MediaPunjab
ਮੀਡੀਆ ਪੰਜਾਬ ਦੀਆਂ ਖ਼ਬਰਾਂ

ਸ਼ਾਹ ਦਾ ਨਿਤੀਸ਼ ਨੂੰ ਐਨਡੀਏ 'ਚ ਆਉਣ ਦਾ ਖੁੱਲ੍ਹਾ ਸੱਦਾ, ਸ਼ਰਦ ਦੀ ਜੇਡੀਯੂ ਤੋਂ ਹੋਵੇਗੀ ਛੁੱਟੀ

ਸ਼ਰਦ ਯਾਦਵ ਨੂੰ ਰਾਜਸਭਾ 'ਚ ਨੇਤਾ ਅਹੁਦੇ ਤੋਂ ਹਟਾਇਆ

ਬੰਗਲੁਰੂ, 12 ਅਗਸਤ (ਮਪ) ਬਿਹਾਰ 'ਚ ਭਾਜਪਾ ਦੇ ਨਾਲ ਮਹਾਗਠਜੋੜ ਕਰ ਕੇ ਸੱਤਾ 'ਚ ਵਾਪਸੀ ਮਗਰੋਂ ਜੇਡੀਯੂ ਹੁਣ ਐਨਡੀਏ 'ਚ ਸ਼ਾਮਲ ਹੋ ਸਕਦੀ ਹੈ। ਭਾਜਪਾ ਪ੍ਰਧਾਨ ਅਮਿਤ ਸ਼ਾਹ ਨੇ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੂੰ ਕੇਂਦਰ 'ਚ ਸੱਤਾਧਾਰੀ ਨੈਸ਼ਨਲ ਡੈਮੋਕ੍ਰੇਟਿਕ ਗਠਜੋੜ (ਐਨਡੀਏ) 'ਚ ਸ਼ਾਮਲ ਹੋਣ ਦਾ ਟਵੀਟਰ ਜਰੀਏ ਖੁੱਲ੍ਹਾ ਸੱਦਾ ਦਿੱਤਾ। ਸ਼ਾਹ ਨੇ ਨਿਤੀਸ਼ ਨਾਲ ਮੁਲਾਕਾਤ ਦੀ ਤਸਵੀਰ ਵੀ ਸ਼ੇਅਰ ਕੀਤੀ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਨਿਤੀਸ਼ ਕੁਮਾਰ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ ਸੀ। ਦੂਜੇ ਪਾਸੇ ਬਾਗੀ ਤੇਵਰ ਅਪਣਾ ਚੁਕੇ ਸ਼ਰਦ ਯਾਦਵ ਨੂੰ ਰਾਜਸਭਾ 'ਚ ਨੇਤਾ ਅਹੁਦੇ ਤੋਂ ਹਟਾ ਦਿੱਤਾ ਗਿਆ ਹੈ। ਛੇਤੀ ਹੀ ਉਨ੍ਹਾਂ ਨੂੰ ਪਾਰਟੀ 'ਚੋਂ ਬਾਹਰ ਦਾ ਰਾਹ ਦਿਖਾਇਆ ਜਾ ਸਕਦਾ ਹੈ। ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਜੇਡੀਯੂ ਨਾ ਸਿਰਫ਼ ਸਰਕਾਰ 'ਚ ਸ਼ਾਮਲ ਹੋ ਸਕਦੀ ਹੈ ਬਲਕਿ ਨਿਤੀਸ਼ ਨੂੰ ਐਨਡੀਏ ਦਾ ਕਨਵੀਨਰ ਵੀ ਬਣਾਇਆ ਜਾ ਸਕਦਾ ਹੈ। ਦੱਸ ਦੇਈਏ ਕਿ ਫਿਲਹਾਲ ਨਿਤੀਸ਼ ਅਤੇ ਭਾਜਪਾ ਤੋਂ ਨਾਰਾਜ਼ ਚੱਲ ਰਹੇ ਸ਼ਰਦ ਯਾਦਵ ਕਿਸੇ ਵੇਲੇ ਐਨਡੀਏ ਦੇ ਕਨਵੀਨਰ ਹੋਇਆ ਕਰਦੇ ਸੀ। ਸ਼ਰਦ ਯਾਦਵ ਵਾਂਗ ਬਾਗੀ ਤੇਵਰ ਦਿਖਾਉਣ ਅਤੇ ਸੋਨੀਆ ਗਾਂਧੀ ਨਾਲ ਵਿਰੋਧੀ ਦਲਾਂ ਦੀ ਬੈਠਕ 'ਚ ਸ਼ਾਮਲ ਹੋਣ ਵਾਲੇ ਜੇਡੀਯੂ ਸੰਸਦ ਅਲੀ ਅਨਵਰ ਨੂੰ ਪਾਰਟੀ ਤੋਂ ਬਾਹਰ ਦਾ ਰਾਹ ਦਿਖਾਇਆ ਜਾ ਚੁਕਿਆ ਹੈ। ਖ਼ਬਰ ਹੈ ਕਿ ਅਗਲਾ ਨੰਬਰ ਸ਼ਰਦ ਯਾਦਵ ਦਾ ਹੋ ਸਕਦਾ ਹੈ। ਉਨ੍ਹਾਂ ਤੋਂ ਰਾਜਸਭਾ 'ਚ ਜੇਡੀਯੂ ਦੇ ਸੰਸਦੀ ਦਲ ਦੇ ਨੇਤਾ ਦਾ ਅਹੁਦਾ ਖੋਹ ਲਿਆ ਗਿਆ ਹੈ। ਸ਼ਰਦ ਦੀ ਥਾਂ ਜੇਡੀਯੂ ਦੇ ਸੰਸਦੀ ਦਲ ਦੇ ਨਵੇਂ ਨੇਤਾ ਦਾ ਅਹੁਦਾ ਆਰਸੀਪੀ ਸਿੰਘ ਨੂੰ ਦਿੱਤਾ ਗਿਆ ਹੈ। ਜੇਡੀਯੂ ਸੀਨੀਅਰ ਨਾਰਾਇਣ ਸਿੰਘ ਨੇ ਕਿਹਾ ਕਿ ਯਾਦਵ ਦੀ ਹਾਲ ਦੀਆਂ ਗਤੀਵਿਧੀਆਂ ਦੇ ਮੱਦੇਨਜ਼ਰ ਇਹ ਕਦਮ ਜ਼ਰੂਰੀ ਸੀ। ਸਿੰਘ ਮੁਤਾਬਿਕ ਜੇ ਲੀਡਰ ਹੀ ਪਾਰਟੀ ਵਿਰੋਧੀ ਗਤੀਵਿਧੀਆਂ 'ਚ ਸ਼ਾਮਲ ਹੋਵੇਗੀ ਤਾਂ ਇਸ ਦੀ ਨਿਖੇਧੀ ਜਨਤਕ ਤੌਰ 'ਤੇ ਕੀਤੀ ਜਾਣੀ ਚਾਹੀਦੀ ਹੈ। ਦੱਸ ਦੇਈਏ ਕਿ ਬਿਹਾਰ 'ਚ ਮਹਾਗਠਜੋੜ ਤੋੜਨ ਨੂੰ ਲੈ ਕੇ ਸ਼ਰਦ ਯਾਦਵ ਨਿਤੀਸ਼ 'ਤੇ ਲਗਾਤਾਰ ਹਮਲਾਵਰ ਹਨ। ਉਨ੍ਹਾਂ ਨੇ ਇਸ ਕਦਮ ਨੂੰ ਬਿਹਾਰ ਦੀ ਜਨਤਾ ਨਾਲ ਧੋਖਾ ਕਰਾਰ ਦਿੱਤਾ ਹੈ। ਸ਼ਰਦ 'ਤੇ ਕਾਰਵਾਈ ਬਾਰੇ ਜਦੋਂ ਨਿਤੀਸ਼ ਤੋਂ ਪੁੱਛਿਆ ਗਿਆ ਉਨ੍ਹਾਂ ਕਿਹਾ ਕਿ ਇਹ ਫੈਸਲਾ ਸਿਰਫ਼ ਮੇਰਾ ਨਹੀਂ ਹੈ ਅਤੇ ਇਹ ਪਾਰਟੀ ਦੀ ਮਰਜ਼ੀ ਨਾਲ ਲਿਆ ਗਿਆ ਹੈ। ਜੇ ਉਹ ਵੱਖਰੀ ਰਾਏ ਰੱਖਦੇ ਹਨ ਤਾਂ ਉਹ ਅਜਿਹਾ ਸੋਚਣ ਲਈ ਆਜ਼ਾਦ ਹਨ। ਦੱਸਿਆ ਜਾ ਰਿਹਾ ਹੈ ਕਿ ਸ਼ਰਦ ਯਾਦਵ ਵੱਲੋਂ ਵੱਖ ਹੋ ਕੇ ਨਵੀਂ ਪਾਰਟੀ ਬਣਾਉਣ ਦੀਆਂ ਵੀ ਖ਼ਬਰਾਂ ਹਨ।