MediaPunjab
ਮੀਡੀਆ ਪੰਜਾਬ ਦੀਆਂ ਖ਼ਬਰਾਂ

ਡੋਕਲਾਮ ਮਾਮਲਾ : ਚੀਨੀ ਮੀਡੀਆ ਨੇ ਫਿਰ ਦਿਤੀ ਧਮਕੀ

ਬੀਜਿੰਗ, 16 ਜੁਲਾਈ (ਮਪ) ਚੀਨ ਦੀ ਸਰਕਾਰੀ ਮੀਡੀਆ ਨੇ ਭਾਰਤ ਨੂੰ ਚਿਤਾਵਨੀ ਦਿਤੀ ਹੈ ਕਿ ਜੇ ਉਸ ਨੇ ਹਿਮਾਲਿਆ ਦੇ ਵਿਵਾਦਤ ਸਰਹੱਦ ਖੇਤਰ ਤੋਂ ਅਪਣੇ ਫ਼ੌਜੀਆਂ ਨੂੰ ਵਾਪਸ ਨਾ ਬੁਲਾਇਆ ਤਾਂ ਉਸ ਨੂੰ ਸ਼ਰਮਿੰਦਗੀ ਦਾ ਸਾਹਮਣਾ ਕਰਨਾ ਪਵੇਗਾ।  ਚੀਨ ਦੀ ਸਮਾਚਾਰ ਏਜੰਸੀ ਸ਼ਿੰਹੁਆ ਮੁਤਾਬਕ ਚੀਨ-ਭਾਰਤ ਅਤੇ ਭੂਟਾਨ ਦੇ ਸਰਹੱਦੀ ਖੇਤਰ ਡੋਕਲਾਮ ਤੋਂ ਭਾਰਤ ਜਦੋਂ ਤਕ ਅਪਣੀ ਫ਼ੌਜ ਨੂੰ ਵਾਪਸ ਨਹੀਂ ਬੁਲਾਉਂਦਾ, ਉਦੋਂ ਤਕ ਦੋਹਾਂ ਦੇਸ਼ਾਂ ਵਿਚਾਲੇ ਗੱਲਬਾਤ ਦੀ ਕੋਈ ਸੰਭਾਵਨਾ ਨਹੀਂ ਹੈ। ਚੀਨੀ ਮੀਡੀਆ ਵਲੋਂ ਇਹ ਗੱਲ ਅਪਣੇ ਇਕ ਲੇਖ 'ਚ ਕਹੀ ਗਈ ਹੈ। ਰੱਖਿਆ ਸੂਤਰਾਂ ਮੁਤਾਬਕਾ ਇਸ ਸਮੇਂ ਡੋਕਲਾਮ 'ਚ ਦੋਹਾਂ ਦੇਸ਼ਾਂ ਦੀਆਂ 60-70 ਫ਼ੌਜੀਆਂ ਦੀ ਟੁਕੜੀ 100 ਮੀਟਰ ਦੀ ਦੂਰੀ 'ਤੇ ਆਹਮੋ-ਸਾਹਮਣੇ ਖੜੀਆਂ ਹਨ। ਦਰਅਸਲ ਭਾਰਤ ਨੇ ਇਸ ਮਾਮਲੇ ਨੂੰ ਕਈ ਵਾਰ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ ਅਤੇ ਇਸੇ ਕਾਰਨ ਚੀਨ ਦੇ ਇਕ ਵੱਡੇ ਚੈਨਲ ਨੂੰ ਕਥਿਤ ਤੌਰ 'ਤੇ ਡਿਪਲੋਮੈਟਿਕ ਕਹਿ ਦਿਤਾ ਸੀ। ਭਾਰਤ ਵਲੋਂ ਇਸ ਪ੍ਰਤੀਕਿਰਿਆ 'ਤੇ ਭੜਕੀ ਚੀਨੀ ਮੀਡੀਆ ਨੇ ਕਿਹਾ ਹੈ ਕਿ ਡੋਕਲਾਮ ਵਿਵਾਦ 'ਤੇ ਭਾਰਤ ਨੂੰ ਹੀ ਪਿੱਛੇ ਹਟਣਾ ਪਵੇਗਾ, ਇਸ 'ਚ ਸਮਝੌਤੇ ਵਾਲੀ ਕੋਈ ਗੱਲ ਨਹੀਂ ਹੈ। ਚੀਨੀ ਅਖ਼ਬਾਰ ਦੇ ਲੇਖ ਮੁਤਾਬਕ ਭਾਰਤ ਸਰਹੱਦ 'ਤੇ ਨਿਯਮਾਂ ਦੀ ਉਲੰਘਣਾ ਕਰ ਰਿਹਾ ਹੈ ਅਤੇ ਚੀਨ ਦੀ ਚਿਤਾਵਨੀ ਨੂੰ ਨਜ਼ਰਅੰਦਾਜ ਕਰ ਰਿਹਾ ਹੈ। ਭਾਰਤ ਵਲੋਂ ਇਹੀ ਰਵਈਆ ਰਿਹਾ ਤਾਂ ਉਸ ਲਈ ਵੱਡੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਲੇਖ 'ਚ 2013-14 'ਚ ਭਾਰਤ ਅਤੇ ਚੀਨ ਵਿਚਕਾਰ ਪੈਦਾ ਹੋਏ ਵਿਵਾਦ ਦਾ ਵੀ ਜ਼ਿਕਰ ਕੀਤਾ ਗਿਆ ਹੈ। ਜਿਥੇ ਉਸ ਸਮੇਂ ਲੱਦਾਖ 'ਚ ਦੋਨਾਂ ਦੇਸ਼ਾਂ ਦੀਆਂ ਫ਼ੌਜਾਂ ਆਹਮੋ-ਸਾਹਮਣੇ ਖੜੀ ਹੋ ਗਈਆਂ ਸਨ। ਜ਼ਿਕਰਯੋਗ ਹੈ ਕਿ ਡੋਕਲਾਮ 'ਤੇ ਚਲ ਰਹੇ ਵਿਵਾਦ 'ਚ ਭਾਰਤ ਵਲੋਂ ਸਪਸ਼ਟ ਸੰਕੇਤ ਹਨ ਕਿ ਉਹ ਪਿੱਛੇ ਨਹੀਂ ਹਟ ਸਕਦਾ। ਇਸ ਮੁੱਦੇ 'ਤੇ ਭਾਰਤ ਦਾ ਸਟੈਂਡ ਸਾਫ਼ ਹੈ। ਉਥੇ ਚੀਨ ਨੂੰ ਸੜਕ ਨਹੀਂ ਬਣਾਉਣ ਦਿਤੀ ਜਾਵੇਗੀ। ਭੂਟਾਨ ਦੀ ਧਰਤੀ 'ਤੇ ਇਹ ਪਹਿਲੀ ਵਾਰ ਹੈ ਜਦੋਂ ਭਾਰਤ ਨੇ ਇਸ ਤਰ੍ਹਾਂ ਦਾ ਸਖ਼ਤ ਰਵਈਆ ਅਪਣਾਇਆ ਹੈ।