MediaPunjab
ਮੀਡੀਆ ਪੰਜਾਬ ਦੀਆਂ ਖ਼ਬਰਾਂ

ਅਕਾਲੀ ਦਲ ਨੇ ਪ੍ਰਕਾਸ਼ ਸਿੰਘ ਬਾਦਲ ਦਾ ਬੁਢਾਪਾ ਰੋਲਿਆ-ਮਾਨ

ਕਿਸਾਨ ਸਭਾ ‘ਚ ਭਗਵੰਤ ਮਾਨ ਵੱਲੋਂ ਬਾਦਲਾਂ `ਤੇ ਸ਼ਬਦੀ ਵਾਰ

ਦਸੂਹਾ, 9 ਅਕਤੂਬਰ (ਬੀ.ਡੀ ਸੰਦਲ)- ਇਥੇ ਪਿੰਡ ਝਿੰਗੜਕਲਾਂ ਵਿਖੇ ਕਰਮਬੀਰ ਸਿੰਘ ਘੁੰਮਣ ਤੇ ਵਿਧਾਇਕ ਹਰਪਾਲ ਸਿੰਘ ਚੀਮਾ ਦੀ ਅਗਵਾਈ ਹੇਠ ਆਯੋਜਿਤ ਕਿਸਾਨ ਬਚਾਉ ਪੰਜਾਬ ਬਚਾਉ ਕਿਸਾਨ ਸਭਾ ਨੂੰ ਸੰਬੋਧਨ ਕਰਦਿਆ ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਅਤੇ ਲੋਕ ਸਭਾ ਮੈਂਬਰ ਭਗਵੰਤ ਮਾਨ ਨੇ ਖੇਤੀ ਆਰਡੀਨੈਂਸਾਂ ਨੂੰ ਮਰਕਜ਼ੀ ਬਿੰਦੂ ਬਣਾ ਕੇ ਬਾਦਲ ਪਰਿਵਾਰ ਨੂੰ ਤਿੱਖੇ ਸ਼ਬਦਾਂ ਨਾਲ ਨਿਸ਼ਾਨੇ `ਤੇ ਲਿਆ। ਉਨਾਂ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਉੱਤੇ ਵੱਡੇ ਸਵਾਲ ਖੜੇ ਕਰਦਿਆਂ ਕਿਹਾ ਕਿ ਅਕਾਲੀ ਦਲ ਵਿੱਚ ਪਰਿਵਾਰਵਾਦ ਹੀ ਭਾਰੂ ਹੈ। ਉਨ੍ਹਾਂ ਕਿਹਾ ਕਿ ਅਕਾਲੀ ਦਲ ਦੀ ਸਰਕਾਰ ਵੇਲੇ ਬਹੁਤ ਸਾਰੇ ਕਿਸਾਨ ਵਿਰੋਧੀ ਫੈਸਲੇ ਕੀਤੇ ਗਏ ਸਨ। 2015 `ਚ ਅਕਾਲੀ ਦਲ ਦੀ ਸਰਕਾਰ ਸਮੇਂ ਪੂੰਜੀਪਤੀਆਂ ਨੂੰ ਸੈਲੋ ਬਣਾਉਣ ਲਈ ਦਿੱਤੀ ਜ਼ਮੀਨ ਉੱਤੇ ਸਟੈਂਪ ਡਿਊਟੀ ਮਾਫ਼ ਕਿਉਂ ਕੀਤੀ ਗਈ ? ਉਨ੍ਹਾਂ ਕਿਹਾ ਕਿ ਖੇਤੀ ਕਾਨੂੰਨਾਂ ਸਬੰਧੀ ਸਦਨ ਦੇ ਮਿੰਟਸ ਜਾਰੀ ਕੀਤੇ ਜਾਣ ਤੋਂ ਬਾਅਦ ਪੂਰਾ ਸੱਚ ਸਾਹਮਣੇ ਆਵੇਗਾ ਕਿ ਕੌਣ ਕਿਸਾਨਾਂ ਦੇ ਹੱਕ `ਚ ਹੈ ਤੇ ਕੌਣ ਵਿਰੋਧ ਵਿੱਚ। ਮਾਨ ਨੇ ਅਕਾਲੀਆਂ ਨੂੰ ਆੜੇ ਹੱਥੀ ਲੈਂਦਿਆਂ ਕਿਹਾ ਕਿ 5 ਜੂਨ ਤੋਂ ਢਾਈ ਮਹੀਨੇ ਤੱਕ ਬਿੱਲਾਂ ਦੀ ਤਾਰੀਫ਼ ਕਰਨ ਵਾਲਾ ਅਕਾਲੀ ਦਲ ਹੁਣ ਉਹ ਕਹਿ ਰਿਹਾ ਹੈ ਕਿ ਬਿਲਾਂ ਦੇ ਖਰੜੇ ਉਨ੍ਹਾਂ ਨੂੰ ਵਿਖਾਏ ਹੀ ਨਹੀਂ ਗਏ। ਅਕਾਲੀ ਦਲ ਨੇ ਪ੍ਰਕਾਸ਼ ਸਿੰਘ ਬਾਦਲ ਤੋਂ ਬਿਆਨ ਦਿਵਾਕੇ ਉਹਨਾਂ ਦਾ ਵੀ ਬੁਢਾਪਾ ਰੋਲ ਕੇ ਰੱਖ ਦਿੱਤਾ ਹੈ। ਜਿਸ ਕਾਰਨ ਹੁਣ ਪੰਜਾਬੀਆਂ ਨੇ ਅਕਾਲੀ ਦਲ ‘ਤੇ ਯਕੀਨ ਕਰਨਾ ਹੀ ਛੱਡ ਗਏ ਹਨ।ਉਨਾਂ ਦਿੱਲੀ ਵਿੱਚ ਲੋਕਾਂ ਨੂੰ ਮਿਲ ਰਹੀਆਂ ਸਹੂਲਤਾਂ ਨੂੰ ਗਿਣਾਉਂਦੇ ਪੰਜਾਬ ਅੰਦਰ ਵੀ ਅਜਿਹਾ ਰਾਜ ਸਥਾਪਤ ਕਰਨ ਲਈ ਝਾੜੂ ਦਾ ਸਾਥ ਮੰਗਿਆ। ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੰਦਿਆ ਮਾਨ ਨੇ ਕਿਹਾ ਕਿ ਅਕਾਲੀ ਦਲ ਆਪਣਾ ਖੁੱਸਿਆ ਆਧਾਰ ਬਹਾਲ ਕਰਨ ਲਈ ਕਿਸਾਨ ਪੱਖੀ ਹੋਣ ਦਾ ਢੌਂਗ ਰਚ ਰਿਹਾ ਹੈ ਜਦਕਿ ਪੰਜਾਬ ਦੇ ਲੋਕਾਂ ਨੂੰ ਅਕਾਲੀ ਦਲ ਦੀ ਪੂਰੀ ਅਸਲੀਅਤ ਪਤਾ ਲੱਗ ਚੁੱਕੀ ਹੈ।ਆਖਰ ਵਿੱਚ ਖੇਤੀ ਬਿੱਲਾਂ ਖਿਲਾਫ ਮੱਤੇ ਪਾਉਣ ਵਾਲੀਆਂ 30 ਤੋਂ ਵੱਧ ਪੰਚਾਇਤਾਂ ਨੂੰ ਮਾਨ ਵੱਲੋਂ ਸਨਮਾਨਿਤ ਕੀਤਾ ਗਿਆ।