Malkiat Singh Sohal

ਮਹਿਰਮ ਸਾਹਿਤ ਸਭਾ ਵੱਲੋਂ ਸਾਵਣ ਕਵੀ ਦਰਬਾਰ - ਮਲਕੀਅਤ 'ਸੁਹਲ'

ਮਹਿਰਮ ਸਾਹਿਤ ਸਭਾ ਨਵਾਂ ਸ਼ਾਲਾ (ਗੁਰਦਾਸਪੁਰ) ਵੱਲੋਂ ਕਮਿਊਨਟੀ ਹਾਲ ਵਿਖੇ “ਸਾਵਣ ਕਵੀ ਦਰਬਾਰ” ਕਰਵਾਇਆ ਗਿਆ ਅਤੇ ਹੋਰ ਵੀਚਾਰਾਂ ਵੀ ਸਾਂਝੀਆਂ ਕਰਨ ਦਾ ਮਤਾ ਪਾਸ ਕੀਤਾ ਗਿਆ।ਪੰਜਾਬੀ ਬੋਲੀ ਨੂੰ ਮੁੱਢਲੇ ਢਾਂਚੇਂ ਤੋਂ ਪ੍ਰਫੁੱਲਤ ਕਰਨ ਅਤੇ ਵਿਦਿਆਰਥੀਆਂ ਨੂੰ ਸੰਖੇਪ ਢੰਗ ਨਾਲ  ਪੰਜਾਬੀ ਤਾਲੀਮ  ਦਿੱਤੀ ਜਾਵੇ ਅਤੇ ਲੇਖਕਾਂ ਨੂੰ ਵਧੀਆ ਸਾਹਿਤ ਲਿਖਣ ਲਈ ਪ੍ਰੇਰਿਆ ਗਿਆ।ਤਾਂ ਜੋ ਪੰਜਾਬੀ ਬੋਲੀ ਨੂੰ ਲੱਚਰਤਾ ਤੋਂ ਬਚਾਇਆ ਜਾ ਸਕੇ।
 ਕਵੀ ਦਰਬਾਰ ਦੀ ਪ੍ਰਧਾਨਗੀ ਸਭਾ ਦੇ ਪ੍ਰਧਾਨ ਮਲਕੀਅਤ ,ਸੁਹਲ’ ਜੇ. ਪੀ. ਖਰਲਾਂ ਵਾਲਾ,ਮਖਣ ਕੁਹਾੜ,ਅਤੇ ਸੀਤਲ ਗੁੰਨੋ ਪੁਰੀ ਨੇ ਕੀਤੀ।ਸਟੇਜ ਸਕੱਤਰ ਮਹੇਸ਼ ਚੰਦਰ ਭਾਨੀ ਨੇ ਕਵੀ ਦਰਬਾਰ ਦਾ ਅਗਾਜ਼ ਅਜਮੇਰ ਪਾੜ੍ਹਾ ਦੀ ਗ਼ਜ਼ਲ ਨਾਲ ਕੀਤਾ।ਦਰਬਾਰਾ ਸਿੰਘ ਭੱਟੀ,ਰਮਨੀਕ ਹੁੰਦਲ,ਤੇ ਦਰਸ਼ਨ ਪੱਪੂ ,ਤੇ ਵਿਜੇ ਬੱਧਣ ਨੇ ਆਪਣੇ ਆਪਣੇ ਕਲਾਮ ਪੇਸ਼ ਕੀਤੇ। ਅਵਤਾਰ ਸਿੰਘ ਅਣਜਾਣ ਦੀ ਕਵਿਤਾ ”ਐ ਬੰਦੇ ਤੂੰ  ਏਂ” ਅਤੇ ਨਿਰਮਲ ਕਲੇਰਾਂ ਵਾਲੇ ਦੀ ਕਵਿਤਾ,ਚੰਨ ਤੋਂ ਮਿੱਠੇ ਬੋਲ,ਸੁਣਾਈਆਂ।ਗਿਆਨੀ ਨਰੰਜਣ ਸਿੰਘ ਨੇ ਪਾਣੀ ਤੇ ਕਵਿਤਾ ਬੋਲੀ ਤੇ ਮੈਡਮ ਹਰਪ੍ਰੀਤ ਨੇ ਗ਼ਜ਼ਲ,” ਲਹਿਰਾਂ ਨੂੰ ਜਦ ਵੀ ਸਹਾਰੇ ਮਿਲਣ ਗੇ”ਸੁਣਾਈ ਤੇ ਨਾਲ ਹੀ ਪੰਜਾਬੀ ਨੂੰ ਪ੍ਰਫੁੱਲਤ ਕਰਨ ਦੇ ਬਣਾਏ ਹੋਏ ਬੈਜ ਵੀ ਵੰਡੇ ਗਏ। ਗੁਰਮੀਤ ਸਿੰਘ ਬਾਜਵਾ ਦੀ ਕਵਿਤਾ, ਬੱਕਰੇ ਬੈਠੇ ਬੋਹਲ ਦੇ ਰਾਖੇ,ਤੇ ਮੰਨਾ ਮੀਲਵਾਂ ਵਾਲੇ ਦਾ ਗੀਤ ਵੀ ਵਧੀਆ ਰਿਹਾ।ਪੰਜਾਬੀ ਬਾਲ ਲੇਖਕ ਤੇ ਗਾਇਕ ਮੰਗਲ ਦੀਪ ਨੇ “ਰੁੱਖਾਂ ਦੀ ਕਰੋ ਸੰਭਾਲ”ਮਾਸਟਰ ਜਗਦੀਸ਼ ਸਿੰਘ ਨੇ “ ਮੈਂ ਤਾਂ ਮਹਿਕ ਫੁੱਲਾਂ ਦੀ ਮਾਣੀ” ਤਰੱਨਮ ਵਿਚ ਪੇਸ਼ ਕੀਤੀ।ਜਸਵੰਤ ਰਿਆੜ ਦੀ ਪੜ੍ਹੀ ਕਵਿਤਾ ਨੂੰ ਸ੍ਰੋਤਿਆਂ ਦੀ ਵਾਹਵਾ ਦਾਦ ਮਿਲੀ।ਸੁਖਵਿੰਦਰ ਪਾੜ੍ਹਾ ਜੀ ਨੇ ਅਨਮੋਲ ਬਚਨ ਸੁਣਾਏ।ਮਹੇਸ਼ ਚੰਦਰ ਭਾਨੀ ਦੀ ਕਵਿਤਾ,”ਇਹ ਕੈਸਾ ਹੈ ਸਾਵਣ ਚੜ੍ਹਿਆ”,ਅਤੇ ਜੇ ਪੀ ਖਰਲਾਂ ਵਾਲੇ ਦਾ ਕਲਾਮ,”ਨਮਸਕਾਰ ਹੈ ਮੇਰਾ”ਕਾਬਲੇ ਗੌਰ ਸੀ।ਮਲਕੀਅਤ ਸੁਹਲ ਦੀ ਕਵਿਤਾ” ਮੇਰੇ ਭਾਅ  ਦਾ ਕਾਹਦਾ ਸਾਵਣ,ਜੇ ਉਹ ਘਰ ਨਾ ਆਇਆ” ਸੁਣਾਈ।ਮੱਖਣ ਕੁਹਾੜ ਨੇ ਕੇਂਦਰੀ ਸਭਾ ਦੀਆਂ ਚੋਣਾਂ ਬਾਰੇ ਦੱਸਿਆ ਤੇ ਪੰਜਾਬੀ ਭਾਸ਼ਾ ਦੀ ਨਿੱਘਰਦੀ ਹਾਲਤ ਬਾਰੇ ਵਿਸਥਾਰ ਨਾਲ ਜਾਨਕਾਰੀ ਦਿੱਤੀ।
  ਅਖੀਰ ਵਿੱਚ ਸਭਾ ਦੇ ਪ੍ਰਧਾਨ ਨੇ ਸੀਤਲ ਗੁੰਨੋ ਪੁਰੀ ਨੂੰ ਉਨ੍ਹਾਂ ਦੀ ਪੁਸਤਕ “ਜ਼ਮੀਰ ਦੀ ਆਵਾਜ਼” ਦੀ ਵਧਾਈ ਦਿੱਤੀ ਅਤੇ ਆਰ. ਬੀ.ਸੋਹਲ ਦੀ ਗ਼ਜ਼ਲ ਪ੍ਰਕਾਸ਼ਨਾ” ਪੱਥਰ ਹੋ ਰਹੀ ਮੋਮ” ਜਲਦੀ ਹੀ ਰੀਲੀਜ਼ ਹੋ ਰਹੀ ਹੈ, ਦੋਹਾਂ ਲੇਖਕਾਂ ਦਾ ਸੁਆਗਤ ਕੀਤਾ।ਸਭਾ ਵਿੱਚ ਦੋ ਨਵੇਂ ਬਣੇ  ਮੈਂਬਰ ਅਵਤਾਰ ਸਿੰਘ,ਅਣਜਾਣ, ਅਤੇ ਨਿੰਮਾ,ਕਲੇਰ’ਨੂੰ ਸਨਮਾਨਿਤ ਕੀਤਾ ਗਿਆ।
  ਇਸ ਪ੍ਰੋਗ੍ਰਾਮ ਦਾ ਸਿਹਰਾ ਇਲਾਕੇ ਦੇ ਪਤਰਕਾਰ ਅਤੇ ਮਹਿਰਮ ਸਾਹਤਿ ਸਭਾ ਦੇ ਮੀਡੀਆ ਸਕੱਤਰ ਸ੍ਰੀ ਅਸ਼ੋਕ ਸ਼ਰਮਾ,ਜੀ ਨੂੰ ਵਿਸ਼ੇਸ਼ ਸਨਮਾਨ ਪ੍ਰਦਾਨ ਕੀਤਾ।ਇਸ ਦੇ ਇਲਾਵਾ ਸਭਾ ਵਿੱਚ ਸਾਹਿਤ ਪ੍ਰੇਮੀ ਬਲਦੇਵ ਸਿੰਘ ਗਿਆਨੀ,ਗੁਰਪ੍ਰੀਤ ਸਿੰਘ ਗੋਪੀ,ਸੰਜੀਵ ਸਾਧੂ,ਤੀਰਥ ਸਿੰਘ ਡਡਵਾਲ.ਚੌਧਰੀ ਪ੍ਰਭਾਤ ਸਿੰਘ,ਇਨਸਪੈਕਟਰ ਗੁਰਦੀਪ ਸਿੰਘ,ਕਪੂਰ ਸਿੰਘ ਘੁੰਮਣ,ਸੁਰਿੰਦਰ ਸਿੰਘ ਕਲਾਨੌਰ,ਮਨਜੀਤ ਸਿੰਘ ਗੁਰਦਾਸਪੁਰ,ਗੁਰਨਾਮ ਸਿੰਘ ਅਤੇ ਬਾਲ ਕਲਾਕਾਰ ਚੰਦਨ ਦੀਪ ਸਿੰਘ ਕੰਗ,ਨੇ ਬੜੇ ਪਿਆਰ ਨਾਲ ਪ੍ਰੋਗ੍ਰਾਮ ਸੁਣਿਆ।
 ਅੰਤ ਵਿੱਚ ਸਭਾ ਦੇ ਪ੍ਰਧਾਨ ਮਲਕੀਅਤ ਸੁਹਲ ਨੇ,ਸਮੂਹ ਸਾਹਿਤਕਾਰਾਂ ਅਤੇ ਸ੍ਰੋਤਿਆਂ ਦਾ ਕਵੀ ਦਰਬਾਰ ਵਿੱਚ ਪਹੁੰਚਣ ਦਾ ਧਨਵਾਦ ਕੀਤਾ।

ਮਲਕੀਅਤ ,ਸੁਹਲ,
ਪ੍ਰਧਾਨ -ਮਹਿਰਮ ਸਾਹਿਤ ਸਭਾ
ਨਵਾਂ ਸ਼ਾਲ੍ਹਾ (ਗੁਰਦਾਸ ਪੁਰ)

ਕਲਮ ਤੇ ਕਵਿਤਾ - ਮਲਕੀਅਤ 'ਸੁਹਲ'

          ''ਕਲਮ ਤੇ ਕਵਿਤਾ'' ਦੀ, ਸਾਂਝ ਹੈ ਪੱਕੀ,
          ਤੈਨੂੰ ਕਿਵੇਂ  ਸੁਣਾਵਾਂ, ਤੂੰ ਦਸ ਮੇਰੇ ਯਾਰ।

          ਕਲਮ ਦੇ ਹੰਝੂ ਮੇਰੀ, ਕਵਿਤਾ 'ਚ ਰੋ ਪਏ,
          ਤਾਂ ਦੋਵਾਂ ਦੀ  ਲਿਖਦਾ, ਰਿਹਾ ਹਾਂ ਪੁਕਾਰ।

          ਜੋ ਵੇਖਣ ਨੂੰ ਲਗਦੀ ਹੈ,ਸੁੱਕੀ ਹੋਈ ਕਾਨੀਂ,
          ਪਰ!ਕਵਿਤਾ ਮੇਰੀ ਦਾ,ਬਣ ਗਈ ਸ਼ਿੰਗਾਰ।

          ਸਿਆਹੀ ਕਲਮ ਦੀ , ਮੈਂ ਸੁੱਕਣ ਨਾ ਦੇਵਾਂ,
          ਮੈਂ ਇਹਦੇ ਜ਼ਜ਼ਬਾਤਾਂ ਦੀ, ਕਰਾਂ ਇੰਤਜ਼ਾਰ।

          ਕਵਿਤਾ ਦੇ ਸਿਰ ਉਤੇ, ਕਲਮ ਦੀ ਕਲਗੀ,
          ਮੈਂ ਦੋਵਾਂ ਨੂੰ ਕਰਦਾ ਹਾਂ, ਰੱਜ ਕੇ ਪਿਆਰ।

          ਜੇ ਕਲਮ ਨਾ ਝਿੱਜਕੇ, ਕਵਿਤਾ ਲਿਖਣ ਤੋਂ,
          ਫਿਰ ਕਵਿਤਾ ਦਾ ਕਿਉਂ ਨਾ,ਲਗੇ ਦਰਬਾਰ।

          ਕਲਮ ਨੇ ਕਵਿਤਾ ਨੂੰ, ਤੁਰਨਾ ਸਿਖਾਇਆ,
          ਇਹ ਜ਼ਿੰਦਗ਼ੀ ਨੂੰ ਕਲਮ ਨੇ,ਦਿਤਾ ਸ਼ਿੰਗਾਰ।

          ਦੋਵਾਂ ਦੀ ਜ਼ਿੰਦਗੀ ਚੋਂ, ਬੜਾ ਕੁਝ ਸਿਖਿਆ,
          ਆ ਜਾਉ, ਲੱਚਰਤਾ ਨੂੰ ਪਾਈਏ ਫਿਟਕਾਰ।

          ''ਕਲਮ ਤੇ ਕਵਿਤਾ'' ਦੋ ਸਕੀਆਂ ਨੇ ਭੈਣਾਂ,
          ਇਨ੍ਹਾਂ ਦਾ 'ਸੁਹਲ' ਸਿਰ,ਕਰਜ਼ ਬੇ-ਸ਼ੁਮਾਰ।

05 July 2019

ਝਾਂਜਰਾਂ ਦੇ ਬੋਰ - ਮਲਕੀਅਤ  'ਸੁਹਲ'

ਝਾਂਜਰਾਂ ਦੇ ਬੋਰ ਮੇਰੇ   ਟੁੱਟ  ਗਏ  ਵੇ ਸੱਜਣਾ
ਚੁਗ-ਚੁਗ ਝੋਲੀ ਵਿਚ ਪਾਵਾਂ ।
       
ਗੁੰਗੀ-ਬੋਲੀ ਹੋ ਗਈ ਮੇਰੀ ਝਾਂਜਰ ਪਿਆਰੀ
ਅੱਡੀ ਮਾਰ ਕੇ ਕਿਵੇਂ ਛਣਕਾਵਾਂ।

ਅੱਥਰੀ ਜਵਾਨੀ  ਮੇਰੀ  ਨਾਗ ਬਣ ਛੂੱਕਦੀ
ਗਿੱਧੇ ਵਿਚ  ਦਸ  ਕਿਵੇਂ ਜਾਵਾਂ ।        

ਕੁੜੀਆਂ 'ਚ ਮੇਰੀ ਸਰਦਾਰੀ ਚੰਨ ਸੋਹਣਿਆਂ
ਮੈਂ  ਨੱਚ-ਨੱਚ  ਧਰਤ ਹਿਲਾਵਾਂ।
          
ਸਬਰਾਂ ਦੀ ਭੱਠੀ ਮੈਨੂੰ ਝੋਕਿੱਆ ਤੂੰ ਹਾਣੀਆਂ
ਵੇ ਕਿਵੇਂ ਤੈਨੂੰ  ਨਾਲ ਮੈਂ ਨੱਚਾਵਾਂ।

ਹਿਜਰਾਂ ਦੀ ਅੱਗ ਮੇਰਾ ਸੀਨਾਂ ਰਹੀ ਸਾੜਦੀ
ਕਿਹਨੂੰ ਦੁੱਖ ਦਿਲ ਦਾ ਸੁਣਾਵਾਂ ।

ਸੜੇ- ਬੱਲੇ ਹੰਝੂ ਮੇਰੇ  ਨੈਣਾਂ ਵਿਚ ਮਰ-ਮੁੱਕੇ
'ਸੁਹਲ ' ਤੇਰੇ  ਗੀਤ ਕਿਵੇਂ  ਗਾਵਾਂ।

ਮਲਕੀਅਤ  'ਸੁਹਲ'   ਮੋ-9872848610

ਦਸਮੇਸ਼ ਪਿਤਾ ਗੋਬਿੰਦ ਸਿੰਘ - ਮਲਕੀਅਤ ਸਿੰਘ 'ਸੁਹਲ'

       ਦਸਮੇਸ਼ ਪਿਤਾ,  ਗੋਬਿੰਦ ਸਿੰਘ ਦੀ,
        ਯਾਦ ਰਖੋ  ਕੁਰਬਾਨੀਂ।   
           ਜਿਸ ਦਾਦਾ-ਬਾਪੂ,ਪੁੱਤਰ ਵਾਰ ਕੇ,
           ਰਖੀ ਧਰਮ  ਨਿਸ਼ਾਨੀ।

           ਗੁਰੂ ਤੇਗ ਬਹਾਦਰ ਜੀ ਦੀ ਸ਼ਰਨੀ,
           ਆਏ ਪੰਡਿਤ  ਕਸ਼ਮੀਰੀ।
           ਜਾਂਦਾ ਹਿੰਦੁ ਧਰਮ ਬਚਾਓ
           ਸਾਡੇ ਪੱਲੇ ਹੈ ਦਿਲਗੀਰੀ।
           ਪਿਤਾ ਜੀ ਧਰਮ ਬਚਾਉ ਇਨ੍ਹਾਂ ਦਾ,
           ਇਹ ਨਹੀਂ ਕੌਮ ਬੇਗਾਨੀਂ ;
           ਦਸਮੇਸ਼ ਪਿਤਾ, ਗੋਬਿੰਦ ਸਿੰਘ ਦੀ,
        ਯਾਦ ਰਖੋ  ਕੁਰਬਾਨੀਂ।   
           ਜਿਸ ਦਾਦਾ-ਬਾਪੂ,ਪੁੱਤਰ ਵਾਰ ਕੇ
           ਰਖੀ ਧਰਮ  ਨਿਸ਼ਾਨੀ।

           ਜਦ ਦਾਦੇ ਹਰਗੋਬਿੰਦ ਸਾਹਿਬ ਨੇ,
           ਪਹਿਨੀਆਂ  ਦੋ  ਤਲਵਾਰਾਂ।
           ਇਕ ਮੀਰੀ ਇਕ ਪੀਰੀ ਦੀ
           ਤਾਂ ਦੰਗ ਹੋਈਆਂ ਸਰਕਾਰਾਂ।
           ਜ਼ੁਲਮ ਨੂੰ ਟੱਕਰ  ਗੁਰਾਂ ਜੋ ਦਿਤੀ,
           ਬਣ ਗਈ ਅਮਰ ਕਹਾਣੀ ;
           ਦਸਮੇਸ਼ ਪਿਤਾ, ਗੋਬਿੰਦ ਸਿੰਘ ਦੀ,
        ਯਾਦ ਰਖੋ  ਕੁਰਬਾਨੀਂ।   
           ਜਿਸ ਦਾਦਾ-ਬਾਪੂ,ਪੁੱਤਰ ਵਾਰ ਕੇ
           ਰਖੀ  ਧਰਮ ਨਿਸ਼ਾਨੀ।

           ਮਾਂ ਗੁਜ਼ਰੀ ਦੇ ਘਰ ਸੂਰਾ ਹੋਇਆ,
           ਗੁਰ ਗੋਬਿੰਦ ਜੀ ਪਿਆਰਾ।
           ਜ਼ੁਲਮ ਅੱਗੇ ਲ਼ੜਨ ਵਾਸਤੇ
           ਪੰਥ ਬਣਾਇਆ ਨਿਆਰਾ।
           ਇਕ, ਦੋ ,ਤਿੰਨ, ਚਾਰ ਤੇ ਪੰਜਵਾਂ
           ਦੇ ਗਏ  ਹੱਸ ਬਲਿਦਾਨੀ ;
           ਦਸਮੇਸ਼ ਪਿਤਾ, ਗੋਬਿੰਦ ਸਿੰਘ ਦੀ
         ਯਾਦ ਰਖੋ  ਕੁਰਬਾਨੀਂ।   
           ਜਿਸ ਦਾਦਾ-ਬਾਪੂ,ਪੁੱਤਰ ਵਾਰ ਕੇ
           ਰਖੀ  ਧਰਮ ਨਿਸ਼ਾਨੀ।

           ਜਾਲਮ - ਜੁਲਮ ਦੀਆਂ ਸੋਚਾਂ ਨੂੰ,
           ਮਿੱਟੀ ਵਿਚ  ਦਫ਼ਨਾਇਆ।
           ਅਨੰਦਪੁਰ 'ਚ ਪੰਥ ਖਾਲਸਾ
-            ਏਸੇ ਹੀ ਲਈ  ਸਜਾਇਆ।
           ਉਹ ਸਿੰਘ ਕੌਮ ਦੇ ਲੇਖੇ ਲਗ ਗਏ,
           ਜੋ ਵਾਰ ਗਏ  ਜ਼ਿੰਦਗ਼ਾਨੀ;
           ਦਸਮੇਸ਼ ਪਿਤਾ, ਗੋਬਿੰਦ ਸਿੰਘ ਦੀ,
         ਯਾਦ ਰਖੋ  ਕੁਰਬਾਨੀਂ।       
           ਜਿਸ ਦਾਦਾ-ਬਾਪੂ,ਪੁੱਤਰ ਵਾਰ ਕੇ
           ਰਖੀ  ਧਰਮ ਨਿਸ਼ਾਨੀ।

           ਦੋ ਚਮਕੌਰ ਦੀ  ਜੰਗ  ਦੇ ਅੰਦਰ,
           ਦੋ ਨੀਹਾਂ 'ਚ ਚਿਣਵਾਏ।
           ਬੋਲੇ ਸੋ ਨਿਹਾਲ ਦੇ ੳਨ੍ਹਾਂ
           ਬਾਂਹ ਚੁੱਕ ਜੈਕਾਰੇ ਲਾਏ।
           ਸੰਤ-ਸਿਪਾਹੀ ਬਣ ਗਏ ''ਸੁਹਲ'
           ਜੱਗ ਤੇ ਹੋਈ  ਹੈਰਾਨੀ;
           ਦਸਮੇਸ਼ ਪਿਤਾ,ਗੋਬਿੰਦ ਸਿੰਘ ਦੀ,
         ਯਾਦ ਰਖੋ  ਕੁਰਬਾਨੀਂ।       
           ਜਿਸ ਦਾਦਾ-ਬਾਪੂ,ਪੁੱਤਰ ਵਾਰ ਕੇ
           ਰਖੀ  ਧਰਮ ਨਿਸ਼ਾਨੀ।

     ਮਲਕੀਅਤ ਸਿੰਘ 'ਸੁਹਲ' ਮੋ-9872848610
     ਨੋਸ਼ਹਿਰਾ ਬਹਾਦਰ, ਡਾ- ਤਿੱਬੜੀ (ਗੁਰਦਾਸਪੁਰ)