Budh Singh Neellon

ਭਟਕਦੀਆਂ ਰੂਹਾਂ , ਜਾਗਦੇ ਸੁੱਤੇ ਲੋਕ – ਬੁੱਧ ਸਿੰਘ ਨੀਲੋਂ

ਹਰ ਮਨੁੱਖ ਦੀ ਇਹ ਦਿਲੀ ਭਾਵਨਾ ਹੁੰਦੀ ਹੈ ਕਿ ਹੀਰ ਜ਼ਰੂਰ ਜੰਮੇ, ਪਰ ਜੰਮੇ ਕਿਸੇ ਹੋਰ ਦੇ, ਉਹ ਇਸ ਕਰਕੇ ਕਿ ਉਹ ਆਪ ਰਾਂਝਾ ਬਣਕੇ, ਉਸ ਦੇ ਹੱਥਾਂ ਦੀ ਚੂਰੀ ਖਾਵੇ।
ਉਸ ਦੀ ਇੱਛਾ ਇਹ ਵੀ ਹੁੰਦੀ ਹੈ ਕਿ ਹੀਰ ਦੇ ਬਾਪ ਦੀਆਂ ਮੱਝਾਂ ਕੋਈ ਹੋਰ ਚਾਰੇ, ਪਰ ਬੇਲਿਆਂ ਵਿੱਚ ਬੰਸਰੀ, ਉਹ ਹੀਰ ਦੇ ਪੱਟ ਉੱਤੇ ਸਿਰ ਰੱਖ ਕੇ ਆਪ ਵਜਾਏ।
ਮਨੁੱਖ ਦੇ ਅੰਦਰ ਇਛਾਵਾਂ ਤਾਂ ਬਹੁਤ ਹੁੰਦੀਆਂ ਹਨ ਪਰ ਸਾਰੀਆਂ ਪੂਰੀਆਂ ਨਹੀਂ ਹੁੰਦੀਆਂ। ਮਨੁੱਖ ਸੋਚਦਾ ਕੁੱਝ ਹੈ ਤੇ ਵਾਪਰਦਾ ਕੁੱਝ ਹੋਰ ਹੈ, ਇਸੇ ਕਰਕੇ ਉਹ ਉਦਾਸ ਹੁੰਦਾ ਹੈ।
ਉਦਾਸ ਹੋਇਆ ਮਨੁੱਖ ਆਪਣੀ ਉਦਾਸੀ ਸ਼ਬਦਾਂ ਰਾਹੀਂ ਦੂਰ ਕਰਦਾ ਹੈ। ਉਹ ਆਪਣੀ ਮਹਿਬੂਬ ਦੇ ਨਾਂ ਖ਼ਤ ਲਿਖਦਾ, ਗ਼ਜ਼ਲਾਂ ਲਿਖਦਾ, ਕਵਿਤਾਵਾਂ ਲਿਖਦਾ, ਕਹਾਣੀਆਂ, ਨਾਵਲ ਵਗੈਰਾ...। ਪਰ ਆਮ ਆਦਮੀ ਬੇਚਾਰਾ ਕੀ ਕਰੇ ? ਉਹ ਇੱਕ ਗ਼ਮ ਵਿਚੋਂ ਨਿਕਲਦਾ ਹੈ, ਝੱਟ ਦੂਜੇ ਵਿੱਚ ਫਸ ਜਾਂਦਾ ਹੈ।
ਹਰ 'ਹੀਰ' ਦਾ ਇੱਕ 'ਰਾਂਝਾ' ਹੁੰਦਾ ਹੈ ਤੇ ਹਰ ਰਾਂਝੇ ਦੀ ਇੱਕ ਹੀਰ ਹੁੰਦੀ ਹੈ। ਇਸ਼ਕ ਹਕੀਕੀ ਤੇ ਮਜਾਜ਼ੀ ਹੁੰਦਾ ਹੈ। '
ਇਸ਼ਕ ਹਕੀਕੀ ਕਿਸੇ ਕਿਸੇ ਨੂੰ ਨਸੀਬ ਹੁੰਦਾ ਹੈ। ਬਹੁ-ਗਿਣਤੀ ਤਾਂ 'ਇਸ਼ਕ ਮਜਾਜ਼ੀ' ਕਰਦੀ ਹੈ। ਪਰ ਗੱਲਾਂ 'ਇਸ਼ਕ ਹਕੀਕੀ' ਦੀਆਂ ਕਰਦੀ ਹੈ।
ਪਰ ਅੱਜ-ਕੱਲ੍ਹ ਸਾਰਾ ਸੰਸਾਰ ਵਿਗਿਆਨਕ ਤਕਨੀਕ ਦੇ ਰਾਹੀਂ ਪਿੰਡ ਬਣ ਗਿਆ ਹੈ। ਹੁਣ ਤੁਸੀਂ ਆਪਣੇ ਘਰ ਬੈਠੇ ਹੀ ਦੁਨੀਆਂ ਦੇ ਕਿਸੇ ਵੀ ਬੇਲੇ ਵਿੱਚ ਬੈਠੀ ਕਿਸੇ ਹੀਰ ਨੂੰ ਤਲਾਸ਼ ਸਕਦੇ ਹੋ ਪਰ ਤੁਹਾਡੇ ਕੋਲ ਤਲਾਸ਼ ਕਰਨ ਦੀ ਜਾਚ ਹੋਣ ਚਾਹੀਦੀ ਹੈ।
ਹੁਣ ਤੁਹਾਨੂੰ ਬੰਸਰੀ ਦੀ ਲੋੜ ਨਹੀਂ ਹੈ, ਨਾ ਚੂਰੀ ਦੀ। ਅੱਜ-ਕੱਲ੍ਹ ਤੁਸੀਂ ਬੰਸਰੀ ਨਾਲ ਹੀਰ ਨੂੰ ਨਹੀਂ ਕੀਲ ਸਕਦੇ, ਅੱਜ-ਕੱਲ੍ਹ ਤਾਂ ਮੋਬਾਇਲ ਦੀ ਰਿੰਗ ਟੋਨ ਹੀ ਹੀਰ ਲਈ ਬੰਸਰੀ ਹੈ। ਇਸੇ ਕਰਕੇ ਟੁੱਟਗੀ ਤੜੱਕ ਕਰਕੇ ਦੀਆਂ ਗੱਲਾਂ ਸੱਥਾਂ ਤੋਂ ਅਦਾਲਤਾਂ ਤੱਕ ਪੁਜ ਰਹੀਆਂ ਹਨ। ਵਿਆਹ ਹੁੰਦੇ ਹਨ ਕੁੱਝ ਸਮਿਆਂ ਬਾਅਦ ਤਲਾਕ।
ਚੂਰੀ ਬਣਾਉਣੀ ਤਾਂ ਇਨ੍ਹਾਂ ਹੀਰਾਂ ਨੂੰ ਆਉਂਦੀ ਨਹੀਂ ਤੇ ਨਾ ਹੀ ਅੱਜ-ਕੱਲ੍ਹ ਦੇ ਰਾਂਝੇ ਚੂਰੀ ਖਾਣਾ ਪਸੰਦ ਕਰਦੇ ਹਨ।
ਫਾਸਟ-ਫੂਡ ਨੇ ਇਨ੍ਹਾਂ ਚੂਰੀਆਂ ਦੀ ਥਾਂ ਲੈ ਲਈ ਹੈ। ਲੋੜ ਤਾਂ ਹੁਣ ਸ਼ਬਦਾਂ, ਉਤਮ ਸੁਪਨਿਆਂ, ਉਤਮ ਗੱਲਾਂ ਦੀ ਹੈ ਤਾਂ ਕਿ ਤੁਸੀਂ ਸ਼ਬਦਾਂ ਰਾਹੀਂ ਆਪਣੀ ਹੀਰ ਦਾ ਢਿੱਡ ਭਰ ਸਕੋ। ਅੱਜ-ਕੱਲ੍ਹ ਦੀਆਂ ਹੀਰਾਂ ਨੂੰ ਭੁੱਖ ਵੀ ਘੱਟ ਲੱਗਦੀ ਹੈ।
ਹੁਣ ਦੀਆਂ ਹੀਰਾਂ ਅੰਦਰ 'ਸੇਕ' ਕਦੇ ਵੱਧ ਰਿਹਾ ਹੈ, 'ਕੱਦ' ਘੱਟ ਰਿਹਾ ਹੈ। ਦੂਜੇ ਪਾਸੇ ਰਾਂਝਿਆਂ ਅੰਦਰ ਲਲਕ ਵੱਧ ਰਹੀ ਹੈ ਤੇ ਤਾਕਤ ਘੱਟ ਰਹੀ ਹੈ।
ਇਸੇ ਕਰਕੇ ਹੁਣ ਰਾਂਝੇ ਹੀਰਾਂ ਮਗਰ ਨਹੀਂ, ਬਲਕਿ ਹੀਰਾਂ ਰਾਂਝਿਆਂ ਮਗਰ ਭੱਜਦੀਆਂ ਫਿਰਦੀਆਂ ਹਨ। ਉਨਾ਼ ਦੀ ਹਾਲਤ ਉਸ ਮਛੇਰੇ ਵਰਗੀ ਹੁੰਦੀ ਹੈ, ਜਿਸ ਨੂੰ ਸਮੁੰਦਰ ਵਿੱਚ ਫਿਰਦੀਆਂ ਮੱਛੀਆਂ ਤਾਂ ਬਹੁਤ ਦਿਖਦੀਆਂ ਹਨ ਪਰ ਜਾਲ ਵਿਚ ਨਹੀਂ ਫਸਦੀਆਂ।
ਇਹ ਫਸਣ ਤੇ ਨਿਕਲਣ ਦਾ ਅਜਿਹਾ ਚੱਕਰ ਹੈ, ਜਿਸ ਵਿੱਚ ਸਾਰੀ ਜ਼ਿੰਦਗੀ ਰਾਂਝੇ ਤੇ ਹੀਰਾਂ ਉਲਝੇ ਰਹਿੰਦੇ ਹਨ।
ਉਨਾਂ ਦੀ ਹਾਲਤ ਉਹ ਚੱਕਰਵਿਊ ਵਿੱਚ ਫਸੇ ਮਨੁੱਖ ਵਰਗੀ ਹੁੰਦੀ ਹੈ, ਜਿਹੜਾ ਨਿਕਲਣਾ ਤਾਂ ਬਾਹਰ ਮੈਦਾਨ ਵਿੱਚ ਚਾਹੁੰਦਾ ਹੈ, ਪਰ ਫਸ ਕਿਸੇ ਹੋਰ ਥਾਂ ਜਾਂਦਾ ਹੈ।
ਫਸਣਾ-ਨਿਕਲਣਾ ਜ਼ਿੰਦਗੀ ਦਾ ਅਜਿਹਾ ਚੱਕਰ ਹੈ, ਜਿਸ ਦੁਆਲੇ ਸਾਰੀ ਸ੍ਰਿਸ਼ਟੀ ਘੁੰਮਦੀ ਹੈ। ਜਿਵੇਂ ਧਰਤੀ ਸੂਰਜ ਦੁਆਲੇ ਘੁੰਮਦੀ ਹੈ। ਬਸ ਉਵੇਂ ਹੀ ਰਾਂਝਾ ਹੀਰ ਦੁਆਲੇ ਤੇ ਹੀਰ ਰਾਂਝੇ ਦੁਆਲੇ ਘੁੰਮਦੀ ਰਹਿੰਦੀ ਹੈ।
ਸਮਾਂ ਪੈਣ ਨਾਲ ਥਾਵਾਂ, ਰਾਂਝੇ, ਹੀਰਾਂ ਦੇ ਰੂਪ ਬਦਲ ਜਾਂਦੇ ਹਨ। ਪਰ ਉਹ ਭਟਕਣਾ ਵਿੱਚ ਉਵੇਂ ਫਸੇ ਰਹਿੰਦੇ ਹਨ, ਜਿਵੇਂ ਉਨਾ ਦੇ ਪੁਰਖੇ ਫਸੇ ਸੀ।
ਕਈ ਵਾਰ ਇਹ ਹੁੰਦਾ ਹੈ ਕਿ ਅਸੀਂ ਘੁੰਮ ਤਾਂ ਸ਼ਹਿਰ ਵਿੱਚ ਇੱਕ ਅਜਿਹੇ ਭੀੜ-ਭੱੜਕੇ ਵਾਲੇ ਬਾਜ਼ਾਰ ਵਿੱਚ ਹੁੰਦੇ ਹਾਂ, ਪਰ ਸਾਡਾ ਮਨ ਕਿਸੇ ਦੀ ਤਲਾਸ਼ ਵਿੱਚ ਕਿਤੇ ਹੋਰ ਭਟਕ ਰਿਹਾ ਹੁੰਦਾ ਹੈ।
ਇਹ ਤਲਾਸ਼ ਹੀ ਹੈ ਜਿਹੜੀ ਹਰ ਮਨੁੱਖ ਨੂੰ ਭਜਾਈ ਫਿਰਦੀ ਹੈ। ਇਸ ਤਲਾਸ਼ ਵਿੱਚ ਮਨੁੱਖ ਇੱਧਰ-ਉਧਰ ਭਟਕਦਾ ਹੈ। ਉਸਨੂੰ ਕਿਧਰੇ ਸਕੂਨ ਨਹੀਂ ਮਿਲਦਾ, ਜੇ ਕਿਤੇ ਠੰਢੀ ਥਾਂ ਹੇਠ ਬਹਿ ਕੇ ਕਿਸੇ ਸੰਗ 'ਆਈਸ ਕਰੀਮ' ਖਾ ਲੈਂਦਾ ਹੈ, ਤਾਂ ਉਸ ਅੰਦਰ ਇੱਕ ਤਲਾਸ਼ ਉਭਰ ਆਉਂਦੀ ਹੈ, ਅਸਲ ਵਿੱਚ ਜਿੰਨੀਆਂ ਵੀ ਠੰਢੀਆਂ ਚੀਜ਼ਾਂ ਹੁੰਦੀਆਂ ਹਨ, ਉਨਾਂ ਅੰਦਰ ਗਰਮੀ, ਸੇਕ, ਤਪਸ਼, ਊਰਜਾ ਵਧੇਰੇ ਹੁੰਦੀ ਹੈ।
ਕਈ ਵਾਰ ਅਸੀਂ ਗਰਮ ਥਾਂ ਉਤੇ ਹੱਥ ਰੱਖਦੇ ਤਾਂ ਉਹ ਠੰਢਾ ਹੋ ਜਾਂਦਾ ਹੈ ਜਦੋਂ ਕਿਤੇ ਕਿਸੇ ਠੰਢੀ ਥਾਂ ਹੱਥ ਰੱਖਦੇ ਹਾਂ ਤਾਂ ਉਹ ਪਾਣੀ ਬਣ ਕੇ ਵਹਿ ਤੁਰਦਾ ਹੈ। ਜਿਹੜਾ ਵਹਿੰਦਾ ਹੈ, ਵਗਦਾ ਹੈ, ਉਹ ਪਾਣੀ ਸਦਾ ਨਿਰਮਲ ਰਹਿੰਦਾ ਹੈ, ਕਿਧਰੇ ਰੁਕ ਗਿਆ ਪਾਣੀ, ਹਮੇਸ਼ਾ ਮੁਸ਼ਕ ਮਾਰਦਾ ਹੈ।
ਵਿਸ਼ਵੀਕਰਨ ਨੇ ਅੱਜ-ਕੱਲ੍ਹ ਹੀਰਾਂ ਦੇ ਰਾਂਝਿਆਂ ਦਾ ਕੰਮ ਹੋਰ ਵੀ ਸੌਖਾ ਕਰ ਦਿੱਤਾ ਹੈ। ਮੋਬਾਇਲ ਫੋਨ ਨੇ ਦੂਰੀਆਂ ਤਾਂ ਘਟਾ ਦਿੱਤੀਆਂ ਹਨ ਨਾਲ ਹੀ ਬੇਲਿਆਂ ਵਿੱਚ ਮਿਲਣ ਦੀਆਂ ਥਾਵਾਂ ਵੀ ਹੁਣ ਕੈਫ਼ਿਆਂ ਤੇ ਰੈਸਟੋਰੈਂਟਾਂ ਵਿੱਚ ਬਦਲ ਗਈਆਂ ਹਨ।
ਤੁਸੀ ਕਿਸੇ ਸ਼ਹਿਰ ਦੀ ਸੜਕ ਕਿਨਾਰੇ ਖੜ ਕੇ ਕੁੱਝ ਪਲ ਲਈ ਸੜਕ ਉੱਤੇ ਭੱਜੇ ਜਾਂਦੇ ਮਸ਼ੀਨ ਬਣੇ ਉਨਾ ਹੀਰਾ ਰਾਂਝਿਆਂ ਨੂੰ ਦੇਖਣ ਸਮਝਣ ਦਾ ਯਤਨ ਕਰੋ ਤਾਂ ਤੁਹਾਡੀਆਂ ਅੱਖਾਂ ਅੱਗੇ ਇੱਕ ਉਹ ਸੱਚ ਆ ਜਾਵੇਗਾ, ਜਿਹੜਾ ਤੁਸੀਂ ਕਦੇ ਸੋਚ ਵੀ ਨਹੀਂ ਸਕਦੇ।
ਸੋਚਣ ਦਾ ਕੰਮ ਹੁਣ ਰਾਂਝਿਆਂ ਤੇ ਹੀਰਾਂ ਦਾ ਨਹੀਂ ਉਨ੍ਹਾਂ ਦੇ ਲਛਮਣ ਵਰਗੇ ਵੀਰਾਂ ਤੇ ਇੱਛਰਾਂ ਵਰਗੀਆਂ ਮਾਵਾਂ ਦਾ ਹੈ।
ਇਹ ਨਵੇਂ ਰਾਂਝੇ, ਇਹ ਆਧੁਨਿਕ ਹੀਰਾਂ ਕਿਧਰ ਨੂੰ ਕਿਸ ਦੀ ਤਲਾਸ਼ ਵਿੱਚ ਦੌੜ ਰਹੀਆਂ ਹਨ। ਜਾਂ ਫਿਰ ਉੱਥੇ ਹੀ ਸਥਿਰ ਹਨ।
ਇਹ ਤਾਂ ਸਮਾਂ ਹੀ ਦੱਸੇਗਾ, ਤੁਸੀਂ ਏਨਾਂ ਚਿਰ ਕਿਸੇ ਬਾਜ਼ਾਰ ਵਿੱਚ ਫਿਰਦੀਆਂ ਭਟਕਦੀਆਂ ਰੂਹਾਂ ਦੇ ਦਰਸ਼ਨ ਕਰ ਸਕਦੇ ਹੋ ਤਾਂ ਕਿ ਤੁਹਾਨੂੰ ਵੀ ਪਤਾ ਲੱਗੇ ਕਿ ਅੱਜ-ਕੱਲ੍ਹ ਦੇ ਹੀਰ-ਰਾਂਝੇ ਕਿਧਰ ਨੂੰ ਜਾ ਰਹੇ ਹਨ? ਇਸ ਦੀ ਸਮਝ ਨੀ ਆ ਰਹੀ?
ਜੁਆਨੀ ਨੇ ਸੱਤਾਧਾਰੀਆਂ ਦੇ ਗੱਲ ਅੰਗੂਠਾ ਦੇਣ ਦੀ ਵਜਾਏ ਮਾਪਿਆਂ ਦੇ ਗਲ ਦੇ ਰਹੇ ਹਨ। ਉਲਟੀ ਗੰਗਾ ਪਹੇਵੇ ਨੂੰ।
ਕੀ ਬਣੂੰ ਸਮਾਜ ਦਾ ? ਕੀ ਰਿਸ਼ਤੇ ਪੈਸੇ ਦੇ ਰਹਿ 'ਗੇ ਹਨ ? ਪਿਆਰ ਤੇ ਵਿਆਹ ਵਪਾਰ ਬਣ ਗਿਆ! ਅਸੀਂ ਕਿਸ ਦਿਸ਼ਾ ਵੱਲ ਜਾ ਰਹੇ ਹਾਂ ? ਜ਼ਿੰਦਗੀ ਦੀ ਜੰਗ ਕਿਸ ਨਾਲ ਲੜੀ ਜਾ ਰਹੀ ਹੈ?
ਹੁਣ ਪਿਤਰੀ ਸੱਤਾ ਵੀ ਟੁੱਟ ਰਹੀ ਐ। ਮਰਦ ਪਰਧਾਨ ਸਮਾਜ ਸੋਚ ਰਿਹਾ ਹੁਣ ਕੀ ਬਣੂੰਗਾ ?
ਕਦੇ ਦਾਦੇ ਦੀਆਂ ਤੇ ਕਦੇ ਪੋਤੇ ਦੀਆਂ ।
ਕਦੇ ਔਰਤ ਘਰ ਦੀ ਮਾਲਕਣ ਹੁੰਦੀ ਸੀ। ਫੇਰ ਗੁਲਾਮ ਹੋਈ।
ਹੁਣ ਫਿਰ ਔਰਤ ਦੇ ਹੱਥ ਬਾਜੀ ਆ ਗੀ।
ਸੰਪਰਕ : 94643-70823

ਜਦੋਂ ਮੈਂ ਪੁਰਸਕਾਰ ਹਥਿਆਇਆ – ਬੁੱਧ ਸਿੰਘ ਨੀਲੋਂ

ਜਦੋਂ ਮੈਂ ਪੁਰਸਕਾਰ ਹਥਿਆਇਆ ਤਾਂ ਮੇਰੀ ਚਾਰੇ ਪਾਸੇ ਬੱਲੇ ਬੱਲੇ ਹੋ ਗਈ। ਅਖ਼ਬਾਰਾਂ ਵਿੱਚ ਮੇਰੀਆਂ ਲਿਖਤਾਂ ਤੇ ਜੀਵਨ ਬਾਰੇ ਵੱਡੇ-ਵੱਡੇ ਫੀਚਰ ਛਪੇ। ਕਈ ਦਿਨ ਫੋਨ ਦੀਆਂ ਘੰਟੀਆ ਵੱਜਦੀਆਂ ਰਹੀਆਂ। ਸਾਹਿਤ ਸਭਾਵਾਂ ਵਾਲਿਆਂ ਨੇ ਮੈਨੂੰ ਇਹ ਪੁਰਸਕਾਰ ਮਿਲਣ 'ਤੇ ਮੇਰੀ ਸ਼ੋਭਾ ਵਿੱਚ ਮੀਟਿੰਗਾਂ ਤੇ ਸਮਾਗਮ ਰਚਾਏ। ਕਾਲਜਾਂ ਦੇ ਵਿੱਚ ਮੇਰੇ ਲਗਾਤਾਰ ਰੂਬਰੂ ਪ੍ਰੋਗਰਾਮ ਰੱਖੇ ਗਏ। ਅਖ਼ਬਾਰਾਂ ਤੇ ਟੀ ਵੀ ਚੈਨਲਾਂ ਉੱਤੇ ਮੇਰੀਆਂ ਮੁਲਾਕਾਤਾਂ ਦੇ ਪ੍ਰੋਗਰਾਮ ਚਲਾਏ ਗਏ। ਕਈ ਹਫ਼ਤੇ ਹੀ ਨਹੀਂ ਬਲਕਿ ਕਈ ਮਹੀਨੇ ਮੇਰੇ ਮਾਣ ਵਿੱਚ ਪ੍ਰੋਗਰਾਮ ਵੱਖ-ਵੱਖ ਸ਼ਹਿਰਾਂ ਤੇ ਕਸਬਿਆਂ ਵਿੱਚ ਹੁੰਦੇ ਰਹੇ। ਵਧਾਈਆਂ ਦੀ ਧੂੜ ਹੀ ਨਹੀਂ ਉਡੀ ਸਗੋਂ ਹਨੇਰੀ ਹੀ ਆ ਗਈ। ਜਿਸ ਦੇ ਨਾਲ ਮੈਂ ਹਵਾ ਵਿੱਚ ਉੱਡਣ ਲੱਗਿਆ। ਹਵਾ ਵਿੱਚ ਉਡਦਾ ਵੀ ਕਿਉਂ ਨਾ ਮੈਨੂੰ ਸਾਹਿਤ ਦਾ ਸਭ ਤੋਂ ਵੱਡਾ ਵਕਾਰੀ ਪੁਰਸਕਾਰ ਜੋ ਮਿਲਿਆ ਸੀ।     (ਅਸਲ ਦੇ ਵਿੱਚ ਮੈਂ ਹਥਿਆਰਬੰਦ ਹੋ ਕੇ ਇਹ ਪੁਰਸਕਾਰ ਹਥਿਆਇਆ ਸੀ )
ਇਸ ਪੁਰਸਕਾਰ ਮਿਲਣ ਦੇ ਨਾਲ ਮੇਰੇ ਬਹੁਤੇ ਸਮਕਾਲੀ ਖ਼ਾਰ ਖਾਣ ਲੱਗ ਪਏ ਸਨ। ਉਂਝ ਉਹ ਮੂੰਹ ਉਤੇ ਪ੍ਰਸ਼ੰਸਾ ਕਰਦੇ, ਪਿੱਠ ਮੋੜਦਿਆਂ ਹੀ ਮੇਰੀਆਂ ਚੁਗਲੀਆਂ ਤੇ ਪੈਰ ਵੱਢਣ ਲੱਗਦੇ। ਉਹ ਮੇਰੀਆਂ ਲਿਖਤਾਂ ਦੀ ਪੁਣਛਾਣ ਕਰਨ ਲੱਗਦੇ।
ਪੁਰਸਕਾਰ ਦੇ ਨਾਲ ਜੁੜੀਆਂ ਕਈ ਤਰਾਂ ਦੀਆਂ ਕਹਾਣੀਆਂ ਵੀ ਸੁਣਾਉਂਦੇ। ਉਨਾਂ ਦੀਆਂ ਕਹਾਣੀਆਂ ਜਦੋਂ ਮੇਰੇ ਤੱਕ ਪੁੱਜਦੀਆਂ ਤਾਂ ਮੇਰੀਆਂ ਪੁੜਪੁੜੀਆਂ ਵਿੱਚੋਂ ਸੇਕ ਨਿਕਲਣ ਲੱਗਦਾ। ਮੇਰੀਆਂ ਮੁੱਠੀਆਂ ਮੀਚੀਆਂ ਜਾਂਦੀਆਂ ਤੇ ਅੱਖਾਂ ਲਾਲ ਹੋ ਜਾਂਦੀਆਂ। ਗੁੱਸਾ ਦਿਮਾਗ ਨੂੰ ਚੜਨ ਲੱਗਦਾ ਪਰ ਉਹ ਗੁੱਸਾ ਮੈਂ ਕਿਸ ਦੇ ਉਪਰ ਕੱਢਾਂ? ਮੈਨੂੰ ਸਮਝ ਨਾ ਲੱਗਦੀ। ਦੂਸਰੇ ਪਲ ਮੈਂ ਆਪਣੇ ਆਪ ਨੂੰ ਆਖਦਾ। ਉਨਾਂ ਉਤੇ ਗੁੱਸਾ ਕਾਹਦਾ। ਅਗਲੇ ਕਹਾਣੀਆਂ ਕਿਹੜਾ ਝੂਠੀਆਂ ਬਨਾਉਂਦੇ ਹਨ। ਇਨਾਂ ਵਿੱਚ ਕੁੱਝ ਨਾ ਕੁੱਝ ਤਾਂ ਸੱਚ ਹੀ ਹੈ। ਜਦੋਂ ਸੱਚ ਸ਼ਬਦ ਮੇਰੇ ਬੁੱਲਾਂ ਉਤੇ ਆਇਆ ਤਾਂ ਮੇਰੀ 'ਮੈਂ' ਨੇ ਸਿਰ ਚੁੱਕ ਲਿਆ। ਮੈਂ ਆਪਣੀ 'ਮੈਂ' ਦੇ ਅੱਗੇ ਬੌਣਾ ਹੋ ਗਿਆ। ਤੁਸੀਂ ਦੱਸੋ ਕਿ ਬੰਦਾ ਆਪਣੀ ਮੈਂ ਤੋਂ ਕਿਥੇ ਭੱਜ ਕਿ ਜਾਊਗਾ?
ਹੁਣ ਤੁਸੀਂ ਕਹੋਗੇ ਮੈਂ ਆਪਣੀ ਹੀ 'ਮੈਂ' ਦੇ ਅੱਗੇ ਬੌਣਾ ਕਿਉਂ ਹੋ ਗਿਆ? ਅਸਲ ਗੱਲ ਤਾਂ ਇਹ ਹੈ ਕਿ ਅਸੀਂ ਆਪ ਜਿੰਨੇ ਮਰਜ਼ੀ ਲੋਕਾਂ ਦੇ ਸਾਹਮਣੇ ਵੱਡੇ ਬਣੀ ਜਾਈਏ, ਪਰ ਆਪਣੀ 'ਮੈਂ' ਦੇ ਸਾਹਮਣੇ ਅਸੀਂ ਕਦੇ ਵੀ ਵੱਡੇ ਨਹੀਂ ਹੋ ਸਕਦੇ।
ਕਿਉਂਕਿ ਉਸ ਨੂੰ ਸਾਡੀਆਂ ਸਾਰੀਆਂ ਗੱਲਾਂ ਦਾ ਉਸ ਨੂੰ ਪਤਾ ਹੁੰਦਾ ਹੈ। ਜਿਵੇਂ ਹਮਾਮ ਵਿੱਚ ਸਭ ਨੰਗੇ ਹੁੰਦੇ ਹਨ। ਉਸੇ ਤਰਾਂ ਅਸੀਂ ਆਪੋ ਆਪਣੀ 'ਮੈਂ' ਦੇ ਅੱਗੇ ਨੰਗੇ ਹੁੰਦੇ ਹਾਂ। ਨੰਗੀ ਚੀਜ਼ ਕੋਈ ਵੀ ਚੰਗੀ ਨਹੀਂ ਹੁੰਦੀ।
ਕਈ ਵਾਰ ਆਪ ਨੂੰ ਹੀ ਆਪਣੇ 'ਨੰਗ' ਤੋਂ ਸ਼ਰਮ ਆਉਣ ਲੱਗਦੀ ਹੈ। ਪਰ ਅਸੀਂ ਬੇ-ਸ਼ਰਮ ਬਣੇ, ਆਪਣੀ 'ਮੈਂ' ਨੂੰ ਖੂੰਜੇ ਲਾਈ ਰੱਖਦੇ ਹਾਂ। ਜਿਹੜੀ ਚੀਜ਼ ਖੂੰਜੇ ਲੱਗ ਜਾਵੇ ਉਹ ਇੱਕ ਦਿਨ ਆਪਣੀ ਮਹੱਤਤਾ ਦਿਖਾ ਹੀ ਦਿੰਦੀ ਹੈ। ਫਿਰ ਜਦੋਂ ਕਦੇ ਉਹ ਬੋਲਦੀ ਹੈ ਤਾਂ ਫਿਰ ਵੱਡਿਆਂ-ਵੱਡਿਆਂ ਦੀ ਗੋਡਣੀ ਲਗਾ ਦਿੰਦੀ ਹੈ। ਫਿਰ ਬੰਦਾ ਉਹੀ ਕੁੱਝ ਬੋਲਦਾ ਤੇ ਕਰਦਾ ਹੈ, ਜੋ 'ਮੈਂ' ਕਰਵਾਉਂਦੀ ਹੈ।
ਵਧਾਈਆਂ ਦੀ ਧੂੜ ਅਜੇ ਬੈਠੀ ਨਹੀਂ ਸੀ, ਇੱਕ ਦਿਨ ਮੇਰੀ 'ਮੈਂ' ਕਾਲੇ ਨਾਗ ਵਾਂਗ ਮੇਰੀ ਹਿੱਕ ਉਤੇ ਫਣ ਤਾਣ ਕੇ ਬੈਠ ਗਈ। ਮੈਂ ਅਜੇ ਬੈੱਡ ਉੱਤੇ ਹੀ ਪਿਆ ਸੀ। ਉਸ ਨੇ ਮੇਰੀਆਂ ਅੱਖਾਂ ਵਿੱਚ ਅੱਖਾਂ ਪਾ ਕੇ ਸਵਾਲ ਕਰਨੇ ਸ਼ੁਰੂ ਕਰ ਦਿੱਤੇ। ਹੁਣ ਮੈਂ ਨਾ ਤਾਂ ਝੂਠ ਬੋਲ ਸਕਦਾ ਸੀ ਤੇ ਨਾ ਹੀ ਕਿਧਰੇ ਭੱਜ ਕੇ ਜਾ ਸਕਦਾ ਸੀ। ਤੁਸੀ ਘਰ, ਸਮਾਜ ਤੋਂ ਭੱਜ ਕੇ ਦੂਰ ਜਾ ਸਕਦੇ ਹੋ, ਪਰ ਆਪਣੀ 'ਮੈਂ' ਦੇ ਕੋਲੋਂ ਕਿਧਰੇ ਵੀ ਭੱਜ ਨਹੀਂ ਸਕਦੇ। ਇਹ ਹਰ ਵੇਲੇ ਤੁਹਾਨੂੰ ਘੇਰੀ ਰੱਖਦੀ ਹੈ।
ਉਹ ਆਖਣ ਲੱਗੀ,
''ਵੱਡਿਆ ਕਵੀਆ! ਕਹਾਣੀਕਾਰਾ!
ਬਹੁਤ ਹੋ ਗਈ ਤੇਰੀ ਪ੍ਰਸ਼ੰਸਾ, ਬਹੁਤ ਮਿਲ ਗਈਆਂ ਵਧਾਈਆਂ, ਮਾਣ ਸਨਮਾਨ ਵੀ ਬਹੁਤ ਮਿਲ ਗਿਆ। ਪਰ ਜਿਨਾਂ ਦਾ ਤੂੰ ਹੱਕ ਮਾਰਿਆ, ਕਦੇ ਉਨ੍ਹਾਂ ਬਾਰੇ ਵੀ ਸੋਚਿਆ ਤੂੰ ?
ਏ ਦੱਸ ਤੈੰ ਕਿਹੜੀ ਜੁਗਾੜਬੰਦੀ ਨਹੀਂ ਕੀਤੀ, ਪੌੜੀ ਤੇ ਹਰਬਾ ਨਹੀਂ ਵਰਤਿਆ ,ਇਹ ਪੁਰਸਕਾਰ ਲੈਣ ਲਈ। ਤੂੰ ਕਹਿੰਨਾ ਕਿ ਮੈਨੂੰ ਇਹ ਪੁਰਸਕਾਰ ਯੋਗਤਾ ਦੇ ਆਧਾਰ ਉੱਤੇ ਮਿਲਿਆ। ਭਲਾ ਦੱਸ ਤੇਰੀ ਯੋਗਤਾ ਕੀ ਹੈ?
ਚੰਗਾ ਭਲਾ 'ਲੋਕ ਕਵੀ'ਸੀ, ਤੂੰ 'ਰਾਜ ਕਵੀ' ਬਣ ਕੇ ਦਰਬਾਰੀ ਕਵੀ ਬਣ ਗਿਆ ਤੇ ਸੱਤਾ ਦੇ ਸੋਹਿਲੇ ਗਾਉਣ ਲੱਗ ਪਿਆ। ਮੈਂ ਉਦੋਂ ਵੀ ਚੁੱਪ ਰਹੀ। ਪਰ ਹੁਣ ਤਾਂ ਤੂੰ ਹੱਦ ਹੀ ਟੱਪ ਗਿਆ। ਤੈਨੂੰ ਕਿਸੇ ਪੇਂਡੂ ਸਾਹਿਤ ਸਭਾ ਨੇ ਕਦੇ ਸਨਮਾਨਿਤ ਨਹੀਂ ਕੀਤਾ ? ਤੂੰ ਭਾਰਤੀ ਸਾਹਿਤ ਅਕਾਦੇਮੀ ਪੁਰਸਕਾਰ ਤੱਕ ਪੁੱਜ ਗਿਆ। ਮੈਨੂੰ ਤੇਰਾ ਤਾਂ ਪਤਾ ਹੀ ਹੈ ਪਰ ਜਿਹਨਾਂ ਨੇ ਤੈਨੂੰ ਪੁਰਸਕਾਰ ਲਈ ਚੁਣਿਆ ਉਹ ਕਿਹੋ ਜਿਹੇ ਹੋਣਗੇ ? ਮੈਨੂੰ ਇਹ ਵੀ ਪਤਾ ਤੈਨੂੰ ਪੁਰਸਕਾਰ ਦਿੱਲੀ ਵਾਲਿਆਂ ਦਿਵਾਇਆ ਹੈ । ਉਨ੍ਹਾਂ ਦਾ ਆਪਣਾ ਏਜੰਡਾ ਹੈ ਤੇ ਉਹ ਲਾਗੂ ਕਰਦੇ ਹਨ। ਤੇਰੇ ਵਰਗੀਆਂ ਮਰੀਆਂ ਜ਼ਮੀਰਾਂ ਵਾਲਿਆਂ ਦੇ ਸਹਾਰੇ ।"
"ਮੈਨੂੰ ਤਾਂ ਇਹ ਸਮਝ ਨਹੀਂ ਲੱਗਦੀ ਕਿ ਰਿਸ਼ਤਿਆਂ ਨੂੰ ਕਲੰਕਿਤ ਕਰਨ, ਲੇਖਕ ਕਿਵੇਂ ਹੋ ਸਕਦਾ ਹੈ ? ਦੱਸਾਂ ਕਿ ਤੂੰ ਤੈ ਕੀ ਨਹੀਂ ਕੀਤਾ ? ਮਜਬੂਰ ਲੋਕਾਂ ਦੀ ਮਜਬੂਰੀ ਦਾ ਤੂੰ ਫਾਇਦਾ ਨਹੀਂ ਚੁੱਕਿਆ ? ਤੂੰ ਆਪ ਕਹਿੰਦਾ ਹੁੰਦਾ ਕਿ ਮੈਂ ਆਪ ਬਾਪ ਦਾ ਪੁੱਤ ਨਹੀਂ, ਝਿੜੀ ਵਾਲੇ ਸਾਧ ਦੀ ਸੰਤਾਨ … ਆ ਨੱਕ ਦੇਖੋ … ਹੈ ਨਾ ਸਾਧ ਵਰਗਾ ! ਮੈਂ ਉਦੋਂ ਸਮਝਦੀ ਸੀ ਕਿ ਤੇਰੀ ਜ਼ਮੀਰ ਜਾਗਦੀ ਹੈ !
ਪਰ ਤੂੰ ਤਾਂ ਉਹ ਸਭ ਲੋਕਾਂ ਦੀ ਹਮਦਰਦੀ ਲੈਣ ਲਈ ਕਰਦਾ ਸੀ ! ਗਿਰਗਟ ਭੇਸ ਤੇ ਭੇਖ ਬਦਲਣ ਦੇ ਵਿੱਚ ਤੇਰਾ ਵਿਸ਼ਵ ਰਿਕਾਰਡ ਹੈ। ਮੈ ਤੈਨੂੰ ਭੁੱਲ ਸਕਦੀ ਆਂ, ਭਲਾ ਕਿ ਤੂੰ ਜਿਸ ਥਾਲੀ ਵਿੱਚ ਖਾਧਾ ਉਸਦੇ ਵਿੱਚ ਹੀ ਵਰਮਾ ਲੈ ਕੇ ਗਲੀਆਂ ਕਰਨ ਲੱਗ ਪਿਆ । ਹੁਣ ਤੂੰ ਕਹਿੰਦਾ ਕਿ ਪਟੇ ਵਾਲਾ ਨਹੀਂ ਗਲੀਆਂ ਵਿੱਚ ਫਿਰਨ ਵਾਲਾ ਆ ।
ਹੈ ਤਾਂ ਫੇਰ ਕੁੱਤਾ ਹੀ। ਭਾਵੇਂ ਗਲੀ ਦਾ ਤੇ ਭਾਵੇਂ ਪਟੇ ਵਾਲਾ ਹੋਵੇ !"
ਆਪਣੀ ਜਮੀਰ ਦੀਆਂ ਸੱਚੀਆਂ ਤੇ ਕੌੜੀਆਂ ਗੱਲਾਂ ਸੁਣ ਕੇ ਮੇਰੀ ਹਾਲਤ ਆਪ ਦੇ ਜੇਤੂ ਐਮ. ਐਲ. ਏਜ਼. ਵਰਗੀ ਹੋ ਗਈ। ਜਿਹਨਾਂ ਨੂੰ ਪਿੰਡ ਕਿਸੇ ਨੇ ਪੰਚ ਨੀ ਸੀ ਬਨਣ ਦੇਣਾ, ਉਹ ਬਦਲਾਅ ਦੀ ਹਨੇਰੀ ਵਿੱਚ ਐਮ ਐਲ ਏ ਬਣ ਗਏ। ਹੁਣ ਮੂੰਹ ਬੰਦ ਕਰੀ ਬੈਠੇ ਹਨ।
ਇਵੇਂ ਹੀ ਯੂਨੀਵਰਸਿਟੀਆਂ ਦੇ ਖਿਚ ਆ ਜਿਹੜੇ ਸਕੂਲ ਦੇ ਮਾਸਟਰ ਬਨਣ ਦੇ ਯੋਗ ਨਹੀਂ ਸੀ, ਉਹ ਪ੍ਰੋਫੈਸਰ ਬਣ ਗਏ। ਹੁਣ ਹਨੇਰ ਵੰਡ ਰਹੇ ਹਨ, ਜਿਹੀ ਕੋਕੋ ਉਹੋ ਜਿਹੇ ਕੋਕੋ ਦੇ ਬੱਚੇ !"
ਆਪਣੀ ਜ਼ਮੀਰ ਦੀਆਂ ਗੱਲਾਂ ਸੁਣ ਕੇ ਸਿਆਲ ਦੇ ਦਿਨਾਂ ਵਿੱਚ ਮੈਨੂੰ ਏਨਾ ਪਸੀਨਾ ਆਇਆ, ਜਿਵੇਂ ਮੈਂ ਬੈਡ ਉਤੇ ਨਾ ਬਲਕਿ ਦਰਿਆ ਵਿੱਚ ਸਣੇ ਕੱਪੜੇ ਪਿਆ ਹੋਵਾਂ ਮੁੜਕੋ ਮੁੜਕੀ ਹੋਈ । ਪਰ ਬੇਸ਼ਰਮ ਹੋਇਆ ਪਿਆ ਰਿਹਾ ਤੇ ਹੋਰ ਕਰਦਾ ਵੀ ਕੀ?
ਮੇਰੀ 'ਮੈਂ' ਨੇ ਜੋ ਵੀ ਮੈਨੂੰ ਜੋ ਸਵਾਲ ਪੁੱਛੇ, ਮੈਨੂੰ ਉਹਨਾਂ ਦਾ ਕੋਈ ਜਵਾਬ ਨਾ ਆਵੇ। ਉਂਝ ਜਵਾਬ ਤਾਂ ਸਾਰੇ ਮਨ ਵਿੱਚ ਸਨ। ਜ਼ੁਬਾਨ ਸਾਥ ਨਹੀਂ ਸੀ ਦੇ ਰਹੀ। ਹੌਸਲਾ ਇਕੱਠਾ ਕਰਦਾ, ਬੋਲਣ ਦੀ ਹਿੰਮਤ ਕਰਦਾ ਪਰ ਮੈਥੋਂ ਬੋਲਿਆ ਕੁੱਝ ਵੀ ਨਹੀਂ ਸੀ ਜਾਂਦਾ। ਮੈਂ ਬਹੁਤ ਪਰੇਸ਼ਾਨ ਸੀ। ਕਰਾਂ ਤਾਂ ਕੀ ਕਰਾਂ। ਮੈਂ ਬਹੁਤ ਪਰੇਸ਼ਾਨ ਸੀ ਕਿ ਇਹ ਪੁਰਸਕਾਰ ਲੈ ਕੇ ਮੈਂ ਕੀ ਖੱਟਿਆ !"
ਹਿੰਮਤ ਜਿਹੀ ਇਕੱਠੀ ਕਰਕੇ ਮੈਂ ਬੋਲਣ ਦੀ ਕੋਸ਼ਿਸ਼ ਕੀਤੀ । ਜਦ ਤੱਕ ਮੇਰੇ ਵਿਚਲਾ ਕਾਮਰੇਡ ਵੀ ਜਾਗ ਪਿਆ '' ਹੱਕ ਮੰਗਿਆਂ ਕਦੇ ਮਿਲਦੇ ਤੇ ਇਹ ਤਾਂ ਖੋਹੇ ਜਾਂਦੇ ਹਨ। ਮੈਂ ਵੀ ਇਹ ਪੁਰਸਕਾਰ ਖੋਹਿਆ ਹੀ ਹੈ। ਜੇ ਮੈਂ ਨਾ ਖੋਂਹਦਾ ਤਾਂ ਮੇਰੇ ਨਾਲੋਂ ਕੋਈ ਹੋਰ ਜ਼ੋਰਾਵਰ ਖੋਹ ਕੇ ਲੈ ਜਾਂਦਾ। ਨਾਲੇ ਕਿੰਨਾਂ ਚਿਰ ਹੋ ਗਿਆ ਹੈ, ਮੈਨੂੰ ਲਿਖਦੇ ਨੂੰ। ਡੇਢ ਦਰਜਨ ਕਿਤਾਬਾਂ ਮੈਂ ਮਾਂ ਬੋਲੀ ਪੰਜਾਬੀ ਦੀ ਝੋਲੀ ਵਿੱਚ ਪਾਈਆਂ। ਅੱਧੀ ਦਰਜਨ ਖਰੜੇ ਪਏ ਹਨ। ਇਹ ਕੋਈ ਘੱਟ ਪ੍ਰਾਪਤੀ ਹੈ। ਮੇਰੀਆਂ ਪ੍ਰਾਪਤੀਆਂ ਨੂੰ ਇਹ ਮਾਣ ਮਿਲਣਾ ਚਾਹੀਦਾ ਸੀ ਪਰ ਅਗਲਿਆਂ ਦਿੱਤਾ ਹੈ ਨਹੀਂ ਲੈਣਾ ਪਿਆ।''
'' ਅੱਛਾ ਇਹ ਤੇਰੀਆਂ ਪ੍ਰਾਪਤੀਆਂ ਨੂੰ ਇਨਾਮ, ਸਨਮਾਨ ਤੇ ਪੁਰਸਕਾਰ ਮਿਲਿਆ ਹੈ?'' ਉਸ ਨੇ ਮੇਰੀ ਗੱਲ ਵਿਚੇ ਕੱਟਦਿਆਂ ਫਿਰ ਸਵਾਲ ਦਾਗ਼ ਦਿੱਤਾ। ਮੈਂ ਆਪਣੀ ਮੈਂ ਦੇ ਸਾਹਮਣੇ ਪਾਣੀ ਪਾਣੀ ਹੋ ਗਿਆ। ਉਹ ਫਿਰ ਚੀਕੀ, 'ਸੌ ਹੱਥ ਰੱਸਾ ਸਿਰੇ ਤੇ ਗੰਢ' ਤੂੰ ਕਹਾਣੀਆਂ ਨਾ ਪਾ-ਸਿੱਧੀ ਗੱਲ ਦੱਸ। ਤੂੰ ਇਹ ਪੁਰਸਕਾਰ ਲੈਣ ਲਈ ਕੀ ਕੀ ਪਾਪੜ ਨੀਂ ਵੇਲੇ। ਲੋਕਾਂ ਦੀਆਂ ਜੁੱਤੀਆਂ ਘਸਦੀਆਂ ਨੇ, ਤੇਰੇ ਤਾਂ . . ਕਾਰ ਦੇ ਟਾਇਰ ਹੀ ਘਸੇ ਪਏ ਨੇ। ਨਾਲੇ ਤੇਰੀਆਂ ਮਨ ਦੇ ਨਾਲ ਕੀਤੀਆਂ ਗੱਲਾਂ ਵਾਲੀਆਂ ਰਚਨਾਵਾਂ ਨੇ ਲੋਕਾਂ ਦਾ ਕੀ ਸੰਵਾਰਨਾ ਹੈ? ਰਿਸ਼ਤਿਆਂ ਤੇ ਸਮਾਜ ਨੂੰ ਕਲੰਕਿਤ ਕਰਨ ਵਾਲੀਆਂ ਮਨ ਘੜਤ ਗੱਲਾਂ ਲਿਖ ਕੇ ਸੱਤਾ ਦੇ ਜੋਰ ਨਾਲ ਯੂਨੀਵਰਸਿਟੀਆਂ ਦੇ ਸਿਲੇਬਸ ਵਿੱਚ ਲਵਾ ਕੇ ਤੂੰ ਸਿੱਧ ਕੀ ਕਰਨਾ ਚਾਹੁੰਦੇ ਹੈ, ਦੱਸ?
ਨਾਲੇ ਤੈਨੂੰ ਪਤਾ ਹੈ ਕਿ ਇੱਥੇ ਆਮ ਲੋਕਾਂ ਦਾ ਜਿਉਣਾ ਦੁਬਰ ਹੋਇਆ ਪਿਆ ਹੈ? ਤੂੰ ਇਸ਼ਕ ਦੀਆਂ ਗੱਲਾਂ ਕਰੀ ਜਾ ਰਿਹਾ ਸਾਰਾ ਕਿੱਸਾ ਕਾਵਿ ਤਾਂ ਇਹਨਾਂ ਦੇ ਨਾਲ ਭਰਿਆ ਪਿਆ ਹੈ ਤੂੰ ਕੀ ਨਵਾਂ ਚੰਦ ਚਾੜ ਰਿਹਾਂ ? ਦੂਜੇ ਪਾਸੇ ਆਮ ਲੋਕਾਂ ਦਾ ਕਚੂੰਬਰ ਨਿਕਲ ਗਿਆ ਤੂੰ-ਪਿਆਰ ਦੀ ਗੱਲਾਂ ਕਰੀ ਜਾਨਾਂ? ਉਨਾਂ ਲੋਕਾਂ ਬਾਰੇ ਵੀ ਕੁੱਝ ਲਿਖ, ਜਿਹਨਾਂ ਦੀ ਮਿਹਨਤ ਵਿੱਚੋਂ ਇਹ ਪੁਰਸਕਾਰ ਮਿਲਿਆ। ਪੈਸਾ ਤਾਂ ਲੋਕਾਂ ਦਾ ਹੈ। ਪਰ ਤੈਂ ਕਦੇ ਲੋਕਾਂ ਦੀ ਗੱਲ ਕੀਤੀ ਹੈ? ਇੱਥੇ ਹਰ ਬੰਦਾ ਟੈਕਸ ਅਦਾ ਕਰਦਾ ਹੈ। ਇਨਾਮ ਤਾਂ ਲੋਕ ਦੇਂਦੇ ਹਨ ਕਦੇ ਲੋਕਾਂ ਨੇ ਤੈਨੂੰ ਪੁਰਸਕਾਰ ਦਿੱਤਾ ਹੈ। ਵੱਡਿਆ ਕਵੀਆ? ' ਵੱਡਾ ਵਿਦਵਾਨ ਬਣਿਆ ਫਿਰਦਾ' ? ਇਨਾਂ ਸਵਾਲਾਂ ਦੀ ਝੜੀ ਨੇ ਮੈਨੂੰ ਪਾਣੀ-ਪਾਣੀ ਕਰ ਦਿੱਤਾ।
ਮੈਂ ਸੋਚਣ ਲੱਗਿਆ- ''ਕੀ ਖੱਟਿਆ ਮੈਂ ਇਹ ਪੁਰਸਕਾਰ ਲੈ ਕੇ?'' ਲੋਕਾਂ ਵਿੱਚ ਤਾਂ ਜ਼ਰੂਰ ਮੈਂ ਸ਼੍ਰੋਮਣੀ ਕਵੀ। ਕੌਮੀ ਤੇ ਰਾਜ ਕਵੀ ਬਣ ਗਿਆ, ਪਰ ਮੇਰੀ 'ਮੈਂ' ਦੇ ਸਾਹਮਣੇ ਮੈਂ ਕੁੱਝ ਵੀ ਨਹੀਂ। ਨਾਲੇ ਸਰਕਾਰੀ ਇਨਾਮ ਲੈਣ ਦੇ ਨਾਲ ਬੰਦਾ ਵੱਡਾ ਲੇਖਕ ਨਹੀਂ ਬਣ ਜਾਂਦਾ। ਉਹ ਵੱਡਾ ਲੇਖਕ ਤਾਂ ਹੀ ਬਣ ਸਕਦਾ ਹੈ, ਜੇ ਲੋਕ ਉਸ ਨੂੰ ਮਾਨਤਾ ਦੇਣ। ਮੈਨੂੰ ਲੋਕਾਂ ਨੇ ਤਾਂ ਮਾਨਤਾ ਦਿੱਤੀ ਹੀ ਨਹੀਂ।
ਲੋਕ ਤਾਂ ਹੀ ਮਾਨਤਾ ਦੇਣਗੇ, ਜੇ ਮੈਂ ਲੋਕਾਂ ਦੀ ਗੱਲ ਕਰਾਂਗਾ। ਮੈਂ ਤਾਂ ਅਜੇ ਪਿਆਰ ਵਿੱਚੋਂ ਹੀ ਬਾਹਰ ਨਹੀਂ ਨਿਕਲਿਆ। ਕਬਰਾਂ ਵਿੱਚ ਲੱਤਾਂ ਆ ਗਈਆਂ, ਅਜੇ ਵੀ ਮੈਨੂੰ 'ਮਹਿਬੂਬ' ਦੀ ਉਡੀਕ ਹੈ। ਇਸੇ ਕਰਕੇ ਮੈਂ ਆਪਣੀ ਮਹਿਬੂਬ ਦੀ ਉਡੀਕ ਵਿੱਚ ਲਿਖੀ ਜਾਂਦਾ ਹਾਂ।'' ਮੈਂ ਆਪਣੇ ਆਪ ਨਾਲ ਹੀ ਗੱਲਾਂ ਕਰੀ ਜਾ ਰਿਹਾ ਸੀ। ਗੱਲਾਂ ਤਾਂ ਮੈਂ ਕਰਦਾ ਸੀ, ਪਰ ਮੈਂ ਆਪਣੀ 'ਮੈਂ' ਦੇ ਸਾਹਮਣੇ ਗੋਡੇ ਟੇਕੀ ਬੈਠਾ ਸੀ।
ਇੱਕ ਵਾਰ ਮਨ ਵਿੱਚ ਆਇਆ ਕਿ ਮੈਂ ਘਰੋਂ ਬਾਹਰ ਨਿਕਲ ਕੇ ਉੱਚੀ ਉੱਚੀ ਰੌਲਾ ਪਾਵਾਂ। ''ਮੈਨੂੰ ਇਹ ਪੁਰਸਕਾਰ ਮਿਲਿਆ ਨਹੀਂ। ਸਗੋਂ ਮੈਂ ਇਸ ਨੂੰ ਹਥਿਆਇਆ ਹੈ। ਇਸ ਦੀ ਜਿਊਰੀ ਦੇ ਮੈਂਬਰਾਂ ਨੂੰ ਗੰਢਿਆ ਹੈ। ਉਹਨਾਂ ਦੀ 'ਸੇਵਾ' ਕੀਤੀ ਹੈ। 'ਸੇਵਾ' ਵਿੱਚ ਸਭ ਕੁੱਝ ਪੱਕੇ ਤੋਂ ਕੱਚੇ ਮਾਸ ਤੱਕ ਸ਼ਾਮਿਲ ਸੀ ਪਰ ਮੈਂ ਇਸ ਪੁਰਸਕਾਰ ਦਾ ਹੱਕਦਾਰ ਨਹੀਂ ਸੀ। ਮੈਂ ਕਿਸੇ ਹੋਰ ਦਾ ਹੱਕ ਮਾਰਿਆ ਹੈ। ਮੈਂ ਦੋਸ਼ੀ ਹਾਂ, ਲੋਕਾਂ ਦਾ ਤੇ ਆਪਣੀ ਜ਼ਮੀਰ ਦਾ ।
''ਮੈਂ ਸੱਚਮੁੱਚ ਉੱਚੀ ਉਂਚੀ ਚੀਕ ਰਿਹਾ ਸੀ, ਮੇਰੀ ਘਰਵਾਲੀ ਮੇਰੇ ਕੋਲ ਕੱੜਛੀ ਵਿੱਚ ਗੁਗਲ ਲਈ ਖੜੀ। ਘਰ ਵਿਚ ਧੂੰਆਂ ਹੀ ਧੂੰਆਂ ਹੋਇਆ ਪਿਆ ਸੀ ਪਰ ਉਸ ਦੀ ਨਿਗਾ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਤਸਵੀਰ ਵੱਲ ਸੀ। ਉਹ ਅਰਦਾਸ ਕਰ ਰਹੀ ਸੀ। ਉਹ ਕੀ ਅਰਦਾਸ ਕਰਦੀ ਸੀ? ਉਹ ਕਹਿ ਰਹੀ ਸੀ ''ਇਹੋ ਜਿਹੇ ਪੁਰਸਕਾਰ ਨਾਲੋਂ ਵਾਹਿਗੁਰੂ ਅਸੀਂ ਐਵੇਂ ਹੀ ਚੰਗੇ ਹਾਂ।''
ਜਦ ਮੇਰੀਆਂ ਅੱਖਾਂ ਖੁਲ੍ਹ ਗਈਆਂ ਤੇ ਮੇਰੇ ਸਾਹਮਣੇ ਕੁੱਝ ਵੀ ਨਹੀਂ ਸੀ । ਮੈਂ ਬੇਸ਼ਰਮ ਹੋਇਆ ਸੋਚਣ ਲੱਗਿਆ ਤੇ ਕੀ ਮਿਲਿਆ ਸਾਲਾ ਇਹ ਪੁਰਸਕਾਰ ਲੈ ਕੇ, ਇਹਦੇ ਨਾਲੋਂ ਪਹਿਲਾਂ ਚੰਗੇ ਸੀ !
ਹੁਣ ਮੈਂ ਚੰਗਾ ਬਨਣ ਦੀ ਸੋਚ ਰਿਹਾ ਸੀ। ਤਾਂ ਕਿ ਜਿਨ੍ਹਾਂ ਲੋਕਾਂ ਵੱਲ ਮੈਂ ਪਿੱਠ ਮੋੜੀ ਸੀ, ਉਨ੍ਹਾਂ ਵੱਲ ਮੂੰਹ ਕਰ ਲਿਆ। ਮੈਨੂੰ ਆਪਣੇ ਆਪ ਤੋਂ ਲਾਹਣਤ ਆ ਰਹੀ । ਮੈਂ ਛੇਤੀ ਦੇ ਕੇ ਉਠਦਾ ਹਾਂ ਤੇ ਪੁਰਸਕਾਰ ਨੂੰ ਚੱਕ ਕੇ ਮੈਂ ਘਰੋਂ ਬਾਹਰ ਵਗਾ ਕੇ ਮਾਰਨ ਲੱਗਦਾ ਹਾਂ ਪਰ ਮੈਂ ਉਹ ਅੰਦਰ ਲੁਕਾ ਦਿੱਤਾ ।
ਹੁਣ ਮੈਨੂੰ ਸੁੱਖ ਦਾ ਸਾਹ ਆਇਆ ਹੈ, ਪਰ ਆਪਣੀਆਂ ਹਰਕਤਾਂ ਤੋਂ ਬਾਜ਼ ਨਹੀਂ ਆਇਆ ਹੁਣ ਮੈਂ ਇੱਕ ਸੰਸਥਾ ਦਾ ਸੱਤਾ ਦੇ ਜੋਰ ਨਾਲ ਮੈਂਬਰ ਬਣਿਆ ਹਾਂ, ਮੈਂ ਉਚੀ ਦੇ ਕੇ ਆਖਿਆ : "ਹਮ ਨਹੀਂ ਸੁਧਰੇਂਗੇ ?"
ਪੋਸਟ ਸਕ੍ਰਿਪਟ
….  ਹਥਿਆਰਬੰਦ ਕਲਮਾਂ ਦੇ ਵੱਲੋਂ ਪੁਰਸਕਾਰ ਹਥਿਆਉਣ ਕਰਕੇ … ਕਈ ਸੱਚੇ ਬੰਦੇ ਵੀ ਬੋਲਦੇ ਨਹੀਂ .. ਪਰ ਸੁਣਿਆ ਹੈ ਕਿ ਉਹ ਵੀ ਕੁੱਤੇ ਝਾਕ ਵਿੱਚ ਤੇ ਆਸ ਵਿੱਚ ਹਨ…ਕਿ ਹੋ ਸਕਦਾ ਮੈਨੂੰ ਵੀ ਪੁਰਸਕਾਰ ਮਿਲ ਜਾਊਗਾ...?
ਹੁਣ ਇਹ ਪੁਰਸਕਾਰ ਸੰਸਥਾਵਾਂ ਵੱਲੋਂ ਦਿੱਤੇ ਨਹੀਂ ਜਾਂਦੇ ..ਸਗੋਂ ਜਿਓਣੇ ਮੋੜ ਦੀ ਤਰ੍ਹਾਂ ਲੌਂਗੋਵਾਲ ਦੀਆਂ ਤੀਆਂ ਵਾਂਗੂੰ ਲੁੱਟੇ ਜਾਂਦੇ ਹਨ...। ਜਿਹੜਾ ਬਾਜ਼ੀ ਮਾਰ ਗਿਆ, ਉਹੀ ਗੋਰਖਨਾਥ ਦਾ ਚੇਲਾ ।
ਕੋਈ ਸਮਾਂ ਸੀ ਪੁਰਸਕਾਰ ਦੀ ਮਹੱਤਤਾ ਸੀ !
ਹੁਣ ਤੇ ਪਹਿਲਾਂ ਹੀ ਪਤਾ ਹੁੰਦਾ ਕਿ ਇਸ ਵਾਰ ਇਹ ਡੁਕੂਗਾ !
ਪੁਰਸਕਾਰ ਇਹ ਬੀਮਾਰੀ ਸੁਖਪਾਲਵੀਰ ਹਸਰਤ ਵੇਲੇ ਸ਼ੁਰੂ ਹੋਈ ਸੀ...ਜੋ ਹੁਣ ਕੈਂਸਰ ਬਣ ਗਈ ਹੈ...ਹੁਣ ਨਾ ਬੀਮਾਰੀ ਹਟੇ ਤੇ ਮਰੀਜ਼ ਲੇਖਕ /ਕਵੀ/ ਅਲੋਚਕ /ਪੱਤਰਕਾਰ / ਰਾਗੀ/ ਢਾਡੀ / ਆਦਿ ਕੋਈ ਬਚ ਸਕੇ । ਬੋਲਣਾ ਸਮੇਂ ਦੀ ਲੋੜ ਹੁੰਦਾ ਹੈ... ਤੁਸੀਂ ਇਸ ਵੇਲੇ ਵੀ ਜੇ ਨਹੀਂ ਬੋਲੇ ਤਾਂ ਤੁਸੀਂ ਜਿਉਂਦੇ ਨਹੀਂ ...ਲਾਸ਼ਾਂ ਹੋ....? ਉਂਝ ਜਸਵੀਰ ਸਿੰਘ ਭੁੱਲਰ ਨੇ "ਨਾਵਲ ਖਿੱਦੋ " ਅੰਦਰ  ਕੁੱਝ ਕੁ ਮੁੱਖ ਲੀਰਾਂ ਵਾਰੇ ਦੱਸਿਆ ਹੈ ।
ਬਾਕੀ ਸਭ ਕਤਾਰ ਵਿੱਚ ਲੱਗੇ ਹਨ ।
ਸੰਪਰਕ : 94643-70823


ਮਾਛੀਵਾੜੇ ਦੇ ਜੰਗਲ  ਵਿੱਚ - ਬੁੱਧ  ਸਿੰਘ ਨੀਲੋਂ

ਮੈਂ  ਕਈ ਦਿਨ ਤੋਂ  ਮਾਛੀਵਾੜੇ ਦੇ ਕੰਕਰੀਟ
ਜੰਗਲਾਂ  ਵਿੱਚ  ਘੁੰਮਦਾ ਫਿਰਦਾ ਹਾਂ
ਮੈਨੂੰ  ਗੁਰੂ  ਜੀ ਤਾਂ  ਟਿੰਡ ਦਾ ਸਰਾਣਾ ਲਾਈ
ਪਏ ਦਿਖਦੇ ਹਨ,  ਪਰ ਕੋਈ
ਗੁਰੂ  ਦਾ ਸਿੱਖ  ਨਜ਼ਰ  ਨਹੀਂ  ਆਇਆ
ਮੈਂ  ਗੁਰੂ  ਜੀ ਚਰਨਾਂ  ਵੱਲ ਬੈਠਾ
ਉਨ੍ਹਾਂ ਨਾਲ ਮਨ ਹੀ ਮਨ ਗੱਲਾਂ  ਕਰਦਾ ਹਾਂ
ਗੁਰੂ ਜੀ ਦੇ ਜਖ਼ਮੀ ਪੈਰ ਹਨ
ਮੁੱਖ  ਨੂਰੋ ਨੂਰ ਹੈ
ਇੱਕ ਅਵੱਲਾ ਸਰੂਰ ਹੈ।

ਸੂਰਜ  ਵਾਂਗੂੰ  ਦਗਦਾ ਮੁੱਖ
ਹਵਾ ਵਿੱਚ  ਆਵਾਜ਼  ਗੂੰਜਦੀ ਹੈ
"ਮਿੱਤਰ ਪਿਆਰੇ  ਨੂੰ  ਹਾਲ ਮੁਰੀਦਾਂ  ਦੇ ਕਹਿਣਾ“
ਕੋਈ  ਗਾ ਰਿਹਾ ਹੈ
ਮੈਂ  ਸਾਹ ਰੋਕ ਕਿ ਬੈਠਾ  ਹਾਂ।

ਕਿਤੇ ਗੁਰੂ ਜੀ ਦੀ ਅੱਖ ਨਾ ਖੁਲ੍ਹ ਜਾਵੇ
ਮੈਂ  ਬੁੱਢੇ ਦਰਿਆ ਵੱਲ ਜਾਂਦਾ  ਹਾਂ
ਉਸਦਾ ਗੰਦਾ ਪਾਣੀ
ਮੈਨੂੰ ਜ਼ਹਿਰ  ਵਰਗਾ ਲੱਗਦਾ ਹੈ
ਬੁੱਢਾ  ਦਰਿਆ  ਮੈਨੂੰ
ਸਵਾਲ ਕਰਦਾ ਹੈ
ਕਿ ਮੈਨੂੰ  ਕਿਉਂ  ਪਲੀਤ ਕਰ ਦਿੱਤਾ
ਮੇਰਾ  ਕੀ ਕਸੂ੍ਰ ਹੈ ?
ਮੇਰੇ ਕੋਲ ਜਵਾਬ  ਨਹੀਂ

ਫੇਰ ਕੋਈ  ਗਾ ਰਿਹਾ ਹੈ
ਗੁਰੂ ਜੀ ਜਾਗਦੇ ਹਨ
ਮੈਂ  ਸੌ ਜਾਂਦਾ  ਹਾਂ
ਮੈਂ ਕਦੋਂ  ਜਾਗਾਂਗਾ ?
ਪਤਾ ਨਹੀਂ ?

ਤੁਸੀਂ  ਕਦੋਂ  ਗੂੜ੍ਹੀ ਨੀਂਦ ਵਿੱਚੋਂ  ਜਾਗੋਗੇ ??

ਮੈਂ  ਨਹੀਂ  ਜਾਣਦਾ
ਪਰ ਮੈਂ ਆਪਣਾ-ਆਪਾ  ਛਾਣਦਾ ਹਾਂ
ਮੈਂ  ਕਿਸੇ ਦੀ ਉਡੀਕ  ਵਿੱਚ  ਹਾਂ।

ਕੋਈ ਮੇਰੇ ਨਾਲ ਨਾਲ ਤੁਰ ਰਿਹਾ ਹੈ
ਮੈਂ  ਜੰਗਲ 'ਚ ਗੁਆਚ ਗਿਆ  ਹਾਂ
ਮਾਛੀਵਾੜਾ ਮੇਰੇ ਨਾਲ ਗੱਲਾਂ  ਕਰਦਾ ਹੈ
ਮੈਂ  ਜੰਗਲ ਵਿੱਚ  ਹਾਂ
ਜੰਗਲ  ਮੇਰੇ ਵਿੱਚ ਹੈ !
ਮੈਂ  ਮਾਛੀਵਾੜੇ ਨੂੰ  ਸਜਦਾ ਕਰਦਾ ਹਾਂ  !
ਬੁੱਧ  ਸਿੰਘ ਨੀਲੋਂ
ਸੰਪਰਕ : 9464370823

 ਤਮਾਸ਼ਾ-ਏ-ਹਿੰਦੋਸਤਾਨ - ਬੁੱਧ ਸਿੰਘ ਨੀਲੋਂ

ਮੇਹਰਬਾਨ, ਕਦਰਦਾਨ ਇਕ ਮਿੰਟ ਧਿਆਨ ਦੇਣਾ ...ਬਹਿ ਜੋ ਜਿਥੇ ਥਾਂ ਮਿਲਦੀ ਹੈ। ਜੇ ਇਥੇ ਨਹੀਂ ਬਹਿ ਤੇ ਖੜ੍ਹ ਸਕਦੇ ਤਾਂ ਆਪੋ ਆਪਣੇ ਘਰ, ਥਾਂ, ਜਿਥੇ ਵੀ ਹੋ ਬੈਠ ਜਾਓ। ਬਸ ਥੋੜੇ ਕੁ ਪਲ ਵਿਚ ਤਮਾਸ਼ਾ ਸ਼ੁਰੂ ਹੋਣ ਵਾਲਾ ਐ। ਐ ਮਮਤਾ, ਏ ਸੋਨੀਆ, ਓ ਮਾਨ ਭਾਈ। ਜਰਾ ਚੁੱਪ ਦਾ ਦਾਨ ਬਖਸ਼ੋ ਤੇ ਮੇਰੇ ਵੱਲ ਧਿਆਨ ਧਰੋ। ਪੰਜਾਬੀ ਦਾ ਇਕ ਕਵੀ ਕੈਨੇਡਾ ਦੇ ਵਿੱਚ ਇਕ ਰੇਡੀਓ ਦੇ ਉਪਰ ਬੋਲ ਰਿਹਾ ਸੀ ਕਿ ਅਸੀਂ ਬੁੱਢੇ ਨਾਲੇ ਨੂੰ ਸਾਫ ਕਰ ਰਹੇ.ਹਾਂ ..... ਲੁਧਿਆਣਾ ਦੇ ਵਿੱਚ ਅਸੀਂ ਸਫਾਈ ਮੁਹਿੰਮ ਚਲਾ ਰਹੇ … ਤੁਸੀਂ ਸਾਡੇ ਨਾਲ ਜੁੜੋ ... ਤਨ ਮਨ ਤੇ ਧਨ ਦੀ ਬਹੁਤ ਲੋੜ ਹੈ .....! ..... ਕੌਣ ਹੈ ਭਾਈ ਉਹ … ਕਵੀ ਹੈ ?? ਜਿਹੜਾ ਬੁੱਢਾ ਨਾਲਾ ਸਾਫ ਕਰਦਾ ਹੈ ... ?
ਇਹ ਗੰਦਾ ਤਾਂ ਫੈਕਟਰੀਆਂ ਵਾਲਿਆਂ ਨੇ ਕਰਿਆ ਹੈ।
ਸਾਫ ਕੌਣ ਕਰੇ ? ਦੱਸੋ ਬਈ ਕੌਣ ਕਰੇ … ਸਾਫ … ਨਾਲਾ ਜੋ ਹੁਣ ਬੁੱਢਾ ਹੋਇਆ ਹੈ!
--------
ਡੁਗ ਡੁਗ, ਬੰਸਰੀ ਵੱਜਦੀ ਐ
ਨਾਰਦ ਮੁਨੀ ਮੀਡੀਆ ਪੂਰੀ ਤਰ੍ਹਾਂ ਪਲ ਪਲ ਦੀ ਖਬਰ ਦੁਨੀਆਂ ਤੱਕ ਪੁਜਦੀ ਕਰਦਾ ਐ।
ਹਾਂ ਜਮੂਰੇ!
ਜੀ ਉਸਤਾਦ! ਫੇਰ ਕਰੀਏ ਖੇਲ ਸ਼ੁਰੂ, ਕੇ ਅਜੇ ਦੇਖ ਲਵਾਂ ਕਿੰਨੇ ਬਹਿ ਗਏ। ਬੱਲੇ ਆਹ ਤੇ ਸੁਸਰੀ ਵਾਂਗ ਈ ਸੌ ਗਏ। ਬਹੁਤੇ ਤਾਂ ਮਰਨੋ ਡਰਦੇ ਡਰ ਨਾਲ ਹੀ ਮਰੀ ਜਾ ਰਹੇ ਹਨ .... ਗੱਡੀਆਂ ਵਾਲਿਆਂ ਨੂੰ ਬਹੁਤ ਡਰ ਲੱਗ ਰਿਹਾ ਹੈ ...!
ਓ ਜਮੂਰੇ ਦੱਸ ਕੀ ਖੇਲ ਦਖਾਵਾ ?
ਤਾਜ ਮਹਿਲ ਜਾਂ ਬਾਲੀਵੁਡ ਦੀ ਹੀਰੋਇਨ ?
ਬੋਲ ਜਮੂਰੇ ਬੋਲ।
ਦੱਸ ਕੀ ਦੇਖਣਾ ਹੈ...?
ਉਸਤਾਦ ਦੇਖਾਂਗੇ ਤਾਂ ਬਾਅਦ ਵਿੱਚ ਪਹਿਲਾਂ ਰੋਟੀ ਮੰਗਾ .. ਭੁੱਖ ਬਹੁਤ ਲੱਗੀ ਹੈ ... ਨਾਲੇ ਆਪ ਖਾ.ਤੇ ਮੈਨੂੰ ਖਲਾਅ ਤੇ ਨਾਲੇ ਲੋਕਾਂ ਨੂੰ ਖਵਾਅ।
ਉਹ ਜਮੂਰੇ ਤੇਰਾ ਨਾ ਕਦੇ ਢਿੱਡ ਭਰਿਆ। ਹਰ ਵੇਲੇ ਰੋਟੀ, ਰੋਟੀ। ਬਹਿ ਜਾ ਟਿਕ ਕਿ .. ਨਹੀਂ ਪਊ ਸੋਟੀ। ਬਹੁਤ ਐ ਮੋਟੀ। ਫੇਰ ਨਾ ਰੋਕੀ।
ਚੰਗਾ ਉਸਤਾਦ, ਕਰ ਜੋ ਕਰਨਾ। ਮੇਰੀ ਤਾਂ ਭੁੱਖ ਨੇ ਬੋਲਤੀ ਓ ਬੰਦ ਕਰਤੀ।
ਲੋਓ ਬੀ ਤਮਾਸ਼ਾ ਸ਼ੁਰੂ ਐ।
ਨੋਟ ਬੰਦ, ਲੌਕ ਡਾਊਨ, ਤਾਲੀ, ਥਾਲੀ, ਮੋਮਬੱਤੀ।
ਜਮੂਰੇ ਆਗੇ ਆਗੇ ਦੇਖ ਹੋਤਾ ਐ ਕਿਆ?
ਉਸਤਾਦ ਤੇਰੇ ਨਾਲੋਂ ਤਾਂ ਖੁਸਰੇ ਚੰਗੇ ਆ ਕੱਲ ਉਹਨਾਂ ਮੈਨੂੰ ਰੋਟੀ ਖੁਆਈ। ਤੂੰ ਤੇ ਉਸਤਾਦ ਜਮਾਂ ਈ ਬੁਧੂ ਐਂ। ਐਵੇਂ ਗੱਲਾਂ ਨਾਲ ਕੜਾਹ ਬਣਾਈ ਜਾਨਾਂ। ਕੋਈ ਖੇਲ ਦਿਖਾ। ਐਵੈ ਨਾਗਪੁਰੀ ਝੋਲੇ 'ਚੋਂ ਕੱਢ ਕੇ ਸੱਪ ਸਰਾਲ ਸਿਟੀ ਜਾਨਾ। ਨਾ ….. ।
ਤਮਾਸ਼ਾ ਜਾਰੀ ਐ। ਵਿਚੋਂ ਈ ਇਕ ਕਾਮਰੇਡ ਬੋਲਿਆ
ਓ ਮਦਾਰੀਆ ਆ ਆਪਣਾ ਤਮਾਸ਼ਾ ਬੰਦ ਕਰ।
ਭਾਰਤੀ ਲੋਕੋ। ਕੁੱਝ ਸੋਚੋ। ਮਰਨਾ ਨੀ, ਜਿਉਣਾ ਐ।
ਲੋਕ ਬੋਲਦੇ ਹਨ
ਪਿਆਰਿਓ ਦੇਸ਼ ਦੇ ਦੁਲਾਰਿਓ
ਮਦਾਰੀ ਦੇ ਦੁਰਕਾਰਿਓ
ਆਓ ! ਆਓ! ਕੁੱਝ ਕਰੀਏ ਤੇ ਹੁਣ ਨਾ ਡਰ ਨਾਲ ਮਰੀਏ
ਖੁਰਦੀ ਅਕਲ ਨੂੰ ਭੋਰੀਏ, ਕੇਹਾ ਕਰਨਾ ਲੋੜੀਏ ?
ਦੇਸ਼ ਵਾਸੀਓ ਯਾਦ ਕਰੋ, ਆਪਣੇ ਪੁਰਖਿਆਂ ਨੂੰ।
ਪੰਜਾਬੀ, ਪੰਜਾਬੀ ਤੇ ਪੰਜਾਬੀਅਤ ਨੂੰ ਬਚਾਉਣ ਵਾਲਿਆਂ ਨੇ ਜੋ ਪੰਜਾਬ ਦੇ ਖੁਰ ਜਾਣ ਤੋਂ ਬਹੁਤ ਹੀ ਚਿੰਤੁਤ ਹਨ... ਪਰ ਕੀਤਾ ਕੀ ਜਾਵੇ ?..ਇਸ ਸੰਬੰਧੀ ਵਿਚਾਰ ਚਰਚਾ ਕਰਨ ਲਈ ਲੋਕਾਈ ਦਾ ਇਕੱਠੇ ਹੋਣਾ ਜਰੂਰੀ ਐ ..ਤਾਂ ਕਿ ਪੰਜਾਬ ਨੂੰ ਬਚਾਇਆ ਜਾ ਸਕੇ ਸੋਚੇ ਇਸਨੂੰ ਕਿਵੇਂ ਸੰਭਾਲਿਆ ਜਾ ਸਕੇ ...?
ਜਦੋਂ ਲੋਕ ਹਰ ਤਰ੍ਹਾਂ ਦਾ ਟੈਕਸ ਦੇਂਦੇ ਹਨ ਤੇ ਫੇਰ ਵੀ ਨਾ ਬੱਚਿਆਂ ਨੂੰ ਸਿਖਿਆ ਤੇ ਨਾ ਨੌਜਵਾਨਾਂ ਨੂੰ ਰੁਜ਼ਗਾਰ … ਨਾ ਮੋਹ ਪਿਆਰ, ਜੋ ਹੱਥਾਂ ਵਿੱਚ ਚੁੱਕੀ ਫਿਰਦੇ ਹਨ ਡਿਗਰੀਆਂ, ਨਸ਼ਾ, ਬੇਰੁਜ਼ਗਾਰੀ ਤੇ ਭ੍ਰਿਸ਼ਟਾਚਾਰ, ਧੱਕੇਸ਼ਾਹੀ, ਖੁੱਦਕੁਸ਼ੀਆ ਤੇ ਦੁਰਕਾਰ, ਪਾਣੀ ਦਾ ਡਿੱਗ ਰਿਹਾ ਮਿਆਰ, ਪੁਲਿਸ ਵਧੀਕੀਆਂ ਤੇ ਡਾਂਗ ਸੱਭਿਆਚਾਰ, ਪੰਜਾਬ ਵਿੱਚ ਵਧਿਆ ਲੋਟੂ ਮਾਫੀਆ ਤੇ ਸਰਕਾਰ ਤੇ ਸਿਆਸਤਦਾਨਾਂ ਦੇ ਲਾਰੇ … ਵੱਧ ਰਹੇ ਅਪਰਾਧ ਤੇ ਡਿੱਗ ਰਿਹਾ ਇਖਲਾਕ .. ਆਓ ਕਰੀਏ ਵਿਚਾਰ , ਕੀ ਏ ਆਪਣਾ ਇਹ ਸੱਭਿਆਚਾਰ ? ਮਨਾਂ ਦੇ ਅੰਦਰ ਉਠਦੇ ਸਵਾਲ, ਜਿਹਨਾਂ ਦੇ ਜਵਾਬ ਦੀ ਤਲਾਸ਼, ਸਿਆਸਤਦਾਨਾਂ ਦੇ ਜੁਲਮੇ ਤੇ ਗੱਪਾ, ਕੀ ਹੋਇਆ ਕੀ ਕੀ ਦੱਸਾਂ, ਸਿਰ ਫੇਹ ਦੇਈਏ, ਹੁਣ ਸਿਆਸੀ ਸੱਪਾਂ ਨੇ ਲੋਕਾਂ ਦਾ ਜੋ ਨਾਸ ਮਾਰਿਆ ਹੈ .. ਤੁਸੀਂ ਜੋ ਮੁੱਲ ਤਾਰਿਆ, ਹੁਣ ਤਾਂ ਹਰ ਕੋਈ ਗਾਵੇ, ਕੀਤਾ ਕੀ ਜਾਵੇ ? ਕੀ ਕਰੀਏ?, ਕੀ ਕਰੀਏ ?
ਕਿਵੇਂ ਕਰੀਏ ?... ਇਹਨਾਂ ਸਵਾਲਾਂ ਦਾ ਹੱਲ ਹੈ, .. ਸਾਂਝੀ ਜੰਗ ਲੜੀ ਜਾਵੇ।
-------
ਹਾਲਾਤ ਏ ਪੰਜਾਬ
ਪੰਜਾਬ ਵਿੱਚ ਨਸ਼ਿਆਂ ਨੇ ਘਰਾਂ ਦੇ ਘਰ ਤਬਾਹ ਕਰ ਦਿੱਤੇ ਹਨ। ਹਰ ਰੋਜ਼ ਨੌਜਵਾਨ ਮਰ ਰਹੇ ਹਨ ਤੇ ਸਰਕਾਰ ਗੱਲਾਂ ਦਾ ਕੜਾਹ ਛਕਾ ਰਹੀ ਹੈ .... ਹਰ ਰੋਜ਼ ਨਵੀਂ ਗੱਪ ਮਾਰੀ ਜਾ ਰਹੀ ਹੈ .... ਮੀਟਿੰਗ ਹੋ ਰਹੀਆਂ ਹਨ।
ਮਗਰਮੱਛ ਸ਼ਰੇਆਮ ਚਿੱਟਾ ਵੇਚ ਰਹੇ ਹਨ … ਹਰ ਪਿੰਡ ਤੇ ਘਰਾਂ ਤੱਕ ਮਾਲ ਪੁੱਜਦਾ ਕਰਵਾਉਣ ਦੀ ਪਹੁੰਚ ਹੈ। ਪੁਲਿਸ ਅਫਸਰ, ਸਿਵਲ ਅਫਸਰ, ਵਿਧਾਇਕ ਤੇ ਨਸ਼ਾ ਤਸ਼ਕਰ ਚਾਰ ਦੀ ਚੌਕੜੀ ਬਣ ਗਈ ਹੈ ।
ਲੋਕ ਪੁਲਿਸ ਨੂੰ ਨਸ਼ਾ ਤਸਕਰਾਂ ਦੇ ਨਾਮ ਦੱਸਦੇ ਹਨ … ਵੇਚਣ ਵਾਲਿਆਂ ਨੂੰ ਫੜਕੇ ਪੁਲਿਸ ਦੇ ਹਵਾਲੇ ਵੀ ਕਰਦੇ ਹਨ … ਪਰ ਫੇਰ ਵੀ ਕੋਈ ਡਰ ਨਹੀਂ … ਪੁਲਿਸ ਕਾਗਜ਼ਾਂ ਦਾ ਢਿੱਡ ਭਰਦੀ ਹੈ .... ਪਬਲਿਕ ਮੀਟਿੰਗ ਕਰਦਿਆਂ ਲੋਕਾਂ ਨੂੰ ਸੂਚਨਾ ਦੇਣ ਦੀ ਸਲਾਹ ਦੇਂਦੀ ਹੈ … ਭਲਾ ਪੁਲਿਸ ਨੂੰ ਪਤਾ ਨਹੀਂ ਕਿ ਉਸਦੇ ਇਲਾਕੇ ਦੇ ਵਿੱਚ ਕੌਣ ਕੀ ਕਰਦੈ ? ਕਿਹੜਾ ਕੀ ਚਰਦਾ ਹੈ?
ਸਭ ਨੂੰ ਸਭ ਦਾ ਪਤਾ ਹੈ … ਪਰ ਕੰਨਾਂ ਵਿੱਚ ਰੂੰ ਪਾਈ ਹੋਈ ਹੈ .... ਕਿਉਂਕਿ ਜੇ ਮਗਰਮੱਛ ਫੜ ਲਏ ਤਾਂ ਖਰਚ ਪਾਣੀ ਕਿਵੇਂ ਚੱਲੂ?
ਯਾਦ ਕਰੋ ਵਿਰਸੇ ਨੂੰ ਦੁਸ਼ਮਣ ਨੂੰ ਦੇਸ਼ ਪੰਜਾਬ ਵਿੱਚ ਵੜਣ ਤੋਂ ਰੋਕਣ ਵਾਲਿਆਂ ਬਾਬਿਆਂ ਨੂੰ, ਜਿਹੜੇ ਹਿੱਕ ਤਾਣ ਲੜਦੇ ਸੀ ਤੇ ਤੁਸੀਂ ਪਿੱਠ ਕਰਕੇ ਭੱਜ ਰਹੇ ਹੋ।
ਕੀ ਹੋਇਆ ਜੇ ਸੱਤਾ ਦੀ ਤਾਕਤ ਨਹੀਂ, ਲੜਨ, ਜਿਉਣ ਦੀ ਸ਼ਕਤੀ ਤਾਂ ਹੈ।
ਮਸਲਿਆਂ ਨੇ ਸਾਰੇ ਲੋਕ ਦੁਖੀ ਕੀਤੇ ਹਨ … ਪਰ ਇਹਨਾਂ ਮਸਲਿਆਂ ਦਾ ਹਲ ਕੀ ਕਰੀਏ ? ਇਹ ਮਸਲੇ ਵਿਚਾਰ ਕਰਨ ਦੇ ਲਈ ਪੰਜਾਬ ਨੂੰ ਹੱਸਦਾ ਵਸਦਾ ਦੇਖਣ ਦੀ ਉਮੀਦ ਰੱਖਦੇ ਆਗਾਂਹਵਧੂ ਸੁਚੇਤ ਤੇ ਸੂਝਵਾਨ ਚਿੰਤਕਾਂ ਨੂੰ ਇਕ ਮੰਚ ਤੇ ਵਿਚਾਰ ਸਾਂਝਾ ਕਰਨ ਤੇ ਕੋਈ ਨਵੀਂ ਰਣਨੀਤੀ ਤਿਆਰ ਕਰਨ ਦਾ ਖੁਲ੍ਹਾ ਸੱਦਾ ਦਿੱਤਾ ਹੈ ...
ਇਸ ਵਿੱਚ ਪੰਜਾਬ ਦੇ ਹਰ ਖੇਤਰ ਵਿੱਚ ਸਮਾਜ ਦੇ ਕਾਰਜ ਕਰਨ ਲਈ ਸਮਾਜ ਸੇਵੀ ਸੰਸਥਾਵਾਂ, ਕਾਲਮਨਵੀਸ .ਪੱਤਰਕਾਰ, ਬੁੱਧੀਜੀਵੀਆਂ, ਵਿਦਿਆਰਥੀਆਂ , ਧਾਰਮਿਕ ਸੰਸਥਾਵਾਂ ਦੇ ਅਗਾਂਹਵਧੂ ਸੋਚ ਵਾਲੇ ਸੁਚੇਤ ਵਰਗ ਦੇ ਜਿਉਂਦੇ ਤੇ ਜਾਗਦੇ ਲੋਕ ਸਾਹਮਣੇ ਆਉਣ ਹੈ … ਤਾਂ ਹੀ ਗੁਆਚ ਰਹੇ, ਖੁਰ ਰਹੇ, ਪਲ ਪਲ ਮਰ ਰਹੇ ਪੰਜਾਬ ਨੂੰ ਬਚਾਉਣ ਦੇ ਲਈ ਕੋਈ ਸਾਂਝਾ ਮੰਚ ਬਣਾਇਆ ਜਾ ਸਕੇਗਾ ।
ਪੰਜਾਬ ਦਾ ਹਰ ਮਨੁੱਖ ਵਿਅਕਤੀਗਤ ਤੇ ਪਰੇਸ਼ਾਨ ਤਾਂ ਹੈ ਪਰ ਕੀ ਕਰੀਏ ? ਕਿਵੇਂ ਪੰਜਾਬ ਨੂੰ ਬਚਾਇਆ ਜਾਵੇ ਸਬੰਧੀ ਦੁਬਿਧਾ ਵਿੱਚ ਹੈ। ਇਹ ਸੱਚ ਹੈ ਕਿ ਹੁਣ ਘਰਾਂ ਵਿੱਚ ਬੈਠ ਕੇ ਆਪਣੀ ਮੌਤ ਦੀ ਉਡੀਕ ਕਰਨ ਦੇ ਨਾਲੋ ਕਿਸੇ ਸੰਘਰਸ਼ ਦੇ ਵਿੱਚ ਲੜਨ ਦੀ ਲੋੜ ਹੈ …...
ਸਿਆਸਤਦਾਨ ਪੰਜਾਬ ਨੂੰ ਦੋਵੇਂ ਹੱਥੀਂ ਲੁੱਟ ਰਹੇ ਹਨ ਤੇ ਅਸੀਂ ਬਹੁਗਿਣਤੀ ਲੋਕ ਲੁੱਟੇ ਜਾ ਰਹੇ ਹਾਂ ।
ਪਰ ਹੁਣ ਸਮਾਂ ਲੰਘਦਾ ਜਾ ਰਿਹਾ ਹੈ.. ਹੁਣ ਚੁਪ ਕਰਕੇ ਬੈਠ ਜਾਣ ਦਾ ਸਮਾਂ ਨਹੀਂ ....
ਲੋਕਤੰਤਰ ਦਾ ਬਦਲ ਹੁਣ ਪੂਰਨ ਸਵਰਾਜ ਹੈ......
ਯਾਦ ਕਰੋ ਬਾਬਾ ਨਾਨਕ ਨੂੰ
ਜਿਸ ਆਖਿਆ ਸੀ
ਏਹੀ ਮਾਰ ਪਈ ਕੁਰਲਾਣੈ
ਤੈ ਕੀ ਦਰਦ ਨਾ ਆਇਆ।
ਹੁਣ ਦਰਦ ਕਿਉਂ ਨੀ ਆਉਂਦਾ ?
ਕਿਥੇ ਐ ਹੁਣ ਓ ?
ਹੁਣ ਕਿਰਤ ਕਰਨੀ ਤੇ
ਕਿਰਤ ਦੀ ਰਾਖੀ ਕਰਨੀ ਹੈ
ਪੰਜਾਬੀਆਂ ਦਾ ਫਰਜ਼ ਐ।
ਆਪਣੀ ਹਉਮੈ ਨੂੰ ਛੱਡਕੇ ਪੰਜਾਬ ਦੇ ਲਈ ਇਕ ਸਾਂਝਾ ਮੰਚ ਬਣਾਇਆ ਜਾਵੇ … ਤਾਂ ਹੀ ਪੰਜਾਬ ਬਚ ਸਕਦਾ ਹੈ … ਨਹੀ … ਤਾਂ ਸਭ ਕੁੱਝ ਤੁਹਾਡੇ ਸਾਹਮਣੇ ਹੈ.. ਪੰਜਾਬ ਨੂੰ ਬਚਾਉਣ ਲਈ ਆਓ ਰਲਮਿਲ ਕੇ ਹੰਭਲਾ ਮਾਰੀਏ.
ਤੇ ਆਪਣੇ ਜਿਉਂਦੇ ਹੋਣ ਦੀ ਸ਼ਹਾਦਤ ਦੇਈਏ, ਮੁੱਠੀ ਵਿੋਚੋਂ ਕਿਰਦੇ ਪੰਜਾਬ ਨੂੰ ਬਚਾਈਏ।
ਇੱਕ ਸਾਂਝਾ ਹੰਭਲਾ ਮਾਰੀਏ, ਦੁਸ਼ਮਣ ਨੂੰ ਲਲਕਾਰੀਏ
ਹੁਣ ਲੜਨ ਦੀ ਲੋੜ ਹੈ ਨਾ ਕਿ ਮਰਨ ਦੀ ।
ਭਵਸਾਗਰ ਤਰਨ ਦੀ ਲੋੜ ਹੈ
ਕਿਛੁ ਕਹੀਏ ਕਿਛੁ ਸੁਣੀਏ
ਨਵੇਂ ਵਸਤਰ ਬੁਣੀਏ, ਨਵੇਂ ਆਗੂ ਚੁਣੀਏ
ਆਓ ਪੰਜਾਬੀਓ ਆਓ
ਨਾ ਬਦੇਸ਼ਾਂ ਨੂੰ ਭੱਜੀ ਜਾਓ
ਨਾ ਪੁਰਖਿਆਂ ਤੇ ਵਿਰਸੇ ਦੇ ਗਦਾਰ ਬਣੋ।
ਆਓ ਸਿਰ ਜੋੜੀਏ, ਕੇਹਾ ਕਰਨਾ ਲੋੜੀਏ, ਕੋਈ ਕਾਫਲਾ ਤੋਰੀਏ ,ਉਡੀਕਦਾ ਪੰਜਾਬ ਹੈ, ਤੁਹਾਡੀ ਸ਼ਕਤੀਆਂ ਨੂੰ
ਮੰਗਦਾ ਹਿਸਾਬ ਹੈ .... ਕਿਉ ਰੋ ਰਿਹਾ ਪੰਜਾਬ ਹੈ?
ਆਓ ਪੰਜਾਬ ਬਚਾਈਏ, ਦੇਸ਼ ਬਚਾਈਏ।
ਅੱਗ ਘਰਾਂ ਅੰਦਰ ਆ ਵੜੀ ਐ। ਹੁਣ ਸੜ ਕੇ ਮਰਨੈ ਜਾਂ ਲੜ ਕੇ ਜਿਉਣਾ ਐ?
ਫੈਸਲਾ ਤੁਹਾਡਾ ਐ!
ਬੁੱਧ ਸਿੰਘ ਨੀਲੋਂ
ਸੰਪਰਕ : 9464370823

ਬਾਬਰ ਹਿੰਦ 'ਤੇ ਚੜ੍ਹ ਕੇ ਆਇਆ – ਬੁੱਧ ਸਿੰਘ ਨੀਲੋਂ

ਮਨੁੱਖ ਨੇ ਜਦੋਂ ਦਾ ਸਫ਼ਰ ਸ਼ੁਰੂ ਕੀਤਾ ਹੈ, ਡੰਡੀਆਂ ਪੰਗਡੰਡੀਆਂ ਬਣੀਆਂ। ਰਸਤੇ ਸੜਕਾਂ ਬਣ ਗਏ। ਮਨੁੱਖ ਦੇ ਵਿਕਾਸ ਦਾ ਇਹ ਸਫ਼ਰ ਲੰਮਾ ਹੈ। ਤੁਰਨ ਤੋਂ ਲੈਕੇ ਮਨੁੱਖ ਨੇ ਗਧੇ, ਘੋੜੇ , ਬਲਦ ਗੱਡੇ ਤੋਂ ਗੱਡੀਆਂ ਤੱਕ ਦਾ ਸਫ਼ਰ ਕੀਤਾ। ਜਿਹੜਾ ਰਾਕਟਾਂ, ਹਵਾਈ ਤੇ ਸਮੁੰਦਰੀ ਜਹਾਜ਼ਾਂ ਤੱਕ ਅੱਗੇ ਵਧਿਆ । ਵਿਕਾਸ ਕਦੇ ਵੀ ਆਮ ਮਨੁੱਖ ਦਾ ਨਹੀਂ ਹੁੰਦਾ ਸਗੋ ਇਹ ਵਿਕਾਸ ਸਰਮਾਏਦਾਰਾਂ ਲਈ ਹੁੰਦਾ, ਪਰ ਅਸੀਂ ਸੁੱਖ-ਸਹੂਲਤਾਂ ਦੇ ਭੁਲੇਖੇ ਵਿੱਚ ਖੀਵੇ ਹੋ ਜਾਂਦੇ ਹਾਂ । ਕਿਉਂ ਕਿ ਭਰਮਬਾਜ਼ ਹਾਂ ਅਸੀਂ ।
ਇਹ ਰੇਲ ਪਟੜੀਆਂ, ਸੜਕਾਂ, ਹਵਾਈ ਤੇ ਸਮੁੰਦਰੀ ਜਹਾਜ਼ਾਂ ਨੇ ਮਨੁੱਖੀ ਵਿਕਾਸ ਦੇ ਨਾਲੋਂ ਸਰਮਾਏਦਾਰਾਂ ਦਾ ਵਧੇਰੇ ਵਿਕਾਸ ਕੀਤਾ। ਪਰ ਇਸ ਗੱਲ ਦੀ ਸਾਨੂੰ ਸਮਝ ਨਹੀਂ ਲੱਗੀ । ਇਹ ਸਮਝ ਤਾਂ ਨਹੀਂ ਲੱਗੀ ਕਿਉਂਕਿ ਅਸੀਂ ਲੰਮਾ ਸਮਾਂ ਗੁਲਾਮੀ ਭੁਗਤੀ ਹੈ ਤੇ ਭੁਗਤ ਰਹੇ ਹਾਂ ।
ਅਸੀਂ ਇਸ ਗੁਲਾਮੀ ਤੋਂ ਮੁਕਤ ਹੋਣ ਦੇ ਲਈ ਕਦੇ ਚਾਰਾਜੋਈ ਹੀ ਨਹੀਂ ਕੀਤੀ। ਭਾਵੇਂ ਅਸੀਂ ਆਪਣੇ ਆਪ ਨੂੰ ਜੁਝਾਰੂ ਤੇ ਖਾੜਕੂ ਹੋਣ ਦਾ ਮਾਣ ਮਹਿਸੂਸ ਕਰ ਰਹੇ ਹਾਂ। ਅਸੀਂ ਤਾਂ ਬਾਲਣ ਵਾਂਗੂੰ ਸਦਾ ਵਰਤੇ ਜਾਂਦੇ ਰਹੇ ਹਾਂ । ਆਜ਼ਾਦੀ ਤੋਂ ਪਹਿਲਾਂ ਦੇਸ ਭਗਤ ਸੂਰਮੇ ਚੂਰਮੇ … ਫੇਰ ਅੰਨਦਾਤਾ ... ਜਦੋਂ ਹੱਕ ਮੰਗੇ ਫੇਰ ਨਕਸਲਬਾੜੀ, ਖਾੜਕੂ ਤੇ ਹੁਣ ਗੈਗਸਟਰ … ਸਫਰ ਤੇ ਜ਼ਫਰ ਜਾਰੀ ਹੈ … ਤਬਦੀਲੀ ਬਹੁਤ ਨਿਆਰੀ ਹੈ।
ਹੁਣ ਵੀ ਅਸੀਂ ਕਾਮ, ਕ੍ਰੋਧ, ਲੋਭ, ਮੋਹ ਤੇ ਹੰਕਾਰ ਦੇ ਗ਼ੁਲਾਮ ਹਾਂ ਪਰ ਇਹ ਗ਼ੁਲਾਮੀ ਸਾਨੂੰ ਨਜ਼ਰ ਨਹੀਂ ਆਉਂਦੀ।
-----
ਮੇਰਾ ਦਾਗਿਸਤਾਨ ਦਾ ਲੇਖਕ ਰਸੂਲ ਹਮਜ਼ਾਤੋਵ ਲਿਖਦਾ ਹੈ ਕਿ ਉਹ ਜਦੋਂ ਆਪਣੇ ਪਿਤਾ ਦੇ ਰਸਤਿਆਂ ਤੇ ਤੁਰ ਕੇ ਸ਼ਹਿਰ ਜਾਂਦਾ ਸੀ ਤਾਂ ਉਸ ਨੂੰ ਇੱਕ ਬਜ਼ੁਰਗ ਨੇ ਆਖਿਆ ਸੀ ਕਿ 'ਰਸੂਲ ਏਸ ਰਸਤੇ ਤਾਂ ਤੇਰਾ ਪਿਤਾ ਜਾਂਦਾ ਸੀ ਤੂੰ ਕੋਈ ਹੋਰ ਰਸਤਾ ਬਣਾ।'
ਰਸੂਲ ਨੂੰ ਇਹ ਗੱਲ ਇਸ ਲਈ ਆਖੀ ਸੀ ਅਸੀਂ ਅਕਸਰ ਪ੍ਰੰਪਰਾਵਾਦੀ ਹਾਂ ਅਸੀਂ ਪ੍ਰੰਪਰਾਵਾਂ ਨੂੰ ਹੀ ਹਮੇਸ਼ਾਂ ਅੱਗੇ ਰੱਖਦੇ ਹਾਂ। ਭਾਵੇਂ ਕਈ ਇਹ ਵੀ ਆਖ ਕੇ ਆਪਣੀ ਪਿੱਠ ਥਾਪੜਦੇ ਹਨ ਕਿ ਮੈਂ ਰਾਹਾਂ ਤੇ ਨਹੀਂ ਤੁਰਦਾ, ਪਰ ਬਿਨਾਂ ਰਾਹ ਤੋਂ ਤੁਰਿਆ ਤਾਂ ਮੰਜ਼ਿਲ ਹੀ ਨਹੀਂ ਮਿਲਦੀ । ਪਰ … ਸੋਚ ਤੇ ਗੁਲਾਮ ਹੀ ਰਹਿੰਦੀ ਹੈ।
-----
ਇਹ ਵੀ ਸੱਚ ਨਹੀਂ ਕਿ ਹਰ ਰਾਹ ਤੇ ਸੜਕ ਮੰਜ਼ਿਲ ਤੱਕ ਜਾਂਦਾ ਹੋਵੇ। ਕਈ ਵਾਰ ਅਸੀਂ ਭਰਮ ਦੇ ਵਿੱਚ ਭਟਕਦੇ ਹੋਏ ਭਟਕਣ ਦਾ ਹੀ ਸਫ਼ਰ ਕਰਦੇ ਹਾਂ। ਜ਼ਿੰਦਗੀ ਦੇ ਸਫ਼ਰ ਦੇ ਵਿੱਚ ਬਹੁ ਗਿਣਤੀ ਲੋਕ ਭਟਕਣ ਦਾ ਹੀ ਸਫ਼ਰ ਕਰਦੇ ਹਨ।
ਇਸੇ ਕਰਕੇ ਉਹ ਤੇ ਉਨ੍ਹਾਂ ਦੀਆਂ ਅਗਲੀਆਂ ਪੀੜ੍ਹੀਆਂ ਉਸੇ ਸਫ਼ਰ 'ਤੇ ਤੁਰੀਆਂ ਰਹਿੰਦੀਆਂ ਹਨ। ਮਨੁੱਖ ਨੇ ਆਪਣੀ ਢਿੱਡ ਦੀ ਅੱਗ ਬੁਝਾਉਣ ਦੇ ਲਈ ਅੰਨ ਦੀ ਭਾਲ ਕੀਤੀ। ਅੰਨ ਉਗਾਇਆ, ਮਨੁੱਖ ਨੂੰ ਅੰਨਦਾਤਾ ਆਖਣ ਵਾਲਿਆਂ ਨੇ ਉਸ ਦੀ ਏਨੀ ਪ੍ਰਸੰਸਾ ਕੀਤੀ ਕਿ ਉਹ ਅੰਨਦਾਤਾ ਹੁਣ ਆਪਣੇ ਗਲ ਵਿੱਚ ਫਾਹੇ ਲੈ ਰਿਹਾ ਹੈ । ਸੜਕਾਂ ਤੇ ਧਰਨੇ ਦੇ ਰਿਹਾ ਹੈ।
ਪਰ ਕਦੇ ਮਨੁੱਖ ਨੇ ਇਹ ਨਹੀਂ ਸੋਚਿਆ ਤੇ ਸਮਝਿਆ ਕਿ ਅੰਨਦਾਤਾ ਮਰਦਾ ਕਿਉਂ ਹੈ? ਅਸੀਂ ਜਦੋਂ ਦੇ ਘਰਾਂ ਤੋਂ ਕੋਠੀਆਂ ਤੱਕ ਪੁੱਜੇ ਹਾਂ, ਸਾਈਕਲਾਂ, ਸਕੂਟਰਾਂ ਤੋਂ ਮੋਟਰ ਗੱਡੀਆਂ ਤੱਕ ਆਏ ਹਾਂ ਤੇ ਸਾਡੀ ਜ਼ਿੰਦਗੀ ਦੀ ਜੀਵਨ ਸ਼ੈਲੀ ਬਦਲ ਗਈ ਹੈ। ਅਸੀਂ ਚੁੱਲੇ ਮੂਹਰੇ ਤੋਂ ਉਠ ਕੇ ਡੈਨਿੰਗ ਟੇਬਲ ਤੱਕ ਪੁੱਜ ਗਏ ਹਾਂ। ਦੁੱਧ ਦੀ ਥਾਂ ਤੇ ਦਾਰੂ ਆ ਗਈ ਹੈ। ਚਿੱਟੇ ਨੇ ਸਾਡੀ ਮੱਤ ਨੀ ਜੁਆਨੀ ਖਾ ਲਈ ।
ਸਾਡੇ ਰਸਮ ਰਿਵਾਜ਼ ਬਦਲ ਗਏ ਹਨ। ਅਸੀਂ ਵਿਆਹ ਤੇ ਅੰਤਿਮ ਅਰਦਾਸਾਂ ਦਾ ਫਰਕ ਮਿਟਾ ਦਿੱਤਾ ਹੈ। ਅਸੀਂ ਨੱਕ ਦੇ ਗੁਲਾਮ ਹੋ ਗਏ ਤੇ ਵੱਡਾ ਕਰਨ ਦੇ ਚੱਕਰ ਫਸ ਗਏ । ਭਾਵੇਂ ਇਹ ਸਭ ਕੁੱਝ ਕੁ ਲੋਕਾਂ ਨੇ ਸ਼ੁਰੂ ਕੀਤਾ ਸੀ, ਪਰ ਇਸ ਬੀਮਾਰੀ ਦਾ ਸ਼ਿਕਾਰ ਸਾਰਾ ਪੰਜਾਬ ਹੋ ਗਿਆ। ਇਸ ਬੀਮਾਰੀ ਤੋਂ ਕੋਈ ਵੀ ਘਰ ਨਾ ਬਚਿਆ।
ਅਸੀਂ ਚਾਨਣੀ ਕਨਾਤਾਂ ਤੋਂ ਮੈਰਿਜ ਪੈਲਿਸਾਂ ਤੱਕ ਆ ਗਏ ਹਾਂ। ਵਿਆਹ ਵੱਡੇ ਕਰਨ ਦੇ ਨਾਲ ਸਾਡਾ ਸਿਰ ਉੱਚਾ ਨਹੀਂ ਹੋਇਆ, ਸਗੋਂ ਸਾਡੀ ਘੁਲਾੜੀ ਵਿੱਚ ਬਾਂਹ ਆਈ ਹੈ। ਅਸੀਂ ਮੈਰਿਜ ਪੈਲਿਸਾਂ ਦੇ ਵਿੱਚ ਆਪਣੀ ਖ਼ੁਦਕੁਸ਼ੀ ਦਾ ਐਲਾਨ ਕਰਦੇ ਹਾਂ। ਇਸੇ ਕਰਕੇ ਅਸੀਂ ਕਰਜ਼ੇ ਦੀਆਂ ਪੰਡਾਂ ਹੇਠ ਆ ਕੇ ਮਰਦੇ ਹਾਂ।
ਕਦੇ ਸੋਚਿਆ ਹੈ ਕਿ ਕਿਸੇ ਰੇਹੜੀ ਤੇ ਫੜੀ ਵਾਲੇ ਨੇ ਖ਼ੁਦਕੁਸ਼ੀ ਕੀਤੀ ਹੈ? ਹੁਣ ਕਿਰਤੀ ਕਿਸਾਨ ਨਹੀਂ 'ਜੱਟ' ਖੁਦਕਸ਼ੀ ਕਰਕੇ ਮਰ ਰਹੇ ਹਨ। ਕਿਸਾਨ ਤਾਂ ਕਿਰਤੀ ਸੀ। ਉਹ ਕਿਰਤ ਕਰਦਾ ਸੀ। ਠੀਕ ਐ ਕਿਰਤ ਦਾ ਮੁੱਲ ਸਰਕਾਰਾਂ ਨੇ ਨਹੀਂ ਪਾਇਆ। ਖ਼ੁਦਕੁਸ਼ੀਆਂ ਦਾ ਰਿਵਾਜ਼ ਵੀ ਹੁਣੇ ਹੀ ਵਧਿਆ ਹੈ, ਜਦੋਂ ਦੇ ਅਸੀਂ ਚਿੱਟੇ ਤੇ ਵਿਸ਼ਵੀਕਰਨ ਦੇ ਘੋੜੇ 'ਤੇ ਸਵਾਰ ਹੋਏ ਹਾਂ।
ਅਸੀਂ ਫਲ੍ਹਿਆਂ ਨਾਲ ਖੇਤੀਬਾੜੀ ਕਰਦੇ ਹੁਣ ਫਾਹਿਆਂ ਤੱਕ ਪੁੱਜੇ ਹਾਂ। ਜਦੋਂ ਸਾਡੇ ਪੁਰਖੇ ਫਲ੍ਹਿਆਂ ਦੇ ਨਾਲ ਅੰਨ ਪੈਦਾ ਕਰਦੇ ਸੀ, ਕਦੇ ਸੁਣਿਆ ਸੀ ਕਿ ਕਿਸੇ ਕਿਸਾਨ ਨੇ ਖ਼ੁਦਕੁਸ਼ੀ ਕੀਤੀ ਐ? ਸਬਰ ਸੰਤੋਖ ਸੀ, ਹੁਣ ਭੁੱਖ ਤੇ ਲਾਲਚ ਵੱਧ ਗਿਆ ਹੈ । ਵਧਿਆ ਕੁੱਝ ਮਾੜਾ ਹੁੰਦਾ ਹੈ । ਚੁਪ ਤੇ ਭੁੱਖ ਵੱਧ ਗਈ ਹੈ ਤਾਂ ਹੁਣ ਮਨੁੱਖ ਪ੍ਰੇਸ਼ਾਨ ਹੈ।
ਇਹ ਤਾਂ ਜਦੋਂ ਦੀ ਸਰਕਾਰ ਨੇ 'ਖ਼ੁਦਕੁਸ਼ੀ ਗਰਾਂਟ' ਸ਼ੁਰੂ ਕੀਤੀ ਐ, ਇਹ ਰਿਵਾਜ਼ ਵਧ ਗਿਆ ਸੀ। ਪਰ ਕਦੇ ਅਸੀਂ ਆਪਣੀ ਪੀੜ੍ਹੀ ਹੇਠ ਸੋਟਾ ਫੇਰ ਕੇ ਨਹੀਂ ਦੇਖਿਆ ਕਿ ਅਸੀਂ ਜਿਸ ਰਸਤੇ ਤੁਰ ਰਹੇ ਹਾਂ ਇਹ ਕਿਸੇ ਮੰਜ਼ਿਲ ਵੱਲ ਨਹੀਂ ਜਾਂਦਾ। ਸਗੋਂ ਮੌਤ ਵੱਲ ਜਾਂਦਾ ਹੈ । ਕਈ ਵਾਰ ਤਾਂ ਇੰਝ ਹੁੰਦਾ ਹੈ ਕਿ ਅਸੀਂ ਕੋਹਲੂ ਦੇ ਬਲਦ ਦੇ ਵਾਂਗ ਇੱਕ ਥਾਂ 'ਤੇ ਘੁੰਮੀ ਜਾਂਦੇ ਹਾਂ ਤੇ ਅਸੀਂ ਆਖਦੇ ਹਾਂ ਕਿ ਸਾਨੂੰ ਮੰਜ਼ਿਲ ਨਹੀਂ ਮਿਲੀ।
ਸਾਡੀ ਜੀਵਨ ਸ਼ੈਲੀ ਹੀ ਬਦਲੀ ਹੈ ਪਰ ਸੋਚ ਨੀ ਬਦਲੀ । ਅਸੀਂ ਜਦੋਂ ਦਾ ਕਿਰਤ ਦਾ ਪੱਲਾ ਛੱਡਿਆ ਹੈ, ਉਦੋਂ ਤੋਂ ਹੀ ਇਹ ਸਭ ਕੁੱਝ ਸ਼ੁਰੂ ਹੋਇਆ ਹੈ।
ਅਸੀਂ ਰਸਤਿਆਂ ਦੀ ਤਲਾਸ਼ ਵਿੱਚ ਨਿਕਲਣ ਦੀ ਵਜਾਏ ਉਹੀ ਰਸਤਿਆਂ ਉੱਤੇ ਤੁਰੇ ਜਾ ਰਹੇ ਹਾਂ, ਇਸੇ ਕਰਕੇ ਸਾਡੇ ਆਲੇ-ਦੁਆਲੇ ਰਸਮਾਂ ਰਿਵਾਜ਼ਾਂ ਦੀ ਭੀੜ ਵਧ ਗਈ ਹੈ।
ਹੁਣ ਅਸੀਂ 'ਨੱਕ' ਬਚਾਉਣ ਲਈ ਆਪਣੇ ਗਲੇ ਵਢਾਉਣ ਤੱਕ ਦਾ ਸਫ਼ਰ ਕਰ ਲਿਆ ਹੈ। ਇਹ ਪਤਾ ਨਹੀਂ ਅਸੀਂ ਇਸ ਸਫ਼ਰ ਦੇ ਰਾਹੀ ਕਦੋਂ ਤੱਕ ਬਣੇ ਰਹਿਣਾ ਹੈ? ਜਦੋਂ ਦੀਆਂ ਸਾਡੀਆਂ ਸੜਕਾਂ ਕੌਮੀ ਮਾਰਗ ਬਣੀਆਂ ਹਨ, ਇਨਾਂ ਦੁਆਲੇ ਵਾੜਾਂ ਕਰ ਦਿੱਤੀਆਂ ਹਨ, ਇਨਾਂ ਵਾੜਾਂ ਕਾਰਨ ਸੜਕਾਂ ਦੇ ਨਾਲ-ਨਾਲ ਆਪਣੀ ਰੋਜ਼ੀ ਰੋਟੀ ਕਮਾਉਣ ਵਾਲੇ ਵਿਹਲੇ ਹੋ ਗਏ ਹਨ।
ਵੱਡੀਆਂ ਸੜਕਾਂ ਕਿਸੇ ਨੂੰ ਕਿਸੇ ਮੰਜ਼ਿਲ ਤੱਕ ਨਹੀਂ ਲਿਜਾਂਦੀਆਂ ਹਨ। ਸੜਕਾਂ ਇੱਕ ਪਿੰਡ ਤੋਂ ਦੂਸਰੇ ਪਿੰਡ ਜਾਂ ਸ਼ਹਿਰਾਂ ਤੱਕ ਜਾਂਦੀਆਂ ਹਨ। ਪਰ ਹਰ ਸੜਕ ਉੱਤੇ ਤੁਰਿਆ ਕੋਈ ਮੰਜ਼ਿਲ 'ਤੇ ਨਹੀਂ ਪੁੱਜਦਾ।
ਮੰਜ਼ਿਲ 'ਤੇ ਪੁੱਜਣ ਲਈ ਪਹਿਲਾਂ ਟੀਚੇ ਮਿੱਥਣੇ ਪੈਂਦੇ ਹਨ। ਪਰ ਹੁਣ ਇਸ ਸਮੇਂ ਕੋਈ ਟੀਚੇ ਹੀ ਨਹੀਂ ਮਿੱਥਦਾ, ਸਿਰਫ਼ ਦੌੜ ਰਿਹਾ ਹੈ। ਦੌੜ ਜਾਰੀ ਹੈ।
ਹੁਣ ਇਹ ਦੌੜ ਬਦੇਸ਼ ਜਾਣ ਦੀ ਹੈ. ਅਸੀਂ ਕਿਰਤੀ ਤੋਂ ਸਿਆਸਤਦਾਨਾਂ ਨੇ ਮੰਗਤੇ ਬਣਾ ਦਿੱਤੇ।.ਅਸੀਂ ਮੰਗਤਿਆਂ ਵਾਂਗ ਲਾਇਨਾਂ ਵਿੱਚ ਖੜ੍ਹੇ ਹਾ..ਸਾਨੂੰ ਨਿੱਕੀਆਂ ਨਿੱਕੀਆਂ ਗਰਜ਼ਾਂ ਨੇ ਫਰਜ਼ ਭੁਲਾ ਦਿੱਤੇ। ਅਸੀਂ ਬਹਾਦਰ ਤੋਂ ਚਾਪਲੂਸ ਬਣ ਕੇ ਸਿਆਸਤਦਾਨ ਦੇ ਮਗਰ ਮੂਹਰੇ ਪੂੰਛ ਹਲਾਉਣ ਜੋਗੇ ਰਹਿ ਗਏ ਹਾਂ । ਅਸੀਂ ਝੋਲੀ ਚੱਕ ਬਣ ਕੇ ਉਨ੍ਹਾਂ ਮਗਰ ਤੁਰੇ ਫਿਰਦੇ ਹਾਂ । ਅਸੀਂ ਸੜਕਾਂ ਉਤੇ ਘੁੰਮ ਦੇ ਹਾਂ । ਸੜਕਾਂ ਦੇ ਨਾਲ ਨਾਲ ਅਸੀਂ ਵੀ ਸੜਕ ਬਣ ਗਏ ਹਾਂ, ਸਾਡੇ ਉਪਰ ਦੀ ਲੰਘ ਕੇ ਵਿਧਾਨ ਸਭਾ ਤੇ ਸੰਸਦ ਭਵਨ ਵਿੱਚ ਜਾਣ ਸਿਆਸਤਦਾਨ ਉਥੇ ਸੌ ਕੇ ਮੁੜਦੇ ਹਨ ਤੇ ਨੋਟ ਕਮਾਉਦੇ ਹਨ।
ਅਸੀਂ ਉਹਨਾਂ ਦੇ ਸੰਸਦ ਭਵਨ ਵਿੱਚ ਸੌਣ ਦਾ ਮਜ਼ਾਕ ਉਡਾਉਦੇ ਪਰ ਆਪ ਅਸੀਂ ਕਦੋਂ ਜਾਗੇ ਹਾਂ ? ਕਦੇ ਕਿਸੇ ਨੇ ਸੋਚਿਆ ਹੈ...?
ਬਾਬਰ ਨੂੰ ਜਾਬਰ ਆਖਣ ਵਾਲੇ ਦਰਬਾਰੀ ਹੋ ਗਏ, ਪੁਜਾਰੀ, ਵਪਾਰੀ ਤੇ ਅਧਿਕਾਰੀ ਹੋ ਗਏ। ਲਿਖਾਰੀ ਇਨਾਮ ਤੇ ਪੁਰਸਕਾਰ ਹਥਿਆਉਂਣ ਵਾਲੀ ਲਾਈਨ ਵਿੱਚ ਖੜੇ ਆ। ਭਲਾ ਲਿਖਣਾ ਇਨਾਮ ਲੈਣ ਲਈ ਹੁੰਦਾ ਹੈ ? ਹੁਣ ਪੁਰਸਕਾਰ ਲੈਣ ਜਾਂ ਢੁਕਣ ਵਾਸਤੇ ਲਿਖਿਆ ਜਾਂਦਾ ਹੈ। ਮਸਲੇ ਸਭ ਵਿਗੜ ਗਏ ਹਨ।
------
ਹਰ ਮਨੁੱਖ ਜਦੋਂ ਹਰ ਤਰ੍ਹਾਂ ਦਾ ਟੈਕਸ ਭਰਦਾ ਹੋਵੇ.. ਹਾਕਮ ਬੈਠ ਕੇ ਚਰਦਾ ਹੋਵੇ ਫੇਰ ਕੋਈ ਕੀ ਕਰੇ?
ਖੈਰ ਤੁਸੀਂ ਕਦੋਂ ਤੱਕ ਸਰਕਾਰ ਦਾ ਟੈਕਸ ਭਰ ਕੇ ਭੁੱਖ ਦੇ ਨਾਲ ਮਰਦੇ ਰਹੋਗੇ?..... ਸੋਚੋ... ਹਰ ਚੀਜ਼ ਤੇ ਟੈਕਸ . ਟੋਲ ਟੈਕਸ, ਹਰ ਥਾਂ ਟੈਕਸ ਦੇ ਕੇ ਸਮਾਨ ਖਰੀਦ ਦੇ ਹੋ.ਫਿਰ ਉਹ ਟੈਕਸ ਕਿਥੇ ਜਾਂਦਾ ? ਸਿਆਸਤਦਾਨਾਂ. ਅਧਿਕਾਰੀਆਂ ਦੇ ਘਰ, ਬਦੇਸ਼ੀ ਬੈਂਕਾਂ ਦੇ ਵਿੱਚ, ਜਦੋਂ ਤੱਕ ਸਿਆਸੀ ਟੋਲਾ, ਅਧਿਕਾਰੀ, ਵਪਾਰੀ, ਪੁਜਾਰੀ ਤੇ ਅਪਰਾਧ ਮਾਫੀਆ ਦਾ ਗੱਠਜੋੜ ਹੈ ਉਦੋਂ ਤੱਕ ਤੁਹਾਡੀ ਮੁਕਤੀ ਨਹੀ ਹੋਣੀ.. ਤੁਸੀਂ ਪਛਾਣਨ ਦਾ ਯਤਨ ਕਰੋ ਕਿ ਇਹਨਾਂ ਪੰਜਾਂ ਦੇ ਜੋੜ ਦਾ ਕੀ ਤੋੜ ਹੈ ?.... ਇਹ ਸਭ ਰਿਸ਼ਤੇਦਾਰ ਲੁੱਟਣ ਲਈ ਕੱਠੇ ... ਤੇ ਤੁਸੀਂ ਮਰਨ ਲਈ ਕੱਲੇ ਕੱਲੇ।
ਲੋਕੋ ਹੋ ਜਾਓ ਇਕੱਠੇ, ਬਹੁਤ ਖਾ ਲੈ ਮੁਫਤ ਦੇ ਪੱਠੇ।
ਛੱਡ ਦਿਓ ਮੈਂ ਮੈਂ ਕਰਨਾ, ਬਣੋ ਨਾ ਖੇਤ ਦਾ ਡਰਨਾ,
ਜਾਗੋ, ਲੁੱਟਣ ਵਾਲੇ ਆ ਗਏ।
ਮਾਰਨ ਵਾਲੇ .. ਤਾੜਨ ਵਾਲੇ .. ਸਾੜਨ ਵਾਲੇ ਆ ਗਏ ਨੇ!
ਬਾਬਰ ਹਿੰਦ ਤੇ ਚੜ੍ਹਦੇ ਆ ਰਹੇ ਨੇ । ਕਦੋਂ ਤੱਕ ਘੇਸਲ ਵੱਟ ਰੱਖੋਗੇ?
ਸੰਪਰਕ : 9464370823

ਪੰਜਾਬ ਦਾ ਬਦਲ ਰਿਹਾ ਸੱਭਿਆਚਾਰਕ ਢਾਂਚਾ, ਵੱਧ ਰਹੇ ਬਹੁਪੱਖੀ ਸੰਕਟ  - ਬੁੱਧ ਸਿੰਘ ਨੀਲੋਂ

ਵਿਸ਼ਵੀਕਰਨ ਤੇ ਕਾਰਪੋਰੇਟੀ ਹਮਲਿਆਂ ਦੇ ਕਾਰਨ ਪੰਜਾਬ ਦੇ ਬਦਲ ਰਹੇ ਸੱਭਿਆਚਾਰਕ ਢਾਂਚੇ ਨੂੰ ਸਮਝਣਾ ਟੇਡੀ ਖੀਰ ਬਣ ਗਿਆ ਹੈ । ਵਿਸ਼ਵ ਮੰਡੀ ਦੇ ਆਉਣ ਤੋਂ ਪਹਿਲਾਂ ਜਿਸ ਤਰ੍ਹਾਂ ਪੰਜਾਬ ਦੇ ਅਰਥ ਸਾਸ਼ਤਰੀਆਂ, ਸਿੱਖਿਆ ਸਾਸ਼ਤਰੀਆਂ, ਸਮਾਜ ਸ਼ਾਸਤਰੀਆਂ, ਖੇਤੀ ਵਿਗਿਆਨੀਆਂ ਤੇ ਯੂਨੀਵਰਸਿਟੀਆਂ ਦੇ ਵਿਦਵਾਨਾਂ ਨੇ ਵਿਸ਼ਵੀਕਰਨ ਦੇ ਫਾਇਦੇ ਗਿਣਾਏ ਸਨ, ਉਹ ਤੀਹ ਸਾਲ ਵਿੱਚ ਉਲਟ ਪੁਲਟ ਗਏ । ਇਸ ਉਲਟ ਪੁਲਟ ਵਿੱਚ ਹੁਣ ਉਹ ਸਾਰੇ ਹੀ ਸਾਸ਼ਤਰੀ ਤੇ ਵਿਦਵਾਨ ਪੰਜਾਬ ਦੇ ਵਿੱਚੋਂ ਪਰਵਾਰਾਂ ਸਮੇਤ ਗਾਇਬ ਹੋ ਗਏ ਹਨ।
     ਪੰਜਾਬ ਹੁਣ ਨਾ ਬਾਬੇ ਨਾਨਕ ਵਾਲਾ, ਨਾ ਮਿਸਲਾਂ ਵਾਲਾ, ਨਾ ਰਿਆਸਤਾਂ ਵਾਲਾ, ਨਾ ਅੰਗਰੇਜ਼ਾਂ ਵਾਲਾ, ਨਾ ਸੰਤਾਲੀ ਵਾਲਾ, ਨਾ ਛਿਆਹਟ ਵਾਲਾ, ਨਾ ਉਨੀ ਸੌ ਚੌਰਾਸੀ ਵਾਲਾ ਹੈ ਤੇ ਪੰਜਾਬ ਹੁਣ ਵੀਹ ਸੌ ਵਾਈ ਵਾਲਾ ਹੈ । ਜੋ ਹੁਣ ਸਮਾਜਿਕ, ਧਾਰਮਿਕ, ਆਰਥਿਕ, ਰਾਜਨੀਤਿਕ, ਬੇਰੁਜ਼ਗਾਰੀ, ਗੈਂਗਸਟਰ, ਚਿੱਟਾ, ਕਰਜ਼ਾ, ਧਰਨਿਆਂ ਤੇ ਮੁਜਾਰਿਆਂ / ਧਰਨਿਆਂ ਦਾ ਨਿੱਤ ਸਾਹਮਣਾ ਕਰ ਰਿਹਾ ਹੈ । ਪੰਜਾਬ ਦੀ ਬੌਧਿਕ ਸ਼ਕਤੀ ਤੇ ਸਰਮਾਇਆ ਪਰਵਾਸ ਕਰ ਰਿਹਾ ਹੈ । ਪੰਜਾਬ ਦੇ ਇਹਨਾਂ ਪ੍ਰਮੁੱਖ ਸੰਕਟਾਂ ਨੂੰ ਹੱਲ ਕਰਨ ਦੇ ਜਿਥੇ ਸਾਨੂੰ ਨਵੀਆਂ ਨੀਤੀਆਂ ਦੀ ਲੋੜ ਹੈ, ਪਰ ਅਸੀਂ ਪੁਰਾਤਨ ਪੰਜਾਬ ਨੂੰ ਯਾਦ ਕਰਕੇ ਨਵੇਂ ਪੰਜਾਬ ਨੂੰ ਉਸਾਰਨ ਦੀ ਵਜਾਏ ਨਵੇਂ ਸੰਕਟਾਂ ਵਿੱਚ ਉਲਝ ਰਹੇ ਹਾਂ ।
      ਹੁਣ ਕੋਈ ਪੰਜਾਬ ਨੂੰ ਵਾਰਿਸ ਦੀ ਹੀਰ ਰਾਹੀਂ ਸਮਝ ਰਿਹਾ ਹੈ ਤੇ ਕੋਈ ਵਾਰਿਸ ਪੰਜਾਬ ਨੂੰ ਵਹੀਰ ਬਣਾ ਰਿਹਾ ਹੈ, ਖੱਬੇ ਪੱਖੀ ਤੇ ਅੱਧੇ ਖੱਬੇ ਪੱਖੀ ਇਸਨੂੰ ਪੁਰਾਣੇ ਚੌਖਟਿਆਂ ਵਿੱਚ ਰੱਖ ਕੇ ਦੇਖ ਸਮਝ ਤੇ ਸਮਝਾ ਰਹੇ ਹਨ । ਵਿਸ਼ਵੀਕਰਨ ਦੇ ਤਿੱਖੇ ਹਮਲੇ ਕਰਕੇ ਸਾਰੇ ਦੇਸ਼ਾਂ ਵਿੱਚ ਆਰਥਿਕ ਮੰਦੀ ਦਾ ਸੰਕਟ ਹੈ, ਬਹੁਗਿਣਤੀ ਲੋਕ ਇਕ ਦੂਜੇ ਦੇਸ਼ਾਂ ਵੱਲ ਪਰਵਾਸ ਕਰ ਰਹੇ ਹਨ ।
     ਇਨ੍ਹਾਂ ਸੰਕਟਾਂ ਦੇ ਕਾਰਨ ਕਈ ਦੇ ਘਰੇਲੂ ਯੁੱਧ ਦਾ ਸ਼ਿਕਾਰ ਹੋ ਗਏ ਹਨ । ਦੁਨੀਆਂ ਦਾ ਧਾਕੜ ਅਮਰੀਕਾ ਵੀ ਇਸ ਸੰਕਟ ਵਿੱਚ ਫਸਿਆ ਹੋਇਆ ਹੈ । ਲੋਕ ਜਾਨਾਂ ਬਚਾ ਕੇ ਦੂਜੇ ਦੇਸ਼ਾਂ ਵਿੱਚ ਸ਼ਰਨ ਲੈ ਰਹੇ ਹਨ । ਜਿਹੜਾ ਵੀ ਕੋਈ ਮਨੁੱਖ ਦੂਜੇ ਰਾਜ ਤੇ ਦੇਸ਼ ਵਿੱਚ ਜਾਂਦਾ ਹੈ, ਉਹ ਆਪਣੇ ਨਾਲ ਆਪਣੀ ਭਾਸ਼ਾ, ਸੱਭਿਆਚਾਰ ਤੇ ਸੱਭਿਅਤਾ ਲੈ ਕੇ ਜਾਂਦਾ ਹੈ । ਇਸੇ ਕਰਕੇ ਵੱਖ ਵੱਖ ਦੇਸ਼ਾਂ ਵਿੱਚ ਨਸਲੀ ਘਟਨਾਵਾਂ ਵਾਪਰਦੀਆਂ ਹਨ। ਹਰ ਕੋਈ ਆਪਣੇ ਆਪ ਨੂੰ ਦੇਸ਼ , ਰਾਜ ਤੇ ਖਿੱਤੇ ਦਾ ਮਾਲਕ ਸਮਝਦਾ ਹੈ। ਜਦਕਿ ਕੋਈ ਵੀ ਮਨੁੱਖ ਕਿਸੇ ਰਾਜ ਤੇ ਇਲਾਕੇ ਦਾ ਮਾਲਕ ਨਹੀਂ ਤੇ ਸਭ ਪਰਵਾਸੀ ਹਨ। ਅੰਗਰੇਜ਼ਾਂ ਨੇ ਵੀ ਦੂਜੇ ਦੇਸ਼ਾਂ ਵਿੱਚ ਆਪਣੀ ਭਾਸ਼ਾ ਤੇ ਸੱਭਿਆਚਾਰ ਲਿਆ ਕੇ ਪੁਰਾਣੀਆਂ ਭਾਸ਼ਾਵਾਂ ਤੇ ਸੱਭਿਆਚਾਰਾਂ ਨੂੰ ਤਬਾਹ ਕਰਨ ਵਿੱਚ ਅਹਿਮ ਭੂਮਿਕਾ ਨਿਭਾਈ ਹੈ । ਹੁਣ ਪੰਜਾਬ ਵਿੱਚ ਕਈ ਤਰ੍ਹਾਂ ਦੇ ਸੰਕਟ ਸੂਲਾਂ ਵਾਂਗੂੰ ਉਗ ਰਹੇ ਹਨ, ਇਹਨਾਂ ਸੰਕਟਾਂ ਤੋਂ ਨਿਵਰਤੀ ਪਾਉਣ ਲਈ ਉਨ੍ਹਾਂ ਨੂੰ ਹਰ ਕੋਈ ਆਪਣੇ ਤਰੀਕੇ ਛਾਂਗ ਰਿਹਾ ਹੈ । ਹੁਣ ਮੁੱਖ ਮਸਲਾ ਰੁਜ਼ਗਾਰ ਤੇ ਆਪਣੀ ਹੋਂਦ ਨੂੰ ਬਚਾਈ ਰੱਖਣ ਦਾ ਬਣਿਆ ਹੋਇਆ ਹੈ ਪਰ ਵਿਸ਼ਵੀਕਰਨ ਦੀ ਹਨੇਰੀ ਸਭ ਕੁੱਝ ਨੂੰ ਉਜਾੜ ਰਹੀ ਹੈ। ਪਿੰਡਾਂ ਤੋਂ ਸ਼ਹਿਰਾਂ ਵੱਲ ਤੇ ਫੇਰ ਦੂਜੇ ਰਾਜਾਂ ਤੇ ਦੇਸ਼ਾਂ ਨੂੰ ਲੋਕ ਪਰਵਾਸ ਕਰ ਰਹੇ ਹਨ । ਹਰ ਥਾਂ ਤੇ ਸੱਭਿਆਚਾਰਕ ਸੰਕਟ ਪੈਦਾ ਹੁੰਦਾ ਹੈ । ਦੋ ਸੱਭਿਅਤਾਵਾਂ ਆਪਸ ਵਿੱਚ ਸਮਾਉਣ ਦੀ ਵਜਾਏ ਟਕਰਾਅ ਪੈਦਾ ਕਰਦੀਆਂ ਹਨ ਤੇ ਜਿਸ ਨਾਲ ਹਿੰਸਾ ਪੈਦਾ ਹੁੰਦੀ ਹੈ , ਜਿਸ ਨਾਲ ਜਾਨੀ ਤੇ ਮਾਲੀ ਨੁਕਸਾਨ ਹੁੰਦਾ ਹੈ। ਸਿਆਸੀ ਲੋਕ ਇਸ ਹਿੰਸਾ ਦੇ ਵਿੱਚੋਂ ਵੋਟਾਂ ਵਟੋਰਦੇ ਹਨ ।
      ਹੁਣ ਪੰਜਾਬ ਅੰਦਰ ਵੀ ਇਹੋ ਸੰਕਟ ਪੈਦਾ ਹੋ ਰਿਹਾ ਹੈ । ਪੰਜਾਬ ਦੇ ਵਿੱਚ ਬਾਹਰੀ ਰਾਜਾਂ ਤੋਂ ਆਏ ਲੋਕਾਂ ਨੇ ਪੰਜਾਬ ਦੀ ਦਸਤਕਾਰੀ ਅਤੇ ਵੱਖ ਵੱਖ ਕਿੱਤਿਆਂ ਉਪਰ ਉਨ੍ਹਾਂ ਦੀ ਪਕੜ ਦਿਨੋਂ ਦਿਨ ਮਜ਼ਬੂਤ ਹੋ ਰਹੀ ਹੈ। ਉਨ੍ਹਾਂ ਲੋਕਾਂ ਦੀ ਹੱਥੀਂ ਕਿਰਤ ਕਰਨ ਦੀ ਰੀਝ ਨੇ ਉਨ੍ਹਾਂ ਦੇ ਹਰ ਪਾਸੇ ਹਾਵੀ ਹੋਣ ਵਿੱਚ ਵੱਡਾ ਯੋਗਦਾਨ ਪਾਇਆ ਹੈ। ਪੰਜਾਹ ਸਾਲ ਪਹਿਲਾਂ ਜਿਹੜੇ ਪਰਵਾਸੀ ਮਜ਼ਦੂਰ ਹਾੜੀ ਤੇ ਸਾਉਣੀ ਦੀ ਫਸਲ ਸਾਂਭਣ ਵੇਲ਼ੇ ਸਾਲ 'ਚ ਦੋ ਮਹੀਨੇ ਪੰਜਾਬ ਆਉਂਦੇ ਸਨ ਤੇ ਫੇਰ ਕੰਮ ਨਬੇੜ ਕੇ ਵਾਪਸ ਪਰਤ ਜਾਂਦੇ ਸਨ, ਪਰ ਉਨ੍ਹਾਂ ਨੇ ਹੁਣ ਪੰਜਾਬ ਵਿੱਚ ਹੀ ਪੱਕਾ ਵਸੇਬਾ ਕਰ ਲਿਆ ਹੈ । ਪੰਜਾਬ ਦੇ ਕਾਰਖਾਨਿਆਂ ਵਿੱਚ ਮਜ਼ਦੂਰੀ ਅਤੇ ਕਾਰੀਗਰੀ ਦੇ ਜ਼ਿਆਦਾਤਰ ਕੰਮ ਇਹਨਾਂ ਨੇ ਸੰਭਾਲ ਲਏ ਹਨ ਅਤੇ ਉੱਚੇ ਪ੍ਰਬੰਧਕੀ ਅਹੁਦਿਆਂ ਤੇ ਵੀ ਇਹੋ ਲੋਕ ਬਿਰਾਜਮਾਨ ਹੋ ਗਏ ਹਨ । ਪੰਜਾਬੀਆਂ ਦੀ ਹੱਥੀਂ ਕਿਰਤ ਕਰਨ ਦੀ ਰੁਚੀ ਪਿਛਲੇ ਚਾਲ਼ੀ ਸਾਲਾਂ ਦੌਰਾਨ ਲਗਾਤਾਰ ਘਟਦੀ ਗਈ ਹੈ। ਇਸੇ ਕਰਕੇ ਹੁਣ ਇਹਨਾਂ ਪਰਵਾਸੀ ਮਜ਼ਦੂਰਾਂ ਨੇ ਇਮਾਰਤਸਾਜ਼ੀ, ਰੋਟੀ ਟੁੱਕ ਪਕਾਉਣ ਵਾਲ਼ੇ ਕਿੱਤੇ, ਫਲ਼ਾਂ ਅਤੇ ਸਬਜ਼ੀਆਂ ਦੇ ਕਾਰੋਬਾਰ ਆਪਣੇ ਹੱਥ ਲੈ ਲਏ ਹਨ । ਸ਼ਹਿਰਾਂ ਨਾਲ਼ ਲਗਦੇ ਪਿੰਡਾਂ ਵਿੱਚ ਇਹਨਾਂ ਮਜ਼ਦੂਰਾਂ ਨੇ ਪੱਕੀਆਂ ਠਾਹਰਾਂ ਬਣਾ ਲਈਆਂ ਹਨ । ਪੰਜਾਬ ਦੀ ਰਹਿਤਲ ਦੀ ਦਸ਼ਾ ਤੇ ਦਿਸ਼ਾ ਵਿੱਚ ਜਿਸ ਕਦਰ ਲਗਾਤਾਰ ਤਬਦੀਲੀ ਹੋ ਰਹੀ ਹੈ, ਲਗਦਾ ਹੈ ਹੁਣ ਉਹ ਦਿਨ ਦੂਰ ਨਹੀਂ ਰਿਹਾ ਜਦੋਂ ਪੰਜਾਬ ਇਕ ਬਹੁ-ਭਾਸ਼ਾਈ ਤੇ ਬਹੁ- ਸੱਭਿਆਚਾਰਾਂ ਦਾ ਮਿਲਗੋਭਾ ਜਿਹਾ ਬਣ ਜਾਵੇਗਾ। ਪੰਜਾਬ ਦੀ ਜਵਾਨੀ ਲਗਾਤਾਰ ਪਰਵਾਸ ਕਰ ਰਹੀ ਹੈ । ਉਸ ਵਿੱਚ ਆਪਣੀ ਜਨਮ ਭੋਇੰ ਵਿਚ ਰਹਿਕੇ ਆਪਣੇ ਪਿਤਾ ਪੁਰਖੀ ਕੰਮ ਕਰਨ ਨਾਲੋਂ ਵਿਦੇਸ਼ਾਂ ਵਿੱਚ ਕੋਈ ਵੀ ਨਿੱਕਾ ਮੋਟਾ ਕੰਮ ਕਰਨ ਦੀ ਦੌੜ ਲੱਗੀ ਹੋਈ ਹੈ । ਉਹ ਇੱਥੋਂ ਜ਼ਮੀਨਾਂ ਵੇਚ ਵੱਟ ਕੇ ਵਿਦੇਸ਼ਾਂ ਵੱਲ ਜਾ ਰਹੇ ਹਨ । ਪੰਜਾਬ ਦੀਆਂ ਸਿਆਸੀ ਪਾਰਟੀਆਂ ਅੰਦਰ ਵਧ੍ਹ ਰਹੇ ਭ੍ਰਿਸ਼ਟਾਚਾਰ ਅਤੇ ਪਰਿਵਾਰਵਾਦ ਨੇ ਲੋਕਾਂ ਨੂੰ ਬੇਹੱਦ ਨਿਰਾਸ਼ ਕੀਤਾ ਹੈ। ਪੰਜਾਬ ਦਾ ਸਭਿਆਚਾਰਕ ਤਾਣਾ ਬਾਣਾ ਬੁਰੀ ਤਰ੍ਹਾਂ ਖਿੱਲਰ-ਪੁੱਲਰ ਗਿਆ ਹੈ ।
     ਪੰਜਾਬ ਦੇ ਸਰਕਾਰੀ ਸਕੂਲਾਂ, ਕਾਲਜਾਂ ਤੇ ਯੂਨੀਵਰਸਿਟੀਆਂ ਵਿੱਚ ਦੂਸਰਿਆਂ ਰਾਜਾਂ ਦੇ ਵਿਦਿਆਰਥੀਆਂ ਦੀ ਗਿਣਤੀ ਲਗਾਤਾਰ ਵਧ੍ਹ ਰਹੀ ਹੈ। ਮੋਹਾਲੀ ਤੇ ਚੰਡੀਗੜ੍ਹ ਦੇ ਆਸਪਾਸ ਦੇ ਪਿੰਡਾਂ ਤੇ ਨੀਮ ਸ਼ਹਿਰੀ ਕਲੋਨੀਆਂ ਵਿੱਚ ਇਹ ਵਰਤਾਰਾ ਵਰਤਦਾ ਦੇਖਿਆ ਜਾ ਸਕਦਾ ਹੈ । ਚੰਡੀਗੜ੍ਹ, ਮੋਹਾਲੀ, ਖਰੜ, ਜ਼ੀਰਕਪੁਰ, ਕੁਰਾਲ਼ੀ, ਪੰਚਕੂਲਾ ਵਗੈਰਾ ਕਸਬਿਆਂ ਦੀਆਂ ਸੜਕਾਂ ਉਪਰ ਤੁਹਾਨੂੰ ਦੇਸ਼ ਦੇ ਹਰ ਰਾਜ ਦੇ ਨੰਬਰ ਵਾਲ਼ੀ ਗੱਡੀ ਵੇਖਣ ਨੂੰ ਮਿਲ਼ ਜਾਵੇਗੀ । ਦੂਜੇ ਪਾਸੇ ਨਿੱਜੀ ਸਕੂਲਾਂ ਅਤੇ ਕਾਲਜਾਂ ਵਿੱਚ ਆਮ ਤਬਕਿਆਂ ਦੇ ਵਿਦਿਆਰਥੀਆਂ ਦੀ ਵੱਡੀ ਗਿਣਤੀ ਸਿੱਖਿਆ ਲੈ ਰਹੀ ਹੈ। ਸਿਰਫ਼ ਧਰਮ ਹੀ ਨਹੀਂ, ਮਿਆਰੀ ਸਿੱਖਿਆ ਦੇ ਖੇਤਰ ਵਿੱਚ ਵੀ ਪੰਜਾਬ ਨਿਖਿੱਧ ਸਾਬਤ ਹੋਇਆ ਹੈ ਭਾਂਵੇਂ ਕਿ ਆਂਕੜਿਆਂ ਦਾ ਹੇਰਫੇਰ ਕਰਕੇ ਉਸਨੂੰ ਸਾਜ਼ਿਸ਼ਨ ਬਹੁਤ ਅਗਾਂਹਵਧੂ ਵਿਖਾਇਆ ਜਾਂਦਾ ਹੈ । ਪੰਜਾਬੀਆਂ ਦੀ ਆਪਣੀ ਮਾਂ ਬੋਲੀ, ਸਭਿਆਚਾਰ, ਸਮਾਜੀ ਤਾਣੇ ਬਾਣੇ, ਧਰਮ ਤੇ ਸਿਆਸਤ ਪ੍ਰਤੀ ਵਧ੍ਹ ਰਹੀ ਉਦਾਸੀਨਤਾ ਨੇ ਪੰਜਾਬ ਲਈ ਨਵੇਂ ਸੰਕਟਾਂ ਦਾ ਰਾਹ ਖੋਲ੍ਹ ਦਿੱਤਾ ਹੈ।
      ਪੰਜਾਬ ਇਕ ਖੇਤੀਬਾੜੀ ਪ੍ਰਧਾਨ ਸੂਬਾ ਸੀ ਪਰ ਹਰਿਆਂ, ਚਿੱਟਿਆਂ ਤੇ ਨੀਲਿਆਂ ਇਨਕਲਾਬਾਂ ਨੇ ਇਸਨੂੰ ਹਰ ਪੱਖੋਂ ਬਰਬਾਦ ਕਰਨ ਵਿੱਚ ਕੋਈ ਕਸਰ ਨਹੀਂ ਛੱਡੀ ਹੈ। ਹਰੇ ਇਨਕਲਾਬ ਨੇ ਪੰਜਾਬੀਆਂ ਨੂੰ ਚਿੱਟਾ ਖਾਣ ਦਾ ਭੁਸ ਪਾ ਦਿੱਤਾ ਹੈ। ਅੱਜ ਪੰਜਾਬੀ ਗਭਰੂ ਸਹਿਕ ਸਹਿਕ ਕੇ ਮਰ ਰਹੇ ਹਨ ਤੇ ਗੈਰ ਰਾਜਾਂ ਤੋਂ ਦਿਹਾੜੀਆਂ ਕਰਨ ਆਏ ਲੋਕ ਤਰੱਕੀ ਕਰ ਰਹੇ ਹਨ । ਪੰਜਾਬ ਦੇ ਸੱਭਿਆਚਾਰਕ ਮਾਹੌਲ ਵਿੱਚ ਆਏ ਵਿਗਾੜ ਨੇ ਪੰਜਾਬੀਆਂ ਨੂੰ ਕੁਰਾਹੇ ਪਾਉਣ ਵਿੱਚ ਅਹਿਮ ਭੂਮਿਕਾ ਨਿਭਾਈ ਹੈ। ਪੰਜਾਬ ਵਿੱਚ ਵਸਦੇ ਬਾਹਰੀ ਰਾਜਾਂ ਦੇ ਲੋਕਾਂ ਨੇ ਜਿੱਥੇ ਆਪਣੀ ਭਾਸ਼ਾ ਅਤੇ ਸੱਭਿਆਚਾਰ ਨੂੰ ਘੁੱਟ ਕੇ ਫੜ੍ਹਿਆ ਹੋਇਆ ਹੈ ਉੱਥੇ ਨਾਲ਼ ਹੀ ਉਨ੍ਹਾਂ ਦੇ ਪਰਿਵਾਰਾਂ ਨੇ ਪੰਜਾਬੀ ਭਾਸ਼ਾ ਤੇ ਸੱਭਿਆਚਾਰ ਨੂੰ ਵੀ ਅਪਨਾਉਣ ਦਾ ਜਤਨ ਕੀਤਾ ਹੈ । ਉੱਤਰਾਖੰਡ ਤੋਂ ਲੁਧਿਆਣੇ ਆ ਵੱਸੇ ਲੋਕ ਆਪਣੀ ਅਗਲੀ ਪੀੜ੍ਹੀ ਨੂੰ ਆਪਣੀ ਮਾਤ ਭੂਮੀ ਦੇ ਸੱਭਿਆਚਾਰ ਨਾਲ਼ ਜੋੜੀ ਰੱਖਣ ਲਈ ਲੋਕਗੀਤਾਂ ਅਤੇ ਹੋਰ ਵੰਨਗੀਆਂ ਦੀ ਪੇਸ਼ਕਾਰੀ ਕਰਵਾਉਂਦੇ ਹਨ। ਇਸ ਮਕਸਦ ਲਈ ਉਹ ਆਪਣੇ ਇਲਾਕੇ ਦੇ ਗਾਇਕਾਂ, ਕਲਾਕਾਰਾਂ ਨੂੰ ਉਵੇਂ ਹੀ ਸੱਦ ਰਹੇ ਹਨ ਜਿਵੇਂ ਪੰਜਾਬੀ ਗਾਇਕ, ਰਾਗੀ, ਢਾਡੀ, ਪ੍ਰਚਾਰਕ ਤੇ ਕਵੀ ਵਿਦੇਸ਼ਾਂ ਨੂੰ ਉੱਡੇ ਜਾਂਦੇ ਹਨ ।
      ਸ਼ਹਿਰਾਂ ਨੇੜੇ ਲੱਗੇ ਕਾਰਖਾਨਿਆਂ ਵਿੱਚ ਸਵੇਰੇ ਸ਼ਾਮ ਆਉਦੇ ਜਾਂਦੇ ਇਹਨਾਂ ਪਰਵਾਸੀ ਕਾਮਿਆਂ ਦੀਆਂ ਹੇੜਾਂ ਨੂੰ ਦੇਖਿਆ ਜਾ ਸਕਦਾ ਹੈ। ਯੂਪੀ ਤੇ ਬਿਹਾਰ ਦੇ ਲੋਕ 'ਛਠ ਪੂਜਾ' ਦਾ ਤਿਉਹਾਰ ਮਨਾਉਂਦੇ ਹਨ। ਜਦੋਂ ਉਹ ਦੇਵੀ ਦੇਵਤਿਆਂ ਦੇ ਬੁੱਤਾਂ ਨੂੰ ਨਹਿਰਾਂ ਅਤੇ ਦਰਿਆਵਾਂ ਵਿੱਚ ਜਲ ਪ੍ਰਵਾਹ ਕਰਨ ਜਾਂਦੇ ਹਨ ਤਾਂ ਉਨ੍ਹਾਂ ਦੇ ਚਿਹਰਿਆਂ ਦਾ ਜਲੌਅ ਦੇਖਣ ਵਾਲ਼ਾ ਹੁੰਦਾ ਹੈ। ਬਹੁਗਿਣਤੀ ਬਾਹਰੀ ਰਾਜਾਂ ਦੇ ਲੋਕ ਹੁਣ ਵਧੀਆ ਪੰਜਾਬੀ ਬੋਲ ਤੇ ਸਮਝ ਲੈਂਦੇ ਹਨ, ਜਦੋਕਿ ਇੱਥੋਂ ਦੇ ਅਸਲੀ ਪੰਜਾਬੀ ਉਨ੍ਹਾਂ ਨਾਲ਼ ਇੱਕ ਬਹੁ-ਭਾਸ਼ਾਈ ਖਿਚੜੀ ਜਿਹੀ ਪਕਾ ਕੇ ਲੱਲ੍ਹੀਆਂ ਲਾਉਂਦੇ ਹਨ ।
      ਪੰਜਾਬ ਦੀ ਸਿੱਖਿਆ, ਰਾਜਨੀਤੀ, ਧਰਮ ਤੇ ਸਾਹਿਤ ਵਿੱਚ ਆਏ ਨਿਘਾਰ ਨੇ ਪੰਜਾਬੀਆਂ ਦਾ ਸਿਰ ਨੀਵਾਂ ਕੀਤਾ ਹੈ। ਰਿਸ਼ਵਤ ਲੈਣ ਅਤੇ ਨਸ਼ੇ ਵੇਚਣ ਦੇ ਜ਼ੁਰਮਾਂ ਹੇਠ ਫੜ੍ਹੇ ਜਾਂਦੇ ਪੰਜਾਬੀ ਪੁਲਿਸ ਅਫਸਰਾਂ ਅਤੇ ਸਿਆਸਤਦਾਨਾਂ ਦੀਆਂ ਆਏ ਦਿਨ ਛਪਦੀਆਂ ਤੇ ਨਸ਼ਰ ਹੁੰਦੀਆਂ ਖ਼ਬਰਾਂ ਕਾਰਨ ਪੰਜਾਬੀ ਮਜ਼ਾਕ ਦਾ ਪਾਤਰ ਬਣ ਰਹੇ ਹਨ। ਮਹਾਂ ਪੰਜਾਬ ਤੋਂ ਪੰਜਾਬੀ ਸੂਬੀ ਵਿੱਚ ਤਬਦੀਲ ਹੋਣ ਮਗਰੋਂ ਸਿਆਸੀ ਆਗੂਆਂ ਦੀ ਰਾਜਸੀ ਤਮ੍ਹਾਂ ਅਤੇ ਮਚਾਈ ਅੰਨ੍ਹੀਂ ਆਰਥਕ ਲੁੱਟ ਨੇ ਪੰਜਾਬ ਨੂੰ ਕੱਖੋਂ ਹੌਲ਼ਿਆਂ ਕਰ ਦਿੱਤਾ ਹੈ।
      ਹੁਣ ਜਿਸ ਤਰ੍ਹਾਂ ਦੇ ਹਾਲਾਤ ਬਣ ਗਏ ਹਨ ਤਾਂ ਲਗਦਾ ਹੈ ਕਿ ਉਹ ਦਿਨ ਦੂਰ ਨਹੀਂ ਜਦੋਂ ਪੰਜਾਬੀਆਂ ਉਪਰ ਬਾਹਰਲਿਆਂ ਨੇ ਕੋਈ ਇਤਬਾਰ ਨਹੀਂ ਕਰਨਾ। ਪੰਜਾਬ ਵਿੱਚ ਕੇਂਦਰੀ ਸਰਕਾਰਾਂ ਨੇ ਗੁੱਝੀਆਂ ਸਾਜ਼ਿਸ਼ਾਂ ਰਚ ਕੇ ਜਿਹੜੀਆਂ ਲਹਿਰਾਂ ਪਹਿਲਾਂ ਆਪੇ ਹੀ ਪੈਦਾ ਤੇ ਫਿਰ ਖਤਮ ਕੀਤੀਆਂ ਹਨ, ਉਨ੍ਹਾਂ ਵਿੱਚ ਸ਼ਾਮਲ ਹੁੰਦੇ ਰਹੇ ਸਿਆਸਤਦਾਨਾਂ, ਪੁਲਿਸ ਅਤੇ ਸਿਵਲ ਪ੍ਰਸਾਸ਼ਨ ਦੇ ਅਫਸਰਾਂ ਦੇ ਪੋਲ ਵੀ ਤਕਰੀਬਨ ਖੁੱਲ੍ਹ ਗਏ ਹਨ ।
      ਹੁਣ ਇਹ ਬਦਲ ਚੁੱਕਿਆ ਪੰਜਾਬ ਕਈ ਭਾਸ਼ਾਵਾਂ ਤੇ ਸੱਭਿਆਚਾਰਾਂ ਦਾ ਮਿਲਗੋਭਾ ਬਣ ਗਿਆ ਹੈ । ਜਿਹੜੇ ਲੋਕ ਬਾਹਰਲੇ ਰਾਜਾਂ ਦੇ ਲੋਕਾਂ ਨੂੰ ਮੰਦੇ ਬੋਲ ਬੋਲਦੇ ਹਨ, ਉਨ੍ਹਾਂ ਨੂੰ ਪਹਿਲਾਂ ਆਪਣੀ ਪੀੜ੍ਹੀ ਹੇਠਾਂ ਸੋਟਾ ਫੇਰਨ ਦੀ ਲੋੜ ਹੈ । ਉਹ ਸਵੈ ਪੜਚੋਲ ਕਰਕੇ ਦੱਸਣ ਕਿ ਉਨ੍ਹਾਂ ਨੇ ਆਪਣਾ ਪਿਤਾ ਪੁਰਖੀ ਕਿਰਤ ਕਰਨ, ਵੰਡ ਛਕਣ ਤੇ ਨਾਮ ਜਪਣ ਵਾਲ਼ਾ ਬਾਬੇ ਨਾਨਕ ਦਾ ਦਿੱਤਾ ਸਿਧਾਂਤ ਕਿਉਂ ਤਿਆਗਿਆ ਹੈ ?
       ਅਸਲ ਸੱਚਾਈ ਇਹ ਹੈ ਕਿ ਅੱਜ ਇਹ ਬਾਹਰਲੇ ਲੋਕ ਪੰਜਾਬ ਦੀ ਲੋੜ ਬਣ ਗਏ ਹਨ ਕਿਉਂਕਿ ਪੰਜਾਬੀਆਂ ਨੇ ਨਿੱਕੇ ਮੋਟੇ ਤੇ ਔਖੇ ਸਮਝੇ ਜਾਂਦੇ ਕੰਮ ਕਰਨੇ ਛੱਡ ਦਿੱਤੇ ਹਨ ਜਿਵੇਂ ਕਹਿੰਦੇ ਹਨ ਕਿ ਕੋਈ ਵੀ ਕੰਮ ਵੱਡਾ ਛੋਟਾ ਨਹੀਂ ਹੁੰਦਾ ਸਗੋਂ ਬੰਦੇ ਦੀ ਸੋਚ ਹੀ ਵੱਡੀ ਜਾਂ ਛੋਟੀ ਹੁੰਦੀ ਹੈ ।
      ਪੰਜਾਬ ਦੇ ਵਿਦਵਾਨਾਂ ਤੇ ਲੇਖਕਾਂ ਬਹੁਗਿਣਤੀ ਸਿੱਖਿਆ ਨਾਲ ਸਬੰਧਤ ਹੈ ਤੇ ਉਨ੍ਹਾਂ ਨੇ ਵੱਡੇ ਸ਼ਹਿਰਾਂ ਦੇ ਵਿੱਚ ਆਪਣੇ ਮੱਠ ਉਸਾਰ ਲਏ ਹਨ । ਉਹ ਏਸੀ ਕਮਰਿਆਂ ਦੇ ਬਹਿ ਕੇ ਵੈਬੀਨਾਰ, ਸੈਮੀਨਾਰ ਤੇ ਕਵੀ ਦਰਬਾਰ ਕਰਦੇ ਹਨ ।
       ਪੰਜਾਬੀ ਦੇ ਕਿਸੇ ਭਾਸ਼ਾ ਵਿਗਿਆਨੀ ਜਾ ਵਿਦਵਾਨ ਨੇ ਕਦੇ ਆਮ ਲੋਕਾਂ ਨਾਲ ਸੰਵਾਦ ਰਚਾਉਣ ਦੀ ਕੋਸ਼ਿਸ਼ ਨਹੀਂ ਕੀਤੀ । ਬਹੁਗਿਣਤੀ ਵਿਦਵਾਨ ਸੱਤਾ ਦੇ ਦਲਾਲ ਬਣ ਬੈਠੇ ਹਨ ਤੇ ਆਪਣਿਆਂ ਨੂੰ ਪੁਰਸਕਾਰ ਦੇ ਕੇ ਫੰਡ ਉਜਾੜ ਰਹੇ ਹਨ ।
       ਅੱਜ ਤੇਜੀ ਨਾਲ਼ ਬਦਲ ਰਹੇ ਪੰਜਾਬ ਨੇ ਭਵਿੱਖ ਵਿੱਚ ਕਿੱਧਰ ਨੂੰ ਮੋੜ ਕੱਟਣਾ ਹੈ, ਹੁਣ ਇਹ ਅੰਦਾਜ਼ਾ ਲਾਉਣਾ ਮੁਸ਼ਕਿਲ ਨਹੀਂ ਰਹਿ ਗਿਆ। ਸੱਚ ਬਹੁਤ ਨੇੜੇ ਆਣ ਢੁੱਕਿਆ ਹੈ । ਬਦਲ ਰਹੇ ਪੰਜਾਬ ਅੰਦਰ ਕਿੰਨੀਆਂ ਕੁ ਬੋਲੀਆਂ ਤੇ ਸੱਭਿਆਚਾਰਾਂ ਨੇ ਆਪਣੇ ਪੈਰ ਜਮਾਂ ਲਏ ਹਨ, ਇਹ ਖੋਜ ਦਾ ਵਿਸ਼ਾ ਹੈ । ਪੰਜਾਬ ਦਾ ਆਉਣ ਵਾਲ਼ਾ ਸੱਚ ਕੰਧ ਤੇ ਲਿਖਿਆ ਜਾ ਚੁੱਕਿਆ ਹੈ, ਪਰ ਪੰਜਾਬੀ ਹੜੱਪਾ ਮੁਹਿੰਜੋਦੜੋ ਦੀ ਲਿਪੀ ਵਾਂਙੂੰ ਇਸਨੂੰ ਪੜ੍ਹਨੋਂ ਅਸਮਰਥ ਹਨ। ਲਗਦਾ ਹੈ ਪੰਜਾਬ ਉਸ ਪ੍ਰਾਚੀਨ ਸੱਭਿਅਤਾ ਦੀ ਅਗਲੀ ਕੜੀ ਬਣਨ ਵੱਲ ਵਧ੍ਹ ਰਿਹਾ ਹੈ। ਇਸ ਸੱਚ ਨੂੰ ਹੁਣ ਸਵੀਕਾਰ ਕਰਨਾ ਹੀ ਪਵੇਗਾ।
      ਬਾਬਾ ਨਾਨਕ ਨੇ ਪੱਚੀ ਸਾਲ ਆਮ ਤੇ ਖਾਸ ਲੋਕਾਂ ਨਾਲ ਸੰਵਾਦ ਰਚਾਇਆ ਸੀ ਪਰ ਅੱਜ ਦਾ ਕਵੀ ਘਰ ਵਿੱਚ ਬਹਿ ਕੇ ਲੋਕਾਂ ਦਾ ਹਿਤੈਸ਼ੀ ਹੋਣ ਦਾ ਆਪੇ ਖਿਤਾਬ ਲੈ ਰਿਹਾ ਹੈ, ਬਹੁਗਿਣਤੀ ਨੌਜਵਾਨ ਸਾਹਿਤ ਤੇ ਸੱਭਿਆਚਾਰ ਨਾਲੋਂ ਦੂਰ ਜਾ ਰਹੇ ਹਨ । ਪੰਜਾਬ ਦੇ ਅੰਦਰ ਇਕ ਵਾਰ ਫੇਰ ਮੂਲਵਾਦ ਦੇ ਨਾਮ ਹੇਠਾਂ ਨਵਾਂ ਸੰਕਟ ਪੈਦਾ ਹੋਣ ਦੇ ਉਸਾਰ ਵੱਧ ਗਏ ਹਨ । ਪੰਜਾਬ ਦੇ ਬਦਲ ਰਹੇ ਮੁਹਾਂਦਰੇ ਨੂੰ ਸਮਝਣ ਲਈ ਮੁਹੱਬਤ ਦੀ ਲਹਿਰ ਚਲਾਉਣ ਦੀ ਲੋੜ ਹੈ ਜਿਵੇਂ ਪੰਜਾਬੀ ਦੇ ਵਿੱਚ ਬਹੁਗਿਣਤੀ ਭਾਸ਼ਾਵਾਂ ਦੇ ਸ਼ਬਦ ਸਮਾਅ ਗਏ ਹਨ, ਇਸੇ ਹੀ ਤਰ੍ਹਾਂ ਸਾਨੂੰ ਬਦਲ ਰਹੇ ਪੰਜਾਬ ਨੂੰ ਅਪਣਾਉਣ ਲਈ ਦਿਲ ਵੱਡੇ ਤੇ ਘਰਾਂ ਦੇ ਖੋਲ੍ਹਣ ਦੀ ਲੋੜ ਹੈ ।
ਸੰਪਰਕ : 94643 70823

ਜਦੋਂ ਭਾਈ ਲਾਲੋ ਮਰਦਾ ਹੈ - ਬੁੱਧ ਸਿੰਘ ਨੀਲੋਂ

ਬਾਬਾ ਨਾਨਕ ਕਹਿੰਦਾ ਸੀ "ਜੋਰੀ ਮੰਗੇ ਦਾਨ ਵੇ ਲਾਲੋ …........."
ਭਾਈ ਲਾਲੋ ਹੁਣ ਨਿੱਤ ਮਰਦਾ ਹੈ । ਮਲਕ ਭਾਗੋ ਉਸਦੀ ਮੌਤ ਉਤੇ ਮਗਰਮੱਛ ਵਾਂਗੂੰ ਕੀਰਨੇ ਪਾਉਂਦਾ ਹੈ । ਉਸਨੂੰ ਯਾਦ ਕਰਦਾ ਹੈ ਪਰ ਹੁਣ ਭਾਈ ਲਾਲੋ ਚੁੱਪ ਹੈ।
       ਭਾਈ ਲਾਲੋ ਡੂੰਘੇ ਟੋਏ ਦੇ ਡਿੱਗ ਗਿਆ ਹੈ।  ਉਹ ਆਪਣੇ ਹੀ ਘਰ ਵਿੱਚ ਅਜਨਬੀ ਹੋ ਗਿਆ। ਆਪਣੇ ਦੇਸ ਵਿੱਚ ਪਰਾਇਆ ਹੀ ਨਹੀਂ ਸਗੋਂ ਦੇਸ਼ ਵਿੱਚ ਪਰਵਾਸੀ ਹੋ ਗਿਆ। ਉਹ ਸਿਰ ਉਤੇ ਫਿਕਰਾਂ ਦੀ ਪੰਡ ਵਿੱਚ ਘਰ ਚੁਕੀ,   ਕਿਥੋਂ ਤੁਰਿਆ ਤੇ ਕਿਥੇ ਜਾ ਰਿਹਾ ਹੈ। ਉਸ ਦਾ ਇਸ ਧਰਤੀ ਉਤੇ ਕਿਹੜੀ ਥਾਂ ਉਤੇ ਘਰ ਹੈ? ਉਹ ਇੱਕ ਥਾਂ ਤੋਂ ਦੂਜੀ ਥਾਂ ਜਾਂਦਾ ਹੈ ਜਿਉਣ ਲਈ ਨਹੀਂ ਮਰਨ ਦੇ ਲਈ । ਸਾਧ ਸਪੀਕਰ ਉਤੇ ਬੋਲਦਾ ਮਰਨਾ ਸੱਚ ਹੈ ਜਿਉਣਾ ਝੂਠ ਹੈ ... ਆਖੋ ....!
      ਉਹ ਸੜਕਾਂ ਉਤੇ ਆਪਣੇ ਖੂਨ ਪਸੀਨੇ ਤੇ ਲਹੂ ਦੇ ਨਿਸ਼ਾਨ ਲਗਾ ਰਿਹਾ ਹੈ। ਪਰ ਉਸਨੂੰ ਘਰ ਨਹੀਂ ਮਿਲਿਆ। ਪੁਲਸ ਦੀ ਕੁੱਟ ਉਸ ਹਰ ਥਾਂ ਖਾਧੀ ਹੈ।
       ਲੱਕਤੋੜ ਬੰਦੀ ਦੇ ਵਿੱਚ ਉਸ ਦਾ ਸਭ ਕੁੱਝ ਮਰਿਆ ਹੈ ਪਰ ਸਰੀਰ ਨਹੀਂ ਮਰਿਆ ਨਾ ਹੀ ਡਰਿਆ ਐ। ਇਹ ਪੈਰ ਦਿੱਲੀ ਵੱਲ ਕਦੋਂ ਤੁਰਨਗੇ ? ਆਪਣੇ ਹਿੱਸੇ ਦਾ ਘਰ ਲੈਣ ਲਈ ? ਕਿੰਨੇ ਲਾਲੋ ਮਰੇ ਹਨ ਕੋਈ ਸਬੂਤ ਤੇ ਅੰਕੜੇ ਨਹੀਂ। ਕਿੰਨਿਆਂ ਨੇ ਤੁਰਨ ਦੇ ਬਣਾਏ ਨੇ ਵਿਸ਼ਵ ਰਿਕਾਰਡ ਕੋਈ ਖਬਰ ਨਹੀਂ। ਇਹਨਾਂ ਦੀ ਤਰਾਸਦੀ ਦਾ ਕੌਣ ਇਤਿਹਾਸ ਕਾਰ ਲਿਖੇਗਾ ਇਤਿਹਾਸ ? ਕੋਈ ਨਹੀਂ ਲਿਖੇਗਾ। ਲਾਲੋਆਂ ਦਾ ਵੀ ਕੋਈ ਇਤਿਹਾਸ ਹੁੰਦਾ ? ਇਹ ਲਾਲੋ ਤਾਂ ਬਣ ਗਏ ਹਨ ਆਮ ਆਦਮੀ। ਪਰ, ਆਮ ਆਦਮੀ ਨੂੰ ਕੌਣ ਪੁਛਦੈ ਇੱਥੇ ?
        ਉਹ ਹਰ ਸਾਹ ਮਰ ਰਿਹਾ ਐ। ਪਰ ਉਸ ਨੂੰ "ਇਸ ਡੂੰਘੇ ਟੋਏ" ਵਿਚੋਂ ਕੱਢਣ ਵਾਲਾ ਕੋਈ ਨਹੀਂ ਉਝ ਉਸ ਦੇ ਆਲੇ ਦੁਆਲੇ ਮਲਕ ਭਾਗੋ, ਕੌਡੇ ਰਾਖਸ਼ਸ਼ ਤੇ ਬਲੀ ਕੰਧਾਰੀਆਂ ਦੀ ਭੀੜ ਐ। ਜਿਹੜੇ ਉਸ ਦੇ ਟੋਏ ਵਿੱਚ ਡਿੱਗਣ ਨੂੰ ਵਿਕਾਸ ਆਖਦੇ ਹਨ ਤੇ ਤਾੜੀਆਂ ਮਾਰ ਕੇ ਹੱਸ ਰਹੇ ਹਨ। ਕੱਲ੍ਹ ਵੀ ਵੱਡਾ ਤਮਾਸ਼ਾ ਹੋਵੇਗਾ।
       ਭਲਾ ਤੁਸੀਂ ਆਪ ਹੀ ਦੱਸੋ,- ਆਮ ਵਿਅਕਤੀ ਵੀ ਕਦੇ ਮਰਦਾ ਹੈ? ਇਹ ਸਵਾਲ ਹੀ ਗ਼ਲਤ ਹੈ। ਮਰਦਾ ਤਾਂ ਉਹ ਹੁੰਦਾ ਹੈ, ਜਿਹੜਾ ਜਿਉਂਦਾ ਹੁੰਦਾ ਹੈ। ਹੁਣ ਤੁਸੀਂ ਦੱਸੋ ਆਮ ਆਦਮੀ ਜਿਉਂਦਾ ਕਦੋਂ ਹੁੰਦਾ ਹੈ? ਉਹ ਤਾਂ ਜੰਮਦਾ ਹੀ ਮਰ ਜਾਂਦਾ ਹੈ। ਜੇ ਕਿਧਰੇ ਉਹ ਭੁੱਲ ਭੁਲੇਖੇ ਜੰਮ ਵੀ ਪਵੇ ਤਾਂ ਘੇਰ ਕੇ, ਭਜਾ ਕੇ ਸੜਕਾਂ ਉੱਤੇ ਜਾਂ ਫਿਰ ਥਾਣੇ ਵਿੱਚ ਮਾਰ ਦਿੱਤਾ ਜਾਂਦਾ ਹੈ।
      ਆਮ ਆਦਮੀ ਜਦੋਂ ਵੀ ਮਰਦਾ ਹੈ ਤਾਂ ਕਿਸੇ ਨੂੰ ਕੋਈ ਫ਼ਰਕ ਨਹੀਂ ਪੈਂਦਾ। ਉਸ ਦੇ ਮਰਨ ਨਾਲ ਫ਼ਰਕ ਉਸ ਦੇ ਆਪਣਿਆਂ ਨੂੰ ਪੈਂਦਾ ਹੈ, ਜਿੰਨਾਂ ਦੇ ਲਈ ਉਹ ਜਿਉਂਦਾ ਹੁੰਦਾ ਹੈ। ਉਹੀ ਉਸਦਾ ਸੰਸਾਰ ਤੇ ਪਿਆਰ ਹੁੰਦਾ ਹੈ। ਬਾਕੀ ਤਾਂ ਸਾਰੇ ਉਸਨੂੰ ਨਫ਼ਰਤ ਕਰਦੇ ਹਨ। ਉਸਨੂੰ ਸ਼ਬਦਾਂ ਨਾਲ, ਅੱਖਾਂ ਦੀ ਘੂਰੀ ਨਾਲ ਤੇ ਡਾਂਗ ਸੋਟੇ ਨਾਲ ਕੁੱਟਦੇ ਹਨ, ਮਾਰਦੇ ਹਨ। ਉਸ ਤੋਂ ਆਪਣੇ ਲਈ ਕੰਮ ਕਰਵਾਉਂਦੇ ਹਨ।
       ਆਮ ਆਦਮੀ ਜਦੋਂ ਮਰਦਾ ਹੈ ਤੇ ਉਸਦੀ ਸ਼ਵ ਯਾਤਰਾ ਨਿਕਲਦੀ ਹੈ ਤਾਂ ਉਸ ਦੇ ਮਗਰ ਉਸਦੇ ਆਪਣੇ ਸੁਪਨੇ ਹੁੰਦੇ ਹਨ। ਉਸਦੀ ਸ਼ਵ ਯਾਤਰਾ ਮਗਰ ਕੋਈ ਜਾਵੇ ਵੀ ਕਿਉਂ ? ਉਹ ਕਿਹੜਾ ਮਨੁੱਖ ਹੈ ਉਹ ਤਾਂ ਪਸ਼ੂ ਹੈ। ਪਸ਼ੂ ਮਗਰ ਕਦੇ ਕੋਈ ਜਾਂਦਾ ਦੇਖਿਆ ਹੈ ?
     ਜਦੋਂ ਮਨੁੱਖ ਮਰਦਾ ਹੈ, ਉਸਦੀ ਯਾਤਰਾ ਵਿੱਚ ਭੀੜ ਹੁੰਦੀ ਹੈ। ਨਾਲੇ ਆਮ ਆਦਮੀ ਤਾਂ ਰੋਜ਼ ਹੀ ਮਰਦੇ ਹਨ। ਕਿਸ ਕਿਸ ਦੀ ਸ਼ਵ ਯਾਤਰਾ ਮਗਰ ਕੋਈ ਜਾਵੇ। ਨਾਲੇ ਹੁਣ ਕਿਸੇ ਕੋਲ ਵਿਹਲ ਵੀ ਕਿੱਥੇ ਹੈ ?
       ਆਮ ਆਦਮੀ ਕੋਲ ਆਪਣੇ ਸਰੀਰ ਤੇ ਸੁਪਨਿਆਂ ਤੋਂ ਬਗੈਰ ਕੁੱਝ ਨਹੀਂ ਹੁੰਦਾ। ਪਰ ਜਦੋਂ ਸੁਪਨੇ ਮਰਦੇ ਹਨ ਤਾਂ ਆਮ ਆਦਮੀ ਵੀ ਮਰਦਾ ਹੈ। ਫੇਰ ਉਹ ਸ਼ਮਸ਼ਾਨ ਘਾਟ ਤੀਕ ਆਪਣੀ ਹੀ ਲਾਸ਼ ਮੋਢਿਆ 'ਤੇ ਚੁੱਕੀ ਫਿਰਦਾ ਰਹਿੰਦਾ ਹੈ। ਆਪਣੀ ਹੀ ਲਾਸ਼ ਮੋਢਿਆਂ ਤੇ ਚੁੱਕੀ ਫਿਰਨਾ ਬਹੁਤ ਔਖਾ ਹੁੰਦਾ ਹੈ, ਪਰ ਉਹ ਚੁੱਕੀ ਰਖਦਾ ਹੈ। ਉਸਦੀ ਇਹ ਮਜ਼ਬੂਰੀ ਹੈ ਜਾਂ ਫਿਰ ਕੋਈ ?
       ਆਮ ਆਦਮੀ ਦੇ ਦਰਦ ਦੀ ਪੀੜ ਕੋਈ ਨਹੀਂ ਜਾਣਦਾ। ਉਹ ਪੀੜ ਕਿਵੇਂ ਜਾਣ ਸਕਦੇ ਹਨ। ਜਿਹੜੇ ਮੂੰਹ ਵਿੱਚ ਸੋਨੇ ਦਾ ਚਮਚਾ ਲੈ ਕੇ ਜੰਮੇ ਹੋਣ। ਸੋਨੇ ਦਾ ਚਮਚਾ ਲੈ ਕੇ ਉਹ ਹੀ ਜੰਮਦੇ ਹਨ, ਜਿਨਾਂ ਦੇ ਮਾਪਿਆਂ ਨੇ ਆਪਣੀ ਜ਼ਮੀਰ ਵੇਚ ਕੇ ਮਾਇਆ ਇਕੱਠੀ ਕੀਤੀ ਹੋਵੇ। ਆਮ ਆਦਮੀ ਤਾਂ ਪੇਟ ਨਹੀਂ ਪਾਲ ਸਕਦਾ।
ਮਾਇਆ ਇਕੱਠੀ ਕਰਨ ਲਈ ਦੂਜਿਆਂ ਦਾ ਪੇਟ ਕੱਟਣਾ ਪੈਂਦਾ ਹੈ। ਦੂਜਿਆਂ ਦਾ ਪੇਟ ਉਹੀ ਕੱਟ ਸਕਦਾ ਹੈ, ਜਿਸ ਦੇ ਹੱਥ ਛੁਰਾ ਹੋਵੇ। ਉਹ ਛੁਰਾ ਜਿਹੜਾ ਕਦੇ ਲੋਹੇ ਦਾ ਹੁੰਦਾ ਹੈ, ਕਦੇ ਧਰਮ ਦਾ, ਕਦੇ ਸਮਾਜ ਦਾ ਤੇ ਕਦੇ ਕਿਰਤ ਦਾ। ਇਸ ਛੁਰੇ ਦੇ ਬਹੁਤ ਰੂਪ ਹਨ। ਇਹ ਛੁਰੇ ਹਰ ਥਾਂ ਆਪਣੀ ਸ਼ਕਲ 'ਤੇ ਮੁਖੌਟਾ ਬਦਲ ਲੈਂਦੇ ਹਨ। ਆਮ ਵਿਅਕਤੀ ਦਾ ਗਲਾ ਜਾਂ ਪੇਟ ਕੱਟਣਾ ਆਮ ਵਰਤਾਰਾ ਹੈ।
       ਆਮ ਆਦਮੀ ਤਾਂ ਦੂਸਰਿਆਂ ਦੇ ਚੁੱਲਿਆਂ ਲਈ ਬਾਲਣ ਹੁੰਦਾ ਹੈ। ਬਾਲਣ ਦਾ ਕੰਮ ਬਲਣਾ ਹੁੰਦਾ ਹੈ। ਆਮ ਆਦਮੀ ਤਾਂ ਦੂਸਰਿਆਂ ਦੇ ਚੁੱਲਿਆਂ ਲਈ ਬਲਣਾ ਹੁੰਦਾ ਹੈ। ਆਮ ਆਦਮੀ ਤਾਂ ਉਨਾਂ ਲੋਕਾਂ ਲਈ ਬਲਦਾ ਹੈ, ਜਿਹੜੇ ਉਸਨੂੰ ਬਾਲਣ ਬਣਾਈ ਰੱਖਦੇ ਹਨ।
ਆਮ ਆਦਮੀ ਆਪਣੇ ਲਈ ਕਦੇ ਵੀ ਬਲਦਾ ਨਹੀਂ, ਉਸ ਦਾ ਤਾਂ ਸਿਵਾ ਬਲਦਾ ਹੈ। ਉਹ ਆਦਮੀ ਕਦੇ ਵੀ ਨਹੀਂ ਮਰਦੇ। ਜਿਹੜੇ ਆਮ ਆਦਮੀ ਦਾ ਲਹੂ ਪੀਂਦੇ ਹਨ। ਉਸ ਦੇ ਹੱਡਾਂ ਨੂੰ ਤੋੜਦੇ ਹਨ ਤਾਂ ਕਿ ਉਹ ਸਦਾ ਬਾਲਣ ਤੱਕ ਹੀ ਸੀਮਤ ਰਹੇ।
       ਆਮ ਆਦਮੀ ਦਾ ਨਾ ਕੋਈ ਆਪਣਾ ਦਿਨ ਹੁੰਦਾ ਹੈ ਤੇ ਨਾ ਹੀ ਰਾਤ। ਉਹ ਤਾਂ ਚੋਵੀ ਘੰਟੇ ਕੋਹਲੂ ਦੇ ਬਦਲ ਵਾਂਗ ਉਨਾਂ ਲਈ ਕਮਾਉਂਦਾ ਹੈ। ਜਿਹੜੇ ਉਸਨੂੰ ਇਹ ਕਦੇ ਵੀ ਅਹਿਸਾਸ ਨਹੀਂ ਹੋਣ ਦਿੰਦੇ ਕਿ ਉਹ ਕਿਸ ਲਈ ਕਮਾ ਰਿਹਾ ਹੈ। ਉਸਨੂੰ ਆਪਣੇ ਅਤੇ ਦੁਸ਼ਮਣ ਵਿੱਚ ਫ਼ਰਕ ਨਹੀਂ ਲੱਗਦਾ ਕਿਉਂਕਿ ਢਿੱਡ ਦੀ ਮਜ਼ਬੂਰੀ ਨੇ ਉਸਨੂੰ ਮਸ਼ੀਨ ਵਿੱਚ ਬਦਲ ਦਿੱਤਾ ਹੈ।
        ਮਸ਼ੀਨ ਦਾ ਕੰਮ ਹੁੰਦਾ ਹੈ ਵੱਧ ਤੋਂ ਵੱਧ ਉਤਪਾਦਨ ਕਰਨਾ। ਉਹ ਵੱਧ ਤੋਂ ਵੱਧ ਉਤਪਾਦਨ ਕਰਦਾ ਹੈ। ਆਮ ਆਦਮੀ ਬਾਰੇ ਸਭ ਚੁੱਪ ਹਨ, ਕਲਮਾਂ ਵਾਲੇ ਵੀ ਤੇ ਧਰਮਾਂ ਤੇ ਕਰਮਾਂ ਵਾਲੇ ਵੀ। ਕਲਮਾਂ ਵਾਲੇ ਤਾਂ ਉਸ ਵੱਲ ਪਿੱਠ ਕਰੀ ਖੜੇ ਹਨ। ਉਹ ਤਾਂ ਔਰਤ-ਮਰਦ ਦੇ ਰਿਸ਼ਤਿਆਂ ਦੀ ਪ੍ਰਕਰਮਾ ਕਰਦੇ ਹਨ। ਉਨਾਂ ਕੋਲ ਆਮ ਆਦਮੀ ਬਾਰੇ ਕੁੱਝ ਲਿਖਣ ਦਾ ਸਮਾਂ ਨਹੀਂ। ਧਰਮਾਂ ਵਾਲੇ ਉਸ ਦੀ ਜੀਭ ਕੱਟ ਦਿੰਦੇ ਹਨ।
      ਆਮ ਆਦਮੀ ਸੁਣ ਨਹੀਂ ਸਕਦਾ ਕਿਉਂਕਿ ਉਸਦੇ ਕੰਨਾਂ ਵਿੱਚ ਸਦੀਆਂ ਤੋਂ ਸਿੱਕਾ ਗਰਮ ਕਰਕੇ ਪਾਇਆ ਹੋਇਆ ਹੈ। ਉਸਦੇ ਹੱਥ ਤੇ ਜੀਭ ਕੱਟ ਦਿੱਤੀ ਹੈ।
       ਆਮ ਆਦਮੀ ਜਦੋਂ ਵੀ ਮਰਦਾ ਹੈ, ਉਸਦੇ ਮਰਨ ਨਾਲ ਕਿਸੇ ਨੂੰ ਕੋਈ ਫ਼ਰਕ ਨਹੀਂ ਪੈਂਦਾ। ਜਦੋਂ ਕਦੇ ਕੋਈ ਮਲਕ ਭਾਗੋ ਮਰਦਾ ਹੈ ਤਾਂ ਦੇਸ਼ ਦਾ ਝੰਡਾ ਝੁੱਕ ਜਾਂਦਾ ਹੈ। ਲੱਖਾਂ ਹੀ ਰੋਜ਼ ਆਮ ਆਦਮੀ ਮਰਦੇ ਹਨ ਤਾਂ ਝੰਡੇ ਨੂੰ ਕੋਈ ਫ਼ਰਕ ਨਹੀਂ ਪੈਂਦਾ।
       ਆਮ ਆਦਮੀ ਦਾ ਜਿਉਂਦੇ ਰਹਿਣ ਜਾਂ ਮਰਨ ਨਾਲ ਕੀ ਫ਼ਰਕ ਪੈਂਦਾ ਹੈ? ਆਮ ਵਿਅਕਤੀ ਜਦੋਂ ਹੋਸ਼ ਵਿੱਚ ਆਵੇਗਾ ਤਾਂ ਉਹ ਮਰੇਗਾ ਨਹੀਂ, ਜਿਉਂਦਾ ਰਹੇਗਾ, ਪਰ ਖੂਨ ਪੀਣਿਆਂ ਨੇ ਉਸਨੂੰ ਹੋਸ਼ ਵਿੱਚ ਆਉਣ ਲਈ ਕੋਈ ਰਸਤਾ ਨਹੀਂ ਛੱਡਿਆ।
      ਆਮ ਆਦਮੀ ਨੂੰ ਹੁਣ ਰਸਤਾ ਲੱਭਣਾ ਪਵੇਗਾ ਕਿ ਉਸਨੇ ਹੁਣ ਕਿਧਰ ਜਾਣਾ ਹੈ ? ਉਸ ਦੇ ਜ਼ਿੰਦਗੀ ਜੀਊਣ ਦੇ ਸਾਰੇ ਹੀ ਰਸਤੇ ਦਿਨੋਂ ਦਿਨ ਬੰਦ ਹੋ ਰਹੇ ਹਨ। ਹਰ ਤਰਾਂ ਦੀ ਮਾਰ ਆਮ ਆਦਮੀ ਨੂੰ ਹੀ ਪੈ ਰਹੀ ਹੈ। ਮਨੁਖ ਰੋਜ਼ੀ-ਰੋਟੀ ਤੋਂ ਵੀ ਔਖਾ ਹੋ ਗਿਆ ਹੈ। ਹੁਣ ਉਸਨੇ ਜੇ ਆਰ-ਪਾਰ ਦੀ ਲੜਾਈ ਨਾ ਲੜੀ ਤਾਂ ਉਹ ਦਿਨ ਦੂਰ ਨਹੀਂ ਜਦੋਂ ਉਸਦੀ ਹੋਂਦ ਵੀ ਖਤਮ ਹੋ ਜਾਵੇਗੀ।
       ਚੋਣਾਂ ਦੀ ਰੁਤ ਐ ਆਪਣੀ ਹੋਂਦ ਨੂੰ ਕਿਵੇਂ ਬਚਾਉਣਾ ਐ ਜਰੂਰ ਖਿਆਲ ਰਖਿਓ ? ਸਿਆਸਤਦਾਨਾਂ ਨੇ ਦੇਸ਼ ਦੇ ਆਦਮੀ ਨੂੰ ਡੂੰਘੇ ਟੋਏ ਦੇ ਵਿੱਚ ਸੁਟ ਦਿੱਤਾ ਹੈ, ਹੁਣ ਇਸ ਵੱਡੇ ਟੋਏ ਦੇ ਵਿੱਚੋਂ ਕਿਵੇਂ ਨਿਕਲ਼ਣਾ ਹੈ ?
ਸਵਾਲ ਸਭ ਦੇ ਸਾਹਮਣੇ ਹੈ .
ਭਾਈ ਲਾਲੋ ਸੰਘਰਸ਼ ਦੇ ਵੀ ਸਾਹਮਣੇ ਹੈ, ਪਰ ਉਸ ਨੇ ਹੁਣ ਕੀ ਕਰਨਾ ਹੈ ? ਸੋਚਣ ਦਾ ਸਮਾਂ ਹੈ ?
ਬੁੱਧ ਸਿੰਘ ਨੀਲੋਂ
ਸੰਪਰਕ : 94643-70823

ਕੋਹ ਨਾ ਚੱਲੀ – ਬਾਬਾ ਤਿਹਾਈ   - ਬੁੱਧ ਸਿੰਘ ਨੀਲੋਂ

ਤੁਰਦੀ ਜ਼ਿੰਦਗੀ ਤੇ ਵਗਦੇ ਪਾਣੀ ਧੜਕਦੀ ਜ਼ਿੰਦਗੀ ਦੇ ਚਿੰਨ੍ਹ ਹੁੰਦੇ ਹਨ। ਜਦੋਂ ਪਾਣੀ ਰੁਕ ਜਾਂਦਾ ਹੈ ਤਾਂ ਉਹ ਝੀਲ ਦਾ ਰੂਪ ਧਾਰ ਲੈਂਦਾ ਹੈ। ਰੁਕਿਆ ਹੋਇਆ ਪਾਣੀ ਗੰਦਲਾ ਹੋ ਜਾਂਦਾ ਹੈ। ਗੰਦਲੇ ਪਾਣੀ ਵਿਚੋਂ ਫਿਰ ਬੋਅ ਆਉਂਣ ਲੱਗ ਪੈਂਦੀ ਹੈ।
         ਇਹੋ ਹਾਲ ਜ਼ਿੰਦਗੀ ਦਾ ਹੁੰਦਾ ਹੈ। ਸਾਹ ਲੈਂਦੀ, ਤੁਰਦੀ ਫਿਰਦੀ- ਜ਼ਿੰਦਗੀ ਹੀ ਚੰਗੀ ਲੱਗਦੀ ਹੈ। ਜਦੋਂ ਵੀ ਕਿਸੇ ਮੋੜ ਉੱਤੇ ਜ਼ਿੰਦਗੀ ਆ ਕੇ ਰੁਕ ਜਾਂਦੀ ਹੈ ਤਾਂ ਉਹ ਤੁਰਦੀ-ਫਿਰਦੀ ਇੱਕ ਲਾਸ਼ ਬਣ ਜਾਂਦੀ ਹੈ। ਇਹ ਲਾਸ਼ ਅਸੀਂ ਮੋਢਿਆਂ 'ਤੇ ਚੁੱਕੀ ਫਿਰਦੇ ਰਹਿੰਦੇ ਹਾਂ। ਸਾਨੂੰ ਪਤਾ ਹੁੰਦਾ ਹੈ ਕਿ ਅਸੀਂ ਆਪਣੀ ਲਾਸ਼ ਦੀ ਸਵਾਰੀ ਬਣੇ ਹੋਏ ਹਾਂ। ਪਰ ਫੇਰ ਵੀ ਅਸੀਂ ਜਿਉਂਦੇ ਹੋਣ ਦਾ ਭਰਮ ਪਾਲੀ ਰੱਖਦੇ ਹਾਂ।
       ਤੁਰਦੇ ਬੰਦੇ ਹੀ ਮੰਜ਼ਿਲ ਉੱਤੇ ਪੁੱਜਦੇ ਹਨ। ਜਿਹੜੇ ਕਿਸੇ ਚੁਰਾਹੇ ਉੱਤੇ ਰੁਕ ਜਾਂਦੇ ਹਨ, ਸੜਕਾਂ ਦੇ ਮੀਲ ਪੱਥਰ ਬਣ ਜਾਂਦੇ ਹਨ, ਜਿਹੜੇ ਮੰਜ਼ਿਲ ਦਾ ਸੂਚਕ ਤਾਂ ਹੁੰਦੇ ਪਰ ਮੰਜਿਲ ਨਹੀਂ। ਰੁਕੀ ਜ਼ਿੰਦਗੀ ਤੇ ਟੁੱਟੇ ਪੱਤੇ ਦੀ ਚੱਕਰ 'ਚ ਫਸ ਜਾਂਦੀ ਹੈ। ਉਨ੍ਹਾਂ ਦੀ ਹਾਲਤ ਉਸ ਪੱਤੇ ਵਰਗੀ ਹੁੰਦੀ ਹੈ। ਜਿਹੜਾ ਰੁੱਖ ਨਾਲੋਂ ਟੁੱਟ ਗਿਆ ਹੁੰਦਾ। ਉਹ ਹਵਾ ਸਹਾਰੇ ਇੱਧਰ-ਉੱਧਰ ਉੱਡਦਾ ਰਹਿੰਦਾ ਹੈ। ਆਖਰ ਕਿਸੇ ਕੋਨੇ ਵਿੱਚ ਰੁਕ ਜਾਂਦਾ ਹੈ। ਕੋਨੇ ਵਿਚ ਰੁਕਿਆ ਪੱਤਾ ਹਨੇਰੇ ਵਿੱਚ ਹੀ ਗਵਾਚ ਜਾਂਦਾ ਹੈ।
        ਜਦੋਂ ਚੀਜ਼ ਤੁਹਾਡੇ ਕੋਲੋਂ ਗਵਾਚ ਜਾਂਦੀ ਹੈ ਤਾਂ ਉਸ ਚੀਜ਼ ਦੇ ਮੁੱਲ ਦਾ ਸਾਨੂੰ ਪਤਾ ਲੱਗਦਾ ਹੈ। ਅਸੀਂ ਉਦੋਂ ਤੱਕ ਬੇਫਿਕਰ ਹੋਏ ਰਹਿੰਦੇ ਹਾਂ ਜਦੋਂ ਤੱਕ ਚੀਜ਼ ਸਾਡੇ ਕੋਲ ਹੁੰਦੀ ਹੈ। ਜਦੋਂ ਚੀਜ਼ ਹੱਥੋਂ ਕਿਰ ਜਾਂਦੀ ਹੈ ਜਾਂ ਵਿਛੜ ਜਾਂਦੀ ਹੈ। ਤਾਂ ਫੇਰ ਸਾਨੂੰ ਮੁੱਲ ਦਾ ਪਤਾ ਲੱਗਦਾ ਹੈ। ਫਿਰ ਅਸੀਂ ਅਤੀਤ ਦੇ ਵਰਕਿਆਂ ਨੂੰ ਫਰੋਲਣ ਲੱਗਦੇ ਹਾਂ। ਕਿਸੇ ਨੇ ਕਿਹਾ ਹੈ ਕਿ :-
''ਮਿੱਟੀ ਨਾ ਫਰੋਲ ਜੋਗੀਆ, ਨਹੀਂ ਲੱਭਣੇ ਲਾਲ ਗਵਾਚੇ।''
      ਫੇਰ ਅਸੀਂ ਮਿੱਟੀ ਫਰੋਲਣ ਲੱਗਦੇ ਹਾਂ। ਪਰ ਸਾਨੂੰ ਹੰਝੂਆਂ ਤੋਂ ਬਿਨਾਂ ਕੁੱਝ ਵੀ ਨਹੀਂ ਲੱਭਦਾ। ਉਂਝ ਅਸੀਂ ਲਾਲ ਲੱਭਣ ਦੀ ਕੋਸ਼ਿਸ਼ ਵਿੱਚ ਰਹਿੰਦੇ ਹਾਂ। ਪਾਣੀ ਇਕੋ ਵਾਰੀ ਪੁੱਲਾਂ ਦੇ ਹੇਠ ਦੀ ਲੰਘਦਾ ਹੇ। ਲੰਘਿਆ ਪਾਣੀ ਤੇ ਲੰਘ ਗਈ ਜ਼ਿੰਦਗੀ ਵਾਪਸ ਨਹੀਂ ਪਰਤਦੀ।
        ਅਸੀਂ ਉਸ ਜ਼ਿੰਦਗੀ ਨੂੰ ਵਾਪਸ ਲਿਆਉਣ ਦੇ ਸੁਪਨੇ ਸਿਰਜਦੇ ਹਾਂ। ਅਸੀਂ ਸੁਪਨਿਆਂ ਨੂੰ ਸਾਕਾਰ ਕਰਨ ਦੀ ਤਾਂਘ ਵਿੱਚ ਸਦਾ ਰਹਿੰਦੇ ਹਾਂ, ਪਰ ਸਾਨੂੰ ਹੈ ਕਿ ਸੁਪਨੇ ਕਦੇ ਸਾਕਾਰ ਨਹੀਂ ਹੁੰਦੇ ਪਰ ਸੁਪਨਿਆਂ ਵਿੱਚ ਰਹਿੰਦੀਆਂ ਅਸੀਂ ਵੱਖਰੀ ਦੁਨੀਆਂ ਦੇ ਵਾਸੀ ਬਣ ਜਾਂਦੇ ਹਾਂ। ਅਸੀਂ ਰਹਿੰਦੇ ਤਾਂ ਧਰਤੀ ਉੱਤੇ ਹੀ ਹਾਂ ਪਰ ਸੁਪਨਿਆਂ ਵਿਚ ਅਸੀਂ ਬੜੀ ਦੂਰ ਚਲੇ ਜਾਂਦੇ ਹਾਂ।
       ਧਰਤੀ ਨਾਲੋਂ ਜਿਉਂ-ਜਿਉਂ ਅਸੀਂ ਉੱਤੇ ਉੱਠ ਰਹੇ ਹਾਂ, ਤਾਂ ਸਾਡੇ ਮਨਾਂ ਅੰਦਰ ਓਨੀ ਹੀ ਬੇਚੈਨੀ, ਗੁੱਸਾ, ਨਫਰਤ ਤੇ ਹੰਕਾਰ ਵਧੀ ਜਾ ਰਿਹਾ ਹੈ। ਅਸੀਂ ਆਪੋ-ਆਪਣੀ ਮੈਂ ਵਿੱਚ ਫਸਦੇ ਜਾ ਰਹੇ ਹਾਂ।
       ਜਦੋਂ ਅਸੀਂ ਆਪਣੀ 'ਮੈਂ' ਵਿੱਚੋਂ ਬਾਹਰ ਆਉਂਦੇ ਹਾਂ, ਉਦੋਂ ਤੱਕ ਸਮਾਂ ਬਹੁਤ ਅੱਗੇ ਲੰਘ ਜਾਂਦਾ ਹੈ। ਅਸੀਂ ਬਹੁਤ ਪਿੱਛੇ ਰਹਿ ਜਾਂਦੇ ਹਾਂ। ਪਿੱਛੇ ਰਹਿ ਗਿਆਂ ਨੂੰ ਆਪਣੇ ਨਾਲ ਰਲਾਉਣ ਲਈ ਕੋਈ ਰੁਕਦਾ ਨਹੀਂ। ਕੋਈ ਪਿੱਛੇ ਪਰਤ ਕੇ ਨਹੀਂ ਵੇਖਦਾ।
       ਅਸੀਂ ਉਸ ਹਾਲਤ ਵਿੱਚ ਪੁੱਜ ਜਾਂਦੇ ਹਾਂ ਕਿ ਸਾਡੇ ਕੋਲ ਲੱਤਾਂ ਹੋਣ ਦੇ ਬਾਵਜੂਦ ਅਸੀਂ ਤੁਰ ਨਹੀਂ ਸਕਦੇ। ਸਾਡੇ ਕੋਲ ਜੀਭ ਹੋਣ 'ਤੇ ਵੀ ਅਸੀਂ ਬੋਲ ਨਹੀਂ ਸਕਦੇ। ਅਸੀਂ ਬੋਲਣ ਦਾ ਯਤਨ ਤਾਂ ਕਰਦੇ ਹਾਂ ਪਰ ਸਾਡੀ ਕੋਈ ਆਵਾਜ਼ ਨਹੀਂ ਹੁੰਦੀ ਜਿਹੜੀ ਕੋਈ ਸੁਣੇ ?
ਵਾਜਾਂ ਮਾਰੀਆਂ ਬੁਲਾਇਆ ਕਈ ਵਾਰ ਮੈਂ,
ਕਿਸੇ ਨੇ ਮੇਰੀ ਗੱਲ ਨਾ ਸੁਣੀ।
      ਸਾਡੀ ਗੱਲ ਸੁਨਣ ਦਾ ਕਿਸੇ ਕੋਲ ਸਮਾਂ ਨਹੀਂ। ਅਸੀਂ ਤਾਂ ਦੌੜੀ ਜਾ ਰਹੇ ਹਾਂ-ਪਦਾਰਥਾਂ ਪਿੱਛੇ। ਅਸੀਂ ਵਸਤੂਆਂ ਨਾਲ ਆਪਣੇ ਘਰ ਭਰ ਲਏ ਹਨ। ਘਰਾਂ ਅੰਦਰ ਵਸਤੂਆਂ ਦੀ ਗਿਣਤੀ ਵੱਧ ਗਈ ਹੈ। ਘਰਾਂ ਵਿੱਚੋਂ ਜ਼ਿੰਦਗੀ ਦੂਰ ਚਲੇ ਗਈ ਹੈ। ਘਰ ਅਸੀਂ ਸਟੋਰ ਬਣਾ ਦਿੱਤੇ ਹਨ। ਇਨ੍ਹਾਂ ਸਟੋਰਾਂ ਵਿਚ ਜ਼ਿੰਦਗੀ ਨਹੀਂ ਧੜਕਦੀ। ਵਸਤੂਆਂ ਦੇ ਬਿੱਲ ਆਉਂਦੇ ਹਨ। ਅਸੀਂ ਬਿੱਲ ਉਤਾਰਦੇ ਖੁਦ ਵਸਤੂ ਬਣ ਗਏ ਹਾਂ।
       ਸਾਡੇ ਅੰਦਰਲੀ ਸੁਹਜ ਸੰਵੇਦਨਾ ਮਰ ਗਈ ਹੈ। ਅਸੀਂ ਪੱਥਰ ਬਣ ਗਏ ਹਾਂ। ਤੁਰਦੀਆਂ-ਫਿਰਦੀਆਂ ਮੂਰਤੀਆਂ ਵਾਲੇ ਜਿਸਮ ਲਈ ਅਸੀਂ ਇੱਕ ਦੂਜੇ ਨੂੰ ਲਤਾੜਦੇ ਦੌੜ ਰਹੇ ਹਾਂ। ਇਹ ਅੰਨ੍ਹੀ ਦੌੜ ਕਦੋਂ ਤੇ ਕਿੱਥੇ ਖਤਮ ਹੋਵੇਗੀ? ਇਸ ਦੌੜ ਦਾ ਅੰਤ ਕੀ ਹੋਵੇਗਾ? ਇਸ ਦੌੜ ਨੇ ਸਾਡੇ ਕੋਲੋਂ ਬੜਾ ਕੁੱਝ ਖੋਹ ਲਿਆ ਹੈ।
      ਸਾਡਾ ਅੰਦਰ ਮੁਰਦਾ ਸ਼ਾਂਤੀ ਨਾਲ ਭਰ ਗਿਆ ਸਾਡੇ ਹੱਥਾਂ ਵਿੱਚੋਂ ਕਿਰਤ ਖੁਸ ਗਈ ਹੈ। ਸਾਡੇ ਹੱਥਾਂ ਦੇ ਵਿਚ ਠੂਠੇ ਫੜਾ ਦਿੱਤੇ ਹਨ। ਅਸੀਂ ਨੀਲੇ, ਪੀਲੇ ਤੇ ਲਾਲ ਕਾਰਡ ਬਨਾਉਣ ਦੇ ਲਈ ਪੱਬਾਂ ਭਾਰ ਹੋਏ ਪਏ ਹਾਂ।
       ਅਸੀਂ ਕਦੇ ਇਹਨਾਂ ਸਿਆਸੀ ਆਗੂਆਂ ਨੂੰ ਇਹ ਨਹੀਂ ਪੁੱਛਦੇ ਕਿ ਤੁਹਾਡੀ ਆਮਦਨ ਕਿਉਂ ਹਰ ਸਾਲ ਵੱਧਦੀ ਹੈ ਤੇ ਲੋਕ ਕਿਉਂ ਖੁਦਕੁਸ਼ੀਆਂ ਤੱਕ ਪੁਜ ਗਏ? ਕਿਉਂਕਿ ਇਹ ਸਿਆਸੀ ਆਗੂ ਸਾਨੂੰ ' ਮੁਫਤ' ਦੀਆਂ ਸਹੂਲਤਾਂ ਦਿੰਦੇ ਹਨ।
       ਅਸੀਂ ਆਪੋ ਆਪਣੇ ਖੋਲ ਅੰਦਰ ਗਵਾਚ ਗਏ ਹਾਂ। ਅਸੀਂ ਤੜਫ ਰਹੇ ਹਾਂ। ਅਸੀਂ ਚੀਕ ਰਹੇ ਹਾਂ। ਅਸੀਂ ਕਰ ਰਹੇ ਹਾਂ, ਜਾਂ ਫਿਰ ਸਾਨੂੰ ਮਾਰਿਆ ਜਾ ਰਿਹਾ ਹੈ। ਵਿਕਾਸ ਦੇ ਨਾਂਅ ਹੇਠ ਸਾਡੇ ਕੋਲੋਂ ਰੋਟੀ ਖੋਹੀ ਜਾ ਰਹੀ ਹੈ।। ਰੋਟੀ ਬਦਲੇ ਸਾਨੂੰ ਮਿਲਦੀ ਸਾਨੂੰ ਪੁਲਿਸ ਦੀ ਕੁੱਟ ਜਾਂ ਫਿਰ ਗੋਲੀ ਮਿਲਦੀ ਹੈ।
        ਬੰਦੂਕਾਂ ਦੇ ਢਿੱਡ ਨਹੀਂ ਹੁੰਦੇ। ਜਿਨ੍ਹਾਂ ਦਾ ਇਹ ਦੇਸ਼ ਹੈ, ਉਨ੍ਹਾਂ ਲਈ ਇਸ ਦੇਸ਼ ਵਿੱਚ ਕੋਈ ਥਾਂ ਨਹੀਂ। ਉਨ੍ਹਾਂ ਨੂੰ ਨਿੱਤ ਲੁੱਟਿਆ ਤੇ ਕੁੱਟਿਆ ਜਾ ਰਿਹਾ ਹੈ। ਇਹ ਕੁੱਟ ਕਦੇ ਪੰਜਾਬ ਦੀ ਧਰਤੀ 'ਤੇ ਪੈਂਦੀ ਹੈ, ਕਦੇ ਜੰਮੂ ਕਸ਼ਮੀਰ, ਛੱਤੀਸ਼ਗੜ੍ਹ, ਝਾਰਖੰਡ, ਕਦੇ ਦਿੱਲੀ, ਗੁਜਰਾਤ, ਯੂਪੀ, ਅਸਾਮ ਵਿੱਚ ਤੇ ਅੱਜ ਤਾਂ ਦੇਸ਼ ਦਾ ਹਰ ਥਾਂ ਕਤਲਗਾਹ ਬਣਾ ਦਿੱਤਾ ਗਿਆ ਹੈ। ਕਿਤੇ ਵੀ ਕਦੇ ਵੀ ਹੋ ਸਕਦਾ ਐ, ਕੁੱਝ ਵੀ।
      ਅਜੇ ਤਾਂ ਦੇਸ਼ ਨੂੰ ਆਜ਼ਾਦ ਹੋਇਆਂ ਹੀ ਪੰਝਤਰ ਵਰ੍ਹੇ ਬੀਤੇ ਹਨ। ਇਨਾਂ ਵਰ੍ਹਿਆਂ ਵਿਚ ਅਸੀਂ ਦੇਸ਼ ਨੂੰ ਕਿਸ ਮੋੜ 'ਤੇ ਲਿਆ ਕਿ ਖੜ੍ਹਾ ਕਰ ਦਿੱਤਾ ਹੈ ?
      ਅਸੀਂ ਮਹਾਂ ਗੁਰੂ, ਮਹਾਂ ਸ਼ਕਤੀ ਬਣਦ ਬਣਦੇ, ਜ਼ੀਰੋ ਬਣ ਗਏ ਹਾਂ ਜ਼ੀਰੋ ਦਾ ਕੋਈ ਮੁੱਲ ਨਹੀਂ ਹੁੰਦਾ, ਸਾਡਾ ਕੀ ਹੋਣਾ, ਬਸ ਏਹੀ ਹੈ ਰੋਣਾ ਧੋਣਾ। ਸਦੀਆਂ ਲੰਘ ਗਈਆਂ। ਵਹਿ ਗਏ ਪਾਣੀ। ਰੁਕ ਗਈ ਜ਼ਿੰਦਗੀ, ਊਠ ਮਗਰ ਤੁਰੇ ਕੁੱਤੇ ਵਾਂਗ, ਦੌੜ ਰਹੇ ਹਾਂ।
      ਖੜਾ ਪਾਣੀ ਤੇ ਮਨੁੱਖ ਮੁਸ਼ਕ ਜਾਂਦਾ ਹੈ। ਅਸੀਂ ਮੁੱਸ਼ਕ ਰਹੇ ਹਾਂ। ਰੁੱਖਾਂ ਵਾਂਗ ਸੁੱਕ ਰਹੇ ਹਾਂ। ਸਾਨੂੰ ਪਾਣੀ ਦੇਣ ਵਾਲੇ ਹੱਥ ਵੱਢ ਦਿੱਤੇ ਹਨ।
      ਸਾਡੇ ਕੋਲੋਂ ਪੌਣ-ਪਾਣੀ ਤੇ ਧਰਤੀ ਖੋਹੀ ਜਾ ਰਹੀ ਹੈ। ਕਿਸੇ ਕੋਲੋਂ ਰੁਜਗਾਰ ਖੋਹ ਲੈਣ। ਅਸਲ ਵਿੱਚ ਉਸਦੀ ਜ਼ਿੰਦਗੀ ਖੋਹ ਲੈਣਾ ਹੁੰਦਾ ਹੈ। ਸਾਡੇ ਕੋਲੋਂ ਜ਼ਿੰਦਗੀ ਖੋਹੀ ਜਾ ਰਹੇ ਹਾਂ। ਅਸੀਂ ਪਿਆਸੇ ਤੜਫ ਰਹੇ ਹਾਂ।
  ਕਦ ਤੱਕ ਸੁੱਤੇ ਰਹਾਂਗੇ ? ਹੁਣ ਤਾਂ ਜਾਗ ਪਵੋ, ਦੁਸ਼ਮਣ ਤੇ ਮਨੁੱਖਤਾ ਦੇ ਕਾਤਲਾਂ ਦੇ ਗਲ ਪਵੋ। ਹੁਣ ਬਿਨ ਜਾਗਰੂਕ ਤੇ ਇੱਕਠੇ ਹੋਇਆਂ ਸਰਨਾ ਨਹੀਂ ਜਾਂ ਤੁਸੀਂ ਕਦੇ ਮਰਨਾ ਨਹੀਂ? ਕੁੱਝ ਕਰ ਮਰੋ, ਐਵੇਂ ਨਾ ਡਰੋ।
ਖੜਾ ਪਾਣੀ, ਵਹਿ ਰਿਹਾ ਪਾਣੀ, ਰੁਕੀ ਤੇ ਤੁਰਦੀ ਜ਼ਿੰਦਗੀ ਨੇ ਕੀ ਖੱਟਿਆ ਐ ? ਮਿਰਗ ਤ੍ਰਿਸਨਾ ਵਿੱਚ ਸਿਰ ਉਤੇ ਰੱਖ ਕੇ ਪੈਰ ਦੌੜਦੇ ਰਹੇ। ਇੱਕ ਥਾਂ ਤੋਂ ਦੂਜੀ ਥਾਂ। ਭਰਿਆ ਢਿੱਡ , ਨੀਤ ਨਹੀਂ ਭਰੀ। ਕੋਹ ਨਹੀਂ ਤੁਰੇ। ਬਾਬਾ ਪੱਚੀ ਵਰ੍ਹੇ ਤੁਰਿਆ। ਸ਼ਬਦ ਰਬਾਬ ਨਾਲ ਚਾਨਣ ਵੰਡਿਆ। ਜ਼ਿੰਦਗੀ ਦੇ ਅਰਥ ਦੱਸੇ। ਬੰਦੇ ਨੂੰ ਮੈਂ ਤੋਂ ਮੁਕਤ ਹੋਣ ਦਾ ਸਬਕ ਪੜ੍ਹਾਇਆ, ਕਿਰਤ ਦੀ ਰਾਖੀ ਕਿਵੇਂ ਕਰਨੀ, ਹੱਕ ਸੱਚ ਤੇ ਜ਼ਬਰ, ਜ਼ੁਲਮ ਦੇ ਵਿਰੁੱਧ ਕਿਰਪਾਨ ਨੂੰ ਤਲਵਾਰ ਬਣਾਇਆ। ਸੁੱਤੀ ਕੌਮ ਨੂੰ ਜਗਾਇਆ।
     ਅਸੀਂ ਤੇ ਕੋਹ ਦਾ ਪੈਂਡਾ ਵੀ ਨਹੀਂ ਮੁਕਾਇਆ। ਅਖੇ ਬਾਬਾ ! ਕੋਹ ਨਾ ਚੱਲੀ, ਬਾਬਾ ਮੈਂ ਤ੍ਰਿਹਾਈ। ਭਲਾ ਮਨ ਤੇ ਤਨ ਦੇ ਭੁੱਖੇ ਦੀ ਕਿਸ ਨੇ ਪਿਆਸ ਬੁਝਾਈ ? ਅਸੀਂ ਕਦੋਂ ਸਬਰ ਕਰਾਂਗੇ ! ਵਸਤੂਆਂ ਕਿਉਂ ਸਾਡੇ ਉਤੇ ਭਾਰੂ ਹੋ ਗਈਆਂ ? ਅਸੀਂ ਮਕਾਨ ਕਿਉਂ ਸਟੋਰ ਬਣਾ ਲਏ ?? ਮਕਾਨ ਵਿੱਚੋਂ ਘਰ ਕਿਉਂ ਗਾਇਬ ਹੋ ਗੇ ?
ਬੁੱਧ ਸਿੰਘ ਨੀਲੋਂ
ਸੰਪਰਕ : 94643-70823

ਘੁੰਮ ਚਰਖੜਿਆ ਘੁੰਮ....!   - ਬੁੱਧ ਸਿੰਘ ਨੀਲੋਂ

ਮਨੁੱਖੀ ਜ਼ਿੰਦਗੀ ਦੀ ਜੀਵਨ ਧਾਰਾ ਨੂੰ ਚਲਾਉਣਾ ਮਨੁੱਖ ਦੇ ਹੱਥ ਵਸ ਹੁੰਦਾ ਹੈ। ਪਰਬਤ ਦੀ ਚੋਟੀ ਤੋਂ ਸੂਰਜ ਦੀ ਤਪਸ਼ ਨਾਲ ਬਰਫ਼ ਜਦ ਬੂੰਦ ਬਣ ਕੇ ਤੁਰਦੀ ਤਾਂ ਪਾਣੀ ਬਣ ਕੇ ਉਹ ਸਮੁੰਦਰ ਦੀ ਭਾਲ ਵਿੱਚ ਹੁੰਦੀ ਹੈ। ਉਸ ਪਹਿਲੀ ਬੂੰਦ ਸਮੁੰਦਰ ਤੱਕ ਪੁਜਣ ਲਈ ਕਿਹੜੇ ਕਿਹੜੇ ਰਸਤਿਆਂ ਰਾਹੀਂ ਗੁਜਰਨਾ ਪੈਦਾ ਹੈ। ਉਹ ਰਾਹ ਸੌਖੇ ਨਹੀਂ । ਇਹੋ ਹਾਲ ਜ਼ਿੰਦਗੀ ਦਾ ਹੈ … ਮੁਸ਼ਕਿਲਾਂ ਰੁਕਾਵਟਾਂ ਬਣਦੀਆਂ ਹਨ ਪਰ ਜੇ ਮੰਜ਼ਿਲ ਵੱਲ ਜਾਣਾ ਹੋਵੇ ਫੇਰ ਪਰਬਤ ਵੀ ਰਸਤਾ ਬਣ ਜਾਂਦੇ ਹਨ।
     ਸਾਹਿਤਕਾਰ, ਸੰਗੀਤਕਾਰ, ਅਦਾਕਾਰ, ਚਿਤਰਕਾਰ ਬਨਣ ਲਈ ਮੰਜ਼ਿਲ ਤਾਂ ਨੇੜੇ ਹੈ, ਪਰ ਰਸਤਾ ਬੜਾ ਬਿਖੜਾ ਹੈ। ਪਰ ਮਿਹਨਤ, ਸਿਦਕ, ਸ਼ਕਤੀ, ਚਾਅ, ਸੁਪਨੇ, ਦ੍ਰਿੜਤਾ ਤੇ ਆਪਣਾ ਸਾਰਾ ਧਿਆਨ ਇੱਕ ਥਾਂ 'ਤੇ ਕੇਂਦਰ ਕਰਨ ਨਾਲ ਕੁੱਝ ਵੀ ਬਣਿਆ ਜਾ ਸਕਦਾ ਹੈ।
     ਕਿਸੇ ਦੀ ਰੂਹ ਨੂੰ ਆਪਣੀ ਰੂਹ ਵਿੱਚ ਸ਼ਾਮਲ ਕਰ ਲੈਣਾ ਤਾਂ ਔਖਾ ਹੁੰਦਾ ਹੈ, ਪਰ ਜੇ ਰੂਹ ਤੁਹਾਡੇ ਅੰਦਰ ਪ੍ਰਵੇਸ਼ ਕਰ ਜਾਵੇ ਤਾਂ ਇਹ ਕੋਈ ਔਖਾ ਨਹੀਂ ਹੁੰਦਾ ਪਰ ਅਸੀਂ ਇਸ ਰਸਤੇ ਤੁਰਦੇ ਨਹੀਂ।
        ਵੱਡੇ ਵੱਡੇ ਫਨਕਾਰ, ਗਾਇਕ ਤੇ ਸਾਹਿਤਕਾਰ ਅਕਸਰ ਹੀ ਆਪਣੀ ਮੁਲਾਕਾਤ ਮੌਕੇ ਇਹ ਝੂਠ ਬੋਲਦੇ ਹਨ, ਕਿ ''ਇਹ ਤਾਂ ਉਨਾਂ ਨੂੰ ਕੁਦਰਤ ਵੱਲੋਂ ਮਿਲਿਆ ਤੋਹਫਾ ਹੈ।'' ਅਸਲ ਵਿੱਚ ਇਹ ਸਭ ਕੁੱਝ ਉਨ੍ਹਾਂ ਦੇ ਅਭਿਆਸ ਦਾ ਸਿੱਟਾ ਹੁੰਦਾ ਹੈ।
.      ਅਭਿਆਸ ਇੱਕ ਦਿਨ ਰੰਗ ਹੀ ਲਿਆਉਂਦਾ ਹੈ। ਲੋੜ ਤਾਂ ਹੁੰਦੀ ਹੈ, ਜ਼ਿੰਦਗੀ ਵਿੱਚ ਰੰਗ ਭਰਨ ਦੀ। ਜਿਸ ਨੂੰ ਜ਼ਿੰਦਗੀ ਵਿੱਚ ਰੰਗ ਭਰਨਾ ਆਉਂਦਾ ਹੈ, ਉਹ ਕਦੇ ਵੀ ਉਦਾਸ ਨਹੀਂ ਹੁੰਦਾ। ਸਗੋਂ ਹਰ ਵੇਲੇ ਖਿੜਿਆ ਰਹਿੰਦਾ ਹੈ। ਖਿੜੇ ਰਹਿਣ ਲਈ ਖੁਦ ਖਿੜਨਾ ਪੈਂਦਾ ਹੈ।
      ਸ਼ਬਦਾਂ ਦੇ ਜਾਦੂਗਰ ਅਕਸਰ ਹੀ ਆਪਣੇ ਵਹਾਅ ਵਿੱਚ ਭੀੜ ਨੂੰ ਨਾਲ ਲੈ ਤੁਰਦੇ ਹਨ। ਉਨਾਂ ਅੰਦਰ ਇਹ ਮੁਹਾਰਤ ਇੱਕ ਦਿਨ ਵਿੱਚ ਨਹੀਂ ਆਉਂਦੀ । ਇਸ ਦੇ ਪਿਛੇ ਲੰਮੇ ਅਧਿਐਨ ਤੇ ਅਭਿਆਸ ਦਾ ਸਿੱਟਾ ਹੁੰਦਾ ਹੈ ਪਰ ਅਸੀਂ ਸਿੱਟੇ 'ਤੇ ਪਹਿਲਾਂ ਪੁੱਜਦੇ ਹਾਂ, ਤੁਰਦੇ ਬਾਅਦ ਵਿੱਚ ਹਾਂ। ਇਸੇ ਕਰਕੇ ਅਸੀਂ ਅਸਫਲ ਹੁੰਦੇ ਹਾਂ।
       ਹਰ ਸਫਲਤਾ ਦੀ ਹਰਕਤ ਪਹਿਲਾਂ ਮਨੁੱਖ ਦੇ ਮਨ ਵਿੱਚ ਅੰਗੜਾਈ ਭਰਦੀ ਹੈ, ਫਿਰ ਉਹ ਕਾਗਜ਼ 'ਤੇ ਉਤਰਕੇ ਹਕੀਕਤ ਦਾ ਰੂਪ ਅਖਿਤਿਆਰ ਕਰਦੀ ਹੈ। ਅਸੀਂ ਰੂਪ ਨੂੰ ਵੇਖ ਕੇ ਪਹਿਲਾਂ ਚਕਾਚੋਂਧ ਹੁੰਦੇ , ਪਰ ਮਨ ਅੰਦਰ ਕੋਈ ਸੁਪਨਾ, ਕੋਈ ਇੱਛਾ, ਤਾਂਘ ਨਾ ਹੋਣ ਕਰਕੇ ਹੱਥ ਮਲਦੇ ਰਹਿ ਜਾਂਦੇ ਹਾਂ।
       ਹਰ ਮਨੁੱਖ ਹਰ ਵੇਲੇ ਇੱਕ ਅਦਾਕਾਰ ਵਾਂਗ ਜ਼ਿੰਦਗੀ ਵਿੱਚ ਅਦਾਕਾਰੀ ਕਰਦਾ ਹੈ, ਹਰ ਦੀ ਅਦਾਕਾਰੀ ਕਿਸੇ ਦੇ ਨਾਲ ਨਹੀਂ ਜੁੜਦੀ! ਜਿਹੜੇ ਕਿਸੇ ਦੀ ਨਕਲ ਕਰਦੇ ਹਨ, ਉਹ ਆਪਣੀ ਹੋਂਦ ਗੁਆ ਲੈਂਦੇ ਹਨ। ਆਪਣੀ ਹੋਂਦ ਗਵਾਉਣੀ ਉਨਾਂ ਦੇ ਹਿੱਸੇ ਹੀ ਆਉਂਦੀ ਜਿਹੜੇ ਦੂਸਰਿਆਂ ਦੇ ਨਕਸ਼ੇ ਕਦਮਾਂ 'ਤੇ ਤੁਰਦੇ ਹਨ।
       ਦਰਿਆਵਾਂ ਦਾ ਆਪਣਾ ਕੋਈ ਵਹਿਣ ਨਹੀਂ ਹੁੰਦਾ। ਪਾਣੀ ਦਾ ਵੇਗ ਆਪਣੇ ਆਪ ਰਸਤੇ ਬਣਾਉਂਦਾ ਵਗਦਾ ਰਹਿੰਦਾ ਹੈ। ਵਗਦੇ ਪਾਣੀਆਂ ਦੇ ਨਾਲ ਨਾਲ ਤੁਰਨਾ ਤਾਂ ਸੌਖਾ ਹੈ, ਪਰ ਆਪਣਾ ਰਾਹ ਆਪ ਬਣਾਉਣਾ ਦਰਿਆਵਾਂ ਤੋਂ ਹੀ ਸਿੱਖਿਆ ਜਾ ਸਕਦਾ ਹੈ।
       ਨਿੱਕੇ ਬੱਚੇ ਨੂੰ ਬੋਲਣਾ, ਤੁਰਨਾ, ਹੱਸਣਾ ਤਾਂ ਕੋਈ ਨਹੀਂ ਸਿਖਾਉਂਦਾ, ਪੰਛੀਆਂ ਦਾ ਕੋਈ ਅਧਿਆਪਕ ਨਹੀਂ ਹੁੰਦਾ। ਉਨਾਂ ਦਾ ਅਧਿਆਪਕ ਤਾਂ ਉਨਾਂ ਦੀ ਅੱਖ ਤੇ ਸੋਝੀ ਹੁੰਦੀ ਹੈ। ਜਿਹੜੀ ਉਨਾਂ ਨੂੰ ਉਡਣਾ ਸਿਖਾਉਂਦੀ ਹੈ। ਉਡਣਾ ਕੋਈ ਔਖਾ ਰਸਤਾ ਨਹੀਂ, ਅਸੀਂ ਅਕਸਰ ਹੀ ਹਵਾ ਵਿੱਚ ਉਡਦੇ ਰਹਿੰਦੇ ਹਾਂ, ਪਰ ਧਰਤੀ ਦੀ ਖਿੱਚ ਪਰਿਵਾਰ ਦਾ ਮੋਹ, ਸਾਨੂੰ ਸਦਾ ਧਰਤੀ ਨਾਲ ਜੋੜੀ ਰੱਖਦਾ ਹੈ।
        ਸ਼ਬਦਾਂ ਦੇ ਵਣਜਾਰੇ ਆਪਣੀਆਂ ਲਿਖਤਾਂ ਵਿੱਚ ਤਾਂ ਨਿਜ਼ਾਮ ਬਦਲਣ ਦੀਆਂ ਟਾਹਰਾਂ ਤਾਂ ਮਾਰਦੇ ਹਨ, ਪਰ ਜਦੋਂ ਸੱਤਾ ਮਾਇਆ ਦੀ ਛੱਤਰੀ ਤਾਣਦੀ ਹੈ, ਤਾਂ ਉਹ ਉਡਾਰੀ ਮਾਰ ਕੇ ਉੱਥੇ ਉਤਰ ਜਾਂਦੇ ਹਨ। ਇਸੇ ਕਰਕੇ ਹੁਣ ਲਿਖਤਾਂ ਦੇ ਨਾਲ ਕੋਈ ਲਹਿਰ ਨੀਂ ਉਸਰਦੀ।
        ਨਾ ਸਮਾਜ ਵਿਚ ਕੋਈ ਅਜਿਹੀ ਲਹਿਰ ਉਠ ਰਹੀ ਹੈ ਜਿਸ ਨਾਲ ਨਵੇਂ ਸਮਾਜ ਦੀ ਸਿਰਜਣਾ ਹੋ ਸਕੇ। ਜਿੱਥੇ ਕਿਤੇ ਕੋਈ ਲਹਿਰ ਉਠਦੀ ਹੈ ਉਸਨੂੰ ਸਤਾ ਡੰਡੇ ਦੇ ਜ਼ੋਰ ਨਾਲ ਦਬਾਅ ਦੇਂਦੀ ਹੈ, ਪਰ ਜਿਸ ਤਰਾਂ ਹੁਣ ਕਿਤੋਂ ਕਿਤੋਂ ਅੱਗ ਉਠ ਰਹੀ ਹੈ, ਇਹ ਜਰੂਰ ਕੋਈ ਰੰਗ ਲਿਆ ਸਕਦੀ ਹੈ।
       ਆਪਣੇ ਹੱਡਾਂ ਦਾ ਬਾਲਣ ਬਾਲ ਕੇ ਆਪਣਾ ਢਿੱਡ ਪਕਾਉਣਾ ਤਾਂ ਸੌਖਾ ਹੁੰਦਾ ਹੈ, ਪਰ ਕਿਸੇ ਭਾਗੋਂ ਦੇ ਪਕਵਾਨ ਖਾਣੇ ਬਹੁਤ ਔਖੇ ਹੁੰਦੇ ਹਨ। ਆਪਣੇ ਹੀ ਖੇਤਾਂ ਵਿੱਚ ਪਰਾਇਆਂ ਵਾਂਗ ਸਿਲਾ ਚੁਗਿਆ ਤਾਂ ਜਾ ਸਕਦਾ ਹੈ, ਪਰ ਕਿਸੇ ਲਈ ਛੱਤ ਜਾਂ ਬਾਂਹ ਨਹੀਂ ਬਣਿਆ ਜਾ ਸਕਦਾ। ਜੜਾਂ ਨਾਲੋਂ ਟੁੱਟ ਕੇ , ਬੇਗਾਨੀ ਥਾਂ ਜਾ ਕੇ ਧੁੱਪ ਤਾਂ ਮਾਣੀ ਜਾ ਸਕਦੀ ਹੈ, ਪਰ ਕਿਸੇ ਲਈ ਫੁੱਲ ਤੇ ਫ਼ਲ ਨਹੀਂ ਬਣਿਆ ਜਾ ਸਕਦਾ।
        ਸ਼ੋਹਰਤ ਦੀ ਹਨੇਰੀ ਜੜਾਂ ਉਖਾੜ ਸਕਦੀ ਹੈ, ਪਰ ਆਪਣੀਆਂ ਜੜਾਂ ਨਾਲ ਬੱਝੇ ਰਹਿਣਾ ਵੀ ਕੋਈ ਸੌਖਾ ਨਹੀਂ ਹੁੰਦਾ। ਮਨੁੱਖ ਪਰਵਾਸ ਨਹੀਂ -ਢਿੱਡ ਪਰਵਾਸ ਕਰਦਾ ਹੈ ਇਸੇ ਕਰਕੇ ਅਸੀਂ ਆਪਣੇ ਢਿੱਡ ਦੇ ਰਖਵਾਲੇ ਬਣ ਜਾਂਦੇ ਹਾਂ।
       ਸਮਾਜ ਵਿੱਚ ਮਹਾਂਨਾਇਕਾਂ ਅਤੇ ਨਾਇਕਾਂ ਦਾ ਇਸੇ ਕਰਕੇ ਕਾਲ ਪੈ ਗਿਆ, ਕਿ ਇਨਾਂ ਬੋਹੜਾਂ ਨੇ ਆਪਣੇ ਥੱਲੇ ਕੋਈ ਰੁੱਖ ਹੀ ਉੱਗਣ ਤੇ ਮੌਲਣ ਨਹੀਂ ਦਿੱਤਾ। ਇਸੇ ਕਰਕੇ ਚਾਰੇ ਪਾਸੇ ਖਲਨਾਇਕਾਂ ਦਾ ਬੋਲਬਾਲਾ ਹੋ ਗਿਆ, ਅਸੀਂ ਭਵਿੱਖਹੀਣ, ਜੜਹੀਣ, ਰੁਜ਼ਗਾਰਹੀਣ ਦਿਸ਼ਾਹੀਣ .. ਇਸੇ ਕਰਕੇ ਹੋਏ ਹਾਂ, ਕਿ ਸਾਡੇ ਅੰਦਰੋਂ ਮਨੁੱਖ ਮਰ ਗਿਆ ਹੈ। ਸਾਡੇ ਅੰਦਰ ਵਸਤੂਆਂ ਦੀ ਭਰਮਾਰ ਹੋ ਗਈ ਹੈ। ਇਸ ਕਰਕੇ ਅਸੀਂ ਹਰ ਵੇਲੇ ਭੱਜਦੇ ਦੌੜਦੇ ਰਹਿੰਦੇ ਹਾਂ।
ਲਿਖਣਾ ਕੋਈ ਔਖਾ ਕੰਮ ਨਹੀਂ, ਪਰ ਸੁਨਣਾ, ਪੜਨਾ, ਅਧਿਐਨ ਤੇ ਅਭਿਆਸ ਕਰਨਾ ਬੜਾ ਕੁੱਝ ਸਿਖਾ ਦਿੰਦਾ ਹੈ। ਚੁੱਪ ਰਹਿਣਾ ਤਾਂ ਚੰਗਾ ਹੈ, ਪਰ ਗੂੰਗੇ ਬਣ ਜਾਣਾ ਖਤਰਨਾਕ ਹੁੰਦਾ ਹੈ।
        ਬੋਲਣਾ ਤਾਂ ਮਾੜਾ ਨਹੀਂ-ਪਰ ਸਦਾ ਬੋਲਦੇ ਰਹਿਣਾ, ਕੁੱਝ ਵੀ ਨਾ ਸੁਨਣਾ ਤੇ ਮੰਨਣਾ ਆਪਣਾ ਹੀ ਪਤਨ ਹੁੰਦਾ ਹੈ। ਤੁਰਦੇ ਰਹਿਣਾ ਤਾਂ ਚਾਹੀਦਾ ਹੈ ਪਰ ਕੋਹਲੂ ਦੇ ਬੈਲ ਦੀ ਵਾਂਗ ਗੇੜੇ ਇੱਕ ਥਾਂ ਉੱਤੇ ਘੁੰਮੀ ਜਾਣਾ ਸਭ ਤੋਂ ਖਤਰਨਾਕ ਹੁੰਦਾ ਹੈ।
         ਅੱਖਾਂ ਖੋਲ ਕੇ ਤੁਰਨਾ ਤਾਂ ਚਾਹੀਦਾ ਹੈ, ਪਰ ਖੁਲੀਆਂ ਅੱਖਾਂ ਦੇ ਹੁੰਦਿਆਂ ਕਿਸੇ ਵਿੱਚ ਟਕਰਾਅ ਜਾਣਾ ਦਰੁਸਤ ਨਹੀਂ ਹੁੰਦਾ।
ਰਸੂਲ ਹਮਜ਼ਾਤੋਵ - ਮੇਰਾ ਦਾਗਸਿਤਾਨ ਵਿੱਚ... ਲਿਖਦਾ ਹੈ ਕਿ :-
ਇਹ ਨਾ ਕਹੋ ਕਿ ਮੈਨੂੰ ਵਿਸ਼ਾ ਦਿਓ
ਸਗੋਂ ਇਹ ਕਹੋ, ਮੈਨੂੰ ਅੱਖਾਂ ਦਿਓ!
        ਸਾਰਾ ਸੰਸਾਰ ਵਿਸ਼ਿਆਂ ਨਾਲ ਭਰਿਆ ਪਿਆ ਹੈ, ਲੋੜ ਤਾਂ ਅੱਖਾਂ ਦੀ ਹੈ। ਅੱਖਾਂ ਦੇ ਸੋਚ ਸਮਝ ਤੇ ਤਰਕਵਾਨ ਬੁੱਧੀ ਤਾਂ ਕਿ ਦੇਖਿਆ, ਸੁਣਿਆ, ਮੰਨਿਆ – ਕਿਵੇਂ ਨਵੇਂ ਸਿਰਜਿਆ ਜਾ ਸਕਦਾ ਹੈ। ਇਹ ਤਾਂ ਇਹੋ ਹੁੰਦਾ ਹੈ ਕਿ ਅਸੀਂ ਲਿਖਦੇ ਬੋਲਦੇ ਤਾਂ ਬਹੁਤ ਹਾਂ ਪਰ ਸੁਣਦੇ, ਪੜਦੇ ਘੱਟ ਹਾਂ। ਵਿਚਾਰ ਕਰਨਾ ਤੇ ਉਸ ਤੇ ਅਮਲ ਕਰਨਾ ਤਾਂ ਦੂਰ ਦੀ ਗੱਲ ਹੈ।
       ਅਸੀਂ ਦੂਰ ਦੀਆਂ ਬਾਤਾਂ ਤਾਂ ਬਹੁਤ ਪਾਉਂਦੇ ਹਾਂ, ਪਰ ਨੇੜੇ ਹੋਣ ਵਾਸਤੇ ਕਦੇ ਸੋਚਦੇ ਨਹੀਂ। ਅਸੀਂ ਜੋ ਸੋਚਦੇ ਹਾਂ, ਉਸ ਤੇ ਅਮਲ ਨਹੀਂ ਕਰਦੇ, ਜੋ ਕਰਦੇ ਹਾਂ, ਉਸ ਵਾਰੇ ਸੋਚਦੇ ਨਹੀਂ।
        ਸੂਰਜ ਵਾਂਗ ਚਾਨਣ ਵੰਡਣਾ ਬਹੁਤ ਔਖਾ ਹੁੰਦਾ ਹੈ, ਪਰ ਅਸੀਂ ਤਾਂ ਚਾਨਣ ਦੇ ਨਾ ਉਤੇ ਹਨੇਰ ਹੀ ਬੀਜਦੇ ਤੁਰੀ ਜਾ ਰਹੇ ਹਾਂ। ਇਸ ਕਰਕੇ ਸਾਡੇ ਚਾਰੇ ਪਾਸੇ ਸੂਲਾਂ, ਕੰਡੇ ਉੱਗ ਆਏ ਹਨ। ਮਿੱਤਰ ਤਾਂ ਬਨਾਉਣਾ ਸੌਖਾ ਹੁੰਦਾ ਹੈ, ਪਰ ਮਿੱਤਰ ਪਿਆਰੇ ਦੇ ਨਾਲ ਸੱਥਰ ਤੇ ਸੌਣਾ ਔਖਾ ਹੁੰਦਾ ਹੈ।
       ਕੋਈ ਰਸਤਾ, ਕੰਮ ਔਖਾ ਨਹੀਂ ਹੁੰਦਾ , ਲੋੜ ਤਾਂ ਪਹਿਲਾਂ ਕਦਮ ਪੁੱਟਣ ਦੀ ਹੁੰਦੀ ਹੈ। ਅਸੀਂ ਕਦਮ ਪੁੱਟਣ ਤੋਂ ਪਹਿਲਾਂ ਹੀ ਮੰਜ਼ਿਲ ਤੱਕ ਪੁੱਜਦੇ ਹਾਂ। ਇਸੇ ਕਰਕੇ ਅਸੀਂ ਸੂਰਜ ਵਾਂਗ ਖੜੇ ਰਹਿੰਦੇ ਹਾਂ। ਜਿਹੜੇ ਧਰਤੀ ਬਣ ਕੇ ਘੁੰਮਦੇ ਹਨ, ਉਹੀ ਮੰਜ਼ਿਲ ਚੁੰਮਦੇ ਹਨ। ਮਹਿਲ ਉਸਾਰਨਾ ਮੁਸ਼ਕਿਲ ਹੁੰਦਾ ਹੈ ਪਰ ਢਹਿ ਢੇਰੀ ਕਰ ਦੇਣਾ ਸੌਖਾ ਹੁੰਦਾ ਹੈ।
ਆਓ ! ਆਪਾਂ ਵੀ ਧਰਤੀ ਵਾਂਗ ਘੁੰਮੀਏ ਤੇ ਸੂਰਜ ਵਾਂਗ ਰੋਸ਼ਨੀ ਵੰਡੀਏ। ਏਵੇ ਹੀ ਨਾ ਕਿਸੇ ਨੂੰ ਭੰਡੀਏ!
ਆਓ ਪਿਆਰ ਲਈਏ ਤੇ ਪਿਆਰ ਦੇਈਏ ਤੇ ਵੰਡੀਏ!
ਬੁੱਧ ਸਿੰਘ ਨੀਲੋਂ
ਸੰਪਰਕ ☬: 94643-70823

ਬਿੱਲੀ ਆਈ ਥੈਲਿਓ ਬਾਹਰ ਬਨਾਮ  ਕੇਜਰੀਵਾਲ  - ਬੁੱਧ  ਸਿੰਘ ਨੀਲੋਂ

…. ਤੇ ਆਖਿਰ ਦਿੱਲੀ  ਦੇ ਮੁੱਖ  ਮੰਤਰੀ  ਤੇ ਆਮ ਆਦਮੀ  ਪਾਰਟੀ  ਦੇ ਸਰਬਰਾਹ ਅਰਵਿੰਦ  ਕੇਜਰੀਵਾਲ  ਦਾ ਅਸਲੀ ਚਿਹਰਾ  ਲੋਕਾਂ  ਸਾਹਮਣੇ  ਆ ਹੀ ਗਿਆ  ਹੈ।  ਉਨ੍ਹਾਂ  ਗੁਜਰਾਤ  ਚੋਣਾਂ  ਜਿੱਤਣ  ਦੇ ਲਈ ਹਿੰਦੂਤਵ  ਦਾ ਪੱਤਾ ਖੇਡਿਆ  ਹੈ ।  ਉਨ੍ਹਾਂ  ਨੇ ਹਿੰਦੂ  ਵੋਟਰਾਂ ਨੂੰ  ਭਰਮਾਉਣ ਦੇ ਲਈ ਇਹ ਆਖਿਆ  ਕਿ "ਭਾਰਤੀ  ਨੋਟਾਂ  ਦੇ ਉਪਰ ਹਿੰਦੂ  ਦੇਵਤੇ ਸ੍ਰੀ  ਗਣੇਸ਼  ਤੇ ਮਾਤਾ  ਲੱਛਮੀ ਜੀ ਫੋਟੋ  ਲੱਗਣੀ ਚਾਹੀਦੀ  ਹੈ ।"  ਇਸ ਬਿਆਨ  ਦੇ ਵਿੱਚੋਂ  ਉਨ੍ਹਾਂ  ਦੀ ਰ. ਸ. ਸ. ਦੇ ਏਜੰਡੇ ਦੀ ਵੀ ਬੋਅ ਆ ਰਹੀ ਹੈ ।  
        ਭਾਜਪਾ,ਹਿੰਦੂ  ਵਿਸ਼ਵ ਪ੍ਰੀਸ਼ਦ ਤੇ ਉਸਦੀਆਂ  ਸਹਿਯੋਗ ਪਾਰਟੀਆਂ  ਵੀ ਭਾਰਤ  ਨੂੰ  ਹਿੰਦੂਤਵ  ਦੇਸ਼  ਬਣਾਉਣ  ਦੇ ਲਈ ਸਰਗਰਮ  ਹਨ ।  ਕੇਂਦਰੀ  ਗ੍ਰਹਿ ਮੰਤਰੀ  ਸ੍ਰੀ  ਅਮਿਤ ਸ਼ਾਹ ਨੇ "ਇਕ ਰਾਸ਼ਟਰ , ਇੱਕ ਭਾਸ਼ਾ ਭਾਵ ਹਿੰਦੂ  ਰਾਜ ਤੇ ਹਿੰਦੀ  ਭਾਸ਼ਾ  ਨੂੰ  ਪੂਰੇ ਦੇਸ਼  ਵਿੱਚ  ਲਾਗੂ ਕਰਨ ਲਈ ਰਾਜਾਂ  ਨੂੰ  ਸਰਗਰਮ  ਹੋਣ ਲਈ ਕਿਹਾ ਹੈ ।"  ਅਰਵਿੰਦ  ਕੇਜਰੀਵਾਲ  ਨੇ ਪਿਛਲੇ  ਦਿਨ  ਸ਼ਰਾਬ ਦੇ ਘਪਲੇ ਦੇ ਵਿੱਚ  ਉਲਝੇ ਸ੍ਰੀ  ਮੁਨੀਸ਼ ਸਸ਼ੋਦੀਆ ਤੇ ਸਿਹਤ ਘਪਲੇ ਵਿੱਚ  ਜੇਲ੍ਹ  ਬੈਠੇ  ਸਤਿੰਦਰ ਜੈਨ ਨੂੰ  ਸ਼ਹੀਦ ਭਗਤ ਸਿੰਘ  ਦੇ ਨਾਲ ਮੇਲਿਆ ਸੀ । ਜਿਸਦਾ ਉਸਨੂੰ ਕਾਫੀ ਵਿਰੋਧ ਦਾ ਸਾਹਮਣਾ  ਕਰਨਾ ਪਿਆ ਸੀ ।  ਉਸਨੇ ਇਹਨਾਂ  ਭ੍ਰਿਸ਼ਟ  ਮੰਤਰੀਆਂ  ਤੋਂ  ਅਸਤੀਫਾ  ਨਹੀਂ  ਲਿਆ  ਸਗੋਂ  ਰਾਜਿੰਦਰ  ਗੌਤਮ ਤੋਂ  ਇਸ ਲਈ ਅਸਤੀਫਾ  ਲਿਆ  ਕਿ ਉਸਨੇ ਪਿਛਲੇ  ਦਿਨ ਹਿੰਦੂਆਂ  ਨੂੰ  ਬਾਬਾ ਭੀਮ ਰਾਓ ਅੰਬੇਡਕਰ  ਜੀ ਉਨ੍ਹਾਂ  22 ਵਿਚਾਰਾਂ ਦੀ ਸਹੁੰ  ਚੁਕਾ ਕਿ ਉਨ੍ਹਾਂ  ਨੂੰ  ਬੋਧ ਧਰਮ ਵਿੱਚ  ਸ਼ਾਮਲ ਕੀਤਾ। ਇਸ ਸਮੇਂ  ਜਿੰਨਾਂ ਖਤਰਾ ਘੱਟ ਗਿਣਤੀ  ਕੌਮ ਮੁਸਲਮਾਨ, ਸਿੱਖ , ਜੈਨ ਤੇ ਬੋਧੀ ਧਰਮ ਨੂੰ  ਭਾਜਪਾ  ਤੇ ਸੰਘ ਪਰਵਾਰ  ਤੋਂ  ਹੈ,  ਹੁਣ ਇਹਨਾਂ  ਕੌਮਾਂ  ਨੂੰ  ਖਤਰਾ ਅਰਵਿੰਦ ਕੇਜਰੀਵਾਲ  ਤੋਂ  ਵੀ ਹੈ ।
      ਕੇਜਰੀਵਾਲ  ਭਾਵੇਂ  ਇਮਾਨਦਾਰ ਤੇ ਸੱਚਾ ਸੁੱਚਾ ਹੋਣ ਦਾ ਮਖੌਟਾ ਪਾ ਕੇ ਲੋਕਾਂ  ਦੇ ਵਿੱਚ  ਵਿਚਰ ਰਿਹਾ ਹੈ ਪਰ ਉਸਦੀਆਂ  ਗੱਲਾਂ  ਦੇ ਵਿੱਚੋਂ  ਰ. ਸ. ਸ. ਤੇ ਭਾਜਪਾ  ਦਾ ਮੁਸ਼ਕ ਆਉਦਾ ਹੈ ।  ਪੰਜਾਬੀਆਂ  ਨੇ ਪਿਛਲੇ  ਸੱਤ ਮਹੀਨਿਆਂ  ਦੇ ਵਿੱਚ  ਉਸਦੀ ਤਾਨਾਸ਼ਾਹੀ  ਦੇਖ ਲਈ ਹੈ ਪਰ ਉਸਦੇ ਭਗਤਾਂ  ਵੱਲੋਂ  ਜਿਸ ਤਰ੍ਹਾਂ  ਸੋਸ਼ਲ ਮੀਡੀਆ  ਦੇ ਉਪਰ ਸਿੱਖਾਂ  ਦੇ ਖਿਲਾਫ਼  ਮੁਹਿੰਮ  ਵਿੱਢੀ ਹੋਈ ਹੈ ਉਹ ਕਿਸੇ ਤੋਂ  ਭੁੱਲੀ ਨਹੀਂ ।  ਪੰਜਾਬ  ਦੇ ਵਿੱਚ  ਪਿਛਲੇ  ਸਮਿਆਂ  ਦੇ ਗੀਤਾਂ  ਦੇ ਵਿੱਚ  ਸ਼ਹੀਦ ਭਗਤ ਸਿੰਘ  ਦੀ ਫੋਟੋ  ਲਗਾਉਣ  ਦੀ ਮੰਗ ਕੀਤੀ ਗਈ ਸੀ ।  ਜਿਸਦਾ ਪੰਜਾਬ  ਦੀ ਨੌਜਵਾਨੀ ਨੇ ਬਹੁਤ  ਵੱਡਾ  ਹੁੰਗਾਰਾ  ਭਰਿਆ ਸੀ ।  ਅਰਵਿੰਦ  ਕੇਜਰੀਵਾਲ ਸਮੇਤ ਪੰਜਾਬ  ਸਰਕਾਰ  ਨੇ ਸਰਕਾਰੀ  ਦਫਤਰਾਂ  ਵਿੱਚ  ਭੀਮ ਰਾਓ ਡਾ .ਅੰਬੇਡਕਰ  ਦੀ ਫੋਟੋ  ਤਾਂ  ਲਗਾ ਲਈ ਹੈ ਪਰ ਉਸਦੇ ਸੰਵਿਧਾਨ  ਤੇ ਵਿਚਾਰਧਾਰਾ  ਨੂੰ  ਆਮ ਆਦਮੀ  ਪਾਰਟੀ  ਮੰਨਦੀ  ਨਹੀਂ  ਸਗੋਂ  ਸੰਵਿਧਾਨ  ਦੇ ਉਲਟ  ਕੰਮ ਕਰਦੀ ਹੈ । ਅਸੀਂ  ਪਹਿਲਾਂ  ਵੀ ਲਿਖਿਆ  ਹੈ ਕਿ ਅਰਵਿੰਦ  ਕੇਜਰੀਵਾਲ  ਦੀ ਆਮ ਆਦਮੀ  ਪਾਰਟੀ  ਸੰਘ ਪਰਵਾਰ ਦਾ ਹੀ ਰੂਪ ਹੈ ।  ਹੁਣ ਗੁਜਰਾਤ  ਵਿੱਚ  ਦਿੱਤੇ ਬਿਆਨ  ਨੇ ਸਾਡੀ ਉਸ ਵਿਚਾਰ  ਨੂੰ  ਪੁਖਤਾ ਕੀਤਾ  ਹੈ । ਉਹ ਭਵਿੱਖ  ਦੇ ਵਿੱਚ  ਹਿੰਦੂਆਂ ਨੂੰ  ਖੁਸ਼  ਕਰਨ ਲਈ ਹੋਰ ਕੀ ਕੀ ਨਵੇਂ  ਸੋਸ਼ੇ ਛੱਡਦਾ ਹੈ ,ਇਸਦੀ  ਉਡੀਕ  ਕਰੋ।                                     
ਸੰਪਰਕ ☬: 94643 70823