Bagel Singh Dhaliwal

ਮਾਖਿਓਂ ਮਿੱਠੀ ਹੈ ਮਾਂ ਬੋਲੀ ਪੰਜਾਬੀ - ਬਘੇਲ ਸਿੰਘ ਧਾਲੀਵਾਲ
 ਪੰਜਾਬੀ ਸਾਹਿਤ ਰਚਨਾ ਦਾ ਮੁੱਢ ਅੱਠਵੀਂ ਨੌਵੀਂ ਸਦੀ ਚ ਹੋਇਆ ਮੰਨਿਆ ਜਾਂਦਾ ਹੈ,ਤਾਂ ਜਾਹਰ ਹੈ ਕਿ ਪੰਜਾਬੀ ਬੋਲੀ ਦੀ ਉਮਰ ਵੀ 1200 ਵਰ੍ਹੇ ਤੋ ਲੰਮੀ ਹੈ।  ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਗੁਰੂਆਂ,ਪੀਰਾਂ,ਭਗਤਾਂ,ਸੂਫੀਆਂ,ਦੀ ਬਾਣੀ ਨੇ ਪੰਜਾਬੀ ਬੋਲੀ ਨੂੰ ਹੋਰ ਅਲੌਕਿਕ ਸੰਗੀਤਮਈ ਤੇ ਮਿਠਾਸ ਭਰਪੂਰ ਕੀਤਾ ਹੈ। ਭੰਗੜਾ ਸੰਗੀਤ ਦੀ ਮਾਂ ਬੋਲੀ ਪੰਜਾਬੀ ਹੋਣ ਕਰਕੇ ਇਹ ਕਿਸੇ ਇੱਕ ਫਿਰਕੇ,ਮਜਹਬ ਜਾਂ ਇਲਾਕੇ ਤੱਕ ਸੀਮਤ ਬੋਲੀ ਨਹੀ ਰਹੀ,ਬਲਕਿ ਇਹ ਦੋਵਾਂ ਪੰਜਾਬਾਂ ਤੋ ਬਾਹਰ ਨਿਕਲ ਕੇ ਦੁਨੀਆਂ ਪੱਧਰ ਤੱਕ ਪੈਰ ਪਸਾਰਨ ਵਾਲੀ ਬੋਲੀ ਹੋ ਨਿਬੜੀ ਹੈ। ਐਥਨੋਲੋਗ" 2005 (ਬੋਲੀਆਂ ਨਾਲ਼ ਸਬੰਧਿਤ ਇੱਕ ਵਿਸ਼ਵ ਗਿਆਨ ਕੋਸ਼) ਮੁਤਾਬਕ ਪੰਜਾਬੀ ਸਮੁੱਚੀ ਦੁਨੀਆ ਵਿੱਚ ਸਭ ਤੋਂ ਵੱਧ ਬੋਲੀ ਜਾਣ ਵਾਲੀ 'ਦਸਵੀਂ ਬੋਲੀ'ਹੈ। ਇਸਦੇ ਬਾਵਜੂਦ ਵੀ ਪੰਜਾਬੀ ਤੇ ਖਤਰੇ ਮੰਡਰਾਉਂਦੇ ਰਹੇ ਹਨ। ਪੰਜਾਬੀ ਭਾਸ਼ਾ ਨੂੰ ਦਬਾਉਣ ਲਈ ਅੰਗਰੇਜ ਸਾਮਰਾਜ ਦੀ ਵੀ ਵੱਡੀ ਭੂਮਿਕਾ ਰਹੀ ਹੈ,ਪ੍ਰੰਤੂ ਅਜਾਦੀ ਤੋ ਬਾਅਦ ਦਾ ਵਰਤਾਰਾ ਵੀ ਪੰਜਾਬੀ ਲਈ ਚਿੰਤਾਜਨਕ ਹੀ ਰਿਹਾ ਹੈ।ਜੰਮੂ ਕਸ਼ਮੀਰ ਤੋ ਬਾਅਦ ਪੰਜਾਬ ਹੀ ਇੱਕੋ ਇੱਕ ਅਜਿਹਾ ਸੂਬਾ ਹੋਵੇਗਾ,ਜਿਸ ਦੀ ਮਾਤ ਭਾਸ਼ਾ ਨੂੰ ਦੇਸ਼ ਨਿਕਾਲਾ ਦੇ ਕੇ ਹਿੰਦੀ ਭਾਸ਼ਾ ਨੂੰ ਪਟਰਾਣੀ ਬਨਾਉਣ ਦੀਆਂ ਸਾਜਿਸ਼ਾਂ ਅੰਜਾਮ ਅਧੀਨ ਹਨ।ਪੰਜਾਬੀ ਭਾਸ਼ਾ ਦੀ ਲੜਾਈ ਲੇਖਕਾਂ,ਬੁੱਧੀਜੀਵੀਆਂ ਸਮੇਤ ਬਹੁਤ ਸਾਰੀਆਂ ਪੰਜਾਬੀ ਬੋਲੀ ਨੂੰ ਪਿਆਰ ਕਰਨ ਵਾਲੀਆਂ ਸੰਸਥਾਵਾਂ ਵੱਲੋਂ  ਪਿਛਲੇ ਲੰਮੇ ਸਮੇ ਤੋ ਲੜੀ ਜਾ ਰਹੀ ਹੈ। ਸੂਬਾ ਸਰਕਾਰਾਂ ਦੀ ਪੰਜਾਬੀ ਪ੍ਰਤੀ ਪਹੁੰਚ ਨੂੰ ਜਾਨਣ ਲਈ ਸਰਕਾਰਾਂ ਦੀ ਕਾਰਗੁਜਾਰੀ ਤੇ ਝਾਤ ਮਾਰਨੀ ਵੀ ਜਰੂਰੀ ਹੈ। ਪਹਿਲੇ ਪੰਜਾਬ ਰਾਜ ਭਾਸ਼ਾ ਐਕਟ’ 1960 ਦੀ ਧਾਰਾ 3 ਰਾਹੀਂ ਪੰਜਾਬੀ ਖੇਤਰ ਦੇ ਸਾਰੇ ਜ਼ਿਲ੍ਹਿਆਂ ਵਿੱਚ ਹੋਣ ਵਾਲੇ ‘ਸਾਰੇ ਦਫ਼ਤਰੀ ਕੰਮਕਾਜ’ 2 ਅਕਤੂਬਰ 1960 ਤੋਂ ਪੰਜਾਬੀ ਵਿੱਚ ਕੀਤੇ ਜਾਣ ਦੀ ਵਿਵਸਥਾ ਕੀਤੀ ਗਈ। ਇਸ ਵਿਵਸਥਾ ਦੀ ਖ਼ੂਬਸੂਰਤੀ ਇਹ ਸੀ ਕਿ ਕਿਸੇ ਵੀ ਕੰਮ ਨੂੰ ਕਿਸੇ ਮਜਬੂਰੀ ਬੱਸ ਵੀ ਕਿਸੇ ਹੋਰ ਭਾਸ਼ਾ ਵਿੱਚ ਕਰਨ ਦੀ ਵਿਵਸਥਾ ਨਹੀ ਸੀ।ਭਾਵ ਇਹ ਕਿ 2 ਅਕਤੂਬਰ 1960 ਤੋਂ ਜ਼ਿਲ੍ਹਾ ਪੱਧਰ ਦੇ ਸਾਰੇ ਦਫ਼ਤਰਾਂ ਵਿੱਚ ਸਾਰਾ ਕੰਮਕਾਜ ਪੰਜਾਬੀ ਵਿੱਚ ਹੋਣਾ ਸ਼ੁਰੂ ਹੋਇਆ। ਬਾਅਦ ਵਿੱਚ ਕਿਸੇ ਕੰਮ ਨੂੰ ਪੰਜਾਬੀ ’ਚ ਕਰਨ ਤੋਂ ਛੋਟ ਦੇਣ ਵਾਲਾ ਕੋਈ ਦਸਤਾਵੇਜ਼ ਉਪਲੱਬਧ ਨਹੀਂ ਹੈ। ਇਸੇ ਧਾਰਾ ਰਾਹੀਂ ਇਹ ਵਿਵਸਥਾ ਵੀ ਕੀਤੀ ਗਈ ਕਿ 2 ਅਕਤੂਬਰ 1962 ਤੋਂ ਜ਼ਿਲ੍ਹਾ ਪੱਧਰੀ ਦਫ਼ਤਰਾਂ ਵੱਲੋਂ ਰਾਜ ਸਰਕਾਰ ਜਾਂ ਮੁੱਖ ਦਫ਼ਤਰਾਂ ਨਾਲ ਕੀਤੇ ਜਾਣ ਵਾਲੇ ਚਿੱਠੀ ਪੱਤਰ ਦੀ ਭਾਸ਼ਾ ਵੀ ਪੰਜਾਬੀ ਹੋਵੇਗੀ। ਇੱਥੇ ਇਹ ਦਸੱਣਾ ਵੀ ਜਰੂਰੀ ਹੈ ਕਿ ਜਦੋ ਇਹ ਕਨੂੰਨ ਬਣਿਆ ਉਦੋਂ ਪੰਜਾਬੀ ਸੂਬਾ ਨਹੀ ਸੀ ਬਣਿਆ,ਬਲਕਿ ਇਹ ਕਨੂੰਨ ਸਾਂਝੇ  ਪੰਜਾਬ (ਪੰਜਾਬ,ਹਰਿਆਣਾ,ਹਿਮਾਚਲ ਪ੍ਰਦੇਸ) ਸਮੇ ਲਾਗੂ ਹੋਇਆ ਸੀ,ਜਿਸ ਵਿੱਚ ਕਿਧਰੇ ਵੀ ਪੰਜਾਬੀ ਭਾਸ਼ਾ ਤੋਂ ਬਗੈਰ ਹੋਰ ਕਿਸੇ ਭਾਸ਼ਾ ਵਿੱਚ ਕੰਮ ਕਰਨ ਦੀ ਗੁੰਜਾਇਸ਼ ਨਹੀ ਸੀ ਛੱਡੀ ਗਈ। ਪੰਜਾਬੀ ਸੂਬਾ ਬਣਨ ਮਗਰੋਂ 29 ਦਸੰਬਰ 1967 ਨੂੰ 1960 ਦਾ ਕਾਨੂੰਨ ਰੱਦ ਕਰਕੇ ਨਵਾਂ ਰਾਜ ਭਾਸ਼ਾ ਐਕਟ 1967 ਬਣਾਇਆ ਗਿਆ। ਇਸ ਕਾਨੂੰਨ ਦੀ ਉਦੇਸ਼ਕਾ ਵਿੱਚ ਇਹ ਐਕਟ ਬਣਾਉਣ ਦਾ ਉਦੇਸ਼ ‘ਪੰਜਾਬ ਰਾਜ ਦੇ ਸਾਰੇ ਜਾਂ ਕੁਝ ਦਫ਼ਤਰੀ ਕੰਮਕਾਜ ਨੂੰ ਪੰਜਾਬੀ ਵਿੱਚ ਕੀਤੇ ਜਾਣਾ’ ਨਿਸ਼ਚਿਤ ਕੀਤਾ ਗਿਆ।ਇਸ ਕਨੂੰਨ ਤੋ ਅੰਦਾਜ ਲਾਉਣਾ ਕਿੰਨਾ ਸੌਖਾ ਹੈ ਕਿ ਪੰਜਾਬੀ ਬੋਲੀ ਨਾਲ ਵਿਤਕਰਾ ਪੰਜਾਬੀ ਸੂਬਾ ਬਨਣ ਤੋ ਬਾਅਦ ਜਿਆਦਾ ਖੁੱਲ੍ਹੇ ਰੂਪ ਵਿੱਚ ਸਾਹਮਣੇ ਆਇਆ। 1960 ਦੇ ਰਾਜ ਭਾਸ਼ਾ ਐਕਟ ਦੇ ਮੁਕਾਬਲੇ 1967 ਵਾਲਾ ਕਨੂੰਨ ਪੰਜਾਬੀ ਦੀ ਪਕੜ ਕਮਜੋਰ ਕਰਨ ਲਈ ਕਿੰਨਾ ਲਚਕਦਾਰ ਰੱਖਿਆ ਗਿਆ। 1967 ਦੇ ਐਕਟ ਦੀ ਧਾਰਾ 4 ਰਾਹੀਂ ਮਿਲੇ ਅਧਿਕਾਰ ਦੀ ਵਰਤੋਂ ਕਰਦਿਆਂ ਪੰਜਾਬ ਸਰਕਾਰ ਵੱਲੋਂ ਦਫ਼ਤਰੀ ਕੰਮਕਾਜ ਨੂੰ ਪੰਜਾਬੀ ਵਿੱਚ ਕਰਨ ਲਈ ਤੁਰੰਤ ਦੋ ਨੋਟੀਫਿਕੇਸ਼ਨ ਜਾਰੀ ਕੀਤੇ ਗਏ।ਪਹਿਲਾ ਨੋਟੀਫਿਕੇਸ਼ਨ 30 ਦਸੰਬਰ 1967 ਨੂੰ ਜਾਰੀ ਹੋਇਆ। ਇਸ ਰਾਹੀਂ ਜ਼ਿਲ੍ਹਾ ਪੱਧਰੀ ਦਫ਼ਤਰਾਂ ਵਿੱਚ ਹੁੰਦੇ ਦਫ਼ਤਰੀ ਕੰਮਕਾਜ ਨੂੰ 1 ਜਨਵਰੀ 1968 ਤੋਂ ਪੰਜਾਬੀ ਭਾਸ਼ਾ ਵਿੱਚ ਕਰਨ ਦੇ ਹੁਕਮ ਦਿੱਤੇ ਗਏ ਸਨ।  9 ਫਰਵਰੀ 1968 ਨੂੰ ਜਾਰੀ ਹੋਏ ਦੂਜੇ ਨੋਟੀਫਿਕੇਸਨ ਰਾਹੀਂ ‘ਰਾਜ ਪੱਧਰ’ ਦੇ ਸਾਰੇ ਦਫ਼ਤਰਾਂ ਵਿੱਚ ਹੁੰਦੇ ਕੰਮਕਾਜ ਪੰਜਾਬੀ ਵਿੱਚ ਕਰਨ ਦਾ ਹੁਕਮ ਹੋਇਆ। ਇਹ ਹੁਕਮ 13 ਅਪਰੈਲ 1968 ਤੋਂ ਲਾਗੂ ਹੋਇਆ। ਇਸ ਤੋ ਬਾਅਦ ਆਉਂਦਾ ਹੈ ਉਹ ਸਮਾ ਜਦੋਂ ਪੰਜਾਬ ਦੇ ਤਤਕਾਲੀ ਮੁੱਖ ਮੰਤਰੀ ਸ੍ਰ ਪ੍ਰਕਾਸ਼ ਸਿੰਘ ਬਾਦਲ ਨੇ ਪੰਜਾਬੀ ਭਾਸ਼ਾ (ਸੋਧ) ਐਕਟ 2008 ਪਾਸ ਕੀਤਾ, ਜਿਸ ਨੇ ਸੂਬੇ ਚ ਭੱਲ ਬਨਾਉਣ ਲਈ ਪਰਚਾਰ ਤਾਂ ਵੱਡੀ ਪੱਧਰ ਤੇ ਕੀਤਾ ਕਿ ਅਕਾਲੀ ਸਰਕਾਰ ਪੰਜਾਬੀ ਬੋਲੀ ਪ੍ਰਤੀ ਕਿੰਨੀ ਸੁਹਿਰਦ ਤੇ ਸੰਜੀਦਾ ਹੈ,ਜਿਸ ਨੇ ਸਰਕਾਰ ਬਣਨ ਦੇ ਇੱਕ ਸਾਲ ਦੇ ਅੰਦਰ ਅੰਦਰ ਹੀ ਪੰਜਾਬੀ ਭਾਸ਼ਾ ਨੂੰ ਸਰਕਾਰੀ ਭਾਸ਼ਾ ਬਨਾਉਣ ਲਈ ਵੱਡਾ ਮਾਅਰਕਾ ਮਾਰਿਆ ਹੈ,ਪਰ ਜਦੋ  ਸਚਾਈ ਸਾਹਮਣੇ ਆਉਂਦੀ ਹੈ ਤਾਂ ਵਿੱਚੋਂ ਕੁੱਝ ਹੋਰ ਨਿਕਲਦਾ ਹੈ। ਅਕਾਲੀ ਭਾਜਪਾ ਸਰਕਾਰ ਵੱਲੋਂ ਪੰਜਾਬ ਰਾਜ ਭਾਸ਼ਾ (ਸੋਧ) ਐਕਟ, 2008 ਰਾਹੀਂ 1967 ਦੇ ਕਾਨੂੰਨ ਵਿੱਚ ਵੱਡੀਆਂ ਸੋਧਾਂ ਕੀਤੀਆਂ ਗਈਆਂ। ਪ੍ਰਸ਼ਾਸਨਿਕ ਦਫ਼ਤਰਾਂ ਦੇ ਕੰਮਕਾਜ ਪੰਜਾਬੀ ਵਿੱਚ ਕਰਨ ਦੀ ਵਿਵਸਥਾ ਕਰਨ ਲਈ ਮੂਲ ਕਾਨੂੰਨ ਵਿੱਚ ਧਾਰਾ 3-ਏ ਜੋੜੀ ਗਈ। ਇਸ ਨਵੀਂ ਧਾਰਾ ਨੇ ਸਥਿਤੀ ਸਪਸ਼ਟ ਕਰਨ ਦੀ ਥਾਂ ਹੋਰ ਭੰਬਲਭੂਸੇ ਪੈਦਾ ਕਰ ਦਿੱਤੇ।ਇਸ ਸੋਧ ਕਾਨੂੰਨ ਦੇ ਅੰਗਰੇਜ਼ੀ ਅਤੇ ਪੰਜਾਬੀ, ਦੋਵੇਂ ਪਾਠ ਇੱਕੋ ਸਮੇਂ ਸਰਕਾਰੀ ਗਜ਼ਟ ਵਿੱਚ ਛਪੇ,ਪਰ ਹੈਰਾਨੀ ਉਦੋਂ ਹੁੰਦੀ ਹੈ,ਜਦੋਂ ਅੰਗਰੇਜ਼ੀ ਪਾਠ ਵਿੱਚ ‘ਸਾਰੇ ਦਫ਼ਤਰੀ ਚਿੱਠੀ ਪੱਤਰ’ ਪੰਜਾਬੀ ਵਿੱਚ ਕੀਤੇ ਜਾਣ ਦਾ ਜ਼ਿਕਰ ਹੈ। ਇਸ ਦੇ ਉਲਟ ਪੰਜਾਬੀ ਪਾਠ ਵਿੱਚ (‘ਦਫ਼ਤਰੀ ਚਿੱਠੀ ਪੱਤਰ’ ਦੀ ਥਾਂ) ‘ਦਫ਼ਤਰਾਂ ਵਿੱਚ ਸਾਰਾ ਕੰਮਕਾਜ ਪੰਜਾਬੀ ਵਿੱਚ ਕੀਤਾ ਜਾਵੇਗਾ’ ਦਰਜ ਹੈ। ਦੋਵਾਂ ਦੇ ਅਰਥਾਂ ਵਿੱਚ ਜ਼ਮੀਨ ਆਸਮਾਨ ਦਾ ਫ਼ਰਕ ਹੈ। ਅੰਗਰੇਜ਼ੀ ਪਾਠ ਮੁਤਾਬਿਕ ਸਿਰਫ਼ ‘ਦਫ਼ਤਰੀ ਚਿੱਠੀ ਪੱਤਰ’ ਹੀ ਪੰਜਾਬੀ ਵਿੱਚ ਕਰਨਾ ਜ਼ਰੂਰੀ ਹੈ। ਬਾਕੀ ਕੰਮ ਹੋਰ ਭਾਸ਼ਾ (ਅੰਗਰੇਜ਼ੀ,ਹਿੰਦੀ) ਵਿੱਚ ਵੀ ਹੋ ਸਕਦੇ ਹਨ। ਪੰਜਾਬੀ ਪਾਠ ਅਨੁਸਾਰ ਪ੍ਰਸ਼ਾਸਨਿਕ ਦਫ਼ਤਰਾਂ ਵਿੱਚ ਹੁੰਦਾ ਸਾਰਾ ਕੰਮਕਾਜ ਪੰਜਾਬੀ ਭਾਸ਼ਾ ਵਿੱਚ ਕਰਨਾ ਜ਼ਰੂਰੀ ਹੈ।ਸੋ ਇਹ ਸਪੱਸਟ ਹੋ ਜਾਂਦਾ ਹੈ ਕਿ ਪੰਜਾਬੀ ਬੋਲੀ ਦੇ ਖਾਤਮੇ ਲਈ ਘੜੀਆਂ ਜਾ ਰਹੀਆਂ ਸਾਜਿਸ਼ਾਂ ਵਿੱਚ ਸੂਬਾ ਸਰਕਾਰਾਂ ਵੀ ਭਾਈਵਾਲ  ਰਹੀਆਂ ਹਨ।ਪਹਿਲਾਂ ਪਟਿਆਲਾ ਵਿੱਚ ਸਥਿੱਤ ਪੰਜਾਬੀ ਯੂਨੀਵਰਸਿਟੀ ਦਾ ਆਰਥਿਕ ਪੱਖੋਂ ਦਿਵਾਲਾ ਕੱਢਿਆ ਗਿਆ,ਜਿਸ ਲਈ ਸਿੱਧੇ ਰੂਪ ਚ ਸੂਬਾ ਸਰਕਾਰ ਜ਼ੁੰਮੇਵਾਰ ਹੈ,ਇਸ ਤੋ ਉਪਰੰਤ ਹੁਣ ਪੰਜਾਬ ਯੂਨੀਵਰਸਿਟੀ ਨੂੰ ਕੇਂਦਰੀ ਯੂਨੀਵਰਸਿਟੀ ਬਨਾਉਣ ਲਈ ਵੀ ਪ੍ਰਕਿਰਿਆ ਸ਼ੁਰੂ ਹੋ ਚੁੱਕੀ ਹੈ,ਜਿਸ ਦੀ ਮਿਸਾਲ ਯੂਨੀਵਰਸਿਟੀ ਦਾ ਪਹਿਲਾਂ  ਗੈਰ ਪੰਜਾਬੀ ਉੱਪ ਕੁਲਪਤੀ ਲਾਉਣ ਤੋ ਮਿਲਦੀ ਹੈ।ਇਸ ਤੋ ਵੀ ਅੱਗੇ ਕਦਮ ਪੁੱਟਦਿਆਂ ਕੇਂਦਰ ਨੇ ਸੈਨੇਟ ਤੇ ਸਿੰਡੀਕੇਟ ਨੂੰ ਨਜਰਅੰਦਾਜ ਕਰਕੇ ਗੈਰ ਪੰਜਾਬੀ 11 ਮੈਂਬਰੀ ਸਰਕਾਰੀ ਕਮੇਟੀ ਬਣਾ ਦਿੱਤੀ ਹੈ,ਜਿਸ ਵਿੱਚ ਵਾਇਸ ਚਾਂਸਲਰ ਅਤੇ ਰਜਿਸਟਰਾਰ ਤੋ ਇਲਾਵਾ ਸਿੰਡੀਕੇਟ ਦਾ ਕੋਈ ਵੀ ਮੈਂਬਰ ਸ਼ਾਮਲ ਨਹੀ ਕੀਤਾ ਗਿਆ।ਹੁਣ ਇਹ ਯੂਨੀਵਰਸਿਟੀ ਦੀ ਹੋਣੀ ਦੇ ਭਵਿੱਖੀ ਫੈਸਲੇ ਇਹ ਬੇਨਿਯਮੀ ਕਮੇਟੀ ਕਰੇਗੀ।ਸੋ ਇਹ ਸਾਰਾ ਕੁੱਝ ਪੰਜਾਬੀ ਨੂੰ ਖਤਮ ਕਰਨ ਦੀ ਮਣਸ਼ਾ ਨਾਲ ਕੀਤਾ ਜਾ ਰਿਹਾ ਹੈ।ਇਹੋ ਹਾਲ ਪੰਜਾਬ ਦੀ ਸਰ ਜਮੀਨ ਤੇ ਉਸਰੇ ਵੱਡੇ ਵੱਡੇ ਨਿੱਜੀ ਸਕੂਲਾਂ ਦਾ ਵੀ ਹੈ,ਜਿੱਥੇ ਪੰਜਾਬੀ ਬੋਲਣ ਤੇ ਜੁਰਮਾਨਾ ਤੱਕ ਕੀਤਾ ਜਾਂਦਾ ਹੈ।ਇਹਨਾਂ ਨਿੱਜੀ ਸਕੂਲਾਂ ਵਿੱਚ ਹਿੰਦੀ ਤੇ ਅੰਗਰੇਜੀ ਵਿੱਚ ਹੀ ਗੱਲਬਾਤ ਕੀਤੀ ਜਾ ਸਕਦੀ ਹੈ,ਪੰਜਾਬੀ ਵਿੱਚ ਗੱਲ ਕਰਨ ਦੀ ਸਖਤ ਮਨਾਹੀ ਹੈ।ਇਹ ਉੱਪਰ ਲਿਖਿਆ ਜਾ ਚੁੱਕਾ ਹੈ ਕਿ ਪੰਜਾਬੀ ਬੋਲੀ ਨੂੰ ਮਾਰਨ ਦੀਆਂ ਸਾਜਿਸ਼ਾਂ ਵਿੱਚ ਸੂਬੇ ਦੀਆਂ ਸਰਕਾਰਾਂ ਦੀ ਓਨੀ ਹੀ ਭਾਈਵਾਲੀ ਹੈ,ਜਿੰਨੀ ਕੇਂਦਰੀ ਤਾਕਤਾਂ ਦੀ,ਬਲਕਿ ਸੂਬਾ ਸਰਕਾਰਾਂ ਉਹਨਾਂ ਤੋ ਵੱਧ ਦੋਸ਼ੀ ਹਨ,ਜਿਹੜੀਆਂ ਅਪਣੀ ਮਾਤ ਭਾਸ਼ਾ,ਅਪਣੇ ਸਭਿੱਆਚਾਰ ਅਤੇ ਅਪਣੇ ਲੋਕਾਂ ਦੇ ਮੁਢਲੇ ਹਕੂਕਾਂ ਦੀ ਰਾਖੀ ਕਰਨ ਦੀ ਬਜਾਏ ਚੁੱਪੀ ਹੀ ਧਾਰਨ ਨਹੀ ਕਰਦੀਆਂ,ਸਗੋਂ ਖੁਦ ਪੰਜਾਬੀ ਦੀਆਂ ਜੜਾਂ ਵੱਢਣ ਵਾਲੇ ਕੁਹਾੜੇ ਦਾ ਦਸਤਾ ਬਣ ਕੇ ਅਪਣੇ ਲੋਕਾਂ ਨਾਲ ਧਰੋ ਕਮਾਉਂਦੀਆਂ ਹਨ।
>> ਪੰਜਾਬੀ ਭਾਸ਼ਾ ਨੂੰ ਦਰਪੇਸ ਮੁਸਕਲਾਂ ਦੇ ਸੰਦਰਭ ਵਿੱਚ ਭਾਸ਼ਾ ਵਿਗਿਆਨੀ ਡਾ ਜੋਗਾ ਸਿੰਘ ਅਪਣੇ ਇੱਕ ਲੇਖ ਵਿੱਚ ਲਿਖਦੇ ਹਨ ਕਿ “ਪੰਜਾਬੀ ਜਿਹੀ ਵੱਡੀ ਭਾਸ਼ਾ ਦੇ ਵਾਰਸਾਂ ਨੂੰ ਤਾਂ ਇਸ ਸਵਾਲ ‘ਤੇ ਚਰਚਾ ਕਰਨ ਦੀ ਲੋੜ ਪੈ ਜਾਣ ‘ਤੇ ਵੀ ਉਦਾਸੀ ਹੋਣੀ ਚਾਹੀਦੀ ਹੈ। ਪੰਜਾਬੀ ਭਾਸ਼ਾਈਆਂ ਲਈ ਤਾਂ ਲੋੜ ਇਸ ਸਵਾਲ ‘ਤੇ ਚਰਚਾ ਕਰਨ ਦੀ ਹੋਣੀ ਚਾਹੀਦੀ ਹੈ ਕਿ ਪੰਜਾਬੀ ਨੂੰ ਅੰਗਰੇਜ਼ੀ ਫਰਾਂਸੀਸੀ, ਜਰਮਨ, ਚੀਨੀ, ਅਰਬੀ, ਸਪੇਨੀ ਜਿਹੀਆਂ ਵਧੇਰੇ ਚਰਚਿਤ ਭਾਸ਼ਾਵਾਂ ਦੇ ਹਾਣ ਦਾ ਵਰਤਮਾਨ ਵਿਚ ਕਿਵੇਂ ਬਣਾਇਆ ਜਾਵੇ। ਇਹ ਬੜੇ ਥੋੜੇ ਸਾਂਝੇ ਜਤਨਾਂ ਨਾਲ ਸੰਭਵ ਹੈ”। ਉਹ ਅੱਗੇ ਲਿਖਦੇ ਹਨ ਬਾਈਬਲ ਦੀ ਭਾਸ਼ਾ ਹਿਬਰਿਊ ਬੋਲ-ਚਾਲ ਚੋਂ ਲੋਪ ਹੋ ਚੁੱਕੀ ਭਾਸ਼ਾ ਸੀ। ਪਰ ਯਹੂਦੀ ਸਮੂਹ ਨੇ ਸਕੂਲਾਂ ਵਿੱਚ ਆਪਣੇ ਸਧਾਰਣ ਜਿਹੇ ਜਤਨਾਂ ਨਾਲ ਇਸ ਨੂੰ ਜਿਉਂਦੀ ਜਾਗਦੀ ਭਾਸ਼ਾ ਬਣਾ ਦਿੱਤਾ ਹੈ। ਇਵੇਂ ਹੀ ਯੂਨੈਸਕੋ ਨੇ ਆਪਣੇ ਜਤਨਾਂ ਨਾਲ ਕਈ ਹੋਰ ਭਾਸ਼ਾਵਾਂ ਨੂੰ ਲੋਪ ਹੋਣ ਤੋਂ ਬਚਾਕੇ ਵਿਕਾਸ ਦੇ ਰਾਹ ਪਾ ਦਿੱਤਾ ਹੈ। ਮੇਘਾਲਿਆ ਦੀ ਇੱਕ ਭਾਸ਼ਾ ਖਾਸੀ ਜੋ ਇੱਕ ਵੇਲੇ ਯੂਨੈਸਕੋ ਦੀ ‘ਖਤਰੇ ਹੇਠਲੀਆਂ ਭਾਸ਼ਾਵਾਂ ਦੀ ਸੂਚੀ’ ਵਿੱਚ ਸ਼ਾਮਲ ਸੀ ਹੁਣ ਉਸ ਸੂਚੀ ਚੋਂ ਕੱਢ ਲਈ ਗਈ ਹੈ। ਇਸ ਦਾ ਵੱਡਾ ਕਾਰਣ ਮੇਘਾਲਿਆ ਸਰਕਾਰ ਵੱਲੋਂ ਖਾਸੀ ਨੂੰ ਸਰਕਾਰੀ ਕੰਮ ਕਾਜ ਦੀਆਂ ਭਾਸ਼ਾਵਾਂ ਵਿੱਚ ਸ਼ਾਮਲ ਕਰਨ ਕਰਕੇ ਹੋਇਆ ਹੈ। ਇਸ ਦੇ ਨਤੀਜੇ ਵੱਜੋਂ ਖਾਸੀ ਦੀ ਵਰਤੋਂ ਭਿੰਨ-ਭਿੰਨ ਖੇਤਰਾਂ (ਜਿਵੇਂ ਸਕੂਲੀ ਸਿੱਖਿਆ, ਰੇਡੀਓ, ਟੈਲੀਵਿਜ਼ਨ ਆਦਿ) ਵਿੱਚ ਹੋਣ ਲੱਗੀ ਹੈ ਅਤੇ ਇਹ ਜੀਵੰਤ ਭਾਸ਼ਾ ਬਣ ਗਈ ਹੈ।ਡਾ ਜੋਗਾ ਸਿੰਘ ਇਸ ਚਿੰਤਾ ਨਾਲ ਸਹਿਮਤ ਹਨ ਕਿ ਪੰਜਾਬੀ ਭਾਸ਼ਾ ਨੂੰ ਖਤਮ ਕਰਨ ਦੀਆਂ ਸਾਜਿਸ਼ਾਂ ਵੱਡੇ ਪੱਧਰ ਤੇ ਹੋ ਰਹੀਆਂ ਹਨ।ਉਹ ਇਸ ਚਿੰਤਾ ਤੇ ਸਪੱਸਟ ਪ੍ਰਤੀਕਰਮ ਦਿੰਦੇ ਲਿਖਦੇ ਹਨ ,”ਇਹਨਾਂ ਬਦਲੀਆਂ ਹਾਲਤਾਂ ਕਾਰਣ ਹੀ ਹੈ ਕਿ ਭਾਰਤੀ ਉਪਮਹਾਂਦੀਪ ਦੀਆਂ ਵਰਤਮਾਨ ਮਾਤ ਭਾਸ਼ਾਵਾਂ ਪਹਿਲਾਂ ਤਾਂ ਸਦੀਆਂ ਤੋਂ ਜਿਉਂਦੀਆਂ ਅਤੇ ਵਿਗਸਦੀਆਂ ਆ ਰਹੀਆਂ ਹਨ, ਪਰ ਹੁਣ ਉਹਨਾਂ ਨੂੰ ਅੰਗਰੇਜ਼ੀ ਅਤੇ ਹਿੰਦੀ ਗੈਸ ਚੈਂਬਰਾਂ ਵਿਚ ਪਾ ਦਿੱਤਾ ਗਿਆ ਹੈ ਅਤੇ ਇਹਨਾਂ ਦੇ ਲੋਪ ਹੋ ਜਾਣ ਦਾ ਖਤਰਾ ਹਕੀਕਤ ਬਣ ਗਿਆ ਹੈ”। ਇੱਕ ਹੋਰ ਭਾਸ਼ਾ ਵਿਗਿਆਨੀ ਡਾ ਸੁਮਨ ਪ੍ਰੀਤ ਲਿਖਦੇ ਹਨ ਕਿ  “ਜੇ ਅਸੀਂ ਪੰਜਾਬੀ ਭਾਸ਼ਾ ਦੀ ਮੌਜੂਦਾ ਸਥਿਤੀ ਉੱਤੇ ਧਿਆਨ ਮਾਰੀਏ ਤਾਂ ਸਿਰਤੋੜ ਕੋਸ਼ਿਸ਼ ਉਪਰੰਤ ਪੰਜਾਬੀ ਭਾਸ਼ਾ ਨੂੰ ਯੂ.ਐਨ ਦੀ ਪਰਿਭਾਸ਼ਾ ਅਨੁਸਾਰ ਪੂਰਨ ਸੁਰੱਖਿਅਤ ਭਾਸ਼ਾ ਨਹੀਂ ਗਰਦਾਨਿਆ ਜਾ ਸਕਦਾ। ਕਾਰਨ ਸਾਡੇ ਸਾਹਵੇਂ ਚੁਣੌਤੀਆਂ ਦੇ ਰੂਪ ਵਿੱਚ ਮੂੰਹ ਅੱਡੀ ਖੜੇ ਹਨ। ਜੇ ਯੂ. ਐੱਨ. ਦੇ ਭਾਸ਼ਾ ਸੰਕਟ ਪ੍ਰਤੀਮਾਨਾਂ ਦੀ ਵਿਆਖਿਆ ਉਤੇ ਗੌਰ ਕਰੀਏ ਤਾਂ ‘ਲੁਪਤ’ ਦਰਜੇ ਨੂੰ ਛੱਡ ਪੰਜਾਬੀ ਭਾਸ਼ਾ ਮੌਜੂਦਾ ਕਾਲ ਵਿੱਚ ਵੱਖੋ-ਵੱਖਰੀਆਂ ਸਮਾਜਿਕ ਪ੍ਰਸਥਿਤੀਆਂ ਅਧੀਨ ‘ਅਸੁਰੱਖਿਅਤ’, ‘ਨਿਸ਼ਚਿਤ ਰੂਪ ਵਿੱਚ ਅਸੁਰੱਖਿਅਤ’, ‘ਗੰਭੀਰ ਰੂਪ ਵਿੱਚ ਅਸੁਰੱਖਿਅਤ’, ‘ਖਤਰਨਾਕ ਰੂਪ ਵਿੱਚ ਅਸੁਰੱਖਿਅਤ’ ਪ੍ਰਤੀਮਾਨਾਂ ਅਧੀਨ ਅੰਸ਼ਿਕ ਤੌਰ ’ਤੇ ਵਿਚਰਦੀ ਹੈ”।ਸੋ ਵੱਡੀ ਪੱਧਰ ਤੇ ਬੋਲੀ ਜਾਣ ਵਾਲੀ ਪੰਜਾਬੀ ਨੂੰ ਜੇਕਰ ਇਹ ਸਮੱਸਿਆਵਾਂ ਦਰਪੇਸ ਹਨ,ਤਾਂ ਇਹ ਜਰੂਰ ਸੋਚਣਾ ਬਣਦਾ ਹੈ ਕਿ ਇਹਦੇ ਲਈ ਜੁੰਮੇਵਾਰ ਕਿਤੇ ਨਾ ਕਿਤੇ ਖੁਦ ਪੰਜਾਬੀ ਹੀ ਹਨ,ਜਿੰਨਾਂ ਨੇ ਅਪਣੇ ਆਪ ਨੂੰ ਪੰਜਾਬੀ ਕਹਾਉਣ ਵਿੱਚ ਤਾਂ ਹਮੇਸਾਂ ਮਾਣ ਸਮਝਿਆ,ਪਰ ਬੋਲਣ ਵਿੱਚ ਹੇਠੀ ਹੀ ਸਮਝਦੇ ਰਹੇ।ਮਾਣ ਕਰਨ ਪਿੱਛੇ ਤਾਂ ਪੰਜਾਬ ਦੇ ਪੁਰਖਿਆਂ ਦੀਆਂ ਮਾਣਮੱਤੀਆਂ ਪਰਾਪਤੀਆਂ ਹਨ,ਜਦੋ ਕਿ ਪੰਜਾਬੀ ਨੂੰ ਅਨਪੜ ਗਬਾਰਾਂ ਦੀ ਭਾਸ਼ਾ ਬਣਾ ਕੇ ਪੇਸ ਕਰਨ ਵਾਲਿਆਂ ਵਿੱਚ ਉਹਨਾਂ ਲੋਕਾਂ ਦਾ ਜਿਆਦਾ ਯੋਗਦਾਨ ਹੈ,ਜਿਹੜੇ ਪੰਜਾਬੀ ਹੋਣ ਦੇ ਬਾਵਜੂਦ ਵੀ ਮਰਦਮ ਸੁਮਾਰੀਆਂ ਮੌਕੇ ਅਪਣੀ ਮਾਤ ਭਾਸ਼ਾ ਹਿੰਦੀ ਲਿਖਵਾਉਂਦੇ ਰਹੇ ਹਨ।ਜਿੰਨਾਂ ਦੇ ਮਾਰੂ ਪਰਚਾਰ ਨੇ ਪੰਜਾਬੀਆਂ ਅੰਦਰ  ਅਜਿਹੀ ਹੀਣ ਭਾਵਨਾ ਪੈਦਾ ਕਰ ਦਿੱਤੀ ਜਿਸ ਨੇ ਪੰਜਾਬੀ ਬੋਲੀ ਦਾ ਬੇਹੱਦ ਨੁਕਸਾਨ ਕੀਤਾ,ਜਦੋਂਕਿ ਗੁਰੂ ਸਹਿਬਾਨਾਂ ਤੋਂ ਇਲਾਵਾ ਨਾਥਾਂ, ਜੋਗੀਆਂ, ਬੁੱਲ੍ਹੇ ਸ਼ਾਹ, ਵਾਰਿਸ ਸ਼ਾਹ, ਸ਼ਾਹ ਹੁਸੈਨ, ਕਾਦਰਯਾਰ, ਸ਼ਾਹ ਮੁਹੰਮਦ, ਦਮੋਦਰ ਆਦਿ ਕਵੀਆਂ ਨੇ ਆਪਣੀ ਕਵਿਤਾ ਦਾ ਮਾਧਿਅਮ ਪੰਜਾਬੀ ਨੂੰ ਬਣਾਇਆ ਅਤੇ ਭਾਈ ਵੀਰ ਸਿੰਘ, ਨਾਨਕ ਸਿੰਘ, ਜਸਵੰਤ ਸਿੰਘ ਕੰਵਲ,ਸੰਤ ਸਿੰਘ ਸੇਖੋਂ, ਅਜੀਤ ਕੌਰ, ਦਲੀਪ ਕੌਰ ਟਿਵਾਣਾ, ਪ੍ਰੋ ਮੋਹਨ ਸਿੰਘ,ਪ੍ਰੋ ਪੂਰਨ ਸਿੰਘ,ਸ਼ਿਵ ਕੁਮਾਰ ਬਟਾਲਵੀ ਆਦਿ ਕਵੀਆਂ, ਲੇਖਕਾਂ ਨੇ ਇਸੇ ਭਾਸ਼ਾ ਸਦਕਾ ਕੌਮਾਂਤਰੀ ਪੱਧਰ ਤੇ ਨਾਮਣਾ ਖੱਟਿਆ।। ਸੋ ਚੜ੍ਹਦੇ ਲਹਿੰਦੇ ਪੰਜਾਬਾਂ ਤੋ ਇਲਾਵਾ ਵੱਡੀ ਗਿਣਤੀ ਵਿੱਚ ਦੁਨੀਆਂ ਦੇ ਕੋਨੇ ਕੋਨੇ ਵਿੱਚ ਪੰਜਾਬੀ ਫੈਲੇ ਹੋਣ ਦੇ ਬਾਵਜੂਦ ਵੀ ਜੇ ਪੰਜਾਬੀ ਦਾ ਭਵਿੱਖ ਖਤਰੇ ਵਿੱਚ ਹੈ,ਤਾਂ ਇਹ ਗੰਭੀਰਤਾ ਨਾਲ ਸੋਚਣਾ ਤੇ ਅਮਲ ਵਿੱਚ ਲੈ ਕੇ ਆਉਣਾ ਪਵੇਗਾ ਕਿ ਅਪਣੇ ਬੱਚਿਆਂ ਨੂੰ ਅੰਗਰੇਜੀ,ਹਿੰਦੀ ਜਾਂ ਹੋਰ ਭਾਸ਼ਾਵਾਂ ਦੇ ਗਿਆਨ ਦੇ ਨਾਲ ਨਾਲ ਮਾਂ ਬੋਲੀ ਪੰਜਾਬੀ ਪ੍ਰਤੀ ਬਚਨਵੱਧ ਕਿਵੇਂ ਬਨਾਉਣਾ ਹੈ। ਸਿਆਣੇ ਕਹਿੰਦੇ ਹਨ ਕਿ ਮਾਂ ਬੋਲੀ ਬੱਚਾ ਅਪਣੀ ਮਾਤਾ ਦੇ ਗਰਭ ਵਿੱਚ ਹੀ ਸਿੱਖ ਲੈਂਦਾ ਹੈ,ਇਸ ਲਈ ਬੱਚਿਆਂ ਨੂੰ ਮਾਤ ਭਾਸ਼ਾ ਨਾਲ ਜੋੜੀ ਰੱਖਣ ਲਈ ਕੁਦਰਤ ਦੇ ਨਿਯਮਾਂ ਦਾ ਵੀ ਖਿਆਲ ਰੱਖਣਾ ਬਣਦਾ ਹੈ।ਮਾਤ ਭਾਸ਼ਾ ਦਾ ਗਿਆਨ ਸਾਡੀਆਂ ਨਸਲਾਂ ਨੂੰ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਮਹਾਂਨ ਇਲਾਹੀ ਅਤੇ ਸਰਬ ਸ਼ਰੇਸਟ ਵਿਚਾਰਧਾਰਾ ਨਾਲ ਜੋੜ ਕੇ ਰੱਖੇਗਾ,ਜਿਸ ਨਾਲ ਇਸ ਮਾਖਿਓਂ ਮਿੱਠੀ ਮਾਂ ਬੋਲੀ ਪੰਜਾਬੀ ਦੀ ਉਮਰ ਲੰਮੇਰੀ ਹੋਵੇਗੀ।

ਬਘੇਲ ਸਿੰਘ ਧਾਲੀਵਾਲ
99142-58142

ਸ਼ਹੀਦੀ ਹਫਤੇ ਦਾ ਅਨੋਖਾ, ਭਿਆਨਕ ਤੇ ਗੌਰਵਮਈ ਇਤਿਹਾਸ - ਬਘੇਲ ਸਿੰਘ ਧਾਲੀਵਾਲ

 ਸੱਚ ਅਤੇ ਝੂਠ,ਨੇਕੀ ਅਤੇ ਬਦੀ ਦੀ ਲੜਾਈ ਤਾਂ ਉਸ ਮੌਕੇ ਹੀ ਸ਼ੁਰੂ ਹੋ ਗਈ ਸੀ ਜਦੋਂ ਸਾਹਿਬ ਸ੍ਰੀ ਗੁਰੂ ਨਾਨਕ ਸਾਹਿਬ ਨੇ ਨੌ ਸਾਲ ਦੀ ਉਮਰ ਵਿੱਚ ਪੰਡਤ ਨੂੰ  “ਦਇਆ ਕਪਾਹੁ ਸੰਤੋਖ ਸੂਤ ਜਤੁ ਗੰਢੀ ਸਤੁ ਵਟੁ। ਏਹੁ ਜਨੇਊ ਜੀਅ ਕਾ ਹਈ ਤਾ ਪਾਡੇ ਘਤੁ” ਕਹਿ ਕੇ ਬ੍ਰਾਂਹਮਣਵਾਦੀ ਫੋਕਟ ਕਰਮਕਾਂਡਾਂ ਨੂੰ ਚੈਲੰਜ ਕੀਤਾ ਸੀ ਅਤੇ ਫਿਰ ਜਦੋਂ ਸਮੇ ਦੇ ਹਾਕਮ ਨੂੰ “ਪਾਪ ਕੀ ਜੰਝੁ ਲੈ ਕਾਬਲੋ ਧਾਇਆ” ਕਹਿ ਕੇ ਹਕੂਮਤੀ ਜਬਰ ਜੁਲਮ ਵਿਰੁਧ ਉੱਚੀ ਅਵਾਜ ਚ ਹੋਕਾ ਦਿੱਤਾ ਸੀ ।ਇਹ ਬਦੀ,ਨੇਕੀ ਨੂੰ ਖਤਮ ਕਰਨ ਲਈ ਹਮੇਸਾਂ ਸਮੇ ਦੇ ਨਾਲ ਨਾਲ ਹੀ ਚੱਲਦੀ ਰਹੀ, ਕਦੇ ਪਰਤੱਖ ਰੂਪ ਵਿੱਚ ਅਤੇ ਕਦੇ ਲੁਕਵੇਂ ਤੇ ਚਲਾਕੀਆਂ ਭਰੇ ਕਰੂਪ ਵਿੱਚ। ਬਦੀ ਨੇ ਕਦੇ ਨੇਕੀ ਨੂੰ ਤੱਤੀਆਂ ਤਬੀਆਂ ਤੇ ਬੈਠਾ ਕੇ ਉਪਰੋ ਤੱਤੀ ਰੇਤ ਸਿਰ ਵਿੱਚ ਪਾਈ ਤੇ ਕਦੇ ਉਬਲਦੀਆਂ ਦੇਗਾਂ ਚ ਉਬਾਲਿਆ,ਕਦੇ ਰੂੰਅ ਚ ਲਪੇਟ ਕੇ ਤੂੰਬਾ ਤੂੰਬਾ ਕੀਤਾ,ਕਦੇ ਆਰਿਆਂ ਨਾਲ ਚੀਰਿਆ,ਜੇਕਰ ਫਿਰ ਵੀ ਨੇਕੀ ਨੇ ਅਪਣਾ ਰਾਸਤਾ ਨਾ ਬਦਲਿਆ ਤਾਂ ਸਿਰ ਹੀ ਕਲਮ ਕਰ ਦਿੱਤਾ।ਸਾਦਿਦ 1699 ਦੀ ਇਤਿਹਾਸਿਕ ਕਰੰਤੀ ਵੀ ਬਦੀ ਦੇ ਦਿਨੋ ਦਿਨ ਵੱਧ ਰਹੇ ਜੁਲਮ ਦੀ ਪ੍ਰਤੀਕਿਰਿਆ ਵਜੋਂ ਹੀ ਹੋਈ ਹੋਵੇਗੀ,ਜਿਸ ਨੇ ਹਿੰਦੂ ਅਤੇ ਮੁਗਲ,ਦੋਨਾਂ ਨੂੰ ਹੀ ਪਰੇਸਾਨ ਨਹੀ ਕੀਤਾ ਹੋਵੇਗਾ,ਬਲਕਿ ਦੋਨਾਂ ਦੇ ਛੋਟੇ ਵੱਡੇ ਤਖਤਾਂ ਨੂੰ ਵਖਤ ਪਾ ਦਿੱਤੇ। ਨੀਚ ਲੋਕਾਂ ਨੂੰ ਸਿਰਦਾਰ ਬਣਿਆ ਦੇਖ ਸਕਣਾ ਨਾ ਹੀ ਪਹਾੜੀ ਹਿੰਦੂ ਰਾਜਿਆਂ ਨੂੰ ਬਰਦਾਸਿਤ ਹੋ ਸਕਦਾ ਸੀ ਅਤੇ ਨਾਂ ਹੀ ਵੱਡੀ ਤਾਕਤ ਰੱਖਣ ਵਾਲੇ ਮੁਗਲ ਹਾਕਮਾਂ ਨੂੰ,ਜਿਹੜੇ ਇਸਲਾਮ ਧਰਮ ਕਬੂਲ,ਕਰਵਾਉਣ ਲਈ ਵੀ ਉੱਚ ਜਾਤੀਏ ਹਿੰਦੂਆਂ ਭਾਵ ਪੰਡਤਾਂ ਨੂੰ ਨਿਸਾਨਾ ਬਣਾ ਰਹੇ ਸਨ।ਇਸ ਲਈ ਅਪਣੇ ਤਖਤਾਂ ਨੂੰ ਗੁਰੂ ਅਤੇ ਗੁਰੂ ਦੇ ਸਿੰਘਾਂ ਤੋ ਖਤਰਾ ਭਾਂਪਦਿਆਂ ਹੀ ਮੁਗਲ ਅਤੇ ਪਹਾੜੀ ਹਿੰਦੂ ਰਾਜਿਆਂ ਨੇ ਸਾਂਝੀ ਰਣਨੀਤੀ ਨਾਲ ਲੋਕਤੰਤਰ ਦੇ ਸੰਸਥਾਪਕ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਸ੍ਰੀ ਅਨੰਦਪੁਰ ਸਾਹਿਬ ਦੇ ਕਿਲੇ ਚੋ ਕੱਢਣ ਲਈ ਪਹਿਲਾਂ ਘੇਰਾਬੰਦੀ ਕੀਤੀ ਅਤੇ ਫਿਰ ਝੂਠੀਆਂ ਕਸਮਾਂ ਦਾ ਸਹਾਰਾ ਲੈ ਕੇ ਕਿਲਾ ਛੱਡਣ ਲਈ ਮਜਬੂਰ ਕੀਤਾ। ਅਖੀਰ 20 ਦਸੰਬਰ (6 ਪੋਹ) ਦਾ ਉਹ ਸੁਰਖ ਸਵੇਰਾ ਆਇਆ ਜਦੋ ਗੁਰੂ ਸਾਹਿਬ ਅਪਣੇ ਸਿੰਘਾਂ ਦੇ ਕਹਿਣ ਤੇ ਅਪਣੇ ਪਰਿਵਾਰ ਅਤੇ ਸਿੰਘਾਂ ਸਮੇਤ ਕਿਲਾ ਖਾਲੀ ਕਰ ਕੇ ਬਿਖੜੇ ਪੈਡਿਆ ਤੇ ਨਿਕਲ ਤੁਰੇ ਸਨ।ਸ਼ਾਹੀ ਫੌਜਾਂ ਵੱਲੋਂ ਕਸਮਾਂ ਤੋੜ ਕੇ ਗੁਰੂ ਸਾਹਿਬ ਦਾ ਪਿਛਾ ਕਰਕੇ ਸਰਸਾ ਨਦੀ ਪਾਰ ਕਰਨ ਸਮੇ ਕੀਤੇ ਹਮਲੇ ਵਿੱਚ ਜਿੱਥੇ ਗੁਰੂ ਸਾਹਿਬ ਦਾ ਪਰਿਵਾਰ ਤਿੰਨ ਹਿੱਸਿਆਂ ਵਿਛ ਵੰਡਿਆ ਗਿਆ,ਓਥੇ ਗੁਰੂ ਕੇ ਬਹੁਤ ਸਾਰੇ ਸਿੱਖ ਜਾਂ ਤਾਂ ਲੜਾਈ ਵਿੱਚ ਸ਼ਹੀਦੀਆਂ ਪਾ ਗਏ ਜਾਂ ਸਰਸਾ ਦੇ ਤੇਜ ਵਹਾਉ ਵਿੱਚ ਹੜ ਗਏ।ਇਸ ਅਸਥਾਨ ਤੋ 21 ਦਸੰਬਰ (7 ਪੋਹ) ਵਾਲੇ ਦਿਨ ਮਾਤਾ ਗੁਜਰੀ ਜੀ ਛੋਟੇ ਸਾਹਿਬਜਾਦਿਆਂ ਨੂੰ ਲੈ ਕੇ ਗੰਗੂ ਰਸੋਈਏ ਨਾਲ ਉਹਦੇ ਪਿੰਡ ਖੇੜੀ ਚਲੇ ਗਏ,ਗੁਰੂ ਸਾਹਿਬ ਦੇ ਮਹਿਲ ਦਿੱਲੀ ਵੱਲ ਅਤੇ ਗੁਰੂ ਸਾਹਿਬ ਸਰਸਾ ਨਦੀ ਤੇ ਹੋਏ ਯੁੱਧ ਦੌਰਾਨ ਜਖਮੀ ਹੋਏ ਭਾਈ ਬਚਿੱਤਰ ਸਿੰਘ ਨੂੰ ਕੋਟਲਾ ਨਿਹੰਗ (ਰੋਪੜ) ਨਿਹੰਗ ਖਾਂ ਕੋਲ ਇਲਾਜ ਲਈ ਛੱਡ ਕੇ ਅਗਲੇ ਦਿਨ ਭਾਵ 21 ਦਸੰਬਰ( 7 ਪੋਹ) ਨੂੰ ਆਪ ਵੱਡੇ ਸਾਹਬਜ਼ਾਦਿਆਂ,ਪੰਜ ਪਿਆਰਿਆਂ ਅਤੇ ਭਾਈ ਜੀਵਨ ਸਿੰਘ (ਭਾਈ ਜੈਤਾ) ਤੇ ਉਹਨਾਂ ਦੇ ਦੋ ਪੁੱਤਰਾਂ ਸਮੇਤ ਕੋਈ 40,42 ਸਿੰਘਾਂ ਦੇ ਨਿੱਕੇ ਜਿਹੇ ਜਥੇ ਨਾਲ ਚਮਕੌਰ ਵੱਲ ਚਲੇ ਗਏ ਜਿੱਥੇ ਜਾ ਕੇ ਉਹਨਾਂ ਚਮਕੌਰ ਦੀ ਕੱਚੀ ਗੜੀ ਨੂੰ ਭਾਗ ਲਾਏ।ਸ਼ਾਹੀ ਫੌਜਾਂ ਨੇ ਅਜੇ ਵੀ ਗੁਰੂ ਸਾਹਿਬ ਦਾ ਖਹਿੜਾ ਨਹੀ ਸੀ ਛੱਡਿਆ,ਉਹ ਪਿੱਛਾ ਕਰਦੇ ਚਮਕੌਰ ਦੀ ਗੜੀ ਤੱਕ ਵੀ ਪੁੱਜ ਗਏ,ਫਿਰ ਇੱਥੇ ਹੀ ਦੁਨੀਆਂ ਦੀ ਉਹ ਵੱਡੀ ਤੇ ਅਸਾਵੀਂ ਜੰਗ ਹੋਈ,ਜਿਸ ਵਿੱਚ ਚਾਲੀ ਕੁ ਸਿਰਲੱਥ ਸਿੰਘ ਮੁਗਲ ਅਤੇ ਹਿੰਦੂ ਰਾਜਿਆਂ ਦੀਆਂ ਦਸ ਲੱਖ ਫੌਜਾਂ ਨਾਲ ਲੜ ਕੇ ਵੀ ਇਤਿਹਾਸ ਵਿੱਚ ਜਿੱਤ ਅਪਣੇ ਨਾਮ ਦਰਜ ਕਰਵਾੁੳਣ ਵਿੱਚ ਸਫਲ ਹੋਏ ਸਨ।22 ਦਸੰਬਰ (8 ਪੋਹ)ਦਾ ਦਿਨ ਸਿੱਖ ਇਤਿਹਾਸ ਵਿੱਚ ਉਹ ਗਮਗੀਨ ਦਿਨ  ਵਜੋਂ ਦਰਜ ਹੈ, ਜਿਸ ਦਿਨ ਗੁਰੂ ਸਾਹਿਬ ਦੇ ਵੱਡੇ ਦੋਨੋ ਸਾਹਿਬਜ਼ਾਦੇ ਡੇਢ ਕੁ ਦਰਜਨ ਸਿੰਘਾਂ ਸਮੇਤ ਲੜਦਿਆਂ ਸ਼ਹੀਦ ਹੋਏ ਸਨ ਅਤੇ ਦੋ ਛੋਟੇ ਸਾਹਿਬਜ਼ਾਦਿਆਂ ਨੂੰ ਮਾਤਾ ਗੁਜਰੀ ਸਮੇਤ ਮੋਰਿੰਡੇ ਦੇ ਚੌਧਰੀ ਗਨੀ ਖਾਂ ਤੇ ਮਨੀ ਖਾਂ ਪਾਸ ਗੰਗੂ ਨੇ ਖੁਦ ਮੁਖਬਰੀ ਕਰਕੇ ਅਪਣੇ ਘਰੋਂ ਗਿਰਫਤਾਰ ਕਰਵਾ ਕੇ ਅਪਣੀਆਂ ਕੁਲਾਂ ਕਲੰਕਤ ਕੀਤੀਆਂ ਸਨ,,ਪਰ ਗੰਗੂ ਲਾਲਚੀ ਕੀ ਜਾਣੇ ਕਿ ਜਿਹੜੀ ਬੁੱਢੀ ਮਾਈ ਅਤੇ ਨਿੱਕੇ ਨਿੱਕੇ ਬੱਚੇ ਉਹਨੇ ਇਨਾਮ ਅਤੇ ਸਰਕਾਰ ਦੀ ਸ਼ਾਬਾਸੀ ਲੈਣ ਲਈ ਗਿਰਫਤਾਰ ਕਰਵਾਏ ਹਨ,ਉਹ ਤਾਂ ਇੱਕ ਅਲੋਕਿਕ ਇਤਿਹਾਸ ਰਚਣ ਲਈ ਸ਼ਹਾਦਤਾਂ ਦੇ ਕਰੀਬ ਜਾ ਰਹੇ ਹਨ,ਜਿੰਨਾਂ ਦੇ ਸਿਰਜੇ ਇਿਤਹਾਸ ਨੂੰ ਰਹਿੰਦੀ ਦੁਨੀਆਂ ਤੱਕ ਯਾਦ ਕੀਤਾ ਜਾਂਦਾ ਰਹੇਗਾ।।ਇਸ ਗਮਗੀਨ ਦਿਨ ਦੇ ਗੁਜ਼ਰਨ ਤੋ ਬਾਅਦ 22 ਦਸੰਬਰ ਦੀ ਰਾਤ ਨੂੰ ਹੀ ਗੁਰੂ ਸਾਹਿਬ ਨੂੰ ਗੜੀ ਵਿੱਚ ਬਾਕੀ ਬਚਦੇ ਸਿੰਘਾਂ ਨੇ ਬੇਨਤੀ ਕੀਤੀ ਕਿ ਤੁਸੀ ਗੜੀ ਚੋ ਨਿਕਲ ਜਾਓ,ਪਰ ਗੁਰੂ ਸਾਹਿਬ ਵੱਲੋਂ ਕੋਰਾ ਜਵਾਬ ਦੇਣ ਤੋ ਬਾਅਦ ਪੰਜ ਸਿੰਘਾਂ ਨੇ ਪੰਜ ਪਿਆਰਿਆਂ ਦੇ ਰੂਪ ਵਿੱਚ ਗੁਰੂ ਸਾਹਿਬ ਨੂੰ ਇਹ ਹੁਕਮ ਸੁਣਾਇਆ ਕਿ ਉਹ ਹੁਣੇ ਕੱਚੀ ਗੜੀ ਚੋ ਨਿਕਲ ਜਾਣ ਤੇ ਜਾਕੇ ਮੁੱੜ ਤੋਂ ਕੌਂਮ ਨੂੰ ਜਥੇਬੰਦ ਕਰਨ,ਸੋ ਪੰਜ ਪਿਆਰਿਆਂ ਦੇ ਹੁਕਮਾਂ ਅੱਗੇ ਸਿਰ ਝੁਕਾਉਦਿਆਂ ਪੰਚ ਪ੍ਰਧਾਨੀ ਪ੍ਰਥਾ ਦੇ ਬਾਨੀ ਨੇ ਜੰਗ ਦੇ ਮੈਦਾਨ ਵਿੱਚ ਸ਼ਹੀਦ ਹੋਏ ਅਪਣੇ ਦੋ ਜਿਗਰ ਦੇ ਟੋਟਿਆਂ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਅਤੇ ਸਾਹਿਬਜ਼ਾਦਾ ਬਾਬਾ ਜੁਝਾਰ ਸਿੰਘ ਦਾ ਮੂੰਹ ਤੱਕੇ ਬਗੈਰ ਕੱਚੀ ਗੜੀ ਚੋ ਨਿਕਲ ਜਾਣਾ ਪਰਵਾਨ ਕਰ ਲਿਆ।,ਬਾਜਾਂ ਵਾਲੇ ਗੁਰੂ ਨੇ ਦੁਸ਼ਮਣ ਫੌਜਾਂ ਨੂੰ ਲਲਕਾਰ ਕੇ ਜੈਕਾਰੇ ਗੁੰਜਾਉਂਦਿਆਂ ਅਣਦਿਸਦੇ ਅਤਿ ਬਿਖੜੇ ਪੈਡਿਆਂ ਨੂੰ ਸਰ ਕਰਨ ਦੇ ਦ੍ਰਿੜ ਇਰਾਦੇ ਨਾਲ ਚਾਲੇ ਪਾ ਦਿੱਤੇ,ਜਿੰਨਾਂ ਨੂੰ ਸਰ ਕਰਕੇ ਖਾਲਸੇ ਦੇ ਇਸ ਬੇਹੱਦ ਹੀ ਅਨੋਖੇ,ਨਿਆਰੇ ਸੰਤ ਸਿਪਾਹੀ ਪਿਤਾ ਨੇ ਅਪਣੇ ਰਹਿੰਦੇ ਕੌਮੀ ਫਰਜ ਅਦਾ ਕਰਨੇ ਸਨ।ਉਧਰ ਮਾਤਾ ਗੁਜਰੀ ਜੀ ਨੂੰ ਵੀ ਬੱਚਿਆਂ ਸਮੇਤ 23 ਦਸੰਬਰ (9 ਪੋਹ) ਨੂੰ ਮੋਰਿੰਡੇ ਤੋ ਸਰਹਿੰਦ ਲੈ ਜਾ ਕੇ ਤਸੀਹੇ ਦੇਣ ਖਾਤਰ ਠੰਡੇ ਬੁਰਜ ਵਿੱਚ ਕੈਦ ਕਰ ਦਿੱਤਾ,ਜਿੱਥੇ ਉਹ ਵੱਡੇ ਹਿਰਦੇ ਵਾਲੀ ਦਾਦੀ ਅਪਣੇ ਛੋਟੇ ਪੋਤਿਆਂ ਸਾਹਿਬਜ਼ਾਦਾ ਬਾਬਾ ਜੋਰਾਵਰ ਸਿੰਘ ਅਤੇ ਸਾਹਿਬਜ਼ਾਦਾ ਬਾਬਾ ਫਤਿਹ ਸਿੰਘ ਨੂੰ ਠੰਡੇ ਬੁਰਜ ਦੀ ਕੈਦ ਵਿੱਚ ਕਾਲਜੇ ਨਾਲ ਲਾ ਕੇ ਅੰਤਾਂ ਦੀ ਪੈਂਦੀ ਠੰਡ ਤੋ ਬਚਾਉਣ ਦਾ ਯਤਨ ਕਰਦੀ ਹੈ ਤੇ ਉਹਨਾਂ ਨੂੰ ਅਪਣੇ ਧਰਮ ਚ ਪਰਪੱਕਤਾ ਦਾ ਪਾਠ ਪੜਾਉਂਦੀ ਹੋਈ ਅਪਣੇ ਦਾਦੇ ਦੀ ਕੁਰਬਾਨੀ ਨੂੰ ਚੇਤੇ ਰੱਖਣ ਦੀ ਨਸੀਹਤ ਵੀ ਦਿੰਦੀ ਹੈ,ਤਾਂ ਕਿ ਅਗਲੇ ਦਿਨ ਬਜੀਰ ਖਾਨ ਦੀ ਕਚਿਹਰੀ ਵਿੱਚ ਜਾ ਕੇ ਸਿਦਕ ਤੇ ਖਰੇ ਉਤਰ ਸਕਣ।ਸਰਹਿੰਦ ਦੇ ਸੂਬੇਦਾਰ ਬਜੀਰ ਖਾਨ ਵੱਲੋਂ ਗੁਰੂ ਕੇ ਲਾਲਾਂ ਨੂੰ ਦੋ ਦਿਨ ਲਗਾਤਾਰ 24  ਤੇ 25 ਦਸੰਬਰ (10,11 ਪੋਹ) ਨੂੰ ਧਰਮ ਬਦਲੀ ਕਰਨ ਲਈ ਡਰਾਇਆ ਧਮਕਾਇਆ ਤੇ ਲਲਚਾਇਆ ਜਾਂਦਾ ਰਿਹਾ,ਪਰੰਤੂ ਜਿੰਨਾਂ ਬੱਚਿਆਂ ਨੂੰ ਹੱਕ ਸੱਚ ਅਤੇ ਧਰਮ ਦੀ ਰਾਖੀ ਲਈ ਸ਼ਹਾਦਤਾਂ ਦਾ ਪਾਠ ਜਨਮ ਸਮੇ ਤੋ ਪੜਾਇਆ ਜਾਂਦਾ ਰਿਹਾ ਹੋਵੇ,ਉਹਨਾਂ ਦੇ ਹੌਸਲੇ ਅਪਣੇ ਧਾਰਮਿਕ ਅਸੂਲਾਂ ਤੋ ਡਿੱਗਿਆ ਹੋਇਆ ਬਜੀਰ ਖਾਨ ਵਰਗਾ ਈਰਖਾਲੂ ਹਾਕਮ ਕਿਵੇਂ ਪਸਤ ਕਰ ਸਕਦਾ ਹੈ।ਸੋ ਅਖੀਰ 26 ਦਸੰਬਰ(12 ਪੋਹ) ਨੂੰ ਸਾਹਿਬਜਾਦਾ ਬਾਬਾ ਜ਼ੋਰਾਵਰ ਸਿੰਘ ਅਤੇ ਬਾਬਾ ਫਤਿਹ ਸਿੰਘ ਧਰਮ ਤੇ ਕਾਇਮ ਰਹਿੰਦੇ ਹੋਏ ਨੀਹਾਂ ਚ ਚਿਣੇ ਜਾਣਾ ਸਵੀਕਾਰ ਕਰ ਕੇ ਸਿੱਖੀ ਦੀਆਂ ਨੀਹਾਂ ਨੂੰ ਬੇਹੱਦ ਮਜਬੂਤ ਕਰ ਗਏ ਅਤੇ ਓਧਰ ਮਾਤਾ ਗੁਜਰੀ ਜੀ ਬੱਚਿਆਂ ਵੱਲੋਂ ਧਰਮ ਨਿਭਾ ਜਾਣ ਤੇ ਸੁਰਖਰੂ ਹੋ ਕੇ ਦੁਨੀਆਂ ਤੋ ਰੁਖਸ਼ਤ ਹੋ ਗਏ।

ਬਘੇਲ ਸਿੰਘ ਧਾਲੀਵਾਲ
99142-58142

ਆਖਰ ਕਦੋ ਬਣੇਗਾ ਸ੍ਰੋਮਣੀ ਅਕਾਲੀ ਦਲ ਪੰਥ ਦੀ ਸਿਰਮੌਰ ਜਥੇਬੰਦੀ - ਬਘੇਲ ਸਿੰਘ ਧਾਲੀਵਾਲ

ਕੋਈ ਸਮਾ ਸੀ ਜਦੋ ਸਰੋਮਣੀ ਅਕਾਲੀ ਦਲ ਪੰਥ ਦੀ ਸਿਰਮੌਰ ਜਥੇਬੰਦੀ ਸੀ। ਉਹ ਵੀ ਸਮਾ ਪੰਥ ਲਈ ਖੁਸ਼ੀ ਵਾਲਾ ਹੋਵੇਗਾ ਜਦੋ 1920 ਵਿੱਚ ਸਰੋਮਣੀ ਅਕਾਲੀ ਦਲ ਪੰਥਕ ਹਿਤਾਂ ਦੀ ਪਹਿਰੇਦਾਰੀ ਕਰਨ ਲਈ ਹੋਂਦ ਵਿੱਚ ਆਇਆ ਹੋਵੇਗਾ।ਫਿਰ ਉਹ ਵੀ ਸਮਾ ਆਇਆ ਜਦੋ ਸਰੋਮਣੀ ਅਕਾਲੀ ਦਲ ਦੇ ਆਗੂਆਂ ਨੇ ਪੰਡਤ ਜਵਾਹਰ ਲਾਲਾ ਨਹਿਰੂ ਅਤੇ ਮਹਾਤਮਾ ਗਾਂਧੀ ਦੇ ਹੱਥਾਂ ਤੇ ਚੜ ਕੇ 1947 ਵਿੱਚ ਦੇਸ਼ ਵੰਡ ਵੇਲੇ ਭਾਰਤ ਨਾਲ ਰਹਿਣਾ ਸਵੀਕਾਰ ਕਰ ਲਿਆ।ਉਸ ਮਨਹੂਸ ਦਿਨ ਤੋ ਬਾਅਦ ਕਦੇ ਵੀ ਸਿੱਖਾਂ ਵਾਸਤੇ ਸਮਾ ਚੰਗਾ ਨਹੀ ਰਿਹਾ ਅਤੇ ਸਰੋਮਣੀ ਅਕਾਲੀ ਦਲ ਦੇ ਤਤਕਾਲੀ ਆਗੂ ਅਪਣੀ ਇਸ ਬਜ਼ਰ ਗਲਤੀ ਲਈ ਮਰਨ ਤੱਕ ਪਛਤਾਉਂਦੇ ਰਹੇ ਸਨ।ਉਸ ਤੋ ਬਾਅਦ ਸਮਾ ਸਰੋਮਣੀ ਅਕਾਲੀ ਦਲ ਦੇ ਰਾਜ ਭਾਗ ਦਾ ਵੀ ਆਇਆ, ਖਾਸ ਕਰਕੇ ਸ੍ਰ ਪ੍ਰਕਾਸ਼ ਸਿੰਘ ਬਾਦਲ ਦੇ ਰਾਜ ਭਾਗ ਵਾਲੇ ਕਾਰਜਕਾਲ ਦੀ ਗੱਲ ਕਰੀਏ, ਕਿਉਂਕਿ ਸ੍ਰ ਬਾਦਲ ਸਿੱਖ ਰਾਜਨੀਤੀ ਵਿੱਚ ਇੱਕ ਅਜਿਹਾ ਕਿਰਦਾਰ ਹੈ, ਜਿਸਨੇ ਪਰਦੇ ਪਿੱਛੇ ਰਹਿਕੇ ਕੌਂਮ ਦੀ ਨਸਲਕੁਸ਼ੀ ਕਰਨ ਵਾਲਿਆਂ ਦਾ ਸਾਥ ਵੀ ਦਿੱਤਾ ਅਤੇ ਉਂਜ ਕੌਂਮ ਦਾ ਆਗੂ ਵੀ ਬਣਿਆ ਰਿਹਾ। ਇਹ ਕਿੰਨਾ ਹੈਰਾਨੀਜਨਕ ਸੱਚ ਹੈ ਕਿ ਬਹੁਤ ਲੰਮਾ ਸਮਾ ਸਿੱਖ ਕੌਂਮ ਬਾਦਲ ਦਾ ਅਸਲੀ ਚੇਹਰਾ ਪਛਾਨਣ ਵਿੱਚ ਅਸਫਲ ਰਹੀ ਤੇ ਉਹ ਸਮਾ ਹੀ ਸਿੱਖਾਂ ਲਈ ਜਿਆਦਾ ਘਾਤਕ ਰਿਹਾ। ਜਦੋ ਪੰਜਾਬ ਚ ਨਕਸਲਬਾੜੀ ਲਹਿਰ ਜੋਰਾਂ ਤੇ ਸੀ ਤੇ ਪੰਜਾਬ ਵਿੱਚ ਸ੍ਰ ਬਾਦਲ ਦੀ ਸਰਕਾਰ ਸੀ, ਉਸ ਸਮੇ ਹੀ ਇਸ ਪਰਿਵਾਰ ਦੀ ਬਦਨੀਤੀ ਨੂੰ ਪੜ ਲੈਣਾ ਚਾਹੀਦਾ ਸੀ,ਪਰ ਅਫਸੋਸ ਕਿ ਰਾਜਨੀਤੀ ਦੀ ਡੂੰਘੀ ਸਮਝ ਰੱਖਣ ਦਾ ਦਮ ਭਰਨ ਵਾਲੇ ਕਾਮਰੇਡ ਵੀ ਸ੍ਰ ਬਾਦਲ ਦਾ ਅਸਲੀ ਚਿਹਰਾ ਸਾਹਮਣੇ ਲੈ ਕੇ ਆਉਣ ਵਿੱਚ ਅਸਫਲ ਰਹੇ।ਉਸ ਮੌਕੇ ਚਾਹੀਦਾ ਤਾ ਇਹ ਸੀ ਜਿੱਥੇ ਲੋਕਾਂ ਨੂੰ ਬਾਦਲ ਵੱਲੋਂ ਝੂਠੇ ਮੁਕਾਬਲਿਆਂ ਦੀ ਪਾਈ ਪਿਰਤ ਦੇ ਨਾਲ ਨਾਲ ਇਹ ਵੀ ਦੱਸਣਾ ਬਣਦਾ ਸੀ ਕਿ ਅਕਸਰ ਸ੍ਰ ਬਾਦਲ ਇਹ ਸਾਰਾ ਕੁੱਝ ਕਰ ਕਿਉਂ ਰਿਹਾ ਹੈ, ਇਹਦੇ ਪਿੱਛੇ ਕਿਹੜੀਆਂ ਸਕਤੀਆਂ ਕੰੰਮ ਕਰਦੀਆਂ ਹਨ ਜਿਹੜੀਆਂ ਇਹਨੂੰ ਪੰਜਾਬ ਦੀ ਨਸਲਕੁਸ਼ੀ ਲਈ ਤੇਜੇ,ਪਹਾੜੇ ਦੇ ਬਦਲ ਵਜੋਂ ਤਿਆਰ ਕਰ ਰਹੀਆਂ ਹਨ।। ਜਦੋ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਵੱਲੋਂ 1982 ਵਿੱਚ ਧਰਮਯੁੱਧ ਮੋਰਚਾ ਅਰੰਭਿਆ ਗਿਆ, ਤਾਂ ਮੋਰਚੇ ਨੂੰ ਪੂਰੇ ਜੋਬਨ ਤੇ ਪਹੁੰਚਾਉਣ ਵਿੱਚ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦੀ ਅਹਿਮ ਭੂਮਿਕਾ ਰਹੀ, ਪਰ ਸੰਤ ਭਿੰਡਰਾਂ ਵਾਲਿਆਂ ਦੀ ਦਿਨੋਂ ਦਿਨ ਵਧ ਰਹੀ ਲੋਕਪ੍ਰਿਯਤਾ ਅਕਾਲੀ ਦਲ ਦੇ ਆਗੂਆਂ ਤੋ ਬਰਦਾਸਤ ਨਹੀ ਸੀ ਕੀਤੀ ਜਾ ਰਹੀ, ਉਹਨਾਂ ਨੇ ਫਰੇਵ ਨਾਲ ਮੋਰਚਾ ਡਿਕਟੇਟਰ ਸੰਤ ਹਰਚੰਦ ਸਿੰਘ ਨੂੰ ਬਣਾ ਦਿੱਤਾ। ਭਾਂਵੇਂ ਮੋਰਚਾ ਡਿਕਟੇਟਰ ਸੰਤ ਹਰਚੰਦ ਸਿੰਘ ਲੌਗੋਵਾਲ ਸੀ,ਪਰ ਲੋਕ ਮਨਾਂ ਵਿੱਚ ਸੰਤ ਭਿੰਡਰਾਂ ਵਾਲਿਆਂ ਦੀ ਸ਼ਖਸੀਅਤ ਦਿਨੋ ਦਿਨ ਹੋਰ ਨਿਖਰਵੇਂ ਰੂਪ ਵਿੱਚ ਸਤਿਕਾਰੀ ਜਾਣ ਲੱਗੀ। ਇਹ ਸ੍ਰ ਪ੍ਰਕਾਸ ਸਿੰਘ ਬਾਦਲ ਸਮੇਤ ਅਕਾਲੀ ਦਲ ਦੀ ਲੀਡਰਸ਼ਿੱਪ ਨੂੰ ਪਰਵਾਂਨ ਨਹੀ ਸੀ। ਉਹਨਾਂ ਨੇ ਅਪਣੇ ਹੱਥੋ ਗੇਂਦ ਨਿਕਲਦੀ ਦੇਖ ਕੇਂਦਰ ਦੀ ਕਾਂਗਰਸ ਸਰਕਾਰ ਕੋਲ ਜਾ ਫਰਿਆਦ ਕੀਤੀ ਕਿ ਜਿੰਨਾਂ ਜਲਦੀ ਹੋ ਸਕੇ, ਸ੍ਰੀ ਦਰਵਾਰ ਸਾਹਿਬ ਤੇ ਫੌਜੀ ਹਮਲਾ ਕੀਤਾ ਜਾਵੇ, ਤੇ ਸੰਤ ਭਿੰਡਰਾਂ ਵਾਲੇ ਅਤੇ ਉਹਨਾਂ ਦੇ ਸਾਥੀਆਂ ਨੂੰ ਖਤਮ ਕਰਕੇ ਹਮੇਸਾਂ ਹਮੇਸਾਂ ਲਈ ਸਾਡਾ  ਰਸਤਾ ਸਾਫ ਕੀਤਾ ਜਾਵੇ। ਇੱਕ ਕਹਾਵਤ ਹੈ ਕਿ ਅੰਨ੍ਹਾ ਕੀ ਭਾਲੇ, ਦੋ ਅੱਖਾਂ,ਸੋ ਕੇਂਦਰ ਨੂੰ ਅਕਾਲੀਆਂ ਦੀ ਸ਼ਹਿ ਮਿਲਣ ਨਾਲ ਹੋਰ ਵੀ ਕੰਮ ਸੁਖਾਲਾ ਹੋ ਗਿਆ। ਜਿਹੜਾ ਅਕਾਲੀ ਦਲ ਐਮਰਜੈਂਸੀ ਦੌਰਾਨ ਕੇਂਦਰ ਵੱਲੋਂ ਪੰਜਾਬ ਦੇ ਸਾਰੇ ਹੱਕ ਦਿੱਤੇ ਜਾਣ ਦੇ ਵਾਅਦੇ ਨੂੰ ਠੁਕਰਾ ਕੇ ਸਰਕਾਰ ਖ਼ਿਲਾਫ਼ ਮੋਰਚਾ ਖੋਲ ਕੇ ਬੈਠ ਗਿਆ ਸੀ ਹੁਣ ਉਹ ਹੀ ਅਕਾਲੀ ਦਲ ਸੰਤ  ਜਰਨੈਲ ਸਿੰਘ ਭਿੰਡਰਾਂਵਾਲਿਆਂ ਨੂੰ ਰਸਤੇ ਵਿਚੋਂ ਹਟਾਉਣ ਲਈ ਆਪਣੇ ਸਭ ਤੋਂ ਉੱਚੇ ਅਤੇ ਪਵਿੱਤਰ ਅਸਥਾਨ ਦਰਬਾਰ ਸਾਹਿਬ 'ਤੇ ਫੌਜੀ ਹਮਲਾ ਕਰਵਾਉਣ ਲਈ ਕੇਂਦਰ ਨਾਲ ਦੋਨੋਂ ਹੱਥ ਮਿਲਾਉਣ ਲਈ ਕਾਹਲਾ ਪੈ ਰਿਹਾ ਸੀ। ਉਸ ਤੋ ਬਾਅਦ ਜੋ ਕੁੱਝ ਵਾਪਰਿਆ ਉਹ ਹੁਣ ਬੱਚਾ ਬੱਚਾ ਜਾਣ ਚੁੱਕਾ ਹੈ, ਉਹਦੇ ਦੁਹਰਾਓ ਦੀ ਜਰੂਰਤ ਨਹੀ, ਪ੍ਰੰਤੂ ਇੱਕ ਗੱਲ ਜਰੂਰ ਗੌਰ ਕਰਨ ਵਾਲੀ ਹੈ ਕਿ ਜਿਸ ਅਕਾਲੀ ਦਲ ਨੂੰ ਕਦੇ ਪੰਥ ਦੀ ਸਿਰਮੌਰ ਜਥੇਬੰਦੀ ਦਾ ਦਰਜਾ ਮਿਲਿਆ ਹੋਇਆ ਸੀ, ਉਹ 1984 ਤੱਕ ਪਹੰਚਦਿਆਂ ਪਹੁੰਚਦਿਆਂ ਕਿੰਨੇ ਨਿਘਾਰ ਚ ਜਾ ਚੁੱਕੀ ਸੀ।ਉਸ ਤੋ ਬਾਅਦ ਕਦੇ ਵੀ ਅਕਾਲੀ ਦਲ ਦੀ ਪਹੁੰਚ ਲੋਕ ਪੱਖੀ ਜਾਂ ਪੰਥ ਪ੍ਰਸਤੀ ਵਾਲੀ ਨਹੀ ਰਹੀ। ਜਿਹੜੇ ਪੰਥ ਪ੍ਰਸਤ ਆਗੂ ਸਰੋਮਣੀ ਅਕਾਲੀ ਦਲ ਵਿੱਚ ਮੌਜੂਦ ਸਨ ਉਹਨਾਂ ਦਾ ਜਿਸਮਾਨੀ ਜਾਂ ਸਿਆਸੀ ਕਤਲ ਕਰਨ ਵਿੱਚ ਸ੍ਰ ਪਰਕਾਸ਼ ਸਿੰਘ ਬਾਦਲ ਐਨੇ ਮਾਹਰ ਹੋ ਚੁੱਕੇ ਸਨ ਕਿ ਉਹਨਾਂ ਨੇ ਕਿਸੇ ਨੂੰ ਪਾਰਟੀ ਵਿੱਚ ਸਿਰ ਨਹੀ ਚੁੱਕਣ ਦਿੱਤਾ,ਜਿਸਨੇ ਵੀ ਸਿਰ ਚੁੱਕਿਆ ਉਹ ਫੇਹਿਆ ਗਿਆ।। ਇਹ ਪਰਮਾਤਮਾ ਦਾ ਕ੍ਰਿਸ਼ਮਾ ਹੀ ਕਿਹਾ ਜਾ ਸਕਦਾ ਹੈ ਕਿ ਉਹਨਾਂ ਦੀ ਉਮਰ ਦੇ ਆਖਰੀ ਪੜਾਅ ਤੇ ਆਕੇ ਉਹਦੀ ਜਿੰਦਗੀ ਦਾ ਸਾਰਾ ਚਿੱਠਾ ਨੰਗਾ ਕਰ ਦਿੱਤਾ। ਸ੍ਰ ਬਾਦਲ ਜਿੰਦਗੀ ਚ ਪੰਜ ਵਾਰੀ ਮੁੱਖ ਮੰਤਰੀ ਬਣੇ, ਇੱਕ ਵਾਰੀ ਵੀ ਉਹਨਾਂ ਦੀ ਪਾਰੀ ਸਿੱਖ ਕੌਂਮ ਲਈ ਸ਼ੁਭ ਨਹੀ ਰਹੀ।ਪਹਿਲੀ ਵਾਰ 1970,1971 ਵਿੱਚ ਨਕਸਲਬਾੜੀ ਲਹਿਰ ਨੂੰ ਕੁਚਲਣ ਲਈ ਝੂਠੇ ਪੁਲਿਸ ਮੁਕਾਬਲਿਆਂ ਦੀ ਪਿਰਤ ਪਾਕੇ ਅਪਣੇ ਰਾਜ ਭਾਗ ਦੀ ਸੁਰੂਆਤ ਕੀਤੀ,ਫਿਰ ਦੂਜੀ ਵਾਰ ਮੁੱਖ ਮੰਤਰੀ ਰਹੇ 1977 1980 ਉਸ ਮੌਕੇ ਨਿਰੰਕਾਰੀ ਕਾਂਡ ਕਰਵਾਇਆ, 13 ਸਿੰਘ ਸ਼ਹੀਦ ਕਰਵਾਏ, ਤੀਜੀ ਵਾਰ 1997-2002 ਤੱਕ ਮੁੱਖ ਮੰਤਰੀ ਬਣਾਇਆ ਹੀ ਪੰਜਾਬ ਵਿੱਚ ਚੱਲੇ ਇੱਕ ਦਹਾਕੇ ਤੱਕ ਸਿੱਖ ਨਸਲਕੁਸ਼ੀ ਵਾਲੇ ਦੌਰ ਵਿੱਚ ਤਤਕਾਲੀ ਪੁਲਿਸ ਮੁਖੀ ਕੇ ਪੀ ਐਸ ਗਿੱਲ ਦੀ ਸਿੱਖ ਮੁੰਡੇ ਮਾਰਨ ਵਿੱਚ ਮਦਦ ਕਰਨ ਅਤੇ ਆਰ ਐਸ ਐਸ ਦੀ 1994 ਵਿੱਚ  ਪੱਕੀ ਮੈਂਬਰਸ਼ਿੱਪ ਲੈਣ ਦੇ ਇਨਾਮ ਵਿੱਚ ਸੀ, ਅਤੇ ਉਸ ਮੌਕੇ ਭਨਿਆਰੇ ਵਾਲੇ ਸਾਧ ਦਾ ਕਾਂਡ ਵਾਪਰਿਆ, ਜਦੋ ਸੈਕੜੇ ਸਿੱਖ ਨੌਜਵਾਨਾਂ ਨੂੰ ਝੂਠੇ ਕੇਸਾਂ ਵਿੱਚ ਫਸਾਇਆ ਗਿਆ,ਚੌਥੀ ਵਾਰ 2007 2012 ਵਿੱਚ ਨੂਰ ਮਹਿਲੀਏ ਅਤੇ ਸਿਰਸੇ ਵਾਲੇ ਦਾ ਬਹੁ ਚਰਚਿਤ ਸਵਾਂਗ ਵਾਲਾ ਕਾਂਡ ਹੋਇਆ, ਇਹਦੇ ਵਿੱਚ ਵੀ ਸੈਕੜੇ ਝੂਠੇ ਕੇਸ ਸਿੱਖਾਂ ਤੇ ਪਾਏ ਸਿੱਖ ਨੌਜਆਨ ਸ਼ਹੀਦ ਕੀਤੇ ਅਤੇ ਡੇਰੇਦਾਰਾਂ ਨੂੰ ਸੁਰਖਿਆ ਦਿੱਤੀ, ਪੰਜਵੀਂ ਅਤੇ ਆਖਰੀ ਵਾਰ 2012 -2017 ਵਿੱਚ ਤਾਂ ਹੱਦ ਹੀ ਮੁਕਾ ਦਿੱਤੀ, ਜਦੋ ਜੂਨ 2015 ਵਿੱਚ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਰੂਪਾਂ ਦੀ ਚੋਰੀ ਨਾਲ ਬੇਅਦਬੀਆਂ ਦਾ ਦੌਰ ਸੁਰੂ ਹੋਇਆ ਤੇ ਸੰਘਰਸ਼ ਕਰਦੇ ਸਿੱਖਾਂ ਤੇ ਪੁਲਿਸ ਨੇ ਗੋਲੀਆਂ ਚਲਾਈਆਂ, ਪਾਣੀ ਦੀਆਂ ਬੁਛਾੜਾ ਛੱਡੀਆਂ, ਅੱਥਰੂ ਗੈਸ  ਅਤੇ ਅੰਨ੍ਹੇਵਾਹ ਲਾਠੀਚਾਰਜ ਨਾਲ ਜਿੱਥੇ ਸੈਕੜੇ ਸਿੱਖ ਗੰਭੀਰ ਰੂਪ ਵਿੱਚ ਜਖਮੀ ਕੀਤੇ ਓਥੇ ਦੋ ਸਿੱਖ ਸ਼ਹੀਦ ਕਰਨ ਦਾ ਕਲੰਕ ਆਪਣੇ ਨਾਮ ਕੀਤਾ।ਸੋ ਹੁਣ ਜੇਕਰ ਗੱਲ ਉਹਨਾਂ ਦੇ ਪੱੁਤਰ ਅਤੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਕੀਤੀ ਜਾਵੇ ਤਾਂ ਕਹਿ ਸਕਦੇ ਹਾਂ ਕਿ ਪੁੱਤਰ ਵੀ ਪਿਉ ਦੇ ਨਕਸੇ ਕਦਮਾਂ ਤੇ ਹੀ ਚੱਲ ਰਿਹਾ ਹੈ। ਉਹਨਾਂ ਨੇ ਵੀ ਅਕਾਲੀ ਦਲ ਦੀ 1984 ਵਿੱਚ ਪਾਈ ਪਿਰਤ ਨੂੰ ਅੱਗੇ ਤੋਰਦਿਆਂ ਪੰਜਾਬ ਭਾਜਪਾ ਨਾਲ ਗਠਜੋੜ ਦੌਰਾਨ ਭਾਜਪਾ ਦੇ ਪ੍ਰਧਾਨ ਨੂੰ ਨਾਲ ਲੈ ਕੇ ਪੰਜਾਬ ਦੇ ਰਾਜਪਾਲ ਨੂੰ ਬੇਅਦਬੀ ਦਾ ਇਨਸਾਫ ਲੈਣ ਲਈ ਬਰਗਾੜੀ ਵਿੱਚ ਲੱਗੇ ਸਾਂਤਮਈ ਇਨਸਾਫ ਮੋਰਚੇ ਤੇ ਜਲਦੀ ਤੋ ਜਲਦੀ ਕਾਰਵਾਈ ਕਰਨ ਲਈ ਮੰਗ ਪੱਤਰ ਸੌਂਪਿਆ ਸੀ। ਉਹਨਾਂ ਨੇ ਇਹ ਵੀ ਕਿਹਾ ਸੀ ਕਿ ਗਰਮ ਖਿਆਲੀ ਸਿੱਖ ਪੰਜਾਬ ਦਾ ਮਹੌਲ ਖਰਾਬ ਕਰਨਾ ਚਾਹੁੰਦੇ ਹਨ, ਜਿੰਨਾ ਜਲਦੀ ਹੋ ਸਕੇ ,ਉਹਨਾਂ ਤੇ ਕਾ੍ਰਵਾਈ ਕੀਤੀ ਜਾਵੇ। ਇਹ ਵੀ ਕੇਹਾ ਇਤਫਾਕ ਹੈ ਕਿ ਕਦੇ 1984 ਵਿੱਚ ਵੀ ਸ੍ਰ ਪਰਕਾਸ਼ ਸਿੰਘ ਬਾਦਲ ਅਤੇ ਅਕਾਲੀ ਦਲ ਦੇ ਤਤਕਾਲੀ ਪ੍ਰਧਾਨ ਸੰਤ ਹਰਚੰਦ ਸਿੰਘ ਲੌਂਗੋਵਾਲ ਨੇ ਵੀ ਕੇਂਦਰ ਨੂੰ ਪੱਤਰ ਲਿਖ ਕੇ ਜਲਦੀ ਤੋ ਜਲਦੀ ਸ੍ਰੀ ਹਰਿਮੰਦਰ ਸਾਹਿਬ ਤੇ ਹਮਲਾ ਕਰਨ ਲਈ ਕਿਹਾ ਸੀ।ਹੁਣ ਸਿੱਖ ਪੰਥ ਨੂੰ ਸੋਚਣਾ ਪਵੇਗਾ ਕਿ ਆਖਰ ਸਰੋਮਣੀ ਅਕਾਲੀ ਦਲ ਕਦੋ ਤੱਕ ਕੇਂਦਰ ਅਤੇ ਸਿੱਖ ਵਿਰੋਧੀ ਤਾਕਤਾਂ ਦੇ ਹੱਥਾਂ ਦੀ ਕਠਪੁਤਲੀ ਬਣਕੇ ਕੇਂਦਰ ਲਈ ਕੰਮ ਕਰਦਾ ਰਹੇਗਾ ਤੇ ਕਦੋਂ ਮੁੜ ਤੋ ਪੰਥ ਦੀ ਸਿਰਮੌਰ ਜਥੇਬੰਦੀ ਬਣੇਗਾ।

ਬਘੇਲ ਸਿੰਘ ਧਾਲੀਵਾਲ
 99142-58142

“ਸਰਬਤ ਦੇ ਭਲੇ” ਵਾਲੀ ਹਲੇਮੀ ਬਾਦਸ਼ਾਹਤ ਦੀ ਤਾਂਘ ਦਾ ਸੈਦਾਈ ਅਤੇ ਸਿੱਖ ਜਜ਼ਬਿਆਂ ਨਾਲ ਲਬਰੇਜ਼ ਭਾਈ ਅਮ੍ਰਿਤਪਾਲ ਸਿੰਘ - ਬਘੇਲ ਸਿੰਘ ਧਾਲੀਵਾਲ

ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਵੀਹਵੀਂ ਸਦੀ ਦੇ ਮਹਾਂਨ ਸਿੱਖ ਸ਼ਹੀਦ ਦਾ ਰੁਤਬਾ ਪਾਉਣ ਵਾਲੇ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਤੋ ਬਾਅਦ ਭਾਂਵੇ ਦਹਾਕਾ ਭਰ ਸਿੱਖ ਖਾੜਕੂ ਨੌਜਵਾਨਾਂ ਨੇ ਦਿੱਲੀ ਤਖਤ ਨਾਲ ਜਾਨ ਹੂਲਵਾਂ ਸੰਘਰਸ਼ ਲੜਿਆ,ਪ੍ਰੰਤੂ ਖਾੜਕੂ ਸਿੱਖ ਸੰਘਰਸ਼ ਖਤਮ ਹੋ ਜਾਣ ਤੋ ਬਾਅਦ ਲੰਮਾ ਅਰਸ਼ਾ  ਸਿੱਖ ਕੌਂਮ, ਖਾਸ ਕਰਕੇ ਸਿੱਖ ਨੌਜੁਆਨੀ ਨੂੰ ਕੋਈ ਆਦਰਸ਼ ਆਗੂ ਨਹੀ ਮਿਲਿਆ,ਜਿਸ ਦੀ ਬਦੌਲਤ ਸਿੱਖ ਨੌਜਵਾਨੀ ਵਿਰੋਧੀ ਤਾਕਤਾਂ  ਦੀਆਂ ਸਾਜਿਸ਼ਾਂ  ਦਾ ਸ਼ਿਕਾਰ ਹੋ ਕੇ ਲੱਚਰਤਾ ਅਤੇ ਨਸ਼ਿਆਂ ਦੇ ਰਾਹ ਪੈ ਗਈ,ਲਿਹਾਜਾ ਪੰਜਾਬ ਦੇ ਘਰ  ਘਰ ਚ ਸੱਥਰ ਵਿਸਣੇ ਆਮ ਵਰਤਾਰਾ ਬਣ ਗਿਆ। ਦਹਾਕਿਆਂ ਵੱਧੀ ਪੰਜਾਬ ਦੀ ਜੁਆਨੀ ਧਰਮ ਕਰਮ ਨੂੰ ਅਸਲੋਂ ਹੀ ਵਿਸਾਰਕੇ ਸਿਵਿਆਂ ਦੇ ਰਾਹ ਤੁਰਦੀ ਰਹੀ। ਨਸ਼ਿਆਂ ਅਤੇ ਲੱਚਰਤਾ ਦੇ ਮਾਰੂ ਅਸਰ ਤੋ ਦੂਰ ਰਹਿਣ ਵਾਲੇ ਪੜ੍ਹਾਕੂ ਕਿਸਮ ਦੇ ਨੌਜਵਾਨਾਂ ਨੇ ਪੰਜਾਬ ਨੂੰ ਛੱਡ ਜਾਣ ਦਾ ਮਨ ਬਣਾ ਲਿਆ,ਜਿਸ ਦਾ ਨਤੀਜਾ ਇਹ ਨਿਕਲਿਆ ਕਿ ਪੰਜਾਬ ਦੇ ਪਾੜ੍ਹੇ ਉੱਚ ਵਿਦਿਆ ਦਾ ਮੋਹ ਤਿਆਗ ਕੇ ਵਾਰਾਂ ਜਮਾਤਾਂ ਪਾਸ ਕਰਨ ਤੋ ਬਾਅਦ  ਆਈਲੈਟਸ ਦਾ ਟੈਸਟ ਪਾਸ ਕਰਕੇ  ਬਾਹਰਲੇ ਮੁਲਕਾਂ ਵੱਲ ਨੂੰ ਨਿਕਲ ਤੁਰੇ।ਦੇਖਦੇ ਹੀ ਦੇਖਦੇ ਪੰਜਾਬ ਖਾਲੀ ਹੁੰਦਾ ਪਰਤੀਤ ਹੋਣ ਲੱਗਾ।ਇਹ ਸਾਰਾ ਕੁੱਝ  ਕੁਦਰਤੀ ਨਹੀ ਵਾਪਰਿਆ, ਬਲਕਿ ਇਹ ਪੰਜਾਬ ਦੁਸ਼ਮਣ ਤਾਕਤਾਂ ਦਾ ਪੰਜਾਬ ਦੀ ਹੋਂਦ ਨੂੰ ਮਿਟਾਉਣ ਵਾਲਾ ਬਹੁਤ ਹੀ ਸਾਜਿਸ਼ੀ  ਵਰਤਾਰਾ ਹੈ,ਜਿਸ ਵਿੱਚ ਪੰਜਾਬ ਦੀ  ਸਿਆਸੀ ਜਮਾਤ ਬਰਾਬਰ ਦੀ ਜਿੰਮਵਾਰ ਹੈ। ਇਸ ਵਰਤਾਰੇ ਦਾ ਦੁਖਦਾਇਕ ਪਹਿਲੂ ਇਹ ਵੀ ਹੈ ਕਿ ਪੰਜਾਬ ਦੀ ਜਨਤਾ ਨੇ ਕਦੇ ਵੀ ਪੰਜਾਬ ਦੀ ਜੁਆਨੀ ਦੀ ਨਸਲਕੁਸ਼ੀ ਅਤੇ ਬਰਬਾਦੀ ਲਈ ਮੁਹਰੇ ਬਣੇ ਇੱਥੋ ਦੇ ਸਿਆਸੀ ਲੋਕਾਂ ਦੀ ਭੂਮਿਕਾ ਨੂੰ  ਗੰਭੀਰਤਾ ਨਾਲ ਨਹੀ ਲਿਆ,ਜਾਂ ਇਹ ਵੀ ਕਿਹਾ ਜਾ ਸਕਦਾ ਹੈ ਕਿ ਪੰਜਾਬ ਦੇ ਭੋਲ਼ੇ ਭਾਲ਼ੇ ਲੋਕ ਵਾਰ ਵਾਰ ਸਿਆਸਤ ਦੇ ਚੰਗੇਰੇ ਭਵਿੱਖ ਦੇ ਝਾਂਸੇ ਵਿੱਚ ਫਸਦੇ ਰਹੇ ਅਤੇ ਵਾਰ ਵਾਰ ਧੋਖਾ ਖਾਂਦੇ ਰਹੇ। ਪੰਜਾਬ ਦੀ ਕੁਰਾਹੇ ਪਈ ਜੁਆਨੀ ਨੂੰ ਪਹਿਲੀ ਵਾਰ ਕਿਸਾਨੀ ਅੰਦੋਲਨ ਦੌਰਾਨ ਸ਼ੰਭੂ ਮੋਰਚੇ ਤੋ ਕਿਸੇ ਨੌਜਵਾਨ ਤੋ ਅਗਵਾਈ ਦੀ ਉਮੀਦ ਜਾਗੀ।ਮਰਹੂਮ ਸੰਦੀਪ ਸਿੰਘ ਦੀਪ ਸਿੱਧੂ ਦੇ ਗੈਰਤ ਨੂੰ ਹਲੂਣਾ ਦੇਣ ਵਾਲੇ ਜੱਟਕੇ ਪਰਚਾਰ ਦੀ ਬਦੌਲਤ ਨੌਜਵਾਨੀ ਇਸ ਕਦਰ ਮੁਰੀਦ ਬਣ ਗਈ,ਕਿ ਉਹਨਾਂ ਦੀ ਬੇਬਕਤੀ ਮੌਤ ਤੇ ਪੰਜਾਬ ਦੀ ਜੁਆਨੀ ਭੁੱਬਾਂ ਮਾਰ ਮਾਰ ਕੇ ਰੋਂਦੀ ਦੇਖੀ ਗਈ। ਮਰਹੂਮ ਦੀਪ ਸਿੱਧੂ ਦੀ ਬਣਾਈ ਜਥੇਬੰਦੀ “ਵਾਰਿਸ ਪੰਜਾਬ ਦੇ”  ਨੌਜਵਾਨਾਂ ਲਈ  ਇੱਕੋ ਇੱਕ ਆਸ ਦੀ ਕਿਰਨ ਬਣ ਗਈ।ਇਸ ਜਥੇਬੰਦੀ ਨਾਲ ਜੁੜੇ ਮੁਢਲੇ ਮੈਂਬਰਾਂ ਨੇ ਸਰਬ ਸੰਮਤੀ ਨਾਲ ਦੁਬਈ ਰਹਿੰਦੇ ਨੌਜਵਾਨ ਭਾਈ ਅਮ੍ਰਿਤਪਾਲ ਸਿੰਘ ਨੂੰ ਆਪਣਾ ਆਗੂ ਮੰਨ ਲਿਆ।ਇਹ ਵੀ ਗੁ੍ਰੂ ਦੀ ਕਲਾ ਵਰਤਣ ਵਰਗਾ ਵਰਤਾਰਾ ਹੈ ਕਿ ਭਾਈ ਅਮ੍ਰਿਤਪਾਲ ਸਿੰਘ ਨੇ ਪੰਜਾਬ ਆ ਕੇ ਖੁਦ ਹੀ ਗੁਰੂ ਦੇ ਲੜ ਨਹੀ ਲੱਗਿਆ,ਬਲਕਿ ਉਹਨੇ ਗੁਰੂ ਤੋ ਬੇਮੁੱਖ ਹੋ ਕੇ ਕੁਰਾਹੇ ਪਈ ਜੁਆਨੀ ਨੂੰ ਮੁੜ ਗੁਰੂ ਨਾਲ ਜੋੜਨ ਦਾ ਪਵਿੱਤਰ ਕਾਰਜ ਐਸਾ ਅਰੰਭਿਆ ਕਿ ਹਜਾਰਾਂ ਨੌਜਵਾਨ ਨਸ਼ਿਆਂ ਨੂੰ ਤੋਬਾ ਕਹਿ ਕੇ ਗੁਰੂ ਵਾਲੇ ਬਣ ਕੌਂਮੀ ਕਾਫਲੇ ਚ ਸ਼ਾਮਲ ਹੋ ਤੁਰੇ। ਜੇਕਰ ਗੱਲ ਭਾਰੀ ਅਮ੍ਰਿਤਪਾਲ ਸਿੰਘ ਦੀ ਸ਼ਖਸੀਅਤ ਦੀ ਕਰਨੀ ਹੋਵੇ,ਤਾਂ ਇਹ ਕਹਿਣਾ ਕੋਈ ਗਲਤ ਨਹੀ ਹੋਵੇਗਾ ਕਿ ਇਹ ਨੌਜਵਾਨ ਕੋਈ ਆਮ ਨਹੀ ਹੈ,ਇਹਦੇ (ਅਮ੍ਰਿਤਪਾਲ ਸਿੰਘ) ਦੇ ਚਿਹਰੇ ਵੱਲ ਝਾਤੀ ਮਾਰੋ, ਚਿਹਰੇ ਨੂੰ ਪੜਨ ਦਾ ਯਤਨ ਕਰੋ,ਤੁਹਾਨੂੰ ਖੁਦ ਮਹਿਸੂਸ ਹੋਵੇਗਾ ਕਿ ਇਹ ਨੌਜਵਾਨ ਆਮ ਨਹੀ ਹੈ,। ਥੋੜ੍ਹਾ ਹੋਰ ਸੰਜੀਦਗੀ ਨਾਲ ਚਿਹਰੇ ਰਾਹੀਂ ਅੰਦਰ ਉਤਰਨ ਦਾ ਯਤਨ ਕਰੋਗੇ ਤਾਂ  ਕੌਮੀ ਜਜ਼ਬਿਆਂ ਨਾਲ ਲਬਰੇਜ਼ ਉੱਚੀ ਸੁੱਚੀ ਸੋਚ ਦਾ ਠਾਠਾਂ ਮਾਰਦਾ ਸਮੁੰਦਰ ਹੜ੍ਹਿਆ ਜਾਪੇਗਾ।ਦੁਨਿਆਵੀ ਵਿਦਿਆ ਘੱਟ ਹੋਣ ਦੇ ਬਾਵਜੂਦ ਵੀ ਇਸ ਨੌਜਵਾਨ ਦੇ ਅੰਦਰ,ਦੁਨੀਆਂ ਭਰ ਦੇ ਗਿਆਨ ਦਾ ਅਥਾਹ ਭੰਡਾਰ ਹੈ। ਇਹ ਨੌਜਵਾਨ ਜਬਰ ਜੁਲਮ,ਵਿਤਕਰੇਵਾਜੀ ਅਤੇ ਭ੍ਰਿਸ਼ਟਾਚਾਰ ਦੀ ਬੁਨਿਆਦ ਤੇ ਖੜ੍ਹੇ ਸਿਸਟਮ ਨੂੰ ਵੰਗਾਰਦੀ ਸਿੱਖ ਸੋਚ ਦਾ ਪਰਤੀਕ ਹੋ ਨਿੱਬੜਿਆ ਹੈ। ਗੁਰੂ ਦੇ ਮੁਢਲੇ ਸਿਧਾਂਤ ਸਰਬਤ ਦੇ ਭਲੇ ਵਾਲੀ ਹਲੇਮੀ ਬਾਦਸ਼ਾਹਤ ਦੀ ਤਾਂਘ ਨੇ ਇਸ ਨੌਜਵਾਨ ਨੂੰ ਨਿੱਜਤਾ ਚੋਂ ਬਾਹਰ ਕੱਢ ਲਿਆ ਹੈ। ਉਹ ਨਿੱਜੀ ਵਿਕਾਰਾਂ ਦੇ ਮੋਹ ਜਾਲ ਤੋ ਬਾਹਰ ਹੋਇਆ ਜਾਪਦਾ ਹੈ।ਉਹਦੇ ਅੰਦਰ "ਖੇਤੁ ਜੁ ਮਾਡਿਉ ਸੂਰਮਾ ਅਬ ਜੂਝਣ ਕੋ ਦਾਉ"॥ ਦੇ  ਸੰਕਲਪ ਦਾ ਅਨਹਤ ਨਾਦ ਚੱਲਦਾ ਮਹਿਸੂਸ ਹੁੰਦਾ ਹੈ,ਜੋ ਕੰਨਾਂ ਨਾਲ ਨਹੀ,ਬਲਕਿ ਮਨ ਦੀ ਉਹ ਅਵਸਥਾ ਹੀ ਸੁਣ ਸਕਦੀ ਹੈ,ਜਿਸ ਦੇ ਅੰਦਰ "ਲਰੈ ਦੀਨ ਕੇ ਹੇਤੁ" ਦੀ ਭਾਵਨਾ ਪਰਵਲ ਹੋ ਰਹੀ ਹੋਵੇ ਅਤੇ ਕਦਮ "ਪੁਰਜਾ ਪੁਰਜਾ ਕਟਿ ਮਰੈ ਕਬਹੂ ਨ ਛਾਡੈ ਖੇਤੁ"॥ ਦੀ ਪਵਿੱਤਰ ਭਾਵਨਾ ਵੱਲ ਵਧ ਰਹੇ ਹੋਣ।ਇਹ ਅਵਸਥਾ ਹੀ 80 ਸਾਲਾ ਬਾਬੇ ਨੂੰ  18 ਸੇਰ ਦਾ ਖੰਡਾ ਫੜ ਮਾਲਵੇ ਦੇ ਤਲਵੰਡੀ ਸਾਬੋ (ਦਮਦਮਾ ਸਾਹਿਬ) ਦੀ ਧਰਤੀ ਤੋ ਸ੍ਰੀ ਰਾਮਦਾਸ ਪਾਤਸ਼ਾਹ ਦੇ ਪਵਿੱਤਰ ਅਸਥਾਨ ਸ੍ਰੀ ਦਰਬਾਰ ਸਾਹਿਬ ਸ੍ਰੀ ਅਮ੍ਰਿਤਸਰ  ਦੀ ਅਜਮਤ ਲਈ ਸ਼ੀਸ਼ ਤਲੀ ਤੇ ਧਰ ਕੇ ਲੜਨ ਦੇ ਯੋਗ ਬਣਾ ਦਿੰਦੀ ਹੈ,ਇਹ ਹੀ ਪਵਿੱਤਰ ਭਾਵਨਾ ਅਕਾਲੀ ਫੂਲਾ ਸਿੰਘ ਵਰਗੇ ਬੁੱਢੇ ਸ਼ੇਰ ਨੂੰ ਹਲੇਮੀ ਰਾਜ ਦੀ ਰਾਖੀ ਲਈ ਕੁਰਬਾਨ ਕਰ ਦਿੰਦੀ ਹੈ ਅਤੇ ਇਹ ਹੀ ਭਾਵਨਾ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਭਿੰਡਰਾਵਾਲਿਆਂ ਨੂੰ ਬਾਬਾ ਏ ਕੌਮ ਅਤੇ ਵੀਹਵੀਂ ਸਦੀ ਦੇ ਮਹਾਨ ਸਿੱਖ ਸ਼ਹੀਦ ਦੀ ਉਪਾਧੀ ਤੱਕ ਪਹੁੰਚਾ ਦਿੰਦੀ ਹੈ।ਇਹ ਹੀ ਭਾਵਨਾ ਸੁੱਖੇ ਜਿੰਦੇ ਬਣ ਫਾਂਸੀ ਚੜ੍ਹਦੀ ਹੈ ਅਤੇ ਇਹ ਹੀ ਭਾਵਨਾ ਕੇਹਰ ਸਿੰਘ,ਬੇਅੰਤ ਸਿੰਘ,ਸਤਵੰਤ ਸਿੱਘ ਨੂੰ ਦਿੱਲੀ ਦਰਬਾਰ ਦੇ ਰਾਖਿਆਂ ਤੋ ਬਾਗੀ ਬਣਾ ਕੇ ਕੌਮੀ ਸ਼ਹੀਦ ਦਾ ਰੁਤਬਾ ਦਿਵਾ ਦਿੰਦੀ ਹੈ। ਭਾਵ ਕਿ ਇਹ ਅਵਸਥਾ ਜੀਵਨ ਅਤੇ ਮੌਤ ਨੂੰ ਇੱਕ ਸਮਾਨ ਕਰ ਸ਼ਹਾਦਤ ਦੇ ਪੁਜਾਰੀ ਬਣਾ ਦਿੰਦੀ ਹੈ। ਇਸ ਅਵਸਥਾ ਵਿੱਚ ਪਹੁੰਚਿਆ ਵਿਅਕਤੀ ਕੌਮੀ ਲੜਾਈ ਅੰਦਰ ਸ਼ਹਾਦਤ ਦੇ ਬਹਾਨੇ ਲੱਭਣ ਲੱਗਦਾ ਹੈ। ਭਾਵੇਂ  ਇਹ ਵੀ ਸੱਚ ਹੈ ਕਿ ਨਾਂ ਤਾਂ ਇਸ ਅਵਸਥਾ ਤੱਕ ਹਰ ਕੋਈ ਸੌਖਿਆਂ ਪਹੁੰਚ ਸਕਦਾ ਹੈ ਅਤੇ ਨਾ ਹੀ ਇਸ ਅਵਸਥਾ ਤੇ ਟਿਕੇ ਰਹਿ ਸਕਦਾ ਹੈ,ਇਹ ਵੀ ਕਿਸੇ ਵਿਰਲੇ ਦੇ ਨਸੀਬ ਵਿੱਚ ਹੀ ਹੁੰਦਾ ਹੈ,ਪਰ ਇਹ ਵੀ ਜਾਹਰਾ ਸੱਚ ਹੈ ਕਿ ਸਿੱਖੀ ਵਿੱਚ ਅਜਿਹੀ ਭਾਵਨਾ ਬਹੁਤਾਤ ਵਿੱਚ ਦੇਖੀ ਪਰਖੀ ਗਈ ਹੈ।ਜੂਨ 1984 ਦੇ ਸ੍ਰੀ ਦਰਬਾਰ ਸਾਹਿਬ ਤੇ ਫੌਜੀ ਹਮਲੇ ਅਤੇ ਉਸ ਤੋ ਬਾਅਦ ਉੱਠੀ ਹਥਿਆਰਬੰਦ ਸਿੱਖ ਲਹਿਰ ਦੇ ਅਦੁੱਤੀ ਕਾਰਨਾਮੇ ਸਿੱਖ ਇਤਿਹਾਸ ਦੇ ਸੁਨਹਿਰੀ ਪੱਤਰੇ ਬਣ ਚੁੱਕੇ ਹਨ। ਮੌਜੂਦਾ ਦੌਰ ਚ ਅਮ੍ਰਿਤਪਾਲ ਸਿੰਘ ਦੀ ਆਮਦ ਨੂੰ ਸਿੱਖ ਜੁਆਨੀ ਨੇ ਜੀਉ ਆਇਆਂ ਕਿਹਾ ਹੈ,ਕਿਉਂਕਿ ਉਹਨਾਂ ਨੂੰ ਜਾਪਦਾ ਹੈ ਕਿ ਅਮ੍ਰਿਤਪਾਲ ਸਿੰਘ ਸਿੱਖ ਜਜ਼ਬਿਆਂ ਦੀ ਤਰਜਮਾਨੀ ਕਰਦਾ ਹੈ।ਸਿੱਖ ਕੌਂਮ ਦੀ ਤਰਾਸਦੀ ਹੈ ਕਿ ਅਮ੍ਰਿਤਪਾਲ ਸਿੰਘ ਵੱਲੋਂ ਨੌਜਵਾਨਾਂ ਨੂੰ ਨਸ਼ਿਆਂ ਦੇ ਕੋਹੜ ਚੋ ਕੱਢ ਕੇ ਗੁਰੂ ਨਾਲ ਜੋੜਨ ਦੇ ਪਵਿੱਤਰ ਕਾਰਜ ਦਾ ਵਿਰੋਧ ਕੋਈ ਹੋਰ  ਨਹੀ ਬਲਕਿ ਸਿੱਖਾਂ ਦੇ ਉਸ ਵੱਡੇ ਹਿੱਸੇ ਵੱਲੋਂ ਕੀਤਾ ਜਾ ਰਿਹਾ ਹੈ,ਜਿਹੜੇ  ਨਿੱਜੀ ਲੋਭ ਲਾਲਸਾ ਅਧੀਨ ਦਿੱਲੀ ਦਰਬਾਰ ਦੇ ਜੀਅ ਹਜੂਰੀਏ ਬਣੇ ਹੋਏ ਹਨ।ਮਨੁੱਖੀ ਕਦਰਾਂ ਕੀਮਤਾਂ ਤੋ ਮਨਫੀ ਹੋ ਚੁੱਕੀ ਸੋਚ ਵਾਲੀ ਸਿੱਖ ਜੁਆਨੀ ਨੂੰ ਭਾਈ ਅਮ੍ਰਿਤਪਾਲ ਸਿੰਘ ਦੀ ਆਮਦ ਨੇ ਮੁੜ ਸਿੱਖ ਵਿਚਾਰਧਾਰਾ ਦੀ ਪਾਣ ਦੇ ਕੇ ਜਿਉਂਦਾ ਕੀਤਾ ਹੈ। ਸੋ ਆਸ ਅਤੇ ਅਰਦਾਸ ਕਰਨੀ ਬਣਦੀ ਹੈ ਕਿ ਅਕਾਲ ਪੁਰਖ ਸਿੱਖ ਜੁਆਨੀ ਦੇ ਜਜ਼ਬਿਆਂ ਨੂੰ ਪਵਿੱਤਰਤਾ ਬਖਸ਼ੇ।

ਬਘੇਲ ਸਿੰਘ ਧਾਲੀਵਾਲ
99142-58142

ਸੌਖਾ ਨਹੀ ਹੈ ਇੱਕ ਸਿੱਖ ਹੋਣਾ, ਇੱਕ ਗੁਰਸਿੱਖ ਹੋਣਾ  - ਬਘੇਲ ਸਿੰਘ ਧਾਲੀਵਾਲ

ਭਾਰਤ ਅੰਦਰ ਗਾਹੇ ਬ ਗਾਹੇ ਅਜਿਹਾ ਬਹੁਤ ਕੁੱਝ ਵਾਪਰਦਾ ਰਹਿੰਦਾ ਹੈ,ਜਿਹੜਾ ਮਨੁੱਖਤਾ ਵਿਰੋਧੀ ਹੁੰਦਾ ਹੈ, ਜਿਹੜਾ ਲੋਕਤੰਤਰ ਨੂੰ ਸ਼ਰਮਸਾਰ ਕਰਨ ਵਾਲਾ ਹੁੰਦਾ ਹੈ, ਜਿਹੜਾ ਭਾਰਤ ਅੰਦਰ ਘੱਟ ਗਿਣਤੀਆਂ ਨੂੰ ਫਿਕਰਮੰਦ ਕਰਦਾ ਹੈ, ਪ੍ਰੰਤੂ ਭਾਰਤੀ ਮੀਡੀਏ ਦੀ ਚੁੱਪ ਕਾਰਨ ਬਹੁਤ ਸਾਰੇ ਸਰਕਾਰੀ ਸਰਪ੍ਰਸਤੀ ਵਾਲੇ ਗੁਨਾਹ ਦੱਬ ਕੇ ਰਹਿ ਜਾਂਦੇ ਹਨ,ਤੇ ਲੋਕ ਅਜਿਹੀ ਜਾਣਕਾਰੀ ਤੋ ਵਾਂਝੇ ਰਹਿ ਜਾਂਦੇ ਹਨ, ਜਿਹੜੀ ਉਹਨਾਂ ਤੱਕ ਪਹੁੰਚਣੀ ਬੇਹੱਦ ਜਰੂਰੀ ਹੋਣੀ ਚਾਹੀਦੀ ਹੈ। ਪਿਛਲੇ ਦਿਨੀ ਅਮਰੀਕਾ ਤੋ ਆਪਣੇ ਪਰਿਵਾਰ ਨੂੰ ਮਿਲਣ ਆ ਰਹੇ ਇੱਕ ਪੂਰਨ ਗੁਰਸਿੱਖ ਅਤੇ ਅਮਰੀਕੀ ਪੱਤਰਕਾਰ ਅੰਗਦ ਸਿੰਘ ਨੂੰ ਭਾਰਤ ਚ ਦਾਖਲ ਹੋਣ ਤੋ ਰੋਕ ਕੇ ਤਿੰਨ ਘੰਟੇ ਬਾਅਦ ਦਿੱਲੀ  ਦੇ ਇੰਦਰਾ ਗਾਂਧੀ ਹਵਾਈ ਅੱਡੇ ਤੋ ਹੀ ਅਮਰੀਕਾ ਜਾਣ ਵਾਲੀ ਫਲਾਈਟ ਤੇ ਵਾਪਸ ਭੇਜ ਦਿੱਤਾ ਗਿਆ। ਉਹਨਾਂ ਨੂੰ ਵਾਪਸ ਭੇਜਣ ਦਾ ਕੋਈ ਕਾਰਨ ਵੀ ਨਹੀ ਦੱਸਿਆ ਗਿਆ। ਰਾਤ ਤਕਰੀਬਨ 10 ਵਜੇ ਅੰਗਦ ਨੇ ਆਪਣੀ ਮਾਂ ਨੂੰ ਇਸ ਬਾਰੇ ਫੋਨ ਤੇ ਦੱਸਿਆ ਕਿ ਉਹਨੂੰ  ਵਾਪਸ ਭੇਜਿਆ ਜਾ ਰਿਹਾ ਹੈ ਅਤੇ ਇਸ ਦਾ ਕੋਈ ਕਾਰਨ ਵੀ ਨਹੀ ਦੱਸਿਆ ਗਿਆ। ਉਹ ਬੜੇ ਚਾਵਾਂ ਨਾਲ ਬੁੱਧਵਾਰ ਦੀ ਰਾਤ ਸਾਢੇ ਅੱਠ ਵਜੇ ਦਿੱਲੀ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਉੱਤਰਦਾ ਹੈ। ਉਹਦੇ ਮਨ ਚ ਆਪਣੇ ਵਤਨ ਪੰਜਾਬ ਅਤੇ ਨਾਨਕੇ ਇੰਦੌਰ ਜਾਣ ਦੇ ਚਾਅ ਹੁੰਦੇ ਹਨ, ਆਪਣੀ ਮਾਂ ਨੂੰ ਮਿਲਣ ਦਾ ਮਲਾਰ ਉਹਦਾ ਪੈਰ ਧਰਤੀ ਤੇ ਨਹੀ ਲੱਗਣ ਦਿੰਦੇ,ਪਰ ਭਾਰਤ ਸਰਕਾਰ ਨੂੰ ਅੰਗਦ ਸਿੰਘ ਦਾ ਭਾਰਤ ਚ ਦਾਖਲ ਹੋਣਾ ਭਾਉਂਦਾ ਨਹੀ ਹੈ,ਭਾਰਤ ਸਰਕਾਰ ਉਹਦੀ ਕਲਮ ਤੋ ਤਹਿਕਦੀ ਹੈ,ਉਹਦੇ ਕੈਮਰੇ ਦਾ ਭੈਅ ਉਪਰੋਂ ਮਜਬੂਤ ਦਿੱਸਣ ਵਾਲੇ ਹਾਕਮਾਂ ਨੂੰ ਚੀਨ ਦੀ ਤੋਪ ਦੋ ਵੱਧ ਭੈਅਭੀਤ ਕਰਦਾ ਹੈ। ਇਸ ਕਰਕੇ ਭਾਰਤੀ ਤੰਤਰ ਵੱਲੋਂ ਉਹਨੂੰ ਹਵਾਈ ਅੱਡੇ ਤੋ ਹੀ ਵਾਪਸ ਅਮਰੀਕਾ ਜਾਣ ਵਾਲੀ ਫਲਾਇਟ ਵਿੱਚ ਚੜ੍ਹਾ ਕੇ ਅੰਗਦ ਦੇ ਸੁਪਨਿਆਂ ਨੂੰ ਚੂਰ ਚੂਰ ਕਰ ਦਿੱਤਾ ਜਾਂਦਾ ਹੈ। ਭਾਰਤ ਸਰਕਾਰ ਦੀ ਇਸ ਕਾਰਵਾਈ ਤੇ ਅੰਗਦ ਸਿੰਘ ਦੀ ਮਾਤਾ ਗੁਰਮੀਤ ਕੌਰ, ਜਿਹੜੀ ਖੁਦ ਇੱਕ ਚੇਤਨ ਲੇਖਿਕਾ ਹੈ, ਜਿਸ ਨੇ ਮਨੁੱਖੀ ਅਧਿਕਾਰਾਂ ਦੀ ਲਹਿਰ ਦੇ ਨਾਇਕ ਸ਼ਹੀਦ ਜਸਵੰਤ ਸਿੰਘ ਖਾਲੜਾ ਤੇ ਇੱਕ ਪੁਸਤਕ ਵੀ ਲਿਖੀ ਹੈ, ਉਹਨਾਂ ਦਾ ਪ੍ਰਤੀਕਰਮ ਸ਼ੋਸ਼ਲ ਮੀਡੀਏ ਤੇ ਜਨਤਕ ਹੋਇਆ ਹੈ। ਅੰਗਦ ਸਿੰਘ ਦੀ ਮਾਤਾ ਗੁਰਮੀਤ ਕੌਰ ਵੱਲੋ ਆਪਣੇ ਪੁੱਤਰ ਨੂੰ ਸੰਬੋਧਿਤ ਹੋ ਕੇ ਲਿਖਿਆ ਗਿਆ :-
  “ਮੈ ਤੇਰੀ ਚੜਦੀ ਕਲਾ ਦੀ ਕਾਮਨਾ ਕਰਦੀ ਹਾਂ ਮੇਰੇ ਪੁੱਤ।
  ਸੌਖਾ ਨਹੀ ਹੈ ਇੱਕ ਸਿੱਖ ਹੋਣਾ, ਇੱਕ ਗੁਰਸਿੱਖ ਹੋਣਾ,ਅਤੇ ਫਿਰ ਇੱਕ ਪੱਤਰਕਾਰ ਵੀ ਹੋਣਾ,
  ਸੱਚ ਅਤੇ ਇਨਸਾਫ ਦਾ ਯੋਧਾ ਹੋਣਾ, ਸੱਚ ਬੋਲਣ ਦੀ ਕੀਮਤ ਚੁਕਾਉਣੀ ਪੈਂਦੀ ਹੈ।
  ਮੈ ਤੇਰੇ ਪਿੱਛੇ ਖੜੀ ਹਾਂ, ਅਜਾਦੀ ਦੀ ਧਰਤੀ ਤੇ ਮਿਲਦੇ ਹਾਂ”।
  ਸੋਸਲ ਮੀਡੀਏ ‘ਤੇ ਭਾਵੇਂ ਇਹ ਬੇਹੱਦ ਸੰਵੇਦਨਸ਼ੀਲ ਅਤੇ ਧੁਰ ਅੰਦਰ ਤੱਕ ਲਹਿ ਜਾਣ ਵਾਲੇ ਉਪਰੋਕਤ ਸਬਦ ਅੰਗਦ ਦੀ ਮਾਤਾ ਵੱਲੋਂ ਆਪਣੇ ਪਿਆਰੇ ਪੁੱਤਰ ਅੰਗਦ ਸਿੰਘ ਨੂੰ ਸੰਬੋਧਿਤ ਹੋ ਕੇ ਆਖੇ ਗਏ ਹਨ, ਪਰ ਉਹਨਾਂ ਸਬਦਾਂ ਦੇ ਅੰਦਰ ਛੁਪੇ ਦਰਦ ਨੇ ਦੁਨੀਆਂ ਦੇ ਕਿਸੇ ਵੀ ਕੋਨੇ ਵਿੱਚ ਬੈਠੇ ਪੰਜਾਬੀਆਂ, ਸਿੱਖਾਂ ਸਮੇਤ ਹਰ ਇਨਸਾਫ ਤੇ ਅਮਨ ਪਸੰਦ ਭਾਰਤੀਆਂ ਨੂੰ ਧੁਰ ਅੰਦਰ ਤੱਕ ਝੰਜੋੜਿਆ ਹੈ ਅਤੇ ਭਾਰਤ ਚ ਮਨੁੱਖੀ ਅਧਿਕਾਰਾਂ ਦੇ ਹੋ ਰਹੇ ਘਾਣ ਸਬੰਧੀ ਸੋਚਣ ਲਈ ਮਜਬੂਰ ਕੀਤਾ ਹੈ।ਅੰਗਦ ਦੀ ਮਾਤਾ ਦੇ ਅਜਾਦੀ ਦੀ ਧਰਤੀ ਤੇ ਮਿਲਣ ਦੇ ਅਰਥ ਉਹਦੀ ਸਿੱਖ ਗੈਰਤ ਦਾ ਪਰਤੀਕ ਬਣ ਗਏ ਹਨ। ਇਹ ਸਚਾਈ ਪਰਤੱਖ ਰੂਪ ਵਿੱਚ ਸਾਹਮਣੇ ਆਈ ਹੈ ਕਿ ਭਾਰਤ ਸਰਕਾਰ ਦੀ ਇੱਕ ਸਿੱਖ ਪੱਤਰਕਾਰ ਪ੍ਰਤੀ ਅਜਿਹੀ ਵਿਤਕਰੇ ਅਤੇ ਤੰਗ-ਦਿਲੀ ਵਾਲੀ ਪਹੁੰਚ ਨੇ ਸਿੱਖਾਂ ਅੰਦਰ ਬੇਗਾਨਗੀ ਦੀ ਭਾਵਨਾ ਵਿੱਚ ਹੋਰ ਵਾਧਾ ਕੀਤਾ ਹੈ, ਪ੍ਰੰਤ ਅਜਿਹੀਆਂ ਘਟਨਾਵਾਂ ਦੇ ਲਗਾਤਾਰ ਵਾਪਰਦੇ ਰਹਿਣ ਅਤੇ ਦਿਨੋ ਦਿਨ ਵੱਧਦੇ ਜਾਣ ਦੇ ਬਾਵਜੂਦ ਵੀ ਬਹੁਤ ਸਾਰੇ ਆਪਣੇ ਆਪ ਨੂੰ ਇਨਸਾਫ ਪਸੰਦ ਹੋਣ ਦਾ ਢੰਡੋਰਾ ਪਿੱਟਦੇ ਰਹਿਣ ਵਾਲੇ ਲੋਕਾਂ ਦਾ ਇਸ ਘਟਨਾ ਤੇ ਕੋਈ ਪ੍ਰਤੀਕਰਮ ਨਾ ਆਉਣਾ ਅਤੇ ਨਾ ਹੀ ਇਸ ਘਟਨਾ ਦੇ ਮੁੱੜ ਇੱਕ ਹਫਤਾ ਬੀਤ ਜਾਣ ਦੇ ਬਾਵਜੂਦ ਕਿਸੇ ਭਾਰਤੀ ਮੀਡੀਏ ਚ ਪਰਮੁੱਖਤਾ ਨਾਲ ਲਿਖਿਆ ਜਾ ਪਰਸਾਰਤ ਕੀਤਾ, ਪੜਿਆ ਸੁਣਿਆ ਜਾਣਾ ਇਹ ਸ਼ਪੱਸ਼ਟ ਕਰਦਾ ਹੈ, ਕਿ ਇਹ ਅਖੌਤੀ ਲੋਕ ਹਿਤੈਸ਼ੀ ਲੋਕ ਕਦੇ ਵੀ ਸੱਚ ਦਾ ਸਾਥ ਨਹੀ ਦੇ ਸਕਣਗੇ, ਕਿਉਂਕਿ ਅਜਿਹਾ ਕਰਨ ਨਾਲ ਉਹਨਾਂ ਦੇ ਨਿੱਜੀ ਹਿਤਾਂ ਨੂੰ ਸੱਟ ਬੱਜ ਸਕਦੀ ਹੈ।ਜਦੋ ਕਿ ਕਿਸੇ ਵੀ ਸਿੱਖ ਦੀ ਛੋਟੀ ਜਿਹੀ ਗੱਲ ਨੂੰ ਭਾਰਤੀ ਟੀ ਵੀ ਚੈਨਲ ਤੂਲ ਦੇ ਕੇ  ਕਈ ਕਈ ਦਿਨ ਛੱਜ ਚ ਪਾ ਕੇ ਛੱਟਦੇ ਰਹਿੰਦੇ ਹਨ,ਜਿਸ ਦੀ ਮਿਸ਼ਾਲ ਪਿਛਲੇ ਦਿਨੀ ਸੰਗਰੂਰ ਤੋ ਲੋਕ ਸਭਾ ਮੈਂਬਰ ਸ੍ਰ ਸਿਮਰਨਜੀਤ ਸਿੰਘ ਮਾਨ ਦੇ ਉਸ ਬਿਆਨ ਤੇ ਹੋਏ ਹੋ ਹੱਲੇ ਤੋ ਮਿਲਦੀ ਹੈ,ਜਿਹੜਾ ੳਹਨਾਂ ਨੇ ਘਰੇਲੂ ਉਡਾਣਾਂ ਵਿੱਚ ਸਿੱਖ ਦੇ ਗਾਤਰੇ ਦੀ ਕਿਰਪਾਨ ਤੇ ਪਬੰਦੀ ਲਾਉਣ ਵਾਲੀ ਪਟੀਸਨ ਦੇ ਪ੍ਰਤੀਕਰਮ ਵਿੱਚ ਦਿੱਤਾ ਸੀ। ਸੋ ਅਜਿਹੇ ਨਫਰਤੀ ਵਰਤਾਰੇ ਨੂੰ ਉਜਾਗਰ ਕਰਦੇ ਅਮਰੀਕੀ ਸਿੱਖ ਪੱਤਰਕਾਰ ਅੰਗਦ ਸਿੰਘ ਦੀ ਮਾਤਾ ਗੁਰਮੀਤ ਕੌਰ ਦੇ ਉਪਰੋਕਤ ਦਿਲ ਚੀਰਵੇਂ ਸਬਦਾਂ ਦਾ ਕੋਈ ਜਵਾਬ ਭਰਤੀ ਟੀਵੀ ਚੈਨਲਾਂ,ਅਖੌਤੀ ਕਾਮਰੇਡਾਂ ਜਾ ਪੰਜਾਬ ਸਮੇਤ ਹੋਰ ਠੰਢੇ ਮੁਲਕਾਂ ਚ ਬੈਠੇ ਭਾਰਤ ਦੇਸ ਨੂੰ ਪਿਆਰ ਕਰਨ ਅਤੇ ਰਾਸਟਰਵਾਦੀ ਹੋਣ ਦਾ ਢੰਡੋਰਾ ਪਿੱਟਣ ਵਾਲੇ ਉਹ ਲੋਕ,ਜਿਹੜੇ ਗੱਲ ਗੱਲ ਤੇ ਸਿੱਖ ਭਾਈਚਾਰੇ ਦੇ ਗੈਰਤਮੰਦਾਂ ਨੂੰ ਕੌਮੀ ਹੱਕਾਂ ਦੀ ਗੱਲ ਕਰਨ ਤੇ ਕੋਸਦੇ ਰਹਿੰਦੇ ਹਨ,ਕੀ ਉਹ ਇਸ ਘਟਨਾ ਤੇ ਆਪਣਾ ਪੱਖ ਦੁਨੀਆਂ ਸਾਹਮਣੇ ਰੱਖਣਗੇ?ਕਦੇ ਵੀ ਨਹੀ। ਉਹਨਾਂ ਲੋਕਾਂ ਵੱਲੋਂ ਅਜਿਹੀ ਘਟਨਾ ਤੇ ਕਦੇ ਵੀ ਕੋਈ ਪ੍ਰਤੀਕਰਮ ਇਮਾਨਦਾਰੀ ਨਾਲ ਦੇਣ ਸਬੰਧੀ ਕਿਸੇ ਨੂੰ ਕੋਈ ਭੁਲੇਖਾ ਵੀ ਨਹੀ ਹੈ। ਭਾਰਤੀ ਹਕੂਮਤ ਨੇ ਵਿਤਕਰੇਵਾਜੀ ਦੀ ਸਿਖਰ ਨੂੰ ਛੂੰਹਦਿਆਂ ਅੰਗਦ ਸਿੰਘ ਨੂੰ ਦਿੱਲੀ ਤੋ ਵਾਪਸ ਅਮਰੀਕਾ ਮੋੜਿਆ ਹੈ। ਇਹ ਸਾਰਾ ਕੁੱਝ ਵਾਪਰਨ ਪਿੱਛੇ ਜਿੱਥੇ ਇੱਕ ਵਿਸੇਸ ਮਾਨਸਿਕਤਾ ਕੰਮ ਕਰਦੀ ਹੈ,ਓਥੇ ਇਹ ਵੀ ਸਪੱਸਟ ਰੂਪ ਚ ਸਮਝ ਆਉਂਦਾ ਹੈ ਕਿ ਉੱਪਰੋ ਬੇਹੱਦ ਮਜਬੂਤ ਤੇ ਦਿ੍ਰੜ ਦਿਖਾਈ ਦਿੰਦੇ ਹਾਕਮ, ਅੰਦਰੋਂ ਕਿੰਨੇ ਹਲਕੇ ਤੇ ਡਰੇ ਹੋਏ ਹੁੰਦੇ ਹਨ। ਇਹਦੇ ਵਿੱਚ ਕਿਸੇ ਨੂੰ ਕੋਈ ਭੁਲੇਖਾ ਵੀ ਨਹੀ ਹੈ ਕਿ ਅੰਗਦ ਸਿੰਘ ਨਾਲ ਇੱਕ ਸਿੱਖ ਹੋਣ ਕਰਕੇ ਅਜਿਹਾ ਸਲੂਕ ਕੀਤਾ ਗਿਆ ਹੈ। ਸੋ ਅਜਿਹੇ ਵਿਅਕਤੀ ਤੇ ਪਾਬੰਦੀ ਲੱਗੇ ਵੀ ਕਿਉਂ ਨਾ,ਜਿਹੜਾ ਆਪਣੇ ਧਰਮ ਵਿੱਚ ਵੀ ਪੱਕਾ ਹੈ,ਇੱਕ ਪੱਤਰਕਾਰ ਵੀ ਸੱਚ ਲਿਖਣ ਵਾਲਾ ਹੈ। ਉਹ ਇੱਕ BNL-1ਪੂਰਨ ਗੁਰਸਿੱਖ ਹੋਣ ਦੇ ਨਾਲ ਨਾਲ ਪੁਰਸਕਾਰ ਜੇਤੂ ਪੱਤਰਕਾਰ ਹੈ,ਫਿਰ ਭਲਾ ਉਹਨੂੰ ਕੀ ਅਧਿਕਾਰ ਹੈ ਕਿ ਉਹ ਭਾਰਤੀ ਲੋਕਾਂ ਦੇ ਹੱਕਾਂ ਹਿਤਾਂ ਦੀ ਗੱਲ ਕਰਨ ਤੋ ਬਾਅਦ ਇਹ ਆਸ ਰੱਖੇ ਕਿ ਉਹ ਕਿਸੇ ਸਮੇਂ ਵੀ ਅਮਰੀਕਾ ਤੋਂ ਆਪਣੇ ਵਤਨ ਪੰਜਾਬ ਜਾਂ ਭਾਰਤ ਦੇ ਕਿਸੇ ਵੀ ਹਿੱਸੇ ਵਿੱਚ ਜਦੋ ਜੀਅ ਚਾਹੇ ਆ ਸਕਦਾ ਹੈ।ਜੇਕਰ ਉਹ ਅਜਿਹਾ ਚਾਹੁੰਦਾ ਹੈ, ਤਾਂ ਫਿਰ ਸਮੁੰਦਰ ਚ ਰਹਿ ਕੇ ਮਗਰਮੱਛ ਨਾਲ ਦੁਸ਼ਮਣੀ ਤਿਆਗਣੀ ਪਵੇਗੀ। ਉਹ ਭਾਰਤ ਆ ਕੇ ਅਪਣੇ ਸਮੇਤ ਸਮੁੱਚੀਆਂ ਘੱਟ ਗਿਣਤੀਆਂ ਦੀ ਗੱਲ ਕਿਵੇਂ ਕਰ ਸਕਦਾ ਹੈ, ਦਲਿਤਾਂ ਦੀ ਅਵਾਜ ਕਿਵੇਂ ਚੁੱਕ ਸਕਦਾ ਹੈ ਭਲਾਂ!  ਅੰਗਦ ਸਿੰਘ ਦੀ ਗਲਤੀ ਇਹ ਹੈ ਕਿ ਉਹਨੇ ਕਿਸਾਨੀ ਅੰਦੋਲਨ ਚ ਇੱਕ ਡਾਕੂਮੈਟਰੀ ਬਣਾ ਕੇ ਸੱਚ ਲੋਕਾਂ ਸਾਹਮਣੇ ਰੱਖਣ ਦੀ ਕੋਸ਼ਿਸ਼ ਕੀਤੀ ਸੀ,ਉਹਨੇ ਸਾਹੀਨ ਬਾਗ ਅੰਦੋਲਨ ਦਾ ਪੱਖ ਦੁਨੀਆਂ ਸਾਹਮਣੇ ਰੱਖਿਆ ਸੀ ਤੇ ਹੁਣ ਭਾਰਤ ਚ ਉਹਨਾਂ ਕਰੋੜਾਂ ਦਲਿਤ ਲੋਕਾਂ ਦੇ ਜਮੀਨੀ ਹਾਲਾਤਾਂ ਤੇ ਸ਼ਿੱਦਤ ਨਾਲ ਕੰਮ ਕਰਨਾ ਚਾਹੁੰਦਾ ਸੀ, ਜਿਹੜੇ ਮਨੁੱਖਾ ਜਿੰਦਗੀ ਜਿਉਣ ਦੀ ਖਾਹਿਸ਼ ਤਾਂ ਰੱਖਦੇ ਹਨ, ਪਰੰਤੂ  ਭਾਰਤ ਦਾ ਮਨੁਖਤਾ ਵਿਰੋਧੀ ਮੰਨੂਵਾਦੀ ਸਿਧਾਂਤ ਉਹਨਾਂ ਦੇ ਮਨੁੱਖ ਹੋਣ ਤੇ ਇਤਰਾਜ ਕਰਦਾ ਹੈ। ਉਹਨਾਂ ਦੇ ਮਨੱਖੀ ਅਧਿਕਾਰ ਭਾਰਤ ਵਰਗੇ ਵਿਸ਼ਾਲ ਮੁਲਕ ਚ ਸਾਹ ਸਤ ਹੀਣ ਹੋ ਕੇ ਰਹਿ ਗਏ ਹਨ।ਬੱਸ ਇਹ ਹੀ ਅੰਗਦ ਸਿੰਘ ਦਾ ਗੁਨਾਹ ਹੈ ਜੋ ਭਾਰਤੀ ਤੰਤਰ ਨੂੰ ਬੇਹੱਦ ਬੁਰਾ ਲੱਗਾ।
 ਬਘੇਲ ਸਿੰਘ ਧਾਲੀਵਾਲ
 99142-58142

ਸ਼੍ਰੋਮਣੀ ਕਮੇਟੀ ਵੱਲੋਂ ਸ਼ਹੀਦ ਪਰਿਵਾਰਾਂ ਨੂੰ ਸਹਾਇਤਾ ਦੇਣ ਦੇ ਸੰਦਰਭ ਵਿੱਚ - ਬਘੇਲ ਸਿੰਘ ਧਾਲੀਵਾਲ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖਾਂ ਦੀ ਸਿਰਮੌਰ ਧਾਰਮਿਕ ਸੰਸਥਾ ਹੈ,ਇਸ ਸੰਸਥਾ ਨੂੰ ਸਿੱਖਾਂ ਦੀ ਮਿੰਨੀ ਪਾਰਲੀਮੈਂਟ ਵੀ ਕਿਹਾ ਜਾਂਦਾ ਹੈ, ਜਿਸ ਦੀ ਜੁੰਮੇਵਾਰੀ ਸਿੱਖੀ ਦੇ ਪ੍ਰਚਾਰ, ਪਾਸਾਰ ਤੋ ਇਲਾਵਾ ਇਹਾਸਿਕ ਗੁਰਦੁਆਰਾ ਸਹਿਬਾਨਾਂ ਦੀ ਸਾਂਭ ਸੰਭਾਲ,ਸਿੱਖੀ ਦੀ ਸਾਂਭ ਸੰਭਾਲ, ਸਿਧਾਂਤਾਂ ਦੀ ਰਾਖੀ ਅਤੇ ਸਮੁੱਚੇ ਗੁਰਦੁਆਰਾ ਪ੍ਰਬੰਧਾਂ ਚ ਸੁਧਾਰ ਕਰਨ ਦੀ ਹੈ। ਗੁਰੂ ਕੀ ਗੋਲਕ ਨਾਲ ਗਰੀਬ ਲੋੜਬੰਦ ਸਿੱਖਾਂ ਦੀਆਂ ਜਰੂਰੀ ਲੋੜਾਂ ਦੀ ਪੂਰਤੀ, ਜਿਵੇਂ ਸਿੱਖ ਬੱਚਿਆਂ ਨੂੰ ਸਿੱਖਿਆ ਦੇ ਪ੍ਰਬੰਧ ਕਰਨੇ ਅਤੇ ਸਮੇਂ ਦੀ ਲੋੜ ਅਨੁਸਾਰ ਸਿਹਤ ਸਹੂਲਤਾਂ ਲਈ ਚੰਗੇ ਹਸਪਤਾਲ ਬਨਾਉਣੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਫਰਜਾਂ ਵਿੱਚ ਸ਼ਾਮਲ ਹੈ। ਸਿੱਖੀ ਦੀ ਸਾਂਭ ਸੰਭਾਲ ਤੋ ਭਾਵ ਹੈ ਕਿ ਸਿੱਖੀ ਤੇ ਹੋ ਰਹੇ ਬਾਹਰੀ ਹਮਲਿਆਂ ਨੂੰ ਰੋਕਣ ਲਈ ਸਿੱਖ ਲਾਮਬੰਦੀ ਅਤੇ ਸਿੱਖੀ ਦੀ ਆਣ ਇੱਜਤ ਦੀ ਰਾਖੀ ਕਰਦੇ ਜੁਝਾਰੂ ਸਿੰਘਾਂ ਦੀ ਹਰ ਤਰਾਂ ਦੀ ਸਹਾਇਤਾ ਕਰਨਾ ਵੀ ਸ਼੍ਰੋਮਣੀ ਗੁਰਦੁਆਰਾ ਪਰਬੰਧਕ ਕਮੇਟੀ ਦੇ ਫਰਜਾਂ ਵਿੱਚੋ ਇੱਕ ਅਹਿਮ ਫਰਜ ਹੈ, ਪਰ ਅਫਸੋਸ! ਕਿ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਬਹੁਤ ਲੰਮੇ ਅਰਸੇ ਤੋਂ ਅਜਿਹੇ ਲੋਕ ਕਾਬਜ ਹਨ, ਜਿਹੜੇ ਸਿੱਖੀ ਦੀ ਸਾਂਭ ਸੰਭਾਲ ਨਹੀ, ਬਲਕਿ ਸਿੱਖੀ ਦੇ ਦੁਸ਼ਮਣ ਬਣ ਕੇ ਵਿਚਰ ਰਹੇ ਹਨ। ਸ਼੍ਰੋਮਣੀ ਕਮੇਟੀ ਦੇ ਜਿੰਨੇ ਕੁ ਉੱਪਰ ਦਿੱਤੇ ਫਰਜਾਂ ਅਤੇ ਸੇਵਾਵਾਂ ਦੀ ਗੱਲ ਕੀਤੀ ਗਈ ਹੈ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਕਾਬਜ ਸਿੱਖੀ ਭੇਖ ਵਿੱਚ ਬੈਠੇ ਨਰੈਣੂ ਮਹੰਤ ਦੇ ਵਾਰਸ ਉਨਾਂ ਸਾਰੇ ਫਰਜਾਂ ਤੋ ਉਲਟ ਕਰ ਰਹੇ ਹਨ। ਗੁਦੁਆਰਾ ਪ੍ਰਬੰਧਾਂ ਚ ਵਿਪਰਵਾਦ, ਪਖੰਡਵਾਦ ਅਤੇ ਬ੍ਰਾਹਮਵਾਦੀ ਕਰਮਕਾਂਡਾਂ ਨੂੰ ਰਲਗੱਡ ਕਰਨ ਦੇ ਸਫਲ ਜਤਨ ਲਗਾਤਾਰ ਕੀਤੇ ਜਾ ਰਹੇ ਹਨ। ਪੰਥਕ ਸੋਚ ਰੱਖਣ ਵਾਲੇ ਲੋਕਾਂ ਲਈ ਕਈ ਵਾਰ ਗੁਰਦੁਆਰਾ ਸਾਹਿਬਾਨਾਂ ਦੇ  ਦਰਬਾਜੇ ਵੀ ਬੰਦ ਹੋ ਜਾਂਦੇ ਹਨ, ਕਿਉਂਕਿ ਸਿੱਖ ਦੁਸ਼ਮਣ ਤਾਕਤਾਂ ਕਦੇ ਵੀ ਨਹੀ ਚਾਹੁੰਦੀਆਂ ਕਿ ਗੁਰਦਆਰਿਆਂ ਚੋ ਸਿੱਖੀ ਸਿਧਾਂਤਾਂ ਦੀ ਗੱਲ ਕੀਤੀ ਜਾਵੇ। ਤਤਕਾਲੀ ਕੇਂਦਰੀ ਕਾਂਗਰਸ ਸਰਕਾਰ ਨਾਲ ਸਾਂਝ ਭਿਆਲੀ ਪਾ ਕੇ ਜੂਨ 1984 ਵਿੱਚ ਫੌਜੀ ਹਮਲੇ ਨਾਲ ਪਵਿੱਤਰ ਸ੍ਰੀ ਅਕਾਲ ਤਖਤ ਸਾਹਿਬ ਢਹਿ ਢੇਰੀ ਕਰਵਾਉਣ, ਵੀਹਵੀ ਸਦੀ ਦੇ ਮਹਾਂਨ ਸਹੀਦ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਸਮੇਤ ਉਹਨਾਂ ਦੇ ਮੁੱਠੀਭਰ ਜੁਝਾਰੂ ਸਿੱਖ ਸਾਥੀਆਂ ਦੇ ਨਾਲ ਹਜਾਰਾਂ ਬੇਗੁਨਾਹ ਸਿੱਖ ਸਰਧਾਲੂਆਂ ਨੂੰ ਕੋਹ ਕੋਹ ਕੇ ਮਾਰਨ,  ਲਈ ਜੋ ਲੋਕ ਜੁੰਮੇਵਾਰ ਹਨ, ਬਦਕਿਸਮਤੀ ਨਾਲ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਕਾਬਜ ਵੀ ਉਹ ਹੀ ਲੋਕ ਹਨ।ਜੂਨ 84 ਦੇ ਰੋਸ ਵਜੋਂ ਸੀਸ ਤਲੀ ਤੇ ਧਰਕੇ ਧਰਮ ਕੌਂਮ ਦੀ ਰਾਖੀ ਖਾਤਰ ਉੱਠੀ ਸਿੱਖ ਖਾੜਕੂ ਲਹਿਰ ਨੂੰ ਖਤਮ ਕਰਨ ਦੇ ਬਹਾਨੇ ਜਿਸ ਤਰਾਂ ਸਿੱਖਾਂ ਦੀ ਇੱਕ ਪੀਹੜੀ ਨੂੰ ਖਤਮ ਕੀਤਾ ਗਿਆ, ਉਹ ਜੁਲਮੀ ਦਾਸਤਾਂਨ ਤੋਂ ਪੂਰੀ ਦੁਨੀਆਂ ਬਾ ਖੂਬੀ ਵਾਕਫ ਹੈ। ਇਸ ਜਬਰ ਜੁਲਮ ਦਾ ਬਦਲਾ ਲੈਣ ਵਾਲੇ ਭਾਵ ਪੰਜਾਬ ਦੇ ਤਤਕਾਲੀਨ ਮੁੱਖ ਮੰਤਰੀ ਬੇਅੰਤ ਸਿੰਘ ਨੂੰ ਮਾਰਨ ਵਾਲੇ ਜੁਝਾਰੂ ਸਿੰਘਾਂ ਦੇ ਕਾਰਨਾਮੇ ਨੂੰ ਸਿੱਖ ਜਗਤ ਝੁਕ ਝੁਕ ਕੇ ਸਲਾਮ  ਕਰਦਾ ਹੈ ਅਤੇ ਉਹਨਾਂ ਜੁਝਾਰੂਆਂ ਨੂੰ ਵੀ ਕੌਂਮ ਦੇ ਨਾਇਕ ਸਮਝਦਾ ਹੈ, ਪ੍ਰਤੂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਨਾ ਹੀ ਕਦੇ ਆਪ ਉਪਰੋਕਤ ਫਰਜਾਂ ਵੱਲ ਧਿਆਨ ਦਿੱਤਾ ਹੈ ਅਤੇ ਨਾ ਹੀ ਕੌਂਮੀ ਫਰਜ ਨਿਭਾਉਣ ਵਾਲਿਆਂ ਨੂੰ ਕੋਈ ਸਹਿਯੋਗ ਦਿੱਤਾ ਹੈ, ਕਿਉਂਕਿ ਜੇਕਰ ਇਹ ਅਜਿਹਾ ਕਰਦੇ ਹਨ, ਤਾਂ ਨਿੱਜੀ ਲੋਭ ਲਾਲਸਾਵਾਂ ਦੀ ਪੂਰਤੀ ਨਹੀ ਹੋ ਸਕਦੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੰਘਰਸੀ ਨੌਜਵਾਨਾਂ ਜਾਂ ਸੰਘਰਸੀ ਪਰਿਵਾਰਾਂ ਦੀ ਸਹਾਇਤਾ ਕਰਨ ਦੇ ਬਹੁਤ ਘੱਟ ਮਾਮਲੇ ਸਾਹਮਣੇ ਆਏ ਹਨ। ਬੀਤੇ ਦਿਨੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤਰਿੰਗ ਕਮੇਟੀ ਵੱਲੋਂ 2022 ਦੀ 8 ਮਾਰਚ ਨੂੰ ਭਾਈ ਬਲਵੰਤ ਸੰਘ ਰਾਜੋਆਣਾ ਅਤੇ ਉਹਨਾਂ ਦੀ ਮੂੰਹ ਬੋਲੀ ਭੈਣ ਦੀ ਆਰਥਿਕ ਸਹਾਇਤਾ ਕਰਨ ਲਈ ਪਾਏ ਗਏ ਮਤੇ ਜਨਤਕ ਹੋਏ ਹਨ, ਜਿੰਨਾਂ ਨੇ ਨਵੀਂ ਚਰਚਾ ਛੇੜ ਦਿੱਤੀ ਹੈ। ਸ੍ਰੋਮਣੀ ਕਮੇਟੀ ਵੱਲੋਂ 4 ਜਨਵਰੀ 2019 ਤੋ ਭਾਈ ਬਲਵੰਤ ਸਿੰਘ ਰਾਜੋਆਣਾ ਨੂੰ 10,000 ਰੁਪਏ ਪ੍ਰਤੀ ਮਹੀਨਾ ਸਹਾਇਤਾ ਦਿੱਤੀ ਜਾ ਰਹੀ ਹੈ।ਇਸ ਤੋ ਉਪਰੰਤ 8 ਮਾਰਚ 2022 ਦੇ ਮਤਾ ਨੰਬਰ 192 ਮੁਤਾਬਿਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਬੀਬੀ ਕਮਲਦੀਪ ਕੌਰ ਨੂੰ 10,00,000/ (ਦਸ ਲੱਖ ਰੁਪਏ) ਭੁਗਤਾਨ ਕਰਨ ਦਾ ਮਤਾ ਪਾਸ ਕੀਤਾ ਸੀ, ਉਸ ਦਿਨ ਹੀ ਇੱਕ ਹੋਰ ਮਤਾ ਨੰਬਰ 223 ਵੀ ਪਾਸ ਕੀਤਾ ਗਿਆ ਸੀ, ਜਿਸ ਵਿੱਚ ਭਾਈ ਬਲਵੰਤ ਸਿੰਘ ਰਾਜੋਆਣਾ ਨੂੰ ਮਿਤੀ 04/01/2019 ਨੂੰ ਮਤਾ ਨੰਬਰ 75 ਮੁਤਾਬਿਕ ਸ਼੍ਰੋਮਣੀ ਕਮੇਟੀ ਵੱਲੋਂ ਦਿੱਤੇ ਜਾ ਰਹੇ 10,000/ਮਹੀਨਾ ਨੂੰ ਵਧਾ ਕੇ 20,000 ਰੁਪਏ ਕੀਤਾ ਗਿਆ ਹੈ। ਮਤੇ ਵਿੱਚ ਲਿਖਿਆ ਗਿਆ ਹੈ ਕਿ ਭਾਈ ਰਾਜੋਆਣਾ ਨੂੰ ਇਹ ਸਹਾਇਤਾ ਜਿਹੜੀ ਪਹਿਲਾਂ 10,000 ਪ੍ਰਤੀ ਮਹੀਨਾ ਦਿੱਤੀ ਜਾ ਰਹੀ ਸੀ, ਹੁਣ ਵਧਾ ਕੇ 20,000 ਪ੍ਰਤੀ ਮਹੀਨਾ ਕਰ ਦਿੱਤੀ ਗਈ ਹੈ। ਇੱਥੇ ਇਹ ਦੱਸਣਾ ਵੀ ਜਰੂਰੀ ਬਣਦਾ ਹੈ ਕਿ ਉਕਤ ਪਾਸ ਕੀਤੇ ਮਤੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਹ ਸਹਾਇਤਾ ਭਾਈ ਰਾਜੋਆਣਾ ਨੂੰ ਉਹਨਾਂ ਦੀ ਰਿਹਾਈ ਹੋਣ ਤੱਕ ਦਿੱਤੀ ਜਾਂਦੀ ਰਹੇਗੀ। ਸੋ ਉੱਪਰ ਵੀ ਲਿਖਿਆ ਗਿਆ ਹੈ ਕਿ ਸੰਘਰਸੀ ਸਿੰਘਾਂ ਦੀ ਮਦਦ ਕਰਨਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਢਲੇ ਫਰਜਾਂ ਵਿੱਚ ਸ਼ਾਮਲ ਹੋਣਾ ਚਾਹੀਦਾ ਹੈ, ਇਸ ਲਈ ਇਹ ਫੈਸਲਾ ਸਲਾਘਾ ਯੋਗ ਤਾਂ ਹੈ, ਪਰ ਇਸ ਫੈਸਲੇ ਨੇ ਕੁੱਝ ਹੋਰ ਨਵੀਆਂ ਸੰਕਾਵਾਂ ਅਤੇ ਨਵੇਂ ਸਵਾਲਾਂ ਨੂੰ ਜਨਮ ਦਿੱਤਾ ਹੈ। ਸਵਾਲ ਇਹ ਹੈ ਕਿ ਬੰਦੀ ਸਿੰਘਾਂ ਨੂੰ ਇਹ ਸਹਾਇਤਾ ਦੇਣ ਸਮੇ ਵਿਤਕਰੇਵਾਜੀ ਕਿਉਂ ਕੀਤੀ ਜਾ ਰਹੀ ਹੈ? ਕਿਉ ਬਾਕੀ ਦੇ ਸਿੰਘਾਂ ਨੂੰ ਇਸ ਸਹਾਇਤਾ ਤੋ ਵਾਂਝੇ ਰੱਖਿਆ ਗਿਆ ਹੈ? ਕਿੰਨੇ ਹੀ ਸਿੰਘ ਪੰਜਾਬ ਤੋਂ ਬਾਹਰਲੀਆਂ ਜੇਲਾਂ ਵਿੱਚ ਬੰਦ ਹਨ, ਜਿੰਨਾਂ ਦੀ ਰਿਹਾਈ ਲਈ ਖਾਲਸਾ ਪੰਥ ਲੰਮੇ ਸਮੇਂ ਤੋਂ ਚਾਰਾਜੋਈ ਕਰਦਾ ਆ ਰਿਹਾ ਹੈ, ਪਰ ਸਮੇਂ ਦੀਆਂ ਹਕੂਮਤਾਂ ਸਿੱਖ ਬੰਦੀਆਂ ਨੂੰ ਸਜਾਵਾਂ ਪੂਰੀਆਂ ਹੋਣ ਦੇ ਬਾਵਜੂਦ ਵੀ ਰਿਹਾਅ ਨਹੀ ਕਰ ਰਹੀਆਂ, ਉਹਨਾਂ ਦੇ ਪਰਿਵਾਰਾਂ ਦੀ ਕਦੇ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕੋਈ ਜਿਕਰਯੋਗ ਸਹਾਇਤਾ ਨਹੀ ਕੀਤੀ। ਸਿਰਫ ਤੇ ਸਿਰਫ ਇੱਕੋ ਇੱਕ ਵਿਅਕਤੀ ਨੂੰ ਮਦਦ ਕਰਨ ਦੇ ਕੀ ਅਰਥ ਹੋ ਸਕਦੇ ਹਨ, ਜਦੋ ਕਿ ਬੇਅੰਤ ਕਤਲ ਕੇਸ ਵਿੱਚ ਵੀ ਸਰਬਤ ਖਾਲਸਾ ਵੱਲੋਂ ਥਾਪੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ, ਭਾਈ ਪਰਮਜੀਤ ਸਿੰਘ ਭਿਉਰਾ, ਭਾਰੀ ਜਗਤਾਰ ਸਿੰਘ ਤਾਰਾ, ਸਮੇਤ ਹੋਰ ਵੀ ਬਹੁਤ ਸਾਰੇ ਸਿੱਖ ਨੌਜਵਾਨ ਸਾਮਲ ਹਨ। ਫਿਰ ਸ਼੍ਰੋਮਣੀ ਕਮੇਟੀ ਨੇ ਬਾਕੀ  ਸਾਰੇ ਸਿੰਘਾਂ ਨਾਲ ਮਤਰੇਈ ਮਾਂ ਵਾਲਾ ਸਲੂਕ ਕਿਉਂ ਕੀਤਾ ਹੈ? ਮਤੇ ਵਿੱਚ ਭਾਈ ਰਾਜੋਆਣਾ ਦੀ ਮੂੰਹ ਬੋਲੀ ਭੈਣ ਨੂੰ ਦਸ ਲੱਖ ਰੁਪਏ ਇੱਕੋ ਸਮੇ ਇਕੱਠ ਦਿੱਤੇ ਜਾ ਰਹੇ ਹਨ, ਜਦੋ ਕਿ ਮਰਹੂਮ ਸਿੱਧੂ ਮੂਸੇ ਵਾਲਾ ਦੇ ਪਾਬੰਦੀਸੁਦਾ ਗੀਤ ਐਸ ਵਾਈ ਐਲ ਨਾਲ ਮੁੜ ਤੋਂ ਚਰਚਾ ਵਿੱਚ ਆਏ ਖਾੜਕੂ ਸੰਘਰਸ ਦੇ ਸਹੀਦ ਭਾਈ ਬਲਵਿੰਦਰ ਸਿੰਘ ਜਟਾਣਾ ਦੀ ਸਕੀ ਭੈਣ ,ਜਿਸਦੀ ਇੱਕ ਮੁਲਾਕਾਤ ਨਿੱਜੀ ਵੈਬ ਚੈਨਲ ਤੇ ਚਲ ਰਹੀ ਹੈ,ਜਿਸ ਵਿੱਚ ਉਸ ਭੈਣ ਦੀ ਬਦਤਰ ਹਾਲਤ ਨੂੰ ਉਸ ਚੈਨਲ ਦੇ ਪੱਤਰਕਾਰ ਵੱਲੋਂ ਨਿੱਜੀ ਦਿਲਚਸਪੀ ਨਾਲ ਬਿਆਨ ਕੀਤਾ ਗਿਆ ਹੈ, ਅਤੇ ਖਾਲਸਾ ਪੰਥ ਤੇ ਉਸ ਬੀਬੀ ਦੇ ਪਰਿਵਾਰ ਦੀ ਕਿਸੇ ਵੀ ਕਿਸਮ ਦੀ ਕੋਈ ਵੀ ਮਦਦ ਨਾ ਕੀਤੇ ਜਾਣ ਦਾ ਉਲਾਂਹਵਾ ਵੀ ਦਿੱਤਾ ਗਿਆ ਹੈ,ਪਰੰਤੂ ਇਸ ਦੇ ਬਾਵਜੂਦ ਵੀ ਇੱਕ ਵਿਅਤਕੀ ਨੂੰ ਦਸ ਦਸ ਲੱਖ ਦੀ ਸਹਾਇਤਾ ਅਤੇ ਵੀਹ ਵੀਹ ਹਜਾਰ ਰੁਪਏ ਪ੍ਰਤੀ ਮਹੀਨਾ ਦੇਣ ਵਾਲੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸੰਘਰਸੀ ਪਰਿਵਾਰਾਂ ਦੀ ਇੱਕ ਨਵੇਂ ਪੈਸੇ ਦੀ ਮਦਦ ਨਹੀ ਕੀਤੀ। ਭਾਈ ਬਲਵੰਤ ਸਿੰਘ ਰਾਜੋਆਣਾ ਨੂੰ ਰਿਹਾਈ ਤੱਕ ਵੀਹ ਹਜਾਰ ਰੁਪਏ ਪ੍ਰਤੀ ਮਹੀਨਾ ਦੇਣ ਬਾਰੇ ਜਿਕਰ ਕਰਨ ਤਂ ਇਹ ਸ਼ੱਕ ਜਾਹਰ ਹੁੰਦਾ ਹੈ ਕਿ ਸ਼੍ਰੋਮਣੀ ਕਮੇਟੀ ਦੇ ਆਕਾਵਾਂ ਨੂੰ ਇਹ ਸਾਫ ਤੌਰ ਤੇ ਪਤਾ ਹੈ ਕਿ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਹੀ ਰਿਹਾਈ ਕਦੋਂ ਹੋਣੀ ਹੈ, ਦੂਜੇ ਸਿੰਘਾਂ ਦੀ ਨਹੀ। ਇਹ ਸਵਾਲ ਬੇਹੱਦ ਗੰਭੀਰ ਹਨ, ਜਿੰਨਾਂ ਦਾ ਜਵਾਬ ਸਿੱਖ ਸੰਗਤਾਂ ਨੂੰ ਸ਼੍ਰੋਮਣੀ ਕਮੇਟੀ ਦੇ ਪ੍ਰਬੰਧਕਾਂ ਤੋ ਜਰੂਰ ਮੰਗਣਾ ਚਾਹੀਦਾ ਹੈ।

ਬਘੇਲ ਸਿੰਘ ਧਾਲੀਵਾਲ
99142-58142

ਅਡੋਲਤਾ ਦਾ ਮੁਜੱਸਮਾ ਸ੍ਰ ਸਿਮਰਨਜੀਤ ਸਿੰਘ ਮਾਨ ਬਨਾਮ ਰਵਾਇਤੀ ਸਿਆਸੀ ਧਿਰਾਂ - ਬਘੇਲ ਸਿੰਘ ਧਾਲੀਵਾਲ

ਸੰਗਰੂਰ ਲੋਕ ਸਭਾ ਸੀਟ ਲਈ ਹੋਣ ਜਾ ਰਹੀ ਜਿਮਨੀ ਚੋਣ ਦੇ ਸਬੰਧ ਵਿੱਚ ਭਾਰਤ ਦੀਆਂ ਖੁਫੀਆਂ ਏਜੰਸੀਆਂ ਨੇ ਸ੍ਰ ਸਿਮਰਨਜੀਤ ਸਿੰਘ ਮਾਨ ਦੇ ਹੱਕ ਵਿੱਚ ਲੋਕ ਮੱਤ ਹੋਣ ਦੀਆਂ ਪੇਸ ਕੀਤੀਆਂ ਰਿਪੋਰਟਾਂ ਤੋ ਬਾਅਦ ਕੇਂਦਰੀ ਤਾਕਤਾਂ ਦੀ ਨੀਦ ਹਰਾਮ ਹੋ ਗਈ ਹੈ।ਅਕਾਲੀ ਦਲ ਬਾਦਲ ਦੇ ਪ੍ਰਧਾਨ ਸ੍ਰ ਸੁਖਬੀਰ ਸਿੰਘ ਬਾਦਲ ਵੱਲੋਂ ਪਿਛਲੇ ਦਿਨਾਂ ਵਿੱਚ ਸਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਮੇਤ ਕੁੱਝ ਹੋਰ ਸੀਨੀਅਰ ਪਾਰਟੀ ਆਗੂਆਂ ਨਾਲ ਸ੍ਰ ਸਿਮਰਨਜੀਤ ਸਿੰਘ ਮਾਨ ਦੀ ਰਿਹਾਇਸ ਤੇ ਪਹੁੰਚ ਕੇ ਸ੍ਰ ਮਾਨ ਨੂੰ ਬੰਦੀ ਸਿੰਘਾਂ ਦਾ ਵਾਸਤਾ ਪਾ ਕੇ ਜੋ ਚੋਣ ਪ੍ਰਕਿਰਿਆ ਤੋ ਪਾਸੇ ਹਟਾਉਣ ਦੀ ਚਾਲ ਚੱਲੀ ਗਈ ਸੀ,ਉਹ ਸਾਰਾ ਤਾਣਾ ਬਾਣਾ ਦਿੱਲੀ ਤੋ ਬੁਣਿਆ ਗਿਆ ਸੀ,ਪਰ ਬਦਕਿਸਮਤੀ ਨੂੰ ਸੁਖਬੀਰ ਬਾਦਲ ਇਸ ਚਾਲ ਵਿੱਚ ਵੀ ਕਾਮਯਾਬ ਹੋਣ ਦੀ ਬਜਾਏ ਮਾਰ ਖਾ ਗਏ।  ਸਿਆਸੀ ਮਾਹਰਾਂ ਵੱਲੋਂ ਇਹ ਕਿਹਾ ਜਾ ਰਿਹਾ ਹੈ ਕਿ ਪਹਿਲੀ ਵਾਰ ਸ੍ਰ ਮਾਨ ਨੇ ਸਿਆਸਤ ਵਿੱਚ ਧੋਬੀ ਪਟੜਾ ਮਾਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਸ੍ਰ ਸਿਮਰਨਜੀਤ ਸਿੰਘ ਮਾਨ ਕਿਸੇ ਜਾਣ ਪਹਿਚਾਣ ਦੇ ਮੁਹਥਾਜ ਨਹੀ ਹਨ।ਉਨਾਂ ਨੇ ਜੂਨ 1984 ਦੇ ਸ੍ਰੀ ਦਰਬਾਰ ਸਾਹਿਬ ਤੇ ਹੋਏ ਫੌਜੀ ਹਮਲੇ ਦੇ ਰੋਸ ਵਜੋਂ ਆਪਣੇ ਡੀ ਆਈ ਜੀ ਪਦ ਦੇ ਉੱਚ ਅਹੁਦੇ ਤੋ ਅਸਤੀਫਾ ਦਿੱਤਾ ਸੀ,ਜਿਸ ਤੋ ਬਾਅਦ ਉਨਾਂ ਦੀਆਂ ਮੁਸਕਲਾਂ ਵਿੱਚ ਢੇਰ ਸਾਰਾ ਵਾਧਾ ਹੋਇਆ ਸੀ ਅਤੇ ਪਰਿਵਾਰ ਨੂੰ ਵੀ ਬੇਹੱਦ ਖੁਆਰੀਆਂ ਝੱਲਣੀਆਂ ਪਈਆਂ ਸਨ।ਸ੍ਰ ਮਾਨ ਆਪਣੇ ਸਾਥੀਆਂ ਸਮੇਤ ਜਾਨ ਬਚਾ ਕੇ ਭਾਰਤ ਤੋ ਨਿਕਲਣ ਦੀ ਕੋਸਸ਼ਿ ਕਰਦੇ ਸਮੇ ਨੇਪਾਲ ਦੇ ਬਾਰਡਰ ਤੋ ਫੜੇ ਗਏ ਸਨ,ਜਿਸ ਤੋ ਬਾਅਦ ਉਨਾਂ ਨੂੰ ਗੈਰ ਮਨੁੱਖੀ ਤਸੀਹੇ ਦਿੱਤੇ ਗਏ ਤੇ ਉਹ ਲਗਾਤਾਰ ਪੰਜ ਸਾਲ ਭਾਗਲਪੁਰ (ਬਿਹਾਰ) ਦੀ ਜੇਲ ਚ ਬੰਦ ਰਹੇ ਸਨ। ਸ੍ਰ ਮਾਨ ਜੇਲ ਦੀ ਕਾਲ ਕੋਠੜੀ ਵਿੱਚੋਂ ਉਸ ਮੌਕੇ ਰਿਹਾਅ ਹੋਏ ਸਨ ਜਦੋ 1989 ਦੀ ਲੋਕ ਸਭਾ ਦੀਆਂ ਚੋਣਾਂ ਵਿੱਚ ਉਨਾਂ ਨੂੰ ਲੋਕ ਸਭਾ ਹਲਕਾ ਤਰਨਤਾਰਨ ਤੋ ਲੋਕਾਂ ਨੇ ਰਿਕਾਰਡਤੋੜ ਵੋਟਾਂ ਪਾ ਕੇ ਜਿਤਾਇਆ ਸੀ ਅਤੇ ਉਹ ਭਾਰਤ ਵਿੱਚ ਸਭ ਤੋਂ ਵੱਧ ਵੋਟਾਂ ਲੈ ਕੇ ਜਿੱਤ ਦਰਜ ਕਰਨ ਵਾਲੇ ਦੂਜੇ ਲੋਕ ਸਭਾ ਮੈਂਬਰ ਬਣੇ ਸਨ।ਇਹ ਉਹ ਸਮਾਂ ਸੀ ਜਦੋ ਬਾਪੂ ਜੋਗਿੰਦਰ ਸਿੰਘ ਦੀ ਅਗਵਾਈ ਵਾਲੇ ਸੰਯੁਕਤ ਅਕਾਲੀ ਦਲ ਵੱਲੋਂ ਖੜੇ ਸਾਰੇ ਹੀ ਲੋਕ ਸਭਾ ਮੈਂਬਰ ਜਿੱਤ ਗਏ ਸਨ ਤੇ ਰਿਹਾਅ ਹੋਣ ਤੋ ਬਾਅਦ ਬਾਪੂ ਜੁਗਿੰਦਰ ਸਿੰਘ ਨੇ ਆਪ ਖੁਦ ਪ੍ਰਧਾਨਗੀ ਤੋ ਅਸਤੀਫਾ ਦੇ ਕੇ ਸ੍ਰ ਮਾਨ ਨੂੰ ਪਾਰਟੀ ਦੀ ਵਾਂਗ ਡੋਰ ਸੰਭਾਲ ਦਿੱਤੀ ਸੀ। ਉਸ ਤੋ ਉਪਰੰਤ ਉਹ ਨਿਰੰਤਰ ਉਸ ਪੰਥਕ ਪਾਰਟੀ ਦੀ ਅਗਵਾਈ ਕਰਦੇ ਆ ਰਹੇ ਹਨ।1989 ਦੀ ਵੱਡੀ ਜਿੱਤ ਤੋ ਬਾਅਦ ਪੰਜਾਬ ਦੇ ਰਵਾਇਤੀ ਸਿਆਸੀ ਹਲਕਿਆਂ ਸਮੇਤ ਭਾਰਤੀ ਏਜੰਸੀਆਂ  ਅੰਦਰ ਹਲਚਲ ਮੱਚ ਗਈ,ਅਤੇ ਉਨਾਂ ਨੇ ਤੁਰੰਤ ਸ੍ਰ ਮਾਨ ਨੂੰ ਸਿਆਸੀ ਤੌਰ ਤੇ ਘੇਰਨ ਦੀ ਤਿਆਰੀ ਵਿੱਢ ਦਿੱਤੀ,ਜਿਸ ਵਿਚ ਤਤਕਾਲੀ ਰਵਾਇਤੀ ਅਕਾਲੀ ਲੀਡਰਸ਼ਿਪ ਦੀ ਮੁੱਖ ਭਾਗੇਦਾਰੀ ਰਹੀ।ਹੋਰ ਕੋਈ ਵੀ ਚਾਰਾ ਨਾ ਜਾਂਦਾ ਦੇਖ ਕੇ ਭਾਰਤੀ ਤਾਕਤਾਂ ਨੇ ਅਕਾਲੀ ਦਲ ਨਾਲ ਮਿਲ ਕੇ ਸ੍ਰ ਮਾਨ ਦੇ ਤਿੰਨ ਫੁੱਟੀ ਕਿਰਪਾਨ ਨਾਲ ਲੈ ਕੇ ਲੋਕ ਸਭਾ ਵਿੱਚ ਜਾਣ ਤੇ ਪਾਬੰਦੀ ਲਾ ਦਿੱਤੀ। ਸ੍ਰ. ਮਾਨ ਲੋਕ ਸਭਾ ਮੈਂਬਰਾਂ ਨੂੰ ਲੈ ਕੇ ਜਦੋਂ ਲੋਕ ਸਭਾ ਚ ਸ਼ਾਮਲ ਹੋਣ ਲਈ ਪਹੁੰਚੇ, ਪਰ ਕਿਰਪਾਨ ਅੰਦਰ ਲਿਜਾਣ ਤੇ ਲਗਾਈ ਰੋਕ ਨੂੰ ਦੇਖਦਿਆਂ ਓਥੇ ਹੀ ਧਰਨੇ ਤੇ ਬੈਠ ਗਏ। ਇਸ ਸਮੇਂ ਦੌਰਾਨ ਉਸ ਸਮੇਂ ਦੇ ਲੋਕ ਸਭਾ ਦੇ ਸਪੀਕਰ ਰਬੀ ਦੇ ਉੱਠ ਕੇ ਬਾਹਰ ਸ੍ਰ. ਮਾਨ ਨੂੰ ਮਿਲਣ ਪਹੁੰਚੇ। ਉਨਾਂ ਸ੍ਰ. ਮਾਨ ਨੂੰ ਅੰਦਰ ਜਾਣ ਲਈ ਕਿਹਾ ਪਰ ਸ੍ਰ. ਮਾਨ ਨੇ ਜਵਾਬ ਚ ਕਿਹਾ ਕਿ ਉਹ ਕਿਰਪਾਨ ਤੋਂ ਬਿਨਾਂ ਅੰਦਰ ਨਹੀਂ ਜਾ ਸਕਦੇ। ਸਪੀਕਰ ਰਬੀ ਰੇ ਨੇ ਕਿਹਾ ਕਿ ਉਹ ਤੁਹਾਡੀਆਂ ਭਾਵਨਾਵਾਂ ਨਾਲ ਸਹਿਮਤ ਹਨ ਪਰ ਉਹ ਕੁੱਝ ਨਹੀਂ ਕਹਿ ਸਕਦੇ।  ਇਹ ਚਾਲ ਇਸ ਕਰਕੇ ਖੇਡੀ ਗਈ,ਕਿਉਂਕਿ ਉਹ ਇਹ ਗੱਲ ਭਲੀ ਭਾਂਤ ਜਾਣਦੇ ਸਨ ਕਿ ਸ੍ਰ ਮਾਨ ਇਸ ਗੱਲ ਤੇ ਰਾਜੀ ਨਹੀ ਹੋਵੇਗਾ,ਇਸ ਲਈ ਉਨਾਂ ਦੀ ਵਧਦੀ ਤਾਕਤ ਨੂੰ ਕਮਜੋਰ ਕਰਨ ਲਈ ਲੋਕ ਸਭਾ ਚ ਜਾਣ ਤੋ ਰੋਕਣਾ ਹੀ ਇੱਕੋ ਇੱਕ ਮਕਸਦ ਸੀ,ਜਿਸ ਵਿੱਚ ਭਾਰਤੀ ਤਾਕਤਾਂ ਕਾਮਯਾਬ ਵੀ ਰਹੀਆਂ।ਭਾਰਤੀ  ਏਜੰਸੀਆਂ ਨੇ ਇੱਕ ਪਾਸੇ ਸ੍ਰ ਮਾਨ ਤੇ ਇਹ ਸਖਤ ਸਰਤ ਰੱਖ ਦਿੱਤੀ ਅਤੇ ਦੂਜੇ ਪਾਸੇ ਉਨਾਂ ਨੂੰ ਬਦਨਾਮ ਕਰਨਾ ਸੁਰੂ ਕਰ ਦਿੱਤਾ ਕਿ ਦੇਖੋ ਪੰਜਾਬ ਦੇ ਲੋਕੋ ਤੁਸੀ ਸ੍ਰ ਮਾਨ ਨੂੰ ਇੱਕ ਤਰਫਾ ਵੋਟਾਂ ਪਾ ਕੇ ਜਿਤਾਇਆ ਹੈ,ਪਰ ਉਹਨਾਂ ਨੇ ਤੁਹਾਡੀਆਂ ਭਾਵਨਾਵਾਂ ਦੀ ਕਦਰ ਨਹੀ ਕੀਤੀ ਤੇ ਉਹਨਾਂ ਨੇ ਆਪਣਾ ਸਮਾ ਅਜਾਈਂ ਹੀ ਗੁਆ ਦਿੱਤਾ ਹੈ। ਏਜੰਸੀਆਂ ਦੀ ਇਸ ਸਾਜਿਸ ਨੂੰ ਕਾਮਯਾਬ ਕਰਨ ਵਿੱਚ ਸਭ ਤੋ ਵੱਡਾ ਯੋਗਦਾਨ ਉਸ ਮੌਕੇ ਦੀ ਅਕਾਲੀ ਲੀਡਰਸ਼ਿਪ ਦਾ ਹੀ ਰਿਹਾ।ਜੇਕਰ ਅਕਾਲੀ ਦਲ ਏਜੰਸੀਆਂ ਦੇ ਆਖੇ ਲੱਗ ਕੇ ਕੇਂਦਰ ਦੇ ਪੱਖ ਚ ਨਾ ਖੜਦਾ, ਤਾਂ ਕਿਸੇ ਦੀ ਹਿੰਮਤ ਨਹੀ ਸੀ ਸ੍ਰ ਮਾਨ ਨੂੰ ਪਾਰਲੀਮੈਟ ਅੰਦਰ ਕਿਰਪਾਨ ਲੈ ਕੇ ਜਾਣ ਤੋ ਰੋਕ ਸਕਣ ਦੀ,ਕਿਉਂਕਿ ਇਹ ਅਕਾਲੀ ਦਲ ਦੀ ਰਵਾਇਤ ਰਹੀ ਹੈ।ਇਸ ਤੋ ਪਹਿਲਾਂ ਅਕਾਲੀ ਦਲ ਦੇ ਪ੍ਰਧਾਨ ਜਥੇਦਾਰ ਮੋਹਨ ਸਿੰਘ ਤੁੜ ਤਿੰਨ ਫੁੱਟੀ ਕਿਰਪਾਨ ਲੈ ਕੇ ਪਾਰਲੀਮੈਂਟ ਚ ਜਾਂਦੇ ਰਹੇ ਹਨ,ਪਰ ਇਹ ਸਾਜਿਸ ਸ੍ਰ ਮਾਨ ਨੂੰ ਪਛਾੜਨ ਲਈ ਏਜੰਸੀਆਂ ਅਤੇ ਅਕਾਲੀ ਲੀਡਰਸਸ਼ਿਪ ਵੱਲੋਂ ਸਾਂਝੇ ਤੌਰ ਤੇ ਤਿਆਰ ਕੀਤੀ ਗਈ ਸੀ,ਜਿਸ ਵਿੱਚ ਉਹ ਸਫਲ ਹੋਏ ਸਨ,ਤੇ ਕੌਂਮ ਦਾ ਜਰਨੈਲ ਇੱਕ ਗਿਣੀ ਮਿਥੀ ਸਾਜਿਸ ਤਹਿਤ ਪਛਾੜ ਦਿੱਤਾ ਗਿਆ ਸੀ।ਇਸ ਤੋਂ ਬਾਅਦ ਸਟੇਟ ਦੀ ਹਮਾਇਤ ਨਾਲ ਸ੍ਰ ਪ੍ਰਕਾਸ ਸਿੰਘ ਬਾਦਲ ਬਦਲ ਬਦਲ ਕੇ ਰਾਜ ਸੱਤਾ ਦਾ ਅਨੰਦ ਮਾਣਦਾ ਰਿਹਾ ਹੈ,ਪਰ ਉਹਨਾਂ ਨੇ ਕਦੇ ਵੀ ਸਿੱਖ ਹਿਤਾਂ ਦੀ ਗੱਲ ਨਹੀ ਸੀ ਕੀਤੀ। ਭਾਂਵੇਂ 1999 ਦੀਆਂ ਲੋਕ ਸਭਾ ਚੋਣਾਂ ਵਿੱਚ ਫਿਰ ਦੁਵਾਰਾ ਸੰਗਰੂਰ ਲੋਕ ਸਭਾ ਹਲਕੇ ਤੋ ਸ੍ਰ ਮਾਨ ਨੂੰ ਲੋਕਾਂ ਵੱਲੋਂ ਬਹੁਮੱਤ ਦੇ ਕੇ ਦਿੱਲੀ ਭੇਜਿਆ ਵੀ ਗਿਆ,ਜਿਸ ਦਾ ਸ੍ਰ ਮਾਨ ਨੇ ਪੂਰਾ ਮੁੱਲ ਮੋੜਿਆ।ਉਹਨਾਂ ਆਪਣੇ ਪੰਜ ਸਾਲਾਂ ਦੇ ਕਾਰਜਕਾਲ ਦੌਰਾਨ ਸੰਗਰੂਰ ਲੋਕ ਸਭਾ ਹਲਕੇ ਦੇ ਪਿੰਡਾਂ ਸਹਿਰਾਂ ਅਤੇ ਕਸਬਿਆਂ ਨੂੰ ਬਗੈਰ ਕਿਸੇ ਭੇਦ ਭਾਵ ਦੇ ਗਰਾਂਟਾਂ ਦੇ ਖੁੱਲੇ ਗੱਫੇ ਦਿੱਤੇ। ਇਹ ਵੀ ਦੱਸਣਾ ਬਣਦਾ ਹੈ ਕਿ ਸ੍ਰ ਮਾਨ ਨੇ ਹੀ ਲੋਕਾਂ ਨੂੰ ਇਹ ਦੱਸਿਆ ਕਿ ਲੋਕ ਸਭਾ ਮੈਂਬਰ ਕੋਲ ਵੀ ਅਖਤਿਆਰੀ ਕੋਟੇ ਦਾ ਫੰਡ ਹੁੰਦਾ ਹੈ,ਜਿਹੜਾ ਇੱਕ ਐਮ ਪੀ ਨੇ ਆਪਣੇ ਹਲਕੇ  ਦੇ ਵਿਕਾਸ ਲਈ ਖਰਚਣਾ ਹੁੰਦਾ ਹੈ।ਇਸ ਤੋ ਪਹਿਲਾਂ ਲੋਕਾਂ ਨੂੰ ਇਹ ਇਲਮ ਵੀ ਨਹੀ ਸੀ ਕਿ ਲੋਕ ਸਭਾ ਮੈਂਬਰ ਕੋਲ ਵੀ ਕੋਈ ਅਖਤਿਆਰੀ ਕੋਟਾ ਹੁੰਦਾ ਹੈ। ਇਸ ਤੋ ਇਲਾਵਾ ਸ੍ਰ ਮਾਨ ਨੇ ਲੋਕ ਸਭਾ ਵਿੱਚ ਜਿਸਤਰਾਂ ਜੋਰਦਾਰ ਢੰਗ ਨਾਲ ਪੰਜਾਬ ਦਾ ਪੱਖ ਰੱਖਿਆ,ਜਿਸਤਰਾਂ ਸਿੱਖ ਮੰਗਾਂ ਨੂੰ ਜੋਰਦਾਰ ਢੰਗ ਨਾਲ ਪੇਸ ਕੀਤਾ,ਉਹ ਭਾਸਨ ਅੱਜ ਵੀ ਸੁਣੇ ਜਾ ਸਕਦੇ ਹਨ। ਪ੍ਰੰਤੂ ਜਿਵੇਂ ਉੱਪਰ ਲਿਖਿਆ ਜਾ ਚੁੱਕਾ ਹੈ ਕਿ ਭਾਰਤੀ ਤਾਕਤਾਂ ਨੂੰ ਉਹ ਸਿੱਖ ਆਗੂ ਦੀ ਕਾਮਯਾਬੀ ਕਦੇ ਵੀ ਬਰਦਾਸਤ ਨਹੀ,ਜਿਹੜਾ ਪੰਜਾਬ ਦੇ ਹਿਤਾਂ ਦੀ ਗੱਲ ਨਿਧੜਕ ਹੋ ਕੇ ਕਰਦਾ ਹੈ।ਲੰਘੀ ਫਰਬਰੀ ਵਿੱਚ ਹੋਈਆਂ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਭਾਂਵੇਂ ਆਮ ਆਦਮੀ ਪਾਰਟੀ ਨੇ ਹੂੰਝਾ ਫੇਰ ਜਿੱਤ ਪਰਾਪਤ ਕੀਤੀ ਪਰੰਤੂ ਅਮਰਗੜ ਹਲਕਾ ਇੱਕੋ ਇੱਕ ਅਜਿਹਾ ਹਲਕਾ ਹੈ,ਜਿੱਥੋਂ ਆਮ ਆਦਮੀ ਪਾਰਟੀ ਦਾ ਉਮੀਦਵਾਰ ਬਹੁਤ ਥੋੜੇ ਫਰਕ ਨਾਲ ਜਿੱਤ ਦਰਜ ਕਰ ਸਕਿਆ, ਉੱਧਰ ਪੰਥਕ ਸਫਾਂ ਅੰਦਰ ਸ੍ਰ ਮਾਨ ਦੀ ਹਾਰ ਨੂੰ ਸਾਜਿਸ ਸਮਝਿਆ ਜਾਂਦਾ ਰਿਹਾ ਹੈ।ਸ੍ਰ ਮਾਨ ਆਪਣੇ ਆਪ ਵਿੱਚ ਇੱਕ ਮਿਸਾਲ ਹਨ,ਜਿੰਨਾਂ ਨੇ 38 ਸਾਲਾਂ ਦੇ ਲੰਮੇ ਅਰਸੇ ਦੌਰਾਨ ਆਪਣੀ ਕੌਂਮ ਪ੍ਰਤੀ ਜਵਾਬਦੇਹੀ ਨੂੰ ਸੱਕੀ ਨਹੀ ਹੋਣ ਦਿੱਤਾ,ਬਲਕਿ ਕੌਮੀ ਅਜਾਦੀ ਦੇ ਸੰਕਲਪ ਤੇ ਲਗਾਤਾਰ ਦਿ੍ਰੜਤਾ ਨਾਲ ਪਹਿਰਾ ਦਿੰਦੇ ਆ ਰਹੇ ਹਨ। ਜੇਕਰ ਇਸ ਵਾਰ ਸੰਗਰੂਰ ਦੀ ਜਿਮਨੀ ਵਿੱਚ ਵੀ ਸ੍ਰ ਮਾਨ ਦਾ ਸਾਥ ਸਿੱਖ ਕੌਂਮ ਨੇ ਨਾ ਦਿੱਤਾ,ਤਾਂ ਸਾਇਦ ਇਹ ਕੌਂਮ ਦੀ ਵੱਡੀ ਅਕਿ੍ਰਤਘਣਤਾ ਸਮਝੀ ਜਾਵੇਗੀ।ਅੱਜ ਦੇ ਖਤਰਨਾਕ ਸਮੇ ਚ ਇੱਕੋ ਇੱਕ ਅਜਿਹਾ ਲੀਡਰ ਹੈ,ਜਿਹੜਾ ਪਿਛਲੇ ਚਾਰ ਦਹਾਕਿਆਂ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦੀ ਸੋਚ ਤੋ ਰੱਤੀ ਮਾਤਰ ਵੀ ਪਾਸੇ ਨਹੀ ਹੋਇਆ।ਸਿੱਖ ਕੌਂਮ ਝੂਠੇ ਅਕਾਲੀ ਦਲਾਂ ਦੇ ਪਿੱਛੇ ਲੱਗ ਕੇ ਸ੍ਰ ਮਾਨ ਨੂੰ ਵਾਰ ਵਾਰ ਹਰਾਉਂਦੀ ਹੀ ਨਹੀ ਬਲਕਿ ਮਜਾਕ ਵੀ ਖੁਦ ਉਡਾਉਂਦੀ ਹੈ,ਪਰ ਉਹ ਪਤਾ ਨਹੀ ਕਿਹੜੀ ਮਿੱਟੀ ਦਾ ਬਣਿਆ ਹੈ ਕਿ ਫਿਰ ਵੀ ਇੱਕੋ ਰਟ ਲਾਈ ਰੱਖਦਾ ਹੈ ਕਿ ਮੈ ਆਪਣੀ ਕੌਂਮ ਦੇ ਗਲੋਂ ਗੁਲਾਮੀ ਦਾ ਜੰਜਾਲ ਲਾਹ ਕੇ ਹੀ ਰਹਿਣਾ ਹੈ।ਉਹ ਕਸਮੀਰ ਦੇ ਮੁਸਲਮਾਨਾਂ ਤੇ ਹੁੰਦੇ ਅਤਿਆਚਾਰ ਦਾ ਡੰਕੇ ਦੀ ਚੋਟ ਤੇ ਵਿਰੋਧ ਕਰਦਾ ਹੈ।ਉਹ ਦੇਸ ਦੀਆਂ ਉੱਚ ਜਾਤੀਆਂ ਵੱਲੋਂ ਲਤਾੜੇ ਜਾ ਰਹੇ ਦਲਿਤ ਸਮਾਜ ਦਾ ਸਾਥ ਦੇਣ ਤੋ ਪਿੱਛੇ ਨਹੀ ਹੱਟਦਾ,ਉਹ ਮੂਲ ਨਿਵਾਸੀਆਂ ਨਾਲ ਸਾਂਝ ਪਾ ਕੇ ਇਕੱਠੇ ਹੋ ਕੇ ਪਿਸ ਰਹੇ ਸਾਰੇ ਸਮਾਜਾਂ ਦੀ ਬੰਦ ਖਲਾਸੀ ਦੀ ਗੱਲ ਦੂਰ ਦਰਾਡੇ ਸੂਬਿਆਂ ਚ ਜਾ ਕੇ ਕਰਦਾ ਹੈ,ਪਰ ਅਫਸੋਸ ! ਕਿ,ਫਿਰ ਵੀ ਘੱਟ ਗਿਣਤੀਆਂ ,ਭਾਵੇਂ ਉਹ ਮੁਸਲਮਾਨ ਭਾਈਚਾਰਾ ਹੋਵੇ ਜਾਂ ਇਸਾਈ ਹੋਣ,ਦਲਿਤ ਸਮਾਜ ਹੋਵੇ ਜਾਂ ਖੁਦ ਉਹਦਾ ਆਪਣਾ ਸਿੱਖ ਸਮਾਜ ਹੋਵੇ,ਕਿਸੇ ਨੇ ਵੀ ਸ੍ਰ ਸਿਮਰਨਜੀਤ ਸਿੰਘ ਮਾਨ ਦਾ ਡਟ ਕੇ ਸਾਥ ਨਹੀ ਦਿੱਤਾ।ਇਹਦੇ ਦੋ ਹੀ ਕਾਰਨ ਹੋ ਸਕਦੇ ਹਨ,ਜਾਂ ਤਾਂ ਭਾਰਤੀ ਸਿਸਟਮ ਨੇ ਉਪਰੋਕਤ ਸਾਰੇ ਭਾਈਚਾਰਿਆਂ ਦੀ ਸਮੇਤ ਸਿੱਖਾਂ ਦੇ ਅਣਖ ਗੈਰਤ ਮਾਰ ਦਿੱਤੀ ਹੈ, ਅਤੇ ਨਿੱਜੀ ਲੋਭ ਲਾਲਸਾ ਦੀ ਜੂਠੀ ਬੁਰਕੀ ਨੇ ਉਹਨਾਂ ਦਾ ਕੌਂਮੀ ਜਜਬਾ ਅਸਲੋਂ ਹੀ ਮਾਰ ਦਿੱਤਾ ਹੈ। ਜਾਂ ਫਿਰ ਸਟੇਟ ਦੀ ਨਸ਼ਿਆਂ ਚ ਡੋਬਣ ਵਰਗੀ ਸਾਜਿਸ ਨੇ ਸਿੱਖਾਂ ਦੀ ਦਲੇਰੀ ਨੂੰ ਖਤਮ ਕਰ ਦਿੱਤਾ ਹੈ। ਉੱਪਰੋ ਸਿੱਖਾਂ ਨੂੰ ਬਰਗਲਾਉਣ ਲਈ ਬਾਦਲ ਪਰਿਵਾਰ  ਵਰਗੀਆਂ ਜੋਕਾਂ ਕੌਂਮ ਨੂੰ ਅਜਿਹੀਆਂ ਚੁੰਬੜ  ਗਈਆਂ ਹਨ,ਜਿਹੜੀਆਂ ਸਿੱਖ ਜੁਆਨੀ ਦੇ ਖਾਤਮੇ ਲਈ ਲਗਾਤਾਰ ਲੱਗੀਆਂ ਹੋਈਆਂ ਹਨ।ਸੋ ਅੱਜ ਸੋਸਲ ਮੀਡੀਏ ਦਾ ਜਮਾਨਾ ਹੈ,ਪਲ ਪਲ ਦੀ ਜਾਣਕਾਰੀ ਉਪਲੱਭਦ ਹੁੰਦੀ ਹੈ।ਖਰੇ ਖੋਟੇ ਦੀ ਪਰਖ ਕਰਨ ਵਿੱਚ ਵੀ ਸੋਸਲ ਮੀਡੀਏ ਦਾ ਵੱਡਾ ਯੋਗਦਾਨ ਸਮਝਿਆ ਜਾ ਰਿਹਾ ਹੈ, ਨਵੀ ਸਿੱਖ ਜੁਆਨੀ ਸ੍ਰ ਸਿਮਰਨਜੀਤ ਸਿੰਘ ਮਾਨ ਦੀ ਸੋਚ ਨਾਲ ਵੱਡੀ ਪੱਧਰ ਤੇ ਜੁੜ ਚੁੱਕੀ ਹੈ ਜਿਸ ਤੌ ਘਬਰਾਇਆ ਭਾਰਤੀ ਤੰਤਰ ਸ੍ਰ ਮਾਨ ਨੂੰ ਕੋਈ ਵੀ ਹਰਬਾ ਵਰਤ ਕੇ ਸੰਗਰੂਰ ਜਿਮਨੀ ਚੋਣ ਹਰਾਉਣ ਲਈ ਸਾਜਿਸਾਂ ਰਚ ਰਿਹਾ ਹੈ। ਇਹੋ ਕਾਰਨ ਹੈ ਕਿ ਸਾਰੀਆਂ ਹੀ ਰਵਾਇਤੀ ਵਿਰੋਧੀ ਸਿਆਸੀ ਧਿਰਾਂ ਸ੍ਰ ਮਾਨ ਦੇ ਪਿੱਛੇ ਹੀ ਹੱਥ ਧੋ ਕੇ ਪਈਆਂ ਹੋਈਆਂ ਹਨ।ਸੋ ਕੌਂਮ ਦੀ ਅਜਾਦੀ ਦੀ ਲੜਾਈ ਚ ਸ੍ਰ ਮਾਨ ਦਾ ਸਾਥ ਦੇਣਾ ਹਰ ਸੱਚੇ ਸਿੱਖ ਦਾ ਫਰਜ ਹੋਣਾ ਚਾਹੀਦਾ ਹੈ।ਇਹ ਨਿੱਤ ਭਾਵੇਂ ਬਹੁਤ ਥੋੜ ਸਮੇ ਭਾਵ ਡੇਢ ਕੁ ਸਾਲ ਲਈ ਹੋਵੇਗੀ,ਪਰੰਤੂ ਜੇਕਰ ਸ੍ਰ ਮਾਨ ਨੂੰ ਕੌਮ ਸੰਗਰੂਰ ਜਿਮਨੀ ਚੋਣ ਜਿਤਾ ਦਿੰਦੀ ਹੈ,ਤਾਂ ਇਸ ਦਾ ਸੁਨੇਹਾ ਦੁਨੀਆ ਪੱਧਰ ਤੇ ਇਹ ਜਾਵੇਗਾ ਕਿ ਭਾਰਤ ਅੰਦਰ ਸਿੱਖ ਕੌਂਮ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦੀ ਸੋਚ ਦੇ ਹਾਮੀ ਹਨ ਤੇ ਸ੍ਰ ਮਾਨ ਦੁਨੀਆਂ ਪੱਧਰ ਤੇ ਕੌਂਮੀ ਅਜਾਦੀ ਦੇ ਨਾਇਕ ਵਜੋ ਦੇਖੇ ਅਤੇ ਸਤਿਕਾਰੇ ਜਾਣਗੇ,ਪ੍ਰੰਤੂ ਜੇਕਰ ਸਿੱਖ ਸਮਾਜ,ਦਲਿਤ ਸਮਾਜ ਅਤੇ ਮੁਸਲਮਾਨ ਸਮਾਜ ਨੇ ਇਸ ਵਾਰ ਸ੍ਰ ਮਾਨ ਦਾ ਸਾਥ ਨਾ ਦੇਣ ਦੀ ਗੁਸਤਾਖੀ ਕਰ ਲਈ,ਤਾਂ ਇਸ ਤੋ ਬਾਅਦ ਘੱਟ ਗਿਣਤੀਆਂ ਦੇ ਹੱਕਾਂ ਹਿਤਾਂ ਦੀ ਗੱਲ ਕਰਨ ਵਾਲਾ ਸਾਇਦ ਕੋਈ ਨਹੀ ਬਚੇਗਾ।ਚੰਗਾ ਹੋਵੇ ਜੇਕਰ ਸੰਗਰੂਰ ਦੇ ਲੋਕ ਇਸ ਵਾਰ ਪਿਛਲੀਆਂ ਗਲਤੀਆਂ ਨੂੰ ਸੁਧਾਰ ਕੇ ਕਦੇ ਨਾ ਵਿਕਣ ਵਾਲੇ,ਨਾ ਝੁਕਣ ਵਾਲੇ ਇਸ ਬੇਦਾਗ ਆਗੂ ਨੂੰ ਸਾਨਦਾਰ ਜਿੱਤ ਦਵਾ ਕੇ ਪਾਰਲੀਮੈਂਟ ਚ ਭੇਜਣ ਤਾਂ ਕਿ ਉਹ ਘੱਟ ਗਿਣਤੀਆਂ,ਦਲਿਤ ਸਮਾਜ ਅਤੇ ਮੂਲ ਨਿਵਾਸੀਆਂ ਦੇ ਹੱਕਾਂ ਹਿਤਾਂ ਦੀ ਅਵਾਜ ਨੂੰ ਜੋਰਦਾਰ ਢੰਗ ਨਾਲ ਬੁਲੰਦ ਕਰ ਸਕਣ।
ਬਘੇਲ ਸਿੰਘ ਧਾਲੀਵਾਲ
 99142-58142  

ਮਾਲਵੇ ਦੇ ਟਿੱਬਿਆਂ ਦੀ ਸੁੱਚੀ ਮਿੱਟੀ ਦੇ ਨਿੱਡਰ ਪੁੱਤ ਨੂੰ ਸੱਚੀ ਸਰਧਾਂਜਲੀ

ਪੰਜਾਬ ਦੇ ਹਾਲਾਤ ਦਿਨੋ ਦਿਨ ਗਲਤ ਪਾਸੇ ਵੱਲ ਮੋੜਾ ਕੱਟ ਰਹੇ ਹਨ। ਇੰਝ ਜਾਪਦਾ ਹੈ ਜਿਵੇਂ ਪੰਜਾਬ ਵਿਰੋਧੀ ਤਾਕਤਾਂ ਆਪਣੀਆਂ ਸਾਜਿਸਾਂ ਵਿੱਚ ਸਫਲ ਹੋ ਰਹੀਆਂ ਹਨ।ਬੀਤੇ ਦਿਨੀ ਅਣ-ਪਸਾਤੇ ਹਮਲਾਵਰਾਂ ਵੱਲੋਂ ਪੰਜਾਬ ਦੇ ਸਭ ਤੋ ਵੱਧ ਸੁਣੇ ਜਾਣ ਵਾਲੇ ਨੌਜਵਾਨਾਂ ਦੇ ਹਰਮਨ ਪਿਆਰੇ ਗਾਇਕ ਸੁਭਦੀਪ ਸਿੰਘ ਸਿੱਧੂ ਮੂਸੇ ਵਾਲਾ ਦਾ ਦਿਨ ਦਿਹਾੜੇ ਗੋਲੀਆਂ ਮਾਰ ਕੇ ਕਤਲ ਕੀਤਾ ਗਿਆ ਹੈ।ਸਿੱਧੂ ਮੂਸੇ ਵਾਲੇ ਦੇ ਕਤਲ ਨੇ ਹਰ ਦਿਲ ਨੂੰ ਬੁਰੀ ਤਰਾਂ ਝਜੋੜ ਕੇ ਰੱਖ ਦਿੱਤਾ ਹੈ।ਸਿੱਧੂ ਮਾਪਿਆਂ ਦਾ ਇਕਲੌਤਾ ਪੁੱਤਰ ਸੀ।ਸਿੱਧੂ ਮੂਸੇ ਵਾਲੇ ਦੀ ਮੌਤ ਤੇ ਹਰ ਉਹ ਅੱਖ ਨਮ ਹੋਈ ਹੈ,ਜਿਸ ਦੇ ਘਰ ਵਿੱਚ ਬੱਚਿਆਂ ਦੀ ਕਿਲਕਾਰੀ ਸੁਣੀ ਜਾਂਦੀ ਹੈ।ਹਰ ਮਾਂ ਰੋਈ ਹੈ।ਹਰ ਮਾਂ ਨੇ ਇਹ ਮਹਿਸੂਸ ਕੀਤਾ,ਜਿਵੇਂ ਉਹਨਾਂ ਦਾ ਆਪਣਾ ਪੁੱਤਰ ਕਿਸੇ ਮਰਿਆ ਹੋਵੇ। ਦੀਪ ਸਿੱਧੂ ਦੀ ਮੌਤ ਤੋ ਬਾਅਦ ਸਿੱਧੂ ਮੂਸੇ ਵਾਲੇ ਦੀ ਮੌਤ ਨੇ ਵੀ ਪੰਜਾਬ ਨੂੰ ਅਥਾਹ ਦਰਦ ਦਿੱਤਾ ਹੈ,ਕਿਉਂਕਿ ਸਿੱਧੂ ਮੂਸੇ ਵਾਲੇ ਨੇ ਵੀ ਪੰਜਾਬ ਦਾ ਨਾਦੀ ਪੁੱਤ ਹੋਣ ਦਾ ਰਾਹ ਚੁਨਣ ਦਾ ਮਨ ਬਣਾ ਲਿਆ ਸੀ।ਉਹਦੀਆਂ ਮੀਡੀਆ ਕਰਮੀਆਂ ਨਾਲ ਅੰਤਲੀਆਂ ਮੁਲਾਕਾਤਾਂ ਦੇਖ ਸੁਣ ਕੇ ਸਪੱਸਟ ਹੋ ਰਿਹਾ ਸੀ ਕਿ ਉਹ ਆਪਣੇ ਹੁਨਰ ਨੂੰ ਹੁਣ ਪੰਜਾਬ ਦੇ ਹਿਤਾਂ ਲਈ ਵਰਤਣ ਦੀ ਤਿਆਰੀ ਵਿੱਚ ਹੈ।ਹੁਣ ਉਹ ਆਪਣੇ ਪੁਰਖਿਆਂ ਦੇ ਗਾਡੀ ਰਾਹ ਤੇ ਡਾਢਾ ਮਾਣ ਵੀ ਕਰਨ ਲੱਗਾ ਸੀ।ਉਹ ਖਾਲਿਸਤਾਨ ਦੀ ਗੱਲ ਵੀ ਬਾ-ਦਲੀਲ ਕਰਨ ਲੱਗ ਪਿਆ ਸੀ।ਸੰਗਰੂਰ ਦੀ ਜਿਮਨੀ ਚੋਣ ਵਿੱਚ ਅਜਾਦ ਸਿੱਖ ਰਾਜ ਦੇ ਹਾਮੀ ਅਤੇ ਖਾਲਿਸਤਾਨ ਲਹਿਰ ਦੇ ਬੁੱਢੇ ਜਰਨੈਲ ਵਜੋਂ ਜਾਂਣੇ ਜਾਂਦੇ ਸ੍ਰ ਸਿਮਰਨਜੀਤ ਸਿੰਘ ਮਾਨ ਦੇ ਹੱਕ ਚ ਡਟਣ ਦਾ ਐਲਾਨ ਉਹਨਾਂ ਦੀ ਸੋਚ ਨੂੰ ਸਪੱਸਟ ਰੂਪ ਵਿੱਚ ਪੇਸ ਕਰਦਾ ਹੈ।ਆਪਣੇ ਗੀਤਾਂ ਵਿੱਚ ਹਥਿਆਰਾਂ ਦੀ ਗੱਲ ਕਰਨ ਨੂੰ ਉਹ ਕੋਈ ਗਲਤ ਨਹੀ ਬਲਕਿ ਦਲੀਲ ਨਾਲ ਸਹੀ ਠਹਿਰਾਉਂਦਾ ਹੈ,ਸੋ ਉਹਨਾਂ ਦਾ ਆਪਣੀ ਬਦਲੀ ਸੋਚ ਨੂੰ ਆਪਣੇ ਪੁਰਖਿਆਂ ਦੀ ਸੋਚ ਤਸਲੀਮ ਕਰਕੇ ਬੇਝਿਜਕ ਪਰਗਟ ਕਰਨਾ ਹੀ ਉਹਨਾਂ ਦੀ ਮੌਤ ਦਾ ਕਾਰਨ ਬਣ ਗਿਆ। ਦੀਪ ਸਿੱਧੂ ਅਤੇ ਸਿੱਧੂ ਮੂਸੇ ਵਾਲਾ ਦੀ ਮੌਤ ਦੇ ਕਾਰਨ ਭਾਂਵੇ ਵੱਖਰੇ ਵੱਖਰੇ ਦਿਖਾਈ ਦਿੰਦੇ ਹਨ, ਪਰ ਇਹ ਦੋਨੋ ਹੀ ਮਾਲਵੇ ਦੇ ਟਿੱਬਿਆਂ ਦੀ ਪਵਿੱਤਰ ਮਿੱਟੀ ਚੋ ਜਨਮ ਲੈ ਕੇ ਵੱਡੇ ਮੁਕਾਮ ਤੇ ਪਹੁੰਚਣ ਤੋ ਬਾਅਦ ਅਚਾਨਕ ਵਾਪਸ ਪਰਤਣ ਦਾ ਰਾਹ ਅਖਤਿਆਰ ਕਰ ਲੈਂਦੇ ਹਨ, ਜਿਹੜਾ ਉਨਾਂ ਦੀ ਮੌਤ ਦਾ ਅਸਲ ਕਾਰਨ ਬਣ ਜਾਂਦਾ ਹੈ। ਦੀਪ ਸਿੱਧੂ ਉੱਚੇ ਮੁਕਾਮ ਤੇ ਪਹੁੰਚ ਕੇ ਮਹਾਂਨਗਰੀ ਦੀ ਬੇਹੱਦ ਸੁਖਾਲੀ ਜਿੰਦਗੀ ਨੂੰ ਛੱਡ ਆਪਣੀ ਕੌਂਮ ਦੇ ਗਲੋਂ ਗੁਲਾਮੀ ਦੀਆਂ ਜੰਜੀਰਾਂ ਲਾਹੁਣ ਦਾ ਬੇਹੱਦ ਔਖਾ ਰਾਹ ਚੁਣਦਾ ਹੈ,ਜਿਸ ਦਾ ਅੰਜਾਮ ਉਹਨਾਂ ਦੀ ਅਚਾਨਕ ਸੜਕੀ ਦੁਰਘਟਨਾ ਚ ਮੌਤ ਦੇ ਰੂਪ ਚ ਸਾਹਮਣੇ ਆਉਂਦਾ ਹੈ।ਸਿੱਧੂ ਮੂਸੇ ਵਾਲਾ ਵੀ ਆਪਣੇ ਵੱਖਰੇ ਅੰਦਾਜ ਦੀ ਗਾਇਕੀ ਕਾਰਨ ਐਨੀ ਮਕਬੂਲੀਅਤ ਖੱਟ ਲੈਂਦਾ ਹੈ ਕਿ ਮਾਲਵੇ ਦੇ ਇੱਕ ਅਣਜਾਣੇ ਪਿੰਡ ਮੂਸੇ ਨੂੰ ਹੀ ਮਹਾਂਨਗਰੀ ਦੇ ਬਰਾਬਰ ਕਰਕੇ ਦੇਖਦਾ ਹੈ ਅਤੇ ਪਿੰਡ ਚ ਰਹਿੰਦਾ ਹੈ।ਉਹ ਬੇਹੱਦ ਕਮਾਈ ਕਰਕੇ ਸਾਰੀਆਂ ਸੁਖ ਸਹੂਲਤਾਂ, ਮਹਾਂਨਗਰੀ ਨੂੰ ਚੁਣੌਤੀ ਦਿੰਦੀ ਪਿੰਡ ਚ ਬਣੀ ਹਵੇਲੀ ਵਿੱਚੋਂ ਪ੍ਰਾਪਤ ਕਰਦਾ ਕਰਦਾ ਅਚਾਨਕ ਆਪਣੇ ਪੁਰਖਿਆਂ ਦੇ ਗਾਡੀ ਰਾਹ ਤੇ ਚੱਲਣ ਦਾ ਐਲਾਨ ਕਰਦਾ ਹੈ। ਭਾਂਵੇ ੳਹਦੇ ਹਰ ਗਾਣੇ ਵਿੱਚ ਹੀ ਬਾਗੀਪੁਣਾ ਡੁੱਲ ਡੁੱਲ ਪੈਂਦਾ ਹੈ,ਪਰ ‘‘ਪੰਜਾਬ’’ ਨਾਮ ਦੇ ਗਾਣੇ ਨੇ ਸਟੇਟ ਨੂੰ ਉਹਦੇ ਬਾਰੇ ਸੋਚਣ ਲਈ ਮਜਬੂਰ ਕਰ ਦਿੱਤਾ।ਉਹਦੇ ਆਉਣ ਵਾਲੇ ਗਾਣੇ “ਐਸ ਵਾਈ ਐਲ” ਅਤੇ ਸੋਸਲ ਮੀਡੀਏ ਤੇ ਕਿਸੇ ਨਿੱਜੀ ਵੈਬ ਚੈਨਲ ਤੇ ਗੱਲਬਾਤ ਦੌਰਾਨ ਉਹਨੇ ਜਿਸਤਰਾਂ ਖਾਲਿਸਤਾਨ ਨੂੰ ਪਰਿਭਾਸਿਤ ਕਰਨ ਦੀ ਕੋਸ਼ਿਸ ਕੀਤੀ ਹੈ, ਅਤੇ ਜਿਸ ਤਰਾਂ ਉਹਨੇ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਨੂੰ ਆਪਣੇ ਪੁਰਖੇ ਤਸਲੀਮ ਕੀਤਾ ਹੈ,ਸਾਇਦ ਇਹ ਸਾਰਾ ਵਰਤਾਰਾ ਸਟੇਟ ਦੀ ਨੀਦ ਹਰਾਮ ਕਰਨ ਵਾਲਾ ਬਣ ਗਿਆ।ਸਿੱਧੂ ਮੂਸੇਵਾਲੇ ਦਾ ਕਤਲ ਜਿਹੜੇ ਅਤਿ ਅਧੁਨਿਕ ਰਸੀਅਨ ਹਥਿਆਰਾਂ (ਏ.ਐਨ.94) ਨਾਲ ਕੀਤਾ ਗਿਆ ਹੈ,ਉਹ ਅਧੁਨਿਕ ਹਥਿਆਰ ਰੂਸ ਦੀਆਂ ਸੁਰੱਖਿਆ ਫੋਰਸਾਂ ਕੋਲ  ਹਨ, ਜਦੋਕਿ ਭਾਰਤੀ ਫੋਰਸਾਂ ਕੋਲ ਵੀ ਉਹ ਹਥਿਆਰ ਅਜੇ ਨਹੀ ਹਨ, ਫਿਰ ਕਾਤਲਾਂ ਨੂੰ ਉਹ ਖਤਰਨਾਕ ਅਤੇ ਅਤਿ ਅਧੁਨਿਕ ਹਥਿਆਰ  ਕੀਹਨੇ ਮੁਹੱਈਆ ਕਰਵਾਏ ਸਨ,  ਇਹ ਸ਼ੱਕ ਦੀ ਸੂਈ ਵੀ  ਭਾਰਤ ਦੀਆਂ ਏਜੰਸੀਆਂ ਵੱਲ ਜਾਂਦੀ ਹੈ। ਸੁਭਦੀਪ ਸਿੰਘ ਸਿੱਧੂ ਮੂਸੇ ਵਾਲੇ ਦੇ ਕਤਲ ਨੂੰ ਭਾਂਵੇਂ ਭਾਰਤੀ ਸਟੇਟ ਗੈਂਗਵਾਰ ਨਾਲ ਜੋੜ ਕੇ ਸਿੱਖ ਜੁਆਨੀ ਦੀ ਬਾਗੀ ਸੋਚ ਨੂੰ ਖਤਮ ਕਰਨ ਦੇ ਨਾਲ ਨਾਲ ਮਿੱਟੀ ਘੱਟੇ ਰੋਲਣ ਲਈ ਵੀ ਪੂਰੀ ਤਿਆਰੀ ਨਾਲ ਯਤਨਸੀਲ ਹੈ,ਜਿਸ ਵਿੱਚ ਉਹ ਹਰ ਵਾਰ ਕਾਮਯਾਬ ਵੀ ਹੁੰਦੀ ਆ ਰਹੀ ਹੈ,ਪਰ ਇਸ ਦੇ ਬਾਵਜੂਦ ਵੀ ਪੰਜਾਬ ਦੀ ਜੁਆਨੀ ਦੇ ਲਾਲ ਖੂੰਨ ਨੂੰ ਪੂਰੀ ਤਰਾਂ ਬਦਰੰਗ ਕਰਨ ਤੋ ਅਸਮਰੱਥ ਹੈ।ਇਹਦੇ ਵਿੱਚ ਕੋਈ ਅਤਿਕਥਨੀ ਨਹੀ ਕਿ ਭਗਵੰਤ ਮਾਨ ਖੁਦ ਸਾਫ ਸੁਥਰੇ ਅਕਸ ਦਾ ਵਿਅਕਤੀ ਹੈ,ਪਰ ਉਹਨਾਂ ਦੇ ਦਿੱਲੀ ਵਾਲੇ ਬੌਸ ਬਾਰੇ ਕਾਫੀ ਸਾਰੀਆਂ ਸੰਕਾਵਾਂ ਲੋਕ ਮਨਾਂ ਚ ਉੱਠਣੀਆਂ ਸੁਰੂ ਹੋ ਗਈਆਂ ਹਨ।ਭਗਵੰਤ ਮਾਨ ਦੀ ਕਮਜੋਰੀ ਇਹ ਹੈ ਕਿ ਉਹਨਾਂ ਨੇ ਪਾਰਟੀ ਖੜੀ ਕਰਨ ਦੇ ਬਾਵਜੂਦ ਵੀ ਦਿੱਲੀ ਵਾਲਿਆਂ ਅੱਗੇ ਬਗੈਰ ਮਤਲਬ ਤੋ ਗੋਡੇ ਟੇਕੇ ਹੋਏ ਹਨ,ਜਿਸ ਦਾ ਨਤੀਜਾ ਇਹ ਹੈ ਕਿ ਪੰਜਾਬ ਸਰਕਾਰ ਦਾ ਹਰ ਫੈਸਲਾ ਦਿੱਲੀ ਤੋ ਹੋ ਕੇ ਆਉਂਦਾ ਹੈ,ਜਿਸ ਨੇ ਭਗਵੰਤ ਮਾਨ ਦੀ ਹਰਮਨ ਪਿਆਰਤਾ ਨੂੰ ਬਹੁਤ ਥੋੜੇ ਸਮੇ ਚ ਲੋਕ ਨਫਰਤ ਵਿੱਚ ਬਦਲ ਦਿੱਤਾ। ਪੰਜਾਬ ਦੀ ਵੀ ਆਈ ਪੀ ਸ੍ਰੇਣੀ ਦੀ ਸੁਰੱਖਿਆ ਚ ਕਟੌਤੀ ਕਰਨ ਦੇ ਨਾਮ ਹੇਠ ਆਪਣੇ ਵਿਰੋਧੀਆਂ ਨੂੰ ਨਿਸਾਨਾ ਬਨਾਉਣਾ ਅਤੇ ਫਿਰ ਉਸ ਫੈਸਲੇ ਨੂੰ ਨਸਰ ਕਰਕੇ ਲੋਕਾਂ ਦੀ ਵਾਹਵਾ ਖੱਟਣ ਦਾ ਗੁਸਤਾਖੀ ਵਾਲਾ ਫੈਸਲਾ ਹੀ ਭਗਵੰਤ ਮਾਨ ਦੀ ਸਰਕਾਰ ਲਈ ਗਲੇ ਦੀ ਹੱਡੀ ਬਣ ਗਿਆ ਹੈ। ਆਪਣੀ ਗਾਇਕੀ ਰਾਹੀ ਕਰੋੜਾਂ ਲੋਕਾਂ ਦੇ ਦਿਲਾਂ ਤੇ ਰਾਜ ਕਰਨ ਵਾਲੇ ਉੱਭਰਦੇ ਸਿਤਾਰੇ ਸਿੱਧੂ ਮੂਸੇ ਵਾਲੇ ਦਾ ਕਤਲ ਕੋਈ ਆਮ ਕਤਲ ਨਹੀ ਹੈ,ਇਸ ਕਤਲ ਨੂੰ ਮਹਿਜ ਗੈਂਗਵਾਰ ਜਾਂ ਗੈਂਗਸਟਰਾਂ ਦੀਆਂ ਫਿਰੌਤੀਆਂ ਨਾਲ ਜੋੜ ਕੇ ਦੇਖਣ ਦਾ ਸਿਰਜਿਆ ਜਾ ਰਿਹਾ ਵਿਰਤਾਂਤ ਪੰਜਾਬ ਦੀ ਜੁਆਨੀ ਦੇ ਕੌਂਮੀ ਜਜਬੇ ਨੂੰ ਗਲਤ ਪਾਸੇ ਵੱਲ ਮੋੜ ਕੇ ਦਿਸਾ ਹੀਣ ਕਰਨ ਦੀ ਗਹਿਰੀ ਸਾਜਿਸ ਹੈ,ਜਿਸ ਨੂੰ ਸਮਝਣ ਦੀ ਲੋੜ ਹੈ।ਇਹ ਵੀ ਸਮਝਣਾ ਪਵੇਗਾ ਕਿ ਇੱਕ ਵਾਰ ਫਿਰ ਗੈਂਗਵਾਰ ਦੇ ਨਾਮ ਤੇ ਪੰਜਾਬ ਦੀ ਜੁਆਨੀ ਦਾ ਸ਼ਿਕਾਰ ਖੇਡਿਆ ਜਾਣ ਵਾਲਾ ਹੈ,ਇਹ ਸ਼ਿਕਾਰ ਵੀ ਉਹਨਾਂ ਨੌਜਵਾਨਾਂ ਦਾ ਖੇਡਿਆ ਜਾਵੇਗਾ,ਜਿੰਨਾਂ ਦੇ ਅੰਦਰ ਕੌਂਮੀ ਜਜਬੇ ਦੀ ਕੋਈ ਚਿਣਗ ਬਲ਼ਦੀ ਦਿਖਾਈ ਦਿੰਦੀ ਹੈ,ਜਿੰਨਾਂ ਦੇ ਅੰਦਰ ਰੁੜ੍ਹ ਚੱਲੇ ਪੰਜਾਬ ਦੇ ਦਰਦ ਹੈ। ਨਸ਼ਿਆਂ ਦੇ ਸਮਗਲਰਾਂ,ਸੜਕੀ ਦੁਰਘਟਨਾ ਕਹਿ ਕੇ ਪੰਜਾਬ ਦੇ ਪੁੱਤਾਂ ਨੂੰ ਚੁਣ ਚੁਣ ਕੇ ਖਤਮ ਕਰਨ ਵਾਲਿਆਂ ਅਤੇ ਸਿੱਧੂ ਮੂਸੇ ਵਾਲੇ ਵਰਗੇ ਨੌਜਵਾਨਾਂ ਦੇ ਸਟੇਟ ਪੱਖੀ ਕਾਤਲਾਂ ਨੂੰ ਕੋਈ ਖਤਰਾ ਨਹੀ ਹੋਣ ਵਾਲਾ। ਸੁਭਦੀਪ ਸਿੰਘ ਸਿੱਧੂ (ਮੂਸੇ ਵਾਲਾ) ਵਰਗੇ ਬਾਗੀ ਪਰਵਿਰਤੀ ਵਾਲੇ ਅਜਾਦੀ ਪਸੰਦ ਨੌਜਵਾਨਾਂ ਦੇ ਹੋ ਰਹੇ ਕਤਲ ਬੇਹੱਦ ਚਿੰਤਾਜਨਕ ਹਨ ਅਤੇ ਇਹ ਵਰਤਾਰਾ ਸਿੱਖ ਕੌਂਮ ਲਈ ਸਵੈ ਚਿੰਤਨ ਦਾ ਗੰਭੀਰ ਵਿਸਾ ਵੀ ਹੈ। ਪੰਜਾਬ ਨੂੰ ਨਸ਼ਿਆਂ ਦੀ ਭੈੜੀ ਮਾਰ ਨਾਲ ਸਾਹ-ਸਤਹੀਣ ਕਰਨ  ਦੀਆਂ ਨਾਕਾਮ ਕੋਸ਼ਿਸਾਂ ਤੋ ਬਾਅਦ ਹੁਣ ਗੈਂਗਵਾਰ ਦੇ ਸਿਰਜੇ ਜਾ ਰਹੇ ਅਤਿ ਘਾਤਕ ਵਿਰਤਾਂਤ ਨੂੰ ਠੱਲ ਪਾਉਣ ਲਈ ਸ੍ਰੀ ਅਕਾਲ ਤਖਤ ਸਾਹਿਬ ਦੀ  ਅਗਵਾਈ ਹੇਠ ਕੌਂਮੀ ਲਾਮਬੰਦੀ ਦੀ ਜਰੂਰਤ ਹੈ,ਤਾਂ ਕਿ ਗਲਤ ਪਾਸੇ ਨੂੰ ਮੋੜਾ ਦੇ ਕੇ ਖਾਨਾਜੰਗੀ ਦੇ ਰਾਹ ਪਾਈ ਜਾ ਰਹੀ ਪੰਜਾਬ ਦੀ ਜੁਆਨੀ ਨੂੰ ਸਹੀ ਦਿਸਾ ਵੱਲ ਤੋਰਿਆ ਜਾ ਸਕੇ। ਸੋ ਪੰਜਾਬ ਦੀ ਅਣਖ, ਗੈਰਤ,ਹੋਂਦ ਅਤੇ ਹੱਕਾਂ,ਹਿਤਾਂ ਦੀ ਲੜਾਈ ਨੂੰ ਅੱਗੇ ਵਧਾਉਣਾ ਹੀ ਮਾਲਵੇ ਦੇ ਟਿੱਬਿਆਂ ਦੀ ਸੁੱਚੀ ਮਿੱਟੀ ਦੇ ਸਪੱਸ਼ਟ ਸੋਚ ਵਾਲੇ ਨਿੱਡਰ ਪੁੱਤਾਂ ਨੂੰ ਸੱਚੀ ਸਰਧਾਂਜਲੀ ਹੋਵੇਗੀ।

 ਬਘੇਲ ਸਿੰਘ ਧਾਲੀਵਾਲ
99142-58142

ਇੱਕ ਪੱਤਰ ਮੁੱਖ ਮੰਤਰੀ ਭਗਵੰਤ ਸਿੰਘ ਦੇ ਨਾਮ  - ਬਘੇਲ ਸਿੰਘ ਧਾਲੀਵਾਲ

 ਭਗਵੰਤ ਸਿਆਂ ਜਿਹੜਾ ਰਾਹ ਤੂੰ ਚੁਣਿਆ,ਉਹ ਕੰਡਿਆਂ ਦੀ ਸੇਜ ਹੈ

ਸੰਭਲਕੇ ਭਰਾਵਾ ! ਰਾਜ-ਸੱਤਾ ਕੰਡਿਆਂ ਦੀ ਸੇਜ ਹੈ। ਖਾਸ ਕਰਕੇ ਪੰਜਾਬ ਦੀ ਸੱਤਾ ਕਦੇ ਵੀ ਪੰਜਾਬ ਪੱਖੀ ਜਾਂ ਲੋਕਪੱਖੀ  ਨਹੀ ਰਹੀ।ਇੱਥੇ ਰਾਜ ਕਰਨ ਵਾਲੇ ਲੋਕ ਭਵਨਾਵਾਂ ਦੇ ਕਾਤਲ ਹੀ ਸਿੱਧ ਹੁੰਦੇ ਰਹੇ ਨੇ। ਪੰਜਾਬ ਦੇ ਲੋਕਾਂ ਤੋ ਤਾਕਤ ਲੈ ਕੇ ਭੁਗਤਦੇ ਦਿੱਲੀ ਦੇ ਪੱਖ ਚ ਰਹੇ ਹਨ। ਲੋਕਾਂ ਨੇ ਇਸ ਵਾਰ ਬੜੀ ਸ਼ਿੱਦਤ ਨਾਲ ਤੁਹਾਡੀ ਪਾਰਟੀ ਨੂੰ ਇਸ ਕਰਕੇ ਚੁਣਿਆ,ਕਿਉਂਕਿ ਹੁਣ ਤੱਕ ਰਾਜ ਕਰਦੀਆਂ ਧਿਰਾਂ ਲੋਕਾਂ ਨਾਲ ਧੋਖਾ ਕਰਦੀਆਂ ਰਹੀਆਂ ਹਨ।ਉਹਨਾਂ ਦੀ ਕਹਿਣੀ ਤੇ ਕਰਨੀ ਚ ਜਮੀਨ ਅਸਮਾਂਨ ਜਿੰਨਾਂ ਅੰਤਰ ਰਿਹਾ ਹੈ। ਪੰਥ ਦੇ ਨਾਮ ਤੇ ਸਾਰੀ ਉਮਰ ਸਿਆਸਤ ਕਰਨ ਵਾਲੇ ਅਤੇ ਰਾਜ ਭਾਗ ਮਾਨਣ ਵਾਲੇ ਹੀ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਘੋਰ ਬੇਅਦਬੀਆਂ ਦੇ ਦੋਸ਼ੀ ਅਤੇ ਸਿੱਖ ਨੌਜਵਾਨ ਦੇ ਕਾਤਲ ਬਣ ਗਏ।ਪੰਜਾਬ ਦੇ ਲੋਕਾਂ ਨਾਲ ਇਸ ਤੋ ਵੱਡਾ ਧੋਖਾ ਹੋਰ ਕਿਹੜਾ ਹੋ ਸਕਦਾ ਹੈ ਕਿ ਗੁਟਕਾ ਸਾਹਿਬ ਦੀ ਕਸਮ ਖਾਣ ਵਾਲੇ ਦਿੱਲੀ ਨਾਲ ਜਾ ਰਲੇ।ਪੰਜਾਬ ਦੀ ਜੁਆਨੀ ਕਿਸੇ ਗਹਿਰੀ ਸਾਜਿਸ਼ ਤਹਿਤ ਨਸ਼ਿਆਂ ਵੱਲ ਧੱਕ ਦਿੱਤੀ ਗਈ।ਪੰਜਾਬ ਚ ਬਲ਼ਦੇ ਸਿਵਿਆਂ ਦੀ ਅੱਗ ਨੇ ਲੋਕਾਂ ਚ ਅਜਿਹਾ ਸਹਿਮ ਪੈਦਾ ਕਰ ਦਿੱਤਾ ਕਿ ਡਰੇ ਹੋਏ ਮਾਪਿਆਂ ਨੇ ਅਪਣੀ ਔਲਾਦ ਨੂੰ ਬਾਹਰਲੇ ਮੁਲਕਾਂ ਚ ਭੇਜਣ ਲਈ ਜਮੀਨਾਂ ਜਾਇਦਾਦਾਂ ਵੇਚਣੀਆਂ ਸ਼ੁਰੂ ਕਰ ਦਿੱਤੀਆਂ।ਲਿਹਾਜ਼ਾ ਬੁੱਢੇ ਮਾਪੇ ਬੱਚਿਆਂ ਦੇ ਬਿਹਤਰ ਭਵਿੱਖ ਲਈ ਇਕਲਾਪਾ ਕੱਟਣ ਵਿੱਚ ਖੁਸ਼ੀ ਅਨੁਭਵ ਕਰਨ ਦੇ ਆਦੀ ਬਣ ਗਏ।ਪੰਜਾਬ ਸੁੰਨ ਮ ਸੁੰਨਾ ਹੁੰਦਾ ਜਾ ਰਿਹਾ ਹੈ। ਲਗਾਤਾਰ 15 ਸਾਲਾਂ ਦੀ ਲੁੱਟ,ਕੁੱਟ ਅਤੇ ਧੋਖੇਵਾਜੀਆਂ ਦੇ ਸਤਾਏ ਪੰਜਾਬੀਆਂ ਨੇ ਆਖਿਰ ਤੁਹਾਡਾ ਝਾੜੂ ਫੜ ਲਿਆ ਅਤੇ ਬਾਕੀ ਰਵਾਇਤੀ ਪਾਰਟੀਆਂ ਹੱਥ ਮਲਦੀਆਂ ਰਹਿ ਗਈਆਂ। ਕਿਹਾ ਤਾਂ ਇਹ ਵੀ ਜਾ ਰਿਹਾ ਹੈ ਕਿ ਇਹ ਸਭ ਈ ਵੀ ਐਮ ਦੀ ਮਿਹਰਬਾਨੀ ਹੈ,ਪਰ ਇਸ ਦੇ ਬਾਵਜੂਦ ਵੀ ਆਂਪਾ ਤੁਹਾਨੂੰ ਮਿਲੇ ਅਣ ਕਿਆਸੇ ਬਹੁਮਤ ਦਾ ਮੁੱਖ ਕਾਰਨ ਲੋਕਾਂ ਚ ਚਿਰੋਕਣੀ ਨਿਰਾਸਤਾ ਅਤੇ ਤੇਰੀ ਹਰਮਨ ਪਿਆਰਤਾ ਹੀ ਸਮਝਦੇ ਹਾਂ। ਆਂਮ ਆਦਮੀ ਪਾਰਟੀ ਕਿਉਂਕਿ ਤੇਰੀ ਹਰਮਨ ਪਿਆਰਤਾ ਕਾਰਨ ਐਨੀ ਵੱਡੀ ਜਿੱਤ ਦੀ ਦਾਅਵੇਦਾਰ ਬਣੀ ਹੈ,ਇਸ ਲਈ ਦਿੱਲ਼ੀ ਵਾਲਿਆਂ ਨੇ ਨਾ ਚਾਹੁੰਦਿਆਂ ਵੀ ਤੁਹਾਨੂੰ ਮੁੱਖ ਮੰਤਰੀ ਬਣਾ ਦਿੱਤਾ, ਪੰਜਾਬ ਦੀ ਇਹ ਤਰਾਸਦੀ ਹੈ ਕਿ ਦਿੱਲੀ ਨੇ ਪੰਜਾਬ ਨੂੰ ਆਪਣਾ ਕਦੇ ਵੀ ਨਹੀ ਸਮਝਿਆ।ਪਰ ਤੁਹਾਨੂੰ ਪੰਜਾਬ ਦੀ ਸੱਤਾ ਸੌਂਪਣ ਸਮੇ ਇੰਜ ਜਾਪਦਾ ਹੈ,ਜਿਵੇਂ ਤੁਹਾਡੇ ਕੋਲੋਂ ਪੰਜਾਬੀ ਕਹਾਬਤ ਮੁਤਾਬਿਕ ਪਹਿਲਾਂ ਆਨੋ ਆਨਾ ਮਨਾ ਕੇ ਹੀ ਸੱਤਾ ਦੀ ਵਾਂਗਡੋਰ ਸੌਂਪੀ ਹੋਵੇ। ਕਿਉਂਕਿ ਸੱਤਾ ਸੰਭਾਲਦਿਆਂ ਹੀ ਜਿਸਤਰਾਂ ਰਾਜ ਸਭਾ ਦੇ ਮੈਬਰਾਂ ਦੀ ਨਾਮਜਦਗੀ ਸਮੇ ਦਿੱਲੀ ਵਾਲਿਆਂ ਨੇ ਮਨ ਮਰਜੀ ਕੀਤੀ ਹੈ,ਉਹਦੇ ਤੋ ਅਜਿਹੇ ਕਿਆਫੇ ਲਾਏ ਜਾਣੇ ਸੁਭਾਵਿਕ ਹਨ। ਦੇਸ਼ ਦੇ ਗ੍ਰਿਹ ਮੰਤਰੀ ਅਮਿਤ ਸ਼ਾਹ ਵੱਲੋਂ ਆਪਣੇ ਚੰਡੀਗੜ ਦੌਰੇ ਸਮੇ ਜੋ ਚੰਡੀਗੜ ਤੋ ਵੀ ਪੰਜਾਬ ਦੇ ਹੱਕ ਖਤਮ ਕਰਨ ਵਾਲਾੳ ਕਾਰਨਾਮਾ ਕੀਤਾ ਹੈ,ਉਹਦੇ ਵਿੱਚ ਵੀ ਤੁਹਾਡੇ ਦਿੱਲੀ ਵਾਲੇ ਆਕਾ ਦੀ ਕੇਂਦਰ ਵਾਲੇ ਪਾਸੇ ਹੀ ਖੜਨ ਦੀ ਸੰਭਾਵਨਾ ਹੈ,ਅਜਿਹੇ ਵਿੱਚ ਵੀ ਪੰਜਾਬ ਦੇ ਲੋਕ ਤੁਹਾਡੇ ਵੱਲੋਂ ਕਿਸੇ ਵੱਡੇ ਫੈਸਲੇ ਦੀ ਆਸ ਲਾਈ ਬੈਠੇ ਹਨ।ਪੰਜਾਬੀ ਚਾਹੁੰਦੇ ਹਨ ਕਿ ਤੁਹਾਡੀ 92 ਵਿਧਾਇਕਾਂ ਵਾਲੀ ਸੱਤਾਧਾਰੀ ਪਾਰਟੀ ਕੇਂਦਰ ਸਰਕਾਰ ਦੇ ਫੈਸਲੇ ਖਿਲਾਫ ਮਤਾ ਪਾਸ ਕਰੇ।ਲੋਕ ਇਹ ਵੀ ਚਾਹੁੰਦੇ ਹਨ ਕਿ ਤੁਹਾਨੂੰ ਇਸ ਮਾਮਲੇ ਵਿੱਚ ਦਿੱਲੀ ਦੇ ਮੂੰਹ ਵੱਲ ਦੇਖਣਾ ਨਹੀ ਚਾਹੀਂਦਾ,ਬਲਕਿ ਪੰਜਾਬ ਪੱਖੀ ਫੈਸਲਾ ਲੈਂਦੇ ਹੋਏ ਮਤਾ ਪਾਸ ਕਰ ਦੇਣਾ ਚਾਹੀਦਾ ਹੈ,ਪਰ ਸਾਇਦ ਤੁਸੀ ਅਜਿਹਾ ਨਹੀ ਕਰ ਸਕੋਗੇ,ਕਿਉਂਕਿ ਜਿਸਤਰਾਂ ਦਾ ਤੁਹਾਡਾ ਪਾਰਟੀ ਪ੍ਰਧਾਨ ਦੇ ਗਲਤ ਫੈਸਲਿਆਂ  ਪ੍ਰਤੀ ਪਹਿਲਾਂ ਖਾਸਾ ਰਿਹਾ ਹੈ,ਉਹਦੇ ਮੁਤਾਬਿਕ ਤਾਂ ਤੁਹਾਡੇ ਤੋ ਅਜਿਹੀ ਕੋਈ ਉਮੀਦ ਦਿਖਾਈ ਨਹੀ ਦਿੰਦੀ,ਪਰ ਜੇਕਰ ਤੁਹਾਨੂੰ ਇਕ ਗੈਰਤਮੰਦ ਪੰਜਾਬੀ ਵਜੋਂ ਦੇਖਿਆ ਜਾਵੇ,ਅਤੇ ਤੁਹਾਡੇ ਕਰਕੇ ਮਿਲੇ ਤੁਹਾਡੀ ਪਾਰਟੀ ਨੂੰ ਲੋਕ ਫਤਬੇ ਦੇ ਸੰਦਰਭ ਚ ਦੇਖਿਆ ਜਾਵੇ,ਤਾਂ ਕਈ ਵਾਰ ਅਜਿਹਾ ਵੀ ਜਾਪਦਾ ਹੈ ਕਿ ਲੋਕ ਸੇਵਾ ਲਈ ਸਫਲ ਕਮੇਡੀਅਨ ਤੋ ਸਿਆਸਤ ਵਿੱਚ ਆਏ ਭਗਵੰਤ ਮਾਨ ਕੋਈ ਵੱਡਾ ਲੋਕ ਪੱਖੀ ਫੈਸਲਾ ਵੀ ਲੈ ਸਕਦੇ ਹਨ।ਜਦੋ ਇਹ ਕੰਡਿਆਂ ਦੀ ਸੇਜ ਤੇ ਬੈਠਣ ਦਾ ਰਾਸਤਾ ਚੁਣ ਹੀ ਲਿਆ ਹੈ,ਫਿਰ ਹਿੰਮਤ ਵੀ ਦਿਖਾਉਣੀ ਪਵੇਗੀ।ਸਿਆਣਿਆਂ ਦੀ ਕਹਾਬਤ ਹੈ ਕਿ ਚੰਗੇ ਗੁਣ ਤੋ ਦੁਸ਼ਮਣ ਤੋ ਵੀ ਲੈ ਲੈਣੇ ਚਾਹੀਦੇ ਹਨ,ਇਸ ਲਈ ਆਪਣੇ ਲੋਕਾਂ ਨਾਲ ਖੜ੍ਹਨ ਦਾ ਗੁਣ ਤੇਲੰਗਾਨਾ ਦੇ ਮੁੱਖ ਮੰਤਰੀ ਕੇ.ਚੰਦਰਸੇਖਰ ਰਾਓ ਤੋ ਸਿੱਖਣਾ ਚਾਹੀਦਾ ਹੈ,ਜਿਸ ਨੇ ਕੇਂਦਰ ਵੱਲੋਂ ਤੇਲੰਗਾਨਾ ਦੇ ਕਿਸਾਨਾਂ ਦਾ ਝੋਨਾ ਖਰੀਦਣ ਤੋ ਕੀਤੇ ਇਨਕਾਰ ਤੋ ਬਾਅਦ ਕਿਸਾਨਾਂ ਨੂੰ ਅੰਦੋਲਨ ਕਰਨ ਅਤੇ ਅੰਦੋਲਨ ਵਿੱਚ ਆਪਣੀ ਪਾਰਟੀ ਤੇਲੰਗਾਨਾ ਰਾਸ਼ਟਰੀ ਸੰਮਤੀ ਨੂੰ ਸ਼ਾਮਲ ਕਰਨਾ ਅਤੇ ਟੀ ਆਰ ਐਸ ਸਰਕਾਰ ਤੱਕ ਸਾਮਲ ਹੋਣ ਦਾ ਫੈਸਲ ਕੇ ਸੀ ਆਰ ਨੂੰ ਲੋਕ ਨਾਇਕ ਬਣਾਉੰਦਾ ਹੈ। ਏਥੇ ਹੀ ਬੱਸ ਨਹੀ ਕੇ ਸੀ ਆਰ (ਕੇ ਚੰਦਰਸੇਖਰ ਰਾਓ) ਨੇ ਗਰਾਮ ਪੰਚਾਇਤਾਂ,ਜਿਲ੍ਹਾ ਪ੍ਰੀਸ਼ਦਾਂ ਅਤੇ ਨਗਰ ਕੌਸਲਾਂ ਨੂੰ ਕੇਂਦਰ ਦੀ ਧੱਕੇਸ਼ਾਹੀ ਦੇ ਖਿਲਾਫ ਮਤੇ ਪਾਉਣ ਦੀ ਅਪੀਲ ਵੀ ਕੀਤੀ ਹੈ, ਅਜਿਹੀ ਭਾਵਨਾ ਤੇਰੇ ਵਿੱਚ ਵੀ ਹੋਣੀ ਚਾਹੀਦੀ ਹੈ। ਤੁਸੀਂ ਭਾਂਵੇਂ ਇਹ ਕੌੜਾ ਸੱਚ ਮੰਨੌ ਭਾਂਵੇਂ ਨਾ ਮੰਨੋ,ਪਰ ਇਹ ਸਚਾਈ ਹੈ ਕਿ ਪੰਜਾਬ ਦੇ ਲੋਕ ਇਹ ਭਲੀ-ਭਾਂਤ ਜਾਣਦੇ ਹਨ ਕਿ ਦਿਲੀ ਵਾਲੇ ਮਾਲਕਾਂ ਨੇ ਤੁਹਾਡਾ ਮੰਤਰੀ ਮੰਡਲ ਬੇਹੱਦ ਕਮਜੋਰ ਬਣਾਇਆ ਹੈ ਅਤੇ ਤੁਹਾਨੂੰ ਮੋਹਰਾ ਬਣਾ ਕੇ ਅੱਗੇ ਲਾਇਆ ਗਿਆ ਹੈ,ਜਦੋਕਿ ਪੰਜਾਬ ਸਰਕਾਰ ਦੇ ਤਾਂਗੇ ਵਾਲੇ ਘੋੜੇ ਨੂੰ ਹੱਕਣ ਅਤੇ ਕਾਬੂ ਚ ਰੱਖਣ ਲਈ ਲਗਾਮ ਅਤੇ ਚਾਬਕ ਤਾਂ ਦਿੱਲੀ ਵਾਲੇ ਰਾਘਵ ਚੱਢੇ ਹੋਰਾਂ ਦੇ ਹੱਥ ਫੜਾਈ ਹੋਈ ਹੈ,ਇਸ ਲਈ ਚਣੌਤੀਆਂ ਬੇਸੁਮਾਰ ਹਨ। ਚੰਡੀਗੜ੍ਹ ਅਤੇ ਭਾਖੜਾ ਡੈਮ ਤੋਂ ਪੰਜਾਬ ਦੀ ਦਾਅਵੇਦਾਰੀ ਖਤਮ ਕਰਨੀ,ਹਿਮਾਚਲ ਵੱਲੋਂ ਰਾਇਪੇਰੀਅਨ ਕਾਨੂੰਨ ਦੀ ਪ੍ਰਵਾਹ ਕੀਤੇ ਬਿਨਾਂ ਪੰਜਾਬ ਤੋਂ ਪਾਣੀ ਦਾ ਮੁੱਲ ਮੰਗਣਾ, ਐਸ ਵਾਈ ਐਲ ਦੇ ਮੁੱਦੇ ਤੇ ਖੱਟਰ ਦਾ ਬਿਆਨ,ਹਿਮਾਚਲੀ ਅਤੇ ਗੁੱਜਰਾਂ ਦੀ ਸ਼ਰੇਆਮ ਗੁੰਡਾਗਰਦੀ,ਰਾਜ ਸਭਾ ਚ ਪੰਜਾਬ-ਪੱਖੀ ਮੈਂਬਰ ਭੇਜਣ ਦੀ ਬਜਾਏ ਕੇਂਦਰ ਅਤੇ ਕਾਰਪੋਰੇਟ ਘਰਾਣਿਆਂ ਨੂੰ ਭੇਜਣਾ,ਇਸ ਤੋ ਇਲਾਵਾ ਸਿੱਖਾਂ ਖਿਲਾਫ ਸਿਰਜੇ ਜਾ ਰਹੇ ਵਿਰਤਾਂਤ ਸਮੇਤ ਸਾਰੇ ਹੀ ਬੇਹੱਦ ਜਰੂਰੀ ਤੇ ਫੌਰੀ ਧਿਆਨ ਮੰਗਦੇ ਮੁੱਦਿਆਂ ਤੇ ਤੁਹਾਡੀ ਧਾਰੀ ਚੁੱਪ ਪੰਜਾਬੀ ਗੈਰਤ ਤੇ ਸਵਾਲੀਆ ਚਿੰਨ ਹੈ ਭਗਵੰਤ ਸਿੰਆਂ ! ਉਪਰੋਕਤ ਤੋ ਇਲਾਵਾ ਵੀ ਬਹੁਤ ਸਾਰੇ ਮੁੱਦੇ ਹਨ,ਜਿੰਨਾਂ ਦੀ ਬਜਾਹ ਕਰਕੇ ਅਕਾਲੀਆਂ ਅਤੇ ਕਾਂਗਰਸੀਆਂ ਦਾ ਪੰਜਾਬ ਚੋ ਸਿਆਸੀ ਪਤਨ ਹੋਇਆ ਹੈ,ਉਹ ਹਨ,ਸਾਹਿਬ ਸ੍ਰੀ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਦੋਸ਼ੀਆ ਨੂੰ ਸਜ਼ਾ ਨਾ ਮਿਲਣੀ,ਗੋਲੀਆਂ ਚਲਾਉਣ ਵਾਲੇ ਪੁਲਿਸ ਅਫਸਰਾਂ ਤੇ ਬਣਦੀ ਕਾਰਵਾਈ ਨਾ ਹੋਣਾ,ਪੰਜਾਬ ਚ ਗੈਰ ਪੰਜਾਬੀਆਂ ਨੂੰ ਵਸਾਇਆ ਜਾਣਾ,ਬੇਅਦਬੀ ਕਰਨ ਵਾਲਿਆਂ ਦੇ ਹੌਸਲੇ ਇਸ ਕਦਰ ਵਧ ਜਾਣੇ ਕਿ ਉਹ ਸੱਚਖੰਡ ਸ੍ਰੀ ਦਰਬਾਰ ਸਾਹਿਬ ਤੱਕ ਪਹੁੰਚ ਜਾਣ,ਸੋ ਕੱਲੀ ਜਿੰਦ ਤੇ ਮੁਲਾਹਜੇਦਾਰ ਵਾਹਲੇ ਨੇ ਜੇਕਰ ਦਿੱਲੀ ਦਾ ਮਾਣ ਰੱਖਣ ਦੀ ਸੋਚੇਂਗਾ ਤਾਂ ਪੰਜਾਬ ਚੋ ਗਿਆ ਜੇ ਪੰਜਾਬ ਨਾਲ ਖੜੇਂਗਾ ਤਾਂ ਦਿੱਲੀ ਨੂੰ ਮਨਜੂਰ ਨਹੀ ਹੋਣਾ,ਪਰ ਇਹ ਹੁਣ ਤੇਰੇ ਤੇ ਨਿਰਭਰ ਹੈ ਕਿ ਤੂੰ ਮਾਂ ਦੇ ਦੁੱਧ ਦੀ ਲਾਜ ਰੱਖਣੀ ਹੈ,ਜਾਂ ਕਲੰਕ ਖੱਟਣਾ ਹੈ।ਮਜੀਠਾ ਲਾਗੇ ਪਿੰਡ ਅਨਾਇਤਪੁਰੇ ਦੇ ਹਾਲਾਤ ਪੰਜਾਬ ਦੀ ਸਾਂਤ ਫਿਜ਼ਾ ਚ ਜਹਿਰ ਘੋਲਣ ਦੇ ਸਪੱਸਟ ਸੰਕੇਤ ਨੇ,ਇਹਨਾਂ ਗੁੱਜਰਾਂ ਨੂੰ ਸ੍ਰ ਬਾਦਲ ਨੇ ਇੱਕ ਸਾਜਿਸ਼ੀ ਸਮਝੌਤੇ ਤਹਿਤ ਇਜਹਾਰ ਆਲਮ ਰਾਹੀ ਪੰਜਾਬ ਚ ਵਸਾਇਆ ਸੀ,ਤਾਂ ਕਿ ਨਿਰਧਾਰਤ ਸਮੇ ਮੁਸਲਮਾਨਾਂ ਅਤੇ ਸਿੱਖਾਂ ਚ ਖੂਨ ਖਰਾਬਾ ਕਰਵਾ ਕੇ 1947 ਨੂੰ ਮੁੜ ਦੁਹਰਾਇਆ ਜਾ ਸਕੇ,ਕਿਉਂਕਿ ਸਿੱਖਾਂ ਅਤੇ ਮੁਸਲਮਾਨਾਂ ਚ ਕਰਵਾਏ ਦੰਗੇ ਕੇਂਦਰੀ ਹਿੰਦੂ ਏਜੰਡੇ ਦੇ ਫਿੱਟ ਬੈਠਦੇ ਹਨ।ਪੰਜਾਬ ਵਿਰੋਧੀ ਤਾਕਤਾਂ ਤੈਨੂੰ ਬੇਅੰਤ ਜਾਂ ਬਾਦਲ ਬਨਾਉਣ ਦੀ ਤਾਕ ਚ ਨੇ,ਇਹ ਹੁਣ ਤੂੰ ਦੇਖਣੈ ਕਿ ਲੋਕਾਂ  ਨਾਲ ਖੜ੍ਹਨਾ ਹੈ ਜਾਂ ਦਿੱਲੀ ਨਾਲ, ਪਰ ਇਹ ਯਾਦ ਰੱਖੀਂ ਕਿ ਦਿੱਲੀ ਕਦੇ ਪੰਜਾਬ ਦੀ ਸਕੀ ਨਹੀ ਹੋਈ,ਇਸ ਲਈ ਜਿਗਰਾ ਰੱਖੀਂ ਲੋਕਾਂ ਦੀਆਂ ਆਸਾਂ ਤੇ ਖਰਾ ਉਤਰਨ ਦਾ। ਇਹ ਵੀ ਚੇਤਿਆਂ ਚ ਵਸਾ ਕੇ ਰੱਖੀਂ ਭਰਾਵਾ,ਜੇਕਰ ਪੰਜਾਬ ਦੇ ਖਿਲਾਫ਼ ਭੁਗਤਿਆ ਤੈਨੂੰ ਤਰੀਖ ਨੇ ਮੁਆਫ਼ ਨਹੀ ਕਰਨਾ ਮਿੱਤਰਾ ! ਰਾਜ-ਸੱਤਾ ਦੀ ਕੰਡਿਆਲੀ ਸੇਜ ਨੂੰ ਮਖਮਲੀ ਬਨਾਉਣਾ ਹੁਣ ਤੇਰੀ ਲਿਆਕਤ ਅਤੇ ਸੂਝ ਬੂਝ ‘ਤੇ ਨਿਰਭਰ ਕਰੇਗਾ। ਵਾਹਿਗੁਰੂ ਕਿਰਪਾ ਕਰੇ ਭਗਵੰਤ ਸਿੰਆਂ ਤੂੰ ਪੰਜਾਬ ਦੇ ਹੱਕਾਂ ਦੀ ਲੜਾਈ ਚ ਜੇਤੂ ਹੋ ਕੇ ਨਿਕਲੇਂ,ਪੰਜਾਬ ਦੇ ਲੋਕਾਂ ਨੂੰ ਤੇਰੇ ਤੇ ਵੀ ਅਤੇ ਆਪਣੇ ਫੈਸਲੇ ਤੇ ਵੀ ਮਾਣ ਮਹਿਸੂਸ ਹੋਵੇ,ਮੇਰੇ ਸਮੇਤ ਹੋਰ ਬਹੁਤ ਸਾਰੇ ਪੰਜਾਬ ਦਰਦੀਆਂ ਵੱਲੋਂ ਪਰਗਟ ਕੀਤੇ ਜਾ ਰਹੇ ਤਮਾਮ ਖਦਸ਼ੇ ਝੂਠੇ ਸਾਬਤ ਹੋਣ,ਇਹ ਮੈ ਸੱਚੇ ਮਨ ਨਾਲ ਕਾਮਨਾ ਕਰਦਾ ਹਾਂ ਭਗਵੰਤ ਸਿੰਆਂ!
 ਬਘੇਲ ਸਿੰਘ ਧਾਲੀਵਾਲ
 99142-58142

ਉਹ ਮੌਤਾਂ ਦੇ ਮੁਆਵਜੇ ਦੀ ਖੈਰਾਤ ਵੀ ਪਾਉਂਦੇ ਰਹਿਣਗੇ….. - ਬਘੇਲ ਸਿੰਘ ਧਾਲੀਵਾਲ

ਉੱਤਰ ਪ੍ਰਦੇਸ਼ ਦੇ ਲਖੀਮਪੁਰ ਖੀਰੀ ਚ ਸੂਬੇ ਦੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਦੇ ਉੱਪ ਮੁੱਖ ਮੰਤਰੀ ਕੇਸਵ ਪ੍ਰਸ਼ਾਦ ਮੌਰੀਆ ਅਤੇ ਕੇਂਦਰੀ ਗ੍ਰਿਹ ਰਾਜ ਮੰਤਰੀ ਅਜੈ ਮਿਸ਼ਰਾ ਦੇ ਦੌਰੇ ਦੌਰਾਨ ਕਿਸਾਨਾਂ ਵੱਲੋਂ ਕੀਤੇ ਵਿਰੋਧ ਪ੍ਰਦਰਸ਼ਣ ਤੋ ਗੁੱਸੇ ਵਿੱਚ ਆਏ ਕੇਂਦਰੀ ਰਾਜ ਮੰਤਰੀ ਦੇ ਪੁੱਤਰ ਅਸ਼ੀਸ਼ ਮਿਸ਼ਰਾ ਵੱਲੋਂ ਵਿਖਾਵਾਕਾਰੀ ਕਿਸਾਨਾਂ ਤੇ ਗੱਡੀ ਚੜਾ ਕੇ ਛੇ ਕਿਸਾਨਾਂ ਨੂੰ ਮਾਰ ਦੇਣ ਅਤੇ ਅੱਠ ਦਸ ਦੇ ਕਰੀਬ ਕਿਸਾਨਾਂ ਨੂੰ ਗੰਭੀਰ ਰੂਪ ਵਿੱਚ ਜਖਮੀ ਕਰਨ ਦੀਆਂ ਦਿਲ ਦਹਿਲਾਅ ਦੇਣ ਵਾਲੀਆਂ ਖਬਰਾਂ ਸਾਹਮਣੇ ਆਈਆਂ ਹਨ। ਸ਼ਰੇਆਮ ਗੁੰਡਾਗਰਦੀ ਦੀਆਂ ਜਨਤਕ ਹੋਈਆਂ ਵੀਡੀਓ ਨੇ ਦੇਸ਼ ਦੇ ਬੱਚੇ ਬੱਚੇ ਦਾ ਦਿਲ ਦਹਿਲਾਅ ਦਿੱਤਾ ਅਤੇ ਪੂਰੀ ਦੁਨੀਆਂ ਦਾ ਧਿਆਨ ਇਸ ਦਰਦਨਾਕ ਘਟਨਾ ਨੇ ਖਿੱਚਿਆ ਹੈ।ਇਸ ਸਰਕਾਰੀ ਸਰਪ੍ਰਸਤੀ ਪਰਾਪਤ ਦਹਿਸਤਗਰਦੀ ਨੇ ਹਰ ਸੂਝਵਾਨ ਨੂੰ ਇਹ ਸੋਚਣ ਲਈ ਮਜਬੂਰ ਕਰ ਦਿੱਤਾ ਹੈ ਕਿ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਕਦੇ ਵੀ ਲੋਕ ਹਿਤੂ ਨਹੀ ਹੋ ਸਕਦੀ। ਕਿਸਾਨੀ ਅੰਦੋਲਨ ਦੇ ਚੱਲਦਿਆਂ ਜਿਸਤਰਾਂ ਦਾ ਰਵੱਈਆ ਭਾਜਪਾ ਸਰਕਾਰ ਵਾਲੇ ਸੂਬਿਆਂ ਦਾ ਸਾਹਮਣੇ ਆਇਆ ਹੈ,ਉਹ ਕਦੇ ਵੀ ਲੋਕ ਰਾਜ ਦਾ ਨਮੂਨਾ ਪੇਸ ਨਹੀ ਕਰਦਾ,ਬਲਕਿ ਤਾਨਾਸ਼ਾਹੀ ਦੇ ਵਿਰਾਟ ਰੂਪ ਨੂੰ ਉੱਘੜਵੇਂ ਢੰਗ ਨਾਲ ਰੂਪਮਾਨ ਕਰਦਾ ਹੈ। ਬਿਨਾ ਸ਼ੱਕ ਕਿਸਾਨੀ ਅੰਦੋਲਨ ਹੁਣ ਪੰਜਾਬ ਜਾਂ ਪੰਜਾਬੀ ਕਿਸਾਨਾਂ ਦਾ ਨਹੀ ਰਿਹਾ,ਇਹ ਪੂਰੇ ਮੁਲਕ ਦੇ ਕਿਸਾਨਾਂ ,ਮਜਦੂਰਾਂ ਸਮੇਤ ਹਰ ਉਸ ਵਰਗ ਦਾ ਅੰਦੋਲਨ ਬਣ ਗਿਆ ਹੈ,ਜੋ ਖੁੱਲੀ ਅੱਖ ਅਤੇ ਜਾਗਦੇ ਦਿਮਾਗ ਨਾਲ ਭਾਰਤੀ ਹਕੂਮਤ ਦੀਆਂ ਫਿਰਕਾਪ੍ਰਸਤ ਅਤੇ ਸਰਮਾਏਦਾਰ ਪੱਖੀ ਨੀਤੀਆਂ ਨੂੰ ਲਾਗੂ ਹੁੰਦੇ ਦੇਖ ਅਤੇ ਸਮਝ ਰਿਹਾ ਹੈ।ਇਹ ਉਹਨਾਂ ਲੋਕਾਂ ਦਾ ਵੀ ਅੰਦੋਲਨ ਬਣ ਗਿਆ ਹੈ,ਜਿਹੜੇ ਕਿਸੇ ਵੀ ਕੀਮਤ ਤੇ ਦੇਸ਼ ਨੂੰ ਫਿਰਕੂ ਨਫ਼ਰਤ ਦੀ ਅੱਗ ਵਿੱਚ ਸੜਦਾ ਦੇਖਣ ਦੇ ਮੁਦਈ ਨਹੀ ਹਨ।ਇਹ ਵੀ ਸਚ ਹੈ ਕਿ ਭਾਵੇਂ ਅੰਦੋਲਨ ਦੇਸ਼ ਭਰ ਦੇ ਲੋਕਾਂ ਦਾ ਅੰਦੋਲਨ ਬਣ ਗਿਆ ਹੈ,ਪਰ ਇਸ ਦੇ ਬਾਵਜੂਦ ਅੰਦੋਲਨ ਚ ਸਿੱਖ ਕਿਸਾਨੀ ਦੀ ਸਰਗਰਮ ਭੂਮਿਕਾ ਹਮੇਸਾਂ ਹੀ ਅਸਰ-ਅੰਦਾਜ਼ ਰਹੀ ਹੈ,ਜਿਹੜੀ ਕੇਂਦਰੀ ਤਾਕਤਾਂ ਨੂੰ ਕਦੇ ਵੀ ਪਸੰਦ ਨਹੀ ਰਹੀ ਅਤੇ ਨਾ ਹੀ ਹੁਣ ਪਸੰਦ ਹੈ।ਪੰਜਾਬ,ਹਰਿਆਣਾ,ਉੱਤਰ ਪ੍ਰਦੇਸ਼ ਅਤੇ ਰਾਜਸਥਾਨ ਅੰਦਰ ਅੰਦੋਲਨ ਦੀ ਹਰ ਸਰਗਰਮੀ ਚ ਸਿੱਖ ਕਿਸਾਨੀ ਮੋਹਰੀ ਅਤੇ ਭਾਰੂ ਰਹੀ ਹੈ,ਇਹੋ ਕਾਰਨ ਹੈ ਕਿ ਜਾਲਮ ਤਾਕਤਾਂ ਦਾ ਨਿਸਾਨਾ ਵੀ ਹਮੇਸਾ ਸਿੱਖ ਕਿਸਾਨ ਬਣਦੇ ਰਹੇ। 26  ਜਨਵਰੀ ਦੀ ਘਟਨਾ ਵਿੱਚ ਪੁਲਿਸ ਦੀ ਕਰੋਪੀ ਦਾ ਸਿਕਾਰ ਹੋਕੇ ਕਿਸਾਨੀ ਅੰਦੋਲਨ ਦੇ ਸਭ ਤੋ ਪਹਿਲੇ ਸ਼ਹੀਦ ਹੋਣ ਦਾ ਮਾਣ ਪਰਾਪਤ ਕਰਨ ਵਾਲੇ,ਪੰਥਕ ਸਖਸ਼ੀਅਤ ਅਤੇ ਸਿੱਖ ਵਿਦਵਾਨ ਬਾਬਾ ਹਰਦੀਪ ਸਿੰਘ ਡਿਬਡਿਬਾ ਦੇ ਪੋਤਰੇ ਕਾਕਾ ਨਵਰੀਤ ਸਿੰਘ ਤੋ ਲੈ ਕੇ ਬੀਤੇ ਦਿਨ ਉੱਤਰ ਪ੍ਰਦੇਸ਼ ਦੇ ਲਖੀਮਪੁਰ ਦੀ ਘਟਨਾ ਚ ਸ਼ਹੀਦ ਹੋਣ ਵਾਲੇ ਛੇ ਕਿਸਾਨਾਂ ਤੱਕ ਅਤੇ ਅੰਦੋਲਨ ਦੌਰਾਨ ਹੋਈਆਂ ਸੱਤ ਸੌ ਦੇ ਕਰੀਬ ਕਿਸਾਨੀ ਮੌਤਾਂ ਦੀ ਗਿਣਤੀ ਵਿੱਚ ਵੀ ਜਿਆਦਾ ਮੌਤਾਂ ਪੰਜਾਬ ਦੇ ਹਿੱਸੇ ਆਈਆਂ ਹਨ,ਜਿਸਨੂੰ ਸਮਝਣ ਦੀ ਲੋੜ ਹੈ।ਇਸ ਦਾ ਮਤਲਬ ਇਹ ਨਹੀ ਕਿ ਇਹ ਮੌਤਾਂ ਨੂੰ ਕਿਸੇ ਧਰਮ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ,ਬਲਕਿ ਇਹਦਾ ਮਤਲਬ ਇਹ ਹੋਣਾ ਚਾਹੀਦਾ ਹੈ ਕਿ ਇਹਨਾਂ ਵੱਡੀ ਗਿਣਤੀ ਸਿੱਖ ਕਿਸਾਨਾਂ ਦੀਆਂ ਕੁਰਬਾਨੀਆਂ ਹੋਣ ਦਾ ਮਤਲਬ ਕੀ ਹੈ ? ਕਿਉਂ ਹਰ ਪਾਸੇ ਸਿੱਖ ਨੂੰ ਹੀ ਨਿਸ਼ਾਨਾ ਬਣਾਇਆ ਜਾ ਰਿਹਾ ਹੈ?ਇਹ ਵੀ ਕੌੜਾ ਸੱਚ ਹੈ ਕਿ ਕਿਸਾਨੀ ਅੰਦੋਲਨ ਦੀ ਲੀਡਰਸ਼ਿੱਪ ਖੱਬੇ ਪੱਖੀ ਸੋਚ ਦੇ ਗਹਿਰੇ ਪ੍ਰਭਾਵ ਅਧੀਨ ਹੋਣ ਕਰਕੇ ਸਿੱਖ ਕੌਂਮ ਦੀ ਭੂਮਿਕਾ ਨੂੰ ਹਮੇਸਾ ਨਜਰ ਅੰਦਾਜ਼ ਕਰਦੀ ਆਈ ਹੈ,ਬਲਕਿ ਸਿੱਖ ਪੁਰਖਿਆਂ ਤੋ ਪਰੇਰਨਾ ਲੈ ਕੇ ਦਿੱਲੀ ਦੀ ਹਿੱਕ ਤੇ ਝੰਡੇ ਗੱਡਣ ਵਾਲੀ ਪੰਜਾਬ ਦੀ ਜਵਾਨੀ ਨੂੰ ਅੰਦੋਲਨ ਤੋ ਹੀ ਦੂਰ ਕਰ ਦਿੱਤਾ। ਜੇਕਰ ਕਿਸਾਨੀ ਅੰਦੋਲਨ ਨੇ ਐਨੀਆਂ ਮੌਤਾਂ ਅਤੇ ਦਰਦਨਾਕ ਸ਼ਹਾਦਤਾਂ ਤੋ ਬਾਅਦ ਮਿਰਤਕਾਂ ਅਤੇ ਜਖਮੀਆਂ ਦੇ ਪਰਿਵਾਰਾਂ ਨੂੰ ਮੁਆਵਜਾ ਦਿਵਾਏ ਜਾਣ ਨੂੰ ਵੀ ਪਰਾਪਤੀਆਂ ਦੀ ਲਿਸਟ ਵਿੱਚ ਸ਼ਾਮਲ ਕੀਤਾ ਹੋਇਆ ਹੈ,ਤਾਂ ਸਮਝਣਾ ਚਾਹੀਦਾ ਹੈ,ਕਿ ਇਹ ਅੰਦੋਲਨ ਦੀ ਅਗਵਾਈ ਕਰਨ ਵਾਲੇ ਆਗੂ, ਦੇਸ਼ ਦੇ ਲੱਖਾਂ ਦੀ ਗਿਣਤੀ ਵਿੱਚ ਅੰਦੋਲਨ ਨਾਲ ਦਿਲੀ ਭਾਵਨਾਵਾਂ ਨਾਲ ਜੁੜੇ ਕਿਸਾਨਾਂ ਮਜਦੂਰਾਂ ਦੀਆਂ ਭਾਵਨਾਵਾਂ ਨਾਲ ਵਿਸਾਹ-ਘਾਤ ਕਰ ਰਹੇ ਹਨ। ਇਹ ਪਰਾਪਤੀਆਂ ਦੀ ਲਿਸਟ ਵਿੱਚ ਸ਼ਾਮਲ ਨਹੀ ਹੋਣਾ ਚਾਹੀਦਾ ਕਿ ਕਿਸਾਨੀ ਅੰਦੋਲਨ ਚ ਮਰਨ ਵਾਲੇ ਹਰ ਕਿਸਾਨ,ਮਜਦੂਰ ਦੇ ਪਰਿਵਾਰ ਨੂੰ ਸਰਕਾਰ ਤੋ ਮੁਆਵਜੇ ਦੇ ਚੈਕ ਲੈ ਕੇ ਦਿੱਤੇ ਜਾ ਰਹੇ ਹਨ। ਜੇਕਰ ਅੰਦੋਲਨ ਦੀ ਪਰਾਪਤੀ ਦੀ ਗੱਲ ਕੀਤੀ ਜਾਵੇ,ਤਾਂ ਸਭ ਤੋ ਵੱਡੀ ਅਤੇ ਇੱਕੋ ਇੱਕ ਪਰਾਪਤੀ ਇਹ ਹੀ ਸਮਝੀ ਜਾ ਸਕਦੀ ਹੈ, ਕਿ ਇਸ ਅੰਦੋਲਨ ਨੇ ਪੂਰੇ ਦੇਸ਼ ਦੇ ਕਿਸਾਨਾਂ ਮਜਦੂਰਾਂ ਨੂੰ ਜਾਗਰੂਕ ਕਰਕੇ ਸਾਂਝੇ ਘੋਲ ਚ ਸ਼ਾਮਲ ਕਰ ਲਿਆ ਹੈ।ਇਹੋ ਕਾਰਨ ਹੈ ਕਿ ਉੱਤਰ ਪ੍ਰਦੇਸ਼ ਦੇ ਲਖੀਮਪੁਰ ਦੀ ਘਟਨਾ ਦਾ ਪ੍ਰਤੀਕਰਮ ਦੇਸ਼  ਦੇ ਵੱਖ ਵੱਖ ਸੂਬਿਆਂ ਚ ਦੇਖਿਆ ਜਾ ਰਿਹਾ ਹੈ। ਅੰਦੋਲਨ ਦੀਆਂ ਹੱਕੀ ਮੰਗਾਂ ਪ੍ਰਤੀ ਸਰਕਾਰ ਦੇ ਅੜੀਅਲ ਰਵੱਈਏ ਪਿੱਛੇ,ਜਿੱਥੇ ਅੰਡਾਨੀ ਅੰਬਾਨੀਆਂ ਦਾ ਸਰਕਾਰ ਤੇ ਗਲਬਾ ਹੋਣਾ ਸਮਝਿਆ ਜਾ ਰਿਹਾ,ਓਥੇ ਰਵਾਇਤੀ ਕਿਸਾਨੀ ਲੀਡਰਸ਼ਿੱਪ ਨੂੰ ਵੀ ਕਸੂਰਵਾਰ ਮੰਨਿਆ ਜਾ ਰਿਹਾ ਹੈ।ਕਿਸਾਨੀ ਅੰਦੋਲਨ ਦੇ ਲਟਕਣ ਦਾ ਮੁੱਖ ਕਾਰਨ ਸੱਚਮੁੱਚ ਇਹ ਹੈ ਕਿ ਕਿਸਾਨੀ ਲੀਡਰਸ਼ਿੱਪ ਦੇਸ਼ ਦੀ ਸਿਆਸੀ ਜਮਾਤ ਤੋ ਹਟਵੀਂ ਨਹੀ ਹੈ,ਬਲਕਿ ਬਿਲਕੁਲ ਉਸੇਤਰਾਂ ਦੀ ਨੀਤੀ ਨਾਲ ਹੀ ਅੱਗੇ ਵਧਦੀ ਆ ਰਹੀ ਹੈ,ਜਿਸ ਕਰਕੇ ਹੁਣ ਤਕ ਕਿਸਾਨ ਜਥੇਬੰਦੀਆਂ ਦੀ ਸਾਂਝ ਅਪਣੇ ਲੋਕਾਂ ਨਾਲੋਂ ਵੱਧ,ਸਿਆਸੀ ਜਮਾਤਾਂ ਨਾਲ ਜਿਆਦਾ ਰਹੀ ਹੈ।ਕਿਸਾਨ ਯੂਨੀਆਨ ਦੇ ਪ੍ਰਧਾਨ ਭਪਿੰਦਰ ਸਿੰਘ,ਅਜਮੇਰ ਸਿੰਘ ਲੱਖੋਵਾਲ ਅਤੇ ਦਿੱਲੀ ਕਿਸਾਨੀ ਅੰਦੋਲਨ ਦੇ ਮੌਜੂਦਾ ਵੱਡੇ ਆਗੂ ਬਲਵੀਰ ਸਿੰਘ ਰਾਜੇਵਾਲ ਸਮੇਤ ਬਹੁਤ ਸਾਰੇ ਆਗੂ ਹਨ,ਜਿੰਨਾਂ ਤੇ ਜਥੇਬੰਦੀਆਂ ਦੀ ਤਾਕਤ ਦੀ ਆੜ ਚ ਨਿੱਜੀ ਲਾਭ ਲੈਣ ਦੇ ਦੋਸ ਜਨਤਕ ਹੁੰਦੇ ਰਹੇ ਹਨ।ਕਿਸਾਨੀ  ਅੰਦੋਲਨ ਚ ਲੱਖਾਂ ਦੇ ਇਕੱਠ ਹੋਣ ਅਤੇ ਕਿਸਾਨਾਂ ਦਾ ਕਿਸੇ ਵੀ ਤਰਾਂ ਦੀਆਂ ਕੁਰਬਾਨੀਆਂ ਤੋ ਪਿੱਛੇ ਨਾ ਰਹਿਣ ਦੇ ਬਾਵਜੂਦ ਵੀ ਨਾਕਾਮਯਾਬੀ ਦਾ ਕਾਰਨ ਇਹ ਹੈ ਕਿ ਜਿਸਤਰਾਂ ਵੱਖ ਵੱਖ ਸਿਆਸੀ ਪਾਰਟੀਆਂ ਦੇ ਵਰਕਰ ਤਾਂ ਭੋਲ਼ੇ ਭਾਅ ਚ ਅਪਣੀ ਪਾਰਟੀ ਲਈ ਹਰ ਕੁਰਬਾਨੀ ਕਰਨ ਨੂੰ,ਤਿਆਰ ਹੋ ਜਾਂਦੇ ਹਨ,ਪਰ ਆਗੂ ਸਿਆਸੀ ਲਾਹਾ ਲੈਣ ਤੱਕ ਸੀਮਤ ਹੁੰਦੇ ਹਨ,ਠੀਕ ਇਸਤਰਾਂ ਦਾ ਹਾਲ ਹੀ ਕਿਸਾਨੀ ਅੰਦੋਲਨ ਦਾ ਵੀ ਹੈ, ਜਿੱਥੇ ਲੱਖਾਂ ਕਿਸਾਨਾਂ ਦੀਆਂ ਭਾਵਨਾਵਾਂ ਜੁੜੀਆਂ ਹੋਈਆਂ ਹਨ,ਤੇ ਉਹ ਹਰ ਕੁਰਬਾਨੀ ਦੇਣ ਲਈ ਹਿੱਕਾਂ ਡਾਹ ਦਿੰਦੇ ਹਨ, ਪਰ ਆਗੂਆਂ ਦਾ ਪੈਂਤੜਾ ਸਿਆਸੀ ਹੈ,ਜਿਸ ਕਰਕੇ ਕੁਰਬਾਨੀਆਂ ਦਾ ਮੁੱਲ ਵੀ ਉਹ ਅਪਣੇ ਹਿਸਾਬ ਨਾਲ ਹੀ ਅੰਕਦੇ ਹਨ।ਉਦਾਹਰਣ ਦੇ ਤੌਰ ਤੇ ਜਿਸਤਰਾਂ ਉੱਤਰ ਪ੍ਰਦੇਸ਼ ਚ ਸ਼ਹੀਦ ਅਤੇ ਜਖਮੀ ਹੋਏ ਕਿਸਾਨਾਂ ਤੋ ਬਾਅਦ ਦਿੱਲੀ ਵੱਲ ਵਧਣ ਦੀ ਬਜਾਏ ਸੰਯੁਕਤ ਕਿਸਾਨ ਮੋਰਚੇ ਵੱਲੋਂ ਅਪਣੇ ਅਪਣੇ ਸੂਬਿਆਂ ਦੇ ਡੀ ਸੀ ਨੂੰ ਮੰਗ ਪੱਤਰ ਦੇਣ ਦਾ ਜੋ ਸੱਦਾ ਦਿੱਤਾ ਸੀ,ਬਹੁ ਗਿਣਤੀ ਵਿੱਚ ਬੁੱਧੀਜੀਵੀ ਅਤੇ ਸੂਝਵਾਂਨ ਲੋਕ ਮੋਰਚੇ ਦੇ ਇਸ ਸੱਦੇ ਨੂੰ ਤਰਕਹੀਣ ਤੇ ਕੇਂਦਰ ਸਰਕਾਰ ਦੀ ਘੁਰਕੀ ਤੋ ਡਰ ਕੇ ਦਿੱਤਾ ਗਿਆ ਫੈਸਲਾ ਸਮਝ ਰਹੇ ਹਨ।ਇਹ ਵਾਜਬ ਵੀ ਹੈ ਕਿ ਦੋਸ਼ੀ ਕੇਂਦਰ ਸਰਕਾਰ ਅਤੇ ਉਹਨਾਂ ਦੇ ਮੰਤਰੀ ਹਨ,ਫਿਰ ਪੰਜਾਬ ਦੇ ਡੀ ਸੀ ਇਹਨਾਂ ਮੰਗ ਪੱਤਰਾਂ ਨੂੰ ਰੱਦੀ ਦੀ ਟੋਕਰੀ ਚ ਸੁੱਟਣ ਤੋ ਸਿਵਾਏ ਹੋਰ ਕੁੱਝ ਵੀ ਨਹੀ ਕਰ ਸਕਦੇ। ਹਰ  ਕੋਈ ਕਸ਼ਮੀਰ ਚ ਤੈਨਾਤ ਡਿਪਟੀ ਕਮਿਸ਼ਨਰ ਕੰਨਨ ਗੋਪੀ ਨਾਥਨ ( ਭਾਰਤੀ ਸਿਵਲ ਸੇਵਾ ਦੇ ਕੇਰਲ ਕੇਡਰ 2012 ਬੈਚ ਦੇ ਅਧਿਕਾਰੀ,ਜਿਸ ਨੇ ਅਪਣੇ ਅਧਿਕਾਰਾਂ ਦੀ ਵਰਤੋ ਨਾ ਕਰ ਸਕਣ ਕਰਕੇ ਅਤੇ ਜੰਮੂ ਕਸ਼ਮੀਰ ਦੇ ਲੋਕਾਂ ਦੇ ਮੁਢਲੇ ਅਧਿਕਾਰ ਖੋਹੇ ਜਾਣ ਦੇ ਰੋਸ ਵਜੋ ਅਪਣੇ ਉੱਚ ਆਹੁਦੇ ਤੋ ਅਸਤੀਫਾ ਦੇ ਦਿੱਤਾ ਸੀ)  ਨਹੀ ਬਣ ਸਕਦਾ। ਭਾਜਪਾ ਦੀ ਕੇਂਦਰੀ ਹਾਈਕਮਾਂਡ ਇਹ ਚੰਗੀ ਤਰਾਂ ਸਮਝਦੀ ਹੈ ਕਿ ਕਿਸਾਨਾਂ ਦੇ ਆਗੂ ਕੋਈ ਵੀ ਅਜਿਹਾ ਕਦਮ ਨਹੀ ਚੁੱਕ ਸਕਦੇ,ਜਿਸ ਨਾਲ ਕੇਂਦਰ ਲਈ ਮੁਸ਼ਕਲਾਂ ਪੈਦਾ ਹੁੰਦੀਆਂ ਹੋਣ,ਉਹ ਸਮਝ ਚੁੱਕੀ ਹੈ ਕਿ ਕਿਸਾਨ ਟਕਰਾਓ ਦੇ ਰਾਹ ਨਹੀ ਪੈਣਗੇ,ਇਸ ਲਈ ਹੀ ਉਹਨਾਂ ਨੇ ਕਿਸਾਨਾਂ ਤੇ ਹਮਲੇ ਕਰਨੇ ਅਰੰਭ ਕਰ ਦਿੱਤੇ ਹਨ,ਤਾਂ ਕਿ ਅੰਦੋਲਨ ਚ ਸ਼ਾਮਲ ਕਿਸਾਨਾਂ, ਮਜਦੂਰਾਂ ਚ ਮੌਤ ਦੀ ਦਹਿਸਤ ਪੈਦਾ ਕਰਕੇ ਉਹਨਾਂ ਨੂੰ ਅੰਦੋਲਨ ਤੋ ਦੂਰ ਕੀਤਾ ਜਾ ਸਕੇ।ਇਸ ਦੌਰਾਨ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦੀ ਇੱਕ ਵੀਡੀਓ ਵੀ  ਜਨਤਕ ਹੋ ਰਹੀ ਹੈ,ਜਿਸ ਵਿੱਚ ਉਹ ਭਾਜਪਾ ਦੇ ਕਾਰਕੁਨਾਂ ਨੂੰ ਕਿਸਾਨਾਂ ਤੇ ਹਮਲੇ ਕਰਨ ਲਈ ਸਿੱਧੇ ਤੌਰ ਤੇ ਉਕਸਾ ਰਹੇ ਹਨ।ਉਹ ਇੱਥੋਂ ਤੱਕ ਕਹਿ ਰਹੇ ਹਨ ਕਿ ਕੋਈ ਬਾਤ ਨਹੀ ਅਗਰ ਆਪ ਚਾਰ ਛੇ ਮਹੀਨੇ ਅੰਦਰ ਵੀ ਲਾ ਕੇ ਆਓਗੇ ਤਾਂ ਵੱਡੇ ਲੀਡਰ ਬਣ ਜਾਓਗੇ।ਸੋ ਭਾਜਪਾ ਦਾ ਇਸਤਰਾਂ ਦਾ ਹੌਸਲਾ ਸਪੱਸਟ ਕਰਦਾ ਹੈ ਕਿ ਉਹ ਕਿਸਾਨਾਂ ਦੀਆਂ ਮੰਗਾਂ ਮੰਨਣ ਨਾਲੋ ਉਹਨਾਂ ਨੂੰ ਸਬਕ ਸਿਖਾਉਣ ਦਾ ਮਨ ਜਿਆਦਾ ਬਣਾਈ ਬੈਠੇ ਹਨ,ਜਿਸ ਲਈ ਉਹ ਪਾਰਟੀ ਦੇ ਦੰਗਾਕਾਰੀਆਂ ਨੂੰ ਉਤਸਾਹਿਤ ਕਰ ਰਹੇ ਹਨ,ਤਾਂ ਕਿ ਪਹਿਲਾਂ ਅਪਣੇ ਕਾਰਕੁਨਾਂ ਤੋਂ ਹਮਲੇ ਕਰਵਾ ਕੇ,ਬਾਅਦ ਵਿੱਚ ਬਹਾਨਾ ਲੈ ਕੇ ਸਰਕਾਰੀ ਡੰਡਾਤੰਤਰ ਅਤੇ ਗੋਲੀਤੰਤਰ ਨਾਲ ਅੰਦੋਲਨ ਨੂੰ ਕੁਚਲਿਆ ਜਾ ਸਕੇ।ਭਾਂਵੇਂ ਇਸ ਦੇ ਜਵਾਬ ਵਿਛ ਹਰਿਆਣੇ ਦੇ ਕਿਸਾਨ ਆਗੂ ਗੁਰਨਾਮ ਸਿੰਘ ਚੰਡੂਨੀ ਨੇ ਵੀ ਮੁੱਖ ਮੰਤਰੀ ਖੱਟਰ ਨੂੰ ਕਰਾਰਾ ਜਵਾਬ ਦਿੱਤਾ ਹੈ,ਪਰ ਹੈਰਾਨੀ ਇਸ ਗੱਲ ਤੋ ਹੁੰਦੀ ਹੈ ਕਿ ਵੱਡੇ ਕਿਸਾਨ ਨੇਤਾ ਬਲਵੀਰ ਸਿੰਘ ਰਾਜੇਵਾਲ ਨੇ ਸੁਪਰੀਮ ਕੋਰਟ ਦੀ ਟਿੱਪਣੀ ਤੇ ਜਰੂਰ ਕਰੜੀ ਟਿੱਪਣੀ ਕੀਤੀ ਹੈ,ਜੋ ਸੰਯੁਕਤ ਕਿਸਾਨ ਮੋਰਚੇ ਦੇ ਸੀਨੀਅਰ ਨੇਤਾ ਹੋਣ ਦੇ ਨਾਤੇ ਉਹਨਾਂ ਨੂੰ ਕਰਨੀ ਵੀ ਬਣਦੀ ਸੀ,ਪਰ ਮਨੋਹਰ ਲਾਲ ਖੱਟਰ ਵਾਲੀ ਵੀਡੀਓ ਤੇ ਉਹਨਾਂ ਵੱਲੋਂ ਕੁੱਝ ਵੀ ਨਾ ਕਹਿਣਾ ਉਹਨਾਂ ਨੂੰ ਬਹੁਤ ਸਾਰੇ ਸਵਾਲਾਂ ਦੇ ਘੇਰੇ ਚ ਲੈ ਆਉਂਦਾ ਹੈ।ਸੋ ਸਰਕਾਰ ਵੱਲੋਂ ਤਿਆਰ ਕੀਤੇ ਜਾ ਰਹੇ ਅਜਿਹੇ ਮਹੌਲ ਦੇ ਮੱਦੇਨਜਰ ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਨੂੰ ਆਪਣਾ ਮਾਸ ਬਚਾਊ ਨੀਤੀ ਦਾ ਤਿਆਗ ਕਰਕੇ ਅਪਣੇ ਅੰਦਰ ਕੁਰਬਾਨੀ ਦੀ ਭਾਵਨਾ ਪੈਦਾ ਕਰਨੀ ਪਵੇਗੀ,ਤਾਂ ਹੀ ਆਮ ਕਿਸਾਨਾਂ ਦੀਆਂ ਜਾਨਾਂ ਨੂੰ ਅਜਾਈਂ ਜਾਣ ਤੋ ਬਚਾਇਆ ਜਾ ਸਕੇਗਾ,ਨਹੀ ਤਾਂ ਉਹ ਦਿਨ ਦੂਰ ਨਹੀ,ਜਦੋ ਭਾਜਪਾ ਦਾ ਕਰੂਰ ਵਰਤਾਰਾ ਸੰਯੁਕਤ ਕਿਸਾਨ ਮੋਰਚੇ ਦੇ ਸਾਂਤਮਈ ਸਲੋਗਨ ਦਾ ਫਾਇਦਾ ਉਠਾ ਕੇ ਅੰਦੋਲਨਕਾਰੀ ਕਿਸਾਨਾਂ ਤੇ ਜਾਨਲੇਵਾ ਹਮਲੇ ਕਰੇਗਾ,ਅਤੇ ਕਿਸਾਨ ਨੇਤਾ ਲਖੀਮਪੁਰ ਦੀਆਂ ਸ਼ਹਾਦਤਾਂ ਵਾਂਗ ਕਿਸਾਨਾਂ ਦੀਆਂ ਮੌਤਾਂ ਦੇ ਮੁਆਵਜੇ ਲੈਣ ਲਈ ਝੋਲੀਆਂ ਅੱਡਦੇ ਰਹਿ ਜਾਣਗੇ,ਉੱਧਰ ਜਾਲਮ ਹਾਕਮ ਕਿਸਾਨਾਂ ਨੂੰ ਮੌਤਾਂ ਦੇ ਮੁਆਵਜੇ ਦੀ ਖੈਰਾਤ ਵੀ ਪਾਉਂਦੇ ਰਹਿਣਗੇ,ਪਰ ਜੁਲਮੀ ਵਰਤਾਰਾ ਵੀ ਹਸਰ ਤੱਕ ਬੰਦ ਨਹੀ ਹੋਵੇਗਾ।ਇਸ ਲਈ ਚੰਗਾ ਹੋਵੇਗਾ ਜੇ ਹੁਣੇ ਤੋ ਹੀ ਭਾਜਪਾ ਦੀਆਂ ਸਾਜਿਸ਼ਾਂ ਨੂੰ ਠੱਲ੍ਹ ਪਾਉਣ ਲਈ ਕਰੜੇ ਫੈਸਲੇ ਲਏ ਜਾਣ ਅਤੇ ਇਹਨਾਂ ਮਾਰੂ ਮਨਸੂਬਿਆਂ ਦੇ ਖਿਲਾਫ ਇਕ ਮੱਤ ਹੋ ਕੇ ਅੰਦੋਲਨ ਨੂੰ ਨਵੀ ਰੂਪ ਰੇਖਾ ਦਿੱਤੀ ਜਾਵੇ।

ਬਘੇਲ ਸਿੰਘ ਧਾਲੀਵਾਲ
99142-58142