ਦੀਦਾਰ ਹੁੰਦਾ ਰਹੇ - ਮਲਕੀਅਤ 'ਸੁਹਲ
ਸਫਲਤਾ ਦਾ ਸਦਾ ਹੀ,ਦੀਦਾਰ ਹੁੰਦਾ ਰਹੇ।
ਚਿੱਟੀ ਧੁੱਪ ਜਿਹਾ ਤੇਰਾ,ਨਿੱਖ਼ਾਰ ਹੁੰਦਾ ਰਹੇ।
ਸੰਗਰਸ਼ ਦੇ ਲਾ ਚੱਪੂ,ਹਿੰਮਤ ਦੀ ਠੇਲ ਬੇੜੀ
ਤੇਰੇ ਸਿਦਕ 'ਤੇ ਸਦਾ,ਇਤਬਾਰ ਹੁੰਦਾ ਰਹੇ।
ਪੈਰਾਂ 'ਚ ਚੁੱਭਦੇ ਰਹੇ ਭੱਖ਼ੜੇ ਦੇ ਸਖ਼ਤ ਕੰਡੇ
ਤੂਫ਼ਾਨਾਂ ਨਾਲ ਵੀ ਤੇਰਾ,ਤਕਰਾਰ ਹੁੰਦਾ ਰਹੇ।
ਸਬਰ ਦਾ ਘੁੱਟ ਭਰਕੇ,ਸਾਗਰ ਡਕਾਰ ਜਾਵੇਂ
ਫਿਰ ਤੇਰਾ ਜ਼ੁਲਮ 'ਤੇ, ਸ਼ੁਮਾਰ ਹੁੰਦਾ ਰਹੇ।
ਬੇਕਦਰੇ ਲੋਕ ਤੇਰੀ,ਕਦਰ ਕਰਨਗੇ 'ਸੁਹਲ'
ਹੋਕਾ ਜਿੱਤ ਲਈ ਤੇਰਾ,ਦੰਮਦਾਰ ਹੁੰਦਾ ਰਹੇ।
ਮਲਕੀਅਤ 'ਸੁਹਲ' ਮੋਬਾ-9872848610
ਨੋਸ਼ਹਿਰਾ ਬਹਾਦਰ, ਡਾਕ-ਤਿੱਬੜੀ (ਗੁਰਦਾਸਪੁਰ)
ਢਾਈ ਦਰਿਆ - ਮਲਕੀਅਤ 'ਸੁਹਲ'
ਵੰਡਿਆ ਜਦੋਂ ਪੰਜਾਬ ਨੂੰ,
ਰਹਿ ਗਏ ਢਾਈ ਦਰਿਆ।
ਜੋ ਨਿੱਤ ਬੇੜੀ ਸੀ ਪਾਂਵਦੇ,
ਉਹ ਕਿੱਥੇ ਗਏ ਮਲਾਹ।
ਦੋ ਕੰਢ੍ਹੇ ਭਰੀਆਂ ਬੇੜੀਆਂ,
ਪਨਾਹੀਆਂ ਭਰਿਆ ਪੂਰ।
ਅੱਧ ਵਿਚ ਹੁੰਦੇ ਮੇਲ ਸੀ,
ਰਹਿਆ ਨਾ ਕੰਢ੍ਹਾ ਦੂਰ।
ਰਾਵੀ ਦੀ ਹਿੱਕ ਚੀਰ ਕੇ,
ਉਹਦੇ ਟੋਟੇ ਕੀਤੇ ਦੋ।
ਕਾਲੀਆਂ ਰਾਤਾਂ ਵੇਖ ਕੇ,
ਮੇਰੇ ਦਿਲ ਨੂੰ ਪੈਂਦੇ ਡੋਅ।
ਪਾਣੀ ਤੇ ਲੀਕਾਂ ਪੈ ਗਈਆਂ
ਸੱਭ ਦੀ ਮੁੱਠ ਵਿਚ ਜਾਨ।
ਜਨੂਨੀ ਅੱਗ 'ਚ ਭੜਕਿਆ
ਜਦ ਹਿੰਦ ਤੇ ਪਾਕਿਸਤਾਨ।
ਘਰ ਆਪਣੇ ਛਡਣ ਵਾਸਤੇ,
ਇਹ ਜਨਤਾ ਹੋਈ ਮਜ਼ਬੁਰ।
ਵੰਡੇ ਗਏ ਹਾਣੀ, ਯਾਰ ਵੀ,
ਜੋ, ਰੱਬ ਨੂੰ, ਨਾ- ਮਨਜ਼ੂਰ।
ਮਾਰ ਦੁਹੱਥੜ ਰਾਵੀ ਰੋਈ,
ਹੋ ਗਈ ਲਹੂ - ਲੁਹਾਨ।
ਅਣਗਿਣਤ ਜਾਨਾਂ ਮਰੀਆਂ,
ਕਈ ਹੋਈਆਂ ਬੇ- ਪਛਾਣ।
ਬੱਚਿਆਂ ਨੂੰ ਮਾਵਾਂ ਰੋਂਦੀਆਂ,
ਭੈਣਾਂ ਤੋਂ ਵਿੱਛੜੇ ਵੀਰ।
ਕੋਈ ਨਾ ਉਥੇ ਲੱਭਦਾ,
ਜੋ ਅੱਖੀਉਂ ਪੂੰਝੇ ਨੀਰ।
ਪਤੀ ਤੋਂ ਵਿਛੜੀ ਪਤਨੀ,
ਬੱਾਪੂ ਦੀ ਟੁੱਟ ਗਈ ਬਾਂਹ।
ਸੱਜਣ ਵੀ ਹੱਥ ਛੁਡਾ ਗਏ,
ਮੇਰਾ ਲੁੱਟਿਆ ਗਿਆ ਗਰਾਂ।
ਜਦ ਵੰਡੇ ਗਏ ਪਰਵਾਰ ਵੀ,
ਫਿਰ ਵੰਡੇ ਗਏ ਦਰਿਆ।
ਢਾਈ-ਢਾਈ ਹਿੱਸੇ ਆ ਗਏ
ਬੰਦ ਹੋਏ ਦੋਵਾਂ ਦੇ ਰਾਹ।
ਸੁੱਖ ਨਾ ਪਾਇਆ ਰਾਵੀਏ,
ਤੇਰੀ ਸੁਣੀ ਕਿਸੇ ਨਾ ਹੂੱਕ।
ਸਭ ਖਾਲੀ ਹੱਥੀਂ ਤੁਰ ਪਏ
ਤੂੰ ਅੱਗੋਂ ਰਹੀ ਸੀ ਛੂੱਕ।
ਕਾਣੀਆਂ ਵੰਡਾਂ ਹੋ ਗਈਆਂ,
ਲੋਕੋ! ਵੰਡੇ ਗਏ ਪਿਆਰ।
ਜਬਰੀਂ ਹੋਏ ਨਿਕਾਹ ਦੀ,
ਕਿਸੇ ਨਾ ਸੁਣੀ ਪੁਕਾਰ।
ਨਕਸ਼ਾ ਬਦਲਿਆ ਧਰਤ ਦਾ
ਇਕ ਬਣਿਆਂ ਨਵਾਂ ਪੰਜਾਬ।
ਫਿਰ ਬਾਂਹਵਾਂ ਦੋਵੇਂ ਟੁੱਟੀਆਂ,
'ਤੇ ਉੱਡ ਗਏ ਸਭ ਖ਼ਵਾਾਬ।
ਫਿਰ ਹਿੱਸੇ ਆਏ ਪੰਜਾਬ ਨੂੰ
ਜਿਨ੍ਹਾਂ ਲੰਗੜਾ ਦਿੱਤਾ ਕਰ।
'ਸੁਹਲ' ਰਾਵੀ ਨੂੰ ਅਜੇ ਵੀ,
ਦੋਵਾਂ ਤੋਂ ਲੱਗਦਾ ਡਰ।
ਮਲਕੀਅਤ 'ਸੁਹਲ' ਮੋ-9872848610
ਨੋਸ਼ਹਿਰਾ ਬਹਾਦਰ (ਤਿੱਬੜੀ) ਗੁਰਦਾਸਪੁਰ
ਨੀਹਾਂ ਵਿਚ ਖਲੋਤੇ - ਮਲਕੀਅਤ 'ਸੁਹਲ'
ਉਹ ਪੁੱਤਰ ਦਸ਼ਮੇਸ਼ ਦੇ,ਮਾਂ ਗੁਜਰੀ ਦੇ ਛੱੋਟੇ ਪੋੱਤੇ।
ਜਾਨ ਸੀ ਤਲੀ ਤੇ ਰੱਖੀ, ਨੀਹਾਂ ਦੇ ਵਿਚ ਖਲੋੱਤੇ।
ਗੰਗੂ ਨੇ ਜੁਲਮ ਕਮਾ ਕੇ, ਕੀਤਾ ਸੀ ਨਮਕ ਹਰਾਮ।
ਦੌਲਤ ਦੇ ਲਾਲਚ ਬਦਲੇ, ਹੋਇਆ ਸੀ ਬਈਮਾਨ।
ਉਹ ਨਾਨੀ ਤੇ ਨਾਨੇ ਦੇ, ਕਿਨੇਂ ਸੀ ਸੋਹਣੇ ਦ੍ਹੋੋੱਤੇ,
ਉਹ ਪੁੱਤਰ ਦਸ਼ਮੇਸ਼ ਦੇ,ਮਾਂ ਗੁਜਰੀ ਦੇ ਦੋਵੇਂ ਪੋੱਤੇ।
ਜਾਨ ਸੀ ਤਲੀ ਤੇ ਰੱਖੀ, ਨੀਹਾਂ ਦੇ ਵਿਚ ਖਲੋੱਤੇ।
ਨਿੱਕੇ ਜਿਹੇ ਬਾਲਾਂ ਉਤੇ,ਵੈਰੀ ਨੇ ਜੁਲਮ ਕਮਾਇਆ
ਫ਼ੁਲਾਂ ਜਿਹੇ ਲਾਲਾਂ ਨੂੰ,ਨੀਹਾਂ ਦੇ ਵਿਚ ਚਿਣਾਇਆ।
ਵੇਖ ਕੇ ਅੰਬਰ ਰੋਇਆ, ਜੋ ਦੁੱਧੀਂ ਸੀ ਨ੍ਹਾਤੇ-ਧੋੱਤੇ,
ਉਹ ਪੁੱਤਰ ਦਸ਼ਮੇਸ਼ ਦੇ, ਮਾਂ ਗੁਜਰੀ ਦੇ ਛੱੋਟੇ ਪੋੱਤੇ।
ਜਾਨ ਸੀ ਤਲੀ ਤੇ ਰੱਖੀ, ਨੀਹਾਂ ਦੇ ਵਿਚ ਖਲੋੱਤੇ।
ਜੱਗ ਉਤੇ ਲਾਲਾਂ ਦੀ,ਬਣ ਗਈ ਹੈ ਅਮਰ ਕਹਾਣੀ।
ਚਿਣੇ ਗਏ ਨੀਹਾਂ ਅੰਦਰ, ਇੱਕੋ ਜਿਹੇ ਦੋਵੇਂ ਹਾਣੀ।
ਵੇਖ ਕੇ ਨਿੱਕੀਆਂ ਜਿੰਦਾਂ, ਦਿਲ ਵੀ ਹੈ ਖਾਂਦਾ ਗੋੱਤੇ,
ਉਹ ਪੁੱਤਰ ਦਸ਼ਮੇਸ਼ ਦੇ, ਮਾਂ ਗੁਜਰੀ ਦੇ ਛੱੋਟੇ ਪੋੱਤੇ।
ਜਾਨ ਸੀ ਤਲੀ ਤੇ ਰੱਖੀ, ਨੀਹਾਂ ਦੇ ਵਿਚ ਖਲੋੱਤੇ।
ਜੋਰਾਵਰ,ਫ਼ਤਹਿ ਸਿੰਘ ਨੇ,ਰੱਖੀ ਸੀ ਬੜੀ ਦਲੇਰੀ।
ਦਾਦੀ 'ਤੇ ਠੰਡੇ ਬੁਰਜ, ਝੁੱਲੀ ਸੀ ਕਹਿਰ ਹਨੇਰੀ।
'ਸੁਹਲ' ਉਹ ਮੀਰੀ ਪੀਰੀ, ਵਾਲੇ ਦੇ ਸੀ ਪੱੜਪੋੱਤੇ,
ਉਹ ਪੁੱਤਰ ਦਸ਼ਮੇਸ਼ ਦੇ,ਮਾਂ ਗੁਜਰੀ ਦੇ ਛੱੋਟੇ ਪੋੱਤੇ।
ਜਾਨ ਸੀ ਤਲੀ ਤੇ ਰੱਖੀ, ਨੀਹਾਂ ਦੇ ਵਿਚ ਖਲੋੱਤੇ।
ਮਲਕੀਅਤ 'ਸੁਹਲ' ਮੋਬਾ- 9872848610
ਨੋਸ਼ਹਿਰਾ,ਡਾਕ-ਪੁਲ ਤਿੱਬੜੀ, ਗੁਰਦਾਸਪੁਰ-143530
ਬੰਦਾ ਮਰਵਾਇਆ- ਮਲਕੀਅਤ 'ਸੁਹਲ'
ਧਰਮ ਦੇ ਨਾਂ ਤੇ ਹੋਣ ਡਰਾਮੇਂ।
ਲੋਕਾਂ ਤੋਂ ਕਰਵਾਉਣ ਹੰਗਾਮੇਂ।
ਭਾੜੇ-ਖੋਰੇ ਅੱਗ ਲਗਾਉਂਦੇ
ਉਹ ਇਨ੍ਹਾਂ ਦੇ, ਜੀਜੇ- ਮਾਮੇਂ।
ਇਹ ਨੇ 'ਸ਼ੀਹ ਮੁੱਕਦਮ ਰਾਜੇ'
ਅੱਜ ਵੀ ਲੀਡਰ ਨੇ ਸ਼ਹਿਜ਼ਾਦੇ।
ਪੁੱਠੀ ਗਿਣਤੀ ਰਹੇ ਸਿਖਾਉਂਦੇ
ਬਾਬੇ - ਲੀਡਰ ਨੇ ਮਹਾਰਾਜੇ।
ਮਾਂ ਬੋਲੀ ਨੂੰ ਭੁੱਲ ਗਏ ਜਿਹੜੇ
ਕਿਵੇਂ ਪੈਣਗੇ ਮਾਂ ਦੇ ਚਰਨੀਂ।
ਪੜ੍ਹਿਆ ਨਾ ਜੇ ਊੱੜਾ- ਐੜਾ
ਉਨ੍ਹਾਂ ਨੇ ਪੈਂਤੀ ਕਿਥੋਂ ਪੜ੍ਹਨੀ।
ਜੀਊਂਦੀ ਮਾਂ ਦਾ ਸੁੱਖ ਬੜਾ ਹੈ।
ਮਾਂ ਮਰ ਜਾਵੇ ਦੁੱਖ ਬੜਾ ਹੈ।
ਕਰਦਾ ਜੋ ਵੀ ਮਾਂ ਦੀ ਸੇਵਾ
ਉਹ ਸਮਝਦਾਰ ਮਨੁੱਖ ਬੜਾ ਹੈ
ਝਗੜੇ ਕਈ ਨੇ ਹੁਣ ਮਾਵਾਂ ਦੇ।
ਕੁਝ ਝਗੜੇ ਨੇ ਦਰਿਆਵਾਂ ਦੇ।
ਹਿੰਦੂ, ਮੁਸਲਮ ਅਤੇ ਈਸਾਈ
ਹੁਣ ਦੰਗੇ ਸੂਰਾਂ, ਗਾਵਾਂ ਦੇ।
ਇਹ ਗੱਲ ਸਭ ਨੂੰ ਕਹਿਣੀ ਹੈ।
ਹੁਣ ਨੀਤ ਬਦਲਣੀਂ ਪੈਣੀ ਹੈ।
ਪਰ! ਧਰਮ ਦੇ ਠੇਕੇਦਾਰਾਂ ਦੀ
ਅਜੇ ਅੰਦਰੋਂ ਸੋਚ ਪੁਰਣੀ ਹੈ।
ਹਿੰਦੂ-ਮੁਸਲਮ ਸੀ ਦੋਵੇਂ ਰੋਏ।
ਉਹ ਨਹੀਂ ਭਾਂਬੜ ਮੱਠੇ ਹੋਏ।
ਜੋ ਸੰਨ ਸੰਤਾਲੀ ਭਰੇ ਗਵਾਹੀ
ਘਰ ਲੋਕਾਂ ਦੇ ਸੀ, ਢੱਠੇ ਹੋਏ।
ਮਿਤੱਰਤਾ ਦੀ ਲਹਿਰ ਬਣਾਓ।
ਖ਼ੁਦ ਵੀ ਸਮਝੋ ਤੇ ਸਮਝਾਓ।
ਇਵੇਂ ਬੇੜੀ ਪਾਰ ਨਹੀਂ ਹੋਣੀ
ਰਲ- ਮਿਲ ਸਾਰੇ ਚੱਪੂ ਲਾਓ।
''ਸੁਹਲ''ਜੋ ਸੰਤਾਪ ਹੰਡਾਇਆ।
ਨਹੀਉਂ ਜਾਣਾ ਕਦੇ ਭੁਲਾਇਆ।
ਜਨੂਨੀਂ ਰਾਜਨੀਤਕ ਨੇ ਚਾਲਾਂ
ਬੰਦੇ ਤੋਂ ਬੰਦਾ ਮਰਵਾਇਆ।
ਅੱਖ ਚੁਰਾ ਕੇ - ਮਲਕੀਅਤ 'ਸੁਹਲ'
ਤੂੰ ਕਿਹੜੀ ਜਿੱਤੀ ਜੰਗ, ਵੇ ਸੱਜਣਾ ਸਾਡੇ ਤੋਂ।
ਨਾ ਅੱਖ ਚੁਰਾ ਕੇ ਲੰਘ, ਵੇ ਸੱਜਣਾ ਸਾਡੇ ਤੋਂ।
ਬਹਿ ਕੇ ਦੁੱਖ-ਸੁੱਖ ਆਪਣਾਂ ਸਾਨੂੰ ਦਸ ਜਾਵੀਂ
ਕਿਉਂ ਦਿਲ ਕੀਤਾ ਤੰਗ, ਵੇ ਸੱਜਣਾ ਸਾਡੇ ਤੋਂ।
ਇਹ ਤੋੜ ਵਿਛੋੜੇ ਵਾਲੀ ਗੱਲ ਜਦ ਰੜਕੇਗੀ
ਕੋਈ ਤਾਂ ਆਊਗੀ ਸੰਗ, ਵੇ ਸੱਜਣਾ ਸਡੇ ਤੋਂ।
ਜਾਂਦਾ ਹੋਇਆ ਦਿਲ ਦਾ ਦੁਖ ਜੇ ਦੱਸ ਦਿੰਦਾ
ਹੁੰਦਾ ਨਾ ਮੁੱਖ ਬੇ- ਰੰਗ, ਵੇ ਸੱਜਣਾ ਸਾਡੇ ਤੋਂ।
'ਸੁਹਲ' ਲੱਖ਼ ਮੁਬਾਰਕ, ਨਵਿਆਂ ਮਹਿਲਾਂ ਦੀ
ਤੂੰ ਹੋਰ ਜੋ ਮੰਗਣਾ ਮੰਗ, ਵੇ ਸੱਜਣਾ ਸਾਡੇ ਤੋਂ।
ਮਲਕੀਅਤ 'ਸੁਹਲ' ਮੋਬਾ- 9872848610
ਚੜ੍ਹਦੀ ਕਲਾ - ਮਲਕੀਅਤ 'ਸੁਹਲ'
ਭਲਾ ਕਿਸੇ ਦਾ ਕਰ ਕੇ ਹੱਥੀਂ,
ਫਿਰ ਮੰਗੀਂ ਸਰਬਤ ਦਾ ਭਲਾ।
ਤੂੰ ਔਖੀ ਘਾੱਟੀ ਜੇ ਚੜ੍ਹ ਜਾਵੇਂ,
ਲੋਕ ਕਹਿਣਗੇ ਚੜ੍ਹਦੀ ਕਲਾ।
ਜੀਵਨ ਸਫਲ ਬਣਾਉਣਾਂ ਹੈ ਜੇ,
ਤਾਂ ਕ੍ਰਿਤ ਕਰਨ ਤੋਂ ਡੋਲੀਂ ਨਾ।
ਮਿੱਠੀ ਬੜੀ ਹੈ ਗੁਰਾਂ ਦੀ ਬਾਣੀ,
ਹੰਕਾਰ 'ਚ ਕਦੇ ਵੀ ਬੋਲੀਂ ਨਾ।
ਤੂੰ ਹੱਥ 'ਚ ਫੜੀ ਛੁਰੀ ਨਾ ਹੋਵੇ
ਨਾ ਛੁਰੀ ਦੇ ਹੇਠਾਂ ਹੋਵੇ ਗਲਾ;
ਭਲਾ ਕਿਸੇ ਦਾ ਕਰ ਕੇ ਹੱਥੀਂ,
ਫਿਰ ਮੰਗੋ, ਸਰਬਤ ਦਾ ਭਲਾ।
ਗੁਣ ਚੰਗਿਆਈ, ਤਾਂ ਮਿਲੇਗੀ,
ਜੇ ਤੇਰੀ ਉੱਤਮ, ਹੋਵੇਗੀ ਬੁੱਧ।
ਤੇਰਾ ਕੁਝ ਵਿਗਾੜ ਨਹੀਂ ਜਾਣਾ,
ਜੇ, ਬੁੱਧ ਰਖੇਂਗਾ ਆਪਣੀ ਸ਼ੁੱਧ।
ਹਰਦਮ ਹੈ, ਤੇਰੇ ਅੰਦਰ ਵਸਦਾ
ਵਾਹਿਗੁ੍ਰ, ਰਾਮ, ਈਸਾ ਤੇ ਅੱਲਾ;
ਭਲਾ ਕਿਸੇ ਦਾ ਕਰ ਕੇ ਹੱਥੀਂ,
ਫਿਰ ਮੰਗੀਂ, ਸਰਬਤ ਦਾ ਭਲਾ।
ਮਿਹਨਤ ਤਾਂ ਹੀ ਕੰਮ ਆਵੇਗੀ,
ਕਰਨੀ ਛੱਡ ਦਈਂ ਹੇਰਾ-ਫੇਰੀ।
ਹੱਕ ਪਰਾਇਆ ਕਦੇ ਨਾ ਖਾਵੀਂ,
ਤੂੰ ਇਹੋ ਹੀ ਗੱਲ ਮੰਨ ਲੈ ਮੇਰੀ।
ਦੁਨੀਆਂ ਨਾਲ ਤੂੰ ਕਰਕੇ ਨਫ਼ਰਤ
ਐਵੇਂ ਨਾ ਫਿਰ ਹੋ ਜਾਈਂ ਝੱਲਾ;
ਭਲਾ ਕਿਸੇ ਦਾ ਕਰ ਕੇ ਹੱਥੀਂ,
ਫਿਰ ਮੰਗੀਂ ਸਰਬਤ ਦਾ ਭਲਾ।
'ਸੁਹਲ' ਸੱਚੇ ਕਰਮ ਕਮਾਇਉ,
ਦੁੱਖੀਆਂ ਦਾ ਵੀ ਦੁੱਖ ਵੰਡਾਇਉ।
ਕਦੇ ਨਾ ਸੋਚਿਉ ਬੁਰਾ ਕਿਸੇ ਦਾ,
ਨਾ ਕੋਈ ਪੁੱਠਾ ਵਾਰ ਚਲਾਇਉ।
ਚੰਗੇ ਕੰਮ ,ਤੇਰੇ ਨਾਲ ਰਹਿਣਗੇ,
ਕੋਈ ਕਹਿ ਸਕੇ ਨਾ ਤੈਨੂੰ ਕਲ੍ਹਾ;
ਭਲਾ ਕਿਸੇ ਦਾ ਕਰ ਕੇ ਹੱਥੀਂ
ਫਿਰ ਮੰਗੀਂ ਸਰਬਤ ਦਾ ਭਲਾ।
ਮਲਕੀਅਤ 'ਸੁਹਲ' ਮੋ-9872848610
ਦਿੱਲੀ ਦੀ ਹਿੱਕ ਉੱਤੇ - ਮਲਕੀਅਤ 'ਸੁਹਲ'
ਦਿੱਲੀ ਦੀ ਹਿੱਕ ਉੱਤੇ ਬੈਠਾ ਹੈ ਕਿਸਾਨ।
ਧਰਨੇ ਤੇ ਬੈਠਾ ਬਾਪੂ,ਜਾਪਦੈ ਜਵਾਨ।
ਪੈਰਾਂ ਥੱਲੇ ਸੱਪਾਂ ਦੀਆਂ,ਸਿਰੀਆਂ ਜੋ ਨੱਪਦੇ।
ਟੱਪ ਕੇ ਉਹ ਦਿੱਲੀ ਦਿਆਂ, ਬਾਡਰਾਂ ਤੇ ਨੱਚਦੇ।
ਹੁਣ ਦੇਸ਼ ਦੇ ਹਾਕਮ ਵੀ, ਹੋ ਗਏ ਨੇ ਹੈਰਾਨ,
ਦਿੱਲੀ ਦੀ ਹਿੱਕ ਉੱਤੇ ਬੈਠਾ ਹੈ ਕਿਸਾਨ।
ਧਰਨੇ ਤੇ ਬੈਠਾ ਬਾਪੂ,ਜਾਪਦੈ ਜਵਾਨ।
ਕੈਸਾ ਹਾਲ ਹੋਇਆ ਹੈ,ਅੱਜ ਅੰਨਦਾਤੇ ਦਾ।
ਦਰਦ ਨਾ ਸੁਣੇ ਕੋਈ, ਜੱਗ ਦੇ ਵਿਧਾਤੇ ਦਾ।
ਸੀਸ ਨਿਵਾਈਏ ਜਿਹੜੇ ,ਹੋ ਗਏ ਕੁਰਬਾਨ,
ਦਿੱਲੀ ਦੀ ਹਿੱਕ ਉੱਤੇ ਬੈਠਾ ਹੈ ਕਿਸਾਨ।
ਧਰਨੇ ਤੇ ਬੈਠਾ ਬਾਪੂ,ਜਾਪਦੈ ਜਵਾਨ।
ਪੋਹ ਦੇ ਮਹੀਨੇ ਵਿਚ,ਧੁੰਦ ਦੀਆਂ ਛਾਵਾਂ ਜੀ।
ਲੰਗਰ ਪਕਾਉਂਦੀਆਂ ਨੇ,ਭੈਣਾ ਤੇ ਮਾਵਾਂ ਜੀ।
ਮਜ਼ਦੂਰਾਂ ਅਤੇ ਬੱਚਿਆਂ ਦਾ,ਚੜ੍ਹਿਆ ਤੂਫ਼ਾਨ,
ਦਿੱਲੀ ਦੀ ਹਿੱਕ ਉੱਤੇ ਬੈਠਾ ਹੈ ਕਿਸਾਨ।
ਧਰਨੇ ਤੇ ਬੈਠਾ ਬਾਪੂ,ਜਾਪਦੈ ਜਵਾਨ।
'ਸੁਹਲ'ਇਹ ਕਨੂੰਨ ਕਾਲੇ,ਵਾਪਿਸ ਕਰਾਂਵਾਂਗੇ
ਲੈ ਕੇ ਹੱਕ ਆਪਣੇ, ਤਾਂ ਹੀ ਘਰ ਜਾਵਾਂਗੇ।
ਇਹ ਝੂੱਠੀਆਂ ਬੁਝਾਰਤਾਂ ਨਹੀਂ ਸਾਨੂੰ ਪ੍ਰਵਾਨ,
ਦਿੱਲੀ ਦੀ ਹਿੱਕ ਉੱਤੇ ਬੈਠਾ ਹੈ ਕਿਸਾਨ।
ਧਰਨੇ ਤੇ ਬੈਠਾ ਬਾਪੂ, ਜਾਪਦੈ ਜਵਾਨ।
ਮਲਕੀਅਤ 'ਸੁਹਲ' ਮੋ-9872848610
ਨੋਸ਼ਹਿਰਾ ਬਹਾਦਰ (ਪੁਲ ਤਿੱਬੜੀ) ਗੁਰਦਾਸਪੁਰ
ਧਰਤੀ ਉੱਤੇ - ਮਲਕੀਅਤ 'ਸੁਹਲ'
ਫਸਲਾਂ ਦੀ ਥਾਂ ਖੇਤਾਂ ਵਿਚ
ਜ਼ਹਿਰ ਉਗਾਇਆ ਜਾਂਦਾ ਹੈ,
'ਆਪਿ ਬੀਜਿ ਆਪੇ ਹੀ ਖਾਹੁ' *
ਸ਼ਬਦ ਸੁਣਾਇਆ ਜਾਂਦਾ ਹੈ।
ਦੋਸ਼ ਕਿਸੇ ਨੂੰ ਕਿਵੇਂ ਦਿਆਂਗੇ
ਆਪੇ ਹੀ ਸਭ ਦੋਸ਼ੀ ਹਾਂ,
ਜੀਵਨ ਦੀ ਪ੍ਰਵਾਹ ਨਾ ਕੋਈ
ਘਰ ਲੁਟਾਇਆ ਜਾਂਦਾ ਹੈ।
ਝਾੜ ਵਧਾਕੇ ਰੁੱਤਬਾ ਪਾਉਣਾ
ਸੋਚ ਕੋਈ ਤਾਂ ਚੰਗੀ ਨਹੀਂ,
ਵੱਧ ਸੱਪ੍ਰੇ ਤੇ ਖਾਦ ਦੀ ਵਰਤੋਂ
ਜੋਰ ਲਗਾਇਆ ਜਾਂਦਾ ਹੈ।
ਅੰਨ ਹੈ ਸਾਡੇ ਬੱਚਿਆਂ ਖਾਣਾ
ਬੌਣੇ ਜਿਹੇ ਰਹਿ ਨਾ ਜਾਣ,
ਵਾਤਾਵਰਨ ਗਵਾ ਕੇ ਹੱਥੋਂ
ਫਿਰ ਪਛਤਾਇਆ ਜਾਂਦਾ ਹੈ।
'ਸੁਹਲ' ਪੁੱਛੋ ਅੰਨਦਾਤੇ ਨੂੰ
ਖ਼ੁਦਕਸ਼ੀਆਂ ਕਿਉਂ ਕਰਦਾ ਹੈ,
ਕਰਜੇ ਹੇਠਾਂ ਦੱਬੇ ਹੋਏ ਨੂੰ
ਹੋਰ ਦੱਬਾਇਆ ਜਾਂਦਾ ਹੈ।
* ਜਪੁਜੀ ਸਾਹਿਬ ਵਿਚੋਂ
ਮਲਕੀਅਤ 'ਸੁਹਲ' ਮੋ-9872848610
ਨੋਸ਼ਹਿਰਾ ਬਹਾਦਰ (ਤਿੱਬੜੀ)ਗੁਰਦਾਸਪੁਰ
ਗੁਰ ਨਾਨਕ ਪਰਗਟਿਆ - ਮਲਕੀਅਤ ''ਸੁਹਲ'
ਸਤਿਗੁਰ ਨਾਨਕ ਪਰਗਟਿਆ,
ਦੁਨੀਆਂ 'ਤੇ ਚਾਨਣ ਹੋਇਆ।
ਤ੍ਰਿਪਤਾ ਮਾਂ ਨੂੰ ਦੇਣ ਵਧਾਈਆਂ,
ਅਰਸ਼ੋਂ ਪਰੀਆਂ ਆਈਆਂ।
ਫਿਰ ਚੰਨ -ਸਿਤਾਰੇ ਮੱਥਾ ਟੇਕਣ,
ਸੂਰਜ ਰਿਸ਼ਮਾਂ ਪਾਈਆਂ।
ਮਹਿਤਾ ਕਾਲੂ ਸ਼ੁਕਰ ਮਨਾਇਆ;
ਦਰਸ਼ਨ ਕਰਨ ਖਲੋਇਆ,
ਸਤਿਗੁਰ ਨਾਨਕ ਪਰਗਟਿਆ,
ਦੁਨੀਆਂ 'ਤੇ ਚਾਨਣ ਹੋਇਆ।
ਦੇਵੀ - ਦੇਵਤਿਆਂ ਸਭ ਮਿਲ ਕੇ,
ਰੱਬ ਦਾ ਸ਼ੁਕਰ ਮਨਾਇਆ।
ਕੱਤਕ ਦੀ ਪੂਰਨਮਾਸ਼ੀ ਨੂੰ ਫਿਰ,
ਸਭ ਨੇ ਸੀਸ ਝੁਕਾਇਆ।
ਖ਼ੁਸ਼ੀਆਂ ਵਿਚ ਹੀ ਭੈਣ ਨਾਨਕੀ;
ਤੇਲ ਬੂਹੇ ਤੇ ਚੋਇਆ,
ਸਤਿਗੁਰ ਨਾਨਕ ਪਰਗਟਿਆ,
ਦੁਨੀਆਂ 'ਤੇ ਚਾਨਣ ਹੋਇਆ।
ਉਹ ਸੱਚਾਸੌਦਾ ਕਰਨ ਗਏ ਤਾਂ,
ਭੁੱਖਿਆਂ ਤਾਈਂ ਰੱਜਾਇਆ।
ਸੱਭ ਤੇਰਾ-ਤੇਰਾ, ਹੀ ਤੋਲਣ ਵਾਲਾ,
ਘੱਾਟਾ ਨਜ਼ਰ ਨਾ ਆਇਆ।
ਨਾਨਕ ਜਾਣੀ - ਜਾਣ ਗੁਰਾਂ ਨੇ;
ਕੁਝ ਨਾ ਆਪ ਲਕੋਇਆ,
ਸਤਿਗੁਰ ਨਾਨਕ ਪਰਗਟਿਆ,
ਦੁਨੀਆਂ 'ਤੇ ਚਾਨਣ ਹੋਇਆ।
'ਸੁਹਲ' ਸਿੱਖੀ ਦਾ ਬੂੱਟਾ ਜੱਗ ਤੇ,
ਗੁਰੁ ਨਾਨਕ ਨੇ ਲਾਇਆ।
ਊਚ - ਨੀਚ ਦਾ, ਭੇਤ ਮਿਟਾ ਕੇ,
ਸਭ ਨੂੰ ਗਲੇ ਲਗਾਇਆ।
ਉਨ੍ਹਾਂ ਰੱਥੀਂ ਕਰਕੇ-ਕਿਰਤ ਕਮਾਈ:
ਕਰਤਾਰਪੁਰੇ ਹੱਲ ਜੋਇਆ,
ਸਤਿਗੁਰ ਨਾਨਕ ਪਰਗਟਿਆ,
ਦੁਨੀਆਂ 'ਤੇ ਚਾਨਣ ਹੋਇਆ।
(ਵਿਸੇਸ਼- ਗੁਰੁ ਨਾਨਕ ਦੇਵ ਜੀ ਦੇ ਪ੍ਰਕਾਸ਼ ਉਤਸਵ ਤੇ)
ਮਲਕੀਅਤ ''ਸੁਹਲ' ਮੋ-9872848610
ਨੋਸ਼ਹਿਰਾ ਬਹਾਦਰ(ਤਿੱਬੜੀ) ਗੁਰਦਾਸਪੁਰ
ਮਹਿਰਮ ਸਾਹਿਤ ਸਭਾ ਵੱਲੋਂ ਸਾਵਣ ਕਵੀ ਦਰਬਾਰ - ਮਲਕੀਅਤ 'ਸੁਹਲ'
ਮਹਿਰਮ ਸਾਹਿਤ ਸਭਾ ਨਵਾਂ ਸ਼ਾਲਾ (ਗੁਰਦਾਸਪੁਰ) ਵੱਲੋਂ ਕਮਿਊਨਟੀ ਹਾਲ ਵਿਖੇ “ਸਾਵਣ ਕਵੀ ਦਰਬਾਰ” ਕਰਵਾਇਆ ਗਿਆ ਅਤੇ ਹੋਰ ਵੀਚਾਰਾਂ ਵੀ ਸਾਂਝੀਆਂ ਕਰਨ ਦਾ ਮਤਾ ਪਾਸ ਕੀਤਾ ਗਿਆ।ਪੰਜਾਬੀ ਬੋਲੀ ਨੂੰ ਮੁੱਢਲੇ ਢਾਂਚੇਂ ਤੋਂ ਪ੍ਰਫੁੱਲਤ ਕਰਨ ਅਤੇ ਵਿਦਿਆਰਥੀਆਂ ਨੂੰ ਸੰਖੇਪ ਢੰਗ ਨਾਲ ਪੰਜਾਬੀ ਤਾਲੀਮ ਦਿੱਤੀ ਜਾਵੇ ਅਤੇ ਲੇਖਕਾਂ ਨੂੰ ਵਧੀਆ ਸਾਹਿਤ ਲਿਖਣ ਲਈ ਪ੍ਰੇਰਿਆ ਗਿਆ।ਤਾਂ ਜੋ ਪੰਜਾਬੀ ਬੋਲੀ ਨੂੰ ਲੱਚਰਤਾ ਤੋਂ ਬਚਾਇਆ ਜਾ ਸਕੇ।
ਕਵੀ ਦਰਬਾਰ ਦੀ ਪ੍ਰਧਾਨਗੀ ਸਭਾ ਦੇ ਪ੍ਰਧਾਨ ਮਲਕੀਅਤ ,ਸੁਹਲ’ ਜੇ. ਪੀ. ਖਰਲਾਂ ਵਾਲਾ,ਮਖਣ ਕੁਹਾੜ,ਅਤੇ ਸੀਤਲ ਗੁੰਨੋ ਪੁਰੀ ਨੇ ਕੀਤੀ।ਸਟੇਜ ਸਕੱਤਰ ਮਹੇਸ਼ ਚੰਦਰ ਭਾਨੀ ਨੇ ਕਵੀ ਦਰਬਾਰ ਦਾ ਅਗਾਜ਼ ਅਜਮੇਰ ਪਾੜ੍ਹਾ ਦੀ ਗ਼ਜ਼ਲ ਨਾਲ ਕੀਤਾ।ਦਰਬਾਰਾ ਸਿੰਘ ਭੱਟੀ,ਰਮਨੀਕ ਹੁੰਦਲ,ਤੇ ਦਰਸ਼ਨ ਪੱਪੂ ,ਤੇ ਵਿਜੇ ਬੱਧਣ ਨੇ ਆਪਣੇ ਆਪਣੇ ਕਲਾਮ ਪੇਸ਼ ਕੀਤੇ। ਅਵਤਾਰ ਸਿੰਘ ਅਣਜਾਣ ਦੀ ਕਵਿਤਾ ”ਐ ਬੰਦੇ ਤੂੰ ਏਂ” ਅਤੇ ਨਿਰਮਲ ਕਲੇਰਾਂ ਵਾਲੇ ਦੀ ਕਵਿਤਾ,ਚੰਨ ਤੋਂ ਮਿੱਠੇ ਬੋਲ,ਸੁਣਾਈਆਂ।ਗਿਆਨੀ ਨਰੰਜਣ ਸਿੰਘ ਨੇ ਪਾਣੀ ਤੇ ਕਵਿਤਾ ਬੋਲੀ ਤੇ ਮੈਡਮ ਹਰਪ੍ਰੀਤ ਨੇ ਗ਼ਜ਼ਲ,” ਲਹਿਰਾਂ ਨੂੰ ਜਦ ਵੀ ਸਹਾਰੇ ਮਿਲਣ ਗੇ”ਸੁਣਾਈ ਤੇ ਨਾਲ ਹੀ ਪੰਜਾਬੀ ਨੂੰ ਪ੍ਰਫੁੱਲਤ ਕਰਨ ਦੇ ਬਣਾਏ ਹੋਏ ਬੈਜ ਵੀ ਵੰਡੇ ਗਏ। ਗੁਰਮੀਤ ਸਿੰਘ ਬਾਜਵਾ ਦੀ ਕਵਿਤਾ, ਬੱਕਰੇ ਬੈਠੇ ਬੋਹਲ ਦੇ ਰਾਖੇ,ਤੇ ਮੰਨਾ ਮੀਲਵਾਂ ਵਾਲੇ ਦਾ ਗੀਤ ਵੀ ਵਧੀਆ ਰਿਹਾ।ਪੰਜਾਬੀ ਬਾਲ ਲੇਖਕ ਤੇ ਗਾਇਕ ਮੰਗਲ ਦੀਪ ਨੇ “ਰੁੱਖਾਂ ਦੀ ਕਰੋ ਸੰਭਾਲ”ਮਾਸਟਰ ਜਗਦੀਸ਼ ਸਿੰਘ ਨੇ “ ਮੈਂ ਤਾਂ ਮਹਿਕ ਫੁੱਲਾਂ ਦੀ ਮਾਣੀ” ਤਰੱਨਮ ਵਿਚ ਪੇਸ਼ ਕੀਤੀ।ਜਸਵੰਤ ਰਿਆੜ ਦੀ ਪੜ੍ਹੀ ਕਵਿਤਾ ਨੂੰ ਸ੍ਰੋਤਿਆਂ ਦੀ ਵਾਹਵਾ ਦਾਦ ਮਿਲੀ।ਸੁਖਵਿੰਦਰ ਪਾੜ੍ਹਾ ਜੀ ਨੇ ਅਨਮੋਲ ਬਚਨ ਸੁਣਾਏ।ਮਹੇਸ਼ ਚੰਦਰ ਭਾਨੀ ਦੀ ਕਵਿਤਾ,”ਇਹ ਕੈਸਾ ਹੈ ਸਾਵਣ ਚੜ੍ਹਿਆ”,ਅਤੇ ਜੇ ਪੀ ਖਰਲਾਂ ਵਾਲੇ ਦਾ ਕਲਾਮ,”ਨਮਸਕਾਰ ਹੈ ਮੇਰਾ”ਕਾਬਲੇ ਗੌਰ ਸੀ।ਮਲਕੀਅਤ ਸੁਹਲ ਦੀ ਕਵਿਤਾ” ਮੇਰੇ ਭਾਅ ਦਾ ਕਾਹਦਾ ਸਾਵਣ,ਜੇ ਉਹ ਘਰ ਨਾ ਆਇਆ” ਸੁਣਾਈ।ਮੱਖਣ ਕੁਹਾੜ ਨੇ ਕੇਂਦਰੀ ਸਭਾ ਦੀਆਂ ਚੋਣਾਂ ਬਾਰੇ ਦੱਸਿਆ ਤੇ ਪੰਜਾਬੀ ਭਾਸ਼ਾ ਦੀ ਨਿੱਘਰਦੀ ਹਾਲਤ ਬਾਰੇ ਵਿਸਥਾਰ ਨਾਲ ਜਾਨਕਾਰੀ ਦਿੱਤੀ।
ਅਖੀਰ ਵਿੱਚ ਸਭਾ ਦੇ ਪ੍ਰਧਾਨ ਨੇ ਸੀਤਲ ਗੁੰਨੋ ਪੁਰੀ ਨੂੰ ਉਨ੍ਹਾਂ ਦੀ ਪੁਸਤਕ “ਜ਼ਮੀਰ ਦੀ ਆਵਾਜ਼” ਦੀ ਵਧਾਈ ਦਿੱਤੀ ਅਤੇ ਆਰ. ਬੀ.ਸੋਹਲ ਦੀ ਗ਼ਜ਼ਲ ਪ੍ਰਕਾਸ਼ਨਾ” ਪੱਥਰ ਹੋ ਰਹੀ ਮੋਮ” ਜਲਦੀ ਹੀ ਰੀਲੀਜ਼ ਹੋ ਰਹੀ ਹੈ, ਦੋਹਾਂ ਲੇਖਕਾਂ ਦਾ ਸੁਆਗਤ ਕੀਤਾ।ਸਭਾ ਵਿੱਚ ਦੋ ਨਵੇਂ ਬਣੇ ਮੈਂਬਰ ਅਵਤਾਰ ਸਿੰਘ,ਅਣਜਾਣ, ਅਤੇ ਨਿੰਮਾ,ਕਲੇਰ’ਨੂੰ ਸਨਮਾਨਿਤ ਕੀਤਾ ਗਿਆ।
ਇਸ ਪ੍ਰੋਗ੍ਰਾਮ ਦਾ ਸਿਹਰਾ ਇਲਾਕੇ ਦੇ ਪਤਰਕਾਰ ਅਤੇ ਮਹਿਰਮ ਸਾਹਤਿ ਸਭਾ ਦੇ ਮੀਡੀਆ ਸਕੱਤਰ ਸ੍ਰੀ ਅਸ਼ੋਕ ਸ਼ਰਮਾ,ਜੀ ਨੂੰ ਵਿਸ਼ੇਸ਼ ਸਨਮਾਨ ਪ੍ਰਦਾਨ ਕੀਤਾ।ਇਸ ਦੇ ਇਲਾਵਾ ਸਭਾ ਵਿੱਚ ਸਾਹਿਤ ਪ੍ਰੇਮੀ ਬਲਦੇਵ ਸਿੰਘ ਗਿਆਨੀ,ਗੁਰਪ੍ਰੀਤ ਸਿੰਘ ਗੋਪੀ,ਸੰਜੀਵ ਸਾਧੂ,ਤੀਰਥ ਸਿੰਘ ਡਡਵਾਲ.ਚੌਧਰੀ ਪ੍ਰਭਾਤ ਸਿੰਘ,ਇਨਸਪੈਕਟਰ ਗੁਰਦੀਪ ਸਿੰਘ,ਕਪੂਰ ਸਿੰਘ ਘੁੰਮਣ,ਸੁਰਿੰਦਰ ਸਿੰਘ ਕਲਾਨੌਰ,ਮਨਜੀਤ ਸਿੰਘ ਗੁਰਦਾਸਪੁਰ,ਗੁਰਨਾਮ ਸਿੰਘ ਅਤੇ ਬਾਲ ਕਲਾਕਾਰ ਚੰਦਨ ਦੀਪ ਸਿੰਘ ਕੰਗ,ਨੇ ਬੜੇ ਪਿਆਰ ਨਾਲ ਪ੍ਰੋਗ੍ਰਾਮ ਸੁਣਿਆ।
ਅੰਤ ਵਿੱਚ ਸਭਾ ਦੇ ਪ੍ਰਧਾਨ ਮਲਕੀਅਤ ਸੁਹਲ ਨੇ,ਸਮੂਹ ਸਾਹਿਤਕਾਰਾਂ ਅਤੇ ਸ੍ਰੋਤਿਆਂ ਦਾ ਕਵੀ ਦਰਬਾਰ ਵਿੱਚ ਪਹੁੰਚਣ ਦਾ ਧਨਵਾਦ ਕੀਤਾ।
ਮਲਕੀਅਤ ,ਸੁਹਲ,
ਪ੍ਰਧਾਨ -ਮਹਿਰਮ ਸਾਹਿਤ ਸਭਾ
ਨਵਾਂ ਸ਼ਾਲ੍ਹਾ (ਗੁਰਦਾਸ ਪੁਰ)