Ninder Ghugianvi

ਮੇਰੀ ਡਾਇਰੀ ਦੇ ਪੰਨੇ : ਛੋਲੀਆ ਖਾਣ ਦੇ ਦਿਨ ਆਏ - ਨਿੰਦਰ ਘੁਗਿਆਣਵੀ

ਦੁਪੈਹਿਰ ਹੈ। ਸਾਦਿਕ ਮੰਡੀ ਆਪਣੇ ਇਲਾਕੇ ਵਿਚ ਉਤਰ੍ਹਿਆਂ ਰੋਡਵੇਜ਼ ਦੀ ਬੱਸ 'ਚੋਂ। ਧੁੱਪ ਖੂਬ ਖਿੜੀ ਹੈ। ਚੰਗਾ ਹੈ ਕਿ ਕੁਝ ਦਿਨਾਂ ਤੱਕ ਕਣਕਾਂ ਦੇ ਸਿੱਟੇ ਸੁਨੈਹਰੀ ਰੰਗ ਵਿਚ ਰੰਗੇ ਜਾਣਗੇ। ਸਬਜੀ ਵੇਚਣ ਵਾਲਿਆਂ ਦੀਆਂ ਫੜੀਆਂ ਤੇ ਰੇਹੜੀਆਂ 'ਤੇ ਰੌਣਕ ਹੈ, ਮੇਰੇ ਨੇੜੇ-ਤੇੜੇ ਦੇ ਪਿੰਡਾਂ ਦੇ ਲੋਕਾਂ ਦੀ ਖੂਬ ਚਹਿਲ-ਪਹਿਲ ਹੈ। ਨਿੱਕੀਆਂ-ਨਿੱਕੀਆਂ ਰੇਹੜੀਆਂ 'ਤੇ ਲਵੇ-ਲਵੇ ਕੱਦੂ ਵਿਕਣੇ ਆ ਗਏ ਨੇ ਅਗੇਤੇ ਹੀ। ਹਾਲੇ ਪਿਛਲੇ ਹਫਤੇ ਹੀ ਚੰਡੀਗੜ ਜਾਂਦਾ ਘਰੇ ਕੱਦੂ, ਘੀਆ ਤੋਰੀ, ਚੌਲੇ, ਕਰੇਲੇ, ਭਿੰਡੀਆਂ ਤੇ ਹੋਰ ਨਿੱਕ-ਸੁਕ ਦੇ ਬੀਜ ਬੋ ਕੇ ਗਿਆ ਸਾਂ। ਹੁਣ ਤੱਕ ਤਾਂ ਬੀਜ ਫੁੱਟ ਪਏ ਹੋਣੇ! ਮਗਰੋਂ ਹਲਕਾ ਜਿਹਾ ਮੀਂਹ ਵੀ ਪੈ ਹਟਿਆ ਹੈ, ਬੀਜਾਂ ਦੇ ਫੁੱਟਣ ਬਾਰੇ ਸੋਚ ਕੇ ਮਨ ਨੂੰ ਹੁਲਾਰਾ  ਆਇਆ ਲੱਗਿਐ। ਦੇਖ ਰਿਹਾਂ ਕਿ ਸਾਡੇ ਪਿੰਡ ਦੇ ਮਿਹਨਤਕਸ਼ ਬੌਰੀਏ, ਧਰਤੀ ਉਤੇ ਬੋਰੀਆਂ ਵਿਛਾਈ ਹਰਾ-ਕਚੂਚ ਛੋਲੀਆ ਰੱਖੀ ਬੈਠੇ ਨੇ,ਹਾਕਾਂ ਮਾਰ ਰਹੇ, ''ਆਜੋ ਬਈ ਲੈ ਜੋ...ਵੀਹਾਂ ਦਾ ਕਿਲੱੋ...ਤਾਜ਼ਾ ਤੇ ਕਰਾਰਾ ਛੋਲੀਆ...ਆਜੋ ਬਈ ਆਜੋ, ਫੇਰ ਨਾ ਆਖਿਓ ਕਿ ਮੁੱਕ ਗਿਆ...ਰੁੱਤ ਛੋਲੀਆ ਖਾਣ ਦੀ ਆਈ...।"  ਗਾਹਕਾਂ ਵੱਲ ਬੌਰੀਆਂ ਦੀ ਵੱਜ ਰਹੀਆਂ ਹਾਕਾਂ ਵਿਚੋਂ ਸਾਹਿਤਕਤਾ ਲੱਭਣ ਲਗਦਾ ਹਾਂ ਖੜ੍ਹਾ-ਖਲੋਤਾ। ਪਥਰੀਲੇ ਸ਼ਹਿਰ ਵਿਚੋਂ ਪਿੰਡ 'ਚ ਆਇਆ ਹਾਂ, ਖਵਰੈ ਮਨ ਤਦੇ ਈ ਹਲਕਾ-ਫੁਲਕਾ ਜਿਹਾ ਹੋ ਗਿਆ ਜਾਪਦੈ! ਹਫਤੇ ਮਗਰੋਂ ਆਇਆ ਹੋਵਾਂ ਤੇ ਘਰ ਛੋਲੀਆ ਲਿਜਾਣ ਨੂੰ ਦਿਲ ਨਾ ਕਰੇ! 16-ਸੈਕਟਰ ਵਿਚ ਤਾਂ ਛੋਲੀਏ ਦਾ ਸੁਫ਼ਨਾ ਵੀ ਨਹੀਂ ਆਉਂਦਾ,ਲੱਭਣਾ ਕਿੱਥੋਂ! ਨਾ ਲੱਭੇ ਨਹੀਂ ਲਭਦਾ ਤਾਂ...ਬਰਗਰ, ਨੂਡਲਜ, ਬਰੈਡ,ਬੜੇ ਤੇ ਪੀਜ਼ੇ ਖਾਣ ਵਾਲੇ ਕੀ ਜਾਨਣ ਏਹਦੀ ਤਰੀ ਦਾ ਸੁਆਦ! ਦੋ ਕਿਲੱੋ ਤੁਲਵਾਇਆ ਤੇ ਚੱਲ ਪਿਆਂ ਪਿੰਡ ਨੂੰ!
ਤਾਇਆ ਰਾਮ ਚੇਤੇ ਆ ਰਿਹੈ, ਉਸਦਾ ਖੂਹ ਵਾਲੇ ਖੇਤੋਂ ਆਥਣੇ ਛੋਲੀਆ ਪੁੱਟ ਕੇ ਲਿਆਉਣਾ ਤੇ ਦਾਦੀ ਤੇ ਭੂਆ ਨੂੰ ਕੱਢਣ ਲਈ ਕਹਿਣਾ, ਬਾਲਪਨ ਵਿਚ ਬੜਾ ਚੰਗਾ-ਚੰਗਾ ਲਗਦਾ ਸੀ ਤਦੇ ਹੀ ਨਹੀਂ ਹੁਣ ਤੀਕ ਭੁੱਲਿਆ। ਦਾਦੀ  ਤੇ ਭੁਆ ਛੰਨੇ ਵਿਚ ਛੋਲੀਆ ਕਢਦੀਆਂ, ਕੱਢੇ ਦਾਣਿਆਂ ਦੇ ਫੱਕੇ ਮਾਰਦਾ ਤੇ ਨਾਲ ਭੂਆ ਤੋਂ ਝਿੜਕਾਂ ਖਾਂਦਾ ਸਾਂ। ਪੱਕੀਆਂ ਡੋਡੀਆਂ ਦੀਆਂ ਹੋਲਾਂ ਭੁੰਨੀਆਂ ਜਾਂਦੀਆਂ ਤੇ ਹਰੇ ਦਾਣਿਆਂ ਨੂੰ ਮਸਾਲਾ ਭੁੰਨ ਕੇ ਰਿੰਨ੍ਹਿਆਂ ਜਾਂਦਾ।  ਚਾਹੇ ਖੇਤੋਂ ਛੋਲੀਆ ਲਿਆਉਣ ਵਾਲਾ ਤਾਇਆ ਵੀ ਨਹੀਂ ਹੈ ਹੁਣ, ਤੇ ਨਾ ਹੀ ਦਾਦੀ ਤੇ ਭੁਆ ਹੀ ਰਹੀਆਂ, ਪਰ ਚੌਂਕੇ ਵਿਚ ਭੁੱਜ ਰਹੇ ਮਸਾਲੇ ਦੀ ਮਹਿਕ ਹਾਲੇ ਤੀਕ ਵੀ ਨਹੀਂ ਮਰੀ।
ਖੂਹ ਵਾਲੇ ਖੇਤ ਵਾਲਾ ਟਿੱਬਾ ਬਥੇਰਾ ਕੁਝ ਦਿੰਦਾ ਰਿਹਾ ਸਾਡੇ ਟੱਬਰ ਨੂੰ। ਛੋਲੀਏ ਤੋਂ ਬਿਨਾਂ ਤੋਰੀਆ, ਤੇ ਤਾਰਾ-ਮੀਰਾ ਵੀ ਬਥੇਰਾ ਹੁੰਦਾ। ਉਹਨੀਂ ਦਿਨੀਂ ਉਥੇ ਸਰੋਂ ਦੀ ਵੀ ਕੋਈ ਤੋਟ ਨਾ ਰਹਿੰਦੀ ਤੇ  ਸਰੋਂ ਵੇਚਣ ਬਾਅਦ ਵਧੀ ਸਰੋਂ ਦਾ ਘਰ ਲਈ ਤੇਲ ਕਢਾ ਕੇ ਲਿਆਉਂਦੇ ਕੋਹਲੂ ਤੋਂ। ਸਿਵਿਆਂ ਦੇ ਖੱਬੇ ਹੱਥ, ਟਿੱਬੇ 'ਤੇ ਖਲੋਤੀ ਵੱਡੀ ਟਾਹਲੀ ਜਦ ਬਹੁਤੀ ਫੈਲ ਜਾਂਦੀ ਤਾਂ ਜਿਵੇਂ ਆਪਣੇ ਆਪ ਹੀ ਬੋਲ ਕੇ ਆਖਦੀ ਹੋਵੇ, ''ਛਾਂਗ ਲਵੋ ਹੁਣ, ਬਥੇਰੀ ਵਧ-ਫੁੱਲ ਗਈ ਆਂ, ਘਰੇ ਬਾਲਣ ਵੀ ਮੁੱਕ ਗਿਆ ਹੋਣੈ...।" ਬੇਰੀਆਂ ਨੂੰ ਬੂਰ ਪੈਣਾ ਤਾਂ ਤਾਏ ਨੇ ਪਿਤਾ ਨੂੰ ਕਹਿਣਾ, ''ਬਈ ਬਿੱਲੂ,ਐਤਕੀਂ ਬੇਰ ਬਹੁਤ ਲੱਥੂ...।" ਬੇਰੀਆਂ ਬੇਰ ਦਿੰਦੀਆਂ ਨਾ ਥਕਦੀਆਂ, ਨਾ ਤੋੜਨ ਤੇ ਚੁਗਣ ਵਾਲੇ ਤੇ ਨਾ ਹੀ ਖਾਣ ਵਾਲੇ ਥਕਦੇ। ਕੌੜ-ਤੁੰਮਿਆਂ ਦੀਆਂ ਵੇਲਾਂ ਆਪ-ਮੁਹਾਰੀਆਂ ਵਧੀ ਜਾਂਦੀਆਂ। ਕੌੜ-ਤੁੰਮਿਆਂ ਵਿਚ ਅਜਵੈਨ 'ਤੇ ਹੋਰ ਕਈ ਕੁਝ ਪਾ ਕੇ ਘਰ ਵਾਸਤੇ ਚੂਰਨ ਵੱਖਰਾ ਬਣਾ ਲੈਂਦੇ ਤੇ ਪਸੂਆਂ ਨੂੰ ਚਾਰਨ ਵਾਸਤੇ ਵੱਖਰਾ। ਚਿੱਬੜਾਂ ਦਾ ਤਾਂ ਅੰਤ ਹੀ ਕੋਈ ਨਹੀਂ ਸੀ। ਚਿੱਬੜਾਂ ਦੀ ਚਟਣੀ ਬਿਨਾਂ ਨਾਗਾ ਕੁੱਟੀ ਜਾਂਦੀ। ਅਚਾਰ ਵੀ ਪਾਉਂਦੇ ਤੇ ਚੀਰ ਕੇ ਸੁਕਾ ਵੀ ਲੈਂਦੇ। ਤਦੇ ਹੀ ਤਾਂ ਕਿਹੈ ਕਿ ਓਸ ਟਿੱਬੇ ਬਥੇਰਾ ਕੁਝ ਦਿੱਤਾ ਸਾਡੇ ਟੱਬਰ ਨੂੰ! ਜਦ ਟਿੱਬਾ ਥੋੜਾ ਕੁ ਪੱਧਰਾ ਕੀਤਾ ਤਾਂ ਇੱਕ ਸਾਲ ਵਾਸਤੇ ਕਰਤਾਰੇ ਬੌਰੀਏ ਨੂੰ ਹਿੱਸੇ 'ਤੇ ਦੇ ਦਿੱਤਾ, ਉਸ ਨੇ ਮਤੀਰੇ, ਖੱਖੜੀਆਂ ਤੇ ਖਰਬੂਜੇ ਖੂਬ ਉਗਾਏ। ਉਥੇ ਹੀ ਝੁੱਗੀ ਪਾ ਲਈ ਤੇ ਇੱਕ ਰਹਿੰਦਾ ਰਿਹਾ ਕਰਤਾਰਾ।
ਸਕੂਟਰੀ ਵਿਹੜੇ ਲਿਆ ਵਾੜੀ ਹੈ।  ਗੁਰਦਵਾਰੇ ਬਾਬਾ ਰਹਿਰਾਸ ਕਰ ਰਿਹੈ।  ਅੱਜ ਪਤਾ ਨਹੀਂ ਕਿਉਂ, ਆਪ-ਮੁਹਾਰੇ ਜਿਹੇ ਹੀ ਮੂੰਹੋਂ ਨਿਕਲ ਗਿਐ, ''ਹੇ ਸੱਚੇ ਪਾਤਸ਼ਾ...ਤੇਰਾ ਈ ਆਸਰਾ...ਚੜ੍ਹਦੀਆਂ ਕਲਾਂ ਰੱਖੀਂ...ਸਰਬੱਤ ਦਾ ਭਲਾ ਹੋਵੇ...।"

20 March 2019

ਡਾਇਰੀ ਦੇ ਪੰਨੇ :  ਇੱਕ ਚੰਨ ਦੇ ਵਾਪਿਸ ਆਉਣ ਦੀ ਉਡੀਕ ਕਰਾਂਗਾ ਮੈਂ...  - ਨਿੰਦਰ ਘੁਗਿਆਣਵੀ

6 ਮਾਰਚ 2019 ਦੀ ਸਵੇਰ ਸੁਹਣੀ ਨਿੱਖਰੀ ਹੈ। ਕੱਲ੍ਹ ਬੱਦਲ ਮੰਡਰਾਈ ਗਏ ਸਨ, ਸੂਰਜ ਨੂੰ ਸਿਰ ਨਹੀਂ ਚੁੱਕਣ ਦਿੱਤਾ ਬੱਦਲਾਂ ਨੇ। ਅੱਜ ਸੂਰਜ ਉਤਾਂਹ ਨੂੰ ਉੱਠ ਰਿਹੈ ਜਿਵੇਂ ਹੌਸਲੇ ਨਾਲ ਭਰਿਆ-ਭਰਿਆ ਹੋਵੇ! ਲਗਦੈ ਅੱਜ ਦਿਨ ਸੁਹਣਾ ਲੱਗੇਗਾ,ਕਈ ਦਿਨਾਂ ਤੋਂ ਚੱਲੀ ਆ ਰਹੀ ਮੌਸਮੀਂ ਟੁੱਟ-ਭੱਜ ਦੂਰ ਹੋਵੇਗੀ ਅੱਜ। ਨਿੱਖਰੇ ਮੌਸਮ ਦੀ ਖੁਸ਼ੀ ਅਖ਼ਬਾਰੀ ਖਬਰ ਨੇ ਪਲ ਵਿਚ ਹੀ ਖੋਹ ਕੇ ਅਹੁ ਮਾਰੀ ਹੈ। ਮਿੱਤਰ ਪਿਆਰੇ ਗੀਤਕਾਰ ਪਰਗਟ ਸਿੰਘ ਦੇ ਤੁਰ ਜਾਣ ਦੀ ਖ਼ਬਰ ਨਿਗ੍ਹਾ ਪੈਂਦਿਆਂ ਹੀ ਮੂੰਹੋਂ 'ਹਾਏ' ਨਿਕਲਿਆ। ਪਤਾ ਈ ਨਹੀਂ ਲੱਗਣ ਦਿੱਤਾ ਬਾਈ ਪਰਗਟ, ਤੈਂ  ਹੱਥਾਂ 'ਚੋਂ ਕਿਰ ਗਿਐਂ ਰੇਤੇ ਵਾਂਗ! ਮੈਨੂੰ ਆਪਣੇ ਅੰਦਰੋਂ ਕੁਝ ਭੁਰ ਗਿਆ ਮਹਿਸੂਸ ਹੋਇਐ। ਉਮਰ ਕਿਹੜੀ ਸੀ ਹਾਲੇ, ਸਾਰੀ ਪਚਵੰਜਾ ਵਰ੍ਹੇ। ਆਪਣਾ ਪਿੰਡ ਲਿੱਦੜਾਂ ਮਸ਼ਹੂਰ ਕਰ ਦਿੱਤਾ ਤੈਂ ਸਾਰੇ ਕਿਤੇ।
ਸੋਗ ਲੱਦੀ ਕਾਹਲੀ ਨਾਲ ਹਰਜੀਤ ਹਰਮਨ ਨੂੰ ਫੋਨ ਲਾਉਂਦਾ ਹਾਂ। ਫੋਨ ਬੰਦ ਹੈ। ਸਪੱਸ਼ਟ ਹੈ ਕਿ ਉਹ ਗੱਲ ਕਰਨ ਦੇ ਸਮਰੱਥ ਨਹੀਂ ਹੋਣਾ। ਪਰਗਟ ਦੇ ਪੁੱਤਰ ਤੇ ਆਪਣੇ ਅਜੀਜ ਪਿਆਰੇ ਸਟਾਲਿਨਵੀਰ ਨੂੰ ਫੋਨ ਕਰਨ ਲਈ ਮਨ ਨਹੀਂ ਮੰਨਦਾ ਪਿਆ। ਕੀ ਕਹਾਂਗਾ ਓਸ ਨੂੰ ਕਿ ਬਹੁਤ ਮਾੜੀ ਹੋਈ? ਰੱਬ ਭਾਣਾ ਮੰਨਣ ਦਾ ਬਲ ਬਖਸ਼ੇ! ਤੇ ਬਸ...?ਏਨੇ ਕੁ ਬੋਲਾਂ ਨਾਲ ਸਰ ਜਾਊ ਸਟਾਲਿਨ ਦਾ? ਨਹੀਂ ਕਰ ਹੋਣਾ ਫੋਨ ਮੈਥੋਂ।
                 """""   """"'     ""'
ਪਰਗਟ ਸਿੰਘ ਜਦ ਵੀ ਮਿਲਦਾ ਸੀ ਹਰਮਨ ਨਾਲ ਹੁੰਦਾ। ਉਲਾਂਭਾ ਵੀ ਉਹਦਾ ਹਰ ਵੇਲੇ ਇਹੋ ਹੁੰਦਾ, ''ਮੇਰੇ ਪਿੰਡ ਨੀ ਗੇੜਾ ਮਾਰਦਾ, ਨੇੜਿਓਂ ਦੀ ਲੰਘ ਜਾਨੈ।" ਪਿਆਰਾ ਜਿਹਾ ਮਨੁੱਖ ਸੀ। ਪਿਆਰੇ-ਪਿਆਰੇ ਗੀਤ ਲਿਖਣ ਵਾਲਾ।ਇੱਕ ਦਿਨ ਬਸ ਵਿਚ ਸਫ਼ਰ ਕਰ ਰਿਹਾ ਸਾਂ। ਹਰਮਨ ਦਾ ਗੀਤ ਵੱਜ ਰਿਹਾ ਸੀ। ਬੋਲ ਸਨ:
                  ਮੋੜਾਂ 'ਤੇ ਖੜ੍ਹੇ ਸਿਪਾਹੀਆਂ ਦਾ ਕੀ ਦੋਸ਼
                  ਜਦੋਂ ਸ਼ਹਿਰ ਵਾਲਾ ਖੁਦ ਸ਼ਹਿਨਸ਼ਾਹ ਵਿਕ ਗਿਆ
                  ਕਿੱਥੋਂ ਇਨਸਾਫ਼ ਦੀ ਕੋਈ ਰੱਖੂਗਾ ਉਮੀਦ
                  ਜਦੋਂ ਜੱਜ ਮੂਹਰੇ ਖੜ੍ਹਾ ਹੀ ਗਵਾਹ ਵਿਕ ਗਿਆ
ਸੁਰਜੀਤ ਪਾਤਰ ਦੇ ਲਿਖੇ- 'ਇਸ ਅਦਾਲਤ 'ਚ ਬੰਦੇ ਬਿਰਖ ਹੋ ਗਏ' ਗੀਤ ਤੋਂ ਬਾਅਦ ਅਦਾਲਤੀ ਦੁਨੀਆਂ ਬਾਰੇ ਮੇਰੇ ਧਿਆਨ ਵਿਚ ਇਹ ਦੂਜਾ ਗੀਤ ਆਇਆ ਸੀ। ਹਰਮਨ ਨੂੰ ਬਸ ਵਿਚੋਂ ਹੀ ਫ਼ੋਨ ਕੀਤਾ ਤੇ ਪਰਗਟ ਦਾ ਨੰਬਰ ਲਿਆ  ਤੇ ਉਸ ਨੂੰ ਇਸ ਖੂਬਸੂਰਤ ਰਚਨਾ ਲਈ ਵਧਾਈ ਦਿੱਤੀ। ਵਧਾਈ ਲੈਂਦਿਆਂ ਉਹ ਖੁਸ਼ ਵੀ  ਹੋਇਆ ਪਰ ਨਾਲ ਹੀ ਉਲਾਂਭਾ ਵੀ ਸੀ, ''ਪਿੰਡ ਗੇੜਾ ਨੀ ਮਾਰਨਾ?"
 ਬਾਈ ਪਰਗਟ, ਤੇਰੇ ਆਉਣ ਦਾ ਇੰਤਜ਼ਾਰ ਕਰਾਂਗਾ, ਇਹ ਆਪਣੇ ਵਾਸਤੇ ਲਿਖ ਕੇ ਸਾਨੂੰ ਦੇ ਗਿਉਂ:
                  ਚੰਨ ਚਾਨਣੀ ਰਾਤ ਤੋਂ ਹਨੇਰਾ ਹੋ ਗਿਆ
                 ਇੱਕ ਚੰਨ ਸੀ ਅੰਬਰੀਂ ਬੱਦਲਾਂ ਲੁਕੋ ਲਿਆ
                 ਹਵਾਵਾਂ ਨਾਲ ਬੱਦਲ ਉਡਾਉਣ ਦਾ
                  ਇੰਤਜ਼ਾਰ ਕਰਾਂਗਾ ਮੈਂ
                 ਇੱਕ ਚੰਨ ਦੇ ਵਾਪਸ ਆਉਣ ਦਾ
                 ਇੰਤਜ਼ਾਰ ਕਰਾਂਗਾ ਮੈਂ...
ਇੱਕ ਦਿਨ ਮੈਨੂੰ ਹਰਮਨ ਨੇ ਚੇਤਾ ਕਰਵਾਇਆ ਸੀ, ''ਘੁੱਗੀ ਬਾਈ, ਤੈਨੂੰ ਯਾਦ ਹੋਣੈ, ਸੰਗਰੂਰ ਪੰਚਾਇਤ ਭਵਨ 'ਚ ਤੇਰੀ ਕਿਤਾਬ ਰਿਲੀਜ਼ ਹੋਈ ਸੀ ਬਾਪੂ ਪਾਰਸ ਵਾਰੇ, ਉਥੇ ਹਰਭਜਨ ਮਾਨ ਵੀ ਬੈਠਿਆ ਸੀ ਤੇਰੇ ਨਾਲ ਦੀ ਕੁਰਸੀ 'ਤੇ...ਬਾਪੂ ਜੱਸੋਵਾਲ ਵੀ ਸੀ, ਮੈਂ ਤੇ ਪਰਗਟ ਬਾਈ ਤੈਨੂੰ ਪਹਿਲੀ ਵਾਰੀ ਮਿਲੇ ਸੀ, ਸਟੇਜ 'ਤੇ ਆਏ ਸੀ ਮਿਲਣ, ਮੈਂ ਉਦੋਂ ਫਾਰਮਾਸਿਸਟ ਹੁੰਦਾ ਸੀ ਤੇ ਬਾਈ ਪਰਗਟ ਅਜੀਤ ਦਾ ਪੱਤਰਕਾਰ ਮਸਤੂਆਣਿਓਂ...।"
ਹਰਮਨ ਦੇ ਚੇਤਾ ਕਰਵਾਣ 'ਤੇ ਮੇਰੀਆਂ ਅੱਖਾਂ ਅੱਗੇ ਕਿਸੇ ਫਿਲਮ ਦੇ ਸੀਨ ਵਾਂਗਰ ਸਾਰਾ ਕੁਝ ਘੁੰਮ ਗਿਆ ਸੀ। ਪਰਗਟ ਸਿੰਘ ਉਦੋਂ ਪੱਤਰਕਾਰੀ ਨੂੰ ਪ੍ਰਣਾਇਆ ਹੋਇਆ ਸੀ ਤੇ ਆਪਣੇ ਨਾਂ ਨਾਲ 'ਮਸਤੂਆਣਾ' ਲਿਖਦਾ ਹੁੰਦਾ, ਸੁਹਣੀ ਕਵਰੇਜ ਕਰਦਾ ਤੇ ਉਸਦੀਆਂ ਖਬਰਾਂ ਵੀ ਵਾਧੂ ਛਪਦੀਆਂ ਰਹਿੰਦੀਆਂ।
                    """""'      """""'
ਪਤਾ ਨਹੀਂ ਕਦੋਂ ਉਹਦੇ ਅੰਦਰ ਗੀਤ ਨੇ ਅੰਗੜਾਈ ਭੰਨੀ। ਗੀਤ ਲਿਖੇ ਉਤੋ- ੜੁੱਤੀ ਤੇ ਸਾਰੇ ਸਿਰੇ ਦੇ। ਹਰਮਨ ਨੇ ਪਤਾ ਨਹੀਂ ਉਹਦੇ ਗੀਤ ਦੀ ਰਗ ਕਿਵੇਂ ਫੜ ਲਈ ਸੀ ਤੇ ਆਪਣੀ ਰਗ ਵਿਚ ਰਲਾ ਲੋਕਾਂ ਦੀ ਰਗ ਰਗ 'ਤੇ ਚਾੜ੍ਹ ਦਿੱਤੇ ਇਹਨਾਂ ਦੋਵਾਂ ਨੇ ਗੀਤ ਹੀ ਗੀਤ! ਪਰਗਟ ਨੂੰ ਇਹ ਭਲੀਭਾਂਤ ਪਤਾ ਹੁੰਦਾ ਸੀ ਕਿ ਹਰਮਨ ਦੀ ਆਵਾਜ਼ ਕੀ ਭਾਲ ਰਹੀ ਹੈ! ਉਹ ਲਿਖਣ ਪੱਖੋਂ ਫੀਲਿੰਗ ਦੀ ਰਤਾ ਵੀ ਕਮੀਂ ਨਾ ਛਡਦਾ ਤੇ ਹਰਮਨ ਗਾਉਣ ਪੱਖੋਂ।
ਮੈਂ ਉਹਨਾਂ ਪਲਾਂ ਨੂੰ ਚੇਤੇ ਕਰ ਕੇ ਕਦੀ-ਕਦੀ ਭਾਵੁਕ ਹੋ ਜਾਨਾ, ਜਦ ਹਰਮਨ ਸਾਡੇ ਘਰ ਆਉਂਦਾ ਤਾਂ ਮੇਰੇ ਪਿਤਾ ਜੀ ਆਖਦੇ, ''ਉਹ ਸੁਣਾਈ ਗੀਤ...ਕਣਕਾਂ ਨੂੰ ਪਹਿਲਾ ਪਾਣੀ ਲਾਉਂਦੇ ਜੱਟ...। ਹਰਮਨ ਤਰਾਰੇ ਵਿਚ ਆ ਜਾਂਦਾ। ਸੁਣ ਰਹੇ ਪਿਤਾ ਨੂੰ ਸ਼ਾਇਦ ਸਾਡੇ ਖੇਤ ਜਾਣਾ, ਸਰੋਂ ਤੇ ਤੋਰੀਏ ਦੇ ਪੀਲੇ-ਪੀਲੇ ਫੁੱਲ ਤੇ ਕਣਕ ਨੂੰ ਪਹਿਲਾ ਪਾਣੀ ਲਾਉਣਾ...ਸਭ ਕੁਛ ਚੇਤੇ ਆ ਜਾਂਦਾ ਸੀ। ਕੈਂਸਰ ਦੀ ਮਾਰ ਦਾ ਮਾਰਿਆ ਮੰਜੇ 'ਤੇ ਪਿਆ ਪਿਓ ਇਹੋ ਕਿਹਾ ਕਰੇ ਕਿ ਹਰਮਨ ਦਾ ਕਣਕਾਂ ਵਾਲਾ ਗੀਤ ਮੋਬਾਈਲ ਫੂਨ 'ਚੋਂ ਕੱਢ ਕੇ ਲਾ ਦੇ...ਭੋਰਾ ਮਨ ਖੁਸ਼ ਹੋਜੂ ਮੇਰਾ।" ਪਿਤਾ ਦੀ ਕਹੀ ਮੰਨ ਕੇ ਗੀਤ ਪਲੇਅ ਕਰ ਦਿੰਦਾ ਤੇ ਮੋਬਾਈਲ ਉਸਦੇ ਸਿਰਹਾਂਦੀ ਧਰ ਕੇ ਪਰ੍ਹੇ  ਜਾ ਕੇ, ਲੁਕ ਕੇ ਜਿਹੇ ਅੱਖਾਂ ਪੂੰਝਣ ਲਗਦਾ ਸਾਂ। ਗੀਤ ਦੇ ਪਹਿਲੇ ਬੋਲ ਸੁਣਾਏ ਬਿਨਾਂ ਰਹਿ ਨਹੀਂ ਹੁੰਦਾ, ਸੁਣੋਂ ਜ਼ਰਾ:
          ਜਿਹੜੇ ਵੇਲੇ ਕਣਕਾਂ ਨੂੰ ਪਹਿਲਾ ਪਾਣੀ ਲਾਉਂਦੇ ਜੱਟ
          ਤੋਰੀਏ ਨੂੰ ਪੈਂਦੇ ਉਦੋਂ ਪੀਲੇ ਪੀਲੇ ਫੁੱਲ ਵੇ
          ਓਸ ਰੁੱਤੇ ਸੱਜਣ ਮਿਲਾਦੇ ਰੱਬਾ ਮੇਰਿਆ
          ਸਾਰੀ ਹੀ ਉਮਰ ਤੇਰਾ ਤਾਰੀਂ ਜਾਊਂ ਮੁੱਲ ਵੇ...
ਦਿਲ ਕਰਦੈ ਕਿ ਉਸ ਦੇ ਭੋਗ ਵਾਲੇ ਦਿਨ ਹੀ ਪਿੰਡ ਜਾ ਆਵਾਂ, ਉਸ ਦੇ ਤੁਰ ਜਾਣ ਮਗਰੋਂ ਹੀ ਉਲਾਂਭਾ ਲਾਹ ਆਵਾਂ ਪਰ ਨਹੀਂ ਜਾ ਸਕਾਂਗਾ ਤੇ ਨਹੀਂ ਲਾਹ ਸਕਾਂਗਾ ਉਸਦਾ ਉਲਾਂਭਾ। ਮਜਬੂਰੀ ਹੈ ਉਸ ਦਿਨ ਡਾਹਢੀ। ਬਸ ਇਹ ਗੀਤ ਉਸਦਾ ਵਾਰ-ਵਾਰ ਚੇਤੇ ਆ ਰਿਹਾ ਹੈ, ਮਨ ਬੇਹੱਦ ਉਦਾਸ ਹੈ, ਮੋਬਾਈਲ ਫੋਨ ਵਿਚੋਂ ਕੱਢ ਕੇ ਸੁਣ ਰਿਹਾ ਹਾਂ ਗੀਤ:
               ਤੇਰੇ ਬਾਝੋਂ ਸੱਜਣਾ ਵੇ ਦੱਸ ਕਿਵੇਂ ਹੱਸੀਏ
                ਪਿੰਡ ਲਿੱਦੜਾਂ 'ਚ ਦੱਸ ਵੇ ਕਿਵੇਂ ਵੱਸੀਏ
               ਦਿੰਦੇ ਵੱਸਣ ਨਾ ਪਰਗਟ ਗੈਰ ਵੇ
               ਹੁਣ ਵੱਸਿਆ ਨਹੀਂ ਜਾਂਦਾ
               ਸਾਨੂੰ ਹੱਸਕੇ ਹਸਾਉਣ ਵਾਲੇ ਤੁਰਗੇ
               ਹੁਣ ਹੱਸਿਆ ਨੀ ਜਾਂਦਾ.....

12 March 2019

ਮੇਰੀ ਡਾਇਰੀ ਦਾ ਪੰਨਾ : ਮਲੇਰਕੋਟਲਿਓਂ ਚੰਡੀਗੜ ਨੂੰ ਮੁੜਦਿਆਂ...! - ਨਿੰਦਰ ਘੁਗਿਆਣਵੀ

ਮਲੇਰਕੋਟਲਿਓਂ ਮੁੜ ਰਿਹਾਂ, ਮਨ ਉਦਾਸ ਹੈ ਤੇ ਨਹੀਂ ਵੀ, ਰਲੇ-ਮਿਲੇ ਜਿਹੇ ਭਾਵ ਤਾਰੀ ਹੋ ਰਹੇ ਨੇ! ਕੱਲ 23 ਫਰਵਰੀ (2019) ਨੂੰ ਡਾ. ਐੱਸ.ਤਰਸੇਮ ਡੀ.ਐਮ.ਸੀ ਲੁਧਿਆਣਾ ਵਿਖੇ ਚੱਲ ਵਸੇ। ਕੱਲ ਆਥਣੇ ਮਲੇਰਕੋਟਲੇ ਉਹਨਾਂ ਦਾ ਅੰਤਿਮ ਸੰਸਕਾਰ ਹੋਇਆ। ਕੱਲ ਮੇਰੇ ਵਾਸਤੇ ਚੰਡੀਗੜੋਂ ਪਹੁੰਚਣਾ ਔਖਾ ਸੀ। ਸੋ, ਅੱਜ ਸਵੇਰੇ ਸੈਕਟਰ ਸੋਲਾਂ ਕਲਾ ਭਵਨ ਵਿਚੋਂ ਊਬਰ (ਟੈਕਸੀ) ਬੁੱਕ ਕੀਤੀ ਤੇ ਮਲੇਰਕੋਟਲੇ ਨੂੰ ਚੱਲ ਪਿਆ। ਜਾਂਦਿਆਂ ਮਨ ਹੋਰ ਵੀ ਉਦਾਸ ਸੀ ਕਿ ਫੋਨ 'ਤੇ ਰੋਜ-ਰੋਜ ਦਿਨ ਵਿਚ ਕਈ ਕਈ ਵਾਰ ਗੱਲਾਂ ਕਰਨ ਵਾਲਾ ਅੰਕਲ ਤਰਸੇਮ਼ ਹੁਣ ਆਪਣੇ ਲਿਖਣ ਕਮਰੇ ਵਿਚ ਨਹੀਂ ਮਿਲੇਗਾ। ਜੇ ਕੁਛ ਮਿਲੇਗਾ ਤਾਂ ਉਸਦੀਆਂ ਕਿਤਾਬਾਂ, ਕੁਰਸੀ, ਕਲਮ, ਉਸਦਾ ਮੰਜਾ, ਮੈਮੋਟੋ, ਤੇ ਮਾਣ-ਪੱਤਰ ਹੀ ਮਿਲਣਗੇ, ਇਹੋ ਕੁਛ ਹੀ ਹੋਇਆ। ਜਦ ਉਹਨਾਂ ਦਾ ਵੱਡਾ ਪੁੱਤਰ ਕ੍ਰਾਂਤੀ ਉਹਨਾਂ ਦੇ ਕਮਰੇ ਵੱਲ ਲੈ ਤੁਰਿਆ ਤਾਂ ਖਾਲਮ-ਖਾਲੀ ਕਮਰਾ ਵੇਖ ਅੱਖਾਂ ਨਮ ਹੋ ਗਈਆਂ। ਐਸ ਤਰਸੇਮ ਦਾ ਕਮਰਾ ਸੁੰਨ ਨਾਲ ਭਰਿਆ ਪਿਆ ਸੀ। ਇਸ ਕਮਰੇ ਵਿਚ ਰਹਿਣ ਵਾਲਾ,ਲਿਖਣ                           ૶ਪੜ੍ਹਨ ਵਾਲਾ ਦਾਨਿਸ਼ਵਰ ਉਡਾਰੀ ਮਾਰ ਗਿਆ ਸੀ ਕਦੇ ਨਾ ਮੁਕਣ ਵਾਲੇ ਅਕਾਸ਼ ਵੱਲ...!
                                          """
2017 ਦੇ ਮਾਰਚ ਮਹੀਨੇ ਡਾ.ਐਸ.ਤਰਸੇਮ ਨੇ ਆਪਣੀ ਧਰਮ ਪਤਨੀ ਸਵ: ਸੁਦਰਸ਼ਨਾ ਦੇ ਨਾਂ 'ਤੇ ਮੈਨੂੰ ਇਕਵੰਜਾ ਸੌ ਦੀ ਰਾਸ਼ੀ ਵਾਲਾ ਪੁਰਸਕਾਰ ਦਿੱਤਾ ਸੀ। ਉਸ ਦਿਨ ਮਗਰੋਂ ਅੱਜ ਮਾਲਰੇਕੋਟਲੇ  ਆਇਆ ਹਾਂ, ਉਹ ਵੀ ਉਹਨਾਂ ਦੇ ਚਲਾਣੇ 'ਤੇ ਅਫਸੋਸ ਕਰਨ। ਹੁਣ ਸਬੱਬੀਂ ਗੇੜਾ ਕਦੋਂ ਵੱਜੇਗਾ  ਕਦੇ, ਕੋਈ ਪਤਾ ਨਹੀਂ। ਅੱਜ ਵੀ ਚੇਤੇ ਆ ਰਿਹੈ ਕਿ ਵੀਹ-ਬਾਈ ਵਰ੍ਹੇ ਪਹਿਲਾਂ ਦਾ ਸਮਾਂ ਸੀ। ਜਦ ਮਲੇਰਕੋਟਲੇ ਵੱਡੀ ਪੱਧਰ ਉਤੇ ਉਸਤਾਦ ਯਮਲਾ ਜੱਟ ਦੀ ਯਾਦ ਵਿੱਚ ਸਭਿਆਚਾਰਕ ਮੇਲਾ ਲੱਗਿਆ ਸੀ। ਹੁਣ ਅਮਰੀਕਾ ਜਾ ਵੱਸੀ ਭੈਣ ਆਸ਼ਾ ਸ਼ਰਮਾ ਮੰਚ ਸੰਚਾਲਨ ਕਰ ਰਹੀ ਸੀ ਤੇ ਮੇਰੀ ਨਵੀਂ ਛਪ ਕੇ ਆਈ ਕਿਤਾਬ 'ਅਮਰ ਆਵਾਜ਼' ਜੀਵਨੀ ਯਮਲਾ ਜੱਟ ਉਹਨਾਂ ਮੇਹਰ ਮਿੱਤਲ ਤੇ ਪੂਰਨ ਸ਼ਾਹਕੋਟੀ ਹੱਥੋਂ ਰਿਲੀਜ਼ ਕਰਵਾਈ ਸੀ। ਉਹਨਾਂ ਪਲਾਂ ਦੀ ਯਾਦਗਾਰੀ ਤਸਵੀਰ ਮੈਂ ਹਾਲੇ ਵੀ ਸਾਂਭ ਕੇ ਰੱਖੀ ਹੋਈ ਹੈ।
ਮਾਲੇਰਕੋਟਲੇ ਆਪਣੇ ਮਿੱਤਰ ਪੱਤਰਕਾਰ ਹੁਸ਼ਿਆਰ ਸਿੰਘ ਰਾਣੂੰ,ਗੁਲਜ਼ਾਰ ਸ਼ੌਕੀ ਤੇ ਪ੍ਰੋ ਸਲੀਮ ਮਹੁੰਮਦ ਬਿੰਜੋ ਕੀ ਨਾਲ ਕਈ ਵਾਰ ਸੰਗੀਤ ਅਚਾਰੀਆ ਉਸਤਾਦ ਜਨਾਬ ਬਾਕੁਰ ਹੁਸੈਨ ਖਾਂ  ਨੂੰ ਮਿਲਣ ਜਾਇਆ ਕਰਦਾ ਸਾਂ। ਇੱਕ ਵਾਰੀ ਅੱਧੀ ਰਾਤੀਂ ਕਾਰ ਵਿਚ ਚੰਡੀਗੜੋਂ ਮਲੇਰਕੋਟਲੇ ਜਾਂਦਿਆਂ ਪੂਰਨ ਸ਼ਾਹਕੋਟੀ ਖਹਿੜੇ ਪੈ ਗਿਆ ਕਿ ਆਪਣੇ ਉਸਤਾਦ ਜੀ ਦੇ ਦਰਸ਼ਨ ਕਰਨੇ ਨੇ। ਅੱਧੀ ਰਾਤੀਂ ਪੂਰਨ ਚੇਲੇ ਨੇ ਆਪਣੇ ਗੁਰੂ ਨੂੰ ਦਰਸ਼ਨ ਦੇਣ ਲਈ ਜਾ ਜਗਾਇਆ ਸੀ। ਫਿਰ ਮੈਂ ਵਾਰਤਕ ਦਾ ਇੱਕ ਟੁਕੜਾ ਲਿਖਿਆ ਸੀ, ਜੋ ਕਈ ਥਾਂਈ ਛਪਿਆ ਸੀ-'ਨਹੀਉਂ ਲੱਭਣੇ ਲਾਲ ਗੁਆਚੇ-ਮਿੱਟੀ ਨਾ ਫਰੋਲ ਜੋਗੀਆ।'
                                           """'
ਕਾਰ ਲਾਂਡਰਾ ਲੰਘ ਆਈ ਹੈ। ਸੋਚਾਂ ਦੇ ਸਮੁੰਦਰ ਵਿਚ  ਡੁੱਬਾ ਹੋਇਆ ਸਾਂ। ਫੋਨ ਦੀ ਘੰਟੀ ਵੱਜੀ। ਪਦਮ ਸ੍ਰੀ ਡਾ. ਸੁਰਜੀਤ ਪਾਤਰ ਜੀ ਪੁੱਛ ਰਹੇ ਨੇ ਕਿੱਥੇ ਕੁ ਪੁੱਜਾਂ ਏਂ? ਪਾਤਰ ਜੀ ਨੇ ਪੰਜਾਬ ਸਰਕਾਰ ਦੀ ਕਲਾ ਪਰਿਸ਼ਦ ਵੱਲੋਂ ਸ਼ੌਕ ਸੰਦੇਸ਼ ਘੱਲਿਆ ਸੀ ਐਸ ਤਰਸੇਮ ਦੇ ਪਰਿਵਾਰ ਲਈ, ਉਹ ਵੀ ਲਿਫਾਫਾ ਦੇ ਆਇਆ ਸਾਂ। ਪੱਥਰੀਲੇ ਸ਼ਹਿਰ ਵਿਚ ਪ੍ਰਵੇਸ਼ ਕਰ ਗਈ ਹੈ ਕਾਰ! ਖਦੇ ਕਦੇ ਲਗਦੈ ਕਿ ਮਨ ਪੱਥਰ ਜਿਹਾ ਹੋ ਗਿਆ ਹੈ ਇ ਸ ਸ਼ਹਿਰ ਵਿਚ ਆਣ ਕੇ! ਪਤਾ ਨ੍ਹੀਂ ਇਸ ਵਿਚ ਕਿੰਨਾ ਕੁ ਸੱਚ ਹੈ ਤੇ ਕਿੰਨੀ ਕੁ ਕਲਪਨਾ ਹੈ! ਸਮਝੋਂ ਬਾਹਰੀ ਬਾਤ ਹੈ!

27 Feb. 2019

ਡਾਇਰੀ ਦੇ ਪੰਨੇ : ਚੰਡੀਗੜੋਂ ਪਿੰਡ ਨੂੰ ਮੁੜਦਿਆਂ! - ਨਿੰਦਰ ਘੁਗਿਆਣਵੀ

21 ਜਨਵਰੀ, 2019 ਦੀ ਸਵੇਰ। ਸਾਢੇ ਛੇ ਵਜੇ ਹਨ। ਸੈਕਟਰ 16 ਵਿਚੋਂ ਨਿਕਲਦਾ ਹਾਂ। ਪੰਜਾਬ ਕਲਾ ਭਵਨ ਸੁੱਤਾ ਪਿਐ, ਸਣੇ ਚੌਕੀਦਾਰ ਤੇ ਫੁੱਲਾਂ ਦੇ ਗਮਲੇ ਵੀ। ਆਸ-ਪਾਸ ਦੇ ਰੁੱਖ ਵੀ ਤੇ ਡਾ. ਰੰਧਾਵੇ ਦਾ ਬੁੱਤ ਵੀ। ਥੋੜਾ-ਥੋੜਾ ਰੋਜ਼ ਗਾਰਡਨ ਜਾਗ ਪਿਆ ਹੈ। ਸੈਰ ਕਰਨ ਵਾਲਿਆਂ ਦੀ ਚਹਿਲ-ਪਹਿਲ ਹੋਣ ਲੱਗੀ ਹੈ। ਰੋਜ਼ ਗਾਰਡਨ ਵਿਚੋਂ ਦੀ ਲੰਘ ਕੇ ਮੁੱਖ ਮਾਰਗ 'ਤੇ ਪੁੱਜਾ ਹਾਂ ਆਟੋ ਲੈਣ ਵਾਸਤੇ। ਇਹ ਆਟੋ ਮੈਨੂੰ 17 ਦੇ ਬੱਸ ਅੱਡੇ ਲਾਹ ਦੇਵੇਗਾ ਦਸ ਰੁਪੱਈਆਂ ਵਿਚ। ਉਤੋਂ 43 ਦੇ ਅੱਡੇ ਨੂੰ ਜਾਣ ਵਾਲੀ ਬੱਸੇ ਬੈਠਦਾ ਹਾਂ, ਤੇ ਉਥੇ ਪਹੁੰਚ ਕੇ 39 ਨੰਬਰ ਕਾਊਂਟਰ 'ਤੇ ਖਲੋਤੀ ਮਿੰਨ੍ਹੀ ਜਹਾਜ਼ ਜਿਹੀ ਵੋਲਵੋ ਵੱਲ ਵਧਦਾ ਹਾਂ। ਇਹਨੇ ਫਿਰੋਜ਼ਪੁਰ ਜਾਣਾ ਹੈ! ਇਹ ਰਾਹ ਵਿਚ ਬਹੁਤਾ ਨਹੀਂ ਰੁਕਦੀ। ਲੁਧਿਆਣੇ  ਤੇ ਮੋਗੇ ਵੀ, ਅੱਡਿਆਂ ਦੇ ਬਾਹਰ-ਬਾਹਰ ਸਵਾਰੀ ਲਾਹੁੰਦੀ-ਚੜ੍ਹਾਉਂਦੀ ਹੈ। ਇਹ ਸੱਚਮੁਚ ਹੀ ਕਿਸੇ ਪਰੀ ਵਾਂਗਰਾਂ ਉਡਦੀ ਜਾਂਦੀ ਹੈ ਤੇ ਕਦੇ-ਕਦੇ ਸੱਪ ਵਾਂਗ ਮੇਲ੍ਹਦੀ ਲਗਦੀ ਹੈ ਤੇ ਕਦੇ  ਪੈਲਾਂ ਪਾਉਂਦੀ ਜਾਪਦੀ ਹੈ। ਝੂਟੇ(ਠੂੰਹਣੇ) ਖੂਬ ਦਿੰਦੀ ਹੈ। ਮੈਨੂੰ ਲੰਡਨ ਵਿਚ ਥਾਂਦੀ ਕੋਚ ਵਿਚ ਬਿਤਾਏ ਪਲ ਚੇਤੇ ਆ ਜਾਂਦੇ ਨੇ ਤੇ ਕਦੇ ਬਰਮਿੰਘਮ ਤੋਂ ਸਾਊਥਾਲ ਦਾ ਲੰਬਾ ਸਫਰ ਯਾਦ ਆਉਂਦਾ ਹੈ ਇਹਦੇ ਵਿਚ ਬੈਠ ਕੇ! ਇਹਦੇ ਵਿਚ ਵੰਨ-ਸੁਵੰਨੀਆਂ ਫਿਲਮਾਂ ਲਗਦੀਆਂ ਨੇ। ਮੁਸਾਫਿਰ ਵੀ ਰਲੇ-ਮਿਲੇ ਹਨ, ਕੋਈ ਪੇਂਡੂ ਹੈ, ਕੋਈ ਸ਼ਹਿਰੀ ਹੈ। ਕੋਈ ਹਫਤੇ ਮਗਰੋਂ ਚੰਡੀਗੜੋਂ ਗੇੜੀ ਲਾ ਕੇ ਮੁੜ ਰਿਹੈ ਤੇ ਕੋਈ ਮਾਲਵੇ ਖਿੱਤੇ ਵਿਚ ਕੰਮ 'ਤੇ ਚੱਲਿਆ ਹੈ।
ਫਿਰੋਜ਼ਪੁਰ ਤੀਕ ਦਾ ਲਗਭਗ ਪੰਜ ਘੰਟੇ ਦਾ ਰਸਤਾ ਕਦੇ ਅਖਬਾਰ ਪੜ੍ਹ ਕੇ, ਕਦੇ ਫਿਲਮ ਦੇਖ ਕੇ ਤੇ ਕਦੇ ਕਿਸੇ ਨਾਲ ਗੱਲਾਂ ਕਰਦਿਆਂ ਬੀਤ ਜਾਂਦਾ ਹੈ। ਫਿਰੋਜ਼ਪੁਰ ਅੱਡੇ ਵਿਚ ਉੱਤਰ੍ਹ ਕੇ ਮੁਕਤਸਰ ਜਾਣ ਵਾਲੀ ਮਿੰਨ੍ਹੀ (ਪਨ) ਬੱਸੇ ਚੜ੍ਹਦਾ ਹਾਂ। ਇਹ ਰਾਹ ਵਿਚ ਮੈਨੂੰ ਡੋਡ ਪਿੰਡ ਲਾਹੁੰਦੀ ਹੈ ਤੇ ਅੱਗੇ ਉਥੋਂ ਮੇਰੇ ਪਿੰਡ ਨੂੰ ਜਾਣ ਵਾਲੀ ਮਿੰਨ੍ਹੀ ਬੱਸ ਖੜ੍ਹੀ ਹੁਦੀ ਹੈ, ਜਿਵੇਂ ਉਹ ਮੈਨੂੰ ਹੀ ਉਡੀਕ ਰਹੀ ਹੋਵੇ!
                            """    """        """     """'
ਭੁੱਖਣ-ਭਾਣਾ ਹਾਂ। ਚੰਡੀਗੜੋਂ ਤਾਂ ਇਕੱਲੀ ਚਾਹ ਪੀ ਕੇ ਹੀ ਚੱਲਿਆ ਸੀ। ਰਾਹ ਵਿਚ ਵੀ ਕੁਝ ਖਾਣ ਨੂੰ ਦਿਲ ਨਹੀਂ ਕਰਦਾ। ਘਰ ਪਹੁੰਚਦੇ ਤੀਕ ਭੁੱਖ ਪੂਰੀ ਤਰਾਂ ਚਮਕ ਆਉਂਦੀ ਹੈ। ਚੁੱਲ੍ਹੇ ਅੱਗ ਡਾਹੁੰਦੀ ਮਾਂ ਆਖਦੀ ਹੈ, ''ਪਤਾ ਨੀ ਕਿੰਨੇ ਦਿਨਾਂ ਦਾ ਭੁੱਖਾ ਮੇਰਾ ਪੁੱਤ...ਰੱਜ ਕੇ ਰੋਟੀ ਖਾ ਲੈ...ਸੌ ਜਾ ਘੰਟਾ ਤੇ ਫੋਨ ਬੰਦ ਕਰਲੀਂ ਆਬਦਾ।" ਮਾਂ ਦੀਆਂ ਹਿਦਾਇਤਾਂ ਦੇ ਨਾਲ-ਨਾਲ ਰੋਟੀ ਖਾਈ ਜਾਂਦਾ ਹਾਂ।
ਆਥਣੇ ਗੁਰੂ ਘਰ ਭਾਈ ਜੀ ਬੋਲਿਐ। ਨੀਂਦ ਟੁੱਟੀ। ਤੇ ਹੁਣ ਟੋਰਾਂਟੋ ਰੇਡੀਓ 'ਪੰਜਾਬ ਦੀ ਗੂੰਜ' ਲਈ ਨਿੱਤ ਵਾਂਗ ਖਬਰਾਂ ਬਣਾਉਣ ਤੇ ਬੋਲਣ ਦੇ ਆਹਰੇ ਲੱਗ ਗਿਆ ਹਾਂ। ਗਰਮ ਪਾਣੀ ਦੀ ਕੇਤਲੀ ਰੱਖਣ ਆਈ ਮਾਂ ਕਹਿੰਦੀ ਹੈ, ''ਵੇ ਭਾਈ, ਦਿਮਾਗ ਨੂੰ ਭੋਰਾ ਅਰਾਮ ਦੇ ਲਿਆ ਕਰ ਵੇ...ਵਾਖਰੂ ਤੇਰਾ ਸ਼ੁਕਰ ਐ...।" ਮਾਂ ਦੀ ਗੱਲ ਅਣਸੁਣੀ ਕਰ  ਦਿੰਦਾ ਹਾਂ। ਅਗਲੇ ਦਿਨਾਂ ਦੇ ਰੁਝੇਵਿਆਂ ਤੇ ਚੰਡੀਗੜ ਮੁੜਨ ਦਾ ਫ਼ਿਕਰ ਮਨ 'ਤੇ ਭਾਰੀ ਪੈ ਰਿਹੈ। ਬਾਬਾ ਬਾਣੀ ਪੜ੍ਹ ਰਿਹਾ ਹੈ-
              ਸੈਲ ਪਥਰ ਮੇਂ ਜੰਤ ਉਪਾਏ ਤਾ ਕਾ ਰਿਜਕ ਆਗੇ ਕਰ ਧਰਿਆ
             ਮੇਰੇ ਮਾਧਉ ਜੀ ਸਤਿ ਸੰਗਤ ਮਿਲੇ ਸੋ ਤਰਿਆ॥
ਬਾਣੀ ਸੁਣਦਾ ਤੇ ਡਾਇਰੀ ਦੇ ਪੰਨੇ ਲਿਖਦਾ-ਲਿਖਦਾ ਆਪਣੇ ਮਹਾਨ ਗੁਰੂਆਂ ਦੀ ਨਿੱਘੀ-ਮਿੱਠੀ ਤੇ ਪਵਿੱਤਰ ਯਾਦ ਵਿਚ ਡੁੱਬ ਗਿਆ ਹਾਂ। ਇਹ ਅਣਮੁੱਲਾ ਤੇ ਅਲੌਕਿਕ ਹੈ, ਜੋ ਸਾਡੇ ਗੁਰੂ ਸਾਨੂੰ ਗੁਰਬਾਣੀ ਦਾ ਮਹਾਨ ਵਿਰਸਾ ਸਾਨੂੰ ਦੇ ਗਏ ਨੇ, ਕਿਆ ਬਾਤਾਂ ਨੇ! ਕਿੰਨਾ ਪਿਆਰਾ ਸਮਾਂ ਹੈ, ਜੋ ਮੈਨੂੰ ਬਾਣੀ ਪੜ੍ਹਦਿਆਂ,ਸੁਣਦਿਆਂ ਤੇ ਇਹਦੇ ਅਰਥ ਕਰਦਿਆਂ ਡੂੰਘੇ ਸਕੂਨ ਵਿਚ ਲੈ ਜਾਂਦਾ ਹੈ।

ਡਾਇਰੀ ਦਾ ਪੰਨਾ : ਰੰਧਾਵਾ ਉਤਸਵ ਦੇ ਅੰਗ ਸੰਗ - ਨਿੰਦਰ ਘੁਗਿਆਣਵੀ

ਡਾ ਐਮ.ਐਸ.ਰੰਧਾਵਾ ਜੀ ਨੂੰ ਕਦੇ ਨਾ ਦੇਖਿਆ ਤੇ ਨਾ ਮਿਲਿਆ ਸਾਂ ਪਰ ਹਮੇਸ਼ਾ ਇਉਂ ਲੱਗਿਆ ਹੈ ਕਿ ਉਹਨਾਂ ਨੂੰ ਜਿਵੇਂ ਰੋਜ਼ ਨੇੜੇ ਤੋਂ ਦੇਖਦਾ ਤੇ ਮਿਲਦਾ ਰਿਹਾ ਹਾਂ। ਦੇਰ ਪਹਿਲਾਂ ਉਹਨਾਂ ਦੈ ਸਵੈ-ਜੀਵਨੀ 'ਮੇਰੀ ਆਪ ਬੀਤੀ' ਕਹਾਣੀ' ਸੀ ਤੇ ਉਦੋਂ ਕਦੇ ਇਹ ਵੀ ਨਾ ਸੀ ਸੋਚਿਆ ਕਿ ਇੱਕ ਦਿਨ ਇਸੇ ਰੰਧਾਵਾ ਸਾਹਿਬ ਦੀ ਚੰਡੀਗੜ ਸੈਕਟਰ ਸੋਲਾਂ ਰੋਜ਼ ਗਾਰਡਨ ਦੀ ਵੱਖੀ ਵਿਚ ਸਥਾਪਿਤ ਕੀਤੀ ਹੋਈ ਸੰਸਥਾ ਪੰਜਾਬ ਕਲਾ ਪਰਿਸ਼ਦ ਵਿਚ ਕੰਮ ਕਰਨ ਦਾ ਮੌਕਾ ਵੀ ਮਿਲੇਗਾ। ਇਸ ਸਾਲ ਦੇ ਮਾਰਚ ਵਿਚ ਇਸ ਟਿਕਾਣੇ 'ਤੇ ਕੰਮ ਕਰਦਿਆਂ ਸਾਲ ਹੋ ਜਾਏਗਾ। ਵੰਨ-ਸੁਵੰਨੇ ਦਿਨ ਦੇਖੇ ਹਨ ਤੇ ਇਸ ਵੱਕਾਰੀ ਤੇ ਸਰਕਾਰੀ ਸ੍ਰਪਰਸਤੀ ਵਾਲੀ ਸੰਸਥਾ ਵਿਚ ਕਲਾ, ਸਾਹਿਤ, ਸਭਿਆਚਾਰ ਦੇ ਅਣਗਿਣਤ ਸਿਤਾਰਿਆਂ ਦੀ ਚਮਕ-ਦਮਕ ਦੇਖੀ ਹੈ ਤੇ ਦੇਖ ਰਿਹਾ ਹਾਂ।
ਡਾ ਐਮ ਐਸ ਰੰਧਾਵਾ ਜੀ ਦੀ ਯਾਦ ਵਿਚ ਹਰ ਸਾਲ ਹੋਣ ਵਾਲਾ ਕਲਾ ਉਤਸਵ ਜੋ ਦੋ ਫਰਵਰੀ ਤੋਂ ਉਹਨਾਂ ਦੇ ਜਨਮ ਦਿਨ ਮੌਕੇ ਅਰੰਭ ਹੁੰਦਾ ਹੈ, ਤੇ ਸਾਰਾ ਹਫਤਾ ਰੋਜ਼ ਗਾਰਡਨ ਦੇ ਨਾਲ ਕਲਾ ਦਾ ਸਮੁੰਦਰ ਠਾਠਾਂ ਮਰਦਾ ਹੈ,ਇਸ ਵਾਰੀ ਇਸ ਕਲਾ ਮੇਲੇ ਦਾ ਪ੍ਰਬੰਧਕੀ ਹਿੱਸੇਦਾਰ ਬਣਨ ਦਾ ਸੁਭਾਗ ਵੀ ਮਿਲਿਆ ਹੈ ਨਿਮਾਣੇ ਸੇਵਕ ਵਜੋਂ। ਇਸੇ ਦਿਨ ਆਥਣੇ ਰੰਧਾਵਾ ਜੀ ਦੇ ਸਪੁੱਤਰ ਜਤਿੰਦਰ ਸਿੰਘ ਰੰਧਾਵਾ ਤੇ ਪੋਤੇ ਸਤਿੰਦਰ ਰੰਧਾਵਾ ਦੇ ਦੀਦਾਰ ਕਰ ਕੇ ਲੱਗਿਆ ਕਿ ਜਿਵੇਂ ਰੰਧਾਵਾ ਜੀ ਨੂੰ ਵੀ ਮਿਲ ਲਿਆ ਹੋਵੇ! ਰੰਧਾਵਾ ਜੀ ਦੇ ਪੁੱਤ-ਪੋਤੇ ਸੱਚੇ ਦਿਲੋਂ ਪ੍ਰਸੰਨ ਹੋ ਰਹੇ ਸਨ ਕਲਾ ਭਵਨ ਦੀ ਰੌਣਕ ਤੇ ਵੰਨ-ਸੁਵੰਨੇੜੇ ਰੰਗਾਂ ਵਿਚ ਰੰਗਿਆ ਦੇਖ ਕਿ ਉਹਨਾਂ ਦੇ ਪੂਰਵਜ ਦੀ ਕਰਨੀ ਕਿੰਨੀ ਚੰਗੀ ਤਰਾਂ ਨਿੱਖਰ ਕੇ ਸਾਹਮਣੇ ਆਈ ਹੈ। ਰੰਧਾਵਾ ਜੀ ਯਾਦਗਾਰੀ ਤਸਵੀਰਾਂ ਦੇ ਰੁਪ ਵਿਚ ਵੱਡੇ ਵੱਡੇ ਫਲੈਕਸਾਂ 'ਤੇ ਮੁਸਕਰਾ ਰਹੇ ਸਨ। ਇੱਕ ਤਸਵੀਰ ਵਿਚ ਰੰਧਾਵਾ ਜੀ ਨਾਲ ਬੈਠਾ ਬਲਵੰਤ ਗਾਰਗੀ ਨਿੱਘ ਮਹਿਸੂਸ ਕਰ ਰਿਹਾ ਸੀ ਤੇ ਇੱਕ ਪਾਸੇ ਸ਼ਿਵ ਕੁਮਾਰ ਬਟਾਲਵੀ ਦੀ ਰੰਧਾਵਾ ਜੀ ਬਾਰੇ ਲਿਖੀ ਕਵਿਤਾ ਸ਼ੰਗਾਰ ਬਣੀ ਹੋਈ ਸੀ। 
ਪੰਜਾਬ ਦੀਆਂ ਮਾਣਮੱਤੀਆਂ ਹਸਤੀਆਂ ਨੂੰ 'ਗੌਰਵ ਪੰਜਾਬ ਪੁਰਸਕਾਰ' ਭੇਟ ਕਰਨ ਮੌਕੇ ਸਟੇਜ ਉਤੇ ਲੱਗੀ ਡਿਊਟੀ ਸਮੇਂ ਹੱਥ-ਪੜੱਥੀ ਵਿਚ ਮਾਣ ਮਹਿਸੂਸ ਹੋਇਆ। ਸੱਤ ਫਰਵਰੀ ਦੀ ਸ਼ਾਮ ਇਹ ਉਤਸਵ ਸਮਾਪਤ ਹੋਇਆ ਆਪਣੇ ਰੰਗ ਬਿਖੇਰਦਾ। ਇੱਕ ਗੱਲ ਜੋ ਚੁਭਦੀ ਰਹਿੰਦੀ ਹੈ ਕਿ ਚੰਡੀਗੜੀਏ ਪੰਜਾਬੀ ਇਸ ਮਾਣਮੱਤੀ ਸੰਸਥਾ ਦੇ ਸਮਾਗਮਾਂ ਦੀ ਰੌਣਕ ਦਾ ਲਾਭ ਉਠਾਉਣ ਤੋਂ ਅਵੇਸਲੇ ਨਜ਼ਰ ਆਉਂਦੇ ਨੇ।  ਇਹ ਸੰਸਥਾ ਪੰਜਾਬੀ ਕਲਾਵਾਂ, ਸਾਹਿਤ ਤੇ ਸਭਿਆਚਾਰ ਦੇ ਵਿਕਾਸ ਖਾਤਰ ਰੰਧਾਵਾ ਜੀ ਨੇ ਸਰਕਾਰ ਦੀ ਸਰਪ੍ਰਸਤੀ ਹੇਠ ਸਥਾਪਿਤ ਕਰ ਕੇ ਪੰਜਾਬੀਆਂ ਨੂੰ ਸੌਂਪੀ ਸੀ। ਰੰਧਾਵਾ ਜੀ ਤੋਂ ਬਿਨਾਂ ਪੰਜਾਬ ਦੀਆਂ ਨਾਮੀਂ ਹਸਤੀਆਂ ਇਸ ਸੰਸਥਾ ਦੇ ਚੇਅਰਮੈਨ ਰਹੀਆਂ ਹਨ, ਜਿੰਨ੍ਹਾਂ ਵਿਚ ਕਰਤਾਰ ਸਿੰਘ ਦੁੱਗਲ ਦਾ ਨਾਂ ਵੀ ਸ਼ਾ਼ਮਿਲ ਹੈ ਤੇ ਅਜਕਲ ਡਾ ਸੁਰਜੀਤ ਪਾਤਰ ਜੀ ਚੇਅਰਮੈਨ ਹਨ। ਗੌਰਵ ਪੰਜਾਬ ਹਾਸਿਲ ਕਰਨ ਆਈ ਡਾ ਦ਼ਲੀਪ ਕੋਰ ਟਿਵਾਣਾ ਆਪਣੇ ਭਾਸ਼ਣ ਵਿਚ ਰੰਧਾਵਾ ਜੀ ਨੂੰ ਹੁੱਭ ਕੇ ਚੇਤੇ ਕਰ ਰਹੀ ਸੀ ਤੇ ਸ੍ਰੌਤੇ ਸਾਹ ਰੋਕ ਕੇ ਸੁਣ ਰਹੇ ਸਨ। ਇਹ ਪਲ ਮੈਨੂੰ ਪਿਆਰੇ ਪਿਆਰੇ ਲੱਗੇ ਤੇ ਯਾਦਗਾਰੀ ਵੀ।
ਕਲਾ ਭਵਨ ਦੇ ਪੱਕੇ ਵਿਹੜੇ ਵਿਚ ਮੰਜੇ ਜੋੜ ਕੇ ਉਹਨਾਂ ਉਤੇ ਸਪੀਕਰ ਬੰਨ੍ਹੇ ਜਾਂਦੇ ਹਨ ਤੇ ਕਾਲੇ ਤਵਿਆਂ ਵਿਚੋਂ ਗੀਤ ਗੂੰਜਦੇ ਨੇ-ਪਹਿਲੇ ਦਿਨ ਦੀ ਸਵੇਰ ਉਸਤਾਦ ਯਮਲੇ ਜੱਟ ਦਾ ਤਵਾ ਗੂੰਜਿਆਂ-'ਸਤਿਗੁਰ ਨਾਨਕ ਤੇਰੀ ਲੀਲਾ ਨਿਆਰੀ ਏ'-ਤਾਂ ਲੱਗਿਆ ਕਿ ਜਿਵੇਂ ਪਿੰਡ ਵਿਚ ਕਿਸੇ ਮੁੰਡੇ ਦੇ ਮੰਗਣੇ ਉਤੇ ਗੀਤ ਵੱਜ ਰਿਹਾ ਹੈ। ਨਾਭੇ ਕੋਲੋਂ ਪਿੰਡ ਲੁਬਾਣੇ  ਤੋਂ ਤਵਿਆਂ ਦੀ ਸੰਭਾਲ ਕਰਨ ਵਾਲਾ ਭੀਮ ਸਿੰਘ ਹਰ ਸਾਲ ਤਵੇ ਗੂੰਜਾਉਣ ਆਉਂਦਾ ਹੈ। ਕਿਧਰੇ ਨੁੱਕੜ ਨਾਟਕ ਖੇਡ੍ਹਿਆ ਜਾ ਰਿਹਾ ਸੀ। ਕਿਧਰੇ ਕਵੀ ਦਰਬਾਰ ਵਿਚ ਕਵੀਆਂ ਦੇ ਤਰਾਨੇ ਗੂੰਜ ਰਹੇ ਸਨ। ਕਿਧਰੇ ਵੰਨ-ਸੁਵੰਂਨੀਆਂ ਨੁਮਾਇਸ਼ਾਂ ਲੱਗੀਆਂ ਹੋਈਆਂ। ਰੰਗ-ਬਿਰੰਗੇ ਝੰਡੇ ਝੂਲ ਰਹੇ ਸਨ ਤੇ ਕਿਧਰੇ ਸੂਫ਼ੀਆਨਾ ਕਲਾਮ ਗਾ ਰਿਹਾ ਸੀ ਰੱਬੀ ਸ਼ੇਰਗਿਲ। ਮਲਵੱਈ ਗਿੱਧਾ ਪਾ ਰਹੇ ਸਨ ਚੱਠੇ ਸੇਖਵਾਂ ਵਾਲੇ ਗੱਭਰੂ। ਦਿੱਲੀਓਂ ਆਏ ਡਾ ਮਦਨ ਗੋਪਾਲ ਦੀ ਗਾਇਕੀ ਨੇ ਸ੍ਰੋਤੇ ਮੋਹ ਲਏ। ਨਵੀਂ ਪੀੜ੍ਹੀ ਦੇ ਕਲਾਕਾਰ ਮਿਆਰੀ ਗਾਇਕੀ ਗਾ  ਰਹੇ ਤੇ ਇਸ ਬਾਰੇ ਗੱਲਾਂਬਾਤਾਂ ਵੀ ਕਰ ਰਹੇ ਸਨ। ਚੇਅਰਮੈਨ ਡਾ ਪਾਤਰ ਤੇ ਸਕੱਤਰ ਜਨਰਲ ਡਾ ਲਖਵਿੰਦਰ ਜੌਹਲ ਦੀ ਦੇਖ ਰੇਖ ਹੇਠ ਸਫਲਤਾ ਨਾਲ ਨੇਪਰੇ ਚੜ੍ਹੇ ਰੰਧਾਵਾ ਕਲਾ ਉਤਸਵ ਦੀਆਂ ਰੋਣਕਾਂ ਚਿਰ ਤੀਕ ਮਨ ਦੇ ਕੋਨਾਂ ਮੱਲੀ ਰੱਖਣਗੀਆਂ।

06 Feb. 2019

ਉਦਾਸ ਡਾਇਰੀ ਦਾ ਪੰਨਾ - ਨਿੰਦਰ ਘੁਗਿਆਣਵੀ

ਸਾਥ ਛੱਡ ਗਿਆ ਸਾਥੀ

17 ਜਨਵਰੀ 2019 ਦੀ ਰਾਤ। ਲੰਡਨ ਤੋਂ ਲੇਖਕ ਗੁਰਪਾਲ ਸਿੰਘ ਦੀ ਵੈਟਸ-ਐਪ ਕਾਲ  ਆ ਰਹੀ। ਹਾਲੇ ਕੱਲ ਹੀ ਉਸਦਾ ਭਾਣਜਾ ਉਸਦੀਆਂ ਕਿਤਾਬਾਂ ਦੇ ਕੇ  ਗਿਐ, ਹਾਂ...ਕਿਤਾਬਾਂ ਦੀ ਪਹੁੰਚ ਬਾਬਤ ਪੁੱਛਦਾ ਹੋਵੇਗਾ, ਇਹ ਸੋਚ ਕੇ "ਹੈਲੋ..." ਕਹਿੰਦਾ ਹਾਂ।
"ਮਾੜੀ ਖਬਰ ਐ, ਸਾਥੀ ਤੁਰ ਗਿਆ ਲੁਧਿਆਣਵੀ...।" ਉਹ ਦਸਦਾ ਹੈ।
"ਅੱਛਾ, ਮਾੜੀ ਹੋਈ ਬਹੁਤ, ਕਦੋਂ...?"
"ਅੱਜ ਹੀ, ਹਸਪਤਾਲ ਸੀ, ਕੈਂਸਰ ਨੇ ਢਾਹ ਲਿਆ ਸੀ, ਕਾਫੀ ਢਿੱਲਾ ਸੀ।"
 ਸਾਥੀ ਲੁਧਿਆਣਵੀ ਦੇ ਤੁਰ ਜਾਣ ਦੀ ਗੁਰਪਾਲ ਤੋਂ ਸੁਣੀਂ ਖਬਰ ਉਦਾਸ ਕਰ ਗਈ ਹੈ। ਉਸ ਨਾਲ ਆਪਣੀਆਂ ਵਲੈਤ ਫੇਰੀਆਂ ਸਮੇਂ ਹੋਈਆਂ ਮੁਲਾਕਾਤਾਂ ਚੇਤੇ ਆਣ ਲੱਗੀਆਂ, ਪਹਿਲਾਂ 2005ਬਤੇ ਫਿਰ 2010 ਵਿਚ।   ਦੁਨੀਆਂ ਦੇ ਕਿਸੇ ਕੋਨੇ ਵਿਚੋਂ ਕੋਈ ਅਦੀਬ, ਫ਼ਨਕਾਰ ਜਾਂ ਕਲਮਕਾਰ ਵਲੈਤ ਜਾਂਦਾ ਤਾਂ ਸਾਥੀ ਤੋਂ ਚਾਅ ਨਾ ਚੁਕਿਆ ਜਾਂਦਾ। ਉਹ ਹਰੇਕ ਨੂੰ ਹੁੱਭ੍ਹ ਕੇ ਮਿਲਦਾ ਹੁੰਦਾ। ਆਪਣੇ ਰੇਡੀਓ ਸਨਰਾਈਜ਼ ਵਿਚ ਮੁਲਾਕਾਤ ਰਿਕਾਰਡ ਕਰਦਾ। ਸਮਾਗਮਾਂ 'ਤੇ ਪਹੁੰਚਦਾ ਤੇ ਹਰ ਤਾਂ ਬੋਲਦਾ ਤੇ ਬਹੁਤੀ ਵਾਰ ਸਟੇਜ ਸਕੱਤਰੀ ਵੀ ਸੰਭਾਲਦਾ ਦੇਖਿਆ ਸੀ।
ਪਿਛਲੇ ਦਿਨਾਂ ਵਿਚ ਉਸ ਨਾਲ ਫੋਨ, ਈਮੇਲ ਤੇ ਵੈਟਸ-ਐਪ 'ਤੇ ਹੁੰਦੀ ਗੱਲਬਾਤ ਵੀ। ਮਹੀਨਾ ਪਹਿਲਾਂ ਤਾਂ ਉਸਨੇ ਆਪਣੀ ਇੱਕ ਰਚਨਾ ਈਮੇਲ ਕੀਤੀ ਸੀ, "ਸਲੌਹ 'ਚ ਨੁਸਰਤ ਫਤਹਿ ਅਲੀ ਖਾਂ ਦੀ ਫੇਰੀ।" ਹੱਥ ਲਿਖਤ, ਸਕੈਨ ਕਰ ਕੇ ਈਮੇਲ ਕੀਤੀ ਹੋਈ। ਗੱਲੀਂ-ਗੱਲੀਂ ਉਸ ਆਪਣੇ ਕੈਂਸਰ ਦੀ ਸੂਹ ਤੱਕ ਨਹੀਂ ਸੀ ਲੱਗਣ ਦਿੱਤੀ। ਜਦ ਇਹ ਗੱਲ ਗੁਰਪਾਲ ਸਿਮਘ ਨੂੰ ਦੱਸੀ, ਤਾਂ ਉਸ ਪ੍ਰੋੜਤਾ ਕੀਤੀ ਕਿ ਹਾਂ, ਸਾਥੀ ਕਿਸੇ ਨੂੰ ਦਸਦਾ ਨਹੀਂ ਸੀ, ਬਸ ਨੇੜਲਿਆਂ ਨੂੰ ਹੀ ਪਤਾ ਸੀ, ਸਾਥੀ ਕਹਿੰਦਾ ਸੀ ਕਿ ਬਿਮਾਰੀ ਨੇ ਤਾਂ ਢਾਹੁੰਣਾ ਹੀ ਢਾਹੁੰਣਾ ਐ ਸਗੋਂ ਪੁੱਛਣ-ਦੱਸਣ ਵਾਲੇ ਪੁੱਛ ਪੁੱਛ ਕੇ ਹੌਸਲਾ ਢਾਅ ਦਿੰਦੇ ਐ,।
ਪਿਛਲੇ  ਸਾਲ ਫੋਨ 'ਤੇ ਹੋਈਆਂ ਗੱਲਾਂ ਵਿਚ ਉਸ ਨੇ ਵਾਰ-ਵਾਰ ਕਿਹਾ ਸੀ ਕਿ ਉਸਦਾ ਨਵਾਂ ਛਪਿਆ ਨਾਵਲ 'ਸਾਹਿਲ' ਨਵਯੁਗ ਪਬਲਿਸ਼ਰਜ਼ ਦਿੱਲੀ ਵਾਲੇ ਦਸ ਕਾਪੀਆਂ ਕੋਰੀਅਰ ਕਰ  ਰਹੇ ਨੇ, ਇਸ ਨੂੰ ਭਾਸ਼ਾ ਵਿਭਾਗ ਵਿਚ ਇਨਾਮ ਵਾਸਤੇ ਰਿਕਮੈਂਡ ਕਰ ਦਿਓ।" ਮੈਂ ਦੱਸਿਆ ਕਿ ਲੇਖਕ ਵੱਲੋਂ ਇੱਕ ਪ੍ਰੋਫਾਰਮਾ ਵੀ ਨਾਲ ਭਰ ਕੇ ਭੇਜਣਾ ਪੈਂਦਾ ਹੈ, ਉਹ ਮਹਿਕਮੇ ਵਾਲੇ ਹੀ ਦਿੰਦੇ ਨੇ, ਉਸ ਕਿਹਾ ਕਿ ਮੈਂ ਕਿੱਥੋਂ ਲੱਭਾਂਗਾ ਪਰੋਫਾਰਮੇ? ਤੁਸੀਂ ਬਿਨਾਂ ਪਰੋਫਾਰਮੇ ਦੇ ਭੇਜ ਦੇਣਾ, ਜੇ ਚੰਗਾ ਲੱਿਗਆ ਤਾਂ ਇਨਾਮ ਮਿਲਜੂ, ਨਹੀਂ ਅੱਲਾ ਅੱਲਾ ਖੈਰ ਸੱਲਾ...ਵੈਸੇ ਮੈਨੂੰ ਮੇਨ ਇਨਾਮ ਪਰਵਾਸੀ ਸਾਹਿਤਕਾਰ ਵਾਲਾ ਤਾਂ ਮਿਲ ਈ ਚੁਕੈ...ਏਹ ਇਨਾਮ ਤਾਂ ਛੋਟਾ ਐ ਉਸਤੋਂ...।" ਉਹ ਨੌਬਰ-ਨੌਂ ਚੌਬਰ  ਵਾਂਗਰ ਹੱਸਿਆ ਤੇ "ਚੰਗਾ ਫੇ ਗੱਲ ਕਰਦੇ ਆਂ, ਓਕੇ ਬਾਏ ਬਾਏ" ਆਖ ਵੈਟਸ ਐਪ ਕਾਲ ਕੱਟ ਦਿੱਤੀ।
ਸਾਥੀ ਲੁਧਿਆਣਵੀ ਦੀ ਵਾਰਤਕ ਕਿਤਾਬ 'ਸਮੁੰਦਰੋਂ ਪਾਰ' ਦਿੱਲੀ ਵਿਸ਼ਵ ਪੁਸਤਕ ਮੇਲੇ ਤੋਂ ਕਈ ਸਾਲ ਪਹਿਲਾਂ ਖਰੀਦੀ ਸੀ ਤੇ ਵਲੈਤ ਦੁਆਲੇ ਘੁੰਮਦੀ ਉਸਦੀ ਵਾਰਤਕ ਦੇ ਨਮੂਨੇ ਦਿਲਚਸਪ ਸਨ। ਇਸੇ ਕਿਤਾਬ ਵਿਚੋਂ ਇੱਕ ਵੰਨਗੀ ਆਪਣੀ ਸੰਪਾਦਿਤ ਕਿਤਾਬ 'ਚੋਣਵੀਂ ਪੰਜਾਬੀ ਬਰਤਾਨਵੀਂ ਵਾਰਤਕ' ਲਈ ਵਰਤਣੀ ਚਾਹੁੰਦਾ ਸਾਂ ਪਰ ਸਾਥੀ ਨਵੀਂ ਰਚਨਾ ਦੇਣੀ ਚਾਹੁੰਦਾ ਸੀ। ਉਸਨੇ ਕਹਾਣੀ 'ਖਾਲੀ ਅੱਖਾਂ' ਭੇਜੀ। ਮੈਂ ਲੇਖ ਮੰਗ ਰਿਹਾ ਸਾਂ। ਫਿਰ ਕਈ ਦਿਨ ਕੋਈ ਜੁਆਬ ਨਾ ਆਇਆ। ਵਾਰ ਵਾਰ ਸੁਨੇਹੇ ਲਾਏ। ਗੁਰਪਾਲ ਸਿੰਘ ਦਾ ਫੋਨ ਆਇਆ ਤੇ ਉਸ ਦੱਸਿਆ ਕਿ ਉਹ ਚੈਕਅੱਪ ਲਈ ਹਸਪਤਾਲ ਗਿਆ ਹੋਇਆ ਸੀ, ਹੁਣ ਘਰ ਆ ਗਿਆ ਹੈ। ਨੁਸਰਤ ਫਤਹਿ ਖਾਂ ਬਾਰੇ ਲਿਖੀ ਹੱਥ ਲਿਖਤ ਦੇ 5 ਪੰਨੇ ਪੁੱਜ ਗਏ ਤੇ ਨਾਲ ਹੀ ਉਸ ਨੇ ਆਪਣੀ ਵਾਰਤਕ ਪੁਸਤਕ 'ਨਿੱਘੇ ਮਿੱਤਰ' ਦੀ ਪੀ.ਡੀ.ਐਫ ਭੇਜੀ ਹੋਈ ਸੀ ਤੇ ਪੜ੍ਹ ਕੇ ਸੁਝਾਵ ਲਿਖਣ ਲਈ ਵੀ ਕਿਹਾ ਹੋਇਆ ਸੀ।
ਸਾਥੀ ਹਾਸੇ-ਹਾਸੇ ਕਿਹਾ ਕਰਦਾ ਸੀ, ''ਮੈਂ ਲੁਧਿਆਣਵੀ ਤੇ ਤੂੰ ਘੁਗਿਆਣਵੀ...।" ਸਾਥੀ ਦੇ ਸਾਥ ਛੱਡਣ ਨਾਲ ਬਰਤਾਨੀਆਂ ਦੀਆਂ ਸਾਹਿਤਕ ਮਹਿਫਿਲਾਂ ਵਿਚ ਉਦਾਸੀ ਛਾਅ ਗਈ ਹੈ। ਭਾਰਤ ਬੈਠੇ ਉਹਦੇ ਮਿੱਤਰ ਵੀ ੳਦਾਸ ਹਨ। 'ਉਦਾਸ ਡਾਇਰੀ ਦਾ ਪੰਨਾ' ਲਿਖਦਿਆਂ ਮੈਂ ਵੀ ਉਦਾਸ ਹਾਂ।

-94174-21700
23 Jan. 2019

ਮਾਘੀ ਮੇਲੇ ਦੇ ਰੰਗ ਸਿਆਸਤ - ਨਿੰਦਰ ਘੁਗਿਆਣਵੀ

ਕੱਲ ਮਾਘੀ ਸੀ। ਪਰ ਇਸ ਵਾਰ ਮਾਘੀ ਦਾ ਸਿਆਸੀ ਰੰਗ ਫਿੱਕਾ ਫਿੱਕਾ ਰਿਹੈ। ਸਿਰਫ਼ ਅਕਾਲੀਆਂ ਨੇ ਸਟੇਜ ਲਾਈ। ਕੈਪਟਨ ਨੇ ਤਾਂ ਪਹਿਲਾਂ ਹੀ ਆਖ ਦਿੱਤਾ ਸੀ ਕਿ ਮਾਘੀ ਦੇ ਇਸ ਪਵਿੱਤਰ ਦਿਨ ਉਤੇ ਕਾਂਗਰਸ ਸਿਆਸੀ ਅਖਾੜਾ ਨਹੀਂ ਮਘਾਉਣਾ ਚਾਹੁੰਦੀ। ਪਰ ਬਾਦਲ ਨਹੀਂ ਟਲੇ! ਤਾਹਨੇ-ਮਿਹਣਿਆਂ ਦੇ ਰਾਗ ਤੇ ਡਫਲ਼ੀਆਂ ਖੂਬ ਗੂੰਜਾ ਗਏ। ਮਾਘੀ ਮੇਲੇ ਦਾ ਪਹਿਲਾ ਦਿਨ ਨੇਤਾਵਾਂ ਦੇ ਨਾਂ ਹੁੰਦੈ ਤੇ ਬਾਕੀ ਦਾ ਲਗਭਗ ਇੱਕ ਹਫ਼ਤਾ ਲੋਕਾਂ ਦੇ ਨਾਂ ਰਹਿੰਦੈ। ਇਹ ਮਾਘੀ ਮੇਲਾ ਕਈ ਦਿਨ ਮਘਦਾ ਰਹਿੰਦਾ ਹੈ! ਇਹਨਾਂ ਮਗਰਲੇ ਦਿਨਾਂ ਵਿੱਚ ਨਿਹੰਗ-ਸਿੰਘਾਂ ਦੇ ਗਤਕੇ ਦੇਖਣ ਨੂੰ ਮਿਲਦੇ ਨੇ, ਬਾਜ਼ੀਆਂ ਪੈਂਦੀਆਂ ਨੇ ਤੇ ਚੰਡੋਲਾਂ ਝੂਟਦੀਆਂ ਹਨ। ਲੱਖਾਂ ਰੁਪਏ ਦੇ ਘੋੜੇ-ਘੋੜੀਆਂ ਦੀਆਂ ਨੁਮਾਇਸ਼ਾਂ ਲਗਦੀਆਂ ਨੇ। ਡਾਂਗਾਂ ਤੇ ਖੂੰਡਿਆਂ ਦੀਆਂ ਦੁਕਾਨਾਂ ਕਈ-ਕਈ ਦਿਨ ਖੁੱਲ੍ਹੀਆਂ ਰਹਿੰਦੀਆਂ ਨੇ। ਪਿੰਡਾਂ ਤੋਂ ਟਰਾਲੀਆਂ ਭਰ-ਭਰ ਆਏ ਵੰਨ-ਸੁਵੰਨੇ ਭੋਜਨ-ਭੰਡਾਰੇ ਛਕਦੀਆਂ ਸੰਗਤਾਂ 'ਬੋਲੋ ਸੋ ਨਿਹਾਲ' ਦੇ ਜੈਕਾਰੇ ਗੁੰਜਾਉਂਦੀਆਂ ਦੂਰ ਤੱਕ ਸੁਣੀਂਦੀਆਂ ਹਨ।
ਅਕਸਰ ਦੇਖਦਾ ਰਿਹਾ ਹਾਂ ਕਿ ਸਿਆਣੇ ਲੋਕ ਤਾਂ ਸਿਆਣੇ ਨੇਤਾਵਾਂ ਦੇ ਭਾਸ਼ਣ ਸੁਣਕੇ ਸੁੱਖ ਸ਼ਾਂਤੀ ਨਾਲ ਘਰਾਂ ਨੂੰ ਪਰਤ ਆਉਂਦੇ ਨੇੴ ਵੱਖ-ਵੱਖ ਪਾਰਟੀਆਂ ਦੇ ਹੇਠਲੇ ਦਰਜੇ ਦੇ ਵਰਕਰ ਤੇ ਆਮ ਲੋਕ ਭਾਸ਼ਣ ਸੁਣਨ ਮਗਰੋਂ ਰਾਹ ਵਿੱਚ ਪੈਂਦੇ ਸ਼ਰਾਬ ਦੇ ਠੇਕਿਆਂ ਉੱਤੇ ਖੜ੍ਹ ਗਏ ਕਿ ਘੁਟ-ਘੁਟ ਹਾੜਾ ਲਾਉਂਦੇ ਨੇ, ਇਹ ਪੁਰਾਣੀ ਰੀਤ ਹੈ। ਲੀਡਰਾਂ ਲਈ ਸੰਘ ਪਾੜ-ਪਾੜ ਕੇ ਲਾਏ ਨਾਹਰਿਆਂ ਕਾਰਨ ਦਿਨ ਭਰ ਦਾ ਥਕੇਵਾਂ ਲਾਹੁੰਦੇ ਨੇ ਤੇ ਠੰਢ ਵੀ ਦੂਰ ਭਜਾਉਂਦੇ ਨੇ! ਇਹ ਵੀ ਦੇਖਿਆ ਹੈ ਕਿ ਸ਼ਰਾਬੀ ਹੋਏ ਵਰਕਰ ਕੁਝ ਪਿੰਡ ਆਣਕੇ ਲੜਦੇ ਨੇ, ਕੁਝ ਘਰ ਆਣ ਕੇ ਦਾਲ ਤੱਤੀ-ਠੰਢੀ ਦਾ ਬਹਾਨਾ ਬਣਾ ਕੇ ਆਪਣੀਆਂ ਤੀਮੀਆਂ ਨਾਲ ਖਹਿਬੜਦੇ ਨੇ, ਤੇ ਕੁਝ ਰਾਹ ਵਿੱਚ ਹੀ ਨਾਲ ਦਿਆਂ ਨਾਲ ਛਿੱਤਰੋ ਛਿੱਤਰੀ ਹੋ ਕੇ ਪਰਤਦੇ ਨੇੴ ਚਾਲੀ ਮੁਕਤਿਆਂ ਦੀ ਧਰਤੀ 'ਤੇ ਖਿਦਰਾਣੇ ਦੀ ਢਾਬ ਦਾ ਇਹ ਸਾਡਾ ਮਾਘੀ ਮੇਲਾ ਸਭਨਾਂ ਤੋਂ ਨਿਆਰਾ ਤੇ ਪਿਆਰਾ ਹੈ ਪਰ ਅਜਿਹਾ ਦੁਖਦਾਈ ਵਰਤਾਰਾ ਦਿਲ ਦੁਖਾ ਦਿੰਦਾ ਹੈ! ਸਵਾਲ ਹੈ ਕਿ ਕੀ ਕਿਸੇ ਨੇਤਾ ਨੂੰ ਪਤਾ ਹੈ ਕਿ ਅਸੀਂ ਕਿੱਥੇ ਆਏ ਹੋਏ ਹਾਂ? ਕੀ ਬੋਲ ਰਹੇ ਹਾਂ? ਕਿਸ ਲਈ ਬੋਲ ਰਹੇ ਹਾਂ? ਕਿਉਂ ਬੋਲ ਰਹੇ ਹਾਂ? ਮੰਨੋ ਚਾਹੇ ਨਾ ਮੰਨੋ, ਜਵਾਬ 'ਨਾਂਹ' ਵਿੱਚ ਹੀ ਮਿਲੇਗਾੴਇਤਿਹਾਸਿਕ  ਪਿਛੋਕੜ ਬਾਰੇ ਬੋਲਣ ਤੇ ਵਾਚਣ-ਵੇਖਣ ਦੀ ਵਿਹਲ ਕਿਸ ਕੋਲ ਹੈ ਭਲਾ? ਅਫੜਾ-ਤਫੜੀ ਪਈ ਹੋਈ ਦਿਸਦੀ ਹੈ। ਮੇਲਾ ਮਾਘੀ ਉਤੇ ਸਿਆਸੀ ਕਾਨਫਰੰਸਾਂ ਹਰ ਵਰ੍ਹੇ ਹੁੰਦੀਆਂ ਨੇ ਤੇ ਹੁੰਦੀਆਂ ਰਹਿਣਗੀਆਂੴ ਜੇਕਰ ਕਾਂਗਰਸੀ ਇਸ ਵਾਰ ਛੁੱਟੀ ਲੈ ਗਏ ਨੇ ਤਾਂ ਅਗਲੀ ਵਾਰੀ ਹਾਜਰ ਹੋ ਜਾਣਗੇ। 2019 ਦੀਆਂ ਵਿਧਾਨ ਸਭਾ ਚੋਣਾਂ ਦਾ ਐਲਾਨ ਹੁੰਦਿਆਂ ਚੋਣ ਜ਼ਾਬਤਾ ਇੱਕ ਮਹੀਨਾ ਪਹਿਲਾਂ ਲੱਗ ਜਾਵੇਗਾ। ਫਰਵਰੀ ਮਹੀਨਾ ਖਿਸਕਿਆ ਤਾਂ ਸਿਆਸੀ ਅਖਾੜਾ ਹੋਰ ਮਘ ਜਾਵੇਗਾ। ਇਹ ਗੱਲ ਸੁਟ੍ਹਣ ਵਾਲੀ ਨਹੀਂ ਕਿ  ਸਾਡੇ ਮੁਲਕ ਦੇ ਨੇਤਾਵਾਂ ਨੂੰ ਮੇਲਿਆਂ ਤੇ ਰੈਲੀਆਂ ਦੀ ਕੀ ਥੋੜ੍ਹ ਹੈ ਭਲਾ? ਅਜਿਹਾ ਕੁਝ ਤਾਂ ਇਨ੍ਹਾਂ ਨੂੰ ਕੋਈ ਰੋਜ਼ ਦੇਵੇੴ ਦੇਖਣ ਵਿਚ ਆਉਂਦਾ ਰਿਹੈ ਕਿ ਕੈਪਟਨ ਅਮਰਿੰਦਰ ਸਿੰਘ ਆਪਣੀਆਂ ਰੈਲੀਆਂ ਵਿਚ 'ਬਲੂੰਗੜਾ' 'ਬਿੱਲਾ' ਤੇ 'ਲੂੰਬੜ' ਜਿਹੇ ਸ਼ਬਦ ਆਪਣੇ ਭਾਸ਼ਨਾਂ ਵਿੱਚ ਵਰਤਦੇ ਰਹੇ ਹਨ, ਜੋ ਸ਼ੋਭਦੇ ਨਹੀਂ ਸਨ ਤੇ ਸੁਖਬੀਰ ਸਿੰਘ ਬਾਦਲ ਨੇ ਵੀ ਆਮ ਆਦਮੀ ਪਾਰਟੀ ਵਾਲਿਆਂ ਦੀਆਂ ਟੋਪੀਆਂ ਦੀ ਰਤਾ ਖੈਰ ਨਹੀਂ ਮੰਗੀ, ''ਚੱਕ ਦਿਓ ਏਹ ਟੋਪੀਆਂ-ਟੂਪੀਆਂ।" ਬੋਲੇ ਉਹਨਾਂ ਦੇ ਬੋਲ ਆਮ ਆਦਮੀ ਵਾਲਿਆਂ ਨੂੰ ਰੜਕਦੇ ਰਹੇ ਨੇ। ਇਸ ਵਾਰੀ ਸੁਖਬੀਰ ਨੇ ਮਾਘੀ ਮੇਲੇ 'ਤੇ ਕੈਪਟਨ ਨੂੰ ਇਹ ਵੀ ਆਖ ਦਿੱਤਾ ਕਿ ਉਹ ਤਾਂ ਦਾਰੂ ਪੀ ਕੇ ਡੱਕਿਆ ਰਹਿੰਦੈ। ਮਜੀਠਿਆ  ਮਨਪ੍ਰੀਤ ਬਾਦਲ ਨੂੰ 'ਡੁਪਲੀਕੇਟ ਬਾਦਲ' ਦੱਸ ਗਿਆ।
                        ਵੱਡੇ ਬਾਦਲ ਨੂੰ ਨਾਂ ਕਿਉਂ ਭੁੱਲਦੇ ਨੇ?
ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਭਾਸ਼ਨ ਦਾ ਰੰਗ-ਰਾਗ ਹੁਣ ਚਾਹੇ ਪਹਿਲਾਂ ਵਾਲਾ ਨਹੀਂ ਰਿਹਾ ਪਰ ਆਪਣੇ ਭਾਸ਼ਣ ਦੌਰਾਨ ਦਿਲ-ਲਗੀਆਂ ਖੂਬ ਕਰ ਜਾਂਦੇ ਨੇੴ ਬੜੀ ਵਾਰੀ ਹਾਸਾ ਵੀ ਖੂਬ ਖਿਲੇਰਦੇ ਹਨੴ ਮੈਨੂੰ ਯਾਦ ਹੈ ਕਿ ਇੱਕ ਵਾਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਪੰਜਾਬੀ ਸੱਭਿਆਚਾਰ ਦੇ ਬਾਬਾ ਬੋਹੜ ਜਗਦੇਵ ਸਿੰਘ ਜੱਸੋਵਾਲ ਨੂੰ ਉਮਰ ਭਰ ਦੀਆਂ ਪ੍ਰਾਪਤੀਆਂ ਬਦਲੇ ਸਨਮਾਨਿਆ ਤਾਂ ਸ੍ਰ. ਜੱਸੋਵਾਲ ਖੂੰਡੀ ਦੇ ਸਹਾਰੇ ਸਟੇਜ ਉੱਤੇ ਪੁੱਜੇੴ ਬਾਦਲ ਸਾਹਿਬ ਆਪਣੇ ਭਾਸ਼ਣ ਵਿੱਚ ਬੋਲੇ, ''ਆਹ ਵੇਖੋ, ਮੈਥੋਂ ਛੋਟਾ ਐ ਤੇ ਖੂੰਡੀ ਲਈ ਫਿਰਦੈ, ਮੈਂ ਅਜੇ ਵੀ ਜੁਆਨ ਆਂੴ" ਇਹੋ ਗੱਲ ਆਪਣੇ ਜੁਆਨ ਹੋਣ ਵਾਲੀ, ਉਹ ਮਾਘੀ ਮੇਲੇ ਉੱਤੇ ਕਹਿ ਗਏੴ ਤੇ ਹਾਂ ਸੱਚ...ਉੱਥੇ ਹੀ ਉਨ੍ਹਾਂ ਆਪਣੇ ਨਾਲ ਖਲੋਤੇ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਜਸਪਾਲ ਸਿੰਘ ਨੂੰ ਪੁੱਛਿਆ, ''ਏਸ ਬੰਦੇ ਦਾ ਨਾਂ ਕੀ ਐ, ਮੈਂ ਭੁੱਲ ਗਿਆ?" ਹਾਲਾਂਕਿ ਬਾਦਲ ਨਾਲ ਜੱਸੋਵਾਲ ਨੇ ਦੋ ਵਾਰ ਵਿਧਾਨ ਸਭਾ ਦੀ ਚੋਣ ਵੀ ਲੜੀ ਹੋਈ ਸੀ ਤੇ ਉਹ ਜੱਸੋਵਾਲ ਨੂੰ ਚੰਗੀ ਤਰਾਂ ਜਾਣਦੇ-ਪਛਾਣਦੇ ਵੀ ਸਨ। ਸਿਆਣੇ ਕਹਿੰਦੇ ਹਨ ਕਿ ਸਟੇਜ ਉੱਤੇ ਬੋਲਦਿਆਂ ਜਦੋਂ ਕਿਸੇ ਦਾ ਨਾਂ ਭੁੱਲ ਜਾਓ ਤੇ ਨਾਲ ਖਲੋਤੇ ਨੂੰ ਪੁੱਛੋ ਤਾਂ ਅਗਲੇ ਨੂੰ ਭੁੰਜੇ (ਥੱਲੇ) ਲਾਹੁੰਣ ਵਾਲੀ ਗੱਲ ਹੀ ਹੁੰਦੀ ਹੈੴ ਸੋ, ਇੱਕ ਵਾਰ ਨਹੀਂ, ਵੱਡੇ ਬਾਦਲ ਸਾਹਿਬ ਬਥੇਰੇ ਵਾਰੀ 'ਵੱਡੇ-ਵੱਡੇ' ਇਉਂ ਹੀ ਭੁੰਜੇ ਲਾਹੇ ਹਨੴ ਪਿਛਲੇ ਮਾਘੀ ਮੇਲੇ ਉੱਤੇ ਉਹ ਸੁਖਪਾਲ ਸਿੰਘ ਖਹਿਰਾ, ਜਿਸਦਾ ਬਾਪ ਬਾਦਲ ਸਾਹਿਬ ਦਾ ਨਜ਼ਦੀਕੀ ਰਿਹਾ ਤੇ ਸੁੱਚਾ ਸਿੰਘ ਛੋਟੇਪੁਰ, (ਜੋ ਅਕਾਲੀ ਸਰਕਾਰ ਵਿੱਚ ਮੰਤਰੀ ਰਿਹਾ) ਦਾ ਨਾਂ ਵੀ ਭੁੱਲ ਗਏ ਤੇ ਲਾਗਿਓਂ ਕਿਸੇ ਨੂੰ ਦੋ ਵਾਰ ਪੁੱਛਿਆੴਉਂਝ ਕਹਿੰਦੇ ਹਨ ਕਿ ਵੱਡੇ ਬਾਦਲ ਸਾਹਬ ਦੀ ਯਾਦਦਸ਼ਤ ਬੜੀ ਕਮਾਲ ਦੀ ਹੈ ਤੇ ਉਹਨਾਂ ਆਪਣੇ ਪਿੰਡਾਂ ਲਾਗਲੇ ਪੁਰਾਣੇ ਸਾਥੀਆਂ ਦੇ ਨਾਂ ਹਾਲੇ ਵੀ ਚੇਤੇ ਰੱਖੇ ਹੋਏ ਹਨ। ਪਰ ਸਿਆਸੀ ਸਟੇਜ ਦੇ ਰੰਗ ਹੋਰ ਹੁੰਦੇ ਨੇ, ਮੌਕੇ 'ਤੇ ਹੀ ਪਤਾ ਚਲਦਾ ਹੈ ਕਿ ਜਦੋਂ ਇਹ ਰੰਗ ਬਦਲ ਜਾਂਦੇ ਨੇ!

ninder_ghugianvi@yahoo.com

16 Jan. 2019

ਮੇਰੀ ਡਾਇਰੀ ਦਾ ਦੇ ਪੰਨੇ - ਨਿੰਦਰ ਘੁਗਿਆਣਵੀ

ਮਨ ਆਈਆਂ ਮੇਰੇ!

ਮਿੱਤਰਾ, ਮੂਧੜੇ-ਮੂੰਹ ਪਈ ਤੇਰੀ ਕਿਤਾਬ ਵੱਲ ਝਾਕਦਾ ਹਾਂ, ਤਾਂ ਕਿਤਾਬ ਪਿੱਛੇ ਛਪੀ ਤੇਰੀ ਫੋਟੂ ਮੈਨੂੰ ਘੂਰਨ ਲਗਦੀ ਹੈ। ਕਿਤਾਬ ਨੂੰ ਸਿੱਧੀ ਕਰ ਦੇਂਦਾ ਹਾਂ, ਤਾਂ ਸਰਵਰਕ ਅੱਖਾਂ ਕੱਢਣ ਲਗਦਾ ਹੈ। ਤੇਰੇ ਵੱਲੋਂ ਮੋਹ ਭਿੱਜੇ ਸ਼ਬਦ ਲਿਖ ਕੇ ਭੇਟਾ ਕੀਤੀ ਕਿਤਾਬ ਦਾ ਮੂਹਰਲਾ ਅਧ-ਕੋਰਾ ਸਫਾ ਕਈ ਵਾਰੀ ਬਚਿਆ ਹੈ ਫਟਣ ਤੋਂ! ਤੇਰੀ ਕਿਤਾਬ ਨੂੰ ਕਮਰੇ ਵਿਚੋਂ ਬਾਹਰ ਨਹੀਂ ਕੱਢ ਸਕਦਾ ਕਿਸੇ ਅਲਮਾਰੀ ਵਿਚ ਲੁਕੋ ਸਕਦਾ ਹਾਂ। ਇਹ ਕਿਤਾਬ ਪਹਿਲੋ-ਪਹਿਲ ਬਹੁਤ ਪਿਆਰੀ-ਪਿਆਰੀ ਲੱਗੀ ਸੀ ਪਰ ਹੁਣ ਦੁਪਿਆਰੀ-ਦੁਪਿਆਰੀ ਜਿਹੀ ਲੱਗਣ ਲੱਗੀ ਹੈ, ਤਦੇ ਹੀ ਘੂਰ-ਘੂਰ ਕੇ ਝਾਕਦੀ ਹੈ ਮੈਨੂੰ! ਤੂੰ ਕਾਹਦਾ ਲੜਿਆ ਤੇ ਵੈਰੀ ਬਣ ਖੜ੍ਹਿਆ ਕਿ ਹੁਣ ਤੇਰੀਆਂ ਲਿਖਤਾਂ ਡੰਗ ਮਾਰਦੀਆਂ ਨੇ ਫ਼ਨੀਅਰ ਬਣ ਕੇ।
                                          """
ਕੋਈ ਲੇਖਕ ਤੁਹਾਨੂੰ ਭੈੜਾ ਲੱਗਣ ਲਗ ਜਾਵੇ ਤਾਂ ਉਹਦੀਆਂ ਲਿਖਤਾਂ ਵੀ ਚੁਭਣ ਲੱਗਦੀਆਂ ਨੇ! ਇਹ ਸਵਾਲ ਤੁਹਾਨੂੰ ਪੁਛਦਾ ਹਾਂ। ਜੇ ਤੁਸੀਂ ਮੈਨੂੰ ਪੁੱਛੋ ਤਾਂ ਮੈਂ ਇਹੀ ਕਹਾਂਗਾ ਕਿ ਮੈਨੂੰ ਤਾਂ ਅਜਿਹੇ ਲੇਖਕ ਦੀ ਰਚਨਾ  ਤੋਂ ਵੀ ਕੋਫ਼ਤ ਜਿਹੀ ਹੋਣ ਲਗਦੀ ਹੈ। ਕੋਈ ਸੰਗੀਤਕਾਰ, ਚਾਹੇ ਕਿਤਨਾ ਵੀ ਸੁਰੀਲਾ ਸਾਜ਼ ਵਜਾ ਰਿਹਾ ਹੋਵੇ, ਜਾਂ ਮਧੁਰ ਕੰਠ ਵਾਲਾ ਕੋਈ ਗਵੱਈਆ ਮਸਤੀ ਵਿਚ ਗਾ ਰਿਹਾ ਹੋਵੇ, ਜੇ ਉਹਦੀ ਸਖਸੀਅਤ ਤੁਹਾਨੂੰ ਨਾ ਭਾਵੇ, ਤਾਂ ਉਹਦਾ ਸੰਗੀਤ ਜਾਂ ਗਾਇਨ ਵੀ ਆਕਰਿਸ਼ਤ ਨਹੀਂ ਕਰਦਾ। ਹੋ ਸਕਦੈ ਅਜਿਹੀ ਘਾਟ ਮੇਰੇ ਵਿਚ ਹੀ ਹੋਵੇ, ਹਰ ਕਿਸੇ ਸ੍ਰੋਤੇ-ਪਾਠਕ ਵਿਚ ਨਾ ਹੋਵੇ। ਸਾਡਾ ਉੱਘਾ ਲੇਖਕ ਗੁਰਬਚਨ ਸਿੰਘ ਭੁੱਲਰ ਆਖਦਾ ਹੈ ਕਿ ਕਹਾਣੀਕਾਰ ਨੂੰ ਨਾ ਮਿਲੋ, ਉਹਦੀ ਕਹਾਣੀ ਨੂੰ ਪੜ੍ਹੋ। ਆਪਣੇ ਉਸਤਾਦਾਂ ਜਿਹੇ ਭੁੱਲਰ ਸਾਹਬ ਨਾਲ ਮੁਤਫ਼ਿਕ ਨਹੀਂ ਹਾਂ ਮੈਂ। ਅਸੀਂ ਕਿਸੇ ਵੀ ਫ਼ਨਕਾਰ ਦੀ ਸਖਸ਼ੀਅਤ ਨੂੰ ਉਹਦੀ ਕਲਾ ਨਾਲੋਂ ਨਿਖੇੜ ਕੇ ਨਹੀਂ ਦੇਖ ਸਕਦੇ। ਕਲਾਕਾਰ ਦੀ ਸਮੁੱਚੀ ਹਸਤੀ ਦਾ ਪ੍ਰਛਾਵਾਂ ਜੇ ਉਸਦੀ ਕਲਾ 'ਤੇ ਸਾਵੇਂ ਦਾ ਸਾਵਾਂ ਨਹੀਂ ਪੈਂਦਾ  ਤਾਂ ਅੱਧ-ਪਚੱਧਾਂ ਤਾਂ ਪੈਂਦਾ ਸਮਝੋ ਹੀ। ਵੈਨਗਾਗ ਨੇ ਆਪਣੇ ਕੰਨ ਕਿਉਂ ਵੱਢ ਲਏ ਸਨ?
                       'ਏਥੋਂ ਉਡਜਾ ਭੋਲਿਆ ਪੰਛੀਆਂ ਤੂੰ ਆਪਣੀ ਜਾਨ ਬਚਾ
                       ਏਥੇ ਘਰ ਘਰ ਫਾਹੀਆਂ ਗੱਡੀਆਂ, ਤੂੰ ਫਾਹੀਆਂ ਹੇਠ ਨਾ ਆ'
ਇਹ ਲਿਖ ਕੇ ਨੂਰਪੁਰੀ ਖੂਹੇ ਛਾਲ ਕਿਉਂ ਮਾਰ ਗਿਆ ਸੀ? ਦੱਸਣ ਵਾਲੇ ਦਸਦੇ ਨੇ ਕਿ ਉਹ ਆਪਣੇ ਆਪ ਨੂੰ ਕਹਿ ਰਿਹਾ ਸੀ ਕਿ ਉਡਜਾ ਏਥੋਂ....। 'ਨੀਂ ਮੈਂ ਤਿੜਕੇ ਘੜੇ ਦਾ ਪਾਣੀ  ਮੈਂ ਕੱਲ੍ਹ ਤੱਕ ਨਹੀਂ ਰਹਿਣਾ'। ਇਹ ਨਗਮਾ ਗਾਉਂਦਾ ਬਿੰਦਰਖੀਆ ਸੁੱਤਾ ਹੀ ਨਾ ਉਠਿਆ। 'ਸਾਡੇ ਨੀਂ ਜਿਊਂਦਿਆਂ ਤੋਂ ਕਦਰਾਂ ਨਾ ਜਾਣੀਆਂ, ਹੁਣ ਸੱਜਣਾਂ ਗੁਆਚਿਆਂ ਨੂੰ ਫਿਰੇਂ ਭਾਲਦੀ,ਸਾਡੀ ਜ਼ਿੰਦਗੀ 'ਚ ਕਰਕੇ ਹਨੇਰਾ ਵੈਰਨੇ,ਹੁਣ ਉਜੜੇ ਦਰਾਂ 'ਚ ਫਿਰੇਂ ਦੀਵੇ ਬਾਲਦੀ', ਗਾਉਂਦਾ -ਗਾਉਂਦਾ ਧਰਮਪ੍ਰੀਤ ਫਾਹਾ ਲੈ ਗਿਆ। ਇੱਕ ਦਿਨ ਦਾਰੂ ਦੀ ਲੋਰ ਵਿਚ ਬੈਠਾ ਇਹੋ ਗੀਤ ਦੇ ਬੋਲ ਵਾਰ ਵਾਰ ਗੁਣਗੁਣਾਈ ਜਾ ਰਿਹਾ ਸੀ ਤੇ ਮੈਂ ਵਾਰ ਵਾਰ ਟੋਕ ਰਿਹਾ ਸੀ। ਸ਼ਿਵ ਦਾ ਲਿਖਿਆ ਕੌਣ ਭੁਲਾਵੇ:
                       'ਸਿਖਰ ਦੁਪੈਹਿਰ ਸਿਰ 'ਤੇ ਮੇਰਾ ਢਲ ਚੱਲਿਆ ਪਰਛਾਂਵਾਂ,
                        ਕਬਰਾਂ ਉਡੀਕਦੀਆਂ ਜਿਉਂ ਪੁੱਤਰਾਂ ਨੂੰ ਮਾਵਾਂ।
ਆਪਣੇ ਆਪ ਤੋਂ ਬਹੁਤ ਡਰ ਆਇਆ ਸੀ ਓਦਣ, ਜਿੱਦਣ ਮੌਤ ਤੇ ਜੀਵਨ ਬਾਬਤ ਲਲਿਤ ਨਿਬੰਧ ਲਿਖਣਾ ਸ਼ੁਰੂ ਕੀਤਾ ਸੀ ਤੇ ਪੂਰਾ ਹੀ ਨਾ ਹੋਇਆ, ਅਧੂਰਾ ਛੱਡ ਕੇ ਚੌਬਾਰੇ ਵਿਚ ਜਾ ਲੇਟਿਆ ਸਾਂ ਟੈਨਸ਼ਿਨ ਦੀ ਗੋਲੀ ਖਾ ਕੇ!
                                                               (10 ਅਗਸਤ, 2018)
ਬਹੁਤ ਕੁਛ ਲਿਖਿਆ ਜਾ ਰਿਹਾ ਹੈ, ਛਪੀ ਜਾ ਰਿਹਾ ਹੈ। ਪਰ ਸਵਾਲ ਕਰਦਾ ਹਾਂ ਆਪਣੇ ਆਪ ਨੂੰ ਕਿ ਕੌਣ ਪੜ੍ਹ ਰਿਹਾ ਹੈ ਏਨਾ ਕੁਝ? ਕੋਈ ਜੁਆਬ ਨਹੀਂ ਦੇ ਪਾ ਰਿਹਾ। ਥੋੜੀ ਦੇਰ ਬਾਅਦ ਮਨ ਵਿਚ ਆਉਂਦੀ ਹੈ ਕਿ ਇਹ ਸੱਚ ਹੈ ਕਿ ਸਿਰਫ ਲਿਖਿਆ ਹੀ ਜਾ ਰਿਹਾ ਹੈ ਪੜ੍ਹਿਆ ਨਹੀਂ ਜਾ ਰਿਹਾ! ਕਵੀ ਸਿਰਫ਼ ਆਪਣੇ ਵਾਸਤੇ ਕਵਿਤਾ ਲਿਖ ਰਿਹਾ ਹੈ। ਪਾਠਕ ਕਵਿਤਾ ਤੋਂ ਪਰ੍ਹੇ ਦੀ ਲੰਘ ਜਾਣਾ ਚਾਹੁੰਦਾ ਹੈ ਪਤਾ ਨਹੀਂ ਕਿਉਂ? ਪਾਠਕ ਕਹਿੰਦਾ ਹੈ ਕਿ ਜੋ ਕਵੀ ਲਿਖ ਰਿਹਾ ਹੈ ਉਹ ਮੇਰੀ ਸਮਝ ਤੋਂ ਬਾਹਰ ਹੈ ਤੇ ਉੱਕਾ ਹੀ ਸਮਝ ਨਹੀਂ ਪੈਂਦੀ ਮੈਨੂੰ ਕਵੀ ਦੇ ਕਹੇ ਦੀ? ਪਹਿਲਾਂ ਲੋਕ ਕਿਤਾਬਾਂ ਦੇ ਪੜ੍ਹ ਪੜ੍ਹ ਕੇ ਢੇਰ ਲਾਉਂਦੇ ਸਨ, ਹੁਣ ਲਿਖ ਲਿਖ ਕੇ ਲਾਈ ਜਾ ਰਹੇ ਹਨ! ਇਹਨਾਂ ਵਿਚ ਮੈਂ ਵੀ ਸ਼ਾਮਿਲ ਹਾਂ। ਆਪਣੀ ਡਾੲਰੀ ਦਾ ਪੰਨਾ ਲਿਖਦਿਆਂ ਆਪਣੀ  ਨਵੀਂ ਛਪੀ ਕਿਤਾਬ ਨੂੰ ਘੁਰ ਰਿਹਾ ਹਾਂ।

10 Jan. 2019

ਡਾਇਰੀ ਦੇ ਪੰਨੇ  - ਨਿੰਦਰ ਘੁਗਿਆਣਵੀ

ਕਦੋਂ ਢੱਠਣਗੀਆਂ ਸਿਆਸੀ ਭੱਠੀਆਂ!

26 ਨਵੰਬਰ ਦੀ ਦੁਪੈਹਿਰ ਨੂੰ ਟੈਲੀਵਿਯਨ ਦੇਖਦਾ ਉਦਾਸ ਤੇ ਦੁਖੀ ਹੋ ਰਿਹਾ ਸਾਂ। ਹਾਏ ਓ ਰੱਬਾ ਮੇਰਿਆ! ਦੁੱਖਾਂ ਦੀ ਦੁਨੀਆਂ ਨੇ ਘੇਰਿਆ। ਏਡੇ ਪਵਿੱਤਰ ਤੇ ਮਹਾਨ ਕਾਰਜ ਸਮੇਂ ਵੀ ਸਾਡੇ ਨੇਤਾ ਲੜ ਰਹੇ ਸਨ ਡੇਰਾ ਬਾਬਾ ਨਾਨਕ ਵਿਖੇ। ਤਾਹਨੇ ਮਿਹਣਿਆਂ ਦਾ ਅੰਤ ਕੋਈ ਨਹੀਂ ਸੀ। ਜਿੰਦਾਬਾਦ ਤੇ ਮੁਰਦਾਬਾਦ ਦੇ ਨਾਅਰਿਆਂ ਦੀ ਤਾਂ ਵਾਹੇਗੁਰੂ-ਵਾਹੇਗੁਰੂ ਕਿਸੇ ਨਾ ਜਪਿਆ। ਹਰ ਇੱਕ ਦਾ ਹਿਰਦਾ ਤਪਿਆ। ਲਾਂਗੇ ਦੇ ਮੁੱਦੇ ਉਤੇ ਹਰ ਕੋਈ ਆਪਣੇ ਸਿਹਰਾ ਸਜਾਉਣ ਵਾਸਤੇ ਪੱਬਾਂ ਭਾਰ ਹੋਇਆ ਦਿਖਾਈ ਦਿੰਦਾ ਸੀ ਤੇ ਨਵਜੋਤ ਸਿੰਘ ਸਿੱਧੂ ਨੇ ਸਿਆਣਪ ਵਰਤੀ ਕਿ ਇਹਨਾਂ ਵਿਚ ਉਹ ਵੜਿਆ ਹੀ ਨਹੀਂ ਤੇ ਪਾਸੇ-ਪਾਸੇ ਦੀ ਲੰਘ ਗਿਆ ਦੂਰਬੀਨ ਵਿਚ ਦੀ ਦੀਦਾਰੇ  ਕਰ ਕੇ!
ਸੋਚਣ ਤੇ ਦੁਖ ਦੇਣ ਵਾਲੀ ਗੱਲ ਹੈ ਕਿ ਜਦ ਵੀ ਪੰਜਾਬ ਵਿਚ ਕਿਸੇ ਗੁਰੂ ਪੀਰ ਦਾ ਉਤਸਵ ਆਂਦਾ ਹੈ ਤਾਂ ਸਾਡੇ ਨੇਤਾ ਇੱਕ ਦੂਜੇ ਨਾਲ ਲੜਨ ਵਾਸਤੇ ਤੇ ਸਟੇਜਾਂ ਉਤੋਂ ਗਾਲਾਂ ਕੱਢਣ ਲਈ ਕਈ ਕਈ ਦਿਨ ਪਹਿਲਾਂ ਹੀ ਤਰਲੋ ਮੱਛੀ ਹੋਣ ਲਗਦੇ ਹਨ। ਹੁਣ ਇਹਨਾਂ ਨੂੰ ਇੱਕ ਹੋਰ ਥਾਂ ਲੱਭ ਗਈ ਗਈ ਹੈ ਹਰ ਸਾਲ ਲਈ ਡੇੇਰਾ ਬਾਬਾ ਨਾਨਕ! ਟੈਲੀਵਿਯਨ ਦੇਖਦਾ ਮੈਂ ਆਪਣਾ ਡਾਇਰੀ ਲਿਖਣ ਬੈਠ ਜਾਂਦਾ ਹਾਂ ਤੇ ਬਾਬੇ ਨਾਨਕ ਦੀਆਂ ਸਿੱਖਿਆਵਾਂ ਨੂੰ ਅਣਡਿੱਠ ਕਰਨ ਵਾਲੇ ਨੇਤਾਵਾਂ ਬਾਬਤ ਸੋਚਦਾ ਹਾਂ ਕਿ ਬਾਬਾ ਇਹਨਾਂ ਨੂੰ ਸੁਮੱਤ ਕਦੋਂ ਬਖਸ਼ੇਗਾ? ਇਹ ਸਵਾਲ ਮੇਰੇ ਮਨ ਵਿਚ ਇੱਕ ਬੇਰ ਦੀ ਗਿਟਕ ਵਾਂਗ ਅੜ ਕੇ ਖਲੋ ਜਾਂਦਾ ਹੈ।
ਇਹਨਾਂ ਨੇਤਾਵਾਂ ਨੂੰ ਰੱਬ ਦੀ ਕਰਨੀ ਕਿ ਐਸੀ ਮਾਰ ਹੈ, ਹਰ ਨੇਕ ਕਾਰਜ ਅੱਗੇ ਸਿਆਸਤ ਦੀ ਭੱਠੀ ਬਾਲ ਕੇ ਬਹਿ ਜਾਂਦੇ ਨੇ। ਸਿਵਾਏ ਤਾਹਨੇ-ਮਿਹਣਿਆਂ ਤੋਂ ਕੁਝ ਨਹੀਂ ਅਹੁੜਦਾ ਇਹਨਾਂ ਨੂੰ! ਸੁਨੀਲ ਜਾਖੜ ਨੇ ਵੀ ਸੁਣਾਈਆਂ ਅਕਾਲੀਆਂ ਨੂੰ ਤੇ ਘੱਟ ਹਰਸਿਮਰਤ ਵੀ ਨਹੀਂ ਕਿਸੇ ਤੋਂ। ਜਦੋਂ ਬੋਲਣ ਲੱਗੀ ਤਾਂ ਸੰਤ ਸਮਾਜ ਖਿਝ ਖਾ ਗਿਆ, ਨਾਨੇ ਉੱਠ ਕੇ ਤੁਰਦੇ ਬਣੇ। ਮਜੀਠੀਆ ਸੰਗਤਾਂ ਵਿਚ ਬੈਠਾ ਬਾਹਾਂ ਉਲਾਰ ਉਲਾਰ ਨਾਹਰੇ ਮਾਰੀ ਗਿਆ। ਕੈਪਟਨ ਸਾਹਬ ਦੀ ਕਮਾਲ ਦੇਖੋ ਕਿ ਪਾਕਿਸਤਾਨ ਦੀ ਫੌਜ ਦੇ ਮੁਖੀ ਬਾਜਵੇ ਨੂੰ ਧਮਕੀਆਂ ਦੇਈ ਗਏ। ਸੁਖਜਿੰਦਰ ਸਿੰਘ ਰੰਧਾਵਾ ਬਾਦਲਾਂ ਪਿਓ-ਪੁੱਤਾਂ ਦਾ ਨਾਂ ਉਦਘਾਟਨੀ ਪੱਥਰ ਉਤੇ ਉਕਰੇ ਦੇਖ ਕਾਲੀਆਂ ਟੇਪਾਂ ਲਾਉਂਦਾ ਰਿਹਾ ਰੋਸ ਵਜੋਂ ਆਪਣੇ ਤੇ ਕੈਪਟਨ ਦੇ ਨਾਵਾਂ ਉਤੇ।
ਉੱਪ ਰਾਸ਼ਟਰਪਤੀ ਵਕਈਆਂ ਨਾਇਡੂ ਇਸ ਕਾਟੋ-ਕਲੇਸ ਨੂੰ ਨੇੜੇ ਤੋਂ ਤਕਦੇ ਰਹੇ ਤੇ ਜ਼ਰੂਰ ਸੋਚਦੇ ਹੋਣਗੇ ਕਿ ਸਿੱਖਾਂ ਪਾਸ ਲੜਨ ਤੋਂ ਸਿਵਾਏ ਬਾਕੀ ਕੁਝ ਨਹੀਂ ਰਹਿ ਗਿਐ! ਡਾਇਰੀ ਦਾ ਪੰਨਾ ਲਿਖ ਕੇ ਜਦ ਫੋਨ ਦਾ ਵੈਟਸ-ਐਪ ਫਰੋਲਿਆ ਤਾਂ ਕਵੀ ਮਿੱਤਰ ਬਰਜਿੰਦਰ ਚੌਹਾਨ ਦਾ ਲਿਖਿਆ ਹੋਇਆ ਸ਼ੇਅਰ  ਅੱਖਾਂ ਸਾਹਮਣੇ ਸੀ:

ਨਾ ਨਾਨਕ ਹੈ ਕਿਤੇ ਨਾ ਰਾਮ
ਨਾ ਕੋਈ ਇਬਾਦਤ ਹੈ
ਤੇਰੇ ਹਰ ਫੈਸਲੇ ਅੰਦਰ ਲੁਕੀ ਹੋਈ ਸਿਆਸਤ ਹੈ

ਬਹੁਤ ਉਦਾਸ ਹਾਂ ਬਾਬਾ ਨਾਨਕ! ਮੈਂ ਬਹੁਤ ਉਦਾਸ ਹਾਂ। ਤੇਰੇ ਨਾਮ ਲੇਵਾ ਸਿਆਣੇ ਹੋ ਜਾਵਣ, ਤੇਰਾ ਜਨਮ ਦਿਨ ਰੱਜ ਰੱਜ ਕੇ ਉਤਸ਼ਾਹ ਤੇ ਸ਼ਰਧਾ ਨਾਲ ਮਨਾਵਣ! ਮੁੱਕ ਜਾਵਣ ਇਹ ਤਾਹਨੇ ਮਿਹਣੇ ਤੇ ਲੜੋ-ਲੜਾਈਆਂ ਤੇ ਢੱਠ ਜਾਵਣ ਇਹ ਸਿਆਸੀ ਭੱਠੀਆਂ! ਇਹੋ ਮੇਰੀ ਅਰਦਾਸ ਹੈ। ਜਾਪਦੈ ਕਿ ਪ੍ਰਵਾਨ ਹੋਏਗੀ।

94174-21700

04 Nov. 2018

ਕਿੱਥੇ ਲਾਏ ਨੇ ਸੱਜਣਾ ਡੇਰੇ-2 - ਨਿੰਦਰ ਘੁਗਿਆਣਵੀ

ਬੜੀ ਦੇਰ ਪਹਿਲਾਂ ਦੀ ਗੱਲ, ਹਾਕਮ ਸੂਫੀ ਬਾਰੇ ਛਪੀ ਇੱਕ ਕਿਤਾਬ ਵਿੱਚ ਮੈਂ ਆਪਣੇ ਲੇਖ ਦਾ ਇਕ ਪੈਰਾ ਇੰਝ ਲਿਖਿਆ ਸੀ, ''ਹਾਕਮ ਮੈਨੂੰ ਮੋਢਿਓਂ ਫੜ੍ਹ ਕੇ ਤੇ ਉਹਨਾਂ (ਬੀਬੀਆਂ) ਵੱਲ ਝਾਕ ਕੇ ਬੋਲਿਆ...ਓ ਭਾਬੀ ਜੀ...ਆਹ ਵੇਖੋ...ਆਹ ਮੁੰਡਾ ਵੀ ਅੱਜ ਉਥੇ ਈ ਸੀ...ਵਈ ਅੱਜ ਲੋਕਾਂ ਨੇ ਮੈਨੂੰ ਓਥੇ ਕਿਵੇਂ ਸੁਣਿਐਂ..ਕਿਵੇਂ ਲੋਕ ਆ-ਆ ਕੇ ਮੈਨੂੰ ਸਟੇਜ ਉਤੇ ਜੱਫੀਆਂ ਪਾਊਂਦੇ ਸੀ...ਪੁੱਛੋ ਏਹਨੂੰ...ਅੱਜ ਤਾਂ ਕਮਾਲਾਂ ਈ ਹੋਗੀਆਂ ਭਾਬੀ ਜੀ...। ਉਹ ਦੋਵੇਂ ਬੀਬੀਆਂ ਨੇ ਹਾਕਮ ਨੂੰ ਕੁਝ ਇਸ ਤਰਾਂ ਕਿਹਾ,  'ਗੱਲ ਸੁਣ ਵੇ...ਸਾਨੂੰ ਕਿਹੜਾ ਨ੍ਹੀ ਪਤਾ ਐ ਕਿ ਤੇਰਾ ਦੁਨੀਆਂ 'ਚ ਕਿੰਨਾ ਇੱਜ਼ਤ ਤੇ ਨਾਮ ਐਂ...ਭਾਈ ਬਹੁਤ ਮੰਨਦੀ ਐ ਦੁਨੀਆਂ ਤੈਨੂੰ ਹਾਕਮਾਂ...।" ਉਸ ਦਿਨ ਹਾਕਮ ਸੂਫੀ ਨੇ ਫਾਜ਼ਿਲਕਾ ਉਸਤਾਦ ਯਮਲਾ ਜੱਟ ਯਾਦਗਾਰੀ ਮੇਲੇ ਉਤੇ ਗਾਇਆ ਸੀ ਤੇ ਮੈਂ ਵੀ ਉਥੇ ਸੀ। ਉਹ ਆਪਣੀਆਂ ਭਾਬੀਆਂ ਥਾਂਵੇ ਲੱਗਦੀਆਂ ਔਰਤਾਂ ਕੋਲ ਮੇਰੀ ਗਵਾਹੀ ਭਰਵਾ ਰਿਹਾ ਸੀ। ਸਾਲ 2005 ਵਿੱਚ ਗੁਰੁ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਨੇ ਮੇਰੇ ਤੋਂ ਪੁਰਾਣੇ ਲੋਕ ਗਾਇਕਾਂ ਬਾਰੇ ਇੱਕ ਕਿਤਾਬ ਲਿਖਵਾਈ। ਹਾਕਮ ਬਾਰੇ ਉਸ ਵਿੱਚ ਮੈਂ ਖੁੱਲ੍ਹਾ-ਡੁੱਲ੍ਹਾ ਲਿਖਿਆ। ਉਹਨੇ ਅੰਮ੍ਰਿਤਸਰੋਂ ਦਸ ਕਿਤਾਬਾਂ ਮੰਗਵਾ ਕੇ  ਆਪਣੇ ਜੁੰਡੀ ਦੇ ਯਾਰਾਂ ਨੂੰ ਤੁਹਫੇ ਵਜੋਂ ਦਿੱਤੀਆਂ ਤੇ ਆਖੀ ਜਾਵੇ, ''ਆਹ ਵੇਖੋ ਯਾਰੋ ਯੂਨੀਵਰਸਿਟੀ ਵਾਲਿਆਂ ਨੇ ਮੇਰੀ ਜੀਵਨੀ ਕਿਤਾਬ 'ਚ ਛਾਪਤੀ ਐ...ਆਹਾ...ਵਾਹ ਵਈ ਵਾਹ ਕਮਾਲ ਹੋਗੀ...।"
ਫ਼ਨਕਾਰ ਤਾਂ ਉਹ ਅਵੱਲ ਦਰਜੇ ਦਾ ਹੈ ਈ ਸੀ ਪਰ ਬੰਦਾ ਵੀ ਬੜਾ ਲੱਠਾ ਸੀ। ਆਪਣੇ ਆਪ ਵਿੱਚ ਮਸਤ! ਜੋ ਕੁਝ ਕਿਸੇ ਨੇ ਦੇ ਦਿੱਤਾ, ਲੈ ਲਿਆ ਤੇ ਗਾ ਲਿਆ। ਉਸਦਾ ਪੁਰਾਣਾ ਸਾਈਕਲ ਪੰਜਾਬ ਦੇ ਕਰੋੜਪਤੀ ਗਾਇਕਾਂ ਦੀਆਂ ਕਈ ਲੱਖਾਂ ਮਹਿੰਗੀਆਂ ਗੱਡੀਆਂ ਨੂੰ ਮੂੰਹ ਚਿੜਾਉਂਦਾ ਸੀ ਤੇ ਕਲਾਕਾਰ ਦੀ  ਆਪਣੀ ਕਲਾ ਪ੍ਰਤੀ ਪ੍ਰਤੀਬੱਧਤਾ ਦਿਖਾਉਂਦਾ ਸੀ। ਇੱਕ ਵਾਰ ਉਹਨੇ ਆਖਿਆ ਸੀ, ''ਮੈਂ ਆਪਣੇ ਭੈਣ-ਭਰਾਵਾਂ ਨੂੰ ਪਾਲਣ-ਪੋਸ਼ਣ ਲੱਗ ਗਿਆ...ਆਪ ਵਿਆਹ ਕਰੌਣ ਬਾਰੇ ਸੋਚਿਆ ਈ ਨਾ...ਜਿੱਥੇ ਦਿਲ ਲੱਗਿਆ ਸੀ...ਉਥੇ ਹੋਇਆ ਨਾ...ਜਿੱਥੇ ਘਰਦੇ ਕਰਦੇ ਸੀ..ਉਥੇ ਕਰਾਇਆ ਨਹੀਂ...ਵੇਲਾ ਬੀਤ ਗਿਆ...। ਫਰੀਦ ਮਹੁੰਮਦ ਫਰੀਦ ਨੂੰ ਉਹਨੇ ਆਪਣਾ ਮੁਰਸ਼ਦ ਤੇ ਆਦਰਸ਼ ਮੰਨਿਆ ਤੇ ਉਹਦਾ ਧਿਆਨ ਧਰ ਕੇ ਗਾਉਣ ਲੱਗਿਆ, ਇਹ ਗੱਲ ਕੋਈ 1970-71 ਦੀ ਹੋਵੇਗੀ। ਸਟੇਜ ਉਤੇ ਡਫਲੀ ਲਿਆਉਣ ਦਾ ਸਿਹਰਾ ਵੀ ਉਹਨੂੰ ਜਾਂਦਾ ਹੈ।"
ਗਿੱਦੜਬਾਹਾ ਤੋਂ ਤੇਰਾਂ ਕਿਲੋਮੀਟਰ ਦੂਰ ਪੈਂਦੇ ਪਿੰਡ ਜੰਗੀਰਾਣਾ ਵਿੱਚ ਉਸਨੇ ਡਰਾਇੰਗ ਮਾਸਟਰੀ ਕੀਤੀ ਤੇ ਇੱਥੋਂ ਹੀ 31 ਮਾਰਚ 2010 ਦੇ ਦਿਨ ਸੇਵਾਮੁਕਤ ਹੋਇਆ। ਤੀਹ ਵਰ੍ਹੇ ਪਹਿਲਾਂ ਦੀ ਗੱਲ, ਜਦੋਂ ਅਬੋਹਰ ਇੱਕ ਮੰਚ ਉਤੇ ਗੁਰਦਾਸ ਮਾਨ ਤੇ ਹਾਕਮ ਸੂਫੀ ਨੇ ਇਕੱਠਿਆਂ  ਗਾਇਆ ਸੀ 'ਸੱਜਣਾ ਵੇ ਸੱਜਣਾ ਤੇਰੇ ਸ਼ਹਿਰ ਵਾਲੀ ਸਾਨੂੰ ਕਿੰਨੀ ਚੰਗੀ ਲਗਦੀ ਦੁਪੈਹਰ'। ਬੜਾ ਭਾਵੁਕ ਮਾਹੌਲ ਸਿਰਜਿਆ ਗਿਆ ਸੀ ਤੇ ਰਾਗ-ਰੰਗ ਦੇ ਖੇੜੇ ਵਿੱਚ ਡੁੱਬ ਕੇ  ਦੋਵਾਂ ਦੀਆਂ ਅੱਖਾਂ ਭਿੱਜ ਗਈਆਂ ਸਨ। ਉਹ ਸਪੱਸ਼ਟ ਕਹਿੰਦਾ ਸੀ ਕਿ ਗੁਰਦਾਸ ਤੇ ਮੈਂ ਸਮਕਾਲੀ ਹਾਂ ਗੁਰੂ ਚੇਲਾ ਨਹੀਂ, ਅਸੀਂ ਨਿਆਣੇ ਹੁੰਦੇ ਕੱਠੇ ਗਾਉਂਦੇ ਤੇ ਖੇਡ੍ਹਦੇ ਰਹੇ। ਹਾਕਮ ਦੀ ਪਹਿਲੀ ਟੇਪ ਦਾ ਨਾਂ ਸੀ, 'ਮੇਲਾ ਯਾਰਾਂ ਦਾ'। 12 ਟੇਪਾਂ ਉਹਨੇ ਸੰਗੀਤ ਸੰਸਾਰ ਨੂੰ ਦਿੱਤੀਆਂ। ਬੜੀ ਦੇਰ ਪਹਿਲਾਂ ਦੀ ਗੱਲ, ਗੀਤਕਾਰ ਗੁਰਚਰਨ ਵਿਰਕ ਨੇ ਮੈਨੂੰ ਤੇ ਹਾਕਮ ਸੂਫੀ ਨੂੰ ਚੰਡੀਗੜ ਸੈਕਟਰ 17 ਦੇ ਸਰਗਮ ਸਟੂਡੀਓ ਬੁਲਾਇਆ ਤੇ ਹਾਕਮ ਦੀ ਟੇਪ 'ਕੋਲ ਬਹਿਕੇ ਸੁਣ ਸੱਜਣਾ' ਦੀ ਤਿਆਰੀ ਕੀਤੀ ਸੀ। ਅਨਮੋਲ ਕੰਪਨੀ ਵੱਲੋਂ ਪੇਸ਼ ਕੀਤੀ ਇਸ ਟੇਪ ਵਿੱਚ ਵਿੱਚ ਹਾਕਮ ਨੇ ਕੁਝ ਗਤਿ ਆਪਣੇ ਤੇ ਕੁਝ ਵਿਰਕ ਦੇ ਗਾਏ ਸਨ। 'ਯਾਰੀ ਜੱਟ ਦੀ' ਅਤੇ 'ਪੰਚਾਇਤ' ਫ਼ਿਲਮਾਂ  ਤੇ ਕੁਝ ਹੋਰ ਫਿਲਮਾਂ ਵਿੱਚ ਵੀ ਉਸਨੇ ਅਦਾਕਾਰੀ ਵੀ ਕੀਤੀ ਤੇ ਗਾਇਆ ਵੀ। 'ਪਾਣੀ ਵਿੱਚ ਮਾਰਾਂ ਡੀਟਾਂ' ਵਾਲਾ ਗੀਤ ਉਹਦਾ ਸਭ ਤੋਂ ਵੱਧ ਹਰਮਨ-ਪਿਆਰਾ ਹੋਇਆ। 3 ਮਾਰਚ 1953 ਦੇ ਹਿਸਾਬ ਨਾਲ ਹੁਣ ਉਹਦੀ ਉਮਰ ਲਗਭਗ ਸੱਠ ਵਰ੍ਹੇ ਬਣਦੀ ਸੀ। ਪਿਤਾ ਦਾ ਨਾਂ ਕਰਤਾਰ ਸਿੰਘ ਤੇ ਮਾਂ ਦਾ ਨਾਂ ਗੁਰਦਿਆਲ ਕੌਰ। ਇਕ ਭਰਾ ਨਛੱਤਰ ਬਾਬਾ ਤੇ ਦੂਜਾ ਚੀਨਾ, ਇੱਕ ਮੇਜਰ ਦੀ ਬਹੁਤ ਪਹਿਲਾਂ ਮੌਤ ਹੋ ਗਈ ਸੀ। ਭੈਣਾਂ ਦੇ ਨਾਂ ਸ਼ਾਂਤੀ, ਇੰਦਰਜੀਤ ਕੌਰ, ਬਾਵੀ ਤੇ ਜਗਦੀਪ ਕੌਰ ਹਨ।  ਕੁਝ ਸਾਲ ਹੋਏ, ਹਾਕਮ ਨੂੰ ਫਰੀਦਕੋਟ ਸੱਦਿਆ। ਉਸਤਾਦ ਜੀ ਦੀ ਯਾਦ ਵਿੱਚ ਮੇਲਾ ਸੀ। ਠੰਢ ਦੇ ਦਿਨਾਂ ਦੀ ਦੁਪਹਿਰ ਹਾਲੇ ਨਿੱਘੀ ਨਹੀਂ ਸੀ ਹੋਈ। ਉਸਨੇ ਗਾਇਆ, 'ਲੋਈ ਵੇ ਤੇਰੀ ਜਾਨ ਨੂੰ ਬੜਾ ਮੈਂ ਰੋਈ।' ਅਖਾੜਾ ਜੰਮਿਆਂ ਨਹੀਂ। ਹਾਕਮ ਕਹਿੰਦਾ, ''ਸਾਲੀ ਠੰਢ ਈ ਨਹੀਂ ਲਹਿੰਦੀ ਤੱਤੀ ਜਿਹੀ ਚਾਹ ਲਿਆਓ ਯਾਰ...।" ਹੁਣੇ ਜਿਹੇ ਮੈਂ ਗਿੱਦੜਬਾਹੇ ਗਿਆ ਤਾਂ ਉਸਦੀ ਬੜੀ ਯਾਦ ਆਈ ਤੇ ਦੇਰ ਪਹਿਲਾਂ ਮਨਪ੍ਰੀਤ ਟਿਵਾਣਾ ਦਾ ਉਸ ਵੱਲੋਂ ਗਾਇਆ ਗੀਤ ਤਾਜ਼ਾ ਹੋ ਉਠਿਆ, 'ਜਿੰਨਾ੍ਹਂ ਰਾਹਾਂ 'ਚੋਂ ਤੂੰ ਆਵੇਂ ਉਹਨਾਂ ਰਾਹਾਂ ਨੂੰ ਸਲਾਮ, ਤੇਰੇ ਸ਼ਹਿਰ ਵੱਲੋਂ ਆਉਦੀਆਂ ਹਵਾਵਾਂ ਨੂੰ ਸਲਾਮ।'  ਚੰਗਾ ਬਈ ਮਿੱਤਰਾ...ਤੇਰੇ ਸ਼ਹਿਰ ਵੱਲੋਂ ਆਈ ਹਵਾ ਨੂੰ ਸਲਾਮ ਕਰਦਾ ਹਾਂ।

94174-21700

ਫੋਟੋ-ਕੈਪਸ਼ਨ-ਨਿੰਦਰ ਘੁਗਿਆਣਵੀ ਤੇ ਹਾਕਮ ਸੂਫੀ-ਪੁਰਾਣੀ ਯਾਦ

27 NOV. 2018