MediaPunjab
ਮੀਡੀਆ ਪੰਜਾਬ ਦੀਆਂ ਖ਼ਬਰਾਂ

ਕੋਰੋਨਾ ਵਾਇਰਸ ਮਹਾਮਾਰੀ ਨੂੰ ਜਲਦੀ ਕਾਬੂ ਪਾ ਲਿਆ ਜਾਵੇਗਾ - ਟਰੰਪ

ਨਵੀਂ ਦਿੱਲੀ 25 ਫਰਵਰੀ (ਮਪ)  ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਮੰਗਲਵਾਰ ਨੂੰ ਕਿਹਾ ਕਿ ਕੋਰੋਨਾ ਵਾਇਰਸ ਮਹਾਮਾਰੀ ਨੂੰ ਜਲਦੀ ਹੀ ਕੰਟਰੋਲ ਕਰ ਲਿਆ ਜਾਵੇਗਾ, ਕਿਉਂਕਿ ਚੀਨ ਇਸ ਮਾਮਲੇ ਵਿਚ ਪੂਰੇ ਇਰਾਦੇ ਨਾਲ ਕੰਮ ਕਰ ਰਿਹਾ ਹੈ। ਭਾਰਤੀ ਕਾਰੋਬਾਰੀਆਂ ਨੂੰ ਸੰਬੋਧਨ ਕਰਦੇ ਹੋਏ ਟਰੰਪ ਨੇ ਕਿਹਾ ਕਿ ਖ਼ਤਰਨਾਕ ਕੋਰੋਨਾ ਵਾਇਰਸ ਨਾਲ ਨਿਪਟਣ ਨੂੰ ਲੈ ਕੇ ਅਮਰੀਕਾ ਕਰੀਬ 2.5 ਅਰਬ ਡਾਲਰ (ਲਗਪਗ 18 ਹਜ਼ਾਰ ਕਰੋੜ ਰੁਪਏ) ਖਰਚ ਕਰਨ ਦੀ ਯੋਜਨਾ ਬਣਾ ਰਿਹਾ ਹੈ। ਟਰੰਪ ਨੇ ਕਿਹਾ, 'ਚੀਨ ਇਸ ਕੀਟਾਣੂ ਨੂੰ ਕੰਟਰੋਲ ਕਰਨ ਲਈ ਪੂਰੇ ਇਰਾਦੇ ਨਾਲ ਕੰਮ ਕਰ ਰਿਹਾ ਹੈ। ਮੈਂ ਰਾਸ਼ਟਰਪਤੀ ਸ਼ੀ (ਸ਼ੀ ਜ਼ਿਨਪਿੰਗ) ਨਾਲ ਗੱਲ ਕੀਤੀ ਹੈ। ਉਨ੍ਹਾਂ ਦੇ ਸਾਹਮਣੇ ਵੱਡੀ ਮੁਸ਼ਕਿਲ ਹੈ ਤੇ ਫਿਲਹਾਲ ਅਜਿਹਾ ਲੱਗਦਾ ਹੈ ਕਿ ਉਹ ਉਸ ਨੂੰ ਲਗਾਤਾਰ ਕੰਟਰੋਲ ਕਰ ਰਹੇ ਹਨ। ਇਸ ਲਈ ਮੈਨੂੰ ਲੱਗਦਾ ਹੈ ਕਿ ਇਹ ਸਮੱਸਿਆ ਦੂਰ ਹੋਣ ਜਾ ਰਹੀ ਹੈ।
ਉਨ੍ਹਾਂ ਨੇ ਕਿਹਾ ਕਿ ਅਮਰੀਕਾ ਵਿਚ ਸਥਿਤੀ ਕੰਟਰੋਲ ਵਿਚ ਹੈ। ਅਮਰੀਕਾ ਵੀ ਹੋਰ ਦੇਸ਼ਾਂ ਨਾਲ ਵਪਾਰ ਕਰਦਾ ਹੈ ਤੇ ਚਾਹੁੰਦਾ ਹੈ ਕਿ ਹੋਰ ਦੇਸ਼ ਖ਼ੁਸ਼, ਸਿਹਤਮੰਦ ਤੇ ਖੁਸ਼ਹਾਲ ਰਹਿਣ। ਟਰੰਪ ਨੇ ਕਿਹਾ, 'ਦੇਖਦੇ ਹਾਂ ਕਿ ਚੀਜ਼ਾਂ ਕਿਵੇਂ ਕੰਮ ਕਰਦੀਆਂ ਹਨ। ਪਰ, ਮੈਨੂੰ ਲੱਗਦਾ ਹੈ ਕਿ ਸਭ ਠੀਕ ਹੋਵੇਗਾ। ਮੈਨੂੰ ਇਸਦੀ ਉਮੀਦ ਹੈ। ਅਸੀਂ ਸਖ਼ਤ ਮਿਹਨਤ ਕਰ ਰਹੇ ਹਾਂ। ਅਸੀਂ ਇਸ 'ਤੇ ਕਾਫੀ ਪੈਸਾ ਵੀ ਖਰਚ ਕਰ ਰਹੇ ਹਾਂ। ਨਾਲ ਹੀ ਹੋਰ ਦੇਸ਼ਾਂ ਦੀ ਮਦਦ ਕਰ ਰਹੇ ਹਾਂ, ਜੋ ਇਸ ਨਾਲ ਨਿਪਟਣ 'ਚ ਸਮਰੱਥ ਨਹੀਂ ਹਨ। ਅਮਰੀਕੀ ਰਾਸ਼ਟਰਪਤੀ ਨਾਲ ਬੈਠਕ ਵਿਚ ਰਿਲਾਇੰਸ ਇੰਡਸਟਰੀਜ਼ ਦੇ ਚੇਅਰਮੈਨ ਮੁਕੇਸ਼ ਅੰਬਾਨੀ, ਮਹਿੰਦਰਾ ਸਮੂਹ ਦੇ ਚੇਅਰਮੈਨ ਆਨੰਦ ਮਹਿੰਦਰਾ, ਟਾਟਾ ਸੰਨਜ਼ ਦੇ ਚੇਅਰਮੈਨ ਐੱਨ ਚੰਦਰਸ਼ੇਖਰਨ ਤੇ ਆਦਿਤਿਆ ਬਿਰਲਾ ਸਮੂਹ ਦੇ ਚੇਅਰਮੈਨ ਕੁਮਾਰ ਮੰਗਲਮ ਬਿਰਲਾ ਸ਼ਾਮਲ ਸਨ। ਚੀਨ ਨੇ 31 ਦਸੰਬਰ, 2019 ਨੂੰ ਇਸ ਵਾਇਰਸ ਦੇ ਫੈਲਣ ਦੀ ਸੂਚਨਾ ਦਿੱਤੀ ਸੀ।