Dr-Gurvinder-Singh-Dhaliwal-Canada

ਅੰਤਰਰਾਸ਼ਟਰੀ ਮਾਂ-ਬੋਲੀ ਦਿਹਾੜੇ 'ਤੇ ਵਿਸ਼ੇਸ਼ : ਕੈਨੇਡਾ ਵਿੱਚ ਪੰਜਾਬੀ ਬੋਲੀ ਦਾ ਸਥਾਨ - ਡਾ. ਗੁਰਵਿੰਦਰ ਸਿੰਘ

ਕੈਨੇਡਾ ਬਹੁ-ਸਭਿਆਚਾਰਕ ਅਤੇ ਬਹੁ-ਭਾਸ਼ਾਈ ਦੇਸ਼ ਹੈ। ਇੱਥੇ 'ਇੱਕ ਰਾਸ਼ਟਰ ਅਤੇ ਇੱਕ ਭਾਸ਼ਾ' ਦਾ ਧ੍ਰੁਵੀਕਰਨ ਵਾਲਾ ਫਾਰਮੁਲਾ ਨਹੀਂ ਚੱਲਦਾ। ਕੈਨੇਡਾ ਵਿੱਚ ਚਾਹੇ ਸਰਕਾਰੀ ਤੌਰ 'ਤੇ ਅੰਗਰੇਜ਼ੀ ਅਤੇ ਫਰੈਂਚ, ਦੋ ਭਾਸ਼ਾਵਾਂ ਨੂੰ ਕੰਮਕਾਜ ਲਈ ਪ੍ਰਮੁੱਖਤਾ ਦਿੱਤੀ ਗਈ ਹੈ, ਪਰ ਇੱਥੇ 200 ਤੋਂ ਵੱਧ ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ, ਜਿਨ੍ਹਾਂ ਵਿੱਚ 60 ਤੋਂ ਵੱਧ, ਮੂਲ-ਨਿਵਾਸੀਆਂ ਦੀਆਂ ਬੋਲੀਆਂ ਸ਼ਾਮਲ ਹਨ। ਕੈਨੇਡਾ ਵਿਚ ਪੰਜਾਬੀ ਬੋਲੀ ਦੀ ਚੜ੍ਹਦੀ ਕਲਾ ਦੀਆਂ ਮਿਸਾਲਾਂ ਪੰਜਾਬ ਦੀ ਧਰਤੀ 'ਤੇ ਵੀ ਦਿੱਤੀਆਂ ਜਾਂਦੀਆਂ ਹਨ।
ਕੈਨੇਡਾ ਵਸਦੇ ਪੰਜਾਬੀਆਂ ਅੰਦਰ ਮਾਂ-ਬੋਲੀ ਲਈ ਠਾਠਾਂ ਮਾਰਦੇ ਪਿਆਰ ਦੀ ਗੱਲ ਕਰਦਿਆਂ ਆਮ ਹੀ ਕਿਹਾ ਜਾਂਦਾ ਹੈ ਕਿ ਕੈਨੇਡਾ ਵਿਚ 'ਦੂਜਾ ਪੰਜਾਬ' ਵਸਦਾ ਹੈ। ਇਸ ਵਿਚ ਕੋਈ ਸ਼ੱਕ ਵੀ ਨਹੀਂ ਕਿ ਸੌ ਸਾਲ ਤੋਂ ਵੱਧ ਸਮੇਂ ਤੋਂ ਇਥੇ ਵਸੇ ਪੰਜਾਬੀਆਂ ਨੇ ਆਪਣੀ ਬੋਲੀ ਅਤੇ ਵਿਰਸੇ ਨੂੰ ਸੰਭਾਲ ਕੇ ਰੱੱਖਿਆ ਹੈ। ਇਥੋਂ ਦੇ ਕਈ ਸ਼ਹਿਰਾਂ 'ਚ ਪੰਜਾਬ ਤੋਂ ਘੁੰਮਣ ਆਇਆ ਪੰਜਾਬੀ ਜਦੋਂ ਘਰੋਂ ਬਾਹਰ ਨਿਕਲਦਾ ਹੈ, ਤਾਂ ਉਸ ਨੂੰ ਭੁਲੇਖਾ ਪੈਣ ਲੱਗ ਪੈਂਦਾ ਹੈ ਕਿ ਉਹ ਸ਼ਾਇਦ ਪੰਜਾਬ ਦੇ ਕਿਸੇ ਸ਼ਹਿਰ 'ਚ ਘੁੰਮ ਰਿਹਾ ਹੋਵੇ। ਪੰਜਾਬੀ ਵਿਚ ਲੱਗੇ ਸਾਈਨ ਬੋਰਡ ਇਸ ਗੱਲ ਦੀ ਗਵਾਹੀ ਭਰਦੇ ਹਨ ਕਿ ਕੈਨੇਡਾ ਵਿੱਚ ਪੰਜਾਬੀਆਂ ਦੀ ਮਾਂ-ਬੋਲੀ ਪੰਜਾਬੀ ਦੀ ਚੜ੍ਹਤ ਹੈ।
ਮਾਂ-ਬੋਲੀ ਪੰਜਾਬੀ ਨਾਲੋਂ ਟੁੱਟੇ ਪੰਜਾਬੀ, ਆਪਣੀ ਬੋਲੀ ਨਾਲ ਕੈਨੇਡਾ ਆ ਕੇ ਕਿਵੇਂ ਜੁੜਦੇ ਹਨ, ਇਸ ਦੀ ਮਿਸਾਲ ਉੱਘੇ ਸਾਹਿਤਕਾਰ ਰਾਜਿੰਦਰ ਸਿੰਘ ਬੇਦੀ ਦੇ ਪੋਤਰੇ ਤੇ ਫ਼ਿਲਮ ਨਿਰਮਾਤਾ ਨਰਿੰਦਰ ਬੇਦੀ ਦੇ ਪੁੱਤਰ, ਫਿਲਮ ਅਦਾਕਾਰ ਅਤੇ ਨਿਰਮਾਤਾ ਰਜਤ ਬੇਦੀ ਨੇ ਸਾਂਝੀ ਕੀਤੀ। ਉਸਨੇ ਕਿਹਾ ਕਿ ਬੰਬਈ ਵਿਚ ਰਹਿੰਦਿਆਂ ਉਹ ਪੰਜਾਬੀ ਨਹੀਂ ਸੀ ਬੋਲਦਾ, ਪਰ ਜਦੋਂ ਉਹ ਕੈਨੇਡਾ ਆਇਆ, ਤਾਂ ਇਥੇ ਆ ਕੇ ਨਾ ਸਿਰਫ਼ ਪੰਜਾਬੀ ਬੋਲਣ ਹੀ ਲੱਗਿਆ, ਸਗੋਂ ਪੰਜਾਬੀ ਫਿਲਮਾਂ ਵੱਲ ਵੀ ਉਤਸ਼ਾਹਤ ਹੋ ਗਿਆ। ਰਜਤ ਬੇਦੀ ਨੇ ਕਿਹਾ ਕਿ ਉਸ ਨੂੰ ਅਤੇ ਉਸ ਵਰਗੇ ਅਨੇਕਾਂ ਹੋਰਨਾਂ ਨੂੰ ਕੈਨੇਡਾ ਨੇ ਪੰਜਾਬ ਨਾਲ ਜੁੜਿਆ ਹੈ।
ਕੈਨੇਡਾ ਦੀਆਂ ਵੱਖ-ਵੱਖ ਸਮੇਂ ਦੀਆਂ ਮਰਦਮਸ਼ੁਮਾਰੀਆਂ ਦੇ ਅੰਕੜੇ ਇਥੇ ਪੰਜਾਬੀ ਦੀ ਤਰੱਕੀ ਦੀ ਗਵਾਹੀ ਭਰਦੇ ਹਨ। ਇਨ੍ਹਾਂ ਅਨੁਸਾਰ ਪਿਛਲੇ ਤਿੰਨ ਦਹਾਕਿਆਂ ਵਿਚ ਪੰਜਾਬੀ ਬੋਲਣ ਵਾਲਿਆਂ ਦੀ ਗਿਣਤੀ ਕੈਨੇਡਾ ਦੀ ਕੁੱਲ ਗਿਣਤੀ ਦੇ ਹਿਸਾਬ ਨਾਲ 0.43 ਫ਼ੀਸਦੀ ਤੋਂ 2 ਫ਼ੀਸਦੀ ਦੇ ਨੇੜੇ ਜਾ ਪਹੁੰਚੀ ਹੈ। ਕੈਨੇਡਾ ਦੀ ਮੌਜੂਦਾ ਸਮੇਂ ਆਬਾਦੀ 3 ਕਰੋੜ 86 ਲੱਖ ਤੱਕ ਪਹੁੰਚ ਚੁੱਕੀ ਹੈ। ਜੇਕਰ ਕੈਨੇਡਾ 'ਚ ਪੰਜਾਬੀਆਂ ਵਲੋਂ ਆਪਣੀ ਮਾਂ-ਬੋਲੀ ਪੰਜਾਬੀ ਲਿਖਵਾਉਣ ਦੇ ਅੰਕੜਿਆਂ 'ਤੇ ਨਜ਼ਰ ਮਾਰੀਏ ਤਾਂ ਇਹ 1991 ਵਿਚ 113, 220 (0.43 ਫ਼ੀਸਦੀ), 1996 ਵਿਚ 201, 780 (0.70 ਫ਼ੀਸਦੀ), 2001 ਵਿਚ 271, 220 (0.90 ਫ਼ੀਸਦੀ), 2006 ਵਿਚ 367, 505 (1.18 ਫ਼ੀਸਦੀ), 2011 ਵਿਚ 459, 990 (1.30 ਫ਼ੀਸਦੀ) 2016 ਵਿਚ 543, 495 (1.7 ਫ਼ੀਸਦੀ) ਅਤੇ 2021 ਵਿਚ 763, 785 (2 ਫੀਸਦੀ) ਤੱਕ ਪਹੁੰਚ ਚੁੱਕੀ ਹੈ, ਜਦ ਕਿ ਅਗਲੀ ਮਰਦਮਸ਼ੁਮਾਰੀ 2026 ਵਿਚ ਹੋਵੇਗੀ।
ਮਰਦਮ ਸ਼ੁਮਾਰੀ ਦੇ ਇਕ ਹੋਰ ਵਰਗ ਅਨੁਸਾਰ ਘਰਾਂ ਵਿੱਚ ਬਹੁਤਾ ਸਮਾਂ ਪੰਜਾਬੀ ਬੋਲਣ ਵਾਲਿਆਂ ਦੀ 2021 ਦੀ ਮਰਦਮਸ਼ੁਮਾਰੀ ਦੌਰਾਨ ਗਿਣਤੀ 827,150 ਹੈ, ਜਦ ਕਿ ਕੈਨੇਡਾ ਦੀਆਂ ਨਾਨ-ਆਫੀਸ਼ੀਅਲ ਬੋਲੀਆਂ ਤੋਂ ਇਲਾਵਾ ਪੰਜਾਬੀ ਬੋਲੀ ਦੀ ਜਾਣਕਾਰੀ ਰੱਖਣ ਵਾਲਿਆਂ ਦੀ ਸੰਖਿਆ 942, 170 ( 2016 ਤੋਂ 41 ਗੁਣਾ ਵੱਧ) ਹੈ। 2021 ਦੀ ਮਰਦਮਸ਼ੁਮਾਰੀ ਅਨੁਸਾਰ ਕੈਨੇਡਾ ਵਿਚ ਪੰਜਾਬੀ ਬੋਲਣ ਵਾਲਿਆਂ ਵਿਚ ਪਹਿਲੇ ਨੰਬਰ 'ਤੇ ਉਨਟੈਰੀਉ ਪ੍ਰੋਵਿੰਸ (397, 865), ਦੂਜੇ 'ਤੇ ਬ੍ਰਿਟਿਸ਼ ਕਲੰਬੀਆ (315,000) ਅਤੇ ਤੀਜੀ ਨੰਬਰ 'ਤੇ ਐਲਬਰਟਾ (126,365) ਆਉਂਦਾ ਹੈ।
ਇਹ ਆਮ ਹੀ ਕਿਹਾ ਜਾਂਦਾ ਹੈ ਕਿ ਪੰਜਾਬੀ ਕੈਨੇਡਾ 'ਚ ਸਭ ਤੋਂ ਵੱਧ ਬੋਲੀ ਜਾਣ ਵਾਲੀ ਤੀਜੀ ਬੋਲੀ ਹੈ। ਅਸੀਂ ਬਹੁਤ ਖੁਸ਼ ਹੁੰਦੇ ਹਾਂ ਕਿ ਪੰਜਾਬੀ ਕੈਨੇਡਾ 'ਚ ਸਭ ਤੋਂ ਵੱਧ, ਤੇਜ਼ੀ ਨਾਲ ਵਧ ਰਹੀ ਹੈ। ਇਹ ਜਾਣ ਕੇ ਅੱਜ ਪੰਜਾਬੀਆਂ ਨੂੰ ਹੈਰਾਨੀ ਹੋਵੇਗੀ ਕਿ ਪਹਿਲਾਂ ਪੰਜਾਬੀ ਦਾ ਸਥਾਨ ਤੀਜਾ ਹੁੰਦਾ ਸੀ, ਪਰ ਹੁਣ ਇਹ ਨਹੀਂ ਰਿਹਾ, ਜਿਸ ਦੀ ਸਹੀ ਤਸਵੀਰ ਪੰਜਾਬੀਆਂ ਤੱਕ ਪਹੁੰਚਾਉਣੀ ਜ਼ਰੂਰੀ ਹੈ। ਇਹ ਕੌੜੀ ਸਚਾਈ ਹੈ ਕਿ ਕੈਨੇਡਾ 'ਚ ਪੰਜਾਬੀ ਬੋਲੀ ਤੀਜੇ ਸਥਾਨ ਤੋਂ ਖਿਸਕ ਕੇ ਪੰਜਵੇਂ ਸਥਾਨ 'ਤੇ ਪਹੁੰਚ ਗਈ ਹੈ।
ਬੋਲੀ ਆਧਾਰਿਤ ਅੰਕੜਿਆਂ ਅਨੁਸਾਰ ਸੰਨ 2011 ਦੀ ਜਨਗਣਨਾ ਅਨੁਸਾਰ ਅੰਗਰੇਜ਼ੀ ਤੇ ਫਰੈਂਚ ਤੋਂ ਮਗਰੋਂ, ਇੰਮੀਗਰੈਂਟ ਭਾਈਚਾਰਿਆਂ ਦੀਆਂ ਮਾਂ-ਬੋਲੀਆਂ ਦੀ ਸੂਚੀ 'ਚ ਪੰਜਾਬੀ ਪਹਿਲੇ ਥਾਂ 'ਤੇ ਸੀ, ਭਾਵ ਕੁੱਲ ਮਿਲਾ ਕੇ ਤੀਜੇ ਸਥਾਨ 'ਤੇ ਸੀ। ਸੰਨ 2011 ਦੇ ਅੰਕੜਿਆਂ ਮੁਤਾਬਿਕ ਪੰਜਾਬੀ ਬੋਲਣ ਵਾਲਿਆਂ ਦੀ ਗਿਣਤੀ 459, 990 ਸੀ, ਜਦ ਕਿ ਚੀਨੀ ਭਾਈਚਾਰੇ ਵਲੋਂ ਬੋਲੀਆਂ ਜਾਣ ਵਾਲੀਆਂ ਭਾਸ਼ਾਵਾਂ 'ਚ ਕੈਂਟਨੀਜ਼ ਬੋਲਣ ਵਾਲੇ 388, 935 ਅਤੇ ਮੈਂਡਰੀਨ ਬੋਲਣ ਵਾਲੇ 255,160 ਸਨ। ਪੰਜ ਸਾਲਾਂ ਮਗਰੋਂ 2016 ਦੇ ਅੰਕੜਿਆਂ ਅਨੁਸਾਰ ਪੰਜਾਬੀ ਬੋਲਣ ਵਾਲਿਆਂ ਦੀ ਗਿਣਤੀ 18.2 ਫ਼ੀਸਦੀ ਵਧਣ ਨਾਲ ਇਹ ਸੰਖਿਆ 543, 495 ਹੋ ਗਈ ਤੇ ਮਹਿਜ਼ 85,505 ਹੋਰ ਪੰਜਾਬੀਆਂ ਨੇ, ਪੰਜ ਸਾਲਾਂ 'ਚ ਮਾਂ-ਬੋਲੀ ਪੰਜਾਬੀ ਲਿਖਵਾਈ। ਦੂਜੇ ਪਾਸੇ ਮੈਂਡਰੀਨ ਬੋਲਣ ਵਾਲੇ 610,835 ਅਤੇ ਕੈਂਟਨੀਜ਼ ਬੋਲਣ ਵਾਲੇ 594,030 ਦੀ ਗਿਣਤੀ ਤੱਕ ਪਹੁੰਚ ਗਏ। ਇੰਜ ਪੰਜਾਬੀ ਬੋਲਣ ਵਾਲੇ ਤੀਜੇ ਥਾਂ ਤੋਂ ਪੰਜਵੇਂ 'ਤੇ ਆ ਡਿਗੇ, ਜਦ ਕਿ ਤੀਜੀ ਤੇ ਚੌਥੀ ਥਾਂ ਮੈਂਡਰੀਨ ਤੇ ਕੈਂਟਨੀਜ਼ ਨੇ ਲੈ ਲਈ। 21 ਮਈ 2021 ਦੀ ਮਰਦਮਸ਼ੁਮਾਰੀ ਦੀ ਗੱਲ ਕਰਦੇ ਹਾਂ, ਤਾਂ ਅੰਕੜਿਆਂ ਦੇ ਹਿਸਾਬ ਨਾਲ ਪੰਜਾਬੀ ਬੋਲਣ ਵਾਲਿਆਂ ਦੀ ਗਿਣਤੀ 942,170 ਪੰਜਵੇਂ ਸਥਾਨ 'ਤੇ ਹੈ। ਇੱਥੇ ਇਹ ਵੀ ਦੱਸਣਾ ਜ਼ਰੂਰੀ ਹੈ ਕਿ ਇਸ ਵਰਗ ਵਿਚ ਅੰਗਰੇਜ਼ੀ ਅਤੇ ਫਰੈਂਚ ਤੋਂ ਮਗਰੋਂ, ਤੀਜੇ ਨੰਬਰ 'ਤੇ ਸਪੈਨਿਸ਼ (1,171,450) ਅਤੇ ਚੌਥੇ ਨੰਬਰ 'ਤੇ ਮੈਂਡਰੀਨ ਚੀਨੀ ਬੋਲੀ (987, 300 ) ਹੈ।
ਅਸੀਂ ਕਹਿ ਸਕਦੇ ਹਾਂ ਕਿ ਜਿੱਥੇ ਕੈਨੇਡਾ ਵਿੱਚ ਪੰਜਾਬੀ ਬੋਲੀ ਦੀਆਂ ਵੱਡੀਆਂ ਪ੍ਰਾਪਤੀਆਂ ਹਨ, ਉਥੇ ਅਜੇ ਵੀ ਕਈ ਤਰ੍ਹਾਂ ਦੀਆਂ ਚੁਣੌਤੀਆਂ ਹਨ। ਪਹਿਲੀ ਗੱਲ ਤਾਂ ਇਹ ਹੈ ਕਿ ਮਰਦਮਸ਼ੁਮਾਰੀ ਸਮੇਂ ਪੰਜਾਬੀਆਂ ਵਲੋਂ ਮਾਂ-ਬੋਲੀ ਲਿਖਵਾਉਣ ਲਈ ਉਤਸ਼ਾਹ ਅਜੇ ਵੀ ਓਨਾ ਨਹੀਂ, ਜਿੰਨਾ ਹੋਣਾ ਚਾਹੀਦਾ ਹੈ। ਕੈਨੇਡਾ ਵਿਚ ਘੱਟੋ-ਘੱਟ 5 ਲੱਖ ਤੋਂ ਵੱਧ ਗਿਣਤੀ ਵਿੱਚ ਅਜਿਹੇ ਹੋਰ ਪੰਜਾਬੀ ਵੀ ਵਸਦੇ ਹਨ, ਜਿਹੜੇ ਮਰਦਮਸ਼ੁਮਾਰੀ ਦੌਰਾਨ ਆਪਣੀ ਮਾਂ-ਬੋਲੀ ਪੰਜਾਬੀ ਨਹੀਂ ਲਿਖਵਾਉਂਦੇ ਜਾਂ ਮਰਦਮਸ਼ੁਮਾਰੀ ਵਿੱਚ ਮਾਂ- ਬੋਲੀ ਵਾਲੇ ਖਾਨੇ ਭਰਦੇ ਹੀ ਨਹੀ। ਇਥੇ ਦੱਸਣਯੋਗ ਹੈ ਕਿ ਕੈਨੇਡਾ ਵਿੱਚ ਆਏ ਸੈਲਾਨੀ, ਅੰਤਰਰਾਸ਼ਟਰੀ ਵਿਦਿਆਰਥੀ ਅਤੇ ਵਰਕ ਪਰਮਿਟ ਵਾਲੇ ਪੰਜਾਬੀ ਵੀ ਮਰਦਮ ਸ਼ੁਮਾਰੀ ਵਿਚ ਅਪਣੇ ਫ਼ਾਰਮਾਂ ਵਿਚ ਮਾਂ ਬੋਲੀ ਪੰਜਾਬੀ ਲਿਖ ਸਕਦੇ ਹਨ।
ਕੈਨੇਡਾ ਦੇ ਪੰਜਾਬੀ ਮੀਡੀਏ ਵਲੋਂ ਵਾਰ-ਵਾਰ ਪ੍ਰਚਾਰਨ ਦੇ ਬਾਵਜੂਦ, ਬਹੁਤ ਸਾਰੇ ਪੰਜਾਬੀ ਕਾਗਜ਼ਾਂ 'ਚ ਆਪਣੀ ਮਾਂ-ਬੋਲੀ ਲਿਖਵਾਉਣ ਤੋਂ ਹੀ ਘੇਸਲ ਮਾਰ ਜਾਂਦੇ ਹਨ। ਜੇ ਰੁਝਾਨ ਇਹੀ ਰਿਹਾ ਤਾਂ 2026 ਦੀ ਮਰਦਮਸ਼ੁਮਾਰੀ ਵਿਚ ਪੰਜਾਬੀ ਬੋਲੀ ਦਾ ਪੰਜਵਾਂ ਸਥਾਨ ਵੀ ਖੁੱਸਣ 'ਚ ਦੇਰ ਨਹੀਂ ਲੱਗਣੀ।
ਦੂਜੀ ਗੱਲ ਇਹ ਹੈ ਕਿ ਪੰਜਾਬੀ ਕੈਨੇਡਾ 'ਚ ਅਜੇ ਵੀ ਵਿਦੇਸ਼ੀ ਭਾਸ਼ਾ ਹੀ ਹੈ, ਕੈਨੇਡੀਅਨ ਭਾਸ਼ਾ ਵਜੋਂ ਮਾਨਤਾ ਹਾਸਲ ਨਹੀਂ ਕਰ ਸਕੀ। ਇਹ ਗੱਲ ਜ਼ਿਕਰਯੋਗ ਹੈ ਕਿ ਕੈਨੇਡਾ 'ਚ ਦੋ ਮੁੱਖ ਭਾਸ਼ਾਵਾਂ ਅੰਗਰੇਜ਼ੀ ਤੇ ਫਰੈਂਚ ਦਫ਼ਤਰੀ ਰੂਪ 'ਚ ਸਰਕਾਰੀ ਭਾਸ਼ਾਵਾਂ ਹਨ, ਪਰ ਇਥੇ ਰਾਸ਼ਟਰੀ ਭਾਸ਼ਾ ਦੇ ਨਾਂਅ 'ਤੇ ਝਗੜੇ ਖੜ੍ਹੇ ਕਰਨ ਵਾਲਾ ਅਜਿਹਾ ਕੋਈ ਰੇੜਕਾ ਨਹੀਂ, ਜਿਵੇਂ ਕਿ ਭਾਰਤ 'ਚ ਹਿੰਦੀ ਨੂੰ ਲੈ ਕੇ 'ਇਕ ਭਾਸ਼ਾ ਤੇ ਇਕ ਰਾਸ਼ਟਰ' ਆਦਿ ਦੇ ਬੇਤੁਕੇ ਨਾਅਰੇ ਲਾਏ ਜਾਂਦੇ ਹਨ।
ਇਥੇ ਚੁਣੌਤੀ ਇਹ ਹੈ ਕਿ ਇੰਮੀਗਰਾਂਟ ਭਾਈਚਾਰੇ ਦੀ ਬੋਲੀ ਹੋਣ ਕਾਰਨ ਪੰਜਾਬੀ ਅਜੇ ਵੀ ਸੰਘਰਸ਼ ਦੇ ਦੌਰ 'ਚੋਂ ਗੁਜ਼ਰ ਰਹੀ ਹੈ। ਅੱਜ ਕੈਨੇਡਾ 'ਚ ਵਸਦੇ ਪੰਜਾਬੀ ਜੇਕਰ ਆਪਣੀ ਨਾਗਰਿਕਤਾ ਕਾਰਨ 'ਕੈਨੇਡੀਅਨ' ਹਨ ਤਾਂ ਫਿਰ ਉਨ੍ਹਾਂ ਦੀ ਬੋਲੀ ਵਿਦੇਸ਼ੀ ਕਿਵੇਂ ਹੋਈ? ਜੇਕਰ ਪਾਰਲੀਮੈਂਟ 'ਚ ਪੰਜਾਬੀਆਂ ਦੀ ਗਿਣਤੀ ਡੇਢ ਦਰਜਨ ਹੈ ਤੇ ਕਈ ਸੂਬਿਆਂ 'ਚ ਵੀ ਪੰਜਾਬੀ ਸਿਆਸਤਦਾਨਾਂ ਦਾ ਬੋਲਬਾਲਾ ਹੈ, ਫਿਰ ਉਹ ਆਪਣੀ ਮਾਂ-ਬੋਲੀ ਲਈ ਦ੍ਰਿੜ੍ਹ ਇਰਾਦਾ ਕਿਉਂ ਨਹੀਂ ਰੱਖਦੇ? ਯਕੀਨਨ ਤੌਰ 'ਤੇ ਜੇਕਰ ਸਾਡੇ ਰਾਜਸੀ ਲੀਡਰ ਪ੍ਰਣ ਕਰਨ ਕਿ ਉਨ੍ਹਾਂ ਪੰਜਾਬੀ ਨੂੰ ਕੈਨੇਡੀਅਨ ਬੋਲੀ ਵਜੋਂ ਮਾਨਤਾ ਦਿਵਾਉਣੀ ਹੈ ਤੇ ਵਿਦੇਸ਼ੀ ਬੋਲੀ ਨਹੀਂ ਰਹਿਣ ਦੇਣਾ, ਤਾਂ ਪੰਜਾਬੀ ਵੀ ਕੈਨੇਡਾ 'ਚ ਬੇਗਾਨੀ ਨਹੀਂ ਰਹੇਗੀ ਤੇ ਉਹ ਕੈਨੇਡਾ ਦੀ ਬੋਲੀ ਵਜੋਂ ਮਾਨਤਾ ਹਾਸਲ ਕਰ ਲਵੇਗੀ।
ਤੀਜੀ ਗੱਲ, ਪੰਜਾਬੀ ਮਾਪਿਆਂ 'ਤੇ ਆਉਂਦੀ ਹੈ। ਜੇਕਰ ਬੀ.ਸੀ. ਸੂਬੇ ਦੀ ਹੀ ਗੱਲ ਕਰੀਏ ਤਾਂ ਇਥੋਂ ਦੇ ਸਾਬਕਾ ਵਿੱਦਿਆ ਮੰਤਰੀ ਮਨਮੋਹਣ ਸਿੰਘ ਮੋਅ ਸਹੋਤਾ ਦੇ ਉੱਦਮ ਨਾਲ ਪੰਜਾਬੀ ਨੂੰ ਦੂਜੀ ਭਾਸ਼ਾ ਦਾ ਦਰਜਾ ਮਿਲ ਗਿਆ ਸੀ ਤੇ ਪੰਜਾਬੀ ਸਕੂਲਾਂ 'ਚ ਪੜ੍ਹਾਉਣ ਦਾ ਰਾਹ ਪੱਧਰਾ ਹੋ ਗਿਆ ਸੀ। ਇਸ ਵਿਚ ਕੋਈ ਸ਼ੱਕ ਨਹੀਂ ਕਿ ਪੰਜਾਬੀ ਪੜ੍ਹਾਉਣ ਵਾਲੇ ਸਕੂਲ, ਅਕੈਡਮੀਆਂ ਤੇ ਹੋਰ ਅਦਾਰੇ ਆਪੋ-ਆਪਣੇ ਉਪਰਾਲੇ ਕਰ ਰਹੇ ਹਨ ਪਰ ਪਬਲਿਕ ਸਕੂਲਾਂ 'ਚ ਪੰਜਾਬੀ ਪੜ੍ਹਾਈ ਜਾਣ ਲਈ ਬੱਚਿਆਂ ਦਾ ਨਾਂਅ ਖ਼ਾਸ ਤੌਰ 'ਤੇ ਦਾਖ਼ਲ ਕਰਨ ਦੀ ਲੋੜ ਹੁੰਦੀ ਹੈ।
ਕੈਨੇਡਾ 'ਚ ਪੰਜਾਬੀ ਬੋਲੀ ਲਈ ਸਭ ਤੋਂ ਵੱਧ ਚਿੰਤਾ ਦੀ ਗੱਲ ਅੱਜ ਇਹ ਹੈ ਕਿ ਇਥੇ ਪੰਜਾਬੀ ਨੂੰ ਗਿਣੇ-ਮਿਥੇ ਢੰਗ ਨਾਲ ਖੂੰਜੇ ਲਾਉਣ ਦੀਆਂ ਚਾਲਾਂ ਖੇਡੀਆਂ ਜਾ ਰਹੀਆਂ ਹਨ। ਪੰਜਾਬੀ ਬੋਲੀ ਦੇ ਨਾਂਅ 'ਤੇ ਪੰਜਾਬੀ ਸੂਬਾ ਬਣਨ ਵੇਲੇ ਜਿਸ ਤਰ੍ਹਾਂ ਦੇ ਹਾਲਾਤ ਤੇ ਫ਼ਿਰਕੂ ਵਿਚਾਰ ਪੰਜਾਬ ਵਿਚ ਜ਼ੋਰ ਫੜ ਰਹੇ ਸਨ, ਅੱਜ ਉਹੀ ਸਥਿਤੀ ਕੈਨੇਡਾ ਵਿਚ ਬਣਦੀ ਜਾ ਰਹੀ ਹੈ।
ਕੈਨੇਡਾ 'ਚ ਜੇਕਰ ਸੰਘਣੀ ਪੰਜਾਬੀ ਵਸੋਂ ਵਾਲੇ ਇਲਾਕਿਆਂ ਦੀ ਗੱਲ ਕਰੀਏ ਤਾਂ ਇਥੇ ਚੜ੍ਹਦੇ ਅਤੇ ਲਹਿੰਦੇ ਪੰਜਾਬ ਦੇ ਸਿੱਖ, ਹਿੰਦੂ, ਮੁਸਲਮਾਨ ਭਾਵ ਵੱਖ-ਵੱਖ ਧਰਮਾਂ, ਰੰਗਾਂ, ਨਸਲਾਂ ਤੇ ਫ਼ਿਰਕਿਆਂ ਦੇ ਲੋਕ ਵਸਦੇ ਹਨ। ਇਥੋਂ ਤੱਕ ਕਿ 'ਭਾਰਤੀ ਪੰਜਾਬੀ' ਤੇ 'ਪਾਕਿਸਤਾਨੀ ਪੰਜਾਬੀ' ਵਾਲਾ ਫ਼ਰਕ ਵੀ ਇਥੇ ਨਜ਼ਰ ਨਹੀਂ ਆਉਂਦਾ, ਬਲਕਿ ਸਾਰੇ 'ਕੈਨੇਡੀਅਨ ਪੰਜਾਬੀ' ਹੀ ਅਖਵਾਉਂਦੇ ਹਨ। ਉਂਜ ਵੀ ਅਸੀਂ ਅਕਸਰ ਆਖਦੇ ਹਾਂ ਕਿ ਪਾਕਿਸਤਾਨੀ ਪੰਜਾਬ ਵਿਚ ਪੰਜਾਬੀ ਬੋਲਣ ਵਾਲਿਆਂ ਦੀ ਗਿਣਤੀ, ਭਾਰਤੀ ਪੰਜਾਬ ਨਾਲੋਂ ਕਿਤੇ ਵੱਧ ਹੈ। ਕੈਨੇਡਾ ਵਿਚ ਪੰਜਾਬੀ ਆਬਾਦੀ ਵਾਲੇ ਸ਼ਹਿਰਾਂ 'ਚ ਵਸਣ ਵਾਲੇ ਲਹਿੰਦੇ ਪੰਜਾਬ ਦੇ ਪੰਜਾਬੀ ਜ਼ਿਆਦਾਤਰ ਲਾਹੌਰ ਦੇ ਨੇੜੇ-ਤੇੜੇ ਦੇ ਹੀ ਹਨ। ਉਨ੍ਹਾਂ 'ਚੋਂ ਵਧੇਰੇ ਬੋਲਦੇ ਵੀ ਪੰਜਾਬੀ ਹੀ ਹਨ, ਪਰ ਸਭ ਤੋਂ ਵੱਧ ਦੁਖਦਾਈ ਗੱਲ ਇਹ ਹੈ ਕਿ ਕੈਨੇਡਾ ਦੀ ਮਰਦਮਸ਼ੁਮਾਰੀ ਵਿਚ ਜਦੋਂ ਉਨ੍ਹਾਂ ਮਾਂ-ਬੋਲੀ ਲਿਖਾਉਣੀ ਹੁੰਦੀ ਹੈ, ਤਾਂ ਇੱਕਾ-ਦੁੱਕਾ ਨੂੰ ਛੱਡ ਕੇ ਕੋਈ ਵੀ ਮਾਂ-ਬੋਲੀ ਪੰਜਾਬੀ ਨਹੀਂ ਲਿਖਦਾ, ਬਲਕਿ ਉਰਦੂ ਹੀ ਲਿਖਵਾਉਂਦੇ ਹਨ।
ਹੁਣ ਗੱਲ ਕਰੀਏ ਭਾਰਤੀ ਪੰਜਾਬ ਦੇ ਕੈਨੇਡਾ ਵਸਦੇ ਭਾਈਚਾਰਿਆਂ ਦੀ। ਇਥੇ ਜ਼ਿਕਰਯੋਗ ਹੈ ਕਿ ਕੈਨੇਡਾ ਦੇ ਸੰਘਣੀ ਪੰਜਾਬੀ ਵਸੋਂ ਵਾਲੇ ਸ਼ਹਿਰਾਂ 'ਚ ਪੰਜਾਬ ਦੇ ਪਿੰਡਾਂ-ਸ਼ਹਿਰਾਂ ਨਾਲ ਸਬੰਧਿਤ ਸਿੱਖ ਤੇ ਹਿੰਦੂ ਹੀ ਵਧੇਰੇ ਹਨ, ਜਦ ਕਿ ਪੰਜਾਬ ਤੋਂ ਬਾਹਰਲੇ ਸੂਬਿਆਂ ਤੋਂ ਆਏ ਪ੍ਰਵਾਸੀ ਭਾਰਤੀ ਭਾਈਚਾਰੇ 'ਚੋਂ ਵੀ ਕੇਰਲਾ, ਤਾਮਿਲ, ਗੁਜਰਾਤੀ, ਬੰਗਾਲੀ ਆਦਿ ਵਸਦੇ ਹਨ, ਜਿਨ੍ਹਾਂ ਦੀਆਂ ਆਪਣੀਆਂ ਭਾਸ਼ਾਵਾਂ ਹਨ ਤੇ ਉਹ ਕੈਨੇਡਾ ਤੇ ਭਾਰਤ ਅੰਦਰ ਵੀ ਉਨ੍ਹਾਂ ਭਾਸ਼ਾਵਾਂ ਨੂੰ ਹੀ ਮਾਨਤਾ ਦਿੰਦੇ ਹਨ। ਇਨ੍ਹਾਂ ਦੇ ਮੁਕਾਬਲਤਨ ਯੂ.ਪੀ., ਬਿਹਾਰ, ਮੱਧ ਪ੍ਰਦੇਸ਼ ਆਦਿ ਸੂੁਬਿਆਂ 'ਚੋਂ ਕੈਨੇਡਾ ਵਸਣ ਵਾਲਿਆਂ ਦੀ ਗਿਣਤੀ ਘੱਟ ਹੈ, ਜਿਹੜੇ 'ਹਿੰਦੀ' ਨੂੰ ਆਪਣੀ ਮਾਂ-ਬੋਲੀ ਸਵੀਕਾਰਦੇ ਹਨ।
ਪਰ ਹੈਰਾਨੀ ਇਸ ਗੱਲ ਦੀ ਹੈ ਕਿ ਕੈਨੇਡਾ ਅੰਦਰਲੇ ਭਾਰਤੀ ਸਫ਼ਾਰਤਖਾਨੇ ਹਿੰਦੀ ਨੂੰ ਮੁਫ਼ਤ ਪੜ੍ਹਾਉਣ ਲਈ ਤਾਂ ਅੱਡੀ-ਚੋਟੀ ਦਾ ਜ਼ੋਰ ਲਾ ਰਹੇ ਹਨ, ਜਦ ਕਿ ਸਭ ਤੋਂ ਵੱਧ ਬੋਲੀ ਜਾਣ ਵਾਲੀ ਪੰਜਾਬੀ ਨਾਲ ਵਿਤਕਰਾ ਕਰ ਰਹੇ ਹਨ। ਅੱਜਕਲ੍ਹ ਇਹ ਰੁਝਾਨ ਭਾਰਤ ਅੰਦਰ ਵਧ ਰਹੇ ਹਿੰਦੂਤਵ ਦੇ ਏਜੰਡੇ ਕਾਰਨ ਏਨੀ ਤੇਜ਼ੀ ਨਾਲ ਵਧ ਰਿਹਾ ਹੈ ਕਿ ਪੰਜਾਬ ਦੇ ਮੋਗਾ, ਬਠਿੰਡਾ, ਬਰਨਾਲਾ ਆਦਿ ਨਾਲ ਸਬੰਧਿਤ ਠੇਠ ਪੰਜਾਬੀ ਬੋਲਣ ਵਾਲੇ ਹਿੰਦੂ ਭਾਈਚਾਰੇ ਦੇ ਪੰਜਾਬੀ ਵੀ ਇਸ ਦਾ ਸ਼ਿਕਾਰ ਹੋ ਰਹੇ ਹਨ। ਇਸ ਦੀ ਤਾਜ਼ਾ ਮਿਸਾਲ ਇਹ ਹੈ ਕਿ ਸਥਾਨਕ ਮੰਦਰਾਂ ਵਿਚ ਹਿੰਦੀ ਸਕੂਲ ਸਥਾਪਿਤ ਕਰਕੇ ਹਿੰਦੀ ਪੜ੍ਹਾਉਣ ਦਾ ਰੁਝਾਨ ਬਹੁਤ ਤੇਜ਼ੀ ਨਾਲ ਫੈਲ ਰਿਹਾ ਹੈ, ਜੋ ਪਹਿਲਾਂ ਏਨਾ ਨਹੀਂ ਸੀ। ਹੋਰ ਤਾਂ ਹੋਰ, ਇਨ੍ਹਾਂ ਧਾਰਮਿਕ ਸਥਾਨਾਂ ਦੇ ਸਾਰੇ ਪ੍ਰਬੰਧਕ ਪੰਜਾਬ ਤੋਂ ਆ ਕੇ ਹੀ ਕੈਨੇਡਾ ਵਸੇ ਹਨ, ਪਰ ਉਨ੍ਹਾਂ ਵਲੋਂ ਵੀ ਆਪਣੀ ਮਾਂ-ਬੋਲੀ ਪੰਜਾਬੀ ਨਾ ਲਿਖਵਾ ਕੇ ਹਿੰਦੀ ਲਿਖਵਾਉਣ ਦਾ ਫ਼ੈਸਲਾ, ਪੰਜਾਬੀ ਬੋਲੀ ਨਾਲ ਵਿਸ਼ਵਾਸਘਾਤ ਸਿੱਧ ਹੋ ਰਿਹਾ ਹੈ।
ਭਾਰਤੀ ਸਿਆਸਤ 'ਚ ਵਧ ਰਿਹਾ ਫਾਸ਼ੀਵਾਦ, ਧਰੁਵੀਕਰਨ ਅਤੇ 'ਇਕ ਬੋਲੀ ਤੇ ਇਕ ਰਾਸ਼ਟਰ' ਦਾ ਨਾਅਰਾ ਕੇਵਲ ਭਾਰਤ ਵਿੱਚ ਹੀ ਹਿੰਦੀ ਭਾਸ਼ਾ ਨੂੰ ਛੱਡ ਕੇ ਬਾਕੀ ਭਾਸ਼ਾਵਾਂ ਦਾ ਨੁਕਸਾਨ ਨਹੀਂ ਕਰ ਰਿਹਾ, ਸਗੋਂ ਕੈਨੇਡਾ ਵਿੱਚ ਵੀ ਪੰਜਾਬੀ ਨੂੰ ਨੁਕਸਾਨ ਪਹੁੰਚਾਉਣ ਦੇ ਮਾਮਲੇ 'ਚ ਸਭ ਤੋਂ ਵੱਧ ਘਾਤਕ ਬਣ ਰਿਹਾ ਹੈ। ਕੁਝ ਵਰ੍ਹੇ ਪਹਿਲਾਂ ਕੈਨੇਡਾ 'ਚ ਪੰਜਾਬੀ ਗਾਇਕ ਗੁਰਦਾਸ ਮਾਨ ਵਲੋਂ ਦਿੱਤਾ ਵਿਵਾਦਗ੍ਰਸਤ ਬਿਆਨ 'ਇਕ ਬੋਲੀ ਇਕ ਦੇਸ਼' ਅਤੇ ਮਾਂ-ਮਾਸੀ ਦਾ ਰੇੜਕਾ ਵੀ ਪੰਜਾਬੀਆਂ ਅੰਦਰ ਬੋਲੀ ਦੇ ਆਧਾਰ 'ਤੇ ਪਾੜਾ ਪਾਉਣ ਵਾਲਾ 'ਘਾਤਕ ਪ੍ਰਚਾਰ' ਹੋ ਨਿਬੜਿਆ ਹੈ।
ਕੈਨੇਡਾ ਵਸਦੇ ਪੰਜਾਬੀਆਂ ਨੂੰ ਇਨ੍ਹਾਂ ਵਲਗਣਾਂ ਤੋਂ ਉੱਪਰ ਉੱਠ ਕੇ ਸੱਚ 'ਤੇ ਪਹਿਰਾ ਦੇਣ ਦੀ ਲੋੜ ਹੈ। ਜੇਕਰ ਉਹ ਪੰਜਾਬੀ ਹਨ ਤਾਂ ਆਪਣੀ ਬੋਲੀ ਪੰਜਾਬੀ ਹੀ ਲਿਖਵਾਉਣ, ਨਾ ਕਿ ਆਪਣੇ ਫ਼ਿਰਕੇ, ਜਾਤ ਜਾਂ ਸਿਆਸੀ ਪ੍ਰਭਾਵ ਅਧੀਨ ਮਾਂ-ਬੋਲੀ ਨਾਲ ਧੋਖਾ ਕਰਨ।
ਅਸੀਂ ਆਪਣੇ ਕਾਰੋਬਾਰ ਅਤੇ ਵਪਾਰ ਮੌਕੇ ਵੱਧ ਤੋਂ ਵੱਧ ਪੰਜਾਬੀ ਬੋਲੀ ਬੋਲੀਏ ਅਤੇ ਸਾਇਨ ਬੋਰਡਾਂ ਅਤੇ ਬਿਜਨਸ ਕਾਰਡਾਂ 'ਤੇ ਅੰਗਰੇਜ਼ੀ ਦੇ ਨਾਲ-ਨਾਲ ਗੁਰਮੁਖੀ ਵਿੱਚ ਜਾਣਕਾਰੀ ਅਤੇ ਨਾਂ ਲਿਖਵਾਈਏ। ਕੈਨੇਡਾ ਵਸਦੇ ਪੰਜਾਬੀਆਂ ਦੀ ਅਗਲੀ ਪੀੜ੍ਹੀ ਨੂੰ ਆਪਣੀ 'ਜ਼ਬਾਨ' ਅਤੇ 'ਪਛਾਣ' ਨਾਲ ਜੋੜੀ ਰੱਖਣ ਲਈ ਇਹ ਜ਼ਰੂਰੀ ਹੈ ਕਿ ਮਾਂ ਬੋਲੀ ਪੰਜਾਬੀ ਵੱਧ ਤੋਂ ਵੱਧ ਬੋਲੀਏ ਅਤੇ ਇਹ ਗੱਲ ਕਦੇ ਨਾ ਭੁੱਲੀਏ;
"ਬੋਲੀ ਸਾਡਾ ਮਾਣ ਹੈ, ਬੋਲੀ ਲਵੋ ਸੰਭਾਲ।
ਜੋ ਬੋਲੀ ਨਹੀਂ ਸਾਂਭਦੇ, ਉਹ ਨੇ ਮਨੋ ਕੰਗਾਲ।"
"ਲਿੱਪੀ ਸਾਡੀ ਗੁਰਮੁਖੀ, ਪੰਜਾਬੀ ਦੀ ਸ਼ਾਨ।
 ਇਹੀ ਲਿੱਪੀ ਢੁੱਕਵੀਂ, ਜਿਉਂ ਕਲਬੂਤ 'ਚ ਜਾਨ।"
ਫੋਨ : 001-604-825-1550
singhnews@gmail.com

26 ਜਨਵਰੀ 'ਤੇ ਵਿਸ਼ੇਸ਼ : "ਕਿੰਨਾ ਹੈ ਮਹਾਨ ਦੇਸ਼ ਓਦੋਂ ਪਤਾ ਲੱਗਿਆ, ਡੂੰਘਾ ਮੇਰੀ ਹਿੱਕ 'ਚ ਤਿਰੰਗਾ ਗਿਆ ਗੱਡਿਆ" - ਡਾ. ਗੁਰਵਿੰਦਰ ਸਿੰਘ

26 ਜਨਵਰੀ ਦਾ ਦਿਹਾੜਾ ਭਾਰਤ ਵੱਲੋਂ ਗਣਤੰਤਰ ਦਿਵਸ ਦੇ ਰੂਪ ਵਿਚ ਮਨਾਇਆ ਜਾਂਦਾ ਹੈ। ਇਤਿਹਾਸਕ ਪੱਖੋਂ 26 ਜਨਵਰੀ 1950 ਨੂੰ ਭਾਰਤ ਵਿੱਚ ਬਕਾਇਦਾ ਸੰਵਿਧਾਨ ਲਾਗੂ ਕੀਤਾ ਗਿਆ ਸੀ। ਡਾ ਬੀ ਆਰ ਅੰਬੇਦਕਰ ਨੇ ਚਾਹੇ ਸੰਵਿਧਾਨ ਸਿਰਜਕ ਕਮੇਟੀ ਦੀ ਅਗਵਾਈ ਕੀਤੀ ਸੀ, ਪਰ ਉਨ੍ਹਾਂ ਇਹ ਵੀ ਕਿਹਾ ਸੀ ਕਿ ਇਸ ਵਿਧਾਨ ਦੀ ਦੁਰਵਰਤੋਂ ਕੀਤੇ ਜਾਣ ਦੀ ਸੂਰਤ ਵਿੱਚ ਇਸ ਨੂੰ ਅੱਗ ਲਾਉਣ ਵਾਲਾ ਪਹਿਲਾ ਸ਼ਖ਼ਸ ਵੀ ਉਹ ਖੁਦ ਹੀ ਹੋਵੇਗਾ। ਸੱਤ ਦਹਾਕੇ ਬੀਤ ਜਾਣ ਮਗਰੋਂ ਇਉਂ ਮਹਿਸੂਸ ਹੁੰਦਾ ਹੈ ਫਾਸ਼ੀਵਾਦੀ ਅਤੇ ਮਜ਼੍ਹਬੀ ਜਨੂੰਨੀ ਸਰਕਾਰ ਨੇ ਸੰਵਿਧਾਨ ਦੀ ਰੂਹ ਦੀ ਹੱਤਿਆ ਕਰ ਦਿੱਤੀ ਹੈ। ਸੰਵਿਧਾਨ ਵਿਚਲੇ 'ਸੈਕੁਲਰਿਜ਼ਮ' ਭਾਵ ਧਰਮ ਨਿਰਪੱਖਤਾ ਦੇ ਸ਼ਬਦ ਚਾਹੇ 'ਲਿਖਤੀ ਰੂਪ 'ਚ ਅਜੇ ਹਟਾਏ' ਨਹੀਂ ਗਏ, ਪਰ ਸੱਤਾ ਤੇ ਸਥਾਪਤੀ ਨੇ ਆਪਣੇ ਵਿਹਾਰ ਤੇ ਕਿਰਦਾਰ ਵਿਚੋਂ ਇਹ ਕਦੋਂ ਦੇ ਖਤਮ ਕਰ ਦਿੱਤੇ ਹਨ। ਗਣਤੰਤਰ ਦਿਵਸ ਮੌਕੇ ਲਾਲ ਕਿਲੇ ਤੋਂ ਰਾਸ਼ਟਰੀ ਝੰਡੇ ਤਿਰੰਗੇ ਨੂੰ ਸਲਾਮੀ ਦਿੱਤੀ ਜਾ ਰਹੀ ਹੁੰਦੀ ਹੈ, ਪਰ ਅਸਲ ਵਿਚ ਬੇਵਸ ਅਤੇ ਲਾਚਾਰ ਦੇਸ਼ ਵਾਸੀਆਂ ਦੀ ਹਿੱਕ ਵਿਚ  ਤਿਰੰਗਾ ਗੱਡਿਆ ਮਹਿਸੂਸ ਹੁੰਦਾ ਹੈ, ਜਿਵੇਂ ਕਿ ਸ਼ਾਇਰ ਸੁਰਜੀਤ ਪਾਤਰ ਲਿਖਦੇ ਹਨ,
'' ਧੀਆਂ ਦੇ ਵਸੇਬੇ ਲਈ ਬਾਪੂ ਦੇਸ਼ ਛੱਡਿਆ
ਕਿੰਨਾ ਹੈ ਮਹਾਨ ਦੇਸ਼ ਓਦੋਂ ਪਤਾ ਲੱਗਿਆ
ਡੂੰਘਾ ਮੇਰੀ ਹਿੱਕ 'ਚ ਤਿਰੰਗਾ ਗਿਆ ਗੱਡਿਆ
ਝੁੱਲ ਓ ਤਿਰੰਗਿਆ ਤੂੰ ਝੁੱਲ ਸਾਡੀ ਖ਼ੈਰ ਏ
ਦਿਲ ਹੀ ਉਦਾਸ ਏ ਜੀ ਬਾਕੀ ਸਭ ਖ਼ੈਰ ਏ..''
ਭਾਰਤ ਦੇ 'ਗਣਰਾਜ' ਉੱਪਰ ਅੱਜ ਸੰਸਾਰ ਪੱਧਰ ਤੇ ਸਵਾਲ ਖੜ੍ਹੇ ਹੋ ਚੁੱਕੇ ਹਨ। ਜੇਕਰ ਇਤਿਹਾਸ ਵੱਲ ਨਜ਼ਰ ਮਾਰੀਏ ਤਾਂ ਗ਼ਦਰ ਪਾਰਟੀ ਨੇ ਕੈਨੇਡਾ - ਅਮਰੀਕਾ ਦੀ ਧਰਤੀ ਤੋਂ ਭਾਰਤ ਨੂੰ ਬ੍ਰਿਟਿਸ਼ ਸਾਮਰਾਜ ਤੋਂ ਆਜ਼ਾਦ ਕਰਵਾਉਣ ਦਾ ਬਿਗਲ ਬਜਾਇਆ ਸੀ। ਗ਼ਦਰੀ ਬਾਬਿਆਂ ਨੇ ਆਜ਼ਾਦ ਦੇਸ਼ ਲਈ ਨਾਂ 'ਯੂਨਾਈਟਿਡ ਸਟੇਟਸ ਆਫ਼ ਇੰਡੀਆ' ਦਿੱਤਾ ਸੀ, ਜਿਸ ਦਾ ਭਾਵ ਸੀ ਮਜ਼ਬੂਤ ਸੰਘੀ ਢਾਂਚਾ ਭਾਵ ਦੇਸ਼ ਦੇ ਸਮੂਹ ਰਾਜ, ਉਥੋਂ ਦੇ ਭਾਈਚਾਰੇ, ਮੂਲਵਾਸੀ ਤੇ ਘੱਟ ਗਿਣਤੀਆਂ ਆਪਣਾ ਸਭਿਆਚਾਰ, ਪਹਿਰਾਵੇ, ਖਾਣ- ਪੀਣ, ਬੋਲ - ਚਾਲ ਅਤੇ ਰਹਿਣ- ਸਹਿਣ ਦਾ ਪੂਰਨ ਆਨੰਦ ਮਾਣ ਸਕਣ। ਇਸ ਦਾ ਭਾਵ ਇਹ ਵੀ ਸੀ ਕਿ ਨਾ ਤਾਂ ਸੱਤਾ ਦਾ ਭਾਰੀ 'ਕੇਂਦਰੀਕਰਨ' ਹੋਵੇ ਅਤੇ ਨਾ ਹੀ ਰਾਜਨੀਤੀ ਦਾ 'ਧਰੁਵੀਕਰਨ'। ਸੰਘੀ ਢਾਂਚੇ 'ਚ ਕੇਂਦਰ ਆਪਣੇ ਸੂਬਿਆਂ ਦੀਆਂ ਸਰਕਾਰਾਂ ਧੱਕੇਸ਼ਾਹੀ ਨਾਲ ਤੰਗ ਨਾ ਕਰੇ ਅਤੇ ਕੇਂਦਰੀ ਸਰਕਾਰ ਸੁਆਰਥ ਲਈ, ਸਿਆਸੀ ਵਿਰੋਧੀਆਂ ਦਾ ਅੰਤ ਨਾ ਕਰੇ। ਗ਼ਦਰੀ ਬਾਬਿਆਂ ਦੀ ਇਸ ਸੋਚ ਦਾ ਜਿਵੇਂ ਕਤਲ ਹੋ ਰਿਹਾ ਹੈ, ਜਿਸ ਦੀਆਂ ਅਨੇਕਾਂ ਮਿਸਾਲਾਂ ਮੌਜੂਦਾ ਆਜ਼ਾਦ ਭਾਰਤ ਦੇ ਸੰਘੀ ਢਾਂਚੇ 'ਤੇ ਸੁਆਲ ਖੜੇ ਕਰਦੀਆਂ ਹਨ।
ਸੱਚ ਤਾਂ ਇਹ ਹੈ ਕਿ ਗ਼ਦਰੀ ਬਾਬਿਆਂ ਦੇ ਸੁਪਨਿਆਂ ਨਾਲ ਉਦੋਂ ਹੀ ਖਿਲਵਾੜ ਹੋ ਗਿਆ ਸੀ, ਜਦੋਂ ਦੇਸ਼ ਦੇ ਦੋ ਟੁਕੜੇ ਹੋਏ ਸਨ। ਲੱਖਾਂ ਲੋਕ ਮਾਰੇ ਗਏ ਸਨ। ਪੰਜਾਬ ਦੋ ਹਿੱਸਿਆਂ ਚ ਵੰਡ ਦਿੱਤਾ ਗਿਆ ਸੀ। ਇਕ ਅੰਦਾਜ਼ੇ ਅਨੁਸਾਰ ਭਾਰਤੀ ਪੰਜਾਬ ਅਤੇ ਪਾਕਿਸਤਾਨੀ ਪੰਜਾਬ ਵਿਚ ਪੰਜ-ਪੰਜ ਲੋਕਾਂ ਲੱਖ ਲੋਕਾਂ ਦੇ ਕਤਲ ਹੋਏ। ਅਜਿਹੇ ਦੁਖਾਂਤ ਨੂੰ ਜਸ਼ਨ ਵਜੋਂ ਮਨਾਉਣਾ ਕਿੱਥੋਂ ਤੱਕ ਜਾਇਜ਼ ਹੈ? ਇਹ ਬੌਧਿਕ ਦੀਵਾਲੀਆਪਣ ਨਹੀਂ ਤਾਂ ਹੋਰ ਕੀ ਹੈ? ਅਜਿਹੇ ਦੁਖਾਂਤ 'ਤੇ ਮਾਤਮ ਮਨਾਉਣ ਦੀ ਲੋੜ ਹੈ, ਨਾ ਕਿ ਜਸ਼ਨ ਮਨਾਉਣ ਦੀ।
"ਇਕ ਜਨਵਰੀ ਏ ਛੱਬੀ, ਜਾਂ ਪੰਦਰਾਂ ਅਗਸਤ ਏ,
ਰਸਮੀ ਪਲਾਂ ਨੂੰ ਛੱਡ ਕੇ ਸਾਲਾਂ ਦੇ ਸਾਲ ਤੜਪੇ।
ਖ਼ੁਦਗ਼ਰਜ਼ ਦੌਰ ਨੇ ਇਕ ਐਸੀ ਲਕੀਰ ਖਿੱਚੀ,
ਓਧਰ ਨਸੀਮ ਵਿਲਕੇ, ਏਧਰ ਜਮਾਲ ਤੜਪੇ।
ਬੇਬਸ ਅਦਾ ’ਚ ਆ ਕੇ ਕਦਮਾਂ ਜਾਂ ਤਾਲ ਤੋਲੀ,
ਪਾਇਲ ’ਚ ਘੁੰਗਰੂ ਵੀ ਹਾਲੀਂ ਬੇਹਾਲ ਤੜਪੇ।
ਆਜ਼ਾਦ ਅਰਥਚਾਰੇ ਐਸਾ ਵਿਕਾਸ ਕੀਤਾ,
ਮੰਡੀ ’ਚ ਲੁੱਟ ਨੱਚੇ, ਕਿਰਤੀ ਦੀ ਘਾਲ ਤੜਪੇ।
ਭਾਰਤ ਦੇ ਗਣਤੰਤਰ ਦਿਹਾੜੇ 26 ਜਨਵਰੀ ਜਾਂ ਭਾਰਤ ਦੇ ਸੁਤੰਤਰਤਾ ਦਿਹਾੜੇ ਪੰਦਰਾਂ ਅਗਸਤ ਮਨਾਉਣ ਬਾਰੇ ਮਰਹੂਮ ਸ਼ਾਇਰ ਹਰਭਜਨ ਸਿੰਘ ਬੈਂਸ ਦੇ ਇਹ ਸ਼ਿਅਰ ਗੌਰ ਕਰਨਯੋਗ ਹਨ, ਜਿਨ੍ਹਾਂ ਰਾਹੀਂ ਕਵੀ ਨੇ ਦਰਦ ਦਾ ਇਜ਼ਹਾਰ ਕਰਦਿਆਂ ਲਿਖਿਆ ਹੈ ਕਿ ਇਹ 'ਜਸ਼ਨ ਮਹਿਜ਼ ਰਸਮੀ ਪਲ' ਹਨ, ਜਦਕਿ ਹਕੀਕਤ ਵਿਚ ਦਰਦਨਾਕ ਹਾਲਾਤ ਹਨ। ਕਿਰਤੀ ਕਿਸਾਨਾਂ ਦੀ ਘਾਲ ਕਮਾਈ ਨੂੰ 'ਅਡਾਨੀ- ਅੰਬਾਨੀ' ਵਰਗੇ ਬਘਿਆੜ ਲੁੱਟੀ ਜਾ ਰਹੀ ਹਨ ਅਤੇ ਸਰਕਾਰ ਉਨ੍ਹਾਂ ਦੀ ਪੁਸ਼ਤਪਨਾਹੀ ਕਰਦੀ ਹੋਈ, ਉਨ੍ਹਾਂ ਦੇ ਹੱਥਾਂ 'ਚ ਖੇਡ ਰਹੀ ਹੈ। ਬੀਤੇ ਸਮੇਂ ਦੌਰਾਨ ਸਰਕਾਰ ਦੇ ਅਜਿਹੇ ਹੀ ਕਿਸਾਨ-ਵਿਰੋਧੀ ਕਾਲੇ-ਕਾਨੂੰਨਾਂ ਖ਼ਿਲਾਫ਼ ਜੂਝਦਿਆਂ, ਸੱਤ ਸੌ ਤੋਂ ਵੱਧ ਕਿਸਾਨ ਸ਼ਹੀਦੀਆਂ ਪਾ ਚੁੱਕੇ ਹਨ ਭਾਰਤ ਦੀਆਂ ਸੂਬਾਈ ਅਤੇ ਕੇਂਦਰੀ ਸਰਕਾਰਾਂ ਦੇ ਜਬਰ ਖਿਲਾਫ ਰੋਸ ਪ੍ਰਦਰਸ਼ਨ ਲਗਾਤਾਰ ਜਾਰੀ ਹਨ। ਅਜਿਹੇ ਦੁਖਾਂਤ ਮੌਕੇ ਜਸ਼ਨ ਮਨਾਉਣੇ ਆਪਣੇ ਆਪ ਵਿਚ ਸ਼ਰਮਨਾਕ ਅਤੇ ਨਿੰਦਣਯੋਗ ਵਰਤਾਰਾ ਹੀ ਕਹੇ ਜਾ ਸਕਦੇ ਹਨ।
ਜਦੋਂ ਵੀ ਭਾਰਤ ਦੇਸ਼ ਦੇ ਲੋਕਤੰਤਰਿਕ ਢਾਂਚੇ ਬਾਰੇ ਆਲੋਚਨਾਤਮਿਕ ਅਧਿਐਨ ਕੀਤਾ ਜਾਂਦਾ ਹੈ ਅਤੇ ਦੇਸ਼ ਨੂੰ ਬਰਬਾਦ ਕਰ ਰਹੀਆਂ ਤਾਕਤਾਂ ਉਪਰ ਕਰਾਰੀ ਚੋਟ ਮਾਰੀ ਜਾਂਦੀ ਹੈ, ਤਾਂ ਅਕਸਰ ਇਕ ਸ਼ੇਅਰ ਪੜ੍ਹਿਆ ਜਾਂਦਾ ਹੈ। ਇਹ ਸ਼ੇਅਰ ਅਖਾਣ ਵਾਂਗ ਮਸ਼ਹੂਰ ਹੋ ਚੁੱਕਿਆ ਹੈ। ਇਹ ਸ਼ੇਅਰ ਸ਼ਾਇਰ ਸ਼ੌਕ ਬਹਿਰਾਇਚੀ (1884-1964) ਦਾ ਹੈ, ਜਿਸਨੇ ਪਹਿਲੀ ਵਾਰ ਇਕ ਸਿਆਸੀ ਜਲਸੇ ਮੌਕੇ ਤਿੱਖਾ ਵਿਅੰਗ ਕਰਦਿਆ, ਇਹ ਸ਼ੇਅਰ ਇਉਂ ਪੜ੍ਹਿਆ ਸੀ,
''ਬਸ ਏਕ ਹੀ ਉੱਲੂ ਕਾਫ਼ੀ ਥਾ, ਬਰਬਾਦ ਗੁਲਸਿਤਾਂ ਕਰਨੇ ਕੋ
ਹਰ ਸ਼ਾਖ਼ ਪੇ ਉਲੂ ਬੈਠਾ ਹੈ, ਅੰਜਾਮ -ਏ-ਗੁਲਸਿਤਾਂ ਕਿਆ ਹੋਗਾ?''
ਗੁਰਬਤ ਤੇ ਗੁਮਨਾਮੀ ਭਰੀ ਜ਼ਿੰਦਗੀ ਗੁਜ਼ਾਰਨ ਵਾਲੇ ਸ਼ਾਇਰ ਸ਼ੌਕ ਬਹਿਰਾਇਚੀ ਦਾ ਇਹ ਮਸ਼ਹੂਰ ਸ਼ੇਅਰ ਭਾਰਤ ਦੇ 73ਵੇਂ ਗਣਤੰਤਰ ਦਿਹਾੜੇ ਮੌਕੇ ਨਜ਼ਰ ਆ ਰਹੇ ਹਾਲਾਤ 'ਤੇ ਪੂਰਾ ਢੁਕਦਾ ਹੈ। ਇਕ ਪਾਸੇ 'ਸਰਕਾਰ ਦੇ ਕਾਲੇ ਕਾਨੂੰਨ ਯੂ. ਏ. ਪੀ. ਏ. ਦੇ ਅਧੀਨ ਦੇਸ਼ ਦੇ ਬੁੱਧੀਜੀਵੀ ਜੇਲ੍ਹਾਂ ਵਿੱਚ ਡੱਕੇ ਹੋਏ ਹਨ ਅਤੇ ਸਜ਼ਾਵਾਂ ਭੁਗਤ ਚੁੱਕੇ ਸਿਆਸੀ ਕੈਦੀ ਅਜੇ ਵੀ ਹਵਾਲਾਤਾਂ ਚ ਸੜ ਰਹੇ ਹਨ, ਦੂਜੇ ਪਾਸੇ ਦੇਸ਼ ਵਿੱਚ ਸਿਆਸਤਦਾਨਾਂ ਵੱਲੋਂ ਮਾਨਵਵਾਦ ਉਤੇ ਫਿਰਕੂਵਾਦ ਅਤੇ ਲੋਕਤੰਤਰ ਉਤੇ ਫਾਸ਼ੀਵਾਦ ਦੀ ਜਿੱਤ ਦਾ, ਨੰਗਾ - ਚਿੱਟਾ ਪ੍ਰਚਾਰ ਕੀਤਾ ਜਾ ਰਿਹਾ ਹੈ। ਢਾਂਚਾਗਤ ਨਸਲਵਾਦ ਦਾ ਬੋਲਬਾਲਾ ਸਿਖ਼ਰਾਂ ਨੂੰ ਛੂਹ ਰਿਹਾ ਹੈ। ਬਹੁ-ਸੰਖਿਆਵਾਦ ਦੀ ਦਹਿਸ਼ਤਗਰਦੀ ਦੇਸ਼ ਦੀਆਂ ਘੱਟ ਗਿਣਤੀਆਂ ਨੂੰ ਆਪਣੇ ਵਿੱਚ ਜਜ਼ਬ ਕਰਨ ਜਾਂ ਮੂਲੋਂ ਹੀ ਮਿਟਾਉਣ 'ਤੇ ਤੁਲੀ ਹੋਈ ਹੈ। ਹਾਲ ਹੀ ਵਿਚ ਬੀਬੀਸੀ ਵੱਲੋਂ ਤਿਆਰ ਕੀਤੀ ਗਈ ਡਾਕੂਮੈਂਟਰੀ ਇਸ ਦੀ ਤਸਵੀਰ ਪ੍ਰਤੱਖ ਰੂਪ ਵਿਚ ਉਜਾਗਰ ਕਰਦੀ ਹੈ।
ਸੈਂਕੜੇ ਚਿੰਤਕ ਅਤੇ ਬੁੱਧੀਜੀਵੀ ਕਾਲੇ ਕਾਨੂੰਨਾਂ ਅਧੀਨ ਜੇਲ੍ਹਾਂ 'ਚ ਡੱਕੇ ਹੋਏ ਹਨ, ਜਿਨ੍ਹਾਂ ਦਾ ਕਸੂਰ ਮਹਿਜ਼ ਇੰਨਾ ਹੈ ਕਿ ਉਨ੍ਹਾਂ ਸਮੇਂ ਸਮੇਂ ਸਰਕਾਰ ਦੀ ਗ਼ਲਤ ਕਾਰਵਾਈਆਂ ਦੀ ਨਿੰਦਿਆ ਕੀਤੀ ਹੈ। ਭਾਰਤ ਵਿਚ ਸਰਕਾਰ ਦੀ ਅਲੋਚਨਾਂ ਕਰਨਾ ਸਭ ਤੋਂ ਵੱਡਾ ਜ਼ੁਰਮ ਹੈ। ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਦੇ ਖ਼ਿਲਾਫ਼ ਭੁਗਤਣ ਵਾਲਿਆਂ ਲਈ ਜੇਲ੍ਹਾਂ ਹਨ, ਜਦਕਿ ਸਰਕਾਰ ਦੇ ਸੋਹਲੇ ਗਾਉਣ ਵਾਲੇ ਅਖੌਤੀ ਲੇਖਕਾਂ ਅਤੇ ਸਰਕਾਰਪ੍ਰਸਤਾਂ ਨੂੰ ਪੁਰਸਕਾਰਾਂ ਨਾਲ ਸਨਮਾਨਿਆ ਜਾ ਰਿਹਾ ਹੈ। ਜਾਗਦੀ ਜ਼ਮੀਰ ਵਾਲੇ ਅਜਿਹੇ ਸਨਮਾਨ ਠੁਕਰਾ ਰਹੇ ਹਨ, ਪਰ ਜਿਨ੍ਹਾਂ ਦੀ ਜ਼ਮੀਰ ਮਰ ਚੁੱਕੀ ਹੈ, ਉਹ ਇਨ੍ਹਾਂ ਲਈ ਤਰਲੋ- ਮੱਛੀ ਹੋ ਰਹੇ ਹਨ। ਉਹ ਸੈਂਕੜੇ ਕਿਸਾਨਾਂ ਦੀਆਂ ਲਾਸ਼ਾਂ 'ਤੇ ਪੈਰ ਧਰਦਿਆਂ ਇਹ ਪੁਰਸਕਾਰ ਲੈਣ ਲਈ ਕਾਹਲੇ ਹਨ।
ਜਦੋਂ ਵਾੜ ਹੀ ਖੇਤ ਨੂੰ ਖਾਣ ਲੱਗ ਪਵੇ ਅਤੇ ਰੱਖਿਅਕ ਹੀ ਭੱਖਿਅਕ ਬਣ ਜਾਣ, ਤਾਂ ਪੀੜਤ ਦੇ ਬਚ ਸਕਣ ਦੀ ਆਸ ਮੁੱਕ ਜਾਂਦੀ ਹੈ। ਇਉਂ ਹਰ ਟਹਿਣੀ 'ਤੇ ਬੈਠੇ ਸਿਆਸੀ ਉਲੂਆਂ ਤੋਂ ਦੇਸ਼ ਰੂਪੀ ਬਾਗ਼ ਨੂੰ ਬਰਬਾਦ ਹੋਣੋਂ ਕਿਵੇਂ ਬਚਾਇਆ ਜਾ ਸਕਦਾ ਹੈ ? ਅੰਤਾਂ ਦੀ ਦੁਖੀ ਜਨਤਾ ਸ਼ਾਇਰ 'ਇਰਤਜ਼ਾ ਨਿਸ਼ਾਤ' ਦੇ ਕਹਿਣ ਵਾਂਗ ਅੱਜ ਇੰਡੀਅਨ ਸਟੇਟ ਦੀ ਸੱਤਾ ਤੇ ਕਾਬਜ਼ ਹੁਕਮਰਾਨਾਂ ਤੋਂ ਇਹ ਮੰਗ ਕਰ ਰਹੀ ਹੈ,
"ਕੁਰਸੀ ਹੈ ਤੁਮਹਾਰਾ ਜਨਾਜ਼ਾ ਤੋਂ ਨਹੀਂ
ਕੁਛ ਕਰ ਨਹੀਂ ਸਕਤੇ ਤੋਂ ਉੱਤਰ ਕਿਉਂ ਨਹੀਂ ਜਾਤੇ।"
ਅਖੌਤੀ ਲੋਕਤੰਤਰ ਦੇ ਨਾਂ 'ਤੇ ਭਾਰਤ 'ਚ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਵੱਲੋਂ 1975 ਵਿਚ ਐਮਰਜੈਂਸੀ ਲਾ ਕੇ ਲੋਕਰਾਜੀ ਤਾਕਤਾਂ ਨਸ਼ਟ ਕਰਨਾ, ਅਜਿਹੀ ਮੰਦਭਾਗੀ ਕਾਰਵਾਈ ਸੀ, ਜਿਸਨੇ ਆਜ਼ਾਦੀ ਦਾ ਸਿਧਾਂਤ ਹੀ ਬਰਬਾਦ ਕਰ ਦਿੱਤਾ। ਅੱਜ ਦੇਸ਼ 'ਚ ਵੱਖ - ਵੱਖ ਸੂਬਿਆਂ ਅੰਦਰ ਕੇਂਦਰ ਦੇ ਨੁਮਾਇੰਦੇ ਰਾਜਪਾਲਾਂ ਰਾਹੀ, ਸਰਕਾਰਾਂ ਤੋੜਨ ਅਤੇ ਸਿਆਸੀ ਖਰੀਦੋ- ਫ਼ਰੋਖ਼ਤ ਦਾ ਧੰਦਾ ਜ਼ੋਰਾਂ 'ਤੇ ਹੈ। ਦੇਸ਼ ਅੰਦਰ ਅੱਜ ਚੋਣਾਂ ਮੌਕੇ 'ਸਾਮ, ਦਾਮ, ਦੰਡ, ਭੇਦ ਨੀਤੀ' ਵਰਤ ਕੇ ਦੇਸ਼ ਵਾਸੀਆਂ ਨੂੰ ਵੰਡਣਾ,ਖ਼ਰੀਦਣਾ, ਡਰਾਉਣਾ- ਧਮਕਾਉਣਾ ਸ਼ਰ੍ਹੇਆਮ ਚੱਲ ਰਿਹਾ ਹੈ। ਐਮਰਜੈਂਸੀ ਵੇਲੇ ਇੰਦਰਾ ਗਾਂਧੀ ਬਾਰੇ ਪ੍ਰਸਿੱਧ ਸ਼ਾਇਰ ਡਾ ਦੁਸ਼ਯੰਤ ਕੁਮਾਰ ਤਿਆਗੀ ਨੇ ਜੋ ਲਿਖਿਆ ਸੀ, ਅੱਜ ਉਹ ਨਰਿੰਦਰ ਮੋਦੀ 'ਤੇ ਵੀ ਪੂਰਾ ਢੁੱਕਦਾ ਹੈ,
"ਏਕ 'ਗੁੜੀਆ' ਕੀ ਕਈ ਕਠਪੁਤਲੀਓਂ ਮੇਂ ਜਾਨ ਹੈ।
ਆਜ ਸ਼ਾਇਰ ਯੇਹ ਤਮਾਸ਼ਾ ਦੇਖ ਕੇ ਹੈਰਾਨ ਹੈ।
ਮਸਲ ਹਤ ਆਮੇਜ਼ ਹੋਤੇ ਹੈ ਸਿਆਸਤ ਕੇ ਕਦਮ
ਤੂ ਨਾ ਸਮਝੇਗਾ ਅਭੀ ਤੂ ਅਭੀ ਇਨਸਾਨ ਹੈ।
ਕੱਲ੍ਹ ਨੁਮਾਇਸ਼ ਮੇਂ ਮਿਲਾ ਵੋਹ ਚੀਥੜੇ ਪਹਿਨੇ ਹੋਏ
ਮੈਨੇ ਪੂਛਾ ਨਾਮ ਬੋਲਾ ਹਿੰਦੋਸਤਾਨ ਹੈ।"
ਅੰਗਰੇਜ਼ ਸਾਮਰਾਜ ਖ਼ਿਲਾਫ਼ ਆਜ਼ਾਦੀ ਦੀ ਜੰਗ 'ਚ ਸਾਰੇ ਮਿਲਕੇ, ਬਸਤੀਵਾਦ ਅਤੇ ਨਸਲਵਾਦ ਖ਼ਿਲਾਫ਼ ਲੜੇ, ਉਨ੍ਹਾਂ ਦਾ ਮਨੋਰਥ ਆਜ਼ਾਦ ਲੋਕ ਰਾਜ ਸਥਾਪਿਤ ਕਰਨਾ ਸੀ। ਸੱਚ ਤਾਂ ਇਹ ਹੈ ਕਿ ਸੰਘ ਦੇ ਆਗੂ ਸਾਵਰਕਰ ਆਦਿ ਅੰਗਰੇਜ਼ਾਂ ਤੋਂ 'ਮੁਆਫ਼ੀਆਂ ਮੰਗ' ਕੇ ਜੇਲ੍ਹਾਂ 'ਚੋਂ ਬਾਹਰ ਆਏ, ਪਰ ਅੱਜ ਉਹ 'ਦੇਸ਼ ਭਗਤ' ਸਦਾਏ ਜਾ ਰਹੇ ਹਨ। ਭਾਰਤ ਨੂੰ ਫਿਰੰਗੀਆਂ ਤੋਂ ਅਜ਼ਾਦੀ ਦਿਵਾਉਣ ਸਮੇਂ ਸੰਘਰਸ਼ 'ਚ ਸਾਂਝਾ ਯੋਗਦਾਨ ਪਾਉਣ ਵਾਲਿਆਂ ਵਿਚੋਂ ਅੱਜ ਘੱਟ ਗਿਣਤੀਆਂ ਨੂੰ ਆਪਣੀ 'ਦੇਸ਼ ਭਗਤੀ' ਦਾ ਸਬੂਤ ਦੇਣ ਲਈ ਕਿਹਾ ਜਾ ਰਿਹਾ ਹੈ। ਸਭ ਦੀ ਵੰਨ-ਸੁਵੰਨਤਾ ਨੂੰ ਮਲੀਆਮੇਟ ਕਰਨ ਲਈ 'ਇਕ ਦੇਸ਼ ਇਕ ਭਾਸ਼ਾ' ਵਰਗੇ ਨਾਅਰੇ ਦਿੱਤੇ ਜਾ ਰਹੇ ਹਨ। ਬਹੁ- ਗਿਣਤੀਵਾਦ ਦੀ ਆੜ 'ਚ ਘੱਟ ਗਿਣਤੀ ਭਾਈਚਾਰੇ ਨੂੰ 'ਪਾਕਿਸਤਾਨ ਚਲੇ ਜਾਣ' ਤੱਕ ਦੇ ਤਾਅਨੇ ਮਾਰੇ ਜਾ ਰਹੇ ਹਨ। ਫਿਰਕੂ ਪੱਧਰ 'ਤੇ ਭਾਈਚਾਰਿਆਂ ਨੂੰ ਹੱਕਾਂ ਪੱਖੋਂ ਵੰਡਣ ਵਾਲੇ, ਨਾਗਰਿਕਤਾ ਸੋਧ ਕਾਨੂੰਨ ਲਾਗੂ ਹੋ ਚੁੱਕੇ ਹਨ। ਇਸ ਤੋਂ ਅੱਗੇ ਨੈਸ਼ਨਲ ਰਾਜਿਸਟਰੇਸ਼ਨ ਅਤੇ ਕਈ ਹੋਰ ਘੁਣਤਰਾਂ ਵੀ ਤਿਆਰ ਹੋ ਰਹੀਆਂ ਹਨ। ਦੇਸ਼ ਆਜ਼ਾਦ ਕਰਵਾਉਣ ਵਾਲਿਆਂ ਨੇ ਕਦੇ ਸੋਚਿਆ ਨਹੀਂ ਸੀ ਕਿ ਦੇਸ਼ਵਾਸੀਆਂ ਨੂੰ ਅਜਿਹੇ ਦਿਨ ਵੀ ਵੇਖਣੇ ਪੈਣਗੇ। ਅਜਿਹੇ ਜਬਰ ਦੀ ਖ਼ਤਾ ਲਈ ਨਤੀਜੇ ਭਿਅੰਕਰ ਹੋਣਗੇ, ਜਿਵੇਂ ਕਿ ਸ਼ਾਇਰ 'ਮੁਜ਼ੱਫਰ ਰਜ਼ਮੀ' ਦਾ ਪ੍ਰਸਿੱਧ ਸ਼ਿਅਰ ਹੈ:
"ਯੇਹ ਜਬਰ ਭੀ ਦੇਖਾ ਹੈ ਤਾਰੀਖ ਨਜ਼ਰੋਂ ਨੇ
ਲਮਹੋਂ ਨੇ ਖ਼ਤਾ ਕੀ ਥੀ ਸਦੀਓਂ ਨੇ ਸਜ਼ਾ ਪਾਈ।"
ਭਾਰਤ ਨੂੰ ਗਣਰਾਜ ਬਣਾਉਣ ਵਾਲੇ ਸੰਵਿਧਾਨ ਦੀ ਧਾਰਾ 25 ਬੀ ਘੱਟ-ਗਿਣਤੀਆਂ ਦੇ ਹੱਕਾਂ 'ਤੇ ਡਾਕਾ ਕਹੀ ਜਾ ਸਕਦੀ ਹੈ। ਇਸ ਧਾਰਾ ਅਧੀਨ ਸਿੱਖ, ਜੈਨੀ, ਬੋਧੀ ਆਦਿ ਹਿੰਦੂਆਂ ਦਾ ਹਿੱਸਾ ਹਨ। ਧਾਰਾ ਪੱਚੀ ਬੀ ਦੀ ਸੋਧ ਲਈ ਸਿੱਖਾਂ ਨੇ ਲਗਾਤਾਰ ਸੰਘਰਸ਼ ਕੀਤਾ, ਪਰ ਉਨ੍ਹਾਂ ਨਾਲ ਹਮੇਸ਼ਾ ਬੇਇਨਸਾਫੀ ਹੀ ਹੋਈ। ਅਜਿਹੀ ਸੂਰਤ ਵਿੱਚ 'ਛੱਬੀ ਜਨਵਰੀ ਸਿੱਖਾਂ ਲਈ ਕਾਲੇ ਦਿਹਾੜੇ' ਤੋਂ ਸਿਵਾ ਕੁਝ ਵੀ ਨਹੀਂ। ਸੰਨ 1985 ਵਿੱਚ ਸਿੱਖ ਆਗੂਆਂ ਨੇ ਧਾਰਾ 25 ਬੀ ਦੀਆਂ ਕਾਪੀਆਂ ਸਾੜ ਕੇ ਆਪਣੇ ਵਿਰੋਧ ਦਾ ਪ੍ਰਗਟਾਵਾ ਵੀ ਕੀਤਾ ਸੀ, ਕਿਉਂਕਿ ਇਸ ਧਾਰਾ ਅਧੀਨ ਸਿੱਖਾਂ ਨੂ ਹਿੰਦੂ ਗਰਦਾਨਿਅਾ ਗਿਆ ਹੈ, ਜਿਸ ਕਾਰਨ ਸੰਵਿਧਾਨ ਕਮੇਟੀ ਦੇ ਦੋ ਸਿੱਖ ਮੈਂਬਰਾਂ ਸਰਦਾਰ ਹੁਕਮ ਸਿੰਘ ਅਤੇ ਸਰਦਾਰ ਬਲਦੇਵ ਸਿੰਘ ਮਾਨ ਨੇ ਦਸਤਖਤ ਨਹੀਂ ਸਨ ਕੀਤੇ। 84 ਤੱਕ ਬਹੁਤ ਸਾਰੇ ਸਿੱਖ ਆਗੂ ਸੰਵਿਧਾਨ ਦੀ ਧਾਰਾ 25 ਦਾ ਵਿਰੋਧ ਕਰਦੇ ਇਸ ਦੀਆਂ ਕਾਪੀਆਂ ਤਕ ਸਾੜਦੇ ਰਹੇ, ਪਰ ਉਨ੍ਹਾਂ ਵਿੱਚੋਂ ਬਹੁਤੇ ਮੁੜ ਇੰਡੀਅਨ ਸਟੇਟ ਦੀ ਮੁੱਖ- ਧਾਰਾ 'ਚ ਸ਼ਾਮਲ ਹੁੰਦਿਆਂ ਹੋਇਆਂ, ਆਪਣੇ ਕੀਤੇ ਵੱਲ ਹੀ ਪਿੱਠ ਕਰਕੇ ਖਲੋ ਗਏ।
ਸੰਘਰਸ਼ਸ਼ੀਲ ਅੱਜ ਵੀ 26 ਜਨਵਰੀ ਨੂੰ ਸੰਵਿਧਾਨਕ ਗ਼ੁਲਾਮੀ ਕਰਾਰ ਦਿੰਦੇ ਹਨ। ਭਾਰਤ ਦੇ ਇਤਿਹਾਸ ਵਿੱਚ ਘੱਟ ਗਿਣਤੀ ਸਿੱਖ ਭਾਈਚਾਰੇ ਖ਼ਿਲਾਫ਼ ਸੱਤਾ ਦੇ ਧਰੁਵੀਕਰਨ ਦੀ ਕੋਹਝੀ ਤਸਵੀਰ ਦੇਖਣੀ ਹੋਵੇ, ਤਾਂ ਨਵੰਬਰ 1984 ਵਿੱਚ ਸਿੱਖ ਨਸਲਕੁਸ਼ੀ ਦੇ ਦੁਖਾਂਤ ਹੋ ਸਪੱਸ਼ਟ ਹੋ ਜਾਂਦੀ ਹੈ। ਆਜ਼ਾਦ ਭਾਰਤ 'ਚ ਸਰਕਾਰੀ-ਤੰਤਰ ਦੀ ਆੜ 'ਚ ਹਜ਼ਾਰਾਂ ਸਿੱਖਾਂ ਦਾ ਕਤਲ ਹੋਇਆ, ਪਰ ਜਵਾਬ 'ਚ ਬਹੁਗਿਣਤੀ ਵੱਲੋਂ ਉਸ ਸਮੇਂ ਦੀ 'ਕਾਂਗਰਸ' ਨੂੰ ਸਭ ਤੋਂ ਵੱਡਾ ਬਹੁਮਤ ਹਾਸਿਲ ਹੋਇਆ। ਇਸ ਵਰਤਾਰੇ ਨੂੰ ਦੁਹਰਾਉਂਦੇ ਹੋਏ, ਸੰਨ 2002 ਵਿੱਚ ਗੁਜਰਾਤ ਅੰਦਰ ਮੁਸਲਿਮ ਕਤਲੇਆਮ ਹੋਇਆ , ਉਸ ਮਗਰੋਂ 'ਭਾਰਤੀ ਜਨਤਾ ਪਾਰਟੀ' ਨੂੰ ਬਹੁ ਗਿਣਤੀ ਵੱਲੋਂ ਭਾਰੀ ਬਹੁਮਤ ਨਾਲ ਨਿਵਾਜਿਆ ਗਿਆ। ਅੱਜ ਦੀ ਤਾਰੀਖ਼ ਵਿੱਚ ਧਾਰਾ 370 ਦਾ ਖਾਤਮਾ, ਮਸਜਿਦ ਢਾਹ ਕੇ ਮੰਦਿਰ ਨਿਰਮਾਣ, ਸੀ.ਏ.ਏ. ਵਰਗੇ ਐਕਟ ਆਦਿ ਵੋਟਾਂ ਦੇ ਧਰੁਵੀਕਰਨ ਲਈ ਜ਼ਮੀਨ ਤਿਆਰ ਕਰ ਰਹੇ ਹਨ, ਜੋ ਕਿ ਆਜ਼ਾਦ ਦੇਸ਼ ਨੂੰ ਬਰਬਾਦ ਕਰਨ ਲਈ ਜ਼ਿੰਮੇਵਾਰ ਸਾਬਿਤ ਹੋਣਗੇ। ਦੇਸ਼ ਦੇ ਤਖ਼ਤ 'ਤੇ ਚੋਰ-ਉਚੱਕੇ 'ਚੌਧਰੀ' ਬਣਕੇ ਜੋ ਤਬਾਹੀ ਕਰ ਰਹੇ ਹਨ, ਉਸਦਾ ਨਤੀਜਾ ਡਾਕਟਰ ਰਾਹਤ ਇੰਦੌਰੀ ਦੇ ਸ਼ਬਦਾਂ 'ਚ ਹੀ ਸਹੀ ਬਿਆਨ ਕੀਤਾ ਜਾ ਸਕਦਾ ਹੈ :
"ਬਨ ਕੇ ਹਾਦਸਾ ਬਾਜ਼ਾਰ ਮੇਂ ਆ ਜਾਏਗਾ।
ਜੋ ਨਹੀਂ ਹੋਗਾ ਵੋ ਅਖ਼ਬਾਰ ਮੇਂ ਆ ਜਾਏਗਾ।
ਚੋਰ ਉਚੱਕੋਂ ਕੀ ਕਰੋ ਕਦਰ ਕਿ ਮਾਲੂਮ ਨਹੀਂ
ਕੌਨ ਕਬ ਕੌਨ ਸੀ ਸਰਕਾਰ ਮੇਂ ਆ ਜਾਏਗਾ।"
ਗ਼ਦਰ ਪਾਰਟੀ ਦੇ ਪ੍ਰਧਾਨ ਬਾਬਾ ਸੋਹਣ ਸਿੰਘ ਭਕਨਾ ਨੂੰ, ਆਜ਼ਾਦੀ ਮਗਰੋਂ ਇਕ ਵਾਰ ਦੇਸ਼ ਦੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਵੱਲੋਂ ਪੁੱਛਿਆ ਇਹ ਸਵਾਲ ਕਿ ਬਾਬਾ ਜੀ, ਤੁਹਾਡੀ ਕਮਰ ਝੁਕ ਗਈ ਹੈ, ਦੇ ਜਵਾਬ 'ਚ ਬਾਬਾ ਭਕਨਾ ਨੇ ਕਿਹਾ ਸੀ ਕਿ ਅੰਗਰੇਜ਼ ਤਾਂ ਉਨ੍ਹਾਂ ਦੀ ਪਿੱਠ 'ਚ ਕੁੱਬ ਨਾ ਪਾ ਸਕੇ, ਪਰ ਆਜ਼ਾਦ ਦੇਸ਼ ਦੀ ਆਪਣੀ ਸਰਕਾਰ ਨੇ ਜ਼ਰੂਰ ਪਾ ਦਿੱਤਾ । ਅੱਜ ਗਣਰਾਜ ਭਾਰਤ ਦੇ 72 ਵਰ੍ਹੇ ਬੀਤਣ ਮਗਰੋਂ ਜੇਲ੍ਹਾਂ ਅੰਦਰ ਤਾੜੇ ਅਪਾਹਜ ਵਿਅਕਤੀ ਅਤੇ ਸਿਆਸੀ ਆਲੋਚਕ ਵੀ ਬਾਬਾ ਭਕਨਾ ਵਾਂਗ ਹੀ ਮਹਿਸੂਸ ਕਰ ਰਹੇ ਹਨ। 'ਸ਼ੇਰਾਂ ਦੀ ਮਾਰਾਂ ਤੇ ਗਿੱਦੜਾਂ ਦੀਆਂ ਕਲੋਲਾਂ' ਵਾਂਗ ਜਿਹੜੇ ਕੋੜਮੇ ਨੇ ਆਜ਼ਾਦੀ 'ਚ ਹਿੱਸਾ ਪਾਉਣ ਦੀ ਥਾਂ, ਅੰਗਰੇਜ਼-ਪ੍ਰਸਤੀ ਕੀਤੀ, ਅੱਜ ਉਹ ਆਜ਼ਾਦੀ ਦੇ ਪ੍ਰਵਾਨਿਆਂ ਤੋਂ 'ਦੇਸ਼ ਪਿਆਰ' ਦੇ ਪ੍ਰਮਾਣ ਮੰਗ ਰਹੇ ਹਨ। ਦੇਸ਼ ਅੰਦਰ ਗਰੀਬੀ, ਅਨਪੜ੍ਹਤਾ, ਬੇਰੁਜ਼ਗਾਰੀ, ਸਿਆਸਤ ਦਾ ਅਪਰਾਧੀਕਰਨ, ਭ੍ਰਿਸ਼ਟਾਚਾਰ, ਜਬਰ- ਜਿਨਾਹ ਅਤੇ ਥਾਂ- ਥਾਂ ਮਨੁੱਖੀ ਕਤਲੇਆਮ ਹੋ ਰਹੇ ਹਨ। ਅਜਿਹੀ ਹਾਲਤ 'ਚ ਹਰ ਬਸ਼ਰ ਦੇ ਜ਼ਿਹਨ 'ਚ ਅਲਾਮਾ ਇਕਬਾਲ ਦਾ ਇਹ ਸ਼ੇਅਰ ਚੋਟਾਂ ਮਾਰ ਰਿਹਾ ਹੈ,
''ਮੁੱਦਤੇਂ ਗੁਜ਼ਰੀ ਹੈਂ ਇਤਨੀਂ ਰੰਜੋ ਗ਼ਮ ਸਹਿਤੇ ਹੂਏ।
ਸ਼ਰਮ ਸੀ ਆਤੀ ਹੈ ਇਸ ਵਤਨ ਕੋ ਵਤਨ ਕਹਿਤੇ ਹੂਏ।''
ਅੱਜ ਦੇਸ਼ ਵਿੱਚ ਅਣ ਐਲਾਨੀ ਐਮਰਜੈਂਸੀ ਦਾ ਮਾਹੌਲ ਹੈ। ਜੇਲ੍ਹਾਂ ਅੰਦਰ ਬੰਦ ਕੈਦੀਆਂ ਦੀ ਰਿਹਾਈ ਲਈ ਦੁਨੀਆਂ ਭਰ ਵਿੱਚ ਰੋਸ ਪ੍ਰਦਰਸ਼ਨ ਹੋ ਰਹੇ ਹਨ। ਪੰਜਾਬ 'ਚ ਪ੍ਰੋ ਦਵਿੰਦਰਪਾਲ ਸਿੰਘ ਭੁੱਲਰ, ਭਾਈ ਜਗਤਾਰ ਸਿੰਘ ਹਵਾਰਾ, ਭਾਈ ਬਲਵੰਤ ਸਿੰਘ ਰਾਜੋਆਣਾ, ਭਾਈ ਪਰਮਜੀਤ ਸਿੰਘ ਭਿਓਰਾ, ਭਾਈ ਜਗਤਾਰ ਸਿੰਘ ਤਾਰਾ, ਭਾਈ ਗੁਰਦੀਪ ਸਿੰਘ ਖੇੜਾ, ਭਾਈ ਸ਼ਮਸ਼ੇਰ ਸਿੰਘ, ਭਾਈ ਗੁਰਮੀਤ ਸਿੰਘ, ਭਾਈ ਲਖਵਿੰਦਰ ਸਿੰਘ ਲੱਖਾ ਸਮੇਤ ਅਨੇਕਾਂ ਸਿੱਖ ਕੈਦੀ ਲੰਮੀਆਂ ਸਜ਼ਾਵਾਂ ਪੂਰੀਆਂ ਕਰਨ ਦੇ ਬਾਵਜੂਦ ਅਜੇ ਤੱਕ ਜੇਲ੍ਹ ਵਿਚ ਬੰਦ ਹਨ, ਜਿਨ੍ਹਾਂ ਦੀ ਰਿਹਾਈ ਲਈ 26 ਜਨਵਰੀ ਨੂੰ ਕਾਲੇ ਦਿਵਸ ਵਜੋਂ ਮਨਾਉਣ ਦਾ ਐਲਾਨ ਕੀਤਾ ਗਿਆ ਹੈ। ਭਾਰਤ ਦੇ ਹੋਰਨਾਂ ਹਿੱਸਿਆਂ 'ਚੋਂ ਪ੍ਰੋਫੈਸਰ ਜੀ ਐਨ ਸਾਈ ਬਾਬਾ, ਆਨੰਦ ਤੈਲਤੁੰਬੜੇ ਸਮੇਤ ਵੱਡੀ ਗਿਣਤੀ ਵਿੱਚ ਮਨੁੱਖੀ ਅਧਿਕਾਰ ਕਾਰਕੁਨ ਜੇਲ੍ਹਾਂ ਵਿੱਚ ਸੜ ਰਹੇ ਹਨ। ਅਸਲੀਅਤ ਇਹ ਹੈ ਕਿ ਸਰਕਾਰ ਵੱਲੋਂ ਕੀਤੇ ਜਾ ਰਹੇ ਲੋਕ ਪੱਖੀ ਸਿਆਸੀ ਦਾਅਵੇ ਨਿਰੇ ਪਾਖੰਡ ਤੋਂ ਸਿਵਾ ਕੁਝ ਵੀ ਨਹੀਂ। ਅਜਿਹੀ ਹਾਲਤ ਵਿੱਚ ਮਿਰਜ਼ਾ ਗਾਲਿਬ ਸਾਹਿਬ ਦਾ ਇਹ ਸ਼ਿਅਰ ਸਰਕਾਰ 'ਤੇ ਪੂਰਾ ਢੁੱਕਦਾ ਹੈ,
"ਕਾਅਬੇ ਕਿਸ ਮੂੰਹ ਸੇ ਜਾਓਗੇ ਗਾਲਿਬ
ਸ਼ਰਮ ਤੁਮਕੋ ਮਗਰ ਨਹੀਂ ਆਤੀ।"
(ਕੋਆਰਡੀਨੇਟਰ, ਪੰਜਾਬੀ ਸਹਿਤ ਸਭਾ ਮੁੱਢਲੀ ਐਬਟਸਫੋਰਡ) 

10 ਦਸੰਬਰ : ਕੌਮਾਂਤਰੀ ਮਨੁੱਖੀ ਅਧਿਕਾਰ ਦਿਵਸ 'ਤੇ ਵਿਸ਼ੇਸ਼ : ਮਾਨਵੀ ਹੱਕਾਂ ਦੀਆਂ ਧੱਜੀਆਂ ਉਡਾਉਣ ਵਾਲੇ ਦਾਨਵ - ਡਾ.ਗੁਰਵਿੰਦਰ ਸਿੰਘ

ਤਹਿਜ਼ੀਬ ਦੇ ਹਜ਼ਾਰਾਂ ਸਾਲਾਂ ਦਾ ਸਫ਼ਰ ਤੈਅ ਕਰਨ ਮਗਰੋਂ ਵੀ ਮਨੁੱਖ 'ਜੀਓ ਤੇ ਜਿਓਣ ਦਿਓ' ਦੇ ਸਿਧਾਂਤ ਦਾ ਧਾਰਨੀ ਬਣਨ ਵਿੱਚ ਸਫਲ ਨਹੀਂ ਹੋ ਸਕਿਆ। ਆਪਣੇ ਤੋਂ ਕਮਜ਼ੋਰ ਨੂੰ ਲੁੱਟਣ ਦੀ ਦਾਨਵੀ ਬਿਰਤੀ ਨੇ ਉਸਨੂੰ ਪਸ਼ੂਆਂ ਦੀ ਕਤਾਰ ਵਿੱਚ ਲਿਆ ਖੜ੍ਹਾ ਕੀਤਾ ਹੈ। ਗੁਰੂ ਨਾਨਕ ਸਾਹਿਬ   ਦੀ ਵਿਚਾਰਧਾਰਾ ਦੀ ਤਰਜ਼ 'ਤੇ ਜੇਕਰ 'ਪਰਾਇਆ ਹੱਕ', ਖੋਹਣ ਵਾਲਿਆਂ ਲਈ ਗਾਂ ਤੇ ਸੂਰ ਦਾ ਮਾਸ ਖਾਣ ਸਮਾਨ ਚਿਤਰ ਉਲੀਕਿਆ ਜਾਵੇ, ਤਾਂ ਅੱਜ ਮਨੁੱਖਾਂ ਦੀ ਵੱਡੀ ਗਿਣਤੀ ਵਿੱਚ ਅਜਿਹੀ ਸੋਚ ਹੀ ਨਜ਼ਰ ਆਉਂਦੀ ਹੈ। ਦੋ ਵਿਸ਼ਵ ਯੁੱਧਾਂ ਦਾ ਕਾਰਨ ਬਣੀ ਵਿਚਾਰਧਾਰਾ 'ਤਾਕਤਵਰ ਨੂੰ ਹੀ ਜਿਓਣ ਦਾ ਹੱਕ ਹੈ' ਕਾਰਨ ਹੋ ਚੁੱਕੀ ਤਬਾਹੀ ਤੋਂ ਸਬਕ ਸਿੱਖਦਿਆਂ, ਅਜਿਹੀ ਸੋਚ ਨੂੰ ਤਿਆਗਣ ਦੀ ਬਜਾਇ ਮਨੁੱਖ ਨੇ ਵਧੇਰੇ ਅਪਣਾਉਣਾ ਸ਼ੁਰੂ ਕਰ ਦਿੱਤਾ ਹੈ। ਯੂ.ਐਨ.ਓ. ਦੇ ਘੋਸ਼ਣਾ ਪੱਤਰ 'ਚ ਸ਼ਾਮਿਲ ਜੀਵਨ, ਸੁਤੰਤਰਤਾ, ਸੁਰੱਖਿਆ, ਕਾਨੂੰਨੀ ਸਮਾਨਤਾ, ਵਿਦਿਆ ਪ੍ਰਾਪਤੀ ਤੇ ਧਾਰਮਿਕ ਆਜ਼ਾਦੀ ਵਰਗੇ ਕੌਮਾਂਤਰੀ ਮਾਨਵੀ ਅਧਿਕਾਰ 'ਮਹਿਜ਼ ਘੋਸ਼ਣਾ' ਹੀ ਬਣ ਕੇ ਰਹਿ ਗਏ ਹਨ। ਦਸ਼ਾ ਇਹ ਹੈ ਕਿ ਤਕੜਾ ਮੁਲਕ ਮਾੜੇ ਮੁਲਕ ਦੇ ਤੇ ਤਾਕਤਵਰ ਮਨੁੱਖ ਕਮਜ਼ੋਰ ਮਨੁੱਖ ਦੇ ਹੱਕ ਖੋਹ ਕੇ, 'ਵਿਸ਼ਵ ਸ਼ਕਤੀ ' ਬਣਨ ਦੀ ਕੋਝੀ ਸਾਜਿਸ਼ ਵਿੱਚ ਗ੍ਰਸਿਆ ਹੋਇਆ ਹੈ।
      ਦੂਸਰੇ ਵਿਸ਼ਵ ਯੁੱਧ ਵਿੱਚ ਹੋਏ ਭਿਆਨਕ ਮਨੁੱਖੀ ਕਤਲੇਆਮ ਅਤੇ ਤਬਾਹੀ ਨੂੰ ਵੇਖਦੇ ਹੋਏ, ਤੀਜੇ ਸੰਸਾਰ ਜੰਗ ਦੀ ਕਿਸੇ ਕਿਸਮ ਦੀ ਸੰਭਵਨਾ ਨੂੰ ਰੱਦ ਕਰਨ ਲਈ ਸੰਯੁਕਤ ਰਾਸ਼ਟਰ ਸੰਘ ਦੀ ਸਥਾਪਨਾ ਕੀਤੀ ਗਈ, ਜਿਸ ਦਾ ਉਦੇਸ਼ ਕੌਮਾਂਤਰੀ ਪੱਧਰ ਤੇ ਸ਼ਾਂਤੀ, ਸੁਰੱਖਿਆ ਤੇ ਸਥਿਰਤਾ ਦਾ ਮਾਹੌਲ ਕਾਇਮ ਕਰਨਾ, ਸਭਿਆਚਾਰਕ ਤੇ ਆਰਥਿਕ ਸਾਂਝ ਕਾਇਮ ਕਰਨਾ ਅਤੇ ਵੱਖ-ਵੱਖ ਰਾਸ਼ਟਰਾਂ ਦਰਮਿਆਨ ਮੇਲ-ਜੋਲ ਦੀ ਸਥਾਪਨਾ ਕਰਨਾ ਨਿਰਧਾਰਤ ਕੀਤਾ ਗਿਆ। ਵਿਸ਼ਵ ਸ਼ਾਂਤੀ ਦੇ ਨਾਲ -ਨਾਲ ਮਨੁੱਖੀ ਸੁਤੰਤਰਤਾ ਦੀ ਅਹਿਮੀਅਤ ਦੇ ਮੱਦੇ ਨਜ਼ਰ 10 ਦਸੰਬਰ 1948 ਈ. ਨੂੰ ਮਾਨਵੀ ਹੱਕਾਂ ਦੀ ਘੋਸ਼ਣਾ ਕੀਤੀ ਗਈ, ਜਿਸਦੇ ਅੰਤਰਗਤ ਜੀਵਨ, ਸੁਤੰਤਰਤਾ, ਸੁਰੱਖਿਆ, ਕਾਨੂੰਨੀ ਸਮਾਨਤਾ, ਸੰਪਤੀ , ਵਿਦਿਆ ਪ੍ਰਾਪਤੀ, ਧਾਰਮਿਕ ਆਜ਼ਾਦੀ ਅਤੇ ਨਿਆਂ ਪ੍ਰਾਪਤੀ ਆਦਿ ਦੇ ਅਧਿਕਾਰ ਸ਼ਾਮਿਲ ਹਨ। ਉਸ ਵੇਲੇ ਤੋਂ ਇਹ ਦਿਨ 'ਮਨੁੱਖੀ ਅਧਿਕਾਰ ਦਿਵਸ' ਦੇ ਰੂਪ ਵਿੱਚ ਮਨਾਇਆ ਜਾਂਦਾ ਹੈ।
     ਮਨੁੱਖੀ ਅਧਿਕਾਰ ਤੋਂ ਕੀ ਭਾਵ ਹੈ ? 'ਸਾਫ-ਸੁਥਰੀ ਤੇ ਸੁਰੱਖਿਅਤ ਜੀਵਨ- ਸ਼ੈਲੀ ਵਾਸਤੇ ਸਾਰੇ ਮਨੁੱਖਾਂ ਨੂੰ ਸਮਾਨ ਰੂਪ ਵਿੱਚ ਪ੍ਰਾਪਤ ਸਹੂਲਤਾਂ।'' ਇਸ ਤੋਂ ਘੱਟ ਪ੍ਰਾਪਤੀ ਵਿਦਰੋਹ ਦੀ ਜਨਮਦਾਤੀ ਹੈ ਤੇ ਇਸ ਤੋਂ ਵੱਧ ਹੱਕ ਮਾਨਣਾ, ਅਧਿਕਾਰਾਂ ਦੇ ਨਾਂ ਤੇ ਦੂਜਿਆਂ ਦਾ 'ਸ਼ੋਸ਼ਣ' ਸਿੱਧ ਹੁੰਦਾ ਹੈ। 'ਦੁਨੀਆਂ ਦੇ ਸਭ ਤੋਂ ਵੱਡੇ ਲੋਕਰਾਜ' ਭਾਰਤ ਦੇ ਵਿਸ਼ਾਲ ਸੰਵਿਧਾਨ ਦੇ ਰਚਨਹਾਰਿਆਂ ਨੇ ਚਾਹੇ ਮੂਲ ਮਨੁੱਖੀ ਹੱਕਾਂ ਦਾ ਵਿਸ਼ੇਸ਼ ਰੂਪ ਵਿੱਚ ਜ਼ਿਕਰ ਕਰਦਿਆਂ, ਇਹਨਾਂ ਦੀ ਸੁਰਖਿਆਂ ਵਾਸਤੇ ਵਿਸ਼ੇਸ਼ ਕਾਨੂੰਨ ਬਣਾਏ ਹਨ, ਜਿਨ੍ਹਾਂ ਦੀ ਉਲੰਘਣਾ ਦੇ ਰੂਪ ਵਿੱਚ ਨਾਗਰਿਕ ਸਰਬ-ਉਚ ਨਿਆਂ ਪਾਲਿਕਾਂ ਦਾ ਦਰਵਾਜਾ ਖੜਕਾਉਣ ਦਾ ਹੱਕ ਵੀ ਪ੍ਰਾਪਤ ਹੈ, ਪਰ ਸਮੱਸਿਆ ਇਹ ਹੈ ਕਿ ਪ੍ਰਸ਼ਾਸਨਿਕ ਕਾਰਜ ਪ੍ਰਣਾਲੀ ਇਸ ਵਿਵਸਥਾ ਨੂੰ ਵਿਹਾਰਕ ਸਰੂਪ ਦੇਣ ਵਿੱਚ ਬਿਲਕੁਲ ਹੀ ਸਫਲ ਨਹੀਂ ਹੋ ਸਕੀ। ਭਾਰਤੀ ਸ਼ਾਸਨ ਦੇ ਕਾਰਜ - ਪ੍ਰਬੰਧ ਨੂੰ ਵਾਚਣ ਉਪਰੰਤ ਇਸ ਨਤੀਜੇ 'ਤੇ ਸਹਿਜੇ ਹੀ ਪਹੁੰਚਿਆ ਜਾ ਸਕਦਾ ਹੈ ਕਿ ਦੇਸ਼ ਵਿੱਚ ਆਮ ਨਾਗਰਿਕ ਦੇ ਬੁਨਿਆਦੀ ਅਧਿਕਾਰ ਮਹਿਫ਼ੂਜ਼ ਨਹੀਂ ਹਨ। ਭਾਰਤ ਵਿੱਚ ਮਨੁੱਖੀ ਹੱਕਾਂ ਦੀ ਪਰਿਭਾਸ਼ਾ 'ਵਿਅਕਤੀ ਤੋਂ ਵਿਅਕਤੀ ਤੱਕ' ਬਦਲਦੀ ਹੈ। ਕਿਸੇ ਦਫ਼ਤਰ ਵਿੱਚ ਬੈਠਾ ਅਫ਼ਸਰ ਆਪਣੇ ਅਧੀਨ ਅਧਿਕਾਰੀ ਨੂੰ, ਨਿੱਜੀ ਹਿੱਤ ਲਈ ਵਰਤਣਾ ਆਪਣਾ ਅਧਿਕਾਰ ਸਮਝਦਾ ਹੈ। ਲਾਲ ਬੱਤੀ ਵਾਲੀ ਗੱਡੀ 'ਤੇ ਸਵਾਰ ਨੇਤਾ ਪੰਜ ਸਾਲਾਂ ਬਾਅਦ, ਲੋਕਾਂ ਨੂੰ ਗੁਮਰਾਹ ਕਰਕੇ ਵੋਟਾਂ ਹਥਿਆਉਣਾ ਆਪਣਾ ਹੱਕ ਸਮਝਦਾ ਹੈ। ਸਥਾਪਤੀ ਦੀ ਕੁਰਸੀ 'ਤੇ ਬੈਠਾ ਸ਼ਾਸਕ ਜਨ- ਸੰਪਤੀ ਨੂੰ ਨਿੱਜੀ ਸੰਪਤੀ ਸਮਝਦਿਆਂ, ਉਸਨੂੰ ਲੁੱਟਣਾ ਜਨਮ ਸਿੱਧ ਅਧਿਕਾਰ ਸਮਝਦਾ ਹੈ। ਅਜਿਹੀ ਬੇਇਨਸਾਫ਼ੀ ਤੇ ਅਨਿਆਂ ਦੀ ਕੋਝੀ ਤਸਵੀਰ ਕਈ ਸਵਾਲਾਂ ਨੂੰ ਜਨਮ ਦਿੰਦੀ ਹੈ।
   ਸਵਾਲ ਇਹ ਉਠਦਾ ਹੈ ਕਿ ਮਨੁੱਖੀ ਹੱਕਾਂ ਦਾ ਘਾਣ ਕਦੋਂ ਤੱਕ ਹੁੰਦਾ ਰਹੇਗਾ? ਇਨਸਾਫ਼ ਦੀ ਮੰਗ ਵਾਸਤੇ ਸਤਾਏ ਮਨੁੱਖ, ਫੈਸਲਿਆਂ ਦੀ ਉਡੀਕ 'ਚ ਕਦੋਂ ਬਿਰਖ ਬਣੇ ਰਹਿਣਗੇ? ਨਿਰਦੋਸ਼ ਇਨਸਾਨਾਂ ਨਾਲ ਹੁੰਦੀਆਂ ਵਧੀਕੀਆਂ ਦੀ ਦਾਸਤਾਨ ਕਦੋਂ ਜਾ ਕੇ ਖਤਮ ਹੋਵੇਗੀ? ਇਹਨਾਂ ਸਵਾਲਾਂ ਦਾ ਬਿਲਕੁਲ ਸਿੱਧਾ ਸਪੱਸ਼ਟ ਤੇ ਵਿਹਾਰਕ ਉਤਰ ਇਹ ਹੈ ਕਿ ਅਨਿਆਂ ਦੀ ਦੁਖਾਂਤਕ ਕਹਾਣੀ ਦਾ ਅੰਤ ਉਦੋਂ ਤੱਕ ਨਹੀਂ ਹੋਵੇਗਾ, ਜਦ ਤੱਕ ਕੁਰਸੀਦਾਰਾਂ ਨੂੰ ਆਪਣੇ ਹੱਡਾਂ 'ਤੇ ਬੇਦੋਸ਼ਿਆਂ ਹੀ ਸਿਤਮ ਝੱਲਣ ਦਾ ਸਮਾਂ ਨਹੀਂ ਆਉਂਦਾ। ਜਿੰਨਾਂ ਚਿਰ ਸ਼ਾਸਕ ਖੁਦ ਅਨਿਆਂ ਦਾ ਸ਼ਿਕਾਰ ਨਹੀਂ ਹੁੰਦਾ, ਉਨ੍ਹਾਂ ਚਿਰ ਉਹ ਕੀ ਜਾਣੇ ਕਿ ਵਧੀਕੀ ਤੇ ਬੇਇਨਸਾਫ਼ੀ ਕੀ ਹੁੰਦੀ ਹੈ। ਇਸ ਸੰਦਰਭ ਵਿੱਚ 6ਵੀਂ ਸਦੀ 'ਚ ਬਣੇ ਮਿਸਰ ਬਾਦਸ਼ਾਹ ਨੋਸ਼ਰਵਾ ਦੀ ਘਟਨਾ ਜ਼ਿਕਰਯੋਗ ਹੈ। ਛੋਟੀ ਉਮਰ 'ਚ ਜਦ ਉਹ ਗੁਰੂ -ਕੁਲ ਪੜ੍ਹਨ ਵਾਸਤੇ ਜਾਂਦਾ ਸੀ, ਤਾਂ ਇਕ ਦਿਨ ਵਾਪਰੀ ਘਟਨਾ ਨੇ ਉਸਦੇ ਮਨ ਅੰਦਰ ਬੜਾ ਰੋਸ ਪੈਦਾ ਕਰ ਦਿੱਤਾ। ਹੋਇਆ ਇਉਂ ਕਿ ਉਸਤਾਦ ਨੇ ਉਸਨੂੰ ਕੋਲ ਬੁਲਾਇਆ ਤੇ ਅਕਾਰਨ ਹੀ ਮੂੰਹ 'ਤੇ ਚਪੇੜ ਮਾਰ ਦਿੱਤੀ । ਬਾਦਸ਼ਾਹ ਦਾ ਮਨ ਬੜਾ ਦੁਖੀ ਹੋਇਆ ਤੇ ਉਸਨੇ ਤੈਅ ਕਰ ਲਿਆ ਕਿ ਜਿਸ ਦਿਨ ਉਹ ਗੱਦੀ ਤੇ ਬੈਠਿਆ,ਤਾਂ ਉਸਤਾਦ ਤੋਂ ਇਸ ਗੁਸਤਾਖ਼ੀ ਦਾ ਜੁਆਬ ਜ਼ਰੂਰ ਮੰਗੇਗਾ।
ਜਵਾਨ ਹੋਣ 'ਤੇ ਰਾਜ- ਤਿਲਕ ਹੋਣ ਮਗਰੋਂ ਬਾਦਸ਼ਾਹ ਨੋਸ਼ਰਵਾ ਨੇ ਦਰਬਾਰ ਵਿੱਚ ਉਸਤਾਦ ਨੂੰ ਪੇਸ਼ ਕਰਨ ਦਾ ਹੁਕਮ ਦਿੱਤਾ। ਰਾਜ ਸਭਾ ਵਿੱਚ ਹਾਜ਼ਰ ਹੋਣ 'ਤੇ ਗੁਰੂ ਨੂੰ ਰਾਜੇ ਨੇ ਕਰੜਾਈ ਨਾਲ ਪੁੱਛਿਆ , ''ਉਸਤਾਦ ਜੀ! ਮੈਨੂੰ ਤੁਹਾਡਾ ਥੱਪੜ ਅਜੇ ਤੱਕ ਨਹੀਂ ਭੁੱਲਿਆ। ਜੁਆਬ ਦੇਵੋ ਕਿ ਤੁਸੀ ਮੈਨੂੰ ਬਿਨਾਂ ਗਲਤੀ ਦੇ ਸਜ਼ਾ ਕਿਉਂ ਦਿੱਤੀ?'' ਬਾਦਸ਼ਾਹ ਦੀ ਇਹ ਗੱਲ ਸੁਣਦਿਆਂ ਸਾਰ ਉਸਤਾਦ ਦੇ ਚਿਹਰੇ ਤੇ ਜੇਤੂ ਮੁਸਕਾਨ ਖਿੱਲਰ ਗਈ ਤੇ ਫ਼ਖਰ ਨਾਲ ਆਖਣ ਲੱਗਿਆ ,'' ਰਾਜਾ! ਹੁਣ ਮੇਰਾ ਸਬਕ ਪੂਰਾ ਹੋ ਗਿਆ ਹੈ। ਦਰਅਸਲ , ਪੜ੍ਹਦਿਆਂ ਮੈਂ ਤੈਨੂੰ ਕਈ ਵਾਰ ਸਜ਼ਾ ਦਿੱਤੀ , ਪਰ ਉਹ ਸਭ ਤੈਨੂੰ ਚੇਤੇ ਨਹੀਂ, ਪਰ ਉਹ ਚਪੇੜ ਨਹੀਂ ਭੁੱਲੀ, ਜਿਹੜੀ ਬੇਕਸੂਰਿਆਂ ਤੈਨੂੰ ਮਾਰੀ ਗਈ। ਮੇਰਾ ਮਕਸਦ ਹੀ ਇਹੋ ਸੀ ਕਿ ਤੂੰ ਆਪਣੇ ਨਾਲ ਹੋਈ ਇਸ ਜ਼ਿਆਦਤੀ ਨੂੰ ਨਾ ਭੁੱਲੇਂ, ਤਾਂ ਕਿ ਰਾਜਾ ਬਣਨ ਮਗਰੋਂ ਕਿਸੇ ਨਿਰਦੋਸ਼ ਨੂੰ ਸਜ਼ਾ ਨਾ ਦੇਵੇ।'' ਕਾਸ਼ ! ਸਾਡੇ ਹਰੇਕ ਸ਼ਾਸਕ ਨੇ ਬੇਦੋਸਿਆਂ ਇਕ ਥੱਪੜ ਖਾਧਾ ਹੁੰਦਾ, ਤਾਂ ਅੱਜ ਕਿਸੇ ਬੇਕਸੂਰ ਨੂੰ ਸਜ਼ਾ ਨਾ ਮਿਲਦੀ, ਕਿਸੇ ਨਾਲ ਅਨਿਆਂ ਨਾ ਹੁੰਦਾ, ਜਿਵੇਂ ਨਿਰਦੋਸ਼ ਬਾਦਸ਼ਾਹ ਦੇ ਵੱਜੀ ਚਪੇੜ ਦਾ ਅਸਰ ਇਹ ਹੋਇਆ ਕਿ ਸਾਰੀ ਉਮਰ ਉਸਨੇ ਕਿਸੇ ਨਿਰਦੋਸ਼ ਨਾਲ ਵਧੀਕੀ ਨਹੀਂ ਕੀਤੀ। ਇਥੋਂ ਤੱਕ ਕਿ ਸ਼ਿਕਾਰ ਦੌਰਾਨ ਮਹਲ ਤੋਂ ਦੂਰ ਵਿਚਰਦਿਆਂ ਇਕ ਵਾਰ ਉਸਨੂੰ ਲੂਣ ਦੀ ਲੋੜ ਪਈ, ਤਾਂ ਰਾਜੇ ਨੇ ਸਿਪਾਹੀ ਨੂੰ ਆਦੇਸ਼ ਦਿੱਤਾ ਕਿ ਨਗਰ ਤੋਂ ਨਮਕ ਲਿਆਉਣਾ ਹੈ, ਪਰ ਮੁਫ਼ਤ ਨਹੀਂ, ਉਸਦੀ ਪੂਰੀ ਕੀਮਤ ਦੇਣੀ ਹੈ। "ਜਿਸ ਦੇਸ਼ ਦਾ ਬਾਦਸ਼ਾਹ ਬਾਗ ਦਾ ਇਕ ਫੁੱਲ ਤੋੜੇਗਾ, ਉਸਦੇ ਮੰਤਰੀ ਸਾਰਾ ਬਗੀਚਾ ਉਜਾੜ ਦੇਣਗੇ।"
   ਮਾਨਵੀ ਹੱਕਾਂ ਦੀ ਰਾਖੀ ਤੇ ਬੇਗੁਨਾਹਾਂ ਲਈ ਨਿਆਂ ਦੀ ਅਜੋਕੀ ਸਿਆਸੀ ਸਥਿਤੀ ਦੇ ਸੰਦਰਭ ਵਿੱਚ ਕਮੀ ਪਾਈ ਜਾ ਰਹੀ ਹੈ। ਕਿਸੇ ਵੀ ਲੋਕਤੰਤਰ ਦੀ ਬੁਨਿਆਦੀ ਮਨੁੱਖੀ ਅਧਿਕਾਰਾਂ 'ਤੇ ਟਿੱਕੀ ਹੁੰਦੀ ਹੈ, ਪਰ ਮੁੱਢਲੇ ਮਾਨਵੀਂ ਹੱਕਾਂ ਦੀ ਉਲੰਘਣਾ ਕਾਰਨ ਭਾਰਤੀ ਲੋਕਰਾਜ ਦੀ ਨੀਂਹ ਨਸ਼ਟ ਹੋ ਰਹੀ ਹੈ। ਗੈਰ - ਕਾਨੂੰਨੀ ਤਰੀਕੇ ਨਾਲ ਅਗਵਾ ਕੀਤੇ ਹਜ਼ਾਰਾਂ ਨੌਜਵਾਨਾਂ ਨੂੰ ਪੁਲਿਸ ਹਿਰਾਸਤ ਵਿੱਚ ਝੂਠੇ - ਮੁਕਾਬਲਾ ਬਣਾ ਕੇ ਸ਼ਰੇਆਮ ਕਤਲ ਕਰ ਦੇਣ ਤੋਂ ਵੱਡਾ ਭਿਆਨਕ ਕਤਲੇਆਮ ਹੋਰ ਕੀ ਹੋਵੇਗਾ? ਸਿਤਮਜ਼ਰੀਫੀ ਦੇਖੋ ਕਿ ਆਪਣੇ ਗੁਨਾਹਾਂ 'ਤੇ ਪਰਦਾ ਪਾਉਣ ਲਈ ਉਹਨਾਂ ਲਾਸ਼ਾਂ ਨੂੰ ਵਾਰਸਾਂ ਹਵਾਲੇ ਕਰਨ ਦੀ ਬਜਾਇ, ਲਾਵਾਰਸ ਕਹਿ ਕੇ ਇਕੱਠਿਆਂ ਹੀ ਅੱਗ 'ਚ ਸਾੜ ਦਿੱਤਾ ਜਾਂਦਾ ਹੈ। ਬੱਸ ਇਥੇ ਹੀ ਨਹੀਂ, ਜਦ ਮਨੁੱਖੀ ਅਧਿਕਾਰਾਂ ਦੀ ਆਵਾਜ਼ ਬੁਲੰਦ ਕਰਨ ਵਾਲਾ ਯੋਧਾ ਸਰਦਾਰ ਜਸਵੰਤ ਸਿੰਘ ਖਾਲਸਾ ਮਾਨਵਤਾ ਦੇ ਕਾਤਲਾਂ ਦੀ ਇਸ ਘਿਣਾਉਣੀ ਚਾਲ ਨੂੰ ਬੇਨਕਾਬ ਕਰਦਾ ਹੈ, ਤਾਂ ਉਸਨੂੰ ਅਗਵਾ ਕਰਨ ਮਗਰੋਂ ਅਨੇਕਾਂ ਤਸੀਹੇ ਦੇ ਕੇ ਸ਼ਹੀਦ ਕਰ ਦਿੱਤਾ ਜਾਂਦਾ ਹੈ। ਉਸ ਮਹਾਨ ਵਿਅਕਤੀ ਦਾ ਦੋਸ਼ ਕੀ ਸੀ? ਸਿਰਫ਼ ਏਨਾ ਕਿ ਉਸਨੇ ਮਨੁੱਖੀ ਹੱਕਾਂ ਲਈ ਸੱਚ ਦੀ ਦੁਹਾਈ ਦਿੱਤੀ ਤੇ ਉਸਨੂੰ ਸਰਕਾਰੀ ਝੂਠ ਦਾ ਹਨੇਰਾ ਬਰਦਾਸ਼ਤ ਨਹੀਂ ਕਰ ਸਕਿਆ।
ਸੁਪ੍ਰਸਿੱਧ ਚਿੰਤਕ ਗੋਲਡ ਸਮਿਥ ਦਾ ਕਥਨ ਹੈ , ''ਮਾੜੇ ਤੇ ਗਰੀਬਾਂ ਉਤੇ ਕਨੂੰਨ ਰਾਜ ਕਰਦਾ ਹੈ ਤੇ ਤਕੜੇ ਤੇ ਅਮੀਰ ਕਾਨੂੰਨ 'ਤੇ ਰਾਜ ਕਰਦੇ ਹਨ।'' ਕਾਨੂੰਨ ਦੇ ਸਨਮੁੱਖ ਸਮਾਨਤਾ ਦੀ ਥਾਂ ਵਾਸਤਵ ਵਿੱਚ ਕਾਣੀ-ਵੰਡ ਨਜ਼ਰ ਆਉਂਦੀ ਹੈ। ਜਦ ਆਮ ਮਨੁੱਖ ਕਾਨੂੰਨ ਦੇ ਕਟਹਿਰੇ ਵਿੱਚ ਹੁੰਦਾ ਹੈ ਤਾਂ ਉਸ ਉਪਰ ਦੰਡਾਤਮਕ ਨਜ਼ਰਬੰਦੀ, ਰਾਸ਼ਟਰੀ ਸੁਰੱਖਿਆ ਐਕਟ ਅਤੇ ਟਾਡਾ ਆਦਿ ਰਾਹੀ ਨਾਜਾਇਜ਼ ਅਤੇ ਅਣਉਚਿੱਤ ਪਾਬੰਦੀਆਂ ਲਾ ਕੇ ਮਨੁੱਖੀ ਹੱਕਾਂ ਦਾ ਘਾਣ ਹੁੰਦਾ ਹੈ। ਦੂਸਰੇ ਪਾਸੇ ਜਦ ਅਜਿਹੀ ਜਕੜ ਵਿੱਚ ਵਿਸ਼ੇਸ਼ ਪ੍ਰਸ਼ਾਸਨਿਕ ਅਧਿਕਾਰੀ ਆਉਂਦੇ ਹਨ, ਤਾਂ ਉਹਨਾਂ ਤੋਂ ਆਪਣੀਆਂ ਮਨਮਰਜ਼ੀਆਂ ਲਈ ਜੁਆਬ ਮੰਗਣ ਦੀ ਥਾਂ, ਉਹਨਾਂ ਵਾਸਤੇ ਵਿਸ਼ੇਸ਼ ਰਿਆਇਤਾਂ ਦੀ ਸਿਫ਼ਾਰਸ਼ ਕੀਤੀ ਜਾਂਦੀ ਹੈ। ਇਹ ਕਿਥੋਂ ਦਾ ਇਨਸਾਫ ਹੈ ਕਿ ਆਮ ਮਨੁੱਖ ਤਾਂ ਜੇਲ੍ਹ ਦੀਆਂ ਸਲਾਖਾਂ ਪਿੱਛੇ ਸਜ਼ਾ ਕੱਟ ਰਿਹਾ ਹੋਵੇ, ਪਰ ਪੁਲਿਸ ਅਫ਼ਸਰ ਹਜ਼ਾਰਾਂ ਬੇਕਸੂਰਾਂ ਨੂੰ ਮਨਘੜਤ ਮੁਕਾਬਲਿਆਂ ਵਿੱਚ ਮਾਰ ਮੁਕਾਉਣ ਦੇ ਬਾਵਜੂਦ ਬੇਖ਼ੌਫ਼ ਹੋ ਕੇ ਮੌਜਾਂ ਮਾਣ ਰਿਹਾ ਹੋਵੇ। ਹੱਕਾਂ ਦੀ ਰਾਖੀ ਲਈ ਆਵਾਜ਼ ਉਠਾਉਣ ਵਾਲੀਆਂ ਸੰਸਥਾਵਾਂ ਨੂੰ ਦੇਸ਼- ਗੱਦਾਰ ਗਰਦਾਨਿਆਂ ਜਾਵੇ, ਜਦਕਿ ਮਾਨਵੀ ਹੱਕਾਂ ਦੀਆਂ ਧੱਜੀਆਂ ਉਡਾਉਣ ਵਾਲੇ ਦਾਨਵਾਂ ਨੂੰ ਦੇਸ਼-ਪ੍ਰੇਮੀ ਦੀ ਉਪਾਧੀ ਦਿੱਤੀ ਜਾਵੇ।
  ਨਿਆਂ ਦੀ ਮੂਰਤੀ ਦੀਆਂ ਅੱਖਾਂ ਉੱਤੇ ਪੱਟੀ ਤਾਂ ਸ਼ਾਇਦ ਇਸ ਕਰਕੇ ਬੰਨ੍ਹੀ ਹੁੰਦੀ ਹੈ ਕਿ ਕਾਨੂੰਨ ਦੀ ਨਜ਼ਰ ਵਿੱਚ ਅਮੀਰ ਤੇ ਗਰੀਬ, ਤਕੜੇ ਤੇ ਮਾੜੇ ਅਤੇ ਰਾਜ ਤੇ ਪਰਜਾ ਵਿੱਚ ਕੋਈ ਭਿੰਨਤਾ ਨਾ ਹੋਵੇ, ਪਰ ਭਾਰਤੀ ਨਿਆਂ ਪ੍ਰਣਾਲੀ ਤਾਂ 'ਕਾਬਿਲੇ - ਤਾਰੀਫ਼' ਹੈ, ਜਿਥੇ ਦੋਸ਼ੀ ਤੇ ਨਿਰਦੋਸ਼ , ਕਾਤਲ ਤੇ ਮਕਤੂਲ, ਸ਼ੋਸ਼ਣ ਤੇ ਸ਼ੋਸ਼ਿਤ ਅਤੇ ਭ੍ਰਿਸ਼ਟ ਤੇ ਇਮਾਨਦਾਰ ਵਿਚਕਾਰ ਵੀ ਭੋਰਾ-ਭਰ ਫ਼ਰਕ ਨਹੀਂ। ਸਭ ਨਾਲ ਇਕੋ-ਤਰ੍ਹਾਂ ਨਜਿੱਠਿਆਂ ਜਾਂਦਾ ਹੈ। ਇਸ ਪ੍ਰਕਾਰ ਇਹ ਸਮਾਨਤਾ ਭਾਰਤੀ ਕਾਨੂੰਨ ਵਿਵਸਥਾ 'ਇਤਿਹਾਸਕ ਪ੍ਰਾਪਤੀ' ਹੋ ਨਿਬੜਦੀ ਹੈ। ਸੰਯੁਕਤ ਰਾਸ਼ਟਰ ਦੀ ਮਨੁੱਖੀ ਵਿਕਾਸ ਨਾਲ ਸਬੰਧਿਤ ਰਿਪੋਰਟ ਵਿੱਚ 174 ਦੇਸ਼ਾਂ ਦੇ ਕੀਤੇ ਸਰਵੇਖਣ ਵਿੱਚ ਚਾਹੇ ਭਾਰਤ ਨੂੰ 'ਫਾਡੀ' ਸਥਾਨ ਮਿਲਣਾ 'ਤੇ ਬੜੀ ਨਮੋਸ਼ੀ ਉਠਾਉਣੀ ਪਈ ਹੈ, ਪਰ ਇਹ ਬੜੇ 'ਫ਼ਖ਼ਰ ਵਾਲੀ ਗੱਲ' ਹੈ ਕਿ ਮਨੁੱਖੀ ਅਧਿਕਾਰਾਂ ਦੀ ਅਸਮਾਨ ਵੰਡ ਤੇ ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਭਾਰਤ ਜਲਦੀ ਹੀ ਦੁਨੀਆ ਦਾ 'ਮੇਦੀ' ਮੁਲਕ ਬਣ ਜਾਏਗਾ। ਸੈਂਕੜੇ ਬਿਲੀਅਨ ਡਾਲਰ ਦਾ ਕਰਜ਼ਾਈ ਹਿੰਦੁਸਤਾਨ ਆਰਥਿਕ ਦ੍ਰਿਸ਼ਟੀਕੋਣ ਤੋਂ 'ਕੰਗਾਲਿਸਤਾਨ' ਬਣਦਾ ਜਾ ਰਿਹਾ ਹੈ।
     'ਆਜ਼ਾਦੀ' ਦਾ ਸਹੀ ਅਰਥ ਮਨੁੱਖੀ ਹੱਕਾਂ ਦੀ ਹੋਂਦ ਤੋਂ ਹੈ, ਜੋ ਸਮਾਨਤਾ ਸਹਿਤ ਹਰ ਮਨੁੱਖ ਨੂੰ ਹਾਸਿਲ ਹੋਣੀ ਲਾਜ਼ਮੀ ਹੈ। ਆਜ਼ਾਦੀ ਤੋਂ ਪਹਿਲਾਂ ਤਾਂ ਮੁਢਲੇ ਮਾਨਵੀ ਅਧਿਕਾਰ ਇਸ ਵਾਸਤੇ ਸੁਰੱਖਿਅਤ ਨਹੀਂ ਸਨ, ਕਿਉਂਕਿ ਭਾਰਤੀ ਲੋਕ ਅੰਗਰੇਜ਼ਾਂ ਦੀ ਗੁਲਾਮੀ ਦਾ ਸੰਤਾਪ ਹੰਢਾ ਰਹੇ ਸਨ। ਮਨੁੱਖੀ ਹੱਕਾਂ ਦੀ ਆਜ਼ਾਦੀ ਲਈ ਤਾਂ ਦੇਸ਼ ਵਾਸੀਆਂ ਨੇ ਫਰੰਗੀ ਹਕੂਮਤ ਵਿਰੁੱਧ ਜਹਾਦ ਛੇੜਿਆ ਸੀ, ਪਰ ਕੀ 'ਆਜ਼ਾਦੀ ਦੀ ਇਸ ਸਦੀ' ਦੇ ਦੌਰਾਨ ਭਾਰਤੀ ਨਾਗਰਿਕ ਦੇ ਅਧਿਕਾਰ ਸੁਰੱਖਿਅਤ ਰਹੇ ਹਨ? ਇਸ ਦਾ ਉਤਰ ਆਜ਼ਾਦ ਭਾਰਤ ਵਿੱਚ 31 ਅਕਤੂਬਰ 1984 ਨੂੰ ਇੰਦਰਾ ਗਾਂਧੀ ਦੀ ਹਤਿਆ ਮਗਰੋਂ ਵਾਪਰੇ ਸਭ ਤੋਂ ਵੱਡੇ ਸਿੱਖ ਨਰ- ਸੰਹਾਰ ਦੇ ਰੂਪ ਵਿੱਚ ਮਿਲਦਾ ਹੈ, ਜਦ ਖਾਸ ਫਿਰਕੇ ਦੇ ਲੋਕਾਂ 'ਤੇ ਅਣ-ਮਨੁੱਖੀ ਤਸ਼ੱਦਦ ਕੀਤਾ ਗਿਆ। ਧੀਆਂ -ਭੈਣਾਂ ਦੀ ਅਸਮਤ ਲੁੱਟੀ ਗਈ, ਹਜ਼ਾਰਾਂ ਦੀ ਗਿਣਤੀ ਵਿੱਚ ਗਲਾਂ ਵਿੱਚ ਟਾਇਰ ਪਾ ਕੇ, ਅੱਗ ਲਾ ਕੇ ਜਿਉਂਦੇ -ਜੀ ਸਾੜਿਆ ਗਿਆ। ਇਸ ਖੂਨੀ ਸਾਕੇ ਦੇ ਚਸ਼ਮਦੀਦ ਗਵਾਹ ਪ੍ਰਸ਼ਾਸਨਿਕ ਅਧਿਕਾਰੀ ਨਾ ਸਿਰਫ਼ ਮੂਕ -ਦਰਸ਼ਕ ਬਣੇ ਹੈਵਾਨੀਅਤ ਦਾ ਨੰਗਾ ਨਾਚ ਵੇਖਦੇ ਰਹੇ, ਸਗੋਂ ਸਿੱਖਾਂ ਦੀ ਨਸਲਕੁਸ਼ੀ ਕਰਨ ਵਾਲੇ ਦੋਸ਼ੀਆਂ ਨਾਲ ਮਿਲ ਕੇ, ਹੱਲਾ-ਸ਼ੇਰੀ ਦਿੰਦਿਆਂ, ਜਬਰ -ਜ਼ੁਲਮ ਵਿੱਚ ਪੂਰੀ ਤਰ੍ਹਾਂ ਸ਼ਰੀਕ ਵੀ ਹੋਏ। ਇਹਨਾਂ ਦੋਸ਼ੀਆਂ ਨੂੰ ਸਜ਼ਾਵਾਂ ਦੇਣ ਲਈ ਨਿਯੁਕਤ ਰੰਗਾਨਾਥ ਕਮਿਸ਼ਨ, ਕੁਸਮ ਲਤਾ ਜਾਂਚ ਸਮਿਤੀ, ਵੇਦ ਮਰਵਾਹ ਰਿਪੋਰਟ ਆਦਿ ਨੇ ਪੁਲਿਸ ਦੁਆਰਾ ਹੁੱਲੜਬਾਜ਼ਾਂ ਦਾ ਸਾਥ ਦੇਣ 'ਤੇ ਕਾਰਵਾਈ ਕਰਨ ਦੀ ਸਿਫਾਰਸ਼ ਕੀਤੀ, ਪਰ ਦੁੱਖ ਦੀ ਗੱਲ ਇਹ ਹੈ ਕਿ ਦੋਸ਼ੀ ਅਜੇ ਵੀ ਨਿਆਇਕ ਹਿਰਾਸਤ ਤੋਂ ਮੁਕਤ ਹਨ। 'ਸਿੱਖ ਨਸਲਕੁਸ਼ੀ ਸਰਕਾਰੀ ਅੱਤਵਾਦ' ਦੀ ਮੂੰਹ ਬੋਲਦੀ ਤਸਵੀਰ ਸੀ, ਜਿਸ ਦੇ ਦੋਸ਼ੀਆਂ ਨੂੰ ਸਜ਼ਾਵਾਂ ਨਾ ਮਿਲਣ ਕਰਕੇ ਦੇਸ਼ ਵਿੱਚ ਬਾਬਰੀ ਮਸਜਿਦ ਕਾਂਡ, ਗੁਜਰਾਤ ਕਤਲੇਆਮ, ਉੜੀਸਾ ਕਾਂਡ ਅਤੇ ਅਨੇਕਾਂ ਹੋਰ ਦੁਖਾਂਤ ਵਾਪਰੇ। ਥਾਂ-ਥਾਂ ਤੇ ਸਮੂਹਿਕ ਜਬਰ- ਜਨਾਹ ਹੋਏ ਅਤੇ ਅੱਜ ਵੀ ਹੋ ਰਹੇ ਹਨ, ਇਨ੍ਹਾਂ ਦਾ ਮੁੱਢ ਸਿੱਖ ਨਸਲਕੁਸ਼ੀ ਦੇ ਦੁੱਖਾਂ ਤੋਂ ਹੀ ਬੱਝਿਆ। ਇੰਨੇ ਭਿਆਨਕ ਅੱਤਿਆਚਾਰ ਕਾਰਨ ਸਿੱਖ ਮਾਨਸਿਕਤਾ ਵਿੱਚ ਲੋਕ ਮੁਹਾਵਰਾ ਵੀ ਅਜਿਹਾ ਬਣ ਚੁੱਕਿਆ ਹੈ ਕਿ
'ਭੰਡਾ ਭੰਡਾਰੀਆ ਕਿੰਨਾ ਕੁ ਭਾਰ?
ਇਕ ਲਾਸ਼ ਚੁੱਕ ਲਾ ਦੂਜੀ ਨੂੰ ਤਿਆਰ।'
     ਸਮੁੱਚੇ ਭਾਰਤ ਦੇ ਮਨੁੱਖੀ ਅਧਿਕਾਰਾਂ ਦੀ ਰਾਖੀ ਕਰਨ ਵਾਲਾ ਪੰਜਾਬ ਪਿਛਲੇ ਕਈ ਦਹਾਕਿਆਂ ਤੋਂ ਮਾਨਵੀ ਹੱਕਾਂ ਤੋਂ ਵਾਂਝਾ ਰਿਹਾ ਹੈ। ਸਿੱਖਾਂ ਨੂੰ 'ਅੱਤਵਾਦੀ' ਤੇ 'ਵੱਖਵਾਦੀ' ਕਹਿ ਕੇ ਥਾਣਿਆਂ ਵਿੱਚ ਅਕਹਿ ਕਹਿਰ ਤੇ ਤਸ਼ੱਦਦ ਦਾ ਸ਼ਿਕਾਰ ਬਣਾਇਆ ਗਿਆ। ਅਜਿਹੇ ਪੁਲਿਸ ਅਤਿਆਚਾਰ ਨੂੰ ਸਾਰੇ ਮੁਲਕ ਸਾਹਮਣੇ ਪੇਸ਼ ਕਰਨ ਲਈ ਮਾਨਵ ਅਧਿਕਾਰ ਸੰਗਠਨਾਂ ਨੇ ਕਈ ਰਿਪੋਰਟਾਂ ਪੇਸ਼ ਕੀਤੀਆਂ, ਜਿਨ੍ਹਾਂ 'ਚੋ 'ਰਿਪੋਰਟ ਟੂ ਨੇਸ਼ਨ- ਅਪਰੇਸ਼ਨ ਪੰਜਾਬ' ਤੇ 'ਸਟੇਟ ਟੈਰਰਿਜ਼ਮ ਇਨ ਪੰਜਾਬ' ਪ੍ਰਮੁੱਖ ਹਨ। ਇਹਨਾਂ ਰਿਪੋਰਟਾਂ ਵਿੱਚ ਪੁਲਸ ਅਤੇ ਅਰਧ- ਸੈਨਿਕ ਦਲਾਂ ਦੁਆਰਾ ਬੇਕਸੂਰ ਲੋਕਾਂ ਤੇ ਕੀਤੇ ਤਸ਼ੱਦਦ ਦੀ ਕਹਾਣੀ ਬਿਆਨ ਕੀਤੀ ਗਈ ਹੈ। ਇਸ ਦੌਰਾਨ ਅੰਮ੍ਰਿਤਸਰ ਦੇ ਪਾਲ ਇੰਟਰਨੈਸ਼ਨਲ ਹਾਲ 'ਚ ਲਾਪਤਾ ਲੋਕਾਂ ਬਾਰੇ ਤਾਲਮੇਲ ਕਮੇਟੀ ਦੀ ਹੋਈ ਨਿਆਂ ਕਨਵੈਨਸ਼ਨ ਵਿੱਚ ਪਾਸ ਕੀਤੇ ਮਤਿਆਂ 'ਚੋਂ ਇਕ ਮਹੱਤਵਪੂਰਨ ਇਹ ਵੀ ਹੈ ਕਿ ਸੀ.ਬੀ.ਆਈ ਦੁਆਰਾ ਸੁਪਰੀਮ ਕੋਰਟ ਅੱਗੇ ਪੇਸ਼ ਕੀਤੀ ਰਿਪੋਰਟ ਦੇ ਆਧਾਰ 'ਤੇ ਲਾਸ਼ਾਂ ਨੂੰ ਸਮੂਹਿਕ ਤੌਰ 'ਤੇ ਸਾੜਨ ਦੇ ਦੋਸ਼ ਵਿੱਚ, ਪੰਜਾਬ ਪੁਲਸ ਦੇ ਸਾਬਕਾ ਮੁੱਖੀ ਕੇ.ਪੀ.ਐਸ ਗਿੱਲ ਤੇ ਉਸ ਵੇਲੇ ਦੇ ਸਿਆਸੀ ਪ੍ਰਭੂਆਂ ਨੂੰ ਗ੍ਰਿਫ਼ਤਾਰ ਕੀਤਾ ਜਾਵੇ। ਵੱਡੇ ਪੱਧਰ 'ਤੇ ਹੋਏ ਇਸ ਕਤਲੇਆਮ ਬਦਲੇ ਉਹਨਾਂ ਉਪਰ ਨਿਊਰਮਬਰਗ ਟਰਾਇਲ ਵਾਂਗ ਮੁਕੱਦਮੇ ਚਲਾਏ ਜਾਣ, ਜਿਵੇਂ ਇੰਗਲੈਂਡ ਨੇ ਸਾਬਕਾ ਤਾਨਾਸ਼ਾਹ ਜਨਰਲ ਅਗਸਤੋ-ਪਿਨੋਸ਼ੋ ਨੂੰ ਗ੍ਰਿਫ਼ਤਾਰ ਕੀਤਾ, ਉਵੇਂ ਹੀ ਇਹਨਾਂ ਦੋਸ਼ੀਆਂ ਨੂੰ ਸਜ਼ਾ ਦਿੱਤੀ ਜਾਵੇ, ਪਰ ਅਫਸੋਸ ਕਿ 'ਗਿੱਲ ਵਰਗਿਆਂ' ਮਾਨਵੀ ਹੱਕਾਂ ਦੇ ਅਪਰਾਧੀਆਂ ਨੂੰ ਭਾਰਤੀ ਕਾਨੂੰਨ ਨੇ ਸਜ਼ਾਵਾਂ ਨਾ ਦਿੱਤੀਆਂ, ਬਲਕਿ ਉਹ ਕੁਦਰਤੀ ਮੌਤ ਮਰਿਆ। ਸ਼ਰਮਨਾਕ ਗੱਲ ਇਹ ਹੈ ਕਿ ਪੰਜਾਬ ਤੇ ਭਾਰਤ ਦੇ ਹਾਕਮਾਂ ਸਮੇਤ ਖੱਬੇ ਪੱਖੀ ਪਾਰਟੀਆਂ ਨੇ ਵੀ 'ਬੁਚੜ ਗਿੱਲ' ਦੀ ਮੌਤ 'ਤੇ ਕਸੀਦੇ ਪੜ੍ਹੇ ਤੇ ਮਨੁੱਖੀ ਹੱਕਾਂ ਦੇ ਸਿਧਾਂਤਾਂ ਨੂੰ ਕਲੰਕਤ ਕੀਤਾ।
     ਅਜੋਕੇ ਸਮੇਂ ਪੂਰੇ ਵਿਸ਼ਵ ਵਿੱਚ ਮਨੁੱਖੀ ਹੱਕਾਂ ਦੀ ਜਾਗਰੂਕਤਾ, ਕ੍ਰਾਂਤੀਕਾਰੀ ਸ਼ਕਲ ਅਖਤਿਆਰ ਕਰ ਰਹੀ ਹੈ। ਪ੍ਰਸਿੱਧ ਚਿੰਤਕ ਰੂਸੋ ਦੇ ਵਿਚਾਰ ਅਨੁਸਾਰ ਮਨੁੱਖ ਨੂੰ, ਮੁੱਢਲੇ ਅਧਿਕਾਰਾਂ ਸਹਿਤ ਸੁਤੰਤਰ ਜਿਉਣ ਦਾ ਹੱਕ ਹਾਸਿਲ ਹੋਣਾ ਲਾਜ਼ਮੀ ਹੈ। ਮਨੁੱਖ ਨੂੰ ਮੂਲ ਅਧਿਕਾਰਾਂ ਤੋਂ ਸਖਣਾ ਰੱਖਣਾ ਬਗ਼ਾਵਤ ਨੂੰ ਜਨਮ ਦੇਣਾ ਹੈ ਤੇ ਅਜਿਹੀ ਸਥਿਤੀ ਵਿੱਚ ਅਧਿਕਾਰ ਮੰਗਣ ਦੀ ਥਾਂ, ਖੋਹਣ ਦੀ ਭਾਵਨਾ ਜਾਗ ਉਠਦੀ ਹੈ।  

ਡਾ. ਗੁਰਵਿੰਦਰ ਸਿੰਘ
ਕੋਆਰਡੀਨੇਟਰ, ਪੰਜਾਬੀ ਸਾਹਿਤ ਸਭਾ ਮੁੱਢਲੀ (ਰਜਿ.)
ਐਬਟਸਫੋਰਡ, ਕੈਨੇਡਾ
singhnewscanada@gmail.com
001-604-825-1550

ਗੁਰੂ ਨਾਨਕ ਦਰਸ਼ਨ : ਰਬਾਬ ਤੋਂ ਨਗਾਰੇ ਤੱਕ ਦੀ ਯਾਤਰਾ  - ਡਾ. ਗੁਰਵਿੰਦਰ ਸਿੰਘ

   ਮੁਰਸ਼ਦ-ਏ-ਆਲਮ ਗੁਰੂ ਨਾਨਕ ਸਾਹਿਬ ਅਜਿਹੇ ਪਹਿਲੇ ਕੌਮਾਂਤਰੀ ਆਗੂ ਹਨ, ਜਿਨ੍ਹਾਂ ਦਾ ਮਿਸ਼ਨ 'ਸਮੁੱਚੀ ਮਾਨਵਤਾ' ਦੀ 'ਚੜ੍ਹਦੀ ਕਲਾ' ਤੇ 'ਸਰਬੱਤ ਦੇ ਭਲੇ' ਤੋਂ ਆਰੰਭ ਹੁੰਦਾ ਹੈ। ਉਨ੍ਹਾਂ ਮਾਨਵ ਹਿਤਕਾਰੀ ਤੇ ਵਿਸ਼ਵ-ਵਿਆਪੀ ਜੀਵਨ ਦਰਸ਼ਨ ਦਾ ਸੰਕਪਲ ਦਿੱਤਾ, ਜੋ ਕਿਰਤ ਕਰਨ, ਨਾਮ ਜਪਣ ਤੇ ਵੰਡ ਛਕਣ ਦੀ ਮਜ਼ਬੂਤ ਨੀਂਹ 'ਤੇ ਸਥਾਪਿਤ ਹੈ। ਉਹਨਾਂ ਦੁਆਰਾ ਪ੍ਰਸਤੁਤ ੴ ਦਾ ਸਿਧਾਂਤ ਰੰਗ-ਨਸਲ, ਵਰਗ-ਵੰਡ, ਜਾਤ-ਪਾਤ, ਬੇਦ -ਕਤੇਬ, ਦੇਹੁਰਾ-ਮਸੀਤ, ਪੂਜਾ-ਨਿਵਾਜ ਤੇ ਦੇਸ਼ -ਕੌਮ ਦੀਆਂ ਹੱਦਾਂ ਅਤੇ ਵਲਗਣਾਂ ਤੋਂ ਪਾਰ, ਸਰਬ-ਵਿਆਪਕਤਾ ਤੇ ਸਰਬ-ਸਾਂਝੀਵਾਲਤਾ ਦਾ ਸੰਕਲਪ ਹੈ। ਯੁੱਗ-ਪੁਰਸ਼ ਗੁਰੂ ਨਾਨਕ ਸਾਹਿਬ ਦੇ ਪ੍ਰੇਮ, ਇਤਫ਼ਾਕ ਤੇ ਸਦਭਾਵਨਾ ਦੇ ਸੰਦੇਸ਼ ਸਦਕਾ ਹਿੰਦੂ ਤੇ ਮੁਸਲਮਾਨ, ਸੂਫ਼ੀ ਤੇ ਬ੍ਰਾਹਮਣ, ਗ੍ਰਹਿਸਤੀ ਤੇ ਤਿਆਗੀ, ਇਸਤਰੀ ਤੇ ਮਰਦ, ਨਾਥ ਤੇ ਯੋਗੀ, ਵਲੀ ਕੰਧਾਰੀ ਤੇ ਹਮਜ਼ਾ ਗੌਂਸ, ਕੌਡੇ ਰਾਖਸ਼ ਤੇ ਸੱਜਣ ਠੱਗ ਆਦਿ ਸਭਨਾ ਦੀ ਤਰਜ਼ੇ-ਜਿੰਦਗੀ ਵਿੱਚ ਕ੍ਰਾਂਤੀਕਾਰੀ ਪਰਿਵਰਤਨ ਆਉਣਾ ਤੇ ਗੁਰੂ ਸਾਹਿਬ ਦੇ ਮੁਰੀਦ ਤੇ ਸ਼ਰਧਾਲੂ ਬਣ ਜਾਣਾ, ਵਿਸ਼ਵ ਇਤਿਹਾਸ ਵਿੱਚ ਅਲੌਕਿਕ ਵਰਤਾਰਾ ਹੈ। ਦਰਅਸਲ ਉਨ੍ਹਾਂ ਦਾ ਪ੍ਰੇਮ ਪੈਗ਼ਾਮ ਸੰਪੂਰਨ ਇਨਸਾਨੀਅਤ ਲਈ ਹੈ ਅਤੇ 'ਖੱਤਰੀ ਬ੍ਰਾਹਮਣ ਸੂਦਰ ਵੇੈਸ਼ ਉਪਦੇਸ਼ ਚਹੁੰ ਵਰਨਾ ਲਈ ਸਾਂਝਾ' ਹੈ। ਜ਼ਾਹਰ-ਪੀਰ ਤੇ ਜਗਤ-ਤਾਰਕ ਬਾਬਾ ਨਾਨਕ ਨੇ ਆਪਣੀ ਨਿਵੇਕਲੀ ਵਿਚਾਰਧਾਰਾ ਤੇ ਮਹਾਨ ਫ਼ਲਸਫ਼ੇ ਨਾਲ ਨੌਂ ਖੰਡ ਪ੍ਰਿਥਵੀ ਦਾ ਹਨੇਰਾ ਖਤਮ ਕਰ ਦਿੱਤਾ। ਪੂਰਬੀ ਦੁਨੀਆ ਵਿੱਚ ਉਦੈ ਹੋਇਆ ਇਹ ਸੂਰਜ ਸਾਰੇ ਸੰਸਾਰ ਲਈ ਚਾਨਣ ਮੁਨਾਰਾ ਬਣਿਆ।
    ਗੁਰੂ ਸਾਹਿਬ ਦਾ ਸਮਕਾਲੀ ਮਾਨਵ-ਜੀਵਨ ਅਧਿਆਤਮਿਕ, ਸਮਾਜਿਕ, ਰਾਜਨੀਤਿਕ ਤੇ ਸਭਿਆਚਾਰਕ, ਚਾਰੇ ਪਹਿਲੂਆਂ ਤੋਂ ਘੋਰ ਗਿਰਾਵਟ ਦਾ ਸ਼ਿਕਾਰ ਹੋ ਚੁੱਕਿਆ ਸੀ। ਚਾਰ-ਚੁਫੇਰੇ ਰਬੀ ਨਾਮ ਦੀ ਥਾਂ ਕਰਮਾਂ-ਕਾਂਡਾਂ, ਵਹਿਮਾਂ-ਭਰਮਾਂ ਦਾ ਰਾਮ -ਰੌਲਾ ਵਾਯੂ-ਮੰਡਲ ਦੂਸ਼ਿਤ ਕਰ ਰਿਹਾ ਸੀ। ਧਰਮ ਦਾ ਠੇਕੇਦਾਰ ਧਾਰਮਿਕ -ਪੁਸ਼ਾਕ ਪਹਿਨ ਕੇ ਧਰਮ ਦਾ ਲਹੂ ਪੀ ਰਿਹਾ ਸੀ, ਜਿਸ ਕਾਰਨ ਉਸ ਦਾ 'ਬੇਇਲਮਾ ਅਮਲ' ਤੇ 'ਬੇਅਮਲਾ ਇਲਮ' ਬੇ-ਅਰਥ ਹੋ ਚੁੱਕਿਆ ਸੀ। ਮੰਨੂ-ਸਮ੍ਰਿਤੀ ਦੀ ਵਰਗ -ਵੰਡ ਕਾਰਨ ਜਾਤਾਂ-ਪਾਤਾਂ ਵਿੱਚ ਵੰਡੇ ਭਾਰਤਵਾਸੀ ਲੀਰੋ-ਲੀਰ ਹੋ ਚੁੱਕੇ ਸਨ। ਅੰਦਰੂਨੀ ਤੌਰ ਤੇ ਨਿਕੰਮੇ, ਲਾਚਾਰ ਤੇ ਕਮਜ਼ੋਰ ਭਾਰਤ ਦਾ ਜਿਸਮ ਡਾਕੂ ਲੁਟੇਰੇ, ਲੰਗੜੇ ਜਰਨੈਲ ਤੇ ਆਜੜੀ ਮੁਰੈਲ੍ਹ ਖੂਨੀ ਨਹੁੰਦਰਾਂ ਨਾਲ ਨੋਚਦੇ ਰਹੇ ਸਨ। ਇਹ ਬਘਿਆੜਾਂ ਤੇ ਕੁੱਤਿਆਂ ਦਾ ਰੂਪ ਅਖਤਿਆਰ ਕਰਕੇ ਮਨੁੱਖਤਾ ਦਾ ਲਹੂ ਪੀ ਰਹੇ ਸਨ:-
"ਰਾਜੇ ਸੀਹ ਮੁਕਦਮ ਕੁਤੇ॥
ਜਾਇ ਜਗਾਇਨਿ ਬੈਠੇ ਸੁਤੇ॥
ਚਾਕਰ ਨਹ ਦਾ ਪਾਇਨਿ ਘਾਉ॥
ਰਤੁ ਪਿਤੁ ਕੁਤਿਹੋ ਚਟਿ ਜਾਹੁ॥"
(ਗੁਰੂ ਗਰੰਥ ਸਾਹਿਬ, 1288)
     ਮਧਕਾਲੀਨ ਇਤਿਹਾਸ ਵਿੱਚ ਜ਼ਾਲਮ ਹਕੂਮਤ ਦੇ ਬਰਖ਼ਿਲਾਫ਼ ਤੇ ਮਾਨਵ ਅਧਿਕਾਰਾਂ ਦੇ ਹੱਕ ਵਿੱਚ ਆਵਾਜ਼ ਬੁਲੰਦ ਕਰਨ ਵਾਲੇ ਪਹਿਲੇ ਇਨਕਲਾਬੀ ਆਗੂ ਮਰਦਿ-ਕਾਮਿਲ ਗੁਰੂ ਨਾਨਕ ਸਾਹਿਬ ਹਨ। ਇਹ ਦਲੇਰਾਨਾ ਪਹਿਲ-ਕਦਮੀ ਸਿੱਖ ਕੌਮ ਨੂੰ ਦੁਨੀਆ ਦੀ ਬਹਾਦਰ ਤੇ ਸੁਰਬੀਰ ਕੌਮ' ਵਜੋਂ ਉਜਾਗਰ ਕਰਨ ਲਈ ਮਾਰਗ ਦਰਸ਼ਕ ਬਣੀ। ਜੋ ਖਾਲਸਾ ਰੂਪੀ ਬ੍ਰਿਛ ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਪ੍ਰਫੁੁੱਲਿਤ ਹੋਇਆ ਸੀ, ਉਸ ਦੇ ਬੀਜ ਗੁਰੂ ਨਾਨਕ ਸਾਹਿਬ ਜੀ ਬੀਜ ਗਏ ਸਨ ਅਤੇ ਉਤਰਾ-ਅਧਿਕਾਰੀ ਗੁਰੂ ਸਾਹਿਬਾਨ ਉਸ ਦੀ ਸਿੰਚਾਈ ਕਰਕੇ ਪਾਲਣ ਕਰਦੇ ਰਹੇ ਸਨ। ਜ਼ੁਲਮ ਦੇ ਖਾਤਮੇ ਲਈ ਅਤੇ ਮਜ਼ਲੂਮਾਂ ਦੀ ਰਾਖੀ ਲਈ ਜੋ ਕਿਰਪਾਨ ਖਾਲਸੇ ਫੜਾਈ ਗਈ ਸੀ, ਬੇਸ਼ਕ ਗੁਰੂ ਗੋਬਿੰਦ ਸਿੰਘ ਜੀ ਨੇ ਬਣਾਈ ਸੀ, ਪਰ ਉਸ ਦਾ ਫੌਲਾਦ ਗੁਰੂ ਨਾਨਕ ਜੀ ਨੇ ਤਿਆਰ ਕੀਤਾ ਸੀ।
      ਇਉਂ 'ਗੁਰੂ ਨਾਨਕ ਦਰਸ਼ਨ ਰਬਾਬ ਤੋਂ ਨਗਾਰਾ ਤੱਕ ਦੀ ਯਾਤਰਾ' ਹੈ, ਜਿੱਥੇ ਭਾਈ ਮਰਦਾਨਾ ਜੀ ਦੀ ਰਬਾਬ ਤੋਂ  ਲੈ ਕੇ ਆਨੰਦਪੁਰ ਸਾਹਿਬ ਦੇ ਰਣਜੀਤ ਨਗਾਰੇ ਤੱਕ ਦੀ ਗੂੰਜ ਗਿਆਨ ਅਤੇ ਕਿਰਪਾਨ ਨਾਲ ਹਲੂਣਾ ਦਿੰਦੀ ਹੈ। ਗੁਰੂ ਨਾਨਕ ਸਾਹਿਬ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਤੱਕ ਦਸ ਗੁਰੂ ਸਾਹਿਬਾਨ ਵੱਖੋ-ਵੱਖਰੇ ਨਹੀਂ, ਬਲਕਿ ਇੱਕ ਹੀ ਜੋਤ ਹਨ ਤੇ ਇਹ ਜੋਤ ਗੁਰੂ ਗ੍ਰੰਥ ਸਾਹਿਬ ਦੇ ਜੁੱਗੋ ਜੁੱਗ ਅਟੱਲ ਸਿਧਾਂਤ ਰੂਪ ਵਿੱਚ ਸਦਾ ਹੀ ਕਾਇਮ ਹੈ ਅਤੇ ਰਹੇਗੀ।
ਧਰਮ ਦੇ ਸੰਕਲਪ ਨੂੰ ਗੁਰੂ ਨਾਨਕ ਸਾਹਿਬ ਨੇ ਨਿਜੀ ਸੁਆਰਥ, ਰਾਜਨੀਤਿਕ ਚੌਧਰ ਤੇ ਜਾਤੀਵਾਦ ਦੇ ਸੰਕੀਰਨ ਤੇ ਸੰਕੁਚਿਤ ਦਾਇਰਿਆਂ 'ਚੋ ਬਾਹਰ ਕੱਢ ਕੇ, ਅਸਲੋਂ ਨਵੇਂ ਰੂਪ ਵਿੱਚ ਪਰਿਭਾਸ਼ਿਤ ਕਰਦੇ ਹੋਏ, ਇਸ ਨੂੰ ਸੁਭ- ਕਰਮ ,ਸਵੈ-ਵਿਸ਼ਵਾਸ ਤੇ ਸਦਭਾਵਨਾ ਦਾ ਕੇਂਦਰ -ਬਿੰਦੂ ਬਣਾ ਦਿੱਤਾ। ਆਪਣਾ ਮੂਲ ਪਛਾਣਦੇ ਹੋਏ ਸਭ ਨੂੰ ਆਪਣੇ ਧਰਮ ਵਿੱਚ ਦ੍ਰਿੜ ਅਤੇ ਪਰਪੱਕ ਹੋਣ 'ਤੇ ਜ਼ੋਰ ਦਿੱਤਾ। ਸੱਚਾ ਮੁਸਲਮਾਨ ਉਹ ਹੈ, ਜੋ ਮਿਹਰ ਦੀ ਮਸਜਿਦ ਵਿੱਚ ਸਿਦਕ ਦਾ ਮੁਸੱਲਾ ਵਿਛਾ ਕੇ ਸਚਾਈ, ਇਮਾਨਦਾਰੀ, ਬੰਦਗੀ, ਸਾਫ- ਦਿਲੀ ਤੇ ਸਿਫ਼ਤ ਦੀਆਂ ਪੰਜ ਨਿਮਾਜ਼ਾਂ ਪੜ੍ਹਦਾ ਹੈ ਤੇ ਬ੍ਰਾਹਮਣ ਉਹ ਹੈ ਜੋ ਸਤਿ. ਸੰਤੋਖ, ਦਇਆ ਤੇ ਜਤ- ਪਤ ਦਾ ਧਾਰਨੀ ਹੈ। ਜੋਗੀ ਉਹ ਹੈ, ਜਿਸ ਦੇ ਕੰਨਾਂ 'ਚ ਸੰਤੋਖ ਦੀਆਂ ਮੁੰਦਰਾਂ, ਉਦਮ ਦੀ ਝੋਲੀ , ਧਿਆਨ ਦੀ ਬਿਭੂਤੀ ਅਤੇ ਹੱਥ ਵਿੱਚ ਜੁਗਤੀ ਦਾ ਡੰਡਾ ਫੜਿਆ ਹੋਇਆ ਹੈ। ਕਾਜੀ ਉਹ ਹੈ, ਜੋ ਸਚਾਈ 'ਤੇ ਪਹਿਰਾ ਦਿੰਦਾ ਹੋਇਆ ਪੂਰਨ ਨਿਆਂ ਕਰੇ। ਗੁਰੂ ਸਾਹਿਬ ਦੁਆਰਾ ਪ੍ਰਭਾਵਸ਼ਾਲੀ ਢੰਗ ਨਾਲ ਅਤੇ ਬੇਹੱਦ ਢੁਕਵੀਂਆਂ ਦਲੀਲਾਂ ਦੁਆਰਾ, ਦਮ ਤੋੜ ਚੁੱਕੇ ਮਨੁੱਖੀ ਸਮਾਜ ਨੂੰ ਪੁਨਰ-ਜੀਵਨ ਦਾਨ ਬਖ਼ਸ਼ਣ ਲਈ ਕੀਤੇ ਗਏ ਮਹਾਨ ਉਪਕਾਰਾਂ ਵਾਸਤੇ ਸਮੁੱਚੇ ਮਾਨਵਤਾ ਉਹਨਾਂ ਦੀ ਕਰਜ਼ਦਾਰ ਹੈ। ਸਮਾਜ ਦੀ ਪੁਨਰ-ਸਥਾਪਨਾ ਦੇ ਪ੍ਰਸੰਗ ਵਿੱਚ ਉਹਨਾਂ ਦੁਆਰਾ ਪੇਸ਼ ਵਿਵੇਕ-ਭਰਪੂਰ ਪਰਿਭਾਸ਼ਾਵਾਂ ਦ੍ਰਿਸ਼ਟੀ-ਗੋਚਰ ਹਨ:-
"ਸੋ ਜੋਗੀ ਜੋ ਜੁਗਤਿ ਪਛਾਣੈ॥
ਗੁਰ ਪਰਸਾਦੀ ਏਕੋ ਜਾਣੈ॥
ਕਾਜੀ ਸੋ ਜੋ ਉਲਟੀ ਕਰੈ॥
ਗੁਰ ਪਰਸਾਦੀ ਜੀਵਤੁ ਮਰੈ॥
ਸੋ ਬ੍ਰਾਹਮਣੁ ਜੋ ਬ੍ਰਹਮੁ ਬੀਚਾਰੈ॥
ਆਪਿ ਤਰੈ ਸਗਲੇ ਕੁਲ ਤਾਰੇ॥
ਦਾਨਸ ਬੰਦੂ ਸੋਈ ਦਿਲੁ ਧੋਵੈ॥
ਮੁਸਲਮਾਣੁ ਸੋਈ ਮਲੁ ਖੋਵੈ॥"
(ਗੁਰੂ ਗਰੰਥ ਸਾਹਿਬ, 622)
   ਗੁਰੂ ਨਾਨਕ ਦਰਸ਼ਨ ਆਤਮਾ-ਪਰਮਾਤਮਾ, ਧਰਮ, ਅਚਾਰਨੀਤੀ, ਨੈਤਿਕਤਾ ਵਰਗੇ ਸੂਖਮ ਤੇ ਸਥੂਲ, ਆਦਰਸ਼ਕ ਤੇ ਵਾਸਤਵਿਕ, ਅਧਿਆਤਮਕ ਤੇ ਸਮਾਜਿਕ ਵਿਸ਼ਿਆਂ ਨੂੰ ਅਸਲੋਂ ਨਿਵੇਕਲੇ ਦ੍ਰਿਸ਼ਟੀਕੋਣ ਤੋਂ ਪ੍ਰਸਤੁਤ ਕਰਦਾ ਹੈ। ਗੁਰੂ ਨਾਨਕ ਬਾਣੀ ਵਿੱਚ ਪਾਖੰਡ ਦੀ ਥਾਂ ਸੱਚੀ- ਸੁੱਚੀ ਭਗਤੀ, ਹਰਾਮ ਦੀ ਥਾਂ ਹਲਾਲ ਦੀ ਕਮਾਈ, ਅਨਿਆਂ ਦੀ ਥਾਂ ਨਿਆਂ ਅਤੇ ਨਫ਼ਰਤ ਦੀ ਥਾਂ ਪ੍ਰੇਮ ਦਾ ਸੁਨੇਹਾ ਦੇ ਕੇ ਆਦਰਸ਼ਕ ਸਮਾਜ ਦੀ ਸਿਰਜਣਾ ਕੀਤੀ ਗਈ ਹੈ। ਗੁਰੂ ਸਾਹਿਬ ਨੇ ਲੋਕ- ਧਰਮ ਅਤੇ ਲੋਕ ਗਾਥਾਵਾਂ ਦਾ ਵਰਣਨ 'ਖੰਡਨਾਤਮਿਕ' ਤੇ 'ਮੰਡਨਾਤਮਿਕ' ਦੋਹਾਂ ਵਿਧੀਆਂ ਰਾਹੀਂ ਕੀਤੀ ਹੈ। ਜਿੱਥੇ ਉਨ੍ਹਾਂ ਲੋਕ ਧਰਮ ਦੇ ਕਈ ਸਿਰਜਨਾਤਮਕ ਅਤੇ ਲੋਕ- ਹਿਤਕਾਰੀ ਸੰਕਲਪਾਂ ਨੂੰ ਸਵੀਕਾਰ ਕੀਤਾ ਹੈ, ਉੱਥੇ ਚਾਰ-ਵਰਨ, ਚਾਰ-ਆਸ਼ਰਮ, ਹੌਮ-ਯਗ , ਤੀਰਥ-ਗਮਾਨ, ਸੂਤਕ-ਪਾਤਕ ਆਦਿ ਕਰਮ ਕਾਂਡਾਂ ਪ੍ਰਤੀ ਖੰਡਨਾਤਮਿਕ ਆਲੋਚਨਾ ਦੀ ਦ੍ਰਿਸ਼ਟੀ ਅਪਣਾਈ ਹੈ ।
      ਭਾਰਤ ਦੇ ਇਤਿਹਾਸ ਵਿੱਚ ਅਪਮਾਨਿਤ ਅਤੇ ਨਫ਼ਰਤ ਦੀ ਪਾਤਰ ਵਜੋਂ ਪੇਸ਼ ਕੀਤੀ ਗਈ ਇਸਤਰੀ ਜਾਤੀ ਨੂੰ, ਗੁਰੂ ਨਾਨਕ ਸਾਹਿਬ ਨੇ ਅਤਿ ਸਤਿਕਾਰਯੋਗ ਸਥਾਨ ਦੁਆ ਕੇ, ਜਿੱਥੇ ਸਦੀਆਂ ਤੋਂ ਸਮਾਜ ਦੇ ਮੱਥੇ ਤੇ ਲੱਗੇ ਕਲੰਕ ਨੂੰ ਸਾਫ਼ ਕੀਤਾ ਹੈ ,ਉੱਥੇ ਸੰਗਤ ਅਤੇ ਪੰਗਤ ਦੀ ਨਿਵੇਕਲੀ ਮਰਿਆਦਾ ਸ਼ੁਰੂ ਕਰਕੇ ਸਮਾਜਿਕ-ਰੋਅਬ ਤੇ ਜਾਤ-ਅਭਿਮਾਨ ਨੂੰ ਖਤਮ ਕਰਦਿਆਂ, ਸ਼ਖਸੀ-ਸਮਾਨਤਾ ਦੀ ਸੋਚ ਨੂੰ ਅਮਲੀ ਜਾਮਾਂ ਪਹਿਨਾਉਣ ਵਿੱਚ ਵੀ ਪਹਿਲਕਦਮੀ ਕੀਤੀ ਹੈ । ਪਰ-ਅਧਿਕਾਰ ਉੱਪਰ ਕਬਜ਼ੇ ਦੀ ਭਾਵਨਾ ਨੂੰ ਧਿਕਾਰਦੇ ਹੋਏ ਗੁਰੂ ਸਾਹਿਬ ਨੇ ਪਰਾਏ-ਹੱਕ ਨੂੰ ਗਊ ਤੇ ਸੂਰ ਦਾ ਮਾਸ ਖਾਣ ਤੇ ਤੁਲ ਦਰਸਾਇਆ ਹੈ।
     ਗੁਰੂ ਨਾਨਕ ਦਰਸ਼ਨ ਕਿਰਤ ਕਰਨ, ਵੰਡ ਛਕਣ ਅਤੇ ਨਾਮ ਜਪਣ ਦੇ ਸਿਧਾਂਤ ਤੇ ਆਧਾਰਤ ਹੈ। ਵਿਸ਼ਵ ਗੁਰੂ ਨਾਨਕ ਸਾਹਿਬ ਨੇ ਸੰਸਾਰ ਨੂੰ ਸੱਚੀ-ਸੁੱਚੀ ਕਿਰਤ ਕਰਦਿਆਂ, ਵੰਡ ਕੇ ਛਕਣ ਦਾ ਉਪਦੇਸ਼ ਦਿੱਤਾ ਹੈ। ਕਿਰਤੀ ਵਜੋਂ ਹੀ ਇਕ ਵਿਸ਼ੇਸ਼ ਰੂਪ ਕਿਸਾਨ ਅਤੇ ਕਿਸਾਨੀ ਨੂੰ ਗੁਰੂ ਸਾਹਿਬ ਨੇ ਆਪਣੇ ਜੀਵਨ ਵਿੱਚ ਖ਼ਾਸ ਮਹੱਤਵ ਦਿੱਤਾ। 'ਹਲ-ਵਾਹਕ' ਦੇ ਰੂਪ ਵਿੱਚ ਗੁਰੂ ਨਾਨਕ ਸਾਹਿਬ, ਦਸਾਂ ਨਹੁੰਆਂ ਦੀ ਕਿਰਤ ਦੀ ਮਹਾਨਤਾ ਉਜਾਗਰ ਕਰਨ ਲਈ, ਜੀਵਨ ਕਾਲ ਦੇ ਅੰਤਿਮ 18 ਵਰ੍ਹੇ ਰਾਵੀ ਕਿਨਾਰੇ ਵਸਾਏ ਨਗਰ ਕਰਤਾਰਪੁਰ ਸਾਹਿਬ ਵਿਖੇ ਕਿਸਾਨੀ ਕਰਦੇ ਹੋਏ, ਕਿਰਤੀ ਤੇ ਮਿਹਨਤਕਸ਼ਾਂ ਦੀ ਢਾਣੀ ਦੇ ਮੋਢੀ ਬਣੇ। ਕਿਸਾਨੀ ਹੱਕਾਂ ਲਈ ਜੂਝਣ ਵਾਲੇ ਬਹਾਦਰ ਲੋਕ ਗੁਰੂ ਨਾਨਕ ਸਾਹਿਬ ਦੇ ਰਾਹ ਦੇ ਪਾਂਧੀ ਹਨ, ਜਦਕਿ ਕਿਸਾਨ  ਵਿਰੋਧੀ ਕਾਨੂੰਨਾਂ ਦੇ ਘਾੜੇ ਗੁਰ ਨਾਨਕ ਸਿਧਾਂਤ ਦੇ ਵਿਰੋਧੀ ਹਨ। ਕਿਸਾਨ ਪਹਿਲੇ ਦਿਨ ਤੋਂ ਹੀ ਗੁਰੂ ਸਾਹਿਬ ਦੇ ਕਿਰਤ ਸਿਧਾਂਤ 'ਤੇ ਚੱਲਦੀਆਂ ਕਿਸਾਨ ਵਿਰੋਧੀ ਕਾਲੇ ਕਾਨੂੰਨਾਂ ਲਈ ਪੰਜਾਬ ਦੀ ਧਰਤੀ ਤੋਂ ਸੰਘਰਸ਼ ਵਿੱਢ ਕੇ, ਭਾਰਤ ਭਰ ਨੂੰ ਜਗਾ ਰਹੇ ਸਨ, ਕਿਸਾਨ ਵਿਰੋਧੀ ਤਿੰਨ ਕਾਲੇ ਕਾਨੂੰਨਾਂ ਨੂੰ ਵਾਪਸ ਲੈਣ ਦਾ ਫ਼ੈਸਲਾ ਉਨ੍ਹਾਂ ਸਮੂਹ ਕਿਸਾਨਾਂ, ਮਜ਼ਦੂਰਾਂ, ਮਿਹਨਤਕਸ਼ਾਂ ਦੀ ਜਿੱਤ ਹੈ। ਕਿਸਾਨ ਸੰਘਰਸ਼ ਦੇ ਵਿੱਚ ਸੱਤ ਸੌ ਤੋਂ ਵੱਧ ਸੂਰਮਿਆਂ ਨੇ ਜਾਨਾਂ ਵਾਰੀਆਂ ਹਨ, ਇਹ ਉਨ੍ਹਾਂ ਯੋਧਿਆਂ ਦੀਆਂ ਕੁਰਬਾਨੀਆਂ ਦੀ ਜਿੱਤ ਹੈ। ਦੇਸ਼- ਵਿਦੇਸ਼ ਅੰਦਰ ਸਰਦੀਆਂ ਦੇ ਠਰਦੇ ਮੌਸਮ ਵਿੱਚ ਕਿਸਾਨਾਂ ਦੇ ਹੱਕ ਵਿੱਚ ਆਵਾਜ਼ ਬੁਲੰਦ ਕਰਨ ਵਾਲੇ ਗੁਰੂ ਨਾਨਕ ਨਾਮ ਲੇਵਾ ਲੋਕਾਂ ਨੇ ਸਾਲ ਭਰ ਤੋਂ ਜੋ ਸੰਘਰਸ਼ ਬੁਲੰਦੀ 'ਤੇ ਪਹੁੰਚਾਇਆ ਹੈ, ਇਹ ਉਨ੍ਹਾਂ ਮਜ਼ਬੂਤ ਇਰਾਦੇ ਵਾਲੇ ਬੱਚਿਆਂ, ਬਜ਼ੁਰਗਾਂ, ਇਸਤਰੀਆਂ, ਨੌਜਵਾਨਾਂ ਆਦਿ ਸਭਨਾਂ ਦੀ ਜਿੱਤ ਹੈ। ਦੂਜੇ ਪਾਸੇ ਕਾਲੇ ਕਾਨੂੰਨਾਂ ਦੀ ਹਮਾਇਤ ਵਿਚ ਕਿਸਾਨ ਵਿਰੋਧੀ ਚੱਲਣ ਵਾਲੇ ਅਤੇ ਮੰਦੀ ਸੋਚ ਦੇ ਧਾਰਨੀ ਲੋਕਾਂ ਦੀ ਹਾਰ ਹੈ। ਜਿਹੜੀਆਂ ਸਰਕਾਰਾਂ ਨੇ ਕਿਸਾਨਾਂ 'ਤੇ ਡਾਂਗਾਂ ਵਰ੍ਹਾਈਆਂ, ਪਾਣੀ ਦੀਆਂ ਬੌਛਾਡ਼ਾਂ ਛੱਡੀਆਂ, ਹਰ ਤਰ੍ਹਾਂ ਤੰਗ ਕੀਤਾ, ਇਹ ਉਨ੍ਹਾਂ ਦੀ ਹਾਰ ਹੈ। ਭਾਜਪਾ ਦੇ ਮਿਸ਼ਰੇ ਵਰਗੇ ਮੰਤਰੀ ਤੇ ਉਸਦੇ ਕਪੂਤ ਸਣੇ ਸਮੂਹ ਦਰਿੰਦਿਆਂ, ਜਿਨ੍ਹਾਂ ਨੇ ਕਿਸਾਨਾਂ ਦੀਆਂ ਹੱਤਿਆਵਾਂ ਕੀਤੀਆਂ, ਬਜ਼ੁਰਗਾਂ, ਨੌਜਵਾਨਾਂ ਨੂੰ ਆਪਣੀਆਂ ਗੱਡੀਆਂ ਹੇਠ ਕੁਚਲ ਕੇ ਮਾਰ ਮੁਕਾਇਆ, ਇਹ ਉਨ੍ਹਾਂ ਦੀ ਹਾਰ ਹੈ। ਜਿਹਨਾਂ ਨੇ ਕਾਲੇ ਕਾਨੂੰਨਾਂ ਨੂੰ ਪਾਸ ਕਰਨ ਲਈ ਵੋਟਾਂ ਪਾ ਕੇ ਸਰਕਾਰ ਦੇ ਗੁਨਾਹਾਂ 'ਚ ਸ਼ੁਰੂ ਤੋਂ ਸਾਥ ਦਿੱਤਾ, ਹੱਲਾਸ਼ੇਰੀ ਦਿੱਤੀ ਅਤੇ ਇਸ ਪਾਸੇ ਵੱਲ ਤੋਰਿਆ, ਇਹ ਉਨ੍ਹਾਂ ਦੀ ਹਾਰ ਹੈ। ਦਰਅਸਲ ਗੁਰੂ ਨਾਨਕ ਸਾਹਿਬ ਦੀ ਵਿਚਾਰਧਾਰਾ ਸਰਬੱਤ ਦੇ ਭਲੇ ਦੀ ਅਤੇ ਕਿਰਤੀ ਕਾਮਿਆਂ ਅਤੇ  ਸੰਘਰਸ਼ਸ਼ੀਲ ਲੋਕਾਂ ਦੀ ਵਿਚਾਰਧਾਰਾ ਹੈ।
     ਗੁਰੂ ਨਾਨਕ ਸਾਹਿਬ ਦੇ ਇਸ ਪਵਿੱਤਰ ਅਸਥਾਨ ਕਰਤਾਰਪੁਰ ਸਾਹਿਬ ਦਾ ਲਾਂਘਾ ਖੁੱਲ੍ਹਣਾ ਮਾਣ ਵਾਲੀ ਗੱਲ ਹੈ, ਜੋ ਮੁਲਕਾਂ ਦੀਆਂ ਹੱਦਾਂ- ਸਰਹੱਦਾਂ ਵਿਚਕਾਰ ਪੈਦਾ ਹੋਈ ਨਫ਼ਰਤ ਨੂੰ ਖ਼ਤਮ ਕਰਨ, ਵੱਖ -ਵੱਖ ਕੌਮਾਂ ਨੂੰ ਆਪਸ ਵਿੱਚ ਜੋੜਨ, ਸਿਆਸੀ ਮੁਫਾਦ ਲਈ ਕੁੜੱਤਣ ਦੇ ਬੀਜ ਬੀਜਣ ਵਾਲਿਆਂ ਨੂੰ ਲੋਕ ਨਜ਼ਰਾਂ ਵਿੱਚ ਨਸ਼ਰ ਕਰਨ ਅਤੇ ਮੁਹੱਬਤ ਦੇ ਪੈਗ਼ਾਮ ਲੋਕ ਦਿਲਾਂ ਤਕ ਪਹੁੰਚਾਉਣ  ਲਈ ਮਿਸਾਲ ਹੈ।ਗੁਰੂ ਨਾਨਕ ਸਾਹਿਬ ਦੀ ਚਰਨ-ਛੋਹ ਪ੍ਰਾਪਤ ਇਹ ਅਸਥਾਨ  ਅੱਜ ਸਿਆਸੀ ਹਉਮੈ ਦੇ ਸ਼ਿਕਾਰ ਹੋਏ ਮੁਲਕਾਂ ਅੰਦਰ ਪ੍ਰੇਮ ਅਤੇ ਸਦਭਾਵਨਾ ਦੀ ਸਾਂਝ ਕਾਇਮ ਕਰਨ ਦਾ ਆਧਾਰ ਬਣਿਆ ਹੈ।
     ਗੁਰਮਿਤ ਦਾ ਮਾਰਗ ਪ੍ਰਵਿਰਤੀ ਮੂਲਕ ਨਿਵਿਰਤੀ ਅਤੇ ਪ੍ਰੇਮ ਭਗਤੀ ਦਾ ਸਹਿਜ ਅਤੇ ਸੁਖੈਨ ਮਾਰਗ ਹੈ । ਨਾਥਾਂ- ਸਿੱਧਾਂ ਦੇ ਯੋਗੀਆਂ ਦੇ ਹੱਠ ਅਤੇ ਤਿਆਗ ਮਾਰਗ ਦੀ ਵਿਆਖਿਆ ਕਰਦੇ ਹੋਏ 'ਪੰਤਜਲੀ ਦਰਸ਼ਨ' ਵਿੱਚ ਕਿਹਾ ਗਿਆ ਹੈ : '' ਅਥ ਜੋਗਾਨੁਸ਼ਾਸਨਮ ॥ ਯੋਗਸ਼ਚਿਤ ਵ੍ਰਤਿਨਿਰੋਧਹ ॥ ਤਥਾ ਦ੍ਰਿਸ਼ਟ ਸਵਰੂਪੇ ਅਵਸਥਾਨਮ॥ '' ਅਜਿਹੀ ਕਠਿਨ ਤਪੱਸਿਆ ਅਤੇ ਘਰ-ਬਾਰ ਦੇ ਤਿਆਗ ਦੀ ਥਾਂ, ਗੁਰੂ ਨਾਨਕ ਸਾਹਿਬ ਦੇ ਪੰਥ ਵਿੱਚ ਹੱਸਦਿਆਂ, ਖੇਲਦਿਆਂ, ਪਹਿਨਦਿਆਂ, ਖਾਂਵਦਿਆਂ ਵਿੱਚੈ ਹੋਵੈੇ ਮੁਕਤਿ ਦਾ ਮਹਾਨ ਸਿਧਾਂਤ ਪੇਸ਼ ਕੀਤਾ ਗਿਆ ਹੈ । ਗ੍ਰਹਿਸਤ ਮਾਰਗ ਨੂੰ ਪਹਿਲ ਦਿੰਦਿਆਂ ਗੁਰੂ ਨਾਨਕ ਦੇਵ ਜੀ ਨੇ ਬਟਾਲਾ ਨਿਵਾਸੀ ਸ੍ਰੀ ਮੂਲ ਚੰਦ ਦੀ ਪੁੱਤਰੀ ਬੀਬੀ ਸੁਲੱਖਣੀ ਨਾਲ ਵਿਆਹ ਕਰਵਾਇਆ । ਆਪ ਨੇ ਗ੍ਰਹਿ ਵਿਖੇ ਦੋ ਪੁੱਤਰਾਂ ਸ੍ਰੀ ਚੰਦ ਤੇ ਲਖਮੀ ਦਾਸ ਨੇ ਜਨਮ ਲਿਆ। ਮੱਧ ਕਾਲ ਵਿੱਚ ਸੰਸਾਰ ਤੇ ਪਰਿਵਾਰ ਦਾ ਤਿਆਗ ਕਰਨ ਵਾਲੇ ਅਖੌਤੀ ਧਾਰਮਿਕ- ਮਤ ਦੇ ਖੰਡਰਾਂ 'ਤੇ ਖੜ੍ਹੀ ਨਾਥਾਂ -ਜੋਗੀਆਂ ਦੀ ਜਮਾਤ, ਸੰਸਾਰ ਤੋਂ ਭਗੌੜੀ ਹੋ ਕੇ ਪਹਾੜਾਂ ਦੀਆਂ ਕੰਦਰਾਂ ਵਿੱਚ ਛੁਪੀ ਬੈਠੀ ਸੀ ਅਤੇ ਲੁਕਾਈ ਯਤੀਮ ਹੋ ਚੁੱਕੀ ਸੀ । ਅਜਿਹੀਆਂ ਸੰਕਟਮਈ ਪਰਸਥਿਤੀਆਂ ਵਿੱਚ ਗੁਰੂ ਸਾਹਿਬ ਨੇ ਆਪਣੇ ਮਾਨਵਵਾਦੀ ਸੰਦੇਸ਼ ਨੂੰ ਦੇਸ-ਕਾਲ ਦੀਆਂ ਸੀਮਾਵਾਂ ਤੋਂ ਪਾਰ, ਪੂਰੇ ਵਿਸ਼ਵ ਤੱਕ ਪਹੁੰਚਾਉਣ ਲਈ ਪੈਦਲ ਯਾਤਰਾ ਅਾਰੰਭ ਕੀਤੀ। ਬੇਸ਼ੱਕ ਮਾਨਵ ਕਲਿਆਣ ਵਾਸਤੇ ਇਸਾਈ ਧਰਮ ਪ੍ਰਮੁੱਖ ਯਿਸੂ ਮਸੀਹ ਨੇ ਬੈਥਲਮ ਤੋਂ ਯੋਰੋਸ਼ਲਮ ਤੱਕ, ਇਸਲਾਮ ਧਰਮ ਦੇ ਬਾਨੀ ਹਜ਼ਰਤ ਮੁਹੰਮਦ ਸਾਹਿਬ ਨੇ ਮੱਕੇ ਤੋਂ ਮਦੀਨੇ ਤੱਕ ਤੇ ਬੁੱਧ ਮੱਤ ਦੇ ਮੋਢੀ ਮਹਾਤਮਾ ਗੌਤਮ ਬੁੱਧ ਨੇ ਨੇਪਾਲ ਤੋਂ ਗਯਾ ਤੱਕ ਦੀ ਯਾਤਰਾ ਕੀਤੀ, ਪਰ ਗੁਰੂ ਨਾਨਕ ਜੀ ਨੇ 1499 ਈਸਵੀ ਤੋਂ ਲੈ ਕੇ 1521 ਤਕ ਤਕਰੀਬਨ 22 ਵਰ੍ਹੇ ਨੌਂ ਖੰਡ ਪ੍ਰਿਥਵੀ ਦਾ 24 ਹਜ਼ਾਰ ਮੀਲ ਤੋਂ ਵਧੇਰੇ ਪੈਂਡਾ ਪੈਦਲ ਤੈਅ ਕੀਤਾ, ਜਿਸ ਦੇ ਬਰਾਬਰ ਸੰਸਾਰ ਵਿੱਚ ਕੋਈ ਮਿਸਾਲ ਨਹੀਂ ਮਿਲਦੀ। ਸੈਦਪੁਰ ਤੋਂ ਸ਼ੁਰੂ ਹੋਇਆ ਇਹ ਸਫ਼ਰ ਮੁਲਤਾਨ ਕੁਰਕਸ਼ੇਤਰ, ਦਿੱਲੀ, ਹਰਿਦੁਆਰ, ਗੋਰਖਮਤਾ, ਬਨਾਰਸ, ਗਯਾ, ਧੁਬਰੀ, ਕਾਮਰੂਪ, ਜਗਨਨਾਥ ਪੁਰੀ, ਲੰਕਾ, ਪਾਕ ਪਟਨ, ਕੈਲਾਸ਼ ਪਰਬਤ, ਲੱਦਾਖ, ਕਸ਼ਮੀਰ, ਕਾਂਗੜਾ, ਕੁੱਲੂ, ਬੈਜਨਾ, ਜਵਾਲਾਮੁਖੀ ,ਸਿਆਲਕੋਟ ,ਮੱਕਾ ,ਮਦੀਨਾ, ਬਗਦਾਦ, ਕਾਬਲ, ਕੰਧਾਰ, ਪਿਸ਼ਾਵਰ ਹੁੰਦਾ ਹੋਇਆ 1521 ਈ. ਨੂੰ ਸੈਦਪੁਰ ਹੀ ਖਤਮ ਹੋਇਆ। ਭਾਈ ਗੁਰਦਾਸ ਜੀ (1551-1629 ਈ.) ਦਾ ਕਥਨ ਆਪ ਦੀ ਮੁਰਸ਼ਦ-ਏ-ਆਲਮ ਦੇ ਰੂਪ ਵਿੱਚ ਸਿਫ਼ਤ ਲਈ ਸਾਰਥਕ ਜਾਪਦਾ ਹੈ:
"ਗੁਰੂ ਨਾਨਕ ਸਭ ਕੇ ਸਿਰਤਾਜਾ॥
ਜਿਸ ਕੋ ਸਿਮਰ ਸਰੇ ਸਭ ਕਾਜਾ॥"
(ਭਾਈ ਗੁਰਦਾਸ ਵਾਰਾਂ)
      ਅਦਵੈਤਵਾਦ ਅਤੇ ਇੱਕ-ਈਸ਼ਵਰਵਾਦ ਦੀ ਭਾਵਨਾ ਨੂੰ ਦ੍ਰਿਸ਼ਟੀ-ਗੋਚਰ ਕਰਦਾ ਗੁਰੂ ਨਾਨਕ ਸਾਹਿਬ ਦੀ ਬਾਣੀ ਦਾ ਮੂਲ ਉਪਦੇਸ਼ ਮਾਨਵ ਕਲਿਆਣ ਹੈ। ਗੁਰੂ ਨਾਨਕ ਨੇ 206 ਸ਼ਬਦ 121 ਅਸ਼ਟਪਦੀਆਂ, 25 ਛੰਦ, 3 ਵਾਰਾਂ ਅਤੇ 256 ਸਲੋਕਾਂ ਦੀ ਸਿਰਜਨਾ ਕੀਤੀ । ਆਪ ਜੀ ਦੇ ਵਿਸ਼ਾਲ ਰਚਨਾ ਖੇਤਰ ਵਿੱਚ ਜਪਜੀ, ਸਿੱਧ ਗੋਸ਼ਟਿ, ਆਸਾ ਦੀ ਵਾਰ, ਬਾਰਾਂਮਾਹ, ਅਲਾਹੁਣੀਆਂ ਅਤੇ ਪੱਟੀ ਸਮੇਤ, ਸਾਰੀਆਂ ਹੀ ਮਹਾਨ ਬਾਣੀਆਂ ਹਨ। ਆਪ ਦੀ ਬਾਣੀ ਰਾਗਾਂ ਵਿੱਚ ਰੱਖੀ ਹੋਈ ਹੈ, ਜਿਨ੍ਹਾਂ ਦੀ ਸੰਗੀਤਕਤਾ ਲੋਕ ਮਨ ਵਿੱਚ ਇਕਸੁਰਤਾ ਅਤੇ ਇਕਾਗਰਤਾ ਪੈਦਾ ਕਰਦੀ ਹੈ, ਪਰ ਇੱਥੇ ਰਾਗਾਂ ਦਾ ਉਪਦੇਸ਼ ਸੰਗੀਤ ਸ਼ਾਸਤਰੀਅਤਾ ਜਾਂ ਵਸ਼ਿਸ਼ਟਤਾ ਦਾ ਪ੍ਰਚਾਰ ਕਰਨਾ ਨਹੀਂ, ਸਗੋਂ ਸਹਿਜ ਅਤੇ ਸੁਭਾਵਿਕ ਕੀਰਤਨ ਰਾਹੀਂ, ਰੱਬੀ ਅਨੁਭਵ ਦਾ ਪ੍ਰਗਟਾਵਾ ਕਰਦੇ ਹੋਏ, ਰਬੀ ਨਾਮ- ਭਰਪੂਰ ਸ਼ਖ਼ਸੀਅਤ ਦੀ ਸਥਾਪਨਾ ਕਰਨਾ ਹੈ । ਅਕਾਲ ਰੂਪ ਬਾਬੇ ਨਾਨਕ ਨਾਲ ਰਬਾਬੀ ਮਰਦਾਨੇ ਦੀ ਸੰਗਤ, ਸਾਧਨਾ ਅਤੇ ਸੰਗੀਤ ਦਾ ਖ਼ੂਬਸੂਰਤ ਸੰਗਮ ਹੈ । ਪ੍ਰਸਿੱਧ ਵਿਦਵਾਨ ਸਾਦਿਕ ਅਲੀ ਖਾਨ ਆਪਣੀ ਪੁਸਤਕ 'ਸਰਮਾਇਆ ਇਸ਼ਰਤ' ਵਿੱਚ ਲਿਖਦਾ ਹੈ, ਜਿੱਥੇ ਹੋਰ ਬੇਅੰਤ ਗੁਣ ਗੁਰੂ ਨਾਨਕ ਸਾਹਿਬ ਵਿੱਚ ਸਨ, ਉੱਥੇ ਉਹ ਇੱਕ ਮਹਾਨ ਸੰਗੀਤਕਾਰ ਵੀ ਸਨ। ਛੇ ਤਾਰਾਂ ਵਾਲਾ ਰਬਾਬ ਉਨ੍ਹਾਂ ਦੀ ਹੀ ਕਾਢ ਹੈ । ਗੁਰੂ ਨਾਨਕ ਸਾਹਿਬ ਦੇ ਸ਼ਬਦ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਅੰਕਿਤ ਸ੍ਰੀ ਰਾਗ, ਮਾਝ, ਗਾਉੜੀ, ਆਸਾ, ਗੁਜਰੀ, ਵਡਹੰਸ, ਸੋਰਠ,ਧਨਾਸਰੀ, ਤਿਲੰਗ, ਸੂਹੀ, ਬਿਲਾਵਲ, ਰਾਮਕਲੀ, ਮਾਰੂ, ਤੁਖਾਰੀ, ਭੈਰਉ, ਬਸੰਤ, ਸਾਰੰਗ, ਮਲਾਰ ਤੇ ਪ੍ਰਭਾਤੀ ਸਮੇਤ 19 ਰਾਗਾਂ ਵਿੱਚ ਮਿਲਦੇ ਹਨ । ਰਾਗ ਬਿਹਾਗੜਾ ਵਿੱਚ ਆਪ ਨੇ ਸਿਰਫ ਸਲੋਕ ਹੀ ਰਚੇ ਹਨ। ਗੁਰੂ ਨਾਨਕ ਰਚਨਾ ਦੀ ਵਿਲੱਖਣ ਨੁਹਾਰ ਦਾ ਕਾਰਨ ਸਮੇਂ ਅਤੇ ਸਥਾਨ ਦੀ ਸੀਮਾ ਤੋਂ ਮੁਕਤ ਭਾਸ਼ਾ ਦਾ ਸੁਮੇਲ ਹੈ। ਇਸ ਵਿੱਚਲੀ ਭਾਸ਼ਾ ਸਦੀਵੀ ਸਮਝੀ ਜਾਣ ਵਾਲੀ ਤੇ ਲੋਕ ਮੁਹਾਵਰੇ ਵਾਲੀ ਸਾਧਾਰਨ ਲੋਕਾਂ ਦੀ ਬੋਲੀ ਹੈ ।
    ਗੁਰੂ ਨਾਨਕ ਬਾਣੀ ਪੰਜਾਬੀ, ਸੰਸਕ੍ਰਿਤ, ਪ੍ਰਾਕ੍ਰਿਤਕ ਅਤੇ ਫਰਸੀ ਭਾਸ਼ਾ ਵਿੱਚ ਮਿਲਦੀ ਹੈ।ਜਿੱਥੇ ਆਪ ਨੇ ਬੇਹੱਦ ਮਿੱਠੀ ਬੋਲੀ ਰਾਹੀਂ ਰੂਹਾਨੀ ਫ਼ਲਸਫ਼ੇ ਨੂੰ ਬਿਆਨਿਆ ਹੈ, ਉੱਥੇ ਸਿੰਘ ਗਰਜ ਵਾਲੀ ਕਰੜੀ ਭਾਸ਼ਾ ਰਾਹੀਂ ਅੱਤਿਆਚਾਰੀ ਸ਼ਾਸਕ ਨੂੰ ਤਾੜਨਾ ਵੀ ਕੀਤੀ ਹੈ। ਆਪ ਦੀ ਰਚਨਾ ਰੰਗ- ਬਿਰੰਗੀ ਭਾਸ਼ਾ ਦੇ ਗੁਲਦਸਤੇ ਦੇ ਰੂਪ ਵਿੱਚ ਸੁਸ਼ੋਭਿਤ ਹੈ, ਜੋ ਆਪ ਨੂੰ ਵਿਸ਼ਵ ਦੇ ਮਹਾਨ ਭਾਸ਼ਾ ਵਿਗਿਆਨੀ ਵਜੋਂ ਦਰਸਾਉਂਦੀ ਹੈ। ਆਪ ਦੀ ਬੋਲੀ ਦਾ ਜੁੱਸਾ ਤੇ ਮੁਹਾਵਰਾ ਠੇਠ ਪੰਜਾਬੀ ਹੈ, ਜਿਸ ਨੇ ਨਿੱਗਰ- ਨਰੋਈ ਅਤੇ ਉਸਾਰੂ ਸ਼ਬਦਾਵਲੀ ਰਾਹੀਂ ਪੰਜਾਬੀ ਕਵਿਤਾ ਨੂੰ ਦੁਨੀਆਂ ਦੇ ਸਰਵੋਤਮ ਸਾਹਿਤ ਦੇ ਰੂਪ ਵਿੱਚ ਵਿਖਿਆਤ ਕੀਤਾ ਹੈ। ਗੁਰੂ ਨਾਨਕ ਦੇਵ ਜੀ ਦੀ ਰਚਨਾ ਦੇ ਸ਼ਬਦ ਭੰਡਾਰਾਂ ਵਿੱਚ ਚਿੰਨ੍ਹ, ਪ੍ਰਤੀਕ, ਅਲੰਕਾਰ, ਰਸ, ਸ਼ਬਦ- ਚਿੱਤਰ, ਬੋਲ -ਚਿੱਤਰ ਆਦਿ ਰਹੱਸਮਈ ਭਾਸ਼ਾ ਨੂੰ ਉਜਾਗਰ ਕਰਨ ਲਈ ਵਰਤੇ ਗਏ ਹਨ । ਜਿਵੇਂ ਧਰਤੀ- ਆਕਾਸ਼, ਬਾਰਕ- ਮਾਤਾ, ਸਹੁਰਾ- ਪੇਕਾ, ਸੁਹਾਗਣ -ਦੁਹਾਗਣ, ਬੇੜੀ-ਤੁਲਹਾ, ਮੋਹਿਤ-ਸਾਗਰ, ਦੀਵ- ਬੱਤੀ ਮਿਰਗ-ਕਸਤੂਰੀ ਆਦਿ ਸਮੇਤ ਸਮੁੱਚੀ ਸ੍ਰਿਸ਼ਟੀ ਦੁਆਲੇ ਬਿੰਬ ਤੇ ਪ੍ਰਤੀਕ ਉਸਰਦੇ ਹਨ। ਗੁਰੂ ਸਾਹਿਬ ਧੁਰ ਕੀ ਅਤੇ ਖਸਮ ਕੀ ਬਾਣੀ ਦੀ, ਆਵੇਸ਼ ਵਿੱਚ ਸਰੋਦੀ ਹੂਕ ਦੇ ਹਿਰਦੇ ਵਿੱਚ ਉੱਠਣ 'ਤੇ ਰਚਨਾ ਕਰਦੇ ਹਨ ।
      ਆਪ ਦੇ ਪਾਕਿ-ਪਵਿੱਤਰ ਕਲਾਮ ਨੂੰ ਸਲਾਮ ਕਰਦਾ ਡਾ. ਮੁਹੰਮਦ ਇਕਬਾਲ ਜਿੱਥੇ ਆਪ ਨੂੰ 'ਮਰਦੇ-ਕਾਮਿਲ' ਆਖਦਾ ਹੈ, ਉੱਥੇ 'ਐਨ ਇਨਸਾਈਕਲੋਪੀਡੀਆ ਆਫ ਇਸਲਾਮ' ਦੀ ਚੌਥੀ ਜਿਲਦ ਵਿੱਚ ਆਪ ਦਾ ਸਾਰੀ ਸਿੱਖਿਆ ਦਾ ਉਪਦੇਸ਼ ਸਮਾਜਿਕ ਸਾਵਾਂਪਣ, ਵਿਸ਼ਵ ਭਾਈਚਾਰੇ ਦੀ ਸਿਰਜਣਾ ਅਤੇ ਫਿਰਕਾਪ੍ਰਸਤੀ ਤੇ ਵਹਿਮ-ਭਰਮ ਦਾ ਖਾਤਮਾ ਦੱਸਿਆ ਗਿਆ ਹੈ।
"ਫਿਰ ਉਠੀ ਆਖ਼ਿਰ ਸਦਾ ਤੌਹੀਦ ਕੀ ਪੰਜਾਬ ਸੇ।
 ਹਿੰਦ ਕੋ ਇਕ ਮਰਦ-ਏ-ਕਾਮਲ ਨੇ ਜਗਾਇਆ ਖ਼ੁਆਬ ਸੇ।"
                                (ਡਾ.ਅੱਲਾਮਾ ਇਕਬਾਲ)
    ਗੁਰੂ ਨਾਨਕ ਧਾਰਾ ਵਿਚ ਬੀਬੀ ਨਾਨਕੀ ਦਾ ਪ੍ਰੇਮ, ਰਾਏ ਬੁਲਾਰ ਦੀ ਸ਼ਰਧਾ, ਭਾਈ ਲਾਲੋ ਦੀ ਕਿਰਤ, ਮਰਦਾਨੇ ਦੀ ਰਬਾਬ, ਬਾਬਾ ਬੁੱਢਾ ਜੀ ਦੀ ਦੂਰ-ਦ੍ਰਿਸ਼ਟੀ ਅਤੇ ਭਾਈ ਲਹਿਣਾ ਜੀ ਦੀ ਆਨੰਦ ਪ੍ਰੇਮ-ਭਗਤੀ ਸਤਰੰਗੀ ਪੀਂਘ ਬਣ ਕੇ ਸਦਾਚਾਰਿਕਤਾ ਅਤੇ ਅਧਿਆਤਮਿਕਤਾ ਦਾ ਅਲੌਕਿਕ ਸੰਗਮ ਪੇਸ਼ ਕਰਦੇ ਹਨ। ਇੱਥੇ ਦੁਨੀਆਂ ਦੀ ਤਾਰੀਖ਼ ਵਿੱਚ ਚੇਲੇ ਭਾਈ ਲਹਿਣਾ ਜੀ ਨੂੰ ਗੁਰੂ ਅੰਗਦ ਦੇ ਰੂਪ ਵਿੱਚ ਸਥਾਪਿਤ ਕਰਦੇ ਹੋਏ, ਗੁਰੂ-ਚੇਲੇ ਦੀ ਵਚਿੱਤਰ ਪਰੰਪਰਾ ਦਾ ਆਗਾਜ਼ ਹੁੰਦਾ ਹੈ । ਸਮੁੱਚੇ ਰੂਪ ਵਿੱਚ ਗੁਰੂ ਨਾਨਕ ਸੰਦੇਸ਼ ਕਿਰਤ ਤੇ ਕਰਮ ਦਾ, ਨੇਮ ਤੇ ਪ੍ਰੇਮ ਦਾ, ਗ੍ਰਹਿਸਤ ਤੇ ਉਦਾਸੀ ਦਾ, ਹੁਕਮ ਤੇ ਭਾਣੇ ਦਾ, ਨਾਮ ਤੇ ਭਗਤੀ ਦਾ , ਆਦਰਸ਼ ਤੇ ਯਥਾਰਥ ਦਾ, ਇਨਸਾਨ ਤੇ ਪ੍ਰਾਕਿਰਤੀ ਦਾ, ਧਰਮ ਤੇ ਕਰਮ ਦਾ ਅਤੇ ਭਗਤੀ ਤੇ ਸ਼ਕਤੀ ਦਾ ਅਤਿਅੰਤ ਸੁੰਦਰ ਤੇ ਸੰਤੁਲਿਤ ਸੁਮੇਲ ਹੈ, ਜਿਸ ਦੀ ਰੌਸ਼ਨੀ ਤੇ ਨਿੱਘ ਰਹਿੰਦੀ ਦੁਨੀਆਂ ਤੱਕ ਮਨੁੱਖੀ ਸਭਿਅਤਾ ਲਈ 'ਚਾਨਣ ਦੇ ਵਣਜਾਰੇ' ਬਣੇ ਰਹਿਣਗੇ ਅਤੇ 'ਨਾਨਕ' ਸ਼ਬਦ ਹਰ ਰਸਨਾ ਉਪਰ ਲੋਕ-ਮੁਹਾਵਰਾ ਬਣ ਕੇ ਗੂੰਜਦਾ ਰਹੇਗਾ :
"ਸਿੱਧ ਬੋਲਨਿ ਸ਼ੁਭ ਬਚਨ,
ਧੰਨ ਨਾਨਕ ਤੇਰੀ ਵਡੀ ਕਮਾਈ॥"
(ਵਾਰਾਂ ਭਾਈ ਗੁਰਦਾਸ)
         'ਗੁਰੂ ਨਾਨਕ ਦਰਸ਼ਨ-ਰਬਾਬ ਤੋਂ ਨਗਾਰੇ ਤੱਕ' ਕਿਤਾਬ ਸੰਪਾਦਿਤ ਕਰਨ ਦਾ ਸੁਭਾਗ ਦਾਸ ਨੂੰ ਹਾਸਲ ਹੋਇਆ ਹੈ। ਸ੍ਰੀ ਗੁਰੂ ਸਿੰਘ ਸਭਾ ਗੁਰਦੁਆਰਾ, ਸਰੀ, ਕੈਨੇਡਾ ਵਲੋਂ ਇਕ ਸਾਰਥਿਕ ਉਪਰਾਲਾ ਕਰ ਕੇ ਗੁਰੂ ਨਾਨਕ ਸਾਹਿਬ ਦੇ ਮਹਾਨ ਫਲਸਫੇ ਅਤੇ ਉਪਦੇਸ਼ ਇਸ ਪੁਸਤਕ ਰਾਹੀਂ ਪਾਠਕਾਂ ਨਾਲ ਸਾਂਝੇ ਕੀਤੇ ਗਏ ਹਨ। ਇਹ ਸੋਵੀਨਰ ਸਾਢੇ ਪੰਜ ਸੌ ਸਾਲਾ ਪ੍ਰਕਾਸ਼ ਪੁਰਬ ਸ਼ਤਾਬਦੀ ਕਮੇਟੀ ਵਲੋਂ ਪ੍ਰਕਾਸ਼ਿਤ ਕੀਤਾ ਗਿਆ, ਜੋ ਪਹਿਲੇ ਪਾਤਸ਼ਾਹ ਜੀ ਦੇ ਮਹਾਨ ਦਰਸ਼ਨ ਨੂੰ ਸਮਰਪਿਤ ਹੈ। ਗੁਰੂ ਸਾਹਿਬ ਜੀ ਦਾ ਸਰਬ ਸਾਂਝਾ ਫਲਸਫਾ ਭਗਤੀ, ਸ਼ਕਤੀ, ਮੀਰੀ ਪੀਰੀ, ਰਬਾਬ ਨਗਾਰੇ ਦਾ ਸੁਮੇਲ ਹੈ, ਜੋ ਆਤਮਿਕ, ਸਮਾਜਿਕ, ਆਰਥਿਕ, ਧਾਰਮਿਕ, ਰਾਜਨੀਤਕ ਭਾਵ ਜੀਵਨ ਦੇ ਹਰ ਖੇਤਰ ਦੀ ਰਹਿਨੁਮਾਈ ਕਰਦਾ ਹੈ। ਅਜੋਕੇ ਯੁੱਗ ਵਿਚ ਮਹਾਰਾਜ ਜੀ ਦਾ ਬ੍ਰਹਿਮੰਡੀ ਉਪਦੇਸ਼ ਹੋਰ ਵੀ ਮਹੱਤਵਪੂਰਨ ਹੈ। ਇਸ ਤੋਂ ਸੇਧ ਲੈ ਕੇ ਅਸੀਂ ਜਿਥੇ ਕੁਦਰਤ, ਵਾਯੂਮੰਡਲ, ਕਾਦਰ ਅਤੇ ਇਨਸਾਨੀਅਤ ਦੀਆਂ ਸੁੱਚੀਆਂ ਕਦਰਾਂ-ਕੀਮਤਾਂ ਨਾਲ ਜੁੜਦੇ ਹਾਂ, ਉਥੇ ਹੀ ਅਨਮੋਲ ਮਨੁੱਖਾ ਜੀਵਨ ਦਾ ਆਦਰਸ਼ ਵੀ ਪਛਾਣ ਸਕਦੇ ਹਾਂ। ਇਸ ਪੁਸਤਕ ਵਿਚ ਵਿਦਵਾਨ ਲੇਖਕਾਂ ਵਲੋਂ ਪੰਜਾਬੀ ਅਤੇ ਅੰਗਰੇਜ਼ੀ ਵਿਚ ਵਡਮੁੱਲੇ ਲੇਖ ਪੇਸ਼ ਕੀਤੇ ਗਏ ਹਨ ਜੋ ਬ੍ਰਹਿਮੰਡ ਦੇ ਸੱਚੇ ਸ਼ਹਿਨਸ਼ਾਹ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਮਹਾਨ ਸੰਦੇਸ਼ ਉਜਾਗਰ ਕਰਦੇ ਹਨ। ਪੁਸਤਕ ਦੇ ਆਰੰਭ ਵਿਚ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਸਮੇਤ ਕੈਨੇਡਾ ਦੇ ਸਮੂਹ ਸਿਆਸੀ ਪਾਰਟੀਆਂ ਦੇ ਆਗੂਆਂ ਵੱਲੋਂ ਗੁਰੂ ਨਾਨਕ ਸਾਹਿਬ ਜੀ ਦੇ ਸਤਿਕਾਰ-ਪਿਆਰ ਵਿਚ ਭੇਜੇ ਹੋਏ ਸੰਦੇਸ਼ ਦਰਜ ਹਨ। ਕਈ ਹੋਰ ਨਾਮਵਰ ਸ਼ਖ਼ਸੀਅਤਾਂ ਵਲੋਂ ਵੀ ਗੁਰੂ ਮਹਾਰਾਜ ਜੀ ਬਾਰੇ ਭਾਵਪੂਰਤ ਵਿਚਾਰਾਂ ਕੀਤੀਆਂ ਗਈਆਂ ਹਨ। ਕੈਨੇਡਾ ਦੀਆਂ ਸਿੱਖ ਸੁਸਾਇਟੀਆਂ, ਸਾਹਿਤਕ ਜਥੇਬੰਦੀਆਂ ਅਤੇ ਹੋਰ ਸੰਸਥਾਵਾਂ ਦੇ ਸਹਿਯੋਗ ਨਾਲ ਅੰਤਰਰਾਸ਼ਟਰੀ ਕਾਨਫਰੰਸ ਵਿਚ ਸ਼ਾਮਿਲ ਹੋਏ ਚਿੰਤਕਾਂ ਦੀਆਂ ਇਹ ਰਚਨਾਵਾਂ ਇਸ ਪੁਸਤਕ ਦਾ ਸ਼ਿੰਗਾਰ ਹਨ।
ਕੋਆਰਡੀਨੇਟਰ,
 ਪੰਜਾਬੀ ਸਾਹਿਤ ਸਭਾ ਮੁੱਢਲੀ,
ਐਬਟਸਫੋਰਡ, ਬੀਸੀ, ਕੈਨੇਡਾ

1-2 ਅਕਤੂਬਰ ਨੂੰ ਗ਼ਦਰੀ ਬਾਬਿਆਂ ਨੂੰ ਸਮਰਪਿਤ ਸਮਾਗਮ 'ਤੇ ਵਿਸ਼ੇਸ਼ : ਗ਼ਦਰੀ ਯੋਧਿਆਂ ਦੀਆਂ ਕੁਰਬਾਨੀਆਂ ਅਤੇ ਅੱਜ ਦਾ ਭਾਰਤ - ਡਾ ਗੁਰਵਿੰਦਰ ਸਿੰਘ

ਉੱਤਰੀ ਅਮਰੀਕਾ ਦੀ ਧਰਤੀ 'ਤੇ ਪੰਜਾਬੀ ਵੀਹਵੀਂ ਸਦੀ ਦੇ ਆਰੰਭ ਵਿੱਚ ਵਸਣੇ ਸ਼ੁਰੂ ਹੋਏ। ਬੇਸ਼ੱਕ ਉਨ੍ਹਾਂ ਦਾ ਆਉਣਾ ਰੋਜ਼ੀ-ਰੋਟੀ ਦੀ ਭਾਲ  ਦਾ ਮਸਲਾ ਬਣਿਆ, ਪਰ ਕੈਨੇਡਾ ਅਤੇ ਅਮਰੀਕਾ ਆ ਕੇ ਉਨ੍ਹਾਂ ਮਿਹਨਤ-ਮੁਸ਼ੱਕਤ ਨਾਲ ਨਵੇਂ ਇਤਿਹਾਸ ਸਿਰਜ ਦਿੱਤੇ। ਪੈਸੇਫਿਕ ਰੇਲਵੇ ਲਈ ਲਾਈਨਾਂ ਵਿਛਾਉਣ, ਖਾਣਾਂ ਵਿਚੋਂ ਧਾਤਾਂ ਲਈ ਖੁਦਾਈ ਕਰਨ ਅਤੇ ਜੰਗਲ ਕੱਟਣ ਆਦਿ ਦੇ ਸਖ਼ਤ ਕੰਮਾਂ ਨੂੰ ਪੰਜਾਬੀਆਂ ਨੇ ਚੁਣੌਤੀ ਸਹਿਤ ਅਪਣਾਇਆ। ਉਨ੍ਹਾਂ ਆਪਣੀ ਰਿਹਾਇਸ਼ ਘੋੜਿਆਂ ਦੀਆਂ ਬਾਰਨਾਂ ਅਤੇ ਬੰਕ ਹਾਊਸਾਂ ਵਿਚ ਕੀਤੀ ਅਤੇ ਅਨੇਕਾਂ ਮੁਸ਼ਕਿਲਾਂ ਦੇ ਬਾਵਜੂਦ ਹੌੌਂਸਲਾ ਨਾ ਹਾਰਿਆ। ਨਸਲਵਾਦ ਅਤੇ ਬਸਤੀਵਾਦੀ ਦੈਂਤ ਨਾਲ ਲੜਦਿਆਂ ਹੋਇਆਂ ਵੀ ਉਨ੍ਹਾਂ ਕਦੇ ਦਿਲ ਨਾ ਛੱਡਿਆ ਅਤੇ ਸਦਾ ਚੜ੍ਹਦੀ ਕਲਾ ਵਿੱਚ ਰਹੇ। ਨਿੱਕੀਆਂ ਨਿੱਕੀਆਂ ਕੁੱਲੀਆਂ ਵਿਚ ਵਸਦੇ ਪੰਜਾਬੀਆਂ ਨੇ ਮਿਹਨਤ ਮੁਸ਼ੱਕਤ ਦੇ ਨਾਲ-ਨਾਲ, ਧਾਰਮਿਕ ਭਾਵਨਾ ਦੀ ਪੂਰਤੀ ਲਈ ਗੁਰਬਾਣੀ ਦਾ ਓਟ ਆਸਰਾ ਲੈ ਕੇ ਕਿਰਤ ਕਰਨ, ਵੰਡ ਛਕਣ ਅਤੇ ਨਾਮ ਜਪਣ ਦਾ ਉਪਦੇਸ਼ ਵਿਦੇਸ਼ਾਂ ਵਿਚ ਰਹਿੰਦਿਆਂ ਵੀ ਹਿਰਦੇ ਵਿਚ ਵਸਾਇਆ ਹੋਇਆ ਸੀ। ਤਨ ਦੀ ਖ਼ੁਰਾਕ ਲਈ ਜਿੱਥੇ ਰੁੱਖੀ-ਸੁੱਖੀ ਖਾ ਕੇ ਵੀ ਸਦਾ ਚੜ੍ਹਦੀ ਕਲਾ ਵਿਚ ਰਹਿੰਦੇ, ਉੱਥੇ ਆਤਮਾ ਦੀ ਖ਼ੁਰਾਕ ਵਜੋੋਂ ਗੁਰਬਾਣੀ ਦਾ ਆਸਰਾ ਲੈਣ ਲਈ ਭਾਈ ਅਰਜੁਨ ਸਿੰਘ ਮਲਿਕ ਵੱਲੋੋਂ 1904 ਵਿਚ ਕੈਨੇਡਾ ਦੀ ਧਰਤੀ ਤੇ ਪਹਿਲੀ ਵਾਰ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਲਿਆ ਕੇ ਕੌਮੀ ਉਪਕਾਰ ਕੀਤਾ ਗਿਆ।ਹੁਣ ਉਨ੍ਹਾਂ ਇਕ ਅਜਿਹੀ ਸਾਂਝੀ ਜੱਥੇਬੰਦੀ ਦੀ ਲੋੜ ਮਹਿਸੂਸ ਕੀਤੀ, ਜਿਸ ਰਾਹੀਂ ਧਾਰਮਿਕ ਭਾਵਨਾਵਾਂ ਦੇ ਨਾਲ-ਨਾਲ ਸਭਿਆਚਾਰਕ ਰਿਸ਼ਤਿਆਂ, ਸਮਾਜਿਕ ਸੰਬੰਧਾਂ ਅਤੇ ਭਾਸ਼ਾਈ ਸਾਂਝ ਦੀਆਂ ਲੋੜਾਂ ਪੂਰੀਆਂ ਕੀਤੀਆਂ ਜਾ ਸਕਣ।
       22 ਜੁਲਾਈ 1906 ਨੂੰ ਕੈਨੇਡਾ ਦੀ ਧਰਤੀ ਤੇ "ਖਾਲਸਾ ਦੀਵਾਨ ਸੁਸਾਇਟੀ" ਵੈਨਕੂਵਰ  ਜੱਥੇਬੰਦੀ ਦੀ ਨੀਂਹ ਰੱਖੀ ਗਈ, ਜਿਸ ਨੇ ਅੱਗੇ ਜਾ ਕੇ ਨਾ ਸਿਰਫ਼ ਸਿੱਖਾਂ ਲਈ ਧਾਰਮਿਕ ਮੰਚ ਹੀ ਪ੍ਰਦਾਨ ਕੀਤਾ, ਸਗੋਂ ਵਿਦੇਸ਼ਾਂ ਦੀ ਧਰਤੀ ਤੋੋਂ ਅਨਿਆਂ, ਜ਼ੁਲਮ, ਧੱਕੇਸ਼ਾਹੀ, ਬੇਇਨਸਾਫ਼ੀ ਅਤੇ ਅਣਮਨੁੱਖੀ ਵਰਤਾਰੇ ਖਿਲਾਫ਼ ਇਤਿਹਾਸਕ ਸੰਘਰਸ਼ ਨੂੰ ਵੀ ਜਨਮ ਦਿੱਤਾ। ਇੱਥੇ ਇਹ ਦੱਸਣਾ ਵਾਜਬ ਹੋਏਗਾ ਕਿ ਖ਼ਾਲਸਾ ਦੀਵਾਨ ਸੰਸਥਾਂਵਾਂ ਦਾ ਜਨਮ ਸਿੰਘ ਸਭਾ ਲਹਿਰ ਦੇ ਵਿੱਚੋਂ ਹੋਇਆ ਹੈ। ਅੱਜ ਤੋਂ ਡੇਢ ਸੌ ਸਾਲ ਪਹਿਲਾਂ ਸੰਨ 1873 ਨੂੰ ਸਿੰਘ ਸਭਾ ਲਹਿਰ, ਸਿੱਖਾਂ ਦੀ ਪੁਨਰ-ਸੁਰਜੀਤੀ ਦੇ ਰੂਪ ਵਿੱਚ ਆਰੰਭ ਹੋਈ, ਜਿਸ ਨੇ ਸਮੇਂ ਦੇ  ਈਸਾਈ ਮਿਸ਼ਨਰੀਆਂ ਅਤੇ ਆਰੀਆ ਸਮਾਜੀਆਂ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਦਿਆਂ, ਸਿੱਖਾਂ ਨੂੰ ਆਪਣੇ ਇਤਿਹਾਸ, ਵਿਰਸੇ ਅਤੇ ਗੁਰਬਾਣੀ ਨਾਲ ਜੁੜਨ ਲਈ ਉਤਸ਼ਾਹਤ ਕੀਤਾ। ਸਿੰਘ ਸਭਾ ਲਹਿਰ ਵਿੱਚੋਂ ਜਨਮੀਆਂ ਸੰਸਥਾਵਾਂ ਵਿੱਚੋਂ ਇੱਕ ਪ੍ਰਮੁੱਖ ਸੰਸਥਾ 'ਖ਼ਾਲਸਾ ਦੀਵਾਨ' ਸੀ, ਜਿਸ ਨੇ ਵਿੱਦਿਆ ਦਾ ਪ੍ਰਚਾਰ ਕੀਤਾ ਅਤੇ ਵਿਦੇਸ਼ਾਂ ਵਿੱਚ ਗੁਰਦੁਆਰੇ ਕਾਇਮ ਕਰਨ ਵਿਚ ਵੱਡੀ ਭੂਮਿਕਾ ਨਿਭਾਈ। ਵੀਹਵੀਂ ਸਦੀ ਦੇ ਆਰੰਭ ਵਿੱਚ ਕੈਨੇਡਾ, ਅਮਰੀਕਾ, ਹਾਂਗਕਾਂਗ ਸਮੇਤ ਵੱਖ-ਵੱਖ ਦੇਸ਼ਾਂ 'ਚ ਸਥਾਪਤ ਹੋਏ ਮੁੱਢਲੇ ਗੁਰਦੁਆਰਿਆਂ ਦੇ ਨਾਂ 'ਖ਼ਾਲਸਾ ਦੀਵਾਨ' ਹੀ ਮਿਲਦੇ ਹਨ। ਇਹ ਗੁਰਦੁਆਰੇ ਅੱਗੇ ਜਾ ਕੇ ਦੇਸ਼ ਦੀ ਗੁਲਾਮੀ ਦੀਆਂ ਜ਼ੰਜੀਰਾਂ ਕੱਟਣ ਦਾ ਆਧਾਰ ਬਣੇ। ਇਹ ਵੀ ਸੱਚ ਹੈ ਕਿ ਸਿੰਘ ਸਭਾ ਲਹਿਰ 'ਚੋਂ ਪੈਦਾ ਹੋਏ ਇਕ ਧੜੇ ਦੀ ਸਰਕਾਰ ਪੱਖੀ ਸੋਚ ਅਤੇ ਚੀਫ਼ ਖ਼ਾਲਸਾ ਦੀਵਾਨ ਦੀ ਅੰਗਰੇਜ਼ਾਂ ਪੱਖੀ ਪਹੁੰਚ ਦਾ, ਕੈਨੇਡਾ ਅਮਰੀਕਾ ਆਦਿ ਦੀਆਂ ਖ਼ਾਲਸਾ ਦੀਵਾਨ ਜਥੇਬੰਦੀਆਂ ਨੇ ਸਖ਼ਤ ਵਿਰੋਧ ਕੀਤਾ ਸੀ।   
     ਖ਼ਾਲਸਾ ਦੀਵਾਨ ਸੁਸਾਇਟੀ ਵੈਨਕੂਵਰ ਦੇ ਸੇਵਾਦਾਰਾਂ ਵੱਲੋਂ, ਸਮੇਂ-ਸਮੇਂ ਦੀਆਂ ਸਰਕਾਰਾਂ ਖ਼ਿਲਾਫ਼ ਸਿੱਖ ਸੰਘਰਸ਼ ਦੇ ਯੋਧਿਆਂ ਦੀ, ਕੁਰਬਾਨੀ ਦੀ ਵਿਰਾਸਤ ਤੋਂ ਸੇਧ ਲੈ ਕੇ, ਵਤਨ ਨੂੰ ਅੰਗਰੇਜ਼ਾਂ ਦੀ ਗ਼ੁਲਾਮੀ ਤੋੋਂ ਮੁਕਤ ਕਰਵਾਉਣ ਲਈ ਜਨ-ਸ਼ਕਤੀ ਅਤੇ ਮਾਲੀ ਸਹਾਇਤਾ ਰਾਹੀਂ, ਆਜ਼ਾਦੀ ਦੀਆਂ ਲਹਿਰਾਂ ਦੀ ਅਗਵਾਈ ਕੀਤੀ ਜਾਂਦੀ ਰਹੀ। ਇਸ ਵਿਚ ਕੋਈ ਅਤਿਕਥਨੀ ਨਹੀਂ ਕਿ ਸੰਨ 1906 ਵਿਚ ਵੈਨਕੂਵਰ ਸ਼ਹਿਰ ਅੰਦਰ ਪਹਿਲੀ ਕੇਂਦਰੀ ਸੰਸਥਾ 'ਖ਼ਾਲਸਾ ਦੀਵਾਨ ਸੁਸਾਇਟੀ' ਦੀ ਸਥਾਪਨਾ ਨੇ ਅਜਿਹੇ ਬੀਜ ਬੀਜੇ, ਜਿਨ੍ਹਾਂ ਸਦਕਾ ਮਗਰੋਂ ਗ਼ਦਰ ਪਾਰਟੀ, ਗ਼ਦਰ ਅਖ਼ਬਾਰ ਅਤੇ ਗ਼ਦਰ ਲਹਿਰ ਸਥਾਪਤ ਹੋਏ। ਦੂਸਰੇ ਸ਼ਬਦਾਂ ਵਿਚ ਕੈਨੇਡਾ ਦੇ ਮੋਢੀ ਸਿੱਖਾਂ ਦੀ ਪ੍ਰੇਰਨਾ ਸਦਕਾ ਹੀ ਅਮਰੀਕਾ ਵਿਚ ਅੱਧਾ ਦਹਾਕਾ ਮਗਰੋਂ ਗ਼ਦਰ ਲਹਿਰ ਦਾ ਮੁੱਢ ਬੱਝਿਆ। ਇੱਥੇ ਵਿਚਾਰਨ ਵਾਲੀ ਵੱਡੀ ਗੱਲ ਇਹ ਹੈ ਕਿ ਕਈ ਇਤਿਹਾਸਕਾਰ ਕੈਨੇਡਾ ਤੋਂ ਗੁਰਬਾਣੀ ਅਤੇ ਸਿੱਖ ਵਿਰਾਸਤ ਤੋਂ ਸੇਧ ਲੈ ਕੇ ਸ਼ੁਰੂ ਹੋਏ, ਨਸਲਵਾਦ ਅਤੇ ਬਸਤੀਵਾਦ ਵਿਰੋਧੀ ਅਤੇ ਆਜ਼ਾਦੀ ਦੇ ਹੱਕ ਦੇ ਸੰਘਰਸ਼ ਨੂੰ, ਗ਼ਦਰ ਪਾਰਟੀ ਦਾ ਸੰਘਰਸ਼ ਕਹਿ ਕੇ ਬਿਆਨਦੇ ਹਨ, ਜਦ ਕਿ ਗ਼ਦਰ ਪਾਰਟੀ ਤਾਂ ਉਸਤੋਂ ਕਈ ਵਰ੍ਹੇ ਮਗਰੋਂ ਕਾਇਮ ਹੁੰਦੀ ਹੈ।
      ਅਸੀਂ ਇਹ ਤਾਂ ਕਹਿ ਸਕਦੇ ਹਾਂ ਕਿ ਗ਼ਦਰ ਲਹਿਰ ਤੇ ਗ਼ਦਰ ਪਾਰਟੀ ਦੇ ਪ੍ਰੇਰਨਾ-ਸਰੋਤ ਕੈਨੇਡਾ ਦੇ ਸਿੱਖ ਯੋਧੇ ਸਨ, ਪਰ ਇਹ ਕਹਿਣਾ ਉਚਿਤ ਨਹੀਂ ਹੋਏਗਾ ਕਿ ਗ਼ਦਰ ਲਹਿਰ ਤੋਂ ਮੋਢੀ  ਸਿੱਖ ਅਤੇ ਆਜ਼ਾਦੀ ਘੁਲਾਟੀਏ ਪ੍ਰੇਰਿਤ ਅਤੇ ਪ੍ਰਭਾਵਿਤ ਹੋਏ।ਇਹ ਆਪਣੇ ਆਪ ਵਿੱਚ ਅਗਿਆਨਤਾ ਭਰੀ ਗੱਲ ਕਹੀ ਜਾ ਸਕਦੀ ਹੈ। ਕੈਨੇਡਾ ਵਿੱਚ ਨਸਲਵਾਦ ਅਤੇ ਬਸਤੀਵਾਦ ਖ਼ਿਲਾਫ਼ ਲੜਨ ਵਾਲੇ ਮੋਢੀ ਯੋਧੇ ਭਾਈ ਭਾਗ ਸਿੰਘ ਭਿੱਖੀਵਿੰਡ, ਭਾਈ ਬਲਵੰਤ ਸਿੰਘ ਖੁਰਦਪੁਰ, ਭਾਈ ਮੇਵਾ ਸਿੰਘ ਲੋਪੋਕੇ, ਭਾਈ ਬਦਨ ਸਿੰਘ ਦਲੇਲ ਸਿੰਘ ਵਾਲਾ, ਬਾਬੂ ਹਰਨਾਮ ਸਿੰਘ ਸਾਹਰੀ, ਬੱਬਰ ਕਰਮ ਸਿੰਘ ਦੌਲਤਪੁਰ, ਭਾਈ ਈਸ਼ਰ ਸਿੰਘ ਢੁੱਡੀਕੇ, ਭਾਈ ਜਗਤ ਸਿੰਘ ਸੁਰ ਸਿੰਘ, ਬੱਬਰ ਹਰੀ ਸਿੰਘ ਸੂੰਢ, ਭਾਈ ਬੀਰ ਸਿੰਘ ਬਾਹੋਵਾਲ, ਬੱਬਰ ਕਰਮ ਸਿੰਘ ਝਿੰਗੜਾਂ, ਭਾਈ ਜਵੰਦ ਸਿੰਘ ਨੰਗਲ, ਭਾਈ ਉਤਮ ਸਿੰਘ ਹਾਂਸ ਅਤੇ ਭਾਈ ਮਿੱਤ ਸਿੰਘ ਪੰਡੋਰੀ ਸਮੇਤ ਅਨੇਕਾਂ ਸੂਰਮੇ, ਵੀਹਵੀਂ ਸਦੀ ਦੇ ਪਹਿਲੇ ਦਹਾਕੇ ਤੋਂ ਹੀ ਬਿ੍ਟਿਸ਼ ਸਾਮਰਾਜ ਦੀ ਗੁਲਾਮੀ ਅਤੇ ਵਿਦੇਸ਼ਾਂ 'ਚ ਹੋ ਰਹੇ ਨਸਲੀ ਵਿਤਕਰੇ ਖ਼ਿਲਾਫ਼ ਜੂਝਦੇ ਰਹੇ। ਉਨ੍ਹਾਂ ਬਰਾਬਰੀ ਤੇ ਆਜ਼ਾਦੀ ਲਈ ਸਰਕਾਰੀ ਜਬਰ ਨਾਲ ਟੱਕਰ ਲੈਂਦਿਆਂ ਆਜ਼ਾਦੀ ਦਾ ਮੁੱਢ ਬੰਨਿਆ |
    ਨਸਲਵਾਦ ਦੀਆਂ ਅਮਰੀਕਾ ਅੰਦਰ ਵਾਪਰਨ ਵਾਲੀਆਂ ਪ੍ਰਮੁੱਖ ਘਟਨਾਵਾਂ 'ਚੋਂ ਬੈਿਲੰਗਹੈਮ 'ਚ ਭਾਰਤੀਆਂ 'ਤੇ ਯੋਜਨਾਬੱਧ ਹਮਲਾ ਕਰਕੇ, ਸੈਂਕੜਿਆਂ ਦੀ ਗਿਣਤੀ 'ਚ ਉਨ੍ਹਾਂ ਨੂੰ ਸ਼ਹਿਰੋਂ ਬਾਹਰ ਕੱਢਣਾ ਅਤੇ ਪੋਰਟਲੈਂਡ ਨੇੜਲੀ ਸੈਂਟਜ਼ੋਨ ਮਿੱਲ 'ਚ ਅਮਰੀਕੀ ਮਜ਼ਦੂਰਾਂ ਵੱਲੋਂ ਹਮਲਾ ਕੀਤਾ ਜਾਣਾ ਅਤੇ ਪੁਲਿਸ ਵੱਲੋਂ ਰੱਖਿਆ ਦੇ ਪ੍ਰਬੰਧ ਨਾ ਕਰਨਾ ਆਜ਼ਾਦੀ ਲਈ ਹਲੂਣਾ ਪੈਦਾ ਕਰਨ ਵਾਲੇ ਤੱਤ ਕਹੇ ਜਾ ਸਕਦੇ ਹਨ | ਇਕ ਹੋਰ ਘਟਨਾ, ਜਿਸ ਦਾ ਜ਼ਿਕਰ ਗ਼ਦਰ ਪਾਰਟੀ ਦੇ ਪ੍ਰਧਾਨ ਬਾਬਾ ਸੋਹਨ ਸਿੰਘ ਭਕਨਾ ਆਪਣੀ ਆਤਮਕਥਾ 'ਜੀਵਨ ਸੰਗਰਾਮ' ਵਿਚ ਵੀ ਕਰਦੇ ਹਨ, ਅਨੁਸਾਰ ਇਕ ਵਾਰ ਸੰਤ ਤੇਜਾ ਸਿੰਘ ਮਸਤੂਆਣਾ ਕੈਨੇਡਾ ਤੋਂ ਅਮਰੀਕਾ ਉਨ੍ਹਾਂ ਕੋਲ ਪੁੱਜੇ | ਪੋਰਟਲੈਂਡ ਸ਼ਹਿਰ ਵਿਚ ਉਹ ਦੋਵੇਂ 'ਅਮਰੀਕਨ' ਹੋਟਲ 'ਚ ਖਾਣਾ ਖਾਣ ਪੁੱਜੇ, ਪਰ ਹੋਟਲ ਵਾਲਿਆਂ ਉਨ੍ਹਾਂ ਨੂੰ ਦਾਖ਼ਲ ਨਾ ਹੋਣ ਦਿੱਤਾ | ਇਸ ਤਰ੍ਹਾਂ ਹੀ ਉਹ ਕਿਸੇ ਮਿੱਲ 'ਚ ਕੰਮ ਲੈਣ ਵਾਸਤੇ ਗਏ ਤਾਂ ਸੁਪਰਡੈਂਟ ਨੇ ਕਿਹਾ, 'ਕੰਮ ਤਾਂ ਬਹੁਤ ਹੈ ਪਰ ਤੁਹਾਡੇ ਲਈ ਨਹੀਂ' | ਇਸ ਦਾ ਕਾਰਨ ਪੁੱਛਣ 'ਤੇ ਉਸ ਨੇ ਭਾਰਤ ਦੇਸ਼ ਦੀ ਆਬਾਦੀ ਬਾਰੇ ਪੁੱਛ ਲਿਆ | ਬਾਬਾ ਭਕਨਾ ਵਲੋਂ ਇਸ ਦਾ ਉੱਤਰ '30 ਕਰੋੜ' ਦਿੱਤੇ ਜਾਣ 'ਤੇ ਅੱਗਿਉਂ ਉਸ ਨੇ ਦੁਬਾਰਾ ਪੁੱਛਿਆ, '30 ਕਰੋੜ ਆਦਮੀ ਹਨ ਜਾਂ ਭੇਡਾਂ? ਜੇ ਤੁਸੀਂ 30 ਕਰੋੜ ਹੁੰਦੇ ਤਾਂ ਗੁਲਾਮ ਕਿਸ ਤਰ੍ਹਾਂ ਰਹਿੰਦੇ?' ਦਰਅਸਲ ਇਨ੍ਹਾਂ ਘਟਨਾਵਾਂ ਨੇ ਹੀ ਅਜਿਹੇ ਹਾਲਾਤ ਪੈਦਾ ਕੀਤੇ ਕਿ ਉੱਤਰੀ ਅਮਰੀਕਾ 'ਚ ਖੁਸ਼ਹਾਲ ਜੀਵਨ ਜਿਊਣ ਲਈ ਆਏ ਗ਼ਦਰੀ ਬਾਬਿਆਂ ਨੇ ਆਪਣੇ ਸੁੱਖ-ਆਰਾਮ ਤਿਆਗ ਕੇ ਆਜ਼ਾਦੀ ਦੇ ਸੰਘਰਸ਼ ਦਾ ਰਾਹ ਅਪਣਾ ਲਿਆ |
           ਕੈਨੇਡਾ ਦੀਆਂ ਇਨਕਲਾਬੀ ਜੱਥੇਬੰਦੀਆਂ ਵੱਲੋਂ ਸਮੇਂ-ਸਮੇਂ ਕੱਢੇ ਗਏ ਪਰਚਿਆਂ ਤੋਂ ਪ੍ਰੇਰਨਾ ਲੈ ਕੇ ਅਤੇ ਵਿਸ਼ੇਸ਼ ਕਰ ਕੇ ਖ਼ਾਲਸਾ ਦੀਵਾਨ ਸੁਸਾਇਟੀ ਵੈਨਕੂਵਰ ਦੀ ਇਤਿਹਾਸਕ ਦੇਣ ਅਤੇ ਜਾਗਰੂਕ ਲਹਿਰ ਤੋਂ ਸੇਧ ਲੈ ਕੇ, ਅਮਰੀਕਾ ਵਿਚ ਅਜਿਹੇ ਅਮਲ ਅਧੀਨ ਬਾਬਾ ਬਿਸਾਖਾ ਸਿੰਘ ਦਦੇਹਰ ਅਤੇ ਬਾਬਾ ਜਵਾਲਾ ਸਿੰਘ ਠੱਠੀਆਂ ਨੇ ਉਥੇ ਵਸਦੇ ਇਨਕਲਾਬੀਆਂ ਨੂੰ ਜੱਥੇਬੰਦ ਕਰਨਾ ਆਰੰਭ ਕਰ ਦਿੱਤਾ। ਖ਼ਾਲਸਾ ਦੀਵਾਨ ਸੁਸਾਇਟੀ ਵੈਨਕੂਵਰ ਦੀ ਤਰਜ਼ ਤੇ ਹੀ ਅਮਰੀਕਾ ਵਿੱਚ ਸਿੱਖਾਂ ਦੀ ਪਹਿਲੀ ਸੰਸਥਾ 24 ਅਕਤੂਬਰ 1912 ਵਿਚ, ਪੈਸੇਫਿਕ ਕੋਸਟ "ਖ਼ਾਲਸਾ ਦੀਵਾਨ ਸੁਸਾਇਟੀ" ਸਟੌਕਟਨ ਗੁਰਦੁਆਰਾ ਸਾਹਿਬ ਦੀ ਸਥਾਪਨਾ ਕੀਤੀ ਗਈ। ਸਿੱਖੀ ਵਿਰਸੇ, ਗੁਰਬਾਣੀ ਦੀ ਪ੍ਰੇਰਨਾ ਅਤੇ ਜ਼ੁਲਮ ਖ਼ਿਲਾਫ਼ ਲੜਨ ਦੀ ਭਾਵਨਾ ਗਦਰੀ ਬਾਬਿਆਂ ਨੂੰ ਆਰੰਭ ਵਿਚ ਇੱਥੋਂ ਹੀ ਮਿਲੀ, ਜਿਸ ਨੇ ਅੱਗੇ ਜਾ ਕੇ ਗ਼ਦਰ ਲਹਿਰ ਨੂੰ ਜਨਮ ਦਿੱਤਾ। ਇਉਂ ਗ਼ਦਰ ਪਾਰਟੀ, ਗ਼ਦਰ ਲਹਿਰ ਅਤੇ ਗ਼ਦਰ ਅਖ਼ਬਾਰ ਦੀ ਪ੍ਰੇਰਨਾ-ਸਰੋਤ ਖ਼ਾਲਸਾ ਦੀਵਾਨ ਸੁਸਾਇਟੀ ਸਟੌਕਟਨ ਹੋ ਨਿਬੜਦੀ ਹੈ।
  ਵੈਨਕੂਵਰ ਵਰਗੀ ਕੌਮੀ ਜੱਥੇਬੰਦੀ ਖਾਲਸਾ ਦੀਵਾਨ ਸੁਸਾਇਟੀ ਕਾਇਮ ਹੋਣ ਮਗਰੋਂ, ਬਾਬਾ ਸੋਹਣ ਸਿੰਘ ਭਕਨਾ ਨੇ ਹੋਰਨਾਂ ਦੇਸ਼- ਭਗਤਾਂ ਨਾਲ ਮਿਲ ਕੇ ਅਤੇ ਆਜ਼ਾਦੀ- ਪਸੰਦ ਸਮੂਹ ਭਾਈਚਾਰਿਆਂ ਨੂੰ ਇਕ ਸੂਤਰ ਵਿਚ ਪਰੋਦਿਆਂ, 21 ਅਪ੍ਰੈਲ 1913 ਨੂੰ ਆਸਟਰੀਆ ਵਿਖੇ ‘ਹਿੰਦੀ ਐਸੋਸੀਏਸ਼ਨ ਆਫ਼ ਪੈਸੇਫਿਕ ਕੋਸਟ' ਨਾਂ ਦੀ ਜੱਥੇਬੰਦੀ ਕਾਇਮ ਕੀਤੀ, ਜਿਸ ਦਾ ਅੱਗੇ ਜਾ ਕੇ ਨਾਂ ‘ਗ਼ਦਰ ਪਾਰਟੀ ਮਸ਼ਹੂਰ ਹੋਇਆ। ਗ਼ਦਰ ਪਾਰਟੀ ਦੇ ਮੁੱਖ ਮੰਤਵ ਬਾਰੇ ਭਾਈ ਹਰਨਾਮ ਸਿੰਘ ਟੁੰਡੀਲਾਟ ਲਿਖਦੇ ਹਨ ਕਿ ਅੰਗਰੇਜ਼ਾਂ ਨੂੰ ਭਾਰਤ 'ਚੋਂ ਕੱਢ ਕੇ, ਧਰਮ ਨਿਰਪੱਖ ਤੇ ਜਮਹੂਰੀ ਰਾਜ ਸਥਾਪਤ ਕਰਨਾ ਗ਼ਦਰ ਪਾਰਟੀ ਦਾ ਉਦੇਸ਼ ਸੀ ਜਿਸ ਵਿਚ ਕਿਸਾਨ, ਜਗੀਰਦਾਰੀ ਤੇ ਸਰਮਾਏਦਾਰੀ ਦੇ ਆਪਸੀ ਆਰਥਿਕ ਵਿਤਕਰਿਆਂ ਨੂੰ ਖ਼ਤਮ ਕਰਨਾ, ਉਪਰੰਤ ਲੋਕ ਭਲਾਈ ਕਾਰਜਾਂ ਨੂੰ ਪਹਿਲ ਦੇਣਾ ਸੀ | ਪਾਰਟੀ ਦੇ ਨਿਯਮਾਂ ਅਨੁਸਾਰ ਇਸ ਦਾ ਦਾਇਰਾ ਏਨਾ ਵਿਸ਼ਾਲ ਸੀ ਕਿ ਆਜ਼ਾਦੀ ਦਾ ਹਰ ਪ੍ਰੇਮੀ, ਬਿਨਾਂ ਜਾਤਪਾਤ ਜਾਂ 'ਦੇਸ਼ ਕੌਮ' ਦੇ ਲਿਹਾਜ਼ ਨਾਲ ਇਸ ਵਿਚ ਸ਼ਾਮਿਲ ਹੋ ਸਕਦਾ ਹੈ |
       ਗ਼ਦਰ ਪਾਰਟੀ ਦੇ ਕੌਮਾਂਤਰੀ ਰਾਜਨੀਤੀ 'ਚ ਸਥਾਨ ਦਾ ਮੁਲਾਂਕਣ ਇਸ ਦੇ ਫ਼ਰਜ਼ਾਂ ਅਤੇ ਬੁਨਿਆਦੀ ਢਾਂਚੇ ਦੇ ਇਸ ਆਧਾਰ 'ਤੇ ਹੋ ਸਕਦਾ ਹੈ ਕਿ 'ਦੁਨੀਆ ਦੇ ਕਿਸੇ ਵੀ ਹਿੱਸੇ 'ਚ ਜਿੱਥੇ ਕਿਤੇ ਗ਼ੁਲਾਮੀ ਵਿਰੁੱਧ ਜੰਗ ਛਿੜੇ, ਤਾਂ ਗ਼ਦਰ ਪਾਰਟੀ ਦੇ ਸਿਪਾਹੀ ਦਾ ਫ਼ਰਜ਼ ਬਣਦਾ ਹੋਵੇਗਾ ਕਿ ਉਹ ਆਜ਼ਾਦੀ ਤੇ ਬਰਾਬਰੀ ਦੇ ਹਾਮੀਆਂ ਦੀ ਹਰ ਤਰ੍ਹਾਂ ਸਹਾਇਤਾ ਕਰੇ | ਪ੍ਰੋ: ਜਗਜੀਤ ਸਿੰਘ 'ਗ਼ਦਰ ਪਾਰਟੀ ਲਹਿਰ' ਵਿਚ ਲਿਖਦੇ ਹਨ ਕਿ ਗ਼ਦਰ ਪਾਰਟੀ ਨੇ ਹੀ 'ਪੰਚਾਇਤੀ ਰਾਜ' ਦੇ ਨਿਸ਼ਾਨੇ ਨੂੰ ਸਾਰੀ ਦੁਨੀਆ ਵਿਚ ਅਸਲੀ ਵਰਤੋਂ ਵਿਚ ਆਉਣ ਵਾਲਾ ਅਗਾਂਹ-ਵਧੂ ਰਾਜਸੀ ਆਦਰਸ਼ ਪ੍ਰਵਾਨ ਕੀਤਾ | ਜੇਕਰ ਭਾਰਤ ਦੇ ਸਮਕਾਲੀ ਰਾਸ਼ਟਰੀ ਨੇਤਾ,  ਗ਼ਦਰ ਪਾਰਟੀ ਵਾਂਗ ਇਨਕਲਾਬੀ ਰਾਹ ਫੜਦੇ, ਤਾਂ ਆਜ਼ਾਦੀ ਦੀ ਲਹਿਰ ਜ਼ਿਆਦਾ ਅਸਰਪਾਊ ਹੋ ਸਕਦੀ ਸੀ |
       ਗ਼ਦਰ ਪਾਰਟੀ ਨੇ ਸ਼ਬਦ ‘ਗ਼ਦਰ' ਨੂੰ ਇਨਕਲਾਬੀ ਸਰੂਪ ਅਤੇ ਵਿਆਪਕ ਅਰਥਾਂ ਵਾਲਾ ਮੰਨਿਆ ਹੈ। ‘ਗ਼ਦਰ' ਦੇ ਛਪਣ ਤੋਂ ਪਹਿਲਾਂ ਕੈਨੇਡਾ ਦੇ ਸਮਾਚਾਰ ਪੱਤਰਾਂ ਵਿਚ ਬਾਗ਼ੀ ਸੋਚ ਮੌਜੂਦ ਸੀ। ਗ਼ਦਰ ਪਾਰਟੀ ਨੇ ਸਿਧਾਂਤਕ ਰੂਪ ਵਿਚ, ਸੰਸਾਰ ਭਰ ਦੀਆਂ ਇਨਕਲਾਬੀ ਲਹਿਰਾਂ ਅਤੇ ਕ੍ਰਾਂਤੀਕਾਰੀ ਸੰਘਰਸ਼ ਨੂੰ 'ਗ਼ਦਰ' ਕਹਿ ਕੇ  ਪ੍ਰਵਾਨ ਕੀਤਾ ਹੈ।1 ਨਵੰਬਰ 1913 ਨੂੰ ਸਾਨਫਰਾਂਸਿਸਕੋ ਤੋਂ ਹਫ਼ਤਾਵਾਰੀ ਉਰਦੂ ਸਮਾਚਾਰ ਪੱਤਰ ‘ਗ਼ਦਰ' ਨਿਕਲਿਆ। ਗੁਰਮੁਖੀ ਵਿਚ ਪੰਜਾਬੀ ਦਾ ਹਫ਼ਤਾਵਾਰੀ ‘ਗ਼ਦਰ' ਦਸੰਬਰ 1913 ਵਿਚ ਸ਼ੁਰੂ ਹੋਇਆ। 'ਗ਼ਦਰ ਪ੍ਰੈੱਸ' ਛਾਪੇ ਖਾਨੇ ਤੋਂ ਪ੍ਰਕਾਸ਼ਿਤ ਅਤੇ 'ਯੁਗਾਂਤਰ ਆਸ਼ਰਮ' ਤੋਂ ਨਿਕਲੇ 'ਗ਼ਦਰ ਅਖ਼ਬਾਰ' ਨੇ ਨਾ ਸਿਰਫ਼ ਭਾਰਤੀਆਂ ਨੂੰ ਹੀ, ਬਲਕਿ ਦੁਨੀਆ ਭਰ ਦੇ ਇਨਕਲਾਬੀਆਂ ਨੂੰ ਮਨੁੱਖੀ ਹੱਕਾਂ ਲਈ ਲੜਨ ਅਤੇ ਆਜ਼ਾਦੀ ਹਾਸਲ ਕਰਨ ਲਈ ਪ੍ਰੇਰਿਤ ਕੀਤਾ | ਪੰਜਾਬੀ ਭਾਸ਼ਾ ਤੇ ਗੁਰਮੁਖੀ ਲਿੱਪੀ 'ਚ ਨਿਕਲਣ ਵਾਲੇ ਹਫ਼ਤਾਵਾਰੀ 'ਗ਼ਦਰ' ਦਾ ਸੰਪਾਦਨ ਕਾਰਜ ਕਰਦਿਆਂ ਨੌਜਵਾਨ ਗ਼ਦਰੀ ਯੋਧੇ ਸ: ਕਰਤਾਰ ਸਿੰਘ ਸਰਾਭਾ ਨੇ ਪਾਠਕਾਂ ਨੂੰ ਏਨਾ ਪ੍ਰਭਾਵਿਤ ਕੀਤਾ ਕਿ 'ਗ਼ਦਰ' ਵਿਚਲੀਆਂ ਲਿਖਤਾਂ ਪੜ੍ਹਨ ਲਈ ਕੈਨੇਡਾ ਤੇ ਅਮਰੀਕਾ ਰਹਿੰਦੇ ਸਿਰਫ਼ ਪੰਜਾਬੀਆਂ ਨੇ ਹੀ ਗੁਰਮੁਖੀ ਲਿੱਪੀ ਨਹੀਂ ਸਿੱਖੀ, ਸਗੋਂ ਭਾਰਤ ਅੰਦਰ ਹੋਰਨਾਂ ਬੋਲੀਆਂ ਵਾਲੇ ਪਾਠਕ ਵੀ ਪੰਜਾਬੀ ਭਾਸ਼ਾ ਨਾਲ ਜੁੜ ਗਏ | ਸਹੀ ਅਰਥਾਂ 'ਚ 'ਗ਼ਦਰ' ਪੰਜਾਬੀ ਅਖ਼ਬਾਰ ਹੱਕ, ਸੱਚ ਤੇ ਆਜ਼ਾਦੀ ਦੇ ਸੰਕਲਪ ਨੂੰ ਪੇਸ਼ ਕਰਨ ਵਾਲਾ, ਪੰਜਾਬੀ ਪੱਤਰਕਾਰੀ ਦਾ ਥੰਮ ਕਿਹਾ ਜਾ ਸਕਦਾ ਹੈ।
     ਪੰਜਾਬੀ ਹਫ਼ਤਵਾਰੀ ‘ਗ਼ਦਰ' ਦੇ ਸ਼ੁਰੂ ਦੇ ਅੰਕਾਂ ਵਿਚ ਗੁਰਬਾਣੀ ਦੀ ਪੰਕਤੀ ਨੂੰ, ਕੁਝ ਕੁ ਬਦਲਵੇਂ ਰੂਪ 'ਚ "ਜੇ ਚਿਤ ਪ੍ਰੇਮ ਖੇਲਣ ਦਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ॥" ਵਿਚਕਾਰ ਲਿਖ ਕੇ ਦੋਹਾਂ ਨੁੱਕਰਾਂ ਉੱਤੇ ‘ਬੰਦੇ' ਅਤੇ ‘ਮਾਤਰਮ' ਲਿਿਖਆ ਮਿਲਦਾ ਹੈ। ਇਹ ਉਸ ਸਮੇਂ ਦੇ ਅੰਕ ਹਨ, ਜਦੋਂ ਪੰਜਾਬੀ ਸਮਾਚਾਰ ਪੱਤਰ ਦੇ ਸੰਪਾਦਕ ਸ਼ਹੀਦ ਕਰਤਾਰ ਸਿੰਘ ਸਰਾਭਾ ਸਨ। ਕੁਝ ਸਮੇਂ ਮਗਰੋਂ ਗ਼ਦਰੀ ਯੋਧਿਆਂ ਦੇ ਦੇਸ਼ ਜਾ ਕੇ ਕੁਰਬਾਨੀ ਕਰਨ ਲਈ ਤੱਤਪਰ ਹੁੰਦਿਆਂ ਸ਼ਹੀਦੀਆਂ ਪਾਈਆਂ ਜਾਂ ਲੰਮੀਆਂ ਸਜ਼ਾਵਾਂ ਕੱਟੀਆਂ।  ਇਨ੍ਹਾਂ ਯੋਧਿਆਂ ਤੋਂ ਮਗਰੋਂ ‘ਗ਼ਦਰ' ਦੀ ਦਿਖ 'ਚ ਵੱਡੀਆਂ ਤਬਦੀਲੀਆਂ ਕੀਤੀਆਂ ਗਈਆਂ ਅਤੇ ਇਸ ਦਾ ਮੁੱਖ ਪੰਨੇ ਬਦਲ ਦਿੱਤਾ ਗਿਆ। ਗੁਰਬਾਣੀ ਦੀ ਤੁਕ ਹਟਾ ਕੇ, ਉਸ ਦੀ ਜਗ੍ਹਾ ‘ਐ ਮਰਦਾਨੋ ਹਿੰਦੀ ਜਵਾਨੋੋ ਜਲਦੀ ਲੋ ਹਥਿਆਰ' ਲਿਖ ਦਿੱਤੀ ਗਈ। ‘ਗ਼ਦਰ' ਸਮਾਚਾਰ ਪੱਤਰ ਦੇ ਮੁੱਖ ਪੰਨੇ ਅਤੇ ਰੂਪ ਵਿਚ ਅਜਿਹੀਆਂ ਤਬਦੀਲੀਆਂ ਸੁਭਾਵਿਕ ਨਹੀਂ ਹੋਈਆਂ, ਸਗੋਂ ਯੋਜਨਾਬੱਧ ਢੰਗ ਨਾਲ ਲਿਆਦੀਆਂ ਗਈਆਂ। ਰਾਮ ਚੰਦਰ ਨੇ ਪਹਿਲੇ ਸਫ਼ੇ 'ਤੇ ਸੰਪਾਦਕ ਵਜੋਂ ਆਪਣਾ ਨਾਂ ਵੀ ਲਿਖਣਾ ਸ਼ੁਰੂ ਕਰ ਦਿੱਤਾ ਤੇ ਮਗਰੋਂ ਪਾਰਟੀ ਤੋਂ ਅਲਹਿਦਾ ਹੋ ਕੇ, ਪਾਰਟੀ ਦੇ ਪਰਚੇ ਦੇ ਸਮਾਨਾਂਤਰ, ਉਸੇ ਹੀ ਨਾਂ 'ਤੇ ਵੱਖਰਾ ਹਿੰਦੁਸਤਾਨ ਗ਼ਦਰ ਵੀ ਕੱਢਿਆ। ਆਰੰਭ 'ਚ ਇਸ ਅਖ਼ਬਾਰ ਨਾਲ ਸੰਬੰਧਿਤ ਹੋਣ ਵਾਲੇ ‘ਗ਼ਦਰ' ਸਮਾਚਾਰ ਪੱਤਰ ਦੇ ਪੰਜਾਬੀ ਅੰਕ ਦੇ ਸੰਪਾਦਕ ਕਰਤਾਰ ਸਿੰਘ ਸਰਾਭਾ ਰਹੇ ਤੇ ਹੋਰਨਾਂ ਇਨਕਲਾਬੀ ਲਿਖਾਰੀਆਂ 'ਚ ਹਰਨਾਮ ਸਿੰਘ ਟੁੰਡੀਲਾਟ, ਭਾਈ ਸੰਤੋਖ ਸਿੰਘ ਧਰਦਿਓ, ਭਗਵਾਨ ਸਿੰਘ ਪ੍ਰੀਤਮ, ਮੁਨਸ਼ਾ ਸਿੰਘ ਦੁਖੀ, ਕਰਤਾਰ ਸਿੰਘ ਲਤਾੜਾ, ਬਸੰਤ ਸਿੰਘ ਚੌਂਦਾ, ਮਹਿਬੂਬ ਅਲੀ, ਇਨਾਇਤ ਖਾਂ, ਰਾਮ ਚੰਦਰ, ਖੇਮ ਚੰਦ ਦਾਸ, ਮੋਹਨ ਲਾਲ, ਪਿਰਥੀ ਸਿੰਘ ਆਜ਼ਾਦ, ਬਿਸ਼ਨ ਸਿੰਘ ਸਦਾ ਸਿੰਘ ਵਾਲਾ ਅਤੇ ਨਿਧਾਨ ਸਿੰਘ ਮਹੇਸ਼ਰੀ ਵੀ ਸਮੇਂ-ਸਮੇਂ ‘ਗ਼ਦਰ ਨਾਲ ਜੁੜੇ ਰਹੇ। ਜ਼ਿਆਦਾਤਰ ਲਿਖਾਰੀ ਆਪਣੇ ਉਪਨਾਮ ਜਾਂ ਤਖ਼ੱਲਸ ਆਦਿ ਦੀ ਵਰਤੋਂ ਹੀ ਕਰਦੇ ਸਨ। ਉਨ੍ਹਾਂ ਦੀ ਦੁਖੀਆ, ਗ਼ਦਰ ਦਾ ਸਿਪਾਹੀ, ਪ੍ਰੀਤਮ, ਫ਼ਕੀਰ, ਪੰਜਾਬੀ ਸਿੰਘ, ਸੇਵਕ, ਬਾਗ਼ੀ, ਜਾਚਕ, ਇਕਬਾਲ, ਹਮਦਮ, ਅਜ਼ਾਦ, ਯਕਦਮ, ਨਾਸਤਕ, ਸੱਚ, ਹਿੰਦ ਸੇਵਕ ਅਤੇ ਨਿਧੜਕ ਆਦਿ ਫ਼ਰਜ਼ੀ ਨਾਮਾਂ ਅਧੀਨ ‘ਗ਼ਦਰ' ਵਿਚਲੀ ਰਚਨਾ ਦਾ ਉਦੇਸ਼ ਜਿੱਥੇ ਇਕ ਪਾਸੇ ਵਿਅਕਤੀਗਤ ਪ੍ਰਸਿੱਧੀ ਦੀ ਥਾਂ, ਲਹਿਰ ਦੇ ਮਨੋਰਥ ਨੂੰ ਉਜਾਗਰ ਕਰਨਾ ਸੀ, ਉੱਥੇ ਦੂਜੇ ਪਾਸੇ ਰਾਜਸੀ ਹਾਲਤਾਂ ਨੂੰ ਸਮਝਦਿਆਂ ਗ਼ਦਰੀਆਂ ਦੀ ਪਛਾਣ ਗੁਪਤ ਰੱਖਣਾ ਸੀ। ਇਨ੍ਹਾਂ ਲਿਖਾਰੀਆਂ ਦਾ ਉਦੇਸ਼ ਪਰਵਾਸੀ ਭਾਰਤੀਆਂ ਵਿਚ ਰਾਜਨੀਤਕ ਚੇਤਨਾ ਪੈਦਾ ਕਰਕੇ ਆਜ਼ਾਦੀ ਦੀ ਲੜਾਈ ਲਈ ਮਾਹੌਲ ਪੈਦਾ ਕਰਨਾ ਸੀ।
       ‘ਗ਼ਦਰ' ਦੇ ਪਰਚੇ ਪੱਤਰਕਾਰੀ ਵਿਚ ਅਜਿਹੇ ਮਹੱਤਵ ਦੇ ਲਖਾਇਕ ਹਨ, ਜੋ ਅਗਲੀਆਂ ਪੀੜ੍ਹੀਆਂ ਅੰਦਰ ਚੇਤਨਾ ਪੈਦਾ ਕਰਨ ਲਈ ਮੀਲ ਪੱਥਰ ਸਾਬਤ ਹੋਏ। ‘ਗ਼ਦਰ' ਸਮਾਚਾਰ ਪੱਤਰ ਦਾ ਇਕੋ-ਇਕ ਨਿਸ਼ਾਨਾ ਆਜ਼ਾਦੀ ਸੀ ਅਤੇ ਇਸ ਦੀ ਪ੍ਰਾਪਤੀ ਲਈ ਗ਼ਦਰ ਨੇ ਦੁਨੀਆਂ ਭਰ ਦੇ ਆਜ਼ਾਦੀ ਪਸੰਦ ਭਾਰਤੀਆਂ ਨੂੰ ਜਥੇਬੰਦ ਕੀਤਾ।‘ਗ਼ਦਰ' ਸਮਾਚਾਰ ਪੱਤਰ ਰਾਹੀਂ ਲਹਿਰ ਕੇਵਲ ਅਮਰੀਕਾ ਜਾਂ ਕੈਨੇਡਾ ਤੱਕ ਸੀਮਤ ਨਾ ਰਹਿ ਕੇ ਦੁਨੀਆਂ ਦੇ ਕੋਨੇ-ਕੋਨੇ ਤੱਕ ਫੈਲ ਗਈ। ਜਿਉਂ ਹੀ ਗ਼ਦਰ ਲਹਿਰ ਵਧੀ ਤੇ ਜਨਤਾ ਵਿਚ ਇਨਕਲਾਬ ਆਇਆ, ਸਮਾਚਾਰ ਪੱਤਰ ਦੀ ਖਪਤ ਵਧਦੀ ਗਈ, ਸਮਾਚਾਰ ਪੱਤਰ ਦੇ ਉਰਦੂ ਤੇ ਪੰਜਾਬੀ ਤੋਂ ਇਲਾਵਾ ਹਿੰਦੀ, ਗੁਜਰਾਤੀ, ਬੰਗਾਲੀ, ਪਸਤੋ, ਨੇਪਾਲੀ ਵਿਚ ਵੀ ਸਪੈਸ਼ਲ ਨੰਬਰ ਨਿਕਲਣ ਲੱਗੇ ਪਏ, ਸਮਾਚਾਰ ਪੱਤਰ ਕਈ ਹਜ਼ਾਰਾਂ ਦੀ ਗਿਣਤੀ ਵਿਚ ਛਾਪਿਆ ਤੇ ਵੰਡਿਆ ਜਾਣ ਲੱਗਾ, ਕਿਹਾ ਜਾਂਦਾ ਹੈ ਕਿ 1916 ਵਿਚ ਇਹ ਹਫ਼ਤੇ ਦਾ ਦਸ ਲੱਖ ਛਪਣ ਲੱਗ ਪਿਆ ਸੀ।
      ਅੰਤਰਰਾਸ਼ਟਰੀ ਪੱਧਰ 'ਤੇ ਬਰਾਬਰੀ ਤੇ ਮਾਨਵੀ ਹੱਕਾਂ ਦੀ ਪਹਿਰੇਦਾਰ ਗ਼ਦਰੀ ਬਾਬਿਆਂ ਦੀ ਯਾਦ ਵਿੱਚ ਸੈਮੀਨਾਰ ਅਤੇ ਸਮਾਗਮ ਕਰਨੇ ਸ਼ਲਾਘਾਯੋਗ ਉਪਰਾਲੇ ਹਨ। 2013 ਵਿਚ ਗ਼ਦਰ ਅਖ਼ਬਾਰ ਅਤੇ ਗ਼ਦਰ ਲਹਿਰ ਦੀ ਸ਼ਤਾਬਦੀ ਦੇ ਮੌਕੇ 'ਤੇ ਇਨ੍ਹਾਂ ਸਮਾਗਮਾਂ ਵਿੱਚ ਸ਼ਾਮਲ ਹੋਣ ਦੇ ਸੁਭਾਗ ਤੋਂ ਬਾਅਦ, ਹੁਣ ਇੱਕ ਵਾਰ ਫੇਰ ਪਹਿਲੀ ਅਤੇ ਦੂਜੀ ਅਕਤੂਬਰ ਨੂੰ ਗ਼ਦਰੀ ਬਾਬਿਆਂ ਦੀ ਯਾਦ ਵਿਚ ਦੋ ਦਿਨਾ ਸਮਾਗਮ 'ਚ ਸ਼ਮੂਲੀਅਤ ਦਾ ਮੌਕਾ ਮਿਲਿਆ ਹੈ। 'ਬਾਬਾਣੀਆਂ ਕਹਾਣੀਆਂ ਪੁੱਤ ਸਪੁੱਤ ਕਰੇਨ' ਦੇ ਮਹਾਂਵਾਕ ਅਨੁਸਾਰ ਵੱਡਿਆਂ ਦੇ ਦਿਨ ਮਨਾਉਣੇ ਅਤੇ ਉਨ੍ਹਾਂ ਦੀ ਮਹਾਨ ਦੇਣ ਦੀ ਗੱਲ ਕਰਨੀ ਜਿਥੇ ਵੱਡਾ ਮਹੱਤਵ ਰੱਖਦੀ ਹੈ, ਉਥੇ ਇਹ ਵੀ ਵਿਚਾਰਨ ਦੀ ਲੋੜ ਹੈ ਕਿ ਗ਼ਦਰੀ ਬਾਬਿਆਂ ਨੇ ਜਿਸ ਮੰਤਵ ਲਈ ਕੁਰਬਾਨੀਆਂ ਦਿੱਤੀਆਂ ਸਨ, ਉਹ ਅਜੇ ਵੀ ਸੰਪੂਰਨ ਨਹੀਂ ਹੋਇਆ | ਇਸ ਦੀ ਪ੍ਰਤੱਖ ਮਿਸਾਲ ਗ਼ਦਰ ਪਾਰਟੀ ਦੇ ਬਾਨੀ ਪ੍ਰਧਾਨ ਬਾਬਾ ਸੋਹਣ ਸਿੰਘ ਭਕਨਾ ਦੇ 'ਆਜ਼ਾਦ ਭਾਰਤ' 'ਚ ਕਹੇ ਇਨ੍ਹਾਂ ਸ਼ਬਦਾਂ ਤੋਂ ਹੋ ਜਾਂਦੀ ਹੈ ਕਿ ਮੇਰੀ ਪਿੱਠ 'ਚ ਅੰਗਰੇਜ਼ ਕੁੱਬ ਨਹੀਂ ਪਾ ਸਕੇ, ਪਰ ਆਪਣਿਆਂ ਨੇ ਜ਼ਰੂਰ ਪਾ ਦਿੱਤਾ।       ਸਾਮਰਾਜੀ ਤਾਕਤਾਂ, ਫ਼ਿਰਕਾਪ੍ਰਸਤੀ, ਪਰਿਵਾਰਵਾਦ, ਭਿ੍ਸ਼ਟਾਚਾਰ, ਡੰਡਾ-ਤੰਤਰ ਅਤੇ ਬੁਰਜ਼ੂਆ ਢਾਂਚਾ ਕਿਸੇ ਨਾ ਕਿਸੇ ਰੂਪ ਵਿਚ ਕਾਇਮ ਹੈ | ਪੰਚਾਇਤੀ ਰਾਜ ਦੀ ਥਾਂ ਭਾਈ-ਭਤੀਜਾਵਾਦ ਨੇ ਮੱਲੀ ਹੋਈ ਹੈ | ਅਜੇ ਵੀ ਗ਼ਦਰੀ ਬਾਬਿਆਂ ਦੇ ਪਰਿਵਾਰਾਂ ਨੂੰ ਉਹ ਜੱਦੀ ਸੰਪਤੀਆਂ ਮੋੜੀਆਂ ਨਹੀਂ ਗਈਆਂ, ਜੋ ਅੰਗਰੇਜ਼ਾਂ ਵੇਲੇ ਸਰਕਾਰਾਂ ਵੱਲੋਂ ਕੁਰਕ ਕੀਤੀਆਂ ਗਈਆਂ ਸਨ | ਗ਼ਦਰੀ ਯੋਧਿਆਂ ਦੇ ਪਿੰਡ ਪੱਧਰ 'ਤੇ ਅਜਿਹੇ ਯਾਦਗਾਰੀ ਸਥਾਨ ਨਜ਼ਰ ਨਹੀਂ ਆਉਂਦੇ, ਜੋ ਉਨ੍ਹਾਂ ਦੀ ਘਾਲਣਾ ਬਾਰੇ ਅਗਲੀਆਂ ਪੀੜ੍ਹੀਆਂ ਨੂੰ ਉਤਸ਼ਾਹਿਤ ਕਰ ਸਕਣ | ਵਿਦੇਸ਼ਾਂ ਜਾਂ ਦੇਸ਼ ਅੰਦਰ ਸਰਕਾਰੀ ਇਮਾਰਤਾਂ ਅੰਦਰ ਢੁਕਵੇਂ ਰੂਪ 'ਚ ਗ਼ਦਰੀ ਯੋਧਿਆਂ ਦੀਆਂ ਤਸਵੀਰਾਂ ਨਜ਼ਰ ਨਹੀਂ ਆਉਂਦੀਆਂ | ਗ਼ਦਰੀ ਬਾਬਿਆਂ 'ਚੋਂ 90 ਫ਼ੀਸਦੀ ਪੰਜਾਬੀ ਤੇ ਵਿਸ਼ੇਸ਼ ਕਰਕੇ ਸਿੱਖ ਹੋਣ ਦੇ ਬਾਵਜੂਦ, ਉਨ੍ਹਾਂ ਨੂੰ ਸਿੱਖ ਵਿਰਸੇ, ਇਤਿਹਾਸ, ਸਿੱਖ ਸੱਭਿਆਚਾਰ ਅਤੇ ਗੁਰਬਾਣੀ ਤੋਂ ਵੱਖ ਕਰਕੇ ਨਿਰੇ ਖੱਬੀ ਪੱਖੀ ਅਤੇ  ਮਾਰਕਸੀ ਧਾਰਨਾ ਦੇ ਪਾਂਧੀ ਬਣਾ ਕੇ ਪੇਸ਼ ਕਰਨਾ ਇਤਿਹਾਸ ਨਾਲ ਖਿਲਵਾੜ ਵੀ ਹੈ ਅਤੇ ਆਪਣੀ ਵਿਰਾਸਤ ਨਾਲ ਧ੍ਰੋਹ ਕਮਾਉਣਾ ਵੀ। ਇਸ ਤੋਂ ਵੀ ਖ਼ਤਰਨਾਕ ਗੱਲ ਇਹ ਹੈ ਕਿ ਅੱਜ ਭਾਰਤ ਫਾਸ਼ੀਵਾਦ ਦੀ ਜਿਸ ਮੋੜ 'ਤੇ ਪਹੁੰਚ ਚੁੱਕਿਆ ਹੈ, ਉਹ ਅੰਗਰੇਜ਼ ਸਾਮਰਾਜ ਤੋਂ ਵੀ ਖ਼ਤਰਨਾਕ ਹੈ। ਅੰਗਰੇਜ਼ਾਂ ਅੱਗੇ ਮੁਆਫ਼ੀਆਂ ਮੰਗਣ ਵਾਲੇ ਸਾਵਰਕਰ ਨੂੰ ਅੱਜ ਦੇਸ਼ ਭਗਤ ਕਰਾਰ ਦਿੱਤਾ ਜਾ ਰਿਹਾ ਹੈ, ਜਦਕਿ ਮਨੁੱਖੀ ਹੱਕਾਂ ਲਈ ਲੜਨ ਵਾਲੇ ਯੋਧਿਆਂ ਦੇ ਵਾਰਿਸ ਜੇਲ੍ਹਾਂ 'ਚ ਬੰਦ ਹਨ।
     ਗ਼ਦਰੀ ਬਾਬਿਆਂ ਨੇ ਭਾਰਤ ਨੂੰ ਧਰਮ-ਨਿਰਪੱਖ ਦੇਸ਼ ਬਣਾਉਣ ਦਾ ਸੁਪਨਾ ਲਿਆ ਸੀ, ਪਰ ਅੱਜ ਸਾਵਰਕਰੀ ਸੋਚ ਦੇ ਪਾਂਧੀ ਭਾਰਤ ਨੂੰ 'ਹਿੰਦੂ ਰਾਸ਼ਟਰ' ਬਣਾਉਣ ਲਈ ਬਜ਼ਿੱਦ ਹਨ। ਅਜਿਹੀ ਫ਼ਿਰਕੂ ਸੋਚ ਦਾ ਹੀ ਨਤੀਜਾ ਸੀ ਕਿ ਪੰਜਾਬ ਸੰਤਾਲੀ ਵੇਲੇ ਉਜਾੜਿਆ ਗਿਆ ਅਤੇ ਦੋ ਟੋਟਿਆਂ ਵਿੱਚ ਵੰਡ ਦਿੱਤਾ ਗਿਆ। ਦੱਸ ਲੱਖ ਤੋਂ ਵੱਧ ਲੋਕਾਂ ਦੀਆਂ ਜਾਨਾਂ ਗਈਆਂ, ਜਿਨ੍ਹਾਂ ਵਿਚ ਸਮੂਹ ਪੰਜਾਬੀ ਸਨ ਜ਼ਿਆਦਾਤਰ ਸਿੱਖ, ਮੁਸਲਮਾਨ ਅਤੇ ਹਿੰਦੂ ਭਾਈਚਾਰੇ ਨਾਲ ਵੀ ਸਬੰਧਿਤ ਸਨ। ਇਕ ਪਾਸੇ ਮੁਸਲਮਾਨਾਂ ਨੂੰ ਉਨ੍ਹਾਂ ਦਾ ਰਾਸ਼ਟਰ ਅਤੇ ਦੂਜੇ ਪਾਸੇ ਵੱਡੀ ਗਿਣਤੀ 'ਚ ਹਿੰਦੂਆਂ ਨੂੰ ਅਸਿੱਧੇ ਤੌਰ 'ਤੇ 'ਹਿੰਦੂ ਰਾਸ਼ਟਰ' ਸੌਂਪਿਆ ਗਿਆ, ਜੋ ਕਿ ਅੱਜ ਪ੍ਰਤੱਖ ਰੂਪ ਚ ਨਜ਼ਰ ਆ ਰਿਹਾ ਹੈ। ਸਭ ਤੋਂ ਵੱਡੇ ਧੱਕੇ ਦਾ ਸ਼ਿਕਾਰ ਹੋਏ ਸਭ ਤੋਂ ਵੱਧ ਸ਼ਹੀਦੀਆਂ ਦੇਣ ਵਾਲੇ ਕਾਲੇ ਪਾਣੀਆਂ ਦੀਆਂ ਸਜ਼ਾਵਾਂ ਕੱਟਣ ਵਾਲੀ ਜੇਲ੍ਹਾਂ ਚ ਬੰਦ ਰਹਿਣ ਵਾਲੇ ਸਿੱਖ। ਗ਼ਦਰੀ ਬਾਬਿਆਂ ਦੀ ਗੱਲ ਕਰਦਿਆਂ ਇਹ ਦਰਦ ਮਹਿਸੂਸ ਹੋ ਰਿਹਾ ਹੈ ਕਿ ਅੱਜ ਕਹਿਣ ਨੂੰ ਤਾਂ ਭਾਰਤ ਆਜ਼ਾਦ ਹੈ, ਪਰ ਹਿੰਦ ਰਾਸ਼ਟਰ ਵਿੱਚ ਘੱਟਗਿਣਤੀਆਂ ਗੁਲਾਮ ਹਨ। ਉਨ੍ਹਾਂ ਵਿੱਚੋਂ ਸਿੱਖਾਂ ਦੀ ਤ੍ਰਾਸਦੀ ਇਹ ਹੈ ਕਿ ਵੱਡੀਆਂ ਕੌਮਾਂ ਨੇ ਤਾਂ ਆਪਣੇ ਦੇਸ਼ ਬਣਾ ਲਏ, ਪਰ ਸਿੱਖ ਬੇਘਰੇ ਰੁਲ ਰਹੇ ਹਨ। ਗਾਇਕ ਅਤੇ ਗੀਤਕਾਰ ਰਾਜ ਕਾਕੜਾ ਦੇ ਸੀਨੇ ਨੂੰ ਧੂਹ ਪਾਉਣ ਵਾਲੇ ਇਨ੍ਹਾਂ ਬੋਲਾਂ ਨਾਲ ਹੀ ਵਿਚਾਰ ਸਮੇਟਦੇ ਹਾਂ :
"ਜਦੋਂ ਭਰਾਵਾਂ ਵੰਡੀਆਂ ਪਾਈਆਂ,
 ਸਾਡੇ ਹਿੱਸੇ ਫਾਂਸੀਆਂ ਆਈਆਂ।
 ਹਰ ਕੋਈ ਆਪਣਾ ਹਿੱਸਾ ਲੈ ਗਿਆ,
 ਸਾਡਾ ਹਿੱਸਾ ਕਿੱਥੇ ਰਹਿ ਗਿਆ?
 ਉਨ੍ਹਾਂ ਲੈ ਲਏ ਤਖ਼ਤ ਹਜ਼ਾਰੇ,
ਬਲਖ ਬੁਖਾਰੇ, ਮਹਿਲ ਮੁਨਾਰੇ।
ਸਾਡੇ ਹਿੱਸੇ ਘੱਲੂਘਾਰੇ  
ਕਾਲੇ ਤਾਰੇ, ਨੀਲੇ ਤਾਰੇ।
ਲੜ ਲੜ ਮਰ ਗਏ ਪਰ ਨੀ ਬਣਿਆ,
ਮੇਰੀ ਕੌਮ ਦਾ ਘਰ ਨਹੀਂ  ਬਣਿਆ
ਮੇਰੀ ਕੌਮ ਦਾ ਘਰ ਨਹੀਂ ਬਣਿਆ!"

ਬਰਤਾਨੀਆ ਦੀ ਰਜਵਾੜਾਸ਼ਾਹੀ ਦੀ ਗੁਲਾਮੀ ਤੋਂ ਛੁਟਕਾਰਾ ਪਾਉਣ ਦਾ ਵੇਲਾ - ਡਾ ਗੁਰਵਿੰਦਰ ਸਿੰਘ

ਮਹਾਰਾਣੀ ਅਲਿਜ਼ਾਬੈਥ ਲੰਮੀ ਉਮਰ ਭੋਗ ਕੇ ਸੰਸਾਰ ਤੋਂ ਕੂਚ ਕਰ ਗਈ ਹੈ। ਦੁਨੀਆਂ ਭਰ ਵਿਚ ਸੋਗ ਮਨਾਇਆ ਜਾ ਰਿਹਾ ਹੈ। ਬਰਤਾਨੀਆ ਦੇ ਅਧੀਨ ਅੱਜ ਵੀ 14 ਦੇਸ਼, ਮਹਾਰਾਣੀ ਦੀ ਸਹੁੰ ਖਾਂਦੇ ਹਨ। ਕੈਨੇਡਾ, ਆਸਟ੍ਰੇਲੀਆ, ਨਿਊਜ਼ੀਲੈਂਡ ਆਦਿ ਇਸ ਲੜੀ ਵਿੱਚ ਸ਼ਾਮਲ ਹਨ। ਇਨ੍ਹਾਂ ਨੂੰ ਰਾਸ਼ਟਰਮੰਡਲ (ਕਾਮਨਵੈਲਥ) ਦੇਸ਼ ਕਿਹਾ ਜਾਂਦਾ ਹੈ, ਜੋ ਕਿਸੇ ਸਮੇਂ ਬਰਤਾਨੀਆ ਅਧੀਨ ਗੁਲਾਮ ਰਹੇ। ਅੱਜ ਬੇਸ਼ੱਕ ਇਹ ਮੁਲਕ ਆਜ਼ਾਦ ਹਨ, ਪਰ ਇਨ੍ਹਾਂ ਵਿੱਚੋਂ ਕਈਆਂ ਵਿੱਚ ਮਹਾਰਾਣੀ ਦੀ ਅਧੀਨਗੀ ਕਾਇਮ ਹੈ। ਦੂਜੇ ਪਾਸੇ ਇਹ ਮੁਹਿੰਮ ਕਈ ਵਾਰ ਚੱਲੀ ਹੈ ਕਿ ਮਹਾਰਾਣੀ ਦੀ ਸਹੁੰ ਖਾ ਕੇ ਰਜਵਾੜਾਸ਼ਾਹੀ ਦੀ ਗ਼ੁਲਾਮੀ ਅਪਨਾਉਣਾ ਠੀਕ ਨਹੀਂ।
      ਬਰਤਾਨੀਆ ਦੀ ਰਜਵਾੜਾਸ਼ਾਹੀ ਦੇ ਜ਼ੁਲਮਾਂ ਦੀ ਲੰਮੀ ਦਾਸਤਾਨ ਹੈ। ਪੰਜਾਬ ਵਿੱਚ ਖ਼ਾਲਸਾ ਰਾਜ ਦੇ ਖ਼ਾਤਮੇ ਅਤੇ ਬਾਅਦ ਮਹਾਰਾਜਾ ਦਲੀਪ ਸਿੰਘ ਨੂੰ ਇਸਾਈ ਬਣਾਉਣ ਤੇ ਪੰਜਾਬ ਦੇ ਵਾਰਸਾਂ ਤੋਂ ਕੋਹਿਨੂਰ ਹੀਰਾ ਖੋਹ ਕੇ ਇੰਗਲੈਂਡ ਦੀ ਰਾਣੀ ਦੀ ਤਾਜਾ 'ਚ ਸਜਾਉਣਤੱਕ ਦੀ ਸੋਚ ਇਸ ਦੀ ਪ੍ਰਤੀਕ ਹੈ। ਸਭ ਤੋਂ ਵੱਡਾ ਜਬਰ ਬਰਤਾਨੀਆ ਦਾ ਪੰਜਾਬ ਦੇ ਉਜਾੜੇ ਦਾ ਹੈ, ਜਿਸ ਵਿੱਚ ਦਸ ਲੱਖ ਤੋਂ ਵੱਧ ਪੰਜਾਬੀਆਂ ਖ਼ਾਸਕਰ ਸਿੱਖਾਂ ਅਤੇ ਮੁਸਲਮਾਨਾਂ ਸਮੇਤ ਹਿੰਦੂਆਂ ਦੀਆਂ ਜਾਨਾਂ ਗਈਆਂ। ਇਸ ਲਈ ਦੋਸ਼ੀ ਬਰਤਾਨੀਆ ਸਾਮਰਾਜ ਹੈ।
ਆਉ, ਮਹਾਰਾਣੀ ਦੇ ਚਲਾਣੇ ਦਾ ਅਫ਼ਸੋਸ ਸਾਂਝਾ ਕਰਨ ਤੋਂ ਇਲਾਵਾ ਇਨ੍ਹਾਂ ਸਾਰੀਆਂ ਘਟਨਾਵਾਂ ਨੂੰ ਵੀ ਯਾਦ ਕਰੀਏ, ਜਿਨ੍ਹਾਂ ਲਈ ਜਿਊਂਦੇ ਜੀਅ ਕਦੇ ਵੀ ਮਹਾਰਾਣੀ ਮੁਆਫ਼ੀ ਨਹੀਂ ਮੰਗ ਸਕੀ ਤੇ ਅਜੇ ਤਕ ਬ੍ਰਿਟੇਨ ਨੇ ਇਨ੍ਹਾਂ ਦੇ ਲਈ ਜ਼ਿੰਮੇਵਾਰੀ ਨਹੀਂ ਲਈ।
ਨਾਲੋ- ਨਾਲ ਕਰਾਊਨ ਤੋਂ ਖਹਿੜਾ ਛੁਡਾਉਣ ਲਈ ਵੀ ਜ਼ੋਰਦਾਰ ਮੰਗ ਕੀਤੇ ਜਾਣ ਦੀ ਲੋਡ਼ ਹੈ । ਇਹ ਜ਼ਿਕਰਯੋਗ ਹੈ ਕਿ ਇਕ ਦਹਾਕੇ ਤੋਂ ਕੈਨੇਡਾ ਵਿਚ ਅਤੇ ਨਿਊਜ਼ੀਲੈਂਡ ਸਮੇਤ ਕਈ ਦੇਸ਼ਾਂ ਵਿੱਚ ਸੁਤੰਤਰਤਾ ਦੀ ਆਵਾਜ਼ ਉਠਾਈ ਹੈ। ਜ਼ੁਲਮ ਕਰਨ ਵਾਲਿਆਂ ਦੀ ਲੰਮੀ ਕਤਾਰ ਵਾਲੇ ਰਜਵਾੜਿਆਂ ਨੂੰ ਹੁਣ ਪਾਸੇ ਕੀਤਾ ਜਾਵੇ। ਮਹਾਰਾਣੀ ਐਲਿਜ਼ਬੈੱਥ ਦੀ ਮੌਤ ਤੋਂ ਬਾਅਦ ਉਸ ਦਾ ਪੁੱਤਰ ਚਾਰਲਸ ਸੁਭਾਵਕ ਹੀ ਇਹਨਾਂ ਸਮੂਹ ਮੁਲਕਾਂ ਦਾ ਸੰਵਿਧਾਨਕ ਮੁਖੀ ਬਣ ਗਿਆ ਹੈ, ਜੋ ਗ਼ੁਲਾਮੀ ਦਾ ਇਕ ਹੋਰ ਦੌਰ ਹੋਵੇਗਾ। ਹੁਣੇ ਤੋਂ ਹੀ ਇਸ ਦਾ ਵਿਰੋਧ ਸ਼ੁਰੂ ਕਰ ਦੇਣਾ ਚਾਹੀਦਾ ਹੈ। ਇਹ ਮੁਹਿੰਮ ਨੂੰ ਵਧੇਰੇ ਮਜ਼ਬੂਤ ਕੀਤਾ ਜਾਵੇ ਅਤੇ ਕਰਾਉਣ ਦੀ ਸੰਵਿਧਾਨਿਕ ਪ੍ਰਮੁੱਖਤਾ ਤਿਆਗ ਕੇ, ਸਿਆਸੀ ਗੁਲਾਮੀ ਤੋਂ ਛੁਟਕਾਰਾ ਪਾਇਆ ਜਾਵੇ।
ਕੋਆਰਡੀਨੇਟਰ
ਪੰਜਾਬੀ ਸਹਿਤ ਸਭਾ ਮੁੱਢਲੀ (ਰਜਿ)
ਐਬਟਸਫੋਰਡ ਬੀ ਸੀ ਕੈਨੇਡਾ

ਸ਼ਹੀਦੀ ਦਿਹਾੜੇ 'ਤੇ ਵਿਸ਼ੇਸ਼:  ਨਸਲਵਾਦ ਤੇ ਬਸਤੀਵਾਦ ਦੇ ਖ਼ਿਲਾਫ਼ ਸ਼ਹਾਦਤਾਂ ਦੇਣ ਵਾਲੇ ਗ਼ਦਰੀ ਯੋਧੇ ਸ਼ਹੀਦ ਭਾਈ ਭਾਗ ਸਿੰਘ ਤੇ ਸ਼ਹੀਦ ਭਾਈ ਬਤਨ ਸਿੰਘ - ਡਾ. ਗੁਰਵਿੰਦਰ ਸਿੰਘ

ਦੁਨੀਆਂ ਦੀਆਂ ਮਹਾਨ ਕੌਮਾਂ ਆਪਣੇ ਵਿਰਸੇ ਨੂੰ ਸੰਭਾਲਦੀਆਂ ਅਤੇ ਉਸ ਤੋਂ ਸੇਧ ਲੈ ਕੇ ਵਰਤਮਾਨ ਵਿਚ ਜੂਝਦੀਆਂ ਅਤੇ ਭਵਿੱਖ ਲਈ ਨਵੇਂ ਦਿਸਹੱਦੇ ਕਾਇਮ ਕਰਦੀਆਂ ਹਨ। ਸੰਸਾਰ ਪ੍ਰਸਿੱਧ ਲਿਖਾਰੀ ਰਸੂਲ ਹਮਜ਼ਾਤੋਵ 'ਮੇਰਾ ਦਾਗਿਸਤਾਨ' 'ਚ ਲਿਖਦਾ ਹੈ ਕਿ ਜੇਕਰ ਬੀਤੇ 'ਤੇ ਪਿਸਤੌਲ ਨਾਲ ਗੋਲ਼ੀ ਚਲਾਓਗੇ, ਤਾਂ ਭਵਿੱਖ ਤੁਹਾਨੂੰ ਤੋਪ ਨਾਲ ਫੁੰਡੇਗਾ। ਇਬਰਾਹਿਮ ਲਿੰਕਨ ਦਾ ਕਥਨ ਹੈ ਕਿ ਜਿਹੜੀਆਂ ਕੌਮਾਂ ਆਪਣੇ ਇਤਿਹਾਸ ਤੇ ਵਿਰਸੇ ਨੂੰ ਭੁੱਲ ਜਾਂਦੀਆਂ ਹਨ, ਉਹ ਭਵਿੱਖ ਵਿਚ ਕੁਝ ਵੀ ਨਹੀਂ ਸਿਰਜ ਸਕਦੀਆਂ। ਸਾਡੇ ਲਈ ਵੀ ਇਹ ਚਿੰਤਾ ਵਾਲੀ ਗੱਲ ਹੈ ਕਿ ਅਸੀਂ ਆਪਣਾ ਇਤਿਹਾਸ ਅਤੇ ਵਿਰਸਾ ਵਿਸਾਰਦੇ ਜਾ ਰਹੇ ਹਾਂ। ਅਜਿਹੀ ਹੀ ਇਕ ਇਤਿਹਾਸਕ ਗਾਥਾ, ਜੋ ਅਸੀਂ ਵਿਸਾਰ ਦਿੱਤੀ ਹੈ, ਆਓ ਉਸ ਦੀ ਸਾਂਝ ਪਾਉਂਦੇ ਹਾਂ।
           ਇਹ ਗੌਰਵਮਈ ਗਾਥਾ 5 ਸਤੰਬਰ 1914 ਈਸਵੀ ਦੀ ਹੈ। ਸਥਾਨ ਖ਼ਾਲਸਾ ਦੀਵਾਨ ਸੁਸਾਇਟੀ ਵੈਨਕੂਵਰ ਦਾ ਸੈਕਿੰਡ ਐਵੀਨਿਊ 'ਤੇ ਬਣਿਆ ਪਹਿਲਾ ਗੁਰਦੁਆਰਾ ਸੀ। ਸਮਾਂ ਸ਼ਾਮ ਦੇ ਕਰੀਬ ਸੱਤ ਵੱਜਣ 'ਚ ਕੁਝ ਕੁ ਮਿੰਟ ਬਾਕੀ ਸਨ। ਅਰਜਨ ਸਿੰਘ ਨਾਂ ਦੇ ਇੱਕ ਵਿਅਕਤੀ ਦੇ ਸਸਕਾਰ ਮਗਰੋਂ ਪਾਠ ਦਾ ਭੋਗ ਪੈ ਚੁੱਕਾ ਸੀ । ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਅਰਦਾਸ ਹੋਣ ਹੀ ਲੱਗੀ ਸੀ ਕਿ ਖ਼ਾਲਸਾ ਦੀਵਾਨ ਸੁਸਾਇਟੀ ਵੈਨਕੂਵਰ ਦੇ ਪ੍ਰਧਾਨ ਭਾਈ ਭਾਗ ਸਿੰਘ ਭਿੱਖੀਵਿੰਡ ਦੇ ਪਿੱਛੇ ਬੈਠੇ ਗ਼ੱਦਾਰ ਬੇਲਾ ਜਿਆਣ ਨੇ ਦੋਵਾਂ ਹੱਥਾਂ ਚ ਪਿਸਤੌਲ ਫੜ ਲਈ ਅਤੇ ਭਾਈ ਭਾਗ ਸਿੰਘ ਦੀ ਪਿੱਠ 'ਤੇ ਗੋਲੀਆਂ ਦੀ ਵਾਛੜ ਕਰ ਦਿੱਤੀ। ਇਹ ਵੇਖਦਿਆਂ ਸਾਰ ਹੀ ਅਰਦਾਸ 'ਚ ਖੜ੍ਹੇ ਇਕ ਹੋਰ ਯੋਧੇ ਭਾਈ ਬਤਨ ਸਿੰਘ ਦਲੇਲ ਸਿੰਘ ਵਾਲਾ ਨੇ ਜਾਨ ਦੀ ਪ੍ਰਵਾਹ ਨਾ ਕਰਦਿਆਂ, ਹਤਿਆਰੇ ਨੂੰ ਧੌਣੋਂ ਜਾ ਦਬੋਚਿਆ।  ਬੇਲਾ ਜਿਆਣ ਨੇ ਆਪਣਾ ਪਿਸਤੌਲ ਭਾਈ ਬਤਨ ਸਿੰਘ ਵੱਲ ਕਰ ਕੇ ਅੰਨ੍ਹੇਵਾਹ ਗੋਲੀਆਂ ਚਲਾ ਦਿੱਤੀਆਂ, ਜਿਨ੍ਹਾਂ 'ਚੋਂ ਚਾਰ ਗੋਲ਼ੀਆਂ ਬਤਨ ਸਿੰਘ ਦੇ ਲੱਗੀਆਂ। ਇਸ ਗੋਲ਼ੀਬਾਰੀ 'ਚ ਅੱਠ ਹੋਰ ਬੰਦੇ ਵੀ ਜ਼ਖਮੀ ਹੋ ਗਏ । ਹਮਲਾਵਰ ਨੂੰ ਬਤਨ ਸਿੰਘ ਵਲੋਂ ਫੜਨ ਕਰਕੇ, ਉਲਝੇ ਬੇਲੇ ਜਿਆਣ ਦਾ ਨਿਸ਼ਾਨੇ ਚੂਕ ਜਾਣ ਕਾਰਨ, ਮਹਾਨ ਯੋਧੇ ਭਾਈ ਬਲਵੰਤ ਸਿੰਘ ਖੁਰਦਪੁਰ ਦਾ ਬਚਾਅ ਹੋ ਗਿਆ, ਜੋ ਉਸ ਵੇਲੇ ਗੁਰਦੁਆਰੇ ਦੇ ਮੁੱਖ ਗ੍ਰੰਥੀ ਸਨ ਤੇ ਤਾਬਿਆਂ 'ਚ ਚੌਰ ਕਰ ਰਹੇ ਸਨ। ਜ਼ਖ਼ਮੀਆਂ ਨੂੰ ਹਸਪਤਾਲ ਪਹੁੰਚਾਇਆ ਗਿਆ, ਜਿਨ੍ਹਾਂ 'ਚੋਂ ਭਾਈ ਭਾਗ ਸਿੰਘ ਪਿੰਡ ਭਿੱਖੀਵਿੰਡ ਤੇ ਭਾਈ ਬਤਨ ਸਿੰਘ ਪਿੰਡ ਦਲੇਲ ਸਿੰਘ ਵਾਲਾ ਸ਼ਹੀਦੀ ਪਾ ਗਏ ਤੇ ਬਾਕੀਆਂ ਦਾ ਇਲਾਜ ਚੱਲਦਾ ਰਿਹਾ। ਹਤਿਆਰੇ ਬੇਲੇ ਜਿਆਣ ਨੂੰ ਚਾਹੇ ਗ੍ਰਿਫ਼ਤਾਰ ਵੀ ਕਰ ਲਿਆ, ਪਰ ਮਗਰੋਂ ਸਰਕਾਰੀ ਮੁਖ਼ਬਰ ਹੋਣ ਕਰ ਕੇ ਉਸ ਨੂੰ ਰਿਹਾਅ ਕਰਕੇ ਭਾਰਤ ਭੇਜ ਦਿੱਤਾ, ਜਿੱਥੇ 19 ਸਾਲ ਮਗਰੋਂ ਬੱਬਰ ਅਕਾਲੀ ਭਾਈ ਹਰੀ ਸਿੰਘ ਸੂੰਢ ਨੇ ਸਾਥੀਆਂ ਸਮੇਤ,  ਬੇਲਾ ਜਿਆਣ ਉਸ ਦੇ ਜੱਦੀ ਪਿੰਡ ਨੇੜੇ ਹੀ 9 ਦਸੰਬਰ 1933 ਨੂੰ ਸੋਧਿਆ। 108 ਵਰ੍ਹੇ ਪਹਿਲਾਂ ਕੈਨੇਡਾ ਦੀ ਧਰਤੀ 'ਤੇ ਗੁਰਦੁਆਰਾ ਸਾਹਿਬ ਵਿਖੇ ਵਾਪਰੀ ਇਹ ਕੋਈ ਸਾਧਾਰਨ ਘਟਨਾ ਨਹੀਂ , ਸਗੋਂ ਉੱਤਰੀ ਅਮਰੀਕਾ ਦੇ ਇਤਿਹਾਸ 'ਚ ਗੁਰਦੁਆਰੇ ਅੰਦਰ ਪਾਈਆਂ ਗਈਆਂ ਸ਼ਹੀਦੀਆਂ ਦੀ ਤਰਜਮਾਨੀ ਕਰਦਾ ਗੌਰਵਮਈ  ਇਤਿਹਾਸਕ ਅਧਿਆਇ ਹੈ, ਜਿਸ ਵਿੱਚ ਕੈਨੇਡਾ ਦੇ ਮੋਢੀ ਸਿੱਖ ਸ਼ਹੀਦਾਂ ਦੀ ਕੁਰਬਾਨੀ ਅੰਕਤ ਹੈ।
        ਸ਼ਹੀਦ ਭਾਈ ਭਾਗ ਸਿੰਘ ਭਿੱਖੀਵਿੰਡ ਜ਼ਿਲ੍ਹਾ ਅੰਮ੍ਰਿਤਸਰ ਨਾਲ ਸਬੰਧ ਸਨ, ਜਿਹਨਾਂ ਕੈਨੇਡਾ ਆ ਕੇ ਜਿੱਥੇ ਖਾਲਸਾ ਦੀਵਾਨ ਸੁਸਾਇਟੀ ਦੀ ਸਥਾਪਨਾ 'ਚ ਮੁੱਖ ਭੂਮਿਕਾ ਨਿਭਾਈ, ਉਥੇ ਗ਼ਦਰ ਲਹਿਰ ਦੇ ਸੰਘਰਸ਼ ਵਿਚ ਵੀ ਮਹਾਨ ਆਗੂ ਵਜੋਂ ਉੱਭਰੇ। ਉਨ੍ਹਾਂ ਬਸਤੀਵਾਦ ਅਤੇ ਨਸਲਵਾਦ ਖ਼ਿਲਾਫ਼ ਜ਼ੋਰਦਾਰ ਆਵਾਜ਼ ਉਠਾਈ ਅਤੇ ਕੈਨੇਡਾ ਦੀ ਧਰਤੀ ਤੋਂ ਮੋੜੇ ਗਏ 'ਗੁਰੂ ਨਾਨਕ ਜਹਾਜ਼' ਕੌਮਾਗਾਟਾਮਾਰੂ ਦੇ ਮੁਸਾਫ਼ਰਾਂ ਦੇ ਹੱਕ ਵਿੱਚ ਅਗਵਾਈ ਕੀਤੀ। ਇਸ ਤੋਂ ਇਲਾਵਾ ਕੈਨੇਡਾ 'ਚੋਂ ਭਾਰਤੀਆਂ ਨੂੰ ਕੱਢ ਕੇ ਹੋਂਡੂਰਸ ਭੇਜਣ ਦੀ ਕਾਰਵਾਈ ਦਾ ਵਿਰੋਧ ਕਰਨਾ, ਸਾਬਕਾ ਬਰਤਾਨਵੀ ਫ਼ੌਜੀਆਂ ਦੇ  ਤਮਗੇ,ਇਨਸਿਗਨੀਆ ਆਦਿ ਅੱਗ ਵਿੱਚ ਸੜਨਾ ਅਤੇ ਬਰਤਾਨੀਆ ਦੇ ਬਾਦਸ਼ਾਹ ਜਾਰਜ ਪੰਜਵੇਂ ਦੀ ਤਾਜਪੋਸ਼ੀ ਦੇ ਸਮਾਗਮਾਂ ਦਾ ਵਿਰੋਧ ਆਦਿ ਦਲੇਰਾਨਾ ਕਾਰਜ ਭਾਈ ਭਾਗ ਸਿੰਘ ਜੀ ਦੀ ਅਗਵਾਈ ਵਿੱਚ ਹੀ ਹੋਏ।
        ਸ਼ਹੀਦ ਭਾਈ ਬਤਨ ਸਿੰਘ ਦਲੇਲ ਸਿੰਘ ਵਾਲਾ ਪਿੰਡ ਨਾਲ ਸਬੰਧਤ ਸਨ, ਜਿਹਨਾਂ ਕੈਨੇਡਾ ਵਿਚਲੇ ਨਸਲਵਾਦ ਅਤੇ ਭਾਰਤ ਵਿਚਲੇ ਬਸਤੀਵਾਦ ਖ਼ਿਲਾਫ਼ ਇਨਕਲਾਬੀ ਸਰਗਰਮੀਆਂ ਜਾਰੀ ਰੱਖੀਆਂ ਅਤੇ ਮਗਰੋਂ ਸ਼ਹੀਦੀ ਪਾਈ।ਕਈ ਇਤਿਹਾਸਕਾਰਾਂ ਨੇ ਆਪ ਦਾ ਨਾਂ ਬਦਨ ਸਿੰਘ ਲਿਖਿਆ ਹੈ, ਜਦਕਿ ਆਪ ਦਾ ਸਹੀ ਨਾਂ ਬਤਨ ਸਿੰਘ, ਭਾਵ ਵਤਨ, ਦੇਸ਼ ਸ਼ਬਦ ਤੋਂ ਹੈ। ਖ਼ੈਰ ਨਾਂ  ਤੋਂ ਵੀ ਵੱਡੀ ਗੱਲ ਇਹ ਹੈ ਕਿ ਉਨ੍ਹਾਂ ਜਿੱਥੇ ਸ਼ਹਾਦਤ ਵਤਨ ਲਈ ਦਿੱਤੀ, ਉੱਥੇ ਆਪਣਾ ਬਦਨ ਭਾਵ ਤਨ ਕੌਮ ਲਈ ਸਮਰਪਿਤ ਕਰ ਦਿੱਤਾ। ਦੁਖਦਾਈ ਗੱਲ ਇਹ ਹੈ ਕਿ ਇਨ੍ਹਾਂ ਯੋਧਿਆਂ ਦੀਆਂ ਸ਼ਹਾਦਤਾਂ ਬਾਰੇ ਅਸੀਂ ਪੂਰੀ ਤਰ੍ਹਾਂ ਅਣਜਾਣ ਹਾਂ।  ਸ਼ਹੀਦ ਭਾਈ ਭਾਗ ਸਿੰਘ ਤੇ ਸ਼ਹੀਦ ਭਾਈ ਬਤਨ ਸਿੰਘ ਦੀਆਂ ਸ਼ਹੀਦੀਆਂ ਦੀ ਇਹ ਇਤਿਹਾਸਕ ਵਾਰਤਾ ਸਾਡੇ ਮਨਾਂ ਵਿੱਚੋਂ ਵਿਸਰ ਚੁੱਕੀ ਹੈ, ਹਾਲਾਂਕਿ ਇਨ੍ਹਾਂ ਸ਼ਹਾਦਤਾਂ ਮਗਰੋਂ  ਮਹਾਨ ਗ਼ਦਰੀ ਯੋਧੇ ਅਤੇ ਵਿਸ਼ਵਾਸੀ ਸਿੱਖ ਭਾਈ ਮੇਵਾ ਸਿੰਘ ਲੋਪੋਕੇ ਨੇ 21 ਅਕਤੂਬਰ 1914 ਈਸਵੀ ਨੂੰ ਵੈਨਕੂਵਰ ਦੀ ਕਚਹਿਰੀ 'ਚ ਅੰਗਰੇਜ਼- ਭਾਰਤੀ ਵਿਲੀਅਮ ਹੌਪਕਿਨਸਨ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਸੀ ਤੇ 11 ਜਨਵਰੀ 1915 ਨੂੰ ਹਸਦਿਆਂ ਫਾਂਸੀ ਦਾ ਰੱਸਾ ਚੁੰਮ ਕੇ ਸ਼ਹੀਦੀ ਪਾਈ ਸੀ।      ਇਹ ਯੋਧੇ ਜਿੱਥੇ ਸਿੱਖ ਕੌਮ ਦੇ ਸ਼ਹੀਦ ਹਨ, ਉੱਥੇ ਹੀ ਗ਼ਦਰ ਲਹਿਰ ਨਾਲ ਸਬੰਧਿਤ ਮਹਾਨ ਸੂਰਬੀਰ ਵੀ ਹਨ, ਜਿਨ੍ਹਾਂ ਨੇ ਕੈਨੇਡਾ ਦੀ ਧਰਤੀ ਤੇ ਆ ਕੇ ਦੌਲਤ -ਸ਼ੋਹਰਤ ਕਮਾਉਣ ਦੀ ਥਾਂ ਦੇਸ- ਕੌਮ ਦੀ ਸੇਵਾ ਨੂੰ ਪਹਿਲ ਦਿੱਤੀ। ਇਨ੍ਹਾਂ ਸ਼ਹੀਦਾਂ ਨੇ ਘਰ-ਬਾਰ ਉਜਾੜ ਕੇ ਕੌਮੀ ਘਰ ਬਣਾਉਣ ਲਈ ਹਰ ਕੁਰਬਾਨੀ ਦਿੱਤੀ।
        ਸ਼ਹੀਦ ਭਾਈ ਭਾਗ ਸਿੰਘ ਆਪਣੇ ਕੇਵਲ 32 ਮਹੀਨਿਆਂ ਦੇ ਪੁੱਤਰ ਜੋਗਿੰਦਰ ਸਿੰਘ ਸਣੇ ਅਮਰੀਕਾ ਦੀ ਸੂਮਸ ਜੇਲ 'ਚ ਬੰਦ ਹੋੇਏ ਅਤੇ ਮਗਰੋਂ ਆਜ਼ਾਦੀ ਅਤੇ ਇਨਸਾਫ਼ ਲਈ ਜਾਨ ਵੀ ਕੁਰਬਾਨ ਕਰ ਦਿੱਤੀ। ਭਾਈ ਬਤਨ ਸਿੰਘ ਨੇ ਗੋਲ਼ੀਆਂ ਵਰ੍ਹਾ ਰਹੇ ਸਰਕਾਰੀ ਮੁਖਬਰ ਬੇਲੇ ਨੂੰ ਧੌਣ ਤੋਂ ਧੂਹ ਕੇ, ਖੁਦ ਮੌਤ ਨੂੰ ਸੱਦਾ ਦਿੱਤਾ। ਸ਼ਹੀਦ ਭਾਈ ਮੇਵਾ ਸਿੰਘ ਨੇ ਇਨ੍ਹਾਂ ਦੇ ਦੋਸ਼ੀ ਵਿਲੀਅਮ ਹੌਪਕਿਨਸਨ ਨੂੰ ਸੋਧਣ ਲਈ ਹਥਿਆਰ ਚੁੱਕਿਆ ਤੇ ਲਾੜੀ ਮੌਤ ਨਾਲ ਵਿਆਹ ਸਜਾਇਆ। ਅੱਜ ਕੈਨੇਡਾ-ਅਮਰੀਕਾ ਅੰਦਰ ਅਸੀਂ ਜਿਸ ਆਜ਼ਾਦੀ ਦਾ ਨਿੱਘ ਮਾਣ ਰਹੇ ਹਾਂ, ਉਸ ਦੇ ਸੰਕਲਪ ਪਿੱਛੇ ਇਨ੍ਹਾਂ ਯੋਧਿਆਂ ਦਾ ਡੁੱਲ੍ਹਿਆ ਲਹੂ ਹੀ ਹੈ।  ਦੂਜੇ ਪਾਸੇ ਭਾਰਤ ਵਿੱਚੋਂ ਫਿਰੰਗੀਆਂ ਨੂੰ ਕੱਢਣ ਲਈ ਜਿਹਨਾਂ ਨੇ ਖ਼ੂਨ ਦਾ ਕਤਰਾ- ਕਤਰਾ ਵਹਾ ਦਿੱਤਾ, ਉਹ ਇਹੀ ਗ਼ਦਰੀ ਯੋਧੇ ਅਤੇ ਸ਼ਹੀਦ ਸਨ।
     ਅੱਜ ਲਾਲ ਕਿਲੇ 'ਤੇ ਜਿਹੜਾ ਝੰਡਾ ਝੁੱਲਦਾ ਹੈ, ਉਸ ਦੀਆਂ ਨੀਂਹਾਂ 'ਚ ਵੀ ਗਦਰੀ ਬਾਬਿਆਂ ਦੀਆਂ ਮਾਸ ਤੇ ਹੱਡੀਆਂ ਮੌਜੂਦ ਹਨ, ਹਾਲਾਂਕਿ ਇਨ੍ਹਾਂ ਮਹਾਨ ਯੋਧਿਆਂ ਦੀਆਂ ਕੁਰਬਾਨੀਆਂ ਨੂੰ ਅੱਜ ਦੇ ਫਾਸ਼ੀਵਾਦੀ ਹਾਕਮਾਂ ਨੇ ਮੂਲੋਂ ਹੀ ਵਿਸਾਰ ਦਿੱਤਾ ਹੈ। ਕੈਨੇਡਾ ਅਤੇ ਅਮਰੀਕਾ ਦੀ ਧਰਤੀ ਤੇ ਸੰਘਰਸ਼ ਕਰਨ ਵਾਲੇ ਗਦਰ ਲਹਿਰ ਦੇ ਯੋਧਿਆਂ ਦੀਆਂ, ਆਜ਼ਾਦੀ ਦੇ ਸੰਘਰਸ਼ ਵਿਚ ਵਡਮੁੱਲੀਆਂ   ਮਹਾਨ ਕੁਰਬਾਨੀਆਂ ਹਨ। ਵਿਚਾਰਨ ਵਾਲੀ ਗੱਲ ਇਹ ਹੈ ਕਿ ਇਨ੍ਹਾਂ ਗ਼ਦਰੀ ਯੋਧਿਆਂ ਦੇ ਸ਼ਹੀਦੀ ਦਿਹਾੜੇ ਭਾਰਤ ਵਿੱਚ ਕਿਉਂ ਨਹੀਂ ਮਨਾਏ ਜਾਂਦੇ ? ਕੀ ਇਹ ਸ਼ਹੀਦ ਕੇਵਲ ਕੈਨੇਡਾ ਦੇ ਹੀ ਸ਼ਹੀਦ ਹਨ, ਭਾਰਤ ਨੂੰ ਇਨ੍ਹਾਂ ਯੋਧਿਆਂ ਦੇ ਸ਼ਹੀਦੀ ਦਿਵਸ ਰਾਸ਼ਟਰੀ ਪੱਧਰ ਤੇ ਨਹੀਂ ਮਨਾਉਣੇ ਚਾਹੀਦੇ? ਅੱਜ ਪੰਜਾਬ 'ਚ ਖਾਸ ਕਰਕੇ ਅਤੇ ਭਾਰਤ 'ਚ ਆਮ ਕਰਕੇ ਇਨ੍ਹਾਂ ਸ਼ਹੀਦਾਂ ਬਾਰੇ ਲੋਕਾਂ ਨੂੰ ਇਤਿਹਾਸਕ ਜਾਣਕਾਰੀ ਕਿਉਂ ਨਹੀਂ ਦਿੱਤੀ ਜਾ ਰਹੀ? ਕਿਹੜੀ ਯੂਨੀਵਰਸਿਟੀ ਦੇ ਇਤਿਹਾਸ ਵਿਭਾਗ 'ਚ ਇਨ੍ਹਾਂ ਦੀਆਂ ਜੀਵਨੀਆਂ ਬਾਰੇ ਪੜ੍ਹਾਇਆ ਕੀਤਾ ਜਾਂਦਾ ਹੈ ?
        ਪੰਜਾਬ ਸਕੂਲ ਸਿੱਖਿਆ ਬੋਰਡ ਦੀ ਕਿਹੜੀ ਜਮਾਤ ਦੇ ਸਿਲੇਬਸ 'ਚ ਇਨ੍ਹਾਂ ਨਾਲ ਸੰਬੰਧਤ ਪਾਠਕ੍ਰਮ ਸ਼ਾਮਿਲ ਹੈ? ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਕਿਤਾਬਾਂ 'ਚ ਉਚੇਰੇ ਰੂਪ 'ਚ ਮੋਢੀ ਸਿੱਖ ਸ਼ਹੀਦਾਂ ਦੀਆਂ ਬਾਹਰਲੇ ਦੇਸ਼ਾਂ 'ਚ ਕੀਤੀਆਂ ਕੁਰਬਾਨੀਆਂ ਬਾਰੇ ਕਿੰਨਾ ਕੁ ਜ਼ਿਕਰ ਮਿਲਦਾ ਹੈ ? ਪੰਜਾਬ ਸਰਕਾਰ ਨੇ ਮਹਾਨ ਗ਼ਦਰੀ ਯੋਧਿਆਂ ਦੀਆਂ ਸ਼ਹੀਦੀਆਂ ਦੇ ਦਿਹਾੜੇ ਮਨਾਉਣ ਦਾ ਕਦੇ ਕੋਈ ਸੰਕਲਪ ਲਿਆ ਹੈ ?  ਜੇਕਰ ਉਕਤ ਸਾਰੇ ਸੁਆਲਾਂ ਦਾ ਜਵਾਬ 'ਨਾਂਹ' ਵਿੱਚ ਹੈ, ਤਾਂ ਭਾਰਤ ਜਾਂ ਪੰਜਾਬ ਦੀਆਂ ਸਰਕਾਰਾਂ, ਕੇਂਦਰੀ ਸਿੱਖ ਸੰਸਥਾਵਾਂ ਅਤੇ ਦੇਸ਼ ਭਗਤਾਂ ਦੇ ਨਾਂ ਵੇਚਣ ਵਾਲੀਆਂ ਅਖੌਤੀ ਸੱਭਿਆਚਾਰਕ ਸੰਸਥਾਵਾਂ ਆਦਿ ਸਾਰੇ   ਦੋਸ਼ੀ ਹਨ। ਚਾਹੀਦਾ ਇਹ ਹੈ ਕਿ ਆਜ਼ਾਦੀ ਦੇ ਸੰਘਰਸ਼ ਲਈ ਸ਼ਹੀਦੀਆਂ ਪਾਉਣ ਵਾਲੇ ਗਦਰੀ ਯੋਧਿਆਂ ਦੇ ਇਤਿਹਾਸ ਨਵੇਂ ਸਿਰਿਓਂ ਸਹੀ ਅਤੇ ਤੱਥਾਂ ਅਧਾਰਤ ਲਿਖਵਾਏ ਜਾਣ। ਕੈਨੇਡਾ ਅਮਰੀਕਾ ਭਾਰਤ ਵਿਚ ਸਥਾਪਤ ਕੀਤੀਆਂ ਗਈਆਂ ਭਾਰਤੀ ਅੰਬੈਸੀਆਂ 'ਚ ਸ਼ਹੀਦ ਮੇਵਾ ਸਿੰਘ ਸ਼ਹੀਦ ਭਾਗ ਸਿੰਘ ਤੇ ਸ਼ਹੀਦ ਬਤਨ ਸਿੰਘ ਸਣੇ ਸ਼ਹੀਦੀਆਂ ਪਾਉਣ ਵਾਲੇ ਯੋਧਿਆਂ ਦੀਆਂ ਤਸਵੀਰਾਂ ਲੱਗਣ, ਨਾ ਕਿ 'ਚੀਚੀ 'ਤੇ ਲਹੂ' ਲਗਾ ਕੇ ਸ਼ਹੀਦ ਅਖਵਾਉਣ ਵਾਲਿਆਂ ਦੀਆਂ ਫੋਟੋਆਂ ਸਜਾਈਆਂ ਜਾਣ। ਤਸਵੀਰਾਂ ਲਾਉਣ ਤੋਂ ਵੀ ਵੱਡੀ ਗੱਲ ਕਿ ਉਨ੍ਹਾਂ ਦੀ ਸੋਚ 'ਤੇ ਪਹਿਰਾ ਦਿੱਤਾ ਜਾਵੇ, ਜੋ ਕਿ ਨਹੀਂ ਦਿੱਤਾ ਜਾ ਰਿਹਾ ਅਤੇ ਜਿਸ ਨਾਲ ਲਗਾਤਾਰ ਖਿਲਵਾੜ ਹੋ ਰਿਹਾ ਹੈ।  
      ਹਰ ਜਾਗਰੂਕ ਲੇਖਕ, ਪੱਤਰਕਾਰ, ਬੁੱਧੀਜੀਵੀ ਤੇ ਇਤਿਹਾਸਕਾਰ ਨੂੰ ਵੀ ਇਨ੍ਹਾਂ ਗ਼ਦਰੀ ਸ਼ਹੀਦ ਯੋਧਿਆਂ ਬਾਰੇ ਨਾਟਕ, ਲੇਖ, ਕਵਿਤਾਵਾਂ ਤੇ ਖੋਜ ਪੁਸਤਕਾਂ ਤਿਆਰ ਕਰਕੇ ਆਪੋ-ਆਪਣਾ ਯੋਗਦਾਨ ਪਾਉਣ ਦੀ ਲੋੜ ਹੈ। ਇਹ ਯਾਦ ਰੱਖਣ ਵਾਲੀ ਗੱਲ ਹੈ ਕਿ ਸ਼ਹੀਦ ਭਾਈ ਭਾਗ ਸਿੰਘ ਅਤੇ ਸ਼ਹੀਦ ਭਾਈ ਬਤਨ ਸਿੰਘ ਨੇ ਕੌਮ ਦੇ ਸੁਨਿਹਰੀ ਭਵਿੱਖ ਲਈ ਆਪਣਾ ਵਰਤਮਾਨ ਕੁਰਬਾਨ ਕੀਤਾ। ਅਫਸੋਸ ਇਸ ਗੱਲ ਦਾ ਵੀ ਹੈ ਕਿ ਜਿਸ ਅਸਥਾਨ  ਗੁਰਦੁਆਰਾ ਖਾਲਸਾ ਦੀਵਾਨ ਸੁਸਾਇਟੀ 'ਸੈਕਿੰਡ ਐਵਨਿਊ' ਵੈਨਕੂਵਰ ਵਿਖੇ, ਇਨ੍ਹਾਂ ਸਿੱਖ ਸੂਰਬੀਰਾਂ ਦੀ ਸ਼ਹੀਦੀ ਹੋਈ, ਉਸ ਇਤਿਹਾਸਕ ਜਗ੍ਹਾ ਨੂੰ ਵੀ ਗ਼ੈਰ-ਜ਼ਿੰਮੇਵਾਰ ਅਤੇ ਬੁੱਧੀਹੀਣ ਪ੍ਰਬੰਧਕਾਂ ਨੇ ਸੱਤਰਵਿਆਂ ਵਿੱਚ ਵੇਚ ਛੱਡਿਆ। ਇਹ ਨਾ ਪੂਰਾ ਹੋਣ ਵਾਲਾ ਘਾਟਾ ਹੈ ਅਤੇ ਇਤਿਹਾਸ ਉਸ ਮੌਕੇ ਦੇ ਗੁਮਰਾਹ ਆਗੂਆਂ ਦੀ ਇਸ ਗੁਸਤਾਖੀ ਲਈ ਉਨ੍ਹਾਂ ਨੂੰ ਸਦਾ ਲਾਹਨਤਾਂ ਪਾਉਂਦਾ ਰਹੇਗਾ। ਮਹਾਨ ਸ਼ਹੀਦ ਭਾਈ ਭਾਗ ਸਿੰਘ ਭਿੱਖੀਵਿੰਡ ਅਤੇ ਭਾਈ ਬਤਨ ਸਿੰਘ ਦਲੇਲ ਸਿੰਘ ਵਾਲਾ ਨੇ ਸਥਾਪਤੀ ਖ਼ਿਲਾਫ਼ ਸ਼ਹੀਦੀਆਂ ਪਾਈਆਂ ਸਨ ਅਤੇ ਅਜੋਕੇ ਸਮੇਂ ਵੀ ਫਾਸ਼ੀਵਾਦੀ ਤਾਕਤਾਂ ਖ਼ਿਲਾਫ਼ ਇਕਮੁੱਠ ਹੋ ਕੇ ਲੜਨ ਦੀ ਲੋੜ ਹੈ। ਅੱਜ ਦਾ ਸਮਾਂ ਉਸ ਤੋਂ ਵੀ ਭਿਆਨਕ ਹੈ ਕਿਉਂਕਿ ਅੱਜ ਦੀ ਸਰਕਾਰ ਫਾਸ਼ੀਵਾਦ ਅਤੇ ਮਨੂੰਵਾਦ ਦੇ ਢਹੇ ਚੜ੍ਹ ਕੇ ਘੱਟ ਗਿਣਤੀਆਂ ਤੇ ਜ਼ੁਲਮ ਢਾਹ ਰਹੀ ਹੈ, ਉਸ ਖ਼ਿਲਾਫ਼ ਇਨ੍ਹਾਂ ਮਹਾਨ ਯੋਧਿਆਂ ਦੀ ਸੋਚ ਅਪਣਾਉਂਦਿਆਂ ਹੋਇਆ ਸੰਘਰਸ਼ ਕਰਨਾ ਹਰ ਸੁਚੇਤ ਵਿਅਕਤੀ ਦਾ ਫਰਜ਼ ਬਣਦਾ ਹੈ।    

Email : singhnewscanada@gmail.com
ਫੋਨ: 604 825 1550
ਕੋਆਰਡੀਨੇਟਰ, ਪੰਜਾਬੀ ਸਹਿਤ ਸਭਾ ਮੁਢਲੀ
ਐਬਟਸਫੋਰਡ, ਬੀ ਸੀ ਕੈਨੇਡਾ 

"ਕਿੰਨਾ ਹੈ ਮਹਾਨ ਦੇਸ਼ ਉਦੋਂ ਪਤਾ ਲੱਗਿਆ; ਡੂੰਘਾ ਮੇਰੀ ਹਿੱਕ 'ਚ ਤਿਰੰਗਾ ਗਿਆ ਗੱਡਿਆ" - ਡਾ ਗੁਰਵਿੰਦਰ ਸਿੰਘ

ਭਾਰਤ ਦੀ ਬੀਜੇਪੀ ਸਰਕਾਰ ਵੱਲੋਂ 'ਆਜ਼ਾਦੀ ਦੇ 75ਵੇਂ ਅੰਮ੍ਰਿਤ ਮਹਾਂਉਤਸਵ' ਮਨਾਏ ਜਾ ਰਹੇ ਹਨ। ਇਸੇ ਅਧੀਨ ਸਰਕਾਰ ਦੇ ਹੁਕਮਾਂ ਅਨੁਸਾਰ 'ਹਰ ਘਰ ਤਿਰੰਗਾ' ਲਹਿਰਾਉਣ ਦਾ ਪ੍ਰਚਾਰ ਕੀਤਾ ਜਾ ਰਿਹਾ ਹੈ। ਇਸ ਪ੍ਰਸੰਗ ਵਿੱਚ ਆਰ.ਐਸ.ਐਸ. ਦੇ ਮੈਗਜ਼ੀਨ 'ਆਰਗੇਨਾਈਜ਼ਰ' ਰਾਹੀਂ ਹਿੰਦੂਤਵੀ ਤਾਕਤਾਂ ਦੇ ਅਸਲੀ ਚਿਹਰੇ ਦੀ ਸੱਚਾਈ ਸਾਂਝੀ ਕਰ ਰਹੇ ਹਾਂ। ਗੱਲ 14 ਅਗਸਤ 1947 ਦੀ ਹੈ। ਭਾਰਤ ਵਿੱਚ ਆਜ਼ਾਦੀ ਦੀ ਲਹਿਰ ਨਾਲ ਧ੍ਰੋਹ ਕਮਾਉਂਦੇ ਹੋਏ ਸਾਵਰਕਰ ਰਾਹੀਂ ਅੰਗਰੇਜ਼ ਹਕੂਮਤ ਤੋਂ ਵਾਰ-ਵਾਰ ਮਾਫੀਆਂ ਮੰਗਣ ਵਾਲੀ ਜਥੇਬੰਦੀ ਰਾਸ਼ਟਰੀ ਸਵੈਮ ਸੇਵਕ ਸੰਘ ਦੇ ਪੱਤਰ 'ਆਰਗੇਨਾਈਜ਼ਰ' ਵਿਚ ਇਕ ਵਿਸ਼ੇਸ਼ ਲੇਖ ਪ੍ਰਕਾਸ਼ਤ ਕੀਤਾ ਗਿਆ। ਆਰ.ਐਸ.ਐਸ. ਦੇ ਆਗੂ ਗੋਲਵਰਕਰ ਨੇ ਲੇਖ ਰਾਹੀਂ ਭਾਰਤ ਦੇ ਰਾਸ਼ਟਰੀ ਝੰਡੇ ਤਿਰੰਗੇ ਦੀ ਸਖਤ ਸ਼ਬਦਾਂ ਵਿਚ ਆਲੋਚਨਾ ਕੀਤੀ। ਸੰਘ ਵੱਲੋਂ ਇਹ ਵੀ ਕਿਹਾ ਗਿਆ ਕਿ ਭਾਰਤ ਨੂੰ 'ਤਿਰੰਗੇ' ਦੀ ਲੋੜ ਨਹੀਂ, ਕਿਉਂਕਿ ਇਸ ਹਿੰਦੂ ਰਾਸ਼ਟਰ ਕੋਲ ਪਹਿਲਾਂ ਹੀ ਆਪਣਾ ਝੰਡਾ ਹੈ ਅਤੇ ਉਸੇ ਨੂੰ ਵਰਤਣਾ ਚਾਹੀਦਾ ਸੀ, ਪਰ ਸਿਆਸੀ ਲੋਕਾਂ ਨੇ ਤਿਰੰਗੇ ਨੂੰ ਰਾਸ਼ਟਰੀ ਝੰਡਾ ਬਣਾ ਕੇ ਵੱਡੀ ਗਲਤੀ ਕੀਤੀ ਹੈ। ਦਿਲਚਸਪ ਗੱਲ ਇਹ ਹੈ ਕਿ ਅੱਜਕੱਲ੍ਹ ਸੰਘ ਬਰਗੇਡ ਦੀ ਰਾਸ਼ਟਰੀ ਝੰਡੇ ਤਿਰੰਗੇ ਪ੍ਰਤੀ ਸੋਚ ਗਿਰਗਿਟ ਵਾਂਗੂ ਰੰਗ ਬਦਲ ਰਹੀ ਹੈ ਅਤੇ ਅੰਨ੍ਹੇ-ਰਾਸ਼ਟਰਵਾਦ ਰਾਹੀਂ ਲੋਕਾਂ ਨੂੰ ਗੁੰਮਰਾਹ ਕਰ ਰਹੀ ਹੈ।
ਖ਼ੁਦ ਨੂੰ ਵੱਡੇ ਦੇਸ਼ ਭਗਤ ਸਾਬਤ ਕਰਨ ਲਈ ਆਰ.ਐੱਸ.ਐੱਸ-ਭਾਜਪਾ ਦੀ ਹਕੂਮਤ ਨੇ 'ਆਜ਼ਾਦੀ ਦੇ ਅੰਮ੍ਰਿਤ ਮਹਾਂਉਤਸਵ' ਦੇ ਮੌਕੇ 13 ਤੋਂ 15 ਅਗਸਤ ਤੱਕ ਦੇਸ਼ ਦੇ ਹਰ ਘਰ ਉੱਪਰ ਤਿਰੰਗੇ ਝੰਡੇ ਲਹਿਰਾਉਣ ਦਾ ਫ਼ੁਰਮਾਨ ਜਾਰੀ ਕੀਤਾ ਹੈ। ਇਸ ਨੂੰ 'ਹਰ ਘਰ ਤਿਰੰਗਾ' ਮੁਹਿੰਮ ਦਾ ਨਾਮ ਦਿੱਤਾ ਗਿਆ ਹੈ। ਸਕੂਲਾਂ, ਕਾਲਜਾਂ, ਦਫ਼ਤਰਾਂ, ਪਿੰਡਾਂ, ਸ਼ਹਿਰਾਂ, ਘਰਾਂ ਆਦਿ ਵਿਚ ਥਾਂ- ਥਾਂ ਤੇ ਧੱਕੇ ਨਾਲ ਤਿਰੰਗਾ' ਲਹਿਰਾਉਣ ਦੇ ਹੁਕਮ ਦਿੱਤੇ ਗਏ ਹਨ। ਇਤਰਾਜ਼ਯੋਗ ਗੱਲ ਇਹ ਹੈ ਕਿ ਤਿਰੰਗੇ ਪ੍ਰਤੀ ਅਜਿਹਾ ਪਿਆਰ ਕੁਦਰਤੀ ਭਾਵਨਾ ਅਧੀਨ ਨਾ ਹੋ ਕੇ, ਜਬਰੀ ਥੋਪਿਆ ਜਾ ਰਿਹਾ ਹੈ। ਪੀਪਲਜ਼ ਡੈਮੋਕਰੇਟਿਕ ਪਾਰਟੀ ਦੀ ਪ੍ਰਧਾਨ ਮਹਿਬੂਬਾ ਮੁਫਤੀ ਨੇ ਤਾਂ ਇਥੋਂ ਤਕ ਕਿਹਾ ਹੈ ਕਿ ਜੰਮੂ ਕਸ਼ਮੀਰ ਦੇ ਪ੍ਰਸ਼ਾਸਨ ਵੱਲੋਂ ਵਿਦਿਆਰਥੀਆਂ, ਦੁਕਾਨਦਾਰਾਂ ਅਤੇ ਕਰਮਚਾਰੀਆਂ ਨੂੰ ਕੌਮੀ ਝੰਡਾ ਲਹਿਰਾਉਣ ਲਈ ਜਬਰੀ ਵੀਹ ਰੁਪਏ ਦੀ ਭੁਗਤਾਨ ਕਰਨ ਵਾਸਤੇ ਮਜਬੂਰ ਕੀਤਾ ਜਾ ਰਿਹਾ ਹੈ, ਜਿਸ ਤੋਂ ਇਉਂ ਲੱਗਦਾ ਹੈ ਜਿਵੇਂ ਕਸ਼ਮੀਰ ਦੁਸ਼ਮਣ ਦਾ ਇਲਾਕਾ ਹੋਵੇ, ਜਿਸ ਤੇ ਕਬਜ਼ਾ ਕਰਨ ਦੀ ਲੋੜ ਹੈ। ਭਾਜਪਾ ਦੇ ਆਪਣੇ ਸੰਸਦ ਮੈਂਬਰ ਵਰੁਣ ਗਾਂਧੀ ਨੇ ਇਕ ਵੀਡੀਓ ਸਾਂਝੀ ਕਰਦਿਆਂ ਕਿਹਾ ਹੈ ਕਿ ਗਰੀਬ ਰਾਸ਼ਨ ਕਾਰਡ ਧਾਰਕਾਂ ਨੂੰ ਜਾਂ ਤਾਂ ਤਿਰੰਗਾ ਖ਼ਰੀਦਣ ਲਈ ਮਜਬੂਰ ਕੀਤਾ ਜਾ ਰਿਹਾ ਹੈ ਜਾਂ ਉਸ ਦੇ ਬਦਲੇ ਉਨ੍ਹਾਂ ਦੇ ਹਿੱਸੇ ਦਾ ਰਾਸ਼ਨ ਕੱਟਿਆ ਜਾ ਰਿਹਾ ਹੈ। 'ਹਰ ਘਰ ਤਿਰੰਗਾ' ਮੁਹਿੰਮ ਅਧੀਨ ਜ਼ਬਰਦਸਤੀ ਝੰਡਾ ਖਰੀਦਣ ਲਈ ਗ਼ਰੀਬਾਂ ਤੋਂ ਉਨ੍ਹਾਂ ਦਾ ਟੁੱਕ ਖੋਹਣਾ ਅਤਿ ਸ਼ਰਮਨਾਕ ਹੈ। ਹੋਰ ਤਾਂ ਹੋਰ ਤਿਰੰਗਾ ਲਹਿਰਾਉਣ ਲਈ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਗੁਰਦੁਆਰਿਆਂ ਅਤੇ ਹੋਰਨਾਂ ਧਾਰਮਿਕ ਅਸਥਾਨਾਂ ਲਈ ਵੀ ਹੁਕਮ ਚਾੜ੍ਹੇ ਗਏ ਹਨ, ਜਿਵੇਂ ਕਿ ਅੰਬਾਲਾ ਦੇ ਗੁਰਦੁਆਰਾ ਪੰਜੋਖਰਾ ਸਾਹਿਬ ਅਤੇ ਕਈ ਹੋਰਨਾਂ ਸਥਾਨਾਂ ਦੇ ਵੇਰਵੇ ਮਿਲ ਰਹੇ ਹਨ। ਹੈਰਾਨੀਜਨਕ ਗੱਲ ਇਹ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਧੀਨ ਆਉਂਦੇ ਕਾਲਜ ਦੇ ਪ੍ਰਿੰਸੀਪਲ ਵੱਲੋਂ ਵੀ ਬੀਤੇ ਦਿਨੀਂ ਡੀਪੀਆਈ ਦੇ ਹੁਕਮਾਂ ਅਧੀਨ ਕਰਮਚਾਰੀਆਂ ਨੂੰ ਆਪਣੇ ਘਰਾਂ 'ਤੇ ਤਿਰੰਗਾ ਲਹਿਰਾ ਕੇ, ਸੈਲਫੀਆਂ ਤੇਰਾਂ ਅਗਸਤ ਤੋਂ ਪਹਿਲਾਂ -ਪਹਿਲਾਂ ਦਫਤਰ 'ਚ ਪਹੁੰਚਾਉਣ ਦੇ ਹੁਕਮ ਦਿੱਤੇ ਗਏ ਹਨ, ਜੋ ਕਿ ਨਿੰਦਾਜਨਕ ਹੈ ਅਤੇ ਜਬਰੀ ਦੇਸ਼ ਭਗਤੀ ਦੀ ਆਲੋਚਨਾਤਮਕ ਕਾਰਵਾਈ ਹੈ।
ਸੱਚ ਤਾਂ ਇਹ ਹੈ ਕਿ ਰਾਸ਼ਟਰੀ ਚਿੰਨ੍ਹਾਂ ਦੀ ਆਡੰਬਰੀ ਨੁਮਾਇਸ਼ ਫਾਸ਼ੀਵਾਦੀ ਮੁਲਕਾਂ ਦਾ, ਅੰਨ੍ਹਾ ਰਾਸ਼ਟਰਵਾਦ ਫੈਲਾਉਣ ਦਾ ਮਨਭਾਉਂਦਾ ਹਥਿਆਰ ਹੈ। ਇੰਡੀਅਨ ਸਟੇਟ ਦੀ ਸਾਜ਼ਿਸ਼ ਇਹ ਹੈ ਕਿ ਤਿਰੰਗੇ ਲਹਿਰਾਉਣ ਦੇ ਫ਼ਰਮਾਨ ਦੀ ਅਵੱਗਿਆ ਕਰਨ ਵਾਲਿਆਂ ਨੂੰ 'ਦੇਸ਼ਧ੍ਰੋਹੀ' ਕਰਾਰ ਦਿੱਤਾ ਜਾਵੇਗਾ ਅਤੇ ਸਰਕਾਰ ਦੀ ਆਲੋਚਨਾ ਦੀ ਕੀਮਤ 'ਜੇਲ੍ਹ ਦੀਆਂ ਸਲਾਖਾਂ' ਹੋਵੇਗੀ। ਇਹ ਇਤਿਹਾਸਕ ਸੱਚ ਛੁਪਾਇਆ ਜਾ ਰਿਹਾ ਹੈ ਕਿ ਜਦੋਂ ਤਿਰੰਗੇ ਨੂੰ ਰਾਸ਼ਟਰੀ ਝੰਡਾ ਪ੍ਰਵਾਨ ਕੀਤਾ ਜਾ ਰਿਹਾ ਸੀ, ਤਾਂ ਉਸ ਵੇਲੇ ਆਰ.ਐੱਸ.ਐੱਸ. ਨੇ ਹੀ ਤਿਰੰਗੇ ਨੂੰ ਰਾਸ਼ਟਰੀ ਝੰਡਾ ਸਵੀਕਾਰ ਕੀਤੇ ਜਾਣ ਦਾ ਤਿੱਖਾ ਵਿਰੋਧ ਕੀਤਾ ਸੀ। ਆਪਣੇ ਅਖ਼ਬਾਰ 'ਆਰਗੇਨਾਈਜ਼ਰ' ਵਿੱਚ ਤਿਰੰਗੇ ਪ੍ਰਤੀ ਆਰ.ਐੱਸ.ਐੱਸ. ਦੀ ਨਫ਼ਰਤ, ਇਸ ਟਿੱਪਣੀ ਵਿਚ ਸਾਫ਼ ਨਜ਼ਰ ਆਉਂਦੀ ਹੈ ਕਿ ਉਹ ਲੋਕ, ਜਿਨ੍ਹਾਂ ਦਾ ਸੱਤਾ ਉੱਪਰ ਕਾਬਜ਼ ਹੋਣ ਦਾ ਦਾਅ ਲੱਗ ਗਿਆ ਹੈ, ਉਹ 'ਚਾਹੇ ਸਾਡੇ ਹੱਥ ’ਚ ਤਿਰੰਗਾ ਫੜਾ ਦੇਣ, ਪਰ ਇਸ ਨੂੰ ਹਿੰਦੂਆਂ ਵੱਲੋਂ ਕਦੇ ਵੀ ਸਨਮਾਨ ਨਹੀਂ ਦਿੱਤਾ ਜਾ ਸਕੇਗਾ ਅਤੇ ਨਾ ਹੀ ਅਪਣਾਇਆ ਜਾ ਸਕੇਗਾ'। ਆਰ.ਐੱਸ.ਐੱਸ. ਦਾ ਇਹ ਵੀ ਮੰਨਣਾ ਹੈ ਕਿ 'ਤਿੰਨ ਦਾ ਅੰਕੜਾ ਆਪਣੇ ਆਪ ’ਚ ਹੀ ਅਸ਼ੁਭ ਹੈ ਅਤੇ ਇਕ ਐਸਾ ਝੰਡਾ ਜਿਸ ਵਿਚ ਤਿੰਨ ਰੰਗ ਹੋਣ, ਉਸ ਦਾ ਬੇਹੱਦ ਮਾੜਾ ਮਨੋਵਿਗਿਆਨਕ ਪ੍ਰਭਾਵ ਪਵੇਗਾ ਅਤੇ ਦੇਸ਼ ਦੇ ਲਈ ਇਹ ਨੁਕਸਾਨਦੇਹ' ਹੋਵੇਗਾ।
ਅਜੋਕੇ ਭਾਰਤ ਦੀ ਭਗਵੀਂ ਸਰਕਾਰ ਦੀਆਂ ਨੀਤੀਆਂ ਬਾਰੇ ਉਪਰੋਕਤ ਤੱਥ ਮਗਰੋਂ ਇਹ ਸਪੱਸ਼ਟ ਹੋ ਜਾਂਦਾ ਹੈ ਕਿ 'ਤਿਰੰਗਾ ਪਿਆਰ ਮਹਿਜ਼ ਛਲਾਵਾ' ਹੈ, ਅਸਲ ਵਿੱਚ ਸਾਜ਼ਿਸ਼ ਭਾਰਤ ਨੂੰ ਹਿੰਦੂ ਰਾਸ਼ਟਰ ਬਣਾਉਣ ਦੀ ਹੀ ਹੈ। ਦੂਜੇ ਸ਼ਬਦਾਂ ਵਿੱਚ ਹਕੀਕਤ ਇਹ ਹੈ ਕਿ ਭਾਰਤ ਹਿੰਦੂ ਰਾਸ਼ਟਰ ਬਣ ਚੁੱਕਿਆ ਹੈ, ਸਿਰਫ਼ ਰਸਮੀ ਐਲਾਨ ਹੀ ਬਾਕੀ ਹੈ। ਅਜਿਹੀ ਹਾਲਤ ਵਿੱਚ ਹਰ ਘਰ ਤਿਰੰਗਾ ਲਹਿਰਾਉਣਾ, ਘੱਟ-ਗਿਣਤੀਆਂ ਨਾਲ ਹੋ ਰਹੀ ਬੇਇਨਸਾਫੀ, ਧੱਕੇਸ਼ਾਹੀ ਅਤੇ ਜਬਰ ਦਾ ਪ੍ਰਤੱਖ ਸਬੂਤ ਹੋ ਨਿੱਬੜਦਾ ਹੈ। ਅੱਜ ਹਾਲਾਤ ਇਹ ਬਣੇ ਹੋਏ ਹਨ ਕਿ ਦੇਸ਼ ਵਿੱਚ ਸਿਆਸਤਦਾਨਾਂ ਵੱਲੋਂ ਮਾਨਵਵਾਦ ਉਤੇ ਫਾਸ਼ੀਵਾਦ ਦੀ ਜਿੱਤ ਦਾ ਨੰਗਾ-ਚਿੱਟਾ ਪ੍ਰਚਾਰ ਕੀਤਾ ਜਾ ਰਿਹਾ ਹੈ। 'ਢਾਂਚਾਗਤ ਨਸਲਵਾਦ' ਦਾ ਬੋਲਬਾਲਾ ਸਿਖ਼ਰਾਂ ਨੂੰ ਛੂਹ ਰਿਹਾ ਹੈ। ਬਹੁ-ਸੰਖਿਆਵਾਦ ਦੀ ਦਹਿਸ਼ਤਗਰਦੀ ਹੋਰਨਾਂ ਕੌਮਾਂ ਦੀ ਜ਼ੁਬਾਨ ਅਤੇ ਪਛਾਣ ਨੂੰ ਆਪਣੇ ਵਿੱਚ ਜਜ਼ਬ ਕਰਨ ਜਾਂ ਮੂਲੋਂ ਹੀ ਮਿਟਾਉਣ 'ਤੇ ਤੁਲੀ ਹੋਈ ਹੈ। ਦੇਸ਼ ਦੇ ਸੈਂਕੜੇ ਬੁੱਧੀਜੀਵੀ ਯੁ.ਏ.ਪੀ.ਏ. ਵਰਗੇ ਕਾਲੇ ਕਾਨੂੰਨਾਂ ਅਧੀਨ ਜੇਲ੍ਹਾਂ 'ਚ ਡੱਕੇ ਹੋਏ ਹਨ, ਅਜਿਹੀ ਹਾਲਤ 'ਚ ਆਪਣੀ ਹਿੱਕ 'ਚ ਗੱਡੇ ਤਿਰੰਗੇ ਦੇ ਖ਼ਿਲਾਫ਼ ਲੋਕ ਰੋਸ ਪ੍ਰਗਟਾਉਣਗੇ, ਲਹਿਰਾਉਣਗੇ ਨਹੀਂ;
ਚਿੰਤਕ ਜੇਲ੍ਹੀਂ ਬੰਦ ਨੇ, ਬੋਲਣ ਦਾ ਵੀ ਦੋਸ਼।
ਜਨਤਾ ਕੀਤੀ ਹਾਕਮਾਂ, ਸਿਵਿਆਂ ਵਾਂਗ ਖ਼ਾਮੋਸ਼।
'ਆਜ਼ਾਦੀ' ਅਜਿਹਾ ਸ਼ਬਦ ਹੈ, ਜੋ ਆਪਣੇ ਵਿਸ਼ਾਲ ਕਲਾਵੇ ਵਿੱਚ ਅਨੇਕਾਂ ਮਹੱਤਵਪੂਰਨ ਸੰਕਲਪਾਂ ਨੂੰ ਸਮੋਈ ਬੈਠਾ ਹੈ। ਬਹੁ ਪੱਖੀ ਤੇ ਬਹੁ -ਪਸਾਰੀ ਸ਼ਬਦ ਆਜ਼ਾਦੀ ਦਾ ਲਫ਼ਜ਼ੀ ਅਰਥ ਹੈ- ਸਰੀਰਕ ਮਾਨਸਿਕ, ਸਮਾਜਿਕ, ਆਰਥਿਕ, ਰਾਜਨੀਤਕ ਅਤੇ ਸਭਿਆਚਾਰਕ ਪੱਖੋਂ ਕਿਸੇ ਵਿਅਕਤੀ, ਸਮਾਜ ਅਤੇ ਦੇਸ਼ ਦੀ ਪੂਰਨ ਸੁਤੰਤਰਤਾ ਸੰਸਾਰ ਦੇ ਹਰ ਪ੍ਰਾਣੀ ਦਾ ਜਮਾਂਦਰੂ ਹੱਕ ਹੈ। ਜ਼ਿੰਦਗੀ ਵਾਸਤੇ ਆਜ਼ਾਦੀ ਉਨੀ ਹੀ ਲਾਜ਼ਮੀ ਹੈ, ਜਿੰਨੇ ਸਰੀਰ ਲਈ ਅੰਨ, ਪਾਣੀ ਅਤੇ ਹਵਾ ਆਦਿ। ਜਿਥੇ ਅਧਿਆਤਮਕ ਸ਼ੈਲੀ ਵਿੱਚ ਬਾਬਾ ਫ਼ਰੀਦ 'ਬਾਰਿ ਪਰਾਇਐ ਬੈਸਣਾ'' ਵਿੱਚ ਆਤਮਿਕ ਗੁਲਾਮੀ ਦੀ ਸਥਿਤੀ ਨਾਲੋਂ ਮੌਤ ਨੂੰ ਪਹਿਲ ਦਿੰਦੇ ਹਨ, ਉਥੇ ਵਿਸ਼ਵ ਦੇ ਪ੍ਰਸਿੱਧ ਫਿਲਾਸਫ਼ਰ ਪੈਟਕਿਰ ਹੈਨਰੀ ਦੇ ਸ਼ਬਦ ਹਨ ''ਜੇ ਤੁਸੀ ਮੈਨੂੰ ਆਜ਼ਾਦੀ ਨਹੀਂ ਦੇ ਸਕਦੇ, ਤਾਂ ਇਸ ਨਾਲੋਂ ਬਿਹਤਰ ਹੈ ਕਿ ਤੁਸੀ ਮੈਨੂੰ ਮੌਤ ਦੇ ਦਿਓ।'' ਦੁਨੀਆ ਦੇ ਹਰ ਮੁਲਕ ਵਿੱਚ ਹਰ ਕੌਮ ਵੱਲੋਂ ਆਜ਼ਾਦੀ ਪ੍ਰਾਪਤੀ ਲਈ ਨਿਰੰਤਰ ਜਦੋ-ਜਹਿਦ ਹੁੰਦੀ ਰਹੀ ਹੈ ਅਤੇ ਤਦ ਤੱਕ ਜਾਰੀ ਰਹੀ ਹੈ, ਜਦ ਪੂਰਨ ਆਜ਼ਾਦੀ ਪ੍ਰਾਪਤ ਨਹੀਂ ਹੋਈ।
ਭਾਰਤ ਨੂੰ ਗੁਲਾਮੀ ਦੇ ਸ਼ਿਕੰਜੇ ਤੋਂ ਖਲਾਸੀ ਦਿਵਾਉਣ ਦੀ ਗੌਰਵਮਈ ਇਤਿਹਾਸਕ ਗਾਥਾ ਵਿੱਚ ਵੀ ਪੰਜਾਬੀਆਂ ਵੱਲੋਂ ਸਭ ਤੋਂ ਵੱਧ ਦਿੱਤੀਆਂ ਗਈਆਂ ਕੁਰਬਾਨੀਆਂ ਦੀ ਦਾਸਤਾਨ ਮੌਜੂਦ ਹੈ, ਜਿਨ੍ਹਾਂ ਸਦਕਾ ਸਾਰਾ ਮੁਲਕ ਆਜ਼ਾਦ ਫਿਜ਼ਾ ਵਿੱਚ ਸਾਹ ਲੈਣ ਦੇ ਕਾਬਿਲ ਹੋ ਸਕਿਆ ਹੈ। ਮਹਾਨ ਸਿੱਖ ਸੂਰਵੀਰਾਂ ਦੀਆਂ ਸ਼ਹੀਦੀਆਂ ਦੇ ਸਿੱਟੇ ਵਜੋਂ ਹੀ ਕਦੇ ਨਾ ਅਸਤ ਹੋਣ ਵਾਲਾ 'ਬ੍ਰਿਟਿਸ਼ ਸਾਮਰਾਜ ਦਾ ਸੂਰਜ', ਸਦਾ ਲਈ ਛਿਪ ਗਿਆ ਸੀ। ਵਰਤਮਾਨ ਸਮੇਂ ਆਖਣ ਨੂੰ ਤਾਂ ਭਾਰਤ ਨੂੰ ਆਜ਼ਾਦੀ ਹੋਇਆ 75 ਵਰ੍ਹੇ ਬੀਤ ਚੁੱਕੇ ਹਨ, ਪਰ ਵਿਚਾਰਯੋਗ ਗੱਲ ਇਹ ਹੈ ਕਿ ਇਸ ਸਮੇਂ ਦੌਰਾਨ ਦੇਸਵਾਸੀਆਂ ਨੇ ਆਜ਼ਾਦੀ ਦਾ ਨਿੱਘ ਮਾਣਿਆਂ ਵੀ ਹੈ ਕਿ ਨਹੀਂ? ਕੀ ਇਹ ਆਜ਼ਾਦੀ 'ਵਿਸ਼ੇਸ਼ ਫਿਰਕੇ ਤੇ ਵਿਸ਼ੇਸ਼ ਵਰਗ' ਤੱਕ ਹੀ ਸੀਮਿਤ ਤਾਂ ਨਹੀਂ ਰਹਿ ਗਈ? ਜੇਕਰ ਆਲੋਚਨਾਤਮਿਕ ਦ੍ਰਿਸ਼ਟੀਕੋਣ ਤੋਂ ਵਾਚਿਆ ਜਾਵੇ, ਤਾਂ ਭਾਰਤ ਵਿੱਚ ਕਹਿਣ ਨੂੰ ਆਜ਼ਾਦੀ ਹੈ, ਪਰ ਭਾਰਤੀਆਂ ਦੀ ਹਾਲਤ 'ਆਜ਼ਾਦ ਦੇਸ਼ ਦੇ ਗੁਲਾਮ ਲੋਕਾਂ ਵਾਲੀ ਹੈ। ਕੁਰਬਾਨੀਆਂ ਦੇ ਇਤਿਹਾਸ ਪੱਖੋਂ ਦੇਸ਼ ਲਈ 95 ਫੀਸਦੀ ਸ਼ਹਾਦਤਾਂ ਦੇਣ ਵਾਲੀ ਸਿੱਖ ਕੌਮ ਨੂੰ 5 ਫੀਸਦੀ ਆਜ਼ਾਦ ਵਾਯੂ-ਮੰਡਲ ਵੀ ਨਸੀਬ ਨਹੀਂ ਹੋਇਆ। ਬੀਤੀ ਪੌਣੀ ਸਦੀ ਦੌਰਾਨ ਪੰਜਾਬੀਆਂ, ਖ਼ਾਸਕਰ ਸਿੱਖਾਂ ਨੇ ਆਪਣੇ ਪਿੰਡੇ 'ਤੇ ਜੋ ਦਰਦ ਹੰਢਾਇਆ, ਉਸ ਬਾਰੇ ਸੋਚਦਿਆਂ ਉਹ ਕਿਵੇਂ ਤਿਰੰਗੇ ਨੂੰ ਸਲਾਮੀ ਦੇ ਸਕਦੇ ਹਨ? ਸੱਚ ਤਾਂ ਇਹ ਹੈ:
ਨਸਲਕੁਸ਼ੀ ਜੋ ਕਰ ਰਹੇ, ਸੱਤਾ ਵਿਚ ਮਗ਼ਰੂਰ।
ਕਹਿਣ 'ਤਿਰੰਗਾ ਚਾੜ੍ਹਿਓ', ਸਾਨੂੰ ਨਾ ਮਨਜ਼ੂਰ ।
ਅੱਜ ਭਾਰਤ ਦੀ ਦਸ਼ਾ ਇਹ ਹੈ ਕਿ ਆਰਥਿਕ ਪੱਖੋਂ ਦੇਸ਼ ਦਾ 5 ਫੀਸਦੀ ਵਸ਼ਿਸ਼ਟ ਤੇ ਅਮੀਰ (ਅਡਾਨੀ, ਅੰਬਾਨੀ) ਵਰਗ 95 ਫੀਸਦੀ ਧਨ 'ਤੇ ਕਾਬਿਜ਼ ਹੋਇਆ ਬੈਠਾ ਹੈ, ਜਦ ਕਿ ਮੁਲਕ ਦੀ ਪਚਾਨਵੇਂ ਫੀਸਦੀ ਆਬਾਦੀ ਪੰਜ ਫੀਸਦੀ ਸਰੋਤਾਂ 'ਤੇ ਜ਼ਿੰਦਗੀ ਬਸਰ ਕਰ ਰਹੀ ਹੈ। ਕੁੱਲੀ, ਗੁੱਲੀ ਤੇ ਜੁੱਲੀ ਲਈ ਤਰਸਦੇ ਗਰੀਬੀ ਦਾ ਸ਼ਿਕਾਰ ਲੋਕਾਂ ਨੂੰ ਦੋ ਵਕਤ ਦੀ ਰੋਟੀ ਨਸੀਬ ਨਹੀਂ ਹੁੰਦੀ ਤੇ ਮਾਸੂਮ ਬੱਚੇ ਭੁੱਖੇ ਪੇਟ ਰੋਂਦਿਆਂ ਸੌਂ ਜਾਂਦੇ ਹਨ, ਅਜਿਹੇ ਦੁਖਿਆਰਿਆਂ ਲਈ ਆਜ਼ਾਦੀ ਕੋਈ ਅਰਥ ਨਹੀਂ ਰੱਖਦੀ। ਭੁੱਖਮਰੀ ਤੇ ਗੁਰਬਤ ਦੀ ਜ਼ਿੰਦਗੀ ਬਸਰ ਕਰ ਰਹੇ ਲੋਕਾਂ ਤੋਂ ਤਿਰੰਗੇ ਨੂੰ ਲਹਿਰਾਉਣ ਦੀ ਆਸ ਕਿਵੇਂ ਰੱਖੀ ਜਾ ਸਕਦੀ ਹੈ? ਸੱਚ ਤਾਂ ਇਹ ਹੈ ਕਿ ਬਹੁਤੇ ਦੇਸ਼-ਵਾਸੀਆਂ ਨੂੰ ਤਾਂ ਇਲਮ ਹੀ ਨਹੀਂ ਕਿ ਆਜ਼ਾਦੀ ਕਿਸ ਸ਼ੈਅ ਦਾ ਨਾਂ ਹੈ, ਬਲਕਿ ਹੈਰਾਨੀ ਭਰੇ ਲਹਿਜੇ 'ਚ ਉਹ ਕਵੀ ਗੁਰਦਾਸ ਰਾਮ ਆਲਮ ਵਾਂਗ ਇਉਂ ਸੁਆਲ-ਜੁਆਬ ਕਰਦੇ ਹਨ
''ਕਿਉਂ ਬਈ ਨਿਹਾਲਿਆ! ਆਜ਼ਾਦੀ ਨਹੀਂ ਵੇਖੀ?
ਨਾ ਬਈ ਭਰਾਵਾ, ਨਾ ਖਾਧੀ ਨਾ ਵੇਖੀ।
ਆਈ ਨੂੰ ਭਾਵੇਂ ਕਈ ਸਾਲ ਬੀਤੇ,
ਪਰ ਅਸੀਂ ਤਾਂ ਅਜੇ ਤੱਕ ਦਰਸ਼ਨ ਨਹੀਂ ਕੀਤੇ।
ਅਖ਼ਬਾਰਾਂ 'ਚੋਂ ਪੜ੍ਹਿਆ ਜਰਵਾਣੀ ਜਿਹੀ ਏ,
ਕੋਈ ਸੋਹਣੀ ਨਹੀਂ, ਐਵੇਂ 'ਕਾਣੀ ' ਜਿਹੀ ਏ।''
ਵੀਹਵੀਂ ਸਦੀ ਦੇ ਆਰੰਭ ਵਿੱਚ ਗ਼ਦਰ ਪਾਰਟੀ ਨੇ ਕੈਨੇਡਾ-ਅਮਰੀਕਾ ਦੀ ਧਰਤੀ ਤੋਂ ਭਾਰਤ ਨੂੰ ਬ੍ਰਿਟਿਸ਼ ਸਾਮਰਾਜ ਤੋਂ ਆਜ਼ਾਦ ਕਰਵਾਉਣ ਦਾ ਬਿਗਲ ਬਜਾਇਆ ਸੀ। ਗ਼ਦਰੀ ਬਾਬਿਆਂ ਨੇ ਆਜ਼ਾਦ ਦੇਸ਼ ਲਈ ਨਾਂ 'ਯੂਨਾਈਟਿਡ ਸਟੇਟਸ ਆਫ਼ ਇੰਡੀਆ' ਦਿੱਤਾ ਸੀ, ਜਿਸ ਦਾ ਭਾਵ ਸੀ 'ਮਜ਼ਬੂਤ ਸੰਘੀ ਢਾਂਚਾ' ਭਾਵ ਦੇਸ਼ ਦੇ ਸਮੂਹ ਰਾਜ, ਉਥੋਂ ਦੇ ਭਾਈਚਾਰੇ, ਮੂਲਵਾਸੀ ਤੇ ਘੱਟ ਗਿਣਤੀਆਂ ਆਪਣਾ ਸਭਿਆਚਾਰ, ਪਹਿਰਾਵੇ, ਖਾਣ- ਪੀਣ, ਬੋਲ - ਚਾਲ ਅਤੇ ਰਹਿਣ- ਸਹਿਣ ਦਾ ਪੂਰਨ ਆਨੰਦ ਮਾਣ ਸਕਣ। ਇਸ ਦਾ ਭਾਵ ਇਹ ਵੀ ਸੀ ਕਿ ਨਾ ਤਾਂ ਸੱਤਾ ਦਾ ਭਾਰੀ 'ਕੇਂਦਰੀਕਰਨ' ਹੋਵੇ ਅਤੇ ਨਾ ਹੀ ਰਾਜਨੀਤੀ ਦਾ 'ਧਰੁਵੀਕਰਨ'। ਸੰਘੀ ਢਾਂਚੇ 'ਚ ਕੇਂਦਰ ਆਪਣੇ ਸੂਬਿਆਂ ਦੀਆਂ ਸਰਕਾਰਾਂ ਨਾਲ ਧੱਕੇਸ਼ਾਹੀ ਨਾ ਕਰੇ ਅਤੇ ਕੇਂਦਰੀ ਸਰਕਾਰ ਸੁਆਰਥ ਲਈ, ਸਿਆਸੀ ਵਿਰੋਧੀਆਂ ਦਾ ਅੰਤ ਨਾ ਕਰੇ। ਗ਼ਦਰੀ ਬਾਬਿਆਂ ਦੀ ਇਸ ਸੋਚ ਨਾਲ ਅੱਜ ਜਿਵੇਂ ਖਿਲਵਾੜ ਹੋ ਰਿਹਾ ਹੈ, ਜਿਸ ਦੀਆਂ ਅਨੇਕਾਂ ਮਿਸਾਲਾਂ ਮੌਜੂਦਾ ਆਜ਼ਾਦ ਭਾਰਤ ਦੇ ਸੰਘੀ ਢਾਂਚੇ 'ਤੇ ਸੁਆਲ ਖੜੇ ਕਰਦੀਆਂ ਹਨ। ਸਿਆਸੀ ਵਿਰੋਧ ਕਾਰਨ ਵੱਖ- ਵੱਖ ਸੂਬੇ ਅਤੇ ਸਿਆਸੀ ਪਾਰਟੀਆਂ ਕੇਂਦਰੀ ਹਕੂਮਤ ਵੱਲੋਂ ਕੁਚਲੇ ਜਾ ਰਹੇ ਰਹੇ ਹਨ। ਅਜਿਹੀ ਹਾਲਤ ਵਿੱਚ ਵਿਰੋਧ ਪ੍ਰਗਟਾ ਰਹੇ ਲੋਕਾਂ ਤੋਂ,ਤਿਰੰਗੇ ਨੂੰ ਲਹਿਰਾਉਣ ਦੀ ਆਸ ਕਿਵੇਂ ਕੀਤੀ ਜਾ ਸਕਦੀ ਹੈ? ਸੱਚ ਤਾਂ ਇਹ ਹੈ ਕਿ ਗ਼ਦਰੀ ਬਾਬਿਆਂ ਦੇ ਸੁਪਨਿਆਂ ਨਾਲ ਉਦੋਂ ਹੀ ਖਿਲਵਾੜ ਹੋ ਗਿਆ ਸੀ, ਜਦੋਂ 14-15 ਅਗਸਤ 1947 ਨੂੰ ਦੇਸ਼ ਪੰਜਾਬ ਦੇ ਦੋ ਟੁਕੜੇ ਹੋਏ ਸਨ। ਲੱਖਾਂ ਲੋਕ ਮਾਰੇ ਗਏ ਸਨ। ਪੰਜਾਬ ਦੋ ਹਿੱਸਿਆਂ 'ਚ ਵੰਡਣ ਦਰਦ ਪਾਕਿਸਤਾਨੀ ਪੰਜਾਬ ਦੇ ਕਵੀ ਉਸਤਾਦ ਦਾਮਨ ਇਉਂ ਮਹਿਸੂਸ ਕਰਦੇ ਹਨ;
"ਇਸ ਮੁਲਕ ਦੀ ਵੰਡ ਕੋਲੋਂ ਯਾਰੋ,
ਖੋਏ ਤੁਸੀਂ ਵੀ ਹੋ, ਖੋਏ ਅਸੀਂ ਵੀ ਹਾਂ।
ਇਨ੍ਹਾਂ ਆਜ਼ਾਦੀਆਂ ਹੱਥੋਂ ਬਰਬਾਦ ਹੋਣਾ,
ਹੋਏ ਤੁਸੀਂ ਵੀ ਓ, ਹੋਏ ਅਸੀਂ ਵੀ ਆਂ।
ਜਿਉਂਦੀ ਜਾਨ ਈ ਮੌਤ ਦੇ ਮੂੰਹ ਅੰਦਰ,
ਢੋਏ ਤੁਸੀਂ ਵੀ ਓ, ਢੋਏ ਅਸੀਂ ਵੀ ਆਂ।
ਲਾਲੀ ਅੱਖੀਆਂ ਦੀ ਪਈ ਦਸਦੀ ਏ,
ਰੋਏ ਤੁਸੀਂ ਵੀ ਓ, ਰੋਏ ਅਸੀਂ ਵੀ ਆਂ।"
ਅੰਗਰੇਜ਼ਾਂ ਖ਼ਿਲਾਫ਼ ਆਜ਼ਾਦੀ ਦੇ ਸੰਘਰਸ਼ ਵਿਚ ਸਭ ਤੋਂ ਵੱਧ ਕੁਰਬਾਨੀਆਂ ਦੇ ਕੇ ਸ਼ਹੀਦੀਆਂ ਪਾਉਣ, ਉਮਰ ਕੈਦ ਕੱਟਣ ਅਤੇ ਕਾਲੇ ਪਾਣੀਆਂ ਦਾ ਦਰਦ ਝੱਲਣ ਵਾਲੇ ਪੰਜਾਬੀਆਂ ਨੂੰ ਹੀ ਦੇਸ਼ ਦੀ ਵੰਡ ਦਾ ਦਰਦ ਸਭ ਤੋਂ ਵੱਧ ਹੰਢਾਉਣਾ ਪਿਆ। ਇਕ ਅੰਦਾਜ਼ੇ ਅਨੁਸਾਰ ਫ਼ਿਰਕੂ ਨਫ਼ਰਤ ਦੇ ਭਾਂਬੜ ਬਾਲ ਕੇ, ਪੰਜਾਬ ਨੂੰ ਦੋ ਟੋਟਿਆਂ 'ਚ ਵੰਡੇ ਜਾਣ ਦੌਰਾਨ ਕਰੀਬ ਦਸ ਲੱਖ ਪੰਜਾਬੀਆਂ ਦੇ ਕਤਲ ਹੋਏ। ਹੁਣ ਇਹ ਇਤਿਹਾਸਕ ਸਚਾਈ ਵੀ ਸਾਹਮਣੇ ਆ ਗਈ ਹੈ ਕਿ ਦੇਸ਼ ਨੂੰ ਸਾਰਿਆਂ ਤੋਂ ਪਹਿਲਾਂ ਫ਼ਿਰਕੂ ਅੱਗ ਲਾ ਕੇ ਲੱਖਾਂ ਲੋਕਾਂ ਦੇ ਕਤਲ ਕਰਵਾਉਣ ਪਿੱਛੇ, ਅਖੌਤੀ 'ਪੰਜਾਬ ਕੇਸਰੀ' ਲਾਲਾ ਲਾਜਪਤ ਰਾਏ, ਹਿੰਦੂ ਮਹਾਂ ਸਭਾ ਵਾਲੇ ਦੀ ਮੋਢੀ ਭੂਮਿਕਾ ਸੀ। ਇਉਂ ਲਾਜਪਤ ਰਾਏ ਨੂੰ ਲੱਖਾਂ ਪੰਜਾਬੀਆਂ ਦਾ ਕਾਤਲ ਕਹਿਣੋਂ ਗੁਰੇਜ਼ ਨਹੀਂ ਕੀਤਾ ਜਾ ਸਕਦਾ। ਅਜਿਹੀ ਹਾਲਤ ਵਿੱਚ ਲਾਜਪਤ ਰਾਏ ਦੇ ਵਾਰਿਸ ਤਾਂ ਤਿਰੰਗੇ ਨੂੰ ਸਲਾਮੀ ਦੇ ਸਕਦੇ ਹਨ, ਪਰ ਜਿਨ੍ਹਾਂ ਪੰਜਾਬੀਆਂ ਦੇ ਵਿਹੜੇ ਵਿਚ ਲੱਖਾਂ ਬੇਗੁਨਾਹ ਲੋਕ ਮਾਰੇ ਗਏ, ਉਹ ਕਿਵੇਂ ਤਿਰੰਗਾ ਲਹਿਰਾਉਣ ਦੇ ਜਸ਼ਨ ਮਨਾਉਣ?
ਸੱਚ ਤਾਂ ਇਹ ਹੈ ਕਿ ਸਦੀ ਦੇ ਮਹਾਂ-ਦੁਖਾਂਤ ਨੂੰ ਜਸ਼ਨ ਵਜੋਂ ਮਨਾਉਣਾ ਬੌਧਿਕ ਦੀਵਾਲੀਆ ਨਹੀਂ, ਤਾਂ ਹੋਰ ਕੀ ਹੈ? ਅਜਿਹੇ ਦੁਖਾਂਤ 'ਤੇ ਮਾਤਮ ਮਨਾਉਣ ਦੀ ਲੋੜ ਹੈ, ਨਾ ਕਿ ਜਸ਼ਨ ਮਨਾਉਣ ਦੀ, ਜਿਵੇਂ ਕਿ ਮਹਾਨ ਸ਼ਾਇਰ ਡਾ ਹਰਭਜਨ ਸਿੰਘ ਇਹ ਦਰਦ ਬਿਆਨ ਕਰਦੇ ਸਨ;
"ਸੌਂ ਜਾ ਮੇਰੇ ਮਾਲਕਾ ਵੇ ਵਰਤਿਆ ਹਨੇਰ
ਵੇ ਕਾਲਖਾਂ 'ਚ ਤਾਰਿਆਂ ਦੀ ਡੁੱਬ ਗਈ ਸਵੇਰ।
ਹੈ ਖੂਹਾਂ ਵਿੱਚ ਆਦਮੀ ਦੀ ਜਾਗਦੀ ਸੜ੍ਹਾਂਦ
ਤੇ ਸੌਂ ਗਏ ਨੇ ਆਦਮੀ ਤੋਂ ਸੱਖਣੇ ਗਵਾਂਢ।
ਵੇ ਸੀਤ ਨੇ ਮੁਆਤੇ ਤੇ ਗਸ਼ ਹੈ ਜ਼ਮੀਨ,
ਵੇ ਸੀਨਿਆਂ ਵਿੱਚ ਸੁੰਨ ਦੋਵੇਂ ਖ਼ੂਨ ਤੇ ਸੰਗੀਨ।
ਵੇ ਜ਼ਿੰਦਗੀ ਬੇਹੋਸ਼ ਤੇ ਖ਼ਾਮੋਸ਼ ਕਾਇਨਾਤ
ਵਿਹਲਾ ਹੋ ਕੇ ਸੌਂ ਗਿਆ ਐ ਲੋਹਾ ਇਸਪਾਤ।
ਸੌਂ ਜਾ ਮੇਰੇ ਮਾਲਕਾ ਵੀਰਾਨ ਹੋਈ ਰਾਤ।"
1947 ਵਿੱਚ ਪਾਕਿਸਤਾਨ ਤੇ ਹਿੰਦੁਸਤਾਨ ਦੀ ਫਿਰਕੂ ਵੰਡ ਦੌਰਾਨ ਲੱਖਾਂ ਬੇਗੁਨਾਹ ਮਾਰੇ ਗਏ, ਪਰ ਆਜ਼ਾਦੀ ਮਗਰੋਂ ਦੇਸ਼ ਦੀ ਫਿਰਕੂ ਰਾਜਨੀਤੀ ਦੇ ਸਿੱਟੇ ਵਜੋਂ ਇਹ ਫਸਾਦ ਘਟੇ ਨਹੀਂ, ਲਗਾਤਾਰ ਵੱਧਦੇ ਰਹੇ ਹਨ। ਦੇਸ਼ ਵਿੱਚ ਜੂਨ 1984 ਵਿੱਚ ਦੁਖਾਂਤ ਤੇ ਮਗਰੋਂ ਬਾਬਰੀ ਮਸਜਿਦ ਦੁਖਾਂਤ ਅਜਿਹੀਆ ਫਿਰਕੂ ਅਤੇ ਦਰਦਨਾਕ ਘਟਨਾਵਾਂ ਹਨ, ਜੋ ਭਾਰਤ ਦੇ ਇਤਿਹਾਸ ਵਿੱਚ ਵੀਹਵੀਂ ਸਦੀ ਦੇ ਸਭ ਤੋਂ ਵੱਡੇ ਦੁਖਾਂਤ ਵਜੋਂ ਜਾਣੀਆਂ ਜਾਂਦੀਆਂ ਰਹਿਣਗੀਆਂ। ਸੱਤਾ ਦੇ ਧਰੁਵੀਕਰਨ ਦੀ ਕੋਹਝੀ ਤਸਵੀਰ ਦੇਖਣੀ ਹੋਵੇ, ਤਾਂ ਨਵੰਬਰ 1984 ਵਿੱਚ 'ਸਿੱਖ ਨਸਲਕੁਸ਼ੀ' ਦੇ ਦੁਖਾਂਤ ਹੋ ਸਪੱਸ਼ਟ ਹੋ ਜਾਂਦੀ ਹੈ। ਆਜ਼ਾਦ ਭਾਰਤ 'ਚ ਸਰਕਾਰੀ-ਤੰਤਰ ਦੀ ਆੜ 'ਚ ਹਜ਼ਾਰਾਂ ਸਿੱਖਾਂ ਦਾ ਕਤਲ ਹੋਇਆ, ਪਰ ਜਵਾਬ 'ਚ ਬਹੁਗਿਣਤੀ ਵੱਲੋਂ ਉਸ ਸਮੇਂ ਦੀ 'ਕਾਂਗਰਸ' ਨੂੰ ਸਭ ਤੋਂ ਵੱਡਾ ਬਹੁਮਤ ਹਾਸਿਲ ਹੋਇਆ। ਇਸ ਵਰਤਾਰੇ ਨੂੰ ਦੁਹਰਾਉਂਦੇ ਹੋਏ, ਸੰਨ 2002 ਵਿੱਚ ਗੁਜਰਾਤ ਅੰਦਰ ਮੁਸਲਿਮ ਕਤਲੇਆਮ ਹੋਇਆ, ਉਸ ਮਗਰੋਂ 'ਭਾਰਤੀ ਜਨਤਾ ਪਾਰਟੀ' ਨੂੰ ਬਹੁ-ਗਿਣਤੀ ਵੱਲੋਂ ਭਾਰੀ ਬਹੁਮਤ ਨਾਲ ਨਿਵਾਜਿਆ ਗਿਆ। ਹਿੰਦੂਤਵ ਦੇ ਏਜੰਡੇ ਅਧੀਨ 'ਹਿੰਦੀ, ਹਿੰਦੂ ਅਤੇ ਹਿੰਦੁਸਤਾਨ' ਦਾ ਢੰਡੋਰਾ ਪਿਟਦੇ ਦੇਸ਼ ਦੇ ਹਾਕਮ ਘੱਟ ਗਿਣਤੀਆਂ ਤੇ ਅੱਤਿਆਚਾਰ, ਧਾਰਾ 370 ਦਾ ਖਾਤਮਾ, ਸੀ.ਏ.ਏ. ਵਰਗੇ ਐਕਟਾਂ ਰਾਹੀਂ ਵੋਟਾਂ ਦੇ ਧਰੁਵੀਕਰਨ ਲਈ ਜ਼ਮੀਨ ਤਿਆਰ ਕਰ ਰਹੇ ਹਨ, ਜੋ ਕਿ ਦੇਸ਼ ਨੂੰ 'ਟੁਕੜੇ- ਟੁਕੜੇ' ਕਰਨ ਲਈ ਜ਼ਿੰਮੇਵਾਰ ਸਾਬਿਤ ਹੋਣਗੇ। ਫਿਰਕੂ ਸਿਆਸਤ ਤੇ ਨੀਤੀਆਂ ਦੇ ਸਿੱਟੇ ਵਜੋਂ ਪੰਜਾਬ, ਜੰਮੂ ਕਸ਼ਮੀਰ, ਬਿਹਾਰ , ਝਾਰਖੰਡ, ਨਾਗਾਲੈਂਡ- ਗੱਲ ਕੀ ਭਾਰਤ ਦੇ ਬਹੁਤ ਸਾਰੇ ਸੂਬੇ ਆਜ਼ਾਦੀ ਦੀ ਮੰਗ ਕਰ ਰਹੇ ਹਨ। ਅਜਿਹੀ ਸਥਿਤੀ ਵਿੱਚ ਭਾਰਤ ਦਾ 'ਹਰ ਘਰ ਤਿਰੰਗਾ' ਦਾ ਅਡੰਬਰੀ ਪ੍ਰਚਾਰ ਬੌਧਿਕ ਦੀਵਾਲੀਆਪਣ ਹੀ ਕਿਹਾ ਜਾ ਸਕਦਾ ਹੈ।
ਦਰਅਸਲ ਇਹ ਆਜ਼ਾਦੀ ਦਾ ਪਝੱਤਰਵਾਂ ਮਹਾਂਉਤਸਵ ਨਹੀਂ, ਸਗੋਂ ਦੇਸ਼ ਨੂੰ ਹਿੰਦੂ ਰਾਸ਼ਟਰ ਬਣਾਉਣ ਦਾ ਆਖ਼ਰੀ ਪੜਾਅ ਹੈ, ਜਿਸ ਵਿੱਚ ਵੰਨ-ਸੁਵੰਨਤਾ ਨੂੰ ਮਲੀਆਮੇਟ ਕਰਨ ਲਈ 'ਇਕ ਦੇਸ਼ ਇਕ ਭਾਸ਼ਾ' ਵਰਗੇ ਨਾਅਰੇ ਦਿੱਤੇ ਜਾ ਰਹੇ ਹਨ। ਫਿਰਕੂ ਪੱਧਰ 'ਤੇ ਭਾਈਚਾਰਿਆਂ ਨੂੰ ਵੰਡਣ ਵਾਲੇ ਕਾਨੂੰਨ ਅਤੇ ਕਈ ਹੋਰ ਘੁਣਤਰਾਂ ਹੋ ਰਹੀਆਂ ਹਨ। ਸਵਾਲ ਇਹ ਹੈ ਕਿ ਜਿਨ੍ਹਾਂ 'ਤੇ ਇਹ ਅੱਤਿਆਚਾਰ ਹੋ ਰਿਹਾ ਹੈ, ਉਹ ਆਪਣੇ ਘਰਾਂ ਤੇ ਤਿਰੰਗਾ ਕਿਸ ਸੋਚ ਅਧੀਨ ਲਹਿਰਾਉਣਗੇ? ਦੇਸ਼ ਦੇ ਤਖ਼ਤ 'ਤੇ ਕੱਟੜ ਫ਼ਿਰਕੂ ਸ਼ਾਸਕ ਜੋ ਤਬਾਹੀ ਕਰ ਰਹੇ ਹਨ, ਉਸ ਵੇਖਦਿਆਂ ਪ੍ਰੋ. ਮੋਹਨ ਸਿੰਘ ਦੇ ਬੋਲ ਯਾਦ ਆ ਰਹੇ ਹਨ ਕਿ ਕਿਸ ਤਰ੍ਹਾਂ ਵਤਨ ਵੀਰਾਨ ਹੋ ਗਿਆ ਤੇ ਰਾਖਾ ਸ਼ੈਤਾਨ ਬਣ ਗਿਆ ਹੈ ;
"ਆ ਬਾਬਾ ਤੇਰਾ ਵਤਨ ਹੈ ਵੀਰਾਨ ਹੋ ਗਿਆ,
ਰੱਬ ਦੇ ਘਰਾਂ ਦਾ ਰਾਖਾ ਮੁੜ ਸ਼ੈਤਾਨ ਹੋ ਗਿਆ
'ਕਲਯੁੱਗ ਹੈ ਰੱਥ ਅਗਨ ਦਾ', ਤੂੰ ਆਪ ਆਖਿਆ,
ਮੁੜ ਕੂੜ ਓਸ ਰੱਥ ਦਾ, ਰਥਵਾਨ ਹੋ ਗਿਆ ।
ਉਹ ਝੁਲੀਆਂ ਤੇਰੇ ਦੇਸ਼ ਤੇ ਮਾਰੂ ਹਨੇਰੀਆਂ,
ਉਡ ਕੇ ਅਸਾਡਾ ਆਹਲਣਾ ਕੱਖ ਕਾਨ ਹੋ ਗਿਆ
ਇਕ ਪਾਸੇ ਪਾਕ, ਪਾਕੀ, ਪਾਕਿਸਤਾਨ ਹੋ ਗਿਆ,
ਇਕ ਪਾਸੇ ਹਿੰਦੂ, ਹਿੰਦੀ, ਹਿੰਦੁਸਤਾਨ ਹੋ ਗਿਆ।"
ਕਹਿਣ ਨੂੰ ਤਾਂ ਚਾਹੇ ਭਾਰਤ ਨੂੰ ਵਿਸ਼ਵ ਦਾ ਸਭ ਤੋਂ ਵੱਡਾ ਲੋਕਤੰਤਰ ਕਿਹਾ ਜਾਂਦਾ ਹੈ, ਪਰ ਚਿੰਤਕ ਇਬਰਾਹਿਮ ਲਿੰਕਨ ਦੀ ਲੋਕਤੰਤਰ ਬਾਰੇ ਦਿੱਤੀ ਪਰਿਭਾਸ਼ਾ 'ਲੋਕਾਂ ਦੀ, ਲੋਕਾਂ ਦੁਆਰਾ, ਲੋਕਾਂ ਲਈ ਚੁਣੀ ਗਈ ਸਰਕਾਰ' ਭਾਰਤ ਦੇ ਸੰਦਰਭ ਵਿੱਚ ਪੂਰੀ ਤਰ੍ਹਾਂ ਫੇਲ੍ਹ ਹੋ ਚੁੱਕੀ ਹੈ। ਸਾਮ, ਦਾਮ, ਦੰਡ ਅਤੇ ਭੇਦ ਨੀਤੀ ਵਰਤ ਕੇ ਸਰਕਾਰ ਬਣਾਉਣ ਲਈ, ਅਖੌਤੀ 'ਸੁਤੰਤਰ ਤੇ ਨਿਰਪੱਖ ਚੋਣਾਂ ਦੌਰਾਨ ਰੱਜ ਕੇ ਬੇਈਮਾਨੀ ਕੀਤੀ ਜਾਂਦੀ ਹੈ। 'ਸਾਮ' ਨੀਤੀ ਰਾਹੀਂ ਪੈਰੀਂ ਪੈ ਕੇ, ਪਾਖੰਡ ਕਰਦਿਆਂ ਲੋਕਾਂ ਨੂੰ ਵਰਗਲਾਇਆ ਜਾਂਦਾ ਹੈ। ਫੇਰ 'ਦਾਮ' ਨੀਤੀ ਦੁਆਰਾ ਨੋਟ ਲਓ ਤੇ ਵੋਟ ਦਿਓ ਦੇ ਨਾਅਰੇ ਗਲੀ-ਮੁਹੱਲਿਆਂ 'ਚ ਗੂੰਜਦੇ ਹਨ। 'ਦੰਡ' ਨੀਤੀ ਵਰਤ ਕੇ ਵੋਟਾਂ ਵੇਲੇ ਕੁੱਟਮਾਰ ਹੁੰਦੀ ਹੈ, ਬੈਲਟ ਪੇਪਰ ਗਾਇਬ ਹੋ ਜਾਂਦੇ ਹਨ। ਜੇ ਲੋੜ ਪਵੇ ਤਾਂ ਫ਼ਿਰਕੂ ਨਫ਼ਰਤ ਫੈਲਾ ਕੇ, 'ਭੇਦ' ਨੀਤੀ ਰਾਹੀਂ ਲੋਕਾਂ ਨੂੰ ਆਪਸ ਵਿੱਚ ਲੜਾ ਦਿੱਤਾ ਜਾਂਦਾ ਹੈ। ਗੱਲ ਇਥੇ ਹੀ ਨਹੀਂ ਮੁੱਕਦੀ, ਖਰੀਦੇ ਵੋਟਰਾਂ ਦੁਆਰਾ ਚੁਣ ਕੇ ਭੇਜੇ ਉਮੀਦਵਾਰਾਂ ਨੂੰ ਅੱਗੇ ਸਾਂਸਦ ਵਿੱਚ ਆਪਣਾ ਬਹੁਮਤ ਸਾਬਤ ਕਰਨ ਲਈ ਨੋਟਾਂ ਦੇ ਥੱਬੇ ਸੁੱਟ ਕੇ ਖਰੀਦਿਆਂ ਜਾਂਦਾ ਹੈ। ਇਨ੍ਹਾਂ ਸ਼ਰਮਨਾਕ ਕਾਰਵਾਈਆਂ ਬਾਅਦ ਬਣਦੀ ਹੈ ਸਭ ਤੋਂ ਵੱਡੇ ਲੋਕਤੰਤਰ ਦੀ ਨਿਰਪੇਖ ਸਰਕਾਰ।ਭਾਰਤ ਵਿੱਚ ਲੋਕਤੰਤਰ ਦੀ ਪਰਿਭਾਸ਼ਾ ਇਸ ਰੂਪ ਵਿੱਚ ਨਜ਼ਰ ਆਉਂਦੀ ਹੈ-'ਨੋਟਾਂ ਦੀ ਨੋਟਾਂ ਦੁਆਰਾ ਨੋਟਾਂ ਲਈ ਚੁਣੀ ਗਈ ਸਰਕਾਰ ਭਾਰਤ ਦੀ ਨੋਟਤੰਤਰੀ ਸਰਕਾਰ'। ਭਾਰਤੀ ਸਿਆਸਤ ਦੇ ਮੰਤਵ ਵੀ ਅਪਰਾਧੀਕਰਨ, ਭ੍ਰਿਸ਼ਟਾਚਾਰ, ਸੱਤਾ ਦੀ ਅੰਨੀ ਲਾਲਸਾ ਤੇ ਭਾਈ-ਭਤੀਜਾਵਾਦ ਬਣ ਚੁੱਕੇ ਹਨ। ਪਿਤਾ ਪੁੱਤਰ ਨੂੰ, ਪਤੀ ਪਤਨੀ ਨੂੰ, ਸੱਸ ਨੂੰਹ ਨੂੰ, ਸਹੁਰਾ ਜੁਆਈ ਨੂੰ ਗੱਦੀ ਸੰਭਾਲਣ ਤੇ ਲੱਗੇ ਹੋਏ ਹਨ ਤੇ ਰਾਜਨੀਤੀ ਖਾਨਦਾਨੀ ਪੇਸ਼ਾ ਬਣ ਚੁੱਕਿਆ ਹੈ। ਭ੍ਰਿਸ਼ਟ ਲੀਡਰ ਦੇਸ਼ ਨੂੰ 'ਸਾਰੇ ਜਹਾ ਸੇ ਭ੍ਰਿਸ਼ਟ ਹਿੰਦੁਸਤਾਨ ਹਮਾਰਾ ' ਬਣਾਉਣ ਲਈ ਉਤਾਵਲੇ ਹਨ।ਇਹ ਤਾਂ ਦਾਲ ਦੇ ਸਿਰਫ਼ ਕੁਝ ਕੁ ਕੋਕੜੂ ਹਨ, ਬਾਕੀ ਭਾਰਤੀ ਸਿਆਸਤ ਵਿੱਚ ਤਾਂ ਦਾਲ ਹੀ ਕੋਕੜੂਆਂ ਦੀ ਬਣਦੀ ਹੈ। ਭ੍ਰਿਸ਼ਟ ਆਗੂਆਂ ਦੀਆਂ ਧੱਕੇਸ਼ਾਹੀਆਂ ਦਾ ਦੁੱਖ ਭੋਗ ਰਹੇ ਦੇਸ਼ਵਾਸੀ ਤਿਰੰਗੇ ਨੂੰ ਸਲਾਮੀ ਕਿਵੇਂ ਦੇ ਸਕਦੇ ਹਨ? ਇਹ ਸਭ ਕੁਝ ਵੇਖਦਿਆਂ ਸ਼ਾਇਰ 'ਸ਼ੌਕ ਬਹਿਰਾਇਚੀ' ਦਾ ਇਹ ਮਸ਼ਹੂਰ ਸ਼ੇਅਰ ਭਾਰਤ ਦੇ ਆਜ਼ਾਦੀ ਦੇ 75 ਸਾਲ ਗੁਜ਼ਰ ਜਾਣ ਮਗਰੋਂ ਨਜ਼ਰ ਆ ਰਹੇ ਹਾਲਾਤ 'ਤੇ ਪੂਰਾ ਢੁਕਦਾ ਹੈ;
"ਬਸ ਏਕ ਹੀ ਉੱਲੂ ਕਾਫ਼ੀ ਥਾ, ਬਰਬਾਦ ਗੁਲਸਿਤਾਂ ਕਰਨੇ ਕੋ
ਹਰ ਸ਼ਾਖ਼ ਪੇ ਉਲੂ ਬੈਠਾ ਹੈ, ਅੰਜਾਮ -ਏ-ਗੁਲਸਿਤਾਂ ਕਿਆ ਹੋਗਾ?''
ਅਖੌਤੀ ਆਜ਼ਾਦੀ ਦੇ ਨਾਂ 'ਤੇ ਭਾਰਤ 'ਚ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਵੱਲੋਂ 1975 ਵਿਚ ਐਮਰਜੈਂਸੀ ਲਾ ਕੇ ਲੋਕਰਾਜੀ ਤਾਕਤਾਂ ਨਸ਼ਟ ਕਰਨਾ, ਅਜਿਹੀ ਮੰਦਭਾਗੀ ਕਾਰਵਾਈ ਸੀ, ਜਿਸਨੇ ਆਜ਼ਾਦੀ ਦਾ ਸਿਧਾਂਤ ਹੀ ਬਰਬਾਦ ਕਰ ਦਿੱਤਾ ਸੀ। ਅੱਜ ਵੀ ਦੇਸ਼ 'ਚ ਵੱਖ-ਵੱਖ ਸੂਬਿਆਂ ਅੰਦਰ ਕੇਂਦਰ ਦੇ ਨੁਮਾਇੰਦੇ ਰਾਜਪਾਲਾਂ ਰਾਹੀ, ਸਰਕਾਰਾਂ ਤੋੜਨ ਅਤੇ ਸਿਆਸੀ ਖਰੀਦੋ- ਫ਼ਰੋਖ਼ਤ ਦਾ ਧੰਦਾ ਜ਼ੋਰਾ ਤੇ ਚਲ ਰਿਹਾ ਹੈ। ਅੱਜ ਦੀ ਅਣ-ਐਲਾਨੀ ਐਮਰਜੈਂਸੀ ਹੋਰ ਵੀ ਵਧੇਰੇ ਖ਼ਤਰਨਾਕ ਹੈ, ਜਿਸ ਨੂੰ ਵੇਖਦਿਆਂ ਤਿਰੰਗਾ ਲਹਿਰਾਉਣ ਦੀ ਕੋਈ ਕਲਪਨਾ ਵੀ ਨਹੀਂ ਕਰ ਸਕਦਾ। ਐਮਰਜੈਂਸੀ ਵੇਲੇ ਇੰਦਰਾ ਗਾਂਧੀ ਬਾਰੇ ਪ੍ਰਸਿੱਧ ਸ਼ਾਇਰ ਡਾ ਦੁਸ਼ਯੰਤ ਕੁਮਾਰ ਤਿਆਗੀ ਨੇ ਜੋ ਲਿਖਿਆ ਸੀ, ਅੱਜ ਉਹ ਮੋਦੀ ਸਰਕਾਰ 'ਤੇ ਵੀ ਪੂਰਾ ਢੁੱਕਦਾ ਹੈ;
"ਏਕ 'ਗੁੜੀਆ' ਕੀ ਕਈ ਕਠਪੁਤਲੀਓਂ ਮੇਂ ਜਾਨ ਹੈ।
ਆਜ ਸ਼ਾਇਰ ਯੇਹ ਤਮਾਸ਼ਾ ਦੇਖ ਕੇ ਹੈਰਾਨ ਹੈ।
ਮਸਲ ਹਤ ਆਮੇਜ਼ ਹੋਤੇ ਹੈ ਸਿਆਸਤ ਕੇ ਕਦਮ
ਤੂ ਨਾ ਸਮਝੇਗਾ ਅਭੀ ਤੂ ਅਭੀ ਇਨਸਾਨ ਹੈ।
ਕੱਲ੍ਹ ਨੁਮਾਇਸ਼ ਮੇਂ ਮਿਲਾ ਵੋਹ ਚੀਥੜੇ ਪਹਿਨੇ ਹੋਏ
ਮੈਨੇ ਪੂਛਾ ਨਾਮ ਬੋਲਾ ਹਿੰਦੋਸਤਾਨ ਹੈ।"
ਗ਼ਦਰ ਪਾਰਟੀ ਦੇ ਪ੍ਰਧਾਨ ਬਾਬਾ ਸੋਹਣ ਸਿੰਘ ਭਕਨਾ ਨੂੰ, ਸੰਤਾਲੀ ਦੀ ਵੰਡ ਮਗਰੋਂ ਇਕ ਵਾਰ ਦੇਸ਼ ਦੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਵੱਲੋਂ ਪੁੱਛਿਆ ਇਹ ਸਵਾਲ ਕਿ ਬਾਬਾ ਜੀ, ਤੁਹਾਡੀ ਕਮਰ ਕਿਵੇਂ ਝੁਕ ਗਈ ਹੈ, ਦੇ ਜਵਾਬ 'ਚ ਬਾਬਾ ਭਕਨਾ ਨੇ ਕਿਹਾ ਸੀ ਕਿ ਅੰਗਰੇਜ਼ ਤਾਂ ਉਨ੍ਹਾਂ ਦੀ ਪਿੱਠ 'ਚ ਕੁੱਬ ਨਾ ਪਾ ਸਕੇ, ਪਰ ਆਜ਼ਾਦ ਦੇਸ਼ ਦੀ ਆਪਣੀ ਸਰਕਾਰ ਨੇ ਜ਼ਰੂਰ ਪਾ ਦਿੱਤਾ । ਅੱਜ 75 ਵਰ੍ਹੇ ਬੀਤਣ ਮਗਰੋਂ ਫਾਸ਼ੀਵਾਦੀ ਸਰਕਾਰ ਦੇ ਸਿਆਸੀ ਆਲੋਚਕ ਵੀ ਬਾਬਾ ਭਕਨਾ ਵਾਂਗ ਹੀ ਮਹਿਸੂਸ ਕਰ ਰਹੇ ਹਨ। 'ਸ਼ੇਰਾਂ ਦੀ ਮਾਰਾਂ ਤੇ ਗਿੱਦੜਾਂ ਦੀਆਂ ਕਲੋਲਾਂ' ਵਾਂਗ ਜਿਹੜੇ ਕੋੜਮੇ ਨੇ ਆਜ਼ਾਦੀ 'ਚ ਹਿੱਸਾ ਪਾਉਣ ਦੀ ਥਾਂ, ਅੰਗਰੇਜ਼-ਪ੍ਰਸਤੀ ਕੀਤੀ, ਅੱਜ ਉਹ ਆਜ਼ਾਦੀ ਦੇ ਪ੍ਰਵਾਨਿਆਂ ਤੋਂ 'ਦੇਸ਼ ਪਿਆਰ' ਦੇ ਪ੍ਰਮਾਣ ਮੰਗ ਰਹੇ ਹਨ। ਹਾਲਾਂਕਿ ਇਨ੍ਹਾਂ ਨੇ ਖੁਦ ਤਿਰੰਗੇ ਦਾ ਵਿਰੋਧ ਕੀਤਾ, ਇਹੀ ਤਿਰੰਗੇ ਲਹਿਰਾਉਣ 'ਤੇ ਦੇਸ਼ ਭਗਤੀ ਦੇ ਸਰਟੀਫਿਕੇਟ ਦੇ ਰਹੇ ਹਨ। ਦੇਸ਼ ਅੰਦਰ ਗਰੀਬੀ, ਅਨਪੜ੍ਹਤਾ, ਬੇਰੁਜ਼ਗਾਰੀ, ਸਿਆਸਤ ਦਾ ਅਪਰਾਧੀਕਰਨ, ਭ੍ਰਿਸ਼ਟਾਚਾਰ, ਜਬਰ- ਜਿਨਾਹ ਅਤੇ ਥਾਂ- ਥਾਂ ਮਨੁੱਖੀ ਕਤਲੇਆਮ ਹੋ ਰਹੇ ਹਨ। ਜਦੋਂ ਦੁਨੀਆਂ ਦੇ ਕੋਨੇ- ਕੋਨੇ 'ਚ ਵੱਸਦੇ ਇਨਸਾਫ਼ ਪਸੰਦ ਲੋਕ ਧੱਕੇਸ਼ਾਹੀਆਂ ਕਾਰਨ ਭਾਰਤ ਸਰਕਾਰ ਦੇ ਖ਼ਿਲਾਫ਼ ਸੜਕਾਂ 'ਤੇ ਰੋਸ ਪ੍ਰਗਟਾ ਰਹੇ ਹੋਣ, ਤਾਂ ਅਜਿਹੀ ਹਾਲਤ 'ਚ ਜ਼ਿਹਨ 'ਚ ਅਲਾਮਾ ਇਕਬਾਲ ਦਾ ਇਹ ਸ਼ੇਅਰ ਗੂੰਜ ਰਿਹਾ ਹੈ,
''ਮੁੱਦਤੇਂ ਗੁਜ਼ਰੀ ਹੈਂ ਇਤਨੀਂ ਰੰਜੋ ਗ਼ਮ ਸਹਿਤੇ ਹੂਏ।
ਸ਼ਰਮ ਸੀ ਆਤੀ ਹੈ ਇਸ ਵਤਨ ਕੋ ਵਤਨ ਕਹਿਤੇ ਹੂਏ।"
ਭਾਰਤ ਦੀ 'ਆਜ਼ਾਦੀ ਦੇ 75ਵੇਂ ਮਹਾਉਤਸਵ' ਦੀ ਸਮੀਖਿਆ ਕਰਦਿਆਂ ਕਿਹਾ ਜਾ ਸਕਦਾ ਹੈ ਕਿ ਸਿਹਤ ਸੇਵਾਵਾਂ ਦੀ ਬਰਬਾਦੀ, ਅਮੀਰ-ਗ਼ਰੀਬ ਦਾ ਬੇਹੱਦ ਵੱਡਾ ਪਾੜਾ, ਵਿਦਿਅਕ ਢਾਂਚੇ ਦੀ ਤ੍ਰਾਸਦਿਕ ਸਥਿਤੀ, ਕਿਸਾਨਾਂ ਦੀਆਂ ਆਤਮ ਹੱਤਿਆਵਾਂ, ਮਾਨਵੀ ਅਧਿਕਾਰਾਂ ਦੀਆਂ ਧੱਜੀਆਂ ਉਡਾਉਂਦੇ ਹੋਏ ਹਜ਼ਾਰਾ ਲਾਸ਼ਾਂ ਨੂੰ ਲਾਵਾਰਿਸ ਆਖ ਕੇ ਜਲਾਉਣਾ ਆਦਿਕ ਕਰਤੂਤਾਂ 'ਭਾਰਤ ਮਹਾਨ' ਸ਼ਬਦ ਨੂੰ ਸਵਾਲੀਆ ਰੂਪ ਵਿੱਚ ਅੰਕਿਤ ਕਰਦੀਆਂ ਹਨ। ਸਾਡਾ ਇਤਿਹਾਸ ਉਸ ਸ਼ੀਸ਼ੇ ਦੀ ਨਿਆਈ ਹੈ, ਜਿਸ ਰਾਹੀ ਅੱਜ ਅਸੀਂ ਭਾਰਤ ਦੇ ਬੀਤੇ 75 ਸਾਲਾਂ ਦੀ ਕਰੂਪ ਤਸਵੀਰ ਪ੍ਰਤੱਖ ਵੇਖ ਰਹੇ ਹਾਂ। ਪੰਦਰਾਂ ਅਗਸਤ ਨੂੰ ਲਾਲ ਕਿਲੇ 'ਤੇ ਲਹਿਰਾਇਆ ਜਾ ਰਿਹਾ ਤਿਰੰਗਾ ਅਸਲ ਵਿੱਚ ਹਰ ਭਾਰਤੀ ਦੀ ਛਾਤੀ ਵਿਚ ਗੱਡਿਆ ਨਜ਼ਰ ਆਉਂਦਾ ਹੈ। ਬੁਨਿਆਦੀ ਹੱਕਾਂ ਅਤੇ ਹੋਂਦ ਦੀ ਲੜਾਈ ਲੜ ਰਹੇ ਦੇਸ਼ਵਾਸੀਆਂ ਦੇ ਗੰਭੀਰ ਮਸਲਿਆਂ ਨੂੰ ਡਾ ਸੁਰਜੀਤ ਪਾਤਰ ਨੇ ਜਿਵੇਂ ਕਾਵਿ -ਸਤਰਾਂ ਰਾਹੀਂ ਬਿਆਨ ਕੀਤਾ ਹੈ, ਉਹ ਲਿਖਤ ਦਾ ਨਿਚੋੜ ਹਨ ;
"ਕਿੰਨਾ ਹੈ ਮਹਾਨ ਦੇਸ਼ ਉਦੋਂ ਪਤਾ ਲੱਗਿਆ।
ਡੂੰਘਾ ਮੇਰੀ ਹਿੱਕ 'ਚ ਤਿਰੰਗਾ ਗਿਆ ਗੱਡਿਆ।
ਝੁੱਲ ਓ ਤਿਰੰਗਿਆ ਤੂੰ ਝੁੱਲ ਸਾਡੀ ਖ਼ੈਰ ਏ।
ਦਿਲ ਹੀ ਉਦਾਸ ਹੈ ਜੀ ਬਾਕੀ ਸਭ ਖ਼ੈਰ ਏ।"

 

ਕੈਨੇਡਾ  ਦੇ  ਸਿੱਖ ਆਗੂ ਰਿਪੁਦਮਨ ਸਿੰਘ ਮਲਿਕ  ਦੀ ਹੱਤਿਆ ਦੇ ਮਾਮਲੇ 'ਚ ਦਰਬਾਰੀ ਮੀਡੀਆ ਦੀ ਨਕਾਰਾਤਮਕ ਭੂਮਿਕਾ - ਡਾ ਗੁਰਵਿੰਦਰ ਸਿੰਘ

ਏਜੰਡੇ ਤਹਿਤ ਚਲਦੇ 'ਮੀਡੀਆ ਟਰਾਇਲਾਂ' ਬਾਰੇ ਭਾਰਤ ਦੇ ਸੁਪਰੀਮ ਕੋਰਟ ਦੇ ਮੁੱਖ ਜੱਜ ਨੇ ਹਾਲ ਹੀ ਵਿਚ ਵਿਸ਼ੇਸ਼ ਜ਼ਿਕਰ ਕਰਦਿਆਂ ਕਿਹਾ ਹੈ ਕਿ ਅਜੇ ਕਿਸੇ ਮਾਮਲੇ ਵਿੱਚ ਕਾਨੂੰਨ ਨੇ ਤਾਂ ਕੋਈ ਫ਼ੈਸਲਾ ਲੈਣਾ ਹੁੰਦਾ ਹੈ, ਪਰ ਮੀਡੀਆ ਬਹਿਸਾਂ 'ਚ ਪਹਿਲਾਂ ਹੀ ਫ਼ੈਸਲਾ ਸੁਣਾ ਕੇ, ਖ਼ਾਸ ਏਜੰਡੇ ਤਹਿਤ ਬਿਰਤਾਂਤ ਸਿਰਜ ਦਿੱਤਾ ਜਾਂਦਾ ਹੈ। ਦਰਅਸਲ ਸੱਤਾ ਦੀ ਬੋਲੀ ਬੋਲਣ ਵਾਲੇ ਗੋਦੀ ਮੀਡੀਆ ਵੱਲੋਂ ਸਰਕਾਰ ਵਿਰੋਧੀਆਂ ਖਿਲਾਫ਼ ਝੂਠੇ ਇਲਜ਼ਾਮ ਲਾ ਕੇ, ਸਰਕਾਰੀ ਪ੍ਰਾਪੋਗੰਡਾ ਕੀਤਾ ਜਾਂਦਾ ਹੈ। ਖਾਸ ਗੱਲ ਇਹ ਵੀ ਹੈ ਕਿ ਪੱਤਰਕਾਰਾਂ ਨੂੰ ਦਿੱਤੀਆਂ ਹਦਾਇਤਾਂ ਅਧੀਨ ਕਿਸੇ ਨੂੰ ਦੋਸ਼ੀ ਗਰਦਾਨ ਕੇ, ਮਗਰੋਂ ਸਰਕਾਰੀ ਏਜੰਸੀਆਂ ਕਾਰਵਾਈ ਕਰਦੀਆਂ ਹਨ। ਇਹ ਮੇਲ ਜੋਲ ''ਚੋਰ ਤੇ ਕੁੱਤੀ' ਦੇ ਰਲੇ ਹੋਣ ਵਜੋਂ ਅੱਜ ਜੱਗ ਜ਼ਾਹਰ ਹੋ ਰਿਹਾ ਹੈ। ਇਸ ਦੀ ਪ੍ਰਤੱਖ ਮਿਸਾਲ ਕੈਨੇਡਾ ਵਿਚ ਬੀਤੇ ਦਿਨੀਂ ਕਤਲ ਕੀਤੇ ਗਏ ਰਿਪੁਦਮਨ ਸਿੰਘ ਮਲਿਕ ਦੇ ਮਾਮਲੇ ਵਿੱਚ ਚੱਲ ਰਹੇ 'ਮੀਡੀਆ ਟਰਾਇਲ' ਤੋਂ ਮਿਲਦੀ ਹੈ। ਕੈਨੇਡਾ ਦੀ ਬਹੁ-ਚਰਚਿਤ ਸਿੱਖ ਆਗੂ ਮਲਿਕ ਦੀ ਸਰੀ 'ਚ ਦਿਨ ਦਿਹਾੜੇ 14 ਜੁਲਾਈ ਨੂੰ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਪੰਜਾਬ ਵਿੱਚ ਫਿਰੋਜ਼ਪੁਰ ਵਿਖੇ ਸੰਨ 1947 ਵਿਚ ਜਨਮੇ ਮਲਿਕ ਸੰਨ 1972 ਵਿੱਚ ਕੈਨੇਡਾ ਆਏ। ਉਨ੍ਹਾਂ ਕੈਨੇਡਾ ਦੇ ਹੋਰਨਾਂ ਦਾਨੀ ਸਿੱਖਾਂ ਦੇ ਸਹਿਯੋਗ ਸਦਕਾ, ਸੰਨ 1986 ਵਿੱਚ ਖਾਲਸਾ ਕਰੈਡਿਟ ਯੂਨੀਅਨ ਅਤੇ ਉਸ ਤੋਂ ਮਗਰੋਂ ਖਾਲਸਾ ਸਕੂਲ ਖੋਲ੍ਹੇ ਅਤੇ ਵਿੱਦਿਅਕ ਸੰਸਥਾ 'ਸਤਿਨਾਮ ਐਜੂਕੇਸ਼ਨ ਟਰੱਸਟ' ਦੀ ਸਥਾਪਨਾ ਕੀਤੀ।
ਕੈਨੇਡਾ 'ਚ ਸੰਨ 1985 ਵਿੱਚ ਹੋਏ ਏਅਰ ਇੰਡੀਆ ਬੰਬ ਧਮਾਕੇ ਦੇ ਮਾਮਲੇ ਵਿਚ ਰਿਪੁਦਮਨ ਸਿੰਘ ਮਲਿਕ ਅਤੇ ਅਜੈਬ ਸਿੰਘ ਬਾਗੜੀ ਨੂੰ ਸੰਨ 2000 ਵਿਚ ਗ੍ਰਿਫ਼ਤਾਰ ਕੀਤਾ ਗਿਆ, ਪਰ ਸਾਢੇ ਚਾਰ ਸਾਲ ਜੇਲ੍ਹ 'ਚ ਰੱਖਣ ਮਗਰੋਂ ਸੁਪਰੀਮ ਕੋਰਟ ਆਫ ਬ੍ਰਿਟਿਸ਼ ਕੋਲੰਬੀਆ ਨੇ ਉਨ੍ਹਾਂ ਨੂੰ ਸੰਨ 2005 ਵਿਚ ਬਰੀ ਕਰ ਦਿੱਤਾ। ਏਅਰ ਇੰਡੀਆ ਬੰਬ ਧਮਾਕੇ ਕਾਰਨ ਭਾਰਤ ਸਰਕਾਰ ਦੀ 'ਬਲੈਕ ਲਿਸਟ' ਵਿਚ ਰਿਪੁਦਮਨ ਸਿੰਘ ਮਲਿਕ ਦਾ ਨਾਂ ਵੀ ਜੁੜਿਆ ਰਿਹਾ। ਸੰਨ 2019 ਵਿਚ ਮਲਿਕ ਨੂੰ ਮੋਦੀ ਸਰਕਾਰ ਵੱਲੋਂ ਵੀਜ਼ਾ ਮਿਲਣ 'ਤੇ, ਉਹ ਦਰਬਾਰ ਸਾਹਿਬ ਗਏ। ਇਸ ਦੌਰਾਨ ਵੀਜ਼ਾ ਮਿਲਣ ਲਈ ਭਾਰਤੀ ਖ਼ੁਫ਼ੀਆ ਏਜੰਸੀ ਰਾਅ ਦੇ ਆਗੂਆਂ ਦਾ ਮੀਡੀਆ ਵਿੱਚ ਖੁੱਲ੍ਹੇ ਰੂਪ ਵਿੱਚ ਮਲਿਕ ਦੇ ਭਰਾ ਵੱਲੋਂ ਧੰਨਵਾਦ ਕੀਤਾ ਗਿਆ। ਮੋਦੀ ਸਰਕਾਰ ਦੀ ਮਿਹਰਬਾਨੀ ਲਈ ਸ਼ੁਕਰਾਨਾ ਕਰਦਿਆਂ ਸੰਨ 2022 ਵਿਚ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਹਮਾਇਤ ਵਿਚ ਮਲਿਕ ਵੱਲੋਂ ਲਿਖਿਆ ਖ਼ਤ ਵਿਵਾਦਪੂਰਨ ਰਿਹਾ। ਮੋਦੀ ਸਰਕਾਰ ਦੇ ਸੋਹਲੇ ਗਾਉਣ ਵਾਲੇ ਇਸ ਖਤ ਰਾਹੀਂ ਉਨ੍ਹਾਂ ਕੈਨੇਡੀਅਨ ਸਿੱਖਾਂ ਨੂੰ, ਭਾਰਤ ਦੇ ਪ੍ਰਧਾਨ ਮੰਤਰੀ ਲਈ ਹਮਾਇਤ ਜੁਟਾਉਣ ਦਾ ਖੁੱਲ੍ਹਾ ਸੱਦਾ ਦਿੱਤਾ। ਭਾਰਤ ਦੀ ਭਾਜਪਾ ਸਰਕਾਰ ਦੀ ਖੁੱਲ੍ਹਮ- ਖੁੱਲ੍ਹੀ ਹਮਾਇਤ ਕਰਨ 'ਤੇ ਮਲਿਕ ਨੂੰ ਕੈਨੇਡਾ ਦੇ ਪੰਥਕ ਹਲਕਿਆਂ ਵਿਚ ਤਿੱਖੀ ਆਲੋਚਨਾ ਦਾ ਸਾਹਮਣਾ ਕਰਨਾ ਪਿਆ। ਅਸਲ ਵਿਚ ਇਹ ਵਿਰੋਧ ਮਲਿਕ ਦਾ ਨਿੱਜੀ ਵਿਰੋਧ ਨਾ ਹੋ ਕੇ, ਉਹਨਾਂ ਦੀ ਮੋਦੀ ਸਰਕਾਰ ਪ੍ਰਤੀ ਹਮਾਇਤ ਦਾ ਵਿਰੋਧ ਸੀ, ਜਿਸ ਵਿੱਚ ਸੁਹਿਰਦ ਸਿੱਖਾਂ ਤੋਂ ਇਲਾਵਾ ਅਗਾਂਹਵਧੂ ਸੋਚ ਵਾਲੇ ਲੋਕ ਵੀ ਸ਼ਾਮਲ ਸਨ। ਦੂਜੇ ਪਾਸੇ ਏਅਰ ਇੰਡੀਆ ਬੰਬ ਧਮਾਕੇ ਵਿੱਚ ਬਰੀ ਹੋਣ ਦੇ ਬਾਵਜੂਦ ਕਈ ਦਹਾਕਿਆਂ ਤਕ ਮਲਿਕ ਦਾ ਵਿਰੋਧ ਕਰਨ ਵਾਲੇ ਭਾਰਤ ਸਰਕਾਰ ਪੱਖੀ ਕੈਨੇਡੀਅਨ ਗਰੁੱਪ ਮਲਿਕ ਦੀ ਮੋਦੀ ਨੂੰ ਲਿਖੀ ਚਿੱਠੀ ਦੀ ਹਮਾਇਤ ਵਿਚ ਡਟ ਗਏ ਸਨ। ਅਜਿਹੀ ਧੜੇਬੰਦੀ ਬਕਾਇਦਾ ਏਜੰਸੀਆਂ ਦੀ ਘਾੜਤ ਸੀ, ਜਿਸ ਵਿੱਚ ਮੋਦੀ ਸਰਕਾਰ ਪੱਖੀ ਭਾਰਤੀ ਮੀਡੀਆ ਅਤੇ ਉਸ ਦੇ ਹਮਾਇਤੀ ਕੈਨੇਡਾ ਦੇ ਖਾਸ ਵਰਗ ਨੇ ਪੁਰਜ਼ੋਰ ਸਰਗਰਮੀ ਭੂਮਿਕਾ ਨਿਭਾਈ ਸੀ।
ਇਸ ਦੀ ਪ੍ਰਤੱਖ ਮਿਸਾਲ ਉਸ ਵੇਲੇ ਸਾਹਮਣੇ ਆਉਂਦੀ ਹੈ ਜਦੋਂ ਰਿਪੁਦਮਨ ਸਿੰਘ ਮਲਿਕ ਦੀ ਹੱਤਿਆ ਤੋਂ ਕੁਝ ਘੰਟੇ ਬਾਅਦ ਹੀ, ਕੁਝ ਇੰਡੋ ਕਨੇਡੀਅਨ ਨਿਊਜ਼ ਅਦਾਰੇ ਸਰਕਾਰ ਪੱਖੀ ਖਾਸ ਬਿਰਤਾਂਤ ਘੜਨਾ ਸ਼ੁਰੂ ਕਰ ਦਿੰਦੇ ਹਨ ਕਿ ਮਲਿਕ ਦਾ ਕਤਲ ਉਸ ਵੱਲੋਂ ਮੋਦੀ ਦੀ ਹਮਾਇਤ ਵਿਚ ਲਿਖੇ ਪੱਤਰ ਕਾਰਨ ਹੋਇਆ ਹੈ। ਇੱਥੇ ਹੀ ਬਸ ਨਹੀਂ ਭਾਰਤ ਦੀਆਂ ਗੋਦੀ ਨਿਊਜ਼ ਏਜੰਸੀਆਂ ਸਰਕਾਰੀ ਏਜੰਸੀਆਂ ਦੇ ਦਿਸ਼ਾ ਨਿਰਦੇਸ਼ 'ਤੇ ਕੁਝ ਸਿੱਖਾਂ, ਵਿਸ਼ੇਸ਼ ਸਿੱਖ ਸੰਸਥਾਵਾਂ ਅਤੇ ਕੁਝ ਮੀਡੀਆ ਅਦਾਰਿਆਂ ਦਾ ਨਾਮ ਲਿਖ ਕੇ ਇਹ ਪ੍ਰਚਾਰਨਾ ਸ਼ੁਰੂ ਕਰ ਦਿੰਦੀਆਂ ਹਨ ਕਿ ਉਨ੍ਹਾਂ ਵੱਲੋਂ ਮਲਿਕ ਦੀ ਮੋਦੀ ਨੂੰ ਲਿਖੀ ਚਿੱਠੀ ਦੇ ਤਿੱਖੇ ਵਿਰੋਧ ਕਾਰਨ ਹੀ ਕਤਲ ਦਾ ਮਾਹੌਲ ਸਿਰਜਿਆ ਗਿਆ।
ਚਾਹੇ ਬ੍ਰਿਟਿਸ਼ ਕੋਲੰਬੀਆ ਦੀ ਕਤਲਾਂ ਦੀ ਜਾਂਚ ਕਰਨ ਵਾਲੀ ਪੁਲਿਸ ਏਜੰਸੀ ਵੱਲੋਂ ਮਲਿਕ ਦੀ ਹੱਤਿਆ ਦੇ ਮਾਮਲੇ 'ਚ ਸਾਰਿਆਂ ਨੂੰ, ਕਿਸੇ ਵੀ ਤਰ੍ਹਾਂ ਦੇ ਅੰਦਾਜ਼ੇ ਲਾਉਣ ਅਤੇ ਅਫਵਾਹ ਫੈਲਾਉਣ ਤੋਂ ਵਰਜਿਆ ਗਿਆ ਹੈ, ਪਰ ਇਸ ਦੇ ਬਾਵਜੂਦ ਭਾਰਤੀ ਮੀਡੀਆ ਦੇ ਵੱਡੇ ਹਿੱਸੇ ਅਤੇ ਏਜੰਸੀਆਂ ਵੱਲੋਂ ਮਲਿਕ ਦੀ ਮੋਦੀ ਦੀ ਹਮਾਇਤ ਵਿੱਚ ਚਿੱਠੀ ਲਿਖਣ ਨੂੰ ਲੈ ਕੇ, ਹੋਏ ਵਿਰੋਧ ਨੂੰ ਮਲਿਕ ਦੀ ਹੱਤਿਆ ਦੀ ਵਜ੍ਹਾ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਕੁਝ ਮੀਡੀਆ ਅਦਾਰਿਆਂ ਅਤੇ ਏਜੰਸੀਆਂ ਵਲੋਂ, 'ਮੀਡੀਆ ਟਰਾਇਲ' ਚਲਾ ਕੇ, ਮਲਿਕ ਵਿਰੋਧੀਆਂ 'ਤੇ ਕਤਲ ਲਈ ਉਂਗਲੀ ਉਠਾਉਂਦਿਆਂ, ਕੈਨੇਡਾ ਦੇ ਸਿੱਖਾਂ ਵਿੱਚ ਖਾਨਾਜੰਗੀ ਦਾ ਮਾਹੌਲ ਸਿਰਜਣ ਦੀਆਂ ਸਾਜ਼ਿਸ਼ਾਂ ਜ਼ੋਰਾਂ 'ਤੇ ਹਨ। ਗੁੰਮਰਾਹਕੁਨ ਪ੍ਰਚਾਰ ਅਤੇ ਫੈਲਾਈਆਂ ਜਾ ਰਹੀਆਂ ਅਫਵਾਹਾਂ ਦੇ ਮੱਦੇਨਜ਼ਰ, ਬ੍ਰਿਟਿਸ਼ ਕੋਲੰਬੀਆ ਦੀ ਗੁਰਦੁਆਰਾ ਸੰਸਥਾ 'ਬੀ ਸੀ ਸਿੱਖ ਕੌਂਸਲ' ਵੱਲੋਂ ਕੈਨੇਡਾ ਦੀ ਜਨਤਕ ਸੁਰੱਖਿਆ ਮਹਿਕਮੇ ਦੇ ਮੰਤਰੀ ਨੂੰ ਪੱਤਰ ਵਿੱਚ ਲਿਖਿਆ ਗਿਆ ਕਿ ਰਿਪੁਦਮਨ ਸਿੰਘ ਮਲਿਕ ਦੀ ਹਾਲ ਹੀ ਵਿੱਚ ਹੋਈ ਹੱਤਿਆ ਦੀ ਜਾਂਚ ਕੀਤੀ ਜਾਵੇ। ਬੀਸੀ ਸਿੱਖ ਕੌਂਸਲ ਵਲੋਂ ਲਿਖੇ ਪੱਤਰ ਅਨੁਸਾਰ 40 ਸਾਲਾਂ ਤੋਂ ਵੱਧ ਸਮੇਂ ਤੋਂ ਸਿੱਖ ਭਾਈਚਾਰੇ ਦੇ ਇੱਕ ਉੱਚ-ਪੱਧਰ ਦੇ ਮੈਂਬਰ ਵਜੋਂ, ਮਲਿਕ ਨੂੰ ਖਾਲਸਾ ਸਕੂਲ (3000 ਤੋਂ ਵੱਧ ਵਿਦਿਆਰਥੀਆਂ ਵਾਲੇ ਬ੍ਰਿਟਿਸ਼ ਕੋਲੰਬੀਆ ਵਿੱਚ ਸਭ ਤੋਂ ਵੱਡਾ ਪ੍ਰਾਈਵੇਟ ਸਕੂਲ) ਅਤੇ ਖਾਲਸਾ ਕ੍ਰੈਡਿਟ ਯੂਨੀਅਨ ਅਤੇ ਇਸ ਦੀਆਂ ਬਹੁਤ ਸਾਰੀਆਂ ਸ਼ਾਖਾਵਾਂ ਨੂੰ, ਇੱਕ ਭਾਈਚਾਰਕ ਕੇਂਦਰਿਤ ਬੈਂਕ ਵਜੋਂ ਸਥਾਪਤ ਕਰਨ ਵਿੱਚ, ਮਦਦ ਕਰਨ ਦਾ ਸਿਹਰਾ ਜਾਂਦਾ ਹੈ। ਸਿੱਖ ਭਾਈਚਾਰੇ ਦੇ ਅੰਦਰ ਅਤੇ ਇਸ ਤੋਂ ਬਾਹਰ ਦੇ ਇਹਨਾਂ ਯਤਨਾਂ ਨੇ, ਮਲਿਕ ਨੂੰ ਕਈ ਸਰਕਲਾਂ ਵਿੱਚ, ਇੱਕ ਜਾਣੇ-ਪਛਾਣੇ ਅਤੇ ਸਤਿਕਾਰਤ ਮੈਂਬਰ ਵਜੋਂ ਸਥਾਪਤ ਕੀਤਾ ਸੀ।
ਮੰਗ ਪੱਤਰ ਵਿਚ ਜ਼ਿਕਰ ਕੀਤਾ ਗਿਆ ਕਿ ਮਲਿਕ ਬਾਰੇ ਅਜਿਹੀ ਜਾਣਕਾਰੀ ਦਾ ਮਕਸਦ ਇਹ ਯਕੀਨੀ ਬਣਾਉਣ ਲਈ ਬੇਨਤੀ ਕਰਨਾ ਹੈ ਕਿ ਰਿਪੁਦਮਨ ਸਿੰਘ ਮਲਿਕ ਦੀ ਹੱਤਿਆ ਦੀ ਜਾਂਚ ਪੂਰੀ ਤਰ੍ਹਾਂ ਅਤੇ ਪਾਰਦਰਸ਼ੀ ਢੰਗ ਨਾਲ ਕੀਤੀ ਜਾਵੇ। ਇਸ ਵਿੱਚ ਭਾਰਤੀ ਖੁਫੀਆ ਏਜੰਸੀਆਂ ਦੀ ਸੰਭਾਵੀ ਸ਼ਮੂਲੀਅਤ ਦੀ ਜਾਂਚ ਵੀ ਸ਼ਾਮਲ ਹੋਵੇ।
ਫੌਰੀ ਅਪਰਾਧਿਕ ਜਾਂਚ ਤੋਂ ਇਲਾਵਾ, ਕੈਨੇਡੀਅਨ ਖੁਫੀਆ ਅਤੇ ਸੁਰੱਖਿਆ ਏਜੰਸੀਆਂ ਨੂੰ ਇਹ ਵੀ ਮੁਲਾਂਕਣ ਕਰਨਾ ਚਾਹੀਦਾ ਹੈ ਕਿ ਕੀ ਭਾਰਤੀ ਖੁਫੀਆ ਅਧਿਕਾਰੀਆਂ ਨੂੰ, ਅਪਰਾਧ ਬਾਰੇ ਕੋਈ ਪਹਿਲਾਂ ਤੋਂ ਜਾਣਕਾਰੀ ਸੀ ਅਤੇ ਕੀ ਅਜਿਹੀਆਂ ਏਜੰਸੀਆਂ ਜਾਂ ਵਿਦੇਸ਼ੀ ਕਰਿੰਦੇ, ਗੋਲੀਬਾਰੀ ਦੇ ਮੀਡੀਆ ਚਿੱਤਰਣ ਜਾਂ ਬਾਅਦ ਦੇ ਰਾਜਨੀਤਿਕ ਪ੍ਰਚਾਰ ਨੂੰ ਪ੍ਰਭਾਵਿਤ ਕਰਨ ਵਿੱਚ ਸ਼ਾਮਲ ਹਨ, ਜੋ ਕਿ ਦੇਸ਼ ਭਰ ਵਿੱਚ ਉਭਰ ਰਿਹਾ ਹੈ। ਜਨਤਕ ਖੇਤਰ ਦੇ ਸਰੋਤਾਂ ਦਾ ਵਿਸ਼ਲੇਸ਼ਣ ਕਰਦੇ ਹੋਏ, ਰਿਕਾਰਡ ਤੇ ਮਹੱਤਵਪੂਰਨ ਸਬੂਤ ਮੌਜੂਦ ਹਨ, ਜੋ ਇਹ ਸਥਾਪਿਤ ਕਰਦੇ ਹਨ ਕਿ ਭਾਰਤੀ ਅਧਿਕਾਰੀਆਂ ਅਤੇ ਖੁਫੀਆ ਕਾਰਜਕਰਤਾਵਾਂ ਨੇ, ਕਈ ਦਹਾਕਿਆਂ ਤੋਂ ਖਬਰਾਂ ਦੀ ਕਵਰੇਜ ਤਿਆਰ ਕਰਾਉਦਿਆਂ, ਮੀਡੀਆ ਆਊਟਲੇਟਾਂ ਨੂੰ ਆਪਣੀ ਰਿਪੋਰਟਿੰਗ ਨੂੰ ਪ੍ਰਭਾਵਿਤ ਕਰਨ ਲਈ ਰਿਸ਼ਵਤ ਦੀ ਪੇਸ਼ਕਸ਼ ਕੀਤੀ ਹੈ ਅਤੇ ਕਈ ਦਹਾਕਿਆਂ ਤੋਂ ਨਿਸ਼ਾਨਾ ਸਾਧਦਿਆਂ, ਇਸ ਨੂੰ ਹੋਰ ਵਧਾਇਆ ਹੈ। ਇਹ ਭਾਰਤੀ ਹਿੱਤਾਂ ਨੂੰ ਅੱਗੇ ਵਧਾਉਣ ਲਈ ਕੀਤਾ ਗਿਆ ਹੈ ਅਤੇ ਕੈਨੇਡਾ ਵਿੱਚ ਸਿੱਖ ਭਾਈਚਾਰੇ ਨੂੰ ਬਦਨਾਮ ਕਰਨ ਦੀ ਕੀਮਤ 'ਤੇ ਹੋਇਆ ਹੈ। 1988 ਦੀ ਗਲੋਬ ਐਂਡ ਮੇਲ ਦੀ ਜਾਂਚ ਤੋਂ ਪਤਾ ਲੱਗਾ ਹੈ ਕਿ ਭਾਰਤੀ ਖੁਫੀਆ ਏਜੰਟਾਂ ਨੇ 1980 ਦੇ ਦਹਾਕੇ ਤੋਂ ਹੀ ਇਸ ਮਕਸਦ ਨੂੰ ਅੱਗੇ ਵਧਾਉਣ ਲਈ, ਕੈਨੇਡਾ ਦੇ ਸਿੱਖ ਭਾਈਚਾਰੇ ਵਿੱਚ ਘੁਸਪੈਠ ਕਰਨ ਲਈ ਭੁਗਤਾਨ ਕੀਤੇ ਸਨ ਅਤੇ ਮੁਖਬਰਾਂ ਅਤੇ ਭੜਕਾਊ ਲੋਕਾਂ ਦਾ ਇੱਕ ਨੈਟਵਰਕ ਸਥਾਪਤ ਕੀਤਾ ਸੀ।
ਹਾਲ ਹੀ ਵਿੱਚ, ਕੈਨੇਡੀਅਨ ਸੰਸਦ ਦੀ ਰਾਸ਼ਟਰੀ ਸੁਰੱਖਿਆ ਅਤੇ ਖੁਫੀਆ ਕਮੇਟੀ (NSICOP) ਨੇ, ਵਿਦੇਸ਼ੀ ਦਖਲ ਨਾਲ ਸਬੰਧਤ ਕਈ ਰਿਪੋਰਟਾਂ ਪ੍ਰਕਾਸ਼ਿਤ ਕੀਤੀਆਂ ਹਨ। ਭਾਰਤ ਦੁਆਰਾ ਵਿਦੇਸ਼ੀ ਦਖਲਅੰਦਾਜ਼ੀ ਦੀਆਂ ਖੋਜਾਂ ਦੇ ਸਬੰਧ ਵਿੱਚ ਭਾਰੀ ਸੋਧ ਕੀਤੇ ਜਾਣ ਦੇ ਬਾਵਜੂਦ, ਇੱਕ 2018 ਦੀ ਰਿਪੋਰਟ ਵਿੱਚ ਇਹ ਸਪੱਸ਼ਟ ਕੀਤਾ ਗਿਆ ਹੈ ਕਿ ਭਾਰਤੀ ਸੰਚਾਲਕਾਂ ਨੇ ਇੱਕ ਖਾਸ ਬਿਰਤਾਂਤ ਨੂੰ ਵਧਾਉਣ ਲਈ ਚੱਲ ਰਹੀ ਮੁਹਿੰਮ ਦਾ ਆਯੋਜਨ ਕੀਤਾ, ਜਿਸ ਵਿੱਚ ਕੈਨੇਡਾ ਦੇ ਸਿੱਖ ਭਾਈਚਾਰੇ ਨੂੰ ਕੱਟੜਪੰਥੀ ਗਰਦਾਨਦੇ ਹੋਏ ਭਾਰਤੀ ਰਾਸ਼ਟਰੀ ਸੁਰੱਖਿਆ 'ਤੇ ਜ਼ੋਰ ਦਿੱਤਾ ਗਿਆ ਸੀ। ਰਾਸ਼ਟਰੀ ਸੁਰੱਖਿਆ ਅਤੇ ਖੁਫੀਆ ਸਲਾਹਕਾਰ, ਡੇਵਿਡ ਜੀਨ, ਨੇ ਵੀ ਰਿਕਾਰਡ ਵਿਚ ਸਪੱਸ਼ਟ ਤੌਰ 'ਤੇ ਦੱਸਿਆ ਕਿ ਭਾਰਤੀ ਖੁਫੀਆ ਆਪਰੇਟਿਵ, ਕੈਨੇਡੀਅਨ ਮੀਡੀਆ ਆਊਟਲੇਟਾਂ ਰਾਹੀਂ ਸਰਗਰਮੀ ਨਾਲ, ਝੂਠੇ ਬਿਰਤਾਂਤ ਘੜ ਰਹੇ ਸਨ ਅਤੇ ਪ੍ਰਚਾਰ ਰਹੇ ਸਨ।
ਏ ਬੀ ਬਨਾਮ ਕੈਨੇਡਾ (ਸਿਟੀਜ਼ਨਸ਼ਿਪ ਐਂਡ ਇਮੀਗ੍ਰੇਸ਼ਨ), 2020 ਐਫ ਸੀ 461 ਵਿੱਚ ਫੈਡਰਲ ਕੋਰਟ ਆਫ਼ ਕਨੇਡਾ ਦੀਆਂ ਖੋਜਾਂ ਦੁਆਰਾ, ਇਸ ਦੀ ਹੋਰ ਪੁਸ਼ਟੀ ਕੀਤੀ ਗਈ ਹੈ, ਜਿਸ ਵਿੱਚ ਇਹ ਸਥਾਪਿਤ ਕੀਤਾ ਗਿਆ ਹੈ ਕਿ ਭਾਰਤੀ ਖੁਫੀਆ ਤੰਤਰ ਸਿੱਧੇ ਤੌਰ 'ਤੇ ਕਿਸੇ ਵਿਅਕਤੀ ਨੂੰ ਕੰਮ ਸੌਂਪ ਕੇ, ਕੈਨੇਡੀਅਨ ਚੋਣ ਪ੍ਰਕਿਰਿਆਵਾਂ, ਸਰਕਾਰੀ ਨੀਤੀ ਅਤੇ ਮੀਡੀਆ ਦੀ ਆਜ਼ਾਦੀ ਵਿੱਚ ਦਖਲਅੰਦਾਜ਼ੀ ਕਰਦਾ ਹੈ। ਭਾਰਤ ਸਰਕਾਰ ਦੀ ਤਰਫੋਂ ਕੈਨੇਡੀਅਨ ਸਰਕਾਰ ਦੇ ਨੁਮਾਇੰਦਿਆਂ ਅਤੇ ਏਜੰਸੀਆਂ ਨੂੰ ਗੁਪਤ ਰੂਪ ਵਿੱਚ ਪ੍ਰਭਾਵਿਤ ਕਰਨਾ ਇਸ ਬਿਰਤਾਂਤ ਦਾ ਉਦੇਸ਼ ਹੈ। ਇਹ ਨਾਪਾਕ ਗਤੀਵਿਧੀਆਂ, ਨਾ ਸਿਰਫ਼ ਕੈਨੇਡੀਅਨ ਸੰਸਥਾਵਾਂ ਨੂੰ ਕਮਜ਼ੋਰ ਕਰਦੀਆਂ ਹਨ ਅਤੇ ਸਰਕਾਰਾਂ ਨੂੰ ਦਬਾਏ ਜਾ ਰਹੇ ਭਾਈਚਾਰਿਆਂ ਨੂੰ ਹੋਰ ਦਬਾਉਣ ਲਈ ਰਾਜ਼ੀ ਕਰਕੇ, ਸਿੱਖਾਂ ਨੂੰ ਨਸਲੀ ਸਮੂਹ ਵਜੋਂ ਪਰਿਭਾਸ਼ਤ ਕਰਦੀਆਂ ਹਨ। ਇਸ ਤੋਂ ਵੀ ਅੱਗੇ ਜਨਤਕ ਮਾਨਤਾ ਦੀ ਘਾਟ, ਭਾਰਤੀ ਅਧਿਕਾਰੀਆਂ ਨੂੰ ਪੰਜਾਬ ਅਤੇ ਵਿਦੇਸ਼ਾਂ ਵਿੱਚ, ਮਨੁੱਖੀ ਅਧਿਕਾਰਾਂ ਦੀ ਉਲੰਘਣਾ ਨੂੰ ਜਾਰੀ ਰੱਖਣ ਲਈ ਵੀ ਉਤਸ਼ਾਹਿਤ ਕਰਦੀਆਂ ਹਨ। ਗਲੋਬਲ ਭਾਈਚਾਰਕ ਸਰਗਰਮੀ ਵਜੋਂ ਵਿਦੇਸ਼ਾਂ ਵਿੱਚ ਸਿੱਖ ਕਾਰਕੁਨਾਂ ਵਿਰੁੱਧ ਚੱਲ ਰਿਹਾ ਅਪਰਾਧੀਕਰਨ, ਭਾਰਤ ਦੇ ਘਰੇਲੂ ਤੌਰ 'ਤੇ ਅਸਹਿਮਤੀ ਵਾਲੇ ਅਪਰਾਧੀਕਰਨ ਦਾ ਅਤੇ ਇਸਦੀ ਵਿਦੇਸ਼ੀ ਦਖਲਅੰਦਾਜ਼ੀ ਅਤੇ ਜਾਸੂਸੀ ਦਾ, ਵਿਸਤਾਰ ਹੈ। ਮੰਗ ਪੱਤਰ ਵਿਚ ਕਿਹਾ ਗਿਆ ਕਿ ਪਬਲਿਕ ਸੇਫਟੀ ਮੰਤਰੀ ਹੋਣ ਦੇ ਨਾਤੇ, ਇਹ ਜ਼ਰੂਰੀ ਹੈ ਕਿ ਰਿਪੁਦਮਨ ਸਿੰਘ ਮਲਿਕ ਦੇ ਕਤਲ ਅਤੇ ਇਸ ਤੋਂ ਅੱਗੇ ਦੇ ਸਬੰਧ ਵਿੱਚ, ਇਹਨਾਂ ਗਤੀਵਿਧੀਆਂ ਦੀ ਪੂਰੀ ਪਾਰਦਰਸ਼ੀ ਢੰਗ ਨਾਲ ਜਾਂਚ ਕਰੋ। ਅਜਿਹੀ ਜਾਂਚ ਦੇ ਨਤੀਜਿਆਂ ਨੂੰ ਅੱਗੇ ਜਨਤਕ ਕੀਤਾ ਜਾਣਾ ਚਾਹੀਦਾ ਹੈ, ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਕੈਨੇਡਾ ਦੇ ਸਾਰੇ ਭਾਈਚਾਰਿਆਂ ਨੂੰ, ਕੈਨੇਡਾ ਦੀਆਂ ਸਿਆਸੀ ਸੰਸਥਾਵਾਂ ਅਤੇ ਪੱਤਰਕਾਰੀ ਦੀ ਆਜ਼ਾਦੀ ਨੂੰ, ਕਮਜ਼ੋਰ ਕਰਨ ਦੀਆਂ ਇਨ੍ਹਾਂ ਗੈਰ-ਕਾਨੂੰਨੀ ਕੋਸ਼ਿਸ਼ਾਂ ਤੋਂ ਸੁਰੱਖਿਅਤ ਰੱਖਿਆ ਗਿਆ ਹੈ।
ਹੈਰਾਨੀ ਇਸ ਗੱਲ ਦੀ ਹੈ ਕਿ ਕਤਲ ਕੈਨੇਡਾ ਵਿਚ ਹੋਇਆ ਤੇ ਮੀਡੀਆ ਟਰਾਇਲ ਭਾਰਤ ਵਿੱਚ ਚੱਲਿਆ, ਉਹ ਵੀ ਮੀਡੀਆ ਦੇ ਇਕ ਖਾਸ ਹਿੱਸੇ ਵੱਲੋਂ, ਜਿਹੜੇ ਸਰਕਾਰ ਦੀ ਹਰ ਨੀਤੀ ਦੇ ਗੁੱਡੇ ਬਣਦੇ ਹੋਣ। ਦੂਜੇ ਪਾਸੇ ਗੋਦੀ ਮੀਡੀਆ ਤੇ ਉਸ ਦੇ ਹਮਾਇਤੀ ਕੈਨੇਡੀਅਨ ਅਦਾਰਿਆਂ ਵੱਲੋਂ ਜਿਨ੍ਹਾਂ ਲੋਕਾਂ 'ਤੇ ਉਂਗਲ ਉਠਾਈ ਜਾ ਰਹੀ ਹੈ, ਉਹ ਉਹੀ ਵਿਅਕਤੀ ਹਨ, ਜਿਹੜੇ ਪਿਛਲੇ ਲੰਮੇ ਸਮੇਂ ਤੋਂ ਭਾਰਤੀ ਜੇਲ੍ਹਾਂ 'ਚ ਬੰਦ ਚਿੰਤਕਾਂ ਪ੍ਰੋਫੈਸਰ ਜੀ ਐਨ ਸਾਈ ਬਾਬਾ, ਪ੍ਰੋਫ਼ੈਸਰ ਵਾਰਵਰਾ ਰਾਓ, ਗੌਤਮ ਨਵਲੱਖਾ, ਆਨੰਦ ਤੇਲਤੁੰਬੜੇ ਅਤੇ ਮਨੁੱਖੀ ਅਧਿਕਾਰਾਂ ਦੀ ਕਾਰਕੁਨ ਤੀਸਤਾ ਸੀਤਲਵਾੜ ਆਦਿ ਦੀ ਰਿਹਾਈ ਦੀ ਲਗਾਤਾਰ ਮੰਗ ਕਰਨ ਲਈ ਰੋਸ ਪ੍ਰਗਟਾਵੇ ਕਰਦੇ ਹਨ। ਇਹ ਉਹੀ ਅਦਾਰੇ ਹਨ, ਜਿਨ੍ਹਾਂ ਗੌਰੀ ਲੰਕੇਸ਼ ਵਰਗੇ ਪੱਤਰਕਾਰ ਦੇ ਕਤਲ ਤੋਂ ਬਾਅਦ, ਕੈਨੇਡਾ ਦੀ ਧਰਤੀ ਤੋਂ ਉਸ ਦੇ ਹੱਕ ਵਿਚ ਐਲਾਨਨਾਮਾ ਜਾਰੀ ਕਰਵਾ ਕੇ, ਭਾਰਤ ਵਿਚ ਚੱਲ ਰਹੇ ਹਿੰਦੂਤਵੀ ਏਜੰਡੇ ਅਤੇ ਨਫ਼ਰਤੀ ਮਾਹੌਲ ਦਾ ਵਿਰੋਧ ਕਰ ਰਹੇ ਹਨ। ਇਹ ਉਹੀ ਸੰਸਥਾਵਾਂ ਹਨ, ਜਿਹੜੀਆਂ ਜੇਲ੍ਹਾਂ 'ਚ ਉਮਰ ਕੈਦ ਦੀਆਂ ਸਜ਼ਾਵਾਂ ਭੋਗ ਚੁੱਕੇ ਸਿੰਘਾਂ ਦੀ ਰਿਹਾਈ ਲਈ ਲਗਾਤਾਰ ਜੱਦੋਜਹਿਦ ਕਰ ਰਹੀਆਂ ਹਨ। ਇਹ ਉਹੀ ਲੋਕ ਹਨ, ਜਿਨ੍ਹਾਂ ਵਿੱਚ ਭਾਰਤ ਦੇ ਪ੍ਰਧਾਨਮੰਤਰੀ ਮੋਦੀ ਦੀ 2015 ਵਿਚ ਕੈਨੇਡਾ ਫੇਰੀ ਸਮੇਂ ਸ਼ਾਂਤਮਈ ਵਿਰੋਧ ਕਰਦਿਆਂ,ਮਨੁੱਖੀ ਅਧਿਕਾਰਾਂ ਦੇ ਹੋ ਰਹੇ ਘਾਣ ਨੂੰ ਰੋਕਣ ਦੀ ਮੰਗ ਕੀਤੀ ਸੀ।
ਦੂਜੇ ਪਾਸੇ ਜਿਹੜੇ ਉਸ ਵੇਲੇ ਨਰਿੰਦਰ ਮੋਦੀ ਦਾ ਸਵਾਗਤ ਕਰ ਰਹੇ ਸਨ ਅਤੇ ਉਸ ਨੂੰ ਸ਼ਾਂਤੀ ਦਾ ਮਸੀਹਾ ਕਰਾਰ ਦੇ ਰਹੇ ਸਨ, ਅੱਜ ਉਹੀ ਮਲਿਕ ਹੱਤਿਆ ਮਾਮਲੇ ਵਿੱਚ ਮਗਰਮੱਛ ਦੇ ਹੰਝੂ ਸੁੱਟ ਰਹੇ ਹਨ।
ਰਿਪੁਦਮਨ ਸਿੰਘ ਮਲਿਕ ਦੀ ਸੰਨ 2019 ਵਿਚ ਦਰਬਾਰ ਸਾਹਿਬ ਫੇਰੀ ਮੌਕੇ ਦੀ ਤਸਵੀਰ।
ਰਿਪੁਦਮਨ ਸਿੰਘ ਮਲਿਕ ਦੀ ਪਰਿਵਾਰ ਸਮੇਤ ਯਾਦਗਾਰੀ ਤਸਵੀਰ

"ਕੁਝ ਤੋਂ ਮਜਬੂਰੀਆਂ ਰਹੀ ਹੋਂਗੀ ਯੂੰ ਕੋਈ ਬੇਵਫ਼ਾ ਨਹੀਂ ਹੋਤਾ.." - ਡਾ ਗੁਰਵਿੰਦਰ ਸਿੰਘ

ਚੰਡੀਗੜ੍ਹ ਬਾਰੇ ਬੇਵਸੀ ਅਤੇ ਬੇਵਫਾਈ ਭਰਿਆ ਬੇਤੁਕਾ ਬਿਆਨ ਵਾਪਸ ਲੈਣ ਤੋਂ ਬਗੈਰ, ਬੇਚਾਰੇ ਭਗਵੰਤ ਮਾਨ ਜੀ, ਤੁਹਾਡੇ ਕੋਲ ਕੋਈ ਰਾਹ ਨਹੀਂ ਬਚਿਆ। ਮੁੱਖ ਮੰਤਰੀ ਹੁੰਦਿਆਂ ਵੀ ਕਿਹੜੀਆਂ ਮਜਬੂਰੀਆਂ ਕਾਰਨ ਬੇਵੱਸ ਹੋ ਕੇ ਪੰਜਾਬ ਨਾਲ ਬੇਵਫਾਈ ਕਰ ਰਹੇ ਹੋ, ਇਹ ਸਭ ਜਾਣਦੇ ਹਨ। ਤੁਹਾਡੀ ਬੇਵਫ਼ਾਈ ਤੋਂ ਇਉਂ ਲੱਗਣ ਲੱਗਿਆ ਹੈ ਕਿ ਅਮਿਤ ਸ਼ਾਹ ਤੋਂ ਹਰਿਆਣੇ ਲਈ ਚੰਡੀਗਡ਼੍ਹ 'ਚ ਹਾਈ ਕੋਰਟ ਬਣਾਉਣ ਦਾ ਬਿਆਨ ਦੁਆਇਆ ਹੀ ਤੁਹਾਡੇ ਆਗੂ ਕੇਜਰੀਵਾਲ ਨੇ ਹੈ। ਹੁਣ ਰਾਘਵ ਚੱਡੇ ਦੀ ਅਗਵਾਈ 'ਚ ਮੁੱਖ ਮੰਤਰੀ ਉਪਰ 'ਸੁਪਰ ਮੁੱਖ ਮੰਤਰੀ' ਵਾਲੀ ਟੀਮ ਬਣਾਉਣ ਵਾਲਾ ਗੈਰ- ਵਿਧਾਨਕ ਕਦਮ ਵੀ ਤੁਹਾਨੂੰ ਬਰਬਾਦ ਕਰੇਗਾ। ਪਹਿਲਿਆਂ ਸਿਆਸਤਦਾਨਾਂ ਕਾਂਗਰਸੀਆਂ, ਅਕਾਲੀਆਂ, ਭਾਜਪਾਈਆਂ ਅਤੇ ਹੋਰਨਾਂ ਦੀਆਂ ਬਦਨੀਤੀਆਂ ਕਰਕੇ ਪੰਜਾਬੀਆਂ ਨੇ ਤੁਹਾਨੂੰ ਬਲ ਬਖ਼ਸ਼ਿਆ ਸੀ, ਪਰ ਤੁਹਾਡਾ ਵੀ ਬਿਲਕੁਲ ਬੇੜਾ ਬਹਿ ਗਿਆ ਲੱਗਦਾ ਹੈ। ਤੁਸੀਂ ਪੰਜਾਬ ਯੂਨੀਵਰਸਿਟੀ ਕੇਂਦਰ ਤੋਂ ਤਾਂ ਕੀ ਬਚਾਉਣੀ ਹੈ, ਤੁਸੀਂ ਤਾਂ ਬਚਿਆ-ਖੁਚਿਆ ਵੀ ਭਿਖਾਰੀਆਂ ਵਾਂਗ ਕੇਂਦਰ ਤੋਂ ਮੰਗ ਰਹੇ ਹੋ। ਬਲਕਿ ਆਪਣੇ ਹੱਥੀਂ ਲੁਟਾ ਰਹੇ ਹੋ, ਇਹ ਕਹਿ ਕੇ ਕਿ 'ਸਾਡੇ ਸਾਰੇ ਘਰ 'ਚੋਂ ਸਾਨੂੰ ਹਿੱਸਾ ਦੇ ਦਿਓ'। ਵਾਹ ਭਗਵੰਤ ਸਿਹਾਂ! ਕੀਹਨੂੰ ਪੁੱਛ ਕੇ ਇਹ ਬਿਆਨ ਦਿੱਤਾ ਤੁਸੀਂ? ਕੀ ਹੱਕ ਹੈ ਤੁਹਾਨੂੰ ਚੰਡੀਗਡ਼੍ਹ ਦੇ ਨਾਂ 'ਤੇ ਕੇਂਦਰ ਨਾਲ ਸਮਝੌਤਾ ਕਰਨ ਦਾ ? ਤੁਸੀਂ ਹਰਿਆਣੇ 'ਚ ਜਾਂ ਹੋਰ ਸੂਬੇ ਵਿਚ ਚੋਣਾਂ ਤਾਂ ਕੀ ਜਿੱਤਣੀਆਂ ਹਨ, ਪੰਜਾਬ ਵਿੱਚ ਵੀ ਆਪਣੀ ਹਸਤੀ ਖ਼ਤਮ ਕਰ ਲਵੋਗੇ ਅਤੇ ਇਸ ਦੇ ਜ਼ਿੰਮੇਵਾਰ ਤੁਸੀਂ ਖ਼ੁਦ ਹੋਵੋਗੇ! ਤੁਹਾਡੀ ਬੇਵਫ਼ਾਈ 'ਤੇ ਬਸ਼ੀਰ ਬਦਰ ਸਾਹਿਬ ਦਾ ਇਹ ਸ਼ੇਅਰ ਬਿਲਕੁਲ ਢੁਕਦਾ ਹੈ ਅਤੇ ਇਸ ਦਾ ਜਵਾਬ ਵੀ ਤੁਸੀਂ ਹੀ ਦੇ ਸਕਦੇ ਹੋ :
"ਕੁਛ ਤੋਂ ਮਜਬੂਰੀਆਂ ਰਹੀ ਹੋਂਗੀ
ਯੂੰ ਕੋਈ ਬੇਵਫ਼ਾ ਨਹੀਂ ਹੋਤਾ।"
ਹੁਣ ਵੇਖਣਾ ਇਹ ਹੈ ਕਿ ਤੁਹਾਡੇ ਸੋਹਲੇ ਗਾਉਣ ਵਾਲੇ ਲੇਖਕ, ਕਵੀ, ਕਲਾਕਾਰ ਆਦਿ ਤੁਹਾਡੇ ਬਦ-ਦਿਮਾਗੀ ਅਤੇ ਬੇਵਫਾਈ ਭਰੇ ਬਿਆਨ 'ਤੇ ਤੁਹਾਨੂੰ ਲਾਹਨਤਾਂ ਪਾਉਂਦੇ ਹਨ ਜਾਂ ਮੂੰਹ ਰੱਖ ਕੇ 'ਮੂਰਖ' ਹੀ ਸਾਬਤ ਹੁੰਦੇ ਹਨ। ਸੁਹਿਰਦ ਸੱਜਣ ਉਹ ਹੁੰਦਾ ਹੈ, ਜੋ ਤਬਾਹ ਹੋਣ ਤੋਂ ਪਹਿਲਾਂ ਸਾਵਧਾਨ ਕਰਦਿਆਂ ਆਖੇ ਕਿ ਬਚ ਜਾਓ ਜੇਕਰ ਬਚ ਸਕਦੇ ਹੋ। ਆਪਣੇ ਆਲੇ -ਦੁਆਲੇ ਤੋਂ ਬਚਣ ਦੀ ਵਧੇਰੇ ਲੋੜ ਹੈ। ਕਿਸੇ ਸ਼ਾਇਰ ਦੇ ਕਥਨ ਸੱਚ ਹਨ.. "ਰਾਸਤਾ ਕਾਟਤੀ ਬਿੱਲੀ ਕਾ ਸਬੱਬ ਮੱਤ ਪੂਛੋ, ਸਾਥ ਚਲਤੇ ਹੂਏ ਲੋਗੋਂ ਸੇ ਖਬਰਦਾਰ ਰਹੋ.."
ਆਖ਼ਰੀ ਮੌਕਾ ਹੈ! ਕੇਂਦਰ ਅੱਗੇ ਲੇਲ੍ਹੜੀਆਂ ਕੱਢਣ ਦੀ ਥਾਂ, ਸਿੱਧੇ ਹੋ ਕੇ ਟੱਕਰੋ ਤੇ ਇਹ ਕਹੋ ਕਿ ਚੰਡੀਗਡ਼੍ਹ ਵਿਚ ਹਰਿਆਣੇ ਲਈ ਵਿਧਾਨ ਸਭਾ ਦੀ ਥਾਂ ਦੇਣਾ ਬਿਲਕੁਲ ਗਲਤ ਹੈ। ਇਸ ਦੇ ਖ਼ਿਲਾਫ਼ ਆਵਾਜ਼ ਉਠਾਓ। ਆਪਣੇ ਹੀ ਘਰ ਦੇ ਦਰ ਮੂਹਰੇ, ਠੂਠਾ ਫੜ ਕੇ ਭੀਖ ਮੰਗਦੇ ਚੰਗੇ ਨਹੀਂ ਲੱਗਦੇ। ਚੰਡੀਗਡ਼੍ਹ ਪੰਜਾਬ ਦਾ ਸੀ, ਹੈ ਤੇ ਰਹੇਗਾ। ਚੰਡੀਗੜ੍ਹ ਬਾਰੇ ਤਾਂ ਸਾਡੇ ਲੋਕ ਅਖਾਣ ਵੀ ਬਣ ਚੁੱਕੇ ਹਨ, ਜੋ ਸ਼ਾਇਦ ਤੁਹਾਡੇ ਕੰਨਾਂ 'ਚ ਗੂੰਜਣ ਅਤੇ ਗ਼ਾਫਿਲ ਦੀ ਨੀਂਦ ਸੁੱਤਿਆਂ ਨੂੰ ਜਗਾ ਦੇਣ ...
"ਖਿੜਿਆ ਫੁੱਲ ਗੁਲਾਬ ਦਾ
ਚੰਡੀਗੜ੍ਹ ਪੰਜਾਬ ਦਾ.. "
ਡਾ ਗੁਰਵਿੰਦਰ ਸਿੰਘ