MediaPunjab
ਮੀਡੀਆ ਪੰਜਾਬ ਦੀਆਂ ਖ਼ਬਰਾਂ

ਥਾਈਲੈਂਡ ਵਿੱਚ ਦੂਜੇ ਦਿਨ ਵੀ ਹਿੰਸਕ ਪ੍ਰਦਰਸ਼ਨ, ਕਈ ਥਾਵਾਂ 'ਤੇ ਪੁਲਿਸ ਤੇ ਪ੍ਰਦਰਸ਼ਨਕਾਰੀਆਂ ਵਿਚਾਲੇ ਟਕਰਾਅ

ਬੈਂਕਾਕ 16 ਅਕਤੂਬਰ, 2020 (ਮਪ) ਐਮਰਜੈਂਸੀ ਲੱਗਣ ਤੋਂ ਬਾਅਦ ਵੀ ਥਾਈਲੈਂਡ 'ਚ ਦੂਜੇ ਦਿਨ ਲੋਕਤੰਤਰ ਹਮਾਇਤੀਆਂ ਦਾ ਗੁੱਸਾ ਜਗ੍ਹਾ-ਜਗ੍ਹਾ ਦੇਖਣ ਨੂੰ ਮਿਲਿਆ। ਸ਼ੁੱਕਰਵਾਰ ਨੂੰ ਕਈ ਥਾਵਾਂ 'ਤੇ ਪੁਲਿਸ ਤੇ ਪ੍ਰਦਰਸ਼ਨਕਾਰੀਆਂ ਵਿਚਾਲੇ ਟਕਰਾਅ ਹੋਇਆ। ਇਨ੍ਹਾਂ ਨੂੰ ਰੋਕਣ ਲਈ ਪਾਣੀ ਦੀਆਂ ਬੁਛਾੜ ਵੀ ਕੀਤੀਆਂ ਗਈਆਂ। ਪੂਰੇ ਦਿਨ ਚੱਲੇ ਹੰਗਾਮੇ ਨਾਲ ਹਾਲਾਤ ਤਣਾਅਪੂਰਨ ਹੋ ਗਏ। ਇਧਰ ਪ੍ਰਧਾਨ ਮੰਤਰੀ ਨੇ ਅਸਤੀਫ਼ਾ ਦੇਣ ਤੋਂ ਇਨਕਾਰ ਕਰਦਿਆਂ ਸਖ਼ਤੀ ਦੇ ਆਦੇਸ਼ ਦਿੱਤੇ ਹਨ। ਰਾਜਤੰਤਰ-ਸੰਵਿਧਾਨ 'ਚ ਸੁਧਾਰ ਤੇ ਪ੍ਰਧਾਨ ਮੰਤਰੀ ਦੇ ਅਸਤੀਫ਼ੇ ਦੀ ਮੰਗ ਨੂੰ ਲੈ ਕੇ ਥਾਈਲੈਂਡ 'ਚ ਚੱਲ ਰਹੇ ਪ੍ਰਦਰਸ਼ਨ ਹੁਣ ਬੇਕਾਬੂ ਹੁੰਦੇ ਜਾ ਰਹੇ ਹਨ। ਕੱਲ੍ਹ ਦੇ ਪ੍ਰਦਰਸ਼ਨ ਤੋਂ ਬਾਅਦ ਬੈਂਕਾਕ 'ਚ ਐਮਰਜੈਂਸੀ ਲਾਉਣ ਨਾਲ ਵੀ ਕੋਈ ਫਰਕ ਨਹੀਂ ਪਿਆ। ਦਿਨ ਦੀ ਸ਼ੁਰੂਆਤ ਹੁੰਦਿਆਂ ਹਜ਼ਾਰਾਂ ਲੋਕਤੰਤਰ ਹਮਾਇਤੀ ਸੜਕਾਂ 'ਤੇ ਆ ਗਏ। ਜਗ੍ਹਾ-ਜਗ੍ਹਾ ਇਕੱਠੇ ਪ੍ਰਦਰਸ਼ਨਕਾਰੀਆਂ ਨੂੰ ਰੋਕਣ ਲਈ ਪੁਲਿਸ ਨੇ ਕਈ ਥਾਵਾਂ 'ਤੇ ਰਸਤਿਆਂ ਨੂੰ ਰੋਕ ਦਿੱਤਾ ਸੀ। ਆਮ ਤੌਰ 'ਤੇ ਜੋ ਮਾਲ ਖੁੱਲ੍ਹੇ ਰਹਿੰਦੇ ਸਨ, ਉਨ੍ਹਾਂ ਨੂੰ ਛੇਤੀ ਬੰਦ ਕਰਵਾ ਦਿੱਤਾ ਗਿਆ। ਪ੍ਰਦਰਸ਼ਨ ਦੌਰਾਨ ਰਾਣੀ ਦੇ ਕਾਫ਼ਲੇ 'ਤੇ ਹਮਲੇ ਦੇ ਦੋਸ਼ 'ਚ ਦੋ ਪ੍ਰਦਰਸ਼ਨਕਾਰੀਆਂ ਨੂੰ ਗਿ੍ਫ਼ਤਾਰ ਕੀਤਾ ਗਿਆ ਹੈ। ਇਨ੍ਹਾਂ 'ਤੇ ਹਿੰਸਾ ਕਰਨ ਦਾ ਵੀ ਦੋਸ਼ ਲਾਇਆ ਗਿਆ ਹੈ। ਥਾਈਲੈਂਡ 'ਚ ਅਜਿਹਾ ਕਾਰੇ ਲਈ ਸਜ਼ਾ ਦੇ ਸਖ਼ਤ ਪ੍ਰਬੰਧ ਹਨ।
ਵੀਰਵਾਰ ਨੂੰ ਐਮਰਜੈਂਸੀ ਤੋਂ ਬਾਅਦ ਪੰਜ ਤੋਂ ਜ਼ਿਆਦਾ ਲੋਕਾਂ ਦੇ ਇਕੱਠੇ ਨੂੰ ਰੋਕ ਲਿਆ ਹੈ ਪਰ ਇਸ ਰੋਕ ਦਾ ਪ੍ਰਦਰਸ਼ਨਕਾਰੀਆਂ 'ਤੇ ਕੋਈ ਫਰਕ ਨਹੀਂ ਪਿਆ। ਇਹ ਅੰਦੋਲਨ ਮਾਰਚ 'ਚ ਯੂਨੀਵਰਸਿਟੀ ਦੇ ਵਿਦਿਆਰਥੀਆਂ ਵੱਲੋਂ ਸ਼ੁਰੂ ਕਰ ਦਿੱਤਾ ਗਿਆ ਸੀ। ਕੁਝ ਸਮੇਂ ਲਈ ਕੋਰੋਨਾ ਇਨਫੈਕਸ਼ਨ ਤੇਜ਼ ਹੋਣ ਕਾਰਨ ਰੁਕ ਗਿਆ ਸੀ। ਹੁਣ ਇਹ ਫਿਰ ਹਿੰਸਕ ਹੁੰਦਾ ਜਾ ਰਿਹਾ ਹੈ। ਅੰਦੋਲਨ ਨੂੰ ਸੋਸ਼ਲ ਮੀਡੀਆ ਰਾਹੀਂ ਹਵਾ ਦਿੱਤੀ ਜਾ ਰਹੀ ਹੈ। ਸਰਕਾਰ ਅਨੁਸਾਰ ਪੰਜ ਟਵਿੱਟਰ ਤੇ ਪੰਜ ਫੇਸਬੁੱਕ ਅਕਾਊਂਟ ਨਾਲ ਸ਼ੁੁੱਕਰਵਾਰ ਨੂੰ ਪ੍ਰਦਰਸ਼ਨ 'ਚ ਹਿੱਸਾ ਲੈਣ ਦੀ ਅਪੀਲ ਕੀਤੀ ਗਈ ਸੀ, ਇਨ੍ਹਾਂ 'ਤੇ ਕਾਰਵਾਈ ਕੀਤੀ ਜਾ ਰਹੀ ਹੈ। ਥਾਈਲੈਂਡ ਦੇ ਪ੍ਰਧਾਨ ਮੰਤਰੀ ਪ੍ਰਯੁਤ ਚਾਨ ਓ ਚਾ ਨੇ ਅਸਤੀਫ਼ਾ ਦੇਣ ਤੋਂ ਇਨਕਾਰ ਕਰਦਿਆਂ ਕਿਹਾ ਕਿ ਉਹ ਛੇਤੀ ਹੀ ਇਨ੍ਹਾਂ ਪ੍ਰਦਰਸ਼ਨਾਂ 'ਤੇ ਕਾਬੂ ਪਾ ਕੇ ਅਗਲੇ ਤਿੰਨ ਦਿਨਾਂ 'ਚ ਐਮਰਜੈਂਸੀ ਹਟਾ ਲੈਣਗੇ।