MediaPunjab
ਮੀਡੀਆ ਪੰਜਾਬ ਦੀਆਂ ਖ਼ਬਰਾਂ

ਰਾਫ਼ਾਲ ਸੌਦਾ ਰੱਦ ਕਰਨ ਦਾ ਸਵਾਲ ਹੀ ਨਹੀਂ - ਜੇਤਲੀ

ਨਵੀਂ ਦਿੱਲੀ, 23 ਸਤੰਬਰ (ਮਪ) ਰਾਫ਼ਾਲ ਲੜਾਕੂ ਜਹਾਜ਼ਾਂ ਦਾ ਸੌਦਾ ਰੱਦ ਕਰਨ ਦੀ ਸੰਭਾਵਨਾ ਰੱਦ ਕਰਦਿਆਂ ਵਿੱਤ ਮੰਤਰੀ ਅਰੁਣ ਜੇਤਲੀ ਨੇ ਅੱਜ ਆਖਿਆ ਕਿ ਫਰਾਂਸ ਦੇ ਸਾਬਕਾ ਰਾਸ਼ਟਰਪਤੀ ਫਰਾਂਸਵਾਂ ਔਲਾਂਦ ਆਪਾ ਵਿਰੋਧੀ ਬਿਆਨ ਦੇ ਰਹੇ ਹਨ ਤੇ ਨਾ ਹੀ ਭਾਰਤ ਤੇ ਨਾ ਹੀ ਫਰਾਂਸ ਸਰਕਾਰ ਨੇ ਦਾਸੋ ਦੀ ਭਿਆਲ ਵਜੋਂ ਰਿਲਾਇੰਸ ਦੀ ਚੋਣ ਵਿੱਚ ਕੋਈ ਭੂਮਿਕਾ ਨਿਭਾਈ ਸੀ। ਸ੍ਰੀ ਜੇਤਲੀ ਨੇ ਇਕ ਟੀਵੀ ਚੈਨਲ ਨਾਲ ਮੁਲਾਕਾਤ ਵਿੱਚ ਕਿਹਾ ਕਿ ਸ੍ਰੀ ਔਲਾਂਦ ਤੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੇ ਬਿਆਨਾਂ ਦਰਮਿਆਨ ਕੋਈ ਨਾ ਕੋਈ ‘ਜੁਗਲਬੰਦੀ’ ਜਾਪਦੀ ਹੈ। ‘‘ਮੈਂ ਹੈਰਾਨ ਹਾਂ… 30 ਅਗਸਤ ਨੂੰ ਰਾਹੁਲ ਨੇ ਇਕ ਟਵੀਟ ਰਾਹੀਂ ਕਿਹਾ ਸੀ ਕਿ ਫਰਾਂਸ ਵਿੱਚ ਬੰਬ (ਰਾਫਾਲ ਸੌਦੇ ਬਾਰੇ) ਫੁੱਟਣ ਜਾ ਰਹੇ ਹਨ। ਉਨ੍ਹਾਂ ਨੂੰ ਇਸ ਬਾਰੇ ਕਿਵੇਂ ਪਤਾ ਚੱਲਿਆ?’’ ਸ੍ਰੀ ਜੇਤਲੀ ਨੇ ਕਿਹਾ ‘‘ ਹਾਲਾਂਕਿ ਮੇਰੇ ਕੋਲ ਇਸ ਜੁਗਲਬੰਦੀ ਦਾ ਕੋਈ ਸਬੂਤ ਤਾਂ ਨਹੀਂ ਹੈ ਪਰ ਇਹ ਮਨ ਵਿੱਚ ਸ਼ੱਕ ਪੈਦਾ ਕਰਦੀ ਹੈ…ਕੋਈ ਨਾ ਕੋਈ ਗੱਲ ਤਾਂ ਹੈ… ਪਹਿਲਾਂ ਇਕ ਬਿਆਨ (ਔਲਾਂਦ ਵੱਲੋਂ) ਆਉਂਦਾ ਹੈ ਤੇ ਫਿਰ ਉਸ ਦਾ ਖੰਡਨ ਕਰਦੇ ਹਨ ਪਰ ਉਨ੍ਹਾਂ (ਗਾਂਧੀ) ਨੇ 20 ਦਿਨ ਪਹਿਲਾਂ ਹੀ ਪੇਸ਼ੀਨਗੋਈ ਕਰ ਦਿੱਤੀ ਸੀ।’’ ਉਨ੍ਹਾਂ ਕਿਹਾ ਕਿ ਰਾਫ਼ਾਲ ਸੌਦਾ ਰੱਦ ਕਰਨ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ ਕਿਉਂਕਿ ਇਹ ਦੇਸ਼ ਦੀਆਂ ਰੱਖਿਆ ਜ਼ਰੂਰਤਾਂ ਦੀ ਪੂਰਤੀ ਕਰਦਾ ਹੈ। ਸ੍ਰੀ ਔਲਾਂਦ ਦੇ ਬਿਆਨ ਬਾਰੇ ਪੁੱਛੇ ਜਾਣ ’ਤੇ ਸ੍ਰੀ ਜੇਤਲੀ ਨੇ ਆਖਿਆ ਕਿ ਫਰਾਂਸ ਸਰਕਾਰ ਨੇ ਬਿਆਨ ਜਾਰੀ ਕੀਤਾ ਹੈ ਕਿ ਰਿਲਾਇੰਸ ਡਿਫੈਂਸ ਨੂੰ ਦਾਸੋ ਏਵੀਏਸ਼ਨ ਦੀ ਭਿਆਲ ਚੁਣਨ ਦਾ ਫੈਸਲਾ ਕੰਪਨੀ ਨੇ ਕੀਤਾ ਸੀ ਤੇ ਇਸ ਵਿੱਚ ਸਰਕਾਰ ਦੀ ਕੋਈ ਭੂਮਿਕਾ ਨਹੀਂ ਸੀ। ਦਾਸੋ ਨੇ ਇਹ ਵੀ ਆਖਿਆ ਹੈ ਕਿ ਉਸ ਨੇ ਬਹੁਤ ਸਾਰੀਆਂ ਕੰਪਨੀਆਂ ਨਾਲ ਸਮਝੌਤੇ ਕੀਤੇ ਹਨ।