Jaswant Singh Ajit

ਸਿੱਖੀ ਸਰੂਪ ਵਿਚ ਸਿੱਖੀ-ਵਿਰੋਧੀ 'ਵਿਦਵਾਨ'? -ਜਸਵੰਤ ਸਿੰਘ 'ਅਜੀਤ'


ਬੀਤੇ ਕਾਫ਼ੀ ਸਮੇਂ ਤੋਂ ਵੇਖਣ ਵਿਚ ਆ ਰਿਹਾ ਹੈ ਕਿ ਸਿੱਖੀ-ਸਰੂਪ ਵਿੱਚ ਕੁਝ ਵਿਦਵਾਨ ਅਤੇ ਬੁਧੀਜੀਵੀ ਇਕ ਪਾਸੇ ਤਾਂ ਭਾਜਪਾ ਦੀ 'ਸਰਪ੍ਰਸਤ' ਜਥੇਬੰਦੀ ਆਰਐਸਐਸ ਪੁਰ ਇਹ ਦੋਸ਼ ਲਾਉਂਦੇ ਚਲੇ ਆ ਰਹੇ ਹਨ, ਕਿ ਉਹ ਸਿੱਖ ਇਤਿਹਾਸ ਅਤੇ ਸਿੱਖ ਮਾਨਤਾਵਾਂ ਤੇ ਮਰਿਆਦਾਵਾਂ ਨੂੰ ਵਿਗਾੜਨ ਦੇ ਨਾਲ ਹੀ ਸਿੱਖ-ਧਰਮ ਨੂੰ ਵਿਸ਼ਾਲ ਹਿੰਦੂ ਧਰਮ ਦਾ ਹੀ ਇਕ ਅੰਗ ਪ੍ਰਚਾਰ ਕੇ, ਉਸਦੀ ਸੁਤੰਤਰ ਹੋਂਦ ਅਤੇ ਸਿੱਖਾਂ ਦੀ ਅੱਡਰੀ ਪਛਾਣ ਪੁਰ ਸੁਆਲੀਆ ਨਿਸ਼ਾਨ ਲਾ ਰਹੇ ਹਨ ਅਤੇ ਦੂਜੇ ਪਾਸੇ ਉਹ ਆਪ ਹੀ ਪ੍ਰਮਾਣਤ ਸਿੱਖ ਇਤਿਹਾਸ ਅਤੇ ਸਥਾਪਤ ਮਰਿਅਦਾਵਾਂ, ਮਾਨਤਾਵਾਂ ਅਤੇ ਪਰੰਪਰਾਵਾਂ ਬਾਰੇ ਭਰਮ-ਭੁਲੇਖੇ ਪੈਦਾ ਕਰ, ਅਜਿਹੇ ਵਿਵਾਦ ਖੜੇ ਕਰਦੇ ਚਲੇ ਜਾ ਰਹੇ ਹਨ, ਜਿਨ੍ਹਾਂ ਕਾਰਣ ਆਮ ਸਿੱਖਾਂ, ਵਿਸ਼ੇਸ਼ ਕਰਕੇ ਸਿੱਖ-ਨੌਜਵਾਨਾਂ ਵਿਚ ਦੁਬਿੱਧਾ ਜਿਹੀ ਪੈਦਾ ਹੁੰਦੀ ਜਾ ਰਹੀ ਹੈ, ਜਿਸਦਾ ਨਤੀਜਾ ਇਹ ਹੋ ਰਿਹਾ ਹੈ ਕਿ ਉਹ ਇਸ ਦੁਬਿਧਾ ਵਿਚੋਂ ਉਭਰ ਨਾ ਸਕਣ ਕਾਰਣ, ਸਿੱਖੀ-ਵਿਰਸੇ ਨਾਲੋਂ ਟੁੱਟ ਕੇ ਭਟਕਦੇ ਅਤੇ ਸਿੱਖੀ-ਸਰੂਪ ਨੂੰ ਤਿਲਾਂਜਲੀ ਦਿੰਦੇ ਜਾ ਰਹੇ ਹਨ। ਜਿਸਤੋਂ ਸ਼ੰਕਾ ਪੈਦਾ ਹੁੰਦੀ ਹੈ ਕਿ ਕਿਧਰੇ ਇਹ ਸਿੱਖੀ-ਸਰੂਪ ਵਿਚ ਸਿੱਖੀ ਦੇ ਦੁਸ਼ਮਣਾ ਦੇ ਘੁਸਪੈਠੀਏ-ਏਜੰਟ ਤਾਂ ਨਹੀਂ, ਜੋ ਇਕ ਪਾਸੇ ਤਾਂ ਭਾਜਪਾ ਅਤੇ ਆਰਐਸਐਸ ਪੁਰ ਸਿੱਖੀ ਅਤੇ ਸਿੱਖਾਂ ਦੀ ਸੁਤੰਤਰ ਹੋਂਦ ਖਤਮ ਕਰਨ ਦੀ ਸਾਜ਼ਸ਼ ਘੜਨ ਦਾ ਦੋਸ਼ ਲਾ, ਆਪਣੇ-ਆਪਨੂੰ ਸਿੱਖੀ ਅਤੇ ਸਿੱਖ ਇਤਿਹਾਸ, ਧਰਮ ਤੇ ਉਸਦੀਆਂ ਮਰਿਅਦਾਵਾਂ-ਮਾਨਤਾਵਾਂ ਅਤੇ ਪਰੰਪਰਾਵਾਂ ਦੇ ਸਭ ਤੋਂ ਵਧ ਜਾਣੂ ਅਤੇ ਰਾਖੇ ਹੋਣ ਦਾ ਪ੍ਰਭਾਵ ਦੇ, ਸਿੱਖਾਂ ਦਾ ਵਿਸ਼ਵਾਸ ਜਿਤਣ ਦੀ ਕੌਸ਼ਿਸ਼ ਕਰ ਰਹੇ ਹਨ ਅਤੇ ਦੂਜੇ ਪਾਸੇ ਸਿੱਖ ਇਤਿਹਾਸ ਤੇ ਮਰਿਅਦਾਵਾਂ ਬਾਰੇ ਨਿਤ-ਨਵੇਂ ਭਰਮ-ਭੁਲੇਖੇ ਪੈਦਾ ਕਰ ਵਿਵਾਦ ਪੈਦਾ ਕਰ ਸਿੱਖਾਂ ਨੂੰ ਹੀ ਸਿੱਖੀ ਵਲੋਂ ਉਪਰਾਮ ਕਰ, ਅੰਦਰੋਂ ਹੀ ਸਿੱਖੀ ਨੂੰ ਲੀਹੋਂ ਲਾਹੁਣ ਲਈ, ਦੁਸ਼ਮਣਾ ਦੀ ਸਿੱਖ ਅਤੇ ਸਿੱਖੀ-ਵਿਰੋਧੀ ਸਾਜ਼ਸ਼ ਨੂੰ ਨੇਪਰੇ ਚਾੜ੍ਹਨ ਦੀ ਜ਼ਿਮੇਂਦਾਰੀ ਨਿਭਾ ਰਹੇ ਹਨ।
ਦਸਿਆ ਗਿਆ ਹੈ ਕਿ ਅਜਿਹੇ ਹੀ ਇਕ 'ਵਿਦਵਾਨ-ਬੁੱਧੀਜੀਵੀ' ਨੇ ਇੱਕ ਵਾਰ ਇਹ ਆਖ, ਇਕ ਨਵਾਂ ਵਿਵਾਦ ਖੜਾ ਕਰ ਦਿਤਾ ਕਿ ਸਿੱਖ ਇਤਿਹਾਸ ਵਿਚ ਇਸ ਗਲ ਦਾ ਕੋਈ ਸਬੂਤ ਨਹੀਂ, ਕਿ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸ੍ਰੀ ਗੁਰੂ ਅੰਗਦ ਦੇਵ ਜੀ ਨੂੰ ਗੁਰਗੱਦੀ ਦੀ ਬਖ਼ਸ਼ਸ਼ ਆਪ ਕੀਤੀ ਸੀ। ਇਹ ਸਜਣ, ਉਹ ਦਸੇ ਜਾਂਦੇ ਹਨ, ਜਿਨ੍ਹਾਂ ਦਾ ਦਾਅਵਾ ਹੈ ਕਿ ਉਨ੍ਹਾਂ ਨੂੰ ਸਿੱਖ-ਇਤਿਹਾਸ ਤੇ ਸਿੱਖੀ ਦੀਆਂ ਮਰਿਅਦਾਵਾਂ ਦੇ ਸਬੰਧ ਵਿਚ, ਸਭ ਤੋਂ ਵਧ ਗਿਆਨ ਅਤੇ ਡੂੰਘੀ ਜਾਣਕਾਰੀ ਰਖਦੇ ਹਨ। ਉਨ੍ਹਾਂ ਤੋਂ ਵਧ ਹੋਰ ਕੋਈ ਸਿੱਖੀ ਦਾ ਰਾਖਾ ਹੋ ਹੀ ਨਹੀਂ ਸਕਦਾ। ਪਰ ਉਨ੍ਹਾਂ ਨੇ ਆਪਣੀ ਇਸ ਨਵੀਂ 'ਖੋਜ' ਦਾ ਜੋ ਪ੍ਰਗਟਾਵਾ ਕੀਤਾ ਹੈ, ਉਸਤੋਂ ਤਾਂ ਇਉਂ ਜਾਪਦਾ ਹੈ, ਜਿਵੇਂ ਉਨ੍ਹਾਂ ਨੂੰ ਸਿੱਖ ਇਤਿਹਾਸ ਤੇ ਸਿੱਖ ਧਰਮ ਦੀ ਡੂੰਘੀ ਜਾਣਕਾਰੀ ਹੋਣਾ ਤਾਂ ਦੂਰ ਰਿਹਾ, ਉਸਦੀ ਬੁਨਿਆਦੀ ਜਾਣਕਾਰੀ ਵੀ ਨਹੀਂ। ਜੇ ਉਨ੍ਹਾਂ ਨੂੰ ਜਾਣਕਾਰੀ ਹੁੰਦੀ ਤਾਂ ਸਿੱਖ ਇਤਿਹਾਸ ਤੇ ਬਾਣੀ ਵਿਚ ਕਈ ਅਜਿਹੀ ਉਦਾਹਰਣਾਂ ਮਿਲਦੀਆਂ ਹਨ, ਜੋ ਇਸ ਗਲ ਦਾ ਪ੍ਰਤੱਖ ਪ੍ਰਮਾਣ ਹਨ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਹੀ ਨਹੀਂ, ਸਗੋਂ ਉਨ੍ਹਾਂ ਤੋਂ ਬਾਅਦ ਉਨ੍ਹਾਂ ਦੀ ਗੁਰਗੱਦੀ ਦੇ ਵਾਰਿਸ, ਗੁਰੂ ਸਾਹਿਬਾਨ ਵੀ, ਗੁਰਗੱਦੀ ਦੇ ਵਾਰਿਸ ਦੀ ਚੋਣ ਆਪਣੇ ਜੀਵਨ-ਕਾਲ ਵਿਚ ਆਪ ਹੀ ਕਰਦੇ ਆਏ ਸਨ। ਪ੍ਰਮਾਣ ਵਜੋਂ ਪੇਸ਼ ਹਨ ਕੁਝ ਉਦਾਹਰਣਾ: ਭਾਈ ਗੁਰਦਾਸ ਜੀ ਦੇ ਸ਼ਬਦਾਂ ਵਿਚ : ਥਾਪਿਆ ਲਹਿਣਾ ਜੀਂਵਦੇ ਗੁਰਿਆਈ ਸਿਰਿ ਛਤ੍ਰ ਫਿਰਾਇਆ। ਜੋਤੀ ਜੋਤ ਮਿਲਾਇਕੇ ਸਤਿਗੁਰ ਨਾਨਕ ਰੂਪ ਵਟਾਇਆ। ਇਸੇ ਤਰ੍ਹਾਂ ਭਟ ਮਥਰਾ ਅਨੁਸਾਰ : ਜੋਤਿ ਰੂਪ ਹਰਿ ਆਪਿ ਗੁਰੂ ਨਾਨਕ ਕਹਾਯਉ। ਤਾਂ ਤੇ ਅੰਗਦ ਭਯਉ ਤਤ ਸਿਉ ਤਤ ਮਿਲਾਯਉ। ਭਾਈ ਮਨੀ ਸਿੰਘ ਅਨੁਸਾਰ:- 'ਇਹ ਤਾਂ ਪ੍ਰਮੇਸੁਰ ਵਲੋਂ ਹੁੰਡੀ ਹੈ, ਜੋ ਸੇਵਕ ਨੂੰ ਤਾਰਨੀ ਹੈ ਅਤੇ ਸੇਵਕ ਮੈ ਡਿਠਾ ਭਾਈ ਲਹਿਣਾ'
ਅਜਿਹੀਆਂ ਅਨੇਕਾਂ ਉਦਾਹਰਣਾ ਸਿੱਖ ਇਤਿਹਾਸ ਅਤੇ ਬਾਣੀ ਵਿਚੋਂ ਮਿਲਦੀਆਂ ਹਨ, ਜੋ ਇਸ ਗਲ ਦਾ ਪ੍ਰਤੱਖ ਪ੍ਰਮਾਣ ਹਨ ਕਿ ਗੁਰੂ ਸਾਹਿਬ ਗੁਰੂ ਨਾਨਕ ਦੇਵ ਜੀ ਦੀ ਗੁਰਗੱਦੀ ਦੇ ਵਾਰਿਸ ਦੀ ਚੋਣ, ਆਪਣੇ ਜੀਵਨ-ਕਾਲ ਵਿਚ ਆਪ ਹੀ ਕਰ, ਉਸਨੂੰ ਸਿੱਖੀ ਦਾ ਪ੍ਰਚਾਰ ਤੇ ਪ੍ਰਸਾਰ ਕਰਨ ਦੀ ਜ਼ਿਮੇਂਦਾਰੀ ਸੌਂਪਦੇ ਰਹੇ ਹਨ।
ਸਿੱਖ ਪੰਥ ਦੇ ਇਕ ਹੋਰ, ਆਪੇ ਬਣੇ 'ਬੁਧੀਜੀਵੀ-ਵਿਦਵਾਨ-ਇਤਿਹਾਸਕਾਰ' ਹਨ, ਜਿਨ੍ਹਾਂ ਦਾ ਦਾਅਵਾ ਹੈ ਕਿ ਉਨ੍ਹਾਂ ਤੋਂ ਪਹਿਲਾਂ ਜਿਨ੍ਹਾਂ ਨੇ ਵੀ ਸਿੱਖ ਇਤਿਹਾਸ ਲਿਖਿਆ ਹੈ, ਲਗਭਗ ਉਨ੍ਹਾਂ ਸਾਰਿਆਂ ਨੇ 'ਯਬਲੀਆਂ' ਹੀ ਮਾਰੀਆਂ ਹਨ। ਕੇਵਲ ਉਨ੍ਹਾਂ ਨੇ ਹੀ ਕਈ ਦਸ਼ਾਬਦੀਆਂ ਦੀ ਮਿਹਨਤ ਨਾਲ 'ਖੋਜ' ਕਰਕੇ, ਸਹੀ ਤੇ ਪ੍ਰਮਾਣਤ 'ਮੁਕੰਮਲ ਸਿੱਖ ਤਵਾਰੀਖ਼' ਲਿਖੀ ਹੈ। ਉਨ੍ਹਾਂ ਨੇ ਆਪਣੀ ਇਸ ਪੁਸਤਕ ਵਿਚ ਇਕ ਸਜਣ ਦੇ ਨਾਂ ਤੇ ਜੋ 'ਮੁਖ ਬੰਦ' ਛਾਪਿਆ ਹੈ, ਉਹ ਸਚਮੁਚ ਹੀ ਸਾਰਿਆਂ ਦਾ 'ਮੂੰਹ ਬੰਦ' ਕਰ ਦੇਣ ਵਾਲਾ ਹੈ। ਕਿਉਂਕਿ ਇਸ ਵਿਚ ਉਨ੍ਹਾਂ ਨੇ ਆਪਣੀ ਪ੍ਰਸ਼ੰਸਾ ਵਿਚ ਜ਼ਮੀਨ-ਅਸਮਾਨ ਦੇ ਕੁਲਾਬੇ ਮਿਲਾਉਣ ਦੇ ਨਾਲ ਹੀ, ਦੂਜੇ ਸਿੱਖ ਇਤਿਹਾਸਕਾਰਾਂ ਦਾ ਜੋ ਮਜ਼ਾਕ ਉਡਾਇਆ ਹੈ, ਉਹ ਪੜ੍ਹ ਕੇ ਇਉਂ ਜਾਪਦਾ ਹੈ, ਜਿਵੇਂ ਕੇਵਲ ਇਹ ਸਜਣ ਹੀ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਅਜਤਕ ਦੇ ਸਮੇਂ ਦੇ ਸਿੱਖ ਇਤਿਹਾਸ ਦੇ ਚਸ਼ਮਦੀਦ ਗੁਆਹ ਚਲੇ ਆ ਰਹੇ ਹਨ, ਜਿਸ ਕਾਰਣ ਇਹੀ ਸਿੱਖ ਇਤਿਹਾਸ ਦੇ ਸਭ ਤੋਂ ਵੱਡੇ ਜਾਣਕਾਰ ਅਤੇ ਗਿਆਤਾ ਹਨ। ਉਨ੍ਹਾਂ ਤੋਂ ਬਿਨਾਂ ਜਿਨ੍ਹਾਂ ਇਤਿਹਾਸਕਾਰਾਂ ਨੇ ਵੀ ਸਿੱਖ ਇਤਿਹਾਸ ਲਿਖਿਆ ਹੈ, ਉਨ੍ਹਾਂ ਸਾਰਿਆਂ ਨੇ ਹੀ 'ਯਬਲੀਆਂ' ਹੀ ਮਾਰੀਆਂ ਹੋਣਗੀਆਂ?
ਇਨ੍ਹਾਂ ਆਪਣੀ ਖ਼ੋਜ ਦੇ ਆਧਾਰ ਤੇ ਆਪਣੇ ਇਤਿਹਾਸ ਵਿਚ ਜੋ 'ਨਵੇਂ' ਤੱਥ ਪੇਸ਼ ਕੀਤੇ ਉਨ੍ਹਾਂ ਵਿਚੋਂ ਦੋ-ਕੁ ਨਮੂਨੇ ਵਜੋਂ ਪੇਸ਼ ਹਨ: (ੳ) 'ਗੁਰੂ ਸਾਹਿਬ (ਸ੍ਰੀ ਗੁਰੂ ਗੋਬਿੰਦ ਸਿੰਘ ਜੀ) ਨੇ (ਪੰਜਾਂ ਪਿਆਰਿਆਂ ਨੂੰ ਅੰਮ੍ਰਿਤ ਛਕਾਣ ਤੋਂ ਪਹਿਲਾਂ) ਆਪਣੇ ਮੂੰਹ ਵਿਚ ਆਪ ਹੀ ਅੰਮ੍ਰਿਤ ਦੀਆਂ ਬੂੰਦਾਂ ਪਾਈਆਂ ਤੇ ਫਿਰ ਪੰਜਾਂ ਪਿਆਰਿਆਂ ਨੂੰ ਪਾਹੁਲ ਦਿਤੀ' - ਇਨ੍ਹਾਂ ਅਨੁਸਾਰ, 'ਪੰਜਾਂ ਪਿਆਰਿਆਂ ਨੂੰ ਖੰਡੇ ਦੀ ਪਾਹੁਲ ਦੇਣ, ਪਿਛੋਂ ਆਪ ਉਨ੍ਹਾਂ ਕੋਲੋਂ ਪਾਹੁਲ ਲੈਣ ਦੀ ਕਹਾਣੀ ਮਗਰੋਂ ਘੜੀ ਗਈ ਜਾਪਦੀ ਹੈ'। (ਅ) ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਤੱਤੀ ਤਵੀ ਤੇ ਬਿਠਾਣ ਦੀ ਇਤਿਹਾਸਕ ਮਾਨਤਾ ਪੁਰ ਸੁਆਲੀਆਂ ਨਿਸ਼ਾਨ ਲਾਉਂਦਿਆਂ, ਇਹ 'ਵਿਦਵਾਨ' ਇਤਿਹਾਸਕਾਰ ਪੁਛਦੇ ਹਨ ਕਿ 'ਕੀ ਲੋਹੇ ਦੀ ਤੱਤੀ ਤਵੀ ਤੇ ਕੋਈ ਇਨਸਾਨ (ਗੁਰੂ ਸਾਹਿਬ ਨੂੰ ਸਾਧਾਰਣ ਇਨਸਾਨ ਨਾਲ ਮਿਲਾਉਂਦਿਆਂ ਕਹਿੰਦੇ ਹਨ) ਤਿੰਨ ਦਿਨ ਬੈਠ ਸਕਦਾ ਹੈ? ਕੀ ਉਹ ਇਕ ਦਿਨ ਵਿਚ ਸੜ ਨਹੀਂ ਜਾਇਗਾ? ਇਹ ਸਭ ਕਲਪਨਾ ਦੀਆਂ ਗਲਾਂ ਹਨ'।
ਇਹ ਤਾਂ ਕੇਵਲ ਦੋ ਹੀ ਉਦਾਹਰਣਾਂ ਹਨ, ਇਨ੍ਹਾਂ ਤੋਂ ਬਿਨਾਂ ਉਨ੍ਹਾਂ, ਸਿੱਖ ਇਤਿਹਾਸ ਵਿਚ ਅਨੇਕਾਂ ਅਜਿਹੀਆਂ 'ਨਵੀਆਂ ਖੋਜਾਂ' ਪੇਸ਼ ਕੀਤੀਆਂ ਹਨ, ਜਿਨ੍ਹਾਂ ਕਾਰਣ ਪ੍ਰਮਾਣਤ ਸਿੱਖ ਇਤਿਹਾਸ ਦੇ ਸੰਬੰਧ ਵਿਚ ਕਈ ਭਰਮ-ਭੁਲੇਖੇ ਹੀ ਪੈਦਾ ਨਹੀਂ ਹੋ ਰਹੇ, ਸਗੋਂ ਉਨ੍ਹਾਂ ਕਾਰਣ, ਅਜਿਹੇ ਕਈ ਨਵੇਂ ਵਿਵਾਦ ਵੀ ਪੈਦਾ ਹੋਣ ਦੀ ਸੰਭਾਵਨਾ ਬਣ ਗਈ ਹੋਈ ਹੈ, ਜੋ ਆਮ ਸਿੱਖਾਂ ਵਿਚ ਸਿੱਖ ਇਤਿਹਾਸ ਦੀ ਮਾਨਤਾ ਬਾਰੇ ਕਈ ਤਰ੍ਹਾਂ ਦੀਆਂ ਦੁਬਿਧਾਵਾਂ ਪੈਦਾ ਕਰਨ ਦਾ ਕਾਰਣ ਬਣਨਗੇ ਅਤੇ ਸਮਾਂ ਆਉਣ ਤੇ ਉਨ੍ਹਾਂ ਦੇ ਦਿਲਾਂ ਵਿਚ ਆਪਣੇ ਇਤਿਹਾਸ ਦੇ ਬਹੁਮੁਲੇ ਵਿਰਸੇ ਬਾਰੇ ਸ਼ੰਕਾਵਾਂ ਪੈਦਾ ਕਰਕੇ, ਸਿੱਖੀ ਪ੍ਰਤੀ ਉਨ੍ਹਾਂ ਦੇ ਵਿਸ਼ਵਾਸ ਨੂੰ ਅਵਿਸ਼ਵਾਸ ਵਿਚ ਬਦਲ ਸਕਦੇ ਹਨ। ਇਸਤਰ੍ਹਾਂ ਪੈਦਾ ਹੋਣ ਵਾਲੇ ਇਸ ਅਵਿਸ਼ਵਾਸ ਦਾ ਨਤੀਜਾ ਕੀ ਹੋਵੇਗਾ? ਇਸਦਾ ਅਨੁਮਾਨ ਲਾਉਣਾ ਮੁਸ਼ਕਿਲ ਨਹੀਂ ਹੈ।


...ਅਤੇ ਅੰਤ ਵਿਚ: ਦਿਲਚਸਪ ਗਲ ਇਹ ਹੈ ਕਿ ਅਜਿਹੇ ਅਖੌਤੀ 'ਵਿਦਵਾਨ, ਖੋਜੀ ਅਤੇ ਇਤਿਹਾਸਕਾਰ' ਸਿੱਖ-ਸੰਸਥਾਵਾਂ ਦੇ ਉਨ੍ਹਾਂ ਮੁਖੀਆਂ ਅਤੇ ਸਮਰਥਾਵਾਨ ਸਿੱਖਾਂ ਦਾ, ਆਪਣੀ 'ਵਿਦਵਤਾ-ਪੂਰਣ ਖੋਜ', ਸਿੱਖੀ ਪ੍ਰਤੀ ਦਰਦ ਹੋਣ ਦਾ ਭੁਲਾਵਾ ਦੇ, ਲਗਾਤਾਰ ਆਰਥਕ ਤੇ ਭਾਵਨਾਤਮਕ ਸ਼ੋਸ਼ਣ ਕਰਦੇ ਚਲੇ ਆ ਰਹੇ ਹਨ, ਜਿਨ੍ਹਾਂ ਦੇ ਦਿਲ ਵਿਚ ਸਿੱਖੀ ਵਿਚ ਆ ਰਹੇ ਨਿਘਾਰ ਕਾਰਣ ਉਪਜੀ ਅਥਾਹ ਪੀੜਾ ਅਤੇ ਉਸਨੂੰ ਬਚਾਣ ਦੀ ਤੀਬਰ ਭਾਵਨਾ ਹੈ।

Mobile : + 91 95 82 71 98 90 
E-mail : jaswantsinghajit@gmail.com

Address : Jaswant Singh ‘Ajit’, Flat No. 51, Sheetal Apartment, Plot No. 12,
 Sector – 14, Rohini,  DELHI-110085

ਗਲ ਜਥੇਦਾਰਾਂ ਦੀ ਨਿਯੁਕਤੀ ਅਤੇ ਅਧਿਕਾਰਾਂ ਦੀ!  - ਜਸਵੰਤ ਸਿੰਘ 'ਅਜੀਤ'

ਗਲ ਕੋਈ ਵੀਹ-ਕੁ ਵਰ੍ਹੇ ਪਹਿਲਾਂ, ਅਰਥਾਤ ਸੰਨ-2000 ਦੇ ਸ਼ੁਰੂ ਦੀ ਹੈ, ਅਕਾਲ ਤਖ਼ਤ ਸਾਹਿਬ ਪੁਰ ਨੂੰ ਪੰਜ ਸਿੰਘ ਸਾਹਿਬਾਨ ਦੀ ਇਕ ਬੈਠਕ ਹੋਈ, ਜਿਸ ਵਿੱਚ ਕੁਝ ਹੋਰ ਫੈਸਲੇ ਲੈਣ ਦੇ ਨਾਲ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਹਿਦਾਇਤ  ਕੀਤੀ ਗਈ ਕਿ ਉਹ 'ਜਲਦੀ ਤੋਂ ਜਲਦੀ ਗੁਰਮਤਿ ਸੋਚ ਵਾਲੇ ਮਾਹਿਰਾਂ ਪੁਰ ਅਧਾਰਤ ਇਕ ਕਮੇਟੀ ਦਾ ਗਠਨ ਕਰੇ ਅਤੇ ਉਸਨੂੰ ਤਖ਼ਤ ਸਾਹਿਬਾਨ ਦੇ ਜਥੇਦਾਰ ਤੇ ਮੁੱਖ ਗ੍ਰੰਥੀ ਸਾਹਿਬਾਨ ਦੇ ਸੇਵਾ ਨਿਯਮ, ਅਰਥਾਤ ਨਿਯੁੱਕਤੀ ਲਈ ਯੋਗਤਾਵਾਂ, ਤਖਤ ਸਾਹਿਬਾਨ ਪੁਰ ਆਉਣ ਵਾਲੀਆਂ ਪੰਥਕ ਸਮੱਸਿਆਵਾਂ ਦੇ ਸਮਾਧਾਨ ਅਤੇ ਅਕਾਲ ਤਖ਼ਤ ਸਾਹਿਬ ਤੋਂ ਹੁਕਮਨਾਮਾ ਜਾਰੀ ਕੀਤੇ ਜਾਣ ਦਾ ਆਦਿ ਸੰਬੰਧੀ ਸਪਸ਼ਟ ਵਿੱਧੀ-ਵਿਧਾਨ ਸੁਨਿਸ਼ਚਿਤ ਕਰਨ ਦੀ ਜ਼ਿਮੇਂਦਾਰੀ ਸੌਂਪੀ ਜਾਏ, ਤਾਂ ਜੋ ਭਵਿੱਖ ਵਿੱਚ ਕਿਸੇ ਵਲੋਂ ਵੀ ਅਕਾਲ ਤਖ਼ਤ ਸਾਹਿਬ ਜੀ ਦੀ ਨਿਜੀ ਹਿਤਾਂ ਲਈ ਵਰਤੋਂ ਕੀਤੇ ਜਾਣ ਦੀ ਸੰਭਾਵਨਾ ਨਾ ਰਹੇ ਅਤੇ ਖ਼ਾਲਸਾ ਪੰਥ ਵਿੱਚ ਅਕਾਲ ਤਖ਼ਤ ਸਾਹਿਬ ਤੋਂ ਸਮੇਂ-ਸਮੇਂ ਜਾਰੀ ਹੋਣ ਵਾਲੇ ਹੁਕਮਨਾਮਿਆਂ ਦੀ ਮਾਨਤਾ ਅਤੇ ਪਵਿੱਤ੍ਰਤਾ ਕਾਇਮ ਰਵੇ'।
ਉਸ ਸਮੇਂ ਇਹ ਵੀ ਦਸਿਆ ਗਿਆ ਸੀ ਕਿ ਇਹ ਆਦੇਸ਼ ਦੇਣ ਦੀ ਲੋੜ ਇਸ ਕਾਰਣ ਮਹਿਸੂਸ ਕੀਤੀ ਗਈ, ਕਿਉਂਕਿ ਉਨ੍ਹਾਂ ਹੀ ਦਿਨਾਂ ਵਿੱਚ ਸਮੇਂ ਦੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਪੂਰਨ ਸਿੰਘ ਅਤੇ ਸ਼੍ਰੋਮਣੀ ਗਰਦੁਆਰਾ ਕਮੇਟੀ ਦੀ ਪ੍ਰਧਾਨ ਬੀਬੀ ਜਗੀਰ ਕੋਰ ਵਿੱਚਲੇ ਹਊਮੈਂ ਦੇ ਟਕਰਾਉ ਕਾਰਣ ਅਜਿਹੇ ਹਾਲਾਤ ਬਣ ਗਏ ਸਨ ਕਿ ਦੋਵੇਂ ਇਕ ਦੂਜੇ ਨੂੰ ਠਿੱਬੀ ਲਾਉਣ ਲਈ ਸਿਰ-ਧੜ ਦੀ ਬਾਜ਼ੀ ਲਾ ਬੈਠੇ ਸਨ। ਇਕ ਪਾਸੇ ਗਿਆਨੀ ਪੂਰਨ ਸਿੰਘ ਨੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵਜੋਂ ਆਪਣੇ ਅਧਿਕਾਰਾਂ ਦੀ ਵਰਤੋਂ ਕਰਦਿਆਂ ਹਮਖਿਆਲੀ ਗ੍ਰੰਥੀਆਂ ਨੂੰ, ਪੰਜ ਪਿਆਰਿਆਂ ਦੇ ਰੂਪ ਵਿੱਚ ਨਾਲ ਲੈ ਕੇ, ਬੀਬੀ ਜਗੀਰ ਕੌਰ ਅਤੇ ਉਨ੍ਹਾਂ ਦੇ ਸਮਰਥਕ ਜਥੇਦਾਰਾਂ ਨੂੰ ਪੰਥ ਵਿਚੋਂ ਛੇਕ ਦਿਤਾ ਅਤੇ ਦੂਸਰੇ ਪਾਸੇ ਬੀਬੀ ਜਗੀਰ ਕੌਰ ਨੇ ਆਪਣੇ ਪ੍ਰਧਾਨਗੀ ਅਧਿਕਾਰਾਂ ਦੀ ਵਰਤੋਂ ਕਰਦਿਆਂ, ਗਿਆਨੀ ਪੂਰਨ ਸਿੰਘ ਨੂੰ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੇ ਅਹੁਦੇ ਤੋਂ ਬਰਖਾਸਤ ਕਰ, ਉਨ੍ਹਾਂ ਦੀ ਥਾਂ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਨੂੰ ਜਥੇਦਾਰ ਥਾਪ ਦਿਤਾ। ਇਸ ਟਕਰਾਉ ਕਾਰਣ ਜੋ ਸਥਿਤੀ ਪੈਦਾ ਹੋਈ, ਉਸ ਵਿਚੋਂ ਉਭਰਨ ਲਈ ਬੀਬੀ ਜਗੀਰ ਕੌਰ ਦੀ 'ਹਿਦਾਇਤ' ਤੇ ਅਕਾਲ ਤਖ਼ਤ ਸਾਹਿਬ ਦੇ ਨਵ-ਨਿਯੁਕਤ ਜਥੇਦਾਰ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਨੇ ਗਿਆਨੀ ਮੋਹਣ ਸਿੰਘ ਮੁੱਖ ਗ੍ਰੰਥੀ ਦਰਬਾਰ ਸਾਹਿਬ ਅਤੇ ਅਕਾਲ ਤਖ਼ਤ ਸਾਹਿਬ ਤੇ ਦਰਬਾਰ ਸਾਹਿਬ ਦੇ ਤਿੰਨ ਹੋਰ ਗ੍ਰੰਥੀਆਂ ਨੂੰ ਪੰਜ ਪਿਆਰਿਆਂ ਵਿੱਚ ਸ਼ਾਮਲ ਕਰ, ਜਿਥੇ ਬੀਬੀ ਜਗੀਰ ਕੌਰ ਤੇ ਉਨ੍ਹਾਂ ਦੇ ਸਮਰਥਕ ਜਥੇਦਾਰਾਂ ਨੂੰ ਪੰਥ ਵਿਚੋਂ ਛੇਕੇ ਜਾਣ ਦੇ ਗਿਆਨੀ ਪੂਰਨ ਸਿੰਘ ਵਲੋਂ ਜਾਰੀ ਹੁਕਮਨਾਮੇ ਰੱਦ ਕੀਤੇ, ਉਥੇ ਹੀ ਤਖ਼ਤ ਸਾਹਿਬਾਨ ਦੇ ਜਥੇਦਾਰਾਂ ਦੀ ਨਿਯੁਕਤੀ ਤੇ ਉਨ੍ਹਾਂ ਦਾ ਅਧਿਕਾਰ ਖੇਤ੍ਰ ਨਿਸ਼ਚਿਤ ਕਰਨ ਦਾ ਆਦੇਸ਼ ਵੀ ਸ਼੍ਰੋਮਣੀ ਕਮੇਟੀ ਨੂੰ ਦਿਤਾ।     
ਇਸਤੋਂ ਬਾਅਦ ਸਥਿਤੀ ਅਜਿਹੀ ਬਦਲੀ ਕਿ ਅਕਾਲ ਤਖ਼ਤ ਸਾਹਿਬ ਤੋਂ ਜਾਰੀ ਕੀਤੇ ਜਾਣ ਵਾਲੇ ਹੁਕਮਨਾਮਿਆਂ ਅਤੇ ਫੈਸਲਿਆਂ ਦੇ ਨਿਰਪੱਖ ਹੋਣ ਤੇ ਲਗਾਤਾਰ ਸੁਆਲੀਆ ਨਿਸ਼ਾਨ ਲਾਏ ਜਾਣ ਲਗ ਪਏ। ਇਹੀ ਨਹੀਂ ਉਨ੍ਹਾਂ ਹੁਕਮਨਾਮਿਆਂ ਤੇ ਫੈਸਲਿਆਂ ਨੂੰ ਸ਼੍ਰੋਮਣੀ ਕਮੇਟੀ ਦੇ ਸੱਤਾ-ਧਾਰੀਆਂ ਦੇ ਰਾਜਸੀ ਹਿਤਾਂ ਤੋਂ ਪ੍ਰੇਰਿਤ ਕਰਾਰ ਦੇ, ਉਨ੍ਹਾਂ ਨੂੰ ਮੰਨਣ ਤੋਂ ਇਨਕਾਰ ਵੀ ਕੀਤਾ ਜਾਣ ਲਗ ਪਿਆ। ਨਤੀਜੇ ਵਜੋਂ ਸਰਵੁੱਚ ਧਾਰਮਕ ਸੰਸਥਾ, ਅਕਾਲ ਤਖ਼ਤ ਸਾਹਿਬ ਦੇ ਮਾਣ-ਸਨਮਾਨ ਨੂੰ ਲਗਾਤਾਰ ਢਾਹ ਲਗਣ ਲਗ ਪਈ। ਇਸਦਾ ਕਾਰਣ ਇਹੀ ਮੰਨਿਆ ਗਿਆ ਕਿ ਆਮ ਤੋਰ ਤੇ ਅਕਾਲ ਤਖ਼ਤ ਸਾਹਿਬ ਪੁਰ ਅਜਿਹੇ ਰਾਜਸੀ ਮੁੱਦੇ ਹੀ ਲਿਜਾਏ ਜਾਂਦੇ ਹਨ, ਜਿਨ੍ਹਾਂ ਪਿੱਛੇ ਵਿਰੋਧੀ ਧਿਰ ਨੂੰ ਜਿੱਚ ਕਰਨ ਅਤੇ ਉਸ ਵਿਰੁਧ ਕਿੜ ਕਢਣ ਦੀ ਭਾਵਨਾ ਕੰਮ ਕਰ ਰਹੀ ਹੁੰਦੀ ਹੈ। ਇਸਦੇ ਨਾਲ ਹੀ ਸੱਤਾਧਾਰੀ ਅਤੇ ਉਨ੍ਹਾਂ ਦੇ ਹਿਮਾਇਤੀ ਇਸਤਰ੍ਹਾਂ ਦੇ ਬਿਆਨ ਦੇਣਾ ਸ਼ੁਰੂ ਕਰ ਦਿੰਦੇ ਹਨ, ਜਿਨ੍ਹਾਂ ਤੋਂ ਇਉਂ ਜਾਪਣ ਲਗਦਾ ਹੈ, ਜਿਵੇਂ ਉਹ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਆਦੇਸ਼ ਦੇ ਰਹੇ ਹੋਣ ਕਿ ਉਨ੍ਹਾਂ ਦੇ ਵਿਰੋਧੀ ਨੂੰ ਬਖਸ਼ਣਾ ਨਹੀਂ, ਠਿਕਾਣੇ ਲਾ ਕੇ ਹੀ ਛੱਡਣਾ। ਇਸਦੇ ਨਤੀਜੇ ਵਜੋਂ ਇਹ ਪ੍ਰਭਾਵ ਜਾਣਾ ਸੁਭਾਵਕ ਹੋ ਜਾਂਦਾ ਹੈ, ਕਿ ਅਕਾਲ ਤਖ਼ਤ ਸਾਹਿਬ ਤੋਂ ਜਾਰੀ ਹੋਣ ਵਾਲੇ ਫੈਸਲੇ ਨਿਰਪੱਖ ਨਾ ਹੋ ਇੱਕ-ਪੱਖੀ ਅਤੇ ਰਾਜਨੀਤੀ ਤੋਂ ਪ੍ਰਰੇਤ ਹੁੰਦੇ ਹਨ।    
ਇਸੇ ਦੇ ਫਲਸਰੂਪ ਹੀ ਇੱਕ ਪਾਸੇ ਇਹ ਮੰਗ ਕੀਤੀ ਜਾਣ ਲਗੀ ਕਿ ਅਕਾਲ ਤਖ਼ਤ ਸਾਹਿਬ ਨੂੰ ਇਕ ਸੁਤੰਤਰ ਸੰਸਥਾ ਵਜੋਂ ਸਥਾਪਤ ਕੀਤਾ ਜਾਣਾ ਬਹੁਤ ਜ਼ਰੂਰੀ ਹੈ ਅਤੇ ਦੂਜੇ ਪਾਸੇ ਇਹ ਵੀ ਕਿਹਾ ਜਾਣ ਲਗਾ ਕਿ ਅਜਿਹਾ ਕੀਤਾ ਜਾਣਾ ਸੰਭਵ ਨਹੀਂ। ਇਸਦਾ ਕਾਰਣ ਇਹ ਦਸਿਆ ਗਿਆ ਕਿ ਇਸ ਮੰਗ ਨਾਲ ਸਬੰਧਤ ਕਈ ਅਜਿਹੇ ਸੁਆਲ ਉਠ ਖੜੇ ਹੋਣਗੇ, ਜਿਨ੍ਹਾਂ ਦਾ ਜਵਾਬ ਦੇਣਾ ਜਾਂ ਤਲਾਸ਼ਣਾ ਸਹਿਜ ਨਹੀਂ ਹੋਵੇਗਾ। ਜਿਵੇਂ ਕਿ ਪਹਿਲਾ ਸੁਆਲ ਇਹੀ ਉਠਾਇਆ ਜਾਇਗਾ ਕਿ ਕੀ ਇਹ ਸੰਸਥਾ ਕੇਵਲ ਇਕ ਵਿਅਕਤੀ ਦੇ ਹੀ ਅਧੀਨ ਹੋਵੇਗੀ, ਜਿਵੇਂ ਕਿ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੇ ਅਹੁਦੇ ਨੂੰ ਸਰਵੁਚਤਾ ਦੀ ਮਾਨਤਾ ਦਿਤੇ ਜਾਣ ਦੀ ਗਲ ਕਰਕੇ, ਸੰਕੇਤ ਦਿਤਾ ਜਾ ਰਿਹਾ ਹੈ। ਇਸਦੇ ਨਾਲ ਹੀ ਇਹ ਸੁਆਲ ਵੀ ਉਠ ਖੜਾ ਹੋਵੇਗਾ ਕਿ ਜੇ ਅਜਿਹੀ ਗਲ ਹੈ, ਤਾਂ ਫਿਰ ਇਹ ਸਿੱਖ ਧਰਮ ਦੀਆਂ ਸਥਾਪਤ ਮਾਨਤਾਵਾਂ ਅਤੇ ਪਰੰਪਰਾਵਾਂ ਦੇ ਵਿਰੁਧ ਹੋਣ ਦੇ ਨਾਲ ਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਆਦਰਸ਼ 'ਪੰਚ ਪਰਵਾਣ ਪੰਚ ਪਰਧਾਨੁ। ਪੰਚੇ ਪਾਵਹਿ ਦਰਗਹਿ ਮਾਨੁ' ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵਲੋਂ ਖ਼ਾਲਸਾ ਪੰਥ ਦੀ ਸਿਰਜਨਾ ਨੂੰ ਸੰਪੂਰਣ ਕਰਦਿਆਂ ਪੰਜ ਪਿਆਰਿਆਂ ਨੂੰ ਸੌਂਪੀ ਗਈ ਅਗਵਾਈ ਦੀ ਮਾਨਤਾ ਦੀ ਵੀ ਉਲੰਘਣਾ ਹੋਵੇਗੀ।
ਇਸ ਸਥਿਤੀ ਤੋਂ ਉਭਰਨ ਅਤੇ ਅਕਾਲ ਤਖ਼ਤ ਅਤੇ ਦੂਸਰੇ ਤਖ਼ਤਾਂ ਦੀ ਮਾਣ-ਮਰਿਆਦਾ ਅਤੇ ਨਿਰਪੱਖ ਹੋਂਦ ਦੀ ਮਾਨਤਾ ਕਾਇਮ ਰਖਣ ਲਈ ਜ਼ਰੂਰੀ ਮੰਨਿਆ ਗਿਆ ਕਿ ਅਕਾਲ ਤਖ਼ਤ ਤੋਂ ਸ਼੍ਰੋਮਣੀ ਕਮੇਟੀ ਨੂੰ ਦਿਤੇ ਗਏ ਆਦੇਸ਼ ਕਿ 'ਤਖ਼ਤ ਸਾਹਿਬਾਨ ਦੇ ਜਥੇਦਾਰ ਅਤੇ ਮੁੱਖ ਗ੍ਰੰਥੀ ਸਾਹਿਬਾਨ ਦੇ ਸੇਵਾ ਨਿਯਮ, ਜਿਵੇਂ ਨਿਯੁੱਕਤੀ ਲਈ ਯੋਗਤਾਵਾਂ, ਆਉਣ ਵਾਲੀਆਂ ਪੰਥਕ ਸਮੱਸਿਆਵਾਂ ਦੇ ਸਮਾਧਾਨ ਅਤੇ ਅਕਾਲ ਤਖ਼ਤ ਤੋਂ ਹੁਕਮਨਾਮਾ ਜਾਰੀ ਕੀਤੇ ਜਾਣ ਦਾ ਸਪਸ਼ਟ ਵਿੱਧੀ-ਵਿਧਾਨ ਸੁਨਿਸ਼ਚਿਤ ਕੀਤਾ ਜਾਵੇ, ਤਾਂ ਜੋ ਭਵਿੱਖ ਵਿੱਚ ਕਿਸੇ ਵਲੋਂ ਵੀ ਅਕਾਲ ਤਖ਼ਤ ਸਾਹਿਬ ਦੀ ਨਿਜੀ ਹਿਤਾਂ ਲਈ ਵਰਤੋਂ ਕੀਤੇ ਜਾਣ ਦੀ ਸੰਭਾਵਨਾ ਨਾ ਰਹੇ ਅਤੇ ਖ਼ਾਲਸਾ ਪੰਥ ਵਿੱਚ ਅਕਾਲ ਤਖ਼ਤ ਸਾਹਿਬ ਤੋਂ ਸਮੇਂ-ਸਮੇਂ ਜਾਰੀ ਕੀਤੇ ਹੁਕਮਨਾਮਿਆਂ ਦੀ ਮਾਨਤਾ ਤੇ ਪਵਿੱਤ੍ਰਤਾ ਕਾਇਮ ਰਵ੍ਹੇ' ਅਤੇ ਉਨ੍ਹਾਂ ਪੁਰ ਇਮਾਨਦਾਰੀ ਨਾਲ ਅਮਲ ਕੀਤਾ ਜਾਏ।
ਪ੍ਰੰਤੂ ਹੈਰਾਨੀ ਦੀ ਗਲ ਇਹ ਹੈ ਕਿ ਅਕਾਲ ਤਖ਼ਤ ਸਾਹਿਬ ਤੋਂ ਪੰਜ ਸਿੰਘ ਸਾਹਿਬਾਨ ਵਲੋਂ, ਸ਼੍ਰੋਮਣੀ ਕਮੇਟੀ ਦੇ ਮੁੱਖੀਆਂ ਨੂੰ ਇਹ ਆਦੇਸ਼ ਦਿਤਿਆਂ ਵੀਹ-ਕੁ (20) ਵਰ੍ਹੇ ਹੋ ਗਏ ਹਨ, ਪ੍ਰੰਤੂ ਅਜੇ ਤਕ ਇਸ ਪੁਰ ਅਮਲ ਹੋਣਾ ਤਾਂ ਦੂਰ ਰਿਹਾ, ਇਸਦੇ ਸਬੰਧ ਵਿੱਚ ਮੁਢਲੀ, ਅਰਥਾਤ ਗੁਰਮਤਿ ਸੋਚ ਵਾਲੇ ਮਾਹਿਰਾਂ ਦੀ ਕਮੇਟੀ ਬਣਾਏ ਜਾਣ ਤਕ ਦੇ ਸਬੰਧ ਵਿੱਚ ਵਿਚਾਰ ਤਕ ਵੀ ਨਹੀਂ ਕੀਤਾ ਗਿਆ। ਜਿਸਤੋਂ ਜਾਪਦਾ ਹੈ ਕਿ ਸ਼੍ਰੋਮਣੀ ਕਮੇਟੀ ਦੀ ਸੱਤਾ ਪੁਰ ਕਾਬਜ਼ ਮੁੱਖੀ ਨਹੀਂ ਚਾਹੁੰਦੇ ਕਿ ਸਿੱਖ ਧਰਮ ਦੇ ਸਰਵੁੱਚ ਧਾਰਮਕ ਅਸਥਾਨਾਂ ਨੂੰ ਇਤਨੀ ਸੁਤੰਤਰਤਾ ਮਿਲ ਜਾਏ ਕਿ ਉਨ੍ਹਾਂ ਦੀ ਨਿਜੀ ਹਿੱਤਾਂ ਲਈ ਵਰਤੋਂ ਕਰਨਾ ਅਸੰਭਵ ਹੋ ਜਾਏ। ਸ਼ਾਇਦ ਇਹੀ ਕਾਰਣ ਹੈ ਕਿ ਉਹ ਲਗਾਤਾਰ ਸੇਵਾ-ਮੁਕਤ ਸ਼ਖਸੀਅਤਾਂ ਨੂੰ ਹੀ 'ਐਕਸਟੈਂਨਸ਼ਨ' ਦੇ ਅਕਾਲ ਤਖ਼ਤ ਦੇ ਜਥੇਦਾਰ ਦੇ ਅਹੁਦੇ ਪੁਰ ਨਿਯੁਕਤ ਕਰਦੇ ਚਲੇ ਆ ਰਹੇ ਹਨ। ਇਸਦਾ ਉਨ੍ਹਾਂ ਨੂੰ ਲਾਭ ਇਹ ਹੈ ਕਿ 'ਐਕਸਟੈਂਸ਼ਨ' ਪੁਰ ਚਲ ਰਹੇ ਵਿਅਕਤੀ ਨੂੰ, ਉਹ ਜਿਸ ਸਮੇਂ ਵੀ ਚਾਹੁਣ ਸੇਵਾ-ਮੁਕਤ ਕਰ ਸਕਦੇ ਹਨ। ਇਸਤਰ੍ਹਾਂ ਉਨ੍ਹਾਂ ਪੁਰ ਹਾਕਮਾਂ ਦੀ ਤਲਵਾਰ ਲਟਕਦੀ ਰਹਿੰਦੀ ਹੈ, ਜੋ ਉਨ੍ਹਾਂ ਦਾ ਹੁਕਮ ਵਜਾਦਿਆਂ ਰਹਿਣ ਪ੍ਰਤੀ ਉਨ੍ਹਾਂ ਨੂੰ ਵਚਨ-ਬੱਧ ਬਣਿਆ ਰਹਿਣ ਤੇ ਮਜਬੂਰ ਕਰੀ ਰਖਦੀ ਹੈ।
ਧਾਰਮਕ ਵਿਦਵਾਨਾਂ ਅਨੁਸਾਰ ਇਸਦਾ ਮੁੱਖ ਕਾਰਣ ਗੁਰੂ ਸਾਹਿਬਾਨ ਦੀ ਭਾਵਨਾ ਨੂੰ ਬਿਨਾਂ ਸਮਝੇ-ਵਿਚਾਰੇ ਸੁਆਰਥ ਅਧੀਨ ਧਰਮ ਅਤੇ ਰਾਜਨੀਤੀ ਨੂੰ ਰਲਗੱਡ ਕਰ ਦਿਤੇ ਜਾਣਾ ਹੈ। ਇਥੇ ਇਹ ਗਲ ਵੀ ਵਰਨਣਯੋਗ ਹੈ ਕਿ ਸਿੱਖ ਰਾਜਨੀਤੀ, ਜਿਸਨੂੰ ਹਾਲਾਤ ਅਨੁਸਾਰ ਅਕਾਲੀ ਰਾਜਨੀਤੀ ਮੰਨਿਆ ਜਾਂਦਾ ਹੈ, ਅਜਿਹੇ ਦੌਰ ਵਿੱਚ ਵਿਚਰਦੀ ਚਲੀ ਆ ਰਹੀ ਹੈ, ਜਿਸ ਵਿੱਚ ਅਕਾਲ ਤਖ਼ਤ ਸਾਹਿਬ ਨੂੰ ਸੁਤੰਤਰ ਸੰਸਥਾ ਵਜੋਂ ਸਥਾਪਤ ਕੀਤਾ ਜਾਣਾ ਕਿਸੇ ਵੀ ਤਰ੍ਹਾਂ ਸੰਭਵ ਨਹੀਂ। ਇਸਦਾ ਕਾਰਣ ਇਹ ਹੈ ਕਿ ਇਸਨੂੰ ਸੁਤੰਤਰ ਰੂਪ ਦੇ ਦਿਤੇ ਜਾਣ ਦੇ ਬਾਵਜੂਦ, ਇਸ ਪੁਰ ਜੋ ਲੋਕੀ ਕਾਬਜ਼ ਹੋਣਗੇ, ਉਹ ਕਿਸੇ ਨਾ ਕਿਸੇ ਰੂਪ ਵਿੱਚ ਅਕਾਲੀ ਰਾਜਨੀਤੀ ਦੀ ਸੋਚ ਤੋਂ ਹੀ ਪ੍ਰੇਰਿਤ ਹੋਣਗੇ ਅਤੇ ਹਰ ਅਕਾਲੀ ਦੀ ਸੋਚ ਭਾਵੇਂ ਉਹ ਕਿਸੇ ਵੀ ਦਲ ਦੇ ਨਾਲ ਸਬੰਧਤ ਹੈ, ਰਾਜਨੀਤੀ ਦੇ ਢਾਂਚੇ ਵਿੱਚ ਢਲ ਚੁਕੀ ਹੈ। ਜਿਥੇ ਰਾਜਨੀਤੀ ਹੋਵੇਗੀ, ਉਥੇ ਸੁਆਰਥ ਭਾਰੂ ਹੋਵੇਗਾ ਅਤੇ ਜਿਥੇ ਸੁਆਰਥ ਹੋਵੇਗਾ, ਉਥੇ ਨਿਰਪੱਖਤਾ ਅਤੇ ਸਰਵੁਚਤਾ ਆਪਣੇ ਆਪਨੂੰ ਕਿਵੇਂ ਕਾਇਮ ਰਖਣ ਵਿੱਚ ਸਫਲ ਹੋ ਸਕਣਗੀਆਂ।  

...ਅਤੇ ਅੰਤ ਵਿੱਚ : ਧਾਰਮਕ ਸੋਚ ਦੇ ਧਾਰਨੀ ਸਿੱਖਾਂ ਦਾ ਕਹਿਣਾ ਹੈ ਕਿ ਜੇ ਅਕਾਲ ਤਖ਼ਤ ਸਾਹਿਬ ਦੀ ਨਿਰਪੱਖਤਾ 'ਤੇ ਸਰਵੁਚਤਾ ਨੂੰ ਕਾਇਮ ਰਖਣ ਦੀ ਇਮਾਨਦਾਰਾਨਾ ਭਾਵਨਾ ਹੈ ਤਾਂ ਪੰਥ ਵਿਚੋਂ ਛੇਕਣ ਜਾਂ ਕਢਣ-ਕਢਾਣ ਦਾ ਸਿਲਸਿਲਾ ਬੰਦ ਹੋਣਾ ਚਾਹੀਦਾ ਹੈ। ਗੁਰੂ ਬਖ਼ਸ਼ਣ-ਹਾਰ ਹੈ। ਉਸਦੇ ਦਰ ਤੇ ਆ, ਜੋ ਵੀ ਨਿਮਾਣਾ ਹੋ ਆਪਣੀ ਭੁਲ ਸਵੀਕਾਰ ਕਰ, ਬਖ਼ਸ਼ੇ ਜਾਣ ਦੀ ਬੇਨਤੀ ਕਰਦਾ ਹੈ, ਉਸਨੂੰ ਬਖ਼ਸ਼ਣ ਸਮੇਂ ਨਾ ਤਾਂ ਅੜੀ ਕਰਨੀ ਚਾਹੀਦੀ ਹੈ ਅਤੇ ਨਾ ਹੀ ਦੇਰ ਲਾਣੀ ਚਾਹੀਦੀ ਹੈ। ਇਹ ਗਲ ਧਿਆਨ ਵਿੱਚ ਰਖਣ ਵਾਲੀ ਹੈ ਕਿ ਦਸਮੇਸ਼ ਪਿਤਾ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਬੇਦਾਵਾ ਲਿਖ ਦੇ ਗਏ ਚਾਲ੍ਹੀ ਸਿੱਖਾਂ ਨੂੰ ਇਕੋ ਸਿੱਖ ਦੀ ਬੇਨਤੀ ਤੇ ਬਖ਼ਸ਼ ਦਿਤਾ ਸੀ ਅਤੇ ਅਜਿਹਾ ਕਰਦਿਆਂ ਉਨ੍ਹਾਂ ਇਕ ਮਿੰਟ ਦੀ ਵੀ ਦੇਰੀ ਨਹੀਂ ਸੀ ਕੀਤੀ। ਉਨ੍ਹਾਂ ਦਾ ਇਹ ਵੀ ਕਹਿਣਾ ਹੈ ਕਿ ਇਹ ਗਲ ਵੀ ਨਿਸ਼ਚਿਤ ਕੀਤੀ ਜਾਣੀ ਚਾਹੀਦੀ ਹੈ ਕਿ ਨਾ ਤਾਂ ਕਿਸੇ ਨੂੰ ਰਾਜਨੀਤੀ ਤੋਂ ਪ੍ਰੇਰਿਤ ਮੁੱਦੇ ਅਕਾਲ ਤਖ਼ਤ ਸਾਹਿਬ ਤੇ ਲਿਜਾਣ ਦਾ ਅਤੇ ਨਾ ਹੀ ਉਥੋਂ ਦੇ ਜਥੇਦਾਰ ਸਾਹਿਬ ਨੂੰ ਉਨ੍ਹਾਂ ਪੁਰ ਵਿਚਾਰ ਕਰਨ ਦਾ ਅਧਿਕਾਰ ਹੋਵੇ। ਕਿਉਂਕਿ ਮੁੱਖ ਰੂਪ ਵਿੱਚ ਰਾਜਸੀ ਮੁੱਦੇ ਹੀ ਅਕਾਲ ਤਖ਼ਤ ਦੇ ਮਾਣ-ਸਤਿਕਾਰ ਅਤੇ ਨਿਰਪੱਖਤਾ ਪੁਰ ਸੁਆਲੀਆ ਨਿਸ਼ਾਨ ਲਾਉਣ ਦਾ ਕਾਰਣ ਬਣਦੇ ਹਨ।000  

Mobile : + 91 95 82 71 98 90
E-mail : jaswantsinghajit@gmail.com

Address : Jaswant Singh ‘Ajit’, Flat No. 51, Sheetal Apartment, Plot No. 12,
 Sector – 14, Rohini,  DELHI-110085      

ਹੁਣ ਫਿਰ ਲੋੜ ਹੈ ਗੁਰਦੁਆਰਾ ਸੁਧਾਰ ਲਹਿਰ ਦੀ? - ਜਸਵੰਤ ਸਿੰਘ 'ਅਜੀਤ'


ਪ੍ਰਿੰਸੀਪਲ ਹਰਿਭਜਨ ਸਿੰਘ ਨੇ ਆਪਣੀ 'ਧਰਮਸਾਲ (ਗੁਰਦੁਆਰਾ)' ਰਚਨਾ ਵਿੱਚ ਧਰਮਸਾਲ ਜਾਂ ਗੁਰਦੁਆਰੇ ਦੀ ਪਰਿਭਾਸ਼ਾ ਦਾ ਵਰਨਣ ਇਨ੍ਹਾਂ ਸ਼ਬਦਾਂ ਵਿੱਚ ਕੀਤਾ ਹੈ, ''ਸਤਿਗੁਰ ਨਾਨਕ ਦੇਵ ਜੀ ਜਦੋਂ ਪ੍ਰਭੂ ਨਾਲ ਇਕਸੁਰ ਹੋਏ ਤਾਂ ਉਨ੍ਹਾਂ ਮਨੁੱਖ ਦੀ ਸੁੱਖ-ਸ਼ਾਂਤੀ ਤੇ ਉਸਦੇ ਕਲਿਆਣ ਲਈ 'ਸਗਲੀ ਚਿੰਤਾ' ਮਿਟਾ ਦੇਣ ਵਾਲੀ 'ਧੁਰ ਕੀ ਬਾਣੀ' ਰਚੀ। ਇਸ ਬਾਣੀ ਦੇ ਪਠਨ-ਪਾਠ ਅਤੇ ਵਿਚਾਰ ਲਈ ਸੰਗਤਾਂ ਕਾਇਮ ਕੀਤੀਆਂ ਗਈਆਂ। ਇਨ੍ਹਾਂ ਸੰਗਤਾਂ ਦੇ ਮਿਲ-ਬੈਠਣ ਲਈ ਕਿਸੇ ਸਾਂਝੇ ਅਸਥਾਨ ਦੀ ਸਥਾਪਨਾ ਕਰਨ ਦੀ ਲੋੜ ਪਈ, ਅਜਿਹੇ ਅਸਥਾਨਾਂ ਨੂੰ ਧਰਮਸਾਲ, ਅਰਥਾਤ ਗੁਰਦੁਆਰੇ, ਦੀ ਸੰਗਿਆ ਦਿੱਤੀ ਗਈ।
''ਸੋ ਇਸਤਰ੍ਹਾਂ ਗੁਰਬਾਣੀ, ਸੰਗਤ ਤੇ ਧਰਮਸਾਲ (ਗੁਰਦੁਆਰਾ) ਆਪੋ ਵਿੱਚ ਅਨਿੱਖੜ ਵਸਤਾਂ ਬਣ ਗਈਆਂ ਅਤੇ ਇਨ੍ਹਾਂ ਤਿੰਨਾਂ ਦੀ ਸਹੀ ਵਰਤੋਂ-ਵਿਹਾਰ ਵਿੱਚ ਹੀ ਸਿੱਖ ਅਥਵਾ ਪ੍ਰਾਣੀ ਮਾਤਰ ਦੇ ਕਲਿਆਣ ਦਾ ਭੇਦ ਭਰ ਦਿੱਤਾ ਗਿਆ''।
ਉਨ੍ਹਾਂ ਵਲੋਂ ਕੀਤੀ ਗਈ ਇਹ ਪਰਿਭਾਸ਼ਾ ਇਸ ਗਲ ਦੀ ਪ੍ਰਤੀਕ ਹੈ ਕਿ 'ਧਰਮਸਾਲ', ਜਿਸਨੂੰ ਬਾਅਦ ਵਿੱਚ 'ਗੁਰਦੁਆਰੇ' ਦਾ ਨਾਂ ਦੇ ਦਿਤਾ ਗਿਆ, ਦੀ ਸਥਾਪਨਾ ਇਸ ਉਦੇਸ਼ ਨਾਲ ਕੀਤੀ ਗਈ ਸੀ ਕਿ ਇਥੇ ਸੰਗਤਾਂ ਇੱਕਤਰ ਹੋ, 'ਧੁਰ ਕੀ ਬਾਣੀ' ਦਾ ਗਾਇਨ ਅਤੇ ਸ੍ਰਵਣ ਕਰਨਗੀਆਂ ਅਤੇ ਉਸ 'ਤੇ ਵਿਚਾਰ ਕਰ ਆਪਣਾ ਜੀਵਨ ਸਫਲਾ ਕਰ ਲੈਣਗੀਆਂ।
ਸਮੇਂ ਨੇ ਕਰਵੱਟ ਲਈ! ਸਿੱਖਾਂ ਨੂੰ ਆਪਣੀ ਹੋਂਦ, ਧਰਮ, ਗ਼ਰੀਬ-ਮਜ਼ਲੂਮ ਅਤੇ ਨਿਆਂ ਦੀ ਰਖਿਆ ਅਤੇ ਜਬਰ ਤੇ ਜ਼ੁਲਮ ਦਾ ਨਾਸ਼ ਕਰਨ ਦੇ ਲਈ ਲੰਮਾਂ ਤੇ ਲਗਾਤਾਰ ਸੰਘਰਸ਼ ਕਰਨਾ ਪਿਆ। ਇਸ ਕਾਰਣ ਉਨ੍ਹਾਂ ਨੂੰ ਆਪਣੇ ਘਰ-ਘਾਟ ਛੱਡ ਜੰਗਲਾਂ-ਬੇਲਿਆਂ ਵਿੱਚ ਵਿਚਰਨ ਤੇ ਮਜਬੂਰ ਹੋਣਾ ਪੈ ਗਿਆ। ਜਿਸਦੇ ਫਲਸਰੂਪ ਉਹ ਆਪਣੇ ਪਵਿਤ੍ਰ ਗੁਰਧਾਮਾਂ ਦੀ ਸੇਵਾ-ਸੰਭਾਲ ਵਲ ਪੂਰਾ ਧਿਆਨ ਨਾ ਦੇ ਸਕੇ। ਮਹੰਤਾਂ ਨੇ ਅਗੇ ਆ ਕੇ ਹੌਲੀ-ਹੌਲੀ ਇਹ ਜ਼ਿਮੇਂਦਾਰੀ ਸੰਭਾਲਣ ਲਈ।
ਸਿੱਖਾਂ ਦੇ ਇਸਤਰ੍ਹਾਂ ਜੂਝਦਿਆਂ ਹੀ ਮਹਾਰਾਜਾ ਰਣਜੀਤ ਸਿੰਘ ਨੇ ਪੰਜਾਬ ਦੀ ਧਰਤੀ 'ਤੇ ਪੰਜਾਬੀਆਂ ਦੇ ਸਾਂਝੇ 'ਖਾਲਸਾ ਰਾਜ' ਦੀ ਸਥਾਪਨਾ ਕਰ ਲਈ। ਜਿਥੇ ਉਸਨੇ ਇਕ ਪਾਸੇ ਆਪਣੇ ਰਾਜ ਨੂੰ ਮਜ਼ਬੂਤ ਕਰਨ 'ਤੇ ਉਸਦਾ ਵਿਸਥਾਰ ਕਰਨ ਵੱਲ ਧਿਆਨ ਦਿੱਤਾ, ਉਥੇ ਹੀ ਦੂਜੇ ਪਾਸੇ ਉਸਨੇ ਇਸ ਉਦੇਸ਼ ਨਾਲ ਧਾਰਮਕ ਅਸਥਾਨਾਂ ਦੇ ਨਾਂ ਤੇ ਜ਼ਮੀਨਾਂ-ਜਾਇਦਾਦਾਂ ਲਗਵਾਈਆਂ, ਤਾਂ ਜੋ ਇਨ੍ਹਾਂ ਦੀ ਆਮਦਨ ਨਾਲ ਇਨ੍ਹ ਅਸਥਾਨਾਂ ਤੋਂ ਧਰਮ-ਪ੍ਰਚਾਰ ਦੀ ਲਹਿਰ ਬਿਨ੍ਹਾਂ ਕਿਸੇ ਰੋਕ-ਰੁਕਾਵਟ ਦੇ ਨਿਰਵਿਘਨ ਚਲਦੀ ਰਹਿ ਸਕੇ।
ਜਦੋਂ ਅੰਗ੍ਰੇਜ਼ਾਂ ਨੇ ਪੰਜਾਬ 'ਤੇ ਕਬਜ਼ਾ ਕੀਤਾ ਤਾਂ ਉਨ੍ਹਾਂ ਸਭ ਤੋਂ ਪਹਿਲਾਂ ਸਿੱਖਾਂ ਦੇ ਉਨ੍ਹਾਂ ਸ਼ਕਤੀ-ਸੋਮਿਆਂ ਨੂੰ ਆਪਣੇ ਪ੍ਰਭਾਵ ਹੇਠ ਲਿਆਣ ਵੱਲ ਧਿਆਨ ਦਿੱਤਾ, ਜਿਨ੍ਹਾਂ ਤੋਂ ਸ਼ਕਤੀ ਪ੍ਰਾਪਤ ਕਰ, ਸਿੱਖਾਂ ਨੇ ਅੰਗ੍ਰੇਜ਼ਾਂ ਨੂੰ ਲੋਹੇ ਦੇ ਚਨੇ ਚਬਵਾ ਦਿੱਤੇ ਸਨ। ਅੰਗ੍ਰੇਜ਼ਾਂ ਨੇ ਬਾਕੀ ਹਿੰਦੁਸਤਾਨ ਪੁਰ ਜਿਸ ਆਸਾਨੀ ਨਾਲ ਕਬਜ਼ਾ ਕਰ ਲਿਆ ਸੀ, ਉਸਨੇ ਉਸਤੋਂ ਇਹ ਸਮਝ ਲਿਆ ਸੀ, ਕਿ ਪੰਜਾਬ ਪੁਰ ਕਬਜ਼ਾ ਕਰਨਾ ਉਨ੍ਹਾਂ ਲਈ ਕੋਈ ਮੁਸ਼ਕਲ ਨਹੀਂ ਹੋਵੇਗਾ। ਪਰ ਉਨ੍ਹਾਂ ਨੂੰ ਆਪਣੇ ਇਸ ਉਦੇਸ਼ ਵਿੱਚ ਜਿਨ੍ਹਾਂ ਚੁਨੌਤੀਆਂ ਦਾ ਸਾਹਮਣਾ ਕਰਨਾ ਪਿਆ, ਉਨ੍ਹਾਂ ਤੋਂ ਉਨ੍ਹਾਂ ਨੂੰ ਸਮਝ ਆ ਗਈ ਕਿ ਜੇ ਆਸਤੀਨ ਦੇ ਸੱਪ ਸਿੱਖਾਂ ਨੂੰ ਧੋਖਾ ਨਾ ਦਿੰਦੇ ਤਾਂ, ਸਿੱਖਾਂ ਨੇ ਉਨ੍ਹਾਂ ਦਾ ਹਿੰਦੁਸਤਾਨ ਵਿੱਚ ਟਿੱਕੇ ਰਹਿਣਾ ਮੁਹਾਲ ਕਰ ਦੇਣਾ ਸੀ।
ਖੈਰ, ਕਿਸੇ ਵੀ ਤਰ੍ਹਾਂ ਅੰਗ੍ਰੇਜ਼ ਪੰਜਾਬ ਪੁਰ ਕਾਬਜ਼ ਹੋ ਗਏ। ਉਨ੍ਹਾਂ ਸਿੱਖਾਂ ਦੇ ਸ਼ਕਤੀ-ਸੋਮਿਆਂ, ਇਤਿਹਾਸਕ ਗੁਰਦੁਆਰਿਆਂ ਦਾ ਪ੍ਰਬੰਧ ਸੰਭਾਲੀ ਬੈਠੇ ਗੱਦੀਦਾਰ ਮਹੰਤਾਂ ਦੀ ਸਰਪ੍ਰਸਤੀ ਕਰਨੀ ਸ਼ੁਰੂ ਕਰ ਦਿੱਤੀ। ਜਿਸਦਾ ਨਤੀਜਾ ਇਹ ਹੋਇਆ ਕਿ ਮਹੰਤ ਹੌਲੀ-ਹੌਲੀ ਸਿੱਖਾਂ ਦੇ ਪ੍ਰਭਾਵ ਤੋਂ ਮੁਕਤ ਹੁੰਦੇ ਅਤੇ ਅੰਗ੍ਰੇਜ਼ਾਂ ਦੀ ਸਰਪ੍ਰਸਤੀ ਸਵੀਕਾਰ ਕਰਦੇ ਚਲੇ ਗਏ। ਅੰਗ੍ਰੇਜ਼ਾਂ ਨੇ ਗੁਰਦੁਆਰਿਆਂ ਦੇ ਪ੍ਰਬੰਧ ਲਈ ਮਹੰਤ ਦੀ ਚੋਣ ਕਰਨ ਦਾ ਅਧਿਕਾਰ ਸਿੱਖਾਂ ਪਾਸੋਂ ਖੋਹ ਕੇ ਆਪਣੇ ਪ੍ਰਭਾਵ ਹੇਠ ਬਣਾਈਆਂ ਕਮੇਟੀਆਂ ਨੂੰ ਦੇ ਦਿੱਤਾ। ਫਲਸਰੂਪ ਮਹੰਤਾਂ ਨੇ ਅੰਗ੍ਰੇਜ਼ਾਂ ਦੀ ਇੱਛਾ ਅਤੇ ਉਨ੍ਹਾਂ ਤੇ ਆਪਣੇ ਹਿਤਾਂ ਅਨੁਸਾਰ ਸਿੱਖ ਧਰਮ ਦੀਆਂ ਸਥਾਪਤ ਮਰਿਆਦਾਵਾਂ ਅਤੇ ਪਰੰਪਰਾਵਾਂ ਨੂੰ ਬਦਲਣਾ ਸ਼ੁਰੂ ਕਰ ਦਿੱਤਾ। ਗੁਰਧਾਮਾਂ ਨਾਲ ਲਗੀਆਂ ਜ਼ਮੀਨਾਂ-ਜਾਇਦਾਦਾਂ ਕਾਰਣ, ਉਨ੍ਹਾਂ ਦੀ ਆਮਦਨ ਵਿੱਚ ਵਾਧਾ ਹੋਣ ਦਾ ਜੋ ਸਿਲਸਿਲਾ ਅਰੰਭ ਹੋਇਆ, ਉਸਨੇ ਮਹੰਤਾਂ ਦੀਆਂ ਅੱਖਾਂ ਹੀ ਬਦਲ ਕੇ ਰੱਖ ਦਿੱਤੀਆਂ। ਉਨ੍ਹਾਂ ਦਾ ਆਚਰਣ ਗਿਰਾਵਟ ਵੱਲ ਵਧਣ ਲਗਾ। ਦੁਰਾਚਾਰ, ਬਦਕਾਰੀ ਅਤੇ ਭ੍ਰਿਸ਼ਟਾਚਾਰ ਉਨ੍ਹਾਂ ਦੇ ਜੀਵਨ ਦੇ ਅਨਿੱਖੜ ਅੰਗ ਬਣ ਗਏ। ਆਪਣੀ ਰਖਿਆ ਅਤੇ ਆਪਣੇ ਕੁਕਰਮਾਂ ਦਾ ਵਿਰੋਧ ਕਰਨ ਵਾਲਿਆਂ ਨੂੰ ਦਬਾਉਣ ਲਈ, ਉਨ੍ਹਾਂ ਗੁੰਡਿਆਂ ਦੀ ਭਰਤੀ ਸ਼ੁਰੂ ਕਰ ਦਿੱਤੀ। ਇਨ੍ਹਾਂ ਗੁੰਡਿਆਂ ਨੇ ਗੁਰਧਾਮਾਂ ਅਤੇ ਉਨ੍ਹਾਂ ਦੇ ਕੰਪਲੈਕਸਾਂ ਦੀ ਪਵਿਤ੍ਰਤਾ ਰੋਲ ਕੇ ਰੱਖ ਦਿੱਤੀ।
ਗੁਰਧਾਮਾਂ ਦੀ ਪਵਿਤ੍ਰਤਾ ਭੰਗ ਹੋਣ ਅਤੇ ਉਥੇ ਦਰਸ਼ਨ ਕਰਨ ਜਾਣ ਵਾਲੀਆਂ ਸੰਗਤਾਂ ਦੇ ਬੇ-ਪਤ ਹੋਣ ਦੀਆਂ ਘਟਨਾਵਾਂ ਦਿਨ-ਬ-ਦਿਨ ਵੱਧਣ ਲਗੀਆਂ, ਤਾਂ ਗੁਰਧਾਮਾਂ ਨੂੰ ਮਹੰਤਾਂ ਦੇ ਪੰਜੇ ਵਿਚੋਂ ਆਜ਼ਾਦ ਕਰਵਾਉਣ ਲਈ ਸ਼ਰਧਾਵਾਨ ਸਿੱਖ ਉਤੇਜਿਤ ਹੋਣ ਲਗੇ। ਕੁਝ ਜੋਸ਼ੀਲੇ ਨੌਜਵਾਨਾਂ ਨੇ ਹਿੰਮਤ ਕਰਕੇ ਜ਼ਾਬਤੇ ਵਿੱਚ ਰਹਿੰਦਿਆਂ ਗੁਰਧਾਮਾਂ ਦੀ ਆਜ਼ਾਦੀ ਲਈ ਸ਼ਾਂਤਮਈ ਜਦੋਜਹਿਦ ਸ਼ੁਰੂ ਕਰ ਦਿੱਤੀ। ਉਨ੍ਹਾਂ ਦੀਆਂ ਕੁਰਬਾਨੀਆਂ ਸਦਕਾ ਇਕ ਤੋਂ ਬਾਅਦ ਇਕ ਕਰਕੇ ਗੁਰਧਾਮ ਮਹੰਤਾਂ ਦੇ ਕਬਜ਼ੇ ਤੋਂ ਆਜ਼ਾਦ ਹੁੰਦੇ ਚਲੇ ਗਏ। ਆਜ਼ਾਦ ਹੋਏ ਗੁਰਧਾਮਾਂ ਦੇ ਪ੍ਰਬੰਧ ਲਈ ਨਵੰਬਰ 1920 ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਥਾਪਨਾ ਕੀਤੀ ਗਈ।
ਇਸ ਜਦੋਜਹਿਦ ਵਿੱਚ ਸ਼ਾਮਲ ਹੋਣ ਲਈ ਉਤਸਾਹਿਤ ਹੋਏ ਸਿੱਖਾਂ ਨੂੰ ਜਥੇਬੰਦ ਕਰਨ ਲਈ ਵੱਖ-ਵੱਖ ਸ਼ਹਿਰਾਂ ਵਿੱਚ ਅਕਾਲੀ ਜੱਥੇ ਕਾਇਮ ਕੀਤੇ ਗਏ। ਇਨ੍ਹਾਂ ਜਥਿਆਂ ਦੇ ਮੁੱਖੀਆਂ ਨੇ ਸ੍ਰੀ ਅਕਾਲ ਤਖਤ 'ਤੇ ਇਕ ਸਾਂਝੀ ਇਕਤ੍ਰਤਾ ਕਰਕੇ ਜਥਿਆਂ ਨੂੰ ਇਕ ਕੇਂਦਰੀ ਜਥੇਬੰਦੀ ਨਾਲ ਜੋੜਨ ਦਾ ਫੈਸਲਾ ਕੀਤਾ। ਇਸ ਜਥੇਬੰਦੀ ਦਾ ਨਾਂ 'ਸ਼੍ਰੋਮਣੀ ਅਕਾਲੀ ਦਲ' ਰਖਿਆ ਗਿਆ। ਇਸਦਾ ਉਦੇਸ਼ ਤੇ ਨਿਸ਼ਾਨਾ ਮਿਥਣ ਦੇ ਲਈ 1922 ਵਿੱਚ ਇਕ ਮੱਤਾ ਪਾਸ ਕੀਤਾ ਗਿਆ. ਜਿਸ ਅਨੁਸਾਰ ਇਹ ਫੈਸਲਾ ਹੋਇਆ ਕਿ ਸ਼੍ਰੋਮਣੀ ਅਕਾਲੀ ਦਲ ਦੀ ਛੱਤਰ-ਛਾਇਆ ਹੇਠ ਇਹ ਜਥੇ ਪੰਥ ਦੀ ਸੇਵਾ ਪ੍ਰਤੀ ਵਚਨਬੱਧ ਹੋਣਗੇ ਅਤੇ ਗੁਰਦੁਆਰਿਆਂ ਦੀ ਸੇਵਾ-ਸੰਭਾਲ ਵਾਸਤੇ ਸ਼ੌਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਆਦੇਸ਼ ਦਾ ਪਾਲਣ ਕਰਨਗੇ।
ਇਤਨੇ ਵਿਸਥਾਰ ਦੇ ਨਾਲ ਗੁਰਦੁਆਰਾ ਸੁਧਾਰ ਲਹਿਰ ਦਾ ਵਰਨਣ ਕਰਨ ਦਾ ਕਾਰਣ ਇਹ ਹੈ ਕਿ ਅੱਜ ਦੀ ਪੀੜ੍ਹੀ ਨੂੰ ਇਸ ਗਲ ਦਾ ਪਤਾ ਲਗ ਸਕੇ ਕਿ ਕਿਸੇ ਸਮੇਂ ਜਦੋਂ ਮਹੰਤਾਂ ਨੇ ਸਿੱਖੀ ਦੇ ਸੋਮਿਆਂ ਦੀ ਪਵਿਤ੍ਰਤਾ ਨੂੰ ਭੰਗ ਕਰਨ ਵਿੱਚ ਕੋਈ ਕਸਰ ਨਹੀਂ ਸੀ ਛੱਡੀ ਤਾਂ ਉਸ ਸਮੇਂ ਸ਼ਰਧਾਵਾਨ ਸਿੱਖਾਂ ਨੇ ਆਪਣੀਆਂ ਕੁਰਬਾਨੀਆਂ ਦੇ ਕੇ, ਇਨ੍ਹਾਂ ਧਰਮ ਅਸਥਾਨਾਂ ਨੂੰ ਕੁਕਰਮੀ ਮਹੰਤਾਂ ਦੇ ਪੰਜੇ ਵਿਚੋਂ ਆਜ਼ਾਦ ਕਰਵਾਇਆ ਅਤੇ ਇਸ ਵਿਸ਼ਵਾਸ ਦੇ ਨਾਲ ਇਨ੍ਹਾਂ ਦੇ ਪ੍ਰਬੰਧ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਥਾਪਨਾ ਕੀਤੀ ਗਈ ਕਿ ਉਹ ਇਨ੍ਹਾਂ ਗੁਰਧਾਮਾਂ ਵਿੱਚ ਸਿੱਖੀ ਦੀਆਂ ਸਥਾਪਤ ਮਰਿਆਦਾਵਾਂ 'ਤੇ ਪਰੰਪਰਾਵਾਂ ਨੂੰ ਕਾਇਮ ਰਖਣ ਦੇ ਨਾਲ ਹੀ ਉਨ੍ਹਾਂ ਦੀ ਦ੍ਰਿੜ੍ਹਤਾ ਨਾਲ ਰਖਿਆ ਵੀ ਕਰੇਗੀ। ਇਸੇ ਸੰਦਰਭ ਵਿੱਚ ਹੀ ਸ਼੍ਰੋਮਣੀ ਅਕਾਲੀ ਦਲ ਦੀ ਸਥਾਪਨਾ ਕੀਤੀ ਗਈ ਸੀ ਕਿ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਆਦੇਸ਼ਾਂ ਦਾ ਪਾਲਣ ਕਰਦਿਆਂ ਗੁਰਦੁਆਰਿਆਂ ਦੀ ਸੇਵਾ-ਸੰਭਾਲ ਵਿੱਚ ਹੱਥ ਵਟਾਇਗਾ।
ਪਰ ਅੱਜ ਹੋ ਕੀ ਰਿਹਾ ਹੈ? ਬੀਤੇ ਕੁਝ ਵਰ੍ਹਿਆਂ ਤੋਂ ਸਰਵੁੱਚ ਸਵੀਕਾਰੀਆਂ ਜਾਂਦੀਆਂ ਧਾਰਮਕ ਸੰਸਥਾਵਾਂ ਵਿਵਾਦਾਂ ਦੇ ਘੇਰੇ ਵਿੱਚ ਆ ਗਈਆਂ ਹਨ। ਜਿਸ ਕਾਰਣ ਉਨ੍ਹਾਂ ਦੀ ਸਰਵੁੱਚਤਾ ਪੁਰ ਪ੍ਰਸ਼ੰਨ-ਚਿੰਨ੍ਹ ਲਾਏ ਜਾਣ ਲਗੇ ਹਨ। ਇਨ੍ਹਾਂ ਸੰਸਥਾਵਾਂ ਨੂੰ ਜਿਵੇਂ ਸਿੱਖਾਂ ਤੇ ਸਿੱਖੀ ਦੇ ਹਿਤਾਂ ਨਾਲੋਂ ਨਿਖੇੜ ਕੇ ਨਿਜੀ ਹਿਤਾਂ ਨਾਲ ਸਬੰਧਤ ਕਰ ਦਿੱਤਾ ਗਿਆ ਹੈ, ਉਸ ਨਾਲ ਇਕ ਵਾਰ ਫਿਰ ਸ਼ਰਧਾਵਾਨ ਸਿੱਖਾਂ ਦੀ ਚਿੰਤਾ ਵਧਦੀ ਜਾ ਰਹੀ ਹੈ ਕਿ ਸਿੱਖੀ ਅਤੇ ਉਸਦੀਆਂ ਮਰਿਆਦਾਵਾਂ ਅਤੇ ਪਰੰਪਰਾਵਾਂ ਦੇ ਰਾਖੇ ਹੋਣ ਦਾ ਦਾਅਵਾ ਕਰਨ ਵਾਲੇ ਸਿੱਖੀ ਅਤੇ ਸਿੱਖਾਂ ਨੂੰ ਕਿਧਰ ਲਿਜਾ ਰਹੇ ਹਨ?
ਇਉਂ ਜਾਪਦਾ ਹੈ, ਜਿਵੇਂ ਪੁਰਾਣੇ ਮਹੰਤਾਂ ਦੀ ਥਾਂ ਨਵੇਂ ਮਹੰਤਾਂ ਨੇ ਲੈ ਲਈ ਹੈ, ਜੋ ਉਨ੍ਹਾਂ ਨਾਲੋਂ ਕਿਤੇ ਵੱਧ ਆਚਰਣਹੀਨ ਜਾਪਦੇ ਹਨ। ਪਹਿਲੇ ਮਹੰਤਾਂ ਨੂੰ ਕੇਵਲ ਅੰਗ੍ਰੇਜ਼ੀ ਸਾਮਰਾਜ ਦੀ ਸਰਪ੍ਰਸਤੀ ਹਾਸਲ ਸੀ, ਜਿਸ ਕਾਰਣ ਲੋਕ ਉਨ੍ਹਾਂ ਦੇ ਕੁਕਰਮਾਂ ਵਿਰੁਧ ਉਠ ਖਲੋਤੇ ਸਨ, ਪਰ ਅਜੋਕੇ ਮਹੰਤਾਂ ਨੂੰ ਤਾਂ ਉਨ੍ਹਾਂ ਲੋਕਾਂ ਦੀ ਸਰਪ੍ਰਸਤੀ ਹਾਸਲ ਹੈ, ਜੋ ਸਿੱਖੀ ਦੇ ਰਖਵਾਲੇ ਹੋਣ ਦੇ ਦਾਅਵੇ ਕਰਦੇ ਰਹਿੰਦੇ ਹਨ। ਇਹੀ ਕਾਰਣ ਹੈ ਕਿ ਨਵੇਂ ਮਹੰਤਾਂ ਨੂੰ ਨਾ ਤਾਂ ਸਥਾਪਤ ਮਰਿਆਦਾਵਾਂ ਤੇ ਪਰੰਪਰਾਵਾਂ ਨੂੰ ਬਦਲਣ ਅਤੇ ਸਿੱਖ ਇਤਿਹਾਸ ਵਿਗਾੜਨ ਵਿੱਚ ਕੋਈ ਡਰ-ਭਉ ਮਹਿਸੂਸ ਹੋ ਰਿਹਾ ਹੈ ਅਤੇ ਨਾ ਹੀ ਉਨ੍ਹਾਂ ਨੂੰ ਇਸ ਗਲ ਦੀ ਚਿੰਤਾ ਹੈ ਕਿ ਕੋਈ ਉਨ੍ਹਾਂ ਵਿਰੁਧ ਡੱਟ ਕੇ ਖੜਾ ਹੋ ਸਕਦਾ ਹੈ। ਫਲਸਰੂਪ ਸਿੱਖ ਨੌਜਵਾਨ ਲਗਾਤਾਰ ਸਿੱਖੀ ਵਿਰਸੇ ਨਾਲੋਂ ਟੁੱਟ ਸਿੱਖੀ-ਸਰੂਪ ਨੂੰ ਤਿਲਾਂਜਲੀ ਦਿੰਦਾ ਜਾ ਰਿਹਾ ਹੈ।

...ਅਤੇ ਅੰਤ ਵਿੱਚ: ਜੇ ਵਰਤਮਾਨ ਹਾਲਾਤ ਦੀ ਬੀਤੇ ਸਮੇਂ ਦੇ ਹਾਲਾਤ ਨਾਲ ਤੁਲਨਾ ਕੀਤੀ ਜਾਏ ਤਾਂ ਇਉਂ ਜਾਪਦਾ ਹੈ ਕਿ ਜਿਵੇਂ ਇਤਿਹਾਸ ਆਪਣੇ-ਆਪਨੂੰ ਮੁੜ ਦੁਹਰਾ ਰਿਹਾ ਹੈ ਅਤੇ ਇਤਿਹਾਸ ਦੇ ਇਸ ਦੁਹਰਾਉ ਨੂੰ ਵੇਖਦਿਆਂ, ਇਉਂ ਜਾਪਦਾ ਹੈ, ਜਿਵੇਂ ਸ਼ਰਧਾਲੂ ਸਿੱਖਾਂ ਨੂੰ ਨਵੇਂ ਮਹੰਤਾਂ ਤੋਂ ਗੁਰਧਾਮਾਂ ਨੂੰ ਆਜ਼ਾਦ ਕਰਵਾਣ 'ਤੇ ਸਿੱਖੀ ਨੂੰ ਲਗ ਰਹੀ ਢਾਹ ਨੂੰ ਠਲ੍ਹ ਪਾਣ ਲਈ, ਗੁਰਦੁਆਰਾ ਸੁਧਾਰ ਲਹਿਰ ਵਰਗੀ ਕੋਈ ਨਵੀਂ ਲਹਿਰ ਮੁੜ ਸ਼ੁਰੂ ਕਰਨ ਲਈ ਗੰਭੀਰਤਾ ਨਾਲ ਸੋਚਣਾ ਹੋਵੇਗਾ।

Mobile : + 91 95 82 71 98 90
E-mail : jaswantsinghajit@gmail.com

Address : Jaswant Singh ‘Ajit’, Flat No. 51, Sheetal Apartment, Plot No. 12,
 Sector – 14, Rohini,  DELHI-110085

ਕੀ ਅਜੌਕੀ ਸਿੱਖ ਲੀਡਰਸ਼ਿਪ ਮਹਤਵਹੀਨ ਹੋ ਚੁਕੀ ਹੈ? - ਜਸਵੰਤ ਸਿੰਘ 'ਅਜੀਤ'

ਜੇ ਸੱਚ ਨੂੰ ਸਵੀਕਾਰ ਕਰਨ ਦੀ ਦਲੇਰੀ ਹੋਵੇ ਤਾਂ ਸਚੱਾਈ ਇਹੀ ਹੈ ਕਿ ਅੱਜ ਸਿੱਖ ਕੌਮ ਦੀ ਲੀਡਰਸ਼ਿਪ ਪੂਰੀ ਤਰ੍ਹਾਂ ਮਹਤਵਹੀਨ ਹੋ ਚੁਕੀ ਹੈ, ਜੋ ਕੋਈ ਵੀ ਆਪਣੇ ਆਪ ਦੇ ਸਿੱਖਾਂ ਦਾ ਲੀਡਰ ਜਾਂ ਨੇਤਾ ਹੋਣ ਦਾ ਦਾਅਵਾ ਕਰਦਾ ਹੈ, ਉਹ ਜਾਂ ਤਾਂ ਸਿੱਖਾਂ ਨੂੰ ਗੁਮਰਾਹ ਕਰਨ ਦੀ ਕੌਸ਼ਿਸ਼ ਕਰ ਰਿਹਾ ਹੈ, ਜਾਂ ਫਿਰ ਉਹ ਨਿਜ ਸੁਆਰਥ ਅਧੀਨ ਸਿੱਖਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਕਰਨ ਦੇ ਰਾਹ ਤੁਰ ਪਿਆ ਹੈ। ਵੇਖਿਆ ਜਾਏ ਤਾਂ ਅੱਜ ਸਿੱਖਾਂ ਦੀ ਪ੍ਰਤੀਨਿਧਤਾ ਕਰਨ ਤੇ ਉਨ੍ਹਾਂ ਦੇ ਹਿਤਾਂ-ਅਧਿਕਾਰਾਂ ਦੇ ਰਾਖੇ ਹੋਣ ਦੇ ਦਾਅਵੇਦਾਰ ਕਈ ਅਖੌਤੀ ਅਕਾਲੀ ਦਲ ਮੈਦਾਨ ਵਿੱਚ ਹਨ। ਪ੍ਰੰਤੂ ਉਨ੍ਹਾਂ ਵਿਚੋਂ ਸ਼ਾਇਦ ਹੀ ਕੋਈ ਅਜਿਹਾ ਹੋਵੇ, ਜਿਸਦੀ ਲਡਿਰਸ਼ਿਪ ਸਿੱਖ ਹਿਤਾਂ ਤੇ ਅਧਿਕਾਰਾਂ ਦੀ ਰਾਖੀ ਪ੍ਰਤੀ ਈਮਾਨਦਾਰ ਹੋਵੇ। ਜੇ ਇਹ ਕਿਹਾ ਜਾਏ ਕਿ ਸਾਰੇ ਹੀ ਸਿੱਖ ਲੀਡਰ ਨਿਜ ਸੁਆਰਥ ਅਧੀਨ ਸਿੱਖਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਕਰਨ ਵਿੱਚ ਇਕ-ਦੂਜੇ ਨੂੰ ਪਛਾੜਨ ਦੀ ਦੌੜ ਵਿੱਚ ਜੁਟੇ ਹੋਏ ਹਨ, ਤਾਂ ਕੋਈ ਗਲਤ ਨਹੀਂ ਹੋਵੇਗਾ। ਦਿੱਲੀ ਹਾਈ ਕੋਰਟ ਦੇ ਸਾਬਕਾ ਜੱਜ, ਜਸਟਿਸ ਆਰ ਐਸ ਸੋਢੀ ਦੇ ਸ਼ਬਦਾਂ ਵਿੱਚ ਕਿਹਾ ਜਾਏ ਤਾਂ ਸ਼੍ਰੋਮਣੀ ਅਕਾਲੀ ਦਲ (ਬਾਦਲ) ਇਕੋ-ਇੱਕ ਅਜਿਹਾ ਅਕਾਲੀ ਦਲ ਸੀ, ਜਿਸਨੂੰ ਸਿੱਖ ਅਜੇ ਤਕ ਆਪਣੇ ਪ੍ਰਤੀਨਿਧ ਵਜੋਂ ਸਵੀਕਾਰ ਕਰਦੇ ਚਲੇ ਆ ਰਹੇ ਸਨ। ਪਰ ਉਹ ਵੀ ਪਰਿਵਾਰ-ਵਾਦ ਦਾ ਸ਼ਿਕਾਰ ਹੋ, ਆਪਣਾ ਇਹ ਅਧਿਕਾਰ ਗੁਆ ਚੁਕਾ ਹੈ, ਕਿਉਂਕਿ ਇਸਦੇ ਇਕਲੋਤੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੇ ਆਪਣੇ ਪਿਤਾ ਸ. ਪ੍ਰਕਾਸ਼ ਸਿੰਘ ਬਾਦਲ ਦੇ ਵਾਰਸ ਵਜੋਂ ਸ਼੍ਰੋਮਣੀ ਅਕਾਲੀ ਦਲ (ਬਦਾਲ) ਦੀ ਵਾਗਡੋਰ ਸੰਬਾਲਦਿਆਂ ਹੀ ਐਲਾਨ ਕਰ ਦਿੱਤਾ ਕਿ ਹੁਣ ਉਨ੍ਹਾਂ ਦਾ ਸ਼੍ਰੋਮਣੀ ਅਕਾਲੀ ਦਲ (ਬਾਦਲ) ਕੇਵਲ ਸਿੱਖਾਂ ਦਾ ਪ੍ਰਤੀਨਿਧੀ ਨਹੀਂ ਰਹਿ ਗਿਆ, ਹੁਣ ਉਹ ਸਮੁਚੇ ਪੰਜਾਬੀਆਂ ਦੇ ਪ੍ਰਤੀਨਿਧੀ ਵਜੋਂ ਕੌਮੀ ਪਾਰਟੀ ਦੇ ਰੂਪ ਵਿੱਚ ਆਪਣਾ ਅਗਲਾ ਸਫਰ ਤੈਅ ਕਰੇਗਾ। ਇਸਦੇ ਨਾਲ ਹੀ ਉਨ੍ਹਾਂ ਦਲ ਦੇ ਕਈ ਜ਼ਿਮੇਂਦਾਰ ਅਹੁਦਿਆਂ ਪੁਰ ਗੈਰ-ਸਿੱਖਾਂ ਦੀਆਂ ਨਿਯੁਕਤੀਆਂ ਕਰ, ਆਪਣੇ ਇਸ ਐਲਾਨ ਦੀ ਪੁਸ਼ਟੀ ਵੀ ਕਰ ਦਿੱਤੀ। ਜਿਸਦਾ ਹੀ ਨਤੀਜਾ ਇਹ ਹੋਇਆ ਕਿ ਇੱਕ ਪਾਸੇ ਤਾਂ ਆਮ ਸਿੱਖਾਂ ਨੇ ਉਸ ਨਾਲੋਂ ਕਿਨਾਰਾ ਕਰ ਲਿਆ ਅਤੇ ਦੂਜੇ ਪਾਸੇ ਉਹ ਗੈਰ-ਸਿੱਖਾਂ ਦਾ ਵਿਸ਼ਵਾਸ ਜਿਤਣ ਵਿੱਚ ਵੀ ਸਫਲ ਨਾ ਹੋ ਸਕਿਆ। ਫਲਸਰੂਪ ਪਿਛਲੀਆਂ ਪੰਜਾਬ ਵਿਧਾਨਸਭਾ ਚੋਣਾਂ ਅਤੇ ਉਸਤੋਂ ਬਾਅਦ ਹੋਈਆਂ ਲੋਕਸਭਾ ਦੀਆਂ ਆਮ ਚੋਣਾਂ ਵਿੱਚ ਉਸਨੂੰ ਜਿਸ ਸ਼ਰਮਨਾਕ ਹਾਰ ਦਾ ਸਾਹਮਣਾ ਕਰਨਾ ਪਿਆ, ਉਸਨੇ ਉਸਦੇ ਸਮੁਚੇ ਭਵਿਖ ਪੁਰ ਹੀ ਪ੍ਰਸ਼ਨ ਚਿੰਨ੍ਹ ਲਾ ਦਿੱਤਾ ਹੈ।
ਇਨ੍ਹਾਂ ਹਾਲਾਤ ਵਿੱਚ ਕਿਸੇ ਵੀ ਪਧੱਰ ਤੇ ਇਹ ਆਸ ਰਖਣੀ ਕਿ ਸ਼੍ਰੋਮਣੀ ਅਕਾਲੀ ਦਲ (ਬਾਦਲ) ਮੁੜ ਅਕਾਲੀ ਦਲ ਦਾ ਮੂਲ ਗੌਰਵ ਹਾਸਲ ਕਰਨ ਵਿੱਚ ਸਫਲ ਹੋ ਸਕੇਗਾ, ਖੁਸਰਿਆਂ ਤੋਂ ਮੁਰਾਦਾਂ ਦੀ ਆਸ ਰਖਣ ਦੇ ਤੁਲ ਹੋਵੇਗਾ। ਇਹੀ ਕਾਰਣ ਹੈ ਕਿ ਅੱਜ ਸਿੱਖ ਰਾਜਨੀਤੀ ਵਿੱਚ ਅਜਿਹੇ ਹਾਲਾਤ ਬਣ ਗਏ ਹੋਏ ਹਨ, ਜਿਨ੍ਹਾਂ ਦੀ ਰੋਸ਼ਨੀ ਵਿੱਚ ਸਿੱਖ ਲੀਡਰਸ਼ਿਪ, ਜੋ ਪੂਰੀ ਤਰ੍ਹਾਂ ਮਹਤੱਵਹੀਨ ਹੋ ਚੁਕੀ ਹੈ, ਬਿਨਾਂ ਓਵਰਹਾਲਿੰਗ ਦੇ ਪਟੜੀ ਪੁਰ ਨਹੀਂ ਆ ਸਕੇਗੀ।

ਕੀ ਦਬੰਗ ਲਡਿਰਸ਼ਿਪ ਮੂਲ ਗੌਰਵ ਬਹਾਲ ਕਰ ਸਕੇਗੀ? : ਸਿੱਖ ਜਗਤ ਦੇ ਕਈ ਚਿੰਤਕਾਂ ਦੀ ਮਾਨਤਾ ਹੈ ਕਿ ਅੱਜ ਸਿੱਖ ਜਗਤ ਜਿਨ੍ਹਾਂ ਗੰਭੀਰ ਅਤੇ ਦੁਬਿਧਾਪੂਰਣ ਹਾਲਾਤ ਵਿਚੋਂ ਨਿਕਲ ਰਿਹਾ ਹੈ, ਉਨ੍ਹਾਂ ਵਿਚੋਂ ਉਭਰਨ ਲਈ ਉਸਨੂੰ ਅਜਿਹੀ ਲੀਡਰਸ਼ਿਪ ਦੀ ਲੋੜ ਹੈ, ਜੋ ਨਾ ਕੇਵਲ ਦਬੰਗ ਹੀ ਹੋਵੇ, ਸਗੋਂ ਸਿੱਖ ਮਾਨਤਾਵਾਂ ਅਤੇ ਪਰੰਪਰਾਵਾਂ ਪ੍ਰਤੀ ਪੂਰੀ ਤਰ੍ਹਾਂ ਸਮਰਪਿਤ ਵੀ ਹੋਵੇ। ਇਨ੍ਹਾਂ ਸਿੱਖ ਚਿੰਤਕਾਂ, ਜਿਨ੍ਹਾਂ ਵਿੱਚ ਜਸਟਿਸ ਆਰ ਐਸ ਸੋਢੀ ਵੀ ਸ਼ਾਮਲ ਹਨ, ਅਨੁਸਾਰ ਸਿੱਖ ਪੰਥ ਨੂੰ ਇਸ ਸਮੇਂ, ਜਦਕਿ ਉਸਨੂੰ ਦੁਬਿਧਾਪੂਰਣ ਹਾਲਾਤ ਵਿਚੋਂ ਉਪਜੀ ਨਿਰਾਸ਼ਾਜਨਕ ਸਥਿਤੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਅਜਿਹੀ ਦਬੰਗ ਲੀਡਰਸ਼ਿਪ ਹੀ ਉਭਾਰ ਸਕਦੀ ਹੈ, ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਰਾਹੀਂ ਪ੍ਰਾਪਤ ਉਪਦੇਸ਼ਾਂ ਪੁਰ ਅਧਾਰਿਤ ਸਿੱਖ ਧਰਮ ਦੀਆਂ ਮਾਨਤਾਵਾਂ, ਪਰੰਪਰਾਵਾਂ ਅਤੇ ਮਰਿਆਦਾਵਾਂ ਦੇ ਪਾਲਣ ਪ੍ਰਤੀ ਸਮਰਪਿਤ ਹੋਣ ਦੇ ਨਾਲ ਹੀ ਉਸਦੇ ਰਾਜਸੀ ਹਿੱਤਾਂ ਦੀ ਰਖਿਆ ਕਰਨ ਦੀ ਸਮਰਥਾ ਰਖਦੀ ਹੋਵੇ। ਇਨ੍ਹਾਂ ਚਿੰਤਕਾਂ ਦਾ ਕਹਿਣਾ ਹੈ ਕਿ ਅੱਜ ਆਮ ਸਿੱਖ ਇਹ ਮਹਿਸੂਸ ਕਰਨ ਤੇ ਮਜਬੂਰ ਹੋ ਰਿਹਾ ਹੈ ਕਿ ਉਸਦੀ ਵਰਤਮਾਨ ਲੀਡਰਸ਼ਿਪ, ਜੋ ਕਈ ਦਹਾਕਿਆਂ ਤੋਂ ਇਹ ਦਾਅਵਾ ਕਰਦਿਆਂ, ਕਿ 'ਉਹ ਸਿੱਖ-ਪੰਥ ਦੇ ਰਾਜਸੀ ਅਤੇ ਧਾਰਮਕ ਹਿੱਤਾਂ-ਅਧਿਕਾਰਾਂ ਦੇ ਨਾਲ ਹੀ ਉਸਦੀਆਂ ਧਾਰਮਕ ਮਾਨਤਾਵਾਂ, ਪਰੰਪਰਾਵਾਂ ਅਤੇ ਮਰਿਆਦਾਵਾਂ ਦੀ ਰਖਿਆ ਕਰਨ ਪ੍ਰਤੀ ਵਚਨਬੱਧ ਰਹੇਗੀ', ਉਸਦੀ ਅਗਵਾਈ ਕਰਦੀ ਚਲੀ ਆ ਰਹੀ ਹੈ, ਰਾਜਸੀ ਸੱਤਾ ਦੀ ਲਾਲਸਾ ਦੀ ਸ਼ਿਕਾਰ ਹੋ ਕੇ, ਆਪਣੀ ਸਵਾਰਥ-ਸਿੱਧੀ ਲਈ, ਸਿੱਖ ਜਗਤ ਦਾ ਧਾਰਮਕ 'ਘਾਣ' ਕਰਨ ਦੇ ਨਾਲ, ਉਸਦੀ (ਸਿੱਖ) ਸ਼ਕਤੀ ਨੂੰ ਵੀ ਕਮਜ਼ੋਰੀ ਦਾ ਸ਼ਿਕਾਰ ਬਣਾਉਣ ਵਿੱਚ ਜੁਟ ਗਈ ਹੋਈ ਹੈ। ਉਸਦੀ ਇਸੇ ਨੀਤੀ ਦਾ ਹੀ ਨਤੀਜਾ ਹੈ ਕਿ ਜੋ ਸਿੱਖ-ਪੰਥ ਕਿਸੇ ਸਮੇਂ ਦੂਜਿਆਂ ਦੇ ਹਿੱਤਾਂ-ਅਧਿਕਾਰਾਂ ਅਤੇ ਧਾਰਮਕ ਮਾਨਤਾਵਾਂ ਆਦਿ ਦੀ ਰਖਿਆ ਲਈ ਜੂਝਦਾ ਤੇ ਕੁਰਬਾਨੀਆਂ ਕਰਦਾ ਚਲਾ ਆ ਰਿਹਾ ਸੀ, ਅੱਜ ਉਹ ਆਪਣੀ ਮਹਤੱਵਹੀਨ ਹੋ ਚੁਕੀ ਲੀਡਰਸ਼ਿਪ ਦੇ ਕਾਰਣ ਆਪ ਹੀ ਇਤਨਾ ਸ਼ਕਤੀਹੀਨ ਹੋ ਗਿਆ ਹੋਇਆ ਹੈ ਕਿ ਉਸਨੂੰ ਆਪਣੀਆਂ ਧਾਰਮਕ ਮਾਨਤਾਵਾਂ ਅਤੇ ਰਾਜਸੀ ਹਿੱਤਾਂ-ਅਧਿਕਾਰਾਂ ਦੀ ਰਖਿਆ ਲਈ ਵੀ ਦੂਜਿਆਂ ਦਾ ਮੁਥਾਜ ਹੋਣਾ ਪੈ ਰਿਹਾ ਹੈ। ਫਲਸਰੂਪ ਦੂਜੇ, ਵਿਰੋਧੀ ਉਸਦੀ ਇਸ ਕਮਜ਼ੋਰੀ ਦਾ ਲਾਭ ਉਠਾ, ਉਸੇ ਦੀ ਅਖੌਤੀ ਲੀਡਰਸ਼ਿਪ ਦੇ ਸਹਾਰੇ ਉਸਦਾ ਰਾਜਨੀਤਕ ਅਤੇ ਮਾਨਸਿਕ ਸ਼ੋਸ਼ਣ ਕਰਨ ਵਿੱਚ ਕੋਈ ਕਸਰ ਨਹੀਂ ਛੱਡ ਰਹੇ।
ਸਿੱਖ ਚਿੰਤਕਾਂ ਦੇ ਇਨ੍ਹਾਂ ਵਿਚਾਰਾਂ ਦੀ ਰੋਸ਼ਨੀ ਵਿੱਚ ਜੇ ਸਿੱਖ-ਪੰਥ ਦੀ ਵਰਤਮਾਨ ਸਥਿਤੀ ਦਾ ਮੁਲਾਂਕਣ ਕੀਤਾ ਜਾਏ ਤਾਂ ਇਹ ਕੌੜੀ ਸੱਚਾਈ ਉਭਰ, ਸਾਹਮਣੇ ਆ ਖੜੀ ਹੁੰਦੀ ਹੈ ਕਿ ਨਿੱਜ ਰਾਜਸੀ ਸਵਾਰਥ ਦੇ ਚਲਦਿਆਂ, ਸਿੱਖ ਧਰਮ ਦੀ ਸੁਤੰਤਰ ਹੋਂਦ ਅਤੇ ਉਸਦੀ ਮਾਣ-ਮਰਿਆਦਾ ਦੇ ਨਾਲ ਹੀ ਸਿੱਖਾਂ ਦੀ ਅਡਰੀ ਪਛਾਣ ਤੇ ਉਨ੍ਹਾਂ ਦੇ ਹਿੱਤਾਂ-ਅਧਿਕਾਰਾਂ ਦੀ ਰਖਿਆ ਪ੍ਰਤੀ ਵਚਨਬੱਧ ਰਹਿਣ ਦਾ ਦਮ ਭਰ ਸਿੱਖਾਂ ਦੀ ਅਗਵਾਈ ਕਰਦੇ ਚਲੇ ਆ ਰਹੇ, ਸਿੱਖ ਨੇਤਾਵਾਂ ਵਿਚੋਂ ਕੋਈ ਕਾਂਗ੍ਰਸ ਦੀ ਝੋਲੀ ਚੜ੍ਹ ਉਸਦਾ ਗੁਣਗਾਨ ਕਰਨ ਵਿੱਚ ਕੋਈ ਕਸਰ ਨਹੀਂ ਛੱਡ ਰਿਹਾ ਅਤੇ ਕੋਈ ਭਾਜਪਾ ਦੀ ਉਂਗਲ ਫੜ੍ਹ ਉਸਦੇ ਸੋਹਿਲੇ ਗਾਉਣਾ ਆਪਣਾ ਮੁੱਖ 'ਧਰਮ' ਸਮਝਣ ਲਗ ਪਿਆ ਹੈ। ਇਹੀ ਕਾਰਣ ਹੈ ਕਿ ਜੇ ਜਸਟਿਸ ਸੋਢੀ ਦੇ ਸ਼ਬਦਾਂ ਵਿਚ ਕਿਹਾ ਜਾਏ ਤਾਂ ਸਿੱਖ-ਪੰਥ ਅੱਜ ਸਮਰਪਿਤ ਲੀਡਰਸ਼ਿਪ ਤੋਂ ਵਾਂਝਿਆਂ ਹੋ ਭਟਕ ਰਿਹਾ ਹੈ, ਤਾਂ ਇਸ ਵਿੱਚ ਕੋਈ ਗਲਤ ਨਹੀਂ ਹੋਵੇਗਾ। ਅੱਜ ਸਿਖਾਂ ਨੂੰ ਸਮਝ ਹੀ ਨਹੀਂ ਆ ਰਹੀ ਕਿ ਉਹ ਆਪਣੇ ਹਿੱਤਾਂ-ਅਧਿਕਾਰਾਂ ਦੇ ਨਾਲ ਹੀ ਆਤਮ-ਸਨਮਾਨ ਦੀ ਰਖਿਆ ਲਈ, ਕਿਸ ਪੁਰ ਵਿਸ਼ਵਾਸ ਕਰਨ ਅਤੇ ਕਿਸ ਪੁਰ ਨਾ ਕਰਨ?

...ਅਤੇ ਅੰਤ ਵਿੱਚ: ਜਿਥੇ ਕਈ ਸਿੱਖ ਵਿਦਵਾਨ ਅਤੇ ਬੁਧੀਜੀਵੀ ਵੱਡੀਆਂ-ਵੱਡੀਆਂ ਦਲੀਲਾਂ ਦੇ ਸਿੱਖਾਂ ਨੂੰ ਮੂਲ ਧਾਰਮਕ ਉਦੇਸ਼ਾਂ, ਮਾਨਤਾਵਾਂ ਆਦਿ ਤੋਂ ਭਟਕਾ ਦੇਣ ਨੂੰ ਹੀ ਆਪਣੀ ਵਿਸ਼ੇਸ਼ ਯੋਗਤਾ ਮੰਨਦੇ ਹਨ, ਉਥੇ ਹੀ ਧਾਰਮਕ ਮਾਨਤਾਵਾਂ ਨੂੰ ਸਮਰਪਿਤ ਕਈ ਸਜਣਾਂ ਦੀ ਮਾਨਤਾ ਹੈ ਕਿ ਸਿੱਖ ਧਰਮ ਅਤੇ ਇਤਿਹਾਸ ਇਸ ਗਲ ਦਾ ਗੁਆਹ ਹੈ ਕਿ ਗੁਰੂ ਸਾਹਿਬਾਨ ਨੇ ਸਿੱਖ ਧਰਮ ਨੂੰ ਇੱਕ ਵਿਦ੍ਰੋਹੀ (ਬਾਗੀ) ਪੰਥ ਦੇ ਰੂਪ ਵਿੱਚ ਸਥਾਪਤ ਕਰ, ਉਸਨੂੰ ਸੰਕੁਚਿਤ (ਸੌੜੀ) ਧਾਰਮਕ ਵਿਚਾਰਧਾਰਾ, ਪਖੰਡਾਂ, ਕਰਮਕਾਂਡਾਂ ਅਤੇ ਜਬਰ-ਜ਼ੁਲਮ ਵਿਰੁੱਧ ਜੂਝਣ ਦੇ ਸੰਕਲਪ ਦਾ ਧਾਰਨੀ ਬਣਾਇਆ ਹੈ, ਜਿਸਨੂੰ ਬੁੱਧੀਜੀਵੀਆਂ, ਕਾਨੂੰਨਾਂ ਜਾਂ ਅਦਾਲਤਾਂ ਵਲੋਂ ਕਿਸੇ ਵਿਸ਼ੇਸ਼ ਧਾਰਮਕ ਪ੍ਰੀਭਾਸ਼ਾ ਦੀ ਸੀਮਾ ਵਿੱਚ ਬੰਨ੍ਹਿਆ ਨਹੀਂ ਜਾ ਸਕਦਾ।

Mobile : + 91 95 82 71 98 90
E-mail : jaswantsinghajit@gmail.com

Address : Jaswant Singh ‘Ajit’, Flat No. 51, Sheetal Apartment, Plot No. 12,
 Sector – 14, Rohini,  DELHI-110085

ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦਾ ਪੁਨਰ-ਜਨਮ।  - ਜਸਵੰਤ ਸਿੰਘ 'ਅਜੀਤ'

ਬੀਤੇ ਦਿਨੀਂ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦਾ ਸਥਾਪਨਾ ਦਿਵਸ ਮਨਾਇਆ ਗਿਆ। ਇਸ ਅਵਸਰ ਪੁਰ ਇਹ ਸੁਆਲ ਵੀ ਉਭਰ ਕੇ ਸਾਹਮਣੇ ਆਇਆ ਕਿ ਕੀ ਸਿੱਖ ਵਿਦਿਆਰਥੀਆਂ ਵਿੱਚ ਸਿਖੀ ਵਿਰਸੇ ਦੀ ਰਉਂ ਫੂਕਣ ਵਾਲੀ ਸੰਸਥਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦਾ ਮੂਲ ਗੌਰਵ ਮੁੜ ਪ੍ਰਾਪਤ ਕੀਤਾ ਜਾ ਸਕੇਗਾ? ਇਸ ਸੁਆਲ ਦੇ ਜਵਾਬ ਵਿੱਚ ਫੈਡਰੇਸ਼ਨ ਨਾਲ ਸੰਬੰਧਤ ਕਈ ਪ੍ਰਮੁੱਖ ਸਜਣਾਂ ਦੇ ਵਿਚਾਰ ਸਾਹਮਣੇ ਆਏ। ਜਿਨ੍ਹਾਂ ਵਿਚੋਂ ਇੱਕ ਵਿਚਾਰ ਸ.ਕੁਲਬੀਰ ਸਿੰਘ ਦਿੱਲੀ ਦਾ ਵੀ ਸੀ, ਜੋ ਆਪ ਕਿਸੇ ਸਮੇਂ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਚੋਣਵੇਂ ਮੁੱਖੀਆਂ ਵਿੱਚ ਗਿਣੇ ਜਾਂਦੇ ਰਹੇ ਹਨ। ਉਨ੍ਹਾਂ ਦਾ ਕਹਿਣਾ ਸੀ ਕਿ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦਾ ਸਥਾਪਨਾ ਦਿਵਸ ਮਨਾਉਣਾ ਤਾਂ ਹੀ ਸਫਲ ਹੋ ਸਕਦਾ ਹੈ, ਜੇ ਇਸਦੀ ਅਗਵਾਈ ਕਾਲਜਾਂ ਵਿੱਚ ਪੜ੍ਹਦੇ ਵਿਦਿਆਰਥੀਆਂ ਨੂੰ ਸੌਂਪ ਦਿੱਤੀ ਜਾਵੇ। ਵੇਲਾ ਵਿਹਾ ਚੁਕੀ, ਬੁਢੀ ਲੀਡਰਸ਼ਿਪ ਕੁਝ ਨਹੀਂ ਕਰ ਸਕਦੀ। ੳਨ੍ਹਾਂ ਇਹ ਵੀ ਦਸਿਆ ਕਿ ਅਸਲੀ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ, ਆਪਣੇ ਪ੍ਰਧਾਨ ਸ. ਅਮਰੀਕ ਸਿੰਘ ਦੀ ਸ਼ਹਾਦਤ ਦੇ ਨਾਲ ਹੀ, ਜੂਨ-1984 ਵਿੱਚ ਸ਼ਹੀਦ ਹੋ ਗਈ ਸੀ। ਉਸਤੋਂ ਭਾਅਦ ਤਾਂ ਉਸ (ਫੈਡਰੇਸ਼ਨ) ਦੇ ਨਾਂ ਤੇ ਦੁਕਾਨਾਂ ਕਾਇਮ ਕਰ ਰਾਜਸੀ ਰੋਟੀਆਂ ਸੇਕੀਆਂ ਜਾਂਦੀਆਂ ਚਲੀਆਂ ਆ ਰਹੀਆਂ ਹਨ। ਉਨ੍ਹਾਂ ਕਿਹਾ ਕਿ ਜੇ ਇਨ੍ਹਾਂ ਦੁਕਾਨਾਂ ਨੂੰ ਬੰਦ ਕਰ, ਅਸਲੀ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਨੂੰ, ਉਸਦੇ ਮੂਲ ਆਦਰਸ਼ਾਂ ਦੇ ਅਧਾਰ 'ਤੇ ਪੁਨਰ-ਜੀਵਤ ਕੀਤਾ ਜਾਂਦਾ ਹੈ, ਤਾਂ ਹੀ ਉਹ ਸੁਆਗਤਯੋਗ ਹੋਵੇਗਾ।
ਉਨ੍ਹਾਂ ਦੇ ਇਸ ਵਿਚਾਰ ਨਾਲ ਸਹਿਮਤੀ ਪ੍ਰਗਟ ਕਰਦਿਆਂ, ਮੈਂ ਇਸ ਵਿੱਚ ਕੁਝ ਵਾਧਾ ਕਰਨਾ ਚਾਹੁੰਦਾ ਹਾਂ। ਉਹ ਇਹ ਕਿ ਕਾਲਜਾਂ ਦੇ ਅੱਜ ਦੇ ਵਿਦਿਆਰਥੀਆਂ ਵਿਚੋਂ ਕੋਈ ਵੀ ਅਜਿਹਾ ਵਿਦਿਆਰਥੀ ਨਹੀਂ ਮਿਲ ਸਕੇਗਾ, ਜੋ ਫੈਡਰੇਸ਼ਨ ਦੇ ਮੂਲ ਆਦਰਸ਼ਾਂ, ਪਰੰਪਰਾਵਾਂ ਅਤੇ ਕਾਰਜਸ਼ੈਲੀ ਆਦਿ ਤੋਂ ਜਾਣੂ ਹੋਵੇ, ਇਸ ਲਈ ਉਨ੍ਹਾਂ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੀ ਜ਼ਿਮੇਂਦਾਰੀ ਸੌ<ਪਦਿਆਂ ਹੋਇਆਂ, ਉਨ੍ਹਾਂ ਨੂੰ ਇਕ ਅਜਿਹੀ ਸਲਾਹਕਾਰ ਟੀਮ ਦਿੱਤੀ ਜਾਣੀ ਚਾਹੀਦੀ ਹੈ, ਜੋ ਫੈਡਰੇਸ਼ਨ ਦੇ ਉਨ੍ਹਾਂ ਮੁੱਖੀਆਂ ਪੁਰ ਅਧਾਰਤ ਹੋਵੇ, ਜੋ ਫੈਡਰੇਸ਼ਨ ਨੂੰ ਰਾਜਨੀਤੀ ਦੀ ਦਲਦਲ ਵਿੱਚ ਧੱਕੇ ਜਾਣ ਤੋਂ ਪਹਿਲਾਂ ਉਸ ਨਾਲ ਜੁੜੇ ਚਲੇ ਆ ਰਹੇ ਸਨ।

ਸਿੱਖੀ ਪ੍ਰਤੀ ਸਮਰਪਿਤ ਸੰਸਥਾ: ਸਿੱਖ ਨੌਜਵਾਨਾਂ ਅਤੇ ਵਿਦਿਆਰਥੀਆਂ ਦੀ ਇੱਕ ਅਜਿਹੀ ਸੰਸਥਾ, ਜੋ ਸਿੱਖ ਪਨੀਰੀ ਨੂੰ ਸੰਭਾਲਣ ਪ੍ਰਤੀ ਗੰਭੀਰਤਾ ਨਾਲ ਆਪਣੀ ਜ਼ਿਮੇਂਦਾਰੀ ਨਿਭਾ ਰਹੀ ਸੀ, ਉਹ ਸੀ, ਆਲ ਇੰਡੀਆਂ ਸਿੱਖ ਸਟੂਡੈਂਟਸ ਫੈਡਰੇਸ਼ਨ। ਜਿਸਦੀ ਸਥਾਪਨਾ, ਸਮੇਂ ਦੇ ਸਿੱਖੀ-ਸੋਚ ਦੇ ਧਾਰਨੀ ਸਿੱਖਾਂ ਵਲੋਂ ਕੀਤੀ ਗਈ ਸੀ। ਉਨ੍ਹਾਂ ਦੀ ਸੋਚ ਇਹ ਸੀ ਕਿ ਪਨੀਰੀ ਦੀ ਸੰਭਾਲ ਮੁਢ ਤੋਂ ਹੀ ਕੀਤੇ ਜਾਣ ਦੀ ਲੋੜ ਹੈ। ਜੇ ਬਚਪਨ ਵਿਚ ਹੀ ਬਚਿਆਂ ਨੂੰ ਸਿੱਖ ਧਰਮ ਤੇ ਇਤਿਹਾਸ ਦੇ ਨਾਲ ਜੋੜ ਦਿਤਾ ਜਾਏ ਤਾਂ ਹੀ ਉਹ ਵੱਡੇ ਹੋ ਸਿੱਖੀ-ਵਿਰੋਧੀ ਪ੍ਰਚਾਰ ਦੀ ਹਨੇਰੀ ਤੋਂ ਵੀ ਪ੍ਰਭਾਵਤ ਹੋਣੋਂ ਬਚੇ ਰਹਿ ਸਕਣਗੇ।
ਅਰੰਭਕ ਸਮੇਂ ਵਿਚ ਆਲ ਇੰਡੀਆਂ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਮੁਖੀਆਂ ਨੇ ਆਪਣੀ ਜ਼ਿਮੇਂਦਾਰੀ ਪੂਰੀ ਤਰ੍ਹਾਂ ਸਮਰਪਣ ਭਾਵਨਾ ਤੇ ਇਮਾਨਦਾਰੀ ਨਾਲ ਨਿਭਾਈ। ਵਡੀਆਂ-ਛੋਟੀਆਂ ਛੁਟੀਆਂ ਦੌਰਾਨ ਸਮੇਂ ਅਨੁਸਾਰ ਛੋਟੇ-ਵੱਡੇ ਧਾਰਮਕ ਟ੍ਰੇਨਿੰਗ ਕੈਂਪ ਲਾਏ ਜਾਂਦੇ। ਜਿਨ੍ਹਾਂ ਵਿਚ ਵਿਦਿਆਰਥੀਆਂ ਨੂੰ ਸਿੱਖੀ-ਜੀਵਨ ਜੀਣ ਦੀ ਸਿਖਿਆ ਦੇਣ ਦੇ ਨਾਲ ਹੀ ਅਮੀਰ ਸਿੱਖੀ ਵਿਰਸੇ ਦੀ ਜਾਣਕਾਰੀ ਵੀ ਦਿਤੀ ਜਾਂਦੀ। ਦਿਤੀ ਗਈ ਸਿਖਿਆ ਦੇ ਅਧਾਰ ਤੇ ਕੈਂਪ ਦੇ ਆਖਰੀ ਦਿਨਾਂ ਵਿਚ ਪ੍ਰੀਖਿਆ ਲਈ ਜਾਂਦੀ ਅਤੇ ਪ੍ਰੀਖਿਆ ਵਿਚ ਪ੍ਰਦਰਸ਼ਤ ਕੀਤੀ ਗਈ ਪ੍ਰਤਿਭਾ ਦੇ ਅਨੁਸਾਰ ਬਚਿਆਂ ਨੂੰ ਉਤਸਾਹਿਤ ਕਰਨ ਲਈ ਇਨਾਮ ਦੇ ਕੇ ਸਨਮਾਨਤ ਕੀਤਾ ਜਾਂਦਾ। ਕੈਂਪ ਵਿਚ ਸ਼ਾਮਲ ਹਰ ਬੱਚਾ ਆਪਣੇ ਨਾਲ ਜ਼ਰੂਰ ਕੋਈ ਨਾ ਕੋਈ ਅਜਿਹੀ ਯਾਦਗਾਰੀ-ਨਿਸ਼ਾਨੀ ਲੈ ਕੇ ਪਰਤਦਾ, ਜੋ ਉਸਦੇ ਦਿਲ ਵਿਚ ਸਦਾ ਹੀ ਕੈਂਪ ਵਿਚ ਸ਼ਾਮਲ ਹੋਣ ਅਤੇ ਉਥੇ ਪ੍ਰਾਪਤ ਕੀਤੀ ਸਿੱਖਿਆ ਦੀ ਯਾਦ ਬਣਾਈ ਰਖਦੀ।
ਜਦੋਂ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਕੈਂਪ ਵਿਚ ਸ਼ਾਮਲ ਹੋਣ ਤੋਂ ਬਾਅਦ ਵਿਦਿਆਰਥੀ ਆਪੋ-ਆਪਣੇ ਘਰਾਂ ਨੂੰ ਪਰਤਦੇ ਤਾਂ ਉਨ੍ਹਾਂ ਦਾ ਜੀਵਨ ਪੂਰੀ ਤਰ੍ਹਾਂ ਬਦਲਿਆ-ਬਦਲਿਆ ਨਜ਼ਰ ਆਉਂਦਾ। ਉਨ੍ਹਾਂ ਦਾ ਇਹ ਬਦਲਿਆ ਰੂਪ ਵੇਖ ਉਨ੍ਹਾਂ ਦੇ ਮਾਪਿਆਂ ਨੂੰ ਹੈਰਨੀ-ਭਰੀ ਖ਼ੁਸ਼ੀ ਹੁੰਦੀ। ਜਿਸਤੋਂ ਉਤਸਾਹਿਤ ਹੋ ਉਹ ਦੂਜਿਆਂ ਨੂੰ ਵੀ ਆਪਣੇ ਬੱਚਿਆਂ ਨੂੰ ਸਿੱਖ ਸਟੂਡੈਂਟਸ ਫੈਡਰੇਸ਼ਨ ਨਾਲ ਜੋੜਨ ਲਈ ਨਾ ਕੇਵਲ ਪ੍ਰੇਰਿਤ ਕਰਦੇ ਸਗੋਂ ਉਨ੍ਹਾਂ ਨੂੰ ਉਤਸਾਹਿਤ ਵੀ ਕਰਦੇ।
ਇਨ੍ਹਾਂ ਕੈਂਪਾਂ ਦੀ ਇਕ ਵਿਸ਼ੇਸ਼ਤਾ ਇਹ ਵੀ ਸੀ ਕਿ ਇਨ੍ਹਾਂ ਵਿਚ ਆਰਥਕ ਪਖੋਂ ਕਮਜ਼ੋਰ ਪਰਿਵਾਰਾਂ ਦੇ ਬੱਚੇ ਵੀ ਉਸੇ ਉਤਸਾਹ ਨਾਲ ਸ਼ਾਮਲ ਹੁੰਦੇ, ਜਿਸ ਉਤਸਾਹ ਨਾਲ ਸਮਰਥਾਵਾਨ ਪਰਿਵਾਰਾਂ ਦੇ ਬੱਚੇ। ਕਿਉਂਕਿ ਇਕ ਤਾਂ ਇਨ੍ਹਾਂ ਕੈਂਪਾਂ ਵਿੱਚ ਸ਼ਾਮਲ ਹੋਣ ਵਾਲੇ ਬੱਚਿਆਂ ਦੇ ਪਰਿਵਾਰਾਂ ਪੁਰ ਕਿਸੇ ਤਰ੍ਹਾਂ ਦਾ ਆਰਥਕ ਭਾਰ ਨਹੀਂ ਸੀ ਪਾਇਆ ਜਾਂਦਾ, ਦੂਜਾ ਸਾਰੇ ਬਚਿਆਂ ਨਾਲ ਇੱਕ-ਸਮਾਨ ਵਿਹਾਰ ਕੀਤਾ ਜਾਂਦਾ। ਇਸਦਾ ਨਤੀਜਾ ਇਕ ਤਾਂ ਇਹ ਹੁੰਦਾ ਸੀ ਕਿ ਸਾਰੇ ਬੱਚੇ ਮਿਲ-ਜੁਲ ਕੇ ਪਿਆਰ ਨਾਲ ਰਹਿੰਦੇ ਤੇ ਦੂਜਾ ਉਹ ਇਹ ਸਿਖਿਆ ਵੀ ਲੈ ਕੇ ਮੁੜਦੇ ਕਿ ਸਿੱਖੀ ਵਿਚ ਕੋਈ ਵੱਡਾ-ਛੋਟਾ ਨਹੀਂ। ਸਾਰੇ ਹੀ ਇੱਕ-ਸਮਾਨ ਬਰਾਬਰ ਹਨ।
ਪ੍ਰੰਤੂ ਸਮਾਂ ਬਦਲਿਆ, ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਦਿਨ-ਬ-ਦਿਨ ਵਧ ਰਹੇ ਪ੍ਰਭਾਵ ਤੇ ਉਸਦੀ ਚੜ੍ਹਤ ਵੇਖ ਉਸਦੇ ਈਮਾਨਦਾਰ ਤੇ ਸਮਰਪਿਤ ਭਾਵਨਾ ਵਾਲੇ ਕਈ ਆਗੂਆਂ ਦੀ ਨੀਯਤ ਵਿਚ ਖੋਟ ਆਉਣ ਲਗ ਪਿਆ। ਉਨ੍ਹਾਂ ਨੇ ਉਸਦੀ ਸ਼ਕਤੀ ਨੂੰ ਆਪਣੀ ਰਾਜਸੀ ਲਾਲਸਾ ਦੀ ਪੂਰਤੀ ਲਈ ਵਰਤਣ ਦੇ ਉਦੇਸ਼ ਨੂੰ ਮੁਖ ਰਖਕੇ ਹੀ ਵਿਦਿਆਰਥੀਆਂ ਦੇ ਦਿਲੋ-ਦਿਮਾਗ਼ ਵਿਚ ਧਾਰਮਕ ਮਾਨਤਾਵਾਂ ਦੇ ਵਿਰਸੇ ਪ੍ਰਤੀ ਵਚਨਬਧਤਾ ਦੀ ਭਾਵਨਾ ਦ੍ਰਿੜ ਤੇ ਉਜਾਗਰ ਕਰਨ ਦੀ ਬਜਾਏ ਰਾਜ-ਸੱਤਾ ਦੀ ਭਾਵਨਾ ਭਰ, ਉਨ੍ਹਾਂ ਨੂੰ ਸਿਖੀ ਪਰੰਪਰਾਵਾਂ ਦੇ ਆਦਰਸ਼ ਦੀ ਰਾਹ ਤੋਂ ਭਟਕਾਣਾ ਸ਼ੁਰੂ ਕਰ ਦਿਤਾ।
ਇਸ ਕਾਲਮ-ਲੇਖਕ ਨੂੰ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਕਈ ਕੈਂਪਾਂ ਵਿਚ ਸ਼ਾਮਲ ਹੋਣ ਅਤੇ ਉਨ੍ਹਾਂ ਦੇ ਸਾਰੇ ਪ੍ਰੋਗਰਾਮਾਂ ਨੂੰ ਨੇੜਿਉਂ ਵੇਖਣ ਤੇ ਘੋਖਣ ਦਾ ਮੌਕਾ ਮਿਲਿਆ। ਇਕ ਵਾਰ ਜਦੋਂ ਕੁਝ ਵਕਫ਼ਾ ਪਾ ਕੇ ਉਸਨੂੰ 1981 ਦੇ ਸ੍ਰੀ ਅੰਮ੍ਰਿਤਸਰ ਵਿਖੇ ਲਗੇ ਕੈਂਪ ਵਿਚ ਸ਼ਾਮਲ ਹੋਣ ਦਾ ਮੌਕਾ ਮਿਲਿਆ, ਤਾਂ ਉਸ ਕੈਂਪ ਵਿਚ ਕੁਝ ਰਾਜਸੀ ਪੰਥਕ ਆਗੂਆਂ ਦੀ ਸ਼ਮੂਲੀਅਤ ਵੇਖ ਅਤੇ ਉਨ੍ਹਾਂ ਵਲੋਂ ਦਿਤੇ ਭਾਸ਼ਣ ਸੁਣ ਕੇ ਦਿਲ ਨੂੰ ਇਕ ਧੁੜਕੂ-ਜਿਹਾ ਲਗਾ ਅਤੇ ਇਉਂ ਜਾਪਿਆ, ਜਿਵੇਂ ਇਨ੍ਹਾਂ ਰਾਜਸੀ ਆਗੂਆਂ ਨੇ ਨਿਜ ਦੇ ਰਾਜਸੀ ਸੁਆਰਥ ਦੀ ਪੂਰਤੀ  ਲਈ ਮਾਸੂਮ ਵਿਦਿਆਰਥੀਆਂ ਦੇ ਜੀਵਨ ਨਾਲ ਖਿਲਵਾੜ ਕਰਨੀ ਸ਼ੁਰੂ ਕਰ ਦਿਤੀ ਹੈ। ਜਦੋਂ ਉਸਨੇ ਆਪਣੇ ਇਸ ਧੁੜਕੂ ਦੀ ਗਲ ਕੈਂਪ ਵਿਚ ਭਾਸ਼ਣ ਕਰਕੇ ਬਾਹਰ ਨਿਕਲੇ ਪੰਥਕ ਆਗੂ ਜ. ਗੁਰਚਰਨ ਸਿੰਘ ਟੋਹੜਾ ਨੂੰ ਸਮੁੰਦਰੀ ਹਾਲ ਦੀਆਂ ਪੌੜੀਆਂ ਵਿੱਚ ਰੋਕ ਕੇ ਉਨ੍ਹਾਂ ਨਾਲ ਸਾਂਝੀ ਕੀਤੀ ਤੇ ਉਨ੍ਹਾਂ ਨੂੰ ਪੁਛਿਆ ਕਿ ਕੀ ਉਹ ਅਜਿਹਾ ਭਾਸ਼ਣ ਕਰਕੇ ਵਿਦਿਆਰਥੀਆਂ ਦੇ ਭਵਿਖ ਨਾਲ ਖਿਲਵਾੜ ਨਹੀਂ ਕਰ ਰਹੇ? ਕੀ ਉਹ ਇਹ ਨਹੀਂ ਸਮਝਦੇ ਕਿ ਇਨ੍ਹਾਂ ਬਚਿਆਂ ਵਿਚੋਂ ਕਈਆਂ ਨੇ ਸਰਕਾਰੀ ਨੌਕਰੀਆਂ ਕਰਨੀਆਂ ਹਨ? ਜੇ ਤੁਹਾਡੇ ਭਾਸ਼ਣਾ ਕਾਰਣ ਇਹ ਭਟਕ ਗਏ ਤਾਂ ਕੀ ਤੁਸੀਂ ਇਨ੍ਹਾਂ ਨੂੰ ਸੰਭਾਲ ਸਕੋਗੇ? ਇਸ ਕਾਲਮ ਲੇਖਕ ਦੇ ਇਨ੍ਹਾਂ ਸੁਆਲਾਂ ਦਾ ਕੋਈ ਸੰਤੋਸ਼ਜਨਕ ਜਵਾਬ ਦੇਣ ਦੀ ਬਜਾਏ ਉਹ ਭੜਕ ਉਠੇ ਤੇ ਇਹ ਕਹਿ ਉਸਦੀ ਸਿੱਖੀ ਭਾਵਨਾ ਪੁਰ ਹੀ ਵਿਅੰਗ ਕਸਣ ਲਗ ਪਏ ਕਿ 'ਨਾਮ ਕਾ ਅਜੀਤ ਹੂੰ, ਜੀਤਾ ਨਾ ਜਾਉਂਗਾ'। ਦਿਲਚਸਪ ਗਲ ਇਹ ਵੀ ਹੈ ਆਪਣੇ ਜੀਵਨ-ਕਾਲ ਵਿੱਚ ਜਦੋਂ ਵੀ ਉਨ੍ਹਾਂ ਨਾਲ ਆਹਮੋ-ਸਾਹਮਣਾ ਹੁੰਦਾ, ਉਹ ਉਸ ਪੁਰ ਇਹੀ ਵਿਅੰਗ ਕਸਣੋ ਨਾ ਰਹਿੰਦੇ।  
1985 ਵਿੱਚ ਜਦੋਂ ਦਿਲੀ ਵਿੱਚ ਇੱਕ ਦਿਨ ਟੋਹੜਾ ਸਾਹਿਬ ਨਾਲ ਆਹਮੋ-ਸਾਹਮਣਾ ਹੋਇਆ ਤਾਂ ਉਨ੍ਹਾਂ ਪਾਸੋਂ ਇਹ ਪੁਛਣੋਂ ਰਹਿ ਨਾ ਸਕਿਆ ਕਿ 'ਟੋਹੜਾ ਸਾਹਿਬ, ਕੀ ਇਸ ਨਾਚੀਜ਼ ਵਲੋਂ 1981 ਵਿੱਚ ਪ੍ਰਗਟ ਕੀਤੇ ਗਏ ਖਦਸ਼ੇ ਸੱਚ ਸਾਬਤ ਹੋਏ'? ਇਸ ਸੁਆਲ ਦਾ ਸਿੱਧਾ ਜਵਾਬ ਦੇਣ ਦੀ ਬਜਾਏ ਇਹ ਆਖ, 'ਨਾਮ ਕਾ ਅਜੀਤ ਹੂੰ, ਜੀਤਾ ਨਾ ਜਾਉਂਗਾ' ਅੱਗੇ ਵੱਧ ਗਏ। ਇਨ੍ਹਾਂ 'ਪੰਥ-ਪ੍ਰਸਤਾਂ' ਦੀ ਭਟਕਾਈ ਸਿੱਖ ਸਟੂਡੈਂਟਸ ਫੈਡਰੇਸ਼ਨ ਆਪਣੇ ਉਦੇਸ਼ ਤੋਂ ਅਜਿਹੀ ਭਟਕੀ ਕਿ ਅਜਤਕ ਸੰਭਲ ਨਹੀਂ ਪਾਈ। ਜਿਥੇ ਬਗ਼ੀਆਂ ਦਾੜ੍ਹੀਆਂ ਵਾਲੇ ਢਾਈ ਟੋਟੜੂਆਂ ਨੇ ਇਕਠਿਆਂ ਹੋ ਆਪੋ-ਆਪਣੇ ਸੁਆਰਥ ਦੀ ਪੂਰਤੀ ਕਰਨ ਦੇ ਆਧਾਰ ਤੇ ਫੈਡਰੇਸ਼ਨ ਦੇ ਸੰਵਿਧਾਨ ਨੂੰ ਢਾਲ ਲਿਆ ਹੈ ਅਤੇ ਵਖ-ਵਖ ਦੁਕਾਨਾਂ ਕਾਇਮ ਕਰ ਲਈਆਂ ਹੋਈਆਂ ਹਨ, ਉਥੇ ਹੀ ਅਜ ਫੈਡਰੇਸ਼ਨ ਨਾਲ ਜੁੜਨ ਤੋਂ ਵਿਦਿਆਰਥੀ ਨਾ ਕੇਵਲ ਆਪ ਝਿਝਕਣ ਲਗੇ ਹਨ, ਸਗੋਂ ਉਨ੍ਹਾਂ ਦੇ ਮਾਪੇ ਵੀ ਉਨ੍ਹਾਂ ਨੂੰ ਫੈਡਰੇਸ਼ਨ ਨਾਲ ਜੁੜਨ ਲਈ ਉਤਸਾਹਿਤ ਕਰਨ ਦੀ ਬਜਾਏ, ਉਸਤੋਂ ਦੂਰ ਰਹਿਣ ਲਈ ਹੀ ਪ੍ਰੇਰਨ ਲਗ ਪਏ ਹਨ।
ਅਜ ਸਥਿਤੀ ਇਹ ਹੈ ਕਿ ਇਸ (ਫੈਡਰੇਸ਼ਨ) ਸੰਸਥਾ ਦੀ ਮੂਲ ਰੂਪ ਵਿੱਚ ਅਣਹੋਂਦ ਕਾਰਣ ਹੀ, ਧਾਰਮਕ ਸਿੱਖ ਸੰਸਥਾਵਾਂ ਵਲੋਂ ਧਰਮ ਪ੍ਰਚਾਰ ਦੇ ਨਾਂ ਤੇ ਖਰਚ ਕੀਤੇ ਜਾ ਰਹੇ ਕਰੋੜਾਂ ਰੁਪਏ ਵੀ ਸਿੱਖੀ ਨੂੰ ਲਗ ਰਹੀ ਢਾਹ ਲਗਣ ਤੋਂ ਬਚਾਉਣ ਵਿਚ ਸਫਲ ਨਹੀਂ ਹੋ ਪਾ ਰਹੇ।

...ਅਤੇ ਅੰਤ ਵਿਚ: ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਮੁਖੀ ਅਤੇ ਉਸਦੇ ਮੂਲ ਆਦਰਸ਼ਾਂ ਪ੍ਰਤੀ ਸਦਾ ਹੀ ਸਮਰਪਿਤ ਰਹੇ ਸ. ਕੁਲਬੀਰ ਸਿੰਘ ਅਤੇ ਸ. ਪ੍ਰਿਤਪਾਲ ਸਿੰਘ ਦਾ ਕਹਿਣਾ ਹੈ ਕਿ ਸਿੱਖ ਸਟੂਡੈਂਟਸ ਫੈਡਰੇਸ਼ਨ ਨੂੰ ਨਿਜੀ ਰਾਜਸੀ ਸੁਆਰਥ ਲਈ ਵਰਤਣ ਅਤੇ ਉਸ ਨਾਲ ਸੰਬੰਧਤ ਵਿਦਿਆਰਥੀਆਂ ਨੂੰ ਭਟਕਾ ਕੇ ਕੁਰਾਹੇ ਪਾਣ ਵਾਲਿਆਂ ਨੇ ਵਿਦਿਆਰਥੀਆਂ ਦੀ ਸ਼ਕਤੀ ਨੂੰ ਭਰਪੂਰ ਵਰਤਿਆ, ਪਰ ਜਦੋਂ ਉਨ੍ਹਾਂ ਪੁਰ ਮੁਸੀਬਤ ਪਈ ਤੇ ਉਹ ਮੁਸ਼ਕਲਾਂ ਵਿਚ ਘਿਰੇ ਤਾਂ ਇਹ ਉਨ੍ਹਾਂ ਦੀ ਵਾਤ ਪੁਛਣੋਂ ਵੀ ਕਿਨਾਰਾ ਕਰ ਗਏ।


Mobile : + 91 95 82 71 98 90
E-mail : jaswantsinghajit@gmail.com

Address : Jaswant Singh ‘Ajit’, Flat No. 51, Sheetal Apartment, Plot No. 12,
 Sector – 14, Rohini,  DELHI-110085
 

ਨਾਨਕਸ਼ਾਹੀ ਕੈਲੰਡਰ ਵਿਵਾਦ : ਸੁਆਲ ਸੁਤੰਤਰ ਹੋਂਦ 'ਤੇ ਅੱਡਰੀ ਪਛਾਣ ਦਾ  - ਜਸਵੰਤ ਸਿੰਘ 'ਅਜੀਤ'

ਨਾਨਕਸ਼ਾਹੀ ਕੈਲੰਡਰ ਨੂੰ ਲੈ ਕੇ ਜੋ ਵਿਵਾਦ ਸੰਨ-2003 ਵਿੱਚ, ਇਸਨੂੰ ਜਾਰੀ ਕੀਤੇ ਜਾਣ ਦੇ ਨਾਲ ਹੀ, ਅਰੰਭ ਹੋ ਗਿਆ ਸੀ, ਉਹ ਅੱਜ, ਲਗਭਗ 17 ਵਰ੍ਹੇ ਬੀਤ ਜਾਣ ਤੇ ਵੀ ਮੁਕਣ ਦਾ ਨਾਂ ਨਹੀਂ ਲੈ ਰਿਹਾ। ਜੇ ਵੇਖਿਆ ਜਾਏ ਤਾਂ ਇਹ ਵਿਵਾਦ ਮੁਕਣ ਜਾਂ ਘਟਣ ਦੀ ਬਜਾਏ, ਲਗਾਤਾਰ ਵਧਦਾ ਹੀ ਚਲਿਆ ਜਾ ਰਿਹਾ ਹੈ। ਹੈਰਾਨੀ ਦੀ ਗਲ ਤਾਂ ਇਹ ਹੈ ਕਿ ਇਸ ਵਿਵਾਦ ਦੇ ਵਧਦਿਆਂ ਜਾਣ ਕਾਰਣ, ਇਸਦੇ ਨਾਂ ਤੇ ਸਿੱਖਾਂ ਵਿੱਚ ਜੋ ਵੰਡੀਆਂ ਪੈਣ ਅਤੇ ਸਿੱਖੀ ਦਾ ਘਾਣ ਹੋਣ ਦੀਆਂ ਸੰਭਾਵਨਾਵਾਂ ਬਣਦੀਆਂ ਜਾ ਰਹੀਆਂ ਹਨ, ਉਨ੍ਹਾਂ ਨੂੰ ਨਾ ਤਾਂ ਕੋਈ ਗੰਭੀਰਤਾ ਨਾਲ ਲੈਣ ਲਈ ਅਤੇ ਨਾ ਹੀ ਕੋਈ ਇਸਨੂੰ ਸਵੀਕਾਰ ਕਰਨ ਲਈ ਤਿਆਰ ਹੋ ਰਿਹਾ ਹੈ। ਸਾਰੇ ਹੀ ਹਊਮੈ ਦਾ ਸ਼ਿਕਾਰ ਹੋ ਅੜੀ ਕਰੀ ਬੈਠੇ ਹਨ।
ਅੱਜ ਜੋ ਸਥਿਤੀ  ਸਾਡੇ ਸਾਹਮਣੇ ਹੈ ਉਹ, ਇਹ ਹੈ ਕਿ ਨਾ ਤਾਂ ਸੰਨ-2003 ਵਿੱਚ ਲਾਗੂ ਕੀਤੇ ਗਏ ਨਾਨਕਸ਼ਾਹੀ ਕੈਲੰਡਰ ਦੇ ਸਮਰਥਕ ਇਹ ਗਲ ਸਵੀਕਾਰ ਕਰਨ ਲਈ ਤਿਆਰ ਹਨ ਕਿ ਜਿਸ ਉਦੇਸ਼ ਨਾਲ ਇਸ ਕੈਲੰਡਰ ਨੂੰ ਲਾਗੂ ਕੀਤਾ ਗਿਆ ਸੀ, ਕਿ ਇਸਦੇ ਲਾਗੂ ਹੋ ਜਾਣ ਨਾਲ ਸਿੱਖ ਧਰਮ ਦੀ ਸੁਤੰਤਰ ਹੋਂਦ ਅਤੇ ਸਿੱਖਾਂ ਦੀ ਅੱਡਰੀ ਪਛਾਣ ਨੂੰ ਮਾਨਤਾ ਮਿਲ ਜਾਇਗੀ, ਨਾ ਤਾਂ ਉਹ ਪੂਰਾ ਹੋ ਸਕਿਆ ਹੈ ਅਤੇ ਨਾ ਹੀ ਸੰਨ-2009 ਵਿੱਚ ਸੋਧ ਕੇ ਜਾਰੀ ਕੀਤੇ ਗਏ ਨਾਨਕਸ਼ਾਹੀ ਕੈਲੰਡਰ ਦੇ ਹਿਮਾਇਤੀ ਇਹ ਸਵੀਕਾਰ ਕਰਨ ਲਈ ਤਿਆਰ ਹਨ ਕਿ ਜਿਸ ਉਦੇਸ਼ ਦੀ ਪੂਰਤੀ ਦਾ ਦਾਅਵਾ ਕਰਦਿਆਂ ਇਹ ਕੈਲੰਡਰ ਸੋਧਿਆ ਗਿਆ, ਕਿ ਇਸ ਨਾਲ ਪੰਥ ਵਿੱਚ ਏਕਤਾ ਕਾਇਮ ਹੋ ਜਾਇਗੀ, ਨਾ ਹੀ ਉਹ ਪੂਰਾ ਹੋ ਸਕਿਆ ਹੈ। ਸਚਾਈ ਤਾਂ ਇਹ ਹੈ ਕਿ ਇਨ੍ਹਾਂ ਦੋਹਾਂ ਸਥਿਤੀਆਂ ਕਾਰਣ ਪੰਥ ਵਿੱਚ ਪਹਿਲਾਂ ਨਾਲੋਂ ਵੀ ਕਿਤੇ ਵੱਧ ਵੰਡੀਆਂ ਪੈ ਗਈਆਂ ਹਨ ਅਤੇ ਇਸਦੇ ਨਾਲ ਹੀ ਸਚਾਈ ਇਹ ਵੀ ਹੈ ਕਿ ਇਨ੍ਹਾਂ ਸਥਿਤੀਆਂ ਨੇ ਹੀ ਪੰਥ ਵਿੱਚ ਫੁਟ ਪੈਦਾ ਕਰ, ਉਸਨੂੰ ਵਧਾਉਣ ਅਤੇ ਸਿੱਖੀ ਦੇ ਘਾਣ ਨੂੰ ਹਲਾਸ਼ੇਰੀ ਦੇਣ ਵਿੱਚ ਮੁੱਖ ਭੁਮਿਕਾ ਅਦਾ ਕੀਤੀ ਹੈ।
ਸੁਆਲ ਉਠਦਾ ਹੈ ਕਿ ਕੀ ਕੋਈ ਕੈਲੰਡਰ ਕਿਸੇ ਧਰਮ ਦੀ ਸੁਤੰਤਰ ਹੋਂਦ ਜਾਂ ਉਸਦੇ ਪੈਰੋਕਾਰਾਂ ਦੀ ਅੱਡਰੀ ਪਛਾਣ ਨੂੰ ਮਾਨਤਾ ਦੁਆਉਣ ਵਿੱਚ ਯੋਗਦਾਨ ਪਾ ਸਕਦਾ ਹੈ? ਜਿਥੋਂ ਤਕ ਸਿੱਖ ਧਰਮ ਦੀ ਸੁਤੰਤਰ ਹੋਂਦ ਅਤੇ ਸਿੱਖਾਂ ਦੀ ਅੱਡਰੀ ਪਛਾਣ ਦੀ ਮਾਨਤਾ ਦਾ ਸੁਆਲ ਹੈ, ਉਹ ਨਾ ਤਾਂ ਕਿਸੇ ਕੈਲੰਡਰ ਦੀ ਮੁਥਾਜ ਹੈ ਅਤੇ ਨਾ ਹੀ ਕਿਸੇ ਪ੍ਰੀਭਾਸ਼ਾ ਦੀ।
ਸਿੱਖ ਇਤਿਹਾਸ ਵਲ ਨਜ਼ਰ ਮਾਰੀ ਜਾਏ ਤਾਂ ਇਹ ਗਲ ਉਭਰ ਕੇ ਸਾਹਮਣੇ ਆਉਂਦੀ ਹੈ, ਕਿ ਗੁਰੂ ਸਾਹਿਬ ਨੇ ਕਿਰਤ ਕਰਨ, ਵੰਡ ਛੱਕਣ ਅਤੇ ਨਾਮ ਜਪਣ ਦੀਆਂ ਬੁਨਿਆਦਾਂ ਤੇ ਜਿਸ ਸੰਤ-ਸਿਪਾਹੀ ਰੂਪੀ ਮਹਲ ਦੀ ਸਿਰਜਨਾ ਕੀਤੀ ਹੈ, ਉਸਦੀ ਆਪਣੀ ਸੁਤੰਤਰ ਹੋਂਦ ਅਤੇ ਅੱਡਰੀ ਪਛਾਣ ਹੈ, ਜਿਸਨੂੰ ਕੋਈ ਤਾਕਤ ਖ਼ਤਮ ਨਹੀਂ ਕਰ ਸਕਦੀ। ਜਿਥੇ ਸਿੱਖਾਂ ਦੀ ਕਿਰਤ ਕਰਨ, ਵੰਡ ਛੱਕਣ ਅਤੇ ਨਾਮ ਜਪਣ ਪ੍ਰਤੀ ਵਚਨਬੱਧਤਾ ਹੈ, ਉਥੇ ਹੀ ਸੰਤ-ਸਿਪਾਹੀ ਦੇ ਰੂਪ ਵਿੱਚ ਉਸਦੀ ਵਚਨਬੱਧਤਾ ਗ਼ਰੀਬ-ਮਜ਼ਲੂਮ ਅਤੇ ਆਪਣੇ ਆਤਮ-ਸਨਮਾਨ ਦੀ ਰਖਿਆ ਕਰਨ ਪ੍ਰਤੀ ਵੀ ਹੈ। ਇਹ ਗਲ ਸਮਝ ਲੈਣ ਵਾਲੀ ਹੈ ਕਿ ਉਸਦੀ ਇਹ ਵਚਨਬੱਧਤਾ ਰਾਜਸੱਤਾ ਹਾਸਲ ਕਰਨ ਲਈ ਨਹੀਂ, ਸਗੋਂ ਰਾਜਸੱਤਾ ਦੇ ਜਬਰ-ਜ਼ੁਲਮ ਅਤੇ ਅਨਿਆਇ ਵਿਰੁੱਧ ਸੰਘਰਸ਼ ਕਰਦਿਆਂ ਰਹਿਣ ਪ੍ਰਤੀ ਹੈ। ਸੋਚੋ! ਹੈ, ਕਿਸੇ ਧਰਮ ਜਾਂ ਉਸਦੇ ਪੈਰੋਕਾਰਾਂ ਦੀ ਅਜਿਹੀ ਵਚਨਬੱਧਤਾ?
ਇਹ ਗਲ ਵੀ ਧਿਆਨ ਮੰਗਦੀ ਹੈ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ 'ਜਬ ਲਗ ਖਾਲਸਾ ਰਹੇ ਨਿਆਰਾ' ਦੀ ਜੋ ਸ਼ਰਤ ਰਖੀ ਹੈ, ਉਹ ਕੇਵਲ ਬਾਹਰਲੇ ਸਿੱਖੀ-ਸਰੂਪ ਨਾਲ ਹੀ ਸਬੰਧਤ ਨਹੀਂ, ਸਗੋਂ ਇਸਦਾ ਸਬੰਧ ਜੀਵਨ, ਆਚਰਣ ਅਤੇ ਆਦਰਸ਼ ਨਾਲ ਵੀ ਹੈ। ਜਿਥੋਂ ਤਕ ਕੇਸਾਧਾਰੀ ਤੇ ਪਗੜੀਧਾਰੀ ਹੋਣ ਦਾ ਸਬੰਧ ਹੈ, ਅਜਿਹੇ ਸਰੂਪ (ਦਾੜ੍ਹੀ-ਕੇਸਾਂ ਅਤੇ ਪੱਗ) ਦੀਆਂ ਧਾਰਨੀ ਦੇਸ਼-ਵਿਦੇਸ਼ ਵਿੱਚ ਅਨੇਕਾਂ ਜਾਤੀਆਂ ਨਜ਼ਰ ਆਉਂਦੀਆਂ ਹਨ। ਪਰ ਉਨ੍ਹਾਂ ਦੀ ਅਜਿਹੀ ਕੋਈ ਵਚਨਬੱਧਤਾ ਜਾਂ ਵਿਲਖਣਤਾ ਨਹੀਂ, ਜਿਹੋ ਜਿਹੀ ਸਿੱਖਾਂ ਦੀ ਹੈ।
ਜਿਥੋਂ ਤਕ ਸਿੱਖਾਂ ਦੇ ਨਿਆਰੇਪਨ ਦੀ ਗਲ ਹੈ, ਉਸਦੀ ਵਿਸ਼ੇਸ਼ਤਾ ਬਾਰੇ ਕਨਿੰਘਮ ਲਿਖਦਾ ਹੈ, 'ਗੁਰੂ ਗੋਬਿੰਦ ਸਿੰਘ ਜੀ ਨੇ ਸ਼ਖ਼ਸੀਅਤ ਤੋਂ ਅਸੂਲਾਂ ਵੱਲ ਪੰਥ ਨੂੰ ਲਿਆ ਕੇ ਇਕ ਐਸਾ ਕਾਰਨਾਮਾ ਕਰ ਵਿਖਾਇਆ, ਜਿਸਨੇ ਸਿੱਖਾਂ ਨੂੰ ਗੁਰੂ ਦੀ ਸਰੀਰਕ ਰੂਪ ਵਿੱਚ ਅਣਹੋਂਦ ਮਹਿਸੂਸ ਹੋਣ ਨਹੀਂ ਦਿੱਤੀ'।
ਇਸੇ ਤਰ੍ਹਾਂ ਸਿੱਖਾਂ ਦੇ ਨਿਆਰੇਪਨ ਦਾ ਰੂਪ, ਉਨ੍ਹਾਂ ਦਾ ਜੀਵਨ ਵੀ ਹੈ, ਜਿਸਦੇ ਸਬੰਧ ਵਿੱਚ ਇਤਿਹਾਸ ਵਿੱਚ ਜ਼ਿਕਰ ਆਉਂਦਾ ਹੈ ਕਿ 'ਸਿੱਖ ਆਹੇ ਕਿਰਤੀ, ਧਰਮ ਦੀਆਂ ਮੂਰਤਾਂ। ਅੰਦਰ ਗਊ ਦਾ, ਬਾਹਰ ਸ਼ੇਰ ਦੀਆਂ ਮੂਰਤਾਂ' ਇਸੇ ਤਰ੍ਹਾਂ ਹੋਰ, 'ਤਿਸ ਸਮੇਂ ਸਿੱਖ ਆਹੇ, ਜਤੀ ਸਤੀ ਰਹਤਵਾਨ, ਪਰ ਐਲਾ ਮੈਲਾ ਧਨ ਨਾ ਖਾਨ। ਤਿਨਾਂ ਸਿੱਖਾਂ ਦੇ ਤਪ ਕਰ, ਤੁਰਕਾਂ ਦਾ ਹੋਇਆ ਨਾਸ'। ਅਤੇ 'ਉਨ੍ਹਾਂ ਹੀ ਸਿੱਖਾਂ ਦੇ ਤਪ ਭਜਨ ਅਤੇ ਸੀਸ ਦੇਣੇ ਕਰਿ ਖਾਲਸੇ ਦਾ ਹੋਣਾ ਪ੍ਰਕਾਸ'।
ਇਸੇ ਤਰ੍ਹਾਂ ਇਤਿਹਾਸ ਵਿੱਚ ਸਿੱਖਾਂ ਦੇ ਆਚਰਣ ਬਾਰੇ ਵੀ ਜ਼ਿਕਰ ਆਉਂਦਾ ਹੈ, ਕਿ ਜਦੋਂ ਉਹ ਜੰਗਲਾਂ-ਬੇਲਿਆਂ ਵਿੱਚ ਸ਼ਰਨ ਲਈ ਭਟਕ ਰਹੇ ਸਨ ਅਤੇ ਕਈ ਵਾਰ ਉਨ੍ਹਾਂ ਨੂੰ ਕਈ-ਕਈ ਦਿਨ ਬਿਨਾ ਕੁਝ ਖਾਦਿਆਂ ਬੀਤ ਜਾਂਦੇ ਸਨ, ਫਿਰ ਵੀ ਜਦੋਂ ਉਨ੍ਹਾਂ ਨੂੰ ਖਾਣ ਵਾਸਤੇ ਕੁਝ ਮਿਲਦਾ ਤਾਂ ਉਹ ਨਗਾਰੇ ਤੇ ਚੋਟ ਮਾਰ ਕੇ ਹੋਕਾ ਦਿੰਦੇ ਕਿ 'ਦੇਹ ਆਵਾਜ਼ਾ ਭੁਖਾ ਕੋਈ, ਆਉ ਦੇਗ਼ ਤਿਆਰ ਗੁਰ ਹੋਈ'। ਜੇ ਉਨ੍ਹਾਂ ਦੇ ਹੋਕੇ ਤੇ ਉਨ੍ਹਾਂ ਦਾ ਕੋਈ ਦੁਸ਼ਮਣ ਵੀ ਖਾਣਾ ਖਾਣ ਆ ਗਿਆ ਤਾਂ ਉਨ੍ਹਾਂ ਉਸਨੂੰ ਮਨ੍ਹਾ ਨਹੀਂ ਕਰਨਾ, 'ਓਸ ਸਮੇਂ ਬੈਰੀ ਕਿਨ ਆਵੈ, ਪਰਮ ਮੀਤ ਸਮ ਤਾਹਿ ਛਕਾਵੈ'। ਜੇ ਆਏ ਭੁਖੇ ਨੂੰ ਖੁਆਉਣ ਤੋਂ ਬਾਅਦ, 'ਬਚੇ ਤੋ ਆਪ ਖਾ ਲੈ ਹੈਂ, ਨਹੀਂ ਤੋ ਲੰਗਰ ਮਸਤ ਬਤੈ ਹੈਂ। ਸੋਚੋ ਹੈ ਕਿਸੇ ਧਰਮ ਵਿੱਚ ਅਜਿਹੀ ਵਿਸ਼ਾਲਤਾ ਤੇ ਵਿਲਖਣਤਾ?
ਸਿੱਖਾਂ ਦੇ ਉਚ ਆਚਰਣ ਦੀ ਘਾੜਤ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪ ਘੜੀ। ਇਤਿਹਾਸ ਵਿੱਚ ਆਉਂਦਾ ਹੈ ਕਿ ਜਦੋਂ ਨਦੌਣ ਦੀ ਲੜਾਈ ਵਿੱਚ ਦੁਸ਼ਮਣ ਹਾਰ, ਮੈਦਾਨ ਛੱਡ ਭਜ ਖੜਾ ਹੋਇਆ ਤਾਂ ਸਿੱਖ ਦੁਸ਼ਮਣ ਦੇ ਮਾਲ-ਮਤੇ ਦੀ ਲੁਟ ਦੇ ਨਾਲ ਨਵਾਬ ਦੀ ਲੜਕੀ ਵੀ ਉਠਵਾ ਲਿਆਏ। ਜਦੋਂ ਗੁਰੂ ਸਾਹਿਬ ਨੂੰ ਇਸ ਗਲ ਦਾ ਪਤਾ ਲਗਾ ਤਾਂ ਉਨ੍ਹਾਂ ਬਹੁਤ ਬੁਰਾ ਮਨਾਇਆ ਅਤੇ ਸਿੱਖਾਂ ਨੂੰ ਹੁਕਮ ਕੀਤਾ ਕਿ ਉਹ ਲੜਕੀ ਨੂੰ ਪੂਰੇ ਸਨਮਾਨ ਨਾਲ ਉਸਦੇ ਘਰ ਪਹੁੰਚਾ ਦੇਣ। ਉਨ੍ਹਾਂ ਦੇ ਇਸ ਹੁਕਮ ਨੂੰ ਸੁਣ ਕੇ ਸਿੱਖਾਂ ਹੱਥ ਜੋੜ ਕਿਹਾ: 'ਸਭ ਸਿੱਖ ਪੁਛਣ ਗੁਨ ਖਾਣੀ। ਸਗਲ ਤੁਰਕ ਭੁਗਵਹਿ ਹਿੰਦਵਾਣੀ। ਸਿੱਖ ਬਦਲਾ ਲੈ ਭਲਾ ਜਣਾਵੈ। ਗੁਰੂ ਸ਼ਾਸਤ੍ਰ ਕਿਉਂ ਵਰਜ ਹਟਾਵੈ'। ਇਹ ਸੁਣ ਗੁਰੂ ਸਾਹਿਬ ਨੇ ਫੁਰਮਾਇਆ: 'ਸੁਣਿ ਸਤਿਗੁਰੂ ਬੋਲੇ ਤਿਸ ਬੇਰੇ, ਹਮ ਲੈ ਜਾਨੋਂ ਪੰਥ ੳੇਚੇਰੇ, ਨਹੀਂ ਅਧਗਤਿ ਬਿਖੈ ਪੁਚਾਵੈ'।
ਸਿੱਖਾਂ ਦੀ ਆਦਰਸ਼ਾਂ ਪ੍ਰਤੀ ਦ੍ਰਿੜਤਾ ਦੀ ਇਕ ਉਦਾਹਰਣ ਇਤਿਹਾਸ ਵਿੱਚ ਇਉਂ ਦਰਜ ਹੈ, 'ਜਦੋਂ ਤਾਰਾ ਸਿੰਘ ਵਾਂ ਨੂੰ ਪਕੜਨ ਲਈ ਮੁਗ਼ਲ ਫੌਜਾਂ ਉਨ੍ਹਾਂ ਦੇ ਪਿੰਡ ਵਲ ਵੱਧ ਰਹੀਆਂ ਸਨ ਤਾਂ ਸ਼ਾਹੀ ਫੌਜ ਦੇ ਹਜੂਰਾ ਸਿੰਘ ਨੇ ਚੁਪਕੇ ਜਿਹੇ ਫੌਜ ਵਿਚੋਂ ਨਿਕਲ ਭਾਈ ਤਾਰਾ ਸਿੰਘ ਵਾਂ ਦੇ ਪਿੰਡ ਪਹੁੰਚ ਉਨ੍ਹਾਂ ਨੂੰ ਫੌਜ ਦੇ ਉਨ੍ਹਾਂ ਵਲ ਕੂਚ ਕਰਨ ਦੀ ਸੂਚਨਾ ਦਿੰਦਿਆਂ, ਉਨ੍ਹਾਂ ਨੂੰ ਕੁਝ ਸਮੇਂ ਲਈ ਇਧਰ-ਉਧਰ ਹੋ ਜਾਣ ਦੀ ਸਲਾਹ ਦਿੱਤੀ। ਉਨ੍ਹਾਂ ਉਸੇ ਸਮੇਂ ਆਪਣੇ ਮੁੱਠੀ ਭਰ ਸਾਥੀਆਂ ਨਾਲ ਮਿਲ ਕੇ ਗੁਰੂ ਚਰਨਾਂ ਵਿੱਚ ਅਰਦਾਸ ਕੀਤੀ ਤੇ 'ਦਸ ਗ੍ਰੰਥੀ' ਵਿਚੋਂ ਹੁਕਮ ਲਿਆ। ਹੁਕਮ ਆਇਆ: 'ਜੋ ਕਹੂੰ ਕਾਲ ਤੇ ਭਾਜ ਕੇ ਬਾਚੀਅਤ ਤੋ ਦਹਿ ਕੁੰਟ ਕੋ ਭਜ ਜਾਈਯੇ। ਅਗੋਂ ਹੂੰ ਕਾਲ ਧਰੇ ਅਸ ਗਾਜਤ ਛਾਜਤ ਹੈ। ਜੈਂ ਤੇ ਨਸ ਆਈਏ' ਇਹ ਹੁਕਮ ਸੁਣ ਉਨ੍ਹਾਂ ਇਹ ਕਹਿ ਕੇ ਇਧਰ-ਉਧਰ ਹੋ ਜਾਣ ਤੋਂ ਮਨ੍ਹਾ ਕਰ ਦਿਤਾ, ਕਿ ਗੁਰੂ ਸਾਹਿਬ ਦਾ ਹੁਕਮ ਹੈ ਕਿ ਬਹਾਦਰਾਂ ਵਾਂਗ ਆਪਣੇ ਆਦਰਸ਼ ਤੇ ਪਹਿਰਾ ਦਿਉ, ਮੌਤ ਤਾਂ ਹਰ ਜਗ੍ਹਾ ਪਿਛਾ ਕਰੇਗੀ. ਭਜ ਕੇ ਕਿਥੇ-ਕਿਥੇ ਜਾਉਗੇ।
ਇਸੇ ਤਰ੍ਹਾਂ ਪਿੰਡ ਦਾ ਨੰਬਰਦਾਰ ਸੂਜਾ ਮੁਗ਼ਲ ਫੌਜਾਂ ਨੂੰ ਭਟਕਾਉਣ ਲਈ ਅਗੇ ਹੋ ਗਿਆ ਅਤੇ ਆਪਣੇ ਭਰਾ ਨੂੰ ਭਾਈ ਤਾਰਾ ਸਿੰਘ ਵਲ ਭੇਜ ਕੇ ਉਨ੍ਹਾਂ ਨੂੰ ਦੋ-ਚਾਰ ਦਿਨ ਲਈ ਇਧਰ-ਉਧਰ ਹੋ ਜਾਣ ਦਾ ਸੁਨੇਹਾ ਪਹੁੰਚਾਇਆ। ਭਾਈ ਤਾਰਾ ਸਿੰਘ ਨੇ ਉਸਦਾ ਧੰਨਵਾਦ ਕਰਦਿਆਂ ਉਸਨੂੰ ਵੀ ਇਹੀ ਕਿਹਾ ਕਿ 'ਜਿਨ੍ਹਾਂ ਦੀਆਂ ਹਡੱੀਆਂ ਵਿੱਚ ਬੀਰਤਾ ਨਿਵਾਸ ਕਰ ਗਈ ਹੋਵੇ, ਉਹ ਦ੍ਰਿੜ੍ਹਤਾ ਦੇ ਪਲੇ ਨੂੰ ਨਹੀਂ ਛੱਡਦੇ'। ਇਤਿਹਾਸ ਗੁਆਹ ਹੈ ਉਨ੍ਹਾਂ ਨੇ ਡੱਟ ਕੇ ਦੁਸ਼ਮਣ ਦਾ ਸਾਹਮਣਾ ਕੀਤਾ ਅਤੇ ਸਾਥੀਆਂ ਸਹਿਤ ਸ਼ਹੀਦੀ ਪ੍ਰਾਪਤ ਕਰ ਲਈ।

ਗਲ ਗੁਰੂ ਸਾਹਿਬ ਵਲੋਂ ਬਖ਼ਸ਼ੀ ਬਾਦਸ਼ਾਹੀ ਦੀ:  ਇਸ ਗਲ ਨੂੰ ਬਹੁਤ ਹੀ ਗੰਭੀਰਤਾ ਨਾਲ ਸੋਚਣ ਤੇ ਵਿਚਾਰਨ ਦੀ ਲੋੜ ਹੈ ਕਿ ਗੁਰੂ ਸਾਹਿਬ ਨੇ ਸਿੱਖਾਂ ਨੂੰ 'ਬਾਦਸ਼ਾਹੀ' ਦੇਣ ਦਾ ਜੋ ਵਚਨ ਦਿੱਤਾ ਹੈ, ਅਸਲ ਵਿੱਚ ਉਹ 'ਬਾਦਸ਼ਾਹੀ' ਰਾਜਸੱਤਾ ਦੀ ਨਹੀਂ, ਸਗੋਂ ਦਿਲਾਂ ਪੁਰ ਰਾਜ ਕਰਨ ਦੀ 'ਬਾਦਸ਼ਾਹੀ' ਹੈ, ਕਿਉਂਕਿ ਰਾਜਸੱਤਾ ਅਸਥਾਈ ਹੈ, ਜਦਕਿ ਦਿਲਾਂ ਪੁਰ ਰਾਜ ਕਰਨ ਦੀ 'ਬਾਦਸ਼ਾਹੀ' ਸਦੀਵੀ ਹੈ। ਇਹ ਬਾਦਸ਼ਾਹੀ ਕੇਵਲ ਕਿਰਤ ਕਰਨ, ਵੰਡ ਛੱਕਣ ਅਤੇ ਨਾਮ ਜਪਦਿਆਂ, ਸੰਤ-ਸਿਪਾਹੀ ਦੇ ਫਰਜ਼ਾਂ, ਅਰਥਾਤ ਗ਼ਰੀਬ-ਮਜ਼ਲੂਮ ਅਤੇ ਆਤਮ-ਸਨਮਾਨ ਦੀ ਰਖਿਆ ਕਰਨ, ਦਾ ਪਾਲਣ ਕਰਦਿਆਂ ਹੀ ਪ੍ਰਾਪਤ ਹੋ ਸਕਦੀ ਹੈ ਅਤੇ ਇਸੇ ਦੇ ਸਹਾਰੇ ਹੀ ਇਸਨੂੰ ਕਾਇਮ ਵੀ ਰਖਿਆ ਜਾ ਸਕਦਾ ਹੈ।
ਜਿਨ੍ਹਾਂ ਨੇ ਰਾਜਨੈਤਿਕ ਸੁਆਰਥ ਅਧੀਨ ਸਤਿਗੁਰਾਂ ਦੀ ਬਖ਼ਸ਼ੀ ਇਸ 'ਬਾਦਸ਼ਾਹੀ' ਨੂੰ ਰਾਜਸੱਤਾ ਨਾਲ ਜੋੜ ਲਿਆ ਹੈ, ਉਹ ਸਿੱਖੀ ਦੇ ਆਦਰਸ਼ਾਂ ਤੋਂ ਭਟਕ ਗਏ ਹਨ, ਕਿਉਂਕਿ ਰਾਜਸੱਤਾ ਸਿੱਖੀ ਦੇ ਮੂਲ ਆਦਰਸ਼ਾਂ ਦੀ ਕੁਰਬਾਨੀ ਦੇ ਕੇ ਹੀ ਪ੍ਰਾਪਤ ਕੀਤੀ ਜਾ ਸਕਦੀ ਹੈ ਅਤੇ ਇਸੇ ਦੇ ਸਹਾਰੇ ਹੀ ਉਸਨੂੰ ਕਾਇਮ ਰਖਿਆ ਜਾ ਸਕਦਾ ਹੈ।
ਇਸ ਲਈ ਜੇ ਸਿੱਖੀ ਦੀ ਸੁਤੰਤਰ ਹੋਂਦ ਅਤੇ ਆਪਣੀ ਅੱਡਰੀ ਪਛਾਣ ਕਾਇਮ ਰਖਣੀ ਹੈ ਤਾਂ ਗੁਰੂ ਸਾਹਿਬ ਵਲੋਂ ਨਿਸ਼ਚਿਤ ਆਦਰਸ਼ਾਂ ਪ੍ਰਤੀ ਸਮਰਪਤ ਅਤੇ ਈਮਾਨਦਾਰ ਹੋਣ ਦੀ ਵਚਨਬੱਧਤਾ ਨਿਭਾਉਣੀ ਹੋਵੇਗੀ।

...ਅਤੇ ਅੰਤ ਵਿੱਚ: ਜਿਵੇਂ ਕਿ ਉਪਰ ਬਿਆਨ ਕੀਤਾ ਗਿਆ ਹੈ, ਜੇ ਈਮਾਨਦਾਰੀ ਹੋਵੇ ਤਾਂ 'ਨਾਨਕਸ਼ਾਹੀ ਕੈਲੰਡਰ' ਦੇ ਵਿਵਾਦ ਨੂੰ ਹਲ ਕਰਨਾ ਅਸੰਭਵ ਨਹੀਂ। ਲੋੜ ਹੈ ਤਾਂ ਕੇਵਲ ਹਊਮੈ ਦਾ ਤਿਆਗ ਕਰਨ ਦੀ। ਦੋਵੇਂ ਧਿਰਾਂ ਜੇ ਇਸ ਵਿਵਾਦ ਨੂੰ ਹਲ ਕਰਨ ਪ੍ਰਤੀ ਈਮਾਨਦਾਰ ਹੋਣ ਤਾਂ ਆਪੋ-ਵਿੱਚ ਮਿਲ ਬੈਠਣ। ਸੰਨ-2003 ਦੇ ਮੂਲ ਕੈਲੰਡਰ ਅਨੁਸਾਰ ਗੁਰਪੁਰਬਾਂ ਦੀਆਂ ਮਿਤੀਆਂ ਅਤੇ ਸੰਨ-2009 ਦੇ ਸੋਧੇ ਨਾਨਕਸ਼ਾਹੀ ਕੈਲੰਡਰ ਅਨੁਸਾਰ ਸੰਗਰਾਂਦਾਂ ਆਦਿ ਮਨਾਉਣ ਦੇ ਆਧਾਰ ਤੇ ਆਪਸ ਵਿੱਚ ਸਹਿਮਤੀ ਕਰ ਕੇ ਉਹ ਇਸ ਵਿਵਾਦ ਨੂੰ ਸਦਾ ਲਈ ਖ਼ਤਮ ਕਰ ਸਕਦੀਆਂ ਹਨ। ਇਸਤਰ੍ਹਾਂ ਦੋਹਾਂ ਧਿਰਾਂ ਦੀ ਵੀ ਰਹਿ ਆਵੇਗੀ ਅਤੇ ਵਿਵਾਦ ਵੀ ਹਲ ਹੋ ਜਾਇਗਾ। ਪਰ ਕੀ ਦੋਵੇਂ ਧਿਰਾਂ ਪੰਥ ਦੇ ਵੱਡੇ ਹਿਤਾਂ ਨੂੰ ਮੁੱਖ ਰਖਦਿਆਂ ਉਸ (ਪੰਥ) ਨੂੰ ਵੰਡੀਆਂ ਦਾ ਸ਼ਿਕਾਰ ਹੋਣ ਬਚਾਉਣ ਲਈ, ਇਤਨੀ ਨਗੂਣੀ ਜਿਹੀ ਕੁਰਬਾਨੀ ਕਰਨ ਲਈ ਤਿਆਰ ਹੋ ਸਕਣਗੀਆਂ? ਇਹ ਸੁਆਲ ਤਦ ਤਕ ਬਣਿਆ ਰਹੇਗਾ, ਜਦੋਂ ਤਕ ਦੋਵੇਂ ਧਿਰਾਂ ਇਸ ਮੁੱਦੇ ਨੂੰ ਹਲ ਕਰਨ ਪ੍ਰਤੀ ਆਪਣੀ ਈਮਾਨਦਾਰੀ ਦਾ ਅਹਿਸਾਸ ਨਹੀਂ ਕਰਵਾਉਂਦੀਆਂ।

Mobile : + 91 95 82 71 98 90
E-mail : jaswantsinghajit@gmail.com

Address : Jaswant Singh ‘Ajit’, Flat No. 51, Sheetal Apartment, Plot No. 12,
 Sector – 14, Rohini,  DELHI-110085

ਇੱਕ ਦ੍ਰਿਸ਼ਟੀਕੋਣ ਇਹ ਵੀ : ਲਓ ਜੀ, ਦਸਮ ਗ੍ਰੰਥ ਨੂੰ ਲੈ ਕੇ ਮੁੜ ਛਿੜ ਪਿਆ ਜੇ ਵਿਵਾਦ - ਜਸਵੰਤ ਸਿੰਘ 'ਅਜੀਤ'

ਬੀਤੇ ਦਿਨੀਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਅਧੀਨ ਗੁਰਦੁਆਰਾ ਬੰਗਲਾ ਸਾਹਿਬ ਵਿੱਖੇ ਹੋ ਰਹੀ ਨਿਤ ਦੀ ਕੱਥਾ ਵਿੱਚ 'ਦਸਮ ਗ੍ਰੰਥ' ਵਿਚਲੀ ਬਾਣੀ 'ਬਚਿਤ੍ਰ ਨਾਟਕ' ਨੂੰ ਸ਼ਾਮਲ ਕਰ, ਉਸਦੀ ਲੜੀਵਾਰ ਕੱਥਾ ਕਰਵਾਏ ਜਾਣ ਨੂੰ ਲੈ ਕੇ, ਇੱਕ ਵਾਰ ਫਿਰ 'ਦਸਮ ਗ੍ਰੰਥ' ਦੇ ਸ੍ਰੀ ਗੁਰੂ ਗੋਬਿੰਦ ਦੀ ਰਚਨਾ ਹੋਣ ਜਾਂ ਨਾ ਹੋਣ, ਨੂੰ ਲੈ ਕੇ ਵਿਵਾਦ ਭੱਖ ਪਿਆ ਹੈ। ਜਿੱਥੇ 'ਦਸਮ ਗ੍ਰੰਥ' ਦੇ ਵਿਰੋਧੀਆਂ ਵਲੋਂ ਆਪਣੇ ਦਸਮ ਗ੍ਰੰਥ ਵਿਰੋਧੀ ਸੁਰ ਤੇਜ਼ ਕਰ ਦਿੱਤੇ ਗਏ ਹਨ, ਉਥੇ ਹੀ 'ਦਸਮ ਗ੍ਰੰਥ' ਸਮਰਥਕਾਂ ਵਲੋਂ ਦਿੱਲੀ ਗੁਰਦੁਅਰਾ ਕਮੇਟੀ ਦੇ ਇਸ ਉਦਮ ਨੂੰ 'ਦਸਮ ਗ੍ਰੰਥ' ਦੇ ਸੰਬੰਧ ਵਿੱਚ ਪਾਏ ਜਾ ਰਹੇ ਭੁਲੇਖਿਆਂ ਨੂੰ ਦੂਰ ਕਰਨ ਵਲ ਵਧਾਇਆ ਗਿਆ ਇੱਕ ਸਾਰਥਕ ਕਦਮ ਕਰਾਰ ਦਿੱਤਾ ਜਾ ਰਿਹਾ ਹੈ। ਇਸੇ ਤਰ੍ਹਾਂ 'ਦਸਮ ਗ੍ਰੰਥ' ਵਿਰੋਧੀਆਂ ਦਾ ਇਹ ਵੀ ਕਹਿਣਾ ਹੈ ਕਿ 'ਦਸਮ ਗ੍ਰੰਥ' ਦੇ ਸਮਰਥਕ ਇਸਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਸਥਾਪਤ ਕਰ 'ਗੁਰੂ' ਦਾ ਦਰਜਾ ਦੇ, ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਮਹਾਨਤਾ ਨੂੰ ਘਟਾਣ ਤੇ ਤੁਲੇ ਹੋਏ ਹਨ।

ਦਸਮ ਗ੍ਰੰਥ ਬਾਰੇ ਵਿਵਾਦ ਦੀ ਗਲ: ਇਹ ਗਲ ਸਾਰੇ ਹੀ ਜਾਣਦੇ ਹਨ ਕਿ ਕੁਝ ਪੰਥਕ ਵਿਦਵਾਨਾਂ ਵਲੋਂ ਬੀਤੇ ਕਾਫ਼ੀ ਸਮੇਂ ਤੋਂ ਦਸਮ ਗ੍ਰੰਥ ਦੀਆਂ ਬਾਣੀਆਂ ਨੂੰ ਲੈ ਕੇ ਵੱਡੇ ਪੈਮਾਨੇ 'ਤੇ ਵਿਵਾਦ ਖੜਾ ਕਰ ਦਿਤਾ ਗਿਆ ਹੋਇਆ ਹੈ। ਇਨ੍ਹਾਂ ਵਿਦਵਾਨਾਂ ਵਲੋਂ ਇਕ ਤਾਂ ਇਸਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਕਿਰਤ ਸਵੀਕਾਰਨ ਤੋਂ ਹੀ ਇਨਕਾਰ ਕੀਤਾ ਜਾ ਰਿਹਾ ਹੈ ਅਤੇ ਦੂਸਰਾ ਉਨ੍ਹਾਂ ਦਾ ਇਹ ਵੀ ਕਹਿਣਾ ਹੈ ਕਿ ਦਸਮ ਗ੍ਰੰਥ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਦਰਜਾ ਦੇ ਕੇ, ਸਿੱਖ ਮਾਨਤਾਵਾਂ ਅਤੇ ਪਰੰਪਰਾਵਾਂ ਦੇ ਨਾਲ ਹੀ ਮਰਿਆਦਾਵਾਂ ਦੀ ਵੀ ਉਲੰਘਣਾ ਕੀਤੀ ਜਾ ਰਹੀ ਹੈ।
ਇਸਦੇ ਵਿਰੁਧ ਵਿਦਵਾਨਾਂ ਦੇ ਇਕ ਹੋਰ ਵਰਗ ਦਾ ਮੰਨਣਾ ਹੈ ਕਿ ਜੇ ਈਮਾਨਦਾਰੀ ਨਾਲ ਸਾਰੀ ਸਥਿਤੀ ਦੀ ਘੋਖ ਕੀਤੀ ਜਾਏ ਤਾਂ 'ਕੇਵਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਅਵਤਾਰ ਧਾਰਣ ਅਤੇ ਜੋਤੀ ਜੋਤ ਸਮਾਉਣ ਨਾਲ ਸਬੰਧਤ ਅਸਥਾਨਾਂ, ਅਰਥਾਤ ਤਖ਼ਤ ਸ੍ਰੀ ਹਰਿਮੰਦਰ ਪਟਨਾ ਸਾਹਿਬ ਅਤੇ ਤਖ਼ਤ ਸੱਚਖੰਡ ਅਬਚਲ ਨਗਰ ਨਾਂਦੇੜ ਸਾਹਿਬ ਵਿਖੇ ਹੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਰਚਨਾ ਸਵੀਕਾਰ ਕਰ, 'ਦਸਮ ਗ੍ਰੰਥ' ਦਾ ਪ੍ਰਕਾਸ਼ ਕੀਤਾ ਜਾਂਦਾ ਹੈ, ਇਸਦੇ ਨਾਲ ਹੀ ਦਸਮੇਸ਼ ਪਿਤਾ ਵਲੋਂ 'ਗੁਰੂ ਕੀ ਲਾਡਲੀ ਫੌਜ' ਹੋਣ ਦੇ ਦਾਅਵੇਦਾਰ ਨਿਹੰਗ ਸਿੰਘਾਂ ਦੇ ਡੇਰਿਆਂ ਪੁਰ ਵੀ ਇਸੇ ਹੀ ਉਦੇਸ਼ ਨਾਲ 'ਦਸਮ ਗ੍ਰੰਥ' ਦਾ ਪ੍ਰਕਾਸ਼ ਹੁੰਦਾ ਹੈ। ਇਥੇ ਇਹ ਗਲ ਵੀ ਵਰਨਣਯੋਗ ਹੇ ਕਿ ਇਹਨਾਂ ਅਸਥਾਨਾਂ ਤੇ ਅਰਦਾਸ ਦੀ ਸਮਾਪਤੀ ਤੋਂ ਉਪਰੰਤ ਜੋ ਦੋਹਿਰਾ 'ਆਗਿਆ ਭਈ ਅਕਾਲ ਕੀ' ਵਾਲਾ ਪੜ੍ਹਿਆ ਜਾਂਦਾ ਹੈ, ਉਸ ਵਿਚ ਸਦਾ 'ਗੁਰੂ ਮਾਨਿਓ ਗ੍ਰੰਥ' ਹੀ ਪੜ੍ਹਿਆ ਜਾਂਦਾ ਹੈ, ਜਿਸਦਾ ਸਪਸ਼ਟ ਭਾਵ ਇਹੀ ਹੈ ਕਿ ਇਨ੍ਹਾਂ ਅਸਥਾਨਾਂ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਰਚਨਾ ਸਵੀਕਾਰ ਕਰਦਿਆਂ, ਭਾਵੇਂ 'ਦਸਮ ਗ੍ਰੰਥ' ਦਾ ਪ੍ਰਕਾਸ਼ ਤੇ ਪਾਠ ਤਾਂ ਕੀਤਾ ਜਾਂਦਾ ਹੈ, ਪ੍ਰੰਤੂ ਦਸਾਂ ਗੁਰੂਆਂ ਦੇ ਜੋਤ ਸਰੂਪ ਵਜੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਹੀ ਗੁਰੂ ਸਵੀਕਾਰ ਕੀਤਾ ਜਾਂਦਾ ਹੈ, 'ਦਸਮ ਗ੍ਰੰਥ' ਨੂੰ ਗੁਰੂ ਨਹੀਂ ਸਵੀਕਾਰਿਆ ਜਾਂਦਾ।
ਇਨ੍ਹਾਂ ਵਿਦਵਾਨਾਂ ਦਾ ਇਹ ਵੀ ਕਹਿਣਾ ਹੈ ਕਿ ਇਨ੍ਹਾਂ ਅਸਥਾਨਾਂ ਤੇ 'ਦਸਮ ਗ੍ਰੰਥ' ਦਾ ਪ੍ਰਕਾਸ਼ ਕੁਝ ਸਮੇਂ ਤੋਂ ਨਹੀਂ, ਸਗੋਂ ਸਦੀਆਂ ਤੋਂ ਕੀਤਾ ਜਾਂਦਾ ਚਲਿਆ ਆ ਰਿਹਾ ਹੈ ਅਤੇ ਸਥਾਨਕ ਤੋਰ ਤੇ ਦਸਮੇਸ਼ ਪਿਤਾ ਦੀ ਰਚਨਾ ਸਵੀਕਾਰ ਕਰ ਕੇ ਇਸਦਾ ਸਤਿਕਾਰ, ਪ੍ਰਕਾਸ਼ ਤੇ ਪਾਠ ਕੀਤਾ ਜਾਂਦਾ ਹੈ। ਅਜਿਹਾ ਉਸ ਸਮੇਂ ਵੀ ਹੁੰਦਾ ਸੀ, ਜਦੋਂ ਪ੍ਰੋ. ਦਰਸ਼ਨ ਸਿੰਘ ਆਪ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਹੁੰਦੇ ਸਨ।
ਇਸ ਗਲ ਨੂੰ ਸਵੀਕਾਰ ਕਰਨਾ ਹੀ ਹੋਵੇਗਾ ਕਿ ਇਸ ਪਰੰਪਰਾ ਨੂੰ ਧਮਕੀਆਂ ਤੇ ਵਿਵਾਦਾਂ ਨਾਲ ਠਲ੍ਹ ਪਾਈ ਜਾਣੀ ਕਿਸੇ ਵੀ ਤਰ੍ਹਾਂ ਸੰਭਵ ਨਹੀਂ ਹੋਵੇਗੀ। ਇਸ ਸੰਬੰਧ ਵਿੱਚ ਇਥੇ ਇਕ ਗਲ ਦੀ ਚਰਚਾ ਕਰਨੀ ਕੁਥਾਉਂ ਨਹੀਂ ਹੋਵੇਗੀ। ਉਹ ਇਹ ਕਿ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ ਸ਼ਹੀਦੀ ਅਸਥਾਨ, ਗੁਰਦੁਆਰਾ ਸੀਸ ਗੰਜ ਦਿੱਲੀ ਵਿਖੇ, ਗੁਰੂ ਸਾਹਿਬ ਦਾ ਜੋ ਸ਼ਹੀਦੀ ਥੜ੍ਹਾ ਸਵੀਕਾਰਿਆ ਜਾਂਦਾ ਹੈ, ਉਥੇ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦਾ ਇਕ ਫੋਟੋ ਲਗਾ ਹੋਇਆ ਹੈ, ਕਾਫ਼ੀ ਸਮਾਂ ਹੋਇਐ, ਕੁਝ ਸਿੱਖ ਬੁੱਧੀਜੀਵੀਆਂ ਵਲੋਂ ਇਸ ਗਲ ਤੇ ਇਤਰਾਜ਼ ਕੀਤਾ ਗਿਆ ਸੀ ਕਿ ਸਿੱਖਾਂ ਦਾ ਇਸ ਫੋਟੋ ਦੇ ਸਾਹਮਣੇ ਮੱਥਾ ਟੇਕਣ ਦਾ ਮਤਲਬ ਬੁਤ ਪੂਜਾ ਹੈ, ਜੋ ਕਿ ਸਿੱਖੀ ਵਿਚ ਵਿਵਰਜਤ ਹੈ। ਬੁਧੀਜੀਵੀਆਂ ਦਾ ਦਬਾਉ ਪੈਣ ਤੇ ਇਸ ਫੋਟੋ ਨੂੰ ਉਥੋਂ ਹਟਾ ਦਿਤਾ ਗਿਆ। ਪਰ ਇਹ ਫੋਟੋ ਬਹੁਤਾ ਸਮਾਂ ਹਟਾਈ ਰਖੀ ਨਾ ਰਹਿ ਸਕੀ, ਸੰਗਤਾਂ ਦੇ ਦਬਾਉ ਤੋਂ ਮਜਬੂਰ ਹੋ, ਉਹ ਫੋਟੋ ਮੁੜ ਆਪਣੇ ਸਥਾਨ ਤੇ ਲਾਉਣੀ ਪੈ ਗਈ। ਚਲ ਰਹੇ ਵਿਰੋਧ ਦਾ ਹਲ ਇਹ ਕਢਿਆ ਗਿਆ ਕਿ ਫੋਟੋ ਕੁਝ ਹਟਵੀਂ ਕਰਕੇ, ਨਾਲ ਹੀ ਥੜ੍ਹੇ ਵਾਲੀ ਥਾਂ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੀੜ ਬਿਰਾਜਮਾਨ ਕਰ ਦਿਤੀ ਗਈ।
ਇਹ ਘਟਨਾ ਇਸ ਗਲ ਦਾ ਪ੍ਰਮਾਣ ਹੈ ਕਿ ਜਿਸ ਸਥਿਤੀ ਦੇ ਸਬੰਧ ਵਿਚ ਸ਼ਰਧਾ ਤੇ ਵਿਸ਼ਵਾਸ ਨੇ ਆਪਣੀ ਜਗ੍ਹਾ ਬਣਾ ਲਈ ਹੋਈ ਹੈ, ਉਸਨੂੰ ਬਦਲਣਾ ਇਤਨਾ ਆਸਾਨ ਨਹੀਂ ਹੁੰਦਾ, ਜਿਤਨਾ ਕਿ, 'ਦਸਮ ਗ੍ਰੰਥ' ਦੇ ਵਿਰੋਧੀ ਸਮਝਦੇ ਹਨ। ਜੇ ਸਬੰਧਤ ਅਸਥਾਨਾਂ ਦੇ ਪ੍ਰਬੰਧਕ ਚਾਹੁਣ ਤਾਂ ਵੀ ਉਹ 'ਦਸਮ ਗ੍ਰੰਥ' ਦਾ ਪ੍ਰਕਾਸ਼ ਕਰਨਾ ਤੁਰੰਤ ਹੀ ਬੰਦ ਨਹੀਂ ਕਰ ਸਕਦੇ। ਸਦੀਆਂ ਤੋਂ ਚਲੀ ਆ ਰਹੀ ਪਰੰਪਰਾ ਨੂੰ ਬਦਲਣ ਲਈ ਕਾਫ਼ੀ ਸਮਾਂ ਲਗ ਸਕਦਾ ਹੈ। ਉਸਲਈ ਆਹਿਸਤਾ-ਆਹਿਸਤਾ ਅਜਿਹਾ ਮਾਹੌਲ ਬਣਾਉਣਾ ਹੋਵੇਗਾ ਜਿਸ ਵਿਚ ਲੋਕੀ ਆਪਣੇ-ਆਪ 'ਦਸਮ ਗ੍ਰੰਥ' ਦਾ ਪ੍ਰਕਾਸ਼ ਬੰਦ ਕਰਨਾ ਸਵੀਕਾਰ ਕਰਨ ਲਈ ਤਿਆਰ ਹੋ ਸਕਣ।

ਇਕ ਸੋਚ: 'ਦਸਮ ਗ੍ਰੰਥ' ਦੇ ਬਾਰੇ ਚਲ ਰਹੇ ਵਿਵਾਦ ਦੇ ਸਬੰਧ ਵਿਚ ਜਦੋਂ ਇਕ ਨਿਹੰਗ ਸਿੰਘ ਨਾਲ ਚਰਚਾ ਕੀਤੀ ਗਈ ਤਾਂ ਉਸ ਕਿਹਾ ਕਿ ਇਹ ਵਿਵਾਦ ਬੇਕਾਰ ਤੇ ਫ਼ਜ਼ੂਲ ਹੈ। ਜਦੋਂ ਉਸਨੂੰ ਦਸਿਆ ਗਿਆ ਕਿ ਇਹ ਵਿਵਾਦ ਦਸਮ ਗ੍ਰੰਥ ਵਿਚਲੀਆਂ ਕੁਝ ਅਜਿਹੀਆਂ ਰਚਨਾਵਾਂ ਨੂੰ ਲੈ ਕੇ ਹੋ ਰਿਹਾ ਹੈ, ਜਿਨ੍ਹਾਂ ਦੇ ਸਬੰਧ ਵਿਚ ਕਿਹਾ ਜਾਂਦਾ ਹੈ ਕਿ ਉਹ ਪਰਿਵਾਰ ਵਿਚ ਬੈਠ ਕੇ ਪੜ੍ਹੀਆਂ ਨਹੀਂ ਜਾ ਸਕਦੀਆਂ। ਇਹ ਗਲ ਸੁਣ, ਉਸਨੇ ਬੜੀ ਬੇ-ਬਾਕੀ  ਨਾਲ ਕਿਹਾ ਕਿ ਪਹਿਲੀ ਗਲ ਤਾਂ ਇਹ ਹੈ ਕਿ 'ਦਸਮ ਗ੍ਰੰਥ' ਆਮ ਸਿੱਖਾਂ ਵਿਚ ਪ੍ਰਚਲਤ ਹੀ ਨਹੀਂ ਅਤੇ ਨਾ ਹੀ ਆਮ ਸਿੱਖਾਂ ਦੇ ਪਰਿਵਾਰਾਂ ਵਿਚ ਇਸਦਾ ਪ੍ਰਕਾਸ਼ ਜਾਂ ਪਾਠ ਕੀਤਾ ਜਾਂਦਾ ਹੈ। ਦੂਜੀ ਗਲ ਇਹ ਕਿ ਜੋ ਵਿਅਕਤੀ, ਜਿਵੇਂ ਕਿ ਅਸੀਂ (ਨਿਹੰਗ ਸਿੰਘ) ਇਸਦਾ ਪਾਠ ਕਰਦੇ ਹਾਂ ਤਾਂ ਇਹ ਸਵੀਕਾਰ ਕਰਕੇ ਕਰਦੇ ਹਾਂ ਗੁਰੂ ਸਾਹਿਬ ਨੇ ਇਨ੍ਹਾਂ ਬੁਰਾਈਆਂ ਤੋਂ ਬਚਣ ਦੀ ਸਿਖਿਆ ਦਿਤੀ ਹੈ।
ਜਦੋਂ ਇਕ ਹੋਰ ਵਿਦਵਾਨ ਸਜਣ ਨਾਲ ਇਸ ਵਿਵਾਦ ਬਾਰੇ ਗਲ ਕੀਤੀ ਤਾਂ ਉਸਨੇ ਕਿਹਾ ਕਿ ਜੇ ਨਿਰਪੱਖਤਾ ਨਾਲ ਗਲ ਕੀਤੀ ਜਾਏ, ਤਾਂ ਇਹ ਕਹਿਣ ਤੋਂ ਕੋਈ ਸੰਕੋਚ ਨਹੀਂ ਹੋ ਸਕਦਾ ਕਿ ਨਾ ਤਾਂ ਇਸਦਾ ਵਿਰੋਧ ਕਰਨ ਵਾਲੇ ਅਤੇ ਨਾ ਹੀ ਇਸਦਾ ਪੱਖ ਪੂਰਨ ਵਾਲੇ, ਇਸ ਸਬੰਧੀ ਉਠ ਰਹੇ ਵਿਵਾਦ ਨੂੰ ਕਿਸੇ ਸਿਰੇ ਤੇ ਪਹੁੰਚਾਣ ਪ੍ਰਤੀ ਇਮਾਨਦਾਰ ਹਨ। ਉਨ੍ਹਾਂ ਦਸਿਆ ਕਿ ਉਨ੍ਹਾਂ ਦੀ ਇਸ ਸੋਚ ਦਾ ਕਾਰਣ ਇਹ ਹੈ ਕਿ ਕੁਝ ਸਮਾਂ ਪਹਿਲਾਂ ਪ੍ਰੋ. ਦਰਸ਼ਨ ਸਿੰਘ ਨੇ ਸੁਝਾਉ ਦਿਤਾ ਸੀ ਕਿ ਵਿਦਵਾਨਾਂ ਦੀ ਇਕ ਕਮੇਟੀ ਬਣਾ ਕੇ ਗੰਭੀਰਤਾ ਨਾਲ ਇਸ ਗਲ ਤੇ ਵਿਚਾਰ ਕੀਤੀ ਜਾਣੀ ਚਾਹੀਦੀ ਹੈੇ, ਕਿ ਦਸਮ ਗ੍ਰੰਥ ਵਿਚਲੀਆਂ ਕਿਹੜੀਆਂ ਬਾਣੀਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਆਸ਼ੇ ਦੇ ਅਨੁਕੂਲ਼ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀਆਂ ਪ੍ਰਵਾਨਤ ਮੰਨੀਆਂ ਜਾ ਸਕਦੀਆਂ ਹਨ ਅਤੇ ਕਿਹੜੀਆਂ ਨਹੀਂ। ਇਹ ਨਿਰਣਾ ਕਰਨ ਉਪਰੰਤ ਦੋਹਾਂ ਨੂੰ ਵਖੋ-ਵਖ ਜਿਲਦਾਂ ਵਿਚ ਪ੍ਰਕਾਸ਼ਤ ਕਰ ਲਿਆ ਜਾਏ। ਇਸ ਵਿਦਵਾਨ ਸਜਣ ਦਾ ਕਹਿਣਾ ਸੀ ਕਿ ਉਨ੍ਹਾਂ (ਪ੍ਰੋ. ਦਰਸ਼ਨ ਸਿੰਘ) ਦਾ ਇਹ ਸੁਝਾਉ ਬਹੁਤ ਹੀ ਸਾਰਥਕ ਅਤੇ ਸੁਆਗਤਯੋਗ ਸੀ, ਜਿਸ ਪੁਰ ਅਮਲ ਕਰਨ ਦੇ ਨਾਲ ਦਸਮ ਗ੍ਰੰਥ ਦੇ ਸਬੰਧ ਵਿਚ ਚਲ ਰਹੇ ਵਿਵਾਦ ਨੂੰ ਹਲ ਕਰ ਲਿਆ ਜਾ ਸਕਦਾ ਸੀ, ਪਰ ਅਫਸੋਸ ਦੀ ਗਲ ਇਹ ਹੈ ਕਿ ਉਨ੍ਹਾਂ ਦੇ ਇਸ ਸੁਝਾਉ ਨੂੰ ਨਾ ਤਾਂ ਕਿਸੇ ਪੱਖ ਵਲੋਂ ਹੁੰਗਾਰਾ ਮਿਲਿਆ ਅਤੇ ਨਾ ਹੀ ਪ੍ਰੋ. ਦਰਸ਼ਨ ਸਿੰਘ ਆਪ ਹੀ ਇਸ ਪੁਰ ਦ੍ਰਿੜ੍ਹਤਾ ਦੇ ਨਾਲ ਪਹਿਰਾ ਦੇ ਸਕੇ। ਜਿਸਤੋਂ ਇਹ ਸ਼ੰਕਾ ਪੈਦਾ ਹੋਣੀ ਸੁਭਾਵਕ ਹੈ ਕਿ ਇਹ (ਦਸਦਮ ਗ੍ਰੰਥ ਬਾਰੇ) ਅਤੇ ਅਜਿਹੇ ਹੋਰ ਵਿਵਾਦ, ਜੋ ਸਮੇਂ-ਸਮੇਂ ਛੇੜੇ ਜਾਂਦੇ ਚਲੇ ਆ ਰਹੇ ਹਨ, ਉਨ੍ਹਾਂ ਦਾ ਉਦੇਸ਼ ਵਿਵਾਦਾਂ ਨੂੰ ਹਲ ਕਰਨ ਦਾ ਕੋਈ ਰਾਹ ਤਲਾਸ਼ਣਾ ਨਹੀਂ ਹੁੰਦਾ, ਸਗੋਂ ਉਨ੍ਹਾਂ ਨਾਲ ਪੈਦਾ ਹੋਣ ਵਾਲੀ ਅੱਗ ਪੁਰ ਸੁਆਰਥ ਦੀਆਂ ਰੋਟੀਆਂ ਸੇਂਕਣਾ ਹੀ ਹੰਦਾ ਹੈ।     
ਉਨ੍ਹਾਂ ਕਿਹਾ ਕਿ 'ਦਸਮ ਗ੍ਰੰਥ' ਬਾਰੇ ਚਲੇ ਆ ਰਹੇ ਵਿਵਾਦ ਨੂੰ ਹਲ ਕਰਨ ਲਈ, ਦਸਮ ਗ੍ਰੰਥ ਦੀਆਂ ਸਮੁਚੀਆਂ ਬਾਣੀਆਂ ਦੀ ਘੋਖ ਕਰਨ ਲਈ ਵਿਰੋਧੀਆਂ, ਸਮਰਥਕਾਂ ਅਤੇ ਵਿਚ-ਵਿਚਾਲੇ ਦੀ ਸੋਚ ਰਖਣ ਵਾਲੇ ਵਿਦਵਾਨਾਂ ਦੀ ਇੱਕ ਸਾਂਝੀ ਕਮੇਟੀ ਬਣਾਈ ਜਾਣੀ ਚਾਹੀਦੀ ਹੈ। ਹਰ ਧਿਰ ਨੂੰ ਇਹ ਗਲ ਸਪਸ਼ਟ ਕਰ ਦੇਣੀ ਚਾਹੀਦੀ ਹੈ ਕਿ ਉਹ ਆਪਣੇ ਪੱਖ ਨੁੰ ਦਲੀਲ ਸਹਿਤ ਪੇਸ਼ ਕਰੇ। ਉਨ੍ਹਾਂ ਕਿਹਾ ਕਿ ਇਸਤਰ੍ਹਾਂ ਦੀ ਕਮੇਟੀ ਵਲੋਂ ਨਿਰਣਾ ਕਰਨ ਵਿਚ ਭਾਵੇਂ ਲੰਮਾਂ ਸਮਾਂ ਲਗ ਸਕਦਾ ਹੈ, ਪਰ ਉਸਦਾ ਜੋ ਵੀ ਨਿਰਣਾ ਹੋਵੇਗਾ ਉਹ ਸਾਰਿਆਂ ਨੂੰ ਪ੍ਰਵਾਨ ਹੋਵੇਗਾ, ਕਿਉਂਕਿ ਸਾਰੇ ਪੱਖਾਂ ਦੀਆਂ ਦਲੀਲਾਂ ਪੁਰ ਸਰਬ-ਪੱਖੀ ਵਿਚਾਰ-ਵਟਾਂਦਰਾ ਕਰਨ ਉਪਰੰਤ ਹੀ ਅੰਤਿਮ ਨਿਰਣਾ ਸਾਹਮਣੇ ਆਇਗਾ।

...ਅਤੇ ਅੰਤ ਵਿਚ: ਆਏ ਦਿਨ ਸਿੱਖਾਂ ਵਿੱਚ ਪੈਦਾ ਕੀਤੇ ਜਾ ਰਹੇ ਨਵੇਂ ਤੋਂ ਨਵੇਂ ਵਿਵਾਦਾਂ ਦੇ ਸਬੰਧ ਵਿਚ ਇਕ ਗੁਰਸਿੱਖ ਦਾ ਕਹਿਣਾ ਹੈ ਕਿ ਇਨ੍ਹਾਂ ਵਿਵਾਦਾਂ ਨੂੰ ਵਧਾ ਕੇ ਸਿੱਖਾਂ ਦੀ ਸਥਿਤੀ ਨੂੰ ਹਾਸੋਹੀਣਾ ਬਣਾਉਣ ਦੀ ਬਜਾਏ ਗੁਰੂ ਸਾਹਿਬਾਨ ਵਲੋਂ ਅਜਿਹੇ ਵਿਵਾਦਾਂ ਨੂੰ ਹਲ ਕਰਨ ਲਈ 'ਆਪਸੀ ਸੰਵਾਦ' ਨੂੰ ਅਪਨਾਏ ਜਾਣ ਦਾ ਜੋ ਮਾਰਗ ਵਿਖਾਇਆ ਗਿਆ ਹੈ, ਉਸ ਪੁਰ ਚਲਣ ਦੀ ਸੋਚ ਨੂੰ ਕਿਉਂ ਅਣਗੋਲਿਆਂ ਕੀਤਾ ਜਾ ਰਿਹਾ ਹੈ?000   

Mobile : + 91 95 82 71 98 90
E-mail : jaswantsinghajit@gmail.com

Address : Jaswant Singh ‘Ajit’, Flat No. 51, Sheetal Apartment, Plot No. 12,
 Sector – 14, Rohini,  DELHI-110085

ਅਕਾਲ ਤਖ਼ਤ ਅਤੇ ਪੰਜ ਪਿਆਰਿਆਂ ਦਾ ਸੰਕਲਪ - ਜਸਵੰਤ ਸਿੰਘ 'ਅਜੀਤ'

ਬੀਤੇ ਕਾਫੀ ਸਮੇਂ ਤੋਂ ਅਕਾਲ ਤਖ਼ਤ ਸਾਹਿਬ ਤੋਂ ਸਿੰਘ ਸਾਹਿਬਾਨ ਵਲੋਂ, ਪੰਜ ਪਿਆਰਿਆਂ ਦੇ ਰੂਪ ਵਿਚ ਕੀਤੇ ਜਾਂਦੇ ਚਲੇ ਆ ਰਹੇ ਫ਼ੈਸਲਿਆਂ ਪੁਰ ਕਿੰਤੂ-ਪ੍ਰੰਤੂ ਕੀਤਾ ਜਾਂਦਾ ਚਲਿਆ ਆ ਰਿਹਾ ਹੈ। ਇਥੋਂ ਤਕ ਕਿ ਪੰਜਾਂ ਪਿਆਰਿਆਂ ਦੇ ਰੂਪ ਵਿਚ ਕੀਤੇ ਜਾਂਦੇ ਕਈ ਫ਼ੈਸਲਿਆਂ ਦੇ ਸਬੰਧ ਵਿਚ ਤਾਂ ਇਹ ਵੀ ਕਿਹਾ ਗਿਆ, ਕਿ ਉਹ ਰਾਜਨੀਤੀ ਤੋਂ ਹੀ ਪ੍ਰੇਰਿਤ ਨਹੀਂ, ਸਗੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੱਤਾਧਾਰੀਆਂ, ਜੋ ਉਨ੍ਹਾਂ ਦੀ ਨਿਯੁਕਤੀ ਕਰਦੇ ਹਨ, ਦੇ ਹਿਤਾਂ ਨੂੰ ਮੁੱਖ ਰਖ ਕੇ ਕੀਤੇ ਗਏ ਹੋਏ ਹਨ। ਇਕ ਸਮਾਂ ਤਾਂ ਇਹ ਵੀ ਆਇਆ, ਜਦੋਂ ਇਹ ਵੀ ਕਿਹਾ ਜਾਣ ਲਗ ਪਿਆ ਕਿ ਸਿੰਘ ਸਾਹਿਬਾਨ ਵਲੋਂ ਕੀਤੇ ਜਾਂਦੇ ਫੈਸਲਿਆਂ ਵਿੱਚ ਸ਼੍ਰੋਮਣੀ ਕਮੇਟੀ ਦੇ ਸੱਤਾਧਾਰੀਆਂ ਦੇ ਨਾਲ ਹੀ ਨਿਜ ਹਿਤਾਂ ਨੂੰ ਵੀ ਮੁੱਖ ਰਖਿਆ ਜਾਣ ਲਗਾ ਹੈ।  
ਇਸਤਰ੍ਹਾਂ ਸ਼ੰਕਾਵਾਂ ਤੇ ਕਿੰਤੂ-ਪ੍ਰੰਤੂ ਦਾ ਦੌਰ ਚਲਦਿਆਂ ਹੋਇਆਂ ਵੀ, ਵਿਰੋਧੀ ਫ਼ੈਸਲਿਆਂ ਦੇ ਸ਼ਿਕਾਰ ਵਿਅਕਤੀਆਂ ਨੂੰ ਵੀ ਨਾ ਚਾਹੁੰਦਿਆਂ ਹੋਇਆਂ ਵੀ, ਅਕਾਲ ਤਖ਼ਤ ਤੋਂ ਪੰਜਾਂ ਪਿਆਰਿਆਂ ਦੇ ਰੂਪ ਵਿਚ ਆਪਣੇ ਵਿਰੁਧ ਕੀਤੇ ਗਏ ਫ਼ੈਸਲਿਆਂ ਨੂੰ ਸਵੀਕਾਰ ਕਰਨਾ ਪਿਆ। ਉਨ੍ਹਾਂ ਨੇ ਅਕਾਲ ਤਖ਼ਤ ਦੇ ਸਾਹਮਣੇ ਨਤਮਸਤਕ ਹੋ ਧਾਰਮਕ ਸਜ਼ਾ (ਤਨਖ਼ਾਹ) ਲਗਵਾਈ ਅਤੇ ਉਸਨੂੰ ਪੂਰਿਆਂ ਵੀ ਕੀਤਾ। ਇਤਿਹਾਸ ਗੁਆਹ ਹੈ ਕਿ ਮਹਾਰਾਜਾ ਰਣਜੀਤ ਸਿੰਘ, ਮਾਸਟਰ ਤਾਰਾ ਸਿੰਘ, ਸੰਤ ਫ਼ਤਹ ਸਿੰਘ, ਸ. ਸੁਰਜੀਤ ਸਿੰਘ ਬਰਨਾਲਾ, ਜ. ਸੰਤੋਖ ਸਿੰਘ, ਜ. ਰਛਪਾਲ ਸਿੰਘ, ਸ. ਮਹਿੰਦਰ ਸਿੰਘ ਮਥਾਰੂ. ਜ. ਅਵਤਾਰ ਸਿੰਘ ਹਿਤ ਆਦਿ ਸਮੇਤ ਅਨੇਕਾਂ ਅਜਿਹੀਆਂ ਸ਼ਖ਼ਸੀਅਤਾਂ ਹਨ, ਜਿਨ੍ਹਾਂ ਨੂੰ ਸ਼੍ਰੋਮਣੀ ਅਕਾਲੀ ਦਲ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਨਮਾਨਤ ਅਹੁਦਿਆਂ ਪੁਰ ਹੁੰਦਿਆਂ ਵੀ, ਅਕਾਲ ਤਖ਼ਤ ਤੋਂ ਆਪਣੇ ਵਿਰੁਧ ਹੋਏ ਵਿਵਾਦਤ ਫ਼ੈਸਲਿਆਂ ਨੂੰ ਸਵੀਕਾਰ ਕਰਨਾ ਪਿਆ।
ਇਥੋਂ ਤਕ ਕਿ ਦੇਸ਼ ਦੇ ਰਾਸ਼ਟਰਪਤੀ ਦੇ ਅਹੁਦੇ ਪੁਰ ਰਹਿੰਦਿਆਂ, ਗਿਆਨੀ ਜ਼ੈਲ ਸਿੰਘ ਨੂੰ ਵੀ ਆਪਣੇ ਪੁਰ ਲਗੇ ਦੋਸ਼ ਦੇ ਲਈ ਅਕਾਲ ਤਖ਼ਤ ਪੁਰ ਪੰਜਾਂ ਪਿਆਰਿਆਂ ਸਾਹਮਣੇ ਸਪਸ਼ਟੀਕਰਣ ਦੇਣ ਲਈ ਮਜਬੂਰ ਹੋਣਾ ਪਿਆ। ਆਪਣੇ ਸਮੇਂ ਦੇ ਕੇਂਦਰੀ ਗ੍ਰਹਿ ਮੰਤਰੀ ਸ. ਬੂਟਾ ਸਿੰਘ ਨੂੰ ਵੀ ਅਕਾਲ ਤਖ਼ਤ ਪੁਰ ਹਾਜ਼ਰ ਹੋ ਕੇ ਧਾਰਮਕ ਸਜ਼ਾ ਲੁਆਉਣਾ ਪੈ ਹੀ ਗਿਆ ਸੀ, ਹਾਲਾਂਕਿ ਉਨ੍ਹਾਂ ਨੇ ਕਾਫ਼ੀ ਸਮਾਂ ਇਸਤੋਂ ਬਚਿਆਂ ਰਹਿਣ ਦੀ ਹਥ-ਪੈਰ ਮਾਰੇ ਸਨ।
ਜ. ਅਵਤਾਰ ਸਿੰਘ ਹਿਤ ਬਾਰੇ ਤਾਂ ਇਹ ਕਿਹਾ ਜਾਂਦਾ ਹੈ ਕਿ ਉਨ੍ਹਾਂ ਨੂੰ ਅਕਾਲ ਤਖ਼ਤ ਤੋਂ ਪੰਜਾਂ ਪਿਆਰਿਆਂ ਦੇ ਰੂਪ ਵਿਚ ਆਪਣੇ ਪੁਰ ਲਾਏ ਗਏ ਕਥਤ ਦੋਸ਼ਾਂ ਤੋਂ ਮੁਕਤੀ ਹਾਸਲ ਕਰਨ ਲਈ, ਇੱਕ ਬਹੁਤ ਹੀ ਮੋਟੀ ਰਕਮ ਕੀਮਤ ਵਜੋਂ ਅਦਾ ਕਰਨੀ ਪਈ ਸੀ। ਇਸ ਵਿੱਚ ਕਿਤਨੀ-ਕੁ ਸੱਚਾਈ ਹੈ? ਇਸਦਾ ਜਵਾਬ ਤਾਂ ਸ. ਹਿਤ ਤੇ ਉਨ੍ਹਾਂ ਨਾਲ ਅਕਾਲ ਤਖਤ ਪੁਰ ਹਾਜ਼ਰੀ ਭਰਦੇ ਰਹੇ ਸ. ਹਰਮਨਜੀਤ ਸਿੰਘ    ਹੀ ਦੇ ਸਕਦੇ ਹਨ। ਇਹ ਵੀ ਦਸਿਆ ਜਾਂਦਾ ਹੈ ਕਿ ਇਸੇ ਤਰ੍ਹਾਂ ਕਈ ਹੋਰਾਂ ਨੇ ਵੀ ਪੰਥ ਵਾਪਸੀ ਅਤੇ ਦੋਸ਼ ਮੁਕਤੀ ਲਈ ਭਾਰੀ ਕੀਮਤ ਚੁਕਾਈ ਸੀ। ਇਕ ਕੀਰਤਨੀਏ ਨੇ ਤਾਂ ਦੋਸ਼-ਮੁਕਤ ਹੋਣ ਤੋਂ ਬਾਅਦ ਇਹ ਦਾਅਵਾ ਵੀ ਕੀਤਾ ਸੀ ਕਿ ਉਸਨੂੰ ਪਤਾ ਚਲ ਗਿਆ ਹੈ ਕਿ ਅਕਾਲ ਤਖ਼ਤ ਤੋਂ ਕਿਵੇਂ ਦੋਸ਼-ਮੁਕਤ ਹੋਇਆ ਜਾ ਸਕਦਾ ਹੈ?
ਸਿੱਖ ਧਰਮ ਵਿੱਚ ਅਕਾਲ ਤਖ਼ਤ ਅਤੇ ਪੰਜ ਪਿਆਰਿਆਂ ਦੀ ਸਿਰਜਨਾ ਦਾ ਸਿਧਾਂਤ ਅਤੇ ਸੰਕਲਪ:

ਅਕਾਲ ਤਖ਼ਤ ਦੀ ਸਿਰਜਣਾ : ਸਿੱਖ ਇਤਿਹਾਸ ਅਨੁਸਾਰ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਨੇ ਬਾਬਾ ਬੁਢਾ ਜੀ ਅਤੇ ਭਾਈ ਗੁਰਦਾਸ ਜੀ ਵਰਗੀਆਂ ਮਹਾਨ ਸ਼ਖਸੀਅਤਾਂ ਦੇ ਸਹਿਯੋਗ ਨਾਲ, ਅਕਾਲ ਤਖਤ ਦੀ ਸਿਰਜਣਾ ਆਪਣੇ ਕਰ-ਕਮਲਾਂ ਨਾਲ, ਇਸ ਉਦੇਸ਼ ਦੇ ਨਾਲ ਕੀਤੀ ਸੀ, ਕਿ ਇਥੋਂ ਮਿਲਣ ਵਾਲਾ ਸੰਦੇਸ਼, ਦੇਸ-ਵਾਸੀਆਂ ਵਿਚ ਆਤਮ-ਵਿਸ਼ਵਾਸ ਤੇ ਆਤਮ-ਸਨਮਾਨ ਦੀ ਭਾਵਨਾ ਪੈਦਾ ਕਰ ਸਕੇਗਾ, ਜਿਸਦੇ ਸਹਾਰੇ ਉਹ ਆਤਮ-ਸਨਮਾਨ ਅਤੇ ਆਤਮ-ਰਖਿਆ ਲਈ ਜ਼ਾਲਮ ਹਕੂਮਤ ਦੇ ਜਬਰ-ਜ਼ੁਲਮ ਦਾ ਖਾਤਮਾ ਕਰ ਸਕਣ ਦੇ ਜਜ਼ਬੇ ਦੇ ਨਾਲ ਸਰਸ਼ਾਰ ਹੋ ਸਕਣਗੇ।
ਅਕਾਲ ਤਖ਼ਤ, ਗੁਰੂ ਦਾ ਉਹ ਦਰ ਹੈ, ਜਿਥੇ ਹਰ ਕੋਈ ਸਹਿਮਿਆ-ਡਰਿਆ ਨਹੀਂ, ਸਗੋਂ ਇਸ ਵਿਸ਼ਵਾਸ ਨਾਲ ਆਉਂਦਾ ਹੈ ਕਿ ਉਸ ਕੋਲੋਂ ਜੇ ਕੋਈ ਭੁਲ ਹੋ ਗਈ ਹੈ ਤਾਂ ਉਹ ਇਥੋਂ ਬਖ਼ਸ਼ੀ ਜਾਇਗੀ। ਸਤਿਗੁਰੂ ਬਖ਼ਸ਼ਣਹਾਰ ਹੈ, ਗੁਰੂ ਘਰ ਤੋਂ ਦੋਸ਼ ਨਹੀਂ ਲਗਦੇ, ਸਜ਼ਾ ਨਹੀਂ ਮਿਲਦੀ। ਸਗੋਂ ਸੱਚੇ ਦਿਲੋਂ ਭੁਲ ਸਵੀਕਾਰ ਕਰਦਿਆਂ ਹੀ ਬਖ਼ਸ਼ ਲਈ ਜਾਂਦੀ ਹੈ। ਗੁਰੂ ਦੇ ਦਰ ਤੇ ਇਹੀ ਇਕੋ-ਇਕ ਸਿਧਾਂਤ ਕੰਮ ਕਰਦਾ ਹੈ: 'ਨਾਨਕ ਬਖਸੇ ਪੂਛ ਨ ਹੋਇ'। ਹੋਰ : 'ਪਿਛਲੇ ਅਉਗਣ ਬਖਸਿ ਲਏ, ਪ੍ਰਭੁ ਆਗੈ ਮਾਰਗਿ ਪਾਵੈ'। ਗੁਰੂ ਸਾਹਿਬ ਦੇ ਇਹ ਬਚਨ ਇਸ ਗਲ ਦੇ ਸਾਖੀ ਹਨ ਕਿ ਗੁਰੂ ਅਤੇ ਗੁਰੂ ਦਾ ਦਰ ਬਖਸ਼ਣਹਾਰ ਹੈ, ਜੇ ਕੋਈ ਗੁਰੂ ਦਾ ਨਾਂ ਲੇ ਕੇ ਕਿਸੇ ਨੂੰ ਦੋਸ਼ੀ ਠਹਿਰਾ ਕੇ ਉਸਨੂੰ ਸਜ਼ਾ ਦਿੰਦਾ ਹੈ, ਤਾਂ ਉਹ ਗੁਰੂ ਸਾਹਿਬ ਵਲੋਂ ਸਥਾਪਤ ਸਿਧਾਂਤ ਅਤੇ ਆਦਰਸ਼ ਦੀ ਉਲੰਘਣਾ ਕਰਨ ਦਾ ਦੋਸ਼ੀ ਹੈ ਅਤੇ ਜੋ ਇਸ ਡਰੋਂ ਗੁਰੂ ਦਰ ਤੇ ਜਾ ਕੇ ਭੁਲ ਸਵੀਕਾਰ ਕਰਨ ਤੋਂ ਸੰਕੋਚ ਕਰਦਾ ਹੈ, ਕਿ ਜੇ ਉਸਨੇ ਭੁਲ ਸਵੀਕਾਰ ਕਰ ਲਈ ਤਾਂ ਉਸਨੂੰ ਲੋਕਾਂ ਸਾਹਮਣੇ ਸ਼ਰਮਿੰਦਿਆਂ ਹੋਣਾ ਪਵੇਗਾ, ਤਾਂ ਉਹ ਕਦੀ ਵੀ ਕੀਤੀ ਭੁਲ ਦੇ ਦੋਸ਼ ਤੋਂ ਮੁਕਤ ਨਹੀਂ ਹੋ ਸਕਦਾ। ਉਸਦੀ ਆਪਣੀ ਅੰਤਰ-ਆਤਮਾ ਹੀ ਉਸਨੂੰ ਕੀਤੀ ਗਈ ਭੁਲ ਦੇ ਲਈ ਕਚੋਟਦੀ ਰਹੇਗੀ।

ਪੰਜ ਪਿਆਰਿਆਂ ਦਾ ਸੰਕਲਪ: ਸਿੱਖ ਸਾਹਿਤ ਦੇ ਵਿਦਵਾਨਾਂ ਦੀ ਮਾਨਤਾ ਹੈ ਕਿ, ਸਿੱਖ ਪਰੰਪਰਾ ਅਨੁਸਾਰ, ਪੰਜ ਪਿਆਰੇ ਲੋਕਤਾਂਤ੍ਰਿਕ ਸੱਤਾ ਵਿਧਾਨ ਦੇ ਪ੍ਰਤੀਕ ਹਨ। ਪਰ ਧਿਆਨ ਰਖਣ ਵਾਲੀ ਗਲ ਇਹ ਵੀ ਹੈ ਕਿ ਨਾ ਤਾਂ ਪੰਜ ਪਿਆਰੇ ਨਾਮਜ਼ਦ ਹੋ ਸਕਦੇ ਹਨ ਅਤੇ ਨਾ ਹੀ ਲੋਕਾਂ ਰਾਹੀਂ ਚੁਣੇ ਜਾ ਸਕਦੇ ਹਨ। ਕਿਉਂਕਿ ਜਿਨ੍ਹਾਂ ਨੇ ਗੁਰੂ ਦੇ ਪਿਆਰੇ ਹੋਣ ਦਾ ਮਾਣ ਪ੍ਰਾਪਤ ਕੀਤਾ ਸੀ, ਉਹ ਨਿਜੀ ਗੁਣਾ ਕਾਰਣ ਅਤਿ-ਕਠਨ ਪ੍ਰੀਖਿਆ ਵਿਚੋਂ ਖਰੇ ਉਤਰੇ ਸਨ। ਇਸਤਰ੍ਹਾਂ ਗੁਰੂ ਸਾਹਿਬ ਨੇ ਇਹ ਗਲ ਨਿਸ਼ਚਿਤ ਕਰ ਦਿਤੀ ਸੀ ਕਿ ਸੱਤਾ ਉਸ ਪਾਸ ਰਹਿਣੀ ਚਾਹੀਦੀ ਹੈ ਜਾਂ ਰਹੇਗੀ, ਜਿਸ ਕੋਲ ਲੋਕ-ਹਿਤ ਵਿਚ ਸਿਰ ਦੇਣ ਦੀ ਸਮਰਥਾ ਹੋਵੇਗੀ। ਇਸਦੇ ਨਾਲ ਹੀ ਵਿਦਵਾਨਾਂ ਦੀ ਇਹ ਵੀ ਮਾਨਤਾ ਹੈ ਕਿ ਤਨਖ਼ਾਹਦਾਰ-ਮੁਲਾਜ਼ਮ ਪੰਜ ਪਿਆਰੇ ਨਹੀਂ ਹੋ ਸਕਦੇ।       

ਰਾਜਸੱਤਾ ਦਾ ਸਿੱਖ ਸੰਕਲਪ: ਸਿੱਖ ਵਿਦਵਾਨ ਰਾਜਸੱਤਾ ਦੇ ਸਿੱਖ ਸੰਕਲਪ ਦੇ ਮੁੱਦੇ ਤੇ ਇਕ ਮਤ ਨਹੀਂ। ਇਕ ਵਰਗ ਦਾ ਪੱਖ ਇਹ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਨੇ, ਲੱਖਾ ਸਿੰਘ ਅਨੁਸਾਰ: 'ਰਾਜ ਜੋਗ ਤੁਮ ਕਹ ਮੈ ਦੀਨਾ। ਪਰਮ ਜੋਤਿ ਸੰਗ ਪਰਚੋ ਕੀਨਾ। ਸੰਤ ਸਮੂਹਨ ਕੋ ਸੁਖ ਦੀਜੈ। ਅਚਲ ਰਾਜ ਧਰਨੀ ਮਹਿ ਕੀਜੈ', ਸਿੱਖਾਂ ਨੂੰ ਰਾਜੇ ਹੋਣ ਦਾ ਵਰ ਦਿਤਾ ਹੋਇਆ ਹੈ। ਉਨ੍ਹਾਂ ਦਾ ਇਹ ਵੀ ਕਹਿਣਾ ਹੈ ਕਿ ਗੁਰੂ ਜੀ ਦਾ ਨਿਸ਼ਾਨਾ ਗ਼ਰੀਬ ਸਿੱਖਾਂ ਨੂੰ ਪਾਤਸ਼ਾਹੀ ਦੇਣਾ ਸੀ। ਆਪਣੇ ਇਸ ਦਾਅਵੇ ਦੀ ਪੁਸ਼ਟੀ ਵਿਚ ਉਹ ਭਾਈ ਕੋਇਰ ਸਿੰਘ ਲਿਖਤ 'ਗੁਰਬਿਲਾਸ' ਵਿਚੋਂ ਇਹ ਟੂਕ ਵੀ ਦਿੰਦੇ ਹਨ; 'ਮੈਂ ਅਸਿਪਾਨਜ (ਖੜਗਧਾਰੀ) ਤਦ ਸੁ ਕਹਾਊਂ, ਚਿੜੀਅਨ ਪੈ ਜੋ ਬਾਜ ਤੁੜਾਊਂ। ਕਿਰਸਾਨੀ ਜਗ ਮੈ ਭਏ ਰਾਜਾ'। ਹੋਰ : 'ਅਬ ਦਯੈ ਪਾਤਸਾਹੀ ਗਰੀਬਨ ਉਠਾਇ, ਵੈ ਜਾਨੈ ਗੁਰ ਦਈ ਮਾਹਿ'।                                          
ਦੂਜੇ ਵਰਗ ਦਾ ਪੱਖ ਇਹ ਦਸਿਆ ਜਾਂਦਾ ਹੈ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖ਼ਾਲਸਾ ਪੰਥ ਦੀ ਸਿਰਜਨਾ ਜ਼ੁਲਮ-ਜਬਰ ਅਤੇ ਜ਼ਾਲਮ ਵਿਰੁਧ ਸਦੀਵੀ ਸੰਘਰਸ਼ ਜਾਰੀ ਰਖਣ ਅਤੇ ਗ਼ਰੀਬ-ਮਜ਼ਲੂਮ ਦੀ ਰਖਿਆ ਕਰਨ ਲਈ ਕੀਤੀ ਹੈ। ਇਸਦੇ ਵਿਰੁਧ ਰਾਜਸੱਤਾ ਜਬਰ-ਜ਼ੁਲਮ ਤੋਂ ਬਿਨਾਂ ਨਾ ਤਾਂ ਕਾਇਮ ਹੋ ਸਕਦੀ ਹੈ, ਅਤੇ ਨਾ ਹੀ ਕਾਇਮ ਰਖੀ ਜਾ ਸਕਦੀ ਹੈ। ਜਿਸ ਕਾਰਣ ਰਾਜਸੱਤਾ ਅਤੇ ਖਾਲਸੇ ਵਿਚਕਾਰ ਅਰੰਭ ਤੋਂ ਹੀ ਟਕਰਾਉ ਬਣਿਆ ਚਲਿਆ ਆ ਰਿਹਾ ਹੈ। ਉਹ ਕਹਿੰਦੇ ਹਨ ਕਿ ਗੁਰੂ ਸਾਹਿਬ ਵਲੋਂ ਸਿੱਖਾਂ ਨੂੰ ਬਖ਼ਸ਼ੀ ਗਈ ਪਾਤਸਾਹੀ ਨੂੰ 'ਮਹਿਮਾ ਪ੍ਰਕਾਸ਼' ਦੇ ਇਨ੍ਹਾਂ ਸ਼ਬਦਾਂ-'ਐਸਾ ਪੰਥ ਸਤਿਗੁਰ ਰਚਾ, ਸਗਲ ਜਗਤ ਹੈਰਾਨ। ਬਿਨ ਧਨ ਭੂਮ ਰਾਜਾ ਬਨੈ, ਬਿਨ ਪਦ ਬਢੇ ਮਹਾਨ' ਦੀ ਰੋਸ਼ਨੀ ਵਿਚ ਲਿਆ ਜਾਣਾ ਚਾਹੀਦਾ ਹੇ।

...ਅਤੇ ਅੰਤ ਵਿਚ: ਜਿਉਂ-ਜਿਉਂ ਅਕਾਲ ਤਖ਼ਤ ਤੋਂ ਜਾਰੀ ਆਦੇਸ਼ਾਂ ਦੇ ਸਬੰਧ ਵਿਚ ਵਿਵਾਦ ਉਭਰਦੇ ਚਲੇ ਜਾ ਰਹੇ ਹਨ, ਤਿਉਂ-ਤਿਉਂ ਆਮ ਸਿੱਖਾਂ ਵਿਚ ਇਹ ਧਾਰਣਾ ਦ੍ਰਿੜ੍ਹ ਹੁੰਦੀ ਜਾ ਰਹੀ ਹੈ ਕਿ ਅਕਾਲ ਤਖ਼ਤ ਪੁਰ ਰਾਜਸੀ ਮੁੱਦੇ ਬਿਲਕੁਲ ਹੀ ਨਹੀਂ ਵਿਚਾਰੇ ਜਾਣੇ ਚਾਹੀਦੇ, ਕੇਵਲ ਧਾਰਮਕ ਮੁੱਦੇ ਹੀ ਵਿਚਾਰ-ਅਧੀਨ ਲਿਆਏ ਜਾਣੇ ਚਾਹੀਦੇ ਹਨ।


Mobile : + 91 95 82 71 98 90
E-mail : jaswantsinghajit@gmail.com

Address : Jaswant Singh ‘Ajit’, Flat No. 51, Sheetal Apartment, Plot No. 12,
 Sector – 14, Rohini,  DELHI-110085

ਮੰਨੋ ਭਾਵੇਂ ਨਾਂਹ : ਪਰ ਇਹ ਸੱਚ ਹੈ - ਜਸਵੰਤ ਸਿੰਘ 'ਅਜੀਤ'

ਦਿੱਲੀ ਗੁਰਦੁਆਰਾ ਕਮੇਟੀ ਦੇ ਦੋ ਐਕਟਿੰਗ ਪ੍ਰਧਾਨ ਨੇ?
ਸ਼ਾਇਦ ਤੁਸੀਂ ਸੋਚਦੇ ਹੋਵੋਗੇ ਕਿ ਸੰਸਦ ਵਲੋਂ ਪਾਸ ਕਾਨੂੰਨ ਦੇ ਤਹਿਤ ਗਠਤ ਕਿਸੇ ਲੋਕਤਾਂਤ੍ਰਿਕ ਸੰਸਥਾ ਦੇ ਦੋ ਐਕਟਿੰਗ ਪ੍ਰਧਾਨ ਕਿਵੇਂ ਹੋ ਸਕਦੇ ਹਨ? ਪਰ ਇਹ ਸੱਚ ਹੈ। ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦੋ, ਇੱਕ ਕਮੇਟੀ ਦੀ ਸੀਨੀਅਰ ਮੀਤ ਪ੍ਰਧਾਨ ਬੀਬੀ ਰਣਜੀਤ ਕੌਰ ਅਤੇ ਦੂਜਾ ਕਮੇਟੀ ਦਾ ਜੂਨੀਅਰ ਮੀਤ ਪ੍ਰਧਾਨ ਸ. ਕੁਲਵੰਤ ਸਿੰਘ ਬਾਠ, ਐਕਟਿੰਗ ਪ੍ਰਧਾਨ ਹਨ। ਜਦਕਿ ਦਿੱਲੀ ਗੁਰਦੁਆਰਾ ਐਕਟ ਅਨੁਸਾਰ ਪ੍ਰਧਾਨ ਦੀ ਗੈਰ-ਹਾਜ਼ਰੀ ਵਿਚ ਸੀਨੀਅਰ ਮੀਤ ਪ੍ਰਧਾਨ ਹੀ ਪ੍ਰਧਾਨ ਦੇ ਸਮੁਚੇ ਅਧਿਕਾਰਾਂ ਦੀ ਵਰਤੋਂ ਕਰ ਸਕਦਾ ਹੈ, ਪਰ ਦਿੱਲੀ ਸਿੱਖ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਸ. ਮਨਜਿੰਦਰ ਸਿੰਘ ਸਿਰਸਾ ਦੇ ਜਿਵੇਂ ਹੋਰ ਸਾਰੇ ਹੀ ਕੰਮ, ਭਾਵੇਂ ਗਲ ਸਿੱਖ ਇਤਿਹਾਸ ਦੀ ਹੋਵੇ ਜਾਂ ਸਿੱਖ ਧਰਮ ਦੀ, ਆਪਣੇ ਆਪ ਵਿੱਚ ਨਿਰਾਲੇ, ਮੂਲ ਮਾਨਤਾਵਾਂ ਤੋਂ ਕੋਹਾਂ ਦੂਰ ਹੁੰਦੇ ਹਨ। ਉਸੇ ਹੀ ਤਰ੍ਹਾਂ ਲੰਬੇ ਇਕਾਂਤਵਾਸ ਵਿੱਚ ਜਾਂਦਿਆਂ ਵੀ ਉਨ੍ਹਾਂ ਨੇ ਆਪਣੇ, ਪ੍ਰਧਾਨ ਦੇ ਅਧਿਕਾਰ, ਗੁਰਦੁਆਰਾ ਐਕਟ ਵਿੱਚ ਨਿਸ਼ਚਤ ਕੀਤੇ ਗਏ ਹੋਏ ਪ੍ਰਾਵਧਾਨ ਤੋਂ ਹੱਟ ਕੇ, ਸੀਨੀਅਰ ਅਤੇ ਜੂਨੀਅਰ ਪ੍ਰਧਾਨ ਵਿੱਚ, ਅਰਥਾਤ ਦੋ ਹਿਸਿਆ ਵਿੱਚ ਵੰਡ, ਇੱਕ 'ਨਵੀਂ ਅਤੇ ਅਦੁਤੀ' ਮਿਸਾਲ ਕਾਇਮ ਕਰ ਦਿੱਤੀ ਹੈ। ਉਨ੍ਹਾਂ ਵਲੋਂ ਕੀਤੀ ਗਈ ਵੰਡ ਦੇ ਅਨੁਸਾਰ ਸੀਨੀਅਰ ਮੀਤ ਪ੍ਰਧਾਨ ਨੂੰ ਕੇਵਲ ਵਿੱਤੀ ਮਾਮਲੇ ਦੇਖਣ ਦਾ ਅਧਿਕਾਰ ਹੋਵੇਗਾ, ਜਦਕਿ ਜੂਨੀਅਰ ਮੀਤ ਪ੍ਰਧਾਨ ਬਾਕੀ ਸਾਰੇ ਪ੍ਰਬੰਧਕੀ ਮਾਮਲੇ ਦੇਖੇਗਾ। ਇਸਤਰ੍ਹਾਂ ਮਿਲੇ ਅਧਿਕਾਰਾਂ ਨੂੰ ਲੈਕੇ ਦੋਹਾਂ ਵਲੋਂ ਆਪਣੇ ਆਪਨੂੰ ਗੁਰਦੁਆਰਾ ਕਮੇਟੀ ਦਾ ਐਕਟਿੰਗ ਪ੍ਰਧਾਨ ਐਲਾਨ, ਕਮੇਟੀ ਵਿੱਚ ਸ.ਸਿਰਸਾ ਵਲੋਂ ਅਪਣੇ ਆਪਨੂੰ ਸੌਂਪੀਆਂ ਗਈਆਂ ਹੋਈਆਂ ਜ਼ਿਮੇਂਦਰੀਆਂ ਸੰਭਾਲ ਲਈਆਂ ਗਈਆਂ ਹਨ। 


ਮਨਜੀਤ ਸਿੰਘ ਜੀਕੇ ਦੀ ਸ਼ਰਤ: ਦਸਿਆ ਜਾਂਦਾ ਹੈ ਕਿ ਬੀਤੇ ਦਿਨੀਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਤਿੰਨ ਸਾਬਕਾ ਪ੍ਰਧਾਨਾਂ, ਸ. ਅਵਤਾਰ ਸਿੰਘ ਹਿਤ, ਸ. ਪਰਮਜੀਤ ਸਿੰਘ ਸਰਨਾ, ਸ. ਮਨਜੀਤ ਸਿੰਘ ਜੀਕੇ ਅਤੇ ਵਰਤਮਾਨ ਪ੍ਰਧਾਨ ਸ. ਮਨਜਿੰਦਰ ਸਿੰਘ ਸਿਰਸਾ ਨੂੰ ਇੱਕ ਪਤ੍ਰ ਲਿਖਕੇ, ਉਨ੍ਹਾਂ ਪਾਸੋਂ, ਉਨ੍ਹਾਂ ਦੋਸ਼ਾਂ ਦੀ ਜਾਂਚ ਲਈ, ਜਾਂਚ-ਕਮੇਟੀ ਬਣਾਏ ਜਾਣ ਲਈ ਸਹਿਮਤੀ ਦੇਣ ਲਈ ਕਿਹਾ ਹੈ, ਜੋ ਉਨ੍ਹਾਂ ਜਥੇਦਾਰ ਸਾਹਿਬ ਦੇ ਸਾਹਮਣੇ ਇੱਕ-ਦੂਸਰੇ ਪੁਰ ਲਿਖਤੀ ਰੂਪ ਵਿੱਚ ਲਾਏ ਸਨ। ਦਸਿਆ ਜਾਂਦਾ ਹੈ ਕਿ 'ਜਾਗੋ' (ਜਗ ਆਸਰਾ ਗੁਰੂ ਓਟ) ਦੇ ਪ੍ਰਧਾਨ ਸ. ਮਨਜੀਤ ਸਿੰਘ ਜੀਕੇ ਨੇ ਦੂਸਰੇ ਮੁਖੀਆਂ ਵਾਂਗ ਜਥੇਦਾਰ ਸਾਹਿਬ ਨੂੰ ਪਤ੍ਰ ਲਿਖ, ਜਾਂਚ ਕਮੇਟੀ ਬਣਾਏ ਜਾਣ ਨਾਲ ਸਹਿਮਤ ਹੋਣ ਦਾ ਵਿਸ਼ਵਾਸ ਤਾਂ ਦੁਆਇਆ ਹੀ ਹੈ, ਪ੍ਰੰਤੂ ਇਸਦੇ ਨਾਲ ਹੀ ਉਨ੍ਹਾਂ ਮੰਗ ਕੀਤੀ ਹੈ ਕਿ ਗੁਰਦੁਅਰਾ ਕਮੇਟੀ ਦੇ ਮੁਖੀ ਸ. ਸਿਰਸਾ ਆਦਿ ਪੁਰ ਲਾਏ ਗਏ ਦੋਸ਼ਾਂ ਦੀ ਨਿਰਪੱਖ ਜਾਂਚ ਤਾਂ ਹੀ ਸੰਭਵ ਹੋਵੇਗੀ, ਜੇ ਉਨ੍ਹਾਂ ਨੂੰ ਜਾਂਚ ਦੇ ਮੁਕੰਮਲ ਹੋਣ ਤਕ, ਕਮੇਟੀ ਨਾਲ ਸੰਬੰਧਤ ਸਾਰੀਆਂ ਪ੍ਰਬੰਧਕੀ ਜ਼ਿਮੇਂਦਰੀਆਂ ਨਿਭਾਉਣ ਤੋਂ ਲਾਂਬੇ ਕਰ ਦਿੱਤਾ ਜਾਏ। ਉਨ੍ਹਾਂ ਕਿਹਾ ਕਿ ਜੇ ਜਾਂਚ ਦੌਰਾਨ ਉਹ ਆਪਣੇ ਅਹੁਦਿਆਂ ਪੁਰ ਬਣੇ ਰਹਿੰਦੇ ਹਨ, ਤਾਂ ਉਹ ਆਪਣੇ ਪੁਰ ਲਾਏ ਗਏ ਦੋਸ਼ਾਂ ਦੀ ਹੋਣ ਵਾਲੀ ਜਾਂਚ ਨੂੰ ਪ੍ਰਭਾਵਤ ਕਰ ਸਕਦੇ ਹਨ। ਦਸਿਆ ਜਾਂਦਾ ਹੈ ਕਿ ਸ. ਮਨਜੀਤ ਸਿੰਘ ਜੀਕੇ ਨੇ ਆਪਣੇ ਪਤ੍ਰ ਵਿੱਚ ਇਹ ਖਦਸ਼ਾ ਵੀ ਪ੍ਰਗਟ ਕੀਤਾ ਹੈ ਕਿ ਜੇ ਉਹ ਇਸ ਦੌਰਾਨ ਆਪਣੇ ਅਹੁਦਿਆਂ ਪੁਰ ਬਣੇ ਰਹਿੰਦੇ ਹਨ ਤਾਂ ਉਹ ਆਪਣੇ ਵਿਰੋਧਆਂ, ਸ. ਜੀਕੇ ਅਤੇ ਸ. ਸਰਨਾ ਨਾਲ ਸੰਬੰਧਤ ਗੁਰਦੁਆਰਾ ਕਮੇਟੀ ਦੇ ਦਫਤਰ ਵਿਚਲੀਆ ਫਾਈਲਾਂ ਵਿੱਚ ਹੇਰਾ-ਫੇਰੀ ਕਰ ਸਕਦੇ ਹਨ।

ਦਾਦੂਵਾਲ ਦੀ ਜਿੱਤ: ਬੀਤੇ ਦਿਨੀਂ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਾਰਜਕਾਰੀ ਪ੍ਰਧਾਨ ਦੀ ਹੋਈ ਚੋਣ ਵਿੱਚ ਦੀਦਾਰ ਸਿੰਘ ਨਲਵੀ ਗੁਟ ਦੇ ਉਮੀਦਵਾਰ ਬਲਜੀਤ ਸਿੰਘ ਦਾਦੂਵਾਲ ਨੇ, ਆਪਣੇ ਵਿਰੋਧੀ ਜਗਦੀਸ਼ ਸਿੰਘ ਝੀਂਡਾ ਗੁਟ ਦੇ ਉਮੀਦਵਾਰ ਜਸਬੀਰ ਸਿੰਘ ਖਾਲਸਾ ਨੂੰ (17 ਵੋਟਾਂ) ਦੇ ਮੁਕਾਬਲੇ 19 ਵੋਟਾਂ ਲੈ ਕੇ ਜਿਤ ਪ੍ਰਾਪਤ ਕੀਤੀ। ਦਸਿਆ ਗਿਆ ਹੈ ਕਿ ਦਾਦੂਵਾਲ ਨੇ ਆਪਣੀ ਜਿੱਤ ਦੇ ਲਈ ਵਿਰੋਧੀ ਧਿਰ ਦੇ ਮੈਂਬਰਾਂ ਸਹਿਤ ਸਾਰਿਆਂ ਦਾ ਧੰਨਵਾਦ ਕੀਤਾ ਅਤੇ ਉਨ੍ਹਾਂ ਨੂੰ ਵਿਸ਼ਵਾਸ ਦੁਆਇਆ ਕਿ ਉਹ ਹਰਿਆਣੇ ਵਿੱਚ ਸਿੱਖੀ ਦੇ ਪ੍ਰਚਾਰ-ਪਸਾਰ ਨੂੰ ਪਹਿਲ ਦੇਣਗੇ ਅਤੇ ਹਰਿਆਣੇ ਦੇ ਇਤਿਹਾਸਕ ਗੁਰਦੁਆਰਿਆਂ ਦਾ ਪ੍ਰਬੰਧ ਹਰਿਆਣੇ ਦੇ ਸਿੱਖਾਂ ਦੇ ਹੱਥ ਵਿੱਚ ਸੌਂਪੇ ਜਾਣ ਦੇ ਮੁੱਦੇ ਨੂੰ ਲੈਕੇ ਸੁਪ੍ਰੀਮ ਕੋਰਟ ਵਿੱਚ ਜੋ ਕੇਸ ਚਲ ਰਿਹਾ ਹੈ, ਉਸਦੀ ਪੈਰਵੀ ਪੂਰੀ ਦ੍ਰਿੜ੍ਹਤਾ ਨਾਲ ਕਰਨਗੇ।
ਮਿਲੀ ਜਾਣਕਾਰੀ ਅਨੁਸਾਰ ਬਲਜੀਤ ਸਿੰਘ ਦਾਦੂਵਾਲ ਦੇ ਹੱਕ ਵਿੱਚ ਸਰਬਸੰਮਤੀ ਬਣਾਉਣ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਮੁਖੀ ਸ. ਪਰਮਜੀਤ ਸਿੰਘ ਸਰਨਾ ਅਤੇ ਉਨ੍ਹਾਂ ਦੇ ਭਰਾ ਤੇ ਦਲ ਦੇ ਸਕਤੱਰ ਜਨਰਲ ਸ. ਹਰਵਿੰਦਰ ਸਿੰਘ ਸਰਨਾ ਨੇ ਜੀ ਤੋੜ ਜਤਨ ਕੀਤੇ ਪਰ ਸ. ਜਗਦੀਸ਼ ਸਿੰਘ ਝੀਂਡਾ ਨੇ ਅਪਣੀ ਜਿੱਤ ਪਕੀ ਹੋਣ ਦਾ ਦਾਅਵਾ ਕਰਦਿਆਂ ਉਨ੍ਹਾਂ ਦੇ ਜਤਨਾਂ ਨੂੰ ਸਫਲ ਨਾ ਹੋਣ ਦਿੱਤਾ। ਦੂਜੇ ਪਾਸੇ ਹਾਲਾਂਕਿ ਇਹ ਮੰਨਿਆ ਜਾਂਦਾ ਹੈ ਕਿ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮਟੀ ਵਿਚਲੇ ਦੋਵੇਂ ਧੜੇ ਇਸ ਕਮੇਟੀ ਦੇ ਝੰਡੇ ਹੇਠ ਹਰਿਆਣਾ ਦੇ ਇਤਿਹਾਸਕ ਗੁਰਦੁਆਰਿਆਂ ਦਾ ਪ੍ਰਬੰਧ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਬਾਦਲ ਪਰਿਵਾਰ ਦੇ ਚੰਗੁਲ ਵਿਚੋਂ ਅਜ਼ਾਦ ਕਰਵਾ, ਆਪਣੇ ਰਾਜ, ਹਰਿਆਣਾ-ਵਾਸੀ ਸਿੱਖਾਂ ਦੇ ਹੱਥ ਵਿੱਚ ਲਿਆਏ ਜਾਣ ਲਈ ਹੀ ਜਦੋਜਹਿਦ ਕਰ ਰਹੇ ਹਨ, ਜਿਸ ਕਾਰਣ ਇਸ ਚੋਣ ਵਿੱਚ ਹੋਈ ਹਾਰ-ਜਿਤ ਨੂੰ ਕਿਸੇ ਵਿਸ਼ੇਸ਼ ਦਲ ਦੇ ਨਾਲ ਨਾ ਜੋੜਦਿਆਂ ਹੋਇਆਂ, ਕਮੇਟੀ ਦੇ ਹੀ ਇੱਕ ਧੜੇ ਦੀ ਜਿੱਤ ਅਤੇ ਦੂਸਰੇ ਧੜੇ ਦੀ ਹਾਰ ਮੰਨਿਆ ਜਾਂਦਾ ਹੈ। ਫਿਰ ਵੀ ਹਰਿਆਣਾ ਵਿਚਲੇ ਬਾਦਲ-ਵਿਰੋਧੀ ਹਲਕਿਆਂ ਵਲੋਂ ਜਗਦੀਸ਼ ਸਿੰਘ ਝੀਂਡਾ ਧੜੇ ਦੀ ਹਾਰ ਨੂੰ ਬਾਦਲ ਅਕਾਲੀ ਦਲ ਦੀ ਹਾਰ ਹੋਣਾ ਕਰਾਰ ਦਿੱਤਾ ਜਾ ਰਿਹਾ ਹੈ। ਇਸਦਾ ਕਾਰਣ ਸ਼ਾਇਦ ਇਹ ਮੰਨਿਆ ਜਾਂਦਾ ਹੈ ਕਿ ਬਾਦਲ ਪਰਿਵਾਰ ਦੀ ਸੱਤਾ-ਅਧੀਨ ਸ਼੍ਰੋਮਣੀ ਕਮੇਟੀ ਦੇ ਚਾਰ ਪ੍ਰਤੀਨਿਧਾਂ ਨੇ ਬਲਜੀਤ ਸਿੰਘ ਦਾਦੂਵਾਲ ਦੇ ਵਿਰੁਧ ਜਸਬੀਰ ਸਿੰਘ ਖਾਲਸਾ ਦੇ ਹੱਕ ਵਿੱਚ ਮਤਦਾਨ ਕੀਤਾ ਹੈ।       

ਕੋਈ ਸਮਾਂ ਸੀ, ਜਦੋਂ...: ਅੱਜ ਫਿਰ ਯਾਦ ਆਉਂਦੀ ਹੈ ਉਨ੍ਹਾਂ ਦਿਨਾਂ ਦੀ, ਜਦੋਂ ਦਾਦੀਆਂ-ਨਾਨੀਆਂ ਅਤੇ ਮਾਵਾਂ ਵਲੋਂ ਗੁਰੂ ਸਾਹਿਬਾਂ ਅਤੇ ਸਿੱਖ ਸ਼ਹੀਦਾਂ ਦੇ ਜੀਵਨ ਨਾਲ ਸਬੰਧਤ ਜੋ ਕਥਾ-ਕਹਾਣੀਆਂ ਸੁਣਾਈਆਂ ਜਾਂਦੀਆਂ, ਉਨ੍ਹਾਂ ਨੂੰ ਦਿਲ ਦੀਆਂ ਡੂੰਘਿਆਈਆਂ ਤੋਂ ਸਵੀਕਾਰ ਕਰ, ਜੀਵਨ ਵਿਚ ਵਸਾ ਲਿਆ ਜਾਂਦਾ ਸੀ। ਉਹ ਵਿਸ਼ਵਾਸ ਤੇ ਉਸਤੋਂ ਉਪਜੀ ਸ਼ਰਧਾ ਜੀਵਨ ਦੇ ਆਦਰਸ਼ ਬਣ ਜਾਂਦੇ ਸਨ। ਨਾ ਕੋਈ ਵਿਵਾਦ ਹੁੰਦਾ ਸੀ ਤੇ ਨਾ ਕੋਈ ਸ਼ੰਕਾ। ਇਹੀ ਵਿਸ਼ਵਾਸ ਅਤੇ ਸ਼ਰਧਾ ਹੀ ਸੀ, ਜਿਸਦੇ ਸਹਾਰੇ ਸਿੱਖ ਜ਼ਬਰ-ਜ਼ੁਲਮ ਅਤੇ ਬੇਇਨਸਾਫੀ ਵਿਰੁਧ ਜੂਝਦੇ ਅਤੇ ਗ਼ਰੀਬ ਮਜ਼ਲੂਮ ਦੀ ਰਖਿਆ ਪ੍ਰਤੀ ਵਚਨਬੱਧ ਰਹਿੰਦਿਆਂ ਜੰਗਲਾਂ ਬੇਲਿਆਂ ਵਿੱਚ ਛੁਪਦੇ-ਛੁਪਾਂਦੇ ਜੀਵਨ-ਕਟੀ ਤੇ ਕੁਰਬਾਨੀਆਂ ਕਰਦੇ ਚਲੇ ਆ ਰਹੇ ਸਨ। ਚਰਖੜੀਆਂ ਤੇ ਚੜ੍ਹਦਿਆਂ, ਖੋਪਰੀਆਂ ਉਤਰਵਾਂਦਿਆਂ, ਆਰਿਆਂ ਨਾਲ ਚਿਰਵਾਇਆਂ ਤੇ ਬੰਦ-ਬੰਦ ਕਟਵਾਂਦਿਆਂ ਹੋਇਆਂ ਵੀ, ਕਦੀ ਡੋਲੇ ਨਹੀਂ ਸਨ। ਇਸੇ ਵਿਸ਼ਵਾਸ ਅਤੇ ਸ਼ਰਧਾ ਦੇ ਚਲਦਿਆਂ ਹੀ ਸਿੱਖਾਂ ਨੇ ਗੁਰਧਾਮਾਂ ਨੂੰ ਮਹੰਤਾਂ ਤੋਂ ਆਜ਼ਾਦ ਕਰਵਾਣ ਲਈ ਅਨਗਿਣਤ ਸ਼ਹੀਦੀਆਂ ਦਿਤੀਆਂ, ਜੰਡਾਂ ਨਾਲ ਬੰਨ੍ਹ ਸਾੜੇ ਗਏ, ਟੋਟੇ-ਟੋਟੇ ਕੀਤੇ ਗਏ, ਫਿਰ ਵੀ ਉਨ੍ਹਾਂ ਆਪਣੇ ਸਿੱਖੀ ਸਿਦਕ ਅਤੇ ਗੁਰੂ ਸਾਹਿਬਾਂ ਪ੍ਰਤੀ ਆਪਣੀ ਸ਼ਰਧਾ ਵਿਚ ਤਰੇੜ ਨਹੀਂ ਆਉਣ ਦਿੱਤੀ। ਇਹੀ ਉਹ ਵਿਸ਼ਵਾਸ ਅਤੇ ਸ਼ਰਧਾ ਸੀ ਜਿਸਨੇ ਉਨ੍ਹਾਂ ਦੇ ਆਚਰਣ ਨੂੰ ਇਤਨਾ ਉੱਚਿਆ ਦਿਤਾ ਸੀ, ਕਿ ਦੁਸ਼ਮਣ ਵੀ ਉਨ੍ਹਾਂ ਦੇ ਜੀਵਨ-ਆਚਰਣ ਦੀ ਪ੍ਰਸ਼ੰਸਾ ਕਰਨੋਂ ਨਹੀਂ ਸਨ ਰਹਿ ਸਕਦੇ।

...ਅਤੇ ਅੰਤ ਵਿੱਚ: ਬੀਤੇ ਦਿਨੀਂ ਇੱਕ ਪਰਵਾਰਕ ਸਮਾਗਮ ਦੌਰਾਨ ਸਾਬਤ ਸੂਰਤ ਇੱਕ ਸਿੱਖ ਨੌਜਵਾਨ ਨੂੰ ਸਿਰ ਤੇ ਟੋਪੀ ਪਾਈ ਵੇਖਿਆ ਤਾਂ ਉਸਨੂੰ ਇਹ ਪੁਛੇ ਬਿਨਾ ਰਿਹਾ ਨਹੀਂ ਜਾ ਸਕਿਆ ਕਿ 'ਕਾਕਾ, ਇਤਨੇ ਸੁੰਦਰ ਚੇਹਰੇ ਦੇ ਸੁਹਣੇ ਸਰੂਪ ਵਾਲੇ ਸਿਰ 'ਤੇ ਦਸਤਾਰ (ਪਗੜੀ) ਦੀ ਜਗ੍ਹਾ ਟੋਪੀ ਜੱਚਦੀ ਨਹੀਂ? ਉਸ ਬੜੇ ਠਰ੍ਹਮੇ ਤੇ ਠੰਡੇ ਦਿਮਾਗ ਅਤੇ ਬੇਬਾਕੀ ਨਾਲ ਜਵਾਬ ਦਿੰਦਿਆਂ ਕਿਹਾ ਕਿ 'ਅੰਕਲ, ਪਗੜੀ ਸਜਾਣ ਦੀ ਪੈਰਵੀ ਕਰਨ ਵਾਲੇ ਜੇ ਆਪ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਬੜੀ ਹੀ ਬੇਸ਼ਰਮੀ ਨਾਲ ਇੱਕ-ਦੂਜੇ ਦੀਆਂ ਪਗੜੀਆਂਾਂ ਲਾਹੁਣ, ਉਛਾਲਣ ਦੇ ਨਾਲ ਹੀ ਦਾੜ੍ਹ਼ੀ ਕੇਸਾਂ ਨੂੰ ਪੁਟਣ ਤੋਂ ਸੰਕੋਚ ਨਾ ਕਰਨ ਤਾਂ ਉਹ ਸਿੱਖ ਜਵਾਨੀ ਨੂੰ ਕੀ ਸੇਧ ਦੇ ਸਕਦੇ ਹਨ ਜਾਂ ਪ੍ਰੇਰਨਾ ਕਰ ਸਕਦੇ ਹਨ? ਕੀ ਉਹ ਮਜਬੂਰਨ ਉਸੇ ਰਾਹ ਨਹੀਂ ਤੁਰ ਪਏਗੀ, ਜੋ ਉਸਨੂੰ ਚੰਗੀ ਜਾਂ ਸਹਿਜ ਲਗਦੀ ਹੈ? ਉਸ ਸਮੇਂ ਸਿਵਾਏ ਚੁਪ ਰਹਿਣ ਦੇ ਮੇਰੇ ਪਾਸ ਉਸਦੇ ਇਸ ਸੁਆਲ ਦਾ ਕੋਈ ਜਵਾਬ ਨਹੀਂ ਸੀ!000

Mobile : + 91 95 82 71 98 90
E-mail : jaswantsinghajit@gmail.com

Address : Jaswant Singh ‘Ajit’, Flat No. 51, Sheetal Apartment, Plot No. 12,
 Sector – 14, Rohini,  DELHI-110085

ਸ਼ਹਾਦਤਾਂ ਦੇ ਵਾਰਸ ਹੋਣ ਦੇ 'ਦਾਅਵੇਦਾਰ' ਕਿਥੇ ਨੇ?  - ਜਸਵੰਤ ਸਿੰਘ 'ਅਜੀਤ'

ਕੋਈ ਤਿੰਨ-ਕੁ ਸਾਲ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦਾ 97ਵਾਂ ਸਥਾਪਨਾ ਦਿਵਸ ਮੰਨਾਉਣ ਲਈ ਸ਼੍ਰੋਮਣੀ ਅਕਾਲੀ ਦਲ (ਬਾਦਲ) ਵਲੋਂ ਸ੍ਰੀ ਅੰਮ੍ਰਿਤਸਰ ਵਿਖੇ ਇੱਕ ਵਿਸ਼ਸ਼ੇ ਸਮਾਗਮ ਦਾ ਅਯੋਜਨ ਕੀਤਾ ਗਿਆ ਸੀ। ਇਸ ਸਮਾਗਮ ਨੂੰ ਸੰਬੋਧਿਤ ਕਰਦਿਆਂ ਦਲ ਦੇ ਸਰਪ੍ਰਸਤ ਸ. ਪ੍ਰਕਾਸ਼ ਸਿੰਘ ਬਾਦਲ ਨੇ ਅਕਾਲੀ ਦਲ ਦੀਆਂ ਸਥਾਪਤ ਪਰੰਪਰਾਵਾਂ ਅਨੁਸਾਰ ਮਨੁਖਤਾ ਦੇ ਭਲੇ ਅਤੇ ਕਾਂਗ੍ਰਸ (ਗੈਰ-ਕਾਂਗ੍ਰਸੀ ਸੱਤwਧਾਰੀਆਂ ਦੇ ਨਹੀਂ, ਕਿਉਂਕਿ ਉਨ੍ਹਾਂ ਨਾਲ ਉਨ੍ਹਾਂ ਸੱਤਾ ਵਿੱਚ ਭਾਈਵਾਲੀ ਕਰਨੀ ਹੁੰਦੀ ਹੈ) ਦੇ ਜਬਰ-ਜ਼ੁਲਮ ਅਤੇ ਬੇਇਨਸਾਫੀ ਵਿਰੁਧ ਅਵਾਜ਼ ਉਠਾਂਦਿਆਂ ਰਹਿਣ ਦਾ ਪ੍ਰਣ ਦੁਹਰਾਉਂਦਿਆਂ 'ਵਾਲੰਟੀਅਰ ਫੋਰਸ' ਬਨਾਉਣ ਲਈ ਵਰਕਰਾਂ ਨੂੰ ਇੱਕ-ਜੁਟ ਹੋਣ ਦਾ ਸਦਾ ਦਿੱਤਾ। ਇਸਦੇ ਨਾਲ ਹੀ ਸ. ਬਾਦਲ ਨੇ ਇਹ ਦਾਅਵਾ ਵੀ ਕੀਤਾ ਕਿ ਸ਼੍ਰੋਮਣੀ ਅਕਾਲੀ ਦਲ ਆਪਣੀ ਸਥਾਪਨਾ ਦੇ ਸਮੇਂ ਤੋਂ ਹੀ ਜਬਰ-ਜ਼ੁਲਮ ਵਿੁਧ ਸੰਘਰਸ਼ ਕਰਦਿਆਂ, ਉਨਾਂ ਆਦਰਸ਼ਾਂ ਦਾ ਪਾਲਣ ਕਰਦਾ ਚਲਿਆ ਆ ਰਿਹਾ ਹੈ, ਜਿਨ੍ਹਾਂ ਪੁਰ ਗੁਰੂ ਸਾਹਿਬਾਨ ਵਲੋਂ 'ਮਨੁਖੀ ਅਧਿਕਾਰਾਂ' ਅਤੇ 'ਸੱਚ' ਦੀ ਰਖਿਆ ਕਰਨ ਦੀ ਲੜਾਈ ਲੜਦਿਆਂ ਦ੍ਰਿੜ੍ਹ਼ਤਾ ਨਾਲ ਪਹਿਰਾ ਦਿੱਤਾ ਜਾਂਦਾ ਰਿਹਾ। ਇਸਦੇ ਨਾਲ ਹੀ ਉਨ੍ਹਾਂ ਇਹ ਦਾਅਵਾ ਵੀ ਕੀਤਾ ਕਿ ਸ਼੍ਰੋਮਣੀ ਅਕਾਲੀ ਦਲ ਨੇ ਅਜ਼ਾਦੀ ਤੋਂ ਪਹਿਲਾਂ ਅਤੇ ਉਸਤੋਂ ਬਾਅਦ ਅਕਾਲ ਤਖਤ ਦੀ ਛਤੱਰ-ਛਾਇਆ ਹੇਠ ਸਮੇਂ ਦੀਆਂ ਸਰਕਾਰਾਂ ਵਲੋਂ ਸਮੇਂ-ਸਮੇਂ ਦੇਸ਼ ਅਤੇ ਪੰਜਾਬ-ਵਾਸੀਆਂ ਪੁਰ ਕੀਤੇ ਗਏ ਜ਼ੁਲਮ ਵਿਰੁਧ ਮੋਰਚੇ ਲਾ ਜਿੱਤ ਹਾਸਲ ਕੀਤੀ। ਇਸੇ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ, ਬਾਦਲ ਪਰਿਵਾਰ ਜਾਂ ਕਿਸੇ ਹੋਰ ਦੀ ਬਪੌਤੀ ਨਹੀਂ, ਸਗੋਂ ਸਿੱਖ ਪੰਥ ਦੀ ਪ੍ਰਤੀਨਿਧ ਜੱਥੇਬੰਦੀ ਹੈ। ਸੀਨੀਅਰ ਤੇ ਜੁਨੀਅਰ ਬਾਦਲ ਦੇ ਦਾਅਵਿਆਂ ਪੁਰ ਚਰਚਾ ਕਰਨ ਦੀ ਬਜਾਏ ਜੇ ਸ਼੍ਰੋਮਣੀ ਅਕਾਲੀ ਦਲ ਦੀ ਸਥਾਪਨਾ ਦੇ ਮੂਲ ਉਦੇਸ਼ਾਂ ਅਤੇ ਆਦਰਸ਼ਾਂ ਦੇ ਨਾਲ ਹੀ ਸ਼੍ਰੋਮਣੀ ਅਕਾਲੀ ਦਲ ਦੇ ਵਰਤਮਾਨ ਸਰੂਪ ਤੇ ਕਾਰਜ-ਪ੍ਰਣਾਲੀ ਪੁਰ ਇੱਕ ਉਡਦੀ ਨਜ਼ਰ ਮਾਰੀ ਜਾਏ ਤਾਂ ਦੋਹਾਂ ਦੇ ਦਾਅਵਿਆਂ ਦੀ ਸੱਚਾਈ ਆਪਣੇ ਆਪ ਸਪਸ਼ਟ ਹੋ ਸਾਹਮਣੇ ਆ ਜਾਵੇਗੀ।

ਸ਼੍ਰੋਮਣੀ ਅਕਾਲੀ ਦਲ ਦੀ ਸਥਾਪਨਾ ਦੇ ਮੂਲ ਉਦੇਸ਼: ਸ਼੍ਰੋਮਣੀ ਅਕਾਲੀ ਦੀ ਸਥਾਪਨਾ ਜਿਨ੍ਹਾਂ ਆਦਰਸ਼ਾਂ ਅਤੇ ਉਦੇਸ਼ਾਂ ਨੂੰ ਮੁੱਖ ਰਖ ਕੇ ਕੀਤੀ ਗਈ ਉਸਦਾ ਵਰਣਨ, ਅਕਾਲੀ ਦਲ ਦੇ ਸੰਵਿਧਾਨ ਵਿੱਚ ਇਸਤਰ੍ਹਾਂ ਕੀਤਾ ਗਿਆ ਹੈ: 'ਅਕਾਲੀ ਦਲ, ਸਿੱਖਾਂ ਵਿਚ ਧਾਰਮਕ-ਭਾਵਨਾ ਪੈਦਾ ਕਰਨਾ ਅਤੇ ਉਨ੍ਹਾਂ ਵਿਚ ਸਿੱਖ ਹੋਣ ਦਾ ਮਾਣ ਪੈਦਾ ਕਰਨਾ, ਆਪਣਾ ਮੁਖ ਮਨੋਰਥ ਸਮਝਦਾ ਹੈ, ਇਸਦੀ ਪੂਰਤੀ ਲਈ ਅਕਾਲੀ ਦਲ ਅਗੇ ਦਿੱਤਾ ਪ੍ਰੋਗਰਾਮ ਅਮਲ ਵਿਚ ਲਿਆਇਗਾ: (ੳ) ਵਾਹਿਗੁਰੂ ਦੀ ਵਾਹਿਦ ਹਸਤੀ ਦਾ ਪ੍ਰਚਾਰ ਕਰਨਾ, ਨਾਮ ਸਿਮਰਨ ਤੇ ਗੁਰਬਾਣੀ ਦਾ ਪ੍ਰਵਾਹ ਚਲਾਣਾ, ਦਸ ਗੁਰੂ ਸਾਹਿਬਾਨ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਉਤੇ ਦ੍ਰਿੜ੍ਹ ਨਿਸਚਾ ਕਰਵਾਉਣਾ ਤੇ ਉਨ੍ਹਾਂ ਦੇ ਉਪਦੇਸ਼ਾਂ ਦੀ ਜਾਣਕਾਰੀ ਦੇਣ ਦੇ ਨਾਲ ਹੀ, ਉਨ੍ਹਾਂ ਪੁਰ ਅਮਲ ਕਰਵਾਣ ਦੇ ਯਤਨ ਕਰਨਾ। (ਅ) ਗੁਰਮਤਿ, ਸਿੱਖ ਫਲਸਫਾ, ਰਹਿਤ ਮਰਿਅਦਾ ਅਤੇ ਕੀਰਤਨ ਆਦਿ ਦੇ ਪ੍ਰਚਾਰ ਨੂੰ ਸਫਲਤਾ ਸਹਿਤ ਚਲਾਉਣ ਲਈ ਸਿੱਖ ਮਿਸ਼ਨਰੀ ਕਾਲਜ ਵਿੱਚ ਪ੍ਰਚਾਰਕ ਤੇ ਚੰਗੇ ਰਾਗੀ ਤੇ ਢਾਡੀ ਕਵੀਸ਼ਰ ਤਿਆਰ  ਕਰਨੇ, ਤਾਂ ਜੋ ਦੇਸ ਤੇ ਪ੍ਰਦੇਸ, ਕਾਲਜਾਂ ਤੇ ਸਕੂਲਾਂ, ਪਿੰਡਾਂ ਤੇ ਸ਼ਹਿਰਾਂ ਵਿੱਚ, ਮਤਲਬ ਇਹ ਕਿ ਹਰ ਥਾਂ ਲਈ ਪ੍ਰਚਾਰ ਦੀ ਯੋਗਤਾ ਰਖਣ ਵਾਲੇ ਸਜਣ ਧਰਮ ਪ੍ਰਚਾਰ ਦੀ ਜ਼ਿਮੇਂਦਾਰੀ ਸੁਚਜੱਤਾ ਨਾਲ ਸੰਭਾਲ ਸਕਣ। (ੲ) ਵਡੇ ਪੈਮਾਨੇ ਤੇ ਅੰਮ੍ਰਿਤ ਪ੍ਰਚਾਰ ਦਾ ਪ੍ਰਬੰਧ ਕਰਨਾ, ਕਾਲਜਾਂ ਅਤੇ ਸਕੂਲਾਂ ਵਿਖੇ ਇਸ ਸਬੰਧ ਵਿਚ ਪੂਰਾ ਤਾਣ ਲਾਉਣਾ ਅਤੇ ਇਸ ਮਨੋਰਥ ਨੂੰ ਸਾਹਮਣੇ ਰਖ, ਕਾਲਜਾਂ ਦੇ ਵਿਦਿਆਰਥੀਆਂ ਤੇ ਪ੍ਰੋਫੈਸਰਾਂ ਦੇ ਬਾਕਾਇਦਾ ਸਟੱਡੀ-ਸਰਕਲ ਲਾਉਣ ਦਾ ਵੀ ਪ੍ਰਬੰਧ ਕਰਨਾ। (ਸ) ਗੁਰਦੁਆਰਾ ਪ੍ਰਬੰਧ ਨੂੰ ਵਧੇਰੇ ਸੁਚਜਾ ਅਤੇ ਸੋਹਣਾ ਬਣਾਉਣ ਲਈ ਯਤਨ ਕਰਨਾ। ਇਸ ਸਬੰਧ ਵਿਚ ਸਮੇਂ-ਸਮੇਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਹੋਰ ਗੁਰਦੁਆਰਾ ਕਮੇਟੀਆਂ ਵਿਚਲੇ ਆਪਣੇ ਪ੍ਰਤੀਨਿਧਾਂ ਨੂੰ ਯੋਗ ਹਿਦਾਇਤਾਂ ਭੇਜਦਿਆਂ ਰਹਿਣਾ। (ਹ) ਇਕ ਨਵਾਂ ਸਰਬ-ਹਿੰਦ ਗੁਰਦੁਆਰਾ ਕਾਨੂੰਨ ਬਣਾਉਣ ਦੇ ਬਾਨ੍ਹਣੂ ਬੰਨ੍ਹਣਾ, ਜਿਸ ਨਾਲ ਦੇਸ਼ ਭਰ ਦੇ ਗੁਰਦੁਆਰਿਆਂ ਦਾ ਪ੍ਰਬੰਧ ਇਕੋ ਜਥੇਬੰਦੀ ਦੇ ਹੱਥ ਵਿੱਚ ਆ, ਵਧੇਰੇ ਸੁਚੱਜਾ ਤੇ ਸ਼ੋਭਾ-ਜਨਕ ਹੋ ਸਕੇ ਅਤੇ ਜਿਸ ਨਾਲ ਪ੍ਰਚਾਰ ਕਰਨ ਵਾਲੀਆਂ ਪ੍ਰਾਚੀਨ ਸੰਪ੍ਰਦਾਵਾਂ, ਜਿਹਾ ਕਿ ਉਦਾਸੀ, ਨਿਰਮਲੇ ਆਦਿ ਮੁੜ ਸਮੁਚੇ ਸਿੱਖ ਸਮਾਜ ਤੇ ਪੰਥ ਦਾ ਅਨਿਖੜ ਅੰਗ ਬਣ ਜਾਣ।
ਸ਼੍ਰੋਮਣੀ ਅਕਾਲੀ ਦਲ ਦੇ ਮੁਖੀਆਂ ਵਲੋਂ ਦਲ ਦੀ ਸਥਾਪਨਾ (ਸੰਨ-1921) ਦੇ ਸਮੇਂ ਮਿਥੇ ਅਤੇ ਫਿਰ ਉਸਤੋਂ ਬਾਅਦ ਅਨੰਦਪੁਰ ਦੇ ਮਤੇ ਵਿੱਚ ਇਨ੍ਹਾਂ ਮਨੋਰਥਾਂ ਅਤੇ ਨਿਸ਼ਾਨਿਆਂ ਦੀ ਪੁਸ਼ਟੀ ਕੀਤਿਆਂ ਕਈ ਵਰ੍ਹਿਆਂ ਦਾ ਸਮਾਂ ਬੀਤ ਚੁਕਾ ਹੈ। ਜੇ ਇਤਨੇ ਲੰਮੇਂ ਸਮੇਂ ਦੌਰਾਨ ਦੀ ਸ਼੍ਰੋਮਣੀ ਅਕਾਲੀ ਦਲ ਅਤੇ ਉਸਦੇ ਪ੍ਰਬੰਧ-ਅਧੀਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਕਾਰਗੁਜ਼ਾਰੀ ਦੀ ਘੋਖ ਕੀਤੀ ਜਾਏ ਤਾਂ ਇਹ ਗਲ ਉਭਰ ਕੇ ਸਾਹਮਣੇ ਆ ਜਾਂਦੀ ਹੈ ਕਿ ਇਹ ਦੋਵੇਂ ਸੰਸਥਾਵਾਂ ਮਿਥੇ ਨਿਸ਼ਾਨੇ ਦੀ ਪ੍ਰਾਪਤੀ ਲਈ ਆਪਣੇ ਮਨੋਰਥ ਪੁਰ ਦ੍ਰਿੜ੍ਹਤਾ ਨਾਲ ਪਹਿਰਾ ਦੇਣ ਪ੍ਰਤੀ ਕਦੀ ਵੀ ਗੰਭੀਰ ਤੇ ਈਮਾਨਦਾਰ ਨਹੀਂ ਹੋ ਸਕੀਆਂ। ਇਸਦੀ ਬਜਾਏ ਉਹ ਰਾਜਸੀ ਸੱਤਾ-ਪ੍ਰਾਪਤੀ ਦੀ ਦੌੜ ਵਿੱਚ ਹੀ ਲਗੀਆਂ ਚਲੀਆਂ ਆ ਰਹੀਆਂ ਹਨ।
ਉਨ੍ਹਾਂ ਦੀ ਇਸੇ ਨੀਤੀ ਦਾ ਹੀ ਨਤੀਜਾ ਹੈ ਕਿ ਆਹਿਸਤਾ-ਆਹਿਸਤਾ ਸਿੱਖ-ਪਨੀਰੀ ਧਾਰਮਕ ਤੇ ਇਤਿਹਾਸਕ ਵਿਰਸੇ ਤੋਂ ਅਨਜਾਣ ਰਹਿੰਦੀ ਚਲੀ ਜਾ ਰਹੀ ਹੈ। ਜਦੋਂ ਇਹ ਪਨੀਰੀ ਜਵਾਨੀ ਵਿਚ ਪੈਰ ਧਰਦੀ ਹੈ ਤਾਂ ਉਸ ਲਈ ਸਿੱਖੀ-ਸਰੂਪ ਜੀਵਨ ਦਾ ਇਕ ਜ਼ਰੂਰੀ ਅੰਗ ਨਾ ਰਹਿ, ਇਕ ਰਸਮੀ ਹਿੱਸਾ ਬਣ ਕੇ ਰਹਿ ਜਾਂਦਾ ਹੈ। ਇਸੇ ਕਾਰਣ ਸਿੱਖੀ-ਸਰੂਪ ਨੂੰ ਕਾਇਮ ਰਖਣਾ ਜਾਂ ਨਾ ਕਾਇਮ ਰਖਣਾ, ਉਸ ਲਈ ਕੋਈ ਮਹਤੱਤਾਪੂਰਣ ਨਹੀਂ ਰਹਿ ਜਾਂਦਾ। ਇਸ ਲਈ ਆਪਣੇ ਸਿੱਖੀ ਸਰੂਪ ਨੂੰ ਬਣਾਈ ਰਖਣਾ ਜਾਂ ਨਾ ਰਖਣਾ ਉਸ ਦੀ ਨਿਜੀ ਸੋਚ ਪੁਰ ਅਧਾਰਤ ਹੋ, ਰਹਿ ਜਾਂਦਾ ਹੈ।
ਅਜ ਦੇ ਸਿੱਖ ਨੌਜਵਾਨਾਂ ਦਾ ਇਕ ਵੱਡਾ ਹਿਸਾ ਸਿੱਖ ਇਤਿਹਾਸ ਤੋਂ ਬਿਲਕੁਲ ਅਨਜਾਣ ਹੈ। ਉਸਨੂੰ ਗੁਰੂ ਸਾਹਿਬਾਨ ਤੇ ਸਿੱਖਾਂ ਦੀਆਂ ਉਨ੍ਹਾਂ ਕੁਰਬਾਨੀਆਂ ਬਾਰੇ ਕੁਝ ਵੀ ਨਹੀਂ ਪਤਾ, ਜੋ ਉਨ੍ਹਾਂ ਸਿੱਖੀ-ਸਰੂਪ ਤੇ ਸਿੱਖ ਧਰਮ ਪ੍ਰਤੀ ਵਿਸ਼ਵਾਸ, ਗਰੀਬ-ਮਜ਼ਲੂਮ ਅਤੇ ਇਨਸਾਫ਼ ਦੀ ਰਖਿਆ ਲਈ ਦਿਤੀਆਂ ਹਨ। ਅਜ ਜਿਹੜੇ ਸਿੱਖ ਨੌਜਵਾਨ ਗੁਰਦੁਆਰੇ ਜਾਂਦੇ ਹਨ, ਉਹ ਉਥੇ ਹੁੰਦੀ ਅਰਦਾਸ ਵਿਚ ਸ਼ਾਮਲ ਹੋ, ਇਹ ਸ਼ਬਦ ਜ਼ਰੂਰ ਸੁਣਦੇ ਹਨ ਕਿ 'ਜਿਨ੍ਹਾਂ ਸਿੰਘਾਂ-ਸਿੰਘਣੀਆਂ ਨੇ ਧਰਮ ਹੇਤ ਸੀਸ ਦਿਤੇ, ਬੰਦ-ਬੰਦ ਕਟਾਏ, ਖੋਪਰੀਆਂ ਲੁਹਾਈਆਂ, ਚਰਖੜੀਆਂ ਤੇ ਚੜ੍ਹੇ, ਆਰਿਆਂ ਨਾਲ ਚਿਰਾਏ ਗਏ, ਗੁਰਦੁਆਰਿਆਂ ਦੀ ਸੇਵਾ ਸੰਭਾਲ ਲਈ ਕੁਰਬਾਨੀਆਂ ਦਿਤੀਆਂ, ਸਿੱਖੀ ਕੇਸਾਂ-ਸੁਆਸਾਂ ਸੰਗ ਨਿਭਾਈ, ਤਿਨ੍ਹਾਂ ਦੀ ਕਮਾਈ ਦਾ ਧਿਆਨ ਧਰ ਖਾਲਸਾ ਜੀ, ਬੋਲੋ ਜੀ ਵਾਹਿਗੁਰੂ'।
ਇਹ ਸ਼ਬਦ ਸੁਣ ਉਹ 'ਵਾਹਿਗੁਰੂ ਜੀ' ਵੀ ਜ਼ਰੂਰ ਬੋਲਦੇ ਹਨ। ਪ੍ਰੰਤੂ ਜੇ ਉਨ੍ਹਾਂ ਪਾਸੋਂ ਇਹਨਾਂ ਸ਼ਬਦਾਂ ਨਾਲ ਜੁੜੇ ਸਿੱਖ ਇਤਿਹਾਸ ਜਾਂ ਇਨ੍ਹਾਂ ਦੀ ਮਹੱਤਤਾ ਬਾਰੇ ਪੁੱਛਿਆ ਜਾਏ ਤਾਂ ਉਨ੍ਹਾਂ ਦਾ ਜਵਾਬ 'ਨਾਂਹ' ਵਿਚ ਹੀ ਮਿਲਦਾ ਹੈ।
ਦੂਜੇ ਪਾਸੇ, ਜਿਸ ਰਾਜਸੀ ਸੁਆਰਥ ਦੀ ਖ਼ਾਤਰ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਨੇ ਆਪਣੀ ਧਾਰਮਕ ਜ਼ਿਮੇਂਦਾਰੀ ਨੂੰ ਨਿਭਾਉਣ ਵਲੋਂ ਮੂੰਹ ਮੋੜ ਲਿਆ ਹੈ, ਉਥੇ ਵੀ ਉਹ ਆਪਣੀ ਅਤੇ ਸਿੱਖਾਂ ਦੀ ਸੁਤੰਤਰ ਰਾਜਸੀ ਹੋਂਦ ਕਾਇਮ ਨਹੀਂ ਰਖ ਸਕੇ। ਇਤਿਹਾਸ ਗੁਆਹ ਹੈ ਕਿ 'ਰਾਜ ਬਿਨਾ ਨਹਿ ਧਰਮ ਚਲੈ ਹੈਂ' ਦਾ ਭੁਲਾਵਾ ਦੇ, ਜਦੋਂ ਕਦੀ ਵੀ ਅਕਾਲੀ ਦਲ ਨੇ ਸਿੱਖਾਂ ਦੇ ਸਹਿਯੋਗ ਨਾਲ ਪੰਜਾਬ ਦੀ ਸੱਤਾ ਵਲ ਕਦਮ ਵਧਾਇਆ, ੳਨ੍ਹਾਂ ਸਿੱਖੀ ਦੀਆਂ ਮਾਨਤਾਵਾਂ ਦੀ ਰਖਿਆ ਕਰਨ ਦੀ ਬਜਾਏ ਆਪਣੇ ਅਤੇ ਸਿੱਖੀ ਸੋਚ ਦੇ ਵਿਰੋਧੀਆਂ ਨਾਲ ਹੱਥ ਮਿਲਾ, ਉਨ੍ਹਾਂ ਨੂੰ ਆਪਣਾ ਭਾਈਵਾਲ ਬਣਾ ਕੇ ਸਿੱਖੀ ਨੂੰ ਨੁਕਸਾਨ ਹੀ ਪਹੁੰਚਾਇਆ।

...ਅਤੇ ਅੰਤ ਵਿਚ: ਸ਼੍ਰੋਮਣੀ ਅਕਾਲੀ ਦਲ ਦੀ ਸਥਾਪਨਾ ਦਾ ਜੋ ਮਨੋਰਥ ਅਤੇ ਸਿੱਖ ਪੰਥ ਲਈ ਜਿਸ ਨਿਸ਼ਾਨੇ ਦੀ ਪ੍ਰਾਪਤੀ ਦਾ ਨਿਸ਼ਾਨਾ ਮਿਥਿਆ ਗਿਆ ਸੀ, ਸ਼੍ਰੋਮਣੀ ਅਕਾਲੀ ਦਲ ਦੇ ਆਗੂ ਰਾਜਸੀ ਲਾਲਸਾ ਦਾ ਸ਼ਿਕਾਰ ਹੋ, ਉਸਤੋਂ ਭਟਕ ਸ਼੍ਰੋਮਣੀ ਅਕਾਲੀ ਦਲ ਨੂੰ ਮੂਲ ਆਦਰਸ਼ਾਂ ਤੋਂ ਭਟਕਾ ਕਿਤੇ ਬਹੁਤ ਹੀ ਦੂਰ ਲੈ ਆਏ ਹੋਏ ਹਨ, ਜਿਥੋਂ ਉਨ੍ਹਾਂ ਦੀ ਵਾਪਸੀ ਦੀ ਕੋਈ ਸੰਭਾਵਨਾ ਵਿਖਾਈ ਨਹੀਂ ਦੇ ਰਹੀ। ਇਕ ਪਾਸੇ ਤਾਂ ਉਹ ਸਿੱਖੀ ਦੀਆਂ ਸਥਾਪਤ ਮਰਿਅਦਾਵਾਂ ਤੇ ਪਰੰਪਰਾਵਾਂ ਦੀ ਰਖਿਆ ਕਰਨ ਦਾ ਦਾਅਵਾ ਤਾਂ ਕਰਦੇ ਚਲੇ ਆ ਰਹੇ ਹਨ, ਪ੍ਰੰਤੂ ਦੂਸਰੇ ਪਾਸੇ ਉਸ ਦਾਅਵੇ ਨੂੰ ਅਮਲੀ ਰੂਪ ਵਿੱਚ ਲਿਆਉਣ ਪ੍ਰਤੀ ਉਹ ਇਮਾਨਦਾਰ ਅਤੇ ਗੰਭੀਰ ਨਹੀਂ ਰਹਿ ਸਕੇ। ਉਨ੍ਹਾਂ ਨੇ ਆਪਣੀ ਰਾਜਸੀ ਲਾਲਸਾ ਨੂੰ ਪੂਰਿਆਂ ਕਰਨ ਲਈ ਆਪਣੀ ਤੇ ਸਿੱਖ ਪੰਥ ਦੀ ਸੁਤੰਤਰ ਹੋਂਦ ਨੂੰ ਵੀ ਵਿਰੋਧੀ ਸ਼ਕਤੀਆਂ ਪਾਸ ਗਹਿਣੇ ਰਖ ਦਿਤਾ ਹੋਇਆ ਹੈ।   

Mobile : + 91 95 82 71 98 90
E-mail : jaswantsinghajit@gmail.com

Address : Jaswant Singh ‘Ajit’, Flat No. 51, Sheetal Apartment, Plot No. 12,
 Sector – 14, Rohini,  DELHI-110085