MediaPunjab
ਮੀਡੀਆ ਪੰਜਾਬ ਦੀਆਂ ਖ਼ਬਰਾਂ

ਮਹਿਲਾ ਸਸ਼ਕਤੀਕਰਨ ਦੇ ਖੇਤਰ ਵਿੱਚ ਭਾਰਤ ਵਿਸ਼ਵ ਦੀ ਅਗਵਾਈ ਕਰੇਗਾ-ਵੀ.ਪੀ.ਸਿੰਘ ਬਦਨੌਰ

* ਵਿਦਿਆਰਥਣਾਂ ਨੂੰ ਟੀਚਿਆਂ ਦੀ ਪ੍ਰਾਪਤ ਲਈ ਸਖਤ ਮਿਹਨਤ ਕਰਨ ਲਈ ਕੀਤਾ ਪ੍ਰੇਰਿਤ
* ਐਚ.ਐਮ.ਵੀ ਕਾਲਜ ਦੀ 86ਵੀਂ ਸਲਾਨਾ ਕਨਵੋਕੇਸ਼ਨ 'ਚ ਮੁੱਖ ਮਹਿਮਾਨ ਵੱਜੋਂ ਕੀਤੀ ਸ਼ਿਰਕਤ

ਜਲੰਧਰ, 15 ਜੁਲਾਈ (ਮਪ) ਪੰਜਾਬ ਦੇ ਰਾਜਪਾਲ ਸ੍ਰੀ ਵੀ.ਪੀ.ਸਿੰਘ ਬਦਨੌਰ ਨੇ ਭਾਰਤ ਵੱਲੋਂ ਮਹਿਲਾ ਸਿੱਖਿਆ ਦੇ ਖੇਤਰ ਵਿੱਚ ਕੀਤੀ ਬੇਮਿਸਾਲ ਤਰੱਕੀ ਦਾ ਹਵਾਲਾ ਦਿੰਦਿਆਂ ਕਿਹਾ ਕਿ ਮਹਿਲਾ ਸਸ਼ਕਤੀਕਰਨ ਦੇ ਖੇਤਰ ਵਿੱਚ ਜਿਸ ਤੇਜ਼ੀ ਨਾਲ ਭਾਰਤ ਅੱਗੇ ਵੱਧਿਆ ਹੈ ਉਸਦਾ ਮੁਕਾਬਲਾ ਵਿਸ਼ਵ ਦਾ ਹੋਰ ਕੋਈ ਮੁਲਕ ਨਹੀਂ ਕਰ ਸਕਿਆ।
ਅੱਜ ਸਥਾਨਕ ਐਚ.ਐਮ.ਵੀ ਕਾਲਜ ਦੀ ਸਲਾਨਾ ਕਨਵੋਕੇਸ਼ਨ ਮੌਕੇ 1129 ਵਿਦਿਆਰਥਣਾਂ ਨੂੰ ਗਰੈਜੂਏਸ਼ਨ ਤੇ ਪੋਸਟ ਗਰੈਜੂਏਸ਼ਨ ਪੱਧਰ ਦੀਆਂ ਡਿਗਰੀਆਂ ਦੀ ਵੰਡ ਅਤੇ ਖੋਜ ਖੇਤਰ ਦੇ ਵਿਦਿਆਰਥੀਆਂ ਦਾ ਸਨਮਾਨ ਕਰਨ ਉਪਰੰਤ ਆਪਣੇ ਸੰਬੋਧਨ ਵਿੱਚ ਪੰਜਾਬ ਦੇ ਰਾਜਪਾਲ ਨੇ ਕਿਹਾ ਕਿ ਬਿਨਾਂ ਸ਼ੱਕ ਭਾਰਤ ਆਉਂਦੇ ਕੁਝ ਸਾਲਾਂ ਅੰਦਰ ਮਹਿਲਾ ਸਸ਼ਕਤੀਕਰਨ ਦੇ ਖੇਤਰ ਵਿੱਚ ਵਿਸ਼ਵ ਦੀ ਅਗਵਾਈ ਕਰੇਗਾ ਕਿਉਂਜੋ ਭਾਰਤੀ ਮਹਿਲਾਵਾਂ ਖਾਸਕਰ ਨੌਜਵਾਨ ਲੜਕੀਆਂ ਨੇ ਵਿਸ਼ਵ ਦੀ ਪੱਧਰ 'ਤੇ ਵਿਗਿਆਨ, ਖੇਡਾਂ, ਪ੍ਰਸ਼ਾਸਨ, ਵਪਾਰ, ਸੁਰੱਖਿਆ ਸੇਵਾਵਾਂ ਦੇ ਖੇਤਰ ਵਿੱਚ ਬੇਮਿਸਾਲ ਯੋਗਦਾਨ ਪਾ ਕੇ ਪਹਿਲਾਂ ਹੀ ਭਾਰਤ ਦੇ ਇਸ ਭਵਿੱਖੀ ਰੁਤਬੇ ਲਈ ਬੁਨਿਆਦ ਬੰਨ ਦਿੱਤੀ ਹੈ।
ਉਨ੍ਹਾਂ ਕਿਹਾ ਕਿ ਇਹ ਔਰਤਾਂ ਹੀ ਸਨ ਜਿਨ੍ਹਾਂ ਨੇ ਅਣਥੱਕ ਯਤਨ ਕਰਕੇ ਵਿਸ਼ਵ ਦੇ ਕਈ ਮੁਲਕਾਂ ਖਾਸਕਰ ਯੂਰਪੀ ਖਿੱਤੇ ਦੇ ਉਨ੍ਹਾਂ ਮੁਲਕਾਂ ਨੂੰ ਮੁੜ ਪੈਰਾਂ ਸਿਰ ਕੀਤਾ ਜੋ ਦੂਜੇ ਵਿਸ਼ਵ ਯੁੱਧ ਸਮੇਂ ਵੱਡੇ ਪੱਧਰ 'ਤੇ ਨੁਕਸਾਨੇ ਗਏ ਸਨ। ਔਰਤਾਂ ਵੱਲੋੋਂ ਵਿਸ਼ਵ ਦੀ ਪੱਧਰ 'ਤੇ ਨਿਭਾਈ ਇਸ ਭੂਮਿਕਾ ਦਾ ਹਵਾਲਾ ਦਿੰਦਿਆਂ ਸ੍ਰੀ ਬਦਨੌਰ ਨੇ ਲੜਕੀਆਂ ਨੂੰ ਸਖਤ ਮਿਹਨਤ ਕਰਕੇ ਆਪਣੇ ਜੀਵਨ ਉਦੇਸ਼ਾਂ ਦੀ ਪ੍ਰਾਪਤੀ ਦਾ ਸੱਦਾ ਦਿੱਤਾ ਤਾਂ ਜੋ ਮੁਲਕ ਦੇ ਮਹਾਨ ਆਗੂਆਂ, ਸਿੱਖਿਆ ਦਾਰਸ਼ਨਿਕਾਂ ਤੇ ਫਿਲਾਸਫਰਾਂ ਦੇ ਸੁਪਨਿਆਂ ਵਾਲਾ ਸਮਾਜ ਸਿਰਜਣ 'ਚ ਨੌਜਵਾਨ ਵਰਗ ਮੋਹਰੀ ਭੂਮਿਕਾ ਨਿਭਾ ਸਕੇ।  ਉਨ੍ਹਾਂ ਐਚ.ਐਮ.ਵੀ ਕਾਲਜ ਵੱਲੋੋਂ ਸਿੱਖਿਆ ਦੇ ਖੇਤਰ ਵਿੱਚ ਪਾਏ ਜਾ ਰਹੇ ਯੋਗਦਾਨ ਲਈ ਸ਼ਲਾਘਾ ਕੀਤੀ।
ਉਨ੍ਹਾਂ ਕਿਹਾ ਕਿ ਸਿੱਖਿਆ ਇੱਕ ਬੇਰੋਕ ਪ੍ਰਕ੍ਰਿਆ ਹੈ ਜੋ ਸਮਾਜ ਅੰਦਰ ਮਨੁੱਖੀ ਸਰੋਤ ਵਿਕਸਿਤ ਕਰਕੇ ਕਿਸੇ ਵੀ ਰਾਸ਼ਟਰ ਨੂੰ ਵਿਕਾਸ ਦੀਆਂ ਬੁਲੰਦੀਆਂ 'ਤੇ ਲਿਜਾਣ ਦਾ ਪਵਿੱਤਰ ਸਾਧਨ ਬਣਦੀ ਹੈ। ਉਨ੍ਹਾਂ ਕਿਹਾ ਕਿ ਸਿੱਖਿਅਤ ਇਨਸਾਨ ਹੀ ਮੁਲਕ ਦੇ ਵਿਕਾਸ ਤੇ ਖੁਸ਼ਹਾਲੀ ਲਈ ਵਾਹਕ ਦੀ ਭੂਮਿਕਾ ਨਿਭਾ ਸਕਦੇ ਹਨ। ਉਨ੍ਹਾਂ ਨੌਜਵਾਨ ਵਰਗ ਨੂੰ ਸੱਦਾ ਦਿੱਤਾ ਕਿ ਸਖਤ ਮਿਹਨਤ ਬਲਬੂਤੇ ਖੁਦ ਆਤਮ ਨਿਰਭਰ ਹੋਣ ਅਤੇ ਸਮਾਜ ਦੇ ਗਰੀਬ ਵਰਗਾਂ ਦੇ ਉਥਾਨ ਲਈ ਉਸਾਰੂ ਭੂਮਿਕਾ ਵੀ ਨਿਭਾਉਣ। ਉਨ੍ਹਾਂ ਕਿਹਾ ਕਿ ਡਿਗਰੀ ਲੈਣ ਵਾਲੇ ਵਿਦਿਆਰਥੀਆਂ ਲਈ ਜਿੱਥੇ ਖੁਦ ਲਈ ਵੱਡੀ ਪ੍ਰਾਪਤੀ ਹੈ ਉਥੇ ਉਨ੍ਹਾਂ ਦੇ ਅਧਿਆਪਕਾਂ ਤੇ ਮਾਪਿਆਂ ਲਈ ਬਹੁਤ ਵੱਡੇ ਮਾਣ ਵਾਲੀ ਗੱਲ ਹੈ। ਇਸ ਮੌਕੇ ਸ੍ਰੀ ਬਦਨੌਰ ਵੱਲੋੋਂ ਕਾਲਜ ਸੋਵੀਨਰ ਐਚ.ਐਮ.ਵੀ ਨਿਊਜ਼ ਵੀ ਰਿਲੀਜ ਕੀਤਾ ਗਿਆ। ਕਾਲਜ ਪ੍ਰਿੰਸੀਪਲ ਡਾ.ਅਜੇ ਸਰੀਨ ਵੱਲੋਂ ਖੇਡਾਂ, ਅਕਾਦਮਿਕ ਤੇ ਹੋਰ ਖੇਤਰਾਂ ਵਿੱਚ  ਕਾਲਜ ਦੀਆਂ ਪ੍ਰਾਪਤੀਆਂ ਬਾਰੇ ਰਿਪੋਰਟ ਪੇਸ਼ ਕੀਤੀ ਗਈ।
ਇਸ ਮੌਕੇ ਡਿਪਟੀ ਕਮਿਸ਼ਨਰ ਸ੍ਰੀ ਵਰਿੰਦਰ ਕੁਮਾਰ ਸ਼ਰਮਾ, ਪੁਲੀਸ ਕਮਿਸ਼ਨਰ ਸ੍ਰੀ ਪ੍ਰਵੀਨ ਕੁਮਾਰ ਸਿਨਹਾ, ਡੀ.ਸੀ.ਪੀ ਸ੍ਰੀ  ਰਜਿੰਦਰ ਸਿੰਘ, ਐਸ.ਡੀ.ਐਮ ਸ੍ਰੀ ਰਾਜੀਵ ਵਰਮਾ, ਡੀ.ਏ.ਵੀ ਕਾਲਜ ਪ੍ਰਬੰਧਕੀ ਕਮੇਟੀ ਦੇ  ਵਾਈਸ ਪ੍ਰਧਾਨ ਸ੍ਰੀ ਏ.ਕੇ.ਸ਼ਰਮਾ, ਸਕੱਤਰ ਸ੍ਰੀ ਅਰਵਿੰਦ ਘਈ, ਡਾਇਰੈਕਟਰ ਸ੍ਰੀ ਸਤੀਸ਼ ਸ਼ਰਮਾ, ਮੇਅਰ ਸ੍ਰੀ  ਸੁਨੀਲ ਜੋਤੀ, ਸ੍ਰੀਮਤੀ ਕੁਸੁਮ ਸ਼ਰਮਾ, ਸ੍ਰੀ ਅਜੇ ਗੋਸਵਾਮੀ, ਰਮੇਸ਼ ਸ਼ਰਮਾ, ਡਾ. ਪਵਨ ਗੁਪਤਾ, ਡਾ. ਸੁਸ਼ਮਾ ਚਾਵਲਾ,ਡਾ. ਕੰਵਲਦੀਪ, ਡਾ. ਅੰਜਨਾ ਭਾਟੀਆ, ਡਾ.ਏਕਤਾ ਖੋਸਲਾ, ਡਾ.  ਰਮਨੀਤਾ ਸ਼ਾਰਦਾ ਤੇ ਹੋਰ ਸ਼ਖਸੀਅਤਾਂ ਹਾਜ਼ਰ ਸਨ।