MediaPunjab
ਮੀਡੀਆ ਪੰਜਾਬ ਦੀਆਂ ਖ਼ਬਰਾਂ

NCB ਨੇ ਕਾਮੇਡੀਅਨ ਭਾਰਤੀ ਸਿੰਘ ਤੇ ਪਤੀ ਨੂੰ ਕੀਤਾ ਗਿ੍ਫ਼ਤਾਰ, ਛਾਪੇਮਾਰੀ 'ਚ ਘਰ ਤੋਂ ਮਿਲਿਆ ਸੀ ਗਾਂਜਾ


ਮੁੰਬਈ 21 ਨਵੰਬਰ (ਮਪ) ਨਾਰਕੋਟਿਕਸ ਕੰਟਰੋਲ ਬਿਊਰੋ (ਐੱਨਸੀਬੀ) ਨੇ ਸ਼ਨਿਚਰਵਾਰ ਨੂੰ ਕਾਮੇਡੀਅਨ ਭਾਰਤੀ ਸਿੰਘ ਤੇ ਉਨ੍ਹਾਂ ਦੇ ਪਤੀ ਹਰਸ਼ ਲਿੰਬਾਚੀਆ ਨੂੰ ਲੰਬੀ ਪੁੱਛਗਿੱਛ ਮਗਰੋਂ ਗਿ੍ਫ਼ਤਾਰ ਕਰ ਲਿਆ ਹੈ। ਪੁੱਛਗਿੱਛ 'ਚ ਦੋਵਾਂ ਨੇ ਗਾਂਜੇ ਦੀ ਵਰਤੋਂ ਦੀ ਗੱਲ ਸਵੀਕਾਰ ਕੀਤੀ ਹੈ। ਨਸ਼ੀਲੇ ਪਦਾਰਥਾਂ ਦੀ ਖ਼ਰੀਦ-ਫ਼ਰੋਖ਼ਤ ਕਰਨ ਵਾਲੇ ਕਿਸੇ ਵਿਅਕਤੀ ਤੋਂ ਪੁੱਛਗਿੱਛ 'ਚ ਭਾਰਤੀ ਸਿੰਘ ਦਾ ਨਾਂ ਸਾਹਮਣੇ ਆਉਣ ਤੋਂ ਬਾਅਦ ਐੱਨਸੀਬੀ ਨੇ ਸ਼ਨਿਚਰਵਾਰ ਸਵੇਰੇ ਸੱਤ ਵਜੇ ਉਨ੍ਹਾਂ ਦੇ ਲੋਖੰਡਵਾਲਾ ਕੰਪਲੈਕਸ ਸਥਿਤ ਘਰ ਤੇ ਦਫ਼ਤਰ 'ਚ ਇਕੱਠੇ ਛਾਪਾ ਮਾਰਿਆ। ਕਰੀਬ ਸਾਢੇ ਛੇ ਘੰਟੇ ਚੱਲੀ ਫਲੈਟ ਦੀ ਤਲਾਸ਼ੀ 'ਚ ਐੱਨਸੀਬੀ ਨੂੰ ਕੁਝ ਮਾਤਰਾ 'ਚ ਗਾਂਜਾ ਬਰਾਮਦ ਹੋਇਆ। ਪੁੱਛਗਿੱਛ ਦੌਰਾਨ ਭਾਰਤੀ ਤੇ ਹਰਸ਼ ਐੱਨਸੀਬੀ ਦੇ ਕਈ ਸਵਾਲਾਂ ਦੇ ਤਸੱਲੀਬਖਸ਼ ਜਵਾਬ ਨਾ ਦੇ ਸਕੇ ਤਾਂ ਉਨ੍ਹਾਂ ਨੂੰ ਐੱਨਸੀਬੀ ਦੇ ਬੇਲਾਰਡ ਅਸਟੇਟ ਸਥਿਤ ਦਫ਼ਤਰ ਲਿਜਾ ਕੇ ਪੁੱਛਗਿੱਛ ਸ਼ੁਰੂ ਕੀਤੀ ਗਈ। ਉੱਥੇ ਚੱਲੀ ਕਰੀਬ ਸਾਢੇ ਚਾਰ ਘੰਟੇ ਪੁੱਛਗਿੱਛ ਮਗਰੋਂ ਐੱਨਸੀਬੀ ਨੇ ਭਾਰਤੀ ਸਿੰਘ ਨੂੰ ਗਿ੍ਫ਼ਤਾਰ ਕਰ ਲਿਆ। ਇਸ ਤੋਂ ਕਰੀਬ ਡੇਢ ਘੰਟੇ ਬਾਅਦ ਉਨ੍ਹਾਂ ਦੇ ਪਤੀ ਹਰਸ਼ ਨੂੰ ਵੀ ਗਿ੍ਫ਼ਤਾਰ ਕਰ ਲਿਆ ਗਿਆ। ਦੱਸਣਯੋਗ ਹੈ ਕਿ ਮੁੰਬਈ ਫਿਲਮ ਇੰਡਸਟਰੀ 'ਚ ਨਸ਼ੀਲੇ ਪਦਾਰਥਾਂ ਦੀ ਜਾਂਚ ਪੜਤਾਲ ਦਾ ਸਿਲਸਿਲਾ ਕੁਝ ਮਹੀਨੇ ਪਹਿਲਾਂ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਸ਼ੱਕੀ ਮੌਤ ਤੋਂ ਬਾਅਦ ਸ਼ੁਰੂ ਹੋਇਆ ਸੀ। ਸੁਸ਼ਾਂਤ ਦੀ ਮਹਿਲਾ ਦੋਸਤ ਰੀਆ ਚੱਕਰਵਰਤੀ ਦੇ ਪੁਰਾਣੇ ਮੋਬਾਈਲ ਚੈਟ ਸਾਹਮਣੇ ਆਉਣ ਤੋਂ ਬਾਅਦ ਸ਼ੁਰੂ ਹੋਇਆ ਜਾਂਚ ਦਾ ਇਹ ਸਿਲਸਿਲਾ ਫਿਲਹਾਲ ਰੁਕਣ ਦਾ ਨਾਂ ਨਹੀਂ ਲੈ ਰਿਹਾ। ਸਭ ਤੋਂ ਪਹਿਲਾਂ ਰੀਆ ਤੇ ਉਨ੍ਹਾਂ ਦੇ ਭਰਾ ਸ਼ੌਵਿਕ ਦੀ ਗਿ੍ਫ਼ਤਾਰੀ ਹੋਈ। ਰੀਆ ਨੂੰ ਕਰੀਬ ਇਕ ਮਹੀਨਾ ਜੇਲ੍ਹ 'ਚ ਰਹਿਣ ਤੋਂ ਬਾਅਦ ਜ਼ਮਾਨਤ ਮਿਲ ਸਕੀ। ਸ਼ੌਵਿਕ ਹਾਲੇ ਜੇਲ੍ਹ 'ਚ ਹੈ। ਪਿਛਲੇ ਹਫ਼ਤੇ ਹੀ ਸਿਨੇ ਨਿਰਮਾਤਾ ਫਿਰੋਜ਼ ਨਾਡੀਆਵਾਲਾ ਦੀ ਪਤਨੀ ਸ਼ਬਾਨਾ ਦੀ ਗਿ੍ਫ਼ਤਾਰੀ ਹੋਈ। ਉਨ੍ਹਾਂ ਨੂੰ ਜ਼ਮਾਨਤ ਮਿਲ ਚੁੱਕੀ ਹੈ। ਇਸ ਤੋਂ ਇਲਾਵਾ ਦੀਪਿਕਾ ਪਾਦੂਕੋਣ ਤੇ ਉਨ੍ਹਾਂ ਦੀ ਮੈਨੇਜਰ ਕਰਿਸ਼ਮਾ ਪ੍ਰਕਾਸ਼, ਸਾਰਾ ਅਲੀ ਖ਼ਾਨ, ਸ਼ਰਧਾ ਕਪੂਰ ਆਦਿ ਤੋਂ ਵੀ ਐੱਨਸੀਬੀ ਲੰਬੀ ਪੁੱਛਗਿੱਛ ਕਰ ਚੁੱਕੀ ਹੈ।