Budh Singh Neellon

ਤੈਨੂੰ ਯਾਦ ਤਾਂ ਕਰਾਂ, ਜੇ ਭੁੱਲਿਆ ਹੋਵਾਂ!  - ਬੁੱਧ ਸਿੰਘ ਨੀਲੋਂ

ਜਿਉਂ ਜਿਉਂ ਜ਼ਿੰਦਗੀ ਜੁਆਨੀ ਤੋਂ ਬੁਢਾਪੇ ਵੱਲ ਵੱਧਦੀ ਹੈ, ਤਾਂ ਯਾਦਾਂ ਦੀ ਪੰਡ ਭਾਰੀ ਹੁੰਦੀ ਜਾਂਦੀ ਹੈ। ਇਹ ਪੰਡ ਵਿੱਚ ਚੰਗੀਆਂ-ਮਾੜੀਆਂ ਯਾਦਾਂ ਆਪਣੀ ਪਟਾਰੀ ਖੋਲ੍ਹ ਕੇ ਆਪ ਮੁਹਾਰੇ ਬਹਿ ਜਾਂਦੀਆਂ ਹਨ। ਇਹ ਯਾਦਾਂ ਤਾਂ ਆਪਣੀ ਪੋਟਲੀ ਖੋਲ੍ਹ ਲੈਂਦੀਆਂ ਪਰ ਮਨੁੱਖ ਕੋਲ ਇਨਾਂ ਯਾਦਾਂ ਦੇ ਨੇੜੇ ਢੁੱਕ ਕੇ ਬੈਠਣ ਦੀ ਵਿਹਲ ਨਹੀਂ ਹੁੰਦੀ। ਉਹ ਇੰਨ੍ਹਾਂ ਕੋਲੋਂ ਦੌੜਦਾ ਹੈ - ਪਰ ਦੌੜਦਾ ਦੌੜਦਾ ਇੱਕ ਦਿਨ ਅਜਿਹੀ ਦੌੜ ਵਿੱਚ ਸ਼ਾਮਿਲ ਹੋ ਜਾਂਦਾ ਹੈ। ਜਿੱਥੇ ਸਿਰਫ਼ ਰਾਮ ਨਾਮ ਸੱਤ ਸੁਣਾਈ ਦੇਂਦੇ ਹਨ। ਇਹ ਬੋਲ ਉਸ ਨੂੰ ਨਹੀਂ ਸਗੋਂ ਉਸ ਦੇ ਮਗਰ ਤੁਰੇ ਆਉਂਦਿਆਂ ਨੂੰ ਉਚਾਰੇ ਜਾਂਦੇ ਹਨ। ਇਹ ਬੋਲ ਅੰਤਿਮ ਸੰਸਕਾਰ ਤੱਕ ਹੀ ਬੋਲੇ ਸੁਣੇ ਜਾਂਦੇ ਹਨ, ਫ਼ਿਰ ਉਹੀ ਗੱਲਾਂ ਕਾਰ ਵਿਹਾਰ, ਝੰਜਟਾਂ, ਝਮੇਲਿਆਂ, ਦੁਸ਼ਵਾਰੀਆਂ ਤੇ ਦੁੱਖਾਂ ਦਰਦਾਂ ਤੇ ਆਪਣੇ ਕਾਰੋਬਾਰ ਦੀਆਂ ਕਥਾ ਕਹਾਣੀਆਂ ਸ਼ੁਰੂ ਹੋ ਜਾਂਦੀਆਂ ਹਨ। ਇਨਾਂ ਕਥਾ ਕਹਾਣੀਆਂ ਵਿੱਚ ਰਸ ਨਹੀਂ ਹੁੰਦਾ। ਕੋਈ ਕਿਸੇ ਨੂੰ ਦਿਲਚਸਪੀ ਨਹੀਂ ਹੁੰਦੀ। ਬਸ ਹਾਂ-ਹਾਂ ਦੀ ਅਵਾਜ਼ ਤੱਕ ਹੀ ਸੀਮਤ ਰਹਿੰਦੀਆਂ ਹਨ।
       ਅੱਜ ਕੱਲ੍ਹ ਜ਼ਿੰਦਗੀ ਸੀਮਤ ਨਹੀਂ ਰਹੀ ਬਹੁਤ ਵਿਸ਼ਾਲ ਹੋ ਗਈ ਹੈ। ਸੰਚਾਰ ਸਾਧਨਾਂ ਨੇ ਸਾਰੀ ਧਰਤੀ ਇੱਕ ਥਾਂ, ਇੱਕ ਨਿੱਕੇ ਜਿਹੇ ਯੰਤਰ ਵਿੱਚ ਇਕੱਠੀ ਕਰ ਦਿੱਤੀ ਹੈ। ਇਸ ਯੰਤਰ ਨੇ ਜ਼ਿੰਦਗੀ ਨੂੰ ਚਿੱਟੇ ਦਿਨ ਝੂਠ ਦਾ ਵਪਾਰੀ ਬਣਾ ਦਿੱਤਾ ਹੈ। ਉਹ ਇਸ ਝੂਠ ਦੇ ਵਪਾਰ ਵਿੱਚ ਕਾਲੇ ਬਲਦ ਵਾਂਗ ਸਿਰ ਸੁੱਟੀ ਜਾ ਰਿਹਾ ਹੈ। ਉਸ ਅੰਦਰ ਇੱਕ ਲਾਲਸਾ ਤੇ ਲਲਕ ਏਨੀ ਵੱਧ ਗਈ ਹੈ ਕਿ ਉਹ ਸਭ ਕੁੱਝ ਭੁੱਲਦਾ ਜਾ ਰਿਹਾ ਹੈ। ਉਹ ਕੀ ਕੀ ਭੁੱਲਦਾ ਜਾ ਰਿਹਾ ਹੈ, ਇਸਦੀ ਉਸਨੂੰ ਵੀ ਸਮਝ ਨਹੀਂ। ਇਸ ਲਾਲਸਾ ਨੇ ਮਨੁੱਖ ਦੇ ਅੰਦਰੋਂ ਸਮਝ ਕੱਢ ਲਈ ਹੈ। ਉਸ ਦੀ ਥਾਂ ਉਸਨੂੰ ਨਿਸ਼ਾਨਾਂ ਦੇ ਦਿੱਤਾ ਹੈ। ਇਹ ਨਿਸ਼ਾਨਾ ਪੂਰਾ ਕਰਨ ਲਈ ਉਹ ਤਾਅ ਉਮਰ ਦੌੜਦਾ ਰਹਿੰਦਾ ਹੈ। ਪਰ ਉਸਦਾ ਇਹ ਟੀਚਾ ਪੂਰਾ ਨਹੀਂ ਹੁੰਦਾ। ਇਹ ਉਹ ਨਿਸ਼ਾਨਾ ਨਹੀਂ ਜਿਸਦੇ ਉੱਤੇ ਨਿਸ਼ਾਨੇਬਾਜ਼ ਨਿਸ਼ਾਨਾ ਲਗਾਉਂਦੇ ਹਨ, ਸਗੋਂ ਅਜਿਹਾ ਹੈ, ਜਿਸਨੇ ਉਸ ਅੰਦਰੋਂ ਜ਼ਿੰਦਗੀ ਜਿਉਣ ਦੀ ਸ਼ਾਂਤੀ ਭੰਗ ਕਰ ਦਿੱਤੀ ਹੈ। ਉੇਸਦੇ ਅੰਦਰ ਤੇ ਬਾਹਰ ਇੱਕ ਸ਼ੋਰ ਹੈ। ਉਹ ਸ਼ੋਰ ਜਿਹੜਾ ਸੁਣਾਈ ਨਹੀਂ ਦੇਂਦਾ।
       ਸਗੋਂ ਅਜਿਹੀਆਂ ਅਲਾਮਤਾਂ ਦੇਂਦਾ ਹੈ ਕਿ ਮਨੁੱਖ ਡੇਰਿਆਂ, ਸਾਧਾਂ ਸੰਤਾਂ ਵੱਲ ਦੌੜਦਾ ਹੈ। ਰਮਣੀਕ ਵਾਦੀਆਂ, ਸਿਨੇਮੇ, ਘਰਾਂ, ਕੈਫਿਆਂ, ਮੁਜ਼ਰਿਆਂ ਵੱਲ ਜਾਂਦਾ ਹੈ। ਪਰ ਉਸਨੂੰ ਕਿਧਰੇ ਵੀ ਪਲ ਭਰ ਦਾ ਸਕੂਨ ਨਹੀਂ ਮਿਲਦਾ। ਉਹ ਉਥੋਂ ਦੌੜ ਕੇ ਬਜ਼ਾਰ ਵੱਲ ਦੌੜਦਾ ਹੈ। ਬਜ਼ਾਰ ਉਸਨੂੰ ਖਰੀਦਦਾ ਹੈ। ਉਸਨੂੰ ਸਮਝ ਨਹੀਂ ਲੱਗਦੀ ਉਸਨੇ ਕੁੱਝ ਖਰੀਦਿਆ ਹੈ ਜਾਂ ਵੇਚਿਆ ਹੈ। ਉਸਨੂੰ ਉਦੋਂ ਹੀ ਪਤਾ ਲੱਗਦਾ ਹੈ ਜਦੋਂ ਉਹ ਘਰ ਆ ਕੇ ਵੇਖਦਾ ਹੈ ਕਿ ਉਸਦੇ ਹੱਥ ਨਹੀਂ, ਕੰਨ ਨਹੀਂ, ਜੀਭ ਨਹੀਂ, ਉਹ ਛੇਤੀ ਛੇਤੀ ਪੈਰਾਂ ਵੱਲ ਝਾਤੀ ਮਾਰਦਾ ਹੈ। ਤੇ ਖੁਸ਼ ਹੁੰਦਾ ਹੈ ਕਿ ਉਸਦੇ ਪੈਰ ਤਾਂ ਹਨ।
        ਇਹ ਪੈਰ ਉਸਨੂੰ ਤੁਰਦਾ ਰੱਖਦੇ ਹਨ। ਉਸਦੀਆਂ ਅੱਖਾਂ, ਦਿਮਾਗ, ਸੋਚ, ਸਮਝ, ਹੱਥ, ਕੰਨ, ਤੇ ਜੀਭ ਤਾਂ ਗਹਿਣੇ ਧਰੀ ਗਈ ਹੁੰਦੀ ਹੈ। ਗਹਿਣੇ ਪਈ ਕੋਈ ਚੀਜ਼ ਕਦੇ ਵੀ ਵਾਪਸ ਨਹੀਂ ਪਰਤਦੀ। ਗਹਿਣੇ ਪਈ ਜ਼ਿੰਦਗੀ ਤਾਂ ਕਿੱਥੋਂ ਵਾਪਸ ਪਰਤਦੀ ਹੈ। ਇਸੇ ਕਰਕੇ ਬਜ਼ਾਰ ਸਾਨੂੰ ਗਹਿਣੇ ਰੱਖਦਾ ਹੈ। ਉਹ ਗਹਿਣਿਆਂ (ਗਿਰਵੀ) ਬਦਲੇ ਸਾਨੂੰ ਥੋੜ੍ਹੀ ਜਿਹੀ ਜ਼ਿੰਦਗੀ ਦੇਂਦਾ ਹੈ। ਥੋੜ੍ਹਾ ਜਿਹਾ ਹਾਸਾ ਦੇਂਦਾ ਹੈ। ਥੋੜ੍ਹਾ ਜਿਹਾ ਸਕੂਨ ਖੁਸ਼ੀ ਦੇਂਦਾ ਹੈ।
        ਹੁਣ ਸਾਨੂੰ ਬਜ਼ਾਰ ਹੀ ਦੱਸਦਾ ਹੈ, ਅਸੀਂ ਕਦੋਂ, ਕਿੱਥੇ, ਕਿੰਨਾਂ ਤੇ ਕਿਵੇਂ ਹੱਸਣਾ ਤੇ ਰੋਣਾ ਹੈ। ਹੁਣ ਅਸੀਂ ਖੁੱਲ੍ਹ ਕੇ ਨਾ ਹੱਸ ਸਕਦੇ ਹਾਂ ਤੇ ਨਾ ਹੀ ਰੋ ਸਕਦੇ ਹਾਂ। ਉਂਝ ਅਸੀਂ ਢੌਂਗ ਜ਼ਰੂਰ ਕਰਦੇ ਹਾਂ। ਜਿੰਦਗੀ ਨੇ ਸਾਨੂੰ ਬਾਣੀਏ ਬਣਾ ਦਿੱਤਾ ਹੈ। ਇਸੇ ਲਈ ਅਸੀਂ ਹਰ ਪਲ ਹਰ ਥਾਂ ਉੱਤੇ ਵਣਜ ਕਰਦੇ ਹਾਂ। ਇਸ ਵਣਜ ਵਿੱਚ ਅਸੀਂ ਸਭ ਕੁਝ ਹੀ ਦਾਅ ਉੱਤੇ ਲਾਉਂਦੇ ਹਾਂ। ਜਾਂ ਫਿਰ ਇਹ ਕਹਿ ਲਓ ਕਿ ਸਾਨੂੰ ਸਭ ਕੁੱਝ ਹੀ ਦਾਅ ਉੱਤੇ ਲਾਉਣ ਲਈ ਪ੍ਰੇਰਿਆ ਜਾਂਦਾ ਹੈ, ਉਕਸਾਇਆ ਜਾਂਦਾ ਹੈ, ਜਾਂ ਫ਼ਿਰ ਡਰਾਇਆ ਜਾਂਦਾ ਹੈ। ਇਹ ਡਰ ਸਾਡੇ ਅੰਦਰ ਕੁੱਟ ਕੁੱਟ ਕੇ ਭਰ ਦਿੱਤਾ ਹੈ। ਅਸੀਂ ਡਰ ਦੇ ਮਾਰੇ ਹੀ ਬਸ ਦੌੜ ਰਹੇ ਹਾਂ।
         ਹੁਣ ਬਜ਼ਾਰ ਹੀ ਸਾਨੂੰ ਦੱਸਦਾ ਹੈ ਕਿ ਅਸੀਂ ਕੀ ਪਾਉਣਾ, ਕਿਹੋ ਜਿਹਾ ਪਾਉਣਾ ਹੈ, ਕਿੱਥੇ ਕਿੱਥੇ ਕੀ ਕੀ ਨਹੀਂ ਪਾਉਣਾ। ਇਸੇ ਲਈ ਅਸੀਂ ਅਕਸਰ ਹੀ ਚੰਗੇ ਹੋਣ ਦਾ ਢੋਂਗ ਕਰਦੇ ਹਾਂ। ਅਸੀਂ ਕਰਨ ਲਈ ਕੁੱਝ ਨਹੀਂ ਕਰਦੇ। ਸਗੋਂ ਬਜ਼ਾਰ ਦੇ ਲਈ ਅਸੀਂ ਉਹ ਕੁੱਝ ਕਰਦੇ ਹਾਂ ਜਿਹੜੀ ਕਦੇ-ਕਦੇ ਸਾਡੀ ਬਚੀ ਖੁਚੀ ਜ਼ਮੀਰ ਕਦੇ ਕਦਾਈਂ ਸਾਨੂੰ ਰੋਕਦੀ ਹੈ ਟੋਕਦੀ ਹੈ। ਅਸੀਂ ਬੋਲੇ ਵਾਂਗ ਚੁੱਪ ਵੱਟਦੇ ਹਾਂ। ਸਾਡੀ ਇਹੀ ਚੁੱਪ ਸਾਡੇ ਅੰਦਰਲੇ ਸ਼ੋਰ ਨੂੰ ਸ਼ਾਂਤ ਕਰਦੀ ਹੈ।
ਅਸੀਂ ਇਸ ਕਰਕੇ ਨਹੀਂ ਬੋਲਦੇ, ਕਿ ਅਸੀਂ ਕੀ ਲੈਣਾ ਹੈ। ਅਸੀਂ ਤਾਂ ਮਸਤ ਹਾਥੀ ਦੇ ਵਾਂਗ ਤੁਰੇ ਜਾ ਰਹੇ ਹਾਂ। ਸਾਡੀਆਂ ਅੱਖਾਂ ਉੱਤੇ ਟੋਪੇ ਹਨ, ਇਸੇ ਕਰਕੇ ਸਾਨੂੰ ਬਾਜ਼ਾਰ ਤੋਂ ਬਿਨਾਂ ਕੁੱਝ ਦਿਖਾਈ ਨਹੀਂ ਦਿੰਦਾ। ਅਸੀਂ ਤਾਂ ਉਹ ਕੁੱਝ ਦੇਖਦੇ ਹਾਂ, ਜਿਸ ਵਿੱਚ ਮੁਨਾਫ਼ਾ ਮਿਲੇ। ਉਂਝ ਅਸੀਂ ਮੁਨਾਫਾ ਖੋਰ ਨਾ ਬਨਣ ਲਈ ਚਿਹਰੇ ਉੱਤੇ ਮਖੌਟੇ ਲਾਉਂਦੇ ਹਾਂ। ਅਸੀਂ ਹਰ ਥਾਂ ਆਪਣੀ ਮਰਜ਼ੀ ਦਾ ਨਹੀਂ ਸਗੋਂ ਅਗਲੇ ਦੀ ਮਰਜ਼ੀ ਦਾ ਮਖੌਟਾ ਲਾਉਂਦੇ ਹਾਂ। ਇਸੇ ਕਰਕੇ ਸਾਡੇ ਚਿਹਰੇ ਨਹੀਂ ਪੜ੍ਹੇ ਜਾਂਦੇ। ਚਿਹਰਿਆਂ ਉੱਤੇ ਲੱਗੇ ਮਖੌਟੇ ਜਦੋਂ ਤੱਕ ਸਾਨੂੰ ਪੜ੍ਹਨ ਦੀ ਜਾਂਚ ਆਉਂਦੀ ਹੈ। ਸਮਾਂ ਹੱਥੋਂ ਕਿਰ ਜਾਂਦਾ ਹੈ। ਸਮਾਂ ਹੱਥੋ ਕਿਰਦਾ ਹੀ ਨਹੀਂ ਸਗੋਂ ਸਾਡੇ ਹੱਥ ਦੇ ਤੋਤੇ ਉਡਾ ਦਿੰਦਾ ਹੈ।
       ਉੱਡ ਗਏ ਤੋਤੇ ਕਦੇ ਵਾਪਸ ਨਹੀਂ ਪਰਤਦੇ। ਤੋਤਿਆਂ ਨੂੰ ਬਾਗ਼ ਬਥੇਰੇ ਹੁੰਦੇ ਹਨ। ਅਸੀਂ ਲੁੱਟੇ ਜੁਆਰੀਏ ਵਾਂਗ ਹੱਥ ਮਲਦੇ ਰਹਿ ਜਾਂਦੇ ਹਾਂ। ਉਦੋਂ ਸਾਡੇ ਕੋਲ ਕੋਈ ਮੋਢਾ ਵੀ ਨਹੀਂ ਹੁੰਦਾ। ਜਿਸ ਦੇ ਉੱਪਰ ਸਿਰ ਰੱਖ ਕੇ ਘੜੀ-ਪਲ ਰੋ ਸਕੀਏ। ਕਿਉਂ ਕਿ ਰੋਣਾ ਤਾਂ ਸਾਨੂੰ ਭੁੱਲ ਹੀ ਗਿਆ ਹੈ। ਹੱਸਣਾ ਅਸੀਂ ਜਾਣਦੇ ਨਹੀਂ। ਜੇ ਅਸੀਂ ਹੱਸਾਂਗੇ ਤਾਂ ਸਵਾਲ ਖੜ੍ਹੇ ਹੋਣਗੇ। ਸਵਾਲਾਂ ਦੇ ਉੱਤਰ ਦੇਣ ਲਈ ਮਖੌਟਿਆਂ ਦਾ ਸਹਾਰਾ ਲੈਣਾ ਪਵੇਗਾ।
        ਮਖੌਟੇਧਾਰੀਆਂ ਦੀ ਆਪਣੀ ਸੋਚ ਬਜ਼ਾਰ ਵਰਗੀ ਹੁੰਦੀ ਹੈ। ਬਜ਼ਾਰ ਦਾ ਕਾਰੋਬਾਰ ਹੈ, ਵੰਡਣਾ, ਖਰੀਦਣਾ ਅਤੇ ਵੇਚਣਾ। ਮੁਨਾਫ਼ਾ ਹਾਸਿਲ ਕਰਨਾ। ਕਦੇ ਇਹ ਮਖੌਟੇ ਧਰਮ, ਨਸਲ, ਜਾਤ, ਰੰਗ-ਭੇਦ ਦਾ ਪਾਉਂਦੇ ਹਨ। ਸਾਨੂੰ ਇੰਨ੍ਹਾਂ ਦੇ ਅਰਥ ਸਮਝਾਉਂਦੇ ਹਨ।
        ਇਸ ਵਾਰ ਮਖੌਟਾਧਾਰੀਆਂ ਨੂੰ ਅਜਿਹਾ ਹੀ ਮਖੌਟਾ ਪਾ ਕੇ ਸਾਨੂੰ ਭੇਡਾਂ ਵਾਂਗ ਮਗਰ ਲਾਇਆ। ਭੇਡਾਂ ਦੀ ਕੋਈ ਸੋਚ ਸਮਝ ਨਹੀਂ ਹੁੰਦੀ। ਉਨ੍ਹਾਂ ਦੀ ਇੱਕੋ ਇੱਕ ਮੰਜਿਲ ਹੁੰਦੀ ਹੈ, ਕਿ ਉਨ੍ਹਾਂ ਕਦੋਂ ਕਿਸੇ ਡਾਈਨਿੰਗ ਟੇਬਲ ਤੇ ਪੁੱਜਣਾ ਹੈ। ਜਾਂ ਫ਼ਿਰ ਕਿਸੇ ਧਾਰਾ ਅਧੀਨ ਕਿਸੇ ਕਾਲ ਕੋਠੜੀ ਵਿੱਚ ਕਿੰਨੇ ਦਿਨ ਗੁਜਾਰਨੇ ਹਨ ਤੇ ਕਦੋਂ ਕਾਲ ਕੋਠੜੀ ਤੋਂ ਫ਼ਾਂਸੀ ਦੇ ਤਖਤ ਤੱਕ ਪੁੱਜਣਾ ਹੈ। ਇਹ ਉਹ ਫ਼ਾਂਸੀ ਦਾ ਤਖਤਾ ਨਹੀਂ, ਜਿਹੜਾ ਹਕੂਮਤਾਂ ਦੀਆਂ ਜੜ੍ਹਾਂ ਹਿਲਾਉਂਦਾ ਹੈ। ਸਗੋਂ ਇਹ ਤਖਤਾ ਹੈ ਜਿਹੜਾ ਤਖਤ ਵਾਲਿਆਂ ਨੂੰ ਮਖੌਟੇਧਾਰੀ ਬਣੇ ਰਹਿਣ ਦਾ ਸਮਾਂ ਦਿੰਦਾ ਹੈ। ਅਸੀਂ ਖਾਣਾ ਕੀ ਹੈ ? ਪੀਣਾ ਕੀ ਹੈ ? ਤੇ ਕਿਵੇਂ ਮਰਨਾ ਹੈ ? ਅੱਜ ਕੱਲ੍ਹ ਸਾਨੂੰ ਬਜ਼ਾਰ ਹੀ ਤਾਂ ਦੱਸਦਾ ਹੈ। ਅਸੀਂ ਜਿਊਂਦੇ ਤਾਂ ਹੈ ਨਹੀਂ ਸਿਰਫ਼ ਸਾਹ ਲੈਂਦੇ ਹਾਂ। ਉਸ ਹਵਾ ਵਿੱਚੋਂ ਜਿਸ ਵਿੱਚ ਇਨ੍ਹਾਂ ਮਖੌਟੇਧਾਰੀਆਂ ਨੇ ਜ਼ਹਿਰ ਰਲਾ ਦਿੱਤੀ ਹੈ। ਸਾਨੂੰ ਸਵਰਗ ਦੇ ਸੁਪਨਿਆਂ ਦੇ ਲੜ ਲਾ ਦਿੱਤਾ ਹੈ। ਅਸੀਂ ਸੁਪਨਿਆਂ ਵਿੱਚ ਜਿਉਂਦੇ ਹਾਂ ਤੇ ਹਕੀਕਤ ਵਿੱਚ ਮਰਦੇ ਹਾਂ। ਇਸੇ ਕਰਕੇ ਅੱਜ ਕੱਲ੍ਹ ਮਾਰ ਦਿੱਤੇ ਗਿਆਂ ਤੇ ਮਰ ਗਿਆਂ ਨੂੰ ਕੋਈ ਯਾਦ ਨਹੀਂ ਕਰਦਾ। ਕਿਉਂ ਕਿ ਉਨ੍ਹਾਂ ਨੂੰ ਤਾਂ ਕੋਈ ਤਾਂ ਯਾਦ ਕਰੇਗਾ, ਜੇ ਕੋਈ ਭੁੱਲਿਆ ਹੋਵੇਗਾ। ਇਸ ਲਈ ਹੱਸਣ ਨਾਲੋਂ ਰੋਣਾ ਚੰਗਾ ਹੈ। ਰੋਂਦਿਆਂ ਨੂੰ ਵੇਖ ਜੇ ਕੋਈ ਖੜ੍ਹ ਹੀ ਜਾਵੇ ਤਾਂ ਸਾਡੇ ਹੰਝੂ ਪੂੰਝ ਦੇਵੇ। ਇਸ ਲਈ ਰਾਸ਼ਟਰਵਾਦ ਦੇ ਨਾਂ ਉੱਤੇ ਜਿੰਨਾਂ ਤੁਸੀਂ ਰੋਵੋਂਗੇ,ਓਨਾਂ ਹੀ ਤੁਹਾਡਾ ਕਥਾਰਥ ਹੋਵੇਗਾ। ਤੁਹਾਨੂੰ ਮੁਕਤੀ ਮਿਲ ਸਕਦੀ ਹੈ। ਮੁਕਤੀ ਲੈਣ ਲਈ ਰੋਣਾ ਬਹੁਤ ਜ਼ਰੂਰੀ ਹੈ। ਮੁਕਤੀ ਦਾ ਮਾਰਗ ਸੰਘਰਸ਼ ਕਰਨ ਨਾਲ ਨਹੀਂ ਮਿਲਦੀ, ਸਗੋਂ ਭੇਡਾਂ ਬਣਨ ਨਾਲ ਮਿਲਦੀ ਹੈ। ਉਹ ਭੇਡਾਂ ਜਿਹੜੀਆਂ ਸਿਰ ਸੁੱਟ ਕੇ ਸਿਰ ਇੱਕ ਦੂਜੀ ਪਿੱਛੇ ਛਾਲਾਂ ਮਾਰਦੀਆਂ ਹਨ। ਇੱਕ ਦੂਜੇ ਦਾ ਢਿੱਡ ਤੇ ਸਿਰ ਪਾੜਦੀਆਂ ਹਨ। ਪਰ ਉਹਨਾਂ ਨੂੰ ਤੁਹਾਡੇ ਭੇਡਾਂ ਬਣੇ ਰਹਿਣ ਵਿੱਚ ਹੀ ਕਾਮਯਾਬੀ ਹੈ।
      ਖੈਰ ਗੱਲ ਤਾਂ ਯਾਦਾਂ ਦੀ ਪੰਡ ਦੀ ਸੀ। ਯਾਦਾਂ ਤਾਂ ਹੁਣ ਬਹੁਤ ਬਣ ਗਈਆਂ ਹਨ। ਅਜੇ ਤਾਂ ਅਗਲਾ ਸਮਾਂ ਯਾਦਗਾਰ ਬਣਾਉਣ ਤੱਕ ਪੁੱਜਣ ਵਾਲਾ ਹੈ। ਇਸ ਲਈ ਬਹੁਤੇ ਉਦਾਸ ਨਾ ਹੋਵੋ। ਉਦਾਸੀ ਕਿਸੇ ਮਸਲੇ ਦਾ ਹੱਲ ਨਹੀਂ ਮਸਲਿਆਂ ਦੇ ਹੱਲ ਲਈ ਤੁਹਾਨੂੰ ਵੀ ਮਖੌਟੇਧਾਰੀ ਬਨਣਾ ਪਵੇਗਾ। ਉਨਾਂ ਨੂੰ ਆਪਣੀ ਹੋਂਦ ਦਾ ਅਹਿਸਾਸ ਕਰਵਾਉਣਾ ਪਵੇਗਾ। ਡਰਿਆਂ, ਮਰਿਆਂ ਮੁਕਤੀ ਨਹੀਂ ਮਿਲਣੀ। ਮੁਕਤੀ ਲਈ ਤਾਂ ਲੜਨਾ ਪੈਣਾ ਹੈ। ਇਸੇ ਲਈ ਤਾਂ ਅਸੀਂ ਉਨਾਂ ਦੇਸ਼ ਭਗਤਾਂ, ਸ਼ਹੀਦਾਂ ਅਤੇ ਯੋਧਿਆਂ ਨੂੰ ਕਦੇ ਭੁੱਲੇ ਨਹੀਂ, ਜਿੰਨਾਂ ਨੇ ਸਾਨੂੰ ਅਣਖ ਦੇ ਨਾਲ ਜਿਊਣ ਦਾ ਸੁਪਨਾ ਦਿੱਤਾ ਸੀ ਤੇ ਖੁਦ ਸ਼ਹੀਦ ਹੋ ਗਏ ਸਨ। ਪਰ ਅਸੀਂ ਕੀ ਕਰਦੇ ਹਾਂ। ਕਿਹੜੀ ਜੰਗ ਲੜ ਰਹੇ ਹਾਂ? ਸਾਡੀ ਜੰਗ ਕਦੇ ਉਨ੍ਹਾਂ ਮਖੌਟੇਧਾਰੀਆਂ ਦੀਆਂ ਕਰਤੂਤਾਂ, ਨੀਤੀਆਂ, ਬਦਨੀਤੀਆਂ ਦੇ ਵਿਰੁੱਧ ਵੀ ਹੋਵੇਗੀ ? ਜੇ ਹੋਵੇਗੀ ਤਾਂ ਹੁਣ ਫ਼ੈਸਲਾਕੁੰਨ ਹੀ ਹੋਵੇ, ਨਹੀਂ ਤਾਂ ਮਰਜਾ ਚਿੜੀਏ, ਜੀ ਪੈ ਚਿੜੀਏ ਵਰਗੀਆਂ ਬਹੁਤ ਜੰਗਾਂ ਹੋ ਗਈਆਂ। ਹੁਣ ਤੇ ਆਰ-ਪਾਰ ਦੀ ਜੰਗ ਦੀ ਲੋੜ ਹੈ। ਲੋੜ ਕਾਢ ਦੀ ਮਾਂ... ਪਰ ਸਾਨੂੰ ਗਊ ਨੂੰ ਮਾਂ ਆਖਣ ਲਾ ਦਿੱਤਾ ।
ਹੁਣ ਸਿਆਣੇ ਬਜ਼ੁਰਗਾਂ ਦੀ ਸੰਗਤ ਕਰਨ ਦੀ ਲੋੜ ਹੈ .. ਜਿਹਨਾਂ ਨੂੰ ਅਸੀਂ ਭੁੱਲ ਗਏ ਹਾਂ ....!
ਅਖੈ .. ਤੈਨੂੰ ਯਾਦ ਤਾਂ ਕਰਾਂ ਜੇ ਮੈਂ ਭੁੱਲਿਆ ਹੋਵਾਂ ... ਕਦੇ ਗੁਰਪਾਲ ਸਿੰਘ ਲਿੱਟ ਦੀਆਂ ਕਹਾਣੀਆਂ ਵਿੱਚੋਂ .. ਜਬਾੜੇ …  ਕਹਾਣੀ ਪੜ੍ਹ ਲਿਓ..!
ਸੰਪਰਕ : 94643 70823

ਜਦੋਂ ਸਿਸਟਮ ਟੁੱਟਦਾ ਹੈ ! - ਬੁੱਧ ਸਿੰਘ ਨੀਲੋਂ

ਤਾਲਾਬੰਦੀ ਵਿੱਚ ਟੁੱਟ ਗਿਆ ਦੇਸ਼ ਦਾ ਸਿਸਟਮ, ਲੋਕਾਂ ਨੇ ਜਿਉਣ ਦੇ ਬਦਲੇ ਨੇ ਅਰਥ, ਸਰਕਾਰ ਕਰ ਰਹੀ ਹੈ, ਅਨਰਥ। ਦਰਦ ਦੀ ਚੀਕ ਵੀ ਸੁਣੀ। ਲੋਕਾਂ ਨੇ ਨਵੀਂ ਬਣਤੀ ਬੁਣੀ। ਲੋਕ ਸਿਰ ਉਤੇ ਪੈਰ ਤੇ ਘਰ ਰੱਖ ਕੇ ਧਰਤੀ ਲਹੂ ਨਾਲ ਰੰਗਦੇ ਰਹੇ।
 ਹੁਣ ਇੰਝ ਲੱਗਦਾ ਹੈ ... ਸਭ ਕੁੱਝ  ਰਾਮ ਭਰੋਸੇ ਚੱਲਦਾ ਹੈ!  ਲਾਸ਼ਾਂ ਚੀਕਦੀਆਂ .. ਮੁਰਦੇ ਘਰਾਂ ਵਿੱਚ  ਨਹੀਂ  ਕਬਰਾਂ  ਵਿੱਚ  ਕੈਦ ਹਨ।  ਤਮਾਸ਼ਾ  ਜਾਰੀ ਹੈ।
        ਜਦੋਂ ਸਿਸਟਮ  ਟੁੱਟਦਾ ਹੈ ਤਾਂ ਧਰਤੀ ਨਹੀਂ ਕੰਬਦੀ, ਆਸਮਾਨ ਨਹੀਂ ਪਾਟਦਾ, ਧਰਤੀ ਉਤੇ ਭੂਚਾਲ ਨਹੀਂ ਆਉਂਦਾ। ਅੰਬਰ ਦੇ ਤਾਰੇ ਨਹੀਂ ਟੁੱਟਦੇ, ਘਰਾਂ ਦੇ ਚੁੱਲੇ ਨਹੀਂ ਬੁਝਦੇ। ਸੜ੍ਹਕਾਂ ਉੱਤੇ ਭੀੜ ਦਨਦਨਾਉਂਦੀ ਨਹੀਂ ਫਿਰਦੀ। ਪੁਲਿਸ ਦੀ ਲਾਠੀ ਨਹੀਂ ਚਲਦੀ, ਕਬਰਾਂ ਤੇ ਸਮਸ਼ਾਨਾਂ ਵਿੱਚ ਰੋਣਕਾਂ ਨਹੀਂ ਲੱਗਦੀਆਂ।
       ਹੱਸਦੇ ਘਰਾਂ ਵਿੱਚ ਵਸਦੇ ਲੋਕ, ਆਪਣੇ ਹੀ ਘਰਾਂ ਵਿੱਚ ਕੈਦ ਨਹੀਂ ਹੁੰਦੇ। ਘਰਾਂ ਦੇ ਬੂਹਿਆਂ ਤੇ ਤਾਲੇ ਨਹੀਂ ਲੱਗਦੇ। ਪੈਰਾਂ ਦੀਆਂ ਬਿਆਈਆਂ ਨਹੀਂ ਪਾਟਦੀਆਂ, ਛਾਲੇ ਨਹੀਂ ਪੈਂਦੇ। ਕੋਈ ਅੱਖਾਂ ਦੀਆਂ ਕਿਆਰੀਆਂ ਵਿੱਚੋਂ ਹੰਝੂ ਨਹੀਂ ਪੂੰਝਦਾ। ਜਦੋਂ ਸਿਸਟਮ ਡਿੱਗਦਾ ਹੈ।
        ਸਿਸਟਮ ਦਾ ਮੁੱਢ ਕੁਦੀਮੋਂ ਹੀ ਆਪਣਾ ਕਾਨੂੰਨ ਹੈ। ਆਪਣਾ ਬੀ ਇੱਕ ਜਨੂੰਨ ਹੈ। ਇਹ ਜਨੂੰਨ ਲੁੱਟਣ ਵਾਲਿਆਂ ਦਾ ਆਪਣਾ ਹੈ। ਇਸੇ ਕਰਕੇ ਉਹ ਜਦੋਂ ਵੀ ਚਾਹੁੰਦੇ ਹਨ ਤਾਂ ਕਾਨੂੰਨ ਦਾ ਨੱਕ ਮਰੋੜਦੇ ਹਨ, ਲੁੱਟੇ ਜਾਣ ਵਾਲਿਆਂ ਨੂੰ ਨੱਚੋੜਦੇ ਹਨ।
     ਨੁਚੜੇ ਬੰਦੇ ਫਿਰ ਸੜਕਾਂ ਤੇ ਨਹੀਂ ਕਬਰਾਂ ਦੀ ਉਡੀਕ ਕਰਦੇ ਹਨ। ਨਿੱਤ ਦਿਨ ਉਹ ਸੋਚ ਕੇ ਮਰਦੇ ਹਨ, ਕਿ ਸ਼ਾਇਦ ਭਵਿੱਖ ਉਨ੍ਹਾਂ ਲਈ ਗੁਲਦਾਉਦੀ ਦੇ ਫੁੱਲਾਂ ਦੀ ਮਹਿਕ, ਚੁੱਲੇ ਲਈ ਬਾਲਣ, ਪੀਪੇ ਲਈ ਆਟਾ, ਤਨ ਲਈ ਕੱਪੜਾ ਤੇ ਸਿਰ ਲਈ ਛੱਤ ਲੈ ਕੇ ਆਵੇਗਾ। ਉਹ ਆਸ ਦੇ ਸਹਾਰੇ ਜਿਉਂਦੇ ਨਹੀਂ ਆਸ ਦੀ ਉਡੀਕ ’ਚ ਪਲ ਪਲ, ਹਰ ਸਾਹ ਮਰਦੇ ਹਨ। ਪਰ ਫਿਰ ਵੀ ਉਹ ਜਿਉਦੇ ਰਹਿੰਦੇ ਹਨ। ਉਹ ਜਿਉਂਦੇ ਇਸ ਕਰਕੇ ਨਹੀਂ ਰਹਿੰਦੇ, ਕਿ ਉਨ੍ਹਾਂ ਦੇ ਹਿੱਸੇ ਦਾ ਅੰਬਰ ਕੋਈ ਉਨ੍ਹਾਂ ਨੂੰ ਮੋੜ ਦੇਵੇਗਾ, ਉਹ ਤਾਂ ਲੁੱਟਣ ਵਾਲਿਆਂ  ਲਈ ਹੋਰ ਲੁੱਟ ਦਾ ਸਾਧਨ ਬਣਦੇ ਹਨ।
      ਉਹ ਆਪਣੇ ਲਈ ਸਾਧਨ ਤਲਾਸ਼ਦੇ ਹੋਏ, ਸੜਕਾਂ, ਫੈਕਟਰੀਆਂ, ਦਫਤਰਾਂ, ਖੇਤਾਂ ਤੇ ਘਰਾਂ ਵਿੱਚ ਮਰਦੇ ਹਨ, ਪਰ ਉਹ ਫਿਰ ਵੀ ਜਿਉਂਦੇ ਰਹਿੰਦੇ ਹਨ, ਕਿਉਕਿ ਉਨ੍ਹਾਂ ਦੇ ਜਿਉਂਦੇ ਰਹਿਣ ਦੀ ਸਿਸਟਮ ਨੂੰ ਲੋੜ ਹੈ। ਉਹ ਇਸ ਲੋੜ ਨੂੰ ਜਿਉਦਾ ਰੱਖਣ ਲਈ ਯੋਜਨਾਵਾਂ ਉਲੀਕਦਾ ਹੈ, ਉਨ੍ਹਾਂ ਦੇ ਲਈ ਸੁਪਨਿਆਂ ਦਾ ਸੰਸਾਰ ਸਿਰਜਣ ਦੇ ਸੁਪਨੇ ਵਿਖਾਉਂਦਾ ਹੈ, ਤੇ ਉਨ੍ਹਾਂ ਨੂੰ ਡਰਾਉਦਾ ਵੀ ਹੈ ਤੇ ਤਰਸਾਉਂਦਾ ਵੀ, ਡਰਦਿਆਂ, ਤਰਸਦਿਆਂ, ਮਰਦਿਆਂ ਉਹ ਫੇਰ ਜਿਉਦੇ ਰਹਿੰਦੇ ਹਨ, ਕਿਉਕਿ ਸਿਸਟਮ ਨੂੰ ਜਿਉਦਾ ਰੱਖਣ ਲਈ ਸਿਸਟਮ ਕਦੇ ਵੀ ਉਨ੍ਹਾਂ ਨੂੰ ਮਰਨ ਨਹੀਂ ਦਿੰਦਾ।  
      ਸਿਸਟਮ ਦਾ ਤੇ ਧਰਮ ਦਾ ਆਪਣਾ ਇੱਕ ਜੋੜ ਹੈ, ਉਹ ਧਰਮ ਦੇ ਨਾਂ ਉੱਤੇ ਦੰਗੇ ਨਹੀਂ ਕਰਵਾਉਦਾ, ਕਤਲ ਨਹੀਂ ਕਰਵਾਉਦਾ, ਗਲਾਂ ਵਿੱਚ ਟਾਇਰ ਨਹੀਂ ਪਾਉਦਾ, ਪੁਲਾਂ, ਕੱਸੀਆਂ ਨਾਲਿਆਂ ਤੇ, ਟਾਹਲੀਆਂ, ਕਿੱਕਰਾਂ ਦੇ ਥੱਲੇ ਮੁਕਾਬਲੇ ਨਹੀਂ ਕਰਦਾ, ਉਹ ਮਨੁੱਖਤਾ ਦਾ ਸ਼ਿਕਾਰ ਨਹੀਂ ਖੇਡਦਾ, ਉਹ ਜੁਆਨੀ ਨੂੰ ਨੌਕਰੀਆਂ ਦਿੰਦਾ ਹੈ, ਲਾਡੀਆਂ ਦਿੰਦਾ, ਬੰਦੂਕਾਂ, ਗੋਲੀਆਂ ਤੇ ਏ.ਕੇ. ਸੰਤਾਲੀ ਦਿੰਦਾ ਹੈ ਤਾਂ ਕਿ ਉਹ ਆਪਣਾ ਸ਼ਿਕਾਰ ਖੁਦ ਕਰ ਸਕਣ।
     ਜਦੋਂ ਜੁਆਨੀ ਆਪਣਾ ਸ਼ਿਕਾਰ ਖੁੱਦ ਕਰਦੀ ਹੈ ਤਾਂ ਉਸ ਨੂੰ ਪਤਾ ਨਹੀਂ ਤਾਰਨ ਤੇ ਮਾਰਨ ਵਾਲੇ ਦੇ ਹੱਥਾਂ ਤੇ ਦਸਤਾਨੇ ਕਿਸ ਦੇ ਹਨ। ਬੰਦੂਕ ਦਾ ਟਰਾਈਗਰ ਉਹ ਨਹੀਂ ਕੌਣ ਦੱਬਦਾ ਹੈ। ਉਸ ਦੇ ਬੰਦੂਕ ’ਚੋਂ ਨਿਕਲੀ ਗੋਲੀ ਨਾਲ ਖੂਨ ਸਾਹਮਣੇ ਵਾਲੇ ਦਾ ਨਹੀਂ, ਸਗੋਂ ਉਸ ਦੀ ਪਿੱਠ ਵਿੱਚੋਂ ਨਿਕਲਦਾ ਹੈ।
         ਉਹ ਲਾਵਾਰਿਸ ਲਾਸ਼ਾਂ ਨਹੀਂ ਬਣਦਾ, ਉਹ ਦਰਿਆਵਾਂ ਤੇ ਨਹਿਰਾਂ ਵਿੱਚ ਮੱਛੀਆਂ ਦਾ ਭੋਜਨ ਨਹੀਂ ਬਣਦਾ। ਉਹ ਤਾਂ ਸਗੋਂ ਆਪਣੇ ਗਉਮੈ ਦੇ ਘੋੜੇ ਤੇ ਸਵਾਰ ਹੋ ਕੇ ਸਿਸਟਮ ਦੀ ਰਾਖੀ ਕਰਦਾ ਹੈ। ਰਾਖੀ ਕਰਦਾ ਕੋਈ ਮਰਦਾ ਨਹੀਂ ਹੁੰਦਾ, ਸਗੋਂ ਸ਼ਹੀਦ ਹੁੰਦਾ ਹੈ। ਸ਼ਹੀਦ ਹੋਣਾ ਸਿਸਟਮ ਲਈ ਜਰੂਰੀ ਹੈ। ਉਸ ਦੀ ਲਾਸ਼ ਨੂੰ ਤਾਬੂਤ ਨਹੀਂ ਖਾਂਦਾ। ਸਗੋਂ ਉਸ ਦਾ ਆਪਣਾ ਹੀ ਸਾਇਆ ਖਾ ਜਾਂਦਾ ਹੈ।
        ਇਸੇ ਕਰਕੇ ਸਿਸਟਮ ਤਾਬੂਤਾਂ ਦਾ ਵਪਾਰ ਕਰਦਾ ਹੈ, ਇਹ ਤਾਬੂਤ ਅਸਮਾਨ ਵਿੱਚ ਉਡਦੇ ਹਨ, ਸਰਹੱਦ ਦੀ ਰਾਖੀ ਕਰਦੇ ਹਨ। ਰਾਖੀ ਕਰਦਿਆਂ ਮੌਤ ਨੂੰ ਝਕਾਨੀ ਦੇ ਕੇ ਮੁੜ ਆਉਣਾ ਸੂਰਮਗਤੀ ਨਹੀਂ ਹੁੰਦਾ, ਸਗੋਂ ਸਿਸਟਮ ਨਾਲ ਕੀਤੀ ਗਦਾਰੀ ਅਖਵਾਉਂਦੀ ਹੈ। ਗਦਾਰਾਂ ਤੇ ਸਰਦਾਰਾਂ ਵਿੱਚ ਉਦੋਂ ਅੰਤਰ ਮਿਟ ਜਾਂਦਾ ਹੈ, ਜਦੋਂ ਸਿਸਟਮ ਆਪਣਾ ਵਪਾਰ ਵਧਾਉਣ ਲਈ ਦਿੰਦਾ ਹੈ ਖਿਤਾਬ ਸਰ, ਬਹਾਦਰ, ਜੈਲਦਾਰ ਤੇ ਨੰਬਰਦਾਰ ਦੇ, ਉਦੋਂ ਸਿਸਟਮ ਬੜਾ ਚੰਗਾ ਹੁੰਦਾ ਹੈ ਤੇ ਖਿਤਾਬ ਲੈਣ ਵਾਲਾ ਆਪਣੇ ਕਬੀਲੇ ਵਿੱਚ ਨੰਗਾ ਹੁੰਦਾ ਹੈ, ਨੰਗਾ ਬੰਦਾ ਉਦੋਂ ਹੀ ਹੁੰਦਾ ਹੈ ਜਦੋਂ ਮਰਦਾ ਹੈ। ਉਦੋਂ ਤਨ ਨਹੀਂ, ਮਨ ਮਰਦਾ ਹੈ, ਅਣਖ ਮਰਦੀ ਹੈ, ਸਿਸਟਮ ਦੀ ਕਿਸ਼ਤੀ ਉਦੋਂ ਟਿੱਬਿਆਂ ਵਿੱਚ ਵੀ ਚਲਦੀ ਹੈ। ਟਿੱਬਿਆਂ ਵਿੱਚ ਚਲਦੀ ਕਿਸ਼ਤੀ ਦੇ ਮਲਾਹ ਸਿਸਟਮ ਨਹੀਂ ਹੁੰਦਾ। ਸਿਸਟਮ ਹੀ ਮਲਾਹ ਤੇ ਕਿਸ਼ਤੀ ਹੁੰਦਾ ਹੈ।
 ਜਦੋਂ ਸਿਸਟਮ ਡਿੱਗਦਾ ਹੈ, ਤਾਂ ਦਿਨੇ ਰਾਤ ਨਹੀਂ ਪੈਂਦੀ, ਸਗੋਂ ਰਾਤ ਵੀ ਦਿਨ ਬਣ ਜਾਂਦੀ ਹੈ। ਉਦੋਂ ਦਿਨ ਤੇ ਰਾਤ ਦਾ ਅੰਤਰ ਮਿਟ ਜਾਂਦਾ ਹੈ, ਇਹ ਮਿਟਿਆ ਅੰਤਰ ਇੱਕ ਵਾਰ ਨਹੀਂ ਕਈ ਵਾਰ ਅੱਖੀ ਦੇਖਿਆ ਹੈ ਤੇ ਸਿਵਿਆਂ ਨੇ ਇਸ ਦਾ ਨਿੱਘ ਸੇਕਿਆ ਹੈ।
         ਸਿਸਟਮ ਜਦੋਂ ਚਲਦਾ ਹੈ, ਤਾਂ ਲੋਕ ਸੌਂਦੇ ਹਨ, ਸੁੱਤੇ ਹੋਏ ਲੋਕਾਂ ਉੱਤੇ ਸਿਸਟਮ ਆਪਣੀ ਹਕੂਮਤ ਨਹੀਂ ਚਲਾਉਂਦਾ ਸਗੋਂ ਉਨ੍ਹਾਂ ਨੂੰ ਸੁੱਤੇ ਰਹਿਣ ਦੇ ਢੰਗ ਤਰੀਕੇ ਸਿਖਾਉਂਦਾ, ਚੈਨਲਾਂ ਤੇ ਬਾਬਿਆਂ ਨੂੰ ਬੈਠਾਉਂਦਾ ਹੈ, ਉਨ੍ਹਾਂ ਦੇ ਪ੍ਰਵਚਨ ਸੁਣਾਉਦਾ ਹੈ, ਪ੍ਰਵਚਨ ਸਪਣਦਾ ਬੰਦਾ ਆਪਣਾ ਵਰਤਮਾਨ ਭੁੱਲਦਾ ਹੈ, ਅਗਲੇ ਜਨਮ ਦੇ ਵਿੱਚ ਸੁੱਖ ਮਿਲਣ ਦੀ ਆਸਾ ਵਿੱਚ ਬੱਝਦਾ ਹੈ। ਸਿਸਟਮ ਜਦੋਂ ਧਰਮ ਦਾ ਪਿਆਰ ਵੰਡਦਾ ਹੈ ਤਾਂ ਥਾਂ ਥਾਂ ਉੱਤੇ ਡੇਰਿਆਂ, ਮੰਦਿਰਾਂ, ਗੁਰਦੁਆਰਿਆਂ, ਮਸਜਿਦਾਂ ਤੇ ਚਰਚਾ ਦਾ ਹੜ੍ਹ ਆਉਦਾ ਹੈ, ਇਹ ਹੜ੍ਹ ਹੀ ਸਿਸਟਮ ਨੂੰ ਚਲਾਉਂਦਾ ਹੈ। ਧਰਮ ਰਾਜ ਨਹੀਂ ਸਗੋਂ ਰਾਜਨੀਤੀ ਕਰਦਾ ਹੈ। ਉਹ ਫਤਵੇ ਜਾਰੀ ਕਰਦਾ ਹੈ। ਸਜਾਵਾਂ ਦਿੰਦਾ ਹੈ। ਪਰ ਉਹ ਉਨ੍ਹਾਂ ਦੀਆਂ ਜੇਬਾਂ ਨਹੀਂ ਕੱਟਦਾ ਸਗੋਂ ਉਨ੍ਹਾਂ ਦੇ ਪਿਛਲੇ ਜਨਮ ਦੇ ਪਾਪ ਕੱਟਦਾ ਹੈ। ਪਾਪ ਕੱਟਿਆ ਹੀ ਮੁਕਤੀ ਮਿਲਦੀ ਹੈ। ਜਦੋਂ ਮੁਕਤੀ ਮਿਲਦੀ ਹੈ ਤਾਂ ਸਿਸਟਮ ਹੱਸਦਾ ਨਹੀਂ, ਸਗੋਂ ਸੋਗ ਮਨਾਉਂਦਾ ਹੈ, ਸ਼ਰਧਾਂਜਲੀ ਸਮਾਗਮ ਰਚਾਉਂਦਾ ਹੈ। ਮਰ ਗਿਆ ਲਈ ਐਲਾਨ ਕਰਦਾ ਹੈ, ਵਿਧਵਾਵਾਂ ਲਈ ਸਿਲਾਈ ਮਸ਼ੀਨਾਂ ਵੰਡਦਾ ਹੈ। ਉਨ੍ਹਾਂ ਦੀ ਯਾਦ ਵਿੱਚ ਹੰਝੂ ਵਗਾਉਂਦਾ ਹੈ, ਨੋਕਰੀ ਦੇਣ ਦਾ ਭਰੋਸਾ ਦਿੰਦਾ ਹੈ। ਇਹ ਭਰੋਸਾ ਉਨ੍ਹਾਂ ਲਈ ਖੰਜਰ ਉੱਤੇ ਪਈ ਰੋਟੀ ਬਣਦਾ ਹੈ, ਉਨ੍ਹਾਂ ਦਾ ਜੀਵਨ ਇਸੇ ਆਸ ਨਾਲ ਚਲਦਾ ਹੈ।
      ਸਿਸਟਮ ਆਮ ਤੋਂ ਖਾਸ ਤੇ ਖਾਸ ਤੋਂ ਆਮ ਤੱਕ ਲਈ ਯੋਜਨਾ ਉਲੀਕਦਾ ਹੈ, ਸੰਸਥਾਵਾਂ ਬਣਾਉਦਾ ਹੈ, ਆਪਣੀ ਖੇਡ ਜਾਰੀ ਰੱਖਣ ਲਈ ਜੱਥੇ ਬੰਦੀਆਂ ਬਣਾਉਂਦਾ ਹੈ। ਇਹ ਜੱਥੇਬੰਦੀਆਂ ਸਿਸਟਮ ਦਾ ਪਿੱਟ ਸਿਆਪਾ, ਗੇਟ ਰੈਲੀਆਂ, ਚੌਂਕ ਰੈਲੀਆਂ, ਜਿਲ੍ਹਾ ਮੁਕਾਮਾਂ ਤੇ ਧਰਨੇ ਕਰਵਾਉਂਦਾ ਹੈ ਤਾਂ ਸਿਸਟਮ ਚਲਦਾ ਹੈ।
       ਸਿਸਟਮ ਦਾ ਤੇ ਸਾਹਿਤ ਦਾ ਆਪਸ ਵਿੱਚ ਇਕ ਸੰਬੰਧ ਹੁੰਦਾ ਹੈ। ਇਹ ਸੰਬੰਧ ਬਗਾਵਤ ਨਹੀਂ ਬਣਦਾ ਸਗੋਂ ਸਿਸਟਮ ਦੀ ਪ੍ਰਕਰਮਾ ਕਰਦਾ ਹੈ। ਉਸ ਦੀ ਆਰਤੀ ਕਰਦਾ ਹੈ, ਉਸ ਦੀ ਅਰਾਧਨਾ ਕਰਦਾ ਹੈ। ਇਸੇ ਕਰਕੇ ਸਾਹਿਤ ਤੇ ਸਿਸਟਮ ਦਾ ਅੰਤਰ ਮਿੱਟ ਗਿਆ। ਹੁਣ ਸਾਹਿਤ ‘ਰਾਜੇ ਸੀਂਹ ਮੁਕੱਦਮ ਕੁੱਤੇ ਨਹੀਂ ਆਖਦਾ ਸਗੋਂ ਹੁਣ ਸਿਸਟਮ ਜੋ ਚਾਹੁੰਦਾ ਹੈ, ਉਹੀ ਸਾਹਿਤ ਸਿਰਜਿਆ ਜਾਂਦਾ ਹੈ, ਸਿਰਜਣ ਵਾਲਿਆਂ ਨੂੰ ਤੁਰਲਿਆ , ਸ਼ਮਲਿਆਂ ਨਾਲ ਨਿਵਾਜਿਆ ਜਾਂਦਾ ਹੈ।
      ਸਿਸਟਮ ਹੁਣ ਨਾਂ ਗਲਦਾ ਹੈ ਤੇ ਨਾਂ ਹੀ ਸੜਦਾ ਹੈ। ਗਲਦਾ ਤੇ ਸੜਦਾ ਤਾਂ ਗੋਦਾਮਾਂ ਵਿੱਚ ਅਨਾਜ ਹੈ। ਅਨਾਜ ਉਗਾਉਣ ਵਾਲੇ ਘਰਾਂ, ਖੇਤਾਂ, ਹਸਪਤਾਲਾਂ ਵਿੱਚ ਸੜਦੇ ਹਨ। ਸਿਸਟਮ ਤਾਂ ਪਲਦਾ ਹੈ, ਉਸਰਦਾ ਹੈ। ਮਹਿਲਾ ਵਿੱਚ ਮੁਕਾਰਿਆਂ ਵਿੱਚ। ਸਿਸਟਮ ਕਦੇ ਸਹਾਰਾ ਨਹੀਂ ਕਿਨਾਰਾ ਬਣਦਾ ਹੈ। ਕਿਨਾਰਿਆਂ ਦਾ ਆਪਸ ਵਿੱਚ ਮੇਲ ਨਹੀਂ ਹੁੰਦਾ। ਜਿਨ੍ਹਾਂ ਦਾ ਮੇਲ ਹੁੰਦਾ ਹੈ, ਉਨ੍ਹਾਂ ਦੀ ਰੇਲ ਚਲਦੀ ਹੈ। ਜੁਬਾਨ ਚਲਦੀ ਹੈ। ਉਹ ਜੁਬਾਨ ਤੇ ਰੇਲ ਸਿਸਟਮ ਦਾ ਨਹੀਂ ਲੋਕਾਂ ਦਾ ਕਤਲ ਕਰਦੀ ਹੈ। ਪਰ ਕਾਤਲ ਨਹੀਂ ਅਖਵਾਉਂਦੀ। ਜਿਹੜੇ ਕਤਲ ਨਹੀਂ ਕਰਦੇ, ਉਹ ਕਾਤਲ ਬਣ ਜਾਂਦੇ ਹਨ। ਉਹ ਕਾਤਲ ਬਣਕੇ ਖਲਨਾਇਕ ਤੋਂ ਨਾਇਕ ਬਣਦੇ ਹਨ।
      ਉਹ ਸਿਸਟਮ ਦੇ ਪਿਆਦੇ ਬਣ ਕੇ, ਉਹੀ ਬੋਲੀ ਬੋਲਦੇ ਹਨ, ਜਿਹੜਾ ਸਿਸਟਮ ਬੁਲਾਉਂਦਾ ਹੈ, ਉਹ ਹਸਦੇ, ਰੋਂਦੇ ਆਪਣੇ ਲਈ ਨਹੀਂ ਸਗੋਂ ਸਿਸਟਮ ਲਈ ਚੀਕਾਂ ਮਾਰਦੇ, ਕੂਕਾਂ ਮਾਰਦੇ ਹਨ।
       ਸਿਸਟਮ ਤੇ ਮੀਡੀਏ ਦਾ ਆਪਸ ਵਿੱਚ ਇੱਟ ਕੁੱਤੇ ਦਾ ਵੈਰ ਨਹੀਂ ਹੁੰਦਾ, ਸਗੋਂ ਨੂਰਾ ਕੁਸ਼ਤੀ ਹੁੰਦੀ ਹੈ। ਜਿਹੜੀ ਸੂਖਮ ਅੱਖਾਂ ਦੇ ਨਾਲ ਦੇਖਿਆ, ਵੇਖੀ ਨਹੀਂ ਜਾਂਦੀ, ਜਿਸ ਨੇ ਵੀ ਇਸ ਨੂੰ ਦੇਖਣ ਦਾ ਯਤਨ ਕੀਤਾ। ਉਹ ਅੱਖ ਨਹੀਂ ਬਚਦੀ। ਇਸੇ ਕਰਕੇ ਮੀਡੀਏ ਵਿੱਚ ਦੁੱਖ ਤੇ ਭੁੱਖ ਦੀਆਂ ਨਹੀਂ, ਸਗੋਂ ਸਨਸਨੀਖੇਜ਼ ਖਬਰਾਂ ਦੀ ਭਰਮਾਰ ਹੈ, ਇਹ ਲੋਕਾਂ ਦਾ ਨਹੀਂ ਸਗੋਂ ਸਿਸਟਮ ਦਾ ਅਸਿੱਧ ਤੌਰ ਤੇ ਪ੍ਰਚਾਰ ਹੈ। ਪਰ ਮੀਡੀਆ ਆਪਣੇ ਆਪਨੂੰ ਕਦੇ ਵੀ ਪ੍ਰਚਾਰਕ ਨਹੀਂ ਦੱਸਦਾ। ਉਹ ਤਾਂ ਸਗੋਂ ਹਰ ਵੇਲੇ ਹੱਸਦਾ ਹੈ। ਹੱਸਦਾ ਉਹ ਹੈ, ਜਿਸ ਦੀ ਕੋਠੀ ਦਾਣੇ ਹੋਣ। ਜਿਸਦੇ ਕੋਠੀ ਦਾਣੇ ਹੁੰਦੇ ਹਨ, ਉਨ੍ਹਾਂ ਦੇ ਕਮਲੇ ਵੀ ਸਿਆਣੇ ਹੁੰਦੇ ਹਨ। ਇਸ ਕਰਕੇ ਅੱਜ ਸਿਸਟਮ ਅੰਦਰ ਸਿਆਣੇ ਨਹੀਂ ਸਗੋਂ ਕਮਲਿਆਂ ਦੀ ਬਹੁਤਾਤ ਹੈ, ਇਸ ਕਰਕੇ ਸਿਸਟਮ ਉਦਾਸ ਹੈ।
        ਸਿਸਟਮ ਇਸ ਲਈ ਉਦਾਸ ਹੈ ਕਿ ਉਸ ਦੀ ਲੁੱਟ ਬੇਨਕਾਬ ਹੈ। ਜਿਸ ਦਾ ਨਾ ਕੋਈ ਖਾਤਾ ਤੇ ਨਾ ਹੀ ਹਿਸਾਬ ਹੈ। ਸਿਸਟਮ ਜਦੋਂ ਡਿਗਦਾ ਹੈ, ਤਾਂ ਮਸ਼ੀਨਾਂ ਮਰਦੀਆਂ ਹਨ। ਮਸ਼ੀਨਾਂ ਦਾ ਮਲਬਾ ਜਦੋਂ ਬੰਦੇ ਚੁੱਕਦੇ ਹਨ ਤਾਂ ਮਸ਼ੀਨਰੀ ਨੂੰ ਬਨਾਉਣ ਤੇ ਚਲਾਉਣ ਵਾਲਿਆਂ ਤੇ ਉਂਗਲਾਂ ਨਹੀਂ ਹੁੰਦੀਆਂ। ਉਹ ਤਾਂ ਸਗੋਂ ਟੁੱਟੀਆਂ ਬਾਹਾਂ ਦੇ ਨਾਲ ਫਿਰ ਤੋਂ ਨੱਕ ਉੱਤੇ ਬੰਨ ਕੇ ਮੈਡੀਕਲ ਪੱਟੀ, ਉਨ੍ਹਾਂ ਮਸ਼ੀਨਾਂ ਦੀਆਂ ਲਾਸ਼ਾਂ ਚੱਕਦੇ ਦੇ ਲਗਾਉਦੇ, ਮਸ਼ੀਨਾਂ ਲੁਕਾਉਦੇ ਹਨ, ਮਸ਼ੀਨਾਂ ਦੀ ਮੌਤ ਤੇ ਲੋਕ ਮਾਤਮ ਨਹੀਂ ਕਰਦੇ, ਸੋਗ ਨਹੀਂ ਮਨਾਉਦੇ, ਨਾਅਰੇ ਨਹੀਂ ਲਗਾਉਦੇ, ਧਰਨੇ ਨਹੀਂ ਦਿੰਦੇ। ਮਸ਼ੀਨਾਂ ਦੀ ਮੌਤ ਉਨ੍ਹਾਂ ਲਈ ਰੋਟੀਆਂ ਨਹੀਂ ਬਣਦੀ।
       ਇਸ ਕਰਕੇ ਉਹ ਮੁਰਦਾ ਸ਼ਾਂਤੀ ਵਿੱਚ ਬੈਠ ਭਜਨ, ਕੀਰਤਨ ਤੇ ਬੰਦਗੀ ਕਰਦੇ ਹਨ। ਬੰਦਗੀ ਕਰਦਿਆਂ ਨੂੰ ਹੱਕਾਂ ਦੀ ਨਹੀਂ, ਸਗੋਂ ਛਿੱਤਰਾਂ ਦੀ ਲੋੜ ਹੁੰਦੀ ਹੈ, ਲੋੜ ਕਾਢ ਦੀ ਮਾਂ ਹੁੰਦੀ ਹੈ। ਇਸ ਕਰਕੇ ਆਖਦੇ ਹਨ, ਚੋਰ ਨਾ ਸਗੋਂ ਚੋਰ ਦੀ ਮਾਂ ਨੂੰ ਮਾਰੋ। ਸਿਸਟਮ ਜਦੋਂ ਡਿੱਗਦਾ, ਤਾਂ ਧਰਤੀ ਕੰਬਦੀ ਨਹੀਂ ਸਗੋਂ ਇਮਾਰਤ ਹੱਸਦੀ ਹੈ ਤੇ ਤਿਜਾਰਤ ਕਰਦੀ ਹੈ। ਅਸੀਂ ਸਿਸਟਮ ਨੂੰ ਨਹੀਂ ਆਪਣੇ ਆਪ ਨੂੰ ਡੇਗਦੇ ਹਾਂ ਇਸੇ ਕਰਕੇ ਅਸੀਂ ਸਦਾ ਬੈਠੇ ਰਹਿੰਦੇ ਹਾਂ, ਰੀਂਗਦੇ, ਸੜਦੇ, ਮਰਦੇ ਰਹਿੰਦੇ ਹਾਂ, ਪਰ ਸਿਸਟਮ ਕਦੋਂ ਡਿੱਗਦਾਾ ਹੈ? ਸਗੋਂ ਇਹ ਤਾਂ ਸਦਾ ਹੀ ਆਮ ਲੋਕਾਂ ਨੂੰ ਲੁੱਟਦਾ ਤੇ ਕੁੱਟਦਾ ਹੈ, ਅਸੀਂ ਕਦੋਂ ਤੀਕ ਲੁੱਟੇ ਅਤੇ ਕੁੱਟ ਖਾਂਦੇ ਰਹਾਂਗੇ?

ਸਾਹਿਤ ਦੇ ਸਮੁੰਦਰ ’ਚੋਂ - ਬੁੱਧ ਸਿੰਘ ਨੀਲੋਂ

ਸਾਹਿਤ ਤੇ ਮਨੁੱਖ ਦਾ ਰਿਸ਼ਤਾ ਬੜਾ ਪੁਰਾਣਾ ਹੈ। ਸਾਹਿਤ ਮਨੁੱਖ ਦੇ ਰੂਹ ਦੀ ਖੁਰਾਕ ਹੁੰਦੀ ਹੈ, ਇਸੇ ਕਰਕੇ ਸਾਹਿਤ ਰਸੀਆ ਹਰ ਪਲ ਨਵੇਂ ਤੋਂ ਨਵੇਂ ਸਾਹਿਤ ਦੀ ਤਲਾਸ਼ ਵਿੱਚ ਰਹਿੰਦਾ ਹੈ। ਸਾਹਿਤ ਕੇਵਲ ਸਾਨੂੰ ਕੇਵਲ ਗਿਆਨ ਹੀ ਨਹੀਂ ਦੇਂਦਾ, ਸਗੋਂ ਸਾਡੇ ਜੀਵਨ ਨਾਲ ਜੁੜੇ ਹਰ ਤਰ੍ਹਾਂ ਦੇ ਮਸਲਿਆਂ ਨੂੰ ਹੱਲ ਕਰਨ ਦਾ ਰਾਹ ਵੀ ਦੱਸਦਾ ਹੈ।
ਇਸੇ ਕਰਕੇ ਅਕਸਰ ਆਖਿਆ ਜਾਂਦਾ ਹੈ ਕਿ ਸਾਹਿਤ ਮਨੁੱਖ ਦਾ ਸਭ ਤੋਂ ਕਰੀਬੀ ਤੇ ਹਿਤੈਸ਼ੀ ਹੈ। ਜਿਵੇਂ ਜ਼ਿੰਦਗੀ ਵਿੱਚ ਦੁਨਿਆਵੀਂ ਰਿਸ਼ਤੇ ਵਕਤ ਪੈਣ ਉੱਤੇ ਮੁੱਖ ਮੋੜ ਜਾਂਦੇ ਹਨ, ਪਰ ਸਾਹਿਤ ਸਦਾ ਹੀ ਮਨੁੱਖ ਦਾ ਮਿੱਤਰ ਬਣਿਆ ਰਹਿੰਦਾ ਹੈ।
       ਅਸੀਂ ਜਿਸ ਧਰਤੀ ਦੇ ਵਾਸੀ ਹਾਂ, ਇਸ ਧਰਤੀ ਦੇ ਉਤੇ ਵੇਦ, ਸ੍ਰੀ ਗੁਰੂ ਗ੍ਰੰਥ ਸਾਹਿਬ ਤੇ ਹੋਰ ਬਹੁਤ ਸਾਰਾ ਅਜਿਹਾ ਸਾਹਿਤ ਰਚਿਆ ਗਿਆ ਹੈ ਜਿਹੜਾ ਸਾਡੇ ਲਈ ਹਰ ਪਲ ਰਾਹ ਦਿਖਾਉਣ ਦਾ ਯਤਨ ਕਰਦਾ ਹੈ। ਸਾਡਾ ਸ਼ਬਦ ਗੁਰੂ ਹੈ। ਇਸੇ ਕਰਕੇ ਅਸੀਂ ਮਨੁੱਖ ਦੇ ਨਾਲੋਂ ਸ਼ਬਦ ਨੂੰ ਪਹਿਲ ਦਿੰਦੇ ਹਾਂ। ਸ਼ਬਦ ਗੁਰੂ ਸਦਾ ਹੀ ਸਾਨੂੰ ਨਵੇਂ ਦਿਸਹੱਦਿਆਂ ਵੱਲ ਤੋਰਦਾ ਹੈ।
       ਪਰ ਜਦੋਂ ਦੀ ਅਸੀਂ ਸ਼ਬਦ ਗੁਰੂ ਵੱਲ ਪਿੱਠ ਮੋੜੀ ਹੈ, ਅਸੀਂ ਦੁੱਖਾਂ, ਕਲੇਸ਼ਾਂ ਵਿੱਚ ਉਲਝਦੇ ਜਾ ਰਹੇ ਹਾਂ। ਕਿਉਂਕਿ ਅਸੀਂ ਸ਼ਬਦ ਗੁਰੂ ਦੇ ਨਾਲੋਂ ਕੁੱਝ ਅਜਿਹੀਆਂ ਵਸਤੂਆਂ ਨੂੰ ਆਪਣਾ ਗੁਰੂ ਬਣਾ ਲਿਆ ਹੈ, ਜਿਹੜੀਆਂ ਸਾਨੂੰ ਸੁੱਖ ਸਹੂਲਤਾਂ ਦੇਣ ਦੀ ਥਾਂ ਅਜਿਹੇ ਝਮੇਲਿਆਂ ਵਿੱਚ ਫਸਾ ਰਹੀਆਂ ਹਨ ਕਿ ਅਸੀਂ ਜ਼ਿੰਦਗੀ ਦੇ ਨਾਲ ਜੁੜੀਆਂ ਕਦਰਾਂ ਕੀਮਤਾਂ ਵੱਲ ਪਿੱਠ ਕਰਕੇ ਖੜ੍ਹ ਗਏ ਹਾਂ। ਇਸੇ ਕਰਕੇ ਅਸੀਂ ਕਈ ਅਜਿਹੀਆਂ ਅਲਾਮਤਾਂ ਆਪਣੇ ਗਲ ਪਾ ਲਈਆਂ ਹਨ, ਜਿਨ੍ਹਾਂ ਦਾ ਕਿਧਰੇ ਵੀ ਕੋਈ ਹਲ ਨਜ਼ਰ ਨਹੀਂ ਆਉਂਦਾ।
         ਇਸ ਸਮੇਂ ਅਸੀਂ ਸਾਇੰਸ ਤੇ ਤਕਨਾਲੋਜੀ ਦੇ ਦੌਰ ਵਿੱਚੋਂ ਦੀ ਗੁਜ਼ਰ ਰਹੇ ਹਾਂ। ਸਾਇੰਸ ਤੇ ਤਕਨਾਲੋਜੀ ਨੇ ਸਾਰੇ ਹੀ ਸੰਸਾਰ ਨੂੰ ਇੱਕ ਪਿੰਡ ਵਿੱਚ ਤਬਦੀਲ ਕਰ ਦਿੱਤਾ ਹੈ। ਇਸ ਸੰਸਾਰਕ ਪਿੰਡ ਵਿੱਚ ਅਸਲ ਤੇ ਬੁਨਿਆਦੀ ਪਿੰਡ ਖਤਮ ਹੋ ਗਿਆ ਹੈ। ਪਿੰਡਾਂ ਨੂੰ ਖਤਮ ਕਰਕੇ, ਇੱਕ ਅਜਿਹੇ ਸੰਸਾਰਿਕ ਪਿੰਡ ਨੂੰ ਹੋਂਦ ਵਿੱਚ ਲਿਆਂਦਾ ਜਾ ਰਿਹਾ ਹੈ, ਜਿਹੜਾ ਸੰਸਾਰਿਕ ਪਿੰਡ ਆਮ ਮਨੁੱਖ ਦੀਆਂ ਬੁਨਿਆਦੀ ਲੋੜਾਂ ਨੂੰ ਨਾ ਤਾਂ ਪੂਰਾ ਹੀ ਕਰ ਰਿਹਾ ਤੇ ਨਾ ਹੀ ਉਨ੍ਹਾਂ ਨੂੰ ਪੇਸ਼ ਕਰ ਰਿਹਾ ਹੈ।
      ਸਾਹਿਤ ਦੀ ਵਗਦੀ ਇੱਕ ਕੂਲ ਜਦੋਂ ਦੀ ਸਮੁੰਦਰ ਬਣੀ ਹੈ, ਉਦੋਂ ਤੋਂ ਮਨੁੱਖ ਦੀ ਹਾਲਤ ਅਜਿਹੀ ਬਣ ਗਈ ਹੈ ਕਿ ਉਹ ਸਮੁੰਦਰ ਵਿੱਚ ਫਿਰਦਾ ਹੈ, ਪਰ ਉਸ ਨੂੰ ਆਪਣੀ ਪਿਆਸ ਬੁਝਾਉਣ ਦੇ ਲਈ ਇੱਕ ਘੁੱਟ ਦੀ ਤਲਾਸ਼ ਲਈ ਥਾਂ-ਥਾਂ ਭਟਕਣਾ ਪੈ ਰਿਹਾ ਹੈ।
        ਸਾਹਿਤ ਦੇ ਇਸ ਸਮੁੰਦਰ ਵਿੱਚ ਵੱਖ ਵੱਖ ਵੰਨਗੀਆਂ ਦੀਆਂ ਨਹਿਰਾਂ, ਦਰਿਆ ਆ ਕੇ ਜਜ਼ਬ ਹੋ ਰਹੇ ਹਨ। ਰੋਜ਼ਾਨਾ ਸੈਂਕੜੇ ਦੀ ਗਿਣਤੀ ਵਿੱਚ ਸਾਹਿਤ ਦੀਆਂ ਪੁਸਤਕਾਂ, ਛਪ ਰਹੀਆਂ ਹਨ। ਇਹ ਪੁਸਤਕਾਂ ਆਪਣੇ ਕੋਲੋਂ ਪੈਸੇ ਦੇ ਕੇ ਜਾਂ ਫਿਰ ਵੱਡੇ ਵੱਡੇ ਪਬਲਿਸ਼ਰਜ਼ ਕੋਲੋਂ ਪੈਸੇ ਦੇ ਕੇ ਛਪਵਾ ਰਹੇ ਹਨ। ਇਸ ਛਪ ਰਹੇ ਸਾਹਿਤ ਵਿੱਚ ਮਨੁੱਖ ਦੇ ਨਾਲ, ਖਾਸ ਕਰਕੇ ਆਮ ਮਨੁੱਖ ਦੇ ਨਾਲ ਜੁੜੀਆਂ ਤਕਲੀਫਾਂ ਨੂੰ ਅੱਖੋਂ ਪਰੋਖੇ ਕੀਤਾ ਜਾ ਰਿਹਾ ਹੈ। ਇਸੇ ਕਰਕੇ ਸਾਹਿਤ ਵਿੱਚ ਜ਼ਿੰਦਗੀ ਦੇ ਨਾਲ ਦੋ ਚਾਰ ਹੋ ਰਹੇ ਮਨੁੱਖ ਦੇ ਦੁੱਖਾਂ ਦੀ ਗਾਥਾ ਸਾਹਿਤ ਵਿੱਚੋਂ ਮਨਫ਼ੀ ਹੁੰਦੀ ਜਾ ਰਹੀ ਹੈ। ਸਾਹਿਤ ਅੰਦਰ ਧੜਾ-ਧੜਾ ਕਵਿਤਾ, ਕਹਾਣੀ, ਨਾਵਲ, ਵਾਰਤਕ ਤੇ ਹਰ ਸਾਹਿਤਕ ਵੰਨਗੀਆਂ ਦੀਆਂ ਕਿਤਾਬਾਂ ਛਪ ਰਹੀਆਂ ਹਨ, ਇਨ੍ਹਾਂ ਵਿੱਚ ਪਿਆਰ, ਸੈਕਸ, ਗਲੋਬਲ ਜਾਂ ਫਿਰ ਕੁੱਝ ਅਜਿਹੇ ਮਸਲਿਆਂ ਨੂੰ ਲੈ ਕੇ ਲਿਖਿਆ ਹੁੰਦਾ ਹੈ, ਜਿਹੜੇ ਮਨੁੱਖ ਨੂੰ ਸੇਧ ਦੇਣ ਦੀ ਵਜਾਏ, ਅਜਿਹੇ ਭੰਬਲਭੂਸੇ ਖ੍ਹੜੇ ਕਰ ਰਹੀਆਂ ਹਨ, ਕਿ ਆਮ ਮਨੁੱਖ ਦੀ ਹਾਲਤ ਚੁਰਾਹੇ ਵਿੱਚ ਖੜ੍ਹੇ ਉਸ ਮਨੁੱਖ ਦੀ ਹੋ ਜਾਂਦੀ ਹੈ, ਜਿੱਥੇ ਮਨੁੱਖ ਤਾਂ ਹਜ਼ਾਰਾਂ ਹਨ, ਪਰ ਉਸ ਦੇ ਦੁੱਖਾਂ ਦੀ ਗੱਲ ਸੁਨਣ ਵਾਲਾ ਕੋਈ ਨਹੀਂ। ਉਹ ਚੁਰਾਹੇ ਵਿੱਚ ਪਿਆ ਤੜਫ਼ ਰਿਹਾ ਹੈ। ਉਸ ਕੋਲ ਦੀ ਵੱਡੀਆਂ ਵੱਡੀਆਂ ਮੋਟਰ ਕਾਰਾਂ ਵਿੱਚ ਲੋਕ ਲੰਘੀ ਜਾ ਰਹੇ ਹਨ।
          ਸਾਹਿਤ ਦੇ ਅੰਦਰ ਏਨੀ ਭੀੜ ਵਧ ਗਈ ਹੈ, ਕਿ ਹਰ ਕੋਈ ਆਪਣੇ ਆਪ ਨੂੰ ਮਹਾਨ ਤੇ ਦੁਨੀਆਂ ਦਾ ਸਭ ਤੋਂ ਵੱਡਾ ਸਾਹਿਤਕਾਰ ਹੋਣ ਦਾ ਮਾਣ ਮਹਿਸੂਸ ਕਰਦਾ ਨਜ਼ਰ ਆਉਂਦਾ ਹੈ। ਆਪਣੇ ਪੱਲਿਓਂ ਪੈਸੇ ਦੇ ਕੇ ਕਿਤਾਬਾਂ ਲਿਖਵਾਉਣ, ਛਪਵਾਉਣ ਤੇ ਰੀਲੀਜ਼ ਕਰਨ ਵਾਲਿਆਂ ਦੀ ਏਨੀ ਵੱਡੀ ਕਤਾਰ ਪੈਦਾ ਹੋ ਗਈ ਹੈ, ਕਈ ਵਾਰ ਤਾਂ ਇੰਝ ਲਗਦੈ ਹੈ, ਜਿਵੇਂ ਮਨੁੱਖ ਨੇ ਹੋਰ ਸਾਰੇ ਕਿਤੇ ਛੱਡ ਕੇ ਸਾਹਿਤਕ ਕਿੱਤਾ ਹੀ ਆਪਣਾ ਲਿਆ ਹੋਵੇ।
       ਸਾਹਿਤ ਦੇ ਸਿਰਜਕ ਆਪਣੇ ਅਹੁਦਿਆਂ, ਮਾਨ ਸਨਮਾਨ ਜਾਂ ਫਿਰ ਸਾਹਿਤਕ ਸੰਸਥਾਵਾਂ ਉਪਰ ਕਾਬਜ਼ ਹੋਣ ਲਈ, ਸਿਰਜਕਾਂ ਦੀ ਟੋਲੀ ਬਣਾ ਰਹੇ ਹਨ। ਧੜਾ ਧੜਾ ਕਿਤਾਬਾਂ ਛਪ ਰਹੀਆਂ, ਰੀਲੀਜ਼ ਹੋ ਰਹੀਆਂ ਹਨ, ਉਨ੍ਹਾਂ ਨੂੰ ਇਨਾਮ, ਸਨਮਾਨ, ਪੁਰਸਕਾਰ ਮਿਲ ਰਹੇ ਹਨ, ਪਰ ਜਦੋਂ ਉਨ੍ਹਾਂ ਕਿਤਾਬਾਂ ਨੂੰ ਕੋਈ ਸਾਹਿਤਕ ਪਾਠਕ ਪੜ੍ਹਦਾ ਹੈ ਤਾਂ ਉਹ ਮੱਥੇ ਉੱਤੇ ਹੱਥ ਮਾਰਦਾ ਹੈ ਕਿ ਉਹ ਕੀ ਪੜ੍ਹ ਰਿਹਾ ਹੈ। ਕਿਉਂਕਿ ਲੇਖਕਾਂ ਨੇ ਲੋਕ ਪੱਖੀ ਸਾਹਿਤ ਲਿਖਣਾ ਹੀ ਛੱਡ ਦਿੱਤਾ ਹੈ, ਜ਼ਿੰਦਗੀ ਦੇ ਨਾਲ ਖਹਿਕੇ, ਲੰਘਣ ਵਾਲਾ ਸਾਹਿਤ ਗੁਆਚ ਗਿਆ ਹੈ। ਹੁਣ ਬਹੁਤ ਸਾਹਿਤ ਸੈਕਸ ਦੇ ਮਸਲਿਆਂ ਨਾਲ ਜਾਂ ਫੇਰ ਅਨੈਤਿਕ ਰਿਸ਼ਤਿਆਂ ਦੇ ਨਾਲ ਜੁੜਿਆ ਹੋਇਆ ਹੀ ਸਿਰਜਿਆ ਜਾ ਰਿਹਾ ਹੈ। ਇਸੇ ਕਰਕੇ ਸਾਹਿਤ ਦੇ ਖੇਤਰ ਵਿੱਚ ਕੋਈ ਵੀ ਅਜਿਹੀ ਲਹਿਰ ਨਹੀਂ ਬਣ ਰਹੀ ਜਿਹੜੀ ਲੋਕ ਮਸਲਿਆਂ ਦੀ ਗੱਲ ਕਰਦੀ ਹੋਵੇ, ਲੋਕ ਦੁੱਖਾਂ, ਦਰਦਾਂ, ਬਿਮਾਰੀਆਂ ਤੇ ਅਦਾਲਤੀ ਚੱਕਰਾਂ ਵਿੱਚ ਉਲਝੇ ਪਏ ਹਨ। ਆਮ ਮਨੁੱਖ ਦੇ ਹੱਥੋਂ ਰੋਟੀ ਤੱਕ ਖੋਹ ਲਈ ਹੈ। ਇਸਦੇ ਸਿਰ ਦੀ ਛੱਤ ਗੁਆਚ ਰਹੀ ਹੈ। ਮਾਲਵਾ ਪੱਟੀ ਕਈ ਨਾ ਮੁਰਾਦ ਬੀਮਾਰੀਆਂ ਦਾ ਸ਼ਿਕਾਰ ਹੋਈ ਪਈ ਹੈ। ਉਥੋਂ ਦੇ ਲੋਕ ਕਿਵੇਂ ਜ਼ਿੰਦਗੀ ਜੀਅ ਰਹੇ ਹਨ, ਕਿਵੇਂ ਜ਼ਿੰਦਗੀ ਦੇ ਨਾਲ ਦੋ-ਚਾਰ ਹੋ ਰਹੇ ਹਨ, ਉਨ੍ਹਾਂ ਸਬੰਧੀ ਅਖਬਾਰੀ ਰਿਪੋਰਟਾਂ ਤੋਂ ਇਲਾਵਾ ਕਿਧਰੇ ਕੋਈ ਵੀ ਅਜਿਹਾ ਸਾਹਿਤ ਨਹੀਂ ਮਿਲਦਾ, ਜਿਹੜਾ ਉਥੋਂ ਦੇ ਲੋਕਾਂ ਦੀ ਗੱਲ ਕਰਦਾ ਹੋਵੇ।
      ਸਾਹਿਤ ਦੇ ਇਸ ਸਮੁੰਦਰ ਵਿੱਚ ਆਮ ਮਨੁੱਖ ਪੀਣਯੋਗ ਪਾਣੀ ਦੀ ਤਲਾਸ਼ ਵਿੱਚ ਥਾਂ ਥਾਂ ਭਟਕ ਰਿਹਾ ਹੈ। ਉਸ ਦੀ ਇਹ ਭਟਕਣਾ ਕਦੋਂ ਤੇ ਕਿੱਥੇ ਖਤਮ ਹੋਵੇਗੀ?

ਕੋਹ ਨਾ ਚੱਲੀ – ਬਾਬਾ ਤਿਹਾਈ! - ਬੁੱਧ ਸਿੰਘ ਨੀਲੋਂ

ਤੁਰਦੀ ਜ਼ਿੰਦਗੀ ਤੇ ਵਗਦੇ ਪਾਣੀ ਧੜਕਦੀ ਜ਼ਿੰਦਗੀ ਦੇ ਚਿੰਨ੍ਹ ਹੁੰਦੇ ਹਨ। ਜਦੋਂ ਪਾਣੀ ਰੁਕ ਜਾਂਦਾ ਹੈ ਤਾਂ ਉਹ ਝੀਲ ਦਾ ਰੂਪ ਧਾਰ ਲੈਂਦਾ ਹੈ। ਰੁਕਿਆ ਹੋਇਆ ਪਾਣੀ ਗੰਦਲਾ ਹੋ ਜਾਂਦਾ ਹੈ। ਇਸ ਗੰਦਲੇ ਪਾਣੀ ਵਿਚੋਂ ਫਿਰ ਬੋਅ ਆਉਂਣ ਲੱਗ  ਪੈਂਦੀ ਹੈ।
           ਇਹੋ ਹਾਲ ਜ਼ਿੰਦਗੀ ਦਾ ਹੁੰਦਾ ਹੈ। ਸਾਹ ਲੈਂਦੀ, ਤੁਰਦੀ-ਫਿਰਦੀ ਜ਼ਿੰਦਗੀ ਹੀ ਚੰਗੀ ਲੱਗਦੀ ਹੈ। ਜਦੋਂ ਵੀ ਕਿਸੇ ਮੋੜ ਉੱਤੇ ਜ਼ਿੰਦਗੀ ਆ ਕੇ ਰੁਕ ਜਾਂਦੀ ਹੈ ਤਾਂ ਉਹ ਤੁਰਦੀ-ਫਿਰਦੀ ਇੱਕ ਲਾਸ਼ ਬਣ ਜਾਂਦੀ ਹੈ। ਇਹ ਲਾਸ਼ ਅਸੀਂ ਮੋਢਿਆਂ 'ਤੇ ਚੁੱਕੀ ਫਿਰਦੇ ਰਹਿੰਦੇ ਹਾਂ। ਸਾਨੂੰ ਪਤਾ ਹੁੰਦਾ ਹੈ ਕਿ ਅਸੀਂ ਆਪਣੀ ਲਾਸ਼ ਦੀ ਸਵਾਰੀ ਬਣੇ ਹੋਏ ਹਾਂ। ਪਰ ਫੇਰ ਵੀ ਅਸੀਂ ਜਿਉਂਦੇ ਹੋਣ ਦਾ ਭਰਮ ਪਾਲੀ ਰੱਖਦੇ ਹਾਂ।
           ਤੁਰਦੇ ਬੰਦੇ ਹੀ ਮੰਜ਼ਿਲ ਉੱਤੇ ਪੁੱਜਦੇ ਹਨ। ਜਿਹੜੇ ਕਿਸੇ ਚੁਰਾਹੇ ਉੱਤੇ ਰੁਕ ਜਾਂਦੇ ਹਨ, ਸੜਕਾਂ ਦੇ ਮੀਲ ਪੱਥਰ ਬਣ ਜਾਂਦੇ ਹਨ, ਜਿਹੜੇ ਮੰਜ਼ਿਲ ਦਾ ਸੂਚਕ ਤਾਂ ਹੁੰਦੇ ਪਰ ਮੰਜਿਲ ਨਹੀਂ। ਰੁਕੀ ਜ਼ਿੰਦਗੀ ਤੇ ਟੁੱਟੇ ਪੱਤੇ ਦੀ ਚੱਕਰ 'ਚ ਫਸ ਜਾਂਦੀ ਹੈ।
      ਉਨ੍ਹਾਂ ਦੀ ਹਾਲਤ ਉਸ ਪੱਤੇ ਵਰਗੀ ਹੁੰਦੀ ਹੈ। ਜਿਹੜਾ ਰੁੱਖ ਨਾਲੋਂ ਟੁੱਟ ਗਿਆ ਹੁੰਦਾ। ਉਹ ਹਵਾ ਸਹਾਰੇ ਇੱਧਰ-ਉੱਧਰ ਉੱਡਦਾ ਰਹਿੰਦਾ ਹੈ। ਆਖਰ ਕਿਸੇ ਕੋਨੇ ਵਿੱਚ ਰੁਕ ਜਾਂਦਾ ਹੈ। ਕੋਨੇ ਵਿਚ ਰੁਕਿਆ ਪੱਤਾ  ਹਨੇਰੇ ਵਿੱਚ ਹੀ ਗਵਾਚ ਜਾਂਦਾ ਹੈ।
       ਜਦੋਂ ਚੀਜ਼ ਤੁਹਾਡੇ ਕੋਲੋਂ ਗਵਾਚ ਜਾਂਦਾ ਹੈ ਤਾਂ ਉਸ ਚੀਜ਼ ਦੇ ਮੁੱਲ ਦਾ ਸਾਨੂੰ ਪਤਾ ਲੱਗਦਾ ਹੈ। ਅਸੀਂ ਉਦੋਂ ਤੱਕ ਬੇਫਿਕਰ ਹੋਏ ਰਹਿੰਦੇ ਹਾਂ ਜਦੋਂ ਤੱਕ ਚੀਜ਼ ਸਾਡੇ ਕੋਲ ਹੁੰਦੀ ਹੈ। ਜਦੋਂ ਚੀਜ਼ ਹੱਥੋਂ ਕਿਰ ਜਾਂਦੀ ਹੈ ਜਾਂ ਵਿਛੜ ਜਾਂਦੀ ਹੈ। ਤਾਂ ਫੇਰ ਚੀਜ਼ ਦੇ ਮੁੱਲ ਦਾ ਪਤਾ ਲੱਗਦਾ  ਹੈ। ਫਿਰ ਅਸੀਂ ਅਤੀਤ ਦੇ ਵਰਕਿਆਂ ਨੂੰ ਫਰੋਲਣ ਲੱਗਦੇ ਹਾਂ।
"ਮਿੱਟੀ ਨਾ ਫਰੋਲ ਜੰਗੀਆ, ਨਹੀਂ ਲੱਭਣੇ ਲਾਲ ਗਵਾਚੇ।''
      ਫੇਰ ਅਸੀਂ ਮਿੱਟੀ ਫਰੋਲਣ ਲੱਗਦੇ ਹਾਂ। ਪਰ ਸਾਨੂੰ ਹੰਝੂਆਂ ਤੋਂ ਬਿਨਾਂ ਕੁੱਝ ਵੀ ਨਹੀਂ ਲੱਭਦਾ। ਉਂਝ ਅਸੀਂ ਲਾਲ ਲੱਭਣ ਦੀ ਕੋਸ਼ਿਸ਼ ਵਿੱਚ ਰਹਿੰਦੇ ਹਾਂ। ਪਾਣੀ ਇਕੋ ਵਾਰੀ ਪੁੱਲਾਂ ਦੇ ਹੇਠ ਦੀ ਲੰਘਦਾ ਹੇ। ਲੰਘਿਆ ਪਾਣੀ ਤੇ ਲੰਘ ਗਈ ਜ਼ਿੰਦਗੀ ਵਾਪਸ ਨਹੀਂ ਪਰਤਦੀ।
      ਅਸੀਂ ਉਸ ਜ਼ਿੰਦਗੀ ਨੂੰ ਵਾਪਸ ਲਿਆਉਣ ਦੇ ਸੁਪਨੇ ਸਿਰਜਦੇ ਹਾਂ। ਅਸੀਂ ਸੁਪਨਿਆਂ ਨੂੰ ਸਾਕਾਰ ਕਰਨ ਦੀ ਤਾਂਘ ਵਿੱਚ ਸਦਾ ਰਹਿੰਦੇ ਹਾਂ, ਪਰ ਸਾਨੂੰ ਹੈ ਕਿ ਸੁਪਨੇ ਕਦੇ ਸਾਕਾਰ ਨਹੀਂ ਹੁੰਦੇ ਪਰ ਸੁਪਨਿਆਂ ਵਿੱਚ ਰਹਿੰਦੀਆਂ ਅਸੀਂ ਵੱਖਰੀ ਦੁਨੀਆਂ ਦੇ ਵਾਸੀ ਬਣ ਜਾਂਦੇ ਹਾਂ। ਅਸੀਂ ਰਹਿੰਦੇ ਤਾਂ ਧਰਤੀ ਉੱਤੇ ਹੀ ਹਾਂ ਪਰ ਸੁਪਨਿਆਂ ਵਿਚ ਅਸੀਂ ਬੜੀ ਦੂਰ ਚਲੇ ਜਾਂਦੇ ਹਾਂ।
     ਧਰਤੀ ਨਾਲੋਂ ਜਿਉਂ-ਜਿਉਂ ਅਸੀਂ ਉੱਤੇ ਉੱਠ ਰਹੇ ਹਾਂ, ਤਾਂ ਸਾਡੇ ਮਨਾਂ ਅੰਦਰ ਓਨੀ ਹੀ ਬੇਚੈਨੀ, ਗੁੱਸਾ, ਨਫਰਤ ਤੇ ਹੰਕਾਰ ਵਧੀ ਜਾ ਰਿਹਾ ਹੈ। ਅਸੀਂ ਆਪੋ-ਆਪਣੀ ਮੈਂ ਵਿੱਚ ਫਸਦੇ ਜਾ ਰਹੇ ਹਾਂ।
       ਜਦੋਂ ਅਸੀਂ ਆਪਣੀ 'ਮੈਂ' ਵਿੱਚੋਂ ਬਾਹਰ ਆਉਂਦੇ ਹਾਂ, ਉਦੋਂ ਤੱਕ ਸਮਾਂ ਬਹੁਤ ਅੱਗੇ ਲੰਘ ਜਾਂਦਾ ਹੈ। ਅਸੀਂ ਬਹੁਤ ਪਿੱਛੇ ਰਹਿ ਜਾਂਦੇ ਹਾਂ। ਪਿੱਛੇ ਰਹਿ ਗਿਆਂ ਨੂੰ ਆਪਣੇ ਨਾਲ ਰਲਾਉਣ ਲਈ ਕੋਈ ਰੁਕਦਾ ਨਹੀਂ। ਕੋਈ ਪਿੱਛੇ ਪਰਤ ਕੇ ਨਹੀਂ ਵੇਖਦਾ।
         ਅਸੀਂ ਉਸ ਹਾਲਤ ਵਿੱਚ ਪੁੱਜ ਜਾਂਦੇ ਹਾਂ ਕਿ ਸਾਡੇ ਕੋਲ ਲੱਤਾਂ ਹੋਣ ਦੇ ਬਾਵਜੂਦ ਅਸੀਂ ਨਹੀਂ ਤੁਰ ਸਕਦੇ। ਸਾਡੇ ਕੋਲ ਜੀਭ ਹੋਣ 'ਤੇ ਵੀ ਅਸੀਂ ਬੋਲ ਨਹੀਂ ਸਕਦੇ। ਅਸੀਂ ਬੋਲਣ ਦਾ ਯਤਨ ਤਾਂ ਕਰਦੇ ਹਾਂ ਪਰ ਸਾਡੀ ਕੋਈ ਆਵਾਜ਼ ਨਹੀਂ ਸੁਣਦਾ।
          ਵਾਜਾਂ ਮਾਰੀਆਂ ਬੁਲਾਇਆ ਕਈ ਵਾਰ ਵੇ,
          ਕਿਸੇ ਨੇ ਮੇਰੀ ਗੱਲ ਨਾ ਸੁਣੀ।
      ਸਾਡੀ ਗੱਲ ਸੁਨਣ ਦਾ ਕਿਸੇ ਕੋਲ ਸਮਾਂ ਨਹੀਂ। ਅਸੀਂ ਤਾਂ ਦੌੜੀ ਜਾ ਰਹੇ ਹਾਂ-ਪਦਾਰਥਾਂ ਪਿੱਛੇ। ਅਸੀਂ ਵਸਤੂਆਂ ਨਾਲ ਆਪਣੇ ਘਰ ਭਰ ਲਏ ਹਨ। ਘਰਾਂ ਅੰਦਰ ਵਸਤੂਆਂ ਦੀ ਗਿਣਤੀ ਵੱਧ ਗਈ ਹੈ। ਘਰਾਂ ਵਿੱਚੋਂ ਜ਼ਿੰਦਗੀ ਦੂਰ ਚਲੇ ਗਈ ਹੈ। ਘਰ ਅਸੀਂ ਸਟੋਰ ਬਣਾ ਦਿੱਤੇ ਹਨ। ਇਨ੍ਹਾਂ ਸਟੋਰਾਂ ਵਿਚ ਜ਼ਿੰਦਗੀ ਨਹੀਂ ਧੜਕਦੀ। ਵਸਤੂਆਂ ਦੇ ਬਿੱਲ ਆਉਂਦੇ ਹਨ। ਅਸੀਂ ਬਿੱਲ ਉਤਾਰਦੇ ਖੁਦ ਵਸਤੂ ਬਣ ਗਏ ਹਾਂ।
       ਸਾਡੇ ਅੰਦਰ ਸੁਹਜ ਸੰਵੇਦਨਾ ਮਰ ਗਈ ਹੈ। ਅਸੀਂ ਪੱਥਰ ਬਣ ਗਏ ਹਾਂ। ਤੁਰਦੀਆਂ-ਫਿਰਦੀਆਂ ਮੂਰਤੀਆਂ ਵਾਲੇ ਜਿਸਮ ਲਈ ਅਸੀਂ ਇੱਕ ਦੂਜੇ ਨੂੰ ਲਤਾੜਦੇ ਦੌੜ ਰਹੇ ਹਾਂ। ਇਹ ਅੰਨ੍ਹੀ ਦੌੜ ਕਦੋਂ ਤੇ ਕਿੱਥੇ ਖਤਮ ਹੋਵੇਗੀ? ਇਸ ਦੌੜ ਦਾ ਅੰਤ ਕੀ ਹੋਵੇਗਾ? ਇਸ ਦੌੜ ਨੇ ਸਾਡੇ ਕੋਲੋਂ ਬੜਾ ਕੁੱਝ ਖੋਹ ਲਿਆ ਹੈ।
      ਸਾਡਾ ਅੰਦਰ ਮੁਰਦਾ ਸ਼ਾਂਤੀ ਨਾਲ ਭਰ ਗਿਆ ਸਾਡੇ ਹੱਥਾਂ ਵਿੱਚੋਂ ਕਿਰਤ ਖੁਸ ਗਈ ਹੈ। ਸਾਡੇ ਹੱਥਾਂ ਦੇ ਵਿਚ ਠੂਠੇ ਫੜਾ ਦਿੱਤੇ ਹਨ। ਅਸੀਂ ਨੀਲੇ, ਪੀਲੇ ਤੇ ਲਾਲ ਕਾਰਡ ਬਨਾਉਣ ਦੇ ਲਈ ਪੱਬਾਂ ਭਾਰ ਹੋਏ ਪਏ ਹਾਂ।
     ਅਸੀਂ ਕਦੇ ਇਹਨਾਂ ਸਿਆਸੀ ਆਗੂਆਂ ਨੂੰ ਇਹ ਨਹੀਂ ਪੁੱਛਦੇ ਕਿ ਤੁਹਾਡੀ ਆਮਦਨ ਕਿਉਂ ਹਰ ਸਾਲ ਵੱਧਦੀ ਹੈ ਤੇ ਲੋਕ ਕਿਉਂ ਖੁਦਕੁਸ਼ੀਆਂ ਤੱਕ ਪੁਜ ਗਏ? ਕਿਉਂਕਿ ਇਹ ਸਿਆਸੀ ਆਗੂ ਸਾਨੂੰ ' ਮੁਫਤ' ਦੀਆਂ ਸਹੂਲਤਾਂ ਦਿੰਦੇ ਹਨ।
      ਅਸੀਂ ਆਪੋ ਆਪਣੇ ਖੋਲ ਅੰਦਰ ਗਵਾਚ ਗਏ ਹਾਂ। ਅਸੀਂ ਤੜਫ ਰਹੇ ਹਾਂ। ਅਸੀਂ ਚੀਕ ਰਹੇ ਹਾਂ। ਅਸੀਂ ਮਰ ਰਹੇ ਹਾਂ, ਜਾਂ ਫਿਰ ਸਾਨੂੰ ਮਾਰਿਆ ਜਾ ਰਿਹਾ ਹੈ। ਵਿਕਾਸ ਦੇ ਨਾਂਅ ਹੇਠ ਸਾਡੇ ਕੋਲੋਂ ਰੋਟੀ ਖੋਹੀ ਜਾ ਰਹੀ ਹੈ।। ਰੋਟੀ ਬਦਲੇ ਸਾਨੂੰ ਮਿਲਦੀ ਸਾਨੂੰ ਪੁਲਿਸ ਦੀ ਕੁੱਟ ਜਾਂ ਫਿਰ ਗੋਲੀ ਮਿਲਦੀ ਹੈ।
       ਬੰਦੂਕਾਂ ਦੇ ਢਿੱਡ ਨਹੀਂ ਹੁੰਦੇ। ਜਿਨ੍ਹਾਂ ਦਾ ਇਹ ਦੇਸ਼ ਹੈ, ਉਨ੍ਹਾਂ ਲਈ ਇਸ ਦੇਸ਼ ਵਿੱਚ ਕੋਈ ਥਾਂ ਨਹੀਂ। ਉਨ੍ਹਾਂ ਨੂੰ ਨਿੱਤ ਲੁੱਟਿਆ ਤੇ ਕੁੱਟਿਆ ਜਾ ਰਿਹਾ ਹੈ। ਇਹ ਕੁੱਟ ਕਦੇ ਪੰਜਾਬ ਦੀ ਧਰਤੀ 'ਤੇ ਪੈਂਦੀ ਹੈ, ਕਦੇ ਜੰਮੂ ਕਸ਼ਮੀਰ, ਛੱਤੀਸ਼ਗੜ੍ਹ, ਝਾਰਖੰਡ, ਕਦੇ ਦਿੱਲੀ, ਗੁਜਰਾਤ, ਯੂਪੀ, ਅਸਾਮ ਵਿੱਚ ਤੇ ਅੱਜ ਤਾਂ ਦੇਸ਼ ਦਾ ਹਰ ਥਾਂ ਕਤਲਗਾਹ ਬਣਾ ਦਿੱਤਾ ਗਿਆ ਹੈ। ਕਿਤੇ।ਵੀ ਕਦੇ ਵੀ ਹੋ ਸਕਦਾ ਐ, ਕੁੱਝ ਵੀ। ਦਿੱਲੀ ਹੁਣ ਰਣ ਭੂਮੀ ਬਣਗੀ ਹੈ।
      ਅਜੇ ਤਾਂ ਦੇਸ਼ ਨੂੰ ਆਜ਼ਾਦ ਹੋਇਆਂ ਹੀ ਬਹੱਤਰ ਵਰ੍ਹੇ ਬੀਤੇ ਹਨ। ਇਨਾਂ ਵਰ੍ਹਿਆਂ ਵਿਚ ਅਸੀਂ ਦੇਸ਼ ਨੂੰ ਕਿਸ ਮੋੜ 'ਤੇ ਲਿਆ ਕਿ ਖੜਾ ਕਰ ਦਿੱਤਾ ਹੈ।
       ਅਸੀਂ ਮਹਾਂ ਗੁਰੂ, ਮਹਾਂ ਸ਼ਕਤੀ ਬਣਦ ਬਣਦੇ, ਜ਼ੀਰੋ ਬਣ ਗਏ ਹਨ। ਜ਼ੀਰੋ ਦਾ ਕੋਈ ਮੁੱਲ ਨਹੀਂ ਹੁੰਦਾ, ਸਾਡਾ ਕੀ ਹੋਣਾ, ਬਸ ਏਹੀ ਹੈ ਰੋਣਾ ਧੋਣਾ। ਸਦੀਆਂ ਲੰਘ ਗਈਆਂ। ਵਹਿ ਗਏ ਪਾਣੀ। ਰੁਕ ਗਈ ਜ਼ਿੰਦਗੀ, ਊਠ ਮਗਰ ਤੁਰੇ ਕੁੱਤੇ ਵਾਂਗ, ਦੌੜ ਰਹੇ ਹਾਂ।
 
    ਖੜਾ ਪਾਣੀ ਤੇ ਮਨੁੱਖ ਮੁਸ਼ਕ ਜਾਂਦਾ ਹੈ। ਅਸੀਂ ਮੁੱਸ਼ਕ ਰਹੇ ਹਾਂ। ਰੁੱਖਾਂ ਵਾਂਗ ਸੁੱਕ ਰਹੇ ਹਾਂ। ਸਾਨੂੰ ਪਾਣੀ ਦੇਣ ਵਾਲੇ ਹੱਥ ਵੱਢ ਦਿੱਤੇ ਹਨ।
       ਸਾਡੇ ਕੋਲੋਂ ਪੌਣ-ਪਾਣੀ ਤੇ ਧਰਤੀ ਖੋਹੀ ਜਾ ਰਹੀ ਹੈ। ਕਿਸੇ ਕੋਲੋਂ ਰੁਜਗਾਰ ਖੋਹ ਲੈਣ। ਅਸਲ ਵਿੱਚ ਉਸਦੀ ਜਿੰਦਗੀ ਖੋਹ ਲੈਣਾ ਹੁੰਦਾ ਹੈ। ਸਾਡੇ ਕੋਲੋਂ ਜ਼ਿੰਦਗੀ ਖੋਹੀ ਜਾ ਰਹੇ ਹਾਂ। ਅਸੀਂ ਪਿਆਸੇ ਤੜਫ ਰਹੇ ਹਾਂ।
ਕਦ ਤੱਕ ?  ਸੁੱਤੇ ਰਹਾਂਗੇ। ਹੁਣ ਤਾਂ ਜਾਗ ਪਵੋ,
      ਦੁਸ਼ਮਣ ਤੇ ਮਨੁੱਖਤਾ ਦੇ ਕਾਤਲਾਂ ਦੇ ਗਲ ਪਵੋ। ਹੁਣ ਬਿਨ ਜਾਗਰੂਕ ਤੇ ਇੱਕਠੇ ਹੋਇਆਂ ਸਰਨਾ ਨਹੀਂ ਜਾਂ ਤੁਸੀਂ ਕਦੇ ਮਰਨਾ ਨਹੀਂ? ਕੁੱਝ ਕਰ ਮਰੋ, ਐਵੇਂ ਨਾ ਡਰੋ।
      ਖੜਾ ਪਾਣੀ, ਵਹਿ ਰਿਹਾ ਪਾਣੀ, ਰੁਕੀ ਤੇ ਤੁਰਦੀ ਜ਼ਿੰਦਗੀ ਨੇ ਕੀ ਖੱਟਿਆ ਐ ?  ਮਿਰਗ ਤ੍ਰਿਸਨਾ ਵਿੱਚ ਸਿਰ ਉਤੇ ਰੱਖ ਕੇ ਪੈਰ ਦੌੜਦੇ ਰਹੇ। ਇੱਕ ਥਾਂ ਤੋਂ ਦੂਜੀ ਥਾਂ। ਭਰਿਆ ਢਿੱਡ , ਨੀਤ ਨਹੀਂ ਭਰੀ। ਕੋਹ ਨਹੀਂ ਤੁਰੇ। ਬਾਬਾ ਪੱਚੀ ਵਰ੍ਹੇ ਤੁਰਿਆ। ਸ਼ਬਦ ਰਬਾਬ ਨਾਲ ਚਾਨਣ ਵੰਡਿਆ। ਜ਼ਿੰਦਗੀ ਦੇ ਅਰਥ ਦੱਸੇ। ਬੰਦੇ ਨੂੰ ਮੈਂ ਤੋਂ ਮੁਕਤ ਹੋਣ ਦਾ ਸਬਕ ਪੜਾਇਆ, ਕਿਰਤ ਦੀ ਰਾਖੀ ਕਿਵੇਂ ਕਰਨੀ, ਹੱਕ ਸੱਚ ਤੇ ਜ਼ਬਰ, ਜ਼ੁਲਮ ਦੇ ਵਿਰੁੱਧ ਕਿਰਪਾਨ ਨੂੰ ਤਲਵਾਰ ਬਣਾਇਆ। ਸੁੱਤੀ ਕੌਮ ਜਗਾਇਆ।
    ਅਸੀਂ ਤੇ ਕੋਹ ਦਾ ਪੈਂਡਾ ਵੀ ਨਹੀਂ ਮੁਕਾਇਆ। ਅਖੇ ਬਾਬਾ ! ਕੋਹ ਨਾ ਚੱਲੀ, ਬਾਬਾ ਮੈਂ ਤ੍ਰਿਹਾਈ। ਭਲਾ ਮਨ ਦੇ ਭੁੱਖੇ ਦੀ ਕਿਸ ਨੇ ਪਿਆਸ ਬੁਝਾਈ ?
      ਹੁਣ ਜੰਗ  ਬਾਬੇ ਕਿਆਂ ਤੇ ਬਾਬਰ ਕਿਆਂ ਦੇ ਵਿਚਕਾਰ  ਲੱਗੀ ਹੋਈ ਹੈ। ਬਾਬੇ ਕਿਆਂ ਦੇ ਕੋਲ ਕੁਦਰਤ ਤੇ ਅੰਦਰੂਨੀ ਬਲ ਹੇ ਤੇ ਬਾਬਰ ਕਿਆਂ ਦੇ ਸਰਕਾਰੀ ਮਸ਼ੀਨਰੀ ਹੈ ਜੋ ਹਰ ਪੱਧਰ  ਤੇ ਵਰਤਦੇ ਹਨ.
ਹੁਣ ਜਬਰ ਦੇ ਖਿਲਾਫ਼  ਸਬਰ ਦੀ ਨਵੀਂ  ਲੜ੍ਹਾਈ  ਹੋ ਰਹੀ ਹੈ ਸਮਾਂ  ਤੇ ਕਿਰਦਾਰ  ਬਦਲੇ ਹਨ ਪਰ ਬਾਕੀ ਸਭ ਓਹੀ ਹੋ ਰਿਹਾ ਜੋ ਯੁੱਗਾਂ ਤੋਂ  ਹੋ ਰਿਹਾ  ਹੈ।  ਹੁਣ ਆਪੇ ਖੂਹ ਪੁੱਟ ਕੇ ਪਾਣੀ ਪੀਣ ਵਾਲੇ ਦੌਰ ਵਿੱਚ  ਪੁੱਜ ਗਏ ਹਾਂ ।
ਰਬਾਬ ਤੇ ਬਾਣੀ ਦੇ ਬੋਲ ਬਾਬਰ ਕਿਆ ਦੀ ਨੀਂਦ  ਹਰਾਮ ਕਰ ਰਹੇ ਹਨ, ਤਾਂ  ਹੀ ਜ਼ਖਮੀ ਸੱਪ ਵਾਂਗੂੰ  ਵਾਰ

ਕਿਸਾਨ ਮਜ਼ਦੂਰ  ਅੰਦੋਲਨ ਦੇ ਨਾਂ : ਬੁੱਕਲ ਦੇ ਸੱਪ   - ਬੁੱਧ ਸਿੰਘ ਨੀਲੋਂ

ਇਸ ਸਮੇਂ  ਕਿਸਾਨ ਮਜ਼ਦੂਰ ਅੰਦੋਲਨ  ਸਿਖਰ ਉਤੇ ਹਨ। ਇਥੇ ਤੱਕ ਦੀ ਜਿੱਤ ਨੂੰ ਬਰਕਰਾਰ ਰੱਖਣ ਲਈ ਬਹੁਤ ਹੀ ਜ਼ਾਬਤੇ ਦੀ ਲੋੜ ਹੈ। ਸੱਤਧਾਰੀਆਂ ਵਲੋਂ ਇਸ ਅੰਦੋਲਨ ਨੂੰ  ਲੀਹੋਂ ਲਾਉਣ ਦੇ ਹਰ ਤਰੀਕਾ  ਵਰਤਿਆ ਜਾ ਰਿਹਾ ਹੈ .. ਤੇ ਹੋਰ ਕਮਜ਼ੋਰ ਕੜੀਆਂ ਲੱਭਣ ਲਈ ਉਹ ਪੂਰੀ ਤਰ੍ਹਾਂ ਨਿਸ਼ਾਨਦੇਹੀ ਕਰ ਰਹੇ ਹਨ ...
       ਜੰਗ ਦੇ ਮੈਦਾਨ ਵਿੱਚ ਦੁਸ਼ਮਣ ਦੇ ਨਾਲੋਂ  ਆਪਣਿਆਂ ਤੋਂ  ਵਧੇਰੇ ਡਰ ਬਣਿਆ  ਰਹਿੰਦਾ  ਹੈ .. ਇਹ ਹੁਣ ਤੱਕ ਹੁੰਦਾ  ਆਇਆ  ਹੈ .. ਭਵਿੱਖ ਵਿੱਚ ਨਾ ਹੋ ਜਾਵੇ .. ਇਸ  ਬਾਰੇ ਲੋਕ ਚਿੰਤੁਤ ਹਨ ..
ਇਹ  ਚਿੰਤਾ ਹੋਣੀ ਸੁਭਾਵਕ ਹੈ … ਪਰ ਸਾਡੇ ਆਪਣੇ ਹੀ ਬੱਖੀ 'ਚ ਛੁਰੇ ਖੋਬ ਰਹੇ ਹਨ।
ਕੋਈ  ਆਪਣਾ ਸਭ ਕੁੱਝ ਲੁੱਟਦਾ ਰਿਹਾ ਤੇ ਕੋਈ  ਸਭ ਕੁੱਝ  ਲੁੱਟਣ ਦੀ ਭਾਲ ਵਿੱਚ  ਹੈ .. ਸਭ ਦੀ ਆਪੋ ਆਪਣੀ ਸਮਝ ਤੇ ਸੋਚ ਹੈ .. ਸਭ ਦੇ ਆਪੋ ਆਪਣੇ ਨਾਇਕ ਤੇ ਖਲਨਾਇਕ ਹਨ ..
ਇਤਿਹਾਸਕ ਸੱਚ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ .. ਸੱਚ ਤੇ ਸੱਚ ਹੈ .. ਪਰ ਕੌਣ ਸਮਝਦਾ ਹੈ ?
  ਪਿੱਠ ਤੇ ਛੁਰਾ ਮਾਰਨਾ ਮਨੁੱਖ  ਦੀ ਫਿਤਰਤ ਹੈ ਪਰ ਸਭ ਮਨੁੱਖ  ਇੱਕੋ ਜਿਹੇ ਨਹੀਂ ਹੁੰਦੇ ਕੁਝ  ਲੋਕ ਪੂਰੇ ਸਮਾਜ  ਜਾਂ ਮਨੁੱਖਤਾ ਨੁੰ  ਬਦਨਾਮ ਕਰ ਦੇਦੇ ਹਨ !
         ਜ਼ਿੰਦਗੀ ਦੇ ਵਿਚ ਜਦੋਂ ਵੀ ਕੋਈ ਅਰਸ਼ ਤੋਂ ਫ਼ਰਸ਼ 'ਤੇ ਡਿੱਗਦਾ ਹੈ ਤਾਂ ਉਸ ਦਾ ਆਪਣਾ ਏਨਾਂ ਆਪਣਾ ਕਸੂਰ ਨਹੀਂ ਹੁੰਦਾ, ਜਿੰਨਾਂ  ਉਹਨਾਂ ਦੇ ਸਲਾਹਕਾਰਾਂ ਦਾ ਹੁੰਦਾ ਹੈ, ਜਿਹੜੇ 'ਸੱਚ' ਨੂੰ ਝੂਠ ਤੇ 'ਝੂਠ' ਨੂੰ ਸੱਚ ਬਣਾ ਕੇ ਦੱਸਦੇ ਰਹਿੰਦੇ ਹਨ।
          ਅਸੀਂ ਅਕਸਰ ਹੀ ਆਪਣੇ ਦੁਸ਼ਮਣ ਦੀਆਂ ਚਾਲਾਂ 'ਤੇ ਨਜ਼ਰ ਰੱਖਦੇ ਹਾਂ ਕਿ ਉਹ ਕੀ ਕਰਦਾ ਹੈ? ਅਸੀਂ  ਉਸ ਦੇ ਖਿਲਾਫ਼ ਕੀ ਕਰਨਾ ਹੈ, ਇਸ ਦੀਆਂ ਸਕੀਮਾਂ ਬਣਾਉਂਦੇ ਰਹਿੰਦੇ ਹਾਂ ਪਰ ਸਾਨੂੰ ਉਸ ਵੇਲੇ ਹੀ ਪਤਾ ਲੱਗਦਾ ਜਦੋਂ  'ਧੋਬੀ ਪਟੜਾ' ਮਾਰ ਕੇ  ਬੁੱਕਲ ਦੇ ਸੱਪ ਲਾਂਭੇ ਹੁੰਦੇ ਹਨ।
       ਅਸੀਂ ਬਾਅਦ 'ਚ 'ਹੱਥ ਮਲਦੇ' ਹੀ ਰਹਿ ਜਾਂਦੇ ਹਾਂ। ਇਸ ਤਰਾਂ ਦਾ ਸਿਲਸਿਲਾ ਘਰ, ਪਰਿਵਾਰ, ਪਿੰਡ, ਰਾਜ ਤੇ ਦੇਸ਼ ਤੱਕ ਚਲਦਾ ਹੈ। ਦੇਸ਼ ਦਾ ਖੁਫੀਆ ਤੰਤਰ ਉਹ ਬੁੱਕਲ ਦੇ ਸੱਪ ਹੀ ਤਾਂ ਹਨ, ਜਿਹੜੇ 'ਅੰਨ-ਪਾਣੀ' ਮਾਲਕ ਦਾ ਛੱਕਦੇ ਹਨ ਪਰ ਖ਼ਬਰਾਂ ਹੋਰਾਂ ਨੂੰ ਦੇਂਦੇ ਹਨ।
       ਤੁਸੀਂ ਸੱਪ ਨੂੰ ਜਿੰਨਾਂ ਮਰਜ਼ੀ ਦੁੱਧ ਪਿਆ ਲਵੋ ਪਰ ਉਸ ਨੇ ਇੱਕ ਨਾ ਇੱਕ ਦਿਨ ਤੁਹਾਨੂੰ ਹੀ  ਡੱਸਣਾ ਹੁੰਦਾ ਹੈ। ਇਤਿਹਾਸ ਦੇ ਵਿਚ ਇਹਨਾਂ ਬੁੱਕਲ ਦੇ ਸੱਪਾਂ ਦੀ ਲੰਮੀ ਲਿਸਟ ਹੈ।
        ਜਿਹਨਾਂ ਨੇ ਅਜਿਹੇ ਡੰਗ ਮਾਰੇ ਕਿ ਇਤਿਹਾਸ ਹੀ ਬਦਲ ਕੇ ਰੱਖ ਦਿੱਤਾ। ਪਰ ਬੁੱਕਲ ਦੇ ਸੱਪਾਂ ਦਾ  ਕਦੇ ਵੀ ਪਤਾ ਨਹੀਂ ਲੱਗਦਾ ਕਿ ਇਹ ਕਿਹੜੇ ਬਣਦੇ ਹਨ? ਤਾਂ ਹੀ ਕਿਹਾ ਜਾਂਦਾ ਹੈ ਕਿ 'ਘਰ ਦਾ ਭੇਤੀ ਲੰਕਾ ਢਾਹੇ'।
ਇਸ ਸਮੇਂ ਸਮਾਜ, ਧਰਮ ਤੇ ਰਾਜਨੀਤੀ ਦੇ ਵਿਚ ਜਿਹੜਾ ਖਲਾਰਾ ਪਿਆ ਹੋਇਆ ਹੈ, ਇਹ ਦੇ ਵਿਚ ਉਹਨਾਂ 'ਬੁੱਕਲ ਦੇ ਸੱਪਾਂ' ਦੀ ਮਿਹਰਬਾਨੀ ਹੈ, ਜਿਹੜੇ ਆਪਣੀ ਕਾਰਵਾਈ ਪਾ ਕੇ ਤਿੱਤਰ ਹੋ ਜਾਂਦੇ ਹਨ।
ਸਿੱਖ ਇਤਿਹਾਸ ਦੇ ਅਜਿਹੇ ਸੱਪਾਂ ਦੀ ਗਿਣਤੀ ਬਹੁਤ ਹੈ ਪਰ ਅਸੀਂ ਨਾ ਤਾਂ ਇਤਿਹਾਸ ਪੜਦੇ ਹਾਂ ਤੇ ਨਾ ਹੀ ਸਾਹਿਤ ਪੜਦੇ ਹਾਂ। ਸ਼੍ਰੀ ਗੁਰੂ ਗਰੰਥ ਸਾਹਿਬ ਜੀ  ਨੂੰ ਅਸੀਂ ਸਿਰਫ਼ ਤੇ ਸਿਰਫ਼ ਮੱਥਾ ਟੇਕਦੇ ਹਾਂ।
         ਉਸ ਦੇ ਸ਼ਬਦਾਂ ਨੂੰ ਨਹੀਂ ਪੜਦੇ, ਇਸੇ ਕਰਕੇ ਸਾਨੂੰ ਪਤਾ ਨਹੀਂ ਲੱਗਦਾ ਕਿ ਜੀਵਨ ਦਾ ਅਸਲੀ ਸੱਚ ਕੀ ਹੈ ਤੇ ਅਸੀਂ ਤੀ ਕਰੀ ਜਾ ਰਹੇ ਹਾਂ? 'ਚੰਦੂ ਤੇ ਗੰਗੂ' ਅਜਿਹੇ ਬੁੱਕਲ ਦੇ ਸੱਪ ਹਨ, ਜਿਹਨਾਂ  ਦੇ ਵਿੱਚੋਂ ਇੱਕ ਨੇ ਪੰਜਵੇਂ ਪਾਤਸ਼ਾਹ ਨੂੰ 'ਤੱਤੀ ਤਵੀ' ਤੇ ਦੂਜੇ ਨੇ ਛੋਟੇ ਸਾਹਿਬਜਾਦਿਆਂ ਨੂੰ ਨੀਂਹਾਂ ਦੇ ਵਿਚ ਚਿਣਵਾਇਆ। ਇਸੇ ਹੀ ਤਰਾਂ ਬਾਬਾ ਬੰਦਾ ਸਿੰਘ ਬਹਾਦਰ ਨੂੰ ਗੁਰਦਾਸ ਨੰਗਲ ਦੀ ਧਰਤੀ 'ਤੇ ਮੁਗਲਾਂ ਦਾ ਕੈਦੀ ਬਣਾਉਣ ਦੇ ਵਿਚ ਜਿਹੜੀ ਭੂਮਿਕਾ ਬਾਬਾ ਵਿਨੋਦ ਸਿੰਘ ਤੇ ਬਾਬਾ ਕਾਹਨ ਸਿੰਘ ਨੇ ਨਿਭਾਈ ਇਸ ਤੋਂ ਕੌਮ ਜਾਣੂ ਹੈ, ਕਿ ਉਹ  ਹਕੂਮਤ ਦੇ ਨਾਲ ਰਲਿਆ ਤੇ ਬੰਦਾ ਸਿੰਘ ਨੂੰ ਕਮਜ਼ੋਰ ਕਰਕੇ ਗ੍ਰਿਫਤਾਰ ਕਰਵਾਇਆ ।
      ਇਸੇ ਹੀ ਤਰਾਂ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਇਹ ਭੂਮਿਕਾ ਡੋਗਰਿਆਂ ਨੇ ਨਿਭਾਈ ਜਿਸ ਦੇ ਵਿਚ ਕਈ ਸਿੱਖ ਰਾਜੇ ਵੀ ਸ਼ਾਮਿਲ ਸਨ।
      ਇਹੋ ਹੀ ਹਾਲ ਅੰਗਰੇਜ਼ ਹਕੂਮਤ ਦੇ ਖਿਲਾਫ਼ ਪਹਿਲੇ ਵਿਦਰੋਹ ਵੇਲੇ ਹੋਂਇਆ ਸੀ, ਜਦੋਂ ਘਰ ਦੇ ਭੇਤੀਆਂ ਨੇ ਇਸ ਵਿਦਰੋਹ ਦੀ  ਕਹਾਣੀ ਅੰਗਰੇਜ਼ਾਂ ਨੂੰ ਜਾ ਦੱਸੀ ਸੀ, ਉਸ ਵੇਲੇ ਇਹ ਸਾਰੀ ਸਕੀਮ ਧਰੀ ਦੀ ਧਰਾਈ ਰਹਿ ਰਹਿ ਗਈ ਸੀ।
ਗਦਰ ਲਹਿਰ ਤੇ  ਭਾਰਤ ਨੌਜਵਾਨ ਸਭਾ ਦੇ ਆਗੂਆਂ ਨੂੰ ਫੜਾਉਣ ਦੇ ਲਈ ਕਦੇ ਸਫੈਦਪੋਸ਼ਾਂ ਤੇ ਕਦੇ ਆਪਣਿਆਂ ਨੇ ਭੇਤ ਦੱਸ ਕੇ ਜੁਝਾਰੂ ਸ਼ਹੀਦ ਕਰਵਾਏ। 1857 ਦਾ ਵਿਦਰੋਹ ਇਹਨਾਂ ਘਰ ਦੇ ਭੇਤੀਆਂ ਦੇ ਕਾਰਨ ਪੂਰਾ 100 ਸਾਲ ਪਿੱਛੇ ਪਿਆ। ਹੁਣ ਦੀ ਤਾਜਾ ਖੋਜ ਇਹ ਦੱਸਦੀ  ਹੈ ਕਿ ਚੰਦਰ ਸ਼ੇਖਰ ਆਜ਼ਾਦ ਆਖ਼ਿਰੀ ਸਮੇਂ ਪੰਡਿਤ ਜਵਾਹਰ ਨਹਿਰੂ ਨੂੰ ਮਿਲ ਕੇ ਗਿਆ ਸੀ,  ਜਦੋਂ ਉਸ ਨੂੰ ਅੰਗਰੇਜ਼ ਸਿਪਾਹੀਆਂ ਨੇ ਬਾਗ਼ ਦੇ ਵਿਚ ਘੇਰਾ ਪਾਇਆ ਸੀ। ਚੰਦਰ ਸ਼ੇਖਰ ਉਸ ਵੇਲੇ ਭਗਤ ਸਿੰਘ ਦੀ ਰਿਹਾਈ ਦੇ ਮਾਮਲੇ ਨੂੰ ਲੈ ਕੇ ਪੰਡਿਤ ਜਵਾਹਰ ਲਾਲ ਨਹਿਰੂ ਨੂੰ ਮਿਲਿਆ ਸੀ, ਜਿਸ ਨੇ ਭਗਤ ਸਿੰਘ ਨੂੰ ਰਿਹਾ ਕਰਵਾਉਣ ਤੋਂ ਕੋਰੀ ਨਾ ਕਰ ਦਿੱਤੀ ਸੀ। ਸਿਆਸਤ ਦੇ ਵਿਚ ਬੁੱਕਲ ਦੇ ਸੱਪਾਂ ਨੇ ਕਿਸ ਕਿਸ ਨੂੰ ਡੰਗਿਆ ਹੈ? ਇਸ ਦੀ ਲੰਮੀ ਕਥਾ ਹੈ।
       ਬਾਦਲਾਂ ਦੇ ਰਾਜ ਵੇਲੇ ਕੁੱਝ ਅਕਾਲੀ ਐਮ. ਐਲਜ਼ ਨੇ ਕਾਂਗਰਸ ਦੇ ਨਾਲ ਰਲ ਕੇ ਸਰਕਾਰ ਬਣਾਉਣ ਦੀ ਸਕੀਮ ਘੜੀ ਤਾਂ ਕਾਂਗਰਸ ਦੇ ਹੀ ਇੱਕ ਭੇਤੀ ਨੇ ਇਸ ਦੀ ਖ਼ਬਰ ਬਾਦਲ ਦੇ ਕੋਲ ਪੁੱਜਦੀ ਕਰ ਦਿੱਤੀ, ਜਿਸ ਦਾ ਖਮਿਆਜਾ ਕੈਪਟਨ ਕੰਵਲਜੀਤ ਸਿੰਘ ਨੂੰ ਭੁਗਤਣਾ ਪਿਆ ਸੀ।
       ਹੁਣ ਬਰਗਾੜੀ ਦੇ ਲੱਗੇ ਇਨਸਾਫ਼ ਮੋਰਚੇ ਨੂੰ ਕਿਸੇ ਤਣ ਪੱਤਣ ਲੱਗਣ ਦੇ ਲਈ ਜਦੋਂ ਵੀ ਕੋਈ ਰਾਇ ਬਣਦੀ ਹੈ ਤਾਂ ਬੁਕਲ ਦੇ ਸੱਪ ਆਪਣੀ ਕਾਰਵਾਈ ਪਾ ਕੇ ਇਸ ਮਸਲੇ ਨੂੰ ਉਲਟਾਅ ਦੇਂਦਾ ਹਨ। ਆਖਿਰ ਬਗੈਰ  ਇਨਸਾਫ ਦੇ ਮੋਰਚਾ ਖੁਰਦ-ਬੁਰਦ। ਦੋਸ਼ ਸਿਲਸਿਲੇ  ਸ਼ੁਰੂ ਨੇ ਕੀ ਖੱਟਿਆ ਤੇ ਕੀ ਗਵਾਇਆ ਇਸ ਦਾ ਹਿਸਾਬ  ਕੌਣ ਦੇਵੇਗਾ? ਕੌਣ ਸੀ ਇਹਨਾਂ  'ਚ ਬੁੱਕਲ ਦੇ ਸੱਪ
       ਇਸੇ ਕਰਕੇ ਸਿਆਣੇ ਆਖਦੇ ਹਨ ਕਿ ਘਰ ਦੇ ਭੇਤੀਆਂ 'ਤੇ  ਨਜ਼ਰ ਰੱਖੋ। ਪਰ ਇਹ ਭੇਤੀ ਹਰ ਥਾਂ ਮੌਜੂਦ ਹੁੰਦੇ ਹਨ। ਜਿਹੜੇ ਮੌਕੇ ਦੀ ਤਲਾਸ਼ ਵਿਚ ਰਹਿੰਦੇ ਹਨ।
 ਮਾਮਲਾ ਸਮਾਜ, ਧਰਮ ਤੇ ਸਿਆਸਤ ਦਾ ਹੋਵੇ ਜਾਂ ਕਿਸੇ ਘਰ ਦਾ ਹੋਵੇ, ਬੁੱਕਲ ਦੇ ਸੱਪਾਂ ਤੋਂ ਬਚਣਾ ਬਹੁਤ ਹੀ ਔਖਾ ਹੁੰਦਾ ਹੈ। ਪਰ ਇਹ ਮੂੰਹ ਦੇ ਮਿੱਠੇ ਤੇ ਕੁੱਤੇ ਵਾਂਗ ਪੂਛ ਮਾਰਦੇ ਰਹਿੰਦੇ ਹਨ। ਇਹਨਾਂ ਦੋਮੂੰਹਿਆਂ ਤੋਂ ਬਚਣ ਦੀ ਲੋੜ ਹੈ, ਹੁਣ ਸਿੱਖ ਕੌਮ ਬੁੱਕਲ ਦੇ ਸੱਪਾਂ ਦੇ ਕਬਜ਼ੇ ਵਿਚ ਹੈ, ਜਿਹੜੇ ਖਾਂਦੇ ਤਾਂ ਗੁਰੂ ਘਰ 'ਚੋਂ ਹਨ ਪਰ ਕੰਮ ਹੋਰਾਂ ਲਈ ਕਰਦੇ ਹਨ। ਆਓ! ਇਹਨਾਂ ਬੁੱਕਲ ਦੇ ਸੱਪਾਂ ਦੀ ਪਹਿਚਾਣ ਕਰੀਏ।
ਘਰ ਦਾ ਭੇਤੀ ਲੰਕਾ  ਢਾਹੇ
ਬੁੱਕਲ ਦੇ ਸੱਪਾਂ ਤੋ ਕਿੰਝ ਬਚੀਏ?
ਇੋਕ ਦੂਜੇ  ਦੇ ਡੰਗ ਮਾਰਨ ਦੀ ਵਜਾਏ
ਇੱਕ ਦੂਜੇ  ਨੂੰ  ਗਲੇ ਲਾਈਏ
ਲੋੜ ਹੈ ਸੋਚ ਬਦਲਣ ਦੀ
      ਪਰ ਹੁਣ ਬੁੱਕਲ ਦੇ ਸੱਪ ਪਛਾਣੇ  ਜਾ ਰਹੇ ਹਨ।  ਉਹਨਾਂ  ਉਤੇ  ਹੋਵੇਗੀ ਕਾਨੂੰਨੀ ਕਾਰਵਾਈ, ਪਰ ਬਚੋ ਬੁੱਕਲ ਦੇ ਸੱਪਾਂ ਤੋਂ !
       ਹੁਣ ਹਰ ਬੋਲ ਤੇ ਚਾਲ ਸੋਚ ਸਮਝ ਕੇ ਚੱਲਣ ਦੀ ਹੈ … ਇਕ ਹੀ ਗਲਤੀ ਇਸ ਜਨ ਅੰਦੋਲਨ ਨੂੰ  ਖਤਮ ਕਰ ਦੇਵੇਗੀ … !
      ਸੰਭਲ ਕੇ ਬੋਲਣ ਤੇ ਤੁਰਨ ਦੀ ਲੋੜ ਹੈ , ਇਹ ਜਨ ਅੰਦੋਲਨ ਕਿਸੇ ਇਕ ਦਾ ਨੀ .. ਸਭ ਦਾ ਹੈ ਤੇ ਜਿੱਤ ਹਾਰ ਸਭ ਦੀ ਹੋਵੇਗੀ .. ਜੇ ਹਾਰਨਾ ਨਹੀਂ ਤਾਂ  ਬੁੱਕਲ ਦੇ ਯਾਰਾਂ ਤੋਂ ਕੌਮ ਦੇ ਗਦਾਰਾਂ ਤੋਂ ਬਚਣਾ ਬਹੁਤ ਜਰੂਰੀ ਹੈ .. ਏਕਤਾ ਨੂੰ ਬਰਕਰਾਰ ਰੱਖਣਾ ਉਸ ਤੋਂ  ਜਰੂਰੀ ਹੈ … ਇਹ ਬਣੀ ਹੈ / ਬਣੀ ਰਹੇ ਤਾਂ  ਜਿੱਤ ਪੱਕੀ ਹੈ।

budhsinghneelon@ gmail.com

ਖੂਬਸੂਰਤ ਪਲ - ਬੁੱਧ  ਸਿੰਘ  ਨੀਲੋੰ

ਮਨ ਦੇ ਬੋਲ  ...
ਤਨ ਦਾ  ਵਾਸਾ
ਅੰਦਰ  ਰੋਹ
ਮੁਖ ਤੇ ਹਾਸਾ
ਮਨੁੱਖਤਾ  ਦਾ ਵਾਸਾ
ਨਾਨਕ, ਕਬੀਰ, ਫਰੀਦ ...
ਸੈਣ...ਰਵਿਦਾਸ ਰਲ ਮਿਲ ਬਹਿਣ ...
ਗੱਲਾਂ ਕਰਦੇ ….

ਵਾਹ ਤੇਰੇ ਮੌਲਾ
ਤੇਰੇ ਰੰਗ ...
ਹੁਣ ਟੁੱਟਣੀਆਂ
ਜਾਤ ਪਾਤ ਦੀ ਜ਼ੰਜੀਰਾਂ ....
ਮਾਨਸ ਕੀ ਏਕ ਜਾਤ
ਦਾ ਪ੍ਰਤੱਖ ਵਾਸਾ,

ਏਨੀ ਠੰਡ  ਤੇ ਚਿਹਰੇ  'ਤੇ ਹਾਸਾ
ਕੋਈ  ਨਾ ਦਿਸੇ ਬਾਹਰਾ ਜੀਉ

ਸਬਰ ਸੰਤੋਖ ਤੇ ਸਾਦਗੀ
ਦਾ ਸਿਖਰ .... ਕੁਰਸੀ  ਨੂੰ
ਪਿਆ ਹੈ ਫਿਕਰ ...
ਡਾ. ਜਗਤਾਰ ਆਖੇ
ਚੁੱਪ ਦੀ ਆਵਾਜ਼  ਸੁਣੋ ...
ਚੁੱਪ ਦੀ ਅੱਖ ਤੱਕੋ ...

ਕੋਈ ਤੇ ਉਠਿਆ ਮਰਦ
ਵਾਹ ਦਿੱਲੀਏ
ਜਗਾ ਦਿੱਤੀ  ਸੁੱਤੀ  ਅਣਖ
ਦੇ ਕਿਵੇ ... ਬੋਲ ਰਹੇ ਛਣਕ
.... ਵਾਹ ਜੀ ...
ਰੱਬ  ਗਿਆ  ਥੱਲੇ  ਆ
ਤੱਕ ਲੋ, ਕਰ ਲੋ, ਦਰਸ਼ਨ ...

 ਨਾਇਕ ਵਿਹੂਣੇ ਲੋਕ - ਬੁੱਧ ਸਿੰਘ ਨੀਲੋਂ

ਨਾਇਕ ਵਿਹੂਣੇ ਲੋਕ
ਕੋਈ ਨ ਰੋਕ ਤੇ ਟੋਕ
ਬਹੁਤ ਵਧੇ ਨੇ ਬੋਕ
ਅਬ ਤੂ ਵੀ ਤਾਲੀ ਠੋਕ?

ਘਰਾਂ ਦੇ ਵਿਚ ਬੈਠੇ ਲੋਕ ਨਾ-ਮੁਰਾਦ ਬੀਮਾਰੀਆਂ ਤੋਂ ਦੁਖੀ ਹਨ, ਸਰਕਾਰੀ ਹਸਪਤਾਲਾਂ ਦੇ ਵਿਚ ਡਾਕਟਰ ਨਹੀਂ, ਦਵਾਈਆਂ ਨਹੀਂ, ਸਕੂਲਾਂ ਦੇ ਵਿਚ ਅਧਿਆਪਕ ਨਹੀਂ, ਨੌਜਵਾਨਾਂ ਦੇ ਕੋਲ ਕੋਈ ਰੁਜਗਾਰ ਨਹੀਂ, ਕਿਸਾਨਾਂ ਦੀਆਂ ਫਸਲਾਂ ਦਾ ਸਹੀ ਮੁੱਲ ਨਹੀਂ ਮਿਲਦਾ, ਕਰਜ਼ੇ ਦੀ ਪੰਡ ਦਿਨੋਂ ਦਿਨ ਭਾਰੀ ਹੁੰਦੀ ਜਾ ਰਹੀ ਹੈ, ਮਜ਼ਦੂਰ ਦੇ ਕੋਲ ਕੋਈ ਰੁਜਗਾਰ ਨਹੀਂ, ਧੀਆਂ ਸ਼ਗਨ ਦੀ ਉਡੀਕ 'ਚ, ਬਜ਼ੁਰਗ ਬੁਢਾਪਾ ਪੈਨਸ਼ਨ ਦੀ ਉਡੀਕ 'ਚ ਬੈਠੇ ਹਨ, ਜਵਾਨੀ ਬੇਰੁਜ਼ਗਾਰੀ ਦੀ ਭੰਨੀ ਨਸ਼ਿਆਂ ਦੀ ਦਲਦਲ 'ਚ ਫਸ ਕਿ ਮਰਨ ਕਿਨਾਰੇ ਖੜੀ ਹੈ। ਥਾਣਿਆਂ ਤੇ ਸਰਕਾਰੀ ਦਫ਼ਤਰਾਂ ਦੇ ਵਿਚ ਲੋਕਾਂ ਦੀ ਕੋਈ ਸਾਰ ਨਹੀ ਲੈ ਰਿਹਾ।
      ਸਮਾਜ ਦੇ ਵਿਚ ਲੋਕਾਂ ਦੇ ਪੈਰਾਂ ਦੇ ਥੱਲੇ ਅੱਗ ਬਲਦੀ ਹੈ। ਉਹ ਹਰ ਤਾਂ ਦੇ ਅੰਗਿਆਰਾਂ ਦੇ ਉਪਰ ਤੁਰਨ ਦੇ ਲਈ ਉਤਾਵਲੇ ਹੋ ਰਹੇ। ਉਹਨਾਂ ਦੇ ਸਾਹਮਣੇ ਦੁਸ਼ਵਾਰੀਆਂ ਤੋਂ ਬਿਨਾਂ ਕੋਈ ਰਸਤਾ ਨਹੀਂ।
        ਸਿਆਸੀ ਲੋਕ ਹੀ ਨਹੀਂ, ਸਮਾਜ ਦੇ ਵਿੱਚ ਹੋਰ ਵੀ 'ਸਮਾਜ-ਸੇਵੀ' ਸੰਸਥਾਵਾਂ ਹਨ ਜਿਹੜੀਆਂ ਆਪਣੀ ਡਫਲੀ ਵਜਾ ਰਹੀਆਂ ਹਨ, ਧਰਮ ਦੇ ਨਾਲ ਜੁੜੇ ਸੰਤ, ਸਾਧ ਤੇ ਹੋਰ ਸਵਰਗ ਤੇ ਨਰਕ ਦੀਆਂ ਗੱਲਾਂ ਕਰਦੇ ਹਨ, ਸਾਹਿਤ ਤੇ ਸੱਭਿਆਚਾਰ ਦੇ ਖੇਤਰ ਦੇ ਲੋਕ ਆਪਣਾ ਰਾਗ ਅਲਾਪ ਰਹੇ ਹਨ।
       ਸਿਆਸੀ ਪਾਰਟੀਆਂ ਹਰ ਪੰਜ ਸਾਲ ਬਾਅਦ ਲੋਕਾਂ 'ਤੇ ਰਾਜ ਕਰ ਰਹੀਆਂ, ਉਹ ਲੋਕਾਂ ਨੂੰ ਲੁੱਟ ਕੇ ਆਪਣੀਆਂ ਤਜ਼ੌਰੀਆਂ ਭਰ ਰਹੇ ਹਨ। ਆਮ ਵਰਗ ਹਰ ਪਾਸ ਤੋਂ ਹਨੇਰ ਦੇ ਵੱਲ ਵਧ ਰਿਹਾ ਹੈ। ਸਿਹਤ, ਸਿਖਿਆ ਤੇ ਰੁਜ਼ਗਾਰ ਵਿਹੂਣਾ ਹੋਇਆ ਅਵਾਮ ਅੱਜ ਅੱਕ ਪਲਾਹੀਂ ਹੱਥ ਮਾਰ ਰਿਹਾ ਹੈ।
       ਉਸ ਦੀ ਬਾਂਹ ਫੜਨ ਵਾਲਾ ਕੋਈ ਨਹੀਂ। ਹਤਾਸ਼ ਹੋਏ ਲੋਕ ਕਦੇ ਡੇਰਿਆਂ ਵੱਲ ਦੌੜਦੇ ਹਨ, ਕਦੇ ਸਿਆਸੀ ਪਾਰਟੀਆਂ ਦੇ ਜਲਸਿਆਂ ਵੱਲ ਭੱਜਦੇ ਹਨ, ਕਦੇ ਉਹਨਾਂ ਨੂੰ ਇਹ ਲਗਦਾ ਹੈ ਕਿ ਕੋਈ ਹੋਰ ਉਹਨਾਂ ਦੀ ਡੁਬਦੀ ਬੇੜੀ ਬੰਨੇ ਲਾ ਦੇਵੇਗਾ।
      ਸਮਾਜ ਦੇ ਹਰ ਖੇਤਰ ਵਿਚ ਚੌਧਰੀਅ ਦੀ ਤਾਂ ਭਰਮਾਰ ਹੈ ਪਰ ਕੋਈ ਨਾਇਕ ਬਣਿਆ ਨਜ਼ਰ ਨਹੀਂ ਆ ਰਿਹਾ। ਜਿਹਨਾਂ ਸੰਸਥਾਵਾਂ ਨੇ ਨਾਇਕ ਤਿਆਰ ਕਰਨੇ ਸਨ ਉਹ ਸਭ ਦੀਆਂ ਸਭ ਖੁਦ ਨਾਇਕ ਵਿਹੂਣੀਆਂ ਹੋ ਗਈਆਂ, ਇਸੇ ਕਰਕੇ ਉਹਨਾਂ ਥਾਵਾਂ ਦੇ ਉਪਰ ਸਭ ਨੂੰ ਆਪੋ-ਧਾਪੀ ਪਈ ਹੋਈ ਹੈ।
        ਸਿਆਸੀ ਆਗੂਆਂ ਨੇ ਆਮ ਲੋਕਾਂ ਨੂੰ 'ਵੋਟਰ ' ਬਣਾ ਦਿੱਤਾ, ਉਹ ਹਰ ਪੰਜ ਸਾਲ ਪਾਰਟੀਆਂ ਬਦਲ ਬਦਲ ਕੇ ਰਾਜ ਕਰ ਰਹੀਆਂ ਹਨ। ਵਿਕਾਸ ਦੇ ਨਾਂ 'ਤੇ ਲੋਕਾਂ ਦੇ ਦਿੱਤੇ ਟੈਕਸ ਨੂੰ ਆਪਣੇ ਹਿੱਤਾਂ ਲਈ ਵਰਤਦੀਆਂ ਹਨ।
        ਉਪਰ ਤੋਂ ਥੱਲੇ ਤੱਕ ਰਿਸ਼ਵਤ ਦਾ ਬੋਲ ਬਾਲਾ ਹੈ। ਭ੍ਰਿਸ਼ਟਾਚਾਰ ਦੀ ਦਲਦਲ 'ਚ ਲੋਕ ਡੁਬ ਰਹੇ ਹਨ। ਬੀਮਾਰੀਆਂ ਦੇ ਨਾਲ ਮਰ ਰਹੇ ਹਨ ਲੋਕ, ਨਸ਼ਿਆਂ ਦੀ ਲਤ ਦੇ ਨਾਲ ਜਵਾਨੀ ਏਡਜ਼ ਦੀ ਬੀਮਾਰੀ ਦਾ ਸ਼ਿਕਾਰ ਹੋ ਰਿਹਾ ਹੈ। ਨੌਜਵਾਨਾਂ ਦੇ ਵਿੱਚੋਂ ਮਰਦਾਨਾ ਤਾਕਤ ਘੱਟ ਰਹੀ ਹੈ ਹਾਲਤ ਦਿਨੋਂ ਦਿਨ ਗੰਭੀਰ ਹੋ ਰਹੇ ਹਨ। ਬੇਵੀ ਟਿਊਬ ਹਸਪਤਾਲ ਖੁਲ ਰਹੇ ਹਨ।
       ਪੰਜਾਬ ਦੀਆਂ ਕੁੜੀਆਂ ਤੇ ਮੁੰਡੇ ਵਿਦੇਸ਼ਾਂ ਨੂੰ ਜਾ ਰਹੇ ਹਨ। ਜਵਾਨੀ, ਬੌਧਿਕ ਸ਼ਕਤੀ ਤੇ ਸਰਮਾਇਆ ਵਿਦੇਸ਼ ਵੱਲ ਜਾ ਰਿਹਾ ਹੈ। ਪਿੰਡਾਂ ਦੇ ਲੋਕ ਸ਼ਹਿਰਾਂ ਵੱਲ ਦੌੜ ਰਹੇ ਹਨ।
       ਉਦਯੋਗਿਕ ਇਕਾਈਆਂ ਬੰਦ ਹੋ ਰਹੀਆਂ, ਜਿਹਨਾਂ ਦੇ ਕੋਲ ਰੁਜ਼ਗਾਰ ਸੀ, ਉਹ ਵੀ ਬੇਰੁਜ਼ਗਾਰ ਹੋ ਰਹੇ ਹਨ। ਹਰ ਤਰਾਂ ਦਾ ਮਾਫੀਆ ਰੂੜੀ ਵਾਂਗ ਵੱਧ ਰਿਹਾ ਹੈਂ, ਹਰ ਥਾਂ 'ਤੇ ਮਾਫੀਆ ਦਾ ਕਬਜ਼ਾ ਹੈ। ਹਰ ਥਾਂ 'ਤੇ ਆਮ ਲੋਕਾਂ ਨੂੰ ਲੁੱਟਣ ਦੇ ਲਈ ਪੁਲਸ ਵਾਲੇ ਸਿਆਸਤਦਾਨ ਖੜੇ ਹਨ। ਜਿਹਨਾਂ ਪੁਲਸ ਵਾਲਿਆਂ ਤੇ ਸਿਆਸਤਦਾਨਾ ਨੇ ਆਮ ਲੋਕਾਂ ਦੀ ਰਾਖੀ ਕਰਨੀ ਸੀ ਉਹ ਆਪ ਹੀ ਕਾਨੂੰਨ ਦੀਆਂ ਧੱਜੀਆਂ ਉਡਾ ਰਹੇ ਹਨ।
       ਲਿਖਣ ਤੇ ਬੋਲਣ ਦੀ ਆਜ਼ਾਦੀ 'ਤੇ ਸੰਵਿਧਾਨ ਦਾ ਨੱਕ ਮੋਰੜਿਆ ਜਾ ਰਿਹਾ ਹੈ।
      ਲੋਕਾਂ ਦੇ ਮਸਲਿਆਂ ਦੇ ਨਾਲੋਂ ਕੁਰਸੀ ਦੀ ਲੜਾਈ ਲਈ ਸਿਆਸੀ ਪਾਰਟੀਆਂ ਨੂੰ ਵੱਧ ਫਿਕਰ ਹੈ। ਇਸੇ ਕਰਕੇ ਇਹ ਸਿਆਸੀ ਚੌਧਰੀ ਇੱਕ ਦੂਜੇ ਦੇ ਖਿਲਾਫ ਰੈਲੀਆਂ ਕਰਦੇ ਹਨ। ਜਿਹਨਾਂ ਦੀ ਜ਼ਮੀਰ ਮਰ ਗਈ ਹੈ ਉਹ ਦਿਹਾੜੀ ਦੀ ਖਾਤਰ ਵਿਕ ਰਹੇ ਹਨ।
      ਲੋਕਾਂ ਨੂੰ ਕਿਰਤਹੀਣ ਕਰ ਕੇ ਉਹਨਾਂ ਨੂੰ 'ਮੁਫਤ' ਦੀ ਚਾਟ 'ਤੇ ਲਾ ਦਿੱਤਾ। ਇਸੇ ਕਰਕੇ ਉਹਨਾਂ ਨੂੰ ਹਰ ਵੋਟਾਂ ਦੇ ਵੇਲੇ ਸਿਆਸੀ ਆਗੂਆਂ ਦੇ ਵਲੋਂ ਵੰਡੀ ਜਾ ਰਹੀ ਮੁਫਤ ਦੀ ਸ਼ਰਾਬ ਤੇ ਨਕਦ ਮਾਇਆ ਦੀ ਉਡੀਕ ਕਰਨ ਵਾਲੇ ਬਣਾ ਦਿੱਤਾ।
       ਹੁਣ ਪੰਜਾਬ ਦੇ ਲੋਕ ਜਿਹੜੇ ਨਾਇਕ ਵਿਹੂਣੇ ਹੋਏ ਹਨ, ਉਹਨਾਂ ਦੀ ਬਾਂਹ ਫੜਨ ਵਾਲਾ ਕੋਈ ਵੀ ਕਿਸੇ ਵੀ ਖੇਤਰ ਦੇ ਨਜ਼ਰ ਨਹੀਂ ਆ ਰਿਹਾ। ਜਿਹੜੇ ਆਪਣੇ ਆਪ ਨੂੰ 'ਨਾਇਕ ' ਹੋਣ ਦਾ ਆਪੇ ਹੀ ਖਿਤਾਬ ਲਈ ਬੈਠੇ ਹਨ ਉਹ ਸਭ ਆਪੋ ਆਪਣੀਆਂ ਰੋਟੀਆਂ ਸੇਕਦੇ ਹਨ। ਸਿਆਸੀ ਤੇ ਧਰਮ ਦੇ ਆਗੂ ਆਮ ਲੋਕਾਂ ਦੀ ਭੀੜ ਕੱਠੀ ਤਾਂ ਕਰਦੇ ਹਨ। ਪਰ ਉਸ ਨੂੰ ਕੋਈ ਰਸਤਾ ਨਹੀਂ ਦੱਸ ਰਿਹਾ।
      ਹੁਣ ਸਾਨੂੰ ਰਸੂਲ ਹਮਜ਼ਾਤੋਵ ਦੀਆਂ ਗੱਲਾਂ ਚੇਤੇ ਆਉਦੀਆਂ ਹਨ ਜਿਹੜਾ ਆਖਦਾ ਹੈ ਕਿ 'ਸਾਨੂੰ ਆਪਣੇ ਰਸਤੇ ਆਪ ਚੁਨਣੇ ਚਾਹੀਦੇ ਹਨ।' ਪਰ ਅਸੀਂ ਬਣੇ ਬਣਾਏ ਰਸਤਿਆਂ ਦੇ ਉਪਰ ਤੁਰਨ ਦੇ ਆਦੀ ਹੋ ਗਏ ਹਾਂ। ਅਸੀਂ ਕਦੋਂ ਤੱਕ ਆਪਣੇ 'ਫਰਜ਼ਾਂ ਦੇ ਵੱਲ ਪਿੱਠ ਕਰੀ ਰੱਖਾਂਗੇ?
       ਜਦੋਂ ਤੱਕ ਅਸੀਂ ਸ਼ਬਦ-ਗੁਰੂ ਦੇ ਲੜ ਨਹੀਂ ਲੱਗਦੇ ਅਸੀਂ ਨਾਇਕ ਵਿਹੂਣੇ ਹੀ ਰਹਾਂਗੇ। ਸ਼ਬਦ ਨੇ ਸਾਨੂੰ ਚੇਤਨਾ ਦੇਣੀ ਹੈ ਪਰ ਅਸੀਂ ਕਿਤਾਬ ਦੇ ਨਾਲੋਂ ਟੁੱਟ ਕੇ ਡੇਰਿਆਂ ਦੇ ਰਸਤੇ ਤੁਰ ਪਏ ਹਾਂ ।
    ਕਦੋਂ ਪਰਤਾਂਗੇ ਆਪਾਂ ? ਕਦੋਂ ਜਿਉਂਦੇ ਹੋਣ ਦਾ ਸਾਨੂੰ ਹੋਵੇਗਾ ਅਹਿਸਾਸ?.
    ਮਰ ਚੁੱਕਿਆ ਅੰਦਰਲਾ ਮਨੁੱਖ ਕਦੋਂ ਜਾਗੇਗਾ?

    ਪਰ ਹੁਣ ਸਾਨੂੰ ਖੁਦ ਨਾਇਕ ਬਨਣਾ ਪਵੇਗਾ.
    ਗਰਜਾਂ ਦੇ ਨਾਲੋਂ ਫਰਜ਼ਾਂ ਦੀ ਜੰਗ ਲੜ੍ਹਾਈ ਕਰਨ ਵਾਸਤੇ ਤੁਰਨਾ ਪਵੇਗਾ.
    ਹੁਣ ਕਿਸੇ ਸ਼ਹੀਦ ਭਗਤ ਸਿੰਘ ਨੇ ਨਹੀਂ ਆਉਣਾ
    ਹੁਣ ਸਾਨੂੰ ਖੁਦ ਭਗਤ ਸਿੰਘ ਬਨਣਾ ਪੈਣਾ ਹੈ।

ਜਾਗੋ ਲੋਕੋ ਜਾਗੋ...
ਬਈ ਹੁਣ ਜਾਗੋ ਆਈ ਆ.
ਸ਼ਬਦ ਗੁਰੂ ਦੀ ਜੋਤ ਜਗਾ ਲੈ ਬਈ..ਜਾਗੋ ਆਈ ਆ...

ਬਿਨਾਂ ਕਿਤਾਬਾਂ ਅਕਲ ਨਾ ਆਉਂਦੀ
ਹਰ ਕਿਤਾਬ ਕੁੱਝ ਨਵਾਂ ਸਿਖਾਉਦੀ
ਇਸ ਨੂੰ ਦੋਸਤ ਬਣਾ ਲੈ ਬਈ..
ਹੁਣ ਜਾਗੋ..
ਹੁਣ ਕਿਤਾਬਾਂ ਨੂੰ ਨਾਇਕ ਬਣਾ ਲੈ ਬਈ....।

      ਬਿਨਾਂ ਗਿਆਨ ਦੇ ਸੂਝ ਨਹੀਂ ਆਉਣੀ, ਕਿਤਾਬਾਂ ਕਿਹੜੀਆਂ ਪੜ੍ਹਣੀਆਂ ? ਇਹ ਵੀ ਬਹੁਤ ਮੁਸ਼ਕਲ ਹੈ। ਚੋਣ ਕਰਨੀ ਔਖੀ ਹੈ ਕਿਉਂਕਿ ਕਿਤਾਬਾਂ ਦੇ ਢੇਰ ਵਿਚੋਂ ਚੰਗੀਆਂ ਕਿਤਾਬਾਂ ਭਾਲਣੀਆਂ ਔਖੀਆਂ ਹਨ। ਪੰਜਾਬੀ ਸਾਹਿਤ ਦੀ ਹਾਲਤ ਤਾਂ ਕਬਾੜੀਏ ਦੀ ਦੁਕਾਨ ਵਰੀ ਬਣ ਗਈ ਹੈ। ਪੈਸੇ ਦੇ ਨਾਲ ਛਪੀਆਂ ਕਿਤਾਬਾਂ ਦਾ ਢੇਰ ਵੱਧ ਰਿਹਾ ਹੈ। ਵਧੀਆ ਤੇ ਪੜ੍ਹਨ ਯੋਗ ਕਿਤਾਬਾਂ ਘੱਟ ਰਹੀਆਂ ਹਨ। ਸਾਡਾ ਗੁਰਮਤਿ, ਸੂਫੀ, ਵਾਰਾਂ, ਕੁੱਝ ਆਧੁਨਿਕ ਸਾਹਿਤ ਪੜ੍ਹਨ ਯੋਗ ਹੈ।
      ਪਰ ਨਾਇਕਾਂ ਦੀ ਘਾਟ ਕਾਰਨ ਲੁੱਟਣ ਵਾਲਿਆਂ ਦੀ ਚੜ੍ਹਤ ਹੈ। ਡਾਕੂ, ਚੋਰ , ਮਾਫੀਆ, ਸਰਗਰਮ ਹੈ। ਭੇਸ ਬਦਲ ਕੇ ਪੱਗ ਬਦਲ ਕੇ ਝੰਡੇ ਬਦਲ ਕੇ ਉਹੀ ਆ ਰਹੇ ਹਨ। ਜੁਮਲੇਬਾਜ, ਪਹਾੜੀਏ ਝੂਠੀਆਂ ਸਹੁੰ ਤੇ ਕਸਮਾਂ ਖਾਣ ਵਾਲੇ। ਇਕ ਦੂਜੇ ਦੇ ਚਾਚੇ ਭਤੀਜੇ ਤੇ ਜੀਜੇ ਸਾਲੇ।
      ਬਿਨਾ ਨਾਇਕਾ ਦੇ ਹੁਣ ਏਹੀ ਕੁੱਝ ਹੋਵੇਗਾ, ਬੰਦਾ ਘਰ ਬਹਿ ਕੇ ਰੋਵੇਗਾ, ਹਨੇਰਾ ਢੋਵੇਗਾ।
ਆਪਣੇ ਅੰਦਰਲੇ ਬੰਦੇ ਨੂੰ ਜਗਾਵੋ, ਉਡਦੇ ਬਾਜ਼ਾਂ ਤੇ ਗਿਰਝਾਂ ਨੂੰ ਹੱਥ ਪਾਵੋ। ਆਪੋ ਆਪਣੇ ਇਲਾਕੇ ਦੇ ਨਾਇਕ ਬਣ ਜਾਵੋ।

ਸੰਪਰਕ : 94643 70823

ਬਾਬੇ ਨਾਨਕ ਦੀ ਫਿਲਾਸਫੀ ਨੂੰ ਸਮਝਦਿਆਂ ! - ਬੁੱਧ ਸਿੰਘ ਨੀਲੋਂ

ਦਰਿਆ ਤੋਂ ਝੀਲ ਬਣਿਆਂ ਦਾ ਹਿਸਾਬ ਕੌਣ ਲਊ?
          ਅੱਜ ਪੌਣ-ਪਾਣੀ, ਰੁੱਖ ਤੇ ਮਨੁੱਖ ਉਦਾਸ ਹਨ, ਇਨ੍ਹਾਂ ਦੀ ਉਦਾਸੀ ਦਾ ਕੋਈ ਇੱਕ ਕਾਰਨ ਨਹੀਂ, ਬਹੁਤ ਸਾਰੇ ਕਾਰਨ ਤੇ ਹਾਦਸੇ ਹਨ। ਜਿਨ੍ਹਾਂ ਨੇ ਇਨ੍ਹਾਂ ਨੂੰ ਉਦਾਸ ਕਰ ਦਿੱਤਾ ਹੈ। ਉਦਾਸੀ ਦਾ ਇਹ ਆਲਮ ਇਨ੍ਹਾਂਂ ਦੇ ਆਲੇ-ਦੁਆਲੇ ਘੁੰਮਦਾ ਹੈ। ਇਹ ਇਸ ਘੁੰਮਣ-ਘੇਰੀ ਵਿੱਚ ਉਲਝ ਗਏ ਹਨ ਜਿਸ ਨਾਲ ਇਨਾਂ ਦੀ ਸਮੁੱਚੀ ਤਾਣੀ ਉਲਝ ਗਈ ਹੈ।
      ਇਹ ਇੱਕ ਉਲਝਣ ਵਿੱਚੋਂ ਅਜੇ ਨਿਕਲਦੇ ਨਹੀਂ, ਦੂਸਰੀ ਤੀਸਰੀ ਵਿੱਚ ਫਸ ਜਾਂਦੇ ਹਨ। ਫਸਣਾ ਤੇ ਨਿਕਲਣਾ ਹੀ ਇਨ੍ਹਾਂ ਦੀ ਤਰਾਸਦੀ ਬਣ ਗਿਆ ਹੈ !
      ਜਿਹੜੇ ਫਸ ਜਾਂਦੇ ਹਨ, ਜਾਂ ਫਿਰ ਆਪਣੀ ਜੜ੍ਹਾਂ ਇੱਕ ਥਾਂ ਲਗਾ ਲੈਂਦੇ ਹਨ, ਉਹ ਉੱਥੇ ਦੇ ਹੀ ਹੋ ਕੇ ਰਹਿ ਜਾਂਦੇ ਹਨ। ਉਨਾਂ ਦਾ ਤੁਰਨਾ, ਵਗਣਾ, ਉੱਡਣਾ ਤੇ ਹੱਸਣਾ ਸਭ ਰੋਣ ਵਿੱਚ ਬਦਲ ਜਾਂਦਾ ਹੈ।
        ਉਹ ਆਪ ਨਹੀਂ ਬਦਲਦੇ, ਸਗੋਂ ਲੋਕਾਈ ਨੂੰ ਬਦਲਣ ਦੇ ਰਾਹ ਤੁਰ ਪੈਂਦੇ ਹਨ। ਉਨ੍ਹਾਂ ਦਾ ਤੁਰਨਾ, ਵਗਦੇ ਪਾਣੀ ਜਿਹਾ ਨਹੀਂ ਹੁੰਦਾ, ਸਗੋਂ ਰੁਕੇ ਪਾਣੀ ਜਿਹਾ ਹੁੰਦਾ। ਰੁਕਣਾ ਤੇ ਖੜ੍ਹਨਾ ਉਨਾਂ ਦੀ ਜ਼ਿੰਦਗੀ ਦਾ ਹਿੱਸਾ ਬਣ ਜਾਂਦਾ ਹੈ।
      ਇਹ ਹਿੱਸਾ ਉਨਾਂ ਨੂੰ ਵਿਰਸੇ ਵਿੱਚੋਂ ਨਹੀਂ ਮਿਲਦਾ ਸਗੋਂ ਉਹ ਇਹ ਹਿੱਸਾ ਤਾਂ ਉਨਾਂ ਤੇ ਜ਼ੋਰ-ਜ਼ੁਲਮ ਨਾਲ ਥੋਪਿਆ ਜਾਂਦਾ। ਜਿਨਾਂ ਦਾ ਇੱਕੋ ਇੱਕ ਮਕਸਦ - ਲੁੱਟਣਾ ਤੇ ਕੁੱਟਣਾ ਹੁੰਦਾ ਹੈ।

    ਉਨਾਂ ਦੀ ਇਸ ਲੁੱਟ ਦੇ ਖਿਲਾਫ਼ ਕੋਈ ਬੋਲਦਾ ਨਹੀਂ ਕਿਉਂਕਿ ਉਨਾਂ ਨੇ ਆਪਣੇ ਆਲੇ ਦੁਆਲੇ ਇਹੋ ਜਿਹੀਆਂ ਵਲਗਣਾਂ ਤੇ ਅਜਾਰੇਦਾਰੀ ਬਣਾ ਲਈਆਂ ਹੁੰਦੀਆਂ ਹਨ ਕਿ ਉਨਾਂ ਦੀ ਤੂਤੀ ਬੋਲਣ ਲੱਗਦੀ ਹੈ।
      ਉਹ ਆਪਣੀ ਤੂਤੀ ਦੀ ਆਵਾਜ਼ ਏਨੀ ਉੱਚੀ ਕਰਦੇ ਹਨ, ਕਿਸੇ ਦਾ ਕੋਈ ਬੋਲ ਸੁਣਦਾ ਨਹੀਂ, ਦਿਖਦਾ ਨਹੀਂ। ਉਹ ਸੁਣਦੇ ਤੇ ਦੇਖਦੇ ਵੀ ਹਨ। ਪਰ ਉਹ ਸੱਤਾ ਦੇ ਘੋੜੇ 'ਤੇ ਸਵਾਰ ਹੁੰਦੇ ਹਨ। ਉਨ੍ਹਾਂ ਦਾ ਕੰਮ ਭਾਸ਼ਨ ਦੇਣਾ ਹੁੰਦਾ ਹੈ ਪਰ ਲੋਕ ਉਨਾਂ ਤੋਂ ਰਾਸ਼ਨ ਦੀ ਝਾਕ ਰੱਖਦੇ ਹਨ।
     ਰਾਸ਼ਨ ਦੀ ਝਾਕ ਦੀ ਲਲਕ ਉਨਾਂ ਅਜਿਹੀ ਲਗਾਈ ਹੈ, ਕਿ ਲੋਕ ਹੁਣ ਰਾਸ਼ਨ ਦੀ ਭਾਲ ਵਿੱਚ ਉਨਾਂ ਦੇ ਪਿੱਛੇ ਪਿੱਛੇ ਦੌੜਦੇ ਹਨ। ਪਰ ਲੋਕਾਂ ਦੀ ਹਾਲਤ ਉਸ ਕੁੱਤੇ ਵਰਗੀ ਬਣ ਗਈ ਹੈ, ਜਿਹੜਾ ਊਠ ਦੇ ਮਗਰ ਤੁਰਿਆ ਜਾਂਦਾ ਹੈ ਕਿ ਕਦੇ ਤਾਂ ਬੁੱਲ ਡਿੱਗੇਗਾ। ਪਰ ਨਾ ਬੁੱਲ ਡਿੱਗਦਾ ਹੈ ਤੇ ਨਾ ਕੁੱਤੇ ਦੀ ਝਾਕ ਮੁੱਕਦੀ ਹੈ।
      ਇਸ ਕੁੱਤੇ ਦੀ ਝਾਕ ਵਿੱਚ ਅੱਜ ਸਾਰੀ ਲੋਕਾਈ ਤੁਰੀ ਹੀ ਨਹੀਂ ਫਿਰਦੀ ਸਗੋਂ ਭੱਜੀ ਫਿਰਦੀ ਹੈ। ਉਨਾਂ ਲਈ ਖਾਣਾ-ਪੀਣਾ ਤੇ ਜੀਣਾ ਭੁੱਲ ਗਿਆ ਹੈ। ਉਹ ਤਾਂ ਚੌਵੀ ਘੰਟੇ ਦੌੜੀ ਜਾ ਰਹੇ ਹਨ।
     ਉਹ ਕਿਧਰ ਦੌੜ ਰਹੇ ਹਨ? ਉਨਾਂ ਨੇ ਕੀ ਹਾਸਲ ਕਰਨਾ ਹੈ? ਉਨਾਂ ਦੀ ਮੰਜ਼ਿਲ ਕਿਹੜੀ ਹੈ? ਇਸ ਦਾ ਉਨਾਂ ਨੂੰ ਕੋਈ ਇਲਮ ਨਹੀਂ ਗਿਆਨ ਨਹੀਂ। ਉਨ੍ਹਾਂ ਨੂੰ ਗਿਆਨ ਨਾ ਹੋਣ ਕਰਕੇ ਉਹ ਚਿੰਤਨ ਨਹੀਂ ਕਰਦੇ। ਉਹ ਤਾਂ ਦੌੜੀ ਜਾ ਰਹੇ ਹਨ।
     ਸਾਡੇ ਆਲੇ ਦੁਆਲੇ ਸਕੂਲ, ਕਾਲਜ, ਯੂਨੀਵਰਸਿਟੀਆਂ ਖੁੱਲ ਗਈਆਂ ਹਨ - ਪਰ ਉਥੇ ਗਿਆਨ ਨਹੀਂ, ਸਿਰਫ਼ ਤੇ ਸਿਰਫ਼ ਸਰਟੀਫਿਕੇਟ, ਡਿਗਰੀਆਂ, ਡਿਪਲੋਮੇ ਵੰਡੇ ਜਾ ਰਹੇ ਹਨ। ਇਹ ਡਿਗਰੀਆਂ, ਡਿਪਲੋਮੇ ਤੁਹਾਨੂੰ ਰੋਜ਼ੀ ਤੇ ਰੋਟੀ ਨਹੀਂ ਦੇਂਦੇ।
ਸਗੋਂ ਤੁਹਾਨੂੰ ਭਰਮ ਵਿੱਚ ਪਾਉਂਦੇ ਹਨ। ਭਰਮ ਵਿੱਚ ਪਿਆ ਮਨੁੱਖ, ਨਾ ਆਰ ਜਾਂਦਾ ਹੈ ਤੇ ਨਾ ਪਾਰ। ਉਹ ਘੁੰਮਣ ਘੇਰੀ ਵਿੱਚ ਗੁਆਚ ਜਾਂਦਾ ਹੈ।
      ਅਜੋਕੇ ਦੌਰ ਵਿੱਚ ਸਮਾਜ ਨੂੰ ਘੁੰਮਣ ਘੇਰੀ ਵਿੱਚ ਪਾਉਣ ਵਾਲਿਆਂ ਵਿੱਚ ਸਾਡੀਆਂ ਸਿਆਸੀ ਪਾਰਟੀਆਂ ਦੇ ਆਗੂ, ਅਖੌਤੀ ਸਾਧ, ਸੰਤ ਧਰਮ ਦੇ ਲੋਕਾਂ ਨੂੰ ਭੰਬਲਭੂਸੇ ਵਿੱਚ ਪਾ ਕੇ ਆਪਣਾ ਉਲੂ ਸਿੱਧਾ ਕਰਨਾ ਹੈ।
      ਕੋਈ ਚੰਗੇ ਦਿਨ ਆਉਣ ਦੇ ਲਾਰੇ ਲਾਉਂਦਾ ਰਿਹਾ ਹੈ ਤੇ ਕੋਈ ਸਵਰਗ ਦੇ ਰਾਹਾਂ ਦੀ ਦੱਸ ਪਾਉਂਦਾ ਹੈ। ਅਧਿਕਾਰੀ ਕੰਮ ਨਾ ਕਰਨ ਵਿੱਚ ਅੜਿੱਕਾ ਪਾਉਂਦੇ ਹਨ। ਰਿਸ਼ਵਤ ਦੇ ਨਾਂ ਹੇਠ, ਚਾਹ ਪਾਣੀ, ਪੈਟਰੋਲ ਦਾ ਖਰਚਾ ਮੰਗਦੇ ਹਨ। ਵਪਾਰੀ ਵਸਤੂਆਂ ਦਾ ਸਟਾਕ ਕਰਕੇ ਵਸਤੂਆਂ ਦੀ ਕਿੱਲਤ ਪੈਦਾ ਕਰਦੇ ਹਨ।
       ਲੋੜਵੰਦ ਡਰ ਦੇ ਮਾਰੇ ਖਰੀਦੋ-ਫਿਰੋਖਤ ਕਰਦੇ ਹਨ। ਇਸ ਸਭ ਲੋਕਾਈ ਵਿੱਚ ਆਮ ਵਿਅਕਤੀ ਲੁੱਟਿਆ ਜਾਂਦਾ ਹੈ। ਉਸ ਦੇ ਹਿੱਸੇ, ਗੁਰਬਤ, ਭੁੱਖਮਰੀ, ਕੁੱਟਮਾਰ ਆਉਂਦੀ ਹੈ। ਇਹ ਉਹ ਕੁੱਟ ਮਾਰ ਹੈ, ਜਿਹੜੀ ਡਾਂਗਾਂ ਸੋਟਿਆਂ ਵਾਲੀ ਨਹੀਂ ਸਗੋਂ ਉਹ ਕੁੱਟ ਹੈ, ਜਿਹੜੀ ਆਰਥਿਕ, ਸਰੀਰਿਕ ਤੇ ਮਾਨਸਿਕ ਕੁੱਟ ਹੈ। ਜਿਹੜੀ ਨਜ਼ਰ ਨਹੀਂ ਆਉਂਦੀ। ਪਤਾ ਉਸ ਸਮੇਂ ਹੀ ਲੱਗਦਾ ਹੈ, ਜਦੋਂ ਭਰੇ ਬਜ਼ਾਰ ਵਿੱਚ ਆਮ ਆਦਮੀ ਲੁੱਟਿਆ ਤੇ ਕੁੱਟਿਆ ਤੇ ਮਾਰਿਆ ਜਾਂਦਾ ਹੈ। ਜਦੋਂ ਭਗਵੇਂ ਤੁਰਲੇ ਵਾਲਿਆਂ ਨੇ ਚੰਗੇ ਦਿਨ ਆਉਣ ਦਾ ਹੋਕਾ ਦਿੱਤਾ ਸੀ ਤਾਂ ਸਾਰਾ ਦੇਸ਼ ਹੀ ਉਨਾਂ ਦੇ ਮਗਰ ਹੋ ਤੁਰਿਆ। ਦੇਸ਼ ਦੇ ਲੋਕਾਂ ਨੂੰ ਹੁਣ ਸਮਝ ਆਉਣ ਲੱਗੀ ਕਿ ਹਾਥੀ ਦੇ ਦੰਦ ਖਾਣ ਤੇ ਦਿਖਾਉਣ ਵਾਲੇ ਕਿਹੜੇ ਸਨ। ਉਹ ਇਨ੍ਹਾਂ ਦੰਦਾਂ ਦੇ ਕੰਮ ਨੂੰ ਜਦੋਂ ਤੱਕ ਸਮਝਣਗੇ, ਉਦੋਂ ਤੱਕ ਭਾਣਾ ਬੀਤ ਜਾਣਾ ਹੈ।
       ਇਸ ਭਾਣੇ ਨੂੰ ਫਿਰ ਮੰਨਣ ਤੋਂ ਬਿਨਾਂ ਕੋਈ ਚਾਰਾ ਨਹੀਂ ਰਹਿੰਦਾ। ਚਾਰਾ-ਜੋਈ ਕਰਨੀ ਉਨਾਂ ਦਾ ਫਰਜ਼ ਹੈ। ਜਿਹੜੀਆਂ ਦੇਸ਼ ਨੂੰ ਇਹ ਦੱਸਦੀਆਂ ਹਨ ਕਿ ਅਸੀਂ ਆਮ ਆਦਮੀ ਦੀ ਜਾਨ ਮਾਲ ਦੇ ਰਖਵਾਲੇ ਹਾਂ।
      ਉਹ ਨਾਅਰੇ ਤਾਂ ਮਾਰਦੇ ਹਨ ਕਿ ਦੁਨੀਆਂ ਭਰ ਦੇ ਮਜ਼ਦੂਰੋ ਇੱਕ ਹੋ ਜਾਉ ਪਰ ਆਪ ਨੌ ਪੂਰਬੀਏ ਅਠਾਰਾਂ ਚੁਲ੍ਹਿਆਂ ਵਾਂਗ, ਖੱਖੜੀਆਂ ਕਰੇਲੇ ਹੋਏ ਪਏ ਹਨ। ਹੁਣ ਜਦੋਂ ਚਾਰੇ ਪਾਸੇ ਮਹਿੰਗਾਈ, ਭੁੱਖ ਮਰੀ, ਲੁੱਟ ਮਾਰ, ਭ੍ਰਿਸ਼ਟਚਾਰ, ਪਰਿਵਾਰਵਾਦ, ਵਧ ਰਿਹਾ ਹੈ ਤਾਂ ਆਮ ਆਦਮੀ ਦੇ ਪੈਰਾਂ ਹੇਠੋਂ ਜ਼ਮੀਨ ਤੇ ਸਿਰ ਉੱਤੋਂ ਛੱਤ ਗੁਆਚ ਗਈ ਹੈ।
      ਉਸ ਨੂੰ ਭਰਮ ਹੈ ਜਾਂ ਫਿਰ ਸਾਡੇ ਅਖੌਤੀ ਬਾਬਿਆਂ ਨੇ ਉਸ ਨੂੰ ਇਹ ਵਹਿਮ ਪਾ ਦਿੱਤਾ ਹੈ ਕਿ ਕੋਈ ਪੈਗ਼ੰਬਰ, ਜਾਂ ਕੋਈ ਸ਼ਹੀਦ ਭਗਤ ਸਿੰਘ ਵਰਗਾ ਯੋਧਾ ਆਵੇਗਾ ਤੇ ਉਨਾਂ ਦੇ ਦੁੱਖੜੇ ਤੇ ਦਰਦ ਦੂਰ ਕਰੇਗਾ।
      ਸਮੇਂ ਦਾ ਸੱਚ ਤਾਂ ਇਹ ਹੈ ਕਿ ਕਿਸੇ ਪੈਗ਼ੰਬਰ ਜਾਂ ਕਿਸੇ ਯੋਧੇ ਨਹੀਂ ਆਉਣਾ। ਯੋਧਾ ਤਾਂ ਚੁਰਾਹੇ ਵਿੱਚੋਂ ਹੀ ਪੈਦਾ ਹੋਵੇਗਾ। ਜਿਹੜਾ ਧਰਤੀ ਉੱਤੇ ਸਰਕ ਰਹੇ ਆਮ ਲੋਕਾਂ ਨੂੰ ਖੜਨ, ਤੁਰਨ ਤੇ ਬੋਲਣ ਦੀ ਗੁੜਤੀ ਦੇਵੇਗਾ। ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਜਦੋਂ ਧਰਤੀ ਦੇ ਆਮ ਲੋਕਾਂ ਦਾ ਜਿਉਣਾ ਦੁੱਭਰ ਹੁੰਦਾ ਹੈ ਉਦੋਂ ਹੀ ਕੋਈ ਸੂਰਮਾ ਉੱਠਦਾ ਹੈ।
     ਕਹਿਣ ਵਾਲੇ ਤਾਂ ਹੁਣ ਵੀ ਕਹਿੰਦੇ ਹਨ ਕਿ ਇਹ ਜੋ ਜ਼ਿੰਦਗੀ ਜਿਉਂ ਰਹੇ ਨੇ ਇਹ ਕੋਈ ਜਿਉਣ ਦੇ ਲਾਇਕ ਹੈ। ਹੁਣ ਆਮ ਮਨੁੱਖ ਕੋਲੋਂ ਉਸ ਦੀਆਂ ਮੁੱਢਲੀਆਂ ਲੋੜਾਂ ਸਿਹਤ, ਸਿੱਖਿਆ ਤੇ ਰੋਜ਼ਗਾਰ ਤਾਂ ਖੋਹਿਆ ਗਿਆ।
      ਝੀਲ ਦੇ ਆਲੇ ਦੁਆਲੇ ਭੀੜ ਤੰਤਰ ਵੱਧ ਰਿਹਾ ਹੈ ਗੋਦੀ ਮੀਡੀਆ ਦੁਕਾਨਦਾਰੀ ਚਲਾ ਰਿਹਾ ਹੈ! ਅਣਜਾਣ ਲੋਕ ਮਾਰੇ ਜਾ ਰਹੇ ਹਨ। ਸੜਕਾਂ ਤੇ ਦਫ਼ਤਰਾਂ ਚ ਕੋਰਟਾਂ ਚ ਤੇ ਘਰਾਂ 'ਚ। ਅਸੀਂ ਘਰ ਸੰਭਾਲ ਰਹੇ ਤੇ ਉਹ ਭੀੜਤੰਤਰ ਬਣਾ ਰਹੇ ਹਨ।
      ਹੋਰ ਕੀ ਭਾਲਦਾ ਹੈ, ਮਨੁੱਖ ਉਨ੍ਹਾਂ ਜ਼ਰਵਾਣਿਆਂ ਕੋਲੋਂ। ਜਿਹੜੇ ਕਦੇ ਧਰਮ, ਜਾਤ, ਨਸਲ, ਇਲਾਕੇ ਦੇ ਨਾਂ ਉੱਤੇ ਦੰਗੇ ਫਸਾਦ ਕਰਵਾਉਂਦੇ ਹਨ। ਨਾਲੇ ਉਹ ਮਾਰਦੇ ਹਨ, ਕੁੱਟਦੇ ਹਨ, ਲੁੱਟਦੇ ਹਨ। ਘਰਾਂ ਦੀ ਸਾੜ ਫੂਕ ਕਰਦੇ ਹਨ, ਨਾਲੇ ਰੋਣ ਵੀ ਨਹੀਂ ਦੇਂਦੇ। ਸਗੋਂ ਧਮਕੀਆਂ ਦੇਂਦੇ ਹਨ, ਜੇ ਤੁਸੀਂ ਇਉਂ ਕਰੋਗੇ, ਤਾਂ ਅਸੀਂ ਇਉਂ ਕਰਾਂਗੇ। ਉਹ ਤਾਂ ਜੋ ਚਾਹੁੰਦੇ ਹਨ, ਉਹ ਕਰੀ ਜਾ ਰਹੇ ਹਨ।
      ਪਰ ਜਿਨਾਂ ਦੇ ਵਿਰੁੱਧ ਇਹ ਸਭ ਕੁੱਝ ਹੋ ਰਿਹਾ ਹੈ, ਵਾਪਰ ਰਿਹਾ ਹੈ, ਉਹ ਡਰੀ ਜਾ ਰਹੇ ਹਨ। ਉਨਾਂ ਨੇ ਡਰ ਪੈਦਾ ਕੀਤਾ ਹੋਇਆ ਹੈ। ਇਹ ਉਹ ਡਰ ਹੈ, ਜਿਸ ਨੂੰ ਅਜੇ ਤੱਕ ਉਹ ਲੋਕ, ਅਧਿਕਾਰੀ, ਅਫ਼ਸਰ ਵੀ ਸਮਝ ਨਹੀਂ ਸਕੇ। ਅਸਲ ਖੇਡ ਕੌਣ ਖੇਡ ਰਿਹਾ ਹੈ। ਇਸ ਖੇਡ ਵਿੱਚ ਆਮ ਆਦਮੀ ਹਰ ਥਾਂ ਮਾਰਿਆ ਜਾ ਰਿਹਾ ਹੈ।
      ਉਸ ਨੂੰ ਕਿਸੇ ਵੀ ਧਾਰਾ ਅਧੀਨ ਕਾਲ ਕੋਠੜੀ ਵਿੱਚ ਡੱਕਿਆ ਜਾ ਰਿਹਾ ਹੈ। ਉਸ ਨੂੰ ਦੇਸ਼ ਧ੍ਰੋਹੀ, ਡਾਕੂ, ਲੁਟੇਰੇ, ਸਮੱਗਲਰ, ਲੀਡਰ, ਧਾਰਮਿਕ ਆਗੂਆਂ ਦੇ ਦੁਆਰੇ ਸੁਰੱਖਿਆ ਦੀ ਛੱਤਰੀ ਤਣੀ ਹੋਈ ਹੈ।
      ਇਹ ਛੱਤਰੀ ਉਨਾਂ ਇਸ ਲਈ ਤਾਣੀ ਹੋਈ ਹੈ ਤਾਂ ਕਿ ਆਮ ਵਿਅਕਤੀ ਉਨਾਂ ਤੱਕ ਪਹੁੰਚ ਨਾ ਕਰ ਸਕੇ। ਉਹ ਲੋਕ ਬੁਸ ਗਏ ਪਾਣੀਆਂ ਦੇ ਕਿਨਾਰੇ ਖੜ੍ਹੇ ਉਹ ਰੁੱਖ ਹਨ, ਜਿਨ੍ਹਾਂ ਦੇ ਉੱਪਰ ਕੋਈ ਪੰਛੀ ਆਲ੍ਹਣਾ ਨਹੀਂ ਪਾਉਂਦਾ। ਕੋਈ ਪਰਿੰਦਾ ਉਨਾਂ ਰੁੱਖਾਂ ਦੇ ਕੋਲੋਂ ਦੀ ਨਹੀਂ ਲੰਘਦਾ।
     ਹੁਣ ਆਮ ਵਿਅਕਤੀ ਦੇ ਜਾਗਣ, ਉਠਣ ਤੇ ਤੁਰਨ ਦਾ ਵੇਲਾ ਹੈ ਤਾਂ ਕਿ ਉਸ ਦੇ ਸੁਪਨੇ ਪੂਰੇ ਹੋ ਸਕਣ। ਮਰ ਗਏ ਸੁਪਨਿਆਂ ਦਾ ਅਸੀਂ ਬਹੁਤ ਮਾਤਮ ਕਰ ਲਿਆ ਹੈ। ਅਸੀਂ ਆਪਣੇ ਜੁਆਨ ਲਹੂ ਨੂੰ ਅੱਗ ਦੀ ਬੂਥੀ ਬਹੁਤ ਪਾ ਲਿਆ ਹੈ। ਹੁਣ ਤਾਂ ਸਮਾਂ ਹੈ, ਲਟ-ਲਟ ਬਣਲ ਤੇ ਸੜ ਮਰਨ ਦਾ ਤਾਂ ਕਿ ਉਨਾਂ ਨੂੰ ਇਸ ਗੱਲ ਦਾ ਅਹਿਸਾਸ ਹੋ ਸਕੇ। ਲੋਕ ਸਿਰਫ਼ ਮਰਨ ਲਈ ਹੀ ਨਹੀਂ ਹੁੰਦੇ।
      ਜਿਉਣ ਲਈ ਤੇ ਚੰਗੀ ਜ਼ਿੰਦਗੀ ਨੂੰ ਮਾਣ ਸਕਣ ਦੇ ਸੁਪਨੇ ਵੀ ਸਿਰਜਦੇ ਹਨ। ਸੁਪਨਿਆਂ ਨੂੰ ਸਿਰਜਣਾ, ਉਸ ਨੂੰ ਕਾਗਜ਼ ਤੋਂ ਆਖਿਰ ਮੰਜ਼ਿਲ ਤੱਕ ਲੈ ਕੇ ਜਾਣ ਦਾ ਕਾਰਜ ਹੁਣ ਸਮੇਂ ਦੀ ਲੋੜ ਹੈ। ਨਹੀਂ ਤਾਂ ਆਉਣ ਵਾਲੀਆਂ ਸਾਡੀਆਂ ਨਸਲਾਂ ਸਾਨੂੰ ਝੀਲਾਂ ਦੇ ਕਿਨਾਰੇ ਖੜੇ ਰੁੱਖ ਹੀ ਆਖਣਗੀਆਂ। ਹੁਣ ਅਸੀਂ ਤੈਅ ਕਰਨਾ ਹੈ ਕਿ ਅਸੀਂ ਵਗਦੇ ਪਾਣੀ, ਵਗਦੀ ਪੌਣ ਤੇ ਤੁਰਦੀ ਜ਼ਿੰਦਗੀ ਬਣਨਾ ਹੈ ਕਿ ਝੀਲ? ਜਾਂ ਭੀੜਤੰਤਰ ਦੀ ਜਦ 'ਚ ਆ ਕੇ ਸੜਨਾ ਮਰਨਾ ਜਾਂ ਖੜਨਾ ਹੈ?
     ਹੁਣ ਲੋੜ ਦੌੜਣ ਦੀ ਨਹੀਂ ਸਗਂਂ ਭਜਾਉਣ ਦੀ ਹੈ ਤਾਂ ਕਿ ਆਪਣੀਆਂ ਗਿਰਵੀ ਕੀਤੀਆਂ ਸ਼ਕਤੀਆਂ ਨੂੰ ਛੁਡਾਈਐ ਤੇ ਉਨ੍ਹਾਂ ਨੂੰ ਪੜਨੇ ਪਾਈਏ। ਕੀ ਨੀ ਕਰ ਸਕਦੇ ਤੁਸੀਂ ? ਜਾਗੋ ਜਾਗੋ ਵੇਲਾ ਜਾਗਣ ਦਾ। ਉਠੋ ਦਰਿਆ ਤੋਂ ਝੀਲ ਬਣੇ ਸਮਾਜ ਦਾ ਹਿਸਾਬ ਮੰਗੋ ਤੇ ? 

ਸੰਪਰਕ : 94643-70823

ਮਸਲਾ-ਏ-ਖੋਜ - ਇੱਕ ਮਰਨ ਕਿਨਾਰੇ ਪਏ ਵਿਦਵਾਨ ਨਾਲ ਮੁਲਾਕਾਤ !  - ਬੁੱਧ ਸਿੰਘ ਨੀਲੋਂ

ਉਚੇਰੀ ਸਿੱਖਿਆ ਦੇ ਖੇਤਰ ਵਿਚ ਕਿਵੇਂ ਸਿੱਖਿਆ ਦਾ ਵਪਾਰੀਕਰਨ ਹੋ ਰਿਹਾ ਹੈ ? ਕਿਵੇਂ ਯੂਨੀਵਰਸਿਟੀਆਂ 'ਚ ਇਹ ਸਭ ਕੁਝ 'ਵਿਦਵਾਨਾਂ' ਦੇ ਨੱਕ ਥੱਲੇ ਹੁੰਦਾ ਹੈ, ਇਸ ਸਬੰਧ ਵਿਚ ਮੇਰੀ ਇੱਕ ਮਰਨ ਕਿਨਾਰੇ ਪਏ ਵਿਦਵਾਨ ਨਾਲ ਗੱਲਬਾਤ ਹੋਈ, ਜਿਹੜੇ ਯੂਨੀਵਰਸਿਟੀ ਵਿੱਚੋਂ ਪ੍ਰੋਫੈਸਰ ਦੇ ਅਹੁਦੇ ਤੋਂ ਸੇਵਾ ਮੁਕਤ ਹੋਏ ਹਨ। ਉਸ ਦੇ ਕੁੱਝ ਅਹਿਮ ਅੰਸ਼ -
      -'' ਡਾਕਟਰ ਸਾਹਿਬ ਤਾਂ ਆਹ ਐਮ.ਫ਼ਿਲ. ਤੇ ਪੀਐੱਚ. ਡੀ. ਦਾ ਰਾਜ ਤਾਂ ਦੱਸ ਦਿਉ, ਕਿਵੇਂ ਖੋਜਾਰਥੀ ਨਕਲ ਮਾਰ ਕੇ ਥੀਸਿਸ ਯੂਨੀਵਰਸਿਟੀਆਂ ਵਿਚ ਜਮਾਂ ਕਰਵਾਈ ਜਾ ਰਹੇ ਹਨ ਤੇ ਡਿਗਰੀਆਂ ਲੈ ਕੇ ਨੌਕਰੀਆਂ ਲਈ ਜਾਂਦੇ ਨੇ ?''
      ਮੇਰੀ ਗੱਲ ਸੁਣ ਕੇ ਉਹ ਥੋੜਾ ਜਿਹਾ ਗੰਭੀਰ ਹੋ ਗਏ। ਫੇਰ ਆਖਣ ਲੱਗੇ -
       “ ਬੇਟਾ ......... ਕੀ ਦੱਸਾਂ .. ਸੱਚ ਦੱਸਦਾਂ ਤਾਂ ਆਪਣਾ ਢਿੱਡ ਨੰਗਾ ਹੁੰਦਾ । ਝੂਠ ਬੋਲਦਾ ਹਾਂ ਤਾਂ ਆਪਣੇ ਆਪ ਅੱਗੇ ਨੀਵਾਂ ਹੁੰਦਾ। ਸਮਝ ਨਹੀਂ ਆਉਦੀ ਤੇਰੇ ਇਸ ਸਵਾਲ ਦਾ ਕੀ ਉਤਰ ਦਿਆਂ?''
       ਉਹ ਮੱਥੇ 'ਤੇ ਹੱਥ ਰੱਖ ਕੇ ਸੋਚੀਂ ਪੈ ਗਏ, ਮੈਨੂੰ ਉਨਾਂ ਦੀ ਇਸ ਤਰਾਂ ਦੀ ਹਾਲਤ ਵੇਖ ਕੇ ਆਪਣੇ ਆਪ ਉਤੇ ਗੁੱਸਾ ਵੀ ਆਇਆ ਕਿ ਮੈਂ ਡਾਕਟਰ ਸਾਹਿਬ ਨੂੰ ਇਹ ਕੀ ਸਵਾਲ ਕਰ ਬੈਠਾ ਪਰ ਮੈਂ ਫਿਰ ਥੋੜਾ ਜਿਹਾ ਗੰਭੀਰਤਾ ਨਾਲ ਗੱਲ ਕਰਦਿਆਂ ਕਿਹਾ-
    - '' ਡਾਕਟਰ ਸਾਹਿਬ ਹੁਣ ਤਾਂ ਤੁਸੀਂ ਸੇਵਾ ਮੁਕਤ ਹੋ, ਤੁਹਾਡੇ 'ਤੇ ਕਿਸੇ ਯੂਨੀਵਰਸਿਟੀ ਦਾ ਕੋਈ ਦਬਾਅ ਨਹੀਂ ਤੁਹਾਡਾ ਹੁਣ ਕੋਈ ਕੁੱਝ ਵਿਗਾੜ ਵੀ ਨਹੀਂ ਸਕਦਾ । ਹੁਣ ਤਾਂ ਉਹ ਦਿਨ ਵੀ ਪਤਾ ਨਹੀਂ ਕਦੋਂ ਆ ਜਾਵੇ, ਜਦੋਂ ਤੁਸੀਂ ਇਹ ਸਾਰਾ ਸੱਚ ਅੰਦਰ ਹੀ ਲੈ ਕੇ ਇਸ ਦੁਨੀਆਂ ਤੋਂ ਤੁਰ ਜਾਵੋ ਪਰ ਮੇਰੇ ਮਨ 'ਤੇ ਭਾਰ ਰਹੇਗਾ ਕਿ ਮੈਂ ਇਹ ਸੱਚ ਕਿਉਂ ਨਹੀਂ ਬਾਹਰ ਕਢਾ ਸਕਿਆ ਪਰ ਤੁਸੀਂ ''?
        ਇਕ ਵਾਰ ਡਾਕਟਰ ਸਾਹਿਬ ਨੇ ਮੇਰੇ ਵੱਲ ਇਉਂ ਦੇਖਿਆ ਜਿਵੇਂ ਉਹ ਕਟਹਿਰੇ ਵਿਚ ਖੜੇ ਹੋਣ। ਉਨਾਂ ਦੀ ਬੇਵਸੀ ਤਸਵੀਰ ਉਨ੍ਹਾਂ ਦੇ ਚਿਹਰੇ ਉਤੇ ਝਲਕ ਰਹੀ ਸੀ। ਉਹ ਆਪਣੀ ਗੱਲ ਤਾਂ ਦੱਸਣੀ ਚਾਹੁੰਦੇ ਸੀ ਪਰ ਉਨ੍ਹਾਂ ਨੂੰ ਸਹੀ ਸ਼ਬਦ ਨਹੀਂ ਸੀ ਲੱਭ ਰਹੇ ਜਾਂ ਫਿਰ ਉਹ ਇਸ ਸੱਚ ਨੂੰ ਨੰਗਾ ਨਹੀਂ ਸੀ ਕਰਨਾ ਚਾਹੁੰਦੇ । ਉਹ ਚੁੱਪ ਸਨ। ਉਨ੍ਹਾਂ ਦੀ ਇਸ ਚੁੱਪ ਦਾ ਰਹੱਸ ਨਹੀਂ ਸੀ ਲੱਭ ਰਿਹਾ।
         ਡਾਕਟਰ ਸਾਹਿਬ ਨੇ ਆਪਣੀ ਅਗਵਾਈ 'ਚ ਐਮ.ਫ਼ਿਲ. ਤੇ ਪੀਐਚ. ਡੀ. ਦੇ ਥੀਸਿਸ ਕਰਵਾਏ ਹਨ। ਉਨਾਂ ਨੇ ਕਿੰਨੇ ਹੀ ਥੀਸਿਸਾਂ ਦੇ ਵਾਈਵੇ ਵੀ ਲਏ। ਉਹ ਨਿਗਰਾਨ, ਪ੍ਰੀਖਿਅਕ ਤੇ ਯੂਨੀਵਰਸਿਟੀ 'ਚ ਪ੍ਰਾਅਧਿਆਪਕ ਵੀ ਰਹੇ । ਪਰ ਹੁਣ ਉਹ ਮੇਰੇ ਸਾਹਮਣੇ ਬੁੱਤ ਬਣੇ ਬੈਠੇ ਸਨ। ਉਹ ਮੇਰੀ ਗੱਲ ਦਾ ਜਵਾਬ ਨਹੀਂ ਸੀ ਦੇ ਰਹੇ, ਪਰ ਉਨਾਂ ਦੀ ਇਹ ਹਾਲਤ ਵੀ ਤੜਫ਼ਾ ਰਹੀ ਸੀ ਕਿ ਆਖ਼ਿਰ ਇਹ ਰਹੱਸ ਕੀ ਹੈ? ਜਿਸ ਤਰਾਂ ਡਾਕਟਰ ਸਾਹਿਬ ਆਪਣਾ ਆਪ ਲੁਕਾ ਰਹੇ ਨੇ ਭਾਵੇਂ ਮੈਂ ਅੰਦਰਲਾ ਸੱਚ ਜਾਣਦਾ ਹਾਂ, ਪਰ ਮੈਂ ਇਹ ਰਹੱਸ ਤੋਂ ਪਰਦਾ ਉਨਾਂ ਦੇ ਮੂੰਹੋਂ ਤੇ ਹੱਥੋਂ ਹੀ ਉਤਾਰਨਾ ਚਾਹੁੰਦਾ ਸੀ।
    -''ਡਾਕਟਰ ਸਾਹਿਬ ਤੁਸੀਂ ਕਿੰਨੀਆਂ ਯੂਨੀਵਰਸਿਟੀਆਂ ਦੇ ਨਾਲ ਜੁੜੇ ਰਹੇ ਹੋ?''
      “ਜਿੱਥੇ ਜਿੱਥੇ ਪੰਜਾਬੀ ਪੜਾਈ ਜਾਂਦੀ ?''
    '' ਫੇਰ ਤਾਂ ਤੁਸੀਂ  ਯੂਨੀਵਰਸਿਟੀਆਂ ਵਿਚ ਕਦੇ ਗਾਈਡ ਕਦੇ ਪ੍ਰੀਖਿਅਕ ਬਣਕੇ ਜਾਂਦੇ ਹੋਵੇਗੇ?
     “ ਹਾਂ ਹਾਂ ਜਾਂਦਾ ਹੁੰਦਾ ਸੀ। ਜਦੋਂ ਅਗਲੇ ਬੁਲਾਂਦੇ ਸੀ ਤਾਂ ਜਾਂਦਾ ਸੀ ।''
     “ ਫਿਰ ਤਾਂ ਤੁਸੀਂ ਵਾਈਵੇ ਵੇਲੇ ਖੋਜਾਰਥੀ ਦੀ ਚੰਗੀ ਖੁੰਭ ਠੱਪਦੇ ਹੋਵੇਗੇ?''
    '' ਨਹੀਂ ਇਸ ਤਰਾਂ ਕਦੇ ਖੁੰਭ ਨਹਂਂ ਠੱਪੀ ਜਾਂਦੀ ਜੇ ਅਸਂ ਇਸ ਤਰਾਂ ਖੁੰਭਾਂ ਠੱਪਣ ਲੱਗ ਜਾਂਦੇ ਫਿਰ ਸਾਨੂੰ ਕੌਣ ਗਾਈਡ ਬਣਾਉਂਦਾ ਪ੍ਰਖਿਅਕ ਵਜੋਂ ਕੌਣ ਸੱਦਦਾ।''
     “ ਫਿਰ ਤਾਂ ਤੁਸੀ ਇੱਕ ਦੂਜੇ ਦੀ ਭਾਜੀ ਮੋੜਨ ਵਾਂਗ ਕਰਦੇ ਹੋਵੋਗੇ ਜਿਵੇ ਸ਼ੀਰਨੀ ਵੰਡਦੇ ਹੁੰਦੇ ਆ।''
    '' ਆਹ ਗੱਲ ਤੇਰੀ ਠੀਕ ਹੈ। ਜਿਸ ਖੋਜਾਰਥੀ ਦਾ ਮੈਂ ਨਿਗਰਾਨ ਹਾਂ ਉਸ ਦਾ ਵੀ ਕਿਸੇ ਨੇ ਪ੍ਰਖਿਅਕ ਬਣਨਾ ਹੈ। ਜੇ ਅਸੀਂ ਇੱਕ ਦੂਜੇ ਲਈ ਖੋਜਾਰਥੀਆਂ ਦੇ ਥੀਸਿਸਾਂ ਵਿੱਚੋਂ ਨੁਕਸ ਕੱਢਾਂਗੇ ਤਾਂ ਫਿਰ ਕਿਹੜਾ ਥੀਸਿਸ ਪਾਸ ਹੋ ਸਕਦਾ ਹੈ। ਸਾਨੂੰ ਸਭ ਨੂੰ ਪਤਾ ਹੁੰਦਾ ਹੈ। ਕਿ ਖੋਜਾਰਥੀ ਦੇ ਥੀਸਿਸ ਵਿਚ ਕੀ ਹੈ, ਇਸ ਵਿਚ ਕਿੱਥੋਂ ਕਿੱਥੋਂ ਕੱਟ ਪੇਸਟ ਹੋਈ ਹੈ। ਪਰ ਅਸੀਂ ਜਾਣਦੇ ਹੋਏ ਵੀ ਕੁਝ ਨਹੀਂ ਕਰ ਸਕਦੇ ।''
    ''ਇਹ ਤਾਂ ਤੁਸੀਂ ਫਿਰ ਜਾਣ ਬੁੱਝ ਕੇ ਹਨੇਰ ਫਲਾਉਂਦੇ ਰਹੇ ਹੋ ?''
    ''ਜਦੋਂ ਤੁਹਾਨੂੰ ਪਤਾ ਹੈ ਕਿ ਇਹ ਸਭ ਕੁਝ ਗ਼ਲਤ ਹੋ ਰਿਹਾ ਹੈ ਫਿਰ ਤੁਸੀਂ ਇਸ ਤਰਾਂ ਅਪਣੀ ਜ਼ਮੀਰ ਮਾਰ ਕੇ ਕਿਉਂ ਕਰਦੇ ਰਹੇ ਹੋ, ਤੁਹਾਨੂੰ ਇਹ ਅਹਿਸਾਸ ਨਹੀਂ ਸੀ ਕਿ ਕੱਲ ਨੂੰ ਤੁਸੀਂ ਸਮੇਂ ਨੂੰ ਕੀ ਜੁਆਬ ਦਿਓਗੇ।''
       ਮੇਰੇ ਇਸ ਤਿੱਖੇ ਸੁਆਲ ਨੇ ਉਨਾਂ ਦਾ ਅੰਦਰ ਛਿਲ ਦਿੱਤਾ, ਉਨ੍ਹਾਂ ਦਾ ਗੱਚ ਭਰ ਆਇਆ। ਉਹ ਅੱਖਾਂ ਸਾਫ ਕਰਦੇ ਹੋਏ ਆਖਣ ਲੱਗੇ।
      ''ਬੇਟਾ ਤੂੰ ਠੀਕ ਕਹਿ ਰਿਹਾ ਏ ਅਸੀਂ ਨਿੱਕੀਆਂ ਨਿੱਕੀਆਂ ਗਰਜ਼ਾਂ ਪਿੱਛੇ ਇਹ ਹਨੇਰ ਫੈਲਾਉਂਦੇ ਰਹੇ ਹਾਂ ਤੇ ਫੈਲਾਅ ਰਹੇ ਹਾਂ। ਊਦੋਂ ਅਸੀਂ ਇਹ ਸੋਚਿਆ ਹੀ ਨਹੀਂ ਸੀ ਕਿ ਕੱਲ ਨੂੰ ਸਾਨੂੰ ਕੋਈ ਪੁੱਛਣ ਵਾਲਾ ਪੈਦਾ ਹੋਵੇਗਾ । ਬੇਟਾ ਤੂੰ ਨਹੀਂ ਜਾਣਦਾ ਕਿ ਇਨ੍ਹਾਂ ਯੂਨੀਵਰਸਟੀਆਂ ਅੰਦਰ ਬੈਠੇ ਅਖੌਤੀ ਵਿਦਵਾਨ ਅਪਣੇ ਵਿਦਿਆਰਥੀਆਂ, ਖੋਜਾਰਥੀਆਂ ਦਾ ਕਿਵੇਂ ਖੂਨ ਚੂਸਦੇ ਹਨ। ਕਈ ਤਾਂ ਉਨਾਂ ਦਾ ਜਿਸਮ ਵੀ ਚੂਸਦੇ ਹਨ। ਉਨਾਂ ਨੂੰ ਕੋਈ ਸੰਗ ਸ਼ਰਮ ਨਹੀਂ। ਹੁਣ ਜਦੋਂ ਕਦੇ ਮੈਂ ਆਪ ਖੁਦ ਬੈਠ ਕੇ ਸੋਚਦਾ ਹਾਂ ਤਾਂ ਅਪਣੇ ਆਪ ਨੂੰ ਲਾਹਣਤਾਂ ਪਾਉਂਦਾ ਹਾਂ ਕਿ ਅਸੀਂ ਚਾਨਣ ਦੇ ਵਣਜਾਰੇ ਬਣ ਕੇ ਕਿਵੇਂ ਹਨੇਰ ਫੈਲਾਉਂਦੇ ਰਹੇ ਹਾਂ ਅੱਜ ਕੱਲ ਯੂਨੀਵਰਸਟੀਆਂ ਅੰਦਰ ਲੈਕਚਰਾਰ ਤਾਂ ਬਹੁਤ ਹਨ ਪਰ ਕੋਈ ਵਿਦਵਾਨ ਨਜ਼ਰ ਨਹੀਂ ਆ ਰਿਹਾ। ਹਰ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਦੀ ਹਾਲਤ ਨੌ ਪੂਰਬੀਏ ਅਠਾਰਾਂ ਚੁਲੇ ਵਰਗੀ ਹੋਈ ਪਈ ਹੈ। ਅਧਿਆਪਕ ਸਮਾਜ ਲਈ ਤੇ ਵਿਦਿਆਰਥੀ ਲਈ ਮਾਡਲ ਹੁੰਦਾ ਹੈ। ਜਦੋਂ ਖੋਜਾਰਥੀ ਦੇ ਸਾਹਮਣੇ ਅਧਿਆਪਕ ਦਾ ਮਾਡਲ ਟੁੱਟਦਾ ਹੈ ਤਾਂ ਖੋਜਾਰਥੀ ਵੀ ਹਨੇਰ ਵੱਲ ਵਧਦਾ ਹੈ। ''
     '' ਡਾਕਟਰ ਸਾਹਿਬ, ਇਕੋ ਵਿਸ਼ੇ 'ਤੇ ਕਈ ਕਈ ਡਿਗਰੀਆਂ ਦਾ ਹੋਣਾ ਤੇ ਕਦੇ ਵੀ ਇਸ ਬਾਰੇ ਕਿਧਰੇ ਕੋਈ ਗੱਲ ਨਾ ਹੋਣੀ, ਇਹ ਸਭ ਪਤਾ ਹੋਣ 'ਤੇ ਵੀ ਚੁੱਪ ਰਹਿਣਾ ਕੀ ਚੱਕਰ ਹੈ ?''
     '' ਇਹ ਸਭ ਕੁੱਝ ਦਾ ਸਭ ਨੂੰ ਪਤਾ ਹੈ ਕਿ ਯੂਨੀਵਰਸਿਟੀਆਂ ਵਾਲਿਆਂ ਨੂੰ ਵੀ ਤੇ ਖੋਜਾਰਥੀਆਂ ਨੂੰ ਪਰ ਕੋਈ ਇਸ ਬਾਰੇ ਗੱਲ ਨਹੀਂ ਕਰਦਾ ਕਿਉਂਕਿ ਇਹ ਸਾਰੇ ਕਿਸੇ ਨਾ ਕਿਸੇ ਅਹਿਸਾਨ ਜਾਂ ਫਿਰ ਹੋਰ ਕਿਸੇ ਕਾਰਨ ਇਕ ਦੂਜੇ ਨਾਲ ਇਸ ਮਸਲੇ 'ਤੇ ਗੱਲ ਨਹੀਂ ਕਰਦੇ । ਇਕੋ ਵਿਸ਼ੇ 'ਤੇ ਕਿਸੇ ਦੂਸਰੀ ਯੂਨੀਵਰਸਿਟੀ 'ਚ ਕੰਮ ਹੋ ਜਾਵੇ ਤਾਂ ਕਈ ਵਾਰ ਪਤਾ ਨਹੀਂ ਲੱਗਦਾ ਪਰ ਜਦੋਂ ਆਪਣੇ ਹੀ ਵਿਭਾਗ 'ਚ ਇਹ ਕੰਮ ਹੁੰਦਾ ਹੈ ਤਾਂ ਅੱਖਾਂ ਮੀਟ ਲੈਣੀਆਂ ਕੋਈ ਛੋਟੀ ਗੱਲ ਨਹੀਂ ਪਰ ਇਹ ਸਭ ਚੱਲੀ ਜਾ ਰਿਹਾ ਜੇ ਕਿਸੇ ਨੇ ਇਸ ਬਾਰੇ ਕਦੀ ਚਰਚਾ ਵੀ ਛੇੜੀ ਉਹ ਇਕ ਦੋ ਦਿਨ ਹੋ ਫਿਰ ਸ਼ਾਂਤੀ ਹੋ ਜਾਂਦੀ ਹੈ। ਕੋਈ ਵੀ ਆਪਣੇ ਢਿੱਡ ਨੂੰ ਨੰਗਾ ਕਰਕੇ ਰਾਜੀ ਨਹੀਂ ਪਰ ਗੰਦ ਬਹੁਤ ਪੈ ਗਿਆ ।''
      - ਥੋੜਾ ਜਿਹਾ ਚੁੱਪ ਰਹਿਣ ਤੋਂ ਬਾਅਦ ਉਹ ਫਿਰ ਬੋਲੇ।
     '' ਖੋਜ ਦਾ ਅਰਥ ਹੀ ਹੈ ਵੱਧ ਤੋਂ ਵੱਧ ਉਸ ਵਿਸ਼ੇ ਨਾਲ ਸੰਬੰਧਤ ਸਮੱਗਰੀ ਇਕੱਠੀ ਕਰੋ ਤੇ ਉਸ ਦਾ ਆਪਣੀ ਸਮਝ ਅਨੁਸਾਰ ਸਿੱਟਾ ਕੱਢੋ ਤੇ ਫਿਰ ਲਿਖੋ, ਪਰ ਹੁੰਦਾ ਕੀ ਹੈ? ਪਹਿਲਾ ਹੋਏ ਦੀ ਕਾਪੀ ਕਰੋ । ਕਈ ਤਾਂ ਇਕ ਅੱਖਰ ਵੀ ਨਹੀਂ ਬਦਲਦੇ, ਡੰਡੀ, ਕੌਮਾਂ, ਸਿਹਾਰੀ, ਬਿਹਾਰੀ ਸਭ ਉਸੇ ਤਰਾਂ ਲਿਖ ਦੇਂਦੇ ਨੇ। ਸਾਡੇ ''ਵਿਦਵਾਨ'' ਵੀ ਕੰਮ ਖੁਦ ਆਪ ਵੀ ਪਹਿਲਾਂ ਕਰੀ ਗਏ। ਉਹ ਪਹਿਲਾਂ ਅੰਗਰੇਜ਼ੀ ਦੀਆਂ ਸਿਧਾਂਤਕ ਕਿਤਾਬਾਂ ਦੇ ਅਨੁਵਾਦ ਕਰਕੇ ਅਪਣੇ ਨਾਂ ਹੇਠ ਛਪਵਾਈ ਗਏ । ਹੁਣ ਸਾਰਾ ਸੱਚ ਸਾਹਮਣੇ ਆਉਣ ਲੱਗ ਪਿਆ। ਇੰਟਰਨੈਟ ਨੇ ਤਾਂ ਸਾਰੇ ਪਰਦੇ ਲਾ ਦਿੱਤੇ।''
      ਡਾਕਟਰ ਸਾਹਿਬ ਤਾਂ ਗਲੋਟੇ ਵਾਂਗ ਉਧੜ ਰਹੇ ਸਨ। ਇੰਝ ਲਗਦਾ ਸੀ ਜਿਵੇਂ ਸਾਰਾ ਸੱਚ ਅੱਜ ਹੀ ਦੱਸਣਾ ਚਾਹੁੰਦੇ ਹੋਣ । ਲਗਦਾ ਤਾਂ ਇਉਂ ਸੀ ਜਿਵੇਂ ਉਹ ਮੂੰਹ ਤੱਕ ਭਰੇ ਹੋਣ , ਉਨ੍ਹਾਂ ਦੇ ਚਿਹਰੇ 'ਤੇ ਗੁਸੇ ਦੀਆਂ ਲਹਿਰਾਂ ਵੀ ਸਨ ਤੇ ਪਛਤਾਵੇ ਦਾ ਪ੍ਰਛਾਵਾਂ ਵੀ ਸਾਫ ਨਜ਼ਰ ਆ ਰਿਹਾ ਸੀ । ਫੇਰ ਉਹ ਇਕਦਮ ਚੁੱਪ ਕਰ ਗਏ । ਕੁੱਝ ਚਿਰ ਬਾਅਦ ਫੇਰ ਬੋਲੇ।
       '' ਜਦੋਂ ਸਾਰੇ ਇਸ ਹਮਾਮ ਵਿਚ ਨੰਗੇ ਹੋਣ ਤਾਂ ਇਸ ਹਨੇਰਗਰਦੀ ਬਾਰੇ ਆਪ ਕੀ ਬੋਲਣ। ਇਹ ਸਭ ਟੁੱਕੀਆਂ ਜੀਭਾਂ ਵਾਲੇ, ਇਨਾਮਾਂ ਦੇ ਮਗਰ ਹੜਲ ਹੜਲ ਕਰਨ ਵਾਲੇ। ਕਿਸੇ ਦੂਸਰੇ ਨੂੰ ਕੀ ਦੋਸ਼ ਦੇਣਗੇ ਜਦ ਆਪ ਹੀ ਏਨੇ ਗੁਨਾਹ ਕੀਤੇ ਹੋਣ ਤਾਂ ਬੇਸ਼ਰਮ ਦੀ ਮਾਂ ਭੜੋਲੀ 'ਚ ਮੂੰਹ । ਦੱਸ ਹੋਰ ਕੀ ਦੱਸਾਂ । ਜਿਵੇਂ ਕਹਿੰਦੇ ਹੁੰਦੇ ਨੇ ਕਮਲੀਏ ਤੂੰ ਇਕ ਨੂੰ ਕੀ ਰੋਂਦੀ ਏ ਇਥੇ ਤਾਂ ਆਵਾ ਹੀ ਊਤਿਆ ਪਿਆ । ਕਈਆਂ ਨੇ ਕੁੜੀਆਂ ਦੇ ਵਿਆਹ ਤੱਕ ਨਾ ਹੋਣ ਦਿੱਤੇ, ਧੀਆਂ ਵਰਗੀਆਂ ਨੂੰ ਰਖੇਲਾਂ ਬਣਾ ਕੇ ਰੱਖਿਆ। ਨਾ ਡਿਗਰੀ ਕਰਾਈ ਤੇ ਨਾ .... ਵਿਆਹ ਹੋਣ ਦਿੱਤਾ .... ਕਈਆਂ ਨੇ ਆਪਣੇ ਹੱਸਦੇ ਵਸਦੇ ਘਰ ਪੱਟ ਲਏ ..... ਹੁਣ ਉਨ੍ਹਾਂ ਦੀ ਔਲਾਦ ਵੀ .... ਹੱਥੋਂ ਨਿਕਲਗੀ ... ਹੁਣ ਰੋਂਦੇ ਨੇ ... ਆ ਚਾਦਰ ਦੇ ਮੈਨੂੰ ਪਾਲ਼ਾ ਲੱਗਦਾ ਆ ... ਬਸ ਹੁਣ ਬਾਕੀ ਕਦੇ ਫੇਰ ਸਹੀ ਤੈਨੂੰ ਹੋਰ ਵੀ ਉਹ ਦੱਸੂੰ .. ਜੋ ਹੁੰਦਾ ਹੈ....।''
      ਡਾਕਟਰ ਸਾਹਿਬ ਇਉ ਆਪਣੇ ਆਪ ਨੂੰ ਲਕੋਣ ਲੱਗ ਪਏ, ਜਿਵੇਂ ਉਹ ਖੁੱਦ ਵੀ ਨੰਗੇ ਹੋ ਗਏ ਹੋਣ।
ਸੰਪਰਕ : 94643-70823
ਪੰਜਾਬੀ ਭਵਨ ਲੁਧਿਆਣਾ, ਪੰਜਾਬ-

ਭਵਿੱਖ ਦੇ ਵਾਰਸ ਬਨਣਾ ਜਾਂ ਕਾਤਲ ? : ਪਰ ਪੰਜਾਬ ਬਣਿਆ ਕਤਲਗਾਹ ? - ਬੁੱਧ ਸਿੰਘ ਨੀਲੋਂ

ਵਿੱਦਿਅਕ ਅਦਾਰਿਆਂ ਦਾ ਕੰਮ ਚਾਨਣ ਵੰਡਣਾ ਹੁੰਦਾ ਹੈ। ਸਮਾਜ ਵਿਚ ਫੈਲ ਰਹੇ ਹਨੇਰੇ ਨੂੰ ਦੂਰ ਕਰਨਾ ਹੁੰਦਾ ਹੈ। ਇਹ ਹਨੇਰਾ ਦੂਰ ਕਰਨ ਲਈ ਵਿੱਦਿਅਕ ਅਦਾਰੇ ਸਦਾ ਸੂਰਜ ਦੀ ਭੂਮਿਕਾ ਨਿਭਾਉਂਦੇ ਹਨ।
      ਅਸੀਂ ਆਪਣੇ ਅੰਦਰ ਫੈਲੇ ਹਨੇਰੇ ਨੂੰ ਦੂਰ ਕਰਨ ਲਈ ਇਨਾਂ ਸੰਸਥਾਵਾਂ ਅੰਦਰ ਜਾਂਦੇ ਹਾਂ। ਆਪੋ-ਆਪਣੇ ਮਨਾਂ ਅੰਦਰ ਲੱਗੇ ਹਨੇਰ ਦੇ ਜਾਲਿਆਂ ਨੂੰ ਉਤਾਰ ਦਿੰਦੇ ਹਾਂ।
        ਪਰ ਜਦੋਂ ਕੋਈ ਸੂਰਜ ਵਾਂਗ ਰੌਸ਼ਨੀ ਦਿੰਦਾ ਅਦਾਰਾ ਕਿਸੇ ਰੋਗ ਦਾ ਸ਼ਿਕਾਰ ਹੋ ਜਾਵੇ ਤਾਂ ਹਰਿਕ ਨੂੰ ਸੋਚਣ ਦੀ ਲੋੜ ਪੈ ਜਾਂਦੀ ਹੈ। ਇਹ ਕਿਵੇਂ ਹੋਇਆ ਹੈ? ਸਾਡੇ ਮਨਾਂ ਅੰਦਰ ਸਵਾਲ ਉੱਗ ਆਉਂਦੇ ਹਨ।
       ਹਰਾ ਇਨਕਲਾਬ ਲਿਆਉਣ ਦੇ ਸੁਪਨਿਆਂ ਨਾਲ ਹੋਂਦ ਵਿਚ ਆਈ ਯੂਨੀਵਰਸਿਟੀ ਨੇ ਕੁਝ ਹੀ ਵਰਿਆਂ ਵਿਚ ਆਪਣਾ ਨਾਂਅ ਬਦਲ ਲਿਆ। ਅੱਜ-ਕੱਲ ਇਸ ਨੂੰ ਕੈਂਸਰ ਯੂਨੀਵਰਸਿਟੀ ਦੇ ਨਾਂਅ ਨਾਲ ਪੁਕਾਰਿਆ ਜਾਂਦਾ ਹੈ।
       ਘਰ ਦੇ ਭੇਤੀ ਦੱਸਦੇ ਹਨ ਕਿ ਯੂਨੀਵਰਸਿਟੀ ਲਈ ਕੋਈ ਸਰਕਾਰੀ ਵੰਡ ਤਾਂ ਆਉਂਦਾ ਨਹੀਂ, ਖੋਜ ਕਾਰਜ ਸਭ ਠੱਪ ਹੋਏ ਪਏ ਹਨ, ਜਿਹੜੇ ਇੱਕਾ-ਦੁੱਕਾ ਸੈਮੀਨਾਰ ਹੁੰਦੇ ਹਨ, ਉਹ ਪ੍ਰਾਈਵੇਟ ਫਰਮਾਂ ਦੇ ਸਹਿਯੋਗ ਨਾਲ ਕੀਤੇ ਜਾ ਰਹੇ ਹਨ। ਇਨਾਂ ਪ੍ਰਾਈਵੇਟ ਫਰਮਾਂ ਵਿਚ ਵਧੇਰੇ ਗਿਣਤੀ ਉਨਾਂ ਰਸਾਇਣਿਕ ਦਵਾਈਆਂ ਬਨਾਉਣ ਵਾਲੀਆਂ ਕੰਪਨੀਆਂ ਦੀ ਹੈ, ਜਿਹੜੀਆਂ ਇਥੋਂ ਦੇ ਮਾਹਿਰ ਨੂੰ ਚੋਗਾ ਪਾ ਕੇ ਰੱਖਦੀਆਂ ਹਨ।
         ਖ਼ਬਰਾਂ ਵਿਚੋਂ ਖ਼ਬਰ ਇਹ ਹੈ ਕਿ ਇੱਥੋਂ ਦੇ ਮਾਹਿਰ ਹੁਣ ਮਨੁੱਖ ਨਾ ਹੋ ਕੇ ਪਾਲਤੂ ਜਾਨਵਰ ਹੀ ਬਣ ਗਏ ਹਨ। ਜਿਨਾਂ ਦੇ ਗਲੇ ਵਿਚ ਪਟੇ ਪਏ ਹੋਏ ਹਨ, ਜਿਨਾਂ ਦੀ ਸੰਗਲੀ ਕਿਸੇ ਨਾ ਕਿਸੇ ਕੀਟ ਨਾਸਿਕ ਦਵਾਈਆਂ ਦੀ ਕੰਪਨੀ ਦੇ ਹੱਥਾਂ ਵਿਚ ਹੈ। ਸੁਣਿਆ ਹੈ ਕਿ ਕੰਪਨੀਆਂ ਦਾ ਆਪਣਾ ਇਕ ਨੈੱਟਵਰਕ ਹੈ। ਪਹਿਲਾਂ ਉਹ ਉਸ ਨੈੱਟਵਰਕ ਅਧੀਨ ਆਪਣੇ ਪ੍ਰੋਗਰਾਮ ਲਿਆਉਂਦੇ ਹਨ।
        ਬਿਮਾਰੀ ਫੈਲਾਉਂਦੇ ਹਨ, ਫੇਰ ਬਿਮਾਰੀ ਦੇ ਇਲਾਜ ਲਈ ਦਵਾਈ ਦੱਸਦੇ ਹਨ। ਸਾਡੇ ਮਾਹਿਰ ਉਨਾਂ ਦਵਾਈਆਂ ਦੀ ਅੱਗੇ ਸਿਫ਼ਾਰਸ਼ ਕਰਦੇ ਹਨ। ਸਿਫ਼ਾਰਸ਼ ਕੀਤੀਆਂ ਕੀਟਨਾਸ਼ਕ ਦਵਾਈਆਂ ਦੇ ਅੰਕੜੇ ਦੱਸਦੇ ਹਨ ਕਿ ਕਿੰਨੀਆਂ ਹੀ ਦਵਾਈਆਂ ਅਜਿਹੀਆਂ ਹਨ, ਜਿਹੜੀਆਂ ਕਈ ਵਰਿਆਂ ਤੋਂ ਸਿਫ਼ਾਰਸ਼ ਕੀਤੀਆਂ ਜਾ ਰਹੀਆਂ ਹਨ। ਉਹ ਦਵਾਈਆਂ ਦੁਨੀਆਂ ਭਰ 'ਚ ਬੰਦ ਹਨ ਪਰ ਸਾਡੇ ਵਰਤੀਆਂ ਜਾ ਰਹੀਆਂ ਹਨ।
         ਸਿਫ਼ਾਰਸ਼ੀ ਕੀਟਨਾਸ਼ਕ ਦਵਾਈਆਂ ਨੇ ਧਰਤੀ ਹੀ ਨਹੀਂ ਬਲਕਿ ਸਾਰਾ ਸਮਾਜ ਹੀ ਬਿਮਾਰ ਕਰ ਦਿੱਤਾ ਹੈ। ਮਾਲਵਾ ਤਾਂ ਕੈਂਸਰ ਤੇ ਚਮੜੀ ਦੇ ਰੋਗ ਦਾ ਕੇਂਦਰ ਬਣ ਗਿਆ ਹੈ। ਹੁਣ ਖੇਤਾਂ ਵਿਚ ਫ਼ਸਲ ਨਹੀਂ, ਲਾਸ਼ਾਂ ਉੱਗਦੀਆਂ ਹਨ।
       ਬਹੁਤ ਸਾਰੇ ਸਰਵੇਖਣ ਇਹ ਵੀ ਪੋਲ ਖੋਲ ਰਹੇ ਕਿ ਮਨੁੱਖ ਦੇ ਅੰਦਰ ਵੀ ਇਨਾਂ ਦਵਾਈਆਂ ਦੇ ਕਣ ਦੇਖਣ ਨੂੰ ਮਿਲੇ ਹਨ। ਹੁਣ ਕੋਈ ਵੀ ਫ਼ਸਲ ਦਵਾਈ ਤੋਂ ਬਗੈਰ ਨਹੀਂ ਹੁੰਦੀ ਅਤੇ ਨਾ ਹੀ ਮਨੁੱਖ ਦਵਾਈ ਤੋਂ ਬਗੈਰ ਚੱਲ ਸਕਦਾ ਹੈ।
        ਦੱਸਣ ਵਾਲੇ ਤਾਂ ਦੱਸਦੇ ਹਨ ਕਿ ਸਾਰਾ ਪੰਜਾਬ ਹੀ ਹਸਪਤਾਲ ਬਣ ਗਿਆ ਹੈ। ਇਨਾਂ ਮਾਹਿਰਾਂ ਦੀ ਕ੍ਰਿਪਾਾ ਦੇ ਨਾਲ ਪੰਜਾਬ ਦੀ ਧਰਤੀ ਉੱਤੋਂ ਬੜਾ ਕੁਝ ਅਲੋਪ ਹੋ ਗਿਆ ਹੈ। ਇਨ੍ਹਾਂ ਅਲੋਪ ਹੋ ਗਿਆਂ ਵਿਚ ਪਸ਼ੂ, ਪੰਛੀ, ਰੁੱਖ ਤੇ ਫੁੱਲ-ਬੂਟੇ ਆਦਿ ਹਨ।
       ਮਾਹਿਰਾਂ ਦੀ ਕ੍ਰਿਪਾ ਨਾਲ ਸਾਡੀਆਂ ਮਿੱਤਰ ਗਿਰਝਾਂ ਤੇ ਇੱਲਾਂ ਖ਼ਤਮ ਹੋ ਗਈਆਂ ਹਨ। ਮਾਹਿਰ ਹਿੱਕ ਉੱਤੇ ਹੱਥ ਰੱਖ ਕੇ ਇਹ ਨਹੀਂ ਆਖ ਸਕਦੇ ਕਿ ਅਸੀਂ ਇਹ ਨਹੀਂ ਕੀਤਾ। ਹੁਣ ਤਾਂ ਸਗੋਂ ਉਹ ਇਸ ਜ਼ਿੰਮੇਵਾਰੀ ਤੋਂ ਭੱਜ ਵੀ ਨਹੀਂ ਸਕਦੇ ਕਿ ਉਨਾਂ ਨੇ ਕੁਝ ਲਾਲਚਾਂ ਬਦਲੇ ਸਾਰੇ ਪੰਜਾਬ ਨੂੰ ਖੋਜ ਦਾ ਕੇਂਦਰ ਹੀ ਨਹੀਂ ਸਗੋਂ ਕਤਲਗਾਹ ਬਣਾ ਕੇ ਰੱਖ ਦਿੱਤਾ ਹੈ।
         ਪੰਜਾਬ ਦਾ ਪੌਣ-ਪਾਣੀ ਤੇ ਧਰਤੀ ਨੂੰ ਦੂਸ਼ਿਤ ਕਰ ਦਿੱਤਾ ਹੈ, ਜਿਸ ਕਾਰਨ ਹੁਣ ਪੰਜਾਬ ਦੇ ਹਸਪਤਾਲਾਂ ਤੇ ਸਮਸ਼ਾਨ ਘਾਟਾਂ 'ਤੇ ਮੇਲੇ ਲੱਗਦੇ ਹਨ। ਸਾਡੇ ਪੁਰਾਤਨ ਮੇਲੇ ਤਾਂ ਨੈੱਟ ਨੇ ਖਤਮ ਕਰ ਦਿੱਤੇ ਹਨ। ਸਰਕਾਰੀ ਹਸਪਤਾਲ ਖੁਦ ਬੀਮਾਰ ਹਨ ਤੇ ਸਾਧਾਂ ਦੇ ਡੇਰੇ ਖੁੰਬਾਂ ਵਾਂਗ ਉਗ ਰਹੇ ਹਨ।
       ਲੋਕ ਆਪਣੀਆਂ ਬੀਮਾਰੀਆਂ ਦਾ ਇਲਾਜ ਕਰਵਾਉਣ ਦੇ ਲਈ ਡੇਰਿਆਂ ਵੱਲ ਵਹੀਰਾਂ ਘੱਤੀ ਜਾ ਰਹੇ ਹਨ। ਇਹ ਡੇਰੇ ਲੋਕਾਂ ਦਾ ਆਰਥਿਕ ਤੇ ਸਰੀਰਿਕ ਸੋਸ਼ਣ ਕਰਦੇ ਹਨ। ਸਰਕਾਰ ਦੇ ਮੰਤਰੀ ਤੇ ਸੰਤਰੀ ਸ਼ਰੀਕੇਬਾਜ਼ੀ 'ਚ ਉਲਝੇ ਹਨ। ਸੁਚੇਤ ਲੋਕ ਸੜਕਾਂ ਤੇ ਹਨ।
       ਉਹ ਯੂਨੀਵਰਸਿਟੀ ਜਿਸ ਨੇ ਮਨੁੱਖ ਦੇ ਭਲੇ ਲਈ ਦੇਸ਼ ਦੇ ਵਿਕਾਸ ਲਈ ਯੋਗਦਾਨ ਪਾਉਣ ਸੀ, ਉਹ ਬਿਮਾਰੀਆਂ ਫੈਲਾਉਣ ਵਾਲੀ ਸੰਸਥਾ ਬਣ ਗਈ, ਜਿਸ ਦੇ ਮਾਹਿਰ ਪ੍ਰਾਈਵੇਟ ਫਰਮਾਂ ਦੇ ਹੱਥਾਂ ਵਿਚ ਖੇਡਦੇ ਹਨ। ਉਨ੍ਹਾਂ ਦੇ ਖਿਡੌਣੇ ਬਣ ਕੇ ਕਰ ਰਹੇ ਹਨ ਕੱਠਪੁਤਲੀ ਨਾਚ।
        ਖ਼ਬਰਾਂ ਆਉਂਦੀਆਂ ਨੇ ਕਿ ਇਸੇ ਯੂਨੀਵਰਸਿਟੀ ਵਿਚ ਹੁਣ ਜਿੰਨੇ ਵੀ ਸੈਮੀਨਾਰ ਹੁੰਦੇ ਹਨ, ਉਨ੍ਹਾਂ ਨੂੰ ਇਕ ਜ਼ਹਿਰ ਬਨਾਉਣ ਵਾਲੀਆਂ ਕੰਪਨੀਆਂ ਹੀ ਕਰਵਾ ਰਹੀਆਂ ਹਨ ਜਿਹਨਾਂ ਨੂੰ ਨਿੱਜੀ ਫਰਮਾਂ ਨੇ ਪਲੈਨ ਕੀਤਾ ਹੁੰਦਾ , ਜਿਨ੍ਹਾਂ ਨੇ ਇਨ੍ਹਾਂ ਸੈਮੀਨਾਰਾਂ  ਨੂੰ ਸਫ਼ਲ ਬਣਾਉਣ ਲਈ ਹਰ ਤਰਾਂ ਦਾ ਹਰਬਾ ਵਰਤਿਆ ਹੈ। ਅਧਿਕਾਰੀ ਤਾਂ ਉਸ ਕੰਪਨੀ ਦੇ ਖ਼ਿਲਾਫ਼ ਕਾਰਵਾਈ ਕਰਨ ਤੋਂ ਵੀ ਕੰਨੀ ਕਤਰਾਉਂਦੇ ਹਨ। ਦਾਲ ਵਿਚ ਕੋਕੜੂ ਹੀ ਨਹੀਂ ਸਗੋਂ ਸਾਰੀ ਦਾਲ ਹੀ ਕਾਲੀ ਹੈ।
         ਯੂਨੀਵਰਸਿਟੀ ਦੇ ਡਾਕਟਰਾਂ ਨੇ ਖੋਜ ਦਾ ਕੰਮ ਤਿਆਗ ਦਿੱਤਾ ਹੈ, ਉਸ ਦੇ ਮਾਹਿਰ ਹੁਣ ਖੋਜ ਦੀ ਬਜਾਏ ਜ਼ਹਿਰ ਵੰਡਣ ਵਾਲੇ ਦਲਾਲ ਬਣ ਗਏ ਹਨ, ਜ਼ਿਹੜੇ ਵੱਡੀਆਂ-ਵੱਡੀਆਂ ਕੰਪਨੀਆਂ ਦਾ ਮਾਲ ਅੱਗੇ ਵਿਕਾਉਂਦੇ ਹਨ। ਜਿੰਨਾ-ਜਿੰਨਾ ਮਾਲ ਵਿਕਦਾ ਹੈ, ਓਨਾ ਉਨ੍ਹਾਂ ਨੂੰ ਕਮਿਸ਼ਨ ਮਿਲ ਜਾਂਦਾ ਹੈ। ਸਰਕਾਰ ਤੋਂ ਤਨਖ਼ਾਹ ਟੀ. ਏ, ਡੀ. ਏ. ਆਦਿ ਉਨਾਂ ਨੂੰ ਮੁਫ਼ਤ ਵਿਚ ਮਿਲ ਜਾਂਦਾ ਹੈ।
       ਹੁਣ ਜਦੋਂ ਤੂਹਾਨੂੰ ਤਨਖ਼ਾਹ ਮੁਫ਼ਤ ਵਿਚ ਤੇ ਕਮਿਸ਼ਨ ਵੱਖਰਾ ਮਿਲਦਾ ਹੋਵੇ ਤਾਂ ਖੋਜ ਕਰੋਂਗੇ ਕਿ ਦਲਾਲੀ?
ਦਲਾਲ ਦਾ ਕਿੱਤਾ ਬੜਾ ਮਾੜਾ ਗਿਣਿਆ ਜਾਂਦਾ ਹੈ, ਪਰ ਹੁਣ ਇਸ ਕਿੱਤੇ ਵਿਚ ਉਹ ਵਿਦਵਾਨ ਵੀ ਸ਼ਾਮਲ ਹੋ ਗਏ ਹਨ, ਜਿਨਾਂ ਦਾ ਕੰਮ ਤਾਂ ਸੀ, ਚਾਨਣਾ ਵੰਡਣਾ ਪਰ ਉਹ ਚਾਨਣ ਵੰਡਦੇ-ਵੰਡਦੇ ਹਨੇਰ ਵੰਡਣ ਲੱਗ ਪਏ।
      ਉੱਡਦੀ-ਉੱਡਦੀ ਖ਼ਬਰ ਹੈ ਕਿ ਸਰਕਾਰ ਨੇ ਇਸ ਅਦਾਰੇ ਨੂੰ ਪ੍ਰਾਈਵੇਟ ਫਰਮਾਂ ਦੇ ਹਵਾਲੇ ਕਰ ਦੇਣਾ ਹੈ ਤਾਂ ਕਿ ਦਲਾਲੀ ਦਾ ਕੰਮ ਖ਼ਤਮ ਹੀ ਕਰ ਦਿੱਤਾ ਜਾਵੇ। ਹੁਣ ਇਨਾਂ ਦਲਾਲਾਂ ਨੂੰ ਹੱਥਾਂ ਪੈਰਾਂ ਦੀ ਪੈ ਗਈ ਹੈ। ਹੁਣ ਇਹ ਆਪਣੇ ਕੀਤੇ ਕੁਕਰਮਾਂ ਕਰਕੇ ਮੱਥੇ 'ਤੇ ਹੱਥ ਰੱਥ ਕੇ ਰੋਂਦੇ ਹਨ।
ਬਾਦਲਾਂ ਦੀ ਸਰਕਾਰ ਨੇ ਬਠਿੰਡੇ ਤਾਂ ਕ੍ਰਿਕਟ ਸਟੇਡੀਅਮ ਬਣਾ ਦਿੱਤਾ ਸੀ। ਸਰਕਾਰ ਆਖਦੀ ਹੈ ਕਿ ਫ਼ਸਲਾਂ ਨੂੰ ਅਮਰੀਕਨ ਸੁੰਡੀ ਲੱਗ ਜਾਂਦੀ ਹੈ। ਕ੍ਰਿਕਟ ਨਾਲ਼ ਚਾਰ ਪੈਸੇ ਤਾਂ ਆਉਣਗੇ।
       ਸੋ, ਉਨਾਂ ਨੇ ਇਹ ਫਾਰਮ ਕ੍ਰਿਕਟ ਪ੍ਰੇਮੀਆਂ ਦੇ ਹਵਾਲੇ ਕਰ ਦਿੱਤਾ ਹੈ। ਹੋਲ ਹੋਲੀ ਸਰਕਾਰ ਬਾਕੀ ਦੇ ਖੇਤੀ ਫਾਰਮ ਵੇਚ ਰਹੀ ਹੈ ਤਾਂ ਕਿ ਨਾ ਬਾਂਸ ਰਹੇ ਤੇ ਨਾ ਬੰਸਰੀ ਵੱਜੇ। ਹੁਣ ਬੰਸਰੀ ਤਾਂ ਆਮ ਲੋਕਾਂ ਦੀ ਵੱਜ ਰਹੀ ਹੈ।
        ਖ਼ਬਰਾਂ ਤਾਂ ਇਹ ਵੀ ਕੰਨ ਕੁਤਰ ਰਹੀਆਂ ਹਨ ਕਿ ਆਉਣ ਵਾਲੇ ਦਿਨਾਂ ਵਿਚ ਹੋਰ ਫਾਰਮ ਵੀ ਇਸੇ ਤਰਾਂ ਲੇਖੇ ਲਾਏ ਜਾਣਗੇ ਤਾਂ ਸਰਕਾਰੀ ਦਲਾਲ ਦੀ ਬਜਾਏ ਸਿੱਧਾ ਕਿਸਾਨ ਨਾਲ ਸੰਪਰਕ ਕੀਤਾ ਜਾਵੇਗਾ।
       ਇਸ ਡਰ ਦੇ ਮਾਰੇ ਕਈ ਮਾਹਿਰ ਠੰਢੇ ਮੁਲਕਾਂ ਵੱਲ ਉਡਾਰੀਆਂ ਮਾਰਨ ਲਈ ਪਰ ਤੋਲ ਰਹੇ ਹਨ। ਕਈ ਤਾਂ ਉਡਾਰੀ ਮਾਰ ਵੀ ਗਏ ਹਨ ਉਨ੍ਹਾ ਨੂੰ ਪਾਲਾ ਵੱਢ-ਵੱਢ ਖਾ ਰਿਹਾ ਹੈ। ਕਿਤੇ ਉਹ ਕੈਂਸਰ ਵਰਗੀ ਨਾਮੁਰਾਦ ਬਿਮਾਰੀ ਦਾ ਸ਼ਿਕਾਰ ਹੀ ਨਾ ਹੀ ਹੋ ਜਾਣ। ਵਿੱਦਿਆ ਅਦਾਰੇ ਤੋਂ ਕੈਂਸਰ ਯੂਨੀਵਰਸਿਟੀ ਤੱਕ ਸਫ਼ਰ ਵਿਚ ਕਿੰਨੇ ਮਾਹਿਰਾਂ ਦਾ ਯੋਗਦਾਨ ਹੈ? ਇਹ ਤਾਂ ਉਹ ਮਾਹਿਰ ਹੀ ਜਾਣਦੇ ਹਨ, ਪਰ ਜਿਹੜੀਆਂ ਖ਼ਬਰਾਂ ਚੁਗਲੀਆਂ ਕਰ ਰਹੀਆਂ ਹਨ, ਉਹ ਦੱਸਦੀਆਂ ਹਨ, ਜਲਦੀ ਹੀ ਕੈਂਸਰ ਯੂਨੀਵਰਸਿਟੀ ਦੇ ਮਾਹਿਰਾਂ ਤੇ ਅਧਿਕਾਰੀਆਂ ਨੂੰ ਸਨਮਾਨਿਤ ਕਰਨ ਜਾ ਰਹੇ ਹਨ। ਉਨਾਂ ਦਾ ਮੰਨਣਾ ਹੈ ਕਿ ਇਸ ਯੂਨੀਵਰਸਿਟੀ ਸਦਕਾ ਹੀ ਉਨ੍ਹਾਂ ਦਾ ਤੋਰੀ-ਫੁਲਕਾ ਚੱਲਦਾ ਹੈ। ਜੈ ਕੈਂਸਰ ਯੂਨੀਵਰਸਿਟੀ ਦੀ।
        ਜੇ ਤੁਹਾਨੂੰ ਇਸ ਕੈਂਸਰ ਯੂਨੀਵਰਸਿਟੀ ਦਾ ਪਤਾ ਐ ਤਾਂ ਲੋਕਾਂ ਨੂੰ ਜਰੂਰ ਦੱਸਣਾ ਤਾਂ ਕਿ ਬਾਕੀ ਦੇ ਲੋਕ ਬਚ ਸਕਣ । ਕੋਈ ਦੱਸ ਪਾਵੇਗਾ? ਪੰਜਾਬ ਹੁਣ ਆਪ ਹੀ ਕਤਲ਼ਗਾਹ ਬਣ ਗਿਆ ਹੈ। ਪੰਜਾਬ ਦੇ ਆਮ ਲੋਕ, ਇਸ ਇਨਕਲਾਬ ਦੇ ਪੱਟੇ ਲੋਕ ਆਪਣੀ ਮੌਤ ਮਰਨ ਦੇ ਲਈ ਮਜਬੂਰ ਹੋ ਗਏ ਹਨ।
      ਭਾਵੇ ਇਸ ਦੇ ਆਮ ਲੋਕਾਂ ਦਾ ਓਨਾਂ ਕਸੂਰ ਨਹੀਂ ਸੀ ਪਰ ਜਿਨ੍ਹਾਂ ਨੂੰ ਇਸ ਦਾ ਪਤਾ ਸੀ ਕਿ ਇਨ੍ਹਾਂ ਇਨਕਲਾਬਾਂ ਨੇ ਭਵਿੱਖ ਦੇ ਵਿਚ ਕੀ ਚੰਦ ਚਾੜਨੇ ਹਨ ?  ਉਹ ਤਾਂ ਮੋਟੀਆਂ ਕਮਾਈਆਂ ਕਰਕੇ ਵਿਦੇਸ਼ਾਂ ਨੂੰ ਉਡਾਰੀਆਂ ਮਾਰ ਗਏ ਹਨ। ਕਿਸਾਨ ਤੇ ਮਜ਼ਦੂਰ ਹੁਣ ਖੁਦਕੁਸ਼ੀਆਂ ਦੇ ਰਸਤੇ ਤੁਰਿਆ ਹੋਇਆ ਹੈ। ਆਮ ਲੋਕ ਵੱਖ-ਵੱਖ ਤਰਾਂ ਦੀਆਂ ਜਾਨ-ਲੇਵਾ ਬੀਮਾਰੀਆਂ ਦੇ ਨਾਲ ਇਲਾਜ-ਖੁਣੋਂ ਮਰਨ ਲਈ ਘਰਾਂ ਦੇ ਵਿਚ ਮਜਬੂਰ ਹਨ।
        ਇਹਨਾਂ ਬੀਜੇ ਕੰਡਿਆਂ ਨੂੰ ਦਾ ਖਮਿਆਜਾ ਤਾਂ ਆਮ ਲੋਕ ਭੁਗਤ ਰਹੇ ਹਨ ਪਰ ਅਜੇ ਤੱਕ ਲੋਕਾਂ ਨੂੰ ਸਮਝ ਨਹੀਂ ਆਈ ਕਿ ਉਨ੍ਹਾਂ ਦੇ ਆਪਣੇ ਹੀ ਉਨ੍ਹਾਂ ਦਾ ਗਲਾ ਘੁੱਟ ਗਏ ਹਨ। ਹੁਣ ਇਸ ਦੀ ਜੁੰਮੇਵਾਰੀ ਕੋਈ ਵੀ ਆਪਣੇ ਸਿਰ ਲੈਣ ਲਈ ਤਿਆਰ ਨਹੀਂ।
ਪੰਜਾਬ ਦਿੱਤਾ ਪੌਣ-ਪਾਣੀ ਖਰਾਬ ਕਰਨ ਤੇ ਲੋਕਾਈ ਲਈ  ਬੀਮਾਰੀਆਂ  ਸਹੇੜਣ ਵਿਚ ਜਿਥੇ ਇਸ ਕੈਂਸਰ ਯੂਨੀਵਰਸਿਟੀ ਦਾ ਬਹੁਤ ਵੱਡਾ ਯੋਗਦਾਨ ਰਿਹਾ ਹੈ ਉਥੇ ਵਿਦਵਾਨਾਂ ਨੇ ਵਿਦੇਸ਼ੀ ਤਜਰਬੇ ਬਦਲ ਕੇ ਆਪਣੀ ਖੋਜ ਬਣਾਉਣ ਵਿਚ ਵੀ ਕੋਈ ਰੜਕ ਨੀ ਛੱਡੀ ।
         ਅਜੇ ਤਕ ਨਰਮੇ ਦੀ ਸੁੰਡੀ ਨੀ ਇਹਨਾਂ ਡਾਕਟਰ ਲਾਗੇ ਮਰੀ ਪਰ ਪੰਜਾਬ ਦੇ ਲੋਕ ਜਰੂਰ ਮਰਨ ਲਈ ਮਜਬੂਰ ਕਰ ਦਿੱਤੇ। ਕਦੇ ਪਿੰਡ ਤੇ ਸ਼ਹਿਰ ਵਿਚ ਜਾ ਕੇ ਦੇਖੋ , ਲੋਕ ਕਿਵੇ ਇਸ ਹਰੀ, ਨੀਲੀ ਤੇ ਚਿੱਟੀ ਕ੍ਰਾਂਤੀ ਦੇ ਕਾਰਨ ਕੈਂਸਰ, ਪੀਲੇ ਤੇ ਕਾਲੇ ਪੀਲੀਏ ਨਾਲ ਮਰ ਰਹੇ ਹਨ। ਪੰਜਾਬ ਦਾ 60% ਨੌਜਵਾਨ ਨਮਰਦ ਹੋ ਗਿਆ ਹੈ। ਬਾਕੀ ਬੇਰੁਜ਼ਗਾਰੀ ਕਾਰਨ ਉਹ ਵਿਦੇਸ਼ ਵਿਚ ਜਾਣ ਲਈ ਦੌੜ ਰਿਹਾ । ਕਿਸਾਨ ਤੇ ਮਜ਼ਦੂਰ ਜਮਾਤ ਕਰਜ਼ਈ ਹੋਏ ਖੁਦਕਸ਼ੀਆਂ ਕਰ ਰਹੇ ਹਨ ਕਦੇ ਕਿਸੇ ਨੇ ਸੁਣਿਆ ਕਿ ਕੋਈ ਸਿਆਸਤਦਾਨ ਜਾਂ ਖੇਤੀ ਵਿਗਿਆਨੀ ਨੇ ਖੁਦਕਸ਼ੀਆਂ ਦਾ ਰਾਹ ਅਪਣਾਇਆ?
ਸੰਭਲੋ ਪੰਜਾਬੀਓ ਆਪਣੇ ਪਰਾਏ ਦੀ ਪਰਖ ਕਰੋ ਤੇ ਭਗੌੜੇ ਨ ਬਣੋ ਸਿਆਸਤ ਨੂੰ ਸਮਝੋ ਪੰਜਾਬ ਨੂੰ ਬਚਾਉਣ ਲਈ ਕਰੋ ਜਾਂ ਮਰੋ।
ਮਿੱਤਰੋ! ਇਨਸਾਨ ਦੀ ਮੌਤ ਇਕ ਦਿਨ ਨਿਸ਼ਚਿਤ ਐ ਪਰ ਪਲ ਪਲ ਤੇ ਹਰ ਸਾਹ ਨਾ ਮਰੋ। ਤੁਹਾਨੂੰ ਮਰਨ ਦੇ ਡਰ ਦਾ ਪਾਠ ਪੜਾਇਆ ਜਾ ਰਿਹਾ ਹੈ?
"ਕਬੀਰ ਜਿਸੁ ਮਰਨੇ ਤੇ ਜਗੁ ਡਰੈ ਮੇਰੇ ਮਨਿ ਆਨੰਦੁ ॥ ਮਰਨੇ ਹੀ ਤੇ ਪਾਈਐ ਪੂਰਨੁ ਪਰਮਾਨੰਦੁ ॥੨੨॥"

ਹੁਣ ਘਰ ਵਿਚ ਬੈਠ ਕੇ ਬੀਮਾਰੀ ਦੇ ਸ਼ਿਕਾਰ ਹੋ ਕੇ ਮਰਨਾ ਐ ਜਾਂ ਜਿੰਦਗੀ ਦੇ ਸੰਘਰਸ਼ ਵਿੱਚ ਫੈਸਲਾ ਤੁਹਾਡਾ ਹੈ। ਪਰਮਜੀਤ ਪੰਜਾਬ, ਪੰਜਾਬੀ ਤੇ ਪੰਜਾਬੀਅਤ ਤੇ ਵਿਰਾਸਤ ਕਦੇ ਨੀ ਮਰੇਗੀ ।ਪੰਜਾਬ ਉਠੇਗਾ ਤੇ ਉਠ ਰਿਹਾ ।

ਨਿਕਲੋ ਘਰਾਂ ਵਿਚੋਂ ਅਗਲੀਆਂ ਨਸਲਾਂ ਦੇ ਕਾਤਲ ਨ ਬਣੋ ਓਹਨਾ ਦੇ ਵਾਰਸ ਬਣੋ।
ਕਾਤਲ ਬਨਣਾ ਐ
ਵਾਰਸ ਬਨਣਾ ਐ
ਫੈਸਲਾ ਤੁਹਾਡਾ
ਹੋਕਾ ਸਾਡਾ
ਜਾਗੋ ਜਾਗੋ
ਜਾਗੋ
ਜਾਗੋ ।

ਸੰਪਰਕ : 94643-70823

04 March 2019