Jatinder Pannu

ਚੋਣਾਂ ਦਾ ਚੱਕਰ ਨਤੀਜੇ ਸੌਂਪ ਕੇ ਨਿਕਲ ਗਿਆ, ਅੱਗੇ ਕਦਮ ਵਧਾਉਣ ਬਾਰੇ ਸੋਚੀਏ - ਜਤਿੰਦਰ ਪਨੂੰ

ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਹੋਣ ਪਿੱਛੋਂ ਨਤੀਜੇ ਨਿਕਲ ਚੁੱਕੇ ਹਨ ਅਤੇ ਆਮ ਆਦਮੀ ਪਾਰਟੀ ਇਹੋ ਜਿਹੀ ਤਾਕਤ ਬਣ ਕੇ ਉੱਭਰੀ ਹੈ, ਜਿਸ ਦਾ ਕਿਸੇ ਨੂੰ ਖਿਆਲ ਵੀ ਨਹੀਂ ਸੀ। ਉਸ ਨੂੰ ਇੱਕ ਸੌ ਸਤਾਰਾਂ ਵਿੱਚੋਂ ਬਾਨਵੇਂ ਸੀਟਾਂ ਮਿਲਣ ਦਾ ਕਾਰਨ ਏਥੋਂ ਪਤਾ ਲੱਗਦਾ ਹੈ ਕਿ ਕੁੱਲ ਭੁਗਤੀਆਂ ਵੋਟਾਂ ਵਿੱਚੋਂ ਬਤਾਲੀ ਫੀਸਦੀ ਲੋਕਾਂ ਨੇ ਉਸ ਨੂੰ ਵੋਟ ਪਾਈ ਹੈ, ਜਦ ਕਿ ਉਸ ਦੀ 'ਨੇੜਲੀ ਵਿਰੋਧੀ' ਕਾਂਗਰਸ ਪਾਰਟੀ ਨੂੰ ਤੇਈ ਫੀਸਦੀ ਤੋਂ ਵੀ ਘੱਟ ਵੋਟਾਂ ਮਿਲੀਆਂ ਹਨ। ਏਨੇ ਵੱਡੇ ਪਾੜੇ ਵੱਲ ਵੇਖੀਏ ਤਾਂ ਕਾਂਗਰਸ ਨੂੰ ਉਸ ਦੀ 'ਨੇੜਲੀ ਵਿਰੋਧੀ' ਕਹਿੰਦਿਆਂ ਵੀ ਹੱਸ ਪਈਦਾ ਹੈ। ਜਿਹੜੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਈ ਵਾਰੀ ਇਹ ਕਿਹਾ ਸੀ ਕਿ 'ਪਿਛਲੀ ਵਾਰੀ ਮੈਂ ਡਿਪਟੀ-ਡੁਪਟੀ ਹੁੰਦਾ ਸਾਂ, ਇਸ ਵਾਰੀ ਪੂਰਾ ਮੁੱਖ ਮੰਤਰੀ ਬਣਾਂਗਾ', ਉਸ ਦੀ ਪਾਰਟੀ ਨੂੰ ਸਿਰਫ ਤਿੰਨ ਸੀਟਾਂ ਮਿਲੀਆਂ ਤੇ ਵੋਟਾਂ ਸਾਢੇ ਅਠਾਰਾਂ ਫੀਸਦੀ ਤੋਂ ਹੇਠਾਂ ਰਹਿ ਗਈਆਂ ਹਨ। ਪੰਜਾਬ ਦੇ ਤਿੰਨ ਖੇਤਰ ਮਾਝਾ, ਦੋਆਬਾ ਅਤੇ ਮਾਲਵਾ ਹਨ ਅਤੇ ਅਕਾਲੀ ਦਲ ਨੂੰ ਤਿੰਨਾਂ ਵਿੱਚ ਇੱਕ-ਇੱਕ ਸੀਟ, ਮਾਝੇ ਵਿੱਚ ਮਜੀਠਾ, ਦੋਆਬੇ ਵਿੱਚ ਬੰਗਾ ਤੇ ਮਾਲਵੇ ਦੀ ਦਾਖਾ ਮਿਲੀ ਹੈ, ਬਾਕੀ ਸਾਰੇ ਪੰਜਾਬ ਵਿੱਚ ਉਸ ਨੂੰ ਝਾੜੂ ਵਾਲਿਆਂ ਨੇ ਮਾਂਜਾ ਮਾਰ ਕੇ ਖੂੰਜੇ ਲਾ ਦਿੱਤਾ ਹੈ। ਇਹ ਆਪਣੇ ਆਪ ਵਿੱਚ ਹੈਰਾਨੀ ਜਨਕ ਹੈ।
ਹੈਰਾਨੀ ਜਨਕ ਇਹ ਵੀ ਹੈ ਕਿ ਪੰਜਾਬ ਦਾ ਪੰਜ ਵਾਰੀਆਂ ਦਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਆਪਣੇ ਲੰਬੀ ਹਲਕੇ ਵਾਲੀ ਪੱਕੀ ਮੰਨੀ ਜਾਂਦੀ ਸੀਟ ਤੋਂ ਉਮਰ ਦੇ ਆਖਰੀ ਪਹਿਰ ਵਿੱਚ ਹਾਰ ਕੇ ਸਾਰੀ ਉਮਰ ਦੇ ਕਦੇ ਨਾ ਹਾਰਨ ਵਾਲੇ ਆਗੂ ਦਾ ਅਕਸ ਮਿੱਟੀ ਵਿੱਚ ਮਿਲਾ ਬੈਠਾ ਹੈ। ਉਸ ਦੇ ਨੇੜਲੇ ਸਲਾਹਕਾਰਾਂ ਤੇ ਸਾਰੀ ਉਮਰ ਦੇ ਸਾਥੀਆਂ ਨੇ ਸਲਾਹ ਦੇਣ ਦੀ ਕੋਸ਼ਿਸ਼ ਕੀਤੀ ਸੀ ਕਿ ਉਸ ਨੂੰ ਸਦੀ ਪੂਰੀ ਕਰਨ ਤੋਂ ਮਸਾਂ ਛੇ ਕੁ ਸਾਲ ਘੱਟ ਹੁੰਦਿਆਂ ਇਸ ਉਮਰ ਵਿੱਚ ਚੋਣ ਲੜਨ ਤੇ ਅਕਸ ਨੂੰ ਦਾਅ ਉੱਤੇ ਲਾਉਣ ਤੋਂ ਬਚਣਾ ਚਾਹੀਦਾ ਹੈ। ਬਾਦਲ ਪਰਵਾਰ ਵਿੱਚ ਜਿਸ ਦੀ ਸਭ ਤੋਂ ਵੱਧ ਚੱਲਦੀ ਹੈ ਅਤੇ ਉਸ ਦੇ ਮੂਹਰੇ ਕੋਈ ਸਿਰ ਨਹੀਂ ਚੁੱਕ ਸਕਦਾ, ਉਸ ਨੇ ਕਿਹਾ ਸੀ ਕਿ 'ਪਾਪਾ ਨੂੰ ਇਸ ਵਾਰੀ ਸੁਪਰ ਸੀ ਐੱਮ ਬਣਾਉਣਾ ਹੈ, ਇਸ ਲਈ ਇਹ ਚੋਣ ਲੜਨੀ ਹੀ ਲੜਨੀ ਹੈ।' ਨਤੀਜਾ ਬਹੁਤ ਬੁਰਾ ਨਿਕਲਿਆ ਅਤੇ ਓਦੋਂ ਵੀ ਬੁਰੀ ਗੱਲ ਕਿ ਬਾਦਲ ਸਾਹਿਬ ਦਾ ਪਹਿਲਾਂ ਡਿਪਟੀ ਮੁੱਖ ਮੰਤਰੀ ਰਹਿ ਚੁੱਕਾ ਪੁੱਤਰ ਇਸ ਵਾਰੀ 'ਡਿਪਟੀ-ਡੁਪਟੀ' ਦੀ ਥਾਂ ਪੂਰਾ ਮੁੱਖ ਮੰਤਰੀ ਬਣਨ ਦੇ ਸੁਫਨੇ ਲੈਂਦਾ ਆਪਣੀ ਜਲਾਲਾਬਾਦ ਸੀਟ ਤੋਂ ਨਵੇਂ ਉੱਭਰੇ ਆਗੂ ਜਗਦੀਪ ਕੰਬੋਜ ਤੋਂ ਲੱਗਭਗ ਇਕੱਤੀ ਹਜ਼ਾਰ ਵੋਟਾਂ ਦੇ ਫਰਕ ਨਾਲ ਬੁਰੀ ਤਰ੍ਹਾਂ ਹਾਰ ਗਿਆ ਹੈ। ਬਾਦਲ ਸਾਹਿਬ ਦਾ ਦਾਮਾਦ ਵੀ ਪੱਟੀ ਸੀਟ ਤੋਂ ਗਿਆਰਾਂ ਹਜ਼ਾਰ ਵੋਟਾਂ ਨਾਲ ਹਾਰ ਗਿਆ ਤੇ ਪੁੱਤਰ ਦਾ ਸਾਲਾ ਬਿਕਰਮ ਸਿੰਘ ਮਜੀਠੀਆ ਵੀ ਅੰਮ੍ਰਿਤਸਰ ਪੂਰਬੀ ਹਲਕੇ ਤੋਂ ਪੰਝੀ ਹਜ਼ਾਰ ਵੋਟਾਂ ਲੈ ਕੇ ਤੀਸਰੀ ਥਾਂ ਆਇਆ ਹੈ। ਆਮ ਆਦਮੀ ਪਾਰਟੀ ਵੱਲੋਂ ਓਥੇ ਸਿਆਸੀ ਖੇਤਰ ਵਿੱਚ ਅਸਲੋਂ ਨਵੀਂ ਉੱਭਰੀ ਆਗੂ ਜੀਵਨਜੋਤ ਕੌਰ ਨੂੰ ਜਿਤਾਉਣ ਲਈ ਚਾਲੀ ਹਜ਼ਾਰ ਦੇ ਕਰੀਬ ਲੋਕਾਂ ਨੇ ਵੋਟਾਂ ਪਾਈਆਂ ਤੇ ਪੰਜਾਬ ਕਾਂਗਰਸ ਦਾ ਬੜਬੋਲਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਵੀ ਉਸ ਨਾਲੋਂ ਪੌਣੇ ਸੱਤ ਹਜ਼ਾਰ ਵੋਟਾਂ ਦੇ ਫਰਕ ਨਾਲ ਹਾਰ ਪੱਲੇ ਪੁਆ ਬੈਠਾ ਹੈ। ਅਕਾਲੀ ਦਲ ਦੇ ਬਜਾਏ ਕਾਂਗਰਸ ਵੱਲੋਂ ਸਹੀ, ਪ੍ਰਕਾਸ਼ ਸਿੰਘ ਬਾਦਲ ਦਾ ਭਤੀਜਾ ਮਨਪ੍ਰੀਤ ਸਿੰਘ ਬਾਦਲ, ਜਿਹੜਾ ਪੰਜ ਸਾਲਾਂ ਤੋਂ ਕਾਂਗਰਸ ਦੀ ਸਰਕਾਰ ਦਾ ਖਜ਼ਾਨਾ ਮੰਤਰੀ ਸੀ ਅਤੇ ਕਿਹਾ ਜਾ ਰਿਹਾ ਸੀ ਕਿ ਬਾਦਲ ਪਰਵਾਰ ਅੰਦਰ-ਖਾਤੇ ਆਪਸ ਵਿੱਚ ਇੱਕ ਦੂਸਰੇ ਦੀ ਮਦਦ ਲਈ ਸਾਂਝ ਪਾ ਚੁੱਕਾ ਹੈ, ਬਠਿੰਡੇ ਦੀ ਸੀਟ ਤੋਂ ਉਹ ਸਾਢੇ ਤਰੇਹਠ ਹਜ਼ਾਰ ਵੋਟਾਂ ਦੇ ਫਰਕ ਨਾਲ ਸ਼ਰਮਿੰਦਗੀ ਵਾਲੀ ਹਾਰ ਦਾ ਭਾਗੀ ਬਣਿਆ ਹੈ। ਇਸ ਨਤੀਜੇ ਨੇ ਆਜ਼ਾਦੀ ਤੋਂ ਬਾਅਦ ਪਹਿਲੀ ਵਾਰੀ ਪੰਜਾਬ ਦੀ ਵਿਧਾਨ ਸਭਾ ਬਾਦਲ-ਮੁਕਤ ਕਰ ਦਿੱਤੀ ਹੈ। ਇਹੀ ਨਹੀਂ, ਪਾਰਟੀ ਦੇ ਵੱਡੇ ਚਿਹਰਿਆਂ ਵਿੱਚੋਂ ਜਥੇਦਾਰ ਤੋਤਾ ਸਿੰਘ ਵਰਗਾ ਅੱਧੀ ਸਦੀ ਤੋਂ ਵੱਧ ਪੁਰਾਣਾ ਅਕਾਲੀ ਆਗੂ ਆਪਣੀ ਧਰਮਕੋਟ ਵਾਲੀ ਸੀਟ ਹਾਰ ਗਿਆ ਤੇ ਉਸ ਦਾ ਪੁੱਤਰ ਬਰਜਿੰਦਰ ਸਿੰਘ ਮੋਗੇ ਤੋਂ ਹਾਰ ਗਿਆ। ਮਰਹੂਮ ਜਥੇਦਾਰ ਗੁਰਚਰਨ ਸਿੰਘ ਟੌਹੜਾ ਦਾ ਪੱਕਾ ਸਿਆਸੀ ਫਰਜ਼ੰਦ ਕਿਹਾ ਜਾਂਦਾ ਪ੍ਰੇਮ ਸਿੰਘ ਚੰਦੂਮਾਜਰਾ ਆਪਣੀ ਘਨੌਰ ਵਾਲੀ ਸੀਟ ਤੋਂ ਅਤੇ ਉਸ ਦਾ ਪੁੱਤਰ ਨਾਲ ਦੀ ਸਨੌਰ ਸੀਟ ਤੋਂ ਹਾਰ ਗਿਆ ਹੈ। ਪਾਰਟੀ ਦਾ ਹੋਰ ਕਿਹੜਾ-ਕਿਹੜਾ ਆਗੂ ਕਿੱਦਾਂ ਹਾਰਿਆ, ਇਸ ਬਾਰੇ ਚਰਚਾ ਕਰਨ ਦੀ ਲੋੜ ਨਹੀਂ ਰਹਿੰਦੀ।
ਕਾਂਗਰਸ ਪਾਰਟੀ ਨੇ ਜਦੋਂ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਬਣਾਇਆ ਸੀ ਤਾਂ ਅਸੀਂ ਸਵਾਗਤ ਕੀਤਾ ਤੇ ਕਿਹਾ ਸੀ ਕਿ ਇਹ ਪੰਜਾਬ ਦੀ ਰਾਜਨੀਤੀ ਦਾ ਸੁਲੱਖਣਾ ਪੱਖ ਹੈ ਕਿ ਅਸਲੋਂ ਦੱਬੇ-ਕੁਚਲੇ ਘਰ ਵਿੱਚ ਜਨਮਿਆ ਬੱਚਾ ਵੀ ਇਸ ਰਾਜ ਦੀ ਸਿਖਰਲੀ ਸਿਆਸੀ ਕੁਰਸੀ ਉੱਤੇ ਬੈਠਾ ਹੈ। ਉਹ ਉਸ ਕੁਰਸੀ ਉੱਤੇ ਬੈਠ ਕੇ ਜਿਸ ਤਰ੍ਹਾਂ ਚੱਲਿਆ, ਅਗਲੇ ਦਿਨਾਂ ਵਿੱਚ ਨਾ ਪਾਰਟੀ ਦਾ ਕੁਝ ਬਣਾ ਸਕਿਆ ਅਤੇ ਨਾ ਦੋ ਥਾਂਈਂ ਕਾਗਜ਼ ਭਰ ਕੇ ਇੱਕ ਵੀ ਸੀਟ ਨੂੰ ਖੁਦ ਜਿੱਤਣ ਜੋਗਾ ਨਿਕਲਿਆ ਹੈ। ਉਸ ਦੀ ਪਾਰਟੀ ਦਾ ਜਿਹੜਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਆਪਣਾ ਬਣਾਇਆ 'ਪੰਜਾਬ ਮਾਡਲ' ਲੋਕਾਂ ਨੂੰ ਵਿਖਾ ਕੇ ਸੱਤਰ ਸੀਟਾਂ ਜਿੱਤਣ ਦਾ ਦਾਅਵਾ ਕਰਦਾ ਸੀ, ਉਹ ਆਪਣੀ ਅੰਮ੍ਰਿਤਸਰ ਪੂਰਬੀ ਦੀ ਸੀਟ ਤੋਂ ਪਾਰ ਲੱਗਣ ਯੋਗ ਨਹੀਂ ਨਿਕਲਿਆ ਅਤੇ ਨਾਲ ਦੀ ਸੀਟ ਤੋਂ ਪਾਰਟੀ ਦਾ ਡਿਪਟੀ ਮੁੱਖ ਮੰਤਰੀ ਓਮ ਪ੍ਰਕਾਸ਼ ਸੋਨੀ ਵੀ ਹਾਰ ਗਿਆ ਹੈ। ਇਸ ਪਾਰਟੀ ਨੂੰ ਮਸਾਂ ਡੇਢ ਦਰਜਨ ਸੀਟਾਂ ਮਿਲੀਆਂ ਹਨ ਅਤੇ ਏਨੀਆਂ ਮਿਲਣ ਤੋਂ ਵੀ ਲੋਕ ਹੈਰਾਨ ਹਨ, ਕਿਉਂਕਿ ਕਾਂਗਰਸ ਆਗੂ ਜਦੋਂ ਚੱਲਦੀ ਚੋਣ ਦੌਰਾਨ ਵੀ ਇੱਕ ਦੂਸਰੇ ਦੇ ਗਿੱਟੇ ਸੇਕਦੇ ਰਹੇ ਤਾਂ ਇਸ ਤੋਂ ਵੱਖਰਾ ਨਤੀਜਾ ਨਿਕਲਣ ਦੀ ਆਸ ਵੀ ਕਿਸੇ ਨੂੰ ਨਹੀਂ ਸੀ। ਚੱਲਦੀ ਚੋਣ ਦੌਰਾਨ ਨਵਜੋਤ ਸਿੰਘ ਸਿੱਧੂ ਦੂਸਰੇ ਕਾਂਗਰਸੀ ਲੀਡਰਾਂ ਅਤੇ ਆਪਣੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਖਿਲਾਫ ਵੀ ਰੋਜ਼ ਭੜਾਸ ਕੱਢਦਾ ਰਿਹਾ ਤੇ ਅੱਗੋਂ ਉਸ ਦੇ ਖਿਲਾਫ ਵੀ ਪਾਰਟੀ ਦੇ ਕਈ ਲੀਡਰ ਜਨਤਕ ਤੌਰ ਉੱਤੇ ਬੋਲਦੇ ਰਹੇ ਸਨ। ਪਾਰਟੀ ਦੇ ਪੰਜ ਪਾਰਲੀਮੈਂਟ ਮੈਂਬਰਾਂ ਨੇ, ਜਿਨ੍ਹਾਂ ਵਿੱਚ ਚਾਰ ਲੋਕ ਸਭਾ ਵਾਲੇ ਅਤੇ ਇੱਕ ਰਾਜ ਸਭਾ ਵਾਲਾ ਸੀ, ਚੱਲਦੀ ਚੋਣ ਮੌਕੇ ਵੀ ਆਪਣੀ ਪਾਰਟੀ ਦੇ ਖਿਲਾਫ ਖੁੱਲ੍ਹੀ ਬਿਆਨਬਾਜ਼ੀ ਕਰਨੀ ਜਾਰੀ ਰੱਖੀ ਸੀ ਤਾਂ ਲੋਕ ਮੂਰਖ ਨਹੀਂ ਸਨ ਕਿ ਇਹੋ ਜਿਹੀ ਕੋੜਮੇ ਦੀ ਜੰਗ ਵਿੱਚ ਉਲਝੀ ਹੋਈ ਪਾਰਟੀ ਨੂੰ ਜਿਤਾ ਦੇਂਦੇ।
ਭਾਜਪਾ ਵਾਲਿਆਂ ਨੇ ਦਾਅਵੇ ਬਹੁਤ ਵੱਡੇ ਕੀਤੇ ਕਿ ਉਹ ਪੰਜਾਬ ਦੀ ਸਰਕਾਰ ਬਣਾਉਣ ਲਈ ਪੂਰਾ ਨਕਸ਼ਾ ਬਣਾ ਕੇ ਚੱਲਦੇ ਪਏ ਹਨ ਅਤੇ ਦਸ ਮਾਰਚ ਪਿੱਛੋਂ ਨਤੀਜਿਆਂ ਤੋਂ ਬਾਅਦ ਸਰਕਾਰ ਸੀਸਵਾਂ ਵਾਲੇ ਮਹਿਲ ਤੋਂ ਚਲਾਉਣ ਲਈ ਕੈਪਟਨ ਅਮਰਿੰਦਰ ਸਿੰਘ ਦੀ ਟੀਮ ਵੀ ਅਗੇਤਾ ਹੀ ਕਹਿੰਦੀ ਰਹੀ। ਜਦੋਂ ਨਤੀਜਾ ਨਿਕਲਿਆ ਤਾਂ ਭਾਜਪਾ ਸਿਰਫ ਦੋਂਹ ਸੀਟਾਂ ਉੱਤੇ ਰੁਕ ਗਈ ਅਤੇ ਕੈਪਟਨ ਅਮਰਿੰਦਰ ਸਿੰਘ ਦੀ ਨਾ ਆਪਣੀ ਸੀਟ ਆਈ ਤੇ ਨਾ ਕੋਈ ਸੰਗੀ-ਸਾਥੀ ਕਿਸੇ ਵੀ ਸੀਟ ਤੋਂ ਜਿੱਤ ਸਕਿਆ। ਇਹੋ ਹਾਲ ਉਨ੍ਹਾਂ ਨਾਲ ਜੁੜੇ ਸੁਖਦੇਵ ਸਿੰਘ ਢੀਂਡਸਾ ਦੇ ਗਰੁੱਪ ਦਾ ਹੋਇਆ ਹੈ। ਅੱਗੋਂ ਜਿਹੜੀ ਹਾਲਤ ਦਿੱਸ ਰਹੀ ਹੈ, ਉਸ ਵਿੱਚ ਇਹ ਦੋਵੇਂ ਧੜੇ ਦੋਬਾਰਾ ਆਪਣੇ ਸਿਰ ਉੱਠਣ ਜੋਗੇ ਨਹੀਂ ਲੱਗਦੇ ਤੇ ਜਿਸ ਕਿਸੇ ਧਿਰ ਨਾਲ ਇਹ ਜੁੜਨਗੇ, ਓਥੇ ਹੋਰ ਜੋ ਵੀ ਮਿਲ ਜਾਵੇ, ਇੱਜ਼ਤ-ਮਾਣ ਮਿਲਣ ਵਾਲੀ ਗੱਲ ਨਹੀਂ ਹੋਣੀ। ਭਵਿੱਖ ਦੇ ਪੱਖ ਤੋਂ ਇਨ੍ਹਾਂ ਲੀਡਰਾਂ ਨੂੰ ਸੰਨਿਆਸ ਦਾ ਜੀਵਨ ਗੁਜ਼ਾਰਨ ਲਈ ਮਾਨਸਿਕ ਤੌਰ ਉੱਤੇ ਤਿਆਰ ਹੋਣਾ ਚਾਹੀਦਾ ਹੈ।
ਇਸ ਵਕਤ ਪੰਜਾਬ ਵਿੱਚ ਇੱਕ ਨਵਾਂ ਦੌਰ ਸ਼ੁਰੂ ਹੋ ਰਿਹਾ ਹੈ। ਲੋਕਾਂ ਨੇ ਦਿੱਲੀ ਵਰਗਾ ਰਾਜ ਪੰਜਾਬ ਵਿੱਚ ਕਾਇਮ ਕਰਨ ਲਈ ਅਰਵਿੰਦ ਕੇਜਰੀਵਾਲ ਅਤੇ ਉਸ ਦੀ ਟੀਮ ਨੂੰ ਭਗਵੰਤ ਮਾਨ ਦੀ ਅਗਵਾਈ ਵਿੱਚ ਇੱਕ ਮੌਕਾ ਦਿੱਤਾ ਹੈ ਅਤੇ ਹਰ ਕੋਈ ਅੱਖ ਉਨ੍ਹਾਂ ਉੱਤੇ ਲੱਗੀ ਹੋਈ ਹੈ। ਬਹੁਤ ਸਾਰੇ ਲੋਕਾਂ ਨੂੰ ਇਹ ਪਾਰਟੀ ਸਾਰੇ ਨੁਕਸਾਂ ਤੋਂ ਅਸਲੋਂ ਪਾਕਿ ਦਿਖਾਈ ਦੇ ਸਕਦੀ ਹੈ, ਪਰ ਹਕੀਕਤ ਇਹ ਹੈ ਕਿ ਇਸ ਦੇ ਜਿਹੜੇ ਵਿਧਾਇਕ ਚੋਣਾਂ ਜਿੱਤ ਸਕੇ ਹਨ, ਉਨ੍ਹਾਂ ਵਿੱਚੋਂ ਕਈ ਏਦਾਂ ਦੇ ਹਨ ਕਿ ਉਨ੍ਹਾਂ ਉੱਤੇ ਬਹੁਤਾ ਲੰਮਾ ਸਮਾਂ ਚੱਲਣ ਦਾ ਭਰੋਸਾ ਨਹੀਂ ਬੱਝ ਸਕਦਾ। ਪਹਿਲਾਂ ਕੁਝ ਹੋਰ ਪਾਰਟੀਆਂ ਵਿੱਚ ਰਹਿ ਚੁੱਕੇ ਇਨ੍ਹਾਂ ਲੋਕਾਂ ਵਿੱਚੋਂ ਕਿਹੜਾ ਕਦੋਂ ਅੱਧੀ ਰਾਤ ਵੇਲੇ ਕਿਸੇ ਹੋਰ ਧਿਰ ਤੋਂ ਕਿਸੇ ਵੀ ਕਿਸਮ ਵੀ ਲਾਭ ਲੈਣ ਲਈ ਉਨ੍ਹਾਂ ਨਾਲ ਜਾ ਮਿਲੇ, ਇਸ ਬਾਰੇ ਕੋਈ ਨਹੀਂ ਦੱਸ ਸਕਦਾ। ਉਂਜ ਇਹ ਪਾਰਟੀ ਕਿਸੇ ਖਾਸ ਸਿਆਸੀ ਸਿਧਾਂਤ ਨੂੰ ਅਪਣਾਈ ਨਾ ਹੋਣ ਕਾਰਨ ਸਿਰਫ ਭ੍ਰਿਸ਼ਟਾਚਾਰ ਦੇ ਵਿਰੋਧ ਦੇ ਸਿਰ ਉੱਤੇ ਚੋਣਾਂ ਜਿੱਤ ਕੇ ਅੱਗੇ ਆਈ ਹੈ, ਇਸ ਲਈ ਹਰ ਕੋਈ ਆਗੂ ਆਪੋ ਆਪਣੀ ਬੋਲੀ ਬੋਲਦਾ ਸੁਣਦਾ ਹੈ। ਜਦੋਂ ਇਹ ਲੋਕ ਕੰਮ ਸ਼ੁਰੂ ਕਰਨਗੇ, ਇਨ੍ਹਾਂ ਦੇ ਕੰਮ ਦੇ ਸਿੱਟਿਆਂ ਤੇ ਸੇਧਾਂ ਬਾਰੇ ਅੰਦਾਜ਼ਾ ਲੱਗਣ ਵਿੱਚ ਮਸਾਂ ਦੋ ਕੁ ਮਹੀਨੇ ਲੱਗਣਗੇ, ਉਸ ਦੀ ਸਾਰੀ ਗੱਲ ਅਸੀਂ ਓਦੋਂ ਕਰ ਲਵਾਂਗੇ। ਇਸ ਵਕਤ ਇਨ੍ਹਾਂ ਨਵੇਂ ਜਿੱਤਿਆਂ ਨੂੰ ਇਹ ਸਮਝਣ ਦੀ ਲੋੜ ਹੈ ਕਿ ਚੋਣਾਂ ਦਾ ਚੱਕਰ ਤਾਂ ਨਤੀਜੇ ਸੌਂਪ ਕੇ ਨਿਕਲ ਗਿਆ ਹੈ, ਉਨ੍ਹਾਂ ਦੇ ਕੋਲ ਅਗਲਾ ਕਦਮ ਵਧਾਉਣ ਦਾ ਮੌਕਾ ਹੈ, ਜਿਸ ਵਿੱਚ ਕੀਤੀ ਗਈ ਦੇਰੀ ਜਾਂ ਗਲਤੀ ਦੋਵੇਂ ਲੋਕਾਂ ਨੂੰ ਦਿੱਸ ਪੈਣਗੀਆਂ।

ਰੂਸ-ਯੂਕਰੇਨ ਜੰਗ ਦੌਰਾਨ ਮੁੱਦਾ ਭਾਰਤ ਦੀ ਗੁੱਟ ਨਿਰਪੱਖਤਾ ਦਾ - ਜਤਿੰਦਰ ਪਨੂੰ

ਰੂਸ ਦੇ ਕੋਲ ਚੋਖੇ ਠੋਸ ਕਈ ਬਹਾਨੇ ਹੋਣ ਦੇ ਬਾਵਜੂਦ ਯੂਕਰੇਨ ਉੱਤੇ ਉਸ ਦੇ ਹਮਲੇ ਨੂੰ ਜਾਇਜ਼ ਮੰਨਣ ਲਈ ਮੈਂ ਮਾਨਸਿਕ ਤੌਰ ਉੱਤੇ ਤਿਆਰ ਨਹੀਂ ਹੋ ਸਕਿਆ। ਉਸ ਨੂੰ ਹਮਲਾ ਨਹੀਂ ਸੀ ਕਰਨਾ ਚਾਹੀਦਾ। ਇਸ ਤੋਂ ਉਲਟ ਜਿਹੜੀ ਗੱਲ ਮੈਨੂੰ ਚੁਭ ਰਹੀ ਹੈ, ਉਹ ਇਹ ਕਿ ਜਦੋਂ ਅਮਰੀਕਾ ਨੇ ਬਿਨਾਂ ਯੋਗ ਕਾਰਨਾਂ ਤੋਂ ਕਈ ਦੇਸ਼ਾਂ ਵਿਰੁੱਧ ਏਹੀ ਹਮਲਾਵਰੀ ਕੀਤੀ ਸੀ ਤਾਂ ਰੂਸ ਨੂੰ ਸੰਸਾਰ ਦੀ ਸੱਥ ਵਿੱਚ ਓਸੇ ਤਰ੍ਹਾਂ ਉਸ ਦਾ ਵਿਰੋਧ ਕਰਨ ਦੀ ਲੋੜ ਸੀ, ਜਿਵੇਂ ਅੱਜ ਅਮਰੀਕਾ ਅਤੇ ਉਸ ਦੇ ਹਮਾਇਤੀ ਦੇਸ਼ ਰੂਸ ਦੇ ਖਿਲਾਫ ਕਰੀ ਜਾ ਰਹੇ ਹਨ। ਦੂਸਰੀ ਸੰਸਾਰ ਜੰਗ ਲੱਗਣ ਤਕ ਪਹਿਲੀ ਸੰਸਾਰ ਜੰਗ ਨੂੰ 'ਪਹਿਲੀ' ਕਹਿਣ ਦੀ ਥਾਂ ਸਿਰਫ 'ਸੰਸਾਰ ਜੰਗ' ਆਖਿਆ ਜਾਂਦਾ ਸੀ, ਕਿਉਂਕਿ ਪਤਾ ਨਹੀਂ ਸੀ ਕਿ ਦੂਸਰੀ ਸੰਸਾਰ ਜੰਗ ਲੱਗਣ ਦੀ ਨੌਬਤ ਵੀ ਆ ਜਾਣੀ ਹੈ। ਕਿਸੇ ਹੋਰ ਵੱਡੀ ਜੰਗ ਨੂੰ ਰੋਕਣ ਲਈ ਓਦੋਂ ਲੀਗ ਆਫ ਨੇਸ਼ਨਜ਼ ਬਣਾਈ ਗਈ ਸੀ, ਜਿਸ ਤੋਂ ਜਿਹੜੀ ਆਸ ਸੀ, ਉਹ ਪੂਰੀ ਨਾ ਹੋਈ ਤਾਂ ਦੂਸਰੀ ਸੰਸਾਰ ਜੰਗ ਲੱਗ ਜਾਣ ਪਿੱਛੋਂ ਉਹ ਲੀਗ ਬੇਲੋੜੀ ਮੰਨ ਕੇ ਉਸ ਨੂੰ ਤੋੜਨਾ ਪਿਆ ਸੀ। ਉਸ ਦੇ ਬਾਅਦ ਯੁਨਾਈਟਿਡ ਨੇਸ਼ਨਜ਼ ਆਰਗੇਨਾਈਜ਼ੇਸ਼ਨ (ਯੂ ਐੱਨ ਓ) ਬਣਨ ਦਾ ਸਬੱਬ ਇਸ ਲਈ ਬਣਿਆ ਸੀ ਕਿ ਜਿਹੜਾ ਕੰਮ ਪਹਿਲੀ ਲੀਗ ਆਫ ਨੇਸ਼ਨਜ਼ ਨਹੀਂ ਸੀ ਕਰ ਸਕੀ, ਅਗਲੀ ਕਿਸੇ ਵੀ ਹੋਰ ਜੰਗ ਨੂੰ ਰੋਕਣ ਦਾ ਉਹੋ ਕੰਮ ਯੂ ਐੱਨ ਓ ਕਰੇਗੀ। ਸਮੇਂ ਨੇ ਸਾਬਤ ਕੀਤਾ ਕਿ ਇਹ ਵੀ ਸਿਰਫ ਗੱਪ-ਸ਼ੱਪ ਦਾ ਸੰਸਾਰ ਪੱਧਰ ਦਾ ਅੱਡਾ ਹੀ ਸਾਬਤ ਹੋਈ ਹੈ, ਜ਼ੋਰਾਵਰੀ ਕਰਦੀ ਕਿਸੇ ਧਿਰ ਦੀ ਹਮਲਾਵਰੀ ਰੋਕਣ ਜੋਗੀ ਨਹੀਂ ਨਿਕਲੀ।
ਅਸੀਂ 'ਜ਼ੋਰਾਵਰ ਦਾ ਸੱਤੀਂ ਵੀਹੀਂ ਸੌ' ਦਾ ਮੁਹਾਵਰਾ ਸੁਣਿਆ ਹੋਇਆ ਹੈ। ਅਮਰੀਕਾ ਦੀਆਂ ਸਰਕਾਰਾਂ ਇਤਹਾਸ ਨੂੰ ਮਰਜ਼ੀ ਮੁਤਾਬਕ ਘੁਮਾਉਣ ਦੇ ਯਤਨ ਵਿੱਚ ਯੂ ਐੱਨ ਓ ਨੂੰ ਟਿੱਚ ਜਾਣਦੀਆਂ ਰਹੀਆਂ ਹਨ। ਉਨ੍ਹਾਂ ਦੇ ਖਿਲਾਫ ਜਿਹੜੇ ਵੀ ਮੋੜ ਉੱਤੇ ਕਦੇ ਕਿਸੇ ਕੇਸ ਵਿੱਚ ਯੂ ਐੱਨ ਓ ਦੀ ਕਿਸੇ ਵੀ ਸੰਸਥਾ ਨੇ ਕੋਈ ਫੈਸਲਾ ਉਨ੍ਹਾਂ ਦੀ ਮਰਜ਼ੀ ਦਾ ਨਹੀਂ ਸੀ ਦਿੱਤਾ, ਉਸ ਫੈਸਲੇ ਪਿੱਛੋਂ ਅਮਰੀਕੀ ਹਾਕਮਾਂ ਨੇ ਯੂ ਐੱਨ ਓ ਦੇ ਖਿਲਾਫ ਰੱਜਵੀਂ ਕੌੜ ਕੱਢੀ ਸੀ। ਅਮਰੀਕਾ ਦਾ ਪਿਛਲਾ ਰਾਸ਼ਟਰਪਤੀ ਡੋਨਾਲਡ ਟਰੰਪ ਤਾਂ ਇਸ ਸੰਸਥਾ ਦੇ ਕਈ ਅੰਗਾਂ ਦੀ ਮੈਂਬਰੀ ਤੱਕ ਛੱਡਣ ਤੁਰ ਪਿਆ ਸੀ ਅਤੇ ਸਮੁੱਚੀ ਯੂ ਐੱਨ ਨੂੰ ਛੱਡਣ ਦੀਆਂ ਗੱਲਾਂ ਵੀ ਉਸ ਦੇ ਵਕਤ ਅਮਰੀਕਾ ਵਿੱਚ ਸ਼ੁਰੂ ਹੋ ਗਈਆਂ ਸਨ। ਰੂਸ ਨੇ ਵੀ ਕਈ ਮੌਕਿਆਂ ਉੱਤੇ ਯੂ ਐੱਨ ਓ ਨੂੰ ਟਿੱਚ ਜਾਣਿਆ ਅਤੇ ਚੀਨ ਨੇ ਵੀ ਕਈ ਵਾਰੀ ਇਸ ਤਰ੍ਹਾਂ ਕੀਤਾ ਹੋਇਆ ਹੈ। ਇਸ ਵਿੱਚ ਖਾਸ ਗੱਲ ਇਹ ਹੈ ਕਿ ਯੂ ਐੱਨ ਓ ਨੂੰ ਟਿੱਚ ਜਾਣਨ ਦੀ ਜੁਰਅੱਤ ਕੋਈ ਛੋਟਾ ਦੇਸ਼ ਨਹੀਂ ਕਰਦਾ, ਆਮ ਕਰ ਕੇ ਵੀਟੋ ਤਾਕਤ ਵਾਲੇ ਪੰਜ ਦੇਸ਼ਾਂ ਵਿੱਚੋਂ ਹੀ ਕੋਈ ਕਰਦਾ ਹੈ, ਜਿਨ੍ਹਾਂ ਨੂੰ ਇਸ ਸੰਸਥਾ ਦਾ ਵੱਕਾਰ ਵਧਾਉਣ ਲਈ ਸੰਸਾਰ ਦੀ ਅਗਵਾਈ ਕਰਨੀ ਅਤੇ ਸੰਸਾਰ ਅਮਨ ਕਾਇਮ ਰਹਿਣਾ ਯਕੀਨੀ ਕਰਨ ਲਈ ਹਰ ਕਿਸਮ ਦੀ ਪਹਿਲ-ਕਦਮੀ ਕਰਨੀ ਚਾਹੀਦੀ ਹੈ।
ਰੂਸ ਨੇ ਤਾਜ਼ਾ ਹਮਲਾ ਇਸ ਦਲੀਲ ਨਾਲ ਕੀਤਾ ਹੈ ਕਿ ਯੂਕਰੇਨ ਨੂੰ ਨਾਟੋ ਦੇ ਅਮਰੀਕੀ ਅਗਵਾਈ ਹੇਠਲੇ ਫੌਜੀ ਗੱਠਜੋੜ ਵਿੱਚ ਮਿਲਾ ਕੇ ਉਸ ਦੀ ਧਰਤੀ ਉੱਤੋਂ ਰੂਸ ਵੱਲ ਸੇਧ ਕੇ ਭਵਿੱਖ ਵਿੱਚ ਐਟਮੀ ਮਿਜ਼ਾਈਲਾਂ ਬੀੜੀਆਂ ਜਾਣ ਦਾ ਸ਼ੱਕ ਹੈ। ਉਸ ਦਾ ਇਹ ਸ਼ੱਕ ਬਾਕੀ ਦੇਸ਼ਾਂ ਅਤੇ ਖਾਸ ਕਰ ਕੇ ਨਾਟੋ ਗੱਠਜੋੜ ਨੂੰ ਦੂਰ ਕਰਨਾ ਚਾਹੀਦਾ ਅਤੇ ਇਸ ਮਾਮਲੇ ਵਿੱਚ ਇਹ ਯਕੀਨ ਦਿਵਾਉਣਾ ਚਾਹੀਦਾ ਸੀ ਕਿ ਓਥੇ ਏਦਾਂ ਦਾ ਕੁਝ ਨਹੀਂ ਹੋਵੇਗਾ। ਉਨ੍ਹਾਂ ਨੇ ਇਸ ਦੀ ਲੋੜ ਨਹੀਂ ਸਮਝੀ, ਸਗੋਂ ਯੂਕਰੇਨ ਨੂੰ ਇਹ ਕਹਿ ਕੇ ਉਕਸਾਈ ਗਏ ਸਨ ਕਿ ਉਸ ਨੂੰ ਡਰਨ ਦੀ ਲੋੜ ਨਹੀਂ, ਸਾਰੇ ਨਾਟੋ ਦੇਸ਼ ਉਸ ਦੀ ਪਿੱਠ ਉੱਤੇ ਆਉਣ ਨੂੰ ਤਿਆਰ ਹਨ। ਜਦੋਂ ਯੂਕਰੇਨ ਉੱਤੇ ਰੂਸ ਨੇ ਹਮਲਾ ਕੀਤਾ ਤਾਂ ਇਨ੍ਹਾਂ ਦੇਸ਼ਾਂ ਵਿੱਚੋਂ ਕੋਈ ਯੂਕਰੇਨ ਵਿੱਚ ਲੜਨ ਨਹੀਂ ਆਇਆ, ਅਤੇ ਇਸ ਤਰ੍ਹਾਂ ਚੰਗਾ ਹੀ ਹੋਇਆ ਹੈ, ਵਰਨਾ ਗੱਲ ਹੋਰ ਵਧਣ ਦਾ ਡਰ ਸੀ, ਪਰ ਜਿਨ੍ਹਾਂ ਨੇ ਉਸ ਛੋਟੇ ਜਿਹੇ ਦੇਸ਼ ਨੂੰ ਆਪਣੇ ਗਵਾਂਢ ਵਿੱਚ ਖੜੋਤੀ ਇੱਕ ਵੱਡੀ ਤਾਕਤ ਨਾਲ ਲੜਨ ਨੂੰ ਉਕਸਾਇਆ ਸੀ ਤੇ ਇਹ ਹਾਲਾਤ ਬਣਾਏ ਸਨ, ਉਹ ਆਪਣੀ ਗਲਤੀ ਕਦੇ ਨਹੀਂ ਮੰਨਣਗੇ। ਇਸ ਦੀ ਥਾਂ ਉਹ ਯੂ ਐੱਨ ਓ ਨੂੰ ਵਰਤਣ ਤੇ ਰੂਸ ਨੂੰ ਕਟਹਿਰੇ ਵਿੱਚ ਖੜੇ ਕਰਨ ਲਈ ਤਾਣ ਲਾ ਰਹੇ ਹਨ, ਜਿਸ ਵਿੱਚ ਅਮਰੀਕੀ ਦਬਾਅ ਹੇਠਲੇ ਸੰਸਾਰ ਦੇ ਦੇਸ਼ ਉਨ੍ਹਾਂ ਨਾਲ ਖੜੇ ਵੀ ਹੋ ਗਏ, ਪਰ ਸੰਸਾਰ ਦੇ ਸਾਰੇ ਦੇਸ਼ ਇਸ ਨਾਲ ਸਹਿਮਤ ਨਹੀਂ ਹੋ ਸਕੇ। ਰੂਸ ਦੇ ਖਿਲਾਫ ਮਤੇ ਪੇਸ਼ ਹੋਏ ਤਾਂ ਭਾਰਤ ਨੇ ਹਮਾਇਤ ਜਾਂ ਵਿਰੋਧ ਕਰਨ ਦੀ ਥਾਂ ਵੋਟਿੰਗ ਤੋਂ ਲਾਂਭੇ ਰਹਿਣ ਦਾ ਪੈਂਤੜਾ ਮੱਲ ਲਿਆ, ਜਿਸ ਨਾਲ ਅਮਰੀਕਾ ਦੇ ਕਈ ਭਗਤ ਨਾਰਾਜ਼ ਹੋ ਗਏ, ਪਰ ਉਹ ਇਹ ਨਹੀਂ ਵੇਖ ਸਕੇ ਕਿ ਜਿਸ ਪਾਕਿਸਤਾਨ ਖਾਤਰ ਅਮਰੀਕਾ ਬਹੁਤ ਵਾਰੀ ਭਾਰਤ ਦੇ ਖਿਲਾਫ ਯੂ ਐੱਨ ਓ ਵਿੱਚ ਖੜੋਂਦਾ ਰਿਹਾ ਸੀ, ਉਹ ਪਾਕਿਸਤਾਨ ਵੀ ਉਸ ਨਾਲ ਖੜਾ ਨਹੀਂ ਹੋਇਆ। ਇਸ ਸੰਬੰਧ ਵਿੱਚ ਇਹ ਦਲੀਲ ਦਿੱਤੀ ਜਾ ਰਹੀ ਹੈ ਕਿ ਡੋਨਾਲਡ ਟਰੰਪ ਦੇ ਵਕਤ ਅਮਰੀਕਾ ਅਤੇ ਪਾਕਿਸਤਾਨ ਦੇ ਸੰਬੰਧ ਕੁਝ ਖਰਾਬ ਹੋ ਗਏ ਸਨ, ਪਰ ਇਹ ਗੱਲ ਭੁਲਾ ਦਿੱਤੀ ਜਾਂਦੀ ਹੈ ਕਿ ਅਫਗਾਨਿਸਤਾਨ ਵਿੱਚ ਆਪਣੀਆਂ ਲੋੜਾਂ ਲਈ ਅਮਰੀਕੀ ਫੌਜ ਨੂੰ ਅੱਜ ਵੀ ਪਾਕਿਸਤਾਨ ਆਪਣੀਆਂ ਸਾਰੀਆਂ ਫੌਜੀ ਸਹੂਲਤਾਂ ਦੇਈ ਜਾਂਦਾ ਹੈ। ਅਮਰੀਕੀ ਬਲਾਕ ਵੱਲੋਂ ਰੂਸ ਵਿਰੁੱਧ ਪੇਸ਼ ਕੀਤੇ ਮਤਿਆਂ ਵੇਲੇ ਬੰਗਲਾ ਦੇਸ਼ ਤੇ ਕੁਝ ਹੋਰਨਾਂ ਨੇ ਵੀ ਭਾਰਤ ਵਾਲਾ ਪੈਂਤੜਾ ਹੀ ਲਿਆ ਹੈ। ਭਾਰਤ ਦੇ ਇਸ ਪੈਂਤੜੇ ਦਾ ਵਿਰੋਧ ਕਰਨ ਵਾਲੇ ਲੋਕ ਇਸ ਮੁੱਦੇ ਉੱਤੇ ਭਾਰਤ ਵਾਲਾ ਪੈਂਤੜਾ ਲੈਣ ਵਾਲੇ ਕਿਸੇ ਹੋਰ ਦੇਸ਼ ਦੇ ਖਿਲਾਫ ਏਹੋ ਜਿਹੀ ਨੁਕਤਾਚੀਨੀ ਨਹੀਂ ਕਰਦੇ ਅਤੇ ਯੂਕਰੇਨ ਵਿੱਚ ਫਸੇ ਨੌਜਵਾਨਾਂ ਦੇ ਦੁੱਖਾਂ ਨੂੰ ਭਾਰਤ ਦੇ ਪੈਂਤੜੇ ਨਾਲ ਜੋੜ ਰਹੇ ਹਨ।
ਭਾਰਤ ਦੇ ਅੱਜ ਵਾਲੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਕਈ ਗੱਲਾਂ ਦੇ ਅਸੀਂ ਲੋਕ ਵੀ ਵਿਰੋਧੀ ਹੋ ਸਕਦੇ ਹਾਂ, ਪਰ ਇਸ ਜੰਗ ਵਾਲੇ ਮਾਮਲੇ ਵਿੱਚ ਭਾਰਤ ਦੀ ਨਿਰਪੱਖਤਾ ਹੀ ਸਹੀ ਹੈ। ਇਹ ਯਾਦ ਰੱਖਣਾ ਚਾਹੀਦਾ ਹੈ ਕਿ ਭਾਰਤ ਦੀ ਆਜ਼ਾਦੀ ਅਤੇ ਦੇਸ਼ ਦੀ ਵੰਡ ਦੇ ਬਾਅਦ ਨਵੇਂ ਜਨਮੇ ਦੇਸ਼ ਪਾਕਿਸਤਾਨ ਦੇ ਪੱਖ ਵਿੱਚ ਯੂ ਐੱਨ ਓ ਵਿੱਚ ਜਦੋਂ ਕਦੇ ਕੋਈ ਮਤਾ ਭਾਰਤ ਦੇ ਖਿਲਾਫ ਪੇਸ਼ ਹੋਇਆ, ਰੂਸ ਨੇ ਪਿਛਲੇ ਕਮਿਊਨਿਸਟ ਰਾਜ ਵੇਲੇ ਵੀ ਅਤੇ ਅਜੋਕੇ ਵਲਾਦੀਮੀਰ ਪੂਤਿਨ ਵਾਲੇ ਗੈਰ ਕਮਿਊਨਿਸਟ ਦੌਰ ਵਿੱਚ ਵੀ ਹਮੇਸ਼ਾ ਭਾਰਤ ਦੇ ਪੱਖ ਵਿੱਚ ਸਟੈਂਡ ਲਿਆ ਹੈ। ਔਕੜ ਦੇ ਵਕਤ ਪਰਖੇ ਹੋਏ ਏਦਾਂ ਦੇ ਮਿੱਤਰ ਦੇਸ਼ ਦੇ ਕਿਸੇ ਕਦਮ ਨਾਲ ਸਹਿਮਤੀ ਨਾ ਵੀ ਹੋਵੇ ਤਾਂ ਉਸ ਨਾਲ ਗੱਲ ਕੀਤੀ ਜਾ ਸਕਦੀ ਹੈ, ਪਰ ਉਸ ਦੇ ਵਿਰੁੱਧ ਉਨ੍ਹਾਂ ਦੇਸ਼ਾਂ ਨਾਲ ਖੜੇ ਹੋਣਾ ਔਖਾ ਹੋ ਜਾਂਦਾ ਹੈ, ਜਿਨ੍ਹਾਂ ਨੇ ਹਮੇਸ਼ਾ ਭਾਰਤ ਦਾ ਵਿਰੋਧ ਕੀਤਾ ਹੈ। ਭਾਰਤ ਅੱਧੀ ਸਦੀ ਤੋਂ ਵੱਧ ਸਮਾਂ ਸੰਸਾਰ ਰਾਜਨੀਤੀ ਵਿੱਚ ਗੁੱਟ-ਨਿਰਪੱਖ ਰਿਹਾ ਹੈ ਅਤੇ ਉਸ ਦੌਰ ਵਿੱਚ ਇਸ ਦੀ ਇੱਜ਼ਤ ਵੀ ਅਜੋਕੇ ਦੌਰ ਨਾਲੋਂ ਹਮੇਸ਼ਾ ਵੱਧ ਹੁੰਦੀ ਸੀ। ਇਸ ਨੂੰ ਉਹ ਭੂਮਿਕਾ ਫਿਰ ਨਿਭਾਉਣ ਦੀ ਲੋੜ ਹੈ। ਕਿਸੇ ਵਕਤੀ ਭੜਕਾਹਟ ਕਾਰਨ ਭਾਰਤ ਨੂੰ ਕਿਸੇ ਨਾਟੋ ਵਰਗੇ ਫੌਜੀ ਗੱਠਜੋੜ ਨੂੰ ਚਲਾਉਣ ਵਾਲਿਆਂ ਦਾ ਪਿਛਲੱਗ ਨਹੀਂ ਬਣਨਾ ਚਾਹੀਦਾ।
ਸਾਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਜਦੋਂ ਅਮਰੀਕਾ ਨੇ ਅਫਗਾਨਿਸਤਾਨ ਵਿੱਚ ਲੜਨ ਜਾਣਾ ਸੀ ਤਾਂ ਉਸ ਵੇਲੇ ਦੇ ਅਮਰੀਕੀ ਰਾਸ਼ਟਰਪਤੀ ਨੇ ਕਿਹਾ ਸੀ ਕਿ ਜਿਹੜਾ ਅਮਰੀਕਾ ਨਾਲ ਨਹੀਂ, ਉਹ ਸਾਡਾ ਦੁਸ਼ਮਣ ਨਾਲ ਮੰਨਿਆ ਜਾਵੇਗਾ। ਇਸ ਘੂਰੀ ਹੇਠ ਉਸ ਵੇਲੇ ਦੀ ਭਾਰਤ ਸਰਕਾਰ ਨੇ ਝੱਟ ਉਸ ਦਾ ਸਾਥ ਦੇਣ ਦਾ ਐਲਾਨ ਕਰ ਦਿੱਤਾ ਸੀ, ਪਰ ਓਦੋਂ ਵੀ ਭਾਰਤ ਦੇ ਲੋਕਾਂ ਦੀ ਬਹੁ-ਗਿਣਤੀ ਇਹ ਸਮਝਦੀ ਸੀ ਕਿ ਹਾਲਾਤ ਜੋ ਵੀ ਹੋਣ, ਭਾਰਤ ਨੂੰ ਬੇਗਾਨੀ ਜੰਗ ਵਿੱਚ ਆਪਣਾ ਸਿਰ ਨਹੀਂ ਫਸਾਉਣਾ ਚਾਹੀਦਾ। ਭਾਰਤ ਦੇ ਲੋਕ ਅੱਜ ਵੀ ਇਹੋ ਚਾਹੁਣਗੇ। ਕਮਿਊਨਿਸਟ ਬਲਾਕ ਦੀ ਹੋਂਦ ਖਤਮ ਹੋਣ ਦੇ ਬਾਅਦ ਬੇਸ਼ੱਕ ਇਹ ਕਿਹਾ ਜਾ ਰਿਹਾ ਹੈ ਕਿ ਇਸ ਵੇਲੇ ਦੁਨੀਆ ਵਿੱਚ ਇੱਕੋ ਮਹਾਂਸ਼ਕਤੀ ਅਮਰੀਕਾ ਰਹਿ ਗਿਆ ਹੈ, ਪਰ ਅਮਲ ਵਿੱਚ ਅੱਜ ਵੀ ਅਮਰੀਕਾ ਤੇ ਰੂਸ ਦੋ ਮਹਾਂਸ਼ਕਤੀਆਂ ਦੀ ਹੋਂਦ ਕਾਇਮ ਹੈ ਤੇ ਇਸ ਨਾਲ ਇੱਕ ਹੋਰ ਮਹਾਂਸ਼ਕਤੀ ਚੀਨ ਲਗਾਤਾਰ ਆਪਣੇ ਉਭਾਰ ਦੇ ਸਬੂਤ ਦੇ ਰਿਹਾ ਹੈ। ਸੰਸਾਰ ਮਹਾਂਸ਼ਕਤੀਆਂ ਨੇ ਜਦੋਂ ਵੱਡੀ ਲੜਾਈ, ਜਿਸ ਨੂੰ 'ਸੰਸਾਰ ਜੰਗ' ਕਹਿੰਦੇ ਸਨ, ਲੜੀ ਸੀ, ਉਸ ਦਾ ਕਾਰਨ ਮਾਲ ਵੇਚਣ ਲਈ ਮੰਡੀਆਂ ਮੰਨੇ ਜਾਂਦੇ ਦੇਸ਼ਾਂ ਉੱਤੇ ਕਬਜ਼ੇ ਦੀ ਸੋਚ ਸੀ ਤੇ ਏਦਾਂ ਦੀ ਸੋਚ ਅਜੇ ਕਾਇਮ ਹੈ। ਜਦੋਂ ਅਮਰੀਕਾ ਦੇ ਇੱਕ ਇਸ਼ਾਰੇ ਉੱਤੇ ਸੰਸਾਰ ਦੀਆਂ ਪ੍ਰਮੁੱਖ ਟੈਕਨੀਕ ਵਾਲੀਆਂ ਕੰਪਨੀਆਂ ਕਿਸੇ ਦੇਸ਼ ਵਿਰੁੱਧ ਪਾਬੰਦੀਆ ਲਾਉਣ ਤੁਰ ਪੈਂਦੀਆਂ ਹਨ ਤਾਂ ਇਸ ਦਾ ਅਰਥ ਵੀ ਦੁਨੀਆ ਦੇ ਦੇਸ਼ਾਂ ਨੂੰ ਸਮਝ ਪੈਣਾ ਚਾਹੀਦਾ ਹੈ। ਇਹ ਸੰਸਾਰ ਪੱਧਰ ਦੀ ਉਸ ਖਿੱਚੋਤਾਣ ਦਾ ਪਹਿਲਾ ਪੜਾਅ ਹੈ, ਜਿਸ ਦਾ ਅਗਲਾ ਪੜਾਅ ਤੀਸਰੀ ਸੰਸਾਰ ਜੰਗ ਹੋ ਸਕਦਾ ਹੈ। ਭਾਰਤ ਨੂੰ ਉਸ ਤੋਂ ਬਚਣ ਦੀ ਲੋੜ ਹੈ। ਯੂ ਐੱਨ ਨਾਕਾਮ ਹੋਈ ਹੈ, ਉਸ ਦੇ ਪੱਲੇ ਕੁਝ ਨਹੀਂ ਰਿਹਾ ਜਾਪਦਾ, ਇਸ ਲਈ ਹਰ ਤਰ੍ਹਾਂ ਦੀ ਬਹਿਸ ਅਮਰੀਕਾ ਦੀ ਅੱਖ ਦੇ ਇਸ਼ਾਰੇ ਮੁਤਾਬਕ ਹੁੰਦੀ ਜਾਪਣ ਲੱਗੀ ਹੈ। ਇਹ ਅੱਖ ਦਾ ਇਸ਼ਾਰਾ ਬਹੁਤ ਖਤਰਨਾਕ ਹੋ ਸਕਦਾ ਹੈ ਅਤੇ ਵਿਕਾਸ ਕਰਦੇ ਦੇਸ਼ਾਂ ਵਾਲਿਆਂ ਨੂੰ ਏਦਾਂ ਦੇ ਇਸ਼ਾਰਿਆਂ ਅੱਗੇ ਸਾਬਤ ਕਦਮੀ ਨਾਲ ਟਿਕਣ ਦੀ ਲੋੜ ਹੈ, ਇਸ ਵੇਲੇ ਥਿੜਕਣਾ ਭਵਿੱਖ ਵਿੱਚ ਮਹਿੰਗਾ ਪੈ ਸਕਦਾ ਹੈ।

ਪੰਜਾਬ ਦੀ ਨਵੀਂ ਸਰਕਾਰ: ਪਿੰਡ ਹਾਲੇ ਬੱਝਾ ਨਹੀਂ, ਉਚੱਕੇ ਪਹਿਲਾਂ ਹੀ ਤਿਆਰ ਖੜੇ ਨੇ - ਜਤਿੰਦਰ ਪਨੂੰ

ਵੀਹ ਫਰਵਰੀ ਦੇ ਦਿਨ ਜਦੋਂ ਪੰਜਾਬ ਵਿਧਾਨ ਸਭਾ ਲਈ ਵੋਟਾਂ ਪੈਣ ਦਾ ਕੰਮ ਸਿਰੇ ਚੜ੍ਹ ਚੁੱਕਾ ਸੀ, ਅਗਲੇ ਦਿਨ ਸਾਨੂੰ ਅਚਾਨਕ ਇੱਕ ਸੱਜਣ ਦਾ ਫੋਨ ਆ ਗਿਆ, ਜਿਹੜਾ ਪੰਜਾਬ ਦੀਆਂ ਸਾਰੀਆਂ ਸਰਕਾਰਾਂ ਦੇ ਵਕਤ ਰਾਜ ਦਰਬਾਰ ਦੇ ਗਲਿਆਰਿਆਂ ਵਿੱਚ ਜਾਣਿਆ-ਪਛਾਣਿਆ ਨਾਂਅ ਬਣਿਆ ਰਹਿੰਦਾ ਹੈ। ਮੈਂ ਉਸ ਨੂੰ ਕੋਈ ਤੀਹ ਤੋਂ ਵੱਧ ਸਾਲਾਂ ਤੋਂ ਜਾਣਦਾ ਸਾਂ ਅਤੇ ਹਾਸੇ-ਠੱਠੇ ਵਿੱਚ ਗੰਭੀਰ ਕਿਸਮ ਦੇ ਇਸ਼ਾਰੇ ਕਰਨ ਦਾ ਉਹ ਮਾਹਰ ਕਿਹਾ ਜਾਂਦਾ ਹੈ। ਬਹੁਤ ਸਾਰੇ ਹੋਰਨਾਂ ਲੋਕਾਂ ਵਾਂਗ ਸਾਡੀ ਦੋਵਾਂ ਦੀ ਗੱਲਬਾਤ ਵੀ ਏਥੋਂ ਹੀ ਸ਼ੁਰੂ ਹੋਈ ਕਿ ਕਿਸ ਪਾਰਟੀ ਦੀਆਂ ਕਿੰਨੀਆਂ ਕੁ ਸੀਟਾਂ ਆਉਣ ਦੇ ਹਾਲਾਤ ਹਨ ਅਤੇ ਸਰਕਾਰ ਕਿਸ ਦੀ ਬਣੇਗੀ। ਅਚਾਨਕ ਅਸੀਂ ਸਾਬਕਾ ਮੁੱਖ ਮੰਤਰੀ ਅਮਰਿੰਦਰ ਸਿੰਘ ਦੀ ਪੰਜਾਬ ਲੋਕ ਕਾਂਗਰਸ ਦੀ ਹਾਲਤ ਬਾਰੇ ਪੁੱਛ ਲਿਆ ਤਾਂ ਜਵਾਬ ਵਿੱਚ ਉਸ ਨੇ ਕਿਹਾ ਕਿ ਉਸ ਨਾਲ ਏਨੀ ਮਾੜੀ ਹੋਣ ਵਾਲੀ ਹੈ ਕਿ ਪਟਿਆਲੇ ਦੀ ਉਸ ਦੀ ਆਪਣੀ ਸੀਟ ਜਿੱਤਣੀ ਵੀ ਯਕੀਨੀ ਨਹੀਂ। ਮੈਂ ਉਸ ਦੀ ਗੱਲ ਨਾਲ ਸਹਿਮਤ ਨਹੀਂ ਸੀ ਅਤੇ ਇਸ ਇਸ਼ਾਰੇ ਨੂੰ ਰੱਦ ਕਰਨ ਦਾ ਵੀ ਮੇਰੇ ਕੋਲ ਕੋਈ ਠੋਸ ਕਾਰਨ ਨਹੀਂ ਸੀ, ਇਸ ਲਈ ਉਲਟਾ ਉਸ ਨੂੰ ਅਮਰਿੰਦਰ ਸਿੰਘ ਦੇ ਏਨੇ ਮਾੜੇ ਹਾਲਾਤ ਹੋਣ ਦਾ ਖਾਸ ਕਾਰਨ ਪੁੱਛ ਲਿਆ। ਅਗਲੀ ਸਾਰੀ ਲਿਖਤ ਉਸ ਦੇ ਜਵਾਬ ਉੱਤੇ ਆਧਾਰਤ ਹੈ।
ਉਸ ਮਿੱਤਰ ਨੇ ਪਹਿਲਾਂ ਇਹ ਚੇਤੇ ਕਰਵਾਇਆ ਕਿ ਪਹਿਲੀ ਵਾਰ ਮੁੱਖ ਮੰਤਰੀ ਬਣੇ ਅਮਰਿੰਦਰ ਸਿੰਘ ਦੀ ਕਿੰਨੀ ਚੜ੍ਹਤ ਸੀ ਅਤੇ ਉਸ ਦੀ ਈਮਾਨਦਾਰੀ ਦੀ ਧੁੰਮ ਸੀ, ਪਰ ਰਵੀ ਸਿੱਧੂ ਵਾਲੇ ਜਿਸ ਕੇਸ ਨਾਲ ਉਸ ਦੀ ਚੜ੍ਹਤ ਬਣੀ, ਉਹੋ ਕੇਸ ਫਿਰ ਉਸ ਸਰਕਾਰ ਦੇ ਜੜ੍ਹੀਂ ਬਹਿਣ ਵਾਲਾ ਸਾਬਤ ਹੋਇਆ ਸੀ। ਜਦੋਂ ਭ੍ਰਿਸ਼ਟਾਚਾਰ ਦੀ ਹਨੇਰੀ ਝੁਲਾ ਚੁੱਕੇ ਰਵੀ ਸਿੱਧੂ ਦੇ ਬੈਂਕ ਲਾਕਰ ਖੋਲ੍ਹੇ ਤਾਂ ਉਨ੍ਹਾਂ ਲਾਕਰਾਂ ਵਿੱਚੋਂ ਮਿਲੇ ਨੋਟ ਦਰੀ ਉੱਤੇ ਵਿਛਾਉਣ ਨਾਲ ਬੈਂਕ ਦਾ ਫਰਸ਼ ਢੱਕਿਆ ਗਿਆ ਸੀ। ਫਿਰ ਉਸ ਦੌਲਤ ਨੂੰ ਜਿਹੜੇ ਚਾਟੜਿਆਂ ਨੇ ਕੁੰਡੀ ਲਾਈ ਸੀ, ਬਦਨਾਮੀ ਦਾ ਮੁੱਢ ਉਨ੍ਹਾਂ ਨੇ ਬੰਨ੍ਹਿਆ ਸੀ। ਉਸ ਦੇ ਬਾਅਦ ਇੱਕ ਦਿਨ ਖਬਰ ਆਈ ਕਿ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਇੱਕ ਮੰਤਰੀ ਨੂੰ ਬਰੇਕ ਫਾਸਟ ਦੇ ਲਈ ਘਰ ਸੱਦਿਆ ਅਤੇ ਪ੍ਰੇਮ ਨਾਲ ਖਾਣਾ ਖੁਆਉਣ ਦੇ ਬਾਅਦ ਕਹਿ ਦਿੱਤਾ ਸੀ ਕਿ ਫਲਾਣੇ ਬੰਦੇ ਤੋਂ ਮੇਰੇ ਨਾਂਅ ਉੱਤੇ ਜਿਹੜੇ ਪੈਸੇ ਤੁਸੀਂ ਲਏ ਹਨ, ਉਹ ਵਾਪਸ ਕਰ ਦਿਓ। ਹੋਰ ਕੁਝ ਕਹੇ ਬਿਨਾਂ ਏਨੀ ਗੱਲ ਨਾਲ ਹਰ ਕਿਸੇ ਨੂੰ ਸੰਦੇਸ਼ ਦੇ ਦਿੱਤਾ ਸੀ ਕਿ ਅਮਰਿੰਦਰ ਸਿੰਘ ਨੂੰ ਬੇਈਮਾਨੀ ਬਰਦਾਸ਼ਤ ਨਹੀਂ ਹੋਵੇਗੀ, ਪਰ ਰਵੀ ਸਿੱਧੂ ਵਾਲੇ ਲਾਕਰਾਂ ਦੇ ਕਿੱਸੇ ਮਗਰੋਂ ਉਹ ਸੰਦੇਸ਼ ਰੁਲ ਕੇ ਰਹਿ ਗਿਆ ਤੇ ਬਦਨਾਮੀ ਕਰਵਾ ਕੇ ਅਗਲੀ ਵਾਰੀ ਚੋਣਾਂ ਵਿੱਚ ਉਹ ਬੁਰੀ ਤਰ੍ਹਾਂ ਹਾਰ ਗਏ ਸਨ।
ਇਸ ਕਹਾਣੀ ਦੇ ਬਾਅਦ ਉਸ ਮਿੱਤਰ ਨੇ ਕਿਹਾ ਕਿ ਦਸ ਸਾਲ ਰਾਜ-ਸੱਤਾ ਤੋਂ ਬਨਵਾਸ ਮਗਰੋਂ ਮਸਾਂ ਪੰਜਾਬ ਦੇ ਲੋਕਾਂ ਦਾ ਭਰੋਸਾ ਮਿਲਿਆ ਅਤੇ ਕੈਪਟਨ ਅਮਰਿੰਦਰ ਸਿੰਘ ਦੂਸਰੀ ਵਾਰੀ ਮੁੱਖ ਮੰਤਰੀ ਬਣਿਆ, ਪਰ ਇਸ ਵਾਰ ਉਸ ਨੇ ਮੁੱਖ ਮੰਤਰੀ ਵਜੋਂ ਕੰਮ ਹੀ ਨਹੀਂ ਕੀਤਾ, ਸਾਰਾ ਕੁਝ ਚਹੇਤਿਆਂ ਨੂੰ ਸੌਂਪ ਦਿੱਤਾ ਤੇ ਉਹ ਚੇਲੇ ਲੈ ਡੁੱਬੇ ਸਨ। ਚਹੇਤੇ ਕੌਣ ਸਨ ਅਤੇ ਉਨ੍ਹਾਂ ਨੇ ਕੈਪਟਨ ਦੀ ਕਿਸ਼ਤੀ ਡੁੱਬਣ ਦਾ ਸਬੱਬ ਕਿੱਦਾਂ ਬਣਾਇਆ, ਰਾਜ-ਦਰਬਾਰ ਵਿੱਚ ਚਲਤੇ-ਪੁਰਜ਼ੇ ਵਜੋਂ ਜਾਣੇ ਜਾਂਦੇ ਉਸ ਸੱਜਣ ਨੇ ਇਹ ਵੀ ਦੱਸ ਦਿੱਤਾ। ਉਸ ਨੇ ਦੱਸਿਆ ਕਿ ਕੈਪਟਨ ਅਮਰਿੰਦਰ ਸਿੰਘ ਖੁਦ ਕਦੇ ਸਰਕਾਰੀ ਫਾਈਲਾਂ ਵੇਖਦਾ ਨਹੀਂ ਸੀ ਅਤੇ ਇਹ ਕੰਮ ਉਸ ਨੇ ਜਿਹੜੇ ਚਹੇਤਿਆਂ ਦੇ ਜ਼ਿੰਮੇ ਲਾ ਰੱਖਿਆ ਸੀ, ਉਨ੍ਹਾਂ ਦੀ ਕਮਾਨ ਉਨ੍ਹਾਂ ਅਫਸਰਾਂ ਦੇ ਹੱਥ ਸੀ, ਜਿਨ੍ਹਾਂ ਨੇ ਸਾਰੀ ਉਮਰ ਈਮਾਨਦਾਰੀ ਦਾ ਢੋਲ ਵਜਾਇਆ ਤੇ ਰਿਟਾਇਰ ਹੋਣ ਦੇ ਨੇੜੇ ਜਾ ਕੇ ਸਾਰੀ ਉਮਰ ਦੀ ਕਸਰ ਕੱਢ ਲਈ ਸੀ। ਉਹ ਅਫਸਰ ਪਿਛਲੀ ਬਾਦਲ ਸਰਕਾਰ ਦੇ ਵਕਤ ਅਕਾਲੀ ਦਲ ਦੇ ਪ੍ਰਧਾਨ ਦੇ ਸਭ ਤੋਂ ਵੱਧ ਭਰੋਸੇਮੰਦ ਗਿਣੇ ਜਾਂਦੇ ਰਹੇ ਸਨ ਤੇ ਬਿਜਲੀ ਕੰਪਨੀਆਂ ਨਾਲ ਸਮਝੌਤੇ ਕਰਾਉਣ ਦੇ ਕੰਮ ਵਿੱਚ ਚੋਖੀ ਮੋਟੀ ਦਲਾਲੀ ਲੈਣ ਦੀ ਚਰਚਾ ਵੀ ਉਨ੍ਹਾ ਦੀ ਹੁੰਦੀ ਰਹੀ ਸੀ, ਪਰ ਕੈਪਟਨ ਅਮਰਿੰਦਰ ਸਿੰਘ ਦਾ ਰਾਜ ਆਇਆ ਤਾਂ ਅਫਸਰਸ਼ਾਹੀ ਦੀ ਨੱਥ ਮੁੜ ਕੇ ਉਨ੍ਹਾਂ ਅਫਸਰਾਂ ਦੇ ਹੱਥ ਫੜਾ ਦਿੱਤੀ ਗਈ। ਇਸ ਕਾਰਨ ਹੇਠਲੇ ਅਫਸਰ ਆਪਣੇ ਸਿਰ ਉੱਤੇ ਸਵਾਰ ਉਨ੍ਹਾਂ ਸ਼ਾਹੀ ਚਹੇਤਿਆਂ ਦੇ ਖਿਲਾਫ ਹਰ ਗੱਲ ਵਿਰੋਧੀ ਪਾਰਟੀਆਂ ਦੇ ਆਗੂਆਂ ਨੂੰ ਵੀ ਤੇ ਮੀਡੀਏ ਨੂੰ ਵੀ ਉਚੇਚ ਨਾਲ ਪੁਚਾਉਂਦੇ ਰਹਿੰਦੇ ਸਨ, ਪਰ ਅਫਸਰੀ ਧਾੜ ਦੇ ਆਪਸੀ ਪਾਟਕ ਦੇ ਕਾਰਨ ਹਰ ਕੋਈ ਆਪਣਾ ਪੱਲਾ ਬਚਾਉਣ ਲਈ ਜ਼ੋਰ ਲਾਉਂਦਾ ਸੀ, ਕੈਪਟਨ ਅਮਰਿੰਦਰ ਸਿੰਘ ਦੇ ਅਕਸ ਦੀ ਚਿੰਤਾ ਕਿਸੇ ਨੂੰ ਬਿਲਕੁਲ ਨਹੀਂ ਸੀ। ਇਸ ਦੀ ਥਾਂ ਸਗੋਂ ਉਨ੍ਹਾਂ ਵਿੱਚੋਂ ਹਰ ਕੋਈ ਕਾਰਿੰਦਾ ਮੁੱਖ ਮੰਤਰੀ ਦੇ ਚਹੇਤਿਆਂ ਦੀ ਟੀਮ ਵਿਚਲੇ ਆਪਣੇ ਨਾਲ ਖਾਰ ਖਾਣ ਵਾਲੇ ਦੂਸਰੇ ਅਫਸਰ ਖਿਲਾਫ ਜਾਣ ਵਾਲੀ ਹਰ ਗੱਲ ਆਪਣੇ ਖਾਸ ਨੇੜਲੇ ਗਿਣੇ ਜਾਂਦੇ ਪੱਤਰਕਾਰਾਂ ਨੂੰ ਖੁਦ ਲੀਕ ਕਰਦਾ ਰਹਿੰਦਾ ਸੀ।
ਤੀਸਰੀ ਗੱਲ ਉਸ ਨੇ ਹੋਰ ਵੀ ਹੈਰਾਨੀ ਵਾਲੀ ਦੱਸੀ ਕਿ ਕੈਪਟਨ ਅਮਰਿੰਦਰ ਸਿੰਘ ਦੇ ਬਹੁਤ ਨੇੜੇ ਗਿਣੇ ਜਾ ਰਹੇ ਮੰਤਰੀ ਵੀ ਕਾਂਗਰਸ ਛੱਡ ਕੇ ਉਸ ਨਾਲ ਇਸ ਲਈ ਨਹੀਂ ਗਏ ਕਿ ਅਫਸਰਾਂ ਦੀ ਬੇਹੂਦਗੀ ਦਾ ਸੇਕ ਉਨ੍ਹਾਂ ਨੂੰ ਵੀ ਲੱਗਾ ਸੀ। ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦੇ ਇੱਕ ਸਿਰਕੱਢ ਮੰਤਰੀ ਦਾ ਨਾਂਅ ਲੈ ਕੇ ਉਸ ਨੇ ਕਿਹਾ ਕਿ ਉਸ ਮੰਤਰੀ ਦੀ ਬੇਇੱਜ਼ਤੀ ਉਸ ਦੇ ਕੁੜਮਾਚਾਰੀ ਦੇ ਰਿਸ਼ਤੇਦਾਰਾਂ ਦੇ ਸਾਹਮਣੇ ਕੈਪਟਨ ਦੇ ਚਹੇਤੇ ਇੱਕ ਅਫਸਰ ਨੇ ਇੰਜ ਕੀਤੀ ਸੀ ਕਿ ਉਹ ਓਸੇ ਰਾਤ ਮੁੱਖ ਮੰਤਰੀ ਨੂੰ ਅਸਤੀਫਾ ਦੇਣ ਚੱਲਿਆ ਸੀ। ਕੈਪਟਨ ਅਮਰਿੰਦਰ ਸਿੰਘ ਨੂੰ ਪਤਾ ਲੱਗਾ ਤਾਂ ਉਸ ਨੇ ਆਪ ਫੋਨ ਕੀਤਾ ਅਤੇ ਮੰਤਰੀ ਨੂੰ ਅਸਤੀਫਾ ਨਾ ਦੇਣ ਲਈ ਮਨਾਇਆ ਸੀ, ਪਰ ਉਸ ਦੇ ਮਨ ਵਿਚਲੀ ਉਹ ਕੌੜ ਫਿਰ ਜੜ੍ਹਾਂ ਜਮਾਈ ਬੈਠੀ ਰਹੀ ਅਤੇ ਜਦੋਂ ਕੈਪਟਨ ਅਮਰਿੰਦਰ ਸਿੰਘ ਨੇ ਕਾਂਗਰਸ ਛੱਡੀ ਤਾਂ ਉਸ ਦੇ ਵਾਰ-ਵਾਰ ਕੀਤੇ ਫੋਨ ਦੇ ਬਾਵਜੂਦ ਉਸ ਨਾਲ ਜਾਣਾ ਨਹੀਂ ਸੀ ਮੰਨਿਆ, ਹਾਲਾਂਕਿ ਦੋਵਾਂ ਦੇ ਸੰਬੰਧ ਬਹੁਤ ਨਿੱਘੇ ਰਹਿ ਚੁੱਕੇ ਸਨ। ਜਿਹੜੇ ਬੰਦਿਆਂ ਉੱਤੇ ਕੈਪਟਨ ਅਮਰਿੰਦਰ ਸਿੰਘ ਦਾ ਬਹੁਤਾ ਭਰੋਸਾ ਸੀ, ਉਹ ਵੀ ਉਸ ਦੇ ਨਾਲ ਨਹੀਂ ਰਹਿ ਗਏ, ਪਰ ਉਨ੍ਹਾਂ ਦੇ ਕੈਪਟਨ ਦਾ ਸਾਥ ਛੱਡਣ ਦਾ ਕਾਰਨ ਇਹ ਸੀ ਕਿ ਗਿਰਝਾਂ ਵਾਂਗ ਤਾਜ਼ਾ ਮਾਸ ਚੂੰਡ ਕੇ ਖਾਣ ਤੇ ਪਰੋਸਣ ਦੇ ਸ਼ੌਕੀਨ ਉਨ੍ਹਾਂ ਲੋਕਾਂ ਨੂੰ ਪਤਾ ਸੀ ਕਿ ਗੱਦੀਉਂ ਲੱਥੇ ਲੀਡਰ ਦੇ ਨਾਲ ਰਹਿਣ ਦਾ ਯੁੱਗ ਨਹੀਂ ਰਹਿ ਗਿਆ। ਉਨ੍ਹਾਂ ਨੂੰ ਖਤਰਾ ਸੀ ਕਿ ਨਵੀਂ ਸਰਕਾਰ ਜੇ ਕਿਤੇ ਏਦਾਂ ਦੀ ਆ ਗਈ, ਜਿਹੜੀ ਪੁਰਾਣੇ ਕਿੱਸੇ ਫੋਲਣ ਲੱਗ ਸਕਦੀ ਹੋਈ ਤਾਂ ਕੈਪਟਨ ਅਮਰਿੰਦਰ ਸਿੰਘ ਉਨ੍ਹਾਂ ਦਾ ਬਚਾਅ ਕਰਨ ਦੀ ਸਥਿਤੀ ਵਿੱਚ ਨਹੀਂ, ਇਸ ਕਰ ਕੇ ਉਹ ਸਿੱਧੇ ਦਿੱਲੀ ਵਾਲੇ ਉਨ੍ਹਾਂ ਆਗੂਆਂ ਕੋਲ ਪਹੁੰਚਣ ਲੱਗੇ ਹਨ, ਜਿਨ੍ਹਾਂ ਨਾਲ ਸਿਆਸਤ ਦੀ ਸਾਂਝ ਦੇ ਭਰਮ ਹੇਠ ਅਮਰਿੰਦਰ ਸਿੰਘ ਖੁਦ ਆਪਣੇ ਬਹਾਲੀ ਦੇ ਯਤਨ ਕਰਦਾ ਪਿਆ ਹੈ।
ਹੈਰਾਨੀ ਦੀ ਗੱਲ ਹੈ ਕਿ ਜਿਹੜੇ ਚਾਟੜੇ ਲੰਮਾ ਸਮਾਂ ਕੈਪਟਨ ਅਮਰਿੰਦਰ ਸਿੰਘ ਨਾਲ ਲੱਗੇ ਰਹੇ ਸਨ ਅਤੇ ਉਨ੍ਹਾਂ ਵਿੱਚੋਂ ਕੁਝ ਪਿਛਲੀ ਬਾਦਲ ਸਰਕਾਰ ਦੇ ਦੋ-ਤਿੰਨ ਸਰਕਰਦਾ ਸਿਰਾਂ ਨਾਲ ਵੀ ਨੇੜ ਦਾ ਨਿੱਘ ਮਾਣਦੇ ਰਹੇ ਸਨ, ਹਾਲਾਤ ਦਾ ਪਲਟਾ ਵੱਜਦੇ ਸਾਰ ਉਹ ਦਿੱਲੀ ਵਾਲੀ ਸੜਕੇ ਪੈ ਗਏ। ਓਧਰ ਦਿੱਲੀ ਤੋਂ ਆਉਂਦੀਆਂ ਕਨਸੋਆਂ ਇਹ ਦੱਸਦੀਆਂ ਹਨ ਕਿ ਏਦਾਂ ਦੇ ਸੱਜਣਾਂ ਦੀ ਓਥੇ ਵਿਖਾਵੇ ਜੋਗੀ ਬਹਿਜਾ-ਬਹਿਜਾ ਤਾਂ ਹੁੰਦੀ ਹੈ, ਪਰ ਇਨ੍ਹਾਂ ਉੱਤੇ ਖਾਸ ਇਤਬਾਰ ਨਹੀਂ ਕੀਤਾ ਜਾ ਰਿਹਾ, ਕਿਉਂਕਿ ਓਥੋਂ ਵਾਲਿਆਂ ਨੂੰ ਪਤਾ ਹੈ ਕਿ ਇਹ ਲੋਕ ਜਿਸ ਥਾਲੀ ਵਿੱਚ ਖਾਣ, ਮੌਕਾ ਮਿਲਦੇ ਹੀ ਉਸ ਵਿੱਚ ਵੀ ਛੇਕ ਕਰਿਆ ਕਰਦੇ ਹਨ। ਰੂਸ ਦੇ ਚਿੰਤਕ ਤੇ ਇਨਕਲਾਬੀ ਆਗੂ ਲੈਨਿਨ ਨੇ ਇੱਕ ਵਾਰੀ ਲਿਖਿਆ ਸੀ ਕਿ ਮੱਧ ਵਰਗ ਦੇ ਲੋਕ ਮੌਕੇ ਦੀ ਤਾੜ ਵਿੱਚ ਰਹਿੰਦੇ ਹਨ, ਜੇ ਤੁਸੀਂ ਜਿੱਤਦੇ ਜਾਪਦੇ ਹੋਵੋ ਤਾਂ ਤੁਹਾਡੇ ਹੱਥੋਂ ਕਿਰਪਾਨ ਖੋਹ ਕੇ ਤੁਹਾਡੇ ਤੋਂ ਪਹਿਲਾਂ ਤੁਹਾਡੇ ਦੁਸ਼ਮਣ ਦਾ ਸਿਰ ਲਾਹ ਦੇਣਗੇ, ਪਰ ਜੇ ਤੁਸੀਂ ਹਾਰਦੇ ਨਜ਼ਰ ਆਏ ਤਾਂ ਦੁਸ਼ਮਣ ਦੀ ਕਿਰਪਾਨ ਚੁੱਕ ਕੇ ਤੁਹਾਨੂੰ ਵੀ ਟੁੱਕ ਸਕਦੇ ਹਨ। ਅੱਜਕੱਲ੍ਹ ਪੰਜਾਬ ਦੀ ਰਾਜਨੀਤੀ ਵਿੱਚ ਵੀ ਏਦਾਂ ਦਾ 'ਮੱਧ-ਵਰਗ' ਕਿਸੇ ਵੀ ਹੋਰ ਧਿਰ ਤੋਂ ਵੱਧ ਤਕੜੀ ਧਾੜ ਦੇ ਰੂਪ ਵਿੱਚ ਆਪਣੀ ਨਿਵੇਕਲੀ ਥਾਂ ਬਣਾ ਚੁੱਕਾ ਹੈ, ਜਿਹੜਾ ਕਿਸੇ ਵੀ ਹਾਕਮ ਦੀ ਖਿਦਮਤ ਦੇ ਲਈ ਕਿਸੇ ਵੀ ਹੱਦ ਤੱਕ, ਰਾਤਾਂ ਦੀਆਂ ਮਹਿਫਲਾਂ ਦੇ ਰੰਗ ਭਰਨ ਤੱਕ ਵੀ, ਜਾ ਸਕਦਾ ਹੈ ਅਤੇ ਹਾਲਾਤ ਦਾ ਪਲਟਾ ਵੱਜ ਜਾਵੇ ਤਾਂ ਕੱਲ੍ਹ ਦੇ ਹਾਕਮਾਂ ਨੂੰ ਜੇਲ੍ਹ ਦੀਆਂ ਸੀਖਾਂ ਤੱਕ ਪੁਚਾਉਣ ਲਈ ਵੀ ਤਿਆਰ ਹੋ ਸਕਦਾ ਹੈ।
ਅਸੀਂ ਨਹੀਂ ਜਾਣਦੇ ਕਿ ਦਸ ਮਾਰਚ ਨੂੰ ਆਏ ਚੋਣਾਂ ਦੇ ਨਤੀਜਿਆਂ ਪਿੱਛੋਂ ਪੰਜਾਬ ਦੀ ਵਾਗ ਕਿਸ ਪਾਰਟੀ ਦੇ ਕਿਸ ਲੀਡਰ ਨੇ ਸੰਭਾਲਣੀ ਹੈ, ਪਰ ਇਹ ਕਹਿਣਾ ਚਾਹਾਂਗੇ ਕਿ ਸੱਤਾ ਦਾ ਨਸ਼ਾ ਸਿਰ ਚੜ੍ਹ ਜਾਵੇ ਤਾਂ ਹਾਕਮਾਂ ਦੀ ਮੱਤ ਮਾਰਨ ਦੇ ਲਈ ਏਦਾਂ ਦਾ 'ਸਿਆਸੀ ਮੱਧ-ਵਰਗ' ਉਨ੍ਹਾਂ ਦਾ ਘੇਰਾ ਘੱਤਣ ਨੂੰ ਤਿਆਰ ਖੜਾ ਹੁੰਦਾ ਹੈ। ਹਾਕਮ ਕੋਈ ਵੀ ਬਣ ਜਾਵੇ, ਪੰਜਾਬ ਦੇ ਲੋਕਾਂ ਦਾ ਭਲਾ ਇਸ ਗੱਲ ਵਿੱਚ ਹੈ ਕਿ ਨਵੇਂ ਹਾਕਮ ਪਿਛਲਿਆਂ ਦੀ ਕੰਮਾਂ ਦੀ ਥਾਂ ਉਨ੍ਹਾਂ ਦੀਆਂ ਗਲਤੀਆਂ ਤੋਂ ਸਿੱਖਣ ਦਾ ਯਤਨ ਕਰਨ, ਜਿਹੜੀਆਂ ਉਨ੍ਹਾਂ ਦੇ ਜੜ੍ਹੀ ਬੈਠੀਆਂ ਸਨ। ਪੰਜਾਬੀ ਦਾ ਮੁਹਾਵਰਾ ਹੈ ਕਿ 'ਪਿੰਡ ਹਾਲੇ ਬੱਝਾ ਨਹੀਂ ਤੇ ਉਚੱਕੇ ਤਿਆਰ ਖੜੇ ਨੇ'। ਇਹ ਕਹਾਵਤ ਠੋਸ ਸੱਚਾਈ ਦੀ ਪ੍ਰਤੀਕ ਹੈ। ਪੰਜਾਬ ਦੀ ਨਵੀਂ ਸਰਕਾਰ ਦਾ ਪਿੰਡ ਜਾਂ ਚੱਕਾ ਬੱਝਣ ਤੋਂ ਪਹਿਲਾਂ ਉਚੱਕੇ ਤਿਆਰ ਖੜੇ ਨੇ। ਹਾਲਾਤ ਦੀ ਮੰਗ ਹੈ ਕਿ ਨਵੇਂ ਹਾਕਮ ਪਹਿਲਿਆਂ ਤੋਂ ਵੱਖਰੇ ਨਿਕਲਣ। ਉਨ੍ਹਾਂ ਨੇ ਵੱਖਰੇ ਨਿਕਲਣਾ ਹੈ ਜਾਂ ਨਹੀਂ, ਨਵਿਆਂ ਦੀ ਮਰਜ਼ੀ ਵੀ ਹੋਵੇਗੀ ਤੇ ਉਨ੍ਹਾਂ ਦਾ ਨਸੀਬਾ ਵੀ।

ਲਾਰੇ ਵੰਡਦੇ ਲੀਡਰਾਂ ਦੇ ਰਾਹ ਦਾ ਸਪੀਡ ਬਰੇਕਰ ਬਣਨ ਲਈ ਲੋਕਾਂ ਨੂੰ ਤਿਆਰ ਕੀਤਾ ਜਾਣਾ ਚਾਹੀਦੈ - ਜਤਿੰਦਰ ਪਨੂੰ

ਸਾਡੇ ਵਿੰਹਦਿਆਂ-ਵਿੰਹਦਿਆਂ ਵੋਟਾਂ ਕਈ ਵਾਰੀ ਲੋਕਾਂ ਨੇ ਪਾਈਆਂ ਅਤੇ ਇਹ ਆਸ ਕੀਤੀ ਹੈ ਕਿ ਇਸ ਨਾਲ ਹਾਲਤ ਬਦਲਣ ਦਾ ਕੋਈ ਸਬੱਬ ਬਣ ਜਾਵੇਗਾ, ਪਰ ਬਹੁਤਾ ਫਰਕ ਪੈਂਦਾ ਨਹੀਂ ਦਿੱਸਿਆ। ਸਾਨੂੰ ਪਿੰਡਾਂ ਵਿੱਚ ਅੱਜ ਵੀ ਕਈ ਬਜ਼ੁਰਗ ਇਹ ਕਹਿਣ ਵਾਲੇ ਮਿਲ ਜਾਂਦੇ ਹਨ ਕਿ ਅੱਜ ਦੀ ਹਕੂਮਤ ਤੋਂ ਅੰਗਰੇਜ਼ਾਂ ਦਾ ਰਾਜ ਰਹਿੰਦਾ ਤਾਂ ਉਹ ਵੀ ਮਾੜਾ ਨਹੀਂ ਸੀ, ਉਸ ਵਿੱਚ ਏਨੇ ਵੱਡੇ ਪੱਧਰ ਦਾ ਭ੍ਰਿਸ਼ਟਾਚਾਰ ਨਹੀਂ ਸੀ ਹੁੰਦਾ। ਇਹ ਤਸਵੀਰ ਦਾ ਇੱਕ ਪਾਸਾ ਤਾਂ ਹੋ ਸਕਦਾ ਹੈ, ਸਾਰੀ ਤਸਵੀਰ ਦੀ ਵਿਆਖਿਆ ਏਨੇ ਸ਼ਬਦਾ ਵਿੱਚ ਨਹੀਂ ਹੋ ਸਕਦੀ। ਅੰਗਰੇਜ਼ੀ ਰਾਜ ਏਨਾ ਚੰਗਾ ਹੁੰਦਾ ਤਾਂ ਸਾਡੇ ਦੇਸ਼ਭਗਤਾਂ ਨੂੰ ਕੁਰਬਾਨੀਆਂ ਨਾ ਦੇਣੀਆਂ ਪੈਂਦੀਆਂ, ਫਾਂਸੀ ਦੇ ਰੱਸੇ ਨਾ ਚੁੰਮਣੇ ਪੈਂਦੇ ਅਤੇ ਆਪਣੇ ਘਰ-ਬਾਰ ਜ਼ਬਤ ਨਾ ਕਰਵਾਉਣੇ ਪੈਂਦੇ। ਏਨੇ ਮਹਿੰਗੇ ਮੁੱਲ ਮਿਲੀ ਆਜ਼ਾਦੀ ਤੋਂ ਸੱਤਰ ਸਾਲ ਬਾਅਦ ਵੀ ਜੇ ਕੋਈ ਅੰਗਰੇਜ਼ੀ ਰਾਜ ਬਾਰੇ ਏਦਾਂ ਦੇ ਵਿਚਾਰ ਰੱਖਦਾ ਹੈ ਤਾਂ ਕਸੂਰ ਉਸ ਦਾ ਨਹੀਂ, ਆਜ਼ਾਦੀ ਦੇ ਲਾਭਾਂ ਨੂੰ ਹੜੱਪਣ ਵਾਲੇ ਚੋਰਾਂ ਅਤੇ ਉਨ੍ਹਾਂ ਚੋਰਾਂ ਦੀ ਸਰਪ੍ਰਸਤੀ ਕਰਨ ਵਾਲੇ ਆਗੂਆਂ ਦਾ ਹੈ। ਹਾਲਾਤ ਹਰ ਵਾਰੀ ਪਹਿਲਾਂ ਨਾਲੋਂ ਵੱਧ ਖਰਾਬ ਹੋਣ ਦਾ ਰੋਸ ਲੋਕਾਂ ਦੇ ਮਨ ਵਿੱਚ ਇਸ ਲਈ ਉਪਜਦਾ ਹੈ ਕਿ ਜਾਇਜ਼ ਸ਼ਿਕਵਾ ਵੀ ਸੁਣਨ ਵਾਲਾ ਕੋਈ ਨਹੀਂ ਲੱਭ ਰਿਹਾ।
ਕਹਿਣ ਨੂੰ ਭਾਰਤ ਲੋਕਤੰਤਰ ਹੈ ਅਤੇ ਹਰ ਪੰਜ ਸਾਲਾਂ ਬਾਅਦ ਲੋਕਾਂ ਨੂੰ ਆਪਣੇ ਤੰਤਰ ਦੇ ਹਾਕਮ ਚੁਣਨ ਲਈ ਮੌਕਾ ਬਾਕਾਇਦਾ ਮਿਲਦਾ ਹੈ, ਪਰ ਜਦੋਂ ਹਰ ਪਾਸੇ ਚੋਰਾਂ ਦੇ ਗੈਂਗ ਉਨ੍ਹਾਂ ਨੂੰ ਆਪੋ-ਆਪਣੀ ਪਸੰਦ ਦਾ ਹਾਕਮ ਚੁਣਨ ਲਈ ਮਜਬੂਰ ਕਰਨ ਲਈ ਘੂਰਦੇ ਫਿਰਨ ਤਾਂ ਲੋਕਤੰਤਰ ਸਿਰਫ ਨਾਂਅ ਦਾ ਲੋਕਤੰਤਰ ਰਹਿ ਜਾਂਦਾ ਹੈ। ਹਰ ਹਾਕਮ ਨੂੰ ਆਪਣੇ ਨਾਲ ਲੱਠਮਾਰਾਂ ਦੇ ਗੈਂਗ ਇਸ ਵਾਸਤੇ ਰੱਖਣੇ ਪੈਂਦੇ ਹਨ ਕਿ ਜਿਨ੍ਹਾਂ ਲੋਕਾਂ ਨੂੰ ਝੂਠੇ ਸਬਜ਼ ਬਾਗ ਵਿਖਾ ਕੇ ਵੋਟਾਂ ਲਈਆਂ ਹੁੁੰਦੀਆਂ ਹਨ, ਉਹ ਕਿਸੇ ਦਿਨ ਵੋਟਾਂ ਦਾ ਲੇਖਾ ਮੰਗਣ ਨਾ ਆਣ ਵੜਦੇ ਹੋਣ। ਭਾਰਤ ਦੀ ਕੋਈ ਪ੍ਰਮੁੱਖ ਧਿਰ ਵੀ ਏਦਾਂ ਦੀ ਨਹੀਂ, ਜਿਹੜੀ ਲੱਠਮਾਰਾਂ ਤੋਂ ਬਗੈਰ ਰਾਜ ਕਰਨ ਦਾ ਦਾਅਵਾ ਕਰ ਸਕੇ, ਸਗੋਂ ਕਈ ਵਾਰੀ ਏਦਾਂ ਲੱਗਦਾ ਹੈ ਕਿ ਮੁਕਾਬਲਾ ਵੋਟਾਂ ਦਾ ਨਹੀਂ, ਲੱਠਮਾਰਾਂ ਦੇ ਵੱਡੇ ਜਾਂ ਛੋਟੇ ਗੈਂਗਾਂ ਵੱਲੋਂ ਪੈਂਦੀ ਮਾਰ ਦਾ ਹੁੰਦਾ ਹੈ। 'ਜਿਸ ਕੀ ਲਾਠੀ, ਉਸ ਕੀ ਭੈਂਸ' ਦੇ ਮੁਹਾਵਰੇ ਵਾਂਗ ਜਿਸ ਦਾ ਲੱਠਮਾਰ ਗੈਂਗ ਵੱਡਾ ਹੈ, ਉਹ ਦੂਸਰਿਆਂ ਨੂੰ ਧੱਕੇ ਨਾਲ ਪਾਸੇ ਧੱਕਦਾ ਤੇ ਰਾਜ-ਭਾਗ ਦੇ ਗਲਿਆਰਿਆਂ ਤੱਕ ਜਾਣ ਵਾਲਾ ਰਾਹ ਮੱਲਣ ਦਾ ਯਤਨ ਕਰਦਾ ਹੈ। ਚੋਣ ਕਮਿਸ਼ਨ ਵਿਖਾਵੇ ਵਾਲਾ ਸ਼ੇਰ ਹੈ, ਜਿਹੜਾ ਕਦੇ-ਕਦੇ ਦਬਕਾ ਜਿਹਾ ਮਾਰਦਾ ਤੇ ਫਿਰ ਚੁੱਪ ਕਰ ਜਾਂਦਾ ਹੈ। ਹਰ ਚੋਣ ਵਿੱਚ ਕੁਝ ਉਮੀਦਵਾਰਾਂ ਵਿਰੁੱਧ ਚੋਣ ਜ਼ਾਬਤੇ ਦੀ ਉਲੰਘਣਾ ਦੇ ਕੇਸ ਦਰਜ ਹੁੰਦੇ ਹਨ, ਚੋਣਾਂ ਪਿੱਛੋਂ ਫਿਰ ਆਮ ਕਰ ਕੇ ਰੱਦ ਹੋ ਜਾਂਦੇ ਹਨ ਤੇ ਜਿਸ ਦੇ ਵਿਰੁੱਧ ਬਣਿਆ ਕੇਸ ਰੱਦ ਨਹੀਂ ਹੁੰਦਾ, ਉਹ ਚੋਣਾਂ ਜਿੱਤ ਚੁੱਕੇ ਹਾਕਮਾਂ ਦੀ ਦੁਸ਼ਮਣੀ ਦਾ ਕਰ ਕੇ ਨਹੀਂ ਹੁੰਦਾ।
ਅੱਜਕੱਲ੍ਹ ਭਾਰਤ ਦੇ ਪੰਜ ਰਾਜਾਂ ਵਿਚਲੀਆਂ ਵਿਧਾਨ ਸਭਾਵਾਂ ਦੀਆਂ ਚੋਣਾਂ ਹੋ ਰਹੀਆਂ ਹਨ ਤਾਂ ਇਨ੍ਹਾਂ ਦੇ ਵਿਧਾਨ ਸਭਾ ਹਲਕਿਆਂ ਹੇਠ ਭਾਰਤੀ ਪਾਰਲੀਮੈਂਟ ਦੇ ਇੱਕ ਸੌ ਦੋ ਹਲਕੇ ਵੀ ਆਉਂਦੇ ਹਨ। ਆਮ ਬੋਲੀ ਵਿੱਚ ਕਿਹਾ ਜਾਂਦਾ ਹੈ ਕਿ ਇਹ ਪੰਜਾਂ ਰਾਜਾਂ ਦੀਆਂ ਚੋਣਾਂ ਤੋਂ ਵਧ ਕੇ ਪਾਰਲੀਮੈਂਟ ਦੀਆਂ ਮਿੰਨੀ ਚੋਣਾਂ ਹਨ। ਕਹਿਣ ਦਾ ਅਰਥ ਇਹੀ ਹੁੰਦਾ ਹੈ ਕਿ ਪਾਰਲੀਮੈਂਟ ਦੇ ਜਿਸ ਹੇਠਲ ਸਦਨ ਲੋਕ ਸਭਾ ਵਿੱਚ ਅੱਧੇ ਤੋਂ ਵੱਧ ਮੈਂਬਰਾਂ ਦੀ ਹਮਾਇਤ ਦੇ ਨਾਲ ਅਗਲਾ ਪ੍ਰਧਾਨ ਮੰਤਰੀ ਚੁਣਿਆ ਜਾਣਾ ਹੈ, ਇਨ੍ਹਾਂ ਪੰਜ ਰਾਜਾਂ ਦੀਆਂ ਚੋਣਾਂ ਵਿੱਚ ਉਨ੍ਹਾਂ ਵਿੱਚੋਂ ਇੱਕ ਸੌ ਦੋ ਮੈਂਬਰਾਂ ਦੀ ਜਿੱਤ-ਹਾਰ ਦਾ ਅੰਦਾਜ਼ਾ ਹ ਸਕਦਾ ਹੈ। ਇਸ ਨੂੰ ਪਾਰਲੀਮੈਂਟ ਦਾ ਸੈਮੀ-ਫਾਈਨਲ ਵੀ ਕਿਹਾ ਜਾਂਦਾ ਹੈ। ਇਸੇ ਲਈ ਭਾਰਤ ਦਾ ਪ੍ਰਧਾਨ ਮੰਤਰੀ ਅਤੇ ਉਸ ਦੀ ਪੂਰੀ ਟੀਮ ਇਨ੍ਹਾਂ ਚੋਣਾਂ ਵਿੱਚ ਵਿਧਾਨ ਸਭਾ ਦਾ ਦੰਗਲ ਸਮਝ ਕੇ ਨਹੀਂ, ਪਾਰਲੀਮੈਂਟ ਚੋਣਾਂ ਦਾ ਅਗੇਤਾ ਮੈਚ ਸਮਝ ਕੇ ਸਾਰਾ ਤਾਣ ਲਾਉਣ ਲਈ ਘਰ-ਘਰ ਤੁਰੀ ਫਿਰਦੀ ਨਜ਼ਰ ਪੈਂਦੀ ਹੈ।
ਹੈਰਾਨੀ ਦੀ ਗੱਲ ਇਹ ਹੈ ਕਿ ਇਨ੍ਹਾਂ ਆਗੂਆਂ ਦਾ ਇਸ ਗੱਲ ਉੱਤੇ ਜ਼ੋਰ ਘੱਟ ਹੁੰਦਾ ਹੈ ਕਿ ਉਹ ਆਪਣੇ ਲੋਕਾਂ ਨੂੰ ਇਸ ਤਰ੍ਹਾਂ ਪੈਰਾਂ ਸਿਰ ਖੜਾ ਕਰ ਦੇਣਗੇ ਕਿ ਉਨ੍ਹਾਂ ਨੂੰ ਅੱਗੇ ਤੋਂ ਕਿਸੇ ਦੀ ਝਾਕ ਨਾ ਰੱਖਣੀ ਪਵੇ, ਬਹੁਤਾ ਜ਼ੋਰ ਇਸ ਗੱਲ ਉੱਤੇ ਹੁੰਦਾ ਹੈ ਕਿ ਸਾਨੂੰ ਜਿਤਾਉਗੇ ਤਾਂ ਅਸੀਂ ਆਹ-ਆਹ ਚੀਜ਼ਾਂ ਤੁਹਾਨੂੰ ਮੁਫਤ ਦਿੱਤਾ ਕਰਾਂਗੇ। ਲੋਕਾਂ ਨੂੰ ਮੁਫਤ ਦੇ ਮਾਲ ਦੀ ਝਾਕ ਲਾ ਕੇ ਉਨ੍ਹਾਂ ਦੀਆਂ ਵੋਟਾਂ ਲੈਣ ਵਾਲਿਆਂ ਨੂੰ ਪਤਾ ਹੈ ਕਿ ਜਿਸ ਦਿਨ ਇਹ ਲੋਕ ਕਮਾ ਕੇ ਖਾਣ ਜੋਗੇ ਹੋ ਗਏ, ਸਾਡੇ ਲਾਰਿਆਂ ਦਾ ਇਨ੍ਹਾਂ ਉੱਤੇ ਅਸਰ ਨਹੀਂ ਹੋਣਾ, ਇਸ ਲਈ ਏਦਾਂ ਦੀ ਸਥਿਤੀ ਪੈਦਾ ਹੀ ਨਹੀਂ ਹੋਣ ਦੇਣਗੇ ਕਿ ਲੋਕ ਪੈਰਾਂ ਸਿਰ ਖੜੇ ਹੋ ਜਾਣ ਤੇ ਸਾਡੇ ਤੋਂ ਝਾਕ ਰੱਖਣੀ ਛੱਡ ਦੇਣ। ਕੋਲਕਾਤਾ ਵਿੱਚ ਈਸਾਈਆਂ ਦੇ ਇੱਕ ਮਿਸ਼ਨ ਦੀ ਇੱਕ ਸਤਿਕਾਰਤ ਭਗਤਣੀ ਨੇ ਕੁਝ ਸਾਲ ਪਹਿਲਾਂ ਕਿਹਾ ਸੀ ਕਿ ਈਸ਼ਵਰ ਬੜਾ ਦਿਆਲੂ ਹੋਣ ਕਰ ਕੇ ਕੁਝ ਲੋਕਾਂ ਨੂੰ ਇਸ ਲਈ ਗਰੀਬ ਰੱਖਦਾ ਹੈ ਕਿ ਜਿਨ੍ਹਾਂ ਸਾਡੇ ਵਰਗਿਆਂ ਕੋਲ ਸਮਰੱਥਾ ਹੈ, ਅਸੀਂ ਉਨ੍ਹਾਂ ਗਰੀਬ ਲੋਕਾਂ ਲਈ ਕੁਝ ਦਾਨ ਪੁੰਨ ਕਰ ਕੇ ਆਪਣੇ ਜੀਵਨ ਨੂੰ ਸਫਲ ਕਰ ਸਕੀਏ। ਜੇ ਸਚਮੁੱਚ ਏਦਾਂ ਦਾ ਈਸ਼ਵਰ ਹੈ, ਜਿਸ ਨੂੰ ਸਮਰੱਥਾ ਵਾਲਿਆਂ ਦਾ ਭਲਾ ਕਰਨ ਲਈ ਪੁੰਨ ਦੇ ਕਾਰਜ ਕਰਨ ਦਾ ਮੌਕਾ ਦੇਣ ਵਾਸਤੇ ਕੁਝ ਲੋਕ ਗਰੀਬ ਵੀ ਰੱਖਣੇ ਪੈਂਦੇ ਹਨ ਤਾਂ ਉਸ ਈਸ਼ਵਰ ਨੂੰ ਸਿਰਫ ਕੁਝ ਲੋਕਾਂ ਲਈ ਭਾਵੇਂ ਦਿਆਲੂ ਮੰਨ ਲਈਏ, ਜਿਨ੍ਹਾਂ ਲੋਕਾਂ ਨੂੰ ਉਹ ਗਰੀਬ ਰੱਖਦਾ ਹੈ, ਉਨ੍ਹਾਂ ਵਿਚਾਰਿਆਂ ਲਈ ਦਿਆਲੂ ਨਹੀਂ ਕਿਹਾ ਜਾ ਸਕਦਾ। ਭਾਰਤ ਦੇ ਲੋਕਤੰਤਰ ਦੇ ਆਗੂ ਵੀ ਆਪਣੇ ਲੋਕਾਂ ਨੂੰ ਇਸ ਕਰ ਕੇ ਗਰੀਬ ਜਿਹੇ ਬਣਾ ਕੇ ਰੱਖਦੇ ਹਨ ਕਿ ਅਗਲੀ ਵਾਰੀ ਫਿਰ ਮੁਫਤ ਦਾ ਆਟਾ-ਦਾਲ ਤੇ ਹੋਰ ਸਹੂਲਤਾਂ ਦਾ ਲਾਰਾ ਲਾ ਕੇ ਉਨ੍ਹਾਂ ਦੀਆਂ ਵੋਟਾਂ ਮੁੜ ਕੇ ਲਈਆਂ ਜਾ ਸਕਣ। ਇਹ ਵੀ ਉਸ ਰੱਬ ਵਰਗੇ 'ਦਿਆਲੂ' ਹੀ ਹਨ।
ਭਾਰਤੀ ਲੋਕਤੰਤਰ ਵਿੱਚ ਲੋਕਾਂ ਦੇ ਸੇਵਕ ਅਖਵਾਉਣ ਵਾਲੇ ਆਗੂ ਵੀ ਉਸ ਈਸਾਈ ਭਗਤਣੀ ਦੇ ਰੱਬ ਵਰਗੇ ਹਨ, ਜਿਹੜੇ ਆਪਣੇ ਲੋਕਾਂ ਤੋਂ ਸਿਰਫ ਵੋਟਾਂ ਲੈਂਦੇ ਹਨ ਅਤੇ ਉਨ੍ਹਾਂ ਨੂੰ ਏਦਾਂ ਦੇ ਹਾਲਾਤ ਦੀ ਮਾਰ ਦੇ ਮਾਰੇ ਹੋਏ ਰੱਖਦੇ ਹਨ ਕਿ ਆਪਣੇ ਸਿਰ ਗੁਜ਼ਾਰਾ ਨਾ ਕਰ ਸਕਣ ਤੇ ਇਨ੍ਹਾਂ ਵੱਲ ਝਾਕਦੇ ਰਹਿਣ। ਇਸ ਵਾਰ ਦੀਆਂ ਚੋਣਾਂ ਦੇ ਦਿਨਾਂ ਵਿੱਚ ਅਸੀਂ ਇੱਕ ਵਾਰ ਫਿਰ ਇਹੋ ਹੁੰਦਾ ਵੇਖਿਆ ਹੈ। ਹਰ ਪਾਰਟੀ ਨੇ ਇਹ ਐਲਾਨ ਕਰਨ ਦਾ ਮੁਕਾਬਲਾ ਜਿੱਤਣ ਦੀ ਹੋੜ ਲਾ ਰੱਖੀ ਸੀ ਕਿ ਅਸੀਂ ਦੂਸਰਿਆਂ ਤੋਂ ਐਨਾ ਕੁਝ ਵੱਧ ਲੋਕਾਂ ਨੂੰ ਮੁਫਤ ਦਿੱਤਾ ਕਰਾਂਗੇ। ਜਦੋਂ ਸਰਕਾਰ ਅਜੇ ਬਣਨੀ ਸੀ ਤੇ ਉਸ ਦੇ ਲਈ ਵੋਟਾਂ ਵੀ ਅਜੇ ਨਹੀਂ ਸੀ ਪਈਆਂ, ਜਿਹੜਾ ਸਰਕਾਰੀ ਖਜ਼ਾਨਾ ਜਿੱਤਣ ਦੇ ਬਾਅਦ ਕਿਸੇ ਧਿਰ ਦੇ ਕੰਟਰੋਲ ਵਿੱਚ ਆਉਣਾ ਹੁੰਦਾ ਹੈ, ਉਸ ਨੂੰ ਰਾਜਿਆਂ ਵਾਂਗ ਵੰਡਣ ਅਤੇ ਆਪਣੇ ਚਹੇਤਿਆਂ ਦੇ ਲਈ ਮੌਜਾਂ ਲੁੱਟਣ ਦਾ ਸਬੱਬ ਬਣਾਉਣ ਦਾ ਐਲਾਨ ਹਰ ਪਾਰਟੀ ਕਰਨ ਲੱਗੀ ਰਹੀ ਸੀ। ਇਹ ਖਜ਼ਾਨਾ ਕਿਸੇ ਵੀ ਆਗੂ ਦੇ ਬਾਪ ਦੀ ਕਿਰਤ-ਕਮਾਈ ਜਾਂ ਕਿਸੇ ਹੋਰ ਦੀ ਮਾਂ ਦੇ ਹੱਥੀਂ ਕੱਤਿਆ ਹੋਇਆ ਸੂਤ ਵੇਚ ਕੇ ਨਹੀਂ ਭਰਦਾ, ਲੋਕਾਂ ਵੱਲੋਂ ਦਿੱਤੇ ਹੋਏ ਟੈਕਸਾਂ ਨਾਲ ਭਰਦਾ ਹੈ ਅਤੇ ਜਿਨ੍ਹਾਂ ਦੀ ਖੂਨ-ਪਸੀਨੇ ਦੀ ਕਮਾਈ ਵਿੱਚੋਂ ਖਜ਼ਾਨਾ ਭਰਦਾ ਹੈ, ਉਨ੍ਹਾਂ ਮੂਹਰੇ ਛੋਟਾਂ ਉਲੱਦਣ ਦਾ ਐਲਾਨ ਕਰ ਕੇ ਇਹ ਲੀਡਰ ਹਾਤਮਤਾਈ ਦੀ ਔਲਾਦ ਬਣਨ ਦੇ ਮੌਕੇ ਭਾਲਦੇ ਹਨ। ਭਾਰਤੀ ਲੋਕਤੰਤਰ ਦਾ ਇਹ ਸਭ ਤੋਂ ਹਾਸੋਹੀਣਾ ਤੇ ਸਭ ਤੋਂ ਕੋਝਾ ਪੱਖ ਹੈ ਕਿ ਜਿਨ੍ਹਾਂ ਲੋਕਾਂ ਦਾ ਖੂਨ ਨਿਚੋੜ ਕੇ ਪੈਸਾ ਆਇਆ, ਉਨ੍ਹਾਂ ਲਈ ਇਸ ਵਿੱਚੋਂ ਚਾਰ ਮੁੱਠਾਂ ਵੰਡਣ ਨੂੰ ਇਹ ਲੋਕ ਟੂਣਾ ਜਿਹਾ ਕਰਨ ਵਾਂਗ ਸਮਝਦੇ ਹਨ, ਤਾਂ ਕਿ ਅਗਲੀ ਵਾਰ ਮੁੜ ਕੇ ਲਾਰਿਆਂ ਦਾ ਲਾਲੀਪਾਪ ਮੰਗਣ ਜੋਗੇ ਉਨ੍ਹਾਂ ਨੂੰ ਕਰੀ ਰੱਖਣ। ਇਹ ਕੰਮ ਬੰਦ ਹੋਣਾ ਚਾਹੀਦਾ ਹੈ। ਇਸ ਵਾਰ ਪੰਜਾਬ ਦੇ ਲੋਕ ਜੇ ਇਸ ਤਰ੍ਹਾਂ ਨਹੀਂ ਕਰ ਸਕੇ ਤਾਂ ਇੱਕ ਲਹਿਰ ਚਲਾਈ ਜਾਣੀ ਚਾਹੀਦੀ ਹੈ, ਜਿਹੜੀ ਅਗਲੀ ਵਾਰੀ ਤੱਕ ਪੰਜਾਬ ਦੇ ਲੋਕਾਂ ਨੂੰ ਇਸ ਲਾਇਕ ਕਰ ਸਕੇ ਕਿ ਲਾਰੇ ਵੰਡਦੇ ਆਗੂਆਂ ਦੇ ਮੂਹਰੇ ਉਹ ਸਪੀਡ ਬਰੇਕਰ ਬਣ ਸਕਣ।

ਸੰਕੇਤ ਕੀ ਮਿਲਦੇ ਨੇ ਅਸਲੋਂ ਬਦਲੀ ਹੋਈ ਪੰਜਾਬ ਦੀ ਚੋਣ ਮੁਹਿੰਮ ਦੇ! - ਜਤਿੰਦਰ ਪਨੂੰ

ਪੰਜਾਬ ਦੀ ਪਹਿਲੀ ਚੋਣ ਮੁਹਿੰਮ ਅਸੀਂ ਉਸ ਵੇਲੇ ਵੇਖੀ ਸੀ, ਜਦੋਂ ਸਕੂਲ ਪੜ੍ਹਦੇ ਸਾਂ ਅਤੇ ਪੜ੍ਹਾਉਣ ਵਾਲਿਆਂ ਦੀ ਅੱਖ ਬਚਾ ਕੇ ਉਸ 'ਕੁਰਬਾਨੀ ਵਾਲੇ' ਸੰਤ ਫਤਹਿ ਸਿੰਘ ਦੇ 'ਦਰਸ਼ਨ' ਕਰਨ ਗਏ ਸਾਂ, ਜਿਸ ਬਾਰੇ ਸੁਣਦੇ ਸਾਂ ਕਿ ਉਹ ਸਿੱਖ ਪੰਥ ਲਈ ਤਿੰਨ ਵਾਰੀ ਮਰਨ-ਵਰਤ ਰੱਖ ਚੁੱਕਾ ਹੈ। ਇਹ ਗੱਲ ਚੋਖਾ ਚਿਰ ਬਾਅਦ ਸਾਨੂੰ ਸਮਝ ਪਈ ਕਿ ਮਰਨਾ ਹੋਵੇ ਤਾਂ 'ਤਿੰਨ ਮਰਨ-ਵਰਤ' ਨਹੀਂ ਰੱਖਣੇ ਪੈਂਦੇ, ਜਿਹੜਾ ਬੰਦਾ ਇਸ ਤਰ੍ਹਾਂ ਮੁੜ-ਮੁੜ 'ਮਰਨ-ਵਰਤ' ਰੱਖਦਾ ਰਹਿੰਦਾ ਹੋਵੇ, ਉਹ ਮਰਦਾ ਨਹੀਂ ਹੁੰਦਾ, ਐਵੇਂ ਫੋਕੇ ਖੇਖਣ ਕਰਦਾ ਹੁੰਦਾ ਹੈ। ਇਹ ਗੱਲ ਆਪਣੀ ਥਾਂ, ਪਰ ਉਸ ਦੇ 'ਦਰਸ਼ਨ' ਦੇ ਬਹਾਨੇ ਉਸ ਪਹਿਲੀ ਚੋਣ ਮੁਹਿੰਮ ਤੋਂ ਬਾਅਦ ਇਸ ਵਕਤ ਅਸੀਂ ਬਾਰਵੀਂ ਚੋਣ ਮੁਹਿੰਮ ਚੱਲਦੀ ਵੇਖ ਰਹੇ ਹਾਂ। ਏਨੇ ਸਮੇਂ ਵਿੱਚ ਚੋਣਾਂ ਦੀਆਂ ਮੁਹਿੰਮਾਂ ਦਾ ਸਿਆਸੀ ਰੰਗ ਵੀ ਚੋਖਾ ਬਦਲ ਗਿਆ, ਚੋਣ ਮੁਹਿੰਮ ਚਲਾਉਂਦੀਆਂ ਰਾਜਸੀ ਪਾਰਟੀਆਂ ਵੀ ਬਦਲ ਗਈਆਂ ਅਤੇ ਮੁੱਦੇ ਵੀ ਏਨੇ ਬਦਲ ਗਏ ਕਿ ਯਕੀਨ ਕਰਨਾ ਔਖਾ ਜਾਪਦਾ ਹੈ।
ਉਸ ਵਕਤ ਚੋਣ ਲੜਦੀਆਂ ਸਿਆਸੀ ਧਿਰਾਂ ਵਿੱਚ ਰਿਪਬਲੀਕਨ ਪਾਰਟੀ ਵੀ ਹੁੰਦੀ ਸੀ, ਜਿਹੜੀ ਚੋਣ ਮੈਦਾਨ ਤੋਂ ਛੇਤੀ ਬਾਹਰ ਹੋ ਗਈ ਤੇ ਕਮਿਊਨਿਸਟਾਂ ਦੀਆਂ ਦੋ ਵੱਡੀਆਂ ਧਿਰਾਂ ਵੀ ਚੋਖਾ ਪ੍ਰਭਾਵ ਰੱਖਦੀਆਂ ਸਨ। ਇੱਕ ਮੌਕੇ ਜਦੋਂ ਮੁੱਖ ਮੰਤਰੀ ਗਿਆਨੀ ਜ਼ੈਲ ਸਿੰਘ ਨੇ ਪੰਜਾਬ ਦੀ ਕਮਾਨ ਸਾਂਭੀ ਸੀ, ਓਦੋਂ ਇੱਕ ਕਮਿਊਨਿਸਟ ਪਾਰਟੀ ਦੇ ਦਸ ਵਿਧਾਇਕ ਅਤੇ ਦੂਸਰੀ ਦਾ ਇੱਕ ਭਾਵੇਂ ਵੱਖੋ-ਵੱਖ ਬੈਠਦੇ ਸਨ, ਮਿਲਾ ਕੇ ਗਿਆਰਾਂ ਹੁੰਦੇ ਸਨ। ਜਿਹੜੀ ਧਿਰ ਦੇ ਦਸ ਵਿਧਾਇਕ ਸਨ, ਉਸ ਨੂੰ ਇਹ ਮਿਹਣਾ ਮਾਰਿਆ ਜਾਂਦਾ ਸੀ ਕਿ ਇਹ ਕਾਂਗਰਸ ਦੀ ਮਦਦ ਨਾਲ ਜਿੱਤਾਏ ਹਨ, ਆਪਣੇ ਸਿਰ ਜਿੱਤਣ ਜੋਗੀ ਨਹੀਂ। ਅਗਲੀ ਵਾਰੀ ਫਿਰ ਕਾਂਗਰਸ ਨਾਲ ਜੁੜ ਕੇ ਉਸ ਪਾਰਟੀ ਦੇ ਸੱਤ ਜਿੱਤ ਗਏ ਤੇ ਦੂਸਰੀ ਦੇ ਅਕਾਲੀਆਂ ਨਾਲ ਮਿਲ ਕੇ ਅੱਠ ਜਿੱਤਣ ਨਾਲ ਪੰਦਰਾਂ ਹੋ ਗਏ, ਪਰ ਮਿਹਣਾ ਉਹੋ ਵੱਜਦਾ ਰਿਹਾ। ਉਸ ਤੋਂ ਅਗਲੀ ਵਾਰੀ ਦੋਵਾਂ ਦੀ ਅਕਾਲੀ ਦਲ ਨਾਲ ਚੋਣ ਸਾਂਝ ਵਿੱਚ ਪਹਿਲੀ ਧਿਰ ਦੇ ਨੌਂ ਤੇ ਦੂਸਰੀ ਦੇ ਪੰਜ ਜਿੱਤਣ ਵਿੱਚ ਕਾਮਯਾਬ ਹੋ ਗਏ, ਪਰ ਪੰਜ ਸਾਲ ਪਿੱਛੋਂ ਸੰਤ ਹਰਚੰਦ ਸਿੰਘ ਲੌਂਗੋਵਾਲ ਦੇ ਕਤਲ ਪਿੱਛੋਂ ਹੋਈਆਂ ਚੋਣਾਂ ਵਿੱਚ ਪਹਿਲੀ ਪਾਰਟੀ ਦਾ ਇੱਕ ਵਿਧਾਇਕ ਰਹਿ ਗਿਆ ਤੇ ਦੂਸਰੀ ਇੱਕ ਤੋਂ ਵੀ ਵਾਂਝੀ ਹੋ ਗਈ। ਉਸ ਤੋਂ ਬਾਅਦ ਇਨ੍ਹਾਂ ਦੋਵਾਂ ਕਮਿਊਨਿਸਟ ਧਿਰਾਂ ਦੀ ਹਾਲਤ ਵਿਗੜਦੀ ਗਈ ਅਤੇ ਹੌਲੀ-ਹੌਲੀ ਇਹ ਹਾਲ ਹੋ ਗਿਆ ਕਿ ਅੱਜਕੱਲ੍ਹ ਦੋਵਾਂ ਦਾ ਪੰਜਾਬ ਦੀ ਵਿਧਾਨ ਸਭਾ ਵਿੱਚ ਖਾਤਾ ਖਾਲੀ ਹੈ। ਉਨ੍ਹਾਂ ਦੀ ਥਾਂ ਨਵੀਂਆਂ ਸਿਆਸੀ ਧਿਰਾਂ ਉੱਠਣ ਲੱਗ ਪਈਆਂ ਹਨ।
ਨਵੀਂਆਂ ਧਿਰਾਂ ਵਿੱਚੋਂ ਦਸ ਸਾਲ ਪਹਿਲਾਂ ਮਨਪ੍ਰੀਤ ਸਿੰਘ ਬਾਦਲ ਦੀ ਅਗਵਾਈ ਹੇਠ ਪੰਜਾਬ ਪੀਪਲਜ਼ ਪਾਰਟੀ ਵੀ ਬਣੀ ਸੀ, ਜਿਹੜੀ ਸੌ ਤੋਂ ਵੱਧ ਸੀਟਾਂ ਜਿੱਤਣ ਦੇ ਦਾਅਵੇ ਤੋਂ ਤੁਰੀ ਅਤੇ ਨਤੀਜੇ ਵਿੱਚ ਇੱਕ ਵੀ ਸੀਟ ਜਿੱਤਣ ਜੋਗੀ ਨਹੀਂ ਸੀ ਨਿਕਲੀ। ਉਸ ਪਾਰਟੀ ਦਾ ਮੁਖੀ ਬਾਅਦ ਵਿੱਚ ਕਾਂਗਰਸ ਵਿੱਚ ਜਾ ਰਲਿਆ ਤੇ ਅਕਾਲੀ-ਭਾਜਪਾ ਸਰਕਾਰ ਦੇ ਸਮੇਂ ਖਜ਼ਾਨਾ ਮੰਤਰੀ ਰਹਿ ਚੁੱਕਾ ਉਹੀ ਆਗੂ ਫਿਰ ਕਾਂਗਰਸ ਦਾ ਖਜ਼ਾਨਾ ਮੰਤਰੀ ਵੀ ਬਣ ਗਿਆ। ਪੰਜ ਸਾਲ ਪਹਿਲਾਂ ਆਮ ਆਦਮੀ ਪਾਰਟੀ ਨੇ ਪੰਜਾਬ ਵਿਧਾਨ ਸਭਾ ਦੀ ਪਹਿਲੀ ਚੋਣ ਲੜੀ ਤਾਂ ਉਸ ਦੇ ਆਗੂ ਵੀ ਮਨਪ੍ਰੀਤ ਸਿੰਘ ਬਾਦਲ ਵਾਂਗ ਸੌ ਤੋਂ ਵੱਧ ਸੀਟਾਂ ਜਿੱਤਣ ਦੇ ਦਾਅਵੇ ਕਰਦੇ ਸਨ ਤੇ ਉਨ੍ਹਾਂ ਦੇ ਵਿਰੋਧੀ ਆਗੂ ਵੀ ਉਨ੍ਹਾਂ ਦੀ ਸਰਕਾਰ ਬਣ ਜਾਣ ਜਾਂ ਅੱਧੇ ਸੈਂਕੜੇ ਦੇ ਨੇੜੇ ਸੀਟਾਂ ਜਿੱਤ ਜਾਣ ਤੱਕ ਮੰਨੀ ਬੈਠੇ ਸਨ। ਨਤੀਜੇ ਵਿੱਚ ਉਹ ਮਸਾਂ ਵੀਹ ਸੀਟਾਂ ਤੀਕਰ ਸਿਮਟ ਗਈ ਤੇ ਫਿਰ ਪਾਟਕ ਦਾ ਸ਼ਿਕਾਰ ਹੋ ਗਈ ਸੀ। ਕਾਂਗਰਸ ਵਿੱਚੋਂ ਆਏ ਇੱਕ ਬੰਦੇ ਦਾ ਪਾਇਆ ਪਾਟਕ ਇਸ ਪਾਰਟੀ ਦੀ ਹਾਲਤ ਵਿਗਾੜਨ ਲਈ ਰਾਜਸੀ ਸਦਾਚਾਰ ਦੀ ਨੀਵਾਣ ਦੀਆਂ ਆਖਰੀ ਹੱਦਾਂ ਛੋਹਣ ਤੱਕ ਗਿਆ, ਪਰ ਕਿਸੇ ਤਰ੍ਹਾਂ ਇਹ ਪਾਰਟੀ ਆਪਣਾ ਭੋਗ ਪੈਣ ਤੋਂ ਬਚਾ ਕੇ ਅੱਜ ਇੱਕ ਵਾਰੀ ਫਿਰ ਚੋਣ ਮੈਦਾਨ ਵਿੱਚ ਖੜੀ ਹੈ।
ਏਥੇ ਆ ਕੇ ਅਸੀਂ ਇਸ ਵਕਤ ਹੋ ਰਹੀਆਂ ਚੋਣਾਂ ਦੀ ਚਰਚਾ ਕਰਨਾ ਚਾਹੁੰਦੇ ਹਾਂ। ਅਸੀਂ ਕਦੇ ਵੀ ਸਿਆਸਤ ਦੇ ਜੋਤਸ਼ੀ ਬਣਨ ਦਾ ਭਰਮ ਨਹੀਂ ਰੱਖਿਆ, ਪਰ ਹਾਲਾਤ ਕਈ ਵਾਰੀ ਕੁਝ ਏਦਾਂ ਦੇ ਮੋੜ ਕੱਟਣ ਲੱਗਦੇ ਹਨ ਕਿ ਤਜਰਬੇ ਦੇ ਆਧਾਰ ਉੱਤੇ ਕੁਝ ਸੰਕੇਤ ਸਮਝ ਆਉਣ ਲੱਗਦੇ ਹਨ। ਏਦਾਂ ਦੇ ਸੰਕੇਤ ਇਸ ਵਕਤ ਵੀ ਚੋਣ ਮੁਹਿੰਮ ਦੀ ਗਰਮਾ-ਗਰਮੀ ਦੇ ਵਿਚਾਲਿਉਂ ਉੱਠਦੇ ਮਹਿਸੂਸ ਹੁੰਦੇ ਹਨ। ਇਸ ਵਾਰੀ ਜਦੋਂ ਚੋਣਾਂ ਦੀ ਮੁਹਿੰਮ ਸ਼ੁਰੂ ਹੋਈ ਸੀ ਤਾਂ ਉਸ ਵਕਤ ਜਿਹੜਾ ਰੌਂਅ ਭਾਸ਼ਣਾਂ ਦੀ ਕੁੜੱਤਣ ਦਾ ਨਜ਼ਰ ਪੈਂਦਾ ਸੀ, ਉਸ ਦੀ ਕੁੜੱਤਣ ਤਾਂ ਅਜੇ ਵੀ ਹੈ ਅਤੇ ਪਹਿਲਾਂ ਨਾਲੋਂ ਸਗੋਂ ਵਧ ਗਈ ਹੈ, ਪਰ ਉਸ ਦਾ ਰੁਖ ਬਦਲਿਆ ਜਾਪਣ ਲੱਗ ਪਿਆ ਹੈ। ਕਾਂਗਰਸ ਪਾਰਟੀ ਦੇ ਆਗੂਆਂ ਵਿੱਚ 'ਮੈਂ ਵੱਡਾ ਆਗੂ' ਵਾਲੀ ਜੰਗ ਇਸ ਹੱਦ ਤੱਕ ਚਲੀ ਗਈ ਹੈ ਕਿ ਉਹ ਆਪਣੇ ਇਸ ਕੁਪੱਤ ਕਾਰਨ ਹੋਰ ਕੁਝ ਵੇਖਣਾ ਹੀ ਨਹੀਂ ਚਾਹੁੰਦੇ। ਹਾਲਤ ਇਹ ਹੈ ਕਿ ਵੱਡੇ ਲੀਡਰਾਂ ਵਿੱਚ ਮੁੱਖ ਮੰਤਰੀ ਦੇ ਉਮੀਦਵਾਰ ਲਈ ਛਿੜੀ ਜੰਗ ਵਿੱਚ ਉਨ੍ਹਾਂ ਲੀਡਰਾਂ ਦੇ ਪਰਵਾਰ ਦੇ ਜੀਅ ਵੀ ਆਪੋ-ਆਪਣਾ ਰਾਗ ਅਲਾਪਣ ਲੱਗੇ ਹਨ ਅਤੇ ਚੋਣਾਂ ਜਿੱਤਣ ਵੱਲ ਧਿਆਨ ਘੱਟ ਤੇ ਆਪਸੀ ਖਹਿਬੜ ਵਿੱਚ ਵੱਧ ਲੱਗਾ ਪਿਆ ਹੈ। ਇਸ ਦੇ ਲੀਡਰ ਜਿੱਤਣਾ ਹੀਂ ਨਹੀਂ ਚਾਹੁੰਦੇ ਤਾਂ ਲੋਕ ਕਿਉਂ ਜਿਤਾਉਣਗੇ!
ਆਮ ਆਦਮੀ ਪਾਰਟੀ ਸਾਰਾ ਤਾਣ ਲਾਈ ਜਾਂਦੀ ਹੈ, ਉਸ ਦੇ ਹੱਕ ਦੀ ਲਹਿਰ ਚੱਲਣ ਦੇ ਚਰਚੇ ਵੀ ਕਈ ਲੋਕ ਕਰਦੇ ਹਨ ਅਤੇ ਲੋਕਾਂ ਵਿੱਚ ਇਹ ਪ੍ਰਭਾਵ ਵੀ ਮਿਲਦਾ ਹੈ, ਪਰ ਕਿਰਿਆ ਦੇ ਉਲਟ ਪ੍ਰਤੀਕਿਰਿਆ ਦੀ ਧਾਰਨਾ ਕਿਸੇ ਨੂੰ ਯਾਦ ਨਹੀਂ। ਮੁਹਿੰਮ ਵਿੱਚ ਰੁੱਝੀ ਹੋਈ ਆਮ ਆਦਮੀ ਪਾਰਟੀ ਆਸੇ-ਪਾਸੇ ਦੇ ਉਨ੍ਹਾਂ ਵਰਤਾਰਿਆਂ ਬਾਰੇ ਸੋਚਣ ਦੀ ਵਿਹਲ ਨਹੀਂ ਕੱਢਦੀ, ਜਾਂ ਉਸ ਨੂੰ ਸਮਝ ਨਹੀਂ ਪੈਂਦੀ, ਜਿਹੜੇ ਅੰਦਰੋ-ਅੰਦਰ ਆਪਣੀ ਛਾਪ ਛੱਡਣ ਲੱਗੇ ਹਨ।
ਪਿਛਲੇਰੇ ਹਫਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਜਦੋਂ ਬਿਮਾਰ ਪਏ ਤਾਂ ਉਨ੍ਹਾਂ ਨੂੰ ਹਸਪਤਾਲ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਫੋਨ ਕਤਾ ਸੀ। ਉਸ ਫੋਨ ਤੋਂ ਪਹਿਲੇ ਦਿਨ ਤੱਕ ਭਾਜਪਾ ਵਿਰੁੱਧ ਅਕਾਲੀ ਲੀਡਰਾਂ ਦੇ ਬੋਲ ਬਹੁਤ ਕੁੜੱਤਣ ਵਾਲੇ ਸਨ, ਪਰ ਉਸ ਤੋਂ ਬਾਅਦ ਅਕਾਲੀ ਦਲ ਦੇ ਆਗੂਆਂ ਦੀ ਬੋਲੀ ਵਿੱਚ ਵਾਹਵਾ ਫਰਕ ਕਈ ਲੋਕਾਂ ਨੇ ਨੋਟ ਕੀਤਾ ਹੈ। ਦੂਸਰੀ ਗੱਲ ਕਿ ਪਹਿਲੇ ਸਮੇਂ ਵਿੱਚ ਭਾਰਤੀ ਜਨ ਸੰਘ ਅਤੇ ਫਿਰ ਉਹੀ ਆਗੂ ਭਾਰਤੀ ਜਨਤਾ ਪਾਰਟੀ ਬਣਨ ਦੇ ਬਾਅਦ ਵੀ ਪੰਜਾਬ ਅਤੇ ਸਿੱਖਾਂ ਦੇ ਮਸਲਿਆਂ ਨੂੰ ਟਾਲਣ ਜਾਂ ਹਿੰਦੂਤੱਵ ਦੀ ਝੰਡਾ-ਬਰਦਾਰੀ ਕਰਦਿਆਂ ਘੱਟ-ਗਿਣਤੀਆਂ ਵੱਲ ਸੰਭਲ ਕੇ ਨਹੀਂ ਸਨ ਬੋਲਿਆ ਕਰਦੇ, ਉਹੀ ਭਾਜਪਾ ਲੀਡਰ ਇਸ ਵਾਰੀ ਸਾਰਾ ਜ਼ੋਰ ਇਹ ਦੱਸਣ ਉੱਤੇ ਲਾ ਰਹੇ ਹਨ ਕਿ ਉਹ ਸਿੱਖੀ ਅਤੇ ਸਿੱਖਾਂ ਦਾ ਬਹੁਤ ਸਤਿਕਾਰ ਕਰਦੇ ਹਨ। ਭਾਜਪਾ ਦੀ ਅਗਵਾਈ ਕਰਨ ਵਾਲੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸਿੱਖਾਂ ਦੇ ਹਿੱਤਾਂ ਦੇ ਪਹਿਰੇਦਾਰ ਵਜੋਂ ਪੇਸ਼ ਕਰਨ ਲਈ ਉਚੇਚੀ ਲਿਖੀ ਇੱਕ ਕਿਤਾਬ ਵੀ ਉਹ ਵੰਡਦੇ ਹਨ ਅਤੇ ਭਾਸ਼ਣਾਂ ਵਿੱਚ ਵੀ ਦੱਸਣਾ ਨਹੀਂ ਭੁੱਲਦੇ ਕਿ ਕਾਂਗਰਸ ਰਾਜ ਵਿੱਚ ਸਿੱਖਾਂ ਨਾਲ ਧੱਕੇ ਹੋਏ ਸਨ, ਨਰਿੰਦਰ ਮੋਦੀ ਨੇ ਇਨਸਾਫ ਦਿਵਾਉਣ ਲਈ ਕਦਮ ਚੁੱਕੇ ਹਨ। ਪਿਛਲੇ ਸਾਲ ਵਿੱਚ ਕਈ ਸਿੱਖ ਆਗੂ ਅੱਗੜ-ਪਿੱਛੜ ਜਦੋਂ ਭਾਜਪਾ ਦੇ ਨਾਲ ਜੁੜਨ ਲੱਗੇ ਤਾਂ ਕਈ ਲੋਕਾਂ ਨੂੰ ਇਹ ਹਾਸੋਹੀਣੀ ਜਿਹੀ ਗੱਲ ਜਾਪਦੀ ਸੀ, ਅਸੀਂ ਓਦੋਂ ਵੀ ਕਿਹਾ ਸੀ ਕਿ ਭਾਜਪਾ ਵੱਲ ਸਿੱਖ ਚਿਹਰਿਆਂ ਦੀ ਦੌੜ ਅਗਲੀਆਂ ਵਿਧਾਨ ਸਭਾ ਚੋਣਾਂ ਦਾ ਨਕਸ਼ਾ ਬਦਲਣ ਤੱਕ ਜਾ ਸਕਦੀ ਹੈ। ਉਸ ਦਾ ਅਸਰ ਅੱਜ ਦਿਖਾਈ ਦੇਂਦਾ ਹੈ ਅਤੇ ਇਹੋ ਅਸਰ ਚੋਣਾਂ ਪਿੱਛੋਂ ਓਹੋ ਜਿਹੇ ਨਤੀਜੇ ਪੇਸ਼ ਕਰ ਸਕਦਾ ਹੈ, ਜਿਨ੍ਹਾਂ ਦੀ ਇਸ ਵਕਤ ਗੱਲ ਵੀ ਕਰੀਏ ਤਾਂ ਬਹੁਤ ਸਾਰੇ ਸੱਜਣ ਮਜ਼ਾਕ ਉਡਾਉਂਦੇ ਹਨ। ਇਹ ਨਤੀਜੇ ਵੋਟ ਮਸ਼ੀਨਾਂ ਵਿੱਚੋਂ ਵੀ ਨਿਕਲ ਸਕਦੇ ਹਨ ਅਤੇ ਮਸ਼ੀਨਾਂ ਦੇ ਫਤਵੇ ਤੋਂ ਬਾਅਦ ਸਰਕਾਰ ਬਣਾਉਣ ਦੀ ਪ੍ਰਕਿਰਿਆ ਦੇ ਰੂਪ ਵਿੱਚ ਵੀ ਸਾਹਮਣੇ ਆ ਸਕਦੇ ਹਨ, ਜਿਸ ਦੇ ਸਾਫ ਸੰਕੇਤ ਦਿੱਸਣ ਲੱਗੇ ਹਨ।
ਅਸੀਂ ਇਹ ਨਹੀਂ ਕਹਿੰਦੇ ਕਿ ਏਹੀ ਹੋਵੇਗਾ, ਜਿੱਦਾਂ ਸੰਕੇਤ ਅਸੀਂ ਕੀਤਾ ਹੈ, ਪਰ ਪੱਤਰਕਾਰੀ ਜਗਤ ਦੇ ਕਈ ਧਨੰਤਰਾਂ ਨਾਲ ਹੋਈ ਸਾਡੀ ਨਿੱਜੀ ਪੱਧਰ ਦੀ ਗੱਲਬਾਤ ਦਾ ਨਿਚੋੜ ਇਹੋ ਹੈ, ਜੋ ਅਸੀਂ ਪਾਠਕਾਂ ਦੇ ਸਾਹਮਣੇ ਰੱਖਣ ਦੀ ਕੋਸ਼ਿਸ਼ ਕੀਤੀ ਹੈ। ਇਸ ਸੰਭਾਵਨਾ ਵਿੱਚ ਵਾਧਾ ਕਰਨ ਵਾਲਾ ਇੱਕ ਹੋਰ ਪੱਖ ਸਿਰਸੇ ਦੇ ਡੇਰੇ ਵਾਲਾ ਵੀ ਹੈ, ਜਿਸ ਦੀ ਚਰਚਾ ਅਸੀਂ ਨਹੀਂ ਕਰ ਰਹੇ, ਕਿਉਂਕਿ ਸਾਰਿਆਂ ਨੂੰ ਪਤਾ ਹੈ ਕਿ ਉਨ੍ਹਾਂ ਨੇ ਕਿਸ ਪਾਸੇ ਵਗਣਾ ਹੈ।

ਪੰਜਾਬ ਇਨ੍ਹਾਂ ਚੋਣਾਂ ਮਗਰੋਂ ਰਾਜਸੀ ਤੇ ਸਮਾਜੀ ਪੱਖੋਂ ਅਸਲੋਂ ਬਦਲਿਆ ਵੇਖਣ ਨੂੰ ਮਿਲ ਸਕਦੈ - ਜਤਿੰਦਰ ਪਨੂੰ

ਆਪਣੇ ਪਾਠਕਾਂ ਨਾਲ ਸਾਂਝ ਪਾਉਣ ਵਾਲੀ ਇਹ ਲਿਖਤ ਲਿਖਣ ਤੱਕ ਪੰਜਾਬ ਦੇ ਲੋਕਾਂ ਦੇ ਪ੍ਰਤੀਨਿਧ ਬਣਨ ਦੇ ਚਾਹਵਾਨਾਂ ਦੀਆਂ ਨਾਮਜ਼ਦਗੀਆਂ ਦਾ ਕੰਮ ਪੂਰਾ ਹੋ ਚੁੱਕਾ ਹੈ। ਜਿਨ੍ਹਾਂ ਦੇ ਕਾਗਜ਼ ਰੱਦ ਹੋਣ ਵਾਲੇ ਸਨ, ਹੋ ਗਏ ਤੇ ਜਿਸ ਕਿਸੇ ਨੇ ਇੱਕ ਜਾਂ ਦੂਸਰੀ ਧਿਰ ਨਾਲ ਸੈਨਤ ਮਿਲਾ ਕੇ ਕਾਗਜ਼ ਵਾਪਸ ਲੈਣੇ ਸਨ, ਉਹ ਇਹ ਕੰਮ ਕਰ ਚੁੱਕਾ ਹੈ। ਇਸ ਦੇ ਬਾਅਦ ਵੀ ਕੁਝ ਉਮੀਦਵਾਰਾਂ ਨੇ ਦਲਬਦਲੀ ਕਰਨੀ ਅਤੇ ਇੱਕ ਜਾਂ ਦੂਸਰੀ ਪਾਰਟੀ ਜਾਂ ਉਮੀਦਵਾਰ ਦੀ ਹਮਾਇਤ ਦਾ ਪਾਖੰਡ ਕਰ ਕੇ ਚੋਣ ਮੈਦਾਨ ਤੋਂ ਹਟਣ ਦਾ ਐਲਾਨ ਕਰਨਾ ਹੈ। ਇਹ ਕੰਮ ਚੋਣਾਂ ਵਾਲੇ ਦਿਨ ਤੱਕ ਹੁੰਦਾ ਰਹਿਣਾ ਹੈ ਤੇ ਏਦਾਂ ਦੀ ਖੇਡ ਖੇਡਣ ਲਈ ਕੁਝ ਇਹੋ ਜਿਹੇ ਗੈਰ-ਗੰਭੀਰ ਉਮੀਦਵਾਰ ਮੈਦਾਨ ਵਿੱਚ ਹਨ, ਜਿਹੜੇ ਵਿਧਾਨ ਸਭਾ ਤੇ ਪਾਰਲੀਮੈਂਟ ਸਮੇਤ ਹਰ ਚੋਣ ਲੜਨ ਲਈ ਕਾਗਜ਼ ਭਰਦੇ ਅਤੇ ਚੁੱਕਦੇ ਹਨ। ਕਈ ਵਾਰੀ ਚੋਣ ਲੜ ਰਿਹਾ ਉਮੀਦਵਾਰ ਉਨ੍ਹਾਂ ਨੂੰ ਇਸ ਕੰਮ ਲਈ ਚਾਰ ਪੈਸੇ ਦੇ ਕੇ ਹਮਾਇਤ ਕਰਵਾ ਲੈਂਦਾ ਹੈ ਤੇ ਕਈ ਵਾਰੀ ਜੇ ਕੋਈ ਏਦਾਂ ਦੀ ਗੱਲ ਕਹਿਣ ਵਾਲਾ ਨਾ ਆਵੇ ਤਾਂ ਚੋਣਾਂ ਤੋਂ ਚਾਰ ਕੁ ਦਿਨ ਪਹਿਲਾਂ ਉਹ ਖੁਦ ਜਾ ਕੇ ਹਮਾਇਤ ਕਰਨ ਵਾਲੀ ਪੇਸ਼ਕਸ਼ ਕਰ ਕੇ ਫੋਟੋ ਖਿੱਚਵਾ ਲੈਂਦੇ ਹਨ। ਇਸ ਵਿੱਚ ਵੀ ਕੋਈ ਖਾਸ ਰਾਜ਼ ਹੁੰਦਾ ਹੈ। ਜਲੰਧਰ ਵਿੱਚ ਇੱਕ ਤਾਕਤ ਦਾ ਬਾਦਸ਼ਾਹ ਅਖਵਾਉਣ ਵਾਲਾ ਜਾਅਲੀ ਡਾਕਟਰ ਲਗਭਗ ਹਰ ਚੋਣ ਵਿੱਚ ਏਦਾਂ ਖੜਾ ਹੁੰਦਾ ਹੈ, ਪਰ ਕਿਸੇ ਨੂੰ ਵੋਟਾਂ ਦੀ ਬੇਨਤੀ ਕਰਨ ਨਹੀਂ ਜਾਂਦਾ, ਵੋਟਿੰਗ ਦੇ ਦਿਨ ਨੇੜੇ ਜਾ ਕੇ ਕਿਸੇ ਦੀ ਹਮਾਇਤ ਕਰ ਕੇ ਉਸ ਦੀ ਪਾਰਟੀ ਦੇ ਵੱਡੇ ਆਗੂ ਨਾਲ ਫੋਟੋ ਖਿਚਵਾ ਲਿਆਉਂਦਾ ਅਤੇ ਆਪਣੇ ਕਲਿਨਿਕ ਵਿੱਚ ਲਾ ਲੈਂਦਾ ਹੈ। ਉਸ ਨੇ ਇੱਕ ਵਾਰੀ ਪੰਜਾਬ ਦੇ ਮੁੱਖ ਮੰਤਰੀ ਬਜ਼ੁਰਗ ਨਾਲ ਫੋਟੋ ਖਿਚਵਾਈ ਤੇ ਫਿਰ ਆਪਣੇ ਗ੍ਰਾਹਕਾਂ ਨੂੰ ਕਈ ਸਾਲ ਕਹਿੰਦਾ ਰਿਹਾ ਸੀ ਕਿ ਮੁੱਖ ਮੰਤਰੀ ਹੂੁੰਦਿਆਂ ਵੀ ਇਨ੍ਹਾਂ ਲਈ ਤਾਕਤ ਦੀ ਦਵਾਈ ਹਰ ਹਫਤੇ ਮੈਂ ਦੇਣ ਜਾਇਆ ਕਰਦਾ ਸਾਂ। ਸਾਬਕਾ ਮੁੱਖ ਮੰਤਰੀ ਇਹ ਗੱਲ ਕਦੀ ਨਹੀਂ ਸੀ ਜਾਣ ਸਕਿਆ ਕਿ ਉਸ ਨੂੰ ਬ੍ਰਾਂਡ ਅੰਬੈਸਡਰ ਬਣਾ ਕੇ ਕਿਸ ਕਿਸਮ ਦੀ ਦਵਾਈ ਵਿਕ ਰਹੀ ਸੀ।
ਗੈਰ-ਗੰਭੀਰ ਉਮੀਦਵਾਰਾਂ ਦੀ ਗੱਲ ਛੱਡ ਕੇ ਅਸੀਂ ਗੰਭੀਰ ਸਥਿਤੀ ਦੀ ਗੱਲ ਕਰੀਏ ਤਾਂ ਇਸ ਵਾਰੀ ਪੰਜਾਬ ਦੇ ਲੋਕਾਂ ਨੂੰ ਜੋ ਕੁਝ ਦਿੱਸਦਾ ਹੈ, ਉਹ ਸਿਰਫ ਸਾਹਮਣੇ ਲਟਕੀ ਤਸਵੀਰ ਹੈ, ਜਦ ਕਿ ਪਰਦੇ ਦੇ ਓਹਲੇ ਬੜਾ ਕੁਝ ਇਹੋ ਜਿਹਾ ਹੋ ਰਿਹਾ ਹੈ, ਜਿਸ ਦੀ ਜਾਣਕਾਰੀ ਬਹੁਤ ਘੱਟ ਲੋਕਾਂ ਨੂੰ ਹੈ। ਕਿਸਾਨਾਂ ਦੇ ਸੰਘਰਸ਼ ਦੀ ਸਵਾ ਸਾਲ ਤੋਂ ਵੱਧ ਸਮਾਂ ਅਗਵਾਈ ਕਰ ਕੇ ਆਏ ਕਿਸਾਨ ਆਗੂਆਂ ਦੇ ਇੱਕ ਹਿੱਸੇ ਨੇ ਚੋਣਾਂ ਲੜਨ ਦਾ ਮਨ ਬਣਾਇਆ ਤਾਂ ਉਮੀਦਵਾਰ ਵਜੋਂ ਇਹੋ ਜਿਹੇ ਕੁਝ ਲੋਕ ਵੀ ਉਨ੍ਹਾਂ ਦੀ ਟਿਕਟ ਲੈਣ ਵਿੱਚ ਸਫਲ ਹੋ ਗਏ ਹਨ, ਜਿਹੜੇ ਦਿੱਲੀ ਦੀ ਫਿਰਨੀ ਉੱਤੇ ਦਿਖਾਈ ਹੀ ਕਦੇ ਨਹੀਂ ਸੀ ਦਿੱਤੇ। ਜਿਹੜੇ ਲੀਡਰ ਦਿੱਲੀ ਵਿੱਚ ਸਾਂਝੇ ਮੰਚ ਤੋਂ ਇੱਕੋ ਜਿਹੀ ਸੁਰ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਵਿਰੋਧ ਕੀਤਾ ਕਰਦੇ ਸਨ, ਚੋਣ ਦੇ ਵਕਤ ਪੰਜਾਬ ਵਿੱਚ ਉਹ ਵੱਖੋ-ਵੱਖ ਸਿਆਸੀ ਧਿਰਾਂ ਦੇ ਨਾਲ ਸਿੱਧੇ ਜੁੜੇ ਹੋਏ ਜਾਂ ਅਸਿੱਧੀ ਸਾਂਝ ਨਿਭਾਉਂਦੇ ਨਜ਼ਰ ਪੈਂਦੇ ਹਨ। ਬਲਬੀਰ ਸਿੰਘ ਰਾਜੇਵਾਲ ਵਰਗੇ ਕੁਝ ਨੇਤਾ ਇਨ੍ਹਾਂ ਚੋਣਾਂ ਵਿੱਚ ਦਿਲੋਂ ਸੰਘਰਸ਼ ਕਰਦੇ ਜਾਪਦੇ ਹਨ, ਪਰ ਉਨ੍ਹਾਂ ਲਈ ਕਿਸੇ ਹੋਰ ਤੋਂ ਵੱਧ ਖਤਰਾ ਆਪਣੇ ਪੁਰਾਣੇ ਦੋਸਤਾਂ ਵੱਲੋਂ ਗੁੱਝੀ ਮਾਰ ਪੈਣ ਦਾ ਹੈ। ਫਿਰ ਵੀ ਕਈ ਲੋਕਾਂ ਦੀ ਹਮਦਰਦੀ ਉਨ੍ਹਾਂ ਨਾਲ ਕਹੀ ਜਾਂਦੀ ਹੈ।
ਕਾਂਗਰਸ ਪਾਰਟੀ ਆਪਣੇ ਕੋੜਮਾ-ਕਲੇਸ਼ ਤੋਂ ਨਿਕਲਣ ਵਿੱਚ ਏਨੀ ਦੇਰ ਕਰ ਚੁੱਕੀ ਹੈ ਕਿ ਅਗਲੇ ਦਿਨਾਂ ਵਿੱਚ ਉਹ ਇਸ ਅਜਾਈਂ ਗੰਵਾਏ ਸਮੇਂ ਦੀ ਭਰਪਾਈ ਕਰਨ ਜੋਗੀ ਨਹੀਂ ਜਾਪਦੀ। ਉਸ ਦੇ ਆਪਣੇ ਬਾਗੀਆਂ ਨੇ ਕਈ ਹਲਕੇ ਇਸ ਪਾਰਟੀ ਦੇ ਵਿਰੋਧੀਆਂ ਦੀ ਝੋਲੀ ਪਾਉਣ ਦੀ ਸਹੁੰ ਖਾਧੀ ਜਾਪਦੀ ਹੈ ਅਤੇ ਇਨ੍ਹਾਂ ਬਾਗੀਆਂ ਵਿੱਚ ਮੁੱਖ ਮੰਤਰੀ ਦਾ ਆਪਣਾ ਸਕਾ ਭਰਾ ਵੀ ਸ਼ਾਮਲ ਹੈ, ਜਿਹੜਾ ਬੱਸੀ ਪਠਾਣਾਂ ਤੋਂ ਲੱਤ ਅੜਾਈ ਬੈਠਾ ਹੈ। ਕੁਝ ਸੀਟਾਂ ਕਾਂਗਰਸੀ ਬਾਗੀਆਂ ਵੱਲੋਂ ਜਿੱਤਣ ਦੀ ਸੰਭਾਵਨਾ ਵੀ ਜਤਾਈ ਜਾ ਰਹੀ ਹੈ। ਅਕਾਲੀ ਦਲ ਵਿੱਚ ਇਹੋ ਜਿਹੀ ਬਿਮਾਰੀ ਕੁਝ ਘੱਟ ਹੈ। ਜਿਹੜਾ ਕੋਈ ਉਲਝਣ ਵਧਾਉਣ ਲੱਗਦਾ ਹੈ, ਬਿਨਾ ਕਿਸੇ ਕਮੇਟੀ ਦੀ ਮੀਟਿੰਗ ਕਰਨ ਤੋਂ ਸੁਖਬੀਰ ਸਿੰਘ ਬਾਦਲ ਖੁਦ ਹੀ ਉਸ ਨੂੰ ਪਾਰਟੀ ਵਿੱਚੋਂ ਬਾਹਰ ਕਰ ਦੇਂਦਾ ਹੈ ਤੇ ਇਹੋ ਜਿਹੇ ਲੋਕਾਂ ਲਈ ਭਾਜਪਾ ਅਤੇ ਕੈਪਟਨ ਅਮਰਿੰਦਰ ਸਿੰਘ ਦੇ ਧੜੇ ਨੇ ਦਰਵਾਜ਼ੇ ਰਾਤ-ਦਿਨ ਖੋਲ੍ਹੀ ਰੱਖੇ ਅਤੇ ਕਈ ਲੋਕਾਂ ਨੂੰ ਟਿਕਟਾਂ ਨਾਲ ਨਵਾਜ਼ਿਆ ਹੈ। ਉਨ੍ਹਾਂ ਵਿੱਚੋਂ ਵੀ ਕੁਝ ਉਮੀਦਵਾਰਾਂ ਦੇ ਜਿੱਤਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਭਾਜਪਾ ਦਾ ਆਪਣਾ ਕੋਈ ਵਿਰਲਾ-ਵਾਂਝਾ ਬਾਗੀ ਹੋਇਆ ਹੈ ਤੇ ਅਗਲੇ ਪਾਸੇ ਕਿਸੇ ਨੇ ਉਸ ਆਗੂ ਨਾਲ ਖਾਸ ਮੋਹ ਨਹੀਂ ਜਤਾਇਆ, ਉਹ ਰੋਂਦਾ ਰਹਿ ਗਿਆ ਹੈ। ਮਦਨ ਮੋਹਨ ਮਿੱਤਲ ਵਰਗੇ ਲਈ ਅਕਾਲੀ ਦਲ ਨੇ ਆਪਣੇ ਦਰਵਾਜ਼ੇ ਖੋਲ੍ਹ ਦਿੱਤੇ, ਪਰ ਉਸ ਨੂੰ ਜਾਂ ਉਸ ਦੇ ਪੁੱਤਰ ਨੂੰ ਸਿਰਫ ਅਕਾਲੀ ਦਲ ਕੋਲੋਂ ਸਿਰੋਪਾ ਹੀ ਮਿਲਿਆ ਹੈ, ਚੋਣ ਲੜਨ ਲਈ ਜਿਸ ਟਿਕਟ ਦੀ ਝਾਕ ਸੀ, ਉਹ ਨਹੀਂ ਮਿਲ ਸਕੀ।
ਆਮ ਆਦਮੀ ਪਾਰਟੀ ਇਸ ਵਹਿਮ ਦੀ ਸ਼ਿਕਾਰ ਹੋਈ ਪਈ ਹੈ ਕਿ ਉਸ ਦੇ ਮੁੱਖ ਮੰਤਰੀ ਦੇ ਉਮੀਦਵਾਰ ਲਈ ਲੱਖਾਂ ਪੰਜਾਬੀਆਂ ਨੇ ਫੋਨ ਨੰਬਰ ਉੱਤੇ ਕਲਿੱਕ ਕੀਤੀ ਸੀ ਅਤੇ ਇਸ ਲਈ ਅਸੀਂ ਜਿੱਤ ਹੀ ਜਾਣਾ ਹੈ। ਇਸ ਵਹਿਮ ਦੀ ਮਾਰ ਕਾਰਨ ਉਨ੍ਹਾਂ ਦੇ ਕੁਝ ਉਮੀਦਵਾਰ ਬੇਰੀ ਹੇਠ ਮੂੰਹ ਖੋਲ੍ਹ ਕੇ ਪਏ ਅਮਲੀ ਵਾਂਗ ਵਿਹਾਰ ਕਰਦੇ ਹਨ ਕਿ ਜਦੋਂ ਬੇਰ ਡਿੱਗੇਗਾ ਤਾਂ ਮੇਰੇ ਹੀ ਮੂੰਹ ਵਿੱਚ ਡਿੱਗੇਗਾ। ਉਹ ਵੀਹ ਫਰਵਰੀ ਦੇ ਦਿਨ ਵੋਟਾਂ ਪੈਣ ਵੇਲੇ ਮਾਰ ਖਾ ਸਕਦੇ ਹਨ। ਮਾਰਚ ਦੀ ਉਡੀਕ ਕੀੇਤੇ ਬਿਨਾਂ ਹੀ ਕਈ ਕਾਹਲੇ ਸੱਜਣ ਆਪਣੇ ਵਾਸਤੇ ਵਜ਼ੀਰੀ ਦਾ ਜੁਗਾੜ ਕਰਨ ਦੀ ਖੇਡ ਵਿੱਚ ਰੁੱਝੇ ਸੁਣੇ ਜਾ ਰਹੇ ਹਨ। ਇਹ ਵੱਡੀ ਖਾਹਿਸ਼ ਉਨ੍ਹਾਂ ਦੀ ਪਿਛਲੀ ਕੀਤੀ-ਕੱਤਰੀ ਖੂਹ ਵਿੱਚ ਵੀ ਪਾ ਸਕਦੀ ਹੈ।
ਅਕਾਲੀ ਦਲ ਪਿਛਲੇ ਸਾਲ ਦੇ ਪਹਿਲੇ ਨੌਂ ਮਹੀਨਿਆਂ ਤੱਕ ਸਾਰਿਆਂ ਤੋਂ ਵੱਧ ਅਣਚਾਹੀ ਧਿਰ ਬਣਿਆ ਪਿਆ ਸੀ, ਪਰ ਉਸ ਦੇ ਬਾਅਦ ਉਸ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਇਸ ਨੂੰ ਸਿਆਸੀ ਖੇਤਰ ਵਿੱਚ ਆਪਣੀ ਹੋਂਦ ਦਾ ਸਵਾਲ ਬਣਾ ਕੇ ਜਿਹੜੀ ਸਰਗਰਮੀ ਕੀਤੀ ਹੈ, ਉਸ ਨੇ ਪਾਰਟੀ ਦੀ ਹਾਲਤ ਕਾਫੀ ਸੁਧਾਰੀ ਹੈ। ਅਜੇ ਇਸ ਪਾਰਟੀ ਦੀ ਪੰਜਾਬ ਪੱਧਰ ਦੀ ਜਿੱਤ ਦੀ ਭਵਿੱਖਬਾਣੀ ਕਰਨੀ ਔਖੀ ਹੈ, ਪਰ ਪਹਿਲਾਂ ਵਾਂਗ ਅਸਲੋਂ ਨਿਤਾਣੀ ਵੀ ਇਹ ਪਾਰਟੀ ਨਹੀਂ ਕਹੀ ਜਾ ਸਕਦੀ। ਜਿਸ ਮਾਲਵੇ ਵਿੱਚ ਇਸ ਨੂੰ ਬਾਹਲੀ ਮਾਰ ਪੈਣ ਦੇ ਸੰਕੇਤ ਸਨ, ਉਸ ਪਾਸਿਉਂ ਦੂਸਰੀਆਂ ਧਿਰਾਂ ਦੇ ਆਗੂ ਟੁੱਟ ਕੇ ਜਦੋਂ ਇਸ ਪਾਰਟੀ ਵਿੱਚ ਜੁੜਨ ਲੱਗੇ ਹਨ ਤਾਂ ਇਸ ਦਾ ਕੋਈ ਕਾਰਨ ਹੈ। ਪਾਰਟੀ ਦੀ ਚੋਣ ਕਮਾਨ ਇਸ ਵਕਤ ਸੁਖਬੀਰ ਸਿੰਘ ਬਾਦਲ ਦੇ ਹੱਥ ਨਹੀਂ, ਪਾਰਟੀ ਦੇ ਸਰਪ੍ਰਸਤ ਤੇ ਪੰਜਾਂ ਵਾਰੀਆਂ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਖੁਦ ਆ ਸੰਭਾਲੀ ਹੈ। ਉਸ ਨੇ ਕਿਹਾ ਹੈ ਕਿ ਆਪਣੇ ਲਈ ਨਹੀਂ, ਪਾਰਟੀ ਲਈ ਖੇਚਲ ਕਰ ਰਿਹਾ ਹਾਂ। ਉਹ ਕਈ ਪੱਤਣਾਂ ਦਾ ਤਾਰੂ ਬਾਬਾ ਇਸ ਵੇਲੇ ਪੰਜਾਬ ਭਰ ਵਿੱਚ ਪੁਰਾਣੇ ਸੰਪਰਕਾਂ ਅਤੇ ਸੁਖਬੀਰ ਸਿੰਘ ਨਾਲ ਨਾਰਾਜ਼ ਹੋਏ ਆਗੂਆਂ ਨੂੰ ਫੋਨ ਕਰ ਕੇ ਪੁਰਾਣੀ ਸਾਂਝ ਦਾ ਵਾਸਤਾ ਦੇਂਦਾ ਹੈ ਤਾਂ ਇਸ ਦਾ ਅਸਰ ਵੀ ਪੈਂਦਾ ਜਾਪਦਾ ਹੈ।
ਸਭ ਤੋਂ ਹੈਰਾਨੀ ਵਾਲੀ ਸਰਗਰਮੀ ਭਾਜਪਾ ਦੀ ਹੈ। ਉਸ ਦੀ ਸਾਰੀ ਸਿਖਰਲੀ ਲੀਡਰਸ਼ਿਪ ਇਸ ਵਕਤ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਨੂੰ ਜੰਗ ਵਾਂਗ ਲੜਨ ਦੇ ਇਰਾਦੇ ਨਾਲ ਲੈ ਰਹੀ ਹੈ ਅਤੇ ਜ਼ਾਹਰਾ ਤੌਰ ਉੱਤੇ ਬਾਹਲੀ ਭਾਜੜ ਵਿਖਾਏ ਬਿਨਾਂ ਉਹ ਆਪਣੇ ਕਈ ਰਾਜਾਂ ਦੇ ਕਾਡਰ ਨੂੰ ਪੰਜਾਬ ਵਿੱਚ ਠੇਲ੍ਹ ਕੇ ਅੰਦਰੋ-ਅੰਦਰ ਏਦਾਂ ਦੀ ਯੋਜਨਾ ਤਹਿਤ ਕੰਮ ਕਰ ਰਹੇ ਹਨ ਕਿ ਜਿਨ੍ਹਾਂ ਨੂੰ ਇਸ ਦੀ ਜਾਣਕਾਰੀ ਹੈ, ਉਹ ਹੈਰਾਨ ਹੋ ਰਹੇ ਹਨ। ਭਾਜਪਾ ਨਾਲ ਨੇੜਿਉਂ ਜੁੜੇ ਲੋਕ ਇਹ ਸਾਫ ਕਹਿੰਦੇ ਹਨ ਕਿ ਇਸ ਵਾਰੀ ਸਰਕਾਰ ਸਾਡੀ ਬਣਨੀ ਹੈ ਤੇ ਉਨ੍ਹਾਂ ਦੀ ਮੀਸਣੀ ਮੁਸਕਣੀ ਦੱਸਦੀ ਹੈ ਕਿ ਉਹ ਕਿਸੇ ਵੀ ਤਰ੍ਹਾਂ ਦਾ ਖੁਲਾਸਾ ਨਹੀਂ ਕਰਨਗੇ, ਪਰ ਇਹ ਗੱਲ ਫਿਰ ਵੀ ਬਾਹਰ ਆ ਗਈ ਹੈ ਕਿ ਕਿਸੇ ਵੀ ਪਾਰਟੀ ਵਿੱਚੋਂ ਜਿਹੜੇ ਲੋਕ ਬਾਗੀ ਹੋ ਕੇ ਖੜੇ ਹਨ, ਉਨ੍ਹਾਂ ਵਿੱਚੋਂ ਬਹੁਤਿਆਂ ਦਾ ਖਰਚਾ ਭਾਜਪਾ ਦੇ ਰਹੀ ਹੈ। ਉਹ ਲੋਕ ਭਾਜਪਾ ਨਾਲ ਅੰਦਰ-ਖਾਤੇ ਦੀ ਇਸ ਸਾਂਝ ਹੇਠ ਚੋਣ ਲੜ ਰਹੇ ਹਨ ਕਿ ਚੋਣਾਂ ਦੌਰਾਨ ਭਾਜਪਾ ਦਾ ਨਾਂਅ ਲਿਆ ਤਾਂ ਮਹਿੰਗਾ ਪੈਣ ਦਾ ਡਰ ਹੈ, ਚੋਣ ਜਿੱਤਦੇ ਸਾਰ ਉਹ ਭਾਜਪਾ ਦੇ ਨਾਲ ਜਾ ਜੁੜਨਗੇ। ਹੋਰ ਤਾਂ ਹੋਰ, ਕਾਂਗਰਸ ਅਤੇ ਅਕਾਲੀ ਦਲ ਦੇ ਕਈ ਉਮੀਦਵਾਰ ਵੀ ਚੋਣਾਂ ਵਿੱਚ ਭਾਜਪਾ ਦੇ ਖਿਲਾਫ ਬੋਲਦੇ ਸੁਣੇ ਜਾ ਰਹੇ ਹਨ, ਪਰ ਉਨ੍ਹਾਂ ਦੀ ਤਾਰ ਅੰਦਰੋਂ ਭਾਜਪਾ ਨਾਲ ਜੁੜੀ ਹੋਣ ਦੇ ਸੰਕੇਤ ਥੋੜ੍ਹੀ ਜਿਹੀ ਕੋਸ਼ਿਸ਼ ਕਰਨ ਨਾਲ ਹੀ ਦਿਖਾਈ ਦੇ ਜਾਂਦੇ ਹਨ। ਉਹ ਧਿਰ ਭਲਕ ਨੂੰ ਕਿਹੜਾ ਦਾਅ ਕਿੱਥੇ ਵਰਤਦੀ ਹੈ, ਇਹ ਤਾਂ ਪਤਾ ਨਹੀਂ, ਪਰ ਇੱਕ ਗੱਲ ਪੱਕੀ ਹੈ ਕਿ ਉਹ ਭੁਆਂਟਣੀ ਦੇਣ ਦੇ ਰੌਂਅ ਵਿੱਚ ਹੈ।
ਅਜੇ ਉਹ ਵਕਤ ਨਹੀਂ ਆਇਆ, ਜਦੋਂ ਇੱਕ ਜਾਂ ਦੂਸਰੀ ਪਾਰਟੀ ਜਾਂ ਉਮੀਦਵਾਰ ਦੇ ਜਿੱਤਣ ਜਾਂ ਹਾਰਨ ਬਾਰੇ ਕੋਈ ਗੱਲ ਕਹੀ ਜਾ ਸਕੇ, ਪਰ ਏਨੀ ਗੱਲ ਅੱਜ ਵੀ ਕਹੀ ਜਾ ਰਹੀ ਹੈ ਕਿ ਪੰਜਾਬ ਦੀਆਂ ਇਨ੍ਹਾਂ ਚੋਣਾਂ ਵਿੱਚ ਹੋਰ ਕੁਝ ਹੋਵੇ ਜਾਂ ਨਾ, ਭਾਜਪਾ ਪੰਜਾਬ ਵਿੱਚ ਪਹਿਲਾਂ ਨਾਲੋਂ ਵੱਧ ਜਕੜ ਜਮਾਈ ਹੋਈ ਵੇਖਣਾ ਚਾਹੁੰਦੀ ਹੈ। ਬਾਕੀ ਪਾਰਟੀਆਂ ਦੇ ਲੀਡਰਾਂ ਵਿੱਚੋਂ ਕਿੰਨਿਆਂ ਨੂੰ ਇਸ ਦਾ ਪਤਾ ਹੈ ਤੇ ਕਿੰਨਿਆਂ ਨੂੰ ਨਹੀਂ, ਕਹਿ ਸਕਣਾ ਔਖਾ ਹੈ। ਹਾਲਾਤ ਜਿਹੜੇ ਪਾਸੇ ਨੂੰ ਜਾ ਰਹੇ ਹਨ, ਇਸ ਚੋਣ ਦੇ ਬਾਅਦ ਪੰਜਾਬ ਦੀ ਰਾਜਨੀਤੀ ਦਾ ਰੰਗ ਹੀ ਨਹੀਂ, ਸਮਾਜੀ ਹਾਲਾਤ ਵੀ ਅਸਲੋਂ ਬਦਲਣ ਵਾਲੇ ਪਾਸੇ ਨੂੰ ਜਾ ਸਕਦੇ ਹਨ। ਉਸ ਵਕਤ ਰੰਗ ਕਿੱਦਾਂ ਦਾ ਹੋਵੇਗਾ, ਪਤਾ ਨਹੀਂ।

ਲੋਕਤੰਤਰ ਦੇ ਬਹਾਨੇ ਅਕਲ ਨੂੰ ਗੋਤੇ ਦੇਣ ਵਾਲਾ ਮੌਕਾ ਫਿਰ ਆ ਗਿਐ, ਪਰ ਇਸ ਤੋਂ ਨਿਕਲੇਗਾ ਕੀ... - ਜਤਿੰਦਰ ਪਨੂੰ

ਚਲੰਤ ਸਾਲ ਦੇ ਪਹਿਲੇ ਚੋਣ-ਚੱਕਰ ਵਿੱਚ ਭਾਵੇਂ ਪੰਜ ਰਾਜਾਂ ਵਿੱਚ ਚੋਣਾਂ ਹੋਣੀਆਂ ਹਨ, ਸਾਡੇ ਪੰਜਾਬੀਆਂ ਲਈ ਸਭ ਤੋਂ ਵੱਧ ਅਹਿਮ ਚੋਣ ਪੰਜਾਬ ਦੀ ਹੈ। ਇਸ ਦੇ ਲਈ ਜਿੰਨੀਆਂ ਧਿਰਾਂ ਦਾ ਖਿਲਾਰਾ ਇਸ ਵਾਰੀ ਪੈ ਚੁੱਕਾ ਹੈ ਤੇ ਹਾਲੇ ਹੋਰ ਪਈ ਜਾਂਦਾ ਹੈ, ਓਨਾ ਖਿਲਾਰਾ ਅੱਜ ਤੱਕ ਪਹਿਲਾਂ ਸ਼ਾਇਦ ਕਦੀ ਨਹੀਂ ਪਿਆ ਹੋਣਾ। ਸਪੱਸ਼ਟ ਮੋਰਚੇ ਵਜੋਂ ਪੰਜਾਬ ਵਿੱਚ ਇਸ ਵੇਲੇ ਰਾਜ ਕਰਦੀ ਕਾਂਗਰਸ ਪਾਰਟੀ ਇੱਕ ਹੈ, ਇਸ ਵੇਲੇ ਦੀ ਵਿਰੋਧੀ ਧਿਰ ਆਮ ਆਦਮੀ ਪਾਰਟੀ ਉਸ ਨੂੰ ਚੁਣੌਤੀ ਦੇਣ ਵਾਲੀ ਦੂਸਰੀ ਅਤੇ ਮੁੱਖ ਧਿਰ ਬਣੀ ਜਾਪਦੀ ਹੈ, ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਦਾ ਗੱਠਜੋੜ ਤੀਸਰੀ ਧਿਰ ਵਜੋਂ ਬਾਕੀਆਂ ਤੋਂ ਪਹਿਲਾਂ ਮੈਦਾਨ ਵਿੱਚ ਆ ਗਿਆ ਸੀ। ਕਾਂਗਰਸ ਦੀ ਲੀਡਰੀ ਛੱਡ ਕੇ ਵੱਖਰੀ ਪੰਜਾਬ ਲੋਕ ਕਾਂਗਰਸ ਬਣਾਉਣ ਵਾਲੇ ਕੈਪਟਨ ਅਮਰਿੰਦਰ ਸਿੰਘ ਦਾ ਗੱਠਜੋੜ ਭਾਰਤੀ ਜਨਤਾ ਪਾਰਟੀ ਤੇ ਅਕਾਲੀਆਂ ਤੋਂ ਵੱਖ ਹੋਏ ਸੁਖਦੇਵ ਸਿੰਘ ਢੀਂਡਸਾ ਦੇ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਨਾਲ ਜੋੜ ਕੇ ਬਣਿਆ ਹੈ। ਇਸ ਧਿਰ ਬਾਰੇ ਗੱਲ ਭਾਵੇਂ ਕੈਪਟਨ ਅਮਰਿੰਦਰ ਸਿੰਘ ਦਾ ਨਾਂਅ ਲੈ ਕੇ ਸ਼ੁਰੂ ਹੁੰਦੀ ਹੈ, ਅਮਲ ਵਿੱਚ ਇਸ ਗੱਠਜੋੜ ਦੀ ਅਗਵਾਈ ਭਾਜਪਾ ਦੇ ਲੀਡਰਾਂ ਨਰਿੰਦਰ ਮੋਦੀ ਅਤੇ ਅਮਿਤ ਸ਼ਾਹ ਦੇ ਹੱਥ ਹੈ ਅਤੇ ਕੈਪਟਨ ਅਮਰਿੰਦਰ ਸਿੰਘ ਤੇ ਸੁਖਦੇਵ ਸਿੰਘ ਢੀਂਡਸਾ ਐਵੇਂ ਕਾਰਿੰਦੇ ਜਿਹੇ ਬਣੇ ਜਾਪਦੇ ਹਨ। ਉਨ੍ਹਾਂ ਦੀ ਆਪਣੀ ਸਥਿਤੀ ਉਨ੍ਹਾਂ ਦੀ ਆਪਣੀ ਸਿਆਸੀ ਲੋੜ ਮੁਤਾਬਕ ਹੋਣ ਦੀ ਥਾਂ ਭਾਜਪਾ ਦੀ ਲੰਮੇ ਸਮੇਂ ਵਾਲੀ ਸੋਚ ਦੀ ਮੁਥਾਜ ਹੋ ਗਈ ਹੈ, ਜਿਸ ਵਿੱਚ ਭਾਰਤ ਨੂੰ ਇੱਕ ਖਾਸ ਧਰਮ ਦੀ ਅਗਵਾਈ ਵਾਲਾ ਦੇਸ਼ ਬਣਾਉਣ ਦੀਆਂ ਗੱਲਾਂ ਅਸੀਂ ਚਿਰਾਂ ਤੋਂ ਸੁਣਦੇ ਰਹੇ ਹਾਂ। ਆਪਣੀ ਸਿਆਸੀ ਹੋਂਦ ਬਚਾਉਣ ਦੀ ਮਜਬੂਰੀ ਨੇ ਇਨ੍ਹਾਂ ਦੋਵਾਂ ਲੀਡਰਾਂ ਦਾ ਕੱਦ ਚੋਖਾ ਬੌਣਾ ਕਰ ਦਿੱਤਾ ਹੈ ਤੇ ਹਾਲੇ ਹੋਰ ਕਰ ਦੇਣਾ ਹੈ। ਇਨ੍ਹਾਂ ਸਾਰਿਆਂ ਤੋਂ ਬਿਨਾ ਇੱਕ ਮੋਰਚਾ ਕਿਸਾਨਾਂ ਦੇ ਇੱਕ ਸਾਲ ਤੋਂ ਵੱਧ ਸਮਾਂ ਚੱਲਦੇ ਰਹੇ ਸੰਘਰਸ਼ ਦੀ ਅਗਵਾਈ ਕਰ ਚੁੱਕੇ ਆਗੂਆਂ ਨੇ ਬਣਾਇਆ ਹੈ। ਜਿੱਦਾਂ ਦਾ ਮੋਰਚਾ ਉਹ ਚਾਹੁੰਦੇ ਸਨ, ਓਦਾਂ ਦਾ ਬਣ ਨਹੀਂ ਸਕਿਆ, ਪਰ ਚੋਣ ਮੈਦਾਨ ਵਿੱਚ ਹਨ।
ਚੋਣ ਮੈਦਾਨ ਵਿੱਚ ਜਿਸ ਤਰ੍ਹਾਂ ਆਮ ਕਰ ਕੇ ਮੁੱਦਿਆਂ ਦੀ ਬਹਿਸ ਹੁੰਦੀ ਸੁਣਿਆ ਕਰਦੇ ਸਾਂ, ਭਾਵੇਂ ਕੁਝ ਆਗੂ ਲੀਹ ਤੋਂ ਹਟ ਕੇ ਓਦੋਂ ਵੀ ਨਿੱਜੀ ਦੂਸ਼ਣਬਾਜ਼ੀ ਕਰੀ ਜਾਂਦੇ ਹੁੰਦੇ ਸਨ, ਇਸ ਵਾਰੀ ਉਸ ਤਰ੍ਹਾਂ ਦੀ ਬਹਿਸ ਹੋਣ ਦਾ ਕੋਈ ਸਬੱਬ ਬਣਦਾ ਨਹੀਂ ਦਿੱਸਦਾ। ਇਸ ਦਾ ਕਾਰਨ ਅਸੀਂ ਜਾਣਨ ਦਾ ਯਤਨ ਕੀਤਾ ਤਾਂ ਪਤਾ ਲੱਗਾ ਕਿ ਆਮ ਆਦਮੀ ਪਾਰਟੀ ਦੇ ਸਿਵਾ ਬਾਕੀ ਸਭ ਧਿਰਾਂ ਵਿੱਚ ਉਹੋ ਜਿਹੇ ਧੰਦੇ ਕਰਨ ਵਾਲੇ ਆਗੂ ਟਿਕਟਾਂ ਲੈਣ ਵਿੱਚ ਸਫਲ ਹੋ ਗਏ ਹਨ, ਜਿਨ੍ਹਾਂ ਬਾਰੇ ਬੀਤੇ ਪੰਜ ਸਾਲ ਦੁਹਾਈ ਪੈਂਦੀ ਸੁਣਦੇ ਰਹੇ ਸਾਂ। ਜਿਨ੍ਹਾਂ ਦੇ ਵਿਰੁੱਧ ਕਾਂਗਰਸ ਦਾ ਪ੍ਰਧਾਨ ਬਣ ਕੇ ਨਵਜੋਤ ਸਿੰਘ ਸਿੱਧੂ ਨੇ ਦੁਹਾਈ ਪਾਈ ਸੀ, ਜਦੋਂ ਉਹ ਵੀ ਉਸੇ ਨਵਜੋਤ ਸਿੰਘ ਸਿੱਧੂ ਦੇ ਆਸ਼ੀਰਵਾਦ ਨਾਲ ਟਿਕਟ ਲੈਣ ਵਿੱਚ ਕਾਮਯਾਬ ਹੋ ਗਏ ਹਨ ਤਾਂ ਅਕਾਲੀ ਆਗੂਆਂ ਜਾਂ ਭਾਜਪਾ ਵਾਲਿਆਂ ਨੂੰ ਕੁਝ ਕਹਿਣ ਦਾ ਅਰਥ ਹੀ ਨਹੀਂ। ਜਿਹੜੇ ਆਮ ਆਦਮੀ ਪਾਰਟੀ ਵਾਲੇ ਕੱਛਾਂ ਵਜਾਉਂਦੇ ਸਨ ਕਿ ਉਨ੍ਹਾਂ ਦੀ ਦਿੱਖ ਉੱਤੇ ਦਾਗ ਨਹੀਂ, ਇਸ ਵਾਰੀ ਉਨ੍ਹਾਂ ਵੱਲੋਂ ਵੀ ਦਸ ਕੁ ਫੀਸਦੀ ਏਦਾਂ ਦੇ ਉਮੀਦਵਾਰ ਚੋਣ ਲੜਦੇ ਨਜ਼ਰ ਪੈਂਦੇ ਹਨ, ਜਿਨ੍ਹਾਂ ਬਾਰੇ ਘਰ-ਘਰ ਚਰਚੇ ਚੱਲਦੇ ਸਨ ਤੇ ਚੋਣਾਂ ਮੌਕੇ ਵੀ ਚੱਲਣ ਤੋਂ ਨਹੀਂ ਹਟਦੇ। ਪਿੱਛੇ ਆਉਂਦੀ ਧਾੜ ਚੰਗੀ ਨਾ ਹੋਵੇ ਤਾਂ ਸਿਰਫ ਆਗੂ ਚੰਗਾ ਹੋਣਾ ਕਾਫੀ ਨਹੀਂ ਹੁੰਦਾ।
ਇੱਕ ਗੱਲ ਹੈਰਾਨੀ ਵਾਲੀ ਇਹ ਹੈ ਕਿ ਹਰ ਕੋਈ ਆਮ ਲੋਕਾਂ ਨੂੰ ਇਹ ਕਹਿੰਦਾ ਹੈ ਕਿ ਉਹ ਵਾਅਦੇ ਨਿਭਾਉਣ ਵਿੱਚ ਕਸਰ ਨਹੀਂ ਛੱਡਣਗੇ ਤੇ ਲੋਕਾਂ ਨੂੰ ਧੋਖਾ ਨਹੀਂ ਦੇਣਗੇ, ਪੂਰੀ ਵਫਾਦਾਰੀ ਦਾ ਸਬੂਤ ਦੇਣਗੇ। ਜਦੋਂ ਹਰ ਇੱਕ ਧਿਰ ਨੇ ਉਨ੍ਹਾਂ ਲੋਕਾਂ ਨੂੰ ਟਿਕਟਾਂ ਦੇ ਦਿੱਤੀਆਂ ਹਨ, ਜਿਹੜੇ ਆਪਣੀਆਂ ਪਹਿਲੀਆਂ ਰਾਜਸੀ ਪਾਰਟੀਆਂ ਨਾਲ ਵਫਾ ਨਹੀਂ ਕਰ ਸਕੇ ਤੇ ਚੋਣਾਂ ਮੌਕੇ ਟਿਕਟ ਨਾ ਮਿਲੀ ਤਾਂ ਦੂਸਰੀ ਪਾਰਟੀ ਦੇ ਦਰਵਾਜ਼ੇ ਮੂਹਰੇ ਜਾ ਕੇ ਲੇਟਣ ਲੱਗੇ ਸਨ ਤਾਂ ਉਹ ਲੋਕਾਂ ਦੀ ਵਫਾਦਾਰੀ ਕਿੰਨੀ ਨਿਭਾਉਣਗੇ, ਇਸ ਦਾ ਕੋਈ ਭਰੋਸਾ ਨਹੀਂ। ਕੱਲ੍ਹ ਦਾ ਅਕਾਲੀ ਅੱਜ ਕਾਂਗਰਸ ਵੱਲ ਤੇ ਕਾਂਗਰਸ ਵਿੱਚ ਪਿਛਲੇ ਪੰਜ ਸਾਲ ਮਲਾਈ ਚੱਟਣ ਵਾਲਾ ਅੱਜ ਅਕਾਲੀ ਦਲ ਜਾਂ ਭਾਜਪਾ ਵਿੱਚ ਜਾਣ ਲੱਗਾ ਪੰਜ ਮਿੰਟ ਵੀ ਨਹੀਂ ਲਾਉਂਦਾ। ਕਈ ਆਗੂ ਸਵੇਰੇ ਇੱਕ ਪਾਰਟੀ ਦੇ ਦਰਵਾਜ਼ੇ ਅੱਗੇ ਟਿਕਟ ਦੀ ਝਾਕ ਵਿੱਚ ਖੜੇ ਸਨ ਤੇ ਦੁਪਹਿਰ ਢਲਦੀ ਨੂੰ ਦੂਸਰੀ ਪਾਰਟੀ ਦੇ ਦਫਤਰ ਮੂਹਰੇ ਜਾ ਬੈਠੇ ਸਨ। ਇਹ ਆਗੂ ਭਰੋਸੇ ਦੇ ਕਾਬਲ ਨਹੀਂ ਹੋ ਸਕਦੇ।
ਕੱਪੜਿਆਂ ਵਾਂਗ ਪਾਰਟੀਆਂ ਬਦਲਣ ਦੇ ਮਾਹਰ ਇਨ੍ਹਾਂ ਲੀਡਰਾਂ ਵੱਲੋਂ ਆਮ ਲੋਕਾਂ ਨਾਲ ਕੀਤੇ ਵਾਅਦੇ ਵੀ ਬਦਲ ਜਾਂਦੇ ਹਨ ਤੇ ਲੋਕ ਜਦੋਂ ਹੱਥਾਂ ਵਿੱਚ ਫੜੇ ਮੋਬਾਈਲ ਫੋਨ ਚਲਾ ਕੇ ਉਨ੍ਹਾਂ ਦਾ ਪਿਛਲਾ ਵਾਅਦਾ ਚੇਤੇ ਕਰਨ ਲਈ ਕਹਿੰਦੇ ਹਨ ਤਾਂ ਉਨ੍ਹਾਂ ਨੂੰ ਕਦੇ ਸ਼ਰਮ ਨਹੀਂ ਆਉਂਦੀ। ਰਾਜਨੀਤੀ ਦਾ ਬੜਾ ਨੀਵਾਂ ਪੱਧਰ ਇਸ ਵਾਰੀ ਦੇਖਣ ਨੂੰ ਮਿਲ ਰਿਹਾ ਹੈ। ਇਸ ਪੱਧਰ ਨੂੰ ਢੱਕਣ ਲਈ ਹਰ ਪਾਰਟੀ ਇਸ ਮੁਕਾਬਲੇ ਵਿੱਚ ਪੈ ਤੁਰੀ ਹੈ ਕਿ ਸਾਡੀ ਸਰਕਾਰ ਆਈ ਤਾਂ ਅਸੀਂ ਲੋਕਾਂ ਨੂੰ ਫਲਾਣੀ-ਫਲਾਣੀ ਸਹੂਲਤ ਮੁਫਤ ਕਰ ਦਿਆਂਗੇ। ਇੱਕ ਵਕੀਲ ਨੇ ਇਸ ਵਰਤਾਰੇ ਦੇ ਵਿਰੋਧ ਲਈ ਸੁਪਰੀਮ ਕੋਰਟ ਵਿੱਚ ਅਰਜ਼ੀ ਦਾਇਰ ਕਰ ਦਿੱਤੀ ਹੈ ਕਿ ਚੋਣਾਂ ਹੋਣ ਤੋਂ ਵੀ ਪਹਿਲਾਂ ਸਰਕਾਰੀ ਫੰਡਾਂ ਵਿੱਚੋਂ ਇਸ ਤਰ੍ਹਾਂ ਮੁਫਤ ਸਹੂਲਤਾਂ ਦੇਣ ਦੇ ਐਲਾਨ ਕਰਨੇ ਇਖਲਾਕ ਤੋਂ ਗਿਰੀ ਗੱਲ ਹੈ ਅਤੇ ਇਸ ਉੱਤੇ ਰੋਕ ਲੱਗਣੀ ਚਾਹੀਦੀ ਹੈ। ਉਸ ਨੇ ਅਰਜ਼ੀ ਵਿੱਚ ਇਹ ਵੀ ਲਿਖਿਆ ਹੈ ਕਿ ਇਹੋ ਜਿਹੇ ਵਾਅਦਿਆਂ ਨੂੰ ਪੂਰਾ ਕਰਨ ਲਈ ਜਿੰਨਾ ਮੋਟਾ ਫੰਡ ਚਾਹੀਦਾ ਹੈ, ਓਨਾ ਪੰਜਾਬ ਦੇ ਬੱਜਟ ਵਿੱਚੋਂ ਪ੍ਰਬੰਧ ਹੀ ਨਹੀਂ ਕੀਤਾ ਜਾਣਾ। ਅਰਜ਼ੀ ਦੇਣ ਵਾਲੇ ਨੇ ਸੁਪਰੀਮ ਕੋਰਟ ਨੂੰ ਕਿਹਾ ਕਿ ਵਾਅਦਿਆਂ ਵਿੱਚ ਇਸ ਤਰ੍ਹਾਂ ਵਧੀ ਜਾਂਦੀ ਮੁਕਾਬਲੇਬਾਜ਼ੀ ਵਿੱਚ ਕੋਈ ਪਾਰਟੀ ਇੱਕ ਦਿਨ ਇਹ ਕਹਿ ਦੇਵੇਗੀ ਕਿ ਸਰਕਾਰ ਬਣਵਾ ਦਿਓ, ਤੁਹਾਡੇ ਘਰ ਆ ਕੇ ਰੋਟੀ ਵੀ ਪਕਾ ਦਿਆ ਕਰਾਂਗੇ ਤੇ ਦੂਸਰੀ ਪਾਰਟੀ ਕਹਿ ਦੇਵੇਗੀ ਕਿ ਰੋਟੀ ਪੱਕ ਜਾਣ ਪਿੱਛੋਂ ਤੁਹਾਡੇ ਮੂੰਹ ਵਿੱਚ ਬੁਰਕੀ ਪਾਉਣ ਵਾਲਾ ਬੰਦਾ ਸਰਕਾਰ ਭੇਜਿਆ ਕਰੇਗੀ। ਸੁਪਰੀਮ ਕੋਰਟ ਵਿੱਚ ਇਹ ਦਲੀਲ ਏਨੀ ਗੰਭੀਰਤਾ ਨਾਲ ਜੱਜ ਸਾਹਿਬਾਨ ਨੇ ਸੁਣੀ ਕਿ ਇਸ ਦੇ ਬਾਅਦ ਭਾਰਤ ਸਰਕਾਰ ਅਤੇ ਚੋਣ ਕਮਿਸ਼ਨ ਲਈ ਨੋਟਿਸ ਜਾਰੀ ਕਰ ਕੇ ਜਵਾਬ ਮੰਗ ਲਿਆ ਹੈ। ਇਹੋ ਜਿਹਾ ਨੋਟਿਸ ਜਾਰੀ ਹੋਣਾ ਵੀ ਚਾਹੀਦਾ ਸੀ।
ਅਸੀਂ ਲੋਕਾਂ ਨੇ ਅੰਗਰੇਜ਼ੀ ਦੀ ਇੱਕ ਕਹਾਵਤ ਸੁਣੀ ਹੋਈ ਹੈ ਕਿ ਭੁੱਖੇ ਨੂੰ ਖਾਣ ਲਈ ਮੱਛੀ ਦੇਣ ਦੀ ਥਾਂ ਉਸ ਨੂੰ ਮੱਛੀ ਫੜਨ ਦੀ ਜਾਚ ਸਿਖਾਉੇਣ ਦੀ ਲੋੜ ਹੁੰਦੀ ਹੈ ਤਾਂ ਕਿ ਅਗਲੇ ਦਿਨ ਖੁਦ ਮੱਛੀ ਫੜ ਕੇ ਖਾ ਸਕੇ ਅਤੇ ਤੁਹਾਡੇ ਵੱਲ ਮੱਛੀ ਦੀ ਝਾਕ ਵਿੱਚ ਨਾ ਵੇਖਦਾ ਰਹੇ। ਭਾਰਤ ਵਿੱਚ ਏਦਾਂ ਦੇ ਲੱਖਾਂ ਨਹੀਂ, ਕਰੋੜਾਂ ਲੋਕ ਹਨ, ਜਿਹੜੇ ਕਮਾ ਕੇ ਖਾਣ ਨੂੰ ਪਹਿਲ ਦੇਣਾ ਚਾਹੁੰਦੇ ਹਨ, ਉਨ੍ਹਾਂ ਨੂੰ ਕੰਮ ਨਹੀਂ ਮਿਲਦਾ। ਸਰਕਾਰੀ ਵਿਭਾਗਾਂ ਵਿੱਚ ਪੋਸਟਾਂ ਖਾਲੀ ਹਨ, ਪਰ ਉਨ੍ਹਾਂ ਦੇ ਲਈ ਭਰਤੀ ਨਹੀਂ ਕੀਤੀ ਜਾ ਰਹੀ। ਜਿੱਥੇ ਭਰਤੀ ਕੀਤੀ ਜਾਂਦੀ ਹੈ, ਸਰਕਾਰਾਂ ਆਪਣੇ ਨਿਯਮ ਤੋੜ ਕੇ ਉਨ੍ਹਾਂ ਪੋਸਟਾਂ ਦੇ ਮੁਤਾਬਕ ਗਰੇਡ ਦੇਣ ਤੋਂ ਬਚਣ ਲਈ ਠੇਕੇ ਜਾਂ ਘੱਟ ਗਰੇਡ ਉੇੱਤੇ ਰੱਖਣ ਦੇ ਯਤਨ ਕਰਦੀਆਂ ਹਨ। ਅਦਾਲਤਾਂ ਉੱਤੇ ਭਰੋਸਾ ਕਰਨ ਦਾ ਸਬਕ ਹਰ ਲੋਕਤੰਤਰੀ ਦੇਸ਼ ਵਿੱਚ ਪੜ੍ਹਾਇਆ ਜਾਂਦਾ ਹੈ ਤੇ ਭਾਰਤ ਵਿੱਚ ਬਾਕੀ ਸਾਰੇ ਦੇਸ਼ਾਂ ਤੋਂ ਵੱਧ ਪੜ੍ਹਾਇਆ ਜਾਂਦਾ ਹੈ, ਪਰ ਖੁਦ ਸਰਕਾਰਾਂ ਹੀ ਅਦਾਲਤਾਂ ਦੇ ਉਹ ਫੈਸਲੇ ਲਾਗੂ ਨਹੀਂ ਕਰਦੀਆਂ, ਜਿਹੜੇ ਨੌਕਰੀ ਦੇਣ ਜਾਂ ਨੌਕਰੀ ਕਰਦੇ ਲੋਕਾਂ ਦੇ ਹਿੱਤਾਂ ਦੀ ਪਾਲਣਾ ਲਈ ਨਿਯਮ ਲਾਗੂ ਕਰਨ ਲਈ ਅਦਾਲਤਾਂ ਦੇਂਦੀਆਂ ਹਨ। ਬਹੁਤ ਸਾਰੇ ਮਾਮਲਿਆਂ ਵਿੱਚ ਅਦਾਲਤਾਂ ਦੇ ਦਿੱਤੇ ਹੋਏ ਫੈਸਲੇ ਲਾਗੂ ਕਰਾਉਣ ਲਈ ਫਿਰ ਅਦਾਲਤਾਂ ਵਿੱਚ ਅਰਜ਼ੀ ਦੇਣ ਦੀ ਨੌਬਤ ਆਉਂਦੀ ਹੈ ਤੇ ਇਹੋ ਜਿਹੇ ਕੇਸਾਂ ਵਿੱਚੋਂ ਵੀ ਬਹੁਤ ਸਾਰੇ ਮਾਮਲਿਆਂ ਵਿੱਚ ਅਦਾਲਤਾਂ ਇੱਕ ਹੱਦ ਤੋਂ ਅੱਗੇ ਵਧ ਕੇ ਲੋਕਾਂ ਦੀ ਮਦਦ ਕਰਨ ਤੋਂ ਕਿਨਾਰਾ ਕਰਨ ਦਾ ਰਾਹ ਲੱਭ ਲੈਂਦੀਆਂ ਹਨ। ਨਤੀਜੇ ਵਜੋਂ ਲੋਕ ਰੋਂਦੇ ਰਹਿ ਜਾਂਦੇ ਅਤੇ ਸਿਸਟਮ ਆਪਣੀ ਚਾਲ ਚੱਲਦਾ ਰਹਿੰਦਾ ਅਤੇ ਦੇਸ਼ ਦੇ ਲੋਕਾਂ ਨੂੰ ਸੰਵਿਧਾਨ ਅਤੇ ਨਿਆਂ ਪਾਲਿਕਾ ਦਾ ਸਤਿਕਾਰ ਕਰਨ ਲਈ ਉਹ ਸਬਕ ਪੜ੍ਹਾਉਂਦਾ ਰਹਿੰਦਾ ਹੈ, ਜਿਸ ਨਾਲ ਭੁੱਖੇ ਢਿੱਡਾਂ ਨੂੰ ਰੋਟੀ ਨਹੀਂ ਮਿਲ ਸਕਦੀ।
ਲੋਕਤੰਤਰ ਦੀ ਇਸ ਨਿਤਾਣੀ ਹਾਲਤ ਵਿੱਚ ਲੋਕਾਂ ਨੂੰ ਕਦੇ-ਕਦਾਈਂ ਗੁੱਸਾ ਕੱਢਣ ਲਈ ਚੋਣਾਂ ਦਾ ਮੌਕਾ ਮਿਲਦਾ ਹੈ ਤਾਂ ਉਨ੍ਹਾਂ ਅੱਗੇ ਮੁਖੌਟਿਆਂ ਦੀ ਏਨੀ ਭਰਮਾਰ ਹੋ ਜਾਂਦੀ ਹੈ ਕਿ ਲੋਕਾਂ ਦੀ ਅਕਲ ਗੋਤੇ ਖਾਣ ਲੱਗਦੀ ਹੈ। ਪੰਜ ਸਾਲ ਲੰਘਣ ਪਿੱਛੋਂ ਅਕਲ ਦੇ ਗੋਤੇ ਖਾਣ ਦਾ ਜਿਹੜਾ ਮੌਕਾ ਲੋਕਾਂ ਨੂੰ ਨਸੀਬ ਹੁੰਦਾ ਹੈ, ਇਸ ਵੇਲੇ ਪੰਜਾਬ ਦੇ ਲੋਕਾਂ ਮੂਹਰੇ ਓਦਾਂ ਦਾ ਮੌਕਾ ਫਿਰ ਝੰਡਾ ਚੁੱਕੀ ਖੜਾ ਹੈ, ਲੋਕ ਇਸ ਦੀ ਵਰਤੋਂ ਕਿੰਜ ਕਰਨਗੇ, ਕਿਹਾ ਨਹੀਂ ਜਾ ਸਕਦਾ।

ਇਸ ਵਾਰ ਕੀ ਕਰੇਗਾ ਜਿੱਤ ਕੇ ਲੜਾਈ ਹਾਰਨ ਗਿੱਝਾ ਹੋਇਆ ਪੰਜਾਬ! - ਜਤਿੰਦਰ ਪਨੂੰ

ਅਸੀਂ ਬਹੁਤ ਸਾਰੇ ਦੱਬੇ ਮੁਰਦਿਆਂ ਨੂੰ ਉਖਾੜ ਕੇ ਲੋਕ-ਸੱਥ ਸਾਹਮਣੇ ਰੱਖ ਸਕਦੇ ਹਾਂ, ਅਤੇ ਰੱਖਣਾ ਵੀ ਚਾਹੁੰਦੇ ਹਾਂ, ਪਰ ਉਸ ਦਾ ਕੋਈ ਫਾਇਦਾ ਨਹੀਂ ਹੋਣਾ, ਜਿਹੜੀ ਲੀਹ ਵਿੱਚ ਵਕਤ ਆਪਣੀ ਰਵਾਨੀ ਸੁਖਾਲੀ ਵੇਖੇਗਾ, ਉਸ ਨੇ ਉਸ ਪਾਸੇ ਹੀ ਵਹਿੰਦੇ ਰਹਿਣਾ ਹੈ। ਇਹ ਵਹਿਮ ਕਈ ਲੋਕਾਂ ਨੂੰ ਹੁੰਦਾ ਹੈ ਕਿ ਉਹ ਵਕਤ ਦੀ ਦਿਸ਼ਾ ਬਦਲ ਦੇਣਗੇ, ਇਸ ਲਈ ਉਹ ਤਾਣ ਵੀ ਪੂਰੀ ਈਮਾਨਦਾਰੀ ਨਾਲ ਲਾਉਂਦੇ ਹਨ, ਪਰ ਸਮਾਂ ਜਦੋਂ ਲੀਹ ਤੋਂ ਲਾਹੁਣ ਵਾਲਾ ਕੰਮ ਕਰਦਾ ਹੈ, ਅਕਲ ਦੇ ਭੰਡਾਰ ਮੰਨੇ ਜਾਣ ਵਾਲਿਆਂ ਨੂੰ ਵੀ ਸਮਝ ਨਹੀਂ ਲੱਗਦੀ। ਪੰਜਾਬ ਇਸ ਦੀਆਂ ਝਲਕਾਂ ਕਈ ਵਾਰੀ ਵੇਖ ਚੁੱਕਾ ਹੈ। ਦਸਵੇਂ ਗੁਰੂ ਸਾਹਿਬ ਵੱਲੋਂ ਸਰਬੰਸ ਵਾਰਨ ਦੇ ਬਾਅਦ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਆਏ ਤੇ ਉਨ੍ਹਾਂ ਦੀ ਕਮਾਨ ਹੇਠ ਪਹਿਲੀ ਵਾਰੀ ਜਗੀਰਾਂ ਤੋੜ ਕੇ ਮੁਜ਼ਾਰਿਆਂ ਨੂੰ ਵੰਡੀਆਂ ਗਈਆਂ, ਉਹ ਬਹੁਤ ਵੱਡਾ ਇਤਹਾਸਕ ਮੋੜਾ ਸੀ, ਪਰ ਇਸ ਦਾ ਮੁਹਾਣ ਮੋੜਨ ਲਈ ਵਕਤ ਨੇ ਸਦੀਆਂ ਨਹੀਂ ਸਨ ਉਡੀਕੀਆਂ, ਦਹਾਕਿਆਂ ਵਿੱਚ ਕੀ ਦਾ ਕੀ ਕਰ ਦਿੱਤਾ ਸੀ। ਬਾਰਾਂ ਮਿਸਲਾਂ ਮਸਾਂ ਚਾਰ ਦਹਾਕਿਆਂ ਅੰਦਰ ਹੀ ਬਣ ਗਈਆਂ ਸਨ ਤੇ ਫਿਰ ਅਸਲੀ ਮੁੱਦਾ ਭੁਲਾ ਕੇ ਇਲਾਕਿਆਂ ਉੱਤੇ ਕਬਜ਼ਾ ਕਰਨ ਦੇ ਲਈ ਮਿਸਲਾਂ ਆਪੋ ਵਿੱਚ ਲੜਨ ਅਤੇ ਗੁਰੂ ਦੇ ਸਿੱਖਾਂ ਨੂੰ ਇੱਕ ਦੂਸਰੇ ਤੋਂ ਮਰਵਾਉਣ ਲੱਗ ਪਈਆਂ ਸਨ। ਸਿੱਖ ਪੰਥ ਅੱਜ ਤੱਕ ਉਨ੍ਹਾਂ ਸਾਰੀਆਂ ਮਿਸਲਾਂ ਵਾਲੇ ਸਰਦਾਰਾਂ ਦਾ ਸਤਿਕਾਰ ਕਰਦਾ ਹੈ, ਕੁੱਟੇ ਜਾਣ ਵਾਲਿਆਂ ਦਾ ਵੀ ਅਤੇ ਕੁੱਟ ਖਾ ਕੇ ਹਾਰ ਮੰਨ ਲੈਣ ਪਿੱਛੋਂ ਓਸੇ ਤਰ੍ਹਾਂ ਦੀਆਂ ਜਗੀਰਾਂ ਲੈ ਕੇ ਤਸੱਲੀ ਕਰ ਲੈਣ ਵਾਲਿਆਂ ਦਾ ਵੀ, ਜਿੱਦਾਂ ਦੀਆਂ ਜਗੀਰਾਂ ਬਾਬਾ ਬੰਦਾ ਸਿੰਘ ਤੋੜ ਕੇ ਗਿਆ ਸੀ। ਜਿਨ੍ਹਾਂ ਲੋਕਾਂ ਨੇ ਅੰਗਰੇਜ਼ਾਂ ਦੇ ਰਾਜ ਵਿੱਚ ਮਹੰਤਾਂ ਤੋਂ ਗੁਰਦੁਆਰੇ ਆਜ਼ਾਦ ਕਰਾਉਣ ਜਾਂਦੇ ਜਥਿਆਂ ਨੂੰ ਮਾਰਨ ਲਈ ਰਾਹਾਂ ਵਿਚਲੇ ਖੂਹਾਂ ਵਿੱਚ ਜ਼ਹਿਰ ਪਾ ਦਿੱਤਾ ਸੀ, ਉਹ ਬਾਅਦ ਵਿੱਚ ਵੋਟਾਂ ਨਾਲ ਚੁਣ ਕੇ ਗੁਰਦੁਆਰਿਆਂ ਦੇ ਪ੍ਰਬੰਧ ਵਾਲੀਆਂ ਕਮੇਟੀਆਂ ਦੇ ਮੈਂਬਰ ਤੇ ਅਹੁਦੇਦਾਰ ਬਣਦੇ ਰਹੇ ਸਨ। ਉਹੋ ਕੁਝ ਇਸ ਵੇਲੇ ਵਰਤਦਾ ਵੇਖ ਕੇ ਕੁਝ ਲੋਕ ਜਾਣਦੇ ਹੋਏ ਵੀ ਚੁੱਪ ਹਨ, ਕਿਉਂਕਿ 'ਇੱਕ ਚੁੱਪ, ਸੌ ਸੁਖ' ਦਾ ਫਾਰਮੂਲਾ ਉਨ੍ਹਾਂ ਨੂੰ ਚੰਗਾ ਲੱਗਦਾ ਹੈ।
ਇਸ ਪੰਜਾਬ ਵਿੱਚ ਕਦੀ ਸ਼ਹੀਦ ਭਗਤ ਸਿੰਘ ਤੇ ਉਸ ਦੇ ਸਾਥੀਆਂ ਦਾ ਬੋਲਬਾਲਾ ਹੋਇਆ ਕਰਦਾ ਸੀ, ਵਕਤ ਦੇ ਨਾਲ ਉਸ ਦੀ ਸੋਚ ਦੇ ਵਿਰੋਧੀਆਂ ਦੀ ਚੜ੍ਹਤ ਹੋਣ ਲੱਗੀ ਤਾਂ ਉਹ ਆਪਣੀ ਮਰਜ਼ੀ ਮੁਤਾਬਕ ਭਗਤ ਸਿੰਘ ਤੇ ਹੋਰਨਾਂ ਦੇਸ਼ ਭਗਤਾਂ ਦਾ ਇਤਹਾਸ ਲਿਖਣ ਅਤੇ ਠੋਸਣ ਲੱਗ ਪਏ। ਵਕਤ ਉਨ੍ਹਾਂ ਦੇ ਅੱਗੇ ਨਾਕਾ ਨਹੀਂ ਲਾ ਸਕਿਆ। ਜੱਲ੍ਹਿਆਂਵਾਲਾ ਬਾਗ ਵਿੱਚ ਅੰਗਰੇਜ਼ੀ ਰਾਜ ਦਾ ਤਸ਼ੱਦਦ ਝੱਲਣ ਵਾਲੇ ਹੋਰ ਲੋਕ ਸਨ, ਉਨ੍ਹਾਂ ਦੇ ਨਾਂਅ ਉੱਤੇ ਰਾਜਨੀਤੀ ਕਰਨ ਵਾਲੇ ਹੋਰ ਅਤੇ ਸਮੇਂ ਦੇ ਨਾਲ ਇੱਕ ਦਿਨ ਉਹ ਲੋਕ ਜੱਲ੍ਹਿਆਂਵਾਲੇ ਬਾਗ ਦੇ ਕਾਰ-ਮੁਖਤਾਰ ਬਣ ਗਏ, ਜਿਹੜੇ ਆਜ਼ਾਦੀ ਦੀ ਲਹਿਰ ਵੇਲੇ ਅੰਗਰੇਜ਼ਾਂ ਦੀ ਵਫਾਦਾਰੀ ਕਰਨ ਵਾਲਿਆਂ ਦੀ ਵਿਰਾਸਤ ਨਾਲ ਜੁੜੇ ਹੋਏ ਸਨ। ਵਕਤ ਉਨ੍ਹਾਂ ਨੂੰ ਇਹੋ ਜਿਹੀ ਧੱਕੜਸ਼ਾਹੀ ਕਰਦਿਆਂ ਨੂੰ ਰੋਕ ਨਹੀਂ ਸੀ ਸਕਿਆ। ਇੱਕ ਮੌਕਾ ਇਹੋ ਜਿਹਾ ਆਇਆ, ਜਦੋਂ ਆਜ਼ਾਦੀ ਸੰਘਰਸ਼ ਵਿੱਚ ਕੂਕਾ ਲਹਿਰ ਦੇ ਯੋਗਦਾਨ ਦਾ ਬਣਦਾ ਸਥਾਨ ਮੰਨਵਾਉਣ ਲਈ ਦੇਸ਼ਭਗਤ ਯਾਦਗਾਰ ਵਾਲਿਆਂ ਨੇ ਦੇਸ਼ ਦੇ ਉੱਪ ਪ੍ਰਧਾਨ ਮੰਤਰੀ ਨਾਲ ਅੱਖ ਵਿੱਚ ਅੱਖ ਪਾ ਕੇ ਗੱਲ ਕਰਨ ਦਾ ਫੈਸਲਾ ਕੀਤਾ ਤਾਂ ਪੁਲਸ ਨੇ ਕੁਟਾਪਾ ਚਾੜ੍ਹ ਦਿੱਤਾ ਅਤੇ ਜਿਨ੍ਹਾਂ ਕੋਲ ਉਸ ਮਹਾਨ ਲਹਿਰ ਦੀ ਵਿਰਾਸਤ ਦਾ ਸਰਟੀਫਿਕੇਟ ਸੀ, ਉਹ ਓਸੇ ਦਿਨ ਓਸੇ ਉੱਪ ਪ੍ਰਧਾਨ ਮੰਤਰੀ ਦੇ ਗਲ਼ ਹਾਰ ਪਾ-ਪਾ ਕੇ ਫੋਟੋ ਖਿਚਾਉਂਦੇ ਫਿਰਦੇ ਸਨ। ਉਨ੍ਹਾਂ ਨੂੰ ਵੀ ਏਦਾਂ ਕਰਨ ਤੋਂ ਵਕਤ ਨੇ ਨਹੀਂ ਰੋਕਿਆ। ਵਕਤ ਜਦੋਂ ਆਪਣੇ ਵਹਿਣ ਦੇ ਮੁਤਾਬਕ ਹਾਲਾਤ ਨੂੰ ਵਹਿੰਦੇ ਵੇਖਦਾ ਹੈ ਤਾਂ ਉਸ ਨੇ ਯੁੱਗਾਂ ਤੋਂ ਲੈ ਕੇ ਕਦੀ ਨਹੀਂ ਸੀ ਰੋਕਿਆ ਅਤੇ ਅੱਗੋਂ ਵੀ ਕਦੀ ਨਹੀਂ ਰੋਕਣਾ।
ਅਸੀਂ ਲੋਕਾਂ ਨੇ ਬਚਪਨ ਵਿੱਚ ਕਾਂਗਰਸ ਪਾਰਟੀ ਦੇ ਵਿਰੋਧ ਦੀ ਤਾਨ ਸੁਣੀ ਅਤੇ ਵੱਡੇ ਆਗੂਆਂ ਦੇ ਪਿੱਛੇ ਕਾਂਗਰਸ ਵਿਰੋਧੀ ਨਾਅਰੇ ਲਾਏ ਸਨ। ਜਦੋਂ ਫਿਰ ਪੰਜਾਬ ਦੀ ਪਹਿਲੀ ਗੈਰ ਕਾਂਗਰਸੀ ਸਰਕਾਰ ਬਣੀ, ਅਸੀਂ ਆਪਣੀ ਬਾਲ-ਉਮਰ ਵਿੱਚ ਚਾਅ ਨਾਲ ਖੀਵੇ ਹੋਏ ਪਏ ਸਾਂ ਅਤੇ ਜੋਗਾ ਸਿੰਘ ਜੋਗੀ ਦੇ ਇਹ ਬੋਲ ਪੰਜਾਬ ਦੀਆਂ ਸਟੇਜਾਂ ਉੱਪਰ ਗੂੰਜਿਆ ਕਰਦੇ ਸਨ; 'ਏਕੇ ਦੀਆਂ ਲਗਰਾਂ ਫੁੱਟੀਆਂ ਨੇ, ਗਾਂਧੀ ਦੀ ਬੱਕਰੀ ਖਾਵੇ ਨਾ'। ਮਸਾਂ ਅੱਠ ਮਹੀਨੇ ਲੰਘੇ ਕਿ ਓਸੇ ਗੈਰ-ਕਾਂਗਰਸੀ ਟੀਮ ਦੇ ਕੁਝ ਆਗੂ ਵਕਤ ਦੀ ਮਾਰ ਹੇਠ ਫਿਰ ਓਸੇ ਕਾਂਗਰਸ ਨਾਲ ਜਾ ਜੁੜੇ ਸਨ। ਜਿਹੜੇ ਬੇਅੰਤ ਸਿੰਘ ਨੇ ਅਕਾਲੀ ਦਲ ਵੱਲੋਂ ਚੋਣ ਲੜ ਕੇ ਹਾਰੀ ਤੇ ਫਿਰ ਆਜ਼ਾਦ ਚੋਣ ਲੜ ਕੇ ਅਕਾਲੀ-ਕਾਂਗਰਸੀ ਦੋਵਾਂ ਨੂੰ ਹਰਾਇਆ ਸੀ, ਉਹ ਵੀ ਸਮਾਂ ਪਾ ਕੇ ਪੰਜਾਬ ਦੀ ਕਾਂਗਰਸ ਦਾ ਪ੍ਰਧਾਨ ਬਣ ਗਿਆ ਤੇ ਫਿਰ ਪੰਜਾਬ ਦਾ ਮੁੱਖ ਮੰਤਰੀ ਵੀ ਬਣ ਗਿਆ। ਇਹੋ ਕਿੱਸਾ ਅੱਜ ਵਾਲੇ ਕਾਂਗਰਸੀ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਹੈ, ਜਿਸ ਨੇ ਪਹਿਲੀ ਚੋਣ ਆਜ਼ਾਦ ਲੜੀ, ਕਾਂਗਰਸੀ ਤੇ ਅਕਾਲੀ ਦੋਵਾਂ ਨੂੰ ਹਰਾਇਆ ਅਤੇ ਅਗਲੀਆਂ ਦੋ ਚੋਣਾਂ ਕਾਂਗਰਸ ਵੱਲੋਂ ਜਿੱਤਣ ਪਿੱਛੋਂ ਓਸੇ ਕਾਂਗਰਸ ਦੀ ਰਾਜ ਸਰਕਾਰ ਦਾ ਮੁੱਖ ਮੰਤਰੀ ਬਣ ਗਿਆ ਹੈ। ਪਹਿਲਾਂ ਪ੍ਰਤਾਪ ਸਿੰਘ ਕੈਰੋਂ ਨੇ ਏਦਾਂ ਅਕਾਲੀ ਉਮੀਦਵਾਰ ਵਜੋਂ 1937 ਵਿੱਚ ਦੇਸ਼ਭਗਤ ਬਾਬਾ ਗੁਰਦਿੱਤ ਸਿੰਘ ਕਾਮਾ ਗਾਟਾਮਾਰੂ ਨੂੰ ਝੂਠੇ ਪ੍ਰਚਾਰ ਨਾਲ ਹਰਾਇਆ ਸੀ ਤੇ ਫਿਰ ਕਾਂਗਰਸ ਵੱਲੋਂ ਮੁੱਖ ਮੰਤਰੀ ਬਣ ਕੇ ਅਕਾਲੀਆਂ ਦੀ ਅੱਖ ਦਾ ਕੁੱਕਰਾ ਜਾ ਬਣਿਆ ਸੀ, ਪਰ ਉਸ ਦੇ ਅੱਖਾਂ ਮੀਟਣ ਪਿੱਛੋਂ ਪਤਨੀ ਵੀ ਅਤੇ ਪੁੱਤਰ ਵੀ ਫਿਰ ਅਕਾਲੀ ਦਲ ਵੱਲੋਂ ਲੋਕ ਸਭਾ ਅਤੇ ਵਿਧਾਨ ਸਭਾ ਚੋਣਾਂ ਲੜਦੇ ਫਿਰਦੇ ਸਨ। ਸ਼ਹੀਦ ਭਗਤ ਸਿੰਘ ਦੇ ਸਾਥੀ ਸੋਹਣ ਸਿੰਘ ਜੋਸ਼ ਨੂੰ ਅਕਾਲੀ ਆਗੂ ਈਸ਼ਰ ਸਿੰਘ ਮਝੈਲ ਨੇ ਇੱਕ ਝੂਠੀ ਤੋਹਮਤ ਲਾ ਕੇ ਹਰਾ ਦਿੱਤਾ ਸੀ ਅਤੇ ਲੋਕਾਂ ਨੂੰ ਇਸ ਖੇਡ ਦੀ ਸਮਝ ਨਹੀਂ ਸੀ ਪੈ ਸਕੀ। ਗਦਰ ਪਾਰਟੀ ਬਣਾਉਣ ਅਤੇ ਸਾਰੀ ਉਮਰ ਲੋਕਾਂ ਲਈ ਸੰਘਰਸ਼ ਕਰਨ ਤੇ ਜੇਲ੍ਹਾਂ ਵਿੱਚ ਸਾਲਾਂ ਬੱਧੀ ਸਖਤੀਆਂ ਝੱਲਣ ਵਾਲੇ ਬਾਬਾ ਸੋਹਣ ਸਿੰਘ ਭਕਨਾ ਨੂੰ ਵਿਧਾਨ ਸਭਾ ਵਿੱਚ ਵੜਨ ਤੋਂ ਰੋਕਣ ਲਈ ਕਾਂਗਰਸ ਦੇ ਆਗੂਆਂ ਨੇ ਉਸ ਦੇ ਮੁਕਾਬਲੇ ਝਬਾਲ ਦੀ ਸੀਟ ਤੋਂ ਗੁਰਦਿਆਲ ਸਿੰਘ ਢਿੱਲੋਂ ਨੂੰ ਖੜਾ ਕੀਤਾ ਤੇ ਮਹਾਨ ਦੇਸ਼ਭਗਤ ਬਾਬੇ ਦੇ ਰਾਹ ਵਿੱਚ ਕੰਡੇ ਵਿਛਾਉਣ ਲਈ ਰਾਤ-ਦਿਨ ਇੱਕ ਕਰ ਰੱਖਿਆ ਸੀ। ਬਾਬਾ ਗੁਰਦਿੱਤ ਸਿੰਘ ਕਾਮਾ ਗਾਟਾਮਾਰੂ, ਬਾਬਾ ਸੋਹਣ ਸਿੰਘ ਭਕਨਾ ਅਤੇ ਸੋਹਣ ਸਿੰਘ ਜੋਸ਼ ਨੂੰ ਦੇਸ਼ਭਗਤੀ ਦਾ ਸਰਟੀਫਿਕੇਟ ਚੁੱਕੀ ਫਿਰਦੇ ਕਾਂਗਰਸੀਆਂ ਨੇ ਇਸ ਲਈ ਹਰਾਇਆ ਸੀ ਕਿ ਉਨ੍ਹਾਂ ਅਸਲੀ ਦੇਸ਼ਭਗਤਾਂ ਦੇ ਸਾਹਮਣੇ ਇਨ੍ਹਾਂ ਨੂੰ ਆਪਣਾ ਕੱਦ ਬੌਣਾ ਲੱਗਦਾ ਸੀ। ਪੰਜਾਬ ਦੇ ਲੋਕਾਂ ਨੂੰ ਓਦੋਂ ਇਸ ਖੇਡ ਦੀ ਸਮਝ ਨਹੀਂ ਸੀ ਪੈ ਸਕੀ ਤੇ ਉਹ ਭੁਚਲਾਏ ਗਏ ਸਨ। ਵਕਤ ਨੇ ਏਦਾਂ ਦੇ ਕਈ ਦ੍ਰਿਸ਼ ਵੀ ਵਿਖਾਏ ਹੋਏ ਹਨ।
ਇਸ ਵੇਲੇ ਪੰਜਾਬ ਵਿੱਚ ਵਿਧਾਨ ਸਭਾ ਚੋਣ ਦਾ ਦੌਰ ਫਿਰ ਚੱਲ ਪਿਆ ਹੈ। ਅਸੀਂ ਮੇਲਿਆਂ ਵਿੱਚ ਹੀਰ ਦੀ ਕਿਤਾਬ ਵੇਚਣ ਲਈ ਬੋਰੀਆਂ ਵਿਛਾਈ ਬੈਠੇ ਦੁਕਾਨਦਾਰਾਂ ਤੋਂ ਸੁਣਦੇ ਹੁੰਦੇ ਸਾਂ ਕਿ 'ਵਾਰਸ ਸ਼ਾਹ ਦੀ ਅਸਲੀ ਹੀਰ' ਸਿਰਫ ਇਹੋ ਹੈ, ਜਿਹੜੀ ਮੈਂ ਵੇਚਦਾ ਪਿਆ ਹਾਂ। ਅੱਜਕੱਲ੍ਹ ਚੋਣਾਂ ਦੇ ਦੌਰ ਵਿੱਚ ਫਿਰ ਹਰ ਪਾਰਟੀ ਦਾ ਹਰ ਲੀਡਰ ਇਹੋ ਕਹੀ ਜਾ ਰਿਹਾ ਹੈ ਕਿ ਪੰਜਾਬ ਦੀ ਭਲਾਈ ਦਾ ਤਿੱਬੀ-ਯੂਨਾਨੀ ਅਤੇ ਹਕੀਮ ਲੁਕਮਾਨੀ ਨੁਸਖਾ ਸਿਰਫ ਉਨ੍ਹਾਂ ਕੋਲ ਹੈ ਤੇ ਪੰਜਾਬ ਦੇ ਲੋਕ ਏਨੀ ਭੀੜ ਵਿੱਚੋਂ ਆਪਣੇ ਮਰਜ਼ ਦਾ ਇਲਾਜ ਕਰਨ ਵਾਲਾ ਹਕੀਮ ਲੱਭਣ ਵਿੱਚ ਔਖ ਮਹਿਸੂਸ ਕਰਦੇ ਹਨ। ਅਗਲੇ ਦਿਨਾਂ ਵਿੱਚ ਇਹੋ ਜਿਹੇ ਦਾਅਵੇ ਕਰਨ ਵਾਲੇ ਲੀਡਰਾਂ ਦੀ ਸੁਰ ਵੀ ਹੋਰ ਉੱਚੀ ਹੋ ਜਾਣੀ ਹੈ, ਨੌਟੰਕੀ ਵੀ ਦਿਨੋ-ਦਿਨ ਵਧਣੀ ਹੈ ਤੇ ਆਮ ਲੋਕਾਂ ਦਾ ਭੰਬਲਭੂਸਾ ਵੀ ਦਿਨੋ ਦਿਨ ਵਧਣਾ ਹੈ। ਬਚਪਨ ਵਿੱਚ ਅਸੀਂ ਸਾਰਿਆਂ ਨੇ ਉਸ ਬੱਚੇ ਦੀ ਕਹਾਣੀ ਸੁਣੀ ਅਤੇ ਪੜ੍ਹੀ ਹੋਈ ਹੈ, ਜਿਹੜਾ ਭੇਡ ਦਾ ਮੇਮਣਾ ਲਈ ਜਾਂਦਾ ਸੀ ਅਤੇ ਚਾਰ ਬਦਮਾਸ਼ਾਂ ਵਾਰੀ ਵਾਰੀ ਇਹ ਕਹਿ ਕੇ ਉਸ ਨੂੰ ਬੇਵਕੂਫ ਬਣਾ ਲਿਆ ਸੀ ਕਿ ਇਹ ਮੇਮਣਾ ਨਹੀਂ, ਕਤੂਰਾ ਹੈ। ਵਿਚਾਰਾ ਬੱਚਾ ਉਨ੍ਹਾਂ ਦੇ ਝਾਂਸੇ ਵਿੱਚ ਆ ਕੇ ਕਤੂਰਾ ਮੰਨ ਕੇ ਮੇਮਣਾ ਉਨ੍ਹਾਂ ਅੱਗੇ ਸੁੱਟ ਬੈਠਾ ਅਤੇ ਖਾਲੀ ਹੱਥ ਘਰ ਘਰ ਜਾ ਵੜਿਆ ਸੀ। ਇਸ ਵੇਲੇ ਪੰਜਾਬ ਤੇ ਇਸ ਦੇ ਨਾਲ ਹੀ ਚਾਰ ਹੋਰਨਾਂ ਰਾਜਾਂ ਦੇ ਲੋਕਾਂ ਨੂੰ ਠੱਗਣ ਵਾਲੀਆਂ ਧਾੜਾਂ ਇੱਕ ਵਾਰ ਫਿਰ ਮੈਦਾਨ ਵਿੱਚ ਨਿਕਲ ਤੁਰੀਆਂ ਹਨ ਤੇ ਉਨ੍ਹਾਂ ਕੋਲ ਆਮ ਲੋਕਾਂ ਨੂੰ ਮੂਰਖ ਬਣਾ ਕੇ ਵੋਟਾਂ ਠੱਗਣ ਲਈ ਹਰ ਹੱਥਕੰਡਾ ਹੈ। ਸਮਝਣ ਦੀ ਲੋੜ ਹੈ, ਪਰ ਪੰਜਾਬ ਦੇ ਲੋਕਾਂ ਨੂੰ ਏਦਾਂ ਦੀਆਂ ਮੋਮੋਠਗਣੀਆਂ ਧਾੜਾਂ ਵਿੱਚੋਂ ਆਪਣਾ ਦੁਸ਼ਮਣ ਪਛਾਨਣ ਦੀ ਜਿਹੜੀ ਸੂਝ ਚਾਹੀਦੀ ਹੈ, ਉਹ ਪਿਛਲੇ ਵਕਤਾਂ ਵਿੱਚ ਕਦੀ ਨਜ਼ਰ ਨਹੀਂ ਪਈ ਤੇ ਅੱਗੋਂ ਦਾ ਵੀ ਪਤਾ ਨਹੀਂ। ਇਸ ਕਰ ਕੇ ਬਹੁਤ ਸਾਰੇ ਬੁੱਧੀਵਾਨਾਂ ਨਾਲ ਗੱਲਬਾਤ ਦੇ ਦੌਰਾਨ ਏਥੇ ਆ ਕੇ ਗੱਲ ਮੁੱਕ ਜਾਂਦੀ ਰਹੀ ਹੈ ਕਿ ਹੋਣਾ ਬਹੁਤ ਕੁਝ ਚਾਹੀਦਾ ਹੈ, ਵਿਚਾਰ ਵੀ ਬਹੁਤ ਹਨ, ਪਰ ਰਾਜਨੀਤੀ ਦੇ ਰਥਵਾਨਾਂ ਨੇ ਲੋਕਾਂ ਨੂੰ ਸੋਚਣ ਜੋਗੇ ਹੀ ਨਹੀਂ ਛੱਡਿਆ। ਇਹੀ ਕਾਰਨ ਹੈ ਕਿ ਇਸ ਵਕਤ ਏਥੇ ਬੁੱਧੀਜੀਵੀ ਬਹੁਤ ਹਨ, ਜਿਹੜੇ ਬੁੱਧੀ ਨੂੰ ਜੀਵਿਕਾ ਕਮਾਉਣ ਦਾ ਵਸੀਲਾ ਮੰਨਦੇ ਹਨ, ਬੁੱਧੀਵਾਨੀ ਨੂੰ ਲੋਕਾਂ ਲਈ ਵਰਤਣ ਵਾਲੇ ਬਹੁਤ ਥੋੜ੍ਹੇ ਹਨ ਅਤੇ ਇਹ ਸੋਚ ਵਾਰ-ਵਾਰ ਉੱਠਦੀ ਹੈ ਕਿ ਜਿੱਤ ਕੇ ਲੜਾਈਆਂ ਹਾਰਨ ਗਿੱਝਾ ਹੋਇਆ ਪੰਜਾਬ ਇਸ ਵਾਰ ਕੀ ਕਰੇਗਾ!

ਅਸਲੋਂ ਅਲੋਕਾਰ ਦ੍ਰਿਸ਼ ਜਾਪਦਾ ਹੈ ਇਸ ਵਾਰ ਪੰਜਾਬ ਦੀਆਂ ਚੋਣਾਂ ਦਾ - ਜਤਿੰਦਰ ਪਨੂੰ

ਪੰਜਾਬ ਸਮੇਤ ਪੰਜਾਂ ਰਾਜਾਂ ਦੀਆਂ ਚੋਣਾਂ ਵਿੱਚ ਕਿਹੜੇ ਰਾਜ ਵਿੱਚ ਕਿਹੜੀ ਧਿਰ ਦੀ ਜਿੱਤ ਹੋਵੇਗੀ, ਇਸ ਗੱਲ ਦੀ ਭਵਿੱਖਬਾਣੀ ਤੇ ਸਰਵੇਖਣੀ ਅੰਦਾਜ਼ੇ ਲਾਉਣ ਵਾਲੇ ਅਗੇਤੇ ਸਰਗਰਮ ਹੋਣ ਲੱਗ ਪਏ ਹਨ। ਹਾਲਾਤ ਹਰ ਰਾਜ ਲਈ ਓਥੋਂ ਦੀਆਂ ਸਮੱਸਿਆਵਾਂ ਮੁਤਾਬਕ ਜਿਸ ਟਕਰਾਅ ਦੇ ਸੰਕੇਤ ਸਭ ਥਾਂ ਵੱਖੋ-ਵੱਖ ਦੇ ਰਹੇ ਹਨ, ਓਥੋਂ ਸਾਫ ਜਾਪਦਾ ਹੈ ਕਿ ਇਸ ਵਾਰੀ ਕੇਂਦਰ ਵਿੱਚ ਰਾਜ ਕਰਦੀ ਭਾਜਪਾ ਦਾ 'ਮੋਦੀ ਹੈ ਤੋ ਮੁਮਕਿਨ ਹੈ' ਵਾਲਾ ਨਾਅਰਾ ਪਹਿਲਾਂ ਵਾਂਗ ਨਹੀਂ ਚੱਲਣਾ ਅਤੇ ਨਤੀਜੇ ਅਸਲੋਂ ਹੈਰਾਨ ਕਰਨ ਵਾਲੇ ਨਿਕਲ ਸਕਦੇ ਹਨ। ਫਿਰ ਵੀ ਇਹ ਗੱਲ ਇਨ੍ਹਾਂ ਸਾਰੇ ਰਾਜਾਂ ਵਿਚਲੇ ਅਤੇ ਭਾਰਤ ਦੀ ਰਾਜਧਾਨੀ ਦਿੱਲੀ ਵਿੱਚ ਬੈਠੇ ਹੋਏ ਕਈ-ਕਈ ਚੋਣਾਂ ਦੇ ਤਜਰਬੇ ਵਾਲੇ ਪੱਤਰਕਾਰ ਆਪਸੀ ਗੱਲਬਾਤ ਵਿੱਚ ਮੰਨ ਰਹੇ ਹਨ ਕਿ ਹਰ ਥਾਂ ਆਮ ਲੋਕਾਂ ਵਿਚਲੀ ਬੇਚੈਨੀ ਇਸ ਵਾਰੀ ਕਿਸੇ ਇੱਕੋ ਧਿਰ ਦੇ ਪੱਖ ਵਿੱਚ ਭੁਗਤਣ ਵਾਲੀ ਨਹੀਂ ਦਿੱਸਦੀ ਤੇ ਬਹੁਤੇ ਥਾਂਈਂ ਵੰਡਵੇਂ ਫਤਵੇ ਦੇ ਸਕਦੀ ਹੈ। ਸਾਡੇ ਪੰਜਾਬ ਵਿੱਚ ਹਾਲਾਤ ਕਈ ਲੋਕਾਂ ਨੂੰ ਏਦਾਂ ਦੇ ਨਹੀਂ ਜਾਪਦੇ ਅਤੇ ਉਹ ਇੱਕ ਖਾਸ ਧਿਰ ਦੇ ਪੱਖ ਵਿੱਚ ਆਮ ਲੋਕਾਂ ਵਿੱਚ ਰੁਝਾਨ ਵੇਖਣ ਦੀ ਗੱਲ ਕਹਿੰਦੇ ਹਨ, ਜਦ ਕਿ ਕੁਝ ਹੋਰ ਸੱਜਣ ਉਲਟੇ ਪਾਸੇ ਨੂੰ ਵਹਿਣ ਦੀ ਗੱਲ ਵੀ ਕਹਿੰਦੇ ਹਨ, ਇਸ ਲਈ ਅਜੇ ਏਥੇ ਵੀ ਕੋਈ ਸਾਫ ਪ੍ਰਭਾਵ ਨਹੀਂ ਮਿਲਦਾ।
ਕਾਰਨ ਇਸ ਦਾ ਇਹ ਕਿ ਪੰਜਾਬ ਦੀ ਰਿਵਾਇਤੀ ਰਾਜਨੀਤੀ ਦੀਆਂ ਦੋਵੇਂ ਵੱਡੀਆਂ ਧਿਰਾਂ ਕਾਂਗਰਸ ਅਤੇ ਅਕਾਲੀ ਦਲ ਪਹਿਲਾਂ ਵਾਲੀ ਪੁਜ਼ੀਸ਼ਨ ਵਿੱਚ ਨਹੀਂ ਹਨ ਅਤੇ ਦੋਵਾਂ ਮੂਹਰੇ ਅੜਿੱਕੇ ਬਹੁਤ ਜ਼ਿਆਦਾ ਹਨ। ਅਕਾਲੀ ਲੀਡਰਸ਼ਿਪ ਨੂੰ ਇਸ ਗੱਲੋਂ ਤਸੱਲੀ ਜਿਹੀ ਹੈ ਕਿ ਉਨ੍ਹਾਂ ਦਾ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਕਈ ਦਿਨ ਲੁਕਿਆ ਰਹਿਣ ਦੇ ਬਾਅਦ ਹਾਈ ਕੋਰਟ ਤੋਂ ਜ਼ਮਾਨਤ ਲੈਣ ਪਿੱਛੋਂ ਰਾਜਨੀਤੀ ਦੇ ਮੈਦਾਨ ਵਿੱਚ ਆਉਣ ਜੋਗਾ ਹੋ ਗਿਆ ਹੈ, ਪਰ ਉਸ ਦੇ ਕੇਸ ਨਾਲ ਉਸ ਦੇ ਘੇਰੇ ਸਵਾਲਾਂ ਦੀ ਵਾਛੜ ਏਨੀ ਵੱਡੀ ਹੋ ਸਕਦੀ ਹੈ ਕਿ ਉਸ ਨੂੰ ਥਾਂ-ਥਾਂ ਸਫਾਈਆਂ ਦੇਣ ਦੀ ਲੋੜ ਪੈਣੀ ਹੈ। ਫਿਰ ਵੀ ਉਸ ਨੇ ਪਹਿਲੇ ਕੁਝ ਬਿਆਨਾਂ ਵਿੱਚ ਜਿੱਦਾਂ ਦੀ ਚਾਂਦਮਾਰੀ ਪੰਜਾਬ ਦੀ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਖਿਲਾਫ ਕੀਤੀ ਹੈ, ਉਸ ਨਾਲ ਅਕਾਲੀ ਦਲ ਦੇ ਲੋਕਾਂ ਤੋਂ ਵੀ ਵੱਧ ਕਾਂਗਰਸ ਅੰਦਰ ਸਿੱਧੂ ਵਿਰੋਧੀ ਮੰਨੇ ਜਾਂਦੇ ਕਈ ਆਗੂ ਤੇ ਉਨ੍ਹਾਂ ਕਾਂਗਰਸੀਆਂ ਦੇ ਧੜੇ ਮਜੀਠੀਏ ਦੀ ਸਰਗਰਮੀ ਤੋਂ ਵਾਹਵਾ ਖੀਵੇ ਹੋਏ ਪਏ ਹਨ। ਅਕਾਲੀ ਦਲ ਬਿਕਰਮ ਸਿੰਘ ਮਜੀਠੀਏ ਨੂੰ ਅੰਮ੍ਰਿਤਸਰ ਪੂਰਬੀ ਹਲਕੇ ਤੋਂ ਨਵਜੋਤ ਸਿੰਘ ਸਿੱਧੂ ਦੇ ਖਿਲਾਫ ਚੋਣ ਲੜਾਵੇ ਜਾਂ ਨਾ, ਪਰ ਇੱਕ ਗੱਲ ਪੱਕੀ ਹੈ ਕਿ ਇਸ ਬਹਾਨੇ ਉਸ ਨੇ ਉਸ ਹਲਕੇ ਵੱਲ ਸਾਰਿਆਂ ਦੀਆਂ ਨਜ਼ਰਾਂ ਘੁਮਾ ਦਿੱਤੀਆਂ ਹਨ। ਇਸ ਕਾਰਨ ਨਵਜੋਤ ਸਿੰਘ ਸਿੱਧੂ ਆਪਣੇ ਹਲਕੇ ਵਿੱਚ ਬੁਰੀ ਤਰ੍ਹਾਂ ਫਸ ਸਕਦਾ ਹੈ ਤੇ ਉਸ ਦੀ ਬਾਕੀ ਪੰਜਾਬ ਵਿੱਚ ਘੱਟ ਹਾਜ਼ਰੀ ਦਾ ਲਾਭ ਉਸ ਦੇ ਨਾਲ ਵਿਰੋਧ ਵਾਲੇ ਕਾਂਗਰਸੀ ਆਗੂਆਂ ਨੂੰ ਚੋਣਾਂ ਤੋਂ ਬਾਅਦ ਦੀ ਸਫਬੰਦੀ ਲਈ ਮਿਲ ਸਕਦਾ ਹੈ।
ਕਾਂਗਰਸ ਪਾਰਟੀ ਪਿਛਲੇ ਸਾਢੇ ਤਿੰਨ ਮਹੀਨਿਆਂ ਦੀ ਨਵੀਂ ਸਰਕਾਰ ਦੀ ਹੋਂਦ ਨਾਲ ਆਮ ਲੋਕਾਂ ਦਾ ਕੋਈ ਭਲਾ ਤਾਂ ਕਰ ਸਕੀ ਦਿੱਸਦੀ ਨਹੀਂ, ਪਰ ਇੱਕ ਕੰਮ ਇਸ ਦੌਰਾਨ ਹੋ ਗਿਆ ਹੈ ਕਿ ਲੋਕ ਪਿਛਲੇ ਸਾਢੇ ਸਾਢੇ ਚਾਰ ਸਾਲਾਂ ਦੀ ਅਸਲੋਂ ਬੇਹਰਕਤੀ ਦੀ ਚਰਚਾ ਛੱਡ ਕੇ ਹੋਰ ਮੁੱਦਿਆਂ ਦੇ ਬਾਰੇ ਗੱਲਾਂ ਕਰਨ ਲੱਗੇ ਹਨ। ਚਰਨਜੀਤ ਸਿੰਘ ਚੰਨੀ ਤੇ ਨਵਜੋਤ ਸਿੰਘ ਸਿੱਧੂ ਦੋਵੇਂ ਜਣੇ ਮਿਲ ਕੇ ਚੱਲਦੇ ਤਾਂ ਇਸ ਦਾ ਲਾਭ ਲੈ ਸਕਦੇ ਸਨ, ਪਰ ਆਪਸੀ ਖਹਿਬਾਜ਼ੀ ਕਾਰਨ ਉਹ ਇਸ ਦਾ ਲਾਭ ਲੈਣ ਵਾਲੀ ਕੋਈ ਕਾਰਗੁਜ਼ਾਰੀ ਪੇਸ਼ ਨਹੀਂ ਕਰ ਸਕੇ। ਉਲਟਾ ਲਗਭਗ ਹਰ ਵਿਧਾਨ ਸਭਾ ਹਲਕੇ ਵਿੱਚ ਕਾਂਗਰਸ ਦੇ ਉਮੀਦਵਾਰਾਂ ਵਿੱਚੋਂ ਕੋਈ ਨਵਜੋਤ ਸਿੰਘ ਸਿੱਧੂ ਦਾ ਤੇ ਕੋਈ ਚਰਨਜੀਤ ਸਿੰਘ ਚੰਨੀ ਦਾ ਚੇਲਾ ਮੰਨਿਆ ਜਾਣ ਕਾਰਨ ਏਦਾਂ ਦੇ ਹਾਲਾਤ ਬਣਨ ਲੱਗੇ ਹਨ ਕਿ ਵਿਰੋਧੀਆਂ ਨਾਲ ਜਿੱਤ-ਹਾਰ ਬਾਰੇ ਸੋਚਣ ਦੀ ਥਾਂ ਦੂਸਰੇ ਧੜੇ ਦੇ ਲੀਡਰ ਨੂੰ ਉਖਾੜਨ ਦੇ ਮੁੱਦੇ ਨੂੰ ਪਹਿਲ ਦਿੱਤੀ ਜਾ ਰਹੀ ਹੈ। ਇਹੋ ਹਾਲਤ ਰਹੀ ਤਾਂ ਪਾਰਟੀ ਭੱਲ ਖੱਟਣ ਦੀ ਥਾਂ ਮਾਰ ਖਾ ਸਕਦੀ ਹੈ।
ਪਿਛਲੀ ਵਾਰੀ ਚੋਣਾਂ ਵਿੱਚ ਮੁੱਖ ਵਿਰੋਧੀ ਧਿਰ ਵਜੋਂ ਸਾਹਮਣੇ ਆਈ ਆਮ ਆਦਮੀ ਪਾਰਟੀ ਇਸ ਵਾਰੀ ਸੰਭਲ ਕੇ ਚੱਲ ਰਹੀ ਹੈ, ਪਰ ਕਿਸਾਨ ਸੰਘਰਸ਼ ਜਿੱਤਣ ਪਿੱਛੋਂ ਚੋਣ ਮੈਦਾਨ ਵੱਲ ਆਏ ਕਿਸਾਨ ਲੀਡਰਾਂ ਦੇ ਇੱਕ ਧੜੇ ਨਾਲ ਸਿਰੇ ਲੱਗਦੀ ਗੱਲ ਟੁੱਟ ਜਾਣ ਨਾਲ ਉਸ ਅੱਗੇ ਮੁਸ਼ਕਲਾਂ ਏਸੇ ਕਿਸਾਨ ਧਿਰ ਦੇ ਕਾਰਨ ਵਧ ਸਕਦੀਆਂ ਹਨ। ਉਸ ਕਿਸਾਨ ਧੜੇ ਦੇ ਪੱਲੇ ਕੀ ਪੈਂਦਾ ਹੈ, ਬਾਕੀ ਦੀਆਂ ਕਿਸਾਨ ਧਿਰਾਂ ਇਸ ਧੜੇ ਨਾਲ ਕਿੱਦਾਂ ਵਿਹਾਰ ਕਰਦੀਆਂ ਹਨ, ਇਹ ਗੱਲਾਂ ਅਜੇ ਸਾਫ ਨਹੀਂ ਹੋਈਆਂ ਤੇ ਪ੍ਰਭਾਵ ਇਹ ਮਿਲਦਾ ਹੈ ਕਿ ਚੋਣਾਂ ਤੋਂ ਲਾਂਭੇ ਬੈਠੀਆਂ ਕਿਸਾਨ ਜਥੇਬੰਦੀਆਂ ਦੇ ਆਗੂਆਂ ਦੀ ਸੂਈ ਏਥੇ ਟਿਕੀ ਹੋਈ ਹੈ ਕਿ ਅਸੀਂ ਚੋਣ ਨਹੀਂ ਲੜਨੀ ਤਾਂ ਇਨ੍ਹਾਂ ਨੂੰ ਵੀ ਸੌਖੇ ਨਹੀਂ ਲੜਨ ਦੇਣੀ। ਜਟਕਾ ਸ਼ਰੀਕੇ ਦੀ ਰਿਵਾਇਤ ਵੀ ਹੈ ਕਿ ਜੇ ਆਪਣੇ ਮੁੰਡੇ ਨੂੰ ਸਾਕ ਨਾ ਹੁੰਦਾ ਹੋਵੇ ਤਾਂ ਸ਼ਰੀਕ ਦਾ ਮੁੰਡਾ ਵੀ ਵਿਆਹਿਆ ਜਾਂਦਾ ਵੇਖਣਾ ਔਖਾ ਹੁੰਦਾ ਹੈ। ਇਹ ਸੁਭਾਅ ਇਨ੍ਹਾਂ ਚੋਣਾਂ ਵਿੱਚ ਕੁੱਦ ਚੁੱਕੇ ਕਿਸਾਨ ਲੀਡਰਾਂ ਲਈ ਮੁਸ਼ਕਲਾਂ ਖੜੀਆਂ ਕਰ ਸਕਦਾ ਹੈ।
ਪੰਜਾਬ ਵਿੱਚ ਪਹਿਲੀ ਵਾਰੀ ਚੁਣੌਤੀ ਦੇਣ ਦਾ ਦਾਅਵਾ ਕਰਨ ਵਾਲੀ ਤੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਅਕਾਲੀ ਦਲ ਤੋਂ ਟੁੱਟੇ ਹੋਏ ਸੁਖਦੇਵ ਸਿੰਘ ਢੀਂਡਸੇ ਨਾਲ ਮਿਲ ਕੇ ਮੈਦਾਨ ਵਿੱਚ ਆਈ ਕੇਂਦਰ ਵਿੱਚ ਰਾਜ ਚਲਾ ਰਹੀ ਭਾਰਤੀ ਜਨਤਾ ਪਾਰਟੀ ਬਹੁਤ ਹੁਲਾਰੇ ਵਿੱਚ ਹੋਣ ਦਾ ਪ੍ਰਭਾਵ ਦੇਂਦੀ ਹੈ। ਉਸ ਦੀ ਸਰਗਰਮੀ ਹਾਲ ਦੀ ਘੜੀ ਪੰਜਾਬ ਦੀ ਹਰ ਪਾਰਟੀ ਵਿੱਚੋਂ ਚੋਣਵੇਂ ਚਿਹਰਿਆਂ ਨੂੰ ਆਪਣੇ ਵੱਲ ਖਿੱਚਣ ਅਤੇ ਇੱਕ ਸੌ ਸਤਾਰਾਂ ਸੀਟਾਂ ਦੇ ਉਮੀਦਵਾਰ ਭਾਲਣ ਦੀ ਹੈ। ਭਾਜਪਾ ਦੀ ਕੇਂਦਰੀ ਲੀਡਰਸ਼ਿਪ ਜਾਣਦੀ ਹੈ ਕਿ ਪੰਜਾਬ ਵਿੱਚ ਉਸ ਦਾ ਕੋਈ ਖਾਸ ਹੈਸੀਅਤ ਵਾਲਾ ਆਗੂ ਇਹੋ ਜਿਹਾ ਨਹੀਂ, ਜਿਹੜਾ ਪੁਰਾਣੇ ਸਮੇਂ ਵਾਲੇ ਡਾਕਟਰ ਬਲਦੇਵ ਪ੍ਰਕਾਸ਼, ਬਲਰਾਮਜੀ ਦਾਸ ਟੰਡਨ ਜਾਂ ਕਿਸੇ ਹਿੱਤ ਅਭਿਲਾਸ਼ੀ ਵਰਗੀ ਹਸਤੀ ਦਾ ਮਾਲਕ ਹੋਵੇ। ਲੱਖ ਮੱਤਭੇਦਾਂ ਦੇ ਬਾਵਜੂਦ ਉਨ੍ਹਾਂ ਸਾਰੇ ਲੀਡਰਾਂ ਦਾ ਪੰਜਾਬ ਦੇ ਲੋਕਾਂ ਵਿੱਚ ਸਤਿਕਾਰ ਵੀ ਹੁੰਦਾ ਸੀ ਤੇ ਉਹ ਹਾਲਾਤ ਨੂੰ ਮੋੜਾ ਦੇਣ ਦੇ ਵੀ ਸਮਰੱਥ ਸਨ, ਪਰ ਅਕਾਲੀ-ਭਾਜਪਾ ਰਾਜ ਦੇ ਪੰਜ ਸਾਲ ਪਹਿਲੇ ਅਤੇ ਦਸ ਸਾਲ ਬਾਅਦ ਵਾਲੇ ਜਿੱਦਾਂ ਭਾਜਪਾ ਲੀਡਰਸ਼ਿਪ ਨੇ ਬਾਦਲ ਬਾਪ-ਬੇਟੇ ਦੀ ਹਰ ਸਲਾਹ ਮੰਨੀ ਅਤੇ ਆਪਣੀ ਪਾਰਟੀ ਦੇ ਲੀਡਰਾਂ ਨੂੰ ਥੱਲੇ ਲਾਈ ਰੱਖਿਆ ਸੀ, ਉਸ ਨਾਲ ਬਹੁਤ ਨੁਕਸਾਨ ਹੋ ਚੁੱਕਾ ਹੈ। ਅੱਜ ਪੰਜਾਬ ਵਿੱਚ ਇਸ ਪਾਰਟੀ ਕੋਲ ਕੋਈ ਇਹੋ ਜਿਹਾ ਆਗੂ ਨਹੀਂ ਦਿੱਸਦਾ, ਜਿਹੜਾ ਇਸ ਰਾਜ ਦੀ ਭਾਜਪਾ ਦੇ ਆਮ ਵਰਕਰਾਂ ਨੂੰ ਪ੍ਰਭਾਵਤ ਕਰਨ ਜੋਗਾ ਦਿਖਾਈ ਦੇਂਦਾ ਹੋਵੇ। ਜਿਹੜੇ ਕੁਝ ਸਿੱਖ ਚਿਹਰੇ ਇਸ ਪਾਰਟੀ ਨੇ ਏਧਰ-ਓਧਰ ਤੋਂ ਖਿੱਚੇ ਤੇ ਲੀਡਰੀਆਂ ਦੇ ਅਹੁਦੇ ਉਨ੍ਹਾਂ ਨੂੰ ਦਿੱਤੇ ਹਨ, ਸਾਲਾਂ-ਬੱਧੀ ਸਿੱਖਾਂ ਸਣੇ ਸਾਰੀਆਂ ਘੱਟ-ਗਿਣਤੀਆਂ ਦੇ ਵਿਰੋਧ ਦੀ ਰਾਜਨੀਤੀ ਚਲਾਈ ਹੋਈ ਹੋਣ ਕਾਰਨ ਭਾਜਪਾ ਦੇ ਉਨ੍ਹਾਂ ਸਿੱਖ ਚਿਹਰਿਆਂ ਨੂੰ ਭਾਜਪਾ ਅੰਦਰਲੇ ਹਿੰਦੂਤੱਵੀ ਆਗੂ ਅਜੇ ਤੱਕ ਕੋਈ ਮਾਨਤਾ ਨਹੀਂ ਦੇ ਰਹੇ।
ਇਨ੍ਹਾਂ ਸਥਿਤੀਆਂ ਦੇ ਕਾਰਨ ਪੰਜਾਬ ਦੀ ਇਸ ਵਾਰ ਦੀ ਵਿਧਾਨ ਸਭਾ ਚੋਣ ਅਸਲੋਂ ਨਵੇਂ ਰੰਗ ਦਿਖਾਉਣ ਵਾਲੀ ਹੋ ਸਕਦੀ ਹੈ, ਪਰ ਇਹ ਰੰਗ ਕਿਸ ਦੇ ਖਿਲਾਫ ਜਾਂ ਹੱਕ ਵਿੱਚ ਜਾਣਗੇ, ਇਸ ਦਾ ਅੰਦਾਜ਼ਾ ਸ਼ਾਇਦ ਚੋਣ ਦੇ ਅਖੀਰ ਤੱਕ ਵੀ ਲਾਉਣਾ ਔਖਾ ਹੋਵੇਗਾ। ਦਿੱਲੀ ਦੇ ਇੱਕ ਸੀਨੀਅਰ ਪੱਤਰਕਾਰ ਦਾ ਕਹਿਣਾ ਹੈ ਕਿ ਉਹ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਵੇਲੇ ਬੀਤੇ ਚਾਲੀ ਸਾਲਾਂ ਤੋਂ ਕੰਮ ਕਰਦਾ ਰਿਹਾ ਹੈ, ਪਰ ਇਸ ਵਾਰੀ ਦ੍ਰਿਸ਼ ਅਸਲੋਂ ਅਲੋਕਾਰ ਜਾਪਦਾ ਹੈ।

ਭਾਰਤ ਦਾ ਭਲਾ-ਬੁਰਾ ਵੇਖਣਾ ਲੀਡਰਾਂ ਦੇ ਨਹੀਂ, ਨਾਗਰਿਕਾਂ ਜ਼ਿੰਮੇ ਰਹਿ ਗਿਆ ਮੰਨ ਲਈਏ - ਜਤਿੰਦਰ ਪਨੂੰ

ਘਟਨਾਵਾਂ ਨੂੰ ਪ੍ਰਸੰਗ ਨਾਲੋਂ ਤੋੜ ਕੇ ਮਰੋੜਾ ਚਾੜ੍ਹਨ ਅਤੇ ਕੁਝ ਦੇ ਕੁਝ ਅਰਥ ਕੱਢ ਸਕਣ ਦੇ ਮਾਹਰ ਭਾਜਪਾ ਆਗੂ ਨਰਿੰਦਰ ਮੋਦੀ ਨੇ ਆਪਣੀ ਜਾਨ ਲਈ ਖਤਰੇ ਦੇ ਮੁੱਦੇ ਵਾਲਾ ਤੰਬੂ ਦੇਸ਼ ਵਿੱਚ ਬਹਿਸ ਦਾ ਕੇਂਦਰ ਬਣੇ ਹੋਏ ਮੁੱਦਿਆਂ ਉੱਤੇ ਖਿਲਾਰ ਦਿੱਤਾ ਤੇ ਇੱਕ ਵਾਰੀ ਬਾਕੀ ਸਭ ਮੁੱਦੇ ਢੱਕ ਦਿੱਤੇ ਹਨ। ਕਿਸਾਨਾਂ ਨਾਲ ਕੀਤੇ ਵਾਅਦਿਆਂ ਦਾ ਕੀ ਬਣਿਆ, ਜਿਨ੍ਹਾਂ ਦੇ ਭਰੋਸੇ ਨਾਲ ਦਿੱਲੀ ਦੇ ਬਾਰਡਰਾਂ ਤੋਂ ਇੱਕ ਸਾਲ ਤੋਂ ਵੱਧ ਸਮੇਂ ਤੋਂ ਚੱਲਦਾ ਰਿਹਾ ਧਰਨਾ ਚੁੱਕਣ ਲਈ ਮਨਾਇਆ ਸੀ, ਉਸ ਦੀ ਬਹਿਸ ਪਿੱਛੇ ਪਾਉਣ ਦਾ ਵੀ ਯਤਨ ਕੀਤਾ ਹੈ। ਬੇਰੁਜ਼ਗਾਰੀ ਦੀ ਮਾਰ ਖਾਂਦੇ ਅਤੇ ਆਏ ਦਿਨ ਖੁਦਕੁਸ਼ੀਆਂ ਕਰਦੇ ਨੌਜਵਾਨਾਂ ਲਈ ਰੁਜ਼ਗਾਰ ਦੀ ਗਾਰੰਟੀ ਦਾ ਮੁੱਦਾ ਵੀ ਪ੍ਰਧਾਨ ਮੰਤਰੀ ਦੀ ਆਪਣੀ ਸੁਰੱਖਿਆ ਦੇ ਏਸੇ ਤੰਬੂ ਓਹਲੇ ਲੁਕਾਉਣ ਦਾ ਯਤਨ ਕੀਤਾ ਗਿਆ ਹੈ। ਅਗਲੇ ਸਾਲ ਪੰਜ ਰਾਜਾਂ ਵਿੱਚ ਚੋਣਾਂ ਹੋਣੀਆਂ ਹਨ, ਓਥੋਂ ਦੇ ਲੋਕਾਂ ਨੂੰ ਪਿਛਲੀਆਂ ਚੋਣਾਂ ਵੇਲੇ ਕੀਤੇ ਝੂਠੇ ਵਾਅਦੇ ਚੇਤੇ ਆਉਣ ਲੱਗੇ ਸਨ, ਉਨ੍ਹਾਂ ਝੂਠੇ ਵਾਅਦਿਆਂ ਦਾ ਚੇਤਾ ਵੀ ਪ੍ਰਧਾਨ ਮੰਤਰੀ ਦੀ ਸੁਰੱਖਿਆ ਦੇ ਮੁੱਦੇ ਮੂਹਰੇ ਬੌਣਾ ਕਰਨ ਦਾ ਅੱਧ-ਪਚੱਧਾ ਕੰਮ ਹੋ ਗਿਆ ਹੈ। ਇੱਕੋ ਗੱਲ ਬਾਕੀ ਸਭ ਮੁੱਦਿਆਂ ਉੱਤੇ ਭਾਰੂ ਹੋ ਗਈ ਹੈ ਕਿ ਦੇਸ਼ ਦੇ ਪ੍ਰਧਾਨ ਮੰਤਰੀ ਦੀ ਸੁਰੱਖਿਆ ਨੂੰ ਪੰਜਾਬ ਵਿੱਚ ਖਤਰਾ ਸੀ ਅਤੇ ਉਹ 'ਜ਼ਿੰਦਾ ਬਚ ਕੇ ਆ ਗਿਆ' ਹੈ।
ਸਭ ਨੂੰ ਪਤਾ ਹੈ ਕਿ ਪੰਜ ਜਨਵਰੀ ਨੂੰ ਫਿਰੋਜ਼ਪੁਰ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਉਣਾ ਸੀ ਅਤੇ ਕੁਝ ਪ੍ਰਾਜੈਕਟਾਂ ਦੇ ਨੀਂਹ-ਪੱਥਰ ਆਦਿ ਰੱਖਣ ਮਗਰੋਂ ਭਾਰਤੀ ਜਨਤਾ ਪਾਰਟੀ ਦੀ ਰੈਲੀ ਵਿੱਚ ਬੋਲਣਾ ਸੀ। ਉਸ ਦਿਨ ਬਹੁਤ ਵੱਡੇ ਇਕੱਠ ਦੀ ਆਸ ਕੀਤੀ ਸੀ, ਪਰ ਇੱਕ ਤਾਂ ਮੀਂਹ ਕਾਰਨ ਅਤੇ ਦੂਸਰਾ ਕਿਸਾਨਾਂ ਦੇ ਕੁਝ ਗਰੁੱਪਾਂ ਵੱਲੋਂ ਦਿੱਤੇ ਰਾਹਾਂ ਵਿੱਚ ਵਿਰੋਧ ਦੇ ਸੱਦੇ ਕਾਰਨ ਬਹੁਤੇ ਲੋਕ ਨਹੀਂ ਸੀ ਆਏ। ਖਾਲੀ ਕੁਰਸੀਆਂ ਟੀ ਵੀ ਚੈਨਲਾਂ ਉੱਤੇ ਲੋਕ ਵੇਖ ਰਹੇ ਸਨ ਕਿ ਅਚਾਨਕ ਪਹਿਲੀ ਖਬਰ ਆਈ ਕਿ ਮੌਸਮ ਦੀ ਖਰਾਬੀ ਕਾਰਨ ਪ੍ਰਧਾਨ ਮੰਤਰੀ ਹੈਲੀਕਾਪਟਰ ਉੱਤੇ ਫਿਰੋਜਪੁਰ ਆਉਣ ਦੀ ਥਾਂ ਸੜਕ ਰਸਤੇ ਆ ਰਹੇ ਸਨ ਤੇ ਉਨ੍ਹਾਂ ਦਾ ਕਾਫਲਾ ਰਾਹ ਵਿੱਚ ਕਿਸਾਨਾਂ ਨੇ ਰੋਕ ਲਿਆ ਹੈ। ਇਸ ਪਿੱਛੋਂ ਸੁਣ ਲਿਆ ਕਿ ਪ੍ਰਧਾਨ ਮੰਤਰੀ ਪਿੱਛੇ ਮੁੜ ਗਏ ਹਨ ਤੇ ਝੱਟ ਤੀਸਰੀ ਖਬਰ ਵੀ ਆ ਗਈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬਠਿੰਡੇ ਹਵਾਈ ਅੱਡੇ ਉੱਤੇ ਅਫਸਰਾਂ ਨੂੰ ਕਿਹਾ ਹੈ ਕਿ 'ਆਪਣੇ ਮੁੱਖ ਮੰਤਰੀ ਦਾ ਧੰਨਵਾਦ ਕਰਿਓ ਕਿ ਮੈਂ ਜ਼ਿੰਦਾ ਬਠਿੰਡੇ ਤੱਕ ਆ ਗਿਆ ਹਾਂ।' ਆਖਰ ਭਾਰਤ ਦੇ ਪ੍ਰਧਾਨ ਮੰਤਰੀ ਸਾਹਮਣੇ ਐਡੀ ਕਿਹੜੀ ਸਮੱਸਿਆ ਸੀ ਕਿ ਜ਼ਿੰਦਾ ਬਚ ਕੇ ਬਠਿੰਡੇ ਜਾਣਾ ਵੀ ਬਹੁਤ ਵੱਡੀ ਗੱਲ ਜਾਪਣ ਲੱਗ ਪਿਆ, ਇਹ ਸਾਡੇ ਪੱਲੇ ਨਹੀਂ ਪੈ ਸਕਿਆ। ਇਸ ਦੀ ਥਾਂ ਸਾਨੂੰ ਪ੍ਰਧਾਨ ਮੰਤਰੀ ਮੋਦੀ ਦਾ 'ਜ਼ਿੰਦਾ ਬਚ ਕੇ ਆ ਗਿਆ' ਵਾਲਾ ਬਿਆਨ ਸੈਂਤੀ ਸਾਲ ਪਹਿਲਾਂ ਦੇ ਇੱਕ ਪ੍ਰਧਾਨ ਮੰਤਰੀ ਵੱਲੋਂ 'ਜਬ ਕੋਈ ਬੜਾ ਪੇੜ ਗਿਰਤਾ ਹੈ' ਵਾਂਗ ਭੀੜਾਂ ਨੂੰ ਉਕਸਾਉਣ ਵਾਲਾ ਮਹਿਸੂਸ ਹੋਇਆ, ਜਿਹੜਾ ਉਸ ਨੂੰ ਨਹੀਂ ਸੀ ਦੇਣਾ ਚਾਹੀਦਾ।
ਅਸੀਂ ਸਮਝਦੇ ਹਾਂ ਕਿ ਪ੍ਰਧਾਨ ਮੰਤਰੀ ਦਾ ਰਸਤਾ ਨਹੀਂ ਸੀ ਰੋਕਿਆ ਜਾਣਾ ਚਾਹੀਦਾ, ਸਗੋਂ ਉਸ ਦੀ ਰੈਲੀ ਹੋਣ ਦੇ ਬਾਅਦ ਓਸੇ ਥਾਂ ਉਸ ਤੋਂ ਵੱਧ ਇਕੱਠ ਕਰ ਕੇ ਲੋਕਤੰਤਰੀ ਢੰਗ ਨਾਲ ਜਵਾਬ ਦਿੱਤਾ ਜਾ ਸਕਦਾ ਸੀ। ਲੋਕਤੰਤਰ ਵਿੱਚ ਤੇ ਖਾਸ ਕਰ ਕੇ ਚੋਣਾਂ ਦੀ ਪ੍ਰਕਿਰਿਆ ਦੌਰਾਨ ਹਰ ਕਿਸੇ ਨੂੰ ਆਪਣੀ ਸਰਗਰਮੀ ਕਰਨ ਦਾ ਬਰਾਬਰ ਹੱਕ ਹੁੰਦਾ ਹੈ ਅਤੇ ਇਹ ਹੀ ਹੱਕ ਦੇਸ਼ ਦੇ ਸੰਵਿਧਾਨ ਮੁਤਾਬਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਉਸ ਦੀ ਪਾਰਟੀ ਨੂੰ ਵੀ ਹੈ। ਲੋਕ ਉਸ ਨਾਲ ਬੀਤੇ ਸਵਾ ਸਾਲ ਦੀਆਂ ਘਟਨਾਵਾਂ ਕਾਰਨ ਨਾਰਾਜ਼ ਸਨ, ਪ੍ਰਧਾਨ ਮੰਤਰੀ ਨੂੰ ਉਹ ਜਨਤਕ ਗੁੱਸਾ ਦੂਰ ਕਰਨਾ ਚਾਹੀਦਾ ਸੀ ਤੇ ਜੇ ਉਹ ਨਾਰਾਜ਼ਗੀ ਦੂਰ ਕੀਤੇ ਬਿਨਾਂ ਚੋਣਾਂ ਲੜਨ ਤੁਰਦਾ ਤਾਂ ਲੋਕਾਂ ਨੇ ਸਬਕ ਸਿਖਾ ਦੇਣਾ ਸੀ। ਇਸ ਦੀ ਥਾਂ ਉਸ ਦਾ ਰਸਤਾ ਰੋਕਣ ਦਾ ਕੰਮ ਹੋਇਆ ਸੀ ਤਾਂ ਇਸ ਬਾਰੇ ਕਾਨੂੰਨੀ ਕਾਰਵਾਈ ਕਰ ਲੈਂਦੇ, ਪਰ ਇਸ ਦੀ ਥਾਂ ਇਸ ਘਟਨਾ ਨੂੰ ਪੰਜਾਬ ਦੇ ਖਿਲਾਫ ਸਾਰੇ ਦੇਸ਼ ਨੂੰ ਭੜਕਾਉਣ ਵਾਲਾ ਬਿਆਨ ਦੇ ਕੇ ਪ੍ਰਧਾਨ ਮੰਤਰੀ ਨੇ ਅਗਲੇ ਸਾਲ ਦੀਆਂ ਵਿਧਾਨ ਸਭਾ ਚੋਣਾਂ ਵਿੱਚ ਜਿੱਤ ਦਾ ਧਿਆਨ ਭਾਵੇਂ ਰੱਖ ਲਿਆ ਹੋਵੇ, ਦੇਸ਼ ਦੇ ਭਵਿੱਖ ਦਾ ਧਿਆਨ ਨਹੀਂ ਰੱਖਿਆ। ਗੱਲ ਏਥੇ ਵੀ ਨਹੀਂ ਰੁਕੀ ਤੇ ਉਸ ਦੀ ਪਾਰਟੀ ਅਤੇ ਉਸ ਪਿੱਛੇ ਖੜੀ ਸੰਘ ਪਰਵਾਰ ਦੀ ਧਿਰ ਦੇ ਲੋਕਾਂ ਨੇ ਥਾਂ-ਥਾਂ ਪ੍ਰਧਾਨ ਮੰਤਰੀ ਦੀ ਸੁਰੱਖਿਆ ਲਈ ਪੂਜਾ-ਪਾਠ ਅਤੇ ਹੋਰ ਪ੍ਰੋਗਰਾਮ ਕਰਨ ਦਾ ਕੰਮ ਸ਼ੁਰੂ ਕਰ ਦਿੱਤਾ, ਜਿਸ ਨਾਲ ਇੱਕ ਖਾਸ ਧਰਮ ਦੇ ਲੋਕਾਂ ਨੂੰ ਸਰਗਰਮ ਕਰ ਕੇ ਇੱਕ ਹੋਰ ਧਰਮ ਦੇ ਲੋਕਾਂ ਵਿਰੁੱਧ ਉਕਸਾਇਆ ਜਾ ਸਕੇ। ਹਰਿਆਣੇ ਦੇ ਇੱਕ ਵਿਧਾਇਕ ਨੇ ਇੱਕ ਖਾਸ ਧਰਮ ਦੇ ਲੋਕਾਂ ਨੂੰ ਉਨ੍ਹਾਂ ਦੀ ਨਸਲ ਖਤਮ ਕਰਨ ਵਰਗੀ ਧਮਕੀ ਵੀ ਦੇ ਦਿੱਤੀ, ਜਿਹੜੀ ਚਿੰਗਾੜੀ ਵਰਗਾ ਕੰਮ ਕਰ ਸਕਦੀ ਸੀ, ਇਸ ਦੇ ਬਾਵਜੂਦ ਉਸ ਰਾਜ ਦੀ ਭਾਜਪਾ ਸਰਕਾਰ ਤੇ ਦੇਸ਼ ਦੀ ਸਰਕਾਰ ਨੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ।
ਜਿੱਦਾਂ ਅਸੀਂ ਇਹ ਕਿਹਾ ਹੈ ਕਿ ਦੇਸ਼ ਦੇ ਪ੍ਰਧਾਨ ਮੰਤਰੀ ਦਾ ਰਾਹ ਨਾ ਰੋਕਦੇ ਤਾਂ ਜ਼ਿਆਦਾ ਠੀਕ ਹੁੰਦਾ, ਓਸੇ ਤਰ੍ਹਾਂ ਸਾਡੀ ਰਾਏ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਪ੍ਰਧਾਨ ਮੰਤਰੀ ਦੇ ਸਵਾਗਤ ਕਰਨ ਨਾ ਪਹੁੰਚ ਕੇ ਜਿਹੜੀ ਪ੍ਰੋਟੋਕੋਲ ਦੀ ਉਲੰਘਣਾ ਕੀਤੀ ਹੈ, ਉਹ ਨਹੀਂ ਸੀ ਹੋਣੀ ਚਾਹੀਦੀ। ਮੁੱਖ ਮੰਤਰੀ ਆਪਣੇ ਕੁਝ ਨੇੜੂਆਂ ਦੇ ਕੋਰੋਨਾ ਪ੍ਰਭਾਵਤ ਹੋਣ ਕਾਰਨ ਕੋਵਿਡ ਪ੍ਰੋਟੋਕੋਲ ਦੀ ਗੱਲ ਕਰਦਾ ਰਿਹਾ, ਪਰ ਅਗਲੇ ਦਿਨ ਕੋਵਿਡ ਪ੍ਰੋਟੋਕੋਲ ਭੁਲਾ ਕੇ ਉਹ ਇੱਕੋ ਦਿਨ ਤਿੰਨ ਜਤਨਕ ਰੈਲੀਆਂ ਵਿੱਚ ਜਾ ਬੋਲਿਆ ਤੇ ਉਸ ਨੂੰ ਆਪਣੇ ਘੇਰੇ ਖੜੀ ਭੀੜ ਲਈ ਕੋਈ ਖਤਰਾ ਮਹਿਸੂਸ ਨਹੀਂ ਹੋਇਆ। ਇਸ ਗੱਲ ਨਾਲ ਉਹ ਸਾਫ ਗਲਤ ਸਾਬਤ ਹੁੰਦਾ ਹੈ। ਭਾਸ਼ਣ ਵਿੱਚ ਉਹ ਬਠਿੰਡੇ ਦੀ ਸਾਰੀ ਘਟਨਾ ਲਈ ਪ੍ਰਧਾਨ ਮੰਤਰੀ ਨੂੰ ਆਮ ਲੋਕਾਂ ਦੀ ਨਜ਼ਰ ਵਿੱਚ ਅਸਲੋਂ ਨਾ-ਪਸੰਦ ਵਿਅਕਤੀ ਵਜੋਂ ਪੇਸ਼ ਕਰਦਾ ਹੈ ਤੇ ਨਾਲ ਇਹ ਵੀ ਕਹਿੰਦਾ ਹੈ ਕਿ ਪ੍ਰਧਾਨ ਮੰਤਰੀ ਨੂੰ ਖਤਰਾ ਹੋਵੇ ਤਾਂ ਉਸ ਤੋਂ ਪਹਿਲਾਂ ਮੈਂ ਸੀਨਾ ਤਾਣ ਕੇ ਗੋਲੀ ਖਾਣ ਨੂੰ ਉਸ ਦੀ ਢਾਲ ਬਣਾਂਗਾ। ਬੜੀ ਅਜੀਬ ਜਿਹੀ ਬਿਆਨਬਾਜ਼ੀ ਹੈ ਮੁੱਖ ਮੰਤਰੀ ਦੀ ਅਤੇ ਉਸ ਦੇ ਤਿੰਨ ਕਾਂਗਰਸ ਵਿਧਾਇਕਾਂ ਨੇ ਵੀ ਏਦਾਂ ਦੀਆਂ ਗੱਲਾਂ ਕਹਿ ਦਿੱਤੀਆਂ ਹਨ ਕਿ ਪ੍ਰਧਾਨ ਮੰਤਰੀ ਖਾਤਰ ਮਰਨ ਨੂੰ ਤਿਆਰ ਹਨ। ਸਿਆਸਤ ਵੀ ਕਿੱਦਾਂ ਦੇ ਡਰਾਮੇ ਲੋਕਾਂ ਤੋਂ ਕਰਵਾ ਦੇਂਦੀ ਹੈ ਕਿ ਜਿਹੜਾ ਆਗੂ ਪੰਜਾਬ ਦੇ ਮੰਤਰੀ ਵਜੋਂ ਲੋਕਾਂ ਦੇ ਨਾਲ ਖੜੋਤੇ ਹੋਣ ਦੀਆਂ ਡੀਂਗਾਂ ਮਾਰ ਰਿਹਾ ਤੇ ਪ੍ਰਧਾਨ ਮੰਤਰੀ ਨੂੰ ਨਾ-ਪਸੰਦ ਵਿਅਕਤੀ ਕਹਿੰਦਾ ਹੈ, ਉਹ ਓਸੇ ਨਾ-ਪਸੰਦ ਵਿਅਕਤੀ ਲਈ ਜਾਨ ਵੀ ਦੇਣ ਨੂੰ ਤਿਆਰ ਹੈ!
ਜਿਹੜੀ ਗੱਲ ਰੌਲੇ ਵਿੱਚ ਰੁਲ ਗਈ ਅਤੇ ਜਿਸ ਨੂੰ ਭਾਰਤ ਦੇ ਕੌਮੀ ਮੀਡੀਏ ਦੇ ਇੱਕ ਹਿੱਸੇ ਨੇ ਪੰਜਾਬ ਦੇ ਖਿਲਾਫ ਭਾਰਤ ਦੇ ਮੁਕੱਦਮੇ ਦੀ ਮਿਸਲ ਵਾਂਗ ਪੇਸ਼ ਕਰਨ ਦਾ ਯਤਨ ਕੀਤਾ, ਉਹ ਪ੍ਰਧਾਨ ਮੰਤਰੀ ਦੇ ਰੁਕੇ ਹੋਏ ਕਾਫਲੇ ਨੇੜੇ ਗਈ ਤੇ ਲਲਕਾਰੇ ਮਾਰਦੀ ਭੀੜ ਦਾ ਵੀਡੀਓ ਸੀ। ਭੜਕਾਊ ਪੇਸ਼ਕਾਰੀ ਦੇ ਆਦੀ ਕੌਮੀ ਮੀਡੀਏ ਨੇ ਭੀੜ ਦੇ ਵੀਡੀਓ ਵਿਖਾਏ, ਪਰ ਆਵਾਜ਼ ਬੰਦ ਰੱਖੀ, ਜਿਸ ਵਿੱਚ ਨਾਅਰੇਬਾਜ਼ਾਂ ਦੀ ਅਗਵਾਈ ਕਰਦਾ ਹੋਇਆ ਪ੍ਰਧਾਨ ਮੰਤਰੀ ਦੀ ਕਾਰ ਨੇੜੇ ਪਹੁੰਚ ਗਿਆ ਬੰਦਾ ਉੱਚੀ ਸੁਰ ਵਿੱਚ ਕਹਿੰਦਾ ਹੈ: 'ਸ੍ਰੀ ਨਰਿੰਦਰ ਮੋਦੀ' ਅਤੇ ਹੁੰਗਾਰਾ ਮਿਲ ਰਿਹਾ ਹੈ: 'ਜ਼ਿੰਦਾਬਾਦ'। ਜਿਨ੍ਹਾਂ ਨੇ 'ਮੁਰਦਾਬਾਦ' ਦਾ ਨਾਅਰਾ ਲਾਉਣਾ ਹੁੰਦਾ ਹੈ, ਉਹ ਅਗਲੇ ਦੇ ਨਾਂਅ ਤੋਂ ਪਹਿਲਾਂ 'ਸ਼੍ਰੀ' ਕਹਿਣ ਦੀ ਲੋੜ ਨਹੀਂ ਮੰਨਦੇ ਹੁੰਦੇ। ਵੀਡੀਓ ਦੀ ਆਵਾਜ਼ ਚੱਲਦੀ ਰੱਖ ਲੈਂਦੇ ਤਾਂ ਇਸ ਦੇ ਬਾਅਦ ਉੱਚੀ ਆਵਾਜ਼ ਵਿੱਚ ਦੂਸਰਾ ਨਾਅਰਾ 'ਮੁਰਦਾਬਾਦ' ਦਾ ਵੀ ਸੁਣ ਜਾਂਦਾ ਅਤੇ ਇਹ ਵੀ ਸਾਬਤ ਹੋ ਜਾਂਦਾ ਕਿ ਨੇੜੇ ਜਾ ਕੇ ਨਾਅਰਾ ਲਾਉਣ ਵਾਲੇ 'ਜ਼ਿੰਦਾਬਾਦੀਏ' ਸਨ, ਜਿਨ੍ਹਾਂ ਦੇ ਹੱਥਾਂ ਵਿੱਚ ਭਾਜਪਾ ਦਾ ਝੰਡਾ ਫੜਿਆ ਸੀ। ਜਿਹੜੇ ਲੋਕ ਪ੍ਰਧਾਨ ਮੰਤਰੀ ਦੀ ਸੁਰੱਖਿਆ ਵਿੱਚ ਸੰਨ੍ਹ ਲੱਗਣ ਤੇ ਉਸ ਦੇ ਕਾਫਲੇ ਦੇ ਰੂਟ ਦੀ ਸੂਚਨਾ ਲੀਕ ਹੋਣ ਦੀਆਂ ਗੱਲਾਂ ਕਰਦੇ ਹਨ, ਉਨ੍ਹਾਂ ਨੂੰ ਇਹ ਪੁੱਛਣ ਦੀ ਲੋੜ ਹੈ ਕਿ ਜਿਹੜੇ ਲੋਕ ਭਾਜਪਾਈ ਝੰਡੇ ਲੈ ਕੇ ਉਸ ਵੇਲੇ ਪ੍ਰਧਾਨ ਮੰਤਰੀ ਦੀ ਕਾਰ ਨੇੜੇ ਜਾ ਪਹੁੰਚੇ ਸਨ, ਉਨ੍ਹਾਂ ਕੋਲ ਸੂਚਨਾ ਕਿੱਦਾਂ ਪਹੁੰਚੀ ਕਿ ਪ੍ਰਧਾਨ ਮੰਤਰੀ ਦਾ ਕਾਫਲਾ ਇਸ ਰਾਹ ਤੋਂ ਲੰਘਣਾ ਹੈ! ਖਬਰਾਂ ਹਨ ਕਿ ਉਸ ਗਰੁੱਪ ਦੀ ਅਗਵਾਈ ਕਰਨ ਵਾਲਾ ਬੰਦਾ ਹੁਸ਼ਿਆਰਪੁਰ ਜ਼ਿਲੇ ਦਾ ਸੀ ਤੇ ਜੇ ਉਸ ਨੇ ਹੁਸ਼ਿਆਰਪੁਰ ਤੋਂ ਫਿਰੋਜ਼ਪੁਰ ਰੈਲੀ ਵੱਲ ਨੂੰ ਜਾਣਾ ਸੀ ਤਾਂ ਬਠਿੰਡੇ ਤੋਂ ਫਿਰੋਜ਼ਪੁਰ ਵਾਲੇ ਰਾਹ ਵੱਲ ਉਹ ਕਿਉਂ ਗਿਆ? ਪਾਰਲੀਮੈਂਟ ਦੀ ਮੈਂਬਰ ਇੱਕ ਬਹੁ-ਚਰਚਿਤ ਸਾਧਵੀ ਸਮੇਤ ਕਈ ਭਾਜਪਾ ਆਗੂਆਂ ਨਾਲ ਉਸ ਝੰਡੇ ਵਾਲੇ ਆਗੂ ਦੀਆਂ ਫੋਟੋ ਲੋਕਾਂ ਦੇ ਵਾਟਸਐਪ ਉੱਤੇ ਘੁੰਮ ਰਹੀਆਂ ਹਨ, ਜਿਹੜੀਆਂ ਉਸ ਦੇ ਜੋੜੀਦਾਰਾਂ ਨੇ ਸਿਰਫ ਟੌਹਰ ਬਣਾਉਣ ਲਈ ਪਹਿਲਾਂ ਦੀਆਂ ਪਾਈਆਂ ਹੋ ਸਕਦੀਆਂ ਹਨ। ਸੱਚਾਈ ਤਾਂ ਇਹਦੀ ਵੀ ਲੱਭਣੀ ਚਾਹੀਦੀ ਹੈ।
ਵਕਤ ਬੜਾ ਨਾਜ਼ਕ ਹੈ। ਪੰਜ ਰਾਜਾਂ ਦੀਆਂ ਚੋਣਾਂ ਹੋਣ ਕਾਰਨ ਇਹੋ ਜਿਹੇ ਸਮੇਂ ਕਿਸੇ ਘਟਨਾ ਦੀ ਜਾਂਚ ਵੀ ਸਿਰਫ ਜਾਂਚ ਨਹੀਂ ਰਹਿਣੀ, ਉਸ ਨੂੰ ਚੋਣਾਂ ਜਿੱਤਣ ਦਾ ਜੰਤਰ ਬਣਾਉਣ ਲਈ ਹਰ ਕੋਈ ਧਿਰ ਜ਼ੋਰ ਲਾਵੇਗੀ ਤੇ ਉਹ ਯਤਨ ਸ਼ੁਰੂ ਹੋ ਗਏ ਹਨ। ਜਿੱਡੀ ਜਿੱਤ ਰਾਜੀਵ ਗਾਂਧੀ ਨੇ 'ਜਬ ਕੋਈ ਬੜਾ ਪੇੜ ਗਿਰਤਾ' ਦੇ ਨੁਸਖੇ ਨਾਲ ਜਿੱਤੀ ਸੀ, 'ਜ਼ਿੰਦਾ ਬਚ ਕੇ ਆ ਗਿਆ' ਨਾਲ ਓਹੋ ਜਿਹੀ ਜਿੱਤ ਦੁਹਰਾਉਣ ਦੀ ਖੇਡ ਖੇਡਣ ਦੇ ਯਤਨ ਹੋਣ ਲੱਗ ਪਏ ਹਨ। ਰਾਜੀਵ ਗਾਂਧੀ ਦੀ ਖੇਡ ਨੇ ਭਾਰਤ ਦਾ ਭਲਾ ਨਹੀਂ ਸੀ ਕੀਤਾ, ਨੁਕਸਾਨ ਕੀਤਾ ਸੀ ਤੇ ਉਹੋ ਖੇਡ ਇਸ ਵੇਲੇ ਦੁਹਰਾਉਣ ਵਾਲੇ ਵੀ ਭਲੇ-ਬੁਰੇ ਦੇ ਚੱਕਰ ਵਿੱਚ ਪੈਣ ਵਾਲੇ ਨਹੀਂ। ਭਲਾ-ਬੁਰਾ ਵੇਖਣਾ ਦੇਸ਼ ਦੇ ਲੋਕਾਂ ਦੀ ਜ਼ਰੂਰਤ ਬਣ ਗਿਆ ਹੈ ਅਤੇ ਜ਼ਿੰਮੇਵਾਰੀ ਵੀ।