MediaPunjab
ਮੀਡੀਆ ਪੰਜਾਬ ਦੀਆਂ ਖ਼ਬਰਾਂ

ਪੀਐੱਮ ਨੇ ਨਮਾਮਿ ਗੰਗੇ ਦੇ ਅੱਠ ਪ੍ਰਾਜੈਕਟ ਕੀਤੇ ਲੋਕ ਅਰਪਣ

ਦੇਹਰਾਦੂਨ 29 ਸਤੰਬਰ 2020 (ਮਪ) ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ ਕਿਹਾ ਕਿ ਪ੍ਰਯਾਗਰਾਜ ਕੁੰਭ 'ਚ ਗੰਗਾ ਦੀ ਪਵਿੱਤਰਤਾ ਨੂੰ ਪੂਰੀ ਦੁਨੀਆ ਦੇ ਸ਼ਰਧਾਲੂਆਂ ਨੇ ਮਹਿਸੂਸ ਕੀਤਾ। ਹੁਣ ਹਰਿਦੁਆਰ ਕੁੰਭ ਦੌਰਾਨ ਦੁਨੀਆ ਨੂੰ ਪਵਿੱਤਰ ਗੰਗਾ ਇਸ਼ਨਾਨ ਦਾ ਤਜਰਬਾ ਹੋਣ ਵਾਲਾ ਹੈ। ਇਸ ਲਈ ਲਗਾਤਾਰ ਯਤਨ ਚੱਲ ਰਹੇ ਹਨ। ਨਮਾਮਿ ਗੰਗੇ ਮਿਸ਼ਨ ਤਹਿਤ ਗੰਗਾ 'ਤੇ ਸੈਂਕੜੇ ਘਾਟਾਂ ਦਾ ਸੁੰਦਰੀਕਰਨ ਕੀਤਾ ਜਾ ਰਿਹਾ ਹੈ। ਗੰਗਾ ਦੇ ਦੋਵੇਂ ਪਾਸੇ ਬੂਟੇ ਲਾਉਣ ਦੇ ਨਾਲ ਹੀ ਆਰਗੈਨਿਕ ਫਾਰਮਿੰਗ ਨਾਲ ਜੁੜਿਆ ਕਾਰੀਡੋਰ ਵੀ ਵਿਕਸਿਤ ਕੀਤਾ ਜਾ ਰਿਹਾ ਹੈ। ਇਹ ਗੱਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ ਉੱਤਰਾਖੰਡ 'ਚ ਨਮਾਮਿ ਗੰਗੇ ਮਿਸ਼ਨ ਤਹਿਤ 521 ਕਰੋੜ ਰੁਪਏ ਦੀ ਲਾਗਤ ਨਾਲ ਬਣਾਏ ਗਏ ਅੱਠ ਪ੍ਰਰਾਜੈਕਟਾਂ ਦਾ ਵਰਚੁਅਲ ਲੋਕ ਅਰਪਣ ਕਰਦਿਆਂ ਕਹੀਆਂ। ਇਨ੍ਹਾਂ ਪ੍ਰਰਾਜੈਕਟਾਂ 'ਚ ਸੱਤ ਐੱਸਟੀਪੀ ਤੇ ਇਕ ਅਜਾਇਬਘਰ ਸ਼ਾਮਲ ਹੈ। ਇਨ੍ਹਾਂ ਪ੍ਰਰਾਜੈਕਟਾਂ ਦੇ ਸ਼ੁਰੂ ਹੋਣ ਨਾਲ ਹਰੇਕ 15.2 ਕਰੋੜ ਲੀਟਰ ਦੂਸ਼ਿਤ ਪਾਣੀ ਨੂੰ ਗੰਗਾ 'ਚ ਵਹਿਣ ਤੋਂ ਰੋਕਿਆ ਜਾ ਸਕੇਗਾ। ਅਜਾਇਬਘਰ ਬਣਨ ਨਾਲ ਹਰਿਦੁਆਰ ਆਉਣ ਵਾਲੇ ਸੈਲਾਨੀਆਂ ਨੂੰ ਗੰਗਾ ਨਾਲ ਜੁੜੀ ਵਿਰਾਸਤ ਨੂੰ ਸਮਝਣ ਦਾ ਮੌਕਾ ਮਿਲੇਗਾ। ਗੰਗਾ ਦੀ ਸਵੱਛਤਾ ਤੋਂ ਇਲਾਵਾ ਗੰਗਾ ਨਾਲ ਲੱਗਦੇ ਪੂਰੇ ਖੇਤਰ ਦੇ ਅਰਥਚਾਰੇ, ਵਾਤਾਵਰਨ ਤੇ ਵਿਕਾਸ 'ਤੇ ਜ਼ੋਰ ਦਿੱਤਾ ਗਿਆ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਗੰਗਾ ਨਦੀ ਦੇ ਕੰਢੇ ਵਸੇ 100 ਵੱਡੇ ਸ਼ਹਿਰਾਂ ਤੇ ਪੰਜ ਹਜ਼ਾਰ ਪਿੰਡਾਂ ਨੂੰ ਖੁੱਲ੍ਹੇ 'ਚ ਜੰਗਲ ਪਾਣੀ ਜਾਣ ਤੋਂ ਮੁਕਤ ਕੀਤਾ ਗਿਆ। ਨਮਾਮਿ ਗੰਗੇ ਪ੍ਰਰੋਗਰਾਮ ਤਹਿਤ 30 ਹਜ਼ਾਰ ਕਰੋੜ ਰੁਪਏ ਤੋਂ ਜ਼ਿਆਦਾ ਦੇ ਪ੍ਰਰਾਜੈਕਟਾਂ 'ਤੇ ਕੰਮ ਚੱਲ ਰਿਹਾ ਹੈ ਜਾਂ ਫਿਰ ਪੂਰਾ ਹੋ ਚੁੱਕਾ ਹੈ। ਉੱਤਰਾਖੰਡ 'ਚ ਇਸ ਮੁਹਿੰਮ ਤਹਿਤ ਸਾਰੇ ਪ੍ਰਰਾਜੈਕਟ ਪੂਰੇ ਹੋ ਚੁੱਕੇ ਹਨ। ਪ੍ਰਧਾਨ ਮੰਤਰੀ ਨੇ ਰੋਇੰਗ ਡਾਊਨ ਦਿ ਗੰਗਾ, ਗ੍ਰਾਮ ਪੰਚਾਇਤ ਤੇ ਜਲ ਕਮੇਟੀਆਂ ਲਈ ਬਣਾਈ ਗਈ ਗਾਈਡ ਦੀ ਵੀ ਘੁੰਡ ਚੁਕਾਈ ਕਰਨ ਦੇ ਨਾਲ ਜਲ ਜੀਵਨ ਮਿਸ਼ਨ ਦੇ ਪ੍ਰਤੀਕ ਚਿੰਨ੍ਹ 'ਤੇ ਵੀ ਰੋਸ਼ਨੀ ਪਾਈ।