MediaPunjab
ਮੀਡੀਆ ਪੰਜਾਬ ਦੀਆਂ ਖ਼ਬਰਾਂ

ਐੱਸਸੀਓ ਸੁਰੱਖਿਆ ਸੰਬੰਧੀ ਬੈਠਕ ਵਿੱਚ ਪਾਕਿ ਨੇ ਕੀਤੀ ਗ਼ਲਤ ਨਕਸ਼ੇ ਦੀ ਵਰਤੋਂ, ਅਜੀਤ ਡੋਭਾਲ ਨੇ ਵਿਚਾਲੇ ਛੱਡੀ ਚਰਚਾ

ਨਵੀਂ ਦਿੱਲੀ 15 ਸਤੰਬਰ  (ਮਪ) ਹਰ ਕੌਮਾਂਤਰੀ ਮੰਚ 'ਤੇ ਭਾਰਤ ਖ਼ਿਲਾਫ਼ ਕੁਝ ਨਾ ਕੁਝ ਕਰਨ ਤੇ ਕਸ਼ਮੀਰ ਰਾਗ ਅਲਾਪਨ ਦੀ ਪਾਕਿਸਤਾਨ ਦੀ ਆਦਤ ਜਿਉਂ ਦੀ ਤਿਉਂ ਬਣੀ ਹੋਈ ਹੈ। ਮੰਗਲਵਾਰ ਨੂੰ ਸ਼ੰਘਾਈ ਸਹਿਯੋਗ ਸੰਗਠਨ (ਐੱਸਸੀਓ) ਦੇ ਮੈਂਬਰਾਂ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰਾਂ ਦੀ ਅਹਿਮ ਬੈਠਕ ਸੀ। ਇਸ ਵਿਚ ਭਾਰਤ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ (ਐੱਨਐੱਸਏ) ਅਜੀਤ ਡੋਭਾਲ ਨੇ ਪਾਕਿਸਤਾਨ ਦੀਆਂ ਕਰਤੂਤਾਂ ਦਾ ਕਰਾਰ ਜਵਾਬ ਦਿੱਤਾ। ਬੈਠਕ 'ਚ ਪਾਕਿਸਤਾਨੀ ਪੀਐੱਮ ਇਮਰਾਨ ਖ਼ਾਨ ਦੇ ਰਾਸ਼ਟਰੀ ਸੁਰੱਖਿਆ ਮਾਮਲਿਆਂ 'ਚ ਉਪ ਸਹਾਇਕ ਮੋਈਨ ਯੂਸੁਫ ਨੇ ਹਿੱਸਾ ਲਿਆ ਸੀ। ਵਰਚੁਅਲ ਬੈਠਕ 'ਚ ਪਾਕਿ ਵਫ਼ਦ ਪਿੱਛੇ ਜਿਹੜਾ ਨਕਸ਼ਾ ਲੱਗਿਆ ਸੀ, ਉਸ 'ਚ ਪੂਰਾ ਕਸ਼ਮੀਰ ਪਾਕਿਸਤਾਨ 'ਚ ਦਿਖਾਇਆ ਗਿਆ ਸੀ। ਡੋਭਾਲ ਨੇ ਇਸ 'ਤੇ ਇਤਰਾਜ਼ ਪ੍ਰਗਟਾਇਆ ਤੇ ਬੈਠਕ ਵਿੱਚ ਹੀ ਛੱਡ ਦਿੱਤੀ। ਵਿਦੇਸ਼ ਮੰਤਰਾਲੇ ਦੇ ਸੂਤਰਾਂ ਨੇ ਦੱਸਿਆ ਕਿ ਪਾਕਿਸਤਾਨ ਨੇ ਭਾਰਤ ਦੇ ਭੁਗੌਲਿਕ ਹਿੱਸੇ ਨੂੰ ਆਪਣੇ ਨਕਸ਼ੇ 'ਚ ਦਿਖਾ ਕੇ ਐੱਸਸੀਓ ਦੇ ਦਿਸ਼ਾ ਨਿਰਦੇਸ਼ਾਂ ਦੀ ਉਲੰਘਣਾ ਕੀਤੀ ਹੈ। ਐੱਸਸੀਓ ਦੇ ਸਾਰੇ ਮੈਂਬਰਾਂ ਵਿਚਕਾਰ ਇਕ-ਦੂਜੇ ਦੀ ਭੁਗੌਲਿਕ ਅਖੰਡਤਾ ਤੇ ਖ਼ੁਦਮੁਖ਼ਤਿਆਰੀ ਦਾ ਆਦਰ ਕਰਨ ਦਾ ਸਮਝੌਤਾ ਹੈ, ਜਿਹੜਾ ਪਾਕਿਸਤਾਨ ਨਹੀਂ ਦਿਖਾ ਰਿਹਾ ਹੈ। ਭਾਰਤ ਨੇ ਪਾਕਿਸਤਾਨ ਵੱਲੋਂ ਪੇਸ਼ ਇਸ ਗ਼ੈਰ ਕਾਨੂੰਨੀ ਨਕਸ਼ੇ 'ਤੇ ਸਖ਼ਤ ਇਤਰਾਜ਼ ਪ੍ਰਗਟਾਇਆ ਹੈ ਤੇ ਐੱਸਸੀਓ ਦੇ ਮੌਜੂਦਾ ਪ੍ਰਧਾਨ ਨੂੰ ਇਸ ਗੱਲ ਤੋਂ ਜਾਣੂੰ ਵੀ ਕਰਵਾ ਦਿੱਤਾ ਹੈ। ਮੰਗਲਵਾਰ ਦੀ ਬੈਠਕ ਕਰਨ ਵਾਲੇ ਰੂਸ ਦੇ ਐੱਨਐੱਸਏ ਨਿਕੋਲਾਈ ਪਾਤਰਸੇਵ ਨੇ ਐੱਸਸੀਓ ਬੈਠਕ 'ਚ ਹਿੱਸਾ ਲੈਣ ਲਈ ਭਾਰਤੀ ਐੱਨਐੱਸਏ ਦਾ ਨਿੱਜੀ ਤੌਰ 'ਤੇ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਰੂਸ ਪਾਕਿਸਤਾਨ ਦੇ ਕਦਮ ਦਾ ਸਮਰਥਨ ਨਹੀਂ ਕਰਦਾ। ਉਨ੍ਹਾਂ ਨੇ ਉਮੀਦ ਪ੍ਰਗਟਾਈ ਕਿ ਪਾਕਿਸਤਾਨ ਦਾ ਭੜਕਾਉਣ ਵਾਲਾ ਇਹ ਕਦਮ ਐੱਸਸੀਓ 'ਚ ਹਿੱਸਾ ਲੈਣ ਦੇ ਭਾਰਤ ਦੇ ਫ਼ੈਸਲੇ ਨੂੰ ਪ੍ਰਭਾਵਿਤ ਨਹੀਂ ਕਰੇਗਾ। ਪਾਕਿਸਤਾਨ ਨੇ ਹੁਣੇ ਜਿਹੇ ਕਸ਼ਮੀਰ ਦੇ ਇਕ ਵੱਡੇ ਹਿੱਸੇ ਨੂੰ ਆਪਣੇ ਨਕਸ਼ੇ 'ਚ ਸ਼ਾਮਲ ਕਰਨ ਦਾ ਕਾਨੂੰਨੀ ਫ਼ੈਸਲਾ ਕੀਤਾ ਸੀ। ਜ਼ਮੀਨੀ ਪੱਧਰ 'ਤੇ ਇਸ ਦਾ ਕੋਈ ਮਤਲਬ ਨਹੀਂ ਹੈ, ਪਰ ਕੂਟਨੀਤਕ ਮੰਚਾਂ 'ਤੇ ਇਸਦਾ ਇਸਤੇਮਾਲ ਪਾਕਿਸਤਾਨ ਕਰਨ ਲੱਗਿਆ ਹੈ। ਪਾਕਿਸਤਾਨ ਨੇ ਬਾਅਦ 'ਚ ਰਵਾਇਤੀ ਤੌਰ 'ਤੇ ਕਸ਼ਮੀਰ ਰਾਗ ਵੀ ਅਲਾਪਿਆ ਕਿ ਕਿਵੇਂ ਕਸ਼ਮੀਰ ਕਾਰਨ ਖੇਤਰੀ ਸ਼ਾਂਤੀ ਨੂੰ ਖ਼ਤਰਾ ਪੈਦਾ ਹੋ ਚੁੱਕਿਆ ਹੈ। ਐੱਸਸੀਓ 'ਚ ਭਾਰਤ, ਪਾਕਿਸਤਾਨ ਤੇ ਰੂਸ ਤੋਂ ਇਲਾਵਾ ਚੀਨ, ਤਜ਼ਾਕਿਸਤਾਨ, ਕਿਰਗਿਸਤਾਨ, ਉਜ਼ਬੇਕਿਸਤਾਨ ਤੇ ਕਜ਼ਾਕਿਸਤਾਨ ਵੀ ਮੈਂਬਰ ਹਨ।