MediaPunjab
ਮੀਡੀਆ ਪੰਜਾਬ ਦੀਆਂ ਖ਼ਬਰਾਂ

ਭਾਰਤ ਨੇ ਸਿੱਕਮ-ਅਰੁਣਾਚਲ ਸਰਹੱਦ 'ਤੇ ਫੌਜ ਵਧਾਈ

ਨਵੀਂ ਦਿੱਲੀ 12 ਅਗਸਤ (ਮਪ) ਭਾਰਤ ਨੇ ਸਿੱਕਮ ਤੇ ਨਾਲ ਲੱਗਦੇ ਭੂਟਾਨ ਦੇ ਡੋਕਲਾਮ 'ਚ ਚੀਨੀ ਫੌਜ ਦੀ ਵਧਦੀ ਦਖ਼ਲਅੰਦਾਜ਼ੀ ਨੂੰ ਦੇਖਦਿਆਂ ਸਿੱਕਮ ਅਰੁਣਾਚਲ ਪ੍ਰਦੇਸ਼ ਤੇ ਨੇੜਲੇ ਇਲਾਕਿਆਂ 'ਚ ਫੌਜ ਦੇ ਹੋਰ ਜਵਾਨ ਤਾਇਨਾਤ ਕਰ ਦਿੱਤੇ ਹਨ।  ਇਹ ਜਾਣਕਾਰੀ ਸੀਨੀਅਰ ਅਧਿਕਾਰੀਆਂ ਨੇ ਦਿੱਤੀ। ਅਧਿਕਾਰੀਆਂ ਨੇ ਦੱਸਿਆ ਕਿ ਫੌਜ ਦੀ ਗਸ਼ਤ ਨੂੰ ਵੀ ਵਧਾ ਦਿੱਤਾ ਹੈ। ਉਨਾਂ ਦੱਸਿਆ ਕਿ ਡੋਕਲਾਮ 'ਚ ਭਾਰਤ ਖਿਲਾਫ਼ ਚੀਨ ਦੇ ਮਾੜੇ ਵਤੀਰੇ ਕਾਰਨ ਸਿੱਕਮ ਤੋਂ ਲੈ ਕੇ ਅਰੁਣਾਚਲ ਪ੍ਰਦੇਸ਼ ਤੱਕ ਤਕਰੀਬਨ 1,400 ਕਿਲੋਮੀਟਰ ਲੰਬੀ ਸਰਹੱਦ 'ਤੇ ਫੌਜੀਆਂ ਦੀ ਗਿਣਤੀ ਹੋਰ ਵਧਾਉਣ ਦਾ ਫੈਸਲਾ ਕੀਤਾ ਗਿਆ ਹੈ। ਅਧਿਕਾਰੀਆਂ ਨੇ ਨਾਮ ਦਾ ਖੁਲਾਸਾ ਨਾ ਕਰਨ ਦੀ ਸ਼ਰਤ 'ਤੇ ਦੱਸਿਆ ਕਿ ਸਿੱਕਮ ਤੇ ਅਰੁਣਾਚਲ ਪ੍ਰਦੇਸ਼ ਸੈਕਟਰਾਂ 'ਚ ਚੀਨ ਨਾਲ ਲੱਗਦੀ ਸਰਹੱਦ 'ਤੇ ਫੌਜ ਨੂੰ ਹੋਰ ਵਧਾ ਦਿੱਤਾ ਗਿਆ ਹੈ। ਭਾਰਤੀ ਥਲ ਸੈਨਾ ਦੇ ਸ਼ੁਕਨਾ ਸਥਿਤ 33 ਕੋਰ ਦੇ ਨਾਲ ਨਾਲ ਅਰੁਣਾਚਲ ਪ੍ਰਦੇਸ਼ ਅਤੇ ਅਸਾਮ ਸਥਿਤ 3 ਅਤੇ 4 ਕੋਰ ਨੂੰ ਪੂਰਬੀ ਖੇਤਰ 'ਚ ਭਾਰਤ ਚੀਨ ਦੇ ਸੰਵਦੇਨਸ਼ੀਲ ਸਰਹੱਦ ਦੀ ਰੱਖਿਆ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ। ਅਧਿਕਾਰੀਆਂ ਨੇ ਤਾਇਨਾਤ ਕੀਤੇ ਗਏ ਫੌਜੀਆਂ ਦੇ ਅੰਕੜੇ  ਤੇ ਤਾਇਨਾਤੀ 'ਚ ਹੋਏ ਵਾਧੇ ਸਬੰਧੀ ਇਨਕਾਰ ਕਰਦਿਆਂ ਕਿਹਾ ਕਿ ਉਹ ਅਪਰੇਸ਼ਨ ਨਾਲ ਜੁੜੇ ਬਿਊਰੇ ਦਾ ਖੁਲਾਸਾ ਨਹੀਂ ਕਰ ਸਕਦੇ। ਰੱਖਿਆ ਮਾਹਿਰਾਂ ਨੇ ਕਿਹਾ ਕਿ ਮੌਸਮ ਨਾਲ ਨਜਿੱਠਣ ਸਬੰਧੀ ਹਰ ਪ੍ਰਕਿਰਿਆ ਪੂਰੀ ਕਰ ਚੁੱਕੇ ਜਵਾਨਾਂ ਸਮੇਤ ਕਰੀਬ 45 ਹਜ਼ਾਰ ਜਵਾਨਾਂ ਨੂੰ ਹਰ ਸਮੇਂ ਸਰਹੱਦ 'ਤੇ ਤਿਆਰ ਰੱਖਿਆ ਜਾਂਦਾ ਹੈ। ਉਨਾਂ ਕਿਹਾ ਕਿ ਸਮੁੰਦਰ ਤਲ ਤੋਂ 1000 ਫੁੱਟ ਤੋਂ ਵੀ ਜ਼ਿਆਦਾ ਦੀ ਉਚਾਈ 'ਤੇ ਤਾਇਨਾਤ ਫੌਜੀਆਂ ਨੂੰ ਮੌਸਮ ਨਾਲ ਨਜਿੱਠਣ 'ਚ 14 ਦਿਨ ਲੰਬੀ ਪ੍ਰਕਿਰਿਆ ਤੋਂ ਲੰਘਣਾ ਪੈਂਦਾ ਹੈ। ਉਨਾਂ ਦੱਸਿਆ ਕਿ ਡੋਕਲਾਮ 'ਚ ਕਰੀਬ ਅੱਠ ਹਫਤਿਆਂ ਤੋਂ ਲਗਭਗ 350 ਜਵਾਨ ਤਾਇਨਾਤ ਹਨ,  ਇਹ ਤਾਇਨਾਤੀ ਉਸ ਵੇਲੇ ਤੋਂ ਹੈ, ਜਦੋਂ ਭਾਰਤੀ ਫੌਜੀਆਂ ਨੇ 16 ਜੂਨ ਨੂੰ ਚੀਨੀ ਫੌਜ ਨੂੰ ਉਥੇ ਸੜਕ ਬਣਾਉਣ ਤੋਂ ਰੋਕ ਦਿੱਤਾ ਸੀ। ਡੋਕਲਾਮ 'ਤੇ ਭੂਟਾਨ ਤੇ ਚੀਨ ਦੇ ਆਪਣੇ ਆਪਣੇ ਦਾਅਵੇ ਹਨ ਅਤੇ ਉਹ ਮਸਲੇ ਨੂੰ ਹੱਲ ਕਰਨ ਲਈ ਗੱਲਬਾਤ ਕਰ ਰਹੇ ਹਨ। ਚੀਨ ਪਿਛਲੇ ਕੁਝ ਹਫ਼ਤਿਆਂ ਤੋਂ ਭਾਰਤ ਖਿਲਾਫ਼ ਲੜਾਕੂ ਬਿਆਨਬਾਜ਼ੀ ਕਰ ਰਿਹਾ ਹੈ। ਉਸ ਦੀ ਮੰਗ ਹੈ ਕਿ ਭਾਰਤ ਡੋਕਲਾਮ ਤੋਂ ਆਪਣੀ ਫੌਜ ਹਟਾਏ। ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਹਾਲ ਹੀ 'ਚ ਬਿਆਨ ਦਿੱਤਾ ਸੀ ਕਿ ਦੋਵੇਂ ਧਿਰਾਂ ਨੂੰ ਪਹਿਲਾਂ ਆਪਣੀਆਂ ਆਪਣੀਆਂ ਫੌਜਾਂ ਹਟਾਉਣੀਆਂ ਚਾਹੀਦੀਆਂ ਹਨ ਤਾਂ ਹੀ ਕੋਈ ਗੱਲਬਾਤ ਹੋ ਸਕਦੀ ਹੈ। ਉਨਾਂ ਨੇ ਸਰਹੱਦ 'ਤੇ ਸ਼ਾਂਤੀਪੂਰਨ ਤਰੀਕੇ ਨਾਲ ਗੱਲਬਾਤ ਕਰਨ ਦੀ ਵਕਾਲਤ ਕੀਤੀ ਸੀ।