Jatinder Pannu

ਭਾਰਤ ਦੇ 'ਆਦਰਸ਼' ਲੋਕ-ਤੰਤਰੀ ਪ੍ਰਬੰਧ ਦੀ 'ਆਦਰਸ਼' ਮਿਸਾਲ ਬਣ ਗਿਆ ਹੈ ਆਦਰਸ਼ ਸੋਸਾਈਟੀ ਕਾਂਡ - ਜਤਿੰਦਰ ਪਨੂੰ

ਮੁੰਬਈ ਦੇ ਬਹੁਤ ਮਹਿੰਗੇ ਮੰਨੇ ਜਾਂਦੇ ਇਲਾਕੇ ਕੋਲਾਬਾ ਵਿੱਚ ਬਣੀ ਆਦਰਸ਼ ਸੋਸਾਈਟੀ ਦੀ ਇਕੱਤੀ ਮੰਜ਼ਲਾਂ ਦੀ ਬਿਲਡਿੰਗ ਨੂੰ ਬਾਂਬੇ ਹਾਈ ਕੋਰਟ ਨੇ ਢਾਹ ਦੇਣ ਦਾ ਹੁਕਮ ਜਾਰੀ ਕੀਤਾ ਹੈ। ਸ਼ਹਿਰ ਦਾ ਨਾਂਅ ਮੁੰਬਈ ਕੀਤੇ ਜਾਣ ਦੇ ਬਾਅਦ ਵੀ ਹਾਈ ਕੋਰਟ ਅਜੇ ਤੱਕ ਪੁਰਾਣੇ ਨਾਂਅ ਨਾਲ 'ਬਾਂਬੇ ਹਾਈ ਕੋਰਟ' ਹੀ ਕਹੀ ਜਾਂਦੀ ਹੈ। ਨਾਂਅ ਕੋਈ ਨਵਾਂ ਰੱਖ ਲਿਆ ਜਾਵੇ ਜਾਂ ਪੁਰਾਣਾ ਰਹਿਣ ਦਿੱਤਾ ਜਾਵੇ, ਇਹ ਵੱਡੀ ਗੱਲ ਨਹੀਂ, ਵੱਡੀ ਗੱਲ ਇਹ ਹੋਈ ਕਿ ਇਸ ਨੇ ਉਹ ਬਿਲਡਿੰਗ ਢਾਹੁਣ ਦਾ ਹੁਕਮ ਜਾਰੀ ਕੀਤਾ ਹੈ, ਜਿਹੜੀ ਭਾਰਤੀ ਲੋਕ-ਤੰਤਰ ਦੇ 'ਆਦਰਸ਼' ਰਾਜ ਪ੍ਰਬੰਧ ਦੀ ਏਦਾਂ ਦੀ 'ਆਦਰਸ਼' ਮਿਸਾਲ ਬਣ ਗਈ ਸੀ, ਜਿਸ ਦਾ ਜ਼ਿਕਰ ਕਰਦਿਆਂ ਕਚਿਅ੍ਹਾਣ ਆਉਂਦੀ ਸੀ। ਕਾਨੂੰਨੀ ਪ੍ਰਕਿਰਿਆ ਪਿੱਛੋਂ ਇਹ ਪੜਾਅ ਆਇਆ ਹੈ, ਪਰ ਅਜੇ ਵੀ ਕਾਨੂੰਨੀ ਉਲਝਣਾਂ ਮੁੱਕ ਨਹੀਂ ਗਈਆਂ। ਸੁਪਰੀਮ ਕੋਰਟ ਨੂੰ ਅਪੀਲ ਕਰਨ ਅਤੇ ਓਥੇ ਮਹਿੰਗੀ ਫੀਸ ਵਾਲੇ ਵਕੀਲਾਂ ਦੀਆਂ ਦਲੀਲਾਂ ਦੇ ਭੇੜ ਵੇਖਣ ਦਾ ਵਕਤ ਅਜੇ ਬਾਕੀ ਹੈ।
ਮਾਮਲਾ ਇਹ ਉਸ ਕਾਰਗਿਲ ਦੀ ਜੰਗ ਨਾਲ ਜੁੜਦਾ ਹੈ, ਜਿਹੜੀ ਸਾਡੇ ਦੇਸ਼ ਦੀ ਸਿਆਸੀ ਲੀਡਰਸ਼ਿਪ ਵੱਲੋਂ ਵਿਖਾਈ ਲਾਪਰਵਾਹੀ ਦਾ ਨਤੀਜਾ ਸੀ ਤੇ ਜਿਸ ਵਿੱਚ ਸਾਡੇ ਸਵਾ ਪੰਜ ਸੌ ਜਵਾਨ ਸ਼ਹੀਦ ਹੋ ਗਏ ਸਨ। ਬਾਅਦ ਵਿੱਚ ਉਸ ਦਾ ਨਾਂਅ ਵਰਤ ਕੇ ਮੁੰਬਈ ਵਿੱਚ ਇੱਕ ਅਣਗੌਲੀ ਪਈ ਫੌਜੀ ਮਾਲਕੀ ਵਾਲੀ ਜ਼ਮੀਨ ਉੱਤੇ ਇਕੱਤੀ ਮੰਜ਼ਲਾਂ ਦੀ ਬਿਲਡਿੰਗ ਬਣਾਈ ਗਈ, ਜਿਸ ਬਾਰੇ ਇਹ ਕਿਹਾ ਗਿਆ ਕਿ ਇਸ ਵਿੱਚ ਕਾਰਗਿਲ ਦੀ ਜੰਗ ਵਿੱਚ ਜਾਨਾਂ ਵਾਰ ਗਏ ਯੋਧਿਆਂ ਦੇ ਪਰਵਾਰਾਂ ਨੂੰ ਫਲੈਟ ਦੇਣੇ ਹਨ। ਜਦੋਂ ਤੱਕ ਬਿਲਡਿੰਗ ਮੁਕੰਮਲ ਹੋਈ, ਇਸ ਦੇ ਫਲੈਟਾਂ ਦਾ ਮੁੱਲ ਕਰੀਬ ਅੱਠ-ਅੱਠ ਕਰੋੜ ਰੁਪਏ ਨੂੰ ਛੂਹ ਗਿਆ ਤੇ ਇਹ ਸਿਰਫ ਅੱਸੀ-ਅੱਸੀ ਲੱਖ ਵਿੱਚ ਉਨ੍ਹਾਂ ਬੇਈਮਾਨਾਂ ਨੂੰ ਦੇ ਦਿੱਤੇ ਗਏ, ਜਿਹੜੇ ਸਰਕਾਰ-ਦਰਬਾਰ ਵਿੱਚ ਪਹੁੰਚ ਵਾਲੇ ਸਨ, ਕਾਰਗਿਲ ਨਾਲ ਕੋਈ ਵਾਸਤਾ ਨਹੀਂ ਸੀ। ਰੌਲਾ ਭਾਵੇਂ ਮੁੱਢ ਵਿੱਚ ਹੀ ਪੈ ਗਿਆ ਸੀ, ਪਰ ਇਸ ਨੂੰ ਸਿਆਸੀ ਦਬਾਅ ਨਾਲ ਅਣਗੌਲਿਆ ਕਰ ਦਿੱਤਾ ਜਾਂਦਾ ਰਿਹਾ। ਜਦੋਂ ਸੱਤ ਕੁ ਸਾਲ ਲੰਘਾ ਕੇ ਬਹੁਤਾ ਖਿਲਾਰਾ ਪੈ ਗਿਆ ਤਾਂ ਕੇਸ ਹਾਈ ਕੋਰਟ ਵਿੱਚ ਪਹੁੰਚ ਜਾਣ ਮਗਰੋਂ ਇਸ ਦੀ ਸੀ ਬੀ ਆਈ ਜਾਂਚ, ਅਤੇ ਉਹ ਵੀ ਹਾਈ ਕੋਰਟ ਦੀ ਨਿਗਰਾਨੀ ਹੇਠ ਜਾਂਚ, ਕਰਨ ਦਾ ਹੁਕਮ ਜਾਰੀ ਹੋ ਗਿਆ।
ਇਸ ਦੇ ਬਾਅਦ ਗੰਢੇ ਦੀਆਂ ਛਿੱਲਾਂ ਏਦਾਂ ਲੱਥਣ ਲੱਗ ਪਈਆਂ ਕਿ ਨਾ ਸਿਆਸੀ ਆਗੂ ਚੌਰਾਹੇ ਵਿੱਚ ਨੰਗੇ ਹੋ ਜਾਣ ਤੋਂ ਬਚੇ, ਨਾ ਸਿਵਲ ਦੇ ਵੱਡੇ ਅਫਸਰ, ਨਾ ਫੌਜੀ ਜਰਨੈਲ ਤੇ ਸਮੁੰਦਰੀ ਫੌਜ ਦੇ ਐਡਮਿਰਲ, ਹੋਰ ਤਾਂ ਹੋਰ, ਸੀ ਬੀ ਆਈ ਦੇ ਲਈ ਕੰਮ ਕਰਦੇ ਦੋ ਵਕੀਲ ਵੀ ਇਸ ਦੇ ਵਿੱਚ ਲਪੇਟੇ ਗਏ। ਭਾਰਤ ਦੀ ਜਿਸ ਡਿਪਲੋਮੇਟ ਦੇਵੀਆਨੀ ਖੋਬਰਾਗੜੇ ਨਾਲ ਅਮਰੀਕਾ ਵਿੱਚ ਇੱਕ ਮੌਕੇ ਕੀਤੀ ਗਈ ਬਦ-ਸਲੂਕੀ ਨਾਲ ਸਾਰਾ ਦੇਸ਼ ਗੁੱਸੇ ਵਿੱਚ ਉੱਬਲ ਪਿਆ ਸੀ, ਆਦਰਸ਼ ਕਾਂਡ ਦੀ ਜਾਂਚ ਵਿੱਚ ਇੱਕ ਨਾਂਅ ਉਸ ਦਾ ਵੀ ਆ ਗਿਆ। ਜਿਹੜੇ ਲੋਕਾਂ ਨੇ ਆਪਣੇ ਆਪ ਨੂੰ ਕਿਸੇ ਵੀ ਹੱਕ ਤੋਂ ਬਿਨਾਂ ਹੱਕਦਾਰ ਬਣਾ ਕੇ ਓਥੇ ਵਗਦੀ ਗੰਗਾ ਵਿੱਚ ਹੱਥ ਥੋਣ ਵਾਂਗ ਫਲੈਟ ਹਾਸਲ ਕੀਤੇ, ਦੇਵੀਆਨੀ ਉਨ੍ਹਾਂ ਵਿੱਚ ਸ਼ਾਮਲ ਸੀ। ਇਸ ਤੋਂ ਸਾਨੂੰ ਬਹੁਤੀ ਹੈਰਾਨੀ ਇਸ ਲਈ ਨਹੀਂ ਹੋਈ ਕਿ ਅਮਰੀਕਾ ਵਾਲੇ ਮਾਮਲੇ ਵਿੱਚ ਵੀ ਉਹ ਆਪਣੇ ਬੱਚਿਆਂ ਦੇ ਦੋਹਰੇ ਪਾਸਪੋਰਟ ਬਣਵਾਉਣ ਤੇ ਆਪਣੇ ਦੇਸ਼ ਦੀ ਸਰਕਾਰ ਤੋਂ ਇਸ ਦਾ ਓਹਲਾ ਰੱਖਣ ਕਾਰਨ ਪਹਿਲਾਂ ਹੀ ਗੁਨਾਹਗਾਰ ਜਾਪਣ ਲੱਗ ਪਈ ਸੀ। ਮੌਜੂਦਾ ਰੇਲ ਮੰਤਰੀ ਸੁਰੇਸ਼ ਪ੍ਰਭੂ ਨੂੰ ਭਾਜਪਾ ਬੜੇ ਇਮਾਨਦਾਰ ਆਗੂ ਵਜੋਂ ਪੇਸ਼ ਕਰਦੀ ਹੈ, ਇਸ ਦਾ ਨਾਂਅ ਵੀ ਉਸ ਸਕੀਮ ਦਾ ਲਾਭ ਲੈਣ ਵਾਲਿਆਂ ਵਿੱਚ ਬੋਲਿਆ ਜਾਂਦਾ ਰਿਹਾ ਸੀ।
ਜਦੋਂ ਇਸ ਘੋਟਾਲੇ ਦਾ ਪਰਦਾ ਚੁੱਕਿਆ ਗਿਆ ਤਾਂ ਮਹਾਰਾਸ਼ਟਰ ਦੇ ਓਦੋਂ ਦੇ ਮੁੱਖ ਮੰਤਰੀ ਅਸ਼ੋਕ ਚਵਾਨ ਸਣੇ ਓਥੋਂ ਦੇ ਚਾਰ ਮੁੱਖ ਮੰਤਰੀ ਦੋਸ਼ੀ ਨਿਕਲੇ। ਇਨ੍ਹਾਂ ਚਹੁੰ ਵਿੱਚ ਇੱਕ ਵਿਲਾਸ ਰਾਓ ਦੇਸ਼ਮੁਖ ਸੀ, ਜਿਹੜਾ ਮੁੰਬਈ ਦੇ ਦਹਿਸ਼ਤਗਰਦ ਹਮਲੇ ਵੇਲੇ ਮੁੱਖ ਮੰਤਰੀ ਹੁੰਦਾ ਸੀ ਤੇ ਲੜਾਈ ਮੁੱਕਣ ਪਿੱਛੋਂ ਜਦੋਂ ਮੌਕਾ ਵੇਖਣ ਗਿਆ ਤਾਂ ਆਪਣੇ ਫਿਲਮ ਸਟਾਰ ਪੁੱਤਰ ਤੇ ਇੱਕ ਫਿਲਮ ਡਾਇਰੈਕਟਰ ਨੂੰ ਇਸ ਲਈ ਆਪਣੇ ਨਾਲ ਲੈ ਗਿਆ ਕਿ ਉਹ ਉਸ ਹਮਲੇ ਦਾ ਦ੍ਰਿਸ਼ ਅਗਲੀ ਫਿਲਮ ਵਿੱਚ ਵੀ ਵਿਖਾ ਸਕਣ। ਇਸ ਦੀ ਬਹੁਤ ਭੰਡੀ ਹੋਈ ਸੀ। ਸਾਬਕਾ ਮੁੱਖ ਮੰਤਰੀ ਸੁਸ਼ੀਲ ਕੁਮਾਰ ਸ਼ਿੰਦੇ ਨੂੰ ਬੜਾ ਇਮਾਨਦਾਰ ਮੰਨਿਆ ਜਾਂਦਾ ਸੀ ਅਤੇ ਏਸੇ ਲਈ ਅਨੁਸੂਚਿਤ ਜਾਤੀ ਵਿੱਚੋਂ ਹੁੰਦੇ ਹੋਏ ਉਹ ਕਈ ਵਾਰ ਜਨਰਲ ਸੀਟ ਤੋਂ ਜਿੱਤਦਾ ਰਿਹਾ, ਪਰ ਆਦਰਸ਼ ਕੇਸ ਵਿੱਚ ਉਸ ਦਾ ਨਾਂਅ ਵੀ ਆ ਗਿਆ ਸੀ। ਉਸੇ ਰਾਜ ਵਿਚਲੇ ਦੋ ਮੰਤਰੀਆਂ ਦੇ ਨਾਂਅ ਵੀ ਇਸ ਵਿੱਚ ਸ਼ਾਮਲ ਲੱਭੇ, ਜਿਨ੍ਹਾਂ ਦੇ ਹੱਥਾਂ ਵਿੱਚੋਂ ਦੀ ਇਹ ਫਾਈਲ ਲੰਘੀ ਸੀ।
ਅਸ਼ੋਕ ਚਵਾਨ ਓਦੋਂ ਕਿਉਂਕਿ ਮੁੱਖ ਮੰਤਰੀ ਸੀ, ਉਸ ਦੇ ਖਿਲਾਫ ਕੇਸ ਦੀ ਮਨਜ਼ੂਰੀ ਗਵਰਨਰ ਨੇ ਦੇਣੀ ਸੀ, ਪਰ ਓਦੋਂ ਦਾ ਗਵਰਨਰ ਕਿਸੇ ਮੌਕੇ ਅਸ਼ੋਕ ਚਵਾਨ ਦੇ ਬਾਪ ਦੇ ਨਾਲ ਕੇਂਦਰੀ ਮੰਤਰੀ ਰਹਿ ਚੁੱਕਾ ਸੀ। ਉਸ ਨੇ ਕੇਸ ਦੀ ਮਨਜ਼ੂਰੀ ਦੇਣ ਤੋਂ ਇਨਕਾਰ ਕਰ ਦਿੱਤਾ। ਭਾਜਪਾ ਦੇ ਨਰਿੰਦਰ ਮੋਦੀ ਦੀ ਸਰਕਾਰ ਆਈ ਤੋਂ ਵੀ ਬੜੀ ਦੇਰ ਪਿੱਛੋਂ ਇਸ ਕੇਸ ਦੀ ਮਨਜ਼ੂਰੀ ਮਿਲੀ ਅਤੇ ਏਨੀ ਦੇਰ ਲੱਗਣ ਦਾ ਕਾਰਨ ਇਹ ਸੀ ਕਿ ਭਾਜਪਾ ਦੇ ਇੱਕ ਸਾਬਕਾ ਪ੍ਰਧਾਨ ਦਾ ਨਾਂਅ ਵੀ ਕੇਸ ਵਿੱਚ ਆਉਂਦਾ ਸੀ। ਜਿਹੜੀਆਂ ਬਾਈ ਅਲਾਟਮੈਂਟਾਂ ਬੇਨਾਮੀ ਨਿਕਲੀਆਂ ਸਨ, ਉਨ੍ਹਾਂ ਵਿੱਚੋਂ ਇੱਕ ਬਾਰੇ ਕਿਹਾ ਜਾਂਦਾ ਸੀ ਕਿ ਉਹ ਭਾਜਪਾ ਦੇ ਓਦੋਂ ਦੇ ਪ੍ਰਧਾਨ ਨਿਤਿਨ ਗਡਕਰੀ ਨੇ ਆਪਣੇ ਇੱਕ ਰਿਸ਼ਤੇਦਾਰ ਦੇ ਨਾਂਅ ਉੱਤੇ ਕਰਵਾਈ ਹੋਈ ਸੀ। ਭਾਜਪਾ ਦੇ ਇੱਕ ਪਾਰਲੀਮੈਂਟ ਮੈਂਬਰ ਅਜੈ ਸੰਚੇਤੀ ਦਾ ਨਾਂਅ ਵੀ ਦੋਸ਼ੀਆਂ ਵਿੱਚ ਸੀ। ਜਦੋਂ ਏਦਾਂ ਦੇ ਨਾਂਅ ਚਰਚਾ ਵਿੱਚ ਸਨ ਤਾਂ ਕੇਸ ਚਲਾਉਣ ਜਾਂ ਨਾ ਚਲਾਉਣ ਦਾ ਫੈਸਲਾ ਕਰਨ ਵਿੱਚ ਦੇਰੀ ਲੱਗਣੀ ਹੀ ਸੀ।
ਆਦਰਸ਼ ਸੋਸਾਈਟੀ ਦਾ ਇਹ ਘੋਟਾਲਾ ਇਸ ਤਰ੍ਹਾਂ ਦਾ ਸੀ ਕਿ ਜਿਸ ਦੇ ਕੋਲੋਂ ਵੀ ਫਾਈਲ ਨਿਕਲਦੀ, ਅਗਲੇ ਦਿਨ ਉਸ ਦੇ ਨਾਂਅ ਅੱਠ ਕਰੋੜ ਰੁਪਏ ਦਾ ਇੱਕ ਫਲੈਟ ਅੱਸੀ ਲੱਖ ਰੁਪਏ ਕੀਮਤ ਉੱਤੇ ਲਿਖਿਆ ਜਾਂਦਾ ਸੀ। ਇਸ ਦੀ ਜਾਂਚ ਵਿੱਚ ਮਹਾਰਾਸ਼ਟਰ ਦੇ ਬਾਰਾਂ ਵੱਡੇ ਅਫਸਰ ਫਸ ਗਏ, ਜਿਨ੍ਹਾਂ ਵਿੱਚ ਮੁੰਬਈ ਦਾ ਓਦੋਂ ਦਾ ਕੁਲੈਕਟਰ ਪ੍ਰਦੀਪ ਵਿਆਸ ਤੇ ਮੁੰਬਈ ਮਿਉਂਸਪਲ ਕਾਰਪੋਰੇਸ਼ਨ ਦਾ ਕਮਿਸ਼ਨਰ ਜੈਰਾਜ ਪਾਠਕ ਵੀ ਸਨ ਅਤੇ ਸ਼ਹਿਰੀ ਵਿਕਾਸ ਦਾ ਓਦੋਂ ਦਾ ਪ੍ਰਿੰਸੀਪਲ ਸੈਕਟਰੀ ਰਾਮਾਨੰਦ ਤਿਵਾੜੀ ਵੀ ਸ਼ਾਮਲ ਸੀ। ਮੁੱਖ ਮੰਤਰੀ ਦਾ ਓਦੋਂ ਵਾਲਾ ਸੈਕਟਰੀ ਸੀ ਐੱਸ ਸੰਗੀਤ ਰਾਓ, ਓਦੋਂ ਦਾ ਉਸ ਰਾਜ ਦਾ ਚੀਫ ਸੈਕਟਰੀ ਡੀ ਕੇ ਸ਼ੰਕਰਨ, ਉਸ ਵੇਲੇ ਦਾ ਪ੍ਰਿੰਸੀਪਲ ਸੈਕਟਰੀ ਆਈ ਏ ਕੁੰਦਨ, ਸ਼ਹਿਰੀ ਵਿਕਾਸ ਦਾ ਇੱਕ ਪ੍ਰਿੰਸੀਪਲ ਸੈਕਟਰੀ ਥਾਮਸ ਬੈਂਜਾਮਿਨ ਅਤੇ ਡਿਪਟੀ ਸੈਕਟਰੀ ਪੀ ਵੀ ਦੇਸ਼ਮੁਖ ਵੀ ਦੋਸ਼ੀ ਮੰਨੇ ਗਏ ਸਨ। ਕਮਾਲ ਦੀ ਗੱਲ ਇਹ ਕਿ ਜਿਹੜੇ ਅਫਸਰਾਂ ਨੂੰ ਭਾਜਪਾ ਨੇ ਓਦੋਂ ਬੜੇ ਬੇਈਮਾਨ ਆਖਿਆ ਸੀ, ਉਹ ਬਾਅਦ ਵਿੱਚ ਭਾਜਪਾ ਰਾਜ ਵਿੱਚ ਮਲਾਈਦਾਰ ਕੁਰਸੀਆਂ ਉੱਤੇ ਜਾ ਬੈਠੇ। ਮਿਸਾਲ ਵਜੋਂ ਸਭ ਤੋਂ ਵੱਡਾ ਦੋਸ਼ੀ ਕਿਹਾ ਜਾਂਦਾ ਪ੍ਰਦੀਪ ਵਿਆਸ ਓਦੋਂ ਸਸਪੈਂਡ ਕੀਤਾ ਗਿਆ ਸੀ, ਹੁਣ ਭਾਜਪਾ ਸਰਕਾਰ ਨਾਲ ਫਿਰ ਖ਼ਜ਼ਾਨੇ ਦਾ ਸੈਕਟਰੀ ਹੈ। ਸਾਫ ਹੈ ਕਿ ਕਮਾਊ ਪੁੱਤਾਂ ਦਾ ਲਾਭ ਭਾਜਪਾ ਵੀ ਲੈਂਦੀ ਹੈ ਅਤੇ ਉਨ੍ਹਾਂ ਦੀਆਂ ਜੜ੍ਹਾਂ ਕੇਂਦਰ ਸਰਕਾਰ ਤੱਕ ਹੋਣ ਕਾਰਨ ਉਨ੍ਹਾਂ ਨੂੰ ਕੋਈ ਹਿਲਾਉਣ ਵਾਲਾ ਵੀ ਹਾਲ ਦੀ ਘੜੀ ਦਿਖਾਈ ਨਹੀਂ ਦੇ ਰਿਹਾ।
ਹੁਣ ਆਈਏ ਉਨ੍ਹਾਂ ਫੌਜੀ ਅਫਸਰਾਂ ਵੱਲ, ਜਿਨ੍ਹਾਂ ਨੂੰ ਕਾਰਗਿਲ ਜੰਗ ਵਿੱਚ ਸ਼ਹੀਦ ਹੋਏ ਜਵਾਨਾਂ ਦੀ ਸ਼ਰਮ ਰੱਖਣੀ ਤੇ ਘੋਟਾਲੇ ਨੂੰ ਰੋਕਣਾ ਚਾਹੀਦਾ ਸੀ, ਪਰ ਉਹ ਆਪ ਇਸ ਵਿੱਚ ਸ਼ਾਮਲ ਹੋ ਗਏ ਸਨ। ਸੀ ਬੀ ਆਈ ਜਾਂਚ ਦੌਰਾਨ ਦੋ ਸਾਬਕਾ ਮੇਜਰ ਜਨਰਲ ਟੀ ਕੇ ਕੌਲ ਅਤੇ ਏ ਆਰ ਕੁਮਾਰ, ਇੱਕ ਸਾਬਕਾ ਬ੍ਰਿਗੇਡੀਅਰ ਐੱਮ ਐੱਮ ਵਾਂਚੂ ਅਤੇ ਕਈ ਹੋਰ ਦੋਸ਼ੀ ਮੰਨੇ ਗਏ। ਫੌਜੀ ਕਮਾਂਡ ਨੇ ਰੱਖਿਆ ਮੰਤਰੀ ਦੇ ਹੁਕਮ ਉੱਤੇ ਇੱਕ ਕੋਰਟ ਆਫ ਇਨਕੁਆਰੀ ਕਾਇਮ ਕੀਤੀ ਤਾਂ ਉਸ ਨੇ ਭਾਰਤੀ ਫੌਜ ਦੇ ਦੋ ਸਾਬਕਾ ਮੁਖੀਆਂ ਜਨਰਲ ਦੀਪਕ ਕਪੂਰ ਅਤੇ ਜਨਰਲ ਐੱਨ ਸੀ ਵਿਜ ਦੇ ਨਾਲ ਚਾਰ ਲੈਫਟੀਨੈਂਟ ਜਨਰਲਾਂ ਅਤੇ ਤਿੰਨ ਮੇਜਰ ਜਨਰਲਾਂ ਨੂੰ ਦੋਸ਼ੀ ਮੰਨਿਆ। ਆਦਰਸ਼ ਸੋਸਾਈਟੀ ਦੀ ਇਸ ਫਰਾਡੀ ਖੇਡ ਵਾਲੀ ਬਿਲਡਿੰਗ ਦੇ ਫਲੈਟ ਲੈਣ ਵਾਲੇ ਵਿਅਕਤੀ ਦਾ ਉਸ ਰਾਜ ਦਾ ਵਾਸੀ ਹੋਣਾ ਜ਼ਰੂਰੀ ਬਣਦਾ ਸੀ ਤੇ ਇਨ੍ਹਾਂ ਸਾਰਿਆਂ ਨੇ ਓਥੇ ਵਸੇਬਾ ਨਾ ਹੋਣ ਦੇ ਬਾਵਜੂਦ ਓਥੋਂ ਦੇ ਡੌਮੀਸਾਈਲ (ਵਸਨੀਕ) ਹੋਣ ਵਾਲਾ ਸਰਟੀਫਿਕੇਟ ਹੇਰਾਫੇਰੀ ਨਾਲ ਬਣਾ ਕੇ ਪੇਸ਼ ਕੀਤਾ ਹੋਇਆ ਸੀ। ਸਮੁੰਦਰੀ ਫੌਜ ਦੇ ਇੱਕ ਐਡਮਿਰਲ ਨੇ ਖੁਦ ਨੂੰ ਕਾਰਗਿਲ ਜੰਗ ਦਾ ਪ੍ਰਭਾਵਤ ਇਹ ਕਹਿ ਕੇ ਬਣਾਇਆ ਕਿ ਜਦੋਂ ਕਾਰਗਿਲ ਦੀ ਜੰਗ ਲੱਗੀ, ਓਦੋਂ ਉਹ ਮੁੰਬਈ ਵਿੱਚ ਕਾਰਗਿਲ ਜੰਗ ਨਾਲ ਸੰਬੰਧਤ ਸਮੁੰਦਰੀ ਚੌਕਸੀ ਮੋਰਚੇ ਦਾ ਮੁਖੀ ਹੁੰਦਾ ਸੀ। ਏਸੇ ਤਰ੍ਹਾਂ ਸਮੁੰਦਰੀ ਫੌਜ ਦੇ ਇੱਕ ਸੇਵਾ-ਮੁਕਤ ਕੈਪਟਨ ਨੇ ਬਾਅਦ ਵਿੱਚ ਨਿਊ ਜ਼ੀਲੈਂਡ ਦੀ ਨਾਗਰਿਕਤਾ ਲੈ ਲਈ, ਉਸ ਨੇ ਓਥੋਂ ਦਾ ਨਾਗਰਿਕ ਬਣਨ ਤੋਂ ਦੋ ਸਾਲ ਪਿੱਛੋਂ ਮੁੰਬਈ ਦਾ ਡੌਮੀਸਾਈਲ ਸਾਬਤ ਕਰਨ ਦਾ ਸਰਟੀਫਿਕੇਟ ਬਣਾ ਕੇ ਫਲੈਟ ਲੈ ਲਿਆ। ਜੰਗੀ ਬਹਾਦਰੀ ਦਾ ਵੀਰ ਚੱਕਰ ਲੈਣ ਵਾਲਾ ਇੱਕ ਫੌਜੀ ਅਫਸਰ ਇੱਕ ਵਾਰੀ ਰੇਲਵੇ ਵਾਲਿਆਂ ਨੇ ਇਸ ਗੱਲੋਂ ਫੜ ਲਿਆ ਕਿ ਉਸ ਨੂੰ ਦਿੱਤਾ ਹੋਇਆ ਰੇਲਵੇ ਦਾ ਫਸਟ ਕਲਾਸ ਦਾ ਪਾਸ ਰਾਜਧਾਨੀ ਤੇ ਸ਼ਤਾਬਦੀ ਨੂੰ ਛੱਡ ਕੇ ਬਾਕੀ ਸਭ ਗੱਡੀਆਂ ਲਈ ਸੀ, ਪਰ ਉਸ ਨੇ ਕੱਟ-ਵੱਢ ਕੇ ਸਾਰੀਆਂ ਰੇਲ ਗੱਡੀਆਂ ਵਾਸਤੇ ਬਣਾ ਲਿਆ ਸੀ। ਫੜੇ ਜਾਣ ਉੱਤੇ ਉਸ ਦੀ ਪੈਨਸ਼ਨ ਰੋਕਣ ਦਾ ਹੁਕਮ ਹੋ ਗਿਆ। ਉਸ ਨਾਲ ਜਿਹੜਾ ਵਿਹਾਰ ਕੀਤਾ ਗਿਆ ਸੀ, ਮੁੰਬਈ ਵਿੱਚ ਵੱਸੇ ਬਗੈਰ ਓਥੋਂ ਦੇ ਡੌਮੀਸਾਈਲ ਸਰਟੀਫੀਕੇਟ ਬਣਵਾ ਕੇ ਫਲੈਟ ਲੈਣ ਵਾਲੇ ਸਾਬਕਾ ਜਰਨੈਲਾਂ ਦੇ ਨਾਲ ਵੀ ਉਹ ਹੀ ਕੀਤਾ ਜਾਣਾ ਚਾਹੀਦਾ ਹੈ।
ਹੈਰਾਨੀ ਦੀ ਗੱਲ ਇਹ ਹੈ ਕਿ ਸਾਡੇ ਭਾਰਤ ਦੇ ਲੋਕ-ਤੰਤਰ ਵਿੱਚ ਭ੍ਰਿਸ਼ਟਾਚਾਰ ਦੀ ਜਾਂਚ ਵੀ ਭ੍ਰਿਸ਼ਟ ਹੋ ਜਾਂਦੀ ਹੈ। ਹਿੰਦੀ ਦੇ ਪ੍ਰਸਿੱਧ ਵਿਅੰਗ ਕਵੀ ਸੁਰਿੰਦਰ ਸ਼ਰਮਾ ਨੇ ਕਿਹਾ ਸੀ: 'ਕਿਆ ਕਰੇਂ ਅਬ ਹਮ, ਕੁਰੱਪਸ਼ਨ ਭੀ ਕੁਰੱਪਟ ਹੋ ਗਈ'। ਉਸ ਨੂੰ ਇਸ ਦਾ ਮਤਲਬ ਪੁੱਛਿਆ ਗਿਆ। ਸੁਰਿੰਦਰ ਸ਼ਰਮਾ ਨੇ ਕਿਹਾ: 'ਇਕ ਦਿਨ ਅਸੀਂ ਕੀੜੇ ਮਾਰਨ ਦੀ ਦਵਾਈ ਲਿਆਂਦੀ ਸੀ, ਅਗਲੇ ਦਿਨ ਉਸ ਵਿੱਚ ਕੀੜੇ ਪੈ ਗਏ।' ਭਾਰਤੀ ਲੋਕ-ਤੰਤਰ ਦੇ 'ਆਦਰਸ਼' ਪ੍ਰਬੰਧ ਵਿੱਚ ਆਦਰਸ਼ ਸੋਸਾਈਟੀ ਦੇ ਭ੍ਰਿਸ਼ਟਾਚਾਰੀ ਕੇਸ ਦੀ ਜਾਂਚ ਵੀ ਭ੍ਰਿਸ਼ਟ ਹੋ ਗਈ। ਜਾਂਚ ਏਜੰਸੀ ਸੀ ਬੀ ਆਈ ਨੇ ਇਸ ਜਾਂਚ ਦੇ ਲਈ ਜਿਹੜੇ ਲੋਕ ਲਾਏ ਹੋਏ ਸਨ, ਉਨ੍ਹਾਂ ਵਿੱਚੋਂ ਦੋ ਸੀਨੀਅਰ ਵਕੀਲ ਇੱਕ ਦੋਸ਼ੀ ਨੂੰ ਛੱਡਣ ਲਈ ਪੰਜਾਹ ਲੱਖ ਰੁਪਏ ਦਾ ਸੌਦਾ ਮਾਰਦੇ ਫੜੇ ਗਏ। ਇਸ ਵਿੱਚੋਂ ਪੰਝੀ ਲੱਖ ਰੁਪਏ ਉਨ੍ਹਾਂ ਨੇ ਲੈ ਲਏ ਸਨ ਤੇ ਬਾਕੀ ਬਾਅਦ ਵਿੱਚ ਲੈਣੇ ਤੈਅ ਕੀਤੇ ਸਨ, ਪਰ ਓਦੋਂ ਨੂੰ ਸੀ ਬੀ ਆਈ ਨੇ ਫੜ ਲਏ ਤੇ ਫਿਰ ਦੋਸ਼ੀਆਂ ਵਿੱਚ ਸ਼ਾਮਲ ਹੋ ਗਏ ਸਨ।
ਭਾਰਤ ਨੂੰ ਇਸ ਗੱਲ ਦਾ ਮਾਣ ਹੈ ਕਿ ਇਹ ਸੰਸਾਰ ਦਾ ਸਭ ਤੋਂ ਵੱਡਾ ਲੋਕ-ਤੰਤਰ ਹੈ, ਪਰ ਇਹ ਦੇਸ਼ ਹਾਲੇ ਏਨਾ ਮਾਣ ਕਰਨ ਜੋਗਾ ਨਹੀਂ ਹੋ ਸਕਿਆ ਕਿ ਇਹ ਲੋਕ-ਤੰਤਰ ਦਾ ਆਦਰਸ਼ ਪੇਸ਼ ਕਰਨ ਵਾਲਾ ਦੇਸ਼ ਹੈ। ਦੇਸ਼ ਵਿੱਚ ਪ੍ਰਬੰਧ ਜਿਸ ਤਰ੍ਹਾਂ ਚੱਲਦਾ ਹੈ, ਉਸ ਦੇ 'ਆਦਰਸ਼' ਪ੍ਰਬੰਧ ਦੀ ਹੀ ਇੱਕ 'ਆਦਰਸ਼' ਮਿਸਾਲ ਪੇਸ਼ ਕਰਨ ਵਾਲਾ ਕੇਸ ਹੈ ਮੁੰਬਈ ਦਾ ਆਦਰਸ਼ ਸੋਸਾਈਟੀ ਘੋਟਾਲਾ, ਜਿਹੜਾ ਕੰਨਾਂ ਨੂੰ ਹੱਥ ਲਾਉਣ ਨੂੰ ਮਜਬੂਰ ਕਰ ਦੇਂਦਾ ਹੈ।

1 May 2016

ਜਾਗਦੀ ਜ਼ਮੀਰ ਵਾਲੇ ਲੋਕਾਂ ਦੇ ਸੁਫਨੇ ਭਾਰਤੀ ਲੀਡਰਾਂ ਨੂੰ ਕਦੇ ਨਹੀਂ ਆ ਸਕਦੇ - ਜਤਿੰਦਰ ਪਨੂੰ

'ਮੈਂ ਇੱਕ ਜਾਣੇ-ਪਛਾਣੇ ਈਮਾਨਦਾਰ ਆਜ਼ਾਦੀ ਘੁਲਾਟੀਏ ਦਾ ਪੁੱਤਰ ਹਾਂ। ਮੈਂ ਇਮਾਨਦਾਰੀ ਨਾਲ ਜ਼ਿੰਦਗੀ ਜਿਊਣ ਦੀ ਆਪ ਵੀ ਕੋਸ਼ਿਸ਼ ਕੀਤੀ ਸੀ, ਪਰ ਹੁਣ ਮੈਨੂੰ ਇਸ ਗੱਲ ਦਾ ਪਤਾ ਨਹੀਂ ਲੱਗਦਾ ਕਿ ਜੋ ਮੈਂ ਕਰ ਰਿਹਾ ਹਾਂ, ਉਸ ਨਾਲ ਮੈਂ ਈਮਾਨਦਾਰੀ ਦੇ ਖਾਤੇ ਵਾਲਿਆਂ ਵਿੱਚ ਹਾਂ ਜਾਂ ਮੈਂ ਬੇਈਮਾਨੀ ਕਰ ਰਿਹਾ ਹਾਂ। ਏਨਾ ਯਕੀਨ ਹੈ ਕਿ ਜੋ ਮੈਂ ਕਰ ਰਿਹਾ ਹਾਂ, ਇਹ ਇਨਸਾਨ ਦੇ ਅੱਜ ਲਈ ਨਾ ਸਹੀ, ਇਸ ਦੇ ਭਵਿੱਖ ਲਈ ਕਰਨਾ ਜ਼ਰੂਰੀ ਹੈ।'
ਬਾਈ ਸਾਲ ਪਹਿਲਾਂ ਇਹ ਜਵਾਬ ਮੈਨੂੰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿੱਚ ਇੱਕ ਨੌਜਵਾਨ ਨੇ ਦਿੱਤਾ ਸੀ, ਜਿਸ ਨੂੰ ਮੈਂ ਐਵੇਂ ਇਹ ਸਵਾਲ ਪੁੱਛ ਬੈਠਾ ਸਾਂ ਕਿ ਉਹ ਕੰਮ ਕੀ ਕਰਦਾ ਹੈ? ਬੰਦੇ ਨੂੰ ਬੌਂਦਲਾ ਦੇਣ ਵਾਲੇ ਅਲੋਕਾਰ ਜਵਾਬ ਨੂੰ ਸੁਣ ਕੇ ਮੈਂ ਥੋੜ੍ਹਾ ਸਪੱਸ਼ਟ ਕਰਨ ਨੂੰ ਕਿਹਾ। ਉਸ ਨੇ ਕਿਹਾ ਕਿ ਤਨਖਾਹ ਉਸ ਨੂੰ ਇਸ ਖੋਜ ਵਾਸਤੇ ਮਿਲ ਰਹੀ ਹੈ ਕਿ ਜ਼ਮੀਨ ਦੇ ਵੱਧ ਤੋਂ ਵੱਧ ਹੇਠਾਂ ਤੋਂ ਪਾਣੀ ਕਿਵੇਂ ਕੱਢਿਆ ਜਾਵੇ, ਪਰ ਇਹ ਕੰਮ ਉਹ ਕਰਦਾ ਨਹੀਂ। ਇਸ ਦਾ ਕਾਰਨ ਪੁੱਛਿਆ ਤਾਂ ਉਸ ਨੇ ਕਿਹਾ ਕਿ ਪੰਜਾਬ ਜਿਸ ਰਾਹੇ ਪੈ ਚੁੱਕਾ ਹੈ, ਇਸ ਨੂੰ ਥੋੜ੍ਹੇ ਸਾਲਾਂ ਤੱਕ ਪਾਣੀ ਦੀ ਏਨੀ ਘਾਟ ਹੰਢਾਉਣੀ ਪੈਣੀ ਹੈ ਕਿ ਸੈਂਕੜੇ ਫੁੱਟ ਹੇਠਾਂ ਪਾਈਪ ਸੁੱਟ ਕੇ ਵੀ ਪਾਣੀ ਨਹੀਂ ਮਿਲਣਾ। ਲੋਕ ਇੱਕ-ਇੱਕ ਬੂੰਦ ਲਈ ਆਪੋ ਵਿੱਚ ਲੜਨ-ਮਰਨ ਤੱਕ ਜਾਣਗੇ। ਉਸ ਨੇ ਇਹ ਵੀ ਦੱਸਿਆ ਕਿ ਜ਼ਮੀਨ ਦੇ ਹੇਠੋਂ ਪਾਣੀ ਕੱਢਣ ਦੀ ਖੋਜ ਕਰਨ ਵਾਸਤੇ ਤਨਖਾਹ ਲੈਂਦਾ ਹੈ, ਪਰ ਖੋਜ ਸੁੱਕਦੇ ਜਾਂਦੇ ਪਾਣੀ ਨੂੰ ਬਚਾਉਣ ਦੇ ਤਰੀਕਿਆਂ ਦੀ ਕਰੀ ਜਾਂਦਾ ਹੈ। ਜਦੋਂ ਉਹ ਇਸ ਗੱਲ ਬਾਰੇ ਸੋਚਦਾ ਹੈ ਕਿ ਇਸ ਵਿੱਚ ਮਨੁੱਖ ਦਾ ਭਵਿੱਖ ਲੁਕਿਆ ਹੈ ਤਾਂ ਆਪਣੇ ਆਪ ਨੂੰ ਈਮਾਨਦਾਰ ਵੀ ਮੰਨ ਲੈਂਦਾ ਹੈ, ਪਰ ਜਦੋਂ ਫਿਰ ਇਹ ਸੋਚਦਾ ਹੈ ਕਿ ਜਿਸ ਕੰਮ ਦੀ ਤਨਖਾਹ ਲਈ, ਉਸ ਨੂੰ ਕੀਤਾ ਨਹੀਂ ਤਾਂ ਆਪਣੇ ਆਪ ਨੂੰ ਈਮਾਨਦਾਰੀ ਤੋਂ ਦੂਰ ਨਿਕਲ ਗਿਆ ਮਹਿਸੂਸ ਕਰਦਾ ਹੈ। ਉਸ ਦੇ ਚਿਹਰੇ ਦੇ ਭਾਵ ਹੀ ਉਸ ਦੇ ਅੰਦਰ ਚੱਲ ਰਹੀ ਮਾਨਸਿਕ ਖਿੱਚੋਤਾਣ ਨੂੰ ਪ੍ਰਗਟ ਕਰਨ ਲਈ ਕਾਫੀ ਜਾਪਦੇ ਸਨ।
ਅੱਜ ਜਦੋਂ ਕਈ ਰਾਜਾਂ ਵਿੱਚ ਪਾਣੀ ਦੀ ਘਾਟ ਅਤੇ ਇਸ ਦੁੱਖੋਂ ਪਿੰਡਾਂ ਦੇ ਪਿੰਡ ਖਾਲੀ ਹੁੰਦੇ ਵੇਖੇ ਅਤੇ ਸੁਣੇ ਜਾ ਰਹੇ ਹਨ ਤਾਂ ਉਹ ਨੌਜਵਾਨ ਮੁੜ-ਮੁੜ ਸਾਡੀਆਂ ਅੱਖਾਂ ਸਾਹਮਣੇ ਆਉਂਦਾ ਹੈ, ਜਿਹੜਾ ਇਹ ਕਹਿੰਦਾ ਸੀ; ਮੈਨੂੰ ਪਤਾ ਨਹੀਂ ਲੱਗ ਰਿਹਾ ਕਿ ਮੈਂ ਈਮਾਨਦਾਰ ਹਾਂ ਜਾਂ ਬੇਈਮਾਨੀ ਕਰ ਰਿਹਾ ਹਾਂ? ਉਸ ਵਾਂਗ ਸੋਚਣ ਵਾਲੇ ਕਈ ਲੋਕ ਭਾਰਤ ਵਿੱਚ ਹਨ, ਪਰ ਉਨ੍ਹਾਂ ਤੋਂ ਵੱਧ ਇਸ ਦੇਸ਼ ਵਿੱਚ ਉਹ ਆਗੂ ਹਨ, ਜਿਨ੍ਹਾਂ ਨੂੰ ਇਹ ਸੋਚਣ ਦੀ ਲੋੜ ਹੀ ਮਹਿਸੂਸ ਨਹੀਂ ਹੁੰਦੀ। ਲਾਟੂਰ ਦਾ ਤਿੰਨ ਲੱਖ ਦੀ ਆਬਾਦੀ ਦਾ ਸ਼ਹਿਰ ਹੈ, ਸਤਾਈ ਲੱਖ ਲੀਟਰ ਪਾਣੀ ਲੈ ਕੇ ਰੇਲ ਗੱਡੀ ਆਈ ਅਤੇ ਉਸ ਅੱਗੇ ਖੜੇ ਹੋ ਕੇ ਲੀਡਰ ਫੋਟੋ ਖਿਚਵਾਉਂਦੇ ਰਹੇ। ਇਹ ਗੱਲ ਕਿਸੇ ਨਹੀਂ ਸੋਚੀ ਕਿ ਤਿੰਨ ਲੱਖ ਦੀ ਆਬਾਦੀ ਨੂੰ ਇਸ ਵਿੱਚੋਂ ਨੌਂ-ਨੌਂ ਲੀਟਰ ਪਾਣੀ ਮਸਾਂ ਮਿਲਣਾ ਹੈ ਤੇ ਅਗਲੀ ਗੱਡੀ ਤੀਸਰੇ ਦਿਨ ਆਉਣੀ ਹੈ। ਸਿਰਫ ਨੌਂ ਲੀਟਰ ਦੇ ਨਾਲ ਅਗਲੇ ਤਿੰਨ ਦਿਨ ਕੱਢਣੇ ਹਨ, ਇੱਕ ਦਿਨ ਵਿੱਚ ਤਿੰਨ ਲੀਟਰ ਤੋਂ ਵੱਧ ਨਹੀਂ ਵਰਤਣਾ। ਫਿਰ ਨਹਾਉਣ ਵਾਲੀ ਗੱਲ ਤਾਂ ਗਈ, ਕੁਦਰਤੀ ਮਜਬੂਰੀਆਂ ਵੇਲੇ ਵੀ ਪਾਣੀ ਵਰਤਣ ਲੱਗਿਆਂ ਕੰਜੂਸੀ ਕਰਨੀ ਪਵੇਗੀ। ਇਹ ਹਾਲਤ ਦੇਸ਼ ਦੇ ਕਈ ਹੋਰ ਇਲਾਕਿਆਂ ਵਿੱਚ ਵੀ ਬਣ ਚੁੱਕੀ ਹੈ, ਜਾਂ ਫਿਰ ਅਗਲੇ ਦਿਨਾਂ ਵਿੱਚ ਬਣਦੀ ਜਾਪਦੀ ਹੈ।
ਆਖਰ ਏਦਾਂ ਦੀ ਹਾਲਤ ਬਣੀ ਕਿਉਂ ਹੈ? ਇਸ ਲਈ ਕਿ ਸਰਕਾਰਾਂ ਦੀ ਨਜ਼ਰ ਮਸਾਂ ਦਸ-ਵੀਹ ਸਾਲਾਂ ਤੱਕ ਵੇਖਣ ਜੋਗੀ ਹੈ। ਅੰਨ ਦੀ ਘਾਟ ਹੈ ਤਾਂ ਉਹ ਫਸਲਾਂ ਪੈਦਾ ਕਰੋ, ਜਿਹੜੀਆਂ ਝਾੜ ਦੇਣ ਵੇਲੇ ਭਾਵੇਂ ਧਰਤੀ ਦੇ ਡੋਕੇ ਵੀ ਖਿੱਚ ਲੈਂਦੀਆਂ ਹੋਣ। ਅੰਕੜੇ ਪੇਸ਼ ਕਰੋ ਕਿ ਐਨੇ ਲੱਖ ਟਨ ਝੋਨਾ ਪੈਦਾ ਕੀਤਾ, ਪਰ ਇਸ ਦੌਰਾਨ ਧਰਤੀ ਹੇਠ ਪਾਣੀ ਦਾ ਪੱਧਰ ਕਿੰਨੇ ਫੁੱਟ ਹੇਠਾਂ ਚਲਾ ਗਿਆ, ਇਸ ਬਾਰੇ ਚੁੱਪ ਕੀਤੇ ਰਹੋ। ਜਦੋਂ ਮੁਸੀਬਤ ਸਿਰ ਪਵੇਗੀ ਤਾਂ ਜਿਹੜਾ ਰਾਜ ਕਰਦਾ ਹੋਵੇਗਾ, ਆਪੇ ਕੋਈ ਬਹਾਨਾ ਘੜ ਲਵੇਗਾ। ਇਸ ਡੰਗ-ਟਪਾਊ ਨੀਤੀ ਦੇ ਨਾਲ ਜਦੋਂ ਵੋਟਾਂ ਲਈ ਲੋਕ-ਲੁਭਾਊ ਨੀਤੀ ਵੀ ਜੁੜ ਜਾਵੇ ਤਾਂ ਪੰਜਾਬੀ ਮੁਹਾਵਰੇ ਵਾਂਗ 'ਸੱਤਿਆਨਾਸ ਦਾ ਸਵਾ-ਸੱਤਿਆਨਾਸ' ਹੋ ਜਾਂਦਾ ਹੈ।
ਜਿਹੜੀ ਗੱਲ ਵਿਕਸਤ ਦੇਸ਼ਾਂ ਵਿੱਚ ਪਹਿਲਾਂ ਸੋਚੀ ਜਾਂਦੀ ਹੈ, ਉਹ ਭਾਰਤ ਵਿੱਚ ਮੁਸੀਬਤ ਸਿਰ ਪੈਣ ਮਗਰੋਂ ਸੋਚਣ ਦਾ ਰਿਵਾਜ ਹੈ ਤੇ ਜੇ ਉਸ ਵਿੱਚ ਆਪਣੀ ਕੋਈ ਕੋਤਾਹੀ ਨਿਕਲਦੀ ਹੋਵੇ ਤਾਂ ਉਸ ਨੂੰ ਢੱਕ ਦੇਣ ਦਾ ਆਮ ਜਿਹਾ ਰਿਵਾਜ ਹੈ। ਬੜੇ ਸਾਲ ਪਹਿਲਾਂ ਇੰਗਲੈਂਡ ਦੀ ਇੱਕ ਫੇਰੀ ਵੇਲੇ ਜਿਸ ਘਰ ਮੈਂ ਠਹਿਰਿਆ ਸੀ, ਸਵੇਰੇ ਉਨ੍ਹਾਂ ਲੋਕਾਂ ਦੇ ਉੱਠਣ ਤੋਂ ਬੜਾ ਪਹਿਲਾਂ ਚਾਹ ਪੀਣ ਦੀ ਇੱਛਾ ਮੈਨੂੰ ਕਿਚਨ ਵਿੱਚ ਲੈ ਗਈ। ਉਨ੍ਹਾਂ ਦੀ ਗੈਸ ਬਾਲਣ ਲਈ ਲਾਈਟਰ ਮੈਨੂੰ ਨਾ ਲੱਭਾ ਤਾਂ ਮਾਚਿਸ ਨਾਲ ਕੰਮ ਸਾਰ ਲਿਆ। ਫਿਰ ਮੈਂ ਮਾਚਿਸ ਵੇਖਣ ਲੱਗ ਪਿਆ। ਉਸ ਡੱਬੀ ਦੇ ਪਿਛਲੇ ਪਾਸੇ ਛਪਿਆ ਸੀ; ਇਸ ਮਾਚਿਸ ਦੀਆਂ ਤੀਲਾਂ ਬਣਾਉਣ ਲਈ ਜਿੱਥੋਂ ਰੁੱਖ ਕੱਟੇ ਸਨ, ਓਥੇ ਨਵੇਂ ਲਾ ਦਿੱਤੇ ਹਨ ਤੇ ਕੰਪਨੀ ਉਨ੍ਹਾਂ ਦੀ ਸੰਭਾਲ ਦੀ ਜ਼ਿੰਮੇਵਾਰੀ ਲੈਂਦੀ ਹੈ। ਭਾਰਤ ਵਿੱਚ ਇਸ ਦਾ ਸੁਫਨਾ ਵੀ ਨਹੀਂ ਆ ਸਕਦਾ। ਏਥੇ ਦਿੱਲੀ ਵਿੱਚ ਬੈਠੀ ਸਰਕਾਰ ਰੁੱਖ ਕੱਟਣ ਤੋਂ ਰੋਕਣ ਦਾ ਫੈਸਲਾ ਲੈਂਦੀ ਹੈ, ਚੰਡੀਗੜ੍ਹ ਤੇ ਸ਼ਿਮਲੇ ਵਿੱਚੋਂ ਰਾਜ ਸਰਕਾਰਾਂ ਇਸ ਫੈਸਲੇ ਦੀ ਪ੍ਰੋੜ੍ਹਤਾ ਦੇ ਮਤੇ ਪਾਸ ਕਰਦੀਆਂ ਹਨ ਤੇ ਕੁਝ ਦਿਨਾਂ ਪਿੱਛੋਂ ਇਹ ਖਬਰ ਮਿਲਦੀ ਹੈ ਕਿ ਰੁੱਖ ਵੱਢਣ ਤੇ ਵੇਚਣ ਦਾ ਕੰਮ ਕੈਬਨਿਟ ਮੰਤਰੀਆਂ ਦੇ ਬੰਦੇ ਕਰੀ ਜਾਂਦੇ ਹਨ। ਖੁਰਾਕ ਸਪਲਾਈ ਮੰਤਰੀ ਜਦੋਂ ਖੁਰਾਕ ਦੇ ਗੋਦਾਮਾਂ ਤੋਂ ਕਣਕ ਦੀ ਚੋਰੀ ਦੇ ਕੇਸ ਵਿੱਚ ਉਲਝਿਆ ਹੋਵੇ, ਮਾਲ ਮੰਤਰੀ ਜਦੋਂ ਮਾਲ ਕਮਾਉਣ ਲੱਗ ਜਾਵੇ ਤਾਂ ਜਿਸ ਮੰਤਰੀ ਨੂੰ ਜੰਗਲਾਤ ਦਾ ਮਹਿਕਮਾ ਮਿਲ ਗਿਆ, ਉਹ ਉਸ ਦੇ ਰੁੱਖ ਏਦਾਂ ਚੱਟ ਜਾਂਦਾ ਹੈ ਕਿ ਫਿਰ ਹਰੇ ਹੀ ਨਹੀਂ ਹੁੰਦੇ। ਆਮ ਲੋਕ ਇਹ ਗੱਲ ਜਾਣਦੇ ਹੋਣ ਜਾਂ ਨਾ, ਪਰ ਸਰਕਾਰਾਂ ਚਲਾਉਣ ਵਾਲੇ ਆਗੂਆਂ ਅਤੇ ਅਫਸਰਾਂ ਨੂੰ ਪਤਾ ਹੈ ਕਿ ਕਿਸੇ ਰਾਜ ਵਿੱਚ ਪੌਣ-ਪਾਣੀ ਕਾਇਮ ਰੱਖਣ ਵਿੱਚ ਰੁੱਖਾਂ ਦਾ ਕਿੰਨਾ ਯੋਗਦਾਨ ਹੈ, ਪਰ ਇਸ ਨੂੰ ਬਚਾਉਣ ਦੀ ਚਿੰਤਾ ਨਹੀਂ ਕਰਦੇ।
ਅਸੀਂ ਲੋਕ ਪਿੰਡਾਂ ਵਿੱਚੋਂ ਸ਼ਹਿਰਾਂ ਵਿੱਚ ਆਏ, ਪਿੰਡਾਂ ਵਿੱਚ ਸ਼ਹਿਰਾਂ ਵਰਗੀਆਂ ਸਹੂਲਤਾਂ ਦੇਣ ਵੀ ਤੁਰ ਪਏ, ਪਰ ਇਸ ਨਾਲ ਪੈਣ ਵਾਲੇ ਅਸਰ ਬਾਰੇ ਨਹੀਂ ਸੋਚਿਆ। ਸਵੇਰੇ ਉੱਠ ਕੇ ਕੁਦਰਤੀ ਲੋੜਾਂ ਲਈ ਖੇਤਾਂ ਵਿੱਚ ਬੰਦੇ ਨੂੰ ਸਿਰਫ ਅੱਧਾ ਲੀਟਰ ਪਾਣੀ ਦੀ ਲੋੜ ਹੁੰਦੀ ਸੀ, ਘਰ ਦੀ ਟਾਇਲੇਟ ਸੀਟ ਕਈ ਲੀਟਰ ਵਗਾਉਂਦੀ ਹੈ ਤਾਂ ਇਸ ਨਾਲ ਸਾਡੇ ਕੋਲ ਪਾਣੀ ਦੀ ਘਾਟ ਆਉਣੀ ਹੈ। ਉਸ ਨੂੰ ਪੂਰਾ ਕਰਨ ਦੇ ਨਵੇਂ ਰਾਹ ਲੱਭਣੇ ਪੈਣਗੇ। ਉਹ ਰਾਹ ਸੋਚਣਾ ਸਾਡੀ ਕਿਸੇ ਸਰਕਾਰ ਤੇ ਕਿਸੇ ਸਿਆਸੀ ਪਾਰਟੀ ਦੇ ਏਜੰਡੇ ਉੱਤੇ ਨਹੀਂ ਆਉਂਦਾ। ਏਜੰਡਾ ਸਾਹਮਣੇ ਆ ਰਹੀਆਂ ਚੋਣਾਂ ਅਤੇ ਅਗਲੇ ਪੰਜ ਸਾਲ ਰਾਜ ਸੁਖ ਮਾਨਣ ਤੱਕ ਸੀਮਤ ਹੁੰਦਾ ਜਾਂਦਾ ਹੈ ਤੇ ਨਤੀਜੇ ਲੋਕ ਭੁਗਤਦੇ ਹਨ।
ਸਾਡੇ ਲੋਕਾਂ ਨੂੰ ਇਸ ਵਕਤ ਪਾਣੀ ਬਚਾਉਣ ਦੀ ਲੋੜ ਹੈ। ਅਸੀਂ ਇਸ ਦੀ ਥਾਂ ਪਾਣੀ ਦੀ ਬਰਬਾਦੀ ਹੁੰਦੀ ਵੇਖ ਕੇ ਚੁੱਪ ਰਹਿੰਦੇ ਹਾਂ। ਮਹਾਰਾਸ਼ਟਰ ਵਿੱਚ ਇੱਕ ਮੰਤਰੀ ਨੇ ਕਿਤੇ ਜਾਣਾ ਸੀ ਤਾਂ ਉਸ ਦੇ ਹੈਲੀਕਾਪਟਰ ਦੇ ਉੱਤਰਨ ਦੀ ਥਾਂ ਦੇ ਚੁਫੇਰੇ ਘੱਟਾ ਉੱਡਣ ਤੋਂ ਰੋਕਣ ਲਈ ਪਾਣੀ ਦੇ ਇੱਕ ਲੱਖ ਲੀਟਰ ਤੋਂ ਵੱਧ ਬਰਬਾਦ ਕੀਤੇ ਗਏ। ਕਰਨਾਟਕਾ ਦੇ ਮੁੱਖ ਮੰਤਰੀ ਨੇ ਜਿਸ ਖੱਡਿਆਂ ਵਾਲੀ ਸੜਕ ਤੋਂ ਲੰਘਣਾ ਸੀ, ਓਥੇ ਘੱਟਾ ਬਿਠਾਉਣ ਲਈ ਇਸ ਤੋਂ ਵੱਧ ਪਾਣੀ ਦੀ ਬਰਬਾਦੀ ਕਰ ਦਿੱਤੀ। ਲੋਕਾਂ ਲਈ ਪੀਣ ਜੋਗਾ ਪਾਣੀ ਮਿਲੇ ਜਾਂ ਨਾ ਮਿਲੇ, ਕ੍ਰਿਕਟ ਖੇਡ ਨਾਲ ਜੁੜੇ ਹੋਏ ਪੈਸਾ ਗਿਣਨ ਦੇ ਸ਼ੌਕੀਨ ਕਹਿੰਦੇ ਹਨ ਕਿ ਸਾਡੀ ਪਿੱਚ ਲਈ ਪਾਣੀ ਮਿਲਣ ਤੋਂ ਨਹੀਂ ਰੋਕਿਆ ਜਾ ਸਕਦਾ।
ਪਾਣੀ ਬਚਾਉਣ ਦੀ ਕੌਣ ਸੋਚੇਗਾ ਤੇ ਕਿਵੇਂ ਸੋਚੇਗਾ? ਇਹ ਸਵਾਲ ਬਹਿਸ ਵਿੱਚੋਂ ਗੁੰਮ ਹੈ। ਕਪਾਹ, ਝੋਨਾ ਤੇ ਕਮਾਦ ਤਿੰਨ ਫਸਲਾਂ ਸਭ ਤੋਂ ਵੱਧ ਪਾਣੀ ਪੀਂਦੀਆਂ ਹਨ, ਇਨ੍ਹਾਂ ਦਾ ਬਦਲ ਨਹੀਂ ਲੱਭਿਆ ਜਾਂਦਾ। ਧਰਤੀ ਹੇਠਲਾ ਪਾਣੀ ਦਾ ਪੱਧਰ ਡਿੱਗਦਾ ਹੈ ਤਾਂ ਇਸ ਨੂੰ ਰੋਕਣ ਦਾ ਕੋਈ ਯਤਨ ਨਹੀਂ ਹੁੰਦਾ। ਇਸ ਕੰਮ ਨੂੰ ਕੁਝ ਲੋਕ ਆਪਣੇ ਤੌਰ ਉੱਤੇ ਲੱਗੇ ਹੋਏ ਹਨ, ਸਰਕਾਰਾਂ ਇਸ ਤੋਂ ਦੂਰ ਖੜੀਆਂ ਹਨ। ਰਾਜਸਥਾਨ ਦੇ ਰਾਜਿੰਦਰ ਸਿੰਘ ਦਾ ਕੀਤਾ ਕੰਮ ਸੰਸਾਰ ਭਰ ਵਿੱਚ ਚਰਚਿਤ ਹੋਇਆ, ਭਾਰਤ ਦੇ ਲੋਕ ਨਹੀਂ ਜਾਣਦੇ। ਅਲਾਹਾਬਾਦ ਯੂਨੀਵਰਸਿਟੀ ਤੋਂ ਪੜ੍ਹੇ ਹੋਏ ਉਸ ਬੰਦੇ ਨੇ ਆਪਣੇ ਪਿੰਡ ਵਿੱਚ ਬਰਸਾਤ ਦੇ ਪਾਣੀ ਨੂੰ ਇਕੱਠਾ ਕਰਨ ਲਈ ਤਲਾਬ ਬਣਾਉਣ ਤੋਂ ਸ਼ੁਰੂ ਕੀਤਾ ਤੇ ਫਿਰ ਮਾਰੂਥਲ ਦੇ ਰੇਤਲੇ ਟਿੱਬਿਆਂ ਵਿਚਾਲੇ ਰਹਿੰਦੇ ਲੋਕਾਂ ਦੀ ਪਾਣੀ ਦੀ ਘਾਟ ਪੂਰੀ ਕਰਨ ਦਾ ਉਹ ਕ੍ਰਿਸ਼ਮਾ ਕਰ ਦਿੱਤਾ ਕਿ ਉਸ ਨੂੰ 'ਸਟਾਕਹੋਮ ਵਾਟਰ ਪ੍ਰਾਈਜ਼' ਦੇ ਨਾਲ ਨਿਵਾਜਿਆ ਗਿਆ। ਸਵੀਡਨ ਦੀ ਰਾਜਧਾਨੀ ਸਟਾਕਹੋਮ ਨਾਲ ਜੁੜਿਆ ਇਹ ਇਨਾਮ ਸੰਸਾਰ ਭਰ ਵਿੱਚ 'ਪਾਣੀ ਲਈ ਨੋਬਲ ਐਵਾਰਡ' ਵਜੋਂ ਗਿਣਿਆ ਜਾਂਦਾ ਹੈ। ਭਾਰਤੀ ਲੋਕਾਂ ਨੂੰ ਇਸ ਦਾ ਕੋਈ ਪਤਾ ਹੀ ਨਹੀਂ। ਰਾਜਿੰਦਰ ਸਿੰਘ ਤੋਂ ਸੇਧ ਲਈ ਜਾ ਸਕਦੀ ਹੈ, ਪਰ ਕੋਈ ਲੈਣਾ ਵਾਲਾ ਚਾਹੀਦਾ ਹੈ।
ਹੁਣ ਸਾਡੇ ਪੰਜਾਬ ਦੀ ਇੱਕ ਮਿਸਾਲ ਲੈ ਲਈਏ। ਜਲੰਧਰ ਜ਼ਿਲੇ ਦੇ ਪਿੰਡ ਸੰਘੇ ਖਾਲਸਾ ਵਾਲਿਆਂ ਨੇ ਏਦਾਂ ਦਾ ਕੰਮ ਕੀਤਾ ਹੈ। ਉਸ ਪਿੰਡ ਦੇ ਪ੍ਰਵਾਸੀ ਭਾਰਤੀਆਂ ਨੇ ਆਪਣੇ ਪਿੰਡ ਵਿੱਚ ਬਰਸਾਤੀ ਪਾਣੀ ਲਈ ਜ਼ਮੀਨ ਹੇਠਾਂ ਪਾਈਪ ਵਿਛਾਏ ਤੇ ਉਨ੍ਹਾਂ ਨੂੰ ਪਿੰਡ ਦੇ ਪੁਰਾਣੇ ਬੰਦ ਪਏ ਖੇਤੀ ਵਾਲੇ ਖੂਹਾਂ ਨਾਲ ਜੋੜ ਦਿੱਤਾ। ਬਰਸਾਤ ਦੇ ਪਾਣੀ ਨੂੰ ਪਿੰਡ ਦੀ ਜੂਹ ਤੋਂ ਨਹੀਂ ਨਿਕਲਣ ਦੇਂਦੇ ਅਤੇ ਸਾਰਾ ਪਾਣੀ ਧਰਤੀ ਹੇਠਲੇ ਪਾਣੀ ਦਾ ਪੱਧਰ ਸੰਭਾਲਣ ਲਈ ਖੂਹਾਂ ਵਿੱਚ ਸੁੱਟ ਕੇ ਯਤਨ ਆਰੰਭਿਆ ਹੈ। ਇਸ ਯਤਨ ਦਾ ਲਾਭ ਉਸ ਪਿੰਡ ਲਈ ਨਹੀਂ, ਨੀਵਾਣ ਦੇ ਹਿਸਾਬ ਉਸ ਤੋਂ ਅਗਲੇ ਪਿੰਡ ਨੂੰ ਹੋਣਾ ਹੈ, ਪਰ ਉਹ ਇਹ ਸੋਚ ਕੇ ਕਰਦੇ ਹਨ ਕਿ ਇਸ ਨੂੰ ਵੇਖ ਕੇ ਚੜ੍ਹਦੀ ਵਾਲੇ ਪਾਸੇ ਦੇ ਪਿੰਡਾਂ ਦੇ ਲੋਕ ਵੀ ਕਰਨ ਲੱਗਣਗੇ ਤਾਂ ਸਾਡੇ ਪਿੰਡ ਦਾ ਭਲਾ ਵੀ ਕਦੇ ਹੋ ਜਾਵੇਗਾ। ਇਹ ਕੰਮ ਸਾਡੇ ਹਰ ਪਿੰਡ ਵਿੱਚ ਕੀਤਾ ਜਾ ਸਕਦਾ ਹੈ, ਪਰ ਕਰਨ ਦੀ ਪਹਿਲ ਨਹੀਂ ਹੋ ਰਹੀ। ਹਰ ਸਾਲ ਜਦੋਂ ਮੀਂਹ ਪੈਂਦੇ ਹਨ, ਹੜ੍ਹਾਂ ਦੀ ਮਾਰ ਅਸੀਂ ਭੁਗਤ ਲੈਂਦੇ ਹਾਂ, ਮੁਆਵਜ਼ੇ ਲਈ ਧਰਨੇ-ਮੁਜ਼ਾਹਰੇ ਕਰਨ ਨੂੰ ਤਿਆਰ ਹਾਂ, ਪਰ ਰਾਜਸਥਾਨ ਦੇ ਰਾਜਿੰਦਰ ਸਿੰਘ ਜਾਂ ਸੰਘੇ ਖਾਲਸਾ ਦੇ ਲੋਕਾਂ ਵਾਂਗ ਆਪੋ ਆਪਣੇ ਪਿੰਡ ਵਿੱਚ ਕੁਦਰਤ ਦਾ ਤ੍ਰੌਂਕਿਆ ਪਾਣੀ ਸੰਭਾਲਣ ਦਾ ਯਤਨ ਕਦੀ ਨਹੀਂ ਕਰਦੇ।
ਅਸੀਂ ਹਰ ਗੱਲ ਲਈ ਉਸ ਸਰਕਾਰ ਤੋਂ ਝਾਕ ਰੱਖਦੇ ਹਾਂ, ਜਿਸ ਨੂੰ ਆਪਣੇ ਏਜੰਡੇ ਵਿੱਚ ਪੰਜਾਬ ਦੀ ਏਦਾਂ ਦੀ ਕੋਈ ਸੋਚ ਰੱਖਣ ਦਾ ਕਦੇ ਚੇਤਾ ਹੀ ਨਹੀਂ ਆਇਆ। ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਕਿਸੇ ਕਿਹਾ ਸੀ ਕਿ ਪਾਕਿਸਤਾਨ ਨੂੰ ਜਾਂਦਾ ਫਾਲਤੂ ਪਾਣੀ ਰੋਕਣ ਲਈ ਯਤਨ ਕਰੋ। ਕਹਿਣ ਲੱਗਾ ਕਿ ਪਾਣੀ ਦੀ ਢਲਾਣ ਇੱਕ ਕਿਲੋਮੀਟਰ ਪਿੱਛੇ ਮਸਾਂ ਇੱਕ ਫੁੱਟ ਹੈ, ਏਨੀ ਨੀਵਾਣ ਦਾ ਕੋਈ ਲਾਭ ਨਹੀਂ ਹੁੰਦਾ। ਜੇ ਕਰਨਾ ਨਹੀਂ ਤਾਂ ਨਹੀਂ ਹੁੰਦਾ। ਕਿਲੋਮੀਟਰਾਂ ਨੂੰ ਮਾਪਦੇ ਤਾਂ ਪਤਾ ਲੱਗਦਾ ਕਿ ਸਾਡੀਆਂ ਨਹਿਰਾਂ ਦੀ ਢਲਾਣ ਵੀ ਏਨੀ ਹੈ, ਪਰ ਉਨ੍ਹਾਂ ਉੱਤੇ ਕਈ ਥਾਂ ਪਾਣੀ ਰੋਕ ਕੇ ਪੰਜਾਬ ਵਿੱਚ ਵੀ ਮਿੰਨੀ ਪਣ-ਬਿਜਲੀ ਘਰ ਬਣਾਏ ਗਏ ਹਨ। ਮਾਧੋਪੁਰ ਤੋਂ ਤੁਰ ਕੇ ਨਿਠਾਰ ਕੋਲੋਂ ਪਾਕਿਸਤਾਨ ਵਿੱਚ ਵੜਨ ਤੱਕ ਰਾਵੀ ਦਰਿਆ ਚਾਲੀ ਕਿਲੋਮੀਟਰ ਪੈਂਡਾ ਪੰਜਾਬ ਵਿੱਚ ਕਰਦਾ ਹੈ ਤੇ ਇਸ ਹਿਸਾਬ ਨਾਲ ਚਾਲੀ ਫੁੱਟ ਬਣ ਜਾਂਦੇ ਹਨ। ਉਸ ਨੂੰ ਰੋਕ ਕੇ ਕਿਸੇ ਤਰ੍ਹਾਂ ਵਰਤਿਆ ਜਾ ਸਕਦਾ ਹੈ, ਪਰ ਵਰਤਣ ਦਾ ਇਰਾਦਾ ਹੀ ਨਹੀਂ ਹੈ।
ਮਿਸਰ ਦੀ ਇੱਕ ਲੋਕ-ਕਥਾ ਹੈ। ਓਥੋਂ ਦੇ ਰਾਜੇ ਨੂੰ ਇੱਕੋ ਸੁਫਨਾ ਮੁੜ-ਮੁੜ ਆਉਂਦਾ ਸੀ ਕਿ ਨੀਲ ਦਰਿਆ ਵਿੱਚੋਂ ਗਾਂਵਾਂ ਨਿਕਲਦੀਆਂ ਤੇ ਬਾਹਰ ਆ ਕੇ ਮਰ ਜਾਂਦੀਆਂ ਹਨ। ਪਹਿਲਾਂ ਉਹ ਜੋਤਸ਼ੀਆਂ ਨੂੰ ਇਸ ਬਾਰੇ ਪੁੱਛਦਾ ਅਤੇ ਟੂਣੇ-ਟਾਮਣ ਕਰਦਾ ਰਿਹਾ। ਸੁਫਨਾ ਫਿਰ ਵੀ ਬੰਦ ਨਾ ਹੋਇਆ ਤਾਂ ਬੁੱਧੀਜੀਵੀਆਂ ਲਈ ਸੱਦਾ ਕੱਢ ਦਿੱਤਾ। ਬਾਕੀ ਸਭ ਤਾਂ ਚਲੰਤ ਗੱਲਾਂ ਕਰ ਕੇ ਮੁੜ ਆਏ, ਇੱਕ ਜਣੇ ਨੇ ਕਾਫੀ ਸੋਚ ਕੇ ਕਿਹਾ: 'ਤੁਸੀ ਆਪਣੇ ਦੇਸ਼ ਦੀ ਜਨਤਾ ਦੇ ਭਲੇ ਬਾਰੇ ਸੋਚਦੇ ਹੋ, ਪਿਛਲੇ ਸਾਲਾਂ ਤੋਂ ਨੀਲ ਦਰਿਆ ਦਾ ਪਾਣੀ ਘਟਦਾ ਮੈਂ ਵੀ ਵੇਖਿਆ ਹੈ, ਤੁਹਾਨੂੰ ਇਹ ਫਿਕਰ ਹੈ ਕਿ ਇਹ ਦਰਿਆ ਹੌਲੀ-ਹੌਲੀ ਜੇ ਕਿਸੇ ਦਿਨ ਸੁੱਕ ਗਿਆ ਤਾਂ ਮੇਰੇ ਦੇਸ਼ ਦੀ ਜਨਤਾ ਮਰ ਜਾਵੇਗੀ। ਦਰਿਆ ਦੇ ਸੁੱਕਣ ਨੂੰ ਰੋਕਣ ਦੇ ਉਪਾਅ ਕਰਨੇ ਸ਼ੁਰੂ ਕਰੋਗੇ ਤਾਂ ਇਹ ਡਰਾਉਣਾ ਸੁਫਨਾ ਕਦੀ ਨਹੀਂ ਆਵੇਗਾ।' ਰਾਜੇ ਨੇ ਅਗਲੇ ਦਿਨ ਤੋਂ ਉਸ ਦੇ ਸੁਝਾਅ ਉੱਤੇ ਅਮਲ ਕੀਤਾ ਤਾਂ ਉਸ ਦੇ ਸੁਫਨਿਆਂ ਦੀ ਧਾਰਾ ਆਪਣੇ-ਆਪ ਬਦਲ ਗਈ ਸੀ।
ਕਈ ਲੋਕ ਸੋਚਣਗੇ ਕਿ ਪੰਜਾਬ ਤੇ ਭਾਰਤ ਦੇ ਹਾਕਮਾਂ ਨੂੰ ਇਹ ਸੁਫਨਾ ਕਦੋਂ ਆਵੇਗਾ? ਇਹ ਸੁਫਨੇ ਜਾਗਦੀ ਜ਼ਮੀਰ ਵਾਲਿਆਂ ਨੂੰ ਆਉਂਦੇ ਹਨ, ਭਾਰਤ ਦੇ ਲੀਡਰਾਂ ਨੂੰ ਏਦਾਂ ਦਾ ਸੁਫਨਾ ਅਜੇ ਨਹੀਂ ਆਉਣਾ!

24 April 2016

ਮਜਬੂਰੀ ਅਤੇ ਮਾਨਸਿਕਤਾ ਕਾਰਨ ਅੰਬੇਡਕਰ ਤੇ ਦਰੋਣਾਚਾਰੀਆ ਦੇ ਵਿਚਾਲੇ ਭਟਕ ਰਹੀ ਭਾਜਪਾ - ਜਤਿੰਦਰ ਪਨੂੰ

ਪਿਛਲੇ ਦਿਨੀਂ ਸਮਾਜ ਸੇਵੀ ਸਵਾਮੀ ਅਗਨੀਵੇਸ਼ ਪੰਜਾਬ ਆਏ ਸਨ। ਉਨ੍ਹਾਂ ਬਾਰੇ ਅਸੀਂ ਕਦੇ ਉਲਾਰ ਹੋਣ ਦੀ ਗਲਤੀ ਨਹੀਂ ਕੀਤੀ ਤੇ ਜਦੋਂ ਕਦੀ ਉਨ੍ਹਾਂ ਨੇ ਕੋਈ ਕੁਚੱਜ ਕੀਤਾ ਹੈ, ਉਸ ਦਾ ਨੋਟਿਸ ਵੀ ਲੈਣ ਤੋਂ ਉੱਕਦੇ ਨਹੀ, ਪਰ ਜਦੋਂ ਕਦੀ ਉਹ ਕੋਈ ਚੱਜ ਦੀ ਗੱਲ ਕਹਿੰਦੇ ਹਨ, ਉਸ ਨੂੰ ਨੋਟ ਕਰਨੋਂ ਵੀ ਕੋਤਾਹੀ ਨਹੀਂ ਕੀਤੀ। ਇਸ ਵਾਰ ਪੰਜਾਬ ਦੇ ਗੇੜੇ ਲਈ ਆਏ ਹੋਏ ਸਵਾਮੀ ਅਗਨੀਵੇਸ਼ ਨੇ ਭਾਜਪਾ ਨੂੰ ਸਵਾਲ ਕੀਤਾ ਹੈ ਕਿ ਉਹ ਭਾਰਤ ਦੇ ਇਤਿਹਾਸ ਦੀਆਂ ਨੇਕ ਰਿਵਾਇਤਾਂ ਉੱਤੇ ਆਪਣਾ ਹੱਕ ਦੱਸਦੀ ਹੈ, ਸ਼ਹੀਦ ਭਗਤ ਸਿੰਘ ਨੂੰ ਵੀ ਆਪਣਾ ਬਣਾ ਤੁਰੀ ਹੈ, ਏਨੀ ਗੱਲ ਦੱਸ ਦੇਵੇ ਕਿ ਆਜ਼ਾਦੀ ਲਹਿਰ ਵੇਲੇ ਉਸ ਦਾ ਆਪਣਾ ਕੌਣ ਆਗੂ ਫਾਂਸੀ ਲੱਗਾ ਸੀ? ਬੜੇ ਵੱਡਾ ਕਿੰਤੂ ਵਾਲਾ ਇਹੋ ਸਵਾਲ ਕੁਝ ਦਿਨ ਪਹਿਲਾਂ ਆਮ ਆਦਮੀ ਪਾਰਟੀ ਦੇ ਆਗੂ ਤੇ ਸਾਬਕਾ ਪੱਤਰਕਾਰ ਆਸ਼ੂਤੋਸ਼ ਨੇ ਇੱਕ ਅਖਬਾਰੀ ਲੇਖ ਵਿੱਚ ਉਛਾਲਿਆ ਸੀ ਕਿ ਸ਼ਹੀਦ ਭਗਤ ਸਿੰਘ ਨੂੰ ਭਾਜਪਾ ਆਪਣਾ ਬਣਾਉਣ ਤੁਰ ਪਈ ਹੈ, ਇਹ ਵੀ ਦੱਸ ਦੇਵੇ ਕਿ ਇੱਕ ਵੀ ਗੱਲ ਉਹ ਕਿਹੜੀ ਹੈ, ਜਿਹੜੀ ਭਾਜਪਾ ਦੀ ਭਗਤ ਸਿੰਘ ਨਾਲ ਮਿਲਦੀ ਹੈ? ਉਸ ਨੇ ਇਤਿਹਾਸ ਦੇ ਪੰਨੇ ਖੋਲ੍ਹ ਕੇ ਸਪੱਸ਼ਟ ਕੀਤਾ ਸੀ ਕਿ ਭਗਤ ਸਿੰਘ ਤਾਂ ਕਮਿਊਨਿਸਟ ਵਿਚਾਰਧਾਰਾ ਨਾਲ ਜੁੜਿਆ ਹੋਇਆ ਇਨਕਲਾਬੀ ਸੀ ਤੇ ਉਸ ਦੇ ਸੰਗਰਾਮ ਸਾਥੀ ਵੀ ਕਿਸੇ ਇੱਕ ਧਰਮ ਦੀ ਰਾਜਨੀਤੀ ਦੇ ਖਿਲਾਫ ਸਨ। ਭਾਜਪਾ ਇਸ ਤੋਂ ਉਲਟ ਜਗ੍ਹਾ ਖੜੀ ਹੈ। ਕਿਸੇ ਪੈਂਤੜੇ ਕਾਰਨ ਵੀ ਉਹ ਭਗਤ ਸਿੰਘ ਤੇ ਉਸ ਦੇ ਸਾਥੀਆਂ ਦੇ ਨਾਲ ਖੜੇ ਹੋਣ ਜੋਗੀ ਨਹੀਂ।
ਇਤਿਹਾਸ ਦੱਸਦਾ ਹੈ ਕਿ ਭਗਤ ਸਿੰਘ, ਰਾਜਗੁਰੂ, ਸੁਖਦੇਵ ਨੂੰ ਜਦੋਂ ਅਦਾਲਤ ਵਿੱਚ ਪੇਸ਼ ਕੀਤਾ ਜਾਂਦਾ ਸੀ ਤਾਂ ਉਹ 'ਇਨਕਲਾਬ ਜ਼ਿੰਦਾਬਾਦ, ਪ੍ਰੋਲੇਤਾਰੀ ਜ਼ਿੰਦਾਬਾਦ' ਦੇ ਨਾਅਰੇ ਲਾਉਂਦੇ ਹੁੰਦੇ ਸਨ। 'ਪ੍ਰੋਲੇਤਾਰੀ' ਦਾ ਅਰਥ ਉਹ ਕਿਰਤੀ ਹੁੰਦਾ ਹੈ, ਜਿਸ ਦੇ ਪੱਲੇ ਕ੍ਰਿਤ ਦੇ ਸੰਦ ਵੀ ਆਪਣੇ ਨਹੀਂ ਹੁੰਦੇ ਤੇ ਇਹ ਨਾਅਰਾ ਸੰਸਾਰ ਭਰ ਵਿੱਚ ਲਾਲ ਝੰਡੇ ਵਾਲੇ ਲੋਕਾਂ ਦੇ ਮੁਜ਼ਾਹਰਿਆਂ ਵਿੱਚ ਗੂੰਜਦਾ ਹੈ, ਹੋਰ ਕਿਸੇ ਥਾਂ ਨਹੀਂ ਲੱਗਦਾ। ਭਗਤ ਸਿੰਘ ਤੇ ਉਸ ਦੇ ਸਾਥੀਆਂ ਵੱਲੋਂ ਅਦਾਲਤੀ ਕਾਰਵਾਈ ਵੇਲੇ ਪੰਜ ਮੌਕਿਆਂ ਉੱਤੇ ਵੱਖਰੇ ਜੋਸ਼ ਦਾ ਮੁਜ਼ਾਹਰਾ ਕੀਤਾ ਗਿਆ, ਜਿਨ੍ਹਾਂ ਵਿੱਚ ਕਾਕੋਰੀ ਕਾਂਡ, ਲੈਨਿਨ ਦਾ ਜਨਮ ਦਿਨ, ਕਿਰਤੀ ਲਹਿਰ ਦਾ 'ਮਈ ਦਿਵਸ', ਲਾਲਾ ਲਾਜਪਤ ਰਾਏ ਦਿਵਸ ਤੇ ਪੰਜਵਾਂ ਮੌਕਾ ਜੈਨੇਵਾ ਵਿੱਚ ਸ਼ਿਆਮਜੀ ਕ੍ਰਿਸ਼ਨ ਵਰਮਾ ਦੀ ਸ਼ਹੀਦੀ ਦਾ ਦਿਨ ਸੀ। ਲੈਨਿਨ ਦਾ ਜਨਮ ਦਿਨ ਤੇ ਮਈ ਦਿਨ ਮਨਾਉਣ ਵਾਲਾ ਭਗਤ ਸਿੰਘ ਕਦੇ ਵੀ ਭਾਜਪਾ ਵਾਲਿਆਂ ਦਾ ਮਾਰਗ-ਦਰਸ਼ਕ ਨਹੀਂ ਮੰਨਿਆ ਜਾ ਸਕਦਾ।
ਫਿਰ ਵੀ ਭਾਜਪਾ ਲੀਡਰਸ਼ਿਪ ਨੂੰ ਭਗਤ ਸਿੰਘ ਚਾਹੀਦਾ ਹੈ ਤੇ ਓਦਾਂ ਹੀ ਚਾਹੀਦਾ ਹੈ, ਜਿਵੇਂ ਮਹਾਤਮਾ ਗਾਂਧੀ ਦੇ ਕਾਤਲ ਨਾਥੂ ਰਾਮ ਗੌਡਸੇ ਨੂੰ ਪੰਜਾਹ ਸਾਲ ਵਡਿਆਉਣ ਪਿੱਛੋਂ ਗਾਂਧੀ ਨੂੰ ਆਪਣਾ ਬਾਪੂ ਮੰਨਣ ਤੇ ਬਾਪੂ ਦੇ ਕਤਲ ਪਿੱਛੋਂ ਆਰ ਐੱਸ ਐੱਸ ਉੱਤੇ ਪਾਬੰਦੀ ਲਾਉਣ ਵਾਲੇ ਸਰਦਾਰ ਵੱਲਭ ਭਾਈ ਪਟੇਲ ਨੂੰ ਚੁੱਕ ਤੁਰੀ ਹੈ। ਇਤਿਹਾਸ ਬੜਾ ਸਪੱਸ਼ਟ ਹੈ ਕਿ ਵੱਲਭ ਭਾਈ ਪਟੇਲ ਦਾ ਭਾਜਪਾਈ ਸੋਚਣੀ ਨਾਲ ਕੋਈ ਸੰਬੰਧ ਨਹੀਂ ਸੀ। ਮਹਾਰਾਸ਼ਟਰ ਵਿੱਚ ਜਦੋਂ ਪਹਿਲੀ ਵਾਰ ਸ਼ਿਵ ਸੈਨਾ ਅਤੇ ਭਾਜਪਾ ਦੀ ਸਾਂਝੀ ਸਰਕਾਰ ਬਣੀ ਤਾਂ ਗਾਂਧੀ ਕਤਲ ਕੇਸ ਵਿੱਚ ਫਾਂਸੀ ਲੱਗੇ ਨਾਥੂ ਰਾਮ ਗੌਡਸੇ ਦੇ ਉਮਰ ਕੈਦ ਕੱਟ ਚੁੱਕੇ ਭਰਾ ਗੋਪਾਲ ਗੌਡਸੇ ਦਾ ਜਨਤਕ ਸਨਮਾਨ ਕੀਤਾ ਗਿਆ ਸੀ। ਗਾਂਧੀ ਦੀ ਲੋੜ ਉਨ੍ਹਾਂ ਨੂੰ ਓਦੋਂ ਪਈ ਸੀ, ਜਦੋਂ ਗੁਜਰਾਤ ਵਿੱਚ ਆਪਣੇ ਪਾਪਾਂ ਨਾਲ ਬਦਨਾਮ ਹੋ ਚੁੱਕੀ ਕਾਂਗਰਸ ਪਾਰਟੀ ਨੂੰ ਜੜ੍ਹਾਂ ਤੋਂ ਕੱਢਣ ਲਈ ਓਥੋਂ ਦੇ ਲੋਕਾਂ ਵਿੱਚ ਬਣੇ ਹੋਏ ਮਹਾਤਮਾ ਗਾਂਧੀ ਦੇ ਅਕਸ ਦਾ ਲਾਭ ਲੈਣਾ ਸੀ।
ਇਸ ਹਫਤੇ ਭਾਜਪਾ ਨੇ ਇਹੋ ਜਿਹੇ ਦੋ ਕਦਮ ਹੋਰ ਅੱਗੜ-ਪਿੱਛੜ ਚੁੱਕੇ ਹਨ, ਜਿਹੜੇ ਇਸ ਦੀ ਮਾਨਸਿਕਤਾ ਵੀ ਜ਼ਾਹਰ ਕਰਦੇ ਹਨ ਤੇ ਮਜਬੂਰੀ ਵੀ। ਇੱਕ ਪਾਸੇ ਡਾਕਟਰ ਭੀਮ ਰਾਓ ਅੰਬੇਡਕਰ ਨੂੰ ਸਤਿਕਾਰ ਦੇਣ ਦਾ ਵਿਖਾਵਾ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਇਹ ਕਿਹਾ ਹੈ ਕਿ ਅੰਬੇਡਕਰ ਨੂੰ ਬਣਦਾ ਥਾਂ ਨਹੀਂ ਦਿੱਤਾ ਗਿਆ ਅਤੇ ਅਸੀਂ ਦੇਵਾਂਗੇ। ਦੂਸਰੇ ਪਾਸੇ ਇਸੇ ਹਫਤੇ ਦੌਰਾਨ ਹਰਿਆਣੇ ਦੀ ਭਾਜਪਾ ਸਰਕਾਰ, ਜਿਸ ਦੀ ਅਗਵਾਈ ਇੱਕ ਸੋਇਮ ਸੇਵਕ ਦੇ ਹੱਥ ਹੈ, ਨੇ ਇਹ ਫੈਸਲਾ ਕਰ ਦਿੱਤਾ ਹੈ ਕਿ ਗੁੜਗਾਉਂ ਸ਼ਹਿਰ ਦਾ ਨਵਾਂ ਨਾਂਅ 'ਗੁਰੂ ਗ੍ਰਾਮ' ਹੋਵੇਗਾ। ਡਾਕਟਰ ਅੰਬੇਡਕਰ ਨੂੰ ਸਤਿਕਾਰ ਦੇਣਾ ਰਾਜਨੀਤਕ ਮਜਬੂਰੀ ਹੈ ਤੇ 'ਗੁਰੂ ਗ੍ਰਾਮ' ਭਾਜਪਾ ਦੀ ਮਾਨਸਿਕਤਾ ਨੂੰ ਜ਼ਾਹਰ ਕਰਦਾ ਹੈ।
ਪਹਿਲੀ ਗੱਲ ਇਹ ਕਿ ਡਾਕਟਰ ਅੰਬੇਡਕਰ ਉਨ੍ਹਾਂ ਦਲਿਤਾਂ ਦੇ ਮਸੀਹਾ ਕਹਾਉਂਦੇ ਸਨ, ਜਿਨ੍ਹਾਂ ਦਾ ਭਾਜਪਾ ਨੂੰ ਕੋਈ ਦਰਦ ਨਹੀਂ। ਅੰਬੇਡਕਰ ਨੇ ਸੰਵਿਧਾਨ ਵਿੱਚ ਇਹ ਵੀ ਲਿਖਣਾ ਚਾਹਿਆ ਸੀ ਕਿ ਔਰਤ ਨੂੰ ਮਰਦ ਦੇ ਬਰਾਬਰੀ ਵਾਲੇ ਹੱਕ ਹੋਣਗੇ, ਪਰ ਭਾਜਪਾ ਲੀਡਰਸ਼ਿਪ ਅੱਜ ਤੱਕ ਕਈ ਥਾਂਈਂ ਮੰਦਰਾਂ ਵਿੱਚ ਔਰਤਾਂ ਦੇ ਜਾਣ ਦਾ ਵਿਰੋਧ ਕਰਦੇ ਲੋਕਾਂ ਨਾਲ ਓਦੋਂ ਤੱਕ ਖੜੀ ਰਹਿੰਦੀ ਹੈ, ਜਦੋਂ ਤੱਕ ਅਦਾਲਤਾਂ ਸਖਤੀ ਨਹੀਂ ਕਰਦੀਆਂ। ਹੈਦਰਾਬਾਦ ਯੂਨੀਵਰਸਿਟੀ ਦੇ ਰੋਹਿਤ ਵੇਮੁਲਾ ਦੇ ਦਲਿਤ ਹੋਣ ਦਾ ਰਿਜ਼ਰਵੇਸ਼ਨ ਦਾ ਹੱਕ ਤਾਂ ਕੀ ਮੰਨਣਾ ਸੀ, ਉਸ ਨੂੰ ਯੋਗਤਾ ਨਾਲ ਬਾਕੀਆਂ ਤੋਂ ਅੱਗੇ ਲੰਘਦਾ ਵੇਖ ਕੇ ਵੀ ਜਰਿਆ ਨਹੀਂ ਗਿਆ ਤੇ ਭਾਜਪਾ ਦੀ ਵਿਦਿਆਰਥੀ ਜਥੇਬੰਦੀ ਤੇ ਦੋ ਕੇਂਦਰੀ ਮੰਤਰੀਆਂ ਨੇ ਏਦਾਂ ਦੇ ਹਾਲਾਤ ਪੈਦਾ ਕੀਤੇ ਕਿ ਉਹ ਖੁਦਕੁਸ਼ੀ ਕਰ ਗਿਆ। ਹੁਣ ਉਸ ਦਾ ਭਰਾ ਅਤੇ ਮਾਂ ਹਿੰਦੂ ਧਰਮ ਛੱਡ ਕੇ ਓਦਾਂ ਹੀ ਬੁੱਧ ਧਰਮ ਵਿੱਚ ਚਲੇ ਗਏ ਹਨ, ਜਿਵੇਂ ਕਦੇ ਡਾਕਟਰ ਅੰਬੇਡਕਰ ਨੇ ਕੀਤਾ ਸੀ। ਭਾਜਪਾ ਨੇ ਮਾਂ-ਪੁੱਤਰ ਦੇ ਬੁੱਧ ਧਰਮ ਵਿੱਚ ਜਾਣ ਦਾ ਵਿਰੋਧ ਕਰਨ ਦੀ ਥਾਂ ਇਹ ਕਿਹਾ ਹੈ ਕਿ 'ਧਰਮ ਬਦਲਣਾ ਕਿਸੇ ਦਾ ਨਿੱਜੀ ਮਾਮਲਾ ਹੈ', ਪਰ ਇਹ ਉਨ੍ਹਾਂ ਲੋਕਾਂ ਦਾ ਵੀ ਨਿੱਜੀ ਮਾਮਲਾ ਸੀ, ਜਿਹੜੇ ਪਿਛਲੇ ਸਾਲਾਂ ਵਿੱਚ ਮੁਸਲਿਮ ਬਣਦੇ ਵੇਖ ਕੇ ਭਾਜਪਾ ਦੇ ਛੋਟੇ-ਵੱਡੇ ਸਾਰੇ ਆਗੂ ਤੜਫੀ ਜਾਂਦੇ ਸਨ। ਅਸਲ ਵਿੱਚ ਨਿੱਜੀ ਮਸਲਾ ਕਹਿ ਕੇ ਭਾਜਪਾ ਦੇ ਆਗੂ ਸ਼ਰਮਿੰਦਗੀ ਲੁਕਾਉਣਾ ਚਾਹੁੰਦੇ ਹਨ, ਕਿਉਂਕਿ ਇਸ ਧਰਮ ਪਰਿਵਰਤਨ ਦੀ ਦੀਕਸ਼ਾ ਓਸੇ ਡਾਕਟਰ ਅੰਬੇਡਕਰ ਦੇ ਪੋਤੇ ਪ੍ਰਕਾਸ਼ ਅੰਬੇਡਕਰ ਨੇ ਦਿੱਤੀ ਹੈ, ਜਿਸ ਅੰਬੇਡਕਰ ਨੂੰ ਉਹ ਚੁੱਕਣਾ ਚਾਹੁੰਦੇ ਹਨ। ਇਹ ਹਾਲਾਤ ਭਾਜਪਾ ਨੇ ਆਪ ਪੈਦਾ ਕੀਤੇ ਹੋਏ ਹਨ। ਦਲਿਤਾਂ ਦਾ ਅਪਮਾਨ ਕਰ ਕੇ ਭਾਜਪਾ ਜਦੋਂ ਅੰਬੇਡਕਰ ਦਾ ਸਨਮਾਨ ਕਰਦੀ ਹੈ ਤਾਂ ਇਹ ਰਾਜਨੀਤਕ ਮਜਬੂਰੀ ਹੈ।
ਅਸਲੀ ਮਾਨਸਿਕਤਾ ਉਹ ਹੈ, ਜਿਹੜੀ ਹਰਿਆਣਾ ਵਿੱਚ ਆਰ ਐੱਸ ਐੱਸ ਦੇ ਸੋਇਮ ਸੇਵਕ ਮੁੱਖ ਮੰਤਰੀ ਨੇ ਜ਼ਾਹਰ ਕੀਤੀ ਹੈ। ਉਸ ਨੇ ਪਹਿਲਾਂ ਸ਼ਹੀਦੇ-ਆਜ਼ਮ ਭਗਤ ਸਿੰਘ ਦੀ ਬਜਾਏ ਚੰਡੀਗੜ੍ਹ ਹਵਾਈ ਅੱਡੇ ਦਾ ਨਾਂਅ ਓਥੋਂ ਦੇ ਸਾਬਕਾ ਡਿਪਟੀ ਮੁੱਖ ਮੰਤਰੀ ਅਤੇ ਆਰ ਐੱਸ ਐੱਸ ਵਰਕਰ ਰਹਿ ਚੁੱਕੇ ਮੰਗਲ ਸੈਨ ਦੇ ਨਾਂਅ ਉੱਤੇ ਰੱਖਣ ਦੀ ਬੜੀ ਦੇਰ ਤੱਕ ਜ਼ਿੱਦ ਕਰੀ ਛੱਡੀ। ਪਿਛਲੀ ਸਰਕਾਰ ਵੱਲੋਂ ਪਾਸ ਕੀਤਾ ਗਿਆ ਸ਼ਹੀਦ ਭਗਤ ਸਿੰਘ ਦਾ ਨਾਂਅ ਇਸ ਭਾਜਪਾ ਮੁੱਖ ਮੰਤਰੀ ਨੂੰ ਪਸੰਦ ਨਾ ਆਉਣਾ ਇਸ ਮਾਨਸਿਕਤਾ ਦਾ ਪਹਿਲਾ ਪ੍ਰਗਟਾਵਾ ਸੀ। ਦੂਸਰਾ ਹੁਣ ਗੁੜਗਾਉਂ ਦਾ ਨਾਂਅ ਬਦਲ ਕੇ 'ਗੁਰੂ ਗ੍ਰਾਮ' ਕਰਨ ਨਾਲ ਪੇਸ਼ ਹੋ ਗਿਆ ਹੈ। ਭਾਜਪਾ ਦੀ ਦਲੀਲ ਹੈ ਕਿ ਗੁਰੂ ਦਰੋਣਾਚਾਰੀਆ ਦਾ ਆਸ਼ਰਮ ਏਥੇ ਹੁੰਦਾ ਸੀ, ਜਿਸ ਵਿੱਚ ਕੌਰਵਾਂ ਤੇ ਪਾਂਡਵਾਂ ਨੂੰ ਸਿੱਖਿਆ ਦਿੱਤੀ ਜਾਂਦੀ ਸੀ। ਮਹਾਂਭਾਰਤ ਤੇ ਰਾਮਾਇਣ ਦੇ ਨਾਲ ਜੁੜਦੇ ਬਹੁਤ ਸਾਰੇ ਪ੍ਰਤੀਕਾਂ ਨੂੰ ਭਾਜਪਾ ਅਤੇ ਆਰ ਐੱਸ ਐੱਸ ਵੱਲੋਂ ਚੁੱਕ ਕੇ ਵਡਿਆਇਆ ਜਾਂਦਾ ਹੈ ਤੇ ਹੁਣ ਗੁਰੂ ਦਰੋਣਾਚਾਰੀਆ ਦੀ ਮਹਿਮਾ ਗਾਉਣ ਵਾਸਤੇ ਸ਼ਹਿਰ ਦਾ ਨਾਂਅ ਗੁੜਗਾਉਂ ਤੋਂ ਬਦਲ ਕੇ 'ਗੁਰੂ ਗ੍ਰਾਮ' ਕਰਨਾ ਵੀ ਓਸੇ ਮਾਨਸਿਕਤਾ ਦਾ ਹਿੱਸਾ ਹੈ। ਇਹ ਕਦਮ ਹਿੰਦੂਤੱਵ ਦੀ ਰਾਜਨੀਤੀ ਦੇ ਚੌਖਟੇ ਵਿੱਚ ਫਿੱਟ ਬੈਠਦਾ ਹੈ।
ਹਿੰਦੂਤੱਵ ਦੀ ਰਾਜਨੀਤੀ ਦੇ ਚੌਖਟੇ ਵਿੱਚ ਫਿੱਟ ਬੈਠਦਾ 'ਗੁਰੂ ਗ੍ਰਾਮ' ਵਾਲਾ ਕੰਮ ਵੀ ਉਸ ਹਫਤੇ ਵਿੱਚ ਕੀਤਾ ਗਿਆ ਹੈ, ਜਿਸ ਹਫਤੇ ਵਿੱਚ ਦਲਿਤਾਂ ਦੇ ਮਸੀਹਾ ਕਹੇ ਜਾਂਦੇ ਡਾਕਟਰ ਅੰਬੇਡਕਰ ਦਾ ਦਿਨ ਸੀ। ਗੁੜਗਾਉਂ ਦੇ ਲੋਕ ਇਸ ਸ਼ਹਿਰ ਨੂੰ ਜਦੋਂ ਗੁਰੂ ਦਰੋਣਾਚਾਰੀਆ ਦਾ ਨਾਂਅ ਉੱਤੇ 'ਗੁਰੂ ਗ੍ਰਾਮ' ਕਹਿਣਗੇ ਤਾਂ ਸਿਰਫ ਦਰੋਣਾਚਾਰੀਆ ਯਾਦ ਨਹੀਂ ਆਉਣਾ, ਉਸ ਦੇ ਨਾਲ ਏਕਲਵਿਆ ਨਾਂਅ ਦਾ ਦਲਿਤ ਵੀ ਯਾਦ ਆਇਆ ਕਰੇਗਾ। ਦਲਿਤ ਬੱਚਾ ਏਕਲਵਿਆ ਵੀ ਦਰੋਣਾਚਾਰੀਆ ਨੂੰ ਤਰਲਾ ਮਾਰਨ ਗਿਆ ਸੀ ਕਿ ਉਸ ਨੂੰ ਕੁਝ ਸਿਖਾ ਦਿੱਤਾ ਕਰੇ, ਪਰ ਦਰੋਣਾਚਾਰੀਆ ਨੇ ਦਲਿਤ ਹੋਣ ਕਾਰਨ ਭਜਾ ਦਿੱਤਾ ਸੀ। ਜਦੋਂ ਕੌਰਵਾਂ ਤੇ ਪਾਂਡਵਾਂ ਨੂੰ ਪੜ੍ਹਾ ਕੇ ਦਰੋਣਾਚਾਰੀਆ ਤੁਰ ਗਿਆ, ਏਕਲਵਿਆ ਉਸ ਦੇ ਪੈਰਾਂ ਦੇ ਨਿਸ਼ਾਨ ਵਾਲੀ ਮਿੱਟੀ ਦਾ ਦਰੋਣਾਚਾਰੀਆ ਬਣਾ ਕੇ ਉਸ ਨੂੰ ਗੁਰੂ ਮੰਨ ਕੇ ਕਿਸੇ ਲੁਕਵੇਂ ਥਾਂ ਖੜੋ ਕੇ ਉਸ ਨੂੰ ਟਰੇਨਿੰਗ ਦੇਂਦੇ ਨੂੰ ਰੋਜ਼ ਵੇਖ ਕੇ ਆਪਣੇ-ਆਪ ਸਿੱਖਦਾ ਰਿਹਾ ਸੀ। ਇੱਕ ਦਿਨ ਅਰਜਨ ਵਾਲੀ ਕਮਾਲ ਨਾਲ ਲਾਏ ਗਏ ਉਸ ਦੇ ਨਿਸ਼ਾਨੇ ਨੂੰ ਵੇਖ ਕੇ ਜਦੋਂ ਦਰੋਣਾਚਾਰੀਆ ਨੇ ਪੁੱਛਿਆ ਕਿ ਉਸ ਦਾ ਗੁਰੂ ਕੌਣ ਹੈ ਤਾਂ ਉਸ ਨੇ ਦੱਸਿਆ ਕਿ ਬਾਹਰ ਬੈਠਾ ਵੀ ਉਹ ਦਰੋਣਾਚਾਰੀਆ ਨੂੰ ਗੁਰੂ ਮੰਨ ਕੇ ਸਿੱਖਦਾ ਰਿਹਾ ਸੀ। ਦਰੋਣਾਚਾਰੀਆ ਨੇ ਉਸ ਗਰੀਬ ਨੂੰ ਗੁਰੂ-ਦਕਸ਼ਿਣਾ ਦੇਣ ਨੂੰ ਕਿਹਾ। ਗਰੀਬ ਬੱਚੇ ਨੇ ਪੁੱਛਿਆ ਕਿ ਕੀ ਦੇਵਾਂ, ਤਾਂ ਦਰੋਣਾਚਾਰੀਆ ਨੇ ਗੁਰੂ-ਦਕਸ਼ਿਣਾ ਵਿੱਚ ਉਸ ਦਾ ਅੰਗੂਠਾ ਮੰਗ ਲਿਆ ਸੀ ਅਤੇ ਉਸ ਨੇ ਵੱਢ ਕੇ ਫੜਾ ਦਿੱਤਾ। ਏਕਲਵਿਆ ਤਾਂ ਸੇਵਕ ਦੇ ਸਿਦਕ ਉੱਤੇ ਪੂਰਾ ਉੱਤਰਿਆ, ਪਰ ਗੁਰੂ ਦਰੋਣਾਚਾਰੀਆ ਨੇ ਗਰੀਬ ਬੱਚੇ ਨੂੰ ਤੀਰ ਚਲਾਉਣ ਤੋਂ ਵਾਂਝਾ ਕਰਨ ਦੀ ਬਦਨੀਤੀ ਨਾਲ ਉਸ ਦਾ ਅੰਗੂਠਾ ਮੰਗ ਕੇ ਗੁਰੂ-ਪ੍ਰੰਪਰਾ ਵੀ ਕਲੰਕਤ ਕਰ ਦਿੱਤੀ। ਡਾਕਟਰ ਅੰਬੇਡਕਰ ਦੇ ਸਤਿਕਾਰ ਦਾ ਪਾਠ ਪੜ੍ਹਾਉਣ ਪਿੱਛੋਂ ਓਸੇ ਹਫਤੇ ਵਿੱਚ ਦਲਿਤਾਂ ਨਾਲ ਜ਼ਿਆਦਤੀ ਦੇ ਮੁੱਢਲੇ ਪ੍ਰਤੀਕ ਕਹੇ ਜਾ ਸਕਦੇ ਗੁਰੂ ਦਰੋਣਾਚਾਰੀਆ ਦੀ ਏਨੀ ਵਡਿਆਈ ਕਰ ਕੇ ਭਾਜਪਾ ਨੇ ਦੱਸ ਦਿੱਤਾ ਹੈ ਕਿ ਉਸ ਲਈ ਦਰੋਣਾਚਾਰੀਆ ਅਤੇ ਅਰਜਨ ਹੋਰ ਹਨ ਤੇ ਏਕਲਵਿਆ ਹੋਰ। ਏਸੇ ਕਾਰਨ ਅੱਜ ਦੀ ਭਾਜਪਾ ਲਈ ਗੌਤਮ ਅਡਾਨੀ ਹੋਰ ਹਨ ਤੇ ਦੇਸ਼ ਵਿੱਚ ਦੋ ਡੰਗ ਦੀ ਰੋਟੀ ਨੂੰ ਤਰਸਦੇ ਆਮ ਲੋਕ ਕਿਸੇ ਹੋਰ ਖਾਨੇ ਵਿੱਚ ਰੱਖਣ ਅਤੇ ਤੋਲਣ ਦੀ ਆਈਟਮ ਗਿਣੇ ਜਾ ਰਹੇ ਹਨ।
ਜਿੱਦਾਂ ਕਿਸੇ ਧਾਤੂ ਉੱਤੇ ਮੁਲੰਮਾ ਚੜ੍ਹਿਆ ਇੱਕ ਨਾ ਇੱਕ ਮੌਕੇ ਲੱਥ ਜਾਂਦਾ ਅਤੇ ਅਸਲੀਅਤ ਜ਼ਾਹਰ ਹੋ ਜਾਂਦੀ ਹੈ, ਉਵੇਂ ਹੀ ਕਈ ਪਰਦੇ ਪਾਉਣ ਦੇ ਬਾਵਜੂਦ ਭਾਜਪਾ ਦੀ ਮਾਨਸਿਕਤਾ ਲੁਕੀ ਨਹੀਂ ਰਹਿ ਸਕੀ। ਅਸਲ ਮਾਨਸਿਕਤਾ ਤੇ ਰਾਜਨੀਤਕ ਮਜਬੂਰੀਆਂ ਦੇ ਵਿਚਾਲੇ ਲਟਕਦੀ ਭਾਜਪਾ ਲੀਡਰਸ਼ਿਪ ਪੁਰਾਣੇ ਸਮੇਂ ਦੀ ਕਿਸੇ ਕੰਧ ਵਾਲੀ ਘੜੀ ਹੇਠਾਂ ਲਟਕਦੇ ਪੈਂਡਲਮ ਵਾਂਗ ਅੰਬੇਡਕਰ ਤੇ ਗੁੜਗਾਉਂ ਦੇ ਵਿਚਾਲੇ ਏਸੇ ਲਈ ਏਧਰ-ਓਧਰ ਝੂਲਦੀ ਫਿਰਦੀ ਹੈ।

17 April 2016

ਇੱਕੋ ਪਾਰਟੀ ਦੇ ਪੈਂਤੜਿਆਂ ਤੋਂ ਪ੍ਰਭਾਵਤ ਹੁੰਦੀ ਜਾਪਦੀ ਹੈ ਪੰਜਾਬ ਦੀ ਰਾਜਨੀਤੀ - ਜਤਿੰਦਰ ਪਨੂੰ

ਜਿਉਂ-ਜਿਉਂ ਪੰਜਾਬ ਵਿੱਚ ਵਿਧਾਨ ਸਭਾ ਚੋਣਾਂ ਦੇ ਅਗੇਤੇ ਹੋਣ ਦੇ ਅਵਾੜੇ ਤੇਜ਼ ਹੁੰਦੇ ਜਾਂਦੇ ਹਨ, ਨਾਲੋ-ਨਾਲ ਪੰਜਾਬ ਦੀ ਰਾਜਨੀਤੀ ਪੈਰੋ-ਪੈਰ ਆਪਣੇ ਰੰਗ ਏਦਾਂ ਬਦਲ ਰਹੀ ਹੈ, ਜਿਵੇਂ ਪ੍ਰਮੁੱਖ ਪਾਰਟੀਆਂ ਦੀ ਲੀਡਰਸ਼ਿਪ ਇੱਕੋ ਪਾਰਟੀ ਦੀ ਰਾਜਨੀਤੀ ਦੇ ਪੈਂਤੜਿਆਂ ਵੱਲ ਵੇਖ ਕੇ ਅਗਲੇ ਕਦਮਾਂ ਦਾ ਫੈਸਲਾ ਕਰਨ ਲੱਗੀ ਹੋਵੇ। ਚਲੰਤ ਹਫਤੇ ਵਿੱਚ ਦੋ-ਤਿੰਨ ਬੜੀਆਂ ਅਹਿਮ ਘਟਨਾਵਾਂ ਇਸ ਦੀ ਝਲਕ ਪੇਸ਼ ਕਰਨ ਵਾਲੀਆਂ ਵਾਪਰ ਗਈਆਂ ਹਨ।
ਪਹਿਲੀ ਗੱਲ ਇਹ ਕਿ ਇਸ ਵੇਲੇ ਸੁਪਰੀਮ ਕੋਰਟ ਵਿੱਚ ਇੱਕ ਮੁਕੱਦਮਾ ਪੰਜਾਬ ਅਤੇ ਹਰਿਆਣੇ ਵਿੱਚ ਪਾਣੀ ਦੇ ਝਗੜੇ ਤੋਂ ਸ਼ੁਰੂ ਹੋਣ ਪਿੱਛੋਂ ਇੱਕ ਵੱਖਰੇ ਮੋੜ ਉੱਤੇ ਆ ਪਹੁੰਚਿਆ ਹੈ, ਜਿਸ ਵਿੱਚ ਸਿਰਫ ਪਾਣੀ ਦੇ ਮੁੱਦੇ ਦੀ ਗੱਲ ਨਹੀਂ ਰਹਿ ਗਈ, ਕਈ ਹੋਰ ਪੱਖਾਂ ਬਾਰੇ ਵੀ ਵਿਚਾਰ ਹੋਣੀ ਹੈ। ਮਾਮਲਾ ਪਹਿਲਾਂ ਪਾਣੀ ਤੀਕ ਸੀਮਤ ਸੀ, ਪਰ ਜਦੋਂ ਸੁਪਰੀਮ ਕੋਰਟ ਨੇ ਇਹ ਹੁਕਮ ਕਰ ਦਿੱਤਾ ਕਿ ਹਰਿਆਣੇ ਨਾਲ ਹੋਏ ਸਮਝੌਤੇ ਮੁਤਾਬਕ ਪਾਣੀ ਦੇਣ ਵਾਸਤੇ ਜਿਹੜੀ ਨਹਿਰ ਬਣਨੀ ਤੈਅ ਕੀਤੀ ਸੀ, ਉਹ ਬਣਾਉਣੀ ਪਵੇਗੀ ਤਾਂ ਪੰਜਾਬ ਨੇ ਸਮਝੌਤੇ ਤੋੜਨ ਵਾਲਾ ਬਿੱਲ ਪਾਸ ਕਰ ਦਿੱਤਾ। ਪੰਜਾਬ ਦੇ ਇਸ ਫੈਸਲੇ ਨੂੰ ਚੁਣੌਤੀ ਦਿੱਤੀ ਗਈ ਕਿ ਇਕੱਲੇ ਕਿਸੇ ਰਾਜ ਨੂੰ ਦੁਵੱਲੇ ਸਮਝੌਤੇ ਤੋੜਨ ਦਾ ਹੱਕ ਹੈ ਜਾਂ ਨਹੀਂ ਤੇ ਇਸ ਬਾਰੇ ਸੁਪਰੀਮ ਕੋਰਟ ਹੁਣ ਵਿਚਾਰ ਕਰ ਰਹੀ ਹੈ। ਚਾਰ ਗਵਾਂਢੀ ਰਾਜਾਂ ਦੀਆਂ ਸਰਕਾਰਾਂ ਦਾ ਇੱਕੋ ਸਟੈਂਡ ਸਾਹਮਣੇ ਆਇਆ ਕਿ ਇੱਕ-ਤਰਫਾ ਤੌਰ ਉੱਤੇ ਸਮਝੌਤੇ ਤੋੜਨ ਦਾ ਪੰਜਾਬ ਨੂੰ ਹੱਕ ਨਹੀਂ। ਇਨ੍ਹਾਂ ਚਾਰ ਰਾਜਾਂ ਵਿੱਚ ਦੋ ਗਵਾਂਢੀ ਰਾਜ, ਭਾਜਪਾ ਸਰਕਾਰਾਂ ਵਾਲੇ ਹਰਿਆਣਾ ਤੇ ਰਾਜਸਥਾਨ ਅਤੇ ਤੀਸਰਾ ਕਾਂਗਰਸੀ ਸਰਕਾਰ ਵਾਲਾ ਹਿਮਾਚਲ ਪ੍ਰਦੇਸ਼ ਹੈ। ਚੌਥਾ ਦਿੱਲੀ ਦਾ ਰਾਜ ਹੈ, ਜਿੱਥੇ ਆਮ ਆਦਮੀ ਪਾਰਟੀ ਦੀ ਸਰਕਾਰ ਹੈ। ਪੰਜਾਬ ਦੀ ਅਕਾਲੀ ਤੇ ਗੈਰ-ਅਕਾਲੀ ਸਾਰੀ ਲੀਡਰਸ਼ਿਪ, ਜਿਸ ਵਿੱਚ ਕਾਂਗਰਸੀ ਤੇ ਭਾਜਪਾ ਵਾਲੇ ਸ਼ਾਮਲ ਹਨ, ਇਹੋ ਦੁਹਾਈ ਦੇਣ ਲੱਗੀ ਕਿ ਕੇਜਰੀਵਾਲ ਨੇ ਪੰਜਾਬ ਦੀ ਪਿੱਠ ਵਿੱਚ ਛੁਰਾ ਮਾਰ ਦਿੱਤਾ ਹੈ। ਉਨ੍ਹਾਂ ਸਭ ਨੇ ਗਵਾਂਢ ਦੇ ਬਾਕੀ ਇਨ੍ਹਾਂ ਤਿੰਨਾਂ ਰਾਜਾਂ ਦੇ ਮੁੱਖ ਮੰਤਰੀਆਂ, ਦੋ ਭਾਜਪਾਈਆਂ ਤੇ ਇੱਕ ਕਾਂਗਰਸੀ ਮੁੱਖ ਮੰਤਰੀ ਨੂੰ ਏਦਾਂ ਦਾ ਮਿਹਣਾ ਨਹੀਂ ਦਿੱਤਾ। ਹੁਣ ਜਦੋਂ ਦਿੱਲੀ ਦੀ ਸਰਕਾਰ ਨੇ ਉਹ ਵਕੀਲ ਬਦਲ ਦਿੱਤਾ ਹੈ, ਜਿਸ ਨੇ ਮੁੱਖ ਮੰਤਰੀ ਨੂੰ ਪੁੱਛੇ ਬਿਨਾਂ ਅਦਾਲਤ ਵਿੱਚ ਸਟੈਂਡ ਲਿਆ ਸੀ, ਤੇ ਵਕੀਲ ਵੀ ਕਾਂਗਰਸ ਦੀ ਸ਼ੀਲਾ ਦੀਕਸ਼ਤ ਸਰਕਾਰ ਵੇਲੇ ਨਿਯੁਕਤ ਹੋਇਆ ਸੀ, ਕੀ ਪੰਜਾਬ ਦੇ ਇਹ ਸਾਰੇ ਲੀਡਰ ਹਿਮਾਚਲ ਪ੍ਰਦੇਸ਼ ਤੇ ਰਾਜਸਥਾਨ ਦੀਆਂ ਸਰਕਾਰਾਂ ਨੂੰ ਵੀ ਏਦਾਂ ਕਰਨ ਨੂੰ ਕਹਿਣਗੇ?
ਉਹ ਕਹਿਣ ਜਾਂ ਨਾ ਕਹਿਣ, ਇਸ ਇੱਕੋ ਪੈਂਤੜੇ ਨਾਲ, ਜਿਹੜੇ ਪੈਂਤੜੇ ਉੱਤੇ ਕਾਂਗਰਸੀ ਤੇ ਅਕਾਲੀ ਦੋਵੇਂ ਹੀ ਸਿਰਫ ਆਮ ਆਦਮੀ ਪਾਰਟੀ ਉੱਤੇ ਚਾਂਦਮਾਰੀ ਕਰਦੇ ਦਿਖਾਈ ਦਿੱਤੇ ਹਨ, ਇਹ ਗੱਲ ਸਾਫ ਹੁੰਦੀ ਹੈ ਕਿ ਦੋਵਾਂ ਵੱਲੋਂ ਇੱਕ ਸਾਂਝਾ ਦੁਸ਼ਮਣ ਹੁਣ ਆਮ ਆਦਮੀ ਪਾਰਟੀ ਮੰਨੀ ਜਾ ਰਹੀ ਹੈ, ਜਿਸ ਨੂੰ ਰੋਕਣਾ ਮੁਸ਼ਕਲ ਜਾਪਦਾ ਹੈ। ਸੁਪਰੀਮ ਕੋਰਟ ਦੇ ਇਸ ਕੇਸ ਦੇ ਇਲਾਵਾ ਵੀ ਕਈ ਗੱਲਾਂ ਇਸ ਤਰ੍ਹਾਂ ਦਾ ਪ੍ਰਭਾਵ ਦੇਣ ਵਾਲੀਆਂ ਹਨ।
ਇੱਕ ਮੁੱਦਾ ਗੁਰਦੁਆਰਾ ਸੀਸ ਗੰਜ ਸਾਹਿਬ ਦੇ ਬਾਹਰ ਬਣਾਏ ਇੱਕ ਪਿਆਓ ਨਾਲ ਸੰਬੰਧਤ ਸੀ, ਜਿੱਥੋਂ ਰਾਹ ਜਾਂਦੇ ਲੋਕਾਂ ਨੂੰ ਪਾਣੀ ਪਿਆਇਆ ਜਾਂਦਾ ਸੀ। ਅਦਾਲਤੀ ਹੁਕਮ ਉੱਤੇ ਉਹ ਢਾਹ ਦਿੱਤਾ ਗਿਆ। ਢਾਹੁਣ ਦੀ ਕਾਰਵਾਈ ਭਾਜਪਾ ਦੇ ਕਬਜ਼ੇ ਵਾਲੀ ਉੱਤਰੀ ਦਿੱਲੀ ਨਗਰ ਨਿਗਮ ਦੀ ਟੀਮ ਨੇ ਕੀਤੀ ਹੈ। ਉਸ ਇਲਾਕੇ ਵਿੱਚੋਂ ਵਿਧਾਇਕ ਆਮ ਆਦਮੀ ਪਾਰਟੀ ਦੀ ਅਲਕਾ ਲਾਂਬਾ ਹੈ। ਇਹ ਉਹੋ ਅਲਕਾ ਹੈ, ਜਿਸ ਬਾਰੇ ਇੱਕ ਦਿਨ ਦਿੱਲੀ ਅਸੈਂਬਲੀ ਵਿੱਚ ਇੱਕ ਭਾਜਪਾ ਵਿਧਾਇਕ ਨੇ ਬੜੀ ਗੰਵਾਰੂ ਟਿੱਪਣੀ ਕਰ ਦਿੱਤੀ ਸੀ ਤੇ ਫਿਰ ਉਸ ਦੇ ਖਿਲਾਫ ਕਾਰਵਾਈ ਹੋਈ ਸੀ। ਬਾਦਲ ਅਕਾਲੀ ਦਲ ਦੇ ਕਬਜ਼ੇ ਵਾਲੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਹ ਦੁਹਾਈ ਚੁੱਕ ਦਿੱਤੀ ਕਿ ਸਿੱਖਾਂ ਦੇ ਧਰਮ ਅਸਥਾਨ ਅੱਗੇ ਬਣੇ ਪਿਆਓ ਨੂੰ ਢਾਹੁਣ ਦੀ ਇਹ ਕਾਰਵਾਈ ਦਿੱਲੀ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਹੁੰਦਿਆਂ ਤੇ ਉਸ ਪਾਰਟੀ ਦੀ ਵਿਧਾਇਕਾ ਅਲਕਾ ਲਾਂਬਾ ਦੀ ਸਹਿਮਤੀ ਨਾਲ ਹੋਈ ਹੈ।
ਪਿਆਓ ਢਾਹੁਣ ਦੀ ਕਾਰਵਾਈ ਅਦਾਲਤੀ ਹੁਕਮ ਉੱਤੇ ਹੋਈ, ਪਿਆਓ ਤੋੜਨ ਵਾਲੀ ਮਸ਼ੀਨਰੀ ਤੇ ਮੁਲਾਜ਼ਮ ਭਾਜਪਾ ਦੇ ਕਬਜ਼ੇ ਵਾਲੀ ਮਿਉਂਸਪਲ ਕਾਰਪੋਰੇਸ਼ਨ ਨੇ ਭੇਜੇ ਤੇ ਭਾਂਡਾ ਵਿਧਾਇਕ ਦੇ ਸਿਰ ਭੰਨ ਦਿੱਤਾ ਗਿਆ, ਜਿਸ ਦਾ ਇਸ ਨਾਲ ਵਾਸਤਾ ਹੀ ਨਹੀਂ। ਇਹ ਗੱਲ ਦੱਸਦੀ ਹੈ ਕਿ ਮੁੱਖ ਦੁਸ਼ਮਣ ਆਪ ਪਾਰਟੀ ਮੰਨੀ ਜਾ ਰਹੀ ਹੈ। ਪੰਜਾਬ ਦੇ ਕੁਝ ਸਾਧ-ਸੰਤ ਇਸ ਮਾਮਲੇ ਵਿੱਚ ਬਾਦਲ ਅਕਾਲੀ ਦਲ ਦੀ ਬੀ-ਟੀਮ ਵਰਗੇ ਬਿਆਨ ਦਾਗ ਕੇ ਆਪ ਪਾਰਟੀ ਨੂੰ ਚੁਣੌਤੀਆਂ ਦੇਣ ਲੱਗ ਪਏ ਹਨ। ਇਹ ਵੀ ਘਬਰਾਹਟ ਤੋਂ ਨਿਕਲਿਆ ਸਿਆਸੀ ਪੈਂਤੜਾ ਹੈ। ਥੋੜ੍ਹਾ ਸਮਝ ਕੇ ਚੱਲੇ ਹੁੰਦੇ ਤਾਂ ਅਕਾਲੀ ਆਗੂਆਂ ਬਾਰੇ ਇਹ ਪ੍ਰਭਾਵ ਨਾ ਪੈਂਦਾ ਕਿ ਉਹ ਇੱਕੋ ਪਾਰਟੀ ਦਾ ਰਾਹ ਰੋਕਣ ਉੱਤੇ ਉਤਾਰੂ ਹਨ।
ਹੁਣ ਆਈਏ ਇਸ ਹਫਤੇ ਦੀ ਇਸ ਖਾਸ ਖਬਰ ਵੱਲ ਕਿ ਭਾਜਪਾ ਨੇ ਪੰਜਾਬ ਦੀ ਪ੍ਰਧਾਨਗੀ ਚੋਣ ਦਾ ਨਾਟਕ ਕਰਨਾ ਛੱਡ ਕੇ ਸਿੱਧਾ ਕੇਂਦਰ ਤੋਂ ਰਾਜ ਮੰਤਰੀ ਵਿਜੇ ਸਾਂਪਲਾ ਨੂੰ ਇਹ ਪਦਵੀ ਦੇ ਦਿੱਤੀ ਹੈ। ਪੰਜਾਬ ਵਿੱਚੋਂ ਭਾਜਪਾ ਦੇ ਦੋ ਉਮੀਦਵਾਰ ਲੋਕ ਸਭਾ ਚੋਣ ਜਿੱਤੇ ਸਨ। ਵਿਜੇ ਸਾਂਪਲਾ ਨਾਲ ਜਿੱਤਣ ਵਾਲਾ ਦੂਸਰਾ ਉਮੀਦਵਾਰ ਵਿਨੋਦ ਖੰਨਾ ਸੀ, ਜਿਹੜਾ ਪਹਿਲਾਂ ਕੇਂਦਰੀ ਮੰਤਰੀ ਰਹਿ ਚੁੱਕਾ ਸੀ। ਉਸ ਨੂੰ ਅਤੇ ਰਾਜ ਸਭਾ ਵਿੱਚ ਬੈਠੇ ਸੀਨੀਅਰ ਲੀਡਰ ਅਵਿਨਾਸ਼ ਖੰਨਾ ਨੂੰ ਛੱਡ ਕੇ ਵਿਜੇ ਸਾਂਪਲਾ ਨੂੰ ਇਸ ਲਈ ਕੇਂਦਰੀ ਰਾਜ ਮੰਤਰੀ ਬਣਾਇਆ ਸੀ ਕਿ ਹੁਸ਼ਿਆਰਪੁਰ ਦੀ ਜਿਸ ਸੀਟ ਤੋਂ ਉਹ ਚੁਣਿਆ ਗਿਆ ਸੀ, ਉਹ ਅਨੁਸੂਚਿਤ ਜਾਤੀ ਲਈ ਰਿਜ਼ਰਵ ਹੈ। ਜਿਹੜੀ ਗੱਲ ਅੱਜ ਪ੍ਰਧਾਨ ਦਾ ਅਹੁਦਾ ਵਿਜੇ ਸਾਂਪਲਾ ਨੂੰ ਸੌਂਪਣ ਨਾਲ ਹੋਈ ਹੈ, ਅਸੀਂ ਉਹ ਪਾਰਲੀਮੈਂਟ ਚੋਣਾਂ ਵੇਲੇ ਹੀ ਲਿਖ ਦਿੱਤੀ ਸੀ ਕਿ ਪੰਜਾਬ ਦੀ ਰਾਜਨੀਤੀ ਵਿੱਚ ਹੁਣ ਦਲਿਤ ਵੋਟ ਦੀ ਅਹਿਮੀਅਤ ਕਈ ਗੱਲਾਂ ਕਾਰਨ ਪਹਿਲਾਂ ਤੋਂ ਬਹੁਤ ਵਧ ਜਾਣੀ ਹੈ।
ਦਲਿਤ ਰਾਜਨੀਤੀ ਦੀ ਅਹਿਮੀਅਤ ਵਧਾਉਣ ਵਾਲੀਆਂ ਉਨ੍ਹਾਂ ਗੱਲਾਂ ਵਿੱਚ ਸਭ ਤੋਂ ਵੱਡੀ ਗੱਲ ਰਿਜ਼ਰਵ ਸੀਟਾਂ ਤੋਂ ਆਮ ਆਦਮੀ ਪਾਰਟੀ ਦੀ ਅਗੇਤ ਹੋਣਾ ਸੀ। ਇਸ ਦਾ ਪਹਿਲਾ ਲੇਖਾ ਤਾਂ ਇਹ ਸੀ ਕਿ ਪਾਰਲੀਮੈਂਟ ਲਈ ਪੰਜਾਬ ਦੀਆਂ ਤੇਰਾਂ ਸੀਟਾਂ ਵਿੱਚੋਂ ਚਾਰ ਰਿਜ਼ਰਵ ਹਨ, ਇਨ੍ਹਾਂ ਚਹੁੰ ਸੀਟਾਂ ਵਿੱਚੋਂ ਇੱਕ ਕਾਂਗਰਸ ਲੈ ਗਈ ਤੇ ਇੱਕ ਭਾਜਪਾ ਦੇ ਹਿੱਸੇ ਆਈ, ਬਾਕੀ ਦੋਵੇਂ ਸੀਟਾਂ ਆਮ ਆਦਮੀ ਪਾਰਟੀ ਲੈ ਗਈ ਸੀ ਅਤੇ ਅਕਾਲੀਆਂ ਦੇ ਹਿੱਸੇ ਦਾ ਨੌਂਗਾ ਨਹੀਂ ਸੀ ਨਿਕਲਿਆ। ਦੂਸਰੀ ਗੱਲ ਇਸ ਤੋਂ ਵੱਧ ਖਾਸ ਸੀ। ਪੰਜਾਬ ਵਿੱਚੋਂ ਪਿਛਲੀਆਂ ਵਿਧਾਨ ਸਭਾ ਚੋਣਾਂ ਮੌਕੇ ਕਾਂਗਰਸ ਮਸਾਂ ਦਸ ਕੁ ਰਿਜ਼ਰਵ ਸੀਟਾਂ ਜਿੱਤਣ ਜੋਗੀ ਹੋਈ ਤੇ ਦੋ ਦਰਜਨ ਸੀਟਾਂ ਅਕਾਲੀ-ਭਾਜਪਾ ਗੱਠਜੋੜ ਜਿੱਤਣ ਵਿੱਚ ਕਾਮਯਾਬ ਰਿਹਾ, ਪਰ ਪੌਣੇ ਦੋ ਦਰਜਨ ਸੀਟਾਂ ਇਕੱਲੇ ਅਕਾਲੀ ਦਲ ਕੋਲ ਜਾ ਕੇ ਭਾਜਪਾ ਕੋਲ ਤਿੰਨ ਕੁ ਸਨ। ਜਿਨ੍ਹਾਂ ਅਕਾਲੀਆਂ ਨੇ ਵਿਧਾਨ ਸਭਾ ਚੋਣਾਂ ਵੇਲੇ ਪੌਣੇ ਦੋ ਦਰਜਨ ਰਿਜ਼ਰਵ ਵਿਧਾਨ ਸਭਾ ਸੀਟਾਂ ਜਿੱਤੀਆਂ ਸਨ, ਤਿੰਨ ਪਾਰਲੀਮੈਂਟ ਸੀਟਾਂ ਲਈ ਬੰਦੇ ਖੜੇ ਕਰ ਕੇ ਉਹ ਇੱਕ ਵੀ ਪਾਰਲੀਮੈਂਟ ਸੀਟ ਨਾ ਜਿੱਤ ਸਕੇ। ਕਾਂਗਰਸ ਨੇ ਵਿਧਾਨ ਸਭਾ ਚੋਣ ਮੌਕੇ ਮਸਾਂ ਦਸ ਰਿਜ਼ਰਵ ਸੀਟਾਂ ਜਿੱਤੀਆਂ ਸਨ, ਪਾਰਲੀਮੈਂਟ ਚੋਣਾਂ ਵਿੱਚ ਉਹ ਦਸਾਂ ਦੀ ਥਾਂ ਬਾਰਾਂ ਵਿਧਾਨ ਸਭਾ ਹਲਕਿਆਂ ਵਿੱਚ ਅਗੇਤ ਲੈ ਗਈ। ਅੱਧੀ ਦਰਜਨ ਤੋਂ ਘੱਟ ਸੀਟਾਂ ਉੱਤੇ ਅੱਗੇ ਰਹਿਣ ਵਾਲੇ ਅਕਾਲੀਆਂ ਦੇ ਮੁਕਾਬਲੇ ਇਹ ਕਾਂਗਰਸ ਦੀ ਮਾਮੂਲੀ ਅਗੇਤ ਮੰਨੀ ਜਾ ਸਕਦੀ ਸੀ, ਉਨ੍ਹਾਂ ਨੂੰ ਵੱਡੀ ਠੋਕਰ ਇਹ ਲੱਗੀ ਸੀ ਕਿ ਆਪ ਪਾਰਟੀ ਨੇ ਪਹਿਲੀ ਵਾਰ ਪੰਜਾਬ ਵਿੱਚ ਕੋਈ ਚੋਣ ਲੜੀ ਅਤੇ ਚੌਦਾਂ ਵਿਧਾਨ ਸਭਾ ਹਲਕਿਆਂ ਵਿੱਚ ਅੱਗੇ ਰਹਿਣ ਦੇ ਨਾਲ ਕੁਝ ਹਲਕਿਆਂ ਵਿੱਚ ਦੂਸਰੀ ਥਾਂ ਲੈਣ ਵਾਸਤੇ ਇੱਕ ਜਾਂ ਦੂਸਰੀ ਪਾਰਟੀ ਨੂੰ ਮੋਢਾ ਮਾਰ ਕੇ ਪਾਸੇ ਕਰ ਛੱਡਿਆ ਸੀ।
ਜਦੋਂ ਕਾਂਗਰਸ ਪਾਰਟੀ ਵਿੱਚ ਪੰਜਾਬ ਦੀ ਪ੍ਰਧਾਨਗੀ ਦੀ ਜੰਗ ਜ਼ਿਆਦਾ ਭਖ ਪਈ ਤੇ ਪ੍ਰਤਾਪ ਸਿੰਘ ਬਾਜਵਾ ਨੂੰ ਪਾਸੇ ਕਰ ਕੇ ਕੈਪਟਨ ਅਮਰਿੰਦਰ ਸਿੰਘ ਨੂੰ ਪ੍ਰਧਾਨ ਬਣਾਇਆ ਗਿਆ, ਓਦੋਂ ਵਿਧਾਨ ਸਭਾ ਵਿੱਚ ਆਪੋਜ਼ੀਸ਼ਨ ਲੀਡਰ ਵੀ ਬਦਲਿਆ ਗਿਆ। ਸਭ ਨੂੰ ਹੈਰਾਨੀ ਹੋਈ ਕਿ ਵਿਧਾਨ ਸਭਾ ਵਿੱਚ ਬਹੁਤ ਸਾਰੇ ਸੀਨੀਅਰ ਆਗੂ ਬੈਠੇ ਹੋਏ ਸਨ, ਪਰ ਵਿਰੋਧੀ ਧਿਰ ਦਾ ਆਗੂ ਚਰਨਜੀਤ ਸਿੰਘ ਚੰਨੀ ਬਣਾ ਦਿੱਤਾ ਗਿਆ, ਤੇ ਇਸ ਲਈ ਬਣਾਇਆ ਕਿ ਜਿਹੜੀ ਸੀਟ ਤੋਂ ਉਹ ਚੁਣਿਆ ਗਿਆ ਸੀ, ਉਹ ਅਨੁਸੂਚਿਤ ਜਾਤੀ ਦੀ ਰਿਜ਼ਰਵ ਸੀ। ਬੂਟਾ ਸਿੰਘ ਤੋਂ ਪਿੱਛੋਂ ਦਲਿਤ ਆਗੂ ਕਹਾਉਣ ਵਾਲਾ ਕੋਈ ਚਿਹਰਾ ਹੁਣ ਕਾਂਗਰਸ ਪਾਰਟੀ ਕੋਲ ਉੱਭਰਵਾਂ ਹੈ ਨਹੀਂ ਤੇ ਚੰਨੀ ਦੇ ਬਹਾਨੇ ਹਾਈ ਕਮਾਂਡ ਨੇ ਇਸ ਪੱਖ ਨੂੰ ਸੰਭਾਲਣ ਦੀ ਕੋਸ਼ਿਸ਼ ਕੀਤੀ ਹੈ। ਕਾਂਗਰਸ ਕੋਲ ਮਹਿੰਦਰ ਸਿੰਘ ਕੇ ਪੀ ਅਤੇ ਚੌਧਰੀ ਸੰਤੋਖ ਸਿੰਘ ਹਨ, ਡਾਕਟਰ ਰਾਜ ਕੁਮਾਰ ਵੀ ਹੈ, ਸ਼ਮਸ਼ੇਰ ਸਿੰਘ ਦੂਲੋ ਵੀ, ਪਰ ਗੁੱਟਬੰਦੀ ਕੋਈ ਦਾਲ ਹੀ ਨਹੀਂ ਗਲ਼ਣ ਦਿੰਦੀ।
ਪਿਛਲੇ ਦਿਨੀਂ ਜਦੋਂ ਅਰਵਿੰਦ ਕੇਜਰੀਵਾਲ ਨੇ ਅਚਾਨਕ ਇੱਕ ਦਿਨ ਬਾਬੂ ਕਾਂਸ਼ੀ ਰਾਮ ਦੇ ਪਿੰਡ ਆਉਣ ਲਈ ਪ੍ਰੋਗਰਾਮ ਬਣਾ ਲਿਆ ਤੇ ਓਥੇ ਆਅ ਕੇ ਕਾਂਸ਼ੀ ਰਾਮ ਦੇ ਲਈ ਭਾਰਤ-ਰਤਨ ਦੇ ਖਿਤਾਬ ਦੀ ਮੰਗ ਉਛਾਲ ਦਿੱਤੀ ਤਾਂ ਉਸ ਨੇ ਇਨ੍ਹਾਂ ਪਾਰਟੀਆਂ ਨੂੰ ਦਲਿਤ ਵੋਟ ਬਾਰੇ ਚਿੰਤਾ ਹੋਰ ਵਧਾ ਦਿੱਤੀ। ਇਸੇ ਚਿੰਤਾ ਵਿੱਚ ਬੀਤੇ ਹਫਤੇ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਭਗਤ ਰਵੀਦਾਸ ਜੀ ਦੀ ਯਾਦ ਵਿੱਚ ਖੁਰਾਲਗੜ੍ਹ ਵਿੱਚ 'ਬੇਗਮਪੁਰਾ ਮੀਨਾਰ' ਤੇ ਹੋਰ ਪ੍ਰਾਜੈਕਟਾਂ ਦਾ ਨੀਂਹ-ਪੱਥਰ ਜਾ ਰੱਖਿਆ ਤੇ ਉਨ੍ਹਾਂ ਲਈ ਕੁਝ ਸਹੂਲਤਾਂ ਦੇਣ ਦੇ ਐਲਾਨ ਵੀ ਬਹੁਤ ਕਾਹਲੀ ਵਿੱਚ ਕਰ ਆਏ ਹਨ। ਉਹ ਤਾਂ ਡੇਰਾ ਸੱਚਖੰਡ ਬੱਲਾਂ ਤੱਕ ਵੀ ਪਹੁੰਚ ਕਰਦੇ ਰਹੇ ਕਿ ਉਸ ਡੇਰੇ ਦੇ ਸੰਤ ਜੀ ਇਸ ਪ੍ਰਾਜੈਕਟ ਦੇ ਨੀਂਹ-ਪੱਥਰ ਮੌਕੇ ਦਰਸ਼ਨ ਦੇਣ ਲਈ ਆ ਜਾਣ, ਪਰ ਉਸ ਡੇਰੇ ਤੱਕ ਕੀਤੀ ਪਹੁੰਚ ਦਾ ਖਾਸ ਨਤੀਜਾ ਨਹੀਂ ਸੀ ਨਿਕਲ ਸਕਿਆ। ਇਹ ਕੋਸ਼ਿਸ਼ ਹਾਲੇ ਵੀ ਚੱਲ ਰਹੀ ਸੁਣੀਂਦੀ ਹੈ ਤੇ ਚੱਲਦੀ ਵੀ ਰਹੇਗੀ।
ਹੁਣ ਜਦੋਂ ਭਾਜਪਾ ਲੀਡਰਸ਼ਿਪ ਨੇ ਕਈ ਦਾਅਵੇਦਾਰਾਂ ਨੂੰ ਪਾਸੇ ਕਰ ਕੇ ਪੰਜਾਬ ਦੀ ਪ੍ਰਧਾਨਗੀ ਵਿਜੇ ਸਾਂਪਲਾ ਨੂੰ ਸੌਂਪ ਦਿੱਤੀ ਹੈ ਤਾਂ ਇਸ ਵਿੱਚ ਸਿਰਫ ਉਸ ਦੀ ਯੋਗਤਾ ਹੀ ਇੱਕੋ ਇੱਕ ਕਾਰਨ ਨਹੀਂ। ਵਿਜੇ ਸਾਂਪਲਾ ਰਾਜਨੀਤੀ ਦੇ ਪੈਂਤੜਿਆਂ ਪੱਖੋਂ ਬਿਨਾਂ ਸ਼ੱਕ ਬੜਾ ਸੁਲਝਿਆ ਹੋਇਆ ਆਗੂ ਹੈ ਅਤੇ ਇਸ ਅਹੁਦੇ ਲਈ ਇਹ ਚੋਣ ਮਾੜੀ ਨਹੀਂ, ਪਰ ਚੋਣ ਵਿੱਚ ਉਸ ਦੀ ਯੋਗਤਾ ਨਾਲੋਂ ਵੱਧ ਅਹਿਮੀਅਤ ਹੋਰ ਗੱਲ ਦੀ ਹੈ। ਭਾਜਪਾ ਨੂੰ ਦਲਿਤ ਵੋਟਾਂ ਦੀ ਚਿੰਤਾ ਹੈ। ਇਹ ਚਿੰਤਾ ਪਹਿਲਾਂ ਏਨੀ ਜ਼ਿਆਦਾ ਕਦੀ ਨਹੀਂ ਸੀ ਰਹੀ, ਪਿਛਲੀਆਂ ਪਾਰਲੀਮੈਂਟ ਚੋਣਾਂ ਵਿੱਚ ਨਵੀਂ ਉੱਠੀ ਪਾਰਟੀ ਵੱਲੋਂ ਰਿਜ਼ਰਵ ਸੀਟਾਂ ਉੱਤੇ ਵੱਡੀਆਂ ਜਿੱਤਾਂ ਤੋਂ ਇਹ ਚਿੰਤਾ ਉੱਭਰੀ ਤੇ ਬਾਬੂ ਕਾਂਸ਼ੀ ਰਾਮ ਦੇ ਪਿੰਡ ਕੇਜਰੀਵਾਲ ਦੀ ਫੇਰੀ ਨੇ ਹੋਰ ਵਧਾ ਦਿੱਤੀ ਹੈ। ਇਸੇ ਲਈ ਬਹੁਤ ਵੱਡੀ ਆਸ ਲਾਈ ਬੈਠੇ ਨਵਜੋਤ ਸਿੱਧੂ ਤੇ ਪਾਰਟੀ ਦੇ ਕੌਮੀ ਪ੍ਰਧਾਨ ਦੀ ਚੋਣ ਲਈ ਰਿਟਰਟਿੰਗ ਅਫਸਰ ਬਣ ਚੁੱਕੇ ਅਵਿਨਾਸ਼ ਖੰਨਾ ਨੂੰ ਵੀ ਭਾਜਪਾ ਨੂੰ ਪਾਸੇ ਕਰਨਾ ਪੈ ਗਿਆ ਹੈ।
ਮੁੱਦਾ ਪੰਜਾਬ ਦੇ ਪਾਣੀਆਂ ਦਾ ਹੋਵੇ, ਦਿੱਲੀ ਦੇ ਇੱਕ ਧਰਮ ਅਸਥਾਨ ਦੇ ਬਾਹਰ ਪਿਆਓ ਢਾਹੇ ਜਾਣ ਦਾ ਜਾਂ ਫਿਰ ਖੁਰਾਲਗੜ੍ਹ ਪਿੰਡ ਵਾਲੇ ਪੰਜਾਬ ਸਰਕਾਰ ਦੇ ਪ੍ਰਾਜੈਕਟ ਦਾ, ਇਨ੍ਹਾਂ ਸਾਰੇ ਕਦਮਾਂ ਤੋਂ ਇੱਕ ਪਾਰਟੀ, ਤੇ ਬੱਸ ਇੱਕੋ ਪਾਰਟੀ, ਦੇ ਵਿਰੋਧ ਦੇ ਪੈਂਤੜੇ ਮੱਲੇ ਜਾਂਦੇ ਦਿਖਾਈ ਦੇ ਰਹੇ ਹਨ। ਕਾਂਗਰਸ ਪਾਰਟੀ ਹੋਵੇ ਜਾਂ ਅਕਾਲੀ ਦਲ ਤੇ ਭਾਜਪਾ ਦੀ ਲੀਡਰਸ਼ਿਪ ਦਾ ਵਿਹਾਰ, ਉਨ੍ਹਾਂ ਦਾ ਹਰ ਕਦਮ ਇਸ ਵਿੱਚੋਂ ਇੱਕ ਘਬਰਾਹਟ ਜਿਹੀ ਦੀ ਝਲਕ ਦੇ ਰਿਹਾ ਹੈ।

10 April 2016

ਸੰਵੇਦਨਾ ਤੋਂ ਸੱਖਣਾ ਹੁੰਦਾ ਜਾ ਰਿਹਾ ਸਮਾਜ ਹੋਰ ਕਿਹੜੀਆਂ ਨਿਵਾਣਾਂ ਤੱਕ ਡਿੱਗੇਗਾ? - ਜਤਿੰਦਰ ਪਨੂੰ

ਇਹ ਗੱਲ ਬਹੁਤ ਪੁਰਾਣੀ ਹੋ ਗਈ ਹੈ ਕਿ 'ਸ਼ੀਸ਼ਾ ਝੂਠ ਨਹੀਂ ਬੋਲ ਸਕਦਾ'। ਹੁਣ ਇਹੋ ਜਿਹੇ ਸ਼ੀਸ਼ੇ ਬਣਾਏ ਜਾਣ ਲੱਗ ਪਏ ਹਨ, ਜਿਹੜੇ ਸਾਰੀ ਤਸਵੀਰ ਬਦਲ ਕੇ ਮੋਟੇ ਬੰਦੇ ਨੂੰ ਪਤਲਾ ਅਤੇ ਪਤਲੇ ਨੂੰ ਮੋਟਾ ਪੇਸ਼ ਕਰਨ ਵਿੱਚ ਏਨੀ ਕਮਾਲ ਕਰ ਸਕਦੇ ਹਨ ਕਿ ਬੰਦੇ ਲਈ ਹਕੀਕਤ ਦੀ ਪਛਾਣ ਕਰਨੀ ਔਖੀ ਹੋ ਜਾਂਦੀ ਹੈ। ਸ਼ੀਸ਼ੇ ਵਾਂਗ ਇਸ ਤਰ੍ਹਾਂ ਦੀ ਕਰਾਮਾਤ ਹੁਣ ਕੈਮਰਾ ਵੀ ਕਰਨ ਲੱਗ ਪਿਆ ਹੈ, ਤੇ ਉਸ ਤੋਂ ਵੀ ਬਹੁਤ ਵੱਧ ਕਰਨ ਲੱਗ ਪਿਆ ਹੈ। ਦਿੱਲੀ ਵਿੱਚ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦੇ ਵਿਦਿਆਰਥੀ ਆਗੂ ਕਨ੍ਹਈਆ ਕੁਮਾਰ ਦੇ ਕੇਸ ਵਿੱਚ ਜਿਸ ਤਰ੍ਹਾਂ ਇੱਕ ਸੀ ਡੀ ਬਣਾ ਕੇ ਕੁਝ ਗਿਣਵੇਂ ਟੀ ਵੀ ਚੈਨਲਾਂ ਤੋਂ ਪ੍ਰਚਾਰਤ ਕੀਤੀ ਗਈ ਤੇ ਫਿਰ ਇਹ ਪਤਾ ਲੱਗ ਗਿਆ ਕਿ ਦੋ ਵੱਖ-ਵੱਖ ਸੀ ਡੀਜ਼ ਨੂੰ ਇਕ ਦੂਸਰੀ ਵਿੱਚ ਮਿਲਾ ਕੇ ਇਹ ਬਣਾਈ ਗਈ ਸੀ, ਅਜਿਹਾ ਕੁਝ ਕਈ ਵਾਰ ਹੁੰਦਾ ਹੈ। ਕਿਉਂਕਿ ਏਦਾਂ ਦੀਆਂ ਚੀਜ਼ਾਂ ਬਣ ਗਈਆਂ ਹਨ, ਜਿਹੜੀਆਂ ਨਿਰੇ ਝੂਠ ਦਾ ਗੁਤਾਵਾ ਕਰਦੀਆਂ ਹਨ, ਇਸ ਲਈ ਏਦਾਂ ਦੀਆਂ ਕਾਢਾਂ ਨੂੰ ਵਰਤਣ ਤੇ ਲੋਕਾਂ ਨੂੰ ਬੇਵਕੂਫ ਬਣਾਉਣ ਵਾਲੇ ਬੰਦੇ ਵੀ ਹੁਣ 'ਠੱਗ' ਦੀ ਬਜਾਏ ਤਕਨੀਕੀ ਮਾਹਰ ਮੰਨੇ ਜਾਣ ਲੱਗ ਪਏ ਹਨ। ਨਤੀਜੇ ਵਜੋਂ ਜੋ ਕੁਝ ਸਾਡੇ ਸਾਹਮਣੇ ਹੁੰਦਾ ਹੈ, ਅਸੀਂ ਉਸ ਦਾ ਅਸਰ ਕਬੂਲਦੇ ਹਾਂ, ਪਰ ਜਦੋਂ ਇਹ ਪਤਾ ਲੱਗ ਜਾਵੇ ਕਿ ਇਹ ਸਾਰਾ ਕੁਝ ਝੂਠ ਸੀ, ਉਸ ਦੇ ਬਾਅਦ ਵੀ ਠੱਗਾਂ ਬਾਰੇ ਸੋਚਣ ਦਾ ਮੌਕਾ ਨਹੀਂ ਮਿਲਦਾ, ਓਨੀ ਦੇਰ ਤੱਕ ਕੋਈ ਨਵਾਂ ਝੂਠ ਸਾਡੇ ਲੋਕਾਂ ਦੀ ਮੱਤ ਮਾਰਨ ਲਈ ਪੇਸ਼ ਹੋ ਜਾਂਦਾ ਹੈ। ਗੱਲ ਹੁਣ ਅਗਲਾ ਪੜਾਅ ਵੀ ਪਾਰ ਕਰ ਕੇ ਏਥੇ ਪਹੁੰਚ ਗਈ ਹੈ ਕਿ ਲੋਕਾਂ ਨੂੰ ਕਿਸੇ ਦੇ ਮਰੇ-ਜੰਮੇ ਦੀ ਪ੍ਰਵਾਹ ਹੀ ਨਹੀਂ ਜਾਪਦੀ ਤੇ ਉਹ ਸੰਵੇਦਨਾ ਦੀ ਘਾਟ ਕਾਰਨ ਵਿਗੜੇ ਹੋਏ ਮਾਨਸਿਕ ਵਹਿਣ ਵਿੱਚ ਵਗਦੇ ਦਿਖਾਈ ਦੇਣ ਲੱਗ ਪਏ ਹਨ।
ਇਸ ਵਰਤਾਰੇ ਦੀ ਗੱਲ ਕਰਨ ਲਈ ਸਾਨੂੰ ਕਈ ਸਾਲ ਪੁਰਾਣੀ ਇੱਕ ਘਟਨਾ ਦਾ ਜ਼ਿਕਰ ਕਰਨਾ ਪੈਣਾ ਹੈ, ਜਿਸ ਦਾ ਸੰਬੰਧ ਧਰਮ ਦੇ ਖੇਤਰ ਵਿੱਚ ਫਿਰਦੇ ਠੱਗਾਂ ਨਾਲ ਹੈ। ਸਿੱਖੀ ਦਾ ਪ੍ਰਚਾਰ ਕਰਨ ਵਾਲਾ ਇੱਕ ਸੰਤ ਕਈ ਸਾਲ ਪਹਿਲਾਂ ਕੈਨੇਡਾ ਵਿੱਚ ਕੈਂਸਰ ਦੇ ਰੋਗ ਤੋਂ ਪੀੜਤ ਇੱਕ ਬੀਬੀ ਦਾ ਕਰਾਮਾਤੀ ਇਲਾਜ ਕਰਨ ਦੇ ਬਹਾਨੇ ਉਸ ਪਰਵਾਰ ਦੀ ਸਾਰੀ ਜਾਇਦਾਦ ਉਸ ਤੋਂ ਆਪਣੇ ਨਾਂਅ ਲਿਖਾਉਣ ਵਿੱਚ ਕਾਮਯਾਬ ਹੋ ਗਿਆ। ਬੀਬੀ ਦਾ ਪਤੀ ਗੁਜ਼ਰ ਚੁੱਕਾ ਸੀ, ਬੱਚੇ ਹਾਲੇ ਨਾਬਾਲਗ ਸਨ। ਜਦੋਂ ਉਹ ਵੱਡੇ ਹੋਏ ਤਾਂ ਕੇਸ ਕਰ ਕੇ ਸੰਤ ਕਟਹਿਰੇ ਵਿੱਚ ਖੜਾ ਕਰ ਦਿੱਤਾ। ਜਾਇਦਾਦ ਵੀ ਮੋੜਨੀ ਪਈ, ਬਦਨਾਮੀ ਵੀ ਬਹੁਤ ਹੋ ਗਈ, ਉਸ ਸੰਤ ਉੱਤੇ ਉਸ ਦੇਸ਼ ਵਿੱਚ ਜਾਣ ਦੀ ਪਾਬੰਦੀ ਲੱਗ ਗਈ, ਪਰ ਖਾਸ ਫਰਕ ਨਹੀਂ ਸੀ ਪਿਆ, ਕਿਉਂਕਿ ਉਸ ਦੇ ਖਿਲਾਫ ਏਦਾਂ ਦੀਆਂ ਪਾਬੰਦੀਆਂ ਛੇ ਦੇਸ਼ਾਂ ਨੇ ਲਾ ਰੱਖੀਆਂ ਸਨ। ਉਹ ਇਨ੍ਹਾਂ ਦੇਸ਼ਾਂ ਵੱਲ ਜਾਣ ਦੀ ਥਾਂ ਹੋਰ ਦੇਸ਼ਾਂ ਦੇ ਲੋਕਾਂ ਦਾ 'ਪਾਰ-ਉਤਾਰਾ' ਕਰਨ ਲੱਗ ਪਿਆ ਸੀ। ਜਿੱਥੇ ਉਸ ਨੇ ਜਾਣਾ ਹੁੰਦਾ, ਓਥੇ ਵੱਡੀ ਇਸ਼ਤਿਹਾਰਬਾਜ਼ੀ ਪਹਿਲਾਂ ਕਰਵਾ ਦਿੱਤੀ ਜਾਂਦੀ ਤੇ ਕੁਝ ਬੀਬੀਆਂ ਉਸ ਦੇ ਪ੍ਰਚਾਰ ਲਈ ਉਚੇਚੀਆਂ ਐਡਵਾਂਸ ਪਾਰਟੀ ਵਜੋਂ ਭੇਜ ਦਿੱਤੀਆਂ ਜਾਂਦੀਆਂ। ਬਾਬੇ ਦੀ ਠੱਗੀ ਦਾ ਕਾਰੋਬਾਰ ਅਜੇ ਤੱਕ ਵੀ ਜਾਰੀ ਹੈ।
ਦੂਸਰਾ ਮਾਮਲਾ ਭਾਰਤੀ ਧਰਮ ਖੇਤਰ ਦੇ ਸਭ ਤੋਂ ਚਰਚਿਤ ਸਾਧੂ ਰਾਮਦੇਵ ਦਾ ਹੈ। ਕਈ ਤਰ੍ਹਾਂ ਦੇ ਦੋਸ਼ ਉਸ ਦੇ ਖਿਲਾਫ ਲੱਗਦੇ ਰਹੇ ਹਨ, ਤੇ ਅੱਜ ਵੀ ਲੱਗਦੇ ਹਨ, ਪਰ ਇਨ੍ਹਾਂ ਦੋਸ਼ਾਂ ਉੱਤੇ ਉਸ ਦੇ ਪ੍ਰਚਾਰ ਦਾ ਪਰਦਾ ਏਡਾ ਕੁ ਮੋਟਾ ਪਾ ਦਿੱਤਾ ਜਾਂਦਾ ਹੈ ਕਿ ਲੋਕਾਂ ਨੂੰ ਕੋਈ ਗੱਲ ਯਾਦ ਨਹੀਂ ਰਹਿੰਦੀ। ਪਿਛਲੀਆਂ ਲੋਕ ਸਭਾ ਚੋਣਾਂ ਵਿੱਚ ਰਾਮਦੇਵ ਨੇ ਆਪਣੇ ਇੱਕ ਚਹੇਤੇ ਨੂੰ ਰਾਜਸਥਾਨ ਦੀ ਇੱਕ ਸੀਟ ਲਈ ਭਾਜਪਾ ਟਿਕਟ ਦਿਵਾ ਦਿੱਤੀ। ਜਦੋਂ ਉਸ ਦੀ ਰੈਲੀ ਵਿੱਚ ਬੋਲਣ ਗਿਆ ਤਾਂ ਸਟੇਜ ਉੱਤੇ ਉਸ ਨੂੰ ਕਮਾਈ ਬਾਰੇ ਪੁੱਛਣ ਲੱਗ ਪਿਆ। ਦੋਵਾਂ ਵੱਲੋਂ ਕੀਤੀ ਸਾਰੀ ਗੱਲਬਾਤ ਅਗਲੇ ਦਿਨ ਟੀ ਵੀ ਚੈਨਲਾਂ ਨੇ ਸੁਣਾ ਦਿੱਤੀ, ਪਰ ਮਸਾਂ ਦੋ ਦਿਨ ਉਹ ਗੱਲ ਲੋਕਾਂ ਨੇ ਸੁਣੀ, ਤੀਸਰੇ ਦਿਨ ਤੱਕ ਮੀਡੀਏ ਵਿੱਚ ਉਸ ਗੱਲਬਾਤ ਦਾ ਜ਼ਿਕਰ ਨਹੀਂ ਸੀ ਲੱਭਦਾ, ਕਿਉਂਕਿ ਰਾਮਦੇਵ ਨੇ ਦਵਾਈਆਂ ਦੀ ਐਡ ਕਾਫੀ ਵਧਾ ਦਿੱਤੀ ਸੀ। ਫਿਰ ਪੱਛਮੀ ਬੰਗਾਲ ਦੇ ਇੱਕ ਭਾਜਪਾ ਐੱਮ ਪੀ ਨੇ ਕਿਸੇ ਥਾਂ ਦੱਸ ਦਿੱਤਾ ਕਿ ਮੇਰੇ ਨਾਲ ਦੀ ਸੀਟ ਉੱਤੇ ਜਹਾਜ਼ ਵਿੱਚ ਬੈਠਾ ਰਾਮਦੇਵ ਕਿਸੇ ਨਾਲ ਟਿਕਟ ਦਾ ਸੌਦਾ ਮਾਰਦਾ ਸੁਣ ਕੇ ਮੈਂ ਕਿਹਾ ਸੀ ਕਿ ਮੈਨੂੰ ਵੀ ਟਿਕਟ ਦਿਵਾ ਦੇਹ, ਵਰਨਾ ਜਹਾਜ਼ ਤੋਂ ਉੱਤਰਦੇ ਸਾਰ ਇਹ ਗੱਲ ਸਭ ਨੂੰ ਦੱਸ ਦਿਆਂਗਾ, ਤੇ ਨਤੀਜੇ ਵਜੋਂ ਭਾਜਪਾ ਟਿਕਟ ਮਿਲ ਗਈ ਸੀ। ਉਸ ਐੱਮ ਪੀ ਦੀ ਕਹੀ ਗੱਲ ਮਾੜੀ-ਮੋਟੀ ਮੀਡੀਏ ਵਿੱਚ ਆਈ ਤੇ ਫਿਰ ਅਣਗੌਲੀ ਹੋਣ ਨਾਲ ਉਹ ਕੇਂਦਰ ਸਰਕਾਰ ਵਿਚ ਮੰਤਰੀ ਵੀ ਬਣ ਗਿਆ। ਮਾਮਲਾ ਫਿਰ ਮਾਇਆ ਦੇ ਪ੍ਰਤਾਪ ਨਾਲ ਚੰਗੀ ਤਰ੍ਹਾਂ ਢਕ ਦਿੱਤਾ ਗਿਆ ਸੀ।
ਝੂਠ ਬੋਲਣਾ ਸਿੱਖ ਚੁੱਕੇ ਜਾਂ ਸਿਖਾ ਦਿੱਤੇ ਗਏ ਅੱਜ ਦੇ ਯੁੱਗ ਵਾਲੇ ਸ਼ੀਸ਼ੇ ਅਤੇ ਕੈਮਰੇ ਵਾਂਗ ਅਜੋਕਾ ਮੀਡੀਆ ਵੀ ਪੰਜਾਬੀ ਦੇ ਮੁਹਾਵਰੇ 'ਜਿਸ ਦਾ ਅੰਨ-ਪਾਣੀ, ਉਸ ਦਾ ਕੰਮ ਜਾਣੀ' ਵਾਲੀ ਸੋਚ ਤੋਂ ਸੇਧਤ ਹੋ ਚੁੱਕਾ ਹੈ। ਇਸ ਦਾ ਸੌਦਾ ਵੱਜ ਜਾਵੇ ਤਾਂ ਕਿਸੇ ਦੀ ਗੁੱਡੀ ਅਸਮਾਨੇ ਚਾੜ੍ਹ ਸਕਦਾ ਹੈ ਤੇ ਜਦੋਂ ਸੌਦੇ ਵਿੱਚ ਕੁਝ ਅੜਿੱਕਾ ਪੈ ਜਾਵੇ ਤਾਂ ਅਰਸ਼ ਤੋਂ ਫਰਸ਼ ਤੱਕ ਸੁੱਟਣ ਤੁਰ ਪੈਂਦਾ ਹੈ। ਬੰਦਾ ਕੋਈ ਚੰਗਾ ਹੋਵੇ ਜਾਂ ਮਾੜਾ, ਇਸ ਦਾ ਕੋਈ ਫਰਕ ਸਮਝਣ ਦੀ ਮੀਡੀਏ ਨੂੰ ਲੋੜ ਨਹੀਂ। ਅਗਲਾ ਬੰਦਾ ਚਰਚਿਤ ਹੋਣਾ ਚਾਹੀਦਾ ਹੈ, ਜਿਸ ਬਾਰੇ ਲੋਕ ਇਹੋ ਸੋਚ ਕੇ ਸੁਣਨ ਲੱਗ ਜਾਣ ਕਿ ਜਦੋਂ ਵੀ ਬੋਲਦਾ ਹੈ, ਕੋਈ ਨਵੇਂ ਤੋਂ ਨਵਾਂ ਸ਼ੋਸ਼ਾ ਛੱਡਦਾ ਹੁੰਦਾ ਹੈ। ਮੀਡੀਏ ਨੇ ਲੋਕਾਂ ਦਾ ਜ਼ਾਇਕਾ ਵੀ ਵਿਗਾੜ ਦਿੱਤਾ ਹੈ।
ਇੱਕ ਗੱਲ ਇੱਕ ਵਾਰੀ ਮਨਮੋਹਨ ਸਿੰਘ ਸਰਕਾਰ ਦੇ ਵਾਤਾਵਰਣ ਬਾਰੇ ਮੰਤਰੀ ਜੈਰਾਮ ਰਮੇਸ਼ ਨੇ ਆਖੀ ਸੀ ਕਿ ਭਾਰਤ ਦੇ ਲੋਕਾਂ ਨੂੰ ਧਾਰਮਿਕ ਸਥਾਨ ਬਣਾਉਣ ਤੋਂ ਪਹਿਲਾਂ ਹਰ ਘਰ ਵਿੱਚ ਇੱਕ ਟਾਇਲੇਟ ਸੀਟ ਲਾਉਣ ਵਾਸਤੇ ਸੋਚਣਾ ਚਾਹੀਦਾ ਹੈ। ਉਸ ਦੇ ਖਿਲਾਫ ਮੀਡੀਏ ਵਿੱਚ ਤੂਫਾਨ ਖੜਾ ਕਰ ਦਿੱਤਾ ਗਿਆ। ਜਣਾ-ਖਣਾ ਕਹੀ ਜਾਂਦਾ ਸੀ ਕਿ ਇਸ ਬੰਦੇ ਨੇ ਗੰਦ ਸਾਂਭਣ ਵਾਲੀ ਸੀਟ ਨੂੰ ਧਰਮ ਸਥਾਨ ਦੇ ਬਰਾਬਰ ਤੋਲ ਕੇ ਬਹੁਤ ਵੱਡਾ ਪਾਪ ਕਰ ਦਿੱਤਾ ਹੈ। ਫਿਰ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਬਣ ਗਿਆ ਤੇ ਕੁਰਸੀ ਸਾਂਭਣ ਦੇ ਤਿੰਨ ਮਹੀਨੇ ਪਿੱਛੋਂ ਉਸ ਨੇ ਵੀ ਸੱਦਾ ਦੇ ਦਿੱਤਾ ਕਿ 'ਪਹਿਲਾਂ ਸ਼ੌਚਾਲਿਆ ਤੇ ਫਿਰ ਦੇਵਾਲਿਆ' ਬਣਾਉਣਾ ਚਾਹੀਦਾ ਹੈ। ਇਸ ਤਰ੍ਹਾਂ ਦੀ ਗੱਲ ਕਹਿਣ ਨਾਲ ਨਰਿੰਦਰ ਮੋਦੀ ਨੇ 'ਦੇਵਾਲਿਆ' ਯਾਨੀ ਕਿ ਧਰਮ-ਸਥਾਨ ਤੋਂ ਪਹਿਲਾਂ ਟਾਇਲੇਟ ਸੀਟ ਲਾਉਣ ਦੀ ਉਹੋ ਹੀ ਗੱਲ ਆਖੀ ਸੀ, ਜਿਸ ਦੇ ਕਾਰਨ ਕੁਝ ਸਮਾਂ ਪਹਿਲਾਂ ਕਾਂਗਰਸੀ ਆਗੂ ਜੈਰਾਮ ਰਮੇਸ਼ ਦਾ ਗੁੱਡਾ ਬੱਝਦਾ ਰਿਹਾ ਸੀ। ਜਿਹੜੇ ਸਾਧ ਅਤੇ ਸੰਤਣੀਆਂ ਜੈਰਾਮ ਰਮੇਸ਼ ਦੇ ਖਿਲਾਫ ਤੂਫਾਨ ਮਚਾਈ ਫਿਰਦੇ ਸਨ, ਉਹ ਨਰਿੰਦਰ ਮੋਦੀ ਦੇ ਸ਼ਬਦਾਂ ਉੱਤੇ ਅਮਲ ਕਰਾਉਣ ਲਈ 'ਸਵੱਛ ਭਾਰਤ' ਦਾ ਝੰਡਾ ਚੁੱਕ ਕੇ ਤੁਰ ਪਏ ਤੇ ਸਾਡਾ ਮੀਡੀਆ ਉਨ੍ਹਾਂ ਦਾ ਧੂਤੂ ਬਣ ਕੇ ਨਾਲ ਉੱਠ ਤੁਰਿਆ।
ਮੀਡੀਏ, ਸ਼ੀਸ਼ੇ ਅਤੇ ਕੈਮਰੇ ਦੇ ਰਾਹੀਂ ਹੁੰਦੀਆਂ ਸ਼ਰਾਰਤਾਂ ਨਾਲ ਸਾਡੇ ਆਮ ਲੋਕਾਂ ਦੀ ਮਾਨਸਿਕਤਾ ਵੀ ਲੀਹੋਂ ਲੱਥਦੀ ਜਾ ਰਹੀ ਹੈ। ਲੋਕ ਆਪਣੀ ਸੰਵੇਦਨਾ ਗੁਆਈ ਜਾਂਦੇ ਹਨ। ਕਈ ਵਾਰ ਉਹ ਕਿਸੇ ਬੜੀ ਵੱਡੀ ਦੁਖਾਂਤਕ ਘਟਨਾ ਵੇਲੇ ਵੀ ਇਸ ਮਾਨਸਿਕ ਵਿਗਾੜ ਦਾ ਵਿਖਾਲਾ ਕਰਨ ਤੋਂ ਨਹੀਂ ਰਹਿੰਦੇ। ਪਿਛਲੇਰੇ ਮਹੀਨੇ ਇੱਕ ਸੜਕ ਹਾਦਸੇ ਵਿੱਚ ਇੱਕ ਨੌਜਵਾਨ ਦੀ ਮੌਤ ਹੋ ਗਈ। ਬੰਗਲੌਰ ਨੇੜੇ ਜਦੋਂ ਸੜਕ ਉੱਤੇ ਪਿਆ ਹਰ ਕਿਸੇ ਨੂੰ ਮਦਦ ਕਰਨ ਦਾ ਤਰਲਾ ਮਾਰ ਰਿਹਾ ਸੀ, ਉਸ ਦੀ ਮਦਦ ਦੀ ਥਾਂ ਬਹੁਤ ਸਾਰੇ ਲੋਕ ਉਸ ਨਾਲ ਸੈਲਫੀ ਖਿੱਚਣ ਅਤੇ ਫੇਸਬੁੱਕ ਉੱਤੇ ਅਪਲੋਡ ਕਰਨ ਨੂੰ ਪਹਿਲ ਦੇ ਰਹੇ ਸਨ। ਇਹੋ ਹੁਣ ਕੋਲਕਾਤਾ ਵਿੱਚ ਹੁੰਦਾ ਵੇਖ ਲਿਆ ਹੈ। ਓਥੇ ਇੱਕ ਫਲਾਈ ਓਵਰ ਡਿੱਗ ਪਿਆ ਤੇ ਕਈ ਲੋਕ ਉਸ ਦੇ ਥੱਲੇ ਆ ਗਏ ਸਨ। ਬਚਾਅ ਕਰਮੀ ਉਨ੍ਹਾਂ ਨੂੰ ਮਲਬੇ ਹੇਠੋਂ ਕੱਢਣ ਲੱਗੇ ਹੋਏ ਸਨ ਅਤੇ ਆਮ ਲੋਕਾਂ ਵਿੱਚੋਂ ਬਹੁਤ ਸਾਰੇ ਲੋਕ ਫਲਾਈ ਓਵਰ ਦੇ ਹੇਠਾਂ ਫਸੇ ਟਰਾਲੇ ਤੇ ਕਾਰ ਵਿੱਚੋਂ ਕਿਸੇ ਤਰ੍ਹਾਂ ਦੀ ਮਦਦ ਲਈ ਝਾਕਦੇ ਲੋਕਾਂ ਨਾਲ ਸੈਲਫੀ ਖਿੱਚਣ ਦਾ ਕੰਮ ਕਰੀ ਜਾ ਰਹੇ ਸਨ। ਇੱਕ ਪੂਰਾ ਦਿਨ ਇਸ ਖਬਰ ਨਾਲ ਸੰਬੰਧਤ ਵੇਰਵੇ ਸਾਡਾ ਮੀਡੀਆ ਲੋਕਾਂ ਸਾਹਮਣੇ ਰੱਖਦਾ ਰਿਹਾ ਤੇ ਦੂਸਰਾ ਦਿਨ ਸ਼ੁਰੂ ਹੋਣ ਤੱਕ ਉਸ ਨੇ ਓਸੇ ਕੋਲਕਾਤਾ ਸ਼ਹਿਰ ਵਿੱਚ ਇਸ ਐਤਵਾਰ ਹੋਣ ਵਾਲੇ ਟੀ-ਟਵੰਟੀ ਕ੍ਰਿਕਟ ਵਰਲਡ ਕੱਪ ਦੇ ਸੰਬੰਧ ਵਿੱਚ ਲੋਕਾਂ ਦੀ ਰਾਏ ਪੇਸ਼ ਕਰਨ ਵਾਲਾ ਕੰਮ ਸ਼ੁਰੂ ਕਰ ਦਿੱਤਾ। ਕਿਸੇ ਨੂੰ ਯਾਦ ਹੀ ਨਹੀਂ ਕਿ ਇੱਕ ਦਿਨ ਪਹਿਲਾਂ ਇਸ ਸ਼ਹਿਰ ਵਿੱਚ ਕਿੰਨੇ ਲੋਕ ਇੱਕ ਪੁਲ ਦੇ ਹੇਠਾਂ ਦੱਬਣ ਕਾਰਨ ਮਾਰੇ ਗਏ ਸਨ ਅਤੇ ਉਨ੍ਹਾਂ ਦੇ ਪਰਵਾਰਾਂ ਦਾ ਕੀ ਬਣਿਆ ਹੈ? ਜਿਸ ਸ਼ਹਿਰ ਵਿੱਚ ਮੀਡੀਆ ਇੱਕ ਦਿਨ ਪਹਿਲਾਂ ਵਿਲਕਦੇ ਹੋਏ ਲੋਕ ਵਿਖਾ ਰਿਹਾ ਸੀ, ਓਥੇ ਹੀ ਕ੍ਰਿਕਟ ਦੇ ਖਿਡਾਰੀ ਨੱਚਦੇ ਵਿਖਾਉਣ ਲੱਗ ਪਿਆ।
ਅਸੀਂ ਕਈ ਹੋਰ ਦੇਸ਼ਾਂ ਵਿੱਚ ਵੀ ਏਦਾਂ ਦੀਆਂ ਬੇਹੂਦਗੀਆਂ ਹੁੰਦੀਆਂ ਸੁਣਦੇ ਹਾਂ। ਇਸ ਹਫਤੇ ਜਦੋਂ ਮਿਸਰ ਦਾ ਜਹਾਜ਼ ਅਗਵਾ ਹੋ ਗਿਆ ਸੀ, ਕੀਤਾ ਇਹ ਕਿਸੇ ਸਿਰ ਫਿਰੇ ਇਸ਼ਕ-ਪੱਟੇ ਨੇ ਸੀ, ਇੰਗਲੈਂਡ ਦਾ ਇੱਕ ਮੁਸਾਫਰ ਓਥੇ ਅਗਵਾਕਾਰ ਨਾਲ ਸੈਲਫੀ ਲੈਣ ਤੋਂ ਨਹੀਂ ਰਹਿ ਸਕਿਆ। ਇੱਕ ਵਾਰ ਦਹਿਸ਼ਤਗਰਦ ਜਦੋਂ ਭਾਰਤ ਦਾ ਜਹਾਜ਼ ਅਗਵਾ ਕਰ ਕੇ ਕੰਧਾਰ ਲੈ ਗਏ, ਉਨ੍ਹਾਂ ਨੇ ਇੱਕ ਸੱਜ ਵਿਆਹਿਆ ਨੌਜਵਾਨ ਮਾਰ ਦਿੱਤਾ ਸੀ, ਪਰ ਇਕ ਮੁਸਾਫਰ ਕੁੜੀ ਦਾ ਜਨਮ-ਦਿਨ ਪਤਾ ਲੱਗਣ ਉੱਤੇ ਉਸ ਲਈ ਕੇਕ ਤੇ ਤੋਹਫੇ ਵਿੱਚ ਸ਼ਾਲ ਭੇਟ ਕਰ ਦਿੱਤੀ। ਵਾਪਸੀ ਮੌਕੇ ਜਹਾਜ਼ ਵਿੱਚੋਂ ਉਸ ਮਾਰੇ ਗਏ ਸੱਜ-ਵਿਆਹੇ ਨੌਜਵਾਨ ਦੀ ਲਾਸ਼ ਵੀ ਨਿਕਲੀ, ਪਰ ਮੀਡੀਆ ਉਸ ਬਰਥ ਡੇਅ ਵਾਲੀ ਕੁੜੀ ਲਈ ਦਹਿਸ਼ਤਗਰਦਾਂ ਵੱਲੋਂ ਦਿੱਤੇ ਗਏ ਸ਼ਾਲ ਦੀਆਂ ਫੋਟੋ ਖਿੱਚਣ ਰੁੱਝਾ ਦਿਖਾਈ ਦੇਂਦਾ ਸੀ।
ਸੰਵੇਦਨਹੀਣਤਾ ਦੀ ਇਹ ਘਾਟ ਹੁਣ ਸਾਡੇ ਆਮ ਲੋਕਾਂ ਦੇ ਘਰਾਂ ਤੱਕ ਪਹੁੰਚਣ ਲੱਗੀ ਹੈ। ਕੁਝ ਹਫਤੇ ਪਹਿਲਾਂ ਕਿਸੇ ਦੇ ਘਰ ਇੱਕ ਮੌਤ ਹੋਣ ਉੱਤੇ ਸਾਨੂੰ ਅਫਸੋਸ ਕਰਨ ਜਾਣਾ ਪਿਆ। ਪਰਵਾਰ ਦੇ ਨਾਲ ਕਾਫੀ ਨੇੜਤਾ ਸੀ। ਅਸੀਂ ਮ੍ਰਿਤਕ ਦੀ ਪਤਨੀ ਕੋਲ ਅਫਸੋਸ ਕਰ ਰਹੇ ਸਾਂ ਤੇ ਉਸ ਪਰਵਾਰ ਵਾਲੇ ਬਾਕੀ ਲੋਕ ਨਾਲ ਦੇ ਕਮਰੇ ਵਿੱਚ ਕ੍ਰਿਕਟ ਦਾ ਮੈਚ ਵੇਖ ਰਹੇ ਸਨ। ਬਹੁਤ ਵੱਡਾ ਝਟਕਾ ਸਾਨੂੰ ਉਸ ਵੇਲੇ ਲੱਗਾ, ਜਦੋਂ ਪੰਜਾਹ ਸਾਲਾਂ ਤੋਂ ਵੀ ਛੋਟੀ ਉਮਰ ਵਿੱਚ ਮਾਰੇ ਗਏ ਉਸ ਵਿਅਕਤੀ ਦੀ ਪਤਨੀ ਨੇ ਕਿਸੇ ਨੂੰ ਇਹ ਕਿਹਾ ਕਿ ਸਕੋਰ ਵੇਖ ਕੇ ਆਵੇ। ਉਸ ਵਿਧਵਾ ਦਾ ਧਿਆਨ ਵੀ ਪਤੀ ਦੀ ਮੌਤ ਦਾ ਅਫਸੋਸ ਕਰਨ ਲਈ ਆਏ ਲੋਕਾਂ ਨਾਲੋਂ ਵੱਧ ਕ੍ਰਿਕਟ ਮੈਚ ਵੱਲ ਸੀ ਤੇ ਉਹ ਆਏ ਲੋਕ ਉੱਠ ਕੇ ਜਾਣ ਤੱਕ ਦੀ ਉਡੀਕ ਨਹੀਂ ਸੀ ਕਰਨਾ ਚਾਹੁੰਦੀ। ਜਿਸ ਦੇਸ਼ ਵਿੱਚ ਆਮ ਲੋਕਾਂ ਦੀ ਸੰਵੇਦਨਸ਼ੀਲਤਾ ਦੀ ਘਾਟ ਇਸ ਹੱਦ ਤੱਕ ਪਹੁੰਚ ਜਾਵੇ, ਉਸ ਦੇਸ਼ ਵਿੱਚ ਰਾਜ ਕਰਨ ਵਾਲਿਆਂ ਨੂੰ ਲੋਕਾਂ ਦੇ ਮੂਡ ਦੀ ਚਿੰਤਾ ਕਰਨ ਦੀ ਲੋੜ ਨਹੀਂ ਰਹਿ ਜਾਂਦੀ। ਇਹ ਚਿੰਤਾ ਇਸ ਵੇਲੇ ਕਿਸੇ ਵੀ ਸਿਆਸੀ ਆਗੂ ਨੂੰ ਨਹੀਂ। ਸੰਵੇਦਨਸ਼ੀਲਤਾ ਤੋਂ ਸੱਖਣਾ ਇਹ ਸਮਾਜ ਆਖਰ ਹੋਰ ਕਿਹੜੀਆਂ ਨਿਵਾਣਾਂ ਤੱਕ ਡਿੱਗੇਗਾ? ਇਸ ਦੇ ਖਿਲਾਫ਼ ਕੋਈ ਜਾਗ੍ਰਿਤੀ ਦੀ ਲਹਿਰ ਕਦੋਂ ਉੱਠੇਗੀ ?

03 April 2016

ਕਾਂਗਰਸ ਤੇ ਆਮ ਆਦਮੀ ਪਾਰਟੀ ਦਾ ਵਿਹਾਰ ਪੰਜਾਬ ਦੇ ਲੋਕਾਂ ਦਾ ਮੂਡ ਵਿਗਾੜ ਵੀ ਸਕਦੈ - ਜਤਿੰਦਰ ਪਨੂੰ

ਇਹ ਸਵਾਲ ਸੁਣਦਿਆਂ ਹੁਣ ਕੰਨ ਪੱਕਣ ਵਾਲੇ ਹਨ ਕਿ ਅਗਲੀਆਂ ਚੋਣਾਂ ਵਿੱਚ ਪੰਜਾਬ ਵਿੱਚ ਕਿਸ ਪਾਰਟੀ ਦੀ ਸਰਕਾਰ ਬਣੇਗੀ? ਜਦੋਂ ਪਾਰਲੀਮੈਂਟ ਚੋਣਾਂ ਹੋਣੀਆਂ ਸਨ, ਓਦੋਂ ਇਹੋ ਜਿਹਾ ਕੋਈ ਸਵਾਲ ਨਹੀਂ ਸੀ ਪੁੱਛਿਆ ਜਾ ਰਿਹਾ ਕਿ ਕਿਸ ਦੀਆਂ ਕਿੰਨੀਆਂ ਕੁ ਸੀਟਾਂ ਆਉਣਗੀਆਂ, ਪਰ ਚੋਣਾਂ ਵਿੱਚ ਇੱਕ ਹਫਤਾ ਰਹਿੰਦਿਆਂ ਜਦੋਂ ਪੰਜਾਬ ਦਾ ਚੋਣ ਦ੍ਰਿਸ਼ ਸਾਫ ਹੋਣ ਲੱਗ ਪਿਆ, ਓਦੋਂ ਆਮ ਆਦਮੀ ਪਾਰਟੀ ਬਾਰੇ ਏਦਾਂ ਦਾ ਸਵਾਲ ਬਹੁਤ ਲੋਕ ਪੁੱਛਣ ਲੱਗ ਪਏ ਕਿ ਇਹ ਕਿੰਨੀਆਂ ਕੁ ਸੀਟਾਂ ਲੈ ਜਾਵੇਗੀ? ਅਸੀਂ ਓਦੋਂ ਸਾਰਿਆਂ ਨੂੰ ਇਹ ਕਹਿੰਦੇ ਸਾਂ ਕਿ ਲੋਕਾਂ ਨੇ ਆਗੂ ਦਾ ਫੈਸਲਾ ਕਰਨਾ ਹੈ, ਜਿਹੜਾ ਉਹ ਕਰ ਦੇਣਗੇ, ਵੇਖ ਲਵਾਂਗੇ, ਪਰ ਕਈ ਬੇਸਬਰੇ ਲੋਕ ਇਸ ਨਾਲ ਚੁੱਪ ਨਹੀਂ ਸੀ ਹੋ ਸਕਦੇ ਤੇ ਕਿਆਫਿਆਂ ਦਾ ਬਾਜ਼ਾਰ ਚੱਲਦਾ ਰਿਹਾ ਸੀ। ਉਸ ਤੋਂ ਪਹਿਲਾਂ ਦੀਆਂ ਵਿਧਾਨ ਸਭਾ ਚੋਣਾਂ ਵਿੱਚ ਹੋਈ ਪੰਜਾਬ ਪੀਪਲਜ਼ ਪਾਰਟੀ ਦੀ ਚੜ੍ਹਤ ਤੇ ਫਿਰ ਨਤੀਜੇ ਵਜੋਂ ਉਸ ਦੀ ਕੋਈ ਸੀਟ ਵੀ ਨਾ ਆਉਣ ਦਾ ਇਤਿਹਾਸ ਯਾਦ ਰੱਖ ਕੇ ਚੱਲੀਏ ਤਾਂ ਏਦਾਂ ਦੇ ਅੰਦਾਜ਼ਿਆਂ ਦੀ ਲੋੜ ਨਹੀਂ ਰਹਿੰਦੀ, ਪਰ ਬੇਸਬਰੀ ਦਾ ਕੋਈ ਬੰਨਾ ਨਹੀਂ ਹੁੰਦਾ। ਬੇਸਬਰੇ ਸੁਭਾਅ ਵਾਲੇ ਲੋਕ ਹੁਣ ਅਗਲੀ ਅਸੈਂਬਲੀ ਚੋਣ ਬਾਰੇ ਅੰਦਾਜ਼ਿਆਂ ਵਿੱਚ ਰੁੱਝ ਗਏ ਹਨ। ਇਹ ਬੇਲੋੜੀ ਕਸਰਤ ਹੈ।
ਬੇਲੋੜੀ ਕਸਰਤ ਅਸੀਂ ਇਸ ਲਈ ਕਹਿ ਸਕਦੇ ਹਾਂ ਕਿ ਜਿਹੜੀ ਚੋਣ ਦੀ ਗੱਲ ਲੋਕ ਕਰਦੇ ਅਤੇ ਪੁੱਛਦੇ ਹਨ, ਉਸ ਦਾ ਸਮਾਂ ਹਾਲੇ ਇੱਕ ਸਾਲ ਦੂਰ ਹੈ। ਅਗੇਤੀ ਚੋਣ ਦਾ ਜੂਆ ਖੇਡਿਆ ਜਾ ਸਕਦਾ ਹੈ, ਪਰ ਇਹ ਜ਼ਰੂਰੀ ਨਹੀਂ ਕਿ ਇਸੇ ਤਰ੍ਹਾਂ ਕੀਤਾ ਜਾਵੇ। ਕੋਈ ਮੰਨ ਵੀ ਲਵੇ ਕਿ ਚੋਣ ਅਗੇਤੀ ਹੋਣੀ ਹੈ ਤਾਂ ਉਸ ਨੂੰ ਇਸ ਗੱਲ ਦਾ ਖਿਆਲ ਫਿਰ ਵੀ ਰੱਖਣ ਦੀ ਲੋੜ ਪਵੇਗੀ ਕਿ ਰਾਜਸੀ ਹਾਲਾਤ ਪਲ-ਪਲ ਬਦਲਦੇ ਹਨ। ਰਾਜਨੀਤੀ ਕੋਈ ਝੀਲ ਵਿੱਚ ਖੜਾ ਪਾਣੀ ਤਾਂ ਨਹੀਂ, ਇਸ ਵਿੱਚ ਹਰ ਨਵੇਂ ਦਿਨ ਨਵੀਂ ਹਲਚਲ ਪੈਦਾ ਹੋ ਸਕਦੀ ਹੈ। ਇਹ ਹਲਚਲ ਇਸ ਹਫਤੇ ਵਿੱਚ ਵੀ ਹੋਈ ਹੈ ਤੇ ਹਾਲੇ ਤੱਕ ਹੋ ਰਹੀ ਹੈ। ਪਿਛਲਾ ਇੱਕ ਹਫਤਾ ਹੀ ਕਈ ਅਨੋਖੇ ਰੰਗ ਦਿਖਾ ਗਿਆ ਹੈ।
ਪੰਦਰਾਂ ਦਿਨ ਪਹਿਲਾਂ ਤੱਕ ਆਪਣੀ ਸਾਰੀ ਸਿਆਸੀ ਅਤੇ ਧਾਰਮਿਕ ਤਾਕਤ ਝੋਕਣ ਦੇ ਬਾਵਜੂਦ ਇਸ ਤਰ੍ਹਾਂ ਦਾ ਪ੍ਰਭਾਵ ਮਿਲਦਾ ਸੀ ਕਿ ਅਕਾਲੀ ਦਲ ਦਾ ਪਾਣੀ ਵਾਹਵਾ ਲੱਥ ਰਿਹਾ ਹੈ, ਪਰ ਇਸ ਹਫਤੇ ਵਿੱਚ ਉਨ੍ਹਾਂ ਦਾ ਵਿਰੋਧ ਕਰਦੀਆਂ ਧਿਰਾਂ ਦੇ ਕੁਚੱਜ ਨੇ ਹਾਲਾਤ ਦਾ ਪ੍ਰਭਾਵ ਹੋਰ ਦੇ ਦਿੱਤਾ ਹੈ। ਇਸ ਨਾਲ ਅਕਾਲੀ ਦਲ ਦੇ ਤਕੜੇ ਹੋਣ ਵਾਲੀ ਕੋਈ ਗੱਲ ਹੋਵੇ ਜਾਂ ਨਾ, ਜਿਨ੍ਹਾਂ ਨੇ ਅਕਾਲੀ ਦਲ ਦੇ ਖਿਲਾਫ ਮੋਰਚੇਬੰਦੀ ਕਰਨੀ ਹੈ, ਉਨ੍ਹਾਂ ਦੇ ਮੋਰਚੇ ਵਿੱਚੋਂ ਕਮਜ਼ੋਰੀ ਬੜੇ ਆਰਾਮ ਨਾਲ ਬਾਹਰ ਆਉਣ ਲੱਗ ਪਈ ਹੈ। ਨਾ ਇਸ ਕਮਜ਼ੋਰੀ ਨੂੰ ਕਾਂਗਰਸ ਪਾਰਟੀ ਲੁਕਾ ਸਕੀ ਹੈ ਤੇ ਨਾ ਹੀ ਆਮ ਆਦਮੀ ਪਾਰਟੀ ਦਾ ਅੰਦਰਲਾ ਹਾਲ ਲੁਕਿਆ ਰਿਹਾ ਹੈ। ਇਸ ਤੋਂ ਅਕਾਲੀ ਸੌਖਾ ਮਹਿਸੂਸ ਕਰਨ ਲੱਗੇ ਹਨ।
ਇੱਕ ਮੌਕਾ ਪੰਜਾਬ ਵਿੱਚ ਉਹ ਵੀ ਸੀ ਕਿ ਮੁੱਖ ਮੰਤਰੀ ਹੁੰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਵਿਧਾਨ ਸਭਾ ਵਿੱਚ ਪਾਣੀਆਂ ਦੇ ਸਮਝੌਤੇ ਤੋੜਨ ਦਾ ਮਤਾ ਲਿਆਂਦਾ ਤੇ ਅਕਾਲੀ ਆਗੂ ਵਿਰੋਧ ਕਰਨ ਦੀ ਥਾਂ ਨਾਲ ਤੁਰੇ ਜਾਣ ਲਈ ਮਜਬੂਰ ਹੋ ਗਏ ਸਨ। ਅੱਜ ਇਸ ਤੋਂ ਉਲਟ ਇਹ ਮੌਕਾ ਹੈ ਕਿ ਅਕਾਲੀ ਆਗੂ ਪਾਣੀਆਂ ਦੇ ਸਵਾਲ ਉੱਤੇ ਅੱਗੇ ਹੁੰਦੇ ਹਨ ਤੇ ਕਾਂਗਰਸ ਪਾਰਟੀ ਉਨ੍ਹਾਂ ਦੇ ਮਗਰਲੇ ਹਾਲੀ ਵਾਂਗ ਤੁਰੇ ਜਾਣ ਲਈ ਮਜਬੂਰ ਦਿਖਾਈ ਦੇਂਦੀ ਹੈ। ਜਿਹੜਾ ਕੋਈ ਮਤਾ ਪੰਜਾਬ ਸਰਕਾਰ ਰੱਖਦੀ ਹੈ, ਕਾਂਗਰਸ ਉਸ ਦੇ ਪਿੱਛੇ ਖੜੋਤੀ ਦਿਸਦੀ ਹੈ। ਹਰਿਆਣੇ ਦੇ ਦਿੱਤੇ ਹੋਏ ਪੈਸੇ ਨਾਲ ਬਣਾਈ ਗਈ ਸਤਲੁਜ-ਜਮਨਾ ਨਹਿਰ ਨੂੰ ਖਤਮ ਕਰ ਕੇ ਉਸ ਦੇ ਲਈ ਅਕੁਆਇਰ ਕੀਤੀ ਜ਼ਮੀਨ ਕਿਸਾਨਾਂ ਨੂੰ ਦੇਣ ਦਾ ਮਤਾ ਅਕਾਲੀ ਦਲ ਨੇ ਪੇਸ਼ ਕੀਤਾ ਤੇ ਕਾਂਗਰਸੀ ਹਮਾਇਤ ਕਰਦੇ ਰਹੇ। ਅਕਾਲੀਆਂ ਨੇ ਕਿਸਾਨਾਂ ਨੂੰ ਜ਼ਮੀਨਾਂ ਸਾਂਭ ਲੈਣ ਦਾ ਇਸ਼ਾਰਾ ਕੀਤਾ ਤਾਂ ਕਾਂਗਰਸੀ ਉਨ੍ਹਾਂ ਤੋਂ ਅੱਗੇ-ਅੱਗੇ ਭੱਜਦੇ ਨਹਿਰ ਦੀ ਪਟੜੀ ਉੱਤੇ ਜਾ ਕੇ ਕੈਮਰੇ ਵਾਲਿਆਂ ਨੂੰ ਸ਼ਕਲਾਂ ਵਿਖਾਉਣ ਲੱਗ ਪਏ। ਕਿਸਾਨਾਂ ਦੇ ਸ਼ਾਹੂਕਾਰਾ ਕਰਜ਼ੇ ਦਾ ਮਸਲਾ ਨਿਬੇੜਨ ਦੇ ਲਈ ਅਸੈਂਬਲੀ ਵਿੱਚ ਬਿੱਲ ਅਕਾਲੀ ਦਲ ਨੇ ਪੇਸ਼ ਕੀਤਾ ਅਤੇ ਇਸ ਦੀ ਹਮਾਇਤ ਵਿੱਚ ਪੰਜਾਬ ਕਾਂਗਰਸ ਦਾ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਲੋਕਾਂ ਵਿਚ ਖੁੱਲ੍ਹ ਕੇ ਬੋਲਿਆ ਹੈ। ਉਸ ਦੀ ਆਪਣੀ ਮਜਬੂਰੀ ਸੀ। ਇਹ ਬਿੱਲ ਅਮਰਿੰਦਰ ਸਿੰਘ ਦੀ ਸਰਕਾਰ ਵੇਲੇ ਬਣਿਆ ਸੀ, ਉਹ ਪਾਸ ਵੀ ਕਰਨਾ ਚਾਹੁੰਦਾ ਸੀ, ਪਰ ਕਾਂਗਰਸ ਦੇ ਤਿੰਨ ਵਿਆਜੜੂ ਸ਼ਾਹੂਕਾਰਾ ਕਰਦੇ ਮੰਤਰੀ ਇਸ ਦੇ ਰਾਹ ਵਿੱਚ ਅੜਿੱਕਾ ਬਣ ਖੜੋਤੇ ਸਨ। ਹੁਣ ਉਹੋ ਬਿੱਲ ਪਾਸ ਕਰ ਕੇ ਅਕਾਲੀ ਸਿਹਰਾ ਲੈ ਗਏ ਹਨ।
ਕਾਂਗਰਸ ਪਾਰਟੀ ਨੇ ਆਪਣੇ ਅੰਦਰ ਦੀ ਖਿੱਚੋਤਾਣ ਵੀ ਹੁਣ ਫਿਰ ਜ਼ਾਹਰ ਕਰ ਦਿੱਤੀ ਹੈ। ਪਹਿਲਾਂ ਹੰਸ ਰਾਜ ਹੰਸ ਨਾਲ ਇਹ ਵਾਅਦਾ ਕਰ ਲਿਆ ਕਿ ਉਸ ਨੂੰ ਅਕਾਲੀ ਦਲ ਛੱਡ ਕੇ ਕਾਂਗਰਸ ਵਿੱਚ ਆਉਂਦੇ ਸਾਰ ਹੀ ਰਾਜ ਸਭਾ ਵਿੱਚ ਭੇਜ ਦਿੱਤਾ ਜਾਵੇਗਾ। ਉਸ ਨੂੰ ਟਿਕਟ ਦੀ ਹਾਂ ਕਰ ਕੇ ਫਿਰ ਕਾਟਾ ਮਾਰ ਦਿੱਤਾ ਗਿਆ। ਹੰਸ ਵਾਲੀ ਟਿਕਟ ਉਸ ਕਾਂਗਰਸੀ ਆਗੂ ਨੂੰ ਦਿੱਤੀ, ਜਿਸ ਦੀ ਹਾਲਤ ਵਿਧਾਨ ਸਭਾ ਚੋਣਾਂ ਵਿੱਚ ਉਸ ਦੇ ਪਰਵਾਰ ਨੇ ਹੀ ਹਾਸੋਹੀਣੀ ਕਰ ਛੱਡੀ ਸੀ। ਫਿਰ ਹੰਸ ਨੂੰ ਮਨਾਉਣ ਲਈ ਰਾਹੁਲ ਗਾਂਧੀ ਨਾਲ ਗੱਲ ਕਰ ਕੇ ਦਿੱਲੀ ਸਦਵਾਇਆ ਅਤੇ ਰਾਹੁਲ ਦੇ ਨਾਲ ਹੀ ਅਗਲੇ ਦਿਨ ਉਸ ਨੂੰ ਜਹਾਜ਼ ਰਾਹੀਂ ਅੰਮ੍ਰਿਤਸਰ ਭਿਜਵਾ ਕੇ ਗਲਤੀ ਉੱਤੇ ਪੋਚਾ ਮਾਰਨ ਦਾ ਕੰਮ ਕਰਦੇ ਰਹੇ। ਵਿਧਾਨ ਸਭਾ ਵਿੱਚ ਕਾਂਗਰਸ ਪਾਰਟੀ ਦਾ ਸਾਰਾ ਗਰੁੱਪ ਇਸ ਤਰ੍ਹਾਂ ਖਿੱਲਰ ਗਿਆ ਕਿ ਉਹ ਪਾਰਟੀ ਹੀ ਨਹੀਂ ਸੀ ਜਾਪ ਰਹੀ। ਜਿਸ ਬੰਦੇ ਨੂੰ ਵਿਰੋਧੀ ਧਿਰ ਦਾ ਆਗੂ ਬਣਾਇਆ ਸੀ, ਉਹ ਸਰਕਾਰ ਨਾਲ ਇਸ ਗੱਲ ਲਈ ਪੇਚਾ ਪਾ ਕੇ ਰੁੱਝਾ ਰਿਹਾ ਕਿ ਉਸ ਨੂੰ ਉਸ ਦੇ ਰੁਤਬੇ ਮੁਤਾਬਕ ਨਵੀਂ ਕਾਰ ਚਾਹੀਦੀ ਹੈ। ਅੰਦਰ ਅਸੈਂਬਲੀ ਵਿੱਚ ਉਹ ਹਰ ਗੱਲ ਵਿੱਚ ਹਾਕਮ ਧਿਰ ਦੇ ਮੈਂਬਰਾਂ ਸਾਹਮਣੇ ਕੱਚਾ ਸਾਬਤ ਹੁੰਦਾ ਰਿਹਾ। ਪਾਰਟੀ ਵੀ ਨਾਲ ਨਹੀਂ ਖੜੋਤੀ। ਇੱਕ ਦਿਨ ਜਦੋਂ ਉਸ ਨੇ ਕਿਸੇ ਗੱਲ ਤੋਂ ਵਾਕ-ਆਊਟ ਕੀਤਾ ਤਾਂ ਅੱਧੇ ਤੋਂ ਵੀ ਘੱਟ ਕਾਂਗਰਸੀ ਵਿਧਾਇਕ ਉਸ ਦੇ ਨਾਲ ਬਾਹਰ ਗਏ ਤੇ ਬਾਕੀਆਂ ਦਾ ਉਸ ਦੇ ਜਾਣ ਨਾਲ ਕਿਸੇ ਤਰ੍ਹਾਂ ਦਾ ਵਾਸਤਾ ਹੀ ਨਹੀਂ ਸੀ ਜਾਪਦਾ। ਅੰਦਰ ਬੈਠੇ ਕਾਂਗਰਸੀ ਵਿਧਾਇਕਾਂ ਵਿੱਚੋਂ ਬਹੁਤ ਸੀਨੀਅਰ ਇੱਕ ਆਗੂ ਤੇ ਸਾਬਕਾ ਮੰਤਰੀ ਉਸ ਮੌਕੇ ਵਿਰੋਧੀ ਧਿਰ ਦੇ ਬੈਂਚਾਂ ਤੋਂ ਉੱਠ ਕੇ ਹਾਕਮ ਧਿਰ ਵੱਲ ਸੁਖਬੀਰ ਸਿੰਘ ਬਾਦਲ ਨਾਲ ਗੱਲ ਕਰਨ ਜਾ ਬੈਠਾ। ਇਸ ਤੋਂ ਜ਼ਾਹਰ ਹੈ ਕਿ ਪਾਰਟੀ ਇੱਕਮੁੱਠ ਨਹੀਂ ਹੈ। ਪਾਰਟੀ ਵੱਲੋਂ ਕੇਂਦਰ ਤੋਂ ਪੰਜਾਬ ਦਾ ਇੰਚਾਰਜ ਉਹ ਆਗੂ ਬਣਾਇਆ ਪਿਆ ਹੈ, ਜਿਸ ਨੂੰ ਪੰਜਾਬ ਦੇ ਕਾਂਗਰਸੀ ਵਰਕਰ ਤੇ ਆਗੂ ਪਹਿਲਾਂ ਵਿਧਾਨ ਸਭਾ ਚੋਣਾਂ ਤੇ ਫਿਰ ਪਾਰਲੀਮੈਂਟ ਚੋਣਾਂ ਵਿੱਚ ਪਾਰਟੀ ਦੀ ਬੇੜੀ ਡੋਬਣ ਦਾ ਜ਼ਿਮੇਵਾਰ ਮੰਨਦੇ ਤੇ ਸਾਫ ਕਹਿੰਦੇ ਹਨ ਕਿ ਉਸ ਦੇ ਹੁੰਦਿਆਂ ਕਾਂਗਰਸ ਅੱਗੇ ਵਧ ਹੀ ਨਹੀਂ ਸਕਦੀ। ਇਸ ਤਰ੍ਹਾਂ ਦੇ ਹਾਲਾਤ ਵਿੱਚ ਜਿਹੋ ਜਿਹੀ ਜਿੱਤ ਦੇ ਸੁਫਨੇ ਕਾਂਗਰਸ ਆਗੂ ਲੈ ਰਹੇ ਸਨ, ਉਹ ਇਸ ਹਫਤੇ ਉਨ੍ਹਾਂ ਲਈ ਧੁੰਦਲੇ ਹੋ ਗਏ ਹੋ ਸਕਦੇ ਹਨ।
ਦੋਵਾਂ ਰਿਵਾਇਤੀ ਵਿਰੋਧੀ ਰਾਜਸੀ ਧਿਰਾਂ, ਅਕਾਲੀ ਦਲ ਅਤੇ ਕਾਂਗਰਸ ਦੇ ਮੁਕਾਬਲੇ ਦਾ ਨਵੀਂ ਰਾਜਨੀਤੀ ਦਾ ਸੱਭਿਆਚਾਰ ਪੇਸ਼ ਕਰਨ ਵਾਲੀ ਆਮ ਆਦਮੀ ਪਾਰਟੀ ਬਾਰੇ ਪਿਛਲੇ ਕਾਫੀ ਸਮੇਂ ਤੋਂ ਸੁਣਿਆ ਜਾ ਰਿਹਾ ਸੀ ਕਿ ਇਸ ਦਾ ਲੋਕਾਂ ਵਿੱਚ ਪ੍ਰਭਾਵ ਵਧ ਰਿਹਾ ਹੈ। ਪਿਛਲਾ ਹਫਤਾ ਇਸ ਪਾਰਟੀ ਲਈ ਚੰਗਾ ਸਾਬਤ ਨਹੀਂ ਹੋਇਆ। ਪਹਿਲਾਂ ਤਾਂ ਇਸ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਦਾ ਪੰਜਾਬ ਆਣ ਕੇ ਪੰਜਾਬ ਦੇ ਪਾਣੀਆਂ ਵਾਸਤੇ ਪੰਜਾਬੀਆਂ ਨਾਲ ਖੜੋਣ ਦਾ ਬਿਆਨ ਦੇਣਾ ਅਤੇ ਦਿੱਲੀ ਵਿੱਚ ਜਾਂਦੇ ਸਾਰ ਇਸ ਤੋਂ ਉਲਟ ਪ੍ਰਭਾਵ ਦੇਣਾ ਉਸ ਦੀ ਆਪਣੀ ਅਤੇ ਉਸ ਦੀ ਪਾਰਟੀ ਦੀ ਸਥਿਤੀ ਉੱਤੇ ਕਿੰਤੂ ਕਰਨ ਦਾ ਕਾਰਨ ਬਣਿਆ। ਫਿਰ ਉਸ ਪਾਰਟੀ ਵਿੱਚ ਇਸ ਹਫਤੇ ਦੌਰਾਨ ਨਵੇਂ ਆਏ ਕਈ ਲੋਕਾਂ ਬਾਰੇ ਚਰਚਾ ਚੱਲ ਪਈ ਕਿ ਇਨ੍ਹਾਂ ਦੇ ਹੁੰਦਿਆਂ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਅਕਾਲੀ ਦਲ ਅਤੇ ਕਾਂਗਰਸ ਤੋਂ ਵੱਖਰਾ ਸੱਭਿਆਚਾਰ ਪੇਸ਼ ਕਰਨ ਦਾ ਦਾਅਵਾ ਨਹੀਂ ਕਰ ਸਕਦੀ। ਕਈ-ਕਈ ਸਾਲ ਉਨ੍ਹਾਂ ਪਾਰਟੀਆਂ ਨਾਲ ਰਹਿ ਕੇ ਮਲਾਈ ਚੱਟਣ ਵਾਲੇ ਘਾਗ ਵੀ ਹੁਣ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਈ ਜਾ ਰਹੇ ਹਨ। ਵੱਖਰਾ ਸੱਭਿਆਚਾਰ ਪੇਸ਼ ਕਰਨਾ ਸੀ ਤਾਂ ਦਿੱਲੀ ਵਾਂਗ ਨਵੇਂ ਲੋਕਾਂ ਨੂੰ ਅੱਗੇ ਕਰਨਾ ਚਾਹੀਦਾ ਸੀ। ਪਾਰਲੀਮੈਂਟ ਚੋਣਾਂ ਵਿੱਚ ਵੀ ਜਿਨ੍ਹਾਂ ਥਾਂਵਾਂ ਤੋਂ ਨਵੇਂ ਲੋਕ ਅੱਗੇ ਕੀਤੇ ਗਏ ਸਨ, ਆਮ ਲੋਕਾਂ ਨੇ ਉਨ੍ਹਾਂ ਦਾ ਸਵਾਗਤ ਕੀਤਾ ਤੇ ਵੋਟਾਂ ਦਿੱਤੀਆਂ ਸਨ। ਇਸ ਪਾਰਟੀ ਨੂੰ ਹੁਣ ਵੀ ਪੁਰਾਣੇ ਚੱਲੇ ਹੋਏ ਕਾਰਤੂਸ ਜਾਂ ਕਬਾੜ ਦਾ ਮਾਲ ਇਕੱਠਾ ਕਰਨ ਦੀ ਲੋੜ ਨਹੀਂ ਸੀ।
ਜਿਹੜੀ ਗੱਲ ਇਸ ਤੋਂ ਵੀ ਵੱਧ ਇਸ ਪਾਰਟੀ ਲਈ ਮਾਰੂ ਹੈ, ਉਹ ਇਹ ਕਿ ਹੋਰ ਪਾਰਟੀਆਂ ਵਿੱਚ ਜਿੱਦਾਂ ਦਾ ਕੁਰਸੀ-ਯੁੱਧ ਚੱਲਦਾ ਵੇਖ ਕੇ ਲੋਕ ਹੱਸਿਆ ਕਰਦੇ ਸਨ, ਇਸ ਪਾਰਟੀ ਕੋਲ ਰਾਜ ਕਰਨ ਦਾ ਮੌਕਾ ਆਉਣ ਤੋਂ ਬਗੈਰ ਹੀ ਕੁਝ ਲੋਕ ਇਹੋ ਜਿਹਾ ਰੇੜਕਾ ਪਾਈ ਫਿਰਦੇ ਹਨ। ਜਿਸ ਆਗੂ ਬਾਰੇ ਇਹ ਆਮ ਚਰਚਾ ਹੈ ਕਿ ਉਹ ਸ਼ਰਾਬ ਪੀਣ ਲੱਗੇ ਤਾਂ ਪਾਰਟੀ ਜਲਸੇ ਵਿੱਚ ਜਾਣਾ ਭੁੱਲ ਜਾਂਦਾ ਹੈ, ਉਹ ਮੁੱਖ ਮੰਤਰੀ ਦੀ ਕੁਰਸੀ ਲਈ ਸਾਰਿਆਂ ਤੋਂ ਕਾਹਲਾ ਪਿਆ ਫਿਰਦਾ ਹੈ। ਇਸ ਪਾਰਟੀ ਨਾਲ ਲੋਕਾਂ ਦੀ ਹਮਦਰਦੀ ਹੋ ਸਕਦੀ ਹੈ, ਪਰ ਜਿਵੇਂ ਕੁਰਸੀ-ਯੁੱਧ ਵਿੱਚ ਫਸੀ ਹੋਈ ਹੋਣ ਕਰ ਕੇ ਕਾਂਗਰਸ ਪਾਰਟੀ ਚਾਰ ਸਾਲ ਪਹਿਲਾਂ ਡੁੱਬ ਗਈ ਸੀ, ਇਹ ਲੋਕ ਉਹ ਗੱਲ ਵੀ ਯਾਦ ਨਹੀਂ ਰੱਖ ਸਕੇ। ਚਾਰ ਸਾਲ ਪਹਿਲਾਂ ਹੋਈ ਵਿਧਾਨ ਸਭਾ ਚੋਣ ਵਿੱਚ ਕਈ ਕਾਂਗਰਸੀ ਆਗੂਆਂ ਨੂੰ ਇਹ ਭਰਮ ਪੈ ਗਿਆ ਕਿ ਇਸ ਵਾਰ ਸਾਡੇ ਏਨੇ ਵਿਧਾਇਕ ਆ ਜਾਣੇ ਹਨ ਕਿ ਉਨ੍ਹਾਂ ਲਈ ਵਜ਼ੀਰੀਆਂ ਥੋੜ੍ਹੀਆਂ ਪੈ ਜਾਣੀਆਂ ਹਨ। ਇਸ ਭਰਮ ਕਾਰਨ ਉਨ੍ਹਾਂ ਨੇ ਆਖਰੀ ਦੋ ਦਿਨ ਆਪਣੇ ਬੰਦੇ ਜਿਤਾਉਣ ਦੀ ਥਾਂ ਆਪਣੇ ਵਿਰੋਧੀ ਧੜੇ ਦੇ ਉਮੀਦਵਾਰ ਹਰਾਉਣ ਦੇ ਲੇਖੇ ਲਾ ਦਿੱਤੇ ਅਤੇ ਨਤੀਜਾ ਇਹ ਨਿਕਲਿਆ ਸੀ ਕਿ ਦੋਵੇਂ ਧੜੇ ਕਾਸੇ ਜੋਗੇ ਨਹੀਂ ਸੀ ਰਹਿ ਗਏ। ਆਮ ਆਦਮੀ ਪਾਰਟੀ ਵਿੱਚ ਤੱਤੀ ਖੀਰ ਖਾਣ ਦੇ ਸੁਫਨੇ ਲੈਣ ਵਾਲੇ ਕਾਹਲਿਆਂ ਨੇ ਜਿਵੇਂ ਹੁਣੇ ਤੋਂ ਮੀਡੀਆ ਐਡਵਾਈਜ਼ਰ ਲਾਉਣ ਲਈ ਪੱਤਰਕਾਰਾਂ ਨੂੰ ਸੈਨਤਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ ਹਨ, ਇਸ ਤਮਾਸ਼ਬੀਨੀ ਨੂੰ ਵੇਖ ਕੇ ਹਾਸਾ ਆਉਂਦਾ ਹੈ।
ਕੇਜਰੀਵਾਲ ਬਹੁਤ 'ਮਹਾਨ' ਆਗੂ ਹੈ। ਇਹ ਗੱਲ ਕਿਸੇ ਹੋਰ ਨੇ ਨਹੀਂ, ਉਸ ਨੇ ਖੁਦ ਟਵੀਟ ਕਰਦਿਆਂ ਦੱਸੀ ਹੈ ਕਿ ਅਮਰੀਕਾ ਦੇ ਰਸਾਲੇ 'ਫਾਰਚਿਊਨ' ਨੇ ਉਸ ਨੂੰ ਇੱਕ 'ਮਹਾਨ' ਨੇਤਾ ਕਰਾਰ ਦਿੱਤਾ ਹੈ। ਪ੍ਰਧਾਨ ਮੰਤਰੀ ਮੋਦੀ ਤੋਂ ਬਾਅਦ ਸਭ ਤੋਂ ਵੱਧ ਫਾਲੋਅਰ ਉਸ ਦੇ ਟਵੀਟਰ ਉੱਤੇ ਹੋਣ ਕਾਰਨ ਵੀ ਕਈ ਲੋਕ ਕੇਜਰੀਵਾਲ ਨੂੰ 'ਮਹਾਨ' ਕਹਿ ਸਕਦੇ ਹਨ, ਪਰ ਮਹਾਨਤਾ ਦੇ ਇਹ ਸਰਟੀਫਿਕੇਟ ਕੰਮ ਨਹੀਂ ਆਉਣੇ। ਹਕੀਕਤਾਂ ਤੋਂ ਉਹ ਦੂਰ ਜਾਪਦਾ ਹੈ।
ਜਿਹੜੇ ਕਾਹਲੇ ਸੱਜਣ ਅਗੇਤੇ ਅੰਦਾਜ਼ਿਆਂ ਬਾਰੇ ਪੁੱਛਦੇ ਜਾਂ ਅੰਦਾਜ਼ੇ ਲਾਉਂਦੇ ਪਏ ਹਨ, ਬੀਤੇ ਇੱਕ ਹਫਤੇ ਦੇ ਘਟਨਾਵਾਂ ਦੇ ਵਹਿਣ ਤੋਂ ਉਨ੍ਹਾਂ ਨੂੰ ਇਹ ਸਮਝ ਲੈਣਾ ਚਾਹੀਦਾ ਹੈ ਕਿ ਹਾਲਾਤ ਪੈਰੋ-ਪੈਰ ਬਦਲਦੇ ਹਨ ਤੇ ਇਹ ਇੰਜ ਹੀ ਕਈ ਪਲਟੀਆਂ ਹੋਰ ਵੀ ਮਾਰ ਸਕਦੇ ਹਨ। ਜਦੋਂ ਤੱਕ ਚੋਣਾਂ ਲਈ ਤਰੀਕਾਂ ਤੇ ਚੋਣ-ਜ਼ਾਬਤੇ ਦਾ ਐਲਾਨ ਨਹੀਂ ਹੋ ਜਾਂਦਾ, ਉਸ ਵਕਤ ਤੱਕ ਬੇਸਬਰੇ ਹੋਣ ਦੀ ਥਾਂ ਉਡੀਕ ਲਿਆ ਜਾਵੇ ਤਾਂ ਵੱਧ ਠੀਕ ਰਹੇਗਾ।
ਪੰਜਾਬ ਦੇ ਪਿੰਡਾਂ ਵਿੱਚ ਛੋਟੇ ਬੱਚੇ ਇੱਕ ਖੇਡ ਖੇਡਿਆ ਕਰਦੇ ਹਨ, ਜਿਸ ਵਿੱਚ ਜਿੰਨੇ ਬੱਚੇ ਹੋਣ, ਦੋ ਗਰੁੱਪਾਂ ਵਿੱਚ ਵੰਡਣ ਪਿੱਛੋਂ ਇੱਕ ਗਰੁੱਪ ਵਾਲੇ ਬੱਚੇ ਦੂਸਰਿਆਂ ਦੇ ਕੰਧਾੜੇ ਚੜ੍ਹਦੇ ਹਨ ਤੇ ਕੰਧਾੜੇ ਚੁੱਕਣ ਵਾਲੇ ਬੱਚੇ ਤੁਰਦੇ ਹੋਏ ਘਰੋ-ਘਰੀ ਜਾਂਦੇ ਅਤੇ ਇਹ ਪੁੱਛਦੇ ਹਨ ਕਿ 'ਹੇਠਲਾ ਉੱਤੇ ਕਿ ਉਤਲਾ ਉੱਤੇ?' ਬਹੁਤਾ ਕਰ ਕੇ ਹੇਠਾਂ ਵਾਲੇ ਦਾ ਸਾਹ ਸੌਖਾ ਕਰਨ ਲਈ ਉਸ ਘਰ ਵਾਲੇ ਕਹਿ ਦੇਂਦੇ 'ਹੇਠਲਾ ਉੱਤੇ' ਅਤੇ ਇਸ ਨਾਲ ਵਾਰੀ ਬਦਲ ਜਾਂਦੀ ਹੈ। ਕਈ ਵਾਰੀ ਉਹ ਕਿਸੇ ਇਹੋ ਜਿਹੇ ਘਰ ਚਲੇ ਜਾਂਦੇ ਹਨ, ਜਿੱਥੇ ਖਿਝੇ ਹੋਇਆਂ ਦੇ ਮੂੰਹੋਂ 'ਉਤਲੇ ਉੱਤੇ' ਨਿਕਲ ਜਾਂਦਾ ਅਤੇ ਇਸ ਨਾਲ ਹੇਠਾਂ ਵਾਲੇ ਬੱਚਿਆਂ ਨੂੰ ਓਸੇ ਤਰ੍ਹਾਂ ਕੰਧਾੜੇ ਚੜ੍ਹੇ ਹੋਏ ਬੱਚਿਆਂ ਦਾ ਭਾਰ ਚੁੱਕ ਕੇ ਅਗਲੇ ਘਰ ਤੱਕ ਤੁਰੇ ਜਾਣਾ ਪੈ ਜਾਂਦਾ ਹੈ। ਪੰਜਾਬ ਵਿੱਚ ਵੀ ਇਸ ਤਰ੍ਹਾਂ ਹੋ ਸਕਦਾ ਹੈ। ਵਿਰੋਧ ਦੀਆਂ ਦੋਵਾਂ ਮੁੱਖ ਧਿਰਾਂ ਦਾ ਜਿਸ ਤਰ੍ਹਾਂ ਦਾ ਵਿਹਾਰ ਹੈ, ਪੰਜਾਬ ਦੇ ਲੋਕਾਂ ਦੇ ਮੂੰਹੋਂ ਕੁਝ ਵੀ ਨਿਕਲ ਸਕਦਾ ਹੈ, ਕੁਝ ਵੀ।

27 March 2016

ਪਾਣੀਆਂ ਦੇ ਬਹਾਨੇ ਅਗੇਤੀਆਂ ਵਿਧਾਨ ਸਭਾ ਚੋਣਾਂ ਦਾ ਜੂਆ ਖੇਡਣ ਤੁਰ ਪਈ ਪੰਜਾਬ ਦੀ ਰਾਜਨੀਤੀ -ਜਤਿੰਦਰ ਪਨੂੰ

ਪੰਜਾਬ ਇਸ ਵਕਤ ਉਸ ਮੋੜ ਉੱਤੇ ਖੜਾ ਹੈ, ਜਿੱਥੇ ਕਿਸੇ ਵਕਤ ਵੀ ਵਿਧਾਨ ਸਭਾ ਚੋਣਾਂ ਦੇ ਐਲਾਨ ਕਰਨ ਦਾ ਕੋਈ ਨੋਟਿਸ ਬੋਰਡ ਚਮਕਦਾ ਦਿਖਾਈ ਦੇ ਸਕਦਾ ਹੈ। ਉੱਨੀ ਮਾਰਚ ਦੀ ਸਵੇਰ ਇਹ ਲਿਖਤ ਲਿਖਦੇ ਸਮੇਂ ਪੰਜਾਬ ਦੀ ਮੌਜੂਦਾ ਵਿਧਾਨ ਸਭਾ ਦੀ ਮਿਆਦ ਦਾ ਪੂਰਾ ਇੱਕ ਸਾਲ ਬਾਕੀ ਰਹਿੰਦਾ ਹੈ। ਉਹ ਅਗਲੇ ਸਾਲ ਮਾਰਚ ਦੀ ਅਠਾਰਾਂ ਤਰੀਕ ਬਣਦੀ ਹੈ। ਹਾਲਾਤ ਦਾ ਵਹਿਣ ਹੁਣ ਵਾਲੀ ਵਿਧਾਨ ਸਭਾ ਦੀ ਸਾਹ-ਰਗ ਪਹਿਲਾਂ ਵੀ ਕੱਟ ਸਕਦਾ ਹੈ।
ਸਾਨੂੰ ਇਸ ਦਾ ਅੰਦਾਜ਼ਾ ਕੋਈ ਦੋ ਮਹੀਨੇ ਪਹਿਲਾਂ ਓਦੋਂ ਵੀ ਹੋਇਆ ਸੀ, ਜਦੋਂ ਇੱਕ ਅਕਾਲੀ ਆਗੂ ਨੇ ਇਹ ਦੱਸਿਆ ਸੀ ਕਿ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਮੀਟਿੰਗ ਵਿੱਚ ਰਾਜਸੀ ਜੂਆ ਖੇਡਣ ਨੂੰ ਤਿਆਰ ਹੋਣ ਜਾਂ ਮਰਜ਼ੀ ਦਾ ਰਾਹ ਚੁਣਨ ਦੀ ਖੁੱਲ੍ਹ ਦੇ ਦਿੱਤੀ ਹੈ। ਉਸ ਦੇ ਦੱਸਣ ਮੁਤਾਬਕ ਸੁਖਬੀਰ ਸਿੰਘ ਬਾਦਲ ਨੇ ਪਾਰਟੀ ਆਗੂਆਂ ਦੀ ਇੱਕ ਮੀਟਿੰਗ ਵਿੱਚ ਇਹ ਸਾਫ ਕਹਿ ਦਿੱਤਾ ਕਿ ਰਾਜਨੀਤੀ ਵਿੱਚ ਬਹੁਤੀ ਵਾਰੀ ਜੂਏ ਖੇਡਣੇ ਪੈਂਦੇ ਹਨ ਤੇ ਜਿਨ੍ਹਾਂ ਨੂੰ ਜੂਏ ਦੀ ਅਗਲੀ ਚਾਲ ਵਿੱਚ ਡੁੱਬਣ ਦਾ ਡਰ ਲੱਗਦਾ ਹੈ, ਉਹ ਸਾਥ ਛੱਡਣਾ ਚਾਹੁਣ ਤਾਂ ਛੱਡ ਕੇ ਜਾਣ ਨੂੰ ਆਜ਼ਾਦ ਹਨ, ਅਸੀਂ ਰੁਕਣ ਦੇ ਲਈ ਕਿਸੇ ਨੂੰ ਨਹੀਂ ਕਹਾਂਗੇ। ਫਿਰ ਹਾਲਾਤ ਇਸੇ ਪਾਸੇ ਤੁਰਦੇ ਗਏ ਹਨ।
ਜਿਸ ਗੱਲ ਦਾ ਹੁਣ ਕੋਈ ਜ਼ਿਕਰ ਨਹੀਂ ਕਰਦਾ, ਉਹ ਇਹ ਹੈ ਕਿ ਪੰਜਾਬ ਸਰਕਾਰ ਦਾ ਭੋਗ ਡੇਢ ਕੁ ਸਾਲ ਪਹਿਲਾਂ ਪੈ ਜਾਣਾ ਸੀ, ਇਸ ਨੇ ਹੁਣ ਤੱਕ ਜਿਹੜਾ ਡੇਢ ਸਾਲ ਦਾ ਰਾਜ ਬੋਨਸ ਵਾਂਗ ਮਾਣਿਆ, ਅਕਾਲੀ ਦਲ ਨੂੰ ਉਸ ਦੇ ਲਈ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਾ ਸ਼ੁਕਰ ਗੁਜ਼ਾਰ ਹੋਣਾ ਚਾਹੀਦਾ ਹੈ। ਅੰਮ੍ਰਿਤਸਰ ਤੋਂ ਚੋਣ ਲੜਨ ਆਏ ਅਤੇ ਬੁਰੀ ਤਰ੍ਹਾਂ ਹਾਰ ਗਏ ਅਰੁਣ ਜੇਤਲੀ ਨੇ ਦਿੱਲੀ ਜਾ ਕੇ ਨਰਿੰਦਰ ਮੋਦੀ ਨੂੰ ਜਦੋਂ ਇਹ ਦੱਸਿਆ ਕਿ ਪੰਜਾਬ ਦੀ ਸਰਕਾਰ ਚਲਾ ਰਹੇ ਪਰਵਾਰ ਬਾਰੇ ਲੋਕ ਕੀ ਕਹਿੰਦੇ ਹਨ ਤੇ ਅਕਾਲੀਆਂ ਨੂੰ ਠਿੱਬੀ ਲਾ ਕੇ ਪੰਜਾਬ ਦੀ ਸੱਤਾ ਸਾਂਭਣ ਨੂੰ ਇਹ ਹੀ ਮੌਕਾ ਢੁਕਵਾਂ ਹੈ ਤਾਂ ਹਾਲਾਤ ਨੇ ਇੱਕਦਮ ਰੰਗ ਬਦਲ ਲਿਆ ਸੀ। ਮੋਦੀ ਸਰਕਾਰ ਬਣੀ ਨੂੰ ਹਾਲੇ ਤਿੰਨ ਮਹੀਨੇ ਵੀ ਨਹੀਂ ਸੀ ਹੋਏ ਕਿ ਅਰੁਣ ਜੇਤਲੀ ਨੇ ਪੰਜਾਬ ਸਰਕਾਰ ਨੂੰ ਚਿੱਠੀ ਭੇਜ ਕੇ ਕੇਂਦਰ ਦੀ ਪਿਛਲੀ ਮਨਮੋਹਨ ਸਿੰਘ ਵਾਲੀ ਸਰਕਾਰ ਦੇ ਵਕਤ ਮਿਲੇ ਫੰਡਾਂ ਦਾ ਹਿਸਾਬ ਮੰਗ ਲਿਆ ਸੀ। ਇਹ ਚਿੱਠੀ ਪੰਜਾਬ ਵੱਲੋਂ ਹੋਰ ਪੈਸੇ ਲੈਣ ਲਈ ਕੀਤੀ ਮੰਗ ਦੇ ਜਵਾਬ ਵਿੱਚ ਆਈ ਸੀ ਤੇ ਇਸ ਦੇ ਅਸਰ ਹੇਠ ਵਿਧਾਨ ਸਭਾ ਵਿੱਚ ਸੁਖਬੀਰ ਸਿੰਘ ਬਾਦਲ ਦੇ ਮੂੰਹੋਂ ਇਹ ਕੌੜਾ ਸੱਚ ਨਿਕਲ ਗਿਆ ਸੀ ਕਿ ਅੱਜ ਮਨਮੋਹਨ ਸਿੰਘ ਪ੍ਰਧਾਨ ਮੰਤਰੀ ਹੁੰਦੇ ਤਾਂ ਇਹ ਵਿਹਾਰ ਸਾਡੇ ਨਾਲ ਕਦੇ ਨਹੀਂ ਸੀ ਹੋਣਾ। ਉਸ ਦੇ ਬਾਅਦ ਹਾਲਾਤ ਏਨੀ ਤੇਜ਼ ਚਾਲ ਚੱਲੇ ਸਨ ਕਿ ਅਗਲੇ ਦੋ ਮਹੀਨੇ ਭਾਜਪਾ ਵੱਲੋਂ ਪੰਜਾਬ ਦੀ ਸਰਕਾਰ ਨੂੰ ਉਲਟਾਉਣ ਲਈ ਅਮਿਤ ਸ਼ਾਹ ਦੀ ਸਰਗਰਮੀ ਚੱਲਦੀ ਰਹੀ ਸੀ।
ਫਿਰ ਦਿੱਲੀ ਵਿਧਾਨ ਸਭਾ ਦੀ ਚੋਣ ਆ ਗਈ। ਅਕਾਲੀ ਦਲ ਦਾ ਚੋਣ ਸਮਝੌਤਾ ਭਾਜਪਾ ਨਾਲ ਸੀ, ਪਰ ਬਹੁਤੇ ਅਕਾਲੀ ਆਗੂ ਇਹ ਚਾਹੁੰਦੇ ਸਨ ਕਿ ਭਾਜਪਾ ਹਾਰ ਜਾਵੇ ਤੇ ਸਾਡੇ ਗਲ਼ ਪੈਣ ਤੋਂ ਝਿਜਕਣ ਦੇ ਹਾਲਾਤ ਪੈਦਾ ਹੋ ਜਾਣ ਤਾਂ ਚੰਗਾ ਰਹੇਗਾ। ਉਨ੍ਹਾਂ ਨੇ ਇਹ ਨਹੀਂ ਸੀ ਸੋਚਿਆ ਕਿ ਭਾਜਪਾ ਏਨੀ ਬੁਰੀ ਤਰ੍ਹਾਂ ਹਾਰ ਜਾਵੇਗੀ, ਪਰ ਜਦੋਂ ਭਾਜਪਾ ਦਿੱਲੀ ਵਿੱਚ ਕਾਸੇ ਜੋਗੀ ਨਾ ਰਹੀ ਤਾਂ ਪੰਜਾਬ ਵਿੱਚ ਨਵਾਂ ਰੱਫੜ ਪਾਉਣ ਤੋਂ ਵੀ ਝਿਜਕ ਗਈ। ਸਾਫ ਹੈ ਕਿ ਅਰਵਿੰਦ ਕੇਜਰੀਵਾਲ ਦੀ ਅਗਵਾਈ ਵਿੱਚ ਆਮ ਆਦਮੀ ਪਾਰਟੀ ਦੀ ਜਿੱਤ ਨੇ ਪੰਜਾਬ ਦੀ ਬਾਦਲ ਸਰਕਾਰ ਦਾ ਧਾਗਾ ਕੱਟਣ ਤੋਂ ਭਾਜਪਾ ਨੂੰ ਰੋਕ ਦਿੱਤਾ ਸੀ। ਅਗਲੀ ਸੱਟ ਭਾਜਪਾ ਨੂੰ ਬਿਹਾਰ ਵਿੱਚ ਪੈ ਗਈ ਤਾਂ ਉਹ ਚੁੱਪ ਵੱਟ ਗਈ ਸੀ।
ਹੁਣ ਚਾਲ ਭਾਜਪਾ ਵੱਲੋਂ ਨਹੀਂ, ਅਕਾਲੀ ਦਲ ਵੱਲੋਂ ਚੱਲੇ ਜਾਣ ਦੀ ਚਰਚਾ ਹੋ ਰਹੀ ਹੈ। ਇਸ ਦੇ ਪਿੱਛੇ ਕਾਰਨ ਏਨੇ ਠੋਸ ਜਾਪਦੇ ਹਨ ਕਿ ਰਾਜਨੀਤੀ ਦਾ ਕੋਈ ਵਿਸ਼ਲੇਸ਼ਕ ਵੀ ਉਨ੍ਹਾਂ ਨੂੰ ਪਾਸੇ ਕਰਨ ਦੀ ਗਲਤੀ ਨਹੀਂ ਕਰੇਗਾ।
ਭਾਜਪਾ ਨੇ ਪਿਛਲੇ ਸਾਲ ਦੀ ਸ਼ੁਰੂਆਤ ਅਕਾਲੀਆਂ ਨੂੰ ਧੋਬੀ-ਪੱਟੜਾ ਦੇਣ ਦੀ ਸੋਚਣੀ ਨਾਲ ਕੀਤੀ ਅਤੇ ਇਸੇ ਕਾਰਨ ਆਰ ਐੱਸ ਐੱਸ ਦੇ ਮੁਖੀ ਨੇ ਮਾਲਵੇ ਵਿੱਚ ਉਚੇਚਾ ਕੈਂਪ ਲਾ ਕੇ ਡੇਰਿਆਂ ਦੇ ਮੁਖੀਆਂ ਨਾਲ ਬੈਠਕਾਂ ਕੀਤੀਆਂ ਸਨ। ਫਿਰ ਹਾਲਾਤ ਹੋਰ ਪਾਸੇ ਮੁੜ ਗਏ। ਘਟਨਾਵਾਂ ਦਾ ਦੌਰ ਏਦਾਂ ਦਾ ਚੱਲ ਪਿਆ ਕਿ ਪੰਜਾਬ ਸਰਕਾਰ ਦੀ ਸਥਿਤੀ ਖਰਾਬ ਕਰਨ ਵਾਲੀਆਂ ਘਟਨਾਵਾਂ ਦੀ ਲੜੀ ਨਹੀਂ ਸੀ ਟੁੱਟਦੀ। ਬਾਦਲ ਪਰਵਾਰ ਦੀ ਇੱਕ ਬੱਸ ਦਾ ਮੋਗਾ ਕਾਂਡ ਇਸ ਲੜੀ ਦਾ ਪਹਿਲਾ ਕੁੰਡਾ ਸੀ। ਮਾਲਵੇ ਵਿੱਚ ਚਿੱਟੇ ਮੱਛਰ ਨਾਲ ਕਿਸਾਨਾਂ ਦੀ ਨਰਮੇ ਦੀ ਫਸਲ ਤਬਾਹ ਹੋ ਜਾਣ ਮਗਰੋਂ ਜਾਅਲੀ ਕੀੜੇ-ਮਾਰ ਦਵਾਈ ਦਾ ਰੌਲਾ ਦੂਸਰਾ ਮੁੱਦਾ ਸੀ। ਇਸ ਸਕੈਂਡਲ ਵਿੱਚ ਪੰਜਾਬ ਦੇ ਇੱਕ ਪਹਿਲਾਂ ਤੋਂ ਬਦਨਾਮ ਮੰਤਰੀ ਦਾ ਵਾਰ-ਵਾਰ ਜ਼ਿਕਰ ਅਤੇ ਮੋਗੇ ਵੱਲ ਨੋਟਾਂ ਵਾਲੀ ਕਾਰ ਜਾਣ ਦੀ ਚਰਚਾ ਵੀ ਸਰਕਾਰ ਨੂੰ ਕਸੂਤਾ ਫਸਾਈ ਜਾਂਦੀ ਸੀ। ਉਸ ਦੇ ਬਾਅਦ ਡੇਰਾ ਸੱਚਾ ਸੌਦਾ ਵੱਲ ਲਿਹਾਜਦਾਰੀ ਦਾ ਅਕਾਲ ਤਖਤ ਤੋਂ ਪੰਜ ਸਿੰਘ ਸਾਹਿਬਾਨ ਵੱਲੋਂ ਕੀਤਾ ਸੰਦੇਸ਼ ਹਾਲਾਤ ਦੇ ਵਿਗਾੜ ਦਾ ਕਾਰਨ ਬਣਿਆ ਤੇ ਫਿਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਦਾ ਉਹ ਚੱਕਰ ਚੱਲ ਪਿਆ, ਜਿਸ ਵਿੱਚ ਇਸ ਰਾਜ ਦੀ ਸਭ ਤੋਂ ਵੱਡੀ ਧਾਰਮਿਕ ਧਿਰ ਸਿੱਖ ਭਾਈਚਾਰੇ ਦੇ ਲੋਕਾਂ ਦੇ ਭਾਵੁਕ ਹੋਣ ਨਾਲ ਮੰਤਰੀਆਂ ਦਾ ਲੋਕਾਂ ਵਿੱਚ ਜਾਣਾ ਬੰਦ ਹੋ ਗਿਆ। ਬਠਿੰਡੇ ਹਲਕੇ ਵਿੱਚ ਇੱਕ ਅਖੰਡ ਪਾਠ ਦੇ ਲਈ ਹਾਜ਼ਰੀ ਭਰਨ ਗਏ ਸੁਖਬੀਰ ਸਿੰਘ ਬਾਦਲ ਦਾ ਹੈਲੀਕਾਪਟਰ ਲੋਕਾਂ ਦੀ ਨਾਰਾਜ਼ਗੀ ਤੋਂ ਬਚਣ ਲਈ ਨਾਲ ਦੇ ਸਕੂਲ ਵਿੱਚ ਉਤਾਰਿਆ ਗਿਆ ਤੇ ਸਕੂਲ ਅਤੇ ਗੁਰਦੁਆਰੇ ਦੀ ਸਾਂਝੀ ਕੰਧ ਢਾਹ ਕੇ ਓਧਰੋਂ ਦੀ ਮੱਥਾ ਟਿਕਾਉਣ ਦੀ ਚਰਚਾ ਕਈ ਦਿਨ ਹੁੰਦੀ ਰਹੀ ਸੀ। ਇਸੇ ਘਟਨਾ-ਚੱਕਰ ਵਿੱਚ ਬਹਿਬਲ ਕਲਾਂ ਵਿੱਚ ਗੋਲੀ ਚੱਲ ਗਈ ਤੇ ਇਸ ਨੇ ਗੱਲ ਹੋਰ ਵਿਗਾੜ ਦਿੱਤੀ ਸੀ, ਜਿਸ ਦਾ ਪ੍ਰਗਟਾਵਾ ਅੰਮ੍ਰਿਤਸਰ ਜ਼ਿਲ੍ਹੇ ਦੇ ਚੱਬਾ ਪਿੰਡ ਦੇ ਸਰਬੱਤ ਖਾਲਸਾ ਮੌਕੇ ਲੋਕਾਂ ਦੇ ਆਪ-ਮੁਹਾਰੇ ਹੜ੍ਹ ਦੇ ਰੂਪ ਵਿੱਚ ਨਿਕਲਿਆ। ਕੁਝ ਕੁ ਠੰਢ-ਠੰਢੌਲਾ ਹੋਣ ਲੱਗਾ ਤਾਂ ਅਬੋਹਰ ਦਾ ਭੀਮ ਕਤਲ ਕਾਂਡ ਵਾਪਰ ਗਿਆ, ਜਿਸ ਨੇ ਅਕਾਲੀ ਲੀਡਰਸ਼ਿਪ ਨੂੰ ਮੁੜ ਕੇ ਬਚਾਅ ਦੇ ਪੈਂਤੜੇ ਉੱਤੇ ਲਿਜਾ ਖੜਾ ਕੀਤਾ। ਨਸ਼ੀਲੇ ਪਦਾਰਥਾਂ ਦੇ ਵਗਦੇ ਵਹਿਣ ਦਾ ਮੁੱਦਾ ਇਸ ਸਾਰੇ ਸਮੇਂ ਦੌਰਾਨ ਪੰਜਾਬ ਵਿੱਚ ਲਗਾਤਾਰ ਚਰਚਿਤ ਰਿਹਾ ਸੀ।
ਹੁਣ ਹਾਲਾਤ ਇੱਕ ਦਮ ਪਲਟੀ ਮਾਰ ਕੇ ਇੱਕ ਹੋਰ ਪਾਸੇ ਵੱਲ ਖਿਸਕ ਗਏ ਹਨ ਤੇ ਇਸ ਨਾਲ ਅਕਾਲੀ ਦਲ ਦੀ ਲੀਡਰਸ਼ਿਪ ਨੂੰ ਢੁਕਵਾਂ ਮੌਕਾ ਹੱਥ ਆ ਗਿਆ ਹੈ। ਸਤਲੁਜ-ਯਮਨਾ ਲਿੰਕ ਨਹਿਰ ਦਾ ਮੁੱਦਾ ਭੜਕਣ ਦੇ ਨਾਲ ਹੁਣ ਅਕਾਲੀ ਦਲ ਦੀ ਲੀਡਰਸ਼ਿਪ ਅਤੇ ਖਾਸ ਤੌਰ ਉੱਤੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਮਨ-ਭਾਉਂਦੀ ਰਾਜਨੀਤੀ ਲਈ ਮੈਦਾਨ ਤਿਆਰ ਹੈ। ਉਹ ਰਾਜਨੀਤੀ ਵਿੱਚ ਹਰ ਔਖੇ ਵੇਲੇ ਮੋਰਚੇ ਦਾ ਦਾਅ ਖੇਡਣਾ ਜਾਣਦਾ ਹੈ। ਇੰਦਰਾ ਗਾਂਧੀ ਵੱਲੋਂ ਲਾਈ ਗਈ ਐਮਰਜੈਂਸੀ ਮੌਕੇ ਜਦੋਂ ਅਕਾਲੀ ਦਲ ਦੇ ਬਾਦਲ-ਵਿਰੋਧੀ ਧੜੇ ਨੂੰ ਪੰਜਾਬ ਸੌਂਪਣ ਦਾ ਸੌਦਾ ਸਿਰੇ ਚੜ੍ਹ ਚੁੱਕਾ ਸੀ, ਉਸ ਦਾ ਐਲਾਨ ਹੋਣ ਤੋਂ ਪਹਿਲਾਂ ਐਮਰਜੈਂਸੀ ਵਿਰੁੱਧ ਮੋਰਚੇ ਦਾ ਐਲਾਨ ਪ੍ਰਕਾਸ਼ ਸਿੰਘ ਬਾਦਲ ਨੇ ਹੀ ਕਰਵਾਇਆ ਸੀ। ਮੋਰਚੇ ਦੇ ਨਾਂਅ ਉੱਤੇ ਪੰਜਾਬ ਦੇ ਲੋਕਾਂ ਨੂੰ ਜਜ਼ਬਾਤੀ ਕਰਨ ਦੀ ਉਸ ਨੂੰ ਜਾਚ ਹੈ। ਇਸ ਹਫਤੇ ਜਦੋਂ ਸਤਲੁਜ-ਯਮਨਾ ਲਿੰਕ ਨਹਿਰ ਬਾਰੇ ਸੁਪਰੀਮ ਕੋਰਟ ਵਿੱਚ ਸੁਣਵਾਈ ਸ਼ੁਰੂ ਹੋਈ ਤੇ ਕੇਂਦਰ ਦੀ ਮੋਦੀ ਸਰਕਾਰ ਨੇ ਹਰਿਆਣੇ ਵੱਲ ਕੁਝ ਨਰਮੀ ਵਿਖਾਈ ਤਾਂ ਉਸ ਨੇ ਇਹ ਮੁੱਦਾ ਬੋਚ ਲਿਆ। ਪੰਜਾਬ ਤੇ ਹਰਿਆਣੇ ਵਿਚਕਾਰ ਪਾਣੀ ਦੀ ਵੰਡ ਦਾ ਫੈਸਲਾ ਅਜੇ ਸੁਪਰੀਮ ਕੋਰਟ ਨੇ ਕਰਨਾ ਹੀ ਨਹੀਂ ਸੀ। ਕੇਸ ਇਹ ਸੀ ਕਿ ਅਮਰਿੰਦਰ ਸਿੰਘ ਸਰਕਾਰ ਵੇਲੇ ਦੁਵੱਲੇ ਸਮਝੌਤੇ ਰੱਦ ਕਰਨ ਦਾ ਜਿਹੜਾ ਮਤਾ ਪੰਜਾਬ ਵਿਧਾਨ ਸਭਾ ਨੇ ਪਾਸ ਕੀਤਾ ਸੀ ਤੇ ਉਸ ਦੀ ਸ਼ਿਕਾਇਤ ਰਾਸ਼ਟਰਪਤੀ ਨੂੰ ਹੋਈ ਸੀ, ਰਾਸ਼ਟਰਪਤੀ ਨੇ ਉਸ ਬਾਰੇ ਸੁਪਰੀਮ ਕੋਰਟ ਤੋਂ ਵਿਧਾਨਕ ਸਥਿਤੀ ਬਾਰੇ ਜਾਣਨ ਦੀ ਲੋੜ ਸਮਝੀ ਤੇ ਸੁਪਰੀਮ ਕੋਰਟ ਨੇ ਉਸ ਮਤੇ ਦੇ ਜਾਇਜ਼ ਜਾਂ ਨਾਜਾਇਜ਼ ਹੋਣ ਦੀ ਰਾਏ ਦੇਣੀ ਸੀ। ਪੰਜਾਬ ਦੀ ਸਰਕਾਰ ਨੇ ਇਸ ਤਰ੍ਹਾਂ ਦਾ ਮਾਹੌਲ ਬਣਾ ਦਿੱਤਾ, ਜਿਵੇਂ ਅੱਜ-ਭਲਕ ਪੰਜਾਬ ਤੋਂ ਪਾਣੀ ਖੋਹਿਆ ਜਾਣਾ ਹੈ। ਜਵਾਬ ਵਿੱਚ ਹਰਿਆਣੇ ਵਾਲੇ ਵੀ ਭੜਕ ਪਏ। ਕੇਂਦਰ ਸਰਕਾਰ ਮੂਕ ਦਰਸ਼ਕ ਬਣ ਗਈ। ਦੋਵਾਂ ਰਾਜਾਂ ਦੇ ਲੋਕਾਂ ਵਿੱਚ ਇਹ ਮੁੱਦਾ ਜਜ਼ਬਾਤ ਦੇ ਵੱਡੇ ਉਬਾਲੇ ਦਾ ਕਾਰਨ ਬਣਦਾ ਗਿਆ। ਹੁਣ ਇਹੋ ਮੁੱਦਾ ਚੋਣਾਂ ਦਾ ਰਾਹ ਖੋਲ੍ਹਣ ਲੱਗਾ ਹੈ।
ਪੰਜਾਬ ਦੀ ਵਿਧਾਨ ਸਭਾ ਵਿੱਚ ਪਾਣੀਆਂ ਦੇ ਮੁੱਦੇ ਬਾਰੇ ਕਿਸਾਨਾਂ ਨੂੰ ਜ਼ਮੀਨਾਂ ਵਾਪਸ ਦੇਣ ਵਾਸਤੇ ਇੱਕ ਬਿੱਲ ਪਾਸ ਕਰ ਦੇਣਾ ਤੇ ਗਵਰਨਰ ਦੀ ਪ੍ਰਵਾਨਗੀ ਤੋਂ ਪਹਿਲਾਂ ਕਿਸਾਨਾਂ ਨੂੰ ਨਹਿਰ ਢਾਹ ਕੇ ਜ਼ਮੀਨਾਂ ਸਾਂਭ ਲੈਣ ਦਾ ਇਸ਼ਾਰਾ ਕਰ ਦੇਣਾ ਏਸੇ ਨੀਤੀ ਦਾ ਹਿੱਸਾ ਸੀ। ਕਾਂਗਰਸ ਪਾਰਟੀ ਇਸ ਜਾਲ ਵਿੱਚ ਫਸ ਗਈ। ਉਸ ਨੇ ਇਸ ਮੁੱਦੇ ਬਾਰੇ ਕੋਈ ਢੁਕਵੀਂ ਬਹਿਸ ਕਰਨ ਵਾਸਤੇ ਜ਼ੋਰ ਨਹੀਂ ਲਾਇਆ, ਸਗੋਂ ਹਰ ਗੱਲ ਵਿੱਚ ਸਰਕਾਰ ਨਾਲ ਖੜੀ ਹੋਣ ਲੱਗੀ। ਨਹਿਰ ਢਾਹੁਣ ਵੇਲੇ ਵੀ ਕਾਂਗਰਸੀ ਆਗੂ ਬਾਕੀਆਂ ਤੋਂ ਅੱਗੇ ਨਿਕਲ ਤੁਰੇ। ਮਾਹੌਲ ਜਦੋਂ ਜਜ਼ਬਾਤੀ ਹੋ ਗਿਆ ਤਾਂ ਮੁੱਖ ਮੰਤਰੀ ਬਾਦਲ ਨੇ ਵਿਧਾਨ ਸਭਾ ਤੋਂ ਅਗਲਾ ਮਤਾ ਪਾਸ ਕਰਵਾ ਦਿੱਤਾ ਕਿ ਅਸੀਂ ਕਿਸੇ ਦਾ ਕਿਹਾ ਵੀ ਨਹੀਂ ਮੰਨਣਾ, ਜਿਸ ਦਾ ਅਰਥ ਇਹ ਨਿਕਲਦਾ ਹੈ ਕਿ ਦੇਸ਼ ਦੀ ਸਭ ਤੋਂ ਵੱਡੀ ਅਦਾਲਤ ਦਾ ਕਿਹਾ ਵੀ ਨਹੀਂ ਮੰਨਣਾ। ਇਹੋ ਅਰਥ ਇਸ ਮਤੇ ਦੇ ਕਾਰਨ ਕੇਂਦਰ ਸਰਕਾਰ ਤੇ ਸੁਪਰੀਮ ਕੋਰਟ ਨੂੰ ਇੱਕ ਚੁਣੌਤੀ ਵਜੋਂ ਲਿਆ ਜਾ ਸਕਦਾ ਹੈ ਕਿ ਅਸੀਂ ਫੈਡਰਲ ਢਾਂਚੇ ਨੂੰ ਫਾਲਤੂ ਸਮਝਦੇ ਹਾਂ, ਤੁਹਾਡੀ ਹਿੰਮਤ ਹੈ ਤਾਂ ਸਾਡੀ ਸਰਕਾਰ ਤੋੜ ਕੇ ਵੇਖੋ। ਨਰਿੰਦਰ ਮੋਦੀ ਵਰਗਾ ਬੰਦਾ ਵੀ ਇਸ ਤਰ੍ਹਾਂ ਦਾ ਕਦਮ ਚੁੱਕਣ ਤੋਂ ਪਹਿਲਾਂ ਸੌ ਵਾਰ ਸੋਚੇਗਾ, ਕਿਉਂਕਿ ਇਸ ਦੇ ਬਾਅਦ ਪੰਜਾਬ ਵਿੱਚ ਭਾਜਪਾ ਵੱਲੋਂ ਅਕਾਲੀ ਦਲ ਨਾਲ ਗੱਠਜੋੜ ਰੱਖਣ ਉੱਤੇ ਕਾਟਾ ਵੀ ਵੱਜ ਜਾਣਾ ਹੈ। ਅਕਾਲੀ ਦਲ ਲਈ ਇਹ ਹੁਣ ਤੱਕ ਦੀ ਸਭ ਤੋਂ ਸੁਖਾਵੀਂ ਸਥਿਤੀ ਹੈ ਕਿ ਆਪਣੇ ਆਪ ਨੂੰ ਪੰਜਾਬੀਆਂ ਦੇ ਹੱਕਾਂ ਦਾ ਰਾਖਾ ਬਣਾ ਕੇ ਪੇਸ਼ ਕਰਨ ਨਾਲ ਬੀਤੇ ਵਕਤ ਦੀਆਂ ਇੱਕ-ਦੂਸਰੀ ਤੋਂ ਵੱਧ ਬਦਨਾਮੀ ਵਾਲੀਆਂ ਸਾਰੀਆਂ ਘਟਨਾਵਾਂ ਉੱਤੇ ਮਿੱਟੀ ਪਾ ਕੇ ਰਾਜਸੀ ਰੱਥ ਲੰਘਾਉਣ ਲਈ ਜੂਆ ਖੇਡ ਲਵੇ। ਇਸੇ ਲਈ ਇਸ ਵੇਲੇ ਚੰਡੀਗੜ੍ਹ ਤੋਂ ਚੋਣਾਂ ਦੀਆਂ ਕਨਸੋਆਂ ਮਿਲਣ ਲੱਗੀਆਂ ਹਨ। ਹਾਲੇ ਤੱਕ ਇਹ ਕਿਹਾ ਜਾ ਰਿਹਾ ਸੀ ਕਿ ਪੰਜਾਬ ਵਿੱਚ ਚੋਣਾਂ ਦਾ ਅਗੇਤੇ ਹੋਣਾ ਜਾਂ ਨਾ ਹੋਣਾ ਇਸ ਸਾਲ ਮਈ ਵਿੱਚ ਪੰਜ ਰਾਜਾਂ ਦੀਆਂ ਚੋਣਾਂ ਦੇ ਨਤੀਜੇ ਉੱਤੇ ਨਿਰਭਰ ਕਰੇਗਾ, ਪਰ ਹੁਣ ਉਨ੍ਹਾਂ ਪੰਜ ਰਾਜਾਂ ਵੱਲ ਵੇਖਣ ਦੀ ਲੋੜ ਨਹੀਂ ਰਹਿ ਗਈ।
ਫਿਰ ਵੀ ਹਾਲੇ ਕੁਝ ਝਿਜਕ ਮਹਿਸੂਸ ਕੀਤੀ ਜਾ ਰਹੀ ਹੈ ਤੇ ਉਹ ਝਿਜਕ ਭਾਜਪਾ ਜਾਂ ਨਰਿੰਦਰ ਮੋਦੀ ਦੇ ਨਾਲ ਸਾਂਝ ਬਾਰੇ ਨਹੀਂ, ਸਿਰਫ ਇਸ ਗੱਲ ਦੀ ਹੈ ਕਿ ਜੂਆ ਆਖਰ ਜੂਆ ਹੁੰਦਾ ਹੈ, ਕਿਧਰੇ.......!

19 March 2016

ਦੇਸ਼ ਦੇ ਕਾਨੂੰਨਾਂ ਦੀ ਉਲੰਘਣਾ ਕਰਨ ਪਿੱਛੋਂ ਲੋਕਾਂ ਨੂੰ ਚੰਗੇ ਬਣਨ ਦੀ ਪ੍ਰੇਰਨਾ ਦੇਂਦਾ ਹੈ ਸੰਤ ਰਵੀ ਸ਼ੰਕਰ - ਜਤਿੰਦਰ ਪਨੂੰ

ਆਪਣੇ ਆਪ ਨੂੰ 'ਸ੍ਰੀ ਸ੍ਰੀ' ਕਹਾਉਣ ਵਾਲੇ ਰਵੀ ਸ਼ੰਕਰ ਨਾਂਅ ਦੇ ਸੰਤ ਨੇ ਕਈ ਕਾਨੂੰਨੀ ਅੜਿੱਕਿਆਂ ਨੂੰ ਪਾਰ ਕਰ ਕੇ ਦਿੱਲੀ ਵਿੱਚ ਆਪਣਾ ਪ੍ਰੋਗਰਾਮ ਕਰਨ ਵਿੱਚ ਕਾਮਯਾਬੀ ਹਾਸਲ ਕਰ ਲਈ ਹੈ। ਅੜਿੱਕਿਆਂ ਦਾ ਆਮ ਆਦਮੀ ਨੂੰ ਰਾਹ ਨਾ ਲੱਭਦਾ ਹੋਵੇਗਾ, ਜਿਸ ਸੰਤ ਦੇ ਪਿੱਠ ਪਿੱਛੇ ਕੇਂਦਰ ਦੀ ਉਹ ਸਰਕਾਰ ਸਰਪ੍ਰਸਤ ਬਣੀ ਬੈਠੀ ਹੈ, ਜਿਸ ਦਾ ਸੰਸਾਰ ਵਿੱਚ 'ਡੰਕਾ ਵੱਜ ਰਿਹਾ ਹੈ', ਉਸ ਸੰਤ ਲਈ ਇਹ ਅੜਿੱਕੇ ਮਾਮੂਲੀ ਸਨ। ਮੇਲੇ ਦੇ ਉਦਘਾਟਨ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਦੋਂ ਅਗੇਤੀ ਹਾਂ ਕਰ ਦਿੱਤੀ ਤਾਂ ਰਵੀ ਸ਼ੰਕਰ ਸਾਹਿਬ ਲਈ 'ਸਈਆਂ ਭਏ ਕੋਤਵਾਲ, ਅਬ ਡਰ ਕਾਹੇ ਕਾ' ਵਾਲੀ ਸੁਖਾਵੀਂ ਸਥਿਤੀ ਓਦੋਂ ਹੀ ਬਣ ਗਈ। ਸਾਰਾ ਕੰਮ ਕਾਨੂੰਨ ਦੀ ਉਲੰਘਣਾ ਵਾਲਾ ਸੀ। ਜਦੋਂ ਦੇਸ਼ ਦੀ ਸੁਪਰੀਮ ਕੋਰਟ ਵਿੱਚ ਕੇਸ ਚਲਾ ਗਿਆ ਤੇ ਇਹ ਜਾਪਦਾ ਸੀ ਕਿ ਪੰਜ ਕਰੋੜ ਰੁਪਏ ਜੁਰਮਾਨਾ ਦੇਣ ਬਿਨਾਂ ਗੱਲ ਨਹੀਂ ਬਣਨੀ, ਰਵੀ ਸ਼ੰਕਰ ਨੇ ਓਦੋਂ ਵੀ ਇਹ ਕਿਹਾ ਸੀ ਕਿ ਜੇਲ੍ਹ ਚਲਾ ਜਾਊਂਗਾ, ਜੁਰਮਾਨਾ ਮੈਂ ਨਹੀਂ ਭਰੂੰਗਾ। ਇਸ ਦਾ ਸਿੱਧਾ ਅਰਥ ਇਹ ਸੀ ਕਿ ਉਹ ਦੇਸ਼ ਦੀ ਸਿਖਰਲੀ ਅਦਾਲਤ ਦਾ ਹੁਕਮ ਨਾ ਮੰਨਣ ਦੀ ਗੱਲ ਵੀ ਕਰਦਾ ਹੈ, ਪਰ ਕਿਸੇ ਨੇ ਇਸ ਪੱਖ ਨੂੰ ਨਹੀਂ ਸੀ ਗੌਲਿਆ। ਉਸ ਦੇ ਸਮਾਗਮ ਲਈ ਦਰਿਆ ਦੇ ਉੱਤੇ ਪੁਲ ਉਸਾਰਨ ਲਈ ਫੌਜ ਝੋਕ ਦਿੱਤੀ ਗਈ, ਜਿਹੜੀ ਦੇਸ਼ ਦੀ ਰਾਖੀ ਵਾਸਤੇ ਹੁੰਦੀ ਹੈ। ਪੁੱਛੇ ਜਾਣ ਉੱਤੇ ਦੇਸ਼ ਦਾ ਰੱਖਿਆ ਮੰਤਰੀ ਇਹ ਕਹਿਣ ਲੱਗ ਪਿਆ ਕਿ ਏਥੇ ਪੁਲ ਬਣਾਉਣ ਨੂੰ ਦਿੱਲੀ ਪੁਲਸ ਨੇ ਕਿਹਾ ਹੈ। ਕੇਂਦਰ ਦੇ ਕਹੇ ਉੱਤੇ ਕੇਜਰੀਵਾਲ ਦੀ ਸਰਕਾਰ ਪਿੱਛੇ ਡੰਡਾ ਘੁੰਮਾਉਣ ਵਾਲੀ ਦਿੱਲੀ ਪੁਲਸ ਨੇ ਰੱਖਿਆ ਮੰਤਰੀ ਦੀ ਗੱਲ ਕੱਟ ਕੇ ਉਸੇ ਦਿਨ ਇਹ ਕਹਿ ਦਿੱਤਾ ਕਿ ਉਨ੍ਹਾਂ ਨੇ ਪੁਲ ਬਣਾਉਣ ਨੂੰ ਬਿਲਕੁਲ ਨਹੀਂ ਕਿਹਾ, ਸਗੋਂ ਉਨ੍ਹਾਂ ਨੇ ਇਸ ਸਮਾਗਮ ਤੋਂ ਪੈਦਾ ਖਤਰਿਆਂ ਬਾਰੇ ਲਿਖਿਆ ਹੈ। ਫਿਰ ਵੀ ਕਿਸੇ ਨੇ ਪ੍ਰਵਾਹ ਨਹੀਂ ਕੀਤੀ, ਕਿਉਂਕਿ ਸੰਸਾਰ ਵਿੱਚ ਡੰਕੇ ਵੱਜਦੇ ਵਾਲਾ ਪ੍ਰਧਾਨ ਮੰਤਰੀ ਇਸ ਸਮਾਗਮ ਦੇ ਲਈ ਆਪ ਹਰ ਹੱਦ ਤੱਕ ਜਾਣ ਲਈ ਤਿਆਰ ਹੋਇਆ ਬੈਠਾ ਸੀ। ਸੰਤ ਜੀ ਦੀ ਧੰਨ-ਧੰਨ ਹੋ ਗਈ।
ਜਦੋਂ ਇਸ ਮੁੱਦੇ ਬਾਰੇ ਬਹਿਸ ਹੋ ਰਹੀ ਸੀ, ਰਵੀ ਸ਼ੰਕਰ ਦੀ ਸਮੱਰਥਕ ਇੱਕ ਬੀਬੀ ਜਦੋਂ ਵੀ ਸਮਾਗਮ ਵਾਲੇ ਥਾਂ ਜਮਨਾ ਦਰਿਆ ਵਿੱਚ ਗੰਦ ਪੈਣ ਬਾਰੇ ਜਵਾਬ ਦੇਂਦੀ ਸੀ, ਉਹ ਆਪ ਵੀ ਜਮਨਾ ਨੂੰ 'ਜਮਨਾ ਜੀ' ਕਹਿੰਦੀ ਸੀ ਤੇ ਬਹਿਸ ਵਿੱਚ ਸ਼ਾਮਲ ਬਾਕੀ ਲੋਕਾਂ ਨੂੰ ਵੀ ਕਹਿੰਦੀ ਸੀ ਕਿ 'ਜਮਨਾ ਜੀ' ਕਹੋ। ਪਹਿਲਾਂ ਗੰਗਾ ਦਰਿਆ ਨੂੰ 'ਗੰਗਾ ਜੀ' ਦੇ ਨਾਂਅ ਨਾਲ ਪੁਕਾਰਨ ਵਾਲਿਆਂ ਨੇ ਸਭ ਤੋਂ ਵੱਧ ਪਲੀਤ ਕੀਤਾ ਸੀ, ਹੁਣ 'ਜਮਨਾ ਜੀ' ਕਹਿ ਕੇ ਜਮਨਾ ਦਰਿਆ ਨੂੰ ਪਲੀਤ ਕਰਨ ਵਾਲੇ ਦਿੱਲੀ ਵਿੱਚ ਆਣ ਵੜੇ। ਗੰਗਾ ਪਵਿੱਤਰ ਹੁੰਦੀ ਸੀ, ਪਵਿੱਤਰ ਰਹਿਣ ਨਹੀਂ ਦਿੱਤੀ, ਪਰ ਉਸ ਨੂੰ ਅਜੇ ਵੀ 'ਗੰਗਾ ਜੀ' ਕਿਹਾ ਜਾਵੇ ਤਾਂ ਕੋਈ ਫਰਕ ਨਹੀਂ ਪੈਂਦਾ, ਜਮਨਾ ਨੂੰ ਕੋਈ 'ਜਮਨਾ ਜੀ' ਕਹਿ ਦੇਵੇ ਤਾਂ ਹਰਜ ਕੋਈ ਨਹੀਂ। ਏਦਾਂ ਹੀ ਭਾਰਤ ਦੀਆਂ ਕ੍ਰਿਸ਼ਨਾ, ਗੋਦਾਵਰੀ, ਸਰਸਵਤੀ ਨਦੀਆਂ ਤੋਂ ਤੁਰਦਿਆਂ ਹੁਣ ਬਿਆਸ ਨੂੰ ਕੁਝ ਲੋਕ 'ਬਿਆਸ ਜੀ' ਕਹਿਣ ਦਾ ਸੁਝਾਅ ਦੇਣ ਲੱਗ ਪਏ ਹਨ। ਪ੍ਰਕਾਸ਼ ਸਿੰਘ ਬਾਦਲ ਨੇ ਮੁਕਤਸਰ ਦੀ ਹਾਲਤ ਨਹੀਂ ਸੁਧਾਰੀ, ਇੱਕ ਵਾਰੀ ਮੁਕਤਸਰ ਤੋਂ 'ਮੁਕਤਸਰ ਸਾਹਿਬ' ਬਣਾ ਕੇ ਦੂਸਰੀ ਵਾਰੀ 'ਸ੍ਰੀ ਮੁਕਤਸਰ ਸਾਹਿਬ' ਲਿਖਣ ਦਾ ਹੁਕਮ ਜਾਰੀ ਕਰ ਕੇ ਫਿਰ ਮਾਛੀਵਾੜਾ ਤੋਂ 'ਮਾਛੀਵਾੜਾ ਸਾਹਿਬ' ਬਣਾ ਦਿੱਤਾ। ਹਾਲਤ ਸੁਧਾਰਨ ਜਾਂ ਗੰਦ ਸਾਫ ਕਰਨ ਦੀ ਲੋੜ ਨਹੀਂ, ਪੰਜਾਬ ਸਮੇਤ ਸਾਡੇ ਸਾਰੇ ਭਾਰਤ ਦੇ ਲੋਕ ਏਨੀ ਗੱਲ ਨਾਲ ਵੋਟਾਂ ਪਾ ਦੇਂਦੇ ਹਨ ਕਿ ਇੱਕ ਹੋਰ ਸ਼ਹਿਰ ਦੇ ਨਾਂਅ ਨਾਲ 'ਸ੍ਰੀ', 'ਸਾਹਿਬ' ਜਾਂ ਫਿਰ ਕਿਸੇ ਦਰਿਆ ਨਾਲ 'ਜੀ' ਲਾ ਦਿੱਤਾ ਗਿਆ ਹੈ। 'ਭਾਰਤ ਦੇ ਤਿੰਨ ਲਾਲ ਤੜਫਦੇ ਸੀ ਸਤਲੁਜ ਦੇ ਕੰਢੇ' ਦਾ ਗੀਤ ਸੁਣਦੇ ਹੁੰਦੇ ਸਾਂ, ਸ਼ਹੀਦ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਦੇ ਨਾਂਅ ਨਾਲ ਜੁੜਦੇ ਉਸ ਸਤਲੁਜ ਨੂੰ ਵੀ ਹੁਣ ਸਾਨੂੰ 'ਸਤਲੁਜ ਜੀ' ਆਖਣ ਲਈ ਤਿਆਰ ਹੋਣਾ ਚਾਹੀਦਾ ਹੈ।
ਗੱਲ ਇਸ ਵਾਰੀ ਸੰਤ ਰਵੀ ਸ਼ੰਕਰ ਦੇ ਸਮਾਗਮ ਦੀ ਚੱਲੀ ਹੈ। ਇਸ ਸਮਾਗਮ ਲਈ ਹਰ ਕਾਨੂੰਨ ਤੋੜਿਆ ਤੇ ਹਰ ਹਦਾਇਤ ਦੀ ਉਲੰਘਣਾ ਕੀਤੀ ਗਈ ਹੈ। ਸਰਕਾਰ ਦੇ ਵਾਤਾਵਰਣ ਬਚਾਉਣ ਵਾਲੇ ਵਿਭਾਗ ਵੀ ਅਤੇ ਨਿਯਮਾਂ ਦੀ ਪਾਲਣਾ ਕਰਵਾਉਣ ਵਾਲੇ ਵੀ ਸੰਤ ਦੀ ਸੇਵਾ ਵਿੱਚ ਲੱਗੇ ਰਹੇ। ਨੇੜਲੇ ਖੇਤਾਂ ਵਾਲੇ ਕਿਸਾਨ ਰਗੜੇ ਗਏ ਹਨ। ਸਮਾਗਮ ਦੀ ਪਾਰਕਿੰਗ ਲਈ ਉਨ੍ਹਾਂ ਦੇ ਖੇਤਾਂ ਵਿੱਚ ਖੜੀ ਫਸਲ ਨੂੰ ਮਸ਼ੀਨਾਂ ਫੇਰ ਕੇ ਤਬਾਹ ਕਰ ਦਿੱਤਾ ਤੇ ਮੁਆਵਜ਼ੇ ਦੇ ਨਾਂਅ ਉੱਤੇ ਮਾਮੂਲੀ ਰਕਮ ਹੱਥਾਂ ਵਿੱਚ ਫੜਾ ਦਿੱਤੀ ਹੈ। ਪ੍ਰਧਾਨ ਮੰਤਰੀ ਸਾਹਿਬ ਕਹਿੰਦੇ ਹਨ ਕਿ ਕੇਂਦਰ ਸਰਕਾਰ ਕਿਸਾਨਾਂ ਨੂੰ ਖੁਸ਼ਹਾਲ ਕਰਨਾ ਚਾਹੁੰਦੀ ਹੈ। ਖੁਸ਼ਹਾਲੀ ਦਾ ਇਹ ਮੰਤਰ ਦਿੱਲੀ ਵਿੱਚ ਲਾਗੂ ਹੁੰਦਾ ਪਿਆ ਹੈ।
ਸਾਡੇ ਕੋਲ ਸੰਤ ਰਵੀ ਸ਼ੰਕਰ ਦੇ ਖਿਲਾਫ ਨਿੱਜੀ ਪੱਧਰ ਦੀ ਕੋਈ ਖਾਸ ਗੱਲ ਨਹੀਂ, ਸਿਵਾਏ ਇਸ ਦੇ ਕਿ ਉਹ ਪਿਛਲੀਆਂ ਪਾਰਲੀਮੈਂਟ ਚੋਣਾਂ ਦੇ ਅਗੇਤੇ ਬੁੱਲਿਆਂ ਵੇਲੇ ਭਾਜਪਾ ਨਾਲ ਜੁੜਨ ਵਾਲਿਆਂ ਵਿੱਚ ਸ਼ਾਮਲ ਸੀ। ਦਿੱਲੀ ਵਿੱਚ ਜਦੋਂ ਯੋਗੀ ਰਾਮਦੇਵ ਕੁੱਟਿਆ ਗਿਆ ਤੇ ਫਿਰ ਉਸ ਨੇ ਹਰਦੁਆਰ ਜਾ ਕੇ ਮਰਨ-ਵਰਤ ਦਾ ਸਾਂਗ ਜਿਹਾ ਕਰਨਾ ਸ਼ੁਰੂ ਕੀਤਾ ਤਾਂ ਉਸ ਨੂੰ ਵਰਤ ਛੱਡਣ ਦੇ ਤਰਲੇ ਕਰਨ ਵਾਲੀ ਨੌਟੰਕੀ ਭਾਜਪਾ ਨੇ ਕਰਵਾਈ ਸੀ। ਉਸ ਨਾਟਕ ਦੀ ਸਕ੍ਰਿਪਟ ਉਸ ਭਾਜਪਾਈ ਲੇਖਕ ਨੇ ਲਿਖੀ ਸੀ, ਜਿਹੜਾ ਉਸ ਵਕਤ ਲਾਲ ਕ੍ਰਿਸ਼ਨ ਅਡਵਾਨੀ ਦਾ ਸੇਵਕ ਹੁੰਦਾ ਸੀ ਤੇ ਨਰਿੰਦਰ ਮੋਦੀ ਰਾਜ ਵਿੱਚ ਇੱਕ ਦਿਨ ਵਿਚਾਰੇ ਦੇ ਚਿਹਰੇ ਉੱਤੇ ਕਾਲਾ ਰੰਗ ਮਲ਼ ਦਿੱਤਾ ਗਿਆ ਸੀ। ਰੰਗ-ਮੰਚ ਦੇ ਮੈਨੇਜਰ ਦਾ ਰੋਲ ਓਦੋਂ ਦੇ ਉਤਰਾਂਚਲ ਪ੍ਰਦੇਸ਼ ਦੇ ਭਾਜਪਾ ਮੁੱਖ ਮੰਤਰੀ ਰਮੇਸ਼ ਪੋਖਰੀਆਲ ਨਿਸ਼ੰਕ ਦੇ ਕੋਲ ਸੀ। ਓਦੋਂ ਕੈਮਰਿਆਂ ਦੇ ਸਾਹਮਣੇ ਰਾਮਦੇਵ ਕਹੀ ਜਾਂਦਾ ਸੀ ਕਿ ਮੈਂ ਮਰਨ ਵਰਤ ਨਹੀਂ ਛੱਡਣਾ ਤੇ ਭਾਜਪਾ ਲੀਡਰਾਂ ਨਾਲ ਸੰਤ ਲੋਕ ਵਾਰੀ-ਵਾਰੀ ਜਾ ਕੇ ਕਹਿ ਰਹੇ ਸਨ ਕਿ ਯੋਗੀ ਜੀ, ਹੱਠ ਹੁਣ ਛੱਡ ਦਿਓ। ਇਸ ਦੌਰਾਨ ਇੱਕ ਦਿਨ ਬੜੇ ਜਾਹੋ-ਜਲਾਲ ਨਾਲ ਰਵੀ ਸ਼ੰਕਰ ਨੂੰ ਓਥੇ ਭੇਜਿਆ ਗਿਆ ਤੇ ਉਸ ਨੇ ਕਿਹਾ ਸੀ ਕਿ ਯੋਗੀ ਰਾਮਦੇਵ ਹੋਰ ਕਿਸੇ ਦੇ ਕਹੇ ਵਰਤ ਨਾ ਛੱਡੇ ਤਾਂ ਜਦੋਂ ਮੈਂ ਜਾ ਕੇ ਆਪਣਾ 'ਹੱਠ ਯੋਗ' ਸ਼ੁਰੂ ਕੀਤਾ, ਓਦੋਂ ਛੱਡ ਦੇਵੇਗਾ। ਸਿਆਸਤ ਨਾਲ ਸਾਂਝ ਦੀ ਇਹ ਸੋਚੀ-ਸਮਝੀ ਇੰਟਰੀ ਕਰ ਚੁੱਕੇ ਸੰਤ ਰਵੀ ਸ਼ੰਕਰ ਦੀ ਬਾਅਦ ਵਿੱਚ ਭਾਜਪਾ ਨਾਲ ਸਾਂਝ ਨਿਭਦੀ ਗਈ ਤੇ ਨਿਭੀ ਜਾ ਰਹੀ ਹੈ।
ਹੁਣ ਆਈਏ ਇਸ ਤਰ੍ਹਾਂ ਦੇ ਹੋਰ ਸਾਧਾਂ ਦੇ ਰਾਜਨੀਤੀ ਨਾਲ ਜੁੜਨ ਦੀ ਕਹਾਣੀ ਵੱਲ। ਧੀਰੇਂਦਰ ਬ੍ਰਹਮਚਾਰੀ ਦੀ ਗੱਲ ਕੀਤੀ ਜਾ ਸਕਦੀ ਹੈ, ਆਪਣੇ ਆਪ 'ਫਲਾਇੰਗ ਸਵਾਮੀ' ਦੱਸਣ ਵਾਲੇ ਸੰਤ ਦੀ ਵੀ ਅਤੇ ਚੰਦਰਾ ਸਵਾਮੀ ਦੀ ਵੀ, ਪਰ ਉਹ ਸਾਰੇ ਹੁਣ ਰਾਜਨੀਤਕ ਮੰਚ ਉੱਤੇ ਬੇਲੋੜੇ ਹੋ ਚੁੱਕੇ ਹਨ। ਨਵੇਂ ਸੰਤ ਅੱਗੇ ਖੜੇ ਹਨ। ਵੱਡਾ-ਛੋਟਾ ਇਨ੍ਹਾਂ ਵਿੱਚ ਕੋਈ ਨਹੀਂ, ਸਾਰੇ ਆਪੋ ਆਪਣੀ ਭੂਮਿਕਾ ਨਿਭਾਉਣ ਵਿੱਚ ਇੱਕ ਦੂਸਰੇ ਤੋਂ ਵੱਧ ਹਨ।
ਇਨ੍ਹਾਂ ਵਿੱਚੋਂ ਇੱਕ ਆਸਾ ਰਾਮ ਨਾਂਅ ਦਾ ਸੰਤ ਇਸ ਵੇਲੇ ਜੇਲ੍ਹ ਵਿੱਚ ਬੈਠਾ ਹੈ, ਜਿਸ ਨੂੰ ਸਿਆਸੀ ਆਗੂਆਂ ਨੇ 'ਬਾਪੂ' ਬਣਾਇਆ ਸੀ, ਪਰ ਹੁਣ ਕੋਈ ਜੇਲ੍ਹ ਵਿੱਚ ਉਸ ਨੂੰ ਮਿਲਣ ਨਹੀਂ ਜਾਂਦਾ। ਰੇਲਵੇ ਸਟੇਸ਼ਨ ਤੋਂ ਦਰਗਾਹ ਤੱਕ ਸਵਾਰੀਆਂ ਢੋਣ ਲਈ ਇੱਕ ਸਮੇਂ ਟਾਂਗਾ ਚਲਾਉਣ ਤੇ ਕੁਝ ਚਿਰ ਸਾਈਕਲਾਂ ਦੇ ਪੰਕਚਰ ਲਾਉਣ ਦਾ ਕੰਮ ਕਰਨ ਵੇਲੇ ਜਦੋਂ ਗੁਜ਼ਾਰਾ ਨਾ ਚੱਲਿਆ ਤਾਂ ਉਹ ਸਾਧ ਬਣ ਗਿਆ ਸੀ। ਉਸ ਨੂੰ ਪਹਿਲਾਂ ਕਾਂਗਰਸ ਵਾਲਿਆਂ ਨੇ ਹੀ ਚੁੱਕਿਆ ਸੀ ਤੇ ਰਿਕਾਰਡ ਇਸ ਗੱਲ ਦਾ ਗਵਾਹ ਹੈ ਕਿ ਸਾਢੇ ਚੌਦਾਂ ਹਜ਼ਾਰ ਵਰਗ ਮੀਟਰ ਦਾ ਪਹਿਲਾ ਪਲਾਟ ਗੁਜਰਾਤ ਦੇ ਕਾਂਗਰਸੀ ਮੁੱਖ ਮੰਤਰੀ ਮਾਧਵ ਸਿੰਘ ਸੋਲੰਕੀ ਦੀ ਕ੍ਰਿਪਾ ਸਦਕਾ ਉਸ ਨੂੰ ਮਿਲਿਆ ਸੀ। ਬਾਅਦ ਵਿੱਚ ਆਸਾ ਰਾਮ ਨੇ ਕਾਂਗਰਸ ਦਾ ਪਾਣੀ ਲੱਥਦਾ ਅਤੇ ਚੁਸਤ ਕਾਂਗਰਸੀਆਂ ਨੂੰ ਭਾਜਪਾ ਵੱਲ ਭੱਜਦੇ ਵੇਖਿਆ ਤਾਂ ਉਨ੍ਹਾਂ ਦੇ ਨਾਲ ਹੀ ਉਹ ਵੀ ਭਾਜਪਾ ਆਗੂਆਂ ਦਾ 'ਬਾਪੂ' ਜਾ ਬਣਿਆ। ਭਾਜਪਾ ਦੇ ਕੇਸ਼ੂ ਭਾਈ ਪਟੇਲ ਦੀ ਸਰਕਾਰ ਨੇ ਆਸਾ ਰਾਮ ਨੂੰ ਪੰਝੀ ਹਜ਼ਾਰ ਵਰਗ ਮੀਟਰ ਦਾ ਪਲਾਟ ਦੇ ਦਿੱਤਾ ਤੇ ਸਾਰੇ ਦੇਸ਼ ਵਿੱਚ ਜਿੱਥੇ ਕਿਤੇ ਭਾਜਪਾ ਸਰਕਾਰਾਂ ਸਨ, ਉਹ ਆਸਾ ਰਾਮ ਲਈ ਪਲਾਟ ਕੱਟਣ ਲੱਗ ਪਈਆਂ। ਕਾਂਗਰਸੀਆਂ ਨੇ ਮੋੜਾ ਪਾਉਣ ਲਈ ਆਪਣੀਆਂ ਸਰਕਾਰਾਂ ਤੋਂ ਕੁਝ ਪਲਾਟ ਦਿਵਾਏ, ਪਰ ਉਹ ਪਲਾਟ ਲੈਣ ਦੇ ਬਾਅਦ ਅੱਖਾਂ ਫੇਰ ਜਾਂਦਾ ਰਿਹਾ ਤੇ ਨਰਿੰਦਰ ਮੋਦੀ ਦੇ ਉਭਾਰ ਤੱਕ ਭਾਜਪਾ ਆਗੂਆਂ ਦਾ ਪੱਕਾ ਆੜੀ ਬਣਿਆ ਰਿਹਾ। ਮੋਦੀ ਨਾਲ ਕਿਸੇ ਗੱਲੋਂ ਰੇੜਕਾ ਪਿਆ ਤਾਂ ਕੇਸ ਬਣਨ ਲੱਗ ਪਏ ਅਤੇ ਹੁਣ ਮੋਦੀ ਦੇ ਪ੍ਰਧਾਨ ਮੰਤਰੀ ਬਣਨ ਮਗਰੋਂ ਉਸ ਨੂੰ ਜੇਲ੍ਹੋਂ ਨਹੀਂ ਨਿਕਲਣ ਦਿੱਤਾ ਜਾ ਰਿਹਾ। ਉਸ ਉੱਤੇ ਕਤਲ ਦੇ ਕੇਸ ਹਨ, ਜ਼ਮੀਨ-ਜਾਇਦਾਦਾਂ ਦੀ ਧੋਖਾਧੜੀ ਦੇ ਵੀ ਅਤੇ ਉਹੋ ਜਿਹੇ ਕੇਸ ਵੀ ਹਨ, ਜਿਹੜੇ ਸੰਤਾਂ ਨੂੰ ਸ਼ੋਭਾ ਦੇਣ ਵਾਲੇ ਨਹੀਂ।
ਫਿਰ ਇੱਕ ਯੋਗੀ ਬਾਬਾ ਰਾਮਦੇਵ ਉੱਭਰ ਪਿਆ। ਇਹ ਵੀ ਭਾਜਪਾ ਦਾ ਭਾਈਬੰਦ ਬਾਅਦ ਵਿੱਚ ਬਣਿਆ ਸੀ, ਪਹਿਲਾਂ ਇਸ ਦੀ ਜੜ੍ਹ ਕਾਂਗਰਸ ਵਾਲਿਆਂ ਦੀ ਕ੍ਰਿਪਾ ਸਦਕਾ ਲੱਗੀ ਸੀ। ਕਈ ਰਾਜਾਂ ਵਿੱਚ ਇਸ ਨੂੰ ਕਾਂਗਰਸ ਰਾਜ ਦੇ ਕਾਰਨ ਪਲਾਟ ਦਿੱਤੇ ਜਾਣ ਦਾ ਕੰਮ ਏਨੇ ਖੁੱਲ੍ਹੇ ਰੂਪ ਵਿੱਚ ਹੋਇਆ ਕਿ ਕੋਈ ਅਧਿਕਾਰੀ ਰਾਹ ਰੋਕਣ ਜੋਗੀ ਹਿੰਮਤ ਨਹੀਂ ਸੀ ਕਰ ਸਕਦਾ। ਅੰਨਾ ਹਜ਼ਾਰੇ ਦੇ ਭ੍ਰਿਸ਼ਟਾਚਾਰ ਵਿਰੋਧੀ ਮੋਰਚੇ ਤੋਂ ਲੋਕਾਂ ਦਾ ਧਿਆਨ ਪਾਸੇ ਪਾਉਣ ਲਈ ਇਸ ਨੂੰ ਕਾਂਗਰਸ ਪਾਰਟੀ ਨੇ ਵਿਦੇਸ਼ ਤੋਂ ਕਾਲਾ ਧਨ ਦੇਸ਼ ਵਿੱਚ ਵਾਪਸ ਲਿਆਉਣ ਦੇ ਰਾਹ ਆਪ ਪਾਇਆ ਸੀ। ਰੱਫੜ ਓਦੋਂ ਪੈ ਗਿਆ, ਜਦੋਂ ਉਹ ਦਿੱਲੀ ਵਿੱਚ ਰਾਮ ਲੀਲ੍ਹਾ ਮੈਦਾਨ ਵਿੱਚ ਧਰਨਾ ਮਾਰਨ ਪੁੱਜਾ ਤੇ ਪਹਿਲਾਂ ਖਬਰ ਪੁੱਜ ਗਈ ਕਿ ਉਹ ਭਾਜਪਾ ਨਾਲ ਅੱਖ ਮਿਲਾ ਚੁੱਕਾ ਹੈ। ਕਾਂਗਰਸੀਆਂ ਨੇ ਕਹਿ ਦਿੱਤਾ ਕਿ ਧਰਨਾ ਮਾਰਨ ਤੋਂ ਪਹਿਲਾਂ ਲਿਖ ਕੇ ਦੇਵੇ ਕਿ ਕੱਲ੍ਹ ਚਾਰ ਵਜੇ ਉੱਠ ਜਾਵਾਂਗਾ। ਉਸ ਨੇ ਲਿਖ ਦਿੱਤਾ ਤੇ ਇਸੇ ਤੋਂ ਬਾਅਦ ਡਾਂਗ-ਸੋਟਾ ਚੱਲਿਆ ਸੀ ਤੇ ਫਿਰ ਉਹ ਦਿੱਲੀ ਛੱਡ ਕੇ ਭਾਜਪਾ ਦੇ ਰਾਜ ਵਾਲੇ ਉੱਤਰਾਖੰਡ ਜਾ ਪਹੁੰਚਿਆ ਸੀ।
ਏਨੀ ਕੁ ਦਲ-ਬਦਲੀ ਨਾਲ ਰਾਮਦੇਵ ਲਈ ਭਾਜਪਾ ਸਰਕਾਰਾਂ ਨੇ ਗੱਫਿਆਂ ਦੀ ਝੜੀ ਲਾ ਦਿੱਤੀ। ਹਿਮਾਚਲ ਪ੍ਰਦੇਸ਼ ਦੀ ਓਦੋਂ ਦੀ ਭਾਜਪਾ ਸਰਕਾਰ ਨੇ ਉਸ ਨੂੰ ਪੈਂਤੀ ਕਰੋੜ ਮੁੱਲ ਵਾਲੀ ਅਠਾਈ ਏਕੜ ਜ਼ਮੀਨ ਨੜਿੰਨਵੇਂ ਸਾਲਾਂ ਲਈ ਸਿਰਫ ਇੱਕ ਰੁਪਏ ਸਾਲਾਨਾ ਕਿਰਾਏ ਉੱਤੇ ਦੇ ਦਿੱਤੀ। ਨਰਿੰਦਰ ਮੋਦੀ ਸਰਕਾਰ ਆਈ ਤੇ ਫਿਰ ਮਹਾਰਾਸ਼ਟਰ ਵਿੱਚ ਭਾਜਪਾ ਸਰਕਾਰ ਦੇ ਬਣਨ ਦਾ ਸਬੱਬ ਬਣਿਆ ਤਾਂ ਸਿਰਫ ਹੇਮਾ ਮਾਲਿਨੀ ਨੂੰ ਗਲਤ ਪਲਾਟ ਹੀ ਨਹੀਂ ਸੀ ਦਿੱਤਾ ਗਿਆ, ਰਾਮਦੇਵ ਵਾਲੀ ਸੰਸਥਾ ਨੂੰ ਵੀ ਵਿਦਰਭ ਖੇਤਰ ਵਿੱਚ ਤਿੰਨ ਥਾਈਂ ਵੰਡ ਕੇ ਛੇ ਸੌ ਏਕੜ ਜ਼ਮੀਨ ਦੇ ਦਿੱਤੀ ਗਈ। ਹੁਣ ਆਸਾਮ ਵਿੱਚ ਵਿਧਾਨ ਸਭਾ ਚੋਣ ਹੋਣ ਵਾਲੀ ਹੈ ਤਾਂ ਓਥੋਂ ਖਬਰ ਆ ਗਈ ਹੈ ਕਿ ਭਾਜਪਾ ਦਾ ਬੋਡੋਲੈਂਡ ਪੀਪਲਜ਼ ਫਰੰਟ ਨਾਲ ਵਲ-ਵਲਾਵੇਂ ਦਾ ਗੱਠਜੋੜ ਬਣਦੇ ਸਾਰ ਬੋਡੋਲੈਂਡ ਟੈਰੀਟੋਰੀਅਲ ਕੌਂਸਲ ਨੇ 3800 ਏਕੜ ਜ਼ਮੀਨ ਰਾਮਦੇਵ ਦੇ ਅਦਾਰੇ ਨੂੰ ਅਲਾਟ ਕਰ ਦਿੱਤੀ ਹੈ। ਬੋਡੋਲੈਂਡ ਪੀਪਲਜ਼ ਫਰੰਟ ਦਾ ਮੁਖੀ ਹਾਗਰਾਮਾ ਮੋਹਿਲਾਰੀ ਹੈ, ਜਿਹੜਾ ਪਹਿਲਾਂ ਗੈਰ-ਕਾਨੂੰਨ ਮੰਨੀ ਜਾਂਦੀ ਰਹੀ ਬੋਡੋ ਲਿਬਰੇਸ਼ਨ ਟਾਈਗਰਜ਼ ਫੋਰਸ ਦਾ ਮੁਖੀ ਸੀ ਤੇ ਦਸੰਬਰ 2003 ਵਿੱਚ ਵਾਜਪਾਈ ਸਰਕਾਰ ਨਾਲ ਸਮਝੌਤਾ ਕਰ ਕੇ ਮੁੱਖ ਧਾਰਾ ਵੱਲ ਮੁੜਿਆ ਸੀ। ਉਸ ਤੋਂ ਮਹੀਨਾ ਕੁ ਪਿੱਛੋਂ ਬਣੀ ਬੋਡੋਲੈਂਡ ਟੈਰੀਟੋਰੀਅਲ ਕੌਂਸਲ ਦਾ ਉਸ ਨੂੰ ਮੁਖੀ ਬਣਾ ਦਿੱਤਾ ਗਿਆ। ਹੁਣ ਪੰਜਾਬ ਸਰਕਾਰ ਨੇ ਵੀ ਐਲਾਨ ਕਰ ਦਿੱਤਾ ਹੈ ਕਿ ਬਾਬਾ ਰਾਮਦੇਵ ਦੀ ਪਾਤੰਜਲੀ ਪੀਠ ਨੂੰ ਪੰਜਾਬ ਦੇ ਵਿਕਾਸ ਵਿੱਚ ਯੋਗਦਾਨ ਦਾ ਮੌਕਾ ਦੇਣਾ ਹੈ।
ਅਸੀਂ ਇਹ ਫੇਰ ਕਹਿ ਸਕਦੇ ਹਾਂ ਕਿ ਸ੍ਰੀ ਸ੍ਰੀ ਰਵੀ ਸ਼ੰਕਰ ਦੇ ਖਿਲਾਫ ਕਹਿਣ ਲਈ ਨਿੱਜੀ ਤੌਰ ਉੱਤੇ ਸਾਡੇ ਕੋਲ ਕੁਝ ਨਹੀ, ਪਰ ਇਹ ਗੱਲ ਸਾਰਾ ਦੇਸ਼ ਜਾਣਦਾ ਹੈ ਕਿ ਉਸ ਨੇ ਆਪਣਾ ਜਲੌਅ ਵਧਾਉਣ ਦੇ ਲਈ ਦਿੱਲੀ ਵਿੱਚ ਜਿੱਦਾਂ ਦਾ ਜਲਸਾ ਜੋੜਿਆ ਹੈ, ਉਸ ਦੇ ਲਈ ਨਿਯਮ ਤੋੜਨ ਵਿੱਚ ਕੋਈ ਕਸਰ ਨਹੀਂ ਛੱਡੀ। ਕਮਾਲ ਦੀ ਗੱਲ ਹੈ ਕਿ ਰਵੀ ਸ਼ੰਕਰ ਇਹ ਕਹਿੰਦਾ ਹੈ ਕਿ ਉਹ ਲੋਕਾਂ ਨੂੰ ਜਿਊਣ ਦੀ ਜਾਚ ਦੱਸੇਗਾ। ਆਰਟ ਆਫ ਲਿਵਿੰਗ ਜ਼ਿੰਦਾਬਾਦ। ਬਾਬੇ ਕਹਿੰਦੇ ਹੁੰਦੇ ਸਨ ਕਿ 'ਸਾਧਾਂ ਨੂੰ ਕੀ ਸਵਾਦਾਂ ਨਾਲ', ਪਰ ਨਵੇਂ ਯੁੱਗ ਵਿੱਚ ਸਾਰੇ ਸਵਾਦਾਂ ਦਾ ਚਸਕਾ ਸਾਧਾਂ ਤੇ ਉਨ੍ਹਾਂ ਦੇ ਬਾਲਕਿਆਂ ਦਾ ਹੱਕ ਬਣਦਾ ਜਾ ਰਿਹਾ ਹੈ। ਸੰਤ ਰਵੀ ਸ਼ੰਕਰ ਕਹਿੰਦਾ ਹੈ ਕਿ ਭਾਰਤ ਦੇ ਨਾਗਰਿਕਾਂ ਵਿੱਚ ਏਦਾਂ ਦੀ ਦੇਸ਼ਭਗਤੀ ਪੈਦਾ ਕਰਨੀ ਹੈ ਕਿ ਏਥੇ ਕੋਈ ਗਲਤ ਕੰਮ ਨਹੀਂ ਹੋਣਾ ਚਾਹੀਦਾ। ਆਪ ਗਲਤ ਕੰਮ ਕਰਨ ਪਿੱਛੋਂ ਆਮ ਲੋਕਾਂ ਲਈ ਠੀਕ ਰਾਹ ਚੱਲਣ ਦਾ ਉਪਦੇਸ਼ ਹਾਰੀ-ਸਾਰੀ ਬੰਦਾ ਨਹੀਂ ਵੰਡ ਸਕਦਾ। ਇਸ ਕੰਮ ਲਈ ਬੰਦੇ ਨੂੰ ਪਹਿਲਾਂ ਏਨਾ ਖਾਸ ਬਣਨਾ ਚਾਹੀਦਾ ਹੈ ਕਿ ਉਸ ਦਾ ਗਲਤ ਕੀਤਾ ਵੀ ਕਿਸੇ ਨੂੰ ਗਲਤ ਨਜ਼ਰ ਨਾ ਆਵੇ। ਉਸ ਦੇ ਨਾਲ ਖੱਬੇ-ਸੱਜੇ ਇਸ ਦੇਸ਼ ਦੇ ਪ੍ਰਧਾਨ ਮੰਤਰੀ ਦੇ ਪੱਧਰ ਦੇ ਆਗੂ ਖੜੇ ਦਿੱਸਣੇ ਚਾਹੀਦੇ ਹਨ, ਉਸ ਮਾਹੌਲ ਵਿੱਚ ਇਹ ਗਾਉਣ ਦਾ ਮੁਕੰਮਲ ਮਜ਼ਾ ਆਉਂਦਾ ਹੈ, 'ਯੇ ਮੇਰਾ ਇੰਡੀਆ, ਆਈ ਲਵ ਮਾਈ ਇੰਡੀਆ'।

12 March 2016

ਦੇਸ਼ ਦੇ ਰੰਗ-ਮੰਚ ਉੱਤੇ 'ਦਿੱਲੀ' ਦੇ ਕਿੰਗਰਿਆਂ ਨੂੰ ਘੂਰਨ ਵਾਲੇ ਇੱਕ ਹੋਰ ਦੁੱਲੇ ਦੀ ਦਸਤਕ - ਜਤਿੰਦਰ ਪਨੂੰ

'ਦਿੱਲੀ' ਸਿਰਫ ਇੱਕ ਸ਼ਹਿਰ ਨਹੀਂ, ਰਾਜ-ਸ਼ਕਤੀ ਦਾ ਇੱਕ ਏਦਾਂ ਦਾ ਪ੍ਰਤੀਕ ਹੈ, ਜਿਹੜਾ ਲੋਕ ਮਾਨਸਿਕਤਾ ਦੇ ਖਾਤੇ ਵਿੱਚ ਸਦੀਆਂ ਤੋਂ ਜਬਰ ਦਾ ਅੱਡਾ ਬਣ ਕੇ ਦਰਜ ਹੁੰਦਾ ਰਿਹਾ ਹੈ। ਆਪਣੀ ਕਵਿਤਾ ਵਿੱਚ ਲੋਕ-ਕਵੀ ਸੰਤ ਰਾਮ ਉਦਾਸੀ ਜਦੋਂ ਇਹ ਲਿਖਦਾ ਹੈ: ''ਦਿੱਲੀਏ, ਦਿਆਲਾ ਵੇਖ ਦੇਗ 'ਚ ਉੱਬਲਦਾ, ਨੀਂ ਅਜੇ ਤੇਰਾ ਚਿੱਤ ਨਾ ਠਰੇ। ਮਤੀ ਦਾਸ ਤਾਂਈਂ ਚੀਰ ਆਰੇ ਵਾਂਗ ਜੀਭ ਤੇਰੀ, ਹਾਲੇ ਮਨ-ਮੱਤੀਆਂ ਕਰੇ" ਉਸ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਦੇ ਨਾਲ ਕੁਰਬਾਨੀ ਲਈ ਪੇਸ਼ ਹੋਏ ਭਾਈ ਦਿਆਲਾ ਤੇ ਮਤੀ ਦਾਸ ਦੀ ਗੱਲ ਨਹੀਂ ਕਰਦਾ, ਉਨ੍ਹਾਂ ਸਭ ਦਾ ਜ਼ਿਕਰ ਕਰ ਜਾਂਦਾ ਹੈ, ਜਿਹੜੇ ਸਦੀਆਂ ਤੋਂ ਇਸ ਦੇਸ਼ ਵਿੱਚ ਏਦਾਂ ਉੱਭਰਦੇ ਰਹੇ ਹਨ ਤੇ ਨਾਲ ਇਹ ਵੀ ਕਿ ਲੋਕਾਂ ਦੀ ਅਗਵਾਈ ਕਰਨ ਵਾਲਿਆਂ ਲਈ 'ਦਿੱਲੀ' ਇਹੋ ਜਿਹਾ ਮਕਤਲ ਬਣਦੀ ਰਹੀ ਹੈ, ਜਿੱਥੇ ਸਿਰਫ 'ਧੱਜ ਸੇ ਮਕਤਲ ਕੋ' ਜਾਣ ਵਾਲੇ ਜਾਂਦੇ ਹਨ। 'ਦਿੱਲੀ' ਦਾ ਕਿਰਦਾਰ ਨਹੀਂ ਬਦਲਿਆ। ਇਸ ਦੇ ਅੱਗੇ ਅੜਨ ਵਾਲਿਆਂ ਦਾ ਵੀ ਨਹੀਂ ਬਦਲਿਆ।
ਬਿਸਮਿਲ ਫਰੀਦਕੋਟੀ ਨੇ ਕਿਹਾ ਸੀ: 'ਹੈ ਦੌਰ ਨਵਾਂ, ਹੀਰ ਪੁਰਾਣੀ ਨਾ ਸੁਣੋ। ਦੁੱਖ ਚਾਕ ਦਾ ਖੇੜੇ ਦੀ ਜ਼ਬਾਨੀ ਨਾ ਸੁਣੋ। ਛੇੜੀ ਹੈ ਜ਼ਮਾਨੇ ਨੇ ਅਵਾਮਾਂ ਦੀ ਕਥਾ, ਰਾਜੇ ਨਵਾਬਾਂ ਦੀ ਕਹਾਣੀ ਨਾ ਸੁਣੋ।' ਜਿਹੜੇ ਦੌਰ ਵਿੱਚ ਇਹ ਗੱਲ ਉਸ ਨੇ ਲਿਖੀ ਸੀ, ਉਹ ਅਵਾਮ (ਆਮ ਲੋਕਾਂ) ਦੀ ਕਥਾ ਦੀ ਚੜ੍ਹਤ ਦਾ ਦੌਰ ਸੀ। ਫਿਰ ਪਛੇਤ ਪੈਣ ਲੱਗੀ। ਇਹ ਦੌਰ ਕੁਝ ਦੇਰ ਲਈ ਪਛੇਤ ਦਾ ਸ਼ਿਕਾਰ ਹੋ ਸਕਦਾ ਸੀ, ਇਸ ਦੇ ਖਾਤਮੇ ਦੀ ਗੱਲ ਕਹਿਣ ਵਾਲੇ ਤਾਂ ਸਮਾਂ ਪਾ ਕੇ ਖਤਮ ਹੋ ਜਾਇਆ ਕਰਦੇ ਹਨ, ਕਥਾ ਖਤਮ ਨਹੀਂ ਹੋਈ। ਲੋਕ ਕਦੇ-ਕਦੇ ਕੁਝ ਦੇਰ ਸੌਂ ਜਾਇਆ ਕਰਦੇ ਹਨ। ਫਿਰ ਜਦੋਂ ਕੋਈ ਵੱਡਾ ਝਟਕਾ ਲੱਗੇ ਤਾਂ ਅੱਖਾਂ ਮਲ ਕੇ ਕੁਝ ਕਰਨ ਨੂੰ ਉੱਠਦੇ ਹਨ। ਅਗਲੇ ਪਾਸੇ ਕੁਝ ਦਿਸਦਾ ਹੋਵੇ ਤਾਂ ਤੁਰੇ ਵੀ ਜਾਂਦੇ ਹਨ, ਪਰ ਜਦੋਂ ਇਹੋ ਜਿਹਾ ਭਰਮ ਪਵੇ ਕਿ ਅਗਵਾਈ ਦੇਣ ਵਾਲਾ ਹੀ ਆਪਣੀ ਏਨੀ ਕੁ ਭੂਮਿਕਾ ਤੋਂ ਸੰਤੁਸ਼ਟ ਹੋ ਕੇ ਬਹਿ ਗਿਆ ਹੈ, ਹੁਣ ਕੁਝ ਕਰਨਾ ਨਹੀਂ ਚਾਹੁੰਦਾ, ਤਾਂ ਮੁੜ ਕੇ ਝਟਕਾ ਲੱਗਣ ਦੀ ਘੜੀ ਤੱਕ ਚਾਰ ਦਿਨ ਨੀਂਦ ਜਿਹੀ ਵਿੱਚ ਚਲੇ ਜਾਂਦੇ ਹਨ। ਕਦੇ ਉਨ੍ਹਾਂ ਨੂੰ ਕੋਈ ਅੰਨਾ ਹਜ਼ਾਰੇ ਝਟਕਾ ਦੇਵੇ ਤਾਂ ਕਮਰ ਕੱਸ ਕੇ ਉਸ ਦੇ ਪਿੱਛੇ ਉੱਠ ਤੁਰਦੇ ਹਨ, ਜਿਵੇਂ ਆਖਰੀ ਹੱਲਾ ਮਾਰਨਾ ਹੋਵੇ, ਪਰ ਚਾਰ ਦਿਹਾੜੇ ਅਗਵਾਈ ਕਰਨ ਪਿੱਛੋਂ ਜਦੋਂ ਉਹ ਬਾਬਾ ਰਾਲੇਗਣ ਸਿੱਧੀ ਦੇ ਆਸ਼ਰਮ ਵਿੱਚ ਯਾਦਵ ਬਾਬਾ ਦੇ ਬੁੱਤ ਨੇੜੇ ਸਮਾਧੀ ਲਾ ਕੇ ਸਿਰਫ ਪ੍ਰਵਚਨ ਕਰਨ ਰੁੱਝ ਜਾਂਦਾ ਹੈ, ਦੇਸ਼ ਦੇ ਲੋਕ ਵੀ ਦੋ ਡੰਗ ਦੀ ਰੋਟੀ ਲਈ ਰੁੱਝ ਜਾਂਦੇ ਹਨ। ਜਦੋਂ ਗੁਰੂ ਗੋਬਿੰਦ ਸਿੰਘ ਇਹ ਕਹਿੰਦੇ ਹਨ ਕਿ 'ਜਬ ਆਵ ਕੀ ਅਉਧ ਨਿਦਾਨ ਬਨੈ, ਅਤ ਹੀ ਰਨ ਮੈ ਤਬ ਜੂਝ ਮਰੋਂ', ਇਸ ਦਾ ਅਰਥ ਇਹ ਵੀ ਹੈ ਕਿ ਜਦੋਂ 'ਆਵ ਕੀ ਅਉਧ', ਅਰਥਾਤ ਨਿਬੇੜੇ ਦੀ ਘੜੀ ਆਈ, ਓਦੋਂ ਫਿਰ ਲੜਨ ਨੂੰ ਤਿਆਰ ਹਾਂ, ਉਹ ਘੜੀ ਆਉਣ ਤੱਕ ਜਿਉਂਦੇ ਰਹਿਣ ਲਈ ਦੋ ਡੰਗ ਦਾ ਆਹਰ ਵੀ ਕਰਨਾ ਪਵੇਗਾ। ਲੋਕ ਅੰਨਾ ਹਜ਼ਾਰੇ ਦੇ ਅੰਦੋਲਨ ਪਿੱਛੋਂ ਏਸੇ ਕਾਰਨ ਉਸ ਦੋ ਡੰਗ ਦੀ ਰੋਟੀ ਦਾ ਜੁਗਾੜ ਕਰਨ ਵਿੱਚ ਰੁੱਝ ਗਏ ਸਨ। ਏਦਾਂ ਹੀ ਹੋਣਾ ਹੁੰਦਾ ਹੈ।
ਹੁਣ ਉਹ ਲੋਕ ਇੱਕ ਵਾਰ ਫਿਰ ਜਾਗ ਰਹੇ ਹਨ। ਉਨ੍ਹਾਂ ਨੂੰ ਜਾਗਣ ਦਾ ਮੌਕਾ 'ਦਿੱਲੀ' ਆਪ ਖੁਦ ਦੇਂਦੀ ਪਈ ਹੈ। 'ਦਿੱਲੀ' ਸ਼ਹਿਰ ਦਾ ਭਾਵੇਂ ਨਹੀਂ, ਪਰ ਜਾਬਰ ਰਾਜ ਦੀ ਪ੍ਰਤੀਕ 'ਦਿੱਲੀ' ਦਾ ਕਿਰਦਾਰ ਇਹੋ ਹੈ ਕਿ ਇਹ ਲੋਕਾਂ ਨੂੰ ਮੈਦਾਨ ਵਿੱਚ ਨਿਕਲਣ ਲਈ ਮਜਬੂਰ ਕਰਨੋਂ ਕਦੇ ਨਹੀਂ ਹਟਦੀ। ਇਸ ਵਾਰ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਵਿੱਚ ਜਿਹੜਾ ਕੁਝ ਵਾਪਰਿਆ ਹੈ, ਉਹ 'ਦਿੱਲੀ' ਦੇ ਏਸੇ ਕਿਰਦਾਰ ਦਾ ਨਤੀਜਾ ਹੈ।
ਹੁਣ ਇਹ ਸੱਚ ਕਈ ਪਰਦੇ ਪਾੜ ਕੇ ਬਾਹਰ ਆਉਂਦਾ ਪਿਆ ਹੈ ਕਿ ਸ਼ਰਾਰਤੀ ਰਾਜਨੀਤੀ ਕਰਨ ਵਾਲੇ ਇੱਕ ਪੁਰਾਣੇ ਜਨ ਸੰਘੀ ਅਤੇ ਅੱਜ ਦੇ ਮੁਕੱਦਮੇਬਾਜ਼ ਸਵਾਮੀ ਨੇ ਜਦੋਂ ਕਿਹਾ ਸੀ ਕਿ ਇਸ ਯੂਨੀਵਰਸਿਟੀ ਨੂੰ ਚਾਰ ਮਹੀਨੇ ਲਈ ਬੰਦ ਕਰ ਦੇਣਾ ਚਾਹੀਦਾ ਹੈ ਤਾਂ ਓਦੋਂ ਸਵਾਮੀ ਨਹੀਂ ਸੀ ਬੋਲਦਾ, ਉਸ ਦੇ ਪਿੱਛੇ 'ਦਿੱਲੀ' ਬੋਲਦੀ ਸੀ। ਕੁਝ ਦਿਨ ਪਿੱਛੋਂ ਇੱਕ ਗਹਿਰੀ ਸਾਜ਼ਿਸ਼ ਦੇ ਅਧੀਨ ਇੱਕੋ ਦਿਨ ਸਾਰੇ ਦੇਸ਼ ਦੇ ਮੀਡੀਏ ਵਿੱਚ ਉਹ ਵੀਡੀਓ ਕਲਿੱਪ ਪੇਸ਼ ਕਰਵਾ ਦਿੱਤੀ ਗਈ, ਜਿਸ ਵਿੱਚ ਕਨ੍ਹਈਆ ਕੁਮਾਰ ਇਸ ਦੇਸ਼ ਦੇ ਟੁਕੜੇ ਕਰਨ ਅਤੇ ਇਸ ਤੋਂ ਵੀ ਅੱਗੇ ਜਾ ਕੇ ਇਸ ਦੇਸ਼ ਦੀ ਬਰਬਾਦੀ ਕਰਨ ਤੱਕ ਦੀਆਂ ਗੱਲਾਂ ਕਹਿ ਰਿਹਾ ਸੁਣੀਂਦਾ ਸੀ। ਇੱਕ ਪੋਸਟਰ ਸੋਸ਼ਲ ਮੀਡੀਏ ਦੇ ਰਾਹੀਂ ਪੇਸ਼ ਕੀਤਾ ਗਿਆ, ਜਿਸ ਵਿੱਚ ਕਨ੍ਹਈਆ ਏਦਾਂ ਦੇ ਨਾਅਰਿਆਂ ਵਾਲੇ ਬੈਨਰ ਅੱਗੇ ਖੜਾ ਸੀ। ਫਿਰ ਸੱਚ ਬਾਹਰ ਆ ਗਿਆ ਕਿ ਉਹ ਪੋਸਟਰ ਅਸਲ ਵਿੱਚ ਕਿਤੇ ਹੈ ਹੀ ਨਹੀਂ, ਸਭ ਤੋਂ ਵੱਧ ਫਿਰਕੂ ਵਿਦਿਆਰਥੀ ਜਥੇਬੰਦੀ ਦੇ ਮੀਡੀਆ ਸੈੱਲ ਦੇ ਇੱਕ ਕਾਰਿੰਦੇ ਨੇ ਕੰਪਿਊਟਰ ਉੱਤੇ ਬਣਾਇਆ ਸੀ। ਅਗਲੀ ਗੱਲ ਉਸ ਵੀਡੀਓ ਕਲਿੱਪ ਬਾਰੇ ਸਾਹਮਣੇ ਆਈ ਤਾਂ ਪਹਿਲਾਂ ਉਸ ਵਿੱਚ ਕਨ੍ਹਈਆ ਕੁਮਾਰ ਦਾ ਨਾ ਹੋਣਾ ਤੇ ਕਿਸੇ ਬੇਗਾਨੀ ਵੀਡੀਓ ਨਾਲ ਉਸ ਦਾ ਜੋੜਿਆ ਜਾਣਾ ਸਾਬਤ ਹੋ ਗਿਆ ਤੇ ਫਿਰ ਜਿਹੜਾ 'ਹੋਰ' ਬਣਾ ਕੇ ਉਮਰ ਖਾਲਿਦ ਫੜ ਲਿਆ, ਪਤਾ ਲੱਗਾ ਕਿ ਉਸ ਨੇ ਵੀ ਓਦਾਂ ਦੇ ਨਾਅਰੇ ਲਾਉਣ ਦਾ ਕੰਮ ਨਹੀਂ ਸੀ ਕੀਤਾ। ਫਿਰ ਸੂਈ ਥੋੜ੍ਹਾ ਜਿਹਾ ਹੋਰ ਘੁੰਮੀ ਤਾਂ ਇੱਕ ਬੀਬੀ ਦਾ ਨਾਂਅ ਸਾਹਮਣੇ ਆ ਗਿਆ, ਜਿਸ ਨੇ ਸੋਸ਼ਲ ਮੀਡੀਆ ਦੇ ਆਪਣੇ ਖਾਤੇ ਰਾਹੀਂ ਇਹ ਝੂਠ ਪ੍ਰਚਾਰਿਆ ਸੀ ਤੇ ਉਹ ਬੀਬੀ ਕੇਂਦਰ ਸਰਕਾਰ ਦੀ ਇੱਕ ਵਿਵਾਦਤ ਮੰਤਰੀ ਬੀਬੀ ਨਾਲ ਨੇੜਲੇ ਸੰਬੰਧਾਂ ਵਾਲੀ ਨਿਕਲ ਆਈ। 'ਦਿੱਲੀ' ਦਾ ਕਿਰਦਾਰ ਇਹੋ ਹੈ।
ਜਿਹੜੇ ਕਨ੍ਹਈਆ ਨੂੰ ਅਦਾਲਤ ਵਿੱਚ ਪੇਸ਼ੀ ਵੇਲੇ ਜੱਜ ਦੇ ਕਮਰੇ ਵਿੱਚ ਪੁਲਸ ਦੇ ਸਾਹਮਣੇ ਕੁੱਟਣ ਦਾ ਗੁਨਾਹ ਵੀ 'ਦਿੱਲੀ' ਦੇ ਸਿਆਸੀ ਵਕੀਲਾਂ ਨੂੰ ਕਾਨੂੰਨ ਦਾ ਉਲੰਘਣ ਨਹੀਂ ਸੀ ਜਾਪਦਾ ਤੇ ਕਹਿੰਦੇ ਸਨ ਕਿ ਕਨ੍ਹਈਆ ਅਦਾਲਤ ਵਿੱਚ ਦੋਸ਼ੀ ਸਾਬਤ ਹੋਵੇਗਾ, ਉਹ ਸਾਬਤ ਨਾ ਕਰ ਸਕੇ ਤੇ ਹੁਣ ਕਨ੍ਹਈਆ ਬਾਹਰ ਆ ਗਿਆ ਹੈ। ਅਦਾਲਤ ਦਾ ਇਹ ਸਵਾਲ ਜਦੋਂ ਪੁਲਸ ਦੇ ਸੰਘ ਵਿੱਚ ਫਸ ਗਿਆ ਕਿ ਕਨ੍ਹਈਆ ਦਾ ਨਾਅਰੇ ਲਾਉਣਾ ਕਿੱਥੇ ਸਾਬਤ ਹੁੰਦਾ ਹੈ, ਤਾਂ ਉਸ ਦੀ ਜ਼ਮਾਨਤ ਹੋ ਗਈ। ਅਗਲਾ ਪ੍ਰਚਾਰ ਇਹ ਸ਼ੁਰੂ ਹੋ ਗਿਆ ਕਿ ਉਸ ਉੱਤੇ ਅਦਾਲਤ ਨੇ ਕਈ ਸ਼ਰਤਾਂ ਲਾ ਦਿੱਤੀਆਂ ਹਨ। ਉਹ ਸ਼ਰਤਾਂ ਹਰ ਕਿਸੇ ਉੱਤੇ ਲਾਗੂ ਹੁੰਦੀਆਂ ਹਨ। ਓਮ ਪ੍ਰਕਾਸ਼ ਚੌਟਾਲਾ ਪਿਛਲੇਰੇ ਸਾਲ ਉਨ੍ਹਾਂ ਸ਼ਰਤਾਂ ਸਮੇਤ ਜੇਲ੍ਹ ਤੋਂ ਨਿਕਲਿਆ ਸੀ, ਵਿਧਾਨ ਸਭਾ ਚੋਣਾਂ ਦੀ ਸਾਰੀ ਮੁਹਿੰਮ ਵਿੱਚ ਜਲਸਿਆਂ ਵਿੱਚ ਬੋਲਦਾ ਰਿਹਾ ਤੇ ਆਖਰੀ ਦਿਨ ਜਦੋਂ ਸ਼ਰਤਾਂ ਉਲੰਘਣ ਦੀ ਸ਼ਿਕਾਇਤ ਹੋਈ ਤਾਂ ਜੇਲ੍ਹ ਜਾ ਕੇ ਹਾਜ਼ਰੀ ਪਵਾ ਲਈ ਸੀ। ਕਨ੍ਹਈਆ ਦੇ ਬਾਰੇ ਸ਼ਰਤਾਂ ਦਾ ਪ੍ਰਚਾਰ ਵੀ ਹੱਦ ਤੋਂ ਜ਼ਿਆਦਾ ਕੀਤਾ ਗਿਆ ਹੈ, ਕਿਉਂਕਿ ਉਸ ਦੇ ਨਾਲ 'ਦਿੱਲੀ' ਨੂੰ ਕੌੜ ਬਹੁਤ ਹੈ।
ਰਾਜ-ਸ਼ਕਤੀ ਦੀ ਕੌੜ ਲਈ ਸਦੀਆਂ ਤੋਂ ਬਦਨਾਮੀ ਖੱਟਦੀ ਆਈ 'ਦਿੱਲੀ' ਨੂੰ ਜੇ ਕਨ੍ਹਈਆ ਦੇ ਨਾਲ ਕੌੜ ਹੈ ਤਾਂ ਉਸ ਨੂੰ ਇਹ ਇਤਿਹਾਸ ਯਾਦ ਕਰਨਾ ਚਾਹੀਦਾ ਹੈ ਕਿ ਉਸ ਦੀ ਕੌੜ ਨੂੰ ਦੇਸ਼ ਕਿਵੇਂ ਭੁਗਤਦਾ ਰਿਹਾ ਹੈ?
ਅਸੀਂ ਰਾਜੇ-ਨਵਾਬਾਂ ਦੀ ਕਹਾਣੀ ਪਾਸੇ ਰੱਖ ਕੇ ਵੇਖੀਏ ਤਾਂ ਰਾਣਾ ਪ੍ਰਤਾਪ ਦੀ ਕਹਾਣੀ ਵੀ ਲੋਕ ਮਾਨਸਿਕਤਾ ਵਿੱਚ 'ਦਿੱਲੀ' ਦੇ ਵਿਹਾਰ ਦੇ ਵਿਰੋਧ ਦੀ ਕਹਾਣੀ ਸੀ। ਉਸ ਦੇ ਰਿਸ਼ਤੇਦਾਰ ਵੀ ਬਾਦਸ਼ਾਹ ਅਕਬਰ ਨਾਲ ਜਾ ਕੇ ਮਿਲ ਗਏ ਤੇ ਰਾਣਾ ਪ੍ਰਤਾਪ ਦੇ ਖਿਲਾਫ ਲੜਨ ਲਈ ਮੈਦਾਨ ਵਿੱਚ ਆ ਗਏ ਸਨ। ਇਤਿਹਾਸ ਵਿੱਚ ਉਨ੍ਹਾਂ ਰਿਸ਼ਤੇਦਾਰਾਂ ਵਿੱਚੋਂ ਕਿਸੇ ਦਾ ਨਾਂਅ ਵੀ ਲੋਕਾਂ ਨੂੰ ਚੇਤੇ ਨਹੀਂ, ਪਰ ਰਾਣਾ ਪ੍ਰਤਾਪ ਦਾ ਨਾਂਅ ਇਸ ਲਈ ਚੇਤੇ ਹੈ ਕਿ ਉਹ ਜ਼ੁਲਮ ਦੀ ਪ੍ਰਤੀਕ 'ਦਿੱਲੀ' ਨਾਲ ਭਿੜਨ ਨਿਕਲਿਆ ਸੀ। ਦੁੱਲਾ ਅੱਜ ਤੱਕ ਲੋਕਾਂ ਦੇ ਚੇਤੇ ਵਿੱਚ ਹੈ। ਅਕਬਰ ਬਾਦਸ਼ਾਹ ਨੇ ਜਦੋਂ ਉਸ ਦੇ ਦਾਦੇ ਤੋਂ ਬਾਅਦ ਬਾਪ ਨੂੰ ਵੀ ਮੌਤ ਦੀ ਸਜ਼ਾ ਦੇ ਦਿੱਤੀ ਤਾਂ ਦੁੱਲੇ ਨੂੰ ਬਗਾਵਤ ਦੇ ਖਾਨਦਾਨੀ ਰੁਖ ਤੋਂ ਮੋੜਨ ਲਈ ਬੜੇ ਪਾਪੜ 'ਦਿੱਲੀ' ਨੇ ਵੇਲ ਕੇ ਵੇਖੇ ਸਨ। ਦੁੱਲਾ ਫੇਰ ਵੀ ਪਿਓ-ਦਾਦੇ ਦੀ ਲੀਹ ਉੱਤੇ ਚੱਲ ਪਿਆ। ਉਸ ਨੇ ਜਦੋਂ ਕਿਹਾ ਸੀ ਕਿ ''ਮੈਂ ਢਾਹਵਾਂ 'ਦਿੱਲੀ' ਦੇ ਕਿੰਗਰੇ" ਤਾਂ ਇਹ ਐਲਾਨ ਦਿੱਲੀ ਵਿੱਚ ਵੱਸਦੇ ਲੋਕਾਂ ਦੇ ਘਰਾਂ ਦੇ ਕਿੰਗਰੇ ਤੋੜਨ ਦਾ ਨਹੀਂ, ਉਸ 'ਦਿੱਲੀ' ਦੇ ਵੱਲ ਸੇਧਤ ਸੀ, ਜਿਹੜੀ ਓਦੋਂ ਵੀ ਲੋਕ ਮਾਨਸਿਕਤਾ ਵਿੱਚ ਬੇਨਿਆਈਂ ਰਾਜ ਪ੍ਰਬੰਧ ਦੀ ਪ੍ਰਤੀਕ ਸੀ। ਉਹੋ ਜਿਹੀ ਬੇਨਿਆਈਂ ਹੀ ਹੁਣ 'ਦਿੱਲੀ' ਨੂੰ ਫਿਰ ਅਲੋਕਾਰ ਮੋੜ ਉੱਤੇ ਲੈ ਆਈ ਹੈ।
ਜਿਹੜੀ ਲੋਕ ਮਾਨਸਿਕਤਾ ਕਿਸੇ ਰਾਲੇਗਣ ਵਾਲੇ ਅੰਨਾ ਬਾਬਾ ਵੱਲੋਂ ਇੱਕੋ ਲਲਕਾਰ ਉੱਤੇ ਮੈਦਾਨ ਵਿੱਚ ਆਈ ਫਿਰਦੀ ਸੀ ਤੇ ਬਾਬਾ ਅੰਨਾ ਦੇ ਆਰਾਮ ਫੁਰਮਾਉਣ ਕਾਰਨ 'ਆਵ ਕੀ ਅਉਧ' ਵਾਲੀ ਕਿਸੇ ਅਗਲੀ ਘੜੀ ਤੱਕ ਲਈ ਰੋਟੀ ਦੇ ਜੁਗਾੜ ਵਿੱਚ ਜਾ ਰੁੱਝੀ ਸੀ, ਉਹ ਹੁਣ ਕਨ੍ਹਈਆ ਦੀ ਕੂਕ ਨਾਲ ਫਿਰ ਜਾਗ ਪਈ ਹੈ। ਜੇਲ੍ਹ ਤੋਂ ਮੁੜਨ ਪਿੱਛੋਂ ਕਨ੍ਹਈਆ ਬੋਲਦਾ ਹੈ, ਸਾਰਾ ਦੇਸ਼ ਸੁਣਦਾ ਹੈ। ਬੁੱਧਵਾਰ ਦੇ ਦਿਨ ਰਾਹੁਲ ਗਾਂਧੀ ਨੇ ਭਾਸ਼ਣ ਦਿੱਤਾ। ਵੀਰਵਾਰ ਸਵੇਰ ਤੱਕ ਓਸੇ ਦੀ ਚਰਚਾ ਹੁੰਦੀ ਰਹੀ। ਅਗਲੇ ਦਿਨ ਦੁਪਹਿਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਭਾਸ਼ਣ ਸੀ। ਬਹੁਤ ਜ਼ੋਰਦਾਰ ਭਾਸ਼ਣ ਸੀ ਤੇ ਸਾਰੇ ਮੀਡੀਆ ਚੈਨਲਾਂ ਉੱਤੇ ਛਾ ਗਿਆ ਸੀ, ਪਰ ਰਾਹੁਲ ਨਾਲੋਂ ਵੱਧ ਜ਼ੋਰਦਾਰ ਹੁੰਦਿਆਂ ਵੀ ਸਿਰਫ ਚਾਰ ਘੰਟੇ ਮੀਡੀਏ ਦੀ ਪਹਿਲੀ ਖਬਰ ਬਣ ਸਕਿਆ। ਸ਼ਾਮ ਪੈਣ ਤੱਕ ਉਹ ਦੂਸਰੇ ਨੰਬਰ ਉੱਤੇ ਖਿਸਕ ਗਿਆ ਤੇ ਹਰ ਚੈਨਲ ਲਈ ਪਹਿਲੀ ਖਬਰ ਕਨ੍ਹਈਆ ਦੀ ਰਿਹਾਈ, ਕਨ੍ਹਈਆ ਦੀ ਯੂਨੀਵਰਸਿਟੀ ਤੱਕ ਪਹੁੰਚ ਤੇ ਕਨ੍ਹਈਆ ਦਾ ਵਿਦਿਆਰਥੀਆਂ ਦੀ ਸਵਾਗਤੀ ਰੈਲੀ ਵਿੱਚ ਦਿੱਤਾ ਗਿਆ ਭਾਸ਼ਣ ਬਣ ਚੁੱਕਾ ਸੀ। ਜਿਹੜਾ ਪ੍ਰਧਾਨ ਮੰਤਰੀ ਕਹਿੰਦਾ ਹੈ ਕਿ ਉਸ ਦਾ ਦੁਨੀਆ ਵਿੱਚ ਡੰਕਾ ਵੱਜਦਾ ਹੈ, ਸਿਰਫ ਉਨੱਤੀ ਸਾਲਾਂ ਦੇ ਮੁੰਡੇ ਦੀ ਮਹਿਮਾ ਸਾਹਮਣੇ ਉਸ ਦੇ ਚਾਰ ਘੰਟੇ ਪਹਿਲਾਂ ਪਾਰਲੀਮੈਂਟ ਵਿੱਚ ਦਿੱਤੇ ਭਾਸ਼ਣ ਦੀ ਭਾਫ ਉੱਡਦੀ ਸਾਫ ਦਿਖਾਈ ਦੇਂਦੀ ਸੀ। ਮੀਡੀਆ ਆਪਣੇ ਆਪ ਹੀ ਮੋਦੀ ਨਾਲੋਂ ਇਸ ਮੁੰਡੇ ਨੂੰ ਪਹਿਲ ਨਹੀਂ ਸੀ ਦੇ ਰਿਹਾ, ਇਹ ਹਾਲਾਤ ਦੀ ਹਕੀਕਤ ਦਾ ਹਲੂਣਾ ਸੀ।
ਹਾਲੇ ਦੋ ਸਾਲ ਪੂਰੇ ਨਹੀਂ ਹੋਏ, ਜਦੋਂ ਮੋਦੀ ਬੋਲਦਾ ਸੀ, ਮੁਲਕ ਖੜੋ ਕੇ ਸੁਣਦਾ ਸੀ। ਹੁਣ ਕਨ੍ਹਈਆ ਬੋਲਦਾ ਹੈ, ਲੋਕ ਉਸ ਨੂੰ ਸੁਣਦੇ ਹਨ। ਓਦੋਂ ਮੋਦੀ ਇਹ ਕਹਿ ਕੇ ਮੌਕੇ ਦੀ ਬਦਨਾਮ ਸਰਕਾਰ ਵਿਰੁੱਧ ਆਮ ਲੋਕਾਂ ਦੀ ਨਬਜ਼ ਉੱਤੇ ਹੱਥ ਰੱਖਦਾ ਸੀ ਕਿ 'ਅੱਛੇ ਦਿਨ ਆਨੇ ਵਾਲੇ ਹੈਂ'। ਹੁਣ ਕਨ੍ਹਈਆ ਇਹ ਦੱਸਦਾ ਹੈ ਕਿ 'ਟੇਸ਼ਨ' ਕੋਲ ਜਾਦੂਗਰ ਜਦੋਂ ਭੀੜ ਅੱਗੇ ਜਾਦੂ ਪੇਸ਼ ਕਰਦਾ ਹੈ ਤਾਂ ਵਿਖਾਉਂਦਾ ਜਾਦੂ ਹੈ, ਪਰ ਅਸਲ ਵਿੱਚ ਜਾਦੂ ਵਿਖਾਉਣ ਦੇ ਬਹਾਨੇ ਇਹੋ ਜਿਹੀ ਅੰਗੂਠੀ ਵੇਚਦਾ ਹੈ, ਜਿਸ ਬਾਰੇ ਦਾਅਵਾ ਕਰਦਾ ਹੈ ਕਿ ਇਹ ਲੋਕਾਂ ਦੀ ਗਰੀਬੀ ਤੇ ਹਰ ਰੋਗ ਦਾ ਇਲਾਜ ਸਿੱਧ ਹੋਵੇਗੀ। ਕਨ੍ਹਈਆ ਕਹਿੰਦਾ ਹੈ ਕਿ ਜਿਨ੍ਹਾਂ ਨੇ ਜਾਦੂ ਵਿਖਾਉਣ ਬਹਾਨੇ ਜਾਦੂ ਦੀ ਅੰਗੂਠੀ ਵੇਚਣ ਦਾ ਧੋਖਾ ਕੀਤਾ ਸੀ, ਉਸ ਅੰਗੂਠੀ ਦੇ ਬੇਅਸਰ ਹੋਣ ਬਾਰੇ ਲੋਕਾਂ ਵੱਲੋਂ ਕਿੰਤੂ ਕਰਨ ਤੋਂ ਪਹਿਲਾਂ ਅਗਲਾ ਪਾਪ ਕਰਨ ਵੱਲ ਤੁਰ ਪਏ ਹਨ। ਇਹ ਅਗਲਾ ਪਾਪ ਨਰਿੰਦਰ ਮੋਦੀ ਨਾਂਅ ਦਾ ਕੋਈ ਬੰਦਾ ਨਹੀਂ ਕਰ ਰਿਹਾ, ਉਸ ਨੂੰ ਅੱਗੇ ਲਾ ਕੇ ਉਹ ਹੀ 'ਦਿੱਲੀ' ਕਰਨ ਲੱਗੀ ਹੋਈ ਹੈ, ਜਿਹੜੀ ਸਦੀਆਂ ਤੋਂ ਏਦਾਂ ਕਰਦੀ ਰਹੀ ਹੈ। ਉਸ 'ਦਿੱਲੀ' ਦੀ ਸਭ ਤੋਂ ਵੱਡੀ ਗਲਤੀ ਇਹ ਹੈ ਕਿ ਇਤਿਹਾਸ ਯਾਦ ਨਹੀਂ ਰੱਖਦੀ, ਉਹ ਇਤਿਹਾਸ, ਜਿਹੜਾ ਦੱਸਦਾ ਹੈ ਕਿ ਜੇ 'ਦਿੱਲੀ' ਕਦੀ ਦਿਆਲਿਆਂ ਨੂੰ ਦੇਗ ਵਿੱਚ ਉਬਾਲਣ ਤੇ ਦੁੱਲਿਆਂ ਨੂੰ ਮਾਰ ਕੇ ਦਫਨਾਉਣ ਤੋਂ ਨਹੀਂ ਹਟਦੀ ਤਾਂ ਦੁੱਲੇ ਜੰਮਣੇ ਵੀ ਬੰਦ ਨਹੀਂ ਕਰਵਾ ਸਕੀ। ਲੱਗਦਾ ਹੈ ਕਿ ਇੱਕ ਹੋਰ ਦੁੱਲਾ ਸਿਰ ਚੁੱਕ ਰਿਹਾ ਹੈ। ਇਹ ਦੁੱਲਾ ਇਤਿਹਾਸ ਦੇ ਹੋਰ ਦੁੱਲਿਆਂ ਤੋਂ ਇਸ ਗੱਲੋਂ ਵੱਖਰਾ ਹੈ ਕਿ ਇਹ ਤੇਗ ਦਾ ਧਨੀ ਨਹੀਂ, ਸਿਰ ਨਾਲ ਸੋਚਣ ਵਾਲਾ ਦੁੱਲਾ ਹੈ ਤੇ 'ਦਿੱਲੀ' ਦੇ ਦੁਖਾਏ ਹੋਏ ਲੋਕਾਂ ਦੇ ਦਿਲ ਨੂੰ ਧੂੰਹਦਾ ਹੈ। ਇਸ ਦੁੱਲੇ ਦੀ ਚੁਣੌਤੀ ਦਿੱਲੀ ਦੇ ਸ਼ਹਿਰ ਨੂੰ ਨਹੀਂ, ਇਹ ਚੁਣੌਤੀ ਇਸ ਦੇਸ਼ ਨੂੰ ਵੀ ਨਹੀਂ, ਸਗੋਂ ਚੁਣੌਤੀ ਦਿੱਲੀ ਦੀ ਉਸ ਦਿੱਖ ਨੂੰ ਹੈ, ਜਿਹੜੀ ਸੱਤਾ ਦੇ ਘੁਮੰਡ ਵਿੱਚ ਭਾਰਤ ਦੇਸ ਦੀਆਂ ਸਰਕਾਰਾਂ ਨੇ ਸਦੀਆਂ ਤੋਂ ਬਣਾਈ ਪਈ ਹੈ। ਭਾਰਤ ਹੁਣ ਇਤਿਹਾਸ ਦਾ ਕੋਈ ਅਹਿਮ ਪੰਨਾ ਪਲਟਣ ਵੱਲ ਵਧਦਾ ਵੀ ਸਾਬਤ ਹੋ ਸਕਦਾ ਹੈ।

06 March 2016

ਦੇਸ਼ ਵਿੱਚ ਪੈ ਰਹੇ ਧਮੱਚੜ ਦੇ ਹੁੰਦਿਆਂ ਖੱਬੇ ਪੱਖੀਆਂ ਲਈ ਨਵੇਂ ਸਿਰਿਓਂ ਸੋਚਣ ਦਾ ਮੌਕਾ - ਜਤਿੰਦਰ ਪਨੂੰ

ਤੁਸੀਂ ਕਿਸੇ ਦਾ ਵੀ ਨੁਕਸ ਕੱਢਣ ਲਈ ਆਜ਼ਾਦ ਹੁੰਦੇ ਹੋ, ਪਰ ਜਿਨ੍ਹਾਂ ਨਾਲ ਕੋਈ ਚਿਰਾਂ ਤੱਕ ਦੀ ਸਾਂਝ ਹੋਵੇ, ਉਨ੍ਹਾਂ ਬਾਰੇ ਮਾਮੂਲੀ ਜਿਹੀ ਗੱਲ ਵੀ ਸੌ ਵਾਰੀ ਸੋਚ ਕੇ ਕਰਨੀ ਪੈਂਦੀ ਹੈ। ਇਹ ਧਰਮ ਸੰਕਟ ਮੇਰੇ ਪੱਲੇ ਵੀ ਹੈ। ਸਿਹਤ ਵਿਗੜ ਜਾਣ ਤੋਂ ਪਹਿਲਾਂ ਜਦੋਂ 'ਛੀਉੜੰਬਾ' ਦਾ ਕਾਲਮ ਲਿਖਦਾ ਹੁੰਦਾ ਸਾਂ ਤਾਂ ਕਦੇ-ਕਦੇ ਕਮਿਊਨਿਸਟਾਂ ਬਾਰੇ 'ਮਿੱਠੀ ਮਸ਼ਕਰੀ' ਭਾਵੇਂ ਕਰ ਜਾਂਦਾ ਹੁੰਦਾ ਸਾਂ, ਉਂਜ ਮੈਂ ਕਮਿਊਨਿਸਟਾਂ ਦੇ ਖਿਲਾਫ ਕਦੇ ਇਸ ਵਾਸਤੇ ਨਹੀਂ ਸੀ ਲਿਖਿਆ ਕਿ ਇਨ੍ਹਾਂ ਦਾ ਰਾਹ ਕਿਸੇ ਵਕਤ ਥਿੜਕਣ ਵਾਲਾ ਹੋ ਸਕਦਾ ਹੈ, ਲੀਡਰਾਂ ਦੇ ਨੁਕਸ ਕੱਢੇ ਜਾ ਸਕਦੇ ਹਨ, ਪਰ ਜਿਸ ਸੋਚ ਲਈ ਪ੍ਰਣਾਏ ਹਨ, ਉਸ ਦਾ ਬੁਨਿਆਦੀ ਸਿਧਾਂਤ ਮਨੁੱਖਵਾਦੀ ਹੈ ਤੇ ਉਸ ਵਿੱਚ ਨੁਕਸ ਨਹੀਂ। ਥਿੜਕਣ ਦੇ ਬਾਵਜੂਦ ਉਹ ਇੱਕੋ-ਇੱਕ ਰਾਹ ਏਦਾਂ ਦਾ ਜਾਪਦਾ ਸੀ, ਤੇ ਹੁਣ ਵੀ ਜਾਪਦਾ ਹੈ, ਜਿਹੜਾ ਲੁੱਟ ਤੋਂ ਰਹਿਤ ਸਰਬ ਸਾਂਝਾ ਸਮਾਜ ਸਿਰਜਣ ਦਾ ਸੰਕਲਪ ਲੈ ਕੇ ਚੱਲਦਾ ਹੈ। ਅਧਿਆਤਮਵਾਦੀ ਵਿਚਾਰਕਾਂ ਅਤੇ ਗੁਰੂ ਸਾਹਿਬਾਨ ਨੇ ਵੀ 'ਸਭੇ ਸਾਝੀਵਾਲ ਸਦਾਇਨਿ' ਦੇ ਸੰਦੇਸ਼ ਵਿੱਚ ਏਸੇ ਸਰਬ ਸਾਂਝੇ ਸਮਾਜ ਦਾ ਸੰਕਲਪ ਪੇਸ਼ ਕੀਤਾ ਸੀ। ਖੱਬੇ ਪੱਖੀ ਰਾਜਨੀਤੀ ਧਰਮ ਤੋਂ ਫਾਸਲਾ ਪਾ ਕੇ ਚੱਲਦੀ ਹੈ, ਪਰ ਸੁਫਨਾ ਸਾਂਝੀਵਾਲਤਾ ਹੀ ਹੈ। ਇਸ ਲਈ ਮੂਲ ਰੂਪ ਵਿੱਚ ਮਨੁੱਖਵਾਦੀ ਹਨ।
ਇਸ ਵਾਰੀ ਲਿਖਣ ਲਈ ਜਦੋਂ ਕਲਮ ਚੁੱਕੀ ਤਾਂ ਬਹੁਤ ਵਾਰੀ ਇਹ ਸੋਚਿਆ ਕਿ ਖੱਬੇ ਪੱਖੀਆਂ ਨੂੰ ਲਿਖਤ ਦੀ ਭਾਵਨਾ ਸਮਝ ਆਉਣੀ ਚਾਹੀਦੀ ਹੈ, ਆਪਣੇ ਪਿਛੋਕੜ ਉੱਤੇ ਝਾਤ ਮਾਰਨ ਦਾ ਚੇਤਾ ਆਉਣਾ ਚਾਹੀਦਾ ਹੈ, ਤੇ ਉਨ੍ਹਾਂ ਨੂੰ ਇਹ ਨਹੀਂ ਸੋਚਣਾ ਚਾਹੀਦਾ ਕਿ ਉਨ੍ਹਾਂ ਨੂੰ ਚਿੜਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਸਾਨੂੰ ਇਹ ਲਿਖਤ ਇਸ ਵਕਤ ਦਿੱਲੀ ਵਿੱਚ ਪੈ ਰਹੇ ਉਸ ਧਮੱਚੜ ਦੇ ਕਾਰਨ ਲਿਖਣੀ ਪੈ ਰਹੀ ਹੈ, ਜਿਸ ਦਾ ਨਿਸ਼ਾਨਾ ਖੱਬੇ ਪੱਖੀਏ ਹਨ।
ਭਾਰਤ ਦੀ ਪਾਰਲੀਮੈਂਟ ਵਿੱਚ ਹਾਕਮ ਧਿਰ ਇਹ ਕਹਿਣ ਲੱਗ ਗਈ ਹੈ ਕਿ ਖੱਬੇ ਪੱਖ ਇਸ ਦੇਸ਼ ਦੀ ਤਰੱਕੀ ਦਾ ਰਾਹ ਰੋਕਣ ਵਾਲੇ 'ਪ੍ਰੇਤ' ਹਨ। ਇਹ ਦਿਨ ਵੀ ਆਉਣੇ ਸਨ! ਜਿਸ ਦੇਸ਼ ਲਈ ਕਿਸੇ ਵੀ ਹੋਰ ਤੋਂ ਅੱਗੇ ਖੜੇ ਹੋ ਕੇ ਖੱਬੇ ਪੱਖੀਆਂ ਨੇ ਕੁਰਬਾਨੀਆਂ ਦਿੱਤੀਆਂ ਸਨ, ਉਸ ਦੇਸ਼ ਵਿੱਚ ਇਹ ਦਿਨ ਆਉਣੇ ਸਨ ਕਿ ਖੱਬੇ ਪੱਖੀਆਂ ਲਈ ਪ੍ਰੇਤ ਸ਼ਬਦ ਵਰਤਿਆ ਜਾਵੇ। ਕਹਿਣ ਵਾਲੇ ਆਗੂ 'ਸਾਮ, ਦਾਮ, ਦੰਡ, ਭੇਦ' ਹਰ ਗੱਲ ਦਾ ਸਹਾਰਾ ਲੈਂਦੇ ਹਨ। ਫਿਰਕੂ ਸੋਚ ਅਧੀਨ ਘੜੀਆਂ ਗਈਆਂ ਘਾੜਤਾਂ ਏਨੀਆਂ ਜ਼ੋਰਦਾਰ ਬਣਾ ਕੇ ਪੇਸ਼ ਕੀਤੀਆਂ ਜਾ ਰਹੀਆਂ ਹਨ ਕਿ ਸਾਡੇ ਵਰਗੇ ਲੋਕਾਂ ਨੂੰ ਵੀ ਵਕਤੀ ਤੌਰ ਉੱਤੇ ਉਹ ਸੱਚ ਜਾਪਣ ਲੱਗਦੀਆਂ ਹਨ। ਕਨ੍ਹਈਆ ਕੁਮਾਰ ਹੋਵੇ ਜਾਂ ਉਮਰ ਖਾਲਿਦ, ਜਾਂ ਫਿਰ ਰੋਹਿਤ ਵੇਮੁਲਾ, ਇਨ੍ਹਾਂ ਸਭਨਾਂ ਨੂੰ ਇਸ ਤਰ੍ਹਾਂ ਦੇਸ਼ ਧਰੋਹੀ ਬਣਾ ਕੇ ਪੇਸ਼ ਕੀਤਾ ਜਾਣ ਲੱਗਾ ਹੈ ਕਿ ਬਚਪਨ ਵਿੱਚ ਸੁਣੀ ਮੇਮਣਾ ਲਈ ਜਾਂਦੇ ਬੱਚੇ ਵਾਲੀ ਕਹਾਣੀ ਯਾਦ ਆਉਂਦੀ ਹੈ, ਜਿਸ ਨੂੰ ਚਾਰ ਜਣਿਆਂ ਨੇ ਵਾਰੀ-ਵਾਰੀ ਇਹੋ ਕਿਹਾ ਕਿ ਉਸ ਕੋਲ ਮੇਮਣਾ ਨਹੀਂ, ਕੁੱਤਾ ਹੈ, ਤੇ ਉਹ ਮੇਮਣੇ ਨੂੰ ਕੁੱਤਾ ਸਮਝ ਕੇ ਸੁੱਟ ਗਿਆ ਸੀ। ਅਸੀਂ ਕਈ ਵਾਰੀ ਇਸ ਤਰ੍ਹਾਂ ਦੀ ਚੁਸਤ ਚਾਲ ਤੋਂ ਭੁਲੇਖਾ ਖਾਧਾ ਹੈ, ਸ਼ਾਇਦ ਅੱਗੋਂ ਵੀ ਖਾ ਸਕਦੇ ਹਾਂ, ਕਿਉਂਕਿ ਜਿਹੜੇ ਰਾਹ-ਦਿਖਾਵੇ ਬਣ ਸਕਦੇ ਹਨ, ਉਹ ਦਬਾਅ ਹੇਠ ਵੀ ਹਨ ਤੇ ਆਪੋ ਵਿੱਚ ਵੰਡੇ ਹੋਏ ਹੋਣ ਕਾਰਨ ਗੋਇਬਲਜ਼ ਨਾਲੋਂ ਵੱਧ ਬੋਲੇ ਜਾਂਦੇ ਝੂਠ ਦਾ ਇੱਕ-ਸੁਰ ਹੋ ਕੇ ਮੁਕਾਬਲਾ ਕਰਨ ਦੀ ਸਮਰੱਥਾ ਵੀ ਅਜੇ ਤੱਕ ਪੈਦਾ ਨਹੀਂ ਕਰ ਸਕੇ।
ਕਦੇ ਖੱਬੇ ਪੱਖੀ ਇਸ ਦੇਸ਼ ਵਿੱਚ ਇੱਕ ਵੱਡੀ ਸਿਆਸੀ ਤਾਕਤ ਹੁੰਦੇ ਸਨ। ਫਿਰ ਇਹ ਪੱਛੜ ਗਏ। ਆਖਰ ਨੂੰ ਇਹ ਦਿਨ ਆ ਗਏ, ਜਦੋਂ ਪਾਰਲੀਮੈਂਟ ਵਿੱਚ ਹਾਕਮ ਧਿਰ ਉਨ੍ਹਾਂ ਨੂੰ ਪ੍ਰੇਤ ਕਹਿਣ ਤੱਕ ਪਹੁੰਚ ਗਈ, ਪਰ ਇਹੋ ਜਿਹੇ ਦਿਨ ਆਉਣ ਵਿੱਚ ਕਿਸੇ ਵੀ ਹੋਰ ਤੋਂ ਵੱਧ ਯੋਗਦਾਨ ਖੱਬੇ ਪੱਖੀਆਂ ਦਾ ਆਪਣਾ ਹੈ। ਮਾਮੂਲੀ ਗੱਲਾਂ ਤੋਂ ਫੁੱਟ ਪੈ ਗਈ ਤਾਂ ਖੱਬੇ-ਪੱਖੀਏ ਆਪੋ ਵਿੱਚ ਇੱਕ ਦੂਜੇ ਨੂੰ 'ਖੱਬੂ' ਅਤੇ 'ਸੱਜੂ' ਕਹਿ ਕੇ ਪੁਕਾਰਨ ਲੱਗ ਪਏ। ਇੱਕ ਵਾਰ ਇਹ ਖੇਡ ਸ਼ੁਰੂ ਹੋਈ ਤਾਂ 'ਸੋਧਵਾਦੀਏ' ਅਤੇ 'ਨਵ-ਸੋਧਵਾਦੀਏ' ਸਮੇਤ ਬਹੁਤ ਸਾਰੇ ਸ਼ਬਦ ਇਨ੍ਹਾਂ ਖੱਬੇ ਪੱਖੀਆਂ ਨੇ ਪੰਜਾਬੀ ਭਾਸ਼ਾ ਨੂੰ 'ਅਮੀਰ' ਕਰਨ ਲਈ ਦੇ ਦਿੱਤੇ। ਸਾਂਝੇ ਦੁਸ਼ਮਣ ਸਰਮਾਏਦਾਰ ਨਾਲ ਲੜਨ ਦੀ ਥਾਂ ਆਪੋ ਵਿੱਚ ਇਸ ਤਰ੍ਹਾਂ ਦਾ ਆਢਾ ਲਾ ਲਿਆ ਕਿ ਕਈ ਸਾਲਾਂ ਤੱਕ ਇੱਕ ਦੂਸਰੇ ਦੇ ਨਾਂਅ ਨਾਲ 'ਕਾਮਰੇਡ' ਲਿਖਣ ਦੀ ਥਾਂ ਉਚੇਚ ਨਾਲ 'ਸ੍ਰੀ' ਲਿਖਿਆ ਜਾਂਦਾ ਰਿਹਾ ਸੀ। ਹੁਣ 'ਭੱਜੀਆਂ ਬਾਹੀਂ' ਗਲ਼ ਨੂੰ ਆ ਰਹੀਆਂ ਹਨ। ਅਸੀਂ ਸ਼ੁਕਰ ਕਰ ਸਕਦੇ ਹਾਂ ਕਿ ਖੱਬੇ ਪੱਖੀਆਂ ਦੀਆਂ 'ਭੱਜੀਆਂ ਬਾਹੀਂ' ਗਲ਼ ਨੂੰ ਆਉਣ ਲੱਗੀਆਂ ਹਨ, ਪਰ ਇਹ ਬਾਂਹਾਂ ਏਨੀ ਬੁਰੀ ਤਰ੍ਹਾਂ ਭੰਨਣ ਅਤੇ ਭੰਨਵਾਉਣ ਦੀ ਕੀ ਲੋੜ ਸੀ? ਮੁੜ ਕੇ ਮਿਲਣ ਵਿੱਚ ਵੀ ਬਹੁਤ ਦੇਰ ਕਰ ਦਿੱਤੀ ਗਈ ਹੈ।
ਇੱਕ ਗੱਲ ਮਸ਼ਹੂਰ ਹੈ ਕਿ ਪਿੱਛਲ ਝਾਤ ਮਾਰਨ ਵਿੱਚ ਕਿਸੇ ਵੀ ਹੋਰ ਨਾਲੋਂ ਕਮਿਊਨਿਸਟ ਵੱਧ ਸਿਆਣੇ ਹੁੰਦੇ ਹਨ, ਪਰ ਇਸ ਕੰਮ ਵਿੱਚ ਵੀ ਆਪਣੀ ਗਲਤੀ ਨਹੀਂ ਮੰਨਣੀ ਹੁੰਦੀ, ਦੂਸਰੇ ਦੀ ਕੱਢੀ ਜਾਂਦੀ ਹੈ। ਜਦੋਂ ਇਮਾਨਦਾਰੀ ਨਾਲ ਇਹ ਵੇਖਣਾ ਹੋਵੇ ਕਿ ਅੱਜ ਵਾਲੇ ਹਾਲਾਤ ਨੂੰ ਕਮਿਊਨਿਸਟ ਕਿਉਂ ਪਹੁੰਚ ਗਏ ਤਾਂ ਫਿਰ ਪਿਛਲੇ ਜਲੌਅ ਵਾਲੇ ਦਿਨਾਂ ਦਾ ਲੇਖਾ-ਜੋਖਾ ਕਰਨ ਲਈ ਅੰਤਰਮੁਖੀ ਹੋਣ ਦੀ ਥਾਂ ਅੰਕੜਿਆਂ ਦੀ ਮਦਦ ਲੈਣੀ ਚਾਹੀਦੀ ਹੈ।
ਸਾਡੇ ਕੋਲ ਜਿਹੜੇ ਅੰਕੜੇ ਹਨ, ਅਤੇ ਜਿਹੜੇ ਝੁਠਲਾਏ ਨਹੀਂ ਜਾ ਸਕਦੇ, ਉਹ ਇਹ ਕਹਿੰਦੇ ਹਨ ਕਿ ਆਪਸ ਵਿੱਚ ਪਾਟ ਜਾਣ ਪਿੱਛੋਂ ਖੱਬੇ ਪੱਖੀਆਂ ਦਾ ਸਾਰਾ ਜ਼ੋਰ ਆਪੋ ਵਿੱਚ ਇੱਕ-ਦੂਸਰੇ ਦਾ ਰਾਹ ਰੋਕਣ ਉੱਤੇ ਲੱਗਣਾ ਸ਼ੁਰੂ ਹੋ ਗਿਆ ਸੀ। ਇਸ ਦੀਆਂ ਬਹੁਤ ਸਾਰੀਆਂ ਮਿਸਾਲਾਂ ਮੌਜੂਦ ਹਨ, ਜਿਨ੍ਹਾਂ ਵਿੱਚੋਂ ਕੁਝ ਇੱਕ ਦੀ ਚਰਚਾ ਕਰਨ ਲਈ ਇਹ ਛੋਟਾ ਜਿਹਾ ਬੰਦਾ ਆਗਿਆ ਚਾਹੇਗਾ। ਆਜ਼ਾਦੀ ਮਿਲਣ ਮਗਰੋਂ ਨਿਜ਼ਾਮ ਹੈਦਰਾਬਾਦ ਦੇ ਖਿਲਾਫ ਸਭ ਤੋਂ ਸਖਤ ਅਤੇ ਕੁਰਬਾਨੀਆਂ ਭਰੀ ਲੜਾਈ ਕਮਿਊਨਿਸਟਾਂ ਨੇ ਲੜੀ ਅਤੇ ਤੇਲੰਗਾਨਾ ਦੇ ਸੰਘਰਸ਼ ਪਿੱਛੋਂ ਆਂਧਰਾ ਪ੍ਰਦੇਸ਼ ਵਿੱਚ ਬਹੁਤ ਤਕੜੀ ਰਾਜਸੀ ਤਾਕਤ ਬਣ ਕੇ ਉੱਭਰੇ ਸਨ। ਜਦੋਂ ਪਾਟਕ ਪੈ ਗਿਆ ਤਾਂ ਦੋਵਾਂ ਦਾ ਆਪਸੀ ਆਢਾ ਦੁਸ਼ਮਣੀ ਦੀ ਹੱਦ ਤੱਕ ਪਹੁੰਚ ਗਿਆ। ਸਾਲ 1962 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਓਥੇ ਸਾਂਝੀ ਪਾਰਟੀ ਦੀਆਂ ਇਕਵੰਜਾ ਸੀਟਾਂ ਅਤੇ 19.53 ਫੀਸਦੀ ਵੋਟਾਂ ਸਨ। ਪੰਜ ਸਾਲ ਬਾਅਦ ਦੋ ਥਾਂਈਂ ਪਾਟ ਗਏ ਹੋਣ ਕਰ ਕੇ ਇੱਕ ਧਿਰ ਦੀਆਂ ਮਸਾਂ ਗਿਆਰਾਂ ਸੀਟਾਂ ਤੇ 7.78 ਫੀਸਦੀ ਵੋਟਾਂ ਸਨ ਤੇ ਦੂਸਰੀ ਦੀਆਂ ਨੌਂ ਸੀਟਾਂ ਅਤੇ 7.61 ਫੀਸਦੀ ਵੋਟਾਂ ਰਹਿ ਗਈਆਂ ਸਨ। ਸੀਟਾਂ ਦੀ ਗੱਲ ਛੱਡ ਕੇ ਸਿਰਫ ਵੋਟਾਂ ਵੇਖੀਏ ਤਾਂ ਦੋਵਾਂ ਦੀਆਂ 19.53 ਫੀਸਦੀ ਤੋਂ 15.39 ਹੋ ਗਈਆਂ, ਪਰ ਇੱਕ ਪਾਰਟੀ ਇਸ ਗੱਲ ਦੀ ਹਿੱਕ ਥਾਪੜਦੀ ਰਹੀ ਕਿ ਸਾਡੀਆਂ 0.17 ਫੀਸਦੀ ਵੋਟਾਂ 'ਵੱਧ' ਹਨ ਤੇ ਅਸੀਂ ਵੱਡੇ ਹਾਂ, ਪਰ ਦੂਸਰੀ ਇਹ ਕਹਿੰਦੀ ਰਹੀ ਕਿ 'ਸਿਰਫ' 0.17 ਫੀਸਦੀ ਹੀ ਵੱਧ ਹਨ, ਸਾਥੋਂ ਬਹੁਤੇ ਅੱਗੇ ਨਹੀਂ ਜਾ ਸਕੇ। ਇਸ ਤੋਂ ਵੀ ਭੈੜੀ ਗੱਲ ਅਗਲੀ ਹੈ ਤੇ ਉਹ ਇਹ ਕਿ ਪੰਜ ਸਾਲ ਪਹਿਲਾਂ ਇਕਵੰਜਾ ਸੀਟਾਂ ਜਿੱਤਣ ਵਾਲੇ ਖੱਬੇ ਪੱਖੀਆਂ ਨੇ ਬਵੰਜਾ ਸੀਟਾਂ ਉੱਤੇ ਇੱਕ ਦੂਜੇ ਵਿਰੁੱਧ ਉਮੀਦਵਾਰ ਖੜੇ ਕਰ ਕੇ ਸਾਰੀ ਤਾਕਤ ਝੋਕ ਰੱਖੀ ਸੀ। ਓਦੋਂ ਆਪੋ ਵਿੱਚ ਭੇੜ ਭਿੜਨ ਵਾਲੇ ਖੱਬੇ ਪੱਖੀਏ ਉਸ ਤੋਂ ਬਾਅਦ ਕਮਜ਼ੋਰ ਪੈਂਦੇ ਗਏ ਤੇ ਅੱਜ ਇਹ ਹਾਲਤ ਹੈ ਕਿ ਉਸ ਰਾਜ ਅੰਦਰ ਆਪਣੇ ਸਿਰ ਕੋਈ ਸੀਟ ਜਿੱਤ ਸਕਣ ਦੀ ਸਮਰੱਥਾ ਦਾ ਦਾਅਵਾ ਕਰਨ ਲਈ ਦੋਵਾਂ ਨੂੰ ਸੌ ਵਾਰੀ ਸੋਚਣਾ ਪੈ ਜਾਂਦਾ ਹੈ।
ਦੂਸਰੀ ਮਿਸਾਲ ਉਸ ਕੇਰਲਾ ਦੀ ਹੈ, ਜਿੱਥੇ ਭਾਰਤ ਵਿੱਚ ਪਹਿਲੀ ਵਾਰੀ ਰਾਜ ਸਰਕਾਰ ਕਮਿਊਨਿਸਟਾਂ ਕੋਲ ਆਈ ਸੀ। ਓਥੇ 1960 ਵਿੱਚ ਚੋਣਾਂ ਹੋਈਆਂ ਤਾਂ ਸਾਂਝੀ ਲਹਿਰ ਦੀਆਂ 39.14 ਫੀਸਦੀ ਵੋਟਾਂ ਸਨ, ਪਰ ਜਦੋਂ ਪੰਜ ਸਾਲ ਬਾਅਦ ਦੁਫਾੜ ਹੋਣ ਪਿੱਛੋਂ ਚੋਣ ਲੜੀ, ਇੱਕ ਧਿਰ ਦੀਆਂ ਮਸਾਂ 19.87 ਫੀਸਦੀ ਤੇ ਦੂਸਰੀ ਧਿਰ ਦੀਆਂ 8.30 ਫੀਸਦੀ ਰਹਿ ਜਾਣ ਕਾਰਨ ਕੁੱਲ 28.17 ਫੀਸਦੀ ਹੋ ਗਈਆਂ ਸਨ। ਕਮਾਲ ਦੀ ਗੱਲ ਇਹ ਕਿ ਏਥੇ ਵੀ ਦੋਵਾਂ ਧਿਰਾਂ ਨੇ ਵਿਧਾਨ ਸਭਾ ਦੀਆਂ 133 ਵਿੱਚੋਂ 45 ਸੀਟਾਂ ਉੱਤੇ ਇੱਕ-ਦੂਜੇ ਵਿਰੁੱਧ ਉਮੀਦਵਾਰ ਖੜੇ ਕਰ ਦਿੱਤੇ ਸਨ। ਇਸ ਦਾ ਚੰਗਾ ਸਿੱਟਾ ਕਦੇ ਹੋਣਾ ਵੀ ਨਹੀਂ ਸੀ ਤੇ ਹੋਇਆ ਵੀ ਨਹੀਂ ਸੀ। ਇਹ ਖੱਜਲ-ਖੁਆਰੀ ਦੀ ਸ਼ੁਰੂਆਤ ਸੀ। ਏਸੇ ਤਰ੍ਹਾਂ ਬਿਹਾਰ ਵਿੱਚ ਪਾਟਕ ਦੇ ਬਾਅਦ ਹੋਈਆਂ ਅਸੈਂਬਲੀ ਚੋਣਾਂ ਵਿੱਚ ਤੇਰਾਂ ਸੀਟਾਂ ਉੱਤੇ ਆਪਸੀ ਮੁਕਾਬਲਾ ਹੋ ਜਾਣ ਨਾਲ ਬਿਕਰਮਗੰਜ ਵਿੱਚ ਕਾਂਗਰਸੀ ਉਮੀਦਵਾਰ 11870 ਵੋਟਾਂ ਲੈ ਕੇ ਜਿੱਤ ਗਿਆ ਸੀ, ਜਦ ਕਿ ਇੱਕ ਖੱਬੇ ਪੱਖੀ ਧਿਰ ਦੇ ਉਮੀਦਵਾਰ ਦੀਆਂ 11415 ਵੋਟਾਂ ਸਨ ਅਤੇ ਉਹ ਸਿਰਫ 455 ਵੋਟਾਂ ਨਾਲ ਇਸ ਕਰ ਕੇ ਹਾਰ ਗਿਆ ਸੀ ਕਿ ਦੂਸਰੇ ਖੱਬੇ ਪੱਖੀ ਉਮੀਦਵਾਰ ਨੇ ਉਸ ਹਲਕੇ ਵਿੱਚੋਂ 3913 ਵੋਟਾਂ ਖਿੱਚ ਕੇ ਖਰਾਬ ਕਰ ਦਿੱਤੀਆਂ ਸਨ।
ਸਾਡੇ ਪੰਜਾਬ ਵਿੱਚ ਵੀ ਕਈ ਵਾਰੀ ਇਹੋ ਕੁਝ ਹੋਇਆ। ਪਾਰਟੀ ਦਾ ਪਾਟਕ ਪੈਣ ਪਿੱਛੋਂ ਅਟਾਰੀ, ਨੰਗਲ ਤੇ ਭਦੌੜ ਦੇ ਤਿੰਨ ਚੋਣ ਹਲਕਿਆਂ ਵਿੱਚ ਇੱਕ-ਦੂਸਰੇ ਵਿਰੁੱਧ ਉਮੀਦਵਾਰ ਖੜੇ ਕਰ ਦਿੱਤੇ ਸਨ ਤੇ ਅਟਾਰੀ ਵਾਲੀ ਸੀਟ ਤੋਂ 15,844 ਵੋਟਾਂ ਵਾਲਾ ਕਾਂਗਰਸੀ ਉਮੀਦਵਾਰ ਸਿਰਫ ਇਨ੍ਹਾਂ ਦੇ ਪਾਟਕ ਨੇ ਜਿਤਾ ਦਿੱਤਾ ਸੀ। ਇੱਕ ਖੱਬੀ ਪਾਰਟੀ ਦੇ ਉਮੀਦਵਾਰ ਨੂੰ 11624 ਵੋਟਾਂ ਮਿਲੀਆਂ ਤੇ ਦੂਸਰੀ ਖੱਬੀ ਪਾਰਟੀ ਦਾ ਉਮੀਦਵਾਰ ਓਥੇ 7528 ਵੋਟਾਂ ਲੈ ਗਿਆ ਸੀ। ਇਹ ਵੋਟਾਂ ਓਥੇ ਖੱਬੇ ਪੱਖੀਆਂ ਨੇ ਇੱਕੋ ਥਾਂ ਪਾਈਆਂ ਹੁੰਦੀਆਂ ਤਾਂ ਨਤੀਜਾ ਹੋਰ ਹੋਣਾ ਸੀ। ਹਾਲੇ ਬਹੁਤਾ ਸਮਾਂ ਨਹੀਂ ਹੋਇਆ, ਜਦੋਂ ਨੂਰਮਹਿਲ ਵਿੱਚ ਦੋ ਸਕੇ ਭਰਾਵਾਂ ਨੂੰ ਦੋ ਖੱਬੀਆਂ ਧਿਰਾਂ ਨੇ ਆਪੋ ਵਿੱਚ ਮੁਕਾਬਲੇ ਲਈ ਲਿਆ ਕੇ ਤਮਾਸ਼ਾ ਬਣਾ ਦਿੱਤਾ ਸੀ। ਦੋਵੇਂ ਭਰਾ ਨਾਮਣੇ ਵਾਲੇ ਮਰਹੂਮ ਆਗੂ ਦੇ ਪੁੱਤਰ ਸਨ, ਆਪਣੇ ਪਿਤਾ ਦੀ ਸ਼ਹੀਦੀ ਦਾ ਦੋਵਾਂ ਨੂੰ ਮਾਣ ਸੀ, ਪਰ ਚੋਣ ਵਿੱਚ ਇੱਕ ਦੂਸਰੇ ਦੇ ਮੋਢੇ ਲਾਉਣ ਲਈ ਸਾਰਾ ਜ਼ੋਰ ਲਾਈ ਗਏ ਸਨ।
ਹੁਣ ਇੱਕ ਵਕਤ ਹੈ, ਜਦੋਂ ਖੱਬੀ ਲਹਿਰ ਵਾਲਿਆਂ ਨੂੰ ਮੁੜ ਕੇ ਸੋਚਣਾ ਪਵੇਗਾ। ਸਰੀਰ ਅੰਦਰ ਜਾਨ ਨਾ ਹੋਵੇ ਤਾਂ ਖੋਖਲੇ ਕਲਬੂਤ ਤੋਂ ਇਨਕਲਾਬ ਦੇ ਨਾਅਰੇ ਲਾਉਣ ਵੇਲੇ ਬਾਂਹ ਨੂੰ ਅਕੜੱਲ ਪੈਣ ਦਾ ਡਰ ਹੁੰਦਾ ਹੈ। ਜਿਸਮ ਵਿੱਚ ਜਾਨ ਏਕੇ ਨਾਲ ਆਉਂਦੀ ਹੈ। ਪ੍ਰੋਫੈਸਰ ਮੋਹਣ ਸਿੰਘ ਨੇ ਲਿਖਿਆ ਸੀ; 'ਪਾਟੀ ਕਿਰਤ ਗੁਲਾਮੀ ਕਰਦੀ, ਜੁੜੀ ਜਿੱਤੇ ਬ੍ਰਹਿਮੰਡ ਓ ਯਾਰ'। ਇਹ ਸਿਧਾਂਤ ਸਿਰਫ ਕਿਰਤੀਆਂ ਲਈ ਨਹੀਂ, ਕਿਰਤ ਦੇ ਮੁੜ੍ਹਕੇ ਦਾ ਮੋਹ ਰੱਖਣ ਵਾਲਿਆਂ ਲਈ ਵੀ ਲਾਗੂ ਹੁੰਦਾ ਹੈ। ਅਸੀਂ ਇਹ ਲਿਖਤ ਲਿਖਣ ਦੀ ਗੁਸਤਾਖੀ ਸਿਰ ਨਾਲ ਸੋਚਣ ਵਾਲਿਆਂ ਲਈ ਕੀਤੀ ਹੈ, ਉਨ੍ਹਾਂ ਦੇ ਵਾਸਤੇ ਨਹੀਂ ਕੀਤੀ, ਜਿਹੜੇ ਚੌਥਾ ਪੈੱਗ ਲਾ ਕੇ ਅੱਧੀ ਰਾਤ ਇਨਕਲਾਬ ਦਾ ਨੰਬਰ ਡਾਇਲ ਕਰਨ ਲੱਗਦੇ ਹਨ। ਅਸਾਂ ਸ਼ੁਰੂ ਵਿੱਚ ਕਿਹਾ ਸੀ ਕਿ ਲਿਖਤ ਦੀ ਭਾਵਨਾ ਸਮਝਣੀ ਚਾਹੀਦੀ ਹੈ ਤੇ ਇਹੋ ਗੱਲ ਅੰਤ ਵਿੱਚ ਕਹਿਣਾ ਚਾਹੁੰਦੇ ਹਾਂ ਕਿ ਲਿਖਤ ਦੇ ਲਫਜ਼ਾਂ ਨੂੰ ਨਹੀਂ, ਲਿਖਤ ਦੇ ਵਕਤ ਵਿੱਚੋਂ ਕੂਕਾਂ ਮਾਰਦੀ ਭਾਵਨਾ ਨੂੰ ਸਮਝਣ ਦੀ ਲੋੜ ਹੈ।

28 Feb. 2016