MediaPunjab
ਮੀਡੀਆ ਪੰਜਾਬ ਦੀਆਂ ਖ਼ਬਰਾਂ

ਨਿਊਯਾਰਕ 'ਚ ਵੱਖ-ਵੱਖ ਦੇਸ਼ਾਂ ਦੇ ਵਿਦੇਸ਼ ਮੰਤਰੀਆਂ ਨਾਲ ਸੁਸ਼ਮਾ ਸਵਰਾਜ ਕਰੇਗੀ ਦੋ-ਪੱਖੀ ਬੈਠਕਾਂ

ਨਿਊਯਾਰਕ 24 ਸਤੰਬਰ (ਮਪ) ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਸੰਯੁਕਤ ਰਾਸ਼ਟਰ (ਯੂ. ਐੱਨ.) ਮਹਾਸਭਾ ਦੇ 73ਵੇਂ ਸੈਸ਼ਨ ਦੌਰਾਨ ਵੱਖ-ਵੱਖ ਦੇਸ਼ਾਂ ਦੇ ਆਪਣੇ ਹਮਰੁਤਬਿਆਂ ਨਾਲ ਦੋ-ਪੱਖੀ ਬੈਠਕਾਂ ਕਰੇਗੀ। ਇੱਥੇ ਦੱਸ ਦੇਈਏ ਕਿ ਮਹਾਸਭਾ ਦੇ ਸੈਸ਼ਨ 'ਚ ਹਿੱਸਾ ਲੈਣ ਲਈ ਸੁਸ਼ਮਾ ਸਵਰਾਜ ਸ਼ਨੀਵਾਰ ਨੂੰ ਨਿਊਯਾਰਕ ਪਹੁੰਚੀ। ਮਹਾਸਭਾ ਸੈਸ਼ਨ ਦੌਰਾਨ ਹੋ ਰਹੀ ਇਸ ਉੱਚ ਪੱਧਰੀ ਬੈਠਕ ਵਿਚ ਸੰਯੁਕਤ ਰਾਸ਼ਟਰ ਦੇ 120 ਤੋਂ ਵਧ ਮੈਂਬਰ ਹਿੱਸਾ ਲੈਣਗੇ। ਬੈਠਕ ਵਿਚ ਵਿਸ਼ਵ ਪੱਧਰ 'ਤੇ ਨਸ਼ੀਲੇ ਪਦਾਰਥਾਂ ਦੀ ਸਮੱਸਿਆ ਨਾਲ ਨਜਿੱਠਣ 'ਤੇ ਚਰਚਾ ਕੀਤੀ ਜਾਵੇਗੀ। ਵਿਦੇਸ਼ ਮੰਤਰਾਲੇ ਵਿਚ ਸੰਯੁਕਤ ਰਾਸ਼ਟਰ ਦੇ ਸਿਆਸੀ ਮਾਮਲਿਆਂ ਦੇ ਸੰਯੁਕਤ ਸਕੱਤਰ ਦਿਨੇਸ਼ ਪਟਨਾਇਕ ਨੇ ਸੰਯੁਕਤ ਰਾਸ਼ਟਰ ਦੇ ਸਥਾਈ ਮਿਸ਼ਨ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਵਰਾਜ ਨਾਲ ਦੋ-ਪੱਖੀ ਬੈਠਕਾਂ ਲਈ ਤਕਰੀਬਨ 30 ਬੇਨਤੀਆਂ ਮਿਲੀਆਂ ਹਨ। ਦੱਖਣੀ ਅਫਰੀਕਾ ਦੇ ਮਰਹੂਮ ਰਾਸ਼ਟਰਪਤੀ ਨੈਲਸਨ ਮੰਡੇਲ ਦੀ ਜਨਮ ਸ਼ਤਾਬਦੀ ਦੇ ਮੌਕੇ 'ਤੇ ਉਨ੍ਹਾਂ ਦੇ ਸਨਮਾਨ ਵਿਚ ਵੈਸ਼ਵਿਕ ਸ਼ਾਂਤੀ ਲਈ ਆਯੋਜਿਤ ਉੱਚ ਪੱਧਰੀ 'ਨੈਲਸਨ ਮੰਡੇਲਾ ਸ਼ਾਂਤੀ ਸੰਮੇਲਨ' ਵਿਚ ਵੀ ਸੁਸ਼ਮਾ ਸਵਰਾਜ ਹਿੱਸਾ ਲਵੇਗੀ। ਸਵਰਾਜ ਦੱਖਣੀ ਅਫਰੀਕਾ ਦੇ ਰਾਸ਼ਟਰਪਤੀ ਸਿਰਿਲ ਰਾਮਾਫੋਸਾ ਵਲੋਂ ਸੋਮਵਾਰ ਨੂੰ ਆਯੋਜਿਤ ਭੋਜ ਵਿਚ ਵੀ ਹਿੱਸਾ ਲਵੇਗੀ। ਵਿਦੇਸ਼ ਮੰਤਰੀ ਜੀ-77, ਐੱਲ. ਡੀ. ਸੀ. (ਘੱਟ ਵਿਕਸਿਤ ਦੇਸ਼), ਰਾਸ਼ਟਰਮੰਡਲ ਅਤੇ ਹਾਰਟ ਆਫ ਏਸ਼ੀਆ ਬੈਠਕ ਵਿਚ ਵੀ ਹਿੱਸਾ ਲਵੇਗੀ।