Bagel Singh Dhaliwal

ਕੌਮੀ ਦਰਦ ਚੋਂ ਸਾਢੇ ਪੰਜ ਸੌ ਸਾਲਾ ਸਮਾਗਮਾਂ ਦੀ ਸੁਰੂਆਤ - ਬਘੇਲ ਸਿੰਘ ਧਾਲੀਵਾਲ

ਬਰਗਾੜੀ ਮੋਰਚਾ ਬਨਾਮ ਸਰੋਮਣੀ ਕਮੇਟੀ ਅਤੇ ਸਰਕਾਰੀ ਸਮਾਗਮ

ਯੁੱਗਪੁਰਸ਼ ਸਾਹਿਬ ਸ੍ਰੀ ਗੁਰੂ ਨਾਨਕ ਸਾਹਿਬ ਜੀ ਦਾ 549 ਵਾਂ ਜਨਮ ਦਿਹਾੜਾ ਆਪਣੇ ਆਪ ਵਿੱਚ ਬਹੁਤ ਮਹੱਤਵਪੂਰਨ ਹੈ,ਕਿਉਕਿ ਜਿੱਥੇ ਇਸ ਦਿਹਾੜੇ ਤੋ ਸਿੱਖ ਕੌਂਮ 550 ਸਾਲਾ ਸਮਾਗਮਾਂ ਦੀ ਸੁਰੂਆਤ ਕਰਨ ਜਾ ਰਹੀ ਹੈ,ਓਥੇ ਇਹਨਾਂ ਸਮਾਗਮਾਂ ਨੂੰ ਮਨਾਉਣ ਲਈ ਤਿੰਨ ਧਿਰਾਂ ਆਪਣੇ ਆਪਣੇ ਢੰਗ ਨਾਲ ਅਤੇ ਆਪਣੀ ਆਪਣੀ ਨੀਤੀ ਅਨੁਸਾਰ ਮਨਾਉਣ ਲਈ ਯਤਨਸ਼ੀਲ ਹੋਈਆਂ ਹਨ। ਪਹਿਲੀ ਧਿਰ ਹੈ ਸਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ,ਜਿਸ ਦੀ ਮੂਲ ਰੂਪ ਵਿੱਚ ਗੁਰਦੁਆਰਾ ਪਰਬੰਧ ਨੂੰ ਸੁਚਾਰੂ ਢੰਗ ਨਾਲ ਚਲਾਉਣ ਦੀ ਜੁੰਮੇਵਾਰੀ ਹੈ ਅਤੇ ਨਾਲ ਹੀ ਉਹਨਾਂ ਨੇ ਸਿੱਖ ਇਤਿਹਾਸ ਨੂੰ ਸਾਂਭਣ,ਜਿਉਂਦਾ ਰੱਖਣ ਲਈ ਸ਼ਾਨਾਂਮੱਤੇ ਇਤਿਹਾਸਿਕ ਦਿਹਾੜੇ ਮਨਾਉਣ ਲਈ ਵੀ ਸੁਹਿਰਦਤਾ,ਗੰਭੀਰਤਾ ਅਤੇ ਇਮਾਨਦਾਰੀ ਨਾਲ ਕੰਮ ਕਰਨਾ ਹੁੰਦਾ ਹੈ,ਪਰ ਇੱਥੇ ਇਹ ਬਹੁਤ ਅਫਸੋਸ ਨਾਲ ਲਿਖਣਾ ਪੈਂਦਾ ਹੈ ਕਿ ਸਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿੱਥੇ ਗੁਰਦੁਆਰਾ ਪ੍ਰਬੰਧ ਨੂੰ ਸਹੀ ਦਿਸ਼ਾ ਵੱਲ ਲੈ ਕੇ ਜਾਣ ਤੋ ਫੇਲ੍ਹ ਸਾਬਤ ਹੋਈ ਹੈ,ਓਥੇ ਸਿੱਖ ਇਤਿਹਾਸ ਨੂੰ ਸਾਂਭਣ ਵਿੱਚ ਵੀ ਬੁਰੀ ਤਰਾਂ ਫੇਲ੍ਹ ਸਾਬਤ ਹੋਈ ਹੈ।ਇੱਥੇ ਇਹ ਕਹਿਣਾ ਵੀ ਕੋਈ ਗਲਤ ਨਹੀ ਹੋਵੇਗਾ ਕਿ ਸਰੋਮਣੀ ਕਮੇਟੀ ਤੇ ਲੰਮੇ ਸਮੇ ਤੋ ਕਾਬਜ ਲੋਕਾਂ ਨੇ ਗੁਰਦੁਆਰਾ ਪ੍ਰਬੰਧ ਅਤੇ ਸਿੱਖ ਸਿਧਾਤਾਂ ਨੂੰ ਵੀ ਬਹੁਤ ਬੁਰੀ ਤਰਾਂ ਢਾਹ ਲਾਈ ਹੈ ਸਿੱਖ ਇਤਿਹਾਸ ਨੂੰ ਤੋੜਨ ਮਰੋੜਨ ਦੇ ਅੱਜ ਵੀ ਯਤਨ ਹੋ ਰਹੇ ਹਨ।ਸਰੋਮਣੀ ਗੁਰਦੁਆਰਾ ਪਰਬੰਧਕ ਕਮੇਟੀ ਦਾ ਕੋਈ ਵੀ ਪ੍ਰਧਾਨ ਅਤੇ ਤਖਤ ਸਾਹਿਬਾਨਾਂ ਦੇ ਜਥੇਦਾਰ ਆਪ ਫੈਸਲੇ ਲੈਣ ਦੇ ਸਮਰੱਥ ਨਹੀ ਹਨ।ਪਿਛਲੇ ਲੰਮੇ ਸਮੇ ਤੋ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਵੱਲੋਂ ਤਖਤ ਸਾਹਿਬ ਦੀ ਸਰਬਉੱਚਤਾ ਨੂੰ ਢਾਹ ਲਾਉਣ ਵਾਲੇ ਲਏ ਗਏ ਗਲਤ ਫੈਸਲਿਆਂ ਨੇ ਜਿੱਥੇ ਕੌਂਮ ਵਿੱਚ ਦੁਵਿਧਾ ਵਾਲਾ ਮਹੌਲ ਸਿਰਜ ਦਿੱਤਾ ਹੈ,ਓਥੇ ਜਥੇਦਾਰ ਦੇ ਰੁਤਬੇ ਨੂੰ ਵੀ ਵੱਡੀ ਢਾਹ ਲੱਗੀ ਹੈ।ਇਹ ਸਾਰਾ ਕੁੱਝ ਜਾਣਬੁੱਝ ਕੇ ਗਿਣੀ ਮਿਥੀ ਸਾਜਿਸ਼ ਤਹਿਤ ਹੁੰਦਾ ਰਿਹਾ ਹੈ। ਡੇਰਾ ਸਿਰਸਾ ਦੇ ਮੁਖੀ ਨੂੰ ਮੁਆਫੀ,ਨਾਨਕ ਸ਼ਾਹ ਫਕੀਰ ਵਰਗੀਆਂ ਫਿਲਮਾਂ ਨੂੰ ਹਰੀ ਝੰਡੀ ਦੇਣਾ ਅਤੇ ਸਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਛਾਪੀਆਂ ਪੁਸਤਕਾਂ ਵਿੱਚ ਹੀ ਗੁਰੂ ਸਹਿਬਾਨਾਂ ਦਾ ਅਪਮਾਨ ਇਹਨਾਂ ਸਾਜਿਸ਼ਾਂ ਦੀ ਮੂੰਹ ਬੋਲਦੀ ਤਸਵੀਰ ਹਨ।ਜਦੋ ਵੀ ਸਿੱਖ ਗੁਰੂ ਸਹਿਬਾਨਾਂ ਦੇ ਜਨਮ ਦਿਹਾੜੇ ਜਾਂ ਸ਼ਹੀਦੀ ਦਿਹਾੜੇ ਆਉਂਦੇ ਹਨ,ਸਰੋਮਣੀ ਕਮੇਟੀ ਜਰੂਰ ਕੁੱਝ ਅਜਿਹਾ ਕਰ ਜਾਂਦੀ ਹੈ,ਜਿਸ ਨਾਲ ਉਹਨਾਂ ਦਿਹਾੜਿਆਂ ਦੀ ਮਹੱਤਤਾ ਨੂੰ ਠੇਸ ਪਹੁੰਚਦੀ ਹੋਵੇ।ਜਿਸ ਤਰਾਂ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਦਾ ਜਨਮ ਦਿਹਾੜਾ ਅਤੇ ਛੋਟੇ ਸਾਹਿਬਜਾਦਿਆਂ ਦੇ ਸ਼ਹੀਦੀ ਦਿਹਾੜਿਆਂ ਨੂੰ ਰਲਗਡ ਕਰ ਦੇਣ ਵਰਗੀਆਂ ਗੁੱਝੀਆਂ ਚਾਲਾਂ ਦਾ ਆਮ ਵਾਪਰਦੇ ਰਹਿਣਾ।ਹੁਣ ਦੂਜੀ ਧਿਰ ਦੀ ਗੱਲ ਕਰੀਏ ਤਾਂ ਉਹ ਹੈ ਸਰਕਾਰੀ ਧਿਰ,ਜਿਸ ਨੇ ਗੁਰੂ ਨਾਨਕ ਸਾਹਿਬ ਦੇ ਆਗਮਨ ਪੁਰਵ ਅਤੇ 550 ਸਾਲਾ ਸਮਾਗਮਾਂ ਨੂੰ ਸਰਕਾਰੀ ਪੱਧਰ ਤੇ ਮਨਾਉਣ ਦਾ ਫੈਸਲਾ ਕੀਤਾ ਹੈ।ਸਰਕਾਰੀ ਧਿਰ ਦਾ ਕੇਂਦਰ ਬਿੰਦੂ ਹੈ ਕੈਪਟਨ ਅਮਰਿੰਦਰ ਸਿੰਘ ਜਿੰਨਾਂ ਦੇ ਪਰਿਵਾਰ ਤੇ ਗੁਰੂ ਸਾਹਿਬਾਂ ਦੀਆਂ ਅਨੇਕਾਂ ਬਖਸ਼ਿਸ਼ਾਂ ਹਨ।ਕਿਹਾ ਇਹ ਵੀ ਜਾਂਦਾ ਹੈ ਕਿ ਪਟਿਆਲਾ ਘਰਾਣੇ ਦਾ ਰਾਜ ਪ੍ਰਬੰਧ ਹੀ ਗੁਰੂ ਸਾਹਿਬਾਂ ਦੀ ਬਖਸ਼ਿਸ਼ ਨਾਲ ਹੈ,ਉਹਨਾਂ ਵੱਲੋਂ ਵੀ ਗੁਰੂ ਨਾਨਕ ਸਾਹਿਬ ਦੇ ਜਨਮ ਦਿਹਾੜੇ ਨੂੰ ਵੱਡੇ ਪੱਧਰ ਤੇ ਮਨਾਉਣ ਦੇ ਹੁਕਮ ਦਿੱਤੇ ਗਏ ਹਨ।ਜੇ ਇਸ ਗੱਲ ਤੇ ਵਿਚਾਰ ਕਰੀਏ ਕਿ ਇੱਕ ਪਾਸੇ ਕੈਪਟਨ ਸਾਹਿਬ ਉਹ ਗੁਰੂ ਨਾਨਕ ਸਾਹਿਬ ਦੇ ਜਨਮ ਦਿਹਾੜੇ ਅਤੇ 550 ਸਾਲਾ ਸਮਾਗਮਾਂ ਨੂੰ ਬਹੁਤ ਵੱਡੀ ਪੱਧਰ ਤੇ ਮਨਾਕੇ ਯਾਦਗਾਰੀ ਬਨਾਉਣਾ ਚਾਹੁੰਦੇ ਹਨ,ਜਿੰਨਾਂ ਦੀ ਰਚੀ ਹੋਈ ਬਾਣੀ ਦੀ ਪਿਛਲੇ ਤਿੰਨ ਸਾਲਾਂ ਤੋ ਬੇਅਦਬੀ ਹੁੰਦੀ ਆ ਰਹੀ ਹੈ ਪਰ ਇਨਸਾਫ ਨਹੀ ਮਿਲ ਸਕਿਆ।ਬੇਅਦਬੀ ਦਾ ਇਨਸਾਫ ਲੈਣ ਲਈ ਖਾਲਸਾ ਪੰਥ ਨੂੰ ਮੋਰਚਾ ਲਾਉਣ ਲਈ ਮਜਬੂਰ ਹੋਣਾ ਪਿਆ ਹੈ।ਉਹਨਾਂ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹੋਈ ਬੇਅਦਬੀ ਦੇ ਇਨਸਾਫ ਸਮੇਤ ਦੋ ਸਿੱਖ ਨੌਜਵਾਨਾਂ ਦੇ ਕਾਤਲਾਂ ਨੂੰ ਸਜ਼ਾਵਾਂ ਦਿਵਾਉਣ ਅਤੇ ਪਿਛਲੇ ਪੱਚੀ ਪੱਚੀ,ਤੀਹ ਤੀਹ ਸਾਲਾਂ ਤੋ ਜੇਲਾਂ ਵਿੱਚ ਬੰਦ ਸਿੱਖਾਂ ਦੀ ਰਿਹਾਈ ਲਈ ਲੱਗੇ ਮੋਰਚੇ ਦਾ ਇਨਸਾਫ ਦੇਣ ਅਤੇ ਦਿਵਾਉਣ ਦੀ ਬਜਾਏ ਕੇਂਦਰ ਦੇ ਇਸਾਰਿਆਂ ਤੇ ਚੱਲ ਕੇ ਗੁਰੂ ਤੋ ਬੇਮੁੱਖ ਹੋਣ ਦਾ ਬਜ਼ਰ ਗੁਨਾਹ ਕੀਤਾ ਜਾ ਰਿਹਾ ਹੈ।ਕੈਪਟਨ ਅਮਰਿੰਦਰ ਸਿੰਘ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਇਨਸਾਫ ਦੇਣ ਵਿੱਚ ਕੀਤੀ ਜਾ ਰਹੀ ਬੇਵਜਾਹ ਦੇਰੀ ਉਹਨਾਂ ਦੀ ਸਿੱਖੀ ਸੇਵਕੀ ਤੇ ਪ੍ਰਸ਼ਨ ਚਿੰਨ ਲਾਉੰਦੀ ਹੈ,ਸੋ ਉਹਨਾਂ ਵੱਲੋਂ ਮਨਾਏ ਜਾ ਰਹੇ ਗੁਰਪੁਰਵ ਅਤੇ  ਸਾਢੇ ਪੰਜ ਸੌ ਸਾਲਾ ਸਮਾਗਮਾਂ ਦਾ ਓਨੀ ਦੇਰ ਕੋਈ ਮਹੱਤਵ ਨਹੀ ਜਿੰਨੀ ਦੇਰ ਉਹ ਗੁਰੂ ਦਾ ਇਨਸਾਫ ਦੇਣ ਪ੍ਰਤੀ ਸੁਹਿਰਦ ਨਹੀ ਹੁੰਦੇ।ਹੁਣ ਗੱਲ ਕਰਦੇ ਹਾਂ ਤੀਸਰੀ ਧਿਰ ਦੀ।ਇਹ ਉਹ ਧਿਰ ਹੈ,ਜਿੰਨਾਂ ਨੇ ਇੱਕ ਜੂਨ 2018 ਤੋਂ ਬੇਅਦਬੀਆਂ ਦਾ ਇਨਸਾਫ ਲੈਣ ਲਈ ਬਰਗਾੜੀ ਦੀ ਦਾਣਾ ਮੰਡੀ ਵਿੱਚ ਮੋਰਚਾ ਲਾਇਆ ਹੈ।ਮੋਰਚੇਵਿੱਚ ਸ਼ਾਮਿਲ ਸਾਰੀਆਂ ਧਿਰਾਂ ਵੱਲੋਂ ਵੀ ਸ੍ਰੀ ਗੁਰੂ ਨਾਨਕ ਸਾਹਿਬ ਦੇ ਸਾਢੇ ਪੰਜ ਸੌ ਸਾਲਾ ਸਮਾਗਮਾਂ ਦੀ ਸੁਰੂਆਤ ਬਰਗਾੜੀ ਤੋ ਹੀ ਕਰਨ ਦਾ ਫੈਸਲਾ ਕੀਤਾ ਹੈ।ਮੋਰਚਾ ਸੰਚਾਲਕ ਭਾਈ ਧਿਆਨ ਸਿੰਘ ਮੰਡ ਦੀ ਅਗਵਾਈ ਵਿੱਚ ਕਰਵਾਏ ਜਾ ਰਹੇ ਇਹਨਾਂ ਸਮਾਗਮਾਂ ਦੀ ਸਾਰਥਿਕਤਾ ਇਹ ਹੈ ਕਿ ਇਹਨਾਂ ਸਮਾਗਮਾਂ ਵਿੱਚ ਅਕਾਲੀ ਭਾਜਪਾ ਅਤੇ ਕਾਂਗਰਸ ਨੂੰ ਛੱਡਕੇ ਬਾਕੀ ਪੰਥ ਦੀਆਂ ਸਾਰੀਆਂ ਧਿਰਾਂ ਸ਼ਾਮਿਲ ਹਨ।ਮੋਰਚਾ ਪ੍ਰਬੰਧਕਾਂ ਦਾ ਤਰਕ ਹੈ ਕਿ ਭਾਂਵੇਂ ਗੁਰੂ ਨਾਨਕ ਸਾਹਿਬ ਦਾ ਜਨਮ ਦਿਹਾੜਾ ਸੁਲਤਾਨਪੁਰ ਲੋਧੀ ਵਿੱਚ ਹੀ ਮਨਾਇਆ ਜਾਣਾ ਚਾਹੀਦਾ ਹੈ,ਪ੍ਰੰਤੂ ਸਿੱਖ ਕੌਂਮ ਦੇ ਜਾਗਤ ਜੋਤ ਸਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ ਇਨਸਾਫ ਲੈਣ ਲਈ ਜੋ ਮੋਰਚਾ ਬਰਗਾੜੀ ਵਿੱਚ ਲੱਗਾ ਹੈ,ਉਹ ਗੁਰੂ ਦਾ ਹੀ ਮੋਰਚਾ ਹੈ,ਤਾਂ ਕਰਕੇ ਇਸ ਵਾਰ ਮੋਰਚਾ ਛੱਡਕੇ ਸੁਲਤਾਨਪੁਰ ਜਾਣਾ ਸੰਭਵ ਨਹੀ ਹੈ,ਇਸ ਲਈ ਇਸ ਵਾਰ ਖਾਲਸਾ ਪੰਥ ਵੱਲੋਂ ਗੁਰਪੁਰਵ ਬਰਗਾੜੀ ਵਿੱਚ ਹੀ ਮਨਾਇਆ ਜਾ ਰਿਹਾ ਹੈ ਅਤੇ ਪੱਚੀ ਨਵੰਬਰ ਤੋ ਹੀ ਸਾਢੇ ਪੰਜ ਸੌ ਸਾਲਾ ਸਮਾਗਮਾਂ ਦੀ ਸੁਰੂਆਤ ਵੀ ਕੀਤੀ ਜਾ ਰਹੀ ਹੈ।ਇਹਨਾਂ ਸਮਾਗਮਾਂ ਦੀ ਸੁਰੂਆਤ ਮੌਕੇ ਬਰਗਾੜੀ ਵਿੱਚ ਬਹੁਤ ਵੱਡਾ ਇਕੱਠ ਹੋਣਾ ਸਾਬਤ ਕਰੇਗਾ ਕਿ ਇਨਸਾਫ ਮੋਰਚਾ ਲਾਕੇ ਬੈਠੀਆਂ ਪੰਥਕ ਧਿਰਾਂ ਨੂੰ ਖਾਲਸਾ ਪੰਥ ਦੀ ਹਮਾਇਤ ਹਾਸਿਲ ਹੈ, ਹੁਣ ਦੇਖਣਾ ਇਹ ਹੋਵੇਗਾ ਕਿ ਕੀ ਮੋਰਚਾ ਸੰਚਾਲਕ ਭਾਈ ਧਿਆਨ ਸਿੰਘ ਮੰਡ ਸਮਾਗਮਾਂ ਦੀ ਸੁਰੂਆਤ ਮੌਕੇ ਕੌਂਮ ਨੂੰ ਆਪਣੀ ਦ੍ਰਿੜਤਾ ਦਾ ਕੀ ਸੁਨੇਹਾ ਦਿੰਦੇ ਹਨ।ਮੋਰਚਾ ਖਤਮ ਕਰਨ ਲਈ ਪਾਏ ਜਾ ਰਹੇ ਸਰਕਾਰੀ ਦਵਾਬ ਦੀ ਪਰਵਾਹ ਨਾ ਕਰਦੇ ਹੋਏ ਕੌਂਮ ਦੀ ਹੋਣੀ ਦਾ ਫੈਸਲਾ ਕਿੰਨੀ ਕੁ ਸਫਲਤਾ ਅਤੇ ਸਾਰਥਿਕਤਾ ਨਾਲ ਕਰ ਪਾਉਂਦੇ ਹਨ। ਕੀ ਮੋਰਚਾ ਇਤਿਹਾਸ ਦਾ ਰੁੱਖ ਬਦਲਣ ਵਿੱਚ ਕਾਮਯਾਬ ਹੋ ਸਕੇਗਾ ? ਕੀ ਇਹ ਇਨਸਾਫ ਮੋਰਚਾ ਅਜਿਹਾ ਇਤਿਹਾਸ ਸਿਰਜਣ ਵਿੱਚ ਕਾਮਯਾਬ ਹੋ ਸਕੇਗਾ ਜਿਹੜਾ ਦੇਸ਼ ਦੀ ਵੰਡ ਤੋ ਬਾਅਦ ਸਿੱਖਾਂ ਵੱਲੋਂ ਲਾਏ ਗਏ ਕਿਸੇ ਵੀ ਮੋਰਚੇ ਦੇ ਹਿੱਸੇ ਨਹੀ ਆਇਆ।ਅਜਿਹੇ ਬਹੁਤ ਸਾਰੇ ਸੁਆਲਾਂ ਦੇ ਜਵਾਬ ਆਉਣੇ ਅਜੇ ਬਾਕੀ ਹਨ।

ਬਘੇਲ ਸਿੰਘ ਧਾਲੀਵਾਲ
99142-58142

24 NOV. 2018

ਅਮ੍ਰਿਤਸਰ ਦਾ ਬੰਬ ਧਮਾਕਾ ਪੰਜਾਬ ਦੀ ਸਾਂਤਮਈ ਫਿਜ਼ਾ ਵਿੱਚ ਜਹਿਰ ਘੋਲਣ ਦੀ ਗਹਿਰੀ ਸਾਜਿਸ਼ - ਬਘੇਲ ਸਿੰਘ ਧਾਲੀਵਾਲ

ਕੈਪਟਨ ਸਰਕਾਰ ਪੰਜਾਬ ਦੀ ਇਸ ਬਰਬਾਦੀ ਵਾਲੀ ਖੇਡ ਨੂੰ ਗੰਭੀਰਤਾ ਨਾਲ ਲਵੇ

ਬੀਤੇ ਕੱਲ੍ਹ ਗੁਰੂ ਕੀ ਨਗਰੀ ਸ੍ਰੀ ਅਮ੍ਰਿਤਸਰ ਵਿੱਚ ਨਿਰੰਕਾਰੀ ਭਵਨ ਤੇ ਹੋਏ ਮਾਰੂ ਧਮਾਕੇ ਨੇ ਇੱਕ ਵਾਰ ਫਿਰ ਇਨਸਾਫ ਅਤੇ ਅਮਨ ਪਸੰਦ ਲੋਕਾਂ ਦੀ ਨੀਂਦ ਉਡਾ ਦਿੱਤੀ ਹੈ। 1971;78,84  ਅਤੇ 92 ਦਾ ਦਰਦ ਹੱਡੀਂ ਹੰਢਾ ਚੁੱਕੇ ਪੰਜਾਬ ਦੇ ਲੋਕਾਂ ਲਈ ਇਹ ਬੇਹੱਦ ਹੀ ਸਦਮੇ ਵਾਲਾ ਵਰਤਾਰਾ ਹੈ।ਬੇਸ਼ੱਕ ਕੇਂਦਰ ਨੇ ਹਮੇਸਾਂ ਹੀ ਪੰਜਾਬ ਨਾਲ ਮਤਰੇਈ ਮਾਂ ਵਾਲਾ ਬਿਹਾਰ ਕੀਤਾ ਹੈ,ਪ੍ਰੰਤੂ ਇਸ ਦੇ ਬਾਵਜੂਦ ਵੀ ਪੰਜਾਬ ਦੇ ਲੋਕ ਕਿਸੇ ਵੀ ਕੀਮਤ ਤੇ ਪੰਜਾਬ ਦੀ ਅਮਨ ਸਾਂਤੀ ਨੂੰ ਲਾਂਬੂ ਲੱਗਿਆ ਨਹੀ ਦੇਖਣਾ ਚਾਹੁੰਦੇ।ਉਹਨਾਂ ਦੇ ਮਨਾਂ ਅੰਦਰ ਜਿੱਥੇ ਅਪਣੇ ਹੱਕ ਹਕੂਕਾਂ ਦੀ ਪਰਾਪਤੀ ਦੀ ਤਾਂਘ ਹੈ,ਓਥੇ ਊਹ ਕੇਂਦਰ ਦੀਆਂ ਉਹਨਾਂ ਮਾੜੀਆਂ ਭਾਵਨਾਵਾਂ ਨੂੰ ਵੀ ਚੰਗੀ ਤਰਾਂ ਸਮਝਦੇ ਹਨ,ਕਿ ਕਿਵੇਂ ਕੇਂਦਰੀ ਏਜੰਸੀਆਂ ਪੰਜਾਬ ਦੀ ਜੁਆਨੀ ਨੂੰ ਮੁੜ 1984 ਦੇ ਦਹਾਕੇ ਦੀ ਤਰਜ ਤੇ ਚੁਣ ਚੁਣ ਕੇ ਖਤਮ ਕਰਨ ਦੇ ਬਹਾਨੇ ਲੱਭ ਰਹੀਆਂ ਹਨ,ਇਸ ਲਈ ਪੰਜਾਬ ਦੇ ਲੋਕ ਅਜਿਹਾ ਕੋਈ ਵੀ ਕਦਮ ਹਰਗਿਜ ਵੀ ਨਹੀ ਪੁੱਟਣਗੇ,ਜਿਸ ਨਾਲ ਕੇਂਦਰੀ ਤਾਕਤਾਂ ਨੂੰ ਜੁਲਮ ਕਰਨ ਦਾ ਮੌਕਾ ਮਿਲ ਸਕੇ।ਪੰਜਾਬ ਦੇ ਲੋਕ ਬਦਲੇ ਹਾਲਾਤਾਂ ਦੇ ਮੱਦੇਨਜਰ ਆਪਣੇ ਹੱਕਾਂ ਦੀ ਅਵਾਜ ਨੂੰ ਸਾਂਤਮਈ ਤਰੀਕੇ ਨਾਲ ਉਠਾਉਂਦੇ ਹਨ।ਸ੍ਰੀ ਅਮ੍ਰਿਤਸਰ ਵਾਲਾ ਬੰਬ ਧਮਾਕਾ ਉਸ ਮੌਕੇ ਹੋਇਆ ਹੈ ਜਦੋ ਸਿੱਖ ਅਪਣੇ ਗੁਰੂ ਦੀ ਬੇਅਦਬੀ ਦਾ ਇਨਸਾਫ ਲੈਣ ਲਈ ਲਾਏ ਮੋਰਚੇ ਦੀ ਸਫਲਤਾ ਦੇ ਦੁਆਰ ਤੇ ਖੜੇ ਮਹਿਸੂਸ ਕਰਦੇ ਹਨ।ਇਹ ਧਮਾਕਾ ਸਪੱਸਟ ਕਰਦਾ ਹੈ ਕਿ ਪੰਜਾਬ ਵਿਰੋਧੀ ਤਾਕਤਾਂ ਪੰਜਾਬ ਦੇ ਅਮਨ ਅਮਾਨ ਨੂੰ ਲਾਂਬੂ ਲਾਉਣ ਲਈ ਕਿੰਨੀਆਂ ਕਾਹਲੀਆਂ ਹਨ।ਉਹਨਾਂ ਨੇ ਇਹ ਕਦਮ ਪੁੱਟਦਿਆਂ ਐਨੀ ਕੁ ਸਿਆਣਪ ਤੋ ਵੀ ਕੰਮ ਨਹੀ ਲਿਆ ਕਿ ਹੁਣ ਜਦੋ ਕਿਸੇ ਵੀ ਤਰਾਂ ਦਾ ਪੰਜਾਬ ਅੰਦਰ ਕੋਈ ਮਜਹਬੀ ਤੇ ਧਾਰਮਿਕ ਤਣਾਅ ਹੀ ਨਹੀ,ਫਿਰ ਅਜਿਹੇ ਧਮਾਕਿਆਂ ਨੂੰ ਕੀਹਦੇ ਖਾਤੇ ਵਿੱਚ ਪਾਇਆ ਜਾਵੇਗਾ।ਜੇਕਰ ਗੱਲ ਨਿਰੰਕਾਰੀਆਂ ਦੀ ਕੀਤੀ ਜਾਵੇ ਤਾਂ ਹੁਣ ਉਹਨਾਂ ਨਾਲ ਵੀ ਬੜੇ ਲੰਮੇ ਸਮੇ ਤੋਂ ਕਿਸੇ ਕਿਸਮ ਦਾ ਟਕਰਾਅ ਸਿੱਖਾਂ ਦਾ ਨਹੀ ਹੈ। ਕੇਂਦਰ ਦੀ ਮੋਦੀ ਸਰਕਾਰ ਦਾ ਸਮਾ ਬਹੁਤ ਥੋੜਾ ਰਹਿ ਗਿਆ ਹੈ।ਲੋਕ ਸਭਾ ਚੋਣਾਂ ਅਗਲੇ ਸਾਲ 2019 ਵਿੱਚ ਹੋਣ ਵਾਲੀਆਂ ਹਨ। ਸਿਆਸੀ ਸੂਝ ਰੱਖਣ ਵਾਲੇ ਫਿਕਰਮੰਦ ਲੋਕ ਇਸ ਧਮਾਕੇ ਨੂੰ ਆਉਣ ਵਾਲੀਆਂ ਚੋਣਾਂ ਲਈ ਖੇਡਿਆ ਗਿਆ ਮਾਰੂ ਪੱਤਾ ਹੋਣ ਦਾ ਖਦਸ਼ਾ ਵੀ ਜਾਹਰ ਕਰਦੇ ਹਨ,ਜਿਹੜਾ ਕਿਤੇ ਨਾ ਕਿਤੇ ਸੱਚ ਜਾਪਦਾ ਹੈ।ਬਿਨਾ ਸ਼ੱਕ ਮੋਦੀ ਸਰਕਾਰ ਦੀ ਕਾਰਗੁਜਾਰੀ ਪਿਛਲੀਆਂ ਸਰਕਾਰਾਂ ਦੇ ਮੁਕਾਬਲੇ ਬਹੁਤ ਹੀ ਮਾੜੀ ਰਹੀ ਹੈ।ਮੋਦੀ ਸਰਕਾਰ ਦਾ ਸਾਰਾ ਕਾਰਜਕਾਲ ਦੇਸ਼ ਨੂੰ ਹਿੰਦੂ ਰਾਸ਼ਟਰ ਐਲਾਨਣ ਦੀ ਫਿਰਕੂ ਬਿਉਂਤਬੰਦੀ ਵਿੱਚ ਹੀ ਗੁਜਰਿਆ ਹੈ।ਜੇਕਰ ਮੋਦੀ ਦੇ ਪਿਛੋਕੜ ਵੱਲ ਝਾਤ ਮਾਰੀ ਜਾਵੇ ਤਾਂ ਉਹਨਾਂ ਦੀ ਰਾਜਨੀਤੀ ਗੁਜਰਾਤ ਵਿੱਚ ਫਿਰਕਾਪ੍ਰਸਤੀ ਦੇ ਦੁਆਲੇ ਹੀ ਕੇਂਦਰਿਤ ਰਹੀ ਹੈ,ਜਿਸ ਵਿੱਚ ਉਹ ਸਫਲ ਵੀ ਰਿਹਾ ਹੈ।ਗੁਜਰਾਤ ਵਿੱਚ 60,000 ਸਿੱਖ ਕਿਸਾਨਾਂ ਦਾ ਉਜਾੜਾ ਅਤੇ ਦੋ ਹਜਾਰ ਮੁਸਲਮਾਨਾਂ ਦਾ ਕਤਲਿਆਮ ਉਹਨਾਂ ਦੇ ਰਾਜ ਵਿੱਚ ਫਿਰਕਾਪ੍ਰਸਤੀ ਦੀ ਇੰਤਾਹ ਦੀਆਂ ਮਿਸ਼ਾਲਾਂ ਹਨ।ਉਹਨਾਂ ਦੀ ਅੰਤਾਂ ਦੀ ਫਿਰਕੂ ਰਾਜਨੀਤੀ ਦਾ ਹੀ ਫਲ ਸੀ ਕਿ 2014 ਵਿੱਚ ਭਾਰਤੀ ਜਨਤਾ ਪਾਰਟੀ ਨੇ ਮੋਦੀ ਦੀ ਅਗਵਾਈ ਵਿੱਚ ਭਾਰੀ ਬਹੁਮੱਤ ਨਾਲ ਕੇਂਦਰ ਵਿੱਚ ਸਰਕਾਰ ਬਣਾ ਲਈ।ਸੋ ਆ ਰਹੀਆਂ ਚੋਣਾਂ ਵਿੱਚ ਬਹੁਗਿਣਤੀ ਦੀ ਵੋਟ ਹਾਸਲ ਕਰਨ ਲਇ ਇਹ ਬੇਹੱਦ ਮਾੜੀ ਸਾਜਿਸ਼ ਰਚੀ ਹੋ ਸਕਦੀ ਹੈ,ਪਰੰਤੂ ਦੇਖਣਾ ਇਹ ਹੋਵੇਗਾ ਕਿ ਇਹ ਧਮਾਕੇ ਨਾਲ ਮੁਸਲਮਾਨ ਭਾਈਚਾਰੇ ਦੀ ਹੋਣੀ ਜੁੜਦੀ ਹੈ ਜਾ ਸਿੱਖਾਂ ਨੂੰ ਫਿਰ ਇੱਕ ਵਾਰੀ ਬਲਦੀ ਦੇ ਬੁੱਥੇ ਦਿੱਤਾ ਜਾਵੇਗਾ।ਜਿਹੜੇ ਵਰਗ ਤੇ ਜਬਰ ਢਾਹੁਣ ਨਾਲ ਵੋਟਾਂ ਵਿੱਚ ਭਾਰਤ ਪੱਧਰ ਤੇ ਜਿਆਦਾ ਲਾਭ ਮਿਲਣ ਦੀ ਸੰਭਾਵਨਾ ਹੋਵੇਗੀ,ਉਹਦੀ ਨਸਲਕੁਸ਼ੀ ਹੋਣ ਦੇ ਜਿਆਦਾ ਚਾਣਸ ਹੋਣਗੇ। ਕੁੱਝ ਵੀ ਹੋਵੇ ਇਹ ਸਾਰਾ ਵਰਤਾਰਾ ਪੰਜਾਬ ਲਈ ਡੂੰਘੀ ਚਿੰਤਾ ਦਾ ਵਿਸ਼ਾ ਹੈ।ਜਿੱਥੇ ਸਮੂਹ ਇਨਸਾਫ ਪਸੰਦ ਲੋਕਾਂ ਨੂੰ ਪੰਜਾਬ ਦੀ ਬਰਬਾਦੀ ਵਾਲੀ ਇਸ ਗੰਦੀ ਰਾਜਨੀਤੀ ਵਾਲੀ ਖੇਡ ਦਾ ਇੱਕਜੁਟਤਾ ਨਾਲ ਵਿਰੋਧ ਕਰਨਾ ਚਾਹੀਦਾ ਹੈ,ਓਥੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਇਹ ਅਪੀਲ ਕਰਨੀ ਸਾਡਾ ਨੈਤਿਕ ਫਰਜ ਬਣਦਾ ਹੈ,ਕਿ ਉਹ ਸਰਕਾਰ ਦੇ ਮੁਖੀ ਹੋਣ ਦੇ ਨਾਤੇ ਕੇਂਦਰ ਤੋਂ ਪਹਿਲਾਂ ਆਪਣੇ ਉਹਨਾਂ ਲੋਕਾਂ ਨਾਲ ਵਫਾਦਾਰੀ ਨਿਭਾਉਣ,ਜਿੰਨਾਂ ਨੇ ਉਹਨਾਂ ਨੂੰ ਇਸ ਕਾਬਲ ਬਣਾਇਆ ਹੈ। ਉਹਨਾਂ ਦਾ ਇਹ ਫਰਜ ਬਣਦਾ ਹੈ ਕਿ ਉਹ ਕੇਂਦਰੀ ਤਾਕਤਾਂ ਦੀ ਪੰਜਾਬ ਦੇ ਉਜਾੜੇ ਲਈ ਰਚੀ ਗਈ ਇਸ ਸਾਜਿਸ਼ ਨੂੰ ਗੰਭੀਰਤਾ ਨਾਲ ਲੈਣ ਲਈ ਸੁਹਿਰਦ ਪਹੁੰਚ ਅਪਨਾਉਣ।ਪੁਲਿਸ ਅਤੇ ਆਪਣੇ ਖੁਫੀਆ ਤੰਤਰ ਨੂੰ ਇਸ ਸਾਜਿਸ਼ ਦੀ ਤਹਿ ਤੱਕ ਜਾਣ ਲਈ ਸਖਤੀ ਨਾਲ ਹਦਾਇਤਾਂ ਕਰਨ,ਤਾਂ ਕਿ ਪੰਜਾਬ ਵਿਰੋਧੀ ਤਾਕਤਾਂ ਆਪਣੇ ਮਾੜੇ ਮਨਸੂਬਿਆਂ ਵਿੱਚ ਸਫਲ ਨਾ ਹੋ ਸਕਣ।

19 Nov. 2018

ਗੁਰਦੁਆਰਾ ਪ੍ਰਬੰਧ ਦੇ ਸੰਦਰਭ ਵਿੱਚ ਪੰਥਕ ਧਿਰਾਂ ਦੀ ਭਵਿਖੀ ਰਣਨੀਤੀ ਕੀ ਹੋਵੇਗੀ - ਬਘੇਲ ਸਿੰਘ ਧਾਲੀਵਾਲ

ਪਿਛਲੇ ਦਿਨਾਂ ਵਿੱਚ ਹੋਈ ਸਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਲਾਨਾ ਚੋਣ ਮੌਕੇ ਜੋ ਨਾਟਕ ਹੋਇਆ ਉਹ ਕੋਈ ਪਿਛਲੇ ਸਮੇ ਨਾਲੋ ਵੱਖਰਾ ਨਹੀ ਸੀ।ਜਿਸਤਰਾਂ ਚੋਣ ਤੋ ਇੱਕ ਦਿਨ ਪਹਿਲਾਂ ਹੀ ਸਾਰੇ ਅਧਿਕਾਰ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਦੇਣ ਦਾ ਹਾਸੋਹੀਣਾ ਐਲਾਨ ਸਰੋਮਣੀ ਕਮੇਟੀ ਦੀ ਕਾਰਜਕਾਰਣੀ ਨੇ ਕੀਤਾ,ਉਸ ਤੋ ਇਹ ਸਪਸਟ ਹੋ ਗਿਆ ਸੀ ਕਿ ਬਾਦਲਾਂ ਨੂੰ ਸਿੱਖ ਭਾਵਨਾਵਾਂ ਦੀ ਕੋਈ ਪਰਵਾਹ ਨਹੀ,ਤੇ ਇਸ ਬਾਰ ਵੀ ਕੁੱਝ ਵੀ ਵੱਖਰਾ ਹੋਣ ਵਾਲਾ ਨਹੀ। ਸਾਰੇ ਅਧਿਕਾਰ ਦੇਣ ਦੀ ਤਾਂ ਕਾਗਜੀ ਕਾਰਵਾਈ ਹੀ ਪੂਰੀ ਕੀਤੀ ਜਾਂਦੀ ਹੈ,ਜਦੋ ਕਿ ਸੱਚ ਤਾਂ ਇਹ ਹੈ ਕਿ ਅਧਿਕਾਰ ਤਾਂ ਰਹਿੰਦੇ ਹੀ ਬਾਦਲ ਪਰਿਵਾਰ ਕੋਲ ਹਨ। ਸਰੋਮਣੀ ਕਮੇਟੀ ਦੀ ਇਸ ਸਲਾਨਾ ਚੋਣ ਨੇ ਕਈ ਪੱਖ ਵਿਚਾਰਨ ਲਈ ਸਿੱਖ ਸੰਗਤਾਂ ਸਾਹਮਣੇ ਰੱਖ ਦਿੱਤੇ ਹਨ। ਪਹਿਲਾ ਤਾ ਇਹ ਹੈ ਕਿ,ਸਿੱਖ ਕੌਮ ਬਾਦਲ ਪਰਿਵਾਰ ਨੂੰ ਬੇਅਦਬੀ  ਅਤੇ ਬੇਅਦਬੀ ਸੰਘਰਸ਼ ਦੇ ਦੋ ਸਿੱਖ ਨੌਜਵਾਨਾਂ ਨੂੰ ਕਤਲ ਕਰਨ ਦੇ ਦੋਸ਼ੀਆਂ ਵਜੋਂ ਸਮਝ ਰਹੀ ਹੈ,ਜਿਸ ਕਰਕੇ ਉਹਨਾਂ ਦੀ ਹਾਲਤ ਆਂਮ ਲੋਕਾਂ ਦੀਆਂ ਨਜ਼ਰਾਂ ਵਿੱਚ ਤਰਸਯੋਗ ਵੀ ਬਣੀ ਹੋਈ ਹੈ,ਪ੍ਰੰਤੂ ਇਸ ਦੇ ਬਾਵਜੂਦ,ਉਹਨਾਂ ਵੱਲੋਂ ਸਿੱਖਾਂ ਦੇ ਗੁੱਸੇ ਨੂੰ ਵਕਤੀ ਸਮਝਕੇ ਲੋਕ ਭਾਵਨਾਵਾਂ ਦੀ ਪਰਵਾਹ ਨਾ ਕਰਨਾ,ਇਹ ਦਰਸਾਉਂਦਾ ਹੈ ਕਿ ਉਹ ਲੋਕਾਂ ਦੀ ਮਾਨਸਿਕਤਾ ਨੂੰ ਬਹੁਤ ਚੰਗੀ ਤਰਾਂ ਸਮਝਦੇ ਹਨ,ਇਸ ਲਈ ਅਜੇ ਤੱਕ ਬਾਦਲਾਂ ਨੇ ਹਾਰ ਨਹੀ ਮੰਨੀ।ਇਹੋ ਕਾਰਨ ਹੈ ਕਿ ਉਹਨਾਂ ਨੂੰ ਅਜੇ ਵੀ ਆਉਣ ਵਾਲਾ ਸਮਾ ਸੁਨਹਿਰੀ ਦਿਖਾਈ ਦਿੰਦਾ ਹੈ।ਜਿਸਤਰਾਂ ਬਾਦਲ ਅਕਾਲੀ ਦਲ,ਭਾਜਪਾ ਅਤੇ ਕਾਂਗਰਸ ਵਿਰੋਧੀ ਸਮੁੱਚੀਆਂ ਪੰਥਕ ਅਤੇ ਰਾਜਨੀਤਕ ਧਿਰਾਂ ਹਾਉਮੈ ਅਤੇ ਇੱਕ ਦੂਜੇ ਨੂੰ ਪਛਾੜ ਕੇ ਅੱਗੇ ਲੰਘਣ ਦੀ ਹੋੜ ਵਿੱਚ ਲੱਗੀਆਂ ਹੋਈਆਂ ਹਨ,ਉਸ ਤੋ ਜਾਪਦਾ ਹੈ ਕਿ ਬਾਦਲਾਂ ਦਾ ਉਜਲੇ ਭਵਿੱਖ ਦੀ ਆਸ ਰੱਖਣਾ ਗਲਤ ਨਹੀ ਹੈ।ਇਹਦੇ ਵਿੱਚ ਕੋਈ ਸ਼ੱਕ ਨਹੀ ਕਿ ਇਸ ਮੌਕੇ ਬਾਦਲਾਂ ਦੀ ਹਾਲਤ ਪਾਣੀਉਂ ਪਤਲੀ ਹੈ ਤੇ ਇਹਦੇ ਵਿੱਚ ਵੀ ਕੋਈ ਝੂਠ ਨਹੀ ਕਿ ਬਾਦਲ ਵਿਰੋਧੀ ਧਿਰਾਂ ਵੀ ਕੋਈ ਇਮਾਨਦਾਰ ਪਹੁੰਚ ਅਪਨਾਉਣ ਤੋ ਅਸਮਰੱਥ ਰਹੀਆਂ ਹਨ। ਇਹ ਵੀ ਸੱਚ ਹੈ ਕਿ ਬਾਦਲ ਵਿਰੋਧੀ ਧਿਰਾਂ ਆਪਣੇ ਆਪ ਨੂੰ ਇਸ ਕਾਬਲ ਬਨਾਉਣ ਵਿੱਚ ਅਜੇ ਤੱਕ ਕਾਮਯਾਬ ਨਹੀ ਹੋ ਸਕੀਆਂ,ਕਿ ਉਹ ਬਾਦਲ ਨੂੰ ਧਾਰਮਿਕ ਜਾਂ ਸਿਆਸੀ ਪਿੜ ਵਿੱਚ ਮਾਤ ਦੇ ਸਕਣ।ਬਿਨਾ ਸ਼ੱਕ ਬਰਗਾੜੀ ਮੋਰਚੇ ਨੇ ਪੰਜਾਬ ਨਾਲ ਦਿਲੋਂ ਪਿਆਰ ਕਰਨ ਵਾਲੀਆਂ ਧਿਰਾਂ ਨੂੰ ਏਕਤਾ ਕਰਨ ਲਈ ਬੜਾ ਸੁਨਹਿਰੀ ਮੌਕਾ ਬਖਸ਼ਿਆ ਹੈ,
ਪਰ ਇੰਜ ਜਾਪਦਾ ਹੈ ਕਿ ਕੋਈ ਵੀ ਧਿਰ ਹਾਉਮੈ ਛੱਡਣ ਲਈ ਸੁਹਿਰਦ ਨਹੀ ਹੈ। ਜਿਸਤਰਾਂ ਸਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਮੌਕੇ ਹੋਇਆ,ਉਹ ਕੌਂਮ ਲਈ ਮੰਦਭਾਗਾ ਸੁਨੇਹਾ ਹੈ ਜਿਸ ਤਰਾਂ ਬੀਬੀ ਕਿਰਨਜੋਤ ਕੌਰ ਨਾਲ ਬਦਸਲੂਕੀ ਕੀਤੀ ਗਈ,ਇਸ ਤੋ ਸਾਫ ਜਾਹਰ ਹੈ ਕਿ ਬਾਦਲ ਲਾਣੇ ਦੀ ਧੌਣ ਚੋ ਆਕੜ ਦਾ ਕਿੱਲਾ ਅਜੇ ਨਿਕਲਿਆ ਨਹੀ ਹੈ, ਓਧਰ ਦੂਜੇ ਪਾਸੇ ਵਿਰੋਧੀ ਧਿਰ ਵਾਲੇ ਮੈਂਬਰਾਂ ਦਾ ਹਾਜਰ ਰਹਿ ਕੇ ਵਿਰੋਧ ਜਤਾਉਣ ਦੀ ਬਜਾਏ ਚੁੱਪ ਹੋ ਜਾਣ ਵਾਲੀ ਸਿਆਣਪ ਦੀ ਸਮਝ ਨਹੀ ਆ ਰਹੀ। ਪੰਥਕ ਅਸੈਂਬਲੀਆਂ ਬਣਾ ਕੇ ਸਰਕਾਰ ਦੇ ਸਮਾਨਾਂਤਰ ਸਰਕਾਰ ਦਾ ਸੁਨੇਹਾ ਦੇਣ ਵਾਲੇ ਪੰਥਕ ਆਗੂ ਆਪਣੇ ਮੁਢਲੇ ਫਰਜਾਂ ਤੋ ਲਾਪਰਵਾਹ ਕਿਉਂ ਹੋ ਗਏ ਹਨ ? ਉਹਨਾਂ ਦੇ ਸਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿੱਚ ਆਪਣੀ ਅਸਰਦਾਰ ਭੂਮਿਕਾ ਨਿਭਾਉਣ ਤੋ ਪਿੱਛੇ ਹਟਣ ਨਾਲ ਜਿੱਥੇ ਪੰਥ ਦੋਖੀ ਤਾਕਤਾਂ ਨੂੰ ਮੌਕੇ ਤੇ ਬਲ ਮਿਲਿਆ ਹੈ,ਓਥੇ ਉਹਨਾਂ ਦੀ ਇਸ ਚੋਣ ਪ੍ਰਕਿਰਿਆ ਦਾ ਵਿਰੋਧ ਨਾ ਕਰਨ ਦੀ ਗਲਤੀ ਨਾਲ ਸਰੋਮਣੀ ਕਮੇਟੀ ਦੀ ਇਸ ਨਾਟਕਵਾਜੀ ਨੂੰ ਦੁਨੀਆਂ ਸਾਹਮਣੇ ਰੱਖਣ ਤੋਂ ਵੀ ਉਕਤਾ ਗਏ ਹਨ।ਜਦੋ ਤੋ ਬੇਅਦਬੀ ਦੀਆਂ ਘਟਨਾਵਾਂ ਹੋਈਆਂ ਹਨ,ਉਸ ਮੌਕੇ ਤੋ ਹੀ ਸਿੱਖ ਮਨਾਂ ਅੰਦਰ ਬਾਦਲਾਂ ਪ੍ਰਤੀ ਭਾਰੀ ਰੋਸ ਹੈ।ਬਰਗਾੜੀ ਮੋਰਚੇ ਨੇ ਸੰਗਤਾਂ ਦੇ ਗੁੱਸੇ ਨੂੰ ਹੋਰ ਤਾਜਾ ਕਰ ਦਿੱਤਾ। ਕੈਪਟਨ ਸਰਕਾਰ ਵੱਲੋਂ ਵਿਧਾਨ ਸਭਾ ਵਿੱਚ ਜਸਟਿਸ ਰਣਜੀਤ ਸਿੰਘ ਕਮਿਸਨ ਤੇ ਕਰਵਾਈ ਗਈ ਜਨਤਕ ਬਹਿਸ ਨੇ ਬਾਦਲ ਦਲ ਦੀ ਹੋਰ ਵੀ ਮਿੱਟੀ ਪਲੀਤ ਕੀਤੀ।ਪਹਿਲੀ ਬਾਰ ਸਿੱਖਾਂ ਨੂੰ ਇਹ ਯਕੀਨਨ ਅਹਿਸਾਸ ਹੋਇਆ ਕਿ ਅਕਾਲੀ ਦਲ ਬਾਦਲ ਹੀ ਪੰਥ ਅਤੇ ਪੰਜਾਬ ਲਈ ਸਭ ਤੋਂ ਮਾੜਾ ਸਾਸਕ ਰਿਹਾ ਹੈ,ਜਿਸਨੇ ਪੰਥ ਦੇ ਨਾਮ ਤੇ ਲੰਮਾ ਸਮਾ ਸਫਲ ਰਾਜਨੀਤੀ ਕੀਤੀ ਅਤੇ ਰਾਜ ਭਾਗ  ਦਾ ਨਿੱਘ ਮਾਣਿਆ।ਅੱਜ ਭਾਂਵੇਂ ਉਹਨਾਂ ਕੋਲੋਂ ਰਾਜਨੀਤਕ ਤਾਕਤ ਖੁੱਸ ਗਈ ਹੈ,ਤੇ ਉਹਨਾਂ ਦੇ ਪੁਰਾਣੇ ਸਾਥੀ ਤੇ ਟਕਸਾਲੀ ਅਕਾਲੀ ਉਹਨਾਂ ਦਾ ਸਾਥ ਛੱਡਣ ਵਿੱਚ ਆਪਣੀ ਭਲਾਈ ਸਮਝ ਰਹੇ ਹਨ,ਇਸ ਦੇ ਬਾਵਜੂਦ ਵੀ ਸਾਰੀਆਂ ਧਿਰਾਂ ਇਕੱਠੀਆਂ ਹੋ ਕੇ ਸਰੋਮਣੀ ਕਮੇਟੀ ਦੇ ਮੈਬਰਾਂ ਨੂੰ ਬਾਦਲ ਦੇ ਗਲਵੇ ਵਿੱਚੋਂ ਕੱਢਣ ਵਿੱਚ ਸਫਲ  ਨਹੀ ਹੋ ਸਕੀਆਂ। ਜਿਸ ਦਾ ਨਤੀਜਾ ਇਸ ਵਾਰ ਦੀ ਹੋਈ ਸਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਹੋਈ ਚੋਣ ਸਭ ਦੇ ਸਾਹਮਣੇ ਹੈ।ਇਸ ਸਾਰੇ ਵਰਤਾਰੇ ਨੂੰ ਭਾਂਪਦਿਆਂ ਇਸ ਗੱਲ ਦੀ ਬੇਹੱਦ ਹੈਰਾਨੀ ਹੁੰਦੀ ਹੈ ਤੇ ਇਹ ਸੁਆਲ ਉੱਠਦਾ ਹੈ ਕਿ ਫਿਰ ਪੰਥਕ ਧਿਰਾਂ ਕੀ ਭੂਮਿਕਾ ਅਦਾ ਕਰ ਰਹੀਆਂ ਹਨ? ਇਹਦੇ ਵਿੱਚ ਵੀ ਕੋਈ ਸ਼ੱਕ ਨਹੀ ਕਿ ਬਾਦਲਾਂ ਦੀ ਮਰਜੀ ਤੋਂ ਬਗੈਰ ਸਰੋਮਣੀ ਗੁਰਦੁਆਰਾ ਕਮੇਟੀ ਦੀਆਂ ਆਮ ਚੋਣਾਂ ਹੋਣੀਆਂ ਸੰਭਵ ਨਹੀ,ਪਰ ਪੰਥਕ ਧਿਰਾਂ ਦਾ ਇੱਥੇ ਕੀ ਸਟੈਂਡ ਹੋਵੇਗਾ,ਇਸ ਫਿਕਰਮੰਦੀ ਦਾ ਭੰਬਲਭੂਸਾ ਵੀ ਬਰਕਰਾਰ ਹੈ।ਆਮ ਲੋਕ ਮਨਾਂ ਵਿੱਚ ਇਹ ਗੱਲ ਘਰ ਕਰਕੇ ਬੈਠ ਗਈ ਹੈ ਕਿ ਕਿਸੇ ਤੋਂ ਕੁੱਝ ਨਹੀ ਹੋਣਾ,ਜਦੋ ਗਹਿਰਾਈ ਨਾਲ ਇਸ ਵਿਸ਼ੇ ਤੇ ਝਾਤ ਪਾਉਂਦੇ ਹਾਂ ਤਾਂ ਇਹ ਸੱਚ ਵੀ ਜਾਪਦਾ ਹੈ,ਕਿਉਕਿ ਬਾਦਲ ਦਲ ਮਾੜੇ ਹਾਲਾਤਾਂ ਵਿੱਚ ਵੀ ਬਜਾਏ ਢੇਰੀ ਢਾਹ ਕੇ ਬੈਠਣ ਦੇ ਕੋਈ ਨਾ ਕੋਈ ਨਿੱਜੀ ਪਰਾਪਤੀਆਂ ਕਰਦਾ ਹੀ ਜਾ ਰਿਹਾ ਹੈ।ਮਿਸ਼ਾਲ ਦੇ ਤੌਰ ਤੇ ਜੇਕਰ ਇੱਥੇ ਗੁਰਦੁਆਰਾ ਪ੍ਰਬੰਧ ਦੀ ਗੱਲ ਹੀ ਕਰੀਏ, ਤਾਂ ਇਸ ਸਮੇ ਅਕਾਲੀ ਦਲ ਬਾਦਲ,ਸਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋ ਇਲਾਵਾ ਦਿੱਲੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਅਤੇ ਗੁਰਦੁਆਰਾ ਬੋਰਡ ਤਖਤ ਸ੍ਰੀ ਪਟਨਾ ਸਾਹਿਬ ਤੇ ਆਪਣਾ ਕਬਜਾ ਜਮਾ ਚੁੱਕੇ ਹਨ। ਪਿਛਲੇ ਦਿਨਾਂ ਵਿੱਚ ਹੀ ਪਟਨਾ ਸਾਹਿਬ ਗੁਰਦੁਆਰਾ ਬੋਰਡ ਦਾ ਪ੍ਰਧਾਨ ਬਾਦਲਾਂ ਨੇ ਆਪਣੇ ਚਹੇਤ ਵਫਾਦਾਰ ਦਿੱਲੀ ਦੇ ਅਵਤਾਰ ਸਿੰਘ ਹਿੱਤ ਨੂੰ ਬਣਾਇਆ ਹੈ।ਕਣਸੋਹਾਂ ਇਹ ਵੀ ਮਿਲ ਰਹੀਆਂ ਹਨ ਕਿ ਇਸ ਤੋ ਵੀ ਅੱਗੇ ਜਾਕੇ ਸ੍ਰ ਬਾਦਲ ਨੇ ਆਰ ਐਸ ਐਸ ਦੇ ਸਹਿਯੋਗ ਨਾਲ ਗੁਰਦੁਆਰਾ ਬੋਰਡ ਤਖਤ ਸੱਚਖੰਡ ਸ੍ਰੀ ਹਜੂਰ ਸਾਹਿਬ ਤੇ ਕਬਜੇ ਦੀ ਬਿਉਂਤਬੰਦੀ ਵੀ ਬਣਾ ਲਈ ਹੈ,ਇਸ ਸੰਦਰਭ ਵਿੱਚ ਸ੍ਰ ਸੁਖਬੀਰ ਸਿੰਘ ਬਾਦਲ ਦੀ ਭਾਜਪਾ ਦੀ ਹਾਈਕਮਾਂਡ ਨਾਲ ਵੀ ਮੀਟਿੰਗ ਹੋਣ ਦੀਆਂ ਖਬਰਾਂ ਆ ਰਹੀਆਂ ਹਨ।ਤਖਤ ਸ੍ਰੀ ਹਜੂਰ ਸਾਹਿਬ ਗੁਰਦੁਆਰਾ ਬੋਰਡ ਦੇ ਕੁੱਝਝ ਮੈਂਬਰ ਅਤੇ ਹੋਰ ਬਾਰਸੂਖ ਸਿੱਖਾਂ ਦਾ ਕਹਿਣਾ ਹੈ ਕਿ ਇਸ ਸਾਜਿਸ਼ ਨੂੰ ਅੰਜਾਮ ਦੇਣ ਲਈ ਮਹਾਰਾਸਟਰ ਦੀ ਭਾਜਪਾ ਸਰਕਾਰ ਨੇ ਗੁਰਦੁਅਰਾ ਬੋਰਦ ਸ੍ਰੀ ਹਜੂਰ ਸਾਹਿਬ ਦੇ ਚੇਅਰਮੈਨ ਤਾਰਾ ਸਿੰਘ ਤੋ ਉਹਨਾਂ ਦਾ ਅਸਤੀਫਾ ਵੀ ਲੈ ਲਿਆ ਹੈ।ਭਾਂਵੇਂ ਦੱਖਣੀ ਸਿੱਖਾਂ ਦਾ ਇਹ ਵੀ ਕਹਿਣਾ ਹੈ ਕਿ ਅਸੀ ਕਿਸੇ ਵੀ ਕੀਮਤ ਤੇ ਬਾਦਲਾਂ ਦੇ ਕਬਜੇ ਹੇਠਲੀ ਸਰੋਮਣੀ ਕਮੇਟੀ ਦੇ ਕਿਸੇ ਮੈਬਰ,ਪ੍ਰਧਾਨ ਨੂੰ ਗੁਰਦੁਆਰਾ ਬੋਰਡ ਸ੍ਰੀ ਹਜੂਰ ਸਾਹਿਬ ਤੇ ਕਬਜਾ ਕਰਨ ਦੀ ਇਜਾਜ਼ਾਤ ਨਹੀ ਦੇਵਾਂਗੇ,ਪ੍ਰੰਤੂ ਇਸ ਸਾਰੇ ਵਰਤਾਰੇ ਦੇ ਮੱਦੇਨਜ਼ਰ ਪੰਥਕ ਧਿਰਾਂ ਲਈ ਇਹ ਗੱਲ ਵਿਚਾਰਨ ਵਾਲੀ ਜਰੂਰ ਹੈ ਕਿ,ਜਿਹੜੇ ਬਾਦਲਾਂ ਦੇ ਖਤਮ ਹੋਣ ਦਾ ਰੌਲਾ ਪਾਕੇ ਤੁਸੀ ਖੁਸ਼ ਹੋ ਰਹੇ ਹੋ,ਉਹ ਖਤਮ ਨਹੀ ਹੋਏ ਬਲਕਿ ਹੋਰ ਅੱਗੇ ਵਧ ਰਹੇ ਹਨ।ਪੰਥ ਦਾ ਬੇ-ਅਥਾਹ ਘਾਣ ਕਰਵਾਉਣ ਦੇ ਬਾਵਜੂਦ ਵੀ ਉਹਨਾਂ ਦਾ ਅੱਗੇ ਵਧਦੇ ਜਾਣਾ ਪੰਥ ਲਈ ਸ਼ੁਭ ਨਹੀ ਹੈ। ਸੋ ਉਪਰੋਕਤ ਦੇ ਸੰਦਰਭ ਵਿੱਚ ਪੰਜਾਬ ਤੇ ਪੰਥ ਪ੍ਰਸਤ ਸਮੁੱਚੀਆਂ ਧਿਰਾਂ ਕੀ ਰਾਇ ਰੱਖਦੀਆਂ ਹਨ?ਉਹਨਾਂ ਦੀ ਭਵਿੱਖ ਲਈ ਕੀ ਰਣਨੀਤੀ ਹੈ? ਇਹ ਸੁਆਲਾਂ ਸਮੇਤ ਸਾਰੇ ਹੀ ਭਖਦੇ ਪੰਥਕ ਮਸਲਿਆਂ ਦੇ ਹੱਲ ਸਬੰਧੀ ਪੰਥਕ ਧਿਰਾਂ ਨੂੰ ਠੋਸ ਜਵਾਬ ਦੇਣੇ ਹੋਣਗੇ।

ਬਘੇਲ ਸਿੰਘ ਧਾਲੀਵਾਲ
99142-58142

20 Nov. 2018

ਫੌਜ ਮੁਖੀ ਰਾਵਤ ਦੇ ਬਿਆਨ ਚੋਂ ਸਿੱਖਾਂ ਪ੍ਰਤੀ ਨਫਰਤ ਦੀ ਬੋ ਆਉਂਦੀ ਹੈ

ਜੂਨ 2015 ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਚੋਰੀ ਹੋਣ ਤੋ ਲੈ ਕੇ ਮੌਜੂਦਾ ਸਮੇ ਤੱਕ ਲਗਾਤਾ੍ਰ ਹੋਈਆਂ ਬੇਅਦਬੀਆਂ ਅਤੇ ਦੋ ਸਿੱਖ ਨੌਜਵਾਨਾਂ ਦੀਆਂ ਸ਼ਹੀਦੀਆਂ ਦਾ ਇਨਸਾਫ ਨਾ ਮਿਲਣ ਕਾਰਨ ਸਿੱਖ ਮਨਾਂ ਵਿੱਚ ਇਹ ਰੋਸ ਜਰੂਰ ਵਧਦਾ ਜਾ ਰਿਹਾ ਹੈ,ਕਿਉਂਕਿ ਪਿਛਲੀ ਅਕਾਲੀ ਦਲ ਭਾਰਤੀ ਜਨਤਾ ਪਾਰਟੀ ਗੱਠਜੋੜ ਦੀ ਸਰਕਾਰ ਵੱਲੋਂ ਬੇਅਦਬੀਆਂ ਦਾ ਖੁਰਾਖੋਜ ਲੱਭਣ ਦੀ ਵਜਾਏ ਸਿੱਖਾਂ ਨੂੰ ਹੀ ਨਿਸ਼ਾਨਾ ਬਣਾਇਆ ਗਿਆ,ਅਤੇ ਮੌਜੂਦਾ ਕਾਂਗਰਸ ਸਰਕਾਰ ਵੀ ਕੇਂਦਰ ਦੇ ਦਬਾਅ ਕਾਰਨ ਇਨਸਾਫ ਦੇਣ ਤੋ ਆਹਨਾ ਕਾਹਨੀ ਕਰ ਰਹੀ ਹੈ,ਪ੍ਰੰਤੂ ਇਸ ਦਾ ਇਹ ਮਤਲਬ ਹਰਗਿਜ ਨਹੀ ਕਿ ਪੰਜਾਬ ਦੇ ਹਾਲਾਤ ਬਿਗੜ ਰਹੇ ਹਨ।ਕੀ ਭਾਰਤ ਦੇ ਕਿਸੇ ਹੋਰ ਸੂਬੇ ਵਿੱਚ ਕੋਈ ਸਮੱਸਿਆ ਨਹੀ ? ਕੀ ਹੋਰ ਸੂਬਿਆਂ ਵਿੱਚ ਹੁੰਦਾ ਰੋਸ ਪ੍ਰਦਰਸ਼ਨ ਸਾਂਤੀ ਦਾ ਪਰਤੀਕ ਹੈ ? ਜੰਮੂ ਕਸ਼ਮੀਰ,ਅਸਾਮ ਅਤੇ ਪੰਜਾਬ ਦੇ ਮਹੌਲ ਨੂੰ ਸਾਂਤ ਕਰਨ ਲਈ ਹੀ ਫੌਜਂ ਐਨੀ ਕਾਹਲ ਅਤੇ ਉਤਸੁਕਤਾ ਕਿਉਂ ਦਿਖਾ ਰਹੀ ਹੈ,ਜਦੋਂ ਕਿ ਗੁਆਂਢੀ ਸੂਬੇ ਹਰਿਆਣੇ ਦੇ ਜਾਟਾਂ ਵੱਲੋਂ ਜਦੋਂ ਵੀ ਕੋਈ ਅੰਦੋਲਨ ਕੀਤਾ ਗਿਆ,ਉਹ ਹਮੇਸਾਂ ਹੀ ਹਿੰਸਕ ਰਿਹਾ ਹੈ,ਉਹਨਾਂ ਦੀ ਹਿੰਸਾ ਦਾ ਸ਼ਿਕਾਰ ਵੀ ਬਗੈਰ ਵਜਾਹ ਤੋਂ ਸਿੱਖਾਂ ਨੂੰ ਬਣਾਇਆ ਜਾਂਦਾ ਰਿਹਾ ਹੈ,ਕੀ ਉਦੋਂ ਕਦੇ ਵੀ ਭਾਰਤੀ ਫੌਜ ਨੂੰ ਇਹ ਚੇਤਾ ਨਹੀ ਆਇਆ ਕਿ ਹਰਿਆਣੇ ਦੇ ਹਾਲਾਤ ਬਿਗੜ ਰਹੇ ਹਨ,ਉਹਨਾਂ ਨੂੰ ਕਾਬੂ ਵਿੱਚ ਰੱਖਣ ਲਈ ਭਾਰਤੀ ਫੌਜ ਦੀ ਜਰੂਰਤ ਹੈ। ਅਜਿਹਾ ਕਦੇ ਵੀ ਨਹੀ ਹੋਵੇਗਾ,ਕਿਉਕਿ ਪੰਜਾਬ ਨੂੰ ਭਾਰਤ ਨੇ ਕਦੇ ਆਪਣਾ ਸਮਝਿਆ ਹੀ ਨਹੀ।ਕੱਲ ਦੇ ਅਖਬਾਰਾਂ ਵਿੱਚ ਭਾਰਤੀ ਫੌਜ ਦੇ ਮੁਖੀ ਵਿਪਨ ਕੁਮਾਰ ਰਾਵਤ ਦਾ ਪੰਜਾਬ ਸੂਬੇ ਦੇ ਹਾਲਾਤਾਂ ਸਬੰਧੀ ਇੱਕ ਤਰਕ ਵਿਹੂਣਾ ਬਿਆਨ ਆਇਆ ਹੈ,ਜਦੋ ਉਹ ਇਹ ਵੀ ਸਾਫ ਲਫਜਾਂ ਵਿੱਚ ਕਹਿੰਦੇ ਹਨ ਕਿ ਭਾਂਵੇਂ ਸੂਬੇ ਦਾ ਮਹੌਲ ਸਾਂਤ ਹੈ ਪਰ ਖਰਾਬ ਹੋ ਸਕਦਾ ਹੈ,ਇਸ ਲਈ ਪਹਿਲਾਂ ਹੀ ਕਾਬੂ ਕਰਨ ਚ ਦੇਰੀ ਨਹੀ ਕਰਨੀ ਚਾਹੀਦੀ,ਫੌਜ ਮੁਖੀ ਦੇ ਇਸ ਨਫਰਤ ਭਰੇ ਬਿਆਨ ਤੇ ਗੰਭੀਰਤਾ ਨਾਲ ਵਿਚਾਰ ਕਰਨੀ ਬਣਦੀ ਹੈ। ਜਦੋਂ ਪੰਜਾਬ ਵਿੱਚ ਕੋਈ ਗੜਬੜ ਹੋਣ ਦਾ ਨਾ ਹੀ ਤਾਂ ਕੋਈ ਖਦਸਾ ਹੈ ਅਤੇ ਨਾ ਹੀ ਕੋਈ ਅਜਿਹੇ ਹਾਲਾਤ ਹੀ ਬਣੇ ਹੋਏ ਹਨ,ਜਿਸ ਤੋ ਇਹ ਅੰਦਾਜਾ ਲਾਇਆ ਜਾ ਸਕੇ ਕਿ ਪੰਜਾਬ ਦੇ ਅਮਨ ਅਮਾਨ ਨੂੰ ਕੋਈ ਖਤਰਾ ਬਣਿਆ ਹੋਇਆ ਹੈ ,ਫਿਰ ਅਜਿਹੇ ਸਮੇ ਤੇ ਫੌਜ ਮੁਖੀ ਦਾ ਇਹ ਬਿਆਨ ਆਉਣਾ ਕਿ ਭਾਂਵੇਂ ਪੰਜਾਬ ਦੇ ਹਾਲਾਤ ਸੁਖਾਂਵੇਂ ਹਨ,ਪਰ ਫਿਰ ਵੀ ਇੱਥੋਂ ਦੀ ਸਾਂਤੀ ਨੂੰ ਬਾਹਰੀ ਸਕਤੀਆਂ ਤੋਂ ਖਤਰਾ ਪੈਦਾ ਹੋ ਸਕਦਾ ਹੈ,ਉਹਨੇ ਚਿਤਾਵਨੀ ਭਰੇ ਲਹਿੰਜੇ ਵਿੱਚ ਕਿਹਾ ਹੈ ਕਿ ਜੇਕਰ ਸਮੇ ਸਿਰ ਧਿਆਨ ਨਾ ਦਿੱਤਾ ਤਾਂ ਬਹੁਤ ਦੇਰ ਹੋ ਜਾਵੇਗੀ,ਉਹਨਾਂ ਦਾ ਇਹ ਬਿਆਨ ਸਪੱਸਟ ਕਰਦਾ ਹੈ ਕਿ ਜਰੂਰ ਭਾਰਤੀ ਸਟੇਟ ਇੱਕ ਵਾਰ ਫਿਰ ਸਿੱਖ ਨੌਜਵਾਨਾਂ ਦਾ ਸ਼ਿਕਾਰ ਕਰਨ ਦੀ ਤਿਆਰੀ ਕਰ ਰਹੀ ਹੈ। ਇਹ ਬਿਆਨ ਪੰਜਾਬ ਲਈ ਕਦੇ ਵੀ ਸ਼ੁਭ ਨਹੀ ਮੰਨਿਆ ਜਾ ਸਕਦਾ।ਅਜਿਹੇ ਬਿਆਨ ਜਿੱਥੇ ਭਾਰਤੀ ਸਟੇਟ ਦੀ ਘੱਟ ਗਿਣਤੀਆਂ ਪ੍ਰਤੀ ਸੋਚ ਦਾ ਖੁਲਾਸਾ ਕਰਦੇ ਹਨ,ਓਥੇ ਸਿੱਖਾਂ ਅੰਦਰ ਦਹਿਸਤ ਦਾ ਮਹੌਲ ਸਿਰਜਣ ਵਿੱਚ ਵੀ ਜਮੀਨ ਤਿਆਰ ਕਰਨ ਦਾ ਸੁਨੇਹਾ ਦੇ ਰਹੇ ਹਨ। ਪੰਜਾਬ ਵਿੱਚ ਲੰਘੀ ਇੱਕ ਜੂਨ ਤੋਂ ਬੇਅਦਬੀ ਦਾ ਇਨਸਾਫ,ਦੋ ਸਿੱਖ ਨੌਜਵਾਨਾਂ ਦੇ ਕਤਲਾਂ ਦਾ ਇਨਸਾਫ ਅਤੇ ਪਿਛਲੇ ਤੀਹ ਤੀਹ ਸਾਲਾਂ ਤੋ ਜੇਲਾਂ ਵਿੱਚ ਗੈਰਕਨੂੰਨੀ ਢੰਗ ਨਾਲ ਬੰਦ ਰੱਖੇ ਸਿੱਖ ਬੰਦੀਆਂ ਦੇ ਇਨਸਾਫ ਲਈ ਸਿੱਖਾਂ ਵੱਲੋਂ ਮੋਰਚਾ ਲਾਇਆ ਹੋਇਆ ਹੈ,ਜਿਸ ਨੂੰ ਜਿੱਥੇ ਸਿੱਖ ਪੰਥ ਦੇ ਹਰ ਵਰਗ ਵੱਲੋਂ ਭਰਪੂਰ ਸਮੱਰਥਨ ਮਿਲ ਰਿਹਾ ਹੈ,ਓਥੇ ਹਿੰਦੂ ਭਾਈਚਾਰੇ,ਮੁਸਲਮਾਨ ਭਾਈਚਾਰੇ ਅਤੇ ਭਾਰਤ ਦੇ ਮੂਲ ਨਿਵਾਸੀ ਭਾਈਚਾਰੇ ਵੱਲੋਂ ਵੀ ਬਹੁਤ ਵੱਡਾ ਸਹਿਯੋਗ ਮਿਲ ਰਿਹਾ ਹੈ।ਜਿਸ ਮੋਰਚੇ ਵਿੱਚ ਸਾਂਤੀ ਨੂੰ ਬਣਾਈ ਰੱਖਣ ਲਈ ਸਖਤੀ ਨਾਲ ਸਿੱਖ ਪੰਥ ਵੱਲੋਂ ਹੀ ਹਦਾਇਤਾਂ ਕੀਤੀਆਂ ਹੋਈਆਂ ਹੋਣ ਅਤੇ ਕਿਸੇ ਵਿਸ਼ੇਸ਼ ਭਾਈਚਾਰੇ ਨਾਲ ਟਕਰਾ ਦਾ ਕੋਈ ਰੱਤੀ ਮਾਤਰ ਵੀ ਖਦਸ਼ਾ ਨਾ ਹੋਵੇ,ਫਿਰ ਭਾਰਤੀ ਫੌਜ ਦੇ ਮੁਖੀ ਨੂੰ ਪੰਜਾਬ ਵਿੱਚ ਅਜਿਹਾ ਕਿਹੜਾ ਖਤਰਾ ਸਤਾਉਣ ਲੱਗ ਪਿਆ,ਜਿਸ ਕਰਕੇ ਉਹਨੂੰ ਅਜਿਹਾ ਬਿਆਨ ਦੇਣ ਦੀ ਲੋੜ ਪੈ ਗਈ? ਇਹਦਾ ਸਿੱਧਾ ਤੇ ਸਪੱਸਟ ਉੱਤਰ ਇਹ ਹੀ ਹੈ ਕਿ ਘੱਟ ਗਿਣਤੀਆਂ ਦੀ ਦੁਸ਼ਮਣ ਨਾਗਪੁਰ ਦੀ ਸ਼ਕਤੀਸਾਲੀ ਕੱਟੜਵਾਦੀ ਸੰਸਥਾ ਆਰ ਐਸ ਐਸ ਭਾਰਤੀ ਫੋਰਸਾਂ ਤੇ ਪੂਰੀ ਤਰਾਂ ਆਪਣੀ ਪਕੜ ਬਣਾ ਚੁੱਕੀ ਹੈ,ਜਿਹੜੀ ਆਪਣੇ ਚਹੇਤੇ ਫੌਜ ਮੁਖੀ ਤੋਂ ਪੰਜਾਬ ਦੇ ਸਿੱਖਾਂ ਨੂੰ ਮੁੜ ਤੋ ਸਬਕ ਸਿਖਾਉਣ ਦੇ ਮਨਸੇ ਨਾਲ ਅਜਿਹੇ ਬਿਆਨ ਦਿਵਾ ਕੇ ਇੱਕ ਵਾਰ ਫਿਰ ਸਿੱਖਾਂ ਨੂੰ ਬਾਹਰੀ ਤਾਕਤਾਂ ਦਾ ਨਾਮ ਬਰਤ ਕੇ ਬਦਨਾਮ ਕਰਨਾ ਚਾਹੁੰਦੀ ਹੈ।ਸਚਾਈ ਇਹ ਵੀ ਹੈ ਕਿ ਪੰਜਾਬ ਵਿੱਚ ਸਾਂਤੀ ਨੂੰ ਤਾਂ ਕੋਈ ਖਤਰਾ ਨਹੀ,ਪਰ ਭਾਰਤੀ ਜਨਤਾ ਪਾਰਟੀ ਦੀ ਵਫਾਦਾਰ ਭਾਈਵਾਲ ਪਾਰਟੀ ਅਕਾਲੀ ਦਲ ਬਾਦਲ ਦੀ ਹਾਲਤ ਜਰੂਰ ਤਰਸਯੋਗ ਬਣੀ ਹੋਈ ਹੈ,ਜਿਸ ਲਈ ਉਹ ਪੰਜਾਬ ਦੇ ਆਮ ਸਿੱਖਾਂ ਨੂੰ ਦੋਸ਼ੀ ਸਮਝਦੇ ਹਨ ਅਤੇ ਇਸ ਗੱਲ ਤੋਂ ਵੀ ਇਨਕਾਰ ਨਹੀ ਕੀਤਾ ਜਾ ਸਕਦਾ ਕਿ ਆਉਣ ਵਾਲੇ ਦਿਨਾਂ ਵਿੱਚ ਕੇਂਦਰੀ ਏਜੰਸੀਆਂ ਕੋਈ ਅਜਿਹੀ ਗੜਬੜ ਨੂੰ ਅੰਜਾਮ ਦੇ ਸਕਦੀਆਂ ਹਨ,ਜਿਸ ਨਾਲ ਅਮਨ ਅਮਾਨ ਨਾਲ ਵਸਦੇ ਪੰਜਾਬ ਉੱਤੇ ਕੇਂਦਰੀ ਫੋਰਸਾਂ ਦੇ ਜਬਰ ਦਾ ਕੁਹਾੜਾ ਚਲਾਉਣ ਦਾ ਰਾਹ ਪੱਧਰਾ ਕੀਤਾ ਜਾ ਸਕੇ। ਫੌਜ ਮੁਖੀ ਦੇ ਬਿਆਂਨ ਨੂੰ ਧਿਆਨ ਨਾਲ ਪੜ੍ਹਨ ਤੋਂ ਸੌਖਿਆਂ ਹੀ ਇਹ ਸਮਝ ਪੈ ਜਾਂਦੀ ਹੈ ਕਿ ਹੁਣ ਇੱਕ ਵਾਰ ਫਿਰ ਪੰਜਾਬ ਦੀ ਸਾਂਤੀ ਨੂੰ ਲਾਂਬੂ ਲਾਉਣ ਲਈ ਜਮੀਨ ਤਿਆਰ ਕੀਤੀ ਜਾ ਰਹੀ ਹੈ,ਜਿਸ ਦਾ ਵਿਰੋਧ ਪੰਜਾਬ ਦੇ ਹਰ ਅਮਨ ਪਸੰਦ ਇਨਸਾਨ ਨੂੰ,ਇਨਸਾਫ ਪਸੰਦ ਜਥੇਬੰਦੀਆਂ ਨੂੰ, ਰਾਜਨੀਤਕ ਜਥੇਬੰਦੀਆਂ ਅਤੇ ਹਰ ਉਸ ਧਿਰ ਨੂੰ ਕਰਨਾ ਚਾਹੀਦਾ ਹੈ,ਜਿਹੜੀ ਪੰਜਾਬ ਅਤੇ ਪੰਜਾਬੀਅਤ ਦੀ ਮੁਦਈ ਹੈ।ਜਿਹੜੇ ਲੋਕ ਪੰਜਾਬ ਦੀ ਸਾਂਤੀ ਅਤੇ ਪੰਜਾਬੀਅਤ ਨੂੰ ਬਚਾਉਣ ਲਈ ਦਿਲੋਂ ਸੁਹਿਰਦ ਅਤੇ ਫਿਕਰਮੰਦ ਹਨ,ਉਹਨਾਂ ਨੂੰ ਫੌਜ ਮੁਖੀ ਵਿਪਨ ਕੁਮਾਰ ਰਾਵਤ ਦੇ ਉਸ ਤਰਕ ਦਾ ਪੁਰਜੋਰ ਵਿਰੋਧ ਕਰਨਾ ਚਾਹੀਦਾ ਹੈ,ਜਿਸ ਚੋ ਸਿੱਖਾਂ ਅਤੇ ਪੰਜਾਬ ਪ੍ਰਤੀ ਨਫਰਤ ਝਲਕਦੀ ਹੈ।

ਬਘੇਲ ਸਿੰਘ ਧਾਲੀਵਾਲ
99142-58142

05 Nov. 2018

ਬਾਦਲਕਿਆਂ ਵੱਲੋਂ ਕੀਤੀ ਜਥੇਦਾਰੀ ਦੀ ਪੇਸਕਸ ਨੂੰ ਸਵੀਕਾਰ ਕਰਨਾ ਭਾਈ ਹਰਪ੍ਰੀਤ ਸਿੰਘ ਦੀ ਇਤਿਹਾਸਿਕ ਗਲਤੀ - ਬਘੇਲ ਸਿੰਘ ਧਾਲੀਵਾਲ

ਦੇਖਣਾ ਹੋਵੇਗਾ ਕਿ ਭਾਈ ਹਰਪ੍ਰੀਤ ਸਿੰਘ ਪੰਥਕ ਭਾਵਨਾਵਾਂ ਦੀ ਕਿੰਨੀ ਕੁ ਕਦਰ ਕਰਦੇ ਹਨ

2015 ਵਿੱਚ ਚੱਬੇ ਦੀ ਧਰਤੀ ਤੇ ਹੋਇਆ ਸਰਬੱਤ ਖਾਲਸਾ ਦਾ ਬਹੁਤ ਵੱਡਾ ਇਕੱਠ ਇਤਿਹਾਸ ਦੇ ਉਹਨਾਂ ਪੰਨਿਆਂ ਵਿੱਚ ਆਪਣੀ ਥਾ ਬਣਾ ਗਿਆ ਜਿੱਥੇ ਅਠਾਰਵੀਂ ਸਦੀ ਦੇ ਸਿੰਘਾਂ ਵੱਲੋਂ ਦੁਸ਼ਮਣ ਨਾਲ ਨਜਿੱਠਣ ਲਈ ਸਰਬੱਤ ਖਾਲਸਾ ਬੁਲਾ ਕੇ ਫੈਸਲੇ ਲਏ ਜਾਂਦੇ ਸਨ।2015 ਦੇ ਸਰਬੱਤ ਖਾਲਸਾ ਨੂੰ ਰੱਦ ਕਰਨਾ ਸ੍ਰ ਪ੍ਰਕਾਸ਼ ਸਿੰਘ ਬਾਦਲ ਦੀ ਬਹੁਤ ਵੱਡੀ ਇਤਿਹਾਸਿਕ ਗਲਤੀ ਹੈ,ਜਿਸ ਦਾ ਖਮਿਆਜਾ ਉਹਨੂੰ ਤੇ ਉਹਦੇ ਪਰਿਵਾਰ ਨੂੰ ਭੁਗਤਣਾ ਪੈ ਰਿਹਾ ਹੈ ਤੇ ਭਵਿੱਖ ਵਿੱਚ ਭੁਗਤਣਾ ਪੈਂਦਾ ਰਹੇਗਾ। ਜੇਕਰ ਪ੍ਰਕਾਸ਼ ਸਿੰਘ ਬਾਦਲ 2015 ਦੇ ਸਰਬੱਤ ਖਾਲਸੇ ਨੂੰ ਮਨਜੂਰ ਕਰ ਲੈਦੇ ਤਾਂ ਹੋ ਸਕਦਾ ਹੈ ਕਿ ਉਹਨਾਂ ਦੇ ਪਰਿਵਾਰ ਦੀ ਐਨੀ ਦੁਰਗਤੀ ਨਾ ਹੁੰਦੀ ਜਿੰਨੀ ਹੁਣ ਹੋ ਰਹੀ ਹੈ।ਇਹਦੇ ਵਿੱਚ ਕੋਈ ਸ਼ੱਕ ਨਹੀ ਕਿ ਸ੍ਰ ਬਾਦਲ ਬੜੇ ਲੰਮੇ ਸਮੇ ਤੋ ਸਿੱਖੀ ਦੀਆਂ ਜੜਾਂ ਨੂੰ ਤੇਲ ਦਿੰਦਾ ਆ ਰਿਹਾ ਹੈ ਅਤੇ ਇਹਦੇ ਵਿੱਚ ਵੀ ਕਿਸੇ ਨੂੰ ਕੋਈ ਭੁਲੇਖਾ ਨਹੀ ਕਿ ਬਾਦਲ ਪਰਿਵਾਰ ਨੇ ਸੱਤਾ ਦੇ ਲਾਲਚ ਵਿੱਚ ਆਰ ਐਸ ਐਸ ਕੋਲ ਆਪਣੀ ਵਫਾਦਾਰੀ ਦੀ ਸਹੁੰ ਖਾਧੀ ਤੇ ਸਿੱਖੀ ਸਿਧਾਤਾਂ ਦਾ ਘਾਣ ਕਰਨ ਦਾ ਪ੍ਰਣ ਲਿਆ।ਆਰ ਐਸ ਐਸ ਦਾ ਥਾਪੜਾ ਹੀ ਹੈ ਜੋ ਬਾਦਲ ਪਰਿਵਾਰ ਦੀ ਸੱਤਾ ਨੂੰ ਬਰਕਰਾਰ ਰੱਖਦਾ ਹੈ ਤੇ ਉਸੇ ਸੱਤਾ ਅਤੇ ਦਿੱਲੀ ਨਾਗਪੁਰ ਦੇ ਥਾਪੜੇ ਦੇ ਨਸ਼ੇ ਕਰਕੇ ਬਾਦਲ ਪਿਉ ਪੁਤਰ ਨੇ 2015 ਦੇ ਬਹੁਤ ਵੱਡੇ ਲੋਕ ਫਤਵੇ ਨੂੰ ਹੀ ਨਹੀ ਨਕਾਰਿਆ ਬਲਕਿ ਉਹਨਾਂ ਨੇ ਇੱਕ ਵਾਰ ਫਿਰ ਪੁਰਾਤਨ ਸਿੱਖ ਪਰੰਪਰਾ ਨੂੰ ਤੋੜਨ ਦਾ ਵੱਡਾ ਗੁਨਾਹ ਕੀਤਾ ਹੈ।ਗੱਲ ਇੱਥੇ ਹੀ ਖਤਮ ਨਹੀ ਹੋਈ,ਬਾਦਲ ਸਰਕਾਰ ਨੇ ਆਪਣੀ ਕੌਂਮ ਨਾਲ ਸਿੱਧੀ ਟੱਕਰ ਲੈਣੀ ਸ਼ੁਰੂ ਕਰ ਦਿੱਤੀ ਤੇ ਸਰਬਤ ਖਾਲਸਾ ਬਲਾਉਣ ਵਾਲੀਆਂ ਧਿਰਾਂ ਅਤੇ ਥਾਪੇ ਗਏ ਜਥੇਦਾਰਾਂ ਤੇ ਦੇਸ਼ ਧਰੋਹ ਦੇ ਪਰਚੇ ਦਰਜ ਕਰਕੇ ਜੇਲਾਂ ਵਿੱਚ ਤੁੰਨ ਦਿੱਤਾ।ਪੰਥਕ ਮਖੌਟੇ ਵਾਲੀ ਸਰਕਾਰ ਦੇ ਸਿੱਖ ਚਿਹਰੇ ਮੁਹਰੇ ਵਾਲੇ ਮੁੱਖ ਮੰਤਰੀ ਅਤੇ ਉੱਪ ਮੁੱਖ ਮੰਤਰੀ ਵੱਲੋਂ ਜੋ ਸਲੂਕ ਆਪਣੀ ਕੌਮ ਦੇ ਸਰਬ ਪਰਮਾਣਤ ਜਥੇਦਾਰਾਂ ਅਤੇ ਪੰਥਕ ਧਿਰਾਂ ਨਾਲ ਕੀਤਾ ਗਿਆ,ਉਹ ਦੁਸ਼ਮਣ ਦੇ ਜਬਰ ਤੋ ਜਿਆਦਾ ਕਹਿਰ ਭਰਿਆ ਅਤੇ ਅਸਹਿ ਸੀ।ਭਾਰਤ ਸਰਕਾਰ ਜਿਹੜੀ ਦੇਸ਼ ਦੀ ਅਜਾਦੀ ਵੇਲੇ ਤੋ ਹੀ ਸਿੱਖ ਕੌਮ ਦੀ ਦੁਸ਼ਮਣ ਬਣਕੇ ਵਿਚਰ ਰਹੀ ਹੈ ਤੇ ਜਿਸਨੇ ਸਿੱਖਾਂ ਨਾਲ ਵਿਸਵਾਸ਼ਘਾਤ ਕਰਕੇ ਉਹਨਾਂ ਨੂੰ ਅਜਾਦ ਭਾਰਤ ਵਿੱਚ ਮੁੜ ਤੋ ਗੁਲਾਮ ਬਣਾ ਲਿਆ ਹੋਇਆ ਹੈ,ਉਹਨਾਂ ਵੱਲੋਂ ਸਿੱਖਾਂ ਤੇ ਦੇਸ਼ ਧਰੋਹ ਦੇ ਪਰਚੇ ਦਰਜ ਕਰਨ ਦੀ ਸਮਝ ਤਾਂ ਪੈਂਦੀ ਹੈ ਤੇ ਸਿੱਖ ਉਹਨਾਂ ਦੇ ਜੁਲਮਾਂ ਨੂੰ ਇਸ ਕਰਕੇ ਅਸਹਿ ਨਹੀ ਮੰਨਦੇ,ਕਿਉਕਿ ਉਹ ਤਾਂ ਸਿੱਖ ਦੁਸ਼ਮਣ ਜਮਾਤ ਹੈ,ਫਿਰ ਦੁਸ਼ਮਣ ਤੋ ਚੰਗੇ ਸਲੂਕ ਦੀ ਆਸ ਕਰਨੀ ਸਮਝਦਾਰੀ ਨਹੀ ਅਤੇ ਨਾ ਹੀ ਸਿੱਖ ਕੌਂਮ ਇਹ ਆਸ ਕੇਂਦਰ ਤੋ ਕਰਦੀ ਹੈ,ਪਰ ਇੱਕ ਸਿੱਖ ਸਾਸਕ ਜਿਹੜਾ ਸਾਰੀ ਜਿੰਦਗੀ ਪੰਥ ਦੇ ਨਾਮ ਤੇ ਰਾਜਨੀਤੀ ਕਰਦਾ ਰਿਹਾ ਹੋਵੇ,ਉਹਦੇ ਤੋ ਅਜਿਹੇ ਜਖਮ ਮਿਲਣੇ ਅਣਖ ਗੈਰਤ ਵਾਲੀਆਂ ਕੌਂਮਾਂ ਲਈ ਅਸਹਿ ਹੀ ਹੁੰਦੇ ਹਨ।ਪ੍ਰਕਾਸ਼ ਸਿੰਘ ਬਾਦਲ ਨੇ ਜਿੰਨਾ ਕੌਂਮ ਦਾ ਰਾਜਨੀਤਕ,ਧਾਰਮਿਕ ਅਤੇ ਸਿਧਾਂਤਕ ਨੁਕਸਾਨ ਕੀਤਾ ਹੈ,ਉਹਦੇ ਲਈ ਇਸ ਪਰਿਵਾਰ ਦੀ ਸਜ਼ਾ ਕਈ ਪੁਸਤਾਂ ਤੱਕ ਚੱਲਣ ਵਾਲੀ ਹੈ ਤੇ ਚਲਦੀ ਰਹੇਗੀ। ਜਦੋ ਵੀ ਸਿੱਖੀ ਸਿਧਾਤਾਂ ਨੂੰ ਲੱਗੀ ਢਾਹ ਦੀ ਗੱਲ ਚੱਲੇਗੀ ਤਾਂ ਬਾਦਲ ਪਰਿਵਾਰ ਦਾ ਨਾਮ ਬੋਲੇਗਾ,ਜਦੋ ਵੀ ਸਿੱਖ ਇਤਿਹਾਸ ਨਾਲ ਹੋਏ ਖਿਲਵਾੜ ਦੀ ਗੱਲ ਚੱਲੇਗੀ ਤਾਂ ਬਾਦਲ ਪਰਿਵਾਰ ਦਾ ਨਾਮ ਸਭ ਤੋ ਪਹਿਲਾਂ ਬੋਲੇਗਾ,ਜਦੋ ਵੀ ਸਾਡੇ ਸ਼ਾਨਾਮੱਤੇ ਇਤਿਹਾਸਿਕ ਦਿਹਾੜਿਆਂ,ਸ਼ਹੀਦੀ ਦਿਹਾੜਿਆਂ ਅਤੇ ਗੁਰੂ ਸਹਿਬਾਨਾਂ ਦੇ ਜਨਮ ਦਿਹਾੜਿਆਂ ਦੇ ਆਪਸ ਵਿੱਚ ਰਲਗੱਡ ਹੋਣ ਦੀ ਗੱਲ ਚੱਲੇਗੀ ਤਾਂ ਬਾਦਲ ਪਰਿਵਾਰ ਵੱਲ ਨਫਰਤ ਭਰੀਆਂ ਨਜਰਾਂ ਅਤੇ ਉਂਗਲਾਂ ਉੱਠਣਗੀਆਂ।ਸਾਇਦ ਇਸ ਪਰਿਵਾਰ ਨੂੰ ਲੰਮੇ ਸੱਤਾ ਸੁੱਖ ਅਤੇ ਇਨਾਮੀ ਜਾਇਦਾਦ ਦੇ ਨਸ਼ੇ ਨੇ ਅਪਣੀਆਂ ਆਉਣ ਵਾਲੀਆਂ ਨਸਲਾਂ ਦੇ ਮਾਣ ਸਨਮਾਨ ਦੀ ਯਾਦ ਹੀ ਨਹੀ ਆਉਣ ਦਿੱਤੀ।ਸ੍ਰ ਪ੍ਰਕਾਸ਼ ਸਿੰਘ ਬਾਦਲ ਜਿਹੜਾ ਐਨਾ ਵੱਡਾ ਘਾਗ ਸਿਆਸਤਦਾਨ ਦੇ ਤੌਰ ਤੇ ਜਾਣਿਆ ਜਾਂਦਾ ਹੋਵੇ ਜਿਹੜਾ ਆਪਣੇ ਨਿਕਟਵਰਤੀ ਸਿਆਸੀ ਵਿਰੋਧੀਆਂ ਦਾ ਸਿਆਸੀ ਕਾਤਲ ਹੋਣ ਦੇ ਬਾਵਜੂਦ ਵੀ ਭੋਲਾ ਭਾਲਾ ਤੇ ਸਰੀਫ ਸਿਆਸਤਦਾਨ ਹੋਣ ਦੀ ਤਖਤੀ ਲਾਕੇ ਜਿੰਦਗੀ ਭਰ ਪੰਥਕ ਰਾਜਨੀਤੀ ਤੇ ਛਾਇਆ ਰਿਹਾ ਹੋਵੇ,ਉਹ ਆਪਣੇ ਜਿੰਦਗੀ ਦੇ ਅੰਤਲੇ ਸਮੇ ਵਿੱਚ ਆਕੇ ਮਾਰ ਇਸ ਲਈ ਖਾ ਗਿਆ,ਕਿਉਂਕਿ ਉਹਨੇ ਆਪਣੀ ਕੌਂਮ ਨੂੰ ਖਤਮ ਕਰਨ ਵਾਲੀਆਂ ਕਿੰਨੀਆਂ ਹੀ ਸਾਜਿਸ਼ਾਂ ਵਿੱਚ ਭਾਗੀਦਾਰ ਰਹਿਣ,ਸਿੱਖੀ ਸਧਾਤਾਂ ਨੂੰ ਢਾਹ ਲਾਉਣ ਅਤੇ ਇਤਿਹਾਸ ਦਾ ਮਲੀਆਮੇਟ ਕਰਨ ਦੇ ਬਜ਼ਰ ਗੁਨਾਹਾਂ ਤੋਂ ਬਾਅਦ ਜਿਹੜਾ ਆਪਣੇ ਕੱਫਣ ਵਿੱਚ ਕਿੱਲ ਗੱਡਣ ਦੀ ਗਲਤੀ ਕਰ ਬੈਠਾ,ਉਹ ਇਹ ਹੈ ਕਿ ਉਹਨੇ ਆਪਣੇ ਦੁਨਿਆਵੀ ਆਕਾਵਾਂ ਨੂੰ ਖੁਸ਼ ਕਰਨ ਲਈ ਆਪਣੇ ਗੁਰੂ ਨਾਲ ਹੀ ਬੈਰ ਬੰਨ ਲਿਆ।ਜਾਗਤ ਜੋਤ ਸਬਦ ਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹੋਈ ਬੇਅਦਬੀ ਨੂੰ ਵੀ ਆਪਣੀ ਸਿਆਸੀ ਚਾਲ ਵਿੱਚ ਸ਼ਾਮਲ ਕਰ ਬੈਠਾ। ਉਹ ਸਮਰੱਥ ਗੁਰੂ ਜਿਹੜਾ ਪੂਰੀ ਦੁਨੀਆਂ ਦਾ ਰਾਹ ਦਿਸੇਰਾ ਹੈ,ਤੇ ਜਿਸ ਦੇ ਦਰ ਤੋ ਖਾਲੀ ਝੋਲੀਆਂ ਭਰਕੇ ਜਾਂਦੀਆਂ ਹਨ ਤੇ ਮਲੰਗ ਸ਼ਾਹ ਬਣ ਜਾਂਦੇ ਹਨ,ਉਸ ਗੁਰੂ ਦੀ ਬੇਅਦਬੀ ਚੋ ਭਵਿੱਖ ਲਈ ਰਾਜ ਸੱਤਾ ਲੱਭਣੀ ਭਲਾ ਕਿਵੇਂ ਵਾਜਵ ਹੋ ਸਕਦੀ ਹੈ।ਮੇਰੀ ਇਹ ਗੱਲ ਨੂੰ ਨਾਸਤਕ ਲੋਕ ਮੰਨਣ ਜਾਂ ਨਾ ਮੰਨਣ,ਪਰ ਮੇਰਾ ਇਹ ਦ੍ਰਿੜ ਵਿਸ਼ਵਾਸ਼ ਹੈ ਕਿ ਬਾਦਲ ਪਰਿਵਾਰ ਅਤੇ ਉਹਨਾਂ ਦੇ ਨਜਦੀਕੀਆਂ ਦੀ ਜੋ ਦੁਰਗਤੀ ਹੋ ਰਹੀ ਹੈ,ਇਹ ਸਭ ਗੁਰੂ ਦੇ ਭਾਣੇ ਅਨੁਸਾਰ ਹੀ ਹੋ ਰਿਹਾ ਹੈ।ਸਰਬਤ ਖਾਲਸਾ ਵੱਲੋਂ ਥਾਪੇ ਗਏ ਜਥੇਦਾਰਾਂ ਨੂੰ ਨਜਰਅੰਦਾਜ ਕਰਕੇ ਤਖਤਾਂ ਤੇ ਕਾਬਜ ਜਥੇਦਾਰਾਂ ਨੇ ਪੰਥ ਨਾਲੋਂ ਬਾਦਲ ਪਰਿਵਾਰ ਨੂੰ ਵੱਡਾ ਸਮਝਿਆ ਤੇ ਜਥੇਦਾਰੀਆਂ ਨਾਲ ਚਿੰਬੜੇ ਰਹੇ,ਲਿਹਾਜਾ ਜਥੇਦਾਰ ਅਤੇ ਬਾਦਲਕੇ ਲੋਕ ਮਨਾਂ ਚੋ ਲਹਿ ਗਏ ਤੇ ਚੋਣਾਂ ਮੌਕੇ ਰਾਜ ਸੱਤਾ ਤੋ ਵੀ ਲਹਿ ਗਏ।ਹੁਣ ਇੱਕ ਪਾਸੇ ਜੂਨ 2018  ਤੋ ਬੇਅਦਬੀਆਂ ਦੇ ਇਨਸਾਫ ਦਾ ਮੋਰਚਾ ਲੱਗਾ ਹੋਇਆ ਹੈ,ਜਿਸਨੂੰ ਪੰਥ ਦਾ ਪੂਰਨ ਸਹਿਯੋਗ ਮਿਲ ਰਿਹਾ ਹੈ।ਇਸ ਦੌਰਾਨ ਹੀ ਬਾਦਲ ਕਿਆਂ ਨੇ ਇੱਕ ਨਵਾਂ ਪੱਤਾ ਖੇਡਿਆ ਹੈ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਹਟਾ ਕੇ ਨਵਾਂ ਜਥੇਦਾਰ ਨਿਯੁਕਤ ਕਰਨ ਦਾ।ਜਦੋ ਇੱਕ ਪਾਸੇ ਕੌਂਮ ਪੂਰਨ ਰੂਪ ਵਿੱਚ ਸਰਬੱਤ ਖਾਲਸਾ ਵੱਲੋਂ ਥਾਪੇ ਗਏ ਜਥੇਦਾਰਾਂ ਭਾਈ ਜਗਤਾਰ ਸਿੰਘ ਹਵਾਰਾ ਅਤੇ ਉਹਨਾਂ ਦੀ ਗੈਰ ਹਾਜਰੀ ਵਿੱਚ ਜਥੇਦਾਰ ਭਾਈ ਧਿਆਨ ਸਿੰਘ ਮੰਡ ਨੂੰ ਜਥੇਦਾਰ ਸਵੀਕਾਰ ਚੱੁਕੀ ਹੈ,ਜਿਹੜੇ ਮੋਰਚੇ ਦੀ ਅਗਵਾਈ ਵੀ ਕਰ ਰਹੇ ਹਨ,ਅਜਿਹੇ ਸਮੇ ਤੇ ਬਾਦਲਕਿਆਂ ਦੀ ਜਥੇਦਾਰੀ ਸਵੀਕਾਰ ਕਰਨਾ ਸਿਆਣਪ ਨਹੀ ਹੈ। ਬੇਸ਼ੱਕ ਪਹਿਲਾਂ ਵੀ ਬਾਦਲਕਿਆਂ ਵੱਲੋਂ ਭਾਈ ਹਰਪ੍ਰੀਤ ਸਿੰਘ ਨੂੰ ਤਖਤ ਸ੍ਰੀ ਦਮਦਮਾ ਸਾਹਿਬ ਦਾ ਜਥੇਦਾਰ  ਥਾਪਿਆ ਹੋਇਆ ਹੈ,ਪੰਥ ਨੇ ਕੋਈ ਬਹੁਤਾ ਨੋਟਿਸ ਵੀ ਨਹੀ ਸੀ ਲਿਆ ਪਰੰਤੂ ਹੁਣ ਜਦੋ ਸਮੁੱਚਾ ਖਾਲਸਾ ਪੰਥ ਇੱਕ ਵਾਰ ਫਿਰ ਇੱਕ ਕੇਸਰੀ ਝੰਡੇ ਹੇਠ ਇਕੱਠਾ ਹੋ ਰਿਹਾ ਹੈ ਤੇ ਜਥੇਦਾਰ ਭਾਈ ਹਵਾਰਾ ਨੂੰ ਹੀ ਮੰਨਦਾ ਹੈ,ਉਹਨਾਂ ਦੀ ਗੈਰ ਹਾਜਰੀ ਵਿੱਚ ਜਥੇਦਾਰ ਦੀਆਂ ਸੇਵਾਵਾਂ ਨਿਭਾ ਰਹੇ ਭਾਈ ਧਿਆਨ ਸਿੰਘ ਮੰਡ ਨੂੰ ਬਤੌਰ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਪੂਰਨ ਸਹਿਯੋਗ ਵੀ ਦੇ ਰਿਹਾ ਹੈ ਤਾਂ ਬਾਦਲਕਿਆਂ ਵੱਲੋਂ ਕੀਤੀ ਸ੍ਰੀ ਅਕਾਲ ਤਖਤ ਸਾਹਿਬ ਦੀ ਜਥੇਦਾਰੀ ਦੀ ਪੇਸਕਸ ਨੂੰ ਸਵੀਕਾਰ ਕਰਕੇ ਭਾਈ ਹਰਪ੍ਰੀਤ ਸਿੰਘ ਨੇ ਇਤਿਹਾਸਿਕ ਗਲਤੀ ਕੀਤੀ ਹੈ ਜਿਹੜੀ ਉਹਨਾਂ ਨੂੰ ਪੰਥ ਤੋ ਅਲੱਗ ਬਲੱਗ ਕਰ ਦੇਵੇਗੀ।ਇਹ ਸੱਚ ਹੈ ਕਿ ਬਹੁ ਗਿਣਤੀ ਲੋਕ ਕੋਈ ਰੁਤਬਾ ਮਿਲਦੇ ਹੀ ਸਾਰਾ ਕੁੱਝ ਭੁੱਲ ਜਾਂਦੇ ਹਨ।ਸੋ ਦੇਖਣਾ ਹੋਵੇਗਾ ਕਿ ਭਾਈ ਹਰਪ੍ਰੀਤ ਸਿੰਘ ਪੰਥਕ ਭਾਵਨਾਵਾਂ ਦੀ ਕਿੰਨੀ ਕੁ ਕਦਰ ਕਰਦੇ ਹਨ।

ਬਘੇਲ ਸਿੰਘ ਧਾਲੀਵਾਲ
99142-58142

29 Oct. 2018

ਸ਼ਾਹ ਮੁਹੰਮਦਾ ਗੱਲ ਤਾਂ ਓਹੀ ਹੋਸੀ, ਜੋ ਕਰੇਗਾ ਖਾਲਸਾ ਪੰਥ ਮੀਆ - ਬਘੇਲ ਸਿੰਘ ਧਾਲੀਵਾਲ

ਜੰਗ ਪੰਥ ਪੰਜਾਬ ਦੀ ਫਿਰ ਹੋਸੀ
ਲੰਬੀ,ਪਟਿਆਲਾ ਬਨਾਮ ਬਰਗਾੜੀ ਮੋਰਚਾ

ਸ਼ੇਰ ਏ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਹਲੇਮੀ ਖਾਲਸਾ ਰਾਜ ਦੀ ਮੁਅਤਲੀ ਦੇ ਹਾਲਾਤ ਬਣਨ ਤੱਕ ਖਾਲਸਾ ਜੀਅ ਜਾਨ ਨਾਲ ਅੰਗਰੇਜਾਂ ਖਿਲਾਫ ਲਹੂ ਡੋਲਵੀਂ ਲੜਾਈ ਲੜਦਾ ਰਿਹਾ, ਪਰ ਗਦਾਰਾਂ ਨੇ ਅਣਖੀ ਖਾਲਸੇ ਦੀ ਪੇਸ ਨਾ ਜਾਣ ਦਿੱਤੀ।ਅਖੀਰ 1849 ਵਿੱਚ ਵਿਸ਼ਾਲ ਖਾਲਸਾ ਰਾਜ ਦਾ ਦੀਵਾ ਹਮੇਸਾਂ ਲਈ ਗੁੱਲ ਹੋ ਗਿਆ। ਸਿੱਖ ਰਾਜ ਦੇ ਆਖਰੀ ਬਾਦਸਾਹ ਬਾਲ ਦਲੀਪ ਸਿੰਘ ਨੂੰ ਓਹਦੀ ਮਾਂ ਤੋ ਵੱਖ ਕਰਕੇ ਇੰਗਲੈਡ ਭੇਜ ਦਿੱਤਾ, ਜਿੱਥੇ ਇਸਾਈ ਧਰਮ ਦੀ ਸਿੱਖਿਆ ਨਾਲ ਉਹਨਾਂ ਨੂੰ ਪਾਲਿਆ ਪਲੋਸਿਆ ਗਿਆ,ਪ੍ਰੰਤੂ ਇਸਦੇ ਬਾਵਜੂਦ ਵੀ ਮਹਾਰਾਜਾ ਦਲੀਪ ਸਿੰਘ ਦੀਆਂ ਰਗਾਂ ਵਿੱਚ ਦੌੜਦਾ ਮਹਾਰਾਜੇ ਰਣਜੀਤ ਸਿੰਘ ਦਾ ਖਾਲਸਾਈ ਖੂੰਨ ਦਲੀਪ ਸਿੰਘ ਨੂੰ ਸਾਰੀਆਂ ਸੁਖ ਸਹੂਲਤਾਂ ਦੇ ਹੁੰਦਿਆਂ ਵੀ ਪਰੇਸਾਨ ਕਰਦਾ।ਉਹਨੂੰ ਇਸ ਗੁਲਾਮੀ ਦੇ ਸਵੱਰਗ ਦੀਆਂ ਸੁਨਹਿਰੀ ਵਲਗਣਾਂ ਤੋੜ ਕੇ ਆਪਣਾ ਰਾਜ ਭਾਗ ਪਰਾਪਤ ਕਰਨ ਲਈ ਹਥਿਆਰ ਚੁੱਕਕੇ ਲੜਨ ਲਈ ਉਕਸਾਉਂਦਾ ਰਹਿੰਦਾ।ਅਖੀਰ ਮਹਾਰਾਜੇ ਨੇ ਆਪਣਾ ਰਾਜ ਭਾਗ ਵਾਪਸ ਲੈਣ ਲਈ ਪੰਜਾਬ ਜਾਕੇ ਖਾਲਸਾ ਪੰਥ ਦੀ ਅਗਵਾਈ ਕਰਕੇ ਰਾਜ ਵਾਪਸ ਲੈਣ ਦੇ ਦ੍ਰਿੜ ਇਰਾਦੇ ਨਾਲ ਇੰਗਲੈਡ ਛੱਡ ਦਿੱਤਾ,ਪਰ ਅਫਸੋਸ ਕਿ ਉਦੋਂ ਤੱਕ ਬਹੁਤ ਤਾਕਤਬਰ ਹੋ ਚੁੱਕੇ ਬਰਤਾਨਵੀ ਸਾਮਰਾਜ ਨੇ ਦਲੀਪ ਸਿੰਘ ਦੀ ਪੇਸ ਨਾ ਜਾਣ ਦਿੱਤੀ ਤੇ ਉਹ ਅਪਣੇ ਮਨ ਅੰਦਰ ਖਾਲਸਾ ਰਾਜ ਦੀ ਪਰਾਪਤੀ ਦੀ ਅਧੂਰੀ ਰੀਝ ਲੈ ਕੇ ਇਸ ਸੰਸਾਰ ਤੋ ਕੂਚ ਕਰ ਗਏ। ਮਹਾਰਾਜਾ ਦਲੀਪ ਸਿੰਘ ਦੀ ਮੌਤ ਦੇ ਨਾਲ ਖਾਲਸਾ ਪੰਥ ਅੰਦਰ ਆਪਣੇ ਰਾਜ ਭਾਗ ਪਰਾਪਤੀ ਦੀ ਬਚਦੀ ਆਸ ਵੀ ਖਤਮ ਹੋ ਗਈ।ਮਹਾਰਾਜਾ ਦਲੀਪ ਸਿੰਘ ਦੀ ਮੌਤ ਤੋ ਬਾਅਦ ਜਿੱਥੇ ਖਾਲਸਾ ਰਾਜ ਦੀ ਪਰਾਪਤੀ ਦੀ ਆਸ ਖਤਮ ਹੋ ਗਈ,ਓਥੇ ਹੌਲੀ ਹੌਲੀ ਉਹ ਪੀੜੀ ਵੀ ਖਤਮ ਹੋ ਗਈ ਜਿੰਨਾਂ ਨੇ ਖਾਲਸਾ ਰਾਜ ਦਾ ਨਿੱਘ ਮਾਣਿਆ ਸੀ। ਉਹਨਾਂ ਦੇ ਖੂੰਨ ਚੋ ਪੈਦਾ ਹੋਈ ਅਗਲੀ ਪੀੜੀ ਚ ਲੜਨ ਦੀ ਭਾਵਨਾ ਤਾਂ ਭਾਂਵੇਂ ਆਪਣੇ ਵਡੇਰਿਆਂ ਜਿੰਨੀ ਹੀ ਰਹੀ, ਪਰ ਉਹਨਾਂ ਨੇ ਅਪਣੇ ਰਾਜ ਦੀ ਪਰਾਪਤੀ ਦੀ ਤਾਂਘ ਨੂੰ ਪਤਾ ਨਹੀ ਕਿਉਂ ਅਪਣੇ ਦਿਲ ਵਿੱਚੋਂ ਕੱਢ ਦਿੱਤਾ ਤੇ ਉਹ ਅਪਣੇ ਰਾਜਭਾਗ ਨੂੰ ਭੁੱਲਕੇ ਭਾਰਤ ਦੇਸ਼ ਦੀ ਅਜਾਦੀ ਲਈ ਲੜਨ ਵਾਲਿਆਂ ਵਿੱਚ ਮੋਹਰੀ ਹੋ ਗਏ।ਸੋ ਖੈਰ ਉਸ ਤੋ ਅੱਗੇ ਦਾ ਪਰਸੰਗ ਬਹੁਤ ਵਾਰ ਦੁਹਰਾਇਆ ਜਾ ਚੱੁਕਾ ਹੈ,ਕਿ ਕਿਸਤਰਾਂ ਸਿੱਖਾਂ ਦੇ ਆਗੂ ਦਿੱਲੀ ਦੇ ਗੁਲਾਮ ਬਣ ਗਏ ਤੇ ਆਪਣੀ ਕੌਮ ਦੇ ਦੁਸ਼ਮਣ।ਇਹ ਸਿੱਖਾਂ ਦੀ ਸਿਰਦਾਰੀ ਦੀ ਕੀਮਤ ਹੀ ਸਮਝੀ ਜਾਵੇਗੀ ਕਿ ਕਿ ਸਿੱਖ ਮੁੱਢੋਂ ਹੀ ਹਕੂਮਤੀ ਜਬਰ ਜੁਲਮ ਝੱਲਦੇ ਆ ਰਹੇ ਹਨ।ਸਮੇ ਨੇ ਸਿੱਖਾਂ ਨੂੰ ਬਹੁਤ ਗਹਿਰੇ ਜਖਮ ਦਿੱਤੇ ਹਨ।ਅਠਾਰਵੀਂ ਸਦੀ ਵਿੱਚ ਮੁਗਲਾਂ ਨੇ ਸਿੱਖਾਂ ਨੂੰ ਖਤਮ ਕਰਨ ਲਈ ਸਿਰਾਂ ਦੇ ਮੁੱਲ ਪਾਏ ਤੇ ਉੱਨੀਵੀਂ ਸਦੀ ਦੇ ਪਹਿਲੇ ਪੰਜਾਹ ਸਾਲ ਖਾਲਸਾ ਰਾਜ ਵਾਲੇ ਸੁਖ ਦੇ ਬੀਤੇ ਤੇ ਪਿਛਲੇ ਅੱਧ ਤੋ ਵੀਹਵੀਂ ਸਦੀ ਦੇ ਪਹਿਲੇ ਅੱਧ ਤੱਕ ਅੰਗਰੇਜ ਹਕੂਮਤ ਨਾਲ ਲੜਦਿਆਂ ,ਫਾਸੀਆਂ ਅਤੇ ਕਾਲੇ ਪਾਣੀਆਂ ਦੀਆਂ ਸਜ਼ਾਵਾਂ ਝਲਦਿਆਂ ਬੀਤੇ।ਵੀਹਵੀਂ ਸਦੀ ਦੇ ਪਿਛਲੇ ਪੰਜਾਹ ਸਾਲ ਅਜਾਦ ਭਾਰਤ ਦੀ ਹਿੰਦੂ ਹਕੂਮਤ ਦੇ ਅਜਿਹੇ ਜੁਲਮ ਝਲਦਿਆਂ ਗੁਜਰੇ ਜਿੰਨਾਂ ਨੂੰ ਸਿੱਖ ਰਹਿੰਦੀ ਦੁਨੀਆਂ ਤੱਕ ਨਹੀ ਭੁੱਲ ਸਕਣਗੇ।ਇੱਕੀਵੀਂ ਸਦੀ ਦੇ 18 ਸਾਲ ਸਿੱਖਾਂ ਦੇ ਆਪਣੇ ਆਗੂਆਂ ਦੀਆਂ ਗਦਾਰੀਆਂ ਅਤੇ ਚੌਧਰ ਭੁੱਖ ਕਾਰਨ ਕੌਂਮੀ ਹਿੱਤ ਵੇਚਣ ਵਾਲਿਆਂ ਦੀ ਸਨਾਖਤ ਕਰਦਿਆਂ ਅਤੇ ਦਿੱਲੀ ਦੀ ਸਹਿ ਤੇ ਅਪਣਿਆਂ ਹੱਥੋਂ ਜੁਲਮ ਝਲਦਿਆਂ ਇਹ ਨਿਤਾਰਾ ਕਰਨ ਵਿੱਚ ਬੀਤ ਗਏ ਕਿ ਅਕਸਰ ਅਸਲ ਖਾਲਸਾ ਪੰਥ ਕਿਹੜਾ ਹੈ। ਸਿੱਖ ਕੌਮ ਇਸ ਝਮੇਲੇ ਵਿੱਚ ਉਲਝੀ ਸੋਚਣ ਲਈ ਮਜਬੂਰ ਹੋ ਗਈ ਕਿ ਦਿੱਲੀ ਦੀ ਗੁਲਾਮੀ ਕਬੂਲਕੇ ਅਪਣੀ ਕੌਂਮ ਦੀ ਨਸਲਕੁਸ਼ੀ ਕਰਵਾਉਣ ਵਾਲਾ ਅਸਲ ਪੰਥ ਹੈ ਜਾਂ ਉਹਨਾਂ ਦਾ ਵਿਰੋਧ ਕਰਕੇ ਕੌਂਮ ਨੂੰ ਜਗਾਉਣ ਵਾਲੇ ਨਿੱਕੇ ਨਿੱਕੇ ਧੜਿਆਂ ਵਿੱਚ ਬਹੁਤ ਥਾਈ ਵੰਡਿਆਂ ਹੋਇਆਂ ਦਾ ਅਸਲ ਖਾਲਸਾ ਪੰਥ ਹੈ।ਹੁਣ ਜਦੋ ਇਹ ਮੁਕੰਮਲ ਨਿਤਾਰੇ ਦਾ ਸਮਾ ਚੱਲ ਰਿਹਾ ਹੈ,ਤਾਂ ਗੁਰੂ ਸਾਹਿਬ ਨੇ ਅਜਿਹਾ ਕੌਤਕ ਵਰਤਾਇਆ ਕਿ ਆਪਣੇ ਉੱਪਰ ਜੁਲਮੀ ਲੋਕਾਂ ਦਾ ਕਹਿਰ ਲੈ ਕੇ ਇਹ ਨਿਤਾਰਾ ਕਰ ਦਿੱਤਾ ਕਿ ਉਹ ਪੰਥ ਨਹੀ, ਜਿਸਨੂੰ ਖਾਲਸਾ ਪੰਥ ਪਿਛਲੇ 45,50 ਸਾਲਾਂ ਤੋਂ ਵੋਟਾਂ ਪਾਕੇ ਅਪਣੀ ਹੋਣੀ ਦੇ ਮਾਲਕ ਬਣਾਉਂਦਾ ਆ ਰਿਹਾ ਹੈ,ਸਗੋ ਉਹ ਤਾਂ ਦਿੱਲੀ ਕੋਲ ਅਪਣੀ ਜ਼ਮੀਰ ਵੇਚ ਦੇਣ ਵਾਲੇ ਕੌਮ ਦੋਖੀ ਹਨ,ਜਿਹੜੇ ਹੁਣ ਗੁਰੂ ਦੀ ਬੇਅਦਬੀ ਦੇ ਦੋਸਾਂ ਵਿੱਚ ਘਿਰੇ ਹੋਏ ਹਨ ਅਤੇ ਕੁੱਝ ਉਹ ਲੋਕ ਹਨ ਜੋ ਮੌਕੇ ਦਾ ਫਾਇਦਾ ਉਠਾਕੇ ਝੂਠੀਆਂ ਕਸਮਾਂ ਦੇ ਸਹਾਰੇ ਹਾਕਮ ਬਣੇ ਹਨ,ਤੇ ਹਨ ਉਹ ਵੀ ਦਿੱਲੀ ਦੇ ਗੁਲਾਮ,ਜਿਹੜੇ ਗੁਰੂ ਦੋਖੀਆਂ ਨੂੰ ਬਚਾਉਣ ਖਾਤਰ ਕੇਂਦਰ ਦੀ ਵਫਾਦਾਰੀ ਪਾਲਣ ਵਿੱਚ ਮਸ਼ਰੂਫ ਗੁਰੂ ਹੋਕੇ ਗੁਰੂ ਤੋ ਬੇਮੁੱਖ ਹੋਣ ਦਾ ਬਜ਼ਰ ਗੁਨਾਹ ਕਰ ਰਹੇ ਹਨ।ਅਜਿਹੀਆਂ ਘੁੰਮਣਘੇਰੀਆਂ ਵਿੱਚ ਪਿਆ ਖਾਲਸਾ ਪੰਥ ਆਪਣੇ ਗੁਰੂ ਦੀ ਪਤ ਰੋਲਣ ਵਾਲਿਆਂ ਨੂੰ ਸਜ਼ਾ ਦੀ ਮੰਗ ਕਰਦਾ ਅਖੀਰ ਬਰਗਾੜੀ ਵਿੱਚ ਮੋਰਚਾ ਵਿੱਢ ਕੇ ਬੈਠਾ ਹੈ। ਇਸ ਗੁਰੂ ਦੇ ਮੋਰਚੇ ਦੀ ਪਰਾਪਤੀ ਇਹ ਹੈ ਕਿ ਅਗਵਾਈ ਕਰਨ ਵਾਲਿਆਂ ਨੂੰ ਸਿੱਖਾਂ ਨੇ ਹੁਣ ਬੜੇ ਲੰਮੇ ਸਮੇ ਬਾਅਦ ਪੰਥਕ ਸਵੀਕਾਰ ਕਰ ਲਿਆ ਹੈ। ਹੁਣ ਕੌਂਮ ਨਿਖੇੜਾ ਕਰਨ ਦੇ ਰੌਅ ਵਿੱਚ ਹੈ, ਉਧਰ ਕੁਦਰਤ ਆਪ ਹੀ ਅਜਿਹੇ ਕੌਤਕ ਰਚਾ ਰਹੀ ਹੈ ਕਿ ਅੱਜ ਸੱਤ ਅਕਤੂਬਰ ਨੂੰ ਪੰਥ ਦੇ ਨਾਮ ਤੇ ਤਿੰਨ ਪਾਸੇ ਇਕੱਠ ਹੋ ਰਿਹਾ ਹੈ। ਇੱਕ ਪਾਸੇ ਉਹ ਲੋਕ ਹਨ ਜੋ ਲੰਮੇ ਸਮੇ ਤੋਂ ਸਿੱਖ ਸਿਆਸਤ ਤੇ ਹਾਵੀ ਹਨ, ਤੇ ਪੰਜ ਵਾਰ ਸਿੱਖਾਂ ਦੀਆਂ ਲਾਸ਼ਾਂ ਤੇ ਪੈਰ ਧਰਕੇ ਪੰਜਾਬ ਦੀ ਸੂਬੇਦਾਰੀ ਹੰਢਾਂ ਚੁੱਕੇ ਹਨ,ਉਹਨਾਂ ਤੇ ਜਿੱਥੇ ਜੂਨ 1984ਦੇ ਫੌਜੀ ਹਮਲੇ ਚ ਭਾਈਵਾਲੀ ਦੇ ਦੋਸ ਲੱਗਦੇ ਹਨ,ਓਥੇ 1990 ਦੇ ਦੌਰ ਵਿੱਚ ਜਾਲਮ ਪੁਲਿਸ ਮੁਖੀ ਕੇ ਪੀ ਐਸ ਗਿੱਲ ਨਾਲ ਰਾਤਾਂ ਦੀਆਂ ਬੈਠਕਾਂ ਦੀ ਵੀ ਲਿਖਤੀ ਰੂਪ ਚ ਖੂਬ ਚਰਚਾ ਹੈ, ਤੇ ਹਰ ਕਾਰਜਕਾਲ ਵਿੱਚ ਅਪਣੀ ਕੌਂਮ ਤੇ ਜੁਲਮਾਂ  ਦੇ ਦੋਸੀ ਹਨ,ਦੂਜੇ ਪਾਸੇ ਉਹ ਕੈਪਟਨ ਹੈ ਜਿਹੜਾ ਜੂਨ 1984 ਦੇ ਹਮਲੇ ਦੇ ਰੋਸ ਵਜੋ ਅਸਤੀਫਾ ਦੇਕੇ ਪੰਥਕ ਸਫਾਂ ਵਿੱਚ ਰਲ ਗਿਆ ਸੀ,ਵੱਖਰੇ ਸਿੱਖ ਰਾਜ ਦੀ ਮੰਗ ਕਰਨ ਵਾਲੀਆਂ ਧਿਰਾਂ ਦਾ ਭਾਈਵਾਲ ਵੀ ਰਿਹਾ ਹੈ ਤੇ ਹਾਂਮੀ ਵੀ ਰਿਹਾ ਹੈ, ਰਗਾਂ ਵਿੱਚ ਪਟਿਆਲਾਸ਼ਾਹੀ ਲਹੂ ਦੌੜਦਾ ਹੋਣ ਕਰਕੇ ਚੌਧਰ ਦੀ ਭੁੱਖ ਮਨ ਚ ਹਮੇਸਾਂ ਰਹੀ ਹੈ ਤੇ ਅਕਾਲੀ ਦਲ ਤੋਂ ਵੱਖ ਹੋਕੇ ਅਪਣਾ ਵੱਖਰਾ ਅਕਾਲੀ ਦਲ ਪੰਥਕ ਬਣਾ ਕੇ ਆਪਣੀ ਹਾਉਮੈਂ ਨੂੰ ਪੱਠੇ ਵੀ ਪਾ ਲਏ ਸਨ ਤੇ ਆਪਣੇ ਆਪ ਨੂੰ ਪੰਥਕ ਵੀ ਬਣਾ ਲਿਆ।ਅਖੀਰ ਦਾਲ ਨਾ ਗਲਦੀ ਦੇਖ ਮੁੜ ਕਾਂਗਰਸ ਵਿੱਚ ਚਲਾ ਗਿਆ ਤੇ ਸੂਬੇ ਦਾ ਪ੍ਰਧਾਨ ਤੇ ਮੁੱਖ ਮੰਤਰੀ ਬਣਿਆ,ਕੈਪਟਨ ਦਾ ਤਤਕਾਲੀ ਰਾਜ ਭਾਗ ਵਾਲਾ ਕਾਰਜਕਾਲ ਜਿਕਰਯੋਗ ਰਿਹਾ,ਤੇ ਦੂਜੀ ਵਾਰ ਦੀ ਪਾਰੀ ਕੇਂਦਰ ਦੀ ਬਦਨੀਤੀ ਅਤੇ ਆਪਣੀ ਹੈਂਕੜ ਕਾਰਨ ਥੋੜੇ ਜਿਹੇ ਫਰਕ ਨਾਲ ਹਾਰ ਗਿਆ ਸੀ।ਦੂਜੀ ਹੁਣ ਮੌਜੂਦਾ ਸਮੇ ਵਿੱਚ ਬਾਦਲ ਦਲ ਦੇ ਘਿਨਾਉਣੇ ਪਾਪਾਂ ਤੋ ਸਤਾਏ ਲੋਕਾਂ ਨਾਲ ਗੁਟਕਾ ਸਾਹਿਬ ਦੀ ਸਹੁੰ ਖਾਕੇ ਕੀਤੇ ਵਾਅਦਿਆਂ ਜਿੰਨਾਂ ਵਿੱਚ ਜੂਨ 2015 ਵਿੱਚ ਸੁਰੂ ਹੋਈਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਦੇ ਦੋਸੀਆਂ ਨੂੰ ਫੜਕੇ ਸਲਾਖਾਂ ਪਿੱਛੇ ਦੇਣ ਅਤੇ ਦੋ ਸਿੱਖ ਨੌਜਵਾਨਾਂ ਦੇ ਕਾਤਲਾਂ ਨੂੰ ਸਲਾਖਾਂ ਪਿੱਛੇ ਦੇਣ ਅਤੇ ਹੋਰ ਸਮੱਸਿਆਵਾਂ ਦੇ ਫੌਰੀ ਹੱਲ ਦੇ ਲਾਰੇ ਸ਼ਾਮਲ ਹਨ,ਰਾਜਭਾਗ ਤੇ ਕਾਬਜ ਹੋਇਆ, ਪਰ ਕਾਬਜ ਹੁੰਦਿਆਂ ਹੀ ਲੋਕਾਂ ਨਾਲ ਕੀਤੇ ਵਾਅਦਿਆਂ ਤੋ ਪਾਸਾ ਵੱਟ ਲਿਆ,ਜਿਸ ਕਾਰਨ ਸੂਬੇ ਦੇ ਲੋਕ ਨਿਰਾਸ ਹੋਕੇ ਵਿਰੋਧ ਤੇ ਉੱਤਰ ਆਏ। ਓਧਰ ਖਿੰਡੇ ਪੁੰਡੇ ਪੰਥ ਨੇ ਆਪਣੇ ਆਪ ਨੂੰ ਸੰਭਾਲਿਆ ਤੇ ਸਰਵੱਤ ਖਾਲਸਾ ਮੌਕੇ ਸ੍ਰੀ ਅਕਾਲ ਤਖਤ ਸਾਹਿਬ ਦੇ ਥਾਪੇ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਦੀ ਗੈਰ ਮਜੂਦਗੀ ਵਿੱਚ ਕਾਰਜਕਾਰੀ ਜਥੇਦਾਰ ਥਾਪੇ ਗਏ ਜਥੇਦਾਰ ਧਿਆਨ ਸਿੰਘ ਮੰਡ ਨੇ ਇੱਕ ਜੂਨ 2018 ਨੂੰ ਬਰਗਾੜੀ ਦੀ ਦਾਣਾ ਮੰਡੀ ਵਿੱਚ ਹੋਏ ਪੰਥਕ ਇਕੱਠ ਵਿੱਚ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੀ ਹਜੂਰੀ ਵਿੱਚ ਇਹ ਐਲਾਨ ਕਰਕੇ ਮੋਰਚਾ ਵਿੱਢ ਦਿੱਤਾ ਕਿ ਹੁਣ ਜਿੰਨੀ ਦੇਰ ਬਰਗਾੜੀ ਬੇਅਦਬੀ ਕਾਂਡ, ਬਹਿਬਲ, ਕੋਟਕਪੂਰਾ ਗੋਲੀ ਕਾਡ ਅਤੇ ਪੱਚੀ ਪੱਚੀ,ਤੀਹ ਤੀਹ ਸਾਲਾਂ ਤੋ ਜੇਲਾ ਵਿੱਚ ਸੜ ਰਹੇ ਬੰਦੀ ਸਿੱਖਾਂ ਦੀ ਰਿਹਾਈ ਦਾ ਇਨਸਾਫ ਨਹੀ ਮਿਲਦਾ ਮੋਰਚਾ ਜਾਰੀ ਰਹੇਗਾ। ਉਹਨਾਂ ਇਹ ਵੀ ਐਲਾਨ ਕੀਤਾ ਕਿ ਕੌਮ ਨੇ ਮੈਨੂੰ ਜਥੇਦਾਰ ਬਣਾਇਆ ਸੀ ਹੁਣ ਮੈ ਕੌਮੀ ਜਥੇਦਾਰ ਦੇ ਫਰਜ ਨਿਭਾਵਾਂਗਾ,ਜੇਕਰ ਉਪਰੋਕਤ ਮੰਗਾਂ ਦੀ ਪਰਾਪਤੀ ਲਈ ਸ਼ਹਾਦਤ ਦੇਣੀ ਪਈ ਤਾਂ ਸਭ ਤੋ ਪਹਿਲੀ ਸ਼ਹਾਦਤ ਵੀ ਮੇਰੀ ਹੋਵੇਗੀ,ਉਹਨਾਂ ਬਹੁਤ ਦ੍ਰਿੜਤਾ ਨਾਲ ਇਹ ਵੀ ਕਿਹਾ ਸੀ ਕਿ ਹੁਣ ਇਨਸਾਫ ਲੈਣ ਲਈ ਪੰਥ ਚੱਲਕੇ ਸਰਕਾਰ ਕੋਲ ਨਹੀ ਜਾਵੇਗਾ ਤੇ ਹੁਣ ਸਰਕਾਰ ਹੀ ਚੱਲਕੇ ਪੰਥ ਕੋਲ ਬਰਗਾੜੀ ਵਿੱਚ ਆਵੇਗੀ,ਉਹਨਾਂ ਦੀ ਇਸ ਦ੍ਰਿੜਤਾ ਭਰੇ ਬੋਲਾਂ ਨੇ ਖਾਲਸਾ ਪੰਥ ਨੂੰ ਕੀਲ ਲਿਆ।ਉਹ ਹੀ ਮੋਰਚਾ ਹੁਣ ਪੰਜਵੇਂ ਮਹੀਨੇ ਵਿੱਚ ਪੁੱਜ ਚੁੱਕਾ ਹੈ ਪਰ ਜਥੇਦਾਰ ਆਪਣੇ ਕੀਤੇ ਵਾਂਅਦੇ ਤੋ ਰੱਤੀ ਮਾਤਰ ਵੀ ਟੱਸ ਤੋ ਮੱਸ ਨਹੀ ਹੋਇਆ,ਸਰਕਾਰਾਂ ਸੱਚਮੁੱਚ ਇਨਸਾਫ ਦੇਣ ਲਈ ਮਜਬੂਰ  ਹੋਕੇ ਸੋਚਣ ਲੱਗ ਪਈਆਂ,ਝੱਟਪੱਟ ਐਸ ਆਈ ਟੀ ਹਰਕਤ ਵਿੱਚ ਆ ਗਈ,ਤੇ ਜਾਂਚ ਲਈ ਬਣੇ ਕਮਿਸਨ ਦੀ ਰਿਪੋਰਟ ਵੀ ਸਮੇ ਤੋ ਪਹਿਲਾਂ ਆ ਗਈ,ਉਸ ਤੇ ਵਿਧਾਨ ਸਭਾ ਵਿੱਚ ਅੱਠ ਘੰਟੇ ਲਗਾਤਾਰ ਬਹਿਸ ਵੀ ਹੋ ਗਈ ਜਿਸ ਨੂੰ ਲੋਕਾਂ ਨੇ ਸਾਹ ਰੋਕ ਦੇਖਿਆ ਤੇ ਸੁਣਿਆ। ਮੋਰਚੇ ਦੀ ਬਦੌਲਤ ਪਹਿਲੀ ਵਾਰ ਪੰਜਾਬ ਦੀ ਵਿਧਾਨ ਸਭਾ ਖਾਲਸਾਈ ਰਂਗ ਵਿੱਚ ਰੰਗੀ ਪਰਤੀਤ ਹੋਈ।ਪਰ ਕੈਪਟਨ ਵੱਲੋਂ ਸਾਰੇ ਮੰਤਰੀ ਮੰਡਲ, ਵਿਧਾਇਕ ਅਤੇ ਸਮੁੱਚੇ ਵਿਰੋਧੀ ਧਿਰ ਵੱਲੋ ਉਪਰੋਕਤ ਤਿੰਨੇ ਮੰਗਾਂ ਮੰਨਣ ਦਾ ਭਾਰੀ ਦਬਾਵ ਬਨਾਉਂਣ ਦੇ ਬਾਵਜੂਦ ਵੀ ਕੋਈ ਕਾਰਵਾਈ ਨਾ ਕਰਨ ਕਰਕੇ ਉਹਨਾਂ ਦੀ ਸਾਬਕਾ ਸਾਸਕਾਂ ਨਾਲ ਮਿਲੇ ਹੋਣ ਦੀ ਚਰਚਾ ਜੋਰ ਫੜਨ ਲੱਗੀ, ਅਖੀਰ ਕੇਂਦਰ ਤੋ ਮਿਲੀਆਂ ਸਖਤ ਹਦਾਇਤਾਂ ਅੱਗੇ ਗੋਡੇ ਟੇਕਦਿਆਂ ਉਹਨਾਂ ਨੇ ਮੰਤਰੀ ਮੰਡਲ,ਕਾਂਗਰਸੀ ਵਿਧਾਇਕ ਦਲ,ਵਿਰੋਧੀ ਧਿਰ ਅਤੇ ਕਰੋੜਾਂ ਸਿੱਖਾਂ ਦੀਆਂ ਭਾਵਨਾਵਾਂ ਨੂੰ ਦਰਕਿਨਾਰ ਕਰ ਦਿੱਤਾ।ਅੱਜ 7 ਅਕਤੂਬਰ ਨੂੰ ਖਾਲਸਾ ਪੰਥ ਨੇ ਤਿੰਨ ਧਿਰਾਂ ਚੋ ਅਸਲ ਪੰਥ ਕਿਹੜਾ ਹੈ,ਇਸ ਗੱਲ ਦਾ ਨਿਖੇੜਾ ਕਰਨਾ ਹੈ।ਪਟਿਆਲਾ  ਅਤੇ ਲੰਬੀ ਵਿੱਚ ਨਿੱਕੀਆਂ ਨਿੱਕੀਆਂ ਲਾਲਸਾਵਾਂ,ਖੁਦਗਰਜੀਆਂ ਅਤੇ ਨਸ਼ੇ ਦਾ ਭੁਸ ਪੂਰਨ ਲਈ ਇਕੱਠੇ ਹੋਏ ਹਜੂਮ ਨੂੰ ਪੰਥ ਮੰਨਣਾ ਹੈ ਜਾਂ ਬਰਗਾੜੀ ਵਿੱਚ ਫੈਸਲਾਕੁਨ ਮੋਰਚੇ ਤੇ ਸ਼ਹਾਦਤ ਲਈ ਕਮਰਕੱਸੇ ਕਰੀ ਬੈਠੇ ਜਥੇਦਾਰ ਅਤੇ ਉਹਨਾਂ ਦੇ ਸਹਿਯੋਗੀਆਂ ਨੂੰ ਪੰਥਕ ਹੋਣ ਦਾ ਖਿਤਾਬ ਦੇਣਾ ਹੈ ।ਸ਼ਾਹ ਮੁਹੰਮਦ ਦੇ ਲਫਜਾਂ ਵਿੱਚ “ਸ਼ਾਹ ਮਹੰਮਦਾਂ ਗੱਲ ਤਾਂ ਓਹੀ ਹੋਣੀ ਜੋ ਕਰੇਗਾ ਖਾਲਸਾ ਪੰਥ ਮੀਆ”, ਓੜਕ ਫੈਸਲਾ ਤਾਂ ਖਾਲਸਾ ਪੰਥ ਹੀ ਕਰੇਗਾ ਕਿ ਅਸਲੀ ਪੰਥਕ ਕੌਣ ਲੋਕ ਹਨ।

ਬਘੇਲ ਸਿੰਘ ਧਾਲੀਵਾਲ
99142-58142

6 Oct. 2018

ਜਾਂਚ ਰਿਪੋਰਟ ਤੇ ਕਾਰਵਾਈ ਨੂੰ ਯਕੀਨੀ ਬਣਾ ਕੇ ਕੈਪਟਨ ਸਾਹਬ ਸੱਚੇ ਸਿੱਖ ਵਜੋਂ  ਇਤਿਹਾਸ ਵਿੱਚ ਨਾਮ ਲਿਖਾ ਸਕਣਗੇ - ਬਘੇਲ ਸਿੰਘ ਧਾਲੀਵਾਲ

 ਜਾਂਚ ਰਿਪੋਰਟ ਤੇ ਕਾਰਵਾਈ ਚ ਢਿੱਲ ਦੋਸੀਆਂ ਨੂੰ ਬਚਾਉਣ ਦੀ ਗੁੱਝੀ ਚਾਲ

ਬੁਰਜ ਜਵਾਹਰ ਸਿੰਘ ਵਾਲਾ ਤੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਚੋਰੀ ਹੋਣ ਤੋ ਬਾਅਦ ਬਰਗਾੜੀ ਦੀਆਂ ਗਲੀਆਂ ਵਿੱਚ ਗੁਰੂ ਦੇ ਅੰਗ ਖਿਲਾਰ ਕੇ ਕੀਤੀ ਬੇਅਦਬੀਆਂ ਦੀ ਸੁਰੂਆਤ ਨੇ ਜਿੱਥੇ ਦੇਸ਼ ਵਿਦੇਸ਼ ਵਿੱਚ ਬੈਠੀ ਗੁਰੁ ਨਾਨਕ ਨਾਮ ਲੇਵਾ ਸਿੱਖ ਸੰਗਤਾਂ ਦੇ ਹਿਰਦਿਆਂ ਵਿੱਚ ਅਜਿਹੇ ਜਖਮ ਕੀਤੇ ਜਿੰਨਾਂ ਦੀ ਪੀੜਾ ਦਾ ਘੱਟ ਹੋਣਾ ਓਨੀ ਦੇਰ ਸੰਭਵ ਨਹੀ ਸੀ,ਜਿੰਨੀ ਦੇਰ ਬੇਅਦਬੀ ਕਰਨ ਅਤੇ ਕਰਵਾਉਣ ਵਾਲਿਆਂ ਨੂੰ ਸਰਕਾਰ ਫੜਕੇ ਕਨੂੰਨ ਅਨੁਸਾਰ ਸਜ਼ਾ ਨਹੀ ਸੀ ਦਿੰਦੀ।ਅਫਸੋਸ ਨਾਲ ਲਿਖਣਾ ਪਵੇਗਾ ਕਿ ਸਮੇ ਦੀ ਪੰਥਕ ਅਖਵਾਉਣ ਵਾਲੀ ਸਰਕਾਰ ਨੇ ਬੇਅਦਬੀ ਦੇ ਦੋਸ਼ੀਆਂ ਨੂੰ ਲੱਭਣ ਦੀ ਵਜਾਏ ਗੁਰੂ ਦੀ ਹੋਈ ਬੇਅਦਬੀ ਦਾ ਇਨਸਾਫ ਲੈਣ ਲਈ ਸਾਂਤਮਈ ਤਰੀਕੇ ਨਾਲ ਰੋਸ ਕਰਦੀਆਂ ਸਿੱਖ ਸੰਗਤਾਂ ਤੇ ਗੋਲੀਆਂ ਚਲਾਕੇ ਅਜਿਹਾ ਕਲੰਕ ਅਪਣੇ ਨਾਮ ਕਰ ਲਿਆ ਜਿਸ ਨੂੰ ਹੁਣ ਉਹਨਾਂ ਦੀਆਂ ਆਉਣ ਵਾਲੀਆਂ ਪੁਸਤਾਂ ਵੀ ਧੋ ਨਹੀ ਸਕਣਗੀਆਂ। ਸਰਕਾਰ ਦੀ ਇਸ ਘਿਨਾਉਣੀ ਕਾਰਵਾਈ ਤੋਂ ਬਾਅਦ ਲਗਾਤਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਦਾ ਅਜਿਹਾ ਦੌਰ ਕਿਸੇ ਗਿਣੀ ਮਿਥੀ ਸਾਜਿਸ਼ ਤਹਿਤ ਚਲਾਇਆ ਗਿਆ ਜਿਹੜਾ ਮੌਜੂਦਾ ਸਮੇ ਵਿੱਚ ਵੀ ਰੁਕਣ ਦਾ ਨਾਮ ਲੈ ਰਿਹਾ। ਅਕਾਲੀ ਦਲ ਦੀ ਸਰਕਾਰ ਨੇ ਬੇਅਦਬੀਆਂ ਰੋਕਣ ਜਾਂ ਹੋਈਆਂ ਬੇਅਦਬੀਆਂ ਦੇ ਦੋਸ਼ੀ ਫੜਨ ਵਿੱਚ ਰੱਤੀ ਭਰ ਵੀ ਸਾਰਥਿਕ ਪਹੁੰਚ ਨਹੀ ਅਪਣਾਈ, ਬਲਕਿ ਅਪਣੇ ਗੁਰੂ ਦੀ ਬੇਅਦਬੀ ਨੂੰ ਐਨਾ ਸਰਸਰੀ ਲਿਆ ਜਿਸ ਦੀ ਕਿਧਰੇ ਵੀ ਿਮਸ਼ਾਲ ਨਹੀ ਮਿਲਦੀ। ਭਾਂਵੇ ਪੰਜਾਬ ਦੀ ਅਮਨ ਸਾਂਤੀ ਨੂੰ ਲਾਂਬੂ ਲਾਉਣ ਲਈ ਇਸ ਸਮੇ ਦੌਰਾਨ ਪਵਿੱਤਰ ਕੁਰਾਨ ਅਤੇ ਹਿੰਦੂ ਧਾਰਮ ਦੇ ਧਾਰਮਿਕ ਗ੍ਰੰਥ ਗੀਤਾ ਦਾ ਅਪਮਾਨ ਹੋਣ ਦੀਆਂ ਵੀ ਇੱਕਾ ਦੁੱਕਾ ਘਟਨਾਵਾਂ ਸਾਹਮਣੇ ਆਈਆਂ, ਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਤਾਂ ਲਗਾਤਾਰ ਲੜੀਵਾਰ ਜਾਰੀ ਰਹੀਆਂ। ਇਸ ਦੌਰਾਨ ਚੱਲੇ ਸੰਘਰਸ ਨੂੰ ਭਾਂਵੇ ਸੂਬਾ ਸਰਕਾਰ ਗੋਲੀਆਂ ਚਲਾਕੇ ਵੀ ਖਤਮ ਨਹੀ ਸੀ ਕਰ ਸਕੀ, ਪਰ ਕੱੁਝ ਆਗੂਆਂ ਦੇ ਏਜੰਸ਼ੀਆਂ ਦੀ ਮਜਬੂਤ ਪਕੜ ਵਿੱਚ ਆ ਜਾਣ ਕਰਕੇ ਉਸ ਸਮੇ ਬੇਅਦਬੀ ਦਾ ਸੰਘਰਸ ਬਗੈਰ ਇਨਸਾਫ ਲਏ ਅੱਧਵਾਟੇ ਦਮ ਤੋੜ ਗਿਆ। ਪਰੰਤੂ ਸਿੱਖ ਕੌਂਮ ਅੰਦਰ ਇਹ ਰੋਸ ਨਸੂਰ ਬਣਕੇ ਵਧ ਰਿਹਾ ਸੀ, ਜਿਸ ਨੂੰ ਘਾਗ ਸਿਆਸਤਦਾਨ ਤੇ ਤਤਕਾਲੀ ਮੁੱਖ ਮੰਤਰੀ ਸ੍ਰ ਪ੍ਰਕਾਸ਼ ਸਿੰਘ ਬਾਦਲ ਵੀ ਸਮਝ ਨਾ ਸਕਿਆ। ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਦੇ ਮੁੱਦੇ ਨੂੰ ਗੰਭੀਰਤਾ ਨਾਲ ਹੀ ਨਹੀ ਸੀ ਲਿਆ,ਇਹੋ ਕਾਰਨ ਸੀ ਕਿ ਉਹਨਾਂ ਨੇ ਸਿਰਫ ਸਿੱਖਾਂ ਦੀਆਂ ਅੱਖਾਂ ਪੂੰਝਣ ਲਈ ਅਖੀਰ ਵਿੱਚ ਜਸਟਿਸ ਜੋਰਾ ਸਿੰਘ ਕਮਿਸਨ ਦਾ ਗਠਨ ਕੀਤਾ , ਪਰ ਇਹ ਵੀ ਬੇਹੱਦ ਅਫਸੋਸ ਨਾਲ ਲਿਖਣਾ ਪਵੇਗਾ ਕਿ, ਬਾਦਲ ਸਰਕਾਰ ਨੇ ਅਪਣੇ ਹੀ ਬਣਾਏ ਹੋਏ ਜੋਰਾ ਸਿੰਘ ਕਮਿਸਨ ਦੀ ਰਿਪੋਰਟ ਲੈਣ ਲਈ ਕੋਈ ਦਿਲਚਸਪੀ ਨਾ ਦਿਖਾਈ। ਜੋਰਾ ਸਿੰਘ ਇਹ ਰਿਪੋਰਟ ਲੈ ਕੇ ਮੁੱਖ ਮੰਤਰੀ ਦਫਤਰ ਦੇ ਗੇੜੇ ਕੱਢਦਾ ਰਿਹਾ, ਪਰ ਮੁੱਖ ਮੰਤਰੀ ਨੇ ਸ੍ਰ ਜੋਰਾ ਸਿੰਘ ਨੂੰ ਮਿਲਣਾ ਵੀ ਮੁਨਾਸਿਵ ਨਾ ਸਮਝਿਆ।ਘੰਟਿਆਂ ਵੱਧੀ ਉਡੀਕ ਕਰਦਾ ਕਰਦਾ ਜੋਰਾ ਸਿੰਘ ਇੱਕ ਦਿਨ ਮੁੱਖ ਮੰਤਰੀ ਦੇ ਸਕੱਤਰ ਦੇ ਮੇਜ ਤੇ ਰਿਪੋਰਟ ਰੱਖ ਕੇ ਵਾਪਸ ਆ ਗਿਆ, ਉਸ ਦਿਨ ਤੋ ਬਾਅਦ ਉਹ ਜਾਂਚ ਰਿਪੋਰਟ ਕਿੱਧਰ ਗਈ ਕਿਸੇ ਨੂੰ ਕੁੱਝ ਨਹੀ ਪਤਾ।ਸਿੱਖ ਮਨਾਂ ਵਿੱਚ ਅਕਾਲੀਆਂ ਪ੍ਰਤੀ ਨਫਰਤ ਲਾਵਾ ਬਣਕੇ ਫੁੱਟਣ ਲਈ ਸਮੇ ਦਾ ਬੇਸਬਰੀ ਨਾਲ ਇੰਤਜਾਰ ਕਰਦੀ ਰਹੀ। ਅਖੀਰ ਵਿਧਾਨ ਸਭਾ 2017 ਦੀ ਚੋਣ ਵਿੱਚ ਲੋਕਾਂ ਨੇ ਅਪਣਾ ਗੁੱਸਾ ਜਿਸ ਕਦਰ ਅਕਾਲੀਆਂ ਖਿਲਾਫ ਕੱਢਿਆ, ਉਹ ਵੀ ਇੱਕ ਇਕਾਰਡ ਬਣ ਗਿਆ ਕਿ ਪੰਜਾਬ ਦੇ ਲੋਕਾਂ ਨੇ ਅਕਾਲੀਆਂ ਨੂੰ ਵਿਰੋਧੀ ਧਿਰ ਵਿੱਚ ਬੈਠਣ ਦਾ ਮੌਕਾ ਵੀ ਨਹੀ ਦਿੱਤਾ। ਬਿਨਾ ਸ਼ੱਕ ਸੂਬੇ ਦੀ ਮੌਜੂਦਾ ਕੈਪਟਨ ਸਰਕਾਰ ਅਕਾਲੀਆਂ ਪ੍ਰਤੀ ਲੋਕਾਂ ਦੇ ਗੁੱਸੇ ਵਿੱਚੋ ਹੀ ਹੋਂਦ ਵਿੱਚ ਆਈ ਹੈ, ਚੋਣਾਂ ਦੌਰਾਂਨ ਕੈਪਟਨ ਅਮਰਿੰਦਰ ਸਿੰਘ ਨੇ ਲੋਕਾਂ ਨਾਲ ਇਹ ਵਾਅਦੇ ਤੇ ਦਾਅਵੇ ਕੀਤੇ ਸਨ,ਕਿ ਜਿੱਥੇ ਸਭ ਤੋ ਪਹਿਲਾਂ ਬੇਅਦਬੀ ਦੇ ਦੋਸ਼ੀਆਂ ਅਤੇ ਦੋ ਸਿੱਖ ਨੌਜਵਾਨਾਂ ਦੇ ਕਾਤਲ ਪੁਲਿਸ ਅਫਸਰਾਂ ਨੂੰ ਫੜਕੇ ਜੇਹਲਾਂ ਵਿੱਚ ਸੁੱਟਿਆ ਜਾਵੇਗਾ, ਓਥੇ ਪੰਜਾਬ ਚੋ ਨਸ਼ਿਆਂ ਦਾ ਖਾਤਮਾ ਵੀ ਪਹਿਲ ਦੇ ਅਧਾਰ ਤੇ ਕੀਤਾ ਜਾਵੇਗਾ, ਪਰ ਸਰਕਾਰ ਡੇਢ ਸਾਲ ਦੇ ਕਾਰਜਕਾਲ ਦੌਰਾਨ ਕਿਸੇ ਇੱਕ ਵਾਅਦੇ ਨੂੰ ਵੀ ਪੂਰਾ ਕਰਨ ਤੋਂ ਬੁਰੀ ਤਰਾਂ ਅਸਮਰੱਥ ਰਹੀ ਹੈ। ਕੋਈ ਸਮਾ ਸੀ ਜਦੋ ਕੈਪਟਨ ਦੀ ਬੜਕ ਦਿੱਲੀ ਤੱਕ ਸਾਫ ਸੁੱਣਾਈ ਦਿੰਦੀ ਸੀ, ਪਰ ਇਸ ਵਾਰ ਕੈਪਟਨ ਦਿੱਲੀ ਅੱਗੇ ਗੋਡੇ ਟੇਕੀ ਬੈਠਾ ਦਿਖਾਈ ਦਿੰਦਾ ਹੈ। ਬਰਗਾੜੀ ਵਿੱਚ ਲੱਗੇ ਇਨਸਾਫ ਮੋਰਚੇ ਨੇ ਜਿੱਥੇ ਸੁੱਤੀ ਸਿੱਖ ਕੌਂਮ ਨੂੰ ਜਗਾਇਆ ਹੈ,ਓਥੇ ਵਾਅਦੇ ਭੁੱਲ ਚੁੱਕੀ ਸੂਬਾ ਸਰਕਾਰ ਨੂੰ ਵੀ ਹਲੂਣਿਆਂ ਹੈ। ਜਿਸਤਰਾਂ ਪੰਜਾਬ ਵਿਧਾਨ ਸਭਾ ਵਿੱਚ ਜਸਟਿਸ ਰਣਜੀਤ ਸਿੰਘ ਦੀ ਜਾਂਚ ਰਿਪੋਰਟ ਤੇ ਹੋਈ ਬਹਿਸ ਜਨਤਕ ਕੀਤੀ ਗਈ, ਉਸ ਤੋ ਜਾਪਦਾ ਸੀ ਕਿ ਸਰਕਾਰ ਨੇ ਦੋਸੀਆਂ ਤੇ ਕਾਰਵਾਈ ਕਰਨ ਦਾ ਮਨ ਬਣਾ ਲਿਆ ਹੈ। ਵਿਧਾਨ ਸਭਾ ਵਿੱਚ ਕਾਂਗਰਸੀ ਮੰਤਰੀਆਂ, ਵਿਧਾਇਕਾਂ ਅਤੇ ਵਿਰੋਧੀ ਧਿਰ ਨੇ ਇੱਕਜੁੱਟ ਹੋਕੇ ਇਮਾਨਦਾਰੀ ਨਾਲ ਮੁੱਖ ਮੰਤਰੀ ਤੋ ਰਣਜੀਤ ਸਿੰਘ ਕਮਿਸਨ ਤੇ ਕਾਰਵਾਈ ਕਰਨ ਲਈ ਜਿਸਤਰਾਂ ਦਬਾਅ ਪਾਇਆ, ਉਹਦੇ ਲਈ ਸਮੁੱਚੀ ਕੈਬਨਿਟ ਅਤੇ ਵਿਰੋਧੀ ਧਿਰ ਦੀ ਭੁਮਿਕਾ ਦੀ ਸਰਾਹਨਾ ਕਰਨੀ ਬਣਦੀ ਹੈ, ਪ੍ਰੰਤੂ ਵਿਧਾਨ ਸਭਾ ਦੀ ਬਹਿਸ ਤੋਂ ਬਾਅਦ ਜਿਸਤਰਾਂ ਸਮੁੱਚੇ ਮਾਮਲੇ ਨੂੰ ਠੰਡੇ ਬਸਤੇ ਵਿੱਚ ਪਾ ਕੇ ਦੋਸੀਆਂ ਨੂੰ ਬਚਾਉਣ ਦੀਆਂ ਚੋਰ ਮੋਰੀਆਂ ਲੱਭੀਆਂ ਜਾ ਰਹੀਆਂ ਹਨ, ਉਸ ਤੋ ਕੈਪਟਨ ਦੀ ਨੀਅਤ ਸਾਫ ਨਹੀ ਜਾਪਦੀ। ਬੀਤੇ ਕੱਲ੍ਹ ਮਾਨਯੋਗ ਹਾਈਕੋਰਟ ਤੋ ਮਿਲੀ ਦੋਸ਼ੀ ਪੁਲਿਸ ਅਫਸਰਾਂ ਨੂੰ ਵੱਡੀ ਰਾਹਤ ਵੀ ਦਰਸਾਉਂਦੀ ਹੈ ਕਿ ਦਿੱਲੀ ਦਾ ਦਬਾਅ ਕੈਪਟਨ ਨੂੰ ਕੋਈ ਵੀ ਸਪੱਸਟ ਫੈਸਲਾ ਲੈਣ ਦੇ ਰਾਹ ਵਿੱਚ ਅਜਿਹਾ ਰੋੜਾ ਬਣਦਾ ਦਿਖਾਈ ਦਿੰਦਾ ਹੈ, ਜਿਸ ਨੂੰ ਨਾਂ ਹੀ ਰਸਤੇ ਚੋ ਹਟਾਇਆ ਜਾ ਸਕਦਾ ਹੈ ਅਤੇ ਨਾ ਹੀ ਕੈਪਟਨ ਉਲੰਘਣ ਦੀ ਹਿੰਮਤ ਕਰ ਸਕਦਾ ਹੈ। ਇੱਥੇ ਕੈਪਟਨ ਅਮਰਿੰਦਰ ਸਿੰਘ ਨੂੰ ਇਹ ਸਲਾਹ ਦੇਣੀ ਵਾਜਵ ਹੋਵੇਗੀ ਕਿ ਜੇਕਰ ਉਹ ਇਹ ਰੁਕਾਬਟਾਂ ਤੋੜ ਕੇ ਸਿੱਖ ਕੌਂਮ ਨੂੰ ਇਨਸਾਫ ਦੇਣ ਦੀ ਹਿੰਮਤ ਕਰ ਲੈਂਦਾ ਹੈ, ਤੇ ਦਿੱਲੀ ਨੂੰ ਇਹ ਸੰਕੇਤ ਦੇਣ ਵਿੱਚ ਕਾਮਯਾਬ ਹੋ ਜਾਂਦਾ ਹੈ ਕਿ ਪੰਜਾਬ ਦੇ ਹੱਕਾਂ ਹਿਤਾਂ ਖਾਤਰ ਕੁਰਸੀ ਦੀ ਪਰਬਾਹ ਕੀਤੇ ਬਗੈਰ ਜਿਹੜਾ ਵਿਅਕਤੀ ਕਦੇ ਪਾਣੀਆਂ ਦੀ ਰਾਖੀ ਲਈ ਦਿੱਲੀ ਵਿੱਚਲੀ ਕਾਂਗਰਸ ਸਰਕਾਰ ਨਾਲ ਸਿੱਧਾ ਹੋ ਸਕਦਾ ਸੀ, ਉਹ ਹੁਣ ਓਸ ਗੁਰੂ ਦੀ ਬੇਅਦਬੀ ਦਾ ਇਨਸਾਫ ਕਿਉਂ ਨਹੀ ਦੇਵੇਗਾ, ਜਿਸ ਗੁਰੂ ਦੀਆਂ ਬੇਹੱਦ ਰਹਿਮਤਾਂ ਦੀ ਵਰਖਾ ਉਹਦੇ ਪਰਿਵਾਰ ਤੇ ਹਮੇਸਾਂ ਰਹੀ ਹੈ, ਜੇਕਰ ਕੈਪਟਨ ਐਨੀ ਕੁ ਹਿੰਮਤ ਦਿਖਾਉਣ ਦਾ ਹੌਸਲਾ ਕਰ ਲਵੇ ਤਾਂ ਜਿੱਥੇ ਪੰਜਾਬ ਦੀਆਂ ਆਉਣ ਵਾਲੀਆਂ ਨਸਲਾਂ ਉਹਨਾਂ ਤੇ ਮਾਣ ਮਹਿਸੂਸ ਕਰਨਗੀਆਂ ਓਥੇ ਉਹਨਾਂ ਦੀਆਂ ਆਉਣ ਵਾਲੀਆਂ ਪੁਸਤਾਂ ਲਈ ਵੀ ਉਹ ਅਪਣਾ ਸੁਨਹਿਰੀ ਇਤਿਹਾਸ ਬਣਾ ਕੇ ਜਾਣਗੇ। ਹੁਣ ਦੇਖਣਾ ਇਹ ਹੋਵੇਗਾ ਕਿ ਕੀ ਕੈਪਟਨ ਅਮਰਿੰਦਰ ਸਿੰਘ ਰਣਜੀਤ ਸਿੰਘ ਕਮਿਸਨ ਤੇ ਕਾਰਵਾਈ ਨੂੰ ਯਕੀਨੀ ਬਣਾ ਕੇ ਆਪਣੇ ਆਪ ਨੂੰ ਸੱਚਮੁੱਚ ਦਸਵੇਂ ਪਾਤਸ਼ਾਹ ਦੇ ਸੱਚੇ ਸਿੱਖ ਵਜੋਂ  ਇਤਿਹਾਸ ਵਿੱਚ ਦਰਜ ਕਰਵਾ ਸਕਣਗੇ, ਜਾ ਅਪਣੀ ਰਜਵਾੜਾਸ਼ਾਹੀ ਸੋਚ ਤੇ ਚੱਲਕੇ ਦਿੱਲੀ ਸਾਹਮਣੇ ਗੋਡੇ ਟੇਕਦਿਆਂ ਦੋਸ਼ੀਆਂ ਨੂੰ ਬਚਾਉਣ ਦੀ ਗੁਸਤਾਖੀ ਕਰਕੇ  ਇਤਿਹਾਸ ਕਲੰਕਤ ਕਰਨਗੇ,ਇਹ ਸਮੇ ਦੇ ਗਰਭ ਵਿੱਚ ਹੈ।

ਬਘੇਲ ਸਿੰਘ ਧਾਲੀਵਾਲ
99142-58142

15 Sept. 2018