MediaPunjab
ਮੀਡੀਆ ਪੰਜਾਬ ਦੀਆਂ ਖ਼ਬਰਾਂ

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਵੱਡੇ ਪੁੱਤਰ ਨੂੰ ਕੋਰੋਨਾ

ਵਾਸ਼ਿੰਗਟਨ 21 ਨਵੰਬਰ (ਮਪ)  ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਵੱਡੇ ਪੁੱਤਰ ਡੋਨਾਲਡ ਟਰੰਪ ਜੂਨੀਅਰ ਕੋਰੋਨਾਵਾਇਰਸ ਨਾਲ ਪੀੜਤ ਹੋ ਗਏ ਹਨ। ਉਨ੍ਹਾਂ ਦੇ ਬੁਲਾਰੇ ਨੇ ਕਿਹਾ ਕਿ ਟਰੰਪ ਜੂਨੀਅਰ ਦੇ ਕੋਰੋਨਾ ਪਾਜ਼ੇਟਿਵ ਹੋਣ ਦੀ ਪੁਸ਼ਟੀ ਇਸ ਹਫ਼ਤੇ ਦੇ ਸ਼ੁਰੂ 'ਚ ਹੋਈ ਤੇ ਜਾਂਚ ਦੀ ਰਿਪੋਰਟ ਆਉਣ ਦੇ ਬਾਅਦ ਤੋਂ ਉਹ ਆਪਣੇ ਕੈਬਿਨ 'ਚ ਕੁਆਰੰਟਾਈਨ ਹਨ। ਹੁਣ ਤਕ ਉਨ੍ਹਾਂ 'ਚ ਇਨਫੈਕਸ਼ਨ ਦੇ ਕੋਈ ਲੱਛਣ ਨਹੀਂ ਦਿਖਾਈ ਦਿੱਤੇ ਤੇ ਉਹ ਕੋਰੋਨਾ ਸਬੰਧੀ ਸਾਰੇ ਮੈਡੀਕਲ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰ ਰਹੇ ਹਨ। ਟਰੰਪ ਜੂਨੀਅਰ (42) ਤੋਂ ਪਹਿਲਾਂ ਉਨ੍ਹਾਂ ਦੇ ਪਿਤਾ ਡੋਨਾਲਡ ਟਰੰਪ, ਉਨ੍ਹਾਂ ਦੇ ਮਤਰਈ ਮਾਂ ਮੇਲਾਨੀਆ ਟਰੰਪ ਤੇ ਉਨ੍ਹਾਂ ਦੇ ਛੋਟੇ ਭਰਾ ਬੈਰੋਨ ਵੀ ਇਨਫੈਕਟਿਡ ਹੋ ਚੁੱਕੇ ਹਨ। ਰਾਸ਼ਟਰਪਤੀ ਟਰੰਪ ਨੂੰ ਤਾਂ ਇਲਾਜ ਲਈ ਮਿਲਟਰੀ ਹਸਪਤਾਲ 'ਚ ਦਾਖਲ ਕਰਾਉਣਾ ਪਿਆ ਸੀ। ਟਰੰਪ ਜੂਨੀਅਰ ਦੇ ਗਰਲਫ੍ਰੈਂਡ ਕਿੰਬਰਲੀ ਗੁਇਲਫਾਇਲ ਵੀ ਜੁਲਾਈ 'ਚ ਕੋਰੋਨਾ ਇਨਫੈਕਟਿਡ ਹੋ ਗਈ ਸੀ। ਇਸ ਮਹੀਨੇ ਦੇ ਸ਼ੁਰੂ 'ਚ ਵ੍ਹਾਈਟ ਹਾਊਸ ਦੇ ਚੀਫ਼ ਆਫ ਸਟਾਫ ਮਾਰਕ ਮਿਡੋਜ਼ ਸਮੇਤ ਰਾਸ਼ਟਰਪਤੀ ਦੇ ਕਈ ਸਹਿਯੋਗੀਆਂ ਦੇ ਇਨਫੈਕਟਿਡ ਹੋਣ ਦੀ ਖ਼ਬਰ ਆਈ ਸੀ। ਅਮਰੀਕਾ 'ਚ ਹੁਣ ਤਕ ਇਕ ਕਰੋੜ 18 ਲੱਖ ਲੋਕ ਕੋਰੋਨਾ ਦੀ ਲਪੇਟ 'ਚ ਆ ਚੁੱਕੇ ਹਨ ਤੇ ਦੋ ਲੱਖ 53 ਹਜ਼ਾਰ ਦੀ ਮੌਤ ਹੋ ਚੁੱਕੀ ਹੈ।