MediaPunjab
ਮੀਡੀਆ ਪੰਜਾਬ ਦੀਆਂ ਖ਼ਬਰਾਂ

ਸੋਨੀਆ ਗਾਂਧੀ ਨੇ ਕੇਂਦਰ ਨੂੰ ਜ਼ਰੂਰਤਮੰਦਾਂ ਲਈ ਸਰਕਾਰੀ ਖਜ਼ਾਨਾ ਖੋਲ੍ਹਣ ਲਈ ਕਿਹਾ, ਦੋਸ਼- ਬੀਜੇਪੀ ਨੂੰ ਲੋਕਾਂ ਦਾ ਦਰਦ ਨਹੀਂ ਸੁਣਿਆ

ਨਵੀਂ ਦਿੱਲੀ  28 ਮਈ (ਮਪ)  ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਵੀਰਵਾਰ ਨੂੰ ਕੇਂਦਰ ਸਰਕਾਰ ਨੂੰ ਆਪਣੇ ਖਜ਼ਾਨੇ ਦਾ ਤਾਲਾ ਖੋਲ੍ਹ ਕੇ ਕੋਰੋਨਾ ਵਾਇਰਸ ਦੇ ਪ੍ਰਭਾਵ ਨੂੰ ਰੋਕਣ ਲਈ ਲਾਏ ਗਏ ਲਾਕਡਾਊਨ ਤੋਂ ਪ੍ਰਭਾਵਿਤ ਹੋਏ ਜ਼ਰੂਰਤਮੰਦਾਂ ਦੀ ਮਦਦ ਕਰਨ ਲਈ ਕਿਹਾ। ਕਾਂਗਰਸ ਦੇ 'ਸਪੀਕ ਅਪ ਇੰਡੀਆ' ਮੁਹਿੰਮ ਤਹਿਤ ਪੋਸਟ ਕੀਤੇ ਗਏ ਇਕ ਵੀਡੀਓ ਸੰਦੇਸ਼ 'ਚ ਉਨ੍ਹਾਂ ਨੇ ਕਿਹਾ ਕਿ ਪਿਛਲੇ 2 ਮਹੀਨਿਆਂ ਤੋਂ ਪੂਰਾ ਦੇਸ਼ ਕੋਰੋਨਾ ਮਹਾਮਾਰੀ ਤੇ ਲਾਕਡਾਊਨ ਦੇ ਚੱਲਦਿਆਂ ਰੋਜ਼ੀ-ਰੋਟੀ ਦੇ ਗੰਭੀਰ ਆਰਥਿਕ ਸੰਕਟ 'ਚੋਂ ਲੰਘ ਰਿਹਾ ਹੈ। ਆਜ਼ਾਦੀ ਮਗਰੋਂ ਪਹਿਲੀ ਵਾਰ ਦਰਦ ਦਾ ਉਹ ਮੰਜ਼ਰ ਸਭ ਨੇ ਦੇਖਿਆ ਕਿ ਲੱਖਾਂ ਮਜ਼ਦੂਰ ਨੰਗੇ ਪੈਰ, ਭੁੱਖੇ ਪਿਆਸੇ ਤੇ ਬਿਨਾਂ ਸਾਧਨ ਦੇ ਸੈਕੜਿਆਂ ਹਜ਼ਾਰਾਂ ਕਿਲੋਮੀਟਰ ਪੈਦਲ ਚੱਲ ਕੇ ਘਰ ਵਾਪਸ ਜਾਣ ਨੂੰ ਮਜਬੂਰ ਹੋ ਗਿਆ ਹੈ। ਉਨ੍ਹਾਂ ਦਾ ਦਰਦ ਦੇਸ਼ 'ਚ ਹਰ ਦਿਲ ਨੇ ਸੁਣਿਆ ਪਰ ਸਰਕਾਰ ਨੇ ਨਹੀਂ ਸੁਣਿਆ। ਸੋਨੀਆ ਗਾਂਧੀ ਨੇ ਕਿਹਾ ਕਿ ਅਸੀਂ ਫਿਰ ਤੋਂ ਕੇਂਦਰ ਨੂੰ ਆਪਣੇ ਖਜ਼ਾਨੇ ਨੂੰ ਖੋਲ੍ਹਣ ਤੇ ਜ਼ਰੂਰਤਮੰਦਾਂ ਦੀ ਮਦਦ ਕਰਨ ਦੀ ਬੇਨਤੀ ਕਰਦੀ ਹਾਂ। ਅਗਲੇ ਛੇ ਮਹੀਨਿਆਂ ਲਈ ਹਰ ਪਰਿਵਾਰ ਦੇ ਖਾਤੇ 'ਚ ਪ੍ਰਤੀ ਮਹੀਨੇ 7,500 ਰੁਪਏ ਨਗਦੀ ਪਾਓ ਤੇ ਤੁਰੰਤ 10,000 ਪ੍ਰਦਾਨ ਕਰੋ। ਨਾਲ ਹੀ ਉਨ੍ਹਾਂ ਨੇ ਕਿਹਾ ਕਿ ਸਰਕਾਰ ਮਜ਼ਦੂਰਾਂ ਦੀ ਸੁਰੱਖਿਅਤ ਤੇ ਮੁਫ਼ਤ ਯਾਤਰਾ ਦਾ ਪ੍ਰਬੰਧ ਕਰ ਕੇ ਉਨ੍ਹਾਂ ਨੂੰ ਘਰ ਪਹੁੰਚਾਇਆ ਉਨ੍ਹਾਂ ਲਈ ਰੋਜ਼ੀ ਰੋਟੀ ਦਾ ਪ੍ਰਬੰਧ ਵੀ ਕਰੋ, ਰਾਸ਼ਨ ਦਾ ਪ੍ਰਬੰਧ ਕਰੋ ਤੇ ਛੋਟੇ ਤੇ ਲਘੂ ਉਦਯੋਗਾਂ ਨੂੰ ਕਰਜ਼ ਦੇਣ ਦੀ ਬਜਾਏ ਆਰਥਿਕ ਮਦਦ ਦਿਓ ਤਾਂ ਜੋ ਕਰੋੜਾਂ ਨੌਕਰੀਆਂ ਤੋਂ ਬਚਿਆ ਜਾ ਸਕੇ ਤੇ ਦੇਸ਼ ਦੀ ਤਰੱਕੀ ਵੀ ਹੋਵੇ। ਉਨ੍ਹਾਂ ਨੇ ਕਿਹਾ ਕਿ ਕਰੋੜਾਂ ਰੁਜ਼ਗਾਰ ਚਲੇ ਗਏ, ਕਿਸਾਨਾਂ ਨੂੰ ਫ਼ਸਲ ਵੇਚਣ ਲਈ ਦਰ-ਦਰ ਦੀਆਂ ਠੋਕਰਾਂ ਖਾਣੀਆਂ ਪਈਆਂ। ਇਹ ਪੀੜ ਸਾਰੇ ਦੇਸ਼ ਨੇ ਝੱਲੀ ਪਰ ਸਰਕਾਰ ਨੂੰ ਇਸ ਦਾ ਅੰਦਾਜ਼ਾ ਨਹੀਂ ਹੋਇਆ। ਪਹਿਲੇ ਦਿਨ ਤੋਂ ਹੀ ਕਾਂਗਰਸੀਆਂ, ਅਰਥਸ਼ਾਸਤਰੀਆਂ ਤੇ ਸਮਾਜ ਦੇ ਹਰ ਤਬਕੇ ਨੇ ਕਿਹਾ ਕਿ ਇਹ ਸਮੇਂ ਅੱਗੇ ਵੱਧ ਕੇ ਜ਼ਖ਼ਮਾਂ ਤੇ ਮਰਹਮ ਲਾਉਣ ਦਾ ਹੈ।