ਮੋਬਾਈਲ ਭੱਤਾ - ਮੁਨੀਸ਼ ਸਰਗਮ
ਮੈਂ ਅਜੋਕੇ ਯੁੱਗ ਦਾ ਫ਼ਿਕਰਮੰਦ ਵਿਅਕਤੀ ਹਾਂ
ਤੇ ਮੈਂ ਮੋਬਾਈਲ਼ ਆਪਣੇ ਘਰਦਿਆਂ ਦੀ ਖ਼ਬਰ ਲਈ ਖ਼ਰੀਦਿਆ ਹੈ
ਜ਼ਰੂਰੀ ਨਹੀਂ ਕਿ ਆਈ ਹਰ ਕਾਲ ਦਾ ਜੁਆਬ ਦੇਵਾਂ
ਮੈਂ ਕੋਈ ਟੈਲੀਫੋਨ ਕੰਪਨੀ ਦੇ ਕਸਟਮਰ ਕੇਅਰ ਦਾ ਅਧਿਕਾਰੀ ਨਹੀਂ
ਅਤੇ ਨਾ ਹੀ ਕਿਸੇ ਟੱਚ ਸਕਰੀਨ ਦਾ ਮਜਬੂਰ ਆਈਕਨ ਹਾਂ
ਕਿ ਟਿਕਣ ਨਾ ਦੇਵੇ ਮੈਨੂੰ ਭਿਣਕਦੀਆਂ ਉਂਗਲ਼ਾਂ ਦੀ ਛੋਹ
ਮੈਂ ਅਜੋਕੇ ਯੁੱਗ ਦਾ ਫ਼ਿਕਰਮੰਦ ਵਿਅਕਤੀ ਹਾਂ।
ਠੀਕ ਏ ਕਿ ਸਰਕਾਰ ਨੇ ਮੈਨੂੰ ਮੋਬਾਈਲ ਭੱਤਾ ਲਗਾ ਦਿੱਤੈ
ਪਰ ਇਸਦਾ ਮਤਲਬ ਇਹ ਨਹੀਂ
ਕਿ ਮੈਨੂੰ ਮੋਬਾਈਲ ਦੀ ਰਿੰਗ
ਨੇਤਾ ਜੀ ਦੀ ਕਾਰ ਦੇ ਹੂਟਰ ਵਰਗੀ ਲੱਗੇ
ਅਤੇ ਜਦੋਂ ਅਫ਼ਸਰ ਦਾ ਫੋਨ ਆਵੇ ਮੈਂ ਝੱਟ ਦੇਣੇ ਚੁੱਕ ਲਵਾਂ
ਜਿਵੇਂ ਬਿੱਲੀ ਝਪਟਦੀ ਹੈ ਆਪਣੇ ਸ਼ਿਕਾਰ ਚੂਹੇ 'ਤੇ
ਮੈਂ ਕੋਈ ਬਿੱਲੀ ਨਹੀਂ, ਨਾ ਹੀ ਚੂਹਾ ਹਾਂ
ਮੈਂ ਅਜੋਕੇ ਯੁੱਗ ਦਾ ਫ਼ਿਕਰਮੰਦ ਵਿਅਕਤੀ ਹਾਂ।
ਮੇਰੇ ਮੋਬਾਈਲ ਤੇ ਕੋਈ ਮੇਰੇ ਬੇਲੀ ਦਾ ਸੁੱਖ-ਸੁਨੇਹਾ ਵੀ
ਮੈਂ ਆਪਣੀ ਮਰਜ਼ੀ ਨਾਲ਼ ਸੁਣ ਸਕਨੈਂ
ਮੇਰੀ ਮਰਜ਼ੀ ਹੈ ਕਿ ਕਿਸ ਕਾਲ ਨੂੰ ਅਹਿਮੀਅਤ ਦੇਵਾਂ
ਕਿਸ ਨੂੰ ਵੇਟਿੰਗ 'ਤੇ ਲਾਵਾਂ ਅਤੇ ਕਿਸਨੂੰ ਰਿਜੈਕਟ ਲਿਸਟ ਵਿਚ ਪਾਵਾਂ
ਮੈਂ ਸਰਕਾਰ ਦਾ ਬੰਨ੍ਹਿਆਂ ਮੁਲਜ਼ਮ ਨਹੀਂ, ਮੁਲਾਜ਼ਮ ਹਾਂ
ਅਤੇ ਕੰਮ ਦੀ ਤਨਖ਼ਾਹ ਲੈਂਦਾ ਹਾਂ
ਮੈਂ ਅਜੋਕੇ ਯੁੱਗ ਦਾ ਫ਼ਿਕਰਮੰਦ ਵਿਅਕਤੀ ਹਾਂ
ਜ਼ਰੂਰੀ ਨਹੀਂ ਕਿ ਆਈ ਹਰ ਕਾਲ ਦਾ ਜੁਆਬ ਦੇਵਾਂ।
ਲਿੰਗ-ਨਿਰਧਾਰਨ ਟੈਸਟ - ਮੁਨੀਸ਼ ਸਰਗਮ
ਇਥੇ ਲਿੰਗ-ਨਿਰਧਾਰਨ ਟੈਸਟ
ਨਹੀਂ ਕੀਤਾ ਜਾਂਦਾ
ਇਥੇ ਤਾਂ ਸਿਰਫ਼
ਇਹ ਦੱਸਿਆ ਜਾਂਦਾ ਹੈ ਕਿ
ਪੇਟ 'ਚ ਪਲ਼ ਰਿਹਾ ਭਰੂਣ
ਵੱਡਾ ਹੋ ਕੇ ਕਿਹੋ ਜਿਹਾ ਦਿਖੇਗਾ
ਇਸਦੇ ਦਾੜ੍ਹੀ-ਮੁੱਛਾਂ ਆਉਣਗੀਆਂ
ਜਾਂ ਇਹ ਹੱਥਾਂ 'ਤੇ ਮਹਿੰਦੀ ਰਚਾਏਗਾ।
ਇਥੇ ਲਿੰਗ-ਨਿਰਧਾਰਨ ਟੈਸਟ
ਨਹੀਂ ਕੀਤਾ ਜਾਂਦਾ
ਇਥੇ ਤਾਂ ਸਿਰਫ਼
ਇਹ ਦੱਸਿਆ ਜਾਂਦਾ ਹੈ ਕਿ
ਪੇਟ 'ਚ ਪਲ਼ ਰਿਹਾ ਭਰੂਣ
ਵੱਡਾ ਹੋ ਕੇ ਕੀ ਕਰੇਗਾ
ਇਹ ਕਿਸੇ ਨੂੰ ਵਿਆਹ ਕੇ ਘਰ ਲਿਆਏਗਾ
ਜਾਂ ਫਿਰ ਖ਼ੁਦ ਵਿਆਹ ਕੇ ਕਿਸੇ ਦੇ ਘਰ ਜਾਵੇਗਾ।
ਇਥੇ ਲਿੰਗ-ਨਿਰਧਾਰਨ ਟੈਸਟ
ਨਹੀਂ ਕੀਤਾ ਜਾਂਦਾ
ਇਥੇ ਤਾਂ ਸਿਰਫ਼
ਇਹ ਦੱਸਿਆ ਜਾਂਦਾ ਹੈ ਕਿ
ਪੇਟ 'ਚ ਪਲ਼ ਰਿਹਾ ਭਰੂਣ
ਕਿਸਦਾ ਯੋਗ ਹੋਵੇਗਾ, ਕਿੰਨਾ-ਕੁ ਕਾਬਿਲ
ਇਹ ਵੱਡਾ ਹੋ ਕੇ ਖ਼ੁਦ ਪੇਟ 'ਚ ਭਰੂਣ ਪਾਲ਼ੇਗਾ
ਜਾਂ ਫਿਰ ਸਿਰਫ ਕਿਸੇ ਨੂੰ ਇਸ ਕਾਬਿਲ ਬਣਾਏਗਾ।
ਇਥੇ ਲਿੰਗ-ਨਿਰਧਾਰਨ ਟੈਸਟ
ਨਹੀਂ ਕੀਤਾ ਜਾਂਦਾ।
ਗ਼ਜ਼ਲ - ਮੁਨੀਸ਼ ਸਰਗਮ
ਸੱਚ ਦੇ ਪੁੱਤਰ ਝੂਠੇ ਜਗ ਵਿਚ ਲਗਦੇ ਨੇ ਬਸ ਗ਼ੈਰਾਂ ਵਰਗੇ
ਪੈਰਾਂ ਦੇ ਵਿਚ ਰੁਲਦੇ-ਰੁਲਦੇ ਹੋ ਗਏ ਨੇ ਬਸ ਪੈਰਾਂ ਵਰਗੇ
ਕਿਸੇ ਦੀ ਜਾਨ ਸਿਆਪੇ ਪਾ ਕੇ ਆਪਣੀ ਜਾਨ ਸੁਖਾਲ਼ੀ ਕਰਦੇ
ਯਾਰ ਤਾਂ ਬਸ ਹੁਣ ਨਾਂ ਦੇ ਰਹਿ ਗਏ ਨਹੀਂ ਰਹੇ ਖ਼ੈਰਾਂ ਵਰਗੇ
ਕਿਸੇ ਦਾ ਕੋਈ ਸਟੈਂਡ ਨਾ ਜਾਪੇ ਸਾਰੇ ਦੇ ਸਾਰੇ ਦਲ-ਬਦਲੂ
ਗੱਡੀਆਂ ਵਿਚ ਬਹਿੰਦੇ ਹੋਏ ਹੋ ਗਏ ਗੱਡੀਆਂ ਦੇ ਟੈਰਾਂ ਵਰਗੇ
ਸਾਰੀ ਦੁਨੀਆਂ ਇਕ ਦੂਜੇ ਦੀਆਂ ਲੱਤਾਂ ਖਿਚਣ 'ਤੇ ਹੋਈ
ਆਪਣੇ ਹੀ ਹੋ ਗਏ ਨੇ ਏਥੇ ਆਪਣਿਆਂ ਲਈ ਗ਼ੈਰਾਂ ਵਰਗੇ
ਗ਼ਜ਼ਲ - ਮੁਨੀਸ਼ ਸਰਗਮ
ਸਰਕਾਰੀ ਦਫ਼ਤਰ ਵਿਚ ਆ ਕੇ ਹਰ ਕੋਈ ਘਬਰਾਇਆ ਹੋਇਐ
ਕੀਹਦਾ-ਕੀਹਦਾ ਕੰਮ ਨੀ੍ਹ ਹੋਇਆ,ਕੌਣ-ਕੌਣ ਹੈ ਆਇਆ ਹੋਇਐ
ਇਹ ਤਾਂ ਦਸ ਦਿਓ ਮੈਨੂੰ ਸਾਹਿਬ ਕਿ ਮੇਰਾ ਕਸੂਰ ਹੈ ਕੀ
ਬੰਦਾ ਹਾਂ ਮੈਂ ਬੰਦਾ ,ਏਥੇ ਬੰਦੇ ਦੀ ਜੂਨੇਂ ਆਇਆ ਹੋਇਐਂ
ਹੋਰ ਬਹੁਤ ਨੇ ਏਥੇ ਜਗ ਵਿਚ ਰੱਬ ਨੂੰ ਮੰਨਣ ਵਾਲੇ
ਤੂੰ ਹੀ ਨਹੀਂ ਇਕੱਲਾ ਜਿਸਨੇ ਰੱਬ ਨੂੰ ਬੜਾ ਧਿਆਇਆ ਹੋਇਐ
ਤੂੰ ਕਰਨੈਂ ! ਕਰ ਕੁਝ, ਨਹੀਂ ਤਾਂ ਖਸਮਾਂ ਨੂੰ ਖਾਹ ਜਾ ਕੇ
ਮੈਂ ਵੀ ਇੱਥੇ ਤੀਕ ਸੌ-ਸੌ ਧੱਕੇ ਖਾਕੇ ਆਇਆ ਹਇਐਂ
ਜੇਕਰ ਬਾਊ ਜੀ ਸਭ ਕੁਝ ਤਾਂ ਨਿਯਮਾਂ ਦੇ ਨਾਲ ਹੋਣੈਂ
ਫੇਰ ਸੱਚੇ ਬੰਦਿਆਂ ਕਾਹਨੂੰ ਸੂਲੀ ਟੰਗ ਲਟਕਾਇਆ ਹੋਇਐ
ਲਿਸਟ ਬਣਾਓ ਇਥੇ ਸਾਰੀ ਜਿਸ-ਜਿਸਨੇ ਹੈ ਰਿਸ਼ਵਤ ਖਾਧੀ
ਨਾਲੇ ਇਹ ਵੀ ਦੇਖੋ ਇਹਨਾਂ ਕਿਸ-ਕਿਸਨੂੰ ਭਟਕਾਇਆ ਹੋਇਐ
ਗ਼ਜ਼ਲ - ਮੁਨੀਸ਼ ਸਰਗਮ
ਉੱਡਦਾ ਜਾ ਰਿਹਾ ਸੱਚ ਜਗ ਵਿਚੋਂ ਪੰਛੀ-ਖੰਭ ਲਗਾ ਕੇ
ਝੂਠ ਦੇ ਬੱਦਲ ਅੰਬਰੀਂ ਫੈਲੇ ਬਾਹਾਂ ਕਈ ਲਗਾ ਕੇ
ਜਿਹੜਾ ਮਰਜੀ ਕਨਫਰਮੇਟਿਵ ਟੈਸਟ ਲਗਾ ਕੇ ਪਰਖੋ ਜੀ
ਸੱਚ ਤਾਂ ਆਖਿਰ ਸੱਚ ਹੁੰਦਾ ਹੈ ਵੇਖ ਲਓ ਅਜ਼ਮਾ ਕੇ
ਚੰਗੀ ਸੋਚ ਤਾਂ ਖ਼ੂਨ 'ਚ ਹੁੰਦੀ ਨਹੀਂ ਬਜ਼ਾਰੋਂ ਮਿਲਦੀ
ਅਕਲ ਬਦਾਮੋਂ ਨਹੀਂ ਆਉਂਦੀ, ਆਉਂਦੀ ਧੱਕੇ ਖਾ ਕੇ
ਉਸ ਰਾਜੇ ਦਾ ਅੰਤ ਹੀ ਸਮਝੋ ਖਤਮ ਕਹਾਣੀ ਜਾਪੇ
ਰਾਜਦਰਾਂ ਤੋਂ ਜੇਕਰ ਕੋਈ ਖਾਲੀ ਮੁੜ ਜਾਏ ਆ ਕੇ
ਸੁਬਕ-ਸੁਬਕ ਕੇ ਰੋਣਾ ਛੱਡੋ ਮਿਹਨਤ ਕਰਨੀ ਸਿੱਖੋ
ਆਖਿਰ ਮੰਜ਼ਿਲ ਮਿਲ ਹੀ ਜਾਂਦੀ ਪੌੜੀ-ਪੌੜੀ ਪਾ ਕੇ