Hakim Singh Meet

ਹੌਸਲੇ ਬੁਲੰਦ - ਹਾਕਮ ਸਿੰਘ ਮੀਤ ਬੌਂਦਲੀ

ਆਪਣੇ ਇਰਾਦੇ ਸਾਥੀਓ ਕਾਇਮ ਰੱਖਣਾ ,,
ਜੰਗ ਮੈਦਾਨ 'ਚ ਕਦੇ ਅਸੀਂ ਨਾ ਹਾਰਾਂਗੇ ।।


ਕਰਿਓ ਨਾ  ਗਦਾਰੀ  ਤੁਸੀਂ  ਗੰਗੂ ਵਾਂਗੂੰ ,,
ਹੌਸਲੇ ਬੁਲੰਦ ਇਹਨਾਂ ਨੂੰ ਮਾਰ ਪਾਵਾਂਗੇ ।।


ਤੁਸੀਂ ਜ਼ਾਲਮਾਂ ਦੀਆਂ ਚਾਲਾਂ ਸਮਝ ਲਵੋਂ ,,
ਨਾਂ ਆਪਣੇ ਵਿੱਚ ਕੋਈ ਫਰਕ ਪਾਵਾਂ ਗੇ ।।


ਦਿੱਲੀ ਕੱਟੀਆਂ ਪੋਹ ਮਾਘ ਦੀਆਂ ਰਾਤਾਂ ,,
ਮਰਕੇ ਵੀ ਨਾ ਉਹ ਅਸੀਂ ਭੁੱਲ ਪਾਵਾਂ ਗੇ ।।


ਅਸੀਂ ਕੰਡਿਆਂ ਵੀ ਉੱਪਰ  ਸੌਣਾ ਜਾਣਦੇ ,,
ਛੋਲਿਆਂ ਦੀ ਮੁੱਠ  ਖ਼ਾਕੇ  ਦਿਨ ਕੱਟਾ ਗੇ ।।


ਜਿੱਥੇ ਕਦਮ ਰੱਖਦੇ ਲਾਟਾਂ ਨਿਕਲਦੀਆਂ ,,
ਆਪਣੇ ਹੱਕ ਲੈ ਕੇ ਪੰਜਾਬ ਨੂੰ  ਆਵਾਂਗੇ ।।


ਅਸੀਂ ਹਰ ਚਟਾਨਾਂ  ਨਾਲ ਟਕਰਾਵਾਂ ਗੇ ,,
ਵੀਰਾਂ ਜ਼ੋ ਦਿੱਤੀ  ਕੁਰਬਾਨੀ ਨਾ ਭੁੱਲਾਂ ਗੇ ।।


ਅਸੀਂ ਜਿਸਮ ਦੀ ਬੋਟੀ ਬੋਟੀ ਕੱਟਾਵਾਂਗੇ ,,
ਕਾਨੂੰਨ ਰੱਦ ਕਰਵਾ ਘਰ ਫੇਰੀ ਪਾਵਾਂਗੇ ।।


ਜ਼ਾਲਮ ਸਰਕਾਰਾਂ  ਜ਼ੁਲਮ ਕਰਦੀਆਂ ਨੇ ,,
ਸੀਨੇ  ਤੇ  ਸਾਰੇ  ਤਸ਼ੱਦਦ ਜ਼ਰ  ਪਾਵਾਂਗੇ ।।


ਅਸੀਂ ਭਗਤ ਸਿੰਘਦੇ ਵਾਰਸ ਭੁੱਲਣਾ ਨਾ,,
ਫਾਂਸੀਆਂ ਦੇ ਰੱਸੇ  ਚੁੰਮ ਖੁਸ਼ੀ ਮਨਾਵਾਂਗੇ ।।


ਇਤਿਹਾਸ ਪੜ੍ਹਕੇ ਵੇਖੋ ਜ਼ਾਲਮ ਸਰਕਾਰੇ ,,
ਅਸੀਂ  ਨਲੂਏ  ਦੇ  ਵਾਰਸ਼  ਨਾ ਹਾਰਾਂਗੇ ।।


ਬੌਂਦਲੀ ਦਾ ਹਾਕਮ  ਮੀਤ ਸੱਚ ਲਿਖਦਾ ,,
ਅਸੀਂ ਗੁਰਾਂ ਦੇ ਨਿਸ਼ਾਨ ਨੂੰ ਨਾ ਭੁੱਲਾਂ ਗੇ ।।


ਹਾਕਮ ਸਿੰਘ ਮੀਤ ਬੌਂਦਲੀ
ਮੰਡੀ ਗੋਬਿੰਦਗੜ੍ਹ
82880,47637

ਛੱਬੀ ਨੂੰ ਕਿਸਾਨਾਂ ਆਖਰੀ  - ਹਾਕਮ ਸਿੰਘ ਮੀਤ ਬੌਂਦਲੀ

ਕੱਲ੍ਹ ਨੂੰ ਛੱਬੀ ਜਨਵਰੀ ਜ਼ਰਾ ਡੋਲੀ ਨਾਂ ,,
ਜ਼ਾਲਮ ਇੱਥੇ ਦੇ ਹਾਕਮ ਘਬਰਾਉਣਾ ਨਾ ।।


ਬਹੁਤ  ਚਾਲਾਂ  ਤੇ ਲਾਲਚ  ਤੈਨੂੰ  ਦੇਣਗੇ ,,
ਸਹਿਬਜ਼ਾਦਿਆਂ ਦਾ ਤੂੰ ਧਿਆਨ ਧਰਨਾ ।।


ਆਪਣੇ ਵਿੱਚ ਆ ਕੇ ਗਦਾਰੀ  ਕਰਨਗੇ ,,
ਆਪੋ-ਆਪਣੇ ਕਾਫਲੇ ਖਿਆਲ ਰੱਖਣਾ।।


ਟਰੈਕਟਰ ਪਰੇਡ  ਵਿੱਚ ਖੋ  ਨਹੀਂ ਜਾਣਾ ,,
ਆਪੋ-ਆਪਣੇ ਟਰੈਕਟਰ ਧਿਆਨ ਰੱਖਣਾ।।


ਤੁਸੀ  ਕੋਈ ਮਾੜੀ ਸੋਚ  ਨਹੀਓਂ ਸੋਚਣੀ ,,
ਆਪਾਂ ਦੇਸ਼ ਦੇ ਤਰੰਗੇ ਦਾ ਖਿਆਲ ਰੱਖਣਾ।।


ਹੁਣ ਜਿੱਤ ਸਾਡੇ ਪੈਰਾਂ ਨੂੰ ਚੁੰਮਣ ਲੱਗੂਗੀ ,,
ਤੁਸੀਂ ਆਪਣੇ 'ਚ  ਸਬਰ ਜ਼ਰੂਰ ਰੱਖਣਾ ।।


ਹੱਕ ਸੱਚ  ਜ਼ਾਲਮਾਂ ਮੂਹਰੇ  ਝੁਕਿਆ ਨਾਂ ,,
ਅਸੀਂ ਤਾਂ ਜ਼ੁਲਮ ਸਹਾਰਦੇ ਯਾਦ ਰੱਖਣਾ ।।


ਆਗੂਆਂ  ਹੋਕਾ ਦਿੱਤਾ ਅਨੁਸ਼ਾਸਨ ਦਾ ,,
ਹੁਣ ਪ੍ਰਸ਼ਾਸਨ ਕੰਬਦਾ ਖਿਆਲ ਰੱਖਣਾ ।।


ਨਾਂ ਦਿੱਲੀ ਆਪਾਂ ਹਾਹਾਕਾਰ ਮਚਾਉਣੀ ,,
ਊਧਮ ਸਿੰਘ ਵਾਂਗੂੰ ਸੁਭਾਅ ਠੰਢਾ ਰੱਖਣਾ ।।


ਛੱਬੀ  ਨੂੰ ਤੇਰੀ  ਕਿਸਾਨਾਂ  ਆਖਰੀ ਪੌੜੀ ,,
ਤੂੰ ਆਪਣਾ  ਇਮਤਿਹਾਨ ਯਾਦ ਰੱਖਣਾ ।।


ਇੱਥੇ ਤਾਂ ਸੁੱਚਾ ਨੰਦ ਵਰਗੇ ਵੀ ਆਉਣਗੇ ,,
ਹਾਕਮ ਮੀਤ ਆਪਣਾਂ  ਖ਼ਿਆਲ ਰੱਖਣਾ ।।


ਹਾਰਾ  ਨਾਅਰਾ  ਮਾਰਨ ਵਾਲਾ  ਕੋਈ ਨਾਂ,,
ਮਜ਼ਦੂਰ ਕਿਸਾਨੋਂ ਇਮਾਨ ਕਾਇਮ ਰੱਖਣਾ ।।


ਹਾਕਮ ਸਿੰਘ ਮੀਤ ਬੌਂਦਲੀ
ਮੰਡੀ ਗੋਬਿੰਦਗੜ੍ਹ
82880,47637

ਬਾਪੂ ਦਿਵਸ - ਹਾਕਮ ਸਿੰਘ ਮੀਤ ਬੌਂਦਲੀ

ਅੱਜ  ਕੱਲ੍ਹ  ਬਾਪੂ  ਨੂੰ  ਮੱਤਾਂ ਦਿੰਦੇ ਨੇ ,,
ਹੁਣ ਬਾਪੂ ਦੀ  ਸੁਣਦਾ ਨਾ  ਕੋਈ ਐ ।।


ਬਾਪੂ  ਅੱਗੇ ਤਾਂ ਜ਼ਬਾਨ ਚਲਾਉਂਦੇ ਨੇ ,,
ਬਾਪੂ  ਦੀ ਕੁਰਬਾਨੀ ਨਾ ਚੇਤੇ ਰੱਖਦੇ ।।


ਬਾਪੂ  ਦੀ  ਕਮਾਈ ਤੇ ਮੌਜਾਂ ਮਾਣੀਆਂ ,,
ਬੁੱਢੇ  ਹੋਏ  ਦਰਦਾਂ  ਨਾ  ਪਛਾਣੀਆਂ ।।


ਪਾਉਂਣ  ਹਿੱਸੇ ਬਾਪੂ ਦੀ ਜਾਇਦਾਦ ਦੇ ,,
ਜੋ ਬਾਪੂ  ਨੇ ਹੱਡ ਤੋੜ ਕੇ  ਕਮਾਈ ਐ ।।


ਬੁੱਢੇ  ਹੋਏ ਮਾਪੇ  ਦੁੱਖ ਨਾ  ਪਛਾਣ ਦੇ ,,
ਮਾਪੇ  ਤਾਂ ਸਭ  ਕੁੱਝ  ਹੱਥੀਂ ਨੇ ਵੰਡਦੇ ।।


ਝੜ  ਗਿਆ ਮਾਸ ਬਚੇ  ਹੁਣ ਹੱਡ ਨੇ ,,
ਮਿਹਨਤ  ਕਰਨੋਂ ਪਿੱਛੇ  ਨਾ ਹੱਟ  ਦੇ ।।


ਮਰਦੇ  ਦਮ  ਤੱਕ ਇਹ ਕਮਾਉਂਦੇ  ਨੇ ,,
ਲੇਖਾ  ਜੋਖਾ  ਇਹ  ਨੇ  ਪੂਰਾ  ਕਰਦੇ ।।


ਹਮੇਸ਼ਾ  ਔਲਾਦ  ਦਾ  ਸਹਾਰਾ ਬਣਦੇ ,,
ਨਾਂ ਬੁੱਢੇ ਬਾਪ ਦਾ   ਇਹ ਹੱਥ ਫੜਦੇ ।।


ਕਈ ਬਾਪ ਦੀ ਦਾੜੀ ਹੱਥ  ਪਾਉਂਦੇ ਨੇ ,,
ਅਖੀਰ  ਆਸ਼ਰਮ  ਛੱਡ  ਆਉਂਦੇ  ਨੇ ।।


ਇਹ ਤਾਂ  ਰੰਗ ਨੇ ਕਹਿੰਦੇ ਕਰਤਾਰ ਦੇ ,,
ਘਰ 'ਚ  ਬੈਠਿਆਂ  ਨੂੰ   ਠੇਡੇ  ਮਰਦੇ ।।


ਇਹਨਾਂ  ਕਰਕੇ  ਅਸੀਂ  ਮੌਜਾਂ  ਮਾਣਦੇ ,,
ਹਾਕਮ ਮੀਤ ਮਾਪੇ  ਹੁੰਦੇ ਦੂਜਾ ਰੱਬ ਨੇ ।।


ਹਾਕਮ ਸਿੰਘ ਮੀਤ ਬੌਂਦਲੀ
ਮੰਡੀ ਗੋਬਿੰਦਗੜ੍ਹ
21,6,2020

ਫੌਜੀਆਂ ਦੇ ਨਾਂ - ਹਾਕਮ ਸਿੰਘ ਮੀਤ ਬੌਂਦਲੀ

ਹੁਣ ਸੁਣ ਅੰਨੀ  ਬੋਲੀ ਸਰਕਾਰੇ ,,
ਦੇਸ਼ ਗਿਆ  ਬਰਬਾਦੀ ਕਿਨਾਰੇ ।।


ਉਹਨਾਂ ਮਾਵਾਂ ਦੇ  ਅੱਜ ਹਾਲ ਤੱਕੋ ,,
ਰਹਿਣ ਦੇ ਨਾਂ ਰਹੇ ਕੋਈ ਕਿਨਾਰੇ ।।


ਬਾਪੂਦੇ ਸੀਨੇ'ਚ ਵੀ ਜ਼ਖ਼ਮ ਗਹਿਰੇ ,,
ਪੁੱਤ ਕੰਬਦੇ ਹੱਥੀਂ,ਲਾਇਆ ਕਿਨਾਰੇ ।।


ਭੈਣਾਂ  ਰੋਂਦੀਆਂ ਫੜ  ਗਾਨੇ ਸਿਹਰੇ ,,
ਚਾਅ ਰੁਲੇ ਗਏਨੇ ਕਿਹੜੇ ਕਿਨਾਰੇ ।।


ਬੱਚਿਆਂ ਨੂੰ  ਛੱਡ  ਗਿਆ ਇਕੱਲੇ ,,
ਰੋਂਦੇ ਧਾਹਾਂ ਮਾਰ ਮਿਲੇਨਾ ਕਿਨਾਰੇ ।।


ਧੀਆਂ ਪੁੱਤਾਂ ਭੈਣਾਂ ਦੇ ਚਾਅ ਅਧੂਰੇ ,,
ਸੋਚਾਂ ਮੁੱਕੀਆਂ ਨਾ ਮਿਲਣ ਕਿਨਾਰੇ ।।


ਦੁਨੀਆਂ ਦਾ  ਮੂੰਹ  ਕਿਵੇਂ  ਫੜਾਂਗੀ ,,
ਸਮੁੰਦਰ ਲੰਘੇ ਡੋਬ ਦਿੱਤਾ ਕਿਨਾਰੇ ।।


ਧੀ ਤੇਰੀ ਮੂੰਹ ਚੁੰਮ  ਅੱਜ ਆਖਦੀ ,,
ਮਲਾਹ ਤੁਰਗੇ ਬੇੜੀ ਛੱਡ ਕਿਨਾਰੇ ।।


ਦੇਖੋਂ ਹੱਸਦਾ  ਵੱਸਦਾ  ਪ੍ਰੀਵਾਰ ਸੀ ,,
ਬੇੜੀ ਰੁੜਦੀ ਜਾਂਦੀ ਡੁੱਬੀ ਕਿਨਾਰੇ ।।


ਸਭ ਦੀਆਂ ਅੱਖੀਆਂ ਸੀ ਰੋਂਦੀਆਂ ,,
ਦੇਣ ਦਿਲਾਸੇ  ਘਰ ਬਣੇ ਕਿਨਾਰੇ ।।


ਕਲੀਆਂ ਪੁੰਗਰੀਆਂ ਹਾਸੇ ਖਲਾਰੇ ,,
ਸਣੇ ਮਲਾਹ ਸੀ ਡੁੱਬੀਆਂ ਕਿਨਾਰੇ ।।


ਮਰਦਿਆਂ ਨੂੰ ਬਿਗਾਨੇ ਨਿ ਸਮਝੋ ,,
ਆਪਾਂ ਵੀ ਦੁੱਖ ਝੱਲਣੇ ਨੇ ਨਿਆਰੇ ।।


ਜਦੋਂ ਵੱਸਦੇ  ਘਰ ਨੇ  ਉੱਜੜ ਜਾਂਦੇ ,,
ਫਿਰ ਬੇੜੀ ਲੱਗੇ ਨਾ ਕਦੇ ਕਿਨਾਰੇ ।।


ਹੁਣ ਨਾ ਕਿਸੇ  ਨੂੰ  ਮੁੜਕੇ  ਮਿਲਣੇ ,,
ਆਪਣੀ ਬੇੜੀ ਉਨ੍ਹਾਂ ਲਾਈ ਕਿਨਾਰੇ ।।


ਅੱਜ ਮਾਵਾਂ ਵੀ ਹੋਈਆਂਨੇ ਅੰਨੀਆਂ ,,
ਹੱਥੀਂ ਮਲਾਹ ਤੋਰੇ ਮਿਲੇਨਾ ਕਿਨਾਰੇ ।।


ਹਾਕਮ ਮੀਤ ਉਹ ਅਮਰ ਕਹਾਉਂਦੇ ,,
ਡੁੱਬਦੀ ਬੇੜੀ ਦੇਸ਼ਦੀ ਲਾਈ ਕਿਨਾਰੇ ।।


ਹਾਕਮ ਸਿੰਘ ਮੀਤ ਬੌਂਦਲੀ
ਮੰਡੀ ਗੋਬਿੰਦਗੜ੍ਹ
81462,11489

ਆਖ਼ਰੀ ਰਾਤ - ਹਾਕਮ ਸਿੰਘ ਮੀਤ ਬੌਂਦਲੀ

ਤੇਰੇ ਆਪਣੇ ਤੇਨੂੰ ਆਖਰੀ ਰਾਤ ਨਾ ਕਟਾਉਣਗੇ ,,
ਮਾੜਾ ਮੋਟਾ ਰਲ ਚਾਰ  ਭਾਈ  ਤੈਨੂੰ ਨਵਾਉਣਗੇ ।।


ਇੱਕ ਖ਼ਾਸ ਤੇਰਾ ਲਈ ਮੰਜਾ ਜਿਹਾ ਸਜਾਉਣ ਗੇ ,,
ਕੱਫ਼ਣ  ਕੁੜਤਾ  ਪਜਾਮਾ  ਨਾ ਜਾਗਟ  ਪਾਉਣਗੇ।।


ਬਹੁਤੀਆਂ ਜ਼ਮੀਨਾਂ ਵਾਲਿਆ ਰੱਬ ਪਹਿਚਾਣ ਲੈ ,,
ਤਿੰਨ ਹੱਥ  ਧਰਤੀ  ਤੇਰੇ  ਨਾਮ  ਨਾ  ਕਰਾਉਣਗੇ ।।


ਤੂੰ  ਤਾਂ ਕੱਚੀਆਂ  ਕੰਧਾਂ ਤੇ ਛੱਤਾਂ  ਉਸਾਰੇ ਪੱਕੀਆਂ ,,
ਆਟੇ ਜੌਆਂ  ਦੀਆਂ ਪਿੰਨੀਆਂ  ਸਿਰਾਣੇ ਧਰਨਗੇ ।।


ਹਾਡ  ਮਾਸ  ਤੇਰਾ  ਪਿੰਜਰ  ਸਾਰੇ  ਜਲ੍ਹ  ਜਾਣਗੇ ,,
ਤੇਰੀ ਰਾਖਦੇ ਦੁਆਲੇ  ਕੱਚੀ ਅੱਟੀ ਘਮਾਉਣਗੇ ।।


ਨਾਂ ਖਰੀਦ ਜ਼ਮੀਨਾਂ ਤਿੰਨ ਹੱਥ ਨਾਲ ਨਾ ਜਾਣੀ ,,
ਰਹਿਣੀ ਨਾ ਰੂਹ ਨਿਮਾਣੀ,  ਭੌਰ  ਉੱਡ ਜਾਣਗੇ ।।


ਤੂੰ ਪੰਜ ਚੋਰਾਂ ਦੇ ਵਿਸ਼ਿਆਂ  ਨੂੰ ਕਮਾਉਣਾ ਛੱਡਦੇ ,,
ਤੈਨੂੰ ਇਹ ਪਾਪਾਂ ਦੇ ਦਰਿਆ 'ਚ ਡੋਬਣ ਦੇਣਗੇ ।।


ਤੂੰ ਝੂਠੀ ਸ਼ੌਹਰਤ ਕਿਉਂ ਕਮਾਵੇਂ ਲੱਖਾਂ ਕਰੋੜਾਂ ਦੀ ,,
ਮਿੱਟੀ ਦੇ ਘੜਿਆਂ'ਚ  ਕਦੇ ਪਾਣੀ ਨਾ ਰਹਿਣਗੇ ।।


ਤੈਨੂੰ ਡੰਡਿਆਂ ਦੇ ਮੰਜੇ ਨਾਲ ਚਿਖਾ ਤੇ ਪਾਉਣਗੇ ,,

ਰੀਤ ਪੁਰਾਣੀ ਸੱਤ ਬਾਹੀਆਂ ਸਿਰ 'ਚ ਮਾਰਨਗੇ ।।


ਬੰਦਾ ਸਭ ਕੁੱਝ ਜਾਣਦਾ ਝੂਠ ਬੋਲਦੀ ਨਾ ਬਾਣੀ ,,
ਸਾਰੇ ਤੈਨੂੰ ਦੇਖ ਦੇ,  ਨਾਂ ਜਮਾਂ ਕੋਲੋਂ ਛਡਾਉਣ ਗੇ।।


ਦੂਜੇ ਤੀਜੇ ਦਿਨ ਫੁੱਲ ਤੇਰੇ ਜਲ ਪ੍ਰਵਾਹ ਕਰਨਗੇ ,,
ਘਰ ਸੁਖ ਸ਼ਾਂਤੀ ਲਈ ਫਿਰ ਪਾਠ ਕਰਵਾਉਣ ਗੇ ।।


ਪੰਜ ਸੱਤ ਦਿਨ  ਸਾਰੇ  ਸੌਗ  ਜਿਹਾ ਮਨਾਉਣ ਗੇ ,,
ਫਿਰ  ਨਾਂਮ  ਵੀ  ਤੇਰਾ  ਮੂੰਹੋਂ ਨਹੀਂ   ਇਹ ਲੈਣਗੇ ।।


ਹਾਕਮ   ਬੌਂਦਲੀ  ਕਿਉਂ  ਰਹੇ  ਹੁਣ  ਤਲਾਸ਼  ਦਾ ,,
ਵਾਹਿਗੁਰੂ  ਮੁੜ  ਮਾਨਸ  ਦੇਹ  ਨਾ  ਸਜਾਉਣ ਗੇ।।


ਹਾਕਮ ਸਿੰਘ ਮੀਤ ਬੌਂਦਲੀ

ਮੰਡੀ ਗੋਬਿੰਦਗੜ੍ਹ ।।
 +974,6625,7723

ਕਵਿਤਾ " ਜ਼ੁਲਮ " - ਹਾਕਮ ਸਿੰਘ ਮੀਤ ਬੌਂਦਲੀ

ਹਰ ਰੋਜ਼ ਧਰਮਾਂ ਦੇ ਨਾਂ ਦੋਖੋ ਲੋਕੋਂ
ਜ਼ੁਲਮ ਢਾਈ ਜਾਂਦੇ ਨੇ ,,
ਨਾ ਕੋਈ ਬੁੱਢਾ, ਬੱਚਾ ਦੇਖੇ ਸਭ ਨੂੰ
ਮਾਰ ਮੁਕਾਈ ਜਾਂਦੇ ਆ ।।


ਇਨਸਾਨੀਅਤ ਦੀ ਸ਼ਰਮ ਇਹਨਾਂ
ਦੇ ਕੋਈ ਹੇ ਨਹੀਂ ਪੱਲੇ ,,
ਕਾਨੂੰਨ ਦੀ ਕੋਈ ਨੀਂ ਪ੍ਰਵਾਹ ਅੰਨ੍ਹੇ ਵਾਹ
ਖ਼ੂਨ ਦੀ ਹੋਲੀ ਖੇਡੀ ਜਾਂਦੇ ਆ ।।


ਮੇਰਾ ਧਰਮ ਉੱਚਾ, ਮੇਰੀ ਜ਼ਾਤ ਉੱਚੀ
ਅਸੀਂ ਰਾਮ ਦੇ ਬੰਦੇ ਹਾਂ ,,
ਦਿਨ ਦਿਹਾੜੇ ਮਾਸੂਮਾਂ ਕਲੇਜੇ ਨੋਚਣ
ਨਾ ਰਾਮ ਦੇ ਹਿਰਦਾ ਨੂੰ ਚੀਸ ਪੈਂਦੀ ਆ।।


ਕੀ ਤੁਹਾਡਾ ਮਜ਼ਬ ਦਾ ਇਹੀ ਕਹਿਣਾ
ਵੱਸਦੇ ਘਰਾਂ ਨੂੰ ਅੱਗਾਂ ਲਾਉਣਾ,,
ਦੂਜੇ ਦੇ ਬੱਚਿਆਂ ਨੂੰ ਮਾਰਕੇ ਆਪਣਾ
ਉੱਲੂ ਸਿੱਧਾ ਕਰਨਾ ਆ ।।


ਚੌਰਾਸੀ ਵਿੱਚ ਸੀ ਸਿੱਖ ਸਾੜੇ, ਅੱਜ
2020 ਵਿਚਾਰੇ ਮੁਸਲਮਾਨ ਸਾੜੇ ,,
ਕਿੱਧਰੇ ਗੁਰਦੁਆਰਾ, ਕਿਧਰੇ ਮਸਜਿਦ
ਤੋੜੀ, ਕੋਈ ਮਜ਼੍ਹਬ ਇਸਤਰਾਂ ਕਰਦਾ ਨਾ।।


ਮਰ ਜਾਵੇ ਸਾਡੇ ਭਾਰਤ ਦੀ ਅੰਨ੍ਹੀ ਬੋਲੀ
ਲੀਡਰਸ਼ਿਪ , ਜਿਹੜੀ ਸੁੱਤੀ ਪਈ ਐ,,
ਹਾਕਮ ਮੀਤ ,ਬੇਦੋਸ਼ਿਆਂ ਤੇ ਕਹਿਰ ਕਮਾਉਂਦੀ
ਇਹ ਨਰਦਈ ਐ ।।


ਤੈਨੂੰ ਵੀ ਜ਼ਰਾਂ ਚੀਸ ਨੀ ਪੈਂਦੀ, ਧਰਮਾਂ ਦੇ
ਠੇਕੇਦਾਰ ਨੋਚ - ਨੋਚ ਕੇ ਖਾ ਗਏ ,,
ਵਾਹਿਗੁਰੂ, ਅੱਲ੍ਹਾ,ਰਾਮ ਕਿੱਥੇ ਤੂੰ ਹੈਂ ਵੱਸਦਾ
ਕਿੱਥੇ ਹੈ ਤੇਰਾ ਗਰਾਂ ਏ।।
       ਹਾਕਮ ਸਿੰਘ ਮੀਤ ਬੌਂਦਲੀ
             ਮੰਡੀ ਗੋਬਿੰਦਗੜ੍ਹ
         +974,6625,7723

ਹਸਪਤਾਲ ਬਣਗੇ ਲੁੱਟ ਅਤੇ ਅਣਗਿਹਲੀ ਦਾ ਘਰ  - ਹਾਕਮ ਸਿੰਘ ਮੀਤ ਬੌਂਦਲੀ

ਜਦੋਂ ਕਿਸੇ ਲੇਖਕ ਦੀ ਕਲਮ ਚੱਲਦੀ ਹੈ ਤਾਂ ਉਹ ਦੇਸ਼ ਅੰਦਰ ਹੋ ਰਹੀਆਂ ਬੁਰਾਈਆਂ ਜਾਂ ਆਪਣੇ ਅੰਦਰ ਲੁਕੇ ਦਰਦਾਂ ਨੂੰ ਜ਼ੁਬਾਨ ਰਾਹੀਂ ਨਹੀਂ ਆਪਣੀ ਕ਼ਲਮ ਰਾਹੀਂ ਦੁਨੀਆਂ ਦੇ ਨਜ਼ਰੀਆ ਕਰਦਾ ਹੈ। ਜਿਸ ਵਿੱਚ ਛੁਪਿਆ ਦਰਦ ਹੁੰਦਾ ਹੈ । ਜਿੱਥੇ ਸਾਡੇ ਵੱਡੇ ਵੱਡੇ ਲੀਡਰ ਹਰ ਰੋਜ਼ ਬਿਆਨ ਬਾਜੀ ਕਰਦੇ ਨੇ ਤੀਹ ਰੁਪਏ ਦਾ ਕਾਰਡ ਬਣਾਉਣ ਤੇ ਸਰਕਾਰੀ ਹਸਪਤਾਲਾਂ ਵਿੱਚ ਪੰੰਜ ਲੱਖ ਤੱਕ ਦਾ ਫ੍ਰੀ ਇਲਾਜ ਕੀਤਾ ਜਾਂਦਾ ਹੈ । ਹਰ ਪੱਖੋਂ ਹਰ ਆਦਮੀ ਦੀ ਸਹਿਤ ਵੱਲ ਧਿਆਨ ਦਿੱਤਾ ਜਾਂਦਾ ਪਰ ਇੱਥੇ ਦੇਖਿਆ ਜਾਵੇ ਸਾਰਾ ਕੁਝ ਉਲਟ ਹੈ , ਜਿਵੇਂ ਕਿ ਨਿੱਜੀ ਹਸਪਤਾਲ ਚਾਹੇ ਸਰਕਾਰੀ ਹਸਪਤਾਲ ਹੈ ਉਨ੍ਹਾਂ ਵਿੱਚ ਅੰਨ੍ਹੇ ਵਾਹ ਆਮ ਆਦਮੀ ਨੂੰ ਲੁੱਟਿਆ ਜਾਂਦਾ ਹੈ । ਜਿੱਥੇ ਡਾਕਟਰ ਨੂੰ ਦੁਨੀਆਂ ਵਿੱਚ ਰੱਬ ਦਾ ਦੂਜਾ ਰੂਪ ਮੰਨਿਆ ਜਾਂਦਾ ਹੈ ਡਾਕਟਰੀ ਕਿੱਤਾ ਸਾਰੇ ਕਿਤਿਆਂ ਵਿੱਚੋਂ ਡਾਕਟਰੀ ਹੀ ਇੱਕ ਅਜਿਹਾ ਸਨਮਾਨਜਨਕ ਕਿਤਾ ਹੈ । ਜਿਸ ਦਾ ਸਬੰਧ ਮਨੁੱਖਤਾ ਦੀ ਜ਼ਿੰਦਗੀ ਨਾਲ ਜੁੜਿਆ ਹੋਇਆ ਹੈ। ਡਾਕਟਰ ਦਾ ਫਰਜ਼ ਹੁੰਦਾ ਹੈ ਉਸ ਕੋਲ ਆਏ ਮਰੀਜ਼ ਨੂੰ ਚੰਗੀ ਤਰ੍ਹਾਂ ਚੈੱਕ ਅੱਪ ਕਰਕੇ ਤੰਦਰੁਸਤ ਕਰਨ ਦਾ ਹੀ ਨਹੀਂ ਹੈ ਬਲਕਿ ਮਨੁੱਖਤਾ ਨੂੰ ਉਸ ਦੀ ਸਰੀਰਕ ਅਤੇ ਸਮਾਜਿਕ ਸਿਹਤ ਪ੍ਰਤੀ ਜਾਗਰੂਕ ਕਰਨ ਦੀ ਲੋੜ ਹੁੰਦੀ ਹੈ । ਹਰ ਡਾਕਟਰ ਦਾ ਪਹਿਲਾ ਫਰਜ਼ ਹੁੰਦਾ ਹੈ ਹਰ ਹਾਲਤ ਵਿੱਚ ਪਹਿਲਾਂ ਮਰੀਜ਼ ਨੂੰ ਬਚਾਉਣਾ ਹਰ ਡਾਕਟਰ ਨੂੰ ਆਪਣਾ ਫਰਜ਼ ਸਮਝਣਾ ਵੀ ਚਾਹੀਦਾ ਹੈ । ਕਈ ਦਫ਼ਾ ਮਰੀਜ਼ ਦੀ ਹਾਲਤ ਏਨੀ ਤਰਸਯੋਗ ਯੋਗ ਹੋ ਜਾਂਦੀ ਹੈ ਕਿ ਚੱਲ ਕੇ ਡਾਕਟਰ ਕੋਲ ਨਹੀਂ ਆ ਸਕਦਾ । ਡਾਕਟਰ ਨੂੰ ਖੁਦ ਉਸ ਕੋਲ ਜਾਣਾ ਪੈਂਦਾ ਹੈ ਇੱਥੇ ਯਾਦ ਰਹੇ ਕਿ ਡਾਕਟਰ ਦਾ ਆਪਣਾ ਕੋਈ ਟਾਈਮ ਨਹੀਂ ਹੁੰਦਾ। ਉਸਦਾ ਫਰਜ਼ ਹੈ ਮਰੀਜ਼ ਦੀ ਜ਼ਿੰਦਗੀ ਬਚਾਉਣਾ ਕਿਉਂਕਿ ਡਾਕਟਰ ਉੱਪਰ ਹੀ ਸਭ ਨੂੰ ਭਰੋਸਾ ਹੈ ਅਤੇ ਡਾਕਟਰ ਨੂੰ ਦੁਨੀਆਂ ਦੂਜਾ ਰੱਬ ਮੰਨਦੀ ਹੈ। ਪਰ ਅੱਜ ਕੱਲ੍ਹ ਤਾਂ ਹਰ ਰੋਜ਼ ਇਹੋ ਜਿਹੀ ਖਬਰਾਂ ਪੜ੍ਹਨ ਮਿਲਦੀਆਂ ਹਨ । ਨਾ ਕਿ ਮੰਨਣ ਯੋਗ ਹੁੰਦੀਆਂ ਹੋਈਆਂ ਵੀ ਸੱਚੀਆਂ ਹੁੰਦੀਆਂ ਨੇ  ਅਜਿਹੀਆਂ ਲਾਪ੍ਰਵਾਹੀ ਕਰਕੇ ਦੁਨੀਆਂ ਦਾ ਡਾਕਟਰ ਤੋਂ ਭਰੋਸਾ ਉੱਠ ਚੁੱਕਿਆ ਹੈ । ਜਿਵੇਂ ਕਿ ਹਸਪਤਾਲ ਦੇ ਬਾਹਰ ਗਰਭਵਤੀ ਔਰਤ ਤੜਫਦੀ ਰਹੀ ਅਤੇ ਸਟਾਫ਼ ਸਾਹਮਣੇ ਬੈਠਾ ਅੱਗ ਸੇਕਦਾ ਰਿਹਾ ਕੰਨ ਤੇ ਜੂੰ ਨਾ ਸਰਕੀ ਗਰਭਵਤੀ ਔਰਤ ਨੇ ਤੜਫ਼ ਤੜਫ਼ ਹਸਪਤਾਲ ਦੇ ਬਾਹਰ ਬੱਚੇ ਨੂੰ ਜਨਮ ਦੇ ਦਿੱਤਾ। ਕਿੰਨੀ ਸ਼ਰਮ ਵਾਲੀ ਗੱਲ ਹੈ ਇਹੋ ਜਿਹੇ ਹਾਲ ਨੇ ਸਰਕਾਰੀ ਹਸਪਤਾਲਾਂ ਦੇ ਇਸ ਦੇ ਨਾਲ ਹੋਰ ਵੀ ਬਹੁਤ ਸਾਰੀਆਂ ਲਾਪ੍ਰਵਾਹੀਆਂ ਦਾ ਸਾਹਮਣਾ ਆਮ ਦੁਨੀਆਂ ਨੂੰ  ਕਰਨਾ ਪੈ ਰਿਹਾ ਹੈ । ਉੱਥੇ ਨਾਲ ਹੀ ਮਨੁੱਖੀ ਅਧਿਕਾਰਾਂ ਦਾ ਘਾਂਣ ਵੀ ਕੀਤਾ ਜਾਂਦਾ ਹੈ । ਚਾਹੇ ਇਹਨਾਂ ਨੂੰ ਰੋਕਣ ਸਬੰਧੀ ਬਹੁਤ ਸਾਰੇ ਕਾਨੂੰਨ ਹਨ । ਫਿਰ ਵੀ ਲਾਪ੍ਰਵਾਹੀ ਵਰਤਦਿਆਂ ਕੀਤੇ ਜਾਂਦੇ ਹਨ , ਜਿਵੇਂ ਕਿ ਭਰੂਣ ਹੱਤਿਆਂ ਕਰਨੀ ਵਰਗੀਆਂ ਲਾਹਪ੍ਰਵਾਹੀਆ ਕਰਨਾ ਇਹ ਇੱਕ ਡਾਕਟਰ ਦੀ ਦੇਣ ਹੈ । ਹੁਣ ਤਾਂ ਜੇ ਸੋਚਿਆ ਜਾਵੇ ਇਹ ਰੱਬ ਦੇ ਦੂਜੇ ਰੂਪ ਵਿੱਚੋਂ ਅਨਸਾਨੀਅਤ ਮਰ ਚੁੱਕੀ ਹੈ। ਫਿਰ ਵੀ ਆਮ ਲੋਕਾਂ ਨੂੰ ਇਹਨਾਂ ਉੱਪਰ ਵਿਸ਼ਵਾਸ ਕਰਨ ਤੋਂ ਇਲਾਵਾ ਕੋਈ ਵੀ ਹੱਲ ਨਹੀਂ ਹੈ । ਜਿੱਥੇ ਆਮ ਲੋਕਾਂ ਦੀ ਜਿੰਦਗੀ ਪੁੜਾਂ ਦੇ ਵਿਚਾਲੇ ਪੀਸ ਦੀ ਨਜ਼ਰ ਆ ਰਹੀ ਹੈ ।
  ਜੇ ਸੋਚੀਏ ਅਸੀਂ ਵਿਗਿਆਨਕ ਯੁੱਗ ਵਿੱਚ ਜੀਅ ਰਹੇ ਹਾਂ, ਜਿਵੇਂ ਕਿ ਬਹੁਤ ਸਾਰੀਆਂ ਬੀਮਾਰੀਆਂ ਦਾ ਇਲਾਜ ਆਧੁਨਿਕ ਮਸ਼ੀਨਾਂ ਰਾਹੀਂ ਹੋਣਾ ਸੰਭਵ ਹੋ ਗਿਆ ਹੈ ਅਤੇ ਕੀਤਾ ਵੀ ਜਾਂਦਾ ਹੈ। ਕਈ ਇਸ ਤਰ੍ਹਾਂ ਦੇ ਦੇਸੀ ਇਲਾਜ ਹਨ ਕਿ ਉਹਨਾਂ ਅੱਗੇ ਮਸ਼ੀਨਾਂ ਵੀ ਫੇਲ ਹੋ ਰਹੀਆਂ ਹਨ । ਜੇ ਅੱਜ ਦੇ ਸਮੇਂ ਨਾਲ ਸੋਚਿਆ ਜਾਵੇ ਡਾਕਟਰੀ ਲਾਈਨ ਵਿੱਚ ਕੰਮ ਕਰਨਾ ਦੂਜਾ ਰੱਬ ਨਹੀਂ ਮੰਨਿਆ ਜਾਂਦਾ ਸਗੋਂ ਇੱਕ ਧੰਦੇ ਦਾ ਰੂਪ ਧਾਰਨ ਕਰ ਲਿਆ ਹੈ। ਜਿਵੇਂ ਕਿ ਹੁਣ ਡਾਕਟਰ ਮਰੀਜ਼ ਨੂੰ ਬਚਾਉਣ ਦਾ ਆਪਣਾ ਫ਼ਰਜ਼ ਨਹੀਂ ਸਮਝ ਰਿਹਾ ਸਿਰਫ ਤੇ ਸਿਰਫ ਪੈਸੇ ਕਮਾਉਣ ਦੀ ਦੌੜ ਲੱਗੀ ਹੋਈ ਹੈ। ਜਿਵੇਂ ਕਿ ਮੇਰੇ ਘਰ ਪੰਜਾਹ ਸਾਲ ਮਗਰੋਂ ਇੱਕ ਬੱਚੀ ਨੇ ਜਨਮ ਲਿਆ ਸਾਰਾ ਪ੍ਰੀਵਾਰ ਖੁਸ਼ੀਆਂ ਮਨਾ ਰਿਹਾ ਸੀ ਅਚਾਨਕ ਬੱਚੀ ਬੀਮਾਰ ਹੋ ਗਈ ਡਾਕਟਰ ਕੋਲ ਗਏ ਸਾਰੇ ਟੈਸਟ ਕੀਤੇ ਗਏ ਰਿਪੋਰਟਾਂ ਦੇਖ ਕਿਹਾ ਇਸ ਨੂੰ ਕਿਸੇ ਹਸਪਤਾਲ ਲੈਂ ਜਾਓ । ਅਸੀਂ ਘਰ ਆਕੇ  ਬੱਚੀ ਨੂੰ ਨਾਲ ਲੱਗਦੇ ਸ਼ਹਿਰ ਵਿੱਚ ਇੱਕ ਬੱਚਿਆਂ ਦੇ ਪ੍ਰਾਈਵੇਟ ਹਸਪਤਾਲ ਵਿੱਚ ਲੈਂ ਗਏ । ਡਾਕਟਰ ਕਹਿਣ ਲੱਗਿਆ ਇਹਦੇ ਸਾਰੇ ਟੈਸਟ ਹੋਣਗੇ ਅਸੀਂ ਪਹਿਲਾਂ ਕਰਵਾਏ ਟੈਸਟਾਂ ਵਾਰੇ ਦੱਸਿਆ । ਉਸ ਨੇ ਉਹ ਟੈਸਟ ਦੇਖਣ ਤੋਂ ਇੰਨਕਾਰ ਕਰ ਦਿੱਤਾ । ਅਸੀਂ ਦੁਬਾਰਾ ਪੈਸੇ ਭਰਕੇ ਫਿਰ ਟੈਸਟ ਕਰਵਾਏ । ਪਹਿਲਾਂ ਆਪਣੀ ਫੀਸ ਜਮ੍ਹਾਂ ਕਰਵਾਈ ਫਿਰ ਟੈਸਟ ਚੈੱਕ ਕੀਤੇ ਤੇ ਆਖਿਆ ਤੁਸੀਂ ਛੇਤੀ ਤੋਂ ਛੇਤੀ ਬੱਚੀ ਨੂੰ ਸਰਕਾਰੀ ਬੱਚਿਆਂ ਦੇ ਵੱਡੇ ਹਸਪਤਾਲ ਲੈਂ ਜਾਓ। ਅਸੀਂ ਪਾਣੀ ਭਰੀਆਂ ਅੱਖਾਂ ਨਾਲ ਉਹਨਾਂ ਹੱਥਾਂ ਨਾਲ ਵੱਡੇ ਹਸਪਤਾਲ ਲੈਕੇ ਪਹੁੰਚ ਗਏ। ਪਹਿਲਾਂ ਤਾਂ ਉੱਥੇ ਇੱਧਰ ਜਾਓ ਉੱਧਰ ਜਾਓ ਵਿੱਚ ਹਸਪਤਾਲ ਦੇ ਸਟਾਫ ਨੇ ਇੱਕ ਡੇਢ ਘੰਟਾ ਖ਼ਰਾਬ ਕਰ ਦਿੱਤਾ। ਬੱਚੀ ਨੂੰ ਦਾਖਲ ਕਰ ਲਿਆ ਡਾਕਟਰ ਆਇਆ  ਉਸਨੇ ਫਿਰ ਸਾਰੇ ਟੈਸਟਾਂ ਵਾਰੇ ਲਿਖ ਦਿੱਤਾ । ਉਹਨਾਂ ਨੇ ਵੀ ਪਹਿਲੇ ਕਰਵਾਏ ਗਏ ਟੈਸਟ ਦੇਖਣ ਇੰਨਕਾਰ ਕਰ ਦਿੱਤਾ। ਉਹਨਾਂ ਨੇ ਇੱਕ ਮਸ਼ੀਨ ਵਿੱਚ ਬੱਚੀ ਨੂੰ ਲਾ ਦਿੱਤਾ । ਵਾਰੀ ਵਾਰੀ ਡਾਕਟਰ ਆਉਂਦੇ ਰਹੇ ਬੱਚੀ ਦੇ ਖੂਨ ਦਾ ਸੈਂਪਲ ਲੈਕੇ ਚੱਲਦੇ ਗਏ । ਕੋਈ ਦਵਾਈ ਨਾ ਦਿੱਤੀ ਸਾਰਾ ਦਿਨ ਟੈਸਟਾਂ ਵਿੱਚ ਹੀ ਗੁਜ਼ਾਰ ਦਿੱਤਾ । ਦੂਸਰੇ ਦਿਨ ਦਵਾਈ ਮੰਗਵਾਈ ਇੱਥੇ ਜ਼ਿਕਰਯੋਗ ਗੱਲ ਹੈ ਕਿ ਜਿਹੜਾ ਵੀ ਡਾਕਟਰ ਆਇਆ ਦਵਾਈ ਦੇਖੀ ਮੈਡੀਕਲ ਸਟੋਰ ਵਾਰੇ ਪੁੱਛਿਆ , ਦਵਾਈ ਉਹੀ ਰੱਖੀ ਮੈਡੀਕਲ ਸਟੋਰ ਜਰੂਰ ਬਦਲੀ ਕਰਵਾਉਂਦੇ ਰਹੇ । ਸਿਰਫ ਇੱਕ ਟਾਈਮ ਦੀ ਦਵਾਈ ਦੇਕੇ ਕਹਿੰਦੇ ਤੁਸੀਂ ਬੱਚੀ ਨੂੰ ਘਰ ਲੈਂ ਜਾਓ ਇਸ ਦਾ ਪੀਲੀਆਂ ਜ਼ਿਆਦਾ ਵੱਧ ਗਿਆ ਹੈ। ਦੁੱਖਾਂ ਦਾ ਪਹਾੜ ਤਾਂ ਉਦੋਂ ਟੁੱਟਿਆ ਜਦੋਂ ਉਹਨੇ ਆਪਣੀ ਜ਼ੁਬਾਨ ਨਾਲ ਕਿਹਾ ਇਸਦਾ ਸਾਡੇ ਕੋਲ ਕੋਈ ਇਲਾਜ ਨਹੀਂ ਤੁਸੀਂ ਅੱਧਾ ਘੰਟਾਂ ਬੱਚੀ ਦੀ ਸੇਵਾ ਕਰ ਲਵੋਂ। ਸ਼ਾਮ ਦੇ ਪੰਜ ਵੱਜ ਚੁੱਕੇ ਸੀ ਅਸੀਂ ਐਂਬੂਲੈਂਸ ਵਾਰੇ ਬੇਨਤੀ ਕੀਤੀ ਕਹਿੰਦੇ ਐਂਬੂਲੈਂਸ ਹੈ ਨਹੀਂ ਫਿਰ ਦਸ ਮਿੰਟਾਂ ਬਾਅਦ ਕਹਿਣ ਲੱਗੇ ਐਂਬੂਲੈਂਸ ਵਿੱਚ ਪੰਦਰਾਂ ਸੌ ਦਾ ਡੀਜ਼ਲ ਪੌਣਾਂ ਪਵੇਗਾ। ਇਹ ਗੱਲਾਂ ਸੁਣ ਕੇ ਮਨ ਬਹੁਤ ਦੁਖੀ ਹੋਇਆ । ਇੱਥੇ ਸੋਚਣ ਵਾਲੀ ਗੱਲ ਇੱਕ ਹੋਰ ਹੈ ਉਸ ਵਾਰਡ ਵਿੱਚ ਦਸ ਵਾਰਾਂ ਬੱਚਿਆਂ ਨੂੰ ਇੱਕੋ ਬੀਮਾਰੀ ਦੱਸੀ ਅਤੇ ਇੱਕੋਂ ਗੱਲ ਕਹੀ ,ਦਵਾਈ ਸਾਰੀ ਪਹਿਲਾਂ ਫੜਕੇ ਆਪਣੇ ਕੋਲ ਹੀ ਰੱਖ ਲੈਂਦੇ। ਪਰ ਡਾਕਟਰ ਨੂੰ ਆਪਣੇ ਆਪ ਉੱਪਰ ਵਿਸ਼ਵਾਸ ਨਹੀਂ ਕਿਉਂਕਿ ਤਿੰਨ ਵਾਰ ਰਿਪੋਰਟਾਂ ਕਰਵਾਈਆਂ ਤਿੰਨਾਂ ਦੇ ਰਿਜਲਟ ਅਲੱਗ ਅਲੱਗ ਆਏ ਕਿਹੜੇ ਰਿਜਲਟ ਨੂੰ ਸਹੀਂ ਮੰਨਿਆ ਜਾਵੇ ਪਤਾ ਨਹੀਂ ਇੰਨਾਂ ਦੀਆਂ ਹਰ ਜਗ੍ਹਾ ਲੈਬੋਰਟਰੀਆਂ ਦੇ ਨਤੀਜੇ ਕਿਵੇਂ ਬਦਲ ਜਾਂਦੇ ਹਨ ਕਿਸ ਨੂੰ ਸਹੀਂ ਮੰਨਿਆ ਜਾਵੇ  । ਜਦੋਂ ਘਰ ਆਏ ਸਾਰੇ ਸਾਕ ਸਬੰਧੀ ਬੱਚੀ ਦੀ ਖ਼ਬਰ ਪੁੱਛਣ ਆ ਰਹੇ ਸੀ । ਜਦੋਂ ਇਸ ਗੱਲ ਦਾ ਗੁਆਂਢੀਆਂ ਨੂੰ ਪਤਾ ਲੱਗਿਆ ਉਹ ਸਾਨੂੰ ਬਗੈਰ ਦੱਸੇ ਆਪਣੀ ਗੱਡੀ 'ਚ ਨਾਲ ਲੱਗਦੇ ਪਿੰਡ ਵਿੱਚ ਪੀਲੀਆਂ ਦਾ ਹੱਥ ਹੋਲਾ ਕਰਵਾਉਣ ਇੱਕ ਬਾਬੇ ਕੋਲ ਲੈ ਗਏ । ਉਸ ਨੇ ਕੋਈ ਵੀ ਦਵਾਈ ਨਾ ਦੇਣ ਲਈ ਕਿਹਾ ਅਤੇ ਹੱਥ ਹੋਲਾ ਕਰ ਦਿੱਤਾ । ਅੱਜ ਉਹੀ ਬੱਚੀ ਡਾਕਟਰਾਂ ਦੀ ਅਨਗਿਹਲੀ ਦਾ ਕਾਰਨ ਬਣੀ ਹੋਈ ਅੱਧੇ ਘੰਟੇ ਦੀ ਸੇਵਾ ਦੱਸਿਆ ਵਾਹਿਗੁਰੂ ਦੀ ਕਿਰਪਾ ਨਾਲ ਬੱਚੀ ਚਾਰ ਮਹੀਨੇ ਦੀ ਹੋ ਚੁੱਕੀ ਹੈ ਸਹੀਂ ਸਲਾਮਤ ਹੈ । ਇੱਥੇ ਡਾਕਟਰਾਂ ਦੀ ਅਨਗਿਹਲੀ ਮੰਨੀਏ ਜਾਂ ਫਿਰ ਬਾਬੇ ਨੂੰ ਡਾਕਟਰ ਮੰਨੀਏ । ਜਿੱਥੇ ਮਰੀਜ਼ ਦੀ ਜਾਨ ਬਚਾਉਣੀ ਚਾਹੀਦੀ ਹੈ ਉੱਥੇ ਡਾਕਟਰ ਆਪਣਾ ਫ਼ਰਜ਼ ਭੁੱਲਕੇ ਪੈਸਾ ਕਮਾਉਣ ਦੀ ਦੌੜ ਵਿੱਚ ਸ਼ਾਮਲ ਹਨ । ਜ਼ਿਆਦਾਤਰ ਡਾਕਟਰ ਖਾਸ ਕਰਕੇ ਆਪਣੇ ਹਸਪਤਾਲਾਂ ਅਤੇ ਕਲੀਨਿਕਾਂ ਵਿੱਚ ਮਨੁੱਖੀ ਸੇਵਾ ਦੇ ਜਾਮੇਂ ਨੂੰ ਭੁੱਲਦੇ ਹੋਏ ਇੱਕ ਮੁਨਾਫ਼ੇ ਦੇ ਧੰਦੇ ਵਜੋਂ ਕੰਮ ਕਰਦੇ ਨਜ਼ਰ ਆਉਂਦੇ ਹਨ। ਡਾਕਟਰਾਂ ਦੇ ਕਮਿਸ਼ਨ ਦਾ ਅਦਾਰਾ ਮੈਡੀਕਲ ਸਟੋਰ, ਅਤੇ ਲੈਬੋਰਟਰੀਆਂ ਬਣ ਚੁੱਕੀਆਂ ਨੇ ਹਰ ਪਾਸੇ ਆਮ ਆਦਮੀ ਦੀ ਲੁੱਟ ਹੋ ਰਹੀ ਹੈ । ਸੋ ਜ਼ਿੰਦਗੀ ਬਚਾਉਣ ਵਾਲੇ ਡਾਕਟਰਾਂ ਨੂੰ ਆਪਣੇ ਆਪ ਨੂੰ ਦੂਜਾ ਰੱਬ ਦਾ ਰੂਪ ਮੰਨਦੇ ਹੋਏ ਇਹ ਡਾਕਟਰੀ ਕਿੱਤੇ ਨੂੰ ਪੈਸੇ ਕਮਾਉਣ ਵਾਲਾ ਧੰਦਾ ਸਮਝ ਕੇ ਬਦਨਾਮ ਕਰ ਰਹੇ ਹਨ । ਇੱਥੇ ਡਾਕਟਰਾਂ ਨੂੰ ਚਾਹੀਦਾ ਦਾ ਹੈ ਕਿ ਰੰਗਲੀ ਦੁਨੀਆਂ ਦੀਆਂ ਭਾਵਨਾਵਾਂ ਨੂੰ ਠੇਸ ਨਾ ਪਹੁੰਚਾਓ ਉਹਨਾਂ ਦੇ ਅਰਮਾਨਾਂ ਦੀ ਕਦਰ ਕਰਨ, ਉਹਨਾਂ ਦਾ ਵਿਸ਼ਵਾਸ ਬਣਾਉਣ। ਆਪਣੇ ਡਾਕਟਰ ਦੇ ਰੁਤਬੇ ਨੂੰ ਹਮੇਸ਼ਾਂ ਸੱਚਾ ਸੁੱਚਾ ਉੱਚਾ ਰੱਖਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ।

ਹਾਕਮ ਸਿੰਘ ਮੀਤ ਬੌਂਦਲੀ
ਮੰਡੀ ਗੋਬਿੰਦਗੜ੍ਹ
947,6625,7723

ਧੀ ਦੀ ਲੋਹੜੀ - ਹਾਕਮ ਸਿੰਘ ਮੀਤ ਬੌਂਦਲੀ

ਲੋਹੜੀ ਵੀ ਸਰਦੀ ਰੁੱਤ ਦਾ ਖਾਸ ਤਿਉਹਾਰ ਹੈ । ਜਿਹੜਾ ਪੋਹ ਦੇ ਮਹੀਨੇ ਲਾਸਟ ਵਿੱਚ ਮਨਾਇਆ ਜਾਂਦਾ ਹੈ । ਭਾਰਤ ਦੇ ਹੋਰ ਦੇਸ਼ਾਂ ਵਿੱਚ ਇਸ ਤਿਉਹਾਰ ਨੂੰ ਮੱਘਰ ਸਕਰਾਂਤੀ ਦੇ ਵਜੋਂ ਮਨਾਇਆ ਜਾਂਦਾ । ਇਹ ਕਣਕ ਦੀ ਬਿਜਾਈ ਤੋਂ ਵਿਹਲੇ ਹੋਕੇ ਮਨਾਇਆ ਜਾਣ ਵਾਲਾ ਤਿਉਹਾਰ ਪੰਜਾਬੀ ਸੱਭਿਅਤਾ ਦਾ ਇਕ ਵਿਲੱਖਣ ਅੰਗ ਹੈ । ਲੋਹੜੀ ਵਾਲੇ ਦਿਨ ਪਿੰਡ ਦੇ ਸਾਰੇ ਬੱਚੇ  ਆਪੋ ਆਪਣੀਆਂ ਟੋਲੀਆਂ ਬਣਾ ਕੇ ਘਰ-ਘਰ ਜਾਕੇ ਲੋਹੜੀ ਦੀਆਂ ਬੋਲੀਆਂ ਪਾਉਂਦੇ ਗੀਤ ਗਾਕੇ ਹਰ ਘਰ ਵਿਚੋਂ ਲੋਹੜੀ ਮੰਗਦੇ ਨਜ਼ਰ ਆਉਂਦੇ । ਹਰ ਘਰ ਇਹਨਾਂ ਬੱਚਿਆਂ ਨੂੰ ਖਾਣ ਨੂੰ ਕੁੱਝ ਨਾ ਕੁਝ ਦਿੰਦਾ । ਲੋਹੜੀ ਵਾਲੇ ਦਿਨ ਖਾਸ ਕਰਕੇ ਘਰਾ ਵਿੱਚ ਸਰੋਂ ਦਾ ਸਾਗ ਮੱਕੀ ਰੋਟੀ, ਅਤੇ ਗੰਨੇ ਦੇ ਰਸ ਦੀ ਖੀਰ ਵੀ ਬਣਾਈ ਜਾਂਦੀ ਹੈ । ਇਕ ਕਹਾਵਤ ਹੈ ਪੋਹ ਰਿੱਧੀ ਮਾਘ ਖਾਧੀ ਕਿਹਾ ਜਾਂਦਾ ਹੈ । ਇਸ ਦਿਨ ਘਰਾਂ ਵਿੱਚ ਤਿੱਲ ਤੇ ਗੁੜ ਦੀਆਂ ਖਾਣ ਲਈ ਪਿੰਨੀਆਂ ਬਣਾਈਆਂ ਜਾਂਦੀਆਂ ਅਤੇ ਮੂੰਗਫਲੀ, ਰਿਉੜੀਆਂ ਗੱਚਕ ਆਦਿ ਮਹੱਤਵ ਰੱਖਦੀਆਂ ਹਨ । ਮੁੰਡੇ ਕੁੜੀਆਂ ਆਪਸ ਵਿੱਚ ਰਲਕੇ  ਖੁਸ਼ੀ ਦੇ ਗੀਤ ਗਾਉਂਦੇ ਹਨ । ਪਰ ਅੱਜ ਦੇਖਦਿਆਂ ਯਾਦ ਹੀ ਬਣ ਕੇ ਰਹਿ ਗਏ ਹਨ ।  ਜਿਵੇਂ ਕਿ ਥੋਡੇ ਕੋਠੇ ਉੱਤੇ ਕੰਚਨ, ਥੋਡਾ ਮੁੰਡੇ ਬਣੇ ਸਰਪੰਚ, ਸਾਨੂੰ ਲੋਹੜੀ ਦਿਓ। ਸਾਡੇ ਪੈਰਾਂ ਥੱਲੇ ਰੋੜ ,, ਸਾਨੂੰ ਛੇਤੀ ਛੇਤੀ ਤੋਰ ,, ਆਦਿ ਇਸ ਤਰ੍ਹਾਂ ਗਾਉਂਦੇ ਸੁਣਦੇ । ਲੋਹੜੀ ਵਾਲੇ ਦਿਨ ਮੁੰਡਿਆਂ ਵੱਲੋਂ ਇਕ ਗੀਤ ਸੁੰਦਰੀ, ਮੁੰਦਰੀਏ  ..... ਹੋ ਬਹੁਤ ਹੀ ਪ੍ਰਸਿਧ ਹੈ।ਸੁੰਦਰ ਮੁੰਦਰੀਏ ........ਹੋ , ਤੇਰਾ ਕੌਣ ਬਿਚਾਰਾ ਹੋ ।। ਦੁੱਲਾ ਭੱਟੀ ਵਾਲਾ ...... ਹੋ , ਦੁੱਲੇ ਦੀ ਧੀ ਵਿਆਹੀ ਹੋ , ਸੇਰ ਸ਼ੱਕਰ ਪਾਈ..... ਹੋ , ਕੁੜੀ ਦਾ ਲਾਲ ਪਟਾਖਾ .... ਹੋ , ਕੁੜੀ ਦਾ ਸਾਲੂ ਪਾਟਾ ਹੋ , ਸਾਲੂ ਕੌਣ ਸਮੇਟੇ .... ਹੋ ।। ਚਾਚੇ ਚੂਰੀ ਕੁੱਟੀ..... ਹੋ , ਜਿੰਮੀਦਾਰਾਂ ਲੁੱਟੀ ਹੋ ।। ਜਿੰਮੀਦਾਰ ਛੁਡਾਏ ....ਹੋ , ਫੜਕੇ ਪੌਲੇ ਲਾਏ ਹੋ ।। ਇਕ ਪੌਲਾ ਰਹਿ ਗਿਆ , ਸਿਪਾਹੀ ਫੜਕੇ ਲੈ ਗਿਆ ।। ਸਿਪਾਹੀ ਨੇ ਮਾਰੀ ਇੱਟ ,ਭਾਵੇਂ ਰੋ ਚਾਹੇ ਪਿੱਟ ।। ਸਾਨੂੰ ਲੋਹੜੀ ਦਿਓ ।  ਕੁੜੀ ਵੀ ਆਪੋ ਆਪਣੇ ਅੰਦਾਜ਼ ਵਿੱਚ ਬਹੁਤ ਗੀਤ ਗਾਉਂਦੀਆਂ ਬੋਲੀਆਂ ਪਾੳਂਦੀਆਂ ਨਜ਼ਰ ਆਉਂਦੀਆਂ । ਜਦੋਂ ਲੋਹੜੀ ਮੰਗਣ ਵਾਲੀਆਂ ਟੋਲੀਆਂ ਨੂੰ ਕਿਸੇ ਘਰੋਂ ਲੋਹੜੀ ਘੱਟ ਮਿਲੋ, ਫਿਰ ਆਪਣਾ ਦੂਸਰਾ ਧਾਰਣ ਕਰ ਲੈਂਦੀਆਂ ਫਿਰ ਖੁਸ਼ੀ ਵਿੱਚ ਮੂੰਹ ਆਏ ਸ਼ਬਦ ਬੋਲਦੇ । ਜਿਵੇਂ  ਹੂੱਕਾ ਵੀ ਹੂੱਕਾ,  ਇਹ ਘਰ ਭੁੱਖਾ ਜੇ ਕਿਸੇ ਘਰੋਂ ਜਿਆਦਾ ਮਿਲ ਜਾਵੇ ਫਿਰ ਕਹਿੰਦੇ । ਪਤੀਲਾ ਭਰਿਆ ਖੀਰ ਦਾ , ਇਹ ਘਰ ਅਮੀਰ ਦਾ ।।  ਲੋਹੜੀ ਦਾ ਤਿਉਹਾਰ ਵੀ ਪੰਜਾਬੀਆਂ ਵੱਲੋਂ ਬਹੁਤ ਹੀ ਉਤਸ਼ਾਹ ਪੂਰਵਕ ਮਨਾਇਆ ਜਾਂਦਾ ਹੈ । ਇਹ ਜੇ ਮੰਨਿਆ ਜਾਵੇ ਬਸੰਤ ਰੁੱਤ ਦਾ ਪਹਿਲਾ ਦਿਨ ਹੁੰਦਾ ਹੈ। ਲੋਹੜੀ ਵਾਲਾ ਦਿਨ ਵੀ ਇਕ ਖੁਸ਼ਹਾਲ ਅਤੇ ਪਵਿੱਤਰ ਮੰਨਿਆ ਜਾਂਦਾ ਹੈ । ਇਸ ਤਿਉਹਾਰ ਨੂੰ ਪੂਜਾ ਅਰਚਨਾ ਦੇ ਪੱਖੋਂ ਵੀ ਪਵਿੱਤਰ ਮੰਨਿਆ ਜਾਂਦਾ ਹੈ । ਇਸ ਤਿਉਹਾਰ ਨੂੰ ਕੰਨਿਆਂਦਾਨ ਵਜੋਂ ਵਧੇਰੇ ਮਹੱਤਵ ਹਾਸਿਲ ਹੈ ।ਇਸ ਦਿਨ ਧੀਆਂ ਧਿਆਣੀਆਂ ਨੂੰ  ਜਿਹਨਾਂ ਦੇ ਘਰ ਪੁੱਤ ਦੀ ਦਾਤ ਬਖਸ਼ਿਸ਼ ਹੋਈ ਹੋਵੇ , ਕੁੱਖ ਸੁਲੱਖਣੀ ਹੋਈ ਹੋਵੇ ਜਾ ਫਿਰ ਨਵੇਂ ਵਿਆਹ ਹੋਏ ਹੋਣ ਇਸ ਨੂੰ ਬਹੁਤ ਹੀ ਖੂਬਸੂਰਤ ਢੰਗ ਨਾਲ ਖੁਸ਼ੀ ਮਨਾਉਂਦੇ ਅਤੇ ਧੀਆਂ ਨੂੰ ਦਿਲ ਖੋਲਕੇ ਦਾਨ ਕਰਦੇ ਹਨ । ਇਹ ਤਿਉਹਾਰ ਵਾਂਗ ਬੇਸ਼ੱਕ ਇਸ ਤਿਉਹਾਰ ਨੂੰ ਵੀ ਪੂਜਾ ਅਰਚਨਾ ਦੇ ਪੱਖੋਂ ਵੀ ਪਵਿਤਰ ਮੰਨਿਆ ਜਾਂਦਾ ਹੈ ਪਰ ਖਾਸਕਰ ਇਸ ਤਿਉਹਾਰ ਨੂੰ ਕੰਨਿਆਂਦਾਨ ਵਜੋਂ ਵਧੇਰੇ ਮਹੱਤਵ ਹਾਸਿਲ ਹੈ । ਇਸ ਦਿਨ ਧੀਆਂ ਧਿਆਣੀਆਂ ਨੂੰ ਦਾਨ ਕਰਨ ਦੀ ਰੀਤ ਵੀ ਹੈ ।  ਉਹ ਘਰ ਜਿਹਨਾਂ ਵਿੱਚ ਨਵੇਂ ਨਵੇਂ ਵਿਆਹ ਹੋਏ ਹੋਣ ਅਤੇ ਖਾਸ ਕਰਕੇ ਉਹ ਘਰ ਜਿੰਨਾ ਨੂੰ ਪੁੱਤਰ ਦੀ ਦਾਤ ਮਿਲੀ ਹੋਵੇ ਇਸ ਦਿਨ ਦਿਲ ਖੋਲ ਕੇ ਦਾਨ ਪੁੰਨ ਕਰਦੇ ਹਨ ਅਤੇ ਖੁਸ਼ੀਆਂ ਮਨਾਉਦੇ ਹਨ । ਹੁਣ ਸਾਨੂੰ ਇਸ ਤਿਉਹਾਰ ਨੂੰ ਨਵਜੰਮੀਆਂ ਧੀਆਂ ਦੀ ਲੋਹੜੀ ਅਤੇ ਧੀਆਂ ਜੰਮਣ ਤੇ ਉਨੀ ਹੀ ਖੁਸ਼ੀ ਮਨਾਉਣੀ ਚਾਹੀਦੀ ਹੈ । ਜਿੰਨੀ ਅਸੀਂ ਮੁੰਡੇ ਪੈਦਾ ਹੋਣ ਤੇ ਮਨਾਉਂਦੇ ਹਾ ਜੇ ਸੋਚਿਆ ਜਾਵੇ ਅੱਜ ਕੱਲ੍ਹ ਕੁੜੀਆਂ ਵੀ ਕਿਸੇ ਗੱਲੋਂ ਘੱਟ ਨਹੀਂ  ਧੀਆਂ ਤਾਂ  ਪੁੱਤਰਾਂ ਨਾਲੋ ਜਿਆਦਾ ਪਿਆਰ ਕਰਦੀਆਂ ਅਤੇ ਪਿਆਰ ਦਿੰਦੀਆਂ ਹਨ । ਜੇ ਇਸ ਤਰ੍ਹਾਂ ਕੀਤਾ ਜਾਵੇ , ਤਾਂ ਧੀਆਂ ਨੂੰ ਕੁੱਖ ਵਿੱਚ ਮਾਰਨ ਵਾਲਿਆਂ ਦੇ ਮੂੰਹ ਤੇ ਕਰਾਰੀ ਚਪੇੜ ਹੋਵੇਗੀ ।  ਹੁਣ ਤੱਕ ਲੋਹੜੀਆਂ ਮੁੰਡਿਆਂ ਦੇ ਜਨਮ ਅਤੇ ਵਿਆਹ ਦੀਆਂ ਹੀ ਮਨਾਈਆਂ ਜਾਂਦੀਆਂ ਸਨ। ਜੋ ਕਿ ਔਰਤ ਜਾਤ ਨਾਲ ਬੇਇਨਸਾਫੀ ਅਤੇ ਸਰਾਸਰ ਧੱਕਾ ਹੈ। ਇਸ ਤਰ੍ਹਾਂ ਕਰਨ ਨਾਲ ਲੋਹੜੀ ਭੈਣ ਤੇ ਭਰਾ ਵਿੱਚ ਊਚ-ਨੀਚ ਦਾ ਫਰਕ ਖੜਾ ਕਰਕੇ ਇਸਤਰੀ ਜਾਤੀ ਵਿੱਚ ਹੀਣ ਭਾਵਨਾ ਪੈਦਾ ਕਰਦੀ ਹੈ। ਇਸੇ ਕਰਕੇ ਬਹੁਤੇ ਲੋਕ ਮੁੰਡਿਆਂ ਨੂੰ ਜ਼ਿਆਦਾ ਪਿਆਰਾ ਸਮਝ ਕੇ ਦੀਆਂ ਨਾਲੋਂ ਵੱਖਰਾ ਪਾਲਣ ਪੋਸ਼ਣ ਕਰਦੇ ਹਨ ਅਤੇ ਰੱਬ ਦੀ ਬਖਸ਼ਿਸ਼ ਕੀਤੀ ਰੱਬੀ ਦਾਤ ਧੀਆਂ ਨੂੰ ਮਾਰਦੇ ਹਨ। ਇਸ ਲਈ ਸਾਨੂੰ ਜਿੱਥੇ ਅਸੀਂ ਮੁੰਡੇ ਦੇ ਜੰਮਣ ਤੇ ਵਿਆਹ ਦੀ ਲੋਹੜੀ ਮਨਾਉਂਦੇ ਹਾਂ , ਉੱਥੇ ਸਾਨੂੰ ਅੱਜ ਸੰਸਾਰ ਵਿੱਚ ਧੀਆਂ ਦੀ ਲੋਹੜੀ ਵੀ ਮਨਾਉਂਣੀ ਚਾਹੀਦੀ ਹੈ ਕਿਉਂ ਨਾ ਅਸੀਂ ਅੱਜ ਤੋਂ ਧੀਆਂ ਦੀ ਲੋਹੜੀ ਮਨਾ ਕੇ ਪੁੱਤ ਦੇ ਬਰਾਬਰ ਦਰਜ਼ਾ ਦਈਏ, ਆਉਣ ਵਾਲੇ ਸਮੇਂ ਵਿੱਚ ਆਪਣੇ ਆਪ ਨੂੰ ਨੀਵਾਂ ਮਹਿਸੂਸ ਨਾ ਕਰਨ, ਲੋਹੜੀ ਵੀ ਔਰਤ ਜਾਤੀ ਨੂੰ ਨੀਵਾਂ ਦਿਖਾਉਣ ਵਾਲਾ ਇੱਕ ਤਿਉਹਾਰ ਹੈ । ਕਿੰਨਾ ਚੰਗਾ ਹੋਵੇਗਾ ਗੁਰੂ ਨਾਨਕ ਦੇਵ ਜੀ ਨੂੰ ਯਾਦ ਕਰਦਿਆਂ ਮਨੁੱਖਤਾ ਦੇ ਸਾਂਝੇ ਰਹਿਬਰ “ਸੋ ਕਿਉਂ ਮੰਦਾ ਆਖੀਐ ਜਿਤੁ ਜੰਮੈ ਰਾਜਾਨ ਅਤੇ ਧੀਆਂ ਨੂੰ ਪੁੱਤਾਂ ਬਰਾਬਰ ਸਮਝਿਆ ਜਾਵੇ । ਭਾਵੇਂ ਇਸ ਤਿਉਹਾਰ ਨਾਲ ਸਿੱਖਾਂ ਦਾ ਕੋਈ ਸਬੰਧ ਨਹੀਂ ਹੈ । ਪਰ ਫਿਰ ਵੀ ਇਸ ਤਿਉਹਾਰ ਨੂੰ ਬਹੁਤ ਸਾਰੇ ਘਰਾਂ ਬੜੀ ਭਾਵਨਾ ਅਤੇ ਸ਼ਰਧਾ ਨਾਲ ਮਨਾਇਆ ਜਾਂਦਾ ਹੈ। ਸਾਡੇ ਸਮਾਜ ਨੂੰ ਰਲ ਮਿਲਕੇ  ਇਸ ਤਿਉਹਾਰ ਨੂੰ ਇੱਕ ਵਿਲੱਖਣ ਸੇਧ ਦੇਣ ਦੀ ਲੋੜ ਹੈ ।
                   ਹਾਕਮ ਸਿੰਘ ਮੀਤ ਬੌਂਦਲੀ
                ‌‌‌‌‌‌       ਮੰਡੀ ਗੋਬਿੰਦਗੜ੍ਹ
           ਸੰਪਰਕ :-974,6625,7723 ਦੋਹਾ ਕਤਰ

ਨਵੀਆਂ ਆਸ਼ਾ  - ਹਾਕਮ ਸਿੰਘ ਮੀਤ ਬੌਂਦਲੀ

ਚੜ੍ਹਦੇ ਸੂਰਜ਼ ਦੀ ਲਾਲੀ ਨਾਲ ਨਵੀਆਂ
ਆਸ਼ਾ ਲੈਕੇ ਉੱਠਦੇ ਹਾਂ ,,
ਹਰ ਦਿਨ ਪਿੱਛਲੇ ਤੋਂ ਕਾਲੀਆਂ ਰਾਤਾਂ
ਵਾਂਗ ਲੱਗਦਾ ਏ।।
ਕੱਲ ਜਿਹੜਾ ਸ਼ਰਬਤ ਚਸਕੇ ਦੇਖਿਆ
ਉਹ ਮਿੱਠਾ ਲੱਗਦਾ ਸੀ ,,
ਅੱਜ ਉਹ ਸ਼ਰਬਤ ਸਾਨੂੰ ਖਾਰਾ ਜਿਹਾ
ਲੱਗਦਾ ਏ।।
ਝੂਠ ਨੇ ਸੱਚ ਦੇ ਗਲ ਵਿੱਚ ਫਾਂਸੀ ਵਾਲਾ
ਰੱਸਾ ਪਾਇਆ ਏ ,,
ਕੋਈ ਕੋਟ ਅੱਜ ਸੱਚ ਸੁਣਾਵੇ ਉਹ ਵੀ
ਝੂਠਾ ਲੱਗਦਾ ਏ ।।
ਸੁੱਕੇ ਪਿਆਸੇ ਰੁੱਖਾਂ ਨੂੰ ਹੁਣ ਜੜ੍ਹਾਂ ਤੋਂ ਪੱਟੀ
ਜਾਂਦੇ ਨੇ ,,
ਹਰ ਬੰਦਾ ਰੁੱਖਾਂ ਨੂੰ ਆਪਣਾ ਕਾਤਲ ਜਿਹਾ
ਲੱਗਦਾ ਏ ।।
ਜਿੱਥੇ ਕਦੇ ਮਹਿਲਾ 'ਚ ਰੌਸ਼ਨੀ ਦੇ ਦੀਵੇ
ਬਲਦੇ ਸੀ ,,
ਅੱਜ ਉੱਥੇ ਕੁਪ ਹਨ੍ਹੇਰਾ ਪਿਆ ਦੀਵਾ ਤਾਂ
ਬੁਝਿਆ ਲੱਗਦਾ ਏ ।।
ਦਿਨ ਢਲ ਗਿਆ ਮਜ਼ਦੂਰ ਦੇ ਚਿਹਰੇ ਤੇ
ਰੌਣਕਾਂ ਮਿਲੀਆਂ ਦੇਖਣ ਨੂੰ ,,
ਇਹ ਤਾਂ ਸਭ ਕੁਝ ਝੂਠ ਫ਼ਰੇਬ ਸੁਪਨਾ
ਜਿਹਾ ਲੱਗਦਾ ਏ ।।
ਜਦ ਖ਼ੁਦ ਬੰਦੇ ਹੀ ਜ਼ਿੰਦਗੀ ਦੇ ਦੁੱਖਾਂ ਵਿੱਚ
ਘਿਰ ਜਾਂਦਾ ਏ ,,
ਫਿਰ ਸਹਾਰਾ ਮਿਲਦਿਆਂ ਵੀ, ਬੇ ਸਹਾਰਾ
ਸਾਨੂੰ ਲੱਗਦਾ ਏ ।।
ਜਦੋਂ ਬੰਦਾ ਖੁਦ ਡੂੰਘੇ ਸਾਗਰ ਵਿੱਚ ਆਪ
ਡੁੱਬਦਾ ਏ ,,
ਫਿਰ ਮਹਿਲ ਮੁਨਾਰਾ ਬਣਿਆ ਢਾਰਾ ਜਿਹਾ
ਲੱਗਦਾ ਏ ।।
ਜਦ ਸਾਡੇ ਦਿਲ ਅੰਦਰ ਤ੍ਰੇੜ ਜਿਹਾ ਇੱਕ
ਪੈ ਜਾਂਦਾ ਏ ,,
ਫਿਰ ਸਾਰਾ ਜੱਗ ਹਾਕਮ ਮੀਤ ਪਰਾਇਆ
ਲੱਗਦਾ ਏ ।।

ਹਾਕਮ ਸਿੰਘ ਮੀਤ ਬੌਂਦਲੀ
ਮੰਡੀ ਗੋਬਿੰਦਗੜ੍ਹ
  ਸੰਪਰਕ +974,6625,7723

ਜਦੋਂ ਬਾਬਾ ਨਾਨਕ ਜੀ ਆਏ - ਹਾਕਮ ਸਿੰਘ ਮੀਤ ਬੌਂਦਲੀ

ਜਦੋਂ ਬਾਬਾ ਨਾਨਕ ਜੀ ਆਏ ,
ਦੁਨੀਆਂ ਨੇ ਬਹੁਤ ਸੁੱਖ ਪਾਏ ।।


ਪਿਤਾ ਸ੍ਰੀ ਮਹਿਤਾ ਜੀ ਦਾ ਇਹ
ਰਾਜ ਦੁਲਾਰਾ ,,
ਮਾਂ ਤ੍ਰਿਪਤਾ ਜੀ ਦਾ ਇਹ ਅੱਖੀਆਂ
ਦਾ ਤਾਰਾ ,, ਭੈਣ ਨਾਨਕੀ ਜੀ ਦਾ ਵੀਰ
ਪਿਆਰਾ ਕਹਾਏ ।।
ਜਦੋਂ ਬਾਬਾ ਨਾਨਕ ਜੀ ਆਏ,,,,
ਦੁਨੀਆਂ ਨੇ ਬਹੁਤ ਸੁੱਖ ਪਾਏ ।।


ਪਿਤਾ ਜੀ ਨੇ ਇਹਨੂੰ ਸਿਖਸ਼ਾ ਦਿੱਤੀ,
ਮਾਂ ਤ੍ਰਿਪਤਾ ਜੀ ਨੇ ਲਾਡ ਲਡਾਏ ,
ਭੈਣ ਨਾਨਕੀ ਨੇ ਵਿਹੜੇ ਵਿੱਚ
ਖੇਲਣ ਸੀ ਪਾਏ ।।
ਜਦੋਂ ਬਾਬਾ ਨਾਨਕ ਜੀ ਆਏ,,,,
ਦੁਨੀਆਂ ਨੇ ਬਹੁਤ ਸੁੱਖ ਪਾਏ ।।


ਵੀਹ ਰੁਪਏ ਦਾ ਸੱਚਾ ਸੌਦਾ ਸੀ
ਕੀਤਾ, ਭੁੱਖੇ ਸਾਧੂਆਂ ਨੂੰ ਲੰਗਰ
ਛਕਾਏ , ਮੋਦੀ ਖਾਨੇ ਵਿੱਚ ਫਿਰ
ਤੇਰਾਂ ਤੇਰਾਂ ਤੋਲਣ ਆਏ ।।
ਜਦੋਂ ਬਾਬਾ ਨਾਨਕ ਜੀ ਆਏ,,,,,
ਦੁਨੀਆਂ ਨੇ ਬਹੁਤ ਸੁੱਖ ਪਾਏ ।।


ਲੋਕਾਂ ਨੂੰ ਵਹਿਮਾਂ-ਭਰਮਾਂ ਵਿਚੋਂ
ਸੀ ਕੱਢਿਆਂ, ਇੱਕੋ ਹੈ ਰੱਬ, ਨਾ
ਕੋਈ ਮੂਰਤੀ ਪੂਜਾ ਸਜਾਏ , ਫਿਰ
ਪਾਂਧੇ ਕੋਲ ਪੜ੍ਹਨੇ ਪਾਇਆ,ਪਰ
ਪਾਂਧੇ ਨੂੰ ਪੜ੍ਹਾਕੇ ਆਏ ।।
ਜਦੋਂ ਬਾਬਾ ਨਾਨਕ ਜੀ ਆਏ,,,,,
ਦੁਨੀਆਂ ਨੇ ਬਹੁਤ ਸੁੱਖ ਪਾਏ।।


ਨਿਕਲੇ ਚਾਰ ਉਦਾਸੀਆਂ ਲਈ
ਨਾਲ ਭਾਈ ਮਰਦਾਨਾ,ਤੇ ਬਾਲਾ
ਜੀ ਆਏ , ਸੱਜਣ ਠੱਗ ਦਾ ਮਾਣ
ਤੋੜਿਆ, ਭਾਈ ਲਾਲੋ ਜਿਹੇ ਸੀ
ਚਰਨੀਂ ਲਾਏ ।।
ਜਦੋਂ ਬਾਬਾ ਨਾਨਕ ਜੀ ਆਏ,,,,,
ਦੁਨੀਆਂ ਨੇ ਬਹੁਤ ਸੁੱਖ ਪਾਏ ।।


ਵੰਡ ਛਕਣ ਦਾ , ਕਿਰਤ ਕਰਨ
ਦਾ ਪਾਠ ਪੜ੍ਹਾਇਆ, ਮੱਕੇ ਮਦੀਨੇ
ਚਾਰ ਪਾਸੇ ਲੋਕੀ ਰੱਬ ਦੇਖਣ ਆਏ ,
ਨਾਨਕ ਜੀ ਨੇ ਲੋਕਾਂ ਦੇ ਸੁੱਤੇ ਭਾਗ
ਸੀ ਜਗਾਏ ।।
ਜਦੋਂ ਬਾਬਾ ਨਾਨਕ ਜੀ ਆਏ,,,,,,,
ਦੁਨੀਆਂ ਨੇ ਬਹੁਤ ਸੁੱਖ ਪਾਏ ।।


ਮੂਰਤੀ ਪੂਜਾ ਦਾ ਖੰਡਣ ਕੀਤਾ,
ਤਰਕ ਨਾਲ ਸਮਝਾਏ , ਧੀ ਭੈਣ
ਦੀ ਇੱਜ਼ਤ ਕਰਨੀ ਦੱਸਿਆ, ਸੋ
ਕਉ ਮੰਦਾ ਆਖੀਏ ਕਹਿ ਕੇ ਸੀ
ਔਰਤਾਂ ਦੇ ਮਾਣ ਵਧਾਏ ।।
ਜਦੋਂ ਬਾਬਾ ਨਾਨਕ ਜੀ ਆਏ,,,,,,
ਦੁਨੀਆਂ ਨੇ ਬਹੁਤ ਸੁੱਖ ਪਾਏ ।।


ਜਦੋਂ ਮਿਲੇ ਜੋਗੀ ਗ੍ਰਹਿਸਥ ਜੀਵਨ
ਵਾਰੇ ਸੀ ਸਮਝਾਏ , ਵਿਆਹ ਸੀ
 ਹੋਇਆ ਮਾਤਾ ਸੁਲੱਖਣੀ ਨਾਲ ,
 ਬਾਬਾ ਸ੍ਰੀ ਚੰਦ,ਲਖਮੀ ਦਾਸ ਜੀ ਦੋ
ਲਾਲਾਂ ਨੇ ਘਰ ਦੇ ਵਿਹੜੇ ਦੇ ਭਾਗ
ਸੀ ਜਗਾਏ ।।
ਜਦੋਂ ਬਾਬਾ ਨਾਨਕ ਜੀ ਆਏ,,,,,
ਦੁਨੀਆਂ ਨੇ ਬਹੁਤ ਸੁੱਖ ਪਾਏ।।


ਹਾਕਮ ਮੀਤ ਸਦਾ ਹੀ ਗੁਰਾਂ ਦਾ
ਨਾਮ ਧਿਆਏ , ਹੱਕ ਸੱਚ ਦੀ
ਕਮਾਈ ਕਰਨਾ , ਇਹ ਸ਼ਬਦ
ਗੁਰੂ ਜੀ ਨੇ ਪੱਲੇ ਪਾਏ ।।
ਜਦੋਂ ਬਾਬਾ ਨਾਨਕ ਜੀ ਆਏ,,,,
ਦੁਨੀਆਂ ਨੇ ਬਹੁਤ ਸੁੱਖ ਪਾਏ ।।


    ਹਾਕਮ ਸਿੰਘ ਮੀਤ ਬੌਂਦਲੀ
        ਮੰਡੀ ਗੋਬਿੰਦਗੜ੍ਹ