ ਜੈਸ਼ੰਕਰ ਨੇ ਰਿਲੀਜ਼ ਕੀਤੀ। ਜੈਸ਼ੰਕਰ ਨੇ ਇਸ ਰਿਲੀਜ਼ ਤੋਂ ਬਾਅਦ ਇਕ ਟਵੀਟ ਕੀਤਾ ਕਿ,''ਇਸ ਕਿਤਾਬ ਤੋਂ ਇਹ ਜਾਣਕਾਰੀ ਮਿਲੀ ਕਿ ਨਹਿਰੂ ਪਟੇਲ ਨੂੰ ਆਪਣੀ ਕੈਬਨਿਟ 'ਚ ਨਹੀਂ ਲੈਣਾ ਚਾਹੁੰਦੇ ਸਨ। ਸਾਲ 1947 ਦੇ ਕੈਬਨਿਟ ਦੀ ਸ਼ੁਰੂਆਤੀ ਸੂਚੀ 'ਚ ਉਨ੍ਹਾਂ ਦਾ ਨਾਂ ਸ਼ਾਮਲ ਨਹੀਂ ਸੀ। ਸਾਫ ਤੌਰ 'ਤੇ ਇਹ ਕਾਫੀ ਚਰਚਾ ਦਾ ਵਿਸ਼ਾ ਹੈ। ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਲੇਖਕਾ ਨੇ ਇਸ ਗੱਲ ਨੂੰ ਕਾਫੀ ਠੋਸ ਤਰੀਕੇ ਨਾਲ ਰੱਖਿਆ ਹੈ।