Mohinder Singh Mann

ਕਮਜ਼ੋਰ - ਮਹਿੰਦਰ ਸਿੰਘ ਮਾਨ

ਕਮਜ਼ੋਰ ਉਹ ਨਹੀਂ
ਜੋ ਲੜ ਰਹੇ ਨੇ ਚਿਰਾਂ ਤੋਂ
ਆਪਣੇ ਹੱਕਾਂ ਲਈ
ਅਤੇ ਜਿਨ੍ਹਾਂ ਨੂੰ ਹਾਲੇ
ਕੋਈ ਸਫਲਤਾ ਨਹੀਂ ਮਿਲੀ।
ਕਮਜ਼ੋਰ ਉਹ ਨਹੀਂ
ਜੋ ਰਹਿੰਦੇ ਨੇ ਕੱਚੇ ਕੋਠਿਆਂ 'ਚ
ਤੇ ਜਿਨ੍ਹਾਂ ਨੂੰ ਮਿਲਦੀ ਨਹੀਂ
ਢਿੱਡ ਭਰਨ ਲਈ ਦੋ ਵੇਲੇ ਦੀ ਰੋਟੀ
ਤੇ ਤਨ ਢਕਣ ਲਈ ਕਪੜਾ।
ਕਮਜ਼ੋਰ ਤਾਂ ਉਹ ਹਨ
ਜੋ ਇਹ ਕਹਿੰਦੇ ਨੇ
"ਸਾਡੇ ਲੇਖਾਂ 'ਚ ਹੀ ਲਿਖਿਆ ਹੈ
ਕੱਚੇ ਕੋਠਿਆਂ 'ਚ ਰਹਿਣਾ,
ਢਿੱਡੋਂ ਭੁੱਖੇ ਰਹਿਣਾ
ਤੇ ਤਨਾਂ ਤੋਂ ਨੰਗੇ ਰਹਿਣਾ।"

ਮਹਿੰਦਰ ਸਿੰਘ ਮਾਨ
ਸਲੋਹ ਰੋਡ
ਨਵਾਂ ਸ਼ਹਿਰ-9915803554

ਧੀਆਂ - ਮਹਿੰਦਰ ਸਿੰਘ ਮਾਨ

ਪੁੱਤਾਂ ਨਾਲੋਂ ਪਹਿਲਾਂ ਆਵਣ ਧੀਆਂ,
ਮਾਵਾਂ ਨੂੰ ਦੇਖ ਮੁਸਕਾਵਣ ਧੀਆਂ।
ਹਰ ਕੰਮ 'ਚ ਉਨ੍ਹਾਂ ਦਾ ਹੱਥ ਵਟਾ ਕੇ,
ਮਾਪਿਆਂ ਦੇ ਦਿਲਾਂ ਤੇ ਛਾਵਣ ਧੀਆਂ।
ਪਿੱਪਲਾਂ ਥੱਲੇ ਰੌਣਕ ਲੱਗ ਜਾਵੇ,
ਜਦ ਪੀਂਘਾਂ ਚੜ੍ਹਾਵਣ ਧੀਆਂ।
ਵੀਰਾਂ ਦੇ ਗੁੱਟਾਂ ਤੇ ਬਿਨਾਂ ਲਾਲਚ ਤੋਂ,
ਸੋਹਣੀਆਂ ਰੱਖੜੀਆਂ ਸਜਾਵਣ ਧੀਆਂ।
ਪੁੱਤਾਂ ਨਾਲੋਂ ਵੱਧ ਪੜ੍ਹ , ਲਿਖ ਕੇ,
ਉਨ੍ਹਾਂ ਨੂੰ ਰਾਹ ਦਰਸਾਵਣ ਧੀਆਂ।
ਚੰਗੇ, ਚੰਗੇ ਅਹੁਦਿਆਂ ਤੇ ਲੱਗ ਕੇ,
ਆਪਣੇ ਫਰਜ਼ ਨਿਭਾਵਣ ਧੀਆਂ।
ਸਜੇ ਹੋਏ ਪੇਕੇ ਘਰ ਨੂੰ ਛੱਡ ਕੇ,
ਸਹੁਰਾ ਘਰ ਸਜਾਵਣ ਧੀਆਂ।
ਪੇਕੇ ਘਰ ਜੇ ਕੋਈ ਦੁਖੀ ਹੋਵੇ,
ਪੇਕੇ ਘਰ ਝੱਟ ਆਵਣ ਧੀਆਂ।
ਪੁੱਤ ਵੰਡਾਵਣ ਖੇਤ ਤੇ ਦੌਲਤ,
ਪਰ ਦੁੱਖਾਂ ਨੂੰ ਵੰਡਾਵਣ ਧੀਆਂ।

ਮਹਿੰਦਰ ਸਿੰਘ ਮਾਨ
ਸਲੋਹ ਰੋਡ
ਨਵਾਂ ਸ਼ਹਿਰ-9915803554

ਪਾਣੀ ਬਚਾਉ - ਮਹਿੰਦਰ ਸਿੰਘ ਮਾਨ

ਜੇ ਧਰਤੀ ਹੇਠੋਂ ਯਾਰੋ, ਮੁੱਕ ਗਿਆ ਪਾਣੀ,
ਬਚਣਾ ਨਾ ਫਿਰ ਇੱਥੇ ਕੋਈ ਜੀਵਤ ਪ੍ਰਾਣੀ।
ਪਾਣੀ ਬਿਨਾਂ ਦਿਸਣੇ ਨਾ ਹਰੇ,ਭਰੇ ਰੁੱਖ,
ਜਿਹੜੇ ਮਨੁੱਖ ਨੂੰ ਦਿੰਦੇ ਨੇ ਯਾਰੋ,ਸੌ ਸੁੱਖ।
ਬੀਜੋ ਕਿਰਸਾਨੋ ਘੱਟ ਪਾਣੀ ਵਾਲੀਆਂ ਫਸਲਾਂ,
ਜੇ ਜੀਵਤ ਰੱਖਣੀਆਂ ਆਣ ਵਾਲੀਆਂ ਨਸਲਾਂ।
ਨਹਾਣ ਤੇ ਕਪੜੇ ਧੋਣ ਲਈ ਘੱਟ ਵਰਤੋ ਪਾਣੀ,
ਗੱਡੀਆਂ ਤੇ ਸਕੂਟਰਾਂ ਉੱਤੇ ਨਾ ਬਹੁਤਾ ਸੁੱਟੋ ਪਾਣੀ।
ਨਦੀਆਂ ਤੇ ਦਰਿਆਵਾਂ ਦਾ ਪਾਣੀ ਰੱਖੋ ਸਾਫ,
ਇਨ੍ਹਾਂ ਵਿੱਚ ਸੁੱਟੋ ਨਾ ਕੂੜਾ ਤੇ ਲਿਫਾਫੇ ਆਪ।
ਸਾਫ ਪਾਣੀ ਫਸਲਾਂ ਤੇ ਪੰਛੀਆਂ ਦੇ ਆਏਗਾ ਕੰਮ,
ਇਸ ਨਾਲ ਖਰਾਬ ਨਹੀਂ ਹੋਵੇਗਾ ਕਿਸੇ ਦਾ ਚੰਮ।
ਇਸ ਤੋਂ ਪਹਿਲਾਂ ਕਿ ਬਹੁਤ ਮਹਿੰਗਾ ਪਾਣੀ ਹੋ ਜਾਵੇ,
ਇਸ ਤੋਂ ਪਹਿਲਾਂ ਕਿ ਇਹ ਪਹੁੰਚ ਤੋਂ ਬਾਹਰ ਹੋ ਜਾਵੇ,
ਪਾਣੀ ਬਚਾਣਾ ਸ਼ੁਰੂ ਕਰ ਦਿਉ ਤੁਸੀਂ ਅੱਜ ਤੋਂ ਹੀ,
ਸਭ ਨੂੰ ਜੀਵਤ ਰੱਖਣ ਲਈ ਸੋਚੋ ਅੱਜ ਤੋਂ ਹੀ।

ਮਹਿੰਦਰ ਸਿੰਘ ਮਾਨ
ਸਲੋਹ ਰੋਡ
ਨਵਾਂ ਸ਼ਹਿਰ -9915803554

ਕਵਿਤਾ : ਵੋਟਰ ਨੂੰ - ਮਹਿੰਦਰ ਸਿੰਘ ਮਾਨ

ਆਪਣੀ ਕੀਮਤ ਜਾਣ ਵੋਟਰਾ
ਆਪਣੀ ਕੀਮਤ ਜਾਣ।
ਸੋਚ ਜ਼ਰਾ, ਕਿਉਂ ਨੇਤਾ ਮੁੜ ਮੁੜ
ਤੇਰੇ ਘਰ ਦੇ ਗੇੜੇ ਲਾਣ।
ਦੇਖ ਦਫਤਰਾਂ 'ਚ ਕਿਵੇਂ
ਫੈਲਿਆ ਭ੍ਰਿਸ਼ਟਾਚਾਰ।
ਚਾਰ ਦਿਨ ਪਹਿਲਾਂ ਦਿੱਤੀ ਫਾਈਲ
ਦਫਤਰਾਂ ਵਿਚੋਂ ਜਾਏ ਗੁਆਚ।
'ਪਾਣੀ ਜੀਵਨ ਦਾ ਆਧਾਰ ਹੈ'
ਕਹਿੰਦੇ ਲੋਕ ਸਿਆਣੇ।
ਪਰ ਪਾਣੀ ਦੀ ਇਕ ਇਕ ਬੂੰਦ ਨੂੰ
ਤਰਸਣ ਗਰੀਬਾਂ ਦੇ ਨਿਆਣੇ।
ਦੇਖ ਕਿਸਾਨਾਂ ਦੀ ਫਸਲ
ਕਿਵੇਂ ਮੰਡੀ ਵਿੱਚ ਹੈ ਰੁਲਦੀ।
ਕੌਡੀਆਂ ਦੇ ਭਾਅ ਖਰੀਦਣ ਆੜ੍ਹਤੀ
ਫਸਲ ਮਹਿੰਗੇ ਮੁੱਲ ਦੀ।
ਰੋਜ਼ ਵਰਤੋਂ ਦੀਆਂ ਚੀਜ਼ਾਂ ਦੇ ਭਾਅ
ਅਸਮਾਨੀ ਜਾ ਚੜ੍ਹੇ।
ਦੁਕਾਨਦਾਰਾਂ ਤੋਂ ਉਨ੍ਹਾਂ ਦੇ ਭਾਅ ਸੁਣ ਕੇ
ਗਾਹਕ ਰਹਿ ਜਾਣ ਖੜ੍ਹੇ ਦੇ ਖੜ੍ਹੇ।
ਦੇਖ ਕਿਵੇਂ ਡਿਗਰੀਆਂ ਲੈ ਕੇ
ਵਿਹਲੇ ਫਿਰਦੇ ਨੌਜਵਾਨ।
ਨੌਕਰੀ ਨਾ ਮਿਲਣ ਦੇ ਗ਼ਮ 'ਚ
ਉਹ ਨਸ਼ੇ ਲੱਗ ਪਏ ਖਾਣ।
ਹੁਣ ਚੋਣ ਮੈਦਾਨ ਹੈ ਭਖਿਆ
ਤੇਰਾ ਵੱਧ ਗਿਆ ਹੈ ਮੁੱਲ।
ਸੌ,ਦੋ ਸੌ ਦੇ ਲਾਲਚ ਵਿੱਚ
ਨੇਤਾਵਾਂ ਦੇ ਕਾਰੇ ਜਾਈਂ ਨਾ ਭੁੱਲ।
ਜੋ ਤੇਰੀਆਂ ਸਮੱਸਿਆਵਾਂ ਨੂੰ
ਹੱਲ ਕਰਨ ਦੀ ਸਹੁੰ ਖਾਂਦੇ ਨੇ ਹੁਣ।
ਆਪਣੇ ਹੱਕ ਦੀ ਵਰਤੋਂ ਕਰਕੇ
ਤੂੰ ਉਨ੍ਹਾਂ ਨੂੰ ਲਈਂ ਚੁਣ।

ਮਹਿੰਦਰ ਸਿੰਘ ਮਾਨ
ਸਲੋਹ ਰੋਡ
ਨੇੜੇ ਐੱਮ ਐੱਲ ਏ ਰਿਹਾਇਸ਼
ਨਵਾਂ ਸ਼ਹਿਰ-9915803554 

ਹਰ ਪਾਸੇ ਖਿੱਲਰੀ ਹੋਈ ਹੈ /ਗ਼ਜ਼ਲ  - ਮਹਿੰਦਰ ਸਿੰਘ ਮਾਨ

ਹਰ ਪਾਸੇ ਖਿੱਲਰੀ ਹੋਈ ਹੈ ਫੁੱਲਾਂ ਦੀ ਖੁਸ਼ਬੋ,
ਲ਼ੱਗਦਾ ਹੈ ਮਾਲੀ ਦੀ ਮਿਹਨਤ ਸਫਲ ਗਈ ਹੈ ਹੋ।

ਚੁੱਪ ਕਰਕੇ ਸ਼ੇਅਰਾਂ ਦੀ ਰਚਨਾ ਕਰਦੇ ਸ਼ਾਇਰ ਜੋ,
ਉਹ ਲੋਕਾਂ ਵਿੱਚ ਹਰਮਨ ਪਿਆਰੇ ਆਪੇ ਜਾਂਦੇ ਹੋ।

ਵੱਡੀ ਔਕੜ ਨਾ' ਉਸ ਨੇ ਕੀ ਮੱਥਾ ਹੈ ਲਾਣਾ,
ਨਿੱਕੀ ਔਕੜ ਤੱਕ ਕੇ ਹੀ ਜੋ ਪੈਂਦਾ ਹੈ ਰੋ ।
       
ਸੀ ਐੱਫ ਐੱਲ਼ ਬਲਬਾਂ ਲੱਗੇ ਘਰ ਵਾਲੇ ਨੂੰ,
ਕਿੱਦਾਂ ਚੰਗੀ ਲੱਗੂ ਦੀਵੇ ਦੀ ਮੱਧਮ ਜਹੀ ਲੋ।

ਉਸ ਤੋਂ ਸਾਰੇ ਰੋਗ ਬਣਾਈ ਰੱਖਦੇ ਨੇ ਦੂਰੀ,
ਕੰਮ ਕਰਦੇ ਸਮੇਂ ਜਿਸ ਦੇ ਤਨ ਚੋਂ ਮੁੜ੍ਹਕਾ ਪੈਂਦਾ ਚੋ।

ਅੱਖਾਂ ਦੇ ਹੰਝੂਆਂ ਨੂੰ ਐਂਵੇਂ ਨਾ ਸੁੱਟ ਯਾਰਾ,
ਇਹਨਾਂ ਦੇ ਨਾ' ਦਾਗ ਦਿਲਾਂ ਦੇ ਹੋ ਜਾਂਦੇ ਨੇ ਧੋ।

'ਮਾਨ' ਸਮਝਦਾ ਹੋਣਾ ਹੱਕ ਮੇਰੇ ਉੱਤੇ ਆਪਣਾ,
ਤਾਂ ਹੀ ਉਸ ਫੋਟੋ ਖਿਚਵਾਈ ਮੇਰੇ ਨਾਲ ਖਲੋ।

ਰਾਹ ਵਿੱਚ ਕੰਡੇ /ਗ਼ਜ਼ਲ - ਮਹਿੰਦਰ ਸਿੰਘ ਮਾਨ

ਲ਼ੋਕ ਸਮੇਂ ਦੇ ਹਾਕਮ ਤੋਂ ਅੱਕੇ,    
ਸੜਕਾਂ ਤੇ ਆ ਗਏ ਹੋ ਕੇ ਕੱਠੇ।

ਰਾਹ ਵਿੱਚ ਕੰਡੇ, ਨਾਲੇ ਘੁੱਪ ਨ੍ਹੇਰਾ,
ਦਿਲ ਵਾਲੇ ਹੀ ਤੁਰ ਸਕਦੇ ਅੱਗੇ।

ਫੇਰ ਹਰਾ ਛੇਤੀ ਹੀ ਹੋਏਗਾ,
ਝੜ ਚੁੱਕੇ ਨੇ ਜਿਸ ਰੁੱਖ ਦੇ ਪੱਤੇ।

ਜਾਂ ਫਿਰ ਫਾਡੀ ਨੂੰ ਕੁਝ ਨ੍ਹੀ ਮਿਲਦਾ,
ਜਾਂ ਫਿਰ ਫਾਡੀ ਨੂੰ ਮਿਲਦੇ ਗੱਫੇ।

ਕਹਿੰਦੇ ਦਿਲ ਦੇ ਵਿੱਚ ਰੱਬ ਹੈ ਵਸਦਾ,
ਸਾਨੂੰ ਦਿਲ ਆਪਣਾ ਮੰਦਰ ਲੱਗੇ।

ਨੀਂਦ ਜਰੂਰੀ ਤਾਂ ਹੈ ਸਿਹਤ ਲਈ,
ਪਰ ਬਹੁਤਾ ਸੌਣਾ ਮਾੜਾ ਲੱਗੇ।

ਕਿੰਜ ਤਰੱਕੀ ਸਾਡਾ ਦੇਸ਼ ਕਰੇ,
ਜਦ ਮੰਗਣ ਬੰਦੇ ਹੱਟੇ, ਕੱਟੇ।

**

ਜੋ ਲੋਕਾਂ ਲਈ/ਗ਼ਜ਼ਲ - ਮਹਿੰਦਰ ਸਿੰਘ ਮਾਨ

ਜੋ ਲੋਕਾਂ ਲਈ ਕੁਰਬਾਨ ਹੈ ਹੁੰਦਾ,
ਉਹ ਬੰਦਾ ਬਹੁਤ ਮਹਾਨ ਹੈ ਹੁੰਦਾ।

ਹਲ ਵਾਹੇ ਖੇਤਾਂ 'ਚ ਉਦੋਂ ਕੋਈ,
ਜਦ ਸੁੱਤਿਆ ਘੂਕ ਜਹਾਨ ਹੈ ਹੁੰਦਾ।

ਉਹ ਕੌਮ ਤਰੱਕੀ ਹੈ ਸਦਾ ਕਰਦੀ,
ਜਿਸ ਦਾ ਉੱਚਾ ਵਿਗਿਆਨ ਹੈ ਹੁੰਦਾ।

ਓਹੀ ਰੋਕ ਸਕੇ ਗ਼ਮ ਦਾ ਝੱਖੜ,
ਜਿਸ ਦਾ ਸੀਨਾ ਚੱਟਾਨ ਹੈ ਹੁੰਦਾ।

ਉਹ ਧੇਲੇ ਦੀ ਚੀਜ਼ ਤੇ ਮਰ ਜਾਏ,
ਜਿਸ ਦਾ ਦਿਲ ਬੇਈਮਾਨ ਹੈ ਹੁੰਦਾ।

ਜੋ ਚਾਹਵੇ ਸਭ ਦਾ ਭਲਾ ਹਰ ਵੇਲੇ,
ਉਹ ਬੰਦਾ ਨ੍ਹੀ ,ਭਗਵਾਨ ਹੈ ਹੁੰਦਾ।

ਸਾਨੂੰ ਆਪਸ 'ਚ ਲੜਾਣ ਵਾਲਾ,
ਹੋਰ ਨਾ ਕੋਈ, ਸ਼ੈਤਾਨ ਹੈ ਹੁੰਦਾ।

ਉਸ ਨੂੰ ਮਿਲਦੀ ਹੈ ਇਜ਼ੱਤ ਸਭ ਤੋਂ,
ਜੋ ਕਵੀ ਸਭ ਨੂੰ ਪ੍ਰਵਾਨ ਹੈ ਹੁੰਦਾ।

* ਮਹਿੰਦਰ ਸਿੰਘ ਮਾਨ
 ਸਲੋਹ ਰੋਡ                                                                                                                                 ਨੇੜੇ ਐਮ. ਐਲ. ਏ. ਰਿਹਾਇਸ਼
 ਨਵਾਂ ਸ਼ਹਿਰ(9915803554)


ਗ਼ਜ਼ਲ :ਜਿਸ ਬੰਦੇ ਨੇ  - ਮਹਿੰਦਰ ਸਿੰਘ ਮਾਨ

ਜਿਸ ਬੰਦੇ ਨੇ ਸਵੇਰੇ ਹੀ ਪੀ ਲਈ ਹੈ ਭੰਗ,
ਉਸ ਨੇ ਸਾਰਾ ਟੱਬਰ ਕਰ ਸੁੱਟਿਆ ਹੈ ਤੰਗ।

ਉਸ ਵਰਗਾ ਮੂਰਖ ਨਾ ਇੱਥੇ ਕੋਈ ਹੋਰ,
ਜਿਸ ਨੇ ਹੁਣ ਤਕ ਸਿੱਖਿਆ ਨ੍ਹੀ ਬੋਲਣ ਦਾ ਢੰਗ।

ਕੰਮ ਕਰਕੇ ਹੀ ਅੱਜ ਕਲ੍ਹ ਰੋਟੀ ਯਾਰਾ ਮਿਲਦੀ,
ਐਵੇਂ ਦੇਖੀ ਨਾ ਜਾ ਆਪਣਾ ਗੋਰਾ ਰੰਗ।

ਰੱਬ ਵੀ ਉਹਨਾਂ ਅੱਗੇ ਬੇਵੱਸ ਹੋ ਜਾਂਦਾ ਹੈ,
ਏਨਾ ਕੁਝ ਉਸ ਤੋਂ ਲੋਕੀਂ ਲੈਂਦੇ ਨੇ ਮੰਗ।

ਕਲ੍ਹ ਤੱਕ ਜੋ ਕਹਿੰਦਾ ਸੀ, 'ਮੈਂ ਨ੍ਹੀ ਤੈਨੂੰ ਮਿਲਣਾ',
ਅੱਜ ਮੇਰੇ ਘਰ ਆ ਗਿਆ ਰੋਸੇ ਛਿੱਕੇ ਟੰਗ।

ਉਹ ਜੀਵਨ ਦੇ ਵਿੱਚ ਤਰੱਕੀ ਕਰਦਾ ਜਾਵੇ,
ਜਿਸ ਨੂੰ ਮਿਲ ਜਾਵੇ ਚੱਜ ਦੇ ਬੰਦੇ ਦਾ ਸੰਗ।

ਆਓ ਕਰੀਏ ਸਜਦਾ ਉਹਨਾਂ ਸੂਰਮਿਆਂ ਨੂੰ,
ਜੋ ਸਾਡੀ ਰਾਖੀ ਕਰਨ ਹੋ ਕੇ ਡਾਢੇ ਤੰਗ।

ਜੋ ਮਾਂ-ਪਿਉ ਨਾ' - ਮਹਿੰਦਰ ਸਿੰਘ ਮਾਨ

ਜੋ ਮਾਂ-ਪਿਉ ਨਾ' ਦੁੱਖ ਸੁੱਖ ਫੋਲੇ,
ਉਹ ਮੰਦਰ, ਮਸਜਿਦ ਕਦ ਟੋਲ੍ਹੇ ?

ਉਸ ਨੂੰ ਸਾਰੇ ਪਿਆਰ ਨੇ ਕਰਦੇ,
ਜੋ ਮੂੰਹੋਂ ਮਿੱਠੇ ਸ਼ਬਦ ਬੋਲੇ।

ਤੁਰਦੇ ਜਾਂਦੇ ਸਿਰੜੀ ਬੰਦੇ,
ਝੱਟ ਡਿਗ ਪੈਂਦੇ ਬੰਦੇ ਪੋਲੇ।

ਏਦਾਂ ਲੱਗਿਆ ਜੜ੍ਹ ਵੱਢ ਹੋ ਗਈ,
ਜਦ ਮਾਂ-ਬਾਪ ਰਹੇ ਨਾ ਕੋਲੇ।

ਅੱਜ ਕਲ੍ਹ ਸਾਰੇ ਚੁੱਪ ਰਹਿੰਦੇ ਨੇ,
ਦਿਲ ਦੇ ਭੇਤ ਕੋਈ ਨਾ ਖੋਲ੍ਹੇ।

ਆਪਣੇ ਗੁਆਂਢੀ ਨੂੰ ਖੁਸ਼ ਵੇਖ ਕੇ,
ਐਵੇਂ ਸੜ ਨਾ ਹੋ ਤੂੰ ਕੋਲੇ।

ਉਸ ਦਾ ਕਿੱਦਾਂ ਕਰੀਏ ਆਦਰ ?
ਜੋ ਸਾਨੂੰ ਵੇਖ ਕੇ ਵਿਸ ਘੋਲੇ।

ਇੱਥੇ ਹੁਣ ਉਹ ਲੱਭਣਾ ਮੁਸ਼ਕਿਲ,
ਜਿਹੜਾ ਤੇਰਾਂ ਤੇਰਾਂ ਤੋਲੇ।

* ਮਹਿੰਦਰ ਸਿੰਘ ਮਾਨ
 ਸਲੋਹ ਰੋਡ  ਨੇੜੇ ਐਮ. ਐਲ. ਏ. ਰਿਹਾਇਸ਼
 ਨਵਾਂ ਸ਼ਹਿਰ(9915803554)

ਨਫਰਤ ਦੇ ਆਰੇ / ਗ਼ਜ਼ਲ  - ਮਹਿੰਦਰ ਸਿੰਘ ਮਾਨ

ਕਰਦੇ ਨੇ ਜੋ ਨਿੱਤ ਕਾਲੇ ਕਾਰੇ,
ਉਹ ਇੱਥੇ ਜਾਂਦੇ ਨੇ ਸਤਿਕਾਰੇ।
ਜਿੱਤ ਗਏ ਜੋ ਚੋਣਾਂ ਧੋਖੇ ਨਾ',
ਉਹਨਾਂ ਦੇ ਹੋ ਗਏ ਵਾਰੇ ਨਿਆਰੇ।
ਝੂਠੇ ਲਾਰੇ ਸੁਣ ਕੇ ਹਾਕਮ ਦੇ,
ਖ਼ੁਸ਼ ਹੋਈ ਜਾਵਣ ਲੋਕੀਂ ਸਾਰੇ।
ਅਗਲੇ ਤੋਂ 'ਕੱਠੇ ਨਹੀਂ ਹੋ ਸਕਣੇ,
ਜੋ ਇਸ ਹਾਕਮ ਨੇ ਪਾਏ ਖਿਲਾਰੇ।
ਖਬਰੇ ਕਿਸ ਕਿਸ ਨੇ ਜ਼ਖ਼ਮੀ ਹੋਣਾ,
ਹਰ ਥਾਂ ਚੱਲਦੇ ਨਫਰਤ ਦੇ ਆਰੇ।
ਇਸ ਨੂੰ ਜੋ ਸਿੱਧੇ ਰਸਤੇ ਪਾਏ,
ਇਹ ਦੁਨੀਆਂ ਉਸ ਦੇ ਪੱਥਰ ਮਾਰੇ।
ਜਿੱਥੇ ਦੇਖਣ, ਉੱਥੇ ਸੌਂ ਜਾਵਣ,
ਜੋ ਸਿਰਾਂ 'ਤੇ ਚੁੱਕਦੇ ਬੱਠਲ ਭਾਰੇ।
ਕੁਝ ਨਹੀਂ ਬਦਲੇਗਾ ਇੱਥੇ ਉਦੋਂ ਤੱਕ,
ਜਦ ਤੱਕ ਹੁੰਦੇ ਨਹੀਂ 'ਕੱਠੇ ਸਾਰੇ।

ਮਹਿੰਦਰ ਸਿੰਘ ਮਾਨ
ਸਲੋਹ ਰੋਡ
ਨੇੜੇ ਐਮ. ਐਲ. ਏ. ਰਿਹਾਇਸ਼

ਨਵਾਂ ਸ਼ਹਿਰ(9915803554)