MediaPunjab
ਮੀਡੀਆ ਪੰਜਾਬ ਦੀਆਂ ਖ਼ਬਰਾਂ

ਸ਼੍ਰੀਨਗਰ ਵਿੱਚ ਅੱਤਵਾਦੀ ਹਮਲਾ, ਬੀਐੱਸਐੱਫ ਦੇ ਦੋ ਜਵਾਨ ਸ਼ਹੀਦ, ਅੱਤਵਾਦੀ ਦੋਵਾਂ ਜਵਾਨਾਂ ਦੇ ਹਥਿਆਰ ਲੈ ਕੇ ਫਰਾਰ

ਸ੍ਰੀਨਗਰ 20 ਮਈ 2020 (ਮਪ) ਸ੍ਰੀਨਗਰ ਦੇ ਪਾਂਡਚ ਇਲਾਕੇ ਵਿਚ ਬੁੱਧਵਾਰ ਨੂੰ ਅੱਤਵਾਦੀ ਹਮਲੇ ਵਿਚ ਬੀਐੱਸਐੱਫ ਦੇ ਦੋ ਜਵਾਨ ਸ਼ਹੀਦ ਹੋ ਗਏ। ਹਮਲੇ ਤੋਂ ਬਾਅਦ ਅੱਤਵਾਦੀ ਦੋਵਾਂ ਜਵਾਨਾਂ ਦੇ ਹਥਿਆਰ ਵੀ ਆਪਣੇ ਨਾਲ ਲੈ ਕੇ ਫਰਾਰ ਹੋ ਗਏ। ਅੱਤਵਾਦੀਆਂ ਨੂੰ ਜ਼ਿੰਦਾ ਜਾਂ ਮੁਰਦਾ ਫੜਨ ਲਈ ਸੁਰੱਖਿਆ ਬਲਾਂ ਨੇ ਵੱਡੇ ਪੈਮਾਨੇ 'ਤੇ ਮੁਹਿੰਮ ਸ਼ੁਰੂ ਕਰ ਦਿੱਤੀ ਹੈ। ਸ਼ਹੀਦ ਜਵਾਨਾਂ ਦੀ ਪਛਾਣ ਰਾਣਾ ਮਡਵਾਲ ਅਤੇ ਜਿਆਉਲ-ਹੱਕ ਦੇ ਰੂਪ ਵਿਚ ਹੋਈ ਹੈ। ਸ੍ਰੀਨਗਰ ਨੂੰ ਗਾਂਦਰਬਲ ਨਾਲ ਜੋੜਣ ਵਾਲੀ ਸੜਕ 'ਤੇ ਪਾਂਡਚ ਇਲਾਕੇ ਵਿਚ ਸ਼ਾਮ ਲਗਪਗ ਸਾਢੇ ਚਾਰ ਵਜੇ ਬੀਐੱਸਐੱਫ ਦੀ 37ਵੀਂ ਬਟਾਲੀਅਨ ਦੇ ਜਵਾਨਾਂ ਦਾ ਇਕ ਦਲ ਰੈਗੂਲਰ ਗਸ਼ਤ 'ਤੇ ਸੀ। ਜਵਾਨ ਜਿਵੇਂ ਹੀ ਉੱਥੇ ਸੜਕ ਕਿਨਾਰੇ ਇਕ ਮਕਬਰੇ ਕੋਲ ਪੁੱਜੇ ਤਾਂ ਅਚਾਨਕ ਮੋਟਰਸਾਈਕਲ 'ਤੇ ਆਏ ਦੋ ਅੱਤਵਾਦੀਆਂ ਨੇ ਪਹਿਲਾਂ ਹੱਥਗੋਲਾ ਸੁੱਟਿਆ, ਜਿਹੜਾ ਜਵਾਨਾਂ ਦੇ ਕੋਲ ਇਕ ਜ਼ੋਰਦਾਰ ਧਮਾਕੇ ਨਾਲ ਫਟਿਆ। ਦੱਸਿਆ ਜਾ ਰਿਹਾ ਹੈ ਕਿ ਇਸ ਦੌਰਾਨ ਅੱਤਵਾਦੀਆਂ ਨੇ ਗੋਲ਼ੀ ਵੀ ਚਲਾਈ। ਇਸ ਹਮਲੇ ਵਿਚ ਬੀਐੱਸਐੱਫ ਦੇ ਦੋ ਜਵਾਨ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਕੇ ਜ਼ਮੀਨ 'ਤੇ ਡਿੱਗ ਪਏ। ਹੋਰ ਜਵਾਨਾਂ ਨੇ ਤੁਰੰਤ ਪੁਜ਼ੀਸ਼ਨ ਲੈਂਦੇ ਹੋਏ ਜਵਾਬੀ ਫਾਇਰ ਕੀਤਾ, ਪਰ ਅੱਤਵਾਦੀ ਮੌਕੇ ਤੋਂ ਭੱਜ ਗਏ। ਅੱਤਵਾਦੀ ਜ਼ਖ਼ਮੀ ਜਵਾਨਾਂ ਦੇ ਹਥਿਆਰ ਵੀ ਆਪਣੇ ਨਾਲ ਲੈ ਗਏ। ਇਸ ਵਿਚਕਾਰ, ਹੋਰ ਜਵਾਨਾਂ ਨੇ ਆਪਣੇ ਜ਼ਖ਼ਮੀ ਸਾਥੀਆਂ ਨੂੰ ਇਲਾਜ ਲਈ ਹਸਪਤਾਲ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਦੋਵਾਂ ਜਵਾਨਾਂ ਨੂੰ ਸ਼ਹੀਦ ਕਰਾਰ ਦੇ ਦਿੱਤਾ। ਉੱਧਰ, ਹਮਲੇ ਦੀ ਸੂਚਨਾ ਮਿਲਦੇ ਹੀ ਪੁਲਿਸ, ਸੀਆਰਪੀਐੱਫ ਅਤੇ ਬੀਐੱਸਐੱਫ ਦੇ ਸੀਨੀਅਰ ਅਧਿਕਾਰੀ ਵੀ ਮੌਕੇ 'ਤੇ ਪੁੱਜ ਗਏ। ਉਪਰੰਤ ਪੂਰੇ ਇਲਾਕੇ ਦੀ ਘੇਰਾਬੰਦੀ ਕਰ ਕੇ ਅੱਤਵਾਦੀਆਂ ਨੂੰ ਫੜਨ ਲਈ ਤਲਾਸ਼ੀ ਮੁਹਿੰਮ ਵਿੱਢ ਦਿੱਤੀ ਗਈ ਹੈ। ਫ਼ਿਲਹਾਲ ਕਿਸੇ ਅੱਤਵਾਦੀ ਜਥੇਬੰਦੀ ਨੇ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ ਹੈ। ਦੱਸ ਦਈਏ ਕਿ ਇਕ ਦਿਨ ਪਹਿਲਾਂ ਹੀ ਮੰਗਲਵਾਰ ਨੂੰ ਸ੍ਰੀਨਗਰ ਵਿਚ ਇਕ ਮੁਕਾਬਲੇ 'ਚ ਸੁਰੱਖਿਆ ਬਲਾਂ ਨੇ ਹਿਜਬੁਲ ਦੇ ਦੋ ਨਾਮੀ ਅੱਤਵਾਦੀਆਂ ਨੂੰ ਮਾਰ ਸੁੱਟਿਆ ਸੀ।