MediaPunjab
ਮੀਡੀਆ ਪੰਜਾਬ ਦੀਆਂ ਖ਼ਬਰਾਂ

ਪ੍ਰਧਾਨ ਮੰਤਰੀ ਦਾ ਤਿੱਖਾ ਹਮਲਾ, ਕਿਹਾ - ਵਿਰੋਧੀ ਧਿਰ ਨਾ ਕਿਸਾਨਾਂ ਤੇ ਨਾ ਜਵਾਨਾਂ ਦੀ - ਮੋਦੀ

ਨਵੀਂ ਦਿੱਲੀ 29 ਸਤੰਬਰ 2020 (ਮਪ) ਖੇਤੀ ਸੁਧਾਰ ਕਾਨੂੰਨਾਂ ਦਾ ਵਿਰੋਧ ਕਰ ਰਹੀ ਵਿਰੋਧੀ ਧਿਰ 'ਤੇ ਪ੍ਰਧਾਨ ਮੰਤਰੀ ਨੇ ਹੁਣ ਤਕ ਦਾ ਸਭ ਤੋਂ ਤਿੱਖਾ ਹਮਲਾ ਕਰਦਿਆਂ ਕਿਹਾ ਕਿ ਉਹ ਸਿਰਫ਼ ਵਿਰੋਧ ਦੀ ਸਿਆਸਤ ਹੀ ਜਾਣਦੇ ਹਨ। ਖੇਤੀ ਸੁਧਾਰਾਂ ਦਾ ਵਿਰੋਧ ਕਰ ਕੇ ਜਿੱਥੇ ਵਿਰੋਧੀ ਧਿਰ ਕਿਸਾਨਾਂ ਨੂੰ ਹਮੇਸ਼ਾਂ ਗ਼ੁਲਾਮ ਰੱਖਣਾ ਚਾਹੁੰਦਾ ਹੈ ਉੱਥੇ ਕਿਸਾਨੀ ਉਪਕਰਨਾਂ (ਟ੍ਰੈਕਟਰਾਂ) ਨੂੰ ਅੱਗ ਲਾ ਕੇ ਉਹ ਕਿਸਾਨਾਂ ਨੂੰ ਅਪਮਾਨਿਤ ਵੀ ਕਰ ਰਹੇ ਹਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਵਿਰੋਧੀ ਆਗੂ ਇਸ ਤੋਂ ਪਹਿਲਾਂ ਰਾਮ ਮੰਦਰ, ਭੂਮੀ ਪੂਜਨ ਤੇ ਇੱਥੋਂ ਤਕ ਕਿ ਸਰਦਾਰ ਵਲੱਭ ਭਾਈ ਪਟੇਲ ਦੀ ਮੂਰਤੀ ਦਾ ਵੀ ਵਿਰੋਧ ਕੀਤਾ ਸੀ। ਸਿਹਤ, ਕਿਰਤ ਤੇ ਖੇਤੀ ਸੁਧਾਰ ਪ੍ਰੋਗਰਾਮਾਂ ਨੂੰ ਜਾਰੀ ਰੱਖਣ ਦੀ ਵਚਨਬੱਧਤਾ ਪ੍ਰਗਟ ਕਰਦਿਆਂ ਮੋਦੀ ਨੇ ਤਲਖ ਅੰਦਾਜ਼ ਵਿਚ ਕਿਹਾ ਕਿ ਨਵੇਂ ਕਾਨੂੰਨ ਨਾਲ ਇਨ੍ਹਾਂ ਦੀ ਕਾਲੀ ਕਮਾਈ ਦਾ ਰਾਹ ਬੰਦ ਹੋ ਗਿਆ ਹੈ ਇਸ ਲਈ ਇਨ੍ਹਾਂ ਨੂੰ ਪਰੇਸ਼ਾਨੀ ਹੋ ਰਹੀ ਹੈ। ਕਾਂਗਰਸ ਤੇ ਹੋਰ ਵਿਰੋਧੀ ਪਾਰਟੀਆਂ ਵੱਲੋਂ ਨਾ ਸਿਰਫ਼ ਵਿਰੋਧ ਜਾਰੀ ਹੈ ਬਲਕਿ ਇਕ ਦਿਨ ਪਹਿਲਾਂ ਹੀ ਸੋਨੀਆ ਗਾਂਧੀ ਨੇ ਕਾਂਗਰਸ ਸ਼ਾਸਿਤ ਸੂਬਿਆਂ ਨੂੰ ਕੇਂਦਰੀ ਕਾਨੂੰਨ ਰੱਦ ਕਰਨ ਦਾ ਰਾਹ ਲੱਭਣ ਲਈ ਕਿਹਾ ਸੀ ਜਦਕਿ ਸਰਕਾਰ ਵੱਲੋਂ ਵਾਰ-ਵਾਰ ਇਹ ਭਰੋਸਾ ਦਿੱਤਾ ਗਿਆ ਹੈ ਕਿ ਐੱਮਐੱਸਪੀ ਖ਼ਤਮ ਨਹੀਂ ਹੋਵੇਗੀ। ਅਜਿਹੇ 'ਚ ਮੰਗਲਵਾਰ ਨੂੰ ਜਲ ਜੀਵਨ ਮਿਸ਼ਨ ਦੇ ਇਕ ਵਰਚੁਅਲ ਪ੍ਰੋਗਰਾਮ ਵਿਚ ਬੋਲਦਿਆਂ ਵੱਡਾ ਸਵਾਲ ਖੜ੍ਹਾ ਕਰ ਦਿੱਤਾ। ਉਨ੍ਹਾਂ ਕਿਹਾ ਕਿ ਇਹ ਨਾ ਤਾਂ ਜਵਾਨਾਂ ਦੇ ਹਨ ਤੇ ਨਾ ਹੀ ਕਿਸਾਨਾਂ ਦੇ। ਚਾਰ ਸਾਲ ਪਹਿਲਾਂ ਅੱਤਵਾਦ ਦੇ ਅੱਡਿਆਂ ਨੂੰ ਤਬਾਹ ਕਰਨ ਲਈ ਸਾਡੇ ਜਵਾਨਾਂ ਨੇ ਸਰਜੀਕਲ ਸਟ੍ਰਾਈਕ ਕੀਤੀ ਸੀ, ਉਦੋਂ ਵੀ ਇਹ ਲੋਕ ਸਬੂਤ ਮੰਗ ਰਹੇ ਸਨ। ਵਿਰੋਧ ਕਰਨਾ ਇਨ੍ਹਾਂ ਦੀ ਆਦਤ ਹੈ। ਗ਼ਰੀਬਾਂ ਦੇ ਬੈਂਕ ਵਿਚ ਜਨ ਧਨ ਖਾਤੇ ਖੁੱਲ੍ਹੇ ਰਹੇ ਸਨ ਉਦੋਂ ਵੀ ਇਹ ਲੋਕ ਵਿਰੋਧ ਕਰ ਰਹੇ ਸਨ। ਗ਼ਰੀਬਾਂ ਲਈ 10 ਫ਼ੀਸਦੀ ਰਾਖਵੇਂਕਰਨ ਦਾ ਵਿਰੋਧ ਵੀ ਇਨ੍ਹਾਂ ਨੇ ਕੀਤਾ ਸੀ। 26 ਨਵੰਬਰ ਨੂੰ ਸੰਵਿਧਾਨ ਦਿਵਸ ਮਨਾਉਣਾ ਵੀ ਵਿਰੋਧੀਆਂ ਨੂੰ ਨਾਗਵਾਰ ਗੁਜ਼ਰਿਆ ਸੀ। ਮੋਦੀ ਨੇ ਕਿਹਾ ਕਿ ਸਵਾਮੀਨਾਥਨ ਕਮਿਸ਼ਨ ਦੀਆਂ ਸਿਫਾਰਸ਼ਾਂ ਦੇ ਆਧਾਰ 'ਤੇ ਐੱਨੀਡਏ ਸਰਕਾਰ ਨੇ ਹੀ ਘੱਟੋ-ਘੱਟ ਸਮਰਥਨ ਮੁੱਲ (ਐੱਮਐੱਸਪੀ) ਨੂੰ ਡੇਢ ਗੁਣਾ ਲਾਗੂ ਕੀਤਾ ਹੈ। ਹੁਣ ਇਹ ਲੋਕ ਕਿਸਾਨਾਂ ਵਿਚ ਭਰਮ ਪੈਦਾ ਕਰਨ ਵਿਚ ਲੱਗੇ ਹੋਏ ਹਨ। ਜਦਕਿ ਐੱਮਐੱਸਪੀ 'ਤੇ ਹੋਣ ਵਾਲੀ ਖ਼ਰੀਦ ਨਾਲ ਕਿਸਾਨਾਂ ਨੂੰ ਮੰਡੀ ਤੇ ਉਸ ਤੋਂ ਬਾਹਰ ਕਿਸੇ ਵੀ ਆਪਣੀ ਉਪਜ ਵੇਚਣ ਦੀ ਛੋਟ ਰਹੇਗੀ। ਵਿਰੋਧੀ ਕਿਸਾਨਾਂ ਦੇ ਉਪਕਰਨਾਂ (ਟ੍ਰੈਕਟਰਾਂ) ਨੂੰ ਅੱਗ ਲਾ ਕੇ ਉਨ੍ਹਾਂ ਨੂੰ ਅਪਮਾਨਿਤ ਕਰ ਰਹੇ ਹਨ। ਚੇਤੇ ਰਹੇ ਕਿ ਕਾਂਗਰਸ ਵੱਲੋਂ ਹਰ ਸੂਬੇ ਵਿਚ ਖੇਤੀ ਕਾਨੂੰਨਾਂ ਵਿਰੁੱਧ ਅੰਦੋਲਨ ਕੀਤਾ ਜਾ ਰਿਹਾ ਹੈ। ਇਕ ਦਿਨ ਪਹਿਲਾਂ ਦਿੱਲੀ ਵਿਚ ਯੂਥ ਕਾਂਗਰਸ ਵੱਲੋਂ ਟ੍ਰੈਕਟਰ ਨੂੰ ਅੱਗ ਲਾਈ ਗਈ ਸੀ। ਪਿਛਲੇ ਕੁਝ ਦਿਨਾਂ ਵਿਚ ਕਾਂਗਰਸੀ ਆਗੂ ਰਾਹੁਲ ਗਾਂਧੀ ਵੱਲੋਂ ਇਸ ਨੂੰ ਕਦੇ ਕਿਸਾਨਾਂ ਦੀ ਮੌਤ ਦਾ ਫਰਮਾਨ ਤੇ ਕਦੇ ਕਾਲਾ ਕਾਨੂੰਨ ਦੱਸਿਆ ਜਾ ਰਿਹਾ ਹੈ। ਅਜਿਹੇ ਵਿਚ ਪ੍ਰਧਾਨ ਮੰਤਰੀ ਨੇ ਇਕ ਤੋਂ ਬਾਅਦ ਇਕ ਕਈ ਮੁੱਦਿਆਂ ਦੀ ਯਾਦ ਦਿਵਾ ਕੇ ਵੱਡੀ ਚੁਣੌਤੀ ਖੜ੍ਹੀ ਕਰ ਦਿੱਤੀ ਹੈ।