MediaPunjab
ਮੀਡੀਆ ਪੰਜਾਬ ਦੀਆਂ ਖ਼ਬਰਾਂ

60 ਬੱਚਿਆਂ ਦੀ ਮੌਤ ਪਿੱਛੋਂ ਜਾਗੀ ਯੂਪੀ ਸਰਕਾਰ

ਲਖਨਊ 12 ਅਗਸਤ (ਮਪ) ਯੂਪੀ ਵਿੱਚ ਗੋਰਖਪੁਰ ਸਥਿਤ ਸਰਕਾਰੀ ਬਾਬਾ ਰਾਘਵ ਦਾਸ (ਬੀਆਰਡੀ) ਮੈਡੀਕਲ ਕਾਲਜ ਵਿੱਚ ਬੀਤੇ ਪੰਜ ਦਿਨਾਂ ਦੌਰਾਨ 60 ਤੋਂ ਵੱਧ ਬੱਚਿਆਂ ਦੀ ਮੌਤ ਕਾਰਨ ਚੌਤਰਫ਼ਾ ਆਲੋਚਨਾ ਤੋਂ ਬਾਅਦ ਹਰਕਤ ਵਿੱਚ ਆਈ ਸੂਬਾ ਸਰਕਾਰ ਨੇ ਅੱਜ ਕਾਲਜ ਦੇ ਪ੍ਰਿੰਸੀਪਲ ਡਾ. ਰਾਜੀਵ ਮਿਸ਼ਰਾ ਨੂੰ ਮੁਅੱਤਲ ਕਰ ਦਿੱਤਾ। ਮੁੱਖ ਮੰਤਰੀ ਯੋਗੀ ਅਦਿੱਤਿਆ ਨਾਥ ਦੇ ਜੱਦੀ ਜ਼ਿਲ੍ਹੇ ਤੇ ਹਲਕੇ ਵਿੱਚ ਵਾਪਰੀ ਇਸ ਘਟਨਾ ਨੇ ਦੇਸ਼ ਭਰ ਨੂੰ ਹਿਲਾ ਕੇ ਰੱਖ ਦਿੱਤਾ ਹੈ। ਪੀਐਮਓ ਮੁਤਾਬਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਪੂਰੇ ਮਾਮਲੇ ਉਤੇ ਨਜ਼ਰ ਰੱਖੀ ਜਾ ਰਹੀ ਹੈ। ਵਿਰੋਧੀ ਪਾਰਟੀਆਂ ਇਸ ਨੂੰ ਸੂਬੇ ਦੀ ਭਾਜਪਾ ਸਰਕਾਰ ਦੀ ਨਾਕਾਮੀ ਕਰਾਰ ਦਿੰਦਿਆਂ ਮੁੱਖ ਮੰਤਰੀ ਸ੍ਰੀ ਯੋਗੀ ਦੇ ਅਸਤੀਫ਼ੇ ਦੀ ਮੰਗ ਕੀਤੀ ਹੈ। ਯੂਪੀ ਦੇ ਸਿਹਤ ਮੰਤਰੀ ਆਸ਼ੂਤੋਸ਼ ਟੰਡਨ ਨੇ ਕਿਹਾ ਕਿ ਆਕਸੀਜਨ ਸਪਲਾਇਰ ਡੀਲਰ ਨੂੰ ਅਦਾਇਗੀ ਵਿੱਚ ਦੇਰੀ ਦੀ ‘ਗ਼ੈਰਜ਼ਿੰਮੇਵਾਰਾਨਾ ਕਾਰਵਾਈ’ ਲਈ ਮੈਡੀਕਲ ਕਾਲਜ ਦੇ ਪ੍ਰਿੰਸੀਪਲ ਨੂੰ ਮੁਅੱਤਲ ਕਰ ਕੇ ਮੁੱਖ ਸਕੱਤਰ ਦੀ ਅਗਵਾਈ ਹੇਠ ਜਾਂਚ ਦੇ ਹੁਕਮ ਦਿੱਤੇ ਗਏ ਹਨ। ਉਨ੍ਹਾਂ ਕਿਹਾ, ‘‘ਉਦੋਂ ਤੱਕ ਅਸੀਂ ਬਾਬਾ ਰਾਘਵ ਦਾਸ ਮੈਡੀਕਲ ਕਾਲਜ ਦੇ ਪ੍ਰਿੰਸੀਪਲ ਡਾ. ਰਾਜੀਵ ਮਿਸ਼ਰਾ ਨੂੰ ਇਸ ਗ਼ੈਰਜ਼ਿੰਮੇਵਾਰਾਨਾ ਕਾਰਵਾਈ ਲਈ ਫ਼ੌਰੀ ਮੁਅੱਤਲ ਕਰ ਰਹੇ ਹਾਂ।’’ ਉਨ੍ਹਾਂ ਕਿਹਾ ਕਿ ਆਕਸੀਜਨ ਸਪਲਾਇਰ ਡੀਲਰ ਨੇ ਪਹਿਲੀ ਅਗਸਤ ਨੂੰ ਬਕਾਇਆ ਰਕਮ ਦੀ ਅਦਾਇਗੀ ਲਈ ਪ੍ਰਿੰਸੀਪਲ ਨੂੰ ਪੱਤਰ ਲਿਖਿਆ ਸੀ। ਮੁੱਖ ਮੰਤਰੀ ਯੋਗੀ ਨੇ ਕਿਹਾ ਆਪਣੀ ਟਵੀਟ ਰਾਹੀਂ ਕਿਹਾ ਕਿ ਪ੍ਰਧਾਨ ਮੰਤਰੀ ਨੇ ਇਸ ਤ੍ਰਾਸਦੀ ਸਬੰਧੀ ਰਾਜ ਸਰਕਾਰ ਤੋਂ ਜਾਣਕਾਰੀ ਮੰਗੀ ਹੈ।  ਉਨ੍ਹਾਂ ਦੀਆਂ ਹਦਾਇਤਾਂ ’ਤੇ ਕੇਂਦਰੀ ਸਿਹਤ ਮੰਤਰੀ ਜੇ.ਪੀ. ਨੱਡਾ ਤੇ ਕੇਂਦਰੀ ਸਿਹਤ ਰਾਜ ਮੰਤਰੀ ਅਨੂਪ੍ਰੀਆ ਪਟੇਲ ਨੇ ਵੀ ਜਾਣਕਾਰੀ ਲਈ ਹੈ। ਕੇਂਦਰੀ ਗ੍ਰਹਿ ਮੰਤਰਾਲੇ ਨੇ ਬੀਤੇ ਦਿਨ ਕਿਹਾ, ‘‘ਗੋਰਖਪੁਰ ਦੇ ਐਸਪੀ (ਜ਼ਿਲ੍ਹਾ ਪੁਲੀਸ ਮੁਖੀ) ਮੁਤਾਬਕ 21 ਬੱਚਿਆਂ ਦੀ ਮੌਤ ਤਰਲ ਆਕਸੀਜਨ ਦੀ ਕਮੀ ਕਾਰਨ ਹੋਈ। ਉਂਜ ਸਿਵਲ ਪ੍ਰਸ਼ਾਸਨ ਵੱਲੋਂ ਮੌਤਾਂ ਦਾ ਅਸਲ ਕਾਰਨ ਪਤਾ ਲਾਇਆ ਜਾ ਰਿਹਾ ਹੈ।’’ ਸੂਬੇ ਦੇ ਸਿਹਤ ਮੰਤਰੀ ਸਿਧਾਰਥ ਨਾਥ ਸਿੰਘ ਨੇ ਕਿਹਾ ਕਿ ਬੀਤੀ 7 ਅਗਸਤ ਤੋਂ ਹਸਪਤਾਲ ਵਿੱਚ ਵੱਖ-ਵੱਖ ਕਾਰਨਾਂ ਕਰ ਕੇ 60 ਬੱਚਿਆਂ ਦੀ ਮੌਤ ਹੋਈ ਹੈ। ਨਵੀਂ ਦਿੱਲੀ ਵਿੱਚ ਪ੍ਰਧਾਨ ਮੰਤਰੀ ਦਫ਼ਤਰ (ਪੀਐਮਓ) ਨੇ ਇਸ ਸਬੰਧੀ ਆਪਣੇ ਬਿਆਨ ਵਿੱਚ ਕਿਹਾ, ‘‘ਪ੍ਰਧਾਨ ਮੰਤਰੀ ਵੱਲੋਂ ਗੋਰਖਪੁਰ ਮਾਮਲੇ ਉਤੇ ਲਗਾਤਾਰ ਨਜ਼ਰ ਰੱਖੀ ਜਾ ਰਹੀ ਹੈ। ਉਨ੍ਹਾਂ ਕੇਂਦਰੀ ਤੇ ਸੂਬਾਈ ਸਰਕਾਰਾਂ ਦੇ ਅਧਿਕਾਰੀਆਂ ਨਾਲ ਰਾਬਤਾ ਬਣਾਇਆ ਹੋਇਆ ਹੈ।’’ ਪੀਐਮਓ ਮੁਤਾਬਕ ਕੇਂਦਰੀ ਸਿਹਤ ਰਾਜ ਮੰਤਰੀ ਅਨੂਪ੍ਰਿਆ ਪਟੇਲ (ਜੋ ਯੂਪੀ ਨਾਲ ਹੀ ਸਬੰਧਤ ਹੈ) ਤੇ ਸਿਹਤ ਸਕੱਤਰ ਸੀ.ਕੇ. ਮਿਸ਼ਰਾ ਨੂੰ ਗੋਰਖਪੁਰ ਦਾ ਦੌਰਾ ਕਰ ਕੇ ਰਿਪੋਰਟ ਦੇਣ ਲਈ ਕਿਹਾ ਗਿਆ ਹੈ। ਵਿਰੋਧੀ ਧਿਰ ਨੇ ਇਸ ਭਿਆਨਕ ਤ੍ਰਾਸਦੀ ਲਈ ਯੂਪੀ ਸਰਕਾਰ ਨੂੰ ਜ਼ਿੰਮੇਵਾਰ ਕਰਾਰ ਦਿੱਤਾ ਹੈ। ਕਾਂਗਰਸ ਨੇ ਮੁੱਖ ਮੰਤਰੀ ਯੋਗੀ ਅਦਿੱਤਿਆ ਨਾਥ ਤੇ ਸਿਹਤ ਮੰਤਰੀ ਸਿਧਾਰਥ ਨਾਥ ਸਿੰਘ ਦੇ ਅਸਤੀਫ਼ੇ ਦੀ ਮੰਗ ਕੀਤੀ ਹੈ। ਪਾਰਟੀ ਦੇ ਸੀਨੀਅਰ ਆਗੂ ਤੇ ਸਾਬਕਾ ਕੇਂਦਰੀ ਸਿਹਤ ਮੰਤਰੀ ਗ਼ੁਲਾਮ ਨਬੀ ਆਜ਼ਾਦ ਨੇ ਅੱਜ ਬੀਆਰਡੀ ਮੈਡੀਕਲ ਕਾਲਜ ਦਾ ਦੌਰਾ ਕਰਨ ਪਿੱਛੋਂ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਕਿਹਾ, ‘‘ਇਹ ਘਟਨਾ ਰਾਜ ਸਰਕਾਰ ਦੀ ਅਣਗਹਿਲੀ ਕਾਰਨ ਵਾਪਰੀ ਹੈ। ਅਸੀਂ ਇਸ ਲਈ ਸੂਬਾ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਉਂਦੇ ਹਾਂ। ਸਿਹਤ ਮੰਤਰੀ ਤੇ ਸਿਹਤ ਸਕੱਤਰ ਨੇ ਇਸ ਲਈ ਫ਼ੌਰੀ ਅਸਤੀਫ਼ਾ ਦੇਣਾ ਚਾਹੀਦਾ ਹੈ। ਇਸ ਲਈ ਡਾਕਟਰ ਦੋਸ਼ੀ ਨਹੀਂ ਹਨ।’’  ਨਵੀਂ ਦਿੱਲੀ ਵਿੱਚ ਪਾਰਟੀ ਦੇ ਤਰਜਮਾਨ ਮਨੀਸ਼ ਤਿਵਾੜੀ ਨੇ ਕਿਹਾ ਕਿ ਇਸ ਲਈ ਯੂਪੀ ਦੇ ਮੁੱਖ ਮੰਤਰੀ ਤੇ ਸਿਹਤ ਮੰਤਰੀ ਨੂੰ ‘ਇਖ਼ਲਾਕੀ ਆਧਾਰ ’ਤੇ ਅਸਤੀਫ਼ਾ’ ਦੇਣਾ ਚਾਹੀਦਾ ਹੈ। ਸਪਾ ਤੇ ਬਸਪਾ ਨੇ ਵੀ ਇਸ ਲਈ ਯੂਪੀ ਸਰਕਾਰ ਨੂੰ ‘ਭਾਰੀ ਮੁਜਰਮਾਨਾ ਕੋਤਾਹੀ’ ਦੀ ਦੋਸ਼ੀ ਕਰਾਰ ਦਿੱਤਾ ਹੈ। ਬਸਪਾ ਮੁਖੀ ਕੁਮਾਰੀ ਮਾਇਆਵਤੀ ਨੇ ਕਿਹਾ, ‘‘ਇਹ ਭਾਜਪਾ ਸਰਕਾਰ ਦੀ ਭਾਰੀ ਮੁਜਰਮਾਨਾ ਅਣਗਹਿਲੀ ਦੀ ਮਿਸਾਲ ਹੈ।’’ ਸਪਾ ਮੁਖੀ ਅਖਿਲੇਸ਼ ਯਾਦਵ ਨੇ ਕਿਹਾ, ‘‘ਸਾਨੂੰ ਜਾਣਕਾਰੀ ਮਿਲੀ ਹੈ ਕਿ ਬੱਚੇ ਮਰ ਰਹੇ ਸਨ ਪਰ ਪੀੜਤ ਪਰਿਵਾਰਾਂ ਨੂੰ ਮਾਮਲਾ ਦਬਾਉਣ ਲਈ ਹਸਪਤਾਲ ਤੋਂ ਕੱਢਿਆ ਜਾ ਰਿਹਾ ਸੀ।’’ ਦੋਵਾਂ ਵਿਰੋਧੀ ਪਾਰਟੀਆਂ ਨੇ ਮਾਮਲੇ ਦੀ ਉਚ-ਪੱਧਰੀ ਜਾਂਚ ਦੀ ਮੰਗ ਕੀਤੀ ਹੈ। ਬੀਬੀ ਮਾਇਆਵਤੀ ਨੇ ਦੋਸ਼ ਲਾਇਆ, ‘‘ਅਸਲ ਵਿੱਚ ਲੋਕਾਂ ਦੀ ਭਲਾਈ ਸਰਕਾਰ ਦੀ ਤਰਜੀਹ ਨਹੀਂ ਹੈ।… ਸਰਕਾਰ ਆਪਣੀਆਂ ਨਾਕਾਮੀਆਂ ਤੋਂ ਧਿਆਨ ਹਟਾਉਣ ਲਈ ਤਿਰੰਗਾ, ਵੰਦੇ ਮਾਤਰਮ, ਮਦਰੱਸਾ ਤੇ ਐਂਟੀ-ਰੋਮੀਓ ਵਰਗੇ ਮੁੱਦੇ ਉਠਾਉਂਦੀ ਰਹਿੰਦੀ ਹੈ।’’ ਉਨ੍ਹਾਂ ਕਿਹਾ ਕਿ ਘਟਨਾ ਉਦੋਂ ਵਾਪਰੀ ਹੈ ਜਦੋਂ ਮੁੱਖ ਮੰਤਰੀ ਖ਼ੁਦ ਗੋਰਖਪੁਰ ਦੇ ਦੌਰੇ ’ਤੇ ਸੀ।