Gurmit Singh Palahi

ਮੋਦੀ-ਟਰੰਪ ਦਾ ਖੇਲ, ਮਨੁੱਖਤਾ ਲਈ ਘਾਤਕ - ਗੁਰਮੀਤ ਸਿੰਘ ਪਲਾਹੀ

ਰੂਸ ਦੇ ਹਾਕਮ ਵਲਾਦੀਮੀਰ ਪੁਤਿਨ ਤੋਂ ਬਾਅਦ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਅਤੇ ਭਾਰਤ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਆਪਣੇ ਅੰਦਰਲੇ ਅਤੇ ਬਾਹਰਲੇ ਦੁਸ਼ਮਣਾਂ ਦਾ ਸਫਾਇਆ ਕਰਨ ਵਾਲੇ ਅਤੇ 'ਘੁਣ' ਨੂੰ ਮਿਟਾਉਣ ਵਾਲੇ ਇੱਕ ਤਾਨਾਸ਼ਾਹ ਵਜੋਂ ਕੰਮ ਕਰਦੇ ਦਿਖਾਈ ਦੇ ਰਹੇ ਹਨ। ਦੋਹਾਂ ਦਾ ਜੋੜ-ਮੇਲ ਅਤੇ ਕੰਮ ਕਰਨ  ਦਾ ਰੰਗ-ਢੰਗ ਕੁਝ ਇਹੋ ਜਿਹਾ ਹੈ ਕਿ ਰਾਤਾਂ ਨੂੰ ਆਏ ਸੁਪਨਿਆਂ ਨੂੰ ਉਹ ਦਿਨ ਚੜ੍ਹਦੇ ਦੇਸ਼ ਉਤੇ ਮੱਲੋ-ਜੋਰੀ ਲਾਗੂ ਕਰਨ ਵਾਲਿਆਂ ਵਾਂਗਰ ਜਾਣੇ ਜਾਣ ਲੱਗ ਪਏ ਹਨ।
    ਪਿਛਲੇ ਸਤੰਬਰ ਵਿੱਚ ਅਮਰੀਕਾ ਦੇ ਸ਼ਹਿਰ ਹਿਊਸਟਨ ਦੇ ਫੁੱਟਬਾਲ ਸਟੇਡੀਅਮ ਵਿੱਚ ਕਰਵਾਈ ਇੱਕ ਰੈਲੀ ਵਿੱਚ ਮੋਦੀ ਅਤੇ ਟਰੰਪ ਦੋ ਭਰਾਵਾਂ ਦੀ ਤਰ੍ਹਾਂ ਹੱਥ ਵਿੱਚ ਹੱਥ ਪਾਕੇ ਘੁੰਮੇ ਸਨ। ਇਹੋ ਵਰਤਾਰਾ ਗੁਜਰਾਤ ਦੇ ਸ਼ਹਿਰ ਅਹਿਮਦਾਵਾਦ ਵਿੱਚ ਵੇਖਣ ਨੂੰ ਮਿਲਿਆ। ਅਸਲ ਵਿੱਚ ਮੌਜੂਦਾ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਵਰਗਾ ਪ੍ਰਧਾਨ ਮੰਤਰੀ, ਟਰੰਪ ਨੂੰ ਦੁਨੀਆ ਦੇ ਕਿਸੇ ਹੋਰ ਖਿੱਤੇ ਵਿੱਚ ਦਿਖਾਈ ਨਹੀਂ ਦੇਵੇਗਾ, ਜੋ ਅਲੱਗ ਦੇਸ਼ ਦਾ, ਅਲੱਗ ਸਭਿਆਚਾਰ ਦਾ ਹੋਣ ਦੇ ਬਾਵਜੂਦ ਉਸਨੂੰ ਆਪਣੇ ਵਰਗਾ ਜਾਪਦਾ ਹੋਵੇ। ਕਦੇ ਅਮਰੀਕਾ, ਕਾਨੂੰਨ ਦੇ ਰਾਜ ਅਤੇ ਬਿਹਤਰ ਜ਼ਿੰਦਗੀ ਦੀਆਂ ਲੰਮੀਆਂ ਪਰੰਪਰਾਵਾਂ ਨੂੰ ਅੱਗੇ ਲੈ ਜਾਣ ਵਾਲੇ ਦੇਸ਼ ਵਜੋਂ ਜਾਣਿਆ ਜਾਂਦਾ ਸੀ, ਅੱਜ ਉਸ ਦੇਸ਼ ਨੇ ਕਠੋਰਤਾ  ਨਾਲ ਕੰਮ ਕਰਨ ਵਾਲੇ ਤਾਨਾਸ਼ਾਹ  ਟਰੰਪ ਅੱਗੇ ਆਪਣੇ ਆਪ ਦਾ ਆਤਮ ਸਮਰਪਨ ਕਰ ਦਿੱਤਾ ਹੈ, ਭਾਵੇਂ ਕਿ ਉਥੋਂ ਦੇ ਸੂਝਵਾਨ ਲੋਕਾਂ ਉਸ ਉਤੇ ਮਹਾਂ-ਦੋਸ਼ ਲਗਾਕੇ ਮੁੱਕਦਮਾ ਚਲਾਇਆ, ਜਿਸ 'ਚ ਉਹ ਸਫਲ ਨਹੀਂ ਹੋ ਸਕੇ। ਹਾਲਤ ਤਾਂ ਭਾਰਤ ਦੇਸ਼ ਦੀ ਵੀ ਕੁਝ ਇਹੋ ਜਿਹੀ ਬਣੀ ਹੋਈ ਹੈ, ਉਹ ਭਾਰਤ ਜਿਹੜਾ ਸਮਰਾਜਵਾਦ ਨਾਲ ਲੜਨ ਵਾਲਾ, ਮੁਨਾਫ਼ਾ ਲੱਭਣ ਵਾਲੇ ਅਤੇ ਨਿੱਜੀ ਜਾਇਦਾਦ ਬਨਾਉਣ ਵਾਲਿਆਂ ਨੂੰ  ਨਫ਼ਰਤੀ ਨਜ਼ਰਾਂ ਨਾਲ ਵੇਖਦਾ ਸੀ, ਅੱਜ ਮੋਦੀ ਦੇ ''ਟਰੈਪ'' ਵਿੱਚ ਫਸਿਆ ਹੋਇਆ ਹੈ।
    ਅਮਰੀਕੀ ਰਾਸ਼ਟਰਪਤੀ ਦੇ ਤੌਰ-ਤਰੀਕੇ ਵੇਖੋ। ਉਸ ਉਤੇ ਕਾਨੂੰਨ ਭੰਗ ਕਰਨ ਵਾਲੇ, ਗੁੰਡਾਗਰਦੀ ਕਰਨ ਵਾਲੇ ਜਿਹਨਾ ਵਿੱਚ ਮਾਈਕਲ ਮਿਲਕਨ ਵਰਗੇ ਲੋਕ ਸ਼ਾਮਲ ਹਨ, ਉਹਨਾ ਨੂੰ  ਮੁਆਫ਼ੀ ਦੇਣ ਦਾ ਦੋਸ਼ ਹੈ। ਉਸਨੇ ਆਪਣੇ ਸਿਆਸੀ ਸਲਾਹਕਾਰ ਰੋਜਨ ਸਟੋਨ ਨੂੰ ਵੀ ਮੁਆਫ਼ੀ ਦੇ ਦਿੱਤੀ, ਜਿਸਨੇ ਸਬੂਤਾਂ ਨਾਲ ਛੇੜ-ਛਾੜ ਕੀਤੀ ਸੀ ਅਤੇ ਝੂਠ ਬੋਲਣ ਜਿਹੇ ਸੱਤ ਮਾਮਲਿਆਂ 'ਚ ਜਿਹੜਾ ਦੋਸ਼ੀ ਸੀ। ਅਸਲ ਵਿੱਚ ਟਰੰਪ, ਭਾਰਤ ਦੇਸ਼ ਦੀ ਮੁਆਫ਼ ਕਰਨ ਦੀ ਪਰੰਪਰਾ ਨੂੰ ਉਤਸ਼ਾਹਤ ਕਰ ਰਿਹਾ ਹੈ। ਟਰੰਪ ਨੇ ਪ੍ਰਵਾਸੀਆਂ ਅਤੇ ਮੁਸਲਮਾਨਾਂ ਦੇ ਵਿਰੁੱਧ ਕਦਮ ਉਠਾਉਂਦੇ ਹੋਏ ਅਮਰੀਕੀ ਕਾਂਗਰਸ ਦੀ ਅਣਦੇਖੀ ਕੀਤੀ। ਬਿਲਕੁਲ ਉਤੇ ਤਰ੍ਹਾਂ ਜਿਵੇਂ ਭਾਰਤ ਵਿੱਚ ਮੁਸਲਮਾਨ ਸ਼ਰਨਾਰਥੀਆਂ ਨੂੰ 'ਘੁਣ' ਕਹਿੰਦੇ ਹੋਏ ਭਾਰਤ ਦੇ ਗ੍ਰਹਿ ਮੰਤਰੀ ਨੇ ਸੰਸਦ ਵਿੱਚ ਉਹਨਾ ਦੇ ਵਿਰੁੱਧ ਸੀਏਏ ਵਰਗਾ ਕਾਨੂੰਨ ਪਾਸ ਕਰਵਾ ਦਿੱਤਾ, ਜੋ ਅਸਲ ਅਰਥਾਂ ਵਿੱਚ ਭਾਰਤ ਸੰਵਿਧਾਨ ਦੀਆਂ ਲੋਕਤੰਤਰਿਕ, ਧਰਮ ਨਿਰਪੱਖ ਪਰੰਪਰਾਵਾਂ ਨੂੰ ਦੰਦ ਚਿੜਾਉਣ ਵਰਗਾ ਸੀ।  ਇਹ ਸੀਏਏ ਕਾਨੂੰਨ ਅਤੇ ਐਨ.ਆਰ.ਸੀ. ਜਿਹੇ ਤਾਨਾਸ਼ਾਹ ਕਾਨੂੰਨ ਪਾਸ ਕਰਕੇ ਅਤੇ ਕਸ਼ਮੀਰ ਘਾਟੀ ਵਿੱਚ ਭਾਰਤੀ ਹਾਕਮਾਂ ਨੇ 370 ਧਾਰਾ ਹਟਾਕੇ ਆਮ ਲੋਕਾਂ ਸਮੇਤ ਛੋਟੇ ਬੱਚਿਆਂ ਤੱਕ ਨੂੰ ਗੈਰ-ਕਾਨੂੰਨੀ ਹਿਰਾਸਤ ਵਿੱਚ ਰੱਖਿਆ, ਬਿਲਕੁਲ ਉਸੇ ਤਰ੍ਹਾਂ ਜਿਵੇਂ ਅਮਰੀਕਾ ਵਿੱਚ ਟਰੰਪ ਪ੍ਰਾਸ਼ਾਸ਼ਨ ਨੇ ਪ੍ਰਵਾਸੀਆਂ ਨੂੰ ਬਾਹਰ ਕੱਢਣ ਅਤੇ ਉਹਨਾ ਦੇ  ਬੱਚਿਆਂ ਨੂੰ ਪੂਰੀ ਕਰੂਰਤਾ ਨਾਲ ਮਾਤਾ-ਪਿਤਾ ਤੋਂ ਵੱਖਰਿਆਂ ਰੱਖਕੇ ਹਿਰਾਸਤ ਕੇਂਦਰਾਂ ਵਿੱਚ ਭੇਜਿਆ। ਭਾਵੇਂ ਕਿ ਅਮਰੀਕਾ ਵਿੱਚ ਇਸ ਤਾਨਾਸ਼ਾਹ ਵਤੀਰੇ ਸਬੰਧੀ ਰੋਸ ਹੈ, ਪਰ ਟਰੰਪ ਪ੍ਰਾਸ਼ਾਸ਼ਨ ਪ੍ਰਵਾਹ ਨਹੀਂ ਕਰ ਰਿਹਾ। ਭਾਰਤੀ ਲੋਕਾਂ ਵਿੱਚ ਐਨ.ਆਰ.ਸੀ ਅਤੇ ਸੀਏਏ ਵਿਰੁੱਧ ਗੁੱਸਾ ਹੈ, ਇਸ ਵਿਰੁੱਧ ਥਾਂ-ਥਾਂ ਮੋਰਚੇ ਲੱਗੇ ਹੋਏ ਹਨ, ਮੁਜ਼ਾਹਰੇ ਹੋ ਰਹੇ ਹਨ, ਪਰ ਤਾਨਾਸ਼ਾਹ ਅਮਿਤ-ਮੋਦੀ ਜੋੜੀ ਇਸ ਨੂੰ ਟਿੱਚ ਸਮਝਦੀ ਹੈ। ਸੱਚ ਤਾਂ ਇਹ ਹੈ ਕਿ ਅੱਜ ਦਾ ਭਾਰਤ ਟਰੰਪ ਦੇ ਲਈ ਸਭ ਤੋਂ ਵੱਡਾ ਸੁਪਨਿਆਂ ਨੂੰ ਪੂਰਿਆਂ ਕਰਨ ਵਾਲਾ, ਸਵਰਗ  ਦਿਖਾਈ ਦਿੰਦਾ ਹੈ।  ਵੱਡੀ ਗਿਣਤੀ 'ਚ ਅਮਰੀਕਾ ਰਹਿੰਦੀ ਹਿੰਦੂ ਅਬਾਦੀ ਉਸਨੂੰ ਮੋਦੀ ਦੇ ਰਾਹੀਂ ਆਪਣੀ ਵੋਟ ਬੈਂਕ ਪੱਕਾ ਕਰਨ  ਦਾ ਸਾਧਨ ਵੀ ਜਾਪਦੀ ਹੈ ਅਤੇ ਧਨਾਢਾਂ ਦੇ ਹੱਕਾਂ ਲਈ  ਭਾਰਤ ਨਾਲ ਵਧੇਰੇ ਸਬੰਧ ਬਣਾਕੇ ਉਸਨੂੰ ਲੁੱਟਣ ਦੀ ਵੀ। ਇਸੇ ਕਰਕੇ ਮੋਦੀ ਆਪਣੀ ਅਮਰੀਕੀ ਰਾਸ਼ਟਰਪਤੀ ਚੋਣ ਤੋਂ ਪਹਿਲਾਂ ਭਾਰਤ ਦੇ  ਦੌਰੇ 'ਤੇ ਆ ਰਿਹਾ ਹੈ ਤਾਂ ਕਿ ਅਮਰੀਕਾ 'ਚ ਰਹਿੰਦੇ ਹਿੰਦੂਆਂ ਦੀਆਂ ਵੋਟਾਂ ਬਟੋਰੀਆਂ ਜਾ ਸਕਣ ਅਤੇ ਦਬਕੇ ਮਾਰਕੇ ਭਾਰਤ ਨਾਲ ਵਪਾਰਕ ਸਮਝੋਤਿਆਂ ਉਤੇ ਦਸਤਖਤ ਕੀਤੇ ਜਾ ਸਕਣ।
    ਸਾਲ 2016 ਵਿੱਚ ਰਾਸ਼ਟਰਪਤੀ ਚੋਣ ਮੁਹਿੰਮ ਵਿੱਚ ਟਰੰਪ ਨੇ ਕਿਹਾ ਸੀ ਕਿ ਮੈਂ ਹਿੰਦੂਆਂ ਨੂੰ ਪਿਆਰ ਕਰਦਾ ਹਾਂ। ਭਾਰਤ ਦੀ ਬਹੁ-ਸੰਖਿਅਕ ਆਬਾਦੀ  ਹਿੰਦੂਆਂ ਨੂੰ ਪਸੰਦ ਕਰਨ ਦੀ ਟਰੰਪ ਦੀ ਚਾਹਤ ਅਤੇ ਅਮਰੀਕਾ ਵਿੱਚ ਸਭ ਤੋਂ ਅਮੀਰ ਅਤੇ ਜਾਹਿਰਾ ਤੌਰ ਤੇ ਟਰੰਪ ਨੂੰ ਚਾਹੁਣ ਵਾਲੀ ਘੱਟ ਗਿਣਤੀ  ਰਾਸ਼ਟਰਵਾਦੀ ਅਮਰੀਕੀਆਂ ਦੀਆਂ ਜੜ੍ਹਾਂ ਇਸ ਦਰਮਿਆਨ ਹੋਰ ਗਹਿਰੀਆਂ ਹੋਈਆਂ ਹਨ। ਜਿਵੇਂ ਭਾਰਤ ਵਿੱਚ ਰਾਸ਼ਟਰਵਾਦ ਦੇ ਨਾਮ ਉਤੇ ਹਿੰਦੂਆਂ-ਮੁਸਲਮਾਨਾਂ 'ਚ ਪਾੜਾ ਪਾਇਆ ਜਾ ਰਿਹਾ ਹੈ, ਵੋਟਾਂ ਸਮੇਂ ਇੱਕ ਦੂਜੇ ਵਿਰੁੱਧ ਨਫ਼ਰਤ ਫੈਲਾਈ ਜਾ ਰਹੀ ਹੈ, ਉਸ ਨਾਲ ਭਾਰਤੀ ਲੋਕਤੰਤਰ ਦੀ ਪਛਾਣ ਦਾ, ਟਰੰਪਲੈਂਡ ਨਾਲ ਜੋੜਕੇ ਪੱਧਰ ਬਹੁਤ ਥੱਲੇ ਸੁੱਟ ਦਿੱਤਾ ਗਿਆ। ਜਿਵੇਂ ਟਰੰਪ ਅਤੇ ਟਰੰਪਵਾਦ 1980 ਅਤੇ 1990 ਦੇ ਦਹਾਕੇ 'ਚ ਸੱਤਾ ਦੇ ਗਲਿਆਰੇ 'ਚ ਸਫਲਤਾ ਪ੍ਰਾਪਤ ਕਰਨ ਲਈ ਨਿਤਰਿਆ, ਇਵੇਂ ਹੀ ਸ਼੍ਰੀਮਾਨ ਮੋਦੀ ਅਤੇ ਹਿੰਦੂਵਾਦ ਦੇ ਦੌਰ ਵਿੱਚ ਜਾਇਦਾਦ ਅਤੇ ਸੱਤਾ ਦੀ ਹੋੜ ਸ਼ੁਰੂ ਹੋਈ, ਭਾਵੇਂ ਕਿ ਇਹ ਭਾਰਤੀ ਜੀਵਨ ਮੁੱਲਾਂ ਨੂੰ ਪ੍ਰਵਾਨ ਨਹੀਂ ਸੀ। ਇਸੇ ਕਰਕੇ ਸਮਰਾਜਵਾਦ ਨਾਲ ਲੜਨ ਵਾਲੇ ਨੇਤਾਵਾਂ ਦੇ ਯਤਨਾਂ ਨਾਲ ਸਾਦਾ ਜੀਵਨ ਅਤੇ ਸਾਰਿਆਂ ਦਾ ਕਲਿਆਣ ਭਾਰਤ ਦੇ ਜੀਵਨ ਮੁੱਲ ਬਣੇ। ਇਸੇ ਲਈ ਹਰਮਨ ਪਿਆਰਾ ਸਿਨੇਮਾ, ਸਰਕਾਰੀ ਟੈਲੀਵੀਜਨ ਅਤੇ ਸਿਆਸੀ ਨੇਤਾਵਾਂ ਦੇ ਭਾਸ਼ਣ ਉੱਚ ਵਿਚਾਰਾਂ ਦੇ ਇਰਦ-ਗਿਰਦ ਹੁੰਦੇ ਸਨ ਅਤੇ ਇਹਨਾ ਵਿੱਚ ਪੇਂਡੂ ਲੋਕਾਂ ਦਾ ਜੀਵਨ ਪੱਧਰ ਉੱਚਾ ਚੁੱਕਣ ਲਈ  ਵੱਧ ਜ਼ੋਰ ਦਿੱਤਾ ਜਾਂਦਾ ਸੀ ਅਤੇ ਮੁੱਠੀ ਭਰ ਅਮੀਰ  ਲੋਕ ਪੂਰੇ ਦ੍ਰਿਸ਼ ਵਿੱਚ ਕਿਧਰੇ ਵੀ ਦਿਖਾਈ ਨਹੀਂ ਦਿੰਦੇ ਸਨ। ਪਰ ਅੱਜ ਮੋਦੀ ਯੁੱਗ ਵਿੱਚ ਮੀਡੀਆ ਮੂਲ ਰੂਪ ਵਿੱਚ ਸਿਆਸਤ ਨਾਲ ਸੰਚਾਲਿਤ ਹੁੰਦਾ ਹੈ।  ਇਹ ਮੀਡੀਆ ਪਿਛਲੀਆਂ ਚੋਣਾਂ ਤੋਂ ਅੱਗੇ ਦੇਖਦਾ ਹੈ ਜਾਂ  ਪਿਛਲੀਆਂ ਚੋਣਾਂ ਵੱਲ ਪਿੱਛੇ ਮੁੜਕੇ ਦੇਖਦਾ ਹੈ, ਜਾਂ ਕਹੀਏ ਕਿ ਕਿਸ ਮੰਤਰੀ ਨੇ ਕੀ ਕਿਹਾ ਜਾਂ  ਵਿਰੋਧੀ ਨੇਤਾ ਨੇ ਕੀ ਕਿਹਾ ਵੱਲ ਧਿਆਨ ਕਰਦਾ ਹੈ। ਇਹ ਜਾਣਦਿਆਂ ਹੋਇਆ ਵੀ ਕਿ ਦੇਸ਼ ਦਾ ਭਵਿੱਖ ਤਾਂ ਸਕੂਲ, ਕਾਲਜ, ਹਸਪਤਾਲਾਂ ਅਤੇ ਸਾਡਾ ਹਵਾ, ਪਾਣੀ, ਮਿੱਟੀ, ਜੰਗਲਾਂ ਦੀ ਹਾਲਤ ਉਤੇ ਨਿਰਭਰ ਹੈ ਪਰ ਇਸ ਸਬੰਧੀ ਕੋਈ ਚਰਚਾ ਹੀ ਨਹੀਂ ਹੁੰਦੀ। ਮੁੱਠੀ ਭਰ ਕਾਰਪੋਰੇਟ ਜਗਤ ਨੇ ਇਸ ਉਤੇ ਪੂਰੀ ਤਰ੍ਹਾਂ ਕੰਟਰੋਲ ਕਰ ਲਿਆ ਹੈ।
    ਭਾਰਤ ਦੇ ਵਿੱਚ ਆਰਥਿਕ ਉਦਾਰੀਕਰਨ (1991) ਦੇ ਤੀਹ ਸਾਲ ਬਾਅਦ ਬਹੁਤੇ ਭਾਰਤੀ, ਭੋਜਨ, ਸਾਫ ਪਾਣੀ, ਟਾਇਲਟ, ਰੁਜ਼ਗਾਰ ਅਤੇ ਘਰ ਲਈ ਸੰਘਰਸ਼ ਕਰ ਰਹੇ ਹਨ ਪਰੰਤੂ ਉਦਾਰੀਕਰਨ ਦਾ ਲਾਭ ਪਾਉਣ ਵਾਲੇ ਉੱਚੀ ਜਾਤੀ ਦੇ ਵੱਡੇ ਲੋਕਾਂ ਨੇ ਗਰੀਬਾਂ ਤੋਂ ਆਪਣੀ ਦੂਰੀ ਬਣਾ ਲਈ ਹੋਈ ਹੈ।  ਦੇਸ਼ ਭਾਰਤ ਵਿੱਚ ਵੱਡੇ ਪੱਧਰ 'ਤੇ ਘਪਲੇ ਹੋ ਰਹੇ ਹਨ। ਬੈਂਕ ਘੁਟਾਲਿਆਂ ਦਾ ਜ਼ੋਰ ਹੈ। ਮੋਦੀ ਦੀ ਇਮਾਨਦਾਰ ਸਰਕਾਰ ਵੇਲੇ ਪਿਛਲੀ ਇੱਕ ਅਪ੍ਰੈਲ ਤੋਂ ਇੱਕਤੀ ਦਸੰਬਰ 2019 ਭਾਵ 9 ਮਹੀਨਿਆਂ 'ਚ ਦੇਸ਼ ਵਿੱਚ 8926 ਮਾਮਲਿਆਂ 'ਚ ਸਰਕਾਰੀ ਬੈਂਕਾਂ ਨੂੰ ਇੱਕ ਲੱਖ ਸਤਾਰਾਂ ਹਜ਼ਾਰ ਕਰੋੜ ਦਾ ਚੂਨਾ ਲੱਗਾ ਹੈ। ਇਹ ਸੂਚਨਾ ਆਰ.ਟੀ.ਆਈ. ਰਾਹੀਂ ਪ੍ਰਾਪਤ ਕੀਤੀ ਗਈ ਹੈ। ਜਦ ਕਿ 2019 ਤੋਂ ਪਹਿਲਾਂ ਦੇ 11 ਵਿੱਤੀ ਸਾਲਾਂ ਦੌਰਾਨ 53 ਹਜ਼ਾਰ ਮਾਮਲਿਆਂ 'ਚ ਦੋ ਲੱਖ ਪੰਜ ਹਜ਼ਾਰ ਕਰੋੜ ਦਾ ਬੈਂਕ ਘੁਟਾਲਾ ਹੋਇਆ। ਪਰ ਦੂਜੇ ਪਾਸੇ ਦੇਸ਼ 'ਚ ਮਰ ਰਹੇ,  ਆਤਮ-ਹੱਤਿਆ ਕਰ ਰਹੇ, ਖੇਤੀ ਛੱਡ ਰਹੇ ਕਿਸਾਨਾਂ ਦੇ ਹਿੱਤਾਂ ਨੂੰ ਛਿੱਕੇ ਟੰਗਕੇ, ਡਾ: ਸਵਾਮੀਨਾਥਨ ਦੀ ਰਿਪੋਰਟ  ਨੂੰ ਦਰ ਕਿਨਾਰ ਕਰਕੇ ਫ਼ਸਲਾਂ ਦੇ ਘੱਟੋ-ਘੱਟ ਮੁੱਲ ਦੇਣ ਤੋਂ ਇਨਕਾਰ ਕਰਨ ਦੀ ਨੀਤੀ ਤਿਆਰ ਕੀਤੀ ਜਾ ਰਹੀ ਹੈ ਜਦਕਿ ਕਾਰਪੋਰੇਟ ਸੈਕਟਰ ਨੂੰ ਵੱਡੇ ਕਰਜ਼ੇ, ਸਬਸਿਡੀਆਂ ਦੇਣ ਲਈ ਸਰਕਾਰੀ ਖਜ਼ਾਨੇ ਦੇ ਮੂੰਹ ਖੋਲ੍ਹੇ ਹੋਏ ਹਨ। ਬਿਲਕੁਲ ਇਹੋ ਹਾਲ ਵਪਾਰੀ-ਕਾਰੋਬਾਰੀ ਰਾਸ਼ਟਰਪਤੀ ਟਰੰਪ ਦੇ  ਦੇਸ਼ ਅਮਰੀਕਾ ਵਿੱਚ ਹੈ, ਜਿਥੇ ਟਰੰਪ ਪ੍ਰਾਸ਼ਾਸ਼ਨ ਆਮ ਲੋਕਾਂ ਨਾਲੋਂ, ਕੱਟਰਵਾਦੀ ਰਾਸ਼ਟਰਵਾਦੀ ਲੋਕਾਂ ਅਤੇ ਕਾਰਪੋਰੇਟ ਜਗਤ ਦੀ ਭਰਪੂਰ ਹਮਾਇਤ ਕਰਦਾ ਹੈ, ਉਹਨਾ ਅਨੁਸਾਰ ਨੀਤੀਆਂ ਘੜਦਾ ਹੈ ਅਤੇ ਆਪਣੇ ਟਰੰਪੀ ਜੀਵਨ ਮੁੱਲਾਂ ਨੂੰ ਲਾਗੂ ਕਰਦਾ ਹੈ।
    ਭਾਰਤ 'ਚ ਵਿਰੋਧੀ ਧਿਰ ਦੀ ਲੋਕ ਮਸਲਿਆਂ ਨੂੰ ਚੁੱਕਣ 'ਚ ਨਾ-ਕਾਮਯਾਬੀ ਅਤੇ ਆਪਸੀ ਫੁੱਟ ਕਾਰਨ 'ਮੋਦੀ ਜੀਵਨ ਮੁੱਲਾਂ' ਦੀ ਦੇਸ਼ 'ਚ ਚੜ੍ਹਤ ਦੇਖਣ ਨੂੰ ਮਿਲ ਰਹੀ ਹੈ। ਮੋਦੀ ਪ੍ਰਾਸ਼ਾਸ਼ਨ ਨੇ ਚੋਣ ਕਮਿਸ਼ਨ, ਸੀ.ਬੀ.ਆਈ. ਅਤੇ ਹੋਰ ਅਜ਼ਾਦਾਨਾ ਕੰਮ ਕਰਨ ਵਾਲੀਆਂ ਸੰਸਥਾਵਾਂ ਉਤੇ ਆਪਣਾ ਕੰਟਰੋਲ ਕਰ ਲਿਆ ਹੈ। ਅਦਾਲਤਾਂ ਉਤੇ ਵੀ ਆਪਣਾ ਸ਼ਿਕੰਜਾ ਕੱਸਣ ਦੇ ਯਤਨ ਹੋ ਰਹੇ ਹਨ। ਨੋਟ-ਬੰਦੀ, ਜੀ.ਐਸ.ਟੀ. ਲਾਗੂ ਕਰਨਾ, 370 ਧਾਰਾ ਕਸ਼ਮੀਰ 'ਚੋਂ  ਹਟਾਉਣਾ, ਸੀ.ਆਈ.ਏ. ਕਾਨੂੰਨ  ਧੱਕੇ ਨਾਲ ਲਾਗੂ ਕਰਨਾ, ਰਾਸ਼ਟਰਵਾਦ ਦੇ ਨਾਮ ਉਤੇ ਲੋਕਾਂ 'ਚ ਵੰਡ ਪਾਉਣੀ, ਲੋਕਾਂ ਦੀਆਂ ਭਾਵਨਾਵਾਂ ਤੋਂ ਉਲਟ ਇਹੋ ਜਿਹੇ ਕੰਮ ਹਨ, ਜਿਹਨਾ 'ਚੋਂ ਤਾਨਾਸ਼ਾਹੀ ਦੀ ਬੋਅ  ਆਉਂਦੀ ਹੈ। ਜਿਸ ਰਸਤੇ ਉਤੇ ਮੋਦੀ  ਪ੍ਰਾਸ਼ਾਸ਼ਨ ਤੁਰ ਰਿਹਾ ਹੈ ਅਤੇ ਮੋਦੀ ਦੀ ਜੈ ਜੈ ਕਾਰ ਕੀਤੀ ਜਾ ਰਹੀ ਹੈ, ਭਵਿੱਖ 'ਚ ਇਹ ਅਮਰੀਕਾ ਵਰਗੇ ਰਾਸ਼ਟਰਪਤੀ ਪ੍ਰਾਸ਼ਾਸ਼ਨ ਦੀ ਦਸਤਕ ਵੀ ਹੋ ਸਕਦੀ ਹੈ।
    ਸਵਾਲ ਪੈਦਾ ਹੁੰਦਾ ਹੈ ਕਿ 'ਨਵਾਂ ਭਾਰਤ' ਦੀ ਧਾਰਨਾ ਧਰਮ ਵਿਸ਼ੇਸ਼ ਦਾ ਵਿਸ਼ੇਸ਼ ਅਧਿਕਾਰਤ ਰਾਜ ਤਾਂ ਨਹੀਂ, ਜਿਥੇ ਘੱਟ ਗਿਣਤੀਆਂ ਦੇ ਅਧਿਕਾਰ ਹੋਰ ਵੀ ਸੀਮਤ ਹੋਣਗੇ ਜਾਂ ਉਹਨਾ ਨੂੰ ਦੇਸ਼ ਨਿਕਾਲਾ ਦੇਣ ਲਈ ਬੰਨ-ਛੁੱਬ ਕੀਤਾ ਜਾਏਗਾ ਉਵੇਂ ਹੀ ਜਿਵੇਂ  ਅਮਰੀਕਾ ਦੇ ਟਰੰਪ ਨੇ ਪ੍ਰਵਾਸੀਆਂ ਨੂੰ ਦੇਸ਼ ਨਿਕਾਲਾ ਤੇ ਰਾਸ਼ਟਰਵਾਦੀ ਅਮਰੀਕੀਆਂ ਨੂੰ ਵੱਧ ਅਧਿਕਾਰ ਅਤੇ ਸੁੱਖ-ਸਹੂਲਤਾਂ ਦੇਣ ਦਾ ਟੀਚਾ ਹੀ ਨਹੀਂ ਮਿਥਿਆ, ਸਗੋਂ ਇਸ ਉਤੇ ਅਮਲ ਵੀ ਕਠੋਰਤਾ ਨਾਲ ਕੀਤਾ ਹੈ।

-ਗੁਰਮੀਤ ਸਿੰਘ ਪਲਾਹੀ
-9815802070
-(ਪੰਜਾਬੀ ਫੀਚਰ ਸਿੰਡੀਕੇਟ ਵਲੋਂ ਜਾਰੀ) 

ਡੰਗ ਅਤੇ ਚੋਭਾਂ - ਗੁਰਮੀਤ ਸਿੰਘ ਪਲਾਹੀ

ਅੱਗ ਪਈ ਬਲਦੀ ਚੋਹੀਂ ਪਾਸੀਂ
ਬੁੱਲ੍ਹਾ ਬੈਠਾ ਵਿੱਚ ਕਿਤਾਬੀਂ।

ਖ਼ਬਰ ਹੈ ਕਿ ਸੁਪਰੀਮ ਕੋਰਟ ਨੇ ਮੁੜ ਦੁਹਰਾਇਆ ਹੈ ਕਿ ਜਨਤਕ ਥਾਂ ਜਾਂ ਸੜਕ ਨੂੰ ਬੰਦ ਕਰਕੇ ਵਿਰੋਧ-ਪ੍ਰਦਰਸ਼ਨ ਨਹੀਂ ਕੀਤਾ ਜਾ ਸਕਦਾ। ਲੋਕਾਂ ਨੂੰ ਵਿਰੋਧ-ਪ੍ਰਦਰਸ਼ਨ ਕਰਨ ਦਾ ਅਧਿਕਾਰ ਹੈ ਪਰ ਇਹ ਸੜਕ ਜਾਂ ਜਨਤਕ ਥਾਂ ਤੇ ਕਿਵੇਂ ਕੀਤਾ ਜਾ ਸਕਦਾ ਹੈ? ਇਹ ਟਿਪਣੀਆਂ ਸੀ.ਏ.ਏ. ਦੇ ਵਿਰੋਧ ਵਿੱਚ 60 ਦਿਨਾਂ ਤੋਂ ਜ਼ਿਆਦਾ ਸਮੇਂ ਤੋਂ ਚਲ ਰਹੇ ਧਰਨਾ-ਪ੍ਰਦਰਸ਼ਨ ਨੂੰ ਹਟਾਉਣ ਦੀ ਮੰਗ ਵਾਲੀ ਪਟੀਸ਼ਨ 'ਤੇ ਸੁਣਵਾਈ ਦੇ ਦੌਰਾਨ ਕੀਤੀਆਂ। ਕੋਰਟ ਨੇ ਸ਼ਾਹੀਨ ਬਾਗ ਜਾਕੇ ਲੋਕਾਂ ਨਾਲ ਹੱਲ ਕੱਢਣ ਦਾ ਸਮਾਂ ਦਿੰਦੇ ਹੋਏ ਸਾਲਸ ਨੀਅਤ ਕੀਤੇ ਹਨ।
ਐਧਰ ਚਾਰ ਮਰਦੇ ਨੇ, ਉਧਰ ਦਸ ਬਲਤਕਾਰ ਹੁੰਦੇ ਨੇ। ਇਧਰ ਰੋਟੀ-ਪਾਣੀ ਮਹਿੰਗਾ ਹੁੰਦਾ ਹੈ, ਉਧਰ ਲੋਕ ਭੁੱਖ ਨਾਲ ਮਰਦੇ ਨੇ। ਇਧਰ ਜੰਗਾਂ ਲੱਗਦੀਆਂ ਨੇ, ਉਧਰ ਰਾਜ ਗੱਦੀਆਂ ਪੱਕੀਆਂ ਕੀਤੀਆਂ ਜਾਂਦੀਆਂ ਨੇ। ਇਹੋ ਹੀ ਦਸਤੂਰ ਹੈ ਜੱਗ ਦਾ।
ਨੋਟਬੰਦੀ ਹੁੰਦੀ ਹੈ, ਲੋਕ ਮਰਦੇ ਨੇ, ਆਪਣੇ ਪੈਸਿਆਂ ਨੂੰ ਲੱਭਦੇ ਕਬਰੀਂ ਜਾ ਸੌਂਦੇ ਨੇ। ਮੰਦਰਾਂ-ਮਸਜਿਦਾਂ ਦੇ ਮਸਲਿਆਂ 'ਚ ਗੁੰਮਰਾਹ  ਹੋਕੇ ਲੋਕ ਲੜਦੇ ਨੇ, ਆਪਣੇ ਹੱਕ ਹਾਕਮਾਂ ਦੇ ਪੈਰੀਂ ਧਰਦੇ ਨੇ। ਇਹੋ ਹੀ ਦਸਤੂਰ ਹੈ ਜੱਗ ਦਾ।
ਰਾਤੋ-ਰਾਤ 370 ਧਾਰਾ ਹੱਟਦੀ ਹੈ, ਲੋਕ ਕੁਕੜਾਂ ਵਾਂਗਰ ਖੁਡਿਆਂ 'ਚ ਡੱਕ ਦਿੱਤੇ ਜਾਂਦੇ ਨੇ। ਸੀ.ਏ.ਏ., ਸੀ.ਆਰ.ਆਰ. ਲਾਗੂ ਕਰਕੇ, ਪੁੱਛਿਆ ਜਾਂਦਾ  ਤੇਰਾ ਬਾਪ ਕੌਣ ਸੀ, ਤੇਰੀ ਮਾਂ ਕਿਥੇ ਜੰਮੀ ਸੀ? ਨਾਂ, ਥੇਹ, ਪਤਾ ਨਾ ਲੱਗੇ ਤਾਂ ਕੈਦੀਂ ਬੰਦ, ਤੁਸੀਂ ਇਸ ਦੇਸ਼ ਦੇ ਨਾਗਰਿਕ ਨਹੀਂ। ਇਹੋ ਹੀ ਦਸਤੂਰ ਹੈ ਜੱਗ ਦਾ।
ਚਾਰੇ ਪਾਸੇ ਧੂੰਆਂ ਹੈ। ਚਾਰੇ ਪਾਸੇ ਧੁੰਦ ਹੈ। ਚਾਰੇ ਪਾਸੇ ਕੁਰਲਾਹਟ ਹੈ। ਚਾਰੇ ਪਾਸੇ ਚੀਕਾਂ ਹਨ। ਚਾਰੇ ਪਾਸੇ ਭਾਂਬੜ ਹੈ। ਚਾਰੇ ਪਾਸੇ ਉਜਾੜ- ਬੀਆਬਾਨ ਵਿੱਚ ਭਟਕੇ ਲੋਕ ਹਨ ਪਰ ਦੇਸ਼ ਦਾ ਨਿਆਂ, ਚੁੱਪੀ ਸਾਧ ਬੈਠ ਜਾਂਦਾ ਹੈ। ਇਹੋ ਹੀ ਦਸਤੂਰ ਹੈ ਜੱਗ ਦਾ । ਤਦੇ ਕਵੀ ਲਿਖਦਾ ਰਤਾ ਵੀ ਨਹੀਂ ਝਿਜਕਦਾ, ''ਅੱਗ ਪਈ ਬਲਦੀ ਚੋਹੀਂ ਪਾਸੀ, ਬੁੱਲ੍ਹਾ ਬੈਠਾ ਵਿੱਚ ਕਿਤਾਬੀਂ।''


ਕੱਚੀ ਯਾਰੀ ਲੱਡੂਆਂ ਦੀ, ਲੱਡੂ ਮੁੱਕ ਗਏ ਯਰਾਨੇ ਟੁੱਟ ਗਏ।
ਖ਼ਬਰ ਹੈ ਕਿ ਪੰਜਾਬ 'ਚ ਜ਼ਿਆਦਾ ਸੀਟਾਂ 'ਤੇ ਚੋਣ ਨੂੰ ਲੈਕੇ ਭਾਰਤੀ ਜਨਤਾ ਪਾਰਟੀ ਹੁਣ ਖੁਲ੍ਹ ਕੇ ਬੋਲਣ ਲੱਗੀ ਹੈ। ਭਾਜਪਾ ਦੇ ਸੀਨੀਅਰ ਨੇਤਾ ਮਦਨ ਮੋਹਨ ਮਿੱਤਲ ਨੇ ਪੰਜਾਬ 'ਚ 59 ਸੀਟਾਂ 'ਤੇ ਚੋਣ ਲੜਨ ਦਾ ਦਾਅਵਾ ਠੋਕਿਆ ਹੈ। ਉਹਨਾ ਦਾ ਦਾਅਵਾ ਹੈ ਕਿ ਭਾਜਪਾ ਹਾਈ ਕਮਾਨ ਨੇ ਵੀ ਤਿਆਰੀ ਕਰਨ ਲਈ ਕਿਹਾ ਹੈ। ਉਹਨਾ ਕਿਹਾ ਕਿ ਪੰਜਾਬ 'ਚ ਪਾਰਟੀ ਦੀ ਨੀਂਹ ਮਜ਼ਬੂਤ ਹੈ । ਇਸ ਲਈ ਪਾਰਟੀ 59 ਸੀਟਾਂ 'ਤੇ ਚੋਣ ਲੜਨ ਦੀ ਗੱਲ ਕਹਿ ਰਹੀ ਹੈ।
ਜਦ ਅਨੇਕਾਂ ਕਬੂਤਰ ਉਹਦੀ ਛਤਰੀ 'ਤੇ ਬੈਠਦੇ ਆ, ਉਹ ਕਿਸੇ ਤੋਂ ਵੀ ਹਵਾ 'ਚ ਬਾਜੀਆ ਲੁਆਏ ਜਾਂ ਆਪ ਛੱਤਰੀ 'ਤੇ ਬੈਠਕੇ ਬਾਗ਼ੀਆਂ ਪਾਏ। ਭਲਾ ਕਿਸੇ ਨੂੰ ਕੀ ਇਤਰਾਜ?
ਉਹ ਰਾਜਨੀਤੀ ਦਾ ਪੱਕਾ ਖਿਡਾਰੀ ਆ। ਕਿਸੇ ਨਾਲ ਯਾਰੀਆਂ ਕਿਸੇ ਨਾਲ ਅੱਯਾਰੀਆਂ, ਕਦੋਂ ਲਾਉਣੀਆਂ, ਨਿਭਾਉਣੀਆਂ, ਹਟਾਉਣੀਆਂ, ਉਹ ਦੀ ਖੇਡ ਆ। ਉਹ ਕਿਸੇ ਦਾ ਤੀਰ, ਕਿਸੇ ਦੀ ਕਮਾਨ, ਕਿਸੇ ਦਾ ਰੱਥ ਤੇ ਕੋਈ ਰੱਥਵਾਨ, ਉਹ ਨਿਸ਼ਾਨੇ ਫੁੰਡਦਾ ਗਿਆ, ਅਗਾਂਹ ਵਧਦਾ ਗਿਆ। ਭਲਾ ਕਿਸੇ ਨੂੰ ਕੀ ਇਤਰਾਜ?
ਜਦੋਂ ਲੋੜ ਸੀ, ਪੰਜ ਵੇਰਾਂ ਦਾ ਮੁੱਖ ਮੰਤਰੀ ਉਹਨਾ ਦਾ ਬਾਪੂ ਸੀ। ਹੁਣ ਨਹੀਂਓ ਲੋੜ ਤਾਂ ਅਲਾਣੀ ਮੰਜੀ ਢਾਹ ਦਿੱਤੀ ਸਿੱਧੀ ਤੂੜੀ ਵਾਲੇ ਕੋਠੇ 'ਚ। ਹੋਰ ਯਾਰ ਬਥੇਰੇ, ਹੋਰ ਯਾਰੀਆਂ ਬਥੇਰੀਆਂ ਭਲਾ ਕਿਸੇ ਨੂੰ ਕੀ ਇਤਰਾਜ?
ਇੱਕ ਕਵੀ ਦੀ ਸਤਰਾਂ ਬਹੁਤ ਪਿਆਰੀਆਂ ਨੇ ਆਪਣੇ ਹਾਕਮ ਭਾਜਪਾ ਟੋਲੇ ਬਾਰੇ, ''ਉਹ ਬੁਰਕੀ ਦੀ ਨਹੀਂ, ਗੁਥਲੀ ਦੀ ਸਾਂਝ ਜਾਣਦਾ। ਏਨਾ ਤਾਂ  ਤੁਸੀਂ ਵੀ ਜਾਣਦੇ ਈ ਓ ਕੱਚੀ ਯਾਰੀ ਲੱਡੂਆਂ ਦੀ, ਲੱਡੂ ਮੁੱਕ ਗਏ ਯਰਾਨੇ ਟੁੱਟ ਗਏ।''


ਤੇਰੇ ਇਸ਼ਕ ਨਚਾਇਆ ਕਰ ਥੱਈਆ ਥੱਈਆ
ਖ਼ਬਰ ਹੈ ਕਿ ਬਿਹਾਰ ਸਿਰਫ਼ ਸੂਬਾਈ ਹੀ ਨਹੀਂ ਕੌਮੀ ਸਿਆਸੀ ਬਦਲਾਅ ਦੀ ਪ੍ਰਯੋਗਸ਼ਾਲਾ ਰਿਹਾ ਹੈ। ਹੁਣ ਨਵਾਂ ਪ੍ਰਯੋਗ ਹੋਣ ਜਾ ਰਿਹਾ ਹੈ, ਜਿਸ ਦੀ ਅਗਵਾਈ ਚੋਣ ਰਣਨੀਤੀਕਾਰ ਪ੍ਰਸ਼ਾਂਤ ਕਿਸ਼ੋਰ (ਪੀ.ਕੇ.) ਕਰਨ  ਜਾ ਰਹੇ ਹਨ। ਜਾਣਕਾਰੀ ਅਨੁਸਾਰ ਪੀ.ਕੇ. ਹੁਣ ਪਟਨਾ ਵਿੱਚ ਡਟਣ ਦੇ ਮੂਡ ਵਿੱਚ ਹਨ ਅਤੇ ਉਹ ਕੇਜਰੀਵਾਲ ਫਾਰਮੂਲੇ 'ਤੇ ਚੱਲਣਗੇ। ਉਹਨਾ ਨੇ ਜਨਤਾ ਦਲ (ਯੂ) ਦਾ ਉਪ ਪ੍ਰਧਾਨ ਹੁੰਦਿਆਂ, ਅਜਿਹੇ ਲੱਖਾਂ ਨੌਜਵਾਨਾਂ ਦਾ ਪ੍ਰੋਫਾਈਲ ਤਿਆਰ ਕੀਤਾ ਸੀ, ਜਿਹੜੇ ਸਰਗਰਮ ਸਿਆਸਤ ਵਿੱਚ ਆਉਣਾ ਚਾਹੁੰਦੇ ਹਨ। ਅਜਿਹੀਆਂ ਹਾਲਤਾਂ ਵਿੱਚ ਪੀ.ਕੇ. ਨੌਜਵਾਨ ਸ਼ਕਤੀ ਦੇ ਸਹਾਰੇ ਬਿਹਾਰ ਦਾ ਕੇਜਰੀਵਾਲ ਬਨਣ ਦੀ ਕੋਸ਼ਿਸ਼ ਕਰਨਗੇ।
ਮਨੁੱਖ ਮਨੁੱਖ ਨੂੰ, ਬੰਦਾ ਬੰਦੇ ਨੂੰ ਪਿਆਰਾ ਲੱਗ ਪਏ ਤਾਂ ਫਿਰ ਭਲਾ ਘਾਟਾ ਕਾਹਦਾ? ਜੇਕਰ ਮਨੁੱਖ 'ਚ ਸਾੜਾ, ਕ੍ਰੀਨਾ ਜਾਂ ਈਰਖਾ ਘੱਟ ਜਾਏ  ਤਾਂ ਫਿਰ ਭਲਾ ਘਾਟਾ ਕਾਹਦਾ? ਪਰ ਨਾ ਨਾ ਭਾਈ ਸਿਆਸਤ ਦਾ ਪਹਿਲਾ ਅਸੂਲ ਹੀ ਸਾੜਾ ਹੈ, ਈਰਖਾ ਹੈ, ਬੰਦੇ ਨੂੰ ਬੰਦਾ ਨਾ ਸਮਝਣ ਦੀ ਸਿਖਲਾਈ ਹੈ। ਪਰ ਜਨਤਾ-ਜਨਾਰਧਨ ਤਾਂ ਕੁਝ ਹੋਰ ਹੀ ਕਹਿੰਦੀ ਆ।
ਵੇਖੋ ਨਾ ਜੀ, ਕੇਜਰੀਵਾਲ ਨੂੰ ਦਹਿਸ਼ਤਗਰਦ ਐਲਾਨਿਆਂ। ਕੇਜਰੀਵਾਲ ਨੂੰ ਭਗੌੜਾ ਆਖਿਆ, ਦੇਸ਼ ਧਰੋਹੀ ਕਹਿਣ ਤੋਂ ਰਤਾ ਕੁ ਥੱਲੇ। ਪਰ ਜਨਤਾ ਨੇ ਭਾਈ ਗੱਦੀ ਵੀ ਬਖਸ਼ੀ, ਇਜ਼ਤ ਵੀ ਦਿੱਤੀ, ਪਿਆਰ-ਦੁਲਾਰ ਵੀ ਬਖਸ਼ਿਆ। ਤੇ ਬੁਲ੍ਹੇ ਦੇ ਬੋਲਾਂ ਨੂੰ ਮਨ 'ਚ ਵਸਾ ਲਿਆ, ''ਮੈਂਡਾ ਇਸ਼ਕ ਵੀ ਤੂੰ, ਮੈਂਡਾ ਯਾਰ ਵੀ ਤੂੰ। ਮੈਂਡਾ ਦੀਨ ਵੀ ਤੂੰ, ਮੈਂਡਾ ਈਮਾਨ ਵੀ ਤੂੰ। ਮੈਂਡਾ ਜਿਸਮ ਵੀ ਤੂੰ, ਮੈਂਡੀ ਜਾਨ ਵੀ ਤੂੰ। ਮੈਂਡਾ ਕਲਬ ਵੀ ਤੂੰ, ਜ਼ਿੰਦ ਜਾਨ ਵੀ ਤੂੰ''। ਹੁਣ ਭਾਈ ਕੇਜਰੀਵਾਲ ਪਿਆਰ ਨਾਲ  ਨੱਕੋ-ਨੱਕ ਭਰਿਆ ਹੋਇਆ ਤੇ ਉਹਦੀ ਤਾਲ ਉਤੇ ਆਹ''ਕੈਪਟਨ ਵੀ ਨੱਚਣ ਨੂੰ ਫਿਰਦਾ,'' ਉਹ ''ਪੀ.ਕੇ.'' ਵੀ ਉਹਦੇ ਕਦਮਾਂ ਤੇ ਚਲਣ ਨੂੰ ਕਰਦਾ ਤੇ ਕੇਜਰੀਵਾਲ ਬਨਣ ਦੇ ਜਿਵੇਂ ਦਿਨੇ ਸੁਪਨੇ ਲੈਣ ਲੱਗ ਪਿਆ। ਅਸਲ 'ਚ ਤਾਂ ਕੇਜਰੀਵਾਲ ਨੇ ਸਿਆਸੀ ਲੋਕਾਂ ਨੂੰ ''ਤੇਰੇ ਇਸ਼ਕ ਨਚਾਇਆ ਕਰ ਥੱਈਆ ਥੱਈਆ'' ਦਾ ਪਾਠ  ਪੜ੍ਹਾ ਦਿੱਤਾ ਲੱਗਦੈ।


ਨਹੀਂ ਰੀਸਾਂ ਦੇਸ਼ ਮਹਾਨ ਦੀਆਂ
ਪ੍ਰਾਪਤ ਅੰਕੜਿਆਂ ਅਨੁਸਾਰ ਦੇਸ਼ ਭਾਰਤ ਦੀਆਂ ਸੈਨਾਵਾਂ ਵਿੱਚ ਥੱਲ ਸੈਨਾ ਵਿੱਚ 3.89 ਫ਼ੀਸਦੀ, ਨੇਵੀ ਵਿੱਚ 6.7 ਫ਼ੀਸਦੀ ਅਤੇ ਹਵਾਈ ਸੈਨਾ ਵਿੱਚ 13.28 ਫ਼ੀਸਦੀ ਔਰਤ ਮੁਲਾਜ਼ਮਾਂ ਦੀ ਗਿਣਤੀ ਹੈ ਪਰ ਇਹਨਾ ਵਿਚੋਂ ਕਿਸੇ ਨੂੰ ਵੀ ਸੈਨਾ ਵਿੱਚ ਸਥਾਈ ਕਮਿਸ਼ਨ ਨਹੀਂ ਮਿਲਦਾ।

ਇੱਕ ਵਿਚਾਰ
ਨੇਤਾ ਉਹ ਹੈ ਜਿਸਦੀ ਅਗਵਾਈ ਪ੍ਰਭਾਵਸ਼ਾਲੀ ਹੋਵੇ, ਜੋ ਆਪਣੇ ਭਗਤਾਂ ਤੋਂ ਸਦਾ ਅੱਗੇ ਰਹਿੰਦਾ ਹੋਵੇ ਅਤੇ ਜੋ ਹੌਂਸਲੇ ਵਾਲਾ ਹੋਵੇ।
..............ਲਾਲਾ ਲਾਜਪਤ ਰਾਏ

-ਗੁਰਮੀਤ ਸਿੰਘ ਪਲਾਹੀ
-9815802070
-(ਪੰਜਾਬੀ ਫੀਚਰ ਸਿੰਡੀਕੇਟ ਵਲੋਂ ਜਾਰੀ)

ਕਰੋਨਾ ਦਾ ਕਹਿਰ- ਮਨੁੱਖ ਲਈ ਸੋਚਣ ਦਾ ਵੇਲਾ - ਗੁਰਮੀਤ ਸਿੰਘ ਪਲਾਹੀ

ਚੀਨ ਦਾ ਇੱਕ ਸੂਬਾ ਹੈ ਹੂਵੇਈ। ਇਸ ਸੂਬੇ ਵਿੱਚ  ਕਰੋਨਾ ਵਾਇਰਸ ਨੇ ਲੋਕਾਂ ਨੂੰ ਲਿਤਾੜ ਸੁਟਿਆ। 910 ਵਿਅਕਤੀ ਮੌਤ ਦੇ ਮੂੰਹ ਆ ਗਏ ਹਨ।  40651 ਦੀ ਗਿਣਤੀ 'ਚ ਲੋਕ ਇਸ ਭਿਅੰਕਰ ਵਾਇਰਸ ਨੇ ਆਪਣੇ ਲਪੇਟੇ 'ਚ ਲੈ ਲਏ ਹਨ। ਇਹ ਤੇਜ਼ੀ ਨਾਲ ਫੈਲਣ ਵਾਲਾ ਵਾਇਰਸ ਕਰੋਨਾ ਦੁਨੀਆਂ ਦੇ 25 ਦੇਸ਼ਾਂ ਵਿੱਚ ਫੈਲ ਚੁੱਕਾ ਹੈ। ਇਹ ਸਾਰੀ ਦੁਨੀਆਂ ਲਈ ਚਿੰਤਾ ਦਾ ਵਿਸ਼ਾ ਹੈ।
ਵਿਸ਼ਵ ਸਿਹਤ ਸੰਗਠਨ ਨੇ ਇਸ ਪੈਦਾ ਹੋਈ ਭਿਅੰਕਰ ਸਥਿਤੀ ਨੂੰ ਅੰਤਰ ਰਾਸ਼ਟਰੀ ਸਿਹਤ ਐਮਰਜੈਂਸੀ ਗਰਦਾਨਿਆ ਹੈ। ਅਸਲ ਵਿੱਚ ਕਰੋਨਾ ਵਾਇਰਸ ਬਾਰੇ ਚੀਨ ਦੇ ਹੂਵੇਈ ਸੂਬੇ ਦੇ ਹੁਵੈਨ ਸ਼ਹਿਰ ਵਿੱਚ ਪਤਾ ਲੱਗਾ ਸੀ। ਪਰ ਇਵੇਂ ਜਾਪਦਾ ਹੈ ਕਿ ਚੀਨੀ ਪ੍ਰਸ਼ਾਸ਼ਨ ਨੇ ਇਸ ਨੂੰ ਬਹੁਤੀ ਗੰਭੀਰਤਾ ਨਾਲ ਨਹੀਂ ਸਮਝਿਆ। ਸਿੱਟਾ ਇਹ ਨਿਕਲਿਆ ਕਿ ਹਜ਼ਾਰਾਂ ਲੋਕ ਬਿਨ੍ਹਾਂ ਡਾਕਟਰੀ ਸਹਾਇਤਾ ਲਏ, ਆਵਾਜਾਈ ਕਰਦੇ ਰਹੇ, ਇੱਕ-ਦੂਜੇ ਦੇ ਸੰਪਰਕ  ਵਿੱਚ ਆਉਂਦੇ ਰਹੇ ਅਤੇ ਕਰੋਨਾ ਵਾਇਰਸ 2019 ਐਨ.ਸੀ.ਓ.ਵੀ. ਦਾ ਇਹ ਵਾਇਰਸ ਚੀਨ ਤੋਂ ਬਾਹਰ  ਵੀ ਫੈਲ ਗਿਆ। ਭਾਰਤ ਵਿੱਚ ਵੀ ਇਸ ਵੇਲੇ ਤਿੰਨ ਮਰੀਜ਼ ਕਰੋਨਾ ਵਾਇਰਸ ਤੋਂ ਪੀੜਤ ਹਨ, ਜਿਹਨਾ ਦਾ ਇਲਾਜ ਚਲ ਰਿਹਾ ਹੈ, ਇਹ ਕੇਰਲ ਪ੍ਰਾਂਤ ਦੇ ਹਨ। ਭਾਰਤ ਸਰਕਾਰ ਨੇ ਪਿਛਲੇ ਕੁਝ ਦਿਨਾਂ 'ਚ 600 ਤੋਂ ਵੱਧ ਭਾਰਤੀਆਂ ਨੂੰ, ਜੋ ਚੀਨ ਵਿੱਚ ਰਹਿੰਦੇ ਹਨ ਜਾਂ ਵਪਾਰ ਕਰਦੇ ਹਨ, ਨੂੰ ਭਾਰਤ ਲਿਆਂਦਾ ਹੈ ਅਤੇ ਉਹਨਾ ਦੀ ਸਿਹਤ ਦੀ ਜਾਂਚ ਪੜਤਾਲ ਹੋ ਰਹੀ ਹੈ।
ਕਿਹਾ ਜਾ ਰਿਹਾ ਹੈ ਕਿ ਕਰੋਨਾ ਵਾਇਰਸ ਚਿਮਗਿੱਦੜ ਤੋਂ ਫੈਲਦਾ ਹੈ, ਇਸ ਦੇ ਵਾਇਰਸ ਕਾਰਨ ਫਲੂ ਅਤੇ ਨਮੋਨੀਆ ਦੇ ਲੱਛਣ ਮਨੁੱਖੀ ਸਰੀਰ ਵਿੱਚ ਵੇਖੇ ਜਾ ਸਕਦੇ ਹਨ। ਸਾਲ 2002 ਵਿੱਚ ਚੀਨ ਵਿੱਚ ਸਾਰਸ ਫੈਲਿਆ ਸੀ, ਪਰ ਕਰੋਨਾ ਵਾਇਰਸ ਉਸ ਨਾਲੋਂ ਵੀ ਖਤਰਨਾਕ ਮੰਨਿਆ ਜਾ ਰਿਹਾ ਹੈ, ਕਿਉਂਕਿ ਇਹ ਛੂਤ ਦੀ ਬਿਮਾਰੀ ਵਾਂਗਰ ਬਹੁਤ ਹੀ ਤੇਜੀ ਨਾਲ ਫੈਲਦਾ ਹੈ ਅਤੇ ਪੀੜਤ ਤੋਂ ਅੱਗੋਂ ਹੋਰ ਸਿਹਤਮੰਦ ਲੋਕਾਂ ਨੂੰ ਆਪਣੀ ਪਕੜ 'ਚ ਲਿਆਉਣ ਲਈ ਦੇਰੀ ਨਹੀਂ ਲਾਉਂਦਾ।
ਇਹ ਵਾਇਰਸ ਵਿਸ਼ਵ ਅਰਥ ਵਿਵਸਥਾ ਲਈ ਵੱਡੀ ਚਣੌਤੀ ਬਣਕੇ ਖੜ ਗਿਆ ਹੈ। ਇਸ ਦਾ ਅਸਰ ਚੀਨ ਦੀ ਅਰਥ ਵਿਵਸਥਾ ਉਤੇ ਪੈ ਰਿਹਾ ਹੈ। ਪਿਛਲੇ ਕੁਝ ਦਹਾਕਿਆਂ ਵਿੱਚ ਚੀਨ ਮੈਨੂਫੈਕਚਰਿੰਗ ਦਾ ਕੇਂਦਰ ਬਣ ਕੇ ਉਭਰਿਆ ਹੈ। ਕਰੋਨਾ ਵਾਇਰਸ ਕਾਰਨ ਵੱਡੀਆਂ ਕੰਪਨੀਆਂ ਨੇ ਆਪਣੇ ਮੈਨੂਫੈਕਚਰਿੰਗ ਯੂਨਿਟ ਬੰਦ ਕਰ ਦਿੱਤੇ ਹਨ। ਇਸਦਾ ਅਸਰ ਚੀਨ ਦੀ ਵਿਕਾਸ ਦਰ ਉਤੇ ਵੀ ਪਿਆ ਹੈ, ਜੋ ਪਿਛਲੇ ਦਿਨਾਂ 'ਚ 6.1 ਫ਼ੀਸਦੀ ਤੋਂ ਘਟਕੇ 5.6 ਫ਼ੀਸਦੀ ਹੋ ਸਕਦੀ ਹੈ। ਭਾਵੇਂ ਕਿ ਚੀਨ ਨੇ ਪਿਛਲੇ ਕੁਝ ਦਿਨਾਂ 'ਚ ਇਸ ਵਾਇਰਸ ਦਾ ਮੁਕਾਬਲਾ ਕਰਨ ਲਈ ਹਸਪਤਾਲਾਂ ਦਾ ਨਿਰਮਾਣ ਕੀਤਾ ਹੈ, ਸਿਹਤ ਸੁਵਿਧਾਵਾਂ ਮੁਹੱਈਆ ਕੀਤੀਆਂ ਹਨ। ਭਾਰਤ ਦੇ ਪ੍ਰਧਾਨ ਮੰਤਰੀ ਨੇ ਆਪਣੀ ਗੁਆਂਢੀ ਨੂੰ ਸਿਹਤ ਸੇਵਾਵਾਂ ਦੇਣ ਦੀ ਪੇਸ਼ਕਸ਼ ਕੀਤੀ ਹੈ। ਪਰ ਇਸ ਕਰੋਨਾ ਵਾਇਰਸ ਦੀ ਚਣੌਤੀ ਨੂੰ ਸਿਰਫ਼ ਭਰਪੂਰ ਸਰਕਾਰੀ ਇੱਛਾ ਸ਼ਕਤੀ ਨਾਲ ਹੀ ਕਾਬੂ ਕੀਤਾ ਜਾ ਸਕਦਾ ਹੈ।
 ਮਨੁੱਖਤਾ ਨੇ ਸਮੇਂ ਸਮੇਂ ਤੇ ਵਿਸ਼ਵ ਪੱਧਰ ਉਤੇ ਭਿਅੰਕਰ ਬੀਮਾਰੀਆਂ, ਜੋ ਵਾਇਰਸਾਂ ਦੀ ਉਪਜ ਹਨ, ਦਾ ਸਾਹਮਣਾ ਕੀਤਾ ਹੈ। ਪਲੇਗ, ਮਲੇਰੀਆ, ਸਾਰਸ, ਵਰਡ ਫਲੂ, ਸਵਾਈਨ ਫਲੂ, ਨਿਪਾਹ, ਡੇਂਗੂ, ਜੀਕਾ ਵਾਇਰਸ ਜਿਸ ਢੰਗ ਨਾਲ ਫੈਲੇ ਸਨ, ਉਸ ਨਾਲ ਆਮ ਲੋਕਾਂ ਵਿੱਚ ਵੱਡੀ ਦਹਿਸ਼ਤ ਫੈਲੀ ਸੀ। ਇਹਨਾ ਵਾਇਰਸਾਂ ਕਾਰਨ ਫੈਲੀਆਂ ਬੀਮਾਰੀਆਂ ਦਾ ਅਸਰ ਵਿਸ਼ਵ ਦੇ ਵਿਕਾਸ ਦਰ ਉਤੇ ਵੀ ਸਮੇਂ-ਸਮੇਂ ਪੈਂਦਾ ਰਿਹਾ ਹੈ ਅਤੇ ਇਹ ਬੀਮਾਰੀਆਂ ਵਿਸ਼ਵ ਅਰਥ ਵਿਵਸਥਾ ਲਈ ਵੀ ਵੱਡੀ ਚਣੌਤੀ ਬਣਦੀਆਂ ਰਹੀਆਂ ਹਨ।
ਚੀਨ ਦੇ ਬਾਅਦ ਦੁਨੀਆਂ ਭਰ ਵਿੱਚ ਫੈਲ ਰਹੇ ਕਰੋਨਾ ਵਾਇਰਸ ਉਤੇ ਜੇਕਰ ਜਲਦੀ ਕਾਬੂ ਨਹੀਂ ਪਾਇਆ ਜਾਂਦਾ ਤਾਂ ਭਾਰਤੀ ਦਵਾ ਉਦਯੋਗ ਵੀ ਇਸ ਦੀ ਲਪੇਟ ਵਿੱਚ ਆ ਸਕਦਾ ਹੈ। ਕਿਉਂਕਿ ਭਾਰਤ ਦੀਆਂ ਦਵਾਈਆਂ ਬਨਾਉਣ ਵਾਲੀਆਂ ਬਹੁਤੀਆਂ ਕੰਪਨੀਆਂ ਚੀਨ ਉਤੇ ਨਿਰਭਰ ਕਰਦੀਆਂ ਹਨ। ਮੌਜੂਦਾ ਹਾਲਾਤ ਵਿੱਚ ਚੀਨ ਤੋਂ ਆਯਾਤ ਪ੍ਰਭਾਵਤ ਹੋਣ ਤੇ ਦਵਾਈਆਂ ਦੇ ਉਦਯੋਗ ਉਤੇ ਅਸਰ ਪੈਣਾ ਤਹਿ ਹੈ। ਸਾਡੀਆਂ ਦਵਾ ਕੰਪਨੀਆਂ ਦਾ ਕੁੱਲ ਆਯਾਤ ਦਾ 67.56 ਫ਼ੀਸਦੀ ਚੀਨ ਦੀ ਹਿੱਸੇਦਾਰੀ ਹੈ। 2018-19 ਵਿੱਚ ਚੀਨ ਤੋਂ ਫਾਰਮਾ ਉਤਪਾਦਾਂ ਦਾ ਕੁੱਲ ਆਯਾਤ 2.40 ਅਰਬ ਡਾਲਰ ਸੀ। ਚੀਨ ਤੋਂ ਆਯਾਤ ਹੋਣ ਵਾਲਾ ਜਿਆਦਾ  ਕੱਚਾ ਮਾਲ ਐਂਟੀ ਬਾਇਟਿਕਸ ਅਤੇ ਵਿਟਾਮਿਨਾਂ ਦੇ ਨਿਰਮਾਣ 'ਚ ਹੁੰਦਾ ਹੈ। ਜੇਕਰ ਚੀਨ ਤੋਂ  ਇਹਨਾ ਦਵਾਈਆਂ ਦਾ ਕੱਚਾ ਮਾਲ ਪ੍ਰਾਪਤ ਨਹੀਂ ਹੁੰਦਾ ਤਾਂ ਉਸਦਾ ਅਸਰ ਸਾਧਾਰਨ ਵਿਅਕਤੀਆਂ ਵਲੋਂ ਵਰਤੀਆਂ ਜਾਂਦੀਆਂ ਦਵਾਈਆਂ ਤੇ ਹੋਵੇਗਾ ਜੋ ਮਹਿੰਗੀਆਂ ਹੋ ਜਾਣਗੀਆਂ ਅਤੇ ਸਧਾਰਨ ਮਰੀਜ਼ਾਂ ਨੂੰ ਵੀ ਮਹਿੰਗਾ ਇਲਾਜ ਕਰਾਉਣ ਪਵੇਗਾ।
ਅਸਲ ਵਿੱਚ ਮਨੁੱਖ ਨੇ ਜਦੋਂ ਤੋਂ ਕੁਦਰਤ ਨਾਲ ਖਿਲਵਾੜ ਕਰਨਾ ਸ਼ੁਰੂ ਕੀਤਾ ਹੈ। ਜੰਗਲਾਂ ਦੀ ਕਟਾਈ ਦਾ ਰਸਤਾ ਫੜਕੇ, ਅੰਨੇਵਾਹ ਵਿਕਾਸ ਦੇ ਨਾਮ ਉਤੇ ਕੁਰਦਤੀ ਸਰੋਤਾਂ ਅਤੇ ਸੋਮਿਆਂ ਦੀ ਦੁਰਵਰਤੋਂ ਕਰਨੀ ਸ਼ੁਰੂ ਕੀਤੀ ਹੈ। ਖਾਦਾਂ, ਕੀਟਨਾਸ਼ਕਾਂ ਨੂੰ ਆਪਣੀ ਜ਼ਿੰਦਗੀ ਦਾ ਹਿੱਸਾ ਬਣਾ ਲਿਆ ਹੈ। ਆਪਣੇ ਸਾਥੀ ਪਸ਼ੂਆਂ, ਜੀਵਾਂ ਜੰਤੂਆਂ ਨੂੰ ਮਾਰ ਵੱਢ ਕਰਕੇ ਉਸਨੂੰ ਆਪਣੀ ਖਾਣ ਸਮੱਗਰੀ 'ਚ ਸ਼ਾਮਲ ਕਰ ਲਿਆ ਹੈ, ਤਦੇ ਤੋਂ ਮਨੁੱਖ ਅਤੇ ਕੁਦਰਤ 'ਚ ਆਪਸੀ ਵਿਗਾੜ ਪੈਦਾ ਹੋਣਾ ਸ਼ੁਰੂ ਹੋਇਆ ਹੈ। ਇਸ ਵਿਗਾੜ ਕਾਰਨ ਹੀ ਸਮੇਂ ਸਮੇਂ ਮਨੁੱਖ ਕੁਦਰਤ ਦੀ ਮਾਰ ਸਹਿੰਦਾ ਹੈ। ਸਮੁੰਦਰ ਵਿੱਚੋਂ ਉੱਠਦੇ ਤੂਫ਼ਾਨ, ਹੜ੍ਹ, ਮਾਰੂ ਬਰਸਾਤਾਂ, ਸੋਕਾ ਅਤੇ ਹੋਰ ਕੁਦਰਤੀ ਆਫ਼ਤਾਂ ਮਨੁੱਖ ਦੇ ਵਿਹੜੇ ਦਸਤਕ ਤਾਂ ਦਿੰਦੀਆਂ ਹੀ ਹਨ, ਇਸਦੇ ਨਾਲ-ਨਾਲ ਮਨੁੱਖ ਵਲੋਂ ਕੀਤੀ ਕੁਦਰਤ ਨਾਲ ਛੇੜਛਾੜ ਕਾਰਨ ਉਸਨੂੰ ਬੀਮਾਰੀਆਂ ਦੇ ਰੂਪ 'ਚ ਸਬਕ ਵੀ ਸਿਖਾਉਂਦੀਆਂ ਹਨ। ਹਵਾ ਦਾ ਪ੍ਰਦੂਸ਼ਨ, ਸਾਹ ਦੀਆਂ ਅਨੇਕਾਂ ਮਾਰੂ ਬੀਮਾਰੀਆਂ ਦਾ ਕਾਰਨ ਹੈ, ਪਾਣੀ ਦਾ ਪ੍ਰਦੂਸ਼ਨ ਕੈਂਸਰ ਦਾ ਕਾਰਨ ਬਣਿਆ ਹੋਇਆ ਹੈ,  ਮਨੁੱਖ ਵਲੋਂ ਆਪੇ ਬੀਜੀਆਂ ਜ਼ਹਿਰਾਂ, ਉਹਦੇ ਸਰੀਰ ਨੂੰ ਘੁਣ ਵਾਂਗਰ ਖਾ ਰਹੀਆਂ ਹਨ। ਬਿਨ੍ਹਾਂ ਸ਼ੱਕ ਮਨੁੱਖ ਇਹ ਦਾਅਵਾ ਕਰਦਾ ਹੈ ਕਿ ਉਸ ਦੀ ਜੀਵਨ ਯਾਤਰਾ, ਇਸ ਸ੍ਰਿਸ਼ਟੀ ਉਤੇ ਵਧੀ ਹੈ, ਪਰ ਇਹ ਵਾਧਾ ਵੱਧ ਦਵਾਈਆਂ ਦੀ ਵਰਤੋਂ ਅਤੇ ਚੰਗੇਰੇ ਇਲਾਜ ਕਾਰਨ ਸੰਭਵ ਹੈ। ਮਨੁੱਖ ਇਹ ਗੱਲ ਭੁੱਲ ਚੁੱਕਾ ਹੈ ਕਿ ਬੀਮਾਰੀ ਹੋਣ ਤੋਂ ਪਹਿਲਾ ਹੀ ਇਸਦਾ ਬਚਾਅ ਕਰਨਾ ਚੰਗਾ ਇਲਾਜ ਹੈ। ਪਰ ਸੁੱਖ-ਸੁਵਿਧਾਵਾਂ, ਦੀ ਹੋੜ ਵਿੱਚ, ਦਿਖਾਵੇ ਦੀ ਜ਼ਿੰਦਗੀ ਉਹ ਆਪਣੇ ਗਲ ਲਾਕੇ ਆਪੇ ਫਾਥੜੀਏ ਤੈਨੂੰ ਕੌਣ ਛੁਡਾਵੇ ਦੇ ਰਾਹ ਤੁਰਿਆ ਜਾ ਰਿਹਾ ਹੈ। ਅਤੇ ਸਰਕਾਰਾਂ ਸਮਾਜਕ ਖੇਤਰ, ਖਾਸ ਕਰਕੇ ਸਿਹਤ, ਸਿੱਖਿਆ, ਸਾਫ-ਸੁਥਰੇ ਵਾਤਾਵਰਨ ਨੂੰ ਪਹਿਲ ਨਾ ਦੇਕੇ ਵੋਟ-ਬੈਂਕ ਦੀ ਸਿਆਸਤ ਕਰਦੀਆਂ ਨਜ਼ਰ ਆਉਂਦੀਆਂ ਹਨ। ਤਦੇ ਸੰਸਾਰ ਭਰ 'ਚ ਗਰੀਬੀ ਹੈ। ਭੁੱਖਮਰੀ ਹੈ। ਜ਼ਹਾਲਤ ਹੈ। ਮਨੁੱਖ ਦੀਆਂ ਜੀਵਨ ਲੋੜਾਂ ਪੂਰੀਆਂ ਨਹੀਂ ਹੋ ਰਹੀਆਂ। ਉਸਦਾ ਜੀਵਨ ਪੱਧਰ ਉੱਚਾ ਨਹੀਂ ਹੋ ਰਿਹਾ। ਇਸਦਾ ਵੱਡਾ ਕਾਰਨ ਸਮਾਜ ਵਿਚਲੀ ਅਸਮਾਨਤਾ ਹੈ। ਗਰੀਬੀ-ਅਮੀਰੀ ਦਾ ਪਾੜਾ ਹੈ। ਜਿਸ ਨਾਲ ਸਮਾਜਕ ਅਸ਼ਾਂਤੀ ਅਤੇ ਪ੍ਰੇਸ਼ਾਨੀ ਵੱਧ ਹੀ ਰਹੀ ਹੈ। ਗੰਦਲੇ ਵਾਤਾਵਰਨ 'ਚ ਬੀਮਾਰੀਆਂ ਦਾ ਵਾਧਾ ਹੋ ਰਿਹਾ ਹੈ। ਅਣਿਆਈਆਂ ਮੌਤਾਂ 'ਚ ਵਾਧਾ ਹੋ ਰਿਹਾ ਹੈ। ਕਰੋਨਾ ਵਾਇਰਸ ਵੀ ਤਾਂ ਇਸੇ ਕਰਕੇ ਆਪਣਾ ਰੰਗ ਵਿਖਾ ਰਿਹਾ ਹੈ। ਚੰਗੇਰੇ ਸਮਾਜ ਦੀ ਸਿਰਜਣਾ ਅਤੇ ਤੰਦਰੁਸਤ ਸਿਹਤਮੰਦ ਮਨੁੱਖੀ ਜ਼ਿੰਦਗੀ ਲਈ ਜਿਥੇ ਕੁਦਰਤ ਨਾਲ ਸਾਂਝ ਪਾਉਣੀ ਜ਼ਰੂਰੀ ਹੈ, ਉਥੇ ਸਮਾਜਿਕ ਅਸਮਾਨਤਾ ਖ਼ਤਮ ਕਰਕੇ ਸਭਨਾ ਲਈ ਸਾਰੇ ਬਰਾਬਰ ਸਾਧਨ ਹੋਣੇ ਵੀ ਤਾਂ ਜ਼ਰੂਰੀ ਹਨ।
ਵਿਸ਼ਵ ਸਿਹਤ ਸੰਸਥਾ ਵਲੋਂ ਐਡਵਾਈਜ਼ਰੀ
ਵਿਸ਼ਵ ਸਿਹਤ ਸੰਸਥਾ ਡਵਲਯੂ.ਐਚ.ਓ. ਨੇ ਕਰੋਨਾ ਵਾਇਰਸ ਨੂੰ ਇੱਕ ਮਹਾਂਮਾਰੀ ਵਜੋਂ ਲੈਂਦਿਆਂ, ਵਿਸ਼ਵ ਪੱਧਰ ਉਤੇ ਐਡਵਾਈਜ਼ਰੀ ਜਾਰੀ ਕੀਤੀ ਹੈ। ਕਰੋਨਾ ਵਾਇਰਸ ਤੋਂ ਸਧਾਰਨ ਜ਼ੁਕਾਮ ਅਤੇ ਫਿਰ ਸਾਹ ਦੀਆਂ ਤਕਲੀਫਾਂ, ਸਮੇਤ ਨਮੂਨੀਆ ਆਦਿ ਦਾ ਹੋਣਾ ਦੱਸਿਆ ਹੈ ਅਤੇ ਕਿਹਾ ਗਿਆ ਹੈ ਕਿ ਇਹ ਵਾਇਰਸ ਮਨੁੱਖ ਵਿੱਚ ਪਹਿਲਾਂ ਕਦੇ ਵੀ ਨਹੀਂ ਪਾਇਆ ਗਿਆ। ਬੀਮਾਰੀ ਦੇ ਲੱਛਣ ਦਾ ਜ਼ਿਕਰ ਕਰਦਿਆ ਡਵਲਯੂ.ਐਚ.ਓ. ਅਧਿਕਾਰੀਆਂ ਨੇ ਦੱਸਿਆ ਹੈ ਕਿ ਇਸ ਨਾਲ ਫਲੂ, ਬੁਖ਼ਾਰ, ਖੰਘ, ਸਾਹ ਲੈਣ 'ਚ ਤਕਲੀਫ਼, ਗਲੇ 'ਚ ਦਰਦ ਆਦਿ ਮੁੱਖ ਲੱਛਣ ਹਨ ਪਰ ਇਸ ਨਾਲ ਨਮੂਨੀਆ ਫੈਲਦਾ ਹੈ ਅਤੇ ਸਾਡੇ ਗੁਰਦੇ ਕੰਮ ਕਰਨੋ ਹੱਟ ਜਾਂਦੇ ਹਨ। ਕਰੋਨਾ ਤੋਂ ਬਚਾ ਲਈ ਇਹ ਜ਼ਰੂਰੀ ਹੈ ਕਿ ਲਗਾਤਾਰ ਹੱਥ ਸਾਫ਼ ਰੱਖੇ ਜਾਣ, ਮੂੰਹ ਢੱਕਕੇ ਰੱਖਿਆ ਜਾਏ। ਖੰਘ ਅਤੇ ਛਿਕਣ ਵੇਲੇ ਬਹੁਤਾ ਬਚਾ ਕੀਤਾ ਜਾਏ ਅਤੇ ਪੀੜਤ ਵਿਅਕਤੀ ਤੋਂ ਦੂਰੀ ਬਣਾਕੇ ਰੱਖੀ ਜਾਏ। ਇਹ  ਜ਼ਰੂਰੀ ਨਹੀਂ ਹੈ ਕਿ ਚੀਨ ਤੋਂ ਆਏ ਕਿਸੇ ਪੀੜਤ ਤੋਂ ਹੀ ਇਹ ਬੀਮਾਰੀ ਲੱਗ ਸਕਦੀ ਹੈ, ਇਹ ਧਰਤੀ ਦੇ ਕਿਸੇ ਵੀ ਹਿੱਸੇ 'ਤੇ ਕਿਸੇ ਵੀ ਹੋਰ ਵਿਅਕਤੀ ਨੂੰ ਆਪਣੀ ਲਪੇਟ 'ਚ ਲੈ ਸਕਦੀ ਹੈ।

-ਗੁਰਮੀਤ ਸਿੰਘ ਪਲਾਹੀ
-9815802070
-(ਪੰਜਾਬੀ ਫੀਚਰ ਸਿੰਡੀਕੇਟ ਵਲੋਂ ਜਾਰੀ)
   

ਡੰਗ ਅਤੇ ਚੋਭਾਂ - ਗੁਰਮੀਤ ਸਿੰਘ ਪਲਾਹੀ

ਲੀਹੋਂ ਲੱਥੀ ਹੈ ਅੱਜ ਦੀ ਰਾਜਨੀਤੀ,
ਵੇਖੋ ਏਹਨੂੰ ਅਧਰੰਗ ਤੇ ਕੋੜ੍ਹ ਹੋਇਆ।

ਖ਼ਬਰ ਹੈ ਕਿ ਕੁਝ ਦਿਨ ਪਹਿਲਾਂ ਦਿੱਲੀ ਦੀ ਇੱਕ ਚੋਣ ਰੈਲੀ ਵਿੱਚ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਨੌਜਵਾਨਾਂ ਨੂੰ ਰੁਜ਼ਗਾਰ ਨਾ ਮਿਲਣ ਦਾ ਦੋਸ਼ ਲਗਾਉਂਦੇ ਹੋਏ ਕਿਹਾ ਸੀ, ''ਛੇ ਮਹੀਨੇ ਤੋਂ ਬਾਅਦ ਮੋਦੀ ਘਰ ਤੋਂ ਬਾਹਰ ਨਿਕਲਣਗੇ ਤਾਂ ਨੌਜਵਾਨ ਉਹਨਾ ਨੂੰ ਡੰਡੇ ਮਾਰਨਗੇ''। ਇਸ ਬਿਆਨ ਅਤੇ ਦਿੱਲੀ ਵਿਧਾਨ ਸਭਾ ਚੋਣਾਂ ਤੋਂ ਠੀਕ ਪਹਿਲਾਂ ਸਿਆਸੀ ਮਾਹੌਲ ਕਿੰਨਾ ਕੌੜਾ ਹੈ, ਇਸ ਦੀ ਝਲਕ ਵੈਸੇ ਤਾਂ ਸੰਸਦ ਵਿੱਚ ਵੀ ਦਿਸਦੀ ਰਹੀ ਹੈ ਪਰ ਸ਼ੁੱਕਰਵਾਰ ਨੂੰ ਸ਼ਰਮਸਾਰ ਕਰਨ ਵਾਲੀ ਸਥਿਤੀ ਪੈਦਾ ਹੋ ਗਈ ਜਦੋਂ ਭਾਜਪਾ ਅਤੇ ਤਾਮਿਲਨਾਡੂ ਕਾਂਗਰਸ ਐਮਪੀ ਇੱਕ ਦੂਜੇ ਨਾਲ ਹੱਥੋਪਾਈ ਦੀ ਨੌਬਤ ਆ ਗਈ ਅਤੇ ਗੈਰ ਸੰਸਦੀ ਭਾਸ਼ਾ ਦਾ ਖੁਲ੍ਹ ਕੇ ਪ੍ਰਯੋਗ ਹੋਇਆ।
ਮੈਂ ਐਂਵੇ ਸੋਚ-ਸੋਚ ਕੇ ਆਪਣਾ ਦਿਮਾਗ ਖਰਾਬ ਕਰਦਾ ਰਿਹਾ ਕਿ ਸਿਆਸਤ ਕਰਨ ਵਾਲੇ ਦਿਲ ਤੋਂ ਕੰਮ ਲੈਂਦੇ ਆ ਕੇ ਦਿਮਾਗ ਤੋਂ। ਭਾਈ ਮੇਰਾ ਤਾਂ ਸੋਚ ਸੋਚ ਕੇ ਦਿਮਾਗ ਹੀ ਖਾਲੀ ਹੋ ਗਿਆ, ਕਿਉਂਕਿ ਚਿਰਾਂ ਬਾਅਦ ਸਮਝ ਪਈ ਆ ਕਿ ਇਹਨਾ ਦੇ ਦਿਮਾਗ ਅਤੇ ਦਿਲ 'ਚ ਤਾਂ ਛੱਤੀ ਦਾ ਅੰਕੜਾ ਆ। ਵੇਖੋ ਨਾ ਜੀ ਜੇਕਰ ਦਿਮਾਗ ਹੋਵੇ ਤਾਂ ''ਸਿਆਣਿਆਂ ਦੀ ਸਭਾ'' 'ਚ ਡੰਡਿਆਂ ਦੀ ਗੱਲ ਕਿਉਂ ਹੋਵੇ? 'ਸਿਆਣਿਆਂ ਦੀ ਸਭਾ' 'ਚ ਹੱਥੋ-ਪਾਈ ਕਿਉਂ ਹੋਵੇ? ਉਂਜ ਭਾਈ ਮੇਰਾ ਵੀ ਦਿਮਾਗ ਭੁੱਲ ਜਾਂਦਾ ਆ ਕਿ ''ਸਿਆਣਿਆਂ ਦੀ ਸਭਾ'' 'ਚ ਤਾਂ ਅੱਧੋ ਵੱਧ ਫੌਜਦਾਰੀ ਕੇਸਾਂ ਵਾਲੇ ਬੈਠੈ ਆ, ਜਿਹੜੇ ਭਾਈ ਡੰਡਿਆਂ ਦੀ ਗੱਲ ਨਹੀਂ ਕਰਨਗੇ, ਹੱਥੋ-ਪਾਈ ਨਹੀਂ ਹੋਣਗੇ ਤਾਂ ਫਿਰ ਕੀ ਮੂੰਹ 'ਚੋਂ ਫੁੱਲਾਂ ਦੀ ਵਰਖਾ ਕਰਨਗੇ?
ਇਸੇ ਕਰਕੇ ਸੱਜਣੋ ਨੇਤਾਵਾਂ ਦਾ ਦਿਲ ਜਦੋਂ ਕੰਮ ਕਰਨ ਲੱਗ ਪੈਂਦਾ ਹੈ ਤਾਂ ਦਿਮਾਗ ਕੰਮ ਕਰਨਾ ਬੰਦ ਕਰ ਦਿੰਦਾ ਹੈ, ਉਸਦੀ ਬੱਤੀ ਗੁੱਲ ਹੋ ਜਾਂਦੀ ਹੈ। ਦਿਮਾਗ ਖਰਾਬ ਹੋ ਜਾਂਦਾ ਹੈ। ઠਤਦੇ ਭਾਈ ਨੇਤਾ ਬੰਦੇ ਨੂੰ ਬੰਦਾ ਨਹੀਂ ਸਮਝਦਾ। ਤਦੇ ਭਾਈ ਵੋਟਾਂ ਵੇਲੇ ਨੇਤਾ ਖੋਤੇ ਨੂੰ ਵੀ ਕੁਝ ਹੋਰ ਸਮਝਣ ਲੱਗ ਪੈਂਦਾ ਹੈ। ਵੈਸੇ ਜੀ ਜਦੋਂ ਨੇਤਾ ਹਾਕਮ ਬਣ ਜਾਂਦਾ ਹੈ ਉਹਦੀ ઠ32 ਦੰਦਾਂ 'ਚ ਫਸੀ ਜੀਭ ਕੁਝ ਜਿਆਦਾ ਹੀ ਚਲਣ ਲੱਗ ਪੈਂਦੀ ਹੈ, ਉਹਦੇ ਹੱਥ ਪੈਰ ਕੁਝ ਜਿਆਦਾ ਹੀ ਕੰਮ ਕਰਨ ਲੱਗ ਪੈਂਦੇ ਹਨ ਅਤੇ ਉਹਦਾ ਦਿਮਾਗ ''ਅਫ਼ਸਰ'' ਆਪਣੇ ਕੋਲ ਗਿਰਵੀ ਰੱਖਕੇ ਉਹਨੂੰ ''ਸਵਰਗੀ ਦੂਤ'' ਬਣਾ ਦੇਂਦੇ ਹਨ। ਉਂਜ ਦਿਲ ਦੀ ਖਤਾ ਦਾ ਖਮਿਆਜ਼ਾ ਦਿਮਾਗ ਨੂੰ ਭੁਗਤਣਾ ਪੈਂਦਾ ਆ। ਤਦੇ ਹੀ ਤਾਂ ਕਵੀ ਕਹਿੰਦਾ ਹੈ, ''ਲੀਹੋਂ ਲੱਥੀਂ ਹੈ ਅੱਜ ਦੀ ਰਾਜਨੀਤੀ, ਵੇਖੋ ਏਹਨੂੰ ਅਧਰੰਗ ਤੇ ਕੋੜ੍ਹ ਹੋਇਆ''।

ਕੋਈ ਧਰਮ ਤੇ ਨੇਕੀ ਦਾ ਕਰੇ ਸੌਦਾ,
ਸ਼ਰੇਆਮ ਕੋਈ ਮਜ਼ਹਬੀ ਜਨੂੰਨ ਵੇਚੇ।
ਖ਼ਬਰ ਹੈ ਕਿ ਮਸ਼ਹੂਰ ਸ਼ਾਇਰ ਰਾਹਤ ਇੰਦੋਰੀ ਨੇ ਪ੍ਰਧਾਨ ਮੰਤਰੀ ਨੂੰ ਕਿਹਾ ਕਿ ਉਹਨਾ ਨੂੰ ਕਿਸੇ ਪੜ੍ਹੇ ਲਿਖੇ ਬੰਦੇ ਤੋਂ ਦੇਸ਼ ਦਾ ਸੰਵਿਧਾਨ ਪੜ੍ਹਵਾ ਕੇ ਸਮਝਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਇਸ ਵਿੱਚ ਕੀ ਲਿਖਿਆ ਹੈ ਤੇ ਕੀ ਨਹੀਂ? ਉਹਨਾ ਕਿਹਾ ਕਿ ਸੀਏਏ, ਐਨ.ਸੀ.ਆਰ. ਅਤੇ ਐਨ.ਪੀ.ਆਰ. ਸਬੰਧੀ ਲੜਾਈ ਭਾਰਤ ਦੇ ਹਰ ਹਿੰਦੂ, ਮੁਸਲਮਾਨ, ਸਿੱਖ ਅਤੇ ਈਸਾਈ ਦੀ ਲੜਾਈ ਹੈ ਅਤੇ ਅਸੀਂ ਸਭ ਨੇ ਮਿਲ ਕੇ ਇਹ ਲੜਾਈ ਲੜਨੀ ਹੈ। ਉਹਨਾ ਫੈਜ਼ ਅਹਿਮਦ ਫੈਜ਼ ਦੀ ਨਜ਼ਮ, ''ਹਮ ਦੇਖੇਂਗੇ, ਲਾਜ਼ਿਮ ਹੈ ਕਿ ਹਮ ਭੀ ਦੇਖੇਂਗੇ'' ਦੇ ઠਅਰਥ ਬਦਲਕੇ ਇਸਨੂੰ ਇੱਕ ਧਰਮ ਵਿਸ਼ੇਸ਼ ਦੇ ਵਿਰੁੱਧ ਦੱਸਿਆ ਜਾ ਰਿਹਾ ਹੈ। ਉਹਨਾ ਕਿਹਾ ਕਿ ਇਹ ਕਰਨ ਵਾਲੇ ਲੋਕ ਘੱਟ ਪੜ੍ਹੇ ਲਿਖੇ ਹਨ। ਉਹਨਾ ਨੇ ਧਰਮ ਦੇ ਅਧਾਰ ਤੇ ਵੰਡ ਨੂੰ ਮੰਦਭਾਗਾ ਦੱਸਿਆ ਤੇ ਕਿਹਾ ਕਿ ''ਸਭੀ ਕਾ ਖ਼ੂਨ ਹੈ ਸ਼ਾਮਿਲ ਯਹਾਂ ਕੀ ਮਿੱਟੀ ਮੇਂ, ਕਿਸੀ ਕੇ ਬਾਪ ਕਾ ਹਿੰਦੋਸਤਾਨ ਥੋੜੀ ਹੈ''।
ਝੂਠ ਬਰੋਬਰ ਕੋਈ ਤਪ ਨਹੀਂ। ਜੇਕਰ ਝੂਠ ਸੌ ਵੇਰ ਬੋਲਿਆ ਜਾਏ ਤਾਂ ਸੱਚ ਬਣ ਜਾਂਦਾ ਆ। ਇਵੇਂ ਹੀ ਭਾਈ ਹਾਕਮ ਆਪਣੀਆਂ ਕੰਬਦੀਆਂ ਕੁਰਸੀ ਦੀਆਂ ਲੱਤਾਂ ਨੂੰ ਖੜੀਆਂ ਕਰਨ ਲਈ ਝੂਠ ਤੇ ਝੂਠ ਬੋਲਦੇ ਆ। ਸਿਆਣੇ ਕਹਿੰਦੇ ਆ ਇੱਕ ਹੁੰਦਾ ਆ, ਸ਼ੁੱਧ ਝੂਠ, ਦੂਜਾ ਆ ਅਸ਼ੁੱਧ ਝੂਠ, ਤੀਜਾ ਹੁੰਦਾ ਆ ਸਫੈਦ ਝੂਠ, ਚੌਥਾ ਹੁੰਦਾ ਹੈ ਬੇ-ਸਿਰ-ਪੈਰ ਝੂਠ, ਪੰਜਵਾਂ ਹੁੰਦਾ ਆ ਮਨਘੜਤ ਝੂਠ ਤੇ ਛੇਵਾਂ ਝੂਠ ਹੁੰਦਾ ਆ ਗੱਪ ਤੇ ਸੱਤਵਾਂ ਝੂਠ ਆ ਚਾਰ-ਸੌ-ਵੀਹ। ਉਂਜ ਭਾਈ ਦੇਸ਼, ਵਿਦੇਸ਼ 'ਚ ਹਰ ਕਿਸੇ ਦੇ ਆਪੋ-ਆਪਣੇ ਝੂਠ ਤੇ ઠਆਪੋ-ਆਪਣੀ ਗੱਪ ਹੁੰਦੀ ਆ, ਜੋ ਚਲੱਦੀ ਆ ਤਾਂ ਚੱਲ ਜਾਂਦੀ ਆ, ਨਹੀਂ ਤਾਂ ਖੇਰ ਸੱਲਾ। ਅੱਜ ਦੇ ਹਾਕਮ ਝੂਠ ਬੋਲੇ ਫੜ੍ਹੇ ਗਏ। ਝੂਠ ਬੋਲਣ ਦਾ ਮਜਾ ਤਾਂ ਸੀ ਜੇ ਫੜਿਆ ਨਾ ਜਾਂਦਾ। ਆਹ ਸਿਰ ਫਿਰੇ ਕਵੀ, ਨੁਕੀਲੀਆਂ ਕਲਮਾਂ ਵਾਲੇ ਲੇਖਕ, ਤੇ ਆਹ ਚੁਲ੍ਹਿਆਂ ਤੇ ਰੋਟੀਆਂ ਸੇਕਦੀਆਂ ਬੀਬੀਆਂ ਨੇ ਇਸ ਝੂਠ ਦਾ ਐਸਾ ਨਕਾਬ ਲਾਹਿਆ ਹਾਕਮ ਦਾ ਕਿ ਕਵੀ ਦੀਆਂ ਕਹੀਆਂ ਸੱਚੀਆਂ ਗੱਲਾਂ ਲੋਕਾਂ ਸਨਮੁੱਖ ਇਵੇਂ ਪੇਸ਼ ਕਰ ਮਾਰੀਆਂ, ''ਕੋਈ ਧਰਮ ਤੇ ਨੇਕੀ ਦਾ ਕਰੇ ਸੌਦਾ, ਸ਼ਰੇਆਮ ਕੋਈ ਮਜ਼ਹਬੀ ਜਨੂੰਨ ਵੇਚੇ''।


ਕਿਸੇ ਟੱਬਰ 'ਚ ਏਕਤਾ ਦਿਸਦੀ ਨਹੀਂ,
ਹਰ ਟੱਬਰ ਅਕਾਲੀ ਦਲ ਹੋਇਆ।
ਖ਼ਬਰ ਹੈ ਕਿ ਅਕਾਲੀ ਦਲ ਦੇ ਆਗੂ ਟਕਸਾਲੀ ਸੁਖਦੇਵ ਸਿੰਘ ਢੀਂਡਸਾ ਨੇ ਕਿਹਾ ਕਿ ਦਿੱਲੀ ਵਿਧਾਨ ਸਭਾ ਚੋਣਾਂ 'ਚ ਅਕਾਲੀ ਦਲ ਨੇ ਭਾਜਪਾ ਦੀ ਹਿਮਾਇਤ ਦਾ ਨਾਟਕ ਤਾਂ ਕਰ ਦਿੱਤਾ ਪਰ ਅਸਲ ਵਿੱਚ ਸਚਾਈ ਇਹ ਹੈ ਕਿ ਅਕਾਲੀ ਦਲ ਵਲੋਂ ਦਿੱਲੀ 'ਚ ਭਾਜਪਾ ਉਮੀਦਵਾਰਾਂ ਦੀ ਅੰਦਰਖਾਤੇ ਮੁਖਾਲਫਤ ਕੀਤੀ ਗਈ ਹੈ, ਜਿਸ ਬਾਰੇ ਭਾਜਪਾ ਲੀਡਰਸ਼ਿਪ ਨੂੰ ਸਾਰੀ ਜਾਣਕਾਰੀ ਮਿਲ ਚੁੱਕੀ ਹੈ। ਉਹਨਾ ਕਿਹਾ ਕਿ ਟਕਸਾਲੀ ਗਰੁੱਪ 'ਚ ਹਰ ਉਸ ਹਮਖਿਆਲੀ ਪਾਰਟੀ ਦਾ ਸਵਾਗਤ ਹੈ ਜੋ ਪੰਜਾਬ ਦਾ ઠਹਿਮਾਇਤੀ ਹੋਏਗਾ। ਯਾਦ ਰਹੇ ਕਿ ਪਿਛਲੇ ਦਿਨੀ ਢੀਂਡਸਾ ਪਰਿਵਾਰ ਵਲੋਂ 23 ਫਰਵਰੀ ਨੂੰ ਅਕਾਲੀ ਕਾਨਫਰੰਸ ਕੀਤੀ ਜਾ ਰਹੀ ਹੈ, ਜਿਸ ਬਾਰੇ ਕਿਹਾ ਜਾ ਰਿਹਾ ਹੈ ਕਿ ਉਸ ਦਿਨ ਸੁਖਬੀਰ ਸਿੰਘ ਬਾਦਲ ਨੂੰ ਅਕਾਲੀ ਦਲ ਦੀ ਪ੍ਰਧਾਨਗੀ ਤੋਂ ਲਾਹ ਦਿੱਤਾ ਜਾਏਗਾ।
ਤੁਸੀਂ ਮੰਨੋ ਜਾਂ ਨਾ ਮੰਨੋ, ਆਹ ਅਕਾਲੀਆਂ ਦਾ ਬਾਬਾ ਆਦਮ ਹੀ ਨਿਰਾਲਾ ਆ। ਜੇਕਰ ਕੇਂਦਰ ਨਾਲ ਲੜਨ ਦਾ ਸੂਤ ਨਾ ਲੱਗੇ, ਆਪੋ 'ਚ ਲੜਨ ਲੱਗ ਪੈਂਦੇ ਆ। ਜੇਕਰ ਇੱਕ ਟੱਬਰ ਦੂਜੇ ਟੱਬਰ ਨਾਲ ਲੜਨੇ ਦਾ ਕੋਈ ਬਹਾਨਾ ਨਾ ਲੱਭ ਸਕੇ ਤਾਂ ਟੱਬਰ ਦੇ ਅੰਦਰਲੀ ਲੜਾਈ ਸ਼ੁਰੂ ਕਰ ਦਿੰਦੇ ਆ। ਤੁਸੀਂ ਮੰਨੋ ਜਾਂ ਨਾ ਮੰਨੋ ਆਹ ਅਕਾਲੀਆਂ ਦਾ ਬਾਬਾ ਆਦਮ ਹੀ ਨਿਰਾਲਾ ਆ।
ਤੁਸੀਂ ਮੰਨੋਂ ਜਾਂ ਨਾ ਮੰਨੋ ਬਾਦਲਾਂ ਪਹਿਲਾ ਤਲਵੰਡੀ ਢਾਹਿਆ, ਢੀਂਡਸਾ ਨਾਲ ਰੱਖਿਆ। ਫਿਰ ਟੌਹੜਾ ਗੁਆਇਆ, ਢੀਂਡਸਾ ਨਾਲ ਰੱਖਿਆ। ਫਿਰ ਮਨਪ੍ਰੀਤ, ਬਡਾਲਾ, ਸੇਖਵਾਂ, ਮਾਝੇ ਦਾ ਜਰਨੈਲ ਗੱਡੀ ਚੜ੍ਹਾਇਆ, ਢੀਂਡਸਾ ਨਾਲ ਰੱਖਿਆ। ਹੁਣ ਆਉਣੀ ਹੀ ਸੀ ਵਾਰੀ ਢੀਂਡਸੇ ਦੀ, ਆ ਗਈ ਤੇ ਬਾਦਲਾਂ ਪੱਤਣੋਂ ਪਾਣੀ ਜਾ ਉਹਨੂੰ ਵੀ ਪਿਆਇਆ। ਪਰ ਜਾਪਦਾ ''ਬਾਦਲਾਂ ਦਾ ਵੀ ਹੁਣ ਵੇਲਾ ਨੇੜੇ ਹੀ ਆਇਆ, ਜਿਹੜਾ ਢੀਂਡਸੇ ਟਕਸਾਲੀਆਂ, ਅਕਾਲੀਆਂ ਨੂੰ ਨਾਲ ਲੈ ਬਾਦਲਾਂ ਨੂੰ ਪੁਠਾ ਗੇੜ ਦੇਣ ਦਾ ''ਭਾਜਪਾ ਦੇ ਚੌਧਰੀਆਂ ਨਾਲ ਜਾ ਹੱਥ ਮਿਲਾਇਆ। ਇਹ ਆਖਦਿਆਂ ਕਿ ਸਾਡਾ ਦਲ ਅਸਲੀ ਅਕਾਲੀ ਦਲ ਆ। ਤਦੇ ਕਹਿੰਦਾ ਆ ਇੱਕ ਕਵੀ, ''ਕਿਸੇ ਟੱਬਰ 'ਚ ਏਕਤਾ, ਦਿਸਦੀ ਨਹੀਂ, ਹਰ ਟੱਬਰ ਅਕਾਲੀ ਦਲ ਹੋਇਆ''।


ਨਹੀਂ ਰੀਸਾਂ ਦੇਸ਼ ਮਹਾਨ ਦੀਆਂ!
  * 426.42 ਅਰਬ ਡਾਲਰ ਤੱਕ ਭਾਰਤ ਦਾ ਵਿਦੇਸ਼ੀ ਮੁਦਰਾ ਭੰਡਾਰ ਪੁੱਜ ਗਿਆ ਹੈ, ਜੋ ਹੁਣ ਤੱਕ ਦੇ ਸਭ ਤੋਂ ਉੱਚੇ ਸਤਰ ਉਤੇ ਹੈ। ਇਹ ਜਾਣਕਾਰੀ ਰਿਜ਼ਰਵ ਬੈਂਕ ਆਫ਼ ਇੰਡੀਆ ਤੋਂ ਪ੍ਰਾਪਤ ਕੀਤੀ ਗਈ ਹੈ।
 *   ਸੰਸਾਰ ਸਿਹਤ ਜੱਥੇਬੰਦੀ ਦੀ ਰਿਪੋਰਟ ਮੁਤਾਬਕ 2018 ਵਿੱਚ ਭਾਰਤ ਦੀ ਆਬਾਦੀ ਇੱਕ ਅਰਬ 35 ਕਰੋੜ ਸੀ। ਇਸ ਵਿਚੋਂ 5 ਸਾਲਾਂ ਦੀ ਰਿਪੋਰਟ ਅਨੁਸਾਰ ਕੈਂਸਰ ਦੇ 22 ਲੱਖ 60 ਹਜ਼ਾਰ ਮਰੀਜ਼ ਦਰਜ਼ ਕੀਤੇ ਗਏ ਸਨ ਤੇ 7,84,800 ਦੀ ਮੌਤ ਹੋਈ।


ਇੱਕ ਵਿਚਾਰ
ਮੇਰੀ ਇੱਕ ਹੀ ਚਾਹਤ ਹੈ ਕਿ ਭਾਰਤ ਇੱਕ ਅੱਛਾ ਉਤਪਾਦਕ ਹੋਵੇ ਅਤੇ ਦੇਸ਼ ਵਿੱਚ ਕੋਈ ਅੰਨ ઠਤੋਂ ਬਿਨ੍ਹਾਂ ਅੱਥਰੂ ਵਹਾਉਂਦਾ ਹੋਇਆ, ਭੁੱਖਾ ਨਾ ਰਹੇ।
........ਸਰਦਾਰ ਬਲੱਭ ਭਾਈ ਪਟੇਲ


-ਗੁਰਮੀਤ ਸਿੰਘ ਪਲਾਹੀ
-9815802070
-(ਪੰਜਾਬੀ ਫੀਚਰ ਸਿੰਡੀਕੇਟ ਵਲੋਂ ਜਾਰੀ)

ਧਰਤੀ ਹੇਠਲਾ ਪਾਣੀ-ਪੰਜਾਬ 'ਚ ਗੰਭੀਰ ਸਮੱਸਿਆ - ਗੁਰਮੀਤ ਸਿੰਘ ਪਲਾਹੀ

ਪੰਜਾਬ ਦੇ ਆਗੂ ਪੰਜਾਬ ਦੀ ਪਾਣੀ ਸਮੱਸਿਆ ਬਾਰੇ ਇੱਕਜੁੱਟ ਦਿਸੇ ਹਨ। ਦਰਿਆਈ ਪਾਣੀਆਂ ਦੇ ਮੁੱਦੇ 'ਤੇ ਪੰਜਾਬ ਦੀਆਂ ਸਮੁੱਚੀਆਂ ਸਿਆਸੀ ਧਿਰਾਂ ਨੇ ਸਰਬਸੰਮਤੀ ਨਾਲ ਫੈਸਲਾ ਲਿਆ ਕਿ  ਸੂਬੇ ਕੋਲ ਇੱਕ ਬੂੰਦ ਵੀ ਵਾਧੂ ਪਾਣੀ ਨਹੀਂ, ਇਸ ਲਈ ਕਿਸੇ ਹੋਰ ਸੂਬੇ ਨੂੰ ਪੰਜਾਬ ਦਾ ਪਾਣੀ ਦੇਣ ਦਾ ਸਵਾਲ ਹੀ ਨਹੀਂ। ਪੰਜਾਬ ਦੇ ਤਿੰਨ ਦਰਿਆਵਾਂ ਦਾ ਪਾਣੀ ਕਿਸੇ ਵੀ ਹਾਲਤ 'ਚ ਬੇਸਿਨ ਤੋਂ ਨਾਨ-ਬੇਸਿਨ ਇਲਾਕਿਆਂ 'ਚ ਤਬਦੀਲ ਨਹੀਂ ਕੀਤਾ ਜਾ ਸਕਦਾ। ਸਤਲੁਜ ,ਯਮੁਨਾ ਲਿੰਕ ਨਹਿਰ ਦੇ ਮੁੱਦੇ 'ਤੇ ਵੀ ਸਿਆਸੀ ਧਿਰਾਂ ਨੇ ਇੱਕਸੁਰ ਕਿਹਾ ਕਿ ਨਹਿਰ ਦੀ ਉਸਾਰੀ ਪੰਜਾਬ ਲਈ ਘਾਤਕ ਹੋਵੇਗੀ।
ਪੰਜਾਬ ਦੇ ਹੱਕ ਵਿੱਚ ਅੰਤਰਰਾਸ਼ਟਰੀ ਰਿਪੇਰੀਅਨ ਕਾਨੂੰਨ ਹੈ। ਪੰਜਾਬ ਦੇ ਹੱਕ ਵਿੱਚ 1996 ਪੁਨਰਗਠਨ ਐਕਟ ਅਤੇ 1956 ਅੰਤਰਰਾਜੀ ਵਾਟਰ ਡਿਸਪੀਊਟ ਐਕਟ ਹੈ। ਜਿਸ ਅਧੀਨ ਕੇਂਦਰ ਉਤੇ ਪੰਜਾਬ ਦੇ ਪਾਣੀਆਂ ਸਬੰਧੀ ਦਬਾਅ ਬਣਾਇਆ ਜਾ ਸਕਦਾ ਹੈ, ਇਸ ਤੋਂ ਪਹਿਲਾਂ ਪੰਜਾਬ ਦੀਆਂ ਰਾਜ ਕਰਦੀਆਂ ਸਿਆਸੀ ਧਿਰਾਂ ਢਿੱਲ-ਮੁੱਠ ਦਾ ਵਤੀਰਾ ਸਿਆਸੀ ਲਾਹੇ ਅਤੇ ਕੇਂਦਰ ਨੂੰ ਖੁਸ਼ ਕਰਨ ਲਈ ਵਰਤਦੀਆਂ ਰਹੀਆਂ ਹਨ। ਸਮੇਂ-ਸਮੇਂ ਤੇ ਪੰਜਾਬ ਦੇ ਪਾਣੀਆਂ ਦੇ  ਮਾਮਲੇ 'ਤੇ ਪੰਜਾਬ ਨਾਲ ਠੱਗੀ ਹੁੰਦੀ ਰਹੀ ਹੈ ਅਤੇ ਪੰਜਾਬ ਦੇ ਆਗੂ ਤਮਾਸ਼ਬੀਨ ਬਣਕੇ ਪੰਜਾਬ ਦੇ ਪਾਣੀਆਂ ਦੀ ਲੁੱਟ ਹੁੰਦੀ ਵੇਖਦੇ ਰਹੇ ਹਨ। ਪੰਜਾਬ ਦੀ ਮੌਜੂਦ ਸਰਕਾਰ ਨੇ 16 ਨਵੰਬਰ 2016 ਨੂੰ ਪੰਜਾਬ ਵਿਧਾਨ ਸਭਾ 'ਚ ਸਰਬਸੰਮਤੀ ਨਾਲ ਮਤਾ ਪਾਸ ਕੀਤਾ ਸੀ ਕਿ ਰਾਜਸਥਾਨ, ਹਰਿਆਣਾ, ਦਿੱਲੀ ਤੋਂ ਉਨ੍ਹਾਂ ਵਲੋਂ ਵਰਤੇ ਪਾਣੀ ਦੀ ਵਸੂਲੀ ਦੇ ਲਗਭਗ 16 ਲੱਖ ਕਰੋੜ ਵਸੂਲੇ ਜਾਣ। ਪਰ ਕੀ ਪੰਜਾਬ ਦੀ ਮੌਜੂਦਾ ਸਰਕਾਰ ਨੇ ਇਸ ਸਬੰਧੀ ਕੋਈ ਕਾਰਵਾਈ ਕੀਤੀ? ਹਰਿਆਣਾ ਦੀ ਸਰਕਾਰ ਵਲੋਂ ਦਿੱਲੀ ਸਰਕਾਰ ਤੋਂ ਪਾਣੀ ਦੀ ਰਾਇਲਟੀ ਵਸੂਲੀ ਜਾ ਰਹੀ ਹੈ, ਪਰ ਪੰਜਾਬ ਦੀ ਸਰਕਾਰ ਆਪਣਾ ਹਿੱਸਾ ਲੈਣ ਲਈ ਚੁੱਪ ਚਾਪ ਬੈਠੀ ਹੈ ਹਾਲਾਂਕਿ ਸੂਬੇ ਵਿੱਚ ਵੱਡਾ ਆਰਥਿਕ ਸੰਕਟ ਹੈ ਅਤੇ ਖਜ਼ਾਨਾ ਖਾਲੀ ਹੋਣ ਦਾ ਰੌਲਾ ਪਾਇਆ ਜਾ ਰਿਹਾ ਹੈ।
ਇਸ ਵੇਲੇ ਖੇਤੀਬਾੜੀ, ਸਿੰਚਾਈ ਲਈ 73 ਫ਼ੀਸਦੀ ਧਰਤੀ ਹੇਠਲਾ ਪਾਣੀ ਵਰਤਿਆਂ ਜਾ ਰਿਹਾ ਹੈ, ਜਦਕਿ 27 ਫ਼ੀਸਦੀ ਨਹਿਰੀ ਪਾਣੀ ਹੀ ਸਿੰਚਾਈ ਲਈ ਵਰਤੋਂ 'ਚ ਹੈ। ਪਿਛਲੇ ਦਿਨੀਂ ਇਰਾਡੀ ਕਮਿਸ਼ਨ ਦੀ ਇੱਕ ਰਿਪੋਰਟ ਛਪੀ ਹੈ, ਜਿਸ ਅਨੁਸਾਰ ਪੰਜਾਬ ਦੇ ਦਰਿਆਵਾਂ ਵਿੱਚ ਪਾਣੀ 17 ਐਮ ਏ ਐਫ ਤੋਂ ਘੱਟ ਕੇ 13 ਐਮ ਏ ਐਫ ਰਹਿ ਗਿਆ ਹੈ, ਇਹੋ ਜਿਹੇ ਹਾਲਾਤਾਂ ਵਿੱਚ ਕੀ ਪਾਣੀ ਦੀ ਅਸਲ ਸਥਿਤੀ ਚੈਕ ਕਰਨ ਦੀ ਲੋੜ ਨਹੀਂ ਹੈ? ਬਿਨ੍ਹਾਂ ਸ਼ੱਕ ਪਾਣੀ ਦਾ ਪ੍ਰਦੂਸ਼ਣ ਰੋਕਿਆ ਜਾਣਾ ਚਾਹੀਦਾ ਹੈ, ਪਾਣੀ ਦੀ ਸੰਭਾਲ ਲਈ ਫਸਲੀ ਵਿਭਿੰਨਤਾ ਨੂੰ ਹੁਲਾਰਾ ਦੇਣਾ ਚਾਹੀਦਾ ਹੈ, ਪਰ ਪੰਜਾਬ ਦੇ ਜਲ ਵਸੀਲਿਆਂ ਦੀ ਰਾਖੀ 'ਧਰਤੀ ਹੇਠਲੇ ਪਾਣੀ' ਨੂੰ ਸੰਭਾਲਣਾ ਅਤੇ ਇਸਦੀ ਸਹੀ ਵਰਤੋਂ ਕੀ ਸਮੇਂ ਦੀ ਲੋੜ ਨਹੀਂ?
ਪੰਜਾਬ ਦੇ 138 ਬਲਾਕਾਂ ਵਿੱਚੋਂ 110 ਬਲਾਕਾਂ ਵਿੱਚ  ਧਰਤੀ ਹੇਠਲਾ ਪਾਣੀ ਖਤਰੇ ਦੇ ਨਿਸ਼ਾਨ ਤੱਕ ਪੁੱਜ ਗਿਆ ਹੈ, 5 ਬਲਾਕਾਂ 'ਚ ਸਥਿਤੀ ਬਹੁਤ ਹੀ ਗੰਭੀਰ ਹੈ। ਪੰਜਾਬ 'ਚ ਇਸ ਗੰਭੀਰ ਸਥਿਤੀ ਦਾ ਕਾਰਨ ਨਵੀਂ ਖੇਤੀ ਜੁਗਤ ਯੋਜਨਾ ਸੀ ਜੋ ਭਾਰਤ ਸਰਕਾਰ ਵਲੋਂ ਬਣਾਈ ਗਈ। ਇਹ ਜੁਗਤ ਬਹੁਤਾ ਝਾੜ ਦੇਣ ਵਾਲੇ ਬੀਜਾਂ, ਯਕੀਨੀ ਸਿੰਚਾਈ, ਰਸਾਇਣਕ ਖਾਦਾਂ, ਕੀਟਨਾਸ਼ਕ, ਨਦੀਨਨਾਸ਼ਕ ਅਤੇ ਉੱਲੀਨਾਸ਼ਕ ਜ਼ਹਿਰਾਂ, ਖੇਤੀ ਮਸ਼ੀਨਰੀ ਅਤੇ ਖੇਤੀ ਦੇ ਆਯੁਨਿਕ ਢੰਗਾਂ ਦਾ ਇੱਕ ਪੈਕੇਜ ਸੀ। ਪੰਜਾਬ ਦੇ ਕੁਦਰਤੀ ਸਰੋਤਾਂ ਅਤੇ ਹਿੰਮਤੀ ਕਿਸਾਨਾਂ ਕਰਕੇ ਖੇਤੀ ਦੀ ਇਸ ਜੁਗਤ ਨੂੰ ਮੁੱਖ ਤੌਰ 'ਤੇ ਪੰਜਾਬ 'ਚ ਸ਼ੁਰੂ ਕੀਤਾ ਗਿਆ। ਪਿਛਲੇ ਚਾਰ ਦਹਾਕਿਆਂ ਦੌਰਾਨ ਅਪਨਾਏ ਗਏ ਖੇਤੀ ਮਾਡਲ ਨੇ ਪੰਜਾਬ ਦੇ ਕੁਦਰਤੀ ਸੋਮੇ ਬੇਰਹਿਮੀ ਨਾਲ ਬਰਬਾਦ ਕੀਤੇ ਹਨ। ਪੰਜਾਬ ਨੂੰ ਹਰ ਪੱਖੋਂ ਤਬਾਹੀ ਦੇ ਕਿਨਾਰੇ ਖੜ੍ਹਾ ਕਰ ਦਿੱਤਾ ਗਿਆ ਹੈ ਅਤੇ ਆਉਣ ਵਾਲੇ ਸਮੇਂ 'ਚ ਹੋਰ ਤਬਾਹੀ ਨਜ਼ਰ ਵੀ ਆ ਰਹੀ ਹੈ।
ਕੇਂਦਰੀ ਅੰਨ ਭੰਡਾਰ ਵਿੱਚ ਸਾਰੇ ਰਾਜਾਂ ਤੋਂ ਵੱਧ ਯੋਗਦਾਨ ਪਾਉਂਦੇ ਹੋਏ ਪੰਜਾਬ ਦੀ ਧਰਤੀ ਹੇਠਲੇ ਪਾਣੀ ਦੀ ਸਤ੍ਹਾ ਲਗਾਤਾਰ ਹੇਠਾਂ ਵੱਲ ਜਾ ਰਹੀ ਹੈ ਕਿਉਂਕਿ ਵਧ ਅਨਾਜ, ਫ਼ਸਲਾਂ ਪੈਦਾ ਕਰਨ ਲਈ ਸਿੰਚਾਈ  ਵਾਲੇ ਪਾਣੀ ਦੀ ਉਪਲੱਬਧ ਮਾਤਰਾ ਦੇ ਮੁਕਾਬਲੇ ਕਿਤੇ ਵੱਧ ਵਰਤੋਂ ਹੋ ਰਹੀ ਹੈ।
ਪੰਜਾਬ ਰਾਜ ਵਿੱਚ ਪਾਣੀ ਦੀ ਬਹੁਤ ਕਮੀ ਵਾਲੇ ਜਿਲ੍ਹਿਆਂ ਵਿੱਚ ਕਣਕ ਅਤੇ ਧਾਨ ਬੀਜਿਆ ਜਾਂਦਾ ਹੈ। ਇਹ ਦੋ ਫ਼ਸਲਾਂ ਪੰਜਾਬ ਸਰਕਾਰ ਦੀ ਰਿਪੋਰਟ ਅਨੁਸਾਰ ਬੀਜੇ ਗਏ ਰਕਬੇ ਦਾ ਤਿੰਨ ਚੌਥਾਈ ਤੋਂ ਵੀ ਜ਼ਿਆਦਾ ਪ੍ਰਤੀਸ਼ਤ ਭਾਗ ਹੈ।
ਪੰਜਾਬ ਵਿੱਚ ਧਰਤੀ ਹੇਠਲੇ ਪਾਣੀ ਦੀ ਸਤਿਹ ਵਿੱਚ ਹੋ ਰਹੀ ਕਮੀ ਤੋਂ ਪੈਦਾ ਹੋਣ ਵਾਲੀਆਂ ਸਮੱਸਿਆਵਾਂ ਨੂੰ ਅਸਾਨੀ ਨਾਲ ਵੇਖਿਆ ਜਾ ਸਕਦਾ ਹੈ। ਨਵੀਂ ਖੇਤੀ ਜੁਗਤ ਸ਼ੁਰੂ ਹੋਣ ਤੋਂ ਪਹਿਲਾਂ ਪੰਜਾਬ ਵਿੱਚ ਆਮ ਤੌਰ ਤੇ ਸਿੰਚਾਈ ਖੂਹਾਂ ਜਾਂ ਨਹਿਰਾਂ ਨਾਲ ਕੀਤੀ ਜਾਂਦੀ ਸੀ। ਇਸ ਜੁਗਤ ਨੂੰ ਸ਼ੁਰੂ ਕਰਨ ਨਾਲ ਸਿੰਚਾਈ ਦੀਆਂ ਲੋੜਾਂ ਵਧੀਆਂ, ਜਿਸ ਕਰਕੇ ਸਿੰਚਾਈ ਦਾ ਮੁੱਖ ਸਾਧਨ ਟਿਊਬਵੈੱਲ ਬਣ ਗਏ। ਟਿਊਬਵੈੱਲਾਂ ਦੀ ਗਿਣਤੀ ਪੰਜਾਬ ਵਿੱਚ 15 ਲੱਖ ਤੋਂ ਉਪਰ ਹੈ। ਧਰਤੀ ਹੇਠਲੇ ਪਾਣੀ ਦੀ ਲੋੜੋਂ ਵੱਧ ਵਰਤੋਂ ਹੋਣ ਕਰਕੇ ਅੱਜ ਕੱਲ ਪੰਜਾਬ ਦੇ ਬਹੁਤੇ ਹਿੱਸਿਆਂ ਵਿੱਚ ਸਿੰਚਾਈ ਲਈ ਅਤੇ ਘਰਾਂ ਦੀ ਵਰਤੋਂ ਲਈ ਪਾਣੀ ਲਈ ਪਾਣੀ ਸਬਮਰਸੀਵਲ ਮੋਟਰਾਂ ਲਾਈਆਂ ਗਈਆਂ ਹਨ ਅਤੇ ਇਹਨਾ ਦੇ ਬੋਰਾਂ ਨੂੰ ਵੀ ਵਾਰ-ਵਾਰ ਡੂੰਘਾ ਕਰਨਾ ਪੈ ਰਿਹਾ ਹੈ। ਸਿੰਚਾਈ  ਦਾ ਇਹ ਸਾਧਨ ਬਹੁਤ ਮਹਿੰਗਾ ਹੋਣ ਕਰਕੇ ਛੋਟੇ ਅਤੇ ਸੀਮਾਂਤ ਕਿਸਾਨਾਂ ਦੇ ਵੱਸ ਤੋਂ ਬਾਹਰ ਹੁੰਦਾ ਜਾ ਰਿਹਾ ਹੈ, ਜਿਸ ਕਰਕੇ ਇਸ ਲਈ ਉਹ ਜਾਂ ਤਾਂ ਕਰਜ਼ਾ ਲੈਂਦੇ ਹਨ ਜਾਂ ਪਹਿਲਾਂ ਹੀ ਆਪਣੇ ਛੋਟੇ ਆਕਾਰ ਦੇ ਖੇਤ ਵਿੱਚੋਂ ਕੁਝ ਹਿੱਸਾ ਵੇਚਦੇ ਹਨ। ਸਿੱਟੇ ਵਜੋਂ, ਪੰਜਾਬ ਨੂੰ ਲਗਾਤਾਰ ਵਧਿਆ ਹੋਇਆ ਵਿੱਤੀ ਬੋਝ ਸਹਿਣਾ ਪੈ ਰਿਹਾ ਹੈ।
ਜ਼ਮੀਨ ਹੇਠਲੇ ਪਾਣੀ 'ਤੇ ਬੇਹੱਦ ਨਿਰਭਰਤਾ ਕਾਰਨ ਰਾਜ 'ਚ  ਪਾਣੀ ਦੇ ਪੱਧਰ ਬਾਰੇ ਪੜਤਾਲ ਰਿਪੋਰਟ 2017 ਦੇ ਖਰੜੇ ਅਨੁਸਾਰ 35 ਸਾਲਾਂ (1984-2017) ਵਿੱਚ ਰਾਜ ਵਿੱਚ 85 ਫ਼ੀਸਦੀ ਖੇਤਰ 'ਚ ਜ਼ਮੀਨ ਹੇਠਲੇ ਪਾਣੀ ਦਾ ਪੱਧਰ ਹੇਠਾਂ ਗਿਆ ਹੈ। ਪਾਣੀ ਦਾ ਪੱਧਰ ਡਿਗਣ ਵਾਲੇ ਖੇਤਰ ਵਿੱਚ ਇਹ ਗਿਰਾਵਟ ਪ੍ਰਤੀ ਸਾਲ ਲਗਭਗ 0.40 ਮੀਟਰ ਹੈ।
ਹੁਣ ਦੇ ਸਮੇਂ ਰਾਜ ਕੋਲ ਸਲਾਨਾ 21 ਲੱਖ 67 ਹਜ਼ਾਰ 27 ਹੈਕਟੇਅਰ ਮੀਟਰ (ਐਚ.ਏ.ਐਸ.) ਪਾਣੀ ਉਪਲੱਬਧ ਹੈ। ਜਦੋਂਕਿ ਸਿੰਚਾਈ ਲਈ 34 ਲੱਖ 59 ਹਜ਼ਾਰ 415 ਹੈਕਟੇਅਰ ਮੀਟਰ  ਅਤੇ ਸਨਅੱਤੀ ਵਰਤੋਂ ਲਈ 1 ਲੱਖ 21 ਹਜ਼ਾਰ 772 ਐਚ.ਏ.ਐਮ. ਪਾਣੀ ਦੀ ਵਰਤੋਂ ਕੀਤੀ ਜਾਂਦੀ ਹੈ, ਜਿਹੜੀ ਕੁਲ ਪਾਣੀ ਦਾ 165 ਫੀਸਦੀ ਹੈ।  ਪੰਜਾਬ ਕੋਲ ਖੇਤੀ ਯੋਗ ਕੁਲ 7823 ਹਜ਼ਾਰ ਹੈਕਟੇਅਰ ਜ਼ਮੀਨ ਹੈ, ਜਿਸ ਵਿੱਚੋਂ 3046 ਹਜ਼ਾਰ ਹੈਕਟੇਅਰ 'ਤੇ ਸਿਰਫ਼ ਝੋਨੇ ਦੀ ਖੇਤੀ ਕੀਤੀ ਜਾ ਰਹੀ ਹੈ ਜਿਸ ਨਾਲ ਪਾਣੀ ਦੀ ਖਪਤ ਜਿਆਦਾ ਹੋ ਰਹੀ ਹੈ।
ਭਾਰਤ ਸਰਕਾਰ ਨੂੰ ਦੇਸ਼ ਦੀ ਅੰਨ-ਸੁਰੱਖਿਆ ਲਈ ਕਣਕ ਅਤੇ ਚੌਲ ਚਾਹੀਦੇ ਹਨ, ਉਸਨੂੰ ਪੰਜਾਬ ਦੇ ਧਰਤੀ ਹੇਠਲੇ ਪਾਣੀ ਦੇ ਕੀਮਤੀ ਸੋਮੇ ਦਾ ਫਿਕਰ ਵੀ ਹੋਣਾ ਚਾਹੀਦਾ ਹੈ। ਇਸ ਲਈ ਪੰਜਾਬ ਵਿੱਚ ਧਰਤੀ ਹੈਟਲੇ ਪਾਣੀ ਵਿੱਚ  ਹੋ ਰਹੀ ਕਮੀ ਲਈ ਢੁਕਵੀਂ ਨੀਤੀ ਬਨਣੀ ਚਾਹੀਦੀ ਹੈ। ਪੰਜਾਬ ਵਿੱਚ ਖੇਤੀ ਵਿੱਚ ਭਿੰਨਤਾ ਲਿਆਉਣ ਲਈ ਫ਼ਸਲੀ ਚੱਕਰ ਜ਼ਰੂਰੀ ਹੈ। ਕੇਵਲ ਕਣਕ-ਧਾਨ ਬੀਜਣ ਦੀ ਬਜਾਏ ਖੇਤੀ ਵਿਗਿਆਨੀਆਂ ਮਾਹਿਰਾਂ ਦੀ ਰਾਇ ਅਨੁਸਾਰ ਕਣਕ, ਮੱਕੀ, ਕਣਕ-ਨਰਮ੍ਹਾ/ਕਪਾਹ, ਕਣਕ-ਦਾਲਾਂ, ਕਣਕ-ਬਾਸਮਤੀ (ਬਾਸਮਤੀ ਲਈ ਧਾਨ ਦੀਆਂ ਪ੍ਰਚਲਿਤ ਕਿਸਮਾਂ ਨਾਲੋਂ ਸਿੰਚਾਈ ਦੀ ਘੱਟ ਲੋੜ ਪੈਂਦੀ ਹੈ ਅਤੇ ਪੰਜਾਬ ਦੇ ਵਾਤਾਵਰਨ ਕਰਕੇ ਦੁਨੀਆ ਦੀ ਸਭ ਤੋਂ ਵਧੀਆ ਬਾਸਮਤੀ ਪੰਜਾਬ ਵਿੱਚ ਹੀ ਪੈਦਾ ਹੁੰਦੀ ਹੈ) ਬੀਜਣ ਦੀ ਲੋੜ ਹੈ।
ਦਰਿਆਈ ਪਾਣੀਆਂ ਦੀ ਵੰਡ ਸਬੰਧੀ ਰਿਪੇਰੀਅਨ ਸਿਧਾਂਤ ਨੂੰ ਅਪਨਾਇਆ ਜਾਵੇ। ਸਾਰਾ ਸਾਲ ਚੱਲਣ ਵਾਲੇ ਦਰਿਆਵਾਂ ਅਤੇ ਵਰਖਾ ਦੇ ਮੌਸਮ ਵਿੱਚ ਚੱਲਣ ਵਾਲੀਆਂ ਨਦੀਆਂ ਉਤੇ ਚੈਕ ਡੈਮ ਬਣਾਕੇ ਹੜ੍ਹਾਂ ਤੋਂ ਛੁਟਕਾਰਾ ਪਾਇਆ ਜਾਵੇ ਅਤੇ ਇਸ ਪਾਣੀ ਨੂੰ ਨਹਿਰੀ ਸਿੰਚਾਈ ਲਈ ਵਰਤਿਆ ਜਾਵੇ।
ਪੰਜਾਬ ਦੇ ਧਰਤੀ ਹੇਠਲੇ ਪਾਣੀ ਨੂੰ ਉੱਚਾ ਚੁੱਕਣ ਲਈ ਪੰਜਾਬ ਦੇ ਟੋਬਿਆਂ ਉਤੇ ਨਜਾਇਜ਼ ਕਬਜ਼ਿਆਂ ਨੂੰ ਹਟਾਇਆ ਜਾਵੇ ਅਤੇ ਡਰੇਨਾਂ ਦੀ ਸਲਾਨਾ ਸਫ਼ਾਈ ਯਕੀਨੀ ਬਣਾਈ ਜਾਵੇ। ਥੋੜ੍ਹੀ-ਥੋੜ੍ਹੀ ਦੂਰੀ ਉਤੇ ਬੋਰ ਕੀਤੇ ਜਾਣ, ਜਿਸ ਨਾਲ ਵਾਧੂ ਪਾਣੀ ਧਰਤੀ ਵਿੱਚ ਜ਼ੀਰ ਸਕੇ। ਧਰਤੀ ਹੇਠਲੇ ਪਾਣੀ ਦੀ ਮੁੜ ਪੂਰਤੀ ਲਈ ਰੇਨ-ਹਾਰਵੈਸਟਿੰਗ ਅਤੇ ਪੁਰਾਣੇ ਤੇ ਨਵੇਂ ਖੂਹਾਂ ਦੀ ਵਰਤੋਂ ਕਰਨੀ ਚਾਹੀਦੀ ਹੈ।
ਖੇਤੀ ਤੋਂ ਇਲਾਵਾ ਦੂਸਰੇ ਖੇਤਾਂ ਵਿੱਚ ਵੀ ਪਾਣੀ ਦੀ ਫ਼ਜ਼ੂਲ ਖ਼ਰਚੀ ਨੂੰ ਰੋਕਿਆ ਜਾਣਾ ਚਾਹੀਦਾ ਹੈ। ਧਰਤੀ ਹੇਠਲੇ ਪਾਣੀ ਦੀ ਲੋੜ ਲਈ ਟਿਊਬਵੈਲਾਂ ਦੀ ਕੁੱਲ ਗਿਣਤੀ ਨੂੰ ਵੀ ਸੀਮਤ ਕਰਨਾ ਠੀਕ ਰਹੇਗਾ। ਪਾਣੀ ਦੀ ਵਰਤੋਂ ਬਾਰੇ ਸਖ਼ਤ ਨਿਯਮ  ਵੀ ਬਨਣੇ ਚਾਹੀਦੇ ਹਨ। ਪਾਣੀ ਮਨੁੱਖ ਸਭਿਅਤਾ ਦੀ ਬੁਨਿਆਦ ਹੈ। ਇਸ ਦੀ ਰਾਖੀ ਕਰਨੀ ਮਨੁੱਖ ਦਾ ਪਹਿਲਾ ਫਰਜ਼ ਹੈ। ਜੇਕਰ ਪਾਣੀ ਦਾ ਸੰਕਟ ਪੈਦਾ ਹੁੰਦਾ ਹੈ ਤਾਂ ਇਸ ਧਰਤੀ ਉਤੇ ਮਨੁੱਖ ਦੀ ਹੋਂਦ ਉਪਰ ਪ੍ਰਸ਼ਨ ਚਿੰਨ  ਲੱਗ ਜਾਵੇਗਾ। ਪਾਣੀ ਦਾ ਅੰਜਾਈ ਡੋਲ੍ਹਿਆ ਇੱਕ ਤੁਪਕਾ ਵੀ ਸਾਡੀ ਨਾ ਮੁਆਫ਼ ਕਰਨ ਵਾਲੀ ਗਲਤੀ ਹੈ ਕਿਉਂਕਿ ਇਹ ਮਸਲਾ ਸਰਕਾਰ/ਸਮਾਜਿਕ ਜ਼ਿੰਮੇਵਾਰੀ ਦੇ ਨਾਲ-ਨਾਲ ਵਿਅਕਤੀਗਤ ਕਿਰਦਾਰ ਅਤੇ ਇਤਹਾਸਿਕ ਭੂਮਿਕਾ ਦਾ ਹੈ।
ਪੰਜਾਬ ਦੇ ਪਾਣੀਆਂ ਦੀ ਰਾਖੀ ਲਈ ਪੰਜਾਬ ਦੀਆਂ ਸਿਆਸੀ ਪਾਰਟੀਆਂ ਦਾ ਇਸ ਮਸਲੇ ਲਈ ਇਕੱਠੇ ਹੋਣਾ ਸ਼ੁਭ ਸ਼ਗਨ ਹੈ। ਪਰੰਤੂ ਇਸ ਸਬੰਧੀ ਸਰਕਾਰੀ, ਨਿਆਇਕ ਯਤਨਾਂ ਦੀ ਵਧੇਰੇ ਲੋੜ ਹੈ, ਸਿਰਫ਼ ਸਿਆਸੀ ਭੱਲ ਖੱਟਣ ਨਾਲ ਕੰਮ ਨਹੀਂ ਚੱਲੇਗਾ।

-ਗੁਰਮੀਤ ਸਿੰਘ ਪਲਾਹੀ
-9815802070
-(ਪੰਜਾਬੀ ਫੀਚਰ ਏਜੰਸੀ ਵਲੋਂ ਜਾਰੀ)

ਪੁਸਤਕ ਸਮੀਖਿਆ / ਗੁਰਮੀਤ ਸਿੰਘ ਪਲਾਹੀ : ਪ੍ਰੋ: ਜਸਵੰਤ ਸਿੰਘ ਗੰਡਮ ਦੀ ਪੁਸਤਕ 'ਕੁਛ ਤੇਰੀਆਂ ਕੁਛ ਮੇਰੀਆਂ' ਬਾਰੇ  ਕੁਛ ਵਿਚਾਰ

ਟਰਾਟਸਕੀ, ਲੈਨਿਨ ਦੀ ਸਾਹਿਤ ਬਾਰੇ ਟਿੱਪਣੀ ਕਿ 'ਸਾਹਿਤ ਸਮਾਜ ਦਾ ਸ਼ੀਸ਼ਾ ਹੈ' ਨੂੰ ਅੱਗੇ ਤੋਰਦਾ ਹੋਇਆ ਕਹਿੰਦਾ ਹੈ ਕਿ ਸਾਹਿਤ, ਸ਼ੀਸ਼ੇ ਵਿੱਚੋਂ ਸਮਾਜਿਕ ਵਿਵਸਥਾ ਦੀ ਸਥਿਤੀ ਨੂੰ ਦੇਖਦੇ ਉਸ ਵਿਚਲੇ ਚਿੱਬਾਂ ਨੂੰ ਠੀਕ ਕਰਨ ਲਈ ਇੱਕ ਹਥੋੜਾ ਵੀ ਹੈ। ਪ੍ਰੋ: ਜਸਵੰਤ ਸਿੰਘ ਗੰਡਮ  ਦੀ ਪੁਸਤਕ 'ਕੁਛ ਤੇਰੀਆਂ ਕੁਛ ਮੇਰੀਆਂ' ਦੇ ਲੇਖਾਂ, ਵਿਅੰਗ-ਲੇਖਾਂ ਵਿਚਲੀਆਂ ਬੇਬਾਕ ਤੇਜ਼ ਤਰਾਰ, ਖੱਟੀਆਂ-ਮਿੱਠੀਆਂ ਟਿੱਪਣੀਆਂ, ਹਥੋੜੇ ਸਮਾਨ ਹੀ ਤਾਂ ਹਨ, ਜਿਹੜੀਆਂ ਬੇ-ਲਿਹਾਜ ਹੋ ਸਮਾਜ ਦੀਆਂ ਉਹਨਾ ਕੁਰੀਤੀਆਂ ਉਤੇ ਲਗਾਤਾਰ ਵਾਰ ਕਰਦੀਆਂ ਹਨ, ਜਿਹਨਾ ਨੇ ਸਮਾਜ ਵਿੱਚ ਵੈਰ-ਵਿਰੋਧ, ਅਸਮਾਨਤਾ, ਭਰਮ ਜਾਲ ਫੈਲਾ ਰੱਖਿਆ ਹੈ।
ਸਾਹਿਤ-ਰਚਨਾ ਕੇਵਲ  ਸਮਕਾਲ ਦੀ ਤਸਵੀਰਕਸ਼ੀ ਤੱਕ ਹੀ ਸੀਮਤ ਨਹੀਂ ਸਗੋਂ  ਸਮਾਜਿਕ, ਰਾਜਨੀਤਕ, ਆਰਥਿਕ ਅਤੇ ਸਭਿਆਚਾਰਕ ਸਥਿਤੀ ਦੇ ਅੰਦਰ ਅਤੇ ਬਾਹਰ ਪਰਵੇਸ਼ ਕਰਦਿਆਂ ਵਾਪਰਦੀਆਂ ਵਿਸੰਗਤੀਆਂ ਨੂੰ ਸਮਝਕੇ, ਉਹਨਾ ਦੇ ਮੁਕਤੀ-ਜੁਗਤ ਸਾਪੇਖੀ ਹੱਲ ਦੀ ਤਲਾਸ਼ ਕਰਨ ਦੀ ਇੱਛਾ ਜਾਹਿਰ ਕਰਨਾ ਵੀ ਉਸਦਾ ਮੰਤਵ ਹੁੰਦਾ ਹੈ। ਪ੍ਰੋ: ਜਸਵੰਤ ਸਿੰਘ ਗੰਡਮ ਦੇ ਅਠਾਈ ਦੇ ਅਠਾਈ ਲੇਖ, ਜੋ ਉਸਨੇ ਆਪਣੇ ਜੀਵਨ ਦੇ 40 ਵਰ੍ਹਿਆਂ ਦੌਰਾਨ ਲਿਖੇ ਹਨ ਤੇ ਹੱਥਲੀ ਪੁਸਤਕ 'ਚ ਸ਼ਾਮਲ ਕੀਤੇ ਹਨ, ਸਮਾਜ ਵਿਚਲੀਆਂ ਵਿਸੰਗਤੀਆਂ ਉਤੇ ਉਂਗਲ ਹੀ ਨਹੀਂ ਧਰਦੇ, ਸਗੋਂ ਉਹਨਾ ਵਿਸੰਗਤੀਆਂ ਦੇ ਹੱਲ ਲਈ ਇੱਛਾ ਜ਼ਾਹਿਰ ਕਰਦੇ ਨਜ਼ਰ ਆਉਂਦੇ ਹਨ। ਸ਼ਬਦਾਂ ਦੀ ਲੇਖਾਂ ਵਿੱਚ ਸਹੀ ਜੁਗਤ ਨਾਲ ਵੱਖਰੀ ਸ਼ੈਲੀ 'ਚ ਵਿਚਾਰਾਂ ਦੀ ਬੁਣਤ, ਸ਼ਬਦਾਂ ਦੀ ਰਵਾਨਗੀ ਪ੍ਰੋ: ਜਸਵੰਤ ਸਿੰਘ ਗੰਡਮ ਦੇ ਲੇਖਾਂ ਦਾ ਹਾਸਲ ਹੈ। ਉਹ ਲਿਖਦਾ ਹੈ ਪਾਠਕਾਂ ਦੇ ਦਿਲਾਂ ਨੂੰ ਟੁੰਬਦਾ ਹੈ, ਉਹ ਲਿਖਦਾ ਹੈ ਪਾਠਕਾਂ ਨੂੰ ਆਪਣੀ ਉਂਗਲੀ ਫੜਨ ਲਈ ਮਜ਼ਬੂਰ ਕਰ ਦਿੰਦਾ ਹੈ। ਮੁਹਾਵਰੇ ਦਾਰ ਬੋਲੀ ਦੀ ਵਰਤੋਂ ਕਰਦਿਆਂ, ਲੋੜ ਵੇਲੇ ਸ਼ਿਅਰੋ-ਸ਼ਾਇਰੀ ਕਰਦਾ ਉਹ ਨਿਰੰਤਰ, ਛੋਟੀਆਂ-ਛੋਟੀਆਂ ਟਿੱਪਣੀਆਂ ਕਰਦਾ ਹੈ। ਆਪਣੀ ਰਚਨਾ ਨੂੰ ਉਹ ਅੰਤਿਮ ਪੜ੍ਹਾਅ ਵੱਲ ਤੋਰਦਾ ਹੈ ਅਤੇ ਪਾਠਕਾਂ ਦੇ ਮਨ 'ਚ ਸਵਾਲ ਪੈਦਾ ਕਰਦਾ ਜਾਂਦਾ ਹੈ । ਇਹੋ ਅਸਲ 'ਚ ਕਿਸੇ  ਸਾਹਿਤਕ ਕਿਰਤ ਦਾ ਮੰਤਵ ਹੁੰਦਾ ਹੈ।ਵੰਨਗੀਆਂ ਵੇਖੋ, ''ਜ਼ਿੰਦਗੀ ਜ਼ਿੰਦਾ ਦਿਲੀ ਦਾ ਨਾਅ ਹੈ, ਮੁਰਦਾ ਦਿਲ ਕਯਾ ਖਾਕ ਜੀਆ ਕਰਤੇ ਹੈਂ'' (ਮੌਤ ਦਾ ਵਰ੍ਹਾ), ''ਪਰ ਗੋਡੇ ਲੱਗੇ ਜਾਂ ਗਿੱਟੇ, ਲੱਤਾਂ ਪੈਣ ਜਾਂ ਅੜਨ'' (ਸਿਰ ਤੋਂ ਪੈਰਾਂ ਤੀਕ), ''ਸਿਵਿਆਂ 'ਚ ਜਾ ਕੇ ਵੀ ਬੋਲਣੋਂ ਨਹੀਂ ਹਟੇ''? (ਮਿੱਤਰਾ ਮੋਬਾਈਲ ਵਾਲਿਆ), ''ਉਗਣ ਵਾਲੇ ਉਗ ਪੈਂਦੇ ਨੇ ਸੀਨਾਂ ਪਾੜ ਕੇ ਪੱਥਰਾਂ ਦਾ!'' (ਪਰਬਤ ਪੁਰਸ਼ ਦਸ਼ਰਥ ਮਾਂਝੀ ਦੀ ਸਮਾਧੀ ਨੂੰ ਸਿਜਦਾ)।ਪ੍ਰੋ: ਜਸਵੰਤ ਸਿੰਘ ਗੰਡਮ ਨੇ ਪਿਛਲੇ ਚਾਰ ਦਹਾਕੇ ਦੇ ਸਮੇਂ ਵਿਚਲੇ ਤ੍ਰਿਪਤ-ਪਿਆਸੇ, ਸਿਧੇ-ਵਿੰਗੇ, ਸਮਤਲ-ਚਿਬ ਖੜਿੱਬੇ, ਸੌਖੇ-ਔਖੇ ਰਾਹਾਂ ਦੀ ਪਛਾਣ ਕਰਦਿਆਂ, ਆਪਣੇ ਜੀਵਨ 'ਚ ਵਾਪਰੀਆਂ ਘਟਨਾਵਾਂ ਨੂੰ ਇਹਨਾ ਲੇਖਾਂ 'ਚ ਸਮੇਟਿਆ ਹੈ। ਉਸਨੇ ਆਪਣੀ ਪੁਸਤਕ ਨੂੰ ਦੋ ਭਾਗਾਂ 'ਚ ਵੰਡਕੇ ਵਿਅੰਗ-ਲੇਖ ਵੱਖਰੇ ਅਤੇ ਵੱਖਰੀ ਵੰਨਗੀ ਦੇ ਲੇਖ ਵੱਖਰੇ ਰੱਖੇ ਹਨ, ਪਰ ਇਹਨਾ ਲੇਖਾਂ 'ਚ ਆਪਣੇ ਜੀਵਨ ਕਾਲ ਵਿੱਚ ਵਾਪਰੀਆਂ, ਵਾਪਰ ਰਹੀਆਂ ਘਟਨਾਵਾਂ  ਦਾ ਸਿਰਫ ਲੇਖਾ-ਜੋਖਾ ਹੀ ਨਹੀਂ ਕੀਤਾ ਸਗੋਂ ਸਮਾਜਿਕ-ਰਾਜਨੀਤਕ-ਸਭਿਆਚਾਰਕ ਉਸਾਰੀ ਦੀ ਪੜ੍ਹਾ ਵਾਰ ਗਤੀਸ਼ੀਲ ਵਰਤਾਰੇ ਦੀ ਪਹਿਚਾਣ ਵੀ ਕੀਤੀ ਹੈ। ਉਸਦੀ ਗਤੀਸ਼ੀਲ, ਨੁਕੀਲੀ ਕਲਮ ਆਪਣੇ ਅੰਦਰ ਅਤੇ ਬਾਹਰ ਨਾਲ ਸੰਵਾਦ ਰਚਾਉਂਦੀ ਹੈ, ਪ੍ਰਸ਼ਨ ਵਾਚੀ  ਸ਼ੈਲੀ 'ਚ ਰਿਸੇ ਜ਼ਖਮਾਂ ਦੀ ਰਿਸਨ ਪ੍ਰੀਕਿਰਿਆ ਨੂੰ ਵਾਚਦੀ, ਪਰਖਦੀ ਹੈ। ਉਸਦੀ ਆਪਣੀ ਅਤੇ ਆਪਣੇ ਦੁਆਲੇ ਵਿਚਰਦੇ ਕਿਰਦਾਰਾਂ ਦੀ ਕਾਰਕੀ ਭੂਮਿਕਾ ਨੇ ਉਸਦੀ ਸਾਹਿਤ ਸਿਰਜਨਾ ਨੂੰ ਬਹੁਤ ਪ੍ਰਭਾਵਤ ਕੀਤਾ ਹੈ। ਅੰਗਰੇਜੀ ਦਾ ਪ੍ਰੋਫੈਸਰ ਰਿਹਾ ਪ੍ਰੋ: ਗੰਡਮ ਸਾਰੀ ਉਮਰ ਅੰਗਰੇਜ਼ੀ ਸਾਹਿਤ ਪੜ੍ਹਾਉਂਦਾ ਰਿਹਾ, ਕੀਟਸ, ਸੈਕਸ਼ਪੀਅਰ ਅਤੇ ਹੋਰ ਅੰਗਰੇਜ਼ੀ ਲੇਖਕਾਂ ਦੇ ਵਿਚਾਰਾਂ ਨਾਲ ਆਪਣੇ ਵਿਦਿਆਰਥੀਆਂ ਦੀ ਸਾਂਝ ਪਵਾਉਂਦਾ ਰਿਹਾ, ਪਰ ਆਪਣੀ ਮਾਂ-ਬੋਲੀ ਪੰਜਾਬੀ ਨਾਲ ਪਿਆਰ ਉਸਦੀਆਂ ਰਚਨਾਵਾਂ ਵਿੱਚ ਵੇਖਿਆ ਹੀ ਬਣਦਾ ਹੈ। ਉਸਦੀ ਪੰਜਾਬੀ ਬੋਲੀ ਉਤੇ ਪਕੜ, ਗੁੰਦਵੀਂ ਲੱਛੇਦਾਰ ਸ਼ੈਲੀ ਉਸਨੂੰ ਪੰਜਾਬੀ ਦੇ ਹੋਰ ਚੰਗੀ ਵਾਰਤਿਕ ਲਿਖਣ ਵਾਲਿਆਂ ਦੀ ਕਤਾਰ 'ਚ ਖੜਿਆਂ ਕਰਦੀ ਹੈ। ਸਾਫਗੋਈ ਉਸਦੀਆਂ ਰਚਨਾਵਾਂ ਦਾ ਸ਼ਿੰਗਾਰ ਹੈ। ਜਿਵੇਂ ਉਹ ਆਮ ਜ਼ਿੰਦਗੀ 'ਚ ਸੱਚ- ਕਹਿਣੋਂ ਕਦੇ ਨਹੀਂ ਥਿੜਕਿਆ, ਉਵੇਂ ਹੀ ਰਚਨਾਵਾਂ ਨਾਲ ਇਨਸਾਫ ਕਰਨੋਂ ਵੀ ਉਹ ਨਹੀਂ ਉਕਿਆ। ਪ੍ਰੋ: ਗੰਡਮ ਜਾਣਦਾ ਹੈ ਕਿ ਜਿਉਣ ਦਾ ਅਰਥ ਅੰਦਰ ਤੋਂ ਬਾਹਰ ਤੱਕ ਦਾ ਵਿਸਥਾਰ ਹੈ। ਸੰਪੂਰਨ ਬਾਹਰੀਅਤ ਜਿਸਨੂੰ ਸੰਸਾਰ ਕਹਿੰਦੇ ਹਨ ਵਿੱਚ ਵਿਚਰਦਿਆਂ ਮਨੁੱਖ ਚੰਗੀ ਜਾਂ ਮਾੜੀ, ਹਮਾਇਤੀ ਜਾਂ ਵਿਰੋਧੀ, ਘਟਨਾਵੀ ਸਥਿਤੀ ਨਾਲ ਟਕਰਾਓ, ਤਣਾਓ, ਦਬਾਓ ਵਿੱਚ ਰਹਿੰਦਾ ਉਸਦੇ ਜਿਉਣ ਅਰਥਾਂ ਨੂੰ ਪ੍ਰਭਾਵਤ ਕਰਦਾ ਹੈ।ਉਸਦੀ ਲੇਖਣੀ ਜ਼ਿੰਦਗੀ ਦੇ ਅਰਥਾਂ ਦੀ ਤਲਾਸ਼ ਵਿੱਚ ਤੁਰੇ ਮਨੁੱਖ ਦੇ ਮਹਾਂ-ਮਾਨਵੀ ਕਰਮ ਦੀ ਪਛਾਣ ਕਰਦੀ ਹੈ। ਪ੍ਰੋ: ਗੰਡਮ ਦੀਆਂ  ਲਿਖਤਾਂ ਜਿਥੇ ਭਾਰਤੀ ਸਮਾਜਿਕ ਵਿਵਸਥਾ ਵਿੱਚ ਭ੍ਰਿਸ਼ਟਾਚਾਰ, ਦੁਰ-ਅਚਾਰ, ਆਰਥਿਕ ਨਾ ਬਰਾਬਰੀ, ਜਾਤੀ-ਪਾਤੀ ਪ੍ਰਥਾ, ਮਿਹਨਤ ਦੀ ਲੁੱਟ, ਅਨੈਤਿਕ ਜਿਨਸੀ ਰਿਸ਼ਤਿਆਂ, ਸਭਿਆਚਾਰਕ ਗਿਰਾਵਟ, ਅਮਨੁੱਖੀ ਵਿਵਹਾਰ ਨੂੰ ਪੇਸ਼ ਕਰਦੀਆਂ ਹਨ, ਉਥੇ ਇਸ ਵਰਤਾਰੇ ਵਿਰੁੱਧ ਸੰਘਰਸ਼ ਕਰਦੇ ਮਨੁੱਖ  ਦੀ ਜਿੱਤ ਦੀ ਧੁਨੀ ਨੂੰ ਵੀ ਮਾਨਤਾ ਦਿੰਦੀਆਂ ਹਨ। ਅਰਥ ਭਰਪੂਰ ਸਿਰਲੇਖਾਂ ਨਾਲ ਲਿਖੇ ਉਸਦੇ ਵਿਅੰਗ ਲੇਖ ''ਮੌਤ ਦਾ ਵਰ੍ਹਾ, ਸਿਰ ਤੋਂ ਪੈਂਰਾਂ ਤੀਕ, ਉਦੋਂ ਮਿਲ੍ਹ ਦਾ ਘੁੱਗੂ ਬੋਲਿਆ ਸੀ, ਮਿੱਤਰਾ ਮੋਬਾਈਲ ਵਾਲਿਆ, ਕੰਮ ਪਿਆਰਾ ਚੰਮ ਨਹੀਂ, ਲੋਕੀਂ ਕੀ ਕਹਿਣਗੇ, ਸਮਾਂ ਬਨਾਮ ਭਾਰਤੀ ਸਮਾਂ, ਡਸਟਬਿਨ ਇੱਕ ਕਿ ਦੋ, ਮੋਰੀਂ ਰੁਣ ਝੁਣ ਲਾਇਆ, ਭਲਾ ਕੀ ਖਿਚੜੀ ਪੱਕ ਰਹੀ ਹੈ, ਚੂਹੇ ਹੋ ਰਹੇ ਸ਼ਰਾਬੀ, ਚਮਚੇ, ਭਲਾ ਹੋਇਆ ਮੇਰਾ ਚਰਖਾ ਟੁੱਟਾ ਜਿੰਦ ਅਜਾਬੋਂ ਛੁੱਟੀ, ਮੁਰਦਾ ਬੋਲਿਆ ਖਫਣ ਪਾੜ ਕੇ ਜੀ, ਦਿਨ ਗਧਿਆਂ ਦੇ ਆਏ, ਪਾਠਕਾਂ ਨੂੰ ਸਿੱਧੇ ਤੌਰ ਤੇ ਪ੍ਰਭਾਵਤ ਤਾਂ ਕਰਦੇ ਹੀ ਹਨ, ਨਾਲ ਦੀ ਨਾਲ ਉਹਨਾ ਦੇ ਮਨ 'ਚ ਇਹਨਾ ਰਚਨਾਵਾਂ ਨੂੰ ਪੜ੍ਹਨ ਦੀ ਉਤਸਕਤਾ ਪੈਦਾ ਕਰਦੇ ਹਨ। ਲੇਖਾਂ ਦੀਆਂ ਹੋਰ ਵੰਨਗੀਆਂ 'ਚ ਉਸਦੇ ਲੇਖਾਂ 'ਚ ਆਪਣੇ ਪਿੰਡ ਦੇ ਬੋਹੜ, ਆਪਣੇ ਅਧਿਆਪਕਾਂ ਦੀ ਦੇਣ ਜਿਹੇ ਲੇਖਾਂ ਤੋਂ ਬਿਨ੍ਹਾਂ ਉਸ ਵਲੋਂ ਕੀਤੀਆਂ ਯਾਤਰਾਵਾਂ ਦੇ ਪ੍ਰਭਾਵਾਂ ਨੂੰ ਬਿਆਨ ਕਰਨ ਵਾਲੇ ਲੇਖ ਹਨ।
ਪ੍ਰੋ: ਗੰਡਮ ਦੀ ਇਹ ਪੁਸਤਕ ਕਈ ਕਾਰਨਾਂ ਕਰਕੇ ਵਿਲੱਖਣ ਹੈ। ਉਸ ਵਿੱਚ ਗਿਆਨ ਭਰਪੂਰ ਰਚਨਾਵਾਂ ਤਾਂ ਹਨ ਹੀ, ਪਰ ਨਾਲ ਦੀ ਨਾਲ ਮਨੁੱਖੀ ਮਨ ਨੂੰ ਸਕੂਨ ਦੇਣ ਵਾਲੇ ਵਿਅੰਗ ਲੇਖ ਹਨ। ਕੁਲ ਸਫੇ 120 ਹਨ। ਬਹੁ-ਰੰਗੀ ਸਜਿਲਦ ਇਸ ਪੁਸਤਕ ਦੀ ਕੀਮਤ 200 ਰੁਪਏ ਦੇਸ਼ ਵਿੱਚ ਅਤੇ ਵਿਦੇਸ਼ ਲਈ 5 ਡਾਲਰ ਰੱਖੀ ਗਈ ਹੈ ਅਤੇ ਇਸ ਪੁਸਤਕ ਦੀ ਪ੍ਰਕਾਸ਼ਨਾ ਪੰਜਾਬੀ ਵਿਰਸਾ ਟਰੱਸਟ (ਰਜਿ:) ਫਗਵਾੜਾ ਨੇ ਕੀਤੀ ਹੈ।

-ਗੁਰਮੀਤ ਸਿੰਘ ਪਲਾਹੀ
-9815802070 

ਆਧਾਰ: ਪਿਕਚਰ ਹਾਲੇ ਬਾਕੀ ਹੈ

ਮੂਲ :  ਰੀਤਿਕਾ ਖੇੜਾ
ਪੰਜਾਬੀ ਰੂਪ: ਗੁਰਮੀਤ ਸਿੰਘ ਪਲਾਹੀ

ਆਧਾਰ ਦੇ ਵਿਰੁੱਧ ਹਿੰਦੀ ਵਿੱਚ ਮੇਰਾ ਸਭ ਤੋਂ ਪਹਿਲਾ ਲੇਖ ਅਮਰ ਉਜਾਲਾ ਵਿੱਚ ਛਪਿਆ ਸੀ। ਸੰਪਾਦਕਾਂ ਨੇ ਦੂਰ ਦ੍ਰਿਸ਼ਟੀ ਨਾਲ ਸਿਰਲੇਖ ਦਿੱਤਾ: ਆਧਾਰ ਨਾਲ ਕਿਸਦਾ ਭਲਾ? ਇਸ ਸਿਰਲੇਖ ਦੀ ਅਹਿਮੀਅਤ ਵਿੱਚ ਮੈਂ ਜਿੰਨਾ ਜ਼ੋਰ ਦੇਵਾਂ ਘੱਟ ਹੋਏਗਾ। ਜਦੋਂ ਆਧਾਰ ਲਿਆਂਦਾ ਗਿਆ, ਉਦੋਂ ਇਸ ਨੂੰ ਗਰੀਬਾਂ ਦੇ ਭਲੇ ਲਈ ਜਾਦੂ ਦੀ ਛੜੀ ਦੇ ਰੂਪ ਵਿੱਚ ਜਨਤਾ ਦੇ ਸਾਹਮਣੇ ਪੇਸ਼ ਕੀਤਾ ਗਿਆ। ਦਾਅਵਾ ਇਹ ਸੀ ਕਿ ਇਸ ਨਾਲ ਮਨਰੇਗਾ ਅਤੇ ਅੰਨ-ਵੰਡ ਪ੍ਰਣਾਲੀ ਵਿੱਚ ਭ੍ਰਿਸ਼ਟਾਚਾਰ ਖ਼ਤਮ ਹੋ ਜਾਏਗਾ। ਅਸਲ ਵਿੱਚ ਪਿਛਲੇ ਦਸ ਸਾਲਾਂ ਵਿੱਚ ਆਧਾਰ ਨੂੰ ਸਮਾਜਿਕ ਸੁਰੱਖਿਆ ਯੋਜਨਾਵਾਂ ਨਾਲ ਜੋੜਨ ਨਾਲ ਕਈ ਬੁੱਢੇ ਅਤੇ ਗਰੀਬ ਹੱਕਾਂ ਤੋਂ ਵਿਰਵੇ ਹੋ ਗਏ ਹਨ। ਜਿਵੇਂ ਕਿ ਰੂਪ ਲਾਲ ਮਰਾਂਡੀ ਜਿਸਦੀ ਮੌਤ ਇਸ ਲਈ ਹੋ ਗਈ ਕਿ ਦੋ ਮਹੀਨੇ ਲਗਾਤਾਰ ਆਧਾਰ ਦੀ ''ਪਾਸ ਮਸ਼ੀਨ'' ਨੇ ਉਹਦੀਆਂ ਉਂਗਲੀਆਂ ਦੇ ਨਿਸ਼ਾਨ ਹੀ ਨਾ ਪਛਾਣੇ, ਤਾਂ ਉਹਨੂੰ ਰਾਸ਼ਨ ਨਹੀਂ ਮਿਲਿਆ।
ਆਧਾਰ ਦੇ ਆਉਣ ਨਾਲ ਭ੍ਰਿਸ਼ਟਾਚਾਰ ਦੇ ਕਈ ਰਸਤੇ ਵੀ ਖੁੱਲ੍ਹੇ ਹਨ, ਇਥੇ ਅੰਗੂਠਾ ਮਸ਼ੀਨ ਪਛਾਣ ਵੀ ਲੈਂਦੀ ਹੈ, ਡੀਲਰ ਗੁੰਮਰਾਹ ਕਰ ਸਕਦਾ ਹੈ ਕਿ ਫੇਲ੍ਹ ਹੋ ਗਿਆ। ਮਸ਼ੀਨ ਨੇ ਇਤਬਾਰੀਆ ਦੇਵੀ ਦਾ ਅੰਗੂਠਾ ਪਛਾਣ ਲਿਆ, ਲੇਕਿਨ ਡੀਲਰ ਨੇ ਅਨਾਜ ਕੱਲ੍ਹ ਦੇਣ ਦੇ ਵਾਅਦੇ ਨਾਲ  ਉਹਨੂੰ ਘਰ ਮੋੜ ਦਿੱਤਾ (ਕੱਲ੍ਹ ਜਦੋਂ ਆਇਆ ਤਾਂ ਇਤਬਾਰੀਆ ਦੇਵੀ ਦੀ ਮੌਤ ਹੋ ਗਈ)
ਲੋਕਾਂ ਦੇ ਦਿਮਾਗ ਵਿੱਚ ਇਹ ਗੱਲ ਬੈਠੀ ਹੋਈ ਹੈ ਕਿ ਆਧਾਰ ਨਾਲ  ਕਲਿਆਣਕਾਰੀ ਯੋਜਨਾਵਾਂ ਵਿੱਚ ਸਰਕਾਰੀ ਖ਼ਰਚ ਵਿੱਚ ਬੱਚਤ ਹੋਈ ਹੈ। ਬੱਚਤ ਜ਼ਰੂਰ ਹੋਈ ਹੋਏਗੀ, ਲੇਕਿਨ (ਜਿਵੇਂ ਸਰਕਾਰ ਕਹਿੰਦੀ ਹੈ) ਇਹ ਸਿਰਫ਼ ਇਸ ਲਈ ਨਹੀਂ ਕਿ ਅੰਨ-ਵੰਡ ਪ੍ਰਣਾਲੀ ਅਤੇ ਸਮਾਜਿਕ ਸੁਰੱਖਿਆ ਪੈਨਸ਼ਨ ਵਿੱਚ ਫਰਜ਼ੀ ਜਾਂ ਮਰੇ ਹੋਏ ਲੋਕਾਂ ਦੇ ਨਾਮ ਕੱਟ ਹੋ ਗਏ ਹਨ। ਅਸਲੀ ਅਤੇ ਜੀਵਤ ਲੋਕਾਂ ਦੇ ਨਾਮ ਕੱਟੇ ਗਏ, ਜਦੋਂ ਉਹ ਆਪਣਾ ਆਧਾਰ ਨੰਬਰ ਇਹਨਾ ਯੋਜਨਾਵਾਂ ਨਾਲ ਨਹੀਂ ਜੋੜ ਸਕੇ। ਸਿਮਡੇਗਾ ਦੀ ਗਿਆਰਾਂ ਸਾਲ ਦੀ ਸੰਤੋਸ਼ੀ ਦੀ ਮੌਤ ਦੇ ਪਿੱਛੇ ਇਹੀ ਕਾਰਣ ਸੀ। ਉਸਦੀ ਮਾਂ ਕੋਇਲੀ ਦੇਵੀ ਰਾਸ਼ਨ ਕਾਰਡ ਨੂੰ ਆਧਾਰ ਨਾਲ ਨਹੀਂ ਜੁੜਵਾ ਸਕੀ, ਉਸਦਾ ਰਾਸ਼ਨ ਕਾਰਡ ਕੱਟ ਦਿੱਤਾ ਗਿਆ- ਸੰਤੋਸ਼ੀ ਦੀ ਮੌਤ ਤੋਂ ਪਹਿਲਾਂ ਝਾਰਖੰਡ ਦੇ ਉਸ ਵੇਲੇ ਦੇ ਮੁੱਖ ਮੰਤਰੀ ਰਘੂਰਾਮ ਦਾਸ ਨੇ ਆਜ਼ਾਦੀ ਦਿਹਾੜੇ ਤੇ ਆਪਣੇ ਭਾਸ਼ਨ ਵਿੱਚ ਇਸ ਤਰ੍ਹਾਂ ਦੀ 'ਬੱਚਤ' ਨੂੰ ਆਪਣੀ ਪ੍ਰਾਪਤੀ ਵਿੱਚ ਗਿਣਾਇਆ ਸੀ।
ਜਿਵੇਂ ਦਾਅਵਾ ਕੀਤਾ ਗਿਆ, ਉਵੇਂ ਗਰੀਬਾਂ ਦੀ ਆਧਾਰ ਨਾਲ ਭਲਾਈ ਨਹੀਂ ਹੋਈ। ਮੱਧਵਰਗੀ ਵੀ ਇਸਦੇ ਚੁੰਗਲ ਤੋਂ ਬਚ ਨਹੀਂ ਸਕੇ। ਬੱਚਿਆਂ ਦਾ ਸਕੂਲ ਵਿੱਚ ਦਾਖ਼ਲਾ, ਪ੍ਰਾਵੀਡੈਂਟ ਫੰਡ, ਗੈਸ ਸਿਲੰਡਰ ਦੀ ਸਬਸਿਡੀ ਜਾਂ ਸਰਕਾਰੀ ਪੈਨਸ਼ਨ ਪ੍ਰਾਪਤ ਕਰਨ ਵਿੱਚ, ਹਰ ਥਾਂ ਆਧਾਰ ਦੇ ਕਾਰਨ ਲੋਕ ਪ੍ਰੇਸ਼ਾਨ ਹਨ, - ਨਾਮ ਦੇ ਸਮੈਲਿੰਗ, ਜਨਮ ਤਾਰੀਖ, ਪਤਾ ਆਦਿ ਸੁਧਾਰਨ ਲਈ ਲੋਕ ਚੱਕਰ ਕੱਟ ਰਹੇ ਹਨ।
ਭਲਾਈ ਉਹਨਾ ਦੀ ਹੋਈ ਜਿਨ੍ਹਾਂ ਨੇ ਇਸਨੂੰ ਧੰਦਾ ਬਣਾ ਲਿਆ ਹੈ।  ਉਦਾਹਰਨ ਦੇ ਤੌਰ ਤੇ, ਈ-ਮਿੱਤਰ, ਈ-ਕਿਓਸਿਕ ਚਲਾਉਣ ਵਾਲੇ ਗਾਹਕ ਸਰਵਿਸ ਸੈਂਟਰ ਤੋਂ ਲੈਕੇ ਆਨ-ਲਾਈਨ ਕਰਜ਼ੇ ਜਾਂ ਹੋਰ ਸਰਵਿਸ ਪ੍ਰਦਾਨ ਕਰਨ ਵਾਲੇ ਸਟਾਰਟ-ਅਪ।
ਅੱਜ ਆਧਾਰ ਤੇ ਚਰਚਾ ਕੇਵਲ ਇਸ ਲਈ ਜ਼ਰੂਰੀ ਨਹੀਂ ਕਿ ਇਸਦੇ ਦਸ ਸਾਲ ਹੋ ਚੁੱਕੇ ਹਨ। ਚਰਚਾ ਇਸ ਲਈ ਵੀ ਜ਼ਰੂਰੀ ਹੈ ਕਿ ਆਧਾਰ, ਨੈਸ਼ਨਲ ਪਾਪੂਲੇਸ਼ਨ ਰਜਿਸਟਰ (ਐਨ.ਪੀ.ਆਰ.), ਐਨ.ਆਰ.ਸੀ. ਅਤੇ ਨਾਗਰਿਕਤਾ ਕਾਨੂੰਨ ਦਾ ਜੁੜਵਾ ਭਰਾ ਹੈ। ਜਦ 2011 ਦੀ ਮਰਦਮਸ਼ੁਮਾਰੀ ਦੇ ਸਮੇਂ ਐਨ.ਪੀ.ਆਰ. ਹੋਇਆ, ਤਦ ਯੂ.ਪੀ.ਏ. ਸਰਕਾਰ ਆਧਾਰ ਨੂੰ ਲੈਕੇ ਆਈ ਸੀ। ਐਨ.ਪੀ.ਆਰ. ਅਤੇ ਆਧਾਰ, ਦੋਨਾਂ ਦਾ ਮੰਤਵ ਇੱਕ ਹੀ ਸੀ-ਦੇਸ਼ ਵਿੱਚ ਆਮ ਤੌਰ ਤੇ ਰਹਿਣ ਵਾਲੇ ਲੋਕਾਂ ਦੀ ਸੂਚੀ ਤਿਆਰ ਕਰਨਾ। ਫ਼ਰਕ ਇੰਨਾ ਹੀ ਸੀ ਕਿ ਐਨ.ਪੀ.ਆਰ. ਦਾ ਕੰਮ ਕੇਂਦਰੀ ਗ੍ਰਹਿ ਵਿਭਾਗ ਦੇ ਅਧੀਨ ਮਰਦਮਸ਼ੁਮਾਰੀ ਦੇ ਤਹਿਤ ਸ਼ੁਰੂ ਹੋਇਆ ਅਤੇ ਆਧਾਰ ਵਿੱਚ ਨਾਮਾਂਕਣ, ਯੋਜਨਾ ਆਯੋਗ ਦੇ ਅਧੀਨ ਰਾਸ਼ਟਰੀ ਵਿਸ਼ਿਸ਼ਟ ਪਹਿਚਾਣ ਪ੍ਰਧੀਕਰਣ (ਯੂ.ਆਈ.ਡੀ.ਏ.ਆਈ.) ਦੇ ਤਹਿਤ ਚੁਣੇ ਗਏ ਸਰਕਾਰੀ ਵਿਭਾਗ, ਨਿੱਜੀ ਠੇਕੇਦਾਰ ਆਦਿ ਰਾਹੀਂ ਕੀਤਾ ਜਾ ਰਿਹਾ ਸੀ। ਕੁਝ ਸਮੇਂ ਬਾਅਦ, ਗ੍ਰਹਿ ਵਿਭਾਗ ਅਤੇ ਰਾਸ਼ਟਰੀ ਵਿਸ਼ਿਸ਼ਟ ਪਹਿਚਾਣ ਪ੍ਰਾਧੀਕਰਣ ਦੇ ਵਿਚਕਾਰ ਤਨਾਅ ਸਾਹਮਣੇ ਆਇਆ। ਤਦੋਂ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਸੁਲਾਹ ਕਰਵਾਈ:- ਰਾਜਾਂ ਨੂੰ ਵੰਡ ਦਿੱਤਾ ਗਿਆ। ਕੁਝ ਰਾਸ਼ਟਰੀ ਵਿਸ਼ਿਸ਼ਟ ਪਹਿਚਾਣ ਪ੍ਰਾਧੀਕਰਣ ਦੀ ਝੋਲੀ ਵਿੱਚ ਆਏ ਕੁਝ ਐਨ.ਪੀ.ਆਰ. ਵਲੋਂ ਕੀਤੇ ਗਏ। ਦਸੰਬਰ 2012 ਵਿੱਚ ਦਿੱਲੀ ਦੀ ਮੁੱਖਮੰਤਰੀ ਸ਼ੀਲਾ ਦੀਕਸ਼ਤ ਨੇ ਜਦ ਰਾਜਸਵ ਵਿਭਾਗ ਦੀਆਂ ਸੇਵਾਵਾਂ ਦੇ  ਲਈ ਆਧਾਰ ਨੂੰ ਜ਼ਰੂਰੀ ਕਰ ਦਿੱਤਾ, ਤਾਂ ਮੈਂ ਐਨ.ਪੀ.ਆਰ. ਵਿੱਚ ਨਾਮਾਂਕਿਣ ਹੋਣ ਗਈ, ਉਥੇ ਮੈਨੂੰ ਪਤਾ ਲੱਗਾ ਕਿ ਐਨ.ਪੀ.ਆਰ. ਵਾਲੇ ਰਾਸ਼ਟਰੀ ਵਿਸ਼ਿਸ਼ਟ ਪਹਿਚਾਣ ਪ੍ਰਾਧੀਕਰਣ ਦਾ ਹੀ ਸਾਫਟਵੇਅਰ  ਇਸਤੇਮਾਲ ਕਰ ਰਹੇ ਹਨ।
ਅੱਗੇ ਦੀ ਕਹਾਣੀ ਹੁਣ ਸਾਰੇ ਜਾਣਦੇ ਹਨ। ਐਨ ਪੀ.ਆਰ., ਐਨ.ਆਰ.ਸੀ. ਦਾ ਰਸਤਾ ਖੋਲ੍ਹਦਾ ਹੈ ਅਤੇ ਐਨ.ਆਰ.ਸੀ. ਨਾਗਰਿਕਤਾ ਕਾਨੂੰਨ ਵਿੱਚ ਹਾਲ ਹੀ ਵਿੱਚ ਹੋਈ ਸੋਧ ਇਸਨੂੰ ਲਾਗੂ ਕਰਨ ਦਾ ਮਾਧਿਅਮ ਹੈ। ਆਧਾਰ ਦੇ ਦਸ ਸਾਲਾਂ ਨੇ ਸਾਨੂੰ ਸਿਖਾ ਦਿਤਾ ਹੈ ਕਿ ਕਿਵੇਂ ਕਾਗਜ਼ੀ ਕਾਰਵਾਈ ਵਿੱਚ ਫਸਕੇ ਲੋਕ ਹੱਕਾਂ ਤੋਂ ਬੇਦਖ਼ਲ ਹੋ ਸਕਦੇ ਹਨ। ਜੇਕਰ ਕਮਜ਼ੋਰ ਜਾਂ ਗਰੀਬ ਲੋਕਾਂ ਨੂੰ ਮਿਲਣ ਵਾਲੀ ਸਹਾਇਤਾ ਦੀ ਕੋਈ ਗਾਰੰਟੀ ਨਾ ਰਹੇ, ਤਾਂ ਇਹ ਸਿਰਫ਼ ਇਸ ਚਿੰਤਾ ਵਿੱਚ ਜੀਏਗਾ ਕਿ ਆਪਣੀ ਰੋਜ਼ਾਨਾ ਦੀਆਂ ਜ਼ਰੂਰਤਾਂ ਕਿਵੇਂ ਪੂਰੀਆਂ ਕਰੇ। ਇਸ ਤਰ੍ਹਾਂ ਨਾਲ ਦੇਸ਼ ਵਿੱਚ ਲੋਕਤੰਤਰ ਕਮਜ਼ੋਰ ਹੁੰਦਾ ਹੈ। ਜਦ ਤੱਕ ਸਬੂਤ ਪੂਰੇ ਨਾ ਹੋਣ, ਤਦ ਤੱਕ ਤੁਸੀਂ ਸਰਕਾਰੀ ਦਫ਼ਤਰਾਂ ਦੇ ਚੱਕਰ ਕੱਟਦੇ ਰਹੋ, ''ਕਾਗਜ਼ਾਂ ਵਿੱਚ ਗਲਤੀਆਂ ਸੁਧਾਰਦੇ ਰਹੋ, ਖ਼ਰਚ ਕਰਦੇ ਰਹੋ''।
ਕਲਿਆਣਕਾਰੀ  ਯੋਜਨਾਵਾਂ ਵਿੱਚ ਭ੍ਰਿਸ਼ਟਾਚਾਰ ਕੁਝ ਹੀ ਲੋਕ ਕਰਦੇ ਹਨ (ਜਿਵੇਂ ਕਿ ਰਾਸ਼ਨ ਡੀਲਰ) ਉਹਨਾ ਕੁਝ ਲੋਕਾਂ ਨੂੰ ਸਜ਼ਾ ਦੇਣ 'ਚ ਅਸਫ਼ਲ ਵਿਵਸਥਾ ਨੇ, ਪੂਰੀ ਆਬਾਦੀ ਨੂੰ ਆਧਾਰ ਦੀ ਲਾਈਨ ਵਿੱਚ ਖੜੇ ਹੋਕੇ ਆਪਣੀਆਂ ਉਗਲੀਆਂ ਦੇ ਨਿਸ਼ਾਨ ਦੇਣ  ਲਈ ਮਜ਼ਬੂਰ ਕਰ ਦਿੱਤਾ। ਵੈਸੇ ਹੀ, ਨਾਗਰਿਕਤਾ ਕਾਨੂੰਨ ਦੇ ਤਹਿਤ ਕੁਝ ਲੋਕਾਂ ਨੂੰ ਨਾਗਰਿਕਤਾ ਦੇਣ ਦੀ ਆੜ ਵਿੱਚ (ਜੋ ਸਲਾਹੁਣ ਯੋਗ ਕਦਮ ਹੈ, ਲੇਕਿਨ ਇਸ ਵਿੱਚ ਧਰਮ-ਦੇਸ਼ ਅਤੇ ਸਮਾਂ ਸੀਮਾਂ ਹਟਾਉਣ ਦੀ ਲੋੜ ਹੈ),ਸਾਡੇ ਸਾਰਿਆਂ ਤੋਂ ਨਾਗਰਿਕ ਹੋਣ ਦਾ ਕਾਗਜ਼ ਮੰਗਿਆ ਜਾਏਗਾ। ਆਧਾਰ ਐਨ.ਆਰ.ਸੀ. ਦਾ ਟਰੈਲਰ ਲੱਗਦਾ ਹੈ। ਪਿਕਚਰ ਹਾਲੇ ਬਾਕੀ ਹੈ।

-ਗੁਰਮੀਤ ਸਿੰਘ ਪਲਾਹੀ
-98158-02070
-(ਪੰਜਾਬੀ ਫੀਚਰ ਸਿੰਡੀਕੇਟ ਵਲੋਂ ਜਾਰੀ) 

ਡੰਗ ਅਤੇ ਚੋਭਾਂ - ਗੁਰਮੀਤ ਸਿੰਘ ਪਲਾਹੀ

ਮਹਾਂ ਜੀਵਨ ਦਾ ਗੀਤ ਜੇ ਗਾਵਣਾ ਤੂੰ,
ਪਹਿਲਾ ਏਸ ਦਾ ਸੁਰ ਤੇ ਤਾਲ ਸਮਝੀਂ
ਸਿਆਸਤ ਵਿੱਚ ਅਪਰਾਧੀਕਰਨ 'ਤੇ ਚਿੰਤਾ ਪ੍ਰਗਟਾਉਂਦੇ ਹੋਏ ਸੁਪਰੀਮ ਕੋਰਟ ਨੇ ਇਸਨੂੰ ਰੋਕਣ ਲਈ ਛੇਤੀ ਹੀ ਕੁਝ ਕਰਨ ਦੀ ਲੋੜ ਉਤੇ ਜ਼ੋਰ ਦਿੱਤਾ ਹੈ। ਕੋਰਟ ਨੇ ਚੋਣ ਕਮਿਸ਼ਨ ਤੋਂ ਇੱਕ ਹਫ਼ਤੇ 'ਚ ਰੂਪ-ਰੇਖਾ ਤਿਆਰ ਕਰਕੇ ਪੇਸ਼ ਕਰਨ ਲਈ ਕਿਹਾ ਹੈ। ਚੋਣ ਕਮਿਸ਼ਨ ਨੇ ਕਿਹਾ ਕਿ ਕੋਰਟ ਪਾਰਟੀਆਂ ਨੂੰ ਨਿਰਦੇਸ਼ ਦੇਵੇ ਕਿ ਉਹ ਅਪਰਾਧਿਕ ਪਿੱਠਭੂਮੀ ਦੇ ਲੋਕਾਂ ਨੂੰ ਚੋਣ ਲੜਨ ਲਈ ਟਿਕਟ ਹੀ ਨਾ ਦੇਵੇ।
      ਸੁਣੋ ਹੇ ਨਾਗਰਿਕ! ਦੇਸ਼ ਵਿੱਚ ਭ੍ਰਿਸ਼ਟਾਚਾਰ ਹੈ। ਦੇਸ਼ ਵਿੱਚ ਅਨਾਚਾਰ ਹੈ। ਦੇਸ਼ ਵਿੱਚ ਵਿਭਚਾਰ ਹੈ। ਦੇਸ਼ ਵਿੱਚ ਨੈਤਿਕਤਾ ਦੀ ਕਮੀ ਹੈ। ਦੇਸ਼ ਦੀ ਸਿਆਸਤ ਵਿੱਚ ਅਪਰਾਧੀਕਰਨ ਕਿਉਂ ਨਾ ਹੋਵੇ? ਸਿਆਸਤਦਾਨਾਂ ਦੀ ਬਦੌਲਤ ਤਾਂ ਭ੍ਰਿਸ਼ਟਾਚਾਰ ਹੈ, ਅਨਾਚਾਰ ਹੈ, ਵਿਭਚਾਰ ਹੈ।
     ਸੁਣੋ ਹੇ ਨਾਗਰਿਕ! ਕਈ ਕਈ ਵੇਸ ਕਰਕੇ, ਕਈ ਕਈ ਭੇਸ ਕਰਕੇ, ਥਾਂ ਥਾਂ ਫਿਰਦੇ ਨੇ ਸੱਜਣਾ, ਠੱਗ ਟੋਲੇ। ਸੁਣੋ ਹੇ ਨਾਗਰਿਕ! ਸਿਆਸਤਦਾਨਾਂ ਦੇ ਰੂਪ ਨਿਰਾਲੇ ਨੇ। ਜਿਹੜੇ ਸਾਧ ਵੀ ਨੇ। ਜਿਹੜੇ ਸਫ਼ੈਦ, ਭਗਵੇਂ ਜਾਂ ਨੀਲੇ ਵੀ ਨੇ। ਇਹ ਸਿਆਸਤਦਾਨ, ਜਾਲ ਲਾ ਕੇ ਫਾਹੁੰਦੇ ਨੇ ਭੋਲਿਆਂ ਨੂੰ, ਕਰਕੇ ਗੋਲ ਗੱਲਾਂ, ਰੱਖਣ ਪੇਚ ਉਹਲੇ।
      ਸੁਣੋ ਹੇ ਨਾਗਰਿਕ! ਇਹ ਸਿਆਸਤਦਾਨ ਲੁੱਟਦੇ ਨੇ ਭਗਵਾਂ ਪਹਿਨ ਚੋਲਾ ਤੇ ਫਿਰ ਰਾਜਨੀਤੀ ਦੀ ਤੱਕੜੀ ਤੋਲਦੇ ਨੇ।
ਸੁਣੋ ਹੇ ਨਾਗਰਿਕ! ਉਹ ਸਿਆਸਤਦਾਨ ਕਾਹਦਾ, ਜਿਹੜਾ ਸਮਾਜ ਸੇਵਾ ਦੇ ਨਾਮ ਉਤੇ ਲੋਕਾਂ ਨੂੰ ਨਾ ਠੱਗੇ। ਉਹ ਸਿਆਸਤਦਾਨ ਕਾਹਦਾ ਜਿਹੜਾ ਮਨੁੱਖੀ ਹੱਕ ਨਾ ਖੋਹਵੇ। ਉਹ ਸਿਆਸਤਦਾਨ ਕਾਹਦਾ ਜਿਹੜਾ ਅੰਦਰ ਵੜ ਅਪਰਾਧ ਨਾ ਕਰੇ ਤੇ ਉਪਰੋਂ ਚੰਗਾ-ਭਲਾ ਨਾ ਦਿਸੇ।
     ਸੁਣੋ ਹੇ ਨਾਗਰਿਕ! ਅਦਾਲਤਾਂ ਨੂੰ ਆਖੋ, ਜੇ ਉਨ੍ਹਾਂ ਅਪਰਾਧ ਰੋਕਣੇ ਹਨ ਤਾਂ ਸਿਆਸਤਦਾਨਾਂ ਨੂੰ ਨੱਥ ਪਾਵੇ। ਸਿਆਸਤਦਾਨਾਂ ਵਲੋਂ ਫੈਲਾਏ ਭ੍ਰਿਸ਼ਟਾਚਾਰ, ਅਨਾਚਾਰ, ਵਿਭਚਾਰ ਦੇ ਜਾਲ ਨੂੰ ਤੋੜੇ। ਸੁਣੋ ਹੇ ਨਾਗਰਿਕ! ਅਦਾਲਤ ਨੂੰ ਕਹੋ, ''ਮਹਾਂ ਜੀਵਨ ਦਾ ਗੀਤ ਜੇ ਗਾਵਣਾ ਤੂੰ, ਪਹਿਲਾ ਏਸ ਦਾ ਸੁਰ ਤੇ ਤਾਲ ਸਮਝੀ''।


ਬਰਫ਼ ਪਿਘਲਦੀ ਜਦੋਂ ਹੈ ਸੇਕ ਲੱਗਦਾ,
ਪਾਣੀ ਸਦਾ ਨਿਵਾਣ ਵੱਲ ਵਹਿਣ ਮੀਆਂ।
ਸਿਆਸੀ ਮਹਿਰਾਂ ਮੁਤਾਬਕ ਅਕਾਲੀ ਦਲ ਅੰਦਰੂਨੀ ਤੌਰ ਤੇ ਜਿੰਨੀ ਮਰਜ਼ੀ ਨਾਰਾਜ਼ਗੀ ਜਾਹਰ ਕਰ ਲਵੇ ਪ੍ਰੰਤੂ ਮੌਜੂਦਾ ਸਥਿਤੀ 'ਚ ਉਸ ਕੋਲ ਭਾਜਪਾ ਨੂੰ ਸਮਰਥਨ ਦੇਣ ਤੋਂ ਇਲਾਵਾ ਕੋਈ ਚਾਰਾ ਨਹੀਂ ਹੈ, ਕਿਉਂਕਿ ਕੇਂਦਰ 'ਚ ਹਰਸਿਮਰਤ ਕੌਰ ਅਕਾਲੀ ਕੋਟੇ ਤੋਂ ਵਜ਼ੀਰ ਹਨ ਤੇ ਦਿੱਲੀ ਵਿੱਚ ਵੀ ਅਕਾਲੀ ਕੋਟੇ ਤੋਂ 5 ਕੌਂਸਲਰ ਹਨ ਜੋ ਭਾਜਪਾ ਦੀ ਟਿਕਟ ਤੇ ਹੀ ਚੋਣ ਲੜ ਕੇ ਕੌਂਸਲਰ ਬਣੇ ਸਨ।
     ਸਵਾਲਾਂ ਦਾ ਸਵਾਲ ਇਹ ਹੈ ਆਖ਼ਰ ਭਾਜਪਾ ਤੇ ਅਕਾਲੀਆਂ ਦਾ ਆਪਸ ਦਾ ਜੁੱਟ ਕਿਉਂ ਬਣਿਆ ਹੋਇਆ? ਸਵਾਲਾਂ ਦਾ ਸਵਾਲ ਇਹ ਹੈ ਕਿ ਕੁਰਸੀ ਦੀ ਸਾਂਝ ਕਿੰਨਾ ਕੁ ਨਿਭਦੀ ਹੈ? ਸਵਾਲਾਂ ਦਾ ਸਵਾਲ ਇਹ ਹੈ ਕਿ ਭਾਜਪਾ ਜਦ ਵੱਡੇ ਚੌਧਰੀ ਬਣੇ ਹੋਏ ਆ ਤਾਂ ਆਪਣੀ ਬੁਰਕੀ-ਕੁਰਸੀ ਅਕਾਲੀਆਂ ਨੂੰ ਕਿਵੇਂ ਦੇਣ?
      ਉਂਜ ਭਾਈ ਸਵਾਲ ਇਹ ਵੀ ਆ ਕਿ ਭਾਜਪਾ ਆ ਮਾਲਕ, ਅਕਾਲੀ ਆ ਉਨ੍ਹਾਂ ਦੀ ਨੌਕਰੀ ਕਰਨ ਵਾਲੇ। ਅਕਾਲੀ ਮੰਗਦੇ ਆ ਵੱਡੀ ਪਗਾਰ ਅਤੇ ਭਾਜਪਾ ਆਖਦੀ ਆ ਨੌਕਰੀ ਕਰਨੀ ਆ ਤਾਂ ਉਸੇ ਪਗਾਰ ਤੇ ਕਰੋ ਤੇ ਅਕਾਲੀ ਆਖਦੇ ਆ ਚਲੋ ਠੀਕ ਆ ਭਾਈ! ਉਂਜ ਬਾਦਲਾਂ ਦੇ ਅਕਾਲੀ ਦਲ ਨੂੰ ਪਤਾ ਨਹੀਂ ਕਿਉਂ ਕਵੀ ਦੀਆਂ ਲਿਖੀਆਂ ਸਤਰਾਂ ਕਿਉਂ ਯਾਦ ਨਹੀਂ ਰਹਿੰਦੀਆਂ ''ਬਰਫ਼ ਪਿਘਲਦੀ ਜਦੋਂ ਹੈ ਸੇਕ ਲੱਗਦਾ, ਪਾਣੀ ਸਦਾ ਨਿਵਾਣ ਵੱਲ ਵਹਿਣ ਮੀਆਂ''।

ਛਾਲਾਂ ਮਾਰ ਤਰੱਕੀ ਹੈ ਪੰਜਾਬ ਕੀਤੀ,
ਕਾਹਨੂੰ ਦੋਸਤਾਂ ਤੂੰ ਨਿਰਾਸ਼ ਹੋਇਆ?
ਖ਼ਬਰ ਹੈ ਕਿ ਕੈਪਟਨ ਸਰਕਾਰ ਨੇ ਮਾੜੀ ਵਿੱਤੀ ਹਾਲਾਤ ਦੇ ਚੱਲਦਿਆਂ ਆਪਣੇ ਵਜ਼ੀਰਾਂ ਅਤੇ ਅਫ਼ਸਰਾਂ ਦੇ ਖ਼ਰਚੇ ਘਟਾਉਣ ਦੇ ਹੁਕਮ ਦਿੱਤੇ ਹਨ। ਹੁਣ ਸਰਕਾਰ ਦੇ ਮੰਤਰੀ ਅਤੇ ਅਫ਼ਸਰ ਸਿਰਫ਼ ਇੱਕ ਹੀ ਸਰਕਾਰੀ ਗੱਡੀ ਦੀ ਵਰਤੋਂ ਕਰ ਸਕਣਗੇ, ਭਾਵੇਂ ਉਨ੍ਹਾਂ ਕੋਲ ਦੂਜੇ ਵਿਭਾਗਾਂ ਦਾ ਵੀ ਵਾਧੂ ਚਾਰਜ ਹੋਵੇ। ਬਾਹਰਲੇ ਦੇਸ਼ 'ਚ ਨੁਮਾਇਸ਼ ਲਗਾਉਣ ਤੇ ਪੂਰੀ ਪਾਬੰਦੀ ਲਗਾਈ ਗਈ ਹੈ ਪਰ ਵਪਾਰ 'ਚ ਵਾਧੇ ਲਈ ਨੁਮਾਇਸ਼ ਲਾਉਣ ਤੇ ਮੁੱਖ ਮੰਤਰੀ ਦੀ ਮਨਜ਼ੂਰੀ ਲੈਣੀ ਪਵੇਗੀ।
     ਕਾਹਨੂੰ ਭੰਡਦੇ ਹੋ ਪੰਜਾਬ ਸਰਕਾਰ ਜੀ, ਅਫ਼ਸਰਾਂ, ਵਜ਼ੀਰਾਂ ਨੂੰ ਇਹ ਤਾਂ ਬਹਾਲੇ ਹੀ ਕਾਮੇ ਆ। ਕਿੰਨਾ ਕੰਮ ਕਰਦੇ ਆ। ਕੰਨ ਖੁਰਕਣ ਨੂੰ ਵੀ ਵਿਹਲ ਨਹੀਂ ਮਿਲਦੀ। ਗੱਡੀਆਂ ਭਜਾਉਂਦੇ ਨੇ ਅਫ਼ਸਰ, ਜਿਥੇ ਆਪਣਾ ਉਪਰਲਾ ਅਫ਼ਸਰ ਜਾਂ ਵਜ਼ੀਰ ਪੁੱਜਦਾ ਆ, ਝਟ ਜੀ-ਹਜ਼ੂਰੀ ਲਈ ਪੁੱਜ ਜਾਂਦੇ ਆ। ਪੈਟਰੋਲ-ਤੇਲ ਤਾਂ ਲੱਗਣਾ ਹੀ ਹੋਇਆ, ਸਰਕਾਰ ਜੀ। ਕੰਮ ਵੀ ਕਿੰਨਾ ਆ, ਲੋਕਾਂ ਨੂੰ ਭਰਮਾਉਣਾ, ਆਪਣਿਆਂ ਨੂੰ ਰਿਝਾਉਣਾ, ਮੰਤਰੀਆਂ ਨੂੰ ਖੁਸ਼ ਕਰਨਾ, ਆਪਣੇ ਟੱਬਰ ਪਾਲਣੇ। ਕਾਕਿਆਂ, ਕਾਕੀਆਂ ਨੂੰ ਸਕੂਲ, ਕਾਲਜ ਛੱਡਣ ਲਈ ਕਾਰ ਦੀ ਵਰਤੋਂ ਕਰਨਾ। ਜਦ ਭਾਈ ਸਰਕਾਰ ਜੀ, ਉਹ ਅਫ਼ਸਰ ਹੀ ਤੁਹਾਡੇ ਆ, ਤਾਂ ਉਹ ਚਿੱਟੀ ਕਾਰ ਵੀ ਵਰਤਣੇ, ਕੁਰਸੀ ਤੇ ਚਿੱਟਾ ਤੋਲੀਆ, ਬਾਥਰੂਮ 'ਚ ਚਿੱਟਾ ਸਾਬਣ, ਸਰਕਾਰੀ ਕੋਠੀ 'ਚ ਚਮਕਾਵਾਂ ਚਿੱਟਾ ਦੁੱਧੀਆ ਰੰਗ, ਇਹ ਸਾਰਾ ਕੁਝ ਤਾਂ ਸਰਕਾਰ ਜੀ ਉਨ੍ਹਾਂ ਦਾ ਹੱਕ ਆ। ਕਿਉਂ ਜ਼ੁਲਮ ਕਰਦੇ ਹੋ ਵਿਚਾਰੇ ਕਾਮਿਆਂ ਤੇ। ਜਿਨ੍ਹਾਂ ਕਰਕੇ ਪੰਜਾਬ 'ਚ ਨਸ਼ਾ ਵਧਿਆ, ਜਿਨ੍ਹਾਂ ਕਰਕੇ ਪੰਜਾਬ 'ਚ ਮਾਫੀਆ ਪੁੰਗਰਿਆ, ਜਿਨ੍ਹਾਂ ਕਰਕੇ ਪੰਜਾਬ 'ਚ ਗੁੰਡਾ-ਗਰਦੀ, ਰਿਸ਼ਵਤਖੋਰੀ ਵਧੀ ਤੇ ਪੰਜਾਬ ਨੇ ਇਨ੍ਹਾਂ ਸਾਰੇ ਪੱਖਾਂ ਤੇ ਤਰੱਕੀ ਕੀਤੀ ਹੈ। ਹੈ ਕਿ ਨਾ! ਅਤੇ ਪੰਜਾਬੀ ਭਾਈਓ, ਆਪ ਕਿਉਂ ਹੋ ਉਦਾਸ, ਆਪ ਕਿਉਂ ਹੋ ਉਦਾਸ? ਪੰਜਾਬ ਅੱਗੇ ਵੱਧ ਰਿਹਾ ਹੈ। ''ਛਾਲਾਂ ਮਾਰ ਤਰੱਕੀ ਹੈ ਪੰਜਾਬ ਕੀਤੀ, ਕਾਹਨੂੰ ਦੋਸਤਾਂ! ਤੂੰ ਨਿਰਾਸ਼ ਹੋਇਆ''?

ਨਹੀਂ ਰੀਸਾਂ ਦੇਸ਼ ਮਹਾਨ ਦੀਆਂ
ਐਸੋਸੀਏਸ਼ਨ ਫਾਰ ਡੈਮੋਕਰੇਟਿਕ ਰਿਫਾਰਜ਼ ਦੇ ਮੁਤਾਬਿਕ ਹੁਣ ਤੱਕ 6,128 ਕਰੋੜ 72 ਲੱਖ ਦੇ ਚੋਣ ਬੌਂਡ ਵੇਚੇ ਗਏ ਹਨ।


ਇੱਕ ਵਿਚਾਰ
ਜਦ ਤਕ ਤੁਸੀਂ ਸਮਾਜਿਕ ਆਜ਼ਾਦੀ ਪ੍ਰਾਪਤ ਨਹੀਂ ਕਰ ਲੈਂਦੇ, ਕਾਨੂੰਨ ਜੋ ਵੀ ਆਜ਼ਾਦੀ ਦਿੰਦਾ ਹੈ, ਉਹ ਤੁਹਾਡੇ ਕਿਸੇ ਕੰਮ ਦੀ ਨਹੀਂ - ਡਾ. ਭੀਮ ਰਾਓ ਅੰਬੇਦਕਰ।
- ਗੁਰਮੀਤ ਸਿੰਘ ਪਲਾਹੀ
- ਸੰਪਰਕ : 9815802070
- (ਪੰਜਾਬੀ ਫੀਚਰ ਸਿੰਡੀਕੇਟ ਵਲੋਂ ਜਾਰੀ)

ਡੰਗ ਅਤੇ ਚੋਭਾਂ - ਗੁਰਮੀਤ ਸਿੰਘ ਪਲਾਹੀ

ਕੌਣ ਪੁੱਛੇ ਅਤੇ ਕੌਣ ਦੱਸੇ
ਖ਼ਬਰ ਹੈ ਕਿ ਕਿਸੇ ਵੀ ਕਿਸਮ ਦੀ ਅਸਹਿਮਤੀ ਬਰਦਾਸ਼ਤ ਨਾ ਕਰਨ ਵਾਲੇ ਯੂ.ਪੀ. ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਦੀ ਪੁਲਸ ਨੇ ਗਣਤੰਤਰ ਦਿਵਸ ਤੇ ਡਿਫੈਂਸ ਐਕਸਪੋ ਦੇ ਨਾਮ ਤੇ ਦਫ਼ਾ 144 ਲਗਾਈ, ਪਰ ਵਰਤਿਆ ਇਸਨੂੰ ਸੀ.ਏ.ਏ. ਦਾ ਵਿਰੋਧ ਕਰ ਰਹੀਆਂ ਬੀਬੀਆਂ ਦੇ ਵਿਰੁੱਧ। ਪੁਲਸ ਲਖਨਊ 'ਚ ਪ੍ਰੋਟੈਸਟ ਕਰ ਰਹੀਆਂ ਬੀਬੀਆਂ ਦੇ ਕੰਬਲ ਤੇ ਖਾਣਾ ਚੁੱਕ ਕੇ ਲੈ ਗਈ, ਧੂਣੀ ਤੇ ਪਾਣੀ ਪਾ ਦਿੱਤਾ। ਇਹ ਬੀਬੀ ਮਹਾਤਮਾ ਗਾਂਧੀ, ਡਾ. ਅੰਬੇਦਕਰ, ਭਗਤ ਸਿੰਘ ਦੇ ਪੋਸਟਰ ਫੜੀ ਇਨਕਲਾਬ ਜ਼ਿੰਦਾਬਾਦ ਦੇ ਨਾਹਰੇ ਲਾ ਰਹੀਆਂ ਸਨ।
ਕੌਣ ਪੁੱਛੇ ਅਤੇ ਕੌਣ ਦੱਸੇ ਅਸਹਿਮਤੀ ਬਰਦਾਸ਼ਤ ਨਾ ਕਰਨ ਵਾਲਿਆਂ ਤੋਂ ਕਿ ਬਾਬਰ ਵੀ ਤੁਰ ਗਿਆ, ਨਾਦਰ ਵੀ ਤੁਰ ਗਿਆ। ਰਹੀ ਇੰਦਰਾ ਵੀ ਨਹੀਂ। ਰਿਹਾ ਸਿਕੰਦਰ ਵੀ ਨਹੀਂ, ਮਸੋਲੀਨੀ ਵੀ ਨਹੀਂ। ਹਿਟਲਰ ਕਿਹੜਾ ਬੈਠਾ ਰਿਹਾ?
ਕੌਣ ਪੁੱਛੇ ਅਤੇ ਕੌਣ ਦੱਸੇ ਅਸਹਿਮਤੀ ਬਰਦਾਸ਼ਤ ਨਾ ਕਰਨ ਵਾਲਿਆਂ ਨੂੰ ਕਿ ਇੱਕ ਵਿੱਚ ਲੱਖ ਵੱਸਦੇ ਹਨ, ਜਿਹੜੇ ਭਾਵੇਂ ਸੁੰਨ ਧਾਰ ਬੈਠੇ ਹੋਣ ਪਰ ਜਦੋਂ ਗੱਜਣਗੇ ਉਦੋਂ ਵਸਣਗੇ ਵੀ।
ਕੌਣ ਪੁੱਛੇ ਅਤੇ ਕੌਣ ਦੱਸੇ ਅਸਹਿਮਤੀ ਬਰਦਾਸ਼ਤ ਨਾ ਕਰਨ ਵਾਲਿਆਂ ਨੂੰ ਬੀਬੀਆਂ ਰੁੱਖ ਹੁੰਦੀਆਂ ਨੇ। ਛਾਂ ਵੀ ਦਿੰਦੀਆਂ ਨੇ। ਜ਼ਹਿਰ ਕੂੜ ਨੂੰ ਪੀਂਦੀਆਂ ਨੇ। ਅੰਮ੍ਰਿਤ ਦੀ ਵਰਖਾ ਕਰਦੀਆਂ ਨੇ। ਹਰੀਅਲ ਦੀਵੇ ਬਾਲਕੇ ਸਮਾਜ ਨੂੰ, ਜਦੋਂ ਆਈ ਤੇ ਆਉਣ, ਸੇਧ ਵੀ ਦਿੰਦੀਆਂ ਨੇ, ਜ਼ਾਬਰਾਂ ਨੂੰ ਸਬਕ ਵੀ ਸਿਖਾਉਂਦੀਆਂ ਨੇ।
 ਕੌਣ ਪੁੱਛੇ ਅਤੇ ਕੌਣ ਦੱਸੇ ਅਸਹਿਮਤੀ ਬਰਦਾਸ਼ਤ ਨਾ ਕਰਨ ਵਾਲਿਆਂ ਨੂੰ ਕਿ ਜਿਹੜੇ ਪਾਣੀ ਪੁਣਿਆ ਪੀਂਦੇ ਨੇ, ਆਪਣਾ ਕੀਤਾ ਪੁਣਦੇ ਨਹੀਂ,ਉਹ ਆਪਣਿਆਂ ਦੀ ਵੀ ਨਹੀਂ ਸੁਣਦੇ ਤਾਂ ਫਿਰ ਆਪਣੀ ਛੱਤਾਂ ਤੇ ਜਾ ਚੜ੍ਹਦੇ ਨੇ, ਕੁੱਦਕੇ ਸਿਆਸਤ ਦੇ ਅੰਦਰੀ ਜਾ ਵੜਦੇ ਨੇ ਅਤੇ ਅੰਤ ਨੂੰ ਹਿਟਲਰਾਂ, ਮਸੋਲੀਨੀਆਂ, ਬਾਬਰਾਂ, ਨਾਦਰਾਂ ਦਾ ਘਾਣ ਕਰਦੇ ਨੇ। ਹੈਂ ਜੀ!

ਸੌਦਾਗਰਾਂ ਦੇ ਹੱਥੋਂ ਏਨੇ ਲਚਾਰ ਹੋਏ।
ਖ਼ਬਰ ਹੈ ਕਿ ਭਾਜਪਾ ਦੇ ਉਘੇ ਨੇਤਾ ਮਾਸਟਰ ਮੋਹਨ ਲਾਲ ਨੇ ਪੰਜਾਬ ਦੀਆਂ ਆਉਂਦੀਆਂ ਵਿਧਾਨ ਸਭਾ ਚੋਣਾਂ ਵਿੱਚ ਸਾਰੀਆਂ 117 ਸੀਟਾਂ ਉਤੇ ਭਾਜਪਾ ਵਲੋਂ ਇੱਕਲਿਆਂ ਹੀ ਲੜਨ ਦੀ ਵਕਾਲਤ ਕੀਤੀ ਹੈ। ਇਸ ਨਾਲ ਅਕਾਲੀ ਦਲ ਬਾਦਲ ਵਿੱਚ ਬਹੁਤ ਰੋਹ ਹੈ। ਅਕਾਲੀ ਦਲ ਦੇ ਜਿਲਾ ਜੱਥੇਦਾਰ ਪਠਾਨਕੋਟ ਸੁਰਿੰਦਰ ਕੰਵਰ ਸਿੰਘ ਮਿੰਟੂ ਨੇ ਕਿਹਾ ਕਿ ਅਕਾਲੀ-ਭਾਜਪਾ ਕੇਵਲ ਸਿਆਸੀ ਪਾਰਟੀਆਂ ਦਾ ਗੱਠਜੋੜ ਨਹੀਂ ਬਲਕਿ ਹਿੰਦੂ-ਸਿੱਖ ਭਾਈਚਾਰੇ ਦਾ ਪ੍ਰਤੀਕ ਹੈ। ਉਹਨਾ ਨੇ ਕਿਹਾ ਕਿ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਮਾਸਟਰ ਮੋਹਨ ਲਾਲ ਦੇ ਬਿਆਨ ਦੀ ਨਿੰਦਿਆ ਕਰਨਗੇ। ਉਧਰ ਮਾਸਟਰ ਮੋਹਨ ਲਾਲ ਨੇ ਕਿਹਾ ਹੈ ਕਿ ਉਹ ਆਪਣੇ ਬਿਆਨ ਤੇ ਅਡਿੱਗ ਹਨ। ਉਧਰ ਦਿੱਲੀ 'ਚ ਅਕਾਲੀਆਂ, ਭਾਜਪਾ ਦੇ ਰਵੱਈਏ ਤੋਂ ਦੁੱਖੀ ਹੋਕੇ ਦਿੱਲੀ 'ਚ ਵਿਧਾਨ ਸਭਾ ਚੋਣਾਂ ਭਾਜਪਾ ਨਾਲ ਇੱਕਠਿਆਂ ਹੋਕੇ ਨਾ ਲੜਨ ਦਾ ਫ਼ੈਸਲਾ ਕੀਤਾ ਹੈ। ਹਰਿਆਣੇ ਵਿੱਛ ਵੀ ਅਕਾਲੀ ਦਲ ਅਲੱਗ ਲੜਿਆ ਸੀ।
ਕੁਰਸੀਆਂ ਦਾ ਲਾਲਚ ਬੁਰਾ! ਉਸ ਤੋਂ ਵੀ ਬੁਰਾ ਘਰ 'ਚ ਹੀ ਕੁਰਸੀਆਂ ਦਾ ਲਾਲਚ! ਵੱਡੇ ਬਾਦਲ ਕੁਰਸੀ ਦਾ ਪੰਜ ਵੇਰ ਲਾਲਚ ਕੀਤਾ। ਪੰਜੇ ਵੇਰ, ਆਪਣੇ ਸਾਥੀਆਂ ਨੂੰ ਖੂੰਜੇ ਲਾਇਆ, ਜਿਹੜੇ ਵੱਡੀਆਂ ਢੁੱਠਾਂ ਵਾਲੇ ਸਨ, ਉਹਨਾ ਨੂੰ ਬਹੁਤਾ ਉਚੇ ਜਾਣ ਦਾ ਸਬਕ ਸਿਖਾਇਆ। ਬਾਜਪਾਈਆਂ, ਭਾਜਪਾਈਆਂ, ਅਡਵਾਨੀਆਂ ਨਾਲ ਦੋਸਤੀ ਪਾਕੇ ਆਪਣਿਆਂ ਨੂੰ ਰੁਸਾਇਆ।
ਆਪ ਥੱਕਿਆ ਤਾਂ ਕੁਰਸੀ ਤੇ ਪੁੱਤਰ ਨੂੰ ਬਿਠਾਇਆ, ਅਤੇ ਉਪਰੋਂ ਮੋਦੀ-ਸ਼ਾਹ ਪੱਲੇ ਆਪਣੇ ਘਰ ਦੇ ਜੀਅ ਨੂੰ ਸਿੰਘਾਸਨ ਤੇ ਬੈਠਾਇਆ। ਆਪਣੇ ਕਿਸੇ ਸੀਨੀਅਰ ਸਾਥੀ ਦਾ ਵੱਡੇ ਬਾਦਲ ਨੂੰ ਚੇਤਾ ਹੀ ਨਾ ਆਇਆ।
 ਵੇਖੋ ਨਾ ਜੀ, ਟੌਹੜਾ ਰੁਸਿਆ, ਤਲਵੰਡੀ, ਲੌਂਗੇਵਾਲ ਰੁਸਾਏ। ਮਾਝੇ ਦਾ ਜਰਨੈਲ, ਦੁਆਬੇ ਦਾ ਜਰਨੈਲ ਅਤੇ ਫਿਰ ਢੀਂਡਸੇ ਬਾਦਲਾਂ ਨੂੰ ਰਾਸ ਹੀ ਨਾ ਆਏ। ਜਿਹੜੇ  ਭਾਜਪਾਈਏਂ ਰਾਸ ਆਏ, ਉਹਨਾ ਪਹਿਲਾਂ ਹਰਿਆਣੇ 'ਚ ਅਤੇ ਹੁਣ ਦਿੱਲੀ 'ਚ ਬਾਦਲਾਂ ਨੂੰ ਗੂਠੇ ਦਿਖਾਏ। ਤੇ ਵਿਚਾਰੇ ਬਾਦਲ ਹੁਣ ''ਸੌਦਾਗਰਾਂ ਦੇ ਹੱਥੋਂ ਏਨੇ ਲਚਾਰ ਹੋਏ, ਰੌਣਕੀਲੇ ਰਸਤੇ ਆਖ਼ਰ ਬਜ਼ਾਰ ਹੋਏ'' ਗਾਉਂਦੇ ਫਿਰਦੇ ਹਨ।

ਰੁੱਤਾਂ ਆਉਂਦੀਆਂ ਤੇ ਰੁੱਤਾਂ ਜਾਂਦੀਆਂ ਨੇ,
ਐਪਰ ਚੱਜ ਦੀ ਨਹੀਂ ਸਰਕਾਰ ਮਿਲਦੀ!!
ਖ਼ਬਰ ਹੈ ਕਿ ਪੰਜਾਬ ਵਿਧਾਇਕਾਂ ਨਾਲ ਹੋਈ ਪ੍ਰੀ-ਬਜ਼ਟ ਮੀਟਿੰਗ 'ਚ ਪੰਜਾਬ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਮੁੜ ਕਾਫੀ ਨਾਰਾਜ਼ ਦਿਖੇ। ਉਹਨਾ ਕੈਪਟਨ ਸਾਹਮਣੇ ਨਾਰਾਜ਼ਗੀ ਪ੍ਰਗਟਾਈ। ਵਿਧਾਇਕਾਂ ਜਦੋਂ ਪਟਿਆਲੇ ਜ਼ਿਲੇ ਦੇ ਪੁਲਿਸ ਅਫ਼ਸਰਾਂ ਦੇ ਦੁਰਵਿਵਹਾਰ ਦੀਆਂ ਸ਼ਕਾਇਤਾਂ ਰੱਖੀਆਂ। ਸ਼ਿਕਾਇਤਾਂ ਦੇ ਅੰਬਾਰ ਨੇ ਜਾਖੜ ਦਾ ਪਾਰਾ ਚੜ੍ਹਾ ਦਿੱਤਾ। ਉਹਨਾ ਕਿਹਾ ਕਿ ਫ਼ਿਰੋਜ਼ਪੁਰ ਦਾ ਆਈ.ਜੀ. ਉਹਨਾ ਦੀ ਸੁਣਵਾਈ ਨਹੀਂ ਕਰਦਾ। ਜਿਸ ਹਲਕੇ ਦੀ ਜਨਤਾ ਨੇ ਸੁਖਬੀਰ ਬਾਦਲ ਦੀ ਜਿੱਤੀ ਹੋਈ ਸੀਟ ਭਾਰੀ ਫ਼ਰਕ ਨਾਲ ਜਿਤਵਾਕੇ ਸਾਡੇ ਤੇ ਭਰੋਸਾ ਪ੍ਰਗਟਾਇਆ, ਕੀ ਉਹਨਾ ਨੇ ਗਲਤੀ ਕਰ ਲਈ ਹੈ? ਜਾਖੜ ਨੇ ਮੁੱਖ ਮੰਤਰੀ ਨੂੰ ਕਿਹਾ ਕਿ ਜਾਂ ਤਾਂ ਅਫ਼ਸਰ ਤੁਹਾਡੇ ਹੁਕਮ ਨੂੰ ਕੁਝ ਸਮਝਦੇ ਹੀ ਨਹੀਂ ਜਾਂ ਫਿਰ ਤੁਸੀਂ ਉਹਨਾ ਨੂੰ ਕੁਝ ਜਿਆਦਾ ਹੀ ਛੋਟ ਦਿੱਤੀ ਹੋਈ ਹੈ।
ਜਾਖੜ ਜੀ, ਕੋਈ ਦਿੱਲੀ ਤੋਂ ਸਫਰੀ ਆਇਆ, ਤੁਹਾਨੂੰ ਹਰਾਕੇ ਬੰਬੇ ਦੀਆਂ ਰੌਣਕਾਂ ਵਾਲੇ ਥਾਂ ਜਾਕੇ ਮੁੜ ਬਿਰਾਜਮਾਨ ਹੋ ਗਿਆ। ਲੋਕ ਗੁੰਮਸ਼ੁਦਾ ਦੀ ਤਲਾਸ਼ ਦੇ ਨਾਹਰੇ ਲਾ ਰਹੇ ਹਨ ਅਤੇ ਆਪਣੇ ਪਿਆਰੇ ਧਰਮਿੰਦਰ ਦੇ ਬੇਟੇ ''ਸੰਨੀ ਦਿਓਲ'' ਨੂੰ ਤਲਾਸ਼ ਰਹੇ ਹਨ।
ਜਾਖੜ ਜੀ, ਤਿੰਨ ਵਰ੍ਹੇ ਪਹਿਲਾਂ ਕੈਪਟਨ ਆਏ। ਉਹਨਾ ਲੋਕਾਂ ਦੇ ਜੱਸ ਗਾਏ। ਸਟੇਜਾਂ ਤੇ ਨਾਹਰੇ ਲਾਏ। ਖੁਦਕੁਸ਼ੀਆਂ, ਬੇਰੁਜ਼ਗਾਰੀ ਨੂੰ ਖਤਮ ਕਰਨ ਦੇ ਵਾਅਦੇ ਸੁਣਾਏ, ਪਰ ਫਿਰ ਲੋਕਾਂ ਦੇ ਦਰ ਉਹ ਨਜ਼ਰ ਹੀ ਨਾ ਆਏ!
ਜਾਖੜ ਜੀ, ਦਸ ਸਾਲ ''ਬਾਦਲਾਂ'' ਪੰਜਾਬ ਦੇ ਲੋਕਾਂ ਦੇ ਵਖੀਏ ਉਧੇੜੇ। ਮਾਫ਼ੀਏ, ਅਫ਼ਸਰਸ਼ਾਹੀ ਦੀ ਯਾਰੀ ਨਾਲ ਆਪਣੇ ਚੰਮ ਦੇ ਸਿੱਕੇ ਚਲਾਏ ਤੇ ਉਹੀ ਸਿੱਕੇ, ਸੁਣਿਆ, ਕੈਪਟਨ ਦੇ ਵੀ ਕੰਮ ਆਏ। ਹੁਣ ਰਾਜ ਅਫ਼ਸਰਾਂ ਦਾ, ਭਾਗ ਅਫ਼ਸਰਾਂ ਦੇ, ਰਾਗ ਅਫ਼ਸਰਾਂ ਦੇ। ਇਹ ਪਹਿਲਾਂ ਵੀ ਸੀ, ਤੇ ਹੁਣ ਵੀ ਹੈ। ਉਪਰ ਵੀ ਹੈ ਮੋਦੀ ਦੁਆਰੇ, ਥੱਲੇ ਵੀ ਹੈ ਕੈਪਟਨ ਦੁਆਰੇ ਤੇ ਆਹ ਜਾਖੜ ਜੀ, ਸਿਆਸਤਦਾਨ, ਸਮਾਜ ਸੇਵਕ ਤਾਂ ਹਨ ਵਿਚਾਰੇ, ਕਰਮਾਂ ਦੇ ਮਾਰੇ, ਦੁਖਿਆਰੇ। ਹੈ ਕਿ ਨਾ? ਤਦੇ ਆਹਦੇ ਆ ਜਾਖੜ ਜੀ, ''ਰੁੱਤਾਂ ਆਉਂਦੀਆਂ ਤੇ ਰੁੱਤਾਂ ਜਾਂਦੀਆਂ ਨੇ, ਐਪਰ ਚੱਜ ਦੀ ਨਹੀਂ ਸਰਕਾਰ ਮਿਲਦੀ''!!

ਨਹੀਂ ਰੀਸਾਂ ਦੇਸ਼ ਮਹਾਨ ਦੀਆਂ
ਸਾਲ 2018-19 ਦੌਰਾਨ ਦੇਸ਼ ਵਿੱਚ 12 ਕਰੋੜ 42 ਲੱਖ ਪਾਸਪੋਰਟ ਜਾਰੀ ਕੀਤੇ, ਜਦਕਿ ਸਾਲ 1978-80 ਵਿੱਚ ਸਿਰਫ਼ 8 ਲੱਖ 51 ਹਜ਼ਾਰ ਪਾਸਪੋਰਟ ਜਾਰੀ ਕਿਤੇ ਗਏ ਸਨ।


ਇੱਕ ਵਿਚਾਰ
ਨਾ-ਕਾਮਯਾਬੀ ਮੈਨੂੰ ਕਦੇ ਪਛਾੜ ਨਹੀਂ ਸਕਦੀ, ਕਿਉਂਕਿ ਮੇਰੀ ਕਾਮਯਾਬੀ ਦੀ ਪ੍ਰੀਭਾਸ਼ਾ ਬਹੁਤ ਮਜ਼ਬੂਤ ਹੈ।
.............ਏ.ਪੀ.ਜੇ. ਅਬਦੂਲ ਕਲਾਮ

-ਗੁਰਮੀਤ ਸਿੰਘ ਪਲਾਹੀ
-98158-02070
-(ਪੰਜਾਬੀ ਫੀਚਰ ਏਜੰਸੀ ਵਲੋਂ ਜਾਰੀ)

ਆਧਾਰ: ਪਿਕਚਰ ਹਾਲੇ ਬਾਕੀ ਹੈ

ਆਧਾਰ: ਪਿਕਚਰ ਹਾਲੇ ਬਾਕੀ ਹੈ
ਮੂਲ :  ਰੀਤਿਕਾ ਖੇੜਾ
ਪੰਜਾਬੀ ਰੂਪ: ਗੁਰਮੀਤ ਸਿੰਘ ਪਲਾਹੀ
ਆਧਾਰ ਦੇ ਵਿਰੁੱਧ ਹਿੰਦੀ ਵਿੱਚ ਮੇਰਾ ਸਭ ਤੋਂ ਪਹਿਲਾ ਲੇਖ ਅਮਰ ਉਜਾਲਾ ਵਿੱਚ ਛਪਿਆ ਸੀ। ਸੰਪਾਦਕਾਂ ਨੇ ਦੂਰ ਦ੍ਰਿਸ਼ਟੀ ਨਾਲ ਸਿਰਲੇਖ ਦਿੱਤਾ: ਆਧਾਰ ਨਾਲ ਕਿਸਦਾ ਭਲਾ? ਇਸ ਸਿਰਲੇਖ ਦੀ ਅਹਿਮੀਅਤ ਵਿੱਚ ਮੈਂ ਜਿੰਨਾ ਜ਼ੋਰ ਦੇਵਾਂ ਘੱਟ ਹੋਏਗਾ। ਜਦੋਂ ਆਧਾਰ ਲਿਆਂਦਾ ਗਿਆ, ਉਦੋਂ ਇਸ ਨੂੰ ਗਰੀਬਾਂ ਦੇ ਭਲੇ ਲਈ ਜਾਦੂ ਦੀ ਛੜੀ ਦੇ ਰੂਪ ਵਿੱਚ ਜਨਤਾ ਦੇ ਸਾਹਮਣੇ ਪੇਸ਼ ਕੀਤਾ ਗਿਆ। ਦਾਅਵਾ ਇਹ ਸੀ ਕਿ ਇਸ ਨਾਲ ਮਨਰੇਗਾ ਅਤੇ ਅੰਨ-ਵੰਡ ਪ੍ਰਣਾਲੀ ਵਿੱਚ ਭ੍ਰਿਸ਼ਟਾਚਾਰ ਖ਼ਤਮ ਹੋ ਜਾਏਗਾ। ਅਸਲ ਵਿੱਚ ਪਿਛਲੇ ਦਸ ਸਾਲਾਂ ਵਿੱਚ ਆਧਾਰ ਨੂੰ ਸਮਾਜਿਕ ਸੁਰੱਖਿਆ ਯੋਜਨਾਵਾਂ ਨਾਲ ਜੋੜਨ ਨਾਲ ਕਈ ਬੁੱਢੇ ਅਤੇ ਗਰੀਬ ਹੱਕਾਂ ਤੋਂ ਵਿਰਵੇ ਹੋ ਗਏ ਹਨ। ਜਿਵੇਂ ਕਿ ਰੂਪ ਲਾਲ ਮਰਾਂਡੀ ਜਿਸਦੀ ਮੌਤ ਇਸ ਲਈ ਹੋ ਗਈ ਕਿ ਦੋ ਮਹੀਨੇ ਲਗਾਤਾਰ ਆਧਾਰ ਦੀ ''ਪਾਸ ਮਸ਼ੀਨ'' ਨੇ ਉਹਦੀਆਂ ਉਂਗਲੀਆਂ ਦੇ ਨਿਸ਼ਾਨ ਹੀ ਨਾ ਪਛਾਣੇ, ਤਾਂ ਉਹਨੂੰ ਰਾਸ਼ਨ ਨਹੀਂ ਮਿਲਿਆ।
ਆਧਾਰ ਦੇ ਆਉਣ ਨਾਲ ਭ੍ਰਿਸ਼ਟਾਚਾਰ ਦੇ ਕਈ ਰਸਤੇ ਵੀ ਖੁੱਲ੍ਹੇ ਹਨ, ਇਥੇ ਅੰਗੂਠਾ ਮਸ਼ੀਨ ਪਛਾਣ ਵੀ ਲੈਂਦੀ ਹੈ, ਡੀਲਰ ਗੁੰਮਰਾਹ ਕਰ ਸਕਦਾ ਹੈ ਕਿ ਫੇਲ੍ਹ ਹੋ ਗਿਆ। ਮਸ਼ੀਨ ਨੇ ਇਤਬਾਰੀਆ ਦੇਵੀ ਦਾ ਅੰਗੂਠਾ ਪਛਾਣ ਲਿਆ, ਲੇਕਿਨ ਡੀਲਰ ਨੇ ਅਨਾਜ ਕੱਲ੍ਹ ਦੇਣ ਦੇ ਵਾਅਦੇ ਨਾਲ  ਉਹਨੂੰ ਘਰ ਮੋੜ ਦਿੱਤਾ (ਕੱਲ੍ਹ ਜਦੋਂ ਆਇਆ ਤਾਂ ਇਤਬਾਰੀਆ ਦੇਵੀ ਦੀ ਮੌਤ ਹੋ ਗਈ)
ਲੋਕਾਂ ਦੇ ਦਿਮਾਗ ਵਿੱਚ ਇਹ ਗੱਲ ਬੈਠੀ ਹੋਈ ਹੈ ਕਿ ਆਧਾਰ ਨਾਲ  ਕਲਿਆਣਕਾਰੀ ਯੋਜਨਾਵਾਂ ਵਿੱਚ ਸਰਕਾਰੀ ਖ਼ਰਚ ਵਿੱਚ ਬੱਚਤ ਹੋਈ ਹੈ। ਬੱਚਤ ਜ਼ਰੂਰ ਹੋਈ ਹੋਏਗੀ, ਲੇਕਿਨ (ਜਿਵੇਂ ਸਰਕਾਰ ਕਹਿੰਦੀ ਹੈ) ਇਹ ਸਿਰਫ਼ ਇਸ ਲਈ ਨਹੀਂ ਕਿ ਅੰਨ-ਵੰਡ ਪ੍ਰਣਾਲੀ ਅਤੇ ਸਮਾਜਿਕ ਸੁਰੱਖਿਆ ਪੈਨਸ਼ਨ ਵਿੱਚ ਫਰਜ਼ੀ ਜਾਂ ਮਰੇ ਹੋਏ ਲੋਕਾਂ ਦੇ ਨਾਮ ਕੱਟ ਹੋ ਗਏ ਹਨ। ਅਸਲੀ ਅਤੇ ਜੀਵਤ ਲੋਕਾਂ ਦੇ ਨਾਮ ਕੱਟੇ ਗਏ, ਜਦੋਂ ਉਹ ਆਪਣਾ ਆਧਾਰ ਨੰਬਰ ਇਹਨਾ ਯੋਜਨਾਵਾਂ ਨਾਲ ਨਹੀਂ ਜੋੜ ਸਕੇ। ਸਿਮਡੇਗਾ ਦੀ ਗਿਆਰਾਂ ਸਾਲ ਦੀ ਸੰਤੋਸ਼ੀ ਦੀ ਮੌਤ ਦੇ ਪਿੱਛੇ ਇਹੀ ਕਾਰਣ ਸੀ। ਉਸਦੀ ਮਾਂ ਕੋਇਲੀ ਦੇਵੀ ਰਾਸ਼ਨ ਕਾਰਡ ਨੂੰ ਆਧਾਰ ਨਾਲ ਨਹੀਂ ਜੁੜਵਾ ਸਕੀ, ਉਸਦਾ ਰਾਸ਼ਨ ਕਾਰਡ ਕੱਟ ਦਿੱਤਾ ਗਿਆ- ਸੰਤੋਸ਼ੀ ਦੀ ਮੌਤ ਤੋਂ ਪਹਿਲਾਂ ਝਾਰਖੰਡ ਦੇ ਉਸ ਵੇਲੇ ਦੇ ਮੁੱਖ ਮੰਤਰੀ ਰਘੂਰਾਮ ਦਾਸ ਨੇ ਆਜ਼ਾਦੀ ਦਿਹਾੜੇ ਤੇ ਆਪਣੇ ਭਾਸ਼ਨ ਵਿੱਚ ਇਸ ਤਰ੍ਹਾਂ ਦੀ 'ਬੱਚਤ' ਨੂੰ ਆਪਣੀ ਪ੍ਰਾਪਤੀ ਵਿੱਚ ਗਿਣਾਇਆ ਸੀ।
ਜਿਵੇਂ ਦਾਅਵਾ ਕੀਤਾ ਗਿਆ, ਉਵੇਂ ਗਰੀਬਾਂ ਦੀ ਆਧਾਰ ਨਾਲ ਭਲਾਈ ਨਹੀਂ ਹੋਈ। ਮੱਧਵਰਗੀ ਵੀ ਇਸਦੇ ਚੁੰਗਲ ਤੋਂ ਬਚ ਨਹੀਂ ਸਕੇ। ਬੱਚਿਆਂ ਦਾ ਸਕੂਲ ਵਿੱਚ ਦਾਖ਼ਲਾ, ਪ੍ਰਾਵੀਡੈਂਟ ਫੰਡ, ਗੈਸ ਸਿਲੰਡਰ ਦੀ ਸਬਸਿਡੀ ਜਾਂ ਸਰਕਾਰੀ ਪੈਨਸ਼ਨ ਪ੍ਰਾਪਤ ਕਰਨ ਵਿੱਚ, ਹਰ ਥਾਂ ਆਧਾਰ ਦੇ ਕਾਰਨ ਲੋਕ ਪ੍ਰੇਸ਼ਾਨ ਹਨ, - ਨਾਮ ਦੇ ਸਮੈਲਿੰਗ, ਜਨਮ ਤਾਰੀਖ, ਪਤਾ ਆਦਿ ਸੁਧਾਰਨ ਲਈ ਲੋਕ ਚੱਕਰ ਕੱਟ ਰਹੇ ਹਨ।
ਭਲਾਈ ਉਹਨਾ ਦੀ ਹੋਈ ਜਿਨ੍ਹਾਂ ਨੇ ਇਸਨੂੰ ਧੰਦਾ ਬਣਾ ਲਿਆ ਹੈ।  ਉਦਾਹਰਨ ਦੇ ਤੌਰ ਤੇ, ਈ-ਮਿੱਤਰ, ਈ-ਕਿਓਸਿਕ ਚਲਾਉਣ ਵਾਲੇ ਗਾਹਕ ਸਰਵਿਸ ਸੈਂਟਰ ਤੋਂ ਲੈਕੇ ਆਨ-ਲਾਈਨ ਕਰਜ਼ੇ ਜਾਂ ਹੋਰ ਸਰਵਿਸ ਪ੍ਰਦਾਨ ਕਰਨ ਵਾਲੇ ਸਟਾਰਟ-ਅਪ।
ਅੱਜ ਆਧਾਰ ਤੇ ਚਰਚਾ ਕੇਵਲ ਇਸ ਲਈ ਜ਼ਰੂਰੀ ਨਹੀਂ ਕਿ ਇਸਦੇ ਦਸ ਸਾਲ ਹੋ ਚੁੱਕੇ ਹਨ। ਚਰਚਾ ਇਸ ਲਈ ਵੀ ਜ਼ਰੂਰੀ ਹੈ ਕਿ ਆਧਾਰ, ਨੈਸ਼ਨਲ ਪਾਪੂਲੇਸ਼ਨ ਰਜਿਸਟਰ (ਐਨ.ਪੀ.ਆਰ.), ਐਨ.ਆਰ.ਸੀ. ਅਤੇ ਨਾਗਰਿਕਤਾ ਕਾਨੂੰਨ ਦਾ ਜੁੜਵਾ ਭਰਾ ਹੈ। ਜਦ 2011 ਦੀ ਮਰਦਮਸ਼ੁਮਾਰੀ ਦੇ ਸਮੇਂ ਐਨ.ਪੀ.ਆਰ. ਹੋਇਆ, ਤਦ ਯੂ.ਪੀ.ਏ. ਸਰਕਾਰ ਆਧਾਰ ਨੂੰ ਲੈਕੇ ਆਈ ਸੀ। ਐਨ.ਪੀ.ਆਰ. ਅਤੇ ਆਧਾਰ, ਦੋਨਾਂ ਦਾ ਮੰਤਵ ਇੱਕ ਹੀ ਸੀ-ਦੇਸ਼ ਵਿੱਚ ਆਮ ਤੌਰ ਤੇ ਰਹਿਣ ਵਾਲੇ ਲੋਕਾਂ ਦੀ ਸੂਚੀ ਤਿਆਰ ਕਰਨਾ। ਫ਼ਰਕ ਇੰਨਾ ਹੀ ਸੀ ਕਿ ਐਨ.ਪੀ.ਆਰ. ਦਾ ਕੰਮ ਕੇਂਦਰੀ ਗ੍ਰਹਿ ਵਿਭਾਗ ਦੇ ਅਧੀਨ ਮਰਦਮਸ਼ੁਮਾਰੀ ਦੇ ਤਹਿਤ ਸ਼ੁਰੂ ਹੋਇਆ ਅਤੇ ਆਧਾਰ ਵਿੱਚ ਨਾਮਾਂਕਣ, ਯੋਜਨਾ ਆਯੋਗ ਦੇ ਅਧੀਨ ਰਾਸ਼ਟਰੀ ਵਿਸ਼ਿਸ਼ਟ ਪਹਿਚਾਣ ਪ੍ਰਧੀਕਰਣ (ਯੂ.ਆਈ.ਡੀ.ਏ.ਆਈ.) ਦੇ ਤਹਿਤ ਚੁਣੇ ਗਏ ਸਰਕਾਰੀ ਵਿਭਾਗ, ਨਿੱਜੀ ਠੇਕੇਦਾਰ ਆਦਿ ਰਾਹੀਂ ਕੀਤਾ ਜਾ ਰਿਹਾ ਸੀ। ਕੁਝ ਸਮੇਂ ਬਾਅਦ, ਗ੍ਰਹਿ ਵਿਭਾਗ ਅਤੇ ਰਾਸ਼ਟਰੀ ਵਿਸ਼ਿਸ਼ਟ ਪਹਿਚਾਣ ਪ੍ਰਾਧੀਕਰਣ ਦੇ ਵਿਚਕਾਰ ਤਨਾਅ ਸਾਹਮਣੇ ਆਇਆ। ਤਦੋਂ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਸੁਲਾਹ ਕਰਵਾਈ:- ਰਾਜਾਂ ਨੂੰ ਵੰਡ ਦਿੱਤਾ ਗਿਆ। ਕੁਝ ਰਾਸ਼ਟਰੀ ਵਿਸ਼ਿਸ਼ਟ ਪਹਿਚਾਣ ਪ੍ਰਾਧੀਕਰਣ ਦੀ ਝੋਲੀ ਵਿੱਚ ਆਏ ਕੁਝ ਐਨ.ਪੀ.ਆਰ. ਵਲੋਂ ਕੀਤੇ ਗਏ। ਦਸੰਬਰ 2012 ਵਿੱਚ ਦਿੱਲੀ ਦੀ ਮੁੱਖਮੰਤਰੀ ਸ਼ੀਲਾ ਦੀਕਸ਼ਤ ਨੇ ਜਦ ਰਾਜਸਵ ਵਿਭਾਗ ਦੀਆਂ ਸੇਵਾਵਾਂ ਦੇ  ਲਈ ਆਧਾਰ ਨੂੰ ਜ਼ਰੂਰੀ ਕਰ ਦਿੱਤਾ, ਤਾਂ ਮੈਂ ਐਨ.ਪੀ.ਆਰ. ਵਿੱਚ ਨਾਮਾਂਕਿਣ ਹੋਣ ਗਈ, ਉਥੇ ਮੈਨੂੰ ਪਤਾ ਲੱਗਾ ਕਿ ਐਨ.ਪੀ.ਆਰ. ਵਾਲੇ ਰਾਸ਼ਟਰੀ ਵਿਸ਼ਿਸ਼ਟ ਪਹਿਚਾਣ ਪ੍ਰਾਧੀਕਰਣ ਦਾ ਹੀ ਸਾਫਟਵੇਅਰ  ਇਸਤੇਮਾਲ ਕਰ ਰਹੇ ਹਨ।
ਅੱਗੇ ਦੀ ਕਹਾਣੀ ਹੁਣ ਸਾਰੇ ਜਾਣਦੇ ਹਨ। ਐਨ ਪੀ.ਆਰ., ਐਨ.ਆਰ.ਸੀ. ਦਾ ਰਸਤਾ ਖੋਲ੍ਹਦਾ ਹੈ ਅਤੇ ਐਨ.ਆਰ.ਸੀ. ਨਾਗਰਿਕਤਾ ਕਾਨੂੰਨ ਵਿੱਚ ਹਾਲ ਹੀ ਵਿੱਚ ਹੋਈ ਸੋਧ ਇਸਨੂੰ ਲਾਗੂ ਕਰਨ ਦਾ ਮਾਧਿਅਮ ਹੈ। ਆਧਾਰ ਦੇ ਦਸ ਸਾਲਾਂ ਨੇ ਸਾਨੂੰ ਸਿਖਾ ਦਿਤਾ ਹੈ ਕਿ ਕਿਵੇਂ ਕਾਗਜ਼ੀ ਕਾਰਵਾਈ ਵਿੱਚ ਫਸਕੇ ਲੋਕ ਹੱਕਾਂ ਤੋਂ ਬੇਦਖ਼ਲ ਹੋ ਸਕਦੇ ਹਨ। ਜੇਕਰ ਕਮਜ਼ੋਰ ਜਾਂ ਗਰੀਬ ਲੋਕਾਂ ਨੂੰ ਮਿਲਣ ਵਾਲੀ ਸਹਾਇਤਾ ਦੀ ਕੋਈ ਗਾਰੰਟੀ ਨਾ ਰਹੇ, ਤਾਂ ਇਹ ਸਿਰਫ਼ ਇਸ ਚਿੰਤਾ ਵਿੱਚ ਜੀਏਗਾ ਕਿ ਆਪਣੀ ਰੋਜ਼ਾਨਾ ਦੀਆਂ ਜ਼ਰੂਰਤਾਂ ਕਿਵੇਂ ਪੂਰੀਆਂ ਕਰੇ। ਇਸ ਤਰ੍ਹਾਂ ਨਾਲ ਦੇਸ਼ ਵਿੱਚ ਲੋਕਤੰਤਰ ਕਮਜ਼ੋਰ ਹੁੰਦਾ ਹੈ। ਜਦ ਤੱਕ ਸਬੂਤ ਪੂਰੇ ਨਾ ਹੋਣ, ਤਦ ਤੱਕ ਤੁਸੀਂ ਸਰਕਾਰੀ ਦਫ਼ਤਰਾਂ ਦੇ ਚੱਕਰ ਕੱਟਦੇ ਰਹੋ, ''ਕਾਗਜ਼ਾਂ ਵਿੱਚ ਗਲਤੀਆਂ ਸੁਧਾਰਦੇ ਰਹੋ, ਖ਼ਰਚ ਕਰਦੇ ਰਹੋ''।
ਕਲਿਆਣਕਾਰੀ  ਯੋਜਨਾਵਾਂ ਵਿੱਚ ਭ੍ਰਿਸ਼ਟਾਚਾਰ ਕੁਝ ਹੀ ਲੋਕ ਕਰਦੇ ਹਨ (ਜਿਵੇਂ ਕਿ ਰਾਸ਼ਨ ਡੀਲਰ) ਉਹਨਾ ਕੁਝ ਲੋਕਾਂ ਨੂੰ ਸਜ਼ਾ ਦੇਣ 'ਚ ਅਸਫ਼ਲ ਵਿਵਸਥਾ ਨੇ, ਪੂਰੀ ਆਬਾਦੀ ਨੂੰ ਆਧਾਰ ਦੀ ਲਾਈਨ ਵਿੱਚ ਖੜੇ ਹੋਕੇ ਆਪਣੀਆਂ ਉਗਲੀਆਂ ਦੇ ਨਿਸ਼ਾਨ ਦੇਣ  ਲਈ ਮਜ਼ਬੂਰ ਕਰ ਦਿੱਤਾ। ਵੈਸੇ ਹੀ, ਨਾਗਰਿਕਤਾ ਕਾਨੂੰਨ ਦੇ ਤਹਿਤ ਕੁਝ ਲੋਕਾਂ ਨੂੰ ਨਾਗਰਿਕਤਾ ਦੇਣ ਦੀ ਆੜ ਵਿੱਚ (ਜੋ ਸਲਾਹੁਣ ਯੋਗ ਕਦਮ ਹੈ, ਲੇਕਿਨ ਇਸ ਵਿੱਚ ਧਰਮ-ਦੇਸ਼ ਅਤੇ ਸਮਾਂ ਸੀਮਾਂ ਹਟਾਉਣ ਦੀ ਲੋੜ ਹੈ),ਸਾਡੇ ਸਾਰਿਆਂ ਤੋਂ ਨਾਗਰਿਕ ਹੋਣ ਦਾ ਕਾਗਜ਼ ਮੰਗਿਆ ਜਾਏਗਾ। ਆਧਾਰ ਐਨ.ਆਰ.ਸੀ. ਦਾ ਟਰੈਲਰ ਲੱਗਦਾ ਹੈ। ਪਿਕਚਰ ਹਾਲੇ ਬਾਕੀ ਹੈ।

-ਗੁਰਮੀਤ ਸਿੰਘ ਪਲਾਹੀ
-98158-02070
-(ਪੰਜਾਬੀ ਫੀਚਰ ਸਿੰਡੀਕੇਟ ਵਲੋਂ ਜਾਰੀ)