Jaswant Singh Ajit

'ਅਕਾਲ ਤਖਤ ਮਹਾਨ ਹੈ, ਸਿੱਖ ਕੌਮ ਦੀ ਸ਼ਾਨ ਹੈ' - ਜਸਵੰਤ ਸਿੰਘ 'ਅਜੀਤ'

ਕੋਈ ਪੰਜ-ਕੁ ਵਰ੍ਹੇ ਪਹਿਲਾਂ ਦੀ ਗਲ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਇਕ ਇਸ਼ਤਿਹਾਰ 'ਅਕਾਲ ਤਖਤ ਮਹਾਨ ਹੈ, ਸਿੱਖ ਕੌਮ ਦੀ ਸ਼ਾਨ ਹੈ' ਅਤੇ 'ਸਰਵੁੱਚ ਅਸਥਾਨ ਸ੍ਰੀ ਅਕਾਲ ਤਖਤ ਸਾਹਿਬ ਤੋਂ ਜਾਰੀ ਹੋਏ ਹੁਕਮਨਾਮੇ ਨੂੰ ਮੰਨਣ ਲਈ ਹਰ ਇੱਕ ਸਿੱਖ ਪਾਬੰਦ ਹੈ' ਦੇ ਹੈਡਿੰਗ ਹੇਠ ਅਖਬਾਰਾਂ ਵਿੱਚ ਛਪਵਾਇਆ ਗਿਆ ਸੀ।
ਅੱਜ ਲਗਭਗ ਪੰਜ ਵਰ੍ਹੇ ਬਾਅਦ ਵੀ ਇਸ ਇਸ਼ਤਿਹਾਰ ਵਿੱਚਲੇ ਹੈਡਿੰਗ 'ਸਰਵੁੱਚ ਅਸਥਾਨ ਸ੍ਰੀ ਅਕਾਲ ਤਖਤ ਸਾਹਿਬ ਤੋਂ ਜਾਰੀ ਹੋਏ ਹੁਕਮਨਾਮੇ ਨੂੰ ਮੰਨਣ ਲਈ ਹਰ ਇੱਕ ਸਿੱਖ ਪਾਬੰਦ ਹੈ' ਦੀ ਰੋਸ਼ਨੀ ਵਿੱਚ ਬੀਤੇ ਸਮੇਂ ਵਿੱਚ ਜਾਰੀ ਕੀਤੇ ਜਾਂਦੇ ਰਹੇ ਉਨ੍ਹਾਂ ਕੁਝ ਹੁਕਮਨਾਮਿਆਂ, ਜਿਨ੍ਹਾਂ ਰਾਹੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਆਗੂਆਂ ਨੂੰ ਆਦੇਸ਼ ਦਿੱਤੇ ਜਾਂਦੇ ਰਹੇ ਹਨ, ਦੀ ਘੋਖ ਕੀਤੀ ਜਾਏ, ਤਾਂ ਸਭ ਤੋਂ ਪਹਿਲਾ ਜੋ ਸੁਆਲ ਉਭਰ ਕੇ ਸਾਹਮਣੇ ਆਉਂਦਾ ਹੈ, ਉਹ ਇਹ ਹੈ ਕਿ ਕੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਉਸਦੀ ਸੱਤਾ ਪੁਰ ਕਾਬਜ਼ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਸਿੱਖ ਮੁਖੀਆਂ ਦੇ 'ਸਿੱਖ' ਹੋਣ ਅਤੇ ਉਨ੍ਹਾਂ ਆਮ ਸਿੱਖਾਂ ਦੇ 'ਸਿੱਖ' ਹੋਣ ਦੀ ਪ੍ਰੀਭਾਸ਼ਾ ਇਕੋ ਹੈ ਜਾਂ ਅਲੱਗ-ਅਲੱਗ, ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਛਪਵਾਏ ਗਏ ਇਸ਼ਤਿਹਾਰ ਅਨੁਸਾਰ 'ਅਕਾਲ ਤਖਤ ਸਾਹਿਬ ਤੋਂ ਜਾਰੀ ਹੋਏ ਹੁਕਮਨਾਮਿਆਂ ਨੂੰ ਮੰਨਣ ਦੇ ਪਾਬੰਦ ਹਨ'।
ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਆਪਣੇ ਡਾਇਰੈਕਟੋਰੇਟ ਦੇ ਰਿਕਾਰਡ ਅਨੁਸਾਰ ਇਕ ਨਹੀਂ ਅਨੇਕਾਂ ਅਜਿਹੀਆਂ ਮਿਸਾਲਾਂ ਹਨ, ਜੋ ਇਹ ਸਾਬਤ ਕਰਦੀਆਂ ਹਨ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਕੇਵਲ ਉਨ੍ਹਾਂ 'ਫਰਜ਼ਾਂ' ਦੀ ਪੂਰਤੀ ਕਰਨ ਪ੍ਰਤੀ ਹੀ 'ਵਚਨਬੱਧ' ਹੁੰਦਾ ਹੈ, ਜਿਨ੍ਹਾਂ ਨਾਲ ਉਸਦੇ 'ਆਕਾ' ਖੁਸ਼ ਹੁੰਦੇ ਹੋਣ ਅਤੇ ਉਨ੍ਹਾਂ (ਆਕਾਵਾਂ) ਦੇ ਵਿਰੋਧੀਆਂ ਨੂੰ ਕਟਹਿਰੇ ਵਿੱਚ ਖੜਾ ਕੀਤਾ ਜਾ ਸਕਦਾ ਹੋਵੇ।
ਇਸੇ ਸੰਬੰਧ ਵਿੱਚ ਜਦੋਂ ਅਸੀਂ ਅਕਾਲ ਤਖਤ ਤੋਂ ਜਾਰੀ ਅਜਿਹੇ ਕੁਝ ਹੁਕਮਨਾਮਿਆਂ ਤੇ ਝਾਤੀ ਮਾਰਦੇ ਹਾਂ, ਜਿਨ੍ਹਾਂ ਰਾਹੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੂੰ ਕੁਝ ਕੰਮ ਨੇਪਰੇ ਚਾੜ੍ਹਨ ਦੀਆਂ ਜ਼ਿਮੇਂਦਾਰੀਆਂ ਸੌਂਪੀਆਂ ਗਈਆਂ ਸਨ ਅਤੇ ਉਸ ਵਲੋਂ ਉਨ੍ਹਾਂ ਜ਼ਿਮੇਂਦਾਰੀਆਂ ਨੂੰ ਨਿਭਾਉਣ ਦੀ ਬਜਾਏ ਅਣਗੋਲਿਆਂ ਕੀਤਾ ਜਾਂਦਾ ਚਲਿਆ ਆ ਰਿਹਾ ਹੈ, ਤਾਂ ਇਉਂ ਜਾਪਦਾ ਹੈ, ਜਿਵੇਂ ਹੋਰ ਫਰਜ਼ਾਂ ਵਾਂਗ, ਸ੍ਰੀ ਅਕਾਲ ਤਖਤ ਦੇ ਆਦੇਸ਼ਾਂ ਦਾ ਪਾਲਣ ਕਰਨਾ ਵੀ ਉਸਦੇ ਫਰਜ਼ਾਂ ਵਿੱਚ ਸ਼ਾਮਲ ਨਹੀਂ। ਅਜਿਹੀਆਂ, ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਵਲੋਂ ਅਕਾਲ ਤਖਤ ਦੇ ਆਦੇਸ਼ਾਂ ਨੂੰ ਅਣਗੋਲਿਆਂ ਕੀਤੇ ਜਾਣ ਦੀਆਂ, ਕਈ ਮਿਸਾਲਾਂ ਹਨ, ਜਿਨ੍ਹਾਂ ਵਿਚੋਂ ਕੁਝ-ਇੱਕ ਦਾ ਇੱਥੇ ਜ਼ਿਕਰ ਕਰਨਾ ਗ਼ਲਤ ਨਹੀਂ ਹੋਵੇਗਾ।
ਸੰਨ-2000 ਵਿੱਚ ਸ੍ਰੀ ਅਕਾਲ ਤਖਤ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਆਦੇਸ਼ ਦਿਤਾ ਗਿਆ ਸੀ ਕਿ ਤਖਤਾਂ ਦੇ ਜਥੇਦਾਰਾਂ ਦੀ ਨਿਯੁਕਤੀ ਦਾ ਵਿਧੀ-ਵਿਧਾਨ ਤਿਆਰ ਕੀਤਾ ਜਾਏ, ਜਿਸ ਵਿੱਚ ਨਿਯੁਕਤੀ, ਕਾਰਜ-ਖੇਤਰ, ਸੇਵਾ ਨਿਯਮ, ਹੁਕਮਨਾਮਾ ਜਾਰੀ ਕਰਨ ਦੇ ਵਿਧਾਨ ਆਦਿ ਨੂੰ ਸਪਸ਼ਟ ਕੀਤਾ ਜਾਏ। ਉਨ੍ਹਾਂ ਦਿਨਾਂ ਵਿੱਚ ਹੀ ਗੁਰਦੁਆਰਾ ਐਕਟ ਵਿੱਚ ਲੋੜੀਂਦੀ ਸੋਧ ਕਰਵਾਉਣ ਦੇ ਉਪਰਾਲੇ ਕਰਨ ਅਤੇ ਗੁਰਦੁਆਰਾ ਪ੍ਰਬੰਧ ਨੂੰ ਸਿਆਸੀ-ਕੁਟਲਤਾ ਦੇ ਪ੍ਰਭਾਵ ਤੋਂ ਮੁਕਤ ਕਰਨ ਦਾ ਪ੍ਰਾਵਧਾਨ ਕਰਵਾਣ ਦੇ ਆਦੇਸ਼ ਵੀ ਦਿਤੇ ਗਏ ਸਨ।
ਫਿਰ ਸੰਨ-2000 ਵਿੱਚ ਹੀ ਦਸਮ ਗ੍ਰੰਥ ਦੇ ਵਿਵਾਦ ਨੂੰ ਨਿਪਟਾਣ ਲਈ ਧਾਰਮਕ ਸਲਾਹਕਾਰ-ਬੋਰਡ ਬਣਾਏ ਜਾਣ ਦਾ ਆਦੇਸ਼ ਦਿੱਤਾ ਗਿਆ, ਜਦੋਂ ਸ਼੍ਰੋਮਣੀ ਕਮੇਟੀ ਵਲੋਂ ਸੱਤ ਵਰ੍ਹੇ ਬੀਤ ਜਾਣ ਤੇ ਵੀ ਇਸ ਪਾਸੇ ਕੋਈ ਧਿਆਨ ਨਾ ਦਿਤਾ ਗਿਆ ਤਾਂ, ਸੰਨ-2007 ਵਿੱਚ ਇਸ ਬਾਰੇ ਮੁੜ ਆਦੇਸ਼ ਜਾਰੀ ਕਰ ਉਸਨੂੰ ਯਾਦ ਕਰਵਾਇਆ ਗਿਆ। ਸੰਨ-2001 ਵਿੱਚ ਸਿੱਖੀ-ਵਿਰੋਧੀ ਪ੍ਰਚਾਰ ਵਿੱਚ ਜੁਟੀਆਂ, ਆਰ ਐਸ ਐਸ ਅਤੇ ਉਸਦੀਆਂ ਸਹਿਯੋਗੀ ਜਥੇਬੰਦੀਆਂ ਵਿਰੁਧ ਸੰਘਰਸ਼ ਵਿਢਣ ਦੀ ਹਿਦਾਇਤ ਕੀਤੀ ਗਈ। ਸੰਨ-2004 ਵਿੱਚ ਫਿਰ ਆਰ ਐਸ ਐਸ ਅਤੇ ਉਸਦੀ ਸਹਿਯੋਗੀ ਰਾਸ਼ਟਰੀ ਸਿੱਖ ਸੰਗਤ ਨਾਲ ਸਬੰਧ ਨਾ ਰਖਣ ਦੇ ਆਦੇਸ਼ ਜਾਰੀ ਕੀਤੇ ਗਏ। ਸੰਨ-2004 ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਲੜਨ ਵਾਲਿਆਂ ਲਈ, ਪ੍ਰਵਾਨਤ ਰਹਿਤ ਮਰਿਆਦਾ ਅਨੁਸਾਰ ਕੁਝ ਸ਼ਰਤਾਂ ਅਧੀਨ ਪ੍ਰਾਵਧਾਨ ਨਿਸ਼ਚਤ ਕਰਨ ਦਾ ਆਦੇਸ਼ ਦਿਤਾ ਗਿਆ। ਸੰਨ-2006 ਵਿੱਚ ਸ਼੍ਰੋਮਣੀ ਕਮੇਟੀ ਨੂੰ ਪੰਜਾਬ ਸਰਕਾਰ ਵਲੋਂ ਦਿਵਯ-ਜਯੋਤੀ ਸੰਸਥਾਨ ਤੇ ਉਸਦੇ ਮੁੱਖੀ ਆਸ਼ੂਤੋਸ਼ ਦੀਆਂ ਸਿੱਖ ਪੰਥ-ਵਿਰੋਧੀ ਸਰਗਰਮੀਆਂ ਦੀ ਪੜਤਾਲ ਕਰਨ ਲਈ ਬਣਾਈ ਗਈ ਕਮੇਟੀ ਦੀ ਰਿਪੋਰਟ ਮੰਗਵਾ ਕੇ ਅਕਾਲ ਤਖਤ ਤੇ ਪੇਸ਼ ਕਰਨ ਦੀ ਹਿਦਾਇਤ ਦਿਤੀ ਗਈ। ਉਸੇ ਵਰ੍ਹੇ (ਸੰਨ-2006) ਹੀ ਸ਼੍ਰੋਮਣੀ ਕਮੇਟੀ ਨੂੰ ਆਦੇਸ਼ ਦਿਤਾ ਗਿਆ ਕਿ ਫਰਾਂਸ ਸਰਕਾਰ ਵਲੋਂ ਜਿਸ ਕਾਨੂੰਨ ਦੀ ਆੜ ਹੇਠ ਸਿੱਖਾਂ ਦੀ ਦਸਤਾਰ ਅਤੇ ਦੂਸਰੇ ਧਾਰਮਕ ਚਿੰਨ੍ਹਾਂ ਪੁਰ ਪਾਬੰਧੀ ਲਾਈ ਗਈ ਹੋਈ ਹੈ, ਉਸਦੇ ਵਿਰੁਧ ਜਨ-ਮਤ ਤਿਆਰ ਕਰਨ ਲਈ, ਸ੍ਰੀ ਅਕਾਲ ਤਖਤ ਦੀ ਸਰਪ੍ਰਸਤੀ ਹੇਠ ਵੱਖ-ਵੱਖ ਧਰਮਾਂ ਦੇ ਨੁਮਾਇੰਦਿਆਂ ਦੀ ਕਨਵੈਨਸ਼ਨ ਸਦੀ ਜਾਏ। ਉਸੇ ਵਰ੍ਹੇ ਅਰਥਾਤ ਸੰਨ-2006 ਵਿੱਚ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਆਦੇਸ਼ ਦਿਤਾ ਗਿਆ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਮਿਆਰੀ ਟੀਕਾ ਤਿਆਰ ਕਰਨ ਲਈ ਤਿੰਨ ਉੱਚ-ਕੋਟੀ ਦੇ ਵਿਦਵਾਨਾਂ ਦੀ ਨਿਗਰਾਨੀ ਹੇਠ, ਵੱਖ-ਵੱਖ ਭਾਸ਼ਾਵਾਂ ਦੇ ਗਿਆਤਾ ਅਤੇ ਗੁਰਬਾਣੀ ਦੇ ਟੀਕਾਕਾਰ, ਜੋ ਗੁਰਬਾਣੀ ਦੇ ਅੰਤ੍ਰੀਵ ਭਾਵ ਨੂੰ ਸਮਝਦੇ ਹੋਣ ਅਤੇ ਸ਼ਰਧਾ ਭਾਵਨਾ ਵਾਲੇ ਹੋਣ, ਨਿਯੁਕਤ ਕੀਤੇ ਜਾਣ।
ਸੰਨ-2007 ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੂੰ ਇਕ ਪੱਤ੍ਰ ਲਿਖ ਕੇ ਆਦੇਸ਼ ਦਿਤਾ ਗਿਆ ਕਿ ਖਾਲਸਾ ਪੰਥ ਦਾ ਇਕ ਪ੍ਰਮਾਣੀਕ ਇਤਿਹਾਸ ਲਿਖਵਾਇਆ ਜਾਏ, ਇਸ ਉਦੇਸ਼ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖ ਵਿਦਵਾਨਾਂ, ਇਤਿਹਾਸਕਾਰਾਂ ਅਤੇ ਇਤਿਹਾਸ ਦੇ ਖੋਜੀਆਂ ਤੇ ਅਧਾਰਤ ਇਕ ਕਮੇਟੀ ਛੇਤੀ ਤੋਂ ਛੇਤੀ ਗਠਤ ਕਰੇ। ਸੰਨ-2007 ਵਿੱਚ ਹੀ ਇਹ ਆਦੇਸ਼ ਵੀ ਦਿਤਾ ਗਿਆ ਕਿ ਗੁਰਮਤਿ-ਵਿਰੋਧੀ ਡੇਰਿਆਂ ਵਲੋਂ ਪ੍ਰਚਾਰੇ ਜਾ ਰਹੇ ਦੰਭ ਅਤੇ ਸਿੱਖੀ ਨੂੰ ਢਾਹ ਲਾਉਣ ਲਈ ਗੁੰਦੇ ਜਾ ਰਹੇ ਮਨਸੂਬਿਆਂ ਨੂੰ ਜੰਗੀ-ਪਧਰ ਤੇ ਨਕਾਰਨਾ ਅਤੇ ਰੋਕਣਾ ਸਮੇਂ ਦੀ ਮੁੱਖ ਲੋੜ ਹੈ, ਇਸਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਨੂੰ ਪ੍ਰਚਾਰਨ ਤੇ ਪ੍ਰਸਾਰਨ ਲਈ ਆਪਣੀਆਂ ਸਾਰੀਆਂ ਸਰਗਰਮੀਆਂ ਗੁਰਮਤਿ ਅਨੁਸਾਰੀ ਕੀਤੀਆਂ ਜਾਣ। ਫਿਰ ਇਸੇ ਹੀ ਵਰ੍ਹੇ (ਸੰਨ-2007) 17 ਮਈ ਨੂੰ ਕਥਤ ਡੇਰਾ ਸੱਚਾ ਸੌਦਾ ਦੀਆਂ ਸਰਗਰਮੀਆਂ ਪੁਰ ਪਾਬੰਧੀ ਲਾਉਣ ਲਈ ਪੰਜਾਬ, ਹਰਿਆਣਾ ਅਤੇ ਕੇਂਦਰ ਸਰਕਾਰਾਂ ਨੂੰ ਕਹਿਣ ਦੇ ਨਾਲ ਹੀ ਸ਼੍ਰੋਮਣੀ ਕਮੇਟੀ ਨੂੰ ਆਦੇਸ਼ ਦਿਤਾ ਗਿਆ ਕਿ ਉਹ ਅਜਿਹੇ ਦੰਭੀਆਂ ਅਤੇ ਧਰਮ-ਵਿਰੋਧੀ ਲੋਕਾਂ ਦੀਆਂ ਸਰਗਰਮੀਆਂ ਨੂੰ ਠਲ੍ਹ ਪਾਣ ਲਈ ਸਮੇਂ ਦੀਆਂ ਸਰਕਾਰਾਂ ਪਾਸੋਂ ਸਖਤ ਤੋਂ ਸਖਤ ਕਾਨੂੰਨ ਬਣਵਾਉਣ ਲਈ ਤੁਰੰਤ ਯਤਨ ਅਰੰਭੇ। ਇਸਤੋਂ ਚਾਰ ਦਿਨ ਬਾਅਦ (21 ਮਈ ਨੂੰ) ਹੀ ਇਹ ਆਦੇਸ਼ ਦਿਤਾ ਗਿਆ ਕਿ 27 ਮਈ 2007 ਤਕ ਡੇਰਾ ਸਲਾਬਤਪੁਰਾ ਅਤੇ ਪੰਜਾਬ ਭਰ ਵਿੱਚ ਸਥਾਪਤ ਕੀਤੇ ਡੇਰੇ ਪੰਜਾਬ ਸਰਕਾਰ ਤੁਰੰਤ ਬੰਦ ਕਰੇ, ਨਹੀਂ ਤਾਂ 31 ਮਈ ਨੂੰ ਸਖਤ ਕਾਰਵਾਈ ਦਾ ਐਲਾਨ ਕੀਤਾ ਜਾਏ। ਨਵੰਬਰ-2007 ਵਿੱਚ ਸ਼੍ਰੋਮਣੀ ਕਮੇਟੀ ਨੂੰ ਆਦੇਸ਼ ਦਿਤਾ ਗਿਆ ਕਿ ਹਿੰਦੀ ਦੀ 'ਸਿੱਖ ਇਤਿਹਾਸ' ਪੁਸਤਕ ਵਿਚਲੇ ਕੁਝ ਵਿਵਾਦਗ੍ਰਸਤ ਮੁੱਦਿਆਂ ਨੂੰ ਘੋਖਣ ਹਿਤ ਸਿੱਖ ਪੰਥ ਦੇ ਪੰਜ ਨਾਮਵਰ ਵਿਦਵਾਨਾਂ 'ਤੇ ਅਧਾਰਤ ਕਮੇਟੀ ਗਠਤ ਕੀਤੀ ਜਾਏ। ਇਸ ਕਮੇਟੀ ਵਲੋਂ ਕੀਤੀ ਗਈ ਪੜਤਾਲ ਦੀ ਰਿਪੋਰਟ ਅਤੇ ਉਸ ਵਲੋਂ ਕੀਤੀਆਂ ਗਈਆਂ ਸਿਫਾਰਿਸ਼ਾਂ ਸਹਿਤ ਸ੍ਰੀ ਅਕਾਲ ਤਖਤ ਵਿਖੇ ਭੇਜਣ ਦੀ ਖੇਚਲ ਕਰੋ।
ਸ੍ਰੀ ਅਕਾਲ ਤਖਤ ਤੋਂ ਦਿਤੇ ਗਏ, ਇਹ ਉਹ ਕੁਝ-ਕੁ ਆਦੇਸ਼ ਉਹ ਹਨ, ਜਿਨ੍ਹਾਂ ਪੁਰ ਸਾਡੀ ਜਾਣਕਾਰੀ ਅਨੁਸਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਅਜੇ ਤਕ, ਅਰਥਾਤ ਕਈ ਵਰ੍ਹੇ ਬੀਤ ਜਾਣ ਤੇ ਵੀ ਕੋਈ ਅਮਲ ਨਹੀਂ ਕੀਤਾ ਗਿਆ ਅਤੇ ਨਾ ਹੀ ਸ੍ਰੀ ਅਕਾਲ ਤਖਤ ਦੇ ਜਥੇਦਾਰ ਸਾਹਿਬ ਵਲੋਂ ਇਸ ਸਬੰਧ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੂੰ ਅਕਾਲ ਤਖਤ ਤੇ ਸੰਮਨ ਕਰਕੇ, ਉਸ ਪਾਸੋਂ ਕੋਈ ਇਨ੍ਹਾਂ ਪੁਰ ਅਮਲ ਨਾ ਕੀਤੇ ਜਾਣ ਦੇ ਸਬੰਧ ਵਿੱਚ ਸਪਸ਼ਟੀਕਰਣ ਹੀ ਮੰਗਿਆ ਗਿਆ ਹੈ। 
ਇਹ ਅਤੇ ਅਜਿਹੇ ਹੋਰ ਕਈ ਸੁਆਲ ਹਨ, ਜੋ ਜੁਆਬ ਮੰਗਦੇ ਹਨ ਕਿ ਅਕਾਲ ਤਖਤ ਅਤੇ ਦੂਸਰੇ ਤਖਤਾਂ ਦੇ ਜਥੇਦਾਰ ਸਾਹਿਬਾਨ ਦੀ ਕੇਵਲ ਇਹੀ ਡਿਊਟੀ ਹੈ ਕਿ ਉਹ ਸੱਤਾਧਾਰੀਆਂ ਦੇ ਵਿਰੋਧੀਆਂ ਨੂੰ ਜਿੱਚ ਕਰਨ ਲਈ ਅਕਾਲ ਤਖਤ ਪੁਰ ਸੰਮਨ ਕਰ, ਉਨ੍ਹਾਂ ਵਿਰੁਧ ਹੁਕਮਨਾਮੇ ਜਾਰੀ ਕਰਦੇ ਰਹਿਣ ਅਤੇ ਸੱਤਾਧਾਰੀਆਂ ਨੂੰ ਖੁਲ੍ਹੀ ਛੋਟ ਦੇਈ ਰਖਣ ਕਿ ਉਹ ਰਾਜਸੀ ਸੁਆਰਥ ਲਈ ਉਨ੍ਹਾਂ (ਜਥੇਦਾਰ ਸਾਹਿਬਾਨ) ਨੂੰ ਵਰਤਦੇ ਅਤੇ ਉਨ੍ਹਾਂ ਵਲੋਂ ਆਪਣੇ ਨਾਂ ਜਾਰੀ ਹੁਕਮਨਾਮਿਆਂ ਨੂੰ ਰੱਦੀ ਦੀ ਟੋਕਰੀ ਵਿੱਚ ਸੁੱਟ ਸੁਰਖਰੂ ਹੁੰਦੇ ਰਹਿਣ।


...ਅਤੇ ਅੰਤ ਵਿੱਚ: ਸਾਰੀ ਸਥਿਤੀ ਦੀ ਘੋਖ ਕਰਦਿਆਂ ਇਹ ਸੁਆਲ ਉਠਦਾ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਜਾਰੀ ਕੀਤੇ ਗਏ ਇਸ਼ਤਿਹਾਰ ਵਿੱਚ ਕੀਤਾ ਗਿਆ ਇਹ ਦਾਅਵਾ ਕਿ 'ਸਰਵੁੱਚ ਅਸਥਾਨ ਸ੍ਰੀ ਅਕਾਲ ਤਖਤ ਸਾਹਿਬ ਤੋਂ ਜਾਰੀ ਹੋਏ ਹੁਕਮਨਾਮਿਆਂ ਨੂੰ ਮੰਨਣ ਲਈ ਹਰ ਇੱਕ ਸਿੱਖ ਪਾਬੰਦ ਹੈ', ਕੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਆਗੂਆਂ ਪੁਰ ਲਾਗੂ ਨਹੀਂ ਹੁੰਦਾ? ਇਸਦੇ ਨਾਲ ਹੀ ਇਹ ਸੁਆਲ ਵੀ ਪੁਛਿਆ ਜਾ ਸਕਦਾ ਹੈ ਕਿ ਕੀ 'ਸਿੱਖ-ਧਰਮ ਦੇ ਸਰਵੁਚ ਸਵੀਕਾਰੇ ਅਤੇ ਸਤਿਕਾਰੇ ਜਾਂਦੇ ਤਖਤਾਂ ਦੇ ਜਥੇਦਾਰ ਸਾਹਿਬਾਨ ਕਦੀ ਇਨ੍ਹਾਂ ਤਖਤਾਂ ਦੀ ਮਹਤੱਤਾ ਨੂੰ ਕਾਇਮ ਰਖਣ ਅਤੇ ਸਿੱਖੀ ਦੀਆਂ ਉੱਚ ਮਾਨਤਾਵਾਂ ਤੇ ਪਰੰਪਰਾਵਾਂ ਦਾ ਪਾਲਣ ਕਰਨ ਪ੍ਰਤੀ ਆਜ਼ਾਦ ਸੋਚ ਅਪਨਾਣ ਦੇ ਸਮਰਥ ਹੋ ਸਕਣਗੇ'?    

Mobile : +91 95 82 71 98 90
E-mail : jaswantsinghajit@gmail.com

  Address : Jaswant Singh ‘Ajit’, Flat No. 51, Sheetal Apartment, Plot No. 12,
 Sector – 14, Rohini,  DELHI-110085

ਗਲਾਂ ਕੁਝ ਇਧਰ ਦੀਆਂ : ਕੁਝ ਉਧਰ ਦੀਆਂ - ਜਸਵੰਤ ਸਿੰਘ 'ਅਜੀਤ'

ਕਥਨੀ ਤੇ ਕਰਨੀ ਦਾ ਅੰਤਰ: ਦੇਸ਼ ਵਿੱਚ ਜਿਸਤਰ੍ਹਾਂ ਨਸ਼ਿਆਂ ਦੀ ਵਰਤੋਂ ਦਾ ਚਲਣ ਲਗਾਤਾਰ ਵਧਦਾ ਚਲਿਆ ਜਾ ਰਿਹਾ ਹੈ, ਉਸਨੂੰ ਵੇਖਦਿਆਂ ਹੋਇਆਂ ਕੁਝ ਹੀ ਸਮਾਂ ਪਹਿਲਾਂ, ਜਿਥੇ ਦੇਸ਼ ਦੀਆਂ ਪ੍ਰਮੁਖ ਸ਼ਖਸੀਅਤਾਂ ਵਲੋਂ ਇਸ ਪੁਰ ਡੂੰਘੀ ਚਿੰਤਾ ਪ੍ਰਗਟ ਕਰਦਿਆਂ ਧਾਰਮਕ ਅਤੇ ਸਮਾਜਕ ਮੁਖੀਆਂ ਨੂੰ ਇਸ ਪਖੋਂ ਲੋਕਾਂ ਨੂੰ ਜਾਗਰੂਕ ਕਰਨ ਦੀ ਜ਼ਿਮੇਂਦਰੀ ਸੰਭਾਲਣ ਦਾ ਸਦਾ ਦਿੱਤਾ ਗਿਆ ਸੀ, ਉਥੇ ਹੀ ਉਨ੍ਹਾਂ ਦੇ ਸਦੇ ਤੋਂ ਪ੍ਰੇਰਤ ਹੋ ਅਤੇ ਆਮ ਲੋਕਾਂ ਦੀ 'ਚਿੰਤਾ' ਅਤੇ 'ਦਰਦ' ਨੂੰ 'ਮਹਿਸੂਸ' ਕਰਦਿਆਂ, ਵੱਖ-ਵਖ ਰਾਜਾਂ ਦੀਆਂ ਸਰਕਾਰਾਂ ਵਲੋਂ 'ਨਸ਼ਾ-ਮੁਕਤ ਸਮਾਜ ਦੀ ਸਿਰਜਨਾ' ਦੇ ਨਿਸ਼ਾਨੇ ਦੀ ਪ੍ਰਾਪਤੀ ਦੇ ਲਈ ਮੁਹਿੰਮ ਚਲਾਉਣ ਦਾ ਵੀ ਮਨ ਬਣਾ ਲਿਆ, ਜਿਸਨੂੰ ਮੁਖ ਰਖਦਿਆਂ ਉਨ੍ਹਾਂ ਨੇ ਆਪੋ-ਆਪਣੇ ਰਾਜ ਦੀਆਂ ਸਮਾਜਕ ਸੰਸਥਾਵਾਂ ਨੂੰ ਸਹਿਯੋਗ ਕਰਨ ਲਈ ਅੱਗੇ ਆਉਣ ਦੀ ਪ੍ਰੇਰਨਾ ਕੀਤੀ। ਦਸਿਆ ਗਿਆ ਹੈ ਕਿ ਇਸ ਪ੍ਰੇਰਨਾ ਤੋਂ ਪ੍ਰਭਾਵਤ ਹੋ ਉਨ੍ਹਾਂ ਹੀ ਦਿਨਾਂ ਵਿੱਚ ਪੰਜਾਬੀਆਂ ਦੀ ਇਕ ਸੰਸਾਰ ਪ੍ਰਸਿੱਧ ਸੰਸਥਾ ਵਲੋਂ ਦਿੱਲੀ ਦੇ ਇੱਕ ਇਤਿਹਾੁਸਕ ਗੁਰਦੁਆਰੇ ਵਿੱਚ 'ਨਸ਼ਾ-ਮੁਕਤ ਸਮਾਜ ਦੀ ਸਿਰਜਨਾ' ਦੇ ਨਾਂ 'ਤੇ ਵਿਸ਼ੇਸ਼ ਕੀਰਤਨ ਸਮਾਗਮ ਦਾ ਅਯੋਜਨ ਕਰਵਾਇਆ ਗਿਆ। ਜਿਸ ਵਿੱਚ ਸ਼ਾਮਲ ਹੋਣ ਲਈ ਅਕਾਲ ਤਖਤ ਦੇ ਜੱਥੇਦਾਰ ਵਿਸ਼ੇਸ਼ ਰੂਪ ਪੁਜੇ। ਇਸ ਮੌਕੇ ਉਨ੍ਹਾਂ ਨੇ ਨਸ਼ਿਆਂ ਨੂੰ ਦਿਲ ਅਤੇ ਦਿਮਾਗ ਲਈ ਵਿਨਾਸ਼ਕਾਰੀ ਦਸਦਿਆਂ, ਸੰਗਤਾਂ ਨੂੰ ਇਨ੍ਹਾਂ ਤੋਂ ਬਚਣ ਅਤੇ 'ਨਸ਼ਾ-ਮੁਕਤ ਸਮਾਜ ਦੀ ਸਿਰਜਨਾ' ਵਿੱਚ ਸਹਿਯੋਗ ਕਰਨ ਦੀ ਅਪੀਲ ਕੀਤੀ। ਦਸਿਆ ਗਿਆ ਕਿ ਸਮਾਗਮ ਵਿੱਚ ਹਾਜ਼ਰ ਇੱਕ 'ਸਜਣ' ਨੇ ਜੱਥੇਦਾਰ ਸਾਹਿਬ ਨੂੰ ਇੱਕ ਚਿਟ ਪੁਰ ਲਿਖ ਭੇਜਿਆ ਕਿ ਉਹ ਸਮਾਗਮ ਦੀ ਆਯੋਜਕ ਸੰਸਥਾ ਦੇ ਮੁਖੀ, ਜੋ ਉਨ੍ਹਾਂ ਦੇ ਨਾਲ ਹੀ ਬੈਠੇ ਹਨ, ਪਾਸੋਂ ਗੁਰੂ ਸਾਹਿਬ ਦੀ ਹਜ਼਼ੂਰੀ ਵਿੱਚ ਪ੍ਰਣ ਕਰਵਾਉਣ ਕਿ ਉਹ 'ਨਸ਼ਾ-ਮੁਕਤ ਸਮਾਜ ਦੀ ਸਿਰਜਨਾ' ਦੀ ਮੁਹਿੰਮ ਵਿੱਚ ਆਪਣੇ ਯੋਗਦਾਨ ਦੀ ਪਹਿਲ ਕਰਦਿਆਂ, ਭਵਿਖ ਵਿੱਚ ਕਦੀ ਵੀ ਨਾ ਤਾਂ ਆਪ ਨਸ਼ੇ ਦੀ ਵਰਤੋਂ ਕਰਨਗੇ ਅਤੇ ਨਾ ਹੀ ਆਪਣੀ ਕਿਸੇ ਸੰਸਥਾ ਵਲੋਂ ਦਿੱਤੀਆਂ ਜਾਣ ਵਾਲੀਆਂ ਪਾਰਟੀਆਂ ਵਿੱਚ ਹੀ ਨਸ਼ੇ ਵੰਡਣ ਦਾ ਗੁਨਾਹ ਕਰਨਗੇ। ਜਥੇਦਾਰ ਸਾਹਿਬ ਦੇ ਨੇੜੇ ਹੀ ਬੈਠੇ ਸਜਣ ਦਸਦੇ ਹਨ ਕਿ ਜ`ਥੇਦਾਰ ਸਾਹਿਬ ਨੇ ਇਸ ਸੰਦੇਸ਼ ਵਾਲੀ ਚਿਟ ਪੜ੍ਹ, ਸਮਾਗਮ ਦੇ ਆਯੋਜਕ ਦੇ ਹੱਥਾਂ ਵਿੱਚ ਦੇ ਦਿੱਤੀ। ਉਸਦਾ ਕੀ ਬਣਿਆ ਅਜ ਤਕ ਨਹੀਂ ਦਸਿਆ ਗਿਆ।

ਦਿਲ ਕਾਲੇ ਹੋਣੇ ਚਾਹੀਦੇ ਨੇ..: ਕੁਝ ਹੀ ਸਮਾਂ ਹੋਇਐ ਕਿ ਅਚਾਨਕ ਇੱਕ ਜਾਣੂ ਸੀਨੀਅਰ ਆਕਾਲੀ ਨੇਤਾ ਦੇ ਨਾਲ ਮੁਲਾਕਾਤ ਹੋ ਗਈ, ਉਨ੍ਹਾਂ ਦੇ ਸਿਰ ਤੇ ਬਝੀ ਕੇਸਰੀ ਰੰਗ ਦੀ ਪੱਗ ਵੇਖ, ਉਨ੍ਹਾਂ ਪਾਸੋਂ ਪੁਛ ਬੈਠਾ ਕਿ ਸਿੰਘ ਸਾਹਿਬ ਅਕਾਲੀ ਦਲ ਦੀ ਸਥਾਪਨਾ ਸਮੇਂ ਤਾਂ ਅਕਾਲੀਆਂ ਲਈ ਕਾਲੀ ਪੱਗ ਦਾ ਬੰਨ੍ਹਣਾ ਜ਼ਰੂਰੀ ਨਿਸ਼ਚਤ ਕੀਤਾ ਗਿਆ ਸੀ, ਹੁਣ ਅਕਾਲੀਆਂ ਨੇ ਕਾਲੀ ਛੱਡ ਨੀਲੀ ਜਾਂ ਕੇਸਰੀ ਪੱਗ ਬੰਨ੍ਹਣੀ ਸ਼ੁਰੂ ਕਰ ਦਿੱਤੀ ਹੈ? ਇਹ ਸੁਣ ਉਨ੍ਹਾਂ ਹਸਦਿਆਂ ਹੋਇਆਂ ਝਟ ਹੀ ਜਵਾਬ ਦਿੱਤਾ ਕਿ ਉਸ ਸਮੇਂ ਅਕਾਲੀਆਂ ਦੇ ਦਿਲ ਸਾਫ ਤੇ ਨਿਸ਼ਕਪਟ ਹੋਇਆ ਕਰਦੇ ਸਨ ਅਤੇ ਪੱਗਾਂ ਕਾਲੀਆਂ, ਪ੍ਰੰਤੂ ਅੱਜ ਦੇ ਕਥਤ ਅਕਾਲੀ ਮੰਨਦੇ ਹਨ ਕਿ ਦਿਲ ਕਾਲੇ ਹੋਣੇ ਚਾਹੀਦੇ ਨੇ, ਪੱਗ ਕਿਸੇ ਵੀ ਰੰਗ ਦੀ ਹੋਵੇ, ਚਲ ਜਾਇਗੀ।

ਪੰਥ ਵਿੱਚ ਨਿਰਾਸ਼ਾ ਦਾ ਕਾਰਣ: ਇੱਕ ਦਿਨ ਅਚਾਨਕ ਹੀ ਗੈਰ-ਰਾਜਸੀ ਸਿੱਖਾਂ ਦੀ ਇੱਕ ਅਜਿਹੀ ਬੈਠਕ ਵਿੱਚ ਸ਼ਾਮਲ ਹੋਣ ਦਾ ਮੌਕਾ ਬਣਿਆ, ਜਿਸ ਵਿੱਚ 'ਸਿੱਖ ਧਰਮ ਅਤੇ ਸਿੱਖਾਂ ਵਿੱਚ ਆ ਰਹੀ ਨਿਰਾਸ਼ਾ' ਵਿਸ਼ੇ ਪੁਰ ਵਿਚਾਰ-ਚਰਚਾ ਹੋ ਰਹੀ ਸੀ। ਬੈਠਕ ਵਿੱਚ ਜੋ ਵਿਚਾਰ ਪ੍ਰਗਟ ਕੀਤੇ ਜਾ ਰਹੇ ਸਨ, ਉਨ੍ਹਾਂ ਨੂੰ ਸੁਣ ਕੇ ਹੈਰਾਨੀ ਹੋ ਰਹੀ ਸੀ ਕਿ ਇਤਨੇ ਡੂੰਘੇ ਅਤੇ ਜਾਣਕਾਰੀ ਭਰਪੂਰ ਵਿਚਾਰ, ਉਹ ਲੋਕੀ ਪ੍ਰਗਟ ਕਰ ਰਹੇ ਹਨ, ਜਿਨ੍ਹਾਂ ਦਾ ਨਾਂ ਨਾ ਤਾਂ ਕਦੀ ਕਿਸੇ ਚਰਚਾ ਵਿੱਚ ਸੁਣਿਆ ਗਿਆ ਸੀ ਅਤੇ ਨਾ ਹੀ ਕਦੀ ਮੀਡੀਆ ਵਿੱਚ ਹੀ ਵੇਖਣ-ਸੁਣਨ ਜਾਂ ਪੜ੍ਹ਼ਨ ਨੂੰ ਮਿਲਿਆ ਸੀ।
ਇੱਕ ਸੱਜਣ ਕਹਿ ਰਹੇ ਸਨ ਕਿ ਅੱਜ ਸਿੱਖੀ ਅਤੇ ਸਿੱਖਾਂ ਵਿੱਚ ਜੋ ਨਿਰਾਸ਼ਾ-ਪੂਰਣ ਹਾਲਾਤ ਵੇਖਣ ਨੂੰ ਮਿਲ ਰਹੇ ਹਨ, ਉਹ ਕੁਝ ਹੀ ਦਿਨਾਂ, ਹਫਤਿਆਂ, ਮਹੀਨਿਆਂ ਜਾਂ ਵਰ੍ਹਿਆਂ ਦੀ ਦੇਣ ਨਹੀਂ, ਸਗੋਂ ਇਹ ਬਹੁਤ ਹੀ ਲੰਮਾਂ ਸਫਰ ਤਹਿ ਕਰ ਕੇ ਆਏ ਹਨ। ਉਨ੍ਹਾਂ ਨੇ ਕਿਹਾ ਕਿ ਜਦੋਂ ਤਕ ਸ਼ਕਤੀ ਨੂੰ ਭਗਤੀ, ਅਰਥਾਤ ਧਰਮ, ਦੇ ਅਧੀਨ ਰਖ ਕੇ ਵਰਤਿਆ ਜਾਂਦਾ ਰਿਹਾ, ਤਦ ਤਕ ਸਭ ਕੁਝ ਠੀਕ-ਠਾਕ ਚਲਦਾ ਰਿਹਾ। ਪ੍ਰੰਤੂ ਜਦੋਂ ਭਗਤੀ (ਧਰਮ) ਨੂੰ ਸ਼ਕਤੀ, ਜਿਸਨੂੰ ਅੱਜਕਲ ਰਾਜਨੀਤੀ ਕਿਹਾ ਜਾਣ ਲਗਾ ਹੈ, ਦੇ ਆਧੀਨ ਕਰ, ਉਸਦੀ ਵਰਤੋਂ ਸੱਤਾ ਹਾਸਲ ਕਰਨ ਲਈ ਕੀਤੀ ਜਾਣ ਲਗੀ, ਤਦ ਤੋਂ ਹੀ ਹਾਲਾਤ ਬਦਲਣੇ ਸ਼ੁਰੂ ਸ਼ੁਰੂ ਹੋ ਗਏ।

ਦਿੱਲੀ ਗੁਰਦੁਆਰਾ ਕਮੇਟੀ ਦੀਆਂ ਵਿਦਿਅਕ ਸੰਸਥਾਵਾਂ: ਬੀਤੇ ਲੰਮੇਂ ਸਮੇਂ ਤੋਂ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ-ਅਧੀਨ ਚਲ ਰਹੀਆਂ ਵਿਦਿਅਕ ਸੰਸਥਾਵਾਂ ਦੇ ਵਿਗੜ ਰਹੇ ਪ੍ਰਬੰਧ ਅਤੇ ਉਨ੍ਹਾਂ ਵਿੱਚ ਦਿੱਤੀ ਜਾ ਰਹੀ ਸਿਖਿਆ ਦੇ ਡਿਗਦੇ ਚਲੇ ਜਾ ਰਹੇ ਪੱਧਰ ਪੁਰ ਚਿੰਤਾ ਪ੍ਰਗਟ ਕੀਤੀ ਜਾਂਦੀ ਚਲੀ ਆ ਰਹੀ ਹੈ। ਦਸਿਆ ਜਾਂਦਾ ਹੈ ਕਿ ਬੀਤੇ ਦਿਨੀਂ ਇੱਕ ਵਿਦਿਅਕ ਮਾਹਿਰ ਨੇ ਗੁਰਦੁਆਰਾ ਕਮੇਟੀ ਦੇ ਮੁਖੀਆਂ ਨੂੰ ਸੁਝਾਅ ਦਿੱਤਾ ਹੈ ਕਿ ਇਨ੍ਹਾਂ ਵਿਦਿਅਕ ਸੰਸਥਾਵਾਂ ਦੀ ਅੱਜ ਜੋ ਤਰਸਯੋਗ ਹਾਲਤ ਵੇਖਣ ਨੂੰ ਮਿਲ ਰਹੀ ਹੈ, ਉਸਦੇ ਲਈ ਕਿਸੇ ਵੀ ਪਿਛਲੀ ਕਮੇਟੀ ਨੂੰ ਜ਼ਿਮੇਂਦਾਰ ਨਹੀਂ ਠਹਿਰਾਇਆ ਜਾ ਸਕਦਾ। ਉਨ੍ਹਾਂ ਅਨੁਸਾਰ ਅਸਲ ਵਿੱਚ ਇਸਦੇ ਲਈ ਮਿੁਖ ਰੂਪ ਵਿੱਚ ੲਨ੍ਹਾਂ ਦਾ ਗੈਰ-ਜ਼ਿੰਮੇਦਰਾਨਾ ਪ੍ਰਬੰਧਕੀ ਢਾਂਚਾ ਹੀ ਜ਼ਿਮੇਂਦਾਰ ਹੈ। ਉਨ੍ਹਾਂ ਦੀ ਮਾਨਤਾ ਹੈ ਕਿ ਇਸਨੂੰ ਸੁਧਾਰਨ ਲਈ ਵਿਦਿਅਕ ਮਾਹਿਰਾਂ ਪੁਰ ਆਧਾਰਿਤ ਇੱਕ ਅਜਿਹੀ ਕਮੇਟੀ ਬਣਾਈ ਜਾਣੀ ਚਾਹੀਦੀ, ਜੋ ਇਸ ਗਲ ਦੀ ਜਾਂਚ ਕਰੇ ਕਿ ਇਨ੍ਹਾਂ ਸੰਸਥਾਵਾਂ ਦਾ ਪ੍ਰਬੰਧ ਕਿਉਂ ਤੇ ਕਿਵੇਂ ਵਿਗੜਿਆ ਅਤੇ ਸਿਖਿਆ ਦਾ ਪੱਧਰ ਕਿਵੇਂ ਡਿਗਦਾ ਚਲਿਆ ਜਾ ਰਿਹਾ ਹੈ, ਅਤੇ ਇਸ ਵਿੱਚ ਸੁਧਾਰ ਕਿਵੇਂ ਲਿਆਂਦਾ ਜਾ ਸਕਦਾ ਹੈ। ਦਸਿਆ ਗਿਆ ਹੈ ਕਿ ਕਮੇਟੀ ਦੇ ਮੁਖੀਆਂ ਵਲੋਂ ਉਨ੍ਹ ਦੇ ਸੁਝਾਅ ਨੂੰ ਗੰਭੀਰਤਾ ਨਾਲ ਲੈਣ ਦੀ ਜ਼ਰੂਰਤ ਹੀ ਨਹੀਂ ਸਮਝੀ ਗਈ।

ਦਸੰਬਰ ਦਾ ਆਖਰੀ ਹਫਤਾ ਸ਼ਹੀਦੀ ਹਫਤੇ ਦੇ ਰੂਪ ਵਿੱਚ ਮਨਾਉ: ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਦੇ ਸਬਕਾ ਚੇਅਰਮੈਨ ਰਾਣਾ ਪਰਮਜੀਤ ਸਿੰਘ ਨੇ ਸਿੱਖਾਂ ਦੀਆਂ ਧਾਰਮਕ ਸੰਸਥਾਵਾਂ ਨੂੰ ਸੁਝਾਅ ਦਿੱਤਾ ਹੈ ਕਿ, ਸਾਲ ਦਾ ਆਖਰੀ ਮਹੀਨਾ, ਦਸੰਬਰ ਸਿੱਖ ਇਤਿਹਾਸ ਵਿੱਚ ਵਿਸ਼ੇਸ਼ ਮਹਤੱਤਾ ਰਖਦਾ ਹੈ। ਇਸਦਾ ਆਖਰੀ ਹਫਤਾ 'ਸ਼ਹੀਦੀ ਹਫਤੇ' ਦੇ ਨਾਂ ਨਾਲ ਜਾਣਿਆ ਜਾਂਦਾ ਹੈ, ਕਿਉਂਕਿ ਇਸ ਹਫਤੇ ਵਿੱਚ ਜਿਥੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਵਡੇ ਸਾਹਿਬਜ਼ਾਦੇ, ਬਾਬਾ ਅਜੀਤ ਸਿੰਘ ਅਤੇ ਬਾਬਾ ਜੁਝਾਰ ਸਿੰਘ ਹੋਰ ਅਨੇਕਾਂ ਸਿੱਖਾਂ ਸਹਿਤ ਚਮਕੋਰ ਵਿਖੇ ਦੁਸ਼ਮਣ ਨਾਲ ਯੁੱਧ ਕਰਦਿਆਂ ਹੋਇਆਂ ਸ਼ਹੀਦੀ ਜਾਮ ਪੀ ਗਏ ਸਨ, ਉਥੇ ਹੀ ਗੁਰੂ ਸਾਹਿਬ ਦੇ ਛੋਟੇ ਸਾਹਿਬਜ਼ਾਦੇ, ਬਾਬਾ ਜੋਰਾਵਰ ਸਿੰਘ ਅਤੇ ਬਾਬਾ ਫਤਹ ਸਿੰਘ ਸਰਹੰਦ ਵਿੱਚ ਨੀਂਹਾਂ ਵਿੱਚ ਚਿਣ ਸ਼ਹੀਦ ਕਰ ਦਿਤੇ ਗਏ ਸਨ, ਇਨ੍ਹਾਂ ਦੇ ਨਾਲ ਹੀ ਗੁਰੂ ਸਾਹਿਬ ਦੇ ਮਾਤਾ, ਮਾਤਾ ਗੁਜਰੀ ਜੀ ਵੀ ਸ਼ਹੀਦ ਹੋ ਗਏ ਸਨ। ਇਸਲਈ ਸੰਸਾਰ ਭਰ ਦੀਆਂ ਗੁਰਦੁਆਰਾ ਕਮੇਟੀਆਂ ਵਲੋਂ ਇਨ੍ਹਾਂ ਸ਼ਹਾਦਤਾਂ ਦੀ ਯਾਦ ਵਿੱਚ ਇਸ ਹਫਤੇ ਨੂੰ 'ਸ਼ਹੀਦੀ ਹਫਤੇ' ਦੇ ਰੂਪ ਵਿੱਚ ਮਨਾਇਆ ਜਾਣਾ ਚਾਹੀਦਾ ਹੈ। ਇਸ ਹਫਤੇ ਵਿੱਚ ਸਾਰੇ ਹੀ ਗੁਰਦੁਆਰਿਆਂ ਅਤੇ ਸਿੱਖ ਵਿਦਿਅਕ ਸੰਸਥਾਵਾਂ ਵਿੱਚ ਇਨ੍ਹਾਂ ਸ਼ਹਾਦਤਾਂ ਨਾਲ ਸੰਬੰਧਤ ਚਲਣ ਵਾਲੇ, ਵਿਸ਼ੇਸ਼ ਪ੍ਰੋਗਰਾਮ ਆਯੋਜਤ ਕੀਤੇ ਜਾਇਆ ਕਰਨ, ਜਿਸ ਨਾਲ ਇਨ੍ਹਾਂ ਸ਼ਹਾਦਤਾਂ ਦਾ ਸੰਦੇਸ਼ ਘਰ-ਘਰ ਪਹੁੰਚਾਣ ਵਿੱਚ ਮਦਦ ਮਿਲ ਸਕੇ।

...ਅਤੇ ਅੰਤ ਵਿੱਚ: ਇਨ੍ਹਾਂ ਹੀ ਦਿਨਾਂ ਵਿੱਚ ਜਦੋਂ ਜਸਟਿਸ ਆਰ ਐਸ ਸੋਢੀ ਨਾਲ ਗਲ ਹੋੲ ਤਾਂ ਗਲਾਂ ਹੀ ਗਲਾਂ ਵਿੱਚ ਉਹ ਸ਼ਿਕਵਾ ਕਰਨ ਲਗੇ ਕਿ ਪਤਾ ਨਹੀਂ, ਸਿੱਖ ਧਰਮ ਦੀ ਉਹ ਉਦਾਰਤਾ, ਜੋ ਉਸਦਾ ਮੁੱਖ ਗੁਣ ਸਵੀਕਾਰਿਆ ਜਾਂਦਾ ਹੈ, ਕਿਥੇ ਚਲੀ ਗਈ ਹੈ, ਉਸਦੀ ਥਾਂ ਹੁਣ ਸੰਕੀਰਨਤਾ ਨੇ ਲੈ ਲਈ ਹੈ। ਉਨ੍ਹਾਂ ਕਿਹਾ ਕਿ ਲੋੜ ਤਾਂ ਇਸ ਗਲ ਦੀ ਹੈ ਕਿ ਗਲ-ਗਲ 'ਤੇ ਤਲਵਾਰਾਂ ਲਹਿਰਾਉਣ ਦੀ ਬਜਾਏ ਸਾਰੇ ਹਾਲਾਤ ਨੂੰ ਸ਼ਾਂਤੀ ਨਾਲ ਸਮਝ ਕੇ ਉਨ੍ਹਾਂ ਨਾਲ ਸੂਝ-ਬੂਝ ਨਾਲ ਨਿਪਟਿਆ ਜਾਏ।

 
Mobile : + 91 95 82 71 98 90
E-mail : jaswantsinghajit@gmail.com

Address : Jaswant Singh ‘Ajit’, Flat No. 51, Sheetal Apartment, Plot No. 12,
 Sector – 14, Rohini,  DELHI-110085

ਸੁਆਲ ਅਕਾਲ ਤਖ਼ਤ ਦੀ ਸੁਤੰਤਰ ਹੋਂਦ ਦਾ? - ਜਸਵੰਤ ਸਿੰਘ 'ਅਜੀਤ'

ਕੋਈ ਵੀਹ-ਕੁ ਵਰ੍ਹੇ ਪਹਿਲਾਂ ਦੀ ਗਲ ਹੈ, ਅਰਥਾਤ 29, ਮਾਰਚ, 2000 ਨੂੰ ਸ੍ਰੀ ਅਕਾਲ ਤਖ਼ਤ ਪੁਰ ਸਿੰਘ ਸਾਹਿਬਾਨ ਦੀ ਇਕ ਬੈਠਕ ਹੋਈ ਸੀ, ਜਿਸ ਵਿੱਚ ਸ੍ਰੀ ਅਕਾਲ ਤਖ਼ਤ ਦੇ ਸਾਬਕਾ ਜਥੇਦਾਰ ਗਿਆਨੀ ਪੂਰਨ ਸਿੰਘ ਵਲੋਂ ਉਸ ਸਮੇਂ ਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨ, ਬੀਬੀ ਜਗੀਰ ਕੌਰ ਸਮੇਤ ਉਨ੍ਹਾਂ ਦੇ ਸਮਰਥਕ ਕੁਝ ਜਥੇਦਾਰਾਂ ਨੂੰ ਪੰਥ ਵਿਚੋਂ ਛੇਕੇ ਜਾਣ ਸਬੰਧੀ ਜਾਰੀ ਕੀਤੇ ਗਏ ਹੁਕਮਨਾਮਿਆਂ ਨੂੰ ਰੱਦ ਕੀਤੇ ਜਾਣ ਦੇ ਨਾਲ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਇਹ ਹਿਦਾਇਤ ਕੀਤੀ ਗਈ ਕਿ ਉਹ 'ਜਲਦੀ ਤੋਂ ਜਲਦੀ ਗੁਰਮਤਿ ਸੋਚ ਵਾਲੇ ਮਾਹਿਰਾਂ ਦੀ ਇਕ ਅਜਿਹੀ ਕਮੇਟੀ ਦਾ ਗੱਠਨ ਕਰੇ, ਜੋ ਤਖ਼ਤ ਸਾਹਿਬਾਨ ਦੇ ਜਥੇਦਾਰ ਅਤੇ ਮੁੱਖ ਗ੍ਰੰਥੀ ਸਾਹਿਬਾਨ ਦੇ ਸੇਵਾ ਨਿਯਮ, ਜਿਵੇਂ ਨਿਯੁੱਕਤੀ ਲਈ ਯੋਗਤਾਵਾਂ, ਆਉਣ ਵਾਲੀਆਂ ਪੰਥਕ ਸਮੱਸਿਆਵਾਂ ਦੇ ਸਮਾਧਾਨ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਹੁਕਮਨਾਮਾ ਜਾਰੀ ਕੀਤੇ ਜਾਣ ਦਾ ਸਪਸ਼ਟ ਵਿੱਧੀ-ਵਿਧਾਨ ਸੁਨਿਸ਼ਚਿਤ ਕਰੇ, ਤਾਂ ਜੋ ਭਵਿੱਖ ਵਿੱਚ ਕਿਸੇ ਵਲੋਂ ਵੀ ਸ੍ਰੀ ਅਕਾਲ ਤਖ਼ਤ ਦੀ ਨਿਜੀ ਹਿਤਾਂ ਲਈ ਵਰਤੋਂ ਕੀਤੇ ਜਾਣ ਦੀ ਸੰਭਾਵਨਾ ਨਾ ਰਹੇ ਅਤੇ ਖ਼ਾਲਸਾ ਪੰਥ ਵਿੱਚ ਸ੍ਰੀ ਅਕਾਲ ਤਖ਼ਤ ਤੋਂ ਸਮੇਂ-ਸਮੇਂ ਜਾਰੀ ਕੀਤੇ ਜਾਂਦੇ ਹੁਕਮਨਾਮਿਆਂ ਦੀ ਮਾਨਤਾ ਅਤੇ ਪਵਿੱਤ੍ਰਤਾ ਕਾਇਮ ਰਵ੍ਹੇ'।
ਮੰਨਿਆ ਜਾਂਦਾ ਹੈ ਕਿ ਇਹ ਆਦੇਸ਼ ਦੇਣ ਦੀ ਲੋੜ ਇਸ ਕਾਰਣ ਮਹਿਸੂਸ ਕੀਤੀ ਗਈ, ਕਿਉਂਕਿ ਉਸ ਸਮੇਂ ਦੇ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਪੂਰਨ ਸਿੰਘ ਤੇ ਸ਼੍ਰੋਮਣੀ ਗਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨ ਬੀਬੀ ਜਗੀਰ ਕੋਰ ਵਿੱਚਲੇ ਹਊਮੈਂ ਦੇ ਟਕਰਾਉ ਕਾਰਣ ਅਜਿਹੀ ਸਥਿਤੀ ਪੈਦਾ ਹੋ ਗਈ ਸੀ ਕਿ ਦੋਵੇਂ ਇਕ ਦੂਜੇ ਨੂੰ ਠਿੱਬੀ ਲਾਉਣ ਲਈ ਸਿਰ-ਧੜ ਦੀ ਬਾਜ਼ੀ ਲਾ ਬੈਠੇ ਸਨ। ਇਕ ਪਾਸੇ ਤਾਂ ਗਿਆਨੀ ਪੂਰਨ ਸਿੰਘ ਨੇ ਅਕਾਲ ਤਖ਼ਤ ਦੇ ਜਥੇਦਾਰ ਵਜੋਂ ਆਪਣੇ ਅਧਿਕਾਰਾਂ ਦੀ ਵਰਤੋਂ ਕਰਦਿਆਂ ਹਮਖਿਆਲੀ ਗ੍ਰੰਥੀਆਂ ਨੂੰ ਪੰਜ ਪਿਆਰਿਆਂ ਵਿੱਚ ਸ਼ਾਮਲ ਕਰ, ਬੀਬੀ ਜਗੀਰ ਕੌਰ ਤੇ ਉਨ੍ਹਾਂ ਦੇ ਸਮਰਥਕ ਜਥੇਦਾਰਾਂ ਨੂੰ ਪੰਥ ਵਿਚੋਂ ਛੇਕ ਦਿਤਾ ਅਤੇ ਦੂਸਰੇ ਪਾਸੇ ਬੀਬੀ ਜਗੀਰ ਕੌਰ ਨੇ ਆਪਣੇ ਪ੍ਰਧਾਨਗੀ ਅਧਿਕਾਰਾਂ ਦੀ ਵਰਤੋਂ ਕਰਦਿਆਂ, ਗਿਆਨੀ ਪੂਰਨ ਸਿੰਘ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੇ ਅਹੁਦੇ ਤੋਂ ਬਰਖਾਸਤ ਕਰ, ਉਨ੍ਹਾਂ ਦੀ ਥਾਂ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਨੂੰ ਜਥੇਦਾਰ ਥਾਪ ਦਿਤਾ। ਇਸ ਟਕਰਾਉ ਕਾਰਣ ਜੋ ਸਥਿਤੀ ਪੈਦਾ ਹੋਈ, ਉਸ ਵਿਚੋਂ ਉਭਰਨ ਲਈ ਬੀਬੀ ਜਗੀਰ ਕੌਰ ਦੀ ਹਿਦਾਇਤ ਤੇ ਸ੍ਰੀ ਅਕਾਲ ਤਖ਼ਤ ਦੇ ਨਵ-ਨਿਯੁਕਤ ਜਥੇਦਾਰ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਨੇ ਗਿਆਨੀ ਮੋਹਣ ਸਿੰਘ ਮੁੱਖ ਗ੍ਰੰਥੀ ਦਰਬਾਰ ਸਾਹਿਬ ਅਤੇ ਅਕਾਲ ਤਖ਼ਤ ਤੇ ਦਰਬਾਰ ਸਾਹਿਬ ਦੇ ਤਿੰਨ ਹੋਰ ਗ੍ਰੰਥੀਆਂ ਨੂੰ ਪੰਜ ਪਿਆਰਿਆਂ ਵਿੱਚ ਸ਼ਾਮਲ ਕਰ, ਜਿਥੇ ਬੀਬੀ ਜਗੀਰ ਕੌਰ ਤੇ ਉਨ੍ਹਾਂ ਦੇ ਸਮਰਥਕ ਜਥੇਦਾਰਾਂ ਨੂੰ ਪੰਥ ਵਿਚੋਂ ਛੇਕੇ ਜਾਣ ਦੇ ਗਿਆਨੀ ਪੂਰਨ ਸਿੰਘ ਵਲੋਂ ਜਾਰੀ ਕੀਤੇ ਗਏ ਹੁਕਮਨਾਮੇ ਰੱਦ ਕੀਤੇ, ਉਥੇ ਹੀ ਸਮੂਹ ਤਖ਼ਤਾਂ ਦੇ ਜਥੇਦਾਰਾਂ ਦੀ ਨਿਯੁਕਤੀ 'ਤੇ ਉਨ੍ਹਾਂ ਦਾ ਅਧਿਕਾਰ ਖੇਤ੍ਰ ਨਿਸ਼ਚਿਤ ਕਰਨ ਦਾ ਆਦੇਸ਼ ਵੀ ਸ਼੍ਰੋਮਣੀ ਕਮੇਟੀ ਨੂੰ ਦੇ ਦਿਤਾ।    
ਧਾਰਮਕ ਖੇਤ੍ਰ ਵਿਚਲੇ ਵਿਦਵਾਨਾਂ ਅਨੁਸਾਰ ਜ਼ਰੁਰੀ ਸੀ ਕਿ ਸ੍ਰੀ ਅਕਾਲ ਤਖ਼ਤ ਤੇ ਦੂਸਰੇ ਤਖ਼ਤਾਂ ਦੀ ਮਾਣ-ਮਰਿਆਦਾ ਅਤੇ ਨਿਰਪੱਖ ਹੋਂਦ ਦੀ ਮਾਨਤਾ ਨੂੰ ਕਾਇਮ ਰਖਣ ਲਈ ਸ੍ਰੀ ਅਕਾਲ ਤਖ਼ਤ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਦਿਤੇ ਗਏ ਉਪ੍ਰੋਕਤ ਆਦੇਸ਼ ਪੁਰ ਇਮਾਨਦਾਰੀ ਦੇ ਨਾਲ ਅਮਲ ਕੀਤਾ ਜਾਂਦਾ।
ਪਰ ਹੈਰਾਨੀ ਦੀ ਗਲ ਇਹ ਹੈ ਕਿ ਸ੍ਰੀ ਅਕਾਲ ਤਖ਼ਤ ਤੋਂ ਪੰਜ ਸਿੰਘ ਸਾਹਿਬਾਨ ਵਲੋਂ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖੀਆਂ ਨੂੰ ਇਹ ਆਦੇਸ਼ ਦਿਤਿਆਂ ਵੀਹ ਵਰ੍ਹਿਆਂ ਤੋਂ ਵੀ ਵੱਧ ਦਾ ਸਮਾਂ ਬੀਤ ਚੁਕਾ ਹੈ, ਪ੍ਰੰਤੂ ਅਜੇ ਤਕ ਇਸ ਪੁਰ ਅਮਲ ਹੋਣਾ ਤਾਂ ਦੂਰ ਰਿਹਾ, ਇਸਦੇ ਸਬੰਧ ਵਿੱਚ ਮੁਢਲੀ, ਅਰਥਾਤ ਗੁਰਮਤਿ ਸੋਚ ਵਾਲੇ ਮਾਹਿਰਾਂ ਦੀ ਕਮੇਟੀ ਬਣਾਏ ਜਾਣ ਤਕ ਦੇ ਸਬੰਧ ਵਿੱਚ ਵੀ, ਕੋਈ ਕਾਰਵਾਈ ਨਹੀਂ ਹੋਈ। ਜਿਸਤੋਂ ਜਾਪਦਾ ਹੈ ਕਿ ਸ਼੍ਰੋਮਣੀ ਕਮੇਟੀ ਦੀ ਸੱਤਾ ਪੁਰ ਕਾਬਜ਼ ਅਕਾਲੀ ਮੁੱਖੀ ਨਹੀਂ ਚਾਹੁੰਦੇ ਕਿ ਸਿੱਖ ਧਰਮ ਦੇ ਸਰਵੁੱਚ ਧਾਰਮਕ ਅਸਥਾਨਾਂ ਦੇ ਜਥੇਦਾਰਾਂ ਨੂੰ ਇਤਨੀ ਸੁਤੰਤਰਤਾ ਮਿਲ ਜਾਏ ਕਿ ਉਨ੍ਹਾਂ ਦੀ ਨਿਜੀ ਹਿੱਤਾਂ ਲਈ ਵਰਤੋਂ ਕੀਤੀ ਜਾਣੀ, ਉਨ੍ਹਾਂ ਲਈ ਸੰਭਵ ਨਾ ਰਹਿ ਜਾਏ। ਸ਼ਾਇਦ ਇਹੀ ਕਾਰਣ ਹੈ ਕਿ ਉਹ ਲਗਾਤਾਰ ਸੇਵਾ-ਮੁਕਤ ਸ਼ਖਸੀਅਤਾਂ  ਹੀ 'ਐਕਸਟੈਂਨਸ਼ਨ' ਦੇ ਜਾਂ ਦੂਸਰੇ ਕਿਸੇ ਤਖਤ ਦੇ ਜਥੇਦਾਰ ਨੂੰ, ਅਕਾਲ ਤਖ਼ਤ ਦੇ ਕੰਮ ਚਲਾਊ (ਕਾਰਜਕਾਰੀ) ਜਥੇਦਾਰ ਵਜੋਂ ਨਿਯੁਕਤ ਕਰਦੇ ਚਲੇ ਆ ਰਹੇ ਹਨ। ਇਸਦਾ ਉਨ੍ਹਾਂ ਨੂੰ ਲਾਭ ਇਹ ਹੈ ਕਿ 'ਐਕਸਟੈਂਸ਼ਨ' ਪੁਰ ਜਾਂ ਕੰਮ-ਚਲਾਊ ਜਥੇਦਾਰ ਵਜੋਂ ਚਲ ਰਹੇ ਵਿਅਕਤੀ ਨੂੰ, ਉਹ ਜਿਸ ਸਮੇਂ ਚਾਹੁਣ ਸੇਵਾ-ਮੁਕਤ ਕਰ ਸਕਦੇ ਹਨ ਜਾਂ ਅਹੁਦੇ ਤੋਂ ਹਟਾ ਸਕਦੇ ਹਨ। ਇਸਤਰ੍ਹਾਂ ਉਨ੍ਹਾਂ ਪੁਰ ਹਾਕਮਾਂ ਵਲੋਂ ਸੇਵਾ-ਮੁਕਤੀ ਦੀ ਅਜਿਹੀ ਤਲਵਾਰ ਸਦਾ ਹੀ ਲਟਕਾਈ ਰਖੀ ਜਾਂਦੀ ਰਹਿੰਦੀ ਹੈ, ਜੋ ਉਨ੍ਹਾਂ ਨੂੰ ਹਾਕਮਾਂ ਦਾ ਹੁਕਮ ਵਜਾਂਦਿਆਂ ਰਹਿਣ ਪ੍ਰਤੀ ਵਚਨ-ਬੱਧ ਬਣਿਆ ਰਹਿਣ ਤੇ ਮਜਬੂਰ ਕਰੀ ਰਖਦੀ ਹੈ। ਫਲਸਰੂਪ ਉਹ ਹਾਕਮਾਂ ਦੇ ਹਿਤਾਂ ਵਿਰੁੱਧ ਜਾਂ ਉਨ੍ਹਾਂ ਦੀ ਮਰਜ਼ੀ ਦੇ ਉਲਟ ਨਾ ਤਾਂ ਕੋਈ ਫੈਸਲਾ ਦੇ ਸਕਦੇ ਹਨ ਅਤੇ ਨਾ ਹੀ ਕੋਈ ਹੁਕਮਨਾਮਾ ਜਾਰੀ ਕਰ ਸਕਦੇ ਹਨ।
ਇਥੇ ਇਹ ਗਲ ਵੀ ਵਰਨਣਯੋਗ ਹੈ ਕਿ ਸਿੱਖ ਰਾਜਨੀਤੀ, ਜਿਸਨੂੰ ਹਾਲਾਤ ਅਨੁਸਾਰ ਅੱਜਕਲ ਅਕਾਲੀ ਰਾਜਨੀਤੀ ਮੰਨਿਆ ਜਾਂਦਾ ਹੈ, ਅਜਿਹੇ ਦੌਰ ਵਿੱਚ ਵਿਚਰਦੀ ਚਲੀ ਆ ਰਹੀ ਹੈ, ਜਿਸ ਵਿੱਚ ਸ੍ਰੀ ਅਕਾਲ ਤਖ਼ਤ ਨੂੰ ਸੁਤੰਤਰ ਸੰਸਥਾ ਵਜੋਂ ਸਥਾਪਤ ਕੀਤਾ ਜਾਣਾ ਕਿਸੇ ਤਰ੍ਹਾਂ ਵੀ ਸੰਭਵ ਨਹੀਂ ਜਾਪਦਾ। ਕਾਰਣ ਇਹ ਹੈ ਕਿ ਇਸਨੂੰ ਸੁਤੰਤਰ ਰੂਪ ਦੇ ਦਿਤੇ ਜਾਣ ਦੇ ਬਾਵਜੂਦ ਇਸ ਸੰਸਥਾ ਦੇ ਪ੍ਰਬੰਧ ਪੁਰ ਜੋ ਲੋਕੀ ਕਾਬਜ਼ ਹੋਣਗੇ, ਉਹ ਕਿਸੇ ਨਾ ਕਿਸੇ ਰੂਪ ਵਿੱਚ ਅਕਾਲੀ ਰਾਜਨੀਤੀ ਦੀ ਸੋਚ ਤੋਂ ਹੀ ਪ੍ਰੇਰਿਤ ਹੋਣਗੇ ਹੀ ਅਤੇ ਹਰ ਅਕਾਲੀ ਦੀ ਸੋਚ, ਭਾਵੇਂ ਉਹ ਕਿਸੇ ਵੀ ਦਲ ਨਾਲ ਸਬੰਧਤ ਹੋਵੇ, ਰਾਜਨੀਤੀ ਦੇ ਢਾਂਚੇ ਵਿੱਚ ਢਲ ਚੁਕੀ ਹੋਈ ਹੈ, ਫਿਰ ਜਿਥੇ ਰਾਜਨੀਤੀ ਹੋਵੇਗੀ, ਉਥੇ ਸੁਆਰਥ ਤਾਂ ਭਾਰੂ ਹੋਵੇਗਾ ਹੀ ਅਤੇ ਜਿਥੇ ਸੁਆਰਥ ਭਾਰੂ ਹੋਵੇਗਾ, ਉਥੇ ਕੋਈ ਵੀ ਸੰਸਥਾ ਆਪਣੇ-ਆਪ ਦੀ ਨਿਰਪੱਖਤਾ ਅਤੇ ਸਰਵੁਚਤਾ ਕਿਵੇਂ ਕਾਇਮ ਰਖਣ ਵਿੱਚ ਸਫਲ ਹੋ ਸਕੇਗੀ? 

...ਅਤੇ ਅੰਤ ਵਿੱਚ: ਧਾਰਮਕ ਸੋਚ ਦੇ ਧਾਰਨੀ ਸਿੱਖਾਂ ਦੀ ਮਾਨਤਾ ਹੈ ਕਿ ਜੇ ਸ੍ਰੀ ਅਕਾਲ ਤਖ਼ਤ ਦੀ ਨਿਰਪੱਖਤਾ ਅਤੇ ਸਰਵੁਚਤਾ ਨੂੰ ਕਾਇਮ ਰਖਣ ਦੀ ਇਮਾਨਦਾਰਾਨਾ ਭਾਵਨਾ ਹੋਵੇ ਤਾਂ ਪੰਥ ਵਿਚੋਂ ਛੇਕਣ, ਅਰਥਾਤ ਕਢਣ-ਕਢਾਣ ਦਾ ਸਿਲਸਿਲਾ ਬਿਲਕੁਲ ਬੰਦ ਹੋਣਾ ਚਾਹੀਦਾ ਹੈ। ਗੁਰੂ ਬਖ਼ਸ਼ਣਹਾਰ ਹੈ। ਉਸਦੇ ਦਰ ਤੇ ਆ, ਜੋ ਨਿਮਾਣਾ ਹੋ ਆਪਣੀ ਭੁਲ ਸਵੀਕਾਰ ਕਰ, ਬਖ਼ਸ਼ੇ ਜਾਣ ਦੀ ਬੇਨਤੀ ਕਰਦਾ ਹੈ, ਉਸਨੂੰ ਬਖ਼ਸ਼ਣ ਸਮੇਂ ਨਾ ਤਾਂ ਕੋਈ ਅੜੀ ਕਰਨੀ ਚਾਹੀਦੀ ਹੈ ਅਤੇ ਨਾ ਹੀ ਦੇਰ ਲਾਣੀ ਚਾਹੀਦੀ ਹੈ। ਇਹ ਗਲ ਧਿਆਨ ਵਿੱਚ ਰਖਣ ਵਾਲੀ ਹੈ ਕਿ ਦਸਮੇਸ਼ ਪਿਤਾ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਬੇਦਾਵਾ ਲਿਖ ਕੇ ਦੇ ਗਏ ਚਾਲ੍ਹੀ ਸਿੱਖਾਂ ਨੂੰ ਇਕੋ ਸਿੱਖ ਦੀ ਬੇਨਤੀ ਤੇ ਬਖ਼ਸ਼ ਦਿਤਾ ਸੀ ਅਤੇ ਅਜਿਹਾ ਕਰਦਿਆਂ ਉਨ੍ਹਾਂ ਇਕ ਮਿੰਟ ਦੀ ਵੀ ਦੇਰ ਨਹੀਂ ਸੀ ਕੀਤੀ। ਉਨ੍ਹਾਂ ਦਾ ਇਹ ਵੀ ਕਹਿਣਾ ਹੈ ਕਿ ਇਹ ਗਲ ਵੀ ਨਿਸ਼ਚਿਤ ਕੀਤੀ ਜਾਣੀ ਚਾਹੀਦੀ ਹੈ ਕਿ ਨਾ ਤਾਂ ਕਿਸੇ ਨੂੰ ਰਾਜਨੀਤੀ ਤੋਂ ਪ੍ਰੇਰਿਤ ਮੁੱਦੇ ਸ੍ਰੀ ਅਕਾਲ ਤਖ਼ਤ ਤੇ ਲਿਜਾਣ ਦਾ ਅਤੇ ਨਾ ਹੀ ਸ੍ਰੀ ਅਕਾਲ ਤਖਤ ਦੇ ਜਥੇਦਾਰ ਨੂੰ ਉਨ੍ਹਾਂ ਪੁਰ ਵਿਚਾਰ ਕਰਨ ਦਾ ਅਧਿਕਾਰ ਹੋਵੇ। ਕਿਉਂਕਿ ਮੁੱਖ ਰੂਪ ਵਿੱਚ ਰਾਜਸੀ ਮੁੱਦੇ ਹੀ ਸ੍ਰੀ ਅਕਾਲ ਤਖ਼ਤ ਦੇ ਮਾਣ ਸਤਿਕਾਰ ਤੇ ਨਿਰਪੱਖਤਾ ਪੁਰ ਸੁਆਲੀਆ ਨਿਸ਼ਾਨ ਅਤੇ ਢਾਹ ਲਾਉਣ ਦਾ ਕਾਰਣ ਬਣਦੇ ਚਲੇ ਆ ਰਹੇ ਹਨ।000 

Mobile : + 91 95 82 71 98 90
E-mail : jaswantsinghajit@gmail.com

Address : Jaswant Singh ‘Ajit’, Flat No. 51, Sheetal Apartment, Plot No. 12,
 Sector – 14, Rohini,  DELHI-110085

ਸ਼੍ਰੋਮਣੀ ਅਕਾਲੀ ਦਲ ਬਨਾਮ ਪੰਜਾਬੋਂ ਬਾਹਰ ਦੇ ਸਿੱਖ - ਜਸਵੰਤ ਸਿੰਘ 'ਅਜੀਤ'

ਜਦੋਂ ਤਕ ਸ਼੍ਰੋਮਣੀ ਅਕਾਲੀ ਦਲ ਦੀ ਅਗਵਾਈ ਪੰਥ ਰਤਨ ਮਾਸਟਰ ਤਾਰਾ ਸਿੰਘ ਦੇ ਹਥਾਂ ਵਿੱਚ ਰਹੀ ਤਦ ਤਕ ਉਨ੍ਹਾਂ ਨੇ ਪੰਜਾਬ ਤੋਂ ਬਾਹਰ ਵਸਦੇ ਸਿੱਖਾਂ ਨੂੰ ਇਹ ਅਜ਼ਾਦੀ ਦਿੱਤੀ ਰਖੀ ਸੀ ਕਿ ਉਹ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਜੁੜੇ ਰਹਿ ਕੇ ਵੀ ਆਪਣੇ ਸਥਾਨਕ ਰਾਜਸੀ ਹਾਲਾਤ ਅਨੁਸਾਰ ਆਪਣੇ ਹਿਤਾਂ ਨੂੰ ਮੁੱਖ ਰਖਦਿਆਂ ਆਪਣੀ ਰਾਜਸੀ ਰਣਨੀਤੀ ਘੜ ਅਤੇ ਉਸਨੂੰ ਅਪਨਾਈ ਰੱਖ ਸਕਦੇ ਹਨ। ਜਿਸਦਾ ਨਤੀਜਾ ਇਹ ਹੋਇਆ ਕਿ ਸਮੁਚਾ ਸਿੱਖ-ਜਗਤ (ਪੰਜਾਬ ਤੇ ਪੰਜਾਬੋਂ ਬਾਹਰ ਵਸਦੇ ਸਿੱਖ) ਇੱਕ ਮੁਠ ਹੋ ਸ਼੍ਰੋਮਣੀ ਅਕਾਲੀ ਦਲ ਦੀ ਅਗਵਾਈ ਵਿਚ ਆਪਣੇ ਹਿਤਾਂ ਲਈ ਸੰਘਰਸ਼ ਕਰਦਾ ਰਿਹਾ। ਪੰਜਾਬੋਂ ਬਾਹਰ ਵਸਦੇ ਕੇਵਲ ਸਿੱਖਾਂ ਨੇ ਹੀ ਨਹੀਂ, ਸਗੋਂ ਸਮੁਚੇ ਰੂਪ ਪੰਜਾਬੀਆਂ (ਕਿਉਂਕਿ ਪੰਜਾਬ ਤੋਂ ਬਾਹਰ ਦੇ ਕਈ ਹਿਸਿਆਂ ਵਿੱਚ ਗੈਰ-ਸਿੱਖ ਪੰਜਾਬੀਆਂ ਨੂੰ ਵੀ ਸਿੱਖ ਹੀ ਸਮਝਿਆ ਜਾਂਦਾ ਹੈ) ਨੇ ਉਸਦੇ ਹਰ ਅੰਦੋਲਣ (ਮੋਰਚੇ) ਵਿੱਚ ਨਾ ਕੇਵਲ ਵੱਧ-ਚੜ੍ਹ ਕੇ ਗ੍ਰਿਫਤਾਰੀਆਂ ਦੇਣ ਵਿੱਚ ਹੀ ਹਿਸਾ ਪਾਇਆ, ਸਗੋਂ ਖੁਲ੍ਹੇ ਦਿੱਲ ਨਾਲ ਸ਼੍ਰੋਮਣੀ ਅਕਾਲੀ ਦਲ ਨੂੰ ਆਰਥਕ ਸਹਾਇਤਾ ਵੀ ਪਹੁੰਚਾਈ। ਪ੍ਰੰਤੂ ਉਨ੍ਹਾਂ ਤੋਂ ਬਾਅਦ ਜਿਸ ਕਿਸੇ ਨੇ ਵੀ ਸ਼੍ਰੋਮਣੀ ਅਕਾਲੀ ਦਲ ਦੀ ਵਾਗ-ਡੋਰ ਸੰਭਾਲੀ, ਉਸਦੀ ਇਹੀ ਕੋਸ਼ਿਸ਼ ਰਹੀ ਕਿ ਪੰਜਾਬ ਤੋਂ ਬਾਹਰ ਵਸਦੇ ਸਿੱਖ ਵੀ ਉਹੀ ਨੀਤੀ ਅਪਨਾ ਕੇ ਚਲਣ, ਜੋ ਉਨ੍ਹਾਂ ਨੇ ਪੰਜਾਬ ਵਿੱਚ ਆਪਣੇ ਰਾਜਸੀ ਹਿੱਤਾਂ ਨੂੰ ਮੁੱਖ ਰਖ ਕੇ ਅਪਨਾਈ ਹੋਈ ਹੈ। ਜਿਸਦਾ ਨਤੀਜਾ ਇਹ ਹੋਇਆ ਕਿ ਪੰਜਾਬੋਂ ਬਾਹਰ ਦੇ ਹਰ ਰਾਜ ਵਿੱਚ ਵਸਦੇ ਸਿੱਖ ਧੜਿਆਂ ਵਿੱਚ ਅਜਿਹੇ ਵੰਡੇ ਗਏ ਕਿ ਅੱਜ ਤਕ ਉਨ੍ਹਾਂ ਵਿੱਚ ਉਹ ਏਕਤਾ ਨਹੀਂ ਹੋ ਸਕੀ ਜੋ ਮਾਸਟਰ ਤਾਰਾ ਸਿੰਘ ਦੇ ਸਮੇਂ ਦੌਰਾਨ ਵੇਖਣ ਨੂੰ ਮਿਲਦੀ ਰਹੀ ਸੀ।

ਕੀ ਪੰਜਾਬੋਂ ਬਾਹਰ ਵਸਦੇ ਸਿੱਖ ਲਾਵਾਰਸ ਹੋ ਗਏ ਨੇ? ਦਿੱਲ਼ੀ ਹਾਈਕੋਰਟ ਦੇ ਸਾਬਕਾ ਜੱਜ, ਜਸਟਿਸ ਆਰਐਸ ਸੋਢੀ ਨੇ ਪੰਜਾਬੋਂ ਬਾਹਰ ਵਸਦੇ ਸਿੱਖਾਂ ਦੀ ਵਰਤਮਾਨ ਦਸ਼ਾ ਦਾ ਅਧਿਅਨ ਕਰਦਿਆਂ ਕਿਹਾ ਕਿ ਇਉਂ ਜਾਪਦਾ ਹੈ, ਜਿਵੇਂ ਪੰਜਾਬ ਤੋਂ ਬਾਹਰ ਵਸਦੇ ਸਿੱਖ, ਆਪਣੇ ਪਾਸ ਕੋਈ ਜ਼ਿਮੇਂਦਾਰ ਤੇ ੳਨ੍ਹਾਂ ਦੀਆਂ ਭਾਵਨਾਵਾਂ ਦਾ ਸਤਿਕਾਰ ਕਰਦਿਆਂ, ਉਨ੍ਹਾਂ ਦਾ ਮਾਰਗ-ਦਰਸ਼ਨ ਕਰਨ ਲਈ, ਸਿੱਖ ਲੀਡਰਸ਼ਿਪ ਨਾ ਹੋਣ ਕਾਰਣ ਬਹੁਤ ਹੀ ਚਿੰਤਾ-ਗ੍ਰਸਤ ਤੇ ਦੁਬਿਧਾ ਵਿੱਚ ਫਸੇ ਹੋਏ ਹਨ। ਉਹ ਇਸ ਗਲ ਨੂੰ ਲੈ ਕੇ ਬਹੁਤ ਪ੍ਰੇਸ਼ਾਨ ਅਤੇ ਚਿੰਤਤ ਹਨ ਕਿ ਪੰਥ ਰਤਨ ਮਾਸਟਰ ਤਾਰਾ ਸਿੰਘ ਤੋਂ ਬਾਅਦ ਉਨ੍ਹਾਂ ਨੂੰ ਅਜਤਕ ਕੋਈ ਵੀ ਅਜਿਹਾ ਆਗੂ ਨਹੀਂ ਮਿਲ ਸਕਿਆ, ਜੋ ਬਦਲ ਰਹੇ ਸਮੇਂ ਦੇ ਹਾਲਾਤ ਕਾਰਣ ਦੇਸ਼ ਵਿੱਚ ਹੋ ਰਹੀ ਰਾਜਸੀ ਉਥਲ-ਪੁਥਲ ਦੇ ਚਲਦਿਆਂ, ਦੇਸ਼ ਦੇ ਵੱਖ-ਵੱਖ ਰਾਜਾਂ ਵਿੱਚ ਸਥਾਨਕ ਰਾਜਸੀ ਹਾਲਾਤ ਵਿੱਚ ਆ ਰਹੀਆਂ ਤਬਦੀਲੀਆਂ ਦੀ ਘੋਖ ਕਰ, ਉਨ੍ਹਾਂ ਦੇ ਕਾਰਣ, ਸਾਰੇ ਰਾਜਾਂ ਵਿੱਚ ਵਸਦੇ ਆਮ ਸਿੱਖਾਂ ਨੂੰ ਜਿਨ੍ਹਾਂ ਮੁਸ਼ਕਲਾਂ ਅਤੇ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਉਨ੍ਹਾਂ ਦਾ ਹਲ ਕਰਵਾਉਣ ਵਿੱਚ ਉਨ੍ਹਾਂ ਨੂੰ ਸਹਿਯੋਗ ਦੇ ਅਤੇ ਉਨ੍ਹਾਂ ਦਾ ਮਾਰਗ-ਦਰਸ਼ਨ ਕਰ ਸਕੇ। ਜਸਟਿਸ ਸੋਢੀ ਦਾ ਮੰਨਣਾ ਹੈ ਕਿ ਅੱਜ ਉਨ੍ਹਾਂ ਦੀ ਇਹ ਸੋਚ ਬਣ ਗਈ ਹੋਈ ਹੈ ਕਿ ਪੰਥ ਰਤਨ ਮਾਸਟਰ ਤਾਰਾ ਸਿੰਘ ਤੋਂ ਬਾਅਦ ਪੰਜਾਬ ਦੇ ਅਕਾਲੀ ਆਗੂਆਂ ਵਲੋਂ ਸੰਬੰਧਤ ਰਾਜਾਂ ਦੇ ਸਥਾਨਕ ਰਾਜਸੀ ਹਾਲਾਤ ਅਨੁਸਾਰ ਉਨ੍ਹਾਂ ਨੂੰ ਅਗਵਾਈ ਦੇਣ ਦੀ ਬਜਾਏ, ਉਨ੍ਹਾਂ ਨੂੰ ਪੰਜਾਬ ਅਧਾਰਤ ਆਪਣੇ ਹਿਤਾਂ ਅਨੁਸਾਰ ਵਰਤਿਆ ਜਾ ਰਿਹਾ ਹੈ। ਉਨ੍ਹਾਂ ਨੂੰ ਮਜਬੂਰ ਕੀਤਾ ਜਾਂਦਾ ਹੈ ਕਿ ਉਹ ਆਪਣੇ ਹਿਤਾਂ ਨੂੰ ਨਜ਼ਰ-ਅੰਦਾਜ਼ ਕਰ, ਉਨ੍ਹਾਂ ਦੀ ਕੀਮਤ 'ਤੇ ਪੰਜਾਬ ਵਿਚਲੇ ਉਨ੍ਹਾਂ (ਅਕਾਲੀਆਂ) ਦੇ ਹਿਤਾਂ ਦੇ ਅਧਾਰ 'ਤੇ ਉਨ੍ਹਾਂ ਵਲੋਂ ਅਪਨਾਈਆਂ ਜਾ ਰਹੀਆਂ ਨੀਤੀਆਂ ਦਾ ਹੀ ਅਨੁਸਰਣ ਕਰਨ। ਪੰਜਾਬ ਦੇ ਅਕਾਲੀ ਆਗੂਆਂ ਨੇ ਕਦੀ ਵੀ ਨਾ ਤਾਂ ਇਹ ਮਹਿਸੂਸ ਕੀਤਾ ਅਤੇ ਨਾ ਹੀ ਇਹ ਸੋਚਣ ਤੇ ਸਮਝਣ ਦੀ ਕੌਸ਼ਸ਼ ਕੀਤੀ ਕਿ ਸਮੇਂ ਦੇ ਨਾਲ ਦੇਸ਼ ਦੇ ਰਾਜਸੀ ਹਾਲਾਤ ਇਤਨੇ ਬਦਲ ਚੁਕੇ ਹੋਏ ਹਨ ਕਿ ਪੰਜਾਬ ਤੋਂ ਬਾਹਰ ਦੇ ਹਰ ਰਾਜ ਦੇ ਸਥਾਨਕ ਰਾਜਸੀ ਹਾਲਾਤ ਇੱਕ-ਦੂਜੇ ਨਾਲ ਬਿਲਕੁਲ ਹੀ ਮੇਲ ਨਹੀਂ ਖਾ ਰਹੇ। ਜਿਸ ਕਾਰਣ, ਹਰ ਰਾਜ ਦੇ ਸਥਾਨਕ ਹਾਲਾਤ ਅਨੁਸਾਰ ਪਨਪ ਰਹੀਆਂ ਸਮੱਸਿਆਵਾਂ ਆਪੋ-ਆਪਣੀਆਂ ਹਨ, ਜਿਨ੍ਹਾਂ ਨੂੰ ਲੈ ਕੇ, ਉਨ੍ਹਾਂ ਰਾਜਾਂ ਦੇ ਸਿੱਖਾਂ ਤੇ ਦੂਸਰੇ ਪੰਜਾਬੀਆਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਜਿਸ ਕਾਰਣ ਉਹ ਮਹਿਸੂਸ ਕਰਨ 'ਤੇ ਮਜਬੂਰ ਹੋ ਜਾਂਦੇ ਹਨ ਕਿ ਇਨ੍ਹਾਂ ਮੁਸ਼ਕਲਾਂ ਤੋਂ ਉਨ੍ਹਾਂ ਨੂੰ ਉਹੀ ਆਗੂ ਉਭਾਰ ਸਕਦਾ ਹੈ, ਜੋ ਦੇਸ਼ ਦੇ ਵੱਖ-ਵੱਖ ਰਾਜਾਂ ਦੇ ਸਥਾਨਕ ਹਾਲਾਤ ਨੂੰ ਚੰਗੀ ਤਰ੍ਹਾਂ ਸਮਝ, ਉਨ੍ਹਾਂ ਦੇ ਹਲ ਦੇ ਲਈ ਉਨ੍ਹਾਂ ਦੀ ਅਗਵਾਈ ਕਰਨ ਦੀ ਸਮਰਥਾ ਰਖਦਾ ਹੋਵੇ। ਕਈ ਦਹਾਕਿਆਂ ਤੋਂ ਚਲੀ ਆ ਰਹੀ, ਉਨ੍ਹਾਂ ਦੀ ਇਹ ਅਜਿਹੀ ਲੋੜ ਹੈ, ਜੋ ਪੂਰਿਆਂ ਨਹੀਂ ਹੋ ਪਾ ਰਹੀ।

ਅਕਾਲੀ ਰਾਜਨੀਤੀ ਵਿੱਚ ਨਕਾਰਾਤਮਕਤਾ: ਨਕਾਰਾਤਮਕਤਾ, ਸਮੁਚੇ ਰੂਪ ਵਿੱਚ ਅੱਜ ਦੀ ਅਕਾਲੀ ਰਾਜਨੀਤੀ ਦਾ ਇੱਕ ਅਜਿਹਾ ਦੁਖਾਂਤ ਬਣ ਗਿਆ ਹੋਇਆ ਹੈ, ਕਿ ਜਿਸਤੋਂ ਨਾ ਤਾਂ ਕਿਸੇ ਅਕਾਲੀ ਦਲ ਦੀ ਲੀਡਰਸ਼ਿਪ ਅਤੇ ਨਾ ਹੀ ਕਿਸੇ ਦੀ ਰਾਜਨੀਤੀ ਮੁਕੱਤ ਹੋ ਸਕਦੀ ਹੈ! ਇਹ ਦਾਅਵਾ ਕਿਸੇ ਹੋਰ ਨੇ ਨਹੀਂ, ਸਗੋਂ ਇੱਕ ਸੀਨੀਅਰ ਅਤੇ ਟਕਸਾਲੀ ਅਕਾਲੀ ਆਗੂ ਨੇ ਨਿਜੀ ਗਲਬਾਤ ਦੌਰਾਨ ਕੀਤਾ। ਉਨ੍ਹਾਂ ਇਹ ਵੀ ਮੰਨਿਆ ਕਿ ਹਾਲਾਂਕਿ ਅੱਜ-ਕਲ ਰਾਜਨੀਤੀ ਦੇ ਖੇਤ੍ਰ ਵਿੱਚ ਹਾਲਾਤ ਹੀ ਕੁਝ ਅਜਿਹੇ ਬਣ ਗਏ ਹੋਏ ਹਨ ਕਿ ਨਕਾਰਾਤਮਕਤਾ ਦੀ ਇਸ ਦਲਦਲ ਭਰੀ ਰਾਜਨੀਤੀ ਵਿੱਚ ਨਾ ਕੇਵਲ ਅਕਾਲੀ ਦਲ ਹੀ, ਸਗੋਂ ਦੇਸ਼ ਦੀਆਂ ਦੂਸਰੀਆਂ ਰਾਜਸੀ ਪਾਰਟੀਆਂ ਵੀ ਇਤਨੀ ਬੁਰੀ ਤਰ੍ਹਾਂ ਗਲ-ਗਲ ਤਕ ਖੁਬੱ ਚੁਕੀਆਂ ਹਨ ਕਿ ਉਨ੍ਹਾਂ ਦਾ ਇਸ ਦਲਦਲ ਵਿਚੋਂ ਨਿਕਲ ਪਾਣਾ ਸੰਭਵ ਨਹੀਂ ਰਹਿ ਗਿਆ ਹੋਇਆ। ਫਿਰ ਵੀ ਅਕਾਲੀ ਰਾਜਨੀਤੀ ਵਿੱਚ ਇਸ ਨਕਾਰਾਤਮਕਤਾ ਦਾ ਪ੍ਰਵੇਸ਼ ਇਸ ਕਰਕੇ ਚੁਬਦਾ ਹੈ, ਕਿਉਂਕਿ ਇਸਦੀ ਸਥਾਪਨਾ ਇੱਕ ਰਾਜਸੀ ਪਾਰਟੀ ਦੇ ਰੂਪ ਵਿੱਚ ਨਹੀਂ ਕੀਤੀ ਗਈ, ਸਗੋਂ ਇਸਦਾ ਉਦੇਸ਼ ਧਾਰਮਕ ਸੰਸਥਾਵਾਂ ਦਾ ਪ੍ਰਬੰਧ ਸੁਚਾਰੂ ਰੂਪ ਵਿੱਚ ਚਲਾਣ ਅਤੇ ਧਾਰਮਕ ਸੰਸਥਾਵਾਂ ਵਿੱਚ ਧਾਰਮਕ ਮਾਨਤਾਵਾਂ, ਮਰਿਆਦਾਵਾਂ ਅਤੇ ਪਰੰਪਰਾਵਾਂ ਨੂੰ ਬਹਾਲ ਰਖਣ ਵਿੱਚ ਸਹਿਯੋਗ ਕਰਨਾ ਮਿਥਿਆ ਗਿਆ ਸੀ। ਪ੍ਰੰਤੂ ਅੱਜ ਜਿਸ ਰੂਪ ਵਿੱਚ ਅਕਾਲੀ ਦਲ ਵਿਚਰ ਰਹੇ ਹਨ, ਉਸ ਤੋਂ ਇਉਂ ਜਾਪਦਾ ਹੈ, ਜਿਵੇਂ ਨਕਾਰਾਤਮਕਤਾ, ਅਕਾਲੀ ਦਲਾਂ ਦੀ ਨੀਤੀ ਦੀਆਂ ਜੜਾਂ ਤਕ ਵਿੱਚ ਇਸਤਰ੍ਹਾਂ ਰਚ-ਮਿਚ ਗਈ ਹੋਈ ਹੈ, ਕਿ ਜਿਸਤੋਂ ਛੁਟਕਾਰਾ ਹਾਸਲ ਕਰ ਪਾਣਾ, ਉਨ੍ਹਾਂ ਦੇ ਵਸ ਦਾ ਰੋਗ ਨਹੀਂ ਰਹਿ ਗਿਆ ਹੋਇਆ।

...ਅਤੇ ਅੰਤ ਵਿੱਚ : ਇਥੇ ਇੱਕ ਘਟਨਾ ਦਾ ਜ਼ਿਕਰ ਜ਼ਰੂਰੀ ਹੈ। ਪੰਡਿਤ ਜਵਾਹਰ ਲਾਲ ਨਹਿਰੂ ਪ੍ਰਧਾਨ ਮੰਤਰੀ ਸਨ। ਇਲਾਹਬਾਦ ਆਏ ਸਨ। ਉਸ ਸਮੇਂ ਚੰਦਰਸ਼ੇਖਰ ਸਮਾਜਵਾਦੀ ਸਨ ਤੇ ਯੂਨੀਵਰਸਿਟੀ ਵਿੱਚ ਪੜ੍ਹ ਰਹੇ ਸਨ। ਖੁਫੀਆ-ਤੰਤਰ ਨੇ ਪੰਡਿਤ ਨਹਿਰੂ ਨੂੰ ਦਸਿਆ ਕਿ ਕੁਝ ਲੜਕੇ ਤੁਹਾਡਾ ਵਿਰੋਧ ਕਰਨ ਵਾਲੇ ਹਨ। ਪੁਲਿਸ ਉਨ੍ਹਾਂ ਨੂੰ ਰਾਤ ਨੂੰ ਹੀ ਪਕੜ ਲਵੇਗੀ। ਨਹਿਰੂ ਨੇ ਪੁਲਿਸ ਨੂੰ ਮਨ੍ਹਾ ਕਰ ਦਿੱਤਾ ਕਿ ਉਹ ਉਨ੍ਹਾਂ ਲੜਕਿਆਂ ਨੂੰ ਗ੍ਰਿਫਤਾਰ ਨਾ ਕਰੇ। ਰਾਤੀਂ ਦੋ ਵਜੇ ਜਦੋਂ ਪੰਡਿਤ ਨਹਿਰੂ ਅਨੰਦ ਭਵਨ ਵਿੱਚ ਸਉਂ ਰਹੇ ਸਨ, ਬਾਹਰ ਗੇਟ ਤੇ ਅਚਾਨਕ ਹੀ ਜ਼ੋਰਦਾਰ ਨਾਹਰੇ ਲਗਣ ਲਗੇ। ਪੰਡਿਤ ਨਹਿਰੂ ਦੀ ਨੀਂਦ ਖੁਲ੍ਹ ਗਈ। ਉਹ ਉਠ, ਗੇਟ ਤੇ ਆ ਗਏ। ਨਾਹਰੇ ਲਾ ਰਹੇ ਲੋਕਾਂ ਨੂੰ ਉਹ ਅੰਦਰ ਬੁਲਾ ਕੇ ਲੈ ਗਏ, ਉਨ੍ਹਾਂ ਨਾਲ ਗਲ-ਬਾਤ ਕੀਤੀ। ਸਾਰੇ ਸ਼ਾਂਤ ਹੋ ਗਏ। ਪੰਡਿਤ ਨਹਿਰੂ ਨੇ ਉਨ੍ਹਾਂ ਨੂੰ ਕਿਹਾ ਕਿ ਇਹ ਦੇਸ਼ ਤੁਹਾਡਾ ਹੈ। ਇਸਨੂੰ ਬਣਾਉ। ਤੁਸੀਂ ਹੀ ਦੇਸ਼ ਦਾ ਭਵਿਖ ਹੋ। ਉਨ੍ਹਾਂ ਵਿਚੋਂ ਹੀ ਇੱਕ ਲੜਕਾ ਭਾਰਤ ਪ੍ਰਧਾਨ ਮੰਤਰੀ ਹੀ ਨਹੀਂ, ਸਗੋਂ ਦੇਸ਼ ਦਾ ਇੱਕ ਪ੍ਰਮੁਖ ਰਾਜਨੇਤਾ ਵੀ ਬਣਿਆ। ਉਸਦਾ ਨਾਂ ਸੀ ਚੰਦਰਸ਼ੇਖਰ!000

Mobile : + 91 95 82 71 98 90
E-mail : jaswantsinghajit@gmail.com

Address : Jaswant Singh ‘Ajit’, Flat No. 51, Sheetal Apartment, Plot No. 12,
 Sector – 14, Rohini,  DELHI-110085

ਸਿੱਖੀ ਵਿੱਚ ਲੰਗਰ ਦੀ ਪਰੰਪਰਾ ਬਨਾਮ ਦਾਨ? - ਜਸਵੰਤ ਸਿੰਘ 'ਅਜੀਤ'


ਸਿੱਖ ਧਰਮ ਵਿਚ ਲੰਗਰ ਦੀ ਪਰੰਪਰਾ: ਜਿਥੋਂ ਤਕ ਗੁਰੂ ਘਰ ਵਿਚ ਪ੍ਰਚਲਤ ਲੰਗਰ ਦੀ ਮਰਿਆਦਾ ਦੀ ਗਲ ਹੈ, ਸਿੱਖ ਧਰਮ ਵਿੱਚ ਉਸਦੇ ਦੋ ਸਰੂਪ ਸਵੀਕਾਰੇ ਗਏ ਹਨ, ਪਹਿਲਾ ਸਰੂਪ ਜੋ ਸ੍ਰੀ ਗੁਰੂ ਨਾਨਕ ਦੇਵ ਜੀ ਵਲੋੰ 'ਸੱਚਾ ਸੌਦਾ' ਦੇ ਰੂਪ ਵਿੱਚ ਅਰੰਭ ਕੀਤਾ ਗਿਆ ਸਵੀਕਾਰਿਆ ਜਾਂਦਾ ਹੈ, ਉਸਦੇ ਸੰਬੰਧ ਵਿੱਚ ਇਹ ਸਮਝ ਲੈਣਾ ਜ਼ਰੂਰੀ ਹੈ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਜੋ 'ਸਚਾ ਸੌਦਾ' ਕੀਤਾ ਸੀ, ਉਸਦਾ ਉਦੇਸ਼ ਕੇਵਲ ਭੁਖੇ ਸਾਧੂਆਂ ਦੀ ਭੁਖ ਮਿਟਾਣਾ ਜਾਂ ਉਹਨਾਂ ਦੀਆਂ ਲੋੜਾਂ ਨੂੰ ਹੀ ਪੂਰਿਆਂ ਕਰਨਾ ਨਹੀਂ ਸੀ, ਸਗੋਂ ਉਨਾ੍ਹਂ ਨੂੰ ਇਹ ਸਮਝਾਉਣਾ ਸੀ ਕਿ ਘਰ ਗੱਿਹਸਥੀ ਤਿਆਗ ਅਤੇ ਭੁਖੇ-ਨੰਗੇ ਰਹਿ, ਨਾ ਤਾਂ ਸੰਸਾਰ ਵਿਚ ਆਉਣ ਦੇ ਮਨੋਰਥ ਨੂੰ ਹੀ ਪੂਰਿਆਂ ਕੀਤਾ ਜਾ ਸਕਦਾ ਅਤੇ ਨਾ ਹੀ ਪ੍ਰਭੂ ਪ੍ਰਮਾਤਮਾ ਨੂੰ ਹੀ ਪਾਇਆ ਜਾ ਸਕਦਾ ਹੈ। ਉਨ੍ਹਾਂ ਦਾ ਕਹਿਣਾ ਸੀ ਕਿ ਪਹਿਲਾਂ ਗ੍ਰਹਿਸਥ ਜੀਵਨ ਤਿਆਗਣਾ ਫਿਰ ਭੁਖ-ਨੰਗ ਮਿਟਾਣ ਲਈ, ਉਹਨਾਂ ਗ੍ਰਹਿਸਥੀਆਂ ਦੇ ਮੂੰਹ ਵਲ ਵੇਖਣਾ, ਜੋ ਮੇਹਨਤ ਮਜ਼ਦੂਰੀ ਅਤੇ ਦਸਾਂ ਨਹੁੰਆਂ ਦੀ ਕਿਰਤ ਕਰ ਆਪਣੇ ਗ੍ਰਹਿਸਥ ਜੀਵਨ ਦੀਆਂ ਜ਼ਿਮੇਂਦਾਰੀਆਂ ਨੂੰ ਪੂਰਿਆਂ ਕਰਦੇ ਹਨ, ਸ਼ੋਭਾ ਨਹੀਂ ਦਿੰਦਾ। ਇਸਤਰਾ੍ਹਂ ਗੁਰੂ ਸਾਹਿਬ ਨੇ ਉਨ੍ਹਾਂ ਅਤੇ ਸੰਦਾਰ ਨੂੰ ਗ੍ਰਹਿਸਥ ਜੀਵਨ ਦਾ ਮੂਲ ਮਨੋਰਥ ਸਮਝਾਇਆ।
ਲੰਗਰ ਦਾ ਦੂਸਰਾ ਸਰੂਪ, ਜੋ ਸਿੱਖੀ ਵਿੱਚ ਸਵੀਕਾਰਿਆ ਗਿਆ ਹੈ ਅਤੇ ਜੋ ਲੰਗਰ ਦੀ ਵਰਤਮਾਨ ਪ੍ਰਚਲਤ ਮਰਿਆਦਾ ਅਤੇ ਪਰੰਪਰਾ ਦੀ ਅਰੰਭਤਾ ਮੰਨਿਆ ਜਾਂਦਾ ਹੈ। ਉਸ ਸਬੰਧ ਵਿੱਚ ਜੇ ਗੁਰ-ਇਤਿਹਾਸ ਨੂੰ ਗੰਭੀਰਤਾ ਨਾਲ ਵਾਚਿਆ ਅਤੇ ਸਮਝਿਆ ਜਾਏ ਤਾਂ ਇਹ ਗਲ ਸਪਸ਼ਟ ਰੂਪ ਵਿਚ ਸਾਹਮਣੇ ਆ ਜਾਇਗੀ ਕਿ ਗੁਰੂ ਸਾਹਿਬ ਨੇ ਇਹ ਮਰਿਆਦਾ ਕੇਵਲ ਗਰੀਬਾਂ ਤੇ ਭੁਖਿਆਂ ਦੀ ਭੁਖ ਨੂੰ ਮਿਟਾਣ ਲਈ ਹੀ ਨਹੀਂ ਅਰੰਭੀ। ਸਗੋਂ ਉਨ੍ਹਾਂ ਵਲੋਂ ਇਸਨੂੰ ਅਰੰਭ ਕੀਤੇ ਜਾਣ ਦਾ ਮੁਖ ਉਦੇਸ਼ ਦੇਸ਼-ਵਾਸੀਆਂ ਵਿਚ ਖੜੀਆਂ ਕੀਤੀਆਂ ਗਈਆਂ ਹੋਈਆਂ ਊਚ-ਨੀਚ ਅਤੇ ਅਮੀਰ-ਗਰੀਬ ਦੀਆਂ ਦੀਵਾਰਾਂ ਨੂੰ ਢਾਹੁਣਾ ਅਤੇ ਬਰਾਬਰਤਾ ਨੂੰ ਸਥਾਪਤ ਕਰਨਾ ਸੀ।
ਇਹੀ ਕਾਰਣ ਸੀ ਗੁਰੂ-ਘਰ ਵਿਚ ਇਹ ਪਰੰਪਰਾ ਸਥਾਪਤ ਕੀਤੀ ਗਈ, ਕਿ ਜਿਸਨੇ ਗੁਰੂ ਸਾਹਿਬ ਦੇ ਦਰਸ਼ਨ ਕਰਨੇ ਹੋਣ, ਭਾਵੇਂ ਕੋਈ ਉਚੀ ਜਾਤ ਦਾ ਹੋਵੇ ਤੇ ਭਾਂਵੇ ਛੋਟੀ ਜਾਤ ਦਾ, ਭਾਂਵੇ ਗਰੀਬ ਹੋਵੇ ਜਾਂ ਅਮੀਰ, ਉਸਨੂੰ ਪਹਿਲਾਂ ਲੰਗਰ ਦੀ ਪੰਗਤ ਵਿੱਚ ਸਾਰਿਆਂ ਦੇ ਨਾਲ ਬਰਾਬਰ ਬੈਠ ਕੇ ਲੰਗਰ ਛਕਣਾ ਹੁੰਦਾ ਸੀ, ਜਿਸ ਨਾਲ ਊਚ-ਨੀਚ ਦੀ ਭਾਵਨਾ ਜੋ ਭਾਰਤੀ ਸਮਾਜ ਵਿੱਚ ਜੜ੍ਹਾਂ ਜਮਾ ਚੁਕੀ ਹੋਈ ਸੀ, ਉਸਨੂੰ ਜੜੋਂ ਉਖਾੜਨਾ ਅਤੇ ਸਮਾਨਤਾ ਦੀ ਭਾਵਨਾ ਨੂੰ ਦ੍ਰਿੜ੍ਹ ਕਰਵਾਉਣਾ ਸੀ। ਇਸਤਰਾ੍ਹਂ ਲੰਗਰ ਛਕਣ ਤੋਂ ਬਾਅਦ ਹੀ ਉਹ ਗੁਰੂ ਸਾਹਿਬ ਦੇ ਦਰਸ਼ਨ ਕਰ ਸਕਦਾ ਸੀ। ਇਤਿਹਾਸ ਗੁਆਹ ਹੈ ਕਿ ਸ਼ਹਿਨਸ਼ਾਹ ਅਕਬਰ ਤਕ ਨੂੰ ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਦੇ ਦਰਸ਼ਨ ਕਰਨ ਤੋਂ ਪਹਿਲਾਂ ਇਸ ਪਰੰਪਰਾ ਦਾ ਪਾਲਣ ਕਰਨਾ ਪਿਆ ਸੀ।
ਇਥੇ ਇਹ ਗਲ ਵੀ ਧਿਆਨ ਵਿਚ ਰਖਣ ਵਾਲੀ ਹੈ ਕਿ ਨਾਮ ਸਿਮਰਨ ਕਰਦਿਆਂ ਲੰਗਰ ਕਿਸੇ ਵੀ ਥਾਂ ਤੇ ਤਿਆਰ ਕੀਤਾ ਅਤੇ ਵਰਤਾਇਆ ਜਾ ਸਕਦਾ ਹੈ। ਇਸ ਉਦੇਸ਼ ਲਈ ਕੋਈ ਵਿਸ਼ੇਸ਼ ਥਾਂ ਨਿਸ਼ਚਿਤ ਨਹੀਂ ਕੀਤੀ ਗਈ ਹੋਈ। ਸ਼ਰਤ ਕੇਵਲ ਇਕੋ ਹੈ ਕਿ ਲੰਗਰ ਪੰਗਤ ਵਿਚ ਬੈਠ ਕੇ ਛਕਿਆ ਜਾਏ।

ਅਕਬਰ ਦੀ ਪੇਸ਼ਕਸ਼: ਸਿੱਖ ਇਤਿਹਾਸ ਇਸ ਗਲ ਦਾ ਗੁਆਹ ਹੈ ਕਿ ਸ਼ਹਿਨਸ਼ਾਹ ਅਕਬਰ ਗੁਰੂ ਘਰ ਵਿੱਚ ਲੰਗਰ ਰਾਹੀਂ ਸਮਾਨਤਾ ਦਾ ਸੰਦੇਸ਼ ਦੇਣ ਦੇ ਉਦੇਸ਼ ਨਾਲ ਪ੍ਰਚਲਤ ਕੀਤੀ ਗਈ ਹੋਈ ਪੰਗਤ ਦੀ ਪਰੰਪਰਾ ਤੋਂ ਇਤਨਾ ਪ੍ਰਭਾਵਤ ਹੋਇਆ ਕਿ ਉਸਨੂੰ ਲੰਗਰ ਨੂੰ ਬਿਨਾਂ ਰੋਕ-ਟੋਕ ਚਲਦਿਆਂ ਰਖਣ ਵਾਸਤੇ ਆਪਣਾ ਯੋਗਦਾਨ ਪਾਣ ਲਈ ਗੁਰੂ ਸਾਹਿਬ ਨੂੰ ਜਗੀਰ ਦੇਣ ਤਕ ਦੀ ਪੇਸ਼ਕਸ਼ ਕਰ ਦਿੱਤੀ। ਗੁਰੂ ਸਾਹਿਬ ਨੇ ਇਹ ਆਖ ਕਿ ਗੁਰੂ ਘਰ ਦਾ ਲੰਗਰ ਸਿੱਖਾਂ ਦੀ ਕਿਰਤ ਕਮਾਈ ਵਿਚੋਂ ਪਾਏ ਜਾ ਰਹੇ ਦਸਵੰਧ ਦੇ ਯੋਗਦਾਨ ਰਾਹੀਂ ਹੀ ਸਦਾ ਚਲਦਾ ਰਹੇਗਾ, ਉਸਦੀ ਪੇਸ਼ਕਸ਼ ਨੂੰ ਨਿਮਰਤਾ ਸਹਿਤ ਸਵੀਕਾਰਨ ਤੋਂ ਇਨਕਾਰ ਕਰ ਦਿੱਤਾ। ਮੰਨਿਆ ਜਾਂਦਾ ਗੁਰੂ ਸਾਹਿਬ ਦੀ ਇਸ ਸੋਚ ਦੇ ਪਿਛੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਵਲੋਂ, ਮਲਕ ਭਾਗੋ ਦੇ ਮਾਲ-ਪੂੜਿਆਂ ਦੇ ਮੁਕਾਬਲੇ ਭਾਈ ਲਾਲੋ ਦੀ ਕੋਧਰੇ ਦੀ ਰੋਟੀ ਸਵੀਕਾਰ ਕਰਕੇ ਦਿੱਤਾ ਗਿਆ ਸੰਦੇਸ਼ ਕੰਮ ਕਰ ਰਿਹਾ ਸੀ।

ਕਿਰਤ ਦਾ ਸਨਮਾਨ: ਗੁਰੂ ਘਰ ਵਿੱਚ ਕਿਰਤ ਦਾ ਕਿਤਨਾ ਸਨਮਾਨ ਕੀਤਾ ਜਾਂਦਾ ਸੀ, ਇਸ ਗਲ ਦੇ ਪ੍ਰਮਾਣ ਵਜੋਂ ਸਿੱਖ ਇਤਿਹਾਸ ਵਿੱਚ ਕਈ ਘਟਨਾਵਾਂ ਦਾ ਜ਼ਿਕਰ ਆਉਂਦਾ ਹੈ। ਇਤਿਹਾਸ ਵਿੱਚ ਇਸੇ ਸੰਬੰਧ ਵਿੱਚ ਆਈ ਇੱਕ ਘਟਨਾ ਦਾ ਜ਼ਿਕਰ ਇਸਤਰ੍ਹਾਂ ਕੀਤਾ ਗਿਆ ਹੈ। ਸਾਹਿਬ ਸ੍ਰੀ ਗੁਰੂ ਹਰਿਗੋਬਿੰਦ ਜੀ  ਗੁਆਲੀਅਰ ਦੇ ਕਿਲੇ ਤੋਂ ਰਿਹਾ ਹੋ ਕੇ ਜਦੋਂ ਦਿੱਲੀ ਪੁਜੇ ਤਾਂ ਉਨ੍ਹਾਂ ਜਮਨਾ ਨਦੀ ਦੇ ਕਿਨਾਰੇ ਮਜਨੂੰ ਟਿੱਲਾ ਦੇ ਨੇੜੇ ਡੇਰਾ ਲਾਇਆ। ਉਧਰ ਸਮੇਂ ਦੇ ਬਾਦਸ਼ਾਹ ਜਹਾਂਗੀਰ ਨੇ ਗੁਰੂ ਸਾਹਿਬ ਨਾਲ ਨੇੜਤਾ ਵਧਾਣ ਲਈ ਉਨ੍ਹਾਂ ਦੇ ਡੇਰੇ ਦਾ ਨਾਲ ਹੀ ਆਪਣਾ ਡੇਰਾ ਲਾ ਲਿਆ। ਘਟਨਾ ਇਉਂ ਦਸੀ ਜਾਂਦੀ ਹੈ ਕਿ ਇੱਕ ਘਾਹੀ ਘਾਹ ਦੀ ਇੱਕ ਪੰਡ ਲੈ ਕੇ ਗੁਰੂ ਸਾਹਿਬ ਦੇ ਦਰਸ਼ਨਾਂ ਲਈ ਆਇਆ ਤੇ ਭੁਲੇਖੇ ਨਾਲ ਜਹਾਂਗੀਰ ਦੇ ਡੇਰੇ ਜਾ ਵੜਿਆ। ਜਹਾਂਗੀਰ ਨੂੰ ਗੁਰੂ ਸਾਹਿਬ ਸਮਝ ਘੋੜਿਆਂ ਲਈ ਘਾਹ ਪੰਡ ਉਥੇ ਰਖ, ਇੱਕ ਟੱਕਾ ਉਸਦੇ ਸਾਹਮਣੇ ਰਖ ਬੇਨਤੀ ਕਰਨ ਲਗਾ। ਘਾਹੀ ਦਾ ਟੱਕਾ ਆਪਣੇ ਸਾਹਮਣੇ ਵੇਖ ਜਹਾਂਗੀਰ ਸਮਝ ਗਿਆ ਕਿ ਗੁਰੂ ਸਾਹਿਬ ਦੇ ਭੁਲੇਖੇ ਉਸਦੇ ਕੈਂਪ ਵਿੱਚ ਆ ਗਿਆ ਹੈ। ਉਸਨੇ ਘਾਹੀ ਦਸਿਆ ਕਿ ਜਿਨ੍ਹਾਂ ਗੁਰੂ ਸਾਹਿਬ ਦੇ ਦਰਸ਼ਨਾਂ ਲਈ ਉਹ ਆਇਆ ਹੈ, ਉਹ ਨਾਲ ਦੇ ਕੈਂਪ ਵਿੱਚ ਹਨ। ਘਾਹੀ ਨੇ ਝਟ ਹੀ ਜਹਾਂਗੀਰ ਦੇ ਸਾਹਮਣੇ ਟੱਕੇ ਅਤੇ ਘਾਹ ਦੀ ਪੰਡ ਚੁਕ ਉਥੋਂ ਨਿਕਲ ਤੁਰਿਆ। ਨਾਲ ਦੇ ਕੈਂਪ ਵਿੱਚ ਜਾ ਉਸਨੇ ਗੁਰੂ ਸਾਹਿਬ ਦੇ ਦਰਸ਼ਨ ਕੀਤੇ ਅਤੇ ਘਾਹ ਦੀ ਪੰਡ ਤੇ ਟੱਕਾ ਭੇਟ ਕਰ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ।

ਦਾਨ ਦੀ ਹਊਮੈ : ਬੀਤੇ ਦਿਨੀਂ ਦਿਲੀ ਗੁਰਦੁਆਰਾ ਕਮੇਟੀ ਵਲੋਂ ਇੱਕ ਪ੍ਰੋਗਰਾਮ 'ਦਿਲ ਸੇ ਸੇਵਾ' ਇੱਕ ਟੀਵੀ ਚੈਨਲ ਤੇ ਸਪਾਂਸਰ ਕਰਵਾਇਆ ਗਿਆ, ਜਿਸਦਾ ਉਦੇਸ਼ ਕੋਰੋਨਾ ਵਾਇਰਸ ਦੌਰਾਨ ਉਸ ਵਲੋਂ ਲੋਕਾਂ ਦੀ ਲੰਗਰ ਰਾਹੀਂ ਕੀਤੀ ਗਈ ਅਤੇ ਕੀਤੀ ਜਾ ਰਹੀ 'ਸੇਵਾ' ਦੀ ਪ੍ਰਸੰਸਾ ਕਰ ਅਤੇ ਕਰਵਾ ਲੋਕਾਂ ਪਾਸੋਂ ਦਾਨ ਦੀ ਮੰਗ ਕਰਨਾ ਸੀ। ਇਸ ਵਿੱਚ ਕੋਈ ਸ਼ਕ ਨਹੀਂ ਕਿ ਇਸ ਉਦੇਸ਼ ਵਿੱਚ ਗੁਰਦੁਆਰਾ ਕਮੇਟੀ ਸਫਲ ਰਹੀ। ਇਸ ਪ੍ਰੋਗਰਾਮ ਦਾ ਉਦੇਸ਼ ਵੱਖ-ਵੱਖ ਮੁਖੀ ਸਜਣਾਂ ਪਾਸੋਂ ਸਿੱਖਾਂ ਵਲੋਂ ਕੀਤੀ ਜਾਣ ਵਾਲੀ ਲੰਗਰ ਦੀ ਸੇਵਾ ਦੀ ਪ੍ਰਸ਼ੰਸਾ ਕਰਵਾਣਾ ਅਤੇ ਨਾਲ ਹੀ 'ਦਾਨ' ਵਿਚ ਆਪਣਾ ਵਧ ਤੋਂ ਵਧ ਹਿਸਾ ਪਾਣ ਲਈ ਲੋਕਾਂ ਨੂੰ ਪ੍ਰੇਰਿਤ ਕਰਨਾ ਵੀ ਸੀ। ਅਜਿਹੇ ਹੀ ਸਜਣਾਂ ਵਿਚੋਂ ਇੱਕ ਸਿੱਖ ਸਜਣ ਵੀ ਸਨ। ਜਿਨ੍ਹਾਂ ਬਾਰੇ ਦਸਿਆ ਜਾਂਦਾ ਹੈ ਕਿ ਉਨ੍ਹਾਂ ਨੇ ਇਸ ਮੌਕੇ ਗੁਰਦੁਆਰਾ ਕਮੇਟੀ ਵਲੋਂ ਲੰਗਰ ਦੀ ਕੀਤੀ ਗਈ ਸੇਵਾ ਤੋਂ 'ਖੁਸ਼' ਹੋ ਗੁਰਦੁਆਰਾ ਕਮੇਟੀ ਨੂੰ ਇਕ ਮੋਟੀ ਰਕਮ ਦਾਨ ਵਜੋਂ ਦੇਣ ਦਾ ਐਲਾਨ ਵੀ ਕੀਤਾ। ਜਿਸ ਪੁਰ ਪ੍ਰੋਗਰਾਮ ਪੇਸ਼ ਕਰ ਰਹੇ ਐਂਕਰਾਂ ਵਲੋਂ ਕਾਫੀ ਦੇਰ ਤਕ ਨਾ ਕੇਵਲ ਚਰਚਾ ਹੀ ਕੀਤੀ ਗਈ, ਸਗੋਂ ਸਬੰਧਤ ਸਜਣ ਦੀ ਪ੍ਰਸ਼ੰਸਾ ਦੇ ਪੁਲ ਵੀ ਬੰਨ੍ਹੇ ਗਏ। ਉਸ ਸਜਣ ਵਲੋਂ ਲੰਗਰ ਬਾਰੇ ਕੀਤੀ ਗਈ ਚਰਚਾ ਅਤੇ ਮੋਟੀ ਰਕਮ ਦਾ 'ਦਾਨ' ਵਜੋਂ ਗੁਰਦੁਆਰਾ ਕਮੇਟੀ ਨੂੰ ਦਿਤੇ ਜਾਣ ਵਾਲੀ ਗਲ ਨੂੰ ਕਾਫੀ ਦੇਰ ਤਕ ਪ੍ਰਦਰਸ਼ਤ ਕੀਤਾ ਜਾਂਦਾ ਰਿਹਾ। ਇਸ ਸੰਬੰਧ ਵਿੱਚ ਵਰਣਨਯੋਗ ਗਲ ਇਹ ਵੀ ਦਸੀ ਜਾ ਰਹੀ ਹੈ ਕਿ ਉਸ ਸਜਣ ਨੇ ਇਸ ਪ੍ਰੋਗਰਾਮ ਦਾ ਉਹ ਹਿਸਾ, ਜਿਸ ਵਿੱਚ ਉਹ ਸਕ੍ਰੀਨ ਤੇ ਲੰਗਰ ਅਤੇ ਦਾਨ ਬਾਰੇ ਚਰਚਾ ਕਰ ਰਹੇ ਹਨ ਤੇ ਐਂਕਰ ਉਨ੍ਹਾਂ ਵਲੋਂ ਇੱਕ ਮੋਟੀ ਰਕਮ ਦਾਨ ਵਿੱਚ ਦਿਤੇ ਜਾਣ ਦੀ ਪ੍ਰਸ਼ੰਸਾ ਕਰ ਰਹੇ ਹਨ ਅਤੇ ਨਾਲ ਹੀ ਉਨ੍ਹਾਂ ਵਲੋਂ ਮੋਟੀ ਰਕਮ 'ਦਾਨ' ਵਿੱਚ ਦਿੱਤੇ ਜਾਣ ਦੀ ਸਕ੍ਰੋਲ ਚਲ ਰਹੀ ਹੈ, ਲੈ ਕੇ ਆਪਣੇ ਵਲੋਂ ਸੋਸ਼ਲ ਮੀਡੀਆ ਤੇ ਪਾ ਦਿੱਤਾ ਹੈ। ਸ਼ਾਇਦ ਉਹ ਇਸਦਾ ਸੁਨੇਹਾ ਵੱਧ ਤੋਂ ਵੱਧ ਪਹੁੰਚਾਣਾ ਚਾਹੁੰਦੇ ਹਨ।    

Mobile : + 91 95 82 71 98 90
E-mail : jaswantsinghajit@gmail.com

Address : Jaswant Singh ‘Ajit’, Flat No. 51, Sheetal Apartment, Plot No. 12,
 Sector – 14, Rohini,  DELHI-110085

ਸਿੱਖ ਇਤਿਹਾਸ : ਸੰਘਰਸ਼ ਵਿੱਚ ਜੁਟੇ ਸਿੱਖ ਜਥਿਆਂ ਤੋਂ ਬਣੀਆਂ ਮਿਸਲਾਂ - ਜਸਵੰਤ ਸਿੰਘ 'ਅਜੀਤ'

ਇਧਰ ਮੁਗਲ ਹਕੂਮਤ ਵਲੋਂ ਬਾਬਾ ਬੰਦਾ ਸਿੰਘ ਬਹਾਦਰ ਅਤੇ ਉਨ੍ਹਾਂ ਦੇ ਸਾਥੀਆਂ ਨੂੰ, ਜਿਸਤਰ੍ਹਾਂ ਅਸਹਿ ਅਤੇ ਅਕਹਿ ਤਸੀਹੇ ਦੇ ਕੇ ਸ਼ਹੀਦ ਕੀਤਾ ਗਿਆ, ਉਸਦਾ ਉਦੇਸ਼ ਮੁੱਖ ਰੂਪ ਵਿੱਚ ਇਹ ਹੀ ਸੀ ਕਿ ਸਿੱਖਾਂ ਦੇ ਦਿਲ ਵਿੱਚ, ਅਜਿਹਾ ਡਰ ਅਤੇ ਸਹਿਮ ਪੈਦਾ ਕਰ ਜਾਏ ਕਿ ਉਹ ਮੁੜ ਮੁਗ਼ਲ ਹਕੂਮਤ ਦੇ ਜ਼ੁਲਮਾਂ ਨੂੰ ਚੁਨੌਤੀ ਦੇਣ ਦਾ ਹੀਆ ਨਾ ਕਰ ਸਕਣ ਅਤੇ ਉਧਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੋਤੀ ਜੋਤ ਸਮਾ ਜਾਣ ਅਤੇ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਤੋਂ ਬਾਅਦ ਸਿੱਖਾਂ ਪਾਸ ਕੋਈ ਵੀ ਅਜਿਹਾ ਆਗੂ ਨਹੀਂ ਸੀ ਰਹਿ ਗਿਆ ਹੋਇਆ ਜੋ ਉਨ੍ਹਾਂ ਨੂੰ ਇਨ੍ਹਾਂ ਹਾਲਾਤ ਵਿਚੋਂ ਉਭਰਨ ਲਈ ਸੁਚਜੀ ਅਗਵਾਈ ਦੇ ਸਕਦਾ।
ਇਨ੍ਹਾਂ ਹਾਲਾਤ ਦਾ ਫਾਇਦਾ ਉਠਾਣ ਲਈ ਮੁਗਲ ਹਕੂਮਤ ਨੇ ਸਿੱਖਾਂ ਦਾ ਖੁਰਾ-ਖੋਜ ਮਿਟਾਣ ਲਈ ਉਨ੍ਹਾਂ ਵਿਰੁਧ ਸ਼ਿਕਾਰ ਮੁਹਿੰਮ ਛੇੜ ਦਿੱਤੀ, ਜਿਸਦਾ ਉਦੇਸ਼ ਇਹ ਸੀ ਕਿ ਜੇ ਕਿਧਰੇ ਲੁਕਿਆ-ਛਿਪਿਆ ਅਤੇ ਹਕੂਮਤ ਦੀਆਂ ਨਜ਼ਰਾਂ ਤੋਂ ਬਚਿਆ ਕੋਈ ਸਿੱਖ ਬਾਕੀ ਰਹਿ ਗਿਆ ਹੈ ਤਾਂ ਉਸਨੂੰ ਵੀ ਖ਼ਤਮ ਕਰ ਦਿੱਤਾ ਜਾਏ।
ਅਜਿਹੇ ਸੰਕਟ-ਪੂਰਣ ਹਾਲਾਤ ਵਿੱਚ ਨੇਤਾ-ਹੀਨ ਹੋਏ ਸਿੱਖ ਆਪਣੀ ਹੋਂਦ ਨੂੰ ਕਾਇਮ ਰੱਖਣ ਅਤੇ ਆਪਣੇ ਆਦਰਸ਼ਾਂ ਦੀ ਰਖਿਆ ਲਈ ਜੰਗਲਾਂ ਬੇਲਿਆਂ ਵਿੱਚ ਸਿਰ ਛੁਪਾਈ ਫਿਰਦਿਆਂ ਰਹਿਣ ਤੇ ਮਜਬੂਰ ਹੋ ਗਏ। ਉਨ੍ਹਾਂ ਲਈ 'ਰਾਤ ਤੁਰੇ ਦਿਨ ਰਹੈਂ ਲੁਕਾਇ। ਕਈਅਨ ਲੀਨੇ ਕੁਭੇਨ (ਟੋਏ) ਬਨਾਇ। ਕਈ ਰਹੈਂ ਘਰ ਤੀਜੇ ਥਾਇ। ਕਈ ਰਹੈਂ ਦੇਸਹਿ ਜਾਇ', ਵਾਲੇ ਹਾਲਾਤ ਬਣ ਗਏ ਹੋਏ ਸਨ।
ਸਿੱਖਾਂ ਨੂੰ ਕੋਈ ਵੀ ਅਜਿਹਾ ਆਗੂ ਵਿਖਾਈ ਨਹੀਂ ਸੀ ਆ ਰਿਹਾ, ਜੋ ਇਸ ਸੰਕਟਾਂ ਭਰੇ ਹਾਲਾਤ ਵਿੱਚ ਉਨ੍ਹਾਂ ਦਾ ਮਾਰਗ ਦਰਸ਼ਨ ਕਰ ਸਕੇ ਅਤੇ ਉਨ੍ਹਾਂ ਨੂੰ ਸੁਚਜੀ ਅਤੇ ਉਸਾਰੂ ਅਗਵਾਈ ਦੇ ਸਕੇ ਤੇ ਉਨ੍ਹਾਂ ਦੀ ਬਾਂਹ ਫੜ ਉਨ੍ਹਾਂ ਦਾ ਹੌਂਸਲਾ ਵਧਾ ਸਕੇ। ਇਨ੍ਹਾਂ  ਹਾਲਾਤ ਵਿਚ ਵੀ, ਭਾਵੇਂ ਉਨ੍ਹਾਂ ਨੂੰ ਜਬਰ-ਜ਼ੁਲਮ ਦਾ ਸਾਹਮਣਾ ਕਰਦਿਆਂ ਲੰਮੇਂ ਸਮੇਂ ਤਕ ਇਧਰ-ਉਧਰ ਭਟਕਣਾ ਪਿਆ, ਫਿਰ ਵੀ ਉਨ੍ਹਾਂ ਦੇ ਕਦਮ ਨਹੀਂ ਲੜਖੜਾਏ ਅਤੇ ਨਾ ਹੀ ਜਬਰ-ਜ਼ੁਲਮ ਦਾ ਸਹਾਮਣਾ ਕਰ ਗਰੀਬ-ਮਜ਼ਲੂਮ ਦੀ ਰਖਿਆ ਅਤੇ ਆਪਣੀ ਹੋਂਦ ਕਾਇਮ ਰਖਣ ਦੇ ਉਨ੍ਹਾਂ ਦੇ ਇਰਾਦਿਆਂ ਵਿੱਚ ਕੋਈ ਘਾਟ ਆਈ।
ਇਨ੍ਹਾਂ ਹਾਲਾਤ ਵਿਚੋਂ ਉਭਰਨ ਲਈ ਉਨ੍ਹਾਂ ਨੇ ਅਰੰਭ ਵਿੱਚ ਸ੍ਰੀ ਅੰਮ੍ਰਿਤਸਰ ਵਿਖੇ ਅਕਾਲ ਤਖਤ ਤੇ ਜੁੜ ਆਪਣੇ ਵਿਚੋਂ ਹੀ ਪੰਜ ਪਿਆਰਿਆਂ ਦੀ ਚੋਣ ਕਰ ਉਨ੍ਹਾਂ ਪਾਸੋਂ ਅਗਵਾਈ ਪ੍ਰਾਪਤ ਕਰਨ ਦਾ ਰਾਹ ਅਪਨਾ ਲਿਆ। ਉਨ੍ਹਾਂ ਦੀ ਅਗਵਾਈ ਵਿੱਚ ਹੀ ਭਵਿਖ ਵਿੱਚ ਕੀਤੇ ਜਾਣ ਵਾਲੇ ਸੰਘਰਸ਼ ਦੀ ਰੂਪ-ਰੇਖਾ ਉਲੀਕੀ ਜਾਂਦੀ ਅਤੇ ਉਸ ਸਬੰਧੀ ਗੁਰਮਤਾ ਕਰ ਸਭ ਨੂੰ ਉਸਦਾ ਪਾਲਣ ਕਰਨ ਲਈ ਵਚਨਬਧ ਕੀਤਾ ਜਾਂਦਾ। ਪ੍ਰਾਚੀਨ ਪੰਥ ਪ੍ਰਕਾਸ ਦੇ ਕਰਤਾ ਅਨੁਸਾਰ : ਬੈਠ ਹਰਿਮੰਦਰ ਸੁਨੈ ਸੁ ਗਿਆਨਾ। ਗੁਰ ਚਰਨਨ ਪਰ ਲਾਵੈ ਧਿਆਨਾ। ਅਕਾਲ ਬੁੰਗੈ ਚੜ੍ਹ ਤਖਤੈ ਬਹਿ ਹੈਂ। ਲਾਇ ਦੀਵਾਨ ਗੁਰਮਤੇ ਮਤੈ ਹੈਂ।
ਅੰਗ੍ਰੇਜ਼ ਇਤਿਹਾਸਕਾਰ ਮੈਲਕਮ ਅਨੁਸਾਰ ਕੋਈ ਗੁਰਮਤਾ ਕਰਨ ਤੋਂ ਪਹਿਲਾਂ ਜਦੋਂ ਖਾਲਸਾ ਅਕਾਲ ਤਖਤ ਪੁਰ ਜੁੜਦਾ ਤਾਂ ਉਹ ਨਿਜੀ ਵਿਚਾਰਾਂ ਨੂੰ ਇੱਕ ਪਾਸੇ ਰਖ ਦਿੰਦਾ। ਹਰ ਕੋਈ ਉਸ ਸਮੇਂ ਹੀ ਇਸ ਸਮਾਗਮ, ਜਿਸਨੂੰ 'ਸਰਬਤ ਖਾਲਸਾ' ਕਿਹਾ ਜਾਂਦਾ ਸੀ, ਵਿੱਚ ਹਿਸਾ ਲੈ ਸਕਦਾ, ਜਦੋਂ ਉਹ ਇਹ ਪ੍ਰਣ ਕਰ ਲੈਂਦਾ ਕਿ ਉਸਦਾ ਕਿਸੇ ਨਾਲ ਜ਼ਾਤੀ ਵੈਰ-ਵਿਰੋਧ ਨਹੀਂ। ਪ੍ਰਿਸੀਪਲ ਸਤਿਬੀਰ ਸਿੰਘ ਅਨੁਸਾਰ ਗੁਰਮਤੇ ਆਮ ਤੌਰ ਤੇ ਪੰਜ ਕਾਰਜਾਂ ਲਈ ਕੀਤੇ ਜਾਂਦੇ ਸਨ : ਪੰਥ ਦਾ ਜਥੇਦਾਰ ਚੁਣਨ ਲਈ, ਸਾਂਝੇ ਦੁਸ਼ਮਣ ਨਾਲ ਨਜਿਠਣ ਲਈ, ਇੱਕ-ਦੂਸਰੇ ਨਾਲ ਚਲੇ ਆ ਰਹੇ ਝਗੜੇ ਮੁਕਾਣ ਲਈ, ਦੂਸਰਿਆਂ ਨਾਲ ਆਪਣੇ ਸਬੰਧ ਕਾਇਮ ਕਰਨ ਲਈ ਅਤੇ ਅੰਮ੍ਰਿਤ ਪ੍ਰਚਾਰ ਜਾਂ ਧਰਮ ਪ੍ਰਚਾਰ ਕਰਨ ਲਈ।
ਇਸੇ ਤਰ੍ਹਾਂ 'ਹਕੀਕਤ-ਏ-ਬਿਨ ਸਿੱਖਾਂ' ਦੇ ਲੇਖਕ ਅਨੁਸਾਰ ਜੇ ਸਰਬਤ ਖਾਲਸਾ ਵਿੱਚ ਵਿਚਾਰ ਕਰਦਿਆਂ ਕੋਈ ਵਿਵਾਦ ਉਭਰਦਾ ਤਾਂ ਉਸ ਬਾਰੇ ਫੈਸਲਾ ਸਰਬਤ ਖਾਲਸਾ ਦੇ ਜਥੇਦਾਰ ਵਲੋਂ ਆਪਣੇ ਆਪ ਹੀ ਨਹੀਂ ਸੀ  ਦਿੱਤਾ ਜਾਂਦਾ, ਸਗੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਨਮੁਖ ਅਰਦਾਸ ਕਰ, ਉਸ ਵਿਵਾਦ ਬਾਰੇ ਖੁਲ੍ਹੀ ਵਿਚਾਰ ਕੀਤੀ ਜਾਂਦੀ, ਜਿਸ ਵਿੱਚ ਹਰ ਸਿੱਖ ਅਜ਼ਾਦੀ ਨਾਲ ਖੁਲ੍ਹ ਕੇ ਆਪਣਾ ਵਿਚਾਰ ਪ੍ਰਗਟ ਕਰਦਾ। ਸਾਰਿਆਂ ਦੇ ਵਿਚਾਰ ਸੁਣਨ ਉਪਰੰਤ ਸਰਬਸੰਮਤੀ ਨਾਲ ਅੰਤਿਮ ਫੈਸਲਾ ਲਿਆ ਜਾਂਦਾ। ਕਈ ਵਰ੍ਹਿਆਂ ਤਕ ਇਹੀ ਸਿਲਸਿਲਾ ਚਲਦਾ ਰਿਹਾ। ਸਮਾਂ ਬੀਤਣ ਦੇ ਨਾਲ-ਨਾਲ ਜਥੇ ਬਣਦੇ ਚਲੇ ਗਏ। ਜਦੋਂ ਇਹ ਜਥੇ ਸਰਬਤ ਖਾਲਸਾ ਵਿੱਚ ਜੁੜਦੇ ਤਾਂ ਇਨ੍ਹਾਂ ਦੀ ਕੋਈ ਸੁਤੰਤਰ ਤੇ ਨਿਜੀ ਹੋਂਦ ਨਹੀਂ ਸੀ ਰਹਿ ਗਈ ਹੁੰਦੀ। ਜਦੋਂ ਸਰਦਾਰ ਕਪੂਰ ਸਿੰਘ ਨੂੰ ਮੁਗਲ ਹਕੂਮਤ ਵਲੋਂ ਮਿਲੀ ਨਵਾਬੀ ਬਖਸ਼ੀ ਗਈ, ਉਸ ਸਮੇਂ ਛੋਟੇ-ਛੋਟੇ ਸਾਰੇ ਜਥਿਆਂ ਨੂੰ ਇੱਕ ਕਰ ਦੋ ਵੱਡੇ ਜਥੇ, 'ਤਰੁਣਾ ਦਲ' ਅਤੇ 'ਬੁੱਢਾ ਦਲ' ਕਾਇਮ ਕਰ, ਉਨ੍ਹਾਂ ਨੂੰ ਵੰਡ ਦਿੱਤਾ ਗਿਆ। ਇਤਿਹਾਸ ਅਨੁਸਾਰ ਬੁੱਢਾ ਦਲ ਨੇ ਸ੍ਰੀ ਅੰਮ੍ਰਿਤਸਰ ਰਹਿ ਉਥੋਂ ਦੀ ਰਖਿਆ ਕਰਨ ਅਤੇ ਤਰੁਣਾ ਦਲ ਨੇ ਮਲਾਂ ਮਾਰਨ ਦੀ ਜ਼ਿਮੇਂਦਾਰੀ ਸੰਭਾਲੀ। ਤਰੁਣਾ ਦਲ ਨਾਲ ਜੁੜਨ ਵਾਲੇ ਮਰਜੀਵੜੇ ਸਿੱਖਾਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਸੀ, ਜਿਸਨੂੰ ਵੇਖਦਿਆਂ, ਉਸਦੇ ਪੰਜ ਜਥੇ ਬਣਾ ਦਿੱਤੇ ਗਏ। ਇਨ੍ਹਾਂ ਜਥਿਆਂ ਦੇ ਜਥੇਦਾਰ ਅਤੇ ਮੀਤ ਜਥੇਦਾਰ ਵਜੋਂ ਸਰਦਾਰ ਸ਼ਾਮ ਸਿੰਘ, ਬਾਬਾ ਦੀਪ ਸਿੰਘ, ਸਰਦਾਰ ਕਰਮ ਸਿੰਘ, ਸਰਦਾਰ ਦਾਨ ਸਿੰਘ, ਸਰਦਾਰ ਦਸੌਂਧਾ ਸਿੰਘ ਅਤੇ ਸਰਦਾਰ ਬੀਰ ਸਿੰਘ ਨੂੰ ਥਾਪਿਆ ਗਿਆ। ਫਿਰ ਜਿਉਂ-ਜਿਉਂ ਮਰਜੀਵੜੇ ਸਿੱਖਾਂ ਵਿੱਚ ਜਥਿਆਂ ਨਾਲ ਜੁੜਨ ਦੀ ਗਿਣਤੀ ਵਧਦੀ ਗਈ, ਤਿਉਂ-ਤਿਉਂ ਜਥਿਆਂ ਦੀ ਗਿਣਤੀ ਵੀ ਆਪਣੇ ਆਪ ਹੀ ਵਧਦੀ ਚਲੀ ਗਈ। ਇੱਕ ਸਮਾਂ ਅਜਿਹਾ ਆ ਗਿਆ ਕਿ ਇਨ੍ਹਾਂ ਦੀ ਗਿਣਤੀ 65 ਤਕ ਜਾ ਪੁਜੀ। ਇਤਨੀ ਗਿਣਤੀ ਵਧ ਜਾਣ ਤੇ ਨਵਾਬ ਕਪੂਰ ਸਿੰਘ ਨੇ ਮਹਿਸੂਸ ਕੀਤਾ ਕਿ ਜੇ ਇਸਤਰ੍ਹਾਂ ਜਥਿਆਂ ਦੇ ਵਧਦੇ ਜਾ ਰਹੇ ਰੁਝਾਨ ਨੂੰ ਠਲ੍ਹ ਨਾ ਪਾਈ ਗਈ ਤਾਂ ਇਹ ਰੁਝਾਨ ਪੰਥ ਲਈ ਕਿਸੇ ਸਮੇਂ ਨੁਕਸਾਨਦੇਹ ਵੀ ਸਾਬਤ ਹੋ ਸਕਦਾ ਹੈ। ਇਹ ਸੋਚ ਉਨ੍ਹਾਂ ਸ੍ਰੀ ਅੰਮ੍ਰਿਤਸਰ ਵਿਖੇ 'ਸਰਬਤ ਖਾਲਸਾ' ਸਦ ਲਿਆ। 'ਸਰਬਤ ਖਾਲਸਾ' ਦੇ ਇਕਠ ਵਿੱਚ ਉਨ੍ਹਾਂ ਨੇ ਸਾਰੇ ਜਥੇਦਾਰਾਂ ਨੂੰ ਆਪੋ-ਆਪਣੇ ਜਥੇ ਤੋੜ ਦੇਣ ਦਾ ਆਦੇਸ਼ ਦਿੱਤਾ, ਜਿਸਨੂੰ ਸਾਰਿਆਂ ਨੇ ਬਿਨਾ ਕਿਸੇ ਕਿੰਤੂ-ਪ੍ਰੰਤੂ ਦੇ ਸਵੀਕਾਰ ਕਰ ਲਿਆ। ਸਰਦਾਰ ਕਪੂਰ ਸਿੰਘ ਨੇ ਤਰੁਣਾ ਦਲ ਅਤੇ ਬੁਢਾ ਦਲ ਵੀ ਤੋੜ ਦਿੱਤੇ। ਸਾਰੇ ਜਥਿਆਂ ਨੂੰ ਇਕਠਿਆਂ ਕਰ ਇੱਕ ਕੇਂਦਰੀ ਜਥੇਬੰਦੀ ਕਾਇਮ ਕੀਤੀ ਗਈ, ਜਿਸਦਾ ਨਾਂ 'ਦਲ ਖਾਲਸਾ' ਰਖਿਆ ਗਿਆ। ਸਰਦਾਰ ਕਪੂਰ ਸਿੰਘ ਨੇ ਆਪ ਵੀ ਸਭ ਕੁਝ ਛੱਡ-ਛੁਡਾ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਨੂੰ 'ਦਲ ਖਾਲਸਾ' ਦੇ ਜਥੇਦਾਰ ਦੀ ਜ਼ਿਮੇਂਦਾਰੀ ਸੌਂਪ ਦਿੱਤੀ। 'ਦਲ ਖਾਲਸਾ' ਦੀ ਅਗਵਾਈ ਵਿੱਚ 11 ਜੱਥੇ, ਭੰਗੀ, ਨਿਸ਼ਾਨ-ਸਿੰਘਵਾਲੀਆ, ਸ਼ਹੀਦ, ਰਾਮਗੜ੍ਹੀਆ, ਨਕਈ, ਆਹਲੂਵਾਲੀਆ, ਕਨ੍ਹਈਆ, ਫੈਜ਼ਲਪੂਰੀਆ (ਸਿੰਘਪੁਰੀਆ), ਡਲੇਵਾਲੀਆ, ਸ਼ੁਕਰਚਕੀਆ ਅਤੇ ਕਰੌੜਸਿੰਘੀਆ ਬਣਾਏ ਗਏ। ਇਨ੍ਹਾਂ ਜਥਿਆਂ ਦੇ ਜਥੇਦਾਰ ਵਜੋਂ ਤਰਤੀਬਵਾਰ, ਸਰਦਾਰ ਭੂਮਾ ਸਿੰਘ ਤੇ ਉਨ੍ਹਾਂ ਦਾ ਪੁਤਰ ਸਰਦਾਰ ਹਰੀ ਸਿੰਘ, ਭਾਈ ਦਸੌਂਧਾ ਸਿੰਘ, ਸਰਦਾਰ ਬੀਰ ਸ਼ਿੰਘ ਤੇ ਬਾਵਾ ਦੀਪ ਸਿੰਘ,  ਸਰਦਾਰ ਹਰਦਾਸ ਸਿੰਘ ਤੇ ਸਰਦਾਰ ਜੱਸਾ ਸਿੰਘ, ਸਰਦਾਰ ਹੀਰਾ ਤੇ ਸਰਦਾਰ ਨੱਥਾ ਸਿੰਘ, ਸਰਦਾਰ ਜੱਸਾ ਸਿੰਘ, ਸਰਦਾਰ ਖੁਸ਼ਹਾਲ ਸਿੰਘ ਤੇ ਸਰਦਾਰ ਜੈ ਸਿੰਘ, ਨਵਾਬ ਕਪੂਰ ਸਿੰਘ ਫੈਜ਼ਲਪੁਰੀਆ, ਸਰਦਾਰ ਗੁਰਦਿਆਲ ਸਿੰਘ, ਸ, ਚੜ੍ਹਤ ਸਿੰਘ, ਸਰਦਾਰ ਕਰੋੜ ਸਿੰਘ ਤੇ ਸਰਦਾਰ ਬਘੇਲ ਸਿੰਘ ਥਾਪੇ ਗਏ। ਇਨ੍ਹਾਂ ਜਥਿਆਂ ਨੂੰ ਵੱਖ-ਵੱਖ ਜ਼ਿਮੇਂਦਾਰੀਆਂ ਸੌਂਪਣ ਦੇ ਨਾਲ ਹੀ ਉਨ੍ਹਾਂ ਨੂੰ ਪੰਥਕ ਕਬਜ਼ੇ ਹੇਠਲੇ ਪੰਜਾਬ ਦੇ ਵੱਖ-ਵੱਖ ਇਲਾਕਿਆਂ ਦਾ ਪ੍ਰਬੰਧ ਕਰਨ ਦੀਆਂ ਜ਼ਿਮੇਂਦਾਰੀਆਂ ਵੀ ਸੌਂਪ ਦਿੱਤੀਆਂ ਗਈਆਂ।
ਇਤਿਹਾਸਕ ਮਾਨਤਾ ਅਨੁਸਾਰ ਅਰੰਭ ਵਿੱਚ ਤਾਂ ਇਹ ਸੰਗਠਨ ਜਥਿਆਂ ਵਜੋਂ ਹੀ ਜਾਣਿਆ ਜਾਂਦਾ ਰਿਹਾ। ਬਾਅਦ ਵਿੱਚ ਇਨ੍ਹਾਂ ਦੇ ਨਾਵਾਂ ਨਾਲ ਮਿਸਲ ਸ਼ਬਦ ਜੁੜਦਾ ਗਿਆ 'ਤੇ ਇਹ ਜਥੇ ਮਿਸਲਾਂ ਦੇ ਨਾਂ ਨਾਲ ਜਾਣੇ ਜਾਣ ਲਗੇ। 'ਮਿਸਲ' ਸ਼ਬਦ ਦੀ ਵਿਆਖਿਆ ਇਤਿਹਾਸਕਾਰਾਂ ਨੇ ਵੱਖ-ਵੱਖ ਰੂਪਾਂ ਵਿੱਚ ਕੀਤੀ ਹੈ। ਜਿਥੇ ਅਖਤਰ ਲੋਨੀ ਨੇ ਮਿਸਲ ਦਾ ਮਤਲਬ ਕਬੀਲਾ ਜਾਂ ਨਸਲ ਲਿਆ ਹੈ, ਉਥੇ ਹੀ ਮੈਕਰੇਗਰ ਨੇ ਇਸਨੂੰ 'ਏ ਫਰੈਂਡਲੀ ਨੇਸ਼ਨ' ਅਰਥਾਤ 'ਅਪਣਤ ਦੇ ਧਾਰਨੀ' ਵਜੋਂ ਵਿਆਖਿਆ। ਪ੍ਰਿੰਸਪ ਨੇ ਮਿਸਲ ਨੂੰ 'ਇਕੋ ਜਿਹੇ ਲੋਕ' ਵਜੋਂ ਬਿਆਨਿਆ, ਕਨਿੰਘਮ ਅਨੁਸਾਰ ਮਿਸਲ ਦਾ ਮਤਲਬ 'ਹਥਿਆਰਬੰਦ ਲੋਕ' ਹੈ। ਪ੍ਰਿੰਸੀਪਲ ਸਤਿਬੀਰ ਸਿੰਘ ਦਾ ਕਹਿਣਾ ਹੈ ਕਿ ਸ੍ਰੀ ਅੰਮ੍ਰਿਤਸਰ ਵਿੱਖੇ ਹਰ ਜਥੇ ਦੀ ਕਰਗੁਜ਼ਾਰੀ ਦਾ ਰਿਕਾਰਡ ਰਖਣ ਲਈ ਵੱਖ-ਵੱਖ 'ਫਾਈਲ' ਹੁੰਦੀ ਸੀ, ਇਸ ਫਾਈਲ ਨੂੰ ਮਿਸਲ ਕਹੇ ਜਾਣ ਕਾਰਣ ਹੀ ਜਥੇ ਨੂੰ ਮਿਸਲ ਕਿਹਾ ਜਾਣ ਲਗਾ ਸੀ। ਇਸ ਮਿਸਲ ਅਰਥਾਤ ਫਾਈਲ ਵਿੱਚ ਜਥੇ ਦੇ ਜਥੇਦਾਰ ਅਤੇ ਹਰ ਸਿਪਾਹੀ ਦੀ ਕਾਰਗੁਜ਼ਾਰੀ ਦਾ ਰਿਕਾਰਡ ਦਰਜ ਕੀਤਾ ਜਾਂਦਾ ਸੀ। ਜਥੇਾਦਰ ਜਾਂ ਸਿਪਾਹੀ ਜੋ ਕੁਝ ਵੀ ਲਿਆਉਂਦਾ, ਉਹ ਇਹੀ ਆਖਦਾ ਕਿ 'ਮੇਰਾ ਹਿਸਾਬ ਮੇਰੀ ਮਿਸਲ ਵਿੱਚ ਦਰਜ ਕਰ ਦਿਉ'। ਇਸਤਰ੍ਹਾਂ ਉਸਦਾ ਹਿਸਾਬ ਉਸਦੇ ਜਥੇ ਦੀ ਫਾਈਲ ਵਿੱਚ ਦਰਜ ਹੋ ਜਾਂਦਾ। ਸ਼ਾਇਦ ਇਸਤਰ੍ਹਾਂ ਹੀ ਸਹਿਜੇ-ਸਹਿਜੇ ਜਥੇ ਦਾ ਨਾਂ ਮਿਸਲ ਵਜੋਂ ਪ੍ਰਚਲਤ ਹੋ ਗਿਆ।

Mobile : +91 95 82 71 98 90
E-mail : jaswantsinghajit@gmail.com

Address : Jaswant Singh ‘Ajit’, Flat No. 51, Sheetal Apartment, Plot No. 12,
 Sector – 14, Rohini,  DELHI-110085

ਕੀ 'ਬਹੁਮੁਲੇ ਖਜ਼ਾਨੇ' ਦੇ ਨਾਂ 'ਤੇ ਕੌਮ ਨੂੰ ਗੁਮਰਾਹ ਕੀਤਾ ਜਾ ਰਿਹਾ ਹੈ? - ਜਸਵੰਤ ਸਿੰਘ 'ਅਜੀਤ'

ਜਦੋਂ ਵੀ ਸ੍ਰੀ ਦਰਬਾਰ ਸਾਹਿਬ ਪੁਰ ਹੋਏ ਫੌਜੀ ਹਮਲੇ (ਨੀਲਾਤਾਰਾ ਸਾਕੇ) ਦੀ ਵਰ੍ਹੇਗੰਢ ਆਉਂਦੀ ਹੈ, ਉਦੋਂ ਹੀ ਇੱਕ ਪਾਸੇ ਨੀਲਾਤਾਰਾ ਸਾਕੇ ਦੀ ਯਾਦ ਮਨਾਉਂਦਿਆਂ, ਇਸਦੇ ਲਈ ਦੋਸ਼ੀਆਂ ਨੂੰ ਕੋਸਿਆ ਜਾਂਦਾ ਹੈ ਅਤੇ ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਮੁਖੀਆਂ, ਪ੍ਰਕਾਸ਼ ਸਿੰਘ ਬਾਦਲ ਜਾਂ ਸੁਖਬੀਰ ਸਿੰਘ ਬਾਦਲ ਵਲੋਂ ਸਿੱਖ ਰੇਫਰੇਂਸ ਲਾਇਬ੍ਰੇਰੀ ਦੇ ਬਹੁਮੁਲੇ ਖਜ਼ਾਨੇ ਦੀ 'ਵਾਪਸੀ' ਦੀ ਮੰਗ ਕਰਨ ਲਈ ਕਦੀ ਪ੍ਰਧਾਨ ਮੰਤਰੀ, ਕਦੀ ਰਖਿਆ ਮੰਤਰੀ ਅਤੇ ਕਦੀ ਕੇਂਦਰੀ ਗ੍ਰਹਿ ਮੰਤਰੀ ਨਾਲ ਮੁਲਾਕਾਤਾਂ ਕੀਤੇ ਜਾਣ ਦੀਆਂ ਖਬਰਾਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਹਨ। ਅਕਾਲੀ ਰਾਜਨੀਤੀ ਨਾਲ ਜੁੜੇ ਚਲੇ ਆ ਰਹੇ ਰਾਜਸੀ ਮਾਹਿਰਾਂ ਦਾ ਕਹਿਣਾ ਹੈ ਕਿ ਸ਼ਾਇਦ ਇਨ੍ਹਾਂ ਮੁਲਾਕਾਤਾਂ ਦੀਆਂ ਖਬਰਾਂ ਸ੍ਰੀ ਦਰਬਾਰ ਸਾਹਿਬ ਪੁਰ ਹੋਏ ਫੌਜੀ ਹਮਲੇ ਦੇ ਲਈ ਜ਼ਿਮੇਂਦਾਰਾਂ ਵਿੱਚ, ਸ. ਪ੍ਰਕਾਸ਼ ਸਿੰਘ ਬਾਦਲ ਦਾ ਜੌ ਨਾਂ ਗੂੰਜਦਾ ਹੈ, ਉਸ ਵਲੋਂ ਲੋਕਾਂ ਦਾ ਧਿਆਨ ਹਟਾਣ ਦੀ ਕੌਸ਼ਿਸ਼ ਹੁੰਦੀ ਹੈ।
ਇਹ ਰਾਜਸੀ ਮਾਹਿਰ ਦਸਦੇ ਹਨ ਕਿ ਬੀਤੇ ਵਰ੍ਹੇ ਵੀ ਇਨ੍ਹਾਂ ਹੀ ਦਿਨਾਂ ਵਿੱਚ ਖਬਰ ਆਈ ਸੀ, ਜਿਸ ਵਿੱਚ ਦਸਿਆ ਗਿਆ ਸੀ ਕਿ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਕੌਮੀ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੇ ਕੇਂਦ੍ਰੀ ਗ੍ਰਹਿ ਮੰਤ੍ਰੀ ਸ਼੍ਰੀ ਅਮਿਤ ਸ਼ਾਹ ਦੇ ਨਾਲ ਮੁਲਾਕਾਤ ਕਰ, ਉਨ੍ਹਾਂ ਪਾਸੋਂ ਮੰਗ ਕੀਤੀ ਹੈ ਕਿ ਜੂਨ-1984 ਦੇ ਅਰੰਭ ਵਿੱਚ ਜਦੋਂ ਭਾਰਤੀ ਸੈਨਾ ਨੇ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਪੁਰ ਹਮਲਾ ਕੀਤਾ ਸੀ, ਉਸ ਦੌਰਾਨ ਉਹ (ਭਾਰਤੀ ਸੈਨਾ) ਸ੍ਰੀ ਦਰਬਾਰ ਸਾਹਿਬ ਦੀ ਪਰਿਕਰਮਾ ਵਿੱਚ ਸਥਿਤ ਸਿੱਖ ਰੇਫਰੇਂਸ ਲਾਇਬ੍ਰੇਰੀ ਵਿੱਚ ਸੁਰਖਿਅਤ ਸਿੱਖ ਧਰਮ, ਇਤਿਹਾਸ ਅਤੇ ਸਭਿਆਚਾਰ ਆਦਿ ਨਾਲ ਸੰਬੰਧਤ ਬਹੁਮੁਲਾ ਦਸਤਾਵੇਜ਼ੀ ਖਜ਼ਾਨਾ ਟਰੱਕਾਂ ਵਿੱਚ ਭਰ ਕੇ ਲੈ ਗਈ ਸੀ। ਉਹ ਬਹੁਮੁਲਾ ਖਜ਼ਾਨਾ ਹੁਣ ਤਕ ਸਿੱਖ ਜਗਤ ਨੂੰ ਵਾਪਸ ਨਹੀਂ ਕੀਤਾ ਗਿਆ, ਜੋ ਜਲਦੀ ਤੋਂ ਜਲਦੀ ਵਾਪਸ ਕੀਤਾ ਜਾਣਾ ਚਾਹੀਦਾ ਹੈ। ਇਸਦੇ ਨਾਲ ਹੀ ਇਹ ਖਬਰ ਵੀ ਆ ਗਈ ਕਿ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੀ ਸੱਤਾ-ਅਧੀਨ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ ਇਸੇ ਦਿਨ ਪ੍ਰਦਰਸ਼ਨ ਕਰ, ਕੇਂਦ੍ਰੀ ਗ੍ਰਹਿ ਮੰਤ੍ਰੀ ਸ਼੍ਰੀ ਅਮਿਤ ਸ਼ਾਹ ਪਾਸੋਂ ਸਿੱਖ ਰੇਫਰੇਂਸ ਲਾਇਬ੍ਰੇਰੀ ਦੇ ਬਹੁਮੁਲੇ ਖਜ਼ਾਨੇ ਦੀ ਵਾਪਸੀ ਦੀ, ਮੰਗ ਕੀਤੀ ਹੈ ਅਤੇ ਸ਼੍ਰੋਮਣੀ ਗਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੇ ਇਸੇ ਊਦੇਸ਼ ਨੂੰ ਲੈ ਕੇ ਸ਼੍ਰੀ ਅਮਿਤ ਸ਼ਾਹ ਨੂੰ ਚਿੱਠੀ ਲਿਖੀ ਹੈ।
ਅਜੇ ਇਨ੍ਹਾਂ ਖਬਰਾਂ ਦੀ ਸਿਆਹੀ ਸੁੱਕੀ ਵੀ ਨਹੀਂ ਸੀ ਕਿ ਇਹ ਖਬਰ ਆ ਗਈ ਕਿ ਭਾਰਤੀ ਸੈਨਾ ਨੇ ਸਿੱਖ ਰੇਫਰੇਂਸ ਲਾਇਬ੍ਰੇਰੀ ਦਾ ਸਮੁਚਾ ਦਸਤਾਵਜ਼ੀ ਖਜ਼ਾਨਾ, ਜੋ ਨੀਲਾਤਾਰਾ ਸਾਕੇ ਦੌਰਾਨ ਉਹ ਲੈ ਗਈ ਸੀ, ਉਹ ਉਸਨੇ 29 ਸਤੰਬਰ 1984 ਤੋਂ ਲੈ ਕੇ 28 ਦਸੰਬਰ 1990, ਦੇ ਸਮੇਂ ਦੌਰਾਨ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸੱਤ ਕਿਸ਼ਤਾਂ ਵਿੱਚ ਵਾਪਸ ਕਰ ਦਿੱਤਾ ਹੈ, ਜਿਸਦੀਆਂ ਰਸੀਦਾਂ ਉਸ ਪਾਸ ਮੌਜੂਦ ਹਨ। ਇਤਨਾ ਹੀ ਨਹੀਂ, ਇਸਦੇ ਨਾਲ ਹੀ ਇਹ ਖਬਰ ਵੀ ਆ ਗਈ ਕਿ ਸਿੱਖ ਰੇਫਰੇਂਸ ਲਾਇਬ੍ਰੇਰੀ ਵਿੱਚ ਸੁਰਖਿਅਤ ਰਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹੱਥ-ਲਿਖਤ ਬੀੜ, ਜਿਸ ਪੁਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਦਸਤਖਤ ਹਨ, ਵਿਦੇਸ਼ ਵਿੱਚ ਕਿਸੇ ਦੇ ਹੱਥ 12 ਕਰੋੜ ਰੁਪਿਆਂ ਵਿੱਚ ਵੇਚ ਦਿੱਤੀ ਗਈ ਹੈ।
ਹੈਰਾਨੀ ਤਾਂ ਇਸ ਗਲ ਦੀ ਹੈ ਕਿ ਸਿੱਖ ਰੇਫਰੇਂਸ ਲਾਇਬ੍ਰੇਰੀ ਵਿੱਚ ਸੁਰਖਿਅਤ ਰਹੇ, ਸਿੱਖ ਧਰਮ, ਇਤਿਹਾਸ ਅਤੇ ਸਭਿਆਚਾਰ ਆਦਿ ਨਾਲ ਸੰਬੰਧਤ ਖਜ਼ਾਨੇ, ਜੋ ਨੀਲਾਤਾਰਾ ਸਾਕੇ ਦੌਰਾਨ ਸੈਨਾ ਲੈ ਗਈ ਸੀ, ਦੀ ਵਾਪਸੀ ਸ਼ੁਰੂ ਹੋ ਜਾਣ ਅਤੇ ਉਸਦੇ ਸਮੁਚੇ ਰੂਪ ਵਿੱਚ ਵਾਪਸ ਮਿਲ ਜਾਣ ਦੇ ਬਾਅਦ ਵੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਉਸਦੇ ਸੱਤਾਧਾਰੀ ਸ਼੍ਰੋਮਣੀ ਅਕਾਲੀ ਦਲ ਦੇ ਮੁੱਖੀਆਂ ਵਲੋਂ ਲਗਾਤਾਰ ਇਹ ਪ੍ਰਚਾਰ ਕੀਤਾ ਜਾਂਦਾ ਚਲਿਆ ਆ ਰਿਹਾ ਹੈ ਕਿ ਉਹ ਇਸ ਖਜ਼ਾਨੇ ਦੀ ਵਾਪਸੀ ਲਈ ਸਰਕਾਰ ਪੁਰ ਦਬਾਉ ਬਣਾਂਦੇ ਚਲੇ ਆ ਰਹੇ ਹਨ। ਸ਼ਾਇਦ ਅਜਿਹਾ ਪ੍ਰਚਾਰ ਕਰਦਿਆਂ ਰਹਿਣ ਪਿਛੇ ਉਨ੍ਹਾਂ ਦਾ ਉਦੇਸ਼ ਲੋਕਾਂ ਵਿੱਚ ਇਹ ਪ੍ਰਭਾਵ ਬਣਾਈ ਰਖਣਾ ਸੀ ਕਿ ਵਾਪਸ ਆ ਗਏ ਖਜ਼ਾਨੇ ਨੂੰ ਖੁਰਦ-ਬੁਰਦ ਕੀਤੇ ਜਾਣ ਦੀਆਂ ਜੋ ਕੌਸ਼ਿਸ਼ਾਂ ਉਨ੍ਹਾਂ ਵਲੋਂ ਕੀਤੀਆਂ ਗਈਆਂ ਹਨ, ਉਨ੍ਹਾਂ ਵਲ ਲੋਕਾਂ ਦਾ ਧਿਆਨ ਨਾ ਜਾ ਸਕੇ ਅਤੇ ਉਹ ਇਹੀ ਸਮਝਦੇ ਰਹਿਣ ਕਿ ਅੱਜੇ ਤਕ ਸੰਬੰਧਤ ਖਜ਼ਾਨਾ ਸਰਕਾਰ ਪਾਸ ਹੀ ਹੈ ਤੇ ਉਹ ਵਾਪਸ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਨਹੀਂ ਮਿਲਿਆ। ਉਹ ਉਸਦੀ ਵਾਪਸੀ ਲਈ ਬਹੁਤ ਹੀ ਗੰਭੀਰ ਅਤੇ ਇਮਾਨਦਾਰ ਹਨ। ਇਸੇ ਸਮੇਂ ਦੇ ਦੌਰਾਨ ਇਹ ਸਮਾਚਾਰ ਵੀ ਪ੍ਰਸਾਰਤ ਕੀਤਾ ਜਾਂਦਾ ਰਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਜ. ਗੁਰਚਰਨ ਸਿੰਘ ਟੋਹੜਾ ਅਤੇ ਸ. ਅਵਤਾਰ ਸਿੰਘ ਮਕੱੜ ਦੇ ਪ੍ਰਧਾਨਗੀ-ਕਾਲ ਦੌਰਾਨ ਸੁਪ੍ਰੀਮ ਕੋਰਟ ਵਿੱਚ ਇੱਕ ਮੁਕਦਮਾ ਦਾਇਰ ਕਰ ਸਰਕਾਰ ਪਾਸੋਂ ਮੰਗ ਕੀਤੀ ਗਈ ਹੈ ਕਿ ਨੀਲਾਤਾਰਾ ਸਾਕੇ ਦੌਰਾਨ ਸਿੱਖ ਰੇਫਰੇਂਸ ਲਾਇਬ੍ਰੇਰੀ ਵਿੱਚਲਾ ਸੁਰਖਿਅਤ, ਜੋ ਦਸਤਾਵੇਜ਼ੀ ਖਜ਼ਾਨਾ ਭਾਰਤੀ ਸੈਨਾ ਟਰਕਾਂ ਵਿੱਚ ਭਰ ਕੇ ਲੈ ਗਈ ਸੀ, ਉਸਨੂੰ ਸ਼੍ਰੋਮਣੀ ਕਮੇਟੀ ਨੂੰ ਵਾਪਸ ਨਾ ਕਰ, ਖੁਰਦ-ਬੁਰਦ ਕਰ ਦਿੱਤੇ ਜਾਣ ਕਾਰਣ, ਸਰਕਾਰ ਉਸਦੀ ਭਰਪਾਈ ਕਰਨ ਦੇ ਲਈ ਇੱਕ ਹਜ਼ਾਰ ਕਰੋੜ ਰੁਪਿਆ ਮੁਆਵਜ਼ੇ ਵਜੋਂ ਅਦਾ ਕਰੇ। ਇਸਦੇ ਨਾਲ ਹੀ ਇਹ ਵੀ ਦਸਿਆ ਜਾਂਦਾ ਰਿਹਾ ਕਿ ਅਦਾਲਤ ਨੇ ਕਿਹਾ ਹੈ ਕਿ ਉਹ ਇਸ ਮਾਮਲੇ ਪੁਰ ਸੁਣਵਾਈ ਤਾਂ ਹੀ ਕਰ ਸਕਦੀ ਹੈ, ਜੇ ਅਦਾਲਤੀ ਨਿਯਮਾਂ ਦੇ ਅਨੁਸਾਰ ਇਸਦੀ ਸੁਣਵਾਈ ਦੇ ਲਈ ਅਦਾਲਤੀ ਫੀਸ ਵਜੋਂ ਦਸ ਕਰੋੜ ਰੁਪਏ ਜਮਾ ਕਰਵਾਏ ਜਾਣ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁਖੀਆਂ ਅਨੁਸਾਰ ਉਹ ਇਹ ਰਕਮ ਜਮ੍ਹਾ ਨਹੀਂ ਕਰਵਾ ਸਕੇ। ਇਸਦਾ ਕਾਰਣ ਉਨ੍ਹਾਂ ਇਹ ਦਸਿਆ ਕਿ ਸ਼੍ਰੋਮਣੀ ਕਮੇਟੀ ਇਤਨੀ ਵੱਡੀ ਰਕਮ ਜਮ੍ਹਾ ਕਰਵਾਏ ਜਾਣ ਦੇ ਸਮਰਥ ਨਹੀਂ। ਇਸਲਈ ਉਹ ਇਸ ਮਾਮਲੇ ਦੀ ਪੈਰਵੀ ਨਹੀਂ ਕਰ ਸਕਦੀ। ਦਸਿਆ ਗਿਆ ਹੈ ਕਿ ਜਦੋਂ ਸ਼੍ਰੋਮਣੀ ਕਮੇਟੀ ਦੇ ਮੁੱਖੀਆਂ ਨੇ ਇਤਨੀ ਵੱਡੀ ਰਕਮ ਜਮ੍ਹਾ ਕਰਵਾਏ ਜਾਣ ਦੇ ਮਾਮਲੇ ਵਿੱਚ ਆਪਣੇ ਹੱਥ ਖੜੇ ਕਰ ਦਿੱਤੇ ਸਨ, ਤਾਂ ਉਸ ਸਮੇਂ ਦਿੱਲੀ ਅਤੇ ਵਿਦੇਸ਼ਾਂ ਵਿਚਲੇ ਕਈ ਪਤਵੰਤੇ ਸਿੱਖਾਂ ਨੇ ਪੇਸ਼ਕਸ਼ ਕਰ ਦਿੱਤੀ ਕਿ ਜੇ ਅਕਾਲ ਤਖਤ ਤੋਂ ਆਦੇਸ਼ ਮਿਲੇ ਤਾਂ ਉਹ ਇਹ ਰਕਮ ਜਮ੍ਹਾ ਕਰਵਾ ਮਾਮਲੇ ਦੀ ਪੈਰਵੀ ਕਰਨ ਦੀ ਜ਼ਿਮੇਂਦਾਰੀ ਸੰਭਾਲਣ ਲਈ ਤਿਆਰ ਹਨ। ਪ੍ਰੰਤੂ ਨਾ ਤਾਂ ਅਕਾਲ ਤਖਤ ਦੇ ਜੱਥੇਦਾਰ ਨੇ ਅਤੇ ਨਾ ਹੀ ਸ਼੍ਰੋਮਣੀ ਕਮੇਟੀ ਦੇ ਕਿਸੇ ਮੁਖੀ ਨੇ ਉਨ੍ਹਾਂ ਸਿੱਖਾਂ ਵਲੋਂ ਕੀਤੀ ਗਈ ਪੇਸ਼ਕਸ਼ ਦਾ ਕੋਈ ਜਵਾਬ ਦਿੱਤਾ। ਸ਼ਾਇਦ ਇਸਦਾ ਕਾਰਣ ਇਹ ਹੀ ਸੀ ਕਿ ਜੇ ਪਤਵੰਤੇ ਸਿਖਾਂ ਨੇ ਇਸ ਮਾਮਲੇ ਦੀ ਪੈਰਵੀ ਕਰਨ ਦੀ ਜ਼ਿਮੇਂਦਾਰੀ ਸੰਭਾਲ ਲਈ ਤਾਂ ਸਾਰਾ ਭੇਦ ਖੁਲ੍ਹ ਜਾਇਗਾ ਤੇ ਉਹ ਕਿਸੇ ਨੂੰ ਮੂੰਹ ਵਿਖਾਣ ਜੋਗੇ ਵੀ ਨਹੀਂ ਰਹਿਣਗੇ। ਹੁਣ ਜਦਕਿ ਇਹ ਖੁਲਾਸਾ ਹੋ ਗਿਆ ਹੈ ਕਿ ਭਾਰਤੀ ਸੈਨਾ ਨੇ ਤਾਂ ਸਿੱਖ ਰੇਫਰੇਂਸ ਲਾਇਬ੍ਰੇਰੀ ਦਾ ਸਾਰਾ ਹੀ ਬਹੁਮੁਲਾ ਖਜ਼ਾਨਾ ਸ਼੍ਰੋਮਣੀ ਕਮੇਟੀ ਨੂੰ ਵਾਪਸ ਕਰ ਦਿੱਤਾ ਸੀ, ਜਿਸਦੀਆਂ ਰਸੀਦਾਂ ਉਸ ਪਾਸ ਹਨ, ਤਾਂ ਇਹ ਸਵਾਲ ਉਠਣਾ ਸੁਭਾਵਕ ਹੈ ਕਿ ਆਖਿਰ ਉਹ ਖਜ਼ਾਨਾ ਗਿਆ ਕਿਥੇ?
ਕਿਧਰੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਦਸਤਖਤਾਂ ਵਾਲੀ ਹੱਥ-ਲਿਖਤ ਬੀੜ ਵਾਂਗ ਬਾਕੀ ਦਾ ਖਜ਼ਾਨਾ ਵੀ ਤਾਂ ਵੇਚ ਨਹੀਂ ਦਿੱਤਾ ਗਿਆ? ਜੇ ਨਹੀਂ ਵੇਚਿਆ ਗਿਆ ਤਾਂ ਕਿਥੇ ਹੈ ਉਹ ਖਜ਼ਾਨਾ? ਇਸ ਸਵਾਲ ਦਾ ਜਵਾਬ ਸ਼੍ਰੋਮਣੀ ਕਮੇਟੀ ਤੇ ਬਾਦਲ ਅਕਾਲੀ ਦਲ ਦੇ ਮੁੱਖੀਆਂ ਨੂੰ ਜਨਤਾ ਦੀ ਅਦਾਲਤ ਵਿੱਚ ਦੇਣਾ ਹੀ ਹੋਵੇਗਾ! ਅੱਜ ਦੇਣ ਜਾਂ ਕਲ੍ਹ? ਇਧਰ ਜਦੋਂ ਤੋਂ ਬਹੁਮੁਲੇ ਦਸਤਾਵੇਜ਼ੀ ਖਜ਼ਾਨਾ ਵਾਪਸ ਕਰ ਦਿੱਤੇ ਜਾਣ ਦਾ ਖੁਲਾਸਾ ਹੋਇਆ ਹੈ, ਸਿੱਖ ਜਗਤ ਵਿੱਚ ਇਹ ਚਰਚਾ ਜ਼ੋਰ ਪਕੜਦੀ ਚਲੀ ਜਾ ਰਹੀ ਹੈ ਕਿ ਆਖਰ ਉਹ ਕੌਣ ਲੋਕ ਹਨ, ਜਿਨ੍ਹਾਂ ਨੇ ਸਿੱਖ ਪੰਥ ਦੇ ਨਾਲ ਇਤਨਾ ਵੱਡਾ ਵਿਸ਼ਵਾਸਘਾਤ ਕਰਨ ਦੀ ਦਲੇਰੀ ਕੀਤੀ ਹੈ?

...ਅਤੇ ਅੰਤ ਵਿੱਚ : ਬੀਤੇ ਦਿਨੀਂ ਇੱਕ ਪੁਰਾਣੇ ਪਤ੍ਰਕਾਰ ਮਿਤੱਰ ਨਾਲ ਅਚਾਨਕ ਮੁਲਾਕਾਤ ਹੋ ਗਈ ਤਾਂ ਉਸਨੇ ਅੱਗੇ-ਪਿੱਛੇ ਦੀਆਂ ਗਲਾਂ ਕਰਦਿਆਂ ਦਸਿਆ ਕਿ ਕਾਫੀ ਸਮਾਂ ਹੋਇਆ ਹੈ ਕਿ ਉਸਦੀ ਮੁਲਾਕਾਤ ਨਵੇਂ-ਨਵੇਂ ਬਣੇ ਇੱਕ ਅਕਾਲੀ ਮੁਖੀ ਨਾਲ ਪੰਜ-ਤਾਰਾ ਹੋਟਲ ਵਿੱਚ ਹੋ ਗਈ ਸੀ। ਇਧਰ-ਉਧਰ ਦੀਆਂ ਗਲਾਂ ਕਰਦਿਆਂ ਅਚਾਨਕ ਹੀ ਉਸਨੇ ਪੁਛ ਲਿਆ ਕਿ ਅਕਾਲੀ ਦਲ ਵਿੱਚ ਆਪਣੇ ਪੈਰ ਮਜ਼ਬੂਤੀ ਨਾਲ ਕਿਵੇਂ ਟਿਕਾਈ ਰਖੇ ਜਾ ਸਕਦੇ ਹਨ? ਇਹ ਪੁਛੇ ਜਾਣ 'ਤੇ ਉਹ ਉਸਨੂੰ ਇਹ ਕਹੇ ਬਿਨਾ ਨਾ ਰਹਿ ਸਕਿਆ ਕਿ ਜਦੋਂ ਤਕ 'ਉਪਰ' ਲਿਫਾਫਾ ਪਹੁੰਚਾਂਦੇ ਰਹੋਗੇ, 'ਉਪਰ' ਵਾਲਿਆਂ ਦੀਆਂ ਨਜ਼ਰਾਂ ਦਾ ਤਾਰਾ ਬਣੇ ਰਹੋਗੇ, ਜਦੋਂ ਲਿਫਾਫਾ ਪਹੁੰਚਾਣਾ ਬੰਦ ਕੀਤਾ, ਉਸੇ ਦਿਨ ਨਜ਼ਰਾਂ ਵਿਚੋਂ ਪੈਰਾਂ ਵਿੱਚ ਆ ਜਾਉਗੇ। ਇਹ ਗਲ ਉਸ ਪਲੇ ਬੰਨ੍ਹ ਲਈ; ਸ਼ਾਇਦ ਇਸੇ ਲਿਫਾਫੇ ਦੇ ਸਹਾਰੇ ਹੀ ਉਹ 'ਉਪਰਲਿਆਂ' ਦੀ ਨਜ਼ਰ ਵਿੱਚ ਟਿਕਿਆ ਚਲਿਆ ਆ ਰਿਹਾ ਹੈ ਅਤੇ 'ਉਪਰਲੇ' ਉਸਦੀਆਂ ਆਪਹੁਦਰੀਆਂ, ਜੋ ਪਾਰਟੀ ਲਈ ਘਾਤਕ ਸਾਬਤ ਹੋ ਰਹੀਆਂ ਹਨ, ਨੂੰ 'ਮਾਤਾ ਦੇ ਦੁਧ' ਵਾਂਗ ਪੀ ਰਹੇ ਹਨ।

Mobile : +91 95 82 71 98 90
E-Mail :  jaswantsinghajit@gmail.com

Address : Jaswant Singh Ajit, Senior Journalist
51, Sheetal Apartment, Plot no. 12, Sector 14, Rohini DELHI-110085

ਖਾਲਿਸਤਾਨ ਦੀ ਮੰਗ ਬਨਾਮ ਸਿਖ-ਜਗਤ? - ਜਸਵੰਤ ਸਿੰਘ 'ਅਜੀਤ'

36 ਵਰ੍ਹੇ ਪਹਿਲਾਂ ਸ੍ਰੀ ਹਰਿਮੰਦਿਰ ਸਾਹਿਬ ਕੰਪਲੈਕਸ ਵਿੱਚ ਵਾਪਰੇ ਨੀਲਾਤਾਰਾ ਸਾਕੇ ਦੌਰਾਨ ਹੋਏ ਸ਼ਹੀਦਾਂ ਨੂੰ ਯਾਦ ਕਰ, ਉਨ੍ਹਾਂ ਪ੍ਰਤੀ ਸ਼ਰਧਾਂਜਲੀ ਭੇਂਟ ਕਰਨ ਲਈ ਹਰ ਸਾਲ ਵਾਂਗ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਵਿਸ਼ੇਸ਼ ਸ਼ਹੀਦੀ ਸਮਾਗਮ ਦਾ ਆਯੋਜਨ ਕੀਤਾ ਗਿਆ। ਸਮਾਗਮ ਦੀ ਸਮਾਪਤੀ ਤੋਂ ਬਾਅਦ ਸ੍ਰੀ ਅਕਾਲ ਤਖਤ ਦੇ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ, ਆਪਣੇ ਸਕਤ੍ਰੇਤ ਵਿੱਚ ਪਤ੍ਰਕਾਰਾਂ ਨਾਲ ਹੋਈ ਮੁਲਾਕਾਤ ਦੇ ਦੌਰਾਨ, ਕੁਝ ਸਿੱਖ ਜੱਥੇਬੰਦੀਆਂ ਵਲੋਂ ਕੀਤੀ ਜਾ ਰਹੀ ਖਾਲਿਸਤਾਨ ਦੀ ਮੰਗ ਦੇ ਸੰਬੰਧ ਵਿੱਚ ਪੁਛੇ ਗਏ ਇੱਕ ਸੁਆਲ ਦਾ ਜਵਾਬ ਦਿੰਦਿਆਂ ਹੋਇਆਂ ਕਿਹਾ ਕਿ ਜੇ ਭਾਰਤ ਸਰਕਾਰ (ਥਾਲੀ ਵਿੱਚ ਪਰੋਸ ਕੇ) ਖਾਲਿਸਤਾਨ ਸਾਨੂੰ ਦੇਵੇ ਤਾਂ ਅਸੀਂ ਉਸਨੂੰ ਸਵੀਕਾਰ ਕਰ ਲਵਾਂਗੇ। ਇਸਦੇ ਨਾਲ ਹੀ ਉਨ੍ਹਾਂ ਨੇ ਇਹ ਵੀ ਕਿਹਾ ਕਿ ਸੰਸਾਰ ਦਾ ਕਿਹੜਾਂ ਸਿੱਖ ਹੈ ਜੋ ਖਾਲਿਸਤਾਨ ਨਹੀਂ ਚਾਹੁੰਦਾ? ਉਨ੍ਹਾਂ ਇਹ ਵੀ ਕਿਹਾ ਕਿ ਸੰਤ ਭਿੰਡਰਾਂਵਾਲੇ ਦੀ ਸੋਚ ਨੂੰ ਜ਼ਿੰਦਾ ਰਖਣਾ ਜ਼ਰੂਰੀ ਹੈ ਅਤੇ ਸਾਡੇ ਕੌਮੀ ਜਰਨੈਲਾਂ ਨੇ ਜਿਨ੍ਹਾਂ 'ਟੀਚਿਆਂ' ਦੀ ਪ੍ਰਾਪਤੀ ਲਈ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ ਹਨ, ਉਨ੍ਹਾਂ ਦੀ ਪ੍ਰਾਪਤੀ ਲਈ ਸਮੁਚੀ ਸਿੱਖ ਕੌਮ ਨੂੰ ਰਾਜਸੀ ਅਤੇ ਗੁਟਬੰਦੀ ਤੋਂ ਉਪਰ ਉਠ ਸਿਰ-ਜੋੜ ਕੇ ਚਲਣਾ ਹੋਵੇਗਾ (ਤਾਂ ਜੋ ਬਾਦਲਕਿਆਂ ਦੀ ਸਿੱਖਾਂ ਦਾ ਰਾਜਸੀ ਤੇ ਭਾਵਨਾਤਮਕ ਸ਼ੋਸ਼ਣ ਕਰਨ ਦੀ ਰਣਨੀਤੀ ਕਾਮਯਾਬ ਹੁੰਦੀ ਰਹੇ)। ਇਸ ਮੌਕੇ ਤੇ ਮੌਜੂਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ. ਗੋਬਿੰਦ ਸਿਂਘ ਨੇ ਗਿਆਨੀ ਹਰਪ੍ਰੀਤ ਸਿੰਘ ਦੇ ਵਿਚਾਰਾਂ ਦਾ ਸਮਰਥਨ ਕਰਦਿਆਂ ਦਾਅਵਾ ਕੀਤਾ ਕਿ ਕੋਈ ਵੀ ਸਿੱਖ ਉਨ੍ਹਾਂ ਦੀ ਕਿਹੀ ਗਲ ਨੂੰ ਸਵੀਕਾਰ ਕਰਨ ਤੋਂ ਇਨਕਾਰ ਨਹੀਂ ਕਰ ਸਕਦਾ। ਦਿਲਚਸਪ ਗਲ ਇਹ ਵੀ ਰਹੀ ਕਿ ਜਦੋਂ ਸ. ਗੋਬਿੰਦ ਸਿੰਘ ਪਾਸੋਂ ਵਖਰਿਆਂ ਖਾਲਿਸਤਾਨ ਦੀ ਮੰਗ ਦੇ ਸੰਬੰਧ ਵਿੱਚ ਅਜਿਹਾ ਹੀ ਸਵਾਲ ਪੁਛਿਆ ਗਿਆ ਤਾਂ ਉਹ ਉਸਦਾ ਜਵਾਬ ਟਾਲ ਗਏ। 


ਖਾਲਿਤਾਨ ਦੀ ਮੰਗ ਬਨਾਮ ਆਮ ਸਿੱਖ: ਜਿਥੋਂ ਤਕ ਸ੍ਰੀ ਅਕਾਲ ਤਖਤ ਦੇ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਅਜਿਹਾ ਕਹਿਣ ਕਿ ਜੇ ਭਾਰਤ ਸਰਕਾਰ (ਥਾਲੀ ਵਿੱਚ ਪਰੋਸ ਕੇ) ਖਾਲਿਸਤਾਨ ਸਾਨੂੰ ਦੇਵੇ ਤਾਂ ਅਸੀਂ ਉਸਨੂੰ ਸਵੀਕਾਰ ਕਰ ਲਵਾਂਗੇ। ਇਸ ਦ੍ਰਿਸ਼ਟੀ ਤੋਂ ਤਾਂ ਅਨੁਚਿਤ ਨਹੀਂ ਮੰਨਿਆ ਜਾ ਸਕਦਾ ਕਿ ਉਨ੍ਹਾਂ ਨੇ ਖਾਲਿਸਤਾਨ ਦੀ ਮੰਗ ਨਾਲ ਸੰਬੰਧਤ ਸੁਆਲ ਦੀ ਗੇਂਦ ਭਾਰਤ ਸਰਕਾਰ ਦੇ ਪਾਲੇ ਵਿੱਚ ਸੁਟ, ਖਾਲਿਸਤਾਨ ਦੀ ਮੰਗ ਕਰ ਰਹੀਆਂ ਜੱਥੇਬੰਦੀਆਂ ਦੀਆਂ ਨਜ਼ਰਾਂ ਵਿੱਚ ਆਪਣੇ-ਆਪਨੂੰ 'ਸੁਰਖਰੂ  ਕਰ ਲਿਆ। ਪ੍ਰੰਤੂ ਉਨ੍ਹਾਂ ਨੇ ਇਹ ਕਹਿ ਕਿ ਕਿਹੜਾ ਸਿੱਖ ਹੈ ਜੋ ਖਾਲਿਸਤਾਨ ਨਹੀਂ ਚਾਹੁੰਦਾ?, ਇੱਕ ਨਵਾਂ ਸੁਆਲ ਖੜਾ ਕਰ ਦਿੱਤਾ ਹੈ। ਉਨ੍ਹਾਂ ਦੇ ਇਸ ਕਥਨ ਪੁਰ ਇਹ ਸੁਆਲ ਉਠਾਇਆ ਜਾਣ ਲਗਾ ਹੈ ਕਿ ਕੀ ਸੱਚਮੁਚ ਸਮੁਚਾ ਸਿੱਖ-ਜਗਤ ਅਰਥਾਤ ਹਰ ਸਿੱਖ ਖਾਲਿਸਤਾਨ ਦੀ ਸਥਾਪਨਾ ਦਾ ਸਮਥਰਕ ਹੈ? ਇਸ ਸੰਬੰਧ ਵਿੱਚ ਜਦੋਂ ਪੰਜਾਬ ਦੀ ਰਾਜਨੀਤੀ ਦੇ ਨਾਲ ਜੁੜੇ ਚਲੇ ਆ ਰਹੇ ਰਾਜਸੀ ਮਾਹਿਰਾਂ ਨਾਲ ਗਲ ਕੀਤੀ ਗਈ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਪੰਜਾਬ ਵਿੱਚ ਧਾਰਮਕ ਵਖਵਾਦ ਦੀ ਗਲ ਪੂਰੀ ਤਰ੍ਹਾਂ ਖਤਮ ਹੋ ਚੁਕੀ ਹੈ। ਇਸਦਾ ਕਾਰਣ ਉਹ ਇਹ ਮੰਨਦੇ ਹਨ ਕਿ ਬੀਤੇ ਸਮੇਂ ਵਿੱਚ ਵਖਵਾਦ ਦੇ ਨਾਂ 'ਤੇ ਪੰਜਾਬੀਆਂ, ਜਿਨ੍ਹਾਂ ਵਿੱਚ ਸਿੱਖ ਵੀ ਸ਼ਾਮਲ ਹਨ, ਨੇ ਜੋ ਲੰਮਾ ਸੰਤਾਪ ਭੋਗਿਆ ਹੈ, ਉਸ ਸੰਤਾਪ ਦੀਆਂ ਅਨ੍ਹੇਰੀਆਂ ਗਲੀਆਂ ਵਿੱਚ ਉਹ ਫਿਰ ਤੋਂ ਭਟਕਣਾ ਨਹੀਂ ਚਾਹੁੰਦੇ।


ਇੱਕ ਝਾਤ ਵਰਤਮਾਨ ਸਿੱਖ ਸਥਿਤੀ 'ਤੇ : ਜੇ ਸਿੱਖ ਜਗਤ ਦੀ ਵਰਤਮਾਨ ਸਥਿਤੀ ਦੇ ਸਬੰਧ ਵਿੱਚ ਗੰਭੀਰਤਾ ਨਾਲ ਘੋਖਵੀਂ ਵਿਚਾਰ ਕੀਤੀ ਜਾਏ ਤਾਂ ਇਹ ਗਲ ਸਪਸ਼ਟ ਰੂਪ ਵਿੱਚ ਉਭਰ ਕੇ ਸਾਹਮਣੇ ਆ ਜਾਂਦੀ ਹੈ ਕਿ ਸਿੱਖਾਂ ਦੀ ਪ੍ਰਤੀਨਿਧਤਾ ਕਰਨ ਦੇ ਦਾਅਵੇਦਾਰ ਅਕਾਲੀ ਮੁੱਖੀਆਂ ਦਾ ਆਪੋ ਵਿੱਚ ਮਿਲ ਕੇ ਇਕੱਠਿਆਂ ਰਹਿਣਾ ਤਾਂ ਦੂਰ ਰਿਹਾ, ਉਨ੍ਹਾਂ ਦਾ ਕਿਸੇ ਇੱਕ ਮੁੱਦੇ ਤੇ ਵੀ ਆਪੋ ਵਿੱਚ ਮਿਲ ਬੈਠਣਾ ਸੰਭਵ ਨਹੀਂ ਰਹਿ ਗਿਆ ਹੋਇਆ। ਜਦੋਂ ਕਦੀ ਵੀ ਇਨ੍ਹਾਂ ਅਕਾਲੀ ਮੁੱਖੀਆਂ ਵਿੱਚ ਮਤਭੇਦ ਪੈਦਾ ਹੁੰਦੇ ਹਨ ਤਾਂ ਇੱਕ ਨਵਾਂ ਅਕਾਲੀ ਦਲ ਹੋਂਦ ਵਿੱਚ ਆ ਜਾਂਦਾ ਹੈ। ਬੀਤੇ ਕਾਫੀ ਲੰਮੇਂ ਸਮੇਂ ਤੋਂ ਇਹ ਸਿਲਸਿਲਾ ਲਗਾਤਾਰ ਚਲਦਾ ਆ ਰਿਹਾ ਹੈ। ਅੱਜ ਕਿਤਨੇ ਅਕਾਲੀ ਦਲ ਹੋਂਦ ਵਿੱਚ ਹਨ ਅਤੇ ਕਿਤਨੇ ਅਤੀਤ ਦੇ ਗ਼ਰਭ ਵਿੱਚ ਸਮਾ ਗਏ ਹੋਏ ਹਨ, ਉਨ੍ਹਾਂ ਦੇ ਨਾਂ ਦਸ ਪਾਣਾ ਤਾਂ ਦੂਰ ਰਿਹਾ, ਉਨ੍ਹਾਂ ਦੀ ਗਿਣਤੀ ਕਰ ਪਾਣਾ ਵੀ ਸੰਭਵ ਨਹੀਂ ਰਹਿ ਗਿਆ ਹੋਇਆ।
ਇਹ ਸਥਿਤੀ ਤਾਂ ਰਾਜਸੀ ਖੇਤ੍ਰ ਦੀ ਹੈ। ਜੇ ਵੇਖਿਆ ਜਾਏ ਤਾਂ ਧਾਰਮਕ ਖੇਤ੍ਰ ਵਿੱਚ ਵੀ ਇਸ ਨਾਲੋਂ ਕੋਈ ਵਖਰੀ ਸਥਿਤੀ ਨਹੀਂ। ਛੋਟੀ ਜਿਹੀ ਸਿੰਘ ਸਭਾ, ਜੋ ਆਪਣੇ ਇਲਾਕੇ ਦੇ ਇੱਕ ਛੋਟੇ ਜਿਹੇ ਗੁਰਦੁਆਰੇ ਦਾ ਪ੍ਰਬੰਧ ਸੰਭਾਲਦੀ ਹੈ, ਵਿੱਚ ਜਦੋਂ ਵੀ ਉਸਦੇ ਪ੍ਰਬੰਧਕਾਂ ਵਿੱਚ ਕਿਸੇ ਗਲ ਨੂੰ ਲੈ ਕੇ ਅਨਬਣ ਹੋ ਜਾਂਦੀ ਹੋ ਜਾਂਦੇ ਹਨ, ਤਾਂ ਝਟ ਹੀ ਇਕ ਨਵੀਂ ਸਿੰਘ ਸਭਾ ਜਨਮ ਲੈ ਲੈਂਦੀ ਹੈ। ਫਲਸਰੂਪ ਛੋਟੀਆਂ-ਛੋਟੀਆਂ ਕਾਲੌਨੀਆਂ ਵਿੱਚ ਇਕੋ ਹੀ ਸੜਕ ਤੇ ਸਥਿਤ ਕਈ ਗੁਰਦੁਆਰੇ ਨਜ਼ਰ ਆਉਣ ਲਗਦੇ ਹਨ। ਅਜਿਹੀ ਸਥਿਤੀ ਵਿੱਚ ਸੁਆਲ ਉਠਦਾ ਹੈ ਕਿ ਜੇ ਖਾਲਿਸਤਾਨ, ਜਿਸਦੇ ਸੰਬੰਧ ਵਿੱਚ ਅਜੇ ਤਕ ਨਾਂ ਤਾਂ ਉਸਦੀਆਂ ਸਰਹਦਾਂ ਦਾ ਅਤੇ ਨਾਂ ਹੀ ਉਸਦੇ ਸੰਵਿਧਾਨ ਦਾ ਖੁਲਾਸਾ ਕੀਤਾ ਗਿਆ ਹੈ, ਦੀ ਮੰਗ ਕਰ ਰਿਹਾਂ ਦੀ ਮੰਗ ਪੂਰੀ ਹੋ ਵੀ ਜਾਂਦੀ ਹੈ ਤਾਂ ਕੀ ਇਹ (ਖਾਲਿਸਤਾਨ ਦੀ) ਮੰਗ ਕਰਨ ਵਾਲੇ ਉਸਨੂੰ ਸੰਭਾਲ ਪਾਣਗੇ ਜਾਂ ਫਿਰ ਉਨ੍ਹਾਂ ਵਿੱਚ ਪੈਦਾ ਹੋਣ ਵਾਲੇ ਮਤਭੇਦ ਜਾਂ ਹੋਣ ਵਾਲੀ ਅਨਬਣ ਇੱਕ ਖਾਲਿਸਤਾਨ ਵਿੱਚ ਹੋਰ ਨਵੇਂ ਤੋਂ ਨਵੇਂ ਖਾਲਿਸਤਾਨਾਂ ਦੇ ਜਨਮ ਲੈਣ ਦਾ ਕਾਰਣ ਬਣਦੀ ਚਲੀ ਜਾਇਗੀ?

ਗਲ ਸਿੱਖ ਸਿਧਾਂਤਾਂ ਦੀ : ਹਾਲਾਂਕਿ ਗਲ ਕੁਝ ਚੁਭਣ ਵਾਲੀ ਹੈ, ਪਰ ਹੈ ਸੱਚ! ਗੁਰੂ ਸਾਹਿਬਾਨ ਨੇ ਸਿੱਖਾਂ ਨੂੰ ਜਬਰ-ਜ਼ੁਲਮ ਵਿਰੁਧ ਸੰਘਰਸ਼ ਅਤੇ ਅਨਿਆਇ ਦਾ ਵਿਰੋਧ ਕਰ, ਗ਼ਰੀਬ-ਮਜ਼ਲੂਮ ਦੀ ਰਖਿਆ ਕਰਨ ਦਾ ਜੋ ਸੰਕਲਪ ਦਿੱਤਾ ਹੈ, ਉਹ ਸੱਤਾ ਨਾਲ ਉਸਦੀ ਗੋਟੀ ਨਹੀਂ ਬਿਠਾਣ ਦਿੰਦਾ। ਇਤਿਹਾਸ ਗੁਆਹ ਹੈ ਕਿ ਸਿੱਖਾਂ ਦਾ ਸੱਤਾ ਨਾਲ ਸਦਾ ਹੀ ਟਕਰਾਉ ਹੁੰਦਾ ਚਲਦਾ ਆਇਆ ਹੈ। ਇਥੋਂ ਤਕ ਕਿ ਜਦੋਂ ਉਹ ਆਪ ਸੱਤਾ ਵਿੱਚ ਹੁੰਦੇ ਹਨ ਤਾਂ ਆਪੋ ਵਿੱਚ ਹੀ ਸਿੰਗ ਫਸਾਣੇ ਸ਼ੁਰੂ ਕਰ ਦਿੰਦੇ ਹਨ। ਅਜਿਹੀ ਦਸ਼ਾ ਵਿੱਚ 'ਸਿੱਖ ਹੋਮਲੈਂਡ' ਜਾਂ 'ਖਾਲਿਸਤਾਨ' ਦਾ ਸੰਕਲਪ ਕਿਵੇਂ ਗੁਰੂ ਸਾਹਿਬ ਵਲੋਂ ਸਥਾਪਤ ਆਦਰਸ਼ਾਂ ਪੁਰ ਅਧਾਰਤ ਸੰਕਲਪ ਦੀ ਕਸੌਟੀ ਪੁਰ ਪੂਰਾ ਉਤਰ ਸਕਦਾ ਹੈ?
ਅਜਿਹੀ ਸਥਿਤੀ ਵਿੱਚ ਵੀ ਕੁਝ ਸਿੱਖ ਆਗੂਆਂ ਨੇ, ਖਾਲਿਸਤਾਨ ਦੇ ਇਸ ਸੰਕਲਪ ਰਾਹੀਂ ਸਿੱਖ ਨੌਜਵਾਨਾਂ ਨੂੰ ਗੁਮਰਾਹ ਕੀਤਾ ਅਤੇ ਇਸ ਵਿੱਚ ਮੱਧ-ਮਾਰਗੀ ਕਹਿੰਦੇ ਕਹਾਉਂਦੇ ਸਿੱਖ ਆਗੂਆਂ ਨੇ ਵੀ ਮਹੱਤਵਪੂਰਣ ਭੂਮਿਕਾ ਅਦਾ ਕੀਤੀ। ਉਨ੍ਹਾਂ ਨਿਜ ਸੁਆਰਥ ਅਧੀਨ ਸੱਤਾ-ਲਾਲਸਾ ਦੇ ਸ਼ਿਕਾਰ ਹੋ, ਸਿੱਖ ਧਰਮ ਦੀਆਂ ਉਨ੍ਹਾਂ ਮਾਨਤਾਵਾਂ, ਸਿਧਾਤਾਂ, ਮਰਿਆਦਾਵਾਂ ਅਤੇ ਪਰੰਪਰਾਵਾਂ ਨੂੰ ਵੀ ਦਾਅ ਪੁਰ ਲਾ ਦਿਤਾ ਜਾਂ ਜਾਣ-ਬੁਝ ਕੇ ਉਨ੍ਹਾਂ ਨੂੰ ਨਜ਼ਰ-ਅੰਦਾਜ਼ ਕਰ ਦਿੱਤਾ, ਜਿਨ੍ਹਾਂ ਨੂੰ ਗੁਰੂ ਸਾਹਿਬ ਨੇ ਸਥਾਪਤ ਕੀਤਾ ਸੀ। ਸਿੱਖ ਨੌਜਵਾਨਾਂ ਦੇ ਦਿਲ ਵਿੱਚ 'ਸਿੱਖ ਹੋਮਲੈਂਡ' ਜਾਂ 'ਖਾਲਿਸਤਾਨ' ਦਾ ਸੰਕਲਪ ਪੈਦਾ ਕਰ, ਉਨ੍ਹਾਂ ਨੂੰ ਅਜਿਹੇ ਰਸਤੇ ਪਾ ਦਿਤਾ, ਜੋ ਉਨ੍ਹਾਂ ਨੂੰ ਨਾ ਕੇਵਲ ਸਿੱਖੀ ਸਿਧਾਤਾਂ ਤੋਂ ਕੋਹਾਂ ਦੂਰ ਭਟਕਾ ਕੇ ਲੈ ਗਿਆ, ਸਗੋਂ ਉਨ੍ਹਾਂ ਨੂੰ ਭਾਰਤੀ ਸਮਾਜ ਤੋਂ ਵੀ ਅਲਗ-ਥਲਗ ਕਰਦਾ ਚਲਿਆ ਗਿਆ।

...ਅਤੇ ਅੰਤ ਵਿੱਚ:  ਸ਼ਾਇਦ ਇਸੇ ਸਥਿਤੀ ਦਾ ਹੀ ਨਤੀਜਾ ਹੈ ਕਿ ਇਸ ਰਸਤੇ ਪੁਰ ਕਦਮ ਵੱਧਾ ਭਟਕ ਜਾਣ ਵਾਲੇ ਅਨੇਕਾਂ ਸਿੱਖ ਨੌਜਵਾਨ ਬੀਤੇ ਕਈ ਵਰ੍ਹਿਆਂ ਤੋਂ ਜਿਹਲਾਂ ਵਿੱਚ ਬੰਦ ਹਨ ਅਤੇ ਕਈ ਜਲਾਵਤਨ ਹੋ ਦਰ-ਦਰ ਦੀਆਂ ਠੋਕਰਾਂ ਖਾ ਰਹੇ ਹਨ ਅਤੇ ਘਰ ਵਾਪਸੀ ਲਈ ਤਰਸ ਰਹੇ ਹਂ। ਜੋ ਉਨ੍ਹਾਂ ਨੂੰ ਘਰ ਮੁੜਨ ਦੀ ਪ੍ਰੇਰਨਾ ਕਰਨਾ ਚਾਹੁੰਦੇ ਹਨ, ਉਨ੍ਹਾਂ ਦੀ ਸੋਚ ਦੇ ਪਿਛੇ ਸ਼ਾਇਦ ਰਾਜਸੀ ਸੁਆਰਥ ਕੰਮ ਕਰ ਰਿਹਾ ਹੁੰਦਾ ਹੈ, ਜਿਸ ਕਾਰਣ ਉਹ ਨਾ ਉਨ੍ਹਾਂ ਵਲੋਂ ਉਠਾਈਆਂ ਜਾਣ ਵਾਲੀਆਂ ਸ਼ੰਕਾਵਾਂ ਨੂੰ ਦੂਰ ਕਰ ਪਾਂਦੇ ਹਨ ਅਤੇ ਨਾ ਹੀ ਉਨ੍ਹਾਂ ਦੇ ਸੁਆਲਾਂ ਦੇ ਜਵਾਬ ਦੇ ਉਨ੍ਹਾਂ ਨੂੰ ਸੰਤੁਸ਼ਟ ਕਰ ਪਾਣ ਵਿੱਚ ਸਫਲ ਹੁੰਦੇ ਹਨ।


Mobile : + 91 95 82 71 98 90
E-mail : jaswantsinghajit@gmail.com

Address : Jaswant Singh ‘Ajit’, Flat No. 51, Sheetal Apartment, Plot No. 12,
 Sector – 14, Rohini,  DELHI-110085

ਕੀ ਹੁਣ ਫਿਰ ਲੋੜ ਨਹੀਂ ਗੁਰਦੁਆਰਾ ਸੁਧਾਰ ਲਹਿਰ ਦੀ? - ਜਸਵੰਤ ਸਿੰਘ 'ਅਜੀਤ'

ਅਗਲੇ ਵਰ੍ਹੇ (2021) ਨਨਕਾਣਾ ਸਾਹਿਬ ਸਾਕੇ ਨੂੰ ਵਾਪਰਿਆਂ 100 ਸਾਲ ਪੂਰੇ ਹੋ ਰਹੇ ਹਨ।
ਅੱਜ ਇਤਿਹਾਸਕ ਗੁਰਦੁਆਰਿਆਂ ਦੇ ਪ੍ਰਬੰਧ ਲਈ ਜ਼ਿਮੇਂਦਾਰ 'ਸਿੱਖ' ਆਗੂਆਂ ਵਲੋਂ ਜਿਸਤਰ੍ਹਾਂ ਇਨ੍ਹਾਂ ਨੂੰ ਆਪਣੇ ਰਾਜਸੀ ਸੁਆਰਥ ਲਈ ਵਰਤਦਿਆਂ ਹੋਇਆਂ, ਸਿੱਖੀ ਦੀਆਂ ਸਥਾਪਤ ਮਰਿਆਦਾਵਾਂ ਤੇ ਮਾਨਤਾਵਾਂ ਦਾ ਘਾਣ ਕੀਤਾ ਜਾ ਰਿਹਾ ਹੈ ਉਸਤੋਂ ਇਉਂ ਜਾਪਦਾ ਹੈ ਜਿਵੇਂ ਪੁਰਾਣੇ ਮਹੰਤਾਂ ਨੇ ਨਵੇਂ ਮਹੰਤਾਂ ਦੇ ਰੂਪ ਵਿੱਚ ਮੁੜ ਜਨਮ ਲੈ, ਉਨ੍ਹਾਂ ਹੀ ਹਾਲਾਤ ਨੂੰ ਤਾਜ਼ਾ ਕਰ ਰਹੇ ਹਨ, ਜੋ ਉਨ੍ਹਾਂ ਆਪਣੇ ਪਿਛਲੇ ਜਨਮ ਵਿੱਚ ਇਨ੍ਹਾਂ ਇਤਿਹਾਸਕ ਗੁਰਧਾਮਾਂ ਪੁਰ ਅਪਣੇ ਕਬਜ਼ੇ ਦੌਰਾਨ ਬਣਾ ਦਿੱਤੇ ਹੋਏ ਸਨ।
***
ਪ੍ਰਿੰਸੀਪਲ ਹਰਿਭਜਨ ਸਿੰਘ ਨੇ ਆਪਣੀ 'ਧਰਮਸਾਲ (ਗੁਰਦੁਆਰਾ)' ਰਚਨਾ ਵਿੱਚ ਧਰਮਸਾਲ ਜਾਂ ਗੁਰਦੁਆਰੇ ਦੀ ਪਰਿਭਾਸ਼ਾ ਦਾ ਵਰਨਣ ਇਨ੍ਹਾਂ ਸ਼ਬਦਾਂ ਵਿੱਚ ਕੀਤਾ ਹੈ, ''ਸਤਿਗੁਰ ਨਾਨਕ ਦੇਵ ਜੀ ਜਦੋਂ ਪ੍ਰਭੂ ਨਾਲ ਇਕਸੁਰ ਹੋਏ ਤਾਂ ਉਨ੍ਹਾਂ ਮਨੁੱਖ ਦੀ ਸੁੱਖ-ਸ਼ਾਂਤੀ ਤੇ ਉਸਦੇ ਕਲਿਆਣ ਲਈ 'ਸਗਲੀ ਚਿੰਤਾ' ਮਿਟਾ ਦੇਣ ਵਾਲੀ 'ਧੁਰ ਕੀ ਬਾਣੀ' ਰਚੀ। ਇਸ ਬਾਣੀ ਦੇ ਪਠਨ-ਪਾਠ ਅਤੇ ਵਿਚਾਰ ਲਈ ਸੰਗਤਾਂ ਕਾਇਮ ਕੀਤੀਆਂ ਗਈਆਂ। ਇਨ੍ਹਾਂ ਸੰਗਤਾਂ ਦੇ ਮਿਲ-ਬੈਠਣ ਲਈ ਕਿਸੇ ਸਾਂਝੇ ਅਸਥਾਨ ਦੀ ਸਥਾਪਨਾ ਕਰਨ ਦੀ ਲੋੜ ਪਈ, ਅਜਿਹੇ ਅਸਥਾਨਾਂ ਨੂੰ ਧਰਮਸਾਲ, ਅਰਥਾਤ ਗੁਰਦੁਆਰੇ, ਦੀ ਸੰਗਿਆ ਦਿੱਤੀ ਗਈ।...''ਸੋ ਇਸਤਰ੍ਹਾਂ ਗੁਰਬਾਣੀ, ਸੰਗਤ ਤੇ ਧਰਮਸਾਲ (ਗੁਰਦੁਆਰਾ) ਆਪੋ ਵਿੱਚ ਅਨਿੱਖੜ ਵਸਤਾਂ ਬਣ ਗਈਆਂ ਅਤੇ ਇਨ੍ਹਾਂ ਤਿੰਨਾਂ ਦੀ ਸਹੀ ਵਰਤੋਂ-ਵਿਹਾਰ ਵਿੱਚ ਹੀ ਸਿੱਖ ਅਥਵਾ ਪ੍ਰਾਣੀ ਮਾਤਰ ਦੇ ਕਲਿਆਣ ਦਾ ਭੇਦ ਭਰ ਦਿੱਤਾ ਗਿਆ''।
ਉਨ੍ਹਾਂ ਵਲੋਂ ਕੀਤੀ ਗਈ ਇਹ ਪਰਿਭਾਸ਼ਾ ਇਸ ਗਲ ਦੀ ਪ੍ਰਤੀਕ ਹੈ ਕਿ 'ਧਰਮਸਾਲ', ਜਿਸਨੂੰ ਬਾਅਦ ਵਿੱਚ 'ਗੁਰਦੁਆਰੇ' ਦਾ ਨਾਂ ਦਿਤਾ ਗਿਆ, ਦੀ ਸਥਾਪਨਾ ਇਸ ਉਦੇਸ਼ ਨਾਲ ਕੀਤੀ ਗਈ ਸੀ ਕਿ ਇਥੇ ਸੰਗਤਾਂ ਇੱਕਤਰ ਹੋ ਕੇ 'ਧੁਰ ਕੀ ਬਾਣੀ' ਦਾ ਗਾਇਨ ਅਤੇ ਸ੍ਰਵਣ ਕਰਨਗੀਆਂ ਅਤੇ ਉਸ 'ਤੇ ਵਿਚਾਰ ਕਰ ਆਪਣਾ ਜੀਵਨ ਸਫਲਾ ਕਰ ਲੈਣਗੀਆਂ।
ਸਮੇਂ ਨੇ ਕਰਵੱਟ ਲਈ! ਸਿੱਖਾਂ ਨੂੰ ਆਪਣੀ ਹੋਂਦ, ਧਰਮ, ਗ਼ਰੀਬ-ਮਜ਼ਲੂਮ ਅਤੇ ਨਿਆਂ ਦੀ ਰਖਿਆ ਅਤੇ ਜਬਰ ਤੇ ਜ਼ੁਲਮ ਦਾ ਨਾਸ਼ ਕਰਨ ਦੇ ਲਈ ਲੰਮਾਂ ਤੇ ਲਗਾਤਾਰ ਸੰਘਰਸ਼ ਕਰਨਾ ਪਿਆ। ਇਸ ਕਾਰਣ ਉਨ੍ਹਾਂ ਨੂੰ ਆਪਣੇ ਘਰ-ਘਾਟ ਛੱਡ ਜੰਗਲਾਂ-ਬੇਲਿਆਂ ਵਿੱਚ ਵਿਚਰਨ ਤੇ ਮਜਬੂਰ ਹੋਣਾ ਪੈ ਗਿਆ। ਜਿਸਦੇ ਫਲਸਰੂਪ ਉਹ ਆਪਣੇ ਪਵਿਤ੍ਰ ਗੁਰਧਾਮਾਂ ਦੀ ਸੇਵਾ-ਸੰਭਾਲ ਵਲ ਪੂਰਾ ਧਿਆਨ ਨਾ ਦੇ ਸਕੇ। ਮਹੰਤ ਅਗੇ ਆ ਕੇ ਹੌਲੀ-ਹੌਲੀ ਇਹ ਜ਼ਿਮੇਂਦਾਰੀ ਸੰਭਾਲਣ ਲਗ ਪਏ।
ਸਿੱਖਾਂ ਦੇ ਇਸਤਰ੍ਹਾਂ ਜੂਝਦਿਆਂ ਹੀ ਮਹਾਰਾਜਾ ਰਣਜੀਤ ਸਿੰਘ ਨੇ ਪੰਜਾਬ ਦੀ ਧਰਤੀ 'ਤੇ ਪੰਜਾਬੀਆਂ ਦੇ ਸਾਂਝੇ 'ਖਾਲਸਾ ਰਾਜ' ਦੀ ਸਥਾਪਨਾ ਕਰ ਲਈ। ਉਸਨੇ ਇਕ ਪਾਸੇ ਆਪਣੇ ਰਾਜ ਨੂੰ ਮਜ਼ਬੂਤ ਕਰਨ ਅਤੇ ਉਸਦਾ ਵਿਸਥਾਰ ਕਰਨ ਵੱਲ ਧਿਆਨ ਦਿੱਤਾ ਤੇ ਦੂਜੇ ਪਾਸੇ ਇਸ ਉਦੇਸ਼ ਨਾਲ ਧਾਰਮਕ ਅਸਥਾਨਾਂ ਦੇ ਨਾਂ ਤੇ ਜ਼ਮੀਨਾਂ-ਜਾਇਦਾਦਾਂ ਲਗਵਾਈਆਂ, ਤਾਂ ਜੋ ਇਨ੍ਹਾਂ ਦੀ ਆਮਦਨ ਨਾਲ ਧਰਮ-ਪ੍ਰਚਾਰ ਦੀ ਲਹਿਰ ਬਿਨ੍ਹਾਂ ਕਿਸੇ ਰੋਕ-ਰੁਕਾਵਟ ਦੇ ਨਿਰਵਿਘਨ ਚਲਦੀ ਰਹਿ ਸਕੇ।
ਜਦੋਂ ਅੰਗ੍ਰੇਜ਼ਾਂ ਪੰਜਾਬ 'ਤੇ ਕਬਜ਼ਾ ਕੀਤਾ ਤਾਂ ਉਨ੍ਹਾਂ ਸਭ ਤੋਂ ਪਹਿਲਾਂ ਸਿੱਖਾਂ ਦੇ ਉਨ੍ਹਾਂ ਸ਼ਕਤੀ-ਸੋਮਿਆਂ ਨੂੰ ਆਪਣੇ ਪ੍ਰਭਾਵ ਹੇਠ ਲਿਆਣ ਵੱਲ ਧਿਆਨ ਦਿੱਤਾ, ਜਿਨ੍ਹਾਂ ਤੋਂ ਸ਼ਕਤੀ ਪ੍ਰਾਪਤ ਕਰ ਸਿੱਖਾਂ ਨੇ ਅੰਗ੍ਰੇਜ਼ਾਂ ਨੂੰ ਲੋਹੇ ਦੇ ਚਨੇ ਚਬਵਾ ਦਿੱਤੇ ਸਨ। ਅੰਗ੍ਰੇਜ਼ਾਂ ਨੇ ਬਾਕੀ ਹਿੰਦੁਸਤਾਨ ਪੁਰ ਜਿਸ ਆਸਾਨੀ ਨਾਲ ਕਬਜ਼ਾ ਕਰ ਲਿਆ ਸੀ, ਉਸਨੇ ਉਸਤੋਂ ਇਹ ਸਮਝ ਲਿਆ, ਕਿ ਪੰਜਾਬ ਪੁਰ ਕਬਜ਼ਾ ਕਰਨਾ ਉਨ੍ਹਾਂ ਲਈ ਕੋਈ ਮੁਸ਼ਕਲ ਨਹੀਂ ਹੋਵੇਗਾ। ਪਰ ਉਨ੍ਹਾਂ ਨੂੰ ਆਪਣੇ ਇਸ ਉਦੇਸ਼ ਵਿੱਚ ਜਿਨ੍ਹਾਂ ਚੁਨੌਤੀਆਂ ਦਾ ਸਾਹਮਣਾ ਕਰਨਾ ਪਿਆ, ਉਨ੍ਹਾਂ ਤੋਂ ਉਨ੍ਹਾਂ ਨੂੰ ਸਮਝ ਆ ਗਈ ਕਿ ਜੇ ਆਸਤੀਨ ਦੇ ਸੱਪ ਧੋਖਾ ਨਾ ਦਿੰਦੇ ਤਾਂ, ਸਿੱਖਾਂ ਨੇ ਉਨ੍ਹਾਂ ਦਾ ਹਿੰਦੁਸਤਾਨ ਵਿੱਚ ਟਿੱਕੇ ਰਹਿਣਾ ਮੁਹਾਲ ਕਰ ਦੇਣਾ ਸੀ।
ਖੈਰ, ਕਿਸੇ ਵੀ ਤਰ੍ਹਾਂ ਅੰਗ੍ਰੇਜ਼ ਪੰਜਾਬ ਪੁਰ ਕਾਬਜ਼ ਹੋ ਗਏ। ਉਨ੍ਹਾਂ ਸਿੱਖਾਂ ਦੇ ਸ਼ਕਤੀ-ਸੋਮਿਆਂ, ਇਤਿਹਾਸਕ ਗੁਰਧਾਮਾਂ ਦਾ ਪ੍ਰਬੰਧ ਸੰਭਾਲੀ ਬੈਠੇ ਗੱਦੀਦਾਰ ਮਹੰਤਾਂ ਦੀ ਸਰਪ੍ਰਸਤੀ ਕਰਨੀ ਸ਼ੁਰੂ ਕਰ ਦਿੱਤੀ। ਜਿਸਦਾ ਨਤੀਜਾ ਇਹ ਹੋਇਆ ਕਿ ਮਹੰਤ ਹੌਲੀ-ਹੌਲੀ ਸਿੱਖਾਂ ਦੇ ਪ੍ਰਭਾਵ ਤੋਂ ਮੁਕਤ ਹੁੰਦੇ ਅਤੇ ਅੰਗ੍ਰੇਜ਼ਾਂ ਦੀ ਸਰਪ੍ਰਸਤੀ ਸਵੀਕਾਰ ਕਰਦੇ ਚਲੇ ਗਏ। ਅੰਗ੍ਰੇਜ਼ਾਂ ਨੇ ਗੁਰਦੁਆਰਿਆਂ ਦੇ ਪ੍ਰਬੰਧ ਲਈ ਮਹੰਤ ਦੀ ਚੋਣ ਕਰਨ ਦਾ ਅਧਿਕਾਰ ਸਿੱਖਾਂ ਪਾਸੋਂ ਖੋਹ, ਆਪਣੇ ਪ੍ਰਭਾਵ ਹੇਠ ਬਣਾਈਆਂ ਕਮੇਟੀਆਂ ਨੂੰ ਦੇ ਦਿੱਤਾ। ਫਲਸਰੂਪ ਮਹੰਤਾਂ ਨੇ ਅੰਗ੍ਰੇਜ਼ਾਂ ਦੀ ਇੱਛਾ ਅਤੇ ਉਨ੍ਹਾਂ ਤੇ ਆਪਣੇ ਹਿਤਾਂ ਅਨੁਸਾਰ ਸਿੱਖ ਧਰਮ ਦੀਆਂ ਸਥਾਪਤ ਮਰਿਆਦਾਵਾਂ ਅਤੇ ਪਰੰਪਰਾਵਾਂ ਨੂੰ ਬਦਲਣਾ ਸ਼ੁਰੂ ਕਰ ਦਿੱਤਾ। ਗੁਰਧਾਮਾਂ ਨਾਲ ਲਗੀਆਂ ਜ਼ਮੀਨਾਂ-ਜਾਇਦਾਦਾਂ ਕਾਰਣ ਉਨ੍ਹਾਂ ਦੀ ਆਮਦਨ ਵਿੱਚ ਵਾਧਾ ਹੋਣ ਦਾ ਜੋ ਸਿਲਸਿਲਾ ਅਰੰਭ ਹੋਇਆ, ਉਸਨੇ ਮਹੰਤਾਂ ਦੀਆਂ ਅੱਖਾਂ ਬਦਲ ਕੇ ਰੱਖ ਦਿੱਤੀਆਂ। ਉਨ੍ਹਾਂ ਦਾ ਆਚਰਣ ਗਿਰਾਵਟ ਵੱਲ ਵਧਣ ਲਗਾ। ਦੁਰਾਚਾਰ, ਬਦਕਾਰੀ ਅਤੇ ਭ੍ਰਿਸ਼ਟਾਚਾਰ ਉਨ੍ਹਾਂ ਦੇ ਜੀਵਨ ਦੇ ਅਨਿੱਖੜ ਅੰਗ ਬਣ ਗਏ। ਆਪਣੀ ਰਖਿਆ ਅਤੇ ਆਪਣੇ ਕੁਕਰਮਾਂ ਦਾ ਵਿਰੋਧ ਕਰਨ ਵਾਲਿਆਂ ਨੂੰ ਦਬਾਉਣ ਲਈ, ਉਨ੍ਹਾਂ ਗੁੰਡਿਆਂ ਦੀ ਭਰਤੀ ਸ਼ੁਰੂ ਕਰ ਦਿੱਤੀ। ਇਨ੍ਹਾਂ ਗੁੰਡਿਆਂ ਨੇ ਗੁਰਧਾਮਾਂ ਅਤੇ ਉਨ੍ਹਾਂ ਦੇ ਕੰਪਲੈਕਸਾਂ ਦੀ ਪਵਿਤ੍ਰਤਾ ਰੋਲ ਕੇ ਰੱਖ ਦਿੱਤੀ।
ਇਨ੍ਹਾਂ ਹਾਲਾਤ ਨੇ ਸ਼ਰਧਾਵਾਨ ਸਿੱਖਾਂ ਦੇ ਹਿਰਦੇ ਲੂਹ ਸੁੱਟੇ। ਉਨ੍ਹਾਂ ਆਪਣੇ ਗੁਰਧਾਮਾਂ ਨੂੰ ਇਨ੍ਹਾਂ ਦੁਰਾਚਾਰੀ ਤੇ ਕੁਕਰਮੀ ਮਹੰਤਾਂ ਦੇ ਪੰਜੇ ਵਿੱਚੋਂ ਆਜ਼ਾਦ ਕਰਵਾਉਣ ਬਾਰੇ ਗੰਭੀਰਤਾ ਦੇ ਨਾਲ ਸੋਚਣਾ ਸ਼ੁਰੂ ਕਰ ਦਿੱਤਾ। ਅਜਿਹੇ ਸਮੇਂ ਤੇ ਲਾਰਡ ਰਿਪਨ ਨੇ ਪੰਜਾਬ ਦੇ ਉਸ ਸਮੇਂ ਦੇ ਗਵਰਨਰ ਇਜ਼ਰਟਨ ਪਾਸੋਂ ਗੁਰਦੁਆਰਿਆਂ ਦੇ ਪ੍ਰਬੰਧ ਦੇ ਸਬੰਧ ਵਿੱਚ ਰਿਪੋਰਟ ਮੰਗੀ ਤਾਂ ਉਸ ਜਵਾਬ ਦਿੱਤਾ ਕਿ ਗੁਰਦੁਆਰਿਆਂ ਦਾ ਪ੍ਰਬੰਧ ਜੇ ਕਿਸੇ ਅਜਿਹੀ ਸੰਸਥਾ ਨੂੰ ਸੌਂਪਿਆ ਗਿਆ, ਜੋ ਸਰਕਾਰੀ ਪ੍ਰਭਾਵ ਤੋਂ ਮੁਕਤ ਹੋਵੇ, ਤਾਂ ਇਹ ਰਾਜਸੀ ਦ੍ਰਿਸ਼ਟੀਕੋਣ ਤੋਂ ਬਹੁਤ ਵੱਡੀ ਗ਼ਲਤੀ ਹੋਵੇਗੀ, ਜੋ ਅੰਗ੍ਰੇਜ਼ੀ ਸਾਮਰਾਜ ਲਈ ਖਤਰਨਾਕ ਸਾਬਤ ਹੋ ਸਕਦੀ ਹੈ।
ਉਧਰ ਗੁਰਧਾਮਾਂ ਦੀ ਪਵਿਤ੍ਰਤਾ ਭੰਗ ਹੋਣ ਅਤੇ ਦਰਸ਼ਨ ਕਰਨ ਜਾਣ ਵਾਲੀਆਂ ਸੰਗਤਾਂ ਦੇ ਬੇ-ਪਤ ਹੋਣ ਦੀਆਂ ਘਟਨਾਵਾਂ ਦਿਨ-ਬ-ਦਿਨ ਵੱਧਣ ਲਗੀਆਂ, ਤਾਂ ਗੁਰਧਾਮਾਂ ਨੂੰ ਮਹੰਤਾਂ ਦੇ ਪੰਜੇ ਵਿਚੋਂ ਆਜ਼ਾਦ ਕਰਵਾਉਣ ਲਈ ਚਿੰਤਿਤ ਹੋ ਰਹੇ ਸ਼ਰਧਾਵਾਨ ਸਿੱਖ ਉਤੇਜਿਤ ਹੋਣ ਲਗੇ। ਕੁਝ ਜੋਸ਼ੀਲੇ ਨੌਜਵਾਨਾਂ ਨੇ ਹਿੰਮਤ ਕਰਕੇ ਜ਼ਾਬਤੇ ਵਿੱਚ ਰਹਿੰਦਿਆਂ ਗੁਰਧਾਮਾਂ ਦੀ ਆਜ਼ਾਦੀ ਲਈ ਸ਼ਾਂਤਮਈ ਜਦੋਜਹਿਦ ਸ਼ੁਰੂ ਕਰ ਦਿੱਤੀ। ਉਨ੍ਹਾਂ ਦੀਆਂ ਕੁਰਬਾਨੀਆਂ ਸਦਕਾ ਇਕ ਤੋਂ ਬਾਅਦ ਇਕ ਕਰਕੇ ਗੁਰਧਾਮ ਮਹੰਤਾਂ ਦੇ ਕਬਜ਼ੇ ਤੋਂ ਆਜ਼ਾਦ ਹੁੰਦੇ ਚਲੇ ਗਏ। ਆਜ਼ਾਦ ਹੋਏ ਗੁਰਧਾਮਾਂ ਦੇ ਪ੍ਰਬੰਧ ਲਈ ਨਵੰਬਰ 1920 ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਥਾਪਨਾ ਕੀਤੀ ਗਈ।
ਇਸ ਜਦੋਜਹਿਦ ਵਿੱਚ ਸ਼ਾਮਲ ਹੋਣ ਲਈ ਉਤਸਾਹਿਤ ਹੋਏ ਸਿੱਖਾਂ ਨੂੰ ਜਥੇਬੰਦ ਕਰਨ ਲਈ ਵੱਖ-ਵੱਖ ਸ਼ਹਿਰਾਂ ਵਿੱਚ ਅਕਾਲੀ ਜੱਥੇ ਕਾਇਮ ਕੀਤੇ ਗਏ। ਇਨ੍ਹਾਂ ਜਥਿਆਂ ਦੇ ਮੁੱਖੀਆਂ ਨੇ ਸ੍ਰੀ ਅਕਾਲ ਤਖਤ 'ਤੇ ਇਕ ਸਾਂਝੀ ਇਕਤ੍ਰਤਾ ਕਰ, ਜਥਿਆਂ ਨੂੰ ਇਕ ਕੇਂਦਰੀ ਜਥੇਬੰਦੀ ਨਾਲ ਜੋੜਨ ਦਾ ਫੈਸਲਾ ਕੀਤਾ। ਜਿਸਦਾ ਨਾਂ 'ਸ਼੍ਰੋਮਣੀ ਅਕਾਲੀ ਦਲ' ਰਖਿਆ ਗਿਆ। ਇਸਦਾ ਉਦੇਸ਼ ਤੇ ਨਿਸ਼ਾਨਾ ਮਿਥਣ ਲਈ 1922 ਵਿੱਚ ਇਕ ਮੱਤਾ ਪਾਸ ਕਰ ਇਹ ਫੈਸਲਾ ਕੀਤਾ ਗਿਆ ਕਿ ਸ਼੍ਰੋਮਣੀ ਅਕਾਲੀ ਦਲ ਦੀ ਛੱਤਰ-ਛਾਇਆ ਹੇਠ ਇਹ ਜਥੇ ਪੰਥ ਦੀ ਸੇਵਾ ਪ੍ਰਤੀ ਵਚਨਬੱਧ ਹੋਣਗੇ ਅਤੇ ਗੁਰਦੁਆਰਿਆਂ ਦੀ ਸੇਵਾ-ਸੰਭਾਲ ਵਾਸਤੇ ਸ਼ੌਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਆਦੇਸ਼ ਦਾ ਪਾਲਣ ਕਰਨਗੇ।
ਇਤਨੇ ਵਿਸਥਾਰ ਦੇ ਨਾਲ ਗੁਰਦੁਆਰਾ ਸੁਧਾਰ ਲਹਿਰ ਦਾ ਵਰਨਣ ਕਰਨ ਦਾ ਕਾਰਣ ਇਹ ਹੈ ਕਿ ਅੱਜ ਦੀ ਪੀੜ੍ਹੀ ਨੂੰ ਪਤਾ ਲਗ ਸਕੇ ਕਿ ਕਿਸੇ ਸਮੇਂ ਜਦੋਂ ਮਹੰਤਾਂ ਨੇ ਸਿੱਖੀ ਦੇ ਸੋਮਿਆਂ ਦੀ ਪਵਿਤ੍ਰਤਾ ਨੂੰ ਭੰਗ ਕਰਨ ਵਿੱਚ ਕੋਈ ਕਸਰ ਨਹੀਂ ਸੀ ਛੱਡੀ ਤਾਂ ਉਸ ਸਮੇਂ ਸ਼ਰਧਾਵਾਨ ਸਿੱਖਾਂ ਨੇ ਆਪਣੀਆਂ ਕੁਰਬਾਨੀਆਂ ਦੇ, ਇਨ੍ਹਾਂ ਧਰਮ ਅਸਥਾਨਾਂ ਨੂੰ ਕੁਕਰਮੀ ਮਹੰਤਾਂ ਦੇ ਪੰਜੇ ਵਿਚੋਂ ਆਜ਼ਾਦ ਕਰਵਾਇਆ ਅਤੇ ਇਸ ਵਿਸ਼ਵਾਸ ਨਾਲ ਇਨ੍ਹਾਂ ਦੇ ਪ੍ਰਬੰਧ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਥਾਪਨਾ ਕੀਤੀ ਕਿ ਉਹ ਇਨ੍ਹਾਂ ਗੁਰਧਾਮਾਂ ਵਿੱਚ ਸਿੱਖੀ ਦੀਆਂ ਸਥਾਪਤ ਮਰਿਆਦਾਵਾਂ ਅਤੇ ਪਰੰਪਰਾਵਾਂ ਨੂੰ ਕਾਇਮ ਰਖਣ ਦੇ ਨਾਲ ਹੀ ਉਨ੍ਹਾਂ ਦੀ ਦ੍ਰਿੜ੍ਹਤਾ ਨਾਲ ਰਖਿਆ ਵੀ ਕਰੇਗੀ। ਇਸੇ ਸੰਦਰਭ ਵਿੱਚ ਹੀ ਸ਼੍ਰੋਮਣੀ ਅਕਾਲੀ ਦਲ ਦੀ ਸਥਾਪਨਾ ਕੀਤੀ ਗਈ ਕਿ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਆਦੇਸ਼ਾਂ ਦਾ ਪਾਲਣ ਕਰਦਿਆਂ ਗੁਰਧਾਮਾਂ ਦੀ ਸੇਵਾ-ਸੰਭਾਲ ਵਿੱਚ ਹੱਥ ਵਟਾਇਗਾ।
ਪਰ ਅੱਜ ਹੋ ਕੀ ਰਿਹਾ ਹੈ? ਬੀਤੇ ਕੁਝ ਵਰ੍ਹਿਆਂ ਵਿੱਚ ਹੀ ਸਰਵੁੱਚ ਸਵੀਕਾਰੀਆਂ ਜਾਂਦੀਆਂ ਧਾਰਮਕ ਸੰਸਥਾਵਾਂ ਵਿਵਾਦਾਂ ਦੇ ਘੇਰੇ ਵਿੱਚ ਆ ਗਈਆਂ ਹਨ। ਜਿਸ ਕਾਰਣ ਉਨ੍ਹਾਂ ਦੀ ਸਰਵੁੱਚਤਾ ਪੁਰ ਪ੍ਰਸ਼ਨ-ਚਿੰਨ੍ਹ ਲਾਏ ਜਾਣ ਲਗੇ ਹਨ। ਇਨ੍ਹਾਂ ਸੰਸਥਾਵਾਂ ਨੂੰ ਜਿਵੇਂ ਸਿੱਖਾਂ ਤੇ ਸਿੱਖੀ ਦੇ ਹਿਤਾਂ ਨਾਲੋਂ ਨਿਖੇੜ ਕੇ ਨਿਜੀ ਹਿਤਾਂ ਨਾਲ ਸਬੰਧਤ ਕਰ ਦਿੱਤਾ ਗਿਆ, ਉਸ ਨਾਲ ਇਕ ਵਾਰ ਫਿਰ ਸ਼ਰਧਾਵਾਨ ਸਿੱਖਾਂ ਦੀ ਚਿੰਤਾ ਵਧਦੀ ਜਾ ਰਹੀ ਹੈ ਕਿ ਸਿੱਖੀ ਅਤੇ ਉਸਦੀਆਂ ਮਰਿਆਦਾਵਾਂ ਅਤੇ ਪਰੰਪਰਾਵਾਂ ਦੇ ਰਾਖੇ ਹੋਣ ਦਾ ਦਾਅਵਾ ਕਰਨ ਵਾਲੇ ਸਿੱਖੀ ਅਤੇ ਸਿੱਖਾਂ ਨੂੰ ਕਿਧਰ ਲਿਜਾ ਰਹੇ ਹਨ।
ਇਉਂ ਜਾਪਦਾ ਹੈ, ਜਿਵੇਂ ਪੁਰਾਣੇ ਮਹੰਤਾਂ ਦੀ ਥਾਂ ਹੁਣ ਨਵੇਂ ਮਹੰਤਾਂ ਨੇ ਲੈ ਲਈ ਹੈ, ਜੋ ਉਨ੍ਹਾਂ ਨਾਲੋਂ ਕਿਤੇ ਵੱਧ ਆਚਰਣ-ਹੀਨ ਜਾਪਦੇ ਹਨ। ਪਹਿਲੇ ਮਹੰਤਾਂ ਨੂੰ ਕੇਵਲ ਅੰਗ੍ਰੇਜ਼ੀ ਸਾਮਰਾਜ ਦੀ ਸਰਪ੍ਰਸਤੀ ਹਾਸਲ ਸੀ, ਜਿਸ ਕਾਰਣ ਲੋਕ ਉਨ੍ਹਾਂ ਦੇ ਕੁਕਰਮਾਂ ਦੇ ਵਿਰੁਧ ਉਠ ਖਲੋਤੇ ਸਨ, ਪਰ ਅਜੋਕੇ ਮਹੰਤਾਂ ਨੂੰ ਤਾਂ ਉਨ੍ਹਾਂ ਲੋਕਾਂ ਦੀ ਸਰਪ੍ਰਸਤੀ ਹਾਸਲ ਹੈ, ਜੋ ਸਿੱਖੀ ਦੇ ਰਖਵਾਲੇ ਹੋਣ ਦੇ ਦਾਅਵੇ ਕਰਦੇ ਰਹਿੰਦੇ ਹਨ। ਇਹੀ ਕਾਰਣ ਹੈ ਕਿ ਨਵੇਂ ਮਹੰਤਾਂ ਨੂੰ ਨਾ ਤਾਂ ਸਥਾਪਤ ਮਰਿਆਦਾਵਾਂ ਤੇ ਪਰੰਪਰਾਵਾਂ ਨੂੰ ਬਦਲਣ ਅਤੇ ਸਿੱਖ ਇਤਿਹਾਸ ਵਿਗਾੜਨ ਵਿੱਚ ਕੋਈ ਡਰ-ਭਉ ਮਹਿਸੂਸ ਹੋ ਰਿਹਾ ਹੈ ਅਤੇ ਨਾ ਹੀ ਉਨ੍ਹਾਂ ਨੂੰ ਇਸ ਗਲ ਦੀ ਚਿੰਤਾ ਹੈ ਕਿ ਕੋਈ ਉਨ੍ਹਾਂ ਦੇ ਵਿਰੁਧ ਡੱਟ ਕੇ ਖੜਾ ਹੋ ਸਕਦਾ ਹੈ।

...ਅਤੇ ਅੰਤ ਵਿੱਚ : ਜੇ ਵਰਤਮਾਨ ਹਾਲਾਤ ਦੀ ਬੀਤੇ ਸਮੇਂ ਦੇ ਹਾਲਾਤ ਨਾਲ ਤੁਲਨਾ ਕੀਤੀ ਜਾਏ ਤਾਂ ਇਉਂ ਜਾਪਦਾ ਹੈ ਕਿ ਜਿਵੇਂ ਇਤਿਹਾਸ ਮੁੜ ਆਪਣੇ-ਆਪਨੂੰ ਦੁਹਰਾ ਰਿਹਾ ਹੈ। ਇਤਿਹਾਸ ਦੇ ਇਸ ਦੁਹਰਾਉ ਨੂੰ ਵੇਖਦਿਆਂ ਕੀ ਇਹ ਨਹੀਂ ਜਾਪਦਾ ਕਿ ਸ਼ਰਧਾਲੂ ਸਿੱਖਾਂ ਨੂੰ ਨਵੇਂ ਮਹੰਤਾਂ ਤੋਂ ਗੁਰਧਾਮਾਂ ਨੂੰ ਆਜ਼ਾਦ ਕਰਵਾਉਣ ਅਤੇ ਸਿੱਖੀ ਨੂੰ ਲਗ ਰਹੀ ਢਾਹ ਨੂੰ ਠਲ੍ਹ ਪਾਣ ਲਈ, ਗੁਰਦੁਆਰਾ ਸੁਧਾਰ ਅਤੇ ਸਿੰਘ ਸਭਾ ਲਹਿਰ ਵਰਗੀ ਲਹਿਰ ਇਕ ਲਹਿਰ ਮੁੜ ਸ਼ੁਰੂ ਕਰਨਾ ਸਮੇਂ ਦੀ ਇਕ ਜ਼ਰੂਰੀ ਮੰਗ ਬਣ ਗਈ ਹੋਈ ਹੈ।

Mobile : + 91 95 82 71 98 90
  E-mail : jaswantsinghajit@gmail.com

Address : Jaswant Singh ‘Ajit’, Flat No. 51, Sheetal Apartment, Plot No. 12,
 Sector – 14, Rohini,  DELHI-110085

ਦਾਅਵੇ, ਜੋ ਸਮੇਂ ਨਾਲ ਦੰਮ ਤੋੜ ਗਏ...! - ਜਸਵੰਤ ਸਿੰਘ 'ਅਜੀਤ'

ਲੰਬੇ ਚਲ ਰਹੇ ਲਾਕਡਾਊਨ ਨੇ ਮਨੁਖ ਨੂੰ ਘਰਾਂ ਵਿੱਚ ਬੰਦ ਕਰਕੇ ਰਖ ਦਿਤਾ ਹੈ। ਨਾ ਤੁਸੀਂ ਕਿਸੇ ਨੂੰ ਮਿਲਣ ਜਾ ਸਕਦੇ ਹੋ ਤੇ ਹੀ ਕੋਈ ਤੁਹਾਨੂੰ ਮਿਲਣ ਲਈ ਆ ਸਕਦਾ ਹੈ। ਇਸ ਇਕਲ ਵਿੱਚ ਜੀਵੀ ਜਾ ਰਹੀ ਜ਼ਿੰਦਗੀ ਵਿੱਚ ਜ਼ਰੂਰੀ ਹੈ ਕਿ ਦਿਮਾਗ ਵਿੱਚ ਪੁਰਾਣੀਆਂ ਯਾਦਾਂ ਦੀਆਂ ਪਰਤਾਂ ਇੱਕ-ਇੱਕ ਕਰ ਖੁਲ੍ਹ ਤੁਹਾਡੇ ਸਾਹਮਣੇ ਅਣ-ਦਿਖਦੇ ਪਰਦੇ ਪੁਰ ਸਜੀਵ ਹੋ ਕੇ ਨਚਣ ਲਗ ਪੈਣ। ਬਸ, ਇਹੋ ਗਲ ਮੇਰੇ ਨਾਲ ਹੋਈ। ਇਨ੍ਹਾਂ ਦਿਨਾਂ ਵਿੱਚ ਖੁਲ੍ਹ ਰਹੀਆਂ ਯਾਦਾਂ ਦੀ ਪਰਤਾਂ ਵਿੱਚੌ ਅੱਜ ਇੱਕ ਤੁਹਾਡੇ ਨਾਲ ਸਾਂਝੀ ਕਰਨ ਦੀ ਖੁਸ਼ੀ ਲੈ ਰਿਹਾ ਹਾਂ।
ਵਰ੍ਹਾ 2004, ਦਾ ਸੀ, ਜਿਸ ਵਿੱਚ ਸਿੱਖ ਜਗਤ ਵਲੋਂ ਤਿੰਨ ਸ਼ਤਾਬਦੀਆਂ, ਸ੍ਰੀ ਗੁਰੂ ਅੰਗਦ ਦੇਵ ਜੀ ਦੀ ਪੰਜਵੀਂ ਅਵਤਾਰ ਸ਼ਤਾਬਦੀ, ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਹਿਲੇ ਪ੍ਰਕਾਸ਼ ਦੀ ਚੌਥੀ ਸ਼ਤਾਬਦੀ ਅਤੇ ਸਾਹਿਬਜ਼ਾਦਿਆਂ ਤੇ ਮਾਤਾ ਗੁਜਰੀ ਜੀ ਦੀ ਸ਼ਹਾਦਤ ਦੀ ਤੀਜੀ ਸ਼ਤਾਬਦੀ, ਮਨਾਈਆਂ ਗਈਆਂ ਸਨ। ਇਨ੍ਹਾਂ ਸ਼ਤਾਬਦੀਆਂ ਨੂੰ ਆਪਸੀ ਸਹਿਯੋਗ ਨਾਲ ਮੰਨਾਉਣ ਲਈ ਪ੍ਰੋਗਰਾਮਾਂ ਦੀ ਰੂਪ-ਰੇਖਾ ਉਲੀਕਣ ਵਾਸਤੇ, ਇਸੇ ਵਰ੍ਹੇ (2004) ਦੇ ਅਰੰਭ ਵਿੱਚ ਦਿੱਲੀ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁਖੀਆਂ ਦੀ ਇਕ ਸਾਂਝੀ ਬੈਠਕ ਹੋਈ। ਇਸ ਬੈਠਕ ਵਿੱਚ ਸ਼੍ਰੋਮਣੀ ਕਮੇਟੀ ਦੇ ਉਸ ਸਮੇਂ ਦੇ ਪ੍ਰਧਾਨ, ਜਥੇਦਾਰ ਗੁਰਚਰਨ ਸਿੰਘ ਟੋਹੜਾ ਅਤੇ ਸਕੱਤ੍ਰ ਸ. ਮਨਜੀਤ ਸਿੰਘ ਕਲਕੱਤਾ, (ਜੋ ਅੱਜ ਇਸ ਨਸ਼ਵਰ ਸੰਸਾਰ ਨੂੰ ਅਲਵਿਦਾ ਕਹਿ ਗਏ ਹੋਏ ਹਨ) ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉਸ ਸਮੇਂ ਦੇ ਪ੍ਰਧਾਨ ਸ. ਪ੍ਰਹਿਲਾਦ ਸਿੰਘ ਚੰਢੋਕ (ਇਹ ਵੀ ਇਸ ਸੰਸਾਰ ਨੂੰ ਤਿਆਗ ਗਏ ਹੋਏ ਹਨ) ਅਤੇ ਜਨਰਲ ਸਕੱਤ੍ਰ ਸ. ਹਰਭਜਨ ਸਿੰਘ ਮਠਾਰੂ ਸ਼ਾਮਲ ਹੋਏ। ਇਨ੍ਹਾਂ ਤੋਂ ਇਲਾਵਾ ਦੋਹਾਂ ਧਿਰਾਂ ਦੀਆਂ ਕੁਝ ਵਿਸ਼ੇਸ਼ ਪ੍ਰਮੁਖ ਸ਼ਖਸੀਅਤਾਂ ਨੇ ਵੀ ਇਸ ਬੈਠਕ ਵਿੱਚ ਹਿੱਸਾ ਲਿਆ ਸੀ।
ਇਸ ਬੈਠਕ ਵਿੱਚ ਦੋਹਾਂ ਧਿਰਾਂ ਵਲੋਂ ਪ੍ਰਗਟ ਕੀਤੇ ਗਏ ਵਿਚਾਰਾਂ ਅਤੇ ਦਿੱਤੇ ਗਏ ਸੁਝਾਵਾਂ ਦੇ ਆਧਾਰ ਤੇ ਪ੍ਰੋਗਰਾਮਾਂ ਦੀ ਜੋ ਰੂਪ-ਰੇਖਾ ਤਿਆਰ ਕੀਤੀ ਗਈ, ਉਸਦੀ ਜਾਣਕਾਰੀ ਦਿੰਦਿਆਂ ਸ. ਮਨਜੀਤ ਸਿੰਘ ਕਲਕੱਤਾ ਨੇ ਦਸਿਆ ਕਿ ਜਿਵੇਂ ਕਿ 1975 ਵਿੱਚ ਸਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਦੀ ਤੀਜੀ ਸ਼ਤਾਬਦੀ, ਦੋਹਾਂ ਕਮੇਟੀਆਂ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ, ਨੇ ਆਪਸੀ ਸਹਿਯੋਗ ਨਾਲ ਮਨਾਈ ਸੀ, ਉਸੇ ਤਰ੍ਹਾਂ ਹੀ ਇਹ ਤਿੰਨੇ ਸ਼ਤਾਬਦੀਆਂ ਵੀ ਉਨ੍ਹਾਂ ਵਲੋਂ ਮਿਲ-ਜੁਲ ਕੇ ਆਪਸੀ ਸਹਿਯੋਗ ਨਾਲ ਮਨਾਈਆਂ ਜਾਣਗੀਆਂ।
ਸ. ਮਨਜੀਤ ਸਿੰਘ ਕਲਕੱਤਾ ਨੇ ਦਸਿਆ ਕਿ ਇਸ ਸਬੰਧੀ ਹੋਈ ਸਾਂਝੀ ਬੈਠਕ ਵਿੱਚ ਪ੍ਰੋਗਰਾਮਾਂ ਦੀ ਜੋ ਰੂਪ-ਰੇਖਾ ਉਲੀਕੀ ਗਈ ਹੈ, ਉਸ ਅਨੁਸਾਰ ਇਕ ਤਾਂ ਕਰਤਾਰਪੁਰ ਸਾਹਿਬ ਤੋਂ ਖਡੂਰ ਸਾਹਿਬ ਤਕ ਚੇਤਨਾ ਮਾਰਚ ਦਾ ਆਯੋਜਨ ਕੀਤਾ ਜਾਇਗਾ। ਇਸਤੋਂ ਬਿਨਾਂ ਸ਼੍ਰੋਮਣੀ ਕਮੇਟੀ ਵਲੋਂ ਸ੍ਰੀ ਗੁਰੂ ਅੰਗਦ ਦੇਵ ਜੀ ਦੀ ਬਾਣੀ ਦੀਆਂ ਕੈਸਿਟਾਂ ਤਿਆਰ ਕਰਵਾ ਕੇ ਵੰਡੀਆਂ ਜਾਣਗੀਆਂ। ਗੁਰੂ ਸਾਹਿਬ ਦੇ ਜੀਵਨ, ਕਾਰਜਾਂ ਅਤੇ ਬਾਣੀ ਪੁਰ ਅਧਾਰਤ ਪੰਜ ਸੈਮੀਨਾਰ ਆਯੋਜਿਤ ਕਰਨ ਦੇ ਨਾਲ ਹੀ ਇਸ ਸਬੰਧ ਵਿੱਚ ਪੰਜ ਪੁਸਤਕਾਂ ਵੀ ਛਾਪੀਆਂ ਜਾਣਗੀਆਂ।
ਉਨ੍ਹਾਂ ਹੋਰ ਦਸਿਆ ਕਿ ਇਸ ਮੌਕੇ ਤੇ ਪੰਜ ਸੌ ਨੌਜਵਾਨਾਂ ਦਾ ਇਕ ਜਥਾ ਤਿੱਆਰ ਕੀਤਾ ਜਾਇਗਾ, ਜਿਸਦੇ ਮੈਂਬਰ ਗਰੁਪਾਂ ਦੇ ਰੂਪ ਵਿੱਚ ਪਿੰਡ-ਪਿੰਡ ਜਾ ਕੇ ਸਿੱਖੀ ਦਾ ਪ੍ਰਚਾਰ ਕਰਨਗੇ। ਸਿੱਖ ਧਰਮ ਅਤੇ ਇਤਿਹਾਸ ਨਾਲ ਸਬੰਧਤ ਫਿਲਮਾਂ ਵਿਖਾ ਕੇ ਨੌਜਵਾਨਾਂ ਨੂੰ ਸਿੱਖੀ ਵਿਰਸੇ ਨਾਲ ਜੁੜੇ ਰਹਿਣ ਲਈ ਉਤਸਾਹਿਤ ਕਰਨਗੇ ਅਤੇ ਵਿਰਸੇ ਨਾਲੋਂ ਟੁੱਟ ਚੁਕਿਆਂ ਨੂੰ ਪ੍ਰੇਰ ਕੇ ਮੁੜ ਵਿਰਸੇ ਨਾਲ ਜੋੜਨਗੇ।
ਸ. ਕਲਕੱਤਾ ਨੇ ਦਸਿਆ ਜਿਨ੍ਹਾਂ ਹੋਰ ਪ੍ਰੋਗਰਾਮਾਂ ਬਾਰੇ ਸਹਿਮਤੀ ਹੋਈ, ਉਨ੍ਹਾਂ ਅਨੁਸਾਰ ਸਾਰੇ ਖਾਲਸਾ ਸਕੂਲਾਂ ਅਤੇ ਖਾਲਸਾ ਕਾਲਜਾਂ ਵਿੱਚ ਗੁਰਮਤਿ ਕੇਂਦਰ ਸਥਾਪਤ ਕੀਤੇ ਜਾਣਗੇ ਅਤੇ ਸਿੱਖ ਇਤਿਹਾਸ ਅਤੇ ਧਰਮ ਨਾਲ ਸਬੰਧਤ ਸੀਰੀਅਲ ਤਿਆਰ ਕਰਵਾ ਕੇ ਵੱਖ-ਵੱਖ ਟੀਵੀ ਚੈਨਲਾਂ ਪੁਰ ਪ੍ਰਸਾਰਤ ਕਰਵਾਏ ਜਾਣਗੇ, ਤਾਂ ਜੋ ਸਿੱਖ ਧਰਮ ਅਤੇ ਗੁਰੂ ਸਾਹਿਬਾਨ ਤੇ ਸਿੱਖਾਂ ਵਲੋਂ ਮਾਨਵਤਾ ਦੀਆਂ ਕਦਰਾਂ-ਕੀਮਤਾਂ ਦੀ ਰਖਿਆ ਲਈ ਦਿੱਤੀਆਂ ਗਈਆਂ ਕੁਰਬਾਨੀਆਂ ਤੋਂ ਸਾਰਾ ਸੰਸਾਰ ਜਾਣੂ ਹੋ ਸਕੇ ਅਤੇ ਵਿਸ਼ਵ-ਭਰ ਵਿੱਚ ਸਿੱਖਾਂ ਦਾ ਮਾਣ-ਸਤਿਕਾਰ ਵੱਧ ਸਕੇ। ਇਸਤੋਂ ਬਿਨਾਂ ਇਹ ਫੈਸਲਾ ਵੀ ਕੀਤਾ ਗਿਆ ਕਿ ਸੰਸਾਰ ਭਰ ਦੀਆਂ ਸਿੱਖ ਜਥੇਬੰਦੀਆਂ, - ਸਿੰਘ ਸਭਾਵਾਂ, ਸੋਸਾਇਟੀਆਂ ਆਦਿ ਦਾ ਸਹਿਯੋਗ ਲੈ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਸਬੰਧ ਵਿੱਚ ਸਮਾਗਮਾਂ ਅਤੇ ਸੈਮੀਨਾਰਾਂ ਦਾ ਆਯੋਜਨ ਕਰ ਉਸਦੇ ਸਰਬ-ਸਾਂਝੇ ਸੰਦੇਸ਼ ਨੂੰ ਸੰਸਾਰ ਭਰ ਵਿੱਚ ਪ੍ਰਚਾਰਨ ਤੇ ਪਹੁੰਚਾਣ ਦੇ ਉਪਰਾਲੇ ਕੀਤੇ ਜਾਣਗੇ।
ਉਨ੍ਹਾਂ ਦਸਿਆ ਕਿ ਇਸਤੋਂ ਇਲਾਵਾ ਦਸ ਹਜ਼ਾਰ ਸਿੱਖ ਨੌਜਵਾਨਾਂ ਦਾ ਇਕ ਇਕੱਠ ਕਰਕੇ ਉਨ੍ਹਾਂ ਨੂੰ ਸਿੱਖੀ ਰਹਿਤ, ਬਾਣੀ ਅਤੇ ਬਾਣੇ ਦੀ ਮਹਤੱਤਾ ਅਤੇ ਨਸ਼ਿਆਂ ਦੇ ਮਾਰੂ ਪ੍ਰਭਾਵ ਤੋਂ ਜਾਣੂ ਕਰਵਾਇਆ ਜਾਇਗਾ। ਸ੍ਰੀ ਅਨੰਦਪੁਰ ਸਾਹਿਬ ਵਿਖੇ ਬੀਬੀਆਂ, ਜਿਨ੍ਹਾਂ ਨੇ ਭਵਿਖ ਦੀ ਪੀੜੀ ਦੀ ਸੰਭਾਲ ਕਰਨੀ ਹੈ ਅਤੇ ਲੜਕਿਆਂ ਜਿਨ੍ਹਾਂ ਨੇ ਭਵਿਖ ਦਾ ਵਾਰਸ ਬਣਨਾ ਹੈ, ਦੇ ਗੁਰਮਤਿ ਕੈਂਪ ਲਾਏ ਜਾਣਗੇ। ਸੰਗਤਾਂ ਨੂੰ ਹਰ ਮਹੀਨੇ ਦੀ ਪੰਜ ਤਾਰੀਖ ਨੂੰ ਅਨੰਦਪੁਰ ਸਾਹਿਬ ਤੋਂ ਪਰਿਵਾਰ ਵਿਛੋੜੇ, ਚਮਕੌਰ ਸਾਹਿਬ ਅਤੇ ਫਤਹਿਗੜ੍ਹ ਸਾਾਹਿਬ ਦੀ ਯਾਤਰਾ ਕਰਵਾਉਣ ਅਤੇ ਉਥੋਂ ਦੇ ਇਤਿਹਾਸ ਬਾਰੇ ਜਾਣਕਾਰੀ ਉਪਲਬੱਧ ਕਰਵਾਉਣ ਦੇ ਪ੍ਰਬੰਧ ਕੀਤੇ ਜਾਣਗੇ।
ਉਸ ਬੈਠਕ ਵਿੱਚ ਕੁਝ ਹੋਰ ਵੀ ਪ੍ਰੋਗਰਾਮ ਉਲੀਕੇ ਗਏ, ਜਿਨ੍ਹਾਂ ਅਨੁਸਾਰ ਦਿੱਲੀ, ਮੁੰਬਈ, ਕਲਕੱਤਾ ਅਤੇ ਨਾਗਪੁਰ ਤੋਂ ਇਲਾਵਾ ਵਿਦੇਸ਼ਾਂ ਵਿੱਚ ਅਜਿਹੇ ਗੁਰਮਤਿ ਸਮਾਗਮ ਆਯੋਜਿਤ ਕੀਤੇ ਜਾਣਗੇ, ਜਿਨ੍ਹਾਂ ਦਾ ਵਾਤਾਵਰਣ ਪੂਰਣ ਰੂਪ ਸਿੱਖੀ ਦਾ ਸਿਰਜਿਆ ਗਿਆ ਹੋਵੇਗਾ। ਦੇਸ ਦੇ ਵੱਖ-ਵੱਖ ਹਿਸਿਆਂ ਵਿੱਚ ਵਸ ਰਹੇ ਅਤੇ ਅਣਗੋਲੇ ਕੀਤੇ ਗਏ ਹੋਏ, ਗੁਰੂ ਨਾਨਕ ਨਾਮ ਲੇਵਾਵਾਂ ਨੂੰ ਪੰਥ ਨਾਲ ਜੋੜਨ ਦੇ ਉਪਰਾਲੇ ਕੀਤੇ ਜਾਣਗੇ ਅਤੇ ਬਾਣੀ ਦੇ ਸ਼ੁਧ ਉਚਾਰਣ ਦੀ ਸਿਖਿਆ ਦੇਣ ਦੇ ਵਿਸ਼ੇਸ਼ ਉਪਰਾਲੇ ਹੋਣਗੇ।
ਡਾ. ਜਸਪਾਲ ਸਿੱੰਘ (ਵਰਤਮਾਨ ਸਾਬਕਾ ਉਪ-ਕੁਲਪਤੀ ਪੰਜਾਬੀ ਯੂਨੀਵਰਸਿਟੀ ਪਟਿਆਲਾ) ਵਲੋਂ ਦਿਤੇ ਗਏ ਸੁਝਾਵ ਅਨੁਸਾਰ ਦੋ-ਪੜਾਵੀ, ਘਟ ਸਮੇਂ ਦੇ ਅਤੇ ਲੰਮੇਂ ਸਮੇਂ ਦੇ ਵੱਖ-ਵੱਖ ਪ੍ਰੋਗਰਾਮ ਉਲੀਕਣ ਦਾ ਫੈਸਲਾ ਵੀ ਕੀਤਾ ਗਿਆ। ਉਨ੍ਹਾਂ ਕਿਹਾ ਕਿ ਇਨ੍ਹਾਂ ਸ਼ਤਾਬਦੀਆਂ ਦੀ ਗਲ ਕੇਵਲ ਗੁਰਮੁਖੀ ਵਿੱਚ ਹੀ ਨਾ ਹੋਵੇ। ਬਾਣੀ ਦੇ ਸੰਦੇਸ਼ ਨੂੰ ਸਰਬ-ਵਿਆਪੀ ਬਣਾਉਣ ਲਈ ਸੰਸਾਰ ਦੀਆਂ ਹੋਰ ਭਾਸ਼ਾਵਾਂ ਵਿੱਚ ਵੀ, ਉਸਨੂੰ ਭਾਵ-ਅਰਥਾਂ ਸਹਿਤ ਛਾਪ ਕੇ ਵੰਡਿਆ ਜਾਏ। ਇਸੇ ਉਦੇਸ਼ ਲਈ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਨਾਂ ਤੇ ਸਕੂਲ ਆਫ ਲੈਗੁਏਜੇਜ਼ ਦੀ ਵੀ ਸਥਾਪਨਾ ਕੀਤੀ ਜਾਏ। ਉਨ੍ਹਾਂ ਇਹ ਸੁਝਾਉ ਵੀ ਦਿੱਤਾ ਕਿ ਸਾਹਿਬਜ਼ਾਦਿਆਂ ਦੇ ਨਾਂ ਤੇ ਚਾਰ ਸਕੂਲ ਕਾਇਮ ਕੀਤੇ ਜਾਣ ਅਤੇ ਮਾਤਾ ਗੁਜਰੀ ਜੀ ਦੇ ਨਾਂ ਤੇ ਇਕ ਅਜਿਹੀ ਇੰਸਟੀਚਿਊਟ ਕਾਇਮ ਕੀਤੀ ਜਾਏ, ਜਿਸ ਰਾਹੀਂ 'ਸਿੱਖ ਧਰਮ ਵਿੱਚ ਇਸਤ੍ਰੀ ਦੇ ਸਥਾਨ' ਦੇ ਸੰਦੇਸ਼ ਨੂੰ ਸੰਸਾਰ ਭਰ ਵਿੱਚ ਪ੍ਰਚਾਰਿਆ ਜਾ ਸਕੇ। ਇਹ ਵੀ ਕਿਹਾ ਗਿਆ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਬਾਰੇ ਇਕ 'ਇੰਟਰ ਫੇਥ' ਸੰਸਥਾ ਦੀ ਸਥਾਪਨਾ ਕੀਤੀ ਜਾਏ। ਖਾਲਸਾ ਸਕੂਲਾਂ ਅਤੇ ਕਾਲਜਾਂ ਦੇ ਅਧਿਆਪਕਾਂ ਦੇ 15-15 ਦਿਨਾਂ ਕੈਂਪ ਲਾਏ ਜਾਣ, ਜਿਨ੍ਹਾਂ ਵਿੱਚ ਸਿੱਖੀ ਜੀਵਨ ਜਾਚ ਅਤੇ ਸਿੱਖੀ ਦੇ ਮੂਲ ਸਿਧਾਂਤਾਂ ਬਾਰੇ ਜਾਣਕਾਰੀ ਦਿਤੀ ਜਾਏ।
ਇਨ੍ਹਾਂ ਸਾਰੇ ਫੈਸਲਿਆਂ ਅਤੇ ਉਲੀਕੇ ਗਏ ਪ੍ਰੋਗਰਾਮਾਂ ਪੁਰ ਅਮਲ ਕਰਨ ਲਈ ਵੱਖ-ਵੱਖ ਕਮੇਟੀਆਂ ਬਣਾਉਣ ਦਾ ਫੈਸਲਾ ਵੀ ਕੀਤਾ ਗਿਆ, ਜਿਨ੍ਹਾਂ ਦਾ ਕੇਂਦਰੀ ਕਮੇਟੀ ਦੇ ਨਾਲ ਸੰਪਰਕ ਕਾਇਮ ਰਹੇਗਾ।
ਇਸ ਮੌਕੇ ਤੇ ਜ. ਗੁਰਚਰਨ ਸਿੰਘ ਟੌਹੜਾ, ਜੋ ਬੈਠਕ ਦੀ ਪ੍ਰਧਾਨਗੀ ਕਰ ਰਹੇ ਸਨ, ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਸਿੱਖੀ ਨੂੰ ਕੇਵਲ ਬਾਹਰੋਂ ਵਿਰੋਧੀਆਂ ਤੋਂ ਹੀ ਨਹੀਂ. ਸਗੋਂ ਅੰਦਰੋਂ ਆਪਣਿਆਂ ਵਲੋਂ ਵੀ ਚੁਨੌਤੀਆਂ ਮਿਲ ਰਹੀਆਂ ਹਨ। ਉਨ੍ਹਾਂ ਕਿਹਾ ਕਿ ਪੰਜਾਬ, ਜਿਥੇ ਕਿ ਸਿੱਖੀ ਦੀਆਂ ਜੜਾਂ ਹਨ, ਵਿੱਚ ਹੀ ਸਿੱਖੀ ਨੂੰ ਢਾਹ ਲਗ ਰਹੀ ਹੈ। ਉਨ੍ਹਾਂ ਸਵੀਕਾਰ ਕੀਤਾ ਕਿ ਜਿਨ੍ਹਾਂ ਨੇ ਸਿੱਖੀ ਪ੍ਰਤੀ ਵਚਨਬੱਧਤਾ ਨਿਭਾਹੁਣੀ ਸੀ, ਉਨ੍ਹਾਂ ਦੇ ਹੀ ਬੱਚੇ ਪਤਿਤ ਹੋ ਗਏ ਹਨ। ਉਨ੍ਹਾਂ ਦਸਿਆ ਕਿ ਸਿੱਖੀ ਦੀ ਭਾਵਨਾ ਤਾਂ ਹੈ, ਪ੍ਰੰਤੂ ਦਾੜ੍ਹੀ ਕੇਸ ਨਹੀਂ ਹਨ, ਜੋ ਕਿ ਬਹੁਤ ਚਿੰਤਾ ਦੀ ਗਲ ਹੈ। ਉਨ੍ਹਾਂ ਇਹ ਵੀ ਮੰਨਿਆ ਕਿ ਵਿਦਿਆਰਥੀਆਂ ਰਾਹੀਂ ਹੀ ਪਤਿਤ-ਪੁਣੇ ਵਿਰੁਧ ਲਹਿਰ ਪੈਦਾ ਕਰ ਕੇ ਇਸਨੂੰ ਠਲ੍ਹ ਪਾਈ ਜਾ ਸਕਦੀ ਹੈ।

...ਅਤੇ ਅੰਤ ਵਿੱਚ: ਇਨ੍ਹਾਂ ਕੀਤੇ ਗਏ ਫੈਸਲਿਆਂ ਪੁਰ ਕਿਤਨਾ-ਕੁ ਅਮਲ ਹੋਇਆ ਇਹ ਤਾਂ ਸ਼੍ਰੋਮਣੀ ਕਮੇਟੀ ਅਤੇ ਦਿੱਲੀ ਗੁਰਦੁਆਰਾ ਕਮੇਟੀ ਦੇ ਮੁੱਖੀ ਹੀ ਦਸ ਸਕਦੇ ਹਨ। ਪਰ ਇਤਨਾ ਜ਼ਰੂਰ ਕਿਹਾ ਜਾ ਸਕਦਾ ਹੈ ਕਿ ਜੇ ਇਨ੍ਹਾਂ ਫੈਸਲਿਆਂ ਪੁਰ ਇਮਾਨਦਾਰੀ ਨਾਲ ਅਮਲ ਕੀਤਾ ਜਾਂਦਾ ਤਾਂ ਅੱਜ ਪੰਜਾਬ ਵਿੱਚ ਸਿੱਖੀ ਨਾਲੋਂ ਟੁੱਟਦੇ ਜਾ ਰਹੇ ਨੌਜਵਾਨਾਂ ਦੀਆਂ ਜੋ ਡਾਰਾਂ ਵੇਖਣ ਨੂੰ ਮਿਲ ਰਹੀਆਂ ਹਨ, ਉਹ ਨਾ ਮਿਲਦੀਆਂ ਅਤੇ ਨਾ ਹੀ ਇਸਦੀ ਹਵਾ ਪੰਜਾਬੋਂ ਬਾਹਰ ਵਲ ਵਧਣੀ ਸ਼ੁਰੂ ਹੋ ਸਕਦੀ।

Mobile : + 91 95 82 71 98 90
E-mail : jaswantsinghajit@gmail.com
Address : Jaswant Singh ‘Ajit’, Flat No. 51, Sheetal Apartment, Plot No. 12,
 Sector – 14, Rohini,  DELHI-110085