Gurmit Singh Palahi

ਕਾਲੀ-ਪੀਲੀ ਪੱਤਰਕਾਰੀ ਦੇ ਮਾਇਨੇ - ਗੁਰਮੀਤ ਸਿੰਘ ਪਲਾਹੀ

ਦੇਸ਼ ਭਾਰਤ ਵਿੱਚ 900 ਪ੍ਰਾਇਵੇਟ ਸੈਟੇਲਾਇਟ ਟੀਵੀ ਸਟੇਸ਼ਨ ਹਨ, ਜਿਹੜੇ 197 ਮਿਲੀਅਨ ਟੀਵੀ ਘਰਾਂ 'ਚ ਸੈਟੇਲਾਇਟ ਰਾਹੀਂ ਆਪਣੀਆਂ ਸੇਵਾਵਾਂ ਦਿੰਦੇ ਹਨ। ਇਹਨਾ ਤੋਂ ਬਿਨ੍ਹਾਂ ਦੂਰਦਰਸ਼ਨ, ਰੇਡੀਓ ਅਤੇ ਹੋਰ ਸਾਧਨ ਦੇਸ਼ ਦੀ ਲਗਭਗ 99 ਫ਼ੀਸਦੀ ਆਬਾਦੀ ਤੱਕ ਪਹੁੰਚ ਕਰੀ ਬੈਠੇ ਹਨ। ਦੇਸ਼ 'ਚ 70 ਹਜ਼ਾਰ ਤੋਂ  ਵੱਧ ਅਖ਼ਬਾਰਾਂ ਹਨ । 2022 ਦੀ ਇੱਕ ਰਿਪੋਰਟ ਅਨੁਸਾਰ ਦੇਸ਼ ਭਰ ਵਿੱਚ 833 ਮਿਲੀਅਨ ਲੋਕ ਇੰਟਰਨੈੱਟ ਦੀ ਵਰਤੋਂ ਕਰਦੇ ਹਨ ਅਤੇ 515 ਮਿਲੀਅਨ ਲੋਕ ਫੇਸਬੁੱਕ ਨਾਲ ਜੁੜੇ ਹੋਏ ਹਨ। ਮੀਡੀਆ ਅਧੀਨ ਟੈਲੀਵਿਜ਼ਨ, ਰੇਡੀਓ, ਸਿਨੇਮਾ, ਅਖ਼ਬਾਰਾਂ ਦਾ ਬਹੁਤਾਂ ਕੰਮ ਨਿੱਜੀ ਹੱਥਾਂ ਵਿੱਚ ਹੈ ਅਤੇ ਵੱਡੀਆਂ-ਵੱਡੀਆਂ ਕੰਪਨੀਆਂ ਵਲੋਂ ਸੰਚਾਲਕ ਕੀਤਾ ਜਾਂਦਾ ਹੈ।

          ਜਦੋਂ  ਦਾ ਦੇਸ਼ ਦੀ ਸਿਆਸਤ ਉਤੇ ਧੰਨ ਕੁਬੇਰਾਂ (ਕਾਰਪੋਰੇਟਾਂ) ਦਾ ਗਲਬਾ ਵਧਿਆ ਹੈ, ਉਹਨਾਂ ਪੱਤਰਕਾਰੀ ਖ਼ਾਸਕਰ ਚੈਨਲ ਪੱਤਰਕਾਰੀ ਉਤੇ ਆਪਣਾ ਪ੍ਰਭਾਵ ਵਧਾ ਲਿਆ ਹੈ ।ਦੇਸ਼ ਦੀਆਂ ਅਖਬਾਰਾਂ (ਪ੍ਰਿੰਟ ਮੀਡੀਆ) , ਇਲੈਕਟ੍ਰੋਨਿਕ ਮੀਡੀਆ ( ਚੈਨਲ, ਸ਼ੋਸ਼ਲ ਮੀਡੀਆ) ਨੂੰ ਇਸ ਢੰਗ ਨਾਲ ਆਪਣੀ ਗੋਦ ਵਿੱਚ ਲਿਆ ਹੋਇਆ ਹੈ ਕਿ ਇਹ ਮੀਡੀਆ ਹੁਣ ਗੋਦੀ ਮੀਡੀਆ ਦੇ ਨਾਮ ਨਾਲ ਜਾਣਿਆ ਜਾਂਦਾ ਹੈ।

          ਇਸ ਵੇਲੇ ਦੇਸ਼ ਵਿਚ ਵੱਡੀ ਗਿਣਤੀ ਵਿੱਚ ਟੀਵੀ ਚੈਨਲ ਹਨ, ਇਹਨਾਂ ਚੈਨਲਾਂ ਵਿੱਚ 90 ਫੀਸਦੀ ਮਾਲਕੀ ਦੇਸ਼ ਦੇ ਵੱਡੇ ਘਰਾਣਿਆਂ ਦੀ ਹੈ । ਇਹ ਘਰਾਣੇ ਆਪਣੇ ਹਿੱਤਾਂ ਦੀ ਪੂਰਤੀ ਲਈ, ਆਪਣੇ ਵਪਾਰਕ ਹਿੱਤ ਸਾਧਣ ਲਈ ਤਾਂ ਚੈਨਲ ਪੱਤਰਕਾਰੀ ਦਾ ਫ਼ਾਇਦਾ ਲੈਂਦੇ ਹੀ ਹਨ , ਪਰ ਸਿਆਸੀ ਘਾਗਾਂ ਨੂੰ ਥਾਂ-ਸਿਰ ਰੱਖਣ ਲਈ ਵੀ ਇਹਨਾ ਚੈਨਲਾਂ ਤੇ ਪੱਤਰਕਾਰਾਂ ਦੀ ਵਰਤੋਂ ਕਰਦੇ ਹਨ ।

          ਪਿਛਲੇ ਦਿਨਾਂ 'ਚ ਇਕ ਸਰਵੇ ਛਪਿਆ ਹੈ ਕਿ ਦੇਸ਼ ਦੀਆਂ ਸਮੱਸਿਆਵਾਂ ਨੂੰ ਨੁਕਰੇ ਲਾਉਣ ਲਈ ਇਹਨਾਂ ਚੈਨਲਾਂ ਅਤੇ ਇਹਨਾਂ ਚੈਨਲਾਂ 'ਚ ਕੰਮ ਕਰਦੇ ਬੜਬੋਲੇ ਪੱਤਰਕਾਰਾਂ ਦੀ ਵੱਡੀ ਭੂਮਿਕਾ ਹੈ । ਜਿਹੜੇ ਇਕ ਸਧਾਰਨ ਖ਼ਬਰ ਨੂੰ ਤਾਂ ਪੂਰਾ-ਪੂਰਾ ਦਿਨ ਸਨਸਨੀਖੇਜ਼ ਬਣਾਕੇ ਪੇਸ਼ ਕਰਦੇ ਹਨ ਅਤੇ ਵਾਰ-ਵਾਰ ਆਪਣੇ ਚੈਨਲ ਉੱਤੇ ਵਿਖਾਉਂਦੇ ਹਨ, ਪਰ ਦੇਸ਼ ਦੀਆਂ ਸਮੱਸਿਆਵਾਂ ਸਮੇਤ ਦੇਸ਼ 'ਚ ਹੜ੍ਹਾਂ ਦੀ ਸਥਿਤੀ, ਦੇਸ਼ 'ਚ ਭੁੱਖਮਰੀ, ਲੋਕਾਂ ਦੇ ਰਿਹਾਇਸ਼ ਸਥਾਨਾਂ, ਸਕੂਲਾਂ ਦੇ ਭੈੜੇ ਹਾਲਾਤਾਂ ਬਾਰੇ, ਉਹ ਕੁਝ ਵੀ ਦਿਖਾਉਣ ਤੋਂ ਪਰਹੇਜ਼ ਕਰਦੇ ਹਨ। ਇਹ ਦੇਸ਼ ਦੀ, ਦੇਸ਼ ਦੇ ਲੋਕਾਂ ਦੀ ਕੀ ਵੱਡੀ ਤ੍ਰਾਸਦੀ ਨਹੀਂ ਹੈ?

          ਕਰੋਨਾ ਕਾਲ 'ਚ ਦੇਸ਼ 'ਚ ਜੋ ਕੁੱਝ ਵਾਪਰਿਆ, ਕੀ ਇਹਨਾਂ ਪੱਤਰਕਾਰਾਂ ਨੇ ਆਪਣੇ ਚੈਨਲਾਂ ਉਤੇ ਵਿਖਾਇਆ? ਅਮੀਰਾਂ ਦੇ ਹੋਰ ਅਮੀਰ ਅਤੇ ਗਰੀਬਾਂ ਦੇ ਹੋਰ ਗਰੀਬ ਹੋਣ ਵੱਲ ਜਾਂਦੇ ਭਾਰਤ ਦੀ ਤਸਵੀਰ ਪੇਸ਼ ਕੀਤੀ? ਦਰਿਆਵਾਂ ਕੰਢੇ ਕਰੋਨਾ ਕਾਲ 'ਚ ਮਰਦੇ ਲੋਕਾਂ ਦੀਆਂ ਲਾਸ਼ਾਂ ਇਹਨਾਂ ਪੱਤਰਕਾਰਾਂ ਨੇ ਵਿਖਾਈਆਂ? ਉਹਨਾਂ 'ਤੇ ਚਰਚਾ ਕੀਤੀ? ਇਹ ਚੈਨਲਾਂ ਵਾਲੇ ਤਾਂ ਸਰਕਾਰੀ ਬੋਲੀ ਬੋਲਦੇ ਰਹੇ ਅਤੇ ਕਹਿੰਦੇ ਰਹੇ ਕਿ ਕਰੋਨਾ ਉਤੇ ਸਰਕਾਰ ਨੇ ਕਾਬੂ ਪਾ ਲਿਆ ਹੈ ਪਰ ਲੋਕ ਹਸਪਤਾਲਾਂ ਵਿੱਚ ਲੁੱਟੇ ਜਾਂਦੇ ਰਹੇ, ਮਰਦੇ ਰਹੇ। ਫਾਰਮਾ-ਕੰਪਨੀਆਂ ਦੀ ਚਾਂਦੀ ਹੁੰਦੀ ਰਹੀ। ਗਰੀਬਾਂ ਦੀ ਕਿਸੇ ਸਾਰ ਨਾ ਲਈ।

           ਇਹਨਾ ਚੈਨਲਾਂ ਨੇ ਉਹਨਾ ਲੋਕਾਂ ਦੇ ਵਿਰੁੱਧ ਜਿਹੜੇ ਕਿਸਾਨ ਅੰਦੋਲਨ ਵਰਗੇ ਲੋਕ ਅੰਦੋਲਨ ਕਰਦੇ ਸਨ, ਉਹਨਾ ਉਤੇ ਵੱਡੇ-ਵੱਡੇ ਮਾਹਰ ਪੱਤਰਕਾਰ ਚਰਚਾ ਲਈ ਬਿਠਾ ਦਿੱਤੇ । ਇਹਨਾ ਮਾਹਿਰ ਪੱਤਰਕਾਰਾਂ ਦੀ ਬੋਲੀ ਬਿਲਕੁਲ ਉਵੇਂ ਦੀ ਹੀ ਸੀ ਜਿਵੇਂ ਕੀ ਅੱਜਕਲ ਦੇਸ਼ ਦੇ ਸਿਆਸੀ ਲੋਕ ਬੋਲਦੇ ਹਨ। ਇੱਕ-ਦੂਜੇ ਨੂੰ ਲਿਤਾੜਨ ਵਾਲੀ, ਬੇਇਜ਼ਤ ਕਰਨ ਵਾਲੀ ਅਤੇ ਬਹੁਤੀਆਂ ਹਾਲਤਾਂ ਵਿੱਚ ਸਰਕਾਰੀ ਬੋਲੀ।

          ਦੇਸ਼ 'ਚ ਕਾਰਪੋਰੇਟ ਜਗਤ ਦੇ ਲੋਕ ਤਾਂ ਆਪਣੇ ਹਿੱਤ ਸਾਧਣ ਲਈ ਤੱਤਪਰ ਤਾਂ ਰਹਿੰਦੇ ਹੀ ਹਨ, ਪਰ ਦੇਸ਼ ਦੇ ਸਿਆਸਤਦਾਨ ਦੋ ਰੱਤੀਆਂ ਉਪਰ ਜਾਕੇ ਆਪਣੇ ਹਿੱਤਾਂ ਲਈ ਚੈਨਲਾਂ ਦੀ ਦੁਰਵਰਤੋਂ ਕਰਦੇ ਹਨ, ਪੱਤਰਕਾਰਾਂ ਨਾਲ ਉਹਨਾਂ ਦੀਆਂ ਸਾਂਝਾਂ ਲੁਕੀਆਂ-ਛੁਪੀਆਂ ਨਹੀਂ ਰਹਿੰਦੀਆਂ। ਆਪਣੀ ਮਰਜ਼ੀ ਨਾਲ ਅਖ਼ਬਾਰਾਂ 'ਚ ਖਬਰਾਂ ਲਗਵਾਉਣਾ ਤਾਂ ਆਮ ਸ਼ੋਕ ਹੈ, ਪਰ ਚੈਨਲਾਂ ਉੱਤੇ ਕਾਲੀ-ਪੀਲੀ ਪੱਤਰਕਾਰੀ ਰਾਹੀਂ ਵਿਰੋਧੀਆਂ ਨੂੰ ਠਿੱਠ ਕਰਨਾ ਅਤੇ ਆਪਣਾ ਅਕਸ ਸੁਧਾਰਨਾ ਸਦਾ ਚਰਚਾ 'ਚ ਰਹਿੰਦਾ ਹੈ।  

ਕੀ ਕਿਸੇ ਚੈਨਲ ਨੇ ਕਦੇ ਦੇਸ਼ ਦੀ ਪਾਰਲੀਮੈਂਟ ਅਤੇ ਵਿਧਾਨ ਸਭਾ 'ਚ ਬੈਠੇ ਉਹਨਾ ਲੋਕਾਂ ਬਾਰੇ ਚਰਚਾ ਕੀਤੀ, ਜਿਹਨਾ ਉਤੇ ਅਪਰਾਧਿਕ ਮਾਮਲੇ ਦਰਜ ਹਨ। ਰਿਪੋਰਟਾਂ ਅਨੁਸਾਰ ਤਾਂ ਪਾਰਲੀਮੈਂਟ 'ਚ 48ਫੀਸਦੀ ਐਮ.ਪੀਸ. ਉਤੇ ਅਪਰਾਧਿਕ ਮਾਮਲੇ ਹਨ, ਜਿਹਨਾ 'ਚ ਲਗਭਗ ਹਰ ਪਾਰਟੀ ਦੇ ਨੇਤਾ ਸ਼ਾਮਲ ਹਨ।  ਕੀ ਕਦੇ ਇਹਨਾ ਲੋਕਾਂ ਬਾਰੇ ਪੱਤਰਕਾਰਾਂ ਨੇ ਚਰਚਾ ਕੀਤੀ? ਕੀ ਇਹਨਾ ਚਰਚਾਵਾਂ 'ਚ ਕਦੇ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਉਹਨਾ ਦਾ ਉਹ ਬਿਆਨ ਯਾਦ ਕਰਵਾਇਆ ਜਿਹੜਾ ਉਹਨਾ ਨੇ 2014 'ਚ ਪਾਰਲੀਮੈਂਟ 'ਚ ਬਹੁਤ ਹੀ ਜੋਸ਼ੋ-ਖਰੋਸ਼ ਨਾਲ ਦਿੱਤਾ ਸੀ, ਕਿ ਪਾਰਲੀਮੈਂਟ 'ਚ ਕੋਈ ਅਪਰਾਧੀ ਬਿਰਤੀ ਵਾਲਾ ਵਿਅਕਤੀ ਨਹੀਂ ਬੈਠ ਸਕੇਗਾ।

 

          ਚੈਨਲ ਪੱਤਰਕਾਰੀ ਦੀਆਂ ਲੋਕ ਵਿਰੋਧੀ ਭਾਵਨਾਵਾਂ ਕਿਸਾਨ ਅੰਦੋਲਨ ਦੌਰਾਨ ਦਿੱਲੀ ਦੀਆਂ ਬਰੂਹਾਂ ਉੱਤੇ ਵੇਖਣ ਨੂੰ ਮਿਲਦੀਆਂ ਰਹੀਆਂ, ਜਿਹਨਾ ਵਿੱਚ ਕਿਸਾਨਾਂ ਨੂੰ ਦੇਸ਼ ਧ੍ਰੋਹੀ ਹੋਣ ਦਾ ਖਿਤਾਬ ਦਿੱਤਾ ਗਿਆ, ਉਹਨਾ ਨੂੰ ਖਾਲਿਸਤਾਨੀ ਤੱਕ ਆਖਿਆ ਗਿਆ। ਇਹ ਪੱਤਰਕਾਰ ਆਪਣੇ 'ਆਕਾ ਨੇਤਾਵਾਂ' ਦਾ ਵਿਸ਼ਵ ਪੱਧਰੀ ਅਕਸ ਸੁਧਾਰਨ ਲਈ ਤਾਂ ਨੇਤਾਵਾਂ ਦੀਆਂ ਫੋਟੋਆਂ ਹੜ੍ਹਾਂ ਦੌਰਾਨ ਜਾਂ ਹੋਰ ਆਪਦਾਂ ਵੇਲੇ ਲੋਕਾਂ ਨਾਲ ਵਾਰਤਾਲਾਪ ਕਰਦਿਆਂ ਵਿਖਾਉਂਦੇ ਹਨ ਪਰ ਉਹਨਾ ਦੀਆਂ ਸਮੱਸਿਆਵਾਂ ਨੂੰ ਸੁਲਝਾਉਣ ਲਈ ਇਹ ਪੱਤਰਕਾਰ ਕੁਝ ਵੀ ਨਹੀਂ ਕਰਦੇ। ਸਿੱਟੇ ਵਜੋਂ ਪੀੜਤ ਲੋਕਾਂ ਦੇ ਪੱਲੇ ਕੁਝ ਨਹੀਂ ਪੈਂਦਾ। ਸਵਾਲ ਉੱਠਦਾ ਹੈ ਕਿ ਇਹ ਚੈਨਲ ਪੱਤਰਕਾਰ ਕਿਸ ਕਿਸਮ ਦੀ ਪੱਤਰਕਾਰੀ ਕਰਦੇ ਹਨ?

           ਦੇਸ਼ 'ਚ ਮਨੀਪੁਰ ਦੇ ਲੋਕਾਂ ਨਾਲ ਜੋ ਹੋ ਰਿਹਾ ਸੀ, ਫਿਰਕੂ ਅੱਗ ਭੜਕਾਈ ਜਾ ਰਹੀ ਸੀ। ਔਰਤਾਂ ਨਾਲ ਬੇਇੰਤਹਾ ਬੇਸ਼ਰਮੀ ਵਾਲੀਆਂ ਘਟਨਾਵਾਂ ਭੀੜ ਵਲੋਂ ਹੋ ਰਹੀਆਂ ਸਨ, ਪਰ ਇਹ ਚੈਨਲਾਂ ਵਾਲੇ ਪਤਾ ਨਹੀਂ ਕਿਹੜੀ ਗੁਫਾ 'ਚ ਤਪੱਸਿਆ  ਕਰ ਰਹੇ ਸਨ। ਦੇਸ਼ ਦਾ ਪ੍ਰਧਾਨ ਮੰਤਰੀ ਬੇਸ਼ਰਮੀ ਵਾਲੀ ਘਟਨਾ 'ਤੇ ਚੁੱਪ ਰਹਿੰਦਾ ਹੈ, 79ਵੇਂ ਦਿਨ ਦੋ ਅੱਖਰ ਬੋਲਦਾ ਹੈ, ਇਹ ਤਾਂ ਉਹਦੀ ਸਿਆਸੀ ਚਾਲ ਅਤੇ ਵੋਟਾਂ ਦੀ ਭੁੱਖ ਵਾਲੀ ਮਜ਼ਬੂਰੀ ਹੈ, ਪਰ ਚੈਨਲਾਂ ਦੀ, ਗੋਦੀ ਮੀਡੀਆ ਦੀ ਫਿਰਕੂ ਅੱਗ ਫੈਲਾਉਣ, ਔਰਤਾਂ ਦੀ ਹੋ ਰਹੀ ਬੇਇਜ਼ਤੀ ਕਰਨ ਵਾਲੇ ਲੋਕਾਂ, ਨੇਤਾਵਾਂ ਦੇ ਚਿਹਰੇ ਲੋਕਾਂ ਸਾਹਵੇਂ ਨਾ ਲਿਆਉਣ ਦੀ ਆਖ਼ਰ ਕਿਹੜੀ ਮਜ਼ਬੂਰੀ ਰਹੀ?

          ਪਿਛਲਾ ਇੱਕ ਦਹਾਕਾ ਖ਼ਾਸ ਤੌਰ 'ਤੇ ਕਾਲੀ-ਪੀਲੀ ਪੱਤਰਕਾਰੀ ਦਾ ਦੌਰ ਕਿਹਾ ਜਾ ਸਕਦਾ ਹੈ। ਇਸ ਦੌਰ 'ਚ  ਆਪਣੇ ਹਾਕਮਾਂ ਨੂੰ ਖੁਸ਼ ਕਰਨ ਲਈ ਜਿਹੜੇ ਨਵੇਂ ਖੁਸ਼ਾਮਦੀ ਸ਼ਬਦ ਘੜੇ ਗਏ ਹਨ। ਉਹ ਪੱਤਰਕਾਰੀ 'ਤੇ ਧੱਬਾ ਹਨ। ਹਾਕਮਾਂ ਵਲੋਂ ਵਿਰੋਧੀਆਂ ਨੂੰ ਲਿਤਾੜਨ ਲਈ ਜਿਵੇਂ ਹਾਕਮਾਂ ਨੇ ਜਾਲ ਵਿਛਾਏ ਹਨ, ਉਸ 'ਚ ਬਕਾਇਦਾ ਭਾਈਵਾਲ ਬਣਕੇ "ਚੌਥਾ ਥੰਮ" ਕਹਾਏ ਜਾਣ ਵਾਲੇ ਬਹੁ ਗਿਣਤੀ ਮੀਡੀਏ ਨੇ ਜਿਵੇਂ ਲੋਕਤੰਤਰ ਦਾ ਨਾਸ਼ ਮਾਰਿਆ, ਉਹਦੀ ਉਦਾਹਰਨ ਸ਼ਾਇਦ ਅਜ਼ਾਦੀ ਦੇ 75 ਸਾਲਾਂ ਦੇ ਇਤਿਹਾਸ ਵਿੱਚ ਕਿਧਰੇ ਨਹੀਂ ਮਿਲਦੀ।

          1984 ਦੇ ਸਿੱਖ ਕਤਲੇਆਮ ਸਮੇਂ ਵੱਡੀ ਗਿਣਤੀ ਮੀਡੀਏ ਦੀ ਚੁੱਪ ਖਟਕਦੀ ਰਹੀ ਸੀ। ਗੁਜਰਾਤ ਦੰਗਿਆਂ 'ਚ ਵੀ ਮੀਡੀਏ ਦੀ ਖਾਮੋਸ਼ੀ ਦੁੱਖਦਾਈ ਸੀ। ਦਿੱਲੀ ਦੇ ਕੁਝ ਵਰ੍ਹੇ ਪਹਿਲਾਂ ਹੋਏ ਦੰਗਿਆਂ, ਫ਼ਸਾਦਾਂ ਬਾਅਦ ਬੁਲਡੋਜ਼ਰ ਨੀਤੀ ਉਤੇ ਚੈਨਲ ਪੱਤਰਕਾਰਾਂ ਵਲੋਂ ਮੂੰਹ ਸੀਅ ਲੈਣਾ ਜਾਂ ਇਹੋ ਜਿਹੇ ਨਾਦਰਸ਼ਾਹੀ ਹੁਕਮਾਂ ਦੀ ਇਹ ਕਹਿ ਕੇ ਹਿਮਾਇਤ ਕਰਨਾ ਕਿ ਇਹ ਲੋਕ ਹਿਤੂ ਫ਼ੈਸਲੇ ਹਨ, ਕੀ ਪੱਤਰਕਾਰੀ ਦੇ ਮੱਥੇ ਉਤੇ ਧੱਬਾ ਨਹੀਂ ਹੈ।

          ਜਦੋਂ ਲੋਕ-ਹਿਤੈਸੀ ਪੱਤਰਕਾਰਾਂ ਦੇ ਦੇਸ਼ ਭਰ 'ਚ ਸਮੇਂ-ਸਮੇਂ ਕਤਲ ਹੋਏ। ਬੁੱਧੀਜੀਵੀਆਂ, ਪੱਤਰਕਾਰਾਂ, ਲੇਖਕਾਂ ਉਤੇ ਸਾਜਿਸ਼ਾਨਾ ਅਤੇ ਮਿੱਥਕੇ ਮੁਕੱਦਮੇ ਦਰਜ਼ ਹੋਏ। ਉਹਨਾ ਨੂੰ ਦੇਸ਼ ਧ੍ਰੋਹੀ  ਗਰਦਾਨਿਆ ਗਿਆ। ਉਹਨਾ ਸਾਜਿਸ਼ਾਂ 'ਚ ਇਹਨਾ ਕਾਲੀ-ਪੀਲੀ ਪੱਤਰਕਾਰੀ ਕਰਨ ਵਾਲੇ ਪੱਤਰਕਾਰਾਂ ਦਾ ਰੋਲ ਨਿੰਦਿਆ ਜਾਂਦਾ ਰਿਹਾ, ਤਦ ਵੀ ਇਹ ਪੱਤਰਕਾਰ ਆਪਣੇ ਆਕਾਵਾਂ ਦੇ ਇਸ਼ਾਰੇ ਉਤੇ ਅਤੇ ਉਹਨਾ ਦੀ ਤਾਕਤ ਦੇ ਬਲਬੂਤੇ ਚੈਨਲਾਂ ਉਤੇ ਇਹੋ ਜਿਹੇ ਸਿਆਣੇ ਲੋਕਾਂ ਨੂੰ ਆਪਣੀ ਭੈੜੀ ਜ਼ੁਬਾਨ ਨਾਲ ਲਿਤਾੜਦੇ ਰਹੇ।

          ਦੇਸ਼ ਦੇ ਹਰ ਖਿੱਤੇ 'ਚ ਚਲ  ਰਹੇ ਚੈਨਲਾਂ ਦਾ ਲਗਭਗ ਇਕੋ ਜਿਹਾ ਹਾਲ ਹੈ। ਕੀ ਪੰਜਾਬ ਦਾ ਕੋਈ ਪੱਤਰਕਾਰ ਨਿੱਤ ਨਸ਼ੇ ਦੇ ਵਾਧੂ ਡੋਜ਼ ਨਾਲ ਮਰ ਰਹੇ ਨੌਜਵਾਨ ਦੀ ਦਰਦ ਭਰੀ ਕਹਾਣੀ ਆਪਦੇ ਚੈਨਲ ਨੂੰ ਭੇਜਦਾ ਹੈ? ਕੀ ਖੁਦਕੁਸ਼ੀਆਂ ਕਰ ਰਹੇ ਕਿਸਾਨਾਂ ਦੀ ਦਾਸਤਾਨ “ਚੈਨਲ ਪੱਤਰਕਾਰੀ” ਕਰਦੀ ਹੈ ? ਲੋਕਾਂ ਦੀਆਂ ਸਮੱਸਿਆਵਾਂ ਨੂੰ ਛੱਡਕੇ ਇੰਸਟਾਗਰਾਮ ਜਾਂ ਫੇਸਬੁਕ ਤੇ ਨੇਤਾਵਾਂ ਦੇ ਬਿਆਨਾਂ, ਉਹਨਾਂ ਦੀਆਂ ਹੋਲੀਆਂ ਖੇਡਦੇ ਦੀਆਂ ਫੋਟੋਆਂ, ਉਹਨਾਂ ਦੇ ਮੁਰਗੇ ਛਕਣ ਦੀਆਂ ਫੋਟੋਆਂ ਕੀ ਲੋਕਾਂ ਦੇ ਪੱਲੇ ਕੁਝ ਪਾ ਸਕਦੀਆਂ ਹਨ? ਜਾਪਦਾ ਹੈ ਕਿ ਜਿਵੇਂ ਦੇਸ਼  ਦੇ ਨੇਤਾ ਲੋਕ-ਸਮੱਸਿਆਵਾਂ ਤੋਂ ਪਾਸਾ ਵੱਟਕੇ ਬੈਠ ਗਏ ਹਨ, ਪਰ ਉਵੇਂ ਹੀ ਬਹੁਤੇ ਪੱਤਰਕਾਰ ਹਊ ਪਰੇ ਕਰਦਿਆਂ ਲੱਤ 'ਤੇ ਲੱਤ ਧਰਕੇ ਜੋ ਹੋਵੇਗਾ ਵੇਖੀ ਜਾਊ ਵਾਲੀ ਨੀਤੀ ਅਪਨਾ ਕੇ ਡੰਗ ਟਪਾ ਰਹੇ ਹਨ।

          ਚੈਨਲਾਂ ਦੇ ਖ਼ਬਰਾਂ ਦੇ ਬੁਲੈਟਿਨ ਵੇਖ ਲਊ ਯੂਟਿਊਬ  ਚੈਨਲਾਂ ਉਤੇ ਹੁੰਦੀਆਂ ਬਹਿਸਾਂ ਵੇਖ-ਸੁਣ ਲਉ, ਲੋਕਾਂ ਨੂੰ ਗੁੰਰਾਹ ਕਰਨ ਵਲਾ ਮਸਾਲਾ ਹੀ ਵਿਖਾਈ ਦਿੰਦਾ ਹੈ।

          ਤਦ ਵੀ  ਇਸ ਸਭ ਕੁਝ ਦੇ ਬਾਵਜੂਧ ਹਾਲੇ ਕੋਈ ਹਰਿਆ ਬੂਟ ਰਹਿਓ ਰੀ ਵਾਂਗਰ ਚੰਗੇ ਨਿਧੜਕ ਪੱਤਰਕਾਰ, ਫੋਟੋ ਪੱਤਰਕਾਰ, ਨਲਾਇਕ ਨੇਤਾਵਾਂ ਦੀਆਂ ਕਾਰਗੁਜ਼ਾਰੀਆਂ ਲੋਖਾਂ ਸਾਹਮਣੇ ਲਿਆਉਣ ਵਾਲੇ ਇਲੈਕਟ੍ਰਾਨਿਕ ਅਤੇ ਮੀਡੀਆ ਘਰਾਂ ਦੀ ਵੀ ਕਮੀ ਨਹੀਂ ਹੈ। ਇਹ ਲੋਕ  ਭ੍ਰਿਸ਼ਟ ਹੋ ਚੁੱਕੀ ਪੱਤਰਕਾਰੀ ਦੇ ਪਰਖੱਚੇ ਉਡਾਉਂਦੇ ਹਨ, ਕਾਲੀ-ਪੀਲੀ ਚੈਨਲ ਪੱਤਰਕਾਰੀ ਤੋਂ ਵੀ ਪਰਦੇ ਚੁੱਕਣ ਤੋਂ ਗੁਰੇਜ਼ ਨਹੀਂ ਕਰਦੇ।

 

          ਚੈਨਲਾਂ ਦੀ ਵੀਡੀਓਗ੍ਰਾਫੀ ਤੋਂ ਪਰ੍ਹੇ ਹਟਕੇ ਕੁਝ ਲੋਕ ਫੋਟੋ ਪੱਤਰਕਾਰੀ ਕਰਦੇ ਹਨ, ਜਿਸ ਵਿੱਚ ਸੁਹਜ ਹੈ, ਸੂਖਮਤਾ ਹੈ, ਲੋਕਾਂ ਦੀ ਗੱਲ ਹੈ, ਦਰਦ ਹੈ। ਇਹੋ ਜਿਹੀ ਪੱਤਰਕਾਰੀ, ਫੋਟੋ ਪੱਤਰਕਾਰੀ, ਕ੍ਰਾਂਤੀਕਾਰੀ ਕਵਿਤਾ ਵਾਂਗਰ ਇਨਕਲਾਬ ਦੀ ਸਾਧਕ ਬਣਦੀ ਹੈ।

-ਗੁਰਮੀਤ ਸਿੰਘ ਪਲਾਹੀ
-9815802070

ਪੰਚਾਇਤਾਂ ਭੰਗ ਕਰਨਾ ਗੈਰ-ਲੋਕਤੰਤਰਿਕ - ਗੁਰਮੀਤ ਸਿੰਘ ਪਲਾਹੀ

ਪੰਜਾਬ ਸਰਕਾਰ ਵਲੋਂ ਸਥਾਨਕ ਸਰਕਾਰਾਂ  ਕਹਾਉਂਦੀਆਂ ਪਿੰਡ ਪੰਚਾਇਤਾਂ, ਬਲਾਕ ਸੰਮਤੀਆਂ, ਜ਼ਿਲਾ ਪ੍ਰੀਸ਼ਦਾਂ ਨੂੰ  ਉਹਨਾ ਦੀ 5 ਸਾਲ ਦੀ ਮਿਆਦ ਖ਼ਤਮ ਹੋਣ ਤੋਂ 4-5 ਮਹੀਨੇ ਪਹਿਲਾਂ ਹੀ ਭੰਗ ਕਰ ਦਿੱਤਾ ਹੈ। ਇੱਕ ਨੋਟੀਫੀਕੇਸ਼ਨ ਰਾਹੀਂ ਸਰਪੰਚਾਂ ਦੀ ਥਾਂ ਅਫ਼ਸਰਸ਼ਾਹੀ ਉਹਨਾ ਦੇ ਅਧਿਕਾਰਾਂ ਦੀ ਵਰਤੋਂ ਕਰੇਗੀ ਅਤੇ ਪੰਚਾਇਤਾਂ ਉਤੇ ਪ੍ਰਬੰਧਕ ਪ੍ਰਾਸ਼ਾਸਕ ਲਗਾ ਦਿੱਤਾ ਗਏ ਹਨ। ਇੱਕ ਹੋਰ ਨੋਟੀਫੀਕੇਸ਼ਨ ਜਾਂ ਪੱਤਰ ਰਾਹੀਂ ਸਰਪੰਚਾਂ ਨੂੰ ਪੰਚਾਇਤ ਖਾਤਿਆਂ  ਵਿਚੋਂ ਕੋਈ ਵੀ ਲੈਣ-ਦੇਣ ਕਰਨ 'ਤੇ ਪਾਬੰਦੀ ਲਗਾ ਦਿੱਤੀ ਗਈ ਹੈ।

          ਪੰਜਾਬ ਦਾ ਪੇਂਡੂ ਪੰਚਾਇਤੀ ਢਾਂਚਾ ਲੜਖੜਾ ਗਿਆ ਹੈ। ਪੰਜਾਬ ਸਰਕਾਰ ਉਤੇ ਵੱਡੇ ਸਵਾਲ ਉੱਠਣ ਲੱਗੇ ਹਨ ਕਿ ਸਰਕਾਰ ਦਾ ਇਹ ਫੈਸਲਾ ਗੈਰ-ਲੋਕਤੰਤਰੀ ਹੈ, ਕਿ ਜਦੋਂ ਗ੍ਰਾਮ ਸਭਾਵਾਂ (ਪਿੰਡ ਦੇ ਵੋਟਰਾਂ) ਨੇ 5 ਸਾਲ ਲਈ ਪੰਚਾਇਤਾਂ ਚੁਣੀਆਂ ਸਨ, ਆਪਣੀਆਂ ਸਥਾਨਕ ਸਰਕਾਰਾਂ ਬਣਾਈਆਂ ਸਨ ਤਾਂ ਸਰਕਾਰ ਨੇ ਸਿਰਫ਼ ਆਪਣੇ ਸਿਆਸੀ ਹਿੱਤਾਂ ਦੀ ਪੂਰਤੀ ਲਈ ਸਥਾਨਕ ਸਰਕਾਰਾਂ ਕਿਉਂ ਭੰਗ ਕੀਤੀਆਂ ਹਨ?

          ਮੌਜੂਦਾ ਸਮੇਂ ਪੰਜਾਬ ਵਿੱਚ 13,326 ਪਿੰਡ ਪੰਚਾਇਤਾਂ ਹਨ। ਕੁਲ ਮਿਲਾਕੇ 153 ਬਲਾਕ ਸੰਮਤੀਆਂ ਅਤੇ  23 ਜ਼ਿਲਾ ਪ੍ਰੀਸ਼ਦਾਂ ਹਨ। ਬਿਨ੍ਹਾਂ ਸ਼ੱਕ ਬਲਾਕ ਸੰਮਤੀਆਂ ਅਤੇ ਜ਼ਿਲਾ ਪ੍ਰੀਸ਼ਦਾਂ ਦੀ ਮਿਆਦ ਤਾਂ ਪੂਰੀ ਹੋ ਗਈ ਸੀ, ਪਰ ਪੰਚਾਇਤਾਂ ਨੂੰ ਸਮੇਂ ਤੋਂ ਪਹਿਲਾਂ ਭੰਗ ਕੀਤੇ ਜਾਣ 'ਤੇ ਸਵਾਲ ਉਠਣੇ ਲਾਜ਼ਮੀ ਸਨ।

          ਸਵਾਲ ਤਾਂ ਉਸ ਵੇਲੇ ਵੀ ਉਠੇ ਸਨ ਜਦੋਂ ਕਾਂਗਰਸੀ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਸਮੇਂ ਤੋਂ 2002 ਵਿੱਚ ਪੰਚਾਇਤਾਂ ਭੰਗ ਕਰ ਦਿੱਤੀਆਂ ਸਨ। ਪੰਜਾਬ 'ਚ ਪੰਚਾਇਤਾਂ  ਜੂਨ 1998 'ਚ ਚੁਣੀਆਂ ਗਈਆਂ ਸਨ, ਪੰਚਾਇਤਾਂ ਦੀ ਪਹਿਲੀ ਮੀਟਿੰਗ ਅਗਸਤ 1998 'ਚ ਹੋਈ ਸੀ।

          ਉਸ ਸਮੇਂ ਮਾਨਯੋਗ ਪੰਜਾਬ -ਹਰਿਆਣਾ ਹਾਈਕੋਰਟ ਚੰਗੀਗੜ੍ਹ ਨੇ ਸਮੇਂ ਤੋਂ ਪਹਿਲਾਂ ਭੰਗ ਕੀਤੀਆਂ ਪੰਚਾਇਤਾਂ ਸਬੰਧੀ ਫੈਸਲੇ 'ਚ ਕਿਹਾ ਸੀ ਕਿ ਕਾਂਗਰਸ ਦਾ ਰਾਜ ਭਾਗ ਆਉਣ ਦਾ ਭਾਵ ਇਹ ਨਹੀਂ ਹੈ ਕਿ ਚੁਣੀਆਂ ਹੋਈਆਂ ਪੰਚਾਇਤਾਂ ਸਮੇਂ ਤੋਂ ਪਹਿਲਾਂ ਭੰਗ ਕਰ ਦਿੱਤੀਆਂ ਜਾਣ। ਮਾਨਯੋਗ ਜੱਜ ਸਾਹਿਬਾਨ ਨੇ ਕਿਹਾ ਸੀ ਕਿ ਸੂਬਾ ਸਰਕਾਰ ਕੋਲ ਚੁਣੀਆਂ ਪੰਚਾਇਤਾਂ ਨੂੰ ਸਮੇਂ ਤੋਂ ਪਹਿਲਾਂ ਭੰਗ ਕਰਨ ਦਾ ਕੋਈ ਅਧਿਕਾਰ ਹੀ ਨਹੀਂ ਹੈ। ਭਾਵੇਂ ਕਿ ਜੱਜ ਸਾਹਿਬਾਨ ਨੇ ਕਈ ਹੋਰ ਤੱਥਾਂ ਨੂੰ ਵੀ ਸਪਸ਼ਟ ਕੀਤਾ ਸੀ।

            ਜਦੋਂ ਵੀ ਪੰਜਾਬ 'ਚ ਸੂਬਾ ਸਰਕਾਰਾਂ 'ਚ ਸੱਤਾ ਤਬਦੀਲੀ ਹੋਈ, ਉਦੋਂ ਹੀ ਸਭ ਤੋਂ ਪਹਿਲਾਂ ਪੰਚਾਇਤਾਂ ਨੂੰ ਭੰਗ ਕਰ ਦਿੱਤਾ ਗਿਆ। ਭਾਵੇਂ ਉਹ ਸਰਕਾਰਾਂ ਕਾਂਗਰਸ ਦੀਆਂ ਸਨ ਜਾਂ ਅਕਾਲੀਆਂ ਦੀਆਂ ਜਾਂ ਹੁਣ ਆਮ ਆਦਮੀ ਪਾਰਟੀ ਦੀਆਂ।

          ਇਥੇ ਸਵਾਲ ਤਾਂ ਇਹ ਉੱਠਦਾ ਹੈ ਕਿ ਆਮ ਆਦਮੀ ਪਾਰਟੀ ਜਾਂ ਸਰਕਾਰ ਜਿਹੜੀ ਲੋਕਾਂ ਨੂੰ ਸਵਾਲ ਖੜੇ ਕਰਨ ਦਾ ਸੱਦਾ ਦਿੰਦੀ ਹੋਈ ਪੰਜਾਬ 'ਚ ਤਾਕਤ ਵਿੱਚ ਆਈ ਸੀ, ਉਹ ਲੋਕਾਂ ਦਾ ਖਿਆਲ ਨਾ ਰੱਖਣ ਵਾਲੀਆਂ ਰਿਵਾਇਤੀ ਪਾਰਟੀਆਂ ਦੀ ਕਤਾਰ ਵਿੱਚ ਆਪ ਖੜੀ ਕਿਉਂ ਹੋ ਗਈ? ਸਵਾਲ ਇਹ ਵੀ ਉੱਠਦਾ ਹੈ ਕਿ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਤਾਂ ਆਮ ਆਦਮੀ ਪਾਰਟੀ ਪਿੰਡਾਂ 'ਚ ਗ੍ਰਾਮ ਸਭਾਵਾਂ ਦੇ ਆਦੇਸ਼ ਨਾਲ ਚਲਾਉਣ ਦਾ ਪੱਖ ਪੂਰਦੀ ਸੀ, ਪਰ ਸਰਕਾਰ ਵਲੋਂ ਗ੍ਰਾਮ ਸਭਾਵਾਂ ਭਾਵ ਪਿੰਡਾਂ ਦੇ ਵੋਟਰਾਂ ਤੋਂ ਪੰਚਾਇਤਾਂ ਸਮੇਂ ਤੋਂ ਪਹਿਲਾਂ ਭੰਗ ਕਰਨ ਦੀ ਸਲਾਹ ਲੈਣੀ ਵੀ ਗਨੀਮਤ ਨਹੀਂ ਸਮਝੀ।

            ਪੰਜਾਬ ਪੰਚਾਇਤੀ ਰਾਜ ਐਕਟ 1994 ਦੀ ਧਾਰਾ 209 ਸਬ-ਸੈਕਸ਼ਨ (1) (ਪੰਜਾਬ ਐਕਟ 9 ਆਫ 1994) ਦੀ ਵਰਤੋਂ ਕਰਦਿਆਂ, ਸਮੇਂ ਤੋਂ ਪਹਿਲਾਂ ਪੰਚਾਇਤਾਂ ਭੰਗ ਕਰਨ ਦਾ ਕਾਰਨ ਦਸਣਾ ਜ਼ਰੂਰੀ ਹੁੰਦਾ ਹੈ।

          ਹੋ ਸਕਦਾ ਹੈ ਕਿ ਸਰਕਾਰ ਪਿਛਲੀਆਂ ਸਰਕਾਰ ਸਮੇਂ ਚੁਣੀਆਂ ਪੰਚਾਇਤਾਂ ਦੇ ਕੰਮ ਕਾਰ ਤੋਂ ਖੁਸ਼ ਨਾ ਹੋਵੇ। ਇਹ ਵੀ ਸਰਕਾਰ ਮਹਿਸੂਸ ਕਰ ਰਹੀ ਹੋਵੇ ਕਿ ਪੰਚਾਇਤਾਂ 'ਚ ਭ੍ਰਿਸ਼ਟਾਚਾਰ ਫੈਲਿਆਂ ਹੋਇਆ ਹੈ ਅਤੇ ਬਹੁਤੇ ਸਰਪੰਚ, ਪੰਚਾਇਤੀ ਮੁਲਾਜ਼ਮਾਂ, ਅਫ਼ਸਰਾਂ ਨਾਲ ਰਲਕੇ ਫੰਡਾਂ ਦੀ ਦੁਰਵਰਤੋਂ ਕਰਦੇ ਹਨ ਪਰ ਹੁਣ ਜਦੋਂ ਸਰਪੰਚਾਂ ਜਾਂ ਪੰਚਾਇਤਾਂ ਨੂੰ ਨੁਕਰੇ ਲਾਕੇ, ਸਭੋ ਕੁਝ ਅਫ਼ਸਰਸ਼ਾਹੀ ਹੱਥ ਫੜਾ ਦਿੱਤਾ ਗਿਆ ਹੈ ਤਾਂ ਕੀ ਫੰਡਾਂ ਦੀ ਦੁਰਵਰਤੋਂ, ਭ੍ਰਿਸ਼ਟਾਚਾਰ ਦਾ ਵਰਤਾਰਾ ਖ਼ਤਮ ਹੋ ਜਾਏਗਾ? ਉਂਜ ਦਸਣਾ ਤਾਂ ਬਣਦਾ ਹੀ ਸੀ ਕਿ ਪੰਚਾਇਤਾਂ ਕਿਸ ਲੋਕ ਹਿੱਤ ਵਿੱਚ ਭੰਗ ਕੀਤੀਆਂ ਗਈਆਂ ਹਨ।

           ਦੇਸ਼ ਵਿੱਚ ਤਿੰਨ ਕਿਸਮ  ਦੀਆਂ ਸਰਕਾਰਾਂ ਹਨ। ਕੇਂਦਰ ਸਰਕਾਰ, ਲੋਕਾਂ ਦੀ ਚੁਣੀ ਹੋਈ ਦੇਸ਼ ਦੀ ਸਰਕਾਰ। ਸੂਬਾ ਸਰਕਾਰ, ਸੂਬੇ ਦੇ ਲੋਕਾਂ ਦੀ ਚੋਣੀ ਹੋਈ ਸਰਕਾਰ। ਸਥਾਨਕ ਸਰਕਾਰਾਂ, ਭਾਵ ਪੰਚਾਇਤਾਂ, ਪੰਚਾਇਤ ਸੰਮਤੀਆਂ ਅਤੇ ਜ਼ਿਲਾ ਪ੍ਰੀਸ਼ਦਾਂ ਪਿੰਡਾਂ ਲਈ ਅਤੇ ਨਗਰਪਾਲਿਕਾਵਾਂ ਆਦਿ ਸ਼ਹਿਰਾਂ ਲਈ, ਜੋ ਬਕਾਇਦਾ ਤੌਰ 'ਤੇ ਪੰਜ ਸਾਲਾਂ ਲਈ ਚੁਣੀਆਂ ਜਾਂਦੀਆਂ ਹਨ। ਭਾਰਤੀ ਸੰਵਿਧਾਨ 'ਚ ਤਿੰਨਾਂ ਸਰਕਾਰਾਂ ਦੀ ਵਿਵਸਥਾ ਹੈ।ਕੇਂਦਰ ਤੇ ਸੂਬਾ ਸਰਕਾਰ ਦੀਆਂ ਤਾਂ ਆਪੋ-ਆਪਣੀਆਂ ਸ਼ਕਤੀਆਂ ਹਨ। ਸੰਵਿਧਾਨ 'ਚ ਦਰਜ਼ ਹਨ। ਪੰਚਾਇਤੀ ਪ੍ਰਬੰਧ ਲਈ ਸੰਵਿਧਾਨ 'ਚ 73 ਵੀਂ ਸੋਧ 1992 'ਚ ਕਰਕੇ ਪੰਚਾਇਤਾਂ ਨੂੰ ਵੀ ਬਰਾਬਰ ਦੇ ਅਧਿਕਾਰ ਹਨ।

          ਜੇਕਰ ਸੂਬਾ ਸਰਕਾਰ ਭੰਗ ਕਰਨੀ ਹੈ ਤਾਂ ਨਿਯਮ ਹਨ। ਸਰਕਾਰ ਦੇ ਨੁਮਾਇੰਦੇ ਸਮੇਂ ਤੋਂ ਪਹਿਲਾਂ ਭੰਗ ਕਰਨ ਲਈ ਮਤਾ ਪਾਸ ਕਰਦੇ ਹਨ। ਇਵੇਂ  ਹੀ ਕੇਂਦਰ ਦੀ ਸਰਕਾਰ ਸਮੇਂ ਤੋਂ ਪਹਿਲਾਂ ਭੰਗ ਕਰਨ ਤੇ ਅਗਾਊਂ ਚੋਣਾਂ ਕਰਾਉਣ ਦੇ ਵੀ ਨਿਯਮ ਹਨ। ਸੰਵਿਧਾਨ ਦੀ ਧਾਰਾ 24-ਈ ਅਨੁਸਾਰ ਪੰਚਾਇਤਾਂ ਸਬੰਧੀ ਵੀ ਨਿਯਮ ਹਨ। ਜੇਕਰ ਕੇਂਦਰ 'ਚ ਚੁਣੇ ਮੈਂਬਰਾਂ ਦੀ ਹਾਊਸ ਭੰਗ ਕਰਨ ਦੀ ਸੁਣੀ ਜਾਂਦੀ ਹੈ, ਜੇਕਰ ਸੂਬੇ 'ਚ ਚੁਣੇ ਮੈਂਬਰਾਂ ਦੀ ਸਦਨ ਭੰਗ ਕਰਨ ਦੀ ਸੁਣੀ ਜਾਂਦੀ ਹੈ ਤਾਂ ਬਰਾਬਰ ਦੇ ਅਧਿਕਾਰ ਮਿਲੇ ਹੋਣ ਦੇ ਬਾਵਜੂਦ  ਵੀ ਸਥਾਨਕ ਸਰਕਾਰਾਂ ਨੂੰ ਭੰਗ ਕਰਨ ਦਾ ਆਪਹੁਦਰਾ ਅਤੇ ਗੈਰ ਸੰਵਿਧਾਨਿਕ ਕੰਮ ਕਿਉਂ  ਕੀਤਾ ਜਾਂਦਾ ਹੈ।

          ਪੰਚਾਇਤੀ ਰਾਜ ਪ੍ਰਬੰਧ ਨੂੰ ਸਹੀ ਢੰਗ ਨਾਲ ਲਾਗੂ ਕਰਨ ਵੱਲ 73ਵੀਂ ਸੋਧ ਵੱਡਾ ਕਦਮ ਕਿਹਾ ਗਿਆ। ਇਸ ਸੋਧ ਅਧੀਨ ਪੰਚਾਇਤਾਂ ਦੇ ਗਠਨ ਨੂੰ ਸੰਵਿਧਾਨਿਕ ਮਾਨਤਾ ਦਿੱਤੀ ਗਈ। ਧਾਰਾ 243 ਦੀਆਂ ਵੱਖੋ-ਵੱਖਰੀਆਂ ਮੱਦਾ  243-ਏ ਤੋਂ ਲੈ ਕੇ 243-ਓ ਤੱਕ ਪੰਚਾਇਤਾਂ ਦੇ ਸਬੰਧ 'ਚ ਪ੍ਰਾਵਾਧਾਨਾਂ ਦਾ ਵਰਨਣ ਹੋਇਆ।  ਗ੍ਰਾਮ ਸਭਾ ਦੀ ਸਥਾਪਨਾ ਤੋਂ ਲੈ ਕੇ ਪੰਚਾਇਤਾਂ ਦੀਆਂ ਸ਼ਕਤੀਆਂ ਅਧਿਕਾਰਾਂ, ਗਠਨ ਆਦਿ  ਬਾਰੇ  ਵਿਸਥਾਰਿਤ ਵਰਨਣ ਕੀਤਾ ਗਿਆ। ਪੰਚਾਇਤਾਂ ਨੂੰ ਵਧ ਅਧਿਕਾਰ ਦਿੱਤੇ ਗਏ।

           ਇਹ ਸਪਸ਼ਟ ਕੀਤਾ ਗਿਆ ਕਿ ਪੇਂਡੂ ਭਾਰਤ 'ਚ ਸਥਾਨਕ ਸਰਕਾਰ ਇੱਕ ਮੁਢਲੀ ਪ੍ਰਣਾਲੀ ਹੈ। ਇਹਨਾ ਸੰਸਥਾਵਾਂ ਦਾ ਕੰਮ ਪਿੰਡਾਂ ਦਾ ਆਰਥਿਕ ਵਿਕਾਸ ਕਰਨਾ, ਸਮਾਜਿਕ ਨਿਆਂ ਨੂੰ ਮਜ਼ਬੂਤ ਕਰਨਾ ਅਤੇ ਸੂਬਾ ਅਤੇ ਕੇਂਦਰ ਸਰਕਾਰ ਦੀਆਂ ਯੋਜਨਾਵਾਂ ਲਾਗੂ ਕਰਨਾ ਹੈ। ਸਥਾਨਕ ਸਰਕਾਰਾਂ  ਨੂੰ ਦੋਵੇਂ ਸਰਕਾਰਾਂ, ਕੇਂਦਰ ਤੇ ਸੂਬਾ ਸਰਕਾਰ ਦੇ ਬਰਾਬਰ ਸੰਵਿਧਾਨਿਕ ਅਧਿਕਾਰ ਮਿਲੇ।

          ਪਰ ਕੁਝ ਇੱਕ ਸੂਬਾ ਸਰਕਾਰਾਂ ਨੂੰ ਛੱਡਕੇ ਵੱਡੀ ਗਿਣਤੀ ਸੂਬਾ ਸਰਕਾਰਾਂ ਨੇ ਪੰਚਾਇਤਾਂ ਨੂੰ ਅਧਿਕਾਰ ਨਹੀਂ ਦਿੱਤੇ ਹੋਏ। ਸਰਕਾਰੀ ਦਖ਼ਲ ਦੇ ਨਾਲ-ਨਾਲ ਸਿਆਸੀ ਦਖ਼ਲ ਨੇ ਪੰਚਾਇਤੀ ਪ੍ਰਬੰਧ ਨੂੰ ਖੋਖਲਾ ਕੀਤਾ ਹੋਇਆ ਹੈ। ਯੋਜਨਾਵਾਂ ਅਧੀਨ ਜਿਹੜੀ ਸਹਾਇਤਾ ਵਿੱਤ ਕਮਿਸ਼ਨ ਰਾਹੀਂ ਸਿੱਧਿਆਂ ਪੰਚਾਇਤੀ ਫੰਡਾਂ 'ਚ ਆਉਣੀ ਹੁੰਦੀ ਹੈ, ਉਸ ਉਤੇ ਵੀ ਅਫ਼ਸਰਸ਼ਾਹੀ ਤੇ ਕਾਬਜ ਸਿਆਸੀ ਧਿਰਾਂ ਆਪਣਾ ਕੁੰਡਾ ਰੱਖਦੀਆਂ ਹਨ। ਪੰਚਾਇਤੀ ਰਾਜ ਪ੍ਰਬੰਧਨ ਅਧੀਨ ਪੰਜਾਬ ਦੀ ਹਾਲਤ ਤਾਂ ਜ਼ਿਆਦਾ ਖਸਤਾ ਹੈ, ਜਿਸ ਅਨੁਸਾਰ ਪੰਚਾਇਤਾਂ ਤਾਂ ਪੰਚਾਇਤ ਸਕੱਤਰਾਂ ਅਤੇ ਮੁਲਾਜ਼ਮਾਂ ਦੇ ਰਹਿਮੋ-ਕਰਮ ਉਤੇ ਹੈ। ਗ੍ਰਾਮ ਸਭਾਵਾਂ, ਆਮ ਇਜਲਾਸ ਕਰਨ ਦੀ ਪਰੰਪਰਾਂ ਤਾਂ ਬੱਸ ਕਾਗਜ਼ੀ ਹੈ। ਸਰਪੰਚ, ਬਲਾਕ ਪੰਚਾਇਤਾਂ ਦਫ਼ਤਰਾਂ ਦੇ ਚੱਕਰ ਕੱਟਦੇ, ਕਾਰਵਾਈ ਰਜਿਸਟਰ ਲੈ ਕੇ  ਬਿੱਲ ਆਦਿ ਦੇ ਭੁਗਤਾਣ ਲਈ,  ਆਮ ਵੇਖੇ ਜਾਂਦੇ ਹਨ। ਸਿਤਮ ਦੀ ਗੱਲ ਤਾਂ ਇਹ ਹੈ ਕਿ  ਬਲਾਕਾਂ 'ਚ ਪੰਚਾਇਤ ਸਕੱਤਰ, ਜਿਹਨਾ ਕੋਲ ਅਥਾਹ ਪੰਚਾਇਤੀ ਸ਼ਕਤੀਆਂ ਇਕੱਠੀਆਂ ਹੋ ਚੁੱਕੀਆਂ ਹਨ, ਕੋਲ  ਦੋ-ਦੋ, ਤਿੰਨ-ਤਿੰਨ ਦਰਜਨਾਂ ਤੱਕ ਪੰਚਾਇਤਾਂ ਦੇ ਚਾਰਜ ਹਨ। ਇਹੋ ਜਿਹੇ ਹਾਲਾਤ ਵਿੱਚ ਪੇਂਡੂ ਵਿਕਾਸ ਦੀ ਕੀ ਤਵੱਕੋ ਹੋ ਸਕਦੀ ਹੈ?

          ਪੇਂਡੂ ਪੰਚਾਇਤਾਂ, ਸਥਾਨਕ ਸਰਕਾਰ ਨਾਲ ਸੂਬਾ ਸਰਕਾਰਾਂ ਦੇ ਧੱਕੇ ਦੀ ਦਾਸਤਾਨ ਇਥੇ ਹੀ ਖ਼ਤਮ ਨਹੀਂ ਹੁੰਦੀ। ਆਮਦਨ ਜ਼ਮੀਨ ਦੇ ਠੇਕੇ ਭਾਵ ਕਿਰਾਏ ਦੀ ਹੈ ਜਾਂ ਪੰਚਾਇਤੀ ਹੁਕਮਾਂ ਦੇ ਕਿਰਾਏ ਦੀ ਜਾਂ ਹੋਰ, ਇਸ ਵਿਚੋਂ ਪਿੰਡਾਂ ਨੂੰ ਆਮਦਨ ਵਿਚੋਂ ਲਗਭਗ ਤੀਜਾ ਹਿੱਸਾ (30 ਫੀਸਦੀ) ਬਲਾਕ ਸੰਮਤੀਆਂ ਪੰਚਾਇਤ ਸਕੱਤਰਾਂ ਦੀ ਤਨਖ਼ਾਹ ਲਈ ਹਰ ਵਰ੍ਹੇ ਲੈ ਜਾਂਦੀਆਂ ਹਨ। ਅਸਲ ਵਿੱਚ ਤਾਂ ਸੰਵਿਧਾਨ ਦੀ ਰੂਹ ਅਨੁਸਾਰ ਪੰਚਾਇਤਾਂ ਨੂੰ ਦਿੱਤੇ ਗਏ ਅਧਿਕਾਰ, ਸਥਾਨਕ ਸਰਕਾਰਾਂ ਦੀ ਪਦਵੀ, ਕੰਮ ਕਰਨ ਦੀ ਖੁੱਲ੍ਹ ਸਭ ਕੁਝ ਸੂਬਾ ਸਰਕਾਰ ਅਤੇ ਹਾਕਮਾਂ ਵਲੋਂ ਹਥਿਆਈ ਜਾ ਚੁੱਕੀ ਹੈ ਅਤੇ ਹਥਿਆਈ ਜਾਂਦੀ ਰਹੀ ਹੈ। ਇੱਕ ਆਖ਼ਰੀ ਤਸੱਲੀ  ਪੰਚਾਇਤੀ ਨੁਮਾਇੰਦਿਆਂ ਦੀ  ਇਹੋ ਹੈ ਕਿ ਅਸੀਂ ਲੋਕਾਂ ਦੇ ਚੁਣੇ ਹੋਏ ਹਾਂ, ਉਸ ਨੂੰ ਵੀ ਮੌਜੂਦਾ ਸਰਕਾਰ ਨੇ ਰਾਤੋਂ-ਰਾਤ ਖੋਹ ਲਿਆ ਹੈ। ਕੇਂਦਰ ਸਰਕਾਰ  ਵਲੋਂ ਰਾਤੋ-ਰਾਤ ਨੋਟਬੰਦੀ ਲਾਗੂ ਕਰਨ ਵਾਂਗਰ।

          ਉਹ ਸਰਕਾਰ ਜਿਹੜੀ ਕੇਂਦਰ ਸਰਕਾਰ ਉਤੇ ਚੁਣੀ ਹੋਈ ਸੂਬਾ ਸਰਕਾਰ ਦੇ ਕੰਮ ਕਾਜ 'ਚ  ਵਿਘਨ ਪਾਉਣ  ਤੇ ਤਾਕਤਾਂ ਹਥਿਆਉਣ ਦਾ ਇਲਜ਼ਾਮ ਲਾਉਂਦੀ ਹੈ ਅਤੇ ਤਾਕਤਾਂ ਖੋਹੇ ਜਾਣ 'ਤੇ ਤਰਲੋ ਮੱਛੀ ਹੋ ਰਹੀ ਹੈ। ਆਖ਼ਰ ਉਸਨੇ ਸਥਾਨਕ ਸਰਕਾਰ ਦੇ ਹੱਕ ਖੋਹਣ ਦਾ ਗੈਰ-ਲੋਕਤੰਤਰਿਕ ਫੈਸਲਾ ਕਿਉਂ ਲਿਆ?

          ਆਖ਼ਰ ਕੀ ਅਸਰ ਹੋਏਗਾ ਪੰਜਾਬ 'ਚ ਅਗਾਊਂ ਪੰਚਾਇਤਾਂ ਭੰਗ ਕੀਤੇ ਜਾਣ ਦਾ ਆਮ ਲੋਕਾਂ ਉਤੇ? ਪਹਿਲੀ ਗੱਲ ਤਾਂ ਇਹ ਕਿ ਲੋਕਾਂ ਵਿੱਚ ਹਾਕਮ ਧਿਰ ਵਿਰੁੱਧ ਰੋਸ ਪੈਦਾ ਹੋਏਗਾ ਕਿ ਇਹ ਧਿਰ ਲੋਕਾਂ ਦੇ ਚੁਣੇ ਹੋਏ ਨੁਮਾਇੰਦਿਆਂ ਦੀ ਪ੍ਰਵਾਹ ਨਹੀਂ ਕਰਦੀ। ਜਦਕਿ ਗਵਰਨਰ ਪੰਜਾਬ ਤੇ ਕੇਂਦਰੀ ਸਰਕਾਰ ਉਤੇ ਉਹ ਦੋਸ਼ ਤਾਂ ਇਹ ਲਾਉਂਦੀ ਹੈ ਕਿ ਉਹ ਚੁਣੀ ਹੋਈ ਸੂਬਾ ਸਰਕਾਰ ਨੂੰ ਪ੍ਰੇਸ਼ਾਨ ਕਰਕੇ ਗੈਰ-ਲੋਕਤੰਤਰਿਕ ਕਾਰਵਾਈ ਕਰ ਰਹੇ ਹਨ।

            ਦੂਜਾ ਪਿੰਡਾਂ ਦੇ  ਨਿੱਤ ਪ੍ਰਤੀ ਦੇ ਆਮ ਲੋਕਾਂ ਦੇ  ਕੰਮ ਪ੍ਰਭਾਵਤ ਹੋਣਗੇ। ਆਮ ਦਫ਼ਤਰੀ ਕੰਮਾਂ ਲਈ ਤਸਦੀਕ ਕੌਣ ਕਰੇਗਾ? ਲੋਕਾਂ ਦੇ ਝਗੜੇ ਕੌਣ ਨਿਬੇੜੇਗਾ?

          ਤੀਜਾ ਪਹਿਲਾਂ ਹੀ ਪ੍ਰਭਾਵਤ ਵਿਕਾਸ ਕੰਮ ਹੋਰ ਵੀ  ਰੁਕ ਜਾਣਗੇ, ਕਿਉਂਕਿ ਬਲਾਕ ਦਫ਼ਤਰਾਂ  ਜਿਥੇ ਪਹਿਲਾਂ ਹੀ ਕਰਮਚਾਰੀਆਂ ਦੀ ਕਮੀ ਹੈ ਅਤੇ ਜਿਹਨਾ ਨੂੰ ਪ੍ਰਬੰਧਕ ਲਗਾਇਆ ਜਾਏਗਾ, ਉਹਨਾ ਵਿਚੋਂ ਬਹੁਤੇ ਸਿਆਸੀ ਚੱਕੀ 'ਚ  ਪਿੱਸਣ ਦੇ ਡਰੋਂ ਨਵੇਂ ਪੁਰਾਣੇ ਵਿਕਾਸ ਕੰਮਾਂ ਨੂੰ ਹੱਥ ਹੀ ਨਹੀਂ ਪਾਉਣਗੇ। ਉਂਜ ਵੀ ਜਦੋਂ ਸੂਬਾ ਚੋਣ ਕਮਿਸ਼ਨ ਦਸੰਬਰ  ਤੱਕ ਨੇਪਰੇ ਚਾੜ੍ਹੀਆਂ ਜਾਣ ਵਾਲੀਆਂ ਚੋਣਾਂ ਲਈ ਐਲਾਨ ਕਰ  ਦੇਵੇਗਾ ਤਾਂ  ਚੋਣ ਜਾਬਤਾ  ਲਾਗੂ ਹੋ ਜਾਏਗਾ।

          ਚੌਥੇ ਇਹ ਕਿ ਜਿਹਨਾ ਸਰਪੰਚਾਂ ਨੇ ਵਿਕਾਸ  ਕੰਮ ਕਰਵਾਏ ਹਨ, ਉਹਨਾ ਦੀਆਂ ਅਦਾਇਗੀਆਂ, ਫਰਮਾਂ ਨੂੰ ਕੀਤੀਆਂ ਜਾਣ ਵਾਲੀਆਂ ਹਨ, ਜਿਹੜੀਆਂ ਕਈਆਂ ਪੰਚਾਇਤਾਂ 'ਚ ਲੱਖਾਂ 'ਚ ਹਨ, ਉਹਨਾ ਦੀ ਅਦਾਇਗੀ ਕੌਣ  ਤੇ ਕਦੋਂ ਕੋਈ ਕਰੇਗਾ? ਵਿਕਾਸ ਕੰਮ ਬਿਲਕੁਲ ਰੁਕ ਜਾਣਗੇ।ਕਿਉਂਕਿ ਇਕ ਸਖ਼ਤ ਮਹਿਕਮਾਨਾ ਹੁਕਮ ਅਨੁਸਾਰ ਮਿਤੀ 12 ਅਗਸਤ 2023  ਤੋਂ ਕਿਸੇ ਵੀ ਪੰਚਾਇਤੀ ਖਾਤੇ 'ਚ ਲੈਣ-ਦੇਣ ਬੰਦ ਕਰ ਦਿੱਤਾ ਗਿਆ ਹੈ। ਇਸ ਨਾਲ ਪੰਚਾਇਤਾਂ ਦੇ ਸਰਪੰਚ ਕਸੂਤੇ ਫਸ ਗਏ ਹਨ, ਉਹਨਾ ਉਤੇ ਇਹ ਇੱਕ ਕਿਸਮ ਦੀ ਨਿੱਜੀ ਦੇਣਦਾਰੀ ਬਨਣ ਦੇ ਖਦਸ਼ੇ ਪ੍ਰਗਟਾਏ ਜਾ ਰਹੇ ਹਨ।

          ਪੰਜਵਾਂ ਤੇ ਅਹਿਮ ਪੱਖ ਇਹ ਹੈ ਕਿ ਚੋਣਾਂ ਦਸੰਬਰ 2023 ਤੱਕ ਹੋਣੀਆਂ ਹਨ, ਉਦੋਂ ਤੱਕ ਹੁਣ ਧੜੇਬੰਦੀ ਦਾ ਪਿੰਡਾਂ 'ਚ ਭਰਵਾਂ ਦੌਰ ਚੱਲੇਗਾ। ਸਰਕਾਰੀ ਧਿਰ, ਆਪਣੇ ਧੜੇ ਨੂੰ ਮਜ਼ਬੂਤ ਕਰਨ ਲਈ ਪ੍ਰਬੰਧਕਾਂ, ਪ੍ਰਸਾਸ਼ਕਾਂ ਰਾਹੀਂ ਆਪਣੇ ਬੰਦਿਆਂ ਰਾਹੀਂ ਪੰਚਾਇਤ ਫੰਡਾਂ 'ਚ ਪਈਆਂ ਗ੍ਰਾਂਟਾਂ ਖਰਚੇਗਾ ਅਤੇ ਉਹ ਬੰਦੇ ਫਿਰ ਕੀਤੇ ਵਿਕਾਸ ਦੇ ਨਾਮ ਉਤੇ ਲੋਕਾਂ ਤੋਂ ਵੋਟ ਮੰਗਣਗੇ। ਇਹੋ ਜਿਹੇ ਹਾਲਾਤਾਂ 'ਚ ਪਿੰਡਾਂ 'ਚ ਲੜਾਈ, ਝਗੜੇ ਤਾਂ ਵਧਣਗੇ ਹੀ।

          ਛੇਵਾਂ ਤੇ ਇੱਕ ਹੋਰ ਪੱਖ ਇਹ ਕਿ ਜਿਹਨਾ ਪੰਚਾਇਤਾਂ ਵਲੋਂ ਪਿੰਡਾਂ 'ਚ ਨਜਾਇਜ਼ ਕਬਜ਼ੇ ਰੋਕਣ ਅਤੇ ਪਹਿਲੇ ਕਬਜ਼ੇ ਛੁਡਾਉਣ ਲਈ ਅਦਾਲਤੀ ਕੇਸ ਕੀਤੇ ਹੋਏ ਹਨ, ਉਹਨਾ ਦੀ ਪੈਰਵੀ ਕੌਣ ਕਰੇਗਾ? ਇਸ ਸਮੇਂ ਦੌਰਾਨ ਪੰਚਾਇਤ ਜ਼ਮੀਨਾਂ ਉਤੇ ਨਜਾਇਜ਼ ਕਬਜ਼ੇ ਵਧਣਗੇ।

          ਇਸ ਤਰ੍ਹਾਂ ਆਉਣ ਵਾਲਾ ਲਗਭਗ ਅੱਧੇ ਸਾਲ ਤੋਂ ਵੱਧ ਦਾ ਵਕਫ਼ਾ ਪਿੰਡਾਂ 'ਚ ਨਿਆਂ, ਵਿਕਾਸ ਦੇ ਮਾਮਲੇ 'ਚ ਲਟਕਾਅ ਵਾਲਾ ਰਹੇਗਾ। ਆਮ ਤੌਰ 'ਤੇ ਪਿੰਡਾਂ 'ਚ ਲੋਕ ਪੰਚਾਇਤਾਂ ਨੂੰ ਵਿਕਾਸ ਕਾਰਜਾਂ ਲਈ ਆਪਣੇ ਕੋਲੋਂ ਸਹਾਇਤਾ ਦੇਂਦੇ ਹਨ, ਪ੍ਰਵਾਸੀ ਪੰਜਾਬੀ ਵਿਕਾਸ ਕੰਮਾਂ 'ਚ ਯੋਗਦਾਨ ਪਾਉਂਦੇ ਹਨ।  ਇਹ ਯੋਗਦਾਨ ਇਸ ਸਮੇਂ 'ਚ ਲਗਭਗ ਬੰਦ ਹੋ ਜਾਵੇਗਾ, ਕਿਉਂਕਿ ਕੋਈ ਵੀ  ਵਿਅਕਤੀ ਪੰਜਾਬ ਦੀ ਸਰਕਾਰੀ ਮਸ਼ੀਨਰੀ ਉਤੇ ਭਰੋਸਾ ਨਹੀਂ ਕਰਦਾ, ਦਾਨ ਦੇਣ ਦੀ ਗੱਲ ਤਾਂ ਸ਼ਾਇਦ  ਸੋਚ ਹੀ ਨਹੀਂ ਸਕੇਗਾ।

          ਵੈਸੇ ਤਾਂ ਪਿੰਡਾਂ ਦੀ ਹਾਲਤ ਪਹਿਲਾਂ ਹੀ ਬਹੁਤ ਭੈੜੀ ਹੈ । ਪੇਂਡੂ ਸੜਕਾਂ ਟੁੱਟੀਆਂ ਪਈਆਂ ਹਨ। ਪਿੰਡਾਂ 'ਚ ਖੁਲ੍ਹੇ ਹਸਪਤਾਲਾਂ 'ਚ ਸਟਾਫ਼, ਦਵਾਈਆਂ ਦੀ ਕਮੀ ਹੈ। ਪੇਂਡੂ ਸਕੂਲਾਂ 'ਚ ਅਧਿਆਪਕਾਂ ਦੀਆਂ ਅੱਧੀਆਂ ਤੱਕ ਅਸਾਮੀਆਂ ਖਾਲੀ ਹਨ। ਸਥਾਨਕ ਸਰਕਾਰਾਂ  ਦੇ ਗਾਇਬ ਹੋਣ ਨਾਲ ਪਿੰਡਾਂ ਦੇ ਸਰਕਾਰੀ ਅਦਾਰਿਆਂ ਦੀ ਦੇਖਭਾਲ, ਸਹਾਇਤਾ ਬੁਰੀ ਤਰ੍ਹਾਂ ਪ੍ਰਭਾਵਿਤ ਹੋਏਗੀ।

          ਪੇਂਡੂਆਂ ਨਾਲ ਅਤੇ ਉਹਨਾ ਦੀ ਸਥਾਨਕ ਸਰਕਾਰਾਂ ਨਾਲ ਜਿਸ ਕਿਸਮ ਦਾ ਵਰਤਾਰਾ ਕੀਤਾ ਗਿਆ ਹੈ, ਇਹ ਘੋਰ ਅਨਿਆਂ ਹੈ। ਸ਼ਹਿਰਾਂ ਦੇ ਮੁਕਾਬਲੇ ਪੇਂਡੂ ਪਹਿਲਾ ਹੀ  ਜ਼ਿਆਦਾ ਪੀੜਤ ਹਨ,  ਪੇਂਡੂਆਂ ਕੋਲ ਉਹ ਸਹੂਲਤਾਂ ਨਹੀਂ ਜੋ ਸ਼ਹਿਰੀਆਂ ਕੋਲ ਹਨ। ਸਹੂਲਤਾਂ ਦਾ ਇਹ ਪਾੜਾ ਪਿਛਲੇ ਦਹਾਕਿਆਂ 'ਚ ਘਟਿਆ ਨਹੀਂ ਸਗੋਂ ਵਧਿਆ ਹੀ ਹੈ।

          ਮੌਜੂਦਾ ਸਰਕਾਰ ਵਲੋਂ ਪੰਚਾਇਤੀ ਸੰਸਥਾਵਾਂ ਨੂੰ ਭੰਗ ਕਰਨ ਨਾਲ ਪੇਂਡੂ ਲੋਕਾਂ ਦੀ ਪੀੜਾ ਹੋਰ ਵਧੀ ਹੈ ਅਤੇ ਵਧੇਗੀ। ਪੇਂਡੂਆਂ 'ਚ ਦੇਸ਼ ਦੇ ਲੋਕਤੰਤਰ 'ਚ ਵਿਸ਼ਵਾਸ਼ 'ਚ ਵੱਡੀ ਤਰੇੜ ਪਾਏਗੀ। ਉਹਨਾ 'ਚ ਸਿਆਸੀ ਲੋਕਾਂ ਪ੍ਰਤੀ ਅਵਿਸ਼ਵਾਸ ਪੈਦਾ ਹੋਏਗਾ। ਕੀ ਇਸ ਸਥਿਤੀ ਵਿੱਚ ਲੋਕ ਚੁੱਪੀ ਸਾਧੀ ਰੱਖਣਗੇ, ਕੀ ਉਹ ਹੋਈ ਬੇਇਨਸਾਫੀ ਵਿਰੁੱਧ ਆਵਾਜ਼ ਨਹੀਂ ਚੁੱਕਣਗੇ? ਅਨਿਆਂ ਵਿਰੁੱਧ ਕੋਰਟ-ਕਚਿਹਰੀ ਨਹੀਂ ਚੜ੍ਹਨਗੇ?

          ਲੋੜ ਤਾਂ ਇਸ ਗੱਲ ਦੀ ਹੈ ਕਿ ਪੇਂਡੂ ਪੰਚਾਇਤਾਂ ਨੂੰ ਤਕੜਿਆਂ ਕੀਤਾ ਜਾਏ, ਉਹਨਾ ਨੂੰ ਵੱਧ ਅਧਿਕਾਰ ਮਿਲਣ। ਸਰਕਾਰਾਂ ਦਾ ਸਥਾਨਕ ਸਰਕਾਰਾਂ 'ਚ ਦਖ਼ਲ ਘਟੇ। ਉਹਨਾ ਨੂੰ ਆਪ ਟੈਕਸ ਲਗਾਉਣ, ਆਪੋ-ਆਪਣੇ ਖੇਤਰ ਦੀਆਂ ਲੋੜਾਂ ਅਨੁਸਾਰ ਵਿਕਾਸ ਕਰਾਉਣ ਦਾ ਹੱਕ ਮਿਲੇ। ਤਦੇ ਪਿੰਡ ਵਿਕਾਸ ਕਰ ਸਕਦਾ ਹੈ। ਤਦੇ ਪਿੰਡ ਆਪਣੀ "ਸਿਹਤ" 'ਚ ਸੁਧਾਰ ਲਿਆ ਸਕਦਾ ਹੈ।

-ਗੁਰਮੀਤ ਸਿੰਘ ਪਲਾਹੀ
-9815802070

ਔਰਤਾਂ ਦੀ ਸੁਰੱਖਿਆ ਅਤੇ ਵਧ ਰਹੀ ਔਰਤਾਂ ਵਿਰੁੱਧ ਹਿੰਸਾ - ਗੁਰਮੀਤ ਸਿੰਘ ਪਾਲਹੀ

ਦੁਨੀਆਂ ਭਰ ਵਿੱਚ ਔਰਤਾਂ ਨੂੰ ਦਿੱਤੇ ਹੱਕਾਂ 'ਚ ਲਗਭਗ ਸਮਾਨਤਾ ਹੈ। ਬਹੁਗਿਣਤੀ ਦੇਸ਼ਾਂ ਵਿੱਚ ਔਰਤਾਂ ਨੂੰ ਗੁਲਾਮੀ ਅਤੇ ਹਿੰਸਾ ਮੁਕਤੀ, ਸਿੱਖਿਆ, ਮਰਦਾਂ ਬਰੋਬਰ ਤਨਖ਼ਾਹ, ਮਾਲਕੀ ਦੇ ਹੱਕ, ਆਜ਼ਾਦੀ ਨਾਲ ਖਿਆਲ ਪ੍ਰਗਟ ਕਰਨ ਅਤੇ  ਵੋਟ ਜਿਹੇ ਹੱਕ ਪ੍ਰਾਪਤ ਹਨ। ਭਾਰਤ ਵਿੱਚ ਵੀ ਔਰਤ ਨੂੰ ਸੰਵਿਧਾਨ ਦੀ ਧਾਰਾ 14 ਅਧੀਨ ਬਰਾਬਰੀ, ਧਾਰਾ 15(1) ਅਧੀਨ ਵਿਤਕਰੇ ਵਿਰੁੱਧ, ਧਾਰਾ 16 ਅਧੀਨ ਬਰਾਬਰ ਦੇ ਮੌਕੇ ਅਤੇ ਆਰਟੀਕਲ 39 (ਡੀ) ਅਤੇ ਧਾਰਾ 42 ਅਧੀਨ ਮਰਦਾਂ ਬਰਾਬਰ ਤਨਖ਼ਾਹ ਜਿਹੇ ਅਧਿਕਾਰ ਹਨ।

                 ਐਡੇ ਵੱਡੇ ਅਧਿਕਾਰ ਸੰਵਿਧਾਨ ਵਿੱਚ ਲਿਖੇ ਹੋਣ ਦੇ ਬਾਵਜੂਦ ਵੀ ਭਾਰਤ ਦੀਆਂ ਲਗਭਗ 70 ਫੀਸਦੀ ਔਰਤਾਂ, ਬੀਬੀਆਂ, ਘਰੇਲੂ ਹਿੰਸਾ ਦੀ ਮਾਰ ਹੇਠ ਹਨ ਜਾਂ ਸ਼ਿਕਾਰ ਹਨ।  ਜਿਸ ਨਾਲ ਉਹ ਡਿਪਰੇਸ਼ਨ(ਮਾਨਸਿਕ ਤਣਾਅ) ਅਤੇ ਆਤਮ ਹਤਿਆ ਵੱਲ ਵਧਦੀਆਂ ਹਨ। ਇਹ ਸਿੱਧੇ ਤੌਰ ਤੇ ਔਰਤਾਂ ਦਾ ਕਤਲ ਨਹੀਂ, ਪਰ ਸਵੈ-ਕਤਲ ਦਾ ਇੱਕ ਵੱਡਾ ਕਾਰਨ ਹੈ।

                 ਇਹੋ  ਗੱਲ ਔਰਤਾਂ ਦੀ ਸਮਾਜ ਵਿੱਚ ਸੁਰੱਖਿਆ ਦੇ ਮਾਮਲੇ 'ਤੇ ਹੈ, ਜਿਥੇ ਘਰ ਵਿੱਚ ਅਤੇ ਘਰੋਂ ਬਾਹਰ  ਨਿਕਲਦਿਆਂ, ਉਹ ਡਰ, ਅਸੁਰੱਖਿਆ ਨਾਲ ਸੜਕ 'ਤੇ, ਕੰਮ ਵਾਲੀਆਂ ਥਾਵਾਂ 'ਤੇ, ਕਾਲਜਾਂ, ਸਕੂਲਾਂ, ਯੂਨੀਵਰਸਿਟੀਆਂ ਅਤੇ ਹੋਰ ਸਿੱਖਿਆ ਸੰਸਥਾਵਾਂ 'ਚ ਵਿਚਰਦੀਆਂ ਹਨ ਅਤੇ ਆਜ਼ਾਦ ਵਿਚਰਨ ਦੀ ਥਾਂ ਕਿਸੇ ਆਸਰੇ ਦੀ ਭਾਲ 'ਚ ਰਹਿੰਦੀਆਂ ਹਨ, ਅਤੇ ਕਈ ਹਲਾਤਾਂ 'ਚ ਇਹੋ "ਆਸਰੇ" ਉਹਨਾ ਦੀ ਅਸੁਰੱਖਿਆ ਅਤੇ ਤਬਾਹੀ ਦਾ ਕਾਰਨ ਬਣ ਜਾਂਦੇ ਹਨ।

        ਕੀ ਘਰੋਂ ਦੁਕਾਨ 'ਤੇ ਇਕੱਲੀ ਨਿਕਲੀ ਔਰਤ ਲੜਕੀ, ਖਰੀਦਦਾਰੀ ਕਰਨ ਵੇਲੇ ਸੁਰੱਖਿਅਤ ਹੈ? ਕੀ ਕਦੇ ਰਾਤ -ਬਰਾਤੇ ਉਸ ਨੂੰ ਇਕੱਲਿਆ ਸਫ਼ਰ ਕਰਨਾ ਪੈ ਜਾਵੇ ਤਾਂ ਉਹ ਸੁਰੱਖਿਅਤ ਹੈ? ਕੀ ਘਰ ਵਿੱਚ ਲੜਕੀ ਇਕੱਲੀ ਸੁਰੱਖਿਅਤ ਹੈ, ਭਾਵੇਂ ਉਹਦੇ ਆਲੇ-ਦੁਆਲੇ ਭਰਵੀਂ ਅਬਾਦੀ ਹੋਵੇ, ਆਪਣੇ ਰਿਸ਼ਤੇਦਾਰ ਹੋਣ। ਇਹੋ ਜਿਹੇ ਭਰਵੇਂ ਮਾਹੌਲ ਵਿੱਚ ਵੀ ਲੜਕੀ ਅਸੁਰੱਖਿਅਤ ਹੋ ਜਾਂਦੀ ਹੈ। ਕੀ ਬਸ, ਗੱਡੀ 'ਚ ਸਫ਼ਰ ਵੇਲੇ ਉਹ ਸੁਰੱਖਿਅਤ ਹੈ?

                 ਅਸਲ ਵਿੱਚ ਭਾਰਤ ਵਿੱਚ ਘਰ ਤੋਂ ਲੈ ਕੇ ਦਫ਼ਤਰ ਤੱਕ, ਪਬਲਿਕ ਥਾਵਾਂ ਉਤੇ, ਬੇਗਾਨਿਆਂ ਅਤੇ ਆਪਣਿਆਂ ਵਿੱਚ ਵੀ ਕਈ  ਵੇਰ ਔਰਤ, ਲੜਕੀ ਸੁਰੱਖਿਅਤ ਨਹੀਂ। ਡਰ ਅਤੇ ਅਸੁਰੱਖਿਆ ਦੀ  ਇਹ ਭਾਵਨਾ ਔਰਤ ਦੀ ਨਿੱਜੀ ਮਾਨਸਿਕ ਕਮਜ਼ੋਰੀ ਦਾ ਕਾਰਨ ਬਣਦੀ ਹੈ ਅਤੇ ਸਮਾਜ 'ਚ ਕਈ ਹਾਲਤਾਂ ਵਿੱਚ ਉਹਦੀ ਹੋਂਦ ਖੇਰੂ-ਖੇਰੂ  ਹੁੰਦੀ ਜਾਪਦੀ ਹੈ।

                 ਭਾਰਤ 'ਚ ਔਰਤਾਂ ਵਿਰੁੱਧ ਪੰਜ ਅਪਰਾਧ, ਇੰਡੀਅਨ ਪੀਨਲ ਕੋਡ 'ਚ ਦਰਜ ਹਨ, ਜਿਹਨਾ 'ਚ ਬਲਾਤਕਾਰ ਸਭ ਤੋਂ ਵੱਡਾ ਹੈ। ਅਗਵਾ, ਦਾਜ ਪ੍ਰਤੀ ਜਬਰਦਸਤੀ, ਘਰੇਲੂ ਹਿੰਸਾ ਅਤੇ ਤਸ਼ੱਦਦ ਆਦਿ ਹੋਰ ਅਪਰਾਧ ਹਨ। ਇਹ ਅਪਰਾਧ ਵਧਦੇ ਜਾ ਰਹੇ ਹਨ ਅਤੇ ਔਰਤਾਂ 'ਚ ਅਸੁਰੱਖਿਆ ਦੀ ਭਾਵਨਾ ਪੈਦਾ ਕਰਦੇ ਹਨ। ਇਸਦਾ ਮੁੱਖ ਕਾਰਨ ਔਰਤਾਂ ਦੀ ਸੁਰੱਖਿਆ ਲਈ ਬਣੇ ਹੋਏ ਕਾਨੂੰਨ ਲਾਗੂ ਨਾ ਕਰਨਾ ਵੀ ਹੈ।

                  ਦਾਜ ਦਹੇਜ ਵਿਰੁੱਧ ਕਾਨੂੰਨ ਬਣੇ ਹੋਏ ਹਨ ਪਰ ਉਹ ਕਿੰਨੇ ਕੁ ਲਾਗੂ ਹੋ ਰਹੇ ਹਨ? ਬਲਾਤਕਾਰੀਆਂ ਨੂੰ ਕਿੰਨੀਆਂ ਕੁ  ਸਜ਼ਾਵਾਂ ਹੋ ਰਹੀਆਂ ਹਨ? ਘਰੇਲੂ ਹਿੰਸਾ ਵਿਰੁੱਧ ਬਣੇ ਕਾਨੂੰਨ ਕਿਥੇ ਤੇ ਕਦੋਂ ਲਾਗੂ ਹੁੰਦੇ ਹਨ? ਭਾਰਤੀ ਸਮਾਜ 'ਚ ਬਣਤਰ ਹੀ ਕੁਝ ਇਹੋ ਜਿਹੀ ਹੈ ਕਿ ਮਰਦ ਦਾ ਹੈਂਕੜਪੁਣਾ, ਰੰਘਰਊਪੁਣਾ ਅਤੇ ਸਮਾਜ ਵਿਚਲਾ ਔਰਤ ਵਿਰੋਧੀ ਵਰਤਾਰਾ ਔਰਤਾਂ ਨੂੰ ਜੀਣ-ਥੀਣ ਲਈ ਸੌਖਿਆ ਸਾਹ ਹੀ ਨਹੀਂ ਲੈਣ ਦੇ ਰਿਹਾ। ਉਹਨਾ ਲਈ ਨਿੱਤ ਨਵੀਆਂ ਸਮੱਸਿਆਵਾਂ ਪੈਦਾ ਕਰ ਰਿਹਾ ਹੈ। ਇਹ ਸਭ ਕੁਝ ਔਰਤਾਂ ਵਿਰੁੱਧ ਅਪਰਾਧਾਂ 'ਚ ਲਗਾਤਾਰ ਵੱਡਾ ਵਾਧਾ ਕਰ ਰਿਹਾ ਹੈ, ਬਾਵਜੂਦ ਇਸ ਗੱਲ ਦੇ ਵੀ ਕਿ ਲੜਕੀਆਂ ਸਿੱਖਿਆ ਪ੍ਰਾਪਤ ਕਰ ਰਹੀਆਂ ਹਨ, ਹਰ ਖੇਤਰ 'ਚ ਮੋਹਰੀ ਰੋਲ ਅਦਾ ਕਰਨ ਲੱਗੀਆਂ ਹਨ।

                 ਸਾਲ 2016 ਤੋਂ 2021 ਤੱਕ ਲਗਭਗ 22.8 ਲੱਖ ਔਰਤਾਂ ਵਿਰੁੱਧ ਅਪਰਾਧ ਭਾਰਤ ਵਿੱਚ ਸਰਕਾਰੀ ਰਿਕਾਰਡ 'ਚ ਦਰਜ ਹਨ। ਇਹਨਾ ਵਿਚੋਂ 7 ਲੱਖ, ਧਾਰਾ 498 ਏ ਆਫ, ਆਈ ਪੀ ਸੀ ਅਧੀਨ ਹਨ। ਇਹ ਧਾਰਾ ਔਰਤ ਵਲੋਂ ਆਪਣੇ ਮਰਦ ਅਤੇ ਰਿਸ਼ਤੇਦਾਰਾਂ ਵਲੋਂ ਕੀਤੀ ਹਿੰਸਾ ਅਤੇ ਕੁੱਟਮਾਰ, ਨਫਰਤੀ ਵਰਤਾਰੇ ਸਬੰਧੀ ਹੈ।

                 ਰਾਸ਼ਟਰੀ ਕਰਾਈਮ ਰਿਕਾਰਡ  ਬਿਓਰੋ ਅਨੁਸਾਰ 2021 ਵਿੱਚ ਦੇਸ਼ ਭਰ 'ਚ  6589 ਕੇਸ ਦਾਜ ਦਹੇਜ ਸਬੰਧੀ ਕਤਲ ਦੇ ਰਿਕਾਰਡ ਹੋਏ। ਨੈਸ਼ਨਲ ਕਮਿਸ਼ਨ ਫਾਰ ਵੂਮੈਨ ਅਨੁਸਾਰ 2021  ਨਾਲੋਂ 2022 'ਚ ਔਰਤਾਂ ਉਤੇ ਅਤਿਆਚਾਰ ਦੀਆਂ ਘਟਨਾਵਾਂ 'ਚ 30 ਫੀਸਦੀ ਵਾਧਾ ਦਰਜ  ਕੀਤਾ ਗਿਆ।

                 ਨੈਸ਼ਨਲ ਕਰਾਈਮ ਰਿਕਾਰਡ ਬਿਓਰੋ ਅਨੁਸਾਰ ਔਰਤਾਂ ਉਤੇ ਅਤਿਆਚਾਰ ਹਿੰਸਾ ਆਦਿ ਦੇ 2021 ਵਿੱਚ 4,28,278 ਕੇਸ ਦਰਜ਼ ਹੋਏ ਜੋ  2020 ਨਾਲੋਂ 56,775 ਵਧ ਸਨ। ਇਹਨਾ ਵਿੱਚ ਔਰਤਾਂ ਨੂੰ ਅਗਵਾ ਕਰਨ ਅਤੇ ਬਲਾਤਕਾਰ ਦੇ ਕੇਸ 20.8 ਫੀਸਦੀ ਸਨ ਅਤੇ ਮਰਦਾਂ ਵਲੋਂ ਔਰਤਾਂ ਉਤੇ ਘਰੇਲੂ ਹਿੰਸਾ ਦੇ 31.8 ਫੀਸਦੀ  ਘਰੇਲੂ ਹਿੰਸਾ ਅਤੇ ਔਰਤਾਂ ਵਿਰੁੱਧ ਅਪਰਾਧ ਵਿਸ਼ਵ ਵਿਆਪੀ ਹਨ।

                  ਔਰਤਾਂ ਵਿਰੁੱਧ ਅਪਰਾਧ, ਹਿੰਸਾ ਅਤੇ ਅਸੁਰੱਖਿਆ ਦੀ ਭਾਵਨਾ ਵਧਦੀ ਹੀ ਜਾ ਰਹੀ ਹੈ। ਭਾਰਤ ਸਹਿਤ ਦੱਖਣੀ ਏਸ਼ੀਆਂ ਦੇ ਤਿੰਨ ਮੁਲਕਾਂ ਵਿੱਚ 1,95,000 ਪੁਰਸ਼ਾਂ ਨਾਲ ਰਹਿਣ ਵਾਲੀਆਂ ਔਰਤਾਂ 'ਤੇ ਕੀਤੇ ਇੱਕ ਸਰਵੇਖਣ ਅਨੁਸਾਰ ਹਿੰਸਾ ਦੀਆਂ ਘਟਨਾਵਾਂ 'ਚ ਵਾਧਾ ਹੋ ਰਿਹਾ ਹੈ। ਇਸ ਸਰਵੇਖਣ 'ਚ ਘਰੇਲੂ ਹਿੰਸਾ 'ਚ ਵਾਧੇ ਦਾ ਇੱਕ ਕਾਰਨ ਵਾਤਾਵਰਨ  ਵਿੱਚ ਵਧ ਰਿਹਾ ਤਾਪਮਾਨ ਹੈ।  ਜਿਸ ਅਨੁਸਾਰ ਇਕ ਡਿਗਰੀ ਤਾਪਮਾਨ ਦੇ ਵਧਣ ਨਾਲ 4.5 ਫੀਸਦੀ ਹਿੰਸਾ 'ਚ ਵਾਧਾ ਹੁੰਦਾ ਹੈ। ਅਨੁਮਾਨ ਇਹ ਵੀ ਇਸ ਸਰਵੇਖਣ ਵਿੱਚ ਲਗਾਇਆ ਗਿਆ ਹੈ ਕਿ ਭਾਰਤ, ਨੇਪਾਲ, ਪਾਕਿਸਤਾਨ 'ਚ ਪਰਿਵਾਰ ਹਿੰਸਾ 'ਚ ਇਸ ਸਦੀ ਦੇ ਅੰਤ ਤੱਕ 21.5 ਫੀਸਦੀ ਵਾਧਾ ਹੋਏਗਾ ਅਤੇ ਇਸਦਾ ਸ਼ਿਕਾਰ ਮਹਿਲਾਵਾਂ ਹੋਣਗੀਆਂ। ਪਰਿਵਾਰਕ ਹਿੰਸਾ ਵਿੱਚ ਸਰੀਰਕ ਹਿੰਸਾ, ਭਾਵਨਾਤਮਕ ਹਿੰਸਾ, ਯੋਨ ਹਿੰਸਾ ਸ਼ਾਮਲ ਹੈ। ਸਰਵੇ ਮੁਤਾਬਕ ਭਾਰਤ ਅਤੇ ਨੇਪਾਲ ਦੇਸ਼ਾਂ ਦੇ ਮੁਕਾਬਲੇ 2 ਫੀਸਦੀ ਵਾਧਾ ਔਰਤਾਂ ਵਿਰੁੱਧ ਅਪਰਾਧ 'ਚ ਹੋਏਗਾ।

                 ਸਰਕਾਰਾਂ ਵਲੋਂ ਦਾਅਵੇ ਕੀਤੇ ਜਾ ਰਹੇ ਹਨ ਕਿ ਲੜਕੀਆਂ ਅਤੇ ਮਹਿਲਾਵਾਂ ਦੇ ਨਾਲ ਹੋ ਰਹੇ ਅਪਰਾਧ ਘਟ ਕੀਤੇ ਜਾਣਗੇ, ਪਰੰਤੂ ਹਾਲਾਤ ਇਹ ਹਨ ਕਿ ਹਰ ਦਿਨ ਕਈ-ਕਈ ਬੱਚੀਆਂ ਅਤੇ ਮਹਿਲਾਵਾਂ ਗਾਇਬ ਹੋ ਰਹੀਆਂ ਹਨ। ਔਰਤਾਂ ਨਾਲ ਗਲਤ ਵਿਵਹਾਰ, ਬਲਾਤਕਾਰ ਆਦਿ ਦੀਆਂ ਮਨੀਪੁਰ ਵਿੱਚ ਜਿਸ ਕਿਸਮ ਦੀਆਂ ਘਟਨਾਵਾਂ ਦੀਆਂ ਖ਼ਬਰਾਂ ਆ ਰਹੀਆਂ ਹਨ, ਉਹ ਤਾਂ ਸ਼ਰਮਨਾਕ ਹਨ ਹੀ, ਪਰ ਦੇਸ਼ ਦੇ ਹੋਰ ਭਾਗਾਂ ਵਿੱਚ ਇਸ ਤੋਂ ਵੱਖਰੀ ਕਿਸਮ ਦੇ ਮਹਿਲਾਵਾਂ ਨਾਲ ਅਪਰਾਧ ਦਿਲ ਟੁੰਬਣ ਵਾਲੇ ਅਤੇ ਦਿਲ ਕੰਬਾਊ ਹਨ।

         ਪਿਛਲੇ ਦਿਨੀ ਰਾਜ ਸਭਾ ਵਿੱਚ ਮਨਿਸਟਰ ਆਫ ਸਟੇਟ ਫਾਰ ਹੋਮ ਅਫੇਅਰ ਅਜੈ ਕੁਮਾਰ ਮਿਸ਼ਰਾ ਨੇ ਪੂਰੇ ਦੇਸ਼ ਵਿੱਚ ਗਾਇਬ ਲੜਕੀਆਂ ਅਤੇ ਔਰਤਾਂ ਸਬੰਧੀ ਇਹ ਰਿਪੋਰਟ ਸਦਨ ਵਿੱਚ ਰੱਖੀ ਹੈ।

                 2019 ਤੋਂ 2021 ਦੌਰਾਨ ਹੋਈਆਂ ਅਪਰਾਧਿਕ ਘਟਨਾਵਾਂ ਦੇ ਮਾਮਲੇ ਇਸ ਵਿੱਚ ਦਰਜ ਹਨ। ਦਿੱਲੀ, ਜੰਮੂ ਕਸ਼ਮੀਰ, ਚੰਡੀਗੜ੍ਹ ਵਿੱਚ ਗਾਇਬ ਔਰਤਾਂ ਦੇ ਕੇਸ ਸਭ ਤੋਂ ਵੱਧ ਹਨ। 2019 ਤੋਂ 2021 ਤੱਕ ਤਿੰਨ ਸਾਲਾਂ ਵਿੱਚ 18 ਸਾਲਾਂ ਤੋਂ ਘੱਟ ਉਮਰ ਦੀਆਂ 22,919 ਬੱਚੀਆਂ ਅਤੇ 18 ਸਾਲ ਤੋਂ ਜਿਆਦਾ ਉਮਰ ਦੀਆਂ  61,050 ਔਰਤਾਂ ਗਾਇਬ ਹੋਈਆਂ ਜਦਕਿ ਜੰਮੂ ਕਸ਼ਮੀਰ 'ਚ ਇਹ ਗਿਣਤੀ 18 ਸਾਲ ਤੋਂ ਘੱਟ ਲੜਕੀਆਂ ਦੀ 1,148 ਅਤੇ 18 ਸਾਲ ਤੋਂ ਵੱਧ ਦੀ 8,617 ਸੀ। ਚੰਡੀਗੜ੍ਹ 'ਚ ਗਾਇਬ ਹੋਣ ਵਾਲੀਆਂ 18 ਸਾਲ ਤੋਂ ਘੱਟ ਬੱਚੀਆਂ 921 ਸਨ ਅਤੇ ਜਦਕਿ 18 ਸਾਲ ਤੋਂ ਵਧ ਉਮਰ ਦੀਆਂ ਮਹਿਲਾਵਾਂ 3,669 ਸਨ। ਪੰਜਾਬ ਵਾਲੀ ਰਿਪੋਰਟ ਵੀ ਚਿੰਤਾਜਨਕ ਹੈ ਜਿਥੇ  ਹਰ ਰੋਜ਼ 2019 ਤੋਂ 2021 ਦੌਰਾਨ 11 ਤੋਂ 15 ਔਰਤਾਂ ਗਾਇਬ ਹੋਈਆਂ ਭਾਵ 18,908 ਔਰਤਾਂ ਗਾਇਬ ਹੋਈਆਂ ਹਨ।

                 ਰਿਪੋਰਟ ਵੇਖਣ 'ਤੇ ਇਹ ਗੱਲ ਸਾਹਮਣੇ ਆਈ ਹੈ ਕਿ ਭਾਰਤ ਦੇ ਰੂੜੀਵਾਦੀ ਸਮਾਜ ਵਿੱਚ ਮਹਿਲਾਵਾਂ ਨਾਲ ਨਾ ਬਰਾਬਰ ਦਾ ਸਲੂਕ ਹੁੰਦਾ ਹੈ ਅਤੇ ਨਾ ਹੀ ਉਹਨਾ ਨੂੰ ਬਣਦੇ ਹੱਕ ਦਿੱਤੇ ਜਾਂਦੇ ਹਨ। ਘਰਾਂ ਵਿੱਚ ਮਹਿਲਾਵਾਂ ਉਤੇ ਕੁੱਟਮਾਰ ਦੀਆਂ ਘਟਨਾਵਾਂ ਆਮ ਵੇਖਣ ਨੂੰ ਮਿਲਦੀਆਂ ਹਨ ਅਤੇ ਉਹ ਮਰਦਾਂ ਦੀ ਰੰਘਰਊ ਸੋਚ ਦਾ ਸ਼ਿਕਾਰ ਹੁੰਦੀਆਂ ਹਨ।

                 ਮਹਿਲਾਵਾਂ ਦੇ ਦੇਹ ਵਪਾਰ ਦੀਆਂ ਘਟਨਾਵਾਂ ਸੁਰਖੀਆਂ 'ਚ ਰਹਿੰਦੀਆਂ ਹਨ। ਵੱਡੇ ਸ਼ਹਿਰਾਂ ਦੇ ਹੋਟਲਾਂ ਅਤੇ ਕੁਝ ਇੱਕ ਵਿਸ਼ੇਸ਼ ਥਾਵਾਂ ਉਤੇ ਉਹਨਾ ਦੀ ਦੇਹ ਵੇਚਣ ਦਾ ਧੰਦਾ ਸ਼ਰੇਆਮ ਹੁੰਦਾ ਹੈ। ਇਵੇਂ ਜਾਪਦਾ ਹੈ ਜਿਵੇਂ ਔਰਤਾਂ ਦੇ ਸਰੀਰ ਨੂੰ ਇੱਕ ਵਸਤੂ ਸਮਝ  ਕੇ ਸਮਾਜ ਦੇ ਭੈੜੀ ਸੋਚ ਵਾਲੇ ਦਰਿੰਦੇ ਵਪਾਰ ਕਰਦੇ ਹਨ, ਕਾਲੀ ਕਮਾਈ ਕਰਦੇ ਹਨ। ਇਸੇ  ਤਹਿਤ ਹੀ ਵੱਡੇ ਸ਼ਹਿਰਾਂ 'ਚ ਕੰਮ ਕਰਨ ਵਾਲੇ ਦੇਹ ਵਪਾਰੀ ਪਿੰਡਾਂ, ਛੋਟੇ ਸ਼ਹਿਰਾਂ 'ਚੋਂ ਬੱਚੀਆਂ ਨੂੰ ਵਰਗਲਾਕੇ ਲੈ ਜਾਂਦੇ ਹਨ ਅਤੇ ਇਹਨਾ  ਸ਼ਹਿਰਾਂ 'ਚ ਚਲ ਰਹੇ "ਕੋਠਿਆਂ" 'ਚ ਉਹਨਾ ਨੂੰ ਵੇਚਦੇ ਹਨ।

                 ਦੇਸ਼ ਵਿੱਚ ਔਰਤਾਂ ਨਾਲ ਹੁੰਦੇ ਵਿਭਚਾਰ, ਬਲਾਤਕਾਰ, ਅਪਰਾਧਾਂ ਸਬੰਧੀ ਰਿਪੋਰਟ ਤਾਂ ਦਰਦਨਾਕ ਹੈ ਹੀ, ਪਰ ਗੁਰੂਆਂ, ਪੀਰਾਂ, ਫਕੀਰਾਂ ਦੀ ਧਰਤੀ ਉਤੇ ਉਹਨਾ ਨਾਲ ਹੋ ਰਹੇ ਦੁਪਰਿਆਰੇ ਸਲੂਕ ਅਤੇ ਅਪਰਾਧਾਂ ਦੀ ਰਿਪੋਰਟ ਬਹੁਤ ਸ਼ਰਮਨਾਕ  ਹੈ। ਔਰਤਾਂ, ਬੱਚੀਆਂ ਨੂੰ ਜਿਸ ਸਤਿਕਾਰ ਨਾਲ ਪੰਜਾਬ ਵਿੱਚ ਵੇਖਿਆ ਜਾਂਦਾ ਹੈ ਅਤੇ ਗੁਰੂ ਸਾਹਿਬਾਨ ਵਲੋਂ "ਸੋ ਕਿਉਂ ਮੰਦਾ ਆਖੀਐ, ਜਿਤੁ ਜੰਮੇ ਰਾਜਾਨ" ਦਾ ਫੁਰਮਾਨ ਹੈ, ਉਥੇ ਔਰਤਾਂ ਦੀ ਇਹ ਦਸ਼ਾ ਦਰਦਨਾਕ ਹੈ। ਕੀ ਨਿੱਤ 15-18 ਮਹਿਲਾਵਾਂ ਦਾ ਪੰਜਾਬ 'ਚੋਂ ਗਾਇਬ ਹੋਣਾ ਸ਼ਰਮਨਾਕ ਨਹੀਂ? ਚੰਡੀਗੜ੍ਹ  ਵਰਗੇ ਸ਼ਹਿਰ ਵਿੱਚ ਜਿਥੇ ਲੋਕਾਂ ਤੋਂ ਵਧੇਰੇ ਨੈਤਿਕ ਕਦਰਾਂ ਕੀਮਤਾਂ ਦੀ ਤਵੱਜੋ ਕੀਤੀ ਜਾਂਦੀ ਹੈ, ਉਥੇ ਔਰਤਾਂ  ਦੀ ਵੱਡੀ ਗਿਣਤੀ ਦਾ ਅਗਵਾ ਤੇ ਗਾਇਬ ਹੋਣਾ ਕੀ ਸਭਿਅਕ ਸ਼ਹਿਰ ਦੇ ਮੱਥੇ  ਉਤੇ ਕਲੰਕ ਨਹੀਂ ਹੈ?

                 ਵੈਸੇ ਤਾ ਦੇਸ਼ ਭਾਰਤ ਸਭਿਆਕ ਹੋਣ ਦਾ ਦਾਅਵਾ ਕਰਦਾ ਹੈ, ਵਿਸ਼ਵ ਗੁਰੂ ਬਨਣ ਦੇ ਸੁਪਨੇ ਲੈਂਦਾ ਹੈ, ਪਰ ਭਾਰਤੀ ਸਮਾਜ ਵਿੱਚ ਛੂਆ- ਛੂਤ ਸਿਰੇ ਦੀ ਹੈ। ਅਛੂਤ ਸਮਝਕੇ ਕੁਝ ਮੰਦਰਾਂ 'ਚ ਉਹਨਾ ਦਾ ਦਾਖ਼ਲਾ ਨਹੀਂ ਹੋਣ ਦਿੱਤਾ ਜਾਂਦਾ। ਔਰਤਾਂ ਨੂੰ ਤਾਂ ਕੁਝ ਧਾਰਮਿਕ ਸਥਾਨਾਂ ਉਤੇ ਅੰਦਰ ਜਾਕੇ ਦਰਸ਼ਨ ਕਰਨ ਦੀ ਮਨਾਹੀ ਹੈ।

                 ਔਰਤ ਨੂੰ "ਪੈਰ ਦੀ ਜੁਤੀ" ਸਮਝਣ ਦਾ ਵਰਤਾਰਾ ਦੇਸ਼ ਦੇ ਕਈ ਭਾਗਾਂ 'ਚ ਹੈ। ਇਸ ਵਰਤਾਰੇ ਵਿਚੋਂ ਹੀ ਔਰਤਾਂ ਉਤੇ ਤਸ਼ੱਦਦ ਦੀ ਦਾਸਤਾਨ ਸ਼ੁਰੂ ਹੁੰਦੀ ਹੈ। ਉਹਨਾ ਉਤੇ ਜ਼ੁਲਮ ਹੁੰਦੇ ਹਨ। ਵੈਸੇ ਵੀ ਧਰਮ ਦੇ ਨਾਮ ਉਤੇ, ਦੇਸ਼ਾਂ ਦੇ ਨਾਅ ਉਤੇ ਜਦੋਂ ਜੰਗਾਂ ਹੁੰਦੀਆਂ ਹਨ, ਨਫ਼ਰਤੀ ਅੱਗ ਫੈਲਦੀ  ਹੈ, ਉਦੋਂ ਵੀ ਔਰਤਾਂ ਸਭ ਤੋਂ ਪਹਿਲਾਂ ਅਤੇ ਸਭ ਤੋਂ ਵਧ  ਨਿਸ਼ਾਨਾ ਬਣਦੀਆਂ ਹਨ। ਉਹਨਾ ਉਤੇ ਹੁੰਦੇ ਜਾਂ ਕੀਤੇ ਜਾਂਦੇ ਜ਼ੁਲਮਾਂ ਦਾ ਚਿੱਠਾਂ ਐਡਾ ਵੱਡਾ ਹੈ ਕਿ ਸ਼ਬਦਾਂ 'ਚ ਬਿਆਨ ਨਹੀਂ ਕੀਤਾ  ਜਾ ਸਕਦਾ ।

                 ਰਹੀ ਔਰਤਾਂ ਅਤੇ ਲੜਕੀਆਂ ਦੀ ਸੁਰੱਖਿਆ ਦੀ ਗੱਲ, ਅੱਜ ਵੀ ਉਹ ਸੜਕਾਂ ਉਤੇ ਬੇਖੋਫ ਨਹੀਂ ਘੁੰਮ ਸਕਦੀਆਂ। ਕਾਲਜਾਂ, ਸਕੂਲਾਂ ਬਾਹਰ ਖੜ੍ਹੇ ਮਨਚਲੇ ਤੱਨਜ ਕੱਸਦੇ ਹਨ। ਕਈ ਘਟਨਾਵਾਂ ਇਹੋ ਜਿਹੀਆਂ ਵਾਪਰਦੀਆਂ ਹਨ ਕਿ ਆਪਣੀਆਂ ਲੜਕੀਆਂ ਨੂੰ ਸੜਕਾਂ ਤੋਂ ਛੇੜਖਾਨੀਆਂ ਤੋਂ ਬਚਾਉਣ ਲਈ ਭਰਾਵਾਂ ਜਾਂ ਪਿਓ ਨੂੰ ਮੌਤ ਦੇ ਮੂੰਹ ਜਾਣਾ ਪਿਆ ਹੈ। ਇਸ ਕਿਸਮ ਦੀਆਂ ਵਾਪਰ ਰਹੀਆਂ ਘਟਨਾਵਾਂ ਸਾਡੇ  ਲਾਅ ਐਂਡ ਆਰਡਰ ਦੀ ਸਥਿਤੀ ਉਤੇ ਸਵਾਲ ਚੁੱਕਦੀਆਂ ਹਨ।

         ਸਰਕਾਰਾਂ ਨੂੰ ਔਰਤਾਂ ਦੀ ਸੁਰੱਖਿਆ ਪ੍ਰਤੀ ਵਧੇਰੇ ਚੇਤੰਨ ਹੋਣ ਦੀ ਲੋੜ ਹੈ ਤਾਂ ਕਿ ਉਹ ਬੇਝਿਜਕ ਹੋਕੇ ਸਮਾਜ 'ਚ ਵਿਚਰ ਸਕਣ।

        -ਗੁਰਮੀਤ ਸਿੰਘ ਪਲਾਹੀ

        -9815802070

ਬੋਲ ਕਿ ਲਬ ਆਜ਼ਾਦ ਹੈਂ ਤੇਰੇ - ਗੁਰਮੀਤ ਸਿੰਘ ਪਲਾਹੀ

ਮਨੀਪੁਰ , ਤੂੰ ਕਿਉਂ ਜਲ ਰਿਹੈਂ?


          ਮਨੀਪੁਰ ਵਿੱਚ ਦੋ ਕਬਾਇਲੀ ਮਹਿਲਾਵਾਂ ਨੂੰ ਇੱਕ ਪਿੰਡ ਵਿੱਚ ਵੱਡੇ ਹਜ਼ੂਮ ਵਲੋਂ ਨੰਗਿਆਂ ਕਰਕੇ ਘੁੰਮਾਇਆ ਗਿਆ। ਇਹ ਘਟਨਾ ਚਾਰ ਮਈ 2023 ਦੀ ਹੈ, ਜਿਹੜੀ ਇੱਕ ਵੀਡੀਓ ਰਾਹੀਂ ਹੁਣ ਵਾਇਰਲ ਹੋਈ ਹੈ। ਵਿਸ਼ਵ ਭਰ ਵਿੱਚ ਇਸ ਘਟਨਾ ਦੀ ਨਿੰਦਿਆਂ ਹੋਈ ਹੈ। 'ਮਹਾਨ ਦੇਸ਼ ਭਾਰਤ' ਸ਼ਰਮਸਾਰ ਹੋਇਆ ਹੈ।

          ਵੀਡੀਓ ਵਿਚਲੀਆਂ ਦੋ ਮਹਿਲਾਵਾਂ 'ਚੋਂ ਇੱਕ ਸਾਬਕਾ ਫੌਜੀ ਦੀ ਪਤਨੀ ਹੈ। ਇਸ ਫੌਜੀ ਨੇ ਕਾਰਗਿਲ ਜੰਗ ਲੜੀ ਸੀ। ਉਸਨੂੰ ਇਸ ਗੱਲ ਦਾ ਝੋਰਾ ਖਾ ਰਿਹਾ ਹੈ ਕਿ ਉਸਨੇ ਆਪਣੇ ਦੇਸ਼ ਨੂੰ ਤਾਂ ਮਹਿਫੂਜ਼ ਕਰ ਲਿਆ ਪਰ ਆਪਣੀ ਪਤਨੀ ਨੂੰ ਬੇਇੱਜ਼ਤ ਹੋਣ ਤੋਂ ਨਹੀਂ ਬਣਾ ਸਕਿਆ।

           ਇਸ ਮੁੱਦੇ ਦੇ ਵੀਡੀਓ ਵਾਇਰਲ ਹੁੰਦਿਆਂ ਹੀ ਸੁਪਰੀਮ  ਕੋਰਟ ਵਲੋਂ ਕੇਂਦਰ ਸਰਕਾਰ ਅਤੇ ਸੂਬਾ ਸਰਕਾਰ ਨੂੰ ਸਖ਼ਤ ਕਾਰਵਾਈ ਕਰਨ ਦੇ ਹੁਕਮ ਦਿੰਦਿਆਂ ਚਿਤਾਵਨੀ ਦਿੱਤੀ ਗਈ  ਕਿ ਜੇਕਰ ਉਹਨਾ ਵਲੋਂ ਕੋਈ ਐਕਸ਼ਨ ਨਾ ਲਿਆ ਗਿਆ ਤਾਂ ਸੁਪਰੀਮ ਕੋਰਟ ਆਪ ਕਾਰਵਾਈ ਕਰੇਗੀ। ਹੁਣ ਕੁਝ ਦਿਨਾਂ 'ਚ ਹੀ ਪੰਜ ਕਥਿਤ ਦੋਸ਼ੀ ਗ੍ਰਿਫ਼ਤਾਰ ਕਰ ਲਏ ਗਏ ਹਨ। ਦੋ ਮਹੀਨਿਆਂ ਤੋਂ ਵੱਧ ਸਮੇਂ ਬੀਤਣ ਬਾਅਦ ਵੀ ਆਖ਼ਰ ਸਰਕਾਰਾਂ ਨੇ ਕਾਰਵਾਈ ਕਿਉਂ ਨਹੀਂ ਕੀਤੀ? ਸਵਾਲ ਵੱਡਾ ਹੈ।

          ਮੌਨਸੂਨ ਸੈਸ਼ਨ ਦੇ ਸ਼ੁਰੂ ਹੋਣ ਦੇ ਪਹਿਲੇ ਦਿਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਘਟਨਾ ਦੀ ਨਿੰਦਿਆ ਕੀਤੀ ਅਤੇ ਕਿਹਾ ਕਿ ਉਹ ਬਹੁਤ ਗੁੱਸੇ 'ਚ ਹਨ ਅਤੇ ਇਹ ਘਟਨਾ ਸ਼ਰਮਨਾਕ ਹੈ। ਇਸ ਘਟਨਾ ਸਬੰਧੀ ਵਿਸ਼ਵ ਪ੍ਰਸਿੱਧ ਅਖ਼ਬਾਰ 'ਦੀ ਟੈਲੀਗ੍ਰਾਫ' ਨੇ ਪਹਿਲੇ ਸਫ਼ੇ 'ਤੇ ਮਗਰਮੱਛ ਦੀ ਫੋਟੋ ਛਾਪਕੇ 79 ਦਿਨਾਂ ਦੀ ਕਾਰਵਾਈ ਛਾਪਕੇ ਲਿਖਿਆ ਹੈ ਕਿ ਆਖ਼ਰ ਘਟਨਾ ਦੇ 79 ਵੇਂ ਦਿਨ ਮਨੀਪੁਰ, ਜੋ ਜਲ ਰਿਹਾ ਹੈ, ਸਬੰਧੀ 'ਮਗਰਮੱਛ ਦੇ ਹੰਝੂ' ਵਹਾਏ ਗਏ ਹਨ। ਇਹ ਅੱਥਰੂ ਕਿਸਦੇ ਹਨ,  ਹਰ ਕੋਈ ਸਮਝ ਸਕਦਾ ਹੈ।

          ਮਨੀਪੁਰ ਦੇ ਮੁੱਖ ਮੰਤਰੀ ਐਨ.ਬੀਰੇਨ ਨੇ ਮਨੀਪੁਰ 'ਚ ਵਾਪਰੀਆਂ ਘਟਨਾਵਾਂ ਸਬੰਧੀ ਕਿਹਾ ਕਿ ਸੂਬੇ ਮਨੀਪੁਰ 'ਚ ਇਹਨਾ ਦਿਨਾਂ 'ਚ ਸੈਂਕੜੇ ਘਟਨਾਵਾਂ ਵਾਪਰੀਆਂ ਹਨ। ਉਹਨਾ ਕਿਹਾ ਕਿ ਇਹਨਾ ਘਟਨਾਵਾਂ ਸਬੰਧੀ ਐਫ.ਆਈ.ਆਰ.(ਮੁਢਲੀਆਂ ਰਿਪੋਰਟਾਂ) ਦਰਜ਼ ਕੀਤੀਆਂ ਗਈਆਂ ਹਨ।

          ਪਰ ਜਿਸ ਢੰਗ ਨਾਲ ਮਨੀਪੁਰ 'ਚ ਪੁਲਿਸ/ ਸਿਵਲ ਪ੍ਰਸਾਸ਼ਨ ਕੰਮ ਕਰ ਰਹੀ ਹੈ, ਉਸਦੀ ਇੱਕ ਮਿਸਾਲ ਇਹ ਹੈ ਕਿ ਇੱਕ ਕਬਾਇਲੀ ਮਹਿਲਾ ਨੇ ਸੈਕੁਲ ਥਾਣੇ 'ਚ ਸ਼ਿਕਾਇਤ ਦਰਜ਼ ਕਰਵਾਈ ਸੀ, ਜਿਸ 'ਚ ਕਿਹਾ ਗਿਆ ਸੀ ਕਿ ਚਾਰ ਮਈ 2023 ਨੂੰ ਕੋਨੂ ਮਾਰਗ ਨੇੜੇ ਕਿਰਾਏ ਦੇ ਮਕਾਨ 'ਚ ਉਸਦੀ 21 ਸਾਲਾ ਧੀ ਅਤੇ ਧੀ ਦੀ 24 ਸਾਲਾ ਦੋਸਤ ਦਾ ਜਬਰ ਜਨਾਹ ਕੀਤਾ ਗਿਆ ਅਤੇ ਫਿਰ ਉਸ ਦੀ ਹੱਤਿਆ ਕਰ ਦਿੱਤੀ ਗਈ। ਪੁਲਿਸ ਵਲੋਂ ਇਸ ਸਬੰਧੀ 16 ਮਈ 2023 ਨੂੰ ਐਫ.ਆਈ.ਆਰ. ਦਰਜ ਕੀਤੀ ਗਈ। ਇਸ ਔਰਤ ਨੇ ਦੋਸ਼ ਲਾਇਆ ਕਿ 4 ਮਈ 2023 ਨੂੰ ਦੋਵਾਂ ਲੜਕੀਆਂ ਨਾਲ ਬਹੁ-ਗਿਣਤੀ ਭਾਈਚਾਰੇ ਦੇ ਨਾਲ ਸਬੰਧਤ ਵਿਅਕਤੀਆਂ ਨੇ ਜਬਰ ਜਨਾਹ ਕੀਤਾ। ਪਰ ਸਮੂਹਿਕ ਜਬਰ ਜਨਾਹ ਨਾਲ ਸਬੰਧਤ ਧਾਰਾ, ਕੇਸ ਦਰਜ਼ ਕਰਨ ਲੱਗਿਆਂ, ਦਰਜ਼ ਨਹੀਂ ਕੀਤੀ ਗਈ, ਪੁਲਿਸ ਵਲੋਂ ਮਾਮਲਾ ਦਬਾਉਣ ਦੀ ਕੋਸ਼ਿਸ਼ ਹੋਈ ਹੈ।

          ਮਨੀਪੁਰ 'ਚ ਹਿੰਸਾ ਦੌਰਾਨ 150 ਤੋਂ ਵੱਧ ਲੋਕ ਮਾਰੇ ਜਾ ਚੁੱਕੇ ਹਨ। 5000 ਘਰ ਸਾੜੇ ਜਾ ਚੁੱਕੇ ਹਨ। 60,000 ਲੋਕ ਘਰ ਛੱਡਕੇ ਹੋਰ ਸੁਰੱਖਿਅਤ ਥਾਵਾਂ 'ਤੇ ਨਿਵਾਸ ਕਰ ਰਹੇ ਹਨ। ਮਨੀਪੁਰ ਹਿੰਸਾ ਨਾਲ ਝੰਭਿਆ ਪਿਆ ਹੈ। ਮਨੀਪੁਰ 'ਚ ਪਿਛਲੇ ਕੁਝ ਮਹੀਨਿਆਂ ਤੋਂ ਕੁਕੀ ਅਤੇ ਮੈਤੇਈ ਭਾਈਚਾਰਿਆਂ ਵਿਚਕਾਰ ਟਕਰਾਅ ਚੱਲ ਰਿਹਾ ਹੈ। ਨਫ਼ਰਤ, ਸਾੜੇ ਦੇ ਬੱਦਲ ਪੂਰੇ ਮਨੀਪੁਰ 'ਤੇ ਛਾਏ ਹੋਏ ਹਨ। ਆਖਰ ਕੌਣ ਜ਼ਿੰਮੇਵਾਰ ਹੈ ਇਸ ਨਫ਼ਰਤੀ ਮਾਹੌਲ ਦਾ?

          ਮਨੀਪੁਰ 'ਚ ਘਟਨਾਵਾਂ ਤਾਂ ਸੈਂਕੜੇ ਵਾਪਰੀਆਂ ਹਨ ਜਾਂ ਵਾਪਰ ਰਹੀਆਂ ਹਨ ਪਰ ਔਰਤਾਂ ਉਤੇ ਜਬਰ ਜਨਾਹ ਦੀਆਂ ਘਟਨਾਵਾਂ 1984 'ਚ ਦਿੱਲੀ ਅਤੇ ਹੋਰ ਸ਼ਹਿਰਾਂ 'ਚ ਵਾਪਰੀਆਂ ਇਹੋ ਜਿਹੀਆਂ ਘਟਨਾਵਾਂ ਦੀ ਯਾਦ ਤਾਜਾ ਕਰ ਰਹੀਆਂ ਹਨ, ਜਦੋਂ ਸਿੱਖਾਂ ਦਾ ਕਤਲੇਆਮ ਇਸੇ ਕਿਸਮ ਦੀਆਂ ਭੀੜਾਂ ਵਲੋਂ ਕੀਤਾ ਗਿਆ, ਉਹਨਾ ਦੇ ਘਰ ਸਾੜੇ ਗਏ। ਗਲਾਂ 'ਚ ਟਾਇਰ ਪਾਕੇ ਅੱਗ ਲਾਕੇ ਉਹਨਾ ਨੂੰ ਸਾੜਿਆ ਗਿਆ। ਸਿੱਖ ਔਰਤਾਂ ਨਾਲ ਸ਼ਰੇਆਮ ਬਲਤਕਾਰ ਹੋਏ। ਸੜਕਾਂ ਉਤੇ ਸ਼ਰੇਆਮ ਦਹਿਸ਼ਤੀ ਮਾਹੌਲ ਬਣਾਇਆ ਗਿਆ। ਇਹ ਸਭ ਕੁਝ ਹਾਕਮ ਧਿਰਾਂ ਦੇ ਪਾਲੇ "ਯੋਧਿਆਂ" ਦੀ ਕਮਾਨ ਹੇਠ ਹੋਇਆ।

          ਮਨੀਪੁਰ ਦੀਆਂ ਘਟਨਾਵਾਂ ਵੀ "ਹਾਕਮ ਟੋਲੇ" ਦੀ ਸ਼ਹਿ ਉਤੇ ਹੋਣ ਦੇ ਸਪਸ਼ਟ ਸੰਕੇਤ ਹਨ, ਕਿਉਂਕਿ ਜਿਹਨਾ ਦੋ ਔਰਤਾਂ ਨੂੰ ਨੰਗੇ ਘੁਮਾਇਆ ਗਿਆ, ਉਹਨਾ ਨੂੰ ਪਹਿਲਾਂ ਪੁਲਿਸ ਨੇ ਆਪਣੇ ਗੱਡੀ 'ਚ ਬੈਠਾਇਆ, ਫਿਰ ਥੋੜ੍ਹੀ ਦੇਰ ਬਾਅਦ 'ਚ ਭੀੜ ਦੇ ਹਵਾਲੇ ਕਰ ਦਿੱਤਾ ਗਿਆ। ਇਸ ਸਬੰਧੀ ਪੀੜਤ ਔਰਤਾਂ ਨੇ ਆਪਣੀ ਦਰਦ ਕਹਾਣੀ ਬਿਆਨ ਕੀਤੀ ਹੈ।

          ਜਦੋਂ ਮਨੀਪੁਰ ਸੜ ਰਿਹਾ ਸੀ। ਕੇਂਦਰ ਸਰਕਾਰ ਚੁੱਪ ਰਹੀ। ਸਰਕਾਰੀ ਅਸਲਾ ਖਾਨੇ ਵਿਚੋਂ 4000 ਸਵੈਚਾਲਿਤ ਹਥਿਆਰ ਅਤੇ ਗੋਲੀ ਬਰੂਦ ਲੁੱਟ ਲਿਆ ਗਿਆ, ਪਰ ਸੁਰੱਖਿਆ ਬਲ ਹੱਥ 'ਤੇ ਹੱਥ ਧਰਕੇ ਬੈਠੇ ਰਹੇ। ਦੇਸ਼ ਦੇ ਗ੍ਰਹਿ ਮੰਤਰੀ ਇੱਕ ਵੇਰ ਮਨੀਪੁਰ ਦੇ ਦੌਰੇ 'ਤੇ ਗਏ ਪਰ ਕੋਈ ਸਖ਼ਤ ਕਦਮ ਨਹੀਂ ਚੁੱਕਿਆ, ਜਿਸ ਨਾਲ ਘਟਨਾਵਾਂ 'ਤੇ ਕਾਬੂ ਪਾਇਆ ਜਾ ਸਕੇ। ਆਖ਼ਿਰ ਉਪਰਲੀ, ਹੇਠਲੀ ਸਰਕਾਰ ਨੇ ਇਹਨਾ  ਘਟਨਾਵਾਂ 'ਤੇ ਚੁੱਪੀ ਕਿਉਂ ਵੱਟੀ ਰੱਖੀ?

          ਮਨੀਪੁਰ, ਭਾਰਤ ਦੇ ਉੱਤਰ,ਪੂਰਬ ਵਿੱਚ ਸਰਹੱਦੀ ਸੂਬਾ ਹੈ, ਜਿਸ ਦੀ 352 ਕਿਲੋਮੀਟਰ ਹੱਦ ਅੰਤਰਰਾਸ਼ਟਰੀ ਸਰਹੱਦਾਂ ਨਾਲ ਲਗਦੀ ਹੈ। ਇਸ ਦੇ ਉੱਤਰ ਵਿੱਚ ਨਾਗਾਲੈਂਡ, ਦੱਖਣ 'ਚ ਮੀਜ਼ੋਰਮ, ਪੂਰਬ 'ਚ ਮੀਆਂਮਾਰ ਅਤੇ ਪੱਛਮ 'ਚ ਆਸਾਮ ਦਾ ਇੱਕ ਜਿਲਾ ਕੱਚਰ ਲਗਦਾ ਹੈ।

          ਮੌਜੂਦਾ ਘਟਨਾਵਾਂ ਦਾ ਆਰੰਭ ਉਸ ਵੇਲੇ ਹੋਇਆ ਜਦੋਂ ਸੂਬੇ ਦੇ ਦੋ ਗਰੁੱਪਾਂ ਕੁੱਕੀ ਅਤੇ ਮੈਤੇਈ ਗਰੁੱਪਾਂ 'ਚ ਹਿੰਸਕ ਝੜਪਾਂ ਤਿੰਨ ਮਈ 2023 ਨੂੰ ਆਰੰਭ ਹੋਈਆਂ। ਆਪਸੀ ਝੜਪਾਂ ਦਾ ਤਤਕਾਲੀ ਕਾਰਨ ਇਹ ਬਣਿਆ ਕਿ ਜਿਸ ਕੁੱਕੀ ਭਾਈਚਾਰੇ ਅਤੇ ਨਾਗਾ ਕਬੀਲਿਆਂ ਨੂੰ ਸ਼ਡਿਊਲਡ ਕਬੀਲੇ ਮੰਨਕੇ ਸਰਕਾਰ ਵਲੋਂ ਸਹੂਲਤਾਂ ਮਿਲਦੀਆਂ ਸਨ, ਉਹਨਾ ਵਿੱਚ  ਮੈਤੇਈ ਕਬੀਲਿਆਂ ਨੂੰ ਵੀ ਸ਼ਾਮਲ ਕਰ ਲਿਆ ਗਿਆ ਤਾਂ ਕਿ ਉਹਨਾ ਨੂੰ ਵੀ ਬਣਦੇ ਆਰਥਿਕ ਲਾਭ ਮਿਲ ਸਕਣ। ਮੈਤੇਈ ਭਾਈਚਾਰਾ ਪਿਛਲੇ ਇੱਕ ਦਹਾਕੇ ਤੋਂ ਇਸਦੀ ਮੰਗ ਕਰ ਰਿਹਾ ਸੀ।

          ਇਸ ਮੰਗ ਨੂੰ ਅਪ੍ਰੈਲ 2023 ਨੂੰ ਉਦੋਂ ਬੱਲ ਮਿਲਿਆ ਜਦੋਂ ਮਨੀਪੁਰ ਹਾਈਕੋਰਟ ਨੇ ਸਰਕਾਰ ਨੂੰ ਸਿਫਾਰਸ਼ ਕੀਤੀ ਕਿ ਇਹ ਮੰਗ ਮੰਨੀ ਜਾਏ। ਅਤੇ ਇਸੇ ਸਾਲ ਮਈ ਦੇ ਅੱਧ ਤੱਕ ਲਾਗੂ ਕੀਤੀ ਜਾਵੇ। ਇਸ ਤਹਿਤ ਮੈਤੇਈ ਕਬੀਲੇ ਨੂੰ ਸਿੱਖਿਆ ਅਤੇ ਸਰਕਾਰੀ ਨੌਕਰੀਆਂ 'ਚ ਹਿੱਸਾ ਮਿਲ ਜਾਣਾ ਹੈ, ਜਿਹੜਾ ਪਹਿਲਾਂ ਸਿਰਫ਼ ਕੁੱਕੀ ਅਤੇ ਨਾਗਾ ਕਬੀਲਿਆਂ ਨੂੰ ਮਿਲਦਾ ਹੈ।

          ਕੁੱਕੀ ਅਤੇ ਨਾਗਾ ਕਬੀਲੇ ਪਹਾੜੀ ਹਿੱਸੇ 'ਚ ਰਹਿੰਦੇ ਹਨ ਜਿਹੜੇ ਕੁੱਲ ਮਨੀਪੁਰ ਆਬਾਦੀ ਦਾ 43 ਫ਼ੀਸਦੀ ਹਨ ਅਤੇ ਉਸ ਖਿੱਤੇ 'ਚ ਰਹਿੰਦੇ ਹਨ ਜਿਹੜਾ ਕਿ ਵਿਕਸਤ ਨਹੀਂ ਹੈ ਜਦਕਿ ਮੈਤੇਈ ਕਬੀਲੇ ਦੇ ਲੋਕ (ਜਿਹਨਾ ਦੀ ਆਬਾਦੀ ਸੂਬੇ ਦੀ ਆਬਾਦੀ 'ਚੋਂ ਅੱਧ ਤੋਂ ਵੱਧ ਹੈ) ਵਿਕਸਿਤ ਇਲਾਕਿਆਂ 'ਚ ਰਹਿੰਦੇ ਹਨ।

          ਮਨੀਪੁਰ ਸੂਬੇ 'ਚ ਭਾਰਤੀ ਜਨਤਾ ਪਾਰਟੀ ਦਾ ਰਾਜ ਸਾਸ਼ਨ ਹੈ। ਅਤੇ ਇਥੋਂ ਦਾ ਮੁੱਖ ਮੰਤਰੀ ਬੀਰੇਨ ਸਿੰਘ, ਮੈਤੇਈ ਕਬੀਲੇ ਦਾ ਹੈ ਅਤੇ ਕੁੱਕੀ ਕਬੀਲੇ ਦੇ ਲੋਕਾਂ ਦਾ ਇਲਜ਼ਾਮ ਹੈ ਕਿ ਇਹ ਸਭ ਕੁਝ ਦੇ ਪਿੱਛੇ ਮੈਤੇਈ ਮੁੱਖ ਮੰਤਰੀ ਬੀਰੇਨ ਸਿੰਘ ਦੀ ਸਾਜ਼ਿਸ਼ ਹੈ ਅਤੇ ਉਹ ਹੀ ਇਹੋ ਜਿਹੀਆਂ ਘਟਨਾਵਾਂ ਖ਼ਾਸ ਕਰਕੇ ਪੁਲਿਸ ਪ੍ਰਾਸਾਸ਼ਨ ਨੂੰ ਚੁੱਪ ਕਰਾਉਣ-ਕਰਨ ਦੇ ਜ਼ਿੰਮੇਵਾਰ ਹਨ, ਜਿਹਨਾ ਦੀ ਸੂਬੇ 'ਚ ਸ਼ਾਂਤੀ ਬਹਾਲ ਕਰਨ ਦੀ ਜ਼ਿੰਮੇਵਾਰੀ ਹੈ।

          ਇਸ ਵੇਲੇ ਮਨੀਪੁਰ ਗ੍ਰਹਿ ਯੁੱਧ ਝੱਲ ਰਿਹਾ ਹੈ। ਬਾਵਜੂਦ ਵੱਡੀ ਗਿਣਤੀ ਪੈਰਾ ਮਿਲਟਰੀ ਫੋਰਸਿਸ ਦੀ ਤਾਇਨਾਤੀ ਦੇ ਪੁਲਿਸ ਅਸਲਾ ਲੁੱਟਿਆ ਗਿਆ ਹੈ, ਸੈਂਕੜੇ ਚਰਚ ਅਤੇ ਇੱਕ ਦਰਜਨ ਮੰਦਿਰ ਅਤੇ ਗਏ ਹਨ।ਨਾਗਾ ਅਤੇ ਕੁੱਕੀ ਕਬੀਲਾ ਈਸਾਈ ਹੈ, ਮੈਤੇਈ ਬਹੁਤਾ ਕਰਕੇ ਹਿੰਦੂ ਹਨ, ਪਰ ਮੌਜੂਦਾ ਸੰਘਰਸ਼ ਧਾਰਮਿਕ  ਨਹੀਂ ਹੈ।

          ਭਾਵੇਂ ਲੰਮੇ ਸਮੇਂ ਤੋਂ ਮੈਤੇਈ, ਕੁੱਕੀ, ਨਾਗਾ ਕਬੀਲੇ ਇੱਕ-ਦੂਜੇ ਨਾਲ ਵੈਰ ਵਿਰੋਧ ਦੇ ਹੁੰਦਿਆਂ ਵੀ ਆਪਣੇ ਲਈ ਹੋਮ ਲੈਂਡ ਲਈ ਭਾਰਤ ਦੇ ਸੁਰੱਖਿਆ ਬਲਾਂ ਨਾਲ ਲੜਦੇ ਰਹੇ ਹਨ, ਪਰ ਹੁਣ ਵਾਲੀਆਂ ਘਟਨਾਵਾਂ ਪਿੱਛੇ ਹੋਰ ਵੀ ਵੱਡੇ ਕਾਰਨ ਹਨ, ਜਿਹਨਾ ਵਿੱਚ ਨੌਜਵਾਨਾਂ ਦੀ ਬੇਰੁਜ਼ਗਾਰੀ ਅਤੇ ਉਹਨਾ ਵਿੱਚ ਫੈਲੀ ਅਸੰਤੁਸ਼ਟਤਾ ਹੈ। ਇਹ ਮਨੀਪੁਰ ਦੇ ਸਾਰੇ ਵਰਗਾਂ ਦੇ ਲੋਕਾਂ 'ਚ ਹੈ। ਭਾਵੇਂ ਉਹ ਕਿਸੇ ਵੀ ਕਬੀਲੇ ਦੇ ਹਨ।

           ਜਿਹੋ ਜਿਹੀ ਗੰਭਿਰ ਸਥਿਤੀ ਮਨੀਪੁਰ ਵਿੱਚ ਬਣੀ ਹੋਈ ਹੈ, ਉਹ ਚਿੰਤਾ ਜਨਕ ਹੈ। ਇਹੋ ਜਿਹੇ ਸਮਿਆਂ 'ਚ ਹਾਕਮਾਂ ਦੀ ਚੁੱਪੀ ਪ੍ਰੇਸ਼ਾਨ ਕਰਦੀ ਹੈ। ਦੇਸ਼ ਵਿੱਚ ਘੱਟ ਗਿਣਤੀ ਨੂੰ ਸਬਕ ਸਿਖਾਉਣ ਦਾ ਜੋ ਵਰਤਾਰਾ ਚਲ ਰਿਹਾ ਹੈ, ਉਸਦੀ ਝਲਕ ਮਨੀਪੁਰ 'ਚ ਵਿਖਾਈ ਦੇ ਰਹੀ ਹੈ।

          ਮਨੀਪੁਰ ਵਿੱਚ ਵਸਦੇ ਕੁਕੀ ਤੇ ਮੈਤੇਈ ਭਾਈਚਾਰਿਆਂ 'ਚ ਸ਼ੱਕ, ਨਫ਼ਰਤ, ਹਿੰਸਾ ਦਾ ਮਾਹੌਲ ਹੈ। ਇਸੇ ਕਰਕੇ ਲਗਾਤਾਰ ਘਟਨਾਵਾਂ ਵਾਪਰ ਰਹੀਆਂ ਹਨ ਅਤੇ ਦਿਨੋ-ਦਿਨ ਵੱਧ ਰਹੀਆਂ ਹਨ। ਦੋਹਾਂ ਧਿਰਾਂ 'ਚ ਆਪਸੀ ਭਰੋਸਾ ਪੈਦਾ ਕਰਨ ਦੇ ਕੋਈ ਯਤਨ ਨਹੀਂ ਹੋ ਰਹੇ। ਨਾ ਸਰਕਾਰੀ, ਨਾ ਹੀ ਗੈਰ ਸਰਕਾਰੀ, ਨਾ ਸਿਆਸੀ।

          ਸਵਾਲਾਂ ਦਾ ਸਵਾਲ ਇਹ ਹੈ ਕਿ ਭਾਰਤ ਦਾ ਗ੍ਰਹਿ ਵਿਭਾਗ ਇਹਨਾ ਵਾਪਰੀਆਂ ਘਟਨਾਵਾਂ 'ਤੇ ਚੁੱਪ ਕਿਉਂ ਹੈ? ਕੀ ਜੇਕਰ ਇਹ ਮਹਿਲਾਵਾਂ ਵਾਲੀ ਵੀਡੀਓ ਵਾਇਰਲ ਨਾ ਹੁੰਦੀ ਤਾਂ ਕੀ ਦੇਸ਼ ਦਾ ਪ੍ਰਧਾਨ ਮੰਤਰੀ ਚੁੱਪ ਹੀ ਬੈਠਾ ਰਹਿੰਦਾ? ਉਹ 79ਵੇਂ ਦਿਨ ਹੀ 4 ਮਈ ਦੀ ਸ਼ਰਮਨਾਕ ਘਟਨਾ 'ਤੇ ਕਿਉਂ ਬੋਲਿਆ?

           4 ਮਈ 2023 ਦੀ ਘਟਨਾ ਸਬੰਧੀ ਦੇਸ਼ ਦਾ ਮੀਡੀਆ ਚੁੱਪ ਕਿਉਂ ਬੈਠਾ ਰਿਹਾ? ਕੀ ਦੇਸ਼ ਦੀਆਂ ਸਮਾਚਾਰ ਏਜੰਸੀਆਂ, ਵੱਡੇ-ਵੱਡੇ ਪ੍ਰਿੰਟ ਮੀਡੀਆ ਦੇ ਅਖ਼ਬਾਰ, ਚੈਨਲ ਇਹਨਾ ਘਟਨਾਵਾਂ ਦੀ ਥਾਹ ਹੀ ਨਾ ਪਾ ਸਕੇ?

ਗੋਦੀ ਮੀਡੀਆ ਨੇ ਤਾਂ ਚੁੱਪ  ਵੱਟ ਕੇ ਬੈਠੇ ਹੀ ਰਹਿਣਾ ਸੀ, ਪਰ ਦੂਜਾ ਮੀਡੀਆ ਵੀ ਇਹੋ ਜਿਹੀਆਂ ਘਟਨਾਵਾਂ ਨੂੰ ਲੋਕਾਂ ਸਾਹਮਣੇ ਕਿਉਂ ਨਹੀਂ ਲੈ ਕੇ ਆ ਸਕਿਆ? ਆਖ਼ਰ ਸੋਸ਼ਲ ਮੀਡੀਆ ਹੀ ਇਹੋ ਜਿਹੀਆਂ ਸ਼ਰਮਨਾਕ ਘਟਨਾਵਾਂ ਉਤੋਂ ਪਰਦਾ ਚੁੱਕ ਸਕਿਆ ਹੈ।

          ਇਥੇ ਹੈਰਾਨੀ ਵਾਲਾ ਸਵਾਲ ਸਿਆਸੀ ਆਗੂਆਂ ਨੂੰ ਵੀ ਪੁੱਛਿਆ ਜਾਣਾ ਬਣਦਾ ਹੈ ਅਤੇ ਸਮਾਜਿਕ ਸੰਸਥਾਵਾਂ ਨੂੰ ਵੀ ਕਿ ਉਹ ਮਨੁੱਖ ਮਾਰੂ ਔਰਤ ਵਿਰੋਧੀ, ਨਫਰਤ ਫੈਲਾਉਣ ਵਾਲੇ ਲੋਕਾਂ ਵਿਰੁੱਧ ਸਮੇਂ ਸਿਰ ਕਿਉਂ ਨਾ ਬੋਲ ਸਕੇ? ਕੀ ਇਸ ਘਟਨਾਵਾਂ ਦੀ ਸੂਚਨਾ ਉਹਨਾ ਤੱਕ ਪਹਿਲਾਂ ਨਹੀਂ ਪਹੁੰਚੀ? ਜਾਪਦਾ ਹੈ ਮਨੁੱਖ ਦਾ ਲਹੂ ਸਫੈਦ ਹੋ ਗਿਆ ਹੈ।

          ਸਵਾਲ ਤਾਂ ਇਹ  ਵੀ ਹੈ ਕਿ ਕਿਉਂ ਸਾਡੇ ਸਮਾਜ ਨੇ ਰੂੜੀ ਵਾਦੀ, ਭਰਾ ਮਾਰੂ, ਨਫਰਤੀ ਵਰਤਾਰੇ ਨੂੰ ਧਰਮ, ਜਾਤ ਦੇ ਨਾਅ 'ਤੇ ਵਧਣ ਫੁੱਲਣ ਦਿੱਤਾ  ਹੋਇਆ ਹੈ? ਕਿਉਂ ਦੇਸ਼ ਦਾ ਬੁੱਧੀਜੀਵੀ, ਲੇਖਕ, ਸਭਿਅਕ ਆਗੂ, ਚੇਤੰਨ ਲੋਕ, ਭਾਰਤੀ ਪਰੰਪਰਾਵਾਂ ਦੇ ਹਿੱਤ 'ਚ ਬੋਲਣ ਦੀ ਥਾਂ ਡਰ ਦੇ ਮਾਹੌਲ 'ਚ ਜੀਊਣਾ ਸਿੱਖ ਰਹੇ ਹਨ।

          ਫਿਲਾਸਫਰ ਸਾਰਤਰ ਦੇ ਸ਼ਬਦ ਯਾਦ ਆਉਂਦੇ ਹਨ, " ਸੱਤਾਧਾਰੀ, ਸਾਡੀਆਂ ਜਬਾਨਾਂ ਬੰਦ ਕਰਨ 'ਤੇ ਲੱਗੇ ਹੋਏ ਹਨ। ਅਸੀਂ ਚੁੱਪ ਹਾਂ। ਅਸੀਂ ਹਰ ਵੇਲੇ ਕੈਦ, ਜਲਾਵਤਨੀ ਤੇ ਮੌਤ ਬਾਰੇ ਸੋਚਣ 'ਤੇ ਮਜ਼ਬੂਰ ਕਰ ਦਿੱਤੇ ਗਏ ਹਾਂ। ਅੱਜ ਹਰ ਪਾਸੇ-ਕੰਧਾਂ 'ਤੇ, ਅਖ਼ਬਾਰਾਂ ਵਿੱਚ, ਮੀਡੀਆ ਤੇ,  ਸਾਨੂੰ ਆਪਣੀ ਬੇਪੱਤੀ ਵਾਲੀ ਤਸਵੀਰ  ਵੇਖਣ ਨੂੰ ਮਿਲ ਰਹੀ ਹੈ, ਜੋ ਕਿ ਸਾਡੇ ਹੁਕਮਰਾਨਾ ਸਾਨੂੰ ਕਬੂਲ ਕਰਾਉਣਾ ਚਾਹੁੰਦੇ ਹਨ।"

ਇਹ ਸਭ ਕੁਝ ਕਦੇ ਫਰਾਂਸ 'ਚ ਵਾਪਰਦਾ ਸੀ, ਅੱਜ ਇਥੇ ਵਾਪਰ ਰਿਹਾ ਹੈ। ਕੀ ਭਾਰਤੀ  ਬੇਬਸ ਹੋ ਗਏ ਹਨ।

"ਬੋਲ ਕਿ ਲਬ ਆਜ਼ਾਦ ਹੈਂ ਤੇਰੇ,

ਬੋਲ ਜ਼ਬਾਂ ਅਬ ਤਕ ਤੇਰੀ ਹੈ,"- ਫ਼ੈਜ਼ ਅਹਿਮਦ ਫ਼ੈਜ਼

 -ਗੁਰਮੀਤ ਸਿੰਘ ਪਲਾਹੀ
-9815802070

ਹੜ੍ਹਾਂ ਦਾ ਕਹਿਰ, ਨੇਤਾਵਾਂ ਦੀ ਅਸੰਵੇਦਨਸ਼ੀਲਤਾ - ਗੁਰਮੀਤ ਸਿੰਘ ਪਲਾਹੀ

ਦੇਸ਼ 'ਚ ਹੜ੍ਹਾਂ ਨਾਲ ਮਰਨ ਵਾਲਿਆਂ ਦਾ ਅੰਕੜਾ ਵੇਖ-ਪੜ੍ਹਕੇ ਕਲੇਜਾ ਮੂੰਹ ਨੂੰ ਆਉਂਦਾ ਹੈ। ਪਰ ਨੇਤਾ ਲੋਕ ਇੰਨੇ ਅਸੰਵੇਦਨਸ਼ੀਲ ਹੋ ਗਏ ਹਨ ਕਿ ਉਹਨਾ ਦਾ ਦਿਲ ਨਾ ਹੀ ਦਿਹਲਦਾ ਹੈ, ਨਾ ਹੀ ਪਸੀਜਦਾ ਹੈ। ਉਹ ਤਾਂ ਹੈਲੀਕਾਪਟਰ 'ਤੇ ਚੜ੍ਹਦੇ ਹਨ, ਦੌਰੇ ਕਰਦੇ ਹਨ, ਇਸ ਨਾਲ ਹੀ ਉਹ ਆਪਣੀ ਜ਼ੁੰਮੇਵਾਰੀ ਪੂਰੀ ਹੋ ਗਈ ਸਮਝਦੇ ਹਨ।

          ਹਾਕਮਾਂ ਦੇ ਹੜ੍ਹਾਂ ਦਰਮਿਆਨ ਬਿਆਨ ਆਉਂਦੇ ਹਨ, ਵਿਰੋਧੀ ਧਿਰ ਦੇ ਨੇਤਾਵਾਂ ਦੇ ਬਿਆਨ ਵੀ ਚਮਕਦੇ ਹਨ। ਫਿਰ ਹੜ੍ਹ ਦਾ ਪਾਣੀ ਉਤਰ ਜਾਂਦਾ ਹੈ। ਬਿਆਨ ਵੀ ਮੱਧਮ ਹੋ ਜਾਂਦੇ ਹਨ। ਇਹਨਾ ਹੜ੍ਹਾਂ ਤੋਂ ਬਚਾਅ ਦਾ ਪੱਕਾ ਪ੍ਰਬੰਧ ਉਹਨਾ ਨੇ ਹੀ ਕਰਨਾ ਹੈ, ਉਹ ਇਹ ਭੁੱਲ ਹੀ ਜਾਂਦੇ ਹਨ। ਨੇਤਾ, ਲੋਕਾਂ ਨੂੰ ਰਾਹਤ ਦੇਣ ਦੀ ਥਾਂ, ਇੱਕ-ਦੂਜੇ ਨੂੰ ਦੋਸ਼ੀ ਠਹਿਰਾਅ ਕੇ, ਆਪਣੀ ਜਵਾਬਦੇਹੀ ਤੋਂ ਪੱਲਾ ਛੁਡਾ ਰਹੇ ਹਨ।

          ਹੜ੍ਹਾਂ ਨਾਲ ਨੁਕਸਾਨ ਲਗਾਤਾਰ ਵੱਧ ਰਿਹਾ ਹੈ। ਇਸਦਾ ਵੱਡਾ ਕਾਰਨ ਇਹ ਹੈ ਕਿ ਡੁੱਬ ਰਹੇ ਖੇਤਰਾਂ ਵਿੱਚ ਪਿਛਲੇ ਕੁਝ ਵਰ੍ਹਿਆਂ ਦੌਰਾਨ ਆਰਥਿਕ ਗਤੀਵਿਧੀਆਂ ਬਹੁਤ ਵਧ ਗਈਆਂ ਹਨ ਅਤੇ ਨਵੀਆਂ, ਵੱਡੀਆਂ ਇਨਸਾਨੀ ਬਸਤੀਆਂ ਵਸ ਰਹੀਆਂ ਹਨ। ਇਸ ਨਾਲ ਨਦੀਆਂ ਦੇ ਡੁੱਬ ਰਹੇ ਖੇਤਰ ਵਿੱਚ ਆਉਣ ਵਾਲੇ ਲੋਕ ਦਾ ਹੜ੍ਹ ਦਾ ਸ਼ਿਕਾਰ ਹੋਣ ਦਾ ਖਦਸ਼ਾ ਸਾਲੋ-ਸਾਲ ਵਧਦਾ ਜਾ ਰਿਹਾ ਹੈ। ਜੇਕਰ ਨਦੀਆਂ ਦੇ ਕੁਦਰਤੀ ਵਹਾਅ ਦੇ ਰਸਤੇ ਬਨਾਉਣਾ ਜਾਂ ਸੁਰੱਖਿਅਤ ਕਰਨਾ ਸਰਕਾਰਾਂ ਦੇ ਅਜੰਡੇ 'ਤੇ ਹੁੰਦਾ ਤਾਂ ਹੜ੍ਹ ਨੂੰ ਰੋਕਿਆ ਜਾਂ ਘਟਾਇਆ ਜਾ ਸਕਦਾ ਹੁੰਦਾ।

          ਹੜ੍ਹ ਤਦ ਆਉਂਦੇ ਹਨ, ਜਦ ਪਾਣੀ ਸਮੁੰਦਰਾਂ, ਮਹਾਂਸਾਗਰਾਂ, ਤਲਾਬਾਂ, ਝੀਲਾਂ, ਨਹਿਰਾਂ ਜਾਂ ਨਦੀਆਂ ਸਮੇਤ ਸਾਰੇ ਜਲ ਸਰੋਤਾਂ ਤੋਂ ਉਵਰ ਫਲੋ ਹੋ ਜਾਂਦਾ ਹੈ, ਜਿਸ ਨਾਲ ਸੁੱਕੀ ਜ਼ਮੀਨ ਜਲਮਗਨ ਹੋ ਜਾਂਦੀ ਹੈ। ਹੜ੍ਹ ਖਾਸ ਤੌਰ 'ਤੇ ਭਾਰਤ ਵਿੱਚ ਸਭਾ ਤੋਂ ਆਮ ਅਤੇ ਗੰਭੀਰ ਕੁਦਰਤੀ ਮੌਸਮੀ ਘਟਨਾ ਹੈ, ਜਿਸ ਨਾਲ ਜੀਵਨ, ਜਾਇਦਾਦ ਅਤੇ ਅਜੀਵਕਾ ਦਾ ਭਾਰੀ ਨੁਕਸਾਨ ਹੁੰਦਾ ਹੈ।

          ਉਤਰਾਖੰਡ 'ਚ ਇਸ ਵਰ੍ਹੇ ਮੀਂਹ ਅਤੇ ਹੜ੍ਹ ਨੇ ਤਬਾਹੀ ਮਚਾ ਰੱਖੀ ਹੈ। ਪਰਬਤ ਡਿੱਗ ਪਏ। ਮਕਾਨ ਜ਼ਮੀਨਦੋਜ਼ ਹੋ ਗਏ। ਜਾਨੀ-ਮਾਲੀ ਅੰਤਾਂ ਦਾ ਨੁਕਸਾਨ ਹੋਇਆ। ਪੰਜਾਬ, ਹਰਿਆਣਾ, ਦਿੱਲੀ ਦੇ ਲੋਕ ਹੜ੍ਹਾਂ ਕਾਰਨ ਪ੍ਰੇਸ਼ਾਨ ਹੋ ਚੁੱਕੇ ਹਨ। ਸੜਕਾਂ ਟੁੱਟ ਗਈਆਂ ਹਨ। ਫਸਲਾਂ ਤਬਾਹ ਹੋ ਗਈਆਂ ਹਨ। ਜਨ ਜੀਵਨ ਥੰਮ ਗਿਆ ਹੈ। ਲੋਕਾਂ ਕੋਲ ਖਾਣ ਲਈ ਭੋਜਨ ਨਹੀਂ, ਪੀਣ ਲਈ ਪਾਣੀ ਨਹੀਂ। ਪੰਜਾਬ 'ਚ ਇੱਕ ਸਰਕਾਰੀ ਜਾਣਕਾਰੀ ਅਨੁਸਾਰ 2.40 ਲੱਖ ਹੈਕਟੇਅਰ ਝੋਨੇ ਦਾ ਰਕਬਾ ਬਰਸਾਤ ਕਾਰਨ ਪੂਰੀ ਤਰ੍ਹਾਂ ਨੁਕਸਾਨਿਆ ਗਿਆ। 83000 ਹੈਕਟੇਅਰ ਝੋਨੇ ਦੀ ਫਸਲ ਤਬਾਹ ਹੋ ਗਈ ਹੈ। ਉਂਜ ਦੇਸ਼ ਵਿੱਚ ਵੀ ਰਾਸ਼ਟਰੀ ਹੜ੍ਹ ਕਮਿਸ਼ਨ ਦੇ ਅਨੁਸਾਰ ਭਾਰਤ ਵਿੱਚ ਚਾਰ ਕਰੋੜ ਹੈਕਟੇਅਰ ਧਰਤੀ ਨੂੰ ਹੜ੍ਹਾਂ ਨੇ ਪਲੇਟ 'ਚ ਲਿਆ ਹੈ।

          ਕੇਂਦਰ ਸਰਕਾਰ ਨੇ ਹੜ੍ਹਾਂ ਦੀ ਮਾਰ ਦੇ ਅੰਕੜੇ ਪ੍ਰਕਾਸ਼ਤ ਕੀਤੇ ਹਨ। ਜਿਸ ਅਨੁਸਾਰ ਦੇਸ਼ ਵਿੱਚ ਪਿਛਲੇ 64 ਸਾਲਾਂ ਵਿੱਚ ਇੱਕ ਲੱਖ ਤੋਂ ਜਿਆਦਾ ਲੋਕਾਂ ਦੀ ਹੜ੍ਹਾਂ ਕਾਰਨ ਮੌਤ ਹੋਈ। ਹਰ ਸਾਲ ਔਸਤਨ 1654 ਲੋਕਾਂ ਤੋਂ ਇਲਾਵਾ 92,763 ਪਸ਼ੂ ਮਾਰੇ ਗਏ। ਸੂਬਿਆਂ ਵਿੱਚ ਸਲਾਨਾ ਔਸਤਨ 1680 ਕਰੋੜ ਰੁਪਏ ਦੀਆਂ ਫਸਲਾਂ  ਦਾ ਨੁਕਸਾਨ  ਹੁੰਦਾ ਹੈ। 12.40 ਲੱਖ ਮਕਾਨ ਹਰ ਸਾਲ ਨੁਕਸਾਨੇ ਜਾਂਦੇ ਹਨ ਜਾਂ ਧਰਤੀ 'ਚ ਸਿਮਟ ਜਾਂਦੇ ਹਨ। ਇਹਨਾ 64 ਵਰ੍ਹਿਆਂ 'ਚ ਇੱਕ ਅਨੁਮਾਨ ਅਨੁਸਾਰ 2.02 ਲੱਖ ਕਰੋੜ ਦੀ ਜਾਇਦਾਦ ਅਤੇ 1.09 ਲੱਖ ਕਰੋੜ ਦੀਆਂ ਫਸਲਾਂ ਤਬਾਹ ਹੋਈਆਂ। ਇਥੇ ਹੀ ਬੱਸ ਨਹੀਂ 25.6 ਲੱਖ ਹੈਕਟੇਅਰ ਉਪਜਾਊ ਖੇਤ ਨਸ਼ਟ ਹੋ ਗਏ ਅਤੇ ਇਹਨਾ 64 ਸਾਲਾਂ 'ਚ ਕੁਲ ਮਿਲਾਕੇ 205.8 ਕਰੋੜ ਲੋਕ ਪ੍ਰਭਾਵਿਤ ਹੋਏ। ਅਰਥਾਤ  ਦੇਸ਼ ਦੀ ਮੌਜੂਦਾ ਆਬਾਦੀ ਦੇ ਡੇਢ ਗੁਣਾ ਤੋਂ ਵੀ ਵਧ ਲੋਕ ਵਾਰ-ਵਾਰ ਹੜ੍ਹਾਂ ਦੀ ਮਾਰ ਹੇਠ ਆਏ।

          ਅਸਲ ਵਿੱਚ ਭਾਰਤ ਵਿੱਚ ਹੁਣ ਹੜ੍ਹ ਸਿਰਫ਼ ਕੁਦਰਤੀ ਆਫਤ ਹੀ ਨਹੀਂ ਰਹੇ ਸਗੋਂ ਮਾਨਵਤਾ ਆਫਤ ਬਣਦੇ ਜਾ ਰਹੇ ਹਨ। ਦੇਸ਼ 'ਚ ਅੰਧਾਧੁੰਦ ਜੰਗਲਾਂ ਦੀ ਕਟਾਈ, ਬੇਤਹਾਸ਼ਾ ਸ਼ਹਿਰੀਕਰਨ, ਨਦੀਆਂ ਦਾ ਪ੍ਰਵਾਹ ਰੋਕਣਾ ਤੀਬਰ ਹੜ੍ਹਾਂ ਦਾ ਕਾਰਨ ਬਣਦਾ ਜਾ ਰਿਹਾ ਹੈ।  ਇਸ ਨਾਲ ਹੜ੍ਹਾਂ ਦੀ ਸਮੱਸਿਆ ਵਿਕਰਾਲ ਰੂਪ ਧਾਰਨ ਕਰ ਰਹੀ ਹੈ ਅਤੇ ਹਰ ਵਰ੍ਹੇ ਲਗਾਤਾਰ ਵਧ ਰਹੀ ਹੈ, ਕਿਉਂਕਿ ਇਸ ਵਾਧੇ ਨੂੰ ਰੋਕਣ ਲਈ ਯਤਨ  ਹੀ ਨਹੀਂ ਹੋ ਰਹੇ।

          ਵਿਸ਼ਵ ਬੈਂਕ ਦੀ ਇੱਕ ਰਿਪੋਰਟ ਅਨੁਸਾਰ ਦੁਨੀਆਂ ਭਰ ਵਿੱਚ ਹੜ੍ਹ ਨਾਲ ਸਬੰਧਤ ਜੋ ਮੌਤਾਂ ਹੁੰਦੀਆਂ ਹਨ ਉਹਨਾ ਵਿਚੋਂ 20 ਫੀਸਦੀ ਭਾਰਤ 'ਚ ਹੁੰਦੀਆਂ ਹਨ। ਭਾਰਤ 'ਚ ਕਲੱਕਤਾ, ਮੁੰਬਈ ਤੋਂ ਬਿਨ੍ਹਾਂ ਗੁਆਂਢੀ ਦੇਸ਼ਾਂ ਦੇ ਢਾਕਾ(ਬੰਗਾਲ), ਕਰਾਚੀ ( ਪਾਕਿਸਤਾਨ) ਵਿੱਚ ਲਗਭਗ ਪੰਜ ਕਰੋੜ ਲੋਕਾਂ ਨੂੰ ਹੜ੍ਹ ਦੀ ਗੰਭੀਰ ਪੀੜਾ ਸਹਿਣੀ ਪੈ ਸਕਦੀ ਹੈ। ਪੂਰੇ ਦੱਖਣੀ ਭਾਰਤ ਵਿੱਚ ਤਾਪਮਾਨ ਵਧ ਰਿਹਾ ਹੈ ਅਤ ਅਗਲੇ ਕੁਝ ਦਹਾਕਿਆਂ 'ਚ ਹੋਰ ਵੀ ਵਧੇਗਾ। ਜਿਸ ਨਾਲ ਦੇਸ਼ ਵਿੱਚ ਜਲਵਾਯੂ ਪਰਿਵਰਤਨ ਹੋਏਗਾ। ਅਤੇ ਹੜ੍ਹਾਂ ਦਾ ਕਹਿਰ ਵਧੇਗਾ। ਹੜ੍ਹ ਆਏਗਾ ਤਾਂ ਪੀਣ ਵਾਲੇ ਪਾਣੀ ਦੀ ਮੰਗ ਵਧੇਗੀ।  ਵਿਸ਼ਵ  ਬੈਂਕ ਅਨੁਸਾਰ ਮੱਧ ਪ੍ਰਦੇਸ਼ ਹੜ੍ਹ ਦੀ ਗੰਭੀਰ ਮਾਰ ਹੇਠ ਹੋਵੇਗਾ।

          ਦੇਸ਼ ਦੇ ਸੂਬੇ ਹਿਮਾਚਲ ਪ੍ਰਦੇਸ਼ ਦਾ ਵੱਡਾ ਭਾਗ ਸੁੰਦਰ ਹੈ, ਇਥੇ ਪਰਬਤ ਹਨ, ਕਲ-ਕਲ ਕਰਦੀਆਂ ਝੀਲਾਂ ਹਨ। ਪਰ ਪਿਛਲੇ ਦਿਨੀਂ ਇਥੇ ਭਿਅੰਕਰ ਮੀਂਹ  ਪਿਆ। ਸੂਬੇ ਦਾ ਅਤਿਅੰਤ ਨੁਕਸਾਨ ਤਾਂ ਹੋਇਆ ਹੀ, ਪਰ ਨਾਲ ਲਗਦੇ ਲਗਭਗ ਸੂਬਿਆਂ ਪੰਜਾਬ, ਹਰਿਆਣਾ ਦਾ ਹਾਲ ਵੀ ਇਸ ਮੀਂਹ ਦੇ ਪਾਣੀ ਨੇ ਬੁਰਾ ਹਾਲ ਕਰ ਦਿੱਤਾ।  ਅਸਲ 'ਚ ਪਿਛਲੇ ਇੱਕ ਦਹਾਕੇ ਤੋਂ ਇਥੇ ਕੁਦਰਤੀ ਆਫ਼ਤਾਂ ਵਧ ਰਹੀਆਂ ਹਨ। ਬਦਲਾਂ ਦੇ ਫਟਣ ਦੀ ਘਟਨਾਵਾਂ ਸੁਨਣ ਨੂੰ ਮਿਲਦੀਆਂ ਹਨ, ਹੜ੍ਹਾਂ ਨਾਲ ਤਬਾਹੀ ਦੀ ਗੱਲ ਤਾਂ ਆਮ ਹੈ। ਅਸਲ 'ਚ ਅੱਜ ਸੂਬੇ 'ਚ ਪਹਾੜਾਂ ਨੂੰ ਕੁਝ  ਕੁ ਜ਼ਰੂਰਤਾਂ ਪੂਰੀਆਂ ਕਰਨ ਲਈ ਬੇਰਹਿਮੀ ਨਾਲ ਕੁਰੇਦਿਆ ਜਾ ਰਿਹਾ ਹੈ। ਵੱਡੀ ਗਿਣਤੀ ਹਾਈਡਰੋ ਯੋਜਨਾਵਾਂ,  ਚਾਰ ਮਾਰਗੀ ਸੜਕਾਂ ਦਾ ਨਿਰਮਾਣ ਅਤੇ ਹਰ ਪਿੰਡ ਸ਼ਹਿਰ 'ਚ ਪਹਾੜਾਂ ਨੂੰ ਚੀਰਨ ਦੀ ਪ੍ਰਕਿਰਿਆ ਜਾਰੀ ਹੈ। ਇਸ ਪ੍ਰਕਿਰਿਆ ਨੂੰ ਵਿਕਾਸ ਦਾ ਨਾਅ ਦਿੱਤਾ ਜਾ ਰਿਹਾ ਹੈ। ਪਰ ਇਸ ਨਾਲ  ਪਹਾੜ ਜਰਜਰ ਹੋ ਜਾਂਦੇ ਹਨ। ਵਿਕਾਸ ਦੀ ਦੌੜ ਕਿਧਰੇ ਨਾ ਕਿਧਰੇ ਮਨੁੱਖੀ ਜੀਵਨ ਦੇ ਸਾਹਮਣੇ ਅਨੇਕਾਂ ਸਮੱਸਿਆਵਾਂ ਉਜਾਗਰ  ਕਰ ਰਹੀ ਹੈ।

          20ਵੀਂ ਅਤੇ 21ਵੀਂ ਸਦੀ ਦਾ ਭਾਰਤ ਦਾ ਹੜ੍ਹਾਂ ਦਾ ਇਤਿਹਾਸ ਦਿਲ ਚੀਰਵਾਂ ਹੈ। ਅਕਤੂਬਰ 1943 'ਚ ਮਦਰਾਸ 'ਚ ਵੱਡਾ ਹੜ੍ਹ ਆਇਆ, ਇੰਨੇ ਲੋਕ ਬੇਘਰ ਹੋਏ ਕਿ ਗਿਣਤੀ ਹੀ ਨਾ ਹੋ ਸਕੀ। ਸਾਲ 1979 'ਚ  ਗੁਜਰਾਤ ਦੇ ਮੋਰਵੀ (ਰਾਜਕੋਟ ਜ਼ਿਲਾ) 'ਚ ਭਿਅੰਕਰ ਹੜ੍ਹ ਆਇਆ। ਲਗਭਗ 2500 ਜਾਨਾਂ ਗਈਆਂ। ਸਾਲ 1987 'ਚ ਬਿਹਾਰ ਨੇ ਵੱਡਾ ਹੜ੍ਹ ਵੇਖਿਆ, ਜਿਸ 'ਚ ਲੋਕਾਂ ਦੀ 68 ਬੀਲੀਅਨ ਰੁਪਏ ਦੀ ਜਾਇਦਾਦ ਨੁਕਸਾਨੀ ਗਈ। ਸਾਲ 1988 'ਚ ਪੰਜਾਬ 'ਚ ਐਡਾ ਵੱਡਾ ਹੜ੍ਹ ਆਇਆ ਕਿ ਪੰਜਾਬ ਦੇ ਸਾਰੇ ਦਰਿਆ ਉਛਲ ਗਏ, ਲੋਕਾਂ ਦਾ ਜਾਨੀ ਮਾਲੀ ਨੁਕਸਾਨ ਹੋਇਆ। ਜੂਨ 2013 'ਚ ਉਤਰਾਖੰਡ 'ਚ ਹੜ੍ਹਾਂ ਨਾਲ 5700 ਤੋਂ ਵਧ ਲੋਕ ਮਾਰੇ ਗਏ ਅਤੇ ਜੂਨ 2015 'ਚ ਗੁਜਰਾਤ ਨੇ  ਅਤੇ 2016 'ਚ ਅਸਾਮ ਨੇ, 2017 'ਚ ਫਿਰ ਗੁਜਰਾਤ ਨੇ ਅਤੇ 2018 -19 'ਚ ਕੇਰਲਾ, 2020 'ਚ ਅਸਾਮ, 2021 'ਚ ਉਤਰਾਖੰਡ ਤੇ ਮਹਾਂਰਾਸ਼ਟਰ, 2022 'ਚ ਅਸਾਮ ਅਤੇ 2023 'ਚ ਉੱਤਰ ਭਾਤਰ ਦੇ ਕਈ ਸੂਬੇ ਸਮੇਤ ਉੱਤਰਾਖੰਡ ਭਾਰੀ ਹੜ੍ਹ ਦੀ ਲਪੇਟ 'ਚ ਆਏ।

          ਸਮੇਂ-ਸਮੇਂ 'ਤੇ ਹੜ੍ਹਾਂ ਕਾਰਨ ਦੇਸ਼ ਵਾਸੀਆਂ ਨੇ ਕਹਿਰ ਸਹਿ ਲਿਆ। ਘਰੋਂ ਬੇਘਰ ਹੋ ਗਏ। ਜਾਨੀ ਮਾਲੀ, ਪਸ਼ੂਧਨ ਦਾ ਨੁਕਸਾਨ ਝੱਲਿਆ। ਸਰਕਾਰਾਂ ਨੇ ਹੜ੍ਹ ਰੋਕਣ ਲਈ ਸਕੀਮਾਂ ਵੀ ਬਹੁਤ ਘੜੀਆਂ। ਭਾਰਤ 'ਚ ਹੜ੍ਹ ਦੀ ਭਵਿੱਖਬਾਣੀ ਲਈ ਕੇਂਦਰੀ ਜਲ ਆਯੋਗ ਬਣਾਇਆ, ਜਿਸਦੇ  ਦੇਸ਼ ਭਰ 'ਚ 141 ਹੜ੍ਹ ਚਿਤਾਵਨੀ ਕੇਂਦਰ ਹਨ। ਪਰ ਹੜ੍ਹਾਂ ਦਾ ਕਹਿਰ ਵਧਦਾ ਹੀ ਗਿਆ।

          ਹਰ ਵਰ੍ਹੇ ਸਰਕਾਰਾਂ, ਦਰਿਆਵਾਂ, ਨਦੀਆਂ ਦਾ ਵਹਿਣ ਨਿਰੰਤਰ ਵਗਦਾ ਰਹੇ, ਲਈ ਵੱਡੇ ਫੰਡ ਰਿਜ਼ਰਵ ਕਰਦੀਆਂ ਹਨ। ਪੁਲਾਂ ਹੇਠ ਜਮ੍ਹਾਂ ਗਾਰ ਸਾਫ ਕਰਨ, ਨਦੀਆਂ ਦੇ ਕਿਨਾਰੇ ਸੁਰੱਖਿਅਤ ਕਰਨ ਦੇ ਨਾਮ ਉਤੇ ਅਰਬਾਂ, ਖਰਬਾਂ ਰੁਪਏ ਖਰਚ ਕਰਦੀਆਂ ਹਨ, ਪਰ ਜਦੋਂ ਹੀ ਇੱਕ ਵੱਡਾ ਮੀਂਹ ਪੈਂਦਾ ਹੈ, ਪਾਣੀ ਦਰਿਆਵਾਂ 'ਚ ਵੱਗਦਾ ਹੈ, ਸੱਭੋ ਕੁਝ ਚੌਪਟ ਹੋ ਜਾਂਦਾ ਹੈ।

          ਗੁਆਂਢੀ ਸੂਬੇ ਇਸ ਔਖੀ ਘੜੀ ਇੱਕ-ਦੂਜੇ ਨਾਲ ਸਿਆਸਤ ਕਰਦੇ ਹਨ। ਇੱਕ-ਦੂਜੇ ਨੂੰ ਦੋਸ਼ ਦਿੰਦੇ ਹਨ। ਪਰ ਸਵਾਲ ਉੱਠਦਾ ਹੈ ਕਿ ਸਮਾਂ ਰਹਿੰਦਿਆਂ, ਹੜ੍ਹ ਆਉਣ ਤੋਂ ਪਹਿਲਾਂ ਤਿਆਰੀ ਸਰਕਾਰਾਂ ਕਿਉਂ ਨਹੀਂ ਕਰਦੀਆਂ? ਕਿਉਂ ਇਹ ਵੇਖਿਆ ਜਾਂਦਾ ਹੈ ਕਿ ਜਦੋਂ ਆਫ਼ਤ ਆਊ, ਉਦੋਂ ਨਿਜੱਠ ਲਵਾਂਗੇ, ਦੇਖੀ ਜਾਊ। ਇਸ ਸਥਿਤੀ ਵਿੱਚ ਆਮ ਲੋਕ ਪਿੱਸੇ ਜਾਂਦੇ ਹਨ।

          ਪਹਿਲਾਂ ਹੀ ਗਰੀਬੀ ਗ੍ਰਸੇ ਦੇਸ਼ ਭਾਰਤ 'ਚ ਆਮ ਲੋਕਾਂ ਲਈ ਮੁਸ਼ਕਲਾਂ ਦੀ ਘਾਟ ਨਹੀਂ ਹੈ, ਪਰ ਹੜ੍ਹਾਂ ਜਿਹਾ ਕਹਿਰ ਖਾਸ ਕਰਕੇ ਸਧਾਰਨ ਆਦਮੀ ਲਈ ਵੱਡਾ ਕਹਿਰ ਬਣ ਜਾਂਦਾ ਹੈ। ਭਾਵੇਂ ਕਿ ਦੇਸ਼ ਭਾਰਤ ਦੇ ਕੁਝ ਹਿੱਸਿਆਂ 'ਚ ਹੜ੍ਹਾਂ ਦਾ ਆਉਣਾ ਆਮ ਗਿਣਿਆ ਜਾਂਦਾ ਹੈ, ਪਰ ਲੋਕਾਂ ਦੇ ਜਾਨ-ਮਾਲ ਦੀ ਰਾਖੀ ਲਈ ਜਿਸ ਕਿਸਮ ਦੇ ਅਗਾਊਂ ਤੇ ਸਥਾਈ ਪ੍ਰਬੰਧ ਲੋੜੀਂਦੇ ਹਨ, ਉਹਨਾ ਪ੍ਰਤੀ ਕੋਈ ਵੀ ਨਿੱਗਰ ਕਾਰਵਾਈ ਨਹੀਂ ਹੁੰਦੀ ਇਹ ਸਿਰਫ਼ ਤੇ ਸਿਰਫ਼ ਨੇਤਾ ਲੋਕਾਂ ਦੀ ਲੋਕਾਂ ਦੇ ਮਸਲਿਆਂ, ਮਾਮਲਿਆਂ ਪ੍ਰਤੀ ਇੱਛਾ ਸ਼ਕਤੀ ਦੀ ਘਾਟ ਅਤੇ ਅਸੰਵੇਦਨਸ਼ੀਲਤਾ ਹੈ।

          ਲੋੜ ਹੈ ਲੋਕ ਇਸ ਭਿਅੰਕਰ ਆਫਤ ਦਾ ਟਾਕਰਾ ਕਰਨ ਲਈ ਆਪ ਕਮਰ ਕੱਸੇ ਕਰਨ। ਨਦੀਆਂ ਕਿਨਾਰੇ ਰਹਿੰਦੇ ਲੋਕ ਨਦੀਆਂ ਦੇ ਕੁਦਰਤੀ ਵਹਾਅ ਦੇ ਰਸਤੇ ਰੋਕਣ ਵਾਲੀਆਂ ਵਿਕਾਸ ਯੋਜਨਾਵਾਂ ਦਾ ਵਿਰੋਧ ਕਰਨ।  ਪਿੰਡਾਂ ਦੇ ਲੋਕ ਉਹਨਾ ਨਜ਼ਦੀਕ ਉਸਾਰੀਆਂ ਜਾ ਰਹੀਆਂ ਵੱਡ ਅਕਾਰੀ ਕਲੋਨੀਆਂ, ਜੋ ਕੁਦਰਤੀ ਪਾਣੀ ਦੇ ਵਹਾਅ 'ਚ ਰੁਕਾਵਟ ਬਣਦੀਆਂ ਹਨ, ਨੂੰ ਬਣਨ ਤੋਂ ਰੋਕਣ। ਉਹ ਖੇਤਰ ਜਿਥੇ ਹਰ ਸਾਲ ਹੜ੍ਹ ਆਉਂਦੇ ਹਨ, ਉਹਨਾ ਖੇਤਰਾਂ ਦੇ ਲੋਕ ਆਪਣਾ ਸੁਰੱਖਿਆ ਤੰਤਰ ਆਪ ਕਾਇਮ ਕਰਨ।

          ਨੇਤਾ ਲੋਕ ਤਾਂ ਹੜ੍ਹਾਂ 'ਚ ਆਉਣਗੇ, ਰਾਹਤ ਸਮੱਗਰੀ ਵੰਡਣਗੇ, ਵੋਟਾਂ 'ਤੇ ਅੱਖ ਰੱਖਣਗੇ, ਤੁਰ ਜਾਣਗੇ। ਪੀੜਤ ਲੋਕਾਂ ਨੂੰ ਜਿਹਨਾ ਦੇ ਸਿਰੋਂ ਛੱਤ ਚਲੇ ਗਈ, ਜਿਹਨਾ ਦੀਆਂ ਫਸਲਾਂ ਤਬਾਹ ਹੋ ਗਈਆਂ, ਉਹ ਤਾਂ ਖੂਨ ਦੇ ਅੱਥਰੂ ਹੀ ਰੋਣਗੇ।

-ਗੁਰਮੀਤ ਸਿੰਘ ਪਲਾਹੀ
-9815802070

ਜੰਗਲ, ਜੰਗਲ ਦੇ ਲੋਕਾਂ ਦਾ, ਨਹੀਂ ਧਾੜਵੀ ਜੋਕਾਂ ਦਾ - ਗੁਰਮੀਤ ਸਿੰਘ ਪਲਾਹੀ

1855-56 ਦਰਮਿਆਨ, 1857 ਦੇ ਪਹਿਲੇ ਆਜ਼ਾਦੀ ਸੰਗਰਾਮ ਤੋਂ ਪਹਿਲਾਂ, ਸੰਥਾਲ ਆਜ਼ਾਦੀ ਘੁਲਾਟੀਏ, ਦੋ ਭੈਣਾਂ ਫੂਲੋ ਮੁਰਮੂ ਅਤੇ ਝਾਨੋ ਮੂਰਮੂ ਦੀ ਅਗਵਾਈ ਵਿੱਚ, ਜੰਗਲ, ਜਲ, ਜ਼ਮੀਨ ਨੂੰ ਬਚਾਉਣ ਲਈ ਸੀਸ ਤਲੀ ਤੇ ਧਰਕੇ ਲੜੇ। ਕੋਈ 25,000 ਆਦਿ ਵਾਸੀ ਇਸ ਸੰਗਰਾਮ 'ਚ ਸ਼ਹੀਦੀ ਜਾਮ ਪੀ ਗਏ। ਇਹ ਲੋਕ ਵਿਦਰੋਹ ਜੰਗਲ ਦੀ ਰਾਖੀ ਲਈ ਸੀ। ਜੰਗਲ ਦਾ ਖਿੱਤਾ "ਜੀਵਾਂਗੇ ਜਾਂ ਮਰਾਂਗੇ, ਜੰਗਲ ਦੀ ਰਾਖੀ ਕਰਾਂਗੇ" ਨਾਲ ਉਸ ਵੇਲੇ ਗੂੰਜ ਉਠਿਆ ਸੀ, ਜਦੋਂ ਅੰਗਰੇਜ  ਹਕੂਮਤ ਨੇ ਸਥਾਨਕ ਰਜਵਾੜਿਆਂ, ਜਾਗਰੀਦਾਰਾਂ ਨੂੰ ਜੰਗਲ ਅੰਦਰ ਜ਼ਮੀਨ ਜਾਇਦਾਦ ਖਰੀਦਣ ਦੀ ਖੁਲ੍ਹ ਦੇ ਦਿੱਤੀ ਸੀ। ਇੰਜ ਦੇਸ਼ ਦੇ ਬਹੁ-ਕੀਮਤੀ ਕੁਦਰਤੀ ਧੰਨ ਦੀ ਲੁੱਟ-ਖਸੁੱਟ ਆਰੰਭ ਹੋ ਗਈ।

          ਅੰਗਰੇਜ਼ਾਂ ਵਲੋਂ ਅੰਦੋਲਨ ਕੁਚਲਣ ਉਪਰੰਤ ਜੰਗਲਾਂ ਦਾ ਵੱਢ-ਵੱਢਾਂਗਾ ਵੱਡੀ ਪੱਧਰ 'ਤੇ ਹੋਇਆ। ਅਤੇ ਨਿਰੰਤਰ ਜਾਰੀ ਰਿਹਾ। ਜੰਗਲ ਜਗੀਰਦਾਰਾਂ, ਰਜਵਾੜਿਆਂ ਦੀ ਜਾਗੀਰ ਬਣਾ ਦਿੱਤੇ ਗਏ। ਇਹ ਜੰਗਲਾਂ ਦੀ ਕਟਾਈ ਦਾ ਵਰਤਾਰਾ ਆਜ਼ਾਦੀ ਤੋਂ ਬਾਅਦ ਵੀ ਠੱਲਿਆ ਨਹੀਂ ਗਿਆ। ਭਾਰਤੀ ਜੰਗਲਾਂ ਸਬੰਧੀ ਇੱਕ ਸਰਵੇਖਣ ਰਿਪੋਰਟ ਦੱਸਦੀ ਹੈ ਕਿ ਜੰਗਲਾਂ ਦਾ ਖੇਤਰਫਲ ਲਗਾਤਾਰ ਘੱਟ ਰਿਹਾ ਹੈ। 1999 'ਚ ਇਹ ਜੰਗਲ ਭਾਰਤ ਵਿੱਚ 11.48 ਫ਼ੀਸਦੀ ਸੀ ਜੋ 2015 ਵਿੱਚ ਘਟਕੇ 2.61 ਫ਼ੀਸਦੀ ਰਹਿ ਗਏ। ਜੰਗਲਾਂ ਦੇ ਸੰਘਣੇ ਖੇਤਰਫਲ ਦਾ ਦਾਇਰਾ ਸਿਮਟਣ ਨਾਲ ਜੰਗਲ ਜੀਵ ਸ਼ਹਿਰਾਂ-ਕਸਬਿਆਂ ਵੱਲ ਰੁਖ ਕਰਨ ਲੱਗੇ ਅਤੇ ਕਈ ਹਾਲਤਾਂ ਵਿੱਚ ਜੰਗਲੀ ਜੀਵਾਂ ਅਤੇ ਇਨਸਾਨਾਂ ਦੀ ਮੁਠਭੇੜ ਵੇਖਣ ਨੂੰ ਮਿਲੀ। ਭਾਰਤ ਦੀ ਹਾਲਤ ਜੰਗਲਾਂ ਦੇ ਮਾਮਲੇ 'ਚ ਇੰਨੀ ਭਿਅੰਕਰ ਇਸ ਕਰਕੇ ਵੀ ਹੈ ਕਿ ਇੱਕ ਪਾਸੇ ਜੰਗਲਾਂ ਦੀ ਕਟਾਈ ਵੱਡੀ ਪੱਧਰ 'ਤੇ ਹੈ, ਪਰ ਦਰਖਤਾਂ ਦੀ ਲੁਆਈ ਪ੍ਰਤੀ ਉਦਾਸੀਨਤਾ ਅਤੇ ਲਾਪਰਵਾਹੀ ਹੈ।

          ਜੰਗਲਾਂ ਦੀ ਘਾਟ ਕਾਰਨ ਹਵਾ ਪ੍ਰਦੂਸ਼ਣ ਵਧਿਆ ਹੈ, ਪਾਣੀ ਪ੍ਰਦੂਸ਼ਣ ਵਧਿਆ ਹੈ ਅਤੇ ਭੂਮੀ ਨੂੰ ਖੋਰਾ ਲੱਗਣ ਲੱਗਾ ਹੈ। ਸਾਫ-ਸੁਥਰੇ ਵਾਤਾਵਰਨ ਦੀ ਘਾਟ ਕਾਰਨ ਮਨੁੱਖ ਭਿਅੰਕਰ ਬੀਮਾਰੀਆਂ ਦੇ ਜਾਲ 'ਚ ਫਸ ਰਿਹਾ ਹੈ, ਉਸਦੀ ਪ੍ਰਜਨਣ ਸਮਰੱਥਾ ਉਤੇ ਪ੍ਰਭਾਵ ਪੈਣ ਲੱਗਾ ਹੈ, ਉਸਦੀ ਕੰਮ ਕਰਨ ਦੀ ਸ਼ਕਤੀ ਨਿਰੰਤਰ ਘੱਟਣ ਲੱਗੀ ਹੈ। ਮੌਸਮੀ ਚੱਕਰ ਤੇਜ਼ੀ ਨਾਲ ਵਧਣ ਲੱਗਾ ਹੈ। ਜਲਵਾਯੂ ਸੰਕਟ ਗਹਿਰਾ ਹੁੰਦਾ ਜਾ ਰਿਹਾ ਹੈ। ਵੱਧ ਰਹੀ ਅੰਤਾਂ ਦੀ ਗਰਮੀ ਅਤੇ ਹੜ੍ਹ ਇਸੇ ਦੇ ਸਿੱਟਾ ਹੀ ਤਾਂ ਹਨ।

          ਅੱਜ ਦੇਸ਼ 'ਚ ਮੌਨਸੂਨ ਆ ਰਹੀ ਹੈ, ਬੱਦਲਾਂ ਦਾ ਪਾਣੀ ਸੰਭਾਲਿਆ ਨਹੀਂ ਜਾ ਰਿਹਾ ਹੈ। ਹੜ੍ਹਾਂ ਵਰਗੀ  ਸਥਿਤੀ ਬਣੀ ਹੋਈ ਹੈ। ਆਮ ਮਨੁੱਖ ਇਸ ਬਣਦੀ ਜਾ ਰਹੀ ਭਿਅੰਕਰ ਸਥਿਤੀ ਤੋਂ ਡਰਿਆ ਹੋਇਆ ਹੈ।

          ਮਨੁੱਖੀ ਜੀਵਨ ਵਿੱਚ ਜੰਗਲਾਂ ਦੀ ਬਹੁਤ ਹੀ ਮਹੱਤਤਾ ਹੈ। ਵਾਤਾਵਰਨ ਮਾਹਿਰਾਂ ਅਨੁਸਾਰ ਇਸ ਸਮੇਂ ਪੂਰੀ ਦੁਨੀਆ ਵਿੱਚ ਧਰਤੀ ਉਤੇ ਕੇਵਲ ਤੀਹ ਫੀਸਦੀ ਹਿੱਸੇ ਵਿੱਚ ਹੀ ਜੰਗਲ ਬਚੇ ਹਨ ਅਤੇ ਉਹਨਾ ਵਿਚੋਂ ਵੀ ਹਰ ਵਰ੍ਹੇ ਇੰਗਲੈਂਡ ਦੇ ਖੇਤਰਫਲ ਆਕਾਰ ਦੇ ਬਰਾਬਰ ਜੰਗਲ ਨਸ਼ਟ ਹੋ ਰਹੇ ਹਨ। ਮਾਹਿਰਾਂ ਦਾ ਕਹਿਣਾ ਹੈ ਕਿ ਜੇਕਰ ਇਸੇ ਤਰ੍ਹਾਂ ਜੰਗਲਾਂ ਦੀ ਕਟਾਈ ਜਾਰੀ ਰਹੀ ਤਾਂ ਅਗਲੇ 100 ਸਾਲਾਂ ਬਾਅਦ ਦੁਨੀਆ ਭਰ 'ਚ "ਰੇਨ ਫਾਰੈਸਟ" ਪੂਰੀ ਤਰ੍ਹਾਂ ਖ਼ਤਮ ਹੋ ਜਾਣਗੇ।

          ਦੁਨੀਆ ਦੇ ਕੁਲ 20 ਦੇਸ਼ ਹੀ ਇਹੋ ਜਿਹੇ ਹਨ ਜਿਥੇ 94 ਫ਼ੀਸਦੀ ਜੰਗਲ ਹੈ। ਇਹਨਾ ਵਿੱਚ ਰੂਸ, ਕੈਨੇਡਾ, ਅਸਟਰੇਲੀਆ, ਅਮਰੀਕਾ, ਬ੍ਰਾਜ਼ੀਲ, ਫ੍ਰਾਂਸ, ਚੀਨ, ਨੀਊਜੀਲੈਂਡ,  ਅਲਜੀਰੀਆ, ਲੀਬੀਆ, ਡੈਨਮਾਰਕ, ਨਾਈਜਰ, ਮਾਰੀਸ਼ਸ਼ ਆਦਿ ਸ਼ਾਮਲ ਹਨ। ਭਾਰਤ ਦਾ ਕੁਲ ਖੇਤਰਫਲ ਲਗਭਗ 32 ਲੱਖ ਵਰਗ ਕਿਲੋਮੀਟਰ ਹੈ ਅਤੇ ਜੰਗਲਾਂ ਦੇ ਲਗਾਤਾਰ ਘੱਟਣ ਨਾਲ ਭਾਰਤ 'ਚ ਚਿੰਤਾਜਨਕ ਸਥਿਤੀ ਬਣੀ ਹੋਈ ਹੈ। ਫਾਰੈਸਟ ਸਰਵੇ ਆਫ ਇੰਡੀਆ ਅਨੁਸਾਰ ਭਾਰਤ ਵਿੱਚ ਜੰਗਲਾਂ ਦਾ ਖੇਤਰ 8,02,088 ਵਰਗ ਕਿਲੋਮੀਟਰ ਹੈ, ਜੋ ਭਾਰਤ ਦੇ ਕੁਲ ਖੇਤਰਫਲ ਦਾ 24.39 ਫ਼ੀਸਦੀ ਬਣਦਾ ਹੈ। ਪਰ ਹੁਣ ਦੀ ਤਾਜ਼ਾ ਰਿਪੋਰਟ ਅਨੁਸਾਰ  ਇਹ ਖੇਤਰਫਲ 21.72 ਫ਼ੀਸਦੀ ਤੱਕ ਸਿਮਟ ਗਿਆ ਹੈ। ਇਸਦਾ ਮੁੱਖ ਕਾਰਨ ਵਿਕਾਸ ਕਾਰਜਾਂ 'ਚ ਤੇਜ਼ੀ, ਖੇਤੀ ਖੇਤਰ 'ਚ ਵਾਧਾ, ਖਨਣ ਪ੍ਰਕਿਰਿਆ ਵਿੱਚ ਵਾਧਾ ਹੈ।

          ਭਾਰਤ ਵਿੱਚ ਹਰ ਸਾਲ ਵਾਤਾਵਰਨ ਸੁਰੱਖਿਆ ਲਈ ਵਣ-ਮਹਾਂਉਤਸਵ ਮਨਾਇਆ ਜਾਂਦਾ ਹੈ, ਜਿਸ ਦਾ ਅਰਥ ਹੈ ਦਰਖ਼ਤ ਲਗਾਉਣ ਦਾ ਤਿਉਹਾਰ। ਪਰ ਇਹ ਤਿਉਹਾਰ ਹੁਣ ਬਾਕੀ ਸਰਕਾਰੀ ਮਿਸ਼ਨਾਂ ਸਕੀਮਾਂ ਵਾਂਗਰ ਹੀ ਅਫ਼ਸਰਸ਼ਾਹੀ ਦੀ ਭੇਟ ਚੜ੍ਹ ਚੁੱਕਾ ਹੈ। ਹਰ ਮਹੀਨੇ ਜੁਲਾਈ 'ਚ ਇਹ ਉਤਸਵ ਮਨਾਉਣਾ ਆਰੰਭਿਆ ਗਿਆ ਸੀ ਅਤੇ ਇਸਦੀ ਸ਼ੁਰੂਆਤ ਜੁਲਾਈ 1947 ਵਿੱਚ ਹੀ ਹੋ ਗਈ ਸੀ, ਪਰ ਆਜ਼ਾਦ ਭਾਰਤ 'ਚ ਜੁਲਾਈ 1950 'ਚ ਇਹ ਤਿਉਹਾਰ ਰਿਵਾਇਤੀ ਰੰਗਾਂ 'ਚ ਮਨਾਇਆ ਜਾਣ ਲੱਗਾ ਸੀ, ਕਿਉਂਕਿ ਆਜ਼ਾਦ ਭਾਰਤ 'ਚ ਇਹ ਮਹਿਸੂਸ ਕੀਤਾ ਜਾਣ ਲੱਗਾ ਸੀ ਕਿ ਜੰਗਲ ਕੇਵਲ ਜੀਵ ਜੰਤੂਆਂ, ਹਜ਼ਾਰਾਂ-ਲੱਖਾਂ ਕੁਦਰਤੀ ਪ੍ਰਜਾਤੀਆਂ ਲਈ ਵਿਸ਼ੇਸ਼ ਮਹੱਤਵਪੂਰਨ ਨਹੀਂ ਹਨ, ਸਗੋਂ ਮਨੁੱਖੀ ਜੀਵਨ ਵਿੱਚ ਹੀ ਜੰਗਲਾਂ ਦੀ ਵਿਸ਼ੇਸ਼ ਭੂਮਿਕਾ ਹੈ।

          ਬਿਨ੍ਹਾਂ ਸ਼ੱਕ ਹੁਣ ਵੀ ਸਰਕਾਰੀ ਨੀਤੀ ਇਹ ਹੈ ਕਿ ਪਹਾੜੀ ਖੇਤਰਾਂ 'ਚ ਜੰਗਲ 66 ਫ਼ੀਸਦੀ ਹੋਣ , ਪਰ ਅਸਲ ਅੰਕੜੇ ਵੇਖੇ ਜਾਣ ਤਾਂ ਦੇਸ਼ ਦੇ 16 ਪਹਾੜੀ ਰਾਜਾਂ ਅਤੇ ਕੇਂਦਰੀ ਸ਼ਾਸ਼ਤ ਪ੍ਰਦੇਸ਼ਾਂ ਵਿੱਚ ਫੈਲੇ 127 ਜ਼ਿਲਿਆਂ 'ਚ ਜੰਗਲਾਂ ਦਾ ਖੇਤਰਫਲ ਸਿਰਫ 40 ਫ਼ੀਸਦੀ ਰਹਿ ਗਿਆ ਹੈ।

          ਦੇਸ਼ ਦੇ ਦੂਜੇ ਰਾਜਾਂ ਲੱਦਾਖ, ਹਰਿਆਣਾ, ਪੰਜਾਬ, ਰਾਜਸਥਾਨ, ਉੱਤਰਪ੍ਰਦੇਸ਼, ਗੁਜਰਾਤ, ਬਿਹਾਰ ਦਾ 10 ਫ਼ੀਸਦੀ ਤੋਂ ਘੱਟ ਖੇਤਰਫਲ  ਉਤੇ ਹੀ ਜੰਗਲ ਹੈ। ਪੰਜਾਬ ਦੇ ਵਿੱਚ 3.67 ਫੀਸਦੀ ਹਰਿਆਣਾ ‘ਚ 3.63 ਫੀਸਦੀ ਅਤੇ ਲੱਦਾਖ ‘ਚ ਸਿਰਫ 1.35 ਫੀਸਦੀ ਜੰਗਲ ਖੇਤਰ ਹੈ ।

          ਭਾਰਤ ਵਿੱਚ 2020-21 ਦੌਰਾਨ ਬੁਨਿਆਦੀ ਢਾਂਚੇ ਦੀ ਉਸਾਰੀ ਲਈ 31 ਲੱਖ ਦਰਖਤ ਕੱਟੇ ਗਏ । ਲੋਕ ਸਭਾ ਵਿੱਚ ਸਬੰਧਤ ਮੰਤਰੀ ਵਲੋਂ ਦੱਸਿਆ ਗਿਆ ਕਿ ਨਵੇਂ 3.6 ਕਰੋੜ ਪੌਦੇ ਬੀਜੇ ਗਏ ਅਤੇ ਸਰਕਾਰ  ਨੇ 358.87 ਕਰੋੜ ਰੁਪਏ ਖਰਚੇ । ਪਰ ਵਾਤਾਵਰਨ ਦਾ ਜੋ ਨੁਕਸਾਨ 31 ਲੱਖ ਦਰਖਤਾਂ ਦੇ ਕੱਟਣ ਨਾਲ ਹੋਇਆ, ਕੀ ਉਸਦੀ ਭਰਪਾਈ ਹੋ ਸਕੇਗੀ ? ਕਿਸੇ ਵੀ ਵਿਕਾਸ ਯੋਜਨਾ ਦੇ ਨਾਮ ਉਤੇ ਜਦੋਂ ਦਰਖਤ ਕੱਟੇ ਜਾਂਦੇ ਹਨ ਤਾਂ ਵਿਰੋਧ ਹੁੰਦਾ ਹੈ। ਸਰਕਾਰੀ ਏਜੰਸੀਆਂ ਤਰਕ ਦਿੰਦੀਆਂ ਹਨ ਕਿ ਜਿੰਨੇ ਦਰਖਤ ਕੱਟੇ ਜਾਣਗੇ, ਉਸਦੇ ਬਦਲੇ ਦਸ ਗੁਣਾ ਦਰਖਤ ਲਗਾਏ ਜਾਣਗੇ, ਪਰ ਲਗਾਏ ਗਏ ਦਰਖਤਾਂ ਦੀ ਦੇਖਭਾਲ ਦੇ ਮਾਮਲੇ 'ਚ ਸਰਕਾਰ ਫਾਡੀ ਹੈ। ਹਵਾ ਪ੍ਰਦੂਸ਼ਣ ਹੋਵੇ ਜਾਂ ਪਾਣੀ ਪ੍ਰਦੂਸ਼ਣ ਜਾਂ ਭੂਮੀ ਖੋਰਾ, ਉਸਦਾ ਇਲਾਜ ਸਿਰਫ ਤੇ ਸਿਰਫ ਦਰਖਤ ਹੀ ਹਨ।

 

          ਇਕ ਅੰਦਾਜੇ ਅਨੁਸਾਰ ਦੇਸ਼ 'ਚ 5 ਲੱਖ ਹੈਕਟੇਅਰ ਜੰਗਲ ਖੇਤੀਬਾੜੀ ਲਈ ਹਰ ਵਰ੍ਹੇ ਤਿਆਰ ਕੀਤਾ ਜਾ ਰਿਹਾ ਹੈ । ਇਮਾਰਤੀ ਲੱਕੜੀ ਲਈ ਜੰਗਲਾਂ ਦੀ ਕਟਾਈ ਹੁੰਦੀ ਹੈ । ਸ਼ਹਿਰੀਕਰਨ ਅਤੇ ਉਦਯੋਗੀਕਰਨ ਦੇ ਨਾਅ  ਉੱਤੇ ਦਰਖਤਾਂ ਦੀ ਕਟਾਈ ਹੁੰਦੀ ਹੈ ਅਤੇ ਦੇਸ਼ ਦਾ ਕੁਦਰਤੀ ਖਜ਼ਾਨਾ ਧੰਨ ਕੁਬੇਰਾਂ ਦੇ ਹੱਥ ਸੌਂਪ ਕੇ ਨਿੱਜੀਕਰਨ ਪਾਲਿਸੀਆਂ ਰਾਹੀਂ ਦੇਸ਼ ਦੇ ਜੰਗਲ ਦਾ ਘਾਣ ਕੀਤਾ ਜਾ ਰਿਹਾ ਹੈ।ਪਿਛਲੇ 30 ਸਾਲਾਂ ‘ਚ 23,716 ਨਵੇਂ ਉਦਯੋਗ ਲਗਾਉਣ ਲਈ ਜੰਗਲ ਤਬਾਹ ਕੀਤੇ ਗਏ।

          ਜੰਗਲਾਂ ਦੀ ਤਬਾਹੀ ਰੋਕਣ ਲਈ, ਧੰਨ ਕੁਬੇਰਾਂ ਹੱਥ ਜੰਗਲ ਸੌਂਪਣ ਤੋਂ ਰੋਕਣ ਲਈ, ਭੂਮੀ ਮਾਫੀਏ ਹੱਥ ਮਾਈਨਿੰਗ ਲਈ ਜ਼ਮੀਨਾਂ ਹੜੱਪਣੋ ਰੋਕਣ ਲਈ ਪਿੰਡਾਂ ‘ਚ ਰਹਿੰਦੇ ਆਮ ਲੋਕਾਂ ਨੇ ਵੱਡਾ ਵਿਰੋਧ ਕੀਤਾ ਹੈ।ਪਰ ਕੋਈ ਵੱਡੀ ਲਹਿਰ ਦੇਸ਼ ਦੇ ਕਿਸੇ ਵੀ ਹਿੱਸੇ 'ਚ ਉਸਾਰੀ ਨਹੀਂ ਜਾ ਸਕੀ, ਕਿਉਂਕਿ ਦੇਸ਼ ਇਸ ਵੇਲੇ ਕਾਰਪੋਰੇਟ ਸੈਕਟਰ ਦੇ ਹੱਥ ਆਇਆ ਹੋਇਆ ਹੈ ਅਤੇ ਉਸ ਵਲੋਂ ਹਰ ਹਰਬਾ ਵਰਤਕੇ ਕੁਦਰਤੀ ਸਾਧਨਾਂ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ।

          1973 ‘ਚ ਚਿਪਕੋ ਅੰਦੋਲਨ ਨੇ ਦੇਸ਼ ਵਾਸੀਆਂ ਦਾ ਧਿਆਨ ਖਿੱਚਿਆ ਸੀ।ਇਹ ਅੰਦੋਲਨ ਉਤਰਾਖੰਡ ਤੋਂ ਆਰੰਭ ਹੋਇਆ ਅਤੇ ਭਾਰਤੀ ਹਿਮਾਲਾ ਖੇਤਰ ‘ਚ ਪਸਰਿਆ। ਔਰਤਾਂ, ਦਰੱਖਤਾਂ ਦੀ ਕਟਾਈ ਸਮੇਂ, ਦਰਖ਼ਤਾਂ ਨਾਲ ਚੁੰਬੜ ਗਈਆਂ। 1980 ਵਿਆਂ 'ਚ ਟੀਹਰੀ ਡੈਮ, ਜੋ ਭਾਗੀਰਥ ਦਰਿਆ ਤੇ ਉਸਾਰਿਆ ਜਾਣਾ ਸੀ, ਉਸ ਵਿਰੁੱਧ ਵੀ ਲੋਕ ਲਾਮਬੰਦ ਹੋਏ। ਪ੍ਰਸਿੱਧ ਵਾਤਵਾਰਨ ਪ੍ਰੇਮੀ ਸੁੰਦਰਲਾਲ ਬਹੂਗੁਣਾ ਨੇ 1981-83 'ਚ ਪਿੰਡ ਪਿੰਡ ਘੁੰਮਕੇ ਹਿਮਾਲਾ ਖੇਤਰ ਦੇ 5000 ਕਿਲੋਮੀਟਰ 'ਚ ਦਰਖ਼ਤਾਂ ਦੇ ਬਚਾਅ ਲਈ ਲੋਕਾਂ ਨੂੰ ਜਾਗਰੂਕ ਕੀਤਾ।

          ਅੱਜ ਵੀ ਚਿਪਕੋ ਅੰਦੋਲਨ ਦੀਆਂ ਤਿੰਨ ਔਰਤਾਂ ਗੌਰੀ ਦੇਵੀ, ਸੁਦੇਸ਼ਾਂ ਦੇਵੀ ਅਤੇ ਬਚਨੀ ਦੇਵੀ ਅਤੇ ਚਾਂਦੀ ਪ੍ਰਸ਼ਾਦ ਭੱਟ ਨੂੰ ਲੋਕ ਯਾਦ ਕਰਦੇ ਹਨ, ਜਿਹਨਾ ਨੇ ਜੰਗਲਾਂ ਦੀ ਸੁਰੱਖਿਆ ਲਈ  ਸ਼ਾਂਤੀਪੂਰਵਕ ਅੰਦੋਲਨ ਆਰੰਭਿਆ। ਭਾਵੇਂ ਕਿ ਇੱਕਾ-ਦੁੱਕਾ ਅੰਦੋਲਨ ਦੇਸ਼ 'ਚ ਸਮੇਂ-ਸਮੇਂ ਹੁੰਦੇ ਰਹੇ, ਉਹਨਾ ਅੰਦੋਲਨਾਂ ਨਾਲ ਸਮੇਂ ਦੇ ਹਾਕਮਾਂ ਵਿੱਚ ਡਰ ਵੀ ਪੈਦਾ ਹੋਇਆ, ਪਰ ਜੰਗਲਾਂ ਦਾ ਵਢਾਂਗਾ, ਖਨਣ ਦੀਆਂ ਪ੍ਰਕਿਰਿਆਵਾਂ ਬੰਦ ਨਹੀਂ ਹੋਈਆਂ। ਸਿੱਟੇ ਵਜੋਂ ਹਰਿਆ-ਭਰਿਆ ਦੇਸ਼ ਦਰਖਤਾਂ ਦੀ ਕਟਾਈ ਕਾਰਨ ਪ੍ਰਦੂਸ਼ਿਤ ਹੁੰਦਾ ਗਿਆ। ਅੱਜ ਸਥਿਤੀ ਇਹ ਹੈ ਕਿ ਭਾਰਤ ਦੇਸ਼ ਜੰਗਲਾਂ ਦੇ ਖੇਤਰ 'ਚ ਦੁਨੀਆ  ਭਰ 'ਚ ਦਸਵੇਂ ਥਾਂ ਤੇ ਖਿਸਕ ਗਿਆ ਹੈ।

          ਦੇਸ਼ 'ਚ ਗਰੀਬ, ਅਮੀਰ ਦਾ ਵੱਧ ਰਿਹਾ ਪਾੜਾ, ਕੁਦਰਤੀ ਸਾਧਨ ਹਵਾ-ਪਾਣੀ ਦੇ ਵਿਕਣ ਦੀ ਸਥਿਤੀ ਵੱਲ ਵਧਣਾ, ਆਰਥਿਕ ਲੁੱਟ-ਖਸੁੱਟ ਆਮ ਆਦਮੀ ਦੇ ਮੁੱਢਲੇ ਕੁਦਰਤੀ  ਹੱਕਾਂ ਉਤੇ ਧੰਨ-ਕੁਬੇਰਾਂ ਦਾ ਵੱਡਾ ਹਮਲਾ ਹੈ। ਇਹ ਹਮਲੇ ਦਾ ਟਾਕਰਾ ਆਮ ਆਦਮੀ ਦੇ ਜਾਗਰੂਕ ਹੋਣ ਨਾਲ ਹੀ ਹੋ ਸਕਦਾ ਹੈ। ਅੱਜ ਵੀ ਦੇਸ਼ ਦੇ ਜੰਗਲਾਂ ਦੀ ਲੁੱਟ ਅਤੇ ਦੇਸ਼ ਦੀ ਕੁਦਰਤੀ ਧੰਨ ਦੌਲਤ ਦੀ ਲੁੱਟ ਵਿਰੁੱਧ ਚਿਪਕੋ ਜਿਹੇ ਅੰਦੋਲਨਾਂ ਦੀ ਲੋੜ ਹੈ।

-ਗੁਰਮੀਤ ਸਿੰਘ ਪਲਾਹੀ
-9815802070

ਕੰਮਕਾਜੀ ਔਰਤਾਂ ਕਿਉਂ ਛੱਡ ਰਹੀਆਂ ਹਨ ਨੌਕਰੀਆਂ? - ਗੁਰਮੀਤ ਸਿੰਘ ਪਲਾਹੀ

ਕੰਮਕਾਜੀ ਔਰਤਾਂ ਸਬੰਧੀ ਛਪੇ ਇੱਕ ਸਰਵੇਖਣ ਅਨੁਸਾਰ 131 ਦੇਸ਼ਾਂ ਦੀ ਸੂਚੀ ਵਿੱਚ ਭਾਰਤ ਦੀ ਕੰਮਕਾਜੀ ਔਰਤਾਂ ਦੀ ਭਾਗੀਦਾਰੀ 'ਚ 120ਵੀਂ ਥਾਂ ਹੈ। ਬਹੁਤ ਸਾਰੀਆਂ ਕੰਮਕਾਜੀ ਔਰਤਾਂ ਨੌਕਰੀਆਂ ਛੱਡ ਰਹੀਆਂ ਹਨ। ਵਿਚਕਾਰਲੀਆਂ ਪ੍ਰਬੰਧਨ ਨੌਕਰੀਆਂ ਨੂੰ ਤਿਲਾਜ਼ਲੀ ਦੇਣ ਵਾਲੀਆਂ ਔਰਤਾਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ ਜਾਂ ਜ਼ਿਆਦਾ ਹੈ।

            ਪੁਰਸ਼ ਪ੍ਰਧਾਨ ਭਾਰਤੀ ਸਮਾਜ 'ਚ ਔਰਤਾਂ ਦੀ ਸਖ਼ਸ਼ੀ ਆਜ਼ਾਦੀ ਦਾ ਪਹੀਆ ਉਲਟਾ ਘੁੰਮ ਰਿਹਾ ਹੈ।  ਪੁਰਸ਼ਾਂ ਦੀ ਜਕੜ ਹੋਰ ਪੱਕੀ-ਪੀਡੀ ਹੋ ਰਹੀ ਹੈ। ਸਾਲ 2005 ਵਿੱਚ ਔਰਤਾਂ ਦੀ ਨੌਕਰੀਆਂ 'ਚ ਹਿੱਸੇਦਾਰੀ 27 ਫ਼ੀਸਦੀ ਸੀ, ਜਿਹੜੀ ਡਿੱਗਕੇ ਹੁਣ 23 ਫ਼ੀਸਦੀ ਰਹਿ ਗਈ ਹੈ ਜਦਕਿ ਔਰਤਾਂ ਪੜ੍ਹਾਈ ਦੇ ਖੇਤਰ 'ਚ ਲਗਾਤਾਰ ਅੱਗੇ ਵੱਧ ਰਹੀਆਂ ਹਨ, ਵੱਡੀਆਂ ਡਿਗਰੀਆਂ ਪ੍ਰਾਪਤ ਕਰ ਰਹੀਆਂ ਹਨ, ਨੌਕਰੀਆਂ ਲਈ ਮੁਕਾਬਲੇ ਦੇ ਇਮਤਿਹਾਨਾਂ 'ਚ ਮੋਹਰੀ ਥਾਂ ਬਣਾ ਰਹੀਆਂ ਹਨ।

            ਮੱਧ ਵਰਗੀ ਕੰਮਕਾਜੀ ਔਰਤਾਂ ਦੇ ਨੌਕਰੀ ਛੱਡਣ ਦੇ ਬੁਨਿਆਦੀ ਕਾਰਨਾਂ 'ਚ ਸਭ ਤੋਂ ਪ੍ਰਮੁੱਖ ਇਹ ਹੈ ਕਿ ਦੇਸ਼ ਵਿੱਚ ਮਾਹਰ ਮਰਦਾਂ ਅਤੇ ਔਰਤਾਂ 'ਚ ਬਰਾਬਰ ਦੀ  ਕੁਸ਼ਲਤਾ ਹੋਣ 'ਤੇ ਵੀ ਉਹਨਾ ਨੂੰ ਬਰਾਬਰ ਦੀ ਤਨਖਾਹ ਨਹੀਂ ਮਿਲਦੀ। ਜਾਂ ਉਹਨਾ ਨੂੰ ਨੌਕਰੀਆਂ 'ਚ ਬਰਾਬਰ ਦੇ ਮੌਕੇ ਨਹੀਂ ਮਿਲਦੇ ਅਤੇ ਨਾ ਹੀ ਬਰਾਬਰ ਦੀਆਂ ਤਰੱਕੀਆਂ ਮਿਲਦੀਆਂ ਹਨ। ਦੂਜਾ ਯੋਨ ਹਿੰਸਾ ਦਾ ਜ਼ੋਖਮ ਹੈ, ਜਿਸ 'ਚ ਦੇਸ਼ ਭਾਰਤ ਮੋਹਰੀ ਦੇਸ਼ਾਂ ਵਿਚੋਂ ਇੱਕ ਹੈ। ਲਿੰਗਕ ਨਾ ਬਰਾਬਰੀ ਵਾਲਾ ਪੁਰਸ਼ ਪ੍ਰਧਾਨ ਭਾਰਤੀ ਸਮਾਜ ਚਾਹੁੰਦਾ ਹੈ ਕਿ ਔਰਤਾਂ ਘਰ 'ਚ ਰਹਿਣ। ਉਹਨਾ ਦਾ ਮੁੱਖ ਕੰਮ ਘਰ ਦੀ ਚਾਰ ਦੀਵਾਰੀ ਅੰਦਰ ਹੈ। ਰੰਗੜਊ ਮਰਦ ਚਾਹੁੰਦੇ ਹਨ ਕਿ ਔਰਤਾਂ ਰਸੋਈ 'ਚ ਕੰਮ ਕਰਨ, ਬੱਚਿਆਂ ਦੀ ਦੇਖਭਾਲ ਕਰਨ ਅਤੇ ਸਿਰਫ਼ ਕੰਮ ਚਲਾਊ ਸਿੱਖਿਆ ਹੀ ਹਾਸਲ ਕਰਨ।

            ਭਾਵੇਂ ਕਿ ਸੰਯੁਕਤ ਰਾਸ਼ਟਰ ਮਰਦਾਂ, ਔਰਤਾਂ ਦੀ ਬਰਾਬਰੀ ਦੀ ਗੱਲ ਕਰਦਾ ਹੈ। ਪਰ ਇਸ ਸਭ ਕੁਝ ਦੇ ਬਾਵਜੂਦ ਵਿਸ਼ਵ ਭਰ 'ਚ 2.7 ਅਰਬ ਲੋਕਾਂ ਤੋਂ ਵੀ ਵੱਧ ਔਰਤਾਂ ਕਨੂੰਨੀ ਰੂਪ ਵਿੱਚ ਪੁਰਸ਼ਾਂ ਦੇ ਬਰਾਬਰ ਨੌਕਰੀਆਂ ਦੀ ਚੋਣ ਤੋਂ ਬਾਹਰ ਹਨ। ਬਹੁਤ ਸਾਰੇ ਦੇਸ਼ ਦੁਨੀਆ ਭਰ 'ਚ ਇਹੋ ਜਿਹੇ ਹਨ, ਜਿਥੇ ਔਰਤਾਂ ਨੂੰ ਨੌਕਰੀਆਂ ਕਰਨ 'ਤੇ ਪਾਬੰਦੀ ਹੈ। ਇਥੇ ਹੀ ਬੱਸ ਨਹੀਂ ਦੁਨੀਆ 'ਚ 59 ਦੇਸ਼ ਇਹੋ ਜਿਹੇ ਹਨ, ਜਿਥੇ ਯੋਨ ਉਤਪੀੜਨ ਸਬੰਧੀ ਕੋਈ ਕਾਨੂੰਨ ਹੀ ਨਹੀਂ ਹੈ। ਵਿਸ਼ਵ ਪੱਧਰ 'ਤੇ ਔਰਤਾਂ ਨੂੰ ਪੁਰਸ਼ਾਂ ਦੇ ਬਰਾਬਰ ਤਨਖਾਹ ਨਹੀਂ ਮਿਲਦੀ। 40 ਫ਼ੀਸਦੀ ਔਰਤਾਂ ਇਹੋ ਜਿਹੀਆਂ ਹਨ ਜਿਹਨਾ ਨੂੰ ਸਮਾਜਿਕ ਸੁਰੱਖਿਆ ਨਹੀਂ ਹੈ। ਦੁਨੀਆਂ ਭਰ 'ਚ ਸਿਰਫ਼ 58 ਫ਼ੀਸਦੀ ਔਰਤਾਂ ਦੀ ਹੀ ਬੈਂਕਾਂ ਆਦਿ ਤੱਕ ਪਹੁੰਚ ਹੈ। ਕੰਮਕਾਜੀ ਦੁਨੀਆ 'ਚ ਛੋਟੀਆਂ, ਵੱਡੀਆਂ, ਬਜ਼ੁਰਗ, ਪੜ੍ਹੀਆਂ, ਲਿਖੀਆਂ, ਅਨਪੜ੍ਹ ਹਰ ਵਰਗ ਦੀਆਂ ਔਰਤਾਂ ਦਾ ਕੰਮਾਂ ਦੀ ਥਾਂ ਤੇ ਸੋਸ਼ਣ ਅਤੇ ਕਈ ਹਾਲਤਾਂ 'ਚ ਯੋਨ ਸੋਸ਼ਣ ਹੁੰਦਾ ਹੈ।

            ਅੰਤਰਰਾਸ਼ਟਰੀ ਲੇਬਰ ਸੰਗਠਨ ਦੀ ਇੱਕ ਰਿਪੋਰਟ ਪੜ੍ਹਨ ਵਾਲੀ ਹੈ। ਇਹ ਦਰਸਾਉਂਦੀ ਹੈ ਕਿ ਦੁਨੀਆ ਦੇ 64 ਦੇਸ਼ਾਂ ਦੀਆਂ ਸਾਰੀਆਂ ਔਰਤਾਂ ਰੋਜ਼ਾਨਾ 1640 ਕਰੋੜ ਘੰਟੇ ਬਿਨ੍ਹਾਂ ਉਜਰਤ ਕੰਮ ਕਰਦੀਆਂ ਹਨ। ਦੁਨੀਆ ਦੀਆਂ 25.8 ਕਰੋੜ ਪ੍ਰਵਾਸੀਆਂ ਵਿਚੋਂ ਲਗਭਗ 50 ਫ਼ੀਸਦੀ ਕੰਮਕਾਜੀ  ਔਰਤਾਂ ਹਨ ਜੋ ਆਪਣੇ ਦੇਸ਼ਾਂ ਤੋਂ ਬਾਹਰ ਰਹਿੰਦੀਆਂ ਹਨ। ਇਹਨਾ ਔਰਤਾਂ ਨੂੰ ਬਿਹਤਰ ਰੁਜ਼ਗਾਰ ਪ੍ਰਾਪਤੀ ਲਈ, ਰੂੜੀਵਾਦੀ ਸੋਚ, ਦਾ ਸ਼ਿਕਾਰ ਹੋਣਾ ਪੈਂਦਾ ਹੈ। ਉਹਨਾ ਦੀ ਨੌਕਰੀਆਂ 'ਚ ਚੋਣ ਅਤੇ ਅੱਗੋਂ ਕੰਮ ਕਰਨ 'ਚ ਇਹ ਸੋਚ ਰੁਕਾਵਟ ਬਣਦੀ ਹੈ।

            ਪ੍ਰਾਪਤ ਜਾਣਕਾਰੀਆਂ, ਸਰਵੇ, ਰਿਪੋਰਟਾ ਦੱਸਦੀਆਂ ਹਨ ਕਿ ਭਾਰਤ ਵਿੱਚ ਕੰਮਕਾਜ ਵਿੱਚ ਔਰਤਾਂ ਦੀ ਹਿੱਸੇਦਾਰੀ ਵਿੱਚ ਲਗਾਤਾਰ ਗਿਰਾਵਟ ਆ ਰਹੀ ਹੈ। ਇਸਦਾ ਮੁੱਖ ਕਾਰਨ ਅਰਥ ਵਿਵਸਥਾ ਦੇ ਸੰਕਟ ਨਾਲ ਜੁੜਿਆ ਹੋਇਆ ਹੈ, ਕਿਉਂਕਿ ਵੱਡੀ ਗਿਣਤੀ ਔਰਤਾਂ ਕੋਲ ਪੜ੍ਹੇ-ਲਿਖੇ ਹੋਣ ਦੇ ਬਾਵਜੂਦ ਕੰਮ ਹੀ ਕੋਈ ਨਹੀਂ ਅਤੇ ਉਹਨਾ ਦੀ ਕੰਮ-ਸ਼ਕਤੀ ਅੰਜਾਈ ਜਾ ਰਹੀ ਹੈ।

            ਇਸੇ ਤਰ੍ਹਾਂ ਘਰੇਲੂ ਦਬਾਅ ਕਾਰਨ ਨੌਕਰੀ ਪੇਸ਼ਾ ਭਾਰਤੀ ਔਰਤਾਂ ਹਰ ਸਮੇਂ  ਮਾਨਸਿਕ ਅਤੇ ਸਰੀਰਕ ਰੂਪ 'ਚ ਥੱਕੀਆਂ ਮਹਿਸੂਸ ਕਰਦੀਆਂ ਹਨ। ਭਾਰਤੀ ਔਰਤਾਂ ਉਤੇ ਘਰੇਲੂ ਜ਼ਿੰਮੇਵਾਰੀਆਂ ਦਾ ਭਾਰੀ ਬੋਝ ਰਹਿੰਦਾ ਹੈ। ਸਹੁਰੇ ਘਰਾਂ 'ਚ ਨਿਵਾਸ ਕਰਦੀਆਂ ਸਾਂਝੇ ਪਰਿਵਾਰ 'ਚ ਰਹਿੰਦੀਆਂ ਕੰਮਕਾਜੀ ਔਰਤਾਂ ਉਤੇ ਤਾਂ ਮਾਨਸਿਕ ਦਬਾਅ ਹੋਰ ਵੀ ਵਧਿਆ ਰਹਿੰਦਾ ਹੈ। ਵੇਖਣ ਵਿੱਚ ਤਾਂ ਇਹ ਵੀ ਆਉਂਦਾ ਹੈ ਕਿ ਰੂੜੀਵਾਦੀ ਸੋਚ ਵਾਲੇ ਲੋਕ ਔਰਤਾਂ ਨੂੰ ਨੌਕਰੀ ਕਰਨ ਦੇ ਹੱਕ 'ਚ ਨਹੀਂ ਰਹਿੰਦੇ। ਭਾਰਤ ਵਿੱਚ ਪਿਛਲੇ ਇੱਕ ਦਹਾਕੇ 'ਚ 1096 ਕਰੋੜ ਔਰਤਾਂ ਨੇ ਨੌਕਰੀਆਂ ਗੁਆਈਆਂ ਜਾਂ ਛੱਡੀਆਂ ਹਨ। ਇੰਜੀਨੀਰਿੰਗ ਤੇ ਮੈਡੀਕਲ ਖੇਤਰਾਂ 'ਚ ਔਰਤਾਂ ਦਾ 30 ਤੋਂ 45 ਫੀਸਦੀ ਤੱਕ, ਆਈ.ਆਈ.ਟੀ. ਖੇਤਰ 'ਚ ਪ੍ਰਵੇਸ਼ ਸਮੇਂ 20.8 ਫ਼ੀਸਦੀ ਅੱਛਾ ਖਾਸਾ ਪ੍ਰੀਖਿਆ ਯੋਗਤਾ ਪਾਸ ਕਰਨ 'ਚ ਹਿੱਸੇਦਾਰੀ ਹੁੰਦੀ ਹੈ ਪਰ ਨੌਕਰੀ ਵੇਲੇ ਤਾਂ ਆਈ.ਆਈ.ਟੀ. ਹਿੱਸੇਦਾਰੀ 8 ਤੋਂ 9 ਫ਼ੀਸਦੀ ਹੀ ਰਹਿ ਜਾਂਦੀ ਹਠ। ਅਸਲ 'ਚ ਵਿਆਹ ਵੇਲੇ ਮਰਦ ਸ਼ਰਤ ਹੀ ਇਹ ਲਾਉਂਦੇ ਹਨ ਕਿ ਉਹਨਾ ਦੀ ਘਰਵਾਲੀ ਨੌਕਰੀ ਨਹੀਂ ਕਰੇਗੀ।

            ਅੱਜ ਔਰਤਾਂ ਉਦਯੋਗ, ਪ੍ਰਸ਼ਾਸਨ, ਰਾਜਨੀਤੀ ਆਦਿ ਸਭ ਥਾਈਂ ਕੰਮ ਕਰਦੀਆਂ ਹਨ। ਨੌਕਰੀਆਂ ਕਾਰਨ ਜਦੋਂ ਕਿ ਇੱਕ ਪਾਸੇ ਉਹਨਾ ਹਾਲਾਤਾਂ ਵਿੱਚ ਤਬਦੀਲੀ ਵੇਖਣ  ਨੂੰ ਮਿਲ ਰਹੀ ਹੈ, ਪਰ ਉਹਨਾ ਦੀਆਂ ਸਮੱਸਿਆਂਵਾਂ ਵੀ ਵਧ ਰਹੀਆਂ ਹਨ। ਕਿਉਂਕਿ ਨੌਕਰੀਆਂ ਕਾਰਨ ਔਰਤਾਂ ਨੂੰ ਘਰੋਂ ਬਾਹਰ ਰਹਿਣਾ ਪੈਂਦਾ ਹੈ। ਸਿੱਟੇ ਵਜੋਂ ਉਸ ਉਤੇ ਮਾਨਸਿਕ ਅਤੇ ਸਰੀਰਕ ਬੋਝ ਵਧਦਾ ਹੈ। ਕਈ ਹਾਲਤਾਂ ਵਿੱਚ ਜਦੋਂ ਉਹਨਾ ਤੇ ਨੌਕਰੀ ਦਾ ਭਾਰ ਵਧਦਾ ਹੈ ਤਾਂ ਪਰਿਵਾਰਕ ਸਥਿਤੀ ਡਾਵਾਂਡੋਲ ਹੁੰਦੀ ਹੈ। ਵੱਡੀ ਗਿਣਤੀ ਔਰਤਾਂ ਦਾ ਨੌਕਰੀ ਆਪਣੀ ਆਜ਼ਾਦੀ ਅਤੇ ਚੰਗੀ ਪਛਾਣ ਲਈ ਵੀ ਨੌਕਰੀ ਕਰਦੀਆਂ ਹਨ। ਪਰ ਕੰਮ ਦੀਆਂ ਥਾਵਾਂ ਉਤੇ ਉਹ ਯੋਨ ਸੋਸ਼ਣ, ਲਿੰਗ ਭੇਦਭਾਵ ਅਤੇ ਅਸੁਰੱਖਿਆ ਉਹਨਾ ਲਈ ਨੌਕਰੀ ਲਈ ਰੁਕਾਵਟ ਬਣਦੀ ਹੈ। ਜਿਸ ਨਾਲ ਉਹਨਾ ਦਾ ਮਨੋਬਲ ਡਿੱਗਦਾ ਹੈ ਅਤੇ ਉਹ ਘਰ ਬੈਠਣ ਲਈ ਮਜ਼ਬੂਰ  ਹੋ ਜਾਂਦੀਆਂ ਹਨ।

            ਇਸ ਸਥਿਤੀ ਦੇ ਮੱਦੇਨਜ਼ਰ ਕੰਮਕਾਜੀ ਔਰਤਾਂ ਪ੍ਰਤੀ ਭਾਰਤ ਵਿੱਚ ਕੁਝ ਤੱਥ ਗੰਭੀਰ ਧਿਆਨ ਦੀ ਮੰਗ ਕਰਦੇ ਹਨ:-

1.     ਭਾਰਤ ਵਿੱਚ 66 ਫ਼ੀਸਦੀ ਤੋਂ ਜ਼ਿਆਦਾ ਨੌਜਵਾਨ ਔਰਤਾਂ ਘਰੇਲੂ ਜ਼ੁੰਮੇਵਾਰੀਆਂ ਨਿਭਾਉਂਦੀਆਂ ਹਨ।

2.      ਭਾਰਤ ਦੀਆਂ ਕੁੱਲ ਕੰਮ ਕਾਜੀ ਔਰਤਾਂ ਵਿੱਚ 63 ਫ਼ੀਸਦੀ ਖੇਤੀ ਦੇ ਕੰਮਾਂ 'ਚ ਲੱਗੀਆਂ ਹਨ।

3.     ਭਾਰਤੀ ਔਰਤਾਂ ਦੀ ਲੇਬਰ ਦੇ ਕੰਮਾਂ 'ਚ ਭਾਗੀਦਾਰੀ 2005 ਵਿੱਚ 32 ਫ਼ੀਸਦੀ ਸੀ ਅਤੇ 2021 'ਚ ਇਹ 19 ਫ਼ੀਸਦੀ ਰਹਿ ਗਈ। ਭਾਵ ਪਿਛਲੇ ਦੋ ਦਹਾਕਿਆਂ 'ਚ ਇਹ ਕਾਫੀ ਘੱਟ ਗਈ।

4.     ਵੱਡੀ ਗਿਣਤੀ ਭਾਰਤੀ ਔਰਤਾਂ ਨੂੰ ਕੰਮ ਬਦਲੇ ਕੋਈ ਮਜ਼ਦੂਰੀ ਨਹੀਂ ਮਿਲਦੀ। ਇਸ ਕੰਮ ਵਿੱਚ ਘਰੇਲੂ ਕੰਮ, ਬਾਲਣ ਇਕੱਠਾ ਕਰਨਾ, ਪਰਿਵਾਰ 'ਚ ਖੇਤੀਬਾੜੀ ਦੇ ਕੰਮ 'ਚ ਹੱਥ ਵਟਾਉਣਾ ਆਦਿ ਸ਼ਾਮਲ ਹੈ।

            ਭਾਰਤ ਦੀ ਕੁੱਲ ਆਬਾਦੀ 140 ਕਰੋੜ ਪਹੁੰਚ ਚੁੱਕੀ ਹੈ ਅਤੇ ਇਸ ਵਿੱਚ ਔਰਤਾਂ ਦੀ ਗਿਣਤੀ 49 ਫ਼ੀਸਦੀ ਹੈ। ਇਹ ਭਾਰਤ ਲਈ ਵੱਡਾ ਚੈਲਿੰਜ ਹੈ ਕਿ ਭਾਰਤ ਦੀਆਂ ਔਰਤਾਂ ਲਈ ਕੰਮ ਦੇ ਵੱਧ ਤੋਂ ਵੱਧ ਮੌਕੇ ਨਹੀਂ ਮਿਲਦੇ। ਕੰਮ ਦੇ ਸਥਾਨ ਤੇ ਸੁਖਾਵਾਂ ਮਾਹੌਲ ਨਹੀਂ ਮਿਲਦਾ । ਇੱਕ ਸਰਵੇ ਅਨੁਸਾਰ ਅਨੁਸੂਚਿਤ ਜਾਤਾਂ ਜਾਂ ਪਿੱਛੜੇ ਵਰਗਾਂ ਨਾਲ ਸਬੰਧਤ ਔਰਤਾਂ ਦੀ ਹਾਲਤ ਤਾਂ ਬਹੁਤ ਹੀ ਨਿਰਾਸ਼ਾਜਨਕ ਹੈ। ਇਹ ਔਰਤਾਂ ਤਾਂ ਘਰ ਦੀ ਚਾਰ ਦੀਵਾਰੀ ਤੱਕ  ਸੀਮਤ ਕਰਕੇ ਰੱਖ ਦਿੱਤੀਆਂ ਗਈਆਂ ਹਨ। ਉਂਜ ਵੀ ਪੜ੍ਹਾਈ ਕਰਨ ਤੋਂ  ਬਾਅਦ ਵੱਡੀ ਗਿਣਤੀ ਔਰਤਾਂ ਘਰੇਲੂ ਕਾਰਨਾਂ ਅਤੇ ਵਧਦੀ ਬੇਰੁਜ਼ਗਾਰੀ ਦੀਆਂ ਸ਼ਿਕਾਰ  ਨੌਕਰੀਆਂ ਤੋਂ  ਵਾਂਝੀਆਂ ਰਹਿੰਦੀਆਂ ਹਨ।

            ਵਿਸ਼ਵ ਪੱਧਰ 'ਤੇ ਲਗਭਗ ਇੱਕ ਤਿਹਾਈ ਔਰਤਾਂ ਦਾ ਮੁੱਖ ਰੁਜ਼ਗਾਰ ਖੇਤੀਬਾੜੀ ਹੈ,ਇਹਨਾਂ ਵਿੱਚ ਮੱਛੀ ਫੜਨ ਵਾਲੀਆਂ ਔਰਤਾਂ ਵੀ ਹਨ। ਪਰ ਹੈਰਾਨੀ ਵਾਲੀ ਗੱਲ ਹੈ ਕਿ 12.8 ਫ਼ੀਸਦੀ ਕਿਸਾਨ ਔਰਤਾਂ ਦੀ  ਹੀ ਜ਼ਮੀਨ ਉਤੇ ਮਾਲਕੀ ਹੈ। ਭਾਰਤ ਵਿੱਚ 63 ਫ਼ੀਸਦੀ ਔਰਤਾਂ ਖੇਤੀਬਾੜੀ ਦੇ ਕੰਮ 'ਚ ਲੱਗੀਆਂ ਹਨ ਜਦਕਿ ਹੋਰ ਖੇਤਰਾਂ 'ਚ ਔਰਤਾਂ ਦੀ ਰੁਜ਼ਗਾਰਤ ਭਾਗੀਦਾਰੀ 11.2 ਫ਼ੀਸਦੀ ਹੈ। ਅਸਲ ਅਰਥਾਂ 'ਚ ਇਹ ਗਿਣਤੀ ਪ੍ਰਤੀਸ਼ਤ ਬਹੁਤ ਹੀ ਘੱਟ ਹੈ। ਭਾਰਤ 'ਚ ਸਮਾਜਕ ਅਵਸਥਾ ਦੇ ਮੱਦੇਬਨਜ਼ਰ ਔਰਤਾਂ ਦੇ ਉਂਜ ਵੀ ਹਾਲਤ ਮਾੜੇ ਹਨ। ਨਾ-ਬਰਾਬਰੀ ਇਸਦਾ ਵੱਡਾ ਕਾਰਨ ਹੈ। ਸਦੀਆਂ ਤੋਂ ਉਹਨਾ ਨਾਲ ਹੁੰਦਾ ਵਿਤਕਰਾ ਅਤੇ ਵਰਤਾਓ, ਉਹਨਾ ਦੇ  ਪੜ੍ਹਨ, ਲਿਖਣ, ਰੁਜ਼ਗਾਰਤ ਹੋਣ 'ਚ ਵੱਡੀ ਰੁਕਾਵਟ ਬਣਦਾ ਹੈ। ਪਰ ਭਾਰਤ ਦੀ ਅਰਥ ਵਿਵਸਥਾ ਨੂੰ ਥਾਂ ਸਿਰ ਕਰਨ ਲਈ ਔਰਤਾਂ ਦੀ ਸ਼ਕਤੀ ਵਰਤਣ ਦੀ ਲੋੜ ਇੱਕ ਸਾਲਨਾ ਸਰਵੇ 'ਚ ਦਰਸਾਈ ਗਈ ਹੈ, ਜਿਸ ਅਨੁਸਾਰ 6.8 ਕਰੋੜ ਹੋਰ ਕੰਮਕਾਜੀ ਔਰਤਾਂ ਦੀ ਜ਼ਰੂਰਤ ਪੈ ਸਕਦੀ ਹੈ।

            ਜੇਕਰ ਉਹਨਾ ਨੂੰ ਕੰਮਕਾਜ ਦੇ ਚੰਗੇ, ਸੁਖਾਵੇਂ, ਮਾਹੌਲ ਵਾਲੇ ਬਰਾਬਰ ਦੇ ਮੌਕੇ ਪ੍ਰਦਾਨ ਕੀਤੇ ਜਾਣ। ਜੇਕਰ ਇੰਜ ਵਾਪਰਦਾ ਹੈ ਤਾਂ ਦੇਸ਼ 'ਚ ਕੰਮਕਾਜੀ ਔਰਤਾਂ ਦੀ ਗਿਣਤੀ ਪ੍ਰਤੀਸ਼ਤ  ਕੁਲ ਕੰਮਕਾਜੀ ਲੋਕਾਂ 'ਚ 41 ਫ਼ੀਸਦੀ ਹੋ ਸਕਦੀ ਹੈ। ਜੋ  ਅਗਲੇ ਦੋ ਤਿੰਨ ਸਾਲਾਂ 'ਚ ਜੀਡੀਪੀ 'ਚ ਵੱਡਾ ਵਾਧਾ ਕਰਕੇ ਵਿਕਾਸ ਦਰ 'ਚ 1.4 ਫ਼ੀਸਦੀ ਹੋਰ ਉਛਾਲ ਦੇ ਸਕਦੀ ਹੈ ਅਤੇ 46 ਲੱਖ ਕਰੋੜ ਦਾ ਹੋਰ ਮੁਨਾਫਾ ਦੇਸ਼ ਦੇ ਵਿਕਾਸ ਲਈ ਦੇ ਸਕਦੀ ਹੈ।

-ਗੁਰਮੀਤ ਸਿੰਘ ਪਲਾਹੀ

-9815802070

ਬਰੇਨ-ਡਰੇਨ, ਪੰਜਾਬ ਦੀ ਤਬਾਹੀ ਦਾ ਸੰਕੇਤ - ਗੁਰਮੀਤ ਸਿੰਘ ਪਲਾਹੀ

ਮਨੀ (ਧੰਨ), ਬਰੇਨ (ਦਿਮਾਗ), ਪੰਜਾਬ ਵਿਚੋਂ ਡਰੇਨ(ਬਾਹਰ ਵਗਣਾ) ਹੁੰਦਾ ਜਾ ਰਿਹਾ ਹੈ। ਪਿਛਲੇ ਛੇ ਸਾਲਾਂ ਵਿੱਚ ਵਿਦੇਸ਼ ਜਾਣ ਦੀ ਹੋੜ/ਚਾਹਤ ਨੇ ਪੰਜਾਬ ਦੇ ਕਾਲਜਾਂ ਵਿਚੋਂ ਵਿੱਚ-ਵਿਚਾਲੇ ਪੜ੍ਹਾਈ ਛੱਡਣ ਵਾਲਿਆਂ ਦੀ ਗਿਣਤੀ 'ਚ 15 ਤੋਂ 40 ਫ਼ੀਸਦੀ ਤੱਕ ਵਾਧਾ ਕਰ ਦਿੱਤਾ ਹੈ।

          ਸਿਆਣੇ ਕਹਿੰਦੇ ਹਨ ਪੈਸਾ/ਧੰਨ ਤਾਂ ਹੱਥਾਂ ਦੀ ਮੈਲ ਹੈ, ਕਮਾਇਆਂ ਮੁੜ ਆਏਗਾ, ਪਰ ਜਿਹੜੀ ਸਿਆਣਪ ਪੰਜਾਬ ਵਿਚੋਂ ਲਗਾਤਾਰ ਪਿਛਲੇ ਦੋ ਦਹਾਕਿਆਂ ਤੋਂ ਰੁਖ਼ਸਤ ਹੋ ਰਹੀ ਹੈ, ਆਖ਼ਰ ਉਸਦਾ ਬਣੇਗਾ ਕੀ? ਕੀ ਉਹ ਮੁੜ ਪੰਜਾਬ ਪਰਤੇਗੀ?

          ਪੰਜਾਬ ਦਾ ਛੋਟਾ ਸ਼ਹਿਰ ਲੈ ਲਓ ਜਾਂ ਵੱਡਾ, ਆਇਲਟਸ ਕੇਂਦਰਾਂ ਨਾਲ ਭਰਿਆ ਪਿਆ ਹੈ। ਇਹਨਾ ਵਪਾਰਕ ਕੇਂਦਰਾਂ ਅੱਗੇ ਲੱਗੀਆਂ ਨੌਜਵਾਨਾਂ ਦੀਆਂ ਵੱਡੀਆਂ ਕਤਾਰਾਂ ਲਗਾਤਾਰ ਵਧਦੀਆਂ ਜਾ  ਰਹੀਆਂ ਹਨ ਅਤੇ ਦਹਾਕਿਆਂ ਤੋਂ ਸਿੱਖਿਆ ਖੇਤਰ ਦੀ ਸੇਵਾ 'ਚ ਲੱਗੇ ਕਾਲਜਾਂ ਵਿੱਚ ਵਿਦਿਆਰਥੀਆਂ ਦੀ ਗਿਣਤੀ ਘੱਟਦੀ ਜਾ ਰਹੀ ਹੈ। ਕਈ ਕਾਲਜ ਤਾਂ ਲਗਭਗ ਖਾਲੀ ਹੀ ਹੋ  ਗਏ ਹਨ, ਬੀ.ਏ., ਬੀ.ਐਸ.ਸੀ., ਬੀ.ਕਾਮ. ਦੀਆਂ ਕਲਾਸਾਂ 'ਚ ਸੀਟਾਂ ਭਰਦੀਆਂ ਨਹੀਂ, ਸਿੱਟੇ ਵਜੋਂ ਮਾਸਟਰਜ਼ ਡਿਗਰੀ ਕੋਰਸ ਬੰਦ ਹੋ ਰਹੇ ਹਨ। ਬਹੁਤੀਆਂ ਬੈਚਲਰ ਕਲਾਸਾਂ 'ਚ ਪਲੱਸ ਟੂ ਪਾਸ ਕਰਨ ਵਾਲੇ ਵਿਦਿਆਰਥੀ ਕਾਲਜਾਂ 'ਚ ਦਖ਼ਲ ਹੀ ਇਸ ਕਰਕੇ ਹੁੰਦੇ ਹਨ ਕਿ ਉਹਨਾ ਨੂੰ ਜਦੋਂ ਵਿਦੇਸ਼ ਦਾ ਵੀਜ਼ਾ ਮਿਲ ਗਿਆ, ਉਹ ਤੁਰੰਤ ਕਾਲਜ ਛੱਡ ਦੇਣਗੇ।

          ਪੰਜਾਬ ਦੇ ਪ੍ਰੋਫੈਸ਼ਨਲ ਕਾਲਜਾਂ ਵਿਚੋਂ ਬਹੁਤੇ ਕਾਲਜ ਤਾਂ ਪਹਿਲਾਂ ਹੀ ਆਪਣੇ ਕਈ ਕੋਰਸ ਬੰਦ ਕਰੀ ਬੈਠੇ ਹਨ, ਕਿਉਂਕਿ ਘੱਟੋ-ਘੱਟ ਯੋਗਤਾ ਪੂਰੀ ਕਰਨ ਵਾਲੇ ਵਿਦਿਆਰਥੀ  ਉਹਨਾ ਨੂੰ ਮਿਲਦੇ ਨਹੀਂ ਅਤੇ ਵੱਡੀ ਗਿਣਤੀ 'ਚ ਸੀਟਾਂ ਇਹਨਾ ਕੋਰਸਾਂ 'ਚ ਖਾਲੀ ਰਹਿੰਦੀਆਂ ਹਨ। ਪੰਜਾਬ ਦੀਆਂ ਕੁਝ ਪ੍ਰੋਫੈਸ਼ਨਲ ਯੂਨੀਵਰਸਿਟੀਆਂ ਤਾਂ ਇਸ ਕਰਕੇ  ਚੱਲ ਰਹੀਆਂ ਹਨ ਕਿ ਦੇਸ਼ ਦੇ ਸੂਬਿਆਂ ਅਤੇ ਵਿਦੇਸ਼ਾਂ ਤੋਂ ਅੰਤਰਰਾਸ਼ਟਰੀ ਵਿਦਿਆਰਥੀ ਇਥੇ ਦਾਖ਼ਲਾ ਲੈਂਦੇ ਹਨ।

          ਆਖ਼ਰ ਕਾਰਨ ਕੀ ਬਣਿਆ, ਪੰਜਾਬ 'ਚੋਂ ਵਿਦੇਸ਼ ਵੱਲ ਨੌਜਵਾਨਾਂ ਦੇ ਪ੍ਰਵਾਸ ਦਾ ਅਤੇ ਉਹ ਵੀ ਬਹੁਤ ਵੱਡੀ ਗਿਣਤੀ 'ਚ:-

1.     ਨੌਜਵਾਨਾਂ ਦਾ ਸਰਕਾਰੀ ਤੰਤਰ 'ਚ ਯਕੀਨ ਖ਼ਤਮ ਹੋ ਗਿਆ ਹੈ।

2.     ਨੌਜਵਾਨਾਂ ਨੂੰ ਪੰਜਾਬ 'ਚ ਨੌਕਰੀਆਂ ਦੀ ਆਸ ਹੀ ਨਹੀਂ ਰਹੀ।

3.     ਨਸ਼ਿਆਂ ਦੀ ਬਹੁਤਾਤ ਕਾਰਨ ਮਾਪੇ ਅਤੇ ਨੌਜਵਾਨ ਆਪ ਵੀ ਪ੍ਰਦੇਸ਼ਾਂ 'ਚ ਜਾਕੇ ਸੁਰੱਖਿਅਤ ਹੋਣਾ ਚਾਹੁੰਦੇ ਹਨ।

4.     ਕਨੂੰਨ ਵਿਵਸਥਾ ਦੀ ਸਥਿਤੀ ਨੌਜਵਾਨਾਂ 'ਚ ਭੈਅ ਪੈਦਾ ਕਰ ਰਹੀ ਹੈ। ਗੈਂਗਸਟਰ ਪੰਜਾਬ ਦਾ ਮਾਹੌਲ ਖ਼ਰਾਬ ਕਰ ਰਹੇ ਹਨ ਅਤੇ ਸਿਆਸਤਦਾਨ ਉਹਨਾ ਨੂੰ ਸ਼ਹਿ ਦਿੰਦੇ ਹਨ। ਨੌਜਵਾਨ ਇਸ ਸਥਿਤੀ 'ਚ ਸੂਬੇ 'ਚ ਵਸਣਾ ਨਹੀਂ ਚਾਹੁੰਦੇ।

5.     ਪੰਜਾਬੀਆਂ 'ਚ ਵਿਦੇਸ਼ ਵਸਣ ਦੀ ਹੋੜ ਲੱਗੀ ਹੋਈ ਹੈ, ਉਸ ਤੋਂ ਨੌਜਵਾਨ ਪ੍ਰਭਾਵਿਤ ਹੋ ਰਹੇ ਹਨ ਅਤੇ ਧੜਾਧੜ ਇਸ ਰਸਤੇ ਤੁਰ ਰਹੇ ਹਨ।

          ਵਿਦੇਸ਼ਾਂ 'ਚ ਕਾਲਜਾਂ/ਯੂਨੀਵਰਸਿਟੀਆਂ 'ਚ ਦਾਖ਼ਲਾ ਸੌਖਾ ਨਹੀਂ। ਅੰਤਰਰਾਸ਼ਟਰੀ ਵਿਦਿਆਰਥੀਆਂ ਦੀਆਂ ਫ਼ੀਸਾਂ ਵੀ ਲੱਖਾਂ ਵਿੱਚ ਹਨ ਅਤੇ ਸਥਾਨਕ ਵਿਦਿਆਰਥੀਆਂ ਦੀਆਂ ਫ਼ੀਸਾਂ ਨਾਲੋਂ ਕਈ ਗੁਣਾ ਜ਼ਿਆਦਾ। ਨੌਜਵਾਨਾਂ ਨੂੰ ਪਹਿਲਾਂ ਆਈਲਟਸ ਕੇਂਦਰਾਂ 'ਚ ਲੁੱਟ ਦਾ ਸ਼ਿਕਾਰ ਹੋਣਾ ਪੈਦਾ ਹੈ, ਫਿਰ ਏਜੰਟਾਂ ਹੱਥ ਆਕੇ, ਇੰਮੀਗਰੇਸ਼ਨ ਕੰਪਨੀਆਂ ਦੀਆਂ ਸ਼ਰਤਾਂ ਉਤੇ ਯੂਨੀਵਰਸਿਟੀਆਂ ਕਾਲਜਾਂ ਦੀਆਂ ਹਜ਼ਾਰਾਂ ਡਾਲਰ ਫੀਸ ਜਮ੍ਹਾਂ ਕਰਾਉਣੀ ਪੈਂਦੀ ਹੈ, ਜਿਸ ਵਿਚੋਂ "ਮੋਟਾ ਕਮਿਸ਼ਨ" ਇਨ੍ਹਾਂ ਏਜੰਟਾਂ ਦਾ ਹੁੰਦਾ ਹੈ। ਦੁਖਾਂਤ ਇਹ ਵੀ ਹੈ ਕਿ ਕਈ ਜਾਅਲੀ ਯੂਨੀਵਰਸਿਟੀਆਂ ਠੱਗ ਏਜੰਟਾਂ ਨਾਲ ਰਲਕੇ ਵਿਦਿਆਰਥੀਆਂ ਨਾਲ ਠੱਗੀ ਮਾਰਦੀਆਂ ਹਨ। ਮੌਜੂਦਾ ਸਮੇਂ ਇਹਨਾ ਠੱਗਾਂ ਦੇ ਸ਼ਿਕਾਰ  ਹੋਏ 700 ਵਿਦਿਆਰਥੀ, ਕੈਨੇਡਾ ਤੋਂ ਡਿਪੋਰਟ ਹੋਣ ਦੇ ਡਰ 'ਚ ਬੈਠੇ ਹਨ। ਉਹਨਾ ਦਾ ਭਵਿੱਖ ਧੁੰਦਲਾ ਹੈ।

          ਅਸਲ 'ਚ ਤਾਂ ਪੜ੍ਹਾਈ ਕਰਨ ਜਾਣ ਦੇ ਨਾਮ ਉਤੇ ਵਿਦਿਆਰਥੀ ਪੰਜਾਬ ਛਡਕੇ, ਕੈਨੇਡਾ, ਅਮਰੀਕਾ, ਨਿਊਜੀਲੈਂਡ, ਅਸਟਰੇਲੀਆ ਅਤੇ ਹੋਰ ਮੁਲਕਾਂ 'ਚ  ਪੱਕਾ ਟਿਕਾਣਾ ਲੱਭਦੇ ਹਨ ਅਤੇ ਇਹਨਾ ਮੁਲਕਾਂ 'ਚ ਹੀ ਆਪਣਾ ਭਵਿੱਖ ਸੁਰੱਖਿਅਤ ਸਮਝਦੇ ਹਨ।

          ਸਾਲ 2016 ਤੋਂ 2021 ਦਰਮਿਆਨ 4.78 ਲੱਖ ਪੰਜਾਬੀਆਂ ਨੇ ਪੰਜਾਬ ਛੱਡਿਆ, ਦੂਜੇ ਮੁਲਕਾਂ 'ਚ ਬਿਹਤਰ ਭਵਿੱਖ ਲਈ। ਇਸੇ ਸਮੇਂ 'ਚ 2.62 ਲੱਖ  ਵਿਦਿਆਰਥੀ ਵੀ ਵਿਦੇਸ਼ਾਂ 'ਚ ਪੜ੍ਹਨ ਲਈ ਗਏ। ਪਿਛਲੇ 75 ਸਾਲਾਂ 'ਚ ਪੰਜਾਬ ਦੇ ਲੋਕਾਂ ਨੇ ਵੱਡੀ ਗਿਣਤੀ 'ਚ ਪ੍ਰਵਾਸ ਕੀਤਾ ਅਤੇ ਇਸਦਾ ਆਰੰਭ 1947-48 ਗਿਣਿਆ ਜਾਂਦਾ ਹੈ, ਪਰ 1960 'ਚ ਭਾਰੀ ਗਿਣਤੀ 'ਚ ਪੰਜਾਬੀ, ਬਰਤਾਨੀਆ (ਯੂ.ਕੇ.) ਗਏ।

          ਮੁਢਲੇ ਸਾਲਾਂ 'ਚ ਪੰਜਾਬੀਆਂ ਨੇ ਜਿਹੜੇ ਡਾਲਰ, ਪੌਂਡ, ਬਰਤਾਨੀਆ, ਕੈਨੇਡਾ, ਅਮਰੀਕਾ 'ਚ ਕਮਾਏ ਉਸਦਾ ਵੱਡਾ ਹਿੱਸਾ ਪੰਜਾਬ ਭੇਜਿਆ। ਇਥੇ ਜ਼ਮੀਨਾਂ, ਜਾਇਦਾਦਾਂ ਖਰੀਦੀਆਂ, ਵੱਡੇ ਘਰ ਬਣਾਏ। ਪਰ ਜਿਉਂ-ਜਿਉਂ ਇਹਨਾਂ  ਪੰਜਾਬੀਆਂ ਨੇ ਆਪਣੇ ਪਰਿਵਾਰ, ਆਪਣੀ ਜਨਮਭੂਮੀ ਤੋਂ ਕਰਮ ਭੂਮੀ ਵੱਲ ਸੱਦੇ, ਉਥੇ ਹੀ ਪਰਿਵਾਰਾਂ 'ਚ ਵਾਧਾ ਹੋਇਆ। ਉਥੇ ਹੀ ਉਹਨਾ ਦੀ ਔਲਾਦ ਨੇ ਸਿੱਖਿਆ ਪ੍ਰਾਪਤ ਕੀਤੀ ਅਤੇ ਅੱਜ ਸਥਿਤੀ ਇਹ ਹੈ ਕਿ ਇਹ ਪੰਜਾਬੀ ਆਪਣੀ ਜਨਮ ਭੂਮੀ ਵਾਲੀ ਜ਼ਮੀਨ, ਜਾਇਦਾਦ ਵੇਚ ਵੱਟਕੇ ਆਪਣੀ ਕਰਮ ਭੂਮੀ ਵੱਲ ਲੈ ਜਾ ਰਹੇ ਹਨ,ਕਿਉਂਕਿ ਉਹਨਾ ਦੇ ਉਥੇ ਪੈਦਾ ਹੋਏ ਬੱਚੇ, ਇਧਰ ਪੰਜਾਬ ਵੱਲ ਮੁੜਨਾ ਹੀ ਨਹੀਂ ਚਾਹੁੰਦੇ। ਇੰਜ ਵੱਡਾ ਧੰਨ ਪੰਜਾਬ ਵਿਚੋਂ ਵਿਦੇਸ਼ ਜਾ ਰਿਹਾ ਹੈ। ਧੰਨ ਦਾ ਚਲਣ ਹੁਣ ਉੱਲਟ ਦਿਸ਼ਾ ਵੱਲ ਚੱਲਣ ਲੱਗਾ ਹੈ।

          ਆਇਲਟਸ ਪਾਸ ਕਰਕੇ ਜਿਹੜੇ ਵਿਦਿਆਰਥੀ ਵਿਦੇਸ਼ ਜਾਂਦੇ ਹਨ ਉਹਨਾ ਦੀਆਂ ਫ਼ੀਸਾਂ ਅਤੇ ਹੋਰ ਖ਼ਰਚੇ ਲਈ ਪ੍ਰਤੀ ਵਿਦਿਆਰਥੀ 20 ਤੋਂ 25 ਲੱਖ ਘੱਟੋ-ਘੱਟ ਖ਼ਰਚਾ ਪਰਿਵਾਰ ਨੂੰ ਚੁਕਣਾ ਪੈਂਦਾ ਹੈ, ਜੋ ਪੰਜਾਬ ਵਿੱਚ ਰੁਪਏ ਤੋਂ ਡਾਲਰਾਂ ਦੇ ਬਦਲਾਅ 'ਚ ਬਾਹਰ ਜਾਂਦਾ ਹੈ। ਇੰਜ ਵੱਡੀ ਰਾਸ਼ੀ ਹਰ ਵਰ੍ਹੇ ਵਿਦੇਸ਼ ਵੱਲ ਜਾ ਰਹੀ ਹੈ। ਵਿਦੇਸ਼ ਜਾਣ ਦਾ ਵਰਤਾਰਾ ਪਹਿਲਾਂ ਆਮ ਤੌਰ 'ਤੇ ਪੇਂਡੂ ਪੰਜਾਬ ਵਿੱਚ ਹੀ ਵੇਖਣ ਨੂੰ ਮਿਲਦਾ ਸੀ, ਪਰ ਹੁਣ ਸ਼ਹਿਰੀ ਨੌਜਵਾਨ ਵੀ ਵਿਦੇਸ਼ਾਂ ਵੱਲ ਚਾਲੇ ਪਾਉਣ ਲੱਗ ਪਏ ਹਨ। ਕਦੇ ਸਮਾਂ ਸੀ ਕਿ ਸਿਰਫ਼ ਨੌਜਵਾਨ ਮੁੰਡੇ ਹੀ ਵਿਦੇਸ਼ ਜਾਂਦੇ ਸਨ, ਪਰ ਹੁਣ ਵਿਦਿਆਰਥੀ ਦੇ ਰੂਪ 'ਚ ਖ਼ਾਸ ਕਰਕੇ ਵਿਦਿਆਰਥਣਾਂ ਆਇਲਟਸ ਪਾਸ ਕਰਕੇ ਵਿਦੇਸ਼ ਜਾਂਦੀਆਂ ਹਨ ਅਤੇ ਸਪਾਂਸਰ ਵਜੋਂ ਕਿਸੇ ਹੋਰ ਨੌਜਵਾਨ ਨੂੰ ਜੀਵਨ ਸਾਥੀ ਬਣਾਕੇ ਵੀ ਕਈ ਦੇਸ਼ਾਂ 'ਚ ਲੈ ਜਾਂਦੀਆਂ ਹਨ।  ਇਹ ਇੱਕ ਅਜੀਬ ਗੌਰਖ ਧੰਦਾ ਅਤੇ ਵਪਾਰ ਬਣਿਆ ਹੋਇਆ ਹੈ।

          ਨੌਜਵਾਨ  ਮੁੰਡੇ, ਕੁੜੀਆਂ, ਜਿਹੜੇ ਪੜ੍ਹਨ 'ਚ ਹੁਸ਼ਿਆਰ ਹਨ, ਪੜ੍ਹਾਈ 'ਚ ਮੋਹਰੀ ਹਨ, ਜਿਹਨਾ ਮੈਡੀਕਲ ਕਾਲਜਾਂ, ਇੰਜੀਨੀਅਰਿੰਗ ਕਾਲਜਾਂ ਹੋਰ ਪ੍ਰੋਫੈਸ਼ਨਲ ਕਾਲਜਾਂ 'ਚ ਦਾਖ਼ਲੇ ਲੈ ਕੇ ਜਾਂ ਮੁਕਾਬਲੇ ਦੀਆਂ ਪ੍ਰੀਖਿਆਵਾਂ 'ਚ ਬੈਠ ਕੇ ਚੰਗੇ ਅਹੁਦੇ ਪ੍ਰਾਪਤ ਕਰਨੇ ਸਨ, ਉਹ ਵਿਦੇਸ਼ ਦੀ ਧਰਤੀ ਵੱਲ "ਹਰ ਕਿਸਮ" ਦੀ ਨੌਕਰੀ ਕਰਕੇ ਉਥੇ ਹੀ ਪੱਕੇ ਹੋਣ ਲਈ ਅੱਡੀ ਚੋਟੀ ਦਾ ਜ਼ੋਰ ਲਾਉਂਦੇ ਹਨ। ਕਈ ਖਜ਼ਲ ਖੁਆਰ ਹੁੰਦੇ ਹਨ, ਕਈ ਸਿਰੇ ਲੱਗ ਜਾਂਦੇ ਹਨ। ਇੰਜ ਆਖ਼ਰ  ਕਿਉਂ ਹੋ ਰਿਹਾ ਹੈ? ਕੀ ਨੌਜਵਾਨਾਂ ਲਈ ਪੰਜਾਬ 'ਚ ਸਾਰੇ ਰਸਤੇ ਬੰਦ ਹਨ?

          ਕੀ ਪੰਜਾਬ ਦੇ ਕਿਸੇ ਕੋਨੇ 'ਚ ਮੁਕਾਬਲੇ ਦੀਆਂ ਪ੍ਰੀਖਿਆਵਾਂ ਪੀ.ਸੀ.ਐਸ., ਆਈ.ਏ.ਐਸ., ਆਈ.ਪੀ.ਐਸ., ਜਾਂ ਹੋਰ ਪ੍ਰੀਖਿਆਵਾਂ ਲਈ ਕੋਈ ਕੋਚਿੰਗ ਸੈਂਟਰ ਵਿਖਾਈ ਦਿੰਦੇ ਹਨ? ਕੀ ਪੰਜਾਬ 'ਚ ਵੱਡੇ ਉਦਯੋਗ ਹਨ, ਜੋ ਨੌਜਵਾਨਾਂ ਨੂੰ ਰੁਜ਼ਗਾਰ ਦੇ ਸਕਣ?

          ਪਰ ਉਲਟਾ ਹਰ ਥਾਂ ਪੰਜਾਬ ਨੂੰ ਨੌਜਵਾਨਾਂ ਤੋਂ ਸੱਖਣੇ ਕਰਨ ਲਈ ਆਇਲਟਸ ਕੇਂਦਰਾਂ ਦੀ ਭਰਮਾਰ ਦਿਖਦੀ ਹੈ। ਇਹ ਕੇਂਦਰ ਹਰ ਵਰ੍ਹੇ ਲੱਖਾਂ ਨਹੀਂ ਕਰੋੜਾਂ ਰੁਪਏ ਵਿਦਿਆਰਥੀਆਂ ਦੀਆਂ ਜੇਬਾਂ 'ਚੋਂ ਕੱਢਦੇ ਹਨ ਅਤੇ ਹਰ ਵਰ੍ਹੇ ਅਰਬਾਂ ਰੁਪਏ ਪੰਜਾਬ ਦੀ ਧਰਤੀ ਤੋਂ ਲੈ ਜਾਂਦੇ ਵਿਦੇਸ਼ੀ ਯੂਨੀਵਰਸਿਟੀ ਦੇ ਪੇਟੇ ਪਾਉਂਦੇ ਹਨ।

          ਬ੍ਰਿਟਿਸ਼ ਹਾਈ ਕਮਿਸ਼ਨ ਯੂਕੇ ਨੇ ਇਕ ਖ਼ਬਰ/ਰਿਪੋਰਟ ‘ਚ ਦੱਸਿਆ ਹੈ ਕਿ ਸਾਲ 2022 'ਚ 1,17,965 ਭਾਰਤੀ ਵਿਦਿਆਰਥੀਆਂ ਨੂੰ ਵੀਜ਼ੇ ਦਿੱਤੇ ਗਏ । ਇਹਨਾਂ ਵਿਚ 40 ਫੀਸਦੀ ਪੰਜਾਬ ਵਿਚੋਂ ਸਨ । ਇਕ ਹੋਰ ਛਪੀ ਰਿਪੋਰਟ ਹੈ ਕਿ ਪਿਛਲੇ ਸਾਲ 4.60 ਲੱਖ ਵਿਦਿਆਰਥੀ ਵੀਜ਼ੇ ਅਮਰੀਕਾ, ਬਰਤਾਨੀਆ, ਕੈਨੇਡਾ, ਅਸਟਰੇਲੀਆ ਵਲੋਂ ਭਾਰਤੀ ਵਿਦਿਆਰਥੀਆਂ ਨੂੰ ਦਿੱਤੇ  ਗਏ ਸਨ, ਇਹਨਾ ਵਿਚੋਂ ਵੱਡੀ ਗਿਣਤੀ ਪੰਜਾਬੀਆਂ ਦੀ ਸੀ।

          ਕੀ ਪ੍ਰਵਾਸ ਪੰਜਾਬੀਆਂ ਦਾ ਸੁਪਨਾ ਹੈ ਜਾਂ ਪ੍ਰਵਾਸ ਪੰਜਾਬੀਆਂ ਦੀ ਮਜ਼ਬੂਰੀ ਹੈ । ਸਾਲ 2018 'ਚ ਲਗਭਗ 1.5 ਲੱਖ ਪੰਜਾਬੀ ਵਿਦਿਆਰਥੀ ਵਿਦੇਸ਼ਾਂ 'ਚ ਪੜ੍ਹਨ ਲਈ ਗਏ । ਇੱਕ ਅੰਦਾਜ਼ੇ ਮੁਤਾਬਕ ਕੈਨੇਡਾ, ਅਮਰੀਕਾ ਆਦਿ ਦੇਸ਼ਾਂ 'ਚ ਜਾਣ ਲਈ ਉਹਨਾ 15 ਤੋਂ 22 ਲੱਖ ਰੁਪਏ ਖ਼ਰਚੇ ਅਤੇ ਇਹ ਖ਼ਰਚ ਪੰਜਾਬੀਆਂ ਨੂੰ 27000 ਕਰੋੜ ਰੁਪਏ 'ਚ ਪਿਆ । ਇਹ ਇਕ ਅੰਦਾਜ਼ਾ ਹੈ । ਇਹ ਰਕਮ ਹਰ ਸਾਲ ਲਗਾਤਾਰ ਵੱਧਦੀ ਜਾ ਰਹੀ ਹੈ।

          ਪੰਜਾਬ ਜਿਹੜਾ ਬੇਰੁਜ਼ਗਾਰੀ ਦੀ ਮਾਰ ਹੇਠ ਹੈ । ਪੰਜਾਬ ਜਿਹੜਾ ਪੋਟਾ-ਪੋਟਾ ਕਰਜ਼ਾਈ ਹੈ । ਪੰਜਾਬ ਜਿਸਦੇ ਸਿਆਸਤਦਾਨ, ਨੋਜਵਾਨਾਂ ਦੀਆਂ ਸਮੱਸਿਆਵਾਂ ਦੂਰ ਕਰਨ ਦੀ ਥਾਂ ਆਪਣੀਆਂ ਰੋਟੀਆਂ ਸੇਕਣ ਦੇ ਰਾਹ ਹਨ। ਕੌੜੇ, ਭੈੜੇ ਬੋਲ, ਇੱਕ ਦੂਜੇ ਪ੍ਰਤੀ ਦੋਸ਼, ਇੱਕ- ਦੂਜੇ ਨੂੰ ਮਸਲ ਸੁੱਟਣ, ਤਬਾਹ ਕਰਨ ਦੀਆਂ ਟਾਹਰਾਂ, ਖੂੰਡਾ ਖੜਕਾਉਣ ਵਾਲਾ ਰਾਹ ਤਾਂ ਅਖ਼ਤਿਆਰ ਕਰ ਰਹੇ ਹਨ ਪਰ ਆਪਣੀ ਅਗਲੀ ਪੀੜ੍ਹੀ ਦੇ ਭਵਿੱਖ ਪ੍ਰਤੀ ਰਤਾ ਵੀ  ਚਿੰਤਤ ਨਹੀਂ ਹਨ।

          ਸਮਾਂ ਰਹਿੰਦਿਆਂ ਜਿਥੇ ਪੰਜਾਬ ਦੀ ਜਵਾਨੀ, ਪੰਜਾਬ ਦਾ ਧੰਨ, ਪੰਜਾਬ ਦਾ ਦਿਮਾਗ ਬਚਾਉਣ ਦੀ ਲੋੜ ਹੈ, ਉਥੇ ਪੰਜਾਬ ਨੂੰ ਆਪਣੇ ਪੈਰੀਂ ਕਰਨ ਲਈ ਕੁਝ ਸਾਰਥਿਕ ਯਤਨਾਂ ਦੀ ਵੀ ਲੋੜ ਹੈ, ਜਿਹੜੇ ਨੇਤਾਵਾਂ ਵਲੋਂ ਇੱਕ-ਦੂਜੇ ਨੂੰ ਦਿੱਤੇ ਮਿਹਣਿਆਂ, ਦੋਸ਼ਾਂ, ਝਗੜਿਆਂ ਨਾਲ ਸੰਭਵ ਨਹੀਂ ਹੋ ਸਕਣੇ।

          ਪੰਜਾਬ ਦੀ ਜਵਾਨੀ, ਜਿਹੜੀ ਦੇਸ਼ ਛੱਡਣ ਲਈ ਮਜ਼ਬੂਰ ਹੋ ਰਹੀ ਹੈ, ਵਿਦੇਸ਼ਾਂ 'ਚ ਰੁਲ ਰਹੀ ਹੈ, ਮਾਪਿਆਂ ਤੋਂ ਦੂਰ ਸੰਤਾਪ ਹੰਢਾ ਰਹੀ ਹੈ, ਉਮਰੋਂ ਪਹਿਲਾਂ ਵੱਡਿਆ ਫ਼ਿਕਰਾਂ ਕਾਰਨ ਬੁੱਢੀ ਹੋ ਰਹੀ ਹੈ, ਕਦੇ ਪੰਜਾਬ ਨੂੰ ਸਵਾਲ ਕਰੇਗੀ, " ਆਖ਼ਰ ਅਸੀਂ ਪੰਜਾਬ ਦਾ ਕੀ ਵਿਗਾੜਿਆ ਕੀ ਸੀ ਕਿ ਸਾਨੂੰ ਬਿਨ੍ਹਾਂ ਕਸੂਰੋਂ ਜਲਾਵਤਨ ਕਰ ਦਿੱਤਾ ਗਿਆ"?

          ਤਾਂ ਪੰਜਾਬ ਕੀ ਜਵਾਬ ਦੇਵੇਗਾ?

 

-ਗੁਰਮੀਤ ਸਿੰਘ ਪਲਾਹੀ
-9815802070

ਕਿਸਾਨ ਆਮਦਨ ਦੁੱਗਣੀ- ਦਿੱਲੀ ਹਾਲੇ ਦੂਰ ਹੈ - ਗੁਰਮੀਤ ਸਿੰਘ ਪਲਾਹੀ

ਭਾਰਤੀ ਸੰਸਦ ਵਲੋਂ ਸਥਾਪਿਤ ਖੇਤੀਬਾੜੀ ਬਾਰੇ ਸੰਸਦੀ ਕਮੇਟੀ ਨੇ ਇਸ ਸਾਲ 23 ਮਾਰਚ ਨੂੰ ਸੰਸਦ 'ਚ ਰਿਪੋਰਟ ਪੇਸ਼ ਕਰਦਿਆਂ ਕਿਹਾ ਕਿ ਸਰਕਾਰ 2022 ਵਿੱਚ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਦੇ ਟੀਚੇ ਤੋਂ ਦੂਰ ਹੈ। ਕਮੇਟੀ ਨੇ ਕਿਹਾ ਸੀ ਕਿ ਖੇਤੀਬਾੜੀ ਕਰਨ ਵਾਲੇ ਪਰਿਵਾਰਾਂ ਦੀ ਮਹੀਨਾਵਾਰ ਆਮਦਨੀ ਜੋ 2015-16 ਵਿੱਚ 8,050 ਰੁਪਏ ਸੀ, ਉਹ 2018-19 ਵਿੱਚ ਵਧਕੇ 10,218 ਰੁਪਏ ਹੋ ਸਕੀ।

          ਕਿਸਾਨਾਂ ਦੀ ਆਮਦਨ ਦੇ ਨਾ ਵਧਣ ਦਾ ਕਾਰਨ ਸਰਕਾਰ ਵਲੋਂ ਇੱਕ ਰਿਪੋਰਟ ਵਿੱਚ ਦੱਸਿਆ ਗਿਆ ਜੋ ਉਸ ਵਲੋਂ 2016-17 ਵਿੱਚ ਜਾਰੀ ਕੀਤੀ ਗਈ। ਇਸ ਰਿਪੋਰਟ ਵਿੱਚ ਮੌਨਸੂਨ ਦੇ ਅੱਗੇ-ਪਿੱਛੇ ਹੋਣਾ, ਵਾਰ-ਵਾਰ ਫ਼ਸਲ ਖਰਾਬ ਹੋਣਾ, ਜਲ ਸਰੋਤਾਂ ਦੀ ਘਾਟ ਤੇ ਨਦੀਨਾਂ ਦੇ ਹਮਲੇ, ਬੀਮਾਰੀਆਂ ਆਦਿ ਕਾਰਨ ਦੱਸੇ ਗਏ ਹਨ।

          ਪਰ ਕਿਸਾਨਾਂ ਦੀ ਆਮਦਨ ਨਾ ਵਧਣ ਦਾ ਸਿੱਟਾ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਦੀ ਖੁਦਕੁਸ਼ੀਆਂ 'ਚ ਗਿਣਤੀ ਦਾ ਵਾਧਾ ਹੈ। ਵਿਗਿਆਨ ਤੇ ਵਾਤਾਵਰਨ ਕੇਂਦਰ (ਸੀ.ਐਸ.ਈ) ਵਲੋਂ ਜਾਰੀ ਤਾਜ਼ਾ ਰਿਪੋਰਟ ਖ਼ੁਲਾਸਾ ਕਰਦੀ ਹੈ ਕਿ 2021 ਵਿੱਚ ਖੁਦਕੁਸ਼ੀਆਂ ਕਰਨ ਵਾਲੇ ਕਿਸਾਨਾਂ ਦੀ ਗਿਣਤੀ ਪਿਛਲੇ ਪੰਜ ਸਾਲਾਂ ਵਿੱਚ ਸਭ ਤੋਂ ਵੱਧ ਸੀ। 2019 ਵਿੱਚ 10,281, 2020 ਵਿੱਚ  10,677 ਅਤੇ 2021 'ਚ 10,881 ਕਿਸਾਨਾਂ/ ਖੇਤ ਮਜ਼ਦੂਰਾਂ ਨੇ ਖੁਦਕੁਸ਼ੀਆਂ ਕੀਤੀਆਂ।

          ਕੇਂਦਰ ਸਰਕਾਰ ਦਾ ਦਾਅਵਾ ਹੈ ਅਤੇ ਵਾਰ-ਵਾਰ ਦਾਅਵਾ ਹੈ ਕਿ ਦੇਸ਼ 'ਚ ਕਿਸਾਨਾਂ ਦੀ ਆਮਦਨੀ ਦੁੱਗਣੀ ਕਰਨਾ ਉਸਦੀ ਪਹਿਲ ਹੈ ਪਰ ਕਿਸਾਨ ਖੇਤੀ ਨਾਲ ਆਪਣਾ ਗੁਜ਼ਾਰਾ ਤੋਰਨ ਵਿੱਚ ਸਫ਼ਲ ਨਹੀਂ ਹੋ ਰਹੇ ਅਤੇ ਖੁਦਕੁਸ਼ੀਆਂ ਕਰ ਰਹੇ ਹਨ। ਅਸਾਮ ਵਿੱਚ ਇਹਨਾ ਪੰਜ ਸਾਲਾਂ ਵਿੱਚ ਖੁਦਕੁਸ਼ੀਆਂ ਕਰਨ ਵਾਲੇ ਕਿਸਾਨਾਂ ਦੀ ਗਿਣਤੀ 'ਚ ਤੇਰਾਂ ਗੁਣਾ ਵਾਧਾ ਦਰਜ ਕੀਤਾ ਗਿਆ ਹੈ ਹਾਲਾਂਕਿ  ਕੌਮੀ ਅਪਰਾਧ ਰਿਕਾਰਡ ਬਿਓਰੋ ਕਿਸਾਨਾਂ ਦੀਆਂ ਖੁਦਕੁਸ਼ੀਆਂ ਦੇ ਪਿਛਲੇ ਕਾਰਨਾਂ ਬਾਰੇ ਚੁੱਪੀ ਸਾਧੀ ਬੈਠਾ ਹੈ।

          ਮਹਾਂਰਾਸ਼ਟਰ ਵਿੱਚ ਸੰਨ 2021 'ਚ 4,064, ਕਰਨਾਟਕ ਵਿੱਚ 2,169, ਮੱਧ ਪ੍ਰਦੇਸ਼ 'ਚ 6,71, ਪੰਜਾਬ 'ਚ 2,70 ਖੁਦਕੁਸ਼ੀਆਂ ਵਾਲੇ ਕੇਸ ਮਿਲੇ ਹਨ। ਖੇਤੀ ਮਾਹਿਰ ਕਿਸਾਨ ਖੁਦਕੁਸ਼ੀਆਂ ਦਾ ਕਾਰਨ ਕਿਸਾਨਾਂ ਦਾ ਕਰਜ਼ੇ ਦੇ ਜਾਲ ਵਿੱਚ ਫਸੇ ਹੋਣਾ ਦਸਦੇ ਹਨ ਅਤੇ ਬਹੁਤੇ ਮਾਹਿਰ ਇਸ ਗੱਲ ਦੇ ਹੱਕ 'ਚ ਹਨ ਕਿ ਕਿਸਾਨਾਂ ਨੂੰ ਸਰਕਾਰ ਸਿੱਧੀ ਸਹਾਇਤਾ ਵਧਾਕੇ ਉਹਨਾ ਦੇ ਕਰਜ਼ੇ ਦਾ ਬੋਝ ਹਲਕਾ ਕਰੇ। ਸਰਕਾਰ ਵਲੋਂ ਇਸ ਵੇਲੇ 6000 ਰੁਪਏ ਪ੍ਰਤੀ ਸਲਾਨਾ ਨਕਦ ਰਾਸ਼ੀ ਕਿਸਾਨ ਪਰਿਵਾਰਾਂ ਦੇ ਖਾਤਿਆਂ 'ਚ ਪਾਏ ਜਾਣ ਦਾ ਦਾਅਵਾ ਕਰਦੀ ਹੈ।

          ਕੇਂਦਰ ਸਰਕਾਰ ਵਲੋਂ ਕਿਸਾਨਾਂ ਦੀਆਂ ਫ਼ਸਲਾਂ 'ਤੇ ਬੀਮਾ ਯੋਜਨਾ ਲਾਗੂ ਹੈ। ਖਾਦਾਂ, ਕੀਟਨਾਸ਼ਕਾਂ ਆਦਿ ਉਤੇ ਸਬਸਿਡੀ ਦਿੱਤੀ ਜਾ ਰਹੀ ਹੈ। ਕੁਝ ਸੂਬਾ ਸਰਕਾਰਾਂ ਵਲੋਂ ਮੁਫ਼ਤ ਬਿਜਲੀ ਅਤੇ ਹੋਰ  ਸਹੂਲਤਾਂ ਪ੍ਰਦਾਨ ਕੀਤੀਆਂ ਜਾਂਦੀਆਂ ਹਨ। ਮੌਸਮ ਦੀ ਮਾਰ ਸਮੇਂ ਫ਼ਸਲਾਂ ਦੀ ਤਬਾਹੀ ਹੋਣ 'ਤੇ ਕੁਝ ਰਾਹਤ ਵੀ ਵੰਡੀ ਜਾਂਦੀ ਹੈ। ਫ਼ਸਲੀ ਬੀਮਾ ਯੋਜਨਾ ਨੂੰ ਬਹੁਤੀਆਂ ਸਰਕਾਰਾਂ ਅਤੇ ਕਿਸਾਨਾਂ ਨੇ ਪ੍ਰਵਾਨ ਨਹੀਂ ਕੀਤਾ ਹੋਇਆ , ਕਿਉਂਕਿ ਇਹ ਯੋਜਨਾਵਾਂ ਮੁੱਖ ਤੌਰ 'ਤੇ ਬੀਮਾ ਕੰਪਨੀਆਂ ਦੇ ਢਿੱਡ ਭਰਦੀ ਹੈ, ਕਿਸਾਨਾਂ ਦੇ ਹਿੱਤ ਨਹੀਂ ਪੂਰਦੀ।

          ਉਂਜ ਵੀ ਜਿੰਨੀਆਂ ਕੁ ਵੀ ਯੋਜਨਾਵਾਂ ਕਿਸਾਨਾਂ ਦੀ ਭਲਾਈ ਲਈ ਕੇਂਦਰ ਜਾਂ ਸੂਬਾ ਸਰਕਾਰਾਂ ਵਲੋਂ ਚਲਾਈਆਂ ਜਾਂਦੀਆਂ ਹਨ, ਉਹਨਾ ਦਾ ਲਾਭ ਸਧਾਰਨ ਕਿਸਾਨਾਂ ਤੱਕ ਨਹੀਂ ਪੁੱਜਦਾ, ਖ਼ਾਸ ਤੌਰ 'ਤੇ ਉਹਨਾ ਕਿਸਾਨਾਂ ਤੱਕ ਜਿਹਨਾ ਕੋਲ ਮਸਾਂ ਡੇਢ ਦੋ ਏਕੜ ਜ਼ਮੀਨ ਹੈ। ਇਹਨਾ ਲੋਕਾਂ ਕੋਲ ਤਾਂ ਫ਼ਸਲਾਂ ਦੀ ਘੱਟੋ-ਘੱਟ ਕੀਮਤ ਦਾ ਲਾਭ ਵੀ ਨਹੀਂ ਪੁੱਜਦਾ, ਕਿਉਂਕਿ ਇਹਨਾ ਦੀ ਫ਼ਸਲ ਤਾਂ ਮਸਾਂ ਘਰ ਦੇ ਜੀਆਂ ਦਾ ਗੁਜ਼ਾਰਾ ਕਰਨ ਜੋਗੀ ਉਪਜਦੀ ਹੈ, ਵੇਚਣ ਜੋਗੀ ਨਹੀਂ।

          ਦੇਸ਼ ਦੀਆਂ 2019 ਦੀਆਂ ਚੋਣਾਂ ਤੋਂ ਪਹਿਲਾਂ ਤਾਂ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਦਾ ਨਾਹਰਾ ਅੰਬਰ ਛੂਹਦਾ ਰਿਹਾ ਹੈ, ਕਿਉਂਕਿ ਵੋਟਾਂ ਪ੍ਰਾਪਤ ਕਰਨੀਆਂ ਸਨ ਪਰ ਕਿਸਾਨ ਅੰਦੋਲਨ ਤੋਂ ਬਾਅਦ ਤਾਂ ਇਸ ਨਾਹਰੇ 'ਤੇ ਲਗਭਗ ਚੁੱਪੀ ਵੱਟੀ ਗਈ ਹੈ।

          ਕੇਂਦਰ ਸਰਕਾਰ ਦੀ ਖੇਤੀ ਅਤੇ ਕਿਸਾਨਾਂ ਪ੍ਰਤੀ ਅਵੇਸਲਾਪਨ ਅਤੇ ਉਦਾਸੀ ਉਦੋਂ ਤੋਂ ਕੁਝ ਜ਼ਿਆਦਾ ਹੀ ਵੱਧ ਗਈ ਹੈ, ਜਦੋਂ ਤੋਂ ਉਸ ਵਲੋਂ ਕਿਸਾਨ ਵਿਰੋਧੀ ਖੇਤੀ ਕਾਨੂੰਨ ਪਾਸ ਕਰਾਉਣ 'ਚ ਸਰਕਾਰ ਸਫਲ ਨਾ ਹੋਈ ਅਤੇ ਕਿਸਾਨਾਂ ਦੇ ਸੰਘਰਸ਼ ਕਾਰਨ ਇਹ ਕਾਨੂੰਨ  ਵਾਪਿਸ ਲੈਣੇ ਪਏ ਸਨ। ਇਹਨਾ ਖੇਤੀ ਕਾਨੂੰਨਾਂ ਤਹਿਤ ਸਰਕਾਰ ਕਿਸਾਨਾਂ ਦੀ ਜ਼ਮੀਨ ਹਥਿਆ ਕੇ ਇਸ ਜ਼ਮੀਨ ਨੂੰ ਕਾਰਪੋਰੇਟਾਂ ਦੇ ਪੇਟੇ ਪਾਉਣਾ ਚਾਹੁੰਦੀ ਸੀ। ਇਸ ਸਕੀਮ ਦੇ ਫੇਲ੍ਹ ਹੋਣ ਉਪਰੰਤ ਉਹ ਹੁਣ ਕਿਸਾਨਾਂ ਦੀ ਫ਼ਸਲਾਂ ਦੀ ਘੱਟੋ-ਘੱਟ ਕੀਮਤ ਤੋਂ ਵੀ ਪਾਸਾ ਵੱਟਣ ਦੇ ਰਾਹ ਪਈ ਹੋਈ ਹੈ ਅਤੇ ਖੇਤੀ ਅਤੇ ਕਿਸਾਨਾਂ ਦੇ ਭਲੇ ਵਾਲੀਆਂ ਸਕੀਮਾਂ ਨੂੰ ਆਨੇ-ਬਹਾਨੇ ਲਾਗੂ  ਕਰਨ ਤੋਂ ਪਾਸਾ ਵੱਟ ਰਹੀ ਹੈ।  ਸਫ਼ਲ ਮੰਡੀ ਪ੍ਰਬੰਧ ਜਿਵੇਂ ਪੰਜਾਬ 'ਚ ਹੈ, ਉਹ ਵੀ ਖ਼ਤਮ  ਕਰਨ ਵਲ ਤੁਰ ਰਹੀ ਹੈ। ਇਹ ਜਾਣਦਿਆਂ ਹੋਇਆ ਵੀ ਕਿ ਖੇਤੀ, ਦੇਸ਼ ਦਾ ਧੁਰਾ ਹੈ। ਇਹ ਜਾਣਦਿਆਂ ਹੋਇਆ ਵੀ ਦੇਸ਼ ਦੀ ਵੱਡੀ ਆਬਾਦੀ ਦਾ ਜ਼ਮੀਨ ਨਾਲ ਡਾਹਢਾ ਮੋਹ ਹੈ ਅਤੇ ਇਹ ਆਫ਼ਤ ਵੇਲੇ ਵੀ ਉਹਦੀ ਰੋਜ਼ੀ-ਰੋਟੀ ਦਾ ਇੱਕ ਵੱਡਾ ਵਸੀਲਾ ਹੈ, ਸਰਕਾਰ ਨਿੱਜੀਕਰਨ ਦੇ ਰਾਹ ਨੂੰ ਅਪਨਾ ਰਹੀ ਹੈ ਅਤੇ ਕਿਸਾਨਾਂ ਨੂੰ ਮਜ਼ਦੂਰ ਬਨਾਉਣ ਦੇ ਰਾਹ ਤੁਰੀ ਹੈ। ਖੇਤੀ ਦੇ ਮਾੜੇ ਹਾਲਤਾਂ ਨੂੰ ਵੇਖਕੇ ਵੱਡੀ ਗਿਣਤੀ ਕਿਸਾਨ ਪਿਛਲੇ ਪੰਜ ਸਾਲਾਂ ਦੇ ਅਰਸੇ 'ਚ ਖੇਤੀਬਾੜੀ ਛੱਡ ਚੁੱਕੇ ਹਨ।

          ਭਾਰਤੀ ਅਰਥਚਾਰੇ ਦੀ ਰੀੜ੍ਹ ਦੀ ਹੱਡੀ ਖੇਤੀਬਾੜੀ ਨੂੰ ਉਤਸ਼ਾਹਿਤ ਕਰਨਾ ਸਮੇਂ ਦੀ ਲੋੜ ਹੈ। ਕੇਂਦਰ ਨੇ ਇਹ ਅਹਿਸਾਸ ਜ਼ਰੂਰ ਕਰ ਲਿਆ ਹੋਵੇਗਾ ਕਿ ਜਦੋਂ ਦੇਸ਼ ਉਤੇ ਕਰੋਨਾ ਮਾਹਾਂਮਾਰੀ ਦੀ ਮਾਰ ਪਈ, ਦੇਸ਼ 'ਚ ਸਭੋ ਕੁਝ ਬੰਦ ਹੋ ਗਿਆ ਸ਼ਹਿਰੀ ਮਜ਼ਦੂਰ ਆਪਣੇ ਜੱਦੀ ਪਿੰਡਾਂ ਵੱਲ ਤੁਰ ਪਏ,ਕਿਉਂਕਿ ਉਹਨਾ ਦੇ ਮਾਲਕ ਉਹਨਾ ਨੂੰ ਰੋਟੀ ਦੇਣ ਤੋਂ ਆਕੀ ਹੋ ਗਏ, ਤਾਂ ਉਹਨਾ ਦੇ ਜੱਦੀ ਪਿੰਡਾਂ, ਉਹਨਾ ਦੇ ਖੇਤਾਂ ਨੇ ਉਹਨਾ ਦੇ ਪੇਟ ਨੂੰ ਝੁਲਕਾ ਦਿੱਤਾ।

          ਖੇਤੀ-ਨੀਤੀ ਮਾਹਿਰ, ਅਰਥ ਸ਼ਾਸਤਰੀ  ਅਤੇ ਵਿਗਿਆਨੀ ਦੇਸ਼ ਵਿੱਚ ਨਵੀਂ ਖੇਤੀ ਨੀਤੀ ਲਾਗੂ ਕਰਨ ਲਈ ਵਿਚਾਰ ਪੇਸ਼ ਕਰ ਰਹੇ ਹਨ। ਕੁਝ ਸੂਬਾ ਸਰਕਾਰਾਂ ਵੀ ਇਸ ਮਾਮਲੇ 'ਚ ਪਹਿਲ ਕਦਮੀ ਕਰ ਰਹੀਆਂ ਹਨ ਜਾਂ ਕਰ ਸਕਦੀਆਂ ਹਨ। ਕਈ ਖੇਤੀ ਵਿਕਾਸ ਮਾਡਲ ਦੇਸ਼ ਵਿੱਚ ਸਾਹਮਣੇ ਆ ਰਹੇ ਹਨ। ਸਹਿਕਾਰੀ ਖੇਤੀ ਦਾ ਮਾਡਲ ਕੁਝ ਲੋਕਾਂ ਦਾ ਵਿਚਾਰ ਹੈ ਕਿ ਖੇਤੀ ਦੀ ਤਕਦੀਰ ਬਦਲ ਸਕਦਾ ਹੈ। ਕੁਝ  ਮੁਲਕਾਂ 'ਚ ਇਸ ਮਾਡਲ ਨੂੰ ਲਾਗੂ ਕਰਕੇ ਚੰਗੇ ਸਿੱਟੇ ਵੀ ਕੱਢੇ ਜਾ ਚੁੱਕੇ ਹਨ।

          ਵੱਡੀਆਂ ਕਾਰਪੋਰੇਟ, ਪ੍ਰਾਈਵੇਟ ਕੰਪਨੀਆਂ ਤਾਂ  ਹਰ ਹੀਲੇ ਆਪਣੀ ਕਮਾਈ ਲਈ ਆਪਣੇ ਹਿੱਤ ਪੂਰਨਗੀਆਂ, ਪਰ ਸਹਿਕਾਰੀ ਮਾਡਲ, ਜਿਸ ਕਿਸਮ ਦਾ "ਅਮੂਲ ਦੁੱਧ ਉਤਪਾਦਨ" 'ਚ ਲਾਗੂ ਕੀਤਾ ਗਿਆ ਹੈ, ਕਿਸਾਨ ਹਿੱਤ 'ਚ ਹੋ ਸਕਦਾ ਹੈ। ਮੁੱਖ ਕੰਮ ਮੰਡੀਕਰਨ ਦਾ ਹੈ। ਅਗਲਾ ਕੰਮ ਨਿਰਯਾਤ ਹੋ ਸਕਦਾ ਹੈ।

ਕੁਝ ਸੁਝਾਅ ਇੰਜ ਹੋ ਸਕਦੇ ਹਨ:-

1) ਪਿੰਡਾਂ ਦੇ ਦੁੱਧ ਉਤਪਾਦਕਾਂ ਨੂੰ ਇੱਕ ਪਲੇਟਫਾਰਮ ਉਤੇ ਲਿਆਂਦਾ ਜਾਵੇ, ਉਹਨਾ ਦੀ ਬਣਾਈ ਸਹਿਕਾਰੀ ਸੁਸਾਇਟੀ ਦੇ ਮਾਲਕ ਉਹ ਆਪ ਹੋਣ, ਸਰਕਾਰ ਦਾ ਦਖ਼ਲ ਘੱਟੋ-ਘੱਟ ਹੋਵੇ।

2) ਪਿੰਡਾਂ 'ਚ ਹੱਥੀਂ ਕਿੱਤਾ ਸਿਖਲਾਈ ਕੇਂਦਰ ਹੋਣ ਜਿਥੇ ਔਰਤਾਂ ਨੂੰ ਰਿਵਾਇਤੀ ਸਿਲਾਈ, ਕਢਾਈ, ਬੁਣਾਈ ਵਸਤਾਂ ਤਿਆਰ ਕਰਾਉਣ ਤੇ ਵੇਚਣ ਦਾ ਪ੍ਰਬੰਧ ਹੋਵੇ। ਇਸਨੂੰ ਸਹਿਕਾਰੀ ਸੁਸਾਇਟੀ ਚਲਾਵੇ।

3) ਨੌਜਵਾਨਾਂ ਲਈ ਵੋਕੇਸ਼ਨ ਸਿੱਖਿਆ ਦਾ ਪਿੰਡ 'ਚ ਪ੍ਰਬੰਧ ਹੋਵੇ। ਖੇਤੀ ਅਧਾਰਤ ਛੋਟੇ ਉਦਯੋਗ ਚਲਾਉਣ ਲਈ ਸਿਖਲਾਈ  ਨੌਜਵਾਨਾਂ ਨੂੰ ਮੁਹੱਈਆ ਕਰਵਾਈ ਜਾਵੇ। ਛੋਟੇ ਉਦਯੋਗ, ਸੈਰ ਸਪਾਟਾ ਕੇਂਦਰ ਪਿੰਡਾਂ 'ਚ ਖੁਲ੍ਹਣ। ਹੋਟਲ ਆਦਿ ਉਸਾਰੇ ਜਾਣ। ਸਰਵਿਸ ਸੈਕਟਰ ਸੇਵਾਵਾਂ ਪਿੰਡਾਂ 'ਚ ਖੁਲ੍ਹਣ, ਜਿਥੇ ਨੌਜਵਾਨਾਂ ਨੂੰ ਰੁਜ਼ਗਾਰ ਮਿਲੇ।

4) ਪਿੰਡਾਂ 'ਚ ਕਿਸਾਨਾਂ ਤੇ ਹੋਰ ਲੋਕਾਂ ਲਈ ਚੰਗੀ ਪੜ੍ਹਾਈ, ਸਿਹਤ ਸਹੂਲਤਾਂ, ਖੇਡਾਂ, ਕਸਰਤਾਂ ਦਾ ਪ੍ਰਬੰਧ ਹੋਵੇ, ਜਿਸ 'ਚ ਪੇਂਡੂ ਨੌਜਵਾਨਾਂ ਨੂੰ ਟਰੇਨਿੰਗ ਦੇਕੇ, ਨੌਕਰੀਆਂ ਮੁਹੱਈਆ ਹੋਣ।

5) ਖੇਤੀ ਉਤਪਾਦਨ ਸਹਿਕਾਰੀ ਸੰਸਥਾ ਬਣਾਕੇ ਉਥੇ ਖੇਤੀ ਉਤਪਾਦਕਾਂ ਦੀ ਪੈਦਾਵਾਰ ਅਤੇ ਪ੍ਰੋਸੈਸਿੰਗ ਦਾ ਇੰਤਜ਼ਾਮ ਹੋਵੇ। ਡੇਅਰੀ (ਦੁੱਧ, ਪਨੀਰ ਆਦਿ) ਸੁੱਕੇ ਮੇਵੇ, ਫਲ, ਸਬਜੀਆਂ ਅਧਾਰਿਤ ਫਾਰਮ ਬਨਣ ਤਾਂ ਕਿ ਕਿਸਾਨ ਅਤੇ ਉਹਨਾ ਦੇ  ਪਰਿਵਾਰ ਆਪਣੀ ਆਮਦਨ ਵਧਾ ਸਕਣ।

          ਸਭ ਤੋਂ ਜ਼ਰੂਰੀ ਅਤੇ ਅਹਿਮ ਹੈ ਕਿ ਕਿਸਾਨਾਂ ਲਈ ਖੇਤੀ ਅਧਾਰਿਤ ਤਕਨੀਕੀ ਸੰਸਥਾ ਦਾ ਪ੍ਰਬੰਧ ਹੋਵੇ। ਜਿਸ ਵਿੱਚ ਮੰਡੀਕਰਨ, ਮੈਨੇਜਮੈਂਟ ਅਤੇ ਹੋਰ ਸਬੰਧਤ ਕੋਰਸ ਹੋਣ। ਇਹ ਕੋਰਸ ਕਿਸਾਨਾਂ ਨੂੰ ਸਰਕਾਰਾਂ ਤੱਕ ਪਹੁੰਚ, ਵਿਸ਼ਵ ਮੰਡੀਕਰਨ ਆਦਿ 'ਚ ਸਹਾਈ ਹੋ ਸਕਦੇ ਹਨ।

ਸਿਰਫ਼ ਸਰਕਾਰਾਂ ਗਾਹੇ-ਵਗਾਹੇ ਸਬਸਿਡੀਆਂ, ਰਾਹਤਾਂ ਨਾਲ ਵੋਟ ਬੈਂਕ ਵਟੋਰਨ ਦੇ ਯਤਨ ਕਰਦੀਆਂ ਹਨ। ਖੇਤਾਂ, ਖੇਤੀ, ਕਿਸਾਨਾਂ ਦਾ ਕੁਝ ਨਹੀਂ ਸੁਆਰ ਸਕਦੀਆਂ।

ਪਿਛਲੇ ਕੁਝ ਸਾਲਾਂ 'ਚ ਸਰਵਿਸ ਸੈਕਟਰ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਹੈ ਅਤੇ ਖੇਤੀ ਖੇਤਰ ਨੂ ਖੂੰਜੇ ਲਾ ਕੇ ਰਖਿਆ ਜਾ ਰਿਹਾ ਹੈ ਇਸ ਨਾਲ ਖੇਤੀ ਖੇਤਰ 'ਚ ਨਿਘਾਰ ਆਇਆ ਹੈ। ਇਹ ਕਦਾਚਿਤ ਵੀ ਦੇਸ਼ ਹਿੱਤ 'ਚ ਨਹੀਂ ਹੈ। ਕੀ ਖੇਤੀ ਤੋਂ ਪਾਸਾ ਵੱਟਕੇ ਦੇਸ਼ ਦੁਨੀਆ ਦੀ ਸਭ ਤੋਂ ਵੱਡੀ ਆਬਾਦੀ ਭਾਰਤ ਦਾ ਢਿੱਡ ਭਰ ਸਕੇਗਾ? ਕੀ ਕਾਰਪੋਰੇਟ ਸੈਕਟਰ ਹੱਥ ਖੇਤੀ ਦੀ ਲਗਾਮ ਫੜਾਕੇ ਮਹਿੰਗੇ ਭਾਅ ਦੀਆਂ ਚੀਜ਼ਾਂ ਲੋਕ ਖਰੀਦ ਸਕਣਗੇ?

 ਅਸਲ ਵਿੱਚ ਤਾਂ ਜੇਕਰ ਕਿਸਾਨਾਂ ਦੀ ਆਮਦਨ ਦੁੱਗਣੀ ਕਰਨੀ ਹੈ, ਕਿਸਾਨ ਖੁਦਕੁਸ਼ੀਆਂ ਰੋਕਣੀਆਂ ਹਨ। ਤਾਂ ਲੋਕ-ਹਿਤੈਸ਼ੀ ਖੇਤੀ ਨੀਤੀ ਲਾਗੂ ਕਰਨੀ ਪਵੇਗੀ, ਜਿਸਦਾ ਧੁਰਾ ਸਹਿਕਾਰਤਾ ਹੋਵੇ। ਕਿਸਾਨਾਂ ਦੀ ਜਿਸ 'ਚ ਵੱਡੀ ਸ਼ਮੂਲੀਅਤ ਹੋਵੇ। ਦੇਸ਼ ਦੀਆਂ ਹੁਣ ਤੇ ਪਹਿਲੀਆਂ ਕੇਂਦਰੀ ਸਰਕਾਰਾਂ ਦੀ ਬੇਇਮਾਨੀ ਇਸ ਗੱਲ ਤੋਂ ਵੇਖੀ ਜਾ ਸਕਦੀ ਹੈ ਕਿ ਸਰਕਾਰ ਵਲੋਂ ਖੇਤੀ ਖੇਤਰ ਲਈ ਸਥਾਪਿਤ ਡਾ: ਸੁਬਰਮਾਨੀਅਮ ਸੁਆਮੀ ਦੀ ਰਿਪੋਰਟ ਹੁਣ ਤੱਕ ਵੀ ਲਾਗੂ ਨਹੀਂ ਕੀਤੀ ਗਈ, ਜਿਹੜੀ ਕਿਸਾਨਾਂ ਦੀਆਂ ਫ਼ਸਲਾਂ ਦੀ ਘੱਟੋ-ਘੱਟ ਕੀਮਤ ਨਿਰਧਾਰਤ ਕਰਨ ਅਤੇ ਕਿਸਾਨਾਂ, ਉਹਨਾ ਦੇ ਪਰਿਵਾਰਾਂ ਵਲੋਂ ਕੀਤੀ ਕਿਰਤ ਦਾ ਮੁੱਲ ਪਾਉਣ ਅਤੇ ਉਸ ਉਤੇ ਕੁਝ ਮੁਨਾਫਾ ਦੇਣ ਦੀ ਗੱਲ ਕਰਦੀ ਹੈ।

ਜਦ ਤਕ ਕਿਸਾਨਾਂ ਨੂੰ ਆਪਣੀ ਕਿਰਤ ਦਾ ਮੁੱਲ ਹੀ ਨਹੀਂ ਮਿਲੇਗਾ, ਉਸ ਦੀਆਂ ਫ਼ਸਲਾਂ 'ਤੇ ਲਾਗਤ ਕੀਮਤ ਉਤੇ ਕੁਝ ਵਾਧਾ ਨਹੀਂ ਮਿਲੇਗਾ, ਤਾਂ ਫਿਰ ਕਿਸਾਨਾਂ ਦੀ ਆਮਦਨ ਵਿੱਚ ਵਾਧਾ ਕਿਵੇਂ ਹੋਵੇਗਾ?

ਤੇ ਕਿਵੇਂ ਕਿਸਾਨਾਂ ਦੀ ਪੰਜ ਸਾਲਾਂ 'ਚ ਆਮਦਨ ਦੁੱਗਣੀ ਹੋਣ ਦਾ ਸੁਪਨਾ ਸਾਕਾਰ ਹੋਏਗਾ?

-ਗੁਰਮੀਤ ਸਿੰਘ ਪਲਾਹੀ
-9815802070

ਨੌਂ ਵਰ੍ਹਿਆਂ ਦਾ ਲੇਖਾ: ਸਵਾਲ-ਦਰ-ਸਵਾਲ; ਜਵਾਬ ਚੁੱਪੀ - ਗੁਰਮੀਤ ਸਿੰਘ ਪਲਾਹੀ

ਭਾਰਤ ਉਤੇ ਰਾਜ ਕਰਦਿਆਂ ਮੋਦੀ ਸਰਕਾਰ ਨੇ ਨੌਂ ਵਰ੍ਹੇ ਪੂਰੇ ਕਰ ਲਏ ਹਨ। ਭਾਜਪਾ ਨੇ 2019 ਦੀਆਂ ਲੋਕ ਸਭਾ ਚੋਣਾਂ 'ਚ ਦੂਜੀ ਵੇਰ ਚੋਣ ਜਿੱਤਕੇ ਕੇਂਦਰ ਦੀ ਸੱਤਾ 'ਤੇ ਕਬਜ਼ਾ ਕੀਤਾ।

          ਪਹਿਲੀ ਵੇਰ 2014 'ਚ ਭਾਜਪਾ, ਕਾਂਗਰਸ ਨੂੰ ਹਰਾ ਕੇ ਚੋਣ ਜਿੱਤੀ ਸੀ। ਭਾਜਪਾ ਅਤੇ ਉਸਦੇ ਗੱਠਜੋੜ ਨੇ 2014 'ਚ 38.5 ਫ਼ੀਸਦੀ ਵੋਟਾਂ ਪ੍ਰਾਪਤ ਕੀਤੀਆਂ ਅਤੇ 336 ਲੋਕ ਸਭਾ ਸੀਟਾਂ ਜਿੱਤੀਆਂ, ਜਿਸ ਵਿਚੋਂ ਭਾਜਪਾ ਦੀ ਵੋਟ ਪ੍ਰਤੀਸ਼ਤ 31 ਫ਼ੀਸਦੀ ਅਤੇ ਸੀਟਾਂ 282 ਸਨ।

          ਭਾਰਤੀ ਲੋਕ ਸਭਾ ਦੀਆਂ ਕੁਲ 542 ਸੀਟਾਂ ਹਨ। 1989 ਤੋਂ  ਬਾਅਦ ਲੋਕ ਸਭਾ 'ਚ ਭਾਜਪਾ ਪਹਿਲੀ ਸਿਆਸੀ ਪਾਰਟੀ ਬਣੀ ਜਿਸਨੇ ਇਕੱਲੇ ਤੌਰ ਤੇ ਲੋਕ ਸਭਾ 'ਚ  ਬਹੁਮਤ ਪ੍ਰਾਪਤ ਕੀਤਾ।

          ਸਾਲ 2019 'ਚ ਭਾਜਪਾ ਅਤੇ ਗਠਜੋੜ ਨੇ 353 ਸੀਟਾਂ ਜਿੱਤੀਆਂ ਤੇ ਜਿਸ ਵਿਚੋਂ ਭਾਜਪਾ ਦੀਆਂ 37.36  ਫ਼ੀਸਦੀ ਵੋਟਾਂ ਅਤੇ 303 ਸੀਟਾਂ ਸਨ। ਭਾਵ ਭਾਜਪਾ ਵੱਡੀ ਬਹੁ ਗਿਣਤੀ ਨਾਲ 2019 'ਚ ਲੋਕ ਸਭਾ ਚੋਣ ਜਿੱਤੀ। ਭਾਜਪਾ ਅਨੁਸਾਰ  ਉਸਦੀ ਜਿੱਤ ਵਿੱਚ ਸਰਕਾਰੀ ਸਕੀਮਾਂ ਅਤੇ ਵੱਡੇ ਫ਼ੈਸਲਿਆਂ ਨੇ ਅਹਿਮ ਭੂਮਿਕਾ ਨਿਭਾਈ ਹੈ।

          ਦੇਸ਼ ਦੀ ਦੂਜੀ ਵੱਡੀ ਸਿਆਸੀ ਪਾਰਟੀ ਕਾਂਗਰਸ ਨੇ ਭਾਜਪਾ ਦੇ 9 ਸਾਲਾਂ ਦੇ ਸਾਸ਼ਨ ਕਾਲ ਸਬੰਧੀ 9 ਸਵਾਲ ਉਠਾਏ ਹਨ। ਕਾਂਗਰਸ ਨੇ ਪੁੱਛਿਆ ਹੈ ਕਿ ਦੇਸ਼ ਵਿੱਚ ਮਹਿੰਗਾਈ ਅਤੇ ਬੇਰੁਜ਼ਗਾਰੀ ਕਿਉਂ ਵਧ ਰਹੀ ਹੈ? ਆਰਥਿਕ ਨਾ-ਬਰਾਬਰੀ ਕਿਉਂ ਵਧ ਰਹੀ ਹੈ? ਕਿਸਾਨਾਂ ਦੀ ਆਮਦਨ ਦੁਗਣੀ ਕਿਉਂ ਨਹੀਂ ਹੋਈ? ਕਿਸਾਨਾਂ ਨਾਲ ਕੀਤੇ ਵਾਅਦੇ ਪੂਰੇ ਕਿਉਂ ਨਹੀਂ ਕੀਤੇ ਗਏ? ਐਮ.ਐਸ.ਪੀ. ਦੀ ਕਾਨੂੰਨੀ ਗਰੰਟੀ ਕਿਉਂ ਨਹੀਂ ਦਿੱਤੀ ਗਈ? ਅਡਾਨੀ ਨੂੰ ਫਾਇਦਾ ਪਹੁੰਚਾਉਣ ਲਈ ਐਸ.ਬੀ.ਆਈ. ਅਤੇ ਐਲ.ਆਈ.ਸੀ. 'ਚ ਲੋਕਾਂ ਦੀ ਮਿਹਨਤ ਦੀ ਕਮਾਈ ਇਸ ਸਮੂੰਹ 'ਚ ਕਿਉਂ ਦਿੱਤੀ ਗਈ? ਸਿਆਸੀ ਲਾਹੇ ਲਈ ਡਰ ਦਾ ਮਾਹੌਲ ਕਿਉਂ ਬਣਾਇਆ ਜਾ ਰਿਹਾ ਹੈ? ਔਰਤਾਂ, ਦਲਿਤਾਂ, ਆਦਿਵਾਸੀਆਂ ਅਤੇ ਘੱਟ ਗਿਣਤੀਆਂ ਤੇ ਹੋ ਰਹੇ ਅਤਿਆਚਾਰਾਂ 'ਤੇ ਸਰਕਾਰ ਚੁੱਪ ਕਿਉਂ ਹੈ? ਜਾਤੀ ਅਧਾਰਤ ਮਰਦਸ਼ੁਮਾਰੀ(ਜਨ ਗਣਨਾ) 'ਤੇ ਸਰਕਾਰ ਚੁੱਪੀ ਕਿਉਂ ਸਾਧੀ ਬੈਠੀ ਹੈ? ਵਿਰੋਧੀ ਧਿਰ ਦੇ  ਨੇਤਾਵਾਂ ਵਿਰੁੱਧ ਬਦਲਖੋਰੀ ਦੀ ਕਾਰਵਾਈ ਕਿਉਂ ਹੋ ਰਹੀ ਹੈ? ਵਿਰੋਧੀ ਧਿਰ ਦੀਆਂ ਸਰਕਾਰਾਂ ਨੂੰ ਅਸਥਿਰ ਕਰਨ ਦੀਆਂ ਕੋਸ਼ਿਸ਼ਾਂ ਕਿਉਂ ਹੋ ਰਹੀਆਂ ਹਨ?

          ਸਵਾਲ ਬਹੁਤ ਵੱਡੇ ਹਨ।ਸਵਾਲਾਂ 'ਚ ਵਜ਼ਨ ਵੀ ਹੈ। ਇਹ ਸਵਾਲ ਵਿਰੋਧੀ ਧਿਰ ਵਲੋਂ ਕੀਤੇ ਜਾਣੇ ਵੀ ਬਣਦੇ ਹਨ, ਕਿਉਂਕਿ ਇਹ ਸਵਾਲ ਅਹਿਮ ਹਨ।

           ਦੇਸ਼ ਦੀ ਆਰਥਿਕਤਾ ਤਬਾਹ ਹੋ ਰਹੀ ਹੈ। ਗਰੀਬੀ, ਅਸਮਾਨਤਾ ਗਲਤ ਫ਼ੈਸਲਿਆਂ ਦਾ ਸਿੱਟਾ ਹੈ।  ਇਸ ਨਾਲ ਸਮਾਜ ਦੇ ਅਮੀਰ ਲੋਕ, ਗਰੀਬੀ ਦੇ ਹਾਸ਼ੀਏ ਤੇ ਰਹਿਣ ਵਾਲੇ ਲੋਕਾਂ ਨੂੰ ਹੋਰ ਜ਼ਿਆਦਾ ਕਮਜ਼ੋਰ ਕਰ ਰਹੇ ਹਨ, ਉਹਨਾ ਦੇ  ਮੌਲਿਕਾਂ ਹੱਕਾਂ ਦੀ ਉਲੰਘਣਾ ਕਰ ਰਹੇ ਹਨ। ਸਮਾਜਿਕ ਬਾਈਕਾਟ ਭੇਦਭਾਵ, ਜਿਹੇ ਗਰੀਬੀ ਦੇ ਕਾਰਕ, ਗਰੀਬੀ 'ਚ ਫਸੇ ਲੋਕਾਂ ਦਾ ਜੀਵਨ ਹੋਰ ਵੀ ਔਖਾ ਬਣਾ ਦਿੰਦੇ ਹਨ। ਇਸ ਤੋਂ ਬਿਨ੍ਹਾਂ ਸੋਕਾ, ਹੜ੍ਹ, ਜਲਵਾਯੂ ਤਬਦੀਲੀ ਜਿਹੀਆਂ ਅਤੇ ਕਰੋਨਾ ਵਰਗੀਆਂ ਆਫ਼ਤਾਂ ਗਰੀਬ ਵਰਗ ਉਤੇ ਵੱਡਾ ਅਸਰ ਪਾਉਂਦੀਆਂ ਹਨ। ਦੇਸ਼ ਦੀ ਹਾਕਮ ਧਿਰ ਇਹਨਾ ਮਾਮਲਿਆਂ ਉਤੇ ਅਸਰਦਾਰ ਫ਼ੈਸਲੇ ਕਰਨ 'ਚ ਨਾਕਾਮਯਾਬ ਰਹੀ ਹੈ, ਇਹ ਅਸਲੀਅਤ ਹੈ।

          ਮੌਜੂਦਾ ਸਰਕਾਰ ਜਦੋਂ ਆਪਣੇ ਦਸ ਪ੍ਰਭਾਵਸ਼ਾਲੀ ਫ਼ੈਸਲਿਆਂ, ਨੋਟਬੰਦੀ, ਜੀਐਸਟੀ, ਤਿੰਨ ਤਲਾਕ ਕਾਨੂੰਨ ਨੂੰ ਲਾਗੂ ਕਰਨਾ, ਸਰਜੀਕਲ ਸਟਰਾਈਕ, ਜੰਮੂ-ਕਸ਼ਮੀਰ ਤੋਂ ਧਾਰਾ 370 ਨੂੰ ਖ਼ਤਮ ਕਰਨ, ਨਾਗਰਿਕਤਾ ਸੋਧ ਕਾਨੂੰਨ, ਰੇਲਵੇ ਬਜ਼ਟ ਦਾ ਆਮ ਬਜ਼ਟ 'ਚ ਰਲੇਵਾਂ, ਉਜਵਲ ਸਕੀਮ ਯੋਜਨਾ, ਕਿਸਾਨ ਸਨਮਾਨ ਨਿਧੀ ਯੋਜਨਾ, ਆਯੁਸ਼ਮਾਨ ਭਾਰਤ ਯੋਜਨਾ ਨੂੰ ਵੱਡੀ ਪ੍ਰਾਪਤੀ ਦਸਦੀ ਹੈ ਤਾਂ ਭੁਲ ਜਾਂਦੀ ਹੈ ਕਿ ਵੱਡੀ ਆਫ਼ਤ ਕਰੋਨਾ ਕਾਲ 'ਚ 40 ਲੱਖ ਲੋਕਾਂ (ਅੰਕੜਿਆਂ ਬਾਰੇ ਮਤਭੇਦ ਹਨ) ਦੀ ਮੌਤ ਹੋਈ ਸੀ, ਇਸਦਾ ਜ਼ੁੰਮੇਵਾਰ ਕੌਣ ਹੈ?

          ਇਲਾਜ, ਆਕਸੀਜਨ ਨਾ ਮਿਲਣ ਅਤੇ ਇਥੋਂ ਤੱਕ ਕਿ ਲਾਸ਼ਾਂ ਦਫਨਾਉਣ, ਜਾਲਣ ਦਾ ਪ੍ਰਬੰਧ ਨਾ ਹੋਣਾ, ਕਿਸ ਦੀ ਜ਼ੁੰਮੇਵਾਰੀ ਬਣਦੀ ਸੀ ਇਹ? ਆਫ਼ਤ ਕਾਰਨ ਲੋਕਾਂ ਦਾ ਗਰੀਬੀ ਦੇ ਹਾਸ਼ੀਏ ਵੱਲ ਧੱਕੇ ਜਾਣਾ ਅਤੇ ਅਮੀਰ ਲੋਕਾਂ ਦੀ ਕਰੋਨਾ ਕਾਲ 'ਚ ਆਮਦਨ 'ਚ ਬੇਇੰਤਹਾ ਵਾਧਾ ਤੇ ਲੁੱਟ ਲਈ ਜ਼ੁੰਮੇਵਾਰ ਆਖ਼ਿਰ ਸਰਕਾਰ ਹੀ ਤਾਂ ਹੈ।

          "ਵਿਸ਼ਵ ਅਸਮਾਨਤਾ ਲੈਬ" ਵਲੋਂ ਵਿਸ਼ਵ ਅਸਮਾਨਤਾ ਰਿਪੋਰਟ 2022 ਛਾਪੀ ਗਈ ਹੈ। ਭਾਰਤ ਅਸਮਾਨਤਾ ਦੇ ਮਾਮਲੇ 'ਚ ਨੰਬਰ ਇੱਕ ਹੈ। ਇਹ ਰਿਪੋਰਟ ਕਹਿੰਦੀ ਹੈ ਕਿ ਦੁਨੀਆ ਦੀ ਸਭ ਤੋਂ ਗਰੀਬ ਅੱਧੀ ਆਬਾਦੀ ਦੇ ਕੋਲ ਕੁਲ ਜਾਇਦਾਦ ਦਾ ਸਿਰਫ਼ ਦੋ ਫ਼ੀਸਦੀ ਹੈ। ਜਦਕਿ ਦੁਨੀਆਂ ਦੇ ਸਭ ਤੋਂ ਅਮੀਰ ਦਸ ਫ਼ੀਸਦੀ ਆਬਾਦੀ ਕੋਲ ਕੁਲ ਜ਼ਾਇਦਾਦ ਦਾ 76 ਫ਼ੀਸਦੀ ਹੈ।

          ਦੇਸ਼ ਵਿੱਚ ਸਭ ਤੋਂ ਜ਼ਿਆਦਾ ਆਮਦਨ ਵਾਲੇ 10 ਫ਼ੀਸਦੀ ਅਤੇ ਸਭ ਤੋਂ ਘੱਟ ਆਮਦਨ ਵਾਲੇ 50 ਫ਼ੀਸਦੀ ਵਿਅਕਤੀਆਂ ਦੀ ਔਸਤ ਆਮਦਨ ਵਿੱਚ ਅੰਤਰ ਦੋ ਗੁਣਾ ਹੋ ਗਿਆ ਹੈ।

          ਅਧਿਐਨ ਇਹ ਕਹਿੰਦਾ ਹੈ ਕਿ ਪਿਛਲੇ 40 ਸਾਲਾਂ ਵਿੱਚ ਦੇਸ਼ ਤਾਂ ਕਾਫੀ ਅਮੀਰ ਹੋ ਗਏ ਹਨ, ਪਰ ਉਹਨਾ ਦੀਆਂ ਸਰਕਾਰਾਂ ਕਾਫੀ ਗਰੀਬ ਹੋ ਗਈਆਂ ਹਨ। ਇਹੋ ਕਾਰਨ ਹੈ ਕਿ ਲੋਕ ਭਲਾਈ ਦੇ ਕਾਰਜਾਂ ਤੋਂ ਸਰਕਾਰਾਂ ਹੱਥ ਖਿੱਚਦੀਆਂ ਹਨ। ਨਾਗਰਿਕਾਂ ਨੂੰ ਸਿੱਖਿਆ, ਸਿਹਤ ਸਹੂਲਤਾਂ ਦੇਣ ਤੋਂ ਕਿਨਾਰਾ ਕਰੀ ਜਾ ਰਹੀਆਂ ਹਨ। ਭਾਰਤ ਦੀ ਹਾਕਮ ਧਿਰ ਦੇ ਕਾਰਜ ਵੀ ਇਸ ਤੋਂ ਵੱਖਰੇ ਨਹੀਂ ਹਨ। ਸਿਹਤ ਸਬੰਧੀ  ਅਯੂਸ਼ਮਾਨ ਭਾਰਤ ਯੋਜਨਾ ਦਾ ਦੇਸ਼ ਭਰ 'ਚ ਬੁਰਾ ਹਾਲ ਹੋ ਰਿਹਾ ਹੈ। ਇਹ ਯੋਜਨਾ ਠੁੱਸ ਹੋ ਗਈ ਹੈ। ਦੇਸ਼ ਦੇ  ਨਾਗਰਿਕਾਂ ਨੂੰ ਆਪਣੀ ਸਿਹਤ ਸੰਭਾਲ ਅਤੇ ਬੀਮਾਰੀ ਸਮੇਂ ਆਪਣੀ ਆਮਦਨ ਦਾ ਵੱਡਾ ਹਿੱਸਾ ਪੱਲਿਓਂ ਖਰਚਣਾ ਪੈਂਦਾ ਹੈ। ਪਰ ਸਰਕਾਰ ਚੁੱਪੀ ਵੱਟਣ ਤੋਂ ਇਲਾਵਾ ਕੁਝ ਵੀ ਨਹੀਂ ਕਰਦੀ।

          ਦੇਸ਼ 'ਚ ਜਨ ਸੰਖਿਆ ਲਗਾਤਾਰ ਵਧ ਰਹੀ ਹੈ, ਬੇਰੁਜ਼ਗਾਰੀ 'ਚ ਵਾਧਾ ਹੋ ਰਿਹਾ ਹੈ, ਦੇਸ਼ ਵਿੱਚ ਪੂੰਜੀ ਦੀ ਕਮੀ ਹੋ ਗਈ ਹੈ। ਬੁਨਿਆਦੀ ਢਾਂਚੇ ਦਾ ਵਿਕਾਸ ਨਹੀਂ ਹੋ ਰਿਹਾ। ਅਧਿਕ ਗਰੀਬੀ ਕਾਰਨ ਲੋਕਾਂ ਨੂੰ ਭੁੱਖ ਤੇ ਕੁਪੋਸ਼ਨ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਭਾਵੇਂ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਕਹਿੰਦੇ  ਹਨ ਕਿ 80 ਕਰੋੜ ਲੋਕਾਂ ਨੂੰ ਮੁਫ਼ਤ ਭੋਜਨ ਦਿੱਤਾ ਜਾ ਰਿਹਾ ਹੈ। ਪਰ ਕੀ ਇਹ ਅਧੂਰਾ ਸੱਚ ਨਹੀਂ ਹੈ?

          ਸਵਾਲ-ਦਰ-ਸਵਾਲ ਇਹ ਹੈ ਕਿ ਦੇਸ਼ 'ਚ ਇੰਨੇ ਕਰੋੜ ਲੋਕਾਂ ਦੇ ਭੁੱਖੇ ਰਹਿਣ ਜਾਂ ਉਹਨਾ ਦੀਆਂ ਅਨਾਜ ਲੋੜਾਂ ਪੂਰੀਆਂ ਨਾ ਹੋਣ ਤੇ ਬੇਰੁਜ਼ਗਾਰ ਰਹਿਣ ਦਾ ਆਖ਼ਰ ਕਾਰਨ ਕੀ ਹੈ? ਪਿਛਲੇ ਇੱਕ ਦਹਾਕੇ 'ਚ ਮੌਜੂਦਾ ਸਰਕਾਰ ਦਾ ਇਸ ਸਬੰਧੀ ਦ੍ਰਿਸ਼ਟੀਕੋਨ, ਪ੍ਰਾਪਤੀਆਂ ਅਤੇ ਹਾਸਲ ਕੀ ਹਨ? ਸਰਕਾਰ ਨੇ ਕਦੇ ਅੰਕੜੇ ਅਤੇ ਨੀਤੀ ਲੋਕਾਂ ਸਾਹਮਣੇ ਪੇਸ਼ ਨਹੀਂ ਕੀਤੀ।

          ਕਹਿਣ ਨੂੰ ਤਾਂ ਪ੍ਰਧਾਨ ਮੰਤਰੀ ਕਹਿੰਦੇ ਹਨ ਕਿ ਪਾਈ-ਪਾਈ ਨਾਲ ਦੇਸ਼ ਦੇ ਗਰੀਬ ਦੀ ਭਲਾਈ ਹੋ ਰਹੀ ਹੈ ਅਤੇ  ਕਿਹਾ ਜਾ ਰਿਹਾ ਹੈ ਕਿ ਭਾਰਤ ਦੁਨੀਆ ਦੀ ਪੰਜਵੀਂ ਸਭ ਤੋਂ ਵੱਡੀ ਅਰਥ ਵਿਵਸਥਾ ਬਣ ਗਿਆ ਹੈ ਪਰ ਗਰੀਬ-ਅਮੀਰ ਦਾ ਪਾੜਾ ਦੇਸ਼ ਵਿੱਚ ਵਧਣਾ, ਅਮੀਰਾਂ ਦੀ ਗਿਣਤੀ 'ਚ ਵੱਡਾ ਵਾਧਾ ਅਤੇ ਨਿੱਜੀਕਰਨ ਦੀ ਨੀਤੀ  ਦੇਸ਼ ਨੂੰ ਕਿਸ ਪਾਸੇ ਲੈ ਜਾ ਰਹੀ ਹੈ। ਇਸਦਾ ਅੰਦਾਜ਼ਾ ਲਗਾਉਣਾ ਔਖਾ ਨਹੀਂ।

           ਨਿਰਪੱਖ ਤੌਰ 'ਤੇ ਮੌਜੂਦਾ ਸਰਕਾਰ ਦੇ ਕੰਮ ਕਾਰ ਨੂੰ ਸਮਝਣ ਅਤੇ ਪਰਖਣ ਦੀ ਲੋੜ ਹੈ। ਕੀ ਸਰਕਾਰ ਦੀਆਂ ਪ੍ਰਾਪਤੀਆਂ ਲੋਕ-ਹਿੱਤ ਵਿੱਚ ਹਨ? ਕੀ ਸਰਕਾਰ ਦੀ ਦਿੱਖ ਲੋਕ-ਹਿਤੈਸ਼ੀ ਹੈ? ਕੀ ਸਰਕਾਰ ਗਰੀਬ ਅਤੇ ਹਾਸ਼ੀਏ ਤੇ ਗਏ ਲੋਕਾਂ ਲਈ ਕੰਮ ਕਰ ਰਹੀ ਹੈ? ਜਾਂ ਕੀ ਸਰਕਾਰ ਕਿਸੇ ਹੋਰ ਅਜੰਡੇ ਤੇ ਕੰਮ ਕਰ ਰਹੀ ਹੈ?

          ਸਰਕਾਰ ਵਲੋਂ ਪ੍ਰਚਾਰੇ ਜਾਂਦੇ ਕਿਸਾਨਾਂ ਦੀ ਆਮਦਨ ਦੁਗਣੀ ਕਰਨ ਦੀ ਸਕੀਮ ਦਾ ਫੇਲ੍ਹ ਹੋ ਜਾਣਾ ਅਤੇ ਦੇਸ਼ ਦੇ ਅਰਥਚਾਰੇ ਦੇ ਥੰਮ ਖੇਤੀ ਖੇਤਰ ਪ੍ਰਤੀ ਅਣਗਹਿਲੀ ਅਤੇ ਅਣਦੇਖੀ ਕੀ ਸਿੱਧ ਕਰਦੀ ਹੈ? ਕੀ ਕਾਰਪੋਰੇਟ ਸੈਕਟਰ ਦੇ ਸਰਵਿਸ ਸੈਕਟਰ ਦੇ ਅਜੰਡੇ ਨੂੰ ਲਾਗੂ ਕਰਨਾ ਦੇਸ਼ ਨੂੰ ਧਨਾਢਾਂ ਹੱਥ ਗਿਰਵੀ ਰੱਖਣਾ ਨਹੀਂ? ਕੀ ਉਸ ਖੇਤੀ ਖੇਤਰ ਦੀ ਅਣਦੇਖੀ ਜਾਇਜ਼ ਹੈ, ਜਿਸਨੇ ਕਰੋਨਾ ਆਫ਼ਤ ਦੌਰਾਨ ਗਰੀਬ ਵਰਗ ਦੀ ਬਾਂਹ ਫੜੀ ਅਤੇ ਮਰਦੇ ਜਾ ਰਹੇ ਮਜ਼ਦੂਰ ਵਰਗ ਨੂੰ ਰਾਹਤ ਦਿੱਤੀ।

          ਵੱਡਾ ਸਵਾਲ  ਸਰਕਾਰ ਉਤੇ  ਘੱਟ ਗਿਣਤੀਆਂ ਨਾਲ ਦੁਪਰਿਆਰੇ ਸਲੂਕ ਸਬੰਧੀ ਉਠ ਰਹੇ ਹਨ। ਸਵਾਲ ਸੂਬਿਆਂ ਦੇ ਅਧਿਕਾਰਾਂ ਨੂੰ ਸੰਗੋੜਕੇ ਸੀਮਤ ਕਰਨ ਅਤੇ ਕੇਂਦਰੀਕਰਨ ਸਬੰਧੀ ਵੀ ਹਨ? ਸਵਾਲ ਵਿਰੋਧੀ ਆਵਾਜ਼ਾਂ ਨੂੰ ਦਬਾਉਣ ਅਤੇ  ਸੂਬਿਆਂ 'ਚ ਸਿਰਫ਼ ਆਪਣਾ ਰਾਜ ਭਾਗ ਸਥਾਪਿਤ ਕਰਨ ਲਈ ਸਾਮ, ਦਾਮ, ਦੰਡ ਦੀ ਵਰਤੋਂ ਦੇ ਵੀ ਹੋ ਰਹੇ ਹਨ।

          ਸਭ ਤੋਂ ਵੱਡਾ ਸਵਾਲ ਦੇਸ਼ ਦੀ  ਪ੍ਰੈੱਸ ਦੀ ਆਜ਼ਾਦੀ ਖ਼ਤਮ ਕਰਕੇ, ਕੇਂਦਰੀ ਏਜੰਸੀਆਂ ਨੂੰ ਆਪਣੇ ਭਲੇ ਹਿੱਤ ਵਰਤਕੇ ਅਤੇ ਦੇਸ਼ ਦੀ ਸੁਪਰੀਮ ਕੋਰਟ ਉਤੇ ਦਾਬਾ ਪਾੳਣ ਦੇ ਵੀ ਉਠ ਰਹੇ ਹਨ। ਕੀ ਇਹ ਲੋਕਤੰਤਰੀ ਭਾਰਤ ਦੇ ਸਿਹਤ ਲਈ ਚੰਗਾ ਹੈ।ਕੀ ਇਹ ਪਹਿਲਾਂ ਹੀ ਬੀਮਾਰ ਲੋਕਤੰਤਰ ਨੂੰ “ਮੰਜੇ" ਉਤੇ ਪਾਉਣ ਦੀ ਸਥਿਤੀ ਵੱਲ ਦੇਸ਼ ਨੂੰ ਨਹੀਂ ਲੈ ਜਾ ਰਿਹਾ ?

          ਮੋਜੂਦਾ ਸਰਕਾਰ ਅਤੇ ਭਾਜਪਾ ਉੱਤੇ ਦੇਸ਼ ਨੂੰ ਹਿੰਦੂਤਵੀ ਦੇਸ਼ ਬਣਾਉਣ ਲਈ ਕੀਤੇ ਜਾ ਰਹੇ ਯਤਨਾ ਦਾ ਵੀ ਦੋਸ਼ ਲਗਦਾ ਹੈ। ਦੋਸ਼ ਇਹ ਹੈ ਵੀ ਲਗਦਾ ਹੈ ਕਿ ਧਰਮਾਂ ਦੇ ਧਰੂਵੀਕਰਨ ਕਾਰਨ ਵੋਟ ਬੈਂਕ ਪੱਕੀ ਕਰੋ ਅਤੇ ਚੋਣ ਜਿੱਤੋ। ਕੀ ਇਹ ਦੇਸ਼ ਦੇ ਹਿੱਤ ਵਿੱਚ ਰਹੇਗਾ?

          ਚੰਗੇ ਲੋਕਤੰਤਰ 'ਚ ਤਾਂ ਵਿਰੋਧੀ ਧਿਰ ਦੀ ਮਜ਼ਬੂਤੀ ਸਾਰਥਿਕ ਗਿਣੀ ਜਾਂਦੀ ਹੈ। ਸੰਘੀ ਸਰਕਾਰ 'ਚ ਤਾਂ ਸੂਬਿਆਂ ਦੇ ਵੱਧ ਅਧਿਕਾਰਾਂ ਨੂੰ ਚੰਗਾ ਮੰਨਿਆ ਜਾਂਦਾ ਹੈ ਤਾਂ ਕਿ ਹਰ ਖੇਤਰ, ਖਿੱਤੇ ਦੇ ਲੋਕ ਆਪਣੀਆਂ ਲੋੜਾਂ, ਥੋੜਾਂ ਕੇਂਦਰ ਤੋਂ ਵੱਧ ਅਧਿਕਾਰ ਲੈਕੇ ਸਥਾਨਕ ਤੌਰ 'ਤੇ ਪੂਰੀਆਂ ਕਰ ਸਕਣ । ਪਰ ਇਸ ਵੇਲੇ ਹੋ ਇਸ ਤੋਂ ਉਲਟ ਰਿਹਾ ਹੈ । ਕਿਸਾਨ ਵਿਰੋਧੀ ਖੇਤੀ ਕਾਨੂੰਨ ਸੂਬਿਆਂ ਦੇ ਅਧਿਕਾਰ ਖੋਹਣ ਦਾ ਵੱਡਾ ਯਤਨ ਸੀ । ਕਸ਼ਮੀਰ ਵਿਚੋਂ 370 ਧਾਰਾ ਹਟਾਉਣ ਉਥੇ ਦੇ ਲੋਕਾਂ ਨੇ ਆਪਣੇ ਆਪ ਨਾਲ ਧੱਕਾ ਮਹਿਸੂਸ ਕੀਤਾ । ਨਾਗਰਿਕ ਕਾਨੂੰਨ ਨੇ ਘੱਟ ਗਿਣਤੀਆਂ `ਚ  ਅਵਿਸ਼ਵਾਸ਼ੀ ਪੈਦਾ ਕੀਤੀ ।ਵਿਰੋਧੀ ਧਿਰ ਦੀਆਂ ਸਰਕਾਰਾਂ ਨੂੰ ਤੋੜਨ ਜਾਂ ਅਸਥਿਰ ਕਰਨ ਲਈ ਕੇਂਦਰ ਹਾਕਮਾਂ ਵਲੋਂ ਲਗਾਤਾਰ ਸਰਗਰਮੀ ਜਾਰੀ ਹੈ। ਦਿੱਲੀ, ਰਾਜਸਥਾਨ, ਪੰਜਾਬ ਦੀਆਂ ਵਿਰੋਧੀ ਧਿਰ ਦੀਆਂ ਸਰਕਾਰਾਂ ਪ੍ਰਮੁੱਖ ਉਦਾਹਰਨ ਹਨ। ਪਹਿਲਾਂ ਦੇਸ਼ ਨੂੰ ਕਾਂਗਰਸ ਮੁਕਤ ਕਰਨ ਦਾ ਨਾਹਰਾ ਅਤੇ ਵਿਰੋਧੀ ਧਿਰ ਨੂੰ ਮਲੀਆਮੇਟ ਕਰਨ ਵੱਲ ਹਰ ਹੀਲੇ ਵਧਦੇ ਕਦਮ ਕੀ ਦਰਸਾਉਂਦੇ ਹਨ?

          ਬਿਨਾਂ ਸ਼ੱਕ ਕੇਂਦਰ ਦੀ ਸਰਕਾਰ ਦਾ ਮੁਖੀ,  ਸਿਆਸੀ ਧਿਰ ਭਾਜਪਾ ਅਤੇ ਉਸਨੂੰ ਪਿਛੇ ਰਹਿ ਕੇ ਚਲਾਉਣ ਵਾਲੀ `` ਸਮਾਜਿਕ ਸੰਸਥਾ ਮਨ 'ਚ ਇਹ ਧਾਰਕੇ ਬੈਠੀ ਹੈ ਕਿ ਉਹ ``ਧਰਮੀ ਪੱਤਾ`` ਖੇਲ ਕੇ ਦੇਸ਼ ਉਤੇ ਰਾਜ ਕਰਦੀ ਰਹੇਗੀ ਅਤੇ ਲੋਕ ਭਲਾਈ ਦੇ ਕਾਰਕਾਂ ਨੂੰ ਸੀਮਤ ਕਰਕੇ , ਧੰਨਕੁਬੇਰਾਂ ਦਾ ਹੱਥ ਠੋਕਾ ਬਣਾ ਕੇ  ਆਪਣਾ ਇਕੋ ਇਕ ਅਜੰਡਾ ਲਾਗੂ ਕਰਨ ਲਈ ਅੱਗੇ ਕਦਮ ਵਧਾਉਂਦੀ ਰਹੇਗੀ ,ਪਰ ਦੱਖਣੀ ਰਾਜ ਕਰਨਾਟਕ `ਚ ਉਸਦੇ ਹਰ ਹੀਲੇ ਦੀ ਨਾਕਾਮੀ,  ਉਸਦੇ ਭਵਿੱਖ ਦਾ ਸੰਕੇਤ ਹੈ ।

          ਬੇਸ਼ਕ ਭਾਰਤ 'ਚ ਲੋਕਤੰਤਰੀ ਕਦਰਾਂ ਕੀਮਤਾਂ ਨੂੰ ਸਮੇਂ-ਸਮੇਂ ਚਲਾਕ ਕਥਿਤ ਨੇਤਾਵਾਂ ਨੇ ਤੋੜਿਆ, ਮਰੋੜਿਆ ਹੈ, ਪਰ ਦੇਸ਼ ਦੇ ਸੁਚੇਤ ਲੋਕ ਉਹਨਾ ਮਨਸੂਬਿਆਂ ਨੂੰ ਢਹਿ ਢੇਰੀ ਕਰਨ ਦੇ ਸਮਰੱਥ ਹਨ ਅਤੇ ਰਹਿਣਗੇ, ਜਿਹੜੇ ਦੇਸ਼ ਨੂੰ ਕੰਮਜ਼ੋਰ ਕਰਨ ਵਾਲੇ ਹਨ ਅਤੇ ਦੇਸ਼ ਦੇ ਲੋਕਾਂ 'ਚ ਧਰਮ, ਮਜ਼ਹਬ, ਜਾਤ, ਬਰਾਦਰੀ ਦੇ ਨਾਂਅ ਉਤੇ ਵੰਡੀ ਪਾਉਣ ਵਾਲੇ ਹਨ।

-ਗੁਰਮੀਤ ਸਿੰਘ ਪਲਾਹੀ

-9815802070