Kehar Sharif

 ਲੋਕਤੰਤਰ ਦਾ ਮਹੱਤਵ ਤੇ ਲੋਕਤੰਤਰ ਨੂੰ ਖਤਰੇ - ਕੇਹਰ ਸ਼ਰੀਫ਼

 ਲੋਕਰਾਜ ਉਸਨੂੰ ਕਿਹਾ ਜਾਂਦਾ ਹੈ ਜਿਸ ਨੂੰ ਲੋਕ ਆਪਣਾ ਰਾਜ ਸਮਝਦੇ ਹੋਣ। ਲੋਕ ਸਮਝਦੇ ਹੀ ਨਾ ਹੋਣ ਸਗੋਂ, ਲੋਕਾਂ ਨਾਲ ਨਿੱਤ ਦਾ ਵਿਹਾਰ ਵੀ ਇਸ ਦੀ ਗਵਾਹੀ ਭਰਦਾ ਹੋਵੇ। ਇਹ ਇਕ-ਦੂਜੇ ਨਾਲ ਮਿਲਜੁਲ ਕੇ ਰਹਿਣ ਦੇ ਮੌਕੇ ਵੀ ਦਿੰਦਾ ਹੋਵੇ, ਨਹੀਂ ਤਾਂ ਅਬਰਾਹਿਮ ਲਿੰਕਨ ਦੀ ਲੋਕਤੰਤਰ ਬਾਰੇ ਦਿੱਤੀ ਪ੍ਰੀਭਾਸ਼ਾ ਕਿ "ਲੋਕਤੰਤਰ ਲੋਕਾਂ ਦੀ, ਲੋਕਾਂ ਦੁਆਰਾ, ਅਤੇ ਲੋਕਾਂ ਲਈ ਬਣਾਈ ਗਈ ਸਰਕਾਰ ਹੈ" ਵੀ ਟਿੱਚਰ ਜਹੀ ਜਾਪਣ ਲੱਗ ਪੈਂਦੀ ਹੈ । ਲੋਕਤੰਤਰ ਅੰਦਰ ਅਸਹਿਮਤੀ ਦਾ ਬਹੁਤ ਵੱਡਾ ਮਹੱਤਵ ਹੁੰਦਾ ਹੈ ਜਾਂ ਕਹਿ ਲਉ ਕਿ ਅਸਹਿਮਤੀ (ਭਾਵ, ਇਕ ਦੂਜੇ ਤੋਂ ਵੱਖਰੇ ਵਿਚਾਰ) ਲੋਕਤੰਤਰ ਦਾ ਦੂਜਾ ਨਾਮ ਹੈ। ਜਦੋਂ ਲੋਕਤੰਤਰੀ ਪ੍ਰਬੰਧ ਅੰਦਰ ਅਸਹਿਮਤੀ ਦਾ ਸਨਮਾਨ (ਦੂਜਿਆਂ ਪ੍ਰਤੀ ਸਹਿਣਸ਼ੀਲਤਾ, ਵਿਚਾਰ ਵਟਾਂਦਰਾ) ਖਤਮ ਹੋ ਰਿਹਾ ਹੋਵੇ ਤਾਂ ਸਮਝੋ ਕਿ ਲੋਕਤੰਤਰ ਦੀ ਸਮਾਪਤੀ ਦਾ ਖਤਰਾ ਵਧ ਰਿਹਾ ਹੈ। ਅਜਿਹੇ ਸਮੇਂ ਅਸਹਿਮਤੀ ਦੀ ਆਵਾਜ਼ ਹੋਰ ਉੱਚੀ ਹੋ ਜਾਣੀ ਚਾਹੀਦੀ ਹੈ। ਇਸਦੇ ਆਪਣੇ ਖਤਰੇ ਹੋ ਸਕਦੇ ਹਨ, ਪਰ ਲੋਕਤੰਤਰ ਇਹ ਖਤਰੇ ਸਹੇੜ ਕੇ ਹੀ ਬਚ ਸਕਦਾ ਹੈ। ਇਨ੍ਹਾਂ ਨੂੰ ਖਤਰੇ ਕਹਿਣ ਨਾਲੋਂ ਫ਼ਰਜ਼ਾਂ ਦੀ ਸੰਗਿਆ ਦਿੱਤੀ ਜਾਣੀ ਚਾਹੀਦੀ ਹੈ। ਲੋਕਤੰਤਰੀ ਰਾਜ ਵਲੋਂ ਆਮ ਨਾਗਰਿਕਾਂ ਦੇ ਅਧਿਕਾਰਾਂ ਦੀ ਪੂਰਤੀ ਤੇ ਰਾਖੀ ਅਤੇ ਦੋਹਾਂ ਪਾਸਿਆਂ ਤੋਂ ਫ਼ਰਜ਼ਾਂ ਦੀ ਪਾਲਣਾ ਦਾ ਨਾਂ ਹੈ। ਇਸ ਵਿਚ ਆਈ ਮਾੜੀ ਵੀ ਕਾਣ ਲੋਕਤੰਤਰ ਨੂੰ ਕਮਜ਼ੋਰ ਜਾਂ ਤਬਾਹ ਕਰਨ ਦਾ ਸਬੱਬ ਬਣ ਸਕਦੀ ਹੈ। ਲੋਕਤੰਤਰ ਵਾਸਤੇ ਇਹ ਸ਼ੁਭ ਸ਼ਗਨ ਨਹੀਂ ਹੋ ਸਕਦਾ ।
        ਅੱਜ ਦੇ ਸਮੇਂ ਜਦੋਂ ਵਿਸ਼ਵੀਕਰਨ ਉਰਫ ਲੁੱਟਤੰਤਰ ਦੇ ਢੋਲ ਵਾਲੇ ਰੌਲ਼ੇ ਹੇਠ ਕਿਸੇ ਵੀ ਥਾਂ ਲੋਕਤੰਤਰ ਅਤੇ ਇਸਦੇ ਪਾਲਕ /ਹੱਕਦਾਰ ਮਿਹਨਤਕਸ਼ ਲੋਕ ਦੇਸੀ-ਬਦੇਸੀ ਬਾਜ਼ਾਰਵਾਦ ਦੇ ਖੂਨੀ ਪੰਜਿਆਂ ਵਿਚ ਲਹੂ-ਲੁਹਾਣ ਹੋ ਰਹੇ ਹੋਣ ਤਾਂ ਲੋਕਤੰਤਰ ਅੰਦਰ ਯਕੀਨ ਰੱਖਣ ਵਾਲਿਆਂ (ਖਾਸ ਕਰਕੇ ਵਿਰੋਧ ਦੀਆਂ ਸਿਆਸੀ ਪਾਰਟੀਆਂ, ਜਾਂ ਵੱਖਰੇ ਵਿਚਾਰ ਰੱਖਣ ਵਾਲੇ) ਲਈ ਫਿਕਰਮੰਦ ਹੋ ਜਾਣਾ ਕੁਦਰਤੀ ਹੀ ਹੈ ਜਿਸਦੇ ਸਿੱਟੇ ਵਜੋਂ ਉਨ੍ਹਾਂ ਦਾ ਬੋਲਣਾ ਜ਼ਰੂਰੀ ਹੋ ਜਾਂਦਾ ਹੈ। ਨਾਲ ਹੀ ਇਤਿਹਾਸ ਵੱਲ ਝਾਤ ਮਾਰਨੀ ਵੀ ਅਤਿਅੰਤ ਜ਼ਰੂਰੀ ਹੈ ਕਿਉਂਕਿ ਇਤਿਹਾਸ ਇਨ੍ਹਾਂ ਖਤਰਿਆਂ ਤੋਂ ਸਾਵਧਾਨ/ ਸੁਚੇਤ ਕਰਦਾ ਰਿਹਾ ਹੈ ਤੇ ਅਜੇ ਵੀ ਸੁਚੇਤ ਕਰਦਾ ਹੈ। ਅੱਜ ਦੇ ਖਤਰੇ ਅਣਡਿੱਠ ਕਰਕੇ ਜਾਂ ਅੱਖਾਂ ਮੀਟ ਕੇ ਕੱਲ੍ਹ ਵਾਸਤੇ ਟਾਲੇ ਨਹੀਂ ਜਾ ਸਕਦੇ। ਇਹ ਖੁਦਕੁਸ਼ੀ ਵਰਗਾ ਗੈਰ-ਜ਼ਰੂਰੀ ਵਿਹਾਰ ਸਾਬਤ ਹੋ ਸਕਦਾ ਹੈ।
     ਲੋਕਤੰਤਰ ਅੰਦਰ ਹਰ ਨਾਗਰਿਕ ਨੂੰ ਵੋਟ ਦੇਣ ਦਾ ਅਧਿਕਾਰ ਹੁੰਦਾ ਹੈ, ਪਰ ਸਿਰਫ ਵੋਟ ਦੇਣਾ ਹੀ ਲੋਕਤੰਤਰ ਨਹੀਂ। ਸਿਆਸੀ ਪਾਰਟੀਆਂ ਜੋ ਵਾਅਦੇ ਕਰਦੀਆਂ ਹਨ ਉਨ੍ਹਾਂ ਦੀ ਪੁਣਛਾਣ ਕਰਨਾ ਤੇ ਫੇਰ ਜਿਹੜੀ ਪਾਰਟੀ ਦੇਸ਼ ਦੇ ਭਲੇ ਵਾਸਤੇ ਭਾਵ ਗਰੀਬ, ਮਜ਼ਦੂਰ, ਕਿਸਾਨ  ਆਦਿ ਕਿ ਹਰ ਮਿਹਨਤਕਸ਼ ਵਾਸਤੇ ਸੋਹਣੇ ਭਵਿੱਖ ਦਾ ਭਰੋਸਾ ਦਿੰਦੀ ਹੋਵੇ ਉਸਨੂੰ ਵੋਟ ਦਿੱਤਾ ਜਾਂਦਾ ਹੈ। ਇੱਥੋਂ ਹੀ ਨਾਗਰਿਕ ਦਾ ਲੋਕਤੰਤਰੀ ਕੰਮ ਸ਼ੁਰੂ ਹੁੰਦਾ ਹੈ, ਕਿ ਜੋ ਵਾਅਦੇ ਕਰਕੇ ਕੋਈ ਪਾਰਟੀ ਹਕੂਮਤ ਬਣਾ ਲੈਂਦੀ ਹੈ ਉਹ ਆਪਣੇ ਕਹੇ ਮੁਤਾਬਿਕ ਕੰਮ ਵੀ ਕਰ ਰਹੀ ਹੈ ਜਾਂ ਨਹੀਂ, ਹਰ ਗੱਲ / ਵਰਤਾਰੇ 'ਤੇ ਨਿਗਾਹ ਰੱਖਣੀ ਵੋਟ ਦੇਣ ਵਾਲੇ ਨਾਗਰਿਕਾਂ ਦਾ ਹੀ ਕੰਮ ਹੁੰਦਾ ਹੈ। ਜੇ ਅਜਿਹਾ ਨਹੀਂ ਵਾਪਰਦਾ ਤਾਂ ਲੋਕਤੰਤਰੀ ਢਾਂਚੇ ਅੰਦਰ ਵਿਗਾੜ ਪੈਦਾ ਹੋਣਗੇ ਤੇ ਬੇਰੋਕ-ਟੋਕ  ਵਧਦੇ ਹੀ ਜਾਣਗੇ। ਇਸ ਨਾਲ ਲੋਕਤੰਤਰ ਕਮਜ਼ੋਰ ਹੋਵੇਗਾ ਤੇ ਉਸਦੇ ਕੁਰਾਹੇ ਪੈ ਜਾਣ ਦਾ ਖਤਰਾ ਵਧ ਜਾਵੇਗਾ। ਇਸ ਜੁੰਮੇਵਾਰੀ ਤੋਂ ਨਾਗਰਿਕ ਕਿਵੇਂ ਬਚ ਸਕਣਗੇ?
       ਲੋਕਤੰਤਰੀ ਪ੍ਰਬੰਧ ਅੰਦਰ ਰਹਿੰਦਿਆਂ ਇਸ ਵਿਚ ਆਉਂਦੇ ਵਿਗਾੜਾਂ ਦੇ ਖਿਲਾਫ ਹੋਣਾ ਹੀ ਲੋਕਤੰਤਰੀ ਹੋਣਾ ਹੁੰਦਾ ਹੈ, ਤਾਂ ਕਿ ਲੋਕਤੰਤਰ ਦੀ ਰਾਖੀ ਕੀਤੀ ਜਾ ਸਕੇ। ਸਾਧਾਰਨ ਲਫ਼ਜ਼ਾਂ ਵਿਚ ਇਸ ਨੂੰ ਦੇਸ਼ਭਗਤੀ ਆਖਿਆ ਜਾ ਸਕਦਾ ਹੈ। ਅਜਿਹੇ ਸਮੇਂ ਚੁੱਪ ਰਹਿਣਾ ਲੋਕਤੰਤਰੀ ਸਮਾਜ ਵਿਚੋਂ ਆਪਣੇ ਆਪ ਨੂੰ ਖਾਰਿਜ ਕਰਨ ਦੇ ਬਰਾਬਰ ਹੁੰਦਾ ਹੈ। ਸਰਬੱਤ ਦੇ ਭਲੇ ਵਾਸਤੇ ਸਮਾਜ ਅੰਦਰ ਸੱਤਾਧਾਰੀਆਂ ਲਈ ਜ਼ਰੂਰੀ ਹੁੰਦਾ ਹੈ ਕਿ ਉਹ ਕਿਸੇ ਇਕ ਵੀ ਪ੍ਰਾਣੀ ਤੱਕ ਦੇ ਮਨੁੱਖੀ ਹੱਕਾਂ ਨੂੰ ਆਂਚ ਨਾ ਆਉਣ ਦੇਣ। ਮਿਹਨਤਕਸ਼ਾਂ ਨੂੰ ਲੁੱਟ ਦੇ ਆਸਰੇ ਬਣੀ ਧਨਾਢ ਜਮਾਤ (ਜੁੰਡਲੀ) ਦੇ ਮੁਕਾਬਲੇ ਦੁਜੈਲੇ ਕਿਸਮ ਦੇ ਸ਼ਹਿਰੀ ਸਮਝ ਕੇ ਵਿਤਕਰੇ ਦੇ ਸ਼ਿਕਾਰ ਨਾ ਬਨਾਉਣ, ਜੇ ਅਜਿਹਾ ਹੁੰਦਾ ਹੈ ਤਾਂ ਸਮਾਜ ਵਿਚ ਵੰਡੀਆਂ ਪੈਣ ਅਤੇ ਭਾਈਚਾਰਕ ਸਾਂਝ ਅੰਦਰ ਪਾੜ ਪੈਣ  ਦੇ ਖਤਰੇ ਵਧ ਜਾਂਦੇ ਹਨ ਜੋ ਸਿਹਤਮੰਦ ਲੋਕਤੰਤਰ ਵਾਸਤੇ ਚੰਗਾ ਰੁਝਾਨ ਨਹੀਂ ਹੋ ਸਕਦਾ। ਅਜਿਹੇ ਵਰਤਾਰਿਆਂ ਨੂੰ ਅਣਡਿਠ ਕਰਨ ਵਾਲਾ ਹਕੂਮਤੀ ਢਾਂਚਾ ਲੋਕਤੰਤਰੀ ਲੀਹਾਂ ਨੂੰ ਛੱਡਣ ਵੇਲੇ ਗੈਰ-ਲੋਕਤੰਤਰੀ ਹੋ ਜਾਂਦਾ ਹੈ ਜੋ ਆਪਣੇ ਵਿਰੋਧੀਆਂ ਲਈ ਸਮਾਜ ਅੰਦਰ ਲੋਕਾਂ ਵਲੋਂ ਉਨ੍ਹਾਂ ਵਾਸਤੇ ਹਮਦਰਦੀ ਵਾਲਾ ਸਬੱਬ ਪੈਦਾ ਕਰਨ ਦਾ ਕਾਰਨ ਵੀ ਹੋ ਨਿੱਬੜਦਾ ਹੈ। ਜ਼ੁਲਮ ਵਿਰੋਧੀ ਸੁਰਾਂ ਵੀ ਅਜਿਹੇ ਸਮੇਂ ਹੀ ਉਠਦੀਆਂ ਤੇ ਸਮਾਜ ਬਦਲਣ ਵਾਸਤੇ ਸਰਗਰਮ ਹੋ ਜਾਂਦੀਆਂ ਹਨ।
       ਉਸ ਪ੍ਰਬੰਧ ਨੂੰ ਲੋਕਤੰਤਰ ਕਿਵੇਂ ਕਿਹਾ ਜਾ ਸਕਦਾ ਹੈ ਜਿਸ ਅੰਦਰ ਆਪਣੇ ਲੋਕਾਂ ਪ੍ਰਤੀ ਸੰਵੇਦਨਾ ਦਾ ਭੋਰਾ ਬਚਿਆ ਹੀ ਨਾ ਹੋਵੇ। ਜਿਸ ਅੰਦਰ ਲੋਕਾਂ ਦੇ ਦੁੱਖ-ਸੁੱਖ ਅਤੇ ਦਰਦ ਸ਼ਾਮਲ ਹੀ ਨਾ ਹੋਣ। ਕਿਸੇ ਪ੍ਰਬੰਧ ਦੀ ਚੂਲ ਹੀ ਉਖਾੜ ਦੇਣੀ ਉਸ ਪ੍ਰਬੰਧ ਦਾ ਸਰੂਪ ਬਦਲ ਦਿੰਦੀ ਹੈ। ਕਿਸੇ ਵੀ ਥਾਵੇਂ ਲੋਕਤੰਤਰ ਉਸੇ ਨੂੰ ਆਖਿਆ ਜਾ ਸਕੇਗਾ ਜਿੱਥੇ ਪ੍ਰਬੰਧ ਅੰਦਰ ਲੋਕਾਂ ਦੀ ਹਰ ਘੜੀ ਭਰਵੀ ਸ਼ਮੂਲੀਅਤ ਹੋਵੇ। ਲੋਕਾਂ ਨੂੰ ਇਸ ਬਾਰੇ ਸੁਚੇਤ ਅਤੇ ਸਿੱਖਿਅਤ ਕਰਨਾ ਰਾਜ ਦੀਆਂ ਲੋਕਤੰਤਰੀ ਸੰਸਥਾਵਾਂ ਦਾ ਪਹਿਲਾ ਫ਼ਰਜ਼ ਹੋਣਾ ਚਾਹੀਦਾ ਹੈ। ਲੋਕ ਭਾਵਨਾਵਾਂ ਅਤੇ ਮਾਨਤਾਵਾਂ ਦੀਆਂ ਰੇਖਾਵਾਂ ਨੂੰ ਉਲੰਘਣਾ ਲੋਕ ਰਾਜ ਦਾ ਅਪਮਾਨ ਹੁੰਦਾ ਹੈ। ਲੋਕਾਂ ਵਲੋਂ ਆਪਣੇ ਨੁਮਾਂਇਦੇ ਚੁਣੇ ਜਾਣ ਤੋਂ ਬਾਅਦ ਉਨ੍ਹਾਂ ਨੁਮਾਂਇੰਦਿਆਂ ਵਾਸਤੇ ਲਾਜ਼ਮੀ ਹੁੰਦਾ ਹੈ ਕਿ ਉਹ ਸਮੁੱਚੇ ਲੋਕਾਂ ਦੀਆਂ ਭਾਵਨਾਵਾਂ ਦੀ ਪਾਲਣਾ ਅਤੇ ਉਨ੍ਹਾਂ ਦੀ ਕਦਰ / ਸਤਿਕਾਰ ਕਰਨ ਵਾਸਤੇ ਪਾਬੰਦ ਰਹਿਣ । ਜਦੋਂ ਕੋਈ ਚੁਣਿਆਂ ਨੁਮਾਂਇਦਾ ਅਜਿਹਾ ਨਹੀਂ ਕਰਦਾ ਤਾਂ ਉਹ ਲੋਕਰਾਜੀ ਕਦਰਾਂ-ਕੀਮਤਾਂ ਨਾਲ ਇਨਸਾਫ ਨਾ ਕਰਕੇ ਉਨ੍ਹਾਂ ਨਾਲ ਵੈਰ ਕਮਾ ਰਿਹਾ ਹੁੰਦਾ ਹੈ। ਅਜਿਹੇ ਸਮੇਂ ਅਜਿਹੇ ਨੁਮਾਂਇਦੇ ਲੋਕਾਂ ਨਾਲ ਕੀਤੇ ਵਚਨਾਂ ਨੂੰ ਤੋੜਨ ਵਾਲੇ ਮੁਜ਼ਰਿਮ ਬਣ ਜਾਂਦੇ ਹਨ।
     ਲੋਕਤੰਤਰੀ  ਬੁਨਿਆਦ ਵਾਲੇ ਰਾਜ ਦੇ ਚੁਣੇ ਗਏ ਮੈਂਬਰ ਝੂਠ ਬੋਲਣ ਵਾਲੇ ਜਾਂ ਆਪਣੇ ਲੋਕਾਂ ਤੋਂ ਲੁਕੋ ਕੇ ਪਰਦੇ ਅੰਦਰ ਕਾਰਜ (ਨੀਤੀਆਂ ਬਨਾਉਣਾ ਆਦਿ) ਕਰਨ ਵਾਲੇ ਵੀ ਨਹੀਂ ਹੋਣੇ ਚਾਹੀਦੇ, ਸਗੋਂ ਲੋਕਾਂ ਨੂੰ ਉਨ੍ਹਾਂ 'ਤੇ ਭਰੋਸਾ ਹੋਵੇ ਕਿ ਉਹ ਜੋ ਕਹਿਣ ਉਸ 'ਤੇ ਪੂਰੇ ਵੀ ਉਤਰਨ। ਜਦੋਂ ਅਜਿਹਾ ਨਹੀਂ ਹੁੰਦਾ ਤਾਂ ਲੋਕਾਂ ਦਾ ਅਜਿਹੇ ਨੇਤਾਵਾਂ ਤੋਂ ਵਿਸ਼ਵਾਸ ਉੱਠ ਜਾਂਦਾ ਹੈ, ਇਸ ਨਾਲ ਕਿਸੇ ਨੇਤਾ ਨੂੰ ਫਰਕ ਪਵੇ ਨਾ ਪਵੇ ਪਰ ਲੋਕ ਤੰਤਰੀ ਪ੍ਰੰਪਰਾਵਾਂ ਨੂੰ ਫਰਕ ਪੈਂਦਾ ਹੈ, ਉਹ ਪ੍ਰੰਪਰਾਵਾਂ ਤਬਾਹ ਹੋ ਜਾਂਦੀਆਂ ਹਨ, ਜਿਨ੍ਹਾਂ 'ਤੇ ਲੋਕਾਂ ਦਾ ਭਰੋਸਾ ਬਣਿਆਂ ਹੁੰਦਾ ਹੈ। ਅਜਿਹੇ ਸਮੇਂ ਫੈਲੀ ਅਫਰਾ-ਤਫਰੀ ਗ੍ਰਹਿ ਯੁੱਧ ਵਿਚ ਬਦਲਦੀ ਵੀ ਇਤਿਹਾਸ ਨੇ ਬਹੁਤ ਥਾਵੀਂ ਦੇਖੀ ਹੈ। "ਸੋਸ਼ਲ ਡੈਮੋਕ੍ਰੇਸੀ" ਵਰਗੇ ਝੂਠੇ ਲਾਰਿਆਂ ਹੇਠ ਜਿੱਤ ਪ੍ਰਪਤ ਕਰ ਲੈਣ ਤੋਂ ਬਾਅਦ ਅਜਿਹੇ ਸਿਸਟਮ ਨੂੰ ਲੋਕਾਂ ਨੇ ਨਾਜ਼ੀਵਾਦ/ਫਾਸ਼ੀਬਾਦ ਵਿਚ ਬਦਲਦਿਆਂ ਵੀ ਇਤਿਹਾਸ ਅੰਦਰ ਦਰਜ ਹੋਇਆ ਦੇਖਿਆ ਹੈ। ਲੋਕਾਂ ਦੀ ਭਾਗੀਦਾਰੀ ਨਾਲ ਉਸਰੇ ਉਸੇ ਝੂਠ ਭਰੇ  ਦੁਰ-ਪ੍ਰਬੰਧ ਨੇ ਕਰੋੜਾਂ ਲੋਕਾਂ ਦੀ ਜਾਨ ਲਈ, ਇਹ ਕੌਣ ਨਹੀਂ ਜਾਣਦਾ ?
      ਲੋਕਤੰਤਰ ਦਾ ਮੁੱਖ ਕਾਰਜ ਲੋਕਾਂ ਅੰਦਰ ਸਹਿਹੋਂਦ ਦੀ ਭਾਵਨਾ ਪੈਦਾ ਕਰਨੀ ਅਤੇ ਇਕ ਦੂਜੇ ਪ੍ਰਤੀ ਸਤਿਕਾਰ ਅਤੇ ਮਨੁੱਖੀ ਹਮਦਰਦੀਆਂ ਵਾਲਾ ਭਾਈਚਾਰਾ ਕਾਇਮ ਕਰਨਾ ਵੀ ਹੈ । ਜਿਸ ਭਾਈਚਾਰੇ ਅੰਦਰ ਧਾਰਮਿਕ, ਸਮਾਜਿਕ, ਆਰਥਕ ਅਤੇ ਰਾਜਨੀਤਕ ਪੱਖੋਂ ਕਿਸੇ ਦੇ ਪ੍ਰਤੀ ਵੀ ਪੱਖਪਾਤ ਜਾਂ ਨਫਰਤ ਦੀ ਕੋਈ ਜਗ੍ਹਾ ਨਹੀਂ ਹੋ ਸਕਦੀ। ਜੇ ਕੋਈ ਅਜਿਹਾ ਕਰਦਾ ਹੈ ਤਾਂ ਉਹ ਗੈਰ-ਲੋਕਤੰਤਰੀ ਹੀ ਹੋ ਸਕਦਾ ਹੈ, ਸਮਾਜ ਅੰਦਰ ਅਜਿਹੇ ਲੋਕਾਂ ਨੂੰ ਕਦੇ ਵੀ ਕਬੂਲ ਨਹੀਂ ਕੀਤਾ ਜਾਂਦਾ।
ਜਿੱਥੇ ਡਰ-ਭੈਅ, ਧੱਕਾ ਤੇ ਧੌਂਸ ਦਾ ਬੋਲਬਾਲਾ ਹੋਵੇ ਉਸ ਨੂੰ ਲੋਕਰਾਜ ਕਹਿਣ 'ਤੇ ਸਵਾਲੀਆ ਨਿਸ਼ਾਨ ਤਾਂ ਲਗਦਾ ਹੀ ਹੈ ਸਗੋਂ  ਨਾਲ ਹੀ ਲੋਕਾਂ ਅੰਦਰ ਅਜਿਹੇ ਪ੍ਰਬੰਧ ਅਤੇ ਪ੍ਰਬੰਧ ਨੂੰ ਚਲਾ ਰਹੀ ਸਰਕਾਰ ਪ੍ਰਤੀ ਨਿਰਾਸ਼ਤਾ ਤੇ ਗੁੱਸਾ ਦੋਵੇਂ  ਪੈਦਾ ਹੁੰਦੇ ਹਨ। ਇਸ ਨਾਲ ਕਿਸੇ ਰਾਜ ਦੀ ਸੰਸਾਰ ਅੰਦਰਲੇ ਦੂਜੇ ਰਾਜਾਂ ਅੰਦਰ ਵੀ ਗੈਰ-ਭਰੋਸੇਯੋਗਤਾ ਵਾਲੀ ਹਾਲਤ ਬਣ ਜਾਂਦੀ ਹੈ।
     ਜਦੋਂ ਲੋਕਾਂ ਦੀ ਚੁਣੀ ਹੋਈ ਸਰਕਾਰ ਲੋਕਾਂ ਦੀਆਂ ਹੱਕੀ ਮੰਗਾਂ ਦੀ ਅਣਦੇਖੀ ਕਰੇ ਤੇ ਲੋਕਾਂ ਦੇ ਮਸਲਿਆਂ ਨੂੰ ਕਿਸੇ ਹੋਰ ਦੇ ਮੁਫਾਦ ਜਾਂ ਮੁਨਾਫੇ ਖਾਤਰ ਟਾਲੇ ਜਾਂ ਬਦਨਾਮ ਕਰੇ ਉਦੋਂ ਲੋਕਾਂ ਵਲੋਂ ਚੁਣੀ ਹੋਈ ਸਰਕਾਰ ਲੋਕਤੰਤਰ ਨੂੰ ਅਣਗੌਲਿਆਂ ਕਰਨ ਜਾਂ ਲੋਕਤੰਤਰ ਦੀ ਬੇਅਦਬੀ ਕਰਨ ਦੀ ਦੋਸ਼ੀ ਬਣ ਜਾਂਦੀ ਹੈ। ਇਸ ਤਰ੍ਹਾਂ ਸਰਕਾਰ ਜਾਂ ਸਰਕਾਰੀਤੰਤਰ ਜਾਣੇ-ਅਣਜਾਣੇ ਆਪਣੇ ਹੀ ਲੋਕਾਂ ਨੂੰ ਉਕਸਾਉਣ ਜਾਂ ਭੜਕਾਉਣ ਦਾ ਕਾਰਜ ਕਰਦੇ ਹਨ,  ਜਿਸ ਨੂੰ ਅਨੈਤਿਕ ਵੀ ਕਿਹਾ ਜਾ ਸਕਦਾ ਹੈ ਤੇ ਗੈਰ-ਜ਼ਰੂਰੀ ਵੀ। ਕਿਉਂਕਿ ਲੋਕਤੰਤਰੀ ਪਰੰਪਰਾਵਾਂ ਵਿਵਾਦ ਦੀ ਨਹੀ ਸੰਵਾਦ ਦੀ ਹਾਮੀ ਭਰਦੀਆਂ ਹਨ, ਹਰ ਮਸਲਾ ਸੰਵਾਦ ਨਾਲ ਸੁਲਝਾਇਆ ਜਾ ਸਕਦਾ। ਵਿਵਾਦ ਨੂੰ ਹਵਾ ਦੇਣ ਵਾਲੇ ਏਕਾਅਧਿਕਾਰਵਾਦੀ ਪ੍ਰਬੰਧ /ਵਿਵਸਥਾ ਨੂੰ ਉਤਸ਼ਾਹਿਤ ਕਰਨ ਦੇ ਕੁਕਰਮ ਦਾ ਕਾਰਨ ਬਣ ਸਕਦੇ ਹਨ। ਅਜਿਹਾ ਕਦੇ ਵੀ ਨਹੀਂ ਹੋਣਾ ਚਾਹੀਦਾ ਕਿਉਂਕਿ ਇਸ ਨਾਲ ਲੋਕਾਂ ਦਾ ਲੋਕਤੰਤਰ ਵਿਚ ਬਣਿਆ ਵਿਸ਼ਵਾਸ ਤਿੜਕਣ ਲੱਗ ਜਾਂਦਾ ਹੈ। ਇਸ ਦੇ ਸਿੱਟੇ ਬਹੁਤ ਖਤਰਨਾਕ ਹੋ ਸਕਦੇ ਹਨ, ਜਿਨ੍ਹਾਂ ਤੋਂ ਬਚਣਾ ਬਹੁਤ ਹੀ ਜ਼ਰੂਰੀ ਹੋ ਜਾਂਦਾ ਹੈ।
        ਬੌਣੀ ਸੋਚ ਵਾਲੇ ਸਿਆਸੀ ਆਗੂਆਂ ਦਾ ਵੀ ਇਹੀ ਦੁਖਾਂਤ ਹੁੰਦਾ ਹੈ ਕਿ ਉਹ ਬਰਾਬਰੀ ਦੇ ਅਰਥ ਸਮਝਦੇ ਹੋਏ ਵੀ ਨਹੀਂ ਸਮਝਦੇ। ਜਾਂ ਫਿਰ ਉਹ ਇਹ ਅਰਥ ਸਮਝਣ ਤੋਂ ਅਸਮਰਥ ਹੁੰਦੇ ਹਨ। ਕਿਸੇ ਵੱਲੋਂ ਵੀ ਗਰੀਬੀ ਹੰਢਾਉਣਾ ਕਦੇ ਵੀ  ਕਿਸਮਤ ਜਾਂ ਮੁਕੱਦਰ  ਨਹੀਂ ਹੁੰਦੇ, ਇਹ ਤਾਂ ਵੱਧੋ-ਵਧ ਮੁਨਾਫਾ ਕਮਾਉਣ ਅਧਾਰਤ ਲੋਕਦੋਖੀ ਪ੍ਰਬੰਧ ਦਾ ਚਰਿਤ੍ਰ ਹੁੰਦਾ ਹੈ। ਗਰੀਬੀ ਹੰਢਾਅ ਚੁੱਕਿਆ ਮਨੁੱਖ ਕਦੇ ਵੀ ਆਪਣੇ ਪਿਛੋਕੜ ਅਤੇ ਹੰਢਾਈ ਹੋਈ ਪੀੜ ਨੂੰ ਭੁੱਲਦਾ ਨਹੀਂ ਹੁੰਦਾ ਜੋ ਭੁੱਲ ਜਾਵੇ ਉਹਦੇ ਚੋਂ ਇਨਸਾਨ ਹੋਣ ਦਾ ਬਹੁਤ ਕੁਝ  ਕਿਰ ਗਿਆ ਹੁੰਦਾ ਹੈ। ਉਸ ਨਾਲ ਮਨੁੱਖਤਾ ਦੀ ਹਾਨੀ ਵੀ ਹੁੰਦੀ ਹੈ ਤੇ ਉਹ ਮਨੁੱਖ ਖੁਦ ਇਸ ਧਰਤੀ 'ਤੇ ਭਾਰ ਜਿਹਾ ਬਣ ਜਾਂਦਾ ਹੈ। ਸਮੇਂ ਦੀ ਸਲੇਟ ਤੇ ਇਹੋ ਪਲ ਦੁਖਦਾਈ ਕਹਾਉਂਦੇ ਹਨ। ਲੋਕ ਦੋਖੀ ਹਾਕਮਾਂ/ਹਕੂਮਤਾਂ ਨੂੰ ਆਮ ਲੋਕ ਸਦੀਆਂ ਤੱਕ ਲਾਹਨਤਾਂ ਪਾਉਂਦੇ ਹਨ।
     ਜਦੋਂ ਮਨੁੱਖ ਕੋਲੋਂ ਆਪਣਾ ਪਿਛੋਕੜ ਤੇ ਆਪਣੇ ਵਿਰਸੇ ਅੰਦਰਲਾ ਦੂਜਿਆਂ ਬਾਰੇ ਨੇਕ ਸੋਚਣ ਦਾ ਵਿਚਾਰ  ਖੁੱਸ ਜਾਵੇ ਤਾਂ ਉਸ ਦੇ ਕੋਲ ਬਚਦਾ ਹੀ ਕੀ ਹੈ? ਆਦਿ ਕਾਲ ਤੋਂ ਹੀ ਮਨੁੱਖ ਆਪਣੇ ਜੀਣ-ਥੀਣ ਲਈ ਸੰਘਰਸ਼ਸ਼ੀਲ ਰਿਹਾ ਹੈ। ਕਿਸੇ ਮਨੁੱਖ ਦਾ ਲੋਕਤੰਤਰੀ ਹੋਣਾ ਵੀ ਉਸਦੇ ਪਾਲਣ ਪੋਸ਼ਣ ਅਤੇ ਉਸ ਦੀ ਸਿਖਿਆ ਨਾਲ ਸੰਬੰਧ ਰਖਦਾ ਹੈ। ਗਲਤ ਸਿੱਖਿਆ ਅਤੇ  ਦਲਿੱਦਰੀ ਤੇ ਨਫਰਤੀ ਸੋਚ ਕਦੇ ਵੀ ਉੱਜਲਾ ਭਵਿੱਖ ਨਹੀਂ ਸਿਰਜ ਸਕਦੀ।
      ਲੋਕ ਤੰਤਰੀ ਪ੍ਰਬੰਧ ਚਲਾਉਣ ਵਾਸਤੇ ਆਗੂ ਆਮ ਲੋਕਾਂ ਵਿਚੋਂ ਚੁਣੇ ਜਾਂਦੇ ਹਨ ਚੁਣੇ ਜਾਣ ਤੱਕ ਭਾਵੇਂ ਉਹ ਕਿਸੇ ਇਕ ਸਿਆਸੀ ਪਾਰਟੀ ਦੇ ਨੁਮਾਂਇਦੇ ਹੁੰਦੇ ਹਨ ਪਰ ਚੁਣੇ ਜਾਣ ਤੋਂ ਬਾਅਦ ਉਹ ਸਾਰੇ ਲੋਕਾਂ ਦੇ ਆਗੂ ਹੁੰਦੇ ਹਨ। ਜੇ ਅਜਿਹਾ ਨਹੀਂ ਵਾਪਰਦਾ ਹਾਕਮਾਂ ਦੀ ਬਦਨਾਮੀ ਤਾਂ ਹੁੰਦੀ ਹੀ ਹੈ ਪਰ ਨੁਕਸਾਨ ਲੋਕਤੰਤਰ ਨੂੰ ਹੁੰਦਾ ਹੈ। ਲੋਕਾਂ ਦੇ ਕਹੇ ਜਾਂਦੇ ਰਾਜ ਅੰਦਰ ਆਗੂ ਸੱਚੇ- ਸੁੱਚੇ ਹੋਣੇ ਚਾਹੀਦੇ ਹਨ। ਝੂਠ ਬੋਲਣ ਵਾਲਾ ਆਗੂ ਲੋਕਤੰਤਰੀ ਹੋ ਹੀ ਨਹੀਂ  ਸਕਦਾ, ਕਿਉਂਕਿ ਲੋਕਾਂ ਨਾਲ ਉਨ੍ਹਾਂ ਨੇ ਸੱਚ ਬੋਲਣ ਦਾ ਵਾਅਦਾ ਕੀਤਾ ਹੁੰਦਾ ਹੈ । ਕਿਸੇ ਵੀ ਲੋਕਤੰਤਰੀ ਆਗੂ ਦਾ ਆਪਣੇ ਸਿਆਸੀ ਵਿਰੋਧੀਆਂ ਪ੍ਰਤੀ ਇਮਾਨਦਾਰ ਤੇ ਸਹਿਣਸ਼ੀਲ ਹੋਣਾ ਬਹੁਤ ਜਰੂਰੀ ਹੁੰਦਾ ਹੈ। ਕਹੇ ਕੁੱਝ ਹੋਰ ਤੇ ਕਰੇ ਕੁੱਝ ਹੋਰ ਵਾਲਾ ਤਾਂ ਪੰਜਾਬੀ ਦੀ ਕਹਾਵਤ "ਬੁੱਕਲ਼ ਵਿਚ ਰੋੜੀ ਭੰਨਣ ਵਾਲੇ" ਵਾਂਗ ਬੇ-ਈਮਾਨ ਹੀ ਗਿਣਿਆਂ ਜਾਂਦਾ ਹੈ । ਬੇ-ਈਮਾਨ ਬੰਦੇ 'ਤੇ ਦੁਨੀਆਂ ਵਿਚ ਕੌਣ ਭਰੋਸਾ ਕਰਦਾ ਹੈ? ਜੇ ਲੋਕਤੰਤਰ ਦੀ ਦੁਹਾਈ ਦੇਣ ਵਾਲਾ ਵੀ ਅਜਿਹਾ ਕਰੇ ਤਾਂ ਦੁਨੀਆਂ ਦੇ ਪੱਧਰ 'ਤੇ ਉਹ ਆਗੂ ਆਪਣੇ ਹੀ ਦੇਸ਼/ਆਪਣੇ ਲੋਕਾਂ ਦੀ ਹੇਠੀ ਦਾ ਕਾਰਨ ਬਣ ਜਾਂਦਾ ਹੈ।
     ਲੋਕਤੰਤਰ ਅੰਦਰ ਬਹੁਗਿਣਤੀ ਤੇ ਘੱਟਗਿਣਤੀ ਦਾ ਬਰਾਬਰ ਦਾ ਰੁਤਬਾ ਤੇ ਸਨਮਾਨ ਹੁੰਦਾ ਹੈ। ਕਿਸੇ ਵੀ ਧਰਮ ਨਿਰਪੱਖ ਰਾਜ ਅੰਦਰ  ਧਾਰਮਕ, ਰਾਜਸੀ ਜਾਂ ਸਮਾਜਕ ਵਖਰੇਵਿਆਂ ਕਰਕੇ ਕਿਸੇ ਨਾਲ ਵਿਤਕਰਾ ਹੋਵੇ ਤਾਂ ਰਾਜ ਦਾ ਫਰਜ਼ ਬਣ ਜਾਂਦਾ ਹੈ ਪੀੜਤ ਦੇ ਨਾਲ ਖੜੇ ਹੋਣਾ ਅਤੇ ਉਸਨੂੰ ਇਨਸਾਫ ਦੇਣਾ/ਦੁਆਉਣਾ । ਦੁਨੀਆਂ ਅੰਦਰ ਲੋਕਤੰਤਰ ਨੂੰ ਖੋਰਾ ਉਦੋਂ ਹੀ ਲੱਗਿਆ ਜਦੋ ਹਕੂਮਤਾਂ ਵਲੋਂ ਕਿਸੇ ਤਰ੍ਹਾਂ ਦੀਆਂ ਕੋਝੀਆਂ  ਗਰਜਾਂ ਦੀ ਪੂਰਤੀ ਹਿਤ ਲੋਕਤੰਤਰੀ ਪਰੰਪਰਾਵਾਂ ਨੂੰ ਨੁਕਸਾਨ ਪਹੁੰਚਾਇਆ ਗਿਆ। ਇਹ ਹੋੱਣਾ ਹੀ ਨਹੀਂ ਚਾਹੀਦਾ ਪਰ ਦੁਨੀਆਂ ਦੇ ਇਤਿਹਾਸ ਅੰਦਰ ਇਸ ਤਰ੍ਹਾਂ ਦੇ ਕਿੱਸੇ ਵੀ ਮਿਲਦੇ ਹਨ। ਵਰਤਮਾਨ ਸਮੇਂ ਉਹ ਮੁੜ ਦੁਹਰਾਏ ਨਹੀਂ ਜਾਣੇ ਚਾਹੀਦੇ।
       ਕਿਸੇ ਵੀ ਰਾਜ ਦੀ ਸਿਆਸੀ ਜਾਂ ਸਮਾਜੀ ਬਣਤਰ ਨੂੰ ਦੁਨੀਆਂ ਦੇਖਦੀ ਹੈ। ਆਰਥਿਕ ਤਰੱਕੀ ਤਾਂ ਤਾਨਾਸ਼ਾਹੀ ਵਾਲੇ ਰਾਜਾਂ ਵਿਚ ਵੀ ਨਹੀਂ ਰੁਕਦੀ, ਇਹ ਤਾਂ ਮਿਹਨਤਕਸ਼ ਲੋਕਾਂ ਦੇ ਖੂਨ-ਪਸੀਨੇ ਦਾ ਜਲੌਅ ਹੁੰਦਾ ਹੈ, ਉਹ ਖੁਸ਼ੀ ਨਾਲ ਕਰਨ ਜਾਂ ਧੱਕੇ ਨਾਲ ਕਰਵਾਇਆ ਜਾਵੇ। ਸਵਾਲ ਸਿਰਫ ਇਹ ਹੁੰਦਾ ਹੈ ਕਿ ਹੋਈ ਤਰੱਕੀ ਦਾ ਲਾਭ ਕਿਸ ਨੂੰ ਮਿਲਿਆ, ਹੋਏ ਵਿਕਾਸ ਨੇ ਕਿਨ੍ਹਾਂ ਲੋਕਾਂ ਦੇ ਚਿਹਰਿਆਂ 'ਤੇ ਹਾਸਾ ਜਾਂ ਰੌਣਕ ਲਿਆਂਦੀ। ਹੁਣ ਤੱਕ ਲੋਕਤੰਤਰ ਭਾਈਚਾਰਕ ਸਾਂਝ ਵਧਾਉਣ ਵਾਲਾ ਅਜਿਹਾ ਪ੍ਰਬੰਧ ਗਿਣਿਆਂ ਗਿਆ ਹੈ ਜਿੱਥੇ ਮਨੁੱਖੀ ਆਜ਼ਾਦੀਆਂ ਨੂੰ ਪਿਆਰਿਆ ਤੇ ਸਤਿਕਾਰਿਆ ਜਾਂਦਾ ਹੈ। ਇਸ ਪ੍ਰਬੰਧ ਦਾ ਮਕਸਦ ਲੋਕਾਂ ਨੂੰ ਇਨਸਾਨ ਬਣਨ ਅਤੇ ਇਨਸਾਨਾਂ ਨਾਲ ਆਪਣੇ ਵਰਗਾ ਵਿਹਾਰ ਕਰਨ ਦਾ ਸਬਕ ਪੜ੍ਹਾਇਆ ਜਾਂਦਾ ਹੈ। ਇਹ ਤਾਂ ਅਸੀਂ ਬਚਪਨ ਤੋਂ ਹੀ ਸੁਣਦੇ ਆਏ ਹਾਂ ਕਿ ਕੋਈ ਵੀ ਚੰਗਾ ਰਾਜਪ੍ਰਬੰਧ ਚਲਾਉਣ ਵਾਸਤੇ ਪਹਿਲੀ ਸ਼ਰਤ ਇਨਸਾਨਸਾਜ਼ੀ ਹੁੰਦੀ ਹੈ, ਇਸ ਤੋਂ ਬਿਨਾਂ ਰਾਜ ਨੂੰ ਚਲਾਉਣ ਵਾਲੇ ਡੋਲ ਜਾਂਦੇ ਹਨ ਤੇ ਅਸਲੋਂ ਹੀ ਲੋਕਤੰਤਰ ਨੂੰ ਨੁਕਸਾਨ ਪਹੁੰਚਾੳਣ ਦੇ ਦੋਸ਼ੀ ਸਾਬਤ ਹੁੰਦੇ ਹਨ। ਅਜਿਹਾ ਬਹੁਤ ਵਾਰ ਹੋਇਆ ਹੈ ਕਿ ਗਲਤ ਪ੍ਰਚਾਰ ਨਾਲ ਗੁਮਰਾਹ ਹੋ ਕੇ ਲੋਕ ਕਾਲੇ ਮਨਾਂ ਵਾਲੇ ਆਗੂਆਂ ਨੂੰ ਚੁਣ ਲੈਂਦੇ ਰਹੇ ਹਨ ਤੇ ਫੇਰ ਉਨ੍ਹਾਂ ਨੇ ਅਣਜਾਣੇ 'ਚ ਹੋਈ ਗਲਤੀ ਦਾ ਆਪਣੀਆਂ ਜਾਨਾਂ ਦੇ ਕੇ  ਮੁੱਲ ਵੀ ਤਾਰਿਆ।
     ਲੋਕਾਂ ਦੇ ਭਾਈਚਾਰੇ ਨੂੰ ਵੰਡਣ ਵਾਲੇ ਕਿਸੇ ਵੀ ਖੇਤਰ ਦੇ ਆਗੂ ਲੋਕਾਂ ਨੇ ਕਦੇ ਦਿਲੋਂ ਪ੍ਰਵਾਨ ਨਹੀਂ ਕੀਤੇ। ਇਤਹਾਸ ਨੇ ਸਦਾ ਹੀ ਉਨ੍ਹਾਂ ਨੂੰ ਖਲਨਾਇਕਾਂ ਅਤੇ ਨਫਰਤੀ ਸੌਦਾਗਰਾਂ ਦੇ ਰੂਪ ਵਿਚ ਚੇਤੇ ਰੱਖਿਆ ਹੈ। ਲੋਕਤੰਤਰ ਨੂੰ ਖਤਰਾ ਪੈਦਾ ਹੋ ਜਾਣ ਸਮੇਂ ਉਸ ਦੀ ਰਾਖੀ ਲਈ ਮੱਥਿਆਂ ਵਿਚ ਗਿਆਨ ਦੇ ਜਗਦੇ ਦੀਵਿਆਂ ਵਾਲੇ ਲੋਕਾਂ ਨੇ ਹਮੇਸ਼ਾ ਹੀ ਆਪਣੀ ਆਵਾਜ਼ ਬੁਲੰਦ ਕੀਤੀ। ਇਤਿਹਾਸ ਅਜਿਹੇ ਲੋਕਾਂ ਨੂੰ ਸਦਾ ਹੀ ਸਮੇਂ ਦੇ ਸੂਰਮਿਆਂ ਵਜੋਂ ਚੇਤੇ ਕਰਦਾ ਰਿਹਾ ਹੈ ਅਤੇ ਕਰਦਾ ਰਵ੍ਹੇਗਾ।

ਅੰਬਰ ਦੇ ਅੱਥਰੂ - ਕੇਹਰ ਸ਼ਰੀਫ਼

ਸੁਣਿਆਂ ਹੈ, ਦੇਖਿਆ ਹੈ
ਮਹਾ-ਮਾਨਵ ਵਰਗਾ ਕੋਈ
ਸਬਰ ਦਾ ਬੰਨ ਤੋੜ ਕੇ
ਸਿਦਕ ਦਾ ਲੜ ਫੜ ਕੇ
ਉੱਠਿਆ ਤੇ ਦਹਾੜਿਆ,
ਧਰਤ ਝੰਜੋੜੀ ਗਈ
ਅੰਬਰ ਦਾ ਕੜ ਪਾਟਿਆ
ਤਾਂ ਕੁੱਝ ਅੱਥਰੂ ਡਿਗੇ।

ਉਹ ਰੋਇਆ ਨਹੀਂ
ਧਰਤੀ ਵਰਗੇ, ਜਿਗਰੇ ਵਾਲੇ
ਸਿਦਕੀ ਰੋਂਦੇ ਨਹੀਂ ਹੁੰਦੇ
ਉਹਦੀ ਲਲਕਾਰ  ਨੇ
ਚੁਫੇਰੇ ਗੂੰਜ ਪੈਦਾ ਕੀਤੀ
ਖਾਰੇ ਹੰਝੂਆਂ ਦੇ ਸੈਲਾਬ ਨਾਲ
ਅਸਮਾਨ ਸ਼ਰਮਿੰਦਾ ਹੋ ਗਿਆ
ਧਰਤੀ ਗੀਤ ਗਾਉਣ ਲੱਗੀ।

ਲਾਵੇ ਵਰਗਾ, ਉਬਲਦਾ ਗੁੱਸਾ
ਆਕਾਸ਼ੀ ਬਿਜਲੀ ਵਾਂਗ
ਚੁਫੇਰੇ ਲਿਸ਼ਕੋਰ ਬਣ ਫੈਲਿਆ
ਦੂਰੋਂ-ਪਾਰੋਂ ਆਵਾਜ਼ਾਂ ਆਈਆਂ
ਜੀਅ ਓਏ ਯੋਧਿਆ, ਜੀਅ !
ਘਾਬਰੀਂ ਨਾ, ਅਸੀਂ ਆਏ ਕਿ ਆਏ,
'ਤੇ ਜੁੜ ਗਿਆ ਹਜੂਮ
ਧਰਤੀ ਦੇ ਜਾਇਆਂ ਦਾ
ਆਪਣਿਆਂ ਤੇ 'ਪਰਾਇਆਂ' ਦਾ
ਦੂਰ ਤੱਕ ਅਣਗਿਣਤ, ਬੇ-ਹਿਸਾਬ
ਧਰਤੀ ਤੋਂ ਅਸਮਾਨ ਤੱਕ
ਗੂੰਜਣ ਲੱਗਿਆ – ਟਿਕੈਤ, ਟਿਕੈਤ।

ਵਿਰਸਾ ਜੀਵਤ ਹੋਇਆ
ਵਿਰਾਸਤ ਸਾਂਭੀ ਗਈ
ਜਿਹੜਾ ਭਾਈਚਾਰਾ ਕਦੇ
ਉਰੇ-ਪਰੇ ਹੋ ਗਿਆ ਸੀ
ਸਿਆਸੀ ਚਾਲਾਂ ਤੇ ਧੱਕੇ ਨਾਲ
ਵੰਡ ਦਿੱਤਾ ਗਿਆ ਸੀ ਸਾਂਝਾ ਸਮਾਜ
ਕਿਰਤੀਆਂ ਦਾ ਭਾਈਚਾਰਾ
ਉਹ ਮੁੜ ਜੁੜ ਗਿਆ ਹੈ
ਘਰਾਂ ਤੋਂ ਨਿਕਲ ਤੁਰੇ ਮਿਹਨਤੀ ਲੋਕ
ਆਪਣੇ ਹੱਕਾਂ ਦੀ ਰਾਖੀ ਲਈ
ਭਾਈਚਾਰਾ ਜੁੜ ਬੈਠਿਆ
ਸਾਂਝੇ ਨਾਅਰੇ ਉੱਚੇ ਹੋ ਰਹੇ ਹਨ
ਲਹਿਰ ਜਿੱਤ ਵੱਲ ਅੱਗੇ ਵਧ ਰਹੀ ਹੈ।
ਹੁਣ ਅੰਬਰ ਵੀ
ਜਿੱਤ ਦਾ ਜਸ਼ਨ ਦੇਖੇਗਾ।

ਸੂਰਬੀਰ ਟਿਕੈਤ ਨੇ
ਆਪਣੇ ਅੱਥਰੂਆਂ ਨਾਲ
ਉੱਜਲ ਭਵਿੱਖ ਦਾ
ਮੂੰਹ ਧੋ ਦਿੱਤਾ ਹੈ
ਆਸ ਦਾ - ਉਮੀਦ ਦਾ
ਬੂਹਾ ਖੜਕਾ ਦਿੱਤਾ ਹੈ।
ਪਿੰਡਾਂ ਤੋਂ ਤੁਰੇ, ਹੋਰ ਕਿਰਤੀਆਂ ਦੇ ਜਥੇ
ਮੋਰਚਿਆਂ ਵਿਚ ਪਹੁੰਚ ਰਹੇ ਹਨ
ਸੰਘਰਸ਼ ਵਿਚ ਜੁੜ ਬੈਠਿਆਂ ਦੇ
ਨਾਅਰੇ ਹੋਰ ਉੱਚੇ ਹੋ ਗਏ ਹਨ
ਸਭ ਨੂੰ ਵਿਸ਼ਵਾਸ ਹੈ , ਜਲਦ ਹੀ
ਧਰਤ ਦੇ ਵਿਹੜੇ
ਜਿੱਤ ਦੀ ਧਮਾਲ ਪਵੇਗੀ।

 ਕੁੱਝ ਤਾਂ ਕਰ - ਕੇਹਰ ਸ਼ਰੀਫ਼

ਅੰਨ ਦਾਤੇ ਦੀ
ਹੋਂਦ ਦਾ ਸਵਾਲ ਹੈ-
ਤੇਰੀ ਥਾਲੀ ਵਿਚ ਪਈ
ਰੋਟੀ ਬਚਾਉਣ ਦਾ ਸਵਾਲ ਹੈ
ਇਹ ਲੋਕ ਅੰਦੋਲਨ ਹੈ
ਅਣਖ ਦਾ ਸਵਾਲ ਵੀ ਹੈ
ਅਜੇ ਤੱਕ ਵੀ - ਸੰਘਰਸ਼ ਤੋਂ
ਬਾਹਰ ਬੈਠਣ ਵਾਲੇ
ਜੋ ਵੀ ਕਰ ਸਕਦੈਂ - ਕਰ !!
ਜੇ ਬੋਲ ਸਕਦੈਂ - ਤਾਂ ਬੋਲ
ਲਿਖ ਸਕਦੈਂ - ਤਾਂ ਲਿਖ
ਗਾ ਸਕਦੈਂ ਤਾਂ - ਗਾ
ਸੇਵਾ ਕਰ ਸਕਦੈਂ -ਸੇਵਾ ਕਰ

ਖੂਨੀ ਗਿਰਝਾਂ ਭੌਂਦੀਆਂ ਨੇ
ਇਨ੍ਹਾਂ 'ਭੌਕਦੀਆਂ' ਗਿਰਝਾਂ ਤੋਂ
ਮੋਰਚਿਆਂ ਦੀ ਰਾਖੀ ਕਰ
ਮਨੁੱਖਤਾ ਦਾ ਅੰਗ ਹੋਣ ਦੇ ਨਾਤੇ
ਕੁੱਝ ਤਾਂ ਕਰ, ਕੁੱਝ ਤਾਂ ਕਰ !!
ਅੱਜ 'ਤੇ ਨਿਗ੍ਹਾ ਰੱਖ
ਇਸ ਤਰ੍ਹਾਂ, ਤੇਰਾ ਆਉਣ ਵਾਲਾ ਕੱਲ੍ਹ
ਰੋਸ਼ਨ ਹੋਵੇਗਾ।
ਜੀਊਂਦੇ ਰਹਿਣਾ ਹੈ
ਤਾਂ ਕੁੱਝ ਕਰ ।

ਪੈਰਾਂ ਦੇ ਨਿਸ਼ਾਨ - ਕੇਹਰ ਸ਼ਰੀਫ਼

ਸਾਡੇ ਪੈਰਾਂ ਦੀਆਂ  ਪੈੜਾਂ ਦੇ ਨਿਸ਼ਾਨ  ਰਹਿਣਗੇ।
ਰੋਟੀ ਦੇਣ ਜੋ ਜਗਤ ਨੂੰ ਉਹ ਕਿਸਾਨ ਰਹਿਣਗੇ।

ਇਹ ਧਨਾਢਾਂ ਦੀ ਜੋ ਢਾਣੀ ਅੱਜ  ਹੋਈ ਬੰਦੇ ਖਾਣੀ
ਅਸੀਂ ਕਹੀਏ ਜੀਹਨੂੰ ਗੋਲੀ ਉਹੋ ਬਣੀ ਫਿਰੇ ਰਾਣੀ
ਕਰੇਂ ਸਾਡੇ  ਨਾਲ ਅਨਿਆਂ ਤਾਂ  ਘਸਮਾਣ ਪੈਣਗੇ
ਸਾਡੇ ਪੈਰਾਂ ਦੀਆਂ …....

ਦਿਨੇ ਰਾਤ ਕਰੇ ਕਿਰਤ ਤੇ ਮੁਹਾਲ ਹੋਇਆ ਜੀਣਾਂ
ਦੱਸ  ਹੋਰ  ਕਿੰਨਾ  ਚਿਰ ਤੂੰ  ਹੈ ਖੂਨ  ਸਾਡਾ ਪੀਣਾ
ਯਾਦ ਰੱਖੀਂ ਅੰਤ  ਤੇਰੇ  ਝੂਠ ਦੇ  ਮੁਨਾਰੇ ਢਹਿਣਗੇ
ਸਾਡੇ ਪੈਰਾਂ ਦੀਆਂ …....

ਅਣਜਾਣੇ ਵਿਚ ਦੁੱਖਾਂ ਵਾਲਾ ਜੀਣ ਜੀਅ ਲਿਆ
ਸਾਡੇ  ਸਬਰਾਂ ਨੇ  ਸਦੀਆਂ  ਦਾ ਘੁੱਟ  ਪੀ ਲਿਆ
ਹੁਣ ਆਉਣ ਵਾਲੇ ਕੱਲ੍ਹ ਨਹੀਉਂ ਦੁੱਖ ਸਹਿਣਗੇ
ਸਾਡੇ ਪੈਰਾਂ ਦੀਆਂ …....

ਸੱਪ ਮਾਰੇ  ਜਾ  ਫੁੰਕਾਰੇ  ਉਹਦੀ  ਸਿਰੀ  ਨੱਪੀਏ
ਸੀਨੇ  ਆਪਣੇ  'ਚ  ਦੁਨੀਆਂ  ਦਾ  ਦੁੱਖ  ਰੱਖੀਏ
ਜੰਗ ਜਿੱਤ ਕੇ ਮੁੜਾਂਗੇ ਤਾਂ ਲੋਕੀ ਦੁੱਲੇ ਕਹਿਣਗੇ
ਸਾਡੇ ਪੈਰਾਂ ਦੀਆਂ …....

ਸਾਡੇ ਪੈਰਾਂ ਦੀਆਂ ਪੈੜਾਂ  ਦੇ  ਨਿਸ਼ਾਨ ਰਹਿਣਗੇ।
ਰੋਟੀ ਦੇਣ ਜੋ ਜਗਤ ਨੂੰ ਉਹ ਕਿਸਾਨ ਰਹਿਣਗੇ।

ਕਿਰਤੀਆਂ ਦੀ ਛਿੰਝ - ਕੇਹਰ ਸ਼ਰੀਫ਼

ਬਾਬੇ  ਬੁੱਲੇ  ਨੇ  ਕਿਹਾ  ਸੀ   ਛਿੰਝ  ਪੈਣੀ
      ਤੂੰ ਦਿੱਲੀ ਪੈਂਦੀ ਛਿੰਝ ਵੇਖ ਲੈ
ਵੇ ਹਾਕਮਾਂ, ਤੂੰ ਦਿੱਲੀ ਪੈਂਦੀ ਛਿੰਝ ਵੇਖ ਲੈ।

ਦਿੱਤੀ ਤੇਰੇ  ਹੱਥ ਡੋਰ ਇਨ੍ਹਾਂ  ਕਿਰਤੀ ਕਿਸਾਨਾਂ
ਉਹੀ ਬੈਠੇ ਦਰ  ਤੇਰੇ ਦੇਖੇ  ਸਾਰਾ  ਹੀ ਜ਼ਮਾਨਾ
ਤੈਨੂੰ  ਦਿਸਦਾ ਨਹੀਂ ਤਾਂ ਖੋਪੇ ਲਾਹ  ਕੇ ਵੇਖ ਲੈ
ਵੇ  ਹਾਕਮਾਂ, ਤੂੰ   ਦਿੱਲੀ  ਪੈਂਦੀ  ਛਿੰਝ ਵੇਖ  ਲੈ।

ਜ਼ੁਲਮ ਕਰਨ ਸਰਕਾਰਾਂ ਲੋਕੀ ਉੱਠ ਹੀ ਪੈਂਦੇ ਨੇ    
ਸਾਡਾ ਹੱਕ ਸਾਨੂੰ ਦੇਹ ਲੋਕੀ ਇਹੋ ਹੀ ਕਹਿੰਦੇ ਨੇ
ਹੱਕਾਂ ਵਾਲੇ ਇਹ ਕੋਕੇ ਜੜਦੇ ਨੇ ਕਿੰਝ ਵੇਖ ਲੈ
ਵੇ  ਹਾਕਮਾਂ, ਤੂੰ  ਦਿੱਲੀ  ਪੈਂਦੀ  ਛਿੰਝ  ਵੇਖ  ਲੈ।

ਹੋਵੇ ਲੋਕ ਰਾਜ, ਲੋਕਾਂ ਦੀ ਕੋਈ ਗੱਲ ਨਾ ਸੁਣੇ
ਕਾਹਦਾ ਹਾਕਮ ਜੋ ਆਪ ਹੀ ਤਾਂ ਸਾਜਿਸ਼ਾ ਬੁਣੇ
ਸਾਡੀ ਨਿਮਰਤਾ ਤੇ ਆਪਣੀ  ਤੂੰ ਹਿੰਢ ਵੇਖ ਲੈ           
ਵੇ ਹਾਕਮਾਂ,  ਤੂੰ  ਦਿੱਲੀ  ਪੈਂਦੀ  ਛਿੰਝ  ਵੇਖ  ਲੈ।

ਗਦਰੀ ਬਾਬੇ, ਭਗਤ ਸਰਾਭੇ ਹੱਕ ਲੈਣ ਨੇ ਆਏ
ਆਜ਼ਾਦੀ ਲਈ ਲੜਨੇ ਵਾਲੇ ਜਾਪਣ ਕਿਉਂ ਪਰਾਏ
ਅਸੀਂ ਹਰਨਾਂ ਨੀ ਤੇਥੋਂ  ਰੂਹ  ਸਾਡੀ ਪਿੰਜ ਵੇਖ ਲੈ
ਵੇ  ਹਾਕਮਾਂ,  ਤੂੰ  ਦਿੱਲੀ  ਪੈਂਦੀ   ਛਿੰਝ  ਵੇਖ  ਲੈ।

ਪਹਿਲਾਂ ਨੇ ਮਜ਼ਦੂਰ ਮਰੇ ਹੁਣ ਕਿਰਸਾਨਾਂ ਦੀ ਵਾਰੀ
ਬਹਿ ਕੇ  ਕੁਰਸੀ ਦੇ ਉੱਤੇ  ਕਿਉਂ  ਮੱਤ  ਜਾਂਦੀ  ਮਾਰੀ
ਗੱਲ ਸਿੱਧੀ ਜਹੀ ਸਾਡੀ ਤੂੰ ਆਪਣੀ ਤੜਿੰਗ ਵੇਖ ਲੈ   
ਵੇ  ਹਾਕਮਾਂ, ਤੂੰ   ਦਿੱਲੀ   ਪੈਂਦੀ   ਛਿੰਝ  ਵੇਖ  ਲੈ।

ਦਿੱਤਾ  ਕਿਰਤੀ  ਕਿਸਾਨਾਂ ਦਾ  ਜੋ  ਅੰਨ ਖਾ  ਰਿਹੈਂ
ਪਿੰਡ  ਮਾਰਨੇ  ਦਾ  ਜਿਹੜਾ  ਸਾਨੂੰ  ਡੰਨ ਲਾ ਰਿਹੈਂ
ਰਹੂ  ਸਦਾ  ਹੀ ਜੀਊਂਦਾ  ਆ  ਜਾ  ਪਿੰਡ  ਵੇਖ  ਲੈ
ਵੇ  ਹਾਕਮਾਂ,  ਤੂੰ   ਦਿੱਲੀ   ਪੈਂਦੀ   ਛਿੰਝ  ਵੇਖ  ਲੈ।

ਅੰਦੋਲਨਕਾਰੀ ਕਿਸਾਨਾਂ ਨੂੰ ਗੱਦਾਰ, ਖਾਲਿਸਤਾਨੀ ਕਹਿਣ ਵਾਲੇ ਕੌਣ ? - ਰਵੀਸ਼ ਕੁਮਾਰ (NDTV) - ਅਨੁਵਾਦ - ਕੇਹਰ ਸ਼ਰੀਫ਼

ਇਕ ਪਾਸੇ ਗ੍ਰਹਿ ਮੰਤਰੀ ਅਮਿਤ ਸ਼ਾਹ ਕਿਸਾਨਾਂ ਨਾਲ ਗੱਲਬਾਤ ਕਰ ਰਹੇ ਹਨ, ਦੂਜੇ ਪਾਸੇ ਮੰਤਰੀ ਮੰਡਲ ਵਿਚ ਉਨ੍ਹਾਂ ਦੇ ਸਾਥੀ ਰਾਓ ਸਾਹਿਬ ਦਾਨਵੇ ਪਾਟਿਲ ਦਾ ਬਿਆਨ ਆਉਂਦਾ ਹੈ ਕਿ ਇਹ ਕਿਸਾਨਾਂ ਦਾ ਅੰਦੋਲਨ ਨਹੀਂ ਹੈ, ਇਸਦੇ ਪਿੱਛੇ ਚੀਨ ਅਤੇ ਪਾਕਿਸਤਾਨ ਦਾ ਹੱਥ ਹੈ। ਹਰਿਆਣਾ ਦੇ ਖੇਤੀਬਾੜੀ ਮੰਤਰੀ ਜੇ ਪੀ ਦਲਾਲ ਵੀ ਇਸ ਤਰ੍ਹਾਂ ਦਾ ਬਿਆਨ  ਦੇ ਚੁੱਕੇ ਹਨ।
      
ਕਿਸਾਨਾਂ ਦੇ ਅੰਦੋਲਨ ਵਿਚ ਅੱਤਵਾਦੀ, ਖਾਲਿਸਤਾਨੀ, ਪਾਕਿਸਤਾਨੀ ਹੋਣ ਦੇ ਬਿਆਨ ਅਜੇ ਵੀ ਸੁਣਨ ਨੂੰ ਮਿਲ ਰਹੇ ਹਨ। ਇਸ ਸਾਲ ਜਨਵਰੀ ਵਿੱਚ ਬਿਲਕੱਲ ਇਹੋ ਕੁਝ ਵਾਪਰ ਰਿਹਾ ਸੀ ਜਦੋਂ ਲੱਖਾਂ ਲੋਕ ਨਾਗਰਿਕਤਾ ਕਾਨੂੰਨ ਦੇ ਵਿਰੋਧ ਵਿਚ ਦਿੱਲੀ ਅਤੇ ਦੇਸ਼ ਦੇ ਵੱਖ ਵੱਖ ਹਿੱਸਿਆਂ ਵਿੱਚ ਪ੍ਰਦਰਸ਼ਨ ਕਰ ਰਹੇ ਸਨ। ਭਾਜਪਾ ਦੇ ਨੇਤਾ, ਮੰਤਰੀ, ਬੁਲਾਰੇ, ਕਾਰਕੁਨ ਗੋਲੀ ਮਾਰਨ ਦੇ ਨਾਅਰੇ ਲਾਉਣ ਲੱਗੇ, ਪਾਕਿਸਤਾਨੀ ਅਤੇ ਗੱਦਾਰ  ਆਖਣ ਲੱਗੇ। ਗੋਦੀ ਮੀਡੀਆ ਦੇ ਸਟੂਡੀਓ ਅੰਦਰ ਘੰਟਿਆਂ ਬੱਧੀ ਚੱਲਣ ਵਾਲੀਆਂ ਬਹਿਸਾਂ ਦੇ ਸਿੱਟੇ ਵਜੋਂ ਇਨ੍ਹਾਂ ਨਾਅਰਿਆਂ ਦੀ ਮਦਦ ਨਾਲ, ਭਾਰਤ ਦੇ ਮੱਧਵਰਗ ਅੰਦਰ ਇੱਕ ਸਹਿਮਤੀ ਬਣਾਈ ਗਈ ਅਤੇ ਉਸਦੀ ਆੜ ਵਿਚ ਅੰਦੋਲਨ ਨੂੰ ਦਬਾ ਦਿੱਤਾ ਗਿਆ। ਅੰਦੋਲਨ ਵਿੱਚ ਸ਼ਾਮਲ ਲੋਕਾਂ ਉੱਤੇ ਦੰਗਿਆਂ ਦੇ ਦੋਸ਼ਾਂ ਤਹਿਤ ਅੱਤਵਾਦ ਵਿਰੋਧੀ ਧਾਰਾਵਾਂ ਲਾਈਆਂ ਗਈਆਂ। ਮੈਂ ਤੁਹਾਨੂੰ ਫਲੈਸ਼ਬੈਕ 'ਤੇ ਲੈ ਜਾਣਾ ਚਾਹੁੰਦਾ ਹਾਂ ਫਲੈਸ਼ਬੈਕ ਤੋਂ ਬਿਨਾਂ, ਨਾ ਭਵਿੱਖ ਦਿਸਦਾ ਹੈ ਨਾਂ ਹੀ ਵਰਤਮਾਨ ਸਮਝ ਆਉਂਦਾ ਹੈ। ਤੁਸੀਂ ਖਜ਼ਾਨਾ ਰਾਜ ਮੰਤਰੀ ਅਨੁਰਾਗ ਠਾਕੁਰ ਅਤੇ ਸੰਸਦ ਮੈਂਬਰ ਪ੍ਰਵੇਸ਼ ਵਰਮਾ ਦੇ ਭਾਸ਼ਣ ਸੁਣੋ।
     ਕੀ ਇਸ ਵਾਰ ਵੀ ਅਜਿਹਾ ਕੁਝ ਹੋ ਰਿਹਾ ਹੈ? ਇਕ ਪਾਸੇ ਗ੍ਰਹਿ ਮੰਤਰੀ ਅਮਿਤ ਸ਼ਾਹ ਕਿਸਾਨਾਂ ਨਾਲ ਗੱਲਬਾਤ ਕਰ ਰਹੇ ਹਨ, ਦੂਜੇ ਪਾਸੇ ਮੰਤਰੀ ਮੰਡਲ ਵਿਚ ਉਨ੍ਹਾਂ ਦੇ ਸਾਥੀ ਰਾਓ ਸਾਹਿਬ ਦਾਨਵੇ ਪਾਟਿਲ ਦਾ ਇਹ ਬਿਆਨ ਆਉਂਦਾ ਹੈ ਕਿ ਇਹ ਕਿਸਾਨਾਂ ਦਾ ਅੰਦੋਲਨ ਨਹੀਂ ਹੈ, ਇਸਦੇ ਪਿੱਛੇ ਚੀਨ ਅਤੇ ਪਾਕਿਸਤਾਨ ਦਾ ਹੱਥ ਹੈ। ਹਰਿਆਣਾ ਦੇ ਖੇਤੀਬਾੜੀ ਮੰਤਰੀ ਜੇ ਪੀ ਦਲਾਲ ਵੀ ਇਸ ਤਰ੍ਹਾਂ ਦਾ ਬਿਆਨ ਦੇ ਚੁੱਕੇ ਹਨ।
      ਇਸ ਕਰੋਨੋਲੌਜੀ ਨੂੰ ਸਮਝੋ। ਗੋਦੀ ਮੀਡੀਆ ਤੋਂ ਮੰਤਰੀ, ਮੰਤਰੀ ਦੇ ਬੁਲਾਰੇ, ਬੁਲਾਰਿਆਂ ਤੋਂ ਆਈ ਟੀ ਸੈੱਲ, ਆਈ ਟੀ ਸੈੱਲ ਤੋਂ ਵਟਸਐਪ ਯੂਨੀਵਰਸਿਟੀ। ਤੁਸੀਂ ਜੋ ਸੁਣੋਗੇ, ਉਹ ਹੀ ਦੇਖੋਗੇ, ਅਤੇ ਤੁਸੀਂ ਉਹ ਹੀ  ਪੜ੍ਹੋਗੇ। ਕਿਸਾਨ ਅੰਦੋਲਨ ਅਤੇ ਉਨ੍ਹਾਂ ਦੀਆਂ ਮੰਗਾਂ ਜਿੰਨੀ ਕਵਰੇਜ ਨਹੀਂ ਹੋ ਰਹੀ ਉਸ ਤੋਂ ਵੱਧ ਕਵਰੇਜ ਇਨ੍ਹਾਂ ਗੱਲਾਂ ਦੀ ਹੋ ਰਹੀ ਹੈ। ਇਸ ਤਰੀਕੇ ਨਾਲ ਤੁਹਾਡੇ ਵਾਸਤੇ ਸਮਾਨਅੰਤਰ ਯਥਾਰਥ ਲੋਕ ਤਿਆਰ ਕਰ ਦਿੱਤਾ ਜਾਂਦਾ ਹੈ,  ਜਿਸ ਦਾ ਦਾਖਲਾ ਮੁਫਤ ਹੈ ਪਰ ਬਾਹਰ ਨਿਕਲਣ ਦਾ ਰਸਤਾ ਬੰਦ ਹੈ। ਕੇਂਦਰੀ  ਮੰਤਰੀ ਦੇ ਇਸ ਬਿਆਨ ਦੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਨਿਖੇਧੀ ਕੀਤੀ ਹੈ।
      ਗੋਦੀ ਮੀਡੀਆ ਦੇ ਪੱਤਰਕਾਰਾਂ ਅਤੇ ਅਜਿਹੇ ਬਿਆਨ ਦੇਣ ਵਾਲੇ ਨੇਤਾਵਾਂ ਨੂੰ ਜਦੋਂ ਭੁੱਖ ਲਗਦੀ ਹੋਵੇਗੀ ਤਾਂ ਉਹ ਰੋਟੀ ਕਾਹਦੀ ਖਾਂਦੇ ਹੋਣਗੇ, ਆਟੇ ਦੀ ਜਾਂ ਚਾਂਦੀ ਦੀ। ਹੁਣ ਅਸੀਂ ਤੁਹਾਨੂੰ ਇੱਕ ਕਿਸਾਨ ਸੰਸਥਾ ਬਾਰੇ ਦੱਸਣਾ ਚਾਹੁੰਦੇ ਹਾਂ। ਗੋਦੀ ਮੀਡੀਆ ਨੇ ਜੇ ਕਿਸਾਨੀ ਲਹਿਰ ਵਿਚ ਆਈਆਂ ਜਥੇਬੰਦੀਆਂ ਦੇ ਇਤਿਹਾਸ ਨੂੰ ਜਾਣਨ ਦੀ ਕੋਸ਼ਿਸ਼ ਕੀਤੀ ਹੁੰਦੀ ਤਾਂ ਉਨ੍ਹਾਂ ਨੂੰ ਪਤਾ ਹੁੰਦਾ ਕਿ ਪੰਜਾਬ ਦੀਆਂ ਕਿਸਾਨੀ ਜੱਥੇਬੰਦੀਆਂ ਕਿੰਨੀਆਂ ਵੱਖਰੀਆਂ ਹਨ। ਖੇਤੀ ਬਾੜੀ ਸਬੰਧੀ ਉਨ੍ਹਾਂ ਦੀ ਸਮਝ ਧਰਤੀ (ਜ਼ਮੀਨੀ ਪੱਧਰ)  ਨਾਲ ਕਿੰਨੀ ਜੁੜੀ ਹੋਈ ਹੈ।
       ਅੰਦੋਲਨ ਦੇ ਦੌਰਾਨ ਬਹੁਤ ਸਾਰੀਆਂ ਫੋਟੋਆਂ ਸਾਹਮਣੇ ਆਈਆਂ। ਮੈਂ ਵੀ ਨਹੀਂ ਜਾਣਦਾ ਸੀ ਕਿ ਇਹ ਕੌਣ ਲੋਕ ਹਨ। ਤੁਹਾਨੂੰ ਵੀ ਸ਼ਾਇਦ ਨਾ ਪਤਾ ਹੋਵੇ। ਜਦੋਂ ਪਤਾ ਕੀਤਾ ਤਾਂ ਜਾਣਿਆਂ ਕਿ ਇਹ ਸਿਰਫ ਤਸਵੀਰਾਂ ਨਹੀਂ ਹਨ, ਇਹ ਉਹ ਲੋਕ ਹਨ ਜਿਨ੍ਹਾਂ ਨੇ ਖਾਲਿਸਤਾਨ ਦਾ ਵਿਰੋਧ ਕਰਦਿਆਂ ਆਪਣੀਆਂ  ਜਾਨਾਂ ਦਿੱਤੀਆਂ। ਜਿਨ੍ਹਾਂ ਨੂੰ ਖਾਲਿਸਤਾਨੀਆਂ ਨੇ ਮਾਰ ਦਿੱਤਾ। ਗੋਦੀ ਮੀਡੀਆ ਨੇ ਉਨ੍ਹਾਂ ਨੂੰ ਆਪਣੇ ਆਰਾਮਦਾਇਕ ਸਟੂਡੀਓ  ਤੋਂ ਕਿੰਨੀ ਅਸਾਨੀ ਨਾਲ ਖਾਲਿਸਤਾਨੀ ਕਹਿ ਦਿੱਤਾ। ਇਹ ਸਾਰੀਆਂ ਤਸਵੀਰਾਂ ਪੰਜਾਬ ਦੀ ਇਕ ਕਿਸਾਨ ਜਥੇਬੰਦੀ  ਕਿਰਤੀ ਕਿਸਾਨ ਯੂਨੀਅਨ ਦੇ ਨੇਤਾਵਾਂ ਅਤੇ ਵਰਕਰਾਂ ਦੀਆਂ ਹਨ। ਇਸ ਜਥੇਬੰਦੀ ਦੇ ਤਿੰਨ ਪ੍ਰਧਾਨ   ਖਾਲਿਸਤਾਨੀਆਂ ਨਾਲ ਲੜਦਿਆਂ ਸ਼ਹੀਦ ਹੋਏ ਹਨ। ਮਾਰਚ 1988 ਵਿਚ ਜੈਮਲ ਸਿੰਘ ਪੱਡਾ, ਮਈ 1990 ਵਿਚ ਸਰਬਜੀਤ ਸਿੰਘ ਭਿੱਟੀਵਿੰਡ, ਨਵੰਬਰ 1992 ਵਿਚ ਗਿਆਨ ਸਿੰਘ ਸੰਘਾ ਨੂੰ ਖਾਲਿਸਤਾਨੀਆਂ ਨੇ ਕਤਲ ਕਰ ਦਿੱਤਾ ਸੀ। ਇਸ ਤੋਂ ਇਲਾਵਾ ਦਰਜਨ ਦੇ ਕਰੀਬ ਖਾਲਿਸਤਾਨੀਆਂ ਨਾਲ ਲੜਦਿਆਂ ਇਸ ਜਥੇਬੰਦੀ ਦੇ ਵਰਕਰ ਵੀ ਸ਼ਹੀਦ ਹੋਏ ਹਨ।
      ਕਿਰਤੀ ਕਿਸਾਨ ਯੂਨੀਅਨ ਨੇ ਸਿਰਫ ਖਾਲਿਸਤਾਨ ਦਾ ਹੀ ਨਹੀਂ ਬਲਕਿ ਸਟੇਟ ਦੇ (ਸਰਕਾਰੀ) ਅੱਤਵਾਦ ਦਾ ਵੀ ਵਿਰੋਧ ਕੀਤਾ। ਅੱਤਵਾਦ ਦੇ ਦੌਰ ਦੌਰਾਨ ਪੁਲਿਸ ਦੀ ਗੋਲੀ ਨਾਲ ਕਈ ਸਾਰੇ ਨਿਰਦੋਸ਼ ਅੱਤਵਾਦੀ ਕਹਿ ਕੇ ਮਾਰ ਦਿੱਤੇ ਗਏ ਅਤੇ ਉਨ੍ਹਾਂ ਨੇ ਇਸਦਾ ਵੀ ਵਿਰੋਧ ਕੀਤਾ। ਇੰਨਾ ਹੀ ਨਹੀਂ, ਕਿਰਤੀ ਕਿਸਾਨ ਯੂਨੀਅਨ ਹਰ ਕਿਸਮ ਦੀ ਫਿਰਕਾਪ੍ਰਸਤੀ ਦਾ ਵਿਰੋਧ ਕਰਦੀ ਹੈ। ਸਿੱਖਾਂ ਅੰਦਰਲੀ ਫਿਰਕਾਪ੍ਰਸਤੀ ਦਾ ਵੀ ਵਿਰੋਧ ਕਰਦੇ ਹਨ। ਉਨ੍ਹਾਂ ਦਾ ਵਿਸ਼ਵਾਸ ਹੈ ਕਿ ਧਰਮ ਦੀ ਸਥਾਨ ਵਿਅਕਤੀਗਤ ਹੈ, ਜਨਤਕ ਨਹੀ੬ਂ।
      ਵਟਸਐਪ ਯੂਨੀਵਰਸਿਟੀ ਨੇ ਜੇ ਤੁਹਾਡੀ ਸੋਚਣ ਸਮਝਣ ਦੀ ਯੋਗਤਾ ਨੂੰ ਪੂਰੀ ਤਰ੍ਹਾਂ ਖਤਮ ਨਹੀਂ ਕੀਤਾ ਹੈ, ਤਾਂ ਕਿਰਤੀ ਕਿਸਾਨ ਯੂਨੀਅਨ ਦੇ ਮੀਤ ਪ੍ਰਧਾਨ ਰਾਜਿੰਦਰ ਸਿੰਘ ਜੀ ਨੂੰ ਸੁਣੋ। ਇਕ ਹੋਰ ਜਾਣਕਾਰੀ ਤੁਸੀਂ ਅਵਤਾਰ ਸਿੰਘ ਪਾਸ਼ ਦਾ ਨਾਮ ਜ਼ਰੂਰ ਸੁਣਿਆ ਹੋਵੇਗਾ, ਜੇ ਨਹੀਂ ਸੁਣਿਆ ਤਾਂ ਵੀ ਕੋਈ ਸਮੱਸਿਆ  ਨਹੀਂ। ਹੁਣ ਇੰਟਰਨੈਟ 'ਤੇ ਖੋਜ ਕਰੋ, ਉਸ ਦੀ ਕਵਿਤਾ ''ਸਭ ਤੋਂ ਖਤਰਨਾਕ ਹੁੰਦਾ ਹੈ ਸਾਡੇ ਸੁਪਨਿਆਂ ਦਾ ਮਰ ਜਾਣਾ'' ਪਾਸ਼ ਦੀ ਹੱਤਿਆ ਤੋਂ ਬਾਅਦ, ਖਾਲਿਸਤਾਨੀਆਂ ਨੇ ਚੁਣੌਤੀ ਦਿੱਤੀ ਸੀ ਕਿ ਕੋਈ ਵੀ ਉਸ ਦੀ ਜ਼ਮੀਨ ਨੂੰ ਹਲ ਨਹੀਂ ਵਾਹੇਗਾ। ਕਿਰਤੀ ਕਿਸਾਨ ਯੂਨੀਅਨ ਦੀ ਜਥੇਬੰਦੀ ਨੇ ਇਸ ਚੁਣੌਤੀ ਨੂੰ ਸਵੀਕਾਰ ਕੀਤਾ ਅਤੇ ਪਾਸ਼ ਦੀ ਜ਼ਮੀਨ 'ਤੇ ਹਲ਼ ਵਾਹਿਆ (ਕਾਸ਼ਤ ਕੀਤੀ)। ਇਹ ਮੈਂ ਇਸ ਕਰਕੇ ਨਹੀਂ ਕਹਿ ਰਿਹਾ ਕਿਸੇ ਨੂੰ ਸ਼ਰਮ ਆਏਗੀ। ਸੱਤਾ 'ਤੇ ਸਵਾਰ ਹੋਣ ਵਾਲਿਆਂ ਨੂੰ ਸ਼ਰਮ ਨਹੀਂ ਆਉਂਦੀ।
    ਕਿਰਤੀ ਕਿਸਾਨ ਯੂਨੀਅਨ ਦੇ ਰਾਜੇਂਦਰ ਸਿੰਘ ਦੀਪ ਸਿੰਘ ਵਾਲਾ ਸਰਕਾਰ ਨਾਲ ਗੱਲਬਾਤ ਕਰਨ ਵਾਲੇ ਕਿਸਾਨ ਨੇਤਾਵਾਂ ਵਿੱਚੋਂ ਸਭ ਤੋਂ ਛੋਟੀ ਉਮਰ ਦੇ ਕਿਸਾਨ ਆਗੂ ਹਨ। ਕਾਨੂੰਨ ਦੀ ਪੜ੍ਹਾਈ ਕਰ ਰਹੇ ਰਾਜੇਂਦਰ ਦੀ ਉਮਰ 37 ਸਾਲ ਹੈ। ਉਨ੍ਹਾਂ ਦੀ ਜਥੇਬੰਦੀ ਕਿਸਾਨੀ ਸੰਘਰਸ਼ਾਂ ਵਿੱਚ ਨੌਜਵਾਨਾਂ ਦੀ ਭਾਗੀਦਾਰੀ ਵੱਲ ਵਿਸ਼ੇਸ਼ ਧਿਆਨ ਦਿੰਦੀ ਹੈ।
       ਇਹ ਜਥੇਬੰਦੀ 1973 ਵਿੱਚ ਹੋਂਦ ਵਿੱਚ ਆਈ ਸੀ। ਮਾਲਵੇ ਤੋਂ ਸ਼ੁਰੂ ਹੋ ਕੇ ਇਹ ਦੁਆਬਾ ਅਤੇ ਮਾਝੇ ਤੱਕ ਫੈਲ ਗਈ। ਇਹ ਜਥੇਬੰਦੀ ਛੋਟੇ ਕਿਸਾਨਾਂ ਦੀ ਲੜਾਈ ਲੜਦੀ ਹੈ। ਉਨ੍ਹਾਂ ਦੇ ਮੀਤ ਪ੍ਰਧਾਨ ਨੇ ਕਿਹਾ ਕਿ ਅਸੀਂ 10 ਏਕੜ ਤੋਂ ਵੱਧ ਦੇ ਮਾਲਕ ਕਿਸਾਨਾਂ ਦੀ ਗੱਲ ਨਹੀਂ ਕਰਦੇ। ਸਾਡੇ ਸਾਰੇ ਮੈਂਬਰ 10 ਏਕੜ ਤੋਂ ਵੀ ਘੱਟ ਜ਼ਮੀਨ ਵਾਲੇ ਹਨ। ਅੰਦੋਲਨ ਤੋਂ ਪਹਿਲਾਂ ਇਸ ਦੇ ਮੈਂਬਰਾਂ ਦੀ ਗਿਣਤੀ 30,000 ਸੀ ਪਰ ਅੰਦੋਲਨ ਦੌਰਾਨ, ਨਵੇਂ ਲੋਕ ਸ਼ਾਮਲ ਹੋਣਾ ਸ਼ੁਰੂ ਹੋ ਗਏ। ਜਿਸ ਪਿੰਡ ਵਿਚ 10 ਮੈਂਬਰ ਸਨ ਉੱਥੇ ਹੁਣ 100 ਮੈਂਬਰ ਹੋ ਗਏ ਹਨ। ਮੈਂਬਰਸ਼ਿਪ ਲਈ ਸਾਲ ਦੀ ਫੀਸ 10 ਰੁਪਏ ਹੈ, ਸੂਬਾ ਪੱਧਰ 'ਤੇ, 11 ਮੈਂਬਰਾਂ ਦੀ ਕਮੇਟੀ ਜਥੇਬੰਦੀ ਨੂੰ ਚਲਾਉਂਦੀ ਹੈ। ਕਿਰਤੀ ਕਿਸਾਨ ਯੂਨੀਅਨ 13 ਜ਼ਿਲ੍ਹਿਆਂ ਅੰਦਰ ਕਾਫੀ ਅਸਰ ਰਖਦੀ ਹੈ। ਮੁਕਤਸਰ ਅਤੇ ਮੋਗਾ ਵਿਚ ਔਰਤਾਂ ਦਾ ਵਿੰਗ ਵੀ ਹੈ ਜਿਸ ਵਿਚ 700 ਤੋਂ 1000 ਔਰਤਾਂ ਜੁੜੀਆਂ ਹੋਈਆਂ ਹਨ। ਕਿਸਾਨ ਜਥੇਬੰਦੀਆਂ ਵਿਚ ਅਕਸਰ ਬੁੱਢੇ ਹੁੰਦੇ ਹਨ। ਇਸ ਧਾਰਨਾ ਨੂੰ ਤੋੜਨ ਵਾਸਤੇ ਯੂਥ ਵਿੰਗ ਬਣਾਏ ਗਏ  ਹਨ। 8 ਜ਼ਿਲ੍ਹਿਆਂ ਵਿੱਚ ਇਸ ਦੇ ਯੂਥ ਵਿੰਗ ਵੀ ਕੰਮ ਕਰਦੇ ਹਨ।
       ਇਸ ਤਰ੍ਹਾਂ ਦੀ ਜਥੇਬੰਦੀ ਯੂ ਪੀ, ਬਿਹਾਰ ਵਿੱਚ ਨਹੀਂ ਮਿਲੇਗੀ। ਪਰ ਜੇ ਤੁਸੀਂ ਇਨ੍ਹਾਂ ਜਥੇਬੰਦੀਆਂ ਬਾਰੇ ਜਾਣੋਂਗੇ ਤਾਂ ਤੁਹਾਨੂੰ ਪਤਾ ਚੱਲੇਗਾ ਕਿ ਕਿਸਾਨ ਅੰਦੋਲਨ ਅਤੇ ਕਿਸਾਨੀ ਜਥੇਬੰਦੀਆਂ ਵਿਚ ਕੀ ਸੰਬੰਧ ਹੈ। ਇਨ੍ਹਾਂ ਜਥੇਬੰਦੀਆਂ ਨੇ ਕੀ ਤਿਆਰੀ ਕੀਤੀ ਹੈ। ਕਿਰਤੀ ਕਿਸਾਨ ਯੂਨੀਅਨ ਦੇ ਰਜਿੰਦਰ ਸਿੰਘ ਨੇ ਦੱਸਿਆ ਕਿ ਬਲਾਕ ਤੋਂ ਜ਼ਿਲ੍ਹਾ ਪੱਧਰ ਤੱਕ 100 ਵਰਕਰ ਚੁਣੇ ਗਏ ਹਨ ਜੋ ਵਧੀਆ ਬੋਲਦੇ ਹਨ। ਉਨ੍ਹਾਂ ਨੂੰ ਦੋ ਦਿਨ ਲਗਾਤਾਰ ਕਾਨੂੰਨ ਬਾਰੇ ਦੱਸਿਆ ਗਿਆ (ਸਿਖਲਾਈ ਦਿੱਤੀ ਗਈ) ਤਾਂ ਜੋ ਇਹ ਪਿੰਡ ਪਿੰਡਾਂ ਜਾ ਕੇ ਇਸ ਬਾਰੇ ਵਿਆਖਿਆ ਕਰ ਸਕਣ। ਬਹੁਤ ਸਾਰੇ ਕਾਮੇ (ਵਰਕਰ) ਦੋ ਮਹੀਨਿਆਂ ਤੋਂ ਘਰ ਨਹੀਂ ਗਏ। ਜਦੋਂ ਪੰਜਾਬ ਦੇ ਪਿੰਡਾਂ ਵਿੱਚ ਮਸ਼ਾਲਾਂ ਦੇ ਜਲੂਸਾਂ ਤੋਂ ਲੈ ਕੇ ਵੱਖ-ਵੱਖ ਤਰ੍ਹਾਂ ਦੇ ਪ੍ਰਦਰਸ਼ਨ ਹੋ ਰਹੇ ਸਨ ਤਾਂ ਗੋਦੀ ਮੀਡੀਆ ਤੁਹਾਨੂੰ ਸੁਸ਼ਾਂਤ ਸਿੰਘ ਰਾਜਪੂਤ ਦੇ ਬਹਾਨੇ ਫਰਜ਼ੀ ਖ਼ਬਰਾਂ ਅਤੇ ਬਹਿਸਾਂ ਦਿਖਾ ਰਿਹਾ ਸੀ।
      ਕਿਰਤੀ ਕਿਸਾਨ ਯੂਨੀਅਨ ਨੂੰ ਸਮਝਣ ਲਈ, ਇਸ ਦੀਆਂ ਮੰਗਾਂ ਨੂੰ ਵੀ ਵੇਖਣਾ ਮਹੱਤਵਪੂਰਨ ਹੈ। ਜਿਵੇਂ ਕਿ ਇਹ ਸੰਗਠਨ ਛੋਟੇ ਕਿਸਾਨਾਂ ਦੀ ਗੱਲ ਕਰਦਾ ਹੈ, ਇਸਦਾ ਇੱਕ ਸੁਝਾਅ ਹੈ. ਛੋਟੇ ਕਿਸਾਨਾਂ ਦੇ ਖੇਤ ਖਿੰਡੇ ਹੋਏ ਹਨ। ਇਸ ਨਾਲ ਖਰਚਾ ਵਧਦਾ ਹੈ, ਜੇ 3 ਏਕੜ ਵਾਲੇ 100 ਕਿਸਾਨਾਂ ਦੇ ਖੇਤ ਇਕ ਜਗ੍ਹਾ ਹੋ ਜਾਂਦੇ ਹਨ ਅਤੇ ਸਰਕਾਰ ਸਿੰਚਾਈ ਦਾ ਪ੍ਰਬੰਧ ਕਰੇ ਤਾਂ ਉਨ੍ਹਾਂ ਦੀ ਖੇਤੀ ਲਾਗਤ ਘੱਟ ਜਾਵੇਗੀ। ਟਿੱਊਬਵੈਲ ਲਗਾਉਣ ਦੇ ਢਾਈ ਲੱਖ ਰੁਪਏ ਬਚ ਜਾਣਗੇ ਅਤੇ ਉਹੀ ਕਰਜ਼ਾ ਘਟ ਜਾਵੇਗਾ। ਇਹ ਸੰਸਥਾ 10 ਏਕੜ ਤੋਂ ਘੱਟ ਜ਼ਮੀਨ ਵਾਲੇ ਕਿਸਾਨਾਂ ਲਈ ਕਰਜ਼ਾ ਮੁਆਫੀ ਦੀ ਮੰਗ ਕਰਦੀ ਹੈ। 10 ਏਕੜ ਤੋਂ ਵੱਧ ਜ਼ਮੀਨ ਵਾਲੇ ਵੱਡੇ ਕਿਸਾਨਾਂ ਦੀ ਕਰਜ਼ਾ ਮੁਆਫੀ ਦੀ ਮੰਗ ਨਹੀਂ ਕਰਦੀ ਹੈ।
     ਪੰਜਾਬ ਦੇ ਗਾਇਕ ਕਲਾਕਾਰ ਆਪਣੀਆਂ ਵੀਡੀਓਜ਼ ਦੇ ਰਾਹੀਂ ਇਨ੍ਹਾਂ ਗੱਲਾਂ ਦਾ ਜਵਾਬ ਦੇ  ਰਹੇ ਹਨ, ਕੰਵਰ ਗਰੇਵਾਲ ਦੀ ਨਵੀਂ ਵੀਡੀਓ ਤੁਸੀਂ ਸੁਣ ਸਕਦੇ ਹੋ, ਜਿਸ ਵਿਚ ਇਹ ਕਿਹਾ ਜਾ ਰਿਹਾ ਹੈ ਕਿ ਅਸੀਂ ਕਿਸਾਨ ਹਾਂ, ਅੱਤਵਾਦੀ ਨਹੀਂ ਅਤੇ ਹਾਂ, ਸਾਨੂੰ ਅੰਗਰੇਜ਼ੀ ਵੀ ਆਉਂਦੀ ਹੈ। ਇਸ ਵੀਡੀਓ ਦੇ ਜ਼ਰੀਏ ਕੰਵਰ ਗਰੇਵਾਲ ਉਸ ਖੂਬਸੂਰਤ ਏਕਤਾ ਦੀ ਤਸਵੀਰ ਬਣਾ ਰਹੇ ਹਨ ਜੋ ਗੋਦੀ ਮੀਡੀਆ ਦੁਆਰਾ ਤਬਾਹ ਕਰ ਦਿੱਤੀ ਗਈ ਹੈ। ਵੱਖ-ਵੱਖ ਕਿਸਾਨ ਯੂਨੀਅਨਾਂ ਦੇ ਝੰਡੇ ਹਨ। ਵਿਦਿਆਰਥੀ ਜਥੇਬੰਦੀਆਂ ਹਨ, ਖਾਲਸਾ ਏਡ ਹੈ।   ਮੁਸਲਮਾਨ ਖਾਣਾ ਪਰੋਸ ਰਹੇ ਹਨ। ਨਿਹੰਗ ਹਨ, ਲੜਕੀਆਂ ਹਨ।  ਜਵਾਨੀ ਦੇ ਗਾਣਿਆਂ ਵਿਚ ਬਜ਼ੁਰਗ ਵੀ ਹਨ। ਕੰਵਰ ਗਰੇਵਾਲ ਗਾਉਂਦਾ ਹੋਇਆ ਕਹਿੰਦਾ ਹੈ ਕਿ ਕੋਈ ਸਾਨੂੰ ਅੱਤਵਾਦੀ ਕਹਿੰਦਾ ਹੈ, ਕੋਈ ਵੱਖਵਾਦੀ ਕਹਿੰਦਾ ਹੈ, ਦਰਅਸਲ ਅਜਿਹਾ ਕਹਿਣ ਵਾਲਿਆਂ ਨੂੰ ਨਾਨਕ ਦੇ ਸੁਪਨੇ (ਖ਼ੁਆਬ) ਤੋਂ ਡਰ ਲਗਦਾ ਹੈ।
       ਗੀਤ ਦੇ ਬੋਲ ਹਨ ਕਿ ਜਿਹੜੇ ਲੋਕ ਇਨ੍ਹਾਂ ਨੌਜਵਾਨਾਂ ਨੂੰ ਨਸ਼ੇੜੀ ਕਹਿੰਦੇ ਹੁੰਦੇ ਸਨ, ਹੁਣ ਓਹੀ ਲੋਕ ਇਨ੍ਹਾਂ ਨੌਜਵਾਨਾਂ ਨੂੰ ਸਲਾਮ ਕਰ ਰਹੇ ਹਨ ਕਿਉਂਕਿ ਹੁਣ ਉਹ ਸੰਘਰਸ਼ ਕਰ ਰਹੇ ਹਨ, ਲੜ ਰਹੇ ਹਨ।  ਟਰਾਲੀਆਂ ਵਿਚ ਖਾਣ-ਪੀਣ ਦਾ ਸਮਾਨ ਨਾਲ ਲੈ ਕੇ ਆਏ ਹਨ। ਫੈਸਲਾ ਕੀਤੇ ਬਗੈਰ ਵਾਪਸ ਨਹੀਂ ਜਾਣਗੇ। 10 ਕੇਂਦਰੀ ਮਜ਼ਦੂਰ ਜਥੇਬੰਦੀਆਂ ਨੇ ਕਿਹਾ ਹੈ ਕਿ ਉਹ 12 ਅਤੇ 14 ਦਸੰਬਰ ਨੂੰ ਕਿਸਾਨ ਅੰਦੋਲਨ ਦਾ ਸਮਰਥਨ ਕਰਨਗੇ। ਕਿਸਾਨ ਅੰਦੋਲਨ ਹਰ ਦਿਨ ਨਵੀਂ ਹਿੰਮਤ ਦਾ ਨਵਾਂ ਪ੍ਰਦਰਸ਼ਨ ਕਰ ਰਿਹਾ ਹੈ।
       ਕਿਸਾਨਾਂ ਦੇ ਹੱਥਾਂ ਵਿਚ ਉਹ ਪੋਸਟਰ ਹਨ ਜਿਨ੍ਹਾਂ ਦਾ ਨਾਮ ਆਉਂਦਿਆਂ ਹੀ ਗੋਦੀ ਮੀਡੀਆ ਹਮਲਾਵਰ ਹੋਣਾ ਸ਼ੁਰੂ ਹੋ ਜਾਂਦਾ ਹੈ। ਭੀਮਾ ਕੋਰੇਗਾਓਂ ਕੇਸ ਤੋਂ ਲੈ ਕੇ ਦਿੱਲੀ ਦੰਗਿਆਂ ਅੰਦਰ ਕਥਿਤ ਤੌਰ 'ਤੇ ਦੋਸ਼ੀ ਬਣਾਏ ਗਏ ਇਨ੍ਹਾਂ ਲੋਕਾਂ ਵਿੱਚੋਂ ਕਈਆਂ ਨੂੰ ਕਈ ਕਈ ਮਹੀਨੇ ਅਤੇ ਸਾਲਾਂ ਤੋਂ ਜਮ਼ਾਨਤ ਨਹੀਂ ਮਿਲੀ। ਇਨ੍ਹਾਂ ਸਾਰੇ ਵਿਚਾਰ ਅਧੀਨ ਕੈਦੀਆਂ ਨੂੰ ਰਿਹਾ ਕਰਨ ਦੀ ਮੰਗ ਕੀਤੀ ਗਈ। ਪੰਜਾਬ ਕਿਸਾਨ ਯੂਨੀਅਨ ਦੇ ਸੁਖਦਰਸ਼ਨ ਨੱਤ ਨੇ ਕਿਹਾ ਕਿ ਜਿਸ ਕਿਸੇ ਨੂੰ ਵੀ ਗਲਤ ਤਰੀਕੇ ਨਾਲ ਫਸਾ ਕੇ ਜੇਲ ਭੇਜਿਆ ਗਿਆ ਹੈ, ਅਸੀਂ ਉਨ੍ਹਾਂ ਦੀ ਰਿਹਾਈ ਦੀ ਮੰਗ ਕਰਦੇ ਹਾਂ। ਪੰਜਾਬ ਤੋਂ ਆਈਆਂ ਕਿਸਾਨ ਬੀਬੀਆਂ ਨੇ ਉਨ੍ਹਾਂ ਦੀਆਂ ਤਸਵੀਰਾਂ ਨੂੰ ਪੋਸਟਰ ਬਣਾ ਕੇ ਆਪਣੇ ਹੱਥਾਂ ਵਿੱਚ ਚੁੱਕ ਲਿਆ ਹੈ। ਵਰਵਰਾ ਰਾਓ, ਸੁਧਾ ਭਾਰਦਵਾਜ, ਸ਼ਰਜ਼ੀਲ ਇਮਾਮ, ਉਮਰ ਖਾਲਿਦ, ਗੌਤਮ ਨਵਲਖਾ, ਸੁਰੇਂਦਰ ਗਡਲਿੰਗ, ਖਾਲਿਦ ਸੈਫੀ, ਸਟੈਨ ਸਵਾਮੀ, ਗੌਤਨ ਗਿਲਾਨੀ, ਨਤਾਸ਼ਾ ਨਰਵਾਲ, ਦੇਵੰਗਾਨਾ ਕਾਲੀਤਾ। ਨਤਾਸ਼ਾ ਨਰਵਾਲ ਦੇ ਪਿਤਾ ਮਹਾਂਵੀਰ ਨਰਵਾਲ ਨੂੰ ਕਿਸਾਨਾਂ ਨੇ ਸਟੇਜ 'ਤੇ ਵੀ ਬੁਲਾਇਆ।
  ਕਿਸਾਨਾਂ ਨੇ ਸਰਕਾਰ ਦੇ ਤਜ਼ਵੀਜ ਨੂੰ ਰੱਦ ਕਰ ਦਿੱਤਾ। ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਨੇ ਪ੍ਰੈਸ ਕਾਨਫਰੰਸ ਕਰਕੇ ਸਰਕਾਰ ਦਾ ਪੱਖ ਪੇਸ਼ ਕੀਤਾ। ਸਰਕਾਰ ਆਪਣਾ ਪੱਖ ਪੇਸ਼ ਕਰ ਰਹੀ ਹੈ, ਪਹਿਲੇ ਦਿਨ ਤੋਂ  ਹੀ ਆਪਣਾ ਪੱਖ ਰੱਖ ਰਹੀ ਹੈ। ਕਿਸਾਨ, ਸਰਕਾਰ ਦੀਆਂ ਗੱਲਾਂ ਨੂੰ ਰੱਦ ਕਰ ਰਹੇ ਹਨ। ਇਸ ਅੰਦੋਲਨ ਦੇ ਦੌਰਾਨ ਕਈ ਕਿਸਾਨਾਂ ਦੀ ਮੌਤ ਹੋ ਜਾਣ ਦੀਆਂ ਵੀ ਖ਼ਬਰਾਂ ਆ ਰਹੀਆਂ ਹਨ। ਮੌਤ ਦੇ ਕਾਰਨ ਵੱਖੋ ਵੱਖਰੇ ਹਨ।

- 24 ਨਵੰਬਰ ਨੂੰ ਬਰਨਾਲਾ ਦੇ ਕਾਹਨ ਸਿੰਘ ਦੀ ਮੌਤ ਹੋ ਗਈ।
- 27 ਨਵੰਬਰ ਨੂੰ ਚਹਿਲਾਂਵਾਲੀ ਦੇ ਧੰਨਾ ਸਿੰਘ  ਦੀ ਮੌਤ ਹੋ ਗਈ।   
- 28 ਨਵੰਬਰ ਨੂੰ ਭੰਗੂ ਖੱਟੜਾ ਦੇ ਗੱਜਣ ਸਿੰਘ ਦੀ ਮੌਤ ਹੋ ਗਈ।   
- 29 ਨਵੰਬਰ ਨੂੰ ਬਰਨਾਲਾ ਦੇ ਜਨਕ ਰਾਜ ਦੀ ਮੌਤ ਹੋ ਗਈ।
- 30 ਨਵੰਬਰ ਨੂੰ ਅਤਰ ਸਿੰਘ ਵਾਲਾ ਦੇ ਗੁਰਦੇਵ ਸਿੰਘ ਦੀ ਮੌਤ ਹੋ ਗਈ।   
- 2 ਦਸੰਬਰ ਨੂੰ ਮਾਨਸਾ ਦੇ ਗੁਰਜੰਟ ਸਿੰਘ ਦੀ ਮੌਤ ਹੋ ਗਈ।   
- 3 ਦਸੰਬਰ ਨੂੰ ਮੋਗਾ ਦੇ ਗੁਰਬਚਨ ਸਿੰਘ ਸਿਬੀਆ ਦੀ ਮੌਤ ਹੋ ਗਈ।   
- 3 ਦਸੰਬਰ ਨੂੰ ਲੁਧਿਆਣਾ ਦੇ ਬਲਜਿੰਦਰ ਸਿੰਘ ਦੀ ਮੌਤ ਹੋ ਗਈ।   
- 4 ਦਸੰਬਰ ਨੂੰ ਬਠਿੰਡਾ ਦੇ ਲਖਵੀਰ ਸਿੰਘ ਦੀ ਮੌਤ ਹੋ ਗਈ।
- 7 ਦਸੰਬਰ ਨੂੰ ਸੰਗਰੂਰ ਦੇ ਕਰਨੈਲ ਸਿੰਘ ਦੀ ਮੌਤ ਹੋ ਗਈ
- 7 ਦਸੰਬਰ ਨੂੰ ਬਰਨਾਲਾ ਦੀ ਰਾਜਿੰਦਰ ਕੌਰ ਦੀ ਮੌਤ ਹੋ ਗਈ।    
- 8 ਦਸੰਬਰ ਨੂੰ ਗੁਰਮੇਲ ਕੌਰ, ਮੇਵਾ ਸਿੰਘ, ਅਜੈ ਕੁਮਾਰ ਅਤੇ ਲਖਵੀਰ ਸਿੰਘ ਦੀ ਮੌਤ ਹੋ ਗਈ।

       ਹੁਣ ਅਸੀਂ ਗੱਲ ਕਰਾਂਗੇ ਇਕ ਪ੍ਰਚਾਰ ਯੁੱਧ ਬਾਰੇ। ਭਾਰਤ ਸਰਕਾਰ ਅਤੇ ਬੀਜੇਪੀ ਵਾਰ-ਵਾਰ ਇੱਕ ਪੋਸਟਰ ਟਵੀਟ ਕਰ ਰਹੇ ਹਨ, ਜਿਸ ਵਿੱਚ ਕਿਹਾ ਗਿਆ ਹੈ ਕਿ ਇਸ ਸਾਲ ਝੋਨੇ ਦੀ ਵਧੇਰੇ ਖਰੀਦ ਕੀਤੀ ਗਈ ਹੈ ਅਤੇ ਜਿੰਨੀ ਵੀ ਖਰੀਦ ਕੀਤੀ ਗਈ ਹੈ ਉਸ ਵਿੱਚੋਂ ਸਭ ਤੋਂ ਵੱਧ ਖਰੀਦ ਪੰਜਾਬ ਵਿਚੋਂ ਕੀਤੀ ਗਈ ਹੈ। 60 ਪ੍ਰਤੀਸ਼ਤ। ਕੀ ਇਸ ਦਾ ਸਬੰਧ ਅੰਦੋਲਨ ਨਾਲ ਵੀ ਹੈ? ਕੀ ਸਰਕਾਰ ਜਾਣਦੀ ਸੀ ਕਿ ਪਿਛਲੇ ਕੁਝ ਮਹੀਨਿਆਂ ਤੋਂ ਪੰਜਾਬ ਵਿਚ ਕੀ ਚੱਲ ਰਿਹਾ ਹੈ, ਫਿਰ ਇਸ ਨੂੰ ਕਾਊਂਟਰ (ਮੁਕਾਬਲਾ) ਕਰਨ ਦਾ ਇਕੋ ਇਕ ਤਰੀਕਾ ਹੈ ਝੋਨੇ ਦੀ ਖਰੀਦ ਵਧਾ ਦਿੱਤੀ ਜਾਵੇ? ਇਸ ਤੋਂ ਬਾਅਦ ਵੀ ਅੰਦੋਲਨ ਕਿਉਂ ਸ਼ਾਂਤ ਨਹੀਂ ਹੋਇਆ? ਪੰਜਾਬ ਤੋਂ ਝੋਨੇ ਦੀ ਖਰੀਦ ਜੇ ਵੱਧ ਹੋਈ ਤਾਂ ਕੀ ਹਰਿਆਣਾ ਅਤੇ ਤੇਲੰਗਾਨਾ ਵਿਚ ਘੱਟ ਖਰੀਦ ਕੀਤੀ ਗਈ? ਖੇਤੀਬਾੜੀ ਮੰਤਰੀ ਆਪਣੇ ਟਵੀਟ ਵਿਚ ਇਹ ਕਿਉਂ ਨਹੀਂ ਦੱਸਦੇ ਕਿ ਇਸ ਸਾਲ ਪੰਜਾਬ ਵਾਂਗ ਹੀ ਹਰਿਆਣਾ ਅਤੇ ਤੇਲੰਗਾਨਾ ਤੋਂ ਵੀ ਝੋਨੇ ਦੀ ਖਰੀਦ ਜ਼ਿਆਦਾ ਹੋਈ ਹੈ।
       ਜਿਸ ਪੋਸਟਰ ਨੂੰ ਖੇਤੀਬਾੜੀ ਮੰਤਰੀ ਨੇ ਟਵੀਟ ਕੀਤਾ ਸੀ ਵਿਚ ਲਿਖਿਆ ਗਿਆ ਹੈ ਕਿ ਖੇਤੀਬਾੜੀ ਸੁਧਾਰ ਕਾਨੂੰਨਾਂ ਤੋਂ ਬਾਅਦ ਦੇਸ਼ ਵਿਚ ਝੋਨੇ ਦੀ ਰਿਕਾਰਡ ਖਰੀਦ ਹੋਈ ਹੈ। ਹੁਣ ਤੱਕ ਸਰਕਾਰ ਵਲੋਂ 65,111 ਕਰੋੜ ਰੁਪਏ ਮੁੱਲ ਦੀ ਝੋਨੇ ਦੀ ਖਰੀਦ ਕੀਤੀ ਗਈ ਹੈ, ਜਿਸ ਨਾਲ ਤਕਰੀਬਨ 35.03 ਲੱਖ ਕਿਸਾਨਾਂ ਨੂੰ ਲਾਭ ਪਹੁੰਚਿਆ ਹੈ। ਫਿਰ ਵੀ ਅੰਦੋਲਨ ਜਾਰੀ ਹੈ। ਹੈਰਾਨਕੁੰਨ ਚਿੰਨ੍ਹ ਵਰਤੇ ਗਏ ਹਨ। ਇਸ ਨਾਲ ਪ੍ਰੇਸ਼ਾਨ ਜਾਂ ਹੈਰਾਨ ਹੋਣ ਵਾਲੀ ਕੋਈ ਗੱਲ ਨਹੀਂ ਹੈ।
       ਇਸ ਪੋਸਟਰ ਵਿਚ ਦਿਖਾਇਆ ਗਿਆ ਹੈ ਕਿ ਇਸ ਸਾਲ 345 ਲੱਖ ਮੀਟ੍ਰਿਕ ਟਨ ਤੋਂ ਵੱਧ ਝੋਨੇ ਦੀ ਖਰੀਦ ਕੀਤੀ ਜਾ ਚੁੱਕੀ ਹੈ, ਜਿਸ ਵਿਚੋਂ 202.77 ਲੱਖ ਮੀਟ੍ਰਿਕ ਟਨ ਝੋਨਾ ਇਕੱਲੇ ਪੰਜਾਬ ਵਿਚੋਂ ਖਰੀਦਿਆ ਗਿਆ ਹੈ। ਅਤੇ ਇਹ ਵੀ ਦੱਸਿਆ ਗਿਆ ਹੈ ਕਿ ਪਿਛਲੇ ਸਾਲ ਦੇ ਮੁਕਾਬਲੇ ਇਸ ਸਾਲ ਹੁਣ ਤੱਕ 22 ਪ੍ਰਤੀਸ਼ਤ ਵਧੇਰੇ ਝੋਨੇ ਦੀ ਖਰੀਦ ਕੀਤੀ ਗਈ ਹੈ।
      ਕੀ ਸੱਚਮੁੱਚ ਇਹ ਰਿਕਾਰਡ ਖਰੀਦ ਹੈ? ਖੇਤੀਬਾੜੀ ਮੰਤਰੀ ਨੇ ਝੋਨੇ ਦਾ ਅੰਕੜਾ ਦਿੱਤਾ ਹੈ ਪਰ ਸਰਕਾਰੀ ਵੈਬਸਾਈਟ 'ਤੇ ਤੁਹਾਨੂੰ ਚਾਵਲ  ਦਾ ਮਿਲੇਗਾ। ਇਸ ਵਿਚ ਕਨਫ਼ਿਊਜ਼ (ਉਲਝਣ) ਹੋਣ ਦੀ ਜ਼ਰੂਰਤ ਨਹੀਂ ਹੈ। ਭਾਰਤ ਸਰਕਾਰ ਦੀ ਗਿਣਤੀ-ਮਿਣਤੀ ਅਨੁਸਾਰ ਇਕ ਕੁਇੰਟਲ ਝੋਨੇ ਵਿਚ 67 ਕਿਲੋਗ੍ਰਾਮ ਚਾਵਲ ਹੁੰਦਾ ਹੈ। ਇਸ ਲਈ ਤੁਸੀਂ ਝੋਨੇ ਤੋਂ ਚਾਵਲ ਅਤੇ ਚਾਵਲ ਤੋਂ ਝੋਨਾਂ ਦਾ ਹਿਸਾਬ-ਕਿਤਾਬ ਕਰ ਸਕਦੇ ਹੋ।  ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਦੀ ਤਰ੍ਹਾਂ ਕੇਂਦਰੀ ਮੰਤਰੀ ਪਿਯੂਸ਼ ਗੋਇਲ ਨੇ 5 ਦਸੰਬਰ ਦੀ ਗੱਲਬਾਤ ਤੋਂ ਪਹਿਲਾਂ ਟਵੀਟ ਕੀਤਾ ਸੀ। ਕੀ ਹਰ ਸਾਲ ਭਾਰਤ ਵਿਚ ਕੀਤੀ ਜਾਣ ਵਾਲੀ ਖਰੀਦ ਵਿਚ ਪੰਜਾਬ ਦਾ 60 ਪ੍ਰਤੀਸ਼ਤ ਹਿੱਸਾ ਹੁੰਦਾ ਹੈ? ਹੁਣ, ਇਕ ਡੇਟਾ ਦੇਖੋ ਤਾਂ ਤੁਹਾਨੂੰ ਪਤਾ ਲੱਗ ਜਾਵੇਗਾ ਕਿ ਇਸ ਸਾਲ ਪੰਜਾਬ ਤੋਂ ਝੋਨੇ ਦੀ ਖਰੀਦ ਦੁੱਗਣੀ ਕਿਉਂ ਹੋਈ ਹੈ? ਅਸੀਂ ਐਫਸੀਆਈ ਦੀ ਵੈਬਸਾਈਟ 'ਤੇ ਜਾ ਕੇ ਇਸ ਸਾਲ ਦੀ ਹੁਣ ਤੱਕ ਹੋਈ ਚਾਵਲ ਦੀ ਖਰੀਦ ਦਾ ਡੇਟਾ ਚੈੱਕ ਕੀਤਾ। ਇਸ ਸਾਲ 231.17 ਲੱਖ ਮੀਟ੍ਰਿਕ ਟਨ ਸਰਕਾਰੀ ਖਰੀਦ ਹੋਈ ਹੈ। ਇਸ ਵਿਚੋਂ 135.86 ਲੱਖ ਮੀਟ੍ਰਿਕ ਟਨ ਪੰਜਾਬ ਤੋਂ ਖਰੀਦਿਆ ਗਿਆ, ਜੋ ਕੁੱਲ ਖਰੀਦ ਦਾ 58.77% ਹੈ। ਕੀ ਹਰ ਸਾਲ ਪੰਜਾਬ ਤੋਂ ਇੰਨੀ ਹੀ ਖਰੀਦ ਹੁੰਦੀ ਹੈ? 17 ਮਾਰਚ 2020 ਨੂੰ ਮਹਾਂਬਾਲੀ ਸਿੰਘ ਵਲੋਂ ਲੋਕ ਸਭਾ ਵਿੱਚ ਪੁੱਛੇ ਗਏ ਸਵਾਲ ਦੇ ਜਵਾਬ ਵਿੱਚ, ਖੇਤੀਬਾੜੀ ਮੰਤਰੀ ਨੇ ਲਿਖਤੀ  ਰੂਪ ਵਿਚ ਜਵਾਬ ਦਿੰਦਿਆਂ ਕਿਹਾ ਸੀ ਕਿ 2017-18 ਵਿੱਚ 382 ਐਲਐਮਟੀ (ਲੱਖ ਮੀਟ੍ਰਿਕ ਟਨ) ਚਾਵਲ ਖਰੀਦਿਆ ਗਿਆ ਸੀ। ਇਸ ਵਿਚੋਂ ਸਭ ਤੋਂ ਵੱਧ ਚਾਵਲ ਪੰਜਾਬ ਤੋਂ ਆਇਆ - 118 ਐਲਐਮਟੀ। ਇਸਦਾ ਅਰਥ ਹੈ ਕੁੱਲ ਖਰੀਦ ਦਾ 31%। 2018-19 ਵਿਚ 448 ਐਲਐਮਟੀ ਚਾਵਲ ਖਰੀਦਿਆ ਗਿਆ ਸੀ. ਇਸ ਵਿਚੋਂ 114 ਐਲਐਮਟੀ ਪੰਜਾਬ ਤੋਂ ਸੀ ਭਾਵ 25.5%। 2019-20 ਵਿਚ 416 ਐਲਐਮਟੀ ਚਾਵਲ ਖਰੀਦਿਆ ਗਿਆ, ਫਿਰ ਪੰਜਾਬ ਤੋਂ 114 ਐਲਐਮਟੀ ਖਰੀਦਿਆ ਗਿਆ, ਇਹ ਕੁੱਲ ਖਰੀਦ ਦਾ 27.4% ਹੈ।
       ਇਸ ਹਿਸਾਬ ਨਾਲ ਦੇਖੀਏ ਤਾਂ ਪਿਛਲੇ ਤਿੰਨ ਸਾਲਾਂ ਤੋਂ ਪੰਜਾਬ ਵਿੱਚੋਂ 27 ਤੋਂ 31 ਪ੍ਰਤੀਸ਼ਤ ਚਾਵਲ ਦੀ ਖਰੀਦ ਕੀਤੀ ਗਈ। ਇਸ ਵਾਰ ਸਰਕਾਰ 60 ਪ੍ਰਤੀਸ਼ਤ ਝੋਨਾ ਖਰੀਦਣ ਦਾ ਦਾਅਵਾ ਕਰ ਰਹੀ ਹੈ। ਕੀ ਇਹ ਦੋਹਰੀ ਖਰੀਦ ਇਸ ਲਈ ਕੀਤੀ ਗਈ ਸੀ ਤਾਂ ਜੋ ਇੱਥੇ ਹੋ ਰਹੀ ਕਿਸਾਨ ਅੰਦੋਲਨ ਦੀ ਮੰਗ ਦਾ ਸਾਹਮਣਾ ਕੀਤਾ ਜਾ ਸਕੇ? ਪੰਜਾਬ ਦੇ ਕਿਸਾਨਾਂ ਦੇ ਜਵਾਬ ਤੁਸੀਂ ਜ਼ਰੂਰ ਸੁਣਿਆ ਹੋਣਗੇ ਉਹ ਇਹ ਹੀ ਕਹਿ ਰਹੇ ਹਨ ਕਿ ਦੋ ਇਕ-ਸਾਲ ਖਰੀਦ ਹੋਵੇਗੀ, ਪਰ ਹੌਲੀ ਹੌਲੀ ਇਸ  ਕਾਨੂੰਨ ਅਧੀਨ ਬੰਦ ਹੋ ਜਾਵੇਗੀ।
       ਇਸ ਸਮੇਂ ਦੇਸ਼ ਭਰ ਵਿੱਚ ਖਰੀਦ ਦੀ ਪ੍ਰਕਿਰਿਆ ਚੱਲ ਰਹੀ ਹੈ। ਇਹ ਅੰਕੜੇ ਭਵਿੱਖ ਵਿੱਚ ਬਦਲ ਜਾਣਗੇ। ਫਿਰ ਵੇਖਣਾ ਇਹ ਹੋਵੇਗਾ ਕਿ ਇਸ ਸਾਲ ਸਰਕਾਰ ਨੇ ਝੋਨੇ ਦੀ ਖਰੀਦ ਪਿਛਲੇ ਸਾਲ ਦੇ ਮੁਕਾਬਲੇ ਜਿਆਦਾ ਕੀਤੀ ਹੈ ਜਾਂ ਘੱਟ ਕੀਤੀ ਹੈ। ਅਜੇ ਤਾਂ ਤੁਹਾਨੂੰ ਇਹ ਹੀ ਦੱਸਿਆ ਜਾ ਰਿਹਾ ਹੈ ਕਿ ਕੀਤੀ ਗਈ ਖਰੀਦ ਵਿਚੋਂ 60 ਪ੍ਰਤੀਸ਼ਤ ਪੰਜਾਬ ਤੋਂ ਹੋਈ  ਹੈ। ਹੁਣ ਇਕ ਹੋਰ ਸਵਾਲ, ਹੁਣ ਤੱਕ ਦੇਸ਼ ਵਿਚ ਕੀਤੀ ਗਈ ਖਰੀਦ ਦਾ 60 ਪ੍ਰਤੀਸ਼ਤ ਪੰਜਾਬ ਤੋਂ ਹੈ, ਤਾਂ ਕੀ ਫਿਰ ਦੂਜੇ ਰਾਜਾਂ ਵਿਚ ਵੀ ਖਰੀਦ ਇਸੇ ਤਰ੍ਹਾਂ ਵਧੀ ਹੈ? ਹਰਿਆਣਾ ਅਤੇ ਤੇਲੰਗਾਨਾ ਦੇ ਹੁਣ ਤੱਕ ਦੇ ਅੰਕੜੇ ਦਰਸਾਉਂਦੇ ਹਨ ਕਿ ਹੁਣ ਤੱਕ ਝੋਨੇ ਦੀ ਖਰੀਦ ਵਿੱਚ ਕਮੀ ਆਈ ਹੈ। ਝੋਨੇ ਦੀ ਇੱਕ ਉਦਾਹਰਣ ਦੇ ਰਿਹਾ ਹਾਂ, ਤੇਲੰਗਾਨਾ ਵਿੱਚ ਪਿਛਲੇ ਸਾਲ 111.26 ਲੱਖ ਮੀਟ੍ਰਿਕ ਟਨ ਝੋਨਾ ਖਰੀਦਿਆ ਗਿਆ ਸੀ। ਐਫਸੀਆਈ ਦੇ ਅਨੁਸਾਰ ਇਸ ਸਾਲ ਹੁਣ ਤੱਕ ਸਿਰਫ 22.81 ਲੱਖ ਮੀਟ੍ਰਿਕ ਟਨ ਝੋਨੇ ਦੀ ਖਰੀਦ ਹੋਈ ਹੈ। ਕੀ ਪੰਜਾਬ ਵਿੱਚ ਜ਼ਿਆਦਾ ਖਰੀਦਾਰੀ ਦੀ ਕੀਮਤ ਤੇਲੰਗਾਨਾ ਨੂੰ ਚੁਕਾਉਣੀ ਪੈ ਰਹੀ ਹੈ?
     ਖੇਤੀਬਾੜੀ ਮੰਤਰੀ ਹਰਿਆਣਾ ਅਤੇ ਤੇਲੰਗਾਨਾ ਵਿਚ ਝੋਨੇ ਦੀ ਖਰੀਦ ਦੇ ਅੰਕੜਿਆਂ ਨੂੰ ਟਵੀਟ ਕਿਉਂ ਨਹੀਂ ਕਰਦੇ? ਉੱਥੋਂ ਦੇ ਕਿਸਾਨ ਵੀ ਇਸ ਅੰਦੋਲਨ ਵਿਚ ਸ਼ਾਮਲ ਹਨ। ਜਦੋਂ ਤੁਸੀਂ ਭਾਰਤ ਸਰਕਾਰ ਦੇ ਖੁਰਾਕ ਅਤੇ ਜਨਤਕ ਵੰਡ ਵਿਭਾਗ (ਡਿਪਾਰਟਮੈਂਟ ਆਫ ਫੁਡ ਐਂਡ ਪਬਲਿਕ ਡਿਸਟਰੀਬਿਊਸ਼ਨ) ਦੀ ਵੈਬਸਾਈਟ 'ਤੇ ਜਾਂਦੇ ਹੋ, ਤਾਂ ਤੁਸੀਂ ਦੇਖੋਗੇ ਕਿ ਸਰਕਾਰ ਕਦੇ ਵੀ ਚਾਵਲ ਦੀ ਪੈਦਾਵਾਰ ਦਾ 50 ਪ੍ਰਤੀਸ਼ਤ ਵੀ ਨਹੀਂ ਖਰੀਦਦੀ, ਉਸ ਦੀ ਖਰੀਦ 45 ਪ੍ਰਤੀਸ਼ਤ ਤੋਂ ਘੱਟ ਹੀ ਹੁੰਦੀ ਹੈ।

      ਖੇਤੀਬਾੜੀ ਮੰਤਰੀ ਇਹ ਦੱਸ ਦਿੰਦੇ ਕਿ ਪੰਜਾਬ ਵਿਚੋਂ ਜੋ ਝੋਨਾ ਖਰੀਦਿਆ ਗਿਆ ਹੈ ਉਸ ਵਿਚੋਂ 6 ਪ੍ਰਤੀਸ਼ਤ ਝੋਨਾ ਯੂ ਪੀ ਬਿਹਾਰ ਤੋਂ ਲਿਆਂਦਾ ਗਿਆ ਹੈ, ਤਾਂ ਕੀ ਯੂ ਪੀ ਅਤੇ ਬਿਹਾਰ ਵਿਚ ਵੀ ਪੰਜਾਬ ਵਰਗੀ ਮੰਡੀ ਹੋਣੀ ਚਾਹੀਦੀ ਹੈ ਕਿ ਨਹੀਂ ? ਜੇ ਤੁਸੀਂ ਆਪਣਾ ਜ਼ੀਵਨ ਵਟਸਐਪ ਯੂਨੀਵਰਸਿਟੀ ਅਤੇ ਗੋਦੀ ਮੀਡੀਆ ਦੇ ਰਾਸ਼ਟਰਵਾਦ ਲਈ ਸਮਰਪਿਤ ਕਰ ਦਿੱਤਾ ਹੈ, ਤਾਂ ਕੋਈ ਗੱਲ ਨਹੀਂ। ਪਰ ਕੁਝ ਸੋਚੋ। ਇਕ ਹੋਰ ਡਾਟਾ ਦਿਲਚਸਪ ਹੈ, ਮੱਧ ਪ੍ਰਦੇਸ਼ ਵਿਚ ਇਸ ਸਾਲ ਚੋਣਾਂ ਹੋਣੀਆਂ ਸਨ, ਜਿਸ 'ਤੇ ਰਾਜ ਸਰਕਾਰ ਦਾ ਭਵਿੱਖ ਨਿਰਭਰ ਕਰਦਾ ਸੀ। ਮੱਧ ਪ੍ਰਦੇਸ਼ ਤੋਂ ਕੇਂਦਰ ਸਰਕਾਰ ਹਰ ਸਾਲ 60-65 ਲੱਖ ਮੀਟ੍ਰਿਕ ਟਨ ਕਣਕ ਦੀ ਖਰੀਦ ਕਰਦੀ ਹੈ। ਇਸ ਸਾਲ 129 ਲੱਖ ਮੀਟ੍ਰਿਕ ਟਨ ਕਣਕ ਦੀ ਖਰੀਦ ਕੀਤੀ ਗਈ ਹੈ। ਇਸ ਸਾਲ ਪਿਛਲੇ ਸਾਲ ਨਾਲੋਂ ਲਗਭਗ ਦੁੱਗਣੀ ਖਰੀਦ ਹੋਈ ਹੈ, ਕੀ ਇਸ ਦਾ ਸਬੰਧ ਉੱਥੇ ਹੋਈਆਂ ਚੋਣਾਂ ਨਾਲ ਹੈ? ਜੇ ਤੁਸੀਂ ਕਹਿੰਦੇ ਹੋ ਤਾਂ ਮੈਂ ਮੰਨ ਲੈਂਦਾ ਹਾਂ ਕਿ ਚੋਣਾਂ ਨਾਲ ਕੋਈ ਸਬੰਧ ਨਹੀਂ ਹੈ। ਉਂਜ ਆਪਣੇ ਆਪ ਨਾਲ ਕੀਤੀ ਜਾਣ ਵਾਲੀ ਘਰ ਦੀ ਗੱਲ ਅੰਦਰ ਮੈਂ ਕਦੀਂ ਨਹੀਂ ਮੰਨਾਂਗਾ। ਘਰ ਦੀ ਗੱਲ ਮੇਰਾ ਪਰਸਨਲ ਸਪੇਸ ਹੈ, ਤੁਹਾਨੂੰ ਇਤਰਾਜ਼ ਵੀ ਨਹੀਂ ਹੋਣਾ ਚਾਹੀਦਾ।

ਮਿੱਟੀ ਦਾ ਮੋਹ  - ਕੇਹਰ ਸ਼ਰੀਫ਼

ਮਿੱਟੀ ਨਾਲ ਮਿੱਟੀ ਹੋ ਕੇ
ਮਿੱਟੀ 'ਚੋਂ ਅੰਨ ਪੈਦਾ ਕਰਦੇ
ਸਭ ਦਾ ਡਿੱਡ ਭਰਦੇ
ਅੰਨ ਦਾਤੇ ਨੂੰ ਮੁਨਾਫੇ ਦੇ ਲੋਭ 'ਚ
ਮਿੱਟੀ ਕਰਨ 'ਤੇ ਤੁੱਲਿਆ ਹੋਇਆ
ਲੋਟੂ ਸ਼ਾਹੂਕਾਰਾਂ ਦੀਆਂ ਗਿਰਝਾਂ ਦਾ ਟੋਲਾ।

ਹਰ ਮੌਸਮ ਨਾਲ ਝਗੜਨ ਵਾਲਾ
ਹਰ ਮੌਸਮ ਨੂੰ ਬਦਲਣ ਵਾਲਾ
ਬਾਬਾ ਅਸਮਾਨ ਵੱਲ ਤੱਕਦਾ ਹੈ
ਤੇ ਉੱਠ ਤੁਰਦਾ ਹੈ ਆਪਣੇ ਰਾਹ
ਜੋ ਵਡੇਰਿਆਂ ਨੇ ਸਿਰਜਿਆ ਸੀ
ਆਪਣੇ ਵਿਰਸੇ ਦਾ ਲੜ ਫੜਕੇ
ਆਪਣੇ ਹੱਕਾਂ ਦੀ ਪੈੜ ਨੱਪਦਿਆਂ
ਲਲਕਾਰਦਾ ਹੋਇਆ ਆਖਦਾ ਹੈ

ਸਾਡੇ ਸੁਪਨਿਆਂ ਨੂੰ ਕਤਲ ਕਰਨ ਦਾ
ਸੁਪਨਾ ਲੈਣ ਵਾਲਿਉ
ਸਾਡਾ ਤਾਂ ਇਕ ਪੋਰਸ ਹੀ ਮਾਣ ਨਹੀਂ ਸੀ
ਅਸੀਂ ਬਹੁਤ ਸਾਰੇ ਉਸਦੇ ਵਾਰਿਸ ਇਕੱਠੇ ਹਾਂ
ਤੁਹਾਨੂੰ ਪਤਾ ਹੀ ਹੈ ਕਿ
ਸਿਕੰਦਰ-ਏ - ਆਜ਼ਮ ਕਹਾਉਣ ਵਾਲੇ ਦਾ
ਮੂੰਹ ਮੋੜਨਾ ਵੀ ਅਸੀਂ ਜਾਣਦੇ ਹਾਂ
ਇਹ ਇਸੇ ਧਰਤੀ 'ਤੇ ਵਾਪਰਿਆ ਸੀ।

ਇਹ ਜੋ ਤੁਸੀਂ ਕਹਿੰਦੇ ਹੋ ਕਿ ਅਸੀਂ  
ਆਪਣਾ ਆਪ ਤੁਹਾਡੇ ਹਵਾਲੇ ਕਰ ਦੇਈਏ
ਇਹ ਸਾਨੂੰ ਨਹੀਂ ਪੁੱਗਦਾ
 ਅਸੀਂ ਆਪਣੀ ਬਰਬਾਦੀ ਵਾਲੀ ਵਹੀ 'ਤੇ
ਅੰਗੂਠਾ ਕਿਵੇਂ ਲਾ ਸਕਦੇ ਹਾਂ ?

ਸਾਡੇ ਸੇਵਾਦਾਰ ਹੋ ਕੇ, ਸਾਨੂੰ ਅੱਖਾਂ ਨਾ ਵਿਖਾਉ
ਅਸੀਂ ਹਰ ਹਾਲ ਲੜਾਂਗੇ, ਅਸੀਂ ਹਰ ਹਾਲ ਜਿਤਾਂਗੇ
ਅਸੀਂ ਆਪਣੇ ਵਡੇਰਿਆਂ ਤੋਂ, ਇਹ ਹੀ ਸਿੱਖਿਆ ਹੈ
ਕਿ ਕਿਸੇ ਖੱਬੀ-ਖਾਨ ਦੀ ਵੀ ਟੈਂਅ ਨਹੀਂ ਮੰਨਣੀ
ਆਪਣੇ ਹੱਕਾਂ ਖਾਤਿਰ
ਆਪਣੀ ਹੋਂਦ ਖਾਤਿਰ
ਆਪਣੀ ਅਣਖ ਖਾਤਿਰ
ਲੜਦਿਆਂ ਮਰ ਜਾਣਾ
ਤੇ ਮਰ ਕੇ ਵੀ ਜੀਊਂਦੇ ਰਹਿਣਾ
ਆਪਣੀਆਂ ਆਉਣ ਵਾਲੀਆਂ, ਨਸਲਾਂ ਵਾਸਤੇ
ਪ੍ਰੇਰਨਾ ਬਣੇ ਰਹਿਣਾ
ਇਹੋ ਸਾਡਾ ਵਿਰਸਾ ਹੈ / ਇਹੋ ਸਾਡੀ ਵਿਰਾਸਤ
ਸਾਡੀ ਮਿੱਟੀ ਦੀ ਇਹੋ ਤਾਸੀਰ ਰਹੀ ਹੈ
ਇਸ ਤਾਸੀਰ ਨੂੰ ਜੀਊਂਦਾ ਰੱਖਣਾ
ਸਾਡੀ ਜੁੰਮੇਵਾਰੀ ਵੀ ਤਾਂ ਹੈ ।

ਇਹ ਕੋਈ ਸਾਧਾਰਨ ਜੰਗ ਨਹੀਂ
ਇਤਿਹਾਸ ਦਾ ਲੜ ਫੜਕੇ ਬੈਠੇ ਹਨ ਸਾਰੇ
ਮਾਈ ਭਾਗੋ ਤੇ ਮਾਤਾ ਗੁਲਾਬ ਕੌਰ ਦੀਆਂ ਵਾਰਸ ਬੀਬੀਆਂ
ਅੱਜ ਫੇਰ ਜੰਗ ਦੇ ਮੈਦਾਨੇ ਉਤਰੀਆਂ ਨੇ
ਕਰਤਾਰ ਸਰਾਭੇ, ਊਧਮ ਸਿੰਘ, ਭਗਤ ਸਿੰਘ ਦੇ ਵਾਰਿਸ
ਆਪਣੇ ਫ਼ਰਜ਼ਾਂ ਨੂੰ ਪਹਿਚਾਣ ਕੇ
ਧਨਵਾਨਾਂ ਦੇ ਆਖੇ ਲੱਗੀ
ਕਾਰਪੋਰੇਟੀ ਸੱਤਾ ਦੀ ਸਿਆਸਤ ਦੇ ਖਿਲਾਫ
ਨਾਬਰੀ ਦਾ ਹੋਕਾ ਉੱਚਾ ਹੋਇਆ ਹੈ
ਪਿੰਡਾਂ, ਕਾਲਜਾਂ, ਯੂਨੀਵਰਸਿਟੀਆਂ ਤੋਂ, ਏਥੇ ਪਹੁੰਚ ਗਏ ਹਨ
ਦਗਦੇ, ਮਘਦੇ ਚਿਹਰਿਆਂ ਤੇ ਹੱਕ-ਸੱਚ ਦੇ ਨਾਅਰਿਆਂ ਨਾਲ
ਉਹ ਦੁੱਲਾ ਭੱਟੀ ਨੂੰ ਚੇਤੇ ਕਰਦੇ ਹਨ
ਪੂਰਨ ਪੁੱਤ ਹੁਣ ਸਾਧ ਨਹੀਂ ਹੁੰਦੇ, ਸੰਘਰਸ਼ੀ ਹੋ ਗਏ ਹਨ।

ਪਿੰਡ ਠੰਢੀਆਂ/ਠਰੀਆਂ ਸੜਕਾਂ 'ਤੇ ਬੈਠਾ ਹੈ
ਸ਼ਹਿਰ ਵੀ ਨਾਲ ਸਾਥ ਦੇ ਰਿਹਾ ਹੈ
ਸਾਰਿਆਂ ਦਾ ਇਹ ਹੀ ਕਹਿਣਾ ਹੈ
ਅਸੀਂ ਆਪਣੀ ਮਿੱਟੀ ਦੇ ਮੋਹ ਲਈ, ਲੜਦੇ ਰਹਾਂਗੇ
ਆਪਣੇ ਆਖਰੀ ਸਾਹਾਂ ਤੱਕ।
ਅਸੀਂ ਟੁੱਟ ਸਕਦੇ ਹਾਂ, ਪਰ
ਸਾਥੋਂ ਝੁਕ ਜਾਣ ਦੀ ਆਸ ਨਾ ਰੱਖਿਉ
ਸਾਡੀ ਮਿੱਟੀ ਦੇ ਮੋਹ ਦਾ ਇਹੋ ਦਸਤੂਰ ਰਿਹਾ ਹੈ
ਅਸੀਂ ਆਪਣੇ ਦਸਤੂਰ ਦਾ ਨਿਰਾਦਰ ਨਹੀਂ ਕਰਾਂਗੇ।
ਇਹੋ ਸਾਡਾ ਪਰਚਮ ਰਿਹਾ ਹੈ ਤੇ ਇਹੋ ਸਾਡਾ ਨਾਅਰਾ
ਆਪਣੇ ਹੱਕਾਂ ਖਾਤਰ ਡਟੇ ਰਵ੍ਹਾਂਗੇ
ਆਪਣੇ ਆਖਰੀ ਸਾਹਾਂ ਤੱਕ।
ਅਸੀਂ ਲੜਾਂਗੇ, ਅਸੀਂ ਜਿੱਤਾਂਗੇ।

ਸੰਘਰਸ਼ਾਂ ਦਾ ਸਾਥ ਦੇਣ ਲਈ ਪ੍ਰਣ ਕਰਨ ਦਾ ਦਿਹਾੜਾ - ਪਹਿਲੀ ਮਈ - ਕੇਹਰ ਸ਼ਰੀਫ਼

ਹੱਕ-ਸੱਚ ਵਾਸਤੇ ਕੀਤੀਆਂ ਕੁਰਬਾਨੀਆਂ ਭਰੇ ਇਸ ਇਤਿਹਾਸਕ ਦਿਹਾੜੇ ਨੂੰ ਦੁਨੀਆਂ ਭਰ ਦੇ ਕਿਰਤ ਕਰਨ ਵਾਲੇ ਭਾਈ ਲਾਲੋ ਹਰ ਵਰ੍ਹੇ ਹੀ ਪ੍ਰਣ ਦਿਵਸ ਵਜੋਂ ਮਨਾਉਂਦੇ ਹਨ। ਬਹੁਤ ਲੰਮੇ ਸਮੇਂ ਤੋਂ ਇਹ ਕਿਰਤੀਆਂ ਦਾ ਕੌਮਾਂਤਰੀ ਤਿਉਹਾਰ ਬਣ ਚੁੱਕਾ ਹੈ, ਕਿਉਂਕਿ ਇਸ ਦੇ ਪਿੱਛੇ ਉਨ੍ਹਾਂ ਦੇ ਆਪਣੇ ਕੀਤੇ ਕੰਮ ਦੀ ਰਾਖੀ ਦੇ ਸੰਘਰਸ਼ਾਂ ਦਾ ਲੰਮਾ ਇਤਿਹਾਸ ਹੈ ਜੋ ਲਗਾਤਾਰ ਅਜੇ ਵੀ ਚੱਲ ਰਿਹਾ ਹੈ ਅਤੇ ਇਹ ਘੋਲ ਚੱਲਦਾ ਰਹੇਗਾ ਜਦੋਂ ਤੱਕ ਕੰਮ ਕਰਨ ਵਾਲੇ ਆਪਣੇ ਹੱਕਾਂ ਨੂੰ ਪ੍ਰਾਪਤ ਕਰਕੇ ਸੁਖ ਦੀ ਰੋਟੀ ਨਾ ਖਾਣ ਲੱਗ ਪੈਣ। ਜਦੋਂ ਤੱਕ ਇਨਸਾਫ ਦੇਣ ਵਾਲੇ ਭਾਈਚਾਰਕ ਬਰਾਬਰੀ ਵਾਲੇ ਸਮਾਜ ਦੀ ਸਿਰਜਣਾ ਨਹੀਂ ਹੋ ਜਾਂਦੀ।
        ਗੱਲ ਸਵਾ ਕੁ ਸਦੀ ਤੋਂ ਕੁੱਝ ਵੱਧ ਪੁਰਾਣੀ ਹੈ ਕਿ ਮਜਦੂਰਾਂ ਨੂੰ ਸਿਰਫ ਕੰਮ ਕਰਨ ਜੋਗੇ ਹੀ ਸਮਝਿਆ ਜਾਂਦਾ ਸੀ। ਉਨ੍ਹਾਂ ਦੇ ਜੀਵਨ ਅਤੇ ਖਾਹਿਸ਼ਾਂ ਦਾ ਕਿਸੇ ਭੜੂਏ ਨੂੰ ਕੋਈ ਫਿਕਰ ਨਹੀਂ ਸੀ। ਅਠਾਰ੍ਹਾਂ-ਵੀਹ ਘੰਟੇ ਰੋਜ਼ਾਨਾ ਕੰਮ ਕਰਨਾ ਬਹੁਤ ਸਾਰਿਆਂ ਦਾ ''ਨਸੀਬ" ਬਣ ਚੁੱਕਾ ਸੀ। ਖਾਣ-ਪੀਣ, ਸੌਣ-ਪੈਣ, ਅਰਾਮ ਜਾਂ ਜ਼ਿੰਦਗੀ ਜੀਊਣ ਜੋਗਾ ਸਮਾਂ ਹੀ ਕੌਣ ਦਿੰਦਾ ਸੀ ਉਨ੍ਹਾਂ ਨੂੰ। ਜਦੋਂ ਪਾਣੀ ਗਲ਼ੋਂ ਉੱਪਰ ਚਲਾ ਜਾਵੇ ਤਾਂ ਮਨੁੱਖ ਜੀਊਣ ਲਈ ਚਾਰਾ ਕਰਦਾ ਹੈ। ਮਜ਼ਦੂਰਾਂ ਦੀ ਅਜਿਹੀ ਸਥਿਤੀ ਦੇ ਸਬੰਧ 'ਚ ਮਾਈਕਲ ਸ਼ਾਅਦ ਦੇ ਸ਼ਬਦ ਚੇਤੇ ਕਰਨੇ ਚਾਹੀਦੇ ਹਨ ''ਲੱਖਾਂ ਮਜ਼ਦੂਰ ਭੁੱਖੇ ਮਰ ਰਹੇ ਹਨ ਤੇ ਉਹ ਅਵਾਰਾਗਰਦਾਂ ਵਰਗਾ ਜੀਵਨ ਬਤੀਤ ਕਰ ਰਹੇ ਹਨ। ਅਜਿਹੀ ਸਥਿਤੀ ਵਿਚ ਸਭ ਤੋਂ ਜ਼ਾਹਿਲ ਉਜਰਤੀ ਗੁਲਾਮ ਵੀ ਸੋਚਣਾ ਸ਼ੁਰੂ ਕਰ ਦਿੰਦਾ ਹੈ। ਸਾਂਝੀ ਮੁਸੀਬਤ ਉਨ੍ਹਾਂ ਨੂੰ ਸਪਸ਼ਟ ਕਰ ਦਿੰਦੀ ਹੈ ਕਿ ਉਹ ਹਰ ਹੀਲੇ ਇਕੱਠੇ ਹੋਣ ਤੇ ਉਹ ਹੋ ਜਾਂਦੇ ਹਨ"। ਉਦੋਂ ਮਜ਼ਦੂਰਾਂ ਦੀ ਇਹ ਸਥਿਤੀ ਸੀ।
        ਜਦੋਂ ਸਰਮਾਏਦਾਰਾਂ ਨੇ ਮਜਦੂਰਾਂ ਉੱਤੇ ਅਸਹਿ ਅਤੇ ਅਕਹਿ ਜੁਲਮ ਢਾਹੁਣੇ ਜਾਰੀ ਰੱਖੇ ਤਾਂ ਕਾਮਿਆਂ ਨੇ ਛੋਟੇ ਛੋਟੇ ਗਰੁੱਪਾਂ ਰਾਹੀਂ ਸੋਚਣਾ ਸ਼ੁਰੂ ਕੀਤਾ ਕਿ ਅਜਿਹੀ ਜਾਲਮ ਸਥਿਤੀ ਵਿਚ ਜੀਊਣ ਦਾ ਸਬੱਬ ਕਿਵੇਂ ਬਣੇ, ਕਿਵੇਂ ਉਹ ਆਪਣੇ ਬਾਲ-ਬੱਚੇ ਪਾਲਣ ਆਦਿ। ਕੁਦਰਤੀ ਹੀ ਉਨ੍ਹਾਂ ਨੇ ਆਪਣੇ ਕਦਮ ਮਜ਼ਦੂਰ ਏਕੇ ਵੱਲ ਵਧਾਏ। 1881 ਵਾਲੇ ਦਹਾਕੇ ਵਿਚ ਮਜ਼ਦੂਰਾਂ ਨੇ ਆਪਣੇ ਆਪ ਨੂੰ 12 ਘੰਟੇ ਦੀ ਕੰਮ ਦਿਹਾੜੀ ਨੂੰ 8 ਘੰਟੇ ਦੀ ਕੰਮ ਦਿਹਾੜੀ ਦੀ ਮੰਗ ਦੁਆਲ਼ੇ ਜਥੇਬੰਦ ਕਰਨਾ ਸ਼ੁਰੂ ਕਰ ਦਿੱਤਾ, ਉਂਜ ਭਾਵੇਂ ਇਹ ਮੰਗ 1866 ਤੋਂ ਉੱਠੀ ਸੀ ਜਿਸ ਦਾ ਲਗਾਤਾਰ ਪ੍ਰਚਾਰ ਹੁੰਦਾ ਰਿਹਾ। 1885 ਤੱਕ 8 ਘੰਟੇ ਕੰਮ ਦੀ ਕੰਮ ਦਿਹਾੜੀ ਵਾਲੀ ਮੰਗ ਹਰ ਕਿਸੇ ਦੀ ਜ਼ੁਬਾਨ 'ਤੇ ਚੜ੍ਹ ਗਈ ਸੀ ਤੇ ਜਨਤਕ ਰੂਪ ਧਾਰ ਗਈ ਸੀ। ਅਮਰੀਕਾ ਦੇ ਸਾਰੇ ਵੱਡੇ ਸਨਅਤੀ ਕੇਂਦਰਾਂ 'ਚ ਮਜ਼ਦੂਰਾਂ ਵਲੋਂ ਮੁਜ਼ਾਹਰੇ ਹੋਏ। ਫੇਰ 1886 ਦੇ ਸ਼ੁਰੂ ਤੋਂ ਹੀ ਅਮਰੀਕਾ ਦੇ ਇਕ ਸਿਰੇ ਤੋਂ ਦੂਜੇ ਸਿਰੇ ਭਾਵ ਨਿਊਯਾਰਕ ਤੋਂ ਸਾਨਫਰਾਂਸਿਸਕੋ ਤੱਕ ਆਮ ਮੁਜ਼ਾਹਰੇ ਹੋਏ, ਪਰ ਘੋਲ ਦਾ ਕੇਂਦਰ ਸ਼ਹਿਰ ਸ਼ਿਕਾਗੋ ਸੀ।
       ਪਹਿਲੀ ਮਈ 1886 ਨੂੰ ਸ਼ਿਕਾਗੋ ਦੀ ਹੇਅ ਮਾਰਕੀਟ ਦੇ ਦੁਆਲੇ ਕਾਮੇ ਇਕੱਠੇ ਹੋਏ। ਇਸ ਦਿਨ 80 ਹਜਾਰ ਮਜ਼ਦੂਰਾਂ ਨੇ ਆਪਣੀਆਂ ਮੰਗਾਂ ਦੇ ਨਾਅਰਿਆਂ ਨਾਲ ਸ਼ਹਿਰ ਦੀਆਂ ਸੜਕਾਂ ਗੂੰਜਣ ਲਾ ਦਿੱਤੀਆਂ। ਇਹ ਮੁਜ਼ਾਹਰੇ ਅਗਲੇ ਦੋ ਦਿਨ ਵੀ ਜਾਰੀ ਰਹੇ ਪਰ ਤਿੰਨ ਮਈ ਨੂੰ ਪੁਲੀਸ ਨੇ ਬਿਨਾ ਕਿਸੇ ਭੜਕਾਹਟ ਦੇ ਅਤੇ ਬਿਨਾਂ ਕਿਸੇ ਵਾਰਨਿੰਗ ਤੋਂ ਹੱਕ ਮੰਗਦੇ ਨਿਹੱਥੇ ਮਜਦੂਰਾਂ 'ਤੇ ਗੋਲੀ ਚਲਾ ਦਿੱਤੀ ਜਿਸ ਨਾਲ 6 ਮਜ਼ਦੂਰਾਂ ਦੀ ਮੌਤ ਹੋ ਗਈ ਅਤੇ 50 ਤੋਂ ਵੱਧ ਜਖ਼ਮੀ ਹੋ ਗਏ। 4 ਮਈ ਨੂੰ ਪੁਲੀਸ ਵਲੋਂ ਹੋਏ ਇਸ ਵਹਿਸ਼ੀ ਜਬਰ ਦੇ ਖਿਲਾਫ ਸ਼ਹਿਰ ਦੇ ਕੇਂਦਰੀ ਚੌਕ ਵਿਚ ਰੈਲੀ ਹੋਈ। ਇਸ ਰੈਲੀ ਵਿਚ ਕਿਸੇ ਹੜਤਾਲ ਤੋੜਨ ਵਾਲੇ ਸਰਕਾਰੀ ਏਜੰਟ ਨੇ ਭੜਕਾਹਟ ਪੈਦਾ ਕਰਨ ਵਾਸਤੇ ਬੰਬ ਸੁੱਟ ਦਿੱਤਾ। ਇਕ ਪੁਲਸੀਆ ਮਾਰਿਆ ਗਿਆ, ਪੰਜ ਹੋਰ ਵਿਅਕਤੀ ਜ਼ਖ਼ਮੀ ਹੋ ਗਏ। ਸਰਕਾਰ ਨੇ ਮੌਕਾ ਤਾੜ ਕੇ ਮਜਦੂਰ ਜਮਾਤ ਨੂੰ ਖੂਬ ਭੰਡਿਆ। ਮਜਦੂਰਾਂ ਤੇ ਅੰਨ੍ਹਾਂ ਤਸ਼ੱਦਦ ਕੀਤਾ ਅਤੇ ਬਹੁਤ ਸਾਰੀਆਂ ਗ੍ਰਿਫਤਾਰੀਆਂ ਕੀਤੀਆਂ ਗਈਆਂ। ਆਖਰ ਝੂਠ ਦੇ ਪੁੱਤਰ ਬੇਈਮਾਨ ਸਰਕਾਰੀ ਅਧਿਕਾਰੀਆਂ ਨੇ ਕਾਲੇ ਦਿਲਾਂ ਵਾਲੇ ਭਾੜੇ ਦੇ ਟੱਟੂ ਪੈਸੇ ਨਾਲ ਖਰੀਦ ਕੇ ਝੂਠ ਦਾ ਜਾਲ ਬੁਣਿਆਂ। ਕਹੇ ਜਾਂਦੇ ''ਇਨਸਾਫ ਦੇ ਫਰਿਸ਼ਤਿਆਂ" ਅੱਗੇ ਖਰੀਦੇ ਹੋਏ ਪੁਲੀਸ ਟਾਊਟਾਂ ਨੂੰ ਗਵਾਹਾਂ ਦੇ ਰੂਪ ਵਿਚ ਪੇਸ਼ ਕਰਕੇ ਘੜੇ ਘੜਾਏ ਫਤਵਿਆਂ ਰਾਹੀਂ ਬੇਕਸੂਰ ਮਜਦੂਰ ਆਗੂਆਂ ਨੂੰ ਫਾਂਸੀ ਦੀਆਂ ਸਜਾਵਾਂ ਸੁਣਾਈਆਂ। 11 ਨਵੰਬਰ 1887 ਨੂੰ ਅਲਬਰਟ ਪਾਰਸਨ, ਔਗਸਤ ਸਪਾਈਸ, ਜਾਰਜ ਏਂਜਲ ਅਤੇ ਅਡੋਲਫ ਫਿਸ਼ਰ ਨੂੰ ਫਾਂਸੀ 'ਤੇ ਲਟਕਾ ਦਿੱਤਾ ਗਿਆ। ਉਨ੍ਹਾਂ ਸੂਰਮਿਆਂ ਨੇ ਆਪਣੀਆਂ ਜਾਨਾਂ ਆਪਣੇ ਲੋਕਾਂ ਅਤੇ ਆਪਣੇ ਕਾਜ਼ ਨੂੰ ਭੇਟ ਕਰ ਦਿੱਤੀਆਂ। ਫਾਂਸੀ ਦੇ ਤਖ਼ਤੇ ਵੱਲ ਵਧਦਿਆਂ ਔਗਸਤ ਸਪਾਈਸ ਦੇ ਅੰਤਮ ਸ਼ਬਦ ਸਨ - ''ਇਕ ਸਮਾਂ ਆਵੇਗਾ, ਜਦੋਂ ਸਾਡੀ ਚੁੱਪ, ਸਾਡੇ ਸ਼ਬਦਾਂ ਨਾਲੋਂ ਜ਼ਿਆਦਾ ਬੋਲੇਗੀ।''
        ਦੂਜੀ ਕੌਮਾਂਤਰੀ ਦੀ ਕਾਂਗਰਸ ਨੇ 1889 ਵਿਚ ਪਹਿਲੀ ਮਈ ਨੂੰ ਮਜਦੂਰਾਂ ਦੇ ਇਕਮੁੱਠਤਾ ਦਿਵਸ ਦੇ ਤੌਰ 'ਤੇ ਮਨਾਉਣ ਦਾ ਫੈਸਲਾ ਲਿਆ। 1890 ਤੋਂ ਪਹਿਲੀ ਮਈ ਦਾ ਦਿਹਾੜਾ ਸ਼ਹੀਦਾਂ ਦੀ ਯਾਦ ਵਜੋਂ ਸੰਸਾਰ ਪੱਧਰ 'ਤੇ ਮਨਾਇਆ ਜਾਂਦਾ ਹੈ ਜੋ ਮਜਦੂਰਾਂ ਦੀ ਕੌਮਾਂਤਰੀ ਸਾਂਝ ਨੂੰ ਤਕੜਿਆ ਕਰਦਾ ਹੈ। ਦੁਨੀਆਂ ਭਰ ਵਿਚ ਇਕ-ਦੋ ਦੇਸ਼ਾਂ ਨੂੰ ਛੱਡ ਕੇ ਇਸ ਦਿਨ ਸਰਕਾਰੀ ਛੁੱਟੀ ਹੁੰਦੀ ਹੈ। ਹਰ ਥਾਵੇਂ ਲੋਕ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਦੇ ਹਨ।
       ਅੱਜ ਪਹਿਲਿਆਂ ਸਮਿਆਂ ਨਾਲੋਂ ਸੰਸਾਰ ਸਥਿਤੀ ਹੀ ਨਹੀਂ ਮਜਦੂਰਾਂ ਦੀ ਹਾਲਤ ਵੀ ਬਦਲੀ ਹੈ ਪਰ ਬੁਨਿਆਦੀ ਸਵਾਲਾਂ ਅੰਦਰ ਕਿੰਨੀ ਤਬਦੀਲੀ ਆਈ ਹੈ। ਇੱਥੇ ਸਰਮਾਏਦਾਰੀ ਦੇ ਖਾਸੇ ਬਾਰੇ ਦੁਨੀਆਂ ਦੇ ਮਹਾਨ ਚਿੰਤਕ ਕਾਰਲ ਮਾਰਕਸ ਦੇ ਵਿਚਾਰ ਚੇਤੇ ਕਰਨੇ ਬਹੁਤ ਸਾਰਥਕ ਹਨ - ਮਾਰਕਸ ਨੇ ਲਿਖਿਆ ਸੀ :

“ ਸਰਮਾਏਦਾਰੀ ਜਿੱਥੇ ਵੀ ਹੋਂਦ ਵਿਚ ਆਈ ਹੈ ਉੱਥੇ ਹੀ ਇਸ ਨੇ ਜਗੀਰੂ, ਪਿਤਾ-ਪੁਰਖੀ ਅਤੇ ਆਦਰਸ਼ਕ ਪੇਂਡੂ ਰਿਸ਼ਤਿਆਂ ਨੂੰ ਤਬਾਹ ਕਰ ਦਿੱਤਾ ਹੈ। ਇਸ ਨੇ ਬੜੀ ਬੇਰਹਿਮੀ ਨਾਲ ਮਨੁੱਖ ਨੂੰ ਆਪਣੇ ਕੁਦਰਤੀ ਵਡੇਰਿਆਂ ਨਾਲ ਜੋੜਨ ਵਾਲੀਆਂ ਜਗੀਰੂ ਤੰਦਾਂ ਨੂੰ ਤਾਰ-ਤਾਰ ਕਰ ਦਿੱਤਾ ਹੈ। ਇਸ ਨੇ ਮਨੁੱਖ ਦੇ ਮਨੁੱਖ ਨਾਲ ਰਿਸ਼ਤੇ ਨੂੰ ਨੰਗੇ ਚਿੱਟੇ ਸੁਆਰਥ ਅਤੇ ਪੈਸੇ ਦੀ ਕਦੇ ਨਾ ਪੂਰੀ ਹੋਣ ਵਾਲੀ ਭੁੱਖ ਉੱਤੇ ਨਿਰਭਰ ਕਰ ਦਿੱਤਾ ਹੈ ਭਾਵ ਮਨੁੱਖ ਨੂੰ ਘੋਰ ਸੁਆਰਥੀ ਬਣਾ ਦਿੱਤਾ ਹੈ ਅਤੇ ਪੈਸੇ ਲਈ ਹੜਬਾ ਦਿੱਤਾ ਹੈ। ਇਸ ਨੇ ਮਨੁੱਖੀ ਨੇਕ ਲਗਨ, ਮਨੁੱਖੀ ਦਲੇਰੀ, ਮਨੁੱਖੀ ਜੋਸ਼ ਅਤੇ ਆਮ ਮਨੁੱਖੀ ਭਾਵਨਾਵਾਂ ਨੂੰ ਨਿੱਜੀ ਸੁਆਰਥ ਦੇ ਬਰਫੀਲੇ ਪਾਣੀਆਂ ਵਿਚ ਡੋਬ ਦਿੱਤਾ ਹੈ। ਇਸ ਨੇ ਮਨੁੱਖੀ ਸਵੈਮਾਣ ਨੂੰ ਵਿਕਾਊ ਮਾਲ ਬਣਾ ਦਿੱਤਾ ਹੈ ਅਤੇ ਬੜੀ ਮਹਿੰਗੀ ਕੀਮਤ ਤਾਰ ਕੇ ਪ੍ਰਾਪਤ ਕੀਤੀਆਂ ਗਈਆਂ ਮਨੁੱਖੀ ਆਜ਼ਾਦੀਆਂ ਨੂੰ ਖਤਮ ਕਰਕੇ ਬਿਨਾ ਸ਼ੱਕ ਇਕੋ ਇਕ ਬੇ-ਜ਼ਮੀਰ ਆਜ਼ਾਦੀ ਤੱਕ ਸੀਮਤ ਕਰ ਦਿੱਤਾ ਹੈ ਇਹ ਹੈ ਅਜਾਦ ਵਪਾਰ। ਸੰਖੇਪ ਵਿਚ ਧਾਰਮਕ ਅਤੇ ਰਾਜਸੀ ਭੁਲੇਖਿਆ ਦੇ ਪਰਦੇ ਹੇਠ ਕੀਤੀ ਜਾਂਦੀ ਲੁੱਟ ਖਸੁੱਟ ਦੀ ਥਾਂ ਇਸਨੇ ਨੰਗੀ, ਬੇਸ਼ਰਮ, ਸਿੱਧੀ ਵਹਿਸ਼ੀ ਲੁੱਟ-ਖਸੁੱਟ ਨੂੰ ਦੇ ਦਿੱਤੀ ਹੈ। ਸਰਮਾਏਦਾਰੀ ਨੇ ਹੁਣ ਤੱਕ ਨੇਕ ਸਮਝੇ ਜਾਂਦੇ ਅਨੇਕ ਕਿੱਤਿਆਂ ਦੀ ਪਵਿੱਤਰਤਾ ਨੂੰ ਖਤਮ ਕਰ ਦਿੱਤਾ ਹੈ। ਪੁਜਾਰੀ, ਕਵੀ (ਸਾਹਿਤਕਾਰ), ਸਾਇੰਸਦਾਨ, ਡਾਕਟਰ, ਵਕੀਲ ਆਦਿ ਪੈਸੇ ਕਮਾਉਣ ਦੀਆਂ ਮਸ਼ੀਨਾਂ ਬਣ ਗਏ ਹਨ। ਸਰਮਾਏਦਾਰੀ ਨੇ ਮਨੁੱਖੀ ਰਿਸ਼ਤਿਆਂ 'ਚੋਂ ਮਨੁੱਖੀ ਜਜ਼ਬਿਆਂ ਨੂੰ ਖਤਮ ਕਰਕੇ ਇਨ੍ਹਾਂ ਰਿਸ਼ਤਿਆਂ ਨੂੰ ਸਿਰਫ ਤੇ ਸਿਰਫ ਮਾਇਕ ਰਿਸ਼ਤਿਆਂ ਤੱਕ ਸੀਮਤ ਕਰ ਦਿੱਤਾ ਹੈ।"
                                                                              ਕਾਰਲ ਮਾਰਕਸ (ਕਮਿਊਨਿਸਟ ਮੈਨੀਫੈਸਟੋ 'ਚੋਂ)

       ਭਾਵੇਂ ਪਹਿਲਾਂ ਤੋਂ ਹੁਣ ਤੱਕ ਬਹੁਤ ਤਬਦੀਲੀ ਆਈ ਹੈ ਪਰ ਸਰਮਾਏਦਾਰੀ ਅੰਦਰੋਂ ਕਿਸੇ ਤਰ੍ਹਾਂ ਵੀ ਵੱਧ ਤੋਂ ਵੱਧ ਮੁਨਾਫੇ ਕਮਾਉਣ ਦੀ ਹਵਸ ਵਾਲੀ ਪਸ਼ੂ-ਬਿਰਤੀ ਅਜੇ ਮਰੀ ਨਹੀਂ। ਅੱਜ ਦੇ ਗਲੋਬਲੀ ਪਸਾਰੇ ਦੇ ਘੇਰੇ ਵਿਚ ਮੁਨਾਫਿਆਂ ਦੀ ਹਵਸ ਹੋਰ ਵਧ ਗਈ ਹੈ। ਇਸ ਹਾਲਤ ਨੂੰ ਬਦਲਣ ਲਈ ਜ਼ਰੂਰੀ ਹਨ ਇਕਮੁੱਠ ਮਜਦੂਰਾਂ ਦੇ ਸੰਘਰਸ਼ਮਈ ਖਾੜਕੂ ਘੋਲ। ਇਹ ਮਜਦੂਰਾਂ ਵਲੋਂ ਜਥੇਬੰਦ ਹੋਇਆਂ ਹੀ ਹੋ ਸਕਦੇ ਹਨ। ਮਜਦੂਰਾਂ ਅੰਦਰ ਇਨ੍ਹਾਂ ਦੇ ਵਿਰੋਧੀਆਂ (ਸਰਮਾਏਦਾਰੀ ਦੇ ਦੱਲਿਆਂ) ਵਲੋਂ ਭਰਮ ਭੁਲੇਖੇ ਪੈਦਾ ਕੀਤੇ ਜਾਂਦੇ ਹਨ ਜੋ ਹੁੰਦੇ ਤਾਂ ਮਾਮੂਲੀ ਹਨ ਪਰ ਗੈਰ-ਜਥੇਬੰਦ ਅਤੇ ਆਮ ਕਰਕੇ ਘੱਟ ਸੂਝ (ਰਾਜਸੀ ਅਤੇ ਸਮਾਜਕ) ਰੱਖਦੇ ਮਜਦੂਰਾਂ ਦੀ ਕੱਚ ਘਰੜ ਸਮਝ ਕੁਰਾਹੇ ਪੈ ਤੁਰਦੀ ਹੈ ਜਿਸ ਨਾਲ ਮਜਦੂਰ ਲਹਿਰ ਨੂੰ ਬਹੁਤ ਨੁਕਸਾਨ ਹੁੰਦਾ ਹੈ। ਇਸ ਗੱਲ 'ਤੇ ਜੋਰ ਦਿੰਦਿਆ ਜੂਨ 1927 ਦੇ ''ਕਿਰਤੀ" ਵਿਚ ਲਿਖਿਆ ਗਿਆ ਸੀ, ''ਲੋਕਾਂ ਨੂੰ ਆਪਸ ਵਿਚ ਲੜਨ ਤੋਂ ਰੋਕਣ ਲਈ ਜਮਾਤੀ ਸੂਝ ਦੀ ਲੋੜ ਹੈ। ਗਰੀਬਾਂ, ਕਿਰਤੀਆਂ ਅਤੇ ਕਿਸਾਨਾਂ ਨੂੰ ਸਾਫ ਸਮਝਾ ਦੇਣਾ ਚਾਹੀਦਾ ਹੈ ਕਿ ਤੁਹਾਡੇ ਅਸਲੀ ਦੁਸ਼ਮਣ ਸਰਮਾਏਦਾਰ ਹਨ ਇਸ ਕਰਕੇ ਤੁਹਾਨੂੰ ਇਨ੍ਹਾਂ ਦੇ ਹੱਥਕੰਡਿਆਂ ਤੋਂ ਬਚਕੇ ਰਹਿਣਾ ਚਾਹੀਦਾ ਹੈ। ਸੰਸਾਰ ਦੇ ਸਾਰੇ ਗਰੀਬਾਂ ਦੇ ਭਾਵੇਂ ਉਹ ਕਿਸੇ ਜਾਤ, ਨਸਲ, ਮਜ੍ਹਬ ਦੇ ਹੋਣ ਹੱਕ ਇੱਕੋ ਹੀ ਹਨ। ਤੁਹਾਡਾ ਭਲਾ ਇਸ ਵਿਚ ਹੈ ਕਿ ਤੁਸੀਂ ਧਰਮ, ਰੰਗ, ਕੌਮ, ਨਸਲ ਤੇ ਦੇਸਾਂ਼ ਦੇ ਭਿੰਨ-ਭੇਦ ਮਿਟਾ ਕੇ ਇਕੱਠੇ ਹੋ ਜਾਉ ਅਤੇ ਸਰਕਾਰ ਦੀ ਤਾਕਤ ਨੂੰ ਆਪਣੇ ਹੱਥ ਵਿਚ ਲੈਣ ਦਾ ਯਤਨ ਕਰੋ। ਇਨ੍ਹਾਂ ਯਤਨਾਂ ਨਾਲ ਤੁਹਾਡਾ ਕੋਈ ਹਰਜ਼ ਨਹੀਂ ਹੋਵੇਗਾ ਕਿਸੇ ਦਿਨ ਤੁਹਾਡੇ ਸੰਗਲ ਜਰੂਰ ਕੱਟੇ ਜਾਣਗੇ ਅਤੇ ਤੁਹਾਨੂੰ ਆਰਥਿਕ ਸੁਤੰਤਰਤਾ ਮਿਲ ਜਾਵੇਗੀ।"
         ਭਾਰਤ ਦੀ ਮਜਦੂਰ-ਕਿਸਾਨ ਜਮਾਤ (ਕਿਰਤੀਆਂ) ਨੇ ਆਪਣੀ ਸਖਤ ਮਿਹਨਤ ਨਾਲ ਮੁਲਕ ਨੂੰ ਦੁਨੀਆਂ 'ਚ ਨਾਮਣੇ ਜੋਗਾ ਕੀਤਾ ਹੈ। ਜੇ ਅਜੇ ਵੀ ਮੁਲਕ ਵਿਚ ਗਰੀਬੀ, ਬੇਕਾਰੀ, ਅਨਪੜ੍ਹਤਾ, ਜਹਾਲਤ ਅਤੇ ਭ੍ਰਿਸ਼ਟਾਚਾਰ ਹੈ ਤਾਂ ਮੁਲਕ ਦੇ ਕਾਮੇ-ਕਿਰਤੀਆਂ ਕਰਕੇ ਨਹੀਂ ਸਗੋਂ ਮੁਲਕ ਅੰਦਰ ਸਰਮਾਏਦਾਰੀ ਪ੍ਰਬੰਧ ਦੇ ਭੈੜ ਹਨ ਭਾਵ ਮੁਨਾਫਿਆਂ ਦੀ ਹਵਸ ਵਾਲਾ ਝੋਟਾ ਅਤੇ  ਇਸ ਨੂੰ ਲੱਗੀਆਂ ਜੂਆਂ (ਸਰਮਾਏਦਾਰੀ ਪ੍ਰਬੰਧ ਦੇ ਸਾਰੇ ਭੈੜ) ਹਨ। ਲੋੜ ਹੈ ਇਸ ਅਜਿਹੇ ਬੇਈਮਾਨੀ ਭਰੇ ਲੋਕ ਦੋਖੀ ਪ੍ਰਬੰਧ ਨੂੰ ਭੰਨ-ਤੋੜ ਸੁੱਟਣ ਦੀ ਤਾਂ ਕਿ ਭਾਈਚਾਰਕ ਬਰਾਬਰੀ ਵਾਲਾ ਸਮਾਜ ਉਸਰ ਸਕੇ। ਸੋਚਣ ਵਾਲੀ ਗੱਲ ਇਹ ਹੈ ਕਿ ਲੋਕ ਕਦੋਂ ਕੁ ਤੱਕ ਇੰਜ ਬਰਦਾਸ਼ਤ ਕਰੀ ਜਾਣਗੇ। ਦੇਸ਼ ਭਗਤ ਬਾਬਿਆਂ ਨੇ ਬਹੁਤ ਵੱਡੇ ਦਾਈਏ ਬੰਨ੍ਹੇ ਸਨ। ਕੀ ਅਸੀਂ ਉਨ੍ਹਾਂ ਸੁਪਨਿਆਂ ਦੇ ਨੇੜੇ-ਤੇੜੇ ਵੀ ਅੱਪੜੇ ਹਾਂ, ਜਵਾਬ ਨਾਂਹ ਵਿਚ ਹੈ। ਰਾਜ ਗੱਦੀਆਂ 'ਤੇ ਬੈਠਣ ਵਾਲਿਆਂ ਦਾ ਤਾਂ ਏਜੰਡਾ ਹੀ ਗਰੀਬ, ਕਿਸਾਨ, ਮਜ਼ਦੂਰ ਵਿਰੋਧੀ ਰਿਹਾ ਹੈ ਜੋ ਅਜੇ ਵੀ ਹੈ।
         ਉੱਘੇ ਦੇਸ਼ ਭਗਤ ਬਾਬਾ ਪ੍ਰਿਥਵੀ ਸਿੰਘ ਅਜਾਦ ਦੇਸ਼ ਦੀ ਅਜਾਦੀ ਦੇ ਘੋਲ ਵਿਚ ਵੱਡਾ ਹਿੱਸਾ ਪਾਉਣ ਵਾਲਿਆਂ ਵਿਚੋਂ ਸਨ। ਉਨ੍ਹਾਂ ਆਪਣੇ ਦਿਲ ਤੇ ਦੇਸ਼ ਦਾ ਦੁੱਖ ਆਪਣੀ ਸਵੈ-ਜੀਵਨੀ ਵਿਚ ਲਿਖਿਆ ਹੈ, ਉਹ ਲਿਖਦੇ ਹਨ: ''ਅਜਾਦੀ ਤੋਂ ਬਾਅਦ ਸਹੀ ਸੇਧ ਵਿਚ ਚੱਲਣਾ ਬਹੁਤ ਜਰੂਰੀ ਸੀ ਪਰ ਅਸੀਂ ਇਸ ਵਿਚ ਫੇਲ੍ਹ ਹੋ ਗਏ ਹਾਂ। ਧਨ-ਦੌਲਤ ਦੇ ਗੇੜ ਵਿਚ ਪੈ ਗਏ ਹਾਂ। ਮੈਂ ਆਪਣੀ ਮਾਂ-ਭੂਮੀ ਦੇ ਲੋਕਾਂ ਨੂੰ ਅਪੀਲ ਕਰਦਾ ਹਾਂ ਕਿ ਉਹ ਇਨ੍ਹਾਂ ਸਵਾਲਾਂ ਉੱਤੇ ਵਿਚਾਰ ਕਰਨ ਕਿ ਭਾਰਤ ਕਿੱਧਰ ਨੂੰ ਜਾ ਰਿਹਾ ਹੈ? ਅਜਾਦ ਭਾਰਤ ਵਿਚ ਗਰੀਬੀ ਕਿਉਂ ਵਧ ਰਹੀ ਹੈ? ਸਾਡੇ ਕੌਮੀ ਜੀਵਨ ਵਿਚ ਭ੍ਰਿਸ਼ਟਾਚਾਰ ਕਿਵੇਂ ਧਸ ਗਿਆ ਹੈ? ਦਿਨੋ-ਦਿਨ ਅਮੀਰ ਤੇ ਗਰੀਬ ਵਿਚ ਪਾੜਾ ਕਿਉਂ ਵਧ ਰਿਹਾ ਹੈ? ਦੇਸ਼ ਦੀ ਇਸ ਹਾਲਤ ਅਤੇ ਨਿਘਾਰ ਲਈ ਕੌਣ ਜਿੰਮੇਵਾਰ ਹੈ? ਜੀਵਨ ਦੇ ਸਾਰੇ ਖੇਤਰਾਂ ਵਿਚ ਇਖਲਾਕੀ ਕਦਰਾਂ ਦੇ ਖੁਰਦੇ ਜਾਣ ਨੂੰ ਰੋਕਣ ਤੋਂ ਅਸੀਂ ਕਿਉਂ ਅਸਮਰਥ ਹਾਂ?".....ਬਾਬਾ ਜੀ ਨੇ ਅੱਗੇ ਆਪਣੇ ਵਿਚਾਰ ਵਿਅਕਤ ਕਰਦਿਆਂ ਕਿਹਾ ਹੈ ਕਿ ''ਇਹ ਭ੍ਰਿਸ਼ਟਾਚਾਰੀ ਪ੍ਰਬੰਧ ਖੁਦ ਦੇਸ਼ ਦਿਆਂ ਹਾਕਮਾਂ ਨੇ ਪੈਦਾ ਕੀਤਾ ਹੈ। ਸਾਡੀ ਉਨਤੀ ਤੇ ਖੁਸ਼ਹਾਲੀ ਨਾਮਧਰੀਕ ਹੈ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਸਾਡੇ ਵਾਹੀਕਾਰ ਤੇ ਕਿਰਤੀ ਲੋਕ ਇਸ ਸਰਮਾਏਦਾਰ ਸਮਾਜ ਅੱਗੇ ਸਿਰ ਝੁਕਾਈ ਰੱਖਣਗੇ ਜਾਂ ਇਸ ਨੂੰ ਚੈਲਿੰਜ ਕਰਨਗੇ। ਭਾਰਤ ਦੇ ਕਿਸਾਨਾਂ ਤੇ ਮਜਦੂਰਾਂ ਨੇ ਆਪਣੇ ਰਾਹੇ ਜਾਣ ਦਾ ਫੈਸਲਾ ਕਰਨਾ ਹੈ। ਸੋਸ਼ਲਿਸਟ ਪ੍ਰਬੰਧ ਹੀ ਨਿਜਾਤ ਦਾ ਰਾਹ ਹੈ।"
        ਭਾਰਤ ਧਰਮ ਨਿਰਪੱਖ ਦੇਸ਼ ਕਹਾਉਂਦਾ ਹੈ। ਪਰ ਹਾਕਮ ਰਾਜ ਗੱਦੀ ਤੇ ਬਣੇ ਰਹਿਣ ਲਈ ਫਿਰਕਾਪ੍ਰਸਤੀ ਦਾ ਸਹਾਰਾ ਲੈਣ ਵਿਚ ਕੋਈ ਰੱਤੀ ਭਰ ਵੀ ਸ਼ਰਮ ਮਹਿਸੂਸ ਨਹੀਂ ਕਰਦੇ ਸਗੋਂ ''ਵੋਟ ਯੁੱਧ" ਦੇ ਮੈਦਾਨ ਵਿਚ ਖੁਦ ਫਿਰਕਾਪ੍ਰਸਤ ਹੋ ਜਾਂਦੇ ਹਨ ਪਰ ਬੇਸ਼ਰਮੀ ਦੀ ਹੱਦ ਕਿ ਮੂੰਹੋਂ ਨਾਮ ਫੇਰ ਵੀ ਧਰਮ ਨਿਰਪੱਖਤਾ ਦਾ ਹੀ ਲੈਂਦੇ ਹਨ। ਸਾਰਾ ਹੀ ਮੁਲਕ ਸੰਤਾਪ ਭੋਗ ਰਿਹਾ ਹੈ। ਪਿਛਲੇ ਕੁੱਝ ਸਮੇਂ ਤੋਂ ਤਾਂ ਇਸ ਦਾ ਚਲਣ ਬਹੁਤ ਜ਼ਿਆਦਾ ਵਧ ਗਿਆ ਹੈ। ਲਾਲਚੀ ਲੋਕ ਇਲਾਕਾਵਾਦ, ਭਾਸ਼ਾਵਾਦ ਤੇ ਕਈ ਹੋਰ ਕਿਸਮਾਂ ਦੀ ਡੱਫਲੀ ਬਜਾ ਕੇ ਆਪਣੇ ਸੌੜੇ ਮੁਫਾਦਾਂ ਖਾਤਰ ਆਮ ਕਿਰਤੀ ਲੋਕਾਂ ਨੂੰ ਪਾੜ ਵੀ ਰਹੇ ਹਨ ਤੇ ਮੂਰਖ ਵੀ ਬਣਾ ਰਹੇ ਹਨ। ਕਿਸੇ ਵੀ ਗੱਲ/ਮਸਲੇ ਨੂੰ ਹਕੀਕੀ ਹਾਲਤਾਂ ਅਨੁਸਾਰ ਹੀ ਵਿਚਾਰਿਆ ਜਾਣਾ ਚਾਹੀਦਾ ਹੈ। ਧਾਰਮਿਕ ਵਿਸ਼ਵਾਸ ਕਿਸੇ ਦੇ ਜਿਹੜੇ ਮਰਜੀ ਹੋਣ ਪਰ ਦੁੱਖ-ਤਕਲੀਫਾਂ, ਮੰਗਾਂ, ਮੁਸੀਬਤਾਂ ਸਭ ਦੀਆਂ ਸਾਂਝੀਆਂ ਹਨ ਇਸ ਕਰਕੇ ਇਹ ਸਾਂਝੀ ਲੜਾਈ ਇਕੱਠਿਆਂ ਹੋ ਕੇ ਸਾਂਝੇ ਤੌਰ 'ਤੇ ਲੜੀ ਜਾਣੀ ਚਾਹੀਦੀ ਹੈ/ ਇਹ ਲੜੀ ਜਾ ਸਕਦੀ ਹੈ। ਆਖਰ ਲੜਨੀ ਹੀ  ਪੈਣੀ ਹੈ, ਇਸ ਤੋਂ ਬਿਨਾਂ ਨਿਜਾਤ ਨਹੀਂ ਮਿਲਣੀ।
         ਦੇਸ਼ ਦੇ ਕਿਰਤੀ ૶ ਕਿਸਾਨਾਂ, ਦਸਤਕਾਰ ਲੋਕਾਂ ਨੇ ਹਮੇਸ਼ਾਂ ਹੀ ਮੁਲਕ ਦੇ ਵਿਕਾਸ ਵਿਚ ਆਪਣੀ ਸਮਰੱਥਾ ਤੋਂ ਵੱਧ ਯੋਗਦਾਨ ਪਾਇਆ, ਪਰ ਮੁਨਾਫੇ ਉਨ੍ਹਾਂ ਨੇ ਖੱਟੇ ਜੋ ਆਜ਼ਾਦੀ ਦੀ ਲਹਿਰ ਵੇਲੇ ਅੰਗਰੇਜਾਂ ਦੇ ਬੂਟ ਚੱਟਦੇ ਰਹੇ, ਦੇਸ਼ਭਗਤਾਂ ਦੀਆਂ ਅੰਗਰੇਜ਼ ਬਸਤੀਵਾਦੀਆਂ ਲਈ ਮੁਖਬਰੀਆਂ ਕਰਦੇ ਰਹੇ। ਆਜ਼ਾਦੀ ਉਪਰੰਤ ਕੌਮਾਂਤਰੀ ਸਰਮਾਏਦਾਰਾਂ ਨਾਲ ਰਲਕੇ 'ਸੋਨੇ ਦੀ ਚਿੜੀ' ਨੂੰ ਦੋਹੀਂ ਹੱਥ ਲੁੱਟਦੇ ਰਹੇ, ਅਜੇ ਵੀ ਲੁੱਟੀ ਜਾ ਰਹੇ ਹਨ। ਭਾਰਤ ਅੰਦਰ ਲੋਕ ਰਾਜ ਦੇ ਹੁੰਦਿਆਂ ਬਹੁਤ ਸਾਰੇ ਕਾਲੇ ਕਾਨੂੰਨ ਮੌਜੂਦ ਹਨ। ਉਹ ਸਾਰੇ ਹੀ ਆਪਣੀਆਂ ਹੱਕੀ ਮੰਗਾ ਲਈ ਘੋਲ ਕਰਦੇ ਲੋਕਾਂ ਦੇ ਖਿਲਾਫ ਵਰਤੇ ਜਾਂਦੇ ਹਨ। ਇੱਥੋਂ ਤੱਕ ਕਿ ਕਿਰਤੀ ਜਮਾਤ ਨਾਲ ਸਬੰਧਤ ਲੋਕ ਜਦੋਂ ਆਪਣੇ ਘੋਲਾਂ ਵਿਚ ਨਿੱਤਰੇ ਹੜਤਾਲਾਂ ਕੀਤੀਆਂ ਤਾਂ ਉਨ੍ਹਾਂ ਦੇ ਖਿਲਾਫ ਦਹਿਸ਼ਤ ਗਰਦੀ ਵਿਰੋਧੀ ਕਾਨੂੰਨ ਵਰਤੇ ਗਏ। ਹਾਲਾਂਕਿ ਇਹ ਜੱਗ ਜਾਹਰ ਹੈ ਕਿ ਮਜਦੂਰ ਜਮਾਤ ਬੇਕਿਰਕ ਹੋ ਕੇ ਦਹਿਸ਼ਤਗਰਦੀ ਦੇ ਖਿਲਾਫ ਲੜੀ। ਡੈਮੋਕ੍ਰੇਸੀ ਨੂੰ ਵਾਰ ਵਾਰ 'ਡਾਂਗੋਕ੍ਰੇਸੀ' ਨਾਲ ਹੱਕਿਆ ਗਿਆ। ਕੀ ਇਹ ਹੀ ਹੈ ਭਾਰਤੀ ''ਲੋਕ ਰਾਜ''? ਨਿਆਂ ਇਸ ਰਾਜ ਵਿਚ ਅੱਖਾਂ 'ਤੇ ਪੱਟੀ ਬੰਨ੍ਹਕੇ, ਕੰਨਾਂ ਵਿਚ ਰੂੰਅ ਦੇ ਕੇ ਬੈਠਾ ਰਹਿੰਦਾ ਹੈ। ਛੋਟੀਆਂ ਛੋਟੀਆਂ ਬੱਚੀਆਂ, ਧੀਆਂ-ਭੈਣਾਂ ਦੇ ਬਲਾਤਕਾਰ ਆਮ ਵਰਤਾਰਾ ਬਣਦੇ ਜਾ ਰਹੇ ਹਨ। ਹਕੂਮਤੀ ਧਿਰਾਂ ਸਿਰਫ ਖਾਨਾ-ਪੂਰਤੀ ਦਾ ਵਿਖਾਵਾ ਕਰਨ ਤੱਕ ਸੀਮਤ ਹੋ ਜਾਂਦੀਆਂ ਹਨ। ਬੇਦੋਸ਼ਿਆਂ ਨੂੰ ਭੀੜਾਂ ਤੋਂ ਕਤਲ ਕਰਵਾਉਣ ਵਾਲੇ ਗੁੰਡੇ ਸਰਕਾਰੀ ਸੁਰੱਖਿਆ ਦਾ ਨਿੱਘ ਮਾਣਦੇ ਹਨ। ਉੱਚੇ ਅਹੁਦਿਆਂ 'ਤੇ ਬੈਠ ਕੇ ਰਾਜ-ਭਾਗ ਚਲਾਉਂਦੇ ਹਨ ਸਰਕਾਰਾਂ ਕਮਿਸ਼ਨ ਦਰ ਕਮਿਸ਼ਨ ਕਾਇਮ ਕਰਕੇ ਲੋਕਾਂ ਨੂੰ ਮੂਰਖ ਬਨਾਉਣ ਦਾ ਕੰਮ ਕਰਦੀਆਂ ਹਨ। ਜਿੱਥੇ ਇਨਸਾਫ ਨਾ ਮਿਲਦਾ ਹੋਵੇ ਉਹਨੂੰ ਕਾਨੂੰਨ ਦਾ ਰਾਜ ਜਾਂ ਲੋਕ ਰਾਜ ਕਹਿਣਾ ਕਿੰਨਾ ਕੁ ਠੀਕ ਹੋ ਸਕਦਾ ਹੈ? ਸਿਆਸਤ ਹੁਣ ਸੇਵਾ ਨਹੀਂ ਧੰਦਾ ਬਣ ਗਈ ਹੈ, ਸਿਆਸਤ ਨੂੰ ਵੇਚਣ ਦਾ ਧੰਦਾ ਕਰਨ ਵਾਲੇ ਹਕੂਮਤੀ "ਲੋਕ" ਇਸ ਦੀ ਕਮਾਈ ਹੀ ਨਹੀਂ ਖਾ ਰਹੇ ਸਗੋਂ ਬੇ-ਤਹਾਸ਼ੇ ਮੁਨਾਫੇ ਵੀ ਕਮਾ ਰਹੇ ਹਨ। ਸੱਭਿਆਚਾਰਕ ਕਦਰਾਂ ਕੀਮਤਾਂ ਦਾ ਨਿੱਤ ਘਾਣ ਹੁੰਦਾ ਹੈ, ਮਨੁੱਖਾਂ ਵਿਚੋਂ ਨੈਤਿਕਤਾ ਦਾ ਖਾਤਮਾ ਹੀ ਹੋ ਗਿਆ ਲਗਦਾ ਹੈ।
           ਅੱਜ ਵਿਸ਼ਵੀਕਰਨ ਦਾ ਬਹੁਤ ਖੌਰੂ ਪੈ ਰਿਹਾ ਹੈ। ਮੀਡੀਆ 'ਤੇ ਬਹੁਕੌਮੀ ਕੰਪਨੀਆਂ ਜਾਂ ਫੇਰ ਵੱਡੇ ਕਾਰਪੋਰੇਟ ਘਰਾਣਿਆਂ ਦੇ ਕਬਜੇ ਹਨ ਜਾਂ ਉਨ੍ਹਾਂ ਦਾ ਇਸ ਖੇਤਰ ਅੰਦਰ ਵੱਡਾ ਪ੍ਰਭਾਵ ਹੈ। ਇਸ ਕਰਕੇ ਹੀ ਗਲੀ-ਸੜੀ ਅਤੇ ਬੌਨੀ ਸੋਚ ਦੇ ਸਾਧਾਰਨ ਜਹੇ ਵਿਅਕਤੀਆਂ ਨੂੰ ਪ੍ਰਭਾਵਸ਼ਾਲੀ ਬਨਾਉਣ ਵਿਚ ਲੱਗੇ ਹੋਏ ਹਨ। ਮੀਡੀਏ ਦਾ ਵੱਡਾ ਹਿੱਸਾ "ਸੱਚ'' ਦੇ ਨਾਂ ਹੇਠ ਰੱਜ ਕੇ ਝੂਠ ਵੇਚ ਰਿਹਾ ਹੈ। ਫਿਰਕਾਪ੍ਰਸਤੀ ਬਹੁਗਿਣਤੀ ਮੀਡੀਏ ਦਾ ਏਜੰਡਾ ਹੋ ਗਿਆ ਹੈ।  ਇਸ ਪਾਸੇ ਹਰ ਵਿਅਕਤੀ ਨੂੰ ਜਾਗ੍ਰਤਿ ਕਰਦਿਆਂ ਹੋਰ ਸੁਚੇਤ ਹੋਣ ਵਾਲਾ ਹੋਕਾ ਦੇਣ ਦੀ ਬਹੁਤ ਲੋੜ ਹੈ। ਹਰ ਚੰਗੀ ਮਨੁੱਖਵਾਦੀ ਅਤੇ ਸਾਂਝੀਵਾਲਤਾ ਭਰੀ ਸੋਚ ਨੂੰ ਅਣਗੌਲਿਆਂ ਕੀਤਾ ਜਾ ਰਿਹਾ ਹੈ ਜਾਂ ਫੇਰ ਨਕਾਰਨ ਦਾ ਜਤਨ ਕੀਤਾ ਜਾ ਰਿਹਾ ਹੈ। ਇਸ ਤੋਂ ਬਚਣ ਲਈ ਸਰਗਰਮੀ ਭਰਿਆ ਦਖਲ ਬਹੁਤ ਜਰੂਰੀ ਹੈ। ਇਸ ਨਕਲੀ ਵਿਸ਼ਵੀਕਰਨ ਦੇ ਝੂਠੇ ਵਣਜਾਰੇ ਸੰਸਾਰ ਦੇ ਇਕ ਪਿੰਡ ਬਣ ਜਾਣ ਵਾਲੇ ਛੁਣਛੁਣੇ ਨਾਲ ਦੁਹਾਈ ਦੇ ਕੇ ਸਾਰੇ ਪਿੰਡ ਨੂੰ ਹੀ ਲੁੱਟਣ 'ਤੇ ਲੱਗੇ ਹੋਏ ਹਨ। ਇਹ ਵਿਸ਼ਵੀਕਰਨ ਖਾਸ ਕਰਕੇ ਆਰਥਕ ਪੱਖੋਂ ਨਵ-ਬਸਤੀਵਾਦੀ ਪ੍ਰਬੰਧ ਹੈ। ਮਨੁੱਖੀ ਸਾਂਝਾ ਨੂੰ ਪਿਛਾਂਹ ਧੱਕਦਿਆ ਮਨੁੱਖ ਨੂੰ ਸਮਾਜ ਨਾਲੋਂ ਤੋੜਨ ਵਿਚ ਲੱਗੇ ਹੋਏ ਹਨ। ਸਾਡੇ ਅਮੀਰ ਵਿਰਸੇ ਵਿਚ ਸਦੀਆਂ ਤੋਂ ''ਸਭੈ ਸਾਂਝੀਵਾਲ ...." ਦਾ ਹੋਕਾ ਮਿਲਦਾ ਹੈ ਅਤੇ 'ਬੇਗਮਪੁਰੇ ਦੀ ਸਿਰਜਣਾ' ਦਾ ਸਿਧਾਂਤ ਬਰਾਬਰੀ ਅਤੇ ਦੀਨ ਦੁਖੀ ਨਾਲ ਖੜ੍ਹੇ ਹੋਣ ਦੇ ਬੋਲ ਉੱਚੇ ਕਰਦਾ ਹੈ। ਕਿਉਂ ਵਿਸਾਰੀਏ ਅਸੀਂ ਇਹੋ ਜਹੇ ਮਨੁੱਖਵਾਦੀ ਸਿਧਾਂਤ? ਇਹ ਧਾਰਮਿਕ ਪ੍ਰਵਚਨ ਨਹੀਂ ਸਗੋਂ ਸਮਾਜਕ ਵਿਹਾਰ ਨੂੰ ਬਰਾਬਰੀ ਤੱਕ ਲੈ ਜਾਣ ਵਾਲੇ ਮਨੁੱਖਤਾ ਦਾ ਪੱਖ ਪੂਰਨ ਵਾਲੇ ਸੁੱਚੇ ਬੋਲ ਹਨ। ਇਨ੍ਹਾਂ ਨੂੰ ਅਮਲ ਵਿਚ ਲਿਆਉਣ ਲਈ ਕਦਮ ਅੱਗੇ ਤੁਰਨੇ ਚਾਹੀਦੇ ਹਨ, ਸਾਝਾਂ ਪੈਦਾ ਕਰਦਿਆ ਇਨ੍ਹਾਂ ਨੂੰ ਤਕੜੇ ਕਰਨਾ ਚਾਹੀਦਾ ਹੈ। ਇਨਸਾਨੀਅਤ ਨੂੰ ਪਿਆਰ ਕਰਨ ਵਾਲਿਆਂ ਨੂੰ ਇੱਥੇ ਜੁੜਨਾ ਹੀ ਪੈਣਾ ਹੈ।
          ਫਿਰਕਾਪ੍ਰਸਤੀ ਅਤੇ ਰੂੜੀਵਾਦੀ ਸੋਚ ਨੂੰ ਪ੍ਰਣਾਏ ਕਈ ਮੱਕਾਰ ਸਿਆਸਤਦਾਨ ਜਾਂ ਉਨ੍ਹਾਂ ਦੇ ਹਮਾਇਤੀ ਧਰਮ ਦੇ ਰਾਜ ਦੀਆਂ ਵੀ ਦੁਹਾਈਆਂ ਪਾਉਂਦੇ ਦੇਖੇ ਜਾ ਸਕਦੇ ਹਨ। ਧਰਮ ਦੇ ਨਾਂ ਵਾਲੀ ਸੋਚ ਵਿਚੋਂ ਤਾਂ ਸਿਰਫ ਕੁਚੱਜ ਭਰੇ ''ਪਰਬੰਧ'' ਜੰਮਦੇ ਹਨ ਜੋ ਧੱਕੇ / ਧੌਂਸ ਵਾਲੇ ਅਤੇ ਮਿਹਨਤਕਸ਼ਾਂ ਦੇ ਨੰਗੇ ਚਿੱਟੇ ਦੁਸ਼ਮਣ ਹੁੰਦੇ ਹਨ। ਹਰ ਕਿਸਮ ਦੀ ਫਿਰਕਾਪ੍ਰਸਤੀ ਫਾਸ਼ੀਵਾਦ ਨੂੰ ਜਨਮ ਦੇਣ ਦਾ ਕਾਰਨ ਬਣਦੀ ਹੈ। ਫਾਸ਼ੀਵਾਦ ਲੋਕਾਂ ਦਾ ਦੁਸ਼ਮਣ ਹੁੰਦਾ ਹੈ। ਹਰ ਕਿਸਮ ਦੇ ਫਿਕਾਪ੍ਰਸਤਾਂ ਦੇ ਖਿਲਾਫ ਘੋਲ ਜਮਾਤੀ ਸੂਝ ਨਾਲ ਪ੍ਰਪੱਕ ਹੋ ਕੇ ਹੀ ਲੜਿਆ ਜਾ ਸਕਦਾ ਹੈ/ ਲੜਿਆ ਜਾਣਾ ਚਾਹੀਦਾ ਹੈ, ਅੱਜ ਇਸਦੀ ਬਹੁਤ ਲੋੜ ਹੈ।  ਕਿਰਤੀਆਂ ਦੇ ਸਾਂਝੇ ਸੰਘਰਸ਼ ਹੀ ਸਮਾਜ ਨੂੰ ਅੱਗੇ ਵੱਲ ਤੋਰ ਸਕਦੇ ਹਨ। ਅਜਿਹੀ ਸਥਿਤੀ ਵਿਚ ਬੁੱਧੀਜੀਵੀਆਂ ਦੇ ਜਿੰਮੇਵਾਰੀ ਬਹੁਤ ਵਧ ਜਾਂਦੀ ਹੈ ਕਿ ਉਹ ਹਾਲਤਾਂ ਨੂੰ ਭਾਂਪਦਿਆਂ, ਕਿਸਾਨਾਂ-ਮਜ਼ਦੂਰਾਂ ਨਾਲ ਸਾਂਝ ਵਧਾ ਕੇ ਉਨ੍ਹਾਂ ਦੇ ਹਕੀਕੀ ਮਸਲਿਆਂ ਬਾਰੇ ਠੀਕ ਨਿਰਣੇ ਕਰਨ ਅਤੇ ਆਪਣੇ ਲੋਕਾਂ ਨੂੰ ਸਹੀ ਸੇਧ ਦੇਣ। ਭਰੱਪਣ ਭਰੇ ਸਮਾਜ ਦੀ ਕਾਇਮੀ ਵੱਲ ਸਾਂਝੀ ਯਲਗਾਰ ਹੀ ਪਹਿਲੀ ਮਈ ਦਾ ਸੁਨੇਹਾ ਹੈ। ਕਿਰਤੀਆਂ ਖਾਤਰ ਜਾਨਾਂ ਵਾਰ ਗਏ ਸ਼ਹੀਦਾਂ ਨੂੰ ਯਾਦ ਕਰਨਾ ਅਤੇ ਉਨ੍ਹਾਂ ਵਲੋਂ ਸ਼ੁਰੂ ਕੀਤੇ ਕਾਜ਼ ਨੂੰ ਪ੍ਰਣਾਮ ਕਰਦਿਆਂ ਉਸ ਸੋਚ ਦਾ ਹਿੱਸਾ ਬਣਨਾ ਸਾਡਾ ਫਰਜ਼ ਹੋਣਾ ਚਾਹੀਦਾ ਹੈ। ਇਹ ਹੀ ਪਹਿਲੀ ਮਈ ਦੀ ਭਾਵਨਾ ਹੈ।

ਸਾਂਝੀਵਾਲਤਾ ਦਾ ਸੁਨੇਹਾ ਦਿੰਦੀਆਂ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਸਿਖਿਆਵਾਂ - ਕੇਹਰ ਸ਼ਰੀਫ਼

ਸਮਾਂ ਬੀਤਦਾ ਹੈ ਤਾਂ ਵਰਤਮਾਨ ਵਿਚ ਹੋਈ ਸਿਰਜਣਾ ਨੇ ਇਤਿਹਾਸ ਵੀ ਬਣ ਜਾਣਾ ਹੁੰਦਾ ਹੈ ਤੇ ਸਮੇਂ ਨੇ ਆਪਣਾ ਰੂਪ ਵਟਾ ਕੇ ਭੂਤਕਾਲ ਵਿਚ ਵੀ ਤਬਦੀਲ ਹੋ ਜਾਣਾ ਹੁੰਦਾ ਹੈ। ਮੱਧਕਾਲ ਵਿਚ ਜਿਹੜੇ ਹਾਲਾਤ ਸਨ ਉਨ੍ਹਾਂ ਨੇ ਸਮਾਜਕ ਲਹਿਰਾਂ ਨੂੰ ਜਨਮ ਦਿੱਤਾ ਜੋ ਸਮਾਜਕ ਬਰਾਬਰੀ ਦਾ ਦਮ ਭਰਨ ਵਾਲੀਆਂ ਮਨੁੱਖਵਾਦੀ ਲਹਿਰਾਂ ਸਨ, ਉਹ ਭਗਤੀ ਲਹਿਰ ਹੋਵੇ, ਸੂਫੀਆਂ ਦੀ ਲਹਿਰ ਜਾਂ ਹੋਰ ਹੋਣ। ਉਸ ਸਮੇਂ ਲੋਕਾਂ ਅੰਦਰ ਭਾਈਚਾਰਕ ਸਾਂਝ ਦੀ ਬਹੁਤ ਲੋੜ ਸੀ। ਸਮਾਜ ਦਾ ਤਾਣਾ-ਬਾਣਾ ਅੱਜ ਦੀ ਸਥਿਤੀ ਤੋਂ ਬਹੁਤ ਭਿੰਨ ਸੀ। ਭਾਵੇਂ ਕਿ ਅੱਜ ਵਰਗੀ ਆਪਾ-ਧਾਪੀ ਨਹੀਂ ਸੀ। ਲੋਕਾਂ ਦੇ ਜੀਊਣ ਵਿਚ ਸਹਿਜ ਤੇ ਠਰੰਮਾ ਵੱਧ ਸੀ, ਕੁੱਝ ਕੁ ਭਾਈਚਾਰਕ ਸਾਂਝ ਵੀ ਸੀ। ਪਰ, ਇਕ ਗੱਲ ਅੱਜ ਵਾਲੀ ਵੀ ਸੀ - ਤਕੜੇ ਦਾ ਉਦੋਂ ਵੀ ਸੱਤੀਂ ਵੀਹੀਂ ਸੌ ਹੁੰਦਾ ਸੀ। ਮਲਿਕ ਭਾਗੋ ਤੇ ਭਾਈ ਲਾਲੋ ਇਤਿਹਾਸ ਅੰਦਰ ਇਸ ਰੂਪ ਵਿਚ ਵੀ ਦੇਖੇ ਜਾ ਸਕਦੇ ਹਨ। ਇਤਿਹਾਸ ਪੜ੍ਹਦਿਆਂ ਵੱਖੋ ਵੱਖ ਨਜ਼ਰੀਏ ਸਾਡੇ ਸਾਹਮਣੇ ਆਉਂਦੇ ਹਨ।
        ਆਦਿ ਕਾਲ ਤੋਂ ਸਾਡੇ ਸਮਾਜ ਦਾ ਵਿਕਾਸ ਅਸਾਵੇਂ ਢੰਗ ਨਾਲ ਹੋਇਆ ਹੈ। ਇਸ ਦੀਆਂ ਪਰਤਾਂ ਦੇ ਅੱਗੇ ਵਧਣ ਦੀ ਰਫਤਾਰ ਵੀ ਝੋਲ ਮਾਰਦੀ ਰਹੀ ਹੈ, ਜਿਸ ਨਾਲ ਸਮਾਜਕ ਧਿਰਾਂ ਦੀ ਵੰਡ ਦਰ ਵੰਡ ਹੁੰਦੀ ਰਹੀ। ਨਵੀਆਂ ਧਿਰਾਂ ਤੇ ਨਵੇਂ ਧੜੇ ਬਣਦੇ ਰਹੇ। ਬੁਨਿਆਦੋਂ ਇਕ ਹੁੰਦੇ ਹੋਏ ਵੀ ਵੰਡੀਆਂ ਤੋਂ ਬਚ ਨਾ ਸਕੇ। ਕਾਰਨ ਵੀ ਸਾਫ ਵਿਖਾਈ ਦਿੰਦੇ ਹਨ- ਮੂਲ਼ ਬਸ਼ਿੰਦਿਆਂ ਤੇ ਬਾਹਰੋਂ ਆਇਆ ਦਾ ਤਫਰਕਾ, ਧੱਕੇ ਤੇ ਧੌਂਸ ਨਾਲ ਦਬਦਬਾ ਕਾਇਮ ਕਰਨਾ। ਪਰ ਸਮਾਜ ਲੰਬੀਆਂ ਵਾਟਾਂ ਤੈਅ ਕਰਕੇ ਅੱਜ ਦੀ ਸਥਿਤੀ ਵਿਚ ਪਹੁੰਚਿਆ ਹੈ।
       ਸਮਾਜੀ ਰਿਸ਼ਤੇ ਹਮੇਸ਼ਾਂ ਹੀ ਅੰਤਰ-ਸਬੰਧਤ ਹੁੰਦੇ ਹਨ, ਲੋੜਾਂ ਵੀ ਇਸਦਾ ਕਾਰਨ ਰਹੀਆਂ ਹਨ ਅਤੇ ਜਾਗਦੀ ਚੇਤਨਾ ਇਸ ਸਥਿਤੀ ਨੂੰ ਅੱਗੇ ਤੋਰਨ ਵਾਸਤੇ ਸਦਾ ਕਾਰਜਸ਼ੀਲ ਰਹੀ ਹੈ। ਸਮਾਜ ਦੇ ਲੋਕਾਂ ਦੀ ਸਾਂਝ ਪੀਡੀ ਹੁੰਦੀ ਗਈ। ਇਕ ਦੂਜੇ ਦਾ ਦੁੱਖ-ਦਰਦ ਆਪਣਾ ਸਮਝਿਆ ਜਾਣ ਲੱਗਾ ਤਾਂ ਸਾਂਝੀਵਾਲਤਾ ਆਪਣੇ ਨਿਸਾਰੇ ਵਲ ਵਧਦੀ ਰਹੀ। ਸਾਂਝੀਵਾਲਤਾ ਵਾਲੇ ਰਹਿਬਰ ਦੀ ਬਾਤ ਪਾਉਂਦੇ ਹਾਂ।
        ਕਿਸੇ ਵੀ ਦਿਹਾੜੇ ਦਾ ਮਹੱਤਵ ਉਸ ਦਿਨ ਨਾਲ ਜੁੜੇ ਘਟਨਾਕ੍ਰਮ ਕਰਕੇ ਵੀ ਹੁੰਦਾ ਹੈ। ਏਥੇ ਓਸ ਸਮੇਂ ਵਾਲੇ ਉਸ ਦਿਹਾੜੇ ਦੀ  ਗੱਲ ਕੀਤੀ ਜਾਣੀ ਹੈ, ਜਿਸ ਦਿਹਾੜੇ ਬਾਬਾ ਨਾਨਕ ਇਸ ਜਗਤ ਵਿਚ ਆਏ, ਪਰ ਇਕ ਗੱਲ ਏਥੇ ਸਾਫ ਕਰ ਦਿੱਤੀ ਜਾਵੇ ਕਿ ਵਿਚਾਰ ਕਰਦਿਆਂ ਥੋਥੀਆਂ ਸਾਖੀਆਂ ਜੋ ਬਹੁਤੀਆਂ ਸੱਚ 'ਤੇ ਅਧਾਰਤ ਨਹੀਂ ਹਨ, ਸੱਪ ਵਲੋਂ ਬਾਬੇ ਦੇ ਚਿਹਰੇ ਤੇ ਛਾਂ ਕਰਨ ਦੀ ਤੇ ਹੋਰ  ਮਨਘੜਤ ਕਰਾਮਾਤਾਂ ਨੂੰ ਵਿਚ ਜੋੜੀ ਜਾਣਾ ਜਾਂ ਹੋਰ ਬਹੁਤ ਸਾਰੀਆਂ ਅਜਿਹੀਆਂ ਘੜੀਆਂ ਹੋਈਆਂ ਸਾਖੀਆਂ ਬਾਰੇ ਵਿਚਾਰ ਕਰਨ ਤੇ ਸਮਾਂ ਬਰਬਾਦ ਕਰਨਾ ਚੰਗਾ ਨਹੀਂ ਲਗਦਾ। ਅਸੀਂ ਤਾਂ ਉਸੇ ਰੁਖ ਹੀ ਤੁਰਾਂਗੇ ਕਿ 'ਨਾਨਕ ਸਾਇਰੁ ਏਵ ਕਹਤੁ ਹੈ' ਜਿਸ ਦਾ ਸਿਰਨਾਵਾਂ ਬਣਦਾ ਹੋਵੇ।
ਬਾਬਾ ਨਾਨਕ ਜੀ ਦੇ ਆਗਮਨ 'ਤੇ  ਭਾਈ ਗੁਰਦਾਸ ਜੀ ਨੇ ਲਿਖਿਆ :
ਸਤਿਗੁਰ ਨਾਨਕ ਪ੍ਰਗਟਿਆਂ, ਮਿਟੀ ਧੁੰਦ ਜੱਗ ਚਾਨਣ ਹੋਆ
ਜਿਉਂ ਕਰ ਸੂਰਜ  ਨਿਕਲਿਆ  ਤਾਰੇ ਛਪੇ  ਅੰਧੇਰ ਪਲੋਆ ॥
        ਧੁੰਦ ਭਰੀ ਸਥਿਤੀ ਅਜਿਹੀ ਹੀ ਹੁੰਦੀ ਹੈ ਜਿਸ ਵਿੱਚ ਨਜ਼ਰ ਹੀ ਕੁੱਝ ਨਹੀਂ ਆਉਂਦਾ, ਇਸ ਧੁੰਦ ਨੂੰ ਦੂਰ ਕਰਨ ਵਾਸਤੇ ਤਾਂ ਸੂਰਜ ਦੀ ਲੋੜ ਪੈਂਦੀ ਹੈ। ਉਦੋਂ ਦੇ ਅਜਿਹੇ ਮਾੜੇ ਸਮੇਂ ਵਿੱਚ ਬਾਬਾ ਨਾਨਕ ਸੂਰਜ ਬਣਕੇ ਆਏ ਜਿਨ੍ਹਾ ਨੇ ਲੋਕਾਂ ਦੇ ਮਨਾਂ ਤੋਂ ਵਹਿਮਾਂ ਭਰਮਾ, ਟੂਣੇ-ਟਾਮਣਾਂ, ਪਾਖੰਡਾਂ ਅਤੇ ਆਪਣੇ ਆਪ 'ਤੇ ਬੇਵਿਸ਼ਵਾਸੀ ਦਾ ਆਲਮ ਰੋਕਣ ਵਾਸਤੇ ਲੋਕਾਂ ਨੂੰ ਜਗਾਉਣ ਦੇ ਰਾਹੇ ਪਾਉਣ ਦਾ ਕਾਰਜ ਆਰੰਭਿਆ। ਪੂਰਾ ਜੀਵਨ ਸੱਚ ਦਾ ਹੋਕਾ ਦਿੱਤਾ, ਉਨ੍ਹਾਂ ਦੀਆਂ ਸਿਖਿਆਵਾਂ ਲੋਕਾਈ ਦੇ ਜੀਵਨ ਵਿਚੋਂ ਹਨੇਰਾ ਦੂਰ ਕਰਨ ਲੱਗੀਆਂ।
         ਗੁਰੂ ਨਾਨਕ ਦੇਵ ਜੀ ਦਾ ਜਨਮ 15 ਅਪ੍ਰੈਲ 1469 ਨੂੰ ਰਾਇ ਭੋਇ ਦੀ ਤਲਵੰਡੀ ਵਿਖੇ ਵਿਖੇ ਹੋਇਆ (ਜੋ ਹੁਣ ਪਾਕਿਸਤਾਨ ਵਿਚ ਹੈ ਅਤੇ ਜਿਸਨੂੰ ਹੁਣ ਨਨਕਾਣਾ ਸਾਹਿਬ ਆਖਿਆ ਜਾਂਦਾ ਹੈ), । ਇਨ੍ਹਾਂ ਦੀ ਮਾਤਾ ਦਾ ਨਾਂ ਤ੍ਰਿਪਤਾ ਸੀ ਇਨ੍ਹਾਂ ਦੇ ਪਿਤਾ,  ਮਹਿਤਾ ਕਾਲੂ ਜੋ ਪਿੰਡ ਤਲਵੰਡੀ ਵਿਖੇ ਮਾਲ ਮਹਿਕਮੇ ਦੇ ਪਟਵਾਰੀ ਸਨ ਅਤੇ ਉਸ ਇਲਾਕੇ ਦੇ ਇੱਕ ਮੁਸਲਮਾਨ ਜਿਮੀਂਦਾਰ ਰਾਇ ਬੁਲਾਰ ਹੇਠ ਨੌਕਰੀ ਕਰਦੇ ਸਨ। ਇਨ੍ਹਾਂ ਦੀ ਵੱਡੀ ਭੈਣ ਦਾ ਨਾਂ ਬੇਬੇ ਨਾਨਕੀ ਸੀ ।
       1475 ਈ: ਵਿੱਚ ਆਪ ਨੂੰ ਗੋਪਾਲ ਪੰਡਿਤ ਕੋਲ ਪੜ੍ਹਨ ਭੇਜਿਆ ਗਿਆ। ਪੰਡਿਤ ਨਾਲ ਹੋਏ ਵਿਚਾਰ ਵਟਾਂਦਰੇ ਨੂੰ ਆਪ ਨੇ ਆਪਣੀ ਰਚਨਾ 'ਪੱਟੀ' ਵਿੱਚ ਦਰਜ਼ ਕੀਤਾ ਹੈ। 1478 ਈ: ਵਿੱਚ ਪੰਡਿਤ ਬ੍ਰਿਜਨਾਥ ਸ਼ਰਮਾ ਪਾਸ ਸੰਸਕ੍ਰਿਤ ਪੜ੍ਹਨ ਭੇਜਿਆ ਗਿਆ। ਸਿੱਖਿਆ ਪ੍ਰਾਪਤ ਕਰਦਿਆਂ ਉਸ ਨਾਲ ਵੀ ਗੁਰੂ ਜੀ ਨੇ ਸੁਚੱਜਾ ਵਿਚਾਰ ਵਟਾਂਦਰਾ  ਕੀਤਾ। 1480 ਈ: ਵਿੱਚ ਫ਼ਾਰਸੀ ਪੜ੍ਹਨ ਲਈ ਕੁਤਬ ਦੀਨ ਮੌਲਾਨਾ ਪਾਸ ਭੇਜਿਆ ਗਿਆ। ਕਿਹਾ ਜਾਂਦਾ ਹੈ ਕਿ ਇਸ ਸਮੇਂ ਆਪ ਨੇ 'ਸੀਹਰਫੀ' ਉਚਾਰੀ ਜੋ ਜਨਮ ਸਾਖੀਆਂ ਵਿੱਚ ਮਿਲਦੀ ਹੈ।
        ਬੇਬੇ ਨਾਨਕੀ ਦਾ ਵਿਆਹ ਜੈ ਰਾਮ ਨਾਲ ਸੁਲਤਾਨਪੁਰ ਲੋਧੀ ਵਿਖੇ ਹੋਇਆ ਜੋ ਲਾਹੌਰ ਦੇ ਗਵਰਨਰ ਦੌਲਤ ਖ਼ਾਨ ਦੇ ਮੋਦੀਖਾਨੇ ਵਿੱਚ ਕੰਮ ਕਰਦੇ ਸਨ। ਗੁਰੂ ਨਾਨਕ ਦਾ ਵੱਡੀ ਭੈਣ ਨਾਲ ਕਾਫ਼ੀ ਪਿਆਰ ਹੋਣ ਕਾਰਨ ਪੁਰਾਤਨ ਰਸਮਾਂ ਮੁਤਾਬਕ ਉਹ ਵੀ ਸੁਲਤਾਨਪੁਰ ਆਪਣੇ ਜੀਜੇ ਦੇ ਘਰ ਰਹਿਣ ਚਲੇ ਗਏ। ਉੱਥੇ ਉਹ 16 ਸਾਲ ਦੀ ਉਮਰ ਵਿੱਚ ਮੋਦੀਖਾਨੇ ਵਿੱਚ ਹੀ ਕੰਮ ਕਰਨ ਲੱਗ ਪਏ। ਪੁਰਾਤਨ ਜਨਮ-ਸਾਖੀਆਂ ਮੁਤਾਬਕ ਇਹ ਸਮਾਂ ਗੁਰੂ ਨਾਨਕ ਲਈ ਇੱਕ ਰਚਨਾਤਮਕ ਸਮਾਂ ਸੀ ਅਤੇ ਇਸ ਦੌਰਾਨ ਹੀ ਇਨ੍ਹਾਂ ਦੀ ਅਕਾਲ ਪੁਰਖ ਨੂੰ ਮਿਲਣ ਦੀ ਤਾਂਘ ਵਧੀ।
         ਹੁਣ ਹਾਲਤ ਕੀ ਨੇ ਕਿ ਗੁਰੂ ਘਰਾਂ ਅੰਦਰ ਤੇ ਬਾਹਰ ਸ਼ਰਧਾਪੂਰਵਕ ਵਿਸ਼ੇਸ਼ ਸਮਾਗਮ ਕੀਤੇ ਜਾ ਰਹੇ ਹਨ। ਗੁਰੂ ਬਾਬੇ ਦੀਆਂ ਸਿੱਖਿਆਵਾਂ ਬਾਰੇ ਵਿਚਾਰਾਂ ਕਰਕੇ, ਉਨ੍ਹਾਂ ਦੀਆਂ ਸਿਖਿਆਵਾਂ ਨਾਲ ਜੁੜਨ ਦਾ ਸੱਦਾ ਦਿੱਤਾ ਜਾ ਰਿਹਾ ਹੈ, ਉਨ੍ਹਾਂ ਤੇ ਅਮਲ ਕਰਕੇ ਇਸ ਦੁਨੀਆਂ ਦੇ ਜੋ ਆਮ ਕੁਚੱਜੇ ਵਹਿਣ ਨੇ ਉਨ੍ਹਾਂ ਨੂੰ ਮਨੁੱਖਵਾਦੀ ਧਾਰਾ ਵੱਲ ਮੋੜਨ ਦੇ ਸੱਦੇ ਦਿੱਤੇ ਜਾ ਰਹੇ ਹਨ। ਇਹ ਕਾਰਜ ਬਹੁਤ ਔਖਾ ਹੈ, ਪਰ ਇੱਥੇ ਗੱਲ ਕਰਦਿਆਂ ਸਾਨੂੰ ਇਹ ਵੀ ਤਾਂ ਸੋਚਣਾ ਚਾਹੀਦਾ ਹੈ ਕਿ ਸਮਾਜ ਦੀ ਵਿਗੜ ਰਹੀ ਧਾਰਾ ਨੂੰ ਸਹੀ ਰਸਤੇ ਵੱਲ ਮੋੜਨਾ ਕੋਈ ਸੌਖਾਂ ਕੰਮ ਤਾਂ ਨਹੀਂ ਹੁੰਦਾ। ਇਸ ਬਾਰੇ ਸਖਤ ਮਿਹਨਤ-ਮੁਸ਼ੱਕਤ ਤਾਂ ਕਰਨੀ ਹੀ ਪਵੇਗੀ- ਸੋ, ਇਹ ਭਲਾਂ ਸੌਖਾ ਕਾਰਜ ਕਿਵੇਂ ਹੋ ਸਕਦਾ ਹੈ? ਪਰ ਇਨ੍ਹਾਂ ਸਿਖਿਆਵਾਂ ਨਾਲ ਜੁੜੇ ਬਗੈਰ ਅਤੇ  ਉਨ੍ਹਾਂ ਉੱਤੇ ਅਮਲ ਕੀਤੇ ਬਿਨਾਂ ਸਭ ਵਿਖਿਆਨ ਥੋਥੇ ਹਨ ਜਿਵੇਂ ਆਮ ਹੀ ਕਿਹਾ ਜਾਂਦਾ ਹੈ ਕਿ ਕੋਈ ਵੀ ਥੀਊਰੀ ਜਾਂ ਵਿਚਾਰ ਜਦੋਂ ਤੱਕ ਉਸ ਉੱਤੇ ਹੁੰਦੇ ਅਮਲ ਨੂੰ ਨਾ ਪਰਖਿਆ ਜਾਵੇ ਉਸ ਦਾ ਪੂਰਾ ਸੱਚ ਪੱਲੇ ਨਹੀਂ ਪੈਂਦਾ। ਜੋ ਸੱਚ ਨੂੰ ਨਾ ਪਰਖੇ ਜਾਂ ਹੁੰਘਾਲੇ ਉਹ ਕਾਹਦਾ ਵਿਚਾਰ? ਲੋੜ ਹੈ ਅੱਜ ਦੀ ਸਥਿਤੀ ਤੇ ਘੋਖਵੀਂ ਤੇ ਡੂੰਘੀ ਨਜ਼ਰ ਮਾਰਨ ਦੀ ਵਿਚਾਰਨ ਤੇ ਪਰਖ ਕਰਨ ਦੀ। ਪਰਖ ਤੋਂ ਬਾਅਦ ਨਬੇੜੇ ਅਮਲਾਂ ਨਾਲ ਹੀ ਹੋਣੇ ਹਨ।
         ਅੱਜ ਦਾ ਸਮਾਂ ਉਸ ਸਮੇਂ ਤੋਂ ਬਹੁਤ ਵੱਖਰਾ ਹੈ ਜਿਸ ਸਮੇਂ ਬਾਬਾ ਨਾਨਕ ਦਾ ਇਸ ਜੱਗ ਵਿੱਚ ਆਗਮਨ ਹੋਇਆ ਸੀ। ਉਦੋਂ ਸਮਾਜ ਅੰਦਰ ਸਿਰੇ ਦੀ ਗੁਰਬਤ ਸੀ, ਹਰ ਪਾਸੇ ਧੁੰਦ ਹੀ ਧੁੰਦ ਸੀ, ਵਹਿਮਾਂ ਭਰਮਾਂ ਵਿੱਚ ਸਾਡਾ ਸਮਾਜ ਗਰਕਿਆ ਪਿਆ ਸੀ, (ਸੈਂਕੜੇ ਸਾਲ ਬੀਤ ਜਾਣ ਤੋਂ ਬਾਅਦ ਵੀ ਅਸੀਂ ਅਜੇ ਉਸੇ ਜਿੱਲਣ ਵਿਚ ਫਸੇ ਬੈਠੇ ਹਾਂ) ਬ੍ਰਾਹਮਣੀ ਮੱਤ ਵਲੋਂ ਦਿੱਤੀ ਵਿਤਕਰੇ ਭਰਪੂਰ ਅਣਮਨੁੱਖੀ ਸੋਚ ਜਾਤ-ਪਾਤ ਦੇ ਅਧਾਰ 'ਤੇ ਮਨੁੱਖ ਦੇ ਚੰਗੇ ਮੰਦੇ ਹੋਣ ਦੀ ਪਰਖ ਕੀਤੀ ਜਾਂਦੀ ਸੀ। ਤਕੜਾ ਮਾੜੇ ਨੂੰ ਦਬਾਈ ਜਾ ਰਿਹਾ ਸੀ,  ਮਾੜੇ ਦਾ ਜੀਣਾ ਬਹੁਤ ਔਖਾ ਸੀ। ਦਸਾਂ ਨੌਹਾਂ ਦੀ ਕਿਰਤ ਕਰਨ ਵਾਲਾ ਹੀ ਸਭ ਤੋਂ ਔਖਾ ਜੀਵਨ ਬਸਰ ਕਰਦਾ ਸੀ, ਵਿਹਲੜ ਉਦੋਂ ਵੀ ਅੱਜ ਦੇ ਵਿਹਲੜਾਂ ਵਾਂਗ ਹੀ ਮੌਜਾਂ ਮਾਣਦੇ ਸਨ। ਆਪਣੇ ਆਪ ਨੂੰ ਸਮਾਜ ਦੀ ਅਗਵਾਈ ਕਰਨ ਵਾਲੇ ਸੰਤ -ਮਹਾਤਮਾਂ ਕਹਾਉਂਦੇ ਲੋਕ ਪਾਖੰਡਾਂ ਵਿੱਚ ਗਲਤਾਨ ਸਨ ਜਿਵੇਂ ਅੱਜ ਹਨ, ਆਪਣੀ ਹੀ ਪੂਜਾ ਕਰਵਾਈ ਜਾਂਦੇ ਹਨ। ਉਨ੍ਹਾਂ ਨੂੰ ਸਮਾਜ ਨਾਲੋਂ ਵੱਧ ਆਪਣੇ ਸੁੱਖਾਂ ਭਰੇ ਜੀਵਨ ਦਾ ਫਿਕਰ ਸੀ। ਉਨ੍ਹਾਂ ਵਿੱਚੋਂ ਬਹੁਤ ਸਾਰੇ ਇਸ ਜੀਵਨ ਅਤੇ ਜਹਾਨ ਵਲੋਂ ਉਦਾਸ ਤੇ ਉਪਰਾਮ ਹੋਏ ਪਹਾੜੀ ਜਾ ਚੜ੍ਹੇ, ਭਗਤੀ ਦੀਆਂ ਗੱਲਾਂ ਕਰਨ ਲੱਗੇ। ਪਰ ਜੀਣ ਦੇ ਸਾਰੇ ਸਾਧਨ ਉਹ ਫੇਰ ਵੀ ਉਸ ਸਮਾਜ ਤੋਂ ਹੀ ਮੰਗਦੇ ਰਹੇ ਜਿਸ ਨੂੰ ਤਿਆਗਣ ਦਾ ਉਹ ਦਾਅਵਾ ਕਰਦੇ ਸਨ। ਪਰ ਜਿਸ ਸਮਾਜ ਨੂੰ ਚੰਗੀ ਅਗਵਾਈ ਦੀ ਲੋੜ ਹੋਵੇ ਜੇ ਉਦੋਂ ਆਪਣੇ ਆਪ ਨੂੰ ਸੇਧ ਦੇਣ ਵਾਲੇ ਵੀ ਸੇਧ ਹੀਣ ਹੋ ਜਾਣ ਤਾਂ ਉਸ ਸਮਾਜ ਨੂੰ ਢਹਿੰਦੀਆਂ ਕਲਾਂ ਵੱਲ ਜਾਣ ਤੋਂ ਕੋਈ ਨਹੀਂ ਰੋਕ ਸਕਦਾ। ਉਦੋਂ ਹਾਲਤ ਵੀ ਇਵੇਂ ਦੀ ਹੀ ਸੀ, ਤੇ ਹੋਇਆ ਵੀ ਇਵੇਂ ਹੀ ਸੀ।
      ਜਿਹੜੇ ਵਿਹਲੜ ਜਾਂ ਤਾਕਤਵਰ ਲੋਕ ਕਿਰਤ ਕਰਨ ਵਾਲੇ ਹੱਥਾਂ ਤੋਂ ਖੋਹ ਕੇ ਖਾਣ ਦਾ ਕਾਰਜ ਕਰਦੇ ਸਨ ਉਨ੍ਹਾਂ ਵਲ ਦੇਖ ਕੇ ਹੀ ਬਾਬਾ ਨਾਨਕ ਨੇ ਹੱਥੀਂ ਕਿਰਤ ਕਰਕੇ ਖਾਣ ਅਤੇ ਵੰਡ ਛਕਣ ਦਾ ਉਪਦੇਸ਼ ਦਿੱਤਾ ਅਤੇ ਕਿਰਤ ਨੂੰ ਮਹਾਨਤਾ ਬਖਸ਼ਦਿਆਂ ਕਿਹਾ ਸੀ :
'ਘਾਲਿ ਖਾਇ ਕਿਛੁ ਹਥਹੁ ਦੇਇ॥ ਨਾਨਕ ਰਾਹੁ ਪਛਾਣਹਿ ਸੇਇ॥।' ਜਾਂ 'ਹਕੁ ਪਰਾਇਆ ਨਾਨਕਾ, ਉਸੁ ਸੂਅਰ, ਉਸੁ ਗਾਇ॥'
      ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਬਾਬਾ ਨਾਨਕ ਅਜਿਹੇ ਨਾਥ ਜੋਗੀਆਂ ਦੇ ਡੇਰਿਆਂ ਤੇ ਪਹੁੰਚੇ ਉਨ੍ਹਾਂ ਨਾਲ ਵਿਚਾਰਾਂ ਕੀਤੀਆਂ, ਉਨ੍ਹਾਂ ਨੂੰ ਠੀਕ ਰਾਹ ਦੀ ਦੱਸ ਪਾਈ। ਉਹ ਨਾਥ-ਜੋਗੀ ਸਾਧਾਰਨ ਬੁੱਧੀ ਵਾਲੇ ਨਹੀਂ ਸਗੋਂ ਦਾਨਿਸ਼ਵਰ ਸਨ (ਨਾਥ ਜੋਗੀਆਂ  ਨਾਲ ਹੋਈ ਗੋਸ਼ਟਿ ਇਸਦਾ ਸਬੂਤ ਹੈ) ਪਰ ਕਿਸੇ ਉਪਰਮਤਾ ਭਰੀ ਝੂਠੀ ਰਵਾਇਤ ਦੇ ਲੜ ਲੱਗ ਕੇ ਸਮਾਜ ਤੋਂ ਮੂੰਹ ਮੋੜ ਗਏ ਸਨ। ਬਾਬਾ ਨਾਨਕ ਨੇ ਉਨ੍ਹਾਂ ਨੂੰ ਸਮਾਜ ਵਿਚ ਮੁੜ ਆਉਣ ਬਾਰੇ ਸਮਝਾਇਆ, ਗੱਲਾਂ-ਬਾਤਾਂ ਕੀਤੀਆਂ, ਲੋਕਾਂ ਦੀ ਹਾਲਤ ਦੱਸੀ ਅਤੇ ਸਮਾਜ ਅਤੇ ਸਾਂਝ, ਸਾਂਝੀਵਾਲਤਾ ਦੇ ਅਰਥ ਸਮਝਾਏ, ਜਿਨ੍ਹਾਂ ਨੂੰ ਗੋਸ਼ਟਿ  ਭਾਵ ਵਿਚਾਰ- ਵਟਾਂਦਰਾ ਕਰਨਾ ਵੀ ਕਿਹਾ ਜਾਂਦਾ ਹੈ। ਅੱਜ ਸੋਚਦੇ ਹਾਂ ਕਿ ਇੱਥੋਂ ਹੀ ਅੱਜ ਦੀ ਗੋਸ਼ਟੀ, ਸੈਮੀਨਾਰ ਵਿਚਾਰ-ਵਟਾਂਦਰੇ ਆਦਿ ਦੀ ਸ਼ੁਰੂਆਤ ਹੋਈ ਹੋਵੇਗੀ, ਕਿ ਦੂਜੇ ਦੀ ਗੱਲ ਸੁਣਨੀ ਤੇ ਆਪਣੀ ਕਹਿਣ ਵਾਲੀ ਰਵਾਇਤ ਤੁਰੀ, ਜੋ ਅੱਜ ਦੇ ਸੰਸਾਰ ਅੰਦਰ ਹਰ ਪਾਸੇ ਹੀ ਵਰਤੀ ਜਾ ਰਹੀ ਹੈ। ਇਸੇ ਕਰਕੇ ਤਾਂ ਬਾਬੇ ਨਾਨਕ ਨੇ ਕਿਹਾ ਸੀ :-
ਜਬ ਲਗ ਦੁਨੀਆਂ ਰਹੀਏ ਨਾਨਕ
ਕਿਛੁ  ਸੁਣੀਐਂ,   ਕਿਛੁ  ਕਹੀਐ॥
ਅਜਿਹੀ ਸਥਿਤੀ ਬਾਰੇ ਕਿਸੇ ਕਵੀ ਮਨ ਨੇ ਦੁੱਖ ਪ੍ਰਗਟ ਕਰਦਿਆਂ ਲਿਖਿਆ ਕਿ ਬਾਬੇ ਨੇ ਸਿੱਧਾਂ ਦੇ ਮਨ ਤਾਂ ਬਦਲੇ ਪਰ ਅਸੀਂ ਜੋ ਹਨੇਰਿਆਂ ਦੀ ਡੂੰਘੀ ਜਕੜ ਵਿਚ ਹਾਂ ਆਪਣੇ ਮਨਾਂ ਤੇ ਡੇਰਿਆਂ ਵਿਚ ਚਾਨਣ ਹੋਣ ਹੀ ਨਹੀਂ ਦੇਣਾ ਚਾਹੁੰਦੇ । ਕਵੀ ਕਹਿੰਦਾ ਹੈ :-
ਛੱਟਾ ਤਾਰਿਆਂ ਦਾ ਸੁੱਟਿਆ ਹਨੇਰਿਆਂ ਦੇ ਵਿਚ
ਲੱਖਾਂ ਕਿਰਨਾਂ  ਬਖੇਰੀਆਂ  ਸਵੇਰਿਆਂ  ਦੇ ਵਿਚ।
ਸਿੱਧਾਂ ਜੋਗੀਆਂ ਦੇ ਅੰਬਰਾਂ 'ਚ ਤਾਰੇ ਚਾਹੜ ਦਿੱਤੇ
ਲੋਅ ਫੇਰ ਵੀ ਨਾ  ਹੋਈ ਸਾਡੇ  ਡੇਰਿਆਂ ਦੇ ਵਿਚ।
       ਸਾਡੇ ਹੁਣ ਦੇ ਡੇਰੇ ਤਾਂ ਵੰਡਦੇ ਹੀ ਹਨੇਰਾ ਹਨ - ਇਨ੍ਹਾਂ ਤੋਂ ਬਚਣ ਦਾ ਹੋਕਾ ਦੇਣਾ ਸਾਡਾ ਵੀ ਤਾਂ ਫ਼ਰਜ਼ ਹੈ।
       ਗੁਰੂ ਜੀ ਤਿੱਬਤ, ਲੰਕਾ ਅਤੇ ਅਰਬ ਦੇਸ਼ਾਂ ਵਿੱਚ ਵੀ ਗਏ। ਉੱਘੇ ਧਰਮ ਅਸਥਾਨਾਂ ਵਿੱਚ ਜਾ ਕੇ ਪੰਡਤਾਂ, ਮੁਲਾਣਿਆਂ ਅਤੇ ਆਮ ਲੋਕਾਂ ਨੂੰ ਅਸਲੀ ਧਰਮ ਦੀ ਸੋਝੀ ਕਰਵਾਈ। ਸੰਸਾਰ ਦੇ ਧਾਰਮਿਕ ਆਗੂਆਂ ਵਿਚੋਂ ਸਭ ਤੋਂ ਵੱਧ ਸਫਰ ਕਰਨ ਵਾਲੇ ਆਪ ਹੀ ਸਨ। ਆਪ ਨੇ ਬਾਣੀ ਰਾਹੀਂ ਥਾਂ-ਥਾਂ ਤੇ ਪ੍ਰਚਾਰ ਕੀਤਾ। ਆਪ ਨੇ ਕਾਵਿ ਰਚਨਾ ਬਚਪਨ ਤੋਂ ਹੀ ਆਰੰਭ ਕਰ ਦਿੱਤੀ ਸੀ।  1480 ਈ: ਵਿੱਚ ਸਮਾਜੀ ਸੰਸਕਾਰ ਦੀ ਪੂਰਤੀ ਲਈ ਬੁਲਾਏ ਗਏ ਪ੍ਰੋਹਤ ਨੂੰ ਗੁਰੂ ਜੀ ਨੇ ਜੰਝੂ ਬਾਰੇ ਗਿਆਨ ਦਿੱਤਾ। ਇਸ ਤਰ੍ਹਾਂ ਬਚਪਨ ਤੋਂ ਆਪ ਦਾ ਕਾਵਿ ਸਫਰ ਆਰੰਭ ਹੁੰਦਾ ਹੈ ਤੇ ਸਮਾਂ ਬੀਤਣ ਨਾਲ ਇਸ ਦਾ ਵਿਕਾਸ ਹੁੰਦਾ ਹੈ।
        ਬਾਬਾ ਨਾਨਕ ਬਚਪਨ ਤੋਂ ਹੀ ਅਜਿਹੇ ਕਿਰਦਾਰ ਨਾਲ ਵਿਚਰਨ ਲੱਗੇ ਕਿ ਉਨ੍ਹਾਂ ਦਾ ਹਰ ਕਾਰਜ ਹੀ ਨਵਾਂ ਅਤੇ ਨਵੇਕਲਾ ਸੀ। ਉਦੋਂ ਦੀ ਸਮਾਜਿਕ ਰੀਤ ਸੀ ਕਿ ਜਦੋਂ ਬੱਚੇ ਨੂੰ ਸਮਾਜ ਵਿੱਚ ਸ਼ਾਮਲ ਕੀਤਾ ਜਾਂਦਾ ਸੀ ਤਾਂ ਬ੍ਰਾਹਮਣੀ ਰੀਤਾਂ ਅਨੁਸਾਰ ਉਸਦੇ ਗਲ ਵਿੱਚ ਜਨੇਊ ਪਾਇਆ ਜਾਂਦਾ ਸੀ। ਸੂਤ ਦੀ ਵੱਟੀ ਡੋਰ ਨੂੰ ਹੀ ਜਨੇਊ ਕਿਹਾ ਜਾਂਦਾ ਹੈ। ਜਦੋਂ ਪਿਤਾ ਕਾਲੂ ਅਤੇ ਮਾਤਾ ਤ੍ਰਿਪਤਾ ਨੇ ਆਪਣੇ ਘਰ ਪੰਡਿਤ ਨੂੰ ਬੁਲਾ ਕੇ ਨਾਨਕ ਦੇ ਗਲ ਜਨੇਊ ਪਾਉਣ ਵਾਸਤੇ ਕਿਹਾ ਤਾਂ ਇਸਦੇ ਨਾਲ ਕਹਾਣੀ ਜੋੜੀ ਜਾਂਦੀ ਹੈ ਕਿ ਬਾਬੇ ਨਾਨਕ ਨੇ ਅਜਿਹੇ ਜਨੇਊ ਦੀ ਮੰਗ ਕੀਤੀ ਕਿ ਜੋ ਦਇਆ ਭਰਪੂਰ ਹੋਵੇ, ਸਬਰ, ਸੰਜਮ ਤੇ ਸੰਤੋਖ ਵਾਲਾ ਹੋਵੇ, ਜੋ ਟੁੱਟੇ ਨਾ, ਜੋ ਜਲ਼ੇ ਨਾ ਤੇ ਮੈਲ਼ਾ ਨਾ ਹੋਵੇ,  
ਆਦਿ ਇਹ ਬਹੁਤ ਪ੍ਰਚਾਰਿਆ ਜਾਂਦਾ ਹੈ ਤੇ ਦੱਸਿਆ ਜਾਂਦਾ ਹੈ ਕਿ ਪੰਡਿਤ ਨੂੰ ਕਿਹਾ ਸੀ :-

ਦਇਆ ਕਪਾਹ ਸੰਤੋਖੁ ਸੂਤੁ ਜਤੁ ਗੰਢੀ ਸਤੁ ਵਟੁ
ਏਹੁ  ਜਨੇਊ  ਜੀਅ  ਕਾ  ਹਈ  ਤਾਂ  ਪਾਂਡੇ  ਘਤੁ ।
          ਇਸ ਤਰ੍ਹਾਂ ਸਬਰ, ਸੰਤੋਖ, ਸੰਜਮ ਵਾਲੇ ਅਤੇ ਨਾ ਜਲਣ ਵਾਲੇ ਤੇ ਨਾ ਮੈਲ਼ਾ ਹੋਣ ਵਾਲੇ ਤੇ ਨਾ ਟੁੱਟਣ ਵਾਲੇ ਜਨੇਊ ਦੀ ਮੰਗ ਕਰਕੇ ਬਾਬੇ ਨਾਨਕ ਨੇ ਸੂਤ ਦੇ ਵੱਟੇ ਧਾਗਿਆਂ ਵਾਲੇ ਜਨੇਊ ਨੂੰ ਹੀ ਰੱਦ ਕਰ ਦਿੱਤਾ। ਕਿਹਾ ਜਾਂਦਾ ਹੈ ਕਿ ਪੰਡਤ ਅਜਿਹੇ ਜਨੇਊ ਬਾਰੇ ਜਾਣਦਾ ਹੀ ਕੁੱਝ ਨਹੀਂ ਸੀ ਜਿਹੜਾ ਬਾਬੇ ਨਾਨਕ ਨੇ ਮੰਗਿਆ। (ਬਾਲ ਨਾਨਕ ਵਲੋਂ ਉਸ ਸਮੇਂ ਦੱਸੀ ਜਾਂਦੀ ਕਹਾਣੀ ਬਾਰੇ ਮਾਪਿਆਂ ਦਾ, ਜਾਂ ਸਮਾਜ ਦਾ ਉਸ ਸਮੇਂ ਕੀ ਵਤੀਰਾ ਸੀ ਕਿਉਂਕਿ ਉਸ ਸਮੇਂ ਦੇ ਹਿੰਦੂ ਸਮਾਜ ਦੀ ਇਹ ਪੱਕੀ ਰੀਤ ਸੀ, ਇਸ ਬਾਰੇ ਖੋਜਣ ਤੋਂ ਬਾਅਦ ਵੀ ਕੋਈ ਹਵਾਲਾ ਨਹੀਂ ਲੱਭਦਾ) ਉਸ ਸਮੇਂ ਦਲੀਲ ਨਾਲ ਰਵਾਇਤੀ ਕਿਸਮ ਦੇ ਜਨੇਊ ਨੂੰ ਪਾਉਣ ਤੋਂ ਕਹੀ ਜਾਂਦੀ ਕੀਤੀ ਗਈ ਨਾਂਹ ਵਿਚੋਂ ਨਵਾਂ ਵਿਚਾਰ, ਨਵਾਂ ਰਾਹ ਭਾਵ ਸਿੱਖੀ ਦੇ ਰਾਹ  ਦੀ ਧਾਰਾ ਫੁੱਟਦੀ ਹੈ, ਇਹ ਸਾਨੂੰ ਅੱਜ ਸਮਝਣਾ ਸੌਖਾ ਹੈ, ਉਦੋਂ ਭਾਵੇਂ ਔਖਾ ਲੱਗਿਆ ਹੋਵੇ। ਫਰਜ਼ ਕਰੋ ਬਾਬਾ ਨਾਨਕ ਉਸ ਦਿਨ ਜਦੋਂ ਪਿਤਾ ਕਾਲੂ ਜੀ ਨੇ ਪੰਡਿਤ ਨੂੰ ਘਰ ਸੱਦਿਆ ਜੇ ਉਦੋਂ ਪੰਡਿਤ ਦੇ ਕਹੇ ਜਨੇਊ ਪਾ ਲੈਂਦੇ ਤਾਂ ਕੀ ਅੱਜ ਇਹ ਸਥਿਤੀ ਹੁੰਦੀ ਜਿਸ ਵਿੱਚ ਆਪਾਂ ਸਾਰੇ ਗੁਜ਼ਰ ਰਹੇ ਹਾਂ, ਆਪਾਂ ਰਲਕੇ ਬੈਠਦੇ ਹਾਂ, ਸਾਂਝੀਆਂ ਵਿਚਾਰਾਂ ਕਰਦੇ ਹਾਂ ਇਹ ਉਸ ਦਿਨ ਬਾਬਾ ਨਾਨਕ ਵਲੋਂ ਰਵਾਇਤੀ ਕਿਸਮ ਦੇ ਜਨੇਊ ਪਾਉਣ ਤੋਂ ਕੀਤੀ ਗਈ ਨਾਂਹ ਦਾ ਸਿੱਟਾ ਹੀ ਹੈ ਕਿ ਇਹ ਨਵਾਂ ਰਾਹ ਤੁਰਿਆ ਜੋ ਸਿੱਖੀ ਦਾ ਰਾਹ ਬਣ ਗਿਆ। ਇਹ ਤਰਕ ਦਾ ਰਾਹ ਕਿਹਾ ਜਾ ਸਕਦਾ ਹੈ, ਇੱਥੋਂ ਅੰਧ ਵਿਸ਼ਵਾਸ ਤੇ ਤਰਕ ਦਾ ਨਖੇੜਾ ਹੁੰਦਾ ਹੈ। ਪਰ ਅਫਸੋਸ ਹੈ ਕਿ ਲੋਕ ਸਾਖੀਆਂ ਤੇ ਇਤਬਾਰ ਕਰਦੇ ਹਨ ਪਰ ਤਰਕ ਵਾਲੀ ਗੱਲ ਲੜ ਬੰਨਣੋਂ ਪਾਸਾ ਵੱਟ ਜਾਂਦੇ ਹਨ।
        ਇਹ ਵੀ ਯਾਦ ਰੱਖਣਾ ਚਾਹੀਦਾ ਹੈ ਕਿ ਬਾਬਾ ਨਾਨਕ ਤੋਂ ਪਹਿਲਾਂ ਕਬੀਰ ਜੀ ਨੇ ਵੀ ਇਸ ਰਾਹ ਨੂੰ ਰੱਦ ਕੀਤਾ ਤੇ ਭਗਤੀ ਲਹਿਰ ਦੇ ਬਾਕੀ ਰਹਿਬਰ ਜਾਂ ਹੋਰ ਭਗਤ ਉਸ ਸਮੇਂ ਦੇ ਬ੍ਰਾਹਮਣੀ ਕਰਮ ਕਾਂਡਾ ਨੂੰ ਰੱਦ ਕਰਨ ਵਾਲੇ ਸਭ ਤੋਂ ਪਹਿਲੇ ਸਨ। ਇਸੇ ਰਾਹ ਨੂੰ ਬਾਬਾ ਨਾਨਕ ਨੇ ਅੱਗੇ ਤੋਰਿਆ। ਬਹੁਤ ਸਾਰੇ ਸੂਝਵਾਨ ਇਸ ਮੱਤ ਦਾ ਪੱਕੇ ਹਮਾਇਤੀ ਹਨ ਕਿ ਭਗਤੀ ਲਹਿਰ ਦੀ ਸਿਖਰ ਹੀ ਸਿੱਖ ਲਹਿਰ ਦੀ ਬੁਨਿਆਦ ਬਣੀ ਸੀ। ਇਸ ਦਾ ਸਬੂਤ ਹੀ ਹੈ ਸਿੱਖਾਂ ਦੇ ਆਦਿ ਗ੍ਰੰਥ / ਧਾਰਮਿਕ ਵਿਚ ਭਗਤ ਬਾਣੀ ਦਾ ਸ਼ਾਮਲ ਹੋਣਾ। ਗੁਰੂਆਂ ਤੇ ਭਗਤਾਂ ਦੀ ਸਾਂਝੀ ਮੱਤ ਜੋ ਸਾਨੂੰ ਆਪਣੀ ਸੋਚ ਦਾ ਹਿੱਸਾ ਬਣਾ ਲੈਣੀ ਚਾਹੀਦੀ ਹੈ ਕਿ ਜਿਹੜੀ ਵੀ ਗੱਲ ਦਲੀਲ ਭਰਪੂਰ ਨਹੀਂ ਜਾਂ ਤਰਕ ਸੰਗਤ ਨਹੀਂ ਉਸ ਨੂੰ ਹੌਸਲੇ ਨਾਲ ਰੱਦ ਕਰ ਸਕੀਏ  ਤਾਂ ਕਿ ਅਸੀਂ ਨੇਰ੍ਹਾ ਢੋਣ ਤੋਂ ਬਚ ਸਕੀਏ, ਕਿਸੇ ਵੀ ਗੱਲ ਬਾਰੇ ਸਹੀ ਫੈਸਲਾ ਲੈ ਸਕੀਏ। ਇਹ ਨਾਨਕ ਦਾ ਰਾਹ ਹੈ ਜੋ ਜੱਗ ਚਾਨਣ ਕਰਦਾ ਹੈ। ਪਰ ਬਹੁਤ ਵਾਰ ਅਸੀਂ ਇਸ ਦਲੀਲ ਭਰੇ ਰਾਹ ਤੋਂ ਪਾਸੇ ਜਾਂਦਿਆਂ ਅਣਜਾਣੇ ਹੀ ਵਹਿਮਾਂ-ਭਰਮਾਂ ਵਾਲੇ ਰਾਹ ਤੁਰ ਪੈਂਦੇ ਹਾਂ, ਇਸ ਵਿੱਚ ਔਖ ਨਹੀਂ, ਲੋਕ ਟੋਕਦੇ ਨਹੀਂ, ਕਿਉਂਕਿ ਪੈੜ ਵਿੱਚ ਪੈੜ ਰੱਖਣੀ ਸੌਖੀ ਹੁੰਦੀ ਹੈ। ਪਰ ਇਹ ਰਾਹ ਫੇਰ ਨਾਨਕ ਦਾ ਰਾਹ ਨਹੀਂ। ਨਵੇਂ ਰਾਹੇ ਤੁਰਨ ਕਰਕੇ ਤਾਂ ਬਾਬਾ ਨਾਨਕ ਨੂੰ ਸਮਾਜ ਅੰਦਰ ਜੀਅ ਰਹੇ ਦੰਭੀਆਂ ਨੇ ਕੁਰਾਹੀਆਂ ਤੇ ਬੇਤਾਲਾ ਤੱਕ ਕਿਹਾ। ਇੱਥੋਂ ਹੀ ਪਤਾ ਲਗਦਾ ਹੈ ਕਿ ਚੱਲ ਰਹੀ ਰੀਤ ਦੀ ਥਾਵੇਂ ਨਵਾਂ ਰਾਹ ਪਾਉਣਾ ਸੌਖਾ ਨਹੀਂ ਹੁੰਦਾ ਸਗੋਂ ਬਹੁਤ ਹੀ ਔਖਾ ਹੁੰਦਾ ਹੈ। ਇਸ ਬਾਰੇ ਜਿਗਰਾ ਕਰੜਾ ਕਰਕੇ ਬਹੁਤ ਕੁੱਝ ਸੁਣਨਾ ਤੇ ਸਹਿਣਾ ਪੈਂਦਾ ਹੈ, ਦਲੀਲ ਨਾਲ ਜਵਾਬ ਦੇਣਾ ਪੈਂਦਾ ਹੈ। ਕਿਸੇ ਵਿਚਾਰ ਦੀ ਮਹਾਨਤਾ ਇਸ ਕਰਕੇ ਬਣਦੀ ਹੈ ਕਿ ਸੱਚ ਦੇ ਲੜ ਲੱਗਿਆ ਆਪਣੀ ਤਰਕ ਭਰੀ ਜਿੱਦ ਨਾ ਛੱਡੇ।
         ਬ੍ਰਾਹਮਣੀ ਸਮਾਜ ਵਲੋਂ ਔਰਤ ਨੂੰ ਪੈਰ ਦੀ ਜੁੱਤੀ ਕਹਿਣ ਅਤੇ ਅਜਿਹੇ ਹੀ ਕੁਲੈਹਣੇ ਹੋਰ ਨਹੋਰਿਆਂ ਦਾ ਗੁਰੂ ਸਾਹਿਬ ਨੇ ਵਿਰੋਧ
ਕੀਤਾ। ਸਦੀਆਂ ਤੋਂ ਦੁਰਕਾਰੀ ਅਤੇ ਲਤਾੜੀ ਜਾ ਰਹੀ ਔਰਤ ਦੇ ਸਵੈਮਾਣ ਦੇ ਹੱਕ 'ਚ ਅਵਾਜ਼ ਬੁਲੰਦ ਕੀਤੀ ਤੇ ਕਿਹਾ :-
ਭੰਡਿ ਜੰਮੀਐ ਭੰਡ ਨਿੰਮੀਐ
ਭੰਡਿ   ਮੰਗਣੁ  ਵੀਆਹੁ॥
ਭੰਡਹੁ   ਹੋਵੈ   ਦੋਸਤੀ
ਭੰਡਹੁ   ਚਲੈ   ਰਾਹੁ ॥
ਭੰਡੁ ਮੂਆ ਭੰਡੁ ਭਾਲੀਐ
ਭੰਡਿ   ਹੋਵੇ   ਬੰਧਾਨ ॥
ਸੋ ਕਿਉਂ ਮੰਦਾ ਆਖੀਐ
ਜਿਤਿ   ਜੰਮੈ   ਰਾਜਾਨ ॥
      ਅੱਜ ਦੇ ਸਮੇਂ ਸਾਨੂੰ ਆਪਣੇ ਜੀਵਨ ਆਪਣੇ ਘਰ ਤੇ ਆਪਣੇ ਸਮਾਜ ਜਾਂ ਆਪਣੇ ਆਲ਼ੇ-ਦੁਆਲ਼ੇ ਨਿਗਾਹ ਮਾਰ ਕੇ ਦੇਖਣਾ ਚਾਹੀਦਾ ਹੈ ਕਿ ਦਰਅਸਲ ਹੋ ਕੀ ਰਿਹਾ ਹੈ? ਕੀ ਬਾਬਾ ਨਾਨਕ ਵਲੋਂ ਆਪਣੇ ਸਮੇਂ ਵਿੱਚ ਲੋਕਾਈ ਨੂੰ ਦਿੱਤੇ ਉਪਦੇਸ਼ ਲੋਕਾਂ ਨੇ ਆਪਣੇ ਜੀਵਨ ਵਿੱਚ ਅਪਣਾਏ ਵੀ ਹਨ, ਜਾਂ ਫੇਰ ਅੱਜ ਅਸੀਂ ਢੋਲਕੀਆਂ-ਛੈਣੇ ਕੁੱਟਣ ਤੇ ਹੀ ਜੋਰ ਲਾਈ ਜਾ ਰਹੇ ਹਨ। ਕਿ ਬਾਬਾ ਨਾਨਕ ਹੀ ਫੇਰ ਆਵੇ ਤੇ ਉਹ ਹੀ ਸਭ ਕੁੱਝ ਕਰੇ। ਕੀ ਅਸੀਂ ਜਦੋਂ ਕਦੇ ਕੋਈ ਭਲਾਈ ਦਾ ਕੰਮ ਕਰਦੇ ਹਾਂ ਉਹ ਆਪਣੇ ਦਿਲੋਂ-ਮਨੋਂ ਕਰਦੇ ਹਾਂ ਜਾਂ ਸਮਾਜ ਵਿੱਚ ਆਪਣੀ ਟੌਹਰ ਬਨਾਉਣ ਖਾਤਰ ਜਾਂ ਲੋਕ ਦਿਖਾਵੇ ਵਾਸਤੇ ਹੀ ਕਰਦੇ ਹਾਂ। ਜੇ ਅਜਿਹਾ ਹੈ ਤਾਂ ਅਸੀਂ ਬਾਬੇ ਨਾਲ ਵੀ ਤੇ ਆਪਣੇ ਲੋਕਾਂ ਨਾਲ ਵੀ ਧੋਖਾ ਹੀ ਕਰ ਰਹੇ ਹੁੰਦੇ ਹਾਂ ਜੇ ਅਸਲ ਕਹਿਣਾ ਹੋਵੇ ਤਾਂ ਇੰਜ ਕਿਹਾ ਜਾ ਸਕਦਾ ਹੈ ਕਿ ਦਰਅਸਲ ਅਸੀਂ ਆਪਣੇ ਆਪ ਨਾਲ ਹੀ ਧੋਖਾ ਕਰ ਰਹੇ ਹੁੰਦੇ ਹਾਂ। ਜੋ ਬਾਬੇ ਦੀ ਸਿੱਖਿਆ ਨਹੀਂ ਸਗੋਂ ਉਸਦੇ ਉਲਟ ਹੈ, ਬਾਬੇ ਦੀ ਮੱਤ ਵਿਚ ਦਿਖਾਵੇ ਦੀ ਕੋਈ ਥਾਂ ਨਹੀਂ।
       ਬਾਬੇ ਨਾਨਕ ਦੀਆਂ ਸਿਖਿਆਵਾਂ ਬਾਰੇ ਸੋਚਦਿਆਂ ਸਾਨੂੰ ਇਸ ਗੱਲ ਵੱਲ ਬਹੁਤ ਸੁਚੇਤ ਹੋਣਾ ਚਾਹੀਦਾ ਹੈ ਕਿ ਕੀ ਘਰ ਪਰਿਵਾਰ ਅੰਦਰ ਰਹਿੰਦੇ ਹੋਏ ਆਪਣਾ ਧਰਮ ਪਾਲਦੇ ਹਾਂ, ਆਪਣੇ ਮਾਤਾ ਪਿਤਾ, ਆਪਣੇ  ਜੀਵਨ ਸਾਥੀ ਜਾਂ ਜੀਵਨ ਸਾਥਣ ਨੂੰ ਬਣਦਾ ਮਾਣ ਸਤਿਕਾਰ ਦੇ ਰਹੇ ਹਾਂ, ਕਿਧਰੇ ਮਨ ਵਿੱਚ ਇਸ ਨੂੰ ਵਾਧੂ ਦਾ ਪੁਆੜਾ ਤਾਂ ਨਹੀਂ ਸਮਝ ਰਹੇ? ਕੀ ਬੱਚਿਆਂ ਪ੍ਰਤੀ ਜਾਂ ਉਨ੍ਹਾਂ ਦੇ ਭਵਿੱਖ ਪ੍ਰਤੀ ਚਿੰਤਾਵਾਨ ਹੁੰਦੇ ਹੋਏ ਵੀ ਚਿੰਤਾ ਮੁਕਤ ਜੀਵਨ ਬਿਤਾਉਣ ਦੀ ਕੋਸ਼ਿਸ਼ ਕਰਦੇ ਹਾਂ। ਜਾਂ ਫੇਰ ਇੱਥੇ ਵੀ ਲੋਕ ਦਿਖਾਵਾ ਕਰਕੇ ਹੀ ਬੁੱਤਾ ਸਾਰਿਆ ਚਾਹੁੰਦੇ ਹਾਂ। ਕੀ ਅਸੀਂ ਬ੍ਰਾਹਮਣੀ ਮੱਤ ਵਲੋਂ ਸਿਰਜੇ ਜਾਤ ਪਾਤ ਵਾਲੇ ਵੰਡ ਪਾਊ ਅਣਮਨੁੱਖੀ, ਦੰਭੀ ਅਤੇ ਵਿਤਕਰੇ ਭਰੀ,  ਮਨੁੱਖਾਂ ਨੂੰ ਹੀਣੇ ਕਰਨ ਵਾਲੀ ਸੋਚ ਤੋਂ ਖਹਿੜਾ ਛੁਡਵਾ ਲਿਆ ਹੈ? ਜੇ ਨਹੀਂ ਤਾਂ ਫੇਰ ਆਪਣੀ ਸੋਚ ਦੀ ਪੀੜ੍ਹੀ ਹੇਠ ਸੋਟਾ ਫੇਰਨ ਦਾ ਜਤਨ ਕਰੀਏ ਤੇ ਬਾਬੇ ਦੀ ਸਿੱਖਿਆ ਦੇ ਗਜ਼ ਨਾਲ ਆਪਣੇ ਅਮਲ ਪਰਖੀਏ। ਜੇ ਊਣੇ ਹੋਈਏ ਤਾਂ ਆਪਣੇ ਆਪ ਤੇ ਆਪਣੇ ਅਮਲਾਂ ਨੂੰ ਸੁਧਾਰਨ ਦਾ ਜਤਨ ਕਰੀਏ। ਸਮਾਜ ਨੂੰ ਸਤਿਕਾਰ ਦੇ ਕੇ ਆਪ ਸਤਿਕਾਰ ਦੇ ਪਾਤਰ ਬਣਨ ਦੀ ਕੋਸ਼ਿਸ਼ ਕਰੀਏ।
       ਅੱਜ ਦੇ ਸਾਡੇ ਸਮਾਜਿਕ ਰਿਸ਼ਤੇ ਬਹੁਤ ਹੀ ਗੰਧਲੇ ਹੋ ਗਏ ਹਨ। ਜਾਇਦਾਦਾਂ ਜਾਂ ਕਿਸੇ ਹੋਰ ਗੱਲ ਨੂੰ ਲੈ ਕੇ ਜਾਂ ਹਊਮੈਂ ਖਾਤਰ ਭੈਣਾਂ-ਭਰਾਵਾਂ ਦੇ ਝਗੜੇ ਵੇਲੇ ਸਾਨੂੰ ਕਿਉਂ ਯਾਦ ਨਹੀਂ ਆਉਂਦਾ ਬੇਬੇ ਨਾਨਕੀ ਤੇ ਬਾਬੇ ਨਾਨਕ ਦਾ ਪਿਆਰ ਤੇ ਸਤਿਕਾਰ ਭਰਿਆ ਰਿਸ਼ਤਾ। ਇਸੇ ਹੀ ਤਰ੍ਹਾਂ ਜਦੋਂ ਨਿੱਤ ਦਿਨ ਸੱਸ-ਨੂੰਹ, ਅਤੇ ਨਣਦ ਭਰਜਾਈ ਦੇ ਰਿਸ਼ਤੇ ਦੀਆਂ ਗੁੰਝਲਾਂ ਭਰੀਆਂ ਕਹਾਣੀਆਂ ਸੁਣਦੇ ਹਾਂ ਤਾਂ ਕਿਉਂ ਸਾਨੂੰ ਨਹੀਂ ਚੇਤਾ ਆਉਂਦਾ ਬੇਬੇ ਨਾਨਕੀ ਤੇ ਮਾਤਾ ਸੁਲੱਖਣੀ ਜੋ ਨਣਦ ਭਰਜਾਈ ਵੀ ਸਨ ਪਰ ਅਸਲ ਵਿੱਚ ਭੈਣਾਂ ਵਰਗਾ ਮੋਹ ਭਰਿਆ ਰਿਸ਼ਤਾ ਨਿਭਾਉਂਦੀਆਂ ਰਹੀਆਂ ਹਨ, ਜਦੋਂ ਬਾਬਾ ਨਾਨਕ ਦਾ ਸਹੁਰਾ ਪਰਿਵਾਰ ਸੁਲੱਖਣੀ ਬਾਰੇ ਫਿਕਰਮੰਦ ਹੋ ਕੇ ਨਾਨਕ ਦੇ ਪਰਿਵਾਰ ਨੂੰ ਆਪਣੀ ਧੀ ਬਾਰੇ ਫਿਕਰਮੰਦੀ ਬਾਰੇ ਕੁੱਝ ਆਖਦਾ ਹੈ ਤਾਂ ਬੇਬੇ ਨਾਨਕੀ ਹੀ ਸੁਲੱਖਣੀ ਬਾਰੇ ਉਨ੍ਹਾਂ ਨੂੰ ਬੇਫਿਕਰੇ ਹੋਣ ਦੀ ਆਖਦੀ ਹੈ। ਕੀ ਨਾਨਕ ਨਾਮ ਲੇਵਿਆਂ ਵਾਲੇ ਪਰਿਵਾਰਾਂ ਦੇ ਲੋਕ ਅੱਜ ਦੀਆਂ ਨਣਦਾਂ ਤੇ ਭਰਜਾਈਆਂ ਲਈ ਬੇਬੇ ਨਾਨਕੀ ਤੇ ਸੁਲੱਖਣੀ ਦੇ ਰਿਸ਼ਤੇ ਨੂੰ ਆਪਣਾ ਆਦਰਸ਼ ਨਹੀਂ ਬਣਾ ਸਕਦੀਆਂ? ਇਹ ਸਾਂਝਾਂ ਤੇ ਮੋਹ ਭਰਿਆ ਚਿੰਤਾ ਮੁਕਤ ਜੀਵਨ ਦਾ ਰਾਹ ਹੈ ਫੇਰ ਕਿਉਂ ਨਾ ਅਪਣਾਇਆ ਜਾਵੇ? ਕਿਉਂ ਨਾ ਅਜਿਹੀ ਸੋਚ ਦੇ ਲੜ ਲੱਗਿਆ ਜਾਵੇ? ਇਸੇ ਤਰ੍ਹਾਂ ਮਾਤਾ ਤ੍ਰਿਪਤਾ ਤੇ ਸੁਲੱਖਣੀ ਦਾ ਸੱਸ ਨੂੰਹ ਵਾਲਾ ਰਿਸ਼ਤਾ ਵੀ ਸਾਡੇ ਸਮਾਜ ਵਿੱਚ ਸੱਸਾਂ ਬਣਨ ਵਾਲੀਆਂ ਬੀਬੀਆਂ ਨੂੰ ਕਿਉਂ ਚੇਤੇ ਨਹੀਂ ਆਉਂਦਾ? ਇਹਦੇ ਵਿੱਚ ਭਲਾਂ ਔਕੜ ਕੀ ਹੈ? ਕਿਉਂ ਸਾਨੂੰ ਨਿੱਤ ਪੜ੍ਹਨ ਨੂੰ ਮਿਲਦਾ ਹੈ ਸੱਸ ਵਲੋਂ ਨੂੰਹ ਉੱਤੇ ਹੁੰਦੇ ਜੁਲਮ ਬਾਰੇ ਜਾਂ ਫੇਰ ਨਣਾਨ ਵਲੋਂ ਭਰਜਾਈ ਨਾਲ ਹੁੰਦੇ ਵਿਤਕਰੇ ਬਾਰੇ। ਕੀ ਹੈ ਇਹ ਸੋਚੀਏ ਤਾਂ ਸਹੀ ਕਿ ਅਸੀਂ ਕਿਹੜੇ ਰਾਹ ਪਏ ਹੋਏ ਹਾਂ? ਕੀ ਇਹ ਬਾਬੇ ਨਾਨਕ ਦੇ ਰਾਹ ਨੂੰ ਨਕਾਰਨ ਵਾਲਾ ਰਾਹ ਨਹੀਂ? ਬਾਬੇ ਦੇ ਸੁਨੇਹੇ ਨੂੰ ਆਪਣੇ ਜੀਵਨ ਵਿਚ ਲਾਗੂ ਤਾਂ ਕਰਨਾ ਹੀ ਪਵੇਗਾ ਕਿਉਂਕਿ ਇਹ ਸੱਚ ਦਾ ਰਾਹ ਹੈ।
          ਬਾਬੇ ਨਾਨਕ ਦੀ ਸੋਚ ਨੂੰ ਅਪਨਾਉਣ ਵਾਲੇ ਸੱਚ ਦਾ ਸਾਥ ਦਿੰਦੇ ਹਨ। ਪਰ ਅੱਜ ਸਾਡੇ ਸਮਾਜ ਦੀ ਖਾਸ ਕਰਕੇ ਧਾਰਮਿਕ ਪੱਧਰ ਤੇ ਅਗਵਾਈ ਕਰਨ ਵਾਲਿਆਂ ਵਿਚੋਂ ਬਹੁਤੇ ਆਪ ਬਾਬੇ ਨਾਨਕ ਦੀ ਸੋਚ ਨਾਲ ਨਹੀਂ ਜੁੜੇ ਹੋਏ। ਜੇ ਉਨ੍ਹਾਂ ਨੂੰ ਆਪਣੇ ਸਵਾਰਥਾਂ ਖਾਤਰ  ਇਹ ਕੁੱਝ ਕਰਨ ਵਾਲੇ ਭੇਖੀ ਜਾਂ ਦੰਭੀ ਕਿਹਾ ਜਾਵੇ ਤਾਂ ਕੋਈ ਅਤਿਕਥਨੀ ਨਹੀਂ ਹੋਵੇਗੀ? ਅਜਿਹੇ ਲੋਕਾਂ ਨੇ ਮਨੁੱਖਾਂ ਵਿੱਚ ਬ੍ਰਾਹਮਣੀ ਮੱਤ (ਝੂਠ ਤੇ ਕੁਸੱਤ) ਦੀ ਤਰਕ ਵਿਹੂਣੀ ਸੋਚ ਵਲੋਂ ਜਾਤ-ਪਾਤ ਤੇ ਅਧਾਰਤ ਪਾਈਆਂ ਵੰਡੀਆਂ ਮਿਟਣ ਨਹੀਂ ਦਿੱਤੀਆਂ । ਸਿਤਮ ਇੱਥੋਂ ਤੱਕ ਕਿ ਇਨ੍ਹਾਂ ਨੇ ਤਾਂ ਗੁਰੂ ਦੇ ਘਰ ਵੀ ਜਾਤ-ਪਾਤ ਦੇ ਅਧਾਰ ਤੇ ਵੰਡ ਲਏ, ਇਹ ਹੋਇਆ ਵੀ ਜਾਤ ਅਭਿਮਾਨੀਆਂ ਦੀ ਘਟੀਆਂ ਮਾਨਸਿਕਤਾ ਕਰਕੇ, ਅਫਸੋਸ ਕਿ ਅਜਿਹੇ ਲੋਕ ਆਪਣੇ ਆਪ ਨੂੰ ਬਾਬੇ ਨਾਨਕ ਦੇ ਨਾਮ ਲੇਵਾ ਵੀ ਆਖਦੇ ਹਨ। ਕੀ ਅਜਿਹੇ ਵਿਤਕਰੇ ਭਰਪੂਰ ਜੀਵਨ ਜੀਅ ਰਹੇ ਲੋਕਾਂ ਨੂੰ ਬਾਬੇ ਨਾਨਕ ਦੀ ਸੋਚ ਦੇ ਵਾਰਿਸ ਕਿਹਾ ਜਾ ਸਕਦਾ ਹੈ ? ਬਿਲਕੁੱਲ ਨਹੀਂ। ਕਦੇ ਵੀ ਨਹੀਂ !!
           ਚਾਨਣ ਦੀ ਲੋਅ ਗਿਆਨ ਬਣ ਪਸਰੀ। ਅਗਿਆਨ ਦੀ ਧੁੰਦ ਸਹਿਜੇ ਸਹਿਜੇ ਘਟਣ ਲੱਗੀ। ਦੂਜਿਆ ਦਾ ਹੱਕ ਮਾਰ ਕੇ ਜੀਊਣ ਵਾਲੇ ਮਲਕ ਭਾਗੋ ਨੂੰ ਫਿਟਕਾਰਿਆ ਅਤੇ ਹੱਕ ਹਲਾਲ ਦੀ ਸੁੱਚੀ ਕਿਰਤ ਕਰਨ ਵਾਲੇ ਭਾਈ ਲਾਲੋ ਨੂੰ ਸਤਿਕਾਰਿਆ ਅਤੇ ਉੱਚਾ ਦਰਸਾਇਆ। ਬਾਬਾ ਨਾਨਕ ਨੇ ਮਲਕ ਭਾਗੋ ਵਲੋਂ ਜ਼ਬਰ-ਜੁਲਮ ਅਤੇ ਠੱਗੀ ਦੇ ਜ਼ੋਰ ਇਕੱਠੇ ਕੀਤੇ ਮਾਹਲ-ਪੂੜਿਆਂ ਨੂੰ ਲੱਤ ਮਾਰ ਕੇ ਭਾਈ ਲਾਲੋ ਵਲੋਂ ਦਸਾਂ ਨੌਹਾਂ ਦੀ ਸੁੱਚੀ ਕਿਰਤ ਕਰਕੇ ਕਮਾਈ ਕੋਧਰੇ ਦੀ ਰੋਟੀ ਨੂੰ ਭਾਗ ਲਾਏ। ਲੁੱਟ ਦਾ ਮਾਲ ਛਕਣ ਵਾਲੇ ਅਤੇ ਕਿਰਤ ਕਰਕੇ ਖਾਣ ਵਾਲਿਆਂ ਦੇ ਫਰਕ ਨੂੰ ਦਰਸਾਇਆ, ਨਾਨਕ ਨੇ ਕਿਰਤ ਅਤੇ ਕਿਰਤੀ ਦੋਹਾਂ ਨੂੰ ਵਡਿਆਇਆ ਤੇ ਸਤਿਕਾਰਿਆ।
       ਕਦੇ ਵੀ ਹੱਥੀਂ ਡੱਕਾ ਭੰਨ ਕੇ ਦੂਹਰਾ ਨਾ ਕਰਨ ਵਾਲੇ ਆਪੇ ਬਣੇ ਅੱਜ ਦੇ ''ਮਹਾਂਪੁਰਸ'' ਲੋਕਾਂ ਨੂੰ ਸੱਚੀ ਕਿਰਤ ਕਰਨ ਦਾ ਸੁਨੇਹਾ ਦਿੰਦੇ ਫਿਰਦੇ ਹਨ। ਮੱਤਾਂ ਦਿੰਦੇ ਫਿਰਦੇ ਇਹ ਐਸ਼ ਧਾਰੀ ਸਾਧ-ਸੰਤ ਪਰ ਆਪ ਇਸ ਅਮਲ ਤੋਂ ਸੱਖਣੇ ਹਨ ਬਿਲਕੁੱਲ ਕੋਰੇ। ਸਗੋਂ ਆਪ ਰਾਜਿਆਂ-ਰਜਵਾੜਿਆਂ ਵਾਲਾ ਜੀਵਨ ਬਤੀਤ ਕਰ ਰਹੇ ਹਨ, ਮਹੱਲਾਂ ਵਰਗੇ ਆਪਣੇ ਡੇਰੇ ਉਸਾਰਦੇ ਹਨ। ਆਪਣਿਆਂ ਡੇਰਿਆਂ ਵਿੱਚ ਹੀ ਆਪਣੇ ਜਾਤੀ ਸੇਵਾਦਾਰ ਰੱਖਦੇ ਹਨ, ਉਨ੍ਹਾਂ ਨੂੰ ਉਹ ਗੜਵਈ ਆਖਦੇ ਹਨ। ਇਹ ਨਾਮ ਜਪਾਉਣ ਵਾਲੇ ਨਹੀਂ ਮਹਿੰਗੇ ਭਾਅ ਨਾਮ ਵੇਚਣ ਵਾਲੇ ਧਰਮ ਦੇ ਨਾਂ 'ਤੇ ਦੰਦਾ ਕਰਨ ਵਾਲੇ ਵਪਾਰੀ ਹਨ। ਲੋੜ ਹੈ ਲੋਕ ਇਨ੍ਹਾਂ ਦੇ ਕੁਸੱਤ ਨੂੰ ਪਹਿਚਾਨਣ।
      ਸਾਂਝੀਵਾਲਤਾ ਦਾ ਰੂਪ ਸੀ ਬਾਬਾ ਨਾਨਕ ਤੇ ਭਾਈ ਮਰਦਾਨੇ ਦੀ ਜੋੜੀ, ਮਰਦਾਨੇ ਨੂੰ ਬੇਗਾਨਾ ਤੇ ਛੋਟਾ ਨਹੀਂ ਕਿਹਾ, ਨਹੀਂ ਸਮਝਿਆ ਸਗੋਂ ਭਾਈ ਕਿਹਾ। ਦੁਨੀਆਂ ਦਾ ਸਭ ਤੋਂ ਪਿਆਰਾ ਰਿਸ਼ਤਾ ਗੰਢਿਆ, ਜਿਸ ਦੀ ਦੂਜੀ ਕੋਈ ਮਿਸਾਲ ਨਹੀਂ ਮਿਲਦੀ। ਭਾਈ ਮਰਦਾਨੇ ਨੂੰ ਨਾਲ ਲੈ ਕੇ ਸਾਰੀ ਦੁਨੀਆਂ ਗਾਹੀ। ਗੁਰੂ ਬਾਬਾ ਨਾਨਕ ਗਿਆਨ ਵੰਡਣ ਤੁਰੇ ਉਦਾਸੀਆਂ ਦੇ ਰੂਪ ਵਿੱਚ ਸਫਰ ਕਰਦੇ ਆਪਣੇ ਸਾਥੀ ਮਰਦਾਨੇ (ਭਾਈ) ਨਾਲ ਦੂਰ ਦੁਰਾਡੇ ਤੱਕ ਪਹੁੰਚੇ। (ਮਰਦਾਨੇ ਨੇ ਵੀ ਉਮਰ ਭਰ ਭਾਈ ਵਾਲਾ ਫ਼ਰਜ਼ ਨਿਭਾਇਆ) ਜਿੱਥੇ ਵੀ ਗਏ ਲੋਕਾਂ ਨੂੰ ਸੰਵਾਦ ਰਾਹੀਂ ਵਿਚਾਰ ਦੇ ਲੜ ਲਾਉਣ ਦਾ ਜਤਨ ਕੀਤਾ। ਸੂਝ ਵਿਹੂਣੇ ਲੋਕਾਂ ਦੇ ਹਨੇਰੇ ਮਨਾਂ ਵਿੱਚ ਸੂਝ ਦੇ, ਗਿਆਨ ਦੇ ਦੀਵੇ ਬਾਲ਼ੇ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੇ ਸੱਚ ਦੇ ਸੰਦੇਸ਼ ਨੂੰ ਦੂਰ ਦੁਰਾਡੇ ਤੱਕ ਪਹੁੰਚਾਉਣ ਵਾਸਤੇ ਕਈ ਪੜਾਵਾਂ ਵਿਚ ਸੰਸਾਰ-ਯਾਤਰਾ ਆਰੰਭ ਕੀਤੀ, ਜਿਨ੍ਹਾਂ ਨੂੰ ਉਦਾਸੀਆਂ ਕਿਹਾ ਜਾਂਦਾ ਹੈ ਬਾਬੇ ਨਾਨਕ ਵਲੋਂ ਕੀਤੀਆਂ ਉਦਾਸੀਆਂ ਬਾਰੇ ਭਾਈ ਗੁਰਦਾਸ  ਜੀ ਦਾ ਕਥਨ ਹੈ:
ਬਾਬੇ ਭੇਖ ਬਣਾਇਆ ਉਦਾਸੀ ਕੀ ਰੀਤਿ ਚਲਾਈ।
ਚੜ੍ਹਿਆ ਸੋਧਣਿ ਧਰਤਿ ਲੁਕਾਈ॥ (ਵਾਰ 1:24)
ਇਨ੍ਹਾਂ ਉਦਾਸੀਆਂ ਬਾਰੇ ਦਾ ਥੋੜਾ ਜਿਹਾ ਵੇਰਵਾ - ਜੋ ਗੁਰਮਤ ਪ੍ਰਕਾਸ਼ ਵਿਚੋਂ ਧੰਨਵਾਦ ਸਹਿਤ ਲਿਆ ਹੈ :
ਪਹਿਲੀ ਉਦਾਸੀ ਜੋ ਪੂਰਬ ਵਾਲੀ ਉਦਾਸੀ ਕਹੀ ਜਾਂਦੀ ਹੈ :
ਪ੍ਰੋ. ਸਾਹਿਬ ਸਿੰਘ ਜੀ ਅਨੁਸਾਰ ਪਹਿਲੀ ਉਦਾਸੀ ਦਾ ਸਮਾਂ 8 ਸਾਲ ਦਾ ਬਣਦਾ ਹੈ ਸੰਨ 1507 ਤੋਂ 1515 ਈ. ਤਕ । ਇਸ ਯਾਤਰਾ ਦੌਰਾਨ ਆਪ ਜੀ ਨੇ ਛੇ-ਸੱਤ ਹਜ਼ਾਰ ਮੀਲ ਦਾ ਸਫ਼ਰ ਕੀਤਾ। ਇਸ ਉਦਾਸੀ ਵਿਚ ਬਾਬਾ ਨਾਨਕ ਨੇ ਪ੍ਰਸਿੱਧ ਹਿੰਦੂ ਤੀਰਥਾਂ ਹਰਿਦੁਆਰ, ਗੋਰਖ ਮਤਾ, ਅਯੁੱਧਿਆ, ਪ੍ਰਯਾਗ, ਬਨਾਰਸ, ਗਯਾ, ਜਗਨਨਾਥਪੁਰੀ, ਮਦੁਰਾਈ, ਰਾਮੇਸ਼੍ਵਰਮ, ਸੋਮਨਾਥ, ਦਵਾਰਕਾ, ਪੁਸ਼ਕਰ, ਮਥਰਾ, ਬਿੰਦਰਾਬਨ ਅਤੇ ਕੁਰੂਕਸ਼ੇਤਰ ਆਦਿ ਤੋਂ ਇਲਾਵਾ ਸਿੰਗਲਾ ਦੀਪ, ਸਿੱਕਮ, ਆਸਾਮ, ਬੰਗਾਲ, ਉੜੀਸਾ, ਦਰਾਵੜ ਦੇਸ਼ ਬੰਬਈ, ਔਰੰਗਾਬਾਦ, ਉਜੈਨ, ਕੱਛ, ਅਜਮੇਰ ਆਦਿ ਸਥਾਨਾਂ ਦੀ ਯਾਤਰਾ ਕੀਤੀ। ਇਸ ਉਦਾਸੀ ਦੌਰਾਨ ਹੀ ਸਤਿਗੁਰੂ ਜੀ ਨੇ ਆਪਣੇ ਅਧਿਆਤਮਕ ਅਨੁਭਵਾਂ ਨੂੰ ਇਕ ਸੁਨਿਸ਼ਚਿਤ ਤੇ ਵਿਧੀਵਤ ਜੀਵਨਦਰਸ਼ਨ ਦਾ ਰੂਪ ਦਿੱਤਾ ਅਤੇ ਇਸ ਦੇ ਪ੍ਰਚਾਰ ਲਈ ਕੇਂਦਰ ਸਥਾਪਤ ਕਰਨ ਦੀ ਯੋਜਨਾ ਬਣਾਈ। ਇਸ ਉਦਾਸੀ ਤੋਂ ਵਾਪਸ ਆ ਕੇ ਆਪ ਜੀ ਆਪਣੇ ਕੁਝ ਕੁ ਪ੍ਰਮੁੱਖ ਸਿੱਖ ਸ਼ਰਧਾਲੂਆਂ ਦੀ ਸਹਾਇਤਾ ਨਾਲ ਗੁਰਦਾਸਪੁਰ ਜ਼ਿਲ੍ਹੇ ਵਿਚ ਰਾਵੀ ਦੇ ਕੰਢੇ 'ਤੇ ਇਕ ਨਵਾਂ ਪਿੰਡ ਕਰਤਾਰਪੁਰ ਵਸਾਇਆ। ਜਦੋਂ ਇਥੇ ਇਕ ਛੋਟੀ ਜਿਹੀ ਧਰਮਸ਼ਾਲ ਬਣ ਗਈ ਤਾਂ ਆਪ ਜੀ ਦੇ ਮਾਤਾ-ਪਿਤਾ ਵੀ ਇਥੇ ਹੀ ਆ ਗਏ। ਭਾਈ ਮਰਦਾਨਾ ਜੀ ਦਾ ਪਰਵਾਰ ਵੀ ਇਥੇ ਹੀ ਆ ਵੱਸਿਆ। ਕੁਝ ਚਿਰ ਸਤਿਗੁਰੂ ਜੀ ਨਗਰ ਵਸਾਉਣ ਦੇ ਆਹਰ ਵਿਚ ਰੁੱਝੇ ਰਹੇ ਪਰੰਤੂ ਛੇਤੀ ਹੀ ਦੂਜੀ ਉਦਾਸੀ ਲਈ ਚੱਲ ਪਏ।
         ਇੱਥੇ ਚੇਤੇ ਰੱਖਣ ਵਾਲੀ ਗੱਲ ਹੈ ਕਿ ਜਗਨਨਾਥ ਪੁਰੀ ਦੇ ਮੰਦਰਾਂ ਵਿਚ ਜਦੋਂ ਬਾਬੇ ਨੇ ਧੂਫਾਂ ਧੁਖਾ ਕੇ, ਥਾਲ਼ਾਂ ਵਿਚ ਦੀਵੇ ਜਗਾ ਕੇ ਮਨ ਮਤੀਆਂ ਵਲੋਂ ਬੇਕਾਰ ਕਿਸਮ ਦੀਆਂ ਆਰਤੀਆਂ ਹੁੰਦੀਆਂ ਦੇਖੀਆਂ ਤਾਂ ਆਪ ਆਰਤੀ ਲਿਖੀ :
ਗਗਨ ਮੈਂ ਥਾਲੁ ਰਵਿ ਚੰਦ ਦੀਪਕ ਬਨੇ ਤਾਰਿਕਾ ਮੰਡਲ ਜਨਕ ਮੋਤੀ ॥
ਧੂਪੁ ਮਲ ਆਨਲੋ ਪਵਣੁ ਚਵਰੋ ਕਰੇ ਸਗਲ ਬਨਰਾਇ ਫੁਲੰਤ ਜੋਤੀ ॥ 1॥
ਕੈਸੀ ਆਰਤੀ ਹੋਇ ਭਵ ਖੰਡਨਾ ਤੇਰੀ ਆਰਤੀ॥
""
ਇੱਥੇ ਇਕ ਖਾਸ ਗੱਲ ਦਰਜ ਕਰਨੀ ਕੁਥਾਵੀਂ ਨਹੀਂ ਹੋਵੇਗੀ। ਕਿਸੇ ਨੇ ਸਾਹਿਤ ਦੇ ਨੋਬਲ ਇਨਾਮ ਜੇਤੂ ਰਵਿੰਦਰ ਨਾਥ ਟੈਗੋਰ ਨੂੰ ਪੁੱਛਿਆ ਸੀ ਕਿ ਤੁਸੀਂ ਮੁਲਕ ਦਾ ਕੌਮੀ ਗੀਤ 'ਜਨ ਗਨ ਮਨ' ਲਿਖਿਆ ਹੈ ਕੀ ਤੁਸੀਂ ਕਦੇ ਕੋਈ ਵਿਸ਼ਵ ਗੀਤ ਵੀ ਲਿਖੋਗੇ ਤਾਂ ਟੈਗੋਰ ਜੀ ਨੇ ਜਵਾਬ ਦਿੱਤਾ ਸੀ ਕਿ ਵਿਸ਼ਵ ਗੀਤ ਤਾਂ ਬਹੁਤ ਪਹਿਲਾਂ ਗੁਰੂ ਨਾਨਕ ਦੇਵ ਜੀ ਵਲੋਂ ਲਿਖ ਦਿੱਤਾ ਗਿਆ ਸੀ। ਟੈਗੋਰ ਦੇ ਕਹਿਣ ਅਨੁਸਾਰ :
ਗਗਨ ਮੈਂ ਥਾਲੁ ਰਵਿ ਚੰਦ ਦੀਪਕ ਬਨੇ ਤਾਰਿਕਾ ਮੰਡਲ ਜਨਕ ਮੋਤੀ ॥
ਧੂਪੁ ਮਲ ਆਨਲੋ ਪਵਣੁ ਚਵਰੋ ਕਰੇ ਸਗਲ ਬਨਰਾਇ ਫੁਲੰਤ ਜੋਤੀ ॥ 1॥
ਕੈਸੀ ਆਰਤੀ ਹੋਇ ਭਵ ਖੰਡਨਾ ਤੇਰੀ ਆਰਤੀ ॥
ਵਿਸ਼ਵ ਗੀਤ ਹੀ ਤਾਂ ਹੈ - ਉਨ੍ਹਾਂ ਨੇ ਇਸ ਨੂੰ ਕਿਸੇ ਹੋਰ ਥਾਵੇਂ ਬ੍ਰਹਿਮੰਡੀ ਗੀਤ ਵੀ ਕਿਹਾ ਸੀ।
ਦੂਜੀ ਉਦਾਸੀ ਉੱਤਰ ਦੀ -
ਦੂਜੀ ਉਦਾਸੀ ਦੋ-ਤਿੰਨ ਕੁ ਸਾਲਾਂ ਦੀ ਸੀ। ਪ੍ਰੋ. ਸਾਹਿਬ ਸਿੰਘ ਅਨੁਸਾਰ ਇਹ ਉਦਾਸੀ ਸੰਨ 1517 ਤੋਂ 1518 ਤਕ ਦੀ ਸੀ। ਇਸ ਉਦਾਸੀ ਦੌਰਾਨ ਗੁਰੂ ਜੀ ਨੇ ਜੰਮੂ ਤੇ ਕਸ਼ਮੀਰ ਦੀ ਯਾਤਰਾ ਕੀਤੀ। ਆਪ ਗਿਆਨ ਕੋਟ ਅਤੇ ਜੰਮੂ ਤੋਂ ਹੁੰਦੇ ਹੋਏ ਪਹਿਲਾਂ ਵੈਸ਼ਨੋ ਦੇਵੀ ਗਏ, ਫਿਰ ਮਟਨ ਵਿਚ ਅਮਰਨਾਥ ਤੇ ਉਸ ਤੋਂ ਵੀ ਪਰ੍ਹੇ ਬਰਫ਼ਾਂ ਲੱਦੀ ਪਰਬਤ ਮਾਲਾ ਉਂਤੇ, ਜਿਥੇ ਕੁਝ ਸਿੱਧਾਂ ਨਾਲ ਆਪ ਜੀ ਦਾ ਸੰਵਾਦ ਹੋਇਆ।
ਭਾਈ ਗੁਰਦਾਸ ਜੀ ਦਾ ਕਥਨ ਹੈ:
-ਫਿਰਿ ਜਾਇ ਚੜ੍ਹਿਆ ਸੁਮੇਰ ਪਰਿ ਸਿਧਿ ਮੰਡਲੀ ਦ੍ਰਿਸਟਿ ਆਈ।(ਵਾਰ 1:28)
- ਸਬਦਿ ਜਿਤੀ ਸਿਧਿ ਮੰਡਲੀ...। (ਵਾਰ 1:31)
ਤੀਜੀ ਉਦਾਸੀ ਪੱਛਮ ਵਲ ਕੀਤੀ :
ਤੀਜੀ ਉਦਾਸੀ (ਸੰਨ 1518 ਤੋਂ 1521) ਤਕ ਹੈ, ਆਪ ਜੀ ਕਰਤਾਰਪੁਰ ਤੋਂ ਪੱਛਮ (ਮੱਧ ਪੂਰਬ) ਦੇ ਦੇਸ਼ਾਂ ਦੀ ਯਾਤਰਾ ਲਈ ਚੱਲੇ।
ਭਾਈ ਗੁਰਦਾਸ ਜੀ ਦੇ ਕਥਨ ਅਨੁਸਾਰ : ਬਾਬਾ ਫਿਰਿ ਮੱਕੇ ਗਇਆ ਨੀਲ ਬਸਤ੍ਰ ਧਾਰੇ ਬਨਵਾਰੀ। (ਵਾਰ 1:32)
         ਜਦੋਂ ਬਾਬਾ ਮੱਕੇ ਗਿਆ ਓਥੇ ਮੌਲਾਨਿਆਂ ਨੇ ਉਨ੍ਹਾਂ ਤੋਂ ਪੁੱਛਿਆ ਕਿ - 'ਦੱਸੋ, ਹਿੰਦੂ ਵੱਡਾ ਹੈ ਕਿ ਮੁਸਲਮਾਨ'। ਗੁਰੂ ਸਾਹਿਬ ਦਾ ਜਵਾਬ ਸੀ ਕਿ ਇੱਥੇ ਗੱਲ ਮੁਸਲਮਾਨ ਜਾਂ ਹਿੰਦੂ ਹੋਣ ਦੀ ਨਹੀਂ, ਗੱਲ ਤਾਂ ਮਨੁੱਖ ਦੇ ਰੂਪ ਵਿਚ ਉਸ ਦੇ ਕੀਤੇ ਕਰਮਾਂ ਦੀ ਹੈ ।
ਭਾਈ ਗੁਰਦਾਸ ਜੀ ਅਨੁਸਾਰ :
ਪੁਛਨਿ ਫੋਲਿ ਕਿਤਾਬ ਨੋ ਹਿੰਦੂ ਵਡਾ ਕਿ ਮੁਸਲਮਾਨੋਈ।
ਬਾਬਾ ਆਖੇ ਹਾਜੀਆ ਸੁਭਿ ਅਮਲਾ ਬਾਝਹੁ ਦੋਨੋ ਰੋਈ।      (ਵਾਰ 1, ਪੌੜੀ 33)
ਓਪਰੀਆਂ ਧਰਤੀਆਂ ਓਪਰੇ ਲੋਕ ਪਰ ਸਤਿਗੁਰੂ ਜੀ ਨੂੰ ਤਾਂ ਕੁਝ ਵੀ ਓਪਰਾ ਨਹੀਂ ਸੀ ਲੱਗਦਾ। ਸਾਰੇ ਹੀ ਆਪਣੇ ਸਨ। ਇਸ ਵਾਰ ਆਪ
ਜੀ ਕਰਤਾਰਪੁਰ ਤੋਂ ਤੁਰੇ ਤਾਂ ਕਸੂਰ, ਪਾਕਪਟਨ, ਤੁਲੰਭਾ, ਮੁਲਤਾਨ, ਬਹਾਵਲਪੁਰ, ਸ਼ੱਖਰ ਆਦਿ ਕਈ ਥਾਵਾਂ ਤੋਂ ਹੁੰਦੇ ਹੋਏ ਮੁਸਲਿਮ ਹਾਜ਼ੀਆਂ ਦੇ ਕਾਫ਼ਿਲੇ ਵਿਚ ਸ਼ਾਮਿਲ ਹੋ ਕੇ ਮਕਰਾਨ ਦੇ ਇਲਾਕੇ ਵਿਚ ਪੁੱਜੇ। ਫਿਰ ਮੱਕੇ ਗਏ। ਮੱਕੇ ਹਾਜ਼ੀਆਂ ਨਾਲ ਗੁਰੂ ਜੀ ਦਾ ਵਿਚਾਰ-ਵਟਾਂਦਰਾ ਹੋਇਆ। ਰੁਕਨਦੀਨ ਨਾਲ ਬਹਿਸ ਹੋਈ।  ਫਿਰ ਮਦੀਨੇ ਗਏ, ਫਿਰ ਬਸਰੇ ਤੇ ਬਸਰੇ ਤੋਂ ਕਰਬਲਾ, ਫਿਰ ਬਗ਼ਦਾਦ।
        ਇਸ ਫੇਰੀ ਵਿਚ ਬਾਬਾ ਨਾਨਕ  ਜੀ ਦੇ ਜਿਹੜੇ ਚਿਤਰ ਮਿਲਦੇ ਹਨ ਉਨ੍ਹਾਂ ਵਿਚ ਬਾਬਾ ਨਾਨਕ ਨੇ ਸੇਲੀ ਟੋਪੀ ਪਹਿਨੀ ਹੋਈ ਹੁੰਦੀ ਹੈ। ਇਹ ਗੱਲ ਸੁਭਾਵਕ ਹੀ ਲਗਦੀ ਹੈ ਕਿਉਂਕਿ ਮੱਕਾ ਜਾਂ ਮਦੀਨਾ ਜਾਣ ਦੀ ਇਜਾਜ਼ਤ ਵੀ ਸਿਰਫ ਮੁਸਲਮਾਨਾਂ ਨੂੰ ਹੀ ਸੀ ਉਹੋ ਜਿਹਾ ਰੂਪ ਧਾਰਨਾ ਕੋਈ ਅਲੋਕਾਰ ਗੱਲ ਨਹੀਂ ਲਗਦੀ। ਇਸ ਫੇਰੀ ਦਾ ਵਰਨਣ ਭਾਈ ਗੁਰਦਾਸ ਜੀ ਨੇ ਕੀਤਾ ਹੈ - ਭਾਈ ਗੁਰਦਾਸ ਜੀ ਨੇ ਬਾਲੇ ਵਾਲਾ ਭੁਲੇਖਾਂ ਵੀ ਕੱਢਿਆ ਹੈ ਜਦੋਂ ਉਹ ਲਿਖਦੇ ਹਨ :
ਫਿਰਿ ਬਾਬਾ ਗਇਆ ਬਗਦਾਦਿ ਨੋ ਬਾਹਰਿ ਜਾਇ ਕੀਆ ਅਸਥਾਨਾ। ਇਕੁ ਬਾਬਾ ਅਕਾਲ ਰੂਪੁ ਦੂਜਾ ਰਬਾਬੀ ਮਰਦਾਨਾ। (ਵਾਰ 1:35)
      ਰਾਗ ਨੂੰ ਹਰਾਮ ਸਮਝੇ ਜਾਣ ਵਾਲੇ ਸ਼ਹਿਰ ਵਿਚ ਕੀਰਤਨ, ਸੱਤ ਜ਼ਿਮੀਂ, ਅਸਮਾਨ ਮੰਨਣ ਵਾਲਿਆਂ ਨੂੰ 'ਪਾਤਾਲਾ ਪਾਤਾਲ, ਲਖ ਆਗਾਸਾ ਆਗਾਸ' ਦੱਸਦੇ ਹੋਏ ਫਿਰ ਬਗ਼ਦਾਦ ਤੋਂ ਇਸਫਰਾਨ, ਤਹਿਰਾਨ, ਮਸਤੱਕ ਬੁਖ਼ਾਰਾ ਤੇ ਸਮਰਕੰਦ ਹੁੰਦੇ ਹੋਏ ਕਾਬੁਲ ਤੇ ਜਲਾਲਾਬਾਦ ਦੇ ਰਸਤੇ ਰਾਵਲਪਿੰਡੀ ਦੇ ਲਾਗੇ ਹਸਨ ਅਬਦਾਲ ਪੁੱਜੇ। ਫਿਰ ਐਮਨਾਬਾਦ ਤੋਂ ਕਰਤਾਰਪੁਰ। ਇਸ ਉਦਾਸੀ ਦੌਰਾਨ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਮੁਸਲਿਮ ਵਿਸ਼ਵਾਸਾਂ, ਰਹੁਰੀਤਾਂ ਤੇ ਧਰਮ-ਗ੍ਰੰਥਾਂ ਦਾ ਡੂੰਘਾ ਅਧਿਐਨ ਕੀਤਾ ਕਿਹਾ ਜਾਂਦਾ ਹੈ। ਐਮਨਾਬਾਦ ਬਾਬਰ ਦਾ ਹਮਲਾ ਹੋਇਆ, ਜਿਸ ਦਾ ਵਰਣਨ ਆਪ ਜੀ ਨੇ ਆਪਣੀ ਬਾਣੀ ਵਿਚ ਕੀਤਾ।
ਬਾਬਰ ਦੇ ਹਮਲੇ ਵੇਲੇ ਸੱਚੇ ਕਹੇ ਜਾਂਦੇ ਸਿਰਜਣਹਾਰ ਨੂੰ ਵੀ ਮਿਹਣਾ ਮਾਰਦਿਆ ਆਖਿਆ ਸੀ :-
ਖੁਰਾਸਾਨ  ਖਸਮਾਨਾ  ਕੀਆ
ਹਿੰਦੁਸਤਾਨੁ     ਡਰਾਇਆ ॥
ਆਪੈ ਦੋਸੁ ਨਾ ਦੇਈ ਕਰਤਾ
ਜਮੁ ਕਰਿ ਮੁਗਲੁ ਚੜਾਇਆ ॥
ਏਤੀ  ਮਾਰ ਪਈ  ਕੁਰਲਾਣੈ
ਤੈ  ਕੀ ਦਰਦੁ  ਨ ਆਇਆ ॥
----
ਕਲਿ ਕਾਤਿ  ਰਾਜੇ ਕਾਸਾਈ
ਧਰਮੁ ਪੰਖ ਕਰਿ ਉਡਰਿਆ ॥
ਉਸ ਸਮੇਂ ਜਿਹੜੇ ਬ੍ਰਾਹਮਣ (ਪੰਡਿਤ) ਤੇ ਮੌਲਵੀ ਲੋਕਾਂ ਨੂੰ ਅੰਧ ਵਿਸ਼ਵਾਸ ਦੇ ਚੱਕਰ ਵਿਚ ਪਾਕੇ ਆਪਣੇ ਆਪ ਨੂੰ ਰੱਬ ਦੇ ਨੇੜੇ ਦੱਸਦੇ
ਅਤੇ ਲੋਕਾਂ ਨੂੰ ਰੱਬ ਨਾਲ ਮੇਲਣ ਦੀ ਦਲਾਲੀ ਕਰਨ ਦਾ ਦੰਭ ਰਚਦੇ ਸਨ ਬਾਬੇ ਨਾਨਕ ਨੇ ਉਨ੍ਹਾਂ ਨੂੰ ਕਾਫਰ ਕਹਿੰਦੇ ਹੋਏ ਭੰਡਿਆ :-
ਕੂੜੁ  ਬੋਲਿ ਮੁਰਦਾਰੁ  ਖਾਇ ॥
ਅਵਰੀ ਨੋ ਸਮਝਾਵਣਿ ਜਾਇ ॥
ਅਤੇ ਜਿਹੜੇ ਪਾਖੰਡੀ ਆਪਣੇ ਆਪ 'ਚ ਗਿਆਨਵਾਨ ਹੋਣ ਦਾ ਦਾਅਵਾ ਕਰਦੇ ਸਨ, ਪਰ ਕਿਰਤ ਕਰਨ ਤੋਂ ਮੰਗਣਾਂ ਬੇਹਤਰ ਸਮਝਦੇ ਸਨ। ਅਸਲੀ ਜੀਵਨ ਤੋਂ ਭੱਜ ਰਹੇ ਸਨ, ਉਨ੍ਹਾਂ ਨੂੰ ਦੁਰਕਾਰਿਆ, ਫਿਟਕਾਰਿਆ ਅਤੇ ਸੌ ਸੌ ਲਾਅਨਤਾਂ ਪਾਉਂਦਿਆਂ ਕਿਹਾ ਸੀ :-
ਗਿਆਨ  ਵਿਹੂਣਾ ਗਾਵੈ ਗੀਤ  ॥
ਭੁਖੇ   ਮੁਲਾਂ   ਘਰੇ  ਮਸੀਤਿ   ॥
ਮਖਟੂ ਹੋਇ  ਕੈ ਕੰਨ ਪੜਾਏ   ॥
ਫਕਰੁ ਕਰੇ ਹੋਰੁ ਜਾਤਿ ਗਵਾਏ ॥
ਗੁਰੁ ਪੀਰੁ ਸਦਾਏ ਮੰਗਣ ਜਾਇ ॥
ਪਰ ਅੱਜ ਦਾ ਇਹ ਐਸ਼ ਭੋਗਦੇ ਸਾਧਾਂ ਦੇ ਟੋਲੇ ਆਪਣੀਆਂ ਮਹਿੰਗੀਆਂ ਯਾਤਰਾਵਾਂ ਰਾਹੀਂ ਧਨ ਇਕੱਠਾ ਕਰਨ ਹੀ ਨਿਕਲਦੇ ਹਨ। ਦੂਰ-ਦੁਰਾਡੇ ਤੱਕ ਕੀਤੇ ਸਫਰਾਂ ਨਾਲ ਮਾਲਾਮਾਲ ਹੋ ਕੇ ਮੁੜਦੇ ਹਨ ਇਹ ਅੱਜ ਦੇ ''ਬਾਬੇ''। ਸੋਚੋ ਤਾਂ ਸਹੀ ਕੀ ਅਜਿਹੇ ਲੋਕ ਸਾਡੇ ਸਮਾਜ ਦੇ ਆਦਰਸ਼ ਬਣ ਸਕਦੇ ਹਨ। ਅੱਜ ਦੇ ਗਿਆਨ ਵਿਹੂਣੇ ਇਹ ਸਾਧਾਂ ਦੇ ਟੋਲੇ- ਬਾਬੇ ਨਾਨਕ ਦੇ ਨਾਂ 'ਤੇ ਸਿਰਫ ਸੁਆਹ ਵੇਚ ਕੇ ਸਾਡੇ ਘਰਾਂ ਦਾ ਸੋਨਾ ਲੁੱਟ ਕੇ ਲੈ ਜਾਂਦੇ ਹਨ। ਇਨ੍ਹਾਂ ਦਾ ਰਾਹ ਬਾਬੇ ਨਾਨਕ ਦਾ ਰਾਹ ਨਹੀਂ। ਇਸ ਪਾਸਿਉਂ ਸੁਚੇਤ ਹੋ ਕੇ ਸਾਡੇ ਸਮਾਜ ਨੂੰ  ਆਪਣੇ ਮਨਾਂ ਦੇ ਹਨੇਰੇ ਨੂੰ ਦੂਰ ਕਰਨ ਦੇ ਜਤਨ ਕਰਨੇ ਚਾਹੀਦੇ ਹਨ। ਬਹੁਤ ਲੋੜ ਹੈ ਕਿ ਅਸੀਂ ਆਪਣੇ ਮੱਥਿਆਂ ਵਿਚ ਲੋਭ-ਲਾਲਚ ਦੀ ਜੰਮ ਗਈ ਗਾਰ ਦੀ ਕਾਰ ਸੇਵਾ ਕਰਕੇ ਆਪਣੇ ਮੱਥਿਆਂ ਨੂੰ ਨਿਰਮਲ ਕਰਨ ਦਾ ਜਤਨ ਕਰੀਏ, ਤਾਂ ਕਿ ਸਾਨੂੰ ਕਾਲੇ ਚਿੱਟੇ ਦਾ ਫਰਕ ਨਜ਼ਰ ਆ ਸਕੇ, ਕਿਸੇ ਦੇ ਪਿਛਲੱਗ ਬਣਨ ਤੋਂ ਪਹਿਲਾਂ ਸੋਚੀਏ ਤਾਂ ਸਹੀ । ਹੁਣ ਤਾਂ ਗੱਲ ਜੜੋਂ ਵਿਗੜੀ ਪਈ ਐ, ਜਿਵੇਂ ਸਾਡੇ ਸਿਰ ਹੀ ਨਾ ਹੋਣ :
ਅੰਧਾ ਆਗੂ ਜੇ ਥੀਏ, ਕਿਉ ਪਾਧਰ ਜਾਣੈ॥
ਆਪਿ ਮੁਸੈ ਮਤਿ ਹੋਛੀਐ, ਕਿਉ ਰਾਹੁ ਪਛਾਣੈ॥ (ਪੰਨਾ : 767)
ਬਾਣੀ ਵੀ ਮੱਤ ਦਿੰਦੀ ਹੈ ਸੁਣੋ ਤਾਂ ਸਹੀ :
ਮੰਦਾ ਕਿਸੈ ਨ ਆਖੀਐ ਪੜਿ ਅਖਰੁ ਏਹੋ ਬੁਝੀਐ ॥
ਮੂਰਖੈ ਨਾਲਿ ਨ ਲੁਝੀਐ ॥੧੯॥ (ਪੰਨਾ 473)
ਸੋਚੀਏ ਤਾਂ ਸਹੀ ਜਿਸ ਬਾਬੇ ਨੇ ਲੋਕਾਂ ਨੂੰ ਆਪਸੀ ਭਾਈਚਾਰੇ ਦਾ ਸਿਧਾਂਤ ਦਿੱਤਾ, ਕਿਸੇ ਨੂੰ ਵੀ ਬੇਗਾਨਾ ਨਾ ਸਮਝਿਆ ਉਸਦੇ ਬਹੁਗਿਣਤੀ ਪੈਰੋਕਾਰ ਕਿਵੇਂ ਵਿਹਲੜਾਂ ਦੇ ਦਰ ਮੱਥੇ ਰਗੜੀ ਜਾਂਦੇ ਹਨ। ਬਾਬੇ ਨਾਨਕ ਨੇ ਸੱਚੀ-ਸੁੱਚੀ ਅਤੇ ਦਸਾਂ ਨੌਹਾਂ ਦੀ ਕਿਰਤ ਕਰਨ ਵਾਲੇ ਭਾਈ ਲਾਲੋ ਨੂੰ ਮਾਣ ਬਖਸ਼ਿਆ ਪਰ ਅੱਜ ਉਸ ਲਾਲੋ ਦੇ ਭਾਈਵੰਦਾਂ ਨੂੰ ਨੀਚ ਕਹਿ ਕੇ ਉਨ੍ਹਾਂ ਦੀ ਦੁਰਗਤ ਕੀਤੀ ਜਾਂਦੀ  ਹੈ, ਕਿਉਂ ?  ਆਖਰ ਕਿਉਂ ? ਦਸਾਂ ਨੌਹਾਂ ਦੀ ਕਿਰਤ ਕਰਨ ਵਾਲੇ  ਲੋਕਾਂ ਤੋਂ ਬਿਨਾਂ ਕੌਣ ਕੱਢਦਾ ਹੈ ਦਸਵੰਧ ਕਿਸੇ ਹੋਰ ਵਾਸਤੇ ? ਇਹ ਹੀ ਵੰਡ ਛਕਣ ਦਾ ਅਸੂਲ ਅਪਣਾਉਂਦੇ ਹਨ। ਮਲਕ ਭਾਗੋ ਦੇ ਯਾਰ ਅੱਜ ਵੀ ਸਮਾਜ ਅਤੇ ਬਹੁਤੇ ਥਾਵੀਂ ਧਰਮ ਤੇ ਵੀ ਕਾਬਜ਼ ਹਨ। ਧਾਰਮਕ ਸਥਾਨਾਂ ਅੰਦਰ ਹੁੰਦੇ ਝਗੜੇ ਇਸ ਦੀ ਮੂੰਹੋਂ ਬੋਲਦੀ ਤਸਵੀਰ ਹਨ। ਨਾਨਕ ਦਾ ਰਾਹ ਸੱਚੇ -ਸੁੱਚੇ ਜੀਵਨ ਦਾ ਹੋਕਾ ਦਿੰਦਾ ਹੈ, ਸਾਂਝੀਵਾਲਤਾ ਦਾ ਪ੍ਰਚਾਰ ਕਰਦਾ ਹੈ। ਪਰ ਕੀ ਅਸੀਂ ਉਸ ਸੱਚ ਦੇ ਲੜ ਲੱਗਣ ਜੋਗੇ ਹੋ ਗਏ ਹਾਂ ? ਕੀ ਅੱਜ ਦੇ ਸੱਜਣ ਠੱਗ ਸਾਡੇ ਸਮਾਜ ਦੀ ਅਗਵਾਈ ਕਰਦੇ ਸਾਨੂੰ ਨਜ਼ਰ ਨਹੀਂ ਆਉਂਦੇ? ਵੰਡੇ ਹੋਏ ਮਨਾਂ ਨੂੰ ਜੋੜਨਾ ਹੀ ਨਾਨਕ ਦੀ ਸਿੱਖਿਆ ਹੈ, ਅਸੀਂ ਇਸ ਰਾਹੇ ਪੈਂਦੇ ਕਿਉਂ ਨਹੀਂ? ਜਾਂ ਸਵਾਲ ਹੈ ਕਦੋਂ ਪਵਾਂਗੇ?  ਨਾਨਕ ਦਾ ਰਾਹ ਝੂਠੀਆਂ ਰਸਮਾਂ ਤੇ ਅਡੰਬਰਾਂ ਵਿਚ ਗੁਆਚਣ ਦਾ ਨਹੀਂ ਸੱਚੇ-ਸੁੱਚੇ ਅਮਲੀ ਜੀਵਨ ਜੀਊਣ ਦਾ ਹੈ ।
          ਅਸੀਂ ਸਾਰੇ ਹੀ ਗੁਰੂਆਂ ਵਲੋਂ ਜਾਤ-ਪਾਤ ਖਤਮ ਕਰਨ ਦੇ ਬੜੇ ਪ੍ਰਵਚਨ ਸੁਣਦੇ-ਸੁਣਾਉਂਦੇ ਹਾਂ - ਪਰ ਆਪ ਅਸੀਂ ਇਸ ਬਾਰੇ ਕੋਈ ਜਤਨ ਨਹੀਂ ਕਰਦੇ - ਜੇ ਇਸ ਕੋਹਝ ਨੂੰ ਖਤਮ ਕਰਨਾ  ਹੈ ਤਾਂ ਇਹ ਵੀ ਆਪਣੇ ਆਪ ਤੋਂ ਹੀ ਸ਼ੁਰੂ ਕਰਨਾ ਪਵੇਗਾ। ਪਹਿਲਾਂ ਆਪਣੇ ਮਨਾਂ ਵਿੱਚ ਝਾਕੀਏ, ਅੰਦਰ ਪਿਆ ਗੰਦ ਹੂੰਝ ਕੇ ਬਾਹਰ ਸੁੱਟਣ ਦਾ ਜਤਨ ਕਰੀਏ ਤੇ ਦੇਖੀਏ ਕਿ ਅਸੀਂ ਕਿਹੜੇ ਰਾਹ ਤੁਰ ਰਹੇ ਹਾਂ। ਆਉ ਸਾਰੇ ਰਲ ਕੇ ਹੰਭਲਾ ਮਾਰੀਏ ਤੇ ਸੱਚ ਦੇ ਰਾਹ ਵਾਲੇ ਪਾਂਧੀ ਬਣੀਏ। ਅਸੀਂ ਆਪਣੇ ਆਪ ਨੂੰ ਵੱਡੇ ਤੋਂ ਵੱਡਾ ਦੱਸਣ ਦਾ ਭਰਮ ਪਾਲ਼ਦੇ ਹਾਂ ਪਰ ਦੇਖੋ ਤਾਂ ਸਹੀ ਕਿ ਬਾਬਾ ਨਾਨਕ ਨੇ ਸਾਨੂੰ ਆਪਣਾ ਰਾਹ ਸਪਸ਼ਟ ਕਰਦਿਆਂ ਕੀ ਕਿਹਾ ਸੀ, ਕਿ :
ਨੀਚਾਂ  ਅੰਦਰ  ਨੀਚ   ਜਾਤਿ  ਨੀਚੀ  ਹੂੰ  ਅਤਿ  ਨੀਚ
ਨਾਨਕ ਤਿਨ ਕੇ ਸੰਗਿ ਸਾਥ ਵੱਡਿਆਂ ਸਿਉ ਕਿਆ ਰੀਸ ॥
ਇਹ ਸੁਣਨ ਤੋਂ ਬਾਅਦ ਤਾਂ ਸਭ ਨੂੰ ਸਮਝ ਪੈ ਹੀ ਜਾਣੀ ਚਾਹੀਦਾ ਹੈ ਕਿ ਬਾਬਾ ਕਿਹੜੇ ਪਾਸੇ ਖੜ੍ਹਦਾ ਹੈ ਫੇਰ  ਸਾਡਾ ਰਾਹ ਤੇ ਸਾਡੇ ਰਾਹ ਦੇ ਸੰਗੀ ਸਾਥੀ ਕੌਣ ਹਨ। ਜੇ ਅਸੀਂ ਨਾਨਕ ਦੇ ਰਾਹ ਨੂੰ ਅਪਨਾਉਣਾ ਹੈ ਤਾਂ ਔਕੜਾਂ ਜਰੂਰ ਆਉਣਗੀਆਂ ਪਰ ਅਸੀਂ ਆਪਣੇ ਫਰਜ਼ਾਂ ਦੇ ਲੜ ਲੱਗੇ ਬਿਨਾਂ ਸੁਰਖਰੂ ਨਹੀਂ ਹੋ ਸਕਦੇ । ਜ਼ਿੰਦਗੀ ਨੂੰ ਸੌਖਿਆਂ ਅਤੇ ਸੁਰਖਰੂ ਕਰਨ ਦਾ ਇਹ ਹੀ ਰਾਹ ਹੈ।
      ਬਾਬਾ ਨਾਨਕ ਨੇ ਜਿਹੜੀ ਗੱਲ ਕਹੀ ਠੋਕ-ਵਜਾ ਕੇ ਕਹੀ ਦੂਜਿਆਂ ਦੇ ਟੁਕੜਿਆਂ 'ਤੇ ਪਲਣ ਵਾਲਿਆਂ ਵਾਸਤੇ ਜਿੰਨੇ ਸਖਤ ਸ਼ਬਦ ਬਾਬੇ ਨੇ ਵਰਤੇ (ਉਹ ਭਾਵੇਂ ਧਾਰਮਕ ਭੇਸ ਧਾਰਨ ਵਾਲਿਆਂ ਬਾਰੇ ਹੋਣ ਜਾਂ ਹਕੂਮਤਾਂ ਕਰਨ ਵਾਲਿਆਂ ਬਾਰੇ) ਉਹ ਉਸ ਸਮੇਂ ਸ਼ਾਇਦ ਹੀ ਕਿਸੇ ਹੋਰ ਨੇ ਵਰਤੇ ਹੋਣ। ਕਿਰਤ ਕਰਨ ਵਾਲਾ ਅੱਜ ਵਾਂਗ ਹੀ ਦਬਾਇਆ ਜਾਂਦਾ ਸੀ ਪਰ ਹਾਕਮ ਤੇ ਉਨ੍ਹਾਂ ਦੇ ਲਾਈਲੱਗ ਅੱਯਾਸ਼ੀਆਂ ਕਰਦੇ ਸਨ, ਵਿਹਲੜ ਹੀ ਸਾਰਾ ਸੁੱਖ ਭੋਗਦੇ ਸਨ - ਉਸ ਸਮੇਂ ਦੀ ਸਥਿਤੀ ਇਕ ਸਤਰ ਵਿਚ ਹੀ ਪੇਸ਼ ਕਰ ਦਿੱਤੀ ਸੀ ਜਦੋਂ ਕਿਹਾ:
'ਰਾਜੇ ਸ਼ੀਂਹ ਮੁਕੱਦਮ ਕੁੱਤੇ'।  ਸਥਿਤੀ ਅੱਜ ਵੀ ਇਹੋ ਹੀ ਹੈ ਪਰ ਟਿੱਪਣੀ ਕਰਨ ਵਾਲੇ ਬਹੁਤ ਘੱਟ ਲੱਭਦੇ ਹਨ।
        ਆਪਣੇ ਜੀਵਨ ਦੇ ਅੰਤਿਮ ਅਠਾਰਾਂ ਕੁ ਵਰ੍ਹੇ ਆਪ ਜੀ ਨੇ ਕਰਤਾਰਪੁਰ ਵਿਖੇ ਨਿਵਾਸ ਕੀਤਾ। ਜਿਥੇ ਆਪ ਜੀ ਨਿਤਨੇਮ, ਕਥਾ-ਕੀਰਤਨ ਤੇ ਭਜਨ-ਬੰਦਗੀ ਕਰਦੇ ਅਤੇ ਹਰ ਕਿਸੇ ਨੂੰ ਚੰਗਾ  ਜੀਵਨ ਬਿਤਾਉਣ ਦਾ ਸੁਨੇਹਾ ਦਿੰਦੇ  ਭਾਈ ਗੁਰਦਾਸ ਜੀ ਕਰਤਾਰਪੁਰ ਦੀ ਧਰਮਸ਼ਾਲਾ ਦਾ ਵਰਣਨ ਕਰਦੇ ਫ਼ੁਰਮਾਉਂਦੇ ਹਨ :-
     ਗਿਆਨੁ ਗੋਸਟਿ ਚਰਚਾ ਸਦਾ ਅਨਹਦਿ ਸਬਦਿ ਉਠੇ ਧਨੁਕਾਰਾ। (ਵਾਰ 1;38) ਇਥੇ ਹੀ ਆਪ ਜੀ ਦਾ  ਦੀਦਾਰ ਕਰਨ ਭਾਈ ਲਹਿਣਾ ਜੀ ਆਏ। ਦੀਦਾਰ ਐਸਾ ਹੋਇਆ ਕਿ ਭਾਈ ਲਹਿਣਾ ਜੀ ਆਪ ਦੇ ਹੋ ਕੇ ਰਹਿ ਗਏ। ਦੋਵੇਂ ਇਕ ਜੋਤ/ਸੁਰਤ ਹੋ ਗਏ। ਭਾਈ ਲਹਿਣਾ ਜੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਲੜ ਲੱਗ ਕੇ ਸ੍ਰੀ ਗੁਰੂ ਅੰਗਦ ਦੇਵ ਜੀ ਹੋ ਨਿਬੜੇ। 7 ਸਤੰਬਰ, ਸੰਨ 1539 ਨੂੰ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਆਪਣਾ ਜੋਤਿ ਰੂਪੀ ਨੂਰ ਭਾਈ ਲਹਿਣਾ ਜੀ (ਸ੍ਰੀ ਗੁਰੂ ਅੰਗਦ ਦੇਵ ਜੀ) ਨੂੰ ਸੌਂਪ ਕੇ ਅਕਾਲ ਸਤਿ ਵਿਚ ਸਮਾ ਗਏ।
       ਜਾਣੇ-ਅਣਜਾਣੇ 1947 ਦੀ ਵੰਡ ਸਮੇਂ ਬਾਬੇ ਦੀ ਆਖਰੀ ਠਹਿਰ ਵਾਲਾ ਕਰਤਾਰਪੁਰ ਜਿੱਥੋਂ ਸਾਂਝੀਵਾਲਤਾ ਤੇ ਅਮਨ ਦਾ ਮਹਾਨ ਸੰਦੇਸ਼ ਅਤੇ ਕਿਰਤ ਕਰਨ, ਵੰਡ ਛਕਣ, ਨਾਮ ਜਪਣ (ਭਾਵ ਮਨੁੱਖਵਾਦੀ ਸਿਧਾਂਤ ਤੇ ਅਮਲ ਕਰਨ ਦੇ ਲੜ ਲੱਗਣਾ) ਦਾ ਸੁਨੇਹਾ ਗੂੰਜਦਾ ਹੈ। ਕਰਤਾਰਪੁਰ ਪਾਕਿਸਤਾਨ ਵਾਲੇ ਪਾਸੇ ਚਲਾ ਗਿਆ ਸੀ। ਗਾਹੇ-ਬਗਾਹੇ ਕਰਤਾਰਪੁਰ ਦੇ ਦਰਸ਼ਣਾਂ ਵਾਸਤੇ ਲਾਂਘਾ ਖੋਲ੍ਹਣ ਦੀ ਮੰਗ ਹੁੰਦੀ ਰਹੀ। ਸੱਤ ਦਹਾਕਿਆਂ ਬਾਅਦ ਪਿਛਲੇ ਸਮੇਂ ਕਰਤਾਰਪੁਰ ਦਾ ਲਾਂਘਾ ਖੋਲ੍ਹਣ ਦਾ ਐਲਾਨ ਹੋਇਆ, ਜੋ ਬਹੁਤ ਹੀ ਸਲਾਹੁਣਯੋਗ ਅਤੇ ਸਵਾਗਤਯੋਗ ਕਦਮ ਹੈ। ਇਹ ਮੁਲਕ ਦੀ ਵੰਡ ਦੇ ਸਰਾਪੇ ਵੇਲੇ ਦੀਆਂ ਵਾਹੀਆਂ ਲਕੀਰਾਂ ਤੋਂ ਪਾਰ ਵਸਦੇ ਲੋਕ ਮਨਾਂ ਦੇ ਮੁਹੱਬਤੀ ਬੂਹੇ ਖੋਲ੍ਹਣ ਵਾਲਾ ਮੁਬਾਰਕ ਕਦਮ ਬਣ ਜਾਵੇਗਾ ਜੋ ਸਭ ਦੀ ਖਾਹਿਸ਼ ਹੈ। ਇਸ ਕਾਰਜ ਦੀ ਪੂਰਤੀ ਵਾਸਤੇ ਸਭ ਨੂੰ ਜਾਗਦੇ ਰਹਿਣ ਦੀ ਲੋੜ ਹੈ। ਕਰਤਾਰਪੁਰ ਦਾ ਲਾਂਘਾ ਖੁੱਲ੍ਹਣ ਦਾ ਆਗਾਜ਼ ਅਗਲੀਆਂ ਬਹੁਤ ਸਾਰੀਆਂ ਸਾਂਝ ਭਰੀਆਂ ਸੰਭਾਵਨਾਵਾਂ ਵਲ ਖੁੱਲ੍ਹਦਾ ਰਾਹ ਹੈ। ਕਰਤਾਰਪੁਰ ਦਾ ਲਾਂਘਾ ਸਬੱਬ ਬਣ ਜਾਵੇਗਾ ਜਿੱਥੋਂ  ਆਉਣ ਵਾਲੇ ਕੱਲ੍ਹ ਨੂੰ ਵਾਹਗੇ ਵਾਲਾ ਰਾਹ ਅਤੇ ਹੋਰ ਦਰਵਾਜੇ ਵੀ ਖੁੱਲ੍ਹ ਸਕਦੇ ਹਨ। ਵਪਾਰਕ, ਭਾਈਚਾਰਕ, ਸੱਭਿਆਚਾਰਕ, ਲੇਖਕਾਂ, ਕਲਾਕਾਰਾਂ ਅਤੇ ਖਿਡਾਰੀਆਂ ਦੇ ਨਾਲ ਹੀ ਆਮ ਅਵਾਮ ਦੀ ਸਾਂਝ  ਵਾਲੇ ਬੂਹੇ ਵੀ ਖੁੱਲ੍ਹਣਗੇ - ਲੋਕਾਂ ਦੀਆਂ ਅੱਖਾਂ ਉਸ ਦਿਨ ਨੂੰ ਉਡੀਕ ਰਹੀਆਂ ਹਨ ਜਦੋਂ ਕਰੀਬ ਪੌਣੀ ਸਦੀ ਪਹਿਲਾਂ ਵਿਛੜੇ ਸਮੇਂ ਨੂੰ ਮਿਲਿਆ ਜਾ ਸਕੇਗਾ। ਇਹ ਪੰਜਾਬੀ ਕੌਮ ਦੀ ਮਾਣਮੱਤੀ ਸਾਂਝੀ ਵਿਰਾਸਤ ਦਾ ਜਸ਼ਨ ਹੈ - ਇਹ ਦੁੱਖਾਂ ਭਰੇ ਜ਼ਖ਼ਮੀ ਇਤਿਹਾਸ ਤੋਂ ਮੁਹੱਬਤੀ ਭਵਿੱਖ ਵੱਲ ਜਾਂਦਾ ਰਾਹ ਹੈ - ਸਾਡੇ ਮਨਾਂ ਵਿਚ ਨਿਮਰਤਾ ਤੇ ਨਿਰਮਾਣਤਾਂ ਦਾ ਵਾਸ ਹੋਵੇ। ਅਸੀਂ ਬਾਬੇ ਨਾਨਕ ਦੇ ਸਾਂਝੀਵਾਲਤਾ ਵਾਲੇ ਸੁਨੇਹੇ ਦੇ ਲੜ ਲੱਗ ਸਕੀਏ। ਗੁਰੂ ਬਾਬਾ ਨਾਨਕ ਦਾ ਸੁਨੇਹਾ ਅਮਨ ਤੇ ਪਿਆਰ-ਮਹੱਬਤ ਤੇ ਸਾਂਝੇ ਭਾਈਚਾਰੇ ਦਾ ਰਾਹ ਹੈ - ਅਸੀਂ ਇਸ ਰਾਹ ਦੇ ਪਾਂਧੀ ਬਣੀਏ ਤੇ ਕਦੇ ਵੀ ਸਾਂਝੀਵਾਲਤਾ ਵਾਲੇ ਸਿਧਾਂਤ ਦਾ ਪੱਲਾ ਨਾ ਛੱਡੀਏ - ਜੱਗ ਵਿਚ ਮੁਹੱਬਤਾਂ ਦਾ ਪ੍ਰਚਾਰ ਕਰੀਏ।
     ਕੋਸ਼ਿਸ਼ ਕਰਨੀ ਚਹੀਦਾ ਹੈ ਕਿ ਸੱਚ ਦੇ ਰਾਹ ਪਈਏ, ਬਾਬੇ ਨਾਨਕ ਦੀਆਂ ਜੀਵਨ ਸੁਆਰਦੀਆਂ ਸਮਝੌਤੀਆਂ  ਦੇ ਲੜ ਲੱਗੀਏ, ਚੰਗੇ ਜੀਵਨ ਦੀ ਜੁਗਤ ਕਿ ਕੀ ਕਰੀਏ ਤੇ ਕੀ ਨਾ ਕਰੀਏ ਸਾਨੂੰ ਸਾਡੀ ਮਾਂ ਬੋਲੀ ਦੇ ਪਹਿਲੇ ਕਵੀ ਬਾਬਾ ਸ਼ੇਖ ਫਰੀਦ ਜੀ ਇਉਂ ਦੱਸਦੇ ਹਨ :
ਫਰੀਦਾ, ਜੇ ਤੂ ਅਕਲਿ ਲਤੀਫੁ ਕਾਲੇ ਲਿਖ ਨ ਲੇਖ॥
ਆਪਨੜੇ ਗਿਰਿਵਾਨ ਮਹਿ  ਸਿਰੁ ਨੀਵਾਂ ਕਰਿ ਦੇਖੁ ॥
    ਅੱਜ ਸਾਡਾ ਕੀ ਹਾਲ ਹੈ - ਵਿਹਲੜ ਵੀ ਆਪਣੇ ਆਪ ਨੂੰ ਪਹਿਰਾਵੇ ਦੇ ਆਸਰੇ ਹੀ ਸੰਤ ਆਖੀ ਜਾ ਰਹੇ ਹਨ- ਇਨ੍ਹਾਂ ਨਕਲੀ ''ਸਾਧਾਂ- ਸੰਤਾਂ'' ਦੇ ਵੱਗ ਤੁਰੇ ਫਿਰਦੇ ਹਨ- ਮਾਫ ਕਰਨਾ ਵੱਗ ਸ਼ਬਦ ਆਮ ਕਰਕੇ ਪਸ਼ੂਆਂ ਲਈ ਰਾਖਵਾਂ ਹੈ-ਪਸ਼ੂਆਂ ਦੇ ਵੱਗ ਹੀ ਆਖੇ ਜਾਂਦੇ ਹਨ, ਪਰ ਜਿਸ ਸਮਾਜ ਦੇ ਵੱਖੋ ਵੱਖ ਭਾਈਚਾਰਿਆਂ ਕੋਲ ਸਾਧਾਂ ਦੇ ਵੱਗ ਹੋਣ ਉਨ੍ਹਾਂ ਦਾ ਕੀ ਹਾਲ ਹੋ ਸਕਦਾ ਹੈ ਇਹ ਸਭ ਨੇ ਰਲ ਕੇ ਸੋਚਣਾ ਹੈ। ਮਨੁੱਖ ਨੂੰ ਨਿਕੰਮਾਂ ਬਣਾਉਂਦੀ ਸੋਚ ਨੂੰ ਛੱਡ ਕੇ ਨਵੀਂ ਸਾਂਝ ਭਰੀ ਮਨੁੱਖਵਾਦੀ ਸੋਚ 'ਤੇ ਅਮਲ ਕਰਨ ਨਾਲ ਹੀ ਪਾਰ-ਉਤਾਰਾ ਹੋ ਸਕਦਾ ਹੈ। ਜਿਸ ਨੂੰ ''ਸਭੇ ਸਾਝੀਵਾਲ ਸਦਾਇਨਿ ਤੂੰ ਕਿਸਹਿ ਨ ਦਿਸੈ ਬਾਹਰਾ ਜੀਉ॥'' ਰਾਹੀਂ ਸਪਸ਼ਟ ਕੀਤਾ ਗਿਆ ਹੈ।
         ਆਪਣੇ ਮਨ ਅੰਦਰ ਝਾਕਣ ਦਾ ਜਤਨ ਕਰਨਾ ਅਤੇ ਆਪਣੇ ਜੀਵਨ ਨੂੰ ਬਾਬੇ ਨਾਨਕ ਵਲੋਂ ਦਿੱਤੀ ਸਾਂਝੀਵਾਲਤਾ ਵਾਲੀ ਸੋਚ ਧਾਰਾ ਭਰੀ ਸੁਚੱਜੀ ਜੀਵਨ ਜਾਚ/ਜੀਵਨ ਜੁਗਤ ਨਾਲ ਜੋੜਨ ਦਾ। ਸੱਚੇ ਦਿਲੋਂ ਮਨੁੱਖ ਜਦੋਂ ਇਸ ਸੋਚ ਨਾਲ ਜੁੜੇਗਾ  ਉਸ 'ਤੇ ਅਮਲ ਕਰੇਗਾ  ਤਾਂ ਮਨੁੱਖ ਦੇ ਅੰਦਰ ਹੋਣ ਵਾਲਾ ਚਾਨਣ ਤੇ ਗੂੰਜਣ ਵਾਲੀ ਧੁਨੀ ਦਾ ਪਸਾਰ ਹੋਵੇਗਾ ਤਾਂ ਇਹ 'ਮਿਠੁਤ ਨੀਵੀਂ ਨਾਨਕਾ ਗੁਣ ਚੰਗਿਆਈਆਂ ਤਤੁ' ਵਿਚ ਤਬਦੀਲ ਹੋ ਜਾਵੇਗਾ। ਘਬਰਾਉਣ ਦੀ ਲੋੜ ਹੀ ਕੋਈ ਨਹੀਂ, ਜੇ ਅਸੀਂ ਆਪਣੇ ਮਨ ਵਿਚ 'ਸਚੈ ਮਾਰਗਿ ਚੱਲਦਿਆ ਉਸਤਤਿ ਕਰੇ ਜਹਾਨੁ' ਦਾ ਵਿਸ਼ਵਾਸ ਲੈ ਕੇ ਤੁਰਾਂਗੇ ਤਾਂ ਜਰੂਰ ਹੀ - 'ਕੂੜ ਨਿਖੁਟੇ ਨਾਨਕਾ ਓੜਕਿ ਸਚਿ ਰਹੀ॥' ਸਾਡੀ ਪ੍ਰਾਪਤੀ ਹੋ ਨਿਬੜੇਗੀ।     

ਗੁਰੂ ਨਾਨਾਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ 'ਤੇ ਸਾਰੀ ਦੁਨੀਆਂ ਨੂੰ ਭਾਈਚਾਰਕ ਸਾਂਝ ਅਤੇ ਸੰਸਾਰ ਅਮਨ ਦਾ ਸੁਨੇਹਾ ਦੇਣ ਵਾਲੀ ਯਾਤਰਾ

ਗੁਰੂ ਨਾਨਾਕ ਦੇਵ ਜੀ ਦੇ 550 ਵੇਂ ਪ੍ਰਕਾਸ਼ ਪੁਰਬ ਦੇ ਮੌਕੇ "ਇੰਟਰਨੈਸ਼ਨਲ ਪੰਜਾਬੀ ਫਾਊਂਡੇਸ਼ਨ'' ਨਾਂ ਦੀ ਸੰਸਥਾਂ ਵਲੋਂ ਟੋਰਾਂਟੋ (ਕੈਨੇਡਾ) ਤੋਂ ਸੁਲਤਾਨਪੁਰ ਲੋਧੀ ਵਾਸਤੇ ਬੱਸ ਤੇ ਨਾਲ ਇਕ ਵੱਡੀ ਕਾਰ ਰਾਹੀਂ ਯਾਤਰਾ ਦਾ ਪ੍ਰਬੰਧ ਕੀਤਾ ਗਿਆ। ਇਹ ਯਾਤਰਾ 45 ਦਿਨਾਂ ਵਿਚ ਪੂਰੀ ਹੋਵੇਗੀ, ਜਿਸ ਉੱਤੇ ਕਈ ਲੱਖ ਡਾਲਰਾਂ ਦਾ ਖਰਚਾ ਆਉਣ ਦਾ ਅਨੁਮਾਨ ਹੈ। ਇਹ ਯਾਤਰਾ ਕੈਨੇਡਾ ਤੋਂ ਲੰਡਨ (ਯੂ.ਕੇ), ਪੈਰਿਸ (ਫਰਾਂਸ), ਹਾਲੈਂਡ, ਬੈਲਜੀਅਮ, ਸਰਬੀਆ, ਹੰਗਰੀ ਤੇ ਕਲੋਨ, ਫਰੈਂਕਫਰਟ (ਜਰਮਨੀ), ਇਟਲੀ, ਸਵਿਟਜ਼ਰਲੈਂਡ, ਆਸਟਰੀਆ, ਇਸਤੰਬੋਲ (ਤੁਰਕੀ), ਤਹਿਰਾਨ (ਇਰਾਨ), ਤੋਂ ਹੁੰਦੇ ਹੋਏ ਪਾਕਿਸਤਾਨ ਵਿਚ ਸ਼ਾਮਲ ਹੋਵੇਗੀ। ਪਾਕਿਸਤਾਨ ਦੇ ਕੁੱਝ ਗੁਰੂ ਘਰਾਂ ਤੋਂ ਬਾਦ ਦਰਬਾਰ ਸ੍ਰੀ ਕਰਤਾਰਪੁਰ ਸਾਹਿਬ ਪਹੁੰਚੇਗੀ ਜਿੱਥੋਂ ਅਗਲਾ ਪੜਾ ਸੁਲਤਾਨਪੁਰ ਲੋਧੀ ਦਾ ਹੋਵੇਗਾ। ਜਰਮਨੀ ਵਿਚ ਪਹੁੰਚ ਕੇ ਇਸ 8 ਵਿਅਕਤੀਆਂ 'ਤੇ ਅਧਾਰਤ ਜਥੇ ਦਾ ਸਬੱਬ ਨਾਲ ਹੀ ਇਕ ਪੜਾ ਲਿਪਸਟੱਡ (ਨਾਰਦਰਨ ਵੈਸਟਫਾਲਨ) ਵਿਖੇ ਬੀਬੀ ਹਰਮਿੰਦਰ ਕੌਰ ਅਤੇ ਹਰਿੰਦਰ ਸਿੰਘ ਦੇ ਘਰ ਵੀ ਹੋਇਆ। ਜਿੱਥੇ ਇਸ ਯਾਤਰੀ ਜਥੇ ਨੂੰ ਯਾਤਰਾ ਦੇ ਥਕੇਵੇਂ ਤੋਂ ਰਾਹਤ ਦਵਾਉਣ ਖਾਤਰ ਹਰਿੰਦਰ ਸਿੰਘ ਦੇ ਪਰਵਾਰ ਵਲੋਂ ਇਸ ਇਲਾਕੇ ਦੀਆਂ ਕੁੱਝ ਇਤਿਹਾਸਕ ਥਾਵਾਂ ਦੇ ਦਰਸ਼ਣ ਵੀ ਕਰਵਾਏ ਗਏ।
ਟੋਰਾਂਟੋ ਤੋਂ ਇਸ  ਜਥੇ ਨੂੰ ਤੋਰਨ ਵੇਲੇ ਯਾਤਰਾ ਦੀ ਸਫਲਤਾ ਵਾਸਤੇ ਸਰਬ ਧਰਮ ਅਰਦਾਸ ਸਭਾ ਵੀ ਹੋਈ ਜਿਸ ਵਿਚ ਸਿੱਖਾਂ, ਹਿੰਦੂਆ, ਮੁਸਲਮਾਨਾਂ, ਇਸਾਈਆਂ ਦੇ ਧਾਰਮਿਕ ਆਗੂ ਪਹੁੰਚੇ। ਬਰੈਂਮਟਨ  ਦੇ ਮੇਅਰ ਵੀ ਸ਼ਾਮਲ ਹੋਏ ਅਤੇ ਕੌਂਸਲਰ ਹਰਪ੍ਰੀਤ ਸਿੰਘ ਢਿੱਲੋਂ ਵੀ। ਇਸ ਸਭਾ ਵਲੋਂ ਜਥੇ ਨੂੰ ਸ਼ੁਭਇਛਾਵਾਂ ਦਿੱਤੀਆਂ ਗਈਆਂ ਅਤੇ ਜਥੇ ਵਲੋਂ ਸੰਸਾਰ ਅਮਨ ਤੇ ਵੱਖੋ-ਵੱਖ ਅਕੀਦਿਆਂ ਦੇ ਧਾਰਨੀਆਂ ਵਾਸਤੇ ਕੌਮਾਂਤਰੀ ਪੱਧਰ 'ਤੇ ਸਮੁੱਚੇ ਭਾਈਚਾਰਿਆਂ ਨੂੰਭਾਈਚਾਰਕ ਸਾਂਝ ਦੇ ਦਿੱਤੇ ਜਾਣ ਵਾਲੇ ਸੁਨੇਹੇ ਦੀ ਪ੍ਰਸ਼ੰਸਾ ਵੀ ਕੀਤੀ ਗਈ।
ਇਹ 8 ਜੀਆਂ ਤੇ ਅਧਾਰਤ ਜਥਾ ਹੈ ਜਿਸ ਵਿਚ ਸ. ਗੁਰਚਰਨ ਸਿੰਘ ਬਣਵੈਤ, ਬੀਬੀ ਸੁਰਜੀਤ ਕੌਰ, ਸ. ਦਲਜੀਤ ਸਿੰਘ ਡੁਲਕੂ (ਟੋਰਾਂਟੋ), ਸ. ਰਣਜੀਤ ਸਿੰਘ ਖਾਲਸਾ (ਐਡਮਿੰਟਨ), ਸ. ਰਵਿੰਦਰ ਸਿੰਘ ਸੈਣੀ (ਓਟਾਵਾ), ਸ. ਰੇਸ਼ਮ ਸਿੰਘ ਸਮਰਾ, ਬੀਬੀ ਮਹਿੰਦਰ ਕੌਰ ਸਮਰਾ, ਸ. ਬਖਸ਼ੀਸ਼ ਸਿੰਘ (ਯੂ. ਐੱਸ.ਏ), ਜਸਵੀਰ ਸਿੰਘ ਤੂਰ (ਇਟਲੀ), ਕੁੱਝ ਸਮੇਂ ਲਈ ਯੂਰਪ ਅੰਦਰ ਫਰਾਂਸ ਤੋਂ ਸ. ਸ਼ਿੰਗਾਰਾ ਸਿੰਘ ਮਾਨ ਵੀ ਇਸ ਜਥੇ ਨਾਲ ਰਹੇ।
       ਇਸ ਜਥੇ ਵਾਸਤੇ ਪ੍ਰਬੰਧ ਦੇ ਮੁਖੀ ਸ. ਗੁਰਚਰਨ ਸਿੰਘ ਬਣਵੈਤ ਹਨ। ਇਸ ਯਾਤਰਾ ਵਾਸਤੇ ਬਹੁਮੁੱਲੀ ਬੱਸ (ਜਿਸਦੀ ਕੀਮਤ ਇਕ ਮਿਲੀਅਨ ਡਾਲਰ ਤੋਂ ਵੱਧ ਹੈ) ਅਤੇ ਕਾਰ ਸਹਾਇਤਾ / ਦਾਨ ਵਜੋਂ ਟੋਰਾਂਟੋ ਵਸਦੇ ਲਾਹੌਰ ਦੇ ਪਿਛੋਕੜ ਵਾਲੇ ਵੱਡੇ ਬਿਸਨਸਮੈਨ (JobsIn GTA.com ਦੇ ਮਾਲਕ) ਤੇ ਗੁਰੂ ਨਾਨਾਕ ਦੇਵ ਜੀ ਦੇ ਸ਼ਰਧਾਲੂ ਜਨਾਬ ਅਮੀਰ ਖਾਨ (ਜੋ ਖੁਦ ਮੁਸਲਮਾਨਾਂ ਦੀ ਅਹਿਮਦੀਆ ਜਮਾਤ ਨਾਲ ਸਬੰਧਤ ਹਨ) ਵਲੋਂ ਦਿੱਤੀ ਗਈ। ਸਾਰੇ ਜਥੇ ਵਾਲੇ ਜਨਾਬ ਅਮੀਰ ਖਾਨ ਦੀ ਵਾਰ ਵਾਰ ਸਲਾਹੁਤਾ ਕਰਦੇ ਹਨ। ਇਸ ਬੱਸ ਅਤੇ ਕਾਰ  ਦੇ ਅੱਗੇ ਪਿੱਛੇ "JOURNEY TO KARTARPUR'' ("For World Peace'') ਲਿਖਿਆ ਹੋਇਆ ਹੈ ਅਤੇ ਸਾਰੀ ਯਾਤਰਾ ਦੇ ਵੱਖੋ-ਵੱਖ ਪੜਾਵਾਂ ਦਾ ਨਕਸ਼ਾ ਵੀ ਬਣਾਇਆ ਹੋਇਆ ਹੈ। ਆਪਣੇ ਪੱਖੋਂ ਅਮਨ-ਸ਼ਾਂਤੀ ਦੇ ਪ੍ਰਚਾਰ ਦਾ ਇਹ ਵੀ ਇਕ ਨਵੇਕਲਾ ਢੰਗ-ਤਰੀਕਾ ਹੈ।
ਇਸ ਵੱਡ ਅਕਾਰੀ ਬੱਸ ਵਿਚ ਸਫਰ ਸਮੇਂ ਹਰ ਕਿਸਮ ਦੀ ਸਹੂਲਤ ਹੈ - 8 ਜੀਆਂ ਦੇ ਸੌਣ ਦਾ ਪ੍ਰਬੰਧ ਹੈ, ਟਾਇਲਟ ਅਤੇ ਨਹਾਉਣ ਦਾ ਪ੍ਰਬੰਧ ਹੈ, ਪੂਰੀ ਰਸੋਈ ਹੈ, ਫਰਿੱਜ ਹੈ- ਖਾਣਾ ਬਨਾਉਣ ਦੀ ਸਹੂਲਤ ਹੈ। ਪਾਣੀ ਦਾ ਕਾਫੀ ਵੱਡਾ ਭੰਡਾਰ  ਨਾਲ ਲੈਜਾਇਆ ਜਾ ਸਕਦਾ ਹੈ। ਖਬਰਾਂ ਨਾਲ ਜੁੜੇ ਰਹਿਣ ਵਾਸਤੇ ਟੈਲੀਵੀਜ਼ਨ ਅਤੇ ਇੰਟਰਨੈੱਟ ਦੀ ਸਹੂਲਤ ਵੀ ਹੈ। ਇਸ ਜਥੇ ਨਾਲ ਤਕਨੀਕੀ ਮਾਹਰ ਸ. ਦਲਜੀਤ ਸਿੰਘ ਡੁਲਕੂ ਸ਼ਾਮਲ ਹਨ ਜੋ ਕਿਸੇ ਵੀ ਤਕਨੀਕੀ ਖਰਾਬੀ ਨੂੰ ਦੂਰ ਕਰਨ ਦੇ ਮਾਹਰ ਹਨ, ਜਿਸ ਕਰਕੇ ਜਥੇ ਦੀ ਯਾਤਰਾ ਚਿੰਤਾ ਰਹਿਤ ਹੈ।
ਇਰਾਨ ਵਿਚੋਂ ਲੰਘਣ ਲਈ ਕਾਫੀ ਸਖਤ ਪ੍ਰਬੰਧ ਕੀਤੇ ਗਏ ਹਨ। ਇਰਾਨ ਵੀ ਸਰਕਾਰ ਵਲੋਂ ਜਥੇ ਨੂੰ ਫੌਜ ਅਤੇ ਪੁਲੀਸ ਦੀ ਸਕਿਉਰਿਟੀ ਦਿੱਤੀ ਜਾਵੇਗੀ ਜੋ ਇਰਾਨ ਦੀ ਸਰਹੱਦ ਅੰਦਰ ਦਾਖ਼ਲ ਹੋਣ ਵੇਲੇ ਤੋਂ ਪਾਕਿਸਤਾਨ ਵਿਚ ਦਾਖਲ ਹੋਣ ਵੇਲੇ ਤੱਕ ਸਾਰਾ ਸਮਾਂ ਨਾਲ ਰਵ੍ਹੇਗੀ ਜਿਸ ਉੱਤੇ ਵੱਡਾ ਖਰਚਾ ਵੀ ਆਵੇਗਾ, ਜਿਹੜਾ ਖਰਚਾ ਜਥੇ ਨੂੰ ਇਸ ਮੁਲਕ ਨੂੰ ਛੱਡਣ ਸਮੇਂ ਨਗਦ ਡਾਲਰਾਂ ਵਿਚ ਅਦਾ ਕਰਨਾ ਪਵੇਗਾ। ਜਿਹੜੀ ਕਾਫੀ ਵੱਡੀ ਰਕਮ ਹੋਵੇਗੀ।
ਇਹ ਸੰਸਥਾ ਸਿਰਫ ਇਹ ਯਾਤਰਾ ਹੀ ਨਹੀਂ ਕਰ ਰਹੀ, ਕੌਮਾਂਤਰੀ ਪੱਧਰ 'ਤੇ ਲੋਕਾਂ ਲਈ ਕਿਸੇ ਵੀ ਭੀੜ ਵੇਲੇ ਸਹਾਇਤਾ ਵਾਸਤੇ ਅੱਪੜਦੀ ਹੈ। ਦੋ ਸਾਲ ਪਹਿਲਾਂ ਕੈਰਾਲੀਨਾ 'ਚ ਆਏ ਭਾਰੀ ਹੜਾਂ ਵਿਚ "ਇੰਟਰਨੈਸ਼ਨਲ ਪੰਜਾਬੀ ਫਾਊਂਡੇਸ਼ਨ'' ਦੇ ਕਾਰਕੁਨਾਂ ਨੇ ਉੱਥੇ ਪਹੁੰਚ ਕੇ ਖਾਣ-ਪੀਣ ਦੀਆਂ ਲੋੜੀਂਦੀਆਂ ਵਸਤਾਂ ਨਾਲ ਲੋਕਾਂ ਦੀ ਮੱਦਦ ਕੀਤੀ। ਭਾਰਤ ਅੰਦਰ ਦੁਸੈਹਰੇ ਦੀ ਦੁਰਘਟਨਾ ਵੇਲੇ ਹੋਏ ਜ਼ਖਮੀਆਂ ਦੀ ਮੱਦਦ ਕੀਤੀ। ਪਾਕਿਸਤਾਨ ਅਤੇ ਭਾਰਤ ਵਿਚ ਵੀ ਕਾਫੀ ਕਾਰਜ ਕੀਤੇ ਜਾਂਦੇ ਹਨ।
ਪਾਕਿਸਤਾਨ ਵਿਚ ਕਰਤਾਰਪੁਰ ਅਤੇ ਐਮਨਾਬਾਦ ਵਿਖੇ ਮੈਡੀਕਲ ਕੈਂਪ (ਖਾਸ ਕਰਕੇ ਅੱਖਾਂ ਦੇ) ਲਾਏ ਜਾਂਦੇ ਹਨ। ਇਸੇ ਤਰ੍ਹਾਂ ਰੂੜੀ ਸਾਹਿਬ ਗੁਰਦੁਆਰਾ ਵਿਖੇ ਵੀ ਕੈਂਪ ਦਾ ਪ੍ਰਬੰਧ ਕੀਤਾ ਜਾਂਦਾ ਹੈ, ਜਿੱਥੇ 250-300 ਲੋਕਾਂ ਦੀ ਸਰਜਰੀ ਕੀਤੀ ਜਾਂਦੀ ਹੈ ਅਤੇ ਨਾਲ ਹੀ ਆਏ ਲੋਕਾਂ ਨੂੰ ਘਰ ਜਾਣ ਵਾਸਤੇ ਕਿਰਾਇਆ ਵੀ ਦਿੱਤਾ ਜਾਂਦਾ ਹੈ। ਇਸੇ ਤਰ੍ਹਾਂ ਬੰਗਾ ਚੱਕ ਨੰਬਰ 105 ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਘਰ ਵਿਚ ਵੀ ਕੈਂਪ ਲਾਇਆ ਜਾਂਦਾ ਹੈ।
ਪਾਕਿਸਤਾਨ ਦੇ ਪਿੰਡ ਸੈਣੀਬਾਰ ਤੋਂ ਜਨਾਬ ਮੁਹੰਮਦ ਨਜ਼ੀਰ ਜੋ ਹੁਣ ਟੋਰਾਂਟੋ (ਕੈਨੇਡਾ) ਵਿਖੇ ਰਹਿੰਦੇ ਹਨ ਨੇ ਪਿੰਡ ਪੈੜੇਵਾਲੀ ਵਿਖੇ 4 ਏਕੜ ਦਿੱਤੀ ਹੋਈ ਹੈ ਜਿੱਥੇ ਹਸਪਤਾਲ ਬਣਾਇਆ ਗਿਆ ਹੈ। ਇਸ ਹਸਪਤਾਲ ਵਿਚ ਹੀ ਬੀਬੀਆਂ ਵਾਸਤੇ ਸਿਲਾਈ ਸੈਂਟਰ ਚੱਲਦਾ ਹੈ ਜਿਸ ਨਾਲ ਸਿਖਲਾਈ ਦੇ ਕੇ ਬੀਬੀਆਂ ਨੂੰ ਰੋਜ਼ਗਾਰ ਯੋਗ ਬਣਾਇਆ ਜਾਂਦਾ ਹੈ। ਇੱਥੇ ਹੀ ਤਿੰਨ ਚਾਰ ਦਿਨ ਦਾ ਲੰਗਰ ਵੀ ਲਾਇਆ ਜਾਂਦਾ ਹੈ ਜਿਸ ਵਿਚ ਲਗਭਗ ਪੰਜ ਹਜ਼ਾਰ ਤੋਂ ਵੱਧ ਲੋਕ ਲੰਗਰ ਛਕਦੇ ਹਨ। ਇਸੇ ਤਰ੍ਹਾਂ ਨਨਕਾਣਾ ਸਾਹਿਬ ਤੋਂ 4 ਕਿਲੋਮੀਟਰ ਦੀ ਦੂਰੀ ਤੇ "ਗੁਰੂ ਨਾਨਕ ਬਾਬਾ ਫਰੀਦ ਟਰੱਸਟ'' ਵਲੋਂ ਹਸਪਤਾਲ ਵੀ ਬਣਾਇਆ ਗਿਆ ਹੈ।
ਪੰਜਾਬ ਅੰਦਰ ਵੀ ਨਵਾਂ ਸ਼ਹਿਰ ਵਿਖੇ ਮੈਡੀਕਲ ਸਹੂਲਤਾ ਦਾ ਹਸਪਤਾਲ ਰਾਹੀਂ ਪ੍ਰਬੰਧ ਹੈ ਅਤੇ ਉੜਾਪੜ ਵਿਖੇ ਵੀ ਸ਼ੂਗਰ ਵਾਲੇ ਰੋਗੀਆਂ ਦੇ ਇਲਾਜ ਦਾ ਪ੍ਰਬੰਧ ਕੀਤਾ ਜਾਂਦਾ ਹੈ।
ਜਥੇ ਨੇ ਇਕ ਗੱਲ 'ਤੇ ਥੋੜ੍ਹਾ ਜਿਹਾ ਮਲਾਲ ਜ਼ਾਹਿਰ ਕੀਤਾ ਕਿ ਇਸ ਸੰਸਾਰ ਅਮਨ-ਸ਼ਾਂਤੀ ਦੀ ਭਾਵਨਾ ਵਾਲੀ ਯਾਤਰਾ ਵਾਸਤੇ ਵੀ ਪਾਕਿਸਤਾਨ ਦੇ ਸਫਾਰਤਖਾਨੇ ਵਲੋਂ ਵੀਜ਼ੇ ਦੇਣ ਵਿਚ ਕੁੱਝ ਰੁਕਾਵਟਾਂ ਖੜ੍ਹੀਆਂ ਕੀਤੀਆਂ ਗਈਆਂ। ਅਜਿਹਾ ਨਹੀਂ ਸੀ ਹੋਣਾ ਚਾਹੀਦਾ। ਕਿਉਂਕਿ ਅਸੀਂ ਤਾਂ ਹਰ ਧਰਮ ਤੇ ਕੌਮ ਅੰਦਰ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਸਮੇਂ ਗੁਰੂ ਸਾਹਿਬ ਦੇ  ਫਲਸਫੇ ਅਨੁਸਾਰ ਸਰਬੱਤ ਦੇ ਭਲੇ, ਸਾਂਝੀਵਾਲਤਾ, ਭਾਈਚਾਰਕ ਸਾਂਝ ਅਤੇ ਲੋਕਾਈ ਅੰਦਰ ਪਿਆਰ-ਮੁਹੱਬਤ ਦਾ ਸੁਨੇਹਾ ਹੀ ਦੇਣਾ ਹੈ।
   ਇਸ ਜਥੇ ਦੀ ਯਾਤਰਾ ਬਾਰੇ ਲਿਪਸਟੱਡ ਦੇ ਅਖਬਾਰ "Der Patriot'' ਨੇ ਜਰਮਨ ਪਾਠਕਾਂ ਵਾਸਤੇ ਸੰਸਾਰ ਅਮਨ ਦਾ  ਸੁਨੇਹਾ ਦੇਣ ਵਾਲੀ ਵੱਡੀ ਜਾਣਕਾਰੀ ਬਾਰੇ ਵਿਸਥਾਰ ਸਹਿਤ ਲੇਖ ਛਾਪਿਆ।
- ਕੇਹਰ ਸ਼ਰੀਫ਼