MediaPunjab
ਮੀਡੀਆ ਪੰਜਾਬ ਦੀਆਂ ਖ਼ਬਰਾਂ

ਵੱਖਵਾਦੀ ਆਗੂ ਸਈਦ ਅਲੀ ਸ਼ਾਹ ਗਿਲਾਨੀ ਨੇ ਹੁਰੀਅਤ ਕਾਨਫਰੰਸ ਤੋਂ ਅਸਤੀਫ਼ਾ ਦਿੱਤਾ

ਨਵੀਂ ਦਿੱਲੀ 29 ਜੂਨ (ਮਪ) ਕਸ਼ਮੀਰ ਬਣੇਗਾ ਪਾਕਿਸਤਾਨ ਤੇ ਕਸ਼ਮੀਰ 'ਚ ਅੱਤਵਾਦੀ ਹਿੰਸਾ ਨੂੰ ਹਮੇਸ਼ਾ ਜਾਇਜ਼ ਠਹਿਰਾਉਣ ਵਾਲੇ ਕੱਟੜਪੰਥੀ ਆਗੂ ਸਈਦ ਅਲੀ ਸ਼ਾਹ ਗਿਲਾਨੀ ਨੇ ਅਖੀਰ ਖ਼ੁਦ ਨੂੰ ਆਲ ਪਾਰਟੀ ਹੁਰੀਅਤ ਕਾਨਫਰੰਸ ਤੋਂ ਪੂਰੀ ਤਰ੍ਹਾਂ ਅਲੱਗ ਹੋਣ ਦਾ ਐਲਾਨ ਕਰ ਦਿੱਤਾ ਹੈ। ਉਹ ਹੁਣ ਹੁਰੀਅਤ ਦਾ ਹਿੱਸਾ ਨਹੀਂ ਹਨ। 5 ਅਗਸਤ 2019 ਤੋਂ ਬਾਅਦ ਜੰਮੂ-ਕਸ਼ਮੀਰ 'ਚ ਲਗਾਤਾਰ ਬਦਲ ਰਹੇ ਸਿਆਸੀ ਹਾਲਾਤ ਦੌਰਾਨ ਇਹ ਵੱਖਵਾਦੀ ਖ਼ੇਮੇ ਦੀ ਸਿਆਸਤ ਦਾ ਸਭ ਤੋਂ ਵੱਡਾ ਘਟਨਾਕ੍ਰਮ ਹੈ। ਗਿਲਾਨੀ ਇਸ ਵੇਲੇ ਸਾਹ, ਦਿਲ ਤੇ ਕਿਡਨੀ ਰੋਗਾਂ ਸਮੇਤ ਵੱਖ-ਵੱਖ ਬਿਮਾਰੀਆਂ ਤੋਂ ਪੀੜਤ ਹਨ। ਉਨ੍ਹਾਂ ਅੱਜ ਇਕ ਆਡੀਓ ਸੰਦੇਸ਼ ਜਾਰੀ ਕੀਤਾ। ਇਸ ਤੋਂ ਇਲਾਵਾ ਉਨ੍ਹਾਂ ਦੋ ਧੜਿਆਂ 'ਚ ਵੰਡੀ ਹੁਰੀਅਤ ਕਾਨਫਰੰਸ ਦੇ ਕੱਟੜਪੰਥੀ ਧੜੇ ਦੀਆਂ ਸਾਰੀਆਂ ਸਹਿਯੋਗੀ ਪਾਰਟੀਆਂ ਦੇ ਨਾਂ ਇਕ ਪੱਤਰ ਵੀ ਜਾਰੀ ਕੀਤਾ। ਆਪਣੇ ਆਡੀਓ ਸੁਨੇਹੇ 'ਚ ਉਨ੍ਹਾਂ ਕਿਹਾ- 'ਮੌਜੂਦਾ ਹਾਲਾਤ 'ਚ ਮੈਂ ਆਲ ਪਾਰਟੀ ਹੁਰੀਅਤ ਕਾਨਫਰੰਸ ਤੋਂ ਅਸਤੀਫ਼ਾ ਦਿੰਦਾ ਹਾਂ। ਹੁਰੀਅਤ ਦੀਆਂ ਸਾਰੀਆਂ ਸਹਿਯੋਗੀ ਪਾਰਟੀਆਂ ਤੇ ਮਜਲਿਸ-ਏ-ਸ਼ੂਰਾ ਨੂੰ ਵੀ ਆਪਣੇ ਫ਼ੈਸਲੇ ਤੋਂ ਜਾਣੂ ਕਰਵਾ ਦਿੱਤਾ ਹੈ।'
ਤੁਹਾਨੂੰ ਜਾਣਕਾਰੀ ਹੋਵੇ ਕਿ ਆਲ ਪਾਰਟੀ ਹੁਰੀਅਤ ਕਾਨਫਰੰਸ ਕਸ਼ਮੀਰ 'ਚ ਸਰਗਰਮ ਸਾਡੇ ਛੋਟੇ-ਵੱਡੇ ਵੱਖਵਾਦੀ ਸੰਗਠਨਾਂ ਦਾ ਇਕ ਮੰਚ ਹੈ। ਇਸ ਦਾ ਗਠਨ 1990 ਦੇ ਦਹਾਕੇ 'ਚ ਕਸ਼ਮੀਰ 'ਚ ਜਾਰੀ ਅੱਤਵਾਦੀ ਹਿੰਸਾ ਤੇ ਵੱਖਵਾਦੀ ਸਿਆਸਤ ਨੂੰ ਸਾਂਝਾ ਮੰਚ ਪ੍ਰਦਾਨ ਕਰਨ ਦੇ ਇਰਾਦੇ ਨਾਲ ਕੀਤਾ ਗਿਆ ਸੀ। ਕਸ਼ਮੀਰ 'ਚ 1990 ਦੇ ਦਹਾਕੇ ਦੀ ਸ਼ੁਰੂਆਤ 'ਚ ਸਰਗਰਮ ਸਾਰੇ ਸਥਾਨਕ ਅੱਤਵਾਦੀ ਸੰਗਠਨ ਸਿੱਧੇ ਤੇ ਅਸਿੱਧੇ ਰੂਪ 'ਚ ਕਿਸੇ ਨਾ ਕਿਸੇ ਵੱਖਵਾਦੀ ਸੰਗਠਨ ਨਾਲ ਜੁੜੇ ਸਨ। 9 ਮਾਰਚ 1993 ਨੂੰ 26 ਵੱਖਵਾਦੀ ਸੰਗਠਨਾਂ ਨੇ ਮਿਲ ਕੇ ਇਸ ਦਾ ਗਠਨ ਕੀਤਾ ਤੇ ਮੀਰਵਾਈਜ਼ ਮੌਲਵੀ ਉਮਰ ਫਾਰ਼ੂਕ ਨੂੰ ਇਸ ਦਾ ਪਹਿਲਾ ਚੇਅਰਮੈਨ ਬਣਾਇਆ ਗਿਆ। ਹੁਰੀਅਤ ਕਾਨਫਰੰਸ 'ਚ 6 ਮੈਂਬਰੀ ਕਾਰਜਕਾਰੀ ਕਮੇਟੀ ਵੀ ਬਣਾਈ ਗਈ ਸੀ। ਇਸ ਕਮੇਟੀ ਦਾ ਫ਼ੈਸਲਾ ਅੰਤਿਮ ਮੰਨਿਆ ਜਾਂਦਾ ਰਿਹਾ ਹੈ। ਕੱਟੜਪੰਥੀ ਸਈਦ ਅਲੀ ਸ਼ਾਹ ਗਿਲਾਨੀ ਨੇ ਹੋਰ ਵੱਖਵਾਦੀ ਆਗੂਆਂ ਨਾਲ ਨੀਤੀਗਤ ਮਤਭੇਦਾਂ ਕਾਰਨ 7 ਅਗਸਤ 2004 ਨੂੰ ਆਪਣੇ ਸਮਰਥਕਾਂ ਸਮੇਤ ਹੁਰੀਅਤ ਦਾ ਨਵਾਂ ਧੜਾ ਬਣਾਇਆ। ਇਸ ਦੇ ਨਾਲ ਹੀ ਹੁਰੀਅਤ ਦੋ ਧੜਿਆਂ 'ਚ ਵੰਡੀ ਗਈ। ਗਿਲਾਨੀ ਦੀ ਅਗਵਾਈ ਵਾਲੀ ਹੁਰੀਅਤ ਨੂੰ ਕੱਟੜਪੰਥੀ ਧੜੇ ਤੇ ਮੀਰਵਾਈਜ਼ ਮੌਲਵੀ ਉਮਰ ਫਾਰੂਕ ਦੀ ਅਗਵਾਈ ਵਾਲੇ ਧੜੇ ਨੂੰ ਉਦਾਰਵਾਦੀ ਧੜਾ ਕਿਹਾ ਜਾਂਦਾ ਰਿਹਾ ਹੈ।