MediaPunjab
ਮੀਡੀਆ ਪੰਜਾਬ ਦੀਆਂ ਖ਼ਬਰਾਂ

ਬਿਡੇਨ ਨੇ ਦਾਗੇ ਸਵਾਲ, ਟਰੰਪ ਬੋਲੇ ਵਿਗਿਆਨ ਵੀ ਨਹੀਂ ਦੇ ਸਕੇਗਾ ਜਵਾਬ

ਵਾਸ਼ਿੰਗਟਨ 15 ਸਤੰਬਰ  (ਮਪ) ਕੈਲੀਫੋਰਨੀਆ ਦੇ ਜੰਗਲਾਂ ਵਿਚ ਲੱਗੀ ਅੱਗ ਦੀਆਂ ਲਪਟਾਂ ਰਾਸ਼ਟਰਪਤੀ ਚੋਣ ਤਕ ਪੁੱਜ ਗਈਆਂ ਹਨ। ਜਲਵਾਯੂ ਪਰਿਵਰਤਨ ਨੂੰ ਅੱਗ ਦਾ ਇਕ ਕਾਰਨ ਬਣਾਇਆ ਜਾ ਰਿਹਾ ਹੈ। ਅੱਗ ਕਿਉਂ ਲੱਗੀ, ਕਿਵੇਂ ਲੱਗੀ ਇਸ ਨੂੰ ਲੈ ਕੇ ਰਾਸ਼ਟਰਪਤੀ ਅਹੁਦੇ ਦੇ ਦੋਵੇਂ ਉਮੀਦਵਾਰ ਜ਼ੁਬਾਨੀ ਜੰਗ ਵਿਚ ਉਲਝ ਗਏ ਹਨ। ਡੈਮੋਕ੍ਰੇਟ ਉਮੀਦਵਾਰ ਜੋ ਬਿਡੇਨ ਇਸ ਮੁੱਦੇ 'ਤੇ ਰਾਸ਼ਟਰਪਤੀ ਡੋਨਾਲਡ ਟਰੰਪ 'ਤੇ ਲਗਾਤਾਰ ਸਵਾਲ ਦਾਗ ਰਹੇ ਹਨ। ਉਨ੍ਹਾਂ ਇੱਥੋਂ ਤਕ ਕਹਿ ਦਿੱਤਾ ਕਿ ਟਰੰਪ ਜਲਵਾਯੂ ਵਿਚ ਅੱਗ ਲਗਾਉਣ ਵਾਲੇ ਸ਼ਖ਼ਸ ਹਨ। ਉਧਰ, ਟਰੰਪ ਨੇ ਕਿਹਾ ਕਿ ਜੰਗਲਾਂ ਵਿਚ ਅੱਗ ਕਿਵੇਂ ਲੱਗੀ? ਮੈਨੂੰ ਨਹੀਂ ਲੱਗਦਾ, ਇਸ ਦਾ ਜਵਾਬ ਵਿਗਿਆਨ ਵੀ ਦੇ ਸਕੇਗਾ। ਬਿਡੇਨ ਗ੍ਰੀਨ ਹਾਊਸ ਗੈਸਾਂ ਨੂੰ ਜਲਵਾਯੂ ਪਰਿਵਰਤਨ ਦਾ ਕਾਰਨ ਮੰਨਦੇ ਹਨ ਤਾਂ ਟਰੰਪ ਇਸ ਨੂੰ ਨਕਾਰਦੇ ਹਨ। ਜੰਗਲਾਂ ਦੀ ਅੱਗ 'ਤੇ ਹਫ਼ਤੇ ਭਰ ਤਕ ਚੁੱਪ ਰਹਿਣ ਪਿੱਛੋਂ ਸੋਮਵਾਰ ਨੂੰ ਟਰੰਪ ਕੈਲੀਫੋਰਨੀਆ ਪੁੱਜੇ। ਭਿਆਨਕ ਅੱਗ ਕਾਰਨ ਇੱਥੇ ਅਸਮਾਨ ਦਾ ਰੰਗ ਬਦਲ ਗਿਆ ਹੈ। ਲੱਖਾਂ ਲੋਕ ਹਿਜਰਤ ਕਰ ਚੁੱਕੇ ਹਨ ਅਤੇ ਘੱਟ ਤੋਂ ਘੱਟ 27 ਲੋਕਾਂ ਦੀ ਜਾਨ ਜਾ ਚੁੱਕੀ ਹੈ। ਇੱਥੇ ਟਰੰਪ ਨੇ ਕਿਹਾ-ਦਰੱਖਤ ਜਦੋਂ ਡਿੱਗ ਕੇ ਸੁੱਕ ਜਾਂਦਾ ਹੈ ਤਾਂ ਮਾਚਿਸ ਦੀ ਤੀਲੀ ਦੀ ਤਰ੍ਹਾਂ ਹੋ ਜਾਂਦਾ ਹੈ। ਇੱਥੇ ਸੁੱਕੇ ਪੱਤੇ ਵੀ ਹੁੰਦੇ ਹਨ ਜੋ ਅੱਗ ਵਿਚ ਘਿਓ ਦਾ ਕੰਮ ਕਰਦੇ ਹਨ। ਇਹ ਮਾਮਲਾ ਜੰਗਲ ਦੇ ਪ੍ਰਬੰਧਾਂ ਨਾਲ ਜੁੜਿਆ ਹੈ, ਜਲਵਾਯੂ ਪਰਿਵਰਤਨ ਨਾਲ ਨਹੀਂ। ਜੰਗਲ ਦੇ ਪ੍ਰਬੰਧਾਂ ਵਿਚ ਖਾਮੀਆਂ ਦੇ ਕਾਰਨ ਹੀ ਅੱਗ ਲੱਗੀ ਹੋਵੇਗੀ। ਡੇਲਾਵੇਅਰ ਦੇ ਦੌਰੇ 'ਤੇ ਪੁੱਜੇ ਬਿਡੇਨ ਨੇ ਇਸ ਦਾ ਜਵਾਬ ਦਿੱਤਾ। ਉਨ੍ਹਾਂ ਕਿਹਾ ਕਿ ਜੇਕਰ ਅਸੀਂ ਟਰੰਪ ਨੂੰ ਹੋਰ ਚਾਰ ਸਾਲ ਦਿੰਦੇ ਹਾਂ ਤਾਂ ਉਹ ਜਲਵਾਯੂ ਪਰਿਵਰਤਨ ਦੇ ਮੁੱਦੇ ਨੂੰ ਇਸ ਤਰ੍ਹਾਂ ਹੀ ਨਕਾਰਦੇ ਰਹਿਣਗੇ। ਇਸ ਲਈ ਹੈਰਾਨੀ ਨਹੀਂ ਕਿ ਹੋਰ ਕਿੰਨੇ ਹੀ ਜੰਗਲ ਸੁਆਹ ਹੋਣਗੇ। ਕਿੰਨੇ ਹੀ ਸ਼ਹਿਰ ਹੜ੍ਹ ਵਿਚ ਡੁੱਬਣਗੇ, ਕਿੰਨੇ ਹੀ ਸ਼ਹਿਰ ਤੂਫ਼ਾਨ ਵਿਚ ਉਜੜਨਗੇ। ਜੇਕਰ ਤੁਸੀਂ ਜਲਵਾਯੂ ਵਿਚ ਅੱਗ ਲਗਾਉਣ ਵਾਲੇ ਨੂੰ ਚੁਣੋਗੇ ਤਾਂ ਇਹ ਅਮਰੀਕਾ ਨੂੰ ਅੱਗ ਵਿਚ ਝੋਕਣ ਵਰਗਾ ਕਦਮ ਹੋਵੇਗਾ। ਬਿਡੇਨ ਨੇ ਕਿਹਾ ਕਿ ਸਾਨੂੰ ਇਕ ਅਜਿਹਾ ਰਾਸ਼ਟਰਪਤੀ ਚਾਹੀਦਾ ਹੈ ਜੋ ਵਿਗਿਆਨ ਦੀ ਕਦਰ ਕਰਦਾ ਹੋਵੇ, ਜਿਸ ਨੂੰ ਇਹ ਸਮਝ ਹੋਵੇ ਕਿ ਜਲਵਾਯੂ ਪਰਿਵਰਤਨ ਕਾਰਨ ਸਾਨੂੰ ਕੀ ਨੁਕਸਾਨ ਹੋ ਰਿਹਾ ਹੈ। ਜੇਕਰ ਅਸੀਂ ਇਸ ਦਿਸ਼ਾ ਵਿਚ ਤੁਰੰਤ ਕਦਮ ਨਾ ਚੁੱਕੇ ਤਾਂ ਪਰਲੋ ਆਉਣ ਵਿਚ ਦੇਰ ਨਹੀਂ ਲੱਗੇਗੀ। ਉਨ੍ਹਾਂ ਕਿਹਾ ਕਿ ਟਰੰਪ ਰਾਸ਼ਟਰ ਪ੍ਰਤੀ ਆਪਣੇ ਮੂਲ ਕਰਤੱਵਾਂ ਦਾ ਪਾਲਣ ਕਰਨ ਵਿਚ ਨਾਕਾਮ ਰਹੇ। ਉਹ ਸਾਨੂੰ ਨਾ ਮਹਾਮਾਰੀ ਤੋਂ ਬਚਾ ਸਕੇ, ਨਾ ਜਲਵਾਯੂ ਪਰਿਵਰਤਨ ਦੇ ਕਹਿਰ ਤੋਂ। ਇਸ ਤੋਂ ਸਾਫ਼ ਹੈ ਕਿ ਟਰੰਪ ਦੇ ਅਮਰੀਕਾ ਵਿਚ ਅਸੀਂ ਸੁਰੱਖਿਅਤ ਨਹੀਂ ਹਾਂ। ਬਿਡੇਨ ਨੇ ਕਿਹਾ ਕਿ ਟਰੰਪ ਜਦੋਂ ਜਲਵਾਯੂ ਪਰਿਵਰਤਨ ਦੇ ਬਾਰੇ ਵਿਚ ਸੋਚਦੇ ਹਨ ਤਾਂ ਉਨ੍ਹਾਂ ਨੂੰ ਮਜ਼ਾਕ ਸੁਝਦਾ ਹੈ। ਜਦੋਂ ਮੈਂ ਸੋਚਦਾ ਹਾਂ ਤਾਂ ਨਵੀਆਂ ਨੌਕਰੀਆਂ ਦਾ ਖ਼ਿਆਲ ਆਉਂਦਾ ਹੈ। ਸਾਡੇ ਦੋਵਾਂ ਵਿਚ ਇਹੀ ਅੰਤਰ ਹੈ। ਬਿਡੇਨ ਨੇ ਕਿਹਾ ਕਿ ਜੇਕਰ ਉਹ ਰਾਸ਼ਟਰਪਤੀ ਚੁਣੇ ਜਾਂਦੇ ਹਨ ਤਾਂ ਅਮਰੀਕਾ ਇਤਿਹਾਸਕ ਪੈਰਿਸ ਸਮਝੌਤੇ ਨਾਲ ਦੁਬਾਰਾ ਜੁੜੇਗਾ। ਜਲਵਾਯੂ ਪਰਿਵਰਤਨ ਇਕ ਵਿਸ਼ਵ ਪੱਧਰੀ ਸੰਕਟ ਹੈ ਜਿਸ ਨਾਲ ਨਿਪਟਣ ਲਈ ਅਮਰੀਕਾ ਦੀ ਅਗਵਾਈ ਦੀ ਲੋੜ ਹੈ। ਉਨ੍ਹਾਂ ਨੇ ਅਜਿਹੀਆਂ ਨੀਤੀਆਂ ਅਪਣਾਉਣ ਦਾ ਵਾਅਦਾ ਕੀਤਾ ਜਿਸ ਨਾਲ ਊਰਜਾ ਖੇਤਰ ਨੂੰ 2035 ਤਕ ਕਾਰਬਨ ਨਿਕਾਸੀ ਤੋਂ ਪੂਰੀ ਤਰ੍ਹਾਂ ਮੁਕਤ ਕੀਤਾ ਜਾ ਸਕੇਗਾ।