Gurcharan Singh Noorpur

ਪੰਜਾਬ ਦਾ ਆਰਥਿਕ ਏਜੰਡਾ ਕੀ ਹੋਵੇ ? - ਗੁਰਚਰਨ ਸਿੰਘ ਨੂਰਪੁਰ

ਪੁਰਾਣੇ ਵੇਲਿਆਂ ਦੀ ਗੱਲ ਹੈ ਕਿ ਇਕ ਨਗਰ ਵਿਚ ਇਕ ਬਹੁਤ ਮਿਹਨਤੀ ਕਿਸਾਨ ਪਰਿਵਾਰ ਰਹਿੰਦਾ ਸੀ। ਸਾਰਾ ਪਰਿਵਾਰ ਰਲ-ਮਿਲ ਕੇ ਪੂਰਾ ਦਿਨ ਖੇਤਾਂ ਵਿਚ ਕੰਮ ਕਰਦਾ। ਆਨਾਜ, ਸਬਜ਼ੀਆਂ, ਦੁੱਧ, ਘਿਓ, ਗੁੜ ਸਭ ਕੁਝ ਪਰਿਵਾਰ ਦੇ ਜੀਅ ਮਿਹਨਤ ਨਾਲ ਤਿਆਰ ਕਰਦੇ, ਖਾਂਦੇ ਤੇ ਲੋੜਵੰਦਾਂ ਨੂੰ ਵੰਡ ਵੀ ਦਿੰਦੇ। ਪਿੰਡ ਦਾ ਜਦੋਂ ਕੋਈ ਗ਼ਰੀਬ ਗੁਰਬਾ, ਕਿਸਾਨ ਵਲੋਂ ਕੀਤੀ ਮਦਦ ਦੀ ਗੱਲ, ਪਿੰਡ ਦੇ ਚੌਧਰੀ ਕੋਲ ਕਰਦਾ ਤਾਂ ਉਹਨੂੰ ਬੜਾ ਰੋਹ ਚੜ੍ਹਦਾ। ਉਹਦੇ ਸਾਹਮਣੇ ਉਸੇ ਪਿੰਡ ਵਿਚ ਕੋਈ ਹੋਰ ਦਾਤਾ ਬਣ ਕੇ ਲੋਕਾਂ ਨੂੰ ਦਾਤਾਂ ਵੰਡੇ ਤੇ ਲੋਕ ਉਹਦਾ ਗੁਣਗਾਣ ਕਰਨ ਇਹ ਉਹਨੂੰ ਚੰਗਾ ਨਾ ਲਗਦਾ। ਇਕ ਦਿਨ ਉਹਨੇ ਆਪਣੇ ਇਕ ਹੰਢੇ-ਵਰਤੇ ਸਿਆਸੀ ਮਿੱਤਰ ਕੋਲ ਆਪਣੇ ਅੰਦਰਲੀ ਪੀੜ ਜ਼ਾਹਰ ਕੀਤੀ। ਮਿੱਤਰ ਨੇ ਕਿਹਾ, ਬੜੀ ਜਲਦੀ ਇਹਦਾ ਹੱਲ ਹੋ ਜਾਵੇਗਾ। ਹੁਣ ਚੌਧਰੀ ਦਾ ਸਿਆਸੀ ਮਿੱਤਰ ਹਰ ਹਫ਼ਤੇ ਕੁਝ ਪੈਸਿਆਂ ਦੀ ਇਕ ਥੈਲੀ ਕਿਸਾਨ ਦੇ ਘਰ ਰਾਤ ਦੇ ਹਨੇਰੇ ਵਿਚ ਸੁੱਟ ਆਉਂਦਾ ਤੇ ਕਿਸਾਨ ਦੇ ਤਿੰਨਾਂ ਪੁੱਤਰਾਂ ਨੇ ਖ਼ੁਸ਼ੀ-ਖ਼ੁਸ਼ੀ ਇਨ੍ਹਾਂ ਪੈਸਿਆਂ ਨੂੰ ਖਰਚ ਕਰਨਾ ਸ਼ੁਰੂ ਕਰ ਦਿੱਤਾ। ਕਿਸਾਨ ਨੇ ਬਥੇਰਾ ਸਮਝਾਇਆ ਕਿ ਇਹ ਸਾਡੇ ਨਾਲ ਕੋਈ ਸਾਜਿਸ਼ ਹੋ ਰਹੀ ਹੈ। ਬਿਨਾਂ ਕਿਸੇ ਮਿਹਨਤ ਤੋਂ ਮਿਲੇ ਪੈਸਿਆਂ ਨਾਲ ਸਾਡੇ ਵਿਚ ਵਿਕਾਰ ਪੈਦਾ ਹੋ ਜਾਣਗੇ, ਆਪਾਂ ਇਨ੍ਹਾਂ ਨਾਜਾਇਜ਼ ਪੈਸਿਆਂ ਸੰਬੰਧੀ ਪੰਚਾਇਤ ਨੂੰ ਦੱਸੀਏ ਪਰ ਪੁੱਤਰ ਨਹੀਂ ਮੰਨੇ। ਉਨ੍ਹਾਂ ਮਿਹਨਤ ਕਰਨੀ ਛੱਡ ਦਿੱਤੀ, ਵਾਧੂ ਮਿਲੇ ਪੈਸਿਆਂ ਅਤੇ ਕਿਰਤ ਤੋਂ ਟੁੱਟ ਕੇ ਇਹ ਨਸ਼ਿਆਂ ਤੇ ਹੋਰ ਵਿਕਾਰਾਂ ਦੇ ਸ਼ਿਕਾਰ ਬਣ ਗਏ, ਪਰਿਵਾਰ ਦੀ ਬਰਬਾਦੀ ਸ਼ੁਰੂ ਹੋ ਗਈ। ਜਿਸ ਪਰਿਵਾਰ ਨੂੰ ਪਿੰਡ ਵਿਚ ਅੰਨਦਾਤਾ ਕਿਹਾ ਜਾਂਦਾ ਸੀ, ਉਸ ਕਿਸਾਨ ਦੀ ਔਲਾਦ ਜ਼ਮੀਨ ਗਹਿਣੇ ਰੱਖ ਕੇ ਦੂਜਿਆਂ ਤੋਂ ਪੈਸੇ ਲੈ ਕੇ ਖਾਣ ਲੱਗੀ। ਮਿਹਨਤ ਕਰਕੇ ਮਿਲਿਆ 'ਇਕ ਰੁਪਈਆ', ਉਨ੍ਹਾਂ 'ਸੌ ਰੁਪਈਆਂ' ਜੋ ਉਂਝ ਹੀ ਮਿਲ ਗਏ ਹੋਣ ਨਾਲੋਂ ਵੱਧ ਮੁੱਲਵਾਨ ਹੁੰਦਾ ਹੈ। ਬਿਨਾਂ ਕਿਸੇ ਕਾਰਨ ਮਿਲੇ ਪੈਸੇ ਮਿਹਨਤਾਨਾ ਜਾਂ ਇਨਾਮ ਨਹੀਂ ਹੁੰਦੇ ਬਲਕਿ ਖੈਰਾਤ ਹੁੰਦੇ ਹਨ।
      ਮੌਜੂਦਾ ਦੌਰ ਦੀਆਂ ਰਾਜਸੀ ਜਮਾਤਾਂ ਸਾਨੂੰ ਸਭ ਨੂੰ ਖੈਰਾਤਾਂ ਲੈ ਕੇ ਖਾਣ ਵਾਲੇ ਬਣਾ ਰਹੀਆਂ ਹਨ। ਇਹ ਬੇਹੱਦ ਖ਼ਤਰਨਾਕ ਰੁਝਾਨ ਹੈ, ਇਸ ਨੂੰ ਸਮਝਣ ਦੀ ਲੋੜ ਹੈ। ਅੱਜ ਜੇਕਰ ਸਾਡੇ ਲੋਕ ਇਸ ਸਾਜਿਸ਼ ਨੂੰ ਨਹੀਂ ਸਮਝਦੇ ਤਾਂ ਕੱਲ੍ਹ ਨੂੰ ਦੇਰ ਹੋ ਚੁੱਕੀ ਹੋਵੇਗੀ। ਖੈਰਾਤਾਂ ਲਈ ਵੰਡਿਆ ਜਾਣ ਵਾਲਾ ਇਹ ਪੈਸਾ ਕਿੱਥੋਂ ਆਉਣਾ ਹੈ? ਅਜੋਕੀ ਰਾਜਨੀਤੀ ਵਿਚ ਭੇਡਾਂ ਦੀ ਉੱਨ ਲਾਹ ਕੇ ਕੰਬਲ ਬਣਾ ਕੇ ਭੇਡਾਂ ਨੂੰ ਵੰਡੇ ਜਾਣ ਦੀ ਕਵਾਇਦ ਹੈ। ਜਦੋਂ ਕਿਸੇ ਸੂਬੇ ਜਾਂ ਦੇਸ਼ ਦੇ ਕਰਜ਼ੇ ਦੀ ਗੱਲ ਹੁੰਦੀ ਹੈ ਤਾਂ ਮੁਲਾਂਕਣ ਇਹ ਵੀ ਹੁੰਦਾ ਹੈ ਕਿ ਹਰ ਨਾਗਰਿਕ ਸਿਰ ਕਿੰਨਾ ਕਰਜ਼ ਹੈ? ਇਸ ਦਾ ਭਾਵ ਇਹ ਹੈ ਕਿ ਸਾਨੂੰ ਇਹ ਸਮਝਣ ਦੀ ਵੀ ਲੋੜ ਹੈ ਕਿ ਇਹ ਦੇਸ਼ ਸਾਡਾ ਹੈ ਅਤੇ ਸਾਡੇ ਦੇਸ਼ ਦਾ ਸਰਮਾਇਆ ਵੀ ਸਾਡਾ ਹੈ। ਜੇਕਰ ਇਸ ਦੀ ਠੀਕ ਢੰਗ ਨਾਲ ਵਰਤੋਂ ਨਹੀਂ ਹੋਵੇਗੀ ਤਾਂ ਸਾਡੇ ਸਿਰ ਚੜ੍ਹੇ ਕਰਜ਼ਿਆਂ ਦੇ ਭਾਰ ਹੋਰ ਵਧਣਗੇ। ਦੇਸ਼ ਅਤੇ ਲੋਕਾਂ ਦੀ ਹਾਲਤ ਹੋਰ ਪਤਲੀ ਹੋਵੇਗੀ। ਦੇਸ਼ ਲਈ ਘੜੀਆਂ ਗ਼ਲਤ ਨੀਤੀਆਂ ਦੇਸ਼ ਅਤੇ ਦੇਸ਼ ਦੇ ਲੋਕਾਂ ਦਾ ਫਾਇਦਾ ਕਰਨ ਦੀ ਬਜਾਏ ਨੁਕਸਾਨਦੇਹ ਸਾਬਤ ਹੁੰਦੀਆਂ ਹਨ। ਪਿਛਲੇ ਅਰਸੇ ਤੋਂ ਅਸੀਂ ਦੇਖਿਆ ਕਿ ਬਹੁਤ ਸਾਰੀਆਂ ਅਜਿਹੀਆਂ ਖੈਰਾਤਾਂ ਸਾਨੂੰ ਪਾਈਆਂ ਗਈਆਂ, ਜਿਨ੍ਹਾਂ ਦੀ ਅਸੀਂ ਕਦੇ ਮੰਗ ਨਹੀਂ ਕੀਤੀ ਪਰ ਇਸ ਦੇ ਬਾਵਜੂਦ ਸਾਨੂੰ ਦਿੱਤੀਆਂ ਗਈਆਂ।
      ਜੇਕਰ ਪੰਜਾਬ ਦੀ ਗੱਲ ਕਰੀਏ ਤਾਂ ਇੱਥੇ ਪਿਛਲੇ ਅਰਸੇ ਦੌਰਾਨ ਇੱਥੋਂ ਦੀਆਂ ਤਿੰਨ-ਚਾਰ ਪ੍ਰਮੁੱਖ ਰਾਜਸੀ ਪਾਰਟੀਆਂ ਨੇ ਲੋਕਾਂ ਨੂੰ ਉਹ ਕੁਝ ਦੇਣ ਦੀ ਗੱਲ ਕੀਤੀ ਜੋ ਲੋਕਾਂ ਨੇ ਕਦੇ ਮੰਗਿਆ ਨਹੀਂ ਸੀ। ਇਹਦੇ ਉਲਟ ਜੋ ਕੁਝ ਲੋਕ ਮੰਗਦੇ ਹਨ ਉਹ ਕਿਸੇ ਪਾਰਟੀ ਦੇ ਰਾਜਸੀ ਏਜੰਡੇ 'ਤੇ ਨਹੀਂ ਹੈ। ਮੁਫ਼ਤ ਆਟਾ-ਦਾਲ, ਮੁਫ਼ਤ ਮੋਬਾਈਲ ਫੋਨ, ਮੁਫ਼ਤ ਤੀਰਥ ਯਾਤਰਾ, ਮੁਫ਼ਤ ਬਿਜਲੀ, ਹਰ ਔਰਤ ਦਾ ਮੁਫ਼ਤ ਬੱਸ ਸਫ਼ਰ, ਹਰ ਮਹੀਨੇ ਖਾਤਿਆਂ ਵਿਚ ਪੈਸੇ ਆਦਿ ਇਹ ਅਜਿਹੀਆਂ ਸਕੀਮਾਂ ਹਨ, ਜਿਨ੍ਹਾਂ ਦੀ ਪੰਜਾਬ ਦੇ ਲੋਕਾਂ ਨੇ ਕਦੇ ਮੰਗ ਨਹੀਂ ਕੀਤੀ। ਕੀ ਸਾਡੇ ਜਾਗਰੂਕ ਵੋਟਰ ਰਾਜਸੀ ਪਾਰਟੀਆਂ ਨੂੰ ਇਹ ਸਵਾਲ ਕਰਨਗੇ ਕਿ ਜੋ ਕੁਝ ਲੋਕਾਂ ਨੇ ਕਦੇ ਮੰਗਿਆ ਹੀ ਨਹੀਂ ਉਹ ਕਿਉਂ ਦਿੱਤਾ ਜਾ ਰਿਹਾ ਹੈ ਅਤੇ ਜੋ ਲੋਕਾਂ ਦੀਆਂ ਜ਼ਰੂਰੀ ਮੰਗਾਂ ਹਨ ਉਨ੍ਹਾਂ ਵੱਲ ਧਿਆਨ ਕਿਉਂ ਨਹੀਂ ਦਿੱਤਾ ਜਾ ਰਿਹਾ?
       ਇੱਥੇ ਹੁਣ ਦੋ ਸਵਾਲ ਪੈਦਾ ਹੁੰਦੇ ਹਨ, ਇਕ ਤਾਂ ਇਹ ਕਿ ਤੁਸੀਂ ਲੋਕਾਂ ਨੂੰ ਹਰ ਮਹੀਨੇ ਪੈਸੇ ਦੇਣ ਅਤੇ ਮੁਫ਼ਤ ਸਹੂਲਤਾਂ ਦੇਣ ਦੀ ਗੱਲ ਕਰਦੇ ਹੋ ਪਰ ਲੋਕ ਜੋ ਕੁਝ ਮੰਗਦੇ ਹਨ ਉਹ ਲੋਕਾਂ ਨੂੰ ਕਿਉਂ ਨਹੀਂ ਮਿਲ ਰਿਹਾ? ਦੂਜਾ ਸਵਾਲ ਇਹ ਕਿ ਅਜਿਹੀਆਂ ਸਹੂਲਤਾਂ ਲੋੜਵੰਦਾਂ ਨੂੰ ਦਿੱਤੀਆਂ ਜਾਂਦੀਆਂ ਹਨ, ਜੇਕਰ ਖੈਰਾਤਾਂ ਵੰਡਣ ਵਾਲੀਆਂ ਰਾਜਸੀ ਜਮਾਤਾਂ ਦੇ ਸ਼ਾਸਨ ਦੌਰਾਨ ਹਰ ਪੰਜ ਸਾਲ ਮਗਰੋਂ ਲੋਕਾਂ ਦੀ ਹਾਲਤ ਪਤਲੀ ਤੋਂ ਹੋਰ ਪਤਲੀ ਹੋ ਰਹੀ ਹੈ ਤਾਂ ਇਹ ਸਭ ਕੁਝ ਇਹ ਦਰਸਾਉਂਦਾ ਹੈ ਕਿ ਦੇਸ਼ ਦੇ ਲੋਕਾਂ ਦਾ ਵਿਕਾਸ ਨਹੀਂ ਵਿਨਾਸ਼ ਹੋ ਰਿਹਾ ਹੈ। ਕੀ ਕੋਈ ਅਜਿਹੀ ਪਾਰਟੀ ਹੈ ਜੋ ਬਾਂਹ ਉੱਚੀ ਕਰਕੇ ਕਹੇ ਕਿ ਉਹ ਲੋਕਾਂ ਦੇ ਰੁਜ਼ਗਾਰ ਦੇ ਸਾਧਨਾਂ ਦਾ ਏਨਾ ਵਧੀਆ ਪ੍ਰਬੰਧ ਕਰੇਗੀ ਕਿ ਉਨ੍ਹਾਂ ਨੂੰ ਇਹ ਨਿਗੂਣੀਆਂ ਖੈਰਾਤਾਂ ਲੈਣ ਦੀ ਲੋੜ ਹੀ ਨਹੀਂ ਰਹੇਗੀ? ਸਾਡੇ ਰਾਜਨੇਤਾ ਇਹ ਤਰਕ ਦਿੰਦੇ ਹਨ ਕਿ ਲੋਕਾਂ ਨੂੰ ਰਾਹਤਾਂ ਅਤੇ ਵਿਸ਼ੇਸ਼ ਪੈਕੇਜ ਅਮਰੀਕਾ ਵਰਗੇ ਵਿਕਸਿਤ ਮੁਲਕ ਵੀ ਦਿੰਦੇ ਹਨ। ਇਹ ਠੀਕ ਹੈ ਪਰ ਇਸ ਸਥਿਤੀ ਦਾ ਦੂਜਾ ਪਾਸਾ ਇਹ ਵੀ ਹੈ ਕਿ ਉੱਥੇ ਹਰ ਵਰਗ ਨੂੰ ਰੁਜ਼ਗਾਰ ਅਤੇ ਰੁਜ਼ਗਾਰ ਦਾ ਚੰਗਾ ਮਿਹਨਤਾਨਾ ਵੀ ਤਾਂ ਮਿਲਦਾ ਹੈ। ਲੋੜ ਤਾਂ ਇਸ ਗੱਲ ਦੀ ਹੈ ਕਿ ਲੋਕਾਂ ਲਈ ਚੰਗੇ ਰੁਜ਼ਗਾਰ ਦੇ ਵਸੀਲੇ ਖੋਜੇ ਜਾਣ। ਸਾਡੇ ਪੜ੍ਹੇ-ਲਿਖੇ ਬੱਚਿਆਂ ਨੂੰ ਨੌਕਰੀਆਂ ਲਈ ਧਰਨੇ ਮੁਜ਼ਾਹਰੇ, ਭੁੱਖ ਹੜਤਾਲਾਂ ਨਾ ਕਰਨੀਆਂ ਪੈਣ। ਪੰਜਾਬ ਦੇ ਧੀਆਂ-ਪੁੱਤਰਾਂ ਨੂੰ ਰੁਜ਼ਗਾਰ ਲਈ ਪੁਲਿਸ ਦਾ ਤਸ਼ੱਦਦ ਨਾ ਸਹਿਣਾ ਪਵੇ। ਦੇਸ਼ ਦੇ ਲੋਕਾਂ ਨੂੰ ਆਰਥਿਕ ਸੰਕਟ ਅਤੇ ਕਰਜ਼ਿਆਂ ਦੇ ਜਾਲ ਤੋਂ ਬਾਹਰ ਕੱਢਣ ਲਈ ਨਿਗੂਣੀਆਂ ਖੈਰਾਤਾਂ ਦੀ ਨਹੀਂ ਬਲਕਿ ਵਿਸ਼ੇਸ਼ ਪ੍ਰੋਗਰਾਮ ਦੀ ਲੋੜ ਹੈ। ਉਹ ਪ੍ਰੋਗਰਾਮ ਜੋ ਕੁਦਰਤੀ ਵਸੀਲਿਆਂ ਦੀ ਤਬਾਹੀ ਦੀ ਵੀ ਰੋਕਥਾਮ ਕਰੇ ਅਤੇ ਲੋਕਾਂ ਨੂੰ ਰੁਜ਼ਗਾਰ ਵੀ ਦੇਵੇ। ਲੋਕਾਂ ਨੂੰ ਚੰਗੀਆਂ ਸਿਹਤ ਸਹੂਲਤਾਂ ਅਤੇ ਮੁਫ਼ਤ ਵਿਚ ਚੰਗੀ ਅਤੇ ਇਕਸਾਰ ਵਿੱਦਿਆ ਦੀ ਲੋੜ ਹੈ। ਇਕਸਾਰ ਅਤੇ ਉੱਚ-ਵਿੱਦਿਆ ਹਰ ਨਾਗਰਿਕ ਦੀ ਪਹੁੰਚ ਵਿਚ ਬਣਾਏ ਜਾਣ ਦੀ ਲੋੜ ਹੈ। ਹਵਾ-ਪਾਣੀ ਅਤੇ ਮਿੱਟੀ ਦੇ ਪ੍ਰਦੂਸ਼ਣ ਤੋਂ ਨਿਜਾਤ ਦਿਵਾਏ ਜਾਣ ਦੀ ਲੋੜ ਹੈ।
      ਹਰ ਸਾਲ ਪੰਜਾਬ ਦਾ ਪਾਣੀ ਡੂੰਘਾ ਹੋ ਰਿਹਾ ਹੈ, ਸਾਡੇ ਦਰਿਆ ਗੰਦੇ ਨਾਲਿਆਂ ਦਾ ਰੂਪ ਲੈ ਰਹੇ ਹਨ, ਇਸ ਸੰਬੰਧੀ ਵੱਡੇ ਪ੍ਰੋਗਰਾਮ ਬਣਾਏ ਜਾਣ ਦੀ ਲੋੜ ਹੈ। ਸਾਡਾ ਖੇਤੀ ਸੰਕਟ ਹਰ ਦਿਨ ਗਹਿਰਾ ਹੁੰਦਾ ਜਾ ਰਿਹਾ ਹੈ। ਸਾਡੀ ਖਾਧ-ਖੁਰਾਕ ਜ਼ਹਿਰੀਲੀ ਹੋ ਰਹੀ ਹੈ। ਵਾਤਾਵਰਨ ਵਿਚ ਆਏ ਵਿਗਾੜਾਂ ਕਾਰਨ ਪੰਜਾਬ ਦੀ ਧਰਤੀ ਇਕ ਵੱਡੇ ਹਸਪਤਾਲ ਦਾ ਰੂਪ ਲੈ ਰਹੀ ਹੈ। ਵੱਡੀ ਗਿਣਤੀ ਵਿਚ ਲੋਕ ਭਿਆਨਕ ਬਿਮਾਰੀਆਂ ਤੇ ਦੁਸ਼ਵਾਰੀਆਂ ਦੇ ਸ਼ਿਕਾਰ ਬਣ ਰਹੇ ਹਨ। ਛੋਟੇ-ਛੋਟੇ ਸੱਤ-ਸੱਤ ਸਾਲ ਦੇ ਬੱਚੇ ਵੀ ਕੈਂਸਰ ਵਰਗੀਆਂ ਭਿਆਨਕ ਬਿਮਾਰੀਆਂ ਦੇ ਸ਼ਿਕਾਰ ਹੋ ਰਹੇ ਹਨ। ਵਾਤਾਵਰਨ ਵਿਚ ਆਏ ਵਿਗਾੜਾਂ ਲਈ ਠੋਸ ਉਪਰਾਲੇ ਕਰਨ ਦੀ ਲੋੜ ਹੈ। ਖੇਤੀ ਅਤੇ ਵਾਤਾਵਰਨ ਸੰਕਟ ਲਈ ਮਨਰੇਗਾ ਵਰਗੀਆਂ ਸਕੀਮਾਂ ਨੂੰ ਹੋਰ ਸਾਰਥਕ ਬਣਾ ਕੇ ਲੋਕਾਂ ਨੂੰ ਰੁਜ਼ਗਾਰ ਦਿੱਤਾ ਜਾ ਸਕਦਾ ਹੈ। ਖੇਤੀ ਆਧਾਰਿਤ ਪਿੰਡ ਪੱਧਰ 'ਤੇ ਛੋਟੀਆਂ ਸਨਅਤਾਂ ਲਾਈਆਂ ਜਾਣ, ਜਿਨ੍ਹਾਂ ਨਾਲ ਸਾਡੀ ਫ਼ਸਲੀ ਵਿਭਿੰਨਤਾ ਵੀ ਵਧੇ ਅਤੇ ਰੁਜ਼ਗਾਰ ਦੇ ਮੌਕੇ ਵੀ ਪੈਦਾ ਹੋਣ। ਸਾਡੀ ਪੰਜਾਬੀ ਬੋਲੀ ਨੂੰ ਬੜੀ ਸਾਜਿਸ਼ ਤਹਿਤ ਖ਼ਤਮ ਕੀਤਾ ਜਾ ਰਿਹਾ ਹੈ। ਇਸ ਸੰਬੰਧੀ ਵੱਡੇ-ਵੱਡੇ ਫ਼ੈਸਲੇ ਲੈਣ ਦੀ ਲੋੜ ਹੈ। ਬੋਲੀ ਨੂੰ ਰੁਜ਼ਗਾਰ ਦੀ ਭਾਸ਼ਾ ਬਣਾਏ ਜਾਣ ਦੀ ਵੱਡੀ ਜ਼ਰੂਰਤ ਹੈ। ਇਹ ਸਭ ਮਸਲੇ ਸਾਡੀਆਂ ਰਾਜਸੀ ਪਾਰਟੀਆਂ ਦੇ ਚੋਣ ਮੈਨੀਫੈਸਟੋ ਦਾ ਹਿੱਸਾ ਹੀ ਨਹੀਂ ਹੋਣੇ ਚਾਹੀਦੇ ਬਲਕਿ ਇਨ੍ਹਾਂ ਦੇ ਹੱਲ ਦੀ ਸਮਾਂ ਸੀਮਾ ਵੀ ਨਿਰਧਾਰਤ ਹੋਣੀ ਚਾਹੀਦੀ ਹੈ। ਜੇਕਰ ਕੋਈ ਪਾਰਟੀ ਇਸ ਖੇਤਰ ਵੱਲ ਧਿਆਨ ਦਿੰਦੀ ਹੈ ਤਾਂ ਇਸ ਖੇਤਰ ਵਿਚੋਂ ਵੀ ਰੁਜ਼ਗਾਰ ਦੇ ਵਸੀਲੇ ਪੈਦਾ ਹੋ ਸਕਦੇ ਹਨ। ਇਸ ਤੋਂ ਇਲਾਵਾ ਸਾਡੇ ਸਮਾਜ ਵਿਚ ਨਸ਼ੇ, ਚੋਰੀਆਂ ਤੇ ਲੁੱਟਮਾਰ ਵਰਗੀਆਂ ਸਮੱਸਿਆਵਾਂ ਹਰ ਦਿਨ ਵਧ ਰਹੀਆਂ ਹਨ। ਬੈਂਕਾਂ, ਸੇਵਾ ਕੇਂਦਰਾਂ ਤੇ ਹੋਰ ਸੇਵਾਵਾਂ ਲਈ ਲੋਕਾਂ ਦੀ ਹੋ ਰਹੀ ਖੱਜਲ-ਖੁਆਰੀ, ਨਿੱਕੇ-ਨਿੱਕੇ ਕੰਮਾਂ ਲਈ ਲੋਕ ਇਕ ਦਿਨ ਟੋਕਨ ਲੈਣ ਜਾਂਦੇ ਹਨ, ਫਿਰ ਅਗਲੇ ਦਿਨ ਕੰਮ ਕਰਵਾਉਣ ਲਈ ਤੇਲ ਫੂਕਦੇ ਹਨ। ਇਹ ਸਭ ਤਰ੍ਹਾਂ ਦੇ ਮਸਲੇ ਰਾਜਸੀ ਪਾਰਟੀਆਂ ਦੇ ਏਜੰਡੇ 'ਤੇ ਹੋਣੇ ਚਾਹੀਦੇ ਹਨ ਅਤੇ ਲੋਕਾਂ ਦੀਆਂ ਵਾਧੂ ਦੀਆਂ ਬੇਲੋੜੀਆਂ ਖੱਜਲ-ਖੁਆਰੀਆਂ ਰੋਕੀਆਂ ਜਾਣੀਆਂ ਚਾਹੀਦੀਆਂ ਹਨ।
         ਸਾਡੇ ਵੋਟਰਾਂ ਨੂੰ ਇਹ ਗੱਲ ਚੰਗੀ ਤਰ੍ਹਾਂ ਸਮਝ ਲੈਣੀ ਚਾਹੀਦੀ ਹੈ ਕਿ ਸਾਡੀਆਂ ਰਾਜਸੀ ਜਮਾਤਾਂ ਦਾ ਏਜੰਡਾ ਵੋਟਾਂ ਲਈ ਨਹੀਂ ਬਲਕਿ ਦੇਸ਼ ਲਈ ਹੋਣਾ ਚਾਹੀਦਾ ਹੈ। ਸਾਰੀਆਂ ਰਾਜਸੀ ਪਾਰਟੀਆਂ ਦੇ ਨੇਤਾਵਾਂ ਤੋਂ ਇਹ ਪੁੱਛਿਆ ਜਾਣਾ ਚਾਹੀਦਾ ਹੈ ਪੰਜਾਬ ਲਈ ਉਨ੍ਹਾਂ ਦੀ ਪਾਰਟੀ ਦਾ ਕੀ ਏਜੰਡਾ ਹੈ ਅਤੇ ਇਸ ਨੂੰ ਤੁਸੀਂ ਕਿੰਨੇ ਸਮੇਂ ਤੱਕ ਪੂਰਾ ਕਰੋਗੇ। ਪੁੱਛਿਆ ਜਾਣਾ ਚਾਹੀਦਾ ਹੈ ਕਿ ਪੰਜਾਬ ਦਾ ਧਰਤੀ ਹੇਠਲਾ ਪਾਣੀ ਅਗਲੇ ਵੀਹਾਂ ਸਾਲਾਂ ਤੱਕ ਖ਼ਤਮ ਹੋਣ ਦੀ ਕਗਾਰ 'ਤੇ ਹੈ, ਇਸ ਲਈ ਉਨ੍ਹਾਂ ਦੀ ਪਾਰਟੀ ਨੇ ਹੁਣ ਤੱਕ ਕਿਹੜੀਆਂ ਤਰਜੀਹਾਂ 'ਤੇ ਕੰਮ ਕੀਤਾ ਹੈ ਅਤੇ ਭਵਿੱਖ ਦੇ ਕੀ ਪ੍ਰੋਗਰਾਮ ਹਨ? ਸਾਡੇ ਪੁੱਤਰ-ਧੀਆਂ ਗੁਰੂਆਂ-ਪੀਰਾਂ ਦੀ ਇਸ ਧਰਤੀ ਨੂੰ ਤੇਜ਼ੀ ਨਾਲ ਛੱਡ ਕੇ ਜਾ ਰਹੇ ਹਨ, ਰੁਜ਼ਗਾਰ ਲਈ ਹੋਰ ਮੁਲਕਾਂ ਵਿਚ ਭਟਕ ਰਹੇ ਹਨ। ਇਸ ਪ੍ਰਵਾਸ ਨੂੰ ਰੋਕਣ ਲਈ ਉਨ੍ਹਾਂ ਦੀ ਪਾਰਟੀ ਕੋਲ ਕੀ ਪ੍ਰੋਗਰਾਮ ਹੈ? ਸਾਨੂੰ ਆਸ ਕਰਨੀ ਚਾਹੀਦੀ ਹੈ ਕਿ ਭਵਿੱਖ ਵਿਚ ਕੁਝ ਚੰਗਾ ਹੋਵੇ। ਸਾਡੀਆਂ ਰਾਜਸੀ ਪਾਰਟੀਆਂ ਨੇ ਆਪਣਾ ਆਪਣਾ ਚੋਣ ਮਨੋਰਥ ਪੱਤਰ ਅਜੇ ਜਾਰੀ ਕਰਨਾ ਹੈ। ਅਸੀਂ ਆਸ ਕਰਦੇ ਹਾਂ ਕਿ ਉਹ ਪੰਜਾਬ ਦੇ ਸਭ ਮਸਲਿਆਂ ਪ੍ਰਤੀ ਫ਼ਿਕਰਮੰਦ ਹੋਣਗੀਆਂ। ਨਾ ਕੇਵਲ ਫ਼ਿਕਰਮੰਦ ਹੀ ਹੋਣਗੀਆਂ ਬਲਕਿ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਨੂੰ ਬਚਾਉਣ ਲਈ ਵੱਡੇ ਪ੍ਰੋਗਰਾਮਾਂ 'ਤੇ ਵੀ ਕੰਮ ਕਰਨਗੀਆਂ। ਇਸ ਸਮੇਂ ਭਵਿੱਖ ਦੇ ਪ੍ਰੋਗਰਾਮ ਤੋਂ ਸੱਖਣੀ ਸਾਡੀ ਰਾਜਨੀਤੀ ਇਕ ਤਰ੍ਹਾਂ ਨਾਲ ਬੌਧਿਕ ਕੰਗਾਲੀ ਦੇ ਦੌਰ 'ਚੋਂ ਗੁਜ਼ਰ ਰਹੀ ਹੈ। ਵੱਖ-ਵੱਖ ਪਾਰਟੀਆਂ ਦੇ ਝੰਡੇ ਚੁੱਕਣ ਵਾਲੇ ਸਾਡੇ ਆਮ ਲੋਕਾਂ ਸਿਰ ਵੀ ਇਸ ਸਮੇਂ ਵੱਡੀ ਜ਼ਿੰਮੇਵਾਰੀ ਹੈ ਕਿ ਉਹ ਵੀ ਆਪਣੇ-ਆਪਣੇ ਰਾਜਨੇਤਾਵਾਂ ਨੂੰ ਇਹ ਸਵਾਲ ਕਰਨ ਕਿ ਅਸੀਂ ਇਸ ਦੇਸ਼ ਦੇ ਮਾਲਕ ਹਾਂ, ਸਾਡੇ ਬੱਚਿਆਂ ਨੂੰ ਖੈਰਾਤਾਂ ਨਹੀਂ ਰੁਜ਼ਗਾਰ ਚਾਹੀਦਾ ਹੈ। ਚੰਗੀ ਵਿੱਦਿਆ, ਚੰਗੀ ਸਿਹਤ, ਨੌਕਰੀਆਂ, ਜਿਣਸਾਂ ਦੇ ਚੰਗੇ ਭਾਅ, ਖ਼ੁਸ਼ਹਾਲ ਵਾਤਾਵਰਨ ਅਤੇ ਬਿਮਾਰੀਆਂ-ਦੁਸ਼ਵਾਰੀਆਂ ਤੋਂ ਨਿਜਾਤ ਪਾਉਣ ਵਾਲਾ ਚੰਗਾ ਮਾਹੌਲ ਚਾਹੀਦਾ ਹੈ।
    ਕਿਸੇ ਵੀ ਸਮਾਜ ਵਿਚ ਤਬਦੀਲੀ ਲੋਕ ਮਨਾਂ ਵਿਚ ਆਈ ਚੇਤਨਾ ਨਾਲ ਹੁੰਦੀ ਹੈ। ਇਸ ਸਮੇਂ ਸਾਡੇ ਲੇਖਕਾਂ, ਸਾਹਿਤਕਾਰਾਂ, ਪੱਤਰਕਾਰਾਂ, ਬੁੱਧੀਜੀਵੀਆਂ, ਵਿਦਵਾਨਾਂ, ਸੋਸ਼ਲ ਮੀਡੀਆ ਕਰਮੀਆਂ ਸਭ ਦਾ ਫ਼ਰਜ਼ ਬਣਦਾ ਹੈ ਕਿ ਉਹ ਲੋਕਾਂ ਨੂੰ ਵੱਧ ਤੋਂ ਵੱਧ ਜਾਗਰੂਕ ਕਰਨ। ਲੋਕਾਂ ਨੂੰ ਖ਼ੁਦ ਵੀ ਆਪਣੇ ਭਵਿੱਖ ਪ੍ਰਤੀ ਫ਼ਿਕਰਮੰਦ ਹੋਣਾ ਚਾਹੀਦਾ ਹੈ।
- ਜ਼ੀਰਾ, ਮੋ: 98550-51099

ਹਨੇਰੇ ਵਿੱਚ ਟੱਕਰਾਂ ਮਾਰਦੇ ਭਾਰਤੀ ਲੋਕ - ਗੁਰਚਰਨ ਸਿੰਘ ਨੂਰਪੁਰ

“ਸੁਰੱਖਿਆ ਕਾਰਨਾਂ ਕਰਕੇ ਪ੍ਰਧਾਨ ਮੰਤਰੀ ਨੂੰ ਵਾਪਸ ਜਾਣਾ ਪਿਆ ਤੇ ਕਰੋੜਾਂ ਦੇ ਵਿਕਾਸ ਪ੍ਰਜੈਕਟ ਧਰੇ ਧਰਾਏ ਰਹਿ ਗਏ।“ ਹੁਣ ਕੀ ਹੋਵੇਗਾ? ਪਿਛਲੇ ਕੁਝ ਦਿਨਾਂ ਤੋਂ ਇਹ ਚੁੰਝ ਚਰਚਾ ਲੋਕਾਂ ਅਤੇ ਮੀਡੀਆ ਹਾਊਸਾਂ ਵਿੱਚ ਚਲ ਰਹੀ ਹੈ।

      ਸਭ ਕੁਝ ਦੀ ਹਕੀਕਤ ਕੀ ਹੈ? ਅਜਿਹਾ ਕਿਉਂ ਵਾਪਰਿਆ? ਜਦੋਂ ਇਸ ਦੀ ਥਾਹ ਪਾਉਣ ਦੀ ਕੋਸ਼ਿਸ਼ ਕਰਾਂਗੇ ਤਾਂ ਹਕੀਕਤ ਕੁਝ ਹੋਰ ਨਜਰ ਆਵੇਗੀ। ਪ੍ਰਧਾਨ ਮੰਤਰੀ ਜੀ ਦੀ ਰੈਲੀ ਨੂੰ ਸਫਲ ਬਣਾਉਣ ਲਈ ਕੁਝ ਦਿਨ ਪਹਿਲਾਂ ਪੰਜਾਬ ਭਰ ਤੋਂ ਸੁਰੱਖਿਆ ਕਰਮਚਾਰੀ, ਸਫਾਈ ਸੇਵਕ , ਅਤੇ ਹੋਰ ਸੇਵਾਵਾਂ ਦੇਣ ਵਾਲੇ ਕਰਮਚਾਰੀ ਹਜਾਰਾਂ ਦੀ ਗਿਣਤੀ ਵਿੱਚ ਫਿਰੋਜਪੁਰ ਬੁਲਾਏ ਗਏ। ਜੋ ਦਿਨ ਰਾਤ ਕੱਕਰ ਪਾਲੇ ਤੇ ਵਰਦੇ ਮੀਂਹ ਵਿੱਚ ਡਿਊਟੀਆਂ ਕਰਦੇ ਰਹੇ ਸੇਵਾਵਾਂ ਦਿੰਦੇ ਰਹੇ। ਕੁਝ ਦੂਜੇ ਸ਼ਹਿਰਾਂ ਤੋਂ ਬਲਾਏ ਹਜਾਰਾਂ ਸਫਾਈ ਸੇਵਕਾਂ ਨੇ ਦਿਨ ਰਾਤ ਇੱਕ ਕਰਕੇ ਵਰ੍ਹਦੇ ਮੀਹ ਵਿੱਚ ਡਊਟੀਆਂ ਨਿਭਾਈਆਂ। ਦੂਰੋਂ ਨੇੜਿਓ ਆਏ ਵੱਖ ਵੱਖ ਸੇਵਾਵਾਂ ਦੇਣ ਵਾਲੇ ਇਹਨਾਂ ਕਰਮਚਾਰੀਆਂ ਲਈ ਰਾਤ ਠਹਿਰਣ ਦਾ ਕੋਈ ਪ੍ਰਬੰਧ ਨਹੀਂ ਸੀ। ਫਿਰੋਜਪੁਰ ਛਾਉਣੀ ਹੀ ਨਹੀਂ ਬਲਿਕ ਨੇੜਲੇ ਹੋਰ ਸ਼ਹਿਰਾਂ ਜੀਰਾ, ਤਲਵੰਡੀ ਭਾਈ ਆਦਿ ਦੇ ਹੋਟਲ, ਸਰਾਵਾਂ ਬੁੱਕ ਕਰ ਲਏ ਗਏ ਸਨ ਇਹਨਾਂ ਦੇ ਮਾਲਕਾਂ ਨੂੰ ਡੀ. ਸੀ ਦਫਤਰ ਵੱਲੋਂ ਸਖਤ ਹੁਕਮ ਸਨ ਕਿ ਉਹਨਾਂ ਦੀ ਮਰਜੀ ਤੋਂ ਬਿਨਾਂ ਕਿਸੇ ਨੂੰ ਕਮਰੇ ਨਾ ਦਿੱਤੇ ਜਾਣ। ਕਾਰਨ ਇਹ ਸੀ ਕਿ ਇਹਨਾਂ ਕਮਰਿਆਂ ਵਿੱਚ ਰੈਲੀ ਵਿੱਚ ਪਹੁੰਚੇ ਵੱਡੇ ਨੇਤਾਵਾਂ ਅਤੇ ਆਹਲਾ ਦਰਜੇ ਦੀ ਅਫਸਰਸ਼ਾਹੀ ਦੇ ਠਹਿਰਣ ਦਾ ਪ੍ਰਬੰਧ ਕੀਤਾ ਗਿਆ ਸੀ। ਪਰ ਉਹ ਆਮ ਲੋਕ ਜੋ ਰੈਲੀ ਨੂੰ ਸਫਲ ਬਣਾਉਣ ਲਈ ਦਿਨ ਰਾਤ ਵਰ੍ਹਦੇ ਮੀਂਹ ਵਿਚ ਕੰਮ ਕਰ ਰਹੇ ਸਨ ਕਾਰੀਗਰ, ਮਜਦੂਰ, ਸੁਰੱਖਿਆ ਕਰਮਚਾਰੀ, ਸਫਾਈ ਸੇਵਕ ਅਤੇ ਮੀਡੀਆ ਦੇ ਲੋਕ ਇਹਨਾਂ ਠਰੀਆਂ ਭਿੱਜੀਆਂ ਰਾਤਾਂ ਵਿੱਚ ਠਰੂੰ ਠਰੂੰ ਕਰਦੇ ਭੁੱਖਣ ਭਾਣੇ ਦਰ-ਬ-ਦਰ ਭਟਕਦੇ ਰਹੇ। ਇਸ ਸਭ ਕੁਝ ਨੂੰ ਹੋਰ ਚੰਗੀ ਤਰ੍ਹਾਂ ਸਥਾਨਕ ਲੋਕਾਂ, ਹੋਟਲ ਮਾਲਕਾਂ ਅਤੇ ਖਾਣੇ ਦੇ ਢਾਬਿਆਂ ਵਾਲਿਆਂ ਤੋਂ ਸਮਝਿਆ ਜਾ ਸਕਦਾ ਹੈ। ਰੈਲੀ ਵਾਲੇ ਦਿਨ ਵੱਡੇ ਲੀਡਰ ਸਮੇਂ ਅਨੁਸਾਰ ਨਿੱਘੀਆਂ ਕਾਰਾਂ ਚੋਂ ਨਿਕਲ ਕੇ ਆਲੀਸ਼ਾਨ ਮੰਚ ‘ਤੇ ਬਿਰਾਜਮਾਨ ਹੋ ਗਏ। ਇਹਨਾਂ ਚੋਂ ਕੁਝ ਨੇ ਕੁਝ ਕੁ ਲੋਕ ਜੋ ਕਿਸੇ ਤਰ੍ਹਾਂ ਵਰ੍ਹਦੇ ਮੀਂਹ ਦੌਰਾਨ ਨੇਤਾਵਾਂ ਨੂੰ ਸੁਨਣ ਆ ਗਏ ਸਨ ਤੇ ਭਿੱਜਣ ਤੋਂ ਬਚਾ ਲਈ ਇੱਕ ਕੁਰਸੀ ਤੇ ਬੈਠ ਕੇ ਦੂਜੀ ਕੁਰਸੀ ਸਿਰ ਤੇ ਲਈ ਬੈਠੇ ਸਨ ਨੂੰ ਸੰਬੋਧਨ ਵੀ ਕੀਤਾ। ਪਰ ਇਹ ਬਹੁਤ ਥੋੜੇ ਗਿਣਤੀ ਦੇ ਲੋਕ ਸਨ। ਬਾਕੀ ਲੋਕ ਮੀਹ ਕਰਕੇ ਗੱਡੀਆਂ ਬੱਸਾਂ ਟਰੱਕਾਂ ਵਿੱਚ ਹੀ ਬੈਠੇ ਰਹੇ। ਇਥੇ ਸਵਾਲ ਪੈਦਾ ਹੁੰਦਾ ਹੈ ਕਿ ਜਦੋਂ ਮੌਸਮ ਵਿਭਾਗ ਨੇ ਇਹਨਾਂ ਦਿਨਾਂ ਵਿੱਚ ਮੀਂਹ ਪੈਣ ਦੀ ਭਵਿੱਖ ਬਾਣੀ ਕੀਤੀ ਹੋਈ ਸੀ ਤਾਂ ਰੈਲੀ ਨੂੰ ਅੱਗੇ ਪਿੱਛੇ ਕਿਉਂ ਨਹੀਂ ਕੀਤਾ ਗਿਆ? ਰੈਲੀ ਵੀ ਸਫਲ ਹੁੰਦੀ, ਪ੍ਰਧਾਨ ਮੰਤਰੀ ਜੀ ਵੀ ਮਿੱਥੇ ਰੂਟ ਅਨੁਸਾਰ ਆਉਂਦੇ ਤੇ ਪੰਜਾਬ ਵਾਸੀਆਂ ਨੂੰ ਬਿਨਾਂ ਰੋਕ ਟੋਕ ਵਿਕਾਸ ਕਾਰਜਾਂ ਅਤੇ ਰੋਜਗਾਰ ਲਈ ਮੋਟੀ ਰਕਮ ਵੀ ਮਿਲ ਜਾਂਦੀ। ਇਹ ਸਭ ਸੋਚ ਸਮਝ ਕੇ ਕਿਉਂ ਨਹੀਂ ਕੀਤਾ ਗਿਆ? ਸਭ ਕੁਝ ਦੀ ਹਕੀਕਤ ਕੀ ਹੈ? ਹਕੀਕਤ ਇਹ ਹੈ ਇਸ ਰੈਲੀ ਨੇ ਸਾਨੂੰ ਇੱਕ ਤਰ੍ਹਾਂ ਇਹ ਸ਼ੀਸ਼ਾ ਵਿਖਾ ਦਿੱਤਾ ਹੈ ਕਿ ਸਾਡੇ ਭਾਰਤੀ ਹਾਕਮਾਂ ਅਤੇ ਆਮ ਲੋਕਾਂ ਮੁਲਾਜ਼ਮਾਂ, ਪੁਲਿਸ ਕਰਮਚਾਰੀਆਂ, ਕਿਸਾਨਾਂ, ਮਜਦੂਰਾਂ ਦਰਮਿਆਨ ਕਿੰਨਾ ਵੱਡਾ ਫਰਕ ਹੈ। ਇਸ ਰੈਲੀ ਨੇ ਅੱਖਾਂ ਖੋਹਲ ਦਿੱਤੀਆਂ ਹਨ ਕਿ ਲੋਕ ਅਜੇ ਵੀ ਗੁਲਾਮਾਂ ਵਾਲੀ ਜੂਨ ਭੋਗ ਰਹੇ ਹਨ ਅਤੇ ਨੇਤਾਵਾਂ ਦਾ ਵਿਹਾਰ ਅੰਗਰੇਜੀ ਹਾਕਮਾਂ ਦੇ ਸਿਖਰ ਤੋਂ ਵੀ ਉਤਾਂਹ ਹੈ। ਪੁੱਛਿਆ ਜਾਣਾ ਚਾਹੀਦਾ ਹੈ ਕਿ ਉਹ ਲੋਕ ਜਿਹਨਾਂ ਰੈਲੀ ਵਿੱਚ ਆ ਕੇ ਨੇਤਾਵਾਂ ਦੇ ਭਾਸ਼ਣ ਸੁਨਣੇ ਸਨ ਕੀ ਉਹ ਇਨਸਾਨ ਨਹੀਂ ਹਨ? ਜੇਕਰ ਨੇਤਾਵਾਂ ਦੇ ਬੈਠਣ ਲਈ ਉਚੇ ਨਿੱਘੇ ਮੰਚ ਦਾ ਪ੍ਰਬੰਧ ਹੋ ਸਕਦਾ ਹੈ ਤਾਂ ਆਮ ਲੋਕਾਂ ਲਈ ਕਿਉਂ ਨਹੀਂ? ਠੰਢੇ ਦਿਨਾਂ ਵਿਚ ਵਰ੍ਹਦੇ ਮੀਂਹ ਵਿਚ ਲੋਕ ਪਸ਼ੂਆਂ ਨੂੰ ਵੀ ਤਰਸ ਕਰਕੇ ਅੰਦਰ ਕਰ ਦਿੰਦੇ ਹਨ ਉਹ ਤਾਂ ਫਿਰ ਇਨਸਾਨ ਸਨ। ਫਿਰ ਓਦੋਂ ਜਦੋਂ ਕਿ ਪਤਾ ਹੈ ਕਿ ਪੂਰਾ ਦਿਨ ਬਾਰਸ਼ ਹੋਣੀ ਹੈ ਅਤੇ ਉਤੋਂ ਕਹਿਰ ਦੀ ਸਰਦੀ ਪੈ ਰਹੀ ਹੈ ਲੋਕ ਕਿਸ ਤਰ੍ਹਾਂ ਬੈਠਣਗੇ ? ਰੈਲੀ ਨੇ ਇਹ ਸਾਫ ਕਰ ਦਿੱਤਾ ਕਿ ਨੇਤਾਵਾਂ ਦੀ ਨਜ਼ਰ ਵਿਚ ਲੋਕ ਲੋਕ ਹੁੰਦੇ ਹਨ ਤੇ ਹਾਕਮ ਹਾਕਮ। ਉਹ ਕਰਮਚਾਰੀ ਤੇ ਸਫਾਈ ਸੇਵਕ ਜੋ ਵਰਦੇ ਮੀਹਾਂ ਵਿੱਚ ਦਿਨ ਰਾਤ ਕੰਮ ਕਰਦੇ ਰਹੇ ਡਿਊਟੀਆਂ ਨਿਭਾਉਂਦੇ ਰਹੇ ਕੀ ਉਹ ਇਨਸਾਨ ਨਹੀਂ ਹਨ? ਜਿਸ ਪੰਜਾਬ ਦੇ ਲੋਕਾਂ ਨੂੰ ਵਿਸ਼ੇਸ਼ ਆਰਥਕ ਪੈਕੇਜ ਦਿੱਤਾ ਜਾਣਾ ਹੈ ਇਸੇ ਪੰਜਾਬ ਦੇ ਹੀ ਮਜਦੂਰ ਕਿਸਾਨ, ਬਜੁਰਗ ਅਤੇ ਬਜੁਰਗ ਮਾਵਾਂ ਇੱਕ ਸਾਲ ਤੋਂ ਦਿੱਲੀ ਦੇ ਬਾਰਡਰਾਂ ਤੇ ਮੀਹਾਂ ਝੱਖੜਾਂ ਗਰਮੀ ਸਰਦੀ ਵਿੱਚ ਸੰਘਰਸ਼ ਕਰਦੇ ਰਹੇ । ਇਹਨਾਂ ਚੋਂ ਸੱਤ ਸੌ ਦੇ ਕਰੀਬ ਸ਼ਹਾਦਤਾਂ ਦੇ ਗਏ। ਪੂਰਾ ਸਾਲ ਦੇਸ਼ ਦੀ ਵਿਵਸਥਾ ਦਾ ਇਹਨਾਂ ਪ੍ਰਤੀ ਵਿਵਹਾਰ ਇਹ ਰਿਹਾ ਕਿ ਜਿਵੇਂ ਇਹ ਕੀੜੇ ਮਕੌੜੇ ਹੋਣ। ਪੂਰਾ ਸਾਲ ਸ਼ੰਘਰਸ਼ ਕਰਨਾ ਤੇ ਫਿਰ ਇਸ ਸ਼ੰਘਰਸ਼ ਨੂੰ ਹਰ ਤਰਾਂ ਦੀਆਂ ਸ਼ਾਜਿਸਾਂ ਤੋਂ ਬਚਾ ਕੇ ਰੱਖਣਾ ਕਿੰਨੀ ਵੱਡੀ ਚੁਣੌਤੀ ਸੀ ਜੋ ਪੰਜਾਬ ਹਰਿਆਣੇ ਸਮੇਤ ਪੂਰੇ ਦੇਸ਼ ਦੇ ਕਿਸਾਨਾਂ ਆਪਣੇ ਸਿਰਾਂ ਨਾਲ ਨਿਭਾਈ?

      ਇਹ ਹੁਣ ਸਵਾਲ ਪੈਦਾ ਹੁੰਦਾ ਹੈ ਕਿ ਵਿਸ਼ੇਸ਼ ਪੈਕਜਾਂ ਦਾ ਹੇਜ਼ ਚੋਣਾਂ ਦੌਰਾਨ ਹੀ ਕਿਉਂ ਜਾਗਦਾ ਹੈ? ਗੱਲ ਫਿਰ ਉਥੇ ਆਉਂਦੀ ਹੈ ਕਿ ਵਿਵਸਥਾਂ ਚਾਹੁੰਦੀ ਹੈ ਕਿ ਦੇਸ਼ ਦੇ ਆਮ ਲੋਕ ਅਜਿਹੇ ਲੋਕ ਬਣੇ ਰਹਿਣ ਜੋ ਸਾਡੇ ਝੰਡੇ ਚੁੱਕ ਕੇ ਵਰਦੇ ਮੀਂਹਾਂ ਵਿੱਚ ਖੜ੍ਹੇ ਹੋ ਸਕਣ। ਇਹ ਕਿਸੇ ਇੱਕ ਪਾਰਟੀ ਦਾ ਏਜੰਡਾ ਨਹੀਂ ਲਗਭਗ ਸਾਰੀਆਂ ਪਾਰਟੀਆਂ ਆਪਣੀਆਂ ਰੈਲੀਆਂ ਭਰਨ ਲਈ ਲੋਕਾਂ ਨੂੰ ਦਿਹਾੜੀ ਤੇ ਵੀ ਲੈ ਕੇ ਆਉਂਦੀਆਂ ਹਨ। ਹਰ ਪੰਜ ਸਾਲ ਮਗਰੋਂ ਇਹ ਚਲਣ ਵਧ ਰਿਹਾ ਹੈ। ਇਹ ਹੋਰ ਵਧੇਗਾ ਕਿਉਂ ਕਿ ਇਹ ਸਭ ਕੁਝ ਸੱਤਾ ਦੀ ਲੋੜ ਹੈ। ਅਜਿਹੀ ਵਿਵਸਥਾ ਪੈਦਾ ਕੀਤੀ ਜਾਵੇ ਕਿ ਲੋਕ ਵੱਧ ਤੋਂ ਵੱਧ ਵਿਕਣ ਲਈ ਤਿਆਰ ਹੋਣ ਇਸ ਵਿੱਚ ਲੋਕਾਂ ਦਾ ਦੋਸ਼ ਨਹੀਂ ਬਲਕਿ ਉਸ ਭ੍ਰਿਸ਼ਟ ਪ੍ਰਬੰਧ ਦਾ ਦੋਸ਼ ਹੈ ਜੋ ਅਜਿਹੀ ਵਿਵਸਥਾ ਪੈਦਾ ਕਰ ਰਿਹਾ ਹੈ। ਇਸ ਰੈਲੀ ਨੇ ਇਹ ਦਰਸਾ ਦਿੱਤਾ ਆਮ ਲੋਕ ਸਖਤ ਸਰਦੀ ਵਿੱਚ ਵਰ੍ਹਦੇ ਮੀਂਹਾਂ ਵਿੱਚ ਖੜ ਕੇ ਨਾਹਰੇ ਮਾਰਨ ਲਈ ਹਨ ਅਤੇ ਦੇਸ਼ ਨੇਤਾਵਾਂ ਦਾ ਕੰਮ ਨਿੱਘੀਆਂ ਕਾਰਾਂ ਚੋਂ ਨਿਕਲ ਕੇ ਨਿੱਘੇ ਸਟੇਜ ‘ਤੇ ਖੜ੍ਹਕੇ, ਝੱਖੜਾਂ ਵਿੱਚ ਠਰਦੇ ਲੋਕਾਂ ਲਈ ਵੱਡੀਆਂ ਆਸਾਂ ਉਮੀਦਾਂ ਨੂੰ ਜਗਾ ਕੇ ਰੱਖਣਾ ਹੈ। ਯਾਦ ਰਹੇ ਇਸ ਤਰ੍ਹਾਂ ਦੇ ਵਿਸ਼ੇਸ਼ ਪੈਕੇਜ ਪਹਿਲਾਂ ਬਿਹਾਰ ਵਰਗੇ ਸੂਬਿਆਂ ਵਿੱਚ ਵੀ ਦਿੱਤੇ ਜਾ ਚੁੱਕੇ ਹਨ ਜਿੱਥੇ ਪ੍ਰਧਾਨ ਮੰਤਰੀ ਨੇ ਇੱਕ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਸੀ "ਬਿਹਾਰ ਵਾਸੀਓ ਮੈਂਨੇ ਬਿਹਾਰ ਕੀ ਏਕ ਏਕ ਚੀਜ ਕੋ ਦੇਖਾ ਔਰ ਸਮਝਾ ਕਿ ਪਚਾਸ ਹਜਾਰ ਕਰੋੜ ਸੇ ਕੁਝ ਨਹੀਂ ਹੋਗਾ। ਭਾਈਓ ਔਰ ਬਹਿਨੋ ਆਜ ਮੈਂ ਬਾਬੂ ਵੀਰ ਕੁੰਵਰ ਸਿੰਘ ਕੀ ਪਵਿੱਤਰ ਧਰਤੀ ਸੇ ਬਿਹਾਰ ਕੇ ਪੈਕੇਜ ਕੀ ਘੋਸ਼ਨਾ ਜਹਾਂ ਸੇ ਕਰਨਾ ਚਾਹਤਾ ਹੂੰ ਪਚਾਸ ਹਜਾਰ ਕਰੂੰ ਕਿ ਜਿਆਦਾ ਕਰੂੰ? ਸਾਠ ਹਜਾਰ ਕਰੂੰ ਕਿ ਜਿਆਦਾ ਕਰੂੰ? ਸੱਤਰ ਹਜਾਰ ਕਰੂੰ ਕਿ ਜਿਆਦਾ ਕਰੂੰ? ਅੱਸੀ ਹਜਾਰ ਜਾਂ ਨੱਬੇ ਹਜਾਰ ਕਰੂੰ ਭਾਈਓ ਔਰ ਬਹਿਨੋ ਕਾਨ ਖੋਹਲ ਕਰ ਸੁਨ ਲੋ ਦਿੱਲੀ ਸਰਕਾਰ ਤਰਫ ਸੇ ਆਪਕੋ ਸਵਾ ਲਾਖ ਕਰੋੜ ਦੇ ਕੇ ਜਾ ਰਹਾ ਹੂੰ।" ਇਸ ਐਲਾਨ ਦੀਆਂ ਤਾੜੀਆਂ ਨਾਲ ਸਾਰਾ ਬਿਹਾਰ ਗੂੰਜ ਉਠਿਆ ਸੀ।

      ਇਸ ਮਗਰੋਂ ਬਿਹਾਰ ਅਤੇ ਦੇਸ਼ ਦੇ ਲੋਕਾਂ ਨੇ ਅੱਜ ਤੱਕ ਨਹੀਂ ਪੁੱਛਿਆ ਨਾ ਹੀ ਪੁੱਛਣਾ ਹੈ ਕਿ ਇਸ ਹਜਾਰਾਂ ਕਰੋੜਾਂ ਦੇ ਪੈਕੇਜ ਨਾਲ ਬਿਹਾਰੀ ਲੋਕਾਂ ਦੀ ਜੂਨ ਕਿੰਨੀ ਕੁ ਬਦਲ ਗਈ ਸੀ? ਇੱਕ ਗੱਡੀਆਂ ਦਾ ਇਹ ਕਾਫ਼ਲਾ ਹੈ ਜਿਸ ਨੂੰ ਪਿੱਛੇ ਮੁੜਨਾ ਪਿਆ ਤੇ ਸਮਝਿਆ ਜਾ ਰਿਹਾ ਹੈ ਕਿ ਦੇਸ਼ ਨੂੰ ਬਹੁਤ ਵੱਡਾ ਖ਼ਤਰਾ ਪੈਦਾ ਹੋ ਗਿਆ । ਇਕ ਗੱਡੀਆਂ ਦਾ ਉਹ ਕਾਫ਼ਲਾ ਸੀ ਜੋ ਵਿਰੋਧ ਕਰ ਰਹੇ ਕਿਸਾਨਾਂ ਦੇ ਉੱਤੇ ਹੀ ਚੜ੍ਹਾ ਦਿੱਤਾ ਗਿਆ 6 ਕਿਸਾਨ ਜਿਨ੍ਹਾਂ ਵਿੱਚ ਨੌਜਵਾਨ ਵੀ ਸਨ ਦਰੜ ਕੇ ਸ਼ਹੀਦ ਕਰ ਦਿੱਤੇ ਗਏ ਉਹ ਲੋਕ ਅੱਜ ਵੀ ਸੱਤਾਧਾਰੀ ਬਣੇ ਹੋਏ ਹਨ । ਕੌਣ ਪੁੱਛੇਗਾ ਇਹ ਸਵਾਲ ?

      ਇਸ ਰੈਲੀ ਵਿੱਚ ਵਾਪਰੇ ਘਟਨਾ ਕਰਮ ਬਾਰੇ ਵੀ ਬਹੁਤ ਕੁਝ ਪੁੱਛਿਆ ਜਾਣਾ ਬਾਕੀ ਹੈ ਜੋ ਸ਼ਾਇਦ ਕਦੇ ਨਹੀਂ ਪੁੱਛਿਆ ਜਾਵੇਗਾ। ਪ੍ਰਧਾਨ ਮੰਤਰੀ ਜੀ ਦੇ ਹਰ ਦੌਰੇ ਲਈ ਇੱਕ ਰੂਟ ਤੋਂ ਇਲਾਵਾ ਪਲੈਨ ਬੀ ਦੂਜਾ ਰੂਟ ਵੀ ਹੁੰਦਾ ਹੈ ਜੇਕਰ ਪਹਿਲੇ ਰੂਟ ਤੇ ਜੇ ਕੋਈ ਅੜਚਨ ਹੁੰਦੀ ਹੈ ਤਾਂ ਦੂਜਾ ਰੂਟ ਤਿਆਰ ਹੁੰਦਾ ਹੈ। ਇਹ ਜਿੰਮੇਵਾਰੀ ਪ੍ਰਧਾਨ ਮੰਤਰੀ ਦੀ ਸੁਰੱਖਿਆ ਕਰ ਰਹੀ ਵਿਸ਼ੇਸ਼ ਏਜੰਸੀ ਕੋਲ ਹੀ ਹੁੰਦੀ ਹੈ। ਇਸ ਸਭ ਕੁਝ ਨੂੰ ਅਜਿਹੇ ਢੰਗ ਅਤੇ ਸਖਤੀ ਨਾਲ ਕੀਤਾ ਜਾਂਦਾ ਹੈ ਕਿ ਰੈਲੀ ਵਾਲੀ ਜਗਾਹ ਤੇ ਕੋਈ ਕੈਮਰਾਮੈਂਨ ਆਪਣੇ ਕੈਮਰੇ ਨੂੰ ਇੱਕ ਫੁੱਟ ਵੀ ਇੱਧਰ ਉਧਰ ਨਹੀਂ ਕਰ ਸਕਦਾ। ਜੇਕਰ ਅਜਿਹਾ ਕਰਨਾ ਵੀ ਹੈ ਤਾਂ ਇਸ ਦੀ ਮਨਜੂਰੀ ਦਿਲੀ ਪੀ ਐਮ ਓ ਦਫਤਰ ਤੋਂ ਲੈਣੀ ਪੈਂਦੀ ਹੈ। ਇਸ ਤੋਂ ਇਲਾਵਾ ਪ੍ਰਧਾਨ ਮੰਤਰੀ ਦਫਤਰ ਦਾ ਵਿਸ਼ੇਸ਼ ਸੁਰੱਖਿਆ ਅਧਿਕਾਰੀ ਰੈਲੀ ਵਾਲੀ ਥਾਂ ਤੇ ਪਹਿਲਾਂ ਪਹੁੰਚ ਕੇ ਪਲ ਪਲ ਦੀ ਖਬਰ ਕਾਫਲੇ ਨੂੰ ਦੇ ਰਹੇ ਹੁੰਦੇ ਹਨ। ਜੇਕਰ ਪ੍ਰਧਾਨ ਮੰਤਰੀ ਨੂੰ ਠੀਕ ਢੰਗ ਨਾਲ ਰੈਲੀ ਵਾਲੀ ਥਾਂ ‘ਤੇ ਨਹੀਂ ਲਿਜਾਇਆ ਗਿਆ ਇਸ ਦੀ ਜਿੰਮੇਵਾਰੀ ਐਸ ਪੀ ਜੀ ਦੀ ਹੁੰਦੀ ਹੈ। ਕੀ ਇਸ ਰੂਟ ਦੀ ਹੈਲੀਕਾਪਟਰ ਰਾਹੀਂ ਸਨਾਖਤ ਕੀਤੀ ਗਈ? ਕੀ ਵਾਰਨਰ ਕਾਰ ਜੋ ਕਾਫਲੇ ਤੋਂ ਡੇੜ ਕਿਲੋਮੀਟਰ ਅੱਗੇ ਚਲਦੀ ਹੈ ਰਾਹੀਂ ਇਸ ਰੂਟ ਨੂੰ ਸਮਝ ਲਿਆ ਗਿਆ ਸੀ?

     ਗੋਦੀ ਮੀਡੀਆ ਵੱਲੋਂ ਇਸ ਸਾਰੇ ਘਟਨਾ ਕਰਮ ਨੂੰ ਭਾਵਨਾਤਮਿਕ ਰੰਗ ਦੇ ਕੇ ਇਸ ਤੋਂ ਸਿਆਸੀ ਲਾਹਾ ਲੈਣ ਦੀ ਗੱਲ ਕੀਤੀ ਜਾ ਰਹੀ ਹੈ। ਪੰਜਾਬ ਦੇ ਲੋਕਾਂ ਨੂੰ ਖਾਲਿਸਤਾਨੀ, ਵੱਖਵਾਦੀ ਦੱਸਣ ਦੀ ਕੋਈ ਕਸਰ ਬਾਕੀ ਨਹੀਂ ਛੱਡੀ ਜਾ ਰਹੀ। ਪ੍ਰਧਾਨ ਮੰਤਰੀ ਜੀ ਜੋ ਕੇ ਸਾਰੇ ਦੇਸ਼ ਦੇ ਪ੍ਰਧਾਨ ਮੰਤਰੀ ਹਨ ਲਈ ਕਈ ਥਾਵਾਂ ਤੇ ਮਹਾਂਮਿਰਤੰਜੇ ਜਾਪ/ਹਵਨ ਹੋਣ ਲੱਗੇ ਹਨ। ਆਪਦਾ ਨੂੰ ਅਵਸਰ ਵਿੱਚ ਬਦਲਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

      ਲੋਕਾਂ ਨੂੰ ਸਮਝ ਜਾਣਾ ਚਾਹੀਦਾ ਹੈ ਕਿ ਉਹਨਾਂ ਦੀ ਕਿਸਮਤ ਕਿਸੇ ਜਹਾਜ ਤੋਂ ਉਤਰੇ ਲੀਡਰ ਨੇ ਨਹੀਂ ਲਿਖਣੀ ਬਲਕਿ ਉਹਨਾਂ ਨੂੰ ਆਪਣੀ ਕਿਸਮਤ ਆਪਣੇ ਹੱਥਾਂ ਨਾਲ ਲਿਖਣੀ ਪੈਣੀ ਹੈ ਇਸ ਲਈ ਇੱਕੋ ਇੱਕ ਰਾਹ ਸ਼ੰਘਰਸ਼ ਦਾ ਰਾਹ ਹੈ ਉਂਝ ਝੰਡੇ ਕਿਸੇ ਵੀ ਪਾਰਟੀ ਦੇ ਜਿੰਨਾ ਚਿਰ ਮਰਜੀ ਚੁੱਕੀ ਫਿਰਨ।

ਸੰਪਰਕ : 98550-51099

ਸੁਰੱਖਿਆ ਵਿੱਚ ਹੋਈ ਭਾਰੀ ਗਲਤੀ ਤੇ ਹਨੇਰੇ ਵਿੱਚ ਟੱਕਰਾਂ ਮਾਰਦੇ ਭਾਰਤੀ ਲੋਕ - ਗੁਰਚਰਨ ਸਿੰਘ ਨੂਰਪੁਰ

“ਸੁਰੱਖਿਆ ਕਾਰਨਾਂ ਕਰਕੇ ਪ੍ਰਧਾਨ ਮੰਤਰੀ ਨੂੰ ਵਾਪਸ ਜਾਣਾ ਪਿਆ ਤੇ ਕਰੋੜਾਂ ਦੇ ਵਿਕਾਸ ਪ੍ਰਜੈਕਟ ਧਰੇ ਧਰਾਏ ਰਹਿ ਗਏ।“ ਹੁਣ ਕੀ ਹੋਵੇਗਾ? ਪਿਛਲੇ ਕੁਝ ਦਿਨਾਂ ਤੋਂ ਇਹ ਚੁੰਝ ਚਰਚਾ ਲੋਕਾਂ ਅਤੇ ਮੀਡੀਆ ਹਾਊਸਾਂ ਵਿੱਚ ਚਲ ਰਹੀ ਹੈ।
       ਸਭ ਕੁਝ ਦੀ ਹਕੀਕਤ ਕੀ ਹੈ? ਅਜਿਹਾ ਕਿਉਂ ਵਾਪਰਿਆ? ਜਦੋਂ ਇਸ ਦੀ ਥਾਹ ਪਾਉਣ ਦੀ ਕੋਸ਼ਿਸ਼ ਕਰਾਂਗੇ ਤਾਂ ਹਕੀਕਤ ਕੁਝ ਹੋਰ ਨਜ਼ਰ ਆਵੇਗੀ। ਪ੍ਰਧਾਨ ਮੰਤਰੀ ਜੀ ਦੀ ਰੈਲੀ ਨੂੰ ਸਫਲ ਬਣਾਉਣ ਲਈ ਕੁਝ ਦਿਨ ਪਹਿਲਾਂ ਪੰਜਾਬ ਭਰ ਤੋਂ ਸੁਰੱਖਿਆ ਕਰਮਚਾਰੀ, ਸਫਾਈ ਸੇਵਕ , ਅਤੇ ਹੋਰ ਸੇਵਾਵਾਂ ਦੇਣ ਵਾਲੇ ਕਰਮਚਾਰੀ ਹਜਾਰਾਂ ਦੀ ਗਿਣਤੀ ਵਿੱਚ ਫਿਰੋਜਪੁਰ ਬੁਲਾਏ ਗਏ। ਜੋ ਦਿਨ ਰਾਤ ਕੱਕਰ ਪਾਲੇ ਤੇ ਵਰਦੇ ਮੀਂਹ ਵਿੱਚ ਡਿਊਟੀਆਂ ਕਰਦੇ ਰਹੇ ਸੇਵਾਵਾਂ ਦਿੰਦੇ ਰਹੇ। ਕੁਝ ਦੂਜੇ ਸ਼ਹਿਰਾਂ ਤੋਂ ਬਲਾਏ ਹਜਾਰਾਂ ਸਫਾਈ ਸੇਵਕਾਂ ਨੇ ਦਿਨ ਰਾਤ ਇੱਕ ਕਰਕੇ ਵਰ੍ਹਦੇ ਮੀਹ ਵਿੱਚ ਡਊਟੀਆਂ ਨਿਭਾਈਆਂ। ਦੂਰੋਂ ਨੇੜਿਓ ਆਏ ਵੱਖ ਵੱਖ ਸੇਵਾਵਾਂ ਦੇਣ ਵਾਲੇ ਇਹਨਾਂ ਕਰਮਚਾਰੀਆਂ ਲਈ ਰਾਤ ਠਹਿਰਣ ਦਾ ਕੋਈ ਪ੍ਰਬੰਧ ਨਹੀਂ ਸੀ। ਫਿਰੋਜਪੁਰ ਛਾਉਣੀ ਹੀ ਨਹੀਂ ਬਲਿਕ ਨੇੜਲੇ ਹੋਰ ਸ਼ਹਿਰਾਂ ਜੀਰਾ, ਤਲਵੰਡੀ ਭਾਈ ਆਦਿ ਦੇ ਹੋਟਲ, ਸਰਾਵਾਂ ਬੁੱਕ ਕਰ ਲਏ ਗਏ ਸਨ ਇਹਨਾਂ ਦੇ ਮਾਲਕਾਂ ਨੂੰ ਡੀ. ਸੀ ਦਫਤਰ ਵੱਲੋਂ ਸਖਤ ਹੁਕਮ ਸਨ ਕਿ ਉਹਨਾਂ ਦੀ ਮਰਜੀ ਤੋਂ ਬਿਨਾਂ ਕਿਸੇ ਨੂੰ ਕਮਰੇ ਨਾ ਦਿੱਤੇ ਜਾਣ। ਕਾਰਨ ਇਹ ਸੀ ਕਿ ਇਹਨਾਂ ਕਮਰਿਆਂ ਵਿੱਚ ਰੈਲੀ ਵਿੱਚ ਪਹੁੰਚੇ ਵੱਡੇ ਨੇਤਾਵਾਂ ਅਤੇ ਆਹਲਾ ਦਰਜੇ ਦੀ ਅਫਸਰਸ਼ਾਹੀ ਦੇ ਠਹਿਰਣ ਦਾ ਪ੍ਰਬੰਧ ਕੀਤਾ ਗਿਆ ਸੀ। ਪਰ ਉਹ ਆਮ ਲੋਕ ਜੋ ਰੈਲੀ ਨੂੰ ਸਫਲ ਬਣਾਉਣ ਲਈ ਦਿਨ ਰਾਤ ਵਰ੍ਹਦੇ ਮੀਂਹ ਵਿਚ ਕੰਮ ਕਰ ਰਹੇ ਸਨ ਕਾਰੀਗਰ, ਮਜਦੂਰ, ਸੁਰੱਖਿਆ ਕਰਮਚਾਰੀ, ਸਫਾਈ ਸੇਵਕ ਅਤੇ ਮੀਡੀਆ ਦੇ ਲੋਕ ਇਹਨਾਂ ਠਰੀਆਂ ਭਿੱਜੀਆਂ ਰਾਤਾਂ ਵਿੱਚ ਠਰੂੰ ਠਰੂੰ ਕਰਦੇ ਭੁੱਖਣ ਭਾਣੇ ਦਰ-ਬ-ਦਰ ਭਟਕਦੇ ਰਹੇ। ਇਸ ਸਭ ਕੁਝ ਨੂੰ ਹੋਰ ਚੰਗੀ ਤਰ੍ਹਾਂ ਸਥਾਨਕ ਲੋਕਾਂ, ਹੋਟਲ ਮਾਲਕਾਂ ਅਤੇ ਖਾਣੇ ਦੇ ਢਾਬਿਆਂ ਵਾਲਿਆਂ ਤੋਂ ਸਮਝਿਆ ਜਾ ਸਕਦਾ ਹੈ। ਰੈਲੀ ਵਾਲੇ ਦਿਨ ਵੱਡੇ ਲੀਡਰ ਸਮੇਂ ਅਨੁਸਾਰ ਨਿੱਘੀਆਂ ਕਾਰਾਂ ਚੋਂ ਨਿਕਲ ਕੇ ਆਲੀਸ਼ਾਨ ਮੰਚ ‘ਤੇ ਬਿਰਾਜਮਾਨ ਹੋ ਗਏ। ਇਹਨਾਂ ਚੋਂ ਕੁਝ ਨੇ ਕੁਝ ਕੁ ਲੋਕ ਜੋ ਕਿਸੇ ਤਰ੍ਹਾਂ ਵਰ੍ਹਦੇ ਮੀਂਹ ਦੌਰਾਨ ਨੇਤਾਵਾਂ ਨੂੰ ਸੁਨਣ ਆ ਗਏ ਸਨ ਤੇ ਭਿੱਜਣ ਤੋਂ ਬਚਾ ਲਈ ਇੱਕ ਕੁਰਸੀ ਤੇ ਬੈਠ ਕੇ ਦੂਜੀ ਕੁਰਸੀ ਸਿਰ ਤੇ ਲਈ ਬੈਠੇ ਸਨ ਨੂੰ ਸੰਬੋਧਨ ਵੀ ਕੀਤਾ। ਪਰ ਇਹ ਬਹੁਤ ਥੋੜੇ ਗਿਣਤੀ ਦੇ ਲੋਕ ਸਨ। ਬਾਕੀ ਲੋਕ ਮੀਂਹ ਕਰਕੇ ਗੱਡੀਆਂ ਬੱਸਾਂ ਟਰੱਕਾਂ ਵਿੱਚ ਹੀ ਬੈਠੇ ਰਹੇ।
       ਇਥੇ ਸਵਾਲ ਪੈਦਾ ਹੁੰਦਾ ਹੈ ਕਿ ਜਦੋਂ ਮੌਸਮ ਵਿਭਾਗ ਨੇ ਇਹਨਾਂ ਦਿਨਾਂ ਵਿੱਚ ਮੀਂਹ ਪੈਣ ਦੀ ਭਵਿੱਖ ਬਾਣੀ ਕੀਤੀ ਹੋਈ ਸੀ ਤਾਂ ਰੈਲੀ ਨੂੰ ਅੱਗੇ ਪਿੱਛੇ ਕਿਉਂ ਨਹੀਂ ਕੀਤਾ ਗਿਆ? ਰੈਲੀ ਵੀ ਸਫਲ ਹੁੰਦੀ, ਪ੍ਰਧਾਨ ਮੰਤਰੀ ਜੀ ਵੀ ਮਿੱਥੇ ਰੂਟ ਅਨੁਸਾਰ ਆਉਂਦੇ ਤੇ ਪੰਜਾਬ ਵਾਸੀਆਂ ਨੂੰ ਬਿਨਾਂ ਰੋਕ ਟੋਕ ਵਿਕਾਸ ਕਾਰਜਾਂ ਅਤੇ ਰੋਜਗਾਰ ਲਈ ਮੋਟੀ ਰਕਮ ਵੀ ਮਿਲ ਜਾਂਦੀ। ਇਹ ਸਭ ਸੋਚ ਸਮਝ ਕੇ ਕਿਉਂ ਨਹੀਂ ਕੀਤਾ ਗਿਆ? ਸਭ ਕੁਝ ਦੀ ਹਕੀਕਤ ਕੀ ਹੈ? ਹਕੀਕਤ ਇਹ ਹੈ ਇਸ ਰੈਲੀ ਨੇ ਸਾਨੂੰ ਇੱਕ ਤਰ੍ਹਾਂ ਇਹ ਸ਼ੀਸ਼ਾ ਵਿਖਾ ਦਿੱਤਾ ਹੈ ਕਿ ਸਾਡੇ ਭਾਰਤੀ ਹਾਕਮਾਂ ਅਤੇ ਆਮ ਲੋਕਾਂ ਮੁਲਾਜ਼ਮਾਂ, ਪੁਲਿਸ ਕਰਮਚਾਰੀਆਂ, ਕਿਸਾਨਾਂ, ਮਜਦੂਰਾਂ ਦਰਮਿਆਨ ਕਿੰਨਾ ਵੱਡਾ ਫਰਕ ਹੈ। ਇਸ ਰੈਲੀ ਨੇ ਅੱਖਾਂ ਖੋਹਲ ਦਿੱਤੀਆਂ ਹਨ ਕਿ ਲੋਕ ਅਜੇ ਵੀ ਗੁਲਾਮਾਂ ਵਾਲੀ ਜੂਨ ਭੋਗ ਰਹੇ ਹਨ ਅਤੇ ਨੇਤਾਵਾਂ ਦਾ ਵਿਹਾਰ ਅੰਗਰੇਜੀ ਹਾਕਮਾਂ ਦੇ ਸਿਖਰ ਤੋਂ ਵੀ ਉਤਾਂਹ ਹੈ। ਪੁੱਛਿਆ ਜਾਣਾ ਚਾਹੀਦਾ ਹੈ ਕਿ ਉਹ ਲੋਕ ਜਿਹਨਾਂ ਰੈਲੀ ਵਿੱਚ ਆ ਕੇ ਨੇਤਾਵਾਂ ਦੇ ਭਾਸ਼ਣ ਸੁਨਣੇ ਸਨ ਕੀ ਉਹ ਇਨਸਾਨ ਨਹੀਂ ਹਨ? ਜੇਕਰ ਨੇਤਾਵਾਂ ਦੇ ਬੈਠਣ ਲਈ ਉਚੇ ਨਿੱਘੇ ਮੰਚ ਦਾ ਪ੍ਰਬੰਧ ਹੋ ਸਕਦਾ ਹੈ ਤਾਂ ਆਮ ਲੋਕਾਂ ਲਈ ਕਿਉਂ ਨਹੀਂ? ਠੰਢੇ ਦਿਨਾਂ ਵਿਚ ਵਰ੍ਹਦੇ ਮੀਂਹ ਵਿਚ ਲੋਕ ਪਸ਼ੂਆਂ ਨੂੰ ਵੀ ਤਰਸ ਕਰਕੇ ਅੰਦਰ ਕਰ ਦਿੰਦੇ ਹਨ ਉਹ ਤਾਂ ਫਿਰ ਇਨਸਾਨ ਸਨ। ਫਿਰ ਓਦੋਂ ਜਦੋਂ ਕਿ ਪਤਾ ਹੈ ਕਿ ਪੂਰਾ ਦਿਨ ਬਾਰਸ਼ ਹੋਣੀ ਹੈ ਅਤੇ ਉਤੋਂ ਕਹਿਰ ਦੀ ਸਰਦੀ ਪੈ ਰਹੀ ਹੈ ਲੋਕ ਕਿਸ ਤਰ੍ਹਾਂ ਬੈਠਣਗੇ ? ਰੈਲੀ ਨੇ ਇਹ ਸਾਫ ਕਰ ਦਿੱਤਾ ਕਿ ਨੇਤਾਵਾਂ ਦੀ ਨਜ਼ਰ ਵਿਚ ਲੋਕ ਲੋਕ ਹੁੰਦੇ ਹਨ ਤੇ ਹਾਕਮ ਹਾਕਮ। ਉਹ ਕਰਮਚਾਰੀ ਤੇ ਸਫਾਈ ਸੇਵਕ ਜੋ ਵਰਦੇ ਮੀਹਾਂ ਵਿੱਚ ਦਿਨ ਰਾਤ ਕੰਮ ਕਰਦੇ ਰਹੇ ਡਿਊਟੀਆਂ ਨਿਭਾਉਂਦੇ ਰਹੇ ਕੀ ਉਹ ਇਨਸਾਨ ਨਹੀਂ ਹਨ? ਜਿਸ ਪੰਜਾਬ ਦੇ ਲੋਕਾਂ ਨੂੰ ਵਿਸ਼ੇਸ਼ ਆਰਥਕ ਪੈਕੇਜ ਦਿੱਤਾ ਜਾਣਾ ਹੈ ਇਸੇ ਪੰਜਾਬ ਦੇ ਹੀ ਮਜਦੂਰ ਕਿਸਾਨ, ਬਜੁਰਗ ਅਤੇ ਬਜੁਰਗ ਮਾਵਾਂ ਇੱਕ ਸਾਲ ਤੋਂ ਦਿੱਲੀ ਦੇ ਬਾਰਡਰਾਂ ਤੇ ਮੀਹਾਂ ਝੱਖੜਾਂ ਗਰਮੀ ਸਰਦੀ ਵਿੱਚ ਸੰਘਰਸ਼ ਕਰਦੇ ਰਹੇ । ਇਹਨਾਂ ਚੋਂ ਸੱਤ ਸੌ ਦੇ ਕਰੀਬ ਸ਼ਹਾਦਤਾਂ ਦੇ ਗਏ। ਪੂਰਾ ਸਾਲ ਦੇਸ਼ ਦੀ ਵਿਵਸਥਾ ਦਾ ਇਹਨਾਂ ਪ੍ਰਤੀ ਵਿਵਹਾਰ ਇਹ ਰਿਹਾ ਕਿ ਜਿਵੇਂ ਇਹ ਕੀੜੇ ਮਕੌੜੇ ਹੋਣ। ਪੂਰਾ ਸਾਲ ਸ਼ੰਘਰਸ਼ ਕਰਨਾ ਤੇ ਫਿਰ ਇਸ ਸ਼ੰਘਰਸ਼ ਨੂੰ ਹਰ ਤਰਾਂ ਦੀਆਂ ਸ਼ਾਜਿਸਾਂ ਤੋਂ ਬਚਾ ਕੇ ਰੱਖਣਾ ਕਿੰਨੀ ਵੱਡੀ ਚੁਣੌਤੀ ਸੀ ਜੋ ਪੰਜਾਬ ਹਰਿਆਣੇ ਸਮੇਤ ਪੂਰੇ ਦੇਸ਼ ਦੇ ਕਿਸਾਨਾਂ ਆਪਣੇ ਸਿਰਾਂ ਨਾਲ ਨਿਭਾਈ?
       ਇਹ ਹੁਣ ਸਵਾਲ ਪੈਦਾ ਹੁੰਦਾ ਹੈ ਕਿ ਵਿਸ਼ੇਸ਼ ਪੈਕਜਾਂ ਦਾ ਹੇਜ਼ ਚੋਣਾਂ ਦੌਰਾਨ ਹੀ ਕਿਉਂ ਜਾਗਦਾ ਹੈ? ਗੱਲ ਫਿਰ ਉਥੇ ਆਉਂਦੀ ਹੈ ਕਿ ਵਿਵਸਥਾਂ ਚਾਹੁੰਦੀ ਹੈ ਕਿ ਦੇਸ਼ ਦੇ ਆਮ ਲੋਕ ਅਜਿਹੇ ਲੋਕ ਬਣੇ ਰਹਿਣ ਜੋ ਸਾਡੇ ਝੰਡੇ ਚੁੱਕ ਕੇ ਵਰਦੇ ਮੀਂਹਾਂ ਵਿੱਚ ਖੜ੍ਹੇ ਹੋ ਸਕਣ। ਇਹ ਕਿਸੇ ਇੱਕ ਪਾਰਟੀ ਦਾ ਏਜੰਡਾ ਨਹੀਂ ਲਗਭਗ ਸਾਰੀਆਂ ਪਾਰਟੀਆਂ ਆਪਣੀਆਂ ਰੈਲੀਆਂ ਭਰਨ ਲਈ ਲੋਕਾਂ ਨੂੰ ਦਿਹਾੜੀ ਤੇ ਵੀ ਲੈ ਕੇ ਆਉਂਦੀਆਂ ਹਨ। ਹਰ ਪੰਜ ਸਾਲ ਮਗਰੋਂ ਇਹ ਚਲਣ ਵਧ ਰਿਹਾ ਹੈ। ਇਹ ਹੋਰ ਵਧੇਗਾ ਕਿਉਂ ਕਿ ਇਹ ਸਭ ਕੁਝ ਸੱਤਾ ਦੀ ਲੋੜ ਹੈ। ਅਜਿਹੀ ਵਿਵਸਥਾ ਪੈਦਾ ਕੀਤੀ ਜਾਵੇ ਕਿ ਲੋਕ ਵੱਧ ਤੋਂ ਵੱਧ ਵਿਕਣ ਲਈ ਤਿਆਰ ਹੋਣ ਇਸ ਵਿੱਚ ਲੋਕਾਂ ਦਾ ਦੋਸ਼ ਨਹੀਂ ਬਲਕਿ ਉਸ ਭ੍ਰਿਸ਼ਟ ਪ੍ਰਬੰਧ ਦਾ ਦੋਸ਼ ਹੈ ਜੋ ਅਜਿਹੀ ਵਿਵਸਥਾ ਪੈਦਾ ਕਰ ਰਿਹਾ ਹੈ। ਇਸ ਰੈਲੀ ਨੇ ਇਹ ਦਰਸਾ ਦਿੱਤਾ ਆਮ ਲੋਕ ਸਖਤ ਸਰਦੀ ਵਿੱਚ ਵਰ੍ਹਦੇ ਮੀਂਹਾਂ ਵਿੱਚ ਖੜ ਕੇ ਨਾਹਰੇ ਮਾਰਨ ਲਈ ਹਨ ਅਤੇ ਦੇਸ਼ ਨੇਤਾਵਾਂ ਦਾ ਕੰਮ ਨਿੱਘੀਆਂ ਕਾਰਾਂ ਚੋਂ ਨਿਕਲ ਕੇ ਨਿੱਘੇ ਸਟੇਜ ‘ਤੇ ਖੜ੍ਹਕੇ, ਝੱਖੜਾਂ ਵਿੱਚ ਠਰਦੇ ਲੋਕਾਂ ਲਈ ਵੱਡੀਆਂ ਆਸਾਂ ਉਮੀਦਾਂ ਨੂੰ ਜਗਾ ਕੇ ਰੱਖਣਾ ਹੈ। ਯਾਦ ਰਹੇ ਇਸ ਤਰ੍ਹਾਂ ਦੇ ਵਿਸ਼ੇਸ਼ ਪੈਕੇਜ ਪਹਿਲਾਂ ਬਿਹਾਰ ਵਰਗੇ ਸੂਬਿਆਂ ਵਿੱਚ ਵੀ ਦਿੱਤੇ ਜਾ ਚੁੱਕੇ ਹਨ ਜਿੱਥੇ ਪ੍ਰਧਾਨ ਮੰਤਰੀ ਨੇ ਇੱਕ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਸੀ ਬਿਹਾਰ ਵਾਸੀਓ ਮੈਂਨੇ ਬਿਹਾਰ ਕੀ ਏਕ ਏਕ ਚੀਜ਼ ਕੋ ਦੇਖਾ ਔਰ ਸਮਝਾ ਕਿ ਪਚਾਸ ਹਜਾਰ ਕਰੋੜ ਸੇ ਕੁਝ ਨਹੀਂ ਹੋਗਾ। ਭਾਈਓ ਔਰ ਬਹਿਨੋ ਆਜ ਮੈਂ ਬਾਬੂ ਵੀਰ ਕੁੰਵਰ ਸਿੰਘ ਕੀ ਪਵਿੱਤਰ ਧਰਤੀ ਸੇ ਬਿਹਾਰ ਕੇ ਪੈਕੇਜ ਕੀ ਘੋਸ਼ਨਾ ਜਹਾਂ ਸੇ ਕਰਨਾ ਚਾਹਤਾ ਹੂੰ ਪਚਾਸ ਹਜਾਰ ਕਰੂੰ ਕਿ ਜਿਆਦਾ ਕਰੂੰ? ਸਾਠ ਹਜਾਰ ਕਰੂੰ ਕਿ ਜਿਆਦਾ ਕਰੂੰ? ਸੱਤਰ ਹਜਾਰ ਕਰੂੰ ਕਿ ਜਿਆਦਾ ਕਰੂੰ? ਅੱਸੀ ਹਜਾਰ ਜਾਂ ਨੱਬੇ ਹਜਾਰ ਕਰੂੰ ਭਾਈਓ ਔਰ ਬਹਿਨੋ ਕਾਨ ਖੋਹਲ ਕਰ ਸੁਨ ਲੋ ਦਿੱਲੀ ਸਰਕਾਰ ਤਰਫ ਸੇ ਆਪਕੋ ਸਵਾ ਲਾਖ ਕਰੋੜ ਦੇ ਕੇ ਜਾ ਰਹਾ ਹੂੰ। ਇਸ ਐਲਾਨ ਦੀਆਂ ਤਾੜੀਆਂ ਨਾਲ ਸਾਰਾ ਬਿਹਾਰ ਗੂੰਜ ਉਠਿਆ ਸੀ।
      ਇਸ ਮਗਰੋਂ ਬਿਹਾਰ ਅਤੇ ਦੇਸ਼ ਦੇ ਲੋਕਾਂ ਨੇ ਅੱਜ ਤੱਕ ਨਹੀਂ ਪੁੱਛਿਆ ਨਾ ਹੀ ਪੁੱਛਣਾ ਹੈ ਕਿ ਇਸ ਹਜਾਰਾਂ ਕਰੋੜਾਂ ਦੇ ਪੈਕੇਜ ਨਾਲ ਬਿਹਾਰੀ ਲੋਕਾਂ ਦੀ ਜੂਨ ਕਿੰਨੀ ਕੁ ਬਦਲ ਗਈ ਸੀ।
      ਇਸ ਰੈਲੀ ਵਿੱਚ ਵਾਪਰੇ ਘਟਨਾ ਕਰਮ ਬਾਰੇ ਵੀ ਬਹੁਤ ਕੁਝ ਪੁੱਛਿਆ ਜਾਣਾ ਬਾਕੀ ਹੈ ਜੋ ਸ਼ਾਇਦ ਕਦੇ ਨਹੀਂ ਪੁੱਛਿਆ ਜਾਵੇਗਾ। ਪ੍ਰਧਾਨ ਮੰਤਰੀ ਜੀ ਦੇ ਹਰ ਦੌਰੇ ਲਈ ਇੱਕ ਰੂਟ ਤੋਂ ਇਲਾਵਾ ਪਲੈਨ ਬੀ ਦੂਜਾ ਰੂਟ ਵੀ ਹੁੰਦਾ ਹੈ ਜੇਕਰ ਪਹਿਲੇ ਰੂਟ ਤੇ ਜੇ ਕੋਈ ਅੜਚਨ ਹੁੰਦੀ ਹੈ ਤਾਂ ਦੂਜਾ ਰੂਟ ਤਿਆਰ ਹੁੰਦਾ ਹੈ। ਇਹ ਜਿੰਮੇਵਾਰੀ ਪ੍ਰਧਾਨ ਮੰਤਰੀ ਦੀ ਸੁਰੱਖਿਆ ਕਰ ਰਹੀ ਵਿਸ਼ੇਸ਼ ਏਜੰਸੀ ਕੋਲ ਹੀ ਹੁੰਦੀ ਹੈ। ਇਸ ਸਭ ਕੁਝ ਨੂੰ ਅਜਿਹੇ ਢੰਗ ਅਤੇ ਸਖਤੀ ਨਾਲ ਕੀਤਾ ਜਾਂਦਾ ਹੈ ਕਿ ਰੈਲੀ ਵਾਲੀ ਜਗਾਹ ਤੇ ਕੋਈ ਕੈਮਰਾਮੈਂਨ ਆਪਣੇ ਕੈਮਰੇ ਨੂੰ ਇੱਕ ਫੁੱਟ ਵੀ ਇੱਧਰ ਉਧਰ ਨਹੀਂ ਕਰ ਸਕਦਾ। ਜੇਕਰ ਅਜਿਹਾ ਕਰਨਾ ਵੀ ਹੈ ਤਾਂ ਇਸ ਦੀ ਮਨਜੂਰੀ ਦਿਲੀ ਪੀ ਐਮ ਓ ਦਫਤਰ ਤੋਂ ਲੈਣੀ ਪੈਂਦੀ ਹੈ। ਇਸ ਤੋਂ ਇਲਾਵਾ ਪ੍ਰਧਾਨ ਮੰਤਰੀ ਦਫਤਰ ਦਾ ਵਿਸ਼ੇਸ਼ ਸੁਰੱਖਿਆ ਅਧਿਕਾਰੀ ਰੈਲੀ ਵਾਲੀ ਥਾਂ ਤੇ ਪਹਿਲਾਂ ਪਹੁੰਚ ਕੇ ਪਲ ਪਲ ਦੀ ਖਬਰ ਕਾਫਲੇ ਨੂੰ ਦੇ ਰਹੇ ਹੁੰਦੇ ਹਨ। ਜੇਕਰ ਪ੍ਰਧਾਨ ਮੰਤਰੀ ਨੂੰ ਠੀਕ ਢੰਗ ਨਾਲ ਰੈਲੀ ਵਾਲੀ ਥਾਂ ‘ਤੇ ਨਹੀਂ ਲਿਜਾਇਆ ਗਿਆ ਇਸ ਦੀ ਜਿੰਮੇਵਾਰੀ ਐਸ ਪੀ ਜੀ ਦੀ ਹੁੰਦੀ ਹੈ। ਕੀ ਇਸ ਰੂਟ ਦੀ ਹੈਲੀਕਾਪਟਰ ਰਾਹੀਂ ਸ਼ਨਾਖਤ ਕੀਤੀ ਗਈ? ਕੀ ਵਾਰਨਰ ਕਾਰ ਜੋ ਕਾਫਲੇ ਤੋਂ ਡੇੜ ਕਿਲੋਮੀਟਰ ਅੱਗੇ ਚਲਦੀ ਹੈ ਰਾਹੀਂ ਇਸ ਰੂਟ ਨੂੰ ਸਮਝ ਲਿਆ ਗਿਆ ਸੀ?
       ਗੋਦੀ ਮੀਡੀਆ ਵੱਲੋਂ ਇਸ ਸਾਰੇ ਘਟਨਾ ਕਰਮ ਨੂੰ ਭਾਵਨਾਤਮਿਕ ਰੰਗ ਦੇ ਕੇ ਇਸ ਤੋਂ ਸਿਆਸੀ ਲਾਹਾ ਲੈਣ ਦੀ ਗੱਲ ਕੀਤੀ ਜਾ ਰਹੀ ਹੈ। ਪੰਜਾਬ ਦੇ ਲੋਕਾਂ ਨੂੰ ਖਾਲਿਸਤਾਨੀ, ਵੱਖਵਾਦੀ ਦੱਸਣ ਦੀ ਕੋਈ ਕਸਰ ਬਾਕੀ ਨਹੀਂ ਛੱਡੀ ਜਾ ਰਹੀ। ਪ੍ਰਧਾਨ ਮੰਤਰੀ ਜੀ ਜੋ ਕੇ ਸਾਰੇ ਦੇਸ਼ ਦੇ ਪ੍ਰਧਾਨ ਮੰਤਰੀ ਹਨ ਲਈ ਕਈ ਥਾਵਾਂ ਤੇ ਮਹਾਂਮਿਰਤੰਜੇ ਜਾਪ/ਹਵਨ ਹੋਣ ਲੱਗੇ ਹਨ। ਆਪਦਾ ਨੂੰ ਅਵਸਰ ਵਿੱਚ ਬਦਲਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
      ਲੋਕਾਂ ਨੂੰ ਸਮਝ ਜਾਣਾ ਚਾਹੀਦਾ ਹੈ ਕਿ ਉਹਨਾਂ ਦੀ ਕਿਸਮਤ ਕਿਸੇ ਜਹਾਜ ਤੋਂ ਉਤਰੇ ਲੀਡਰ ਨੇ ਨਹੀਂ ਲਿਖਣੀ ਬਲਕਿ ਉਹਨਾਂ ਨੂੰ ਆਪਣੀ ਕਿਸਮਤ ਆਪਣੇ ਹੱਥਾਂ ਨਾਲ ਲਿਖਣੀ ਪੈਣੀ ਹੈ ਇਸ ਲਈ ਇੱਕੋ ਇੱਕ ਰਾਹ ਸ਼ੰਘਰਸ਼ ਦਾ ਰਾਹ ਹੈ ਉਂਝ ਝੰਡੇ ਕਿਸੇ ਵੀ ਪਾਰਟੀ ਦੇ ਜਿੰਨਾ ਚਿਰ ਮਰਜੀ ਚੁੱਕੀ ਫਿਰਨ।

ਕਿਸ ਪਾਰਟੀ ਦੇ ਏਜੰਡੇ ’ਤੇ ਹਨ ਪੰਜਾਬ ਦੀਆਂ ਪੀੜਾਂ ? - ਗੁਰਚਰਨ ਸਿੰਘ ਨੂਰਪੁਰ

ਸਾਡੇ ਘਰ-ਬਾਰ, ਜ਼ਮੀਨ ਜਾਇਦਾਦ ਦਾ ਮੁੱਲ ਪਾਣੀ ਨਾਲ ਹੈ। ਜੇ ਕਿਸੇ ਖਿੱਤੇ ਵਿਚ ਪਾਣੀ ਖ਼ਤਮ ਹੁੰਦਾ ਹੈ ਤਾਂ ਉੱਥੇ ਜਮ਼ੀਨ, ਪਲਾਟਾਂ, ਘਰਾਂ, ਕੋਠੀਆਂ ਦੇ ਭਾਅ ਵੀ ਇੱਕਦਮ ਹੇਠਾਂ ਆ ਜਾਂਦੇ ਹਨ। ਹੁਣ ਤੱਕ ਹੋਈ ਮੁਨੱਖੀ ਸਭਿਅਤਾਵਾਂ ਦੀ ਖੁਦਾਈ ਤੋਂ ਇਹ ਪਤਾ ਲੱਗਦਾ ਹੈ ਕਿ ਪੁਰਾਣੇ ਯੁੱਗ ਦੇ ਮਨੁੱਖ ਦਾ ਰੈਣ ਬਸੇਰਾ ਨਦੀਆਂ ਦਰਿਆਵਾਂ ਦੇ ਕੰਢਿਆਂ ਤੇ ਸੀ। ਸਾਡੇ ਵੱਡੇ ਵਡੇਰੇ ਪਾਣੀ ਦੀ ਮਹੱਤਤਾ ਨੂੰ ਸਾਡੇ ਨਾਲੋਂ ਸ਼ਾਇਦ ਵਧੇਰੇ ਚੰਗੀ ਤਰ੍ਹਾਂ ਜਾਣਦੇ ਸਨ, ਤਾਂ ਹੀ ਸਾਡੇ ਸੱਭਿਆਚਾਰ ਵਿਚ ਦਰਿਆਵਾਂ ਨੂੰ ਜੀਵਨ ਦਾਤੇ ਆਖਿਆ ਗਿਆ, ਪਾਣੀ ਦੀ ਪੂਜਾ ਕੀਤੀ ਗਈ, ਪਾਣੀ ਨੂੰ ਪਰਮੇਸ਼ਵਰ ਕਿਹਾ ਗਿਆ ਅਤੇ ਪਾਣੀ ਨੂੰ ਗੰਦਾ ਕਰਨ ਨੂੰ ਪਾਪ ਸਮਝਿਆ ਜਾਂਦਾ ਰਿਹਾ ਹੈ। ਅਸੀਂ ਪੰਜਾਬ ਦੇ ਲੋਕਾਂ ਅਤੇ ਇੱਥੋਂ ਦੀ ਵਿਵਸਥਾ ਨੂੰ ਚਲਾਉਣ ਵਾਲੀਆਂ ਵਾਲੀਆਂ ਧਿਰਾਂ ਨੇ ਇਨ੍ਹਾਂ ਸ਼ਬਦਾਂ ਨੂੰ ਅਣਸੁਣਿਆ ਕਰਕੇ ਹਵਾ, ਮਿੱਟੀ ਅਤੇ ਪਾਣੀ ਦੀ ਜਿੰਨੀ ਬੇਕਦਰੀ ਕੀਤੀ ਹੈ ਓਨੀ ਸ਼ਾਇਦ ਭਾਰਤ ਦੇ ਕਿਸੇ ਹੋਰ ਖਿੱਤੇ ਵਿਚ ਨਾ ਹੋਈ ਹੋਵੇ। ਪੁਰਾਣੇ ਵੇਲਿਆਂ ਦਾ ਮਨੁੱਖ ਦਰਿਆਵਾਂ ਦੇ ਕੰਢਿਆਂ ਤੇ ਇਸ ਲਈ ਬਸੇਰਾ ਕਰਦਾ ਸੀ ਤਾ ਕਿ ਉਸ ਦੀਆਂ ਲੋੜਾਂ ਦੀ ਪੂਰਤੀ ਹੋ ਸਕੇ। ਅੱਜ ਦਾ ਵਿਕਸਤ ਮਨੁੱਖ ਦਰਿਆਵਾਂ ਦੇ ਕੰਢਿਆਂ ਤੇ ਫੈਕਟਰੀਆਂ ਕਾਰਖਾਨੇ ਇਸ ਲਈ ਲਾ ਰਿਹਾ ਹੈ ਤਾ ਕਿ ਹਰ ਤਰ੍ਹਾਂ ਦਾ ਕਚਰਾ ਨੇੜਲੇ ਦਰਿਆ ਵਿਚ ਅਸਾਨੀ ਨਾਲ ਸੁੱਟਿਆ ਜਾ ਸਕੇ।
        ਲੁਧਿਆਣੇ ਦੇ ਬੁੱਢੇ ਨਾਲੇ ਦਾ ਜ਼ਹਿਰੀਲਾ ਮਾਦਾ ਟਨਾਂ ਦੇ ਟਨ ਸਤਲੁਜ ਦਰਿਆ ਵਿਚ ਡਿੱਗ ਰਿਹਾ ਹੈ, ਜਿਵੇਂ ਗਾੜ੍ਹੇ ਸੰਘਣੇ ਤੇਲ ਦੀ ਨਦੀ ਵਹਿ ਰਹੀ ਹੋਵੇ। ਕਾਲੀ ਗਾਰ ਦੀ ਇਹ ਨਦੀ ਜੋ ਲੁਧਿਆਣੇ ਤੋਂ ਆਉਂਦੀ ਹੈ, ਨੂੰ ਕਈ ਕਿਲੋਮੀਟਰ ਜ਼ਮੀਨ ਦੇ ਹੇਠਾਂ ਲੁਕਾ ਕੇ ਦਰਿਆ ਵਿਚ ਪਾਇਆ ਗਿਆ ਹੈ। ਇੱਕ ਕਿਲੋਮੀਟਰ ਦੂਰ ਤੱਕ ਮੁਸ਼ਕ ਮਾਰਦੀ ਤੇਜ਼ੀ ਨਾਲ ਵਹਿਦੀ ਇਹ ਨਦੀ ਕਾਸਾਬਾਦ ਪਿੰਡ ਕੋਲ ਸਤਲੁਜ ਵਿਚ ਡਿਗਦੀ ਹੈ। ਇੱਥੇ ਸੈਂਕੜੇ ਕਿਊਸਿਕ ਦੇ ਹਿਸਾਬ ਗੰਦਾ ਪਾਣੀ ਸਤਲੁਜ ਦਰਿਆ ਵਿਚ ਡਿੱਗਦਾ ਹੈ ਜੋ ਦਰਿਆ ਦੇ ਨਿਰਮਲ ਨੀਰ ਨੂੰ ਗੰਦੇ ਨਾਲੇ ਵਿਚ ਬਦਲ ਦਿੰਦਾ ਹੈ। ਇਹ ਮੰਜ਼ਰ ਦੇਖ ਕੇ ਹਰ ਸੰਵੇਦਨਸ਼ੀਲ ਅੱਖ ਰੋ ਪੈਂਦੀ ਹੈ, ਅਕਲ ਸੁੰਨ ਹੋ ਜਾਂਦੀ ਹੈ ਕਿ ਪੰਜਾਬ ਦੇ ਲੋਕਾਂ ਅਤੇ ਇਸ ਵਿਵਸਥਾ ਨੂੰ ਚਲਾਉਣ ਵਾਲੀਆਂ ਧਿਰਾਂ ਦੀ ਸੋਚ ਇੰਨੀ ਗਈ ਗੁਜ਼ਰੀ ਹੈ ਕਿ ਉਹ ਪਾਣੀ ਜਿਸ ਨੂੰ ਇਸ ਧਰਤੀ ਦੇ ਅਨੇਕਾਂ ਮਨੁੱਖਾਂ, ਪਸ਼ੂ-ਪੰਛੀਆਂ ਅਤੇ ਮਾਸੂਮ ਬੱਚਿਆਂ ਨੇ ਪੀਣਾ ਹੈ, ਵਿਚ ਗੰਦਾ ਮਾਦਾ ਮਿਲਾਇਆ ਜਾ ਰਿਹਾ ਹੈ ਅਤੇ ਲੱਖਾਂ ਲੋਕਾਂ ਨੂੰ ਮੌਤ ਦੇ ਮੂੰਹ ਵਿਚ ਧੱਕਿਆ ਜਾ ਰਿਹਾ ਹੈ। ਇਹ ਕਿਹੋ ਜਿਹਾ ਵਿਕਾਸ ਹੈ ਜਿਸ ਰਾਹੀਂ ਮਨੁੱਖ ਦੀ ਮੌਤ ਦੀ ਕਹਾਣੀ ਲਿਖੀ ਜਾ ਰਹੀ ਹੈ ?
        ਮਾਲਵੇ ਅਤੇ ਰਾਜਸਥਾਨ ਦੇ ਕੁਝ ਹਿੱਸਿਆਂ ਦੇ ਲੋਕ ਜੋ ਨਹਿਰਾਂ ਦਾ ਪਾਣੀ ਪੀ ਕੇ ਗੁਜ਼ਾਰਾ ਕਰਦੇ ਹਨ, ਨੂੰ ਕੈਂਸਰ ਅਤੇ ਚਮੜੀ ਦੇ ਰੋਗ ਬੜੀ ਤੇਜ਼ੀ ਨਾਲ ਆਪਣੀ ਗ੍ਰਿਫਤ ਵਿਚ ਲੈ ਰਹੇ ਹਨ। ਇਹ ਠੀਕ ਹੈ ਕਿ ਸਾਨੂੰ ਵਿਕਾਸ ਲਈ ਕਾਰਖਾਨਿਆਂ ਫੈਕਟਰੀਆਂ ਦੀ ਲੋੜ ਹੈ ਪਰ ਇਨ੍ਹਾਂ ਨੂੰ ਚਲਾਉਣ ਵਾਲੇ ਅਤੇ ਇਨ੍ਹਾਂ ਦਾ ਬਣਿਆ ਸਮਾਨ ਵਰਤਣ ਵਾਲੇ ਲੋਕ ਹੀ ਜੇ ਨਾ ਰਹੇ ਤਾਂ ਇਹ ਵਿਕਾਸ ਸਾਡੇ ਕਿਸ ਕੰਮ? ਇਹ ਗੰਦਾ ਪਾਣੀ ਦਰਿਆਵਾਂ ਵਿਚ ਸੁੱਟਣ ਵਾਲੀਆਂ ਸਭ ਧਿਰਾਂ ਅਤੇ ਸਰਕਾਰਾਂ ਨੂੰ ਸਵਾਲ ਕਰਨ ਦੀ ਲੋੜ ਹੈ ਕਿ ਦੁਨੀਆ ਦਾ ਕਿਹੜਾ ਕਾਨੂੰਨ ਹੈ ਜੋ ਉਨ੍ਹਾਂ ਨੂੰ ਅਜਿਹਾ ਕਰਨ ਦੀ ਇਜਾਜ਼ਤ ਦਿੰਦਾ ਹੈ ? ਪਾਣੀ ਵਿਚ ਜ਼ਹਿਰ ਘੋਲਣ ਵਾਲੀਆਂ ਧਿਰਾਂ ਪੰਜਾਬ ਦੇ ਉਨ੍ਹਾਂ ਸਭ ਲੋਕਾਂ ਦੀਆਂ ਦੋਖੀ ਹਨ ਜਿਨ੍ਹਾਂ ਦੇ ਘਰ-ਬਾਰ ਬਿਮਾਰੀਆਂ ਦੁਸ਼ਵਾਰੀਆਂ ਭੋਗਦਿਆਂ ਵਿਕ ਗਏ। ਇਹ ਉਨ੍ਹਾਂ ਸਭ ਮਾਸੂਮਾਂ ਦੀਆਂ ਦੋਖੀ ਹਨ ਜਿਨ੍ਹਾਂ ਦੇ ਸੀਨਿਆਂ ਵਿਚ ਇਹ ਗੰਦਾ ਪਾਣੀ ਉਤਰਦਾ ਹੈ ਅਤੇ ਉਨ੍ਹਾਂ ਨੂੰ ਬਿਮਾਰ ਬਣਾ ਕੇ ਹਸਪਤਾਲਾਂ ਵੱਲ ਤੋਰਦਾ ਹੈ। ਇੱਥੇ ਹੀ ਬੱਸ ਨਹੀਂ ਸਗੋਂ ਇੱਥੇ ਬੁੱਢੇ ਨਾਲੇ ਅਤੇ ਇਸ ਇਲਾਕੇ ਵਿਚ ਵੱਡੇ ਬਹੁਤ ਸਾਰੇ ਪਿੰਡਾਂ ਦੇ ਲੋਕ ਕਈ ਤਰ੍ਹਾਂ ਦੇ ਵਿਕਾਰਾਂ ਤੋਂ ਪੀੜਤ ਹੋ ਰਹੇ ਹਨ। ਦੂਰ ਤੱਕ ਕਿਲੋਮੀਟਰਾਂ ਵਿਚ ਮੁਸ਼ਕ ਮਾਰਦੇ ਗੰਦੇ ਮਾਦੇ ਦੇ ਆਲੇ ਦੁਆਲੇ ਰਹਿੰਦੇ ਲੋਕ ਕਈ ਤਰ੍ਹਾਂ ਦੇ ਸਰੀਰਕ ਅਤੇ ਮਾਨਸਿਕ ਵਿਕਾਰਾਂ ਤੋਂ ਪੀੜਤ ਹਨ।
       ਇੱਥੇ ਧਰਤੀ ਹੇਠਲਾ ਪਾਣੀ ਵੀ ਬੁਰੀ ਤਰ੍ਹਾਂ ਪਲੀਤ ਹੋ ਗਿਆ ਹੈ। ਇਸ ਦਾ ਹੱਲ ਕੀ ਹੋਵੇ? ਹੱਲ ਸ਼ਾਇਦ ਇਹੀ ਹੈ ਕਿ ਇਸ ਗੰਦੇ ਪਾਣੀ ਨੂੰ ਦਰਿਆ ਵਿਚ ਪੈਣ ਤੋਂ ਤੁਰੰਤ ਰੋਕਿਆ ਜਾਣਾ ਚਾਹੀਦਾ ਹੈ। ਉਹ ਫੈਕਟਰੀਆਂ ਜੋ ਵੱਧ ਪਾਣੀ ਦੀ ਵਰਤੋਂ ਕਰਦੀਆਂ ਹਨ, ਨੂੰ ਤੁਰੰਤ ਬੰਦ ਕੀਤਾ ਜਾਣਾ ਚਾਹੀਦਾ ਹੈ। ਇਸ ਗੰਦੇ ਪਾਣੀ ਨੂੰ ਸੋਧ ਕੇ ਦਰਿਆ ਵਿਚ ਪਾਉਣ ਦੀ ਬਜਾਇ ਮੁੜ ਉਨ੍ਹਾਂ ਫੈਕਟਰੀਆਂ ਮਿੱਲਾਂ ਨੂੰ ਦਿੱਤਾ ਜਾਣਾ ਚਾਹੀਦਾ ਹੈ ਜਿੱਥੋਂ ਇਹ ਪਲੀਤ ਹੋ ਕੇ ਨਿਕਲਦਾ ਹੈ। ਇਸ ਨਾਲ ਜਿੱਥੇ ਧਰਤੀ ਹੇਠਲੇ ਪਾਣੀ ਨੂੰ ਕੱਢਣ ਵਿਚ ਕੁਝ ਬਰੇਕ ਲੱਗੇਗੀ, ਉੱਥੇ ਦਰਿਆ ਨੂੰ ਗੰਦਾ ਹੋਣ ਤੋਂ ਬਚਾਇਆ ਜਾ ਸਕੇਗਾ, ਤੇ ਨਾਲ ਹੀ ਇਸ ਪਾਣੀ ਨੂੰ ਸੰਜਮ ਨਾਲ ਵੀ ਵਰਤਿਆ ਜਾਵੇਗਾ। ਕਿਸੇ ਵੀ ਤਰ੍ਹਾਂ ਦੀ ਗੰਦਗੀ ਜਾਂ ਗਾਰ ਨੂੰ ਦਰਿਆਵਾਂ ਦੇ ਕੰਢਿਆਂ ਤੋਂ ਸੁੱਟੇ ਜਾਣ ਤੋਂ ਸਖਤੀ ਨਾਲ ਰੋਕਿਆ ਜਾਣਾ ਚਾਹੀਦਾ ਹੈ।
ਪਿਛਲੇ ਕੁਝ ਅਰਸੇ ਤੋਂ ਕੁਝ ਵਾਤਾਵਰਨ ਪ੍ਰੇਮੀ ਅਤੇ ਸੰਸਥਾਵਾਂ ਲਗਾਤਾਰ, ਸਰਕਾਰਾਂ ਨੂੰ ਕਹਿ ਰਹੇ ਹਨ ਕਿ ਮੌਤ ਦੇ ਇਸ ਮੰਜ਼ਰ ਵੱਲ ਧਿਆਨ ਦਿਓ ਪਰ ਕਿਸੇ ਸਰਕਾਰ ਦੇ ਕੰਨ ਤੇ ਜੂੰ ਨਹੀਂ ਸਰਕੀ। ਲੋਕਾਂ ਨੂੰ ਖੈਰਾਤ ਵੰਡ ਕੇ ਵੋਟਾਂ ਲੈਣ ਵਾਲੀਆਂ ਸਾਡੀਆਂ ਸਿਆਸੀ ਪਾਰਟੀਆਂ ਨੂੰ ਸ਼ਾਇਦ ਲੋਕਾਂ ਦੀ ਜ਼ਿੰਦਗੀ ਨਾਲ ਜੁੜੇ ਮਸਲਿਆਂ ਨਾਲ ਕੋਈ ਸਰੋਕਾਰ ਨਹੀਂ। ਅਸੀਂ ਪੰਜਾਬ ਦੇ ਲੋਕਾਂ ਨੇ ਧਰਤੀ ਦੀ ਉਪਰਲੀ ਤਹਿ ਦੇ ਪਾਣੀ ਨੂੰ ਖਤਮ ਕਰ ਲਿਆ ਹੈ। ਇਸ ਧਰਤੀ ਤੇ ਵਹਿਣ ਵਾਲੀਆਂ ਬਹੁਤ ਸਾਰੀਆਂ ਛੋਟੀਆਂ ਨਦੀਆਂ ਪਲਾਟਾਂ ਵਿਚ ਬਦਲ ਗਈਆਂ ਹਨ, ਉਨ੍ਹਾਂ ਦਾ ਹੁਣ ਨਾਮੋ-ਨਿਸ਼ਾਨ ਵੀ ਨਹੀਂ ਬਚਿਆ ਹੈ। ਅਸੀਂ ਧਰਤੀ ਹੇਠੋਂ ਪਾਣੀ ਪਹਿਲਾਂ ਦੇ ਮੁਕਾਬਲੇ ਵੱਧ ਤੇਜ਼ੀ ਨਾਲ ਖਿੱਚਣ ਲੱਗ ਪਏ ਹਾਂ। ਸਾਡੀਆਂ ਸਿਆਣਪਾਂ ਨੇ ਸਾਰਾ ਸਾਲ ਵਹਿੰਦੇ ਦਰਿਆਵਾਂ ਨੂੰ ਗੰਦੇ ਨਾਲਿਆਂ ਵਿਚ ਬਦਲ ਦਿੱਤਾ ਹੈ।
      ਪੰਜਾਬ ਦੇ ਮਾਲਵਾ ਖੇਤਰ ਦੇ ਕੁਝ ਪਿੰਡਾਂ ਦੇ ਹਾਲਾਤ ਇੰਨੇ ਨਾਜ਼ੁਕ ਹਨ ਕਿ ਪੰਜ ਤੋਂ ਸੱਤ ਸਾਲ ਦੇ ਬੱਚੇ ਕੈਂਸਰ ਦੇ ਮਰੀਜ਼ ਬਣ ਰਹੇ ਹਨ। ਜਿਹੜੇ ਲੋਕ ਨਹਿਰਾਂ ਦਾ ਪਾਣੀ ਪੀਣ ਲਈ ਮਜਬੂਰ ਹਨ, ਉਨ੍ਹਾਂ ਸੈਂਕੜੇ ਪਿੰਡਾਂ ਦੇ ਹਾਲਾਤ ਬੜੇ ਦਿਲ ਕੰਬਾਊ ਹਨ। ਅਬੋਹਰ ਨੇੜਲੇ ਪਿੰਡ ਡੰਗਰਖੇੜਾ ਅਤੇ ਧਰਾਂਗਵਾਲਾ ਦੀਆਂ ਖਬਰਾਂ ਬੜੀਆਂ ਭਿਆਨਕ ਹਨ। ਇਨ੍ਹਾਂ ਦੋਹਾਂ ਪਿੰਡਾਂ ਵਿਚ ਇੱਕ ਸਾਲ ਵਿਚ ਤਕਰੀਬਨ 12 ਤੋਂ 14 ਲੋਕਾਂ ਦੀ ਕੈਂਸਰ ਨਾਲ ਮੌਤ ਹੋਈ ਅਤੇ ਇੰਨੇ ਹੀ ਕੈਂਸਰ ਦੇ ਮਰੀਜ਼ ਜ਼ਿੰਦਗੀ ਮੌਤ ਦੀ ਲੜਾਈ ਲੜ ਰਹੇ ਹਨ। ਧਰਾਂਗਵਾਲਾ ਪਿੰਡ ਦਰਮਿਆਨਾ ਜਿਹਾ ਹੈ ਜਿੱਥੇ 30 ਦੇ ਕਰੀਬ ਬੱਚੇ ਮੰਦਬੁੱਧੀ ਹਨ। ਗੰਦੇ ਵਾਤਾਵਰਨ, ਪਲੀਤ ਹਵਾ, ਰਸਾਇਣਾਂ ਵਾਲੇ ਪਾਣੀ ਨਾਲ ਅਖੌਤੀ ਵਿਕਾਸ ਮਾਡਲ ਦੇ ਰਹਿਨੁਮਾਵਾਂ ਨੇ ਇਸ ਧਰਤੀ ਨੂੰ ਨਰਕ ਬਣਾਉਣ ਵਿਚ ਕੋਈ ਕਸਰ ਨਹੀਂ ਛੱਡੀ। ਕੈਂਸਰ ਹਸਪਤਾਲਾਂ ਵਿਚ ਮਰੀਜ਼ਾਂ ਦੀਆਂ ਲੰਮੀਆਂ ਲਾਈਨਾਂ ਆਮ ਹਨ। ਲੋਕਾਂ ਦੇ ਘਰ-ਬਾਰ ਤੇ ਜ਼ਮੀਨਾਂ ਇਲਾਜ ਦੇ ਖਰਚਿਆਂ ਲਈ ਵਿਕ ਰਹੇ ਹਨ। ਕੀ ਪੰਜਾਬ ਦੀ ਕੋਈ ਇੱਕ ਵੀ ਰਾਜਸੀ ਜਮਾਤ ਹੈ ਜਿਸ ਦੇ ਏਜੰਡੇ ਤੇ ਲੋਕਾਂ ਦੀਆਂ ਇਹ ਪੀੜਾਂ ਹਨ?
       ਪੰਜਾਬ ਦੇ ਲੋਕਾਂ ਨੂੰ ਸ਼ੁੱਧ ਵਾਤਾਵਰਨ ਦੀ ਲੋੜ ਹੈ, ਨਾਲ ਹੀ ਆਪਣੇ ਪਾਣੀਆਂ ਨੂੰ ਬਚਾਉਣ ਦੀ ਵੱਡੀ ਲੋੜ ਹੈ। ਪੰਜਾਬ ਦੇ ਲੋਕ ਅੱਜ ਜੇ ਧਰਤੀ ਹੇਠਲੇ ਪਾਣੀ ਅਤੇ ਦਰਿਆਵਾਂ ਨੂੰ ਬਚਾ ਲੈਂਦੇ ਹਨ ਤਾਂ ਉਨ੍ਹਾਂ ਦੀ ਅਮੀਰੀ ਨੂੰ ਕੋਈ ਖੋਹ ਨਹੀਂ ਸਕਦਾ। ਇਸ ਦੇ ਉਲਟ ਜੇ ਅਸੀਂ ਆਪਣਾ ਕੀਮਤੀ ਪਾਣੀ ਬਰਬਾਦ ਕਰਕੇ ਇਸੇ ਤਰ੍ਹਾਂ ਮੁਨਾਫਾ ਕਮਾਉਂਦੇ ਰਹੇ ਤਾਂ ਬੇਸ਼ੱਕ ਸਾਨੂੰ ਆਪਣੀਆਂ ਲੋੜਾਂ ਪੂਰੀਆਂ ਕਰਨ ਲਈ ਅੱਜ ਇਹ ਠੀਕ ਲੱਗਦਾ ਹੈ ਅਤੇ ਇਸ ਦਾ ਵਿਰੋਧ ਕਰਨ ਵਾਲੀਆਂ ਧਿਰਾਂ ਦਾ ਅਸੀਂ ਵਿਰੋਧ ਕਰਦੇ ਹਾਂ ਪਰ ਇਹ ਸੌਦਾ ਬਹੁਤ ਘਾਟੇ ਵਾਲਾ ਸਾਬਤ ਹੋ ਰਿਹਾ ਹੈ। ਅੱਜ ਜਿਸ ਢੰਗ ਨਾਲ ਪੰਜਾਬ ਵਿਚ ਪਾਣੀ ਦੀ ਬਰਬਾਦੀ ਹੋ ਰਹੀ ਹੈ, ਉਸ ਡਗਰ ਤੇ ਚੱਲਦਿਆਂ ਜਲਦੀ ਹੀ ਪੰਜਾਬ ਦੀ ਧਰਤੀ ਬੰਜਰ ਬਣ ਜਾਵੇਗੀ।
       ਅਸਲ ਵਿਚ, ਅੱਜ ਦਾ ਦੌਰ ਮੁਨਾਫੇ ਬਟੋਰਨ ਦਾ ਹੈ। ਅਜੋਕੀ ਵਿਵਸਥਾ ਬਾਜ਼ਾਰ ਦੀਆਂ ਤਰਜੀਹਾਂ ਅਨੁਸਾਰ ਚੱਲਦੀ ਹੈ। ਜਿੱਥੇ ਅਸੀਂ ਹਜ਼ਾਰਾਂ ਕਿਊਸਕ ਪਾਣੀ ਬਰਬਾਦ ਅਤੇ ਗੰਦਾ ਕਰ ਰਹੇ ਹਾਂ, ਉੱਥੇ ਹੀ ਧਰਤੀ ਤੇ ਬੰਦ ਬੋਤਲ ਪਾਣੀ ਵੀਹ ਰੁਪਏ ਲਿਟਰ ਵਿਕ ਰਿਹਾ ਹੈ। ਇਸ ਤੋਂ ਵੱਡੀ ਨਾਸਮਝੀ ਹੋਰ ਕੀ ਹੋ ਸਕਦੀ ਹੈ? ਅਸੀਂ ਪਾਣੀ ਦਾ ਮੁੱਲ ਹੀ ਨਹੀਂ ਸਮਝ ਸਕੇ। ਬਾਜ਼ਾਰ ਨੇ ਪਾਣੀ ਅਹਿਮੀਅਤ ਅਤੇ ਆਉਣ ਵਾਲੇ ਸਮੇਂ ਵਿਚ ਇਸ ਦੀ ਲੋੜ ਨੂੰ ਸਮਝ ਲਿਆ ਹੈ। ਇਸੇ ਲਈ ਬਾਜ਼ਾਰ ਦੀ ਕੋਸ਼ਿਸ਼ ਹੈ ਕਿ ਪਾਣੀ ਆਮ ਮਨੁੱਖ ਦੀ ਪਹੁੰਚ ਵਿਚ ਨਾ ਰਹੇ। ਪਾਣੀ ਜਿਸ ਦਾ ਕੋਈ ਮੁੱਲ ਨਹੀਂ, ਜਦੋਂ ਸਾਡੀਆਂ ਅੱਖਾਂ ਦੇ ਸਾਹਵੇਂ ਬਰਬਾਦ ਹੋ ਰਿਹਾ ਹੈ ਤਾਂ ਕੱਲ੍ਹ ਜਦੋਂ ਅਸੀਂ ਸਭ ਇਸ ਧਰਤੀ ਤੇ ਨਹੀਂ ਹੋਵਾਂਗੇ ਤਾਂ ਸਾਡਾ ਜ਼ਿਕਰ ਸੰਵੇਦਨਹੀਣ ਲੋਕਾਂ ਵਿਚ ਹੋਵੇਗਾ। ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਸ਼ਾਇਦ ਕਿਸੇ ਹੋਰ ਧਰਤੀ ਤੇ ਜਾ ਵੱਸਣ ਪਰ ਜਦੋਂ ਸਾਡੇ ਸਮਿਆਂ ਦਾ ਇਤਿਹਾਸ ਲਿਖਿਆ ਜਾਵੇਗਾ ਤਾਂ ਇਹ ਜ਼ਿਕਰ ਜ਼ਰੂਰ ਹੋਵੇਗਾ ਕਿ ਜਦੋਂ ਸਾਡੇ ਪਾਣੀਆਂ ਵਿਚ ਜ਼ਹਿਰ ਘੋਲਿਆ ਜਾ ਰਿਹਾ ਸੀ ਤਾਂ ਅਸੀਂ ਆਪਣੀ ਅਕਲ ਦੇ ਬੂਹੇ ਭੇੜ ਲਏ ਸੀ, ਜ਼ਬਾਨ ਨੂੰ ਜੰਦਰੇ ਜੜ ਲਏ ਸੀ। ਹੁਣ ਸਾਡੇ ਜਾਗਣ ਦਾ ਵੇਲਾ ਹੈ, ਰਾਜ ਕਰਨ ਵਾਲੀਆਂ ਰਾਜਸੀ ਪਾਰਟੀ ਨੂੰ ਸਵਾਲ ਕਰਨ ਦਾ ਸਮਾਂ ਹੈ, ਇਹ ਨਾ ਹੋਵੇ ਕਿ ਕੱਲ੍ਹ ਜਦੋਂ ਸਾਡੀ ਜਾਗ ਖੁੱਲ੍ਹੇ, ਉਦੋਂ ਬਹੁਤ ਦੇਰ ਹੋ ਚੁੱਕੀ ਹੋਵੇ।

ਸੰਪਰਕ : 98550-51099

ਭਵਿੱਖ ਵਿਚ ਕਿਸ ਦੇਸ਼ ਦੇ ਲੋਕ ਸਭ ਤੋਂ ਵੱਧ ਅਮੀਰ ਹੋਣਗੇ ? - ਗੁਰਚਰਨ ਸਿੰਘ ਨੂਰਪੁਰ

ਤੰਦਰੁਸਤ ਬੰਦੇ ਨਾਲੋਂ ਬਿਮਾਰ ਬੰਦਾ ਤੰਦਰੁਸਤੀ ਦੀ ਅਹਿਮੀਅਤ ਨੂੰ ਵਧੇਰੇ ਚੰਗੀ ਤਰ੍ਹਾਂ ਸਮਝਦਾ ਹੈ। ਬਿਲਕੁਲ ਇਸੇ ਤਰ੍ਹਾਂ ਸਾਡੇ ਕੋਲ ਲੋੜੀਂਦੀ ਮਾਤਰਾ ਵਿਚ ਧਰਤੀ ਹੇਠਲਾ ਪਾਣੀ ਹੋਣ ਕਰਕੇ ਸਮਾਜ ਦੀ ਬਹੁਗਿਣਤੀ ਪਾਣੀ ਦੀ ਅਹਿਮੀਅਤ ਨੂੰ ਨਹੀਂ ਸਮਝ ਸਕੀ।
       ਦੁਨੀਆ ਦੇ ਕੁਝ ਦੇਸ਼ ਜਿਨਾਂ ਦੀ ਧਰਤੀ ਹੇਠੋਂ ਕੱਚੇ ਤੇਲ ਦੇ ਭੰਡਾਰ ਮਿਲੇ, ਉਹ ਰਾਤੋ-ਰਾਤ ਅਮੀਰ ਹੋ ਗਏ। ਹੁਣ ਤੱਕ ਦੁਨੀਆ ਭਰ ਵਿਚ ਵਸਤਾਂ ਦੀਆਂ ਕੀਮਤਾਂ ਨੂੰ ਤੇਲ ਦੀਆਂ ਕੀਮਤਾਂ ਦੇ ਅਨੁਪਾਤ ਵਿਚ ਮਾਪਿਆ ਜਾਂਦਾ ਰਿਹਾ ਹੈ ਪਰ ਭਵਿੱਖ ਦੇ ਕੁਝ ਸਾਲਾਂ ਵਿਚ ਇਹ ਸੰਕਲਪ ਬਦਲ ਜਾਵੇਗਾ। ਭਵਿੱਖ ਵਿਚ ਬੜੀ ਜਲਦੀ ਸਾਡੇ ਵਾਹਨ ਬਿਜਲਈ ਊਰਜਾ ਨਾਲ ਚੱਲਣ ਲੱਗਣਗੇ। ਡੀਜ਼ਲ ਤੇ ਪੈਟਰੋਲ ਦੀ ਅਹਿਮੀਅਤ ਹੁਣ ਵਾਲੀ ਨਹੀਂ ਰਹੇਗੀ। ਅਮੀਰ ਉਹ ਨਹੀਂ ਹੋਣਗੇ, ਜਿਨ੍ਹਾਂ ਕੋਲ ਤੇਲ ਹੋਵੇਗਾ ਬਲਕਿ ਉਸ ਖਿੱਤੇ ਦੇ ਲੋਕ ਅਮੀਰ ਹੋਣਗੇ ਜਿਨ੍ਹਾਂ ਕੋਲ ਧਰਤੀ ਹੇਠਾਂ ਵੱਡੀ ਮਾਤਰਾ ਵਿਚ ਪੀਣ ਵਾਲਾ ਸਾਫ਼ ਪਾਣੀ ਹੋਵੇਗਾ।
      ਪਾਣੀ ਦੀ ਮਹੱਤਤਾ ਨੂੰ ਅਸੀਂ ਕਿਵੇਂ ਸਮਝ ਸਕਦੇ ਹਾਂ? ਸਾਨੂੰ ਯਾਦ ਹੋਵੇਗਾ 20 ਕੁ ਸਾਲ ਪਹਿਲਾਂ ਇਕ ਸਮਾਂ ਅਜਿਹਾ ਵੀ ਆਇਆ ਜਦੋਂ ਪੰਜਾਬ ਵਿਚ ਜ਼ਮੀਨਾਂ ਦੇ ਭਾਅ ਦੋ ਤੋਂ ਡੇਢ ਲੱਖ ਪ੍ਰਤੀ ਏਕੜ ਦੇ ਦਰਮਿਆਨ ਆ ਗਏ ਸਨ। ਕਾਰਨ ਸ਼ਾਇਦ ਕੁਝ ਹੋਰ ਵੀ ਹੋਣਗੇ ਪਰ ਸਭ ਤੋਂ ਵੱਡਾ ਕਾਰਨ ਜ਼ਮੀਨ ਦੀ ਪਹਿਲੀ ਤਹਿ ਤੋਂ ਪਾਣੀ ਦਾ ਖ਼ਤਮ ਹੋ ਜਾਣਾ ਸੀ। ਅਸੀਂ ਧਰਤੀ ਹੇਠਲੀ ਪਾਣੀ ਦੀ ਪਹਿਲੀ ਤਹਿ ਨੂੰ ਖ਼ਤਮ ਕਰ ਲਿਆ ਸੀ। ਜ਼ਮੀਨਾਂ ਅਰਥਹੀਣ ਜਾਪਣ ਲੱਗੀਆਂ ਸਨ, ਜਿਸ ਦੇ ਫਲਸਰੂਪ ਜ਼ਮੀਨਾਂ ਦੇ ਭਾਅ ਤੇਜ਼ੀ ਨਾਲ ਹੇਠਾਂ ਆ ਗਏ। ਇੱਥੋਂ ਅਸੀਂ ਸਮਝ ਸਕਦੇ ਹਾਂ ਕਿ ਕਿਸੇ ਖਿੱਤੇ ਦੇ ਲੋਕਾਂ ਦੀਆਂ ਜ਼ਮੀਨਾਂ-ਜਾਇਦਾਦਾਂ, ਕਾਰਾਂ, ਕੋਠੀਆਂ ਦਾ ਮੁੱਲ ਧਰਤੀ ਹੇਠਲੇ ਪਾਣੀ ਨਾਲ ਜੁੜਿਆ ਹੋਇਆ ਹੈ। ਜੇਕਰ ਧਰਤੀ ਹੇਠਾਂ ਪਾਣੀ ਨਹੀਂ ਤਾਂ ਸਭ ਕੁਝ ਮਿੱਟੀ ਹੋ ਸਕਦਾ ਹੈ। ਤੁਸੀਂ ਕਹੋਗੇ ਕਿ ਕਈ ਧਰਤੀਆਂ ਅਜਿਹੀਆਂ ਹਨ ਜਿੱਥੇ ਧਰਤੀ ਹੇਠਾਂ ਪਾਣੀ ਨਹੀਂ ਪਰ ਉੱਥੇ ਵੀ ਸ਼ਹਿਰ ਵਸੇ ਹੋਏ ਹਨ, ਸਾਨੂੰ ਇਹ ਸਮਝਣਾ ਚਾਹੀਦਾ ਹੈ ਕਿ ਉਨ੍ਹਾਂ ਇਲਾਕਿਆਂ ਵਿਚ ਹੋਰ ਵੱਖਰੀ ਤਰ੍ਹਾਂ ਦੇ ਖਣਿਜ ਹਨ, ਕਿਤੇ ਤੇਲ ਨਿਕਲ ਰਿਹਾ ਹੈ ਕਿਤੇ ਮਾਰਬਲ ਹੈ ਅਤੇ ਕਿਤੇ ਕੁਝ ਹੋਰ। ਸਾਡੀ ਜ਼ਮੀਨ ਚੰਗੀਆਂ ਫ਼ਸਲਾਂ ਅਨਾਜ ਪੈਦਾ ਕਰਨ ਦੇ ਸਮਰੱਥ ਹੈ। ਇਸ ਲਈ ਇਸ ਦੀ ਸਭ ਤੋਂ ਵੱਡੀ ਲੋੜ ਪਾਣੀ ਹੈ। ਅਸੀਂ ਪਾਣੀ ਦੀ ਪਹਿਲੀ ਸਭ ਤੋਂ ਬਹੁਮੁੱਲੀ ਉੱਪਰਲੀ ਤਹਿ ਨੂੰ ਖ਼ਤਮ ਕਰ ਦਿੱਤਾ ਹੈ। ਇਹ ਸਾਫ਼-ਸੁਥਰਾ ਫਿਲਟਰ ਹੋਇਆ ਤਾਜ਼ਾ ਪਾਣੀ ਸੀ ਜੋ ਧਰਤੀ ਤੋਂ ਜ਼ੀਰ ਕੇ ਜ਼ਮੀਨ ਵਿਚ ਜਾਂਦਾ ਸੀ। ਧਰਤੀ ਹੇਠਲੀ ਇਸ ਤਹਿ ਦਾ ਸਿੱਧਾ ਸੰਬੰਧ ਮੌਨਸੂਨ ਅਤੇ ਬਾਰਿਸ਼ਾਂ ਦੇ ਮੌਸਮਾਂ ਨਾਲ ਜੁੜਿਆ ਹੋਇਆ ਸੀ। ਅਸੀਂ ਪਾਣੀ ਦੀ ਬਹੁਮੁੱਲੀ ਤਹਿ ਨੂੰ ਹੀ ਖ਼ਤਮ ਨਹੀਂ ਕੀਤਾ ਬਲਕਿ ਇਸ ਧਰਤੀ 'ਤੇ ਸਦੀਆਂ ਤੋਂ ਮੌਨਸੂਨੀ ਬਾਰਿਸ਼ਾਂ ਨਾਲ ਜੁੜੇ ਧਰਤੀ ਹੇਠਲੇ ਪਾਣੀ ਦੇ ਸੰਬੰਧ ਨੂੰ ਵੀ ਤੋੜ ਦਿੱਤਾ, ਜਿਸ ਦੇ ਬੜੇ ਭਿਆਨਕ ਸਿੱਟੇ ਸਾਡੇ ਸਾਹਮਣੇ ਆ ਰਹੇ ਹਨ। ਇਸ ਸਮੇਂ ਪੰਜਾਬ ਦੀ ਪਾਣੀ ਸੰਬੰਧੀ ਹਾਲਤ ਬੜੀ ਭਿਆਨਕ ਹੈ, ਬੜੀ ਡਰਾਉਣੀ ਹੈ। ਪੰਜਾਬ ਦਾ ਵੱਡਾ ਹਿੱਸਾ ਮਾਰੂਥਲ ਹੀ ਬਣਨ ਨਹੀਂ ਜਾ ਰਿਹਾ ਬਲਕਿ ਮਾਰੂਥਲ ਬਣ ਗਿਆ ਹੈ ਅਤੇ ਇਸ ਦਾ ਲਗਾਤਾਰ ਵਿਸਥਾਰ ਹੋ ਰਿਹਾ ਹੈ। ਕੁਝ ਉਦਾਹਰਨਾਂ ਨਾਲ ਅਸੀਂ ਇਸ ਸਥਿਤੀ ਨੂੰ ਸਮਝ ਸਕਦੇ ਹਾਂ। ਪਾਣੀ ਸੰਬੰਧੀ ਪੰਜਾਬ ਖ਼ਾਸ ਕਰਕੇ ਮਾਲਵੇ ਖਿੱਤੇ 'ਚੋਂ ਆਉਣ ਵਾਲੀਆਂ ਖ਼ਬਰਾਂ ਬੜੀਆਂ ਦਿਲ-ਕੰਬਾਊ ਹਨ। 8 ਜੁਲਾਈ, 2021 ਦੀ ਇਕ ਖ਼ਬਰ ਸੀ ਕਿ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਪਿੰਡ ਮਾਹੂਆਣਾ ਦੇ ਇਕ 37 ਸਾਲਾ ਕਿਸਾਨ ਬਲਜੀਤ ਸਿੰਘ ਨੇ ਖੇਤ ਵਿਚ ਟਾਹਲੀ ਨਾਲ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ। ਕਾਰਨ ਇਹ ਸੀ ਕਿ ਔੜ ਲੱਗੀ ਹੋਈ ਸੀ। ਟਿਊਬਵੈੱਲ ਪਾਣੀ ਤੋਂ ਜਵਾਬ ਦੇ ਗਿਆ ਸੀ। ਝੋਨੇ ਦੇ ਖੇਤ ਵਿਚੋਂ ਪਾਣੀ ਸੁੱਕ ਗਿਆ ਸੀ। ਸੰਗਰੂਰ ਜ਼ਿਲ੍ਹੇ ਆਲੋਅਰਖ ਪਿੰਡ ਦੀ ਖ਼ਬਰ ਸਾਰੇ ਅਖ਼ਬਾਰਾਂ ਤੋਂ ਇਲਾਵਾ ਸੋਸ਼ਲ ਮੀਡੀਆ 'ਤੇ ਵੀ ਛਾਈ ਰਹੀ। ਇੱਥੇ ਇਕ ਬੋਰ ਵਿਚੋਂ ਕਾਲਾ ਪਾਣੀ ਨਿਕਲ ਰਿਹਾ ਹੈ, ਆਲੇ-ਦੁਆਲੇ ਦੇ ਲੋਕ ਭੈਭੀਤ ਹੋ ਰਹੇ ਹਨ। ਕੁਝ ਸਾਲ ਪਹਿਲਾਂ ਪੰਜਾਬ ਦੇ ਦਰਿਆਵਾਂ ਵਿਚ ਪੈਂਦੇ ਪਲੀਤ ਪਾਣੀ ਦੇ ਵਿਰੋਧ ਵਿਚ ਲੁਧਿਆਣੇ ਬੁੱਢੇ ਨਾਲੇ ਨੂੰ ਵੇਖਣ ਦਾ ਮੌਕਾ ਮਿਲਿਆ। ਇੱਥੇ ਅਸੀਂ ਦੇਖਿਆ ਕਿ ਲੁਧਿਆਣਾ ਸ਼ਹਿਰ ਦੀ ਜ਼ਮੀਨ ਹੇਠੋਂ ਸਾਫ਼ ਪਾਣੀ ਬੋਰਾਂ ਰਾਹੀਂ ਨਿਕਲ ਕੇ ਫੈਕਟਰੀਆਂ ਵਿਚ ਅਤਿ ਪਲੀਤ ਹੁੰਦਾ ਹੈ। ਫਿਰ ਇਹ ਗੰਦਾ ਗਾੜ੍ਹਾ ਪਾਣੀ ਇਕ ਵੱਡੀ ਨਹਿਰ ਰਾਹੀਂ, ਜਿਸ 'ਤੇ ਕੁਝ ਕਿਲੋਮੀਟਰ ਛੱਤ ਪਾਈ ਹੋਈ ਹੈ, ਸਤਲੁਜ ਦਰਿਆ ਵਿਚ ਸੁੱਟਿਆ ਜਾ ਰਿਹਾ ਹੈ। ਇੱਥੇ ਇਹ ਸਭ ਕੁਝ ਵੇਖ ਕੁਦਰਤ ਪੱਖੀ ਸੋਚ ਰੱਖਣ ਵਾਲੇ ਮਨੁੱਖ ਦਾ ਦਿਮਾਗ ਸੁੰਨ ਹੋ ਜਾਂਦਾ ਹੈ ਕਿ ਏਨੀ ਵੱਡੀ ਗੰਦੇ ਪਾਣੀ ਦੀ ਨਹਿਰ ਪੰਜਾਬ ਦੇ ਕੇਂਦਰ ਲੁਧਿਆਣੇ 'ਚੋਂ ਰੋਜ਼ ਧਰਤੀ ਦੇ ਹੇਠੋਂ ਕੱਢ ਕੇ ਇਸ ਨੂੰ ਹੋਰ ਪਾਣੀ ਨੂੰ ਬਰਬਾਦ ਤੇ ਗੰਧਲਾ ਕਰਨ ਲਈ ਦਰਿਆ ਵਿਚ ਪਾਇਆ ਜਾ ਰਿਹਾ ਹੈ। ਇਹ ਨਹਿਰ ਨਿਰੰਤਰ ਹਾੜ੍ਹ-ਸਿਆਲ ਵਗ ਰਹੀ ਹੈ। ਇਹ ਹਜ਼ਾਰਾਂ ਜੀਵਾਂ ਦੀ ਮੌਤ ਅਤੇ ਮਨੁੱਖਾਂ ਦੇ ਵੱਖ-ਵੱਖ ਭਿਆਨਕ ਰੋਗਾਂ ਦਾ ਕਾਰਨ ਬਣ ਰਹੀ ਹੈ। ਦੂਜੇ ਪਾਸੇ ਇਸ ਦਾ ਭਾਵ ਇਹ ਹੈ ਕਿ ਸੈਂਕੜੇ ਕਿਊਸਕ ਪਾਣੀ ਧਰਤੀ ਹੇਠੋਂ ਕੱਢ ਕੇ ਪਲੀਤ ਕਰਕੇ ਪੀਣ ਵਾਲੇ ਹੋਰ ਪਾਣੀ ਨੂੰ ਪਲੀਤ ਕਰਨ ਲਈ ਬਿਨਾਂ ਰੋਕ-ਟੋਕ ਵਹਾਇਆ ਜਾ ਰਿਹਾ ਹੈ। ਜੇਕਰ ਪੰਜਾਬ ਦੇ ਹੋਰ ਸ਼ਹਿਰਾਂ ਵਲੋਂ ਕੀਤੀ ਜਾ ਰਹੀ ਪਾਣੀ ਦੀ ਅੰਨ੍ਹੀ ਵਰਤੋਂ ਦਾ ਹਿਸਾਬ ਲਾਇਆ ਜਾਵੇ ਤਾਂ ਇਹ ਝੋਨੇ ਵਿਚ ਵਰਤੇ ਜਾਣ ਵਾਲੇ ਪਾਣੀ ਤੋਂ ਕਿਤੇ ਵੱਧ ਹੈ। ਪਾਣੀ ਦੀ ਇਸ ਤਰ੍ਹਾਂ ਹੁੰਦੀ ਬਰਬਾਦੀ ਨੂੰ ਤੁਰੰਤ ਰੋਕੇ ਜਾਣ ਦੀ ਲੋੜ ਹੈ। ਫੈਕਟਰੀਆਂ ਦੇ ਗੰਦੇ ਪਾਣੀ ਨੂੰ ਦੁਬਾਰਾ ਸਾਫ਼ ਕਰਕੇ ਫੈਕਟਰੀਆਂ ਵਿਚ ਹੀ ਵਾਰ-ਵਾਰ ਵਰਤਿਆ ਜਾਣਾ ਚਾਹੀਦਾ ਹੈ। ਇਸ ਨਾਲ ਇਕ ਤਾਂ ਪਾਣੀ ਦੇ ਦੂਜੇ ਸੋਮੇ ਪਲੀਤ ਹੋਣ ਤੋਂ ਕੁਝ ਹੱਦ ਤੱਕ ਬਚ ਸਕਦੇ ਹਨ, ਦੂਜਾ ਧਰਤੀ ਹੇਠੋਂ ਅੰਨ੍ਹੇਵਾਹ ਪਾਣੀ ਕੱਢੇ ਜਾਣ ਨੂੰ ਕੁਝ ਠੱਲ੍ਹ ਪੈ ਸਕਦੀ ਹੈ।
     ਬਠਿੰਡਾ-ਅੰਮ੍ਰਿਤਸਰ ਹਾਈਵੇ ਤੋਂ ਫ਼ਿਰੋਜ਼ਪੁਰ ਜ਼ਿਲ੍ਹੇ ਦਾ ਇਕ ਛੋਟਾ ਇਤਿਹਾਸਕ ਕਸਬਾ ਹੈ ਮੁੱਦਕੀ। ਇਸ ਕਸਬੇ ਦੇ ਨੇੜੇ ਪੈਂਦੇ ਪਿੰਡ ਕਬਰਵੱਛਾ ਵਿਚ ਰਹਿੰਦੇ ਆਪਣੇ ਇਕ ਅਧਿਆਪਕ ਮਿੱਤਰ ਨੂੰ ਸਵੇਰੇ-ਸਵੇਰੇ ਫੋਨ ਕੀਤਾ। ਫੋਨ ਉਸ ਦੀ ਘਰਵਾਲੀ ਨੇ ਉਠਾਇਆ ਤੇ ਉਸ ਨੇ ਕਿਹਾ ਕਿ ਉਹ ਪਾਣੀ ਲੈਣ ਗਏ ਹੋਏ ਹਨ। ਸ਼ਾਮ ਨੂੰ ਉਸੇ ਦੋਸਤ ਨਾਲ ਗੱਲ ਹੋਈ ਤਾਂ ਉਸ ਨੇ ਦੱਸਿਆ ਕਿ ਸਾਰਾ ਪਿੰਡ ਰਾਜਸਥਾਨ ਫੀਡਰ ਨਹਿਰ ਦੇ ਕਿਨਾਰੇ 'ਤੇ ਲੱਗੇ ਨਲਕਿਆਂ ਤੋਂ ਪਾਣੀ ਲੈ ਕੇ ਆਉਂਦਾ ਹੈ। ਦਸ-ਬਾਰਾਂ ਸਾਲ ਪਹਿਲਾਂ ਇਸ ਪਿੰਡ ਦੇ ਲੋਕ ਪਿੰਡ ਦੀ ਜ਼ਮੀਨ ਹੇਠੋਂ ਪਾਣੀ ਕੱਢ ਕੇ ਪੀਂਦੇ-ਵਰਤਦੇ ਸਨ। ਪਰ ਹੁਣ ਇਹ ਇਕੱਲਾ ਪਿੰਡ ਨਹੀਂ ਫ਼ਿਰੋਜ਼ਪੁਰ, ਫ਼ਰੀਦਕੋਟ ਅਤੇ ਮੁਕਤਸਰ ਸਾਹਿਬ ਅਨੇਕਾਂ ਪਿੰਡ ਹਨ ਜੋ ਹਰ ਰੋਜ਼ ਸਵੇਰੇ ਨਹਿਰਾਂ ਦੇ ਨੇੜੇ ਲੱਗੇ ਨਲਕਿਆਂ ਤੋਂ ਪਾਣੀ ਭਰ ਕੇ ਲਿਆਉਂਦੇ ਹਨ। ਇਸ ਤਰ੍ਹਾਂ ਦੀਆਂ ਉਦਾਹਰਨਾਂ ਤੋਂ ਅਸੀਂ ਹਿਸਾਬ ਲਾ ਸਕਦੇ ਹਾਂ ਕਿ ਪੰਜਾਬ ਵਿਚ ਭਵਿੱਖ ਦੇ ਕੁਝ ਸਾਲਾਂ ਵਿਚ ਕੀ ਹੋਣ ਵਾਲਾ ਹੈ।
       ਆਟਾ ਦਾਲ, ਘਿਉ ਖੰਡ, ਅਤੇ ਸਸਤੀ ਬਿਜਲੀ ਦੇਣ ਦੇ ਨਾਂਅ 'ਤੇ ਵੋਟਾਂ ਲੈਣ ਵਾਲੀਆਂ ਰਾਜਸੀ ਧਿਰਾਂ 'ਚੋਂ ਕੀ ਕਿਸੇ ਇਕ ਨੂੰ ਵੀ ਇਸ ਭਿਆਨਕਤਾ ਦਾ ਫ਼ਿਕਰ ਹੈ? ਅਸੀਂ ਪਾਣੀ ਦੀ ਇਕ ਤਹਿ ਦਾ ਖ਼ਾਤਮਾ ਕਰ ਚੁੱਕੇ ਹਾਂ ਅਤੇ ਦੂਜੀ 100 ਤੋਂ 250 ਫੁੱਟ ਵਾਲੀ ਦਾ ਕਰਨ ਲੱਗੇ ਹੋਏ ਹਾਂ। ਇਸ ਦੀ ਸਮਝ ਸਾਨੂੰ ਉਦੋਂ ਆਵੇਗੀ ਜਦੋਂ ਅਸੀਂ ਪਾਣੀ ਦੀ ਬੂੰਦ-ਬੂੰਦ ਨੂੰ ਤਰਸਣ ਲੱਗ ਪਵਾਂਗੇ। ਸਾਡੀ ਕਮਾਈ ਵੱਡਾ ਹਿੱਸਾ ਕਿਤੋਂ ਦੂਰੋਂ ਲਿਆਂਦੇ ਪਾਣੀ 'ਤੇ ਖ਼ਰਚ ਹੋਣ ਲੱਗੇਗਾ? ਇਸ ਸਮੇਂ ਦੇਸ਼ ਵਿਚ ਪਾਣੀ ਦੀ ਇਕ ਲੀਟਰ ਬੋਤਲ ਦਾ ਮੁੱਲ 20 ਤੋਂ 22 ਰੁਪਏ ਹੈ। ਕੁਝ ਹਿੱਲ ਸਟੇਸ਼ਨਾਂ, ਮਹਿੰਗੇ ਹੋਟਲਾਂ ਅਤੇ ਹੋਰ ਖ਼ਾਸ ਥਾਵਾਂ 'ਤੇ ਇਹ ਰੇਟ 30 ਤੋਂ 35 ਰੁਪਏ ਪ੍ਰਤੀ ਬੋਤਲ ਵੀ ਹੈ। ਇਸ ਸਮੇਂ ਅੰਤਰਰਾਸ਼ਟਰੀ ਮੰਡੀ ਵਿਚ ਕੱਚੇ ਤੇਲ ਦਾ ਮੁੱਲ 30 ਤੋਂ 32 ਰੁਪਏ ਲੀਟਰ ਹੈ। ਜੇਕਰ ਗਹੁ ਨਾਲ ਵੇਖਿਆ ਜਾਵੇ ਤਾਂ ਇਹ ਥੋੜ੍ਹਾ ਜਿਹਾ ਫ਼ਰਕ ਅਗਲੇ ਕੁਝ ਸਾਲਾਂ ਵਿਚ ਖ਼ਤਮ ਹੋ ਜਾਵੇਗਾ ਪਰ ਫਿਲਹਾਲ ਇਸ ਪਾਸੇ ਕਿਸੇ ਦਾ ਕੋਈ ਧਿਆਨ ਨਹੀਂ। ਜੇਕਰ ਕਿਸੇ ਨੂੰ ਇਹ ਸਵਾਲ ਕੀਤਾ ਜਾਵੇ ਕਿ ਬੰਦੇ ਦੀ ਜ਼ਿੰਦਗੀ ਲਈ ਪਾਣੀ ਅਤੇ ਪੈਟਰੋਲ ਦੋਵਾਂ 'ਚੋਂ ਕੀਮਤੀ ਵਸਤ ਕਿਹੜੀ ਹੈ? ਤਾਂ ਨਿਸਚਿਤ ਹੈ ਸਾਡਾ ਜਵਾਬ 'ਪਾਣੀ' ਹੋਵੇਗਾ। ਭਵਿੱਖ ਵਿਚ ਪਾਣੀ ਅਤੇ ਤੇਲ ਦੇ ਭਾਅ ਦਾ ਫ਼ਰਕ ਹੀ ਨਹੀਂ ਮਿਟੇਗਾ ਬਲਕਿ ਹੋ ਸਕਦਾ ਹੈ ਕਿ ਇਕ ਦਿਨ ਤੇਲ ਨਾਲੋਂ ਪੀਣ ਵਾਲੇ ਪਾਣੀ ਦੀ ਕੀਮਤ ਵਧ ਜਾਵੇ। ਭਵਿੱਖ ਵਿਚ ਅਮੀਰੀ ਧਰਤੀ ਹੇਠਲੇ ਪਾਣੀ 'ਤੇ ਨਿਰਭਰ ਕਰੇਗੀ। ਭਵਿੱਖ ਵਿਚ ਦੁਨੀਆ ਭਰ ਵਿਚ ਟੈਸਲਾ ਮੋਟਰ ਵਰਗੀਆਂ ਕੁਝ ਕੰਪਨੀਆਂ ਬੜੀ ਜੋਸ਼-ਓ-ਖਰੋਸ਼ ਨਾਲ ਦਾਖ਼ਲ ਹੋ ਰਹੀਆਂ ਹਨ, ਜਿਨ੍ਹਾਂ ਨੇ ਡੀਜ਼ਲ-ਪੈਟਰੋਲ ਤੋਂ ਬਗੈਰ ਬੈਟਰੀ ਨਾਲ ਚੱਲਣ ਵਾਲੀਆਂ ਕਾਰਾਂ ਬਾਜ਼ਾਰ ਵਿਚ ਉਤਾਰ ਦਿੱਤੀਆਂ ਹਨ। ਡਰਾਈਵਰ ਲੈਸ ਇਹ ਕਾਰਾਂ ਆਸਟਰੇਲੀਆ, ਅਮਰੀਕਾ, ਕੈਨੇਡਾ ਵਰਗੇ ਦੇਸ਼ਾਂ ਵਿਚ ਸੜਕਾਂ 'ਤੇ ਦੌੜਨ ਲੱਗੀਆਂ ਹਨ। ਹੈਰਾਨੀ ਦੀ ਗੱਲ ਇਹ ਹੈ ਕਿ ਇਨ੍ਹਾਂ ਦੀ ਸਮਰੱਥਾ ਪੈਟਰੋਲ ਵਾਲੀਆਂ ਕਾਰਾਂ ਨਾਲੋਂ ਵੀ ਵੱਧ ਹੈ। ਕਾਰਾਂ ਹੀ ਨਹੀਂ ਬਲਕਿ ਭਾਰੀ ਵਾਹਨ ਵੀ ਭਵਿੱਖ ਵਿਚ ਬਿਜਲੀ ਨਾਲ ਚਾਰਜ ਹੋ ਕੇ ਚੱਲਣਗੇ। ਬਹੁਤ ਜਲਦੀ ਦੁਨੀਆ ਭਰ ਵਿਚ ਪੈਟਰੋਲ ਅਤੇ ਡੀਜ਼ਲ 'ਤੇ ਨਿਰਭਰਤਾ ਘੱਟ ਹੋਣ ਜਾ ਰਹੀ ਹੈ। ਜਿਵੇਂ ਅੰਤਰਰਾਸ਼ਟਰੀ ਮੰਡੀ ਵਿਚ ਕੱਚੇ ਤੇਲ ਦੀਆਂ ਕੀਮਤਾਂ ਲਗਾਤਾਰ ਘਟ ਰਹੀਆਂ ਹਨ, (ਬੇਸ਼ੱਕ ਇਸ ਸਮੇਂ ਕੱਚੇ ਤੇਲ ਦੀਆਂ ਕੀਮਤਾਂ ਦੇ ਘਟਣ ਦਾ ਕਾਰਨ ਦੁਨੀਆ ਦੀ ਆਰਥਿਕ ਮੰਦੀ ਅਤੇ ਕੋਰੋਨਾ ਦਾ ਪ੍ਰਕੋਪ ਕਿਹਾ ਜਾ ਸਕਦਾ ਹੈ) ਇਸੇ ਤਰ੍ਹਾਂ ਭਵਿੱਖ ਵਿਚ ਜਦੋਂ ਦੁਨੀਆ ਭਰ ਵਿਚ ਇਲੈਕਟ੍ਰਿਕ ਕਾਰਾਂ ਸੜਕਾਂ 'ਤੇ ਦੌੜਨ ਲੱਗਣਗੀਆਂ ਤਾਂ ਕੱਚੇ ਤੇਲ ਦੀਆਂ ਕੀਮਤਾਂ ਅੱਜ ਨਾਲੋਂ ਵੀ ਕਿਤੇ ਹੇਠਾਂ ਆ ਜਾਣ ਦੀ ਸੰਭਾਵਨਾ ਹੈ। ਸਰਕਾਰਾਂ ਅਤੇ ਤੇਲ ਕੰਪਨੀਆਂ ਦੀ ਇਹ ਕੋਸ਼ਿਸ਼ ਹੈ ਕਿ ਜਿੰਨੀ ਦੇਰ ਇਹ ਤੇਲ ਦਾ ਧੰਦਾ ਚਲਦਾ ਹੈ, ਇਸ ਤੋਂ ਵੱਧ ਤੋਂ ਵੱਧ ਕਮਾਈ ਕਰ ਲਈ ਜਾਵੇ। ਇਸੇ ਗੱਲ ਨੂੰ ਧਿਆਨ ਵਿਚ ਰੱਖਦਿਆਂ ਇਸ ਸਮੇਂ ਸਰਕਾਰਾਂ ਅਤੇ ਤੇਲ ਕੰਪਨੀਆਂ ਤੇਲ 'ਤੇ ਬੇਰਿਹਮ ਹੋ ਕੇ ਦੂਣੇ ਚੌਣੇ ਟੈਕਸ ਲਾ ਕੇ ਲੋਕਾਂ ਦਾ ਵੱਧ ਤੋਂ ਵੱਧ ਤੇਲ ਕੱਢਣ ਲਈ ਯਤਨਸ਼ੀਲ ਹਨ। ਜੇਕਰ ਅਸੀਂ ਸੁਹਿਰਦ ਹੋਈਏ ਤਾਂ ਪਾਣੀ ਦੇ ਧਰਤੀ ਹੇਠਲੇ ਪੱਧਰ ਨੂੰ ਸੁਧਾਰਿਆ ਜਾ ਸਕਦਾ ਹੈ। ਇਸ ਸੰਬੰਧੀ ਸਭ ਤੋਂ ਵੱਧ ਲੋਕਾਂ ਨੂੰ ਸੁਹਿਰਦ ਹੋਣ ਦੀ ਲੋੜ ਹੈ। ਫੈਕਟਰੀਆਂ, ਕਾਰਖਾਨਿਆਂ ਵਿਚ ਵਰਤੇ ਜਾਣ ਵਾਲੇ ਪਾਣੀ ਨੂੰ ਸਾਫ਼ ਕਰਕੇ ਦੁਬਾਰਾ ਵਰਤਿਆ ਜਾਵੇ। ਝੋਨੇ ਦੀ ਫ਼ਸਲ ਨੂੰ ਬੀਜਣ ਲਈ ਕੱਦੂ ਕਰਨ ਦੀ ਬਜਾਏ ਵੱਟਾਂ ਜਾਂ ਬੈੱਡ ਬਣਾ ਕੇ ਬਿਜਾਈ ਕੀਤੀ ਜਾਵੇ। ਖੇਤੀ ਲਈ ਧਰਤੀ ਹੇਠਲੇ ਪਾਣੀ ਦੀ ਬਜਾਏ ਨਹਿਰੀ ਪਾਣੀ ਨੂੰ ਤਰਜੀਹ ਦਿੱਤੀ ਜਾਵੇ। ਹਰ ਪਿੰਡ ਵਿਚ ਛੱਪੜਾਂ ਨੂੰ ਡੂੰਘਾ ਕਰਕੇ ਇਨ੍ਹਾਂ ਦਾ ਮੁੜ ਨਿਰਮਾਣ ਕੀਤਾ ਜਾਵੇ। ਹਰ ਪਿੰਡ ਵਿਚ ਬਾਰਿਸ਼ ਦੇ ਪਾਣੀ ਨੂੰ ਸੰਭਾਲਣ ਲਈ ਰੇਤ ਦੇ ਵਿਸ਼ਾਲ ਫਿਲਟਰ ਬਣਾ ਕੇ ਬਾਰਿਸ਼ ਦੇ ਪਾਣੀ ਨੂੰ ਫਿਲਟਰ ਕਰਕੇ ਧਰਤੀ ਹੇਠਲੇ ਪਾਣੀ ਨੂੰ ਰੀਚਾਰਜ ਕਰਨ ਦੇ ਪ੍ਰਬੰਧ ਕੀਤੇ ਜਾਣ। ਬਾਰਿਸ਼ਾਂ ਵਿਚ ਵਹਿਣ ਵਾਲੀਆਂ ਛੋਟੀਆਂ ਛੋਟੀਆਂ ਨਦੀਆਂ ਨੂੰ ਮੁੜ ਸੁਰਜੀਤ ਕੀਤਾ ਜਾਵੇ। ਬਹੁਤ ਸਾਰੀਆਂ ਅਜਿਹੀਆਂ ਉਦਾਹਰਨਾਂ ਹਨ, ਜਿੱਥੇ ਧਰਤੀ ਹੇਠਲਾ ਪਾਣੀ ਸੁੱਕ ਗਿਆ ਅਤੇ ਸੂਝਵਾਨ ਲੋਕਾਂ ਨੇ ਇਕੱਠੇ ਹੋ ਕੇ ਇਸ ਨੂੰ ਦੁਬਾਰਾ ਹਾਸਲ ਕਰਨ ਵਿਚ ਸਫਲਤਾ ਹਾਸਲ ਕੀਤੀ। ਮੌਨਸੂਨ ਬਾਰਿਸ਼ਾਂ ਅਤੇ ਝੜੀਆਂ ਲਈ ਇਹ ਬੜਾ ਜ਼ਰੂਰੀ ਹੈ ਕਿ ਵੱਧ ਤੋਂ ਵੱਧ ਰੁੱਖ ਲਾਏ ਜਾਣ। ਅਜਿਹੀਆਂ ਕੁਝ ਤਰਜੀਹਾਂ 'ਤੇ ਕੰਮ ਕਰਕੇ ਵਾਤਾਵਰਨ ਮਾਹਰਾਂ ਦੀ ਯੋਗ ਅਗਵਾਈ ਨਾਲ ਰੁੱਸ ਗਏ ਪਾਣੀਆਂ ਨੂੰ ਮੋੜ ਕੇ ਲਿਆਂਦਾ ਜਾ ਸਕਦਾ ਹੈ।

ਕਿਸਾਨ ਅੰਦੋਲਨ ਦੀ ਪ੍ਰਾਪਤੀ ਕੀ ਰਹੀ? - ਗੁਰਚਰਨ ਸਿੰਘ ਨੂਰਪੁਰ

ਨਵੰਬਰ-ਦਸੰਬਰ 2020 ਵਿਚ ਅੰਦੋਲਨ ਲਈ ਜਦੋਂ ਪੰਜਾਬ ਦੇ ਨਾਲ-ਨਾਲ ਦਿੱਲੀ ਦੀਆਂ ਸਰਹੱਦਾਂ 'ਤੇ ਵੀ ਕਿਸਾਨ ਆ ਬੈਠੇ ਸਨ ਤਾਂ ਵੱਡੇ-ਵੱਡੇ ਵਿਦਵਾਨ ਪੱਤਰਕਾਰ ਇਹ ਅੰਦਾਜ਼ਾ ਲਾਉਂਦੇ ਸਨ ਕਿ ਇਹ ਲੋਕ ਕੁਝ ਦਿਨ ਬੈਠ ਕੇ ਹਾਰ ਕੇ ਘਰਾਂ ਨੂੰ ਮੁੜ ਜਾਣਗੇ। ਪਰ ਜਦੋਂ 90-90 ਸਾਲ ਦੇ ਬਜ਼ੁਰਗ ਬਾਪੂ ਇਸ ਅੰਦੋਲਨ ਦੀ ਸ਼ਾਨ ਬਣਦੇ ਹਨ, ਜਦੋਂ 80 ਸਾਲ ਦੀ ਮਾਤਾ ਆਪਣੇ ਮਾਸੂਮ ਪੋਤਰੇ ਨਾਲ ਕਿਸਾਨੀ ਝੰਡਾ ਫੜ ਕੇ ਦਿੱਲੀ ਦੇ ਬਾਰਡਰ 'ਤੇ ਆਣ ਬੈਠਦੀ ਹੈ, ਜਦੋਂ ਪੰਜਾਬ ਵਿਚ ਡੋਲੀ ਵਿਚ ਵਿਦਾ ਹੋ ਰਹੀ ਧੀ ਨੂੰ ਦਿੱਲੀ ਦੇ ਬਾਰਡਰ ਤੋਂ ਪਿਤਾ ਫੋਨ 'ਤੇ ਲਾਈਵ ਹੋ ਕੇ ਅਸ਼ੀਰਵਾਦ ਦਿੰਦਾ ਹੈ ਤੇ ਆਖਦਾ ਹੈ ਮੁਆਫ਼ ਕਰੀਂ ਧੀਏ ਅਸੀਂ ਹੁਣ ਜਿੱਤ ਕੇ ਹੀ ਮੁੜਾਂਗੇ। 80 ਸਾਲ ਦੀ ਮਾਤਾ ਨੂੰ ਪੱਤਰਕਾਰ ਸਵਾਲ ਕਰਦਾ ਹੈ 'ਮੋਦੀ ਜੀ ਤੋ ਮਾਨਨੇ ਵਾਲੇ ਨਹੀਂ ਹੈਂ ਤੋ ਆਪ ਕਿਆ ਕਰੋਗੇ?' ਆਤਮ-ਵਿਸ਼ਵਾਸ ਨਾਲ ਭਰੀ ਮਾਤਾ ਜਵਾਬ ਦਿੰਦੀ ਹੈ 'ਪੁੱਤਰ ਉਹਨੂੰ ਮੰਨਣਾ ਪੈਣਾ।' ਇਕ ਬਜ਼ੁਰਗ ਨੂੰ ਪੱਤਰਕਾਰ ਪੁੱਛਦਾ ਹੈ, 'ਅਗਰ ਕਾਨੂੰਨ ਰੱਦ ਨਾ ਹੂਏ ਤੋਂ ਕਿਆ ਕਰੋਗੇ?' ਬਜ਼ੁਰਗ ਜਵਾਬ ਦਿੰਦਾ ਹੈ 'ਫਿਰ ਇੱਥੋਂ ਅਸੀਂ ਨਹੀਂ ਜਾਵਾਂਗੇ ਸਾਡੀਆਂ ਲਾਸ਼ਾਂ ਜਾਣਗੀਆਂ।' ਮੱਛਰਾਂ ਮੱਖੀਆਂ ਦੀ ਭਰਮਾਰ ਵਿਚ ਲੱਗੇ ਤੰਬੂ ਤੇ ਇਨ੍ਹਾਂ ਤੰਬੂਆਂ ਦੇ ਚਾਰ-ਚੁਫੇਰੇ ਦਿਨ-ਰਾਤ ਚਲਦੀਆਂ ਗੱਡੀਆਂ ਦੇ ਗਰਮ ਟਾਇਰਾਂ ਦਾ ਸੇਕ, ਦਿਨ-ਰਾਤ ਪਹਿਰੇ ਦੇ ਕੇ ਅੰਦੋਲਨ ਦੀ ਰੱਖਿਆ ਕਰਨੀ, ਲਗਾਤਾਰ ਟਿਕੇ ਰਹਿਣਾ ਕਿੰਨਾ ਮੁਸ਼ਕਿਲ ਸੀ ਇਹ ਉੱਥੇ ਮਹੀਨਿਆਂ ਬੱਧੀ ਡਟੇ ਰਹਿਣ ਵਾਲੇ ਯੋਧੇ ਹੀ ਦੱਸ ਸਕਦੇ ਹਨ। 700 ਤੋਂ ਵੱਧ ਕਿਸਾਨਾਂ ਨੇ ਆਪਣੀਆਂ ਜਾਨਾਂ ਵਾਰ ਦਿੱਤੀਆਂ।
      ਲੋਕ ਸ਼ਕਤੀ ਨੇ ਸਰਕਾਰੀ ਜਬਰ ਅੱਗੇ ਗੋਡੇ ਨਹੀਂ ਟੇਕੇ। ਹੌਸਲੇ ਅਡਿੱਗ ਰਹੇ ਅਤੇ ਆਖ਼ਿਰ ਹੱਠ ਨੂੰ ਕਿਸਾਨਾਂ ਦੀ ਤਾਕਤ ਅੱਗੇ ਝੁਕਣਾ ਪਿਆ। ਲੋਕ ਸ਼ਕਤੀ ਨੇ ਉਨ੍ਹਾਂ ਸਭ ਦਾਨਸ਼ਵਰਾਂ ਦੇ ਅੰਦਾਜ਼ਿਆਂ ਨੂੰ ਗ਼ਲਤ ਸਾਬਤ ਕਰ ਦਿੱਤਾ। ਦੁਨੀਆ ਦੀ ਵੱਡੀ ਤੋਂ ਵੱਡੀ ਕਿਸੇ ਰਾਜਸੀ ਪਾਰਟੀ ਕੋਲ ਇਹ ਸਮਰੱਥਾ ਨਹੀਂ ਕਿ ਉਹ ਏਨਾ ਲੰਮਾ, ਵਿਸ਼ਾਲ ਤੇ ਸ਼ਾਂਤਮਈ ਸੰਘਰਸ਼ ਕਰ ਸਕੇ।
     ਕੋਈ ਕਾਟ ਨਹੀਂ ਲੱਭੀ : ਦੇਸ਼ ਧਰੋਹੀ, ਖ਼ਾਲਿਸਤਾਨੀ, ਮਵਾਲੀ, ਮਾਓਵਾਦੀ, ਟੁਕੜੇ ਟੁਕੜੇ ਗੈਂਗ ਵਰਗੇ ਕਈ ਤਰ੍ਹਾਂ ਦੇ ਲੇਬਲ ਕਿਸਾਨ ਅੰਦੋਲਨ 'ਤੇ ਲਾਉਣ ਦੀ ਕੋਸ਼ਿਸ਼ ਕੀਤੀ ਗਈ, ਪਰ ਕਿਸਾਨ ਅੰਦੋਲਨ ਕੋਲ ਸੱਚ ਸੀ ਤੇ ਸੱਚ ਦੀ ਪਹੁੰਚ ਏਨੀ ਉੱਚੀ-ਸੁੱਚੀ ਸੀ ਕਿ ਕੋਈ ਵੀ ਲੇਬਲ ਉਸ ਤੱਕ ਨਾ ਪਹੁੰਚ ਸਕਿਆ। ਹਰ ਤਰ੍ਹਾਂ ਦੀ ਸਾਜਿਸ਼ ਕਿਸਾਨ ਅੰਦੋਲਨ ਨਾਲ ਕਰਨ ਦੀ ਕੋਸ਼ਿਸ਼ ਕੀਤੀ ਗਈ। ਕਿਸੇ-ਕਿਸੇ ਲੀਡਰ ਨੇ ਕਿਹਾ ਮੈਨੂੰ ਕੁਝ ਘੰਟੇ ਦਿਓ ਮੈਂ ਕੁਝ ਘੰਟਿਆਂ ਵਿਚ ਇਨ੍ਹਾਂ ਨੂੰ ਖਦੇੜ ਦੇਵਾਂਗਾ। ਕਦੇ ਹੈਲੀਕਾਪਟਰਾਂ ਦੀਆਂ ਸਰਚ ਲਾਈਟਾਂ ਰਾਹੀਂ ਕਾਰਵਾਈ ਕਰਨ ਦੀ ਦਹਿਸ਼ਤ ਪਾਈ ਗਈ। ਕਦੇ ਸੁਰੱਖਿਆ ਬਲਾਂ ਦੇ ਘੇਰੇ ਵਧਾ ਕੇ ਡਰਾਉਣ ਧਮਕਾਉਣ ਦੀ ਕੋਸ਼ਿਸ਼ ਕੀਤੀ ਗਈ। ਕਦੇ ਸਥਾਨਕ ਵਰਕਰਾਂ ਨੂੰ ਲਿਆ ਕੇ ਇੱਟਾਂ ਰੋੜਿਆਂ ਦੀ ਬਰਸਾਤ ਕੀਤੀ ਗਈ ਪਰ ਕਿਸਾਨ ਆਪਣੇ ਆਗੂਆਂ ਦੇ ਰਾਹ ਚਲਦਿਆਂ ਸ਼ਾਂਤ ਰਹੇ। ਪੰਜਾਬ ਤੇ ਹਰਿਆਣਾ ਤੋਂ ਕਦੇ-ਕਦੇ ਸਹਿਮ ਭਰੀਆਂ ਖ਼ਬਰਾਂ ਵੀ ਆਈਆਂ ਕਿ ਕੋਈ ਵੱਡੀ ਕਾਰਵਾਈ ਹੋ ਸਕਦੀ ਹੈ ਪਰ ਸਰਕਾਰ ਦੇ ਸੂਹੀਆ ਤੰਤਰ ਨੇ ਸ਼ਾਇਦ ਇਹ ਖ਼ਬਰ ਸਰਕਾਰ ਦੇ ਕੰਨਾਂ ਤੱਕ ਪਹੁੰਚਾ ਦਿੱਤੀ ਸੀ ਕਿ ਕਿਸਾਨ ਅੰਦੋਲਨ ਨੂੰ ਹੱਥ ਲਾਉਣਾ ਸੁੱਤਾ ਨਾਗ ਛੇੜਨ ਵਾਲੀ ਗੱਲ ਹੈ ਦਿੱਲੀ ਦੇ ਬਾਰਡਰਾਂ 'ਤੇ ਕੁਝ ਅਜਿਹਾ ਹੋਇਆ ਤਾਂ ਪੰਜਾਬ, ਹਰਿਆਣਾ ਤੇ ਯੂ. ਪੀ. ਦੇ ਲੋਕਾਂ ਵਿਚ ਰੋਹ ਦਾ ਅਜਿਹਾ ਤੂਫ਼ਾਨ ਉੱਠੇਗਾ ਜਿਸ ਨੂੰ ਦੁਨੀਆ ਦੀ ਕੋਈ ਤਾਕਤ ਦਬਾਅ ਨਹੀਂ ਸਕੇਗੀ।
      ਕਾਨੂੰਨ ਕਾਲੇ ਜਾਂ ਚਿੱਟੇ : ਸਰਕਾਰ ਕਹਿ ਰਹੀ ਹੈ ਕਿ ਕਾਨੂੰਨ ਠੀਕ ਸੀ। ਜੇ ਕਾਨੂੰਨ ਠੀਕ ਸਨ ਤਾਂ ਸਰਕਾਰ ਲੋਕਾਂ ਨੂੰ ਕਿਉਂ ਨਹੀਂ ਸਮਝਾ ਸਕੀ ? ਇਹ ਕਿਵੇਂ ਹੋ ਸਕਦਾ ਹੈ ਜਿਹੜੇ ਲੋਕਾਂ ਦੀ ਤੁਸੀਂ ਭਲਾਈ ਕਰ ਰਹੇ ਹੋ ਉਨ੍ਹਾਂ ਨੂੰ ਇਸ ਦੀ ਸਮਝ ਹੀ ਨਾ ਲੱਗੇ? ਤਿੰਨੇ ਖੇਤੀ ਕਾਨੂੰਨ ਕਿਸਾਨਾਂ ਲਈ ਹੀ ਨਹੀਂ ਭਾਰਤ ਦੇ ਵੱਡੀ ਗਿਣਤੀ ਵਿਚ ਲੋਕਾਂ ਦੀ ਆਰਥਿਕ ਹੱਤਿਆ ਦਾ ਕਾਰਨ ਬਣਨੇ ਸਨ। ਖੇਤੀ ਨਾਲ ਜੁੜੀ ਸਭਿਅਤਾ ਦਾ ਅੰਤ ਅਤੇ ਕਿਸਾਨਾਂ ਦੀ ਹੋਂਦ ਨੂੰ ਖ਼ਤਮ ਕਰਨ ਵਾਲੇ ਸਨ। ਕਿਸਾਨ ਆਗੂ ਰਾਕੇਸ਼ ਟਿਕੈਤ ਦਾ ਵਾਰ-ਵਾਰ ਇਹ ਕਹਿਣਾ 'ਕਾਨੂੰਨ ਬਾਅਦ ਵਿਚ ਬਣੇ ਗੋਦਾਮ ਪਹਿਲਾਂ ਬਣ ਗਏ।' ਦੀ ਕਾਟ ਅਜੇ ਤੱਕ ਭਾਜਪਾ ਦਾ ਕੋਈ ਲੀਡਰ ਨਹੀਂ ਲੱਭ ਸਕਿਆ। ਸਰਕਾਰ ਨੇ ਇਹ ਮੰਨਿਆ ਕਿ ਇਹ ਕਾਨੂੰਨ ਕਿਸਾਨਾਂ ਲਈ ਨਹੀਂ ਵਪਾਰੀਆਂ ਲਈ ਬਣਾਏ ਗਏ ਸਨ। ਵੱਡੇ ਵਪਾਰੀਆਂ ਲਈ ਇਹ ਕਾਨੂੰਨ ਦਿਨ ਦੇ ਉਜਾਲੇ ਵਰਗੇ ਚਿੱਟੇ ਸਨ। ਹਜ਼ਾਰਾਂ ਲੋਕ ਇਕ ਸਾਲ ਸੜਕਾਂ 'ਤੇ ਬੈਠੇ ਰਹੇ, ਸੈਂਕੜੇ ਟਰੈਕਟਰ ਤੇ ਹੋਰ ਸਾਧਨ ਜ਼ਬਤ ਹੋਏ, ਹਜ਼ਾਰਾਂ ਲੋਕਾਂ 'ਤੇ ਪਰਚੇ ਦਰਜ ਹੋਏ, ਲਖੀਮਪੁਰ ਖੀਰੀ ਵਿਚ ਹੰਕਾਰੀ ਸੱਤਾਧਾਰੀ ਨੇਤਾ ਦੇ ਲੜਕੇ ਨੇ ਗੱਡੀ ਚੜ੍ਹਾ ਕੇ ਕਿਸਾਨਾਂ ਨੂੰ ਕੁਚਲ ਦਿੱਤਾ, ਇਸ ਦਾ ਹਿਸਾਬ ਕੌਣ ਦੇਵੇਗਾ? ਸਵਾਲ ਇਹ ਪੈਦਾ ਹੁੰਦਾ ਹੈ ਕਿ ਜੇਕਰ ਕਾਨੂੰਨ ਅਜਿਹੇ ਸਨ ਜੋ ਛੇਤੀ ਸਮਝ ਵਿਚ ਆਉਣ ਵਾਲੇ ਨਹੀਂ ਸਨ ਤਾਂ ਕੀ ਇਹ ਕਾਨੂੰਨ ਪਾਸ ਕੀਤੇ ਜਾਣ ਤੋਂ ਪਹਿਲਾਂ ਕਿਸਾਨਾਂ ਨਾਲ ਸਾਂਝੇ ਨਹੀਂ ਕੀਤੇ ਜਾ ਸਕਦੇ ਸਨ? ਅਤੇ ਜੇਕਰ ਸਰਕਾਰ ਸਮਝ ਰਹੀ ਸੀ ਕਿ ਕਿਸਾਨ ਸਮਝ ਨਹੀਂ ਰਹੇ ਤਾਂ ਕਿਸਾਨਾਂ ਨੂੰ ਸਮਝਾਉਣ ਲਈ ਸਰਕਾਰ ਨੇ ਤੁਰੰਤ ਇਹ ਕਾਨੂੰਨ ਵਾਪਸ ਲੈ ਕੇ ਕਿਸਾਨਾਂ ਨਾਲ ਬੈਠ ਕੇ ਦੁਬਾਰਾ ਨਵੇਂ ਸਿਰੇ ਤੋਂ ਕਾਨੂੰਨ ਕਿਉਂ ਨਹੀਂ ਬਣਾਏ? ਦੇਸ਼ ਦੀ ਇੰਨੀ ਊਰਜਾ, ਇੰਨੇ ਸਾਧਨਾਂ ਦੀ ਵਰਤੋਂ, ਲੱਖਾਂ ਲੀਟਰ ਪੈਟਰੋਲ-ਡੀਜ਼ਲ ਦੀ ਖਪਤ ਤੇ ਇਕ ਸਾਲ ਲੱਖਾਂ ਲੋਕਾਂ ਦਾ ਵੱਖ-ਵੱਖ ਮੋਰਚਿਆਂ 'ਤੇ ਬੈਠੇ ਰਹਿਣਾ, ਇਸ ਸਭ ਕੁਝ ਦਾ ਹਿਸਾਬ ਕੌਣ ਦੇਵੇਗਾ ?
      ਕਿਸਾਨ ਅੰਦੋਲਨ ਦੀ ਪ੍ਰਾਪਤੀ : ਇਸ ਅੰਦੋਲਨ ਦੀਆਂ ਦੇਸ਼ ਵਿਚ ਵੱਡੀਆਂ ਪ੍ਰਾਪਤੀਆਂ ਹਨ। ਜਿੱਥੇ ਦੇਸ਼ ਵਿਚ ਹਰ ਦਿਨ ਗਊ ਹੱਤਿਆ ਦੇ ਨਾਂਅ 'ਤੇ ਲੋਕਾਂ ਨੂੰ ਘੇਰ ਕੇ ਭੀੜ ਵਲੋਂ ਮਾਰ ਦਿੱਤਾ ਜਾਂਦਾ ਸੀ, ਜ਼ਬਰਦਸਤੀ ਕੁੱਟ ਮਾਰ ਕਰਕੇ ਲੋਕਾਂ ਦੇ ਮੂੰਹੋਂ 'ਭਾਰਤ ਮਾਤਾ ਕੀ ਜੈ' ਦੇ ਨਾਅਰੇ ਲਗਵਾਏ ਜਾਂਦੇ ਸਨ। ਉਹ ਘਟਨਾਵਾਂ ਇਸ ਅੰਦੋਲਨ ਨੇ ਰੋਕ ਦਿੱਤੀਆਂ ਹਨ। ਟੀ. ਵੀ. ਚੈਨਲਾਂ 'ਤੇ ਭਾਜਪਾ ਅਤੇ ਆਰ. ਐਸ. ਐਸ. ਦੇ ਜਿਹੜੇ ਨੇਤਾ ਦੂਜੀਆਂ ਪਾਰਟੀਆਂ ਦੇ ਲੀਡਰਾਂ ਨੂੰ ਧਮਕਾਉਣ ਅਤੇ ਪਾਕਿਸਤਾਨ ਚਲੇ ਜਾਣ ਦੀਆਂ ਧਮਕੀਆਂ ਦਿੰਦੇ ਸਨ, ਉਨ੍ਹਾਂ 'ਤੇ ਕੁਝ ਹੱਦ ਤੱਕ ਰੋਕ ਲੱਗ ਗਈ ਹੈ। ਮੁਜੱਫਰਨਗਰ ਜੋ ਕੁਝ ਅਰਸਾ ਪਹਿਲਾਂ ਅਸੀਂ ਫਿਰਕੂ ਦੰਗਿਆਂ ਵਿਚ ਬਲਦਾ ਵੇਖਿਆ, ਵਿਚ ਹੋਈ ਮਹਾਂ ਪੰਚਾਇਤ ਦੀ ਸਟੇਜ ਤੋਂ 'ਅੱਲਾ ਹੂ ਅਕਬਰ' ਤੇ 'ਹਰ ਹਰ ਮਹਾਂ ਦੇਵ' ਦੇ ਨਾਅਰਿਆਂ ਨੇ ਇਸ ਦੇਸ਼ ਦੀ ਤਹਿਜ਼ੀਬ ਨੂੰ ਮੁੜ ਜਿਊਂਦਾ ਕੀਤਾ ਹੈ। ਇਸ ਤੋਂ ਇਲਾਵਾ ਦੇਸ਼ ਨੂੰ ਹਿੰਦੂ ਰਾਸ਼ਟਰ ਬਣਾਉਣ ਲਈ ਕੀਤੀਆਂ ਜਾਣ ਵਾਲੀਆਂ ਕਈ ਤਰ੍ਹਾਂ ਦੀਆਂ ਸਰਗਰਮੀਆਂ ਤੇ ਕਿਸਾਨ ਅੰਦੋਲਨ ਨੇ ਆਰਜ਼ੀ ਤੌਰ 'ਤੇ ਰੋਕ ਲਾ ਦਿੱਤੀ ਹੈ। ਸਭ ਤੋਂ ਵੱਡੀ ਪ੍ਰਾਪਤੀ ਇਹ ਹੈ ਕਿ ਦੁਨੀਆ ਭਰ ਵਿਚ ਪੂੰਜੀਵਾਦੀ ਨੀਤੀਆਂ ਦੇ ਖਿਲਾਫ ਇਹ ਪਹਿਲੀ ਵੱਡੀ ਲੋਕਾਂ ਵਲੋਂ ਵਿੱਢੀ ਜੰਗ ਹੈ ਜਿਸ ਦੀ ਚਰਚਾ ਪੂਰੀ ਦੁਨੀਆ ਵਿਚ ਹੋ ਰਹੀ ਹੈ ਅਤੇ ਇਸ ਦਾ ਸਿਹਰਾ ਪੰਜਾਬੀਆਂ ਨੂੰ ਇਸ ਕਰਕੇ ਜਾਂਦਾ ਹੈ ਕਿ ਦੇਸ਼ ਵਿਚ ਸਭ ਤੋਂ ਪਹਿਲਾਂ ਪੰਜਾਬ ਦੇ ਸੂਝਵਾਨ ਬਲਬੀਰ ਸਿੰਘ ਰਾਜੇਵਾਲ ਅਤੇ ਜੋਗਿੰਦਰ ਸਿੰਘ ਉਗਰਾਹਾਂ ਵਰਗੇ ਨੇਤਾਵਾਂ ਨੇ ਇਸ ਸ਼ਾਜਿਸ਼ ਨੂੰ ਸਮਝਿਆ ਤੇ ਲੋਕਾਂ ਨੂੰ ਇਸ ਖਿਲਾਫ ਲਾਮਬੰਦ ਕੀਤਾ। ਰਾਕੇਸ਼ ਟਿਕੈਤ ਨੇ ਇਸ ਅੰਦੋਲਨ ਨੂੰ ਉਸ ਸਮੇਂ ਹੁਲਾਰਾ ਦਿੱਤਾ ਜਦੋਂ ਲੱਗਣ ਲੱਗਿਆ ਸੀ ਕਿ ਇਹ ਅੰਦੋਲਨ ਹੁਣ ਬਿਖਰ ਜਾਵੇਗਾ। ਪੰਜਾਬ ਤੋਂ ਸ਼ੁਰੂ ਹੋਈ ਇਸ ਲੋਕ ਆਵਾਜ਼ ਨੇ ਹਰਿਆਣਾ, ਯੂ. ਪੀ., ਉਤਰਾਖੰਡ, ਤੇਲੰਗਾਨਾ, ਮੱਧ ਪ੍ਰਦੇਸ਼, ਕਰਨਾਟਕਾ, ਤਾਮਿਲਨਾਡੂ, ਬਿਹਾਰ, ਮਹਾਰਾਸ਼ਟਰ, ਕੇਰਲਾ ਤੋਂ ਇਲਾਵਾ ਬੰਗਾਲ ਤੱਕ ਕਿਸਾਨਾਂ ਵਿਚ ਹੱਕਾਂ ਲਈ ਚੇਤਨਾ ਪੈਦਾ ਕੀਤੀ।
      ਭਵਿੱਖ : ਗੁਪਤ ਰੂਪ ਵਿਚ ਇਸ ਗੱਲ ਦਾ ਮੰਥਨ ਜ਼ਰੂਰ ਹੋਵੇਗਾ ਕਿ ਖੇਤੀ ਕਾਨੂੰਨਾਂ ਸਮੇਤ ਜੋ ਨੀਤੀਆਂ ਦੇਸ਼ ਦੇ ਲੋਕਾਂ 'ਤੇ ਲਾਗੂ ਕੀਤੀਆਂ ਜਾਣੀਆਂ ਸਨ, ਉਨ੍ਹਾਂ ਨੂੰ ਰੋਕਣ ਲਈ ਕਿਹੜੀਆਂ ਧਿਰਾਂ ਸਭ ਤੋਂ ਵੱਡਾ ਰੋੜਾ ਸਾਬਤ ਹੋਈਆਂ। ਜਦੋਂ ਇਹ ਗੱਲ ਆਵੇਗੀ ਤਾਂ ਪੰਜਾਬ ਦਾ ਨਾਂਅ ਸਭ ਤੋਂ ਅੱਗੇ ਆਵੇਗਾ। ਇਸ ਲਈ ਪੰਜਾਬ ਨੂੰ ਭਵਿੱਖ ਵਿਚ ਬਹੁਤ ਚੌਕਸ ਹੋ ਕੇ ਚੱਲਣ ਦੀ ਲੋੜ ਹੈ। 32 ਕਿਸਾਨ ਜਥੇਬੰਦੀਆਂ ਅਤੇ ਇਨ੍ਹਾਂ ਦੀ ਰਹਿਨੁਮਾਈ ਹੇਠ ਸੰਘਰਸ਼ ਕਰਨ ਵਾਲੇ ਯੋਧਿਆਂ ਦਾ ਕੰਮ ਅਤੇ ਜ਼ਿੰਮੇਵਾਰੀ ਹੋਰ ਵਧ ਜਾਵੇਗੀ। ਚੰਗਾ ਹੋਵੇ ਜੇਕਰ ਲੋਕਾਂ ਨੂੰ ਵੱਧ ਤੋਂ ਵੱਧ ਚੌਕਸ ਰਹਿਣ ਲਈ ਹੋਰ ਲਾਮਬੰਦ ਕੀਤਾ ਜਾਵੇ ਅਤੇ ਦੇਸ਼ ਭਰ ਦੀਆਂ ਸਾਰੀਆਂ ਕਿਸਾਨ ਜਥੇਬੰਦੀਆਂ ਨੂੰ ਨਾਲ ਲੈ ਕੇ ਚੱਲਿਆ ਜਾਵੇ। ਕਿਸਾਨ ਅੰਦੋਲਨ ਅਤੇ ਇਸ ਲਈ ਸ਼ਹਾਦਤਾਂ ਦੇਣ ਵਾਲੇ ਲੋਕਾਂ ਦੀ ਢੁੱਕਵੀਂ ਯਾਦਗਾਰ ਬਣਾਉਣ, ਐਮ. ਐਸ. ਪੀ. ਦੇ ਕਾਨੂੰਨ ਬਣਾਉਣ, ਜੇਲ੍ਹਾਂ 'ਚੋਂ ਕਿਸਾਨ ਆਗੂਆਂ ਨੂੰ ਰਿਹਾਅ ਕਰਾਉਣ, ਕਿਸਾਨਾਂ 'ਤੇ ਦਰਜ ਪਰਚੇ ਰੱਦ ਕਰਾਉਣ ਸਮੇਤ, ਲਖੀਮਪੁਰ ਖੀਰੀ ਦੇ ਦੋਸ਼ੀਆਂ ਨੂੰ ਸਜ਼ਾ ਦਵਾਉਣ ਸਮੇਤ ਕਿਸਾਨ ਜਥੇਬੰਦੀਆਂ ਦੀਆਂ ਕਈ ਮੰਗਾਂ ਹਨ ਜਿਨ੍ਹਾਂ 'ਤੇ ਅਜੇ ਪੇਚ ਫਸਣ ਦੀ ਸੰਭਾਵਨਾ ਹੈ। ਉਮੀਦ ਕਰਨੀ ਚਾਹੀਦੀ ਹੈ ਜਲਦੀ ਹੀ ਇਨ੍ਹਾਂ ਦੇ ਹੱਲ ਲੱਭ ਲਏ ਜਾਣਗੇ। ਪੰਜਾਬ ਅਤੇ ਦੇਸ਼ ਦੇ ਹੋਰ ਕਿਸਾਨ ਆਗੂ ਜੋ ਬੜੀ ਸੂਝਬੂਝ ਤੇ ਸਿਆਣਪ ਨਾਲ ਹਰ ਚਾਲ ਨੂੰ ਫੇਲ੍ਹ ਕਰਨ ਵਿਚ ਕਾਮਯਾਬ ਹੁੰਦੇ ਰਹੇ, ਦੀ ਜਿੰਨੀ ਵੀ ਪ੍ਰਸੰਸਾ ਕੀਤੀ ਜਾਵੇ ਥੋੜ੍ਹੀ ਹੈ।

ਨਿੱਜੀਕਰਨ ਦੇ ਜ਼ਮਾਨੇ ਵਿਚ ਕਿਧਰ ਨੂੰ ਜਾ ਰਿਹੈ ਲੋਕਤੰਤਰ ? - ਗੁਰਚਰਨ ਸਿੰਘ ਨੂਰਪੁਰ

ਪੁਰਾਣੇ ਵੇਲਿਆਂ ਦੀ ਗੱਲ ਹੈ, ਕਿਸੇ ਆਮ ਬੰਦੇ ਨੇ ਇਕ ਵਪਾਰੀ ਦਿਮਾਗ ਵਾਲੇ ਬੰਦੇ ਨੂੰ ਸਵਾਲ ਕੀਤਾ ਕਿ ਜੇਕਰ ਬਗਲਾ ਫੜਨਾ ਹੋਵੇ ਤਾਂ ਕੀ ਕਰਨਾ ਚਾਹੀਦਾ ਹੈ? ਕੁਝ ਸੋਚ ਕੇ ਉਸ ਨੇ ਜਵਾਬ ਦਿੱਤਾ, 'ਬਗਲੇ ਦੇ ਸਿਰ 'ਤੇ ਕਿਸੇ ਤਰ੍ਹਾਂ ਇਕ ਮੋਮ ਦੀ ਡਲੀ ਰੱਖ ਦੇਣੀ ਚਾਹੀਦੀ ਹੈ। ਜਦੋਂ ਗਰਮੀ ਨਾਲ ਮੋਮ ਢਲ ਕੇ ਉਹਦੀਆਂ ਅੱਖਾਂ ਵਿਚ ਪੈ ਜਾਵੇ ਤਾਂ ਆਰਾਮ ਨਾਲ ਬਗਲਾ ਫੜ ਲੈਣਾ ਚਾਹੀਦਾ ਹੈ।'
       ਸਵਾਲ ਕਰਨ ਵਾਲਾ ਜਵਾਬ ਦੇਣ ਵਾਲੇ ਦੀ ਅਕਲ 'ਤੇ ਹੱਸਿਆ ਤੇ ਉਸ ਨੇ ਆਪਣੀ ਸਮਝ ਦਾ ਮੁਜ਼ਾਹਰਾ ਕਰਦਿਆਂ ਕਿਹਾ, 'ਕਿੰਨੀ ਬਚਕਾਨਾ ਗੱਲ ਹੈ ਇਹ, ਜਦੋਂ ਮੋਮ ਬਗਲੇ ਦੇ ਸਿਰ 'ਤੇ ਰੱਖਣੀ ਹੈ ਉਦੋਂ ਸਿੱਧਾ ਬਗਲਾ ਨਹੀਂ ਫੜਿਆ ਜਾ ਸਕਦਾ? ਮੋਮ ਰੱਖਣ ਦਾ ਝੰਜਟ ਕਿਉਂ?' ਹੁਣ ਉਹ ਤਜਰਬੇਕਾਰ ਵਪਾਰੀ ਦਿਮਾਗ ਵਾਲਾ ਬੰਦਾ ਹੱਸਿਆ ਤੇ ਬੋਲਿਆ, 'ਹਾਂ ਫੜਿਆ ਜਾ ਸਕਦਾ ਹੈ ਪਰ ਇਹ ਕੋਈ ਬਹੁਤ ਚੰਗਾ ਕਾਰਗਰ ਢੰਗ ਨਹੀਂ। ਜੇਕਰ ਤੁਸੀਂ ਢੰਗ ਨਾਲ ਕੰਮ ਕਰਨਾ ਹੈ ਤਾਂ ਇਸ ਲਈ ਤੁਹਾਡੇ ਕੋਲ ਮੋਮ ਦੀ ਡਲੀ ਹੋਣੀ ਬੜੀ ਜ਼ਰੂਰੀ ਹੈ। ਹਕੀਕਤ ਤਾਂ ਇਹ ਹੈ ਕਿ ਇਸ ਲਈ ਬਗਲਾ ਫੜਨ ਦਾ ਮਾਹਰ ਹੋਣ ਦੀ ਓਨੀ ਲੋੜ ਨਹੀਂ ਜਿੰਨੀ ਲੋੜ ਮੋਮ ਰੱਖਣ ਦੀ ਜੁਗਤ ਦੀ ਹੋਣੀ ਜ਼ਰੂਰੀ ਹੈ। ਜਦੋਂ ਮੋਮ ਢਲ ਕੇ ਬਗਲੇ ਦੀਆਂ ਅੱਖਾਂ ਵਿਚ ਪੈ ਜਾਵੇ ਤਾਂ ਉਸ ਸਮੇਂ ਜੇਕਰ ਫੜਿਆ ਜਾਵੇ ਤਾਂ ਉਹ ਗਰੀਬ ਖੰਭ ਨਹੀਂ ਫੜਕੇਗਾ। ਉਜਰ ਨਹੀਂ ਕਰੇਗਾ ਉਜਰ ਕਰਨਾ ਵੀ ਚਾਹੇ ਤਾਂ ਵੀ ਨਹੀਂ ਕਰ ਸਕੇਗਾ।'
      ਕਾਰਪੋਰੇਟ ਬਾਜ਼ਾਰ ਨੇ ਹੁਣ ਮੋਮ ਦੀ ਡਲੀ ਦਾ ਕੰਮ ਕਰਨ ਵਾਲੀਆਂ ਬਹੁਤ ਸਾਰੀਆਂ ਖੋਜਾਂ ਈਜਾਦ ਕਰ ਲਈਆਂ ਹਨ। ਬਹੁਤ ਸਾਰੀਆਂ ਪਾਰਦਰਸ਼ੀ ਮੋਮ ਦੀਆਂ ਡਲੀਆਂ ਸਾਡੇ ਆਲੇ-ਦੁਆਲੇ ਸੁੱਟ ਦਿੱਤੀਆਂ ਗਈਆਂ ਹਨ। ਇਹ ਮੋਮ ਦੀਆਂ ਡਲੀਆਂ ਰਾਹਤਾਂ ਖੈਰਾਤਾਂ, ਕਰਜ਼ਿਆਂ ਦੇ ਰੂਪ ਵਿਚ ਆਪਣੇ ਜਾਲ ਦਾ ਫੈਲਾਅ ਕਰ ਰਹੀਆਂ ਹਨ। ਜਿਸ ਤਰ੍ਹਾਂ ਦੀ ਵਿਵਸਥਾ ਰਾਜ ਪ੍ਰਬੰਧ ਵਲੋਂ ਸਿਰਜੀ ਜਾਂਦੀ ਹੈ ਲੋਕ ਉਸ ਦੇ ਹੌਲੀ-ਹੌਲੀ ਆਦੀ ਹੋਣ ਲੱਗ ਪੈਂਦੇ ਹਨ। ਅਸੀਂ ਉਸ ਦੌਰ ਵਿਚ ਰਹਿ ਰਹੇ ਹਾਂ ਜਿੱਥੇ ਅਵਾਮ ਨੂੰ ਦੇਣ ਲਈ ਕਰਜ਼ੇ ਤਾਂ ਹਨ ਪਰ ਨੌਕਰੀਆਂ ਨਹੀਂ ਹਨ। ਪੈਸੇ ਦੀ ਥੁੜ ਕਾਰਨ ਸਕੂਲ, ਕਾਲਜ, ਯੂਨੀਵਰਸਿਟੀਆਂ ਵਿਚ ਪੜ੍ਹਾਉਣ ਲਈ ਅਧਿਆਪਕਾਂ ਦੀ ਭਰਤੀ ਨਹੀਂ ਹੋ ਰਹੀ ਪਰ ਕਰੋੜਾਂ ਰੁਪਏ ਖ਼ਰਚ ਕੇ ਵੱਡੀਆਂ-ਵੱਡੀਆਂ ਮੂਰਤੀਆਂ ਖੜ੍ਹੀਆਂ ਕੀਤੀਆਂ ਜਾ ਸਕਦੀਆਂ ਹਨ। ਇੱਥੇ ਹਰ ਰੋਜ਼ ਇਲਾਜ ਖੁਣੋਂ ਲੋਕ ਮਰਦੇ ਤੜਪਦੇ ਹਨ ਪਰ ਜਿੱਥੇ ਬੈਠ ਕੇ ਦੇਸ਼ ਲਈ ਨੀਤੀਆਂ ਘੜਨੀਆਂ ਹੋਣ ਉਸ ਇਮਾਰਤ ਨੂੰ ਬਣਾਏ ਜਾਣ ਲਈ ਹਜ਼ਾਰਾਂ ਕਰੋੜ ਖ਼ਰਚੇ ਜਾ ਸਕਦੇ ਹਨ। ਇਹ ਕਿੰਨੀ ਕਰੂਰ ਕਠੋਰਤਾ ਅਤੇ ਸਾਡੇ ਸਮਿਆਂ ਦੀ ਸਿਤਮਜ਼ਰੀਫੀ ਹੈ ਕਿ ਜਦੋਂ ਕੋਰੋਨਾ ਦੀ ਮਹਾਂਮਾਰੀ ਨਾਲ ਲੋਕ ਸੜਕਾਂ 'ਤੇ ਆਕਸੀਜਨ ਲਈ ਤੜਪ ਰਹੇ ਸਨ ਤਾਂ ਇਸ ਦੇਸ਼ ਵਿਚ ਦੇਸ਼ ਦੇ ਲੋਕਾਂ ਦੀ ਰੱਖਿਆ ਲਈ ਨੇਮ ਕਾਨੂੰਨ ਘੜਨ ਵਾਲੀ ਇਮਾਰਤ 'ਤੇ ਕਰੋੜਾਂ ਰੁਪਏ ਖ਼ਰਚ ਕੀਤੇ ਜਾ ਰਹੇ ਸਨ। ਲੋਕਾਂ ਨੂੰ ਮੁਫ਼ਤ ਰਾਸ਼ਨ ਦੇ ਥੈਲੇ ਤਾਂ ਦਿੱਤੇ ਜਾ ਸਕਦੇ ਹਨ ਪਰ ਉਨ੍ਹਾਂ ਦੀਆਂ ਔਲਾਦਾਂ ਦੀ ਪੜ੍ਹਾਈ ਦਾ ਪ੍ਰਬੰਧ ਨਹੀਂ ਹੋ ਸਕਦਾ। ਸਰਕਾਰੀ ਅਦਾਰੇ ਵੇਚੇ ਤੇ ਢਾਹੇ ਜਾ ਰਹੇ ਹਨ। ਇਨ੍ਹਾਂ ਦੀਆਂ ਥਾਵਾਂ ਨੂੰ ਵੇਚ ਕੇ ਪੈਸਾ ਬਟੋਰਿਆ ਜਾ ਰਿਹਾ ਹੈ ਪਰ ਲੋਕਾਂ ਨੂੰ ਦੱਸਿਆ ਜਾ ਰਿਹਾ ਹੈ ਕਿ ਵਿਕਾਸ ਹੋ ਰਿਹਾ ਹੈ। ਦੇਸ਼ ਦੇ ਖਜ਼ਾਨੇ ਖਾਲੀ ਹਨ, ਦੇਸ਼ ਅਤੇ ਸੂਬਿਆਂ ਕੋਲ ਪੈਸਾ ਨਹੀਂ ਹੈ ਪਰ ਦੇਸ਼ ਨੂੰ ਚਲਾਉਣ ਵਾਲੇ ਚਾਹੇ ਉਹ ਰਾਜਨੇਤਾ ਹੋਣ ਜਾਂ ਕਾਰਪੋਰੇਟ ਉਨ੍ਹਾਂ ਦੀ ਪ੍ਰਾਪਰਟੀ ਹਰ ਦਿਨ ਵਧ ਰਹੀ ਹੈ। ਇਸ ਕਰੂਰਤਾ ਭਰੇ ਮਾਹੌਲ ਵਿਚ ਜਦੋਂ ਦੇਸ਼ ਵਿਚ ਵੱਡੀਆਂ ਲੁੱਟਾਂ ਚੱਲ ਰਹੀਆਂ ਹੋਣ ਤਾਂ ਬੜਾ ਜ਼ਰੂਰੀ ਹੈ ਕਿ ਅਵਾਮ ਦੇ ਸਿਰ 'ਤੇ ਵੱਧ ਤੋਂ ਵੱਧ ਸੁਚੱਜੀ ਕੋਸ਼ਿਸ਼ ਨਾਲ ਮੋਮ ਦੀਆਂ ਡਲੀਆਂ ਰੱਖ ਦਿੱਤੀਆਂ ਜਾਣ। ਇਸ ਪਾਰਦਰਸ਼ੀ ਮੋਮ ਵਿਚੋਂ ਅਵਾਮ ਨੂੰ ਹਰ ਪਾਸੇ ਚੰਗਾ-ਚੰਗਾ ਨਜ਼ਰ ਆਉਣ ਲਗਦਾ ਹੈ। ਇਸ ਨਾਲ ਭਵਿੱਖ ਵਿਚ ਅਵਾਮ ਨੂੰ ਮਾਰੂਥਲਾਂ ਵਿਚ ਹਰਿਆਲੀ ਅਤੇ ਬੰਜਰ ਮਾਰੂਥਲਾਂ ਵਿਚ ਸੀਤ ਕਲ-ਕਲ ਕਰਦੇ ਨਿਰਮਲ ਪਾਣੀ ਦੀਆਂ ਝੀਲਾਂ ਨੂੰ ਦਿਖਾਇਆ ਜਾ ਸਕਦਾ ਹੈ।
      ਪੂੰਜਵਾਦੀ ਤਰਜੀਹਾਂ ਨੂੰ ਅੱਗੇ ਵਧਾਉਣ ਲਈ ਦਰਿਆਵਾਂ, ਜੰਗਲਾਂ, ਪਹਾੜਾਂ, ਬੰਦਰਗਾਹਾਂ, ਰੇਲਾਂ, ਹਵਾਈ ਅੱਡਿਆਂ, ਬਿਜਲੀ, ਸਿੱਖਿਆ, ਜ਼ਮੀਨਾਂ, ਰੇਤ ਬਜਰੀ ਅਤੇ ਹੋਰ ਜਾਇਦਾਦਾਂ ਤੇ ਪੂੰਜੀਵਾਦੀ ਗਲਬਾ ਪਾਏ ਜਾਣ ਲਈ ਇਹ ਬੜਾ ਜ਼ਰੂਰੀ ਹੈ ਕਿ ਸੀਲ ਮਨੁੱਖ ਪੈਦਾ ਕੀਤੇ ਜਾਣ। ਲੋਕਾਂ ਵਿਚ ਵਿਰੋਧ ਕਰਨ ਦਾ ਜਜ਼ਬਾ ਹੀ ਨਾ ਰਹੇ ਜਾਂ ਉਹ ਏਨੇ ਸਾਹ-ਸਤਹੀਣ ਹੋ ਜਾਣ ਕਿ ਅਜਿਹਾ ਕਰਨ ਦੀ ਸੋਚ ਵੀ ਨਾ ਸਕਣ। ਰਾਜ ਵਿਵਸਥਾ ਨੂੰ ਹੁਣ ਅਜਿਹੇ ਹੱਡ-ਮਾਸ ਦੇ ਪੁਤਲਿਆ ਦੀ ਲੋੜ ਹੈ। ਰਾਜ ਵਿਵਸਥਾ 'ਤੇ ਸਵਾਲ ਕਰਨ ਵਾਲੇ, ਲੋਕਾਂ ਨੂੰ ਲੁੱਟੇ ਪੁੱਟੇ ਜਾਣ ਸੰਬੰਧੀ ਸਮਝ ਦੇਣ ਵਾਲੇ, ਸੋਚ ਵਿਚਾਰ ਦਾ ਹੀਆ ਕਰਨ ਵਾਲੇ ਮਨੁੱਖਾਂ ਨੂੰ ਜਾਂ ਤਾਂ ਜੇਲ੍ਹਾਂ ਵਿਚ ਸੁੱਟਿਆ ਜਾਂਦਾ ਹੈ ਜਾਂ ਇਨ੍ਹਾਂ 'ਤੇ ਮੁਕੱਦਮੇ ਦਰਜ ਕਰਕੇ ਡਰ-ਭੈਅ ਦਾ ਮਾਹੌਲ ਪੈਦਾ ਕਰਕੇ ਦੇਸ਼ ਦੇ ਹੱਕ ਵਿਚ ਉੱਠਣ ਵਾਲੀ ਹਰ ਆਵਾਜ਼ ਨੂੰ ਬੰਦ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਇਨ੍ਹਾਂ ਤਰਜੀਹਾਂ ਦਾ ਇਕ ਦੂਜਾ ਰੂਪ ਵੀ ਹੈ ਜੋ ਸਾਡੀ ਜ਼ਿਹਨੀ ਗੁਲਾਮੀ ਲਈ ਦਿਨ ਰਾਤ ਸਰਗਰਮ ਰਹਿੰਦਾ ਹੈ। ਟੀ.ਵੀ. ਚੈਨਲਾਂ ਅਤੇ ਇੰਟਰਨੈੱਟ ਦੀਆਂ ਵੱਖ-ਵੱਖ ਸਾਈਟਾਂ ਤੋਂ ਸਾਨੂੰ ਇਹ ਦਰਸਾਇਆ ਜਾਂਦਾ ਹੈ ਕਿ ਸਭ ਅੱਛਾ ਹੈ। ਹੁਣ ਤੱਕ ਅਜਿਹਾ ਕਦੇ ਨਹੀਂ ਹੋਇਆ ਜੋ ਹੋ ਰਿਹਾ ਹੈ। ਉਸ ਦਾ ਨਤੀਜਾ ਹੁਣ ਤੁਹਾਨੂੰ ਬੇਸ਼ੱਕ ਬੁਰਾ ਲੱਗ ਰਿਹਾ ਹੋਵੇ ਪਰ ਭਵਿੱਖ ਲਈ ਇਹ ਸਭ ਕੁਝ ਬੜਾ ਚੰਗਾ ਹੈ।
       ਜੇਕਰ ਤੁਹਾਡੇ ਬੱਚੇ ਪੜ੍ਹ-ਲਿਖ ਕੇ ਬੇਕਾਰ ਫਿਰ ਰਹੇ ਹਨ, ਨੌਕਰੀ ਨਹੀਂ ਮਿਲਦੀ, ਜੇਕਰ ਕੋਈ ਬੈਂਕ ਜਾਂ ਕੰਪਨੀ ਤੁਹਾਡਾ ਪੈਸਾ ਲੈ ਕੇ ਡੁੱਬ ਜਾਂਦੀ ਹੈ ਜਾਂ ਕਹਿ ਲਓ ਡੁਬੋ ਦਿੱਤੀ ਜਾਂਦੀ ਹੈ, ਕਿਸੇ ਮਹਿਕਮੇ ਵਿਚੋਂ ਤੁਹਾਨੂੰ ਸੁਚੱਜੀ ਸਰਵਿਸ ਨਹੀਂ ਮਿਲਦੀ, ਜੇਕਰ ਵਾਤਾਵਰਨ ਦੀ ਤਬਾਹੀ ਹੋ ਰਹੀ ਹੈ, ਤੁਹਾਡਾ ਧਰਤੀ ਹੇਠਲਾ ਪਾਣੀ ਪਲੀਤ ਕੀਤਾ ਜਾ ਰਿਹਾ ਹੈ, ਸਰਕਾਰੀ ਅਦਾਰੇ ਹੀ ਨਹੀਂ ਸਰਕਾਰੀ ਕਾਲਜ ਯੂਨੀਵਰਸਿਟੀਆਂ ਬੰਦ ਹੋ ਰਹੇ ਹਨ ਤਾਂ ਇਹ ਸਭ ਕੁਝ ਫ਼ਿਕਰ ਕਰਨ ਵਾਲੀ ਗੱਲ ਨਹੀਂ, ਤੁਸੀਂ ਵੱਖ-ਵੱਖ ਟੀ.ਵੀ. ਚੈਨਲ ਵੇਖੋ ਇਨ੍ਹਾਂ 'ਚੋਂ ਜ਼ਿਆਦਾਤਰ 'ਤੇ ਤੁਹਾਨੂੰ ਸਭ ਅੱਛਾ ਨਜ਼ਰ ਆਵੇਗਾ।
      ਇਸ ਸਭ ਕੁਝ ਦੇ ਬਾਵਜੂਦ ਜੇਕਰ ਤੁਹਾਡੇ ਮਨ ਵਿਚ ਵਿਵਸਥਾ ਪ੍ਰਤੀ ਕੋਈ ਸ਼ੰਕਾ ਉਤਪੰਨ ਹੁੰਦੀ ਹੈ ਤਾਂ ਤੁਸੀਂ ਇਸ ਲਈ ਉਜਰ ਨਹੀਂ ਕਰ ਸਕਦੇ। ਤੁਹਾਨੂੰ ਉਜਰ ਕਰਨ ਦਾ ਅਧਿਕਾਰ ਨਹੀਂ। ਜੇਕਰ ਅਜਿਹਾ ਕਰਦੇ ਹੋ ਤਾਂ ਦੇਸ਼ ਧ੍ਰੋਹੀ ਗਰਦਾਨ ਦਿੱਤੇ ਜਾਓਗੇ। ਜਦੋਂ ਬਹੁਗਿਣਤੀ ਦੀਆਂ ਅੱਖਾਂ 'ਤੇ ਮੋਮ ਦੀ ਪਰਤ ਚੜ੍ਹੀ ਹੋਵੇ ਉਹ ਉਜਰ ਘੱਟ ਹੀ ਕਰਦੀ ਹੈ। ਦੇਸ਼ ਦੇ ਮਹਿਕਮੇ ਜਦੋਂ ਪ੍ਰਾਈਵੇਟ ਹਨ ਤਾਂ ਸਰਕਾਰ ਕੀ ਕਰੇ? ਜੇਕਰ ਕੋਈ ਕੰਪਨੀ ਲੋਕਾਂ ਨੂੰ ਨਿਕੰਮੀ ਸਰਵਿਸ ਦੇ ਰਹੀ ਹੈ ਤਾਂ ਕੰਪਨੀਆਂ ਦਾ ਪ੍ਰਬੰਧ ਮਾੜਾ ਹੈ, ਇਸ ਲਈ ਸਰਕਾਰ ਜ਼ਿੰਮੇਵਾਰ ਨਹੀਂ। ਸਰਕਾਰ ਤਾਂ ਸਰਕਾਰ ਹੈ। ਸਰਕਾਰ ਦਾ ਕੰਮ ਕੇਵਲ ਰਾਜ ਕਰਨਾ ਹੈ। ਲੱਖਾਂ ਰੁਪਏ ਮਹਿੰਗੀ ਪੜ੍ਹਾਈ 'ਤੇ ਖ਼ਰਚ ਕਰਕੇ ਜੇਕਰ ਤੁਹਾਡਾ ਬੱਚਾ ਬੇਰੁਜ਼ਗਾਰ ਫਿਰ ਰਿਹਾ ਤਾਂ ਤੁਸੀਂ ਸਰਕਾਰ 'ਤੇ ਕਿੰਤੂ ਨਹੀਂ ਕਰ ਸਕਦੇ। ਪੁਰਾਣੇ ਵੇਲਿਆਂ ਵਿਚ ਇਕ ਕਿਸਾਨ ਦੇ ਝੋਟੇ ਨੂੰ ਜੂੰਆਂ ਪੈ ਗਈਆਂ। ਜੂੰਆਂ ਨੇ ਝੋਟੇ ਦਾ ਜਿਊਣਾ ਮੁਹਾਲ ਕਰ ਦਿੱਤਾ। ਪਿੰਡ ਦੇ ਇਕ ਨਵੇਂ ਉੱਠੇ ਸਿਆਸਤੀ ਨੇ ਸਕੀਮ ਦੱਸੀ ਕਿ ਜੇਕਰ ਜੂੰਆਂ ਮਾਰਨੀਆਂ ਹਨ ਤਾਂ ਸਭ ਤੋਂ ਵਧੀਆ ਤਰੀਕਾ ਇਹ ਹੈ ਕਿ ਚੁੱਪ ਕਰਕੇ ਝੋਟਾ ਹੀ ਮਾਰ ਦਿਓ। ਜੂੰਆਂ ਆਪਣੇ ਆਪ ਮਰ ਜਾਣਗੀਆਂ। ਸਰਕਾਰਾਂ ਹੁਣ ਜੂੰਆਂ ਮਾਰਨ ਦੀ ਬਜਾਏ ਝੋਟੇ ਮਾਰਨ ਲੱਗੀਆਂ ਹੋਈਆਂ ਹਨ। ਜਦੋਂ ਜਨਤਕ ਅਦਾਰਾ ਹੀ ਜਨਤਕ ਨਹੀਂ ਰਹੇਗਾ ਤਾਂ ਸਰਕਾਰ ਦੀ ਨੌਕਰੀ ਦੇਣ ਦੀ ਜ਼ਿੰਮੇਵਾਰੀ ਵੀ ਨਾਲ ਹੀ ਖ਼ਤਮ ਹੋ ਜਾਵੇਗੀ। ਨਾ ਰਹੇਗਾ ਬਾਂਸ ਨਾ ਵੱਜੇਗੀ ਬੰਸਰੀ।
      ਤੁਸੀਂ ਇਹ ਸਵਾਲ ਕਰ ਸਕਦੇ ਹੋ ਕਿ ਜੇਕਰ ਸਾਰਾ ਕੁਝ ਪੂੰਜੀਵਾਦੀ ਹੱਥਾਂ ਵਿਚ ਦੇ ਦੇਣਾ ਹੈ ਤਾਂ ਦੇਸ਼ ਦੇ ਰਾਜ ਨੇਤਾਵਾਂ ਅਤੇ ਦੇਸ਼ ਦੀਆਂ ਸਰਕਾਰਾਂ ਨੇ ਕੀ ਕਰਨਾ ਹੈ? ਤੁਹਾਡਾ ਇਹ ਸਵਾਲ ਬੜਾ ਵਾਜਬ ਹੈ। ਪਰ ਸਾਨੂੰ ਹੁਣ ਤੱਕ ਇਹ ਸਮਝ ਜਾਣਾ ਚਾਹੀਦਾ ਹੈ ਕਿ ਭਵਿੱਖ ਵਿਚ ਜਨਤਕ ਅਦਾਰਿਆਂ ਤੇ ਜਨਤਕ ਸੇਵਾਵਾਂ ਤੋਂ ਬੇਫ਼ਿਕਰੀਆਂ ਹੋ ਕੇ ਸਰਕਾਰਾਂ ਕੇਵਲ ਰਾਜ ਹੀ ਕਰਨਾ ਹੈ।
      ਇਸ ਸਮੇਂ ਪੂਰੀ ਦੁਨੀਆ ਵਿਚ ਪੂੰਜੀਵਾਦੀ, ਨਿੱਜੀਕਰਨ ਅਤੇ ਸੰਸਾਰੀਕਰਨ ਦੀਆਂ ਨੀਤੀਆਂ ਦੀ ਚਰਚਾ ਹੋ ਰਹੀ ਹੈ। ਪਰ ਪੂਰੀ ਦੁਨੀਆ ਵਿਚ ਇਨ੍ਹਾਂ ਨੀਤੀਆਂ ਦਾ ਖੁੱਲ੍ਹ ਕੇ ਵਿਰੋਧ ਹੋ ਰਿਹਾ ਹੈ। ਭਾਰਤ ਵਿਚ ਇਹ ਕਿਸਾਨ ਅੰਦੋਲਨ ਦੇ ਰੂਪ ਵਿਚ ਵੇਖਣ ਨੂੰ ਮਿਲ ਰਿਹਾ ਹੈ। ਭਾਰਤ ਦੀ ਸਰਕਾਰ ਵਲੋਂ ਪੇਸ਼ ਕੀਤੇ ਤਿੰਨ ਕਾਲੇ ਕਾਨੂੰਨਾਂ ਦਾ ਵਿਰੋਧ ਕਾਲੇ ਕਾਨੂੰਨਾਂ ਦਾ ਵਿਰੋਧ ਨਾ ਹੋ ਕਾਰਪੋਰੇਟ ਪੂੰਜੀਵਾਦ ਦੇ ਵਿਰੋਧ ਵਿਚ ਤਬਦੀਲ ਹੁੰਦਾ ਨਜ਼ਰ ਆ ਰਿਹਾ ਹੈ। ਪੂੰਜੀਵਾਦੀ ਨੀਤੀਆਂ ਦੀ ਇਹ ਖਾਸੀਅਤ ਹੈ ਕਿ ਪੂੰਜੀਵਾਦ ਆਪਣੀਆਂ ਨੀਤੀਆਂ ਨੂੰ ਇਸ ਢੰਗ ਨਾਲ ਅੱਗੇ ਵਧਾਉਂਦਾ ਹੈ ਕਿ ਲੋਕਾਂ ਨੂੰ ਇਹ ਬੜੀਆਂ ਲੁਭਾਉਣੀਆਂ ਪ੍ਰਤੀਤ ਹੁੰਦੀਆਂ ਹਨ। ਜਿਵੇਂ ਆਪਣੇ ਫੋਨ ਕੁਨੈਕਸ਼ਨ ਦੇਣ ਲਈ ਸਸਤੇ ਮੋਬਾਈਲ ਫੋਨ ਵੀ ਲੋਕਾਂ ਨੂੰ ਮੁਹੱਈਆ ਕਰਵਾ ਦੇਣੇ ਤਾਂ ਕਿ ਲੋਕਾਂ ਨੂੰ ਲੱਗੇ ਕਿ ਮੁਫ਼ਤ ਵਿਚ ਮੋਬਾਈਲ ਮਿਲ ਰਿਹਾ ਹੈ। ਬਿਲਕੁਲ ਇਸੇ ਤਰ੍ਹਾਂ ਕਿਸਾਨ ਬਿੱਲਾਂ ਬਾਰੇ ਵੀ ਇਹ ਪ੍ਰਚਾਰ ਕੀਤਾ ਅਤੇ ਕਰਵਾਇਆ ਗਿਆ ਕਿ ਇਹ ਬਿੱਲ ਏਨੇ ਵਧੀਆ ਹਨ ਕਿ ਕਿਸਾਨ ਆਪਣੀ ਫ਼ਸਲ ਕਿਤੇ ਵੀ ਵੇਚ ਸਕਦਾ ਹੈ, ਆਪਣੀ ਮਰਜ਼ੀ ਦੇ ਮੁੱਲ 'ਤੇ ਵੇਚ ਸਕਦਾ ਹੈ। ਪਹਿਲੀ ਨਜ਼ਰੇ ਸਭ ਨੂੰ ਇਹ ਗੱਲ ਬੜੀ ਲੁਭਾਉਣੀ ਲਗਦੀ ਹੈ ਪਰ ਇਸ ਦਾ ਵਿਸ਼ਲੇਸ਼ਣ ਕੀਤਿਆਂ ਪਤਾ ਲਗਦਾ ਹੈ ਕਿ ਇਹ ਸਭ ਕੁਝ ਦੇਸ਼ ਦੇ ਕਿਸਾਨਾਂ ਲਈ ਕਿੰਨਾ ਖ਼ਤਰਨਾਕ ਹੈ।
      ਪੂਰੀ ਦੁਨੀਆ ਵਿਚ ਇਸ ਸਮੇਂ ਕਿਸੇ ਨਾ ਕਿਸੇ ਰੂਪ ਵਿਚ ਪੂੰਜੀਵਾਦ ਦਾ ਵਿਰੋਧ ਹੋ ਰਿਹਾ ਹੈ। ਇਹ ਨੀਤੀਆਂ ਜੋ ਆਮ ਲੋਕਾਂ ਨੂੰ ਸਾਧਨਹੀਣ ਬਣਾਉਂਦੀਆਂ ਹਨ। ਦਹਾਕੇ ਲਾ ਕੇ ਖੜ੍ਹੇ ਕੀਤੇ ਗਏ ਜਨਤਕ ਅਦਾਰਿਆਂ ਦਾ ਇਨ੍ਹਾਂ ਨੀਤੀਆਂ ਰਾਹੀਂ ਭੋਗ ਪਾਇਆ ਜਾਂਦਾ ਹੈ। ਲੋਕਾਂ ਲਈ ਰੁਜ਼ਗਾਰ ਦੇ ਬੂਹੇ ਬੰਦ ਹੁੰਦੇ ਹਨ। ਬੇਕਾਰੀ ਅਤੇ ਬੇਵਿਸ਼ਵਾਸੀ ਲਗਾਤਾਰ ਵਧਣ ਲਗਦੀ ਹੈ। ਦੇਸ਼ ਦਾ ਸਰਮਾਇਆ ਕੁਝ ਕੁ ਲੋਕਾਂ ਦੇ ਹੱਥਾਂ ਵਿਚ ਇਕੱਠਾ ਹੁੰਦਾ ਹੈ। ਜ਼ਿਆਦਾਤਰ ਲੋਕ ਸਾਧਨ ਵਿਹੂਣੇ ਬਣਾ ਦਿੱਤੇ ਜਾਂਦੇ ਹਨ। ਇਸ ਤਰ੍ਹਾਂ ਆਮ ਕਾਰੋਬਾਰੀਆਂ ਅਤੇ ਵਪਾਰੀਆਂ ਦੇ ਕੰਮਕਾਜ ਠੱਪ ਹੋਣ ਲਗਦੇ ਹਨ। ਬਾਜ਼ਾਰ ਵਿਚ ਮੰਦੀ ਦਾ ਆਲਮ ਬਣਨ ਲਗਦਾ ਹੈ। ਲੋਕ ਵੱਖ-ਵੱਖ ਤਰ੍ਹਾਂ ਦੀਆਂ ਮੁਸ਼ਕਿਲਾਂ, ਸਮੱਸਿਆਵਾਂ ਅਤੇ ਮਾਨਸਿਕ ਵਿਕਾਰਾਂ ਦੇ ਸ਼ਿਕਾਰ ਹੋਣ ਲੱਗਦੇ ਹਨ। ਅਫ਼ਸੋਸ ਦੀ ਗੱਲ ਇਹ ਹੈ ਕਿ ਇਨ੍ਹਾਂ ਨੀਤੀਆਂ ਨੂੰ ਦੇਸ਼ ਦੀਆਂ ਲੋਕਾਂ ਦੁਆਰਾ ਚੁਣੀਆਂ ਹੋਈਆਂ ਸਰਕਾਰਾਂ ਬੜੀ ਤੇਜ਼ੀ ਨਾਲ ਅੱਗੇ ਵਧਾ ਰਹੀਆਂ ਹਨ।
     ਲੋਕਤੰਤਰ ਦੀ ਖੂਬਸੂਰਤੀ ਇਹ ਹੋਣੀ ਚਾਹੀਦੀ ਹੈ ਕਿ ਲੋਕਤੰਤਰ ਵਿਚ ਲੋਕਾਂ ਦੁਆਰਾ ਚੁਣੀਆਂ ਹੋਈਆਂ ਸਰਕਾਰਾਂ ਲੋਕਾਂ ਲਈ ਕੰਮ ਕਰਨ। ਲੋਕ ਭਲਾਈ ਦੀਆਂ ਸਕੀਮਾਂ ਬਣਾਉਣ। ਅਜਿਹੀਆਂ ਤਰਜੀਹਾਂ 'ਤੇ ਕੰਮ ਕਰਨ ਕਿ ਲੋਕ ਸਾਧਨ ਸੰਪੰਨ ਹੋਣ। ਪੜ੍ਹੇ-ਲਿਖੇ ਬੱਚਿਆਂ ਲਈ ਵੱਧ ਤੋਂ ਵੱਧ ਰੁਜ਼ਗਾਰ ਦੇ ਸਾਧਨ ਮੁਹੱਈਆ ਹੋਣ। ਪੜ੍ਹਾਈ ਹਰ ਨਾਗਰਿਕ ਲਈ ਇਕਸਾਰ ਤੇ ਸਸਤੀ ਹੋਵੇ। ਪਰ ਜੇਕਰ ਕਿਸੇ ਦੇਸ਼ ਵਿਚ ਲੋਕਤੰਤਰੀ ਢੰਗ ਨਾਲ ਚੁਣੀਆਂ ਸਰਕਾਰਾਂ ਹੀ ਕਾਰਪੋਰੇਟ ਕੰਪਨੀਆਂ ਲਈ ਦਲਾਲ ਬਣ ਕੇ ਕੰਮ ਕਰਨਾ ਸ਼ੁਰੂ ਕਰ ਦੇਣ ਤਾਂ ਫਿਰ ਉਸ ਦੇਸ਼ ਦਾ ਰੱਬ ਹੀ ਰਾਖਾ ਹੈ। ਹੁਣ ਵਕਤ ਆ ਗਿਆ ਹੈ ਕਿ ਅਸੀਂ ਮੋਮ ਦੀ ਖ਼ਤਰਨਾਕ ਪਰਤ ਨੂੰ ਸਮਝੀਏ, ਸਭ ਵਰਤਾਰਿਆਂ ਦੀ ਘੋਖ ਪੜਤਾਲ ਕਰੀਏ ਅਤੇ ਪੂੰਜੀਵਾਦੀ ਨੀਤੀਆਂ ਦੇ ਖਿਲਾਫ਼ ਆਪਣੀ ਆਵਾਜ਼ ਬੁਲੰਦ ਕਰੀਏ।
- ਜ਼ੀਰਾ ਮੋ: 98550-51099

ਸੜਕ ਤੋਂ ਸੱਤਾ ਨੂੰ ਸਵਾਲ  - ਗੁਰਚਰਨ ਸਿੰਘ ਨੂਰਪੁਰ

ਕਿਸਾਨ ਅੰਦੋਲਨ ਦਾ ਸਭ ਤੋਂ ਵੱਡਾ ਹਾਸਲ ਇਹ ਹੈ ਕਿ ਇਸ ਰਾਹੀਂ ਦੁਨੀਆ ਵਿਚ ਪਹਿਲੀ ਵਾਰ ਪੂੰਜੀਵਾਦੀ ਨੀਤੀਆਂ ਦੇ ਵਿਆਪਕ ਵਿਰੋਧ ਦੀ ਸ਼ੁਰੂਆਤ ਹੋਈ। ਕੇਂਦਰ ਸਰਕਾਰ ਨੇ ਖੇਤੀ ਸੰਬੰਧੀ ਤਿੰਨ ਕਾਨੂੰਨ ਪਾਸ ਕਰਕੇ ਮੁਲਕ ਦੇ ਕਰੋੜਾਂ ਕਿਸਾਨਾਂ ਮਜ਼ਦੂਰਾਂ ਲਈ ‘ਕਰੋ ਜਾਂ ਮਰੋ’ ਵਾਲੀ ਹਾਲਤ ਪੈਦਾ ਕਰ ਦਿੱਤੀ। ਇਹ ਕਾਨੂੰਨ ਉਨ੍ਹਾਂ ਕਾਰਪੋਰੇਟ ਪੂੰਜੀਵਾਦੀ ਨੀਤੀਆਂ ਦਾ ਹਿੱਸਾ ਹਨ ਜਿਨ੍ਹਾਂ ਨੇ ਭਵਿੱਖ ਵਿਚ ਲੱਖਾਂ ਲੋਕਾਂ ਨੂੰ ਸਾਧਨਹੀਣ ਬਣਾ ਦੇਣਾ ਹੈ। ਇਨ੍ਹਾਂ ਕਾਨੂੰਨਾਂ ਨਾਲ ਸਿੱਧੇ ਅਸਿੱਧੇ ਢੰਗ ਨਾਲ 70 ਕਰੋੜ ਲੋਕਾਂ ਤੇ ਅਸਰ ਪੈਣ ਦਾ ਖ਼ਦਸ਼ਾ ਹੈ।
        ਕਾਰਪੋਰੇਟ ਨੀਤੀਆਂ ਪਹਿਲਾਂ ਵੀ ਹੋਰ ਅਦਾਰਿਆਂ ’ਚ ਲਾਗੂ ਕੀਤੀਆਂ ਪਰ ਇਨ੍ਹਾਂ ਦਾ ਇੰਨੀ ਵੱਡੀ ਪੱਧਰ ’ਤੇ ਵਿਰੋਧ ਨਹੀਂ ਹੋਇਆ। ਖੇਤੀ ਕਾਨੂੰਨ ਪਾਸ ਹੋਣ ਮਗਰੋਂ ਪੂੰਜੀਵਾਦੀ ਨੀਤੀਆਂ ਦਾ ਇਹ ਪਹਿਲਾ ਵੱਡਾ ਵਿਰੋਧ ਹੈ। ਸਰਕਾਰ ਸਾਰੀ ਤਾਕਤ ਝੋਕ ਕੇ ਕਾਨੂੰਨ ਲਾਗੂ ਕਰਨ ਲਈ ਬਜਿ਼ੱਦ ਹੈ। ਦੂਜੇ ਬੰਨੇ ਇਹ ਅੰਦੋਲਨ ਦੁਨੀਆ ਭਰ ਵਿਚ ਪੂੰਜੀਵਾਦੀ ਨੀਤੀਆਂ ਨੂੰ ਰੋਕਣ ਦਾ ਮੀਲ ਪੱਥਰ ਬਣ ਰਿਹਾ ਹੈ। ਇਸ ਅੰਦੋਲਨ ਨੂੰ ਪੰਜਾਬ, ਹਰਿਆਣਾ ਜਾਂ ਭਾਰਤ ਦੇ ਪ੍ਰਸੰਗ ਵਿਚ ਦੇਖਣਾ ਇਸ ਦਾ ਠੀਕ ਵਿਸ਼ਲੇਸ਼ਣ ਨਹੀਂ ਹੋਵੇਗਾ, ਆਰਥਕ ਨੀਤੀਆਂ ਦੀ ਸਮਝ ਰੱਖਣ ਵਾਲੇ ਇਸ ਨੂੰ ਬੜੀ ਉਤਸੁਕਤਾ ਨਾਲ ਦੇਖ ਰਹੇ ਹਨ। ਸਰਕਾਰ ਵੀ ਸਭ ਕੁਝ ਸਮਝ ਰਹੀ ਹੈ ਕਿ ਜੇਕਰ ਨੀਤੀਆਂ ਨੂੰ ਸੱਟ ਵੱਜਦੀ ਹੈ ਤਾਂ ਭਵਿੱਖ ਵਿਚ ਬਹੁਤ ਕੁਝ ਬਦਲੇਗਾ। ਸਰਕਾਰ ਬੇਸ਼ੱਕ ਕਹਿੰਦੀ ਹੈ ਕਿ ਕਿਸਾਨਾਂ ਨੂੰ ਕਾਨੂੰਨ ਦੀ ਸਮਝ ਨਹੀਂ ਪਰ ਹਕੀਕਤ ਇਹ ਹੈ ਕਿ ਕਿਸਾਨ ਕਾਨੂੰਨਾਂ ਦੀ ਸਾਜਿ਼ਸ਼ ਸਮਝ ਗਏ ਹਨ। ਇਸ ਵਾਰ ਕਿਸਾਨਾਂ ਦੀ ਲਾਈ ਸੰਸਦ ਉਨ੍ਹਾਂ ਦੀ ਸੂਝ ਦਾ ਹੀ ਪ੍ਰਗਟਾਵਾ ਸੀ। ਇਸ ਨਾਲ ਉਹ ਮੁਲਕ ਅਤੇ ਦੁਨੀਆ ਅੱਗੇ ਆਪਣੀ ਗੱਲ ਰੱਖਣ ਵਿਚ ਕਾਮਯਾਬ ਰਹੇ ਅਤੇ ਅੰਦੋਲਨ ਨੂੰ ਖਰਾਬ ਕਰਨ ਵਾਲੇ ਸ਼ਰਾਰਤੀ ਤੱਤਾਂ ਤੋਂ ਵੀ ਇਸ ਨੂੰ ਬਚਾ ਕੇ ਰੱਖਿਆ। ਕਿਸਾਨ ਅੰਦੋਲਨ ਨਾਲ ਮੁਲਕ ਵਿਚ ਬਹੁਤ ਕੁਝ ਬਦਲਿਆ ਹੈ। ਲਖੀਮਪੁਰ ਖੀਰੀ ਦੇ ਘਟਨਾਕ੍ਰਮ ਨੇ ਹਰ ਸੰਵੇਦਨਸ਼ੀਲ ਮਨੁੱਖ ਨੂੰ ਹਿਲਾ ਕੇ ਰੱਖ ਦਿੱਤਾ। ਇਸ ਦੇ ਬਾਵਜੂਦ ਕਿਸਾਨਾਂ ਦੇ ਹੌਸਲੇ ਬੁਲੰਦ ਹਨ ਅਤੇ ਉਹ ਸੜਕ ਤੇ ਖੜ੍ਹ ਕੇ ਸੱਤਾ ਨੂੰ ਸਵਾਲ ਕਰ ਰਹੇ ਹਨ।
        ਜੇ ਕਿਸਾਨ ਅੰਦੋਲਨ ਨਾ ਹੁੰਦਾ ਤਾਂ ਮੁਲਕ ਵਿਚ ਹੁਣ ਤੱਕ ਬਹੁਤ ਕੁਝ ਤਬਦੀਲ ਹੋ ਚੁੱਕਾ ਹੋਣਾ ਸੀ। ਇਸ ਦੀ ਖਾਸ ਵਿਲੱਖਣਤਾ ਇਹ ਹੈ ਕਿ ਇਸ ਰਾਹੀਂ ਪਹਿਲੀ ਵਾਰ ਦੁਨੀਆ ਦੇ ਵੱਡੀ ਗਿਣਤੀ ਲੋਕਾਂ ਨੇ ਕਾਰਪੋਰੇਟ ਨੀਤੀਆਂ ਦਾ ਵਿਰੋਧ ਕਰਨ ਦੀ ਜੁਰਅਤ ਕੀਤੀ ਹੈ। ਕਿਸਾਨ ਅੰਦੋਲਨ ਲੋਕਾਂ ਵਿਚ ਲੋਕ ਮਾਰੂ ਕਾਰਪੋਰੇਟ ਨੀਤੀਆਂ ਅਤੇ ਨਾਗਰਿਕਾਂ ਦੇ ਸਾਧਨਾਂ ਤੇ ਜਨਤਕ ਅਦਾਰਿਆਂ ਪ੍ਰਤੀ ਜਾਗ੍ਰਤੀ ਪੈਦਾ ਕਰਨ ਦਾ ਜ਼ਰੀਆ ਬਣ ਰਿਹਾ ਹੈ। ਕਿਸਾਨ ਅੰਦੋਲਨ ਨੇ ਮੁਲਕ ਦੇ ਅਸਾਸਿਆਂ ਨੂੰ ਪੂੰਜੀਪਤੀਆਂ ਨੂੰ ਵੇਚਣ ਵਾਲਿਆਂ ਅਤੇ ਮੁਲਕ ਨੂੰ ਬਚਾਉਣ ਵਾਲਿਆਂ ਵਿਚ ਲਕੀਰ ਖਿੱਚ ਦਿੱਤੀ ਹੈ।
        ਚਾਲਕ ਭਾਵੇਂ ਹੋਰ ਦਿਸਦੇ ਹਨ ਪਰ ਵਿਵਸਥਾ ਕੁਝ ਪੂੰਜੀਪਤੀਆਂ ਦੀਆਂ ਕੰਪਨੀਆਂ ਰਾਹੀਂ ਚੱਲਦੀ ਹੈ। ਨਿੱਜੀਕਰਨ ਦੀਆਂ ਨੀਤੀਆਂ ਨਾਲ ਬਹੁਗਿਣਤੀ ਲੋਕ, ਪ੍ਰਾਂਤ ਤੇ ਮੁਲਕ ਗਰੀਬ ਹੁੰਦੇ ਹਨ, ਮੁੱਠੀ ਭਰ ਕਾਰਪੋਰੇਸ਼ਨਾਂ ਤੇ ਵਿਚੋਲਗੀ ਦਾ ਰੋਲ ਅਦਾ ਕਰਨ ਵਾਲੇ ਨੇਤਾ ਤੇਜ਼ੀ ਨਾਲ ਅਮੀਰ ਹੁੰਦੇ ਹਨ। ਇਹ ਅਜਿਹੀ ਅਦਿੱਖ ਗੁਲਾਮੀ ਹੈ ਜਿਸ ਦੀ ਸਮਝ ਬਹੁਗਿਣਤੀ ਨੂੰ ਬਹੁਤ ਦੇਰ ਨਾਲ ਪੈਂਦੀ ਹੈ। ਪੂੰਜੀਵਾਦ ਅਜਿਹੀ ਵਿਵਸਥਾ ਹੈ ਜੋ ਆਪਣੇ ਮੁਨਾਫਿਆਂ ਲਈ ਕੁਦਰਤੀ ਸਾਧਨਾਂ ਦੀ ਲੁੱਟ ਕਰਦਾ ਹੈ ਅਤੇ ਵਾਤਾਵਰਨ ਦੀ ਤਬਾਹੀ ਦਾ ਕਾਰਨ ਬਣਦਾ ਹੈ। ਇਸੇ ਵਿਵਸਥਾ ਦੀ ਬਦੌਲਤ ਅੱਜ ਮੁਲਕ ਵਿਚ ਇਹ ਹਾਲਾਤ ਹਨ ਕਿ ਇੱਕ ਪਾਸੇ ਉਪਰਲੀ ਜਮਾਤ ਹੈ ਜਿਸ ਦਾ ਇੱਕ ਦਿਨ ਦਾ ਨਾਸ਼ਤਾ ਵੀ ਲੱਖਾਂ ਰੁਪਏ ਦਾ ਹੈ, ਦੂਜੇ ਪਾਸੇ ਭੁੱਖ ਨੰਗ, ਗਰੀਬੀ, ਮੰਦਹਾਲੀ ਨਾਲ ਘੁਲਦੇ ਉਹ ਲੋਕ ਹਨ ਜਿਨ੍ਹਾਂ ਦੇ ਬੱਚੇ ਹਸਪਤਾਲ ਵਿਚ ਆਕਸੀਜਨ ਸਿਲੰਡਰਾਂ ਦੀ ਕਮੀ ਹੋਣ ਕਰਕੇ ਮਰ ਜਾਂਦੇ ਹਨ। ਇਹ ਪੂੰਜੀਵਾਦੀ ਵਿਵਸਥਾ ਦੀ ਕਰਾਮਾਤ ਹੈ ਕਿ ਇੱਕ ਪਾਸੇ ਕਰਜ਼ਿਆਂ ਦੇ ਸਤਾਏ ਲੋਕ ਆਤਮ ਹੱਤਿਆਵਾਂ ਕਰ ਰਹੇ ਹਨ, ਦੂਜੇ ਪਾਸੇ ਬੈਂਕਾਂ ਆਪਣੇ ਮੁਲਾਜ਼ਮਾਂ ਨੂੰ ਵੱਧ ਤੋਂ ਵੱਧ ਕਰਜ਼ੇ ਦੇਣ ਦੇ ਟੀਚੇ ਦੇ ਰਹੀਆਂ ਹਨ।
       ਪੂੰਜੀਵਾਦ ਦਾ ਗਲਬਾ ਧਰਤੀ ਦੇ ਵੱਖ ਵੱਖ ਖਿੱਤਿਆਂ, ਖਣਿਜ ਪਦਾਰਥਾਂ, ਪਹਾੜਾਂ, ਝੀਲਾਂ, ਬੰਦਰਗਾਹਾਂ ਹਵਾਈ ਅੱਡਿਆਂ, ਮੀਡੀਆ ਹਾਊਸਾਂ ਤੋਂ ਲੈ ਕੇ ਵਰਤੀ ਜਾਣ ਵਾਲੀ ਹਰ ਵਸਤ ਅਤੇ ਲੋਕਾਂ ਦੀਆਂ ਲੋੜਾਂ ਤੱਕ ਹੈ। ਇਹਦੀ ਕੋਸ਼ਿਸ਼ ਹੈ ਕਿ ਲੋਕਾਂ ਨੂੰ ਵੱਧ ਤੋਂ ਵੱਧ ਸਾਧਨਹੀਣ ਬਣਾ ਕੇ ਸਸਤੀ ਲੇਬਰ ਵਿਚ ਤਬਦੀਲ ਕੀਤਾ ਜਾਵੇ। ਹਰ ਤਰ੍ਹਾਂ ਦੀਆਂ ਜਨਤਕ ਸੇਵਾਵਾਂ ਖਤਮ ਕਰ ਦਿੱਤੀਆਂ ਜਾਣ। ਬਹੁਗਿਣਤੀ ਲੋਕਾਂ ਨੂੰ ਖਾਣ ਪੀਣ ਅਤੇ ਕੱਪੜੇ ਪਹਿਨਣ ਤੱਕ ਸੀਮਤ ਕਰ ਦਿੱਤਾ ਜਾਵੇ। ਗਰੀਬਾਂ ਨੂੰ ਸਸਤਾ ਆਟਾ ਦਾਲ ਦੇਣਾ ਅਤੇ ਕਿਸਾਨਾਂ ਦੇ ਖਾਤਿਆਂ ਵਿਚ 2000 ਰੁਪਏ ਪਾਉਣੇ ਇਹ ਸਭ ਵੱਡੀ ਰਣਨੀਤੀ ਦਾ ਹਿੱਸਾ ਹੈ। ਲੋਕ ਇਹ ਸਭ ਕੁਝ ਮੰਗਦੇ ਨਹੀਂ, ਫਿਰ ਵੀ ਸੋਚੀ ਸਮਝੀ ਚਾਲ ਨਾਲ ਲੋਕਾਂ ਨੂੰ ਪਰੋਸਿਆ ਜਾ ਰਿਹਾ ਹੈ। ਦੂਜੇ ਪਾਸੇ ਜੋ ਕਿਸਾਨਾਂ ਨੇ ਕਦੇ ਮੰਗਿਆ ਨਹੀਂ, ਉਸ ਲਈ ਸਰਕਾਰ ਬਜ਼ਿਦ ਹੈ। ਇਸ ਖੇਡ ਪਿੱਛੇ ਇੱਕੋ ਇੱਕ ਕਾਰਨ ਇਹ ਹੈ ਕਿ ਲੋਕਾਂ ਨੂੰ ਵੱਡੀ ਗਿਣਤੀ ਵਿਚ ਸਾਧਨ ਤੇ ਸਿੱਖਿਆ ਵਿਹੂਣੇ ਬਣਾਉਣਾ ਹੈ ਤਾਂ ਜੋ ਉਹ ਖੈਰਾਤ ਲਈ ਸਰਕਾਰਾਂ ਦੇ ਦਰ ਖੜ੍ਹੇ ਰਹਿਣ। ਅਜਿਹੇ ਲੋਕ ਨਾ ਆਪਣੇ ਹੱਕਾਂ ਪ੍ਰਤੀ ਜਾਗਰੂਕ ਹੋ ਸਕਦੇ ਹਨ ਅਤੇ ਨਾ ਹੀ ਇਨ੍ਹਾਂ ਅੰਦਰ ਵਧੀਕੀਆਂ ਦਾ ਵਿਰੋਧ ਕਰਨ ਦੀ ਹਿੰਮਤ ਪੈਦਾ ਹੋ ਸਕਦੀ ਹੈ।
       ਇਸ ਸਮੇਂ ਐੱਨਡੀਏ ਨੂੰ ਛੱਡ ਕੇ ਸਭ ਰਾਜਸੀ ਪਾਰਟੀਆਂ, ਕਿਸਾਨਾਂ, ਮਜ਼ਦੂਰਾਂ ਦੀਆਂ ਜਥੇਬੰਦੀਆਂ, ਛੋਟੇ ਵਪਾਰੀ, ਬੁੱਧੀਜੀਵੀ, ਪੱਤਰਕਾਰ, ਲੇਖਕ, ਕਲਾਕਾਰ ਖੇਤੀ ਸੰਬੰਧੀ ਨਵੇਂ ਕਾਨੂੰਨ ਲਾਗੂ ਕਰਨ ਖਿਲਾਫ ਸੜਕਾਂ ਤੇ ਨਿੱਤਰੇ ਹਨ। ਕੇਂਦਰ ਸਰਕਾਰ ਦਾ ਇਹ ਰਵੱਈਆ ਰਿਹਾ ਹੈ ਕਿ ਉਹ ਆਪਣੇ ਗਲਤ ਫੈਸਲਿਆਂ ਨੂੰ ਠੀਕ ਸਾਬਤ ਕਰਨ ਲਈ ਆਪਣੀ ਪੂਰੀ ਤਾਕਤ ਝੋਕ ਦਿੰਦੀ ਹੈ ਪਰ ਸੱਚ ਇਹ ਵੀ ਹੈ ਕਿ ਕਾਠ ਦੀ ਹਾਂਡੀ ਵਾਰ ਵਾਰ ਨਹੀਂ ਚੜ੍ਹਦੀ। ਦੇਰ ਸਵੇਰ ਲੋਕ ਜਾਗਦੇ ਹਨ। ਇਤਿਹਾਸ ਗਵਾਹ ਹੈ ਕਿ ਲੋਕ ਰੋਹ ਅੱਗੇ ਵੱਡੀਆਂ ਸਲਤਨਤਾਂ ਨੂੰ ਵੀ ਝੁਕਣਾ ਪੈਂਦਾ ਹੈ। ਬੋਲ਼ੀ ਹੋ ਗਈ ਸਰਕਾਰ ਦੇ ਕੰਨਾਂ ਵਿਚ ਇਹ ਗੱਲ ਪਾਉਣ ਦੀ ਲੋੜ ਹੈ ਕਿ ਸਰਕਾਰਾਂ ਲੋਕਾਂ ਦੁਆਰਾ ਚੁਣੀਆਂ ਜਾਂਦੀਆਂ ਹਨ ਅਤੇ ਇਹ ਲੋਕਾਂ ਲਈ ਹੁੰਦੀਆ ਹਨ। ਕਾਨੂੰਨ ਲੋਕਾਂ ਲਈ ਹੁੰਦੇ ਹਨ ਨਾ ਕਿ ਲੋਕ ਕਾਨੂੰਨਾਂ ਲਈ। ਸਰਕਾਰ ਦੇ ਸਾਰੇ ਅਸਾਸੇ, ਸਾਰੇ ਅਦਾਰੇ ਮੁਨਾਫਿਆਂ ਲਈ ਨਹੀਂ ਹੁੰਦੇ। ਸਰਕਾਰ ਨੇ ਲੋਕ ਭਲਾਈ ਸਕੀਮਾਂ ਨੇਮਾਂ ਕਾਨੂੰਨਾਂ ਅਤੇ ਨੀਤੀਆਂ ਨੂੰ ਧਿਆਨ ਵਿਚ ਰੱਖ ਕੇ ਚੱਲਣਾ ਚਾਹੀਦਾ ਹੈ, ਨਾ ਕਿ ਕਿਸੇ ਧਨਾਢ ਕੰਪਨੀਆਂ ਜਾਂ ਵਿਅਕਤੀ ਵਿਸ਼ੇਸ਼ ਦਾ ਪੱਖ ਪੂਰਨਾ ਹੁੰਦਾ ਹੈ।
ਸੰਪਰਕ : 98550-51099

ਆਓ, ਆਪਣੇ ਹਿੱਸੇ ਦੇ ਅੰਬਰ ਦੀ ਤਲਾਸ਼ ਕਰੀਏ - ਗੁਰਚਰਨ ਸਿੰਘ ਨੂਰਪੁਰ

ਇਕ ਵਿਕਲਾਂਗ ਮੰਗਤਾ ਸ਼ਹਿਰ ਦੀ ਇਕ ਅਤਿ ਪਛੜੀ ਬਸਤੀ ਵਿਚ ਸਾਰੀ ਉਮਰ ਇਕੋ ਜਗ੍ਹਾ ਬੈਠ ਕੇ ਮੰਗਦਾ ਰਿਹਾ। ਇਕੋ ਜਗ੍ਹਾ 'ਤੇ ਹੀ ਗੰਦਗੀ ਵਿਚ ਉਸ ਨੇ ਸਾਰੀ ਉਮਰ ਕੱਟੀ, ਬਿਰਧ ਹੋਇਆ ਤੇ ਆਖ਼ਰ ਇਕ ਦਿਨ ਮਰ ਗਿਆ। ਬਸਤੀ ਦੇ ਲੋਕ ਇਕੱਠੇ ਹੋਏ। ਇਹ ਮਸਲਾ ਖੜ੍ਹਾ ਹੋ ਗਿਆ ਕਿ ਮ੍ਰਿਤਕ ਮੰਗਤੇ ਨੂੰ ਕਿੱਥੇ ਦਫ਼ਨਾਇਆ ਜਾਵੇ? ਜਿੱਥੇ ਹੋਰ ਵਿਅਕਤੀ ਦਫ਼ਨਾਏ ਜਾਂਦੇ ਹਨ, ਉੱਥੇ ਹੀ ਇਕ ਮੰਗਤੇ ਨੂੰ ਦਫ਼ਨਾ ਦਿੱਤਾ ਜਾਵੇ, ਇਹ ਤਾਂ ਅਨਰਥ ਹੋ ਸਕਦਾ ਸੀ। ਇਕ ਵਿਅਕਤੀ ਨੇ ਸੁਝਾਅ ਦਿੱਤਾ, ਇਸ ਨੇ ਸਾਰੀ ਉਮਰ ਇਸ ਥਾਂ 'ਤੇ ਬਹਿ ਕੇ ਇਸ ਜਗ੍ਹਾ ਨੂੰ ਗੰਦਾ ਕਰ ਦਿੱਤਾ। ਇਹ ਜਗ੍ਹਾ ਭ੍ਰਿਸ਼ਟ ਹੋ ਗਈ ਹੈ, ਇਸ ਲਈ ਚੰਗਾ ਹੈ ਕਿਸੇ ਹੋਰ ਥਾਂ ਨੂੰ ਅਪਵਿੱਤਰ ਕਰਨ ਦੀ ਬਜਾਏ ਇਸੇ ਜਗ੍ਹਾ ਟੋਇਆ ਪੁੱਟ ਕੇ ਇਸ ਦੀ ਲਾਸ਼ ਨੂੰ ਦੱਬ ਦਿੱਤਾ ਜਾਵੇ। ਦੂਜੇ ਲੋਕਾਂ ਨੂੰ ਉਸ ਦੀ ਗੱਲ ਕੁਝ ਠੀਕ ਲੱਗੀ। ਮੰਗਤੇ ਦੀ ਦੇਹ ਨੂੰ ਕੁਝ ਫੁੱਟ ਪਾਸੇ ਕਰ ਕੇ ਉਸ ਜਗ੍ਹਾ ਟੋਇਆ ਪੁੱਟਿਆ ਜਾਣ ਲੱਗਾ ਜਿੱਥੇ ਸਾਰੀ ਉਮਰ ਉਸ ਨੇ ਗੰਦਗੀ ਵਿਚ ਕੱਟੀ ਸੀ। ਦੋ ਕੁ ਫੁੱਟ ਡੂੰਘਾ ਟੋਆ ਪੁੱਟਿਆ ਤਾਂ ਹੇਠੋਂ ਬਹੁਤ ਵੱਡਾ ਖਜ਼ਾਨਾ ਨਿਕਲਿਆ। ਲੋਕ ਬੜੇ ਹੈਰਾਨ ਹੋਏ। ਪੂਰੇ ਸ਼ਹਿਰ ਵਿਚ ਚਰਚੇ ਛਿੜ ਗਏ ਕਿ ਉਹ ਪਛੜੀ ਬਸਤੀ ਵਿਚ ਇਕ ਗੰਦੀ ਜਿਹੀ ਥਾਂ 'ਤੇ ਬੈਠਾ ਮੰਗਤਾ ਜੋ ਸਾਰੀ ਉਮਰ ਭੁੱਖ ਨੰਗ, ਗ਼ਰੀਬੀ ਨਾਲ ਜੂਝਦਾ ਰਿਹਾ, ਉਸੇ ਥਾਂ ਉਸ ਤੋਂ ਸਿਰਫ ਦੋ ਫੁੱਟ ਦੂਰ ਵੱਡਾ ਖਜ਼ਾਨਾ ਦੱਬਿਆ ਪਿਆ ਰਿਹਾ, ਪਰ ਉਸ ਨੂੰ ਪਤਾ ਹੀ ਨਹੀਂ ਚੱਲਿਆ। ਇਹ ਕਹਾਣੀ ਸਾਡੇ ਸਮਾਜ ਦੇ ਬਹੁਗਿਣਤੀ ਮਨੁੱਖਾਂ ਦੀ ਕਹਾਣੀ ਹੈ।
ਲੱਖਾਂ ਲੋਕ ਇਸ ਧਰਤੀ 'ਤੇ ਪੈਦਾ ਹੋਏ ਤੇ ਚਲੇ ਗਏ। ਲੱਖਾਂ ਲੋਕ ਪੈਦਾ ਹੋਣਗੇ ਤੇ ਚਲੇ ਜਾਣਗੇ ਪਰ ਕੀ ਇਹ ਸੱਚ ਨਹੀਂ ਕਿ ਕੁਝ ਖੋਜੀ ਬਿਰਤੀ ਦੇ ਲੋਕ ਹੀ ਆਪਣੇ ਹਿੱਸੇ ਆਉਂਦੇ ਖਜ਼ਾਨਿਆਂ ਨੂੰ ਲੱਭਦੇ ਹਨ। ਬਹੁਗਿਣਤੀ ਉਹ ਹਨ ਜਿਹੜੇ ਆਪਣੇ ਹਿੱਸੇ ਆਉਂਦੇ ਖਜ਼ਾਨਿਆਂ ਤੋਂ ਬੇਖ਼ਬਰ ਹਨ। ਥੋੜ੍ਹੀ ਗਿਣਤੀ ਉਹ ਹਨ ਜਿਨ੍ਹਾਂ ਕੋਲ ਆਪਣੇ ਹਿੱਸੇ ਦੇ ਖਜ਼ਾਨਿਆਂ ਤੱਕ ਜਾਣ ਦੀ ਵਿਹਲ ਨਹੀਂ। ਸਮੇਂ ਦੇ ਹਰ ਦੌਰ ਵਿਚ ਬਹੁਤ ਥੋੜ੍ਹੇ ਅਜਿਹੇ ਲੋਕ ਹੁੰਦੇ ਹਨ ਜੋ ਵਿਲੱਖਣ ਕਾਰਜਾਂ ਨੂੰ ਅੰਜਾਮ ਦਿੰਦੇ ਹਨ।
ਧਰਤੀ 'ਤੇ ਪੈਦਾ ਹੋਣ ਵਾਲੇ ਹਰ ਮਨੁੱਖ ਦਾ ਸਾਡਾ ਆਲਾ-ਦੁਆਲਾ, ਸਾਡਾ ਰਹਿਣ-ਸਹਿਣ, ਵਿੱਦਿਆ, ਅਜਿਹੀ ਹੋਣੀ ਚਾਹੀਦੀ ਹੈ ਕਿ ਉਹ ਆਪਣੇ ਅੰਦਰਲੀਆਂ ਸ਼ਕਤੀਆਂ ਦੀ ਪਛਾਣ ਕਰ ਸਕੇ। ਹਰ ਮਨੁੱਖ ਨੂੰ ਸੁਆਲ ਕਰਨ ਦੀ ਯੁਗਤ ਸਿੱਖਣੀ ਚਾਹੀਦੀ ਹੈ। ਧਰਤੀ ਦੇ ਕਿਸੇ ਵੀ ਖਿੱਤੇ ਵਿਚ ਰਹਿਣ ਵਾਲੇ ਹਰ ਮਨੁੱਖ ਨੂੰ ਹਰ ਵਿਸ਼ੇ 'ਤੇ ਸੁਆਲ ਕਰਨ ਦੀ ਖੁੱਲ੍ਹ ਹੋਣੀ ਚਾਹੀਦੀ ਹੈ। ਜਦੋਂ ਕੋਈ ਸਮਾਜ ਸੁਆਲ ਕਰਨ ਦੀ ਮਨੋਬਿਰਤੀ ਨੂੰ ਤਿਆਗ ਦਿੰਦਾ ਹੈ ਤਾਂ ਉਦੋਂ ਉਸ ਦੇ ਮਾੜੇ ਦੌਰ ਦੀ ਸ਼ੁਰੂਆਤ ਹੋ ਜਾਂਦੀ ਹੈ। ਸੁਆਲ ਹਮੇਸ਼ਾ ਸਮਝਦਾਰ ਲੋਕ ਕਰਦੇ ਹਨ। ਸੁਆਲ ਖੜ੍ਹੇ ਕਰਨ ਲਈ ਗਿਆਨ ਦੀ ਲੋੜ ਹੁੰਦੀ ਹੈ। ਯੂਨਾਨ ਦਾ ਮਹਾਨ ਫ਼ਿਲਾਸਫ਼ਰ ਸੁਕਰਾਤ ਉਸ ਦੀ ਫ਼ਿਲਾਸਫ਼ੀ ਦਾ ਸਾਰ ਹੀ ਸੁਆਲ ਕਰਨਾ ਸੀ। ਇਕ ਦਿਨ ਉਹ ਆਪਣੇ ਚੇਲਿਆਂ ਨਾਲ ਵਿਚਾਰ-ਚਰਚਾ ਕਰ ਰਿਹਾ ਸੀ ਤਾਂ ਸੁਆਲ ਇਹ ਪੈਦਾ ਹੋਇਆ ਕਿ ਮਨੁੱਖ ਲਈ ਸਭ ਤੋਂ ਵੱਧ ਕੀਮਤੀ ਵਸਤੂ ਕਿਹੜੀ ਹੈ? ਇਸ ਦੇ ਜੁਆਬ ਵਿਚ ਕਿਸੇ ਨੇ ਕੁਝ, ਕਿਸੇ ਨੇ ਕੁਝ ਦੱਸਿਆ ਪਰ ਆਖ਼ਰ ਜਦੋਂ ਸੁਕਰਾਤ ਤੋਂ ਪੁੱਛਿਆ ਗਿਆ ਤਾਂ ਉਸ ਜੁਆਬ ਦਿੱਤਾ ਕਿ ਮਨੁੱਖ ਲਈ ਜੋ ਸਭ ਤੋਂ ਵੱਧ ਕੀਮਤੀ ਹੈ ਉਹ ਹੈ 'ਗਿਆਨ'। ਗਿਆਨਵਾਨ ਹੋਣ ਨਾਲ ਹੀ ਮਨੁੱਖ ਦੀ ਜ਼ਿੰਦਗੀ ਦੇ ਸਾਰਤੱਤ ਨਾਲ ਵਾਕਫ਼ੀ ਹੁੰਦੀ ਹੈ।
ਆਪਣੇ ਅੰਦਰ ਛੁਪੇ ਆਪਣੇ ਹਿੱਸੇ ਆਉਂਦੇ ਖਜ਼ਾਨਿਆਂ ਦੀ ਭਾਲ ਉਹ ਲੋਕ ਕਰਦੇ ਹਨ ਜੋ ਜਾਗੇ ਹੋਣ। ਅਜਿਹੇ ਇਨਸਾਨ ਜੋ ਆਪਣੇ ਮਿਸ਼ਨ ਲਈ ਸਖ਼ਤ ਮਿਹਨਤਾਂ ਕਰਦੇ ਹਨ, ਇਹ ਮਿਹਨਤ ਸਰੀਰਕ ਵੀ ਹੋ ਸਕਦੀ ਹੈ ਅਤੇ ਜ਼ਿਹਨੀ ਵੀ। ਜੋ ਰਾਤਾਂ ਜਾਗਦੇ ਹਨ ਉਹ ਤਾਰਿਆਂ ਨਾਲ ਸਾਂਝਾਂ ਪਾਉਣ ਦੇ ਸਮਰੱਥ ਹੋ ਜਾਂਦੇ ਹਨ। ਜਿਨ੍ਹਾਂ ਦੇ ਅੰਦਰ ਛੂਕਦੇ ਜਜ਼ਬੇ ਹੋਣ, ਜੋ ਦੂਜਿਆਂ ਲਈ ਕੁਝ ਕਰ ਗੁਜ਼ਰਨ ਦਾ ਹੌਸਲਾ ਅਤੇ ਹਿੰਮਤ ਰੱਖਦੇ ਹੋਣ, ਤੂਫ਼ਾਨਾਂ ਝੱਖੜਾਂ ਵਿਚ ਵੀ ਉਨ੍ਹਾਂ ਦੇ ਪੈਰ ਅਡੋਲ ਰਹਿੰਦੇ ਹਨ। ਕੁਝ ਲੋਕ ਸਾਰੀ ਉਮਰ ਕਿਸੇ ਮੰਗਤੇ ਵਾਂਗ ਤਰਸ ਦੇ ਪਾਤਰ ਬਣੇ ਰਹਿੰਦੇ ਹਨ। ਰੀੜ੍ਹ ਦੀ ਹੱਡੀ ਹੋਣ ਦੇ ਬਾਵਜੂਦ ਆਪਣੇ ਪੈਰਾਂ 'ਤੇ ਖੜ੍ਹੇ ਹੋਣ ਦਾ ਹੀਆ ਨਹੀਂ ਹੁੰਦਾ। ਜਿਨ੍ਹਾਂ ਵਿਚ ਸਮੇਂ ਦੀ ਅੱਖ ਵਿਚ ਅੱਖ ਪਾ ਕੇ ਵੇਖਣ ਦੀ ਜੁਰਅੱਤ ਨਹੀਂ ਹੁੰਦੀ, ਉਨ੍ਹਾਂ ਦੀ ਸਾਰੀ ਉਮਰ ਹੱਡ ਗੋਡੇ ਰਗੜਦਿਆਂ ਲੰਘਦੀ ਹੈ। ਮਨੁੱਖ ਨੂੰ ਆਸਰੇ ਲੈਣ ਵਾਲਾ ਨਹੀਂ ਬਲਕਿ ਆਸਰੇ ਦੇਣ ਵਾਲਾ ਬਣਨਾ ਚਾਹੀਦਾ ਹੈ।
ਡਾਰਵਿਨ ਨੇ ਦੁਨੀਆ ਦੇ ਲੋਕਾਂ ਨੂੰ ਦੱਸਿਆ ਕਿ ਕੁਦਰਤ ਉਨ੍ਹਾਂ ਜੀਵਾਂ ਨੂੰ ਵਧਣ-ਫੁੱਲਣ ਦਾ ਮੌਕਾ ਪ੍ਰਦਾਨ ਕਰਦੀ ਹੈ ਜਿਹੜੇ ਜੀਵ-ਜੰਤੂਆਂ ਵਿਚ ਹਰ ਤਰ੍ਹਾਂ ਦੇ ਹਾਲਾਤ ਨਾਲ ਲੜਨ ਦੀ ਹਿੰਮਤ ਤੇ ਸ਼ਕਤੀ ਹੋਵੇ। ਇਹ ਜੀਵ-ਜੰਤੂ ਆਪਣਾ ਵਿਕਾਸ ਕਰਦੇ ਹਨ ਤੇ ਕੁਦਰਤ ਇਨ੍ਹਾਂ ਨੂੰ ਵਧਣ-ਫੁੱਲਣ ਦਾ ਮੌਕਾ ਪ੍ਰਦਾਨ ਕਰਦੀ ਹੈ। ਇਸ ਦੇ ਉਲਟ ਜੋ ਜੀਵ ਜਾਤੀਆਂ ਹਾਲਾਤ ਅੱਗੇ ਹਾਰ ਜਾਂਦੀਆਂ ਹਨ ਉਹ ਸਮੇਂ ਦੀ ਗਰਦ ਵਿਚ ਗੁਆਚ ਜਾਂਦੀਆਂ ਹਨ। ਮਹਾਨ ਜੀਵ ਵਿਗਿਆਨੀ ਦੀ ਇਸ ਖੋਜ ਵਿਚ ਜੀਵਨ ਦਾ ਬਹੁਤ ਵੱਡਾ ਰਹੱਸ ਛੁਪਿਆ ਹੋਇਆ ਹੈ। ਜਿੱਥੇ ਡਾਰਵਿਨ ਦੀ ਇਹ ਖੋਜ ਜੀਵ ਵਿਕਾਸ ਦੀ ਗੁੰਝਲ ਨੂੰ ਸੁਲਝਾਉਂਦੀ ਹੈ, ਉੱਥੇ ਇਹ ਖੋਜ ਸਾਨੂੰ ਦੱਸਦੀ ਹੈ ਕਿ ਵੱਡੀਆਂ ਤੋਂ ਵੱਡੀਆਂ ਜੰਗਾਂ ਉਹ ਲੋਕ ਜਿੱਤਦੇ ਹਨ ਜਿਨ੍ਹਾਂ ਅੰਦਰ ਜਿੱਤ ਦਾ ਜਜ਼ਬਾ, ਹਿੰਮਤ ਅਤੇ ਦਲੇਰੀ ਹੋਵੇ। ਜੋ ਲਾਟਰੀ ਪਾ ਕੇ ਅਮੀਰ ਹੋਣ ਦੀ ਝਾਕ ਰੱਖਦੇ ਹਨ, ਉਹ ਨਹੀਂ ਜਾਣਦੇ ਕਿ ਅਮੀਰੀ ਦਾ ਖਜ਼ਾਨਾ ਲਾਟਰੀ ਦੀ ਟਿਕਟ ਨਾਲ ਨਹੀਂ ਬਲਕਿ ਉੱਚੇ ਨਿਸ਼ਾਨੇ ਮਿੱਥ ਕੇ ਲੱਭਿਆ ਜਾ ਸਕਦਾ ਹੈ। ਲਾਟਰੀ ਨਿਕਲ ਆਉਣ ਨਾਲ ਕੁਝ ਪੈਸੇ ਤਾਂ ਹਾਸਲ ਹੋ ਸਕਦੇ ਹਨ ਪਰ ਅਮੀਰ ਨਹੀਂ ਹੋਇਆ ਜਾ ਸਕਦਾ। ਦੁਨੀਆ ਵਿਚ ਇਕ ਵੀ ਅਜਿਹੀ ਉਦਾਹਰਨ ਨਹੀਂ ਜਿਸ ਵਿਚ ਲਾਟਰੀ ਪਾ ਕੇ ਅਮੀਰ ਹੋਏ ਵਿਅਕਤੀ ਨੇ ਆਪਣੇ ਕਾਰੋਬਾਰ ਦਾ ਵਿਸਥਾਰ ਕਰਕੇ ਹਜ਼ਾਰਾਂ ਲੋਕਾਂ ਨੂੰ ਰੁਜ਼ਗਾਰ ਦਿੱਤਾ ਹੋਵੇ।
ਇਕ ਮਹਾਨ ਇਨਸਾਨ ਦੀ ਜ਼ਿੰਦਗੀ ਦਾ ਵੱਡਾ ਹਿੱਸਾ ਮੁਸ਼ਕਿਲਾਂ-ਮੁਸੀਬਤਾਂ ਨਾਲ ਜੂਝਦਿਆਂ ਗੁਜ਼ਰਿਆ। ਹਰ ਹਾਲ ਵਿਚ ਬੁਲੰਦ ਸੋਚ ਰੱਖਣ ਵਾਲੇ ਉਸ ਮਨੁੱਖ ਨੂੰ ਕਿਸੇ ਨੇ ਪੁੱਛਿਆ, 'ਤੁਸੀਂ ਮੁਸੀਬਤਾਂ ਦੇ ਏਨੇ ਵੱਡੇ ਪਹਾੜ ਕਿਵੇਂ ਪਾਰ ਕਰ ਲੈਂਦੇ ਹੋ?' ਤਾਂ ਉਸ ਨੇ ਜਵਾਬ ਦਿੱਤਾ, 'ਜੇ ਮੁਸੀਬਤ ਇਕ ਗਿੱਠ ਹੁੰਦੀ ਹੈ ਤਾਂ ਮੈਂ ਆਪਣਾ ਹੌਸਲਾ ਚਾਰ ਗਿੱਠਾਂ ਕਰ ਲੈਂਦਾ ਹਾਂ। ਜੇ ਇਹ ਦੋ ਗਿੱਠਾਂ ਹੁੰਦੀ ਹੈ ਤਾਂ ਫਿਰ ਮੇਰਾ ਹੌਸਲਾ ਅੱਠ ਗਿੱਠਾਂ ਹੁੰਦਾ ਹੈ।'
ਸਾਡੀ ਸੰਸਕ੍ਰਿਤੀ ਅਤੇ ਸੱਭਿਆਚਾਰ ਅਧਿਆਤਮਿਕ ਮਨੋਬਿਰਤੀ ਵਾਲਾ ਹੈ। ਸਾਡੇ ਸਮਾਜ ਦੇ ਬਹੁਗਿਣਤੀ ਲੋਕ, ਜੋ ਹੋਣਾ-ਵਾਪਰਨਾ ਹੈ, ਉਸ ਨੂੰ ਧੁਰੋਂ ਲਿਖਿਆ ਮੰਨਦੇ ਹਨ। ਇਸ ਮਨੋਬਿਰਤੀ ਨੇ ਸਮਾਜ ਦਾ ਕਿੰਨਾ ਨੁਕਸਾਨ ਕੀਤਾ ਹੈ, ਇਸ ਦਾ ਅੰਦਾਜ਼ਾ ਨਹੀਂ ਲਾਇਆ ਜਾ ਸਕਦਾ। ਕਿਸਮਤਵਾਦੀ ਫ਼ਲਸਫ਼ਾ ਉਨ੍ਹਾਂ ਲੋਕਾਂ ਦਾ ਫ਼ਲਸਫ਼ਾ ਹੈ ਜੋ ਦੂਜਿਆਂ ਦੇ ਖੂਨ-ਪਸੀਨੇ 'ਤੇ ਪਲਦੇ ਹਨ। ਕਿਸਮਤ ਨੂੰ ਕੋਸਦੇ ਰਹਿਣ ਵਾਲੀ ਜ਼ਬਾਨ ਤੋਂ ਚੜ੍ਹਦੀ ਕਲਾ ਦੇ ਗੀਤ ਗਾਏ ਜਾਣ ਦੀ ਝਾਕ ਨਾ ਰੱਖਿਓ। ਹੱਥਾਂ ਦੀਆਂ ਲਕੀਰਾਂ ਨੂੰ ਵੇਖ ਕੇ ਝੂਰਦੇ ਰਹਿਣ ਨਾਲ ਫੁੱਲਾਂ ਦੀਆਂ ਕਿਆਰੀਆਂ ਨਹੀਂ ਬੀਜੀਆਂ ਜਾ ਸਕਦੀਆਂ। ਲੱਤ 'ਤੇ ਲੱਤ ਰੱਖ ਕੇ ਬਹਿਣ ਵਾਲੇ ਮੰਜ਼ਿਲਾਂ ਸਰ ਨਹੀਂ ਕਰਿਆ ਕਰਦੇ। ਨਿਰਸਵਾਰਥ ਖੂਨਦਾਨ ਕਰਨ ਵਾਲਿਆਂ ਦੇ ਖੂਨ ਵਿਚ ਦੂਜਿਆਂ ਦਾ ਭਲਾ ਕਰਨ ਦੀ ਪ੍ਰਵਿਰਤੀ ਮੌਜੂਦ ਹੁੰਦੀ ਹੈ। ਹੱਥਾਂ 'ਤੇ ਹੱਥ ਰੱਖ ਕੇ ਬਹਿਣ ਵਾਲੇ ਜਿਸ ਤਰ੍ਹਾਂ ਇਸ ਧਰਤੀ 'ਤੇ ਆਉਂਦੇ ਹਨ ਉਵੇਂ ਹੀ ਤੁਰ ਜਾਂਦੇ ਹਨ। ਰਹਿਮ ਦੀ ਭੀਖ ਮੰਗਦੇ ਹੱਥਾਂ ਨਾਲ ਜੰਗਾਂ ਨਹੀਂ ਜਿੱਤੀਆਂ ਜਾਂਦੀਆਂ। ਉਹ ਲੋਕ ਦੂਜਿਆਂ ਲਈ ਆਸਰਾ ਬਣਦੇ ਹਨ ਜਿਨ੍ਹਾਂ ਅੰਦਰ ਕੁਝ ਕਰ ਗੁਜ਼ਰਨ ਦੀ ਹਿੰਮਤ ਹੋਵੇ। ਮੰਜ਼ਿਲਾਂ ਉਹ ਮਾਰਦੇ ਹਨ ਜਿਹੜੇ ਤੁਰਨਾ ਜਾਣਦੇ ਹੋਣ।
ਇਕ ਛੋਟੀ ਜਿਹੀ ਮਨੋਕਲਪਿਤ ਕਥਾ ਹੈ ਜੋ ਜ਼ਿੰਦਗੀ ਦੇ ਸੱਚ ਨੂੰ ਬੜੇ ਸਲੀਕੇ ਨਾਲ ਬਿਆਨ ਕਰਦੀ ਹੈ। ਇਸ ਲੋਕ ਕਥਾ ਅਨੁਸਾਰ ਇਕ ਭਿਆਨਕ ਕੁਦਰਤੀ ਕਰੋਪੀ ਨਾਲ ਇਕ ਪਰਿਵਾਰ ਬੁਰੀ ਤਰ੍ਹਾਂ ਬਰਬਾਦ ਹੋ ਗਿਆ ਅਤੇ ਪਰਿਵਾਰ ਦਾ ਆਗੂ ਪਰਿਵਾਰ ਨੂੰ ਲੈ ਕੇ ਕਿਸੇ ਹੋਰ ਥਾਂ ਵੱਸ ਜਾਣ ਲਈ ਜਾ ਰਿਹਾ ਸੀ। ਇਕ ਜੰਗਲ ਵਿਚ ਉਨ੍ਹਾਂ ਨੂੰ ਰਾਤ ਹੋ ਗਈ। ਪਰਿਵਾਰ ਦੇ ਕੋਲ ਤਨ ਦੇ ਕੱਪੜਿਆਂ ਤੋਂ ਇਲਾਵਾ ਹੋਰ ਕੁਝ ਵੀ ਨਹੀਂ ਸੀ। ਪਰਿਵਾਰ ਦੇ ਆਗੂ 'ਪਿਤਾ' ਨੇ ਆਪਣੇ ਵੱਡੇ ਪੁੱਤਰ ਨੂੰ ਕਿਹਾ, 'ਉੱਤਰ ਦਿਸ਼ਾ ਵੱਲ ਜਾਹ ਤੇ ਪਾਣੀ ਲੈ ਕੇ ਆ।' ਛੋਟੇ ਪੁੱਤਰ ਨੂੰ ਕਿਹਾ ਤੂੰ ਦੱਖਣ ਦਿਸ਼ਾ ਵੱੱਲ ਜਾ ਤੇ ਅੱਗ ਦਾ ਪ੍ਰਬੰਧ ਕਰ। ਆਪਣੀ ਨਿੱਕੀ ਧੀ ਨੂੰ ਉਸ ਨੇ ਚੁੱਲ੍ਹਾ ਬਣਾਉਣ ਲਈ ਕਿਹਾ। ਉਸ ਦੀ ਆਗਿਆਕਾਰੀ ਔਲਾਦ ਹੁਕਮ ਮੰਨ ਕੇ ਤੁੁਰੰਤ ਇਹ ਸਭ ਕੁਝ ਕਰਨ ਲੱਗੀ ਤਾਂ ਰੁੱਖ ਦੀ ਟਹਿਣੀ 'ਤੇ ਬੈਠਾ ਇਕ ਜਨੌਰ ਬੋਲਿਆ, 'ਅੱਗ, ਪਾਣੀ ਤੇ ਚੁੱਲ੍ਹੇ ਦਾ ਕੀ ਕਰੋਗੇ? ਖਾਣ ਲਈ ਤਾਂ ਕੁਝ ਹੈ ਨਹੀਂ ਤੁਹਾਡੇ ਕੋਲ?' ਉਹ ਆਸ਼ਾਵਾਦੀ ਬੰਦਾ ਬੋਲਿਆ 'ਖਾਣ ਲਈ ਵੀ ਕੁਝ ਪ੍ਰਬੰਧ ਜ਼ਰੂਰ ਕਰਾਂਗੇ, ਹੋਰ ਨਹੀਂ ਤਾਂ ਤੂੰ ਤਾਂ ਕਿਤੇ ਨਹੀਂ ਗਿਆ।' ਅੱਗੇ ਕਹਾਣੀ ਕਹਿੰਦੀ ਹੈ ਕਿ ਜਨੌਰ ਉਸ ਆਸ਼ਾਵਾਦੀ ਬੰਦੇ ਦੀ ਗੱਲ ਸੁਣ ਕੇ ਡਰ ਗਿਆ। ਉਹ ਕਹਿਣ ਲੱਗਾ 'ਮੈਨੂੰ ਨਾ ਮਾਰਿਓ ਮੈਂ ਤੁਹਾਨੂੰ ਦੱਸਦਾ ਹਾਂ ਕਿ ਜਿਸ ਰੁੱਖ ਦੇ ਹੇਠਾਂ ਤੁਸੀਂ ਬੈਠੇ ਹੋ ਇਸ ਦੇ ਹੇਠਾਂ ਬੜਾ ਵੱਡਾ ਖਜ਼ਾਨਾ ਦੱਬਿਆ ਹੋਇਆ ਹੈ। ਉਹ ਪੁੱਟ ਲਓ ਤੇ ਵਾਪਸ ਚਲੇ ਜਾਓ।' ਪਰਿਵਾਰ ਦੀ ਮਦਦ ਨਾਲ ਉਸ ਸ਼ਖ਼ਸ ਨੇ ਦੱਬਿਆ ਖਜ਼ਾਨਾ ਪੁੱਟਿਆ ਤੇ ਖੁਸ਼ੀ-ਖੁਸ਼ੀ ਵਾਪਸ ਪਰਤ ਗਿਆ। ਉਹਦੀ ਇਹ ਕਹਾਣੀ ਸੁਣ ਕੇ ਇਕ ਰਾਤ ਕੋਈ ਹੋਰ ਪਰਿਵਾਰ ਖਜ਼ਾਨਾ ਲੱਭਣ ਉਸ ਰੁੱਖ ਹੇਠ ਜਾ ਬੈਠਿਆ। ਪਿਤਾ ਨੇ ਆਪਣੇ ਵੱਡੇ ਪੁੱਤਰ ਨੂੰ ਕਿਹਾ 'ਅੱਗ ਲਿਆ।' ਪੁੱਤਰ ਨੇ ਤੱਟਫਟ ਜਵਾਬ ਦਿੱਤਾ, 'ਇਸ ਬੀਆਬਾਨ ਵਿਚ ਅੱਗ ਨਾਲ ਸੜਨਾ ਏ?' ਦੂਜੇ ਪੁੱਤਰ ਨੂੰ ਪਾਣੀ ਲਿਆਉਣ ਲਈ ਕਿਹਾ ਤੇ ਉਸ ਨੇ ਉਲਟਾ ਸੁਆਲ ਕੀਤਾ 'ਪਾਣੀ ਵਿਚ ਡੁੱਬਣ ਦੀ ਸਲਾਹ ਏ?' ਰੁੱਖ 'ਤੇ ਬੈਠਿਆ ਉਹੀ ਜਨੌਰ ਜੋ ਸਭ ਕੁਝ ਦੇਖ ਰਿਹਾ ਸੀ ਬੋਲਿਆ ਤੇਰੀ ਔਲਾਦ ਆਗਿਆਕਾਰੀ ਨਹੀਂ। ਨਾ ਟੱਕਰਾਂ ਮਾਰ ਤੇ ਵਾਪਸ ਪਿੰਡ ਮੁੜ ਜਾ। ਏਨਾ ਕਹਿ ਕੇ ਜਨੌਰ ਕਿਸੇ ਹੋਰ ਰੁੱਖ ਵੱਲ ਉੱਡ ਗਿਆ। ਇਹ ਕਲਪਿਤ ਕਹਾਣੀ ਦਰਸਾਉਂਦੀ ਹੈ ਕਿ ਜੇਕਰ ਪਰਿਵਾਰ ਇਕਸੁਰ ਹੈ ਤਾਂ ਹਰ ਤਰ੍ਹਾਂ ਦੇ ਖਜ਼ਾਨਿਆਂ ਦੀ ਪ੍ਰਾਪਤੀ ਕੀਤੀ ਜਾ ਸਕਦੀ ਹੈ ਪਰ ਜੇਕਰ ਪਰਿਵਾਰ ਦਾ ਏਕਾ ਨਹੀਂ ਤਾਂ ਜੋ ਕੁਝ ਕੋਲ ਹੈ ਉਹ ਵੀ ਇਕ ਦਿਨ ਖੁੱਸ ਜਾਵੇਗਾ।
ਆਓ ਆਪਣੇ ਹਿੱਸੇ ਦੇ ਅੰਬਰ ਦੀ ਤਲਾਸ਼ ਕਰੀਏ। ਆਪਣੇ ਹਿੱਸੇ ਆਉਂਦੀ ਦੁਨੀਆ ਨੂੰ ਲੱਭੀਏ ਅਤੇ ਇਸ 'ਚੋਂ ਖਜ਼ਾਨਿਆਂ ਦੀ ਭਾਲ ਕਰੀਏ। ਇਹ ਨਾ ਹੋਵੇ ਕਿ ਜ਼ਿੰਦਗੀ ਦਾ ਬਹੁਤਾ ਸਮਾਂ ਵਿਅਰਥ ਚੀਜ਼ਾਂ ਮਗਰ ਭੱਜਦਿਆਂ ਹੀ ਲੰਘ ਜਾਵੇ। ਜ਼ਿੰਦਗੀ ਬੜੀ ਛੋਟੀ ਹੈ। ਇਸ ਛੋਟੀ ਜਿਹੀ ਜ਼ਿੰਦਗੀ ਦਾ ਹਰ ਪਲ ਕੀਮਤੀ ਹੈ। ਕਿਸੇ ਵਿਦਵਾਨ ਤੋਂ ਇਕ ਜਗਿਆਸੂ ਨੇ ਪੁੱਛਿਆ 'ਸਮਾਂ ਕਿਹੜਾ ਠੀਕ ਹੁੰਦਾ ਹੈ? ਦਿਨ ਜਾਂ ਰਾਤ? ਸ਼ਾਮ ਜਾਂ ਸਵੇਰ, ਅਤੀਤ ਜਾਂ ਭਵਿੱਖ?' ਵਿਦਵਾਨ ਨੇ ਜੁਆਬ ਦਿੱਤਾ 'ਵਰਤਮਾਨ ਹੀ ਸਭ ਤੋਂ ਵਧੀਆ ਸਮਾਂ ਹੈ।' ਇਸ ਦਾ ਭਾਵ ਇਹ ਕਿ ਹਰ ਦਿਨ, ਹਰ ਘੰਟੇ ਅਤੇ ਹਰ ਪਲ ਦੀ ਆਪਣੀ ਮਹੱਤਤਾ ਹੈ। ਜੋ ਸਮੇਂ ਦੀ ਮਹੱਤਤਾ ਨੂੰ ਪਛਾਣ ਲੈਂਦੇ ਹਨ, ਉਹ ਸਫਲਤਾ ਦੀਆਂ ਮੰਜ਼ਿਲਾਂ ਸਰ ਕਰਨ ਦਾ ਰਾਹ ਲੱਭ ਲੈਂਦੇ ਹਨ। ਇਸ ਦੁਨੀਆ ਵਿਚ ਹਰ ਬੰਦੇ ਲਈ ਖਜ਼ਾਨੇ ਹਨ ਪਰ ਹਰ ਬੰਦੇ ਨੂੰ ਆਪਣੇ ਹਿੱਸੇ ਦੇ ਖਜ਼ਾਨਿਆਂ ਨੂੰ ਆਪ ਲੱਭਣਾ ਪੈਂਦਾ ਹੈ। ਜ਼ਿੰਦਗੀ ਦੇ ਖਜ਼ਾਨੇ ਨੂੰ ਲੱਭਣ ਲਈ ਹਰ ਮਨੁੱਖ ਨੂੰ ਜਿੰਦਗੀ ਦੇ ਸਾਰਤਤ ਦੀ ਖੋਜ ਕਰਨੀ ਪੈਂਦੀ ਹੈ। ਦੁਨੀਆ ਭਰ ਦੇ ਗ੍ਰੰਥਾਂ ਸਾਸ਼ਤਰਾਂ ਦਾ ਸਾਰ ਇਹੋ ਹੈ ਕਿ ਮਨੁੱਖ ਆਪਣੀ ਨੀਂਦ ਤੋਂ ਜਾਗ ਜਾਵੇ ਤੇ ਆਪਣੇ ਹਿੱਸੇ ਆਉਂਦੇ ਖਜਾਨਿਆ ਨੂੰ ਲਭ ਲਵੇ। 98550-51099

ਕਿਸਾਨ ਸ਼ੰਘਰਸ਼ -- ਜਿੱਤ ਕਿਸ ਦੀ ਹੋਵੇਗੀ?  - ਗੁਰਚਰਨ ਸਿੰਘ ਨੂਰਪੁਰ

ਧਰਤੀ ਦੇ ਕਿਸੇ ਵੀ ਖਿੱਤੇ ਦੀ ਸਭ ਤੋਂ ਵੱਡੀ ਤਾਕਤ ਉੱਥੋਂ ਦੇ ਲੋਕ ਹੁੰਦੇ ਹਨ। ਆਮ ਤੌਰ 'ਤੇ ਲੋਕ ਸ਼ਕਤੀ ਖਿੰਡੀ-ਪੁੰਡੀ ਰਹਿੰਦੀ ਹੈ। ਸ਼ਾਤਰ ਲੋਕ, ਲੋਕ ਸ਼ਕਤੀ ਦੀ ਖਿੱਲਰੀ ਤਾਕਤ ਦਾ ਫਾਇਦਾ ਉਠਾ ਕੇ ਆਪਣੀ ਸੱਤਾ ਸਥਾਪਤ ਕਰਨ ਵਿਚ ਕਾਮਯਾਬ ਹੋ ਜਾਂਦੇ ਹਨ। ਲੋਕ ਸ਼ਕਤੀ ਜਦੋਂ ਇਕੱਠੀ ਹੁੰਦੀ ਹੈ ਤਾਂ ਵੱਡੀਆਂ-ਵੱਡੀਆਂ ਸਲਤਨਤਾਂ ਨੂੰ ਆਪਣੇ ਪੈਰਾਂ ਹੇਠ ਝੁਕਾ ਲੈਂਦੀ ਹੈ। ਹਕੂਮਤਾਂ ਦੇ ਅਮਾਨਵੀ ਵਿਹਾਰ ਨੂੰ ਵੇਖਦਿਆਂ ਕੁਝ ਲੋਕਾਂ ਵਿਚ ਵਕਤੀ ਤੌਰ 'ਤੇ ਇਹ ਭਰਮ ਪੈਦਾ ਹੋ ਜਾਂਦਾ ਹੈ ਕਿ ਵੱਡੀਆਂ ਤਾਕਤਾਂ ਨੂੰ ਸੰਘਰਸ਼ ਕਰਕੇ ਹਰਾਇਆ ਨਹੀਂ ਜਾ ਸਕਦਾ। ਦੁਨੀਆ ਭਰ ਦੇ ਸੰਘਰਸ਼ਸ਼ੀਲ ਲੋਕਾਂ ਦਾ ਰਾਹ ਦਸੇਰਾ ਮਹਾਨ ਕ੍ਰਾਂਤੀਕਾਰੀ ਆਰਨੈਸਟੋ ਚੀ ਗੁਵੇਰਾ ਇਸ ਸਬੰਧੀ ਕਹਿੰਦਾ ਹੈ ਕਿ 'ਹਾਰ ਜਾਣ ਦਾ ਮਤਲਬ ਇਹ ਨਹੀਂ ਹੁੰਦਾ ਕਿ ਜਿੱਤਿਆ ਹੀ ਨਹੀਂ ਜਾ ਸਕਦਾ।'
       ਪਿਛਲੇ ਸੱਤ ਮਹੀਨਿਆਂ ਤੋਂ ਦੇਸ਼ ਦੇ ਕਿਸਾਨ ਆਪਣੀਆਂ ਹੱਕੀ ਮੰਗਾਂ ਲਈ ਦਿੱਲੀ ਦੀਆਂ ਬਰੂਹਾਂ 'ਤੇ ਸੰਘਰਸ਼ ਕਰ ਰਹੇ ਹਨ। ਲੋਕ ਸਰਕਾਰ ਦੇ ਹਠ ਨੂੰ ਵੇਖ ਕੇ ਇਹ ਸਵਾਲ ਕਰਦੇ ਹਨ ਕਿ, ਕੀ ਇਹ ਸੰਘਰਸ਼ ਜਿੱਤਿਆ ਜਾ ਸਕੇਗਾ ? ਇਸ ਸਵਾਲ ਦਾ ਜਵਾਬ ਵੀ ਇਤਿਹਾਸ ਦੇ ਪੰਨਿਆਂ ਨੂੰ ਫਰੋਲ ਕੇ ਲੱਭਿਆ ਜਾ ਸਕਦਾ ਹੈ। ਕੋਈ ਵੀ ਸੱਤਾ ਭਾਵੇਂ ਉਹ ਕਿੰਨੀ ਵੀ ਤਾਕਤਵਰ ਕਿਉਂ ਨਾ ਹੋਵੇ ਇਕ ਨਾ ਇਕ ਦਿਨ ਉਸ ਦੇ ਚੜ੍ਹੇ ਪਾਣੀ ਨੇ ਉੱਤਰ ਜਾਣਾ ਹੁੰਦਾ ਹੈ। ਇਤਿਹਾਸ ਦੱਸਦਾ ਹੈ ਕਿ ਸਿਕੰਦਰ, ਚੰਗੇਜ਼ ਖਾਨ ਅਤੇ ਅੰਗਰੇਜ਼ੀ ਸਾਮਰਾਜ ਜਿਨ੍ਹਾਂ ਨੇ ਹੁਣ ਤੱਕ ਦੁਨੀਆ ਦੇ ਸਭ ਤੋਂ ਵੱਡੇ ਇਲਾਕਿਆਂ ਨੂੰ ਜਿੱਤਿਆ ਅਤੇ ਰਾਜ ਕੀਤਾ, ਆਖਰ ਉਨ੍ਹਾਂ ਦਾ ਵੀ ਪਤਨ ਹੋ ਗਿਆ ਸੀ। ਅੰਗਰੇਜ਼ ਰਾਜ ਬਾਰੇ ਇਹ ਕਿਹਾ ਜਾਂਦਾ ਹੈ ਅੰਗਰੇਜ਼ਾਂ ਦੇ ਰਾਜ ਵਿਚ ਸੂਰਜ ਨਹੀਂ ਡੁੱਬਦਾ ਸੀ। ਆਖ਼ਰ 'ਅੰਗਰੇਜ਼ੀ ਰਾਜ ਦਾ ਸੂਰਜ' ਡੁੱਬ ਗਿਆ। ਭਗਤ ਸਿੰਘ ਵਰਗੇ ਮਹਾਂਨਾਇਕਾਂ ਦੀਆਂ ਕੁਰਬਾਨੀਆਂ ਨੇ ਅੰਗਰੇਜ਼ੀ ਸਾਮਰਾਜ ਦਾ ਜੂਲਾ ਲੋਕਾਂ ਦੇ ਗਲੋਂ ਲਾਹ ਦਿੱਤਾ। ਸੂਰਜ ਅੱਜ ਵੀ ਉਸੇ ਤਰ੍ਹਾਂ ਚੜ੍ਹਦਾ ਲਹਿੰਦਾ ਹੈ ਪਰ ਅੰਗਰੇਜ਼ ਹਕੂਮਤ ਦਾ ਡੁੱਬਿਆ ਸੂਰਜ ਮੁੜ ਕਦੇ ਨਹੀਂ ਚੜ੍ਹਿਆ। ਵਕਤ ਨੇ ਜਿੱਥੇ ਦੁਨੀਆ ਦੇ ਜੇਤੂ ਸਿਕੰਦਰ ਅਤੇ ਚੰਗੇਜ਼ ਖਾਨ ਵੇਖੇ ਉੱਥੇ ਉਨ੍ਹਾਂ ਦੇ ਟੁੱਟਦੇ ਭਰਮ ਵੀ ਵੇਖੇ ਹਨ।
       ਤੇਜ਼ ਰਫ਼ਤਾਰ ਚਲਦੇ ਜ਼ਮਾਨੇ ਦੇ ਇਸ ਦੌਰ ਵਿਚ ਦੁਨੀਆ ਦੀ ਕਿਸੇ ਰਾਜਸੀ ਪਾਰਟੀ ਕੋਲ ਏਨੀ ਤਾਕਤ ਨਹੀਂ ਕਿ ਉਹ ਕਿਸੇ ਸਰਕਾਰ ਖਿਲਾਫ਼ ਸਾਢੇ ਸੱਤ ਮਹੀਨੇ ਸਬਰ ਅਤੇ ਸ਼ਾਂਤੀਪੂਰਵਕ ਧਰਨਾ ਪ੍ਰਦਰਸ਼ਨ ਕਰ ਸਕੇ। ਪਿਛਲੇ ਸਾਲ 2020 ਦੀ 26 ਨਵੰਬਰ ਨੂੰ ਘਰਾਂ ਤੋਂ ਕਿਸਾਨੀ ਝੰਡੇ ਲੈ ਕੇ ਨਿਕਲੇ ਮਾਵਾਂ ਦੇ ਪੁੱਤਾਂ ਨੂੰ ਜਦੋਂ ਇਹ ਸਵਾਲ ਹੁੰਦਾ ਸੀ ਕਿ 'ਕਿਸ ਤਰ੍ਹਾਂ ਦੀ ਤਿਆਰੀ ਕਰਕੇ ਆਏ ਹੋ?' ਤਾਂ ਜਵਾਬ ਮਿਲਦਾ ਸੀ 'ਛੇ ਮਹੀਨੇ ਦਾ ਰਾਸ਼ਨ ਲੈ ਕੇ ਤੁਰੇ ਹਾਂ।' ਭਾਵ ਉਦੋਂ ਉਹ ਛੇ ਮਹੀਨਿਆਂ ਨੂੰ ਆਪ ਬੜਾ ਵੱਡਾ ਕਰਕੇ ਦੱਸਦੇ ਸਨ। ਦੁਨੀਆ ਹੈਰਾਨ ਹੁੰਦੀ ਸੀ ਛੇ ਮਹੀਨੇ ਸੜਕਾਂ 'ਤੇ ਕਿਵੇਂ ਬੈਠਿਆ ਜਾ ਸਕੇਗਾ? ਸੰਘਰਸ਼ ਲੜਨ ਵਾਲਿਆਂ ਨੂੰ ਉਦੋਂ ਆਪ ਨੂੰ ਵੀ ਸ਼ਾਇਦ ਇਹ ਪਤਾ ਨਹੀਂ ਸੀ ਕਿ ਸਰਕਾਰੀ ਜ਼ਿਦ ਜ਼ੁਲਮ ਦੀ ਹੱਦ ਤੱਕ ਚਲੀ ਜਾਵੇਗੀ, ਪੰਜ ਸੌ ਤੋਂ ਵੱਧ ਸ਼ਹਾਦਤਾਂ ਹੋ ਜਾਣਗੀਆਂ ਅਤੇ ਸਮਾਂ ਛੇ ਛੱਡ ਕੇ ਸੱਤ ਮਹੀਨਿਆਂ ਤੋਂ ਵੀ ਅਗਾਂਹ ਚਲਾ ਜਾਵੇਗਾ।
        ਕੋਈ ਵੀ ਸੰਘਰਸ਼ ਉਦੋਂ ਤੱਕ ਨਹੀਂ ਜਿੱਤਿਆ ਜਾ ਸਕਦਾ ਜਦੋਂ ਤੱਕ ਇਸ ਵਿਚ ਔਰਤਾਂ ਦੀ ਸ਼ਮੂਲੀਅਤ ਨਾ ਹੋਵੇ। ਕਿਸਾਨ ਅੰਦੋਲਨ ਤੋਂ ਜਨ-ਅੰਦੋਲਨ ਬਣ ਗਏ ਇਸ ਸੰਘਰਸ਼ ਵਿਚ ਦੇਸ਼ ਦੀਆਂ ਮਾਵਾਂ, ਭੈਣਾਂ, ਬਹੂ-ਬੇਟੀਆਂ ਵੀ ਬਰਾਬਰ ਦੀਆਂ ਹਿੱਸੇਦਾਰ ਹਨ। ਦਿੱਲੀ ਦੇ ਬਾਰਡਰਾਂ 'ਤੇ ਹਰੇ ਪੀਲੇ ਦੁਪੱਟੇ ਵਾਲੀਆਂ ਸੱਤਰ-ਅੱਸੀ ਸਾਲ ਦੀਆਂ ਬੁੱਢੀਆਂ ਮਾਈਆਂ ਨੂੰ ਜਦੋਂ ਕੋਈ ਸੰਵੇਦਨਸ਼ੀਲ ਅੱਖ ਦੇਖਦੀ ਹੈ ਉਹ ਨਮ ਹੋ ਜਾਂਦੀ ਹੈ, ਉਹ ਸਿਰ ਜਿਸ ਵਿਚ ਮਾਨਵਤਾ ਲਈ ਸੋਚ ਹੋਵੇ, ਉਹ ਸਿਰ ਇਨ੍ਹਾਂ ਦੇ ਸਬਰ ਅੱਗੇ ਝੁਕ ਜਾਂਦਾ ਹੈ। ਕੱਲ੍ਹ ਨੂੰ ਕੀ ਹੋਣਾ ਹੈ, ਇਸ ਬਾਰੇ ਯਕੀਨੀ ਤੌਰ 'ਤੇ ਕੁਝ ਨਹੀਂ ਕਿਹਾ ਜਾ ਸਕਦਾ ਪਰ ਇਕ ਗੱਲ ਯਕੀਨ ਨਾਲ ਕਹੀ ਜਾ ਸਕਦੀ ਹੈ ਕਿ ਸੀਨਿਆਂ ਵਿਚ ਬਲਦੇ ਜਜ਼ਬਿਆਂ ਨੂੰ ਕਿਸੇ ਹਾਲਤ ਵਿਚ ਵੀ ਮਾਰਿਆ ਨਹੀਂ ਜਾ ਸਕਦਾ।
       ਇਹ ਸੰਘਰਸ਼ ਦੁਨੀਆ ਦੇ ਹਾਲਾਤ ਬਦਲੇ ਜਾਣ ਲਈ ਸੰਘਰਸ਼ ਹੈ। ਦੱਬੇ-ਕੁਚਲੇ, ਹਾਸ਼ੀਆਗ੍ਰਸਤ, ਸੌੜੀ ਸਿਆਸਤ ਵਲੋਂ ਧਰਮਾਂ, ਜਾਤਾਂ-ਪਾਤਾਂ ਵਿਚ ਵੰਡੇ ਜਾਂਦੇ ਰਹੇ ਲੋਕਾਂ ਦੇ ਜਾਗਣ ਦਾ ਹੋਕਾ ਹੈ। ਸੰਸਾਰ ਜਿੰਨੀ ਤੇਜ਼ੀ ਨਾਲ ਬਦਲਦਾ ਹੈ ਲੋਕ ਸਮਝ ਵੀ ਉਸੇ ਹਿਸਾਬ ਨਾਲ ਵਿਕਸਿਤ ਹੁੰਦੀ ਹੈ। ਦੁਨੀਆ ਦੀ ਕੋਈ ਵੀ ਧਿਰ ਭਾਵੇਂ ਉਹ ਕਿੰਨੀ ਵੀ ਤਾਕਤਵਰ ਕਿਉਂ ਨਾ ਹੋਵੇ ਉਹ ਕਦੇ ਵੀ ਲੰਮਾ ਸਮਾਂ ਦੁਨੀਆ ਨੂੰ ਆਪਣੀ ਮਨਮਰਜ਼ੀ ਅਨੁਸਾਰ ਨਹੀਂ ਚਲਾ ਸਕਦੀ। ਸਰਕਾਰ ਦੀ ਲੋਕ ਵਿਰੋਧੀ ਜ਼ਿਦ ਸਮਝ ਆਉਂਦੀ ਹੈ। ਉਸ ਦੇ ਤਿੰਨ ਕਾਰਨ ਹਨ-ਇਕ ਤਾਂ ਉਹਦੀ ਕੁਰਸੀ ਦੇ ਪਾਵਿਆਂ 'ਤੇ ਕਾਰਪੋਰੇਟੀ ਪੈਸਾ ਖਰਚ ਹੋਇਆ ਹੈ, ਇਸ ਲਈ ਕੁਰਸੀ ਨੂੰ ਨਿਰਦੇਸ਼ ਹਨ ਕਿ ਉਹ ਲੋਕ ਹਿਤਾਂ ਦੀ ਬਜਾਏ ਪੂੰਜੀਪਤੀਆਂ ਦੇ ਹਿਤਾਂ ਨੂੰ ਤਰਜੀਹ ਦੇਵੇ। ਬੇਸ਼ੱਕ ਜਿੰਨਾ ਮਰਜ਼ੀ ਵਿਆਪਕ ਵਿਰੋਧ ਹੋਵੇ, ਜਿੰਨੀਆਂ ਮਰਜ਼ੀ ਸ਼ਹਾਦਤਾਂ ਹੋਣ, ਖਿਆਲ ਦੇਸ਼ ਅਤੇ ਦੇਸ਼ ਦੇ ਲੋਕਾਂ ਦਾ ਨਹੀਂ ਪੂੰਜੀਪਤੀ ਆਕਾਵਾਂ ਦਾ ਰੱਖਿਆ ਜਾਵੇਗਾ। ਦੂਜਾ ਇਸ ਦੇਸ਼ ਦੀ ਸੱਭਿਆਚਾਰਕ, ਭੂਗੋਲਿਕ, ਸਮਾਜਿਕ, ਧਾਰਮਿਕ ਅਤੇ ਵੱਖ-ਵੱਖ ਬੋਲੀਆਂ ਦੀ ਵਿਲੱਖਣਤਾ ਅਤੇ ਵੰਨ-ਸੁਵੰਨਤਾ ਨੂੰ ਇਕੋ ਰੰਗ ਵਿਚ ਰੰਗਣ ਦੇ ਭਰਮ ਦੀ ਕਵਾਇਦ ਚਲ ਰਹੀ ਹੈ। ਕੋਸ਼ਿਸ਼ ਹੈ ਸੱਤਾ ਦੀ ਤਾਕਤ ਨਾਲ ਵਕਤ ਦੇ ਪਹੀਏ ਨੂੰ ਪੁੱਠਾ ਗੇੜ ਦਿੱਤਾ ਜਾਵੇ। ਪਰ ਵਕਤ ਦਾ ਪਹੀਆ ਕਦੇ ਪਿਛਾਂਹ ਨੂੰ ਨਹੀਂ ਬਲਕਿ ਹਮੇਸ਼ਾ ਅਗਾਂਹ ਨੂੰ ਗਿੜਦਾ ਹੈ। ਤੀਜਾ ਵੱਡਾ ਕਾਰਨ ਰਾਜ ਸਿੰਘਾਸਨਾਂ 'ਤੇ ਬਿਰਾਜਮਾਨ ਉਹ ਲੋਕ ਹਨ ਜਿਨ੍ਹਾਂ ਨੇ ਆਪਣੀਆਂ ਜ਼ਮੀਰਾਂ ਗਿਰਵੀ ਰੱਖ ਦਿੱਤੀਆਂ ਹਨ। ਜੇਕਰ ਅਜਿਹਾ ਨਾ ਹੁੰਦਾ ਤਾਂ ਲੋਕਾਂ ਵਲੋਂ ਚੁਣੇ ਨੁਮਾਇੰਦੇ ਰਾਜ ਗੱਦੀਆਂ ਦੀ ਬਜਾਏ ਲੋਕਾਂ ਨਾਲ ਲੋਕ ਹੱਕਾਂ ਦੇ ਪੱਖ ਵਿਚ ਖੜ੍ਹਨ ਨੂੰ ਤਰਜੀਹ ਦਿੰਦੇ। ਲੰਬੇ ਸਮੇਂ ਤੋਂ ਸੜਕਾਂ 'ਤੇ ਸੰਘਰਸ਼ ਕਰ ਰਹੇ ਔਰਤਾਂ, ਬਜ਼ੁਰਗਾਂ ਅਤੇ ਮਾਤਾਵਾਂ ਦੇ ਦੁੱਖ-ਦਰਦ ਨੂੰ ਸਮਝਦੇ ਅਤੇ ਇਨ੍ਹਾਂ ਦੇ ਹੱਕ ਵਿਚ ਹਾਅ ਦਾ ਨਾਅਰਾ ਮਾਰਦੇ। ਲੋਕਮਤ ਦੀ ਤਾਕਤ ਨਾਲ ਰਾਜ ਗੱਦੀਆਂ 'ਤੇ ਬੈਠੇ ਰਾਜ ਨੇਤਾ ਅਤੇ ਲੋਕਤੰਤਰ ਦਾ ਚੌਥਾ ਥੰਮ੍ਹ ਅਖਵਾਉਣ ਵਾਲੇ ਮੀਡੀਏ ਦਾ ਇਕ ਵੱਡਾ ਹਿੱਸਾ ਦੇਸ਼ ਅਤੇ ਦੇਸ਼ ਦੇ ਲੋਕਾਂ ਦੀ ਬਜਾਏ ਲੋਕ ਵਿਰੋਧੀ ਫ਼ੈਸਲੇ ਕਰਨ ਵਾਲੀ ਸਰਕਾਰ ਦੇ ਹੱਕ ਵਿਚ ਖੜ੍ਹ ਜਾਵੇ ਤਾਂ ਲੋਕਾਂ ਦੇ ਸੰਘਰਸ਼ ਹੋਰ ਲੰਮੇ ਹੋ ਜਾਂਦੇ ਹਨ। ਸਰਕਾਰ ਨੂੰ ਇਹ ਸਮਝਣਾ ਚਾਹੀਦਾ ਹੈ ਕਿ ਜੇਕਰ ਲੋਕਾਂ ਵਲੋਂ ਕੀਤੇ ਜਾ ਰਹੇ ਸੰਘਰਸ਼ ਹੋਰ ਲੰਬੇ ਹੁੰਦੇ ਹਨ ਤਾਂ ਇਸ ਨਾਲ ਲੋਕ ਰੋਹ ਮੱਠਾ ਨਹੀਂ ਪੈਂਦਾ ਬਲਕਿ ਹੋਰ ਵਧਦਾ ਹੈ।
       ਇਕ ਗੱਲ ਜਿਸ ਨੂੰ ਸਮਝਿਆ ਨਹੀਂ ਜਾ ਰਿਹਾ, ਉਹ ਇਹ ਹੈ ਕਿ ਇਸ ਕਿਸਾਨ ਸੰਘਰਸ਼ ਨਾਲ ਲੋਕਾਂ ਵਿਚ ਆਪਣੇ ਹੱਕਾਂ ਲਈ ਚੇਤਨਾ ਪੈਦਾ ਹੋ ਰਹੀ ਹੈ। ਲੋਕ-ਮਨਾਂ ਵਿਚ ਪੈਦਾ ਹੋਈ ਚੇਤਨਾ, ਸੱਤਾ ਦੀ ਤਾਕਤ ਨਾਲੋਂ ਕਿਤੇ ਵੱਧ ਤਾਕਤਵਰ ਹੁੰਦੀ ਹੈ।
        ਬੇਸ਼ੱਕ ਸੱਚ ਇਹ ਵੀ ਹੈ ਕਿ ਵੱਡੇ ਲਾਰਿਆਂ ਵਾਅਦਿਆਂ ਨਾਲ ਲੋਕ ਵਰਗਲਾ ਲਏ ਜਾਂਦੇ ਹਨ ਪਰ ਲੋਕਾਂ ਨੂੰ ਬਹੁਤ ਲੰਮਾ ਸਮਾਂ ਭਰਮਾਇਆ ਨਹੀਂ ਜਾ ਸਕਦਾ। ਹਵਾਈ ਭਰਮਾਂ ਦਾ ਤਲਿੱਸਮ ਜਦੋਂ ਟੁੱਟਦਾ ਹੈ ਤਾਂ ਲੋਕ ਜਾਗਦੇ ਹਨ। ਲੋਕ ਜਾਗਦੇ ਹਨ ਤਾਂ ਇਹ ਆਪਣੇ ਹੱਕਾਂ ਪ੍ਰਤੀ ਜਾਗਰੂਕ ਹੁੰਦੇ ਹਨ। ਆਪਣੇ ਹੱਕਾਂ ਲਈ ਜਾਗਰੂਕ ਹੋਏ ਲੋਕ ਹੱਕ ਲੈਣ ਲਈ ਝੰਡੇ ਲੈ ਕੇ ਸੜਕਾਂ 'ਤੇ ਨਿੱਤਰਦੇ ਹਨ ਅਤੇ ਸੰਘਰਸ਼ਾਂ ਦੇ ਰਾਹ ਪੈਂਦੇ ਹਨ। ਸੰਘਰਸ਼ ਸ਼ਾਂਤਮਈ ਹੋਵੇ ਤਾਂ ਇਸ ਨੂੰ ਕੁਚਲਣਾ ਸਰਕਾਰ ਲਈ ਬੜੀ ਵੱਡੀ ਚੁਣੌਤੀ ਹੋ ਨਿੱਬੜਦਾ ਹੈ। ਇਸ ਸਮੇਂ ਦੁਨੀਆ ਭਰ ਦੇ ਨਿਆਂ ਇਨਸਾਫ਼ ਪਸੰਦ ਲੋਕ ਕਿਸਾਨਾਂ ਦੇ ਹੱਕ ਵਿਚ ਹਾਅ ਦਾ ਨਾਅਰਾ ਮਾਰ ਰਹੇ ਹਨ। ਕਿਸਾਨ ਸੰਘਰਸ਼ ਦਾ ਕੱਦ ਹਰ ਦਿਨ ਵੱਡਾ ਹੋ ਰਿਹਾ ਹੈ। ਇਹ ਸੰਘਰਸ਼ ਹੁਣ ਕੇਵਲ ਕੇਂਦਰ ਦੀ ਸਰਕਾਰ ਦੇ ਖਿਲਾਫ਼ ਨਾ ਹੋ ਕੇ ਦੁਨੀਆ ਭਰ ਵਿਚ ਪੂੰਜੀਵਾਦੀ ਨੀਤੀਆਂ ਦੇ ਵਿਰੋਧ ਦਾ ਵੱਡਾ ਮੰਚ ਬਣ ਗਿਆ ਹੈ। ਇਸ ਨਾਲ ਸਮਾਜ ਵਿਚ ਚੇਤਨਾ ਪੈਦਾ ਹੋਈ ਹੈ। ਸਮਾਜ ਵਿਚ ਪੈਦਾ ਹੋਈ ਚੇਤਨਾ ਅਤੇ ਹੱਕਾਂ ਲਈ ਸ਼ਾਂਤਮਈ ਰਹਿ ਕੇ ਸੰਘਰਸ਼ ਕਰਨ ਦੇ ਜਜ਼ਬੇ ਨੂੰ ਕੁਚਲਿਆ ਨਹੀਂ ਜਾ ਸਕਦਾ।
- ਜ਼ੀਰਾ ।
ਮੋਬਾਈਲ : 98550-51099