MediaPunjab
ਮੀਡੀਆ ਪੰਜਾਬ ਦੀਆਂ ਖ਼ਬਰਾਂ

ਤਬਲੀਗੀ ਮਰਕਜ਼ ਮਾਮਲੇ ਵਿੱਚ ਵੱਡੀ ਕਾਰਵਾਈ, ਮੌਲਾਨਾ ਸਾਦ ਖ਼ਿਲਾਫ਼ ਦਰਜ ਹੋਈ ਐੱਫ਼ਆਈਆਰ

ਨਵੀਂ ਦਿੱਲੀ, 31 ਮਾਰਚ (ਮਪ) ਤਬਲੀਗੀ ਮਰਕਜ਼ ਮਾਮਲੇ 'ਚ ਦਿੱਲੀ ਪੁਲਿਸ ਨੇ ਵੱਡੀ ਕਾਰਵਾਈ ਕੀਤੀ ਹੈ। ਦਿੱਲੀ ਪੁਲਿਸ ਨੇ ਮੌਲਾਨਾ ਖ਼ਿਲਾਫ਼ ਐੱਫ਼ਆਈਆਰ ਦਰਜ ਕੀਤੀ ਹੈ। ਪੁਲਿਸ ਨੇ ਆਈਪੀਸੀ ਦੀ ਧਾਰਾ 269, 270, 271, 120 ਬੀ ਤਹਿਤ ਕਾਰਵਾਈ ਕੀਤੀ ਹੈ। ਇਸ ਤੋਂ ਕੁਝ ਦੇਰ ਪਹਿਲਾਂ ਹੀ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪ੍ਰੈੱਸ ਕਾਨਫਰੰਸ ਕਰਕੇ ਇਸ ਮਾਮਲੇ ਤੇ ਸਖ਼ਤੀ ਦਿਖਾਈ ਸੀ। ਉਨ੍ਹਾਂ ਸਪੱਸ਼ਟ ਕਿਹਾ ਸੀ ਕਿ ਇਸ ਮਾਮਲੇ 'ਚ ਦੋਸ਼ੀਆਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ। ਕਾਰਵਾਈ ਲਈ ਉਪ ਰਾਜਪਾਲ ਨੂੰ ਫਾਈਲ ਭੇਜ ਦਿੱਤੀ ਗਈ ਸੀ। ਇਸ ਤੋਂ ਥੋੜ੍ਹੀ ਦੇਰ ਬਾਅਦ ਹੀ ਉਪ ਰਾਜਪਾਲ ਨੇ ਦਿੱਲੀ ਪੁਲਿਸ ਨੂੰ ਕਾਨੂੰਨ ਦੇ ਤਹਿਤ ਕਾਰਵਾਈ ਕਰਨ ਦੀ ਗੱਲ ਆਖੀ ਹੈ। ਇਸ ਤੋਂ ਬਾਅਦ ਦਿੱਲੀ ਪੁਲਿਸ ਨੇ ਮੌਲਾਨਾ ਸਾਦ ਅਤੇ ਤਬਲੀਗੀ ਜਮਾਤ ਦੇ ਕੁਝ ਮੈਂਬਰ ਖ਼ਿਲਾਫ਼ ਮਹਾਮਾਰੀ ਰੋਕ ਐਕਟ 1897 ਤਹਿਤ ਕਾਰਵਾਈ ਕਰਦੇ ਹੋਏ ਐੱਫ਼ਆਈਆਰ ਦਰਜ ਕੀਤੀ ਹੈ। ਪੁਲਿਸ ਨੇ ਸਰਕਾਰੀ ਆਦੇਸ਼ ਨਾ ਮੰਨਣ ਦੇ ਮਾਮਲੇ 'ਚ ਸਖ਼ਤੀ ਨਾਲ ਪੇਸ਼ ਆਉਂਦੇ ਹੋਏ ਇਹ ਮਾਮਲਾ ਦਰਜ ਕੀਤਾ ਹੈ। ਦੱਸ ਦੇਈਏ ਕਿ ਕੋਰੋਨਾ ਵਾਇਰਸ ਦੇਸ਼ ਦੁਨੀਆਂ 'ਚ ਤਬਾਹੀ ਮਚਾ ਰਿਹਾ ਹੈ। ਲੱਖਾਂ ਲੋਕ ਇਨਫੈਕਸ਼ਨ ਦੇ ਸ਼ਿਕਾਰ ਹਨ ਅਤੇ ਕਈਆਂ ਦੀ ਮੌਤ ਹੋ ਰਹੀ ਹੈ। ਅਜਿਹੇ 'ਚ ਭਾਰਤ ਸਰਕਾਰ ਅਤੇ ਦਿੱਲੀ ਸਰਕਾਰ ਨੇ ਲਾਕਡਾਊਨ ਕੀਤੀ ਹੋਈ ਹੈ। ਇਸ ਦੋਰਾਨ ਕਿਸੇ ਨੂੰ ਵੀ ਘਰੋਂ ਬਾਹਰ ਨਿਕਲਣ ਦੀ ਮਨਾਹੀ ਹੈ।
ਇਸ ਦੌਰਾਨ ਸਿਰਫ਼ ਜ਼ਰੂਰਤਮੰਦ ਲੋਕਾਂ ਨੂੰ ਹੀ ਬਾਹਰ ਨਿਕਲਣ ਦੀ ਛੋਟ ਹੈ। ਅਜਿਹੇ 'ਚ ਦਿੱਲੀ ਦੇ ਨਿਜ਼ਾਮੂਦੀਨ 'ਚ ਤਬਲੀਗੀ ਮਰਕਜ਼ ਦੇ ਇਕ ਪ੍ਰੋਗਰਾਮ 'ਚ ਕਈ ਲੋਕ ਸ਼ਰੀਕ ਹੋਏ ਸਨ। ਜਿੱਥੇ ਕਈ ਲੋਕ ਵਿਦੇਸ਼ ਤੋਂ ਆਏ ਸਨ। ਇਸ ਤੋਂ ਬਾਅਦ ਮਾਮਲਾ ਸਾਹਮਣੇ ਆਉਂਦਿਆਂ ਹੀ ਜਦੋਂ ਜਾਂਚ ਸ਼ੁਰੂ ਹੋਈ ਤਾਂ ਪਤਾ ਲੱਗਿਆ ਕਿ ਕਰੀਬ 24 ਜਣੇ ਇੱਥੇ ਪ੍ਰੋਗਰਾਮ 'ਚ ਸ਼ਰੀਕ ਹੋ ਕੇ ਇਨਫੈਕਸ਼ਨ ਦਾ ਸ਼ਿਕਾਰ ਹੋ ਗਏ ਹਨ। ਇਸ ਤੋਂ ਬਾਅਦ ਦਿੱਲੀ ਸਰਕਾਰ ਤੋਂ ਲੈ ਕੇ ਭਾਰਤ ਸਰਕਾਰ ਦੀਆਂ ਜਾਂਚ ਏਜੰਸੀਆਂ ਚੌਕਸ ਹੋ ਗਈਆਂ ਹਨ। ਲਗਾਤਾਰ ਆਹਲਾ ਅਫ਼ਸਰ ਮੌਕੇ 'ਤੇ ਜਾ ਕੇ ਜਾਂਚ ਕਰ ਰਹੇ ਹਨ। ਇੱਥੋਂ 1100 ਤੋਂ ਜ਼ਿਆਦਾ ਲੋਕਾਂ ਨੂੰ ਕੱਢ ਕੇ ਕੁਆਰੰਟਾਈਨ ਕੀਤਾ ਗਿਆ ਹੈ। ਕਈ ਲੋਕਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਤਾਂਕਿ ਦੋਸ਼ੀਆਂ ਤਕ ਪਹੁੰਚਿਆ ਜਾ ਸਕੇ।