Jatinder Pannu

ਭਾਰਤ ਦੇ ਵਿਚਾਰਧਾਰਕ ਵਹਿਣ ਦਾ ਅਜੋਕਾ ਦੌਰ ਵੀ ਪੱਕਾ ਜਾਂ ਸਥਾਈ ਨਹੀਂ ਕਿਹਾ ਜਾ ਸਕਦਾ -ਜਤਿੰਦਰ ਪਨੂੰ

ਭਾਰਤ ਦੇਸ਼ ਇਸ ਵੇਲੇ ਇੱਕ ਵਿਚਾਰਧਾਰਕ ਲੀਹ ਛੱਡ ਕੇ ਦੂਸਰੀ ਵੱਲ ਜਾਣ ਦੀ ਤਬਦੀਲੀ ਦੇ ਇਹੋ ਜਿਹੇ ਦੌਰ ਵਿੱਚੋਂ ਗੁਜ਼ਰ ਰਿਹਾ ਹੈ, ਜਿਹੜਾ ਸੁਲੱਖਣਾ ਤਾਂ ਹੈ ਨਹੀਂ, ਪਰ ਗਲਤ ਕਹਿਣ ਤੋਂ ਕਈ ਲੋਕਾਂ ਨੂੰ ਆਪਣੇ ਭਵਿੱਖ ਲਈ ਖਤਰੇ ਦਾ ਅਹਿਸਾਸ ਹੋਣ ਲੱਗਦਾ ਹੈ। ਕੁਲਬੁਰਗੀ, ਨਰਿੰਦਰ ਡਾਭੋਲਕਰ ਜਾਂ ਗੋਵਿੰਦ ਪਾਂਸਰੇ ਦੀ ਸਿਫਤ ਕਰਨਾ ਚੰਗਾ ਲੱਗਦਾ ਹੋਵੇਗਾ, ਪਰ ਏਦਾਂ ਦਾ ਕਦਮ ਖੁਦ ਪੁੱਟਣ ਦਾ ਜੋਖਮ ਉਠਾਉਣ ਤੋਂ ਕਈ ਸੱਜਣ ਡਰ ਜਾਣਗੇ। ਕਿਸੇ ਵਿਅਕਤੀ ਦੀ ਅਕਲ ਚੰਗੀ ਜਾਂ ਮਾੜੀ ਜਿੱਦਾਂ ਦੀ ਵੀ ਹੋਵੇ, ਉਸ ਨੂੰ ਰੱਬੀ-ਤੋਹਫਾ ਕਹਿਣ ਦਾ ਰਿਵਾਜ ਹੈ, ਪਰ ਇਹ ਸੱਚਾਈ ਬਹੁਤੇ ਲੋਕ ਨਹੀਂ ਜਾਣਦੇ ਕਿ 'ਗੌਡ ਗਿਫਟਿਡ' ਸਿਆਣਿਆਂ ਵਿੱਚੋਂ ਬਹੁਤੇ ਅਕਲਮੰਦ ਵਗਦੇ ਵਹਿਣ ਦੇ ਗੁਣ ਗਿਣਾਉਣ ਤੇ ਇਸ ਗਿਣਤੀ-ਮਿਣਤੀ ਵਿੱਚੋਂ ਆਪਣਾ ਭਵਿੱਖ ਉੱਜਲਾ ਕਰਨ ਦੀ ਆਦਤ ਦਾ ਸ਼ਿਕਾਰ ਬਣ ਸਕਦੇ ਹਨ। ਇੱਕ ਸਮਾਂ ਇਹੋ ਜਿਹਾ ਵੀ ਸੀ, ਜਦੋਂ ਯੂਨੀਵਰਸਿਟੀਆਂ ਵਿੱਚ ਸਿਖਰ ਉੱਤੇ ਆਉਣ ਵਾਲੇ ਬਹੁਤਿਆਂ ਨੂੰ ਸਾਰੀ ਲੋਕਾਈ ਦਾ ਭਲਾ ਕਿਰਤੀ ਜਮਾਤ ਦੀ ਬੰਦ ਖਲਾਸੀ ਕਰ ਸਕਣ ਵਾਲੇ ਇਨਕਲਾਬ ਵਿੱਚ ਦਿਖਾਈ ਦਿੰਦਾ ਸੀ। ਹੁਣ ਇਹੋ ਜਿਹੇ ਲੋਕਾਂ ਦੀ ਵੱਡੀ ਗਿਣਤੀ ਅਸਲੋਂ ਉਲਟੇ ਵਹਿਣ ਨਾਲ ਵਗਦੀ ਲੱਗਦੀ ਹੈ। ਇਹ ਵਰਤਾਰਾ ਲੱਗਭੱਗ ਹਰ ਦੇਸ਼ ਵਿੱਚ ਏਦਾਂ ਹੀ ਚੱਲਦਾ ਹੈ। ਈਰਾਨ ਵਿੱਚ ਇਸਲਾਮੀ ਦੌਰ ਦੀ ਚੜ੍ਹਤ ਪਿੱਛੋਂ ਓਥੋਂ ਦੇ ਬੁੱਧੀਜੀਵੀ, ਬੁੱਧੀ ਆਸਰੇ ਰੋਟੀ ਕਮਾਉਣ ਵਾਲੇ, ਲੋਕਾਂ ਦਾ ਵੱਡਾ ਵਰਗ ਆਇਤੁਲਾ ਖੁਮੈਨੀ ਦੀ ਵਿਚਾਰਧਾਰਾ ਨੂੰ ਸਹੀ ਸਾਬਤ ਕਰਨ ਰੁੱਝ ਗਿਆ ਸੀ ਤੇ ਫਿਰ ਇੱਕ ਵੇਲੇ ਕੁਝ ਅਕਲ ਦੇ ਭੜੋਲੇ ਜਾਪਦੇ ਏਦਾਂ ਦੇ ਲੋਕ ਫੌਜੀ ਤਾਨਾਸ਼ਾਹ ਮੁਸ਼ਰੱਫ਼ ਦੇ ਗੁਣ ਗਾਉਂਦੇ ਫਿਰਦੇ ਸਨ। ਉਨ੍ਹਾਂ ਵਿੱਚੋਂ ਇੱਕ ਜਣਾ ਇੰਗਲੈਂਡ ਵਿੱਚ ਇੱਕ ਸੈਮੀਨਾਰ ਦੌਰਾਨ ਭਾਰਤੀ ਲੋਕਾਂ ਨੂੰ ਵੀ ਫੌਜੀ ਤਾਨਾਸ਼ਾਹੀ ਦਾ ਤਜਰਬਾ ਕਰ ਕੇ ਵੇਖਣ ਲਈ ਕਹਿਣ ਲੱਗ ਪਿਆ ਸੀ।
ਅੱਜ ਦਾ ਸੱਚ ਇਹ ਹੈ ਕਿ ਭਾਜਪਾ ਦੀ ਸਿਆਸੀ ਚੜ੍ਹਤ ਦਾ ਦੌਰ ਹੋਣ ਕਾਰਨ ਬਹੁਤ ਸਾਰੇ ਰਾਜਾਂ ਵਿੱਚੋਂ ਹਰ ਰੰਗ ਦੀ ਰਾਜਨੀਤੀ ਤੋਂ ਦਲ-ਬਦਲੀਆਂ ਕਰ ਕੇ ਲੋਕ ਇਸ ਪਾਰਟੀ ਨਾਲ ਜੁੜ ਰਹੇ ਹਨ। ਸੰਸਾਰ ਵਿੱਚ ਲੋਕਤੰਤਰੀ ਉਠਾਣ ਦੇ ਨਾਲ ਅੰਗਰੇਜ਼ੀ ਭਾਸ਼ਾ ਦਾ ਨਵਾਂ ਸ਼ਬਦ 'ਜੈਰੀਮੈਂਡਰਿੰਗ' ਪਿਛਲੀ ਸਦੀ ਦੌਰਾਨ ਵਰਤੋਂ ਵਿੱਚ ਆਇਆ ਸੀ। ਇਸ ਦਾ ਭਾਵ ਏਦਾਂ ਦੀ ਕੋਸ਼ਿਸ਼ ਕਰਨਾ ਸੀ, ਜਿਸ ਵਿੱਚ ਕੋਈ ਆਗੂ ਚੋਣ ਲੜਨ ਲਈ ਕਾਂਟ-ਛਾਂਟ ਨਾਲ ਏਦਾਂ ਦਾ ਹਲਕਾ ਬਣਵਾ ਲਵੇ, ਜਿੱਥੇ ਵੋਟਰਾਂ ਦੀ ਬਹੁ-ਗਿਣਤੀ ਉਸ ਆਗੂ ਦੇ ਪੱਖ ਦੀ ਹੋਵੇ। ਭਾਰਤ ਵਿੱਚ ਇਸ ਵੇਲੇ ਏਹੋ ਜਿਹੀ ਰਾਜਸੀ ਖੇਡ ਹੋ ਰਹੀ ਹੈ ਕਿ ਜਿਹੜੇ ਰਾਜ ਵਿੱਚ ਅਗਲੀ ਚੋਣ ਵਿੱਚ ਜਿੱਤਣ ਦਾ ਇਰਾਦਾ ਹੋਵੇ, ਓਥੇ ਚਲੰਤ ਸਦਨ ਵਿੱਚੋਂ ਹੀ ਰਾਜ ਕਰਦੀ ਧਿਰ ਦੇ ਬੰਦਿਆਂ ਨੂੰ ਚੋਣ ਕਰਵਾਉਣ ਤੋਂ ਪਹਿਲਾਂ ਕੁੰਡੀਆਂ ਪਾ ਕੇ ਖਿੱਚਣ ਦਾ ਕੰਮ ਸ਼ੁਰੂ ਹੋ ਜਾਂਦਾ ਹੈ। ਮੇਘਾਲਿਆ ਵਿੱਚ ਅਗਲੇ ਸਾਲ ਚੋਣਾਂ ਹੋਣੀਆਂ ਹਨ, ਹੁਣ ਓਥੇ ਅੱਠ ਜਣੇ ਓਦਾਂ ਹੀ ਰਾਜ ਕਰਦੀ ਪਾਰਟੀ ਛੱਡ ਕੇ ਦੂਸਰੇ ਪਾਸੇ ਚਲੇ ਗਏ ਹਨ, ਜਿਵੇਂ ਪੰਜਾਬ ਦੇ ਨਾਲ ਹੋਈਆਂ ਚੋਣਾਂ ਤੋਂ ਪਹਿਲਾਂ ਮਨੀਪੁਰ ਵਿੱਚ ਹੋਇਆ ਸੀ। ਮਨੀਪੁਰ ਦੇ ਹਰ ਦਲ-ਬਦਲੂ ਨੂੰ ਇਹੀ ਪੇਸ਼ਕਸ਼ ਕੀਤੀ ਗਈ ਕਿ ਤੂੰ ਆ ਜਾਹ, ਮੁੱਖ ਮੰਤਰੀ ਤੈਨੂੰ ਬਣਾਵਾਂਗੇ ਤੇ ਜਦੋਂ ਇਹੋ ਜਿਹੇ ਕਈ ਦਲ-ਬਦਲੂ ਆ ਗਏ ਤੇ ਖਿੱਚੋਤਾਣ ਵਧ ਗਈ ਤਾਂ ਜਿਸ ਨੇ ਸਭ ਤੋਂ ਅਖੀਰ ਵਿੱਚ ਪੂਰੀ ਸੌਦੇਬਾਜ਼ੀ ਕਰਨ ਪਿੱਛੋਂ ਕੁੜਤਾ ਬਦਲਿਆ ਸੀ, ਉਸ ਨੂੰ ਰਾਜ ਕਰਨ ਦਾ ਹੱਕ ਦੇ ਦਿੱਤਾ ਗਿਆ। ਬਾਕੀ ਸਾਰੇ ਜਣੇ ਔਖੇ ਭਾਵੇਂ ਜਿੰਨੇ ਵੀ ਹੋਏ ਹੋਣ, ਪਿੱਛੇ ਨਹੀਂ ਸੀ ਮੁੜ ਸਕਦੇ।
ਦੂਸਰਾ ਮੋੜਾ ਵਿਚਾਰਧਾਰਕ ਪੱਖ ਤੋਂ ਭਾਰਤੀ ਸਮਾਜ ਦੀ ਮੁੱਖ ਧਾਰਾ ਵਿਚਾਲੇ ਆ ਰਿਹਾ ਹੈ। ਜਿਹੜੇ ਲੋਕਾਂ ਨੂੰ ਇਸ ਮੋੜੇ ਦਾ ਅਹਿਸਾਸ ਹੈ, ਉਹ ਸਿਰਫ ਵਿਰੋਧ ਖਾਤਰ ਵਿਰੋਧ ਕਰੀ ਜਾ ਰਹੇ ਹਨ, ਕਿਉਂਕਿ ਹੋਰ ਕੁਝ ਕਰਨ ਲਈ ਹੁਣ ਸਮਾਂ ਨਹੀਂ ਰਹਿ ਗਿਆ ਜਾਪਦਾ। ਜਦੋਂ ਇਸ ਦਾ ਸਮਾਂ ਸੀ, ਓਦੋਂ ਉਹ ਇਸ ਬਾਰੇ ਚੁੱਪ ਰਹੇ ਤੇ ਜਾਂ ਫਿਰ ਅਸਲੋਂ ਵਿਖਾਵੇ ਜੋਗੀ ਜ਼ਬਾਨ ਹਿਲਾ ਕੇ ਆਪਣੇ ਵਿਚਾਰਾਂ ਦੀ ਹਾਜ਼ਰੀ ਲਵਾਉਣ ਤੱਕ ਸੀਮਤ ਹੋ ਗਏ ਸਨ। ਮਿਸਾਲ ਵਜੋਂ ਮੁਸਲਿਮ ਸਮਾਜ ਵਿੱਚ ਤਿੰਨ ਤਲਾਕ ਦੀ ਰਵਾਇਤ ਨੂੰ ਸਾਰੇ ਗਲਤ ਕਹਿੰਦੇ ਸਨ, ਮੌਜੂਦਾ ਸਰਕਾਰ ਨੇ ਇਸ ਦੇ ਖਿਲਾਫ ਸਖਤ ਕਦਮ ਚੁੱਕਿਆ ਹੈ ਤਾਂ ਆਨੇ-ਬਹਾਨੇ ਇਸ ਨੂੰ ਇੱਕ ਜਾਂ ਦੂਸਰੀ ਕਮੇਟੀ ਨੂੰ ਸੌਂਪਣ ਦੀ ਗੱਲ ਉਹ ਲੋਕ ਕਹਿ ਰਹੇ ਹਨ, ਜਿਨ੍ਹਾਂ ਨੇ ਸ਼ਾਹ ਬਾਨੋ ਕੇਸ ਵੇਲੇ ਇਹੋ ਕੰਮ ਖੁਦ ਕਰਨ ਦਾ ਮੌਕਾ ਵੋਟਾਂ ਦੀ ਗਿਣਤੀ-ਮਿਣਤੀ ਕਰਦਿਆਂ ਅਜਾਈਂ ਗਵਾ ਲਿਆ ਸੀ। ਸ਼ਾਹ ਬਾਨੋ ਬਚਪਨ ਵਿੱਚ ਜਿਸ ਵਕੀਲ ਨਾਲ ਵਿਆਹੀ ਗਈ, ਧੌਲਾ ਝਾਟਾ ਹੋਣ ਪਿੱਛੋਂ ਉਸ ਬੰਦੇ ਨੂੰ ਕੋਈ ਨੱਢੀ ਮਿਲ ਗਈ ਤਾਂ ਉਸ ਨੇ ਅਠਤਾਲੀ ਸਾਲ ਪਹਿਲਾਂ ਦੀ ਵਿਆਹੀ ਬੀਵੀ ਘਰੋਂ ਕੱਢ ਦਿੱਤੀ। ਅਦਾਲਤ ਵਿੱਚੋਂ ਉਸ ਵਕੀਲ ਦੇ ਖਿਲਾਫ ਫੈਸਲਾ ਆ ਗਿਆ ਤੇ ਨਾਲ ਇਹ ਕਹਾਣੀ ਵੀ ਨਿਕਲ ਆਈ ਕਿ ਆਪਣੀ ਬੀਵੀ ਨੂੰ ਉਸ ਦਾ ਹੱਕ ਦੇਣ ਤੋਂ ਇਨਕਾਰ ਕਰਨ ਵਾਲਾ ਉਹ ਵਕੀਲ ਹੋਰਨਾਂ ਆਦਮੀਆਂ ਦੀਆਂ ਏਸੇ ਢੰਗ ਨਾਲ ਤਿਆਗੀਆਂ ਹੋਈਆਂ ਔਰਤਾਂ ਦੇ ਕੇਸ ਅਦਾਲਤਾਂ ਵਿੱਚ ਲੜਦਾ ਪਿਆ ਹੈ ਤਾਂ ਇਸ ਕੁਰੀਤੀ ਦੇ ਖਿਲਾਫ ਸਟੈਂਡ ਲੈਣਾ ਚਾਹੀਦਾ ਸੀ। ਓਦੋਂ ਦੇ ਪ੍ਰਧਾਨ ਮੰਤਰੀ ਅਤੇ ਕਾਂਗਰਸੀ ਆਗੂ ਰਾਜੀਵ ਗਾਂਧੀ ਨੇ ਦੇਸ਼ ਦੀ ਸਭ ਤੋਂ ਵੱਡੀ ਅਦਾਲਤ ਦੇ ਇਸ ਫੈਸਲੇ ਨੂੰ ਬਦਲਣ ਲਈ ਪਾਰਲੀਮੈਂਟ ਤੋਂ ਬਹੁ-ਸੰਮਤੀ ਦੇ ਜ਼ੋਰ ਨਾਲ ਮੋਹਰ ਲਵਾ ਲਈ ਸੀ। ਖੱਬੇ ਪੱਖੀ ਇਸਤਰੀ ਆਗੂ ਨੁਸਰਤ ਬਾਨੋ ਰੂਹੀ ਨੇ ਓਦੋਂ ਲਿਖਿਆ ਸੀ ਕਿ ਅੱਜ ਕੀਤੀ ਹੋਈ ਭੁੱਲ ਭਲਕ ਨੂੰ ਜਦੋਂ ਭੁਗਤਣੀ ਪਈ ਤਾਂ ਅੱਜ ਦੇ ਹਾਕਮਾਂ ਦੀ ਅਗਲੀ ਪੀੜ੍ਹੀ ਵੀ ਰੋਵੇਗੀ ਤੇ ਇਹ ਪਾਪ ਕੀਤੇ ਜਾਣ ਦੌਰਾਨ ਚੁੱਪ ਵੱਟੀ ਰੱਖਣ ਵਾਲੇ ਵੀ ਇੱਕ ਦਿਨ ਇਸ ਭੁੱਲ ਦਾ ਨਤੀਜਾ ਭੁਗਤਣਗੇ। ਅੱਜ ਉਹ ਵਕਤ ਆ ਗਿਆ ਹੈ।
ਸਾਨੂੰ ਪ੍ਰਸਿੱਧ ਖੱਬੇ ਪੱਖੀ ਸ਼ਾਇਰ ਕੈਫੀ ਆਜ਼ਮੀ ਦੀ ਪਟਨੇ ਵਿੱਚ ਪੈਂਤੀ ਕੁ ਸਾਲ ਪਹਿਲਾਂ ਕੀਤੀ ਤਕਰੀਰ ਵੀ ਨਹੀਂ ਭੁੱਲਦੀ ਕਿ ਇਸ ਵੇਲੇ ਰਾਜ ਕਰ ਰਹੀ ਕਾਂਗਰਸ ਪਾਰਟੀ ਆਪਣੇ ਨਹਿਰੂ-ਗਾਂਧੀ ਦੇ ਵਿਰਸੇ ਨੂੰ ਭੁੱਲਦੀ ਜਾਂਦੀ ਹੈ ਤੇ ਇਸ ਵਿੱਚ ਉਹ ਲੋਕ ਭਾਰੂ ਹੋ ਰਹੇ ਹਨ, ਜਿਹੜੇ ਉੱਤੋਂ ਇਸ ਦੇ ਆਗੂ ਤੇ ਅੰਦਰੋਂ ਕਿਸੇ ਹੋਰ ਦੇ ਏਜੰਟ ਹਨ। ਬਦਲੇ ਦੌਰ ਵਿੱਚ ਪ੍ਰਧਾਨ ਮੰਤਰੀ ਨਰਸਿਮਹਾ ਰਾਓ ਬਾਰੇ ਸਾਬਕਾ ਪ੍ਰਧਾਨ ਮੰਤਰੀ ਚੌਧਰੀ ਚਰਨ ਸਿੰਘ ਦੇ ਪੁੱਤਰ ਅਜੀਤ ਸਿੰਘ ਦਾ ਕਿਹਾ ਵੀ ਸਾਨੂੰ ਯਾਦ ਹੈ ਕਿ ਨਰਸਿਮਹਾ ਰਾਓ ਵਿਖਾਵੇ ਦਾ ਕਾਂਗਰਸੀ ਹੈ ਅਤੇ ਅੰਦਰਖਾਤੇ ਕਾਂਗਰਸ ਵਿਰੋਧੀ ਤਾਕਤਾਂ ਦੇ ਹੱਥਾਂ ਦਾ ਖਿਡੌਣਾ ਹੈ। ਬਾਅਦ ਵਿੱਚ ਜਦੋਂ ਨਰਸਿਮਹਾ ਰਾਓ ਦੇ ਨੇੜਲੇ ਸਾਥੀ ਕਾਂਗਰਸ ਛੱਡ ਕੇ ਇੱਕ ਖਾਸ ਪਾਰਟੀ ਵੱਲ ਜਾਣ ਲੱਗ ਪਏ ਤਾਂ ਇਹ ਗੱਲ ਹੋਰ ਸਾਫ ਹੋ ਗਈ ਸੀ। ਏਦਾਂ ਦੇ ਬੰਦੇ ਸੋਨੀਆ ਗਾਂਧੀ ਦੇ ਸੇਵਕ ਵੀ ਬਣੇ ਸਨ। ਰਾਜ ਸੱਤਾ ਦਾ ਲਾਭ ਲੈਣ ਲਈ ਉਹ ਲੋਕ ਸੋਨੀਆ ਗਾਂਧੀ ਦੇ ਜੀ-ਹਜ਼ੂਰੀਏ ਸਨ, ਪਰ ਸੋਚਣੀ ਦੀ ਸਾਂਝ ਕਿਸੇ ਹੋਰ ਪਾਸੇ ਨਾਲ ਹੁੰਦੀ ਸੀ। ਉਹ ਹੁਣ ਅਸਲੀ ਟਿਕਾਣੇ ਜਾ ਪਹੁੰਚੇ ਹਨ ਅਤੇ ਜਿਹੜੀਆਂ ਗੱਲਾਂ ਪਿਛਲੇ ਰਾਜ ਦੌਰਾਨ ਕਿਹਾ ਕਰਦੇ ਸਨ, ਹੁਣ ਉਹ ਐਨ ਉਸ ਤੋਂ ਉਲਟ ਗੱਲਾਂ ਕਰਦੇ ਅਤੇ ਇਨ੍ਹਾਂ ਨਵੀਂਆਂ ਕਹੀਆਂ ਗੱਲਾਂ ਨੂੰ ਸਾਬਤ ਕਰਨ ਵਾਲੇ ਹਵਾਲੇ ਪੇਸ਼ ਕਰਦੇ ਹਨ।
ਹੁਣ ਜਦੋਂ ਇਸ ਦੇਸ਼ ਦੀ ਵਿਚਾਰਧਾਰਾ ਦਾ ਵਹਿਣ ਪਹਿਲਾਂ ਵਾਲੀ ਲੀਹ ਛੱਡ ਕੇ ਨਵੀਂ ਦਿਸ਼ਾ ਨੂੰ ਵਹਿੰਦਾ ਦਿਖਾਈ ਦੇਂਦਾ ਹੈ, ਪਹਿਲੀ ਸੋਚ ਦੀ ਪ੍ਰਤੀਬੱਧਤਾ ਵਾਲੇ ਲੋਕਾਂ ਨੂੰ ਸਭ ਕੁਝ ਰੁੜ੍ਹਦਾ ਲੱਗ ਸਕਦਾ ਹੈ। ਭਾਰਤ ਦੇ ਲੋਕਾਂ ਨੇ ਕਈ ਦੌਰ ਦੇਖੇ ਹੋਏ ਹਨ ਤੇ ਕਈ ਹਾਲੇ ਵੇਖਣੇ ਹਨ। ਕੋਈ ਵੀ ਦੌਰ ਸਥਾਈ ਹੋਣ ਦੀ ਗਾਰੰਟੀ ਨਹੀਂ ਹੁੰਦੀ। ਅਜੋਕਾ ਦੌਰ ਕਿੰਨਾ ਕੁ ਲੰਮਾ ਹੈ, ਇਸ ਦਾ ਪਤਾ ਓਦੋਂ ਲੱਗੇਗਾ, ਜਦੋਂ ਹਾਲਾਤ ਕਿਸੇ ਅਗਲੀ ਕਰਵਟ ਦਾ ਵਕਤ ਮਹਿਸੂਸ ਕਰਨਗੇ। 

31 Dec 2017

'ਸਭ ਤੋਂ ਵੱਡੀ ਸੈਕੂਲਰ' ਹੋਣ ਦੇ ਵਹਿਮ ਹੇਠ 'ਬੇਵਕੂਫਾਂ ਦੀ ਬਰਾਤ' ਬਣੀ ਪਈ ਕਾਂਗਰਸ ਪਾਰਟੀ - ਜਤਿੰਦਰ ਪਨੂੰ

ਹੱਥਲੀ ਲਿਖਤ ਗੁਜਰਾਤ ਵਿਧਾਨ ਸਭਾ ਲਈ ਵੋਟਾਂ ਪੈਣ ਤੋਂ ਬਾਅਦ ਅਤੇ ਨਤੀਜਾ ਨਿਕਲਣ ਤੋਂ ਪਹਿਲਾਂ ਜਾਣ-ਬੁੱਝ ਕੇ ਇਸ ਲਈ ਲਿਖੀ ਗਈ ਹੈ ਕਿ ਇਸ ਨੂੰ ਨਤੀਜਿਆਂ ਦੇ ਇੱਕ ਜਾਂ ਦੂਸਰੇ ਪੱਖ ਵਿੱਚ ਭੁਗਤਣ ਨਾਲ ਜੋੜਨ ਬਿਨਾਂ ਪੜ੍ਹਨ ਦੀ ਕੋਸ਼ਿਸ਼ ਕੀਤੀ ਜਾਵੇ। ਉਮਰ ਦੇ ਚੌਧਵੇਂ ਸਾਲ ਵਿੱਚ ਪਹਿਲੀ ਵਾਰ ਵਿਧਾਨ ਸਭਾ ਚੋਣਾਂ ਦੀ ਸਰਗਰਮੀ ਵੇਖੀ ਸੀ, ਜਿਸ ਵਿੱਚ ਹਰਿਆਣੇ ਤੋਂ ਵੱਖ ਹੋਏ ਪੰਜਾਬ ਦਾ ਮੁੱਖ ਮੰਤਰੀ ਗਿਆਨੀ ਗੁਰਮੁਖ ਸਿੰਘ ਮੁਸਾਫਰ ਵੀ ਬੋਲਦਾ ਸੁਣ ਲਿਆ ਸੀ ਤੇ ਅਕਾਲੀ ਦਲ ਦਾ ਪ੍ਰਧਾਨ ਸੰਤ ਫਤਹਿ ਸਿੰਘ ਵੀ। ਉਨ੍ਹਾਂ ਦੇ ਭਾਸ਼ਣ ਸਿਰਾਂ ਉੱਤੋਂ ਲੰਘ ਗਏ ਸਨ। ਰਾਜਨੀਤਕ ਸੂਝ ਨਾ ਹੋਣ ਕਾਰਨ ਬਹੁਤਾ ਕੁਝ ਯਾਦ ਨਹੀਂ ਰਹਿ ਸਕਿਆ, ਪਰ ਓਦੋਂ ਬਾਅਦ ਪੰਜਾਹ ਸਾਲਾਂ ਵਿੱਚ ਜਿੰਨੀਆਂ ਵੀ ਚੋਣਾਂ ਵੇਖਣ ਦਾ ਮੌਕਾ ਮਿਲਿਆ, ਰਾਜਨੀਤਕ ਤੋਹਮਤਾਂ ਦੀ ਏਨੀ ਵਾਛੜ ਕਦੀ ਨਹੀਂ ਸੀ ਵੇਖੀ, ਜਿੰਨੀ ਇਸ ਵਾਰੀ ਚੋਣਾਂ ਦੌਰਾਨ ਗੁਜਰਾਤ ਵਿੱਚ ਵੇਖਣ ਨੂੰ ਮਿਲੀ ਹੈ। ਘੱਟ ਕਿਸ ਨੇ ਕੀਤੀ ਤੇ ਬਹੁਤਾ ਕੌਣ ਵਰ੍ਹਿਆ, ਕਹਿ ਸਕਣਾ ਔਖਾ ਹੈ। ਉਂਜ ਸਿਆਣੇ ਇਹ ਕਹਿੰਦੇ ਸੁਣੇ ਸਨ ਕਿ ਜਿਸ ਦਾ ਜਿੰਨਾ ਰੁਤਬਾ ਉੱਚਾ ਹੋਵੇ, ਉਸ ਕੋਲੋਂ ਓਨੀ ਵੱਧ ਠਰ੍ਹੰਮੇ ਅਤੇ ਅਕਲ ਨਾਲ ਬੋਲਣ ਦੀ ਆਸ ਹੁੰਦੀ ਹੈ। ਇਸ ਵਾਰੀ ਇਹ ਆਸ ਪ੍ਰਧਾਨ ਮੰਤਰੀ ਮੋਦੀ ਤੋਂ ਸੀ, ਪਰ ਪੂਰੀ ਨਹੀਂ ਹੋਈ।
ਅਸੀਂ ਬਹੁਤ ਸਾਰੇ ਲੋਕਾਂ ਨਾਲ ਇਸ ਪੱਖੋਂ ਸਹਿਮਤ ਹਾਂ ਕਿ ਪ੍ਰਧਾਨ ਮੰਤਰੀ ਨੇ ਕਈ ਮੌਕਿਆਂ ਉੱਤੇ ਆਪਣੇ ਅਹੁਦੇ ਦਾ ਅਹਿਸਾਸ ਭੁਲਾ ਕੇ ਦੂਸਰਿਆਂ ਉੱਤੇ ਹਮਲੇ ਕੀਤੇ ਸਨ। ਰਾਹੁਲ ਗਾਂਧੀ ਨੂੰ ਮੁਗਲ-ਵੰਸ਼ ਨਾਲ ਜੋੜ ਦੇਣਾ ਏਸੇ ਦੀ ਇੱਕ ਵੰਨਗੀ ਸੀ। ਦੂਸਰਾ ਮੌਕਾ ਉਹ ਸੀ, ਜਦੋਂ ਉਨ੍ਹਾ ਨੇ ਗੁਜਰਾਤ ਚੋਣਾਂ ਵਿੱਚ ਪਾਕਿਸਤਾਨ ਦਾ ਜ਼ਿਕਰ ਛੋਹ ਦਿੱਤਾ ਅਤੇ ਇੱਕ ਰਾਜ ਦੀਆਂ ਵਿਧਾਨ ਸਭਾ ਚੋਣਾਂ ਜਿੱਤਣ ਲਈ ਕਾਂਗਰਸ ਪਾਰਟੀ ਦੇ ਆਗੂਆਂ ਉੱਤੇ ਗਵਾਂਢੀ ਦੇਸ਼ ਨਾਲ 'ਸਾਜ਼ਿਸ਼ ਵਰਗੀ ਮੀਟਿੰਗ ਕਰਨ' ਦੀ ਦੁਹਾਈ ਪਾ ਦਿੱਤੀ ਸੀ। ਇਹ ਗੱਲ ਪ੍ਰਧਾਨ ਮੰਤਰੀ ਦੇ ਪੱਧਰ ਦੀ ਨਹੀਂ ਸੀ ਲੱਗਦੀ। ਜਿਸ ਮੀਟਿੰਗ ਦੀ ਗੱਲ ਉਨ੍ਹਾ ਨੇ ਛੇੜੀ, ਉਸ ਵਿੱਚ ਗਏ ਲੋਕਾਂ ਵਿੱਚ ਦੇਸ਼ ਦਾ ਪ੍ਰਧਾਨ ਮੰਤਰੀ ਰਹਿ ਚੁੱਕੇ ਮਨਮੋਹਨ ਸਿੰਘ ਵੀ ਸਨ, ਦੇਸ਼ ਦੇ ਸਾਬਕਾ ਉੱਪ ਰਾਸ਼ਟਰਪਤੀ ਹਾਮਿਦ ਅਨਸਾਰੀ ਵੀ ਤੇ ਭਾਰਤੀ ਫੌਜ ਦਾ ਇੱਕ ਸਾਬਕਾ ਮੁਖੀ ਵੀ। ਪ੍ਰਧਾਨ ਮੰਤਰੀ ਮੋਦੀ ਨੇ ਜਦੋਂ ਇਹ ਮੁੱਦਾ ਚੁੱਕ ਲਿਆ, ਮੀਟਿੰਗ ਵਿੱਚ ਗਏ ਸਾਰੇ ਲੋਕ ਸਫਾਈਆਂ ਦੇਣ ਵਿੱਚ ਉਲਝ ਗਏ। ਨਰਿੰਦਰ ਮੋਦੀ ਨੇ ਇਹ ਵੀ ਗੱਲ ਉਛਾਲ ਦਿੱਤੀ ਕਿ ਰਾਤੀਂ ਮੀਟਿੰਗ ਹੋਈ ਅਤੇ ਅਗਲੇ ਦਿਨ ਕਾਂਗਰਸ ਆਗੂ ਮਣੀ ਸ਼ੰਕਰ ਨੇ ਮੇਰੇ ਬਾਰੇ ਇੱਕ ਬੜੇ ਨੀਵੇਂ ਪੱਧਰ ਦੀ ਟਿੱਪਣੀ ਕਰ ਦਿੱਤੀ। ਕਾਂਗਰਸ ਆਗੂ ਮਣੀ ਸ਼ੰਕਰ ਦੀ ਉਹ ਟਿੱਪਣੀ ਵਾਹਯਾਤ ਸੀ। ਕਾਂਗਰਸ ਪਾਰਟੀ ਨੇ ਉਸ ਨੂੰ ਪਹਿਲਾਂ ਸਿਰਫ ਮੁਆਫੀ ਮੰਗਣ ਨੂੰ ਕਿਹਾ ਤੇ ਜਦੋਂ ਏਨੇ ਨਾਲ ਗੱਲ ਨਾ ਬਣੀ ਤਾਂ ਸਸਪੈਂਡ ਕਰ ਦਿੱਤਾ। ਇਹ ਕੰਮ ਪਹਿਲੇ ਪੜਾਅ ਉੱਤੇ ਕੀਤਾ ਜਾ ਸਕਦਾ ਸੀ, ਉਂਜ ਏਦਾਂ ਦਾ ਮੂੰਹ-ਫੱਟ ਲੀਡਰ ਬੜਾ ਪਹਿਲਾਂ ਦਾ ਕਾਂਗਰਸ ਵਿੱਚੋਂ ਕੱਢਿਆ ਜਾਣਾ ਚਾਹੀਦਾ ਸੀ, ਜਿਹੜਾ ਜਦੋਂ ਵੀ ਬੋਲਦਾ ਹੈ, ਕੰਨਾਂ ਤੱਕ ਮੂੰਹ ਪਾੜ ਕੇ ਬੋਲਦਾ ਹੈ। ਪਾਰਟੀ ਵਿੱਚ ਉਸ ਨੂੰ ਸਿਆਣਾ ਗਿਣਿਆ ਜਾਂਦਾ ਹੈ ਤੇ ਜਿੱਥੇ ਏਦਾਂ ਦੇ 'ਸਿਆਣੇ' ਮੌਜੂਦ ਹਨ, ਉਸ ਪਾਰਟੀ ਨੂੰ ਦੁਸ਼ਮਣਾਂ ਦੀ ਕੀ ਲੋੜ ਹੈ!
ਮੈਂ ਭਾਜਪਾ ਤੇ ਇਸ ਦੇ ਸਿਆਸੀ ਪੈਂਤੜਿਆਂ ਨੂੰ ਸਹੀ ਠਹਿਰਾਉਣ ਵਾਲਿਆਂ ਨਾਲ ਨਹੀਂ, ਪਰ ਇਸ ਮੌਕੇ ਇਹ ਕਹੇ ਬਿਨਾਂ ਵੀ ਨਹੀਂ ਰਹਿ ਸਕਦਾ ਕਿ ਭਾਜਪਾ ਅਤੇ ਭਾਰਤ ਨੂੰ ਇਸ ਹੱਦ ਤੱਕ ਉਨ੍ਹਾਂ ਕਾਂਗਰਸ ਵਾਲਿਆਂ ਨੇ ਹੀ ਪੁਚਾਇਆ ਹੈ, ਜਿਹੜੇ ਸੈਕੂਲਰ ਫੋਰਸਾਂ ਦੇ ਆਗੂ ਹੋਣ ਦਾ ਦਾਅਵਾ ਕਰਨ ਲੱਗੇ ਰਹਿੰਦੇ ਹਨ। ਕਾਂਗਰਸ ਨੂੰ ਸੈਕੂਲਰ ਫੋਰਸਾਂ ਦੀ ਅਗਵਾਨੂੰ ਮੰਨਣ ਵਾਲੇ ਸੱਜਣ ਇਹ ਗੱਲ ਭੁੱਲ ਜਾਂਦੇ ਹਨ ਕਿ ਉਸ ਦੇ ਆਪਣੇ ਛੱਤੀ ਨੁਕਸ ਸਨ, ਜਿਨ੍ਹਾਂ ਕਾਰਨ ਦੇਸ਼ ਅੱਜ ਵਾਲੇ ਮੋੜ ਤੱਕ ਆ ਪਹੁੰਚਿਆ ਹੈ, ਪਰ ਕਾਂਗਰਸੀ ਤੇ ਉਨ੍ਹਾਂ ਦੇ ਹਮਾਇਤੀ ਇਹ ਗੱਲ ਯਾਦ ਨਹੀਂ ਕਰਨਾ ਚਾਹੁੰਦੇ। ਜਦੋਂ ਪਿੱਛਲ ਝਾਤ ਮਾਰੀਏ ਤਾਂ ਬਹੁਤ ਸਾਰੇ ਮਾਮਲੇ ਇਹੋ ਜਿਹੇ ਸਿਰ ਚੁੱਕ ਲੈਂਦੇ ਹਨ, ਜਿਹੜੇ ਜਵਾਬ ਮੰਗ ਸਕਦੇ ਹਨ।
ਹਾਲੇ ਕੁਝ ਦਿਨ ਹੋਏ, ਇੱਕ ਮੀਡੀਆ ਚੈਨਲ ਦੀ ਬਹਿਸ ਵਿੱਚ ਕੁਝ ਅਕਾਲੀ ਤੇ ਕੁਝ ਕਾਂਗਰਸੀ ਖਹਿਬੜਦੇ ਵੇਖੇ ਸਨ। ਕਾਂਗਰਸੀ ਸੱਜਣ ਅਕਾਲੀਆਂ ਨੂੰ ਇਹ ਮਿਹਣਾ ਦੇ ਰਿਹਾ ਸੀ ਕਿ ਤੁਸੀਂ ਤਾਂ ਖਾਲਿਸਤਾਨ ਦੀ ਨੀਂਹ ਤਿਆਰ ਕੀਤੀ ਤੇ ਫਿਰ ਸਾਰਾ ਮਾਹੌਲ ਵਿਗਾੜ ਕੇ ਤੁਹਾਡੇ ਆਗੂ ਕੰਨੀ ਕੱਟ ਗਏ ਸਨ। ਮੈਨੂੰ ਉਹ ਦਿਨ ਯਾਦ ਹੈ, ਜਦੋਂ ਪੰਜਾਬ ਵਿੱਚ ਪਹਿਲੀ ਗੈਰ ਕਾਂਗਰਸੀ ਸਰਕਾਰ ਦੇ ਇੱਕ ਮੰਤਰੀ ਲਛਮਣ ਸਿੰਘ ਗਿੱਲ ਨੂੰ ਅਕਾਲੀ ਦਲ ਤੋਂ ਬਾਗੀ ਕਰਵਾ ਕੇ ਉਸ ਦੀ ਅਗਵਾਈ ਹੇਠ ਸਰਕਾਰ ਬਣਵਾਈ ਗਈ ਤੇ ਡਾਕਟਰ ਜਗਜੀਤ ਸਿੰਘ ਚੌਹਾਨ ਵਰਗਾ ਬੰਦਾ ਕਾਂਗਰਸ ਦੀ ਮਦਦ ਨਾਲ ਉਸ ਸਰਕਾਰ ਦਾ ਖਜ਼ਾਨਾ ਮੰਤਰੀ ਬਣਾਇਆ ਸੀ। ਓਦੋਂ ਤੱਕ ਖਾਲਿਸਤਾਨ ਦਾ ਕਿਸੇ ਨੇ ਨਾਂਅ ਨਹੀਂ ਸੀ ਸੁਣਿਆ। 'ਸਿੱਖ ਹੋਮਲੈਂਡ' ਵਾਲਾ ਨਾਅਰਾ ਪਹਿਲੀ ਵਾਰ ਲੱਗਾ ਸੀ ਤੇ ਇਹ ਲਛਮਣ ਸਿੰਘ ਗਿੱਲ ਦੀ ਅਗਵਾਈ ਵਾਲੀ ਸਰਕਾਰ ਟੁੱਟਣ ਪਿੱਛੋਂ ਓਸੇ ਡਾਕਟਰ ਜਗਜੀਤ ਸਿੰਘ ਚੌਹਾਨ ਨੇ ਲਾਇਆ ਸੀ। ਕਾਂਗਰਸੀ ਆਗੂ ਓਦੋਂ ਹੱਸਦੇ ਹੁੰਦੇ ਸਨ ਕਿ ਅਕਾਲੀ ਇਸ ਚਾਲ ਵਿੱਚ ਫਸ ਗਏ ਹਨ, ਪਰ ਹੁਣ ਅਕਾਲੀਆਂ ਨੂੰ ਓਸੇ ਨਾਅਰੇ ਲਈ ਦੋਸ਼ੀ ਠਹਿਰਾਉਂਦੇ ਅਤੇ ਆਪ ਸੈਕੂਲਰ ਬਣਨਾ ਚਾਹੁੰਦੇ ਹਨ। ਇਤਿਹਾਸ ਆਪਣੀ ਬੁੱਕਲ ਦੇ ਕਾਗਜ਼ ਕਦੇ ਫੂਕਦਾ ਨਹੀਂ ਹੁੰਦਾ, ਉਹ ਹਾਲੇ ਵੀ ਕਾਇਮ ਹਨ।
ਇੱਕ ਮਿਸਾਲ ਹੋਰ ਹੈ। ਕਈ ਸਾਲ ਪਹਿਲਾਂ ਇੱਕ ਵਾਰ ਆਜ਼ਾਦੀ ਦਿਨ ਮੌਕੇ ਜਦੋਂ ਅਸੀਂ ਵਿਦੇਸ਼ ਵਿੱਚ ਸਾਂ, ਭਾਰਤ ਦੇ ਦੂਤਘਰ ਵਿੱਚ ਉਸ ਦਿਨ ਕੀਤੇ ਜਾ ਰਹੇ ਸਮਾਗਮ ਦਾ ਸੱਦਾ ਕਿਸੇ ਨੇ ਦੇ ਦਿੱਤਾ। ਭਾਰਤ ਵਿੱਚ ਕਾਂਗਰਸੀ ਸਰਕਾਰ ਸੀ, ਪਰ ਸਮਾਗਮ ਪਿੱਛੋਂ ਖਾਣਾ ਖਾਂਦੇ ਸਮੇਂ ਉਸ ਦੂਤਘਰ ਦਾ ਸਭ ਤੋਂ ਵੱਡਾ ਅਧਿਕਾਰੀ ਦੇਸ਼ ਦੀ ਕਾਂਗਰਸੀ ਸਰਕਾਰ ਹੁੰਦਿਆਂ ਵੀ ਇੱਕ ਨਾ ਇੱਕ ਦਿਨ ਭਾਜਪਾ ਰਾਜ ਆਉਣ ਦੀ ਗੱਲ ਏਦਾਂ ਕਹੀ ਜਾਂਦਾ ਸੀ, ਜਿਵੇਂ ਭਾਜਪਾ ਆਗੂ ਕਹਿੰਦੇ ਸੁਣਦੇ ਸਨ। ਉਸ ਵੱਡੇ ਅਹਿਲਕਾਰ ਦਾ ਪੁੱਤਰ ਭਾਰਤ ਵਿੱਚ ਕਾਂਗਰਸ ਪਾਰਟੀ ਦਾ ਆਗੂ ਸੀ। ਫਿਰ ਉਹ ਰਾਜਦੂਤ ਵਾਪਸ ਆ ਕੇ ਖੁਦ ਭਾਜਪਾ ਦਾ ਆਗੂ ਜਾ ਬਣਿਆ ਤੇ ਪੁੱਤਰ ਕਾਂਗਰਸ ਨਾਲ ਜੁੜਿਆ ਰਿਹਾ। ਜਾਣਕਾਰ ਕਹਿੰਦੇ ਸਨ ਕਿ ਇਸ ਦਾ ਪੁੱਤਰ ਵੀ ਕਾਂਗਰਸੀ ਨਹੀਂ, ਕਾਂਗਰਸ ਦੇ ਵਿੱਚ ਭਾਜਪਾ ਦਾ ਸੈੱਲ ਹੈ। ਕੁਝ ਚਿਰ ਪਿੱਛੋਂ ਅਸੀਂ ਵੇਖਿਆ ਕਿ ਨਰਿੰਦਰ ਮੋਦੀ ਦੀ ਚੜ੍ਹਤ ਵੇਲੇ ਕਾਂਗਰਸ ਵਿੱਚੋਂ ਇਹੋ ਜਿਹੇ ਕਈ ਬੰਦੇ ਨਿਬੇੜੇ ਦੀ ਘੜੀ ਛੜੱਪਾ ਮਾਰ ਕੇ ਭਾਜਪਾ ਵਿੱਚ ਜਾ ਵੜੇ ਸਨ।
ਕੀ ਇਹ ਗੱਲ ਹੁਣ ਨਹੀਂ ਹੋ ਸਕਦੀ? ਅੱਜ ਦੀ ਕਾਂਗਰਸ ਵੀ ਕਿਹੜੀ ਕਿਸੇ ਜਵਾਹਰ ਲਾਲ ਨਹਿਰੂ ਦੀ ਅਗਵਾਈ ਹੇਠ ਚੱਲਦੀ ਹੈ, ਜਿਸ ਵਿੱਚ ਇਹੋ ਜਿਹੇ ਤੱਤਾਂ ਲਈ ਥਾਂ ਨਹੀਂ ਹੋਵੇਗੀ! ਏਦਾਂ ਲੱਗਦਾ ਹੈ ਕਿ ਕੁਝ ਤੱਤ ਖਾਸ ਮੌਕਾ ਚੁਣਦੇ ਤੇ ਕਾਂਗਰਸ ਲੀਡਰਸ਼ਿਪ ਦਾ ਭੱਠਾ ਬਿਠਾਉਣ ਲਈ ਏਦਾਂ ਦਾ ਪੈਂਤੜਾ ਵਰਤਦੇ ਹਨ ਕਿ ਪਾਰਟੀ ਨੂੰ ਆਪਣੇ ਬਚਾਅ ਵਾਸਤੇ ਦਲੀਲਾਂ ਨਹੀਂ ਲੱਭਦੀਆਂ। ਜਦੋਂ ਡੋਕਲਾਮ ਵਿੱਚ ਚੀਨ ਨਾਲ ਬੜੀ ਤਨਾਅ ਦੀ ਸਥਿਤੀ ਬਣੀ ਹੋਈ ਸੀ, ਓਦੋਂ ਭਾਰਤ ਵਿੱਚ ਚੀਨ ਦੇ ਰਾਜਦੂਤ ਨੂੰ ਰਾਹੁਲ ਗਾਂਧੀ ਮਿਲਣ ਚਲਾ ਗਿਆ। ਖਬਰ ਫੈਲ ਗਈ ਤਾਂ ਪਹਿਲਾਂ ਕਾਂਗਰਸ ਨੇ ਇਸ ਦਾ ਖੰਡਨ ਕਰ ਕੇ ਬਾਅਦ 'ਚ ਇਸ ਨੂੰ ਇੱਕ ਸਾਧਾਰਨ ਮਿਲਣੀ ਕਹਿ ਕੇ ਟਾਲਣ ਦੀ ਕੋਸ਼ਿਸ਼ ਕੀਤੀ। ਰਾਹੁਲ ਨੇ ਉਹ ਮੌਕਾ ਚੁਣਿਆ ਕਿਉਂ ਸੀ, ਇਹ ਮਿਲਣੀ ਇੱਕ ਮਹੀਨਾ ਪਹਿਲਾਂ ਜਾਂ ਇੱਕ ਮਹੀਨਾ ਮਗਰੋਂ ਕਿਉਂ ਨਹੀਂ ਸੀ ਹੋ ਸਕਦੀ? ਮਣੀ ਸ਼ੰਕਰ ਅਈਅਰ ਦੀ ਜਿਸ ਮੀਟਿੰਗ ਨੇ ਹੁਣ ਆਖਰੀ ਦਿਨਾਂ ਵਿੱਚ ਗੁਜਰਾਤ ਚੋਣਾਂ ਦਾ ਰਾਜਸੀ ਦ੍ਰਿਸ਼ ਸਾਜ਼ਿਸ਼ ਵਰਗਾ ਬਣਾਉਣ ਵਾਲਾ ਮੌਕਾ ਪੇਸ਼ ਕੀਤਾ, ਇਹ ਮੀਟਿੰਗ ਗੁਜਰਾਤ ਦੀਆਂ ਚੋਣਾਂ ਦੌਰਾਨ ਕਰਨ ਦੀ ਕੀ ਲੋੜ ਸੀ? ਕਮਾਲ ਦੀ ਗੱਲ ਹੈ ਕਿ ਉਸ ਮੀਟਿੰਗ ਵਿੱਚ ਜਿਹੜੇ ਲੋਕ ਗਏ, ਉਨ੍ਹਾਂ ਵਿੱਚ ਨਟਵਰ ਸਿੰਘ ਦਾ ਨਾਂਅ ਵੀ ਹੈ, ਜਿਹੜਾ ਕਦੀ ਦੇਸ਼ ਦਾ ਵਿਦੇਸ਼ ਮੰਤਰੀ ਹੁੰਦਾ ਸੀ ਤੇ ਇਰਾਕ ਨਾਲ ਅਨਾਜ ਬਦਲੇ ਤੇਲ ਦੇ ਸਕੈਂਡਲ ਵਿੱਚ ਫਸਣ ਪਿੱਛੋਂ ਅਹੁਦਾ ਛੱਡਣ ਨੂੰ ਮਜਬੂਰ ਹੋਇਆ ਸੀ। ਅਹੁਦਾ ਛੱਡਣ ਤੱਕ ਉਸ ਨੂੰ ਭਾਜਪਾ ਨੇ ਘੇਰੀ ਰੱਖਿਆ ਤੇ ਛੱਡਦੇ ਸਾਰ ਉਹ ਭਾਜਪਾ ਨਾਲ ਸੈਨਤ ਮਿਲਾ ਕੇ ਇੱਕ ਕਿਤਾਬ ਲਿਖਣ ਬੈਠ ਗਿਆ, ਜਿਸ ਵਿੱਚ ਨਹਿਰੂ-ਗਾਂਧੀ ਖਾਨਦਾਨ ਦੇ ਖਿਲਾਫ ਕਈ ਕੁਝ ਲਿਖ ਦਿੱਤਾ ਸੀ। ਇਸ ਕਿਤਾਬ ਵਿੱਚ ਸੰਭਲ ਕੇ ਕੁਝ ਲਿਖਣ ਲਈ ਉਸ ਨੂੰ ਮਨਾਉਣ ਵਾਸਤੇ ਸੋਨੀਆ ਗਾਂਧੀ ਤੇ ਰਾਹੁਲ ਦੋਵੇਂ ਮਾਂ-ਪੁੱਤਰ ਉਚੇਚੇ ਉਸ ਕੋਲ ਗਏ ਸਨ, ਪਰ ਉਹ ਮੰਨਿਆ ਨਹੀਂ ਸੀ ਅਤੇ ਨਾ ਮੰਨਣ ਬਦਲੇ ਅਗਲੀ ਵਾਰੀ ਰਾਜਸਥਾਨ ਵਿਧਾਨ ਸਭਾ ਚੋਣਾਂ ਵਿੱਚ ਉਸ ਦੇ ਪੁੱਤਰ ਜਗਤ ਨੂੰ ਭਾਜਪਾ ਨੇ ਟਿਕਟ ਦੇ ਕੇ ਵਿਧਾਇਕ ਬਣਵਾ ਦਿੱਤਾ ਸੀ। ਉਹ ਕਾਂਗਰਸੀ ਲੀਡਰ ਨਟਵਰ ਸਿੰਘ ਵੀ ਮਣੀ ਸ਼ੰਕਰ ਅਈਅਰ ਨੂੰ ਏਨਾ ਯੋਗ ਵਿਅਕਤੀ ਜਾਪਿਆ ਕਿ ਇਸ ਚਰਚਿਤ ਮੀਟਿੰਗ ਵਿੱਚ ਸੱਦ ਲਿਆ ਗਿਆ। ਇਹੋ ਜਿਹੇ ਕਈ ਕਿੱਸੇ ਗਿਣਾਏ ਜਾ ਸਕਦੇ ਹਨ, ਜਿਹੜੇ ਸਾਬਤ ਕਰਨਗੇ ਕਿ ਕਾਂਗਰਸ ਪਾਰਟੀ ਦੇ ਵੱਡੇ ਦੁਸ਼ਮਣ ਤਾਂ ਖੁਦ ਕਾਂਗਰਸੀ ਹਨ।
ਜਿਹੜਾ ਰੰਗ ਗੁਜਰਾਤ ਦੀਆਂ ਚੋਣਾਂ ਦੌਰਾਨ ਵੇਖਿਆ ਗਿਆ ਹੈ, ਇਹ ਸੁਲੱਖਣਾ ਨਹੀਂ ਸੀ। ਫਿਰ ਵੀ ਇਹ ਰੰਗ ਨਾ ਪਹਿਲੀ ਵਾਰ ਵੇਖਣ ਨੂੰ ਮਿਲਿਆ ਹੈ ਤੇ ਨਾ ਇਹ ਆਖਰੀ ਵਾਰੀ ਹੋਣਾ ਹੈ। ਆਮ ਗੱਲ ਸੁਣੀ ਜਾਂਦੀ ਰਹੀ ਕਿ ਗੁਜਰਾਤ ਦੇ ਲੋਕਾਂ ਨੇ ਫਿਰਕੂ ਤੇ ਸੈਕੂਲਰ ਧਿਰਾਂ ਵਿੱਚੋਂ ਕਿਸੇ ਇੱਕ ਨੂੰ ਚੁਣਨਾ ਹੈ, ਪਰ ਸੈਕੂਲਰ ਧਿਰਾਂ ਦੀ ਅਗਵਾਈ ਦੇ ਦਾਅਵੇ ਕਰ ਰਹੀ ਕਾਂਗਰਸ ਪਹਿਲਾਂ ਇੱਕ-ਸਾਰ ਸੈਕੂਲਰ ਬਣ ਕੇ ਤਾਂ ਵਿਖਾਵੇ। ਉਸ ਕਾਂਗਰਸ ਦਾ ਤਾਂ ਸਿਰਫ ਨਾਂਅ ਹੈ, ਜਿਹੜੀ ਕਦੇ ਸੈਕੂਲਰ ਵੀ ਹੁੰਦੀ ਸੀ ਤੇ ਕਿਸੇ ਪੈਂਤੜੇ ਵਾਲੀ ਵੀ, ਹੁਣ ਵਾਲੀ ਕਾਂਗਰਸ ਤਾਂ ਹੈ ਹੀ ਹੋਰ ਤਰ੍ਹਾਂ ਦੀ, ਜਿਸ ਦੇ ਲੀਡਰਾਂ ਦਾ ਭਰੋਸਾ ਕਰਨ ਵਾਸਤੇ ਨਾਲ ਤੁਰੇ ਜਾਂਦੇ ਲੋਕਾਂ ਨੂੰ ਵੀ ਸੌ ਵਾਰ ਸੋਚਣਾ ਪੈਂਦਾ ਹੈ। ਪੰਜਾਬੀ ਦਾ ਅਖਾਣ ਹੈ ਕਿ 'ਬੇਵਕੂਫ ਦੀ ਬਰਾਤੇ ਜਾਣ ਨਾਲੋਂ ਅਕਲਮੰਦ ਦੀ ਅਰਥੀ ਨਾਲ ਜਾਣਾ ਬਿਹਤਰ ਹੁੰਦਾ ਹੈ।' ਇਸ ਅਖਾਣ ਵਿੱਚ ਦਮ ਹੈ। ਕਾਂਗਰਸ ਪਾਰਟੀ ਇਸ ਵਕਤ 'ਬੇਵਕੂਫਾਂ ਦੀ ਬਰਾਤ' ਵਾਲੇ ਹਾਲਾਤ ਵਿੱਚ ਫਸੀ ਦਿਖਾਈ ਦੇਂਦੀ ਹੈ।
ਭਾਰਤ ਦੇਸ਼ ਅੱਜ ਜਿਹੜੀ ਜਿੱਲ੍ਹਣ ਵਿੱਚ ਫਸਿਆ ਪਿਆ ਹੈ, ਸਭ ਤੋਂ ਵੱਡੀ ਸੈਕੂਲਰ ਧਿਰ ਹੋਣ ਦੇ ਦਾਅਵੇ ਕਰਨ ਵਾਲੀ ਪਾਰਟੀ ਨੇ ਹੀ ਇਸ ਨੂੰ ਫਸਾਇਆ ਹੈ। ਇਹ ਹੁਣ ਵੀ ਬੁੱਕਲ ਵਿੱਚ ਨਹੀਂ ਝਾਕਦੀ। ਜਦੋਂ ਇਹ ਬੁੱਕਲ ਵਿੱਚ ਝਾਤੀ ਮਾਰਨ ਦੀ ਹਿੰਮਤ ਕਰੇਗੀ, ਫਿਰ ਇਸ ਨੂੰ ਕਈ ਭਬੀਖਣ ਆਪਣੇ ਵਿਹੜੇ ਵਿੱਚ ਨਜ਼ਰ ਆ ਜਾਣਗੇ। ਉਂਜ ਇਹ ਗੱਲ ਸਾਰਿਆਂ ਨੂੰ ਪਤਾ ਹੈ ਕਿ ਇਹ ਪਾਰਟੀ ਆਪਣੇ ਅੰਦਰਲੇ ਮਣੀ ਸ਼ੰਕਰਾਂ ਨੂੰ ਕੰਟਰੋਲ ਕਰਨ ਜੋਗੀ ਰਹੀ ਹੀ ਨਹੀਂ।

17 Dec 2017

ਹਸ਼ਰ ਦੀ ਵੰਨਗੀ ਹੈ ਲੋਕਤੰਤਰ ਵਿੱਚ ਲੋਕਾਂ ਦਾ ਸਿਰਫ ਬਹਿਸ ਦਾ ਮੁੱਦਾ ਬਣ ਕੇ ਰਹਿ ਜਾਣਾ - ਜਤਿੰਦਰ ਪਨੂੰ

ਮੈਨੂੰ ਇਹ ਮੰਨਣ ਵਿੱਚ ਕੋਈ ਝਿਜਕ ਨਹੀਂ ਕਿ ਖੇਡਾਂ ਤੇ ਫਿਲਮਾਂ ਵਿੱਚ ਸਾਰੀ ਉਮਰ ਬਹੁਤੀ ਦਿਲਚਸਪੀ ਨਹੀਂ ਸੀ ਰਹੀ, ਪਰ ਭਾਰਤੀ ਰਾਜਨੀਤੀ ਦੇ ਰਾਮ-ਰੌਲੇ ਨੇ ਮੈਨੂੰ ਖੇਡਾਂ ਵੇਖਣ ਲਾ ਦਿੱਤਾ ਹੈ। ਹੁਣ ਮੈਂ ਕਈ ਵਾਰ ਪੁਰਾਣਾ ਮੈਚ ਵੀ ਵੇਖੀ ਜਾਂਦਾ ਹਾਂ, ਇਸ ਕਰ ਕੇ ਨਹੀਂ ਕਿ ਉਸ ਨੂੰ ਵੇਖਣਾ ਚੰਗਾ ਲੱਗਦਾ ਹੈ, ਸਗੋਂ ਇੱਕ ਮਜਬੂਰੀ ਹੁੰਦੀ ਹੈ। ਸ਼ਾਮ ਦੇ ਵਕਤ ਜਦੋਂ ਸਾਰੇ ਮੀਡੀਆ ਚੈਨਲਾਂ ਉੱਤੇ ਰਾਜਸੀ ਮੁੱਦੇ ਚੁਣ ਕੇ ਵੱਖ-ਵੱਖ ਪਾਰਟੀਆਂ ਦੇ ਲੀਡਰਾਂ ਨੂੰ ਸੱਦ ਕੇ ਕੁੱਕੜਾਂ ਵਾਂਗ ਲੜਨ ਦਾ ਮੌਕਾ ਪੇਸ਼ ਕੀਤਾ ਜਾਂਦਾ ਹੈ, ਉਸ ਟਕਰਾਅ ਵਿੱਚ ਫਸ ਕੇ ਮਾਨਸਿਕ ਚੋਟਾਂ ਖਾਣ ਨਾਲੋਂ ਦਸ ਸਾਲ ਪੁਰਾਣਾ ਮੈਚ ਵੇਖਣਾ ਵੀ ਮਾੜਾ ਨਹੀਂ ਲੱਗਦਾ। ਉਨ੍ਹਾਂ ਸਿਆਸੀ ਲੀਡਰਾਂ ਦੀ ਬੋਲ-ਬਾਣੀ ਨਾਲ ਏਦਾਂ ਦਾ ਰੌਲਾ ਪੈਂਦਾ ਹੈ ਕਿ ਗਲੀ ਤੋਂ ਲੰਘ ਰਿਹਾ ਬੰਦਾ ਇਹ ਸੋਚ ਸਕਦਾ ਹੈ ਕਿ ਇਸ ਘਰ ਵਿੱਚ ਅੱਜ ਮੀਆਂ-ਬੀਵੀ ਆਪੋ ਵਿੱਚ ਲੜ ਪਏ ਹੋਣਗੇ। ਗਵਾਂਢ ਵੱਸਦੇ ਲੋਕ ਨਾ ਵੀ ਪੁੱਛਣ ਤਾਂ ਇਹ ਦੱਸਣ ਨੂੰ ਚਿੱਤ ਕਰਦਾ ਹੈ ਕਿ ਅਸੀਂ ਨਹੀਂ ਸੀ ਲੜੇ, ਸਿਆਸੀ ਲੀਡਰ ਚੁੰਝਾਂ ਭਿੜਾ ਰਹੇ ਸਨ।
ਸਾਡੇ ਪੰਜਾਬ ਵਿੱਚ ਇੱਕ ਉਹ ਸਮਾਂ ਹੁੰਦਾ ਸੀ, ਜਦੋਂ ਸਾਰੇ ਪਿੰਡ ਵਿੱਚ ਇੱਕ ਪੰਚਾਇਤੀ ਰੇਡੀਓ ਤੇ ਉਸ ਦੇ ਨਾਲ ਜੋੜਿਆ ਲਾਊਡ ਸਪੀਕਰ ਹੁੰਦਾ ਸੀ। ਪੰਜ ਬੈਂਡ ਦੇ ਉਸ ਰੇਡੀਓ ਦਾ ਏਰੀਅਲ ਕਿਸੇ ਲੰਮੇ ਢਾਂਗੇ ਨਾਲ ਬੰਨ੍ਹ ਕੇ ਕਿਸੇ ਉੱਚੇ ਦਰੱਖਤ ਦੀ ਉੱਚੀ ਟਾਹਣੀ ਨਾਲ ਬੰਨ੍ਹਿਆ ਜਾਂਦਾ ਸੀ, ਤਾਂ ਕਿ ਪ੍ਰੋਗਰਾਮ ਕੈਚ ਕਰਦਾ ਰਹੇ ਤੇ ਉਸ ਰੇਡੀਓ ਨਾਲ ਸ਼ਾਮ ਵੇਲੇ ਰੋਜ਼ ਆਕਾਸ਼ਵਾਣੀ ਦੇ ਦਿਹਾਤੀ ਦੇ ਪ੍ਰੋਗਰਾਮ ਵੇਲੇ ਲਾਊਡ ਸਪੀਕਰ ਜੋੜਿਆ ਜਾਂਦਾ ਸੀ। ਉਸ ਨੂੰ ਸਾਰਾ ਪਿੰਡ ਸੁਣਦਾ ਸੀ ਤੇ ਜਦੋਂ ਉਹ ਪ੍ਰੋਗਰਾਮ ਖਤਮ ਹੁੰਦਾ ਤਾਂ ਪਿੰਡ ਵਿੱਚ ਬੜੀ ਸ਼ਾਂਤੀ ਦਾ ਮਾਹੌਲ ਹੁੰਦਾ ਸੀ। ਘਰ-ਘਰ ਰੇਡੀਓ ਆਉਣ ਅਤੇ ਫਿਰ ਟੈਲੀਵੀਜ਼ਨ ਦੀ ਆਮਦ ਨੇ ਸਾਡੇ ਲੋਕਾਂ ਦੀ ਹੋਰਨਾਂ ਗੱਲਾਂ ਦੇ ਨਾਲ ਰਾਜਨੀਤੀ ਵਿੱਚ ਵੀ ਦਿਲਚਸਪੀ ਵਧਾ ਦਿੱਤੀ ਤੇ ਅਸੀਂ ਲੋਕ ਬੜੇ ਚਾਅ ਨਾਲ ਮੁੱਢਲੇ ਦਿਨਾਂ ਵਿੱਚ ਬਹਿਸਾਂ ਸੁਣਦੇ ਹੁੰਦੇ ਸਾਂ। ਹੁਣ ਨਾ ਉਹ ਬਹਿਸ ਦਾ ਪੱਧਰ ਰਿਹਾ ਹੈ ਤੇ ਨਾ ਓਦੋਂ ਦੀਆਂ ਬਹਿਸਾਂ ਵਿੱਚ ਸ਼ਾਮਲ ਹੋਣ ਵਾਲੇ ਲੋਕਾਂ ਵਾਲਾ ਸਾਊਪੁਣਾ ਦਿਖਾਈ ਦੇਂਦਾ ਹੈ। ਬਹਿਸ ਕਰਨ ਖਾਤਰ ਬਹਿਸ ਹੋਣ ਦਾ ਵੀ ਓਹਲਾ ਨਹੀਂ ਰੱਖਿਆ ਜਾਂਦਾ ਤੇ ਜਿਹੜੇ ਲੀਡਰ ਕੱਲ੍ਹ ਇੱਕ ਪਾਰਟੀ ਲਈ ਬੋਲਦੇ ਰਹੇ ਸਨ, ਉਹ ਅੱਜ ਦੂਸਰੀ ਪਾਰਟੀ ਵੱਲੋਂ ਆਪਣੀ ਮਾਂ-ਪਾਰਟੀ ਦਾ ਚੀਰ ਹਰਨ ਕਰਨ ਦੀ ਭੂਮਿਕਾ ਬੇਸ਼ਰਮ ਹਾਸਾ ਹੱਸ ਕੇ ਨਿਭਾਈ ਜਾਂਦੇ ਹਨ।
ਮਜ਼ੇ ਨਾਲ ਬਹਿਸਾਂ ਕਰਨ ਵਾਲੇ ਉਹ ਸਾਰੇ ਲੋਕ ਇਹ ਗੱਲ ਕਦੀ ਨਹੀਂ ਦੱਸਦੇ ਕਿ ਕੀ ਉਨ੍ਹਾਂ ਨੂੰ ਇਹ ਪਤਾ ਹੈ ਕਿ ਜਿਹੜਾ ਦੇਸ਼ ਉਨ੍ਹਾਂ ਦੀਆਂ ਇਨ੍ਹਾਂ ਬਹਿਸਾਂ ਵਿੱਚ ਵਾਰ-ਵਾਰ ਚੇਤੇ ਕੀਤਾ ਜਾਂਦਾ ਹੈ, ਉਸ ਦੇ ਆਮ ਲੋਕਾਂ ਦਾ ਜੀਵਨ, ਦੇਸ਼ ਦੀ ਧਰਤੀ ਹੇਠਲਾ ਪਾਣੀ ਅਤੇ ਇਸ ਵਿੱਚੋਂ ਉੱਗਦੀਆਂ ਫਸਲਾਂ ਪਹਿਲਾਂ ਵਰਗੀਆਂ ਨਹੀਂ ਰਹੀਆਂ। ਭਾਰਤ ਦੀ ਜ਼ਰਖੇਜ਼ ਜ਼ਮੀਨ ਵਿੱਚੋਂ ਹੁਣ ਜ਼ਿੰਦਗੀ ਦੇ ਰਸ ਨਾਲ ਭਰਪੂਰ ਉਹ ਅੰਨ ਪੈਦਾ ਨਹੀਂ ਹੁੰਦਾ, ਜਿਸ ਨੂੰ 'ਅੰਨ ਦੇਵਤਾ' ਕਿਹਾ ਜਾਂਦਾ ਸੀ, ਸਗੋਂ ਜ਼ਹਿਰ ਦੇ ਭੁਕਾਨੇ ਫੁੱਲਦੇ ਹਨ। ਡਾਕਟਰ ਕਹਿੰਦੇ ਹਨ ਕਿ ਗਾੜ੍ਹੇ ਨੀਲੇ ਰੰਗ ਵਾਲਾ ਬਤਾਊਂ ਨਾ ਖਾਇਓ, ਇਹ ਬਤਾਊਂ ਦੇ ਛਿਲਕੇ ਅੰਦਰ ਨਿਰਾ ਜ਼ਹਿਰ ਹੈ। ਕੁਦਰਤੀ ਜਣੇਪੇ ਵਾਲੀ ਗਾਂ ਜਾਂ ਮੱਝ ਦਾ ਦੁੱਧ ਨਹੀਂ, ਸਗੋਂ ਟੀਕੇ ਲਾ ਕੇ ਕੱਢਿਆ ਦੁੱਧ ਹੋ ਸਕਦਾ ਹੈ ਤੇ ਮੱਛੀ ਉਸ ਪਾਣੀ ਵਾਲੀ ਹੋ ਸਕਦੀ ਹੈ, ਜਿਸ ਵਿੱਚ ਲੁਧਿਆਣੇ ਦੇ ਸੀਵਰਾਂ ਦਾ ਮਲ-ਮੂਤਰ ਵੀ ਘੁਲਿਆ ਹੁੰਦਾ ਹੈ ਤੇ ਕਾਰਖਾਨਿਆਂ ਦਾ ਕੈਮੀਕਲ ਵੀ ਓਸੇ ਵਿੱਚ ਡਿੱਗਦਾ ਹੈ। ਨਤੀਜਾ ਵੇਖਣ ਦਾ ਚਾਅ ਹੋਵੇ ਤਾਂ ਲੁਧਿਆਣੇ ਦੇ ਹੇਠਾਂ ਨੂੰ ਹੰਭੜਾਂ ਤੋਂ ਸਿੱਧਵਾਂ ਬੇਟ ਤੱਕ ਪਿੰਡਾਂ ਦਾ ਗੇੜਾ ਮਾਰ ਲਿਆ ਕਾਫੀ ਹੈ, ਜਿੱਥੇ ਲੋਕਾਂ ਦੇ ਸਰੀਰਾਂ ਦੀ ਚਮੜੀ ਇਸ ਪਾਣੀ ਦੀ ਮਾਰ ਹੇਠ ਆ ਕੇ ਬਦਰੰਗ ਹੋਈ ਜਾਂਦੀ ਹੈ। ਕਿਸੇ ਆਗੂ ਨੇ ਕਦੇ ਇਸ ਦੀ ਜ਼ਿੰਮੇਵਾਰੀ ਨਹੀਂ ਲਈ। ਜ਼ਿੰਮੇਵਾਰੀ ਤਾਂ ਦੂਰ ਦੀ ਗੱਲ, ਇਸ ਦੀ ਚਿੰਤਾ ਵੀ ਨਹੀਂ ਕੀਤੀ। ਉਹ ਉਨ੍ਹਾਂ ਮੁੱਦਿਆਂ ਬਾਰੇ ਬੋਲਦੇ ਹਨ, ਜਿਨ੍ਹਾਂ ਦਾ ਸੰਬੰਧ ਕੁਰਸੀਆਂ ਛੁਡਾਉਣ ਜਾਂ ਬਚਾਉਣ ਨਾਲ ਹੁੰਦਾ ਹੈ, ਪਰ ਕੁਰਸੀਆਂ ਬਖਸ਼ਣ ਵਾਲੇ ਲੋਕਾਂ ਦੀ ਜ਼ਿੰਦਗੀ ਨਾਲ ਕੋਈ ਸੰਬੰਧ ਨਹੀਂ ਹੁੰਦਾ।
ਭਾਰਤ, ਅਤੇ ਇਸ ਦਾ ਇੱਕ ਰਾਜ ਹੁੰਦੇ ਹੋਏ ਪੰਜਾਬ, ਵੀ ਇਸ ਵਕਤ 'ਅੰਧੇਰ ਨਗਰੀ, ਚੌਪਟ ਰਾਜਾ' ਦੇ ਹਾਲਾਤ ਨੂੰ ਹੰਢਾ ਰਿਹਾ ਹੈ। ਹੁਣੇ ਜਿਹੇ ਰਾਜਧਾਨੀ ਦਿੱਲੀ ਨਾਲ ਜੁੜਦੇ ਪੁਰਾਣੇ ਗੁੜਗਾਉਂ ਅਤੇ ਨਵੇਂ ਗੁਰੂ-ਗ੍ਰਾਮ ਸ਼ਹਿਰ ਦੇ ਨਾਮਣੇ ਵਾਲੇ ਹਸਪਤਾਲ ਦੀ ਖਬਰ ਨੇ ਸਾਨੂੰ ਹੈਰਾਨ ਕੀਤਾ ਹੈ। ਇੱਕ ਬੱਚੀ ਪੰਦਰਾਂ ਦਿਨ ਬੀਮਾਰ ਰਹਿ ਕੇ ਮਰ ਗਈ। ਹਸਪਤਾਲ ਦੇ ਪ੍ਰਬੰਧਕਾਂ ਨੇ ਲਾਸ਼ ਚੁੱਕਣ ਤੋਂ ਪਹਿਲਾਂ ਅਠਾਰਾਂ ਲੱਖ ਰੁਪਏ ਦਾ ਬਿੱਲ ਭਰਨ ਨੂੰ ਕਹਿ ਦਿੱਤਾ। ਬਿੱਲ ਵਿੱਚ ਦਰਜ ਮੱਦਾਂ ਦਾ ਜ਼ਿਕਰ ਹਾਈ ਕੋਰਟ ਦੇ ਜੱਜ ਸਾਹਿਬਾਨ ਨੂੰ ਵੀ ਹੈਰਾਨ ਕਰਨ ਵਾਲਾ ਸੀ। ਪੰਦਰਾਂ ਦਿਨਾਂ ਵਿੱਚ ਉਸ ਬੱਚੀ ਦਾ ਇਲਾਜ ਕਰਨ ਵਾਸਤੇ ਸਤਾਈ ਸੌ ਗਲੱਵਜ਼ (ਹੱਥਾਂ ਦੇ ਦਸਤਾਨੇ) ਵਰਤੇ ਗਏ ਦੱਸ ਕੇ ਕੀਮਤ ਮੰਗੀ ਗਈ ਸੀ। ਇਸ ਦਾ ਅਰਥ ਹੈ ਕਿ ਰੋਜ਼ ਦੇ ਇੱਕ ਸੌ ਅੱਸੀ ਦਸਤਾਨੇ ਇੱਕ ਬੱਚੀ ਦੇ ਇਲਾਜ ਲਈ ਲੱਗਦੇ ਸਨ। ਏਡੀ ਗੱਪ ਮੰਨਣੀ ਔਖੀ ਹੈ। ਇਹੋ ਨਹੀਂ, ਬਿੱਲ ਵਿੱਚ ਉਸ ਬੱਚੀ ਦੇ ਇਲਾਜ ਲਈ ਚੁਤਾਲੀ ਸਰਿੰਜਾਂ ਰੋਜ਼ ਵਰਤਣ ਦਾ ਵੀ ਜ਼ਿਕਰ ਕੀਤਾ ਹੈ। ਹਰ ਘੰਟੇ ਇੱਕ ਟੀਕਾ ਵੀ ਲਾਇਆ ਜਾਂਦਾ ਹੋਵੇ ਤਾਂ ਦਿਨ-ਰਾਤ ਵਿੱਚ ਬੱਚੀ ਨੂੰ ਚੌਵੀ ਟੀਕੇ ਲੱਗਦੇ ਹੋਣਗੇ। ਰੋਜ਼ ਦੇ ਚੁਤਾਲੀ ਟੀਕੇ ਲਾਉਣ ਦੀ ਗੱਲ ਸੁਣ ਕੇ ਕੋਈ ਵੀ ਸਿਰ ਫੜ ਕੇ ਬੈਠ ਸਕਦਾ ਹੈ, ਪਰ ਇੱਕ ਵੀ ਆਗੂ ਇਸ ਬਾਰੇ ਨਹੀਂ ਬੋਲ ਸਕਿਆ।
ਕਿਸਾਨ ਖੁਦਕੁਸ਼ੀਆਂ ਕਰਦੇ ਹਨ, ਤੇ ਮਜ਼ਦੂਰ ਵੀ ਕਰੀ ਜਾ ਰਹੇ ਹਨ, ਪਰ ਕਦੇ ਕੋਈ ਆਗੂ ਇਨ੍ਹਾਂ ਖੁਦਕੁਸ਼ੀਆਂ ਦੀ 'ਲੋੜ' ਤੋਂ ਵੱਧ ਚਰਚਾ ਨਹੀਂ ਕਰਦਾ। ਲੋੜ ਜੋਗੀ ਚਰਚਾ ਇਹ ਹੈ ਕਿ ਜਦੋਂ ਕਦੀ ਇਸ ਬਾਰੇ ਸਵਾਲ ਪੁੱਛਿਆ ਜਾਵੇ ਜਾਂ ਖੁਦ ਪੁੱਛਣਾ ਹੋਵੇ ਤਾਂ ਕਿਹਾ ਜਾਂਦਾ ਹੈ ਕਿ ਸਾਡੀ ਸਰਕਾਰ ਵਾਲੇ ਰਾਜਾਂ ਵਿੱਚ ਘੱਟ ਖੁਦਕੁਸ਼ੀਆਂ ਹੁੰਦੀਆਂ ਹਨ। ਕਹਿਣ ਦਾ ਮਤਲਬ ਇਹ ਜਾਪਦਾ ਹੈ ਕਿ ਮੇਰੀ ਕਮੀਜ਼ ਤੇਰੇ ਵਾਲੀ ਤੋਂ ਘੱਟ ਗੰਦੀ ਹੈ, ਪਰ ਇਸ ਵਿੱਚ ਇਹ ਗੱਲ ਮੰਨੀ ਜਾਂਦੀ ਹੈ ਕਿ ਕਮੀਜ਼ ਘੱਟ ਜਾਂ ਵੱਧ ਸਹੀ, ਗੰਦੀ ਦੋਵਾਂ ਦੀ ਹੈ, ਸਾਫ ਪੱਲਾ ਕਿਸੇ ਇੱਕ ਦਾ ਵੀ ਨਹੀਂ। ਲੋਕਤੰਤਰ ਦਾ ਮਤਲਬ ਲੋਕਾਂ ਦੇ ਭਲੇ ਦਾ ਤੰਤਰ ਹੁੰਦਾ ਹੈ ਤੇ ਇਸ ਦੇ ਅਸਲ ਅਰਥ ਫੋਲੇ ਜਾਣ ਤਾਂ ਜਿਸ ਰਾਜ ਵਿੱਚ ਇੱਕ ਵੀ ਇਨਸਾਨ ਦੀ ਹਾਲਤ ਇਹ ਹੋ ਜਾਵੇ ਕਿ ਉਹ ਜਿਊਣ ਨਾਲੋਂ ਮਰਨ ਨੂੰ ਪਹਿਲ ਦੇਣਾ ਠੀਕ ਸਮਝੇ, ਉਹ ਰਾਜ ਹੋਰ ਕੁਝ ਵੀ ਹੋਵੇ, ਉਸ ਨੂੰ ਲੋਕਤੰਤਰ ਕਹਿਣਾ ਇੱਕ ਭੱਦਾ ਮਜ਼ਾਕ ਜਾਪਦਾ ਹੈ। ਇਹ ਭੱਦਾ ਮਜ਼ਾਕ ਸਾਡੇ ਨਾਲ ਰੋਜ਼ ਹੁੰਦਾ ਹੈ। ਅਸੀਂ ਪਿੰਡਾਂ ਤੋਂ ਆਏ ਲੋਕ ਹਾਂ, ਜਿੱਥੇ ਅਣਿਆਈ ਕਹੀ ਜਾਣ ਵਾਲੀ ਇੱਕ ਵੀ ਮੌਤ ਹੋ ਜਾਵੇ ਤਾਂ ਸਾਰੇ ਪਿੰਡ ਵਿੱਚ ਚੁੱਲ੍ਹਾ ਨਹੀਂ ਸੀ ਬਲਦਾ। ਉਸ ਲਿਹਾਜ ਨਾਲ ਵੇਖਿਆ ਜਾਵੇ ਤਾਂ ਘੱਟ ਖੁਦਕੁਸ਼ੀਆਂ ਹੋਣ ਜਾਂ ਵੱਧ, ਜਿਹੜੇ ਆਗੂ ਦੇ ਰਾਜ ਦੌਰਾਨ ਇੱਕ ਵਿਅਕਤੀ ਦੀ ਖੁਦਕੁਸ਼ੀ ਦੀ ਖਬਰ ਵੀ ਆ ਜਾਵੇ, ਰਾਤ ਨੂੰ ਉਸ ਦੇ ਸੰਘੋਂ ਬੁਰਕੀ ਨਹੀਂ ਲੰਘਣੀ ਚਾਹੀਦੀ। ਭਾਰਤ ਦੇ ਸਿਆਸੀ ਆਗੂ ਮੋਟੀ ਚਮੜੀ ਵਾਲੇ ਹਨ, ਇਹ ਏਦਾਂ ਦੀ ਸਸਤੀ ਭਾਵੁਕਤਾ ਦਾ ਸ਼ਿਕਾਰ ਨਹੀਂ ਹੁੰਦੇ। ਉਨ੍ਹਾਂ ਲਈ ਮਰ ਰਿਹਾ ਬੰਦਾ ਵੀ ਸਿਆਸੀ ਲੜਾਈ ਦਾ, ਤੇ ਜਦੋਂ ਸਿਆਸੀ ਲੜਾਈ ਨਹੀਂ ਹੋ ਰਹੀ ਹੁੰਦੀ, ਉਸ ਵੇਲੇ ਗਰਮਾ-ਗਰਮ ਬਹਿਸ ਕਰਨ ਦਾ ਮੁੱਦਾ ਹੁੰਦਾ ਹੈ, ਸਿਰਫ ਇੱਕ ਮੁੱਦਾ ਹੀ। ਇਹ ਵੀ ਤਾਂ ਇੱਕ ਵੰਨਗੀ ਹੈ ਲੋਕਤੰਤਰ ਵਿੱਚ ਲੋਕਾਂ ਦੇ ਹਸ਼ਰ ਦੀ।

03 Dec 2017

ਦਿਆਲ ਸਿੰਘ ਕਾਲਜ ਦਾ ਨਾਂਅ ਬਦਲਣ ਦੇ ਬਹਾਨੇ ਕਿਸੇ ਨਵੀਂ ਖੇਡ ਦੀ ਸ਼ੁਰੂਆਤ - ਜਤਿੰਦਰ ਪਨੂੰ

ਦਿੱਲੀ ਦੇ ਦਿਆਲ ਸਿੰਘ ਕਾਲਜ ਦਾ ਨਾਂਅ ਬਦਲ ਕੇ 'ਵੰਦੇ ਮਾਤਰਮ' ਕਾਲਜ ਰੱਖਣ ਦਾ ਫੈਸਲਾ ਕਰਨ ਦੇ ਖਿਲਾਫ ਦਿੱਲੀ ਦੇ ਕੁਝ ਸਿੱਖ ਆਗੂਆਂ ਨੇ ਖੜੇ ਪੈਰ ਵਿਰੋਧ ਪ੍ਰਗਟ ਕਰ ਦਿੱਤਾ। ਇਨ੍ਹਾਂ ਵਿੱਚ ਇੱਕ ਨਾਂਅ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਮਨਜਿੰਦਰ ਸਿੰਘ ਦਾ ਹੈ, ਜਿਸ ਨੇ ਹੁਣ ਇਸ ਕਾਲਜ ਦੀ ਕਮੇਟੀ ਦੇ ਪ੍ਰਧਾਨ ਵਿਰੁੱਧ ਦਿੱਲੀ ਪੁਲਸ ਕੋਲ ਬਾਕਾਇਦਾ ਸ਼ਿਕਾਇਤ ਵੀ ਲਿਖਵਾ ਦਿੱਤੀ ਹੈ। ਇਸ ਪਿੱਛੋਂ ਪ੍ਰਬੰਧਕੀ ਕਮੇਟੀ ਨੇ ਹੋਰ ਵੀ ਕਰੜਾ ਸਟੈਂਡ ਲੈ ਲਿਆ ਹੈ ਕਿ ਬਦਲ ਦਿੱਤਾ ਤਾਂ ਬਦਲ ਦਿੱਤਾ, ਇਸ ਤੋਂ ਪਿੱਛੇ ਹਟਣ ਦਾ ਕੋਈ ਸਵਾਲ ਨਹੀਂ। ਮਨਜਿੰਦਰ ਸਿੰਘ ਸਿਰਸਾ ਦੇ ਬਾਅਦ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ ਕੇ ਅਤੇ ਕੁਝ ਹੋਰ ਲੋਕ ਇਸ ਤਬਦੀਲੀ ਦੇ ਖਿਲਾਫ ਚੁੱਪ ਤੋੜਨ ਲਈ ਸਾਹਮਣੇ ਆਏ ਹਨ। ਸਾਬਕਾ ਪਾਰਲੀਮੈਂਟ ਮੈਂਬਰ ਤਰਲੋਚਨ ਸਿੰਘ ਦੀ ਜਿਹੜੀ ਤਿੱਖੀ ਆਵਾਜ਼ ਪਹਿਲੇ ਦਿਨ ਸੁਣੀਂਦੀ ਸੀ, ਉਹ ਉਸ ਦੇ ਬਾਅਦ ਓਨੀ ਤਿੱਖੀ ਨਹੀਂ ਰਹੀ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਇਸ ਕਾਲਜ ਦਾ ਨਾਂਅ ਬਦਲਣ ਦਾ ਕਾਫੀ ਤਿੱਖਾ ਵਿਰੋਧ ਕੀਤਾ, ਪਰ ਹੈਰਾਨੀ ਦੀ ਗੱਲ ਹੈ ਕਿ ਸੁਖਬੀਰ ਸਿੰਘ ਬਾਦਲ ਦਾ ਬਿਆਨ ਓਦੋਂ ਆਇਆ, ਜਦੋਂ ਇਸ ਵਿਵਾਦ ਨੂੰ ਇੱਕ ਹਫਤੇ ਦੇ ਕਰੀਬ ਹੋ ਗਿਆ। ਏਨਾ ਕੁਵੇਲਾ ਕਰ ਕੇ ਚੁੱਪ ਤੋੜੇ ਜਾਣ ਨਾਲ ਆਮ ਲੋਕਾਂ ਵਿੱਚ ਇਹ ਪ੍ਰਭਾਵ ਬਣਿਆ ਕਿ ਭਾਜਪਾ ਲੀਡਰਸ਼ਿਪ ਦੀ ਕੌੜੀ ਅੱਖ ਤੋਂ ਡਰਦਾ ਹੋਣ ਕਾਰਨ ਉਹ ਏਨੇ ਦਿਨਾਂ ਤੱਕ ਝਿਜਕਦਾ ਰਿਹਾ ਸੀ ਤੇ ਓਦੋਂ ਬੋਲਿਆ ਹੈ, ਜਦੋਂ ਹੋਰ ਕੋਈ ਰਾਹ ਨਹੀਂ ਸੀ ਰਹਿ ਗਿਆ।
ਮਨਜਿੰਦਰ ਸਿੰਘ ਸਿਰਸਾ ਦੀ ਇੱਕ ਮੀਡੀਆ ਚੈਨਲ ਉੱਤੇ ਇਸ ਕਾਲਜ ਦੀ ਪ੍ਰਬੰਧਕ ਕਮੇਟੀ ਦੇ ਮੁਖੀ ਨਾਲ ਚੋਖੀ ਕੌੜੀ ਝੜਪ ਵੀ ਹੋ ਗਈ। ਫਿਰ ਜੋ ਹੁੰਦਾ ਰਹਿੰਦਾ ਹੈ, ਉਹ ਸਿਰਸਾ ਨਾਲ ਵੀ ਹੋ ਗਿਆ। ਅੱਜ-ਕੱਲ੍ਹ ਇਸ ਦੇਸ਼ ਦੀ ਬਹੁ-ਗਿਣਤੀ ਆਬਾਦੀ ਦੇ ਜਜ਼ਬਾਤ ਭੜਕਾ ਕੇ ਰਾਜਨੀਤੀ ਕਰਨ ਵਾਲਿਆਂ ਦਾ ਮਨ-ਭਾਉਂਦਾ ਪੈਂਤੜਾ ਇਹੋ ਹੈ ਕਿ ਜਿਸ ਬੰਦੇ ਨਾਲ ਸੁਰ ਨਹੀਂ ਮਿਲਦੀ, ਉਸ ਨੂੰ ਜਾਂ ਕਹਿ ਦਿਓ ਕਿ ਉਹ ਪਾਕਿਸਤਾਨ ਚਲਾ ਜਾਵੇ ਜਾਂ ਫਿਰ ਧਮਕੀ ਦੇ ਦਿਓ ਕਿ ਤੇਰੇ ਵਰਗਿਆਂ ਨੂੰ ਪਾਕਿਸਤਾਨ ਧੱਕ ਦਿੱਤਾ ਜਾਵੇਗਾ। ਜਦੋਂ ਪੰਜਾਬੀ ਸੂਬਾ ਲਹਿਰ ਚੱਲਦੀ ਸੀ, ਉਸ ਲਹਿਰ ਦਾ ਵਿਰੋਧ ਕਰਨ ਵਾਲੇ ਟੋਲਿਆਂ ਲਈ ਮਨ-ਭਾਉਂਦਾ ਨਾਹਰਾ ਹੁੰਦਾ ਸੀ, 'ਕੱਛ ਕੜਾ ਕ੍ਰਿਪਾਨ, ਧੱਕ ਦਿਆਂਗੇ ਪਾਕਿਸਤਾਨ'। ਕਈ ਸਾਲਾਂ ਤੋਂ ਇਹ ਨਾਹਰਾ ਨਹੀਂ ਸੀ ਸੁਣਿਆ ਗਿਆ ਤੇ ਅਸੀਂ ਇਸ ਗੱਲੋਂ ਖੁਸ਼ ਸਾਂ ਕਿ ਘੱਟੋ-ਘੱਟ ਏਦਾਂ ਦੀ ਬਦ-ਮਜ਼ਗੀ ਹੁਣ ਨਹੀਂ ਹੋ ਰਹੀ। ਇਸ ਵਾਰੀ ਦਿੱਲੀ ਵਾਲੇ ਇਸ ਵਿਵਾਦ ਵਿੱਚ ਮਨਜਿੰਦਰ ਸਿੰਘ ਸਿਰਸਾ ਨਾਲ ਜੋ ਹੋਇਆ, ਉਹ ਪੰਜਾਬੀ ਸੂਬੇ ਵਾਲੇ ਉਨ੍ਹਾਂ ਦਿਨਾਂ ਦੇ ਨਾਹਰੇ ਦਾ ਚੇਤਾ ਕਰਾਉਣ ਲਈ ਕਾਫੀ ਹੈ। ਬਹੁ-ਗਿਣਤੀ ਦੀ ਫਿਰਕਾ ਪ੍ਰਸਤੀ ਦਾ ਜਨੂੰਨ ਇਸ ਹੱਦ ਤੱਕ ਚਲਾ ਗਿਆ ਹੈ ਕਿ ਭਾਜਪਾ ਦੀ ਟਿਕਟ ਉੱਤੇ ਵਿਧਾਇਕ ਬਣੇ ਹੋਏ ਅਕਾਲੀ ਆਗੂ ਸਿਰਸਾ ਨੂੰ ਵੀ ਨਹੀਂ ਬਖਸ਼ਿਆ।
ਜੀ ਹਾਂ, ਇਹ ਹੱਦੋਂ ਵੱਧ ਮਾੜਾ ਰਿਵਾਜ ਪੈ ਰਿਹਾ ਹੈ ਕਿ ਜਿਸ ਕਿਸੇ ਦੀ ਗੱਲ ਬਰਦਾਸ਼ਤ ਨਾ ਹੁੰਦੀ ਹੋਵੇ, ਝੱਟ ਉਸ ਨੂੰ 'ਪਾਕਿਸਤਾਨ ਚਲਾ ਜਾਹ' ਜਾਂ ਫਿਰ 'ਤੈਨੂੰ ਪਾਕਿਸਤਾਨ ਭੇਜ ਦਿਆਂਗੇ' ਆਖਣ ਨੂੰ ਦੇਰ ਨਹੀਂ ਲਾਈ ਜਾਂਦੀ। ਭਾਰਤ ਦੀ ਜਿਸ ਮਿੱਟੀ ਵਿੱਚ ਇਹ ਲੋਕ ਪਲ਼ੇ ਹਨ, ਦੂਸਰੇ ਵੀ ਓਸੇ ਵਿੱਚ ਪਲ਼ੇ ਅਤੇ ਪ੍ਰਵਾਨ ਚੜ੍ਹੇ ਹਨ। ਭਾਰਤ ਕਿਸੇ ਇੱਕ ਸਿਆਸੀ ਪਾਰਟੀ ਜਾਂ ਕਿਸੇ ਇੱਕ ਧਰਮ ਨਾਲ ਜੁੜੇ ਹੋਏ ਲੋਕਾਂ ਦੀ ਜਾਗੀਰ ਨਹੀਂ, ਸਾਰੇ ਭਾਰਤੀਆਂ ਦਾ ਹੈ ਤੇ ਅੱਜ ਦੇ ਪੜਾਅ ਤੱਕ ਜਿਹੜਾ ਪੈਂਡਾ ਇਸ ਨੇ ਤੈਅ ਕੀਤਾ ਹੈ, ਉਸ ਵਿੱਚ ਇਨ੍ਹਾਂ ਸਾਰੇ ਧਰਮਾਂ ਦੇ ਲੋਕਾਂ ਦਾ ਯੋਗਦਾਨ ਹੈ। ਆਜ਼ਾਦੀ ਲੈਣ ਦੇ ਲਈ ਜਿਹੜੀ ਲੜਾਈ ਲੜੀ ਗਈ, ਉਸ ਵਿੱਚ ਭਗਤ ਸਿੰਘ ਦੇ ਨਾਲ ਫਾਂਸੀ ਦਾ ਰੱਸਾ ਚੁੰਮਣ ਵਾਲਿਆਂ ਵਿੱਚ ਰਾਜਗੁਰੂ ਅਤੇ ਸੁਖਦੇਵ ਸਨ ਤਾਂ ਕਾਕੋਰੀ ਕੇਸ ਵਿੱਚ ਉਨ੍ਹਾਂ ਵਾਂਗ ਅਸ਼ਫਾਕ ਉੱਲਾ ਖਾਨ ਨੇ ਫਾਂਸੀ ਦਾ ਝੂਟਾ ਲਿਆ ਸੀ। ਜਦੋਂ ਦੇਸ਼ ਆਜ਼ਾਦ ਹੋ ਗਿਆ ਤਾਂ ਆਜ਼ਾਦੀ ਦੀ ਰਾਖੀ ਲਈ ਕੁਰਬਾਨੀ ਕਰਨ ਵਾਲਿਆਂ ਵਿੱਚ ਵੀ ਸਭ ਧਰਮਾਂ ਦੇ ਲੋਕ ਸ਼ਾਮਲ ਸਨ। ਆਜ਼ਾਦੀ ਮਿਲੀ ਨੂੰ ਅਜੇ ਚੰਦ ਹਫਤੇ ਗੁਜ਼ਰੇ ਸਨ, ਜਦੋਂ ਪਾਕਿਸਤਾਨ ਸਰਕਾਰ ਨੇ ਕਬਾਇਲੀ ਲੋਕਾਂ ਦਾ ਭੇਸ ਬਣਾ ਕੇ ਆਪਣੀ ਫੌਜ ਕਸ਼ਮੀਰ ਘਾਟੀ ਵਿੱਚ ਵਾੜ ਦਿੱਤੀ ਸੀ। ਓਦੋਂ ਤੱਕ ਕਸ਼ਮੀਰ ਦਾ ਰਾਜਾ ਦੋ ਦੇਸ਼ਾਂ ਵਿਚਾਲੇ ਆਜ਼ਾਦ ਰਹਿ ਕੇ ਠਾਠ ਮਾਣਨ ਦੇ ਸੁਫਨੇ ਲੈ ਰਿਹਾ ਸੀ, ਪਰ ਪਾਕਿਸਤਾਨੀ ਫੌਜ ਦੀ ਚੜ੍ਹਤ ਵੇਖ ਕੇ ਉਸ ਨੇ ਭਾਰਤ ਵਿੱਚ ਰਲਣ ਦੀ ਸਹਿਮਤੀ ਦੇ ਦਿੱਤੀ ਤੇ ਇਸ ਮਗਰੋਂ ਭਾਰਤੀ ਫੌਜ ਓਥੇ ਭੇਜੀ ਗਈ ਸੀ। ਹਮਲਾ ਇਸਲਾਮ ਦੇ ਨਾਂਅ ਉੱਤੇ ਨਵੇਂ ਬਣੇ ਹੋਏ ਦੇਸ਼ ਪਾਕਿਸਤਾਨ ਨੇ ਕੀਤਾ ਸੀ, ਪਰ ਉਸ ਨੂੰ ਠੱਲ੍ਹਣ ਲਈ ਪਹਿਲੇ ਪੜਾਅ ਉੱਤੇ ਜਿਹੜੇ ਲੋਕਾਂ ਨੇ ਜਾਨਾਂ ਵਾਰੀਆਂ ਸਨ, ਉਨ੍ਹਾਂ ਵਿੱਚ ਇੱਕ ਨਾਂਅ ਬ੍ਰਿਗੇਡੀਅਰ ਉਸਮਾਨ ਅਲੀ ਦਾ ਸੀ, ਜਿਸ ਨੂੰ ਮਰਨ ਪਿੱਛੋਂ ਮਹਾਂਵੀਰ ਚੱਕਰ ਦਿੱਤਾ ਗਿਆ ਸੀ। ਅਗਲੀ ਜੰਗ ਦੇ ਦੌਰਾਨ ਖੇਮਕਰਨ ਸੈਕਟਰ ਵਿੱਚ ਪਾਕਿਸਤਾਨ ਦੇ ਕਈ ਟੈਂਕ ਤੋੜਨ ਦੇ ਬਾਅਦ ਹਵਾਲਦਾਰ ਅਬਦੁਲ ਹਮੀਦ ਨੇ ਬਹਾਦਰੀ ਨਾਲ ਲੜਦਿਆਂ ਸ਼ਹੀਦੀ ਪਾਈ ਸੀ ਤੇ ਸਭ ਤੋਂ ਵੱਡਾ ਸਨਮਾਨ ਪਰਮਵੀਰ ਚੱਕਰ ਮਰਨ ਪਿੱਛੋਂ ਉਸ ਬਹਾਦਰ ਦੇ ਨਾਂਅ ਐਲਾਨ ਕੀਤਾ ਗਿਆ ਸੀ। ਤੀਸਰੀ ਜੰਗ ਮੌਕੇ ਪਾਕਿਸਤਾਨ ਖਿਲਾਫ ਲੜਦਿਆਂ ਪੰਜਾਬ ਦੇ ਨਿਰਮਲਜੀਤ ਸਿੰਘ ਸੇਖੋਂ ਨੇ ਦੇਸ਼ ਲਈ ਜਾਨ ਵਾਰੀ ਸੀ। ਉਨ੍ਹਾਂ ਸਾਰਿਆਂ ਦੀ ਕੁਰਬਾਨੀ ਕਿਸੇ ਪੱਖੋਂ ਊਣੀ-ਪੌਣੀ ਨਹੀਂ, ਸਗੋਂ ਦੂਣ-ਸਵਾਈ ਸੀ।
ਅਸੀਂ ਪਿਛਲੇ ਦਿਨਾਂ ਤੋਂ ਇੱਕ ਜਾਂ ਦੂਸਰੇ ਬਹਾਨੇ ਹੇਠ ਇੱਕ ਫਿਰਕੂ ਉਬਾਲ ਉੱਠਦਾ ਵੇਖਦੇ ਪਏ ਹਾਂ। ਇਸ ਵੇਲੇ ਦਿੱਲੀ ਵਿੱਚ ਦਿਆਲ ਸਿੰਘ ਕਾਲਜ ਦਾ ਨਾਂਅ ਬਦਲਣ ਦੇ ਬਹਾਨੇ ਏਸੇ ਖੇਡ ਦੀ ਸ਼ੁਰੂਆਤ ਕੀਤੀ ਗਈ ਹੈ। ਦਿਆਲ ਸਿੰਘ ਕਾਲਜ ਦੇ ਬਾਅਦ ਗੱਲ ਰੁਕ ਨਹੀਂ ਜਾਣੀ, ਕੱਲ੍ਹ ਨੂੰ ਕੋਈ ਇਹ ਕਹੇਗਾ ਕਿ ਦਿਆਲ ਸਿੰਘ ਨੇ ਪੰਜਾਬ ਨੈਸ਼ਨਲ ਬੈਂਕ ਸ਼ੁਰੂ ਕਰਵਾਇਆ ਸੀ, ਉਸ ਬੈਂਕ ਦਾ ਨਾਂਅ ਵੀ ਬਦਲ ਦਿੱਤਾ ਜਾਵੇ ਅਤੇ ਇੱਕ ਦਿਨ ਅਚਾਨਕ ਬੈਠਕ ਲਾ ਕੇ ਚਾਰ ਬੰਦੇ ਐਲਾਨ ਕਰ ਦੇਣਗੇ ਕਿ ਇਸ ਦਾ ਨਾਂਅ ਫਲਾਣਾ ਬੈਂਕ ਕਰ ਦਿੱਤਾ ਗਿਆ ਹੈ। ਇੱਕ ਵਾਰੀ ਸ਼ੁਰੂ ਹੋਈ ਏਦਾਂ ਦੀ ਖੇਡ ਫਿਰ ਰੁਕਦੀ ਨਹੀਂ ਹੁੰਦੀ। ਸਿਆਣੇ ਕਹਿੰਦੇ ਹੁੰਦੇ ਸਨ ਕਿ ਕੁਚੱਜ ਦੀ ਸ਼ੁਰੂਆਤ ਇੱਕ ਵਾਰ ਹੋ ਜਾਵੇ ਤਾਂ ਕੱਚੀ ਲੱਸੀ ਵਾਂਗ ਵਧੀ ਜਾਂਦੀ ਹੈ। ਭਾਰਤ ਦੇਸ਼ ਸਦੀਆਂ ਤੋਂ, ਅਤੇ ਉਸ ਤੋਂ ਵੀ ਪਹਿਲਾਂ ਸ਼ਾਇਦ ਯੁੱਗਾਂ ਤੋਂ, ਜਿਵੇਂ ਚੱਲਦਾ ਰਿਹਾ ਹੈ, ਇਸ ਨੂੰ ਆਪਣੇ ਉਸ ਰਾਹ ਉੱਤੇ ਓਸੇ ਤਰ੍ਹਾਂ ਵਧਦੇ ਜਾਣਾ ਚਾਹੀਦਾ ਹੈ। ਅੜਿੱਕੇ ਇਸ ਅੱਗੇ ਉਸ ਵੇਲੇ ਵੀ ਆਏ ਸਨ, ਜਦੋਂ ਮਨੂੰ ਸਿਮ੍ਰਤੀ ਲਾਗੂ ਕੀਤੀ ਤੇ ਕ੍ਰਿਤੀ ਲੋਕਾਂ ਨੂੰ ਆਬਾਦੀਆਂ ਤੋਂ ਦੂਰ ਕਰ ਦਿੱਤਾ ਗਿਆ ਸੀ, ਅਤੇ ਓਦੋਂ ਵੀ ਆਏ, ਜਦੋਂ ਗਰੀਬਾਂ ਦੇ ਕੰਨਾਂ ਵਿੱਚ ਪਿਘਲਿਆ ਸ਼ੀਸ਼ਾ ਪਾਇਆ ਗਿਆ ਸੀ। ਦੇਸ਼ ਨੇ ਆਖਰ ਉਹ ਅੜਿੱਕੇ ਪਾਰ ਕਰ ਲਏ ਸਨ। ਹੁਣ ਨਵੇਂ ਅੜਿੱਕੇ ਖੜੇ ਕੀਤੇ ਜਾ ਰਹੇ ਹਨ, ਪਰ ਇਹ ਸਦਾ ਨਹੀਂ ਰਹਿਣੇ। ਇੱਕ ਜੁਝਾਰੂ ਕਵੀ ਨੇ ਲਿਖਿਆ ਸੀ: 'ਹੌਸਲੇ ਪਏ ਖੇਡਦੇ ਨੇ ਕਾਲੀਆਂ ਰਾਤਾਂ ਦੇ ਨਾਲ, ਇਹ ਭਰੋਸਾ ਹੈ ਮਿਰਾ, ਰੋਸ਼ਨ ਸਵੇਰੇ ਆਉਣਗੇ'। ਇਹ ਭਰੋਸਾ ਦੇਸ਼ ਦੀ ਅਗਵਾਈ ਜ਼ਰੂਰ ਕਰੇਗਾ।

26 Nov 2017

ਇਹੋ ਤਮਾਸ਼ੇ ਚੱਲਦੇ ਰਹੇ ਤਾਂ ਗੰਗਾ-ਜਮਨੀ ਸੱਭਿਅਤਾ ਵਾਲੇ ਭਾਰਤ ਦਾ ਭਵਿੱਖ ਕਿਸ ਤਰ੍ਹਾਂ ਦਾ ਹੋਵੇਗਾ! -ਜਤਿੰਦਰ ਪਨੂੰ

ਇਸ ਵਕਤ ਭਾਰਤ ਵਿੱਚ ਇੱਕ ਫਿਲਮ ਨੂੰ ਲੈ ਕੇ ਬਖੇੜਾ ਖੜਾ ਕੀਤਾ ਜਾ ਰਿਹਾ ਹੈ। 'ਪਦਮਾਵਤੀ' ਨਾਂਅ ਦੀ ਇਸ ਫਿਲਮ ਉੱਤੇ ਕੁਝ ਲੋਕ ਇਹ ਕਹਿ ਕੇ ਪਾਬੰਦੀ ਦੀ ਮੰਗ ਕਰਦੇ ਪਏ ਹਨ ਕਿ ਇਸ ਵਿੱਚ ਇੱਕ ਹਿੰਦੂ ਰਾਜਪੂਤ ਰਾਣੀ ਦੀ ਦਿੱਖ ਖਰਾਬ ਕੀਤੀ ਗਈ ਹੈ। ਇਤਹਾਸਕਾਰੀ, ਸਾਹਿਤਕਾਰੀ ਤੇ ਕਲਾਕਾਰੀ ਤਿੰਨ ਵੱਖ-ਵੱਖ ਚੀਜ਼ਾਂ ਹਨ। ਹੁਣ ਤੱਕ ਇਸ ਤਰ੍ਹਾਂ ਦੇ ਕਈ ਮੌਕੇ ਆਏ ਹਨ, ਜਦੋਂ ਇਤਹਾਸ ਦੇ ਨਾਂਅ ਉੱਤੇ ਇਹੋ ਜਿਹਾ ਕੁਝ ਕਿਤਾਬੀ ਰੂਪ ਵਿੱਚ ਵੀ ਤੇ ਸਟੇਜਾਂ ਉੱਤੋਂ ਵੀ ਪੇਸ਼ ਕੀਤਾ ਜਾਂਦਾ ਰਿਹਾ ਹੈ, ਜਿਹੜਾ ਇੰਨ-ਬਿੰਨ ਇਤਹਾਸ ਨਹੀਂ ਹੁੰਦਾ। ਰਾਮਾਇਣ ਦੇ ਕੁਝ ਹਵਾਲਿਆਂ ਬਾਰੇ ਮੱਤਭੇਦ ਉੱਠਦੇ ਰਹਿੰਦੇ ਹਨ। ਇਸ ਦੇ ਬਾਵਜੂਦ ਭਾਰਤ ਵਿੱਚ ਹਰ ਸਾਲ ਉਸ ਬਾਰੇ ਰਾਮ-ਲੀਲ੍ਹਾ ਹੁੰਦੀ ਹੈ। ਪੇਸ਼ ਕਰਨ ਵਾਲਿਆਂ ਦੀ ਪੇਸ਼ਕਾਰੀ ਆਪੋ ਆਪਣੇ ਢੰਗ ਦੀ ਤੇ ਵਰਤੇ ਗਏ ਡਾਇਲਾਗ ਤੱਕ ਵੀ ਵੱਖੋ-ਵੱਖ ਹੁੰਦੇ ਹਨ। ਜਿਸ ਕਿਸੇ ਨੇ ਰਾਮਾਇਣ ਜਾਂ ਮਹਾਂਭਾਰਤ ਬਾਰੇ ਫਿਲਮ ਬਣਾਈ ਹੈ, ਉਸ ਨੇ ਪਹਿਲੀ ਵਾਂਗ ਇੰਨ-ਬਿੰਨ ਕਦੇ ਪੇਸ਼ ਨਹੀਂ ਕੀਤੀ, ਕੁਝ ਨਾ ਕੁਝ ਫਰਕ ਪਾ ਲਿਆ ਜਾਂਦਾ ਹੈ ਤੇ ਇਹ ਇਸ ਵਾਸਤੇ ਜ਼ਰੂਰੀ ਹੁੰਦਾ ਹੈ ਕਿ ਜੇ ਪਹਿਲੀ ਵਾਂਗ ਹੀ ਪੇਸ਼ ਕਰਨੀ ਹੈ ਤਾਂ ਲੋਕ ਵੇਖਣ ਨਹੀਂ ਜਾਣਗੇ। ਕਲਾਕਾਰ ਕਿਹੜੇ ਪੇਸ਼ ਕਰਨੇ ਹਨ, ਇਸ ਮਾਮਲੇ ਵਿੱਚ ਵੀ ਪੇਸ਼ ਕਰਤਿਆਂ ਦੀ ਮਰਜ਼ੀ ਹੁੰਦੀ ਹੈ।
ਰਾਜਨੀਤੀ ਵੀ ਇਹ ਰੰਗ ਵਰਤ ਲੈਂਦੀ ਹੈ। ਹਾਲੇ ਪਿਛਲੇ ਮਹੀਨੇ ਅਯੁੱਧਿਆ ਵਿੱਚ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਦੀ ਅਗਵਾਈ ਹੇਠ ਦੀਵਾਲੀ ਦੇ ਮੌਕੇ ਉੱਤੇ ਰਾਮਾਇਣ ਵਾਲੀ ਰਾਮ ਜੀ ਦੀ ਅਯੁੱਧਿਆ ਵਾਪਸੀ ਦਾ ਦ੍ਰਿਸ਼ ਪੇਸ਼ ਕੀਤਾ ਗਿਆ ਸੀ। ਰਾਮ, ਸੀਤਾ, ਲਛਮਣ ਤੇ ਰਾਮ-ਲੀਲ੍ਹਾ ਵਾਲੇ ਹੋਰ ਕਲਾਕਾਰ ਹੈਲੀਕਾਪਟਰ ਉੱਤੇ ਲਿਆ ਕੇ ਪੂਜਾ ਕਰਵਾਈ ਤੇ ਉਨ੍ਹਾਂ ਦਾ ਮਾਣ-ਤਾਣ ਕੀਤਾ ਗਿਆ। ਪਿੱਛੋਂ ਇਹ ਭੇਦ ਖੁੱਲ੍ਹਾ ਕਿ ਉਹ ਰਾਮ-ਲੀਲ੍ਹਾ ਵਾਲੇ ਕਲਾਕਾਰ ਹੀ ਨਹੀਂ ਸਨ, ਵੱਧ ਖਿੱਚ-ਪਾਊ ਦਿੱਖ ਵਾਲੇ ਮਾਡਲ ਮੁੰਡੇ-ਕੁੜੀਆਂ ਦਿੱਲੀ ਤੋਂ ਉਚੇਚੇ ਅਯੁੱਧਿਆ ਲਿਆਂਦੇ ਸਨ। ਰਾਜਸੀ ਮੰਚ ਉੱਤੇ ਕਿਸੇ ਹੋਰ ਧਿਰ ਨੇ ਇਹੋ ਕੁਝ ਕੀਤਾ ਹੁੰਦਾ ਤਾਂ ਰੌਲਾ ਪੈ ਜਾਣਾ ਸੀ। ਰੌਲਾ ਇਸ ਲਈ ਨਹੀਂ ਪਿਆ ਕਿ ਲਿਆਂਦੇ ਖੁਦ ਉਨ੍ਹਾਂ ਨੇ ਸਨ, ਜਿਹੜੇ ਰਾਈ ਦਾ ਪਹਾੜ ਬਣਾਉਣ ਦਾ ਕੰਮ ਬੜੀ ਆਸਾਨੀ ਨਾਲ ਕਰ ਸਕਦੇ ਹਨ।
ਇੱਕ ਦਿਲਚਸਪ ਮਾਮਲਾ ਸਾਨੂੰ ਯਾਦ ਆਉਂਦਾ ਹੈ। ਜਦੋਂ ਰਾਮਾਇਣ ਦਾ ਸੀਰੀਅਲ ਟੀ ਵੀ ਉੱਤੇ ਪੇਸ਼ ਕੀਤਾ ਗਿਆ ਤਾਂ ਇੱਕ ਕੁੜੀ ਦੀਪਕਾ ਚਿਖਾਲੀਆ ਨੇ ਓਦੋਂ ਸੀਤਾ ਦਾ ਰੋਲ ਕੀਤਾ ਸੀ। ਫਿਰ ਟੀਪੂ ਸੁਲਤਾਨ ਦਾ ਸੀਰੀਅਲ ਪੇਸ਼ ਹੋਇਆ ਤਾਂ ਓਸੇ ਕੁੜੀ ਨੂੰ ਟੀਪੂ ਸੁਲਤਾਨ ਦੀ ਅੰਮੀ ਜਾਨ ਦਾ ਰੋਲ ਦੇ ਦਿੱਤਾ ਗਿਆ। ਅਗਲੀਆਂ ਪਾਰਲੀਮੈਂਟ ਚੋਣਾਂ ਮੌਕੇ ਭਾਜਪਾ ਨੇ ਉਸ ਨੂੰ ਟਿਕਟ ਦਿੱਤੀ ਤਾਂ ਉਹ ਜਿੱਥੇ ਵੀ ਜਾਂਦੀ, ਉਸ ਦੇ ਜਾਣ ਤੋਂ ਪਹਿਲਾਂ ਇਹ ਪ੍ਰਚਾਰ ਕੀਤਾ ਜਾਂਦਾ ਸੀ ਕਿ ਰਾਮਾਇਣ ਵਾਲੀ ਸੀਤਾ ਆ ਰਹੀ ਹੈ। ਉਹ ਵੋਟਾਂ ਮੰਗਣ ਦੀ ਥਾਂ ਲੋਕਾਂ ਨੂੰ ਆਸ਼ੀਰਵਾਦ ਦੇਂਦੀ ਜਾਂਦੀ ਸੀ। ਇਹ ਚਰਚਾ ਚੱਲਦੀ ਰਹੀ ਕਿ ਇਸ ਨੇ ਸੀਤਾ ਮਾਤਾ ਦਾ ਰੋਲ ਹੀ ਨਹੀਂ ਕੀਤਾ, ਇਹ ਟੀਪੂ ਸੁਲਤਾਨ ਦੀ ਅੰਮੀ ਦਾ ਰੋਲ ਵੀ ਕਰ ਚੁੱਕੀ ਹੈ, ਪਰ ਇਹ ਹਕੀਕਤ ਇਸ ਲਈ ਰੌਲੇ ਵਿੱਚ ਰੁਲ ਗਈ ਕਿ ਰੌਲਾ ਪਾਉਣ ਵਾਲੀਆਂ ਧਿਰਾਂ ਉਸ ਨੂੰ ਸੀਤਾ ਮਾਤਾ ਵਜੋਂ ਪੇਸ਼ ਕਰਨ ਦੇ ਕੰਮ ਲੱਗੀਆਂ ਹੋਈਆਂ ਸਨ। ਨਤੀਜੇ ਵਜੋਂ ਉਹ ਕੁੜੀ ਹਾਰੀ ਹੋਈ ਜਾਪਦੀ ਸੀਟ ਤੋਂ ਜਿੱਤ ਗਈ ਸੀ।
ਹੁਣ ਰਾਣੀ ਪਦਮਾਵਤੀ ਦੇ ਬਹਾਨੇ ਇੱਕ ਫਿਲਮ ਦਾ ਵਿਰੋਧ ਕੀਤਾ ਗਿਆ ਹੈ। ਸਾਨੂੰ ਨਿੱਜੀ ਤੌਰ ਉੱਤੇ ਇਸ ਨਾਲ ਕੋਈ ਫਰਕ ਨਹੀਂ ਪੈਂਦਾ, ਕਿਉਂਕਿ ਨਾ ਅਸੀਂ ਕਦੀ ਮੁਗਲੇ ਆਜ਼ਮ ਵੇਖੀ ਸੀ, ਨਾ ਪਦਮਾਵਤੀ ਵੇਖਣ ਜਾਣਾ ਹੈ। ਫਿਲਮਾਂ ਦੇ ਸ਼ੌਕੀਨਾਂ ਲਈ ਇਹ ਫਿਲਮ ਇੱਕ ਵਧੀਆ ਡਾਇਰੈਕਟਰ ਸੰਜੇ ਲੀਲਾ ਭੰਸਾਲੀ ਨੇ ਬਣਾਈ ਹੈ, ਜਿਹੜਾ ਗੁਜਰਾਤੀ ਹਿੰਦੂਆਂ ਦੇ ਭੰਸਾਲੀ ਪਰਵਾਰ ਵਿਚ ਪੈਦਾ ਹੋਇਆ ਸੀ। ਉਸ ਦੀ ਮਾਂ ਲੀਲਾ ਵੀ ਹਿੰਦੂ ਸੀ। ਫਿਲਮ ਦਾ ਇੱਕ ਕਲਾਕਾਰ ਰਣਬੀਰ ਜੇ ਸਿੰਧੀ ਹਿੰਦੂ ਪਰਵਾਰ ਵਿੱਚ ਪੈਦਾ ਹੋਇਆ ਸੀ ਤਾਂ ਦੂਸਰੀ ਮੁੱਖ ਕਲਾਕਾਰ ਦੀਪਕਾ ਇਸ ਦੇਸ਼ ਦੇ ਉੱਘੇ ਬੈਡਮਿੰਟਨ ਸਟਾਰ ਪ੍ਰਕਾਸ਼ ਪਾਦੂਕੋਨੇ ਦੀ ਧੀ ਹੈ ਤੇ ਪੁਰਾਣੇ ਸਨਾਤਨੀ ਹਿੰਦੂ ਪਰਵਾਰ ਵਿੱਚੋਂ ਹੈ। ਜਿਹੜੇ ਹਿੰਦੂ ਆਗੂ ਇਹ ਫਿਲਮ ਰੋਕਣ ਲਈ ਝੰਡੇ ਚੁੱਕੀ ਖੜੇ ਹਨ, ਉਹ ਇਨ੍ਹਾਂ ਤਿੰਨਾਂ ਨਾਲੋਂ ਵੱਧ ਧਾਰਮਿਕ ਨਹੀਂ ਜਾਪਦੇ। ਇਸ ਫਿਲਮ ਦੇ ਸੰਬੰਧ ਵਿੱਚ ਕੁਝ ਮਤਭੇਦ ਹਨ ਤਾਂ ਉਨ੍ਹਾਂ ਦੀ ਚਰਚਾ ਹੋ ਸਕਦੀ ਹੈ, ਪਰ ਏਥੇ ਚਰਚਾ ਦੀ ਬਜਾਏ ਧਮਕੀਆਂ ਦਿੱਤੀਆਂ ਜਾਂਦੀਆਂ ਹਨ। ਸਾਡੇ ਸਮਿਆਂ ਵਿੱਚ ਹਰ ਕਿਸੇ ਰਾਜ ਵਿੱਚ, ਸਰਕਾਰ ਭਾਵੇਂ ਲੋਕਤੰਤਰੀ ਹੋਵੇ, ਭਾਵੇਂ ਕਿਸੇ ਫੌਜੀ ਜੁੰਡੀ ਦਾ ਰਾਜ ਹੋਵੇ ਤੇ ਬੇਸ਼ੱਕ ਪਿਤਾ-ਪੁਰਖੀ ਰਾਜਿਆਂ ਦਾ ਰਾਜ ਚੱਲ ਰਿਹਾ ਹੋਵੇ, ਹਰ ਥਾਂ ਇਸ ਗੱਲ ਦੀ ਗਾਰੰਟੀ ਦੇਣੀ ਪੈਂਦੀ ਹੈ ਕਿ ਕਿਸੇ ਨੂੰ ਵੀ ਕਿਸੇ ਦੂਸਰੇ ਦਾ ਕਤਲ ਕਰਨ ਜਾਂ ਕਤਲ ਦੀ ਧਮਕੀ ਸਮੇਤ ਕੋਈ ਧਮਕੀ ਦੇਣ ਦੀ ਖੁੱਲ੍ਹ ਨਹੀਂ ਹੋਵੇਗੀ। ਭਾਰਤੀ ਲੋਕਤੰਤਰ ਇਸ ਤਰ੍ਹਾਂ ਦਾ ਹੈ ਕਿ ਏਥੇ ਬੜੇ ਸਹਿਜ ਨਾਲ 'ਫਲਾਣੇ ਦਾ ਸਿਰ ਵੱਢ ਦੇਣ ਵਾਲੇ ਨੂੰ ਐਨੇ ਰੁਪਏ' ਅਤੇ 'ਫਲਾਣੇ ਦੀ ਜ਼ਬਾਨ ਵੱਢ ਕੇ ਲਿਆਉਣ ਵਾਲੇ ਨੂੰ ਐਨੇ ਰੁਪਏ' ਦੇ ਇਨਾਮ ਐਲਾਨ ਕਰ ਦਿੱਤੇ ਜਾਂਦੇ ਹਨ। ਕਾਨੂੰਨ ਕਦੇ ਰੋਕਦਾ ਨਹੀਂ। ਹੁਣ ਪਦਮਾਵਤੀ ਫਿਲਮ ਦੇ ਸਵਾਲ ਉੱਤੇ ਵੀ ਇਹੋ ਖੇਡ ਦੁਹਰਾਈ ਜਾ ਰਹੀ ਹੈ ਤੇ ਕਾਨੂੰਨ ਲਾਪਰਵਾਹ ਹੈ।
ਹੈਰਾਨੀ ਦੀ ਗੱਲ ਹੈ ਕਿ ਇਸ ਕੰਮ ਵਿੱਚ ਕੁਝ ਲੋਕ ਉਹ ਵੀ ਸ਼ਾਮਲ ਹਨ, ਜਿਨ੍ਹਾਂ ਬਾਰੇ ਅਸੀਂ ਕਹਿ ਸਕਦੇ ਹਾਂ ਕਿ ਉਹ 'ਇੱਲ ਦਾ ਨਾਂਅ ਕੋਕੋ' ਤੱਕ ਨਹੀਂ ਜਾਣਦੇ, ਪਰ ਕੁਝ ਉਹ ਲੋਕ ਵੀ ਇਸ ਕੰਮ ਲੱਗੇ ਹੋਏ ਹਨ, ਜਿਨ੍ਹਾਂ ਨੇ ਕਾਨੂੰਨ ਦੇ ਮੁਤਾਬਕ ਰਾਜ ਚਲਾਉਣ ਅਤੇ ਸੰਵਿਧਾਨ ਦੀ ਪਾਲਣਾ ਕਰਨ ਦੀ ਸਹੁੰ ਚੁੱਕੀ ਸੀ। ਦੋ ਪਾਰਲੀਮੈਂਟ ਮੈਂਬਰਾਂ ਨੂੰ ਇਸ ਖੇਡ ਦੇ ਪਹਿਲੇ ਹੱਲੇ ਵਾਲੀ ਭੀੜ ਨਾਲ ਖੜੇ ਵੇਖਿਆ ਗਿਆ। ਫਿਰ ਹਰਿਆਣੇ ਦੇ ਇੱਕ ਮੰਤਰੀ ਨੇ ਕਹਿ ਦਿੱਤਾ ਕਿ ਸਾਰੇ ਭਾਰਤ ਵਿੱਚ ਇਹ ਫਿਲਮ ਚੱਲ ਜਾਵੇ, ਸਾਡੇ ਰਾਜ ਵਿੱਚ ਫਿਰ ਵੀ ਨਹੀਂ ਚੱਲਣ ਦੇਵਾਂਗੇ। ਇਸ ਦੇ ਬਾਅਦ ਇੱਕ ਕੇਂਦਰੀ ਮੰਤਰੀ ਨੇ ਬਿਆਨ ਦਾਗ ਦਿੱਤਾ ਕਿ ਇਹ ਫਿਲਮ ਚੱਲਣ ਨਹੀਂ ਦਿੱਤੀ ਜਾਵੇਗੀ। ਭਾਰਤ ਵਿੱਚ ਕਾਨੂੰਨੀ ਢਾਂਚਾ ਹੈ, ਜਿੱਥੇ ਫਿਲਮਾਂ ਦੀ ਪੁਣ-ਛਾਣ ਦੇ ਕੰਮ ਲਈ ਫਿਲਮ ਸਰਟੀਫਿਕੇਸ਼ਨ ਬੋਰਡ ਮੌਜੂਦ ਹੈ, ਜਿਸ ਨੂੰ ਆਮ ਧਾਰਨਾ ਦੇ ਮੁਤਾਬਕ ਲੋਕੀਂ ਸੈਂਸਰ ਬੋਰਡ ਕਹਿ ਛੱਡਦੇ ਹਨ। ਉਸ ਬੋਰਡ ਦੇ ਕੀਤੇ-ਕਤਰੇ ਨੂੰ ਚੈਲਿੰਜ ਕਰਨ ਲਈ ਇੱਕ ਅਦਾਲਤੀ ਢਾਂਚਾ ਮੌਜੂਦ ਹੈ, ਜਿਹੜਾ ਸਥਾਨਕ ਅਦਾਲਤਾਂ ਤੋਂ ਲੈ ਕੇ ਸੁਪਰੀਮ ਕੋਰਟ ਤੱਕ ਜਾਂਦਾ ਹੈ। ਜੇ ਹਰ ਕਿਸੇ ਜਣੇ-ਖਣੇ ਨੇ ਸੜਕਾਂ ਉੱਤੇ ਆਪਣੀ ਮਰਜ਼ੀ ਲਾਗੂ ਕਰਵਾਉਣ ਲੱਗ ਜਾਣਾ ਹੈ ਤਾਂ ਅਦਾਲਤੀ ਢਾਂਚੇ ਦੀ ਕੀ ਲੋੜ ਹੈ? ਹੱਦ ਤਾਂ ਇਹ ਹੈ ਕਿ ਇਸ ਕਾਨੂੰਨੀ ਢਾਂਚੇ ਨੂੰ ਹੁਣ ਚੁਣੌਤੀ ਦਿੱਤੀ ਜਾਣ ਲੱਗ ਪਈ ਹੈ। ਦੀਵਾਲੀ ਮੌਕੇ ਜਦੋਂ ਅਦਾਲਤ ਨੇ ਪਟਾਕਿਆਂ ਦੀ ਪਾਬੰਦੀ ਲਾਈ ਤਾਂ ਇਹ ਗੱਲ ਕਹੀ ਗਈ ਕਿ ਅੱਜ ਪਟਾਕੇ ਚਲਾਉਣ ਉੱਤੇ ਪਾਬੰਦੀ ਲਾਉਂਦੇ ਹਨ, ਭਲਕੇ ਸਾਨੂੰ ਦੀਵੇ ਜਗਾਉਣ ਤੋਂ ਵੀ ਰੋਕਿਆ ਜਾਵੇਗਾ, ਦੀਵੇ ਤੇ ਪਟਾਕੇ ਸਾਡੀ ਪ੍ਰੰਪਰਾ ਦਾ ਹਿੱਸਾ ਹਨ। ਜਿਨ੍ਹਾਂ ਲੋਕਾਂ ਨੇ ਇਹੋ ਜਿਹੀ ਗੱਲ ਕਹੀ, ਉਹ ਇਹ ਸੱਚ ਨਹੀਂ ਜਾਣਦੇ ਕਿ ਉਨ੍ਹਾਂ ਦੀ ਪ੍ਰੰਪਰਾ ਭਗਵਾਨ ਰਾਮ ਤੋਂ ਸ਼ੁਰੂ ਹੁੰਦੀ ਹੈ ਤੇ ਉਸ ਵੇਲੇ ਪਟਾਕੇ ਹੁੰਦੇ ਹੀ ਨਹੀਂ ਸਨ, ਇਹ ਮਸਾਂ ਦੋ ਕੁ ਸੌ ਸਾਲ ਪਹਿਲਾਂ ਬਣਨੇ ਤੇ ਚਲਾਏ ਜਾਣੇ ਸ਼ੁਰੂ ਹੋਏ ਸਨ। ਗੱਲ ਪਟਾਕਿਆਂ ਦੀ ਨਹੀਂ, ਅਦਾਲਤੀ ਫੈਸਲੇ ਦੇ ਬੇਹੂਦਗੀ ਭਰੇ ਵਿਰੋਧ ਦੀ ਸੀ, ਜਿਸ ਵਿੱਚ ਪ੍ਰੰਪਰਾ ਦੇ ਨਾਂਅ ਉੱਤੇ ਅਗਿਆਨ ਦਾ ਪਰਦਾ ਤਾਣਿਆ ਜਾ ਰਿਹਾ ਸੀ।
ਹਰ ਫਿਲਮ ਹਕੀਕਤਾਂ ਉੱਤੇ ਆਧਾਰਤ ਨਹੀਂ ਹੋ ਸਕਦੀ। ਭਾਰਤ ਵਿੱਚ ਡਾਕੂਆਂ ਨੂੰ ਵਡਿਆਉਣ ਵਾਲੀਆਂ ਫਿਲਮਾਂ ਵੀ ਬਣੀਆਂ ਅਤੇ ਚੱਲਦੀਆਂ ਰਹੀਆਂ ਹਨ। ਉਨ੍ਹਾਂ ਦਾ ਕੋਈ ਵਿਰੋਧ ਨਹੀਂ ਹੋਇਆ। ਆਮ ਲੋਕ ਵਿਰੋਧ ਨਹੀਂ ਕਰਦੇ, ਉਨ੍ਹਾਂ ਨੂੰ ਅੱਗੇ ਲਾ ਕੇ ਕੁਝ ਹੋਰ ਤਾਕਤਾਂ ਕਰਾਉਂਦੀਆਂ ਹਨ। ਕਈ ਵਾਰੀ ਇਹੋ ਜਿਹੇ ਵਿਰੋਧ ਪਿੱਛੋਂ ਜਦੋਂ ਸੌਦਾ ਸਿਰੇ ਚੜ੍ਹ ਜਾਵੇ, ਫਿਰ ਵਿਰੋਧ ਸ਼ਾਂਤ ਹੁੰਦਾ ਵੀ ਵੇਖਿਆ ਜਾਂਦਾ ਹੈ। ਹੁਣ ਵੀ ਹੋ ਸਕਦਾ ਹੈ। ਨਿਵੇਕਲੀ ਵੰਨ-ਸੁਵੰਨਤਾ ਦਾ ਮਾਣ ਕਰਨ ਵਾਲੇ ਇਸ ਦੇਸ਼ ਵਿੱਚ ਕਿਸੇ ਵੀ ਥਾਂ ਚੰਗੇ ਕੰਮ ਲਈ ਦਸ ਬੰਦੇ ਜੋੜਨੇ ਮੁਸ਼ਕਲ ਹੋ ਸਕਦੇ ਹਨ, ਭਾਂਬੜ ਮਚਾਉਣ ਦੀ ਨੀਤ ਦੇ ਨਾਲ ਕੋਈ ਧਿਰ ਚੱਲ ਪਵੇ ਤਾਂ ਦਸ ਬੰਦੇ ਕੀ, ਦਸ ਹਜ਼ਾਰ ਬੰਦੇ ਵੀ ਚੁਟਕੀਆਂ ਵਿੱਚ ਜੁੜ ਸਕਦੇ ਹਨ। ਹੁਣ ਵੀ ਫਿਲਮ ਪਦਮਾਵਤੀ ਦੇ ਸਵਾਲ ਉੱਤੇ ਇਹੋ ਵਾਪਰਦਾ ਪਿਆ ਹੈ ਤੇ ਬਹੁਤ ਸਾਰੇ ਲੋਕ ਇਸ ਲਈ ਚੁੱਪ ਹੋਏ ਵੇਖ ਰਹੇ ਹਨ ਕਿ ਚਾਰ ਦਿਨਾਂ ਦਾ ਤਮਾਸ਼ਾ ਹੈ। ਇਹ ਚਾਰ-ਚਾਰ ਦਿਨਾਂ ਦਾ ਤਮਾਸ਼ਾ ਇਸ ਦੇਸ਼ ਦੇ ਜੜ੍ਹੀਂ ਤੇਲ ਦੇਈ ਜਾਂਦਾ ਹੈ। ਲੋਕ ਇਹ ਸਮਝਣ ਤੋਂ ਅਸਮਰਥ ਹਨ ਕਿ ਇਹ ਤਮਾਸ਼ੇ ਕਦੋਂ ਕੁ ਤੱਕ ਚੱਲਦੇ ਰਹਿਣਗੇ ਤੇ ਜੇ ਇਸੇ ਤਰ੍ਹਾਂ ਚੱਲਦੇ ਰਹੇ ਤਾਂ ਫਿਰ ਗੰਗਾ-ਜਮਨੀ ਸੱਭਿਅਤਾ ਉੱਤੇ ਮਾਣ ਕਰਨ ਵਾਲੇ ਦੇਸ਼ ਦਾ ਭਵਿੱਖ ਕਿਸ ਤਰ੍ਹਾਂ ਦਾ ਹੋਵੇਗਾ!

12 Nov 2017

ਤਾਜ ਮਹਿਲ ਤੱਕ ਵੀ ਜਾ ਪਹੁੰਚੀ ਹੈ ਰਾਜਨੀਤੀ ਦੇ ਖੇਤਰ ਵਿੱਚ ਜੁਮਲੇ ਛੱਡਣ ਦੀ ਖੇਡ - ਜਤਿੰਦਰ ਪਨੂੰ

ਇਸ ਹਫਤੇ ਇੱਕ ਵਾਰ ਫਿਰ ਅਸੀਂ ਭਾਰਤ ਦੀ ਰਾਜਨੀਤੀ ਨੂੰ ਫਿਰਕਾ-ਪ੍ਰਸਤੀ ਦੇ ਉਬਾਲੇ ਖਾਂਦੇ ਵੇਖਿਆ ਤੇ ਫਿਰ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਨੇ ਆਪਣੀ ਜ਼ਬਾਨ ਬਿਲਕੁਲ ਬੰਦ ਰੱਖ ਕੇ ਤਾਜ ਮਹਿਲ ਅੱਗੇ ਝਾੜੂ ਫੇਰਨ ਨਾਲ ਇਹ ਸੋਚ ਲਿਆ ਕਿ ਹੁਣ ਗੱਲ ਟਲ ਗਈ ਹੈ। ਇਹ ਭਰਮ ਪਾ ਲੈਣਾ ਗਲਤ ਹੈ। ਭਾਰਤ ਵਿੱਚ ਆਮ ਤੌਰ ਉੱਤੇ ਦੋਸ਼ ਲਾਇਆ ਜਾਂਦਾ ਹੈ ਕਿ ਵੋਟਾਂ ਲੈਣ ਖਾਤਰ ਘੱਟ-ਗਿਣਤੀਆਂ ਨੂੰ ਪਤਿਆਉਣ ਵਾਸਤੇ ਗਲਤ ਛੋਟਾਂ ਦਿੱਤੀਆਂ ਜਾਂਦੀਆਂ ਹਨ। ਕੁਝ ਹੱਦ ਤੱਕ ਇਹ ਠੀਕ ਵੀ ਹੈ, ਪਰ ਦੂਸਰੇ ਪਾਸੇ ਘੱਟ-ਗਿਣਤੀਆਂ ਨੂੰ ਮਿਲਦੀਆਂ ਛੋਟਾਂ ਦਾ ਰੌਲਾ ਪਾ ਕੇ ਬਹੁ-ਗਿਣਤੀ ਦੇ ਮਨਾਂ ਵਿੱਚ ਇੱਕ ਖਾਸ ਰੰਗ ਦਾ ਫਿਰਕੂਪੁਣਾ ਵੀ ਭਰਿਆ ਜਾਂਦਾ ਹੈ, ਜਿਹੜਾ ਭਾਰਤ ਦੇ ਭਵਿੱਖ ਵਾਸਤੇ ਚੰਗਾ ਨਹੀਂ। ਇਸ ਵਰਤਾਰੇ ਦੇ ਲੱਛਣ ਮੁੜ-ਮੁੜ ਉੱਭਰਦੇ ਹਨ ਤੇ ਜਦੋਂ ਇਸ ਖੇਡ ਦੀ ਸਿਖਰ ਹੋਣ ਲੱਗਦੀ ਹੈ, ਫਿਰ ਇਸ ਰਾਜਨੀਤਕ ਉਬਾਲੇ ਨੂੰ ਸ਼ੁਰੂ ਕਰਨ ਵਾਲੇ ਲੀਡਰ ਹੀ ਪਾਣੀ ਦਾ ਛੱਟਾ ਮਾਰ ਕੇ ਗੱਲ ਟਲ ਗਈ ਹੋਣ ਦਾ ਪ੍ਰਭਾਵ ਬਣਾਉਣ ਲੱਗਦੇ ਹਨ।
ਬੀਤੇ ਹਫਤੇ ਦੇ ਇੱਕ ਦਿਨ ਅਚਾਨਕ ਇਹ ਖਬਰ ਆਈ ਕਿ ਉੱਤਰ ਪ੍ਰਦੇਸ਼ ਵਿੱਚ ਭਾਜਪਾ ਸਰਕਾਰ ਬਣਨ ਪਿੱਛੋਂ ਸੈਰ-ਸਪਾਟਾ ਵਿਭਾਗ ਨੇ ਜਦੋਂ ਬਰੋਸ਼ਰ ਛਾਪਿਆ ਤਾਂ ਉਸ ਵਿੱਚ ਸੰਸਾਰ ਪ੍ਰਸਿੱਧ ਤਾਜ ਮਹਿਲ ਦਾ ਨਾਂਅ ਲਿਖਣ ਤੋਂ ਪ੍ਰਹੇਜ਼ ਕੀਤਾ ਗਿਆ ਹੈ। ਹਾਲੇ ਇਹ ਗੱਲ ਸ਼ੁਰੂ ਹੀ ਹੋਈ ਸੀ ਕਿ ਭਾਜਪਾ ਦੇ ਇੱਕ ਵਿਵਾਦਤ ਵਿਧਾਇਕ ਸੰਗੀਤ ਸੋਮ ਦਾ ਬਿਆਨ ਆ ਗਿਆ ਕਿ ਤਾਜ ਮਹਿਲ ਦਾ ਜ਼ਿਕਰ ਕਰਨ ਦੀ ਲੋੜ ਵੀ ਨਹੀਂ, ਇਹ ਭਾਰਤ ਦੇ ਮੱਥੇ ਉੱਤੇ ਕਲੰਕ ਹੈ। ਭਾਜਪਾ ਦੇ ਇਸ ਵਿਧਾਇਕ ਦੇ ਬਿਆਨ ਤੋਂ ਬਾਅਦ ਸੰਘ ਪਰਵਾਰ ਨਾਲ ਜੁੜੇ ਹੋਏ ਕਈ ਲੋਕਾਂ ਨੇ ਆਨੇ-ਬਹਾਨੇ ਉਸ ਦੀ ਹਮਾਇਤ ਕੀਤੀ ਤੇ ਫਿਰ ਭਾਜਪਾ ਦੇ ਵਿਵਾਦਤ ਪਾਰਲੀਮੈਂਟ ਮੈਂਬਰ ਵਿਨੇ ਕਟਿਆਰ ਦਾ ਹੋਰ ਭੱਦਾ ਬਿਆਨ ਆ ਗਿਆ। ਜਦੋਂ ਸੰਗੀਤ ਸੋਮ ਨੇ ਤਾਜ ਮਹਿਲ ਨੂੰ ਕਲੰਕ ਕਿਹਾ ਸੀ, ਓਦੋਂ ਕਈ ਇਤਰਾਜ਼ ਦੀਆਂ ਆਵਾਜ਼ਾਂ ਉਠੀਆਂ ਸਨ ਕਿ ਦਿੱਲੀ ਦਾ ਲਾਲ ਕਿਲ੍ਹਾ ਵੀ ਤਾਜ ਮਹਿਲ ਬਣਵਾਉਣ ਵਾਲੇ ਬਾਦਸ਼ਾਹ ਨੇ ਬਣਵਾਇਆ ਸੀ, ਓਥੇ ਵੀ ਪੰਦਰਾਂ ਅਗਸਤ ਨੂੰ ਝੰਡਾ ਝੁਲਾਉਣ ਤੋਂ ਨਰਿੰਦਰ ਮੋਦੀ ਨੂੰ ਰੋਕ ਲਓ। ਰਾਸ਼ਟਰਪਤੀ ਭਵਨ ਤੇ ਪਾਰਲੀਮੈਂਟ ਭਵਨ ਬ੍ਰਿਟਿਸ਼ ਸਰਕਾਰ ਨੇ ਬਣਵਾਏ ਸਨ, ਇਨ੍ਹਾਂ ਨੂੰ ਵੀ ਕਲੰਕ ਮੰਨ ਕੇ ਇਨ੍ਹਾਂ ਦੀ ਵਰਤੋਂ ਕਰਨੀ ਛੱਡ ਦਿਓ। ਇਹੋ ਜਿਹੇ ਕਈ ਹੋਰ ਟਿਕਾਣੇ ਵੀ ਗਿਣਾਏ ਜਾਣ ਲੱਗ ਪਏ ਸਨ।
ਵਿਨੇ ਕਟਿਆਰ ਇਸ ਤੋਂ ਵੱਖਰੀ ਬੋਲੀ ਬੋਲਿਆ ਤੇ ਬਹੁਤ ਅੱਗੇ ਤੱਕ ਨਿਕਲ ਗਿਆ। ਉਸ ਨੇ ਤਾਜ ਮਹਿਲ ਲਈ ਕਲੰਕ ਲਫਜ਼ ਨਹੀਂ ਵਰਤਿਆ, ਸਗੋਂ ਇਹ ਆਖ ਦਿੱਤਾ ਕਿ ਮੁਗਲ ਬਾਦਸ਼ਾਹ ਨੇ ਇਹ ਬਣਵਾਇਆ ਹੀ ਨਹੀਂ, ਇਹ ਤਾਂ ਪੁਰਾਣਾ ਹਿੰਦੂ ਮੰਦਰ ਹੈ, ਜਿਸ ਨੂੰ ਉਸ ਮੁਗਲ ਬਾਦਸ਼ਾਹ ਨੇ ਮਜ਼ਾਰ ਵਿੱਚ ਬਦਲ ਦਿੱਤਾ ਸੀ। ਵਿਨੇ ਕਟਿਆਰ ਪਹਿਲਾਂ ਬਾਬਰੀ ਮਸਜਿਦ ਨੂੰ ਢਾਹੁਣ ਦੀ ਮੁਹਿੰਮ ਨਾਲ ਜੁੜਿਆ ਰਿਹਾ ਸੀ ਤੇ ਮਸਜਿਦ ਦੇ ਢਾਹੇ ਜਾਣ ਦਾ ਜਿਹੜਾ ਕੇਸ ਅਜੇ ਤੱਕ ਚੱਲ ਰਿਹਾ ਹੈ, ਉਸ ਦੇ ਦੋਸ਼ੀਆਂ ਵਿੱਚ ਵਿਨੇ ਕਟਿਆਰ ਵੀ ਹੈ। ਉਹ ਏਦਾਂ ਦੀਆਂ ਗੱਲਾਂ ਕਹਿਣ ਦਾ ਆਦੀ ਹੈ। ਇਸ ਵਾਰੀ ਜਦੋਂ ਉਹ ਤਾਜ ਮਹਿਲ ਨੂੰ ਹਿੰਦੂ ਮੰਦਰ ਕਹਿਣ ਲੱਗਾ ਤਾਂ ਨਾਲ ਇਹ ਦਲੀਲ ਜੋੜ ਲਈ ਕਿ ਇਤਹਾਸ ਵਿੱਚ ਇਹ ਜ਼ਿਕਰ ਹੈ ਕਿ ਇਹ ਤਾਜ ਮਹਿਲ ਬਣਨ ਤੋਂ ਪਹਿਲਾਂ ਤੇਜੋ ਮਹਿਲ ਹੁੰਦਾ ਸੀ। ਜਿਸ ਕਹਾਣੀ ਨੂੰ ਵਿਨੇ ਕਟਿਆਰ ਇਤਹਾਸ ਆਖਦਾ ਹੈ, ਉਹ ਬ੍ਰਿਟੇਨ ਸਰਕਾਰ ਦਾ ਕਾਰਿੰਦਾ ਰਹਿ ਚੁੱਕੇ ਪੀ ਐੱਨ ਓਕ ਦਾ ਲਿਖਿਆ ਹੋਇਆ ਇੱਕ ਕਿਤਾਬਚਾ ਹੈ। ਇੱਕ ਖਾਸ ਸੋਚਣੀ ਦੇ ਲਈ ਲਿਖੇ ਗਏ ਇਸ ਕਿਤਾਬਚੇ ਵਿੱਚ ਏਦਾਂ ਦੇ ਯੱਕੜ ਪੇਸ਼ ਕੀਤੇ ਗਏ ਹਨ, ਜਿਨ੍ਹਾਂ ਨੂੰ ਇਤਹਾਸ ਮੰਨਣ ਦਾ ਕੋਈ ਆਧਾਰ ਨਹੀਂ ਮਿਲਦਾ। ਅੱਜ-ਕੱਲ੍ਹ ਭਾਰਤੀ ਰਾਜਨੀਤੀ 'ਜੁਮਲੇ' ਪੇਸ਼ ਕਰਨ ਦੀ ਆਦੀ ਹੋ ਚੁੱਕੀ ਹੈ। 'ਇਤਹਾਸ' ਦੇ ਨਾਂਅ ਉੱਤੇ ਜਿਹੜਾ ਕੁਝ ਪੀ ਐੱਨ ਓਕ ਨੇ ਕਈ ਸਾਲ ਪਹਿਲਾਂ ਲਿਖਿਆ ਸੀ, ਉਹ ਉਸ ਵੱਲੋਂ ਓਦੋਂ ਪੇਸ਼ ਕੀਤੇ ਗਏ ਜੁਮਲੇ ਲੱਗਦੇ ਹਨ, ਜਦੋਂ ਇਸ ਦੇਸ਼ ਵਿੱਚ ਰਾਜਸੀ ਜੁਮਲੇ ਪੇਸ਼ ਹੋਣੇ ਹਾਲੇ ਸ਼ੁਰੂ ਨਹੀਂ ਸੀ ਹੋਏ।
ਕਈ ਕਿਤਾਬਾਂ ਨਾ ਚਾਹੁੰਦੇ ਹੋਏ ਵੀ ਸਾਡੇ ਵਰਗੇ ਲੋਕਾਂ ਨੂੰ ਇਸ ਲਈ ਪੜ੍ਹਨੀਆਂ ਪੈ ਜਾਂਦੀਆਂ ਹਨ ਕਿ ਇਨ੍ਹਾਂ ਵਿੱਚ ਲਿਖਿਆ ਹੋਇਆ ਮਸਾਲਾ ਵੇਖਣ ਪਿੱਛੋਂ ਹਕੀਕਤਾਂ ਸਮਝਣ ਦਾ ਯਤਨ ਕਰ ਸਕੀਏ। ਪੀ ਐੱਨ ਓਕ ਦੇ ਲਿਖੇ ਹੋਏ ਅਖੌਤੀ ਇਤਹਾਸ ਨੂੰ ਵੀ ਇਸੇ ਪੱਖ ਤੋਂ ਵੇਖਿਆ ਜਾ ਸਕਦਾ ਹੈ। ਉਹ ਜਦੋਂ ਗਪੌੜ ਛੱਡਦਾ ਹੈ ਤਾਂ ਉਨ੍ਹਾਂ ਨਾਲ ਇਤਹਾਸ ਦੇ ਹਵਾਲੇ ਨਹੀਂ ਦੇਂਦਾ, ਆਪਣੇ ਸੋਚਣੀ ਦੀ ਕਾੜ੍ਹਨੀ ਵਿੱਚੋਂ ਉਬਾਲੇ ਖਾ ਕੇ ਨਿਕਲੇ ਸਿੱਟੇ ਪੇਸ਼ ਕਰੀ ਜਾਂਦਾ ਹੈ। ਇਸ ਦੀ ਆਖਰੀ ਹੱਦ ਵੇਖੀਏ ਤਾਂ ਹਾਸੋਹੀਣੀਆਂ ਗੱਲਾਂ ਪੜ੍ਹਨ ਨੂੰ ਮਿਲਦੀਆਂ ਹਨ। ਪੀ ਐੱਨ ਓਕ ਕਹਿੰਦਾ ਹੈ ਕਿ ਸੰਸਾਰ ਵਿੱਚ ਫੈਲਿਆ ਈਸਾਈ ਮੱਤ ਆਪਣੇ ਆਪ ਵਿੱਚ ਧਰਮ ਹੀ ਨਹੀਂ, ਇਹ ਤਾਂ ਭਾਰਤੀ ਲੋਕਾਂ ਦੀ ਸ਼ਰਧਾ ਦੇ ਭਗਵਾਨ ਕ੍ਰਿਸ਼ਨ ਦੇ ਵਿਚਾਰਾਂ ਦੀ ਇੱਕ ਸ਼ਾਖਾ ਸੀ, ਜਿਹੜੀ ਪਹਿਲੇ ਦਿਨਾਂ ਵਿੱਚ 'ਕ੍ਰਿਸ਼ਨ ਨੀਤੀ', ਕਹਿਣ ਤੋਂ ਭਾਵ ਕਿ ਕ੍ਰਿਸ਼ਨ-ਮਾਰਗ ਸੀ, ਫਿਰ ਇਸ ਦੀ ਨਵੀਂ ਚੱਲੀ ਇਸ ਸ਼ਾਖਾ ਨੂੰ 'ਕ੍ਰਿਸ਼ਨ ਨੀਤੀ' ਤੋਂ ਥੋੜ੍ਹਾ ਬਦਲ ਕੇ 'ਕਿਸ਼ਚਨਟੀ' ਵਜੋਂ ਈਸਾਈ ਧਰਮ ਬਣਾ ਲਿਆ। ਇੱਕ ਹੋਰ ਕਦਮ ਅੱਗੇ ਵਧ ਕੇ ਉਹ ਨਵਾਂ ਯੱਕੜ ਮਾਰਦਾ ਹੈ ਕਿ ਈਸਾਈ ਲੋਕਾਂ ਦਾ ਜਿਹੜਾ ਸਭ ਤੋਂ ਵੱਡਾ ਧਰਮ ਅਸਥਾਨ ਵੈਟੀਕਨ ਹੈ, ਉਹ ਅਸਲੀ ਲਫਜ਼ ਨਹੀਂ। ਪੀ ਐੱਨ ਓਕ ਕਹਿੰਦਾ ਹੈ ਕਿ ਰਾਵਣ ਨੇ ਸੀਤਾ ਨੂੰ ਕੈਦ ਕਰਨ ਮਗਰੋਂ 'ਅਸ਼ੋਕ ਵਾਟਿਕਾ' ਵਿੱਚ ਤਿੰਨ ਸਾਲ ਤੱਕ ਰੱਖਿਆ ਸੀ, ਉਹ 'ਅਸ਼ੋਕ ਵਾਟਿਕਾ' ਦੇ ਰੂਪ ਵਿੱਚ 'ਅਸ਼ੋਕ ਬਗੀਚੀ' ਸੀ। ਓਸੇ ਤਰ੍ਹਾਂ ਕ੍ਰਿਸ਼ਨ-ਨੀਤੀ ਦੇ ਲੋਕਾਂ ਵਿੱਚੋਂ ਕਿਸੇ ਇੱਕ ਨੇ ਇਟਲੀ ਵਿੱਚ ਜਾ ਕੇ 'ਵਾਟਿਕਾ', ਯਾਨੀ ਬਗੀਚੀ, ਬਣਾਈ ਤਾਂ ਉਸ ਨੂੰ ਹੌਲੀ-ਹੌਲੀ ਬਦਲ ਕੇ 'ਵਾਟਿਕਾ' ਤੋਂ ਈਸਾਈ ਲੋਕਾਂ ਨੇ 'ਵੈਟੀਕਨ' ਦਾ ਰੂਪ ਦੇ ਦਿੱਤਾ ਸੀ। ਕੁਝ ਹੋਰ ਕਦਮ ਪੁੱਟਣ ਪਿੱਛੋਂ ਪੀ ਐੱਨ ਓਕ ਈਸਾਈ ਧਰਮ ਦੀਆਂ ਮੁੱਢਲੀਆਂ ਹਸਤੀਆਂ ਵਿੱਚੋਂ 'ਅਬਰਾਹਮ' ਨੂੰ 'ਬ੍ਰਹਮ' ਤੋਂ ਬਦਲ ਕੇ ਬਣਿਆ ਮੰਨ ਬਹਿੰਦਾ ਹੈ ਤੇ 'ਜਾਰਜ' ਨੂੰ ਉਹ 'ਗਰਗ' ਦਾ ਬਦਲਿਆ ਰੂਪ ਬਣਾ ਕੇ ਪੇਸ਼ ਕਰਨ ਲੱਗਦਾ ਹੈ। ਇਹੋ ਜਿਹੀ ਖੁਸ਼ਫਹਿਮੀ ਖਿਲਾਰ ਕੇ ਆਪਣੇ ਆਪ ਨੂੰ 'ਇਤਹਾਸਕਾਰ' ਵਜੋਂ ਪੇਸ਼ ਕਰਨ ਵਾਲਾ ਉਹ ਬੰਦਾ ਬੜੀ ਦੂਰ ਤੱਕ ਚਲਾ ਜਾਂਦਾ ਹੈ।
ਭਾਰਤ ਦੇਸ਼ ਦੇ ਲੋਕਾਂ ਲਈ ਇਹ ਸੋਚ ਬਹੁਤ ਵੱਡੇ ਬਖੇੜੇ ਪੈਦਾ ਕਰਨ ਵਾਲੀ ਹੋ ਸਕਦੀ ਹੈ। ਹਿੰਦੂ ਧਰਮ ਤੇ ਜੈਨ ਜਾਂ ਬੁੱਧ ਧਰਮ ਪੁਰਾਤਨ ਸਮਿਆਂ ਤੋਂ ਇੱਕੋ ਭਾਰਤ ਵਿੱਚ ਇੱਕ-ਦੂਸਰੇ ਨੂੰ ਬਰਦਾਸ਼ਤ ਕਰਦੇ ਆਏ ਸਨ, ਪਰ ਕੁਝ ਦਹਾਕੇ ਪਹਿਲਾਂ ਉਨ੍ਹਾਂ ਦੋਵਾਂ ਧਰਮਾਂ ਅੰਦਰ ਵੀ ਹਿੰਦੂ ਧਰਮ ਦੇ ਕੁਝ ਲੋਕਾਂ ਨੇ ਮੱਤਭੇਦ ਪੈਦਾ ਕਰ ਲਏ ਹਨ। ਬਿਹਾਰ ਵਿੱਚ ਬੁੱਧ ਧਰਮ ਦਾ ਬਹੁਤ ਵੱਡਾ ਤੀਰਥ ਬੋਧ ਗਯਾ ਵਿੱਚ ਹੈ ਅਤੇ ਸਾਰੀ ਦੁਨੀਆ ਵਿੱਚੋਂ ਲੋਕ ਓਥੇ ਪੂਜਾ ਕਰਨ ਅਤੇ ਮਨ ਦੀ ਸ਼ਾਂਤੀ ਹਾਸਲ ਕਰਨ ਆਇਆ ਕਰਦੇ ਹਨ। ਉਸ ਅਸਥਾਨ ਬਾਰੇ ਦੋਵਾਂ ਧਰਮਾਂ ਦੀ ਖਿੱਚੋਤਾਣ ਹੋ ਚੁੱਕੀ ਹੈ। ਜੈਨ ਧਰਮ ਨਾਲ ਹਿੰਦੂ ਧਰਮ ਨੂੰ ਸਦੀਆਂ ਤੱਕ ਕਦੇ ਕਿਸੇ ਤਰ੍ਹਾਂ ਦੀ ਸਮੱਸਿਆ ਨਹੀਂ ਸੀ, ਪਰ ਹੁਣ ਜੂਨਾਗੜ੍ਹ ਨੇੜੇ ਗਿਰਨਾਰ ਪਰਬਤ ਦੇ ਮੁੱਦੇ ਤੋਂ ਉਨ੍ਹਾਂ ਨਾਲ ਵੀ ਤਨਾਅ ਪੈਦਾ ਹੋਣ ਲੱਗ ਪਿਆ ਹੈ। ਜੈਨ ਭਾਈਚਾਰਾ ਇਸ ਤੋਂ ਦੁਖੀ ਹੈ, ਪਰ ਬੋਲ ਨਹੀਂ ਰਿਹਾ। ਇਹੋ ਜਿਹੇ ਕਈ ਹੋਰ ਮੁੱਦੇ ਦੱਸੇ ਜਾ ਸਕਦੇ ਹਨ, ਜਿਨ੍ਹਾਂ ਨੂੰ ਫੋਲਣ ਨਾਲ ਇਹੋ ਕਚਰਾ ਨਿਕਲੇਗਾ।
ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰ ਨੇ ਅੱਗੇ ਵਧਣਾ ਹੈ ਤਾਂ ਇਸ ਨੂੰ ਆਪਣੇ ਲੋਕਾਂ ਦੀ ਇੱਕ-ਸੁਰਤਾ ਪੈਦਾ ਕਰਨ ਦੀ ਲੋੜ ਹੈ, ਹਰ ਵਕਤ ਵਿਵਾਦਾਂ ਨੂੰ ਹਵਾ ਦੇਣ ਜਾਂ ਨਵੇਂ ਵਿਵਾਦ ਪੈਦਾ ਕਰਨ ਦੀ ਨੀਤੀ ਭਲਾ ਨਹੀਂ ਕਰ ਸਕਦੀ। ਜਿੱਥੋਂ ਤੱਕ ਸੰਗੀਤ ਸੋਮ ਤੇ ਵਿਨੇ ਕਟਿਆਰ ਵੱਲੋਂ ਉਠਾਏ ਤਾਜ ਮਹਿਲ ਦੇ ਮੁੱਦੇ ਦਾ ਸਵਾਲ ਹੈ, ਇਸ ਬਾਰੇ ਇਹੋ ਯਾਦ ਰੱਖਣਾ ਕਾਫੀ ਹੈ ਕਿ ਪਿਛਲੇ ਤਿੰਨ ਸਾਲਾਂ ਦੌਰਾਨ ਦੋ ਵਾਰੀ ਪਾਰਲੀਮੈਂਟ ਵਿੱਚ ਇਹ ਗੱਲ ਕਹੀ ਗਈ ਹੈ ਕਿ ਸਾਰੀ ਘੋਖ ਕਰ ਲੈਣ ਪਿੱਛੋਂ ਵੀ ਤਾਜ ਮਹਿਲ ਦੇ ਹਿੰਦੂ ਭਵਨ ਹੋਣ ਦਾ ਕੋਈ ਸਬੂਤ ਨਹੀਂ ਮਿਲਿਆ। ਇਹ ਗੱਲ ਪਾਰਲੀਮੈਂਟ ਵਿੱਚ ਮਹੇਸ਼ ਸ਼ਰਮਾ ਨਾਂਅ ਦੇ ਉਸ ਸੱਭਿਆਚਾਰ ਮੰਤਰੀ ਨੇ ਇੱਕ ਬਾਕਾਇਦਾ ਸਵਾਲ ਦੇ ਜਵਾਬ ਵਿੱਚ ਕਹੀ, ਜਿਹੜਾ ਗਊ ਮਾਸ ਦੇ ਦੋਸ਼ ਨਾਲ ਕੁੱਟ-ਕੁਟ ਕੇ ਮਾਰੇ ਗਏ ਅਖਲਾਕ ਦੇ ਪਿੰਡ ਵਾਲੀ ਲੋਕ ਸਭਾ ਸੀਟ ਤੋਂ ਭਾਜਪਾ ਟਿਕਟ ਉੱਤੇ ਜਿੱਤਿਆ ਸੀ। ਉਸ ਨੇ ਇਹ ਗੱਲ ਜਦੋਂ ਕਹੀ ਹੈ ਤਾਂ ਇਸ ਲਈ ਨਹੀਂ ਕਹੀ ਕਿ ਉਹ ਸੈਕੂਲਰ ਬਣਨ ਲੱਗਾ ਹੈ, ਸਗੋਂ ਇਸ ਲਈ ਕਹੀ ਕਿ ਸਮੁੱਚੀ ਘੋਖ ਦੇ ਬਾਅਦ ਸਾਹਮਣੇ ਆਏ ਤੱਥਾਂ ਨੂੰ ਝੁਠਲਾਉਣਾ ਔਖਾ ਸੀ। ਇਸ ਦੇ ਬਾਅਦ ਵੀ ਜਦੋਂ ਕੋਈ ਗਿਆਨ ਦੇ ਗਲ਼ ਰੱਸਾ ਪਾ ਕੇ ਆਪਣੀ ਮਰਜ਼ੀ ਦੇ ਮਾਰਗ ਉੱਤੇ ਧੂਹਣਾ ਚਾਹੁੰਦਾ ਹੈ ਤਾਂ ਉਸ ਤੋਂ ਦੇਸ਼ ਦੇ ਲੋਕਾਂ ਨੂੰ ਸੁਚੇਤ ਰਹਿਣ ਦੀ ਲੋੜ ਹੈ।

29 Oct 2017

ਲੀਡਰਸ਼ਿਪ ਦੀ ਅਣਹੋਂਦ ਦੇ ਸੰਕਟ ਦਾ ਸ਼ਿਕਾਰ ਹੋਈ ਪਈ ਹੈ ਪੰਜਾਬ ਦੀ ਵਿਰੋਧੀ ਧਿਰ -ਜਤਿੰਦਰ ਪਨੂੰ

ਭਾਰਤ ਵਿੱਚ ਲੋਕਤੰਤਰ ਹੈ। ਪੰਜਾਬ ਵੀ ਇਸ ਲੋਕਤੰਤਰ ਦਾ ਅੰਗ ਹੈ। ਲੋਕਤੰਤਰ ਵਿੱਚ ਵਿਰੋਧੀ ਧਿਰ ਦਾ ਮੌਜੂਦ ਹੋਣਾ ਅਤੇ ਨਾਲ ਇਸ ਵਿਰੋਧੀ ਧਿਰ ਦਾ ਮਜ਼ਬੂਤ ਹੋਣਾ ਜ਼ਰੂਰੀ ਸਮਝਿਆ ਜਾਂਦਾ ਹੈ। ਵਿਰੋਧੀ ਧਿਰ ਮਜ਼ਬੂਤ ਨਾ ਹੋਵੇ ਤਾਂ ਲੋਕਤੰਤਰ ਨਿਰੰਕੁਸ਼ ਕਿਹਾ ਜਾਂਦਾ ਹੈ। ਅੰਕੁਸ਼ ਲੋਹੇ ਦਾ ਉਹ ਤਿੱਖੀਆਂ ਨੋਕਾਂ ਵਾਲਾ ਕੁੰਡਾ ਹੁੰਦਾ ਹੈ, ਜਿਹੜਾ ਹਾਥੀ ਨੂੰ ਕਾਬੂ ਵਿੱਚ ਰੱਖਣ ਲਈ ਹਾਥੀ ਦਾ ਮਹਾਵਤ ਆਪਣੇ ਹੱਥ ਵਿਚ ਰੱਖਦਾ ਹੈ। ਜੇ ਅੰਕੁਸ਼ ਕੋਲ ਨਾ ਹੋਵੇ ਤਾਂ ਹਾਥੀ ਕਾਬੂ ਵਿੱਚ ਨਹੀਂ ਰਹਿੰਦਾ। ਵਿਰੋਧੀ ਧਿਰ ਮਜ਼ਬੂਤ ਨਾ ਹੋਵੇ ਤਾਂ ਲੋਕਤੰਤਰ ਵਿੱਚ ਰਾਜ ਕਰਦੀ ਧਿਰ ਦੇ ਉਸ ਹਾਥੀ ਵਾਂਗ ਕਾਬੂ ਤੋਂ ਬਾਹਰ ਹੋ ਜਾਣ ਦਾ ਡਰ ਰਹਿੰਦਾ ਹੈ। ਪੰਜਾਬ ਵਿੱਚ ਇਸ ਵਕਤ ਵਿਰੋਧੀ ਧਿਰ ਲੀਡਰਸ਼ਿਪ ਤੋਂ ਸੱਖਣੀ ਹੋਈ ਜਾਪਦੀ ਹੈ।
ਹੁਣੇ-ਹੁਣੇ ਗੁਰਦਾਸਪੁਰ ਦੀ ਪਾਰਲੀਮੈਂਟਰੀ ਸੀਟ ਲਈ ਉੱਪ ਚੋਣ ਹੋਈ ਹੈ। ਓਥੇ ਕਾਂਗਰਸ ਪਾਰਟੀ ਜਿੱਤ ਗਈ ਤੇ ਇਸ ਜਿੱਤ ਦੇ ਲਈ ਆਪਣੀਆਂ ਨੀਤੀਆਂ ਨੂੰ ਜਾਇਜ਼ ਦੱਸ ਰਹੀ ਹੈ। ਉਸ ਨੂੰ ਏਦਾਂ ਕਰਨ ਦਾ ਹੱਕ ਹੈ। ਅਸਲ ਵਿੱਚ ਜਿੱਤ ਦੇ ਦੋ ਮੁੱਖ ਕਾਰਨ ਸਨ। ਪਹਿਲਾ ਇਹ ਕਿ ਇੱਕ ਵੱਡੇ ਅਕਾਲੀ ਆਗੂ ਤੇ ਖੁਦ ਭਾਜਪਾ ਉਮੀਦਵਾਰ ਦੇ ਨਿੱਜੀ ਜੀਵਨ ਨਾਲ ਜੁੜੇ ਹੋਏ ਕੁਝ ਅਣਸੁਖਾਵੇਂ ਮੁੱਦੇ ਓਥੇ ਸਿਆਸੀ ਮੁੱਦਿਆਂ ਉੱਤੇ ਭਾਰੂ ਹੋ ਗਏ ਸਨ। ਦੂਸਰਾ ਕਾਰਨ ਹੁਣ ਤੱਕ ਕਿਸੇ ਇੱਕ ਵੀ ਪਾਰਟੀ ਨੇ ਚਰਚਾ ਵਿੱਚ ਨਹੀਂ ਰੱਖਿਆ ਤੇ ਉਹ ਕਾਰਨ ਇਹ ਹੈ ਕਿ ਵਿਰੋਧੀ ਧਿਰ ਦੀਆਂ ਦੋ ਮੁੱਖ ਪਾਰਟੀਆਂ ਸਾਹਮਣੇ ਲੀਡਰਸ਼ਿਪ ਦਾ ਇੱਕ ਗੰਭੀਰ ਸੰਕਟ ਹੈ, ਜਿਸ ਦਾ ਕੋਈ ਹੱਲ ਨਿਕਲਦਾ ਦਿਖਾਈ ਨਹੀਂ ਦੇ ਰਿਹਾ।
ਅਕਾਲੀ ਦਲ ਦਾ ਮੁਖੀ ਭਾਵੇਂ ਅੱਜ-ਕੱਲ੍ਹ ਸੁਖਬੀਰ ਸਿੰਘ ਬਾਦਲ ਹੈ, ਲੋਕਾਂ ਦੀਆਂ ਵੋਟਾਂ ਹਾਲੇ ਤੱਕ ਵੱਡੇ ਬਾਦਲ ਦੇ ਨਾਂਅ ਉੱਤੇ ਹੀ ਪੈਂਦੀਆਂ ਹਨ ਤੇ ਇਸ ਚੋਣ ਵਿੱਚ ਉਸ ਨੇ ਗੁਰਦਾਸਪੁਰ ਦਾ ਗੇੜਾ ਨਹੀਂ ਲਾਇਆ। ਇਸ ਦਾ ਇੱਕ ਖਾਸ ਕਾਰਨ ਹੈ, ਜਿਸ ਨੂੰ ਸਮਝਣ ਤੋਂ ਅਕਾਲੀ ਦਲ ਦੀ ਮੌਜੂਦਾ ਲੀਡਰਸ਼ਿਪ ਇਨਕਾਰੀ ਹੈ, ਪਰ ਜਦੋਂ ਇਸ ਬਾਰੇ ਸੋਚਣ ਲਈ ਸਮਾਂ ਸੀ, ਅਤੇ ਸਥਿਤੀ ਹਾਲੇ ਹੱਥੋਂ ਪੂਰੀ ਤਰ੍ਹਾਂ ਨਹੀਂ ਸੀ ਨਿਕਲੀ, ਓਦੋਂ ਵੱਡੇ ਬਾਦਲ ਨੇ ਵੀ ਨਹੀਂ ਸੀ ਸੋਚਿਆ।
ਇੱਕ ਵਾਰਦਾਤ ਹੋਈ ਸੀ ਦਸੰਬਰ 2012 ਵਿੱਚ। ਅੰਮ੍ਰਿਤਸਰ ਸ਼ਹਿਰ ਦੇ ਛੇਹਰਟਾ ਥਾਣੇ ਤੋਂ ਸਿਰਫ ਸੌ ਗਜ਼ ਦੂਰ ਪੰਜਾਬ ਪੁਲਸ ਦੇ ਇੱਕ ਥਾਣੇਦਾਰ ਦਾ ਕਤਲ ਹੋਇਆ ਸੀ। ਕਤਲ ਕਰਨ ਵਾਲਾ ਯੂਥ ਅਕਾਲੀ ਦਲ ਦਾ ਆਗੂ ਸੀ। ਕਾਰਨ ਇਹ ਸੀ ਕਿ ਉਹ ਯੂਥ ਆਗੂ ਉਸ ਥਾਣੇਦਾਰ ਦੀ ਧੀ ਨੂੰ ਤੰਗ ਕਰਦਾ ਸੀ ਤੇ ਥਾਣੇਦਾਰ ਨੇ ਉਸ ਨੂੰ ਸਮਝਾਉਣ ਦਾ ਯਤਨ ਕੀਤਾ ਸੀ। ਯੂਥ ਲੀਡਰ ਨੇ ਉਸ ਨੂੰ ਗੋਲੀਆਂ ਮਾਰ ਕੇ ਮਾਰ ਦਿੱਤਾ। ਗੋਲੀਆਂ ਮੁੱਕ ਗਈਆਂ ਤਾਂ ਘਰੋਂ ਦੂਸਰੀ ਗੰਨ ਤੇ ਹੋਰ ਗੋਲੀਆਂ ਲਿਆ ਕੇ ਮਾਰੀਆਂ ਤੇ ਇੱਕ ਧੜੱਲੇਦਾਰ ਅਕਾਲੀ ਮੰਤਰੀ ਦੀ ਜ਼ਿੰਦਾਬਾਦ ਦੇ ਨਾਅਰੇ ਲਾਏ ਸਨ। ਸਿਰਫ ਸੌ ਗਜ਼ ਦੂਰ ਛੇਹਰਟਾ ਥਾਣੇ ਦੇ ਪੁਲਸ ਵਾਲੇ ਵਾਰਦਾਤ ਹੁੰਦੀ ਵੇਖਦੇ ਰਹੇ, ਪਰ ਆਪਣੇ ਪੇਟੀਬੰਦ ਭਰਾ ਨੂੰ ਛੁਡਾਉਣਾ ਕੀ, ਉਸ ਦੀ ਲਾਸ਼ ਚੁੱਕਣ ਵੀ ਵੱਡੇ ਅਫਸਰਾਂ ਦੇ ਆਉਣ ਤੱਕ ਨਹੀਂ ਸੀ ਆਏ। ਇਸ ਘਟਨਾ ਨਾਲ ਸਾਰਾ ਪੰਜਾਬ ਕੰਬ ਗਿਆ ਸੀ। ਓਦੋਂ ਅਸੀਂ ਲਿਖਿਆ ਸੀ: 'ਸ਼ਾਹ ਮੁਹੰਮਦਾ ਫਿਰਨ ਸਰਦਾਰ ਲੁਕਦੇ, ਭੂਤ ਮੰਡਲੀ ਹੋਈ ਪ੍ਰਧਾਨ ਮੀਆਂ'। ਕਨੇਡਾ ਦੀ ਇੱਕ ਪੰਜਾਬੀ ਲੇਖਕਾ, ਜਿਸ ਨੂੰ ਅਸੀਂ ਕਦੇ ਮਿਲੇ ਨਹੀਂ, ਨੇ ਇਸ ਦੇ ਪ੍ਰਤੀਕਰਮ ਵਿੱਚ ਲਿਖਿਆ ਸੀ; 'ਜਤਿੰਦਰ ਪਨੂੰ ਨੇ ਕਲਮ ਦਾ ਕਰਜ਼ਾ ਲਾਹਿਆ ਹੈ'। ਅਸੀਂ ਫਿਰ ਵੀ ਇਹ ਮੰਨਦੇ ਰਹੇ ਕਿ ਕਲਮ ਦਾ ਕਰਜ਼ਾ ਏਡਾ ਵੱਡਾ ਹੈ ਕਿ ਇੱਕ ਲੇਖ ਦੇ ਨਾਲ ਲੱਥਣ ਵਾਲਾ ਨਹੀਂ ਸੀ ਤੇ ਮਹੱਤਵ ਕਲਮ ਦੇ ਕਰਜ਼ੇ ਤੋਂ ਵੀ ਵੱਧ ਉਸ ਲਿਖਤ ਵਿੱਚ ਪੇਸ਼ ਕੀਤੀ ਇਸ ਸੋਚ ਦਾ ਸੀ ਕਿ ਜੇ ਭੂਤ ਮੰਡਲੀ ਏਦਾਂ ਹੀ ਧਮੱਚੜ ਪਾਉਂਦੀ ਰਹੇਗੀ ਤਾਂ ਬਜ਼ੁਰਗੀ ਦੌਰ ਵਿੱਚ ਪ੍ਰਕਾਸ਼ ਸਿੰਘ ਬਾਦਲ ਲਈ ਅਣਸੁਖਾਵੇਂ ਹਾਲਾਤ ਪੈਦਾ ਕਰੇਗੀ। ਇਸ ਸਾਲ ਵਿਧਾਨ ਸਭਾ ਚੋਣਾਂ ਦੇ ਨਤੀਜੇ ਨੇ ਇਹ ਸਾਬਤ ਕਰ ਦਿੱਤਾ ਹੈ। ਗੁਰਦਾਸਪੁਰ ਉੱਪ ਚੋਣ ਵਿੱਚ ਬਾਦਲ ਸਾਹਿਬ ਏਸੇ ਲਈ ਨਹੀਂ ਗਏ ਜਾਪਦੇ। ਇਹ ਪੰਜਾਬ ਦੇ ਇਤਹਾਸ ਵਿੱਚ ਇਸ ਪਾਰਟੀ ਲਈ ਸਭ ਤੋਂ ਵੱਡਾ ਝਟਕਾ ਹੈ, ਪਰ ਇਸ ਦਾ ਹੱਲ ਵੀ ਕੋਈ ਨਹੀਂ, ਕਿਉਂਕਿ ਔਖੇ ਦੌਰ ਦੇ ਬਾਦਲ ਦੇ ਸਾਥੀ ਆਗੂ ਇਸ ਨਵੀਂ ਪਨੀਰੀ ਸਾਹਮਣੇ ਸਿਰ ਚੁੱਕਣ ਜੋਗੇ ਨਹੀਂ ਰਹਿ ਗਏ, ਆਪਣੇ ਪੁੱਤਰ ਦੀ ਉਮਰ ਵਾਲੇ ਆਗੂ ਦੇ ਗੋਡੀਂ ਹੱਥ ਲਾਈ ਜਾਂਦੇ ਹਨ।
ਦੂਸਰੀ ਤੇ ਸਭ ਤੋਂ ਮਾੜੀ ਹਾਲਤ ਆਮ ਆਦਮੀ ਪਾਰਟੀ ਦੀ ਹੈ। ਗੁਰਦਾਸਪੁਰ ਦੀ ਚੋਣ ਦੌਰਾਨ ਵਿਦੇਸ਼ ਵਿਚੋਂ ਫੋਨ ਕਰ ਕੇ ਸਾਨੂੰ ਇਸ ਪਾਰਟੀ ਦੇ ਕੁਝ ਸਮੱਰਥਕਾਂ ਨੇ ਗਾਲ੍ਹਾਂ ਵਰਗੀ ਭਾਸ਼ਾ ਵਰਤੀ ਕਿ ਸਾਡੀ ਪਾਰਟੀ ਜਿੱਤਦੀ ਪਈ ਹੈ, ਤੈਨੂੰ ਦਿੱਸਦਾ ਨਹੀਂ। ਉਨ੍ਹਾਂ ਨੇ ਵਿਧਾਨ ਸਭਾ ਚੋਣਾਂ ਮੌਕੇ ਵੀ ਬੁਰਾ-ਭਲਾ ਬੋਲਿਆ ਸੀ। ਸਾਡੀ ਮੁਸ਼ਕਲ ਇਹ ਸੀ ਕਿ ਸਾਨੂੰ ਜੋ ਦਿਖਾਈ ਦੇਂਦਾ ਸੀ, ਉਹ ਕਹਿਣ ਤੋਂ ਨਹੀਂ ਸੀ ਰਹਿ ਸਕਦੇ ਤੇ ਉਨ੍ਹਾਂ ਨੂੰ ਹਜ਼ਮ ਨਹੀਂ ਸੀ ਹੁੰਦਾ। ਉਨ੍ਹਾਂ ਵਿੱਚ ਕੁਝ ਲੋਕ ਉਹ ਵੀ ਸਨ, ਜਿਹੜੇ ਪਹਿਲਾਂ ਕਿਸੇ ਸਮੇਂ ਪੰਜਾਬ ਪੀਪਲਜ਼ ਪਾਰਟੀ ਦੇ ਮਗਰ ਧੂੜਾਂ ਪੱਟ ਮੁਹਿੰਮ ਚਲਾ ਕੇ ਖੱਜਲ ਹੋ ਚੁੱਕੇ ਸਨ ਅਤੇ ਇਸ ਵਾਰੀ ਫਿਰ ਮੱਛੀ ਦੇ ਪੱਥਰ ਚੱਟ ਕੇ ਮੁੜਨ ਤੱਕ ਆਪਣੀ ਗੱਲ ਉੱਤੇ ਅੜੇ ਰਹੇ ਸਨ।
ਆਮ ਆਦਮੀ ਪਾਰਟੀ ਨੂੰ ਇਤਹਾਸ ਨੇ ਮੌਕਾ ਬਖਸ਼ਿਆ ਸੀ। ਨਰਿੰਦਰ ਮੋਦੀ ਨੂੰ ਜਦੋਂ ਦੇਸ਼ ਨੇ ਪ੍ਰਧਾਨ ਮੰਤਰੀ ਦਾ ਅਹੁਦਾ ਸੰਭਾਲਣ ਦਾ ਮੌਕਾ ਦਿੱਤਾ, ਜਿਸ ਦਿੱਲੀ ਵਿੱਚ ਆਪ ਪਾਰਟੀ ਉਨੰਜਾ ਦਿਨ ਸਰਕਾਰ ਚਲਾ ਚੁੱਕੀ ਸੀ, ਓਥੋਂ ਉਸ ਨੂੰ ਓਦੋਂ ਬੜੀ ਵੱਡੀ ਆਸ ਸੀ, ਪਰ ਓਥੋਂ ਉਹ ਇੱਕ ਵੀ ਪਾਰਲੀਮੈਂਟ ਸੀਟ ਨਹੀਂ ਸੀ ਜਿੱਤ ਸਕੀ। ਪੰਜਾਬ ਦੇ ਲੋਕਾਂ ਨੇ ਉਸ ਦੀ ਝੋਲੀ ਵਿੱਚ ਚਾਰ ਸੀਟਾਂ ਪਾਈਆਂ, ਦੋ ਸੀਟਾਂ ਉੱਤੇ ਮਾਮੂਲੀ ਫਰਕ ਨਾਲ ਹਾਰਨ ਦੇ ਨਾਲ ਤਿੰਨ ਹੋਰ ਸੀਟਾਂ ਉੱਤੇ ਦੋ ਲੱਖ ਤੋਂ ਟੱਪ ਗਈ ਸੀ। ਫਿਰ ਇਹ ਪਾਰਟੀ ਆਪਣੀ ਬਣੀ ਹੋਈ ਭੱਲ ਨਹੀਂ ਪਚਾ ਸਕੀ। ਵਿਧਾਨ ਸਭਾ ਚੋਣਾਂ ਵਿੱਚ ਉਸ ਦੇ ਕੁਝ ਆਗੂ ਵੋਟਾਂ ਪੈਣ ਦੀ ਘੜੀ ਤੋਂ ਪਹਿਲਾਂ ਹੀ ਮੁੱਖ ਮੰਤਰੀ ਦੇ ਅਹੁਦੇ ਦੀ ਸਹੁੰ ਚੁੱਕਣ ਦੀ ਰਿਹਰਸਲ ਕਰਦੇ ਸੁਣੇ ਜਾਣ ਲੱਗੇ ਅਤੇ ਜਿਹੜਾ ਵਕਤ ਕੰਮ ਕਰਨ ਉੱਤੇ ਲਾਉਣਾ ਚਾਹੀਦਾ ਸੀ, ਉਹ ਇਸ ਰਿਹਰਸਲ ਦੇ ਲੇਖੇ ਲਾ ਦਿੱਤਾ। ਸਰਕਾਰ ਨਾ ਬਣ ਸਕੀ ਤਾਂ ਇਹ ਵੱਡੀ ਸੱਟ ਨਹੀਂ ਸੀ। ਉਹ ਇਸ ਰਾਜ ਵਿੱਚ ਮੁੱਖ ਵਿਰੋਧੀ ਧਿਰ ਦਾ ਦਰਜਾ ਹਾਸਲ ਕਰ ਕੇ ਪੰਜ ਵਾਰੀਆਂ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਪਾਰਟੀ ਤੋਂ ਪੰਜ ਸੀਟਾਂ ਵੱਧ ਜਿੱਤ ਗਈ, ਪਰ ਸਬਰ ਨਹੀਂ ਸੀ ਆਇਆ। ਇਸ ਲਈ ਨਵੇਂ ਸਿਰੇ ਤੋਂ ਕੋੜਮੇ ਅੰਦਰ ਕਿੜਾਂ ਕੱਢਣ ਦਾ ਦੌਰ ਸ਼ੁਰੂ ਹੋ ਗਿਆ ਤੇ ਹੁਣ ਤੱਕ ਰੁਕ ਨਹੀਂ ਰਿਹਾ। ਪਹਿਲਾਂ ਫੂਲਕਾ ਹੁਰਾਂ ਨੂੰ ਵਿਰੋਧੀ ਧਿਰ ਦਾ ਆਗੂ ਬਣਾਇਆ ਸੀ। ਉਸ ਵਕੀਲ ਨੇ ਪਿਛਲੇ ਚੌਤੀ ਸਾਲਾਂ ਵਿੱਚ ਜਿਵੇਂ ਦਿੱਲੀ ਦੇ ਪੀੜਤਾਂ ਦੇ ਕੇਸ ਮੁਫਤ ਲੜੇ ਹਨ, ਮੌਜੂਦਾ ਪੜਾਅ ਉੱਤੇ ਉਹ ਕੇਸ ਛੱਡ ਸਕਣੇ ਮੁਸ਼ਕਲ ਸਨ। ਫਿਰ ਸੁਖਪਾਲ ਸਿੰਘ ਖਹਿਰਾ ਨੂੰ ਆਪ ਪਾਰਟੀ ਨੇ ਵਿਰੋਧੀ ਧਿਰ ਦੇ ਆਗੂ ਵਜੋਂ ਪੇਸ਼ ਕੀਤਾ। ਪਾਰਟੀ ਕੋਲ ਹੋਰ ਕੋਈ ਏਨੀ ਜੋਗਾ ਬੰਦਾ ਹੀ ਨਹੀਂ, ਪਰ ਮੁਸ਼ਕਲ ਇਹ ਹੈ ਕਿ ਖਹਿਰਾ ਨੂੰ ਪਾਰਟੀ ਵਿੱਚੋਂ ਪੂਰਾ ਸਾਥ ਨਹੀਂ ਮਿਲਦਾ। ਇੱਕ ਪਾਸੇ ਕਾਂਗਰਸੀ ਆਗੂਆਂ ਨਾਲ ਉਸ ਦੀ ਟੱਕਰ ਦੀ ਲਗਾਤਾਰਤਾ ਹੈ ਤੇ ਦੂਸਰੇ ਪਾਸੇ ਅਕਾਲੀਆਂ ਦੀ ਧੜੱਲੇਦਾਰ ਇਸਤਰੀ ਆਗੂ ਬੀਬੀ ਜਗੀਰ ਕੌਰ ਨਾਲ ਪੱਕਾ ਆਢਾ ਲੱਗਾ ਰਹਿੰਦਾ ਹੈ। ਬੀਬੀ ਜਗੀਰ ਕੌਰ ਉੱਤੇ ਏਨੇ ਦੋਸ਼ ਹਨ ਕਿ ਗਿਣੇ ਨਹੀਂ ਜਾ ਸਕਦੇ ਤੇ ਖਹਿਰੇ ਦੀਆਂ ਪਾਰਟੀ ਦੇ ਅੰਦਰੋਂ ਤੇ ਬਾਹਰੋਂ ਲੱਤਾਂ ਖਿੱਚਣ ਵਾਲੀਆਂ ਬਲਾਵਾਂ ਗਿਣੀਆਂ ਨਹੀਂ ਜਾਂਦੀਆਂ। ਭਗਵੰਤ ਮਾਨ ਇਸ ਪਾਰਟੀ ਦਾ ਕਦੀ ਸਭ ਤੋਂ ਮਕਬੂਲ ਲੀਡਰ ਹੁੰਦਾ ਸੀ, ਅੱਜ ਵੀ ਜਿੱਥੇ ਜਾਵੇ, ਭੀੜਾਂ ਜੁੜ ਜਾਂਦੀਆਂ ਹਨ, ਪਰ ਉਹ ਇਸ ਗੱਲੋਂ ਇਨਕਾਰ ਨਹੀਂ ਕਰ ਸਕਦਾ ਕਿ ਜਲਾਲਾਬਾਦ ਸਮੇਤ ਕਈ ਸੀਟਾਂ ਦਾ ਵਿਧਾਨ ਸਭਾ ਦਾ ਨਤੀਜਾ ਉਸੇ ਕਾਰਨ ਚੰਗਾ ਆਉਣ ਦੀ ਆਸ ਸੀ ਤੇ ਉਸੇ ਕਾਰਨ ਆਖਰੀ ਦਿਨਾਂ ਵਿੱਚ ਕਈ ਥਾਂਈਂ ਬਾਜ਼ੀ ਪੁੱਠੀ ਪੈ ਗਈ ਸੀ। ਉਹ ਬਹੁਤਾ ਸੋਚਦਾ ਨਹੀਂ ਜਾਪਦਾ।
ਹੁਣ ਗੁਰਦਾਸਪੁਰ ਦੀ ਉੱਪ ਚੋਣ ਦੇ ਨਤੀਜੇ ਵਿੱਚ ਜਿੰਨੀਆਂ ਵੋਟਾਂ ਇਸ ਪਾਰਟੀ ਨੂੰ ਪਈਆਂ ਹਨ, ਇਸ ਤੋਂ ਵਧੇਰੇ ਤਾਂ ਜੇ ਕਾਮਰੇਡ ਖੜੇ ਹੋ ਜਾਂਦੇ, ਉਹ ਵੀ ਲੈ ਜਾਂਦੇ। ਮਾੜੀ ਹਾਲਤ ਦਾ ਕਾਰਨ ਆਪ ਪਾਰਟੀ ਨੂੰ ਲੱਭਣਾ ਪੈਣਾ ਹੈ। ਫਰਵਰੀ ਦੀ ਚਾਰ ਤਰੀਕ ਨੂੰ ਜਿਹੜੇ ਨੌਂ ਉਮੀਦਵਾਰ ਖੜੇ ਕਰ ਕੇ ਵਿਧਾਨ ਸਭਾ ਦੀਆਂ ਗੁਰਦਾਸਪੁਰ ਵਿੱਚ ਸਾਰੀਆਂ ਸੀਟਾਂ ਲੜ ਕੇ ਇੱਕ ਲੱਖ ਤੋਂ ਵੱਧ ਵੋਟਾਂ ਪ੍ਰਾਪਤ ਕੀਤੀਆਂ ਸਨ, ਉਨ੍ਹਾਂ ਨੌਂ ਉਮੀਦਵਾਰਾਂ ਵਿੱਚੋਂ ਇੱਕ ਗੁਰਪ੍ਰੀਤ ਘੁੱਗੀ ਪਹਿਲਾਂ ਛੱਡ ਗਿਆ। ਪਾਰਲੀਮੈਂਟ ਉੱਪ ਚੋਣ ਚੱਲਦੀ ਦੌਰਾਨ ਚਾਰ ਉਮੀਦਵਾਰ ਹੋਰ ਇਸ ਨੂੰ ਛੱਡ ਗਏ ਤੇ ਬਾਕੀ ਚਾਰ ਜਣੇ ਰਹਿ ਗਏ। ਇਸ ਪਾਰਟੀ ਨੂੰ ਇਸ ਦਾ ਕਾਰਨ ਲੱਭਣਾ ਚਾਹੀਦਾ ਹੈ। ਜਦੋਂ ਉਹ ਕਾਰਨ ਲੱਭਣ ਤਾਂ ਪਤਾ ਲੱਗੇਗਾ ਕਿ ਪਾਰਟੀ ਲੀਡਰਸ਼ਿਪ ਦੇ ਗੰਭੀਰ ਸੰਕਟ ਦੀ ਸ਼ਿਕਾਰ ਹੈ। ਇਹ ਪਾਰਟੀ ਅਜੇ ਤੱਕ ਪਾਰਟੀ ਨਹੀਂ ਬਣ ਸਕੀ ਅਤੇ ਲਸ਼ਕਰ ਜਿਹਾ ਭੱਜਾ ਫਿਰਦਾ ਹੈ। ਏਨਾ ਚਿਰ ਬਾਅਦ ਵੀ ਇਸ ਪਾਰਟੀ ਦੀ ਲੀਡਰਸ਼ਿਪ ਕੋਈ ਖਿੱਚ ਪਾਉਣ ਵਾਲਾ ਸਰਬ ਪ੍ਰਵਾਨਤ ਚਿਹਰਾ ਪੇਸ਼ ਨਹੀਂ ਕਰ ਸਕੀ, ਕਿੰਨੇ ਸਾਰੇ ਚਿਹਰਿਆਂ ਵਿੱਚ ਉਲਝਿਆ ਪਿਆ ਲਸ਼ਕਰ ਵੱਖੋ-ਵੱਖ ਦਿਸ਼ਾਵਾਂ ਨੂੰ ਘੋੜੇ ਭਜਾਈ ਜਾਂਦਾ ਹੈ। ਅਜੇ ਤੱਕ ਵੀ ਇਸ ਪਾਰਟੀ ਨੇ ਇਸ ਸਥਿਤੀ ਨੂੰ ਨਹੀਂ ਸਮਝਿਆ ਜਾਂ ਫਿਰ ਸਮਝਣ ਦੀ ਲੋੜ ਨਹੀਂ ਸਮਝ ਰਹੀ।
ਪੰਜਾਬ ਦਾ ਰਾਜ ਸੰਭਾਲ ਚੁੱਕੀ ਕਾਂਗਰਸ ਪਾਰਟੀ ਲਈ ਇਹ ਬਹੁਤ ਸੁਖਾਵਾਂ ਸਮਾਂ ਹੈ ਕਿ ਉਸ ਅੱਗੇ ਵਿਰੋਧੀ ਧਿਰ ਕੋਲ ਕੋਈ ਯੋਗ ਆਗੂ ਨਹੀਂ। ਅਕਾਲੀ ਦਲ ਦੀ ਅਗਵਾਈ ਜਿਨ੍ਹਾਂ ਕੋਲ ਹੈ, ਉਹ ਆਗੂ ਬਣਨਾ ਚਾਹੁੰਦੇ ਹਨ, ਪਰ ਅਕਾਲੀ ਦਲ ਦੇ ਇਤਹਾਸ ਤੇ ਰਿਵਾਇਤਾਂ ਨੂੰ ਨਹੀਂ ਮੰਨਣਾ ਚਾਹੁੰਦੇ, ਪਾਰਟੀ ਨੂੰ ਗੈਂਗ ਵਾਂਗ ਚਲਾਉਣਾ ਚਾਹੁੰਦੇ ਹਨ। ਆਪ ਪਾਰਟੀ ਕੋਲ ਉਹ ਆਗੂ ਹਨ, ਜਿਹੜੇ ਵਿਧਾਇਕ ਤੇ ਪਾਰਲੀਮੈਂਟ ਮੈਂਬਰ ਤਾਂ ਹਨ, ਪਰ ਵਕਤ ਵੱਲੋਂ ਅਚਾਨਕ ਪੈਦਾ ਕੀਤੇ ਖਲਾਅ ਕਾਰਨ ਜਿੱਤ ਲਈਆਂ ਸੀਟਾਂ ਦੇ ਸਹਾਰੇ ਲੀਡਰ ਨਹੀਂ ਬਣ ਸਕਦੇ। ਇਹ ਦੁਖਾਂਤ ਹੈ ਪੰਜਾਬ ਦਾ। ਲੋਕਤੰਤਰ ਲਈ ਕਿਸੇ ਵੀ ਰਾਜ ਵਿੱਚ ਮਜ਼ਬੂਤ ਵਿਰੋਧੀ ਧਿਰ ਦੀ ਲੋੜ ਹੁੰਦੀ ਹੈ, ਪਰ ਏਥੇ ਵਿਰੋਧੀ  ਧਿਰ ਨਹੀਂ ਉੱਭਰ ਸਕੀ। ਜਿਹੜੀ ਸਥਿਤੀ ਬਣੀ ਪਈ ਹੈ, ਇਸ ਵਿੱਚ ਆਗੂ ਵਜੋਂ ਕਿਸੇ ਇਹੋ ਜਿਹੇ ਚਿਹਰੇ ਦੀ ਲੋੜ ਹੈ, ਜਿਹੜਾ ਬੁਲਾਰਾ ਵੀ ਹੋਵੇ, ਰਿਵਾਇਤਾਂ ਦੀ ਜਾਣਕਾਰੀ ਤੇ ਸ਼ਰਮ ਰੱਖਣ ਵਾਲਾ ਵੀ ਅਤੇ ਸਭ ਤੋਂ ਵੱਡੀ ਗੱਲ ਕਿ ਏਨੀ ਅਣਖ ਵਾਲਾ ਹੋਵੇ ਕਿ ਸਾਹਮਣੇ ਖੜੇ ਬੰਦੇ ਦੀ ਅੱਖ ਵਿੱਚ ਅੱਖ ਪਾ ਕੇ ਉਸ ਨੂੰ ਉਸ ਦੀ ਹੈਸੀਅਤ ਦਾ ਅਹਿਸਾਸ ਕਰਵਾ ਸਕਦਾ ਹੋਵੇ। ਪੰਜਾਬ ਨੂੰ ਵਿਰੋਧੀ ਧਿਰ ਦੇ ਇਹੋ ਜਿਹੇ ਕਿਸੇ ਆਗੂ ਦੀ ਉਡੀਕ ਜ਼ਰੂਰ ਹੈ, ਪਰ ਉਹ ਮਿਲੇਗਾ ਕਦੋਂ, ਇਹ ਕਹਿਣਾ ਹਾਲ ਦੀ ਘੜੀ ਔਖਾ ਹੈ।

22 Oct 2017

ਪੈਰ ਸੂਲਾਂ 'ਤੇ ਵੀ ਨੱਚਦੇ ਰਹਿਣਗੇ, ਬੁੱਤ ਬਣ ਕੇ ਪੀੜ ਨੂੰ ਜਰਨਾ ਨਹੀਂ -ਜਤਿੰਦਰ ਪਨੂੰ

ਭਾਰਤ ਵਿੱਚ ਗੌਰੀ ਲੰਕੇਸ਼ ਵਰਗੇ ਪੱਤਰਕਾਰਾਂ ਅਤੇ ਗੋਵਿੰਦ ਪਾਂਸਰੇ, ਨਰਿੰਦਰ ਡਬੋਲਕਰ ਤੇ ਕਲਬੁਰਗੀ ਵਰਗੇ ਬੁੱਧੀਜੀਵੀਆਂ ਦੇ ਕਤਲਾਂ ਦੀ ਲੜੀ ਦੇ ਖਿਲਾਫ ਰੋਸ ਕਰਨ ਲਈ ਇਸ ਸ਼ਨੀਵਾਰ ਨੂੰ ਅੰਮ੍ਰਿਤਸਰ ਵਿੱਚ ਸਮਾਗਮ ਰੱਖਿਆ ਗਿਆ ਸੀ। ਮੈਂ ਜਾਣ ਦਾ ਵਾਅਦਾ ਵੀ ਕੀਤਾ ਸੀ, ਪਰ ਅਚਾਨਕ ਸਿਹਤ ਵਿਗੜ ਜਾਣ ਕਾਰਨ ਜਾ ਨਹੀਂ ਸਕਿਆ। ਜਦੋਂ ਓਥੇ ਦਿੱਲੀ ਤੱਕ ਤੋਂ ਆਏ ਹੋਏ ਬੁੱਧੀਜੀਵੀ ਇਸ ਸਮਾਗਮ ਵਿੱਚ ਜੁੜੇ ਹੋਣਗੇ, ਐਨ ਓਸੇ ਵਕਤ ਮੈਂ ਇਹ ਸਤਰਾਂ ਪਾਠਕਾਂ ਲਈ ਲਿਖਣ ਦੀ ਕੋਸ਼ਿਸ਼ ਕਰ ਰਿਹਾ ਹਾਂ। ਅਸੀਂ ਇਸ ਗਿਣਤੀ ਵਿੱਚ ਨਹੀਂ ਪੈ ਸਕਦੇ ਕਿ ਐਨੇ ਪੱਤਰਕਾਰ ਅਤੇ ਹੋਰ ਬੁੱਧੀਜੀਵੀ ਮਾਰ ਦਿੱਤੇ ਗਏ ਹਨ ਅਤੇ ਇਸ ਵਿੱਚ ਵੀ ਨਹੀਂ ਕਿ ਅਗਲਾ ਨੰਬਰ ਫਲਾਣੇ-ਫਲਾਣੇ ਵਿੱਚੋਂ ਕਿਸ ਦਾ ਲੱਗਣ ਦੀਆਂ ਗੱਲਾਂ ਸੁਣੀਆਂ ਜਾ ਰਹੀਆਂ ਹਨ। ਇਸ ਰਾਹ ਉੱਤੇ ਸਾਨੂੰ ਕਿਸੇ ਨੇ ਡੰਡੇ ਨਾਲ ਜ਼ਬਰਦਸਤੀ ਨਹੀਂ ਸੀ ਤੋਰਿਆ। ਆਪਣੀ ਸੋਚ ਦੇ ਮੁਤਾਬਕ ਆਏ ਸਾਂ, ਫਿਰ 'ਉੱਖਲੀ ਵਿੱਚ ਸਿਰ ਦੇ ਦਿੱਤਾ ਤਾਂ ਮੋਹਲਿਆਂ ਦਾ ਕੀ ਗਿਣਨਾ' ਸੋਚ ਕੇ ਚੱਲਣਾ ਚਾਹੀਦਾ ਹੈ।
ਅਸੀਂ ਇੱਕ ਇਹੋ ਜਿਹੇ ਦੌਰ ਤੋਂ ਗੁਜ਼ਰ ਰਹੇ ਹਾਂ, ਜਿਸ ਵਿੱਚ ਅਰਥਾਂ ਦੇ ਅਨਰਥ ਹੋ ਰਹੇ ਹਨ। ਭਾਰਤੀ ਰਾਜਨੀਤੀ ਉੱਤੇ ਭਾਰੂ ਹੋ ਰਹੀ ਵਿਚਾਰਧਾਰਾ ਦੇ ਇੱਕ ਲੇਖਕ ਨੇ ਕੁਝ ਮਹੀਨੇ ਪਹਿਲਾਂ ਲੇਖ ਲਿਖਿਆ ਤਾਂ ਇਹ ਗੱਲ ਸਹਿਜ ਭਾਵ ਨਾਲ ਲਿਖ ਦਿੱਤੀ ਕਿ ਨਾਥੂ ਰਾਮ ਗੌਡਸੇ ਤੋਂ ਗਲਤੀ ਹੋ ਗਈ ਕਿ ਮਹਾਤਮਾ ਗਾਂਧੀ ਨੂੰ ਨਿਸ਼ਾਨਾ ਬਣਾ ਲਿਆ, ਅਸਲ ਵਿੱਚ ਉਸ ਨੂੰ ਜਵਾਹਰ ਲਾਲ ਨਹਿਰੂ ਨੂੰ ਮਾਰਨਾ ਚਾਹੀਦਾ ਸੀ। ਓਸੇ ਲੇਖਕ ਨੇ ਇੱਕ ਵਾਰ ਇਹ ਗੱਲ ਵੀ ਲਿਖੀ ਕਿ ਦੇਸ਼ ਦਾ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਨਹੀਂ, ਸਰਦਾਰ ਵੱਲਭ ਭਾਈ ਪਟੇਲ ਨੂੰ ਹੋਣਾ ਚਾਹੀਦਾ ਸੀ। ਹੁਣ ਜਦੋਂ ਮਹਾਤਮਾ ਗਾਂਧੀ ਦੇ ਕਤਲ ਤੇ ਨਾਥੂ ਰਾਮ ਗੌਡਸੇ ਨੂੰ ਫਾਂਸੀ ਵਾਲੇ ਕੇਸ ਨੂੰ ਗਲਤ ਕਿਹਾ ਜਾ ਰਿਹਾ ਹੈ ਤਾਂ ਉਹੀ ਲੇਖਕ ਇਸ ਸੋਚਣੀ ਦਾ ਝੰਡਾ ਬਰਦਾਰ ਵੀ ਹੈ। ਉਸ ਨੂੰ ਇਹ ਗੱਲ ਭੁੱਲ ਜਾਂਦੀ ਹੈ ਕਿ ਮਹਾਤਮਾ ਗਾਂਧੀ ਦੇ ਦੋ ਪੁੱਤਰਾਂ ਨੇ ਗੌਡਸੇ ਅਤੇ ਉਸ ਨਾਲ ਫਾਂਸੀ ਲਾਏ ਗਏ ਨਾਰਾਇਣ ਆਪਟੇ ਦੀ ਮੌਤ ਦੀ ਸਜ਼ਾ ਨੂੰ ਉਮਰ ਕੈਦ ਵਿੱਚ ਬਦਲਣ ਲਈ ਕਿਹਾ ਸੀ, ਪਰ ਇਹ ਅਪੀਲ ਰੱਦ ਹੋ ਗਈ ਸੀ ਤੇ ਰੱਦ ਕਰਨ ਵਾਲੇ ਤਿੰਨ ਜਣਿਆਂ ਵਿੱਚ ਨਹਿਰੂ, ਪਟੇਲ ਅਤੇ ਉਸ ਵਕਤ ਭਾਰਤ ਦਾ ਗਵਰਨਰ ਜਨਰਲ ਰਾਜਾਗੋਪਾਲਾਚਾਰੀ ਸ਼ਾਮਲ ਸਨ। ਉਸ ਲੇਖਕ ਨੂੰ ਪਟੇਲ ਚੰਗਾ ਲੱਗਦਾ ਹੈ ਤੇ ਗੌਡਸੇ ਵੀ। ਇਹੋ ਜਿਹੀ ਸੋਚ ਵਾਲੇ ਲੋਕ ਜਦੋਂ ਇੱਕ ਖਾਸ ਮੁਹਿੰਮ ਦਾ ਹਿੱਸਾ ਬਣਦੇ ਤੇ ਚੁਣ-ਚੁਣ ਕੇ ਵਿਚਾਰਧਾਰਕ ਹਮਲਾਵਰੀ ਦੇ ਨਾਲ ਕਤਲ ਵਰਗੇ ਅਪਰਾਧਾਂ ਦਾ ਪੱਖ ਪੂਰਦੇ ਹਨ ਤਾਂ ਉਨ੍ਹਾਂ ਦੇ ਖਿਲਾਫ ਸਹੀ ਸੋਚ ਵਾਲੇ ਲੋਕਾਂ ਦੀ ਇੱਕਸੁਰਤਾ ਦੀ ਲੋੜ ਹੋਰ ਵਧ ਜਾਂਦੀ ਹੈ।
ਗਿਲਾ ਸਾਨੂੰ ਇਸ ਗੱਲ ਦਾ ਹੈ ਕਿ ਸਹੀ ਸੋਚ ਵਾਲੇ ਲੋਕਾਂ ਦੀ ਇੱਕਸੁਰਤਾ ਵਧਣ ਦੀ ਥਾਂ ਇਸ ਰਾਹੇ ਤੁਰਨ ਵਾਲੇ ਕਈ ਲੋਕ ਇਸ ਤਰ੍ਹਾਂ ਰਾਹ ਬਦਲ ਜਾਂਦੇ ਹਨ, ਜਿਵੇਂ ਕਦੇ ਇਸ ਨਾਲ ਕੋਈ ਵਾਸਤਾ ਹੀ ਨਾ ਰਿਹਾ ਹੋਵੇ। ਪਿਛਲੇ ਤੀਹਾਂ ਤੋਂ ਵੱਧ ਸਾਲਾਂ ਵਿੱਚ ਅਸੀਂ ਏਨੇ ਲੋਕਾਂ ਨੂੰ ਇਸ ਤਰ੍ਹਾਂ ਰਸਤੇ ਬਦਲਦੇ ਵੇਖਿਆ ਹੈ ਕਿ ਹੁਣ ਆਪਣੇ ਨਾਲ ਤੁਰੇ ਜਾਂਦੇ ਲੋਕਾਂ ਵੱਲ ਵੀ ਮੁੜ-ਮੁੜ ਇਸ ਸ਼ੱਕ ਨਾਲ ਅੱਖ ਉੱਠਦੀ ਹੈ ਕਿ ਇਹ ਬੰਦਾ ਸਾਡੇ ਨਾਲ ਰਹੇਗਾ ਜਾਂ ਔਖੀ ਘੜੀ ਸਾਥ ਛੱਡ ਜਾਵੇਗਾ!
ਅਸੀਂ ਮਿਸਾਲਾਂ ਗਿਣਨੀਆਂ ਸ਼ੁਰੂ ਕਰੀਏ ਤਾਂ ਸੁਸ਼ਮਾ ਸਵਰਾਜ ਤੋਂ ਤੁਰਨਾ ਪੈ ਸਕਦਾ ਹੈ। ਜਦੋਂ ਮੋਰਾਰਜੀ ਡਿਸਾਈ ਦੀ ਸਰਕਾਰ ਦੇ ਵਕਤ ਆਰ ਐੱਸ ਐੱਸ ਨਾਲ ਸੰਬੰਧ ਰੱਖਣ ਜਾਂ ਨਾ ਰੱਖਣ ਦੇ ਮੁੱਦੇ ਉੱਤੇ ਜਨਤਾ ਪਾਰਟੀ ਟੁੱਟੀ ਅਤੇ ਆਰ ਐੱਸ ਐੱਸ ਨਾਲ ਵਫਾਦਾਰੀ ਵਾਲਿਆਂ ਨੇ ਵੱਖਰੀ ਭਾਰਤੀ ਜਨਤਾ ਪਾਰਟੀ ਬਣਾਈ, ਉਸ ਦਾ ਵਿਰੋਧ ਕਰਦੇ ਲੋਕਾਂ ਦੇ ਅੱਗੇ ਲੱਗੀ ਲੀਡਰਸ਼ਿਪ ਵਿੱਚ ਸੁਸ਼ਮਾ ਸਵਰਾਜ ਵੀ ਸ਼ਾਮਲ ਸੀ। ਫਿਰ ਉਹ ਭਾਜਪਾ ਵਿੱਚ ਚਾਲੀ ਗਈ ਅਤੇ ਅੱਜ ਉਸ ਪਾਰਟੀ ਦੀ ਹਾਈ ਕਮਾਂਡ ਦਾ ਹਿੱਸਾ ਹੈ। ਬਾਬਰੀ ਮਸਜਿਦ ਢਾਹੇ ਜਾਣ ਦੇ ਵਕਤ ਕੇਂਦਰ ਦੀ ਨਰਸਿਮਹਾ ਰਾਓ ਸਰਕਾਰ ਦਾ ਇੱਕ ਮੰਤਰੀ ਸੁਰਿੰਦਰ ਸਿੰਘ ਆਹਲੂਵਾਲੀਆ ਹੁੰਦਾ ਸੀ, ਜਿਹੜਾ ਭਾਜਪਾ ਦੇ ਖਿਲਾਫ ਬੜਾ ਬੋਲਦਾ ਸੀ। ਪਟਨਾ ਸਾਹਿਬ ਵਾਲੇ ਸਿੱਖਾਂ ਦੇ ਤਖਤ ਦੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਉਹ ਓਦੋਂ ਪ੍ਰਧਾਨ ਹੁੰਦਾ ਸੀ ਤੇ ਇਹ ਕਹਿੰਦਾ ਹੁੰਦਾ ਸੀ ਕਿ ਭਾਜਪਾ ਦੀ ਨੀਤੀ ਘੱਟ-ਗਿਣਤੀਆਂ ਲਈ ਬਹੁਤ ਮਾਰੂ ਹੈ। ਜਲੰਧਰ ਦੇ ਐੱਮ ਜੀ ਐੱਨ ਕਾਲਜ ਵਿੱਚ ਉਸ ਦੇ ਸਨਮਾਨ ਸਮਾਗਮ ਸਮੇਂ ਉਸ ਦਾ ਭਾਸ਼ਣ ਇਨ੍ਹਾਂ ਸਤਰਾਂ ਦੇ ਲੇਖਕ ਨੇ ਖੁਦ ਸੁਣਿਆ ਸੀ। ਫਿਰ ਉਹ ਭਾਜਪਾ ਵਿੱਚ ਜਾ ਰਲਿਆ। ਹੁਣ ਉਹ ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਰਕਾਰ ਵਿੱਚ ਮੰਤਰੀ ਹੈ ਤੇ ਉਸ ਨੂੰ ਘੱਟ ਗਿਣਤੀਆਂ ਦਾ ਭਲਾ ਭਾਜਪਾ ਦੇ ਰਾਜ ਵਿੱਚ ਦਿਖਾਈ ਦੇਂਦਾ ਹੈ। ਏਦਾਂ ਦੇ ਕਈ ਹੋਰ ਰਾਜਸੀ ਆਗੂ ਛੜੱਪੇ ਮਾਰ ਕੇ ਓਥੇ ਜਾ ਪਹੁੰਚੇ ਹਨ। ਉੱਘਾ ਹਿੰਦੀ ਵਿਅੰਗਕਾਰ ਸੰਪਤ ਸਰਲ ਮਜ਼ਾਕ ਕਰਦਾ ਹੈ ਕਿ ਇੱਕ ਸਮਾਗਮ ਵਿੱਚ ਇੱਕ ਵਿਧਾਇਕ ਨੂੰ ਬੈਠੇ ਵੇਖ ਕੇ ਮੈਂ ਪੁੱਛ ਲਿਆ ਕਿ 'ਕੀ ਇਹ ਕਾਂਗਰਸ ਦੇ ਆਗੂ ਹਨ'! ਕੋਲ ਖੜੇ ਗੰਨਮੈਨ ਨੇ ਕਿਹਾ: 'ਜੀ ਨਹੀਂ, ਇਹ ਭਾਜਪਾ ਦੇ ਆਗੂ ਹਨ, ਕਾਂਗਰਸ ਦੇ ਇੱਕ ਘੰਟਾ ਪਹਿਲਾਂ ਸਨ।' ਉਹ ਮਜ਼ਾਕ ਨਾਲ ਕਹਿੰਦਾ ਹੈ ਕਿ ਅਗਲੀਆਂ ਪਾਰਲੀਮੈਂਟ ਚੋਣਾਂ ਵੇਲੇ ਭਾਜਪਾ ਦਾ ਚੋਣ ਨਿਸ਼ਾਨ 'ਕਮਲ ਦਾ ਫੁੱਲ' ਸ਼ਾਇਦ ਨਾ ਰਹੇ ਤੇ ਉਸ ਦੀ ਥਾਂ ਨਵਾਂ ਨਿਸ਼ਾਨ 'ਹੱਥ ਵਿੱਚ ਫੜਿਆ ਕਮਲ ਦਾ ਫੁੱਲ' ਵੇਖਣਾ ਹੀ ਪੈ ਜਾਵੇ। ਇਸ ਲਈ ਇਹੋ ਜਿਹੇ ਦਲ ਬਦਲਦੇ ਸਿਆਸੀ ਆਗੂਆਂ ਉੱਤੇ ਕੋਈ ਗਿਲਾ ਨਹੀਂ ਕੀਤਾ ਜਾ ਸਕਦਾ।
ਗਿਲਾ ਸਾਨੂੰ ਉਨ੍ਹਾਂ ਲੋਕਾਂ ਉੱਤੇ ਹੈ, ਜਿਹੜੇ ਕਿਸੇ ਸਮੇਂ ਭਾਰਤ ਵਿੱਚ ਧਰਮ ਨਿਰਪੱਖਤਾ ਦੇ ਝੰਡੇ ਬਰਦਾਰ ਹੋਇਆ ਕਰਦੇ ਸਨ। ਤੀਹ ਕੁ ਸਾਲ ਪਹਿਲਾਂ ਅਸੀਂ ਬਹੁਤੀ ਅੰਗਰੇਜ਼ੀ ਨਾ ਆਉਂਦੀ ਹੋਣ ਦੇ ਬਾਵਜੂਦ ਅੰਗਰੇਜ਼ੀ ਕਿਤਾਬ 'ਇੰਡੀਆ : ਦ ਸੀਜ਼ ਵਿਦਿਨ'' ਬੜੇ ਔਖੇ ਹੋ ਕੇ ਪੜ੍ਹੀ ਸੀ, ਕਿਉਂਕਿ ਉਹ ਕਿਤਾਬ ਕਸ਼ਮੀਰ ਵਾਦੀ ਤੋਂ ਲੈ ਕੇ ਭਾਰਤ ਦੀ ਹਰ ਨੁੱਕਰ ਵਿੱਚ ਫੈਲਦੀ ਜਾਂਦੀ ਫਿਰਕਾਪ੍ਰਸਤੀ ਅਤੇ ਵੱਖਵਾਦ ਦੀ ਰੁਚੀ ਬਾਰੇ ਬਹੁਤ ਵਧੀਆ ਢੰਗ ਨਾਲ ਸੁਚੇਤ ਕਰਦੀ ਸੀ। ਜਿਹੜੇ ਲੇਖਕ ਨੇ ਇਹ ਸ਼ਾਨਦਾਰ ਕਿਤਾਬ ਲਿਖੀ ਸੀ, ਐੱਮ ਜੇ ਅਕਬਰ ਨਾਂਅ ਦਾ ਉਹ ਸੱਜਣ ਕੁਝ ਦੇਰ ਬਾਅਦ ਕਾਂਗਰਸ ਪਾਰਟੀ ਵੱਲੋਂ ਪਾਰਲੀਮੈਂਟ ਮੈਂਬਰ ਬਣ ਗਿਆ। ਕੁਝ ਲੋਕਾਂ ਨੂੰ ਚੰਗਾ ਨਹੀਂ ਸੀ ਲੱਗਾ, ਪਰ ਕੁਝ ਲੋਕ ਇਹ ਕਹਿੰਦੇ ਸਨ ਕਿ ਭਾਜਪਾ ਦੀ ਫਿਰਕਾਪ੍ਰਸਤੀ ਦਾ ਮੁਕਾਬਲਾ ਕਰਨ ਲਈ ਏਦਾਂ ਕਰਨਾ ਉਸ ਦੀ ਮਜਬੂਰੀ ਹੋਵੇਗੀ। ਉਹ ਰਾਜਨੀਤੀ ਵਿੱਚ ਆਣ ਕੇ ਉਸੇ ਪਹਿਲੀ ਸੋਚ ਦੇ ਮੁਤਾਬਕ ਲਿਖਦਾ ਰਿਹਾ। ਪਿਛਲੀ ਵਾਰ ਜਦੋਂ ਭਾਜਪਾ ਨੂੰ ਭਾਰਤ ਉੱਤੇ ਕਾਬਜ਼ ਹੁੰਦੀ ਮਹਿਸੂਸ ਕੀਤਾ ਤਾਂ ਕਈ ਹੋਰਨਾਂ ਵਾਂਗ ਉਹ ਵੀ ਉਡਾਰੀ ਲਾ ਕੇ ਉਸੇ ਵਾੜੇ ਜਾ ਵੜਿਆ। ਅੱਜ ਉਹ ਕੇਂਦਰੀ ਰਾਜ ਮੰਤਰੀ ਹੈ। ਓਸੇ ਤੀਹ ਕੁ ਸਾਲ ਪਹਿਲਾਂ ਦੇ ਦੌਰ ਵਿੱਚ ਪੰਜਾਬ ਦਾ ਇੱਕ ਸਿੱਖ ਵਕੀਲ ਇਹ ਗੱਲ ਹਿੱਕ ਠੋਕ ਕੇ ਕਹਿੰਦਾ ਹੁੰਦਾ ਸੀ ਕਿ ਸਿੱਖਾਂ ਨੇ ਹਿੰਦੂਕਰਨ ਤੋਂ ਬਚਣਾ ਹੈ ਤਾਂ ਉਨ੍ਹਾਂ ਨੂੰ ਆਪਣੇ ਲਈ ਇੱਕ ਵੱਖਰਾ ਦੇਸ਼ ਸਿਰਜਣਾ ਪਵੇਗਾ ਤੇ ਇਸ ਦੇ ਲਈ ਕੁਰਬਾਨੀਆਂ ਦੇਣ ਤੋਂ ਝਿਜਕਣਾ ਨਹੀਂ ਚਾਹੀਦਾ। ਅੱਜਕੱਲ੍ਹ ਉਹੋ ਸਿੱਖ ਆਗੂ ਆਰ ਐੱਸ ਐੱਸ ਦੀ ਅਗਵਾਈ ਹੇਠ ਚੱਲਦੀ ਰਾਸ਼ਟਰੀ ਸਿੱਖ ਸੰਗਤ ਨਾਲ ਜਾ ਜੁੜਿਆ ਹੈ ਅਤੇ ਸਿੱਖੀ ਦੀਆਂ ਤੰਦਾਂ ਹਿੰਦੂ ਧਰਮ ਦੀ ਪ੍ਰਾਚੀਨਤਾ ਨਾਲ ਇਸ ਤਰ੍ਹਾਂ ਜੋੜ ਕੇ ਗੱਲ ਕਰਦਾ ਹੈ, ਜਿਵੇਂ ਕੋਈ ਆਰ ਐੱਸ ਐੱਸ ਦਾ ਜਮਾਂਦਰੂ ਸੋਇਮ ਸੇਵਕ ਵੀ ਨਹੀਂ ਕਰ ਸਕਦਾ ਹੋਵੇਗਾ।
ਕੁਝ ਸਾਲ ਪਹਿਲਾਂ ਜਦੋਂ ਮੈਨੂੰ ਪੂਨੇ ਜਾਣਾ ਪਿਆ ਤਾਂ ਓਥੇ ਇਹ ਗੱਲ ਸੁਣ ਕੇ ਹੈਰਾਨੀ ਹੋਈ ਸੀ ਕਿ ਗੋਵਿੰਦ ਪਾਂਸਰੇ ਅਤੇ ਨਰਿੰਦਰ ਡਬੋਲਕਰ ਦੇ ਵਿਰੋਧ ਦੀ ਮੁਹਿੰਮ ਚਲਾਉਣ ਵਾਲਿਆਂ ਵਿੱਚ ਕੁਝ ਖੱਬੇ ਪੱਖੀ ਲਹਿਰ ਦੇ ਭਗੌੜੇ ਵੀ ਹਨ ਤੇ ਉਹ ਹੋਰਨਾਂ ਤੋਂ ਵੱਧ ਤਿੱਖਾ ਬੋਲਦੇ ਹਨ। ਇਸ ਮਾਹੌਲ ਵਿੱਚ ਉਰਦੂ ਦਾ ਸ਼ੇਅਰ ਯਾਦ ਆਉਂਦਾ ਹੈ, 'ਹਮੇਂ ਅਪਨੋ ਨੇ ਮਾਰਾ, ਗੈਰੋਂ ਮੇਂ ਕਹਾਂ ਦਮ ਥਾ। ਹਮਾਰੀ ਕਿਸ਼ਤੀ ਵਹਾਂ ਡੂਬੀ, ਜਹਾਂ ਪਾਨੀ ਕਮ ਥਾ'। ਕੁਝ ਲੋਕ ਇਹ ਦੌਰ ਵੇਖ ਕੇ ਪੁੱਛਦੇ ਹਨ ਕਿ ਹੁਣ ਕੀ ਹੋਵੇਗਾ, ਕੀ ਇਸ ਹਨੇਰੀ ਅੱਗੇ ਹਰ ਕੋਈ ਝੁਕ ਜਾਵੇਗਾ? ਸਾਡੇ ਮੂੰਹੋਂ ਹਾਂ ਨਹੀਂ ਨਿਕਲਦਾ, ਸਗੋਂ ਜੈਮਲ ਪੱਡਾ ਦਾ ਗੀਤ ਯਾਦ ਆਉਂਦਾ ਹੈ: ''ਪੈਰ ਸੂਲਾਂ 'ਤੇ ਵੀ ਨੱਚਦੇ ਰਹਿਣਗੇ, ਬੁੱਤ ਬਣ ਕੇ ਪੀੜ ਨੂੰ ਜਰਨਾ ਨਹੀਂ।" ਜਿਨ੍ਹਾਂ ਨੇ ਸੋਚ ਉੱਤੇ ਪਹਿਰਾ ਦੇਣ ਲਈ ਅੰਮ੍ਰਿਤਸਰ ਵਿੱਚ ਸਮਾਗਮ ਕੀਤਾ ਤੇ ਕਰਵਾਇਆ ਹੈ, ਉਹ ਪੀੜ ਨੂੰ ਬੁੱਤ ਬਣ ਕੇ ਜਰਨ ਵਾਲੇ ਨਹੀਂ, ਸੂਲਾਂ ਉੱਤੇ ਨੱਚਣ ਦੀ ਸੋਚ ਦੇ ਝੰਡਾ ਬਰਦਾਰ ਹਨ ਤੇ ਅਸੀਂ ਜਿੱਥੇ ਵੀ ਹਾਂ, ਉਨ੍ਹਾਂ ਦੇ ਨਾਲ ਹਾਂ।

08 Oct 2017

ਭਾਰਤ ਦੇ ਵਿਕਾਸ ਦੀ ਹਾਲਤ ਬਾਰੇ ਜਦੋਂ ਆਮ ਲੋਕ ਜੁਮਲੇ ਵਰਤਣ ਦਾ ਮਨ ਬਣਾਉਂਦੇ ਹਨ ਤਾਂ ਫਿਰ... - ਜਤਿੰਦਰ ਪਨੂੰ

ਇਸ ਵਾਰੀ ਦਸਹਿਰੇ ਤੋਂ ਇੱਕ ਦਿਨ ਪਹਿਲਾਂ ਸਾਡੇ ਲੋਕਾਂ ਨੂੰ ਇਹ ਖਬਰ ਸੁਣਨ ਨੂੰ ਮਿਲੀ ਕਿ ਮੁੰਬਈ ਦੇ ਪਰੇਲ ਇਲਾਕੇ ਵਿੱਚ ਇੱਕ ਰੇਲਵੇ ਓਵਰ-ਬ੍ਰਿਜ ਟੁੱਟਣ ਕਰ ਕੇ ਬਾਈ ਜਣੇ ਮਾਰੇ ਗਏ ਤੇ ਇਸ ਤੋਂ ਤਕਰੀਬਨ ਡਿਓਢੀ ਗਿਣਤੀ ਇਸ ਮੌਕੇ ਜ਼ਖਮੀ ਹੋਣ ਵਾਲਿਆਂ ਦੀ ਹੈ। ਸਾਰਾ ਮੀਡੀਆ ਇਸੇ ਖਬਰ ਦੀ ਚੀਰ-ਫਾੜ ਕਰਨ ਤੇ ਲੋਕਾਂ ਦਾ ਧਿਆਨ ਖਿੱਚਣ ਲੱਗਾ ਰਿਹਾ। ਇਹ ਕੰਮ ਕਰਨਾ ਮੀਡੀਏ ਦਾ ਫਰਜ਼ ਵੀ ਹੈ ਤੇ ਕੁਝ ਲੋੜ ਵੀ। ਇੱਕ ਮਹੀਨੇ ਤੋਂ ਉੱਪਰ ਸਮਾਂ ਸਿਰਫ ਸੱਚੇ ਸੌਦੇ ਵਾਲੇ ਬਾਬੇ ਤੇ ਉਸ ਦੀ ਮੂੰਹ ਬੋਲੀ ਧੀ, ਲੋਕਾਂ ਦੀ ਨਜ਼ਰ ਵਿੱਚ ਪਤਾ ਨਹੀਂ ਕੀ, ਵਾਲੀ ਚਰਚਾ ਕਰਦਿਆਂ ਦਰਸ਼ਕ ਵੀ ਅੱਕਣ ਲੱਗੇ ਸਨ ਤੇ ਮੀਡੀਆ ਵਾਲੇ ਵੀ। ਹੁਣ ਸਿਰਸੇ ਦੀ ਖਬਰ ਮੀਡੀਆ ਦੀ ਭਾਸ਼ਾ ਮੁਤਾਬਕ ਗੈਪ-ਫਿੱਲਰ ਬਣ ਗਈ ਹੈ, ਵਿੱਚ-ਵਿਚਾਲੇ ਚਰਚਾ ਲਈ ਕੱਢੀ ਜਾਵੇਗੀ, ਵੱਡੀ ਖਬਰ ਰੇਲਵੇ ਪੁਲ ਦੇ ਹਾਦਸੇ ਦੀ ਹੈ ਅਤੇ ਉਹ ਵੀ ਓਨਾ ਚਿਰ ਹੈ, ਜਦੋਂ ਤੱਕ ਕੋਈ ਹੋਰ ਇਸ ਤੋਂ ਵੱਧ ਧਿਆਨ ਖਿੱਚਣ ਵਾਲੀ ਖਬਰ ਨਹੀਂ ਆ ਜਾਂਦੀ। ਕੁਝ ਪਾਠਕਾਂ ਨੂੰ ਜਾਪੇਗਾ ਕਿ ਮੀਡੀਆ ਵੱਲੋਂ ਐਡੇ ਦੁਖਾਂਤ ਦੀ ਦਰਦਨਾਕ ਪੇਸ਼ਕਾਰੀ ਨੂੰ ਅਸੀਂ ਛੁਟਿਆ ਕੇ ਵੇਖ ਰਹੇ ਹਾਂ, ਪਰ ਸਾਡੇ ਮਨ ਵਿੱਚ ਕੁਝ ਹੋਰ ਖਿਆਲ ਹਨ। ਮੀਡੀਆ ਕਿਸੇ ਦੁਖਾਂਤ ਬਾਰੇ ਕਿੰਨਾ ਕੁ ਗੰਭੀਰ ਹੈ, ਅਸੀਂ ਇਹ ਜਾਣਦੇ ਹਾਂ। ਓਵਰ ਬ੍ਰਿਜ ਹੇਠਾਂ ਪਏ ਲਾਸ਼ਾਂ ਦੇ ਢੇਰ ਵਿਖਾਉਣ ਤੇ ਕੀਰਨੇ ਪਾਉਣ ਵਾਂਗ ਖਬਰ ਪੇਸ਼ ਕਰਨ ਪਿੱਛੋਂ ਟੀ ਵੀ ਚੈਨਲ ਬਰੇਕ ਵਿੱਚ ਏਦਾਂ ਦੀ ਭੱਦੀ ਬੋਲੀ ਵਿੱਚ ਮਾਲ ਦੀ ਮਸ਼ਹੂਰੀ ਕਰਦੇ ਹਨ ਕਿ ਸਿਵੇ ਦੇ ਸਿਰਹਾਣੇ ਸੁਹਾਗ ਦੇ ਗੀਤ ਗਾਏ ਜਾਣ ਵਾਂਗ ਜਾਪਦਾ ਹੈ। ਹੁਣ ਮੀਡੀਆ ਕਹਿੰਦਾ ਹੈ ਕਿ ਸਾਡੇ ਕੋਲ ਇਸ ਪੁਲ ਬਾਰੇ ਪਹਿਲਾਂ ਤੋਂ ਸੂਚਨਾਵਾਂ ਸਨ, ਪਰ ਜੇ ਉਨ੍ਹਾਂ ਕੋਲ ਸੂਚਨਾਵਾਂ ਸਨ ਤਾਂ ਉਹ ਸੂਚਨਾਵਾਂ ਦੁਖਾਂਤ ਵਾਪਰਨ ਤੋਂ ਪਹਿਲਾਂ ਲੋਕਾਂ ਅੱਗੇ ਕਿਉਂ ਨਹੀਂ ਰੱਖੀਆਂ? ਇਹ ਗੱਲ ਕੋਈ ਨਹੀਂ ਦੱਸੇਗਾ।
ਸਾਰੀਆਂ ਸੂਚਨਾਵਾਂ ਕੇਂਦਰ ਤੇ ਰਾਜ ਸਰਕਾਰ ਚਲਾਉਣ ਵਾਲਿਆਂ ਕੋਲ ਸਨ ਜਾਂ ਫਿਰ ਮੁੰਬਈ ਸ਼ਹਿਰ ਚਲਾਉਣ ਦੇ ਜ਼ਿੰਮੇਵਾਰ ਨਗਰ ਨਿਗਮ ਦੇ ਅਫਸਰਾਂ ਤੇ ਅਹੁਦੇਦਾਰਾਂ ਕੋਲ ਸਨ, ਜਿਹੜੇ ਏਨੇ 'ਜ਼ਿੰਮੇਵਾਰ' ਹਨ ਕਿ ਹਰ ਦੁਖਾਂਤ ਦੇ ਲਈ 'ਜ਼ਿੰਮੇਵਾਰ' ਠਹਿਰਾਏ ਜਾ ਸਕਦੇ ਹਨ। ਭਾਜਪਾ ਆਗੂਆਂ ਨੇ ਇਹ ਦਲੀਲ ਫੜ ਲਈ ਕਿ ਇਹ ਪੁਲ ਰੇਲਵੇ ਦਾ ਨਹੀਂ ਅਤੇ ਭਾਜਪਾ ਮੁੱਖ ਮੰਤਰੀ ਵਾਲੀ ਮਹਾਰਾਸ਼ਟਰ ਸਰਕਾਰ ਦਾ ਵੀ ਨਹੀਂ, ਉਸ ਨਗਰ ਨਿਗਮ ਦਾ ਹੈ, ਜਿਸ ਦੀ ਅਗਵਾਈ ਸ਼ਿਵ ਸੈਨਾ ਦੇ ਮੇਅਰ ਕੋਲ ਹੈ। ਸ਼ਿਵ ਸੈਨਿਕ ਕਹਿੰਦੇ ਹਨ ਕਿ ਕੇਂਦਰ ਦੇ ਰੇਲ ਮਹਿਕਮੇ ਦਾ ਜ਼ਿੰਮਾ ਸੀ ਕਿ ਇਸ ਪੁਲ ਦੀ ਹਾਲਾਤ ਸੁਧਾਰਦਾ। ਰੇਲਵੇ ਦੇ ਬਚਾਅ ਲਈ ਭਾਜਪਾ ਆਗੂ ਆਖਦੇ ਹਨ ਕਿ ਦੋ ਰੇਲਵੇ ਸਟੇਸ਼ਨਾਂ ਨੂੰ ਆਪੋ ਵਿੱਚ ਜੋੜਨ ਵਾਲਾ ਇਹ ਓਵਰ ਬ੍ਰਿਜ ਹੈ, ਜਿਹੜਾ ਕਿਸੇ ਵੀ ਤਰ੍ਹਾਂ ਰੇਲਵੇ ਦੀ ਜਾਇਦਾਦ ਨਹੀਂ। ਜਵਾਬ ਵਿੱਚ ਸ਼ਿਵ ਸੈਨਾ ਵਾਲੇ ਇਹ ਦੱਸਦੇ ਹਨ ਕਿ ਉਨ੍ਹਾਂ ਦੇ ਇੱਕ ਪਾਰਲੀਮੈਂਟ ਮੈਂਬਰ ਨੇ ਰੇਲ ਮੰਤਰੀ ਨੂੰ ਇਸ ਓਵਰ ਬ੍ਰਿਜ ਦੀ ਹਾਲਾਤ ਦੱਸ ਕੇ ਪਹਿਲ ਦੇ ਆਧਾਰ ਉੱਤੇ ਬਣਾਉਣ ਦੀ ਬੇਨਤੀ ਕੀਤੀ ਸੀ ਤਾਂ ਰੇਲਵੇ ਮੰਤਰੀ ਨੇ ਕਿਹਾ ਸੀ ਕਿ ਹਾਲੇ ਫੰਡ ਨਹੀਂ ਹਨ, ਜਦੋਂ ਹੋਣਗੇ, ਇਸ ਨੂੰ ਬਣਾ ਦਿਆਂਗੇ। ਉਹ ਪੁੱਛਦੇ ਹਨ ਕਿ ਜੇ ਪੁਲ ਰੇਲਵੇ ਦੇ ਅਧਿਕਾਰ ਖੇਤਰ ਵਿੱਚ ਨਹੀਂ ਤਾਂ ਰੇਲ ਮੰਤਰੀ ਨੇ ਫੰਡ ਹੋਣ ਉੱਤੇ ਬਣਾ ਦੇਣ ਦੀ ਗੱਲ ਕਿਉਂ ਕਹਿ ਦਿੱਤੀ ਸੀ? ਇਸ ਤੋਂ ਸਾਫ ਹੈ ਕਿ ਪੁਲ ਰੇਲਵੇ ਦਾ ਹੈ। ਦੁਵੱਲੇ ਭੇੜ ਵਿੱਚ ਉਲਝੀਆਂ ਇਹ ਦੋਵੇਂ ਸਿਆਸੀ ਪਾਰਟੀਆਂ ਕੇਂਦਰ ਵਿੱਚ ਵੀ ਅਤੇ ਰਾਜ ਸਰਕਾਰ ਵਿੱਚ ਵੀ, ਦੋਵੇਂ ਥਾਂ ਭਾਈਵਾਲ ਹਨ।
ਏਦਾਂ ਪਹਿਲੀ ਵਾਰ ਨਹੀਂ ਹੋ ਰਿਹਾ। ਰਾਜੀਵ ਗਾਂਧੀ ਦੇ ਜ਼ਮਾਨੇ ਵਿੱਚ ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ ਇਹੋ ਜਿਹਾ ਇੱਕ ਫਲਾਈ ਓਵਰ ਬਣਾਇਆ ਜਾਣਾ ਸੀ। ਦਿੱਲੀ ਨਗਰ ਨਿਗਮ ਤੇ ਨਵੀਂ ਦਿੱਲੀ ਨਗਰ ਨਿਗਮ ਦੋਵੇਂ ਦਾਅਵਾ ਕਰਦੀਆਂ ਸਨ ਕਿ ਇਸ ਨੂੰ ਬਣਾਉਣ ਦਾ ਹੱਕ ਸਾਡਾ ਹੈ ਤੇ ਦਿੱਲੀ ਡਿਵੈੱਲਪਮੈਂਟ ਅਥਾਰਟੀ (ਡੀ ਡੀ ਏ) ਕਹਿੰਦੀ ਸੀ ਕਿ ਦੋਂਹ ਧਿਰਾਂ ਦੇ ਵਿਚਾਲੇ ਦਾ ਓਵਰ ਬ੍ਰਿਜ ਹੋਣ ਕਾਰਨ ਇਸ ਦਾ ਪ੍ਰਾਜੈਕਟ ਸਾਨੂੰ ਮਿਲਣਾ ਚਾਹੀਦਾ ਹੈ। ਉਹੋ ਜਿਹਾ ਇਕ ਹੋਰ ਪੁਲ ਡੀ ਡੀ ਏ ਨੇ ਪਹਿਲਾਂ ਬਣਾਇਆ ਸੀ ਤੇ ਇਸ ਨਵੇਂ ਪ੍ਰਾਜੈਕਟ ਦੇ ਬਣਨ ਦਾ ਫੈਸਲਾ ਹੋਣ ਤੋਂ ਪਹਿਲਾਂ ਉਸ ਪੁਰਾਣੇ ਪੁਲ ਉੱਤੇ ਇੱਕ ਵੱਡਾ ਹਾਦਸਾ ਹੋ ਗਿਆ। ਦੋਵੇਂ ਨਗਰ ਨਿਗਮਾਂ ਦੇ ਅਫਸਰ ਇੱਕ-ਦੂਸਰੇ ਦਾ ਖੇਤਰ ਕਹਿ ਕੇ ਪੱਲਾ ਝਾੜਨ ਤੁਰ ਪਏ ਸਨ ਅਤੇ ਡੀ ਡੀ ਏ ਵਾਲਿਆਂ ਨੇ ਕਹਿ ਦਿੱਤਾ ਸੀ ਕਿ ਸਾਡੀ ਜ਼ਿੰਮੇਵਾਰੀ ਸਿਰਫ ਬਣਾਉਣਾ ਤੱਕ ਹੈ, ਓਦੋਂ ਬਾਅਦ ਨਹੀਂ ਹੁੰਦੀ। ਮੁੰਬਈ ਦੇ ਓਵਰ ਬ੍ਰਿਜ ਵਾਲੇ ਹਾਦਸੇ ਨੇ ਉਸ ਮੌਕੇ ਦੀ ਯਾਦ ਤਾਜ਼ਾ ਕਰਵਾ ਦਿੱਤੀ ਹੈ। ਬਣਾਉਣ ਨੂੰ ਸਾਰੇ ਤਿਆਰ ਹਨ, ਕਿਉਂਕਿ ਇਸ ਵਿੱਚੋਂ ਕਮਾਈ ਦਾ ਜੁਗਾੜ ਹੁੰਦਾ ਹੈ। ਹਾਦਸੇ ਦੀ ਜ਼ਿੰਮੇਵਾਰੀ ਲੈਣ ਵਾਲਾ ਕੋਈ ਨਹੀਂ। ਇਹ ਭਾਰਤ ਦੇ ਸੌ ਦੁਖਾਂਤਾਂ ਦੇ ਦੌਰਾਨ ਸਾਹਮਣੇ ਆਇਆ ਸੱਚ ਕਿਹਾ ਜਾ ਸਕਦਾ ਹੈ ਅਤੇ ਅੱਗੋਂ ਵੀ ਕਿਹਾ ਜਾਂਦਾ ਰਹੇਗਾ।
ਪਿਛਲੇ ਹਫਤੇ ਇੱਕ ਹਾਦਸਾ ਬਿਹਾਰ ਦੇ ਭਾਗਲਪੁਰ ਜ਼ਿਲੇ ਵਿੱਚ ਵਾਪਰਿਆ ਹੈ। ਓਥੇ ਇੱਕ ਡੈਮ ਬਣ ਕੇ ਤਿਆਰ ਹੋ ਗਿਆ ਤਾਂ ਜਿਸ ਦਿਨ ਉਸ ਰਾਜ ਦੇ ਮੁੱਖ ਮੰਤਰੀ ਨੇ ਉਦਘਾਟਨ ਕਰਨਾ ਸੀ, ਇੱਕ ਦਿਨ ਪਹਿਲਾਂ ਉਸ ਦੇ ਢਹਿਣ ਦੀ ਖਬਰ ਆ ਗਈ। ਅਸਲ ਵਿੱਚ ਓਥੇ ਡੈਮ ਨਹੀਂ ਸੀ ਟੁੱਟਾ, ਡੈਮ ਨੂੰ ਪਾਣੀ ਪੁਚਾਉਣ ਵਾਲੀ ਨਹਿਰ ਟੁੱਟੀ ਸੀ। ਉਦਘਾਟਨ ਤੋਂ ਇੱਕ ਦਿਨ ਪਹਿਲਾਂ ਉਸ ਨਹਿਰ ਤੇ ਡੈਮ ਦੀ ਪਰਖ ਲਈ ਪਾਣੀ ਛੱਡਿਆ ਗਿਆ ਤਾਂ ਉਹ ਇੱਕ ਥਾਂ ਤੋਂ ਪਟੜੀ ਰੋੜ੍ਹ ਕੇ ਲੈ ਗਿਆ ਅਤੇ ਆਸ-ਪਾਸ ਦੇ ਸਾਰੇ ਇਲਾਕੇ ਵਿੱਚ ਹੜ੍ਹ ਵਾਂਗ ਪਾਣੀ ਲੋਕਾਂ ਦੇ ਘਰਾਂ ਵਿੱਚ ਜਾ ਵੜਿਆ। ਬਿਹਾਰ ਸਰਕਾਰ ਦੇ ਅਫਸਰਾਂ ਨੇ ਕਿਹਾ ਕਿ ਕਸੂਰ ਸਾਡਾ ਨਹੀਂ, ਕੇਂਦਰ ਸਰਕਾਰ ਦੇ ਇੱਕ ਅਦਾਰੇ ਦਾ ਹੈ, ਜਿਸ ਨੇ ਆਪਣੇ ਪ੍ਰਾਜੈਕਟ ਵੱਲ ਪਾਣੀ ਲਿਜਾਣ ਲਈ ਇਸ ਨਹਿਰ ਦੇ ਹੇਠੋਂ ਦੀ ਅੰਡਰ-ਪਾਸ ਬਣਾਇਆ ਸੀ ਤੇ ਉਸ ਅੰਡਰ-ਪਾਸ ਦੇ ਉੱਪਰੋਂ ਪਟੜੀ ਰੁੜ੍ਹੀ ਹੈ। ਕੇਂਦਰ ਦੇ ਅਦਾਰੇ ਨੇ ਕਿਹਾ ਕਿ ਸਾਡਾ ਅੰਡਰ-ਪਾਸ ਕਾਇਮ ਹੈ, ਰਾਜ ਸਰਕਾਰ ਆਪਣੀ ਪਟੜੀ ਰੁੜ੍ਹ ਜਾਣ ਦੀ ਜਾਂਚ ਕਰਾਵੇ, ਨੁਕਸ ਉਸ ਦਾ ਨਿਕਲੇਗਾ। ਇਹੋ ਜਿਹੇ ਕੰਮਾਂ ਵਿੱਚ ਜਿਵੇਂ ਆਮ ਹੁੰਦਾ ਹੈ, ਜਾਂਚ ਕਮੇਟੀ ਬਣਾ ਕੇ ਡੰਗ ਸਾਰਿਆ ਗਿਆ ਹੈ, ਜਿਸ ਦੀ ਰਿਪੋਰਟ ਆਉਂਦਿਆਂ ਕਈ ਸਾਲ ਗੁਜ਼ਰ ਜਾਣਗੇ। ਫਿਰ ਕੋਈ ਪੁੱਛਣ ਵਾਲਾ ਨਹੀਂ ਲੱਭਣਾ।
ਹੋਇਆ ਅਸਲ ਵਿੱਚ ਇਹ ਸੀ ਕਿ ਡੈਮ ਵਾਲੀ ਨਹਿਰ ਦੇ ਹੇਠੋਂ ਜਦੋਂ ਕੇਂਦਰੀ ਅਦਾਰੇ ਨੇ ਅੰਡਰ-ਪਾਸ ਬਣਾਇਆ, ਉਹ ਠੀਕ ਬਣ ਗਿਆ, ਪਰ ਉਸ ਦੇ ਉੱਪਰੋਂ ਲੰਘਣ ਵਾਲੀ ਨਹਿਰ ਦੀ ਪਟੜੀ ਇਸ ਅੰਡਰ-ਪਾਸ ਵਾਲੇ ਥਾਂ ਤੋਂ ਵੱਧ ਪੱਕੀ ਕਰਨ ਲਈ ਉਸ ਵਿੱਚ ਲੋਹੇ ਦੇ ਸਰੀਏ ਦਾ ਜਾਲ ਬੰਨ੍ਹਣ ਦੀ ਲੋੜ ਸੀ। ਜਿੱਥੋਂ ਪਟੜੀ ਰੁੜ੍ਹ ਗਈ, ਓਥੇ ਮਿੱਟੀ ਲਮਕ ਰਹੀ ਦਿਖਾਈ ਦੇਂਦੀ ਸੀ, ਸਰੀਆ ਲਮਕਦਾ ਦਿਖਾਈ ਨਹੀਂ ਸੀ ਦੇਂਦਾ, ਕਿਉਂਕਿ ਉਹ ਪਾਇਆ ਹੀ ਨਹੀਂ ਸੀ। ਰਾਜ ਸਰਕਾਰ ਦੇ ਅਧਿਕਾਰੀ ਇਸ ਦੀ ਜ਼ਿੰਮੇਵਾਰੀ ਚੁੱਕਣ ਨੂੰ ਤਿਆਰ ਨਹੀਂ ਸਨ। ਪੁਲ ਓਥੇ ਟੁੱਟ ਚੁੱਕਾ ਸੀ, ਦੋਬਾਰਾ ਨਹਿਰ ਖੜੇ ਪੈਰ ਬਣ ਨਹੀਂ ਸੀ ਸਕਦੀ ਤੇ ਉਦਘਾਟਨ ਦਾ ਲਿਸ਼ਕਦਾ ਪੱਥਰ ਓਥੇ ਲੱਗਾ ਮੂੰਹ ਚਿੜਾ ਰਿਹਾ ਸੀ।
ਭਾਰਤੀ ਰਾਜਨੀਤੀ ਅੱਜ-ਕੱਲ੍ਹ ਜੁਮਲੇ ਸੁਣਾਉਣ ਦਾ ਚਸਕਾ ਲੈਂਦੀ ਹੈ। ਪਹਿਲਾਂ ਨਰਿੰਦਰ ਮੋਦੀ ਤੇ ਅਮਿਤ ਸ਼ਾਹ ਜੁਮਲੇ ਸੁਣਾਉਂਦੇ ਸਨ, ਹੁਣ ਰਾਹੁਲ ਗਾਂਧੀ ਵੀ ਸੁਣਾਉਂਦਾ ਹੈ। ਇਸ ਹਫਤੇ 'ਵਿਕਾਸ ਪਾਗਲ ਹੋ ਗਿਆ' ਵਾਲੇ ਜੁਮਲੇ ਨਾਲ ਰਾਹੁਲ ਗਾਂਧੀ ਨੇ ਲੋਕਾਂ ਦਾ ਧਿਆਨ ਖਿੱਚਿਆ ਹੈ। ਇਹ ਇੱਕ ਦੂਸਰੇ ਦਾ ਧਿਆਨ ਖਿੱਚਦੇ ਹਨ, ਸੋਸ਼ਲ ਮੀਡੀਏ ਦੀ ਵਰਤੋਂ ਨਾਲੋਂ ਦੁਰਵਰਤੋਂ ਵੱਧ ਕਰਨ ਵਾਲੇ ਲੋਕ ਆਪਣੀ ਕਲਾ ਵਿਖਾਈ ਜਾਂਦੇ ਹਨ। ਇਸ ਹਫਤੇ ਉਨ੍ਹਾਂ ਦੀ ਕਲਾ ਦਾ ਇੱਕ ਨਮੂਨਾ ਵੀ ਇੱਕ ਜੁਮਲਾ ਬਣ ਕੇ ਸਾਹਮਣੇ ਆਇਆ ਹੈ। ਉਸ ਜੁਮਲੇ ਮੁਤਾਬਕ ਭਾਰਤ, ਇੰਗਲੈਂਡ ਤੇ ਰੂਸ ਦੇ ਸਿੰਜਾਈ ਮੰਤਰੀ ਇੱਕ ਮੀਟਿੰਗ ਲਈ ਇੰਗਲੈਂਡ ਵਿੱਚ ਇਕੱਠੇ ਹੋਏ ਤਾਂ ਓਥੋਂ ਦਾ ਮੰਤਰੀ ਭਾਰਤ ਤੇ ਰੂਸ ਵਾਲਿਆਂ ਨੂੰ ਆਪਣੇ ਬੰਗਲੇ ਵਿੱਚ ਲੈ ਗਿਆ। ਸੋਹਣਾ ਬੰਗਲਾ ਵੇਖ ਕੇ ਦੋਵਾਂ ਨੇ ਪੁੱਛ ਲਿਆ ਕਿ ਏਨਾ ਪੈਸਾ ਕਿੱਥੋਂ ਮਿਲ ਗਿਆ। ਉਸ ਨੇ ਦੋਵਾਂ ਨੂੰ ਨਾਲ ਲਿਆ ਅਤੇ ਛੋਟੇ ਜਿਹੇ ਦਰਿਆ ਉੱਤੇ ਲਿਜਾ ਕੇ ਇੱਕ ਪੁਲ ਵੱਲ ਹੱਥ ਕਰ ਕੇ ਕਿਹਾ: 'ਬਹੁਤਾ ਭ੍ਰਿਸ਼ਟਾਚਾਰ ਤਾਂ ਏਥੇ ਨਹੀਂ, ਪਰ ਐਡੇ ਕੁ ਪੁਲ ਵਿੱਚੋਂ ਬੰਗਲਾ ਬਣਾਉਣ ਜੋਗਾ ਕਮਿਸ਼ਨ ਮਿਲ ਜਾਂਦਾ ਹੈ।' ਅਗਲੀ ਮੀਟਿੰਗ ਵੇਲੇ ਰੂਸ ਵਿੱਚ ਮਿਲ ਪਏ ਤਾਂ ਰੂਸ ਦੇ ਮੰਤਰੀ ਦਾ ਬੰਗਲਾ ਓਦੋਂ ਵੀ ਵੱਡਾ ਸੀ। ਪੈਸਾ ਪੁੱਛਣ ਉੱਤੇ ਉਹ ਦਰਿਆ ਉੱਤੇ ਜਾ ਕੇ ਨਿਕੰਮਾ ਜਿਹਾ ਬਣਿਆ ਪੁਲ ਵਿਖਾ ਕੇ ਕਹਿਣ ਲੱਗਾ ਕਿ 'ਜੇ ਮੇਰਾ ਬੰਗਲਾ ਨਾ ਬਣਨਾ ਹੁੰਦਾ ਤਾਂ ਇਹ ਪੁਲ ਜ਼ਰਾ ਚੰਗਾ ਬਣ ਜਾਣਾ ਸੀ, ਮੈਂ ਬੰਗਲੇ ਜੋਗਾ ਪੈਸਾ ਕਮਾ ਲਿਆ ਸੀ।' ਤੀਸਰੀ ਮੀਟਿੰਗ ਭਾਰਤ ਵਿੱਚ ਹੋਈ ਤੇ ਸਾਡੇ ਮੰਤਰੀ ਦਾ ਬੰਗਲਾ ਉਨ੍ਹਾਂ ਦੋਵਾਂ ਤੋਂ ਵੱਡਾ ਸੀ। ਪੈਸੇ ਬਾਰੇ ਪੁੱਛਿਆ ਤਾਂ ਅਗਲੇ ਦਿਨ ਦਰਿਆ ਕੰਢੇ ਲਿਜਾ ਕੇ ਕਹਿਣ ਲੱਗਾ: 'ਔਹ ਪੁਲ ਤੁਸੀਂ ਵੇਖ ਲਓ, ਉਸ ਦੀ ਕ੍ਰਿਪਾ ਨਾਲ ਮੇਰਾ ਇਹ ਬੰਗਲਾ ਬਣਿਆ ਹੈ।' ਦੋਵੇਂ ਵੇਖ ਰਹੇ ਸਨ, ਪਰ ਪੁਲ ਦਿੱਸ ਨਹੀਂ ਸੀ ਰਿਹਾ। ਉਨ੍ਹਾਂ ਨੇ ਪੁੱਛ ਲਿਆ: 'ਕਿਹੜਾ ਪੁਲ, ਸਾਨੂੰ ਤਾਂ ਦਿੱਸਦਾ ਨਹੀਂ।' ਮੰਤਰੀ ਨੇ ਹੱਸ ਕੇ ਕਿਹਾ: 'ਜੇ ਪੁਲ ਦਿਖਾਈ ਦੇਂਦਾ ਤਾਂ ਤੁਹਾਡੇ ਦੋਵਾਂ ਦੇ ਬੰਗਲਿਆਂ ਤੋਂ ਵੱਡਾ ਬੰਗਲਾ ਨਹੀਂ ਸੀ ਦਿੱਸਣਾ, ਇਸ ਲਈ ਇਹ ਪੁਲ ਕਾਗਜ਼ਾਂ ਵਿੱਚ ਬਣਾਇਆ ਤੇ ਹੜ੍ਹਾਂ ਵਿੱਚ ਰੋੜ੍ਹ ਦਿੱਤਾ ਸੀ।'
ਇਹ ਜੁਮਲਾ ਕੁਝ ਜ਼ਿਆਦਾ ਹੱਦਾਂ ਟੱਪਣ ਵਾਲਾ ਜਾਪਦਾ ਹੈ, ਪਰ ਏਦਾਂ ਦੇ ਜੁਮਲੇ ਦਾ ਮਾਹੌਲ ਸਾਡੇ ਆਗੂਆਂ ਨੇ ਹੀ ਪੈਦਾ ਕੀਤਾ ਹੈ। ਮਨਮੋਹਨ ਸਿੰਘ ਦੀ ਸਰਕਾਰ ਨੇ ਆਪਣੀ ਇਸ਼ਤਿਹਾਰਬਾਜ਼ੀ ਦੇ ਅਖੀਰ ਵਿੱਚ ਆਖਿਆ ਸੀ: 'ਭਾਰਤ ਕੇ ਵਿਕਾਸ ਮੇਂ ਹੱਕ ਹੈ ਮੇਰਾ'। ਓਦੋਂ ਪਠਾਨਕੋਟ ਆਏ ਗੁਜਰਾਤ ਦੇ ਮੁੱਖ ਮੰਤਰੀ ਮੋਦੀ ਨੇ ਜੁਮਲਾ ਕੱਸਿਆ ਸੀ: ''ਮਨਮੋਹਨ ਸਿੰਘ ਸਰਕਾਰ ਕੀ ਐਡ ਗਲਤ ਹੈ, ਵੋ ਕਹਿਤੇ ਹੈਂ ਕਿ 'ਭਾਰਤ ਕੇ ਵਿਕਾਸ ਮੇਂ ਹੱਕ ਹੈ ਮੇਰਾ।', ਮੈਂ ਕਹਿਤਾ ਹੂੰ ਕਿ 'ਭਾਰਤ ਕੇ ਵਿਕਾਸ ਮੇਂ ਸ਼ੱਕ ਹੈ ਮੇਰਾ।" ਗੁਜਰਾਤ ਦਾ ਉਹ ਮੁੱਖ ਮੰਤਰੀ ਹੁਣ ਭਾਰਤ ਦਾ ਪ੍ਰਧਾਨ ਮੰਤਰੀ ਹੈ ਤੇ ਹਰ ਵਕਤ ਵਿਕਾਸ ਦੀਆਂ ਗੱਲਾਂ ਕਰਦਾ ਹੈ, ਪਰ ਓਦੋਂ ਮਨਮੋਹਨ ਸਿੰਘ ਸਰਕਾਰ ਨੂੰ ਜੇਬ ਵਿੱਚ ਸਮਝਣ ਵਾਲਾ ਮੁੰਡਾ ਹੁਣ ਇਹ ਕਹਿੰਦਾ ਹੈ ਕਿ 'ਵਿਕਾਸ ਪਾਗਲ ਹੋ ਗਿਆ ਲਗਤਾ ਹੈ।' ਲੋਕ ਜਦੋਂ ਇਨ੍ਹਾਂ ਦੋਵਾਂ ਦਾ ਹੁੰਗਾਰਾ ਦੇਣ ਵੇਲੇ ਮੁਸ਼ਕਲ ਮਹਿਸੂਸ ਕਰਦੇ ਹੋਣ ਤਾਂ ਓਦੋਂ ਕੀ ਕਰਨਗੇ, ਸ਼ਾਇਦ ਉਹ ਸੋਸ਼ਲ ਮੀਡੀਏ ਦਾ ਉੱਪਰ ਵਾਲਾ ਜੁਮਲਾ ਹੀ ਵਰਤਦੇ ਹੋਣਗੇ।

01 Oct 2017

ਸਿਆਸਤ ਨੂੰ ਇਸ਼ਾਰਿਆਂ ਉੱਤੇ ਨੱਚਦੀ ਸਮਝਣ ਵਾਲੇ ਸਾਧਾਂ ਦੇ ਹਸ਼ਰ ਦੀ ਗਾਥਾ ਅਜੇ ਰੁਕਣ ਵਾਲੀ ਨਹੀਂ - ਜਤਿੰਦਰ ਪਨੂੰ

ਭਾਰਤ ਦਾ ਮੀਡੀਆ ਹਾਲੇ ਤੱਕ ਡੇਰਾ ਸੱਚਾ ਸੌਦਾ ਵਾਲੇ ਗੁਰਮੀਤ ਰਾਮ ਰਹੀਮ ਸਿੰਘ ਦੀ ਕਥਾ ਕਰਨ ਵਿੱਚ ਰੁੱਝਾ ਦਿਖਾਈ ਦੇਂਦਾ ਹੈ। ਉਨ੍ਹਾਂ ਲਈ ਇਹ ਕੰਮ ਹਰ ਪੱਖੋਂ ਲਾਹੇਵੰਦਾ ਹੈ। ਦਰਸ਼ਕਾਂ ਦੀ ਵੱਡੀ ਗਿਣਤੀ ਅੱਜ-ਕੱਲ੍ਹ ਕਪਲ ਸ਼ਰਮਾ ਦਾ ਸ਼ੋਅ ਨਾ ਆਉਣ ਕਾਰਨ ਅਵਾਜ਼ਾਰ ਸੀ। ਉਹ ਦਰਸ਼ਕ ਹੁਣ ਰਾਮ ਰਹੀਮ ਸਿੰਘ ਦੀ ਕਹਾਣੀ ਚਸਕੇ ਲੈ ਕੇ ਸੁਣਦੇ ਹਨ ਤੇ ਮੀਡੀਏ ਵਾਲਿਆਂ ਨੂੰ ਹੋਰ ਕਹਾਣੀਆਂ ਪੇਸ਼ ਕਰਨ ਦੀ ਖੇਚਲ ਨਹੀਂ ਕਰਨੀ ਪੈਂਦੀ। ਜਦੋਂ ਹੋਰ ਕੋਈ ਖਿੱਚ ਪਾਉਣ ਵਾਲਾ ਮੁੱਦਾ ਨਹੀਂ ਹੁੰਦਾ, ਹਨੀਪ੍ਰੀਤ ਕੌਰ ਦੀਆਂ ਵੱਖੋ-ਵੱਖ ਪੋਜ਼ ਦੀਆਂ ਤਸਵੀਰਾਂ ਅਤੇ ਚਟਕਾਰੇ ਲੈ-ਲੈ ਪੇਸ਼ ਕਰਨ ਵਾਲੇ ਕਿੱਸੇ ਓਦੋਂ ਮੇਜ਼ ਦੀ ਦਰਾਜ ਵਿੱਚੋਂ ਕੱਢ ਲੈਂਦੇ ਹਨ। ਜਦੋਂ ਇਹ ਗੰਦ ਪੇਸ਼ ਕਰਨ ਦੀ ਲੋੜ ਸੀ, ਓਦੋਂ ਮੀਡੀਆ ਸਿਰਸੇ ਵਾਲੇ ਬਾਬੇ ਨੂੰ 'ਮੈਸੈਂਜਰ ਆਫ ਗਾਡ' ਵਜੋਂ ਪੇਸ਼ ਕਰਨ ਨੂੰ ਲੱਗਾ ਰਹਿੰਦਾ ਸੀ। ਆਪਣੇ ਪਾਪਾਂ ਦੇ ਸਿਆੜਾਂ ਵਿੱਚ ਬੀਜੇ ਜਾ ਚੁੱਕੇ ਉਸ ਬਾਬੇ ਕੋਲ ਬਾਹਰ ਆ ਸਕਣ ਦੇ ਬਹੁਤੇ ਮੌਕੇ ਹੁਣ ਨਹੀਂ ਰਹਿ ਗਏ। ਭਾਰਤ ਦੀ ਰਾਜਨੀਤੀ ਵਿੱਚ ਜਿਨ੍ਹਾਂ ਨੂੰ ਉਸ ਦੀ ਲੋੜ ਪੈਂਦੀ ਰਹਿੰਦੀ ਸੀ, ਉਹ ਵੀ ਉਸ ਨਾਲੋਂ ਨਾਤੇ ਤੋੜ ਰਹੇ ਹਨ। ਇਸ ਦੀ ਉੱਘੀ ਮਿਸਾਲ ਇਹ ਹੈ ਕਿ ਹਾਲੇ ਇੱਕ ਮਹੀਨਾ ਪਹਿਲਾਂ ਹਰਿਆਣਾ ਸਰਕਾਰ ਨੇ ਸਾਧ ਦੇ ਜਨਮ ਦਿਨ ਮੌਕੇ ਜਿਹੜਾ ਇਕਵੰਜਾ ਲੱਖ ਰੁਪਏ ਦਾ ਚੈੱਕ ਦਿੱਤਾ ਸੀ, ਉਹ ਹੁਣ ਵਾਪਸ ਲੈ ਲਿਆ ਹੈ। ਸਿਰਫ ਵਾਪਸ ਨਹੀਂ ਲਿਆ, ਵਾਪਸ ਲੈਣ ਦਾ ਐਲਾਨ ਉਸ ਮੰਤਰੀ ਤੋਂ ਕਰਵਾਇਆ ਹੈ, ਜਿਹੜਾ ਇਹ ਚੈੱਕ ਸਿਰਸੇ ਵਿੱਚ ਬਾਬੇ ਨੂੰ ਭੇਟ ਕਰਨ ਲਈ ਉਸ ਦੇ ਚਰਨਾਂ ਵਿੱਚ ਝੁਕਿਆ ਸੀ ਤੇ ਜਿਸ ਦਿਨ ਪੰਚਕੂਲੇ ਵਿੱਚ ਸਾਧ ਦੀ ਪੇਸ਼ੀ ਹੋਣੀ ਸੀ, ਓਥੇ ਲਿਆਂਦੀ ਭੀੜ ਦੇ ਖਾਣ-ਪੀਣ ਸਮੇਤ ਹੋਰ ਸਾਰੇ ਪ੍ਰਬੰਧਾਂ ਦਾ ਜ਼ਿੰਮਾ ਸੰਭਾਲਦਾ ਰਿਹਾ ਸੀ। ਉਹ ਮੰਤਰੀ ਵੀ ਕਿਸੇ ਅਗਲੀ ਲੋੜ ਲਈ ਹੁਣ ਇੱਕ ਦਮ ਨਵਾਂ ਗੇਅਰ ਲਾਉਣ ਤੁਰ ਪਿਆ ਹੈ।
ਇਨ੍ਹਾਂ ਮਾਮਲਿਆਂ ਵਿੱਚ ਸਿਰਫ ਰਾਜਨੀਤਕ ਲੋੜਾਂ ਨਹੀਂ, ਕਈ ਕਿਸਮ ਦੇ ਹੋਰ ਗੇੜੇ ਵੀ ਪੈ ਜਾਇਆ ਕਰਦੇ ਹਨ, ਜਿਹੜੇ ਸਮਝਣੇ ਏਨੇ ਸੌਖੇ ਨਹੀਂ ਹੁੰਦੇ, ਜਿੰਨੇ ਅਸੀਂ ਸੋਚ ਲੈਂਦੇ ਹਾਂ। ਇਸ ਵਾਰੀ ਡੇਰਾ ਸੱਚਾ ਸੌਦਾ ਰਾਜਨੀਤੀ ਦੀ ਤਿਕੜਮ ਤੋਂ ਬਗੈਰ ਫਸ ਗਿਆ। ਫਸਦੇ ਨੂੰ ਬਚਾਉਣ ਲਈ ਰਾਜਨੀਤੀ ਦੇ ਧਨੰਤਰਾਂ ਨੇ ਪੂਰਾ ਜ਼ੋਰ ਲਾਇਆ, ਪਰ ਜਦੋਂ ਬਚਾਇਆ ਨਹੀਂ ਜਾ ਸਕਿਆ ਤਾਂ ਹੁਣ ਹੋ ਰਹੀਆਂ ਖੇਡਾਂ ਉਸ ਬਾਬੇ ਨਾਲ ਸੰਬੰਧਤ ਨਹੀਂ, ਬਾਬੇ ਦੀ ਚਾਰ ਹਜ਼ਾਰ ਕਰੋੜ ਦੀ ਜਾਇਦਾਦ ਵਾਲੇ ਡੇਰੇ ਉੱਤੇ ਕੋਈ ਚੇਲਾ ਬਿਠਾਉਣ ਵਾਸਤੇ ਚੱਲ ਰਹੀਆਂ ਹਨ। ਇਸ ਵਿੱਚ ਕਈ ਪੱਖਾਂ ਦਾ ਜ਼ੋਰ ਲੱਗਦਾ ਸੁਣਿਆ ਜਾ ਰਿਹਾ ਹੈ। ਬਹੁਤੀ ਸੰਭਾਵਨਾ ਇਹ ਹੈ ਕਿ ਕਦੀ ਬਾਬੇ ਦੇ ਚਰਨਾਂ ਵਿੱਚ ਇਕਵੰਜਾ ਲੱਖ ਰੁਪਏ ਦਾ ਚੈੱਕ ਰੱਖ ਕੇ ਮੱਥਾ ਟੇਕਣ ਤੇ ਕਦੀ ਉਹ ਚੈੱਕ ਮੋੜ ਲਿਆਉਣ ਵਾਲੀ ਧਿਰ ਇਸ ਵਾਰੀ ਹੋਰਨਾਂ ਨੂੰ ਠਿੱਬੀ ਲਾਉਣ ਤੇ ਆਪਣੀ ਮਰਜ਼ੀ ਦਾ ਕੋਈ ਨਵਾਂ 'ਮਹਾਂਪੁਰਸ਼' ਪੇਸ਼ ਕਰ ਕੇ ਉਸ ਅੱਡੇ ਉੱਪਰ ਕਬਜ਼ਾ ਪੱਕਾ ਕਰਨ ਵਿੱਚ ਕਾਮਯਾਬ ਹੋ ਜਾਵੇਗੀ।
ਸਾਨੂੰ ਪੰਜਾਬ ਦੀ ਰਾਜਨੀਤੀ ਦਾ ਵੀ ਏਦਾਂ ਦੇ ਬਹੁਤ ਸਾਰੇ ਮੌਕਿਆਂ ਦਾ ਤਜਰਬਾ ਹੈ ਅਤੇ ਦੂਸਰੇ ਰਾਜਾਂ ਦੇ ਡੇਰਿਆਂ ਵਿੱਚ ਹੁੰਦੇ-ਵਾਪਰਦੇ ਦੀ ਕਨਸੋਅ ਵੀ ਮਿਲ ਜਾਂਦੀ ਹੈ। ਪੰਜਾਬ ਵਿੱਚ ਤੀਹ ਕੁ ਸਾਲ ਪਹਿਲਾਂ ਅਕਾਲੀਆਂ ਦੇ ਇੱਕ ਧੜੇ ਨੇ ਇੱਕ ਸੋਹਣਾ-ਸੁਣੱਖਾ ਮੁੰਡਾ ਸ਼ਿੰਗਾਰ ਕੇ ਸਿੱਖ ਪੰਥ ਅੱਗੇ ਪੇਸ਼ ਕੀਤਾ ਸੀ। ਬੋਲੀ ਵਿੱਚ ਮਿਠਾਸ ਸੀ। ਲੋਕਾਂ ਵਿੱਚ ਜਦੋਂ ਉਹ ਕਾਫੀ ਥਾਂ ਬਣਾ ਗਿਆ ਤਾਂ ਇੱਕ ਦਿਨ ਪੰਥਕ ਰਾਜਨੀਤੀ 'ਚ ਨਵਾਂ ਉੱਭਰਦਾ ਆਗੂ ਉਸ ਦੇ ਡੇਰੇ ਕੋਲੋਂ ਲੰਘਣ ਵੇਲੇ ਮਿਲਣ ਚਲਾ ਗਿਆ। ਬਾਬਾ ਬਣ ਚੁੱਕਾ ਉਹ ਮੁੰਡਾ ਉਸ ਰਾਜਸੀ ਆਗੂ ਦੇ ਬਾਪ ਦੀ ਇੱਜ਼ਤ ਕਰਦਾ ਸੀ, ਪਰ ਰਾਜਸੀ ਉਠਾਣ ਦੇ ਨਵੇਂ ਮਹੱਤਵ ਨੂੰ ਨਾ ਸਮਝ ਸਕਿਆ ਤੇ ਬਜ਼ੁਰਗ ਲੀਡਰ ਦੇ ਫਰਜ਼ੰਦ ਨੂੰ ਬਣਦਾ ਸਤਿਕਾਰ ਦੇਣ ਤੋਂ ਖੁੰਝ ਗਿਆ। ਅਗਲੇ ਸਾਲ ਉਹਦੇ ਨਾਲੋਂ ਵੱਧ ਤਿੱਖੀ ਬੋਲੀ ਵਾਲਾ ਉਸ ਨਾਲੋਂ ਕੁਝ ਸਾਲ ਛੋਟਾ ਇੱਕ ਗੱਭਰੂ ਚੁਣ ਕੇ ਪੰਥ ਦੇ ਨਵੇਂ ਕਥਾਕਾਰ ਵਜੋਂ ਪੇਸ਼ ਕਰ ਦਿੱਤਾ ਗਿਆ। ਨਵਾਂ ਬਾਬਾ ਪਹਿਲੇ ਤੋਂ ਵੀ ਵੱਧ ਚਮਕਿਆ। ਅਸੀਂ ਪਿਛਲੇ ਪੰਜਾਹ ਸਾਲਾਂ ਵਿੱਚ ਕਈ ਬਾਬੇ ਏਦਾਂ ਉੱਭਰਦੇ ਤੇ ਫਿਰ ਖੂੰਜੇ ਲੱਗਦੇ ਜਾਂ ਲਾਏ ਜਾਂਦੇ ਵੇਖੇ ਹਨ। ਇਹ ਨਵਾਂ ਉੱਠਿਆ ਬਾਬਾ ਜਦੋਂ ਪੰਥਕ ਰਾਜਨੀਤੀ ਦੇ ਭਵਿੱਖ ਦਾ ਮੁਹਰੈਲ ਸਮਝੇ ਜਾਂਦੇ ਆਗੂ ਦੀ ਅੱਖ ਨਾ ਪਛਾਣ ਸਕਿਆ ਤਾਂ ਕਈ ਲੋਕ ਉਸੇ ਵੇਲੇ ਇਹ ਗੱਲਾਂ ਕਰਨ ਲੱਗ ਪਏ ਕਿ ਹੁਣ ਇਸ ਨੌਜਵਾਨ ਦੇ ਸੌਖੇ ਦਿਨ ਨਹੀਂ ਰਹਿ ਸਕਣੇ। ਫਿਰ ਉਹੋ ਗੱਲ ਹੁੰਦੀ ਵੇਖ ਲਈ। ਹੁਣ ਜੋ ਕੁਝ ਸਿਰਸੇ ਦੇ ਆਂਢ-ਗਵਾਂਢ ਵਾਪਰਦਾ ਦਿਖਾਈ ਦੇਂਦਾ ਹੈ, ਉਸ ਵਿੱਚੋਂ ਵੀ ਏਦਾਂ ਦੇ ਸੰਕੇਤ ਮਿਲਦੇ ਹਨ।
ਇਸ ਤੋਂ ਪਹਿਲਾਂ ਆਸੂ ਮੱਲ ਉਰਫ ਆਸਾ ਰਾਮ ਦੀ ਕਹਾਣੀ ਵੀ ਇਹੋ ਸੀ। ਪਾਕਿਸਤਾਨ ਵਿੱਚ ਰਹਿ ਗਏ ਸਿੰਧ ਦੇ ਨਵਾਬਸ਼ਾਹ ਜ਼ਿਲ੍ਹੇ ਵਿੱਚ ਜਨਮੇ ਆਸੂ ਮੱਲ ਨੇ ਇੰਦਰਾ ਗਾਂਧੀ ਦੇ ਰਾਜ ਦੌਰਾਨ ਗੁਜਰਾਤ ਵਿੱਚ ਜਦੋਂ ਡੇਰਾ ਸ਼ੁਰੂ ਕੀਤਾ ਤਾਂ ਉਸ ਨਾਲ ਚਾਰ-ਪੰਜ ਪੱਕੇ ਜੋੜੀਦਾਰ ਸਨ ਜਿਹੜੇ ਨਾਲ ਦੇ ਪਿੰਡਾਂ ਤੋਂ ਰਾਸ਼ਣ ਮੰਗਣ ਵਾਸਤੇ ਜਾਇਆ ਕਰਦੇ ਸਨ। ਹੌਲੀ-ਹੌਲੀ ਇਹ ਟੋਲੀ ਓਥੇ ਰਾਜ ਕਰਦੀ ਕਾਂਗਰਸ ਪਾਰਟੀ ਨਾਲ ਜੁੜ ਗਈ ਅਤੇ ਇਨ੍ਹਾਂ ਦੇ ਪਿੱਛੇ ਖੜੀਆਂ ਵੋਟਾਂ ਦੀ ਝਾਕ ਵਿੱਚ ਕਾਂਗਰਸ ਦੇ ਮੰਤਰੀ ਓਥੇ ਆਉਣ ਲੱਗ ਪਏ। ਕਾਂਗਰਸੀ ਸਰਕਾਰ ਨੇ ਇਨ੍ਹਾਂ ਨੂੰ ਬੜਾ ਵੱਡਾ ਪਲਾਟ ਮੁੱਖ ਮੰਤਰੀ ਕੋਟੇ ਵਿੱਚੋਂ ਦੇ ਦਿੱਤਾ ਤੇ ਇਹ ਆਨੇ-ਬਹਾਨੇ ਉਸ ਪਾਰਟੀ ਦਾ ਪੱਖ ਪੂਰਦੇ ਰਹੇ, ਪਰ ਜਦੋਂ ਕੁਝ ਸਾਲਾਂ ਬਾਅਦ ਓਥੇ ਭਾਜਪਾ ਸਰਕਾਰ ਬਣਦੀ ਦਿਖਾਈ ਦੇਣ ਲੱਗੀ, ਓਦੋਂ ਲੋਕਾਂ ਦਾ ਮੂਡ ਵੇਖ ਕੇ ਗੁਪਤ ਸੌਦੇ ਹੇਠ ਆਸਾ ਰਾਮ ਉਨ੍ਹਾਂ ਨਾਲ ਜੁੜ ਗਿਆ। ਸਰਕਾਰ ਬਣਦੇ ਸਾਰ ਕਾਂਗਰਸ ਦੇ ਦਿੱਤੇ ਪਲਾਟ ਨਾਲੋਂ ਵੱਡਾ ਪਲਾਟ ਭਾਜਪਾ ਵਾਲਿਆਂ ਦੇ ਦਿੱਤਾ। ਆਸਾ ਰਾਮ ਨੂੰ ਉਨ੍ਹਾਂ ਨਾਲ ਨਿਭੀ ਜਾਣ ਵਿੱਚ ਔਖ ਨਹੀਂ ਸੀ, ਪਰ ਜਦੋਂ ਗੁਜਰਾਤ ਦੀ ਰਾਜਨੀਤੀ ਵਿੱਚ ਨਰਿੰਦਰ ਮੋਦੀ ਦਾ ਉਭਾਰ ਹੋ ਰਿਹਾ ਸੀ, ਓਦੋਂ ਆਸਾ ਰਾਮ ਕੋਲੋਂ ਅੰਦਾਜ਼ੇ ਦੀ ਗਲਤੀ ਹੋ ਗਈ। ਸਰਕਾਰੀ ਤੇ ਗੈਰ ਸਰਕਾਰੀ ਜ਼ਮੀਨਾਂ ਉੱਤੇ ਹੱਦ ਤੋਂ ਵੱਧ ਖਿਲਾਰਾ ਪਾ ਕੇ ਆਪਣੇ ਆਪ ਨੂੰ ਵੱਡੀ ਹਸਤੀ ਵਜੋਂ ਪੇਸ਼ ਕਰਨ ਦਾ ਸ਼ੌਕੀਨ ਬਣ ਚੁੱਕਾ ਆਸਾ ਰਾਮ ਨਰਿੰਦਰ ਮੋਦੀ ਦੇ ਖਿਲਾਫ ਮੋਰਚਾ ਖੋਲ੍ਹ ਬੈਠਾ। ਅੱਗੋਂ ਮੋਦੀ ਨੇ ਸਰਕਾਰੀ ਅਫਸਰ ਭੇਜੇ ਅਤੇ ਇੱਕੋ ਹੱਲੇ ਵਿੱਚ ਆਸਾ ਰਾਮ ਦੇ ਆਸ਼ਰਮ ਹੇਠਲੀ ਸਤਾਹਠ ਹਜ਼ਾਰ ਏਕੜ ਜ਼ਮੀਨ ਛੁਡਵਾ ਲਈ। ਇਸ ਨਾਲ ਆਸਾ ਰਾਮ ਦੇ ਮੰਦੇ ਦਿਨ ਚੱਲ ਪਏ। ਕਾਂਗਰਸ ਤੋਂ ਆਸਾ ਰਾਮ ਨੂੰ ਇਸ ਮੌਕੇ ਮਦਦ ਦੀ ਝਾਕ ਸੀ, ਪਰ ਉਨ੍ਹਾਂ ਨੇ ਚੁਫੇਰਗੜ੍ਹੀਏ ਬਲਾਤਕਾਰੀ ਆਸਾ ਰਾਮ ਦੀ ਮਦਦ ਕੀ ਕਰਨੀ, ਦਿੱਲੀ ਵਿੱਚ ਉਹ ਕੇਸ ਕਾਂਗਰਸੀ ਸਰਕਾਰ ਵੇਲੇ ਆਸਾ ਰਾਮ ਉੱਤੇ ਦਰਜ ਹੋਇਆ, ਜਿਸ ਕਾਰਨ ਉਹ ਅੱਜ ਤੱਕ ਜੇਲ੍ਹ ਵਿੱਚ ਹੈ। ਉਸ ਨਾਲ ਜਿੰਨੀ ਹੋਈ-ਬੀਤੀ ਸੀ, ਉਹ ਕਈਆਂ ਨਾਲ ਵਾਪਰੀ ਹੈ ਤੇ ਕਈਆਂ ਨਾਲ ਅੱਗੋਂ ਵੀ ਵਾਪਰ ਸਕਦੀ ਹੈ।
ਪੰਜਾਬ ਵਿੱਚ ਇਸ ਦੀ ਇੱਕ ਮਿਸਾਲ ਨਿਹੰਗ ਲੀਡਰ ਅਜੀਤ ਸਿੰਘ ਪੂਹਲਾ ਸੀ। ਗਵਰਨਰੀ ਰਾਜ ਵਿੱਚ ਕਾਂਗਰਸੀ ਲੀਡਰਾਂ ਦੀ ਕ੍ਰਿਪਾ ਨਾਲ ਉੱਭਰਿਆ ਸੀ। ਹਾਲਾਤ ਬਦਲੇ ਤਾਂ ਪਹਿਲੀ ਵਾਰ ਬਣੀ ਅਕਾਲੀ-ਭਾਜਪਾ ਸਰਕਾਰ ਦੇ ਨੇੜੇ ਜਾਣ ਦੇ ਯਤਨ ਕਰਨ ਲੱਗ ਪਿਆ। ਜਦੋਂ ਬਾਬਾ ਬਕਾਲਾ ਵਿੱਚ ਕਾਨਫਰੰਸ ਕਰਨ ਲਈ ਅਕਾਲੀਆਂ ਨੂੰ ਥਾਂ ਨਹੀਂ ਸੀ ਮਿਲੀ, ਉਸ ਨੇ ਆਪਣੇ ਡੇਰੇ ਵਿੱਚ ਕਾਨਫਰੰਸ ਕਰਨ ਦੀ ਪੇਸ਼ਕਸ਼ ਕਰ ਦਿੱਤੀ। 'ਕੈਮਲ ਐਂਡ ਦ ਮਰਚੈਂਟ' ਦੀ ਪੁਰਾਣੀ ਕਹਾਣੀ ਵਾਂਗ ਊਠ ਨੂੰ ਵੜਨ ਦਾ ਮੌਕਾ ਦੇਣ ਦੀ ਭੁੱਲ ਜਿਵੇਂ ਵਪਾਰੀ ਨੂੰ ਮਹਿੰਗੀ ਪਈ ਤੇ ਫਿਰ ਊਠ ਨੇ ਉਸ ਨੂੰ ਬਾਹਰ ਕੱਢ ਦਿੱਤਾ ਸੀ, ਅਜੀਤ ਸਿੰਘ ਪੂਹਲੇ ਨੂੰ ਵੀ ਇਹੋ ਪੇਸ਼ਕਸ਼ ਮਹਿੰਗੀ ਪੈ ਗਈ। ਇਸ ਤੋਂ ਬਾਕੀ ਬਾਬੇ ਕੁਝ ਨਹੀਂ ਸਿੱਖ ਸਕੇ।
ਸਿਰਸੇ ਦੇ ਸੱਚਾ ਸੌਦਾ ਡੇਰੇ ਵਾਲਾ ਬਾਬਾ 'ਰੱਬ ਨੇੜੇ ਕਿ ਘਸੁੰਨ' ਦੇ ਫਾਰਮੂਲੇ ਵਾਂਗ ਜਿਹੜੀ ਧਿਰ ਰਾਜ ਕਰ ਰਹੀ ਹੁੰਦੀ ਸੀ, ਉਸੇ ਨਾਲ ਅੱਖ ਮਿਲ ਕੇ ਤੁਰ ਪੈਂਦਾ ਸੀ, ਪਰ ਜਦੋਂ ਉਸ ਧਿਰ ਦੀ ਸੱਤਾ ਤੋਂ ਦੂਰੀ ਵੇਖਦਾ ਸੀ ਤਾਂ ਕਾਂਟਾ ਬਦਲ ਜਾਂਦਾ ਸੀ। ਮੁੱਖ ਮੰਤਰੀ ਹੁੰਦਿਆਂ ਉਹ ਕੈਪਟਨ ਅਮਰਿੰਦਰ ਸਿੰਘ ਨਾਲ ਭੁਗਤਿਆ, ਪਰ ਅਮਰਿੰਦਰ ਸਿੰਘ ਦੀ ਧਿਰ ਜਿੱਤ ਨਾ ਸਕੀ ਤੇ ਅਕਾਲੀਆਂ ਨੇ ਰਗੜਾ ਕੱਢ ਦਿੱਤਾ। ਅਗਲੀਆਂ ਦੋ ਵਾਰੀਆਂ ਉਹ ਡਰਦਾ ਅਕਾਲੀਆਂ ਪਿੱਛੇ ਭੁਗਤਿਆ, ਪਰ ਹਰਿਆਣੇ ਦੀਆਂ ਚੋਣਾਂ ਮੌਕੇ ਅਕਾਲੀਆਂ ਦੇ ਕਹਿਣ ਦੇ ਬਾਵਜੂਦ ਅਕਾਲੀਆਂ ਦੇ ਜੋੜੀਦਾਰ ਚੌਟਾਲਿਆਂ ਦੀ ਮਦਦ ਕਰਨ ਤੋਂ ਇਨਕਾਰ ਕਰ ਗਿਆ। ਕਾਰਨ ਇਹ ਸੀ ਕਿ ਉਸ ਦੇ ਕੇਸਾਂ ਦੀ ਜਾਂਚ ਜਿਹੜੀ ਸੀ ਬੀ ਆਈ ਕਰਦੀ ਪਈ ਸੀ, ਉਸ ਦੀ ਕਮਾਨ ਭਾਜਪਾ ਲੀਡਰਸ਼ਿਪ ਦੇ ਕੋਲ ਸੀ। ਇਸ ਤਰ੍ਹਾਂ ਹਰ ਵਾਰੀ ਦਲ-ਬਦਲੀ ਕਰਦਿਆਂ ਉਹ 'ਬੇਪੇਂਦੇ ਕਾ ਲੋਟਾ' (ਇੱਕ ਗੋਲ ਥੱਲੇ ਵਾਲਾ ਗੜਵਾ, ਜਿਹੜਾ ਕਿਸੇ ਪਾਸੇ ਵੀ ਰਿੜ੍ਹ ਸਕਦਾ ਹੈ) ਬਣ ਗਿਆ ਤੇ ਉਸ ਦਾ ਸਾਥ ਦੇਣ ਵਾਲੀ ਪੱਕੀ ਧਿਰ ਕੋਈ ਨਹੀਂ ਸੀ ਰਹਿ ਗਈ। ਹੁਣ ਜੇਲ੍ਹ ਵਿੱਚ ਬੈਠਾ ਉਹ ਵਾਰਸ ਸ਼ਾਹ ਦੇ ਲਫਜ਼ ਯਾਦ ਕਰਦਾ ਹੋਵੇਗਾ: ''ਨਾਲੇ ਰੰਨ ਖੁੱਸੀ, ਨਾਲੇ ਕੰਨ ਪਾਟੇ, ਇਸ ਇਸ਼ਕ 'ਚੋਂ ਅਸਾਂ ਕੀ ਖੱਟਿਆ ਸੂ"।
ਅਗਲੀ ਗੱਲ ਜਿਹੜੀ ਅਸੀਂ ਕਹਿਣ ਲੱਗੇ ਹਾਂ, ਵੇਲੇ ਤੋਂ ਪਹਿਲਾਂ ਦੀ ਲੱਗ ਸਕਦੀ ਹੈ, ਪਰ ਕਨਸੋਆਂ ਸੁਣ ਰਹੀਆਂ ਹਨ ਕਿ ਸਿਆਸਤ ਨੂੰ ਆਪਣੇ ਇਸ਼ਾਰਿਆਂ ਉੱਤੇ ਨੱਚਦੀ ਸਮਝਣ ਵਾਲਾ ਇੱਕ ਹੋਰ ਸਾਧ ਅਗਲੇ ਦਿਨਾਂ ਵਿੱਚ ਚੱਬ ਹੇਠ ਆ ਸਕਦਾ ਹੈ। ਉਸ ਦੇ ਖਿਲਾਫ ਵੀ ਬੜੇ ਕੇਸ ਬਣੇ ਹੋਏ ਹਨ। ਆਸਾ ਰਾਮ ਵਾਂਗ ਉਹ ਵੀ ਪਹਿਲਾਂ ਕਾਂਗਰਸ ਸਰਕਾਰਾਂ ਤੋਂ ਪਲਾਟ ਤੇ ਗਰਾਂਟਾਂ ਲੈ ਕੇ ਉੱਠਿਆ ਸੀ, ਫਿਰ ਭਾਜਪਾ ਨਾਲ ਜੁੜ ਕੇ ਆਪਣੇ ਬੰਦਿਆਂ ਨੂੰ ਟਿਕਟਾਂ ਦਿਵਾਉਣ ਅਤੇ ਮੰਤਰੀ ਬਣਵਾਉਣ ਲੱਗਾ ਰਿਹਾ। ਪਿਛਲੇ ਸਮੇਂ ਵਿੱਚ ਸੁਣਿਆ ਗਿਆ ਹੈ ਕਿ ਉਸ ਦੇ ਖੰਭ ਉੱਗਣ ਪਿੱਛੋਂ ਉਸ ਦੀ ਉਡਾਰੀ ਨੂੰ ਨੋਟ ਕਰਨ ਵਾਲੇ ਕਰੀ ਜਾਂਦੇ ਹਨ। ਚੱਬ ਹੇਠ ਆ ਗਿਆ ਤਾਂ ਉਹ ਵੀ ਇੱਕ ਹੀ ਹੋਵੇਗਾ, ਇੱਕੋ ਇੱਕ ਨਹੀਂ ਹੋਣਾ।

17 Sep 2017